Saturday, May 23, 2026
Home Blog Page 2150

ਬਠਿੰਡਾ ਜੇਲ੍ਹ ਵਿਚੋਂ ਵੀਡੀਓ ਵਾਈਰਲ, ਕੈਦੀਆਂ ਨੇ ਜੇਲ੍ਹ ਅਧਿਕਾਰੀਆਂ ’ਤੇ ਲਗਾਏ ਗੰਭੀਰ ਦੋਸ਼

0

ਜੇਲ੍ਹ ਅਧਿਕਾਰੀਆਂ ਦੇ ਬਿਆਨਾਂ ਉਪਰ ਪਹਿਲਾਂ ਹੀ ਕੈਦੀਆਂ ਵਿਰੁਧ ਹੋ ਚੁੱਕਿਆ ਹੈ ਪਰਚਾ ਦਰਜ਼
ਅੱਧੀ ਦਰਜ਼ਨ ਕੈਦੀਆਂ ਨੂੰ ਕੀਤਾ ਗਿਆ ਹੈ ਦੂਜੀਆਂ ਜੇਲ੍ਹਾਂ ਵਿਚ ਤਬਦੀਲ
ਸੁਖਜਿੰਦਰ ਮਾਨ
ਬਠਿੰਡਾ, 8 ਅਪ੍ਰੈਲ : ਬਠਿੰਡਾ ਦੀ ਕੇਂਦਰੀ ਜੇਲ੍ਹ ਮੁੜ ਚਰਚਾ ਵਿਚ ਹੈ। ਸੂਬੇ ਦੀ ਮੈਕਸੀਮਮ ਹਾਈਸਕਿਊਰਟੀ ਜੇਲ੍ਹ ਵਿਚੋਂ ਅੱਜ ਇੱਕ ਵੀਡੀਓ ਵਾਈਰਲ ਹੋਈ ਹੈ, ਜਿੰਨ੍ਹਾਂ ਵਿਚ ਕੈਦੀਆਂ ਨੇ ਜੇਲ੍ਹ ਪ੍ਰਸ਼ਾਸਨ ਦੀ ਪੋਲ ਖੋਲਦਿਆਂ ਗੰਭੀਰ ਦੋਸ਼ ਲਗਾਏ ਹਨ। ਹਾਲਾਂਕਿ ਇਸ ਵੀਡੀਓ ਬਾਬਤ ਪਹਿਲਾਂ ਹੀ ਪਤਾ ਲੱਗ ਜਾਣ ਦੇ ਚੱਲਦੇ ਲੰਘੀ 4 ਅਪ੍ਰੈਲ ਨੂੰ ਜੇਲ੍ਹ ਅਧਿਕਾਰੀਆਂ ਦੇ ਬਿਆਨਾਂ ਉਪਰ ਥਾਣਾ ਕੈਂਟ ਦੀ ਪੁਲਿਸ ਵਲੋਂ ਇੱਕ ਹਵਾਲਾਤੀ ਸਹਿਤ ਦਰਜ਼ਨ ਕੈਦੀਆਂ ਵਿਰੁਧ ਪਰਚਾ ਦਰਜ਼ ਕੀਤਾ ਜਾ ਚੁੱਕਾ ਹੈ। ਇਹੀਂ ਨਹੀਂ ਵੀਡੀਓ ਬਣਾਉਣ ਵਾਲੇ ਇੰਨ੍ਹਾਂ ਕੈਦੀਆਂ ਵਿਚੋਂ ਕਰੀਬ ਅੱਧੀ ਦਰਜ਼ਨ ਨੂੰ ਸੂਬੇ ਦੀਆਂ ਤਿੰਨ ਵੱਖੋ-ਵੱਖਰੀਆਂ ਜੇਲ੍ਹਾਂ ਵਿਚ ਤਬਦੀਲ ਕੀਤਾ ਜਾ ਚੁੱਕਾ ਹੈ। ਦਸਣਾ ਬਣਦਾ ਹੈ ਕਿ ਬਠਿੰਡਾ ਦੀ ਇਸ ਜੇਲ੍ਹ ਵਿਚ ਕਰੀਬ ਚਾਰ ਦਰਜ਼ਨ ਖਤਰਨਾਕ ਗੈਂਗਸਟਰ ਬੰਦ ਹਨ, ਜਿੰਨ੍ਹਾਂ ਵਿਚ ਖ਼ਤਰਨਾਕ ਗੈਂਗਸਟਰ ਲਾਰੇਂਸ ਬਿਸਨੋਈ ਵੀ ਸ਼ਾਮਲ ਹੈ ਅਤੇ ਜੇਲ੍ਹ ਦੀ ਸੁਰੱਖਿਆ ਦਾ ਜਿੰਮਾ ਕੇਂਦਰੀ ਸੁਰੱਖਿਆ ਬਲਾਂ ਦੇ ਹਵਾਲੇ ਹੈ। ਉਧਰ ਅੱਜ ਇਸ ਵਾਈਰਲ ਹੋਈ ਵੀਡੀਓ ਵਿਚ ਕੈਦੀਆਂ ਨੇ ਜੇਲ੍ਹ ਦੇ ਚਾਰ ਡਿਪਟੀ ਸੁਪਰਡੈਂਟਾਂ ਅਤੇ ਸਹਾਇਕ ਸੁਪਰਡੈਂਟਾਂ ਉਪਰ ਗੰਭੀਰ ਦੋਸ਼ ਲਗਾਉਂਦਿਆਂ ਪੈਸਿਆਂ ਬਦਲੇ ਜੇਲ੍ਹ ਵਿਚ ਨਸ਼ਾ ਵਿਕਾਉਣ ਅਤੇ ਮੋਬਾਇਲ ਫ਼ੋਨ ਦੇਣ ਦਾ ਦਾਅਵਾ ਕਰਦਿਆਂ ਇਸਦੀ ਉੱਚ ਪੱਧਰੀ ਪੜਤਾਲ ਮੰਗੀ ਹੈ। ਕੈਦੀਆਂ ਮੁਤਾਬਕ ਜੇਲ੍ਹ ਅਧਿਕਾਰੀ ਹੋਣ ਮੁਤਾਬਕ ਇੰਨ੍ਹਾਂ ਦੀ ਜੇਲ੍ਹਾਂ ਵਿਚ ਆਉਣ-ਜਾਣ ਸਮੇਂ ਤਲਾਸ਼ੀ ਨਹੀਂ ਹੁੰਦੀ ਤੇ ਜਿਸਦਾ ਇਹ ਫ਼ਾਈਦਾ ਉਠਾਉਂਦੇ ਹਨ। ਉਨ੍ਹਾਂ ਅਪਣੇ ਦੋਸ਼ਾਂ ਵਿਚ ਕੈਦੀਆਂ ਨੂੰ ਲੱਖ ਲੱਖ ਰੁਪਏ ਪ੍ਰਤੀ ਮਹੀਨਾ ਵਿਚ ਚੰਗੀਆਂ ਬੈਰਕਾਂ ਦੇਣ ਦੇ ਵੀ ਦੋਸ਼ ਲਗਾਏ ਹਨ। ਗੱਲ ਇੱਥੇ ਹੀ ਖ਼ਤਮ ਨਹੀਂ ਕੀਤੀ, ਬਲਕਿ ਦਾਅਵਾ ਕੀਤਾ ਹੈ ਕਿ ਜਿਹੜੇ ਕੈਦੀ ਜਾਂ ਹਵਾਲਾਤੀ ਜੇਲ੍ਹ ਅਧਿਕਾਰੀਆਂ ਦੇ ਹੁਕਮ ਮੰਨਣ ਤੋਂ ਇੰਨਕਾਰ ਕਰ ਦਿੰਦੇ ਹਨ, ਉਨ੍ਹਾਂ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਜਾਂਦੀ ਹੈ। ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਕੋਲੋ ਪੰਜਾਬ ਦੀਆਂ ਜੇਲ੍ਹਾਂ ’ਚ ਬੰਦ ਕੈਦੀਆਂ ਤੇ ਹਵਾਲਾਤੀਆਂ ਲਈ ਇਨਸਾਫ਼ ਦੀ ਮੰਗ ਕੀਤੀ ਹੈ। ਵੱਡੀ ਗੱਲ ਇਹ ਵੀ ਹੈ ਕਿ ਵੀਡੀਓ ਵਿਚ ਕੈਦੀਆਂ ਨੇ ਪੰਜ ਮੋਬਾਇਲ ਫ਼ੋਨ ਸਾਹਮਣੇ ਰੱਖਦਿਆਂ ਕਿਹਾ ਹੈ ਕਿ ਇੱਥੇ ਪੈਸੇ ਨਾਲ ਹਰ ਚੀਜ਼ ਮਿਲਦੀ ਹੈ ਤੇ ਕੋਈ ਸੁਰੱਖਿਆ ਨਹੀਂ ਹੈ। ਉਧਰ ਸੰਪਰਕ ਕਰਨ ‘ਤੇ ਕੇਂਦਰੀ ਜੇਲ੍ਹ ਬਠਿੰਡਾ ਦੇ ਸੁਪਰਡੈਂਟ ਐੱਨਡੀ ਨੇਗੀ ਨੇ ਦਾਅਵਾ ਕੀਤਾ ਕਿ ‘‘ ਇਸ ਵੀਡੀਓ ਰਾਹੀ ਕੈਦੀਆਂ ਨੇ ਜੇਲ੍ਹ ਅਧਿਕਾਰੀਆਂ ਦਾ ਅਕਸ ਖ਼ਰਾਬ ਕਰਨ ਲਈ ਅਜਿਹਾ ਕੀਤਾ ਹੈ। ’’ ਉਨ੍ਹਾਂ ਕਿਹਾ ਕਿ ਇਸ ਸਬੰਧ ਵਿਚ ਪਰਚਾ ਦਰਜ਼ ਕੀਤਾ ਜਾ ਚੁੱਕਾ ਹੈ ਤੇ ਜੇਕਰ ਜਾਂਚ ਦੌਰਾਨ ਕਿਸੇ ਜੇਲ੍ਹ ਮੁਲਾਜਮ ਦੀ ਮਿਲੀਭੁਗਤ ਸਾਹਮਣੇ ਆਉਂਦੀ ਹੈ ਤਾਂ ਉਸਦੇ ਵਿਰੁਧ ਵੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ. ਵੱਲੋਂ ਜੋਗਿੰਦਰ ਨਗਰ ਵਿਖੇ ਸ਼ਾਨਨ ਪਾਵਰ ਹਾਊਸ ਦਾ ਨਿਰੀਖਣ

0

ਪੰਜਾਬ ਸਰਕਾਰ ਸ਼ਾਨਨ ਪਾਵਰ ਹਾਊਸ ਪ੍ਰਤੀ ਪੂਰੀ ਤਰ੍ਹਾਂ ਗੰਭੀਰ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ 8 ਅਪ੍ਰੈਲ:ਪੰਜਾਬ ਦੇ ਬਿਜਲੀ ਤੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ. ਨੇ ਹਿਮਾਚਲ ਪ੍ਰਦੇਸ਼ ਵਿੱਚ ਜੋਗਿੰਦਰ ਨਗਰ ਵਿਖੇ ਸ਼ਾਨਨ ਪਾਵਰ ਹਾਊਸ ਦਾ ਦੌਰਾ ਕੀਤਾ ਅਤੇ ਪਾਵਰ ਹਾਊਸ ਦਾ ਵਿਸਥਾਰ ‘ਚ ਨਿਰੀਖਣ ਵੀ ਕੀਤਾ।ਬਿਜਲੀ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਸ਼ਾਨਨ ਪਾਵਰ ਹਾਊਸ ਪ੍ਰਤੀ ਬਹੁਤ ਗੰਭੀਰ ਹੈ। ਉਨ੍ਹਾਂ ਕਿਹਾ ਕਿ ਸ਼ਾਨਨ ਪਾਵਰ ਹਾਊਸ ਦੇ ਜ਼ਰੂਰੀ ਰਖ ਰਖਾਵ ਲਈ ਲੋੜੀਂਦੇ ਕਾਰਜ ਛੇਤੀ ਹੀ ਕੀਤੇ ਜਾਣਗੇ।ਕੈਬਨਿਟ ਮੰਤਰੀ ਨੇ ਸ਼ਾਨਨ ਪਾਵਰ ਹਾਊਸ ਵਿੱਚ ਕੰਮ ਕਰਦੇ ਇੰਜੀਨੀਅਰਾਂ ਅਤੇ ਬਾਕੀ ਸਮੁੱਚੇ ਅਮਲੇ ਦੀ ‌ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਸ਼ਾਨਨ ਪਾਵਰ ਹਾਊਸ ਦੇ ਕਰਮਚਾਰੀਆਂ ਦੀਆਂ ਜੋ‌ ਜਾਇਜ਼ ਬੁਨਿਆਦੀ ਜ਼ਰੂਰਤਾਂ ਨੂੰ ਛੇਤੀ ਹੀ ਪੂਰਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਪਣ ਬਿਜਲੀ ਪ੍ਰਾਜੈਕਟ ਸੰਨ 1932 ਵਿੱਚ ਬ੍ਰਿਟਿਸ਼ ਇੰਜੀਨੀਅਰ ਕਰਨਲ ਬੈਟੀ ਅਤੇ ਉਨ੍ਹਾਂ ਦੀ ਟੀਮ ਵੱਲੋਂ ਤਿਆਰ ਕੀਤੇ ਡਿਜ਼ਾਈਨ ‘ਤੇ ਉਸਾਰਿਆ ਗਿਆ ਸੀ। ਉਨ੍ਹਾਂ ਦੱਸਿਆ ਕਿ ਸ਼ਾਨਨ ਪਾਵਰ ਹਾਊਸ ਦੀ ਸ਼ੁਰੂ ਵਿੱਚ 48 ਮੈਗਾਵਾਟ ਦੀ ਉਤਪਾਦਨ ਸਮਰੱਥਾ ਸੀ ਅਤੇ ਹੁਣ ਇਸ ਦੀ ਉਤਪਾਦਨ ਸਮਰੱਥਾ 110 ਮੈਗਾਵਾਟ ਹੈ। ਹਰਭਜਨ ਸਿੰਘ ਨੇ ਇਸ ਗੱਲ ਤੇ ਤਸਲੀ ਪ੍ਰਗਟ ਕੀਤੀ ਕਿ ਇਹ ਪ੍ਰਾਜੈਕਟ ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਦੋਵੇਂ ਰਾਜਾਂ ਦੇ ਬਿਜਲੀ ਖਪਤਕਾਰਾਂ ਨੂੰ ਬਿਜਲੀ ਸਪਲਾਈ ਕਰਦਿਆਂ ਵਿਕਾਸ ਵਿੱਚ ਮਹੱਤਵਪੂਰਨ ਯੋਗਦਾਨ ਪਾ ਰਿਹਾ ਹੈ।

ਬਿਜਲੀ ਦੀ ਬੱਚਤ ਲਈ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵੱਡਾ ਫੈਸਲਾ

0

2 ਮਈ ਤੋਂ ਸਵੇਰੇ 7:30 ਵਜੇ ਤੋਂ ਕੰਮ ਕਰਨਗੇ ਸਰਕਾਰੀ ਦਫਤਰ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 8 ਅਪ੍ਰੈਲ-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਇਤਿਹਾਸਕ ਫੈਸਲਾ ਲੈਂਦੇ ਹੋਏ ਵਡੇਰੇ ਜਨਤਕ ਹਿੱਤ ਵਿੱਚ ਸਰਕਾਰੀ ਦਫਤਰਾਂ ਦਾ ਸਮਾਂ ਮੌਜੂਦਾ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੋਂ ਬਦਲ ਕੇ ਸਵੇਰੇ 7:30 ਤੋਂ ਦੁਪਹਿਰ 2 ਵਜੇ ਤੱਕ ਕਰਨ ਦਾ ਐਲਾਨ ਕੀਤਾ।ਇਸ ਫੈਸਲੇ ਦਾ ਐਲਾਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਨਵਾਂ ਸਮਾਂ-ਸਾਰਣੀ 2 ਮਈ ਤੋਂ ਲਾਗੂ ਹੋਵੇਗਾ ਅਤੇ 15 ਜੁਲਾਈ ਤੱਕ ਲਾਗੂ ਰਹੇਗਾ।। ਉਨ੍ਹਾਂ ਕਿਹਾ ਕਿ ਆਉਣ ਵਾਲੇ ਗਰਮੀ ਦੇ ਮੌਸਮ ਵਿੱਚ ਭਿਆਨਕ ਗਰਮੀ ਦੇ ਮੱਦੇਨਜ਼ਰ ਇਹ ਫੈਸਲਾ ਆਮ ਲੋਕਾਂ ਨੂੰ ਸਰਕਾਰੀ ਦਫਤਰਾਂ ਵਿੱਚ ਆਪਣੇ ਕੰਮ ਸੌਖੇ ਢੰਗ ਨਾਲ ਕਰਵਾਉਣ ਦੇ ਉਦੇਸ਼ ਨਾਲ ਲਿਆ ਗਿਆ। ਭਗਵੰਤ ਮਾਨ ਨੇ ਕਿਹਾ ਕਿ ਇਹ ਫੈਸਲਾ ਸਾਰੀਆਂ ਸਬੰਧਤ ਧਿਰਾਂ ਦੇ ਵਿਚਾਰ-ਵਟਾਂਦਰੇ ਤੋਂ ਬਾਅਦ ਲਿਆ ਗਿਆ ਹੈ ਤਾਂ ਜੋ ਸਾਰਿਆਂ ਦੀ ਭਲਾਈ ਨੂੰ ਯਕੀਨੀ ਬਣਾਇਆ ਜਾ ਸਕੇ।ਹੋਰ ਵੇਰਵੇ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਸ ਨਾਲ ਆਮ ਵਿਅਕਤੀ ਆਪਣੇ ਕੰਮ ਤੋਂ ਛੁੱਟੀ ਲਏ ਬਿਨਾਂ ਸਵੇਰ ਦੇ ਸਮੇਂ ਆਪਣਾ ਕੰਮ ਕਰਵਾ ਸਕੇਗਾ। ਉਨ੍ਹਾਂ ਕਿਹਾ ਕਿ ਇਸ ਨਾਲ ਸਰਕਾਰੀ ਮੁਲਾਜ਼ਮਾਂ ਨੂੰ ਵੀ ਸਹੂਲਤ ਮਿਲੇਗੀ ਕਿਉਂਕਿ ਉਹ ਦਫ਼ਤਰੀ ਸਮੇਂ ਤੋਂ ਬਾਅਦ ਸਮਾਜਿਕ ਕਾਰਜਾਂ ਵਿੱਚ ਸ਼ਾਮਲ ਹੋ ਸਕਣਗੇ। ਇਸੇ ਤਰ੍ਹਾਂ ਭਗਵੰਤ ਮਾਨ ਨੇ ਕਿਹਾ ਕਿ ਇਸ ਨਾਲ ਮੁਲਾਜ਼ਮ ਆਪਣੇ ਬੱਚਿਆਂ ਨਾਲ ਵੀ ਵੱਧ ਸਮਾਂ ਬਿਤਾ ਸਕਣਗੇ ਕਿਉਂ ਜੋ ਬੱਚਿਆਂ ਨੂੰ ਵੀ ਓਸੇ ਵੇਲੇ ਸਕੂਲ ਤੋਂ ਛੁੱਟੀ ਹੋ ਜਾਂਦੀ ਹੈ।ਮੁੱਖ ਮੰਤਰੀ ਨੇ ਕਿਹਾ ਕਿ ਇਹ ਫੈਸਲਾ ਪੰਜਾਬ ਸਰਕਾਰ ਦੇ ਸਾਰੇ ਦਫਤਰਾਂ ’ਤੇ ਲਾਗੂ ਹੋਵੇਗਾ। ਉਨ੍ਹਾਂ ਨੇ ਉਮੀਦ ਜ਼ਾਹਰ ਕੀਤੀ ਕਿ ਇਸ ਨਾਲ ਲਗਭਗ 300-350 ਮੈਗਾਵਾਟ ਬਿਜਲੀ ਦੀ ਬੱਚਤ ਕਰਨ ਵਿੱਚ ਵੀ ਮਦਦ ਮਿਲੇਗੀ ਕਿਉਂਕਿ ਬਿਜਲੀ ਦਾ ਵੱਡਾ ਹਿੱਸਾ ਸਰਕਾਰੀ ਦਫਤਰਾਂ ਵਿੱਚ ਖਪਤ ਹੋ ਰਿਹਾ ਹੈ। ਭਗਵੰਤ ਮਾਨ ਨੇ ਕਿਹਾ ਕਿ ਪੀ.ਐਸ.ਪੀ.ਸੀ.ਐਲ. ਦੇ ਅੰਕੜਿਆਂ ਅਨੁਸਾਰ ਪਾਵਰਕਾਮ ਉੱਤੇ ਪੀਕ ਲੋਡ ਦਿਨ ਵਿੱਚ ਦੁਪਹਿਰ ਇਕ ਵਜੇ ਤੋਂ ਬਾਅਦ ਸ਼ੁਰੂ ਹੋ ਜਾਂਦਾ ਹੈ।ਮੁੱਖ ਮੰਤਰੀ ਨੇ ਕਿਹਾ ਕਿ ਨਵਾਂ ਸਮਾਂ-ਸਾਰਣੀ ਇਹ ਵੀ ਯਕੀਨੀ ਬਣਾਏਗਾ ਕਿ ਲੋਕ ਵੱਧ ਤੋਂ ਵੱਧ ਸੂਰਜ ਦੀ ਰੌਸ਼ਨੀ ਦੀ ਵਰਤੋਂ ਕਰ ਸਕਣਗੇ। ਉਨ੍ਹਾਂ ਦੱਸਿਆ ਕਿ ਕਈ ਦੇਸ਼ਾਂ ਵਿੱਚ ਲੋਕ ਮੌਸਮ ਦੇ ਅਨੁਕੂਲ ਆਪਣੀਆਂ ਘੜੀਆਂ ਐਡਜਸਟ ਕਰਦੇ ਹਨ ਤਾਂ ਜੋ ਉਹ ਧੁੱਪ ਦੀ ਵੱਧ ਤੋਂ ਵੱਧ ਵਰਤੋਂ ਕਰ ਸਕਣ। ਭਗਵੰਤ ਮਾਨ ਨੇ ਲੋਕਾਂ ਨੂੰ ਭਰੋਸਾ ਦਿੱਤਾ ਕਿ ਸੂਬਾ ਸਰਕਾਰ ਆਉਣ ਵਾਲੇ ਦਿਨਾਂ ਵਿੱਚ ਵੀ ਅਜਿਹੇ ਹੋਰ ਨਾਗਰਿਕ ਕੇਂਦਰਿਤ ਫੈਸਲੇ ਲਵੇਗੀ।

ਖੇਤੀ ਮੰਤਰੀ ਨੇ ਗਿਰਦਾਵਰੀ ਨਾਲ ਜੁੜੀਆਂ ਸ਼ਿਕਾਇਤਾਂ ਲਈ ਹੈਲਪ ਲਾਈਨ ਨੰਬਰ 9309388088 ਕੀਤਾ ਜਾਰੀ

ਖੁਦ ਖੇਤਾਂ ਵਿਚ ਜਾ ਕੇ ਗਿਰਦਾਵਰੀ ਦੀ ਕਰ ਰਹੇ ਨੇ ਦੇਖ ਰੇਖ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 8 ਅਪ੍ਰੈਲ: ਪੰਜਾਬ ਦੇ ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਖੁਦ ਖੇਤਾਂ ਵਿਚ ਜਾ ਕੇ ਗਿਰਦਾਵਰੀ ਦੀ ਦੇਖ ਰੇਖ ਕਰ ਰਹੇ ਹਨ। ਪਿਛਲੇ ਦਿਨੀਂ ਬੇਮੌਸਮੀ ਬਾਰਿਸ਼ ਕਾਰਨ ਕਿਸਾਨਾਂ ਦੀ ਖਰਾਬ ਹੋਈ ਫਸਲ ਦਾ ਮੁਆਵਜ਼ਾ ਦੇਣ ਲਈ ਹਾਲਾਂਕਿ ਮੁੱਖ ਮੰਤਰੀ ਭਗਵੰਤ ਮਾਨ ਐਲਾਨ ਕਰ ਚੁੱਕੇ ਹਨ ਪਰ ਕਿਸੇ ਕਿਸਾਨ ਨਾਲ ਗਿਰਦਾਵਰੀ ਵਿੱਚ ਕੋਈ ਧੱਕਾ ਨਾ ਹੋਵੇ ਇਸ ਲਈ ਧਾਲੀਵਾਲ ਗਿਰਦਾਵਰੀ ਆਪਣੇ ਸਾਹਮਣੇ ਕਰਵਾ ਰਹੇ ਹਨ। ਧਾਲੀਵਾਲ ਨੇ ਦੱਸਿਆ ਕਿ ਉਨ੍ਹਾਂ ਦੀ ਕੋਸ਼ਿਸ਼ ਹੈ ਕਿ ਹਰੇਕ ਪ੍ਰਭਾਵਿਤ ਕਿਸਾਨ ਨੂੰ ਬਣਦਾ ਮੁਆਵਜ਼ਾ ਮਿਲੇ ਪਰ ਜੇਕਰ ਗਿਰਦਾਵਰੀ ਮੌਕੇ ਕਿਸੇ ਵੀ ਕਿਸਾਨ ਨਾਲ ਕੋਈ ਬੇਇਨਸਾਫ਼ੀ ਜਾਂ ਧੱਕਾ ਹੁੰਦਾ ਹੈ ਤਾਂ ਉਹ ਕਿਸਾਨ 9309388088 ਨੰਬਰ ’ਤੇ ਆਪਣੀ ਸ਼ਿਕਾਇਤ ਦਰਜ ਕਰਵਾ ਸਕਦਾ ਹੈ। ਇਸ ਨੰਬਰ ਉੱਤੇ ਵੱਟਸਐਪ ਜ਼ਰੀਏ ਸ਼ਿਕਾਇਤ ਕੀਤੀ ਜਾ ਸਕਦੀ ਹੈ। ਖੇਤੀ ਮੰਤਰੀ ਨੇ ਦੱਸਿਆ ਕਿ ਇਸ ਨੰਬਰ ਉੱਤੇ ਦਰਜ ਕਰਵਾਈ ਸ਼ਿਕਾਇਤ ਨੂੰ ਗੰਭੀਰਤਾ ਨਾਲ ਲਿਆ ਜਾਵੇਗਾ ਅਤੇ ਤੁਰੰਤ ਕਾਰਵਾਈ ਕੀਤੀ ਜਾਵੇਗੀ। ਧਾਲੀਵਾਲ ਨੇ ਕਿਹਾ ਕਿ ਵਿਸਾਖੀ ਉੱਤੇ ਕਿਸਾਨਾਂ ਨੂੰ ਖਰਾਬ ਫਸਲ ਦਾ ਮੁਆਵਜ਼ਾ ਦੇਣ ਬਾਰੇ ਮੁੱਖ ਮੰਤਰੀ ਭਗਵੰਤ ਮਾਨ ਦੇ ਵਾਅਦੇ ਨੂੰ ਪੂਰਾ ਕੀਤਾ ਜਾਵੇਗਾ।

ਆਪ ਦੀ ਸਰਕਾਰ ’ਚ ਕੋਈ ਵੀ ’ਖ਼ਾਸ ਆਦਮੀ’ ਨਹੀਂ; ਅਮਨ ਅਰੋੜਾ

0

ਸੇਵਾ ਕੇਂਦਰਾਂ ਵਿੱਚ ਕਿਸੇ ਨੂੰ ਵੀ ਟੋਕਨ ਤੋਂ ਬਗ਼ੈਰ ਕੋਈ ਸੇਵਾ ਨਾ ਦੇਣ ਦੇ ਨਿਰਦੇਸ਼
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 8 ਅਪ੍ਰੈਲ:ਸੂਬੇ ਵਿੱਚ ਸੇਵਾਵਾਂ ਮੁਹੱਈਆ ਕਰਵਾਉਣ ਸਮੇਂ ਬਰਾਬਰਤਾ ਤੇ ਨਿਰਪੱਖਤਾ ਨੂੰ ਯਕੀਨੀ ਬਣਾਉਣ ਅਤੇ ਸਿਸਟਮ ਵਿੱਚੋਂ ‘ਖ਼ਾਸ ਆਦਮੀ’ ਕਲਚਰ ਨੂੰ ਖ਼ਤਮ ਕਰਨ ਵਾਸਤੇ ਪੰਜਾਬ ਦੇ ਪ੍ਰਸ਼ਾਸਕੀ ਸੁਧਾਰ ਅਤੇ ਜਨ ਸ਼ਿਕਾਇਤ ਨਿਵਾਰਣ ਮੰਤਰੀ ਸ੍ਰੀ ਅਮਨ ਅਰੋੜਾ ਨੇ ਅੱਜ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਇਹ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਹਨ ਕਿ ਸੂਬੇ ਵਿਚਲੇ ਸੇਵਾ ਕੇਂਦਰਾਂ ਤੋਂ ਟੋਕਨ ਬਗ਼ੈਰ ਆਉਣ ਵਾਲੇ ਕਿਸੇ ਵੀ ਵਿਅਕਤੀ ਨੂੰ ਸੇਵਾ ਨਾ ਦਿੱਤੀ ਜਾਵੇ। ਸ੍ਰੀ ਅਮਨ ਅਰੋੜਾ ਨੇ ਉਨ੍ਹਾਂ ਖ਼ਬਰਾਂ ਦਾ ਸਖ਼ਤ ਨੋਟਿਸ ਲਿਆ ਹੈ, ਜਿਨ੍ਹਾਂ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਕੁਝ ਸਰਕਾਰੀ ਅਧਿਕਾਰੀ/ਕਰਮਚਾਰੀ ਬਿਨਾਂ ਟੋਕਨ ਤੋਂ ਸੇਵਾਵਾਂ ਲੈਣ ਲਈ ਸੇਵਾ ਕੇਂਦਰਾਂ ਦੇ ਸਟਾਫ਼ ‘ਤੇ ਦਬਾਅ ਬਣਾਉਣ ਦੀ ਕੋਸ਼ਿਸ਼ ਕਰਦੇ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਕੁੱਝ ਜ਼ਿਲ੍ਹਿਆਂ ਤੋਂ ਇਸ ਸਬੰਧੀ ਸ਼ਿਕਾਇਤਾਂ ਵੀ ਮਿਲੀਆਂ ਹਨ।ਸ੍ਰੀ ਅਮਨ ਅਰੋੜਾ ਨੇ ਸਪੱਸ਼ਟ ਕੀਤਾ ਕਿ ਸਰਕਾਰੀ ਅਧਿਕਾਰੀਆਂ/ਕਰਮਚਾਰੀਆਂ ਦਾ ਅਜਿਹਾ ਵਤੀਰਾ ਸਵੀਕਾਰਯੋਗ ਨਹੀਂ ਹੈ ਅਤੇ ਜੇਕਰ ਕੋਈ ਅਧਿਕਾਰੀ/ਕਰਮਚਾਰੀ ਅਜਿਹਾ ਕਰਦਾ ਪਾਇਆ ਗਿਆ ਤਾਂ ਉਸ ਖ਼?ਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸੇਵਾ ਕੇਂਦਰਾਂ ਰਾਹੀਂ ਦਿੱਤੀਆਂ ਜਾ ਰਹੀਆਂ ਸਾਰੀਆਂ ਸੇਵਾਵਾਂ ਲੈਣ ਲਈ ਸਾਰੇ ਨਾਗਰਿਕ ਬਰਾਬਰ ਦੇ ਹੱਕਦਾਰ ਹਨ। ਸੇਵਾ ਕੇਂਦਰ ਖੋਲ੍ਹਣ ਦਾ ਮੁੱਖ ਮਕਸਦ ਵੀ ਲੋਕਾਂ ਨੂੰ ਪਾਰਦਰਸ਼ੀ ਢੰਗ ਨਾਲ ਨਿਰਵਿਘਨ ਸੇਵਾਵਾਂ ਪ੍ਰਦਾਨ ਕਰਨਾ ਹੈ।ਪ੍ਰਸ਼ਾਸਕੀ ਸੁਧਾਰ ਮੰਤਰੀ ਨੇ ਸੇਵਾ ਕੇਂਦਰਾਂ ਦੇ ਸਟਾਫ ਨੂੰ ਵੀ ਹਦਾਇਤ ਕੀਤੀ ਕਿ ਇਸ ਸਬੰਧੀ ਜੇਕਰ ਕੋਈ ਸ਼ਿਕਾਇਤ ਆਈ ਤਾਂ ਸਖ਼ਤ ਕਾਰਵਾਈ ਕੀਤੀ ਜਾਵੇਗੀ। ਡਾਇਰੈਕਟਰ ਪ੍ਰਸ਼ਾਸਨਿਕ ਸੁਧਾਰ ਵਿਭਾਗ ਨੂੰ ਇਸ ਸਬੰਧੀ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਹਦਾਇਤਾਂ ਜਾਰੀ ਕਰਨ ਲਈ ਆਖਦਿਆਂ ਸ੍ਰੀ ਅਮਨ ਅਰੋੜਾ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ‘ਖ਼ਾਸ ਆਦਮੀ’ ਸੱਭਿਆਚਾਰ ਨੂੰ ਜੜ੍ਹੋਂ ਖ਼ਤਮ ਕਰਨ ਲਈ ਸੱਤਾ ਵਿੱਚ ਆਈ ਹੈ। ਇਸ ਲਈ ਇਸ ਰਵਾਇਤ ਨੂੰ ਹਰ ਹਾਲ ਠੱਲ੍ਹ ਪਾਈ ਜਾਵੇ।ਕੈਬਨਿਟ ਮੰਤਰੀ ਨੇ ਪ੍ਰਸ਼ਾਸਨਿਕ ਸੁਧਾਰ ਵਿਭਾਗ (ਡੀ.ਜੀ.ਆਰ.) ਨੂੰ ਆਨਲਾਈਨ ਟੋਕਨ ਸੇਵਾ ਜਲਦੀ ਸ਼ੁਰੂ ਕਰਨ ਲਈ ਵੀ ਕਿਹਾ ਤਾਂ ਜੋ ਸਰਕਾਰੀ ਸੇਵਾਵਾਂ ਲੈਣ ਲਈ ਲੋਕ ਘਰ ਬੈਠੇ ਟੋਕਨ ਹਾਸਲ ਕਰ ਸਕਣ।

ਰਾਘਵ ਚੱਢਾ ਨੇ ਪੰਜਾਬ ਵਿੱਚ ਖਰਾਬ ਹੋਈ ਫਸਲ ਦਾ ਕੀਤਾ ਮੁਆਇਨਾ, ਮੁਆਵਜ਼ੇ ਲਈ ਕੇਂਦਰ ਨੂੰ ਲਿਖਿਆ ਪੱਤਰ

0

ਪੰਜਾਬ ਦੇ ਕਿਸਾਨਾਂ ਲਈ ਰਾਹਤ ਦੀ ਮੰਗ ਕਰਦਿਆਂ ਰਾਘਵ ਚੱਢਾ ਨੇ ਨਿਰਮਲਾ ਸੀਤਾਰਮਨ ਨੂੰ ਭੇਜੇ ਖਰਾਬ ਕਣਕ ਦੇ ਨਮੂਨੇ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 8 ਅਪਰੈਲ: ‘ਆਪ’ ਸੰਸਦ ਮੈਂਬਰ ਰਾਘਵ ਚੱਢਾ ਨੇ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੂੰ ਪੱਤਰ ਲਿਖ ਕੇ ਪੰਜਾਬ ਵਿੱਚ ਬੇਮੌਸਮੀ ਬਰਸਾਤ ਕਾਰਨ ਕਿਸਾਨਾਂ ਦੇ ਹੋਏ ਨੁਕਸਾਨ ਲਈ ਮੁਆਵਜ਼ੇ ਦੀ ਮੰਗ ਕੀਤੀ ਹੈ। ਚੱਢਾ ਨੇ ਵੱਖ-ਵੱਖ ਖੇਤਾਂ ਦਾ ਦੌਰਾ ਕਰਦਿਆਂ ਭਾਰੀ ਮੀਂਹ ਕਾਰਨ ਹੋਈ ਤਬਾਹੀ ਦਾ ਜਾਇਜ਼ਾ ਲੈਣ ਲਈ ਕਿਸਾਨਾਂ ਨਾਲ ਗੱਲਬਾਤ ਕੀਤੀ। ਆਪਣੇ ਸੰਸਦ ਮੈਂਬਰ ਨਾਲ ਦੁੱਖ ਸਾਂਝਾ ਕਰਨ ਵਾਲੇ ਕਿਸਾਨਾਂ ਨੇ ਉਨ੍ਹਾਂ ਨੂੰ ਆਪਣੀ ਖਰਾਬ ਹੋਈ ਫਸਲ ਦੇ ਸੈਂਪਲ ਵੀ ਦਿੱਤੇ ਅਤੇ ਉਨ੍ਹਾਂ ਨੂੰ ਆਪਣੇ ਨੁਕਸਾਨ ਬਾਰੇ ਕੇਂਦਰੀ ਵਿੱਤ ਮੰਤਰੀ ਨੂੰ ਜਾਣੂ ਕਰਵਾਉਣ ਦੀ ਅਪੀਲ ਕੀਤੀ। ਉਨ੍ਹਾਂ ਦੀ ਬੇਨਤੀ ’ਤੇ ਕਾਰਵਾਈ ਕਰਦਿਆਂ, ਚੱਢਾ, ਜਿੰਨ੍ਹਾਂ ਲਈ ਇਹ ਤਬਾਹੀ ਅਸਹਿ ਸੀ, ਨੇ ਤੁਰੰਤ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੂੰ ਮੌਕੇ ’ਤੇ ਇੱਕ ਪੱਤਰ ਲਿਖਿਆ ਅਤੇ ਖਰਾਬ ਹੋਈ ਕਣਕ ਦੀ ਫ਼ਸਲ ਦੇ ਨਮੂਨੇ ਸਮੇਤ ਭੇਜ ਦਿੱਤਾ।ਚੱਢਾ ਨੇ ਨੁਕਸਾਨਾਂ ਬਾਰੇ ਵਿਸਥਾਰ ਵਿੱਚ ਦੱਸਦਿਆਂ ਵਿੱਤ ਮੰਤਰੀ ਨੂੰ ਦੱਸਿਆ ਕਿ ਮੀਂਹ ਨੇ ਹਾੜੀ ਦੇ ਸੀਜ਼ਨ ਦੌਰਾਨ ਪੰਜਾਬ ਵਿੱਚ ਬੀਜੀ ਗਈ 34.9 ਲੱਖ ਹੈਕਟੇਅਰ ਕਣਕ ਵਿੱਚੋਂ ਘੱਟੋ-ਘੱਟ 14 ਲੱਖ ਹੈਕਟੇਅਰ (40%) ਨੂੰ ਪ੍ਰਭਾਵਿਤ ਕੀਤਾ ਹੈ, ਜਿਸ ਨਾਲ ਕਿਸਾਨਾਂ ਦੀ ਤਬਾਹੀ ਹੋਈ ਹੈ। ਪੰਜਾਬ ਸਰਕਾਰ ਦੇ ਹੁੰਗਾਰੇ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਕਿਹਾ, “ਸਾਡੇ ਮੁੱਖ ਮੰਤਰੀ ਭਗਵੰਤ ਮਾਨ ਨੇ ਫਸਲਾਂ ਦੇ ਨੁਕਸਾਨ ਲਈ ਰਾਹਤ ਰਾਸ਼ੀ 12,000 ਰੁਪਏ ਪ੍ਰਤੀ ਏਕੜ ਤੋਂ ਵਧਾ ਕੇ 15,000 ਰੁਪਏ ਕਰ ਦਿੱਤੀ ਹੈ। ਸ਼ੁਰੂਆਤੀ ਨਮੂਨੇ ਦੇ ਆਧਾਰ ’ਤੇ ਤੇਜ਼ੀ ਨਾਲ ਕੰਮ ਕਰਦੇ ਹੋਏ, ਸਾਡੇ ਕਿਸਾਨਾਂ ਦੀ ਮਦਦ ਲਈ ਵਾਧੂ ਕਦਮ ਜਿਵੇਂ ਕਿ 46P4 ਦੁਆਰਾ ਕਣਕ ਦੀ ਖਰੀਦ ਲਈ ਮਾਪਦੰਡਾਂ ਵਿੱਚ ਢਿੱਲ ਲਾਜ਼ਮੀ ਤੌਰ ’ਤੇ ਚੁੱਕੇ ਗਏ ਹਨ। ਹਾਲਾਂਕਿ, ਚੱਢਾ ਦਾ ਮੰਨਣਾ ਹੈ ਕਿ ਕੇਂਦਰ ਪੰਜਾਬ ਦੇ ਕਿਸਾਨਾਂ ਪ੍ਰਤੀ ਆਪਣੀ ਜ਼ਿੰਮੇਵਾਰੀ ਤੋਂ ਭੱਜ ਨਹੀਂ ਸਕਦਾ, ਖਾਸ ਤੌਰ ’ਤੇ ਇਸ ਤੱਥ ਦੇ ਮੱਦੇਨਜ਼ਰ ਕਿ ਰਾਜ ਨੇ ਦੇਸ਼ ਦੀ ਖੁਰਾਕ ਸੁਰੱਖਿਆ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ ਹੈ। ਉਨ੍ਹਾਂ ਨੇ ਵਿੱਤ ਮੰਤਰੀ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਦੇ ਕਿਸਾਨਾਂ ਨੂੰ ਹੋਏ ਨੁਕਸਾਨ ਦੀ ਭਰਪਾਈ ਲਈ ਵਿਸ਼ੇਸ਼ ਪੈਕੇਜ ਦੇਣ ਬਾਰੇ ਵਿਚਾਰ ਕਰਨ।

ਬੇਮੌਸਮੀ ਬਾਰਸ਼ ਨਾਲ ਫ਼ਸਲਾਂ ਦੇ ਹੋਏ ਨੁਕਸਾਨ ਦੇ ਮੁਆਵਜ਼ੇ ਵੰਡ ਦੀ ਪਾਰਦਰਸਤਾ ਨੂੰ ਯਕੀਨੀ ਬਣਾਇਆ ਜਾਵੇ: ਮਾਨਸ਼ਾਹੀਆ

0

ਪੰਜਾਬੀ ਖ਼ਬਰਸਾਰ ਬਿਉਰੋ
ਮਾਨਸਾ,8 ਅਪ੍ਰੈਲ: ਪਿਛਲੇ ਦਿਨੀ ਪਈ ਬੇਮੌਸਮੀ ਬਾਰਸ਼ ਅਤੇ ਝੱਖੜ ਝੋਲੇ ਨਾਲ ਪੰਜਾਬ ਵਿੱਚ ਕਣਕ ਦੀ ਫ਼ਸਲ ਦਾ ਕਾਫੀ ਨੁਕਸਾਨ ਹੋਇਆ ਹੈ। ਕਈ ਖੇਤਰਾਂ ਵਿਚ ਤਾਂ ਪੂਰੀ ਦੀ ਪੂਰੀ ਫਸਲ ਨੁਕਸਾਨੀ ਗਈ ਹੈ। ਜਿਸ ਕਰਕੇ ਕਿਸਾਨ ਮਾਯੂਸੀ ਦੇ ਆਲਮ ਵਿੱਚ ਹਨ। ਇਹ ਵਿਚਾਰ ਪ੍ਰਗਟ ਕਰਦਿਆਂ ਹਲਕਾ ਮਾਨਸਾ ਦੇ ਸਾਬਕਾ ਵਿਧਾਇਕ ਨਾਜ਼ਰ ਸਿੰਘ ਮਾਨਸ਼ਾਹੀਆ ਨੇ ਕਿਹਾ ਕਿ ਸਰਕਾਰ ਵੱਲੋਂ ਬੇਸ਼ਕ ਗਿਰਦਾਵਰੀ ਕਰਕੇ ਨੁਕਸਾਨ ਦਾ ਜਾਇਜ਼ਾ ਲੈਣ ਦੇ ਹੁਕਮ ਜਾਰੀ ਹੋ ਚੁੱਕੇ ਹਨ। ਪ੍ਰੰਤੂ ਕਿਸਾਨਾਂ ਦੇ ਮਨਾਂ ਵਿੱਚ ਖਦਸ਼ਾ ਹੈ ਕਿ 2015 ਵਿੱਚ ਸੁੰਡੀ ਅਤੇ ਮਾੜੇ ਬੀਜਾਂ ਕਰਕੇ ਨਰਮੇ ਦੇ ਹੋਏ ਨੁਕਸਾਨ ਦਾ ਮੁਆਵਜ਼ਾ ਦੇਣ ਵਿੱਚ ਕਾਫੀ ਪੱਖਪਾਤ ਕੀਤਾ ਗਿਆ ਸੀ ।ਉਦਾਹਰਣ ਦੇ ਤੌਰ ਤੇ ਜਿਨ੍ਹਾਂ ਕਿਸਾਨਾਂ ਨੇ ਨਰਮਾ ਬੀਜਿਆ ਵੀ ਨਹੀਂ ਸੀ ਉਹ ਵੀ ਮੁਆਵਜ਼ਾ ਲੈ ਗਏ ਸਨ ਅਤੇ ਜਿਨ੍ਹਾਂ ਕਿਸਾਨਾਂ ਦਾ ਅਸਲੀ ਤੌਰ ਤੇ ਨੁਕਸਾਨ ਹੋਇਆ ਸੀ ਉਹਨਾਂ ਵਿਚੋਂ ਕਈ ਮੁਆਵਜ਼ਾ ਲੈਣ ਤੋਂ ਵਾਂਝੇ ਰਹਿ ਗਏ ਸਨ। ਇਸੇ ਤਰ੍ਹਾਂ 2021 ਵਿੱਚ ਗੁਲਾਬੀ ਸੁੰਡੀ ਕਰਕੇ ਨਰਮੇ ਦੇ ਹੋਏ ਨੁਕਸਾਨ ਦੇ ਮੁਆਵਜ਼ੇ ਸਮੇਂ ਵੀ ਕੁਝ ਥਾਵਾਂ ਤੋਂ ਇਹੋ ਜਿਹੀਆਂ ਸ਼ਿਕਾਇਤਾਂ ਮਿਲੀਆਂ। ਕਿਸਾਨਾਂ ਨਾਲ ਇਸ ਤਰ੍ਹਾਂ ਦੇ ਹੋਏ ਰਵੱਈਏ ਨਾਲ ਕਿਸਾਨਾਂ ਵਿੱਚ ਰੋਸ ਫੈਲਦਾ ਹੈ ਜੋ ਕਿ ਸਭਿਅਕ ਸਮਾਜ ਲਈ ਚੰਗਾ ਨਹੀਂ ਹੁੰਦਾ । ਉਨ੍ਹਾਂ ਸਰਕਾਰ ਨੂੰ ਸੁਝਾਅ ਦਿੰਦਿਆਂ ਕਿਹਾ ਕਿ ਗਿਰਦਾਵਰੀ ਕਰਕੇ ਹੋਏ ਨੁਕਸਾਨ ਸਬੰਧੀ ਹਰੇਕ ਪਿੰਡ ਦੀ ਲਿਸਟ ਸਾਂਝੀ ਥਾਂ ’ਤੇ ਲਾਈ ਜਾਵੇ ਜਿਸ ਨਾਲ ਕਿਸਾਨਾਂ ਵਿੱਚ ਅਸਲੀਅਤ ਸਾਹਮਣੇ ਆ ਜਾਵੇਗੀ ਅਤੇ ਕਿਸੇ ਵੀ ਊਣਤਾਈ ਦਾ ਹੱਲ ਜਲਦੀ ਹੋ ਜਾਵੇਗਾ। ਇਸੇ ਤਰ੍ਹਾਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਵਿਖੇ ਚੱਲ ਰਹੇ ਰਿਮੋਟ ਸੈਂਸਿੰਗ ਸੈਂਟਰ ਦੁਆਰਾ ਜੇਕਰ ਹਰ ਖੇਤ ਦੀ ਸੈਟੇਲਾਇਟ ਇਮੈਜ਼ਰੀ ਬਣਾਉਣੀ ਸੰਭਵ ਨਹੀਂ ਤਾਂ ਤਹਿਸੀਲ ਪੱਧਰ ਦੀਆਂ ਸੈਟੇਲਾਇਟ ਇਮੈਜ਼ਰੀ ਬਣਾ ਕੇ ਰੱਖ ਲਈਆਂ ਜਾਣ ਤਾਂ ਕਿ ਸ਼ਿਕਾਇਤ ਆਉਣ ਤੇ ਸ਼ਿਕਾਇਤ ਦਾ ਨਿਵਾਰਨ ਕਰਨਾ ਸੌਖਾ ਹੋ ਜਾਵੇਗਾ ।ਇਸ ਤਰ੍ਹਾਂ ਨਾਲ ਸਾਰਾ ਮੁਆਵਜ਼ਾ ਪਾਰਦਰਸ਼ੀ ਢੰਗ ਨਾਲ ਵੰਡਿਆ ਜਾ ਸਕੇਗਾ ਅਤੇ ਕਿਸਾਨਾਂ ਦੀ ਵੀ ਤਸੱਲੀ ਹੋ ਜਾਵੇਗੀ ਜੋ ਕਿ ਸਰਕਾਰ ਦੀ ਅਹਿਮ ਜੁੰਮੇਵਾਰੀ ਹੈ ।

ਲੋਕ ਮੋਰਚਾ ਪੰਜਾਬ ਵੱਲੋਂ ਫਿਰਕਾਪ੍ਰਸਤੀ ਤੇ ਹਕੂਮਤੀ ਦਹਿਸ਼ਤ ਵਿਰੁਧ ਸ਼ਹਿਰ ਵਿਚ ਰੋਸ਼ ਮਾਰਚ

0

ਸੁਖਜਿੰਦਰ ਮਾਨ
ਬਠਿੰਡਾ, 8 ਅਪ੍ਰੈਲ : ਪੰਜਾਬ ਅੰਦਰ ਫਿਰਕੂ ਰੰਗਤ ਅਤੇ ਹਕੂਮਤੀ ਦਹਿਸ਼ਤ ਦੇ ਵਿਰੁਧ ਅੱਜ ਲੋਕ ਮੋਰਚਾ ਪੰਜਾਬ ਵੱਲੋਂ ਸਥਾਨਕ ਟੀਚਰਜ਼ ਹੋਮ ਵਿਖੇ ਇੱਕ ਵਿਸ਼ੇਸ ਇਕੱਤਰਤਾ ਕੀਤੀ ਗਈ ਅਤੇ ਇਸਤੋਂ ਬਾਅਦ ਸ਼ਹਿਰ ਅੰਦਰ ਰੋਸ ਮਾਰਚ ਕਰਕੇ ਲੋਕਾਂ ਨੂੰ ਲਾਮਬੰਦ ਹੋਣ ਦਾ ਸੱਦਾ ਦਿੱਤਾ ਗਿਆ। ਇਕੱਤਰਤਾ ਨੂੰ ਸੰਬੋਧਨ ਕਰਦਿਆਂ ਲੋਕ ਮੋਰਚਾ ਦੇ ਸਕੱਤਰ ਸੁਖਵਿੰਦਰ ਸਿੰਘ ਅਤੇ ਸੂਬਾਈ ਆਗੂ ਸ਼ੀਰੀਂ ਨੇ ਕਿਹਾ ਕਿ ਅੰਮ੍ਰਿਤਪਾਲ ਦਾ ਉਭਰਨਾ ਅਤੇ ਪ੍ਰਚਾਰ ਚਲਾਉਣਾ ਸੰਘਰਸ਼ੀ ਰਾਹ ’ਤੇ ਅੱਗੇ ਵਧ ਰਹੇ ਪੰਜਾਬ ਦੇ ਲੋਕਾਂ ਲਈ ਵੱਡੀਆਂ ਅਰਥ ਸੰਭਾਵਨਾਵਾਂ ਵਾਲਾ ਮੰਦਭਾਗਾ ਵਰਤਾਰਾ ਸੀ, ਜੋ ਕਿ ਲੋਕਾਂ ਦਾ ਹਕੀਕੀ ਮੁੱਦਿਆਂ ਤੋਂ ਧਿਆਨ ਤਿਲਕਾਅ ਕੇ ਆਪਸੀ ਭਰਾ ਮਾਰ ਟਕਰਾਵਾਂ ਦੇ ਵੱਸ ਪਾਉਣ ਵਾਲੀ ਫਿਰਕੂ ਰਾਜਨੀਤੀ ਦੇ ਫਿੱਟ ਬੈਠਦਾ ਸੀ। ਪਰ ਹੁਣ ਇਸਨੂੰ ਰੋਕਣ ਦੇ ਨਾਂ ’ਤੇ ਬਿਨਾਂ ਕਿਸੇ ਵਿਸ਼ੇਸ਼ ਖ਼ਤਰੇ ਤੋਂ ਵੱਡਾ ਹਊਆ ਪੈਦਾ ਕਰਕੇ ਸੂਬਾ ਅਤੇ ਕੇਂਦਰ ਸਰਕਾਰ ਨੇ ਹਕੂਮਤੀ ਦਹਿਸ਼ਤ ਪਾਉਣ ਵਾਲੀਆਂ ਕਾਰਵਾਈਆਂ ਕੀਤੀਆਂ ਹਨ ਅਤੇ ਇਸ ਨੂੰ ਗੈਰ ਵਾਜਬ ਤੌਰ ਤੇ ਰਾਸ਼ਟਰੀ ਸੁਰੱਖਿਆ ਦੇ ਮੁੱਦੇ ਵਜੋਂ ਪੇਸ਼ ਕੀਤਾ ਹੈ। ਬੁਲਾਰਿਆਂ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ 8 ਅਪ੍ਰੈਲ ਕਾਲੇ ਕਾਨੂੰਨਾਂ ਦੇ ਵਿਰੋਧ ਦਾ ਇਤਿਹਾਸਕ ਦਿਨ ਹੈ, ਜਿਸ ਦਿਨ ਭਗਤ ਸਿੰਘ ਅਤੇ ਬੀ.ਕੇ. ਦੱਤ ਨੇ ਅਸੈਂਬਲੀ ਵਿੱਚ ਬੰਬ ਸੁੱਟ ਕੇ ਅੰਗਰੇਜ਼ ਹਕੂਮਤ ਨੂੰ ਕਾਲੇ ਕਾਨੂੰਨਾਂ ਖਿਲਾਫ਼ ਭਾਰਤੀ ਲੋਕਾਂ ਦਾ ਰੋਹ ਦਰਜ ਕਰਾਇਆ ਸੀ। ਇਸ ਮੌਕੇ ਇਕੱਤਰਤਾ ਵੱਲੋਂ ਮੰਗ ਕੀਤੀ ਗਈ ਕਿ ਐਨ. ਐਸ. ਏ,ਅਫਸਪਾ, ਯੂਏਪੀਏ ਸਮੇਤ ਸਾਰੇ ਕਾਲੇ ਕਾਨੂੰਨ ਰੱਦ ਕੀਤੇ ਜਾਣ, ਕੌਮੀ ਸੁਰੱਖਿਆ ਏਜੰਸੀ ਨੂੰ ਪੰਜਾਬ ਤੋਂ ਬਾਹਰ ਰੱਖਿਆ ਜਾਵੇ,ਐਨ.ਐਸ.ਏ ਤਹਿਤ ਦਰਜ ਕੀਤੇ ਕੇਸ ਵਾਪਸ ਲਏ ਜਾਣ, ਪੰਜਾਬ ਦੇ ਲੋਕਾਂ ਨਾਲ ਸਿਆਸੀ ਸਾਜ਼ਿਸ਼ਾਂ ਬੰਦ ਕੀਤੀਆਂ ਜਾਣ।ਇਸ ਮੌਕੇ ਨਿਰਮਲ ਸਿਵੀਆ,ਅਮਨ ਦਾਤੇਵਾਸ,ਬਿੰਦਰ ਬਠਿੰਡਾ, ਆਦਿ ਵੱਲੋਂ ਇਨਕਲਾਬੀ ਗੀਤ ਪੇਸ਼ ਕੀਤੇ ਗਏ।

ਤਨਖਾਹਾਂ ਵਿਚ ਨਿਗੂਣੇ ਵਾਧੇ ਨੂੰ ਲਾਗੂ ਕਰਵਾਉਣ ਲਈ ਪਾਵਰਕਾਮ ਦੇ ਠੇਕਾਂ ਕਾਮਿਆਂ ਨੇ ਕੀਤਾ ਰੋਸ਼ ਮਾਰਚ

ਸੁਖਜਿੰਦਰ ਮਾਨ
ਬਠਿੰਡਾ, 8 ਅਪ੍ਰੈਲ : ਪੀ.ਐਸ.ਪੀ.ਸੀ.ਐਲ ਅਤੇ ਪੀ.ਐਸ.ਟੀ.ਸੀ.ਐਲ ਕੰਟਰੈਟਚੁਅਲ ਵਰਕਰਜ਼ ਯੂਨੀਅਨ ਪੰਜਾਬ ਦੇ ਫੈਸਲੇ ਮੁਤਾਬਕ ਅੱਜ ਬਠਿੰਡਾ ਸ਼ਹਿਰ ਵਿਚ ਆਉਟਸੋਰਸਡ ਮੁਲਾਜ਼ਮਾਂ ਵੱਲੋਂ ਰੋਸ ਮਾਰਚ ਕੀਤਾ ਗਿਆ। ਰੋਸ ਮਾਰਚ ਰਾਹੀਂ ਲੋਕਾਂ ਨੂੰ ਸਰਕਾਰ ਦੀਆਂ ਗਲਤ ਨੀਤੀਆਂ ਵਾਰੇ ਜਾਗਰੂਕ ਕੀਤਾ ਗਿਆ ਅਤੇ ਸਰਕਾਰ ਤੋਂ ਮੰਗ ਕੀਤੀ ਗਈ ਕਿ ਵਿਭਾਗ ਅੰਦਰ ਪਿਛਲੇ ਲੰਮੇ ਅਰਸੇ ਦੌਰਾਨ ਤਨਖਾਹ ਸਕੇਲਾਂ ਵਿਚ ਜੋ ਨਿਗੂਣਾ ਵਾਧਾ ਕੀਤਾ ਗਿਆ ਸੀ ਉਹ ਬਿਜਲੀ ਵਿਭਾਗ ਅੰਦਰ ਲਾਗੂ ਨਹੀਂ ਕੀਤਾ ਗਿਆ। ਇਸਤੋਂ ਇਲਾਵਾ ਆਉਟਸੋਰਸਡ ਮੁਲਾਜ਼ਮਾਂ ਨਾਲ ਦੋਗਲਾ ਵਿਵਹਾਰ ਕਰਨ ਦੇ ਵੀ ਦੋਸ਼ ਲਗਾਏ ਗਏ। ਜਥੇਬੰਦੀ ਦੇ ਪ੍ਰਧਾਨ ਗੁਰਵਿੰਦਰ ਸਿੰਘ ਪੰਨੂ ਅਤੇ ਰਾਮਵਰਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਰੂਲ ਦੇ ਮੁਤਾਬਕ ਹਰ ਇੱਕ ਮੁਲਾਜਮ ਨੂੰ ਡਿਉਟੀ ਦੋਰਾਨ ਵਹੀਕਲ ਦੀ ਵਰਤੋਂ ਕਰਦੇ ਹਨ ਤੇ ਉਹ ਵਹੀਕਲ ਅਲਾਉਂਸ ਅਤੇ ਪਟਰੋਲ ਭੱਤੇ ਦੋਨਾਂ ਦਾ ਹੱਕਦਾਰ ਹੈ ਪ੍ਰੰਤੂ ਇਹ ਕਿਸੇ ਨੂੰ ਦਿੱਤਾ ਜਾ ਰਿਹਾ ਕਿਸੇ ਨੂੰ ਨਹੀਂ ਮਿਲ ਰਿਹਾ। ਇਸੇ ਤਰ੍ਹਾਂ ਆਊਟਸੋਰਡ ਮੁਲਾਜਮਾਂ ਨੂੰ ਪ੍ਰੋਜੈਕਟ ਅਲਾਉਂਸ, ਸ਼ਿਫਟ ਡਿਉਟੀ ਅਲਾਉਂਸ ਨਹੀਂ ਦਿੱਤਾ ਜਾ ਰਿਹਾ ਤੇ ਡਿਊਟੀ ਦੋਰਾਨ ਘਾਤਕ ਹਾਦਸਾ ਹੋਣ ’ਤੇ ਮ੍ਰਿਤਕਾਂ ਦੇ ਪਰਿਵਾਰ ਨੂੰ ਰੁਜ਼ਗਾਰ ਨਹੀਂ ਦਿੱਤਾ ਜਾ ਰਿਹਾ । ਇਸ ਮਾਰਚ ਰਾਹੀਂ ਸਰਕਾਰ ਨੂੰ ਚੁਣੌਤੀ ਦਿੰਦਿਆਂ ਠੇਕਾ ਮੁਲਾਜਮ ਮੋਰਚਾ ਦੇ ਆਗੂਆਂ ਨੇ ਐਲਾਨ ਕੀਤਾ ਕਿ ਜੇਕਰ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਪ੍ਰਵਾਨ ਨਾ ਕੀਤੀਆਂ ਤਾਂ ਉਹ ਸਰਕਾਰ ਦਾ ਫੀਲਡ ਵਿਚ ਆਉਣਾ ਜਾਣਾ ਬੰਦ ਕਰ ਦਿੱਤਾ ਜਾਵੇਗਾ ਤੇ ਹੋਰ ਥਾਂ ਉੱਤੇ ਉਸ ਦਾ ਕਾਲੀਆਂ ਝੰਡੀਆਂ ਨਾਲ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਇਸ ਮੌਕੇ ਟੀ.ਐਸ.ਯੂ ਦੇ ਸਰਕਲ ਪ੍ਰਧਾਨ ਚੰਦਰਪਾਲ ਅਤੇ ਸੁਰਿੰਦਰ ਸਿੰਘ ਸੋਨੀ ਵਰਕਰਾ ਸਮੇਤ ਸ਼ਮੂਲੀਅਤ ਕੀਤੀ। ਇਸ ਸਮੇਂ ਆਗੂ ਇਕਬਾਲ ਸਿੰਘ ਪੂਹਲਾ,ਸੰਦੀਪ ਕੁਮਾਰ, ਗੁਰਜੀਤ ਸਿੰਘ, ਗਗਨਦੀਪ ਸਿੰਘ, ਬਲਜੀਤ ਸਿੰਘ, ਦਰਵੇਸ਼ ਸਿੰਘ, ਸੋਨੂੰ ਕੁਮਾਰ, ਕੁਲਦੀਪ ਸਿੰਘ, ਗੁਰਦਿੱਤ ਸਿੰਘ ਗੋਰਾ, ਅਨਿਲ ਕੁਮਾਰ, ਗੋਰਾ ਭੁੱਚੋ, ਰਤਨ ਲਾਲ, ਤਰਸੇਮ ਸਿੰਘ,ਮਹਿੰਦਰ ਕੁਮਾਰ, ਦਨੇਸ਼ ਕੁਮਾਰ, ਰਾਜੇਸ਼ ਕੁਮਾਰ ਆਦਿ ਹਾਜ਼ਰ ਸਨ।

ਬਾਬਾ ਫ਼ਰੀਦ ਕਾਲਜ ਦੇ ਮੈਨੇਜਮੈਂਟ ਵਿਭਾਗ ਵੱਲੋਂ ਦੋ ਰੋਜ਼ਾ ਬਾਸਕਟਬਾਲ ਮੁਕਾਬਲਾ ਆਯੋਜਿਤ

0

ਸੁਖਜਿੰਦਰ ਮਾਨ
ਬਠਿੰਡਾ, 8 ਅਪ੍ਰੈਲ : ਬਾਬਾ ਫ਼ਰੀਦ ਕਾਲਜ ਦੇ ਮੈਨੇਜਮੈਂਟ ਵਿਭਾਗ ਵੱਲੋਂ ਸਪੋਰਟਸ ਕਲੱਬ ਦੇ ਸਹਿਯੋਗ ਨਾਲ ਦੋ ਰੋਜ਼ਾ ਬਾਸਕਟਬਾਲ ਮੁਕਾਬਲਾ ਬੀ.ਐਫ.ਜੀ.ਆਈ. ਦੇ ਖੇਡ ਮੈਦਾਨ ਵਿੱਚ ਕਰਵਾਇਆ ਗਿਆ। ਇਹ ਮੁਕਾਬਲੇ ਵਿੱਚ ਵੱਖ-ਵੱਖ ਵਿਭਾਗਾਂ ਦੇ ਵਿਦਿਆਰਥੀਆਂ ਦੀਆਂ ਕਈ ਟੀਮਾਂ ਨੇ ਭਾਗ ਲਿਆ। ਪੰਜ ਖਿਡਾਰੀਆਂ ਵਾਲੀ ਹਰ ਟੀਮ ਨੇ ਪੂਰੇ ਟੂਰਨਾਮੈਂਟ ਦੌਰਾਨ ਸ਼ਾਨਦਾਰ ਹੁਨਰ ਅਤੇ ਟੀਮ ਵਰਕ ਦਾ ਪ੍ਰਦਰਸ਼ਨ ਕੀਤਾ। ਮੁਕਾਬਲੇ ਦੇ ਫਾਈਨਲ ਮੈਚ ਵਿੱਚ ਕੰਪਿਊਟਰ ਸਾਇੰਸ ਵਿਭਾਗ ਅਤੇ ਮੈਨੇਜਮੈਂਟ ਵਿਭਾਗ ਦੀਆਂ ਟੀਮਾਂ ਆਹਮੋ-ਸਾਹਮਣੇ ਹੋਈਆਂ। ਇਸ ਮੁਕਾਬਲੇ ਵਿੱਚ ਮੈਨੇਜਮੈਂਟ ਵਿਭਾਗ ਦੀ ਟੀਮ ਜੇਤੂ ਰਹੀ, ਜਿਸ ਨੇ ਲੜਕਿਆਂ ਵਿੱਚੋਂ 58-52 ਦੇ ਸਕੋਰ ਨਾਲ ਮੁਕਾਬਲਾ ਜਿੱਤਿਆ ਅਤੇ ਲੜਕੀਆਂ ਵਿੱਚੋਂ ਬਿਜ਼ਨਸ ਸਟੱਡੀਜ਼ ਵਿਭਾਗ ਦੀ ਟੀਮ ਜੇਤੂ ਰਹੀ। ਅੰਤ ਵਿੱਚ ਬੀ.ਐਫ.ਜੀ.ਆਈ. ਦੇ ਡਿਪਟੀ ਡਾਇਰੈਕਟਰ (ਸਹੂਲਤ ਪ੍ਰਬੰਧਨ) ਹਰਪਾਲ ਸਿੰਘ, ਬਾਬਾ ਫ਼ਰੀਦ ਕਾਲਜ ਦੇ ਪ੍ਰਿੰਸੀਪਲ ਡਾ. ਪ੍ਰਦੀਪ ਕੌੜਾ ਅਤੇ ਸਪੋਰਟਸ ਕੋਆਰਡੀਨੇਟਰ ਅਮਰਿੰਦਰ ਸਿੰਘ ਨੇ ਜੇਤੂ ਟੀਮਾਂ ਨੂੰ ਟਰਾਫ਼ੀ ਅਤੇ ਨਕਦ ਇਨਾਮ ਦੇ ਕੇ ਸਨਮਾਨਿਤ ਕੀਤਾ ਅਤੇ ਇਸ ਮੁਕਾਬਲੇ ਦੀ ਸਫਲਤਾ ਲਈ ਪ੍ਰਬੰਧਕੀ ਕਮੇਟੀ ਅਤੇ ਮੈਨੇਜਮੈਂਟ ਵਿਭਾਗ ਦੀ ਸ਼ਲਾਘਾ ਕੀਤੀ।

Our Visitor

1911786