ਸੁਖਜਿੰਦਰ ਮਾਨ
ਬਠਿੰਡਾ, 10 ਅਪ੍ਰੈਲ: ਬਾਬਾ ਫ਼ਰੀਦ ਕਾਲਜ ਦੇ ਕਾਮਰਸ ਵਿਭਾਗ ਨੇ ਬੀ.ਐਫ.ਜੀ.ਆਈ. ਦੇ ਕਲਚਰਲ ਕਲੱਬ ਦੇ ਸਹਿਯੋਗ ਨਾਲ ਇੱਕ ਮਾਡਲਿੰਗ ਅਤੇ ਰੰਗੋਲੀ ਮੁਕਾਬਲਾ ’ਹੈਰੀਟੇਜ ਸ਼ੋਅ-2023’ ਦਾ ਆਯੋਜਨ ਕੀਤਾ।ਸੈਸ਼ਨ ਦੀ ਸ਼ੁਰੂਆਤ ਮੁੱਖ ਮਹਿਮਾਨ ਡਾ. ਸਚਿਨ ਦੇਵ (ਵਾਈਸ ਪ੍ਰਿੰਸੀਪਲ, ਬੀ.ਐਫ.ਸੀ.ਐਮ.ਟੀ.), ਸ਼੍ਰੀਮਤੀ ਨੀਤੂ ਸਿੰਘ, (ਡੀਨ, ਅਕਾਦਮਿਕ ਮਾਮਲੇ, ਬਾਬਾ ਫ਼ਰੀਦ ਕਾਲਜ), ਡਾ.ਅਮਨਪ੍ਰੀਤ (ਮੁਖੀ, ਕਾਮਰਸ ਵਿਭਾਗ) ਅਤੇ ਜੱਜਾਂ ਮਿਸ ਅਕਾਸ਼ਦੀਪ ਕੌਰ (ਅਲੂਮਨੀ ਅਤੇ ਮਿਸ ਵਿਬਗਿਓਰ-2018) ਅਤੇ ਮਿਸ ਜਸਪ੍ਰੀਤ ਕੌਰ (ਅਲੂਮਨੀ ਅਤੇ ਮਿਸ ਮੈਗਨੇਟ-2020) ਦੇ ਨਿੱਘੇ ਸਵਾਗਤ ਨਾਲ ਕੀਤੀ ਗਈ। ਪਹਿਲੇ ਗੇੜ ਵਿੱਚ ਬੀ.ਐਫ.ਜੀ.ਆਈ. ਦੇ ਕੁੱਲ 63 ਪ੍ਰਤੀਭਾਗੀਆਂ ਨੇ ਪ੍ਰਦਰਸ਼ਨ ਕੀਤਾ ਜਿਨ੍ਹਾਂ ਵਿੱਚੋਂ ਦੂਜੇ ਗੇੜ ( ਟੇਲੈਂਟ ਸ਼ੋਅ) ਲਈ ਸਿਰਫ਼ 20 ਪ੍ਰਤੀਭਾਗੀ ਹੀ ਸ਼ਾਰਟ ਲਿਸਟ ਕੀਤੇ ਗਏ। ਦੂਜੇ ਦੌਰ ਦੇ ਪ੍ਰਦਰਸ਼ਨ ਤੋਂ ਬਾਅਦ 7 ਭਾਗੀਦਾਰਾਂ ਨੂੰ ਫਾਈਨਲ ਜਾਂ ਪ੍ਰਸ਼ਨ-ਉੱਤਰ ਗੇੜ ਲਈ ਜੱਜਾਂ ਦੁਆਰਾ ਸ਼ਾਰਟ ਲਿਸਟ ਕੀਤਾ ਗਿਆ ਸੀ।ਫਾਈਨਲ ਰਾਊਂਡ ਦੇ ਨਤੀਜੇ ਦੇ ਆਧਾਰ ’ਤੇ ਜੱਜਾਂ ਨੇ ਮਾਡਲਿੰਗ ਮੁਕਾਬਲੇ ਦੇ ਜੇਤੂਆਂ ਦਾ ਫ਼ੈਸਲਾ ਕੀਤਾ। ਇਸ ਦੇ ਨਾਲ-ਨਾਲ ਰੰਗੋਲੀ ਮੁਕਾਬਲੇ ਵੀ ਚੱਲ ਰਹੇ ਸਨ। ਭਾਗੀਦਾਰਾਂ ਨੂੰ ਮੌਕੇ ’ਤੇ ਰੰਗੋਲੀ ਬਣਾਉਣ ਲਈ ਥੀਮ ਦਿੱਤੀ ਗਈ ਅਤੇ ਰੰਗੋਲੀ ਨੂੰ ਪੂਰਾ ਕਰਨ ਲਈ ਵੱਧ ਤੋਂ ਵੱਧ 60 ਮਿੰਟ ਦਿੱਤੇ ਗਏ। ਹੈਰੀਟੇਜ ਸ਼ੋਅ 2023 ਦੇ ਮਾਡਲਿੰਗ ਮੁਕਾਬਲੇ ਵਿੱਚ ਬੀ.ਕਾਮ ਦੀ ਜਸਪ੍ਰੀਤ ਕੌਰ ਨੇ ਪਹਿਲਾ ਸਥਾਨ ਅਤੇ ਬੀ.ਸੀ.ਏ.ਦੇ ਮੁਹੰਮਦ ਫੈਜ਼ਲ ਨੇ ਦੂਸਰਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਹੈਰੀਟੇਜ ਸ਼ੋਅ 2023 ਦੇ ਰੰਗੋਲੀ ਮੁਕਾਬਲੇ ਵਿੱਚ ਐਮ.ਬੀ.ਏ. ਦੀ ਕਮਲਜੀਤ ਕੌਰ ਜੇਤੂ ਰਹੀ। ਜੇਤੂ ਵਿਦਿਆਰਥੀਆਂ ਨੂੰ ਜੱਜਾਂ, ਮੁੱਖ ਮਹਿਮਾਨਾਂ, ਵਿਭਾਗ ਮੁਖੀ ਦੁਆਰਾ ਟਰਾਫ਼ੀਆਂ ਨਾਲ ਸਨਮਾਨਿਤ ਕੀਤਾ ਗਿਆ। ਅੰਤ ਵਿੱਚ ਸਹਾਇਕ ਪ੍ਰੋਫੈਸਰ ਮਿਸ ਸੋਨਲ ਵਿਕਰਮ ਨੇ ਸਾਰਿਆਂ ਲਈ ਧੰਨਵਾਦ ਦਾ ਮਤਾ ਪੇਸ਼ ਕੀਤਾ।ਬੀ.ਐਫ.ਜੀ.ਆਈ. ਦੇ ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ ਨੇ ਕਾਮਰਸ ਵਿਭਾਗ ਦੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ।
ਬਾਬਾ ਫ਼ਰੀਦ ਕਾਲਜ ਨੇ ’ਹੈਰੀਟੇਜ ਸ਼ੋਅ 2023’ ਤਹਿਤ ਮਾਡਲਿੰਗ ਅਤੇ ਰੰਗੋਲੀ ਮੁਕਾਬਲੇ ਕਰਵਾਏ
ਨੀਲੇ ਕਾਰਡ ਕੱਟਣ ਵਿਰੁੱਧ ਖੇਤ ਮਜ਼ਦੂਰਾਂ ਨੇ ਕੀਤਾ ਤਿੱਖੇ ਰੋਹ ਦਾ ਪ੍ਰਗਟਾਵਾ
ਕਾਰਡਾ ਦੀ ਬਹਾਲੀ ਤੱਕ ਸੰਘਰਸ਼ ਜਾਰੀ ਰੰਖਣ ਦਾ ਐਲਾਨ
ਸੁਖਜਿੰਦਰ ਮਾਨ
ਬਠਿੰਡਾ, 10 ਅਪ੍ਰੈਲ: ਪੰਜਾਬ ਖੇਤ ਮਜ਼ਦੂਰ ਯੂਨੀਅਨ ਵੱਲੋਂ ਨੀਲੇ ਕਾਰਡ ਕੱਟਣ ਵਿਰੁੱਧ ਅੱਜ ਡੀਸੀ ਦਫ਼ਤਰ ਅੱਗੇ ਧਰਨਾ ਲਾਕੇ ਸਰਕਾਰ ਵਿਰੁੱਧ ਜੋਰਦਾਰ ਨਾਅਰੇਬਾਜੀ ਕਰਕੇ ਤਿੱਖੇ ਰੋਹ ਦਾ ਪ੍ਰਗਟਾਵਾ ਕੀਤਾ। ਇਕੱਤਰ ਹੋਏ ਮਜ਼ਦੂਰਾਂ ਨੂੰ ਸਬੋਧਨ ਕਰਦੇ ਹੋਏ ਮਜ਼ਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਜੋਰਾ ਸਿੰਘ ਨਸਰਾਲੀ , ਜਿਲਾ ਕਨਵੀਨਰ ਮਾਸਟਰ ਸੇਵਕ ਸਿੰਘ , ਜਿਲਾ ਕਮੇਟੀ ਮੈਬਰ ਤੀਰਥ ਸਿੰਘ ਕੋਠਾ ਗੁਰੂ ਤੇ ਕਾਲਾ ਸਿੰਘ ਖੂਨਣ ਖੁਰਦ ਨੇ ਆਪ ਸਰਕਾਰ ’ਤੇ ਦੋਸ਼ ਲਾਉਦਿਆਂ ਕਿਹਾ ਨਜਾਇਜ਼ ਨੀਲੇ ਕਾਰਡ ਕੱਟਣ ਦੇ ਬਹਾਨੇ ਸੈਂਕੜੇ ਹੀ ਹੱਕਦਾਰ ਗਰੀਬ ਲੋਕਾਂ ਦੇ ਕਾਰਡ ਕੱਟਕੇ ਮਜ਼ਦੂਰਾਂ ਨਾਲ ਬੇਇਨਸਾਫ਼ੀ ਕੀਤੀ ਗਈ ਹੈ । ਉਨਾਂ ਕਿਹਾ ਸਿਆਸੀ ਪਹੁੰਚ ਅਤੇ ਭਰਿਸਟਾਚਾਰ ਕਰਨ ਵਾਲੇ ਡੀਪੂ ਹੋਲਡਰ ਤੇ ਅਫਸਰਾਂ ਦੀ ਮਿਲੀਭੁਗਤ ਸਦਕਾ ਸੰਗਤ ਬਲਾਕ ਦੇ 7 ਪਿੰਡਾਂ ਦੇ ਲੋਕਾਂ ਨੂੰ ਕਣਕ ਦਾ ਇੱਕ ਵੀ ਦਾਣਾ ਨਸੀਬ ਨਹੀਂ ਹੋਇਆ । ਪਰ ਜਿਲੇ ਦੇ ਉੱਚ ਅਧਿਕਾਰੀ ਹੇਰਾਫੇਰੀ ਕਰਨ ਵਾਲਿਆਂ ’ਤੇ ਕੋਈ ਐਕਸ਼ਨ ਲੈਣ ਲਈ ਤਿਆਰ ਨਹੀਂ । ਮਜ਼ਦੂਰ ਆਗੂਆਂ ਨੇ ਨਜਾਇਜ਼ ਕੱਟੇ ਨੀਲੇ ਕਾਰਡਾਂ ਦੇ ਲਾਭਪਾਤਰੀਆਂ ਦੀਆਂ ਲਿਸਟਾਂ ਡੀਸੀ ਨੂੰ ਦੇਕੇ ਮੰਗ ਕੀਤੀ ਕਿ ਇਨਾਂ ਲੋਕਾਂ ਦੇ ਕਾਰਡ ਬਹਾਲ ਕੀਤੇ ਜਾਣ ਅਤੇ ਬਾਰਸ਼ਾ ਨਾਲ ਨੁਕਸਾਨੇ ਘਰਾਂ ਦਾ ਯੋਗ ਮੁਆਵਜਾ ਦਿੱਤਾ ਜਾਵੇ । ਉਨਾਂ ਐਲਾਨ ਕੀਤਾ ਕਿ ਜਦੋਂ ਤੱਕ ਮਜ਼ਦੂਰਾਂ ਨੂੰ ਇਨਸਾਫ਼ ਨਹੀਂ ਮਿਲ ਜਾਂਦਾ ਉਦੋਂ ਤੱਕ ਸੰਘਰਸ਼ ਜਾਰੀ ਰੱਖਿਆ ਜਾਵੇਗਾ । ਹੋਰਨਾਂ ਤੋਂ ਇਲਾਵਾ ਕਾਕਾ ਸਿੰਘ ਜੀਦਾ , ਬਲਵਿੰਦਰ ਸਿੰਘ ਮਾਲੀ ਕੋਠਾ ਗੁਰੂ , ਮਾੜਾ ਸਿੰਘ ਤੇ ਮਹਿੰਗਾ ਸਿੰਘ ਬਾਡੀ ਨੇ ਵੀ ਸਬੋਧਨ ਕੀਤਾ ।
ਡਿਪਟੀ ਕਮਿਸ਼ਨਰ ਨੇ ਸੁਣੀਆਂ ਸੀਨੀਅਰ ਸਿਟੀਜਨ ਬਜ਼ੁਰਗਾਂ ਦੀਆਂ ਸਮੱਸਿਆਵਾਂ
ਸਮੱਸਿਆਵਾਂ ਨੂੰ ਜਲਦ ਹੱਲ ਕਰਨ ਦਾ ਦਿਵਾਇਆ ਭਰੋਸਾ
ਸੁਖਜਿੰਦਰ ਮਾਨ
ਬਠਿੰਡਾ, 10 ਅਪ੍ਰੈਲ: ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਨੇ ਮਾਤਾ-ਪਿਤਾ ਤੇ ਬਜ਼ੁਰਗਾਂ ਨਾਗਰਿਕਾਂ ਦੀ ਦੇਖਭਾਲ ਅਤੇ ਭਲਾਈ ਸਬੰਧੀ ਕੀਤੀ ਤਿਮਾਹੀ ਮੀਟਿੰਗ ਦੌਰਾਨ ਸੀਨੀਅਰ ਸਿਟੀਜਨ ਬਜ਼ੁਰਗ ਨਾਗਰਿਕਾਂ ਦੀਆਂ ਸਮੱਸਿਆਵਾਂ ਸੁਣੀਆਂ, ਜਿਨ੍ਹਾਂ ਨੂੰ ਜਲਦ ਹੱਲ ਕਰਨ ਦਾ ਭਰੋਸਾ ਦਿਵਾਇਆ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਸਰਕਾਰੀ ਦਫ਼ਤਰਾਂ ਆਦਿ ਚ ਬਜ਼ੁਰਗਾਂ ਦੇ ਕੰਮਾਂ ਨੂੰ ਪਹਿਲ ਦੇ ਆਧਾਰ ਤੇ ਕੀਤਾ ਜਾਵੇ ਅਤੇ ਬਣਦਾ ਮਾਣ-ਸਤਿਕਾਰ ਦੇਣਾ ਯਕੀਨੀ ਬਣਾਇਆ ਜਾਵੇ। ਇਸ ਮੌਕੇ ਉਨ੍ਹਾਂ ਪੁਲਿਸ ਵਿਭਾਗ ਦੇ ਅਧਿਕਾਰੀਆਂ ਨੂੰ ਦਿਸ਼ਾ-ਨਿਰਦੇਸ਼ ਦਿੰਦਿਆਂ ਕਿਹਾ ਕਿ ਥਾਣਿਆਂ ਵਿੱਚ ਸੀਨੀਅਰ ਸਿਟੀਜਨ ਬਜ਼ੁਰਗ ਨਾਗਰਿਕਾਂ ਦੀਆਂ ਸਮੱਸਿਆਵਾਂ ਦੇ ਮੱਦੇਨਜ਼ਰ ਕਮੇਟੀ ਦਾ ਗਠਨ ਕੀਤਾ ਜਾਵੇ ਜਿਸ ਵਿੱਚ ਸਾਂਝ ਕੇਂਦਰ ਦੇ ਮੈਂਬਰ ਨੂੰ ਇੰਚਾਰਜ ਵਜੋਂ ਨਿਯੁਕਤ ਕਰਨਾ ਯਕੀਨੀ ਬਣਾਇਆ ਜਾਵੇ। ਇਸ ਦੌਰਾਨ ਉਨ੍ਹਾਂ ਦਸਿਆ ਕਿ ਬਜ਼ੁਰਗ ਨਾਗਰਿਕਾਂ ਲਈ ਸਿਨੀਅਰ ਸਿਟੀਜਨ ਹੈਲਪ ਲਾਇਨ ਨੰਬਰ 14567 ਜਾਰੀ ਕੀਤਾ ਗਿਆ ਹੈ। ਇਸ ਨੰਬਰ ਤੇ ਸੀਨੀਅਰ ਸਿਟੀਜਨ 24 ਘੰਟੇ ਬਜ਼ੁਰਗ ਆਪਣੀ ਸਮੱਸਿਆਵਾਂ ਦੱਸ ਸਕਦੇ ਹਨ।ਇਸ ਮੌਕੇ ਸੀਨੀਅਰ ਸਿਟੀਜਨਾਂ ਵਲੋਂ ਡਿਪਟੀ ਕਮਿਸ਼ਨਰ ਦੇ ਧਿਆਨ ਵਿਚ ਇਹ ਵੀ ਲਿਆਂਦਾ ਗਿਆ ਕਿ ਸਥਾਨਕ ਦਾਦੀ-ਪੋਤੀ ਪਾਰਕ ਚ ਢੁੱਕਵੀਂ ਥਾਂ ਦਾ ਪ੍ਰਬੰਧ ਕੀਤਾ ਜਾਵੇ ਜਿੱਥੇ ਬੈਠ ਕੇ ਉਹ ਆਪਣੀਆਂ ਗੱਲਾਂ-ਬਾਤਾਂ ਅਤੇ ਸਮੱਸਿਆਵਾਂ ਨੂੰ ਸਾਂਝਾ ਕਰ ਸਕਣ। ਇਸ ਮੌਕੇ ਪਰਿਵਾਰ ਤੇ ਭਲਾਈ ਅਫ਼ਸਰ ਡਾ. ਸੁਖਜਿੰਦਰ ਸਿੰਘ, ਏਐਸਆਈ ਰਾਜਬੀਰ ਸਿੰਘ, ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਵਰਿੰਦਰ ਸਿੰਘ ਬੈਂਸ ਤੋਂ ਇਲਾਵਾ ਹੋਰ ਸੀਨੀਅਰ ਸਿਟੀਜਨ ਆਦਿ ਹਾਜ਼ਰ ਸਨ।
ਸੂਬਾ ਸਰਕਾਰ ਵੱਲੋਂ ਹਾੜ੍ਹੀ ਦੀਆਂ ਫਸਲਾਂ ਦੀ ਸੁਚੱਜੀ ਖ਼ਰੀਦ ਲਈ ਕੀਤੇ ਜਾ ਚੁੱਕੇ ਹਨ ਢੁੱਕਵੇਂ ਪ੍ਰਬੰਧ : ਜਗਰੂਪ ਸਿੰਘ ਗਿੱਲ
ਸੁਖਜਿੰਦਰ ਮਾਨ
ਬਠਿੰਡਾ, 10 ਅਪ੍ਰੈਲ: ਸੂਬਾ ਸਰਕਾਰ ਵਲੋਂ ਹਾੜ੍ਹੀ ਦੀਆਂ ਫਸਲਾਂ ਦੀ ਸੁਚੱਜੀ ਖਰੀਦ ਲਈ ਢੁੱਕਵੇਂ ਪ੍ਰਬੰਧ ਕੀਤੇ ਜਾ ਚੁੱਕੇ ਹਨ ਤੇ ਕਿਸਾਨ ਭਰਾਵਾਂ ਨੂੰ ਵੀ ਆਪਣੀਆਂ ਫਸਲਾਂ ਦੇ ਵੱਧ ਉਤਪਾਦਨ ਲਈ ਖੇਤੀਬਾੜੀ ਵਿਭਾਗ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਸਿਫਾਰਸ਼ ਬੀਜ, ਖਾਦ ਤੇ ਕੀੜੇਮਾਰ ਜ਼ਹਿਰਾਂ ਦੀ ਹੀ ਵਰਤੋਂ ਕਰਨੀ ਚਾਹੀਦੀ ਹੈ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਵਿਧਾਇਕ ਬਠਿੰਡਾ (ਸ਼ਹਿਰੀ) ਜਗਰੂਪ ਸਿੰਘ ਗਿੱਲ ਨੇ ਸਥਾਨਕ ਖੇਤੀ ਭਵਨ ਡੱਬਵਾਲੀ ਰੋਡ ਵਿਖੇ ਕਿਸਾਨਾਂ ਨੂੰ ਸਾਉਣੀ ਦੀਆਂ ਫਸਲਾਂ ਸਬੰਧੀ ਨਵੀਨਤਮ ਤਕਨੀਕੀ ਜਾਣਕਾਰੀ ਦੇਣ ਸਬੰਧੀ ਜ਼ਿਲ੍ਹਾ ਪੱਧਰੀ ਕਿਸਾਨ ਮੇਲੇ ਦਾ ਉਦਘਾਟਨ ਕਰਨ ਉਪਰੰਤ ਕੀਤਾ। ਇਸ ਮੌਕੇ ਜਗਰੂਪ ਸਿੰਘ ਗਿੱਲ ਨੇ ਕਿਸਾਨਾਂ ਨੂੰ ਕਿਹਾ ਕਿ ਸੂਬਾ ਸਰਕਾਰ ਵੱਲੋਂ ਇਸ ਸਾਲ ਨਰਮੇ ਦੇ ਬੀਜ ਤੇ ਕਿਸਾਨਾਂ ਨੂੰ 33 ਪ੍ਰਤੀਸ਼ਤ ਸਬਸਿਡੀ ਮੁਹੱਈਆ ਕਰਵਾਈ ਜਾ ਰਹੀ ਹੈ, ਇਸ ਲਈ ਕਿਸਾਨਾਂ ਵੱਲੋਂ ਨਰਮੇ ਹੇਠ ਵੱਧ ਤੋਂ ਵੱਧ ਰਕਬਾ ਲਿਆਂਦਾ ਜਾਵੇ ਤਾਂ ਜੋ ਪਾਣੀ ਦੀ ਬੱਚਤ ਦੇ ਨਾਲ-ਨਾਲ ਜ਼ਮੀਨ ਦੀ ਸਿਹਤ ਸੰਭਾਲ ਵੀ ਕੀਤੀ ਜਾ ਸਕੇ। ਕਿਸਾਨਾਂ ਨੂੰ ਬੇਲੋੜੇ ਖਰਚੇ ਘੱਟ ਕਰਕੇ ਆਪਣੀ ਆਮਦਨ ਵਿੱਚ ਵਾਧਾ ਕਰਨ। ਇਸ ਮੌਕੇ ਜਗਰੂਪ ਸਿੰਘ ਗਿੱਲ ਵੱਲੋਂ ਵੱਖ-ਵੱਖ ਵਿਭਾਗਾਂ ਵੱਲੋਂ ਲਗਾਈਆਂ ਗਈਆਂ ਨੁਮਾਇਸ਼ਾਂ ਨੂੰ ਬਹੁਤ ਹੀ ਧਿਆਨ ਨਾਲ ਵੇਖਿਆ ਤੇ ਉਨ੍ਹਾਂ ਦੀ ਸ਼ਲਾਘਾ ਕੀਤੀ। ਇਸ ਮੌਕੇ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਅੰਮ੍ਰਿਤ ਲਾਲ ਅਗਰਵਾਲ ਨੇ ਦੱਸਿਆ ਕਿ ਮਾਰਚ ਮਹੀਨੇ ਦੌਰਾਨ ਹੋਈ ਭਾਰੀ ਬਾਰਸ਼/ਗੜ੍ਹੇਮਾਰੀ ਨਾਲ ਹੋਏ ਫਸਲਾਂ ਦੇ ਨੁਕਸਾਨ ਦੀ ਕਰਵਾਈ ਜਾ ਰਹੀ ਗਿਰਦਾਵਰੀ ਸੂਬਾ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਅੰਤਿਮ ਪੜਾਅ ਤੇ ਹੈ ਤੇ ਇਸ ਸਬੰਧੀ ਹੋਏ ਨੁਕਸਾਨ ਦੀ ਪੂਰਤੀ ਲਈ ਕਿਸਾਨਾਂ ਨੂੰ ਬਣਦਾ ਮੁਆਵਜ਼ਾ ਮੁੱਖ ਮੰਤਰੀ ਵੱਲੋਂ ਜਲਦ ਹੀ ਉਨ੍ਹਾਂ ਦੇ ਖਾਤਿਆਂ ਵਿੱਚ ਟਰਾਂਸਫਰ ਕਰ ਦਿੱਤੀ ਜਾਵੇਗੀ। ਮੇਲੇ ਦੌਰਾਨ ਮੁੱਖ ਖੇਤੀਬਾੜੀ ਅਫਸਰ ਡਾ. ਦਿਲਬਾਗ ਸਿੰਘ ਵੱਲੋ ਕਿਸਾਨਾਂ ਨੂੰ ਦੱਸਿਆ ਕਿ ਜ਼ਿਲ੍ਹੇ ਵਿੱਚ ਸਾਉਣੀ 2023 ਦੌਰਾਨ ਨਰਮੇ/ਕਪਾਹ ਹੇਠ 80000 ਹੈਕ. ਰਕਬੇ ਉਪਰ ਬਿਜਾਈ ਕਰਵਾਉਣ ਦਾ ਟੀਚਾ ਰੱਖਿਆ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਅਣ-ਅਧਿਕਾਰਤ ਤੌਰ ਤੇ ਬੀਜ ਨਾ ਖਰੀਦਿਆ ਜਾਵੇ। ਨਰਮੇ ਦੀ ਫਸਲ ਨੂੰ ਕਾਮਯਾਬ ਕਰਨ ਲਈ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨਾਲ ਪਿੰਡ ਪੱਧਰ ਤੇ ਰਾਬਤਾ ਕਾਇਮ ਰੱਖਣ ਲਈ ਜ਼ਿਲ੍ਹੇ ਵਿੱਚ 27 ਸੁਪਰਵਾਈਜ਼ਰ ਅਤੇ 237 ਕਿਸਾਨ ਮਿੱਤਰ ਨਵੰਬਰ 2023 ਤੱਕ ਆਰਜ਼ੀ ਤੌਰ ਤੇ ਰੱਖੇ ਗਏ ਹਨ। ਇਸ ਮੌਕੇ ਉਨ੍ਹਾਂ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਕਣਕ ਦੇ ਨਾੜ ਨੂੰ ਅੱਗ ਨਾ ਲਗਾਈ ਜਾਵੇ ਤਾਂ ਕਿ ਜ਼ਮੀਨ ਦੀ ਸਿਹਤ ਅਤੇ ਮਨੁੱਖੀ ਸਿਹਤ ਤੇ ਇਸ ਦਾ ਮਾੜਾ ਪ੍ਰਭਾਵ ਨਾ ਪਵੇ। ਡਾਇਰੈਕਟਰ ਰਿਜਨਲ ਰਿਸਰਚ ਸੈਟਰ ਡਾ. ਜਗਦੀਸ਼ ਗਰੋਵਰ ਵੱਲੋ ਸਾਉਣੀ 2023 ਲਈ ਨਰਮੇ ਦੇ ਬੀ.ਟੀ. ਬੀਜ ਦੀਆਂ ਸਿਫਾਰਿਸ ਕੀਤੀਆਂ ਕਿਸਮਾਂ ਬਾਰੇ ਵਿਸਥਾਰ-ਪੂਰਵਕ ਜਾਣਕਾਰੀ ਦਿੱਤੀ ਗਈ। ਪੀ.ਏ.ਯੂ ਦੇ ਮਾਹਿਰਾਂ ਵੱਲੋ ਕਿਸਾਨਾਂ ਨੂੰ ਸਬਜ਼ੀਆਂ ਦੀ ਕਾਸਤ ਅਤੇ ਖੇਤੀਬਾੜੀ ਨਾਲ ਸਬੰਧਤ ਸਹਾਇਕ ਧੰਦਿਆਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ। ਕਿਸਾਨ ਮੇਲੇ ਦੌਰਾਨ ਸਟੇਜ ਦਾ ਸੰਚਾਲਨ ਭੂਮੀ ਪਰਖ ਅਫਸਰ ਡਾ. ਬਲਜਿੰਦਰ ਸਿੰਘ ਤੇ ਖੇਤੀਬਾੜੀ ਅਫਸਰ ਨਥਾਣਾ ਡਾ. ਜਸਕਰਨ ਸਿੰਘ ਵੱਲੋਂ ਬੜੀ ਬਾਖੂਬੀ ਨਾਲ ਕੀਤਾ ਗਿਆ ਤੇ ਅੰਤ ਵਿੱਚ ਬਲਾਕ ਖੇਤੀਬਾੜੀ ਅਫਸਰ ਸੰਗਤ ਡਾ. ਧਰਮਪਾਲ ਵੱਲੋਂ ਆਏ ਹੋਏ ਕਿਸਾਨਾਂ ਅਤੇ ਮਹਿਮਾਨਾਂ ਦਾ ਮੇਲੇਂ ਵਿੱਚ ਆਉਣ ਤੇ ਵਿਸ਼ੇਸ਼ ਧੰਨਵਾਦ ਕੀਤਾ ਵੀ ਗਿਆ।
ਗੁਰੂ ਕਾਸ਼ੀ ਯੂਨੀਵਰਸਿਟੀ ਦਾ ਨਾਂ ਲਿਮਕਾ ਬੁੱਕ ਆਫ਼ ਰਿਕਾਰਡ ਵਿੱਚ ਦਰਜ਼
ਸੁਖਜਿੰਦਰ ਮਾਨ
ਬਠਿੰਡਾ, 10 ਅਪ੍ਰੈਲ: ਗੁਰੂ ਕਾਸ਼ੀ ਯੂਨੀਵਰਸਿਟੀ ਦੇ ਕਾਲਜ ਆਫ਼ ਹੋਟਲ ਮੈਨੇਜ਼ਮੈਂਟ ਦੇ 7 ਸ਼ੈੱਫ਼ ਅਤੇ 32 ਵਿਦਿਆਰਥੀ ਵਰਸਿਟੀ ਦਾ ਨਾਂ ਲਿਮਕਾ ਬੁੱਕ ਆਫ਼ ਰਿਕਾਰਡ ਵਿੱਚ ਦਰਜ ਕਰਵਾਉਣ ਵਿੱਚ ਸਫਲ ਹੋਏ ਹਨ। ਇਨ੍ਹਾਂ ਵੱਲੋਂ ਕ੍ਰਮਵਾਰ 12 ਅਤੇ 13 ਅਗਸਤ 2021 ਨੂੰ ਵਰਸਿਟੀ ਕੈਂਪਸ ਵਿਖੇ ਕਰਵਾਏ ਗਏ ਵਿਸ਼ੇਸ਼ ਆਯੋਜਨ ਵਿੱਚ ਹੋਟਲ ਮੈਨੇਜ਼ਮੈਂਟ ਦੀ ਟੀਮ ਵੱਲੋਂ ਰਿਕਾਰਡ 1 ਘੰਟਾ 45 ਮਿੰਟ ਦੇ ਸਮੇਂ ਵਿੱਚ 1813 ਤਰ੍ਹਾਂ ਦੇ ਜਾਇਕਿਆਂ ਦੀ ਲੱਸੀ ਅਤੇ 1348 ਤਰ੍ਹਾਂ ਦੇ ਰੈਪ ਤਿਆਰ ਕੀਤੇ ਗਏ ਸਨ। ਵਿਦਿਆਰਥੀਆਂ ਦੀ ਇਸ ਪ੍ਰਾਪਤੀ ’ਤੇ ਯੂਨੀਵਰਸਿਟੀ ਦੇ ਚਾਂਸਲਰ ਗੁਰਲਾਭ ਸਿੰਘ ਸਿੱਧੂ ਤੇ ਮੈਨੇਜਿੰਗ ਡਾਇਰੈਕਟਰ ਸੁਖਰਾਜ ਸਿੰਘ ਸਿੱਧੂ ਨੇ ਕਿਹਾ ਕਿ ਵਰਸਿਟੀ ਫੈਕਲਟੀ ਮੈਂਬਰਾਂ ਅਤੇ ਵਿਦਿਆਰਥੀਆਂ ਦੀ ਅਣਥੱਕ ਮਿਹਨਤ ਸਦਕਾ ਹਰ ਖੇਤਰ ਵਿੱਚ ਮੱਲਾਂ ਮਾਰ ਰਹੀ ਹੈ, ਜਿਸ ਦਾ ਵਰਸਿਟੀ ਪ੍ਰਬੰਧਕਾਂ ਅਤੇ ਇਲਾਕਾ ਨਿਵਾਸੀਆਂ ਨੂੰ ਮਾਣ ਹੈ। ਉਨ੍ਹਾਂ ਦੱਸਿਆ ਕਿ ਇਸ ਰਿਕਾਰਡ ਨਾਲ ਵਰਸਿਟੀ ਦਾ ਨਾਂ ਅੰਤਰ-ਰਾਸ਼ਟਰੀ ਪੱਧਰ ’ਤੇ ਚਮਕ ਰਿਹਾ ਹੈ, ਜੋ ਹੋਟਲ ਮੈਨੇਜ਼ਮੈਂਟ ਦੇ ਵਿਦਿਆਰਥੀਆਂ ਦੀ ਪਲੇਸਮੈਂਟ ਅਤੇ ਸਥਾਪਤੀ ਲਈ ਸਹਾਈ ਹੋਵੇਗਾ। ਉਨ੍ਹਾਂ ਤਖ਼ਤ ਸ਼੍ਰੀ ਦਮਦਮਾ ਸਾਹਿਬ ਵਿਖੇ ਵੱਧ ਰਹੀ ਸ਼ਰਧਾਲੂਆਂ ਦੀ ਆਮਦ ਕਾਰਨ ਹੋਟਲ ਮੈਨੇਜ਼ਮੈਂਟ ਦੇ ਉਜੱਵਲ ਭਵਿੱਖ ਤੇ ਰੁਜ਼ਗਾਰ ਲਈ ਖੁੱਲੇ ਰਸਤਿਆਂ ਬਾਰੇ ਚਾਨਣਾ ਪਾਇਆ। ਸਕੱਤਰ ਸੁਖਵਿਦੰਰ ਸਿੰਘ ਸਿੱਧੂ ਨੇ ਲਿਮਕਾ ਬੁੱਕ ਆਫ਼ ਰਿਕਾਰਡ ਦੇ ਅਧਿਕਾਰੀਆਂ ਦਾ ਧੰਨਵਾਦ ਕੀਤਾ। ਉੱਪ ਕੁਲਪਤੀ ਪ੍ਰੋ.(ਡਾ.) ਐੱਸ.ਕੇ.ਬਾਵਾ ਨੇ ਲਿਮਕਾ ਬੁੱਕ ਆਫ਼ ਰਿਕਾਰਡ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼ੈੱਫ਼ ਗੌਰਵ ਖੁਰਾਣਾ ਦੀ ਟੀਮ ਵੱਲੋਂ ਰਿਕਾਰਡ ਲਈ ਕੀਤੀ ਗਈ ਕੋਸ਼ਿਸ਼ ਨੂੰ ਲਿਮਕਾ ਬੁੱਕ ਆਫ਼ ਰਿਕਾਰਡ ਦੇ ਅਧਿਕਾਰੀਆਂ ਵੱਲੋਂ ਡਾਕ ਰਾਹੀਂ ਸਰਟੀਫਿਕੇਟ ਭੇਜ ਕੇ ਪ੍ਰਮਾਣਿਤ ਕੀਤਾ ਗਿਆ ਹੈ। ਉਨ੍ਹਾਂ ਭਵਿੱਖ ਵਿੱਚ ਹੋਰ ਵੱਡੇ ਪੱਧਰ ’ਤੇ ਪ੍ਰੇਰਣਾਦਈ ਆਯੋਜਨ ਕਰਨ ਦਾ ਵਿਚਾਰ ਸਾਂਝਾ ਕੀਤਾ।
ਪੱਟੀ ਤੋਂ ਸ਼ਿਮਲਾ ਲਈ ਪਹਿਲੀ ਵਾਰ ਸ਼ੁਰੂ ਹੋਈ ਪੰਜਾਬ ਰੋਡਵੇਜ਼ ਦੀ ਬੱਸ ਸਰਵਿਸ: ਟਰਾਂਸਪੋਰਟ ਮੰਤਰੀ ਨੇ ਵਿਖਾਈ ਹਰੀ ਝੰਡੀ
585 ਰੁਪਏ ਹੋਵੇਗਾ ਇੱਕ ਪਾਸੇ ਦਾ ਕਿਰਾਇਆ
ਪੰਜਾਬੀ ਖ਼ਬਰਸਾਰ ਬਿਉਰੋ
ਪੱਟੀ, 9 ਅਪ੍ਰੈਲ:ਪੰਜਾਬ ਦੇ ਟਰਾਂਸਪੋਰਟ ਮੰਤਰੀ ਸ. ਲਾਲਜੀਤ ਸਿੰਘ ਭੁੱਲਰ ਵੱਲੋਂ ਅੱਜ ਪੱਟੀ ਤੋਂ ਸ਼ਿਮਲਾ ਦਰਮਿਆਨ ਪੰਜਾਬ ਰੋਡਵੇਜ਼ ਦੀ ਬੱਸ ਸੇਵਾ ਦੀ ਸ਼ੁਰੂਆਤ ਕਰਨ ਦੇ ਨਾਲ ਹੀ ਇਹ ਪਹਿਲਾ ਮਾਅਰਕਾ ਬਣ ਗਿਆ ਹੈ ਜਦੋਂ ਪੱਟੀ ਤੋਂ ਸ਼ਿਮਲਾ ਲਈ ਪੰਜਾਬ ਰੋਡਵੇਜ਼ ਦੀ ਬੱਸ ਸਰਵਿਸ ਸ਼ੁਰੂ ਹੋਈ ਹੈ।ਪੱਟੀ ਬੱਸ ਸਟੈਂਡ ਤੋਂ ਹਰੀ ਝੰਡੀ ਵਿਖਾਉਣ ਉਪਰੰਤ ਗੱਲਬਾਤ ਦੌਰਾਨ ਕੈਬਨਿਟ ਮੰਤਰੀ ਸ. ਲਾਲਜੀਤ ਸਿੰਘ ਭੁੱਲਰ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਲੋਕਾਂ ਦੀ ਸਹੂਲਤ ਨੂੰ ਮੁੱਖ ਰੱਖਦਿਆਂ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਤੋਂ ਹੋਰਨਾਂ ਸੂਬਿਆਂ ਵੱਲ ਬੱਸਾਂ ਚਲਾਈਆਂ ਜਾ ਰਹੀਆਂ ਹਨ।ਉਨ੍ਹਾਂ ਦੱਸਿਆ ਕਿ ਪੰਜਾਬ ਰੋਡਵੇਜ਼/ਪਨਬੱਸ ਦੀ ਇਹ ਬੱਸ ਪੱਟੀ ਬੱਸ ਸਟੈਂਡ ਤੋਂ ਸਵੇਰੇ 10:20 ਵਜੇ ਚੱਲੇਗੀ ਅਤੇ ਵਾਇਆ ਅੰਮ੍ਰਿਤਸਰ, ਜਲੰਧਰ ਤੇ ਚੰਡੀਗੜ੍ਹ ਹੁੰਦਿਆਂ ਰਾਤ 10.30 ਵਜੇ ਸ਼ਿਮਲਾ ਪੁੱਜੇਗੀ। ਇਸੇ ਤਰ੍ਹਾਂ ਅਗਲੇ ਦਿਨ ਸਵੇਰੇ 7:10 ਵਜੇ ਸ਼ਿਮਲਾ ਤੋਂ ਚਲ ਕੇ ਉਸੇ ਰਸਤੇ ਵਾਪਸੀ ਕਰੇਗੀ ਅਤੇ ਸ਼ਾਮ ਕਰੀਬ 7:30 ਵਜੇ ਪੱਟੀ ਪਹੁੰਚੇਗੀ। ਬੱਸ ਦਾ ਇੱਕ ਪਾਸੇ ਦਾ ਕਿਰਾਇਆ 585 ਰੁਪਏ ਨਿਰਧਾਰਤ ਕੀਤਾ ਗਿਆ ਹੈ।ਟਰਾਂਸਪੋਰਟ ਮੰਤਰੀ ਨੇ ਦੱਸਿਆ ਕਿ ਪੰਜਾਬ ਰੋਡਵੇਜ਼/ਪਨਬੱਸ ਨੇ ਲੰਘੇ ਵਿੱਤੀ ਵਰ੍ਹੇ ਦੌਰਾਨ ਆਮਦਨ ਵਿੱਚ ਰਿਕਾਰਡ ਵਾਧਾ ਦਰਜ ਕੀਤਾ ਹੈ। ਵਿੱਤੀ ਵਰ੍ਹੇ 2022-23 ਦੌਰਾਨ ਪੰਜਾਬ ਰੋਡਵੇਜ਼/ਪਨਬੱਸ ਨੂੰ 700.88 ਕਰੋੜ ਰੁਪਏ ਆਮਦਨ ਹੋਈ ਹੈ, ਜੋ ਵਿੱਤੀ ਵਰ੍ਹੇ 2021-22 ਦੌਰਾਨ 547.08 ਕਰੋੜ ਰੁਪਏ ਸੀ। ਉਨ੍ਹਾਂ ਦੱਸਿਆ ਕਿ 153.80 ਕਰੋੜ ਰੁਪਏ ਦਾ ਇਹ ਵਾਧਾ 28.11 ਫ਼ੀਸਦੀ ਬਣਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਰੋਡਵੇਜ਼/ਪਨਬੱਸ ਵਾਧੇ ਵਿੱਚ ਜਾ ਰਹੀ ਹੈ ਅਤੇ ਅਗਲੇ ਦਿਨਾਂ ਦੌਰਾਨ ਹੋਰਨਾਂ ਸ਼ਹਿਰਾਂ ਤੋਂ ਵੀ ਬੱਸਾਂ ਚਲਾਈਆਂ ਜਾਣਗੀਆਂ।ਟਰਾਂਸਪੋਰਟ ਮੰਤਰੀ ਨੇ ਕਿਹਾ ਕਿ ਅਧਿਕਾਰੀਆਂ ਨੂੰ ਪਹਿਲਾਂ ਹੀ ਨਿਰਦੇਸ਼ ਦਿੱਤੇ ਗਏ ਹਨ ਕਿ ਉਹ ਲੋਕਾਂ ਦੀ ਮੰਗ ਅਨੁਸਾਰ ਜ਼ਰੂਰਤ ਵਾਲੀਆਂ ਥਾਵਾਂ ਤੋਂ ਬੱਸਾਂ ਚਲਾਉਣ ਨੂੰ ਤਰਜੀਹ ਦੇਣ ਤਾਂ ਜੋ ਲੋਕਾਂ ਨੂੰ ਸਸਤੀ ਅਤੇ ਕਿਫ਼ਾਇਤੀ ਬੱਸ ਸੇਵਾ ਮੁਹੱਈਆ ਕਰਵਾਈ ਜਾ ਸਕੇ।ਕੈਬਨਿਟ ਮੰਤਰੀ ਸ. ਭੁੱਲਰ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀਆਂ ਪਾਰਦਰਸ਼ੀ ਨੀਤੀਆਂ ਸਦਕਾ ਟਰਾਂਸਪੋਰਟ ਵਿਭਾਗ ਤਰੱਕੀ ਦੀ ਰਾਹ ’ਤੇ ਹੈ ਅਤੇ ਇਸ ਰਫ਼ਤਾਰ ਨੂੰ ਹੋਰ ਤੇਜ਼ ਕਰਦਿਆਂ ਵਿਭਾਗ ਨੂੰ ਨਵੀਆਂ ਬੁਲੰਦੀਆਂ’ ਤੇ ਪਹੁੰਚਾਇਆ ਜਾਵੇਗਾ।ਉਨ੍ਹਾਂ ਕਿਹਾ ਕਿ ਮਾਨ ਸਰਕਾਰ ਨੇ ਪ੍ਰਾਈਵੇਟ ਬੱਸ ਮਾਫ਼ੀਆ ਦਾ ਲੱਕ ਤੋੜਦਿਆਂ ਪੰਜਾਬ ਤੋਂ ਦਿੱਲੀ ਦੇ ਕੌਮਾਂਤਰੀ ਹਵਾਈ ਅੱਡੇ ਤੱਕ ਤਿੰਨ ਗੁਣਾਂ ਘੱਟ ਕਿਰਾਏ ’ਤੇ ਬੱਸ ਸੇਵਾ ਸ਼ੁਰੂ ਕੀਤੀ ਹੈ ਅਤੇ ਹੁਣ ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਕਰੀਬ 25 ਬੱਸਾਂ ਦਿੱਲੀ ਹਵਾਈ ਅੱਡੇ ਨੂੰ ਚਲਦੀਆਂ ਹਨ।
ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ ਵੱਲੋਂ ਰਣਜੀਤ ਸਾਗਰ ਡੈਮ ਅਤੇ ਸ਼ਾਹਪੁਰਕੰਡੀ ਪ੍ਰੋਜੈਕਟ ਦਾ ਦੌਰਾ
ਸਬੰਧਤ ਅਧਿਕਾਰੀਆਂ ਨੂੰ ਪ੍ਰੋਜੈਕਟ ਨੂੰ ਨਿਰਧਾਰਤ ਸਮੇਂ ‘ਚ ਪੂਰਾ ਪੂਰਾ ਕਰਨ ਦੇ ਦਿੱਤੇ ਆਦੇਸ਼
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 9 ਅਪ੍ਰੈਲ: ਪੰਜਾਬ ਦੇ ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਅੱਜ ਐਤਵਾਰ ਨੂੰ ਰਣਜੀਤ ਸਾਗਰ ਡੈਮ ਅਤੇ ਸ਼ਾਹਪੁਰਕੰਡੀ ਪ੍ਰੋਜੈਕਟ ਦਾ ਦੌਰਾ ਕੀਤਾ। ਸ. ਹਰਭਜਨ ਸਿੰਘ ਈ.ਟੀ.ਓ. ਨੇ ਪਾਵਰ ਹਾਊਸ ਅਤੇ ਗਰਿਡ ਸਬ-ਸਟੇਸ਼ਨ ਦਾ ਬਾਰੀਕੀ ਨਾਲ ਦੌਰਾ ਕੀਤਾ ਅਤੇ ਭਰੋਸਾ ਦਿੱਤਾ ਕਿ ਆਉਣ ਵਾਲੇ ਪੈਡੀ ਸੀਜਨ ਦੌਰਾਨ ਰਣਜੀਤ ਸਾਗਰ ਡੈਮ ਬਿਜਲੀ ਪੂਰਤੀ ਲਈ ਆਪਣੀ ਪੂਰੀ ਸਮੱਰਥਾ ਨਾਲ ਕੰਮ ਕਰੇਗਾ।ਬਿਜਲੀ ਮੰਤਰੀ ਨੇ ਸ਼ਾਹਪੁਰਕੰਡੀ ਪ੍ਰੋਜੈਕਟ ਦਾ ਦੌਰਾ ਕਰਨ ਸਮੇਂ ਪੀ.ਐਸ.ਪੀ.ਸੀ.ਐਲ ਅਤੇ ਜਲ ਸਰੋਤ ਵਿਭਾਗ ਦੇ ਅਧਿਕਾਰੀਆਂ ਨੂੰ ਮਿੱਥੇ ਸਮੇ ਵਿੱਚ ਸ਼ਾਹਪੁਰਕੰਡੀ ਪ੍ਰੋਜੈਕਟ ਨੂੰ ਪੂਰਾ ਕਰਨ ਦੇ ਆਦੇਸ਼ ਦਿੱਤੇ। ਬਿਜਲੀ ਮੰਤਰੀ ਨੇ ਰਣਜੀਤ ਸਾਗਰ ਡੈਮ ਅਤੇ ਸ਼ਾਹਪੁਰਕੰਡੀ ਵਿੱਚ ਚੱਲ ਰਹੇ ਕਾਰਜਾਂ ਤੇ ਸੰਤੁਸ਼ਟੀ ਜਾਹਿਰ ਕਰਦਿਆਂ ਕਿਹਾ ਕਿ ਇਹ ਪ੍ਰੋਜੈਕਟ ਮੁਕੰਮਲ ਹੋਣ ਮਗਰੋਂ ਬਿਜਲੀ ਉਤਪਾਦਨ ਦੇ ਖੇਤਰ ‘ਚ ਅਹਿਮ ਰੋਲ ਅਦਾ ਕਰਨਗੇ।ਇਸ ਮੌਕੇ ਬਿਜਲੀ ਮੰਤਰੀ ਨੇ ਰਣਜੀਤ ਸਾਗਰ ਡੈਮ ਦੇ ਸ਼ਹੀਦੀ ਸਮਾਰਕ ‘ਤੇ ਜਾ ਕੇ ਇਸ ਡੈਮ ਦੀ ਉਸਾਰੀ ਸਮੇਂ ਸ਼ਹੀਦ ਹੋਏ ਕਰਮਚਾਰੀਆਂ ਨੂੰ ਸ਼ਰਧਾਂਜਲੀ ਵੀ ਭੇਂਟ ਕੀਤੀ।ਇਸ ਮੌਕੇ ਪੀ.ਐਸ.ਪੀ.ਸੀ.ਐਲ ਦੇ ਮੁੱਖ ਇੰਜੀਨੀਅਰ ਹਾਈਡਲ ਪ੍ਰੋਜੈਕਟਸ ਇੰਦਰਪਾਲ ਸਿੰਘ, ਉਪ ਮੁੱਖ ਇੰਜੀਨੀਅਰ ਰਵਿੰਦਰ ਕੁਮਾਰ, ਜਲ ਸਰੋਤ ਵਿਭਾਗ ਦੇ ਇੰਜੀਨੀਅਰ ਜਸਵੀਰ ਪਾਲ ਅਤੇ ਕਾਰਜਕਾਰੀ ਇੰਜੀਨੀਅਰ ਲਖਵਿੰਦਰ ਸਿੰਘ ਹਾਜ਼ਰ ਸਨ।
ਕੈਂਸਰ ਜਾਗਰੂਕਤਾ ਸਬੰਧੀ ਕੱਢੀ ਵਾਕਾਥਨ ’ਚ ਡੀ.ਸੀ., ਵਿਧਾਇਕ ਤੇ ਮੇਅਰ ਸਹਿਤ ਵੱਡੀ ਗਿਣਤੀ ’ਚ ਲੋਕਾਂ ਨੇ ਕੀਤੀ ਸ਼ਮੂਲੀਅਤ
ਸੁਖਜਿੰਦਰ ਮਾਨ
ਬਠਿੰਡਾ, 9 ਅਪ੍ਰੈਲ: ਸਥਾਨਕ ਦਾਦੀ ਪੋਤੀ ਪਾਰਕ ਵਿਖੇ ਕੈਂਸਰ ਜਾਗਰੂਕਤਾ ਸਬੰਧੀ ਵਾਕਥੌਨ ਦਾ ਆਯੋਜਨ ਕੀਤਾ ਗਿਆ। ਇਸ ਵਿੱਚ ਡੀਸੀ, ਵਿਧਾਇਕ, ਮੇਅਰ ਤੋਂ ਲੈ ਕੇ ਵੱਡੀ ਗਿਣਤੀ ਵਿੱਚ ਲੋਕ ਇਕੱਠੇ ਹੋਏ। ਵਾਕਾਥੌਨ ਅਜੀਤ ਰੋਡ ਤੋਂ ਹੁੰਦੇ ਹੋਏ ਹਨੂੰਮਾਨ ਚੌਕ ਰੋਜ਼ਗਾਰਡਨ ਵਿਖੇ ਸਮਾਪਤ ਹੋਈ। ਇਸ ਮੌਕੇ ਡੀ ਸੀ ਸ਼ੌਕਤ ਅਹਿਮਦ ਪਰੇ, ਸੀਜੇਐਮਸੁਰੇਸ਼ ਕੁਮਾਰ ਗੋਇਲ, ਵਿਧਾਇਕ ਜਗਰੂਪ ਸਿੰਘ ਗਿੱਲ, ਮੇਅਰ ਰਮਨ ਗੋਇਲ, ਚੇਅਰਮੈਨ ਨੀਲ ਗਰਗ, ਚੇਅਰਮੈਨ ਅੰਮ੍ਰਿਤ ਲਾਲ ਅਗਰਵਾਲ, ਪੀਐਨਬੀ ਦੇ ਡੀਜੀਐਮ ਜਤਿੰਦਰ ਮਨਕੋਟੀਆ, ਐਸਬੀਆਈ ਦੇ ਡੀਜੀਐਮ ਰਜਨੀਸ਼ ਕੁਮਾਰ, ਐਸਐਮਓ ਡਾ ਮਨਿੰਦਰ ਸਿੰਘ, ਐਸਈ ਸੰਦੀਪ ਗੁਪਤਾ, ਐਡਵਾਂਸ ਕੈਂਸਰ ਕੇਅਰ ਡਾਕਟਰ ਦੀਪਕ ਅਰੋੜਾ ਆਦਿ ਨੇ ਕੈਂਸਰ ਦੀ ਲਾਇਲਾਜ ਬਿਮਾਰੀ ਨਾਲ ਲੜਨ ਦੇ ਨੁਕਤੇ ਦਿੱਤੇ। ਵਾਕਾਥਨ ਦੀ ਪ੍ਰਬੰਧਕੀ ਕਮੇਟੀ ਦੀ ਇੰਚਾਰਜ ਲਤਾ ਸ੍ਰੀਵਾਸਤਵ ਅਤੇ ਬਠਿੰਡਾ ਵਿਕਾਸ ਮੰਚ ਦੇ ਮੁਖੀ ਰਾਕੇਸ਼ ਨਰੂਲਾ ਨੇ ਦੱਸਿਆ ਕਿ ਉਕਤ ਵਾਕਾਥਨ ਮੀਨਾਕਸ਼ੀ ਕੈਂਸਰ ਕੇਅਰ ਅਤੇ ਏਕਲਵਿਆ ਫਾਊਂਡੇਸ਼ਨ ਦੇ ਬੈਨਰ ਹੇਠ ਕਰਵਾਈ ਗਈ ਹੈ। ਇਸ ਵਿੱਚ ਆਲ ਇਨ ਵਨ ਇੰਟਰਪ੍ਰਾਈਜ਼ਜ਼ ਅਤੇ ਈਜ਼ੀ ਲਾਂਡਰੀ ਦੇ ਐਮਡੀ ਪਵਨ ਭਟਨਾਗਰ, ਐਲਕੇਮੀ ਫਾਰਮਾ ਦੇ ਐਮਡੀ ਪ੍ਰੋ. ਹਰਵਿੰਦਰ ਸਿੰਘ, ਜਿਮ ਐਸੋਸੀਏਸ਼ਨ ਦੇ ਪ੍ਰਧਾਨ ਪ੍ਰਮੋਦ ਝਾਂਜੀ, ਬਾਲਾਜੀ ਰੀਅਲ ਅਸਟੇਟ ਐਂਡ ਕਾਰ ਬਾਜ਼ਾਰ ਦੇ ਸੰਜੇ ਜਿੰਦਲ ਬਾਬੀ, ਗ੍ਰੀਨ ਸਿਟੀ ਦੇ ਡੀਪੀ ਗੋਇਲ, ਪਾਰਕ ਪੈਨੋਰਮਾ ਦੇ ਪਰਵੀਨ ਜਿੰਦਲ, ਮਨੀਸ਼ ਪਾਂਧੀ, ਅਮਰੀਕ ਢਾਬਾ, ਬੈਂਕਸਪੋਟ ਦੇ ਮੋਹਿਤ ਪਾਲ, ਆਈ.ਵੀ.ਆਈ ਹਸਪਤਾਲ, ਵਿਸ਼ਵ ਮਨੁੱਖੀ ਅਧਿਕਾਰ ਡਾ. ਪ੍ਰੋਟੈਕਸ਼ਨ ਕਮਿਸ਼ਨ, ਯੂ.ਆਰ.ਐਮ.ਯੂ ਦੇ ਸੰਜੀਵ ਕੁਮਾਰ ਚੌਹਾਨ, ਐਮ.ਬੀ.ਏ.ਚਾਈਵਾਲਾ, ਆਈਲੈਟਸ ਐਸੋਸੀਏਸ਼ਨ, ਡਾ.ਕੇ.ਕੇ.ਬਜਾਜ, ਪ੍ਰਦੀਪ ਸ਼ਰਮਾ ਆਦਿ ਨੇ ਸਹਿਯੋਗ ਦਿੱਤਾ। ਇਸ ਭਾਸ਼ਣ ਦਾ ਮਕਸਦ ਲੋਕਾਂ ਨੂੰ ਕੈਂਸਰ ਦੀ ਲਾਇਲਾਜ ਬਿਮਾਰੀ ਬਾਰੇ ਜਾਗਰੂਕ ਕਰਨਾ ਹੈ।
ਰਾਮੂਵਾਲੀਆ ਵਲੋਂ ਸਿੱਖ ਮੁੱਦਿਆਂ ’ਤੇ ਬਾਦਲ ਪ੍ਰਵਾਰ ਨੂੰ ਖੁੱਲੀ ਬਹਿਸ ਦੀ ਚੁਣੌਤੀ
ਲੋਕ ਭਲਾਈ ਪਾਰਟੀ ਦੇ ਝੰਡੇ ਹੇਠ ਮੁੜ ਸਿਆਸੀ ਸਰਗਰਮੀਆਂ ਸ਼ੁਰੂ ਕਰਨ ਦਾ ਐਲਾਨ
ਕਾਮਰੇਡਾਂ ਦੇ ਨਾਲ ਗਰਮਖਿਆਲੀਆਂ ਨੂੰ ਵੀ ਪੰਜਾਬ ਦੇ ਭਲੇ ਲਈ ਸਾਥ ਦੇਣ ਦੀ ਕੀਤੀ ਅਪੀਲ
ਭਗਵੰਤ ਮਾਨ ਨੂੰ ਟਰੈਵਲ ਏਜੰਟਾਂ ਦੇ ਮੁੱਦੇ ’ਤੇ ਵਿਧਾਨ ਸਭਾ ਦਾ ਵਿਸ਼ੇਸ ਸੈਸਨ ਸੱਦਣ ਲਈ ਕਿਹਾ
ਸੁਖਜਿੰਦਰ ਮਾਨ
ਬਠਿੰਡਾ, 9 ਅਪ੍ਰੈਲ: ਲੰਮੇ ਸਮੇਂ ਤੋਂ ਪੰਜਾਬ ਦੇ ਸਿਆਸੀ ਦ੍ਰਿਸ ਤੋਂ ਗਾਇਬ ਦਿਖ਼ਾਈ ਦੇ ਰਹੇ ਸਾਬਕਾ ਕੇਂਦਰੀ ਮੰਤਰੀ ਬਲਵੰਤ ਸਿੰਘ ਰਾਮੂਵਾਲੀਆ ਨੇ ਮੁੜ ਲੋਕ ਭਲਾਈ ਪਾਰਟੀ ਦੇ ਝੰਡੇ ਹੇਠ ਮੁੜ ਤੋਂ ਸਿਆਸੀ ਸਰਗਰਮੀਆਂ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਅੱਜ ਬਠਿੰਡਾ ’ਚ ਕੀਤੀ ਇੱਕ ਪ੍ਰੈਸ ਕਾਨਫਰੰਸ ਵਿਚ ਉਨ੍ਹਾਂ ਪੰਜਾਬ ਦੇ ਭਲੇ ਲਈ ਕਾਮਰੇਡਾਂ ਦੇ ਨਾਲ -ਨਾਲ ਗਰਮ ਖਿਆਲੀਆਂ ਨੂੰ ਵੀ ਸਾਥ ਦੇਣ ਦੀ ਅਪੀਲ ਕਰਦਿਆਂ ਕਿਹਾ ਕਿ ‘‘ ਉਹ ਵੋਟਾਂ ਲਈ ਨਹੀਂ, ਬਲਕਿ ਪੰਜਾਬ ਨੂੰ ਬਚਾਉਣ ਲਈ ਮੈਦਾਨ ਵਿਚ ਆਏ ਹਨ। ’’ ਕਿਸੇ ਸਮੇਂ ਬਾਦਲ ਦੀ ਸਿਆਸੀ ਪਾਰਟੀ ਦਾ ਹਿੱਸਾ ਰਹੇ ਸ਼੍ਰੀ ਰਾਮੂਵਾਲੀਆ ਨੇ ਮੁੜ ਬਾਦਲ ਪ੍ਰਵਾਰ ਉਪਰ ਵੰਸ਼ਵਾਦ, ਬੇਰਹਿਮ ਤੇ ਜਾਲਮਾਨਾ ਸਿਆਸਤ ਕਰਨ ਦੇ ਨਾਲ ਪੰਥ ਦੀ ਸ਼ਕਤੀ ਨੂੰ ਖੋਰਾ ਲਗਾਉਣ ਦਾ ਦੋਸ਼ ਲਗਾਉਂਦਿਆਂ ਉਨ੍ਹਾਂ ਨੂੰ ਸਿੱਖ ਮੁੱਦਿਆਂ ’ਤੇ ਖੁੱਲੀ ਬਹਿਸ ਦੀ ਚੁਣੌਤੀ ਵੀ ਦਿੱਤੀ। ਉਨ੍ਹਾਂ ਕਿਹਾ ਕਿ ਉਹ ਇਕੱਲੇ ਤੇ ਬਾਦਲ ਪ੍ਰਵਾਰ ਦੇ ਤਿੰਨੋਂ ਮੈਂਬਰ(ਪ੍ਰਕਾਸ਼ ਸਿੰਘ, ਸੁਖਬੀਰ ਸਿੰਘ ਤੇ ਹਰਸਿਮਰਤ ਕੌਰ) ਸਿੱਖ ਮਾਮਲਿਆਂ ‘ਤੇ ਬਹਿਸ ਕਰਨ ਤੇ ਜੇਕਰ ਉਹ ਜਿੱਤ ਗਏ ਤਾਂ ਮੇਰੇ ਵਲੋਂ 11 ਲੱਖ ਰੁਪਏ ਦਾ ਇਨਾਮ ਦਿੱਤਾ ਜਾਵੇਗਾ। ਰਾਮੂਵਾਲੀਆ ਨੈ ਦਾਅਵਾ ਕੀਤਾ ਕਿ ‘‘ ਬੇਸ਼ੱਕ ਉਨ੍ਹਾਂ ਯੂਪੀ ਜਾਂ ਦਿੱਲੀ ’ਚ ਸਿਆਸਤ ਕੀਤੀ ਪ੍ਰੰਤੂ ਹਮੇਸ਼ਾ ਪੰਜਾਬੀਆਂ ਦੇ ਭਲੇ ਲਈ ਕੰਮ ਕੀਤਾ। ਜਿਸ ਵਿਚ ਸਿੱਖ ਕੈਦੀ ਵਰਿਆਮ ਸਿੰਘ ਨੂੰ ਰਿਹਾਅ ਕਰਨ ਤੋਂ ਇਲਾਵਾ ਪੰਜਾਬ ਦੇ ਹਜ਼ਾਰਾਂ ਮੁੰਡੇ-ਕੁੜੀਆਂ ਨੂੰ ਟਰੈਵਲ ਏਜੰਟਾਂ ਦੀ ਚੁੰਗਲ ਵਿਚੋਂ ਬਚਾਇਆ ਪ੍ਰੰਤੂ ਇਸਦੇ ਬਦਲੇ ਲੋਕਾਂ ਦਾ ਪਿਆਰ ਤਾਂ ਮਿਲਿਆ ਪਰ ਵੋਟਾਂ ਨਹੀਂ ਮਿਲੀਆਂ। ’’ ਉਨ੍ਹਾਂ ਕਿਹਾ ਕਿ ਅੱਜ ਵੀ ਟਰੈਵਲ ਏਜੰਟਾਂ ਦਾ ਮੁੱਦਾ ਮੂੁੰਹ ਅੱਡੀ ਖੜਾ ਹੈ ਪ੍ਰੰਤੂ ਨਾਂ ਤਾਂ ਕੋਈ ਐਮ.ਪੀ, ਐਮ.ਐਲ.ਏ, ਪੰਜਾਬ ਸਰਕਾਰ, ਪੰਚਾਇਤਾਂ, ਵਿਦਿਆਰਥੀ ਤੇ ਕਿਸਾਨ ਯੂਨੀਅਨ ਤੇ ਇਥੋਂ ਤੱਕ ਸਿੱਖ ਸੰਸਥਾਵਾਂ ਵੀ ਚੁੱਪ ਹਨ। ਸਾਬਕਾ ਕੇਂਦਰੀ ਮੰਤਰੀ ਨੇ ਇਸ ਮੁੱਦੇ ’ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੰਜਾਬ ਵਿਧਾਨ ਸਭਾ ਦਾ ਦੋ ਰੋਜ਼ਾ ਵਿਸ਼ੇਸ ਸੈਸਨ ਸੱਦਣ ਲਈ ਵੀ ਕਿਹਾ। ਉਨ੍ਹਾਂ ਪੰਜਾਬ ਦੀ ਭਲਾਈ ਲਈ ਹਿੰਦੂ-ਸਿੱਖ ਏਕਤਾ ਦੀ ਵੀ ਵਕਾਲਤ ਕੀਤੀ। ਇਸਤੋਂ ਇਲਾਵਾ ਧਰਮ ਪ੍ਰਚਾਰ ਦੇ ਮੁੱਦੇ ’ਤੇ ਸਿੱਖਾਂ ਨੂੰ ਚਾਰੇ ਪਾਸੇ ਪੈ ਰਹੀ ਮਾਰ ’ਤੇ ਪੰਜਾਬ ਦੇ ਸਿੱਖ ਬਾਬਿਆਂ ਤੇ ਸ਼੍ਰੋਮਣੀ ਕਮੇਟੀ ਦੀ ਖਿਚਾਈ ਕਰਦਿਆਂ ਕਿਹਾ ਕਿ ਉਹ ਧਾਰਮਿਕ ਤੇ ਸਮਾਜਿਕ ਮੁੱਦਿਆਂ ਪ੍ਰਤੀ ਸੁਚੇਤ ਹੋਣ, ਨਹੀਂ ਤਾਂ ਆਉਣ ਵਾਲਾ ਸਮਾਂ ਉਨ੍ਹਾਂ ਨੂੰ ਮੁਆਫ਼ ਨਹੀਂ ਕਰੇਗਾ। ਤੇਜ-ਤਰਾਰ ਸਿਆਸੀ ਨੇਤਾ ਮੰਨੇ ਜਾਂਦੇ ਬਲਵੰਤ ਸਿੰਘ ਰਾਮੂਵਾਲੀਆ ਨੇ ਪੰਜਾਬ ਦੀ ਸਿਆਸਤ ’ਤੇ ਟਿੱਪਣੀ ਕਰਦਿਆਂ ਕਿਹਾ ਕਿ ‘‘ ਪਿਛਲੀਆਂ ਚੋਣਾਂ ਵਿਚ ਆਮ ਆਦਮੀ ਪਾਰਟੀ ਨਹੀਂ ਜਿੱਤੀ, ਬਲਕਿ ਕਾਂਗਰਸ ਤੇ ਅਕਾਲੀਆਂ ਦੀਆਂ ਖੜਮਸਤੀਆਂ ਨੇ ਉਸਨੂੰ ਜਿਤਾਇਆ ਹੈ। ’’ ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਦੀ ਰਿਹਾਈ ਦੇ ਮਸਲੇ ’ਤੇ ਟਿੱਪਣੀ ਕਰਦਿਆਂ ਰਾਮੂਵਾਲੀਆ ਨੇ ਉਸਨੂੰ ਘੱਟ ਬੋਲਣ ਦੀ ਸਲਾਹ ਦਿੰਦਿਆਂ ਇਹ ਵੀ ਭਵਿੱਖਬਾਣੀ ਕੀਤੀ ਕਿ ਜੇਕਰ ਜਲੰਧਰ ਲੋਕ ਸਭਾ ਚੋਣ ’ਚ ਕਾਂਗਰਸ ਪਾਰਟੀ ਹਾਰਦੀ ਹੈ ਤਾਂ ਇਸਦੇ ਲਈ ਸਿੱਧੂ ਸਾਹਿਬ ਦੇ ਭਾਸ਼ਣ ਜਿੰਮੇਵਾਰ ਹੋਣਗੇ।
ਬਠਿੰਡਾ ਨਹਿਰ ’ਚ ਡੁੱਬਣ ਕਾਰਨ ਔਰਤ ਦੀ ਹੋਈ ਮੌਤ, ਪੁਲਿਸ ਵਲੋਂ ਮਾਮਲੇ ਦੀ ਜਾਂਚ ਸ਼ੁਰੂ
ਨੌਜਵਾਨ ਨੇ ਘਰ ਵਿਚ ਛੱਤ ਵਾਲੇ ਪੱਖੇ ਨਾਲ ਫਾਹਾ ਲੈ ਕੇ ਖੁਦਕੁਸ਼ੀ ਕੀਤੀ
ਸੁਖਜਿੰਦਰ ਮਾਨ
ਬਠਿੰਡਾ, 9 ਅਪ੍ਰੈਲ: ਐਤਵਾਰ ਦੁਪਿਹਰ ਸਥਾਨਕ ਜੌਗਰ ਪਾਰਕ ਨੇੜੇ ਬਠਿੰਡਾ ਸਰਹਿੰਦ ਨਹਿਰ ਵਿੱਚ ਇੱਕ ਔਰਤ ਦੀ ਡੁੱਬਣ ਕਾਰਨ ਮੌਤ ਹੋਣ ਦੀ ਸੂਚਨਾ ਮਿਲੀ ਹੈ। ਦੇਖਣ ਵਾਲਿਆਂ ਮੁਤਾਬਕ ਔਰਤ ਨੇ ਨਹਿਰ ਦੇ ਕੰਢੇ ’ਤੇ ਖੜ੍ਹ ਕੇ ਉਸ ਵਿਚ ਛਾਲ ਮਾਰ ਦਿੱਤੀ। ਘਟਨਾ ਦਾ ਪਤਾ ਚੱਲਦਿਆਂ ਹੀ ਆਸ ਪਾਸ ਦੇ ਲੋਕਾਂ ਨੇ ਰੋਲਾ ਪਾ ਦਿੱਤਾ ਤੇ ਨੋਜਵਾਨ ਵੈਲਫੇਅਰ ਸੁਸਾਇਟੀ ਦੇ ਵਲੰਟੀਅਰ ਵੀ ਮੌਕੇ ’ਤੇ ਪੁੱਜ ਗਏ। ਜਿੰਨ੍ਹਾਂ ਗੋਤਾਖੋਰਾਂ ਅਤੇ ਹੋਰਨਾਂ ਦੀ ਮੱਦਦ ਨਾਲ ਨਹਿਰ ਵਿੱਚ ਔਰਤ ਦੀ ਭਾਲ ਸ਼ੁਰੂ ਕੀਤੀ। ਕਰੀਬ 20 ਮਿੰਟਾਂ ਤੋਂ ਬਾਅਦ ਔਰਤ ਨੂੰ ਨਹਿਰ ਵਿੱਚੋਂ ਬਾਹਰ ਕੱਢਿਆ ਗਿਆ ਪ੍ਰੰਤੂ ਤਦ ਤੱਕ ਉਸਦੀ ਮੌਤ ਹੋ ਗਈ ਸੀ। ਮ੍ਰਿਤਕ ਔਰਤ ਦੀ ਪਹਿਚਾਣ ਰੀਨਾ ਦੇਵੀ (45 ਸਾਲ) ਪਤਨੀ ਸੁਖਦੇਵ ਰਿਸ਼ੀ ਵਾਸੀ ਬਲਰਾਮ ਨਗਰ ਵਜੋਂ ਹੋਈ ਹੈ। ਥਾਣਾ ਥਰਮਲ ਦੀ ਪੁਲਿਸ ਨੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ’ਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਸੰਸਥਾ ਦੀ ਮਦਦ ਨਾਲ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜਿਆ ਗਿਆ। ਉਧਰ ਇੱਕ ਹੋਰ ਘਟਨਾ ਵਿਚ ਅੱਜ ਸਵੇਰੇ ਸਥਾਨਕ ਬਠਿੰਡਾ ਡੱਬਵਾਲੀ ਰੋਡ ’ਤੇ ਸਥਿਤ ਊਧਮ ਸਿੰਘ ਨਗਰ ਦੀ ਗਲੀ ਨੰਬਰ 31 ਵਿੱਚ ਇੱਕ ਨੌਜਵਾਨ ਨੇ ਘਰ ਵਿਚ ਛੱਤ ਵਾਲੇ ਪੱਖੇ ਨਾਲ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਘਟਨਾ ਦਾ ਪਤਾ ਚੱਲਦੇ ਹੀ ਸਹਾਰਾ ਜਨ ਸੇਵਾ ਮੈਂਬਰ ਮੌਕੇ ’ਤੇ ਪਹੁੰਚੇ। ਵਰਧਮਾਨ ਪੁਲਿਸ ਚੌਕੀ ਦੇ ਇੰਚਾਰਜ ਨੇ ਮੌਕੇ ’ਤੇ ਪਹੁੰਚ ਕੇ ਘਟਨਾ ਦੀ ਜਾਂਚ ਕੀਤੀ।ਪਰਿਵਾਰਕ ਸੂਤਰਾਂ ਅਨੁਸਾਰ ਮ੍ਰਿਤਕ ਦਾ ਰਾਤ ਸਮੇਂ ਘਰ ਵਿਚ ਝਗੜਾ ਹੋਇਆ ਸੀ, ਜਿਸਤੋਂ ਬਾਅਦ ਉਸਨੇ ਇਹ ਕਦਮ ਚੁੱਕਿਆ। ਹਾਲਾਂਕਿ ਪੁਲਿਸ ਅਧਿਕਾਰੀਆਂ ਨੇ ਦਸਿਆ ਕਿ ਹਾਲੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਮ੍ਰਿਤਕ ਦੀ ਪਹਿਚਾਣ ਦਿਨੇਸ਼ ਠਾਕੁਰ 42 ਪੁੱਤਰ ਸ਼ਿਵ ਠਾਕੁਰ ਵਾਸੀ ਊਧਮ ਸਿੰਘ ਨਗਰ ਦੇ ਤੌਰ ’ਤੇ ਹੋਈ ਹੈ, ਜਿਸਦੀ ਲਾਸ਼ ਨੂੰ ਹੇਠਾਂ ਉਤਾਰ ਕੇ ਸਹਾਰਾ ਵਰਕਰਾਂ ਨੇ ਪੋਸਟਮਾਰਟਮ ਲਈ ਹਸਪਤਾਲ ਭੇਜ ਦਿੱਤਾ।



