ਪੰਜਾਬੀ ਖ਼ਬਰਸਾਰ ਬਿਉਰੋ
ਬਠਿੰਡਾ, 29 ਮਾਰਚ : ਸਬ ਡਵੀਜ਼ਨ ਪੰਜਾਬ ਰਾਜ ਪਾਵਰਕੌਮ ਕਾਰਪੋਰੇਸ਼ਨ ਲਿਮਟਿਡ ਰਾਮਪੁਰਾ ਦੇ ਅਧਿਕਾਰੀਆਂ ਵੱਲੋਂ ਕਿਸਾਨਾਂ ਨਾਲ ਕੀਤੇ ਖੇਤੀ ਮੋਟਰ ਕੁਨੈਕਸ਼ਨਾਂ ਦੇ ਘਪਲੇ ਵਿਰੁੱਧ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਰਾਮਪੁਰਾ ਵੱਲੋਂ ਬਠਿੰਡਾ ਚੀਫ ਇੰਜਨੀਅਰ ਪੱਛਮੀ ਜੋਨ ਦੀ ਰਿਹਾਇਸ਼ ਅੱਗੇ ਲਗਾਤਾਰ ਧਰਨਾ ਸ਼ੁਰੂ ਕਰ ਦਿੱਤਾ ਹੈ। ਅੱਜ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਬਲਾਕ ਪ੍ਰਧਾਨ ਸੁਖਦੇਵ ਸਿੰਘ ਰਾਮਪੁਰਾ, ਜਰਨਲ ਸਕੱਤਰ ਬਲਦੇਵ ਸਿੰਘ ਚੌਕੇ ਅਤੇ ਔਰਤ ਆਗੂ ਪਰਮਜੀਤ ਕੌਰ ਪਿੱਥੋ ਨੇ ਕਿਹਾ ਕਿ ਲੱਗਭੱਗ ਬਾਰਾਂ ਤੇਰਾਂ ਸਾਲ ਪਹਿਲਾਂ ਕਿਸਾਨਾਂ ਨੇ ਖੇਤੀ ਮੋਟਰਾਂ ਦੇ ਕੁਨੈਕਸ਼ਨਾਂ ਲਈ ਓ ਵਾਈ ਟੀ ਸਕੀਮ ਤਹਿਤ ਰਾਮਪੁਰਾ ਦੇ ਦਫ਼ਤਰ ਵਿਚ ਬਣਦੀ ਰਕਮ ਜਮਾਂ ਕਰਵਾਈ ਸੀ । ਬਿਜਲੀ ਬੋਰਡ ਦੇ ਦਫਤਰ ਵੱਲੋਂ ਕਿਸਾਨਾਂ ਨੂੰ ਖੇਤੀ ਮੋਟਰਾਂ ਦਾ ਸਮਾਨ ਦੇ ਕੇ ਕਿਸਾਨਾਂ ਦੇ ਖੇਤਾਂ ਵਿੱਚ ਖੇਤੀ ਮੋਟਰਾਂ ਚਾਲੂ ਕੀਤੀਆਂ ਗਈਆਂ ਅਤੇ ਉਨ੍ਹਾਂ ਨੂੰ ਕਨੈਕਸ਼ਨਾਂ ਦੀਆਂ ਰਜਿਸਟਰੇਸ਼ਨ ਕਾਪੀਆਂ ਵੀ ਦਿੱਤੀਆਂ ਗਈਆਂ। ਹੁਣ ਜਦੋਂ ਮੋਟਰਾਂ ਦੇ ਟਰਾਂਸਫਾਰਮਰ ਚ ਨੁਕਸ ਪੈ ਗਿਆ ਤਾਂ ਕਿਸਾਨਾਂ ਨੇ ਦਫ਼ਤਰ ਜਾ ਕੇ ਦਰਖਾਸਤ ਦੇਣ ਉਪਰੰਤ ਟਰਾਂਸਫਾਰਮਰ ਬਦਲਣ ਦੀ ਮੰਗ ਕੀਤੀ ਤਾਂ ਉਹ ਹੈਰਾਨ ਰਹਿ ਗਏ ਜਦੋਂ ਸਬੰਧਤ ਦਫ਼ਤਰ ਦੇ ਅਧਿਕਾਰੀਆਂ ਨੇ ਕਿਹਾ ਕਿ ਸਾਡੇ ਰਿਕਾਰਡ ਵਿੱਚ ਤਾਂ ਤੁਹਾਡਾ ਕੋਈ ਕਨੈਕਸ਼ਨ ਚੱਲਦਾ ਹੀ ਨਹੀਂ । ਬਾਅਦ ਵਿਚ ਪਤਾ ਚੱਲਿਆ ਹੈ ਕਿ ਅਜਿਹੇ ਸੈਂਕੜਿਆਂ ਦੀ ਗਿਣਤੀ ਵਿੱਚ ਕਿਸਾਨਾਂ ਦੇ ਖੇਤੀ ਮੋਟਰਾ ਦੇ ਕੁਨੈਕਸ਼ਨ ਚਲਦੇ ਹਨ ਪਰ ਰਿਕਾਰਡ ਵਿੱਚ ਦਰਜ ਨਹੀਂ । ਕਿਸਾਨ ਆਗੂਆਂ ਨੇ ਕਿਹਾ ਕਿ ਇਸ ਸਬੰਧੀ ਲੱਗਭੱਗ ਦੋ ਮਹੀਨਿਆਂ ਤੋਂ ਰਾਮਪੁਰਾ ਦੇ ਬਿਜਲੀ ਦਫਤਰ ਅੱਗੇ ਸੰਘਰਸ਼ ਚੱਲ ਰਿਹਾ ਹੈ। 22 ਮਾਰਚ ਨੂੰ ਐਸਡੀਐਮ ਫੂਲ ਨੇ ਕਿਸਾਨਾਂ ਨਾਲ ਵਾਅਦਾ ਕੀਤਾ ਸੀ ਕਿ ਹਫ਼ਤੇ ਦੇ ਵਿੱਚ ਸੜੇ ਹੋਏ ਟਰਾਂਸਫਾਰਮਰ ਬਦਲ ਦਿੱਤੇ ਜਾਣਗੇ ਪਰ ਅੱਜ ਤੱਕ ਵੀ ਕਿਸਾਨਾਂ ਦੀ ਮੰਗ ਪੂਰੇ ਨਾ ਕੀਤੇ ਜਾਣ ਕਾਰਨ ਅੱਜ ਚੀਫ ਇੰਜਨੀਅਰ ਬਠਿੰਡਾ ਦੀ ਰਿਹਾਇਸ਼ ਬਠਿੰਡਾ ਅੱਗੇ ਧਰਨਾ ਦੇਣ ਲਈ ਮਜਬੂਰ ਹੋਣਾ ਪਿਆ।ਧਰਨੇ ਚ ਪਹੁੰਚੇ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਬਸੰਤ ਸਿੰਘ ਕੋਠਾ ਗੁਰੂ ਅਤੇ ਜਿਲ੍ਹਾ ਆਗੂ ਦਰਸ਼ਨ ਸਿੰਘ ਮਾਈਸਰਖਾਨਾ ਨੇ ਕਿਹਾ ਕਿ ਕੱਲ੍ਹ ਤੋਂ ਇਹ ਘਿਰਾਓ ਜ਼ਿਲ੍ਹੇ ਵੱਲੋਂ ਚਲਾਇਆ ਜਾਵੇਗਾ ਅਤੇ ਵੱਡੀ ਗਿਣਤੀ ਵਿੱਚ ਇਕੱਠ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਸੜੇ ਟਰਾਂਸਫਾਰਮਰ ਬਦਲਾਉਣ ਖੇਤੀ ਕਨੈਕਸ਼ਨਾਂ ਨੂੰ ਰੈਗੂਲਰ ਕਰਵਾਉਣ ਅਤੇ ਇਸ ਧੋਖਾਧੜੀ ਕਰਨ ਵਿੱਚ ਸ਼ਾਮਿਲ ਅਧਿਕਾਰੀਆਂ ਖਿਲਾਫ ਕਾਰਵਾਈ ਕਰਵਾਉਣ ਤੱਕ ਸੰਘਰਸ਼ ਜਾਰੀ ਰਹੇਗਾ। ਅੱਜ ਦੇ ਇਕੱਠ ਨੂੰ ਬੂਟਾ ਸਿੰਘ ਬੱਲੋ, ਗੁਰਮੇਲ ਸਿੰਘ ਰਾਮਗੜ੍ਹ ਭੂੰਦੜ ਅਤੇ ਜੀਤੀ ਰਾਮਨਗਰ ਨੇ ਵੀ ਸੰਬੋਧਨ ਕੀਤਾ। ਅੱਜ ਅਧਿਕਾਰੀਆਂ ਨਾਲ ਹੋਈ ਮੀਟਿੰਗ ਬੇਸਿੱਟਾ ਰਹੀ।
ਕਿਸਾਨ ਜਥੇਬੰਦੀ ਉਗਰਾਹਾ ਵਲੋਂ ਪਾਵਰਕਾਮ ਦੇ ਮੁੱਖ ਇੰਜੀਨੀਅਰ ਦੀ ਰਿਹਾਇਸ਼ ਅੱਗੇ ਪੱਕਾ ਮੋਰਚਾ ਸ਼ੁਰੂ
ਏਮਜ਼ ਦੇ ਨੇਤਰ ਵਿਗਿਆਨ ਵਿਭਾਗ ਵੱਲੋਂ ਗਲੋਕੋਮਾਜਾਗਰੂਕਤਾ ਹਫ਼ਤਾ ਮਨਾਇਆ
ਸੁਖਜਿੰਦਰ ਮਾਨ
ਬਠਿੰਡਾ, 29 ਮਾਰਚ : ਏਮਜ਼ ਬਠਿੰਡਾ ਦੇ ਨੇਤਰ ਵਿਗਿਆਨ ਵਿਭਾਗ ਵੱਲੋਂ ਪਿਛਲੇ ਦਿਨੀਂ ਗਲੋਕੋਮਾਜਾਗਰੂਕਤਾ ਹਫ਼ਤਾ ਮਨਾਇਆ ਗਿਆ। ਇਨ੍ਹਾਂ ਜਸ਼ਨਾਂ ਦੇ ਹਿੱਸੇ ਵਜੋਂ ਐਮਬੀਬੀਐਸ ਦੇ ਵਿਦਿਆਰਥੀਆਂ ਦੁਆਰਾ ਗਲੋਕੋਮਾ ਦੇ ਲੱਛਣਾਂ ਅਤੇ ਪ੍ਰਬੰਧਨ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਵੱਖ-ਵੱਖ ਥਾਵਾਂ ’ਤੇ ਨੁੱਕੜ ਨਾਟਕ ਦਾ ਆਯੋਜਨ ਕੀਤਾ ਗਿਆ। ਏਮਜ਼ ਬਠਿੰਡਾ ਦੇ ਮਾਹਿਰ ਡਾਕਟਰਾਂ ਵੱਲੋਂ ਸਿਵਲ ਹਸਪਤਾਲ ਬਾਦਲ ਅਤੇ ਯੂ.ਟੀ.ਐਚ.ਸੀ. ਲਾਲ ਸਿੰਘ ਬਸਤੀ ਵਿਖੇ ਵੱਖ-ਵੱਖ ਸਕਰੀਨਿੰਗ ਕੈਂਪ ਲਗਾਏ ਗਏ ਅਤੇ ਲੋੜਵੰਦ ਲੋਕਾਂ ਨੂੰ ਅੱਖਾਂ ਦੀਆਂ ਗਲੋਕੋਮਾਦੀਆਂ ਅੱਖਾਂ ਦੇ ਮੁਫਤ ਬੂੰਦਾਂ ਵੰਡੀਆਂ ਗਈਆਂ। ਗਲੋਕੋਮਾ ਦੀ ਸਰਜਰੀ ਲਈ ਲੋੜੀਂਦੇ ਮਰੀਜ਼ਾਂ ਦੀ ਵੀ ਜਾਂਚ ਕੀਤੀ ਗਈ ਅਤੇ ਮੁਫਤ ਗਲੋਕੋਮਾ ਸਰਜਰੀ ਕੀਤੀ ਗਈ। ਅੱਖਾਂ ਦੀ ਓ.ਪੀ.ਡੀ. ਵਿੱਚ ਅੱਖਾਂ ਦੇ ਰੋਗ ਵਿਗਿਆਨ ਵਿਭਾਗ, ਏਮਜ਼ ਬਠਿੰਡਾ ਵੱਲੋਂ ਗਲੋਕੋਮਾ ਕਲੀਨਿਕ ਵਿੱਚ ਆਉਣ ਵਾਲੇ ਮਰੀਜ਼ਾਂ ਨੂੰ ਮੁਫ਼ਤ ਅੱਖਾਂ ਦੀਆਂ ਬੂੰਦਾਂ ਵੰਡੀਆਂ ਗਈਆਂ।ਵਿਭਾਗ ਵੱਲੋਂ ਕਰਵਾਏ ਗਏ ਵਿਸ਼ੇਸ਼ ਸਿੱਖਿਆ ਪ੍ਰੋਗਰਾਮ ਵਿੱਚ ਮਾਲਵਾ ਖੇਤਰ ਦੇ ਡਾਕਟਰਾਂ ਨੇ ਭਾਗ ਲਿਆ। ਇਸ ਮੌਕੇ ਵਿਭਾਗ ਦੇ ਮੁਖੀ ਡਾ: ਅਨੁਰਾਧਾ ਰਾਜ ਨੇ ਦੱਸਿਆ ਕਿ ਗਲਾਕੋਮਾ ਅੱਖਾਂ ਦਾ ਖਾਮੋਸ਼ ਕਾਤਲ ਹੈ ਕਿਉਂਕਿ ਇਸ ਬਿਮਾਰੀ ਨਾਲ ਗੁਆਚ ਗਈ ਨਜ਼ਰ ਵਾਪਸ ਨਹੀਂ ਮਿਲਦੀ। ਇਸ ਬਿਮਾਰੀ ਦਾ ਇੱਕੋ ਇੱਕ ਇਲਾਜ ਸਮੇਂ ਸਿਰ ਜਾਂਚ ਅਤੇ ਦਵਾਈ ਹੈ। ਮਰੀਜ਼ ਨੂੰ ਆਪਣੀ ਨਜ਼ਰ ਦੀ ਸੁਰੱਖਿਆ ਲਈ ਇਲਾਜ ਦੀ ਪਾਲਣਾ ਕਰਨੀ ਚਾਹੀਦੀ ਹੈ। ਉਨ੍ਹਾਂ ਅੱਗੇ ਦੱਸਿਆ ਕਿ ਮਰੀਜ਼ਾਂ ਦੀ ਸਹੂਲਤ ਲਈ ਹਰ ਬੁੱਧਵਾਰ ਨੂੰ ਏਮਜ਼ ਬਠਿੰਡਾ ਦੇ ਨੇਤਰ ਵਿਗਿਆਨ ਵਿਭਾਗ ਵਿੱਚ ਸਮਰਪਿਤ ਮੋਤੀਆ ਕਲੀਨਿਕ ਚਲਾਇਆ ਜਾ ਰਿਹਾ ਹੈ। ਐਗਜ਼ੈਕਟਿਵ ਡਾਇਰੈਕਟਰ ਅਤੇ ਸੀਈਓ ਪ੍ਰੋ ਡੀ ਕੇ ਸਿੰਘ, ਡੀਨ ਡਾ ਸਤੀਸ਼ ਗੁਪਤਾ, ਮੈਡੀਕਲ ਸੁਪਰਡੈਂਟ ਡਾ ਰਾਜੀਵ ਕੁਮਾਰ ਗੁਪਤਾ ਅਤੇ ਐਚਓਡੀ ਡਾ: ਰਾਜੀਵ ਕੁਮਾਰ ਗੁਪਤਾ ਦੀ ਅਗਵਾਈ ਹੇਠ ਨੇਤਰ ਵਿਗਿਆਨ ਵਿਭਾਗ ਦੁਆਰਾ ਏਮਜ਼ ਵਿਖੇ “ਗਲਾਕੋਮਾ: ਏ ਪੈਨੋਰਾਮਿਕ ਵਿਯੂ”ਸਿਰਲੇਖ ਵਾਲਾ ਇੱਕ ਸੀਐਮਈ ਆਯੋਜਿਤ ਕੀਤਾ ਗਿਆ ਸੀ। ਸੀ.ਐਮ.ਈ.ਵਿੱਚ ਡਾ: ਪਾਂਡਵ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਜੋ ਕਿ ਗਲੋਕੋਮਾ ਦੇ ਖੇਤਰ ਵਿੱਚ ਮੋਹਰੀ ਹਨ। ਉਹ ਐਡਵਾਂਸਡ ਆਈ ਸੈਂਟਰ, ਪੀਜੀਆਈਐਮਈਆਰ, ਚੰਡੀਗੜ੍ਹ ਵਿਖੇ ਨੇਤਰ ਵਿਗਿਆਨ ਵਿਭਾਗ ਦੇ ਮੁਖੀ ਹਨ। ਉਹ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ’ਤੇ ਗਲੋਕੋਮਾ ’ਤੇ ਬਹੁਤ ਸਾਰੀਆਂ ਫੈਲੋਸ਼ਿਪਾਂ ਅਤੇ ਸਨਮਾਨਾਂ ਨਾਲ ਅੰਤਰਰਾਸ਼ਟਰੀ ਪ੍ਰਸਿੱਧੀ ਦੀ ਸ਼ਖਸੀਅਤ ਹਨ। ਕਰੀਬ ਸੌ ਡਾਕਟਰਾਂ ਨੇ ਸੀ.ਐਮ.ਈ. ਵਿੱਚ ਸ਼ਿਰਕਤ ਕੀਤੀ।ਪ੍ਰੋ: ਸੁਰਿੰਦਰ ਸਿੰਘ ਪਾਂਡਵ ਨੇ ਕਿਹਾ ਕਿ ਭਾਰਤ ਵਿੱਚ ਗਲੋਕੋਮਾ ਅੰਨ੍ਹੇਪਣ ਦਾ ਸਭ ਤੋਂ ਵੱਡਾ ਕਾਰਨ ਹੈ ਅਤੇ ਇਸ ਸ਼ੈਤਾਨ ਨੂੰ ਕਾਬੂ ਕਰਨ ਲਈ ਕਈ ਨਵੀਆਂ ਵਿਧੀਆਂ ਸਾਹਮਣੇ ਆ ਰਹੀਆਂ ਹਨ।
‘ਪੰਜਾਬ ਸਰਕਾਰ ਤੁਹਾਡੇ ਦੁਆਰ’ ਤਹਿਤ ਗੁਰੂਸਰ ਮਹਿਰਾਜ ਵਿਖੇ ਕੈਂਪ ਆਯੋਜਿਤ
ਸੂਬਾ ਸਰਕਾਰ ਲੋਕਾਂ ਦੇ ਦਰਾਂ ਤੇ ਜਾ ਕੇ ਉਨ੍ਹਾਂ ਦੀ ਸਮੱਸਿਆਵਾਂ ਦਾ ਹੱਲ ਕਰਨ ਲਈ ਵਚਨਬੱਧ
ਸੁਖਜਿੰਦਰ ਮਾਨ
ਬਠਿੰਡਾ, 29 ਮਾਰਚ : ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਲੀ ਵਾਲੀ ਸੂਬਾ ਸਰਕਾਰ ਆਮ ਲੋਕਾਂ ਦੀਆਂ ਸਮੱਸਿਆਵਾਂ ਦਾ ਨਿਪਟਾਰਾ ਉਨ੍ਹਾਂ ਦੇ ਦਰਾਂ ਤੇ ਜਾ ਕੇ ਹੱਲ ਕਰਨ ਲਈ ਯਤਨਸ਼ੀਲ ਤੇ ਵਚਨਬੱਧ ਹੈ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਉਪ ਮੰਡਲ ਮੈਜਿਸਟਰੇਟ ਰਾਮਪੁਰਾ ਫੂਲ ਸ੍ਰੀ ਓਮ ਪ੍ਰਕਾਸ਼ ਨੇ ‘ਪੰਜਾਬ ਸਰਕਾਰ ਤੁਹਾਡੇ ਦੁਆਰ’ ਦੀ ਲੜੀ ਤਹਿਤ ਪਿੰਡ ਗੁਰੂਸਰ ਮਹਿਰਾਜ ਵਿਖੇ ਲਗਾਏ ਗਏ ਕੈਂਪ ਦੌਰਾਨ ਲੋਕਾਂ ਦੀਆਂ ਸ਼ਿਕਾਇਤਾਂ ਸੁਣਨ ਮੌਕੇ ਕੀਤਾ। ਕੈਂਪ ਦੌਰਾਨ ਸ੍ਰੀ ਓਮ ਪ੍ਰਕਾਸ਼ ਵੱਲੋਂ ਰਾਮਪੁਰਾ ਫੂਲ ਦੇ ਪਿੰਡ ਗੁਰੂਸਰ-ਮਹਿਰਾਜ ਵਿਖੇ ਮਹਿਰਾਜ ਗ੍ਰਾਮ ਪੰਚਾਇਤ ਕੋਠੇ ਮੱਲੂਆਣਾ, ਕੋਠੇ ਟੱਲਵਾਲੀ, ਕੋਠੇ ਮਹਾਂ ਸਿੰਘ, ਕੋਠੇ ਹਿੰਮਤਪੁਰਾ, ਮਹਿਰਾਜ ਖੁਰਦ ਅਤੇ ਕੋਠੇ ਰੱਥੜੀਆਂ ਦੇ ਲੋਕਾਂ ਦੀਆਂ ਸਾਂਝੀਆਂ ਅਤੇ ਨਿੱਜੀ ਸਮੱਸਿਆਵਾਂ ਸੁਣੀਆਂ ਗਈਆਂ। ਇਸ ਦੌਰਾਨ ਵੱਖ-ਵੱਖ ਵਿਭਾਗਾਂ ਵੱਲੋਂ ਕਾਊਂਟਰ ਲਗਾ ਕੇ ਆਪੋ-ਆਪਣੇ ਵਿਭਾਗ ਨਾਲ ਸਬੰਧਤ ਲੋਕ ਭਲਾਈ ਸਕੀਮਾਂ ਬਾਰੇ ਵੀ ਆਮ ਲੋਕਾਂ ਨੂੰ ਜਾਗਰੂਕ ਕਰਵਾਉਣ ਦੇ ਨਾਲ-ਨਾਲ ਲੋੜਵੰਦ ਲੋਕਾਂ ਦੇ ਮੌਕੇ ਤੇ ਫਾਰਮ ਵੀ ਭਰੇ ਗਏ। ਇਸ ਤੋਂ ਇਲਾਵਾ ਉਨ੍ਹਾਂ ਨੇ ਅੰਮ੍ਰਿਤ ਸਰੋਵਰ ਸਕੀਮ ਤਹਿਤ ਬਣਾਏ ਜਾ ਰਹੇ ਛੱਪੜ ਦਾ ਮੌਕਾ ਦੇਖਿਆ ਅਤੇ ਕੰਮ ਨੂੰ ਤੈਅ ਸਮੇਂ ਅਨੁਸਾਰ ਮੁਕੰਮਲ ਕਰਨ ਲਈ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ। ਇਸ ਮੌਕੇ ਉਪ ਮੰਡਲ ਮੈਜਿਸਟਰੇਟ ਨੇ ਦੱਸਿਆ ਕਿ ਇਸ ਕੈਂਪ ਦੌਰਾਨ ਵੱਖ-ਵੱਖ ਤਰ੍ਹਾਂ ਦੀਆਂ ਸਮੱਸਿਆਵਾਂ ਸਬੰਧੀ ਆਮ ਲੋਕਾਂ ਵੱਲੋਂ 15 ਦਰਖ਼ਾਸਤਾਂ ਪ੍ਰਾਪਤ ਹੋਈਆਂ, ਜਿੰਨ੍ਹਾਂ ਵਿੱਚੋਂ ਬਹੁਤੀਆਂ ਸਮੱਸਿਆਵਾਂ ਦਾ ਮੌਕੇ ਤੇ ਹੀ ਨਿਪਟਾਰਾ ਕਰ ਦਿੱਤਾ ਗਿਆ ਅਤੇ ਬਾਕੀ ਦੀਆਂ ਰਹਿੰਦੀਆਂ ਸਮੱਸਿਆਵਾਂ ਦਾ ਇੱਕ ਹਫ਼ਤੇ ਅੰਦਰ ਹੱਲ ਕਰਨ ਲਈ ਸਬੰਧਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ। ਇਸ ਮੌਕੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ, ਉਨ੍ਹਾਂ ਦੇ ਨੁਮਾਇੰਦੇ ਤੇ ਸਬੰਧਤ ਪਿੰਡਾਂ ਦੇ ਪੰਚ, ਸਰਪੰਚ ਅਤੇ ਹੋਰ ਮੋਹਤਬਰ ਤੇ ਪਿੰਡ ਵਾਸੀ ਆਦਿ ਹਾਜ਼ਰ ਸਨ।
ਜ਼ਿਲ੍ਹਾ ਅਥਲੈਟਿਕ ਐਸੋਸੀਏਸ਼ਨ ਦੀ ਹੋਈ ਚੋਣ ’ਚ ਕੇ.ਪੀ.ਐਸ ਬਰਾੜ ਪ੍ਰਧਾਨ ਬਣੇ
ਸੁਖਜਿੰਦਰ ਮਾਨ
ਬਠਿੰਡਾ, 29 ਮਾਰਚ: ਪੰਜਾਬ ਐਥਲੈਟਿਕਸ ਐਸੋਸੀਏਸ਼ਨ ਵੱਲੋਂ ਅੱਜ ਜ਼ਿਲ੍ਹਾ ਬਠਿੰਡਾ ਐਥਲੈਟਿਕਸ ਐਸੋਸੀਏਸ਼ਨ ਦੀ ਚੋਣ ਕੀਤੀ ਗਈ । ਸਥਾਨਕ ਸਰਕਾਰੀ ਰਾਜਿੰਦਰਾ ਕਾਲਜ ਦੇ ਖੇਡ ਮੈਦਾਨ ਵਿਖੇ ਹੋਈ ਇਸ ਚੋਣ ਨੂੰ ਨੇਪਰੇ ਚਾੜ੍ਹਨ ਲਈ ਫ਼ਾਜ਼ਿਲਕਾ ਜ਼ਿਲ੍ਹੇ ਦੇ ਪ੍ਰਧਾਨ ਜਸਪਿੰਦਰ ਸਿੰਘ ਜਾਖੜ ਵਿਸ਼ੇਸ਼ ਤੋਰ ਤੇ ਮੁੱਖ ਅਬਜ਼ਰਵਰ ਵਜੋਂ ਪੁੱਜੇ। ਇਸ ਮੌਕੇ ਸੀਨੀਅਰ ਖਿਡਾਰੀਆ ਅਤੇ ਸਪੋਰਟਸ ਪ੍ਰਤੀਨਿਧ ਦੀ ਅਗਵਾਈ ਹੇਠ ਨੇਪਰੇ ਚਾੜ੍ਹੀ ਗਈ ਚੋਣ ਵਿਚ ਕੇ.ਪੀ.ਐਸ ਬਰਾੜ ਨੂੰ ਜ਼ਿਲ੍ਹਾ ਪ੍ਰਧਾਨ ਚੁਣਿਆ ਗਿਆ ਜਦੋਂ ਕਿ ਅਮਰਵੀਰ ਸਿੰਘ ਲਾਡੀ ਗਰੇਵਾਲ ਨੂੰ ਜਰਨਲ ਸੈਕਟਰੀ ਅਤੇ ਮਨਜੀਤ ਸਿੰਘ ਦੀ ਖ਼ਜ਼ਾਨਚੀ ਵਜੋਂ ਚੋਣ ਕੀਤੀ ਗਈ। ਇਸ ਮੌਕੇ ਦਰਸਨ ਸਿੰਘ, ਕੁਲਵਿੰਦਰ ਸਿੰਘ ਸਿੱਧੂ, ਜਸਕਰਨ ਸਿੰਘ ਮਛਾਣਾ, ਹਰਨੇਕ ਸਿੰਘ ਸਾਬਕਾ ਏ.ਈ.ਓ, ਰਘਵੀਰ ਚੰਦ ਸ਼ਰਮਾ, ਰਮਨਦੀਪ ਸਿੰਘ ਗਿੱਲ, ਬਲਜੀਤ ਸਿੰਘ, ਪਰਮਜੀਤ ਸਿੰਘ ਸੇਖੋ, ਸੁਖਵਿੰਦਰ ਸਿੰਘ ਤੇ ਸੁਖਜੀਤ ਕੌਰ ਆਦਿ ਹਾਜ਼ਰ ਸਨ।
ਬਠਿੰਡਾ ਪੁਲਿਸ ਵਲੋਂ ਗੈਸ ਕੰਪਨੀਆਂ ਦੀਆਂ ਗੱਡੀਆਂ ਤੋਂ ਸਿਲੰਡਰ ਚੋਰੀਆਂ ਕਰਨ ਵਾਲਾ ਗਿਰੋਹ ਕਾਬੂ
ਚਾਰ ਕਾਬੂ, 38 ਸਿਲੰਡਰ ਬਰਾਮਦ
ਸੁਖਜਿੰਦਰ ਮਾਨ
ਬਠਿੰਡਾ, 29 ਮਾਰਚ : ਸਥਾਨਕ ਥਾਣਾ ਸਿਵਲ ਲਾਈਨ ਦੀ ਪੁਲਿਸ ਨੇ ਗੈਸ ਕੰਪਨੀਆਂ ਦੀਆਂ ਗੱਡੀਆਂ ਤੋਂ ਗੈਸ ਸਿਲੰਡਰ ਚੋਰੀ ਕਰਨ ਵਾਲੇ ਇੱਕ ਗਿਰੋਹ ਦਾ ਪਰਦਾਫ਼ਾਸ ਕਰਦਿਆਂ ਇਸਦੇ ਚਾਰ ਮੈਂਬਰਾਂ ਨੂੰ ਕਾਬੂ ਕਰਕੇ ਉਨ੍ਹਾਂ ਕੋਲੋ 38 ਸਿਲੰਡਰ ਬਰਾਮਦ ਕਰਵਾਏ ਹਨ। ਅੱਜ ਇੱਥੇ ਮਾਮਲੇ ਦੀ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਇੰਸਪੈਕਟਰ ਯਾਦਵਿੰਦਰ ਸਿੰਘ ਨੇ ਦਸਿਆ ਕਿ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਜਸਪਾਲ ਸਿੰਘ ਉਰਫ ਸਾਹਿਲ ਵਾਸੀ ਆਦਰਸ਼ ਨਗਰ,ਅਜੈ ਕੁਮਾਰ ਉਰਫ ਕਾਕੂ ਵਾਸੀ ਹਜੂਰਾ ਕਪੂਰਾ ਕਲੋਨੀ, ਗੁਰਸੇਵਕ ਸਿੰਘ ਵਾਸੀ ਪਿੰਡ ਜੋਗਾਨੰਦ, ਗੁਰਦੀਪ ਸਿੰਘ ਉਰਫ ਕਾਲੀ ਵਾਸੀ ਨੈਸ਼ਨਲ ਕਲੋਨੀ ਬਠਿੰਡਾ ਵਲੋਂ ਇੱਕ ਗਿਰੋਹ ਬਣਾਇਆ ਹੋਇਆ ਹੈ। ਇਸ ਗਿਰੋਹ ਦੇ ਮੈਂਬਰਾਂ ਵਲੋਂ ਗੈਸ ਸਿਲੰਡਰ ਚੋਰੀ ਕਰਕੇ ਅੱਗੇ ਵੇਚ ਦਿੱਤੇ ਜਾਂਦੇ ਹਨ। ਥਾਣਾ ਮੁਖੀ ਨੇ ਦਸਿਆ ਕਿ ਮੁਢਲੀ ਪੁਛਗਿਛ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਇਸ ਗਿਰੋਹ ਵਲੋਂ ਲੋਕਾਂ ਦੇ ਘਰਾਂ ’ਚ ਗੈਸ ਸਿਲੰਡਰ ਸਪਲਾਈ ਕਰਨ ਜਾਂਦੀਆਂ ਗੱਡੀਆਂ ਦਾ ਪਿੱਛਾ ਕੀਤਾ ਜਾਂਦਾ ਸੀ। ਇਸ ਦੌਰਾਨ ਜਦ ਡਿਲਵਰੀ ਵਾਲਾ ਲੜਕਾ ਸਿਲੰਡਰ ਘਰ ਦੇ ਅੰਦਰ ਰੱਖਣ ਚਲਾ ਜਾਂਦਾ ਸੀ ਤਾਂ ਇੰਨ੍ਹਾਂ ਵਲੋਂ ਗੱਡੀ ਵਿੱਚੋਂ ਸਿਲੰਡਰ ਚੋਰੀ ਕਰ ਲਏ ਜਾਂਦੇ ਸਨ। ਪੁਲਿਸ ਅਧਿਕਾਰੀਆਂ ਮੁਤਾਬਕ ਕਥਿਤ ਦੋਸ਼ੀ ਇਹ ਚੋਰੀਆਂ ਨਸ਼ੇ ਦੇ ਪੂਰਤੀ ਲਈ ਹੀ ਕਰਦੇ ਸਨ। ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ। ਪੁਲਿਸ ਅਧਿਕਾਰੀਆਂ ਮੁਤਾਬਕ ਜਸਪਾਲ ਉਰਫ ਸਾਹਿਲ ਤਿੰਨ ਮੁਕੱਦਮੇ ਅਤੇ ਅਜੇ ਕੁਮਾਰ ਉਰਫ਼ ਕਾਕੂ ਵਿਰੁਧ ਇੱਕ ਕੇਸ ਪਹਿਲਾਂ ਵੀ ਦਰਜ਼ ਹਨ।
ਪੰਜਾਬੀ ਯੂਨੀਵਰਸਿਟੀ ਦੇ ਖੇਤਰੀ ਕੇਂਦਰ ’ਚ ਸਾਲਾਨਾ ਅਥਲੈਟਿਕ ਮੀਟ ਦਾ ਆਯੋਜਨ
ਸੁਖਜਿੰਦਰ ਮਾਨ
ਬਠਿੰਡਾ, 29 ਮਾਰਚ: ਪੰਜਾਬੀ ਯੂਨੀਵਰਸਿਟੀ ਦੇ ਸਥਾਨਕ ਖੇਤਰੀ ਕੇਂਦਰ ਵਿਖੇ ਐਜ਼ੂਕੇਸ਼ਨ ਵਿਭਾਗ ਵੱਲੋਂ 22ਵੀਂ ਸਾਲਾਨਾ ਅਥਲੈਟਿਕ ਮੀਟ ਦਾ ਆਯੋਜ਼ਨ ਕੀਤਾ ਗਿਆ। ਜਿਸ ਦਾ ਆਗਾਜ਼ ਸਟੇਟ ਬੈਂਕ ਆਫ ਇੰਡੀਆ ਦੇ ਰਿਜਨਲ ਮੈਨੇਜਰ ਮਨਜੀਤ ਸਿੰਘ ਨੇ ਕੀਤਾ। ਇਸ ਮੌਕੇ ਹਰਵਿੰਦਰ ਸਿੰਘ ਨੇ ਅਥਲੈਟਿਕ ਮੀਟ ਵਿੱਚ ਭਾਗ ਲੈ ਰਹੇ ਸਮੂਹ ਬੀ.ਐਡ. ਅਤੇ ਐਮ.ਐਡ ਦੇ ਵਿਦਿਆਰਥੀਆਂ ਨੂੰ ਸੱਚੇ ਖਿਡਾਰੀ ਵੱਜੋਂ ਭਾਗ ਲੈਣ ਲਈ ਉਤਸ਼ਾਹਿਤ ਕੀਤਾ। ਐਜੂਕੇਸ਼ਨ ਵਿਭਾਗ ਦੇ ਸਮੂਹ ਬੀ.ਐਡ. ਅਤੇ ਐਮ.ਐਡ. ਦੇ ਵਿਦਿਆਰਥੀਆਂ ਨੇ ਅਥਲੈਟਿਕ ਮੀਟ ਦੌਰਾਨ ਕਰਵਾਈਆਂ ਜਾ ਰਹੀਆਂ ਵੱਖ-ਵੱਖ ਆਈਟਮਾਂ ਜਿਵੇਂ ਕਿ 100 ਮੀਟਰ, 200 ਮੀਟਰ, 400 ਮੀਟਰ ਦੌੜਾਂ, ਗੋਲਾ ਸੁੱਟਣਾ, ਲੰਬੀ ਛਾਲ, ਡਿਸਕਸ ਥਰੋ ਆਦਿ ਵਿੱਚ ਭਾਗ ਲਿਆ। 100 ਮੀਟਰ ਲੜਕਿਆਂ ਦੀ ਦੌੜ ਵਿੱਚ ਪਹਿਲਾ ਸਥਾਨ ਬਲਦੀਪ ਸਿੰਘ, ਦੂਜਾ ਸਥਾਨ ਵਰਿੰਦਰਜੀਤ ਸਿੰਘ ਅਤੇ ਤੀਜਾ ਸਥਾਨ ਜਲੰਧਰ ਸਿੰਘ ਨੇ ਪ੍ਰਾਪਤ ਕੀਤਾ। 200 ਮੀਟਰ ਲੜਕਿਆਂ ਦੀ ਦੌੜ ਵਿੱਚ ਪਹਿਲਾ ਸਥਾਨ ਰਮਨਦੀਪ ਸਿੰਘ ਦੂਜਾ ਸਥਾਨ ਬਲਦੀਪ ਸਿੰਘ ਅਤੇ ਤੀਜਾ ਸਥਾਨ ਗੁਰਪ੍ਰੀਤ ਸਿੰਘ ਨੇ ਪ੍ਰਾਪਤ ਕੀਤਾ। 100 ਮੀਟਰ ਲੜਕਿਆਂ ਦੀ ਦੌੜ ਵਿੱਚ ਪਹਿਲਾ ਸਥਾਨ ਰਮਨਦੀਪ ਸਿੰਘ ਦੂਜਾ ਸਥਾਨ ਹਰਜੀਤ ਸਿੰਘ ਅਤੇ ਤੀਜਾ ਸਥਾਨ ਜਗਤਾਰ ਸਿੰਘ ਨੇ ਪ੍ਰਾਪਤ ਕੀਤਾ। ਇਸੇ ਤਰ੍ਹਾਂ ਲੜਕੀਆਂ ਦੀ 400 ਮੀਟਰ ਰੇਸ ਵਿਚ ਪਹਿਲਾ ਸਥਾਨ ਸੁਖਜਿੰਦਰ ਕੌਰ ਦੂਜਾ ਸਥਾਨ ਰਜਿੰਦਰ ਕੌਰ ਅਤੇ ਤੀਜਾ ਸਥਾਨ ਨਵਜੀਤ ਕੌਰ ਨੇ ਪ੍ਰਾਪਤ ਕੀਤਾ। 200 ਮੀਟਰ ਰੇਸ ਵਿਚ ਪਹਿਲਾ ਸਥਾਨ ਨਵਜੀਤ ਕੌਰ ਦੂਜਾ ਸਥਾਨ ਸਿਮਰਜੀਤ ਕੌਰ ਅਤੇ ਤੀਜਾ ਸਥਾਨ ਵੀਰਪਾਲ ਕੌਰ ਨੇ ਪ੍ਰਾਪਤ ਕੀਤਾ। 100 ਮੀਟਰ ਰੇਸ ਲੜਕੀਆਂ ਵਿਚ ਪਹਿਲਾ ਸਥਾਨ ਰਜਿੰਦਰ ਕੌਰ ਦੂਜਾ ਸਥਾਨ ਵੀਰਪਾਲ ਕੌਰ ਅਤੇ ਤੀਜਾ ਸਥਾਨ ਬੇਅੰਤ ਕੌਰ ਨੇ ਪ੍ਰਾਪਤ ਕੀਤਾ। ਇਸ ਤੋਂ ਇਲਾਵਾ ਲੜਕਿਆਂ ਦੀ ਲੰਬੀ ਛਾਲ ਵਿਚ ਪਹਿਲਾ ਸਥਾਨ ਹਰਜੀਤ ਸਿੰਘ ਦੂਜਾ ਸਥਾਨ ਰਮਨਦੀਪ ਸਿੰਘ ਅਤੇ ਤੀਜਾ ਸਥਾਨ ਵਰਿੰਦਰਜੀਤ ਸਿੰਘ ਨੇ ਪ੍ਰਾਪਤ ਕੀਤਾ। ਲੜਕੀਆਂ ਦੀ ਲੰਬੀ ਛਾਲ ਪ੍ਰਤੀਯੋਗਿਤਾ ਵਿਚ ਪਹਿਲਾ ਸਥਾਨ ਨਵਜੀਤ ਕੌਰ ਦੂਜਾ ਸਥਾਨ ਬੇਅੰਤ ਕੌਰ ਅਤੇ ਤੀਜਾ ਸਥਾਨ ਰਜਿੰਦਰ ਕੌਰ ਨੇ ਪ੍ਰਾਪਤ ਕੀਤਾ। ਲੜਕਿਆਂ ਦੇ ਗੋਲਾ ਸੁੱਟਣ ਦੇ ਮੁਕਾਬਲੇ ਵਿਚ ਪਹਿਲਾ ਸਥਾਨ ਵਰਿੰਦਰਜੀਤ ਸਿੰਘ ਦੂਜਾ ਸਥਾਨ ਹਰਵਿੰਦਰ ਸਿੰਘ ਅਤੇ ਤੀਜਾ ਸਥਾਨ ਸੁਖਪ੍ਰੀਤ ਸਿੰਘ ਨੇ ਪ੍ਰਾਪਤ ਕੀਤਾ। ਲੜਕੀਆਂ ਦੇ ਗੋਲਾ ਸੁੱਟਣ ਦੇ ਮੁਕਾਬਲੇ ਵਿਚ ਪਹਿਲਾ ਸਥਾਨ ਸੁਖਜਿੰਦਰ ਕੌਰ ਦੂਜਾ ਸਥਾਨ ਸੁਖਜਿੰਦਰ ਕੌਰ ਅਤੇ ਤੀਜਾ ਸਥਾਨ ਬੇਅੰਤ ਕੌਰ ਨੇ ਪ੍ਰਾਪਤ ਕੀਤਾ। ਇਸ ਅਥਲੈਟਿਕ ਮੀਟ ਵਿਚ ਲੜਕੀਆਂ ਦੀ ਚਾਟੀ ਰੇਸ, ਨਿੰਬੂ ਰੇਸ, ਤਿੰਨ ਟੰਗੀ ਰੇਸ ਅਤੇ ਰੱਸਾ ਕੱਸੀ ਮੁੱਖ ਆਕਰਸ਼ਨ ਦਾ ਕੇਂਦਰ ਰਹੀਆਂ ਅਤੇ ਸਾਰੇ ਵਿਦਿਆਰਥੀਆਂ ਨੇ ਇਸ ਦਾ ਭਰਪੂਰ ਆਨੰਦ ਮਾਣਿਆ। ਡਾ. ਜੇ.ਐਸ. ਹੁੰਦਲ ਡਾਇਰੈਕਟਰ ਰੀਜਨਲ ਸੈਂਟਰ ਅਤੇ ਸ੍ਰੀ ਵਿਵੇਕ ਕੁਮਾਰ (ਮੈਨੇਜਰ ਸਟੇਟ ਬੈਂਕ ਆਫ ਇੰਡੀਆ) ਨੇ ਜੇਤੂ ਵਿਦਿਆਰਥੀਆਂ ਨੂੰ ਇਨਾਮ ਤਕਸੀਮ ਕੀਤੇ ਅਤੇ ਵਿਦਿਆਰਥੀਆਂ ਦੀ ਹੌਂਸਲਾ ਵਧਾਈ ਵੀ ਕੀਤੀ। ਡਾ. ਰਕਸ਼ਿਦਰ ਕੌਰ ਮੁਖੀ ਐਜੂਕੇਸ਼ਨ ਵਿਭਾਗ ਨੇ ਆਏ ਹੋਏ ਮੁੱਖ ਮਹਿਮਾਨ ਅਤੇ ਹੋਰ ਮਹਿਮਾਨਾਂ ਦਾ ਧੰਨਵਾਦ ਕੀਤਾ। ਅਮਰਵੀਰ ਸਿੰਘ ਗਰੇਵਾਲ ਕੋ-ਆਰਡੀਨੇਟਰ ਅਥਲੈਟਿਕ ਮੀਟ ਨੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੱਤੀ। ਇਸ ਅਥਲੈਟਿਕ ਮੀਟ ਵਿੱਚ ਹੋਰਨਾਂ ਤੋਂ ਇਲਾਵਾ ਡਾ. ਕਮਲਜੀਤ ਸਿੰਘ, ਡਾ. ਸੁਰਜੀਤ ਸਿੰਘ, ਡਾ. ਮਨਦੀਪ ਕੌਰ, ਸ੍ਰੀਮਤੀ ਨਿਰਮਲ ਕੌਰ, ਸ. ਅਵਤਾਰ ਸਿੰਘ, ਸ. ਸੁੱਚਾ ਸਿੰਘ, ਸ੍ਰੀ ਸੁਭਾਸ਼ ਚੰਦਰ, ਸ੍ਰੀ ਵਰਿੰਦਰਪਾਲ ਸਿੰਘ, ਸ. ਗੁਰਵਿੰਦਰ ਸਿੰਘ, ਸ੍ਰੀ ਮਹਿੰਦਰਪਾਲ ਅਤੇ ਸ. ਸੁਰਿੰਦਰ ਸਿੰਘ ਨੇ ਸ਼ਿਰਕਤ ਕੀਤੀ।ਮੰਚ ਸੰਚਾਲਨ ਸ੍ਰੀਮਤੀ ਨਿਰਮਲ ਕੌਰ ਅਤੇ ਸ੍ਰੀਮਤੀ ਸੁਖਰਾਜਿੰਦਰ ਕੌਰ ਵਲੋਂ ਕੀਤਾ ਗਿਆ। ਮਿਸਟਰ ਰਮਨਦੀਪ ਸਿੰਘ ਅਤੇ ਮਿਸ ਨਵਜੀਤ ਕੌਰ ਨੂੰ ਕ੍ਰਮਵਾਰ ਲੜਕਿਆਂ ਅਤੇ ਲੜਕੀਆਂ ਦੇ ਵਰਗ ਵਿੱਚੋ ਸਰਵੋਤਮ ਐਥਲੀਟ ਚੁਣਿਆ ਗਿਆ।
ਬਾਬਾ ਫ਼ਰੀਦ ਕਾਲਜ ਦੇ ਵਿਦਿਆਰਥੀਆਂ ਨੇ ਸ਼੍ਰੀ ਅਨੰਤ ਅਨਾਥ ਆਸ਼ਰਮ ਦਾ ਕੀਤਾ ਦੌਰਾ
ਸੁਖਜਿੰਦਰ ਮਾਨ
ਬਠਿੰਡਾ, 29 ਮਾਰਚ: ਬਾਬਾ ਫ਼ਰੀਦ ਕਾਲਜ ਆਫ਼ ਮੈਨੇਜਮੈਂਟ ਐਂਡ ਟੈਕਨਾਲੋਜੀ ਦੇ ਐਨ. ਐਸ. ਐਸ. ਵਲੰਟੀਅਰਾਂ ਦੀ ਟੀਮ ਨੇ ਰੈੱਡ ਕਰਾਸ ਅਤੇ ਸੇਂਟ ਜੌਹਨ ਐਂਬੂਲੈਂਸ ਬਠਿੰਡਾ ਦੇ ਸਹਿਯੋਗ ਨਾਲ ’ਅੰਤਰਰਾਸ਼ਟਰੀ ਖ਼ੁਸ਼ੀ ਦਿਵਸ’ ਮੌਕੇ ਸ਼੍ਰੀ ਅਨੰਤ ਅਨਾਥ ਆਸ਼ਰਮ ਦਾ ਦੌਰਾ ਕੀਤਾ। ਇਸ ਆਸ਼ਰਮ ਵਿੱਚ 8 ਤੋਂ 14 ਸਾਲ ਦੀ ਉਮਰ ਦੇ 10 ਲੜਕੇ ਅਤੇ 4 ਮਹੀਨੇ ਤੋਂ ਘੱਟ ਉਮਰ ਦੇ 3 ਬੱਚੇ ਰਹਿ ਰਹੇ ਹਨ। ਐਨ. ਐਸ. ਐਸ. ਦੇ 35 ਵਲੰਟੀਅਰਾਂ ਨੇ ਆਸ਼ਰਮ ਪਹੁੰਚ ਕੇ ਉਨ੍ਹਾਂ ਨੂੰ ਸਟੇਸ਼ਨਰੀ, ਕੱਪੜੇ, ਫਲ, ਮਠਿਆਈ, ਖਿਡੌਣੇ, ਪ੍ਰੇਰਨਾਦਾਇਕ ਕਿਤਾਬਾਂ ਅਤੇ ਹੋਰ ਲੋੜੀਂਦਾ ਸਾਮਾਨ ਭੇਂਟ ਕੀਤਾ। ਬਾਬਾ ਫ਼ਰੀਦ ਕਾਲਜ ਆਫ਼ ਮੈਨੇਜਮੈਂਟ ਐਂਡ ਟੈਕਨਾਲੋਜੀ ਦੇ ਵਿਦਿਆਰਥੀਆਂ ਨੂੰ ਮਿਲ ਕੇ ਆਸ਼ਰਮ ਦੇ ਬੱਚੇ ਬਹੁਤ ਖ਼ੁਸ਼ ਨਜ਼ਰ ਆਏ। ਵਿਦਿਆਰਥੀਆਂ ਨੇ ਉਨ੍ਹਾਂ ਨਾਲ ਇੱਕ ਵੱਖਰੀ ਮਜ਼ਾਕੀਆ ਗੇਮ ਖੇਡ ਕੇ ਉਨ੍ਹਾਂ ਨੂੰ ਬਹੁਤ ਹਸਾਇਆ। ਇਸ ਮੌਕੇ ਇੱਕ ਪੇਂਟਿੰਗ ਮੁਕਾਬਲਾ ਵੀ ਕਰਵਾਇਆ ਗਿਆ। ਐਨ.ਐਸ.ਐਸ. ਕੋਆਰਡੀਨੇਟਰ ਸ੍ਰੀ ਸਾਹਿਲ ਸਿਡਾਨਾ ਨੇ ਅਨਾਥ ਬੱਚਿਆਂ ਨੂੰ ਪੜ੍ਹਾਈ ਦੀ ਲੋੜ ਅਤੇ ਮਹੱਤਤਾ ਬਾਰੇ ਪ੍ਰੇਰਿਤ ਕੀਤਾ। ਆਸ਼ਰਮ ਦੇ ਪ੍ਰਬੰਧਕਾਂ ਅਤੇ ਨੌਜਵਾਨਾਂ ਵੱਲੋਂ ਐਨ. ਐਸ. ਐਸ. ਟੀਮ ਦਾ ਧੰਨਵਾਦ ਕੀਤਾ।ਬੀ.ਐਫ.ਜੀ.ਆਈ. ਦੇ ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ ਅਤੇ ਬਾਬਾ ਫ਼ਰੀਦ ਕਾਲਜ ਆਫ਼ ਮੈਨੇਜਮੈਂਟ ਐਂਡ ਟੈਕਨਾਲੋਜੀ ਦੇ ਵਾਈਸ ਪ੍ਰਿੰਸੀਪਲ ਡਾ. ਸਚਿਨ ਦੇਵ ਨੇ ਇਸ ਗਤੀਵਿਧੀ ਲਈ ਐਨ. ਐਸ. ਐਸ. ਯੂਨਿਟ ਦੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ।
ਰਾਸ਼ਟਰੀ ਵਿਕਲਾਂਗ ਐਸੋਸੀਏਸ਼ਨ ਨੇ ਅਪਣੀਆਂ ਮੰਗਾਂ ਸਬੰਧੀ ਡੀਸੀ ਨੂੰ ਦਿੱਤਾ ਮੰਗ ਪੱਤਰ
ਸੁਖਜਿੰਦਰ ਮਾਨ
ਬਠਿੰਡਾ, 29 ਮਾਰਚ: ਰਾਸ਼ਟਰੀ ਵਿਕਲਾਂਗ ਐਸੋਸੀਏਸ਼ਨ ਪੰਜਾਬ ਵੱਲੋਂ ਅਪਣੀਆਂ ਮੰਗਾਂ ਦੇ ਸਬੰਧ ਵਿਚ ਡਿਪਟੀ ਕਮਿਸ਼ਨਰ ਸੌਕਤ ਅਹਿਮਦ ਪਰੇ ਨੂੰ ਇੱਕ ਮੰਗ ਪੱਤਰ ਦਿੱਤਾ, ਜਿਸ ਵਿਚ ਉਨ੍ਹਾਂ ਦੀਆਂ ਮੁਸ਼ਕਿਲਾਂ ਨੂੰ ਹੱਲ ਕਰਨ ਦੀ ਅਪੀਲ ਕੀਤੀ ਗਈ। ਜਾਣਕਾਰੀ ਦਿੰਦਿਆਂ ਅਜੈ ਕੁਮਾਰ ਸਾਂਸੀ (ਸਟੇਟ ਜੁਆਇੰਟ ਸੈਕਟਰੀ ਪੰਜਾਬ), ਲੱਖਾ ਸਿੰਘ(ਜਿਲਾ ਪ੍ਰਧਾਨ ਬਠਿੰਡਾ), ਬਲਜਿੰਦਰ ਸਿੰਘ, ਕਿਰਨ ਜੀਤ ਕੌਰ, ਵਿਜੈ ਕੁਮਾਰ ਆਦਿ ਨੇ ਅਪਣੀਆਂ ਮੰਗਾਂ ਸਬੰਧੀ ਦਸਿਆ ਕਿ ਅੰਗਹੀਣਾ ਦੀਆਂ ਏ.ਬੀ.ਸੀ.ਅਤੇ ਡੀ ਗਰੇਡ ਦੀਆਂ ਅਸਾਮੀਆਂ ਦਾ ਬੈਕਲਾਗ ਜਲਦ ਤੋਂ ਜਲਦ ਭਰਨ ਸਬੰਧੀ, ਜਿਨ੍ਹਾਂ ਅੰਗਹੀਣ ਭੈਣ ਭਰਾਵਾਂ ਦੇ ਰਾਸ਼ਨ ਕਾਰਡ ਕੱਟੇ ਗਏ ਹਨ, ਉਨ੍ਹਾਂ ਨੂੰ ਬਹਾਲ ਕਰਨ, ਜਰੂਰਤਮੰਦਾਂ ਦੇ ਅੰਗਹੀਣ ਸਰਟੀਫਿਕੇਟ ਨਵੇਂ ਬਣਾਉਣ, ਅੰਗਹੀਣ ਪੈਨਸ਼ਨ 1500 ਰੁਪਏ ਤੋਂ ਵਧਾ ਕੇ 5000/- ਰੁਪਏ ਕਰਨ, ਸਰਕਾਰੀ ਅਸਾਮੀਆਂ ਅਪਲਾਈ ਕਰਨ ਸਬੰਧੀ ਪੂਰੀ ਫੀਸ ਮੁਆਫ਼ ਕਰਨ, ਬੱਸ ਕਿਰਾਇਆ (40% ਅੰਗਹੀਣਾਂ ਤੋਂ ਲੈ ਕੇ 100% ਤੱਕ ਪੂਰਾ ਮੁਆਫ ਕਰਨ, ਅੰਗਹੀਣ ਸਰਟੀਫਿਕੇਟ ਦੇ ਅਧਾਰ ਤੇ ਪਹਿਲਾਂ ਤੋਂ ਨੌਕਰੀ ਤੇ ਲੱਗੇ ਵਿਅਕਤੀਆਂ ਦੇ ਸਰਟੀਫਿਕੇਟਾਂ ਦੀ ਜਾਂਚ ਕਰਵਾਉਣ, ਅੰਗਹੀਣਾ ਨੂੰ ਆਪਣਾ ਸਵੈ-ਰੁਜਗਾਰ ਚਲਾਉਣ ਲਈ ਦੋ ਲੱਖ ਤੱਕ ਦਾ ਕਰਜ ਬਿਨਾ ਵਿਆਜ ਤੋਂ ਦੇਣ, ਅਗਹੀਣ ਐਕਟ 2016 ਗਰਾਊਡ ਪੱਧਰ ਤੇ ਲਾਗੂ ਕਰ, ਅੰਗਹੀਣਾ ਤੇ ਲਟਕਦੇ ਮਸਲੇ ਜਲਦੀ ਤੋਂ ਜਲਦੀ ਬਿਨਾ ਪੱਖ-ਪਾਤ ਦੇ ਹੱਲ ਕਰਵਾਉਣ, ਸਰਕਾਰੀ ਦਫਤਰਾਂ ਵਿੱਚ ਅੰਗਹੀਣਾਂ ਦਾ ਕੰਮ ਪਹਿਲ ਦੇ ਅਧਾਰ ਤੇ ਕਰ, ਇਲਾਜ ਸਬੰਧੀ ਅਲੱਗ ਤੌਰ ਤੇ ਪੰਜ ਲੱਖ ਤੱਕ ਦਾ ਹੈਲਥ ਕਾਰਡ ਬਣਾਇਆ ਜਾਵੇ ਅਤੇ 40% ਅੰਗਹੀਣਤਾ ਤੋਂ ਸ਼ੁਰੂ ਕਰਨ,ਐਜੂਕੇਸ਼ਨ ਅਤੇ ਇਲਾਜ ਮੁਫਤ ਕਰਨ ਤੋਂ ਇਲਾਵਾ ਅੰਗਹੀਣਾ ਦੇ ਸਾਰੇ ਸਰਕਾਰੀ ਕੰਮ ਸਿੰਗਲ ਵਿੰਡੋ ’ਤੇ ਕੀਤੇ ਜਾਣ ਅਤੇ ਇਹ ਗਰਾਉਂਡ ਫਲੌਰ ਤੇ ਸਥਾਪਿਤ ਕਰਨ ਦੀ ਵੀ ਮੰਗ ਕੀਤੀ ਗਈ।
ਭਾਈ ਅੰਮ੍ਰਿਤਸਰ ਸਿੰਘ ਦੇ ਆਤਮਸਰਮਣ ਦੀ ਅਫ਼ਵਾਹ ਨੂੰ ਲੈ ਕੇ ਤਲਵੰਡੀ ਸਾਬੋ ਸੀਲ
ਐਸ.ਐਸ.ਪੀ ਦੀ ਅਗਵਾਈ ਹੇਠ ਭਾਰੀ ਸੰਖਿਆ ’ਚ ਪੁਲਿਸ ਨੇ ਦਮਦਮਾ ਸਾਹਿਬ ਦੇ ਆਸਪਾਸ ਲਗਾਏ ਡੇਰੇ
ਸੁਖਜਿੰਦਰ ਮਾਨ
ਬਠਿੰਡਾ, 29 ਮਾਰਚ: ਲੰਘੀ 18 ਮਾਰਚ ਤੋਂ ਪੁਲਿਸ ਵਲੋਂ ਭਗੋੜਾ ਕਰਾਰ ਦਿੱਤੇ ‘ਵਾਰਸ ਪੰਜਾਬ ਦੇ’ ਜਥੇਬੰਦੀ ਦੇ ਮੁਖੀ ਭਾਈ ਅੰਮ੍ਰਿਤਪਾਲ ਸਿੰਘ ਦੇ ਆਤਮਸਮਰਮਣ ਦੀ ਅਫ਼ਵਾਹ ਨੂੰ ਲੈ ਕੇ ਅੱਜ ਸਵੇਰ ਤੋਂ ਹੀ ਪੁਲਿਸ ਨੇ ਵਲੋਂ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਇਲਾਕੇ ਨੂੰ ਪੂਰੀ ਤਰ੍ਹਾਂ ਸੀਲ ਕਰ ਦਿੱਤਾ। ਐਸ.ਐਸ.ਪੀ ਗੁਲਨੀਤ ਸਿੰਘ ਖ਼ੁਰਾਣਾ ਦੀ ਅਗਵਾਈ ਹੇਠ ਭਾਰੀ ਸੰਖਿਆ ਵਿਚ ਤਖਤ ਸ੍ਰੀ ਦਮਦਮਾ ਸਾਹਿਬ ਨੂੰ ਜਾਣ ਵਾਲੇ ਸਾਰੇ ਰਾਸਤਿਆਂ ਉੱਪਰ ਸਖ਼ਤ ਨਾਕਾਬੰਦੀ ਕਰ ਦਿੱਤੀ ਤੇ ਨਾਲ ਹੀ ਇੱਥੇ ਆਉਣ ਜਾਣ ਵਾਲੇ ਹਰੇਕ ਯਾਤਰੀ ਤੇ ਸ਼ਰਧਾਲੂ ਉਪਰ ਵੀ ਕਰੜੀ ਨਿਗ੍ਹਾਂ ਰੱਖੀ ਜਾ ਰਹੀ ਹੈ। ਪੁਲਿਸ ਦੇ ਉੱਚ ਅਧਿਕਾਰੀਆਂ ਮੁਤਾਬਕ ਜੋ ਸੁੂਚਨਾਵਾਂ ਮਿਲ ਰਹੀਆਂ ਹਨ, ਉਨ੍ਹਾਂ ਮੁਤਾਬਕ ਭਾਈ ਅੰਮ੍ਰਿਤਪਾਲ ਸਿੰਘ ਤਖ਼ਤ ਸਾਹਿਬ ਉਪਰ ਆਤਮ ਸਮਰਪਣ ਕਰ ਸਕਦਾ ਹੈ। ਗੌਰਤਲਬ ਹੈ ਕਿ ਪਿਛਲੇ ਦਿਨੀਂ ਗਿਆਨੀ ਹਰਪ੍ਰੀਤ ਸਿੰਘ ਵਲੋਂ ਸ਼੍ਰੀ ਅਕਾਲ ਤਖ਼ਤ ਸਾਹਿਬ ਸਿੱਖ ਜਥੈਬੰਦੀਆਂ ਦੀ ਮੀਟਿੰਗ ਸੱਦੀ ਸੀ, ਜਿਸ ਵਿਚ ਪੰਜਾਬ ਸਰਕਾਰ ਨੂੰ 24 ਘੰਟੇ ਦਿੰਦਿਆਂ ਸਿੱਖ ਨੌਜਵਾਨਾਂ ਦੀ ਰਿਹਾਈ ਮੰਗੀ ਸੀ ਤੇ ਨਾਲ ਹੀ ਭਾਈ ਅੰਮ੍ਰਿਤਪਾਲ ਸਿੰਘ ਨੂੰ ਆਤਮ ਸਮਰਪਣ ਦੀ ਸਲਾਹ ਦਿੱਤੀ ਗਈ ਸੀ। ਜਿਸਤੋਂ ਬਾਅਦ ਇਹ ਚਰਚਾ ਅੱਜ ਸਾਰਾ ਦਿਨ ਚੱਲਦੀ ਰਹੀ ਕਿ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਸ਼੍ਰੀ ਹਰਮਿੰਦਰ ਸਾਹਿਬ ਦੇ ਆਸਪਾਸ ਭਾਰੀ ਸੁਰੱਖਿਆ ਲਗਾਈ ਹੋਣ ਕਾਰਨ ਉਹ ਤਖ਼ਤ ਸ਼੍ਰੀ ਦਮਦਮਾ ਸਾਹਿਬ, ਜੋਕਿ ਸਿੱਖਾਂ ਦਾ ਚੌਥਾ ਤਖ਼ਤ ਹੈ, ਵਿਖੇ ਪੇਸ਼ ਹੋ ਕੇ ਖ਼ੁਦ ਨੂੰ ਆਤਮ ਸਮਰਪਣ ਲਈ ਪੇਸ਼ ਕਰ ਸਕਦੇ ਹਨ। ਇਸ ਚਰਚਾ ਨੂੰ ਇਸ ਕਰਕੇ ਵੀ ਜਿਆਦਾ ਬਲ ਮਿਲਿਆ ਕਿਉਂਕਿ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੀ ਅੱਜ ਸਾਰਾ ਦਿਨ ਤਖ਼ਤ ਸਾਹਿਬ ਦੇ ਮੌਜੂਦ ਸਨ। ਉਧਰ ਪੁਲਿਸ ਅਧਿਕਾਰੀਆਂ ਨੇ ਵੀ ਦੱਬੀ ਜੁਬਾਨ ਵਿਚ ਮੰਨਿਆ ਕਿ ਗੁਪਤ ਸੂਚਨਾਵਾਂ ਦੇ ਆਧਾਰ ’ਤੇ ਇਹ ਨਾਕਾਬੰਦੀ ਕੀਤੀ ਗਈ ਹੈ।
ਬਠਿੰਡਾ ਪੁਲਿਸ ਵਲੋਂ ਬੰਬੀਹਾ ਗੈਂਗ ਦੇ ਦੋ ਮੈਂਬਰ ਕਾਬੂ, ਲੱਕੀ ਪਟਿਆਲ ਸਹਿਤ ਪੰਜ ਵਿਰੁਧ ਪਰਚਾ ਦਰਜ਼
ਸੁਖਜਿੰਦਰ ਮਾਨ
ਬਠਿੰਡਾ, 29 ਮਾਰਚ : ਜ਼ਿਲ੍ਹਾ ਪੁਲਿਸ ਵਲੋਂ ਸਮਾਜ ਵਿਰੋਧੀ ਅਨਸਰਾਂ ਨੂੰ ਕਾਬੂ ਕਰਨ ਲਈ ਚਲਾਈ ਮੁਹਿੰਮ ਤਹਿਤ ਸਪੈਸ਼ਲ ਸਟਾਫ਼ ਵਲੋਂ ਬੰਬੀਹਾ ਗੈਂਗ ਦੇ ਦੋ ਮੈਂਬਰਾਂ ਨੂੰ ਕਾਬੂ ਕੀਤਾ ਗਿਆ ਹੈ। ਅੱਜ ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸ.ਐਸ.ਪੀ ਗੁਲਨੀਤ ਸਿੰਘ ਖ਼ੁਰਾਣਾ ਨੇ ਦਸਿਆ ਕਿ ਇੱਕ ਗੁਪਤ ਸੂਚਨਾ ਦੇ ਆਧਾਰ ’ਤੇ ਕੀਤੀ ਇਸ ਕਾਰਵਾਈ ਵਿਚ ਇਸ ਗੈਂਗ ਦੇ ਇੰਦਰਜੀਤ ਸਿੰਘ ਉਰਫ਼ ਬਾਘ ਵਾਸੀ ਤਾਜੋਕੇ ਅਤੇ ਗੁਰਪ੍ਰੀਤ ਸਿੰਘ ਬੱਬੂ ਵਾਸੀ ਕੋਟਕਪੂਰਾ ਨੂੰ ਸਥਾਨਕ ਬੀਬੀਵਾਲਾ ਚੌਕ ਕੋਲੋ ਮੋਟਰਸਾਈਲ ਉਪਰ ਕਾਬੂ ਕੀਤਾ ਗਿਆ। ਇਸ ਦੌਰਾਨ ਕਥਿਤ ਦੋਸ਼ੀਆਂ ਕੋਲੋ 3 32 ਬੌਰ ਦੇਸੀ ਪਿਸਤੌਲ ਅਤੇ 2 ਦੇਸੀ 30 ਬੌਰ ਪਿਸਤੌਲ ਅਤੇ ਭਾਰੀ ਮਾਤਰਾ ’ਚ ਗੋਲੀ ਸਿੱਕਾ ਵੀ ਬਰਾਮਦ ਕੀਤਾ ਗਿਆ ਹੈ। ਪੁਲਿਸ ਅਧਿਕਾਰੀਆਂ ਮੁਤਾਬਕ ਮੁਢਲੀ ਪੁਛਗਿਛ ਦੌਰਾਨ ਕਥਿਤ ਦੋਸ਼ੀਆਂ ਨੇ ਮੰਨਿਆ ਕਿ ਉਹ ਗੌਰਵ ਪਟਿਆਲ ਵਾਸੀ ਚੰਡੀਗੜ੍ਹ, ਸਖਦੂਲ ਸਿੰਘ ਉਰਫ਼ ਸੁੱਖਾ ਦੁਨੇਕੇ ਵਾਸੀ ਕੈਨੇਡਾ ਅਤੇ ਜਗਤਾਰ ਸਿੰਘ ਵਾਸੀ ਮੰਧੇਰ ਕਲਾਂ ਜਿਲ੍ਹਾ ਸੰਗਰੂਰ
ਨਾਲ ਸੰਪਰਕ ਵਿਚ ਸਨ। ਜਿਸਦੇ ਚੱਲਦੇ ਉਹ ਪੰਜਾਬ ਵਿਚ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀਆਂ ਤਿਆਰੀਆਂ ਕਰ ਰਹੇ ਸਨ। ਪੁਲਿਸ ਅਧਿਕਾਰੀਆਂ ਨੇ ਇਹ ਵੀ ਦਸਿਆ ਕਿ ਬਰਾਮਦ ਹਥਿਆਰ ਸੁੱਖਾ ਦੁੱਨੇਕਾ ਤੇ ਲੱਕੀ ਪਟਿਆਲ ਆਦਿ ਦੇ ਕਹਿਣ ’ਤੇ ਮੱਧ ਪ੍ਰਦੇਸ਼ ਵਿਚੋਂ ਲਿਆਂਦੇ ਗਏ ਸਨ। ਜਿਸਦੇ ਨਾਲ ਕੋਈ ਅਗਲੀ ਕਾਰਵਾਈ ਕੀਤੀ ਜਾਣੀ ਸੀ। ਪੁਲਿਸ ਅਧਿਕਾਰੀਆਂ ਨੇ ਦਸਿਆ ਕਿ ਗ੍ਰਿਫਤਾਰ ਦੋਨਾਂ ਮੁਜਰਮਾਂ ਨੂੰ ਅਦਾਲਤ ਵਿਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕਰ ਲਿਆ ਗਿਆ ਹੈ। ਜਿਸਤੋਂ ਬਾਅਦ ਪੁਛਿਆ ਜਾਵੇਗਾ ਕਿ ਉਨ੍ਹਾਂ ਵਲੋਂ ਇਹ ਹਥਿਆਰ ਕਿੱਥੋਂ ਲਿਆਂਦੇ ਗਏ ਅਤੇ ਇਸਦੇ ਨਾਲ ਕੀ ਕੀਤਾ ਜਾਣਾ ਸੀ। ਇਹ ਵੀ ਪਤਾ ਚੱਲਿਆ ਹੈ ਕਿ ਗ੍ਰਿਫਤਾਰ ਗੈਂਗਸਟਰ ਬੱਬਾ ਵਿਰੁਧ ਦੋ ਅਤੇ ਬਾਘ ਵਿਰੁਧ ਪਹਿਲਾਂ ਵੀ ਇੱਕ ਪਰਚਾ ਦਰਜ਼ ਹੈ। ਹੁਣ ਇੰਨ੍ਹਾਂ ਵਿਰੁਧ ਥਾਣਾ ਥਰਮਲ ਵਿਚ ਮੁਕੱਦਮਾ ਨੰਬਰ 28 ਅ/ਧ 25/54/59 ਅਸਲਾ ਐਕਟ ਤਹਿਤ ਕੇਸ ਦਰਜ਼ ਕੀਤਾ ਗਿਆ ਹੈ।





