ਤੈਅ ਸਮੇਂ ਅਨੁਸਾਰ ਮੁਕੰਮਲ ਕੀਤਾ ਜਾਣ ਵਿਕਾਸ ਕਾਰਜ : ਸ਼ੌਕਤ ਅਹਿਮਦ ਪਰੇ
ਸੁਖਜਿੰਦਰ ਮਾਨ
ਬਠਿੰਡਾ, 29 ਮਾਰਚ: ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਨੇ ਜ਼ਿਲ੍ਹੇ ਅੰਦਰ ਚੱਲ ਰਹੇ ਅਤੇ ਨਵੇਂ ਸ਼ੁਰੂ ਕੀਤੇ ਜਾਣ ਵਾਲੇ ਵਿਕਾਸ ਕਾਰਜਾਂ ਸਬੰਧੀ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਸਮੀਖਿਆ ਬੈਠਕ ਕੀਤੀ। ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿਖੇ ਹੋਈ ਇਸ ਬੈਠਕ ਦੌਰਾਨ ਉਨ੍ਹਾਂ ਅਧਿਕਾਰੀਆਂ ਨੂੰ ਦਿਸ਼ਾ-ਨਿਰਦੇਸ਼ ਦਿੰਦਿਆਂ ਕਿਹਾ ਕਿ ਚੱਲ ਰਹੇ ਵਿਕਾਸ ਕਾਰਜਾਂ ਨੂੰ ਤੈਅ ਸਮੇਂ ਅਨੁਸਾਰ ਪੂਰਾ ਕਰਨਾ ਯਕੀਨੀ ਬਣਾਇਆ ਜਾਵੇ।ਬੈਠਕ ਦੀ ਪ੍ਰਧਾਨਗੀ ਕਰਦਿਆਂ ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਅੰਦਰ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ, ਜਲ ਸਪਲਾਈ ਤੇ ਸੇਨੀਟੇਸ਼ਨ, ਸੀਵਰੇਜ ਵਿਭਾਗ, ਲੋਕ ਨਿਰਮਾਣ ਵਿਭਾਗ, ਇੰਮਪਰੂਵਮੈਂਟ ਟਰਸਟ, ਨਗਰ ਨਿਗਮ, ਖੇਤੀਬਾੜੀ ਵਿਭਾਗ ਆਦਿ ਵਿਭਾਗਾਂ ਨਾਲ ਸਬੰਧਤ ਕਾਰਜਾਂ ਦੀ ਬਾਰੀਕੀ ਨਾਲ ਸਮੀਖਿਆ ਕਰਦਿਆਂ ਅਧਿਕਾਰੀਆਂ ਕੋਲੋਂ ਚੱਲ ਰਹੇ ਵਿਕਾਸ ਕਾਰਜਾਂ ਦੀ ਮੌਜੂਦਾ ਸਥਿਤੀ ਬਾਰੇ ਜਾਣਿਆ। ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ ਕੋਲੋਂ ਜ਼ਿਲ੍ਹੇ ਵਿੱਚ ਬਣਨ ਵਾਲੇ ਨੇਚਰ ਪਾਰਕਾਂ, ਛੱਪੜਾਂ ਤੋਂ ਇਲਾਵਾ ਰਿੰਗ ਰੋਡ ਅਤੇ ਬਰਨਾਲਾ ਬਾਈਪਾਸ ਆਦਿ ਦੀ ਮੌਜੂਦਾ ਸਥਿਤੀ ਸਬੰਧੀ ਜਾਣਕਾਰੀ ਹਾਸਲ ਕਰਦਿਆਂ ਕਾਰਜਾਂ ਨੂੰ ਬਿਨ੍ਹਾਂ ਕਿਸੇ ਦੇਰੀ ਦੇ ਨੇਪਰੇ ਚੜ੍ਹਾਉਣ ਲਈ ਅਧਿਕਾਰੀਆਂ ਨੂੰ ਲੋੜੀਂਦੇ ਆਦੇਸ਼ ਦਿੱਤੇ। ਇਸ ਮੌਕੇ ਕਮਿਸ਼ਨਰ ਨਗਰ ਨਿਗਮ ਸ੍ਰੀ ਰਾਹੁਲ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਡਾ. ਆਰਪੀ ਸਿੰਘ, ਲੋਕ ਨਿਰਮਾਣ ਵਿਭਾਗ ਦੇ ਕਾਰਜਕਾਰੀ ਇੰਜੀਨੀਅਰ ਇੰਦਰਜੀਤ ਸਿੰਘ ਤੋਂ ਇਲਾਵਾ ਸਮੂਹ ਬਲਾਕਾਂ ਦੇ ਬੀਡੀਪੀਓਜ਼, ਨਗਰ ਨਿਗਮ, ਇੰਮਪਰੂਵਮੈਂਟ ਟਰਸਟ ਤੋਂ ਇਲਾਵਾ ਹੋਰ ਵੱਖ-ਵੱਖ ਵਿਭਾਗਾਂ ਅਧਿਕਾਰੀ ਤੇ ਉਨ੍ਹਾਂ ਦੇ ਨੁਮਾਇੰਦੇ ਆਦਿ ਹਾਜ਼ਰ ਸਨ।
ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਅੰਦਰ ਚੱਲ ਰਹੇ ਰਹੇ ਵਿਕਾਸ ਕਾਰਜਾਂ ਸਬੰਧੀ ਕੀਤੀ ਸਮੀਖਿਆ ਮੀਟਿੰਗ
ਗੁਰਪ੍ਰੀਤ ਸਿੰਘ ਕਾਂਗੜ੍ਹ ਕੋਲੋ ਵਿਜੀਲੈਂਸ ਨੇ ਦੂਜੀ ਵਾਰ ਪੁਛਗਿਛ ਕੀਤੀ
ਸੁਖਜਿੰਦਰ ਮਾਨ
ਬਠਿੰਡਾ, 29 ਮਾਰਚ : ਸਾਬਕਾ ਮੰਤਰੀ ਤੇ ਭਾਜਪਾ ਆਗੂ ਗੁਰਪ੍ਰੀਤ ਸਿੰਘ ਕਾਂਗੜ੍ਹ ਨੂੰ ਅੱਜ ਵਿਜੀਲੈਂਸ ਬਿਊਰੋ ਵਲੋਂ ਦੂਜੀ ਵਾਰ ਬੁਲਾਇਆ ਗਿਆ, ਜਿਥੇ ਉਨ੍ਹਾਂ ਕੋਲੋ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ’ਚ ਕਰੀਬ ਚਾਰ ਘੰਟੇ ਪੁਛਗਿਛ ਕੀਤੀ ਗਈ। ਇਸ ਦੌਰਾਨ ਬਾਹਰ ਆਉਂਦਿਆਂ ਹੀ ਸ: ਕਾਂਗੜ੍ਹ ਨੇ ਦਾਅਵਾ ਕੀਤਾ ਕਿ ਵਿਜੀਲੈਂਸ ਵਲੋਂ ਜੋ ਕੁੱਝ ਉਸਦੇ ਕੋਲੋ ਪੁਛਿਆ ਗਿਆ ਸੀ, ਉਹ ਦੱਸ ਦਿੱਤਾ ਗਿਆ ਹੈ ਤੇ ਹੁਣ ਅੱਗੇ ਵਿਜੀਲੈਂਸ ਨੇ ਦੇਖਣਾ ਹੈੇ। ਉਨ੍ਹਾਂ ਇਹ ਵੀ ਕਿਹਾ ਕਿ ਉਸ ਉਪਰ ਜੋ ਵੱਧ ਜਾਇਦਾਦ ਇਕੱਤਰ ਕਰਨ ਦੇ ਦੋਸ਼ ਲਗਾਏ ਜਾ ਰਹੇ ਹਨ, ਉਸਦੀ ਵਿਜੀਲੈਂਸ ਜਾਂਚ ਕਰ ਸਕਦੀ ਹੈ। ਸ: ਕਾਂਗੜ੍ਹ ਨੇ ਕਿਹਾ ਕਿ ਉਨ੍ਹਾਂ ਦੀ ਜੱਦੀ ਜਾਇਦਾਦ ਕਾਫ਼ੀ ਹੈ। ਇਸ ਦੌਰਾਨ ਉਨ੍ਹਾਂ ਇਹ ਵੀ ਇਸ਼ਾਰਾ ਕੀਤਾ ਕਿ ਜੇਕਰ ਉਨ੍ਹਾਂ ਇਹ ਲੱਗਿਆ ਕਿ ਵਿਜੀਲੈਂਸ ਅਧਿਕਾਰੀ ਉਸਨੂੰ ਝੂਠੇ ਕੇਸ ਵਿਚ ਫ਼ਸਾ ਸਕਦੇ ਹਨ ਤਾਂ ਉਹ ਅਦਾਲਤ ਦਾ ਦਰਵਾਜ਼ਾ ਵੀ ਖੜਕਾ ਸਕਦੇ ਹਨ। ਇਹ ਵੀ ਪਤਾ ਲੱਗਿਆ ਹੈ ਕਿ ਵਿਜੀਲੈਂਸ ਨੇ ਮੁੜ ਅਗਲੇ ਹਫ਼ਤੇ ਪੁਛਗਿਛ ਲਈ ਬੁਲਾਇਆ ਹੈ। ਦੂਜੇ ਪਾਸੇ ਵਿਜੀਲੈਂਸ ਦੇ ਅਧਿਕਾਰੀਆਂ ਨੇ ਦਾਅਵਾ ਕੀਤਾ ਹੈ ਕਿ ਪਿਛਲੀ ਪੁਛਗਿਛ ਦੌਰਾਨ ਜੋ ਪ੍ਰੋਫ਼ਾਰਮਾ ਦਿੱਤਾ ਗਿਆ ਸੀ, ਉਸਨੂੰ ਅੱਜ ਭਰ ਕੇ ਵਾਪਸ ਨਹੀਂ ਦਿੱਤਾ ਗਿਆ ਤੇ ਇਸਦੇ ਲਈ ਹੋਰ ਸਮਾਂ ਮੰਗਿਆ ਗਿਆ ਹੈ। ਜਿਸਦੇ ਚੱਲਦੇ ਅਗਲੇ ਵੀਰਵਾਰ ਨੂੰ ਮੁੜ ਬੁਲਾਇਆ ਗਿਆ ਹੈ। ਦਸਣਾ ਬਣਦਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੌਰਾਨ ਪਹਿਲਾਂ ਬਿਜਲੀ ਅਤੇ ਫ਼ਿਰ ਮਾਲ ਮੰਤਰੀ ਰਹੇ ਸ: ਕਾਂਗੜ੍ਹ ਵਿਰੁਧ ਪਿਛਲੇ ਸਮੇਂ ਦੌਰਾਨ ਜਾਇਦਾਦ ਦੇ ਸੋਮਿਆਂ ਨਾਲੋਂ ਕਿਤੇ ਵੱਧ ਜਾਇਦਾਦਾਂ ਬਣਾਉਣ ਦੀਆਂ ਵਿਜੀਲੈਂਸ ਨੂੰ ਸਿਕਾਇਤਾਂ ਮਿਲੀਆਂ ਸਨ।
ਆਰ.ਬੀ.ਐਸ.ਕੇ. ਪ੍ਰੋਗਰਾਮ ਦੌਰਾਨ ਹਜ਼ਾਰਾਂ ਬੱਚਿਆਂ ਦੀ ਹੋਈ ਮੈਡੀਕਲ ਜਾਂਚ
2022-23 ਦੌਰਾਨ 100 ਪ੍ਰਤੀਸ਼ਤ ਟੀਚਾ ਪੂਰਾ: ਡਾ ਗੁਰਮੇਲ ਸਿੰਘ
ਸੁਖਜਿੰਦਰ ਮਾਨ
ਨਥਾਣਾ 29 ਮਾਰਚ: ਰਾਸ਼ਟਰੀ ਬਾਲ ਸਵਾਸਥ ਕਾਰਿਆਕ੍ਰਮ (ਆਰ.ਬੀ.ਐਸ.ਕੇ.) ਪ੍ਰੋਗਰਾਮ ਅਧੀਨ ਸਿਹਤ ਵਿਭਾਗ ਬਲਾਕ ਨਥਾਣਾ ਵਿਖੇ ਸਾਲ 2022-23 ਦੌਰਾਨ ਜਿੱਥੇ ਹਜ਼ਾਰਾਂ ਬੱਚਿਆਂ ਦੀ ਮੈਡੀਕਲ ਜਾਂਚ ਕੀਤੀ ਗਈ ਉਥੇ ਹੀ ਦਰਜਨ ਦੇ ਕਰੀਬ ਬੱਚਿਆਂ ਦੇ ਵੱਖ ਵੱਖ ਬੀਮਾਰੀਆਂ ਦੇ ਸਫਲ ਆਪ੍ਰੇਸ਼ਨ ਵੀ ਕਰਵਾਏ ਗਏ।ਸੀਨੀਅਰ ਮੈਡੀਕਲ ਅਫ਼ਸਰ ਨਥਾਣਾ ਡਾਕਟਰ ਗੁਰਮੇਲ ਸਿੰਘ ਨੇ ਦੱਸਿਆ ਕਿ ਨਥਾਣਾ ਵਿਖੇ ਰਾਸ਼ਟਰੀ ਬਾਲ ਸਵਾਸਥ ਕਾਰਿਆਕ੍ਰਮ (ਆਰ.ਬੀ.ਐਸ.ਕੇ.) ਪ੍ਰੋਗਰਾਮ ਅਧੀਨ ਦੋ ਟੀਮਾਂ ਕੰਮ ਕਰ ਰਹੀਆਂ ਹਨ। ਜਿਨ੍ਹਾਂ ਵੱਲੋਂ ਸਾਲ ਵਿੱਚ ਇੱਕ ਵਾਰ ਬਲਾਕ ਨਥਾਣਾ ਦੇ ਸਾਰੇ 85 ਸਰਕਾਰੀ ਸਕੂਲਾਂ ਅਤੇ ਬਲਾਕ ਦੀਆਂ ਸਾਰੇ 162 ਆਂਗਣਵਾੜੀ ਸੈਂਟਰਾਂ ਵਿੱਚ ਦੋ ਵਾਰ ਯਾਨੀ 324 ਵਾਰ ਵਿਜਟ ਕਰਕੇ ਹਜ਼ਾਰਾਂ ਬੱਚਿਆਂ ਦੀ ਮੈਡੀਕਲ ਜਾਂਚ ਕੀਤੀ ਗਈ।2022-23 ਦੌਰਾਨ ਸਕੂਲਾਂ ਵਿੱਚ 11093 ਬੱਚੇ ਅਤੇ ਆਂਗਣਵਾੜੀ ਸੈਂਟਰਾਂ ਵਿੱਚ 3203 ਬੱਚਿਆਂ (ਦੋਨੋਂ ਵਿਜਟ ਦੌਰਾਨ) ਦੀ ਮੈਡੀਕਲ ਜਾਂਚ ਕੀਤੀ ਗਈ। ਡਾਕਟਰ ਯੋਗੇਸ਼ ਜੋਸ਼ੀ ਅਤੇ ਡਾਕਟਰ ਪੂਜਾ ਦੀ ਅਗਵਾਈ ਹੇਠ ਦੋਨੋਂ ਟੀਮਾਂ ਨੇ ਆਪਣਾ ਟਿੱਚਾ 100 ਪ੍ਰਤੀਸ਼ਤ ਪੂਰਾ ਕਰ ਲਿਆ ਹੈ। ਡਾਕਟਰ ਗੁਰਮੇਲ ਸਿੰਘ ਨੇ ਕਿਹਾ ਕਿ ਸਾਲ 2022-23 ਦੌਰਾਨ ਉਕਤ ਟੀਮਾਂ ਦੁਆਰਾ ਦਿਲ ਵਿੱਚ ਸੁਰਾਖ ਵਾਲੇ 8 ਬੱਚਿਆਂ ਦੀ ਭਾਲ ਕਰ ਉਨ੍ਹਾਂ ਦੇ ਆਪ੍ਰੇਸ਼ਨ ਕਰਵਾਏ, ਸਾਰੇ ਬੱਚੇ ਹੁਣ ਬਿਲਕੁੱਲ ਠੀਕ ਹਨ। ਇਸੇ ਤਰ੍ਹਾਂ ਕਲੱਬ ਫੁੱਟ ਦੇ ਇੱਕ ਅਤੇ ਕੱਟੇ ਹੋਏ ਬੁੱਲ ਦੇ ਇੱਕ ਬੱਚੇ ਦਾ ਸਫਲ ਆਪ੍ਰੇਸ਼ਨ ਕਰਵਾਇਆ ਗਿਆ। ਸਮੇਂ ਸਮੇਂ ਤੇ ਇਨ੍ਹਾਂ ਟੀਮਾਂ ਦੁਆਰਾ ਇਨ੍ਹਾਂ ਬੱਚਿਆਂ ਦਾ ਫਾਲੋਅੱਪ ਵੀ ਕੀਤਾ ਜਾ ਰਿਹਾ ਹੈ।ਬਲਾਕ ਐਜੂਕੇਟਰ ਰੋਹਿਤ ਜਿੰਦਲ ਨੇ ਦੱਸਿਆ ਕਿ ਰਾਸ਼ਟਰੀ ਬਾਲ ਸਵਾਸਥ ਕਾਰਿਆਕ੍ਰਮ ਪ੍ਰੋਗਰਾਮ ਅਧੀਨ 30 ਦੇ ਕਰੀਬ ਬੀਮਾਰੀਆਂ ਦਾ ਇਲਾਜ ਮੁਫ਼ਤ ਕੀਤਾ ਜਾਂਦਾ ਹੈ। ਸਿਹਤ ਵਿਭਾਗ ਦੀ ਇਸ ਯੋਜਨਾ ਤਹਿਤ ਬਲਾਕ ਵਿੱਚ ਘੱਟ ਖੂਨ ਵਾਲੇ ਬੱਚਿਆਂ ਦਾ ਇਲਾਜ ਕੀਤਾ ਗਿਆ ਅਤੇ ਬੇਹਤਰ ਖੁਰਾਕ ਸੰਬੰਧੀ ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਜਾਗਰੂਕ ਕੀਤਾ ਗਿਆ। ਇਸ ਪ੍ਰੋਗਰਾਮ ਤਹਿਤ ਲੱਖਾਂ ਰੁਪਏ ਦੀ ਲਾਗਤ ਨਾਲ ਹੌਣ ਵਾਲੇ ਆਪ੍ਰੇਸ਼ਨ ਲੁਧਿਆਣਾ, ਮੋਹਾਲੀ ਅਤੇ ਚੰਡੀਗੜ੍ਹ ਵਿਖੇ ਵੱਡੇ ਹਸਪਤਾਲਾਂ ਵਿੱਚ ਮੁਫ਼ਤ ਕਰਵਾਏ ਗਏ।
ਲੱਖਾਂ ਰੁਪਏ ਦੇ ਗਬਨ ’ਚ ਰਿਕਾਰਡ ਗਾਇਬ ਕਰਨ ਵਾਲੇ ਮਾਰਕਫੈਡ ਦੇ ਸਾਬਕਾ ਮੈਨੇਜ਼ਰ ਵਿਰੁਧ ਪਰਚਾ ਦਰਜ਼
ਸੁਖਜਿੰਦਰ ਮਾਨ
ਬਠਿੰਡਾ, 26 ਮਾਰਚ: ਸਥਾਨਕ ਥਾਣਾ ਕੋਤਵਾਲੀ ਦੀ ਪੁਲਿਸ ਨੇ ਇੱਕ ਦਹਾਕਾ ਪਹਿਲਾਂ ਮਾਰਕਫੈੱਡ ’ਚ ਹੋਏ ਲੱਖਾਂ ਦੇ ਗਬਨ ਮਾਮਲੇ ਵਿਚ ਰਿਕਾਰਡ ਗਾਇਬ ਕਰਨ ਵਾਲੇ ਇੱਕ ਸਾਬਕਾ ਡਿਪੂ ਮੈਨੇਜਰ ਬਚਿੱਤਰ ਸਿੰਘ ਵਿਰੁਧ ਆਈਪੀਸੀ ਦੀ ਧਾਰਾ 409 ਤਹਿਤ ਕੇਸ ਦਰਜ਼ ਕੀਤਾ ਹੈ। ਇਹ ਕੇਸ ਮਾਰਕਫ਼ੈਡ ਦੇ ਜਨਰਲ ਮੈਨੇਜਰ ਰਵਿੰਦਰ ਕੁਮਾਰ ਦੀ ਸਿਕਾਇਤ ’ਤੇ ਕੀਤਾ ਗਿਆ ਹੈ। ਪੁਲਿਸ ਅਧਿਕਾਰੀਆਂ ਮੁਤਾਬਕ ਸਾਲ 2011-12 ਦੌਰਾਨ ਮਾਰਕਫੈੱਡ ’ਚ 76 ਲੱਖ 38 ਹਜ਼ਾਰ 879 ਰੁਪਏ ਦਾ ਗਬਨ ਹੋਇਆ ਸੀ। ਇਸ ਦੌਰਾਨ ਕੀਤੀ ਪੜਤਾਲ ਤੋਂ ਬਾਅਦ ਪਰਚਾ ਦਰਜ ਹੋ ਗਿਆ ਸੀ ਤੇ ਕੇਸ ਅਦਾਲਤ ਵਿਚ ਪੁੱਜ ਗਿਆ। ਅਦਾਲਤ ਦੌਰਾਨ ਚੱਲ ਰਹੀ ਸੁਣਵਾਈ ਦੌਰਾਨ ਇਹ ਤੱਥ ਸਾਹਮਣੇ ਆਏ ਕਿ ਤਤਕਾਲੀ ਡਿੱਪੂ ਮੈਨੇਜ਼ਰ ਬਚਿੱਤਰ ਸਿੰਘ ਲੱਖ ਰੁਪਏ ਦੇ ਗਬਨ ਦੇ ਕੇਸ ਨਾਲ ਸਬੰਧਤ ਰਿਕਾਰਡ ਗਾਇਬ ਕਰਨ ਦੇ ਨਾਲ ਸਬੰਧਤ ਰਿਕਾਰਡ ਉਕਤ ਡਿਪੂ ਮੈਨੇਜਰ ਨੇ ਨਵੇਂ ਆਏ ਮੈਨੇਜਰ ਨੂੰ ਰਿਕਾਰਡ ਹੀ ਨਹੀਂ ਸੌਂਪਿਆ ਸੀ। ਇਸਤੋਂ ਇਲਾਵਾ ਉਕਤ ਕੇਸ ਨਾਲ ਸਬੰਧਤ ਕੁਝ ਅਸਲ ਦਸਤਾਵੇਜ਼ ਗਾਇਬ ਸਨ, ਜੋ ਉਕਤ ਮਾਮਲੇ ਵਿੱਚ ਅਹਿਮ ਸਨ। ਪੁਲਿਸ ਅਧਿਕਾਰੀਆਂ ਮੁਤਾਬਕ ਸਾਬਕਾ ਡਿੱਪੂ ਮੈਨੇਜਰ ਬਚਿੱਤਰ ਸਿੰਘ ਵਿਰੁਧ ਕੇਸ ਦਰਜ਼ ਕਰਨ ਤੋਂ ਬਾਅਦ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਮੰਗੀ ਸੂਚਨਾ ਨਾ ਦੇਣ ’ਤੇ ਬਠਿੰਡਾ ਦੇ ਏ.ਡੀ.ਸੀ ਦਫ਼ਤਰ ਨੂੰ ਜਾਰੀ ਕੀਤਾ ਸੋਅ-ਕਾਜ਼ ਨੋਟਿਸ
ਸੁਖਜਿੰਦਰ ਮਾਨ
ਬਠਿੰਡਾ, 26 ਮਾਰਚ: ਕਰੀਬ ਦੋ ਸਾਲ ਪਹਿਲਾਂ ਸੂਚਨਾ ਦੇ ਅਧਿਕਾਰ ਤਹਿਤ ਮੰਗੀ ਸੂਚਨਾ ਮੁਹੱਈਆਂ ਨਾ ਕਰਵਾਉਣ ਦੇ ਚੱਲਦੇ ਪੰਜਾਬ ਰਾਜ ਸੂਚਨਾ ਕਮਿਸ਼ਨ ਚੰਡੀਗੜ੍ਹ ਨੇ ਬਠਿੰਡਾ ਦੇ ਏਡੀਸੀ (ਵਿਕਾਸ) ਨੂੰ ਸੋਅ ਕਾਜ਼ ਨੋਟਿਸ ਜਾਰੀ ਕੀਤਾ ਹੈ। ਇਸ ਸਬੰਧ ਵਿਚ ਕਮਿਸ਼ਨ ਕੋਲ ਬਠਿੰਡਾ ਤੋਂ ਸੂਚਨਾ ਕਾਰਕੁੰਨ ਸੰਜੀਵ ਜਿੰਦਲ ਨੇ ਸ਼ਿਕਾਇਤ ਕੀਤੀ ਸੀ, ਜਿਸਨੇ ਉਕਤ ਦਫ਼ਤਰ ਤੋਂ 2021 ’ਚ ਸੂਚਨਾ ਮੰਗੀ ਗਈ ਸੀ ਪ੍ਰੰਤੂ ਏਡੀਸੀ ਡੀ ਦੇ ਦਫ਼ਤਰ ਨੇ ਇਸਨੂੰ ਟਿੱਚ ਜਾਣਿਆ। ਸਿਕਾਇਤ ਕਰਤਾ ਨੇ ਦਸਿਆ ਕਿ ਸੂਚਨਾ ਨਾ ਦੇਣ ਅਤੇ ਕਮਿਸ਼ਨ ਦੀ ਪੇਸ਼ੀ ’ਤੇ ਨਿੱਜੀ ਤੌਰ ’ਤੇ ਪੇਸ਼ ਨਾ ਹੋਣ ਕਾਰਨ ਕਮਿਸ਼ਨ ਦੇ ਦੂਹਰੇ ਬੈਂਚ ਦੇ ਕਮਿਸ਼ਨਰ ਅਮ੍ਰਿਤਪ੍ਰਤਾਪ ਸਿੰਘ ਸੇਖੋਂ ਤੇ ਅਨੁਮੀਤ ਸਿੰਘ ਸੋਢੀ ਵੱਲੋਂ ਲੋਕ ਸੂਚਨਾ ਅਧਿਕਾਰੀ ਨੂੰ ਆਰਟੀਆਈ ਐਕਟ ਦੀ ਧਾਰਾ 20(1) ਤਹਿਤ ਸ਼ੋਅ-ਕਾਜ਼ ਨੋਟਿਸ ਜਾਰੀ ਕਰਦਿਆਂ ਦਫ਼ਤਰ ਦੇ ਲੋਕ ਸੂਚਨਾ ਅਧਿਕਾਰੀ ਨੂੰ ਹਲਫ਼ਨਾਮੇ ਰਾਹੀਂ ਇਸ ਸ਼ੋਅ-ਕਾਜ਼ ਨੋਟਿਸ ਦਾ ਜਵਾਬ ਦੇਣ ਲਈ ਨਿਰਦੇਸ਼ ਦਿੱਤੇ ਹਨ। ਇਸਤੋਂ ਇਲਾਵਾ ਕਮਿਸ਼ਨ ਨੇ ਲੋਕ ਸੂਚਨਾ ਅਧਿਕਾਰੀ ਨੂੰ ਇਸ ਮਾਮਲੇ ਵਿਚ 19 ਅਪ੍ਰੈਲ 2023 ਨੂੰ ਰੱਖੀ ਅਗਲੀ ਸੁਣਵਾਈ ਦੌਰਾਨ ਖ਼ੁਦ ਪੂਰੇ ਰਿਕਾਰਡ ਸਮੇਤ ਪੇਸ਼ ਹੋਣ ਲਈ ਵੀ ਕਿਹਾ ਹੈ। ਸਿਕਾਇਤਕਰਤਾ ਮੁਤਾਬਕ ਉਸਦੇ ਵਲੋਂ 17 ਫ਼ਰਵਰੀ 2021 ਨੂੰ ਚੋਣਾਂ ਸਬੰਧੀ ਕੁੱਝ ਸੂਚਨਾ ਉਕਤ ਦਫ਼ਤਰ ਤੋਂ ਮੰਗੀ ਗਈ ਸੀ ਪ੍ਰੰਤੂ ਦਫ਼ਤਰ ਵਲੋਂ ਨਾਂ ਹੀ ਸੂਚਨਾ ਦਿੱਤੀ ਗਈ ਤੇ ਨਾ ਹੀ ਐਪੀਲੈਂਟ ਅਥਾਰਟੀ ਕੋਲ ਸਿਕਾਇਤ ਕਰਨ ‘ਤੇ ਕੋਈ ਕਾਰਵਾਈ ਕੀਤੀ ਗਈ, ਜਿਸਦੇ ਚੱਲਦੇ ਉਸਨੂੰ ਸੂਚਨਾ ਕਮਿਸ਼ਨ ਦਾ ਦਰਵਾਜ਼ਾ ਖੜਕਾਉਣਾ ਪਿਆ।
ਮੁੱਖ ਮੰਤਰੀ ਵੱਲੋਂ ਪਿਛਲੀ ਸਰਕਾਰ ਨਾਲੋਂ 2 ਹਜ਼ਾਰ ਰੁਪਏ ਮੁਆਵਜ਼ਾ ਘੱਟ ਐਲਾਨਣ ’ਤੇ ਕਿਸਾਨਾਂ ’ਚ ਰੋਸ-ਸਰੂਪ ਰਾਮਾਂ
ਭਾਕਿਯੂ ਲੱਖੋਵਾਲ ਟਿਕੈਤ ਨੇ 50 ਹਜ਼ਾਰ ਰੁਪਏ ਪ੍ਰਤੀ ਏਕੜ ਦਾ ਮੁਆਵਜ਼ਾ ਦੇਣ ਦੀ ਕੀਤੀ ਮੰਗ
ਸੁਖਜਿੰਦਰ ਮਾਨ
ਬਠਿੰਡਾ, 26 ਮਾਰਚ: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਬੇਮੌਸਮੀ ਮੀਂਹ ਅਤੇ ਝੱਖੜ ਦੇ ਕਾਰਨ ਖ਼ਰਾਬ ਹੋਈਆਂ ਫਸਲਾਂ ਦਾ ਮੁਅਵਜ਼ਾ 15 ਹਜ਼ਾਰ ਰੁਪਏ ਪ੍ਰਤੀ ਏਕੜ ਦੇਣ ਦਾ ਐਲਾਨ ਕੀਤਾ ਹੈ, ਜੋ ਕਿ ਪਿਛਲੀ ਕਾਂਗਰਸ ਸਰਕਾਰ ਨਾਲੋਂ 2 ਹਜ਼ਾਰ ਰੁਪਏ ਘੱਟ ਹੋਣ ਕਾਰਨ ਕਿਸਾਨਾਂ ਵਿੱਚ ਸਰਕਾਰ ਪ੍ਰਤੀ ਰੋਸ ਹੈ। ਇਹ ਪ੍ਰਗਟਾਵਾ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਟਿਕੈਤ ਦੇ ਸੂਬਾ ਜਰਨਲ ਸਕੱਤਰ ਸਰੂਪ ਸਿੰਘ ਰਾਮਾਂ ਨੇ ਕੀਤਾ। ਉਨ੍ਹਾਂ ਨੇ ਕਿਹਾ ਕਿ ਪਿਛਲੀ ਚੰਨੀ ਸਰਕਾਰ ਵੱਲੋਂ 17 ਹਜ਼ਾਰ ਰੁਪਏ ਪ੍ਰਤੀ ਦਾ ਏਕੜ ਮੁਆਵਜ਼ਾ ਦਿੱਤਾ ਗਿਆ ਸੀ। ਹੁਣ ਕਿਸਾਨਾਂ ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਰਕਾਰ ਤੋਂ ਆਸ ਸੀ ਕਿ ਉਨ੍ਹਾਂ ਨੂੰ ਪਿਛਲੀ ਸਰਕਾਰ ਨਾਲੋਂ ਵੱਧ ਮੁਆਵਜਾ ਮਿਲੇਗਾ। ਘੱਟ ਮੁਆਵਜ਼ਾ ਰਾਸ਼ੀ ਐਲਾਨਣ ਤੇ ਹੁਣ ਕਿਸਾਨਾਂ ਦਾ ਆਪ ਸਰਕਾਰ ਤੋਂ ਭਰੋਸਾ ਉਠ ਗਿਆ ਹੈ। ਸਰੂਪ ਸਿੰਘ ਰਾਮਾਂ ਨੇ ਕਿਹਾ ਕਿ ਮੁੱਖ ਮੰਤਰੀ ਵੱਲੋਂ ਚੋਣਾਂ ਤੋਂ ਪਹਿਲਾ ਕਿਸਾਨਾਂ ਨਾਲ ਵਾਅਦਾ ਕੀਤਾ ਸੀ, ਕਿ ਕੁਦਰਤੀ ਆਫਤ ਨਾਲ ਖ਼ਰਾਬ ਹੋਣ ਵਾਲੀਆਂ ਫਸਲਾਂ ਦਾ ਮੁਆਵਜ਼ਾ ਦਿੱਲੀ ਸਰਕਾਰ ਦੀ ਤਰ੍ਹਾਂ 20 ਹਜ਼ਾਰ ਰੁਪਏ ਪ੍ਰਤੀ ਏਕੜ ਦਿੱਤਾ ਜਾਇਆ ਕਰੇਗਾ ਅਤੇ ਗਿਰਦਾਵਰੀ ਬਾਅਦ ਵਿੱਚ ਕੀਤੀ ਜਾਇਆ ਕਰੇਗੀ। ਸਰੂਪ ਸਿੰਘ ਰਾਮਾਂ ਨੇ ਕਿਹਾ ਕਿ ਮੁੱਖ ਮੰਤਰੀ ਵੱਲੋਂ ਜੋ ਮੁਆਵਜਾ ਰਾਸ਼ੀ ਐਲਾਨੀ ਗਈ ਹੈ, ਉਸ ਨਾਲ ਕਿਸਾਨਾਂ ਨੂੰ ਕਣਕ ਦੀ ਫਸਲ ਦਾ ਲਾਗਤ ਖਰਚਾ ਵੀ ਪੁੂਰਾ ਨਹੀਂ ਹੋਣਾ। ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਟਿਕੈਤ ਨੇ ਪੰਜਾਬ ਦੇ ਮੁੱਖ ਮੰਤਰੀ ਤੋਂ ਮੰਗ ਕੀਤੀ ਹੈ ਕਿ ਖ਼ਰਾਬ ਹੋਈ ਫ਼ਸਲਾਂ ਦਾ ਕਿਸਾਨਾਂ ਨੂੰ 50 ਹਜ਼ਾਰ ਰੁਪਏ ਪ੍ਰਤੀ ਏਕੜ ਦਾ ਮੁਆਵਜ਼ਾ ਦਿੱਤਾ ਜਾਵੇ।
ਬਠਿੰਡਾ ’ਚ ਬੇਮੌਸਮੀ ਬਾਰਸ਼ ਤੇ ਗੜ੍ਹੇਮਾਰੀ ਕਾਰਨ 93 ਫ਼ੀਸਦੀ ਕਣਕ ਦੀ ਫ਼ਸਲ ਦਾ ਹੋਇਆ ਨੁਕਸਾਨ
ਸੁਖਜਿੰਦਰ ਮਾਨ
ਬਠਿੰਡਾ, 26 ਮਾਰਚ : ਲੰਘੇ ਦਿਨਾਂ ‘ਚ ਪੂਰੇ ਪੰਜਾਬ ਸਹਿਤ ਬਠਿੰਡਾ ਪੱਟੀ ਵਿਚ ਆਈ ਬੇਮੌਸਮੀ ਬਾਰਸ਼ ਅਤੇ ਗੜ੍ਹੇਮਾਰੀ ਤੋਂ ਬਾਅਦ ਚੱਲੇ ਝੱਖੜ੍ਹ ਨੇ ਕਿਸਾਨਾਂ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ। ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਵਲੋਂ ਮੁਢਲੇ ਆਧਾਰ ’ਤੇ ਇਕੱਤਰ ਕੀਤੇ ਗਏ ਅੰਕੜਿਆਂ ਮੁਤਾਬਕ ਇਕੱਲੇ ਬਠਿੰਡਾ ਜ਼ਿਲ੍ਹੇ ਵਿਚ ਹੀ 93 ਫ਼ੀਸਦੀ ਕਣਕ ਦੀ ਫ਼ਸਲ ਦਾ ਨੁਕਸਾਨ ਹੋ ਗਿਆ ਹੈ। ਇਸਦੀ ਪੁਸ਼ਟੀ ਕਰਦਿਆਂ ਖੁਦ ਮੁੱਖ ਖੇਤੀਬਾੜੀ ਅਫ਼ਸਰ ਡਾ ਦਿਲਬਾਗ ਸਿੰਘ ਹੀਰ ਨੇ ਦਸਿਆ ਕਿ ਜ਼ਿਲ੍ਹੇ ਵਿਚ ਕੁੱਲ 2 ਲੱਖ 60 ਹਜ਼ਾਰ ਹੈਕਟੇਅਰ ਰਕਬੇ ਵਿਚ ਕਣਕ ਦੀ ਬੀਜਾਂਦ ਕੀਤੀ ਗਈ ਸੀ। ਪ੍ਰੰਤੂ ਇੰਨ੍ਹਾਂ ਵਿਚੋਂ 2 ਲੱਖ 40 ਹਜ਼ਾਰ 850 ਏਕੜ ਫ਼ਸਲ ਇਸ ਬੇਮੌਸਮੀ ਬਾਰਸ਼ ਦੀ ਭੇਂਟ ਚੜ੍ਹ ਗਿਆ ਹੈ। ਅੰਕੜਿਆਂ ਮੁਤਾਬਕ ਜ਼ਿਲ੍ਹੇ ਵਿਚ 1 ਲੱਖ 34 ਹਜ਼ਾਰ 960 ਹੈਕਟੇਅਰ ਰਕਬਾ 25 ਫ਼ੀਸਦੀ ਤੋਂ ਘੱਟ ਹੋਏ ਨੁਕਸਾਨ ਅਧੀਨ ਆਇਆ ਹੈ। ਇਸੇ ਤਰ੍ਹਾਂ 26 ਫ਼ੀਸਦੀ ਤੋਂ 50 ਫ਼ੀਸਦੀ ਤੱਕ 82 ਹਜ਼ਾਰ 331 ਹੈਕਟੇਅਰ ਰਕਬਾ ਆਇਆ ਹੈ। ਜਦੋਂਕਿ 51 ਤੋਂ 75 ਫ਼ੀਸਦੀ ਅਧੀਨ 20 ਹਜ਼ਾਰ 694 ਹੈਕਟੇਅਰ ਰਕਬੇ ਵਿਚ ਬੀਜ਼ੀ ਕਣਕ ਦੀ ਫ਼ਸਲ ਖ਼ਰਾਬ ਹੋਈ ਹੈ। ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਮੁਤਾਬਕ 76 ਫ਼ੀਸਦੀ ਤੋਂ 100 ਫ਼ੀਸਦੀ ਖ਼ਰਾਬੇ ਵਿਚ ਸਿਰਫ਼ 2865 ਹੈਕਟੇਅਰ ਹੀ ਆਇਆ ਹੈ। ਦੂਜੇ ਪਾਸੇ ਕਿਸਾਨਾਂ ਵਲੋਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਲਗਾਤਾਰ ਦੋ ਦਿਨ ਹੋਈ ਬੇਮੌਸਮੀ ਬਾਰਸ਼ ਅਤੇ ਆਖ਼ਰੀ ਦਿਨ ਹੋਈ ਗੜ੍ਹੇਮਾਰੀ ਦੇ ਚੱਲਦੇ ਜਿਆਦਾ ਕਣਕ ਦੀ ਫ਼ਸਲ ਪੂਰੀ ਤਰ੍ਹਾਂ ਖ਼ਰਾਬ ਹੋ ਗਈ ਹੈ। ਉਧਰ ਜੇਕਰ ਬਲਾਕ ਪੱਧਰ ’ਤੇ ਗੱਲਬਾਤ ਕੀਤੀ ਜਾਵੇ ਤਾਂ ਸਭ ਤੋਂ ਵੱਧ ਨੁਕਸਾਨ ਬਠਿੰਡਾ ਬਲਾਕ ਵਿਚ ਹੋਇਆ ਹੈ। ਜਿਸਦੇ ਵਿਚ 25 ਫ਼ੀਸਦੀ ਤੋਂ ਘੱਟ 41,280 ਹਜ਼ਾਰ ਹੈਕਟੇਅਰ ਰਕਬਾ ਇਸਦੀ ਚਪੇਟ ’ਚ ਆ ਗਿਆ ਹੈ। ਜਦੋਂਕਿ ਵੱਧ ਨੁਕਸਾਨ ਬਲਾਕ ਫ਼ੂਲ ਬਲਾਕ ਵਿਚ ਹੋਇਆ ਹੈ, ਜਿੱਥੇ 50 ਫ਼ੀਸਦੀ ਤੱਕ 16,850 ਹਜ਼ਾਰ ਹੈਕਟੇਅਰ ਅਤੇ 75 ਫੀਸਦੀ ਤਹਿਤ 14,525 ਹਜ਼ਾਰ ਹੈਕਟੇਅਰ ਰਕਬਾ ਆਇਆ ਹੈ। ਜਿੱਥੇ ਅੱਜ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਵੀ ਵਿਸੇਸ ਦੌਰਾ ਕਰਕੇ ਨੁਕਸਾਨੀਆਂ ਫ਼ਸਲਾਂ ਦਾ ਜਾਇਜ਼ਾ ਲਿਆ ਗਿਆ ਹੈ। ਗੌਰਤਲਬ ਹੈ ਕਿ ਪੰਜਾਬ ਸਰਕਾਰ ਦੀਆਂ ਹਿਦਾਇਤਾਂ ’ਤੇ ਮਾਲ ਵਿਭਾਗ ਵਲੋਂ ਹਾਲੇ ਇਸ ਵਿਸ਼ੇਸ ਖ਼ਰਾਬੇ ਦੇ ਅੰਕੜੇ ਹਾਸਲ ਕਰਨ ਲਈ ਵਿਸੇਸ ਗਿਰਦਾਵਰੀ ਹਾਲੇ ਤੱਕ ਸ਼ੁਰੂ ਨਹੀਂ ਹੋਈ ਹੈ।
ਬੇਮੌਸਮੀ ਬਾਰਸ਼ਾਂ ਕਾਰਨ ਫ਼ਸਲਾਂ ਦੇ ਹੋਏ ਨੁਕਸਾਨ ਦਾ ਮੁਆਵਜ਼ਾ ਮੰਗਿਆ
ਸੁਖਜਿੰਦਰ ਮਾਨ
ਬਠਿੰਡਾ, 26 ਮਾਰਚ: ਪੰਜਾਬ ਵਿੱਚ ਪਿਛਲੇ ਦਿਨਾਂ ਵਿੱਚ ਪਏ ਭਾਰੀ ਮੀਂਹ ਅਤੇ ਝੱਖੜ ਨਾਲ ਖੇਤੀ ਦੇ ਹੋਏ ਭਾਰੀ ਨੁਕਸਾਨ ਦਾ ਜਾਇਜ਼ਾ ਲੈਣ ਤੋਂ ਬਾਅਦ ਕੁੱਲ ਹਿੰਦ ਕਿਸਾਨ ਸਭਾ ਦੀ ਸੂਬਾ ਕਾਰਜਕਾਰਨੀ ਦੀ ਮੀਟਿੰਗ ਸੂਬਾ ਪ੍ਰਧਾਨ ਬਲਕਰਨ ਸਿੰਘ ਬਰਾੜ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਸੂਬਾ ਜਰਨਲ ਸਕੱਤਰ ਬਲਦੇਵ ਸਿੰਘ ਨਿਹਾਲਗੜ੍ਹ ਤੋ ਇਲਾਵਾ ਲਖਵੀਰ ਸਿੰਘ ਨਿਜਾਮਪੁਰ, ਸੂਰਤ ਸਿੰਘ ਧਰਮਕੋਟ, ਕੁਲਵੰਤ ਸਿੰਘ ਮੌਲਵੀਵਾਲਾ ,ਹਰਦੇਵ ਸਿੰਘ ਬਖਸ਼ੀਵਾਲਾ, ਗੁਲਜਾਰ ਸਿੰਘ ਗੁਰਦਾਸਪੁਰ, ਕਸ਼ਮੀਰ ਸਿੰਘ ਫਿਰੋਜ਼ਪੁਰ, ਸੁਰਿੰਦਰ ਸਿੰਘ ਦੰਡੀਆਂ ਵੀ ਸ਼ਾਮਲ ਹੋਏ। ਮੀਟਿੰਗ ਵਿੱਚ ਸ਼ਾਮਲ ਸਾਥੀਆਂ ਵੱਲੋਂ ਇਸ ਗੱਲ ਤੇ ਦੁੱਖ ਜਾਹਰ ਕੀਤਾ ਗਿਆ ਕਿ ਬੇਮੋਸਮੀ ਬਾਰਿਸ਼ ਤੇ ਗੜੇਮਾਰੀ ਨਾਲ ਪੰਜਾਬ ਅਤੇ ਦੇਸ਼ ਦੇ ਕਈ ਰਾਜਾਂ ਵਿੱਚ ਕਣਕ, ਸਰੋਂ, ਚਾਰਾ, ਸਬਜ਼ੀਆਂ ਤੇ ਨਵੀਂ ਬਿਜਾਈ ਕੀਤੀ ਗਈ ਮੂੰਗੀ ਤੇ ਮੱਕੀ ਆਦਿ ਦੀਆਂ ਫਸਲਾਂ ਦਾ ਭਾਰੀ ਨੁਕਸਾਨ ਹੋਇਆ ਹੈ । ਮੀਟਿੰਗ ਦੇ ਫੈਸਲੇ ਪ੍ਰੈੱਸ ਨੂੰ ਜਾਰੀ ਕਰਦਿਆਂ ਸੂਬਾ ਮੀਤ ਪ੍ਰਧਾਨ ਲਖਵੀਰ ਸਿੰਘ ਨਿਜਾਮਪੁਰਾ ਨੇ ਦੱਸਿਆ ਕਿ ਜੱਥੇਬੰਦੀ ਮੰਗ ਕਰਦੀ ਹੈ ਕਿ ਜੋ ਫਸਲਾਂ ਦੀ ਗਿਰਦਾਵਰੀ ਦੇ ਹੁਕਮ ਮੁੱਖ ਮੰਤਰੀ ਵੱਲੋਂ ਬੀਤੇ ਦਿਨੀ ਦਿੱਤੇ ਗਏ ਹਨ , ਨੂੰ ਜਲਦੀ ਸ਼ੁਰੂ ਕੀਤਾ ਜਾਵੇ ।ਫਸਲਾਂ ਦੇ ਹੋਏ ਨੁਕਸਾਨ ਲਈ ਏਕੜ ਨੂੰ ਇਕਾਈ ਮੰਨ ਕੇ 50% ਨੁਕਸਾਨ ਲਈ ਤੀਹ ਹਜਾਰ ਅਤੇ 50%ਤੋਂ ਉਪਰ ਨੁਕਸਾਨ ਲਈ ਸੱਠ ਹਜਾਰ ਰੂਪੈ ਪ੍ਰਤੀ ਏਕੜ ਮੁਆਵਜ਼ਾ ਦਿੱਤਾ ਜਾਵੇ ,ਝੱਖੜ ਵਿੱਚ ਢਹਿ ਗਏ ਘਰਾਂ ਤੇ ਬਾਗਾਂ ਦਾ ਉਹਨਾਂ ਦੀ ਪੂਰੀ ਕੀਮਤ ਅਨੁਸਾਰ ਮੁਆਵਜ਼ਾ ਜਾਰੀ ਕੀਤਾ ਜਾਵੇ। ਹਰ ਸਾਲ ਵਾਰ ਵਾਰ ਆਉਂਦੀਆਂ ਕੁਦਰਤੀ ਆਫ਼ਤਾਂ,ਫਸਲੀ ਮਹਾਂਮਾਰੀਆਂ,ਨਕਲੀ ਬੀਜਾਂ ਤੇ ਦਵਾਈਆਂ ਆਦਿ ਤੋਂ ਕਿਸਾਨਾਂ ਦੇ ਵਾਰ ਵਾਰ ਹੁੰਦੇ ਭਾਰੀ ਨੁਕਸਾਨ ਦੇ ਸਥਾਈ ਹੱਲ ਲਈ ਪੰਜਾਬ ਸਰਕਾਰ ਪੱਕੀ ਫਸਲੀ ਬੀਮਾ ਸਕੀਮ ਬਣਾਵੇ ,ਜਿਸ ਦਾ ਪ੍ਰੀਮੀਅਮ ਖਰਚਾ ਸਰਕਾਰ ਖੁਦ ਆਪਣੇ ਸਿਰ ਲਵੇ ਅਤੇ ਇਸ ਬੀਮਾ ਸਕੀਮ ਨੂੰ ਪੰਜਾਬ ਸਰਕਾਰ ਦੀ ਆ ਰਹੀ ਨਵੀਂ ਖੇਤੀ ਨੀਤੀ ਵਿੱਚ ਸ਼ਾਮਲ ਕੀਤਾ ਜਾਵੇ।
ਪਿੰਡਾਂ ਦੇ ਗੁਰੂਘਰਾਂ ’ਚ ਅਨਾਉਸਮੈਂਟਾਂ ਤੋਂ ਬਾਅਦ ਲੋਕਾਂ ਦੀ ਹਾਜ਼ਰੀ ਹੋਣਗੀਆਂ ਗਿਰਦਾਵਰੀਆਂ: ਭਗਵੰਤ ਮਾਨ
ਬਠਿੰਡਾ ਦੇ ਕਈ ਪਿੰਡਾਂ ’ਚ ਬਾਰਸਾਂ ਕਾਰਨ ਹੋਏ ਨੁਕਸਾਨ ਦਾ ਜਾਇਜ਼ਾ ਲੈਣ ਪੁੱਜੇ ਮੁੱਖ ਮੰਤਰੀ
ਖ਼ਰਾਬੇ ਦੇ ਮੁਆਵਜ਼ੇ ਵਿੱਚ 25 ਫੀਸਦੀ ਵਾਧੇ ਦਾ ਕੀਤਾ ਐਲਾਨ
ਸੁਖਜਿੰਦਰ ਮਾਨ
ਬਠਿੰਡਾ, 26 ਮਾਰਚ : ਪਿਛਲੇ ਦਿਨਾਂ ‘ਚ ਹੋਈ ਬੇਮੌਸਮੀ ਬਾਰਸ਼ ਅਤੇ ਗੜੇ੍ਹਮਾਰੀ ਕਾਰਨ ਕਿਸਾਨਾਂ ਦੇ ਹੋਏ ਭਾਰੀ ਨੁਕਸਾਨ ਨੂੰ ਦੇਖਦਿਆਂ ਅੱਜ ਖੇਤਾਂ ਦਾ ਜਾਇਜ਼ਾ ਲੈਣ ਪੁੱਜੇ ਮੁੱਖ ਮੰਤਰੀ ਭਗਵੰਤ ਮਾਨ ਨੇ ਡਿਪਟੀ ਕਮਿਸ਼ਨਰਾਂ ਨੂੰ ਆਦੇਸ਼ ਦਿੱਤੇ ਹਨ ਕਿ ‘‘ ਮੁਆਵਜੇ ਲਈ ਹੋਣ ਵਾਲੀਆਂ ਵਿਸੇਸ ਗਿਰਦਾਵਰੀਆਂ ਪਾਰਦਰਸ਼ੀ ਤਰੀਕੇ ਨਾਲ ਕੀਤੀਆਂ ਜਾਣ। ’’ ਬਠਿੰਡਾ ਜ਼ਿਲ੍ਹੇ ਦੇ ਕਈ ਪਿੰਡਾਂ ’ਚ ਪੁੱਜੇ ਮੁੱਖ ਮੰਤਰੀ ਸ: ਮਾਨ ਨੇ ਹਿਦਾਇਤਾਂ ’ਚ ਕਿਹਾ ਕਿ ‘‘ ਗਿਰਦਾਵਰੀ ਤੋਂ ਇੱਕ ਦਿਨ ਪਹਿਲਾਂ ਸਬੰਧਤ ਪਿੰਡ ਦੇ ਗੁਰਦੂਆਰਾ ਸਾਹਿਬ ਵਿਚ ਅਨਾਉਸਮੈਂਟ ਕੀਤੀ ਜਾਵੇ ਕਿ ਭਲਕੇ ਪਟਵਾਰੀ ਆ ਰਹੇ ਹਨ ਤੇ ਨਾਲ ਹੀ ਪਟਵਾਰੀ ਇਕੱਲਾ ਕਿਸੇ ਦੇ ਘਰ ਬੈਠ ਕੇ ਨਹੀਂ, ਬਲਕਿ ਪਿੰਡ ਦੇ ਲੋਕਾਂ ਨੂੰ ਨਾਲ ਲੈ ਕੇ ਖੇਤਾਂ ਵਿਚ ਜਾ ਕੇ ਗਿਰਦਾਵਰੀ ਕਰੇਗਾ। ’’ ਮੁੱਖ ਮੰਤਰੀ ਨੇ ਇਹ ਵੀ ਕਿਹਾ ਕਿ ਗਿਰਦਾਵਰੀ ਦੀ ਰੀਪੋਰਟ ਉੱਪਰ ਇਕੱਲੇ ਪਟਵਾਰੀ ਦੇ ਨਹੀਂ, ਬਲਕਿ ਪਿੰਡ ਦੇ ਮੋਹਤਬਰ ਲੋਕਾਂ ਦੇ ਵੀ ਦਸਖ਼ਤ ਹੋਣੇ ਚਾਹੀਦੇ ਹਨ। ਭਾਈਰੂਪਾ ਕਸਬੇ ਦੇ ਆਸਪਾਸ ਖੇਤਰਾਂ ਵਿਚ ਜਾਇਜ਼ਾ ਲੈਣ ਮੌਕੇ ਕਿਸਾਨਾਂ ਨਾਲ ਸਿੱਧੀ ਗੱਲਬਾਤ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ‘‘ ਉਹ ਪਿੰਡ ਦੇ ਵਸਨੀਕ ਹਨ ਤੇ ਉਨ੍ਹਾਂ ਨੂੰ ਪਤਾ ਹੈ ਕਿ ਇੰਨ੍ਹਾਂ ਗਿਰਦਾਵਰੀਆਂ ਵਿਚ ਕੀ ਚੱਲਦਾ ਹੈ ਪ੍ਰੰਤੂ ਉਹ ਕਿਸੇ ਦਾ ਹੱਕ ਨਹੀਂ ਮਰਨ ਦੇਣਗੇ। ’’ ਉਨ੍ਹਾਂ ਇਹ ਵੀ ਹੁਕਮ ਦਿੱਤੇ ਕਿ ਗਿਰਦਾਵਰੀ ਸਮੇਂ ਇਹ ਗੱਲ ਯਕੀਨੀ ਬਣਾਈ ਜਾਵੇ ਕਿ ਮੁਆਵਜ਼ਾ ਕਾਸ਼ਤਕਾਰ ਨੂੰ ਹੀ ਮਿਲੇ, ਕਿਉਂਕਿ ਬਾਅਦ ਵਿਚ ਜਮੀਨ ਮਾਲਕ ਤੋਂ ਪੈਸੇ ਲੈਣ ਲੱਗਿਆ ਦਿੱਕਤਾਂ ਆਉਂਦੀਆਂ ਹਨ। ਇਸ ਮੌਕੇ ਉਨ੍ਹਾਂ ਕਿਸਾਨਾਂ ਨੂੰ ਝੋਨੇ ਦੀ ਬਜਾਏ ਨਰਮੇ ਤੇ ਹੋਰ ਬਦਲਵੀਆਂ ਫ਼ਸਲਾਂ ਵੱਲ ਧਿਆਨ ਦੇਣ ਦੀ ਅਪੀਲ ਕੀਤੀ। ਭਗਵੰਤ ਮਾਨ ਨੇ ਕਿਹਾ ਕਿ ਉਨ੍ਹਾਂ ਕੇਂਦਰ ਸਰਕਾਰ ਨੂੰ ਵੀ ਕਿਹਾ ਹੈ ਕਿ ਉਹ ਕਿਸਾਨਾਂ ਨੂੰ ਬਦਲੀਆਂ ਫ਼ਸਲਾਂ ਲਈ ਆਰਥਿਕ ਤੌਰ ’ਤੇ ਉਤਸ਼ਾਹਤ ਕਰਨ। ਮੁੱਖ ਮੰਤਰੀ ਨੇ ਬਿਜਲੀ ਦੇਣ ਦੇ ਸਮੇਂ ਉੱਤੇ ਵੀ ਟਿੱਪਣੀ ਕਰਦਿਆਂ ਕਿਹਾ ਕਿ ਕਿਸਾਨਾਂ ਨੂੰ ਅੱਠ ਨਹੀਂ, ਦਸ-ਬਾਰਾਂ ਘੰਟੇ ਬਿਜਲੀ ਦਿੱਤੀ ਜਾਵੇਗੀ। ਇਸਤੋਂ ਇਲਾਵਾ ਫ਼ਸਲੇ ਦੇ ਖ਼ਰਾਬੇ ਕਾਰਨ ਸਹਿਕਾਰੀ ਬਂੈਕਾਂ ਤੇ ਸੁਸਾਇਟੀਆਂ ਦੀ ਕਿਸਤ ਵੀ ਨਹੀਂ ਭਰਾਈ ਜਾਵੇਗੀ। ਇਸ ਦੌਰਾਨ ਉਨ੍ਹਾਂ ਸੂਏ ਦੇ ਪੁਲ ’ਤੇ ਖੜਕੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪਿਛਲੇ ਸਮੇਂ ਮੁਆਵਜ਼ਾ ਦੇਣ ਦੀ ਪ੍ਰਕ੍ਰਿਆ ਵੀ ਕਾਫ਼ੀ ਗੁੰਝਲਦਾਰ ਹੈ, ਜਿਸ ਕਾਰਨ ਪ੍ਰਭਾਵਸ਼ਾਲੀ ਲੋਕ ਮੁਆਵਜ਼ਾ ਲੈਣ ਵਿਚ ਸਫ਼ਲ ਹੋ ਜਾਂਦੇ ਸਨ। ਇਸਦੇ ਨਾਲ ਹੀ ਉਨ੍ਹਾਂ ਮੁਆਵਜ਼ਾ ਰਾਸ਼ੀ ਵੀ 25 ਫ਼ੀਸਦੀ ਵਧਾਉਣ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਜੇ ਫ਼ਸਲ ਦੀ ਨੁਕਸਾਨ 75 ਫੀਸਦੀ ਤੋਂ ਵੱਧ ਹੁੰਦਾ ਹੈ ਤਾਂ ਸੂਬਾ ਸਰਕਾਰ ਕਿਸਾਨਾਂ ਨੂੰ 15,000 ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਮੁਆਵਜ਼ਾ ਦੇਵੇਗੀ। ਉਨ੍ਹਾਂ ਕਿਹਾ ਕਿ ਜੇਕਰ ਨੁਕਸਾਨ 33 ਤੋਂ 75 ਫੀਸਦੀ ਤੱਕ ਹੁੰਦਾ ਹੈ ਤਾਂ ਕਿਸਾਨਾਂ ਨੂੰ 6750 ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਮੁਆਵਜ਼ਾ ਦਿੱਤਾ ਜਾਵੇਗਾ। ਭਗਵੰਤ ਮਾਨ ਨੇ ਕਿਹਾ ਕਿ ਮਜ਼ਦੂਰਾਂ ਨੂੰ 10 ਫੀਸਦੀ ਮੁਆਵਜ਼ਾ ਦਿੱਤਾ ਜਾਵੇਗਾ ਤਾਂ ਜੋ ਉਨ੍ਹਾਂ ਨੂੰ ਕੋਈ ਵਿੱਤੀ ਮੁਸ਼ਕਲ ਪੇਸ਼ ਨਾ ਆਵੇ। ਉਨ੍ਹਾਂ ਕਿਹਾ ਕਿ ਪੂਰੇ ਮਕਾਨ ਦੇ ਨੁਕਸਾਨ ਦੇ ਮੁਆਵਜ਼ੇ ਵਜੋਂ 95100 ਰੁਪਏ ਦਿੱਤੇ ਜਾਣਗੇ, ਜਦੋਂ ਕਿ ਘਰਾਂ ਦੇ ਮਾਮੂਲੀ ਨੁਕਸਾਨ ਲਈ 5200 ਰੁਪਏ ਦਿੱਤੇ ਜਾਣਗੇ।ਕੁਦਰਤ ਦੀ ਮਾਰ ਤੋਂ ਕਿਸਾਨਾਂ ਨੂੰ ਬਚਾਉਣ ਦੀ ਗੱਲ ਆਖਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਫ਼ਸਲ ਬੀਮਾ ਯੋਜਨਾ ਲਿਆਏਗੀ।ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਅਧਿਕਾਰੀਆਂ ਨੂੰ ਇਹ ਯਕੀਨੀ ਬਣਾਉਣ ਲਈ ਕਿਹਾ ਹੈ ਕਿ ਉਹ ਜਲਦੀ ਤੋਂ ਜਲਦੀ ਨੁਕਸਾਨ ਦੀ ਰਿਪੋਰਟ ਪੇਸ਼ ਕਰਨ ਤਾਂ ਜੋ ਪ੍ਰਭਾਵਿਤ ਲੋਕਾਂ ਨੂੰ ਸਰਕਾਰੀ ਨਿਯਮਾਂ ਅਨੁਸਾਰ ਢੁਕਵਾਂ ਮੁਆਵਜ਼ਾ ਦਿੱਤਾ ਜਾ ਸਕੇ। ਉਨ੍ਹਾਂ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਸਰਕਾਰ ਕੁਦਰਤ ਦੇ ਕਹਿਰ ਤੋਂ ਉਨ੍ਹਾਂ ਦੇ ਹਿੱਤਾਂ ਦੀ ਰਾਖੀ ਲਈ ਵਚਨਬੱਧ ਹੈ। ਭਗਵੰਤ ਮਾਨ ਨੇ ਕਿਹਾ ਕਿ ਸੂਬੇ ਵਿੱਚ ਹਾਲ ਹੀ ਵਿੱਚ ਪਏ ਮੀਂਹ ਕਾਰਨ ਕਿਸਾਨਾਂ ਦੇ ਨਾਲ-ਨਾਲ ਮਜ਼ਦੂਰਾਂ ਦੇ ਹੋਏ ਨੁਕਸਾਨ ਦੀ ਭਰਪਾਈ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇਗੀ। ਇਸ ਮੌਕੇ ਉਨ੍ਹਾਂ ਨਾਲ ਹਲਕਾ ਵਿਧਾਇਕ ਬਲਕਾਰ ਸਿੱਧੂ ਤੋਂ ਇਲਾਵਾ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀ ਵੀ ਮੌਜੂਦ ਰਹੇ।
ਰਾਹੁਲ ਗਾਂਧੀ ਦੀ ਲੋਕ ਸਭਾ ਮੈਂਬਰਸ਼ਿਪ ਖਤਮ ਕਰਨ ਤੋਂ ਭੜਕੇ ਕਾਂਗਰਸੀਆਂ ਨੇ ਰੋਸ਼ ਪ੍ਰਦਰਸ਼ਨ ਕਰਦਿਆਂ ਕੀਤਾ ‘ਸੱਤਿਆਗ੍ਰਹਿ’
ਆਜ਼ਾਦ ਦੇਸ਼ ਵਿੱਚ ਮੋਦੀ ਸਰਕਾਰ ਕਰਵਾ ਰਹੀ ਹੈ ਗੁਲਾਮੀ ਦਾ ਅਹਿਸਾਸ : ਅੰਮ੍ਰਿਤਾ ਵੜਿੰਗ
ਸੁਖਜਿੰਦਰ ਮਾਨ
ਬਠਿੰਡਾ, 26 ਮਾਰਚ: ਲੋਕ ਸਭਾ ਵਿੱਚ ਕਾਂਗਰਸ ਲੀਡਰ ਰਾਹੁਲ ਗਾਂਧੀ ਦੀ ਮੈਂਬਰਸ਼ਿਪ ਖਤਮ ਕਰਨ ਦੇ ਵਿਰੋਧ ਵਿਚ ਅੱਜ ਦੇਸ ਭਰ ’ਚ ਸੱਤਿਆਗ੍ਰਹਿ ਦੇ ਦਿੱਤੇ ਸੱਦੇ ਹੇਠ ਜ਼ਿਲ੍ਹਾ ਕਾਂਗਰਸ ਕਮੇਟੀ ਵਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਸਾਹਮਣੇ ਅੰਬੇਦਕਰ ਪਾਰਕ ਵਿਚ ਸਵੇਰੇ 10 ਤੋਂ ਸ਼ਾਮ 5 ਵਜੇ ਤੱਕ ਰੋਸ਼ ਪ੍ਰਦਰਸ਼ਨ ਕਰਦਿਆਂ ਸੱਤਿਆਗ੍ਰਹਿ ਕੀਤਾ। ਇਸ ਮੌਕੇ ਕਾਂਗਰਸ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਪਤਨੀ ਅੰਮ੍ਰਿਤਾ ਵੜਿੰਗ ਨੇ ਸੱਤਿਆਗ੍ਰਹਿ ਵਿਚ ਸ਼ਮੂਲੀਅਤ ਕੀਤੀ। ਇਸ ਮੌਕੇ ਕਾਂਗਰਸੀਆਂ ਨੇ ਮੋਦੀ ਸਰਕਾਰ ਵਿਰੁੱਧ ਨਾਅਰੇਬਾਜ਼ੀ ਕਰਦਿਆਂ ਦੋਸ਼ ਲਗਾਇਆ ਕਿ ਵਿਰੋਧੀਆਂ ਦੀ ਅਵਾਜ਼ ਦਬਾਉਣ ਲਈ ਸਰਕਾਰ ਨੇ ਰਾਹੁਲ ਗਾਂਧੀ ਦੀ ਲੋਕ ਸਭਾ ਸੀਟ ਖਾਲੀ ਕਰਵਾਈ ਹੈ। ਧਰਨੇ ਨੂੰ ਸੰਬੋਧਨ ਕਰਦਿਆਂ ਕਰਦਿਆਂ ਅੰਮ੍ਰਿਤਾ ਵੜਿੰਗ ਨੇ ਦਾਅਵਾ ਕੀਤਾ ਕਿ ਰਾਹੁਲ ਗਾਂਧੀ ਦੀ ਅਗਵਾਈ ਹੇਠ ਵਿਰੋਧੀ ਧਿਰਾਂ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਕਾਰੋਬਾਰੀ ਗੌਤਮ ਅਡਾਨੀ ਨਾਲ ਦੋਸਤੀ ਬਾਰੇ ਸੁਆਲ ਖੜ੍ਹੇ ਕੀਤੇ ਜਾ ਰਹੇ ਸਨ, ਜਿਸ ਤੋਂ ਬੁਖ਼ਲਾਹਟ ਸਰਕਾਰ ਨੇ ਇਹ ਕਦਮ ਚੁੱਕਿਆ ਹੈ। ਸ਼੍ਰੀਮਤੀ ਵੜਿੰਗ ਨੇ ਕਿਹਾ ਕਿ ਕੇਂਦਰ ਸਰਕਾਰ ਆਪਣੀਆਂ ਨਾਕਾਮੀਆਂ ਛੁਪਾਉਣਾ ਲਈ ਲੋਕ ਸਭਾ ਵਿੱਚ ਉੱਠਦੀ ਸੱਚ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ ਜਿਸ ਕਰਕੇ ਸੱਚ ਬੋਲਣ ਵਾਲੇ ਲੀਡਰਾਂ ਤੇ ਦੇਸ਼ ਧਰੋਹੀ ਦਾ ਟੈਗ ਲਾ ਦਿੱਤਾ ਜਾਂਦਾ ਹੈ ਅਤੇ ਮੈਂਬਰਸ਼ਿਪ ਖ਼ਾਰਜ ਕਰ ਦਿੱਤੀ ਜਾਂਦੀ ਹੈ ਜਿਸ ਤੋਂ ਕੇਂਦਰ ਸਰਕਾਰ ਦੀ ਹਾਰ ਅਤੇ ਬੋਖਲਾਹਟ ਸਾਹਮਣੇ ਆਉਂਦੀ ਹੈ। ਉਹਨਾਂ ਕਿਹਾ ਕਿ ਅੱਜ ਦੇਸ਼ ਦੇ ਹਾਲਾਤ ਬਦ ਤੋਂ ਬੱਤਰ ਹੋ ਚੁੱਕੇ ਹਨ ਜਿਸ ਪਾਸੇ ਸਰਕਾਰ ਦਾ ਧਿਆਨ ਨਹੀਂ ਬਲਕਿ ਵਿਰੋਧੀ ਧਿਰਾਂ ਦੀ ਅਵਾਜ਼ ਨੂੰ ਡਰਾਇਆ ਧਮਕਾਇਆ ਜਾ ਰਿਹਾ ਹੈ ਪਰ ਕਾਂਗਰਸ ਕੁਰਬਾਨੀਆਂ ਭਰੇ ਇਤਿਹਾਸ ਵਾਲੀ ਪਾਰਟੀ ਹੈ ਉਹ ਕੇਂਦਰ ਸਰਕਾਰ ਦੀਆਂ ਸਾਜ਼ਸ਼ਾਂ ਤੋਂ ਦਬਣ ਵਾਲੀ ਨਹੀਂ। ਅਮ੍ਰਿਤਾ ਵੜਿੰਗ ਨੇ ਪੰਜਾਬ ਸਰਕਾਰ ਨੂੰ ਕਰੜੇ ਹੱਥੀਂ ਲੈਂਦਿਆਂ ਕਿਹਾ ਕਿ ਸੂਬੇ ਦੇ ਹਾਲਾਤ ਬਦ ਤੋਂ ਬਦਤਰ ਹਨ ਇਸ ਪਾਸੇ ਸਰਕਾਰ ਦਾ ਕੋਈ ਧਿਆਨ ਨਹੀਂ। ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਚੋਣਾਂ ਵੇਲੇ ਕੀਤੇ ਵਾਅਦੇ ਅਨੁਸਾਰ ਬਰਸਾਤ ਨਾਲ ਨੁਕਸਾਨੀਆਂ ਫ਼ਸਲਾਂ ਦੇ ਤੁਰੰਤ ਮੁਆਵਜ਼ੇ ਦੀ ਮੰਗ ਕੀਤੀ। ਇਸ ਮੌਕੇ ਖੁਸ਼ਬਾਜ ਸਿੰਘ ਜਟਾਨਾ ਅਤੇ ਰਾਜਨ ਗਰਗ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਕੇਂਦਰ ਸਰਕਾਰ ਨੇ ਹਮੇਸ਼ਾ ਪ੍ਰਾਈਵੇਟ ਕੰਪਨੀਆਂ ਨੂੰ ਲਾਭ ਪਹੁੰਚਾਇਆ ਅਤੇ ਸਰਕਾਰ ਬੈਂਕਾਂ ਨਾਲ ਹੁੰਦੀਆਂ ਧੋਖਾਧੜੀਆਂ ਲਈ ਸਿੱਧੇ ਤੌਰ ਤੇ ਜਿੰਮੇਵਾਰ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਕਾਂਗਰਸ ਪਾਰਟੀ ਦੇ ਸਮੂਹ ਵਰਕਰ ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਅਗਵਾਈ ਵਿਚ ਕੇਂਦਰ ਸਰਕਾਰ ਦੀਆਂ ਸਾਜ਼ਸ਼ਾਂ ਖ਼ਿਲਾਫ਼ ਹਮੇਸ਼ਾ ਲੜਾਈ ਲੜਨ ਲਈ ਤੱਤਪਰ ਹਨ। ਇਸ ਮੌਕੇ ਕੇ ਕੇ ਅੱਗਰਵਾਲ, ਅਸ਼ੋਕ ਕੁਮਾਰ, ਟਹਿਲ ਸਿੰਘ ਸੰਧੂ, ਪਵਨ ਮਾਨੀ, ਕਿਰਨਜੀਤ ਸਿੰਘ ਗਹਿਰੀ, ਬਲਵੰਤ ਰਾਏ ਨਾਥ , ਕਿਰਨਦੀਪ ਕੌਰ ਵਿਰਕ , ਮਲਕੀਤ ਸਿੰਘ, ਬਲਰਾਜ ਪੱਕਾ, ਹਰਵਿੰਦਰ ਲੱਡੂ, ਕ੍ਰਿਸ਼ਨ ਸਿੰਘ ਭਾਗੀ ਬਾਂਦਰ, ਦਰਸ਼ਨ ਸਿੰਘ, ਰਣਜੀਤ ਸਿੰਘ ਸੰਧੂ, ਲਖਵਿੰਦਰ ਸਿੰਘ ਲੱਖੀ, ਬਲਜਿੰਦਰ ਸਿੰਘ ਠੇਕੇਦਾਰ, ਤੇਜਾ ਸਿੰਘ ਦੰਦੀਵਾਲ, ਲਖਵਿੰਦਰ ਸਿੰਘ ਲੱਖਾ, ਰੁਪਿੰਦਰ ਬਿੰਦਰਾ, ਅਨਿਲ ਭੋਲਾ, ਬੇਅੰਤ ਸਿੰਘ ਰੰਧਾਵਾ, ਸੁਖਦੇਵ ਸਿੰਘ ਸੁੱਖਾ,ਜਸਵੀਰ ਸਿੰਘ ਜੱਸਾ, ਗੁਰਪ੍ਰੀਤ ਬੰਟੀ, ਵਿਕਰਮ ਕ੍ਰਾਂਤੀ, ਸੁਰੇਸ਼ ਚੌਹਾਨ ਗੁਰਵਿੰਦਰ ਸਿੰਘ ਚਹਿਲ, ਗੁਰਕੀਰਤ ਸਿੰਘ ਮੌੜ, ਰਣਜੀਤ ਗਰੇਵਾਲ, ਸੁਰਿੰਦਰਜੀਤ ਸਿੰਘ ਸਾਹਨੀ, ਜੁਗਿੰਦਰ ਸਿੰਘ, ਰਜਿੰਦਰ ਕੁਮਾਰ, ਮੋਹਣ ਲਾਲ ਵਰਮਾ, ਹਰਮੇਸ਼ ਬਾਂਸਲ ,ਐਡਵੋਕੇਟ ਜਸਵਿੰਦਰ ਸਿੰਘ ਬਜੋਆਣਾ, ਮਾਸਟਰ ਪ੍ਰਕਾਸ਼ ਚੰਦ, ਸੁਰਜੀਤ ਸਿੰਘ, ਬਲਵੀਰ ਸਿੰਘ, ਸੁਨੀਲ ਕੁਮਾਰ, ਜਗਰਾਜ ਸਿੰਘ, ਅਸ਼ੀਸ਼ ਕਪੂਰ, ਪ੍ਰੀਤੀ ਸ਼ਰਮਾ, ,ਹਰਮੀਤ ਸਿੰਘ ਸਮੇਤ ਵੱਡੀ ਗਿਣਤੀ ਵਿਚ ਵਰਕਰ ਹਾਜ਼ਰ ਸਨ।





