ਸਿਕਾਇਤ ਮਿਲਣ ’ਤੇ ਕਿਸਾਨ ਜਥੇਬੰਦੀਆਂ ਸਹਿਤ ਪਿੰਡਾਂ ਦੇ ਲੋਕਾਂ ਨੇ ਲਗਾਇਆ ਪੰਪ ’ਤੇ ਧਰਨਾ
ਸੁਖਜਿੰਦਰ ਮਾਨ
ਬਠਿੰਡਾ, 25 ਮਾਰਚ: ਸ਼ਹਿਰ ਨਜਦੀਕ ਲੱਗਦੇ ਕਸਬੇ ਬੱਲੂਆਣਾ ਦੇ ਬੱਸ ਸਟੈਂਡ ’ਤੇ ਸਥਿਤ ਇੰਡੀਅਨ ਆਇਲ ਕਾਰਪੋਰੇਸ਼ਨ ਦੇ ਪੰਪ ਨੂੰ ਅੱਜ ਤੇਲ ’ਚ ਪਾਣੀ ਪਾ ਕੇ ਵੇਚਣ ਦੇ ਦੋਸ਼ਾਂ ਹੇਠ ਪ੍ਰਸ਼ਾਸਨ ਵਲੋਂ ਸੀਲ ਕਰ ਦਿੱਤਾ ਗਿਆ। ਇਸ ਪੰਪ ਵਿਚੋਂ ਤੇਲ ਪਵਾਉਣ ਤੋਂ ਬਾਅਦ ਮੋਟਰਸਾਈਕਲ ਦੀ ਟੈਂਕੀ ਵਿਚੋਂ ਪਾਣੀ ਨਿਕਲਣ ਦੀ ਖ਼ਬਰ ਸਾਹਮਣੇ ਆਉਣ ਤੋਂ ਬਾਅਦ ਭੜਕੇ ਪਿੰਡ ਵਾਸੀਆਂ ਤੋਂ ਇਲਾਵਾ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ, ਸਿੱਧੂਪਰ ਅਤੇ ਬੀਕੇਯ ਡਕੋਦਾਂ ਦੇ ਵਰਕਰਾਂ ਨੇ ਪੰਪ ਦਾ ਘਿਰਾਓ ਕਰਦਿਆਂ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਘਟਨਾ ਦਾ ਪਤਾ ਚੱਲਦੇ ਹੀ ਥਾਣਾ ਸਦਰ ਦੀ ਪੁਲਿਸ ਮੌਕੇ ’ਤੇ ਪੁੱਜੀ। ਇਸਤੋਂ ਬਾਅਦ ਐਸ.ਐਚ.ਓ ਗੁਰਮੀਤ ਸਿੰਘ ਅਤੇ ਡੀਐਸਪੀ ਨਰਿੰਦਰ ਸਿੰਘ ਵੀ ਮੌਕੇ ’ਤੇ ਪੁੱਜੇ। ਇਸਦੇ ਨਾਲ ਹੀ ਖ਼ੁਰਾਕ ਤੇ ਸਪਲਾਈ ਵਿਭਾਗ ਅਤੇ ਇੰਡੀਅਨ ਆਇਲ ਕਾਰਪੋਰੇਸ਼ਨ ਦੇ ਅਧਿਕਾਰੀਆਂ ਨੂੰ ਵੀ ਸੂਚਿਤ ਕੀਤਾ ਗਿਆ, ਜਿੰਨ੍ਹਾਂ ਮੌਕੇ ’ਤੇ ਪੁੱਜ ਕੇ ਜਾਂਚ ਕੀਤੀ। ਇਸ ਮੌਕੇ ਲੋਕਾਂ ਨੇ ਦਸਿਆ ਕਿ ਜਾਂਚ ਦੌਰਾਨ ਤੇਲ ਵਾਲੇ ਡੱਗ ਦੇ ਨਜਦੀਕ ਇੱਕ ਹੈਡਪੰਪ ਵੀ ਬਰਾਮਦ ਕੀਤਾ ਗਿਆ, ਜਿਸਦੇ ਨਾਲ ਤੇਲ ਵਿਚ ਪਾਣੀ ਮਿਲਾਇਆ ਜਾਂਦਾ ਸੀ। ਕਾਰਪੋਰੇਸ਼ਨ ਦੇ ਸਹਾਇਕ ਮੈਨੇਜ਼ਰ ਮਹੇਸ਼ਵਰ ਨੇ ਇਸ ਮੌਕੇ ਲੋਕਾਂ ਦੇ ਇਕੱਠ ਨੂੰ ਸ਼ਾਂਤ ਕਰਦਿਆਂ ਭਰੋਸਾ ਦਿਵਾਇਆ ਕਿ ਜਾਂਚ ਪੂਰੀ ਹੋਣ ਤੱਕ ਇਹ ਪੰਪ ਪੂਰੀ ਤਰ੍ਹਾਂ ਸੀਲ ਰਹੇਗਾ। ਦਸਣਾ ਬਣਦਾ ਹੈ ਕਿ ਉਕਤ ਪੰਪ ਬਾਰੇ ਪਹਿਲਾਂ ਵੀ ਕਈ ਤਰ੍ਹਾਂ ਦੀਆਂ ਚਰਚਾਵਾਂ ਚੱਲ ਰਹੀਆਂ ਸਨ ਪ੍ਰੰਤੂ ਅੱਜ ਇਹ ਮਾਮਲਾ ਉਸ ਵੇਲੇ ਭੜਕ ਗਿਆ ਜਦੋਂ ਨਜ਼ਦੀਕੀ ਪਿੰਡ ਦਾ ਨੌਜਵਾਨ ਸੁਖਰਾਜ ਸਿੰਘ ਇਸ ਪੰਪ ਤੋਂ ਬੋਤਲ ਵਿਚ ਤੇਲ ਪਵਾਉਣ ਆਇਆ। ਇਸ ਦੌਰਾਨ ਨੌਜਵਾਨ ਨੂੰ ਸ਼ੱਕ ਹੋਇਆ ਕਿ ਬੋਤਲ ਵਿਚ ਤੇਲ ਦੇ ਨਾਲ-ਨਾਲ ਪਾਣੀ ਵੀ ਹੈ, ਜਿਸਦੇ ਚੱਲਦੇ ਜਦ ਉਸਨੇ ਪੰਪ ਦੇ ਕਰਿੰਦੇ ਨੂੰ ਪੁਛਿਆ ਤਾਂ ਦੋਨਾਂ ਵਿਚਕਾਰ ਤਕਰਾਰ ਹੋ ਗਿਆ। ਜਿਸਤੋਂ ਬਾਅਦ ਇਸ ਦੀ ਸੂਚਨਾ ਮਿਲਦੇ ਹੀ ਕਿਸਾਨ ਜਥੇਬੰਦੀਆਂ ਦੇ ਆਗੂ ਤੇ ਵਰਕਰ ਵੱਡੀ ਗਿਣਤੀ ਵਿਚ ਪੁੱਜਣੇ ਸ਼ੁਰੂ ਹੋ ਗਏ। ਕਿਸਾਨ ਆਗੂ ਗੁਰਪਾਲ ਸਿੰਘ ਅਤੇ ਬਲਦੇਵ ਸਿੰਘ ਦੀ ਅਗਵਾਈ ਹੇਠ ਇਕੱਠੇ ਹੋਏ ਕਿਸਾਨਾਂ ਨੇ ਪੈਟਰੋਲ ਪੰਪ ਦੇ ਮਾਲਕਾਂ ਖ਼ਿਲਾਫ਼ ਧਰਨਾ ਲਗਾ ਕਿ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਜਿਸਤੋਂ ਬਾਅਦ ਹੀ ਅਧਿਕਾਰੀਆਂ ਨੇ ਮੌਕੇ ’ਤੇ ਪੁੱਜ ਕੇ ਪੰਪ ਨੂੰ ਸੀਲ ਕਰ ਦਿੱਤਾ।
ਪੈਟਰੋਲ ’ਚ ਪਾਣੀ ਪਾ ਕੇ ਵੇਚਣ ਦੇ ਦੋਸ਼ਾਂ ਹੇਠ ਪ੍ਰਸ਼ਾਸਨ ਵਲੋਂ ਪੰਪ ਸੀਲ
ਬੇਮੌਸਮੇ ਮੀਂਹ ਤੇ ਗੜੇਮਾਰੀ ਕਾਰਨ ਕਣਕ ਦੀ ਫ਼ਸਲ ਦੇ ਹੋਏ ਨੁਕਸਾਨ ਲਈ ਵੀਹ ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ਾ ਦਿੱਤਾ ਜਾਵੇ-ਬਲਬੀਰ ਸਿੱਧੂ
ਇਸ਼ਤਿਹਾਰਬਾਜ਼ੀ ਉਤੇ ਕੀਤੀ ਜਾ ਰਹੀ ਫਜ਼ੂਲਖ਼ਰਚੀ ਦੀ ਥਾਂ ਕਿਸਾਨਾਂ ਨੂੰ ਰਾਹਤ ਦਿਤੀ ਜਾਵੇ
ਪੰਜਾਬੀ ਖ਼ਬਰਸਾਰ ਬਿਉਰੋ
ਐਸ.ਏ.ਐਸ.ਨਗਰ, 25 ਮਾਰਚ: ਸੀਨੀਅਰ ਭਾਜਪਾ ਆਗੂ ਅਤੇ ਸੂਬੇ ਦੇ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਬੇਮੌਸਮੇ ਮੀਂਹ ਤੇ ਗੜੇਮਾਰੀ ਕਾਰਨ ਕਣਕ ਦੀ ਫ਼ਸਲ ਦੇ ਹੋਏ ਭਾਰੀ ਨੁਕਸਾਨ ਲਈ ਤੁਰੰਤ ਵੀਹ ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ਾ ਦਿੱਤਾ ਜਾਵੇ ਤਾਂ ਜੋ ਪਹਿਲਾਂ ਹੀ ਕਰਜ਼ੇ ਦੇ ਬੋਝ ਹੇਠਾਂ ਦੱਬੇ ਹੋਏ ਕਿਸਾਨਾਂ ਨੂੰ ਕੁਝ ਰਾਹਤ ਮਿਲ ਸਕੇ। ਸ਼੍ਰੀ ਸਿੱਧੂ ਨੇ ਅੱਜ ਇਥੇ ਜਾਰੀ ਆਪਣੇ ਇਕ ਪ੍ਰੈਸ ਬਿਆਨ ਵਿਚ ਕਿਹਾ ਕਿ ਸੂਬੇ ਭਰ ਵਿਚ ਪਿਛਲੇ ਦੋ-ਤਿੰਨ ਦਿਨ ਤੋਂ ਪੈ ਰਹੀ ਬੇਮੌਸਮੀ ਬਾਰਸ਼, ਤੇਜ਼ ਹਨੇਰੀ ਅਤੇ ਗੜੇਮਾਰੀ ਕਾਰਨ ਫਸਲਾਂ ਖਾਸ ਕਰ ਕੇ ਕਣਕ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਹੈ। ਉਹਨਾਂ ਕਿਹਾ ਕਿ ਪੱਕਣ ਉਤੇ ਆਈ ਕਣਕ ਮੀਂਹ ਅਤੇ ਹਨੇਰੀ ਕਾਰਨ ਧਰਤੀ ਉਤੇ ਵਿਛ ਗਈ ਹੈ ਅਤੇ ਕਈ ਇਲਾਕਿਆਂ ਵਿਚ ਹੋਈ ਬਾਰੀ ਗੜੇਮਾਰੀ ਕਾਰਨ ਕਣਕ ਦੀਆਂ ਬੱਲੀਆਂ ਝੜ ਜਾਣ ਕਾਰਨ ਫਸਲ ਬਿਲਕੁਲ ਹੀ ਤਬਾਹ ਹੋ ਗਈ ਹੈ। ਸ਼੍ਰੀ ਸਿੱਧੂ ਨੇ ਕਿਹਾ ਕਿ ਇਸ ਕੁਦਰਤੀ ਕਰੋਪੀ ਕਾਰਨ ਕਣਕ ਦਾ ਝਾੜ ਘਟਣ ਦੇ ਨਾਲ ਨਾਲ ਤੂੜੀ ਵੀ ਘੱਟ ਬਣੇਗੀ ਜਿਸ ਕਾਰਨ ਆਉਣ ਵਾਲੇ ਸਮੇਂ ਵਿਚ ਪਸ਼ੂਆਂ ਲਈ ਚਾਰੇ ਦੀ ਸਮੱਸਿਆ ਵੀ ਆਵੇਗੀ। ਸਾਬਕਾ ਸਿਹਤ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਇਸ ਸੰਕਟ ਦੀ ਘੜੀ ਵਿਚ ਸੂਬੇ ਦੇ ਕਿਸਾਨਾਂ ਦੀ ਬਾਂਹ ਫੜੇ ਅਤੇ ਤੁਰੰਤ ਵੀਹ ਹਜ਼ਾਰ ਪ੍ਰਤੀ ਏਕੜ ਮੁਆਵਜ਼ਾ ਦੇਵੇ। ਉਹਨਾਂ ਕਿਹਾ ਸੂਬਾ ਸਰਕਾਰ ਨੂੰ ਤਿਲੰਗਾਨਾ ਦੀ ਸਰਕਾਰ ਤੋਂ ਸੇਧ ਲੈਣੀ ਚਾਹੀਦੀ ਹੈ ਜਿਸ ਨੇ ਦੋ ਦਿਨ ਪਹਿਲਾਂ ਗੜੇਮਾਰੀ ਕਾਰਨ ਹੋਏ ਫਸਲਾਂ ਦੇ ਨੁਕਸਾਨ ਲਈ ਦਸ ਹਜ਼ਾਰ ਪ੍ਰਤੀ ਏਕੜ ਮੁਆਵਜ਼ਾ ਦੇਣ ਦਾ ਤੁਰੰਤ ਐਲਾਨ ਕਰ ਕੇ 250 ਕਰੋੜ ਰੁਪਏ ਦੀ ਰਾਸ਼ੀ ਵੀ ਜਾਰੀ ਕਰ ਦਿੱਤੀ। ਸ਼੍ਰੀ ਸਿੱਧੂ ਨੇ ਕਿਹਾ ਕਿ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਨੇ ਪਿਛਲੇ ਸਾਲ ਸਹੁੰ ਚੁੱਕਣ ਤੋਂ ਬਾਅਦ 26 ਮਾਰਚ ਨੂੰ ਮਾਨਸਾ ਵਿਖੇ ਆਪਣੇ ਪਹਿਲੇ ਜਨਤਕ ਸਮਾਗਮ ਵਿਚ ਐਲਾਨ ਕੀਤਾ ਸੀ ਕਿ ਕਿਸਾਨਾਂ ਨੂੰ ਕੁਦਰਤੀ ਆਫ਼ਤ ਕਾਰਨ ਹੋਏ ਨੁਕਸਾਨ ਦਾ ਮੁਆਵਜ਼ਾ ਤੁਰੰਤ ਦਿੱਤਾ ਜਾਇਆ ਕਰੇਗਾ ਅਤੇ ਗਿਰਦਾਵਰੀ ਬਾਅਦ ਵਿਚ ਕਰਵਾਈ ਜਾਇਆ ਕਰੇਗੀ। ਉਹਨਾਂ ਕਿਹਾ ਕਿ ਮੁੱਖ ਮੰਤਰੀ ਨੂੰ ਹੁਣ ਆਪਣੇ ਇਸ ਐਲਾਨ ਉਤੇ ਅਮਲ ਕਰਦਿਆਂ 20,000 ਰੁਪਏ ਪ੍ਰਤੀ ਏਕੜ ਮੁਆਵਜ਼ਾ ਦੇਣ ਲਈ ਤੁਰੰਤ ਰਾਸ਼ੀ ਜਾਰੀ ਕਰਨੀ ਚਾਹੀਦੀ ਹੈ। ਭਾਜਪਾ ਆਗੂ ਨੇ ਕਿਹਾ ਹੈ ਕਿ ਸੂਬਾ ਸਰਕਾਰ ਨੂੰ ਚਾਹੀਦਾ ਹੈ ਕਿ ਇਸ਼ਤਿਹਾਰਬਾਜ਼ੀ ਉਤੇ ਕੀਤੀ ਜਾ ਰਹੀ ਫਜ਼ੂਲਖ਼ਰਚੀ ਨੂੰ ਰੋਕ ਕੇ ਉਹ ਪੈਸਾ ਕਿਸਾਨਾਂ ਨੂੰ ਰਾਹਤ ਦੇਣ ਉੱਤੇ ਖ਼ਰਚ ਕਰੇ। ਉਹਨਾਂ ਕਿਹਾ ਕਿ ਪਿਛਲੇ ਇਕ ਸਾਲ ਵਿਚ ਇਸ਼ਤਿਹਾਰਬਾਜ਼ੀ ਉਤੇ ਖ਼ਰਚ ਕੀਤੇ 800 ਕਰੋੜ ਰੁਪਏ ਦੀ ਰਾਸ਼ੀ ਨਾਲ ਪੰਜ ਏਕੜ ਦੀ ਮਾਲਕੀ ਵਾਲੇ 40 ਲੱਖ ਕਿਸਾਨ ਪਰਿਵਾਰਾਂ ਨੂੰ 10,000 ਰੁਪਏ ਪ੍ਰਤੀ ਏਕੜ ਦਾ ਮੁਆਵਜ਼ਾ ਦਿਤਾ ਜਾ ਸਕਦਾ ਸੀ।
ਪੰਜਾਬ ਵਿੱਚ ਕਾਨੂੰਨ ਵਿਵਸਥਾ ’ਤੇ ਬੋਲੇ ਕੇਜਰੀਵਾਲ, ਪੰਜਾਬ ਵਿੱਚ ਅਮਨ-ਕਾਨੂੰਨ ਸਾਡੀ ਪਹਿਲ
ਕਈ ਵਾਰ ਸ਼ਾਂਤੀ ਕਾਇਮ ਰੱਖਣ ਲਈ ਸਖ਼ਤ ਫੈਸਲੇ ਲੈਣੇ ਪੈਂਦੇ ਹਨ, ਮੁੱਖ ਮੰਤਰੀ ਮਾਨ ਨੇ ਪੰਜਾਬ ਦੇ ਹਾਲਾਤਾਂ ਨੂੰ ਬਹੁਤ ਵਧੀਆ ਢੰਗ ਨਾਲ ਸੰਭਾਲਿਆ: ਅਰਵਿੰਦ ਕੇਜਰੀਵਾਲ
ਪੰਜਾਬੀ ਖ਼ਬਰਸਾਰ ਬਿਉਰੋ
ਜਲੰਧਰ, 25 ਮਾਰਚ: ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪੰਜਾਬ ਦੀ ਕਾਨੂੰਨ ਵਿਵਸਥਾ ਲਈ ਭਗਵੰਤ ਮਾਨ ਸਰਕਾਰ ਦੀ ਸ਼ਲਾਘਾ ਕੀਤੀ ਅਤੇ ਜ਼ੋਰ ਦਿੱਤਾ ਕਿ ਸੂਬੇ ਦੀ ਅਮਨ ਸ਼ਾਂਤੀ ਅਤੇ ਕਾਨੂੰਨ ਵਿਵਸਥਾ ਉਨ੍ਹਾਂ ਦੀ ਪਹਿਲ ਹੈ। ਸ਼ਨੀਵਾਰ ਨੂੰ ਡੇਰਾ ਸੱਚਖੰਡ ਬੱਲਾਂ ਵਿਖੇ ਸ੍ਰੀ ਗੁਰੂ ਰਵਿਦਾਸ ਬਾਣੀ ਅਧਿਐਨ ਕੇਂਦਰ ਦੇ ਉਦਘਾਟਨ ਤੋਂ ਬਾਅਦ ਇੱਕ ਸੰਬੋਧਨ ਵਿੱਚ ਉਨ੍ਹਾਂ ਕਿਹਾ ਕਿ ਪਿਛਲੇ ਦਿਨੀਂ ਕੁਝ ਲੋਕਾਂ ਨੇ ਪੰਜਾਬ ਦਾ ਮਾਹੌਲ ਖ਼ਰਾਬ ਕਰਨ ਦੀ ਕੋਸ਼ਿਸ਼ ਕੀਤੀ ਪਰ ਅਸੀਂ ਪੰਜਾਬ ਦਾ ਮਾਹੌਲ ਖ਼ਰਾਬ ਨਹੀਂ ਹੋਣ ਦੇਵਾਂਗੇ। ਉਨ੍ਹਾਂ ਕਿਹਾ ਕਿ ਕਈ ਵਾਰ ਅਮਨ ਕਾਨੂੰਨ ਨੂੰ ਬਰਕਰਾਰ ਰੱਖਣ ਲਈ ਸਖ਼ਤ ਫੈਸਲੇ ਲੈਣੇ ਪੈਂਦੇ ਹਨ ਅਤੇ ਭਗਵੰਤ ਮਾਨ ਦੀ ਅਗਵਾਈ ਵਾਲੀ ’ਆਪ’ ਸਰਕਾਰ ਸਖ਼ਤ ਫ਼ੈਸਲੇ ਲੈਣ ਦੇ ਸਮਰੱਥ ਹੈ। ਅਰਵਿੰਦ ਕੇਜਰੀਵਾਲ ਨੇ ਅੱਗੇ ਕਿਹਾ ਕਿ ਭਗਵੰਤ ਮਾਨ ਸਰਕਾਰ ਨੇ ਬਹੁਤ ਸੁਚੱਜੇ ਢੰਗ ਨਾਲ ਸਾਰੇ ਹਾਲਾਤਾਂ ਨੂੰ ਸੰਭਾਲਿਆ ਅਤੇ ਬਿਨਾਂ ਕੋਈ ਗੋਲੀ ਚਲਾਏ ਜਾਂ ਖ਼ੂਨ ਖਰਾਬੇ ਪੂਰੀ ਸਥਿਤੀ ਨੂੰ ਕਾਬੂ ਹੇਠ ਰੱਖਿਆ। ਉਨ੍ਹਾਂ ਕਿਹਾ ਕਿ ਜਿਹੜੇ ਲੋਕ ਪੰਜਾਬ ਦੀ ਭਾਈਚਾਰਕ ਸਾਂਝ ਅਤੇ ਸ਼ਾਂਤੀ ਨੂੰ ਖ਼ਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਸਨ ਅੱਜ ਉਹ ਡਰ ਕੇ ਭੱਜ ਰਹੇ ਹਨ। ਉਨ੍ਹਾਂ ਅੱਗੇ ਕਿਹਾ ਕਿ ਕਿਸੇ ਵੀ ਮਾਹੌਲ ਖ਼ਰਾਬ ਕਰਨ ਵਾਲੇ ਜਾਂ ਨਸ਼ਾ ਵੇਚਣ ਵਾਲੇ ਨੂੰ ਬਖਸ਼ਿਆ ਨਹੀਂ ਜਾਵੇਗਾ। ਜਦੋਂ 3 ਕਰੋੜ ਪੰਜਾਬੀ ਸਰਕਾਰ ਦੇ ਨਾਲ ਹੋਣਗੇ ਤਾਂ ਕਿਸੇ ਨਸ਼ਾ ਤਸਕਰ ਦੀ ਨਸ਼ੇ ਵੇਚਣ ਦੀ ਹਿੰਮਤ ਨਹੀਂ ਹੋਵੇਗੀ। ਉਨ੍ਹਾਂ ਕਿਹਾ ਕਿ ਸੂਬੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਕਾਨੂੰਨ ਵਿਵਸਥਾ ਦੀ ਸਥਿਤੀ ਵਿਚ ਸੁਧਾਰ ਹੋਇਆ ਹੈ ਕਿਉਂਕਿ ਪੁਰਾਣੀਆਂ ਸਰਕਾਰਾਂ ਵੇਲੇ ਉਨ੍ਹਾਂ ਦੇ ਵਿਧਾਇਕਾਂ ਅਤੇ ਮੰਤਰੀਆਂ ਦੀ ਗੈਂਗਸਟਰਾਂ, ਮਾਫੀਆ ਅਤੇ ਅਪਰਾਧੀਆਂ ਨਾਲ ਸੈਟਿੰਗ ਹੁੰਦੀ ਸੀ। ਪਰ ’ਆਪ’ ਸਰਕਾਰ ਦੀ ਕਿਸੇ ਨਾਲ ਅਜਿਹੀ ਸੈਟਿੰਗ ਨਹੀਂ ਇਸੇ ਕਰਕੇ ਅੱਜ ਗੈਂਗਸਟਰਾਂ ਅਤੇ ਮਾਫੀਆ ’ਤੇ ਸ਼ਿਕੰਜਾ ਕੱਸਿਆ ਗਿਆ ਹੈ।ਸੰਗਤ ਨੂੰ ਸੰਬੋਧਨ ਕਰਦਿਆਂ ਕੇਜਰੀਵਾਲ ਨੇ ਕਿਹਾ ਕਿ ਗੁਰੂ ਰਵਿਦਾਸ ਬਾਣੀ ਅਧਿਐਨ ਕੇਂਦਰ ਰਾਹੀਂ ਗੁਰੂ ਰਵਿਦਾਸ ਜੀ ਦੀ ਪਵਿੱਤਰ ਬਾਣੀ ਨੂੰ ਪੰਜਾਬ ਅਤੇ ਪੂਰੀ ਦੁਨੀਆ ਦੇ ਕੋਨੇ-ਕੋਨੇ ਤੱਕ ਪਹੁੰਚਾਇਆ ਜਾਵੇਗਾ। ਮੈਂ ਆਪਣੇ ਆਪ ਨੂੰ ਬਹੁਤ ਭਾਗਸ਼ਾਲੀ ਸਮਝਦਾ ਹਾਂ ਕਿ ਮੈਨੂੰ ਅਜਿਹੇ ਮਹਾਨ ਅਤੇ ਪੁੰਨ ਦੇ ਕੰਮ ਵਿੱਚ ਹਿੱਸਾ ਲੈਣ ਦਾ ਮੌਕਾ ਮਿਲਿਆ। ਉਨ੍ਹਾਂ ਕਿਹਾ ਕਿ ਬਾਬਾ ਸਾਹਿਬ ਅੰਬੇਡਕਰ ਨੇ ਆਪਣੇ ਜੀਵਨ ਵਿੱਚ ਸਿੱਖਿਆ ਨੂੰ ਸਭ ਤੋਂ ਵੱਧ ਮਹੱਤਵ ਦਿੱਤਾ। ਬਾਬਾ ਸਾਹਿਬ ਨੇ ਇੱਕ ਪੀਐਚਡੀ ਦੀ ਡਿਗਰੀ ਅਮਰੀਕਾ ਤੋਂ ਕੀਤੀ ਅਤੇ ਦੂਜੀ ਲੰਡਨ ਤੋਂ। ਉਨ੍ਹਾਂ ਨੇ ਸਾਡੇ ਦੇਸ਼ ਦਾ ਸੰਵਿਧਾਨ ਲਿਖਿਆ ਅਤੇ ਅੱਜ ਪੂਰੀ ਦੁਨੀਆ ਉਸ ਸੰਵਿਧਾਨ ਨੂੰ ਮੰਨਦੀ ਹੈ। ਸਾਡੇ ਤੋਂ ਪਹਿਲਾਂ ਆਈਆਂ ਸਾਰੀਆਂ ਸਰਕਾਰਾਂ ਨੇ ਤੁਹਾਡੇ ਬੱਚਿਆਂ ਨੂੰ ਚੰਗੀ ਸਿੱਖਿਆ ਦੇਣ ਦਾ ਕੰਮ ਨਹੀਂ ਕੀਤਾ ਅਤੇ ਨਾ ਹੀ ਸਕੂਲ ਬਣਾਉਣ ਦਾ ਕੰਮ ਕਿਸੇ ਸਰਕਾਰ ਨੇ ਕੀਤਾ। ਦਿੱਲੀ ਵਿੱਚ ਅਸੀਂ ਸਾਰੇ ਸਰਕਾਰੀ ਸਕੂਲਾਂ ਨੂੰ ਸ਼ਾਨਦਾਰ ਬਣਾਇਆ ਹੈ, ਸਰਕਾਰੀ ਸਕੂਲਾਂ ਨੂੰ ਪ੍ਰਾਈਵੇਟ ਸਕੂਲਾਂ ਨਾਲੋਂ ਵਧੀਆ ਬਣਾਇਆ ਹੈ। ਹੁਣ ਦਿੱਲੀ ਦੇ ਸਰਕਾਰੀ ਸਕੂਲਾਂ ਦੇ ਬੱਚੇ ਡਾਕਟਰ, ਵਕੀਲ ਅਤੇ ਇੰਜੀਨੀਅਰ ਬਣ ਰਹੇ ਹਨ। ਮੈਨੂੰ ਬਹੁਤ ਖੁਸ਼ੀ ਹੈ ਕਿ ਪੰਜਾਬ ਵਿੱਚ ਵੀ ਸਰਦਾਰ ਭਗਵੰਤ ਮਾਨ ਨੇ ਸਰਕਾਰੀ ਸਕੂਲਾਂ ਦੀ ਕਾਇਆ ਕਲਪ ਕਰਨ ਦਾ ਕੰਮ ਸ਼ੁਰੂ ਕੀਤਾ ਹੈ। ਅਗਲੇ ਪੰਜ ਸਾਲਾਂ ਤੱਕ ਪੰਜਾਬ ਦੇ ਸਾਰੇ ਸਰਕਾਰੀ ਸਕੂਲਾਂ ਵਧੀਆ ਪੱਧਰ ਦੇ ਹੋਣਗੇ।ਸਿਹਤ ਵਿਵਸਥਾ ’ਤੇ ਕੇਜਰੀਵਾਲ ਨੇ ਕਿਹਾ ਕਿ ਅਸੀਂ ਦਿੱਲੀ ਦੇ ਸਾਰੇ ਸਰਕਾਰੀ ਹਸਪਤਾਲਾਂ ਨੂੰ ਬਹੁਤ ਵਧੀਆ ਬਣਾ ਦਿੱਤਾ ਹੈ। ਇੱਥੇ ਸਾਰੀਆਂ ਦਵਾਈਆਂ ਅਤੇ ਟੈਸਟ ਮੁਫ਼ਤ ਹਨ। ਮਾਨ ਸਾਹਿਬ ਨੇ ਪੰਜਾਬ ਦੇ ਸਰਕਾਰੀ ਹਸਪਤਾਲਾਂ ਨੂੰ ਸੁਧਾਰਨ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਦਿੱਲੀ ਵਿੱਚ ਅਸੀਂ ਹਰ ਗਲੀ ਵਿੱਚ ਮੁਹੱਲਾ ਕਲੀਨਿਕ ਖੋਲ੍ਹੇ ਹਨ। ਮੈਂ 5 ਸਾਲਾਂ ਵਿੱਚ ਦਿੱਲੀ ਵਿੱਚ 550 ਮੁਹੱਲਾ ਕਲੀਨਿਕ ਖੋਲ੍ਹੇ। ਮਾਨ ਸਾਹਿਬ ਨੇ ਸਿਰਫ਼ ਇੱਕ ਸਾਲ ਵਿੱਚ ਪੰਜਾਬ ਵਿੱਚ 500 ਮੁਹੱਲਾ ਕਲੀਨਿਕ ਖੋਲ੍ਹੇ ਹਨ। ਪੰਜਾਬ ਵਿੱਚ ਦੱਸ ਗੁਣਾ ਤੇਜ਼ੀ ਨਾਲ ਵਿਕਾਸ ਦੇ ਕੰਮ ਹੋ ਰਹੇ ਹਨ। ਨਸ਼ੇ ਦੇ ਸੌਦਾਗਰਾਂ ’ਤੇ ਉਨ੍ਹਾਂ ਕਿਹਾ ਕਿ ਜਦੋਂ ਤਿੰਨ ਕਰੋੜ ਲੋਕ ਸਰਕਾਰ ਨਾਲ ਹੱਥ ਮਿਲਾ ਲੈਣਗੇ ਤਾਂ ਕੋਈ ਵੀ ਨਸ਼ਾ ਵੇਚਣ ਦੀ ਹਿੰਮਤ ਨਹੀਂ ਕਰੇਗਾ, ਸਾਰੇ ਨਸ਼ਾ ਤਸਕਰਾਂ ਨੂੰ ਫੜ ਕੇ ਜੇਲ੍ਹ ’ਚ ਡੱਕਿਆ ਜਾਵੇਗਾ। ਆਮ ਆਦਮੀ ਪਾਰਟੀ ਦੀ ਕਿਸੇ ਨਾਲ ਕੋਈ ਸੈਟਿੰਗ ਨਹੀਂ ਹੈ, ਇਸੇ ਕਰਕੇ ਪਿਛਲੇ ਇੱਕ ਸਾਲ ਤੋਂ ਸਾਰੇ ਗੈਂਗਸਟਰਾਂ ਅਤੇ ਅਪਰਾਧੀਆਂ ਨੂੰ ਫੜ ਕੇ ਜੇਲ੍ਹਾਂ ਵਿੱਚ ਡੱਕਿਆ ਜਾ ਰਿਹਾ ਹੈ। ਪੰਜਾਬ ਹੌਲੀ-ਹੌਲੀ ਮੁੜ ਲੀਹ ’ਤੇ ਆ ਰਿਹਾ ਹੈ।
ਜੋਧਪੁਰ ਪਾਖਰ ਦੇ ਗਰਿੱਡ ’ਚ ਅੱਗ ਲੱਗਣ ਕਾਰਨ ਪਾਵਰਕਾਮ ਦੇ ਕਰੋੜਾਂ ਰੁਪਏ ਦਾ ਨੁਕਸਾਨ
ਦਰਜ਼ਨ ਦੇ ਕਰੀਬ ਪਿੰਡਾਂ ਦੀ ਬੱਤੀ ਗੁੱਲ ਹੋਈ
ਭੋਲਾ ਸਿੰਘ ਮਾਨ
ਮੌੜ ਮੰਡੀ 25 ਮਾਰਚ : ਅੱਜ ਪਿੰਡ ਜੋਧਪੁਰ ਪਾਖਰ ਦੇ ਗਰਿੱਡ ’ਚ ਅੱਗ ਲੱਗਣ ਕਾਰਨ ਜਿੱਥੇ ਪਾਵਰ ਕਾਰਪੋਰੇਸ਼ਨ ਦਾ ਕਰੋੜਾਂ ਰੁਪਏ ਦੇ ਨੁਕਸਾਨ ਹੋਣ ਦਾ ਅਨੁਮਾਨ ਲਗਾਇਆ ਜਾ ਰਿਹਾ ਹੈ। ਉੱਥੇ ਹੀ ਇਸ ਭਿਆਨਿਕ ਅੱਗ ਲੱਗਣ ਕਾਰਨ ਇੱਕ ਦਰਜ਼ਨ ਦੇ ਕਰੀਬ ਪਿੰਡਾਂ ਦੀ ਬੱਤੀ ਗੁੱਲ ਹੋ ਗਈ ਹੈ। ਮੌਕੇ ਤੋਂ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਅੱਜ 1:30 ਵਜੇਂ ਦੇ ਕਰੀਬ 66 ਕੇ. ਵੀ. ਪਿੰਡ ਜੋਧਪੁਰ ਪਾਖਰ ਦੇ ਗਰਿੱਡ ਦੇ ਪਾਵਰ ਟਰਾਂਸਫਾਰਮਰ ਨੂੰ ਅਚਾਨਕ ਅੱਗ ਲੱਗ ਗਈ। ਜਿਸਦੇ ਚਲਦੇ ਦੇਖਦਿਆਂ- ਦੇਖਦਿਆਂ ਇਹ ਲਪਟਾਂ ਭਿਆਨਿਕ ਧੂੰਏਂ ਦੇ ਗੁਬਾਰ ਵਿਚ ਬਦਲ ਗਈਆਂ। ਜਿਸ ਤੋਂ ਬਾਅਦ ਫਾਇਰ ਬ੍ਰਿਗੇਡ ਮੌੜ ਮੰਡੀ ਮੌਕੇ ’ਤੇ ਪੁੱਜੀ ਫਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਵੱਲੋਂ ਭਾਰੀ ਮੁਸ਼ੱਕਤ ਨਾਲ ਅੱਗੇ ’ਤੇ ਕਾਬੂ ਪਾਇਆ। ਉਸ ਸਮੇਂ ਤੱਕ ਪਾਵਰ ਟਰਾਂਸਫਾਰਮਰ ਸੜ੍ਹ ਕੇ ਸੁਆਹ ਹੋ ਚੁੱਕਾ ਸੀ। ਇਸ ਸਬੰਧੀ ਜਦੋਂ ਐਸ.ਡੀ.ਓ. ਸ਼ਹਿਰੀ ਮੌੜ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ। ਪ੍ਰੰਤੂ ਇਸ ਨਾਲ ਕਰੋੜਾਂ ਰੁਪਏ ਦੇ ਨੁਕਸਾਨ ਹੋਣ ਦਾ ਅਨੁਮਾਨ ਹੈ। ਇਸ ਗਰਿੱਡ ਦੇ ਟਰਾਂਸਫਾਰਮਰ ਸੜੇ ਜਾਣ ਨਾਲ ਕਰੀਬ 9 ਪਿੰਡਾਂ ਦੀ ਬਿਜਲੀ ਸਪਲਾਈ ਪ੍ਰਭਾਵਿਤ ਹੋਈ ਹੈ। ਬਿਜਲੀ ਸਪਲਾਈ ਨੂੰ ਚਲਾਉਣ ਲਈ ਕੋਸ਼ਿਸ਼ਾਂ ਲਗਾਤਾਰ ਜਾਰੀ ਹਨ।
ਰੇਤੇ ਦੀਆਂ 50 ਹੋਰ ਜਨਤਕ ਖੱਡਾਂ ਜਲਦ ਸ਼ੁਰੂ ਹੋਣਗੀਆਂ: ਮੀਤ ਹੇਅਰ
ਖਣਨ ਅਤੇ ਭੂ-ਵਿਗਿਆਨ ਮੰਤਰੀ ਨੇ ਜਨਤਕ ਰੇਤ ਖੱਡਾਂ ਦੇ ਕੰਮਕਾਜ ਦਾ ਲਿਆ ਜਾਇਜ਼ਾ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 25 ਮਾਰਚ:ਲੋਕਾਂ ਨੂੰ ਸਸਤੇ ਭਾਅ ‘ਤੇ ਰੇਤਾ ਮੁਹੱਈਆ ਕਰਾਉਣ ਲਈ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਜਲਦ ਹੀ 50 ਨਵੀਆਂ ਜਨਤਕ ਖੱਡਾਂ ਸ਼ੁਰੂ ਕਰੇਗੀ ।ਇਸ ਸਬੰਧੀ ਫੈਸਲਾ ਮਾਈਨਿੰਗ ਬਾਰੇ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦੀ ਪ੍ਰਧਾਨਗੀ ਹੇਠ ਹੋਈ ਉੱਚ ਪੱਧਰੀ ਮੀਟਿੰਗ ਦੌਰਾਨ ਲਿਆ ਗਿਆ।ਰੇਤੇ ਦੀਆਂ ਜਨਤਕ ਖੱਡਾਂ ਦੇ ਕੰਮਕਾਜ ਦਾ ਜਾਇਜ਼ਾ ਲੈਣ ਲਈ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਮੰਤਰੀ ਨੇ ਕਿਹਾ ਕਿ ਇਸ ਸਮੇਂ ਸੂਬੇ ਵਿੱਚ 32 ਜਨਤਕ ਖੱਡਾਂ ਚੱਲ ਕਰ ਰਹੀਆਂ ਹਨ, ਜਿਨ੍ਹਾਂ ਦਾ ਲੋਕਾਂ ਨੂੰ ਵੱਡੇ ਪੱਧਰ ‘ਤੇ ਫਾਇਦਾ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਖੱਡਾਂ ਦੀ ਗਿਣਤੀ ਵਧਾਈ ਜਾਵੇਗੀ ਕਿਉਂਕਿ ਸੂਬਾ ਸਰਕਾਰ ਵੱਲੋਂ ਜਲਦ ਹੀ ਸੂਬੇ ਭਰ ਵਿੱਚ 50 ਨਵੀਆਂ ਜਨਤਕ ਖੱਡਾਂ ਸ਼ੁਰੂ ਕੀਤੀਆਂ ਜਾਣਗੀਆਂ। ਮੀਤ ਹੇਅਰ ਨੇ ਦੱਸਿਆ ਕਿ ਇਨ੍ਹਾਂ ਜਨਤਕ ਖੱਡਾਂ ਵਿਖੇ 5.50 ਰੁਪਏ ਪ੍ਰਤੀ ਘਣ ਫੁੱਟ ਦੇ ਹਿਸਾਬ ਨਾਲ ਰੇਤਾ ਮੁਹੱਈਆ ਕਰਵਾਇਆ ਜਾ ਰਿਹਾ ਹੈ।ਮੰਤਰੀ ਨੇ ਕਿਹਾ ਕਿ ਇਨ੍ਹਾਂ ਜਨਤਕ ਖੱਡਾਂ ਨੂੰ ਲੋਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਨਾਲ ਸਥਾਨਕ ਮਜ਼ਦੂਰਾਂ ਨੂੰ ਵੀ ਕੰਮ ਮਿਲਿਆ ਹੈ, ਜਿਸ ਕਾਰਨ ਕਈ ਨੌਜਵਾਨਾਂ ਨੂੰ ਸਿੱਧੇ ਅਤੇ ਅਸਿੱਧੇ ਤੌਰ ‘ਤੇ ਰੁਜ਼ਗਾਰ ਮੁਹੱਈਆ ਕਰਵਾਇਆ ਗਿਆ ਹੈ। ਮੀਤ ਹੇਅਰ ਨੇ ਇਹ ਵੀ ਕਿਹਾ ਕਿ ਹਾਲ ਹੀ ਵਿੱਚ ਕੈਬਿਨੇਟ ਵੱਲੋਂ ਪ੍ਰਵਾਨ ਕੀਤੀ ਨੀਤੀ ਅਨੁਸਾਰ ਵਿਭਾਗ ਵੱਲੋਂ ਹਰ 15 ਦਿਨਾਂ ਤੋਂ ਵਪਾਰਕ ਮਾਈਨਿੰਗ ਸਾਈਟਾਂ ਦੇ ਕਲੱਸਟਰਾਂ ਲਈ, ਟੈਂਡਰ ਵੀ ਜਾਰੀ ਕੀਤੇ ਜਾਣਗੇ।ਖਣਨ ਮੰਤਰੀ ਨੇ ਦੱਸਿਆ ਕਿ ਵਿਭਾਗ ਵੱਲੋਂ ਪਹਿਲਾਂ ਹੀ 21.03.23 ਨੂੰ 14 ਕਲੱਸਟਰਾਂ ਲਈ ਟੈਂਡਰ ਜਾਰੀ ਕੀਤੇ ਜਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਅਗਲੇ ਤਿੰਨ ਮਹੀਨਿਆਂ ਵਿੱਚ ਸਰਕਾਰ ਵੱਲੋਂ 100 ਦੇ ਕਰੀਬ ਕਲੱਸਟਰਾਂ ਲਈ ਟੈਂਡਰ ਮੰਗੇ ਜਾਣਗੇ। ਮੀਤ ਹੇਅਰ ਨੇ ਕਿਹਾ ਕਿ ਸਰਕਾਰ ਬਾਕਾਇਦਾ ਆਧਾਰ ‘ਤੇ ਲੋਕਾਂ ਤੋਂ ਫੀਡਬੈਕ ਮੰਗ ਰਹੀ ਹੈ ਅਤੇ ਹਰ ਜਨਤਕ ਸਾਈਟ ਦੇ ਸਹੀ ਢੰਗ ਨਾਲ ਕੰਮਕਾਜ ਨੂੰ ਯਕੀਨੀ ਬਣਾਉਣ ਲਈ ਕੰਮ ਦੀ ਸਮੀਖਿਆ ਕਰ ਰਹੀ ਹੈ।
ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਨੇ ਬੱਲਾਂ ਵਿਖੇ ਗੁਰੂ ਰਵਿਦਾਸ ਬਾਣੀ ਅਧਿਅਨ ਕੇਂਦਰ ਦਾ ਨੀਂਹ ਪੱਥਰ ਰੱਖਿਆ
ਡੇਰਾ ਮੁਖੀ ਸੰਤ ਨਿਰੰਜਨ ਦਾਸ ਜੀ ਨੂੰ ਪ੍ਰਾਜੈਕਟ ’ਤੇ ਕੰਮ ਸ਼ੁਰੂ ਕਰਨ ਲਈ 25 ਕਰੋੜ ਰੁਪਏ ਦਾ ਚੈੱਕ ਸੌਂਪਿਆ
ਪੰਜਾਬੀ ਖ਼ਬਰਸਾਰ ਬਿਉਰੋ
ਜਲੰਧਰ, 25 ਮਾਰਚ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਨਾਲ ਸ਼ਨਿੱਚਰਵਾਰ ਨੂੰ ਬੱਲਾਂ ਵਿਖੇ ਗੁਰੂ ਰਵਿਦਾਸ ਬਾਣੀ ਅਧਿਅਨ ਕੇਂਦਰ ਦਾ ਨੀਂਹ ਪੱਥਰ ਰੱਖਿਆ ਅਤੇ ਕੰਮ ਸ਼ੁਰੂ ਕਰਨ ਲਈ 25 ਕਰੋੜ ਰੁਪਏ ਦੀ ਪਹਿਲੀ ਕਿਸ਼ਤ ਸੰਤ ਨਿਰੰਜਨ ਦਾਸ ਜੀ ਨੂੰ ਸੌਂਪੀ।ਮੁੱਖ ਮੰਤਰੀ ਅਤੇ ਅਰਵਿੰਦ ਕੇਜਰੀਵਾਲ ਨੇ ਡੇਰਾ ਸੱਚਖੰਡ ਬੱਲਾਂ ਵਿਖੇ ਮੱਥਾ ਟੇਕਿਆ ਅਤੇ ਡੇਰਾ ਸੱਚਖੰਡ ਬੱਲਾਂ ਦੇ ਮੁਖੀ ਸੰਤ ਨਿਰੰਜਨ ਦਾਸ ਜੀ ਤੋਂ ਆਸ਼ੀਰਵਾਦ ਲਿਆ। ਭਗਵੰਤ ਮਾਨ ਨੇ ਉਮੀਦ ਜਤਾਈ ਕਿ ਇਹ ਸਿੱਖਿਆ ਕੇਂਦਰ ਸ੍ਰੀ ਗੁਰੂ ਰਵਿਦਾਸ ਜੀ ਦੀ ਬਾਣੀ ਬਾਰੇ ਵਿਆਪਕ ਖੋਜ ਅਤੇ ਅਧਿਅਨ ਕਰਨ ਲਈ ਮੀਲ ਪੱਥਰ ਸਾਬਤ ਹੋਵੇਗਾ। ਉਨ੍ਹਾਂ ਕਿਹਾ ਕਿ ਇਹ ਕੇਂਦਰ ਭਗਤੀ ਲਹਿਰ ਦੇ ਮੋਹਰੀ ਸ੍ਰੀ ਗੁਰੂ ਰਵਿਦਾਸ ਜੀ ਦੀਆਂ ਸਿੱਖਿਆਵਾਂ ਨੂੰ ਦੁਨੀਆ ਦੇ ਕੋਨੇ-ਕੋਨੇ ਵਿੱਚ ਪ੍ਰਚਾਰਨ ਵਿੱਚ ਵੀ ਸਹਾਈ ਹੋਵੇਗਾ।ਮੁੱਖ ਮੰਤਰੀ ਨੇ ਕਿਹਾ ਕਿ ਉਹ ਧੰਨ ਹਨ ਕਿ ਉਨ੍ਹਾਂ ਨੂੰ ਮਹਾਨ ਧਾਰਮਿਕ ਆਗੂਆਂ ਦੀ ਚਰਨ ਛੋਹ ਪ੍ਰਾਪਤ ਇਸ ਪਵਿੱਤਰ ਅਸਥਾਨ ਦੇ ਦਰਸ਼ਨ ਕਰਨ ਦਾ ਮੌਕਾ ਮਿਲਿਆ ਹੈ। ਉਨ੍ਹਾਂ ਕਿਹਾ ਕਿ ਇਸ ਧਰਤੀ ਨੇ ਹਮੇਸ਼ਾ ਵਿਸ਼ਵ ਸ਼ਾਂਤੀ, ਭਾਈਚਾਰਕ ਸਾਂਝ ਅਤੇ ਫ਼ਿਰਕੂ ਸਦਭਾਵਨਾ ਦਾ ਸੰਦੇਸ਼ ਦਿੱਤਾ ਹੈ। ਭਗਵੰਤ ਮਾਨ ਨੇ ਕਿਹਾ ਕਿ ਬਾਬਾ ਸਾਹਿਬ ਡਾ. ਬੀ.ਆਰ. ਅੰਬੇਦਕਰ ਦੇ ਦਰਸਾਏ ਮਾਰਗ ’ਤੇ ਚੱਲਦਿਆਂ ਸੂਬਾ ਸਰਕਾਰ ਸਿੱਖਿਆ, ਸਿਹਤ, ਰੋਜ਼ਗਾਰ ਅਤੇ ਹੋਰ ਖੇਤਰਾਂ ਨੂੰ ਸਭ ਤੋਂ ਵੱਧ ਤਰਜੀਹ ਦੇ ਰਹੀ ਹੈ।ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਇਨ੍ਹਾਂ ਖੇਤਰਾਂ ਵਿੱਚ ਪਹਿਲਾਂ ਹੀ ਪਹਿਲਕਦਮੀਆਂ ਕੀਤੀਆਂ ਹਨ। ਉਨ੍ਹਾਂ ਕਿਹਾ ਕਿ ਸੂਬੇ ਨੇ ਸਿੱਖਿਆ ਅਤੇ ਸਿਹਤ ਦੇ ਖੇਤਰਾਂ ਵਿੱਚ ਪਹਿਲਾਂ ਹੀ ਨਵੇਂ ਯੁੱਗ ਦੀ ਸ਼ੁਰੂਆਤ ਕੀਤੀ ਹੈ। ਭਗਵੰਤ ਮਾਨ ਨੇ ਕਿਹਾ ਕਿ ਇਹ ਗਰੀਬ ਪੱਖੀ ਪਹਿਲਕਦਮੀ ਆਮ ਲੋਕਾਂ ਦੇ ਜੀਵਨ ਨੂੰ ਬਦਲਣ ਵਿੱਚ ਬਹੁਤ ਸਹਾਈ ਸਿੱਧ ਹੋਵੇਗੀ।ਮੁੱਖ ਮੰਤਰੀ ਨੇ ਕਿਹਾ ਕਿ ਉਹ ਵੱਡੇ-ਵੱਡੇ ਦਮਗਜ਼ੇ ਮਾਰਨ ਵਿੱਚ ਵਿਸ਼ਵਾਸ ਨਹੀਂ ਰੱਖਦੇ, ਸਗੋਂ ਸਮਾਜ ਲਈ ਜੋ ਚੰਗਾ ਹੋਵੇ, ਉਹ ਕੰਮ ਕਰਦੇ ਹਨ। ਉਨ੍ਹਾਂ ਕਿਹਾ ਕਿ ਇਸ ਵੱਕਾਰੀ ਪ੍ਰਾਜੈਕਟ ਲਈ ਫੰਡਾਂ ਦੀ ਕੋਈ ਕਮੀ ਨਹੀਂ ਹੈ। ਉਨ੍ਹਾਂ ਕਿਹਾ ਕਿ ਇਸ ਪ੍ਰਾਜੈਕਟ ’ਤੇ ਕੰਮ ਸ਼ੁਰੂ ਕਰਨ ਲਈ ਪਹਿਲਾਂ ਹੀ ਡਿਪਟੀ ਕਮਿਸ਼ਨਰ ਦੇ ਖਾਤੇ ਵਿੱਚ ਪੈਸੇ ਤਬਦੀਲ ਕੀਤੇ ਜਾ ਚੁੱਕੇ ਹਨ। ਭਗਵੰਤ ਮਾਨ ਨੇ ਕਿਹਾ ਕਿ ਪਹਿਲਾਂ ਗਰੀਬਾਂ ਦੀ ਭਲਾਈ ਦੇ ਵੱਡੇ-ਵੱਡੇ ਦਾਅਵੇ ਕੀਤੇ ਜਾਂਦੇ ਸਨ ਪਰ ਅਸਲ ਅਰਥਾਂ ਵਿੱਚ ਕੰਮ ਕਿਸੇ ਨੇ ਨਹੀਂ ਕੀਤਾ।ਮੁੱਖ ਮੰਤਰੀ ਨੇ ਕਿਹਾ ਕਿ ਗਰੀਬਾਂ ਨੂੰ ਉਨ੍ਹਾਂ ਦੇ ਲੀਡਰ ਹੋਣ ਦਾ ਦਾਅਵਾ ਕਰਨ ਵਾਲਿਆਂ ਨੇ ਹੀ ਨਜ਼ਰਅੰਦਾਜ਼ ਕੀਤਾ ਹੈ। ਉਨ੍ਹਾਂ ਲੋਕਾਂ ਨੂੰ ਚੇਤੇ ਕਰਵਾਇਆ ਕਿ ਪਿਛਲੀਆਂ ਸਰਕਾਰਾਂ ਨੇ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਦੇ ਪੈਸੇ ਹੜੱਪ ਕੇ ਗਰੀਬ ਵਿਦਿਆਰਥੀਆਂ ਦਾ ਭਵਿੱਖ ਬਰਬਾਦ ਕਰ ਦਿੱਤਾ। ਭਗਵੰਤ ਮਾਨ ਨੇ ਕਿਹਾ ਕਿ ਇਸ ਦੇ ਉਲਟ ਸਾਡੀ ਸਰਕਾਰ ਆਮ ਆਦਮੀ ਦੀਆਂ ਮੁਸ਼ਕਿਲਾਂ ਨੂੰ ਦੂਰ ਕਰਨ ਲਈ ਠੋਸ ਉਪਰਾਲੇ ਕਰ ਰਹੀ ਹੈ।ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਸੂਬਾ ਸਰਕਾਰ ਨੇ ਪਹਿਲੀ ਜੁਲਾਈ ਤੋਂ ਪ੍ਰਤੀ ਮਹੀਨਾ 300 ਯੂਨਿਟ ਮੁਫ਼ਤ ਬਿਜਲੀ ਦੇਣ ਦੀ ਗਰੰਟੀ ਪੂਰੀ ਕੀਤੀ ਹੈ। ਉਨ੍ਹਾਂ ਕਿਹਾ ਕਿ ਇਹ ਬੜੇ ਮਾਣ ਅਤੇ ਤਸੱਲੀ ਵਾਲੀ ਗੱਲ ਹੈ ਕਿ ਨਵੰਬਰ-ਦਸੰਬਰ, 2022 ਦੇ ਮਹੀਨਿਆਂ ਦੌਰਾਨ ਸੂਬੇ ਦੇ 87 ਫੀਸਦ ਪਰਿਵਾਰਾਂ ਦੇ ਬਿਜਲੀ ਬਿੱਲ ਜ਼ੀਰੋ ਆਏ ਹਨ। ਭਗਵੰਤ ਮਾਨ ਨੇ ਕਿਹਾ ਕਿ ਉਹ ਇੱਕ ਆਮ ਪਰਿਵਾਰ ਨਾਲ ਸਬੰਧ ਰੱਖਦੇ ਹਨ ਅਤੇ ਆਮ ਆਦਮੀ ਨੂੰ ਦਰਪੇਸ਼ ਮੁਸ਼ਕਲਾਂ ਤੋਂ ਭਲੀ-ਭਾਂਤ ਜਾਣੂੰ ਹਨ।ਮੁੱਖ ਮੰਤਰੀ ਨੇ ਕਿਹਾ ਕਿ ਸੰਤ ਬਾਬਾ ਨਿਰੰਜਨ ਦਾਸ ਜੀ ਦੀ ਅਗਵਾਈ ਵਾਲੀ ਗੁਰੂ ਰਵਿਦਾਸ ਬਾਣੀ ਅਧਿਅਨ ਕੇਂਦਰ ਪ੍ਰਬੰਧਕ ਕਮੇਟੀ, ਇਸ ਕੇਂਦਰ ਦੇ ਸਮੁੱਚੇ ਮਾਮਲਿਆਂ ਦਾ ਪ੍ਰਬੰਧ ਦੇਖੇਗੀ। ਉਨ੍ਹਾਂ ਅੱਗੇ ਦੱਸਿਆ ਕਿ ਕਮੇਟੀ ਵਿੱਚ ਗੈਰ-ਸਰਕਾਰੀ ਮੈਂਬਰਾਂ ਤੋਂ ਇਲਾਵਾ ਸਕੱਤਰ ਸੈਰ-ਸਪਾਟਾ, ਸਕੱਤਰ ਐਸ.ਸੀ./ਬੀ.ਸੀ. ਭਲਾਈ, ਵਿੱਤ ਸਕੱਤਰ ਅਤੇ ਸਥਾਨਕ ਡਿਪਟੀ ਕਮਿਸ਼ਨਰ ਇਸ ਦੇ ਮੈਂਬਰ ਹੋਣਗੇ। ਭਗਵੰਤ ਮਾਨ ਨੇ ਦੱਸਿਆ ਕਿ ਡਾਇਰੈਕਟਰ ਸੈਰ-ਸਪਾਟਾ ਅਤੇ ਸੱਭਿਆਚਾਰਕ ਮਾਮਲੇ ਕਮੇਟੀ ਦੇ ਮੈਂਬਰ ਸਕੱਤਰ ਹੋਣਗੇ।ਮੁੱਖ ਮੰਤਰੀ ਨੇ ਕਿਹਾ ਕਿ ਕਮੇਟੀ ਵੱਲੋਂ ਇਸ ਮੰਤਵ ਲਈ ਲੋੜੀਂਦੀ ਜ਼ਮੀਨ ਦੀ ਖਰੀਦ ਸਮੇਤ ਕੇਂਦਰ ਦੇ ਵਿਕਾਸ ਸਬੰਧੀ ਅੱਗੇ ਦੀ ਕਾਰਵਾਈ ਬਾਰੇ ਫੈਸਲਾ ਕੀਤਾ ਜਾਵੇਗਾ। ਉਨ੍ਹਾਂ ਆਸ ਪ੍ਰਗਟਾਈ ਕਿ ਇਹ ਕੇਂਦਰ ਗੁਰੂ ਰਵਿਦਾਸ ਜੀ ਦੀ ਵਿਚਾਰਧਾਰਾ ਨੂੰ ਹੋਰ ਪ੍ਰਫੁੱਲਤ ਕਰਨ ਲਈ ਚਾਨਣ ਮੁਨਾਰੇ ਦਾ ਕੰਮ ਕਰੇਗਾ ਤਾਂ ਜੋ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਉਨ੍ਹਾਂ ਦੀ ਬਾਣੀ ਤੋਂ ਪ੍ਰੇਰਨਾ ਲੈ ਸਕਣ। ਭਗਵੰਤ ਮਾਨ ਨੇ ਕਿਹਾ ਕਿ ਇਹ ਕੇਂਦਰ ਗੁਰੂ ਰਵਿਦਾਸ ਜੀ ਦੀ ਪਵਿੱਤਰ ਬਾਣੀ ਦੇ ਵੱਖ-ਵੱਖ ਪਹਿਲੂਆਂ ’ਤੇ ਖੋਜ ਕਰਨ ਲਈ ਗੁਰੂ ਜੀ ਦੇ ਜੀਵਨ ਅਤੇ ਫਲਸਫੇ ਬਾਰੇ ਅਧਿਐਨ ਕਰਨ ਵਾਲੇ ਵਿਦਿਆਰਥੀਆਂ ਅਤੇ ਖੋਜ ਵਿਦਵਾਨਾਂ ਦੀ ਸਹੂਲਤ ਲਈ ਅਹਿਮ ਸਾਬਤ ਹੋਵੇਗਾ।ਮੁੱਖ ਮੰਤਰੀ ਨੇ ਦੁਹਰਾਇਆ ਕਿ ਪੰਜਾਬ ਵਿੱਚ ਅਮਨ-ਸ਼ਾਂਤੀ, ਭਾਈਚਾਰਕ ਸਾਂਝ ਅਤੇ ਫਿਰਕੂ ਸਦਭਾਵਨਾ ਨੂੰ ਹਰ ਕੀਮਤ ’ਤੇ ਕਾਇਮ ਰੱਖਣਾ ਸੂਬਾ ਸਰਕਾਰ ਦਾ ਫ਼ਰਜ਼ ਬਣਦਾ ਹੈ। ਉਨ੍ਹਾਂ ਕਿਹਾ ਕਿ ਅੱਜ ਸਿੱਖਿਆ ਦਾ ਯੁੱਗ ਹੈ ਅਤੇ ਵਿਸ਼ਵ ਭਰ ਵਿੱਚ ਗਿਆਨ ਅਤੇ ਮੁਹਾਰਤ ਵਾਲੇ ਲੋਕਾਂ ਦੀ ਵੱਖਰੀ ਪਛਾਣ ਹੈ, ਜਿਸ ਨੂੰ ਧਿਆਨ ਵਿੱਚ ਰੱਖਦਿਆਂ ਸੂਬਾ ਸਰਕਾਰ ਪੰਜਾਬ ਵਿੱਚ ਸਿੱਖਿਆ ਨੂੰ ਪ੍ਰਫੁੱਲਤ ਕਰਨ ਲਈ ਲਗਾਤਾਰ ਉਪਰਾਲੇ ਕਰ ਰਹੀ ਹੈ। ਭਗਵੰਤ ਮਾਨ ਨੇ ਕਿਹਾ ਕਿ ਉਹ ਨੌਜਵਾਨਾਂ ਦੇ ਹੱਥਾਂ ਵਿੱਚ ਕਿਤਾਬਾਂ, ਲੈਪਟਾਪ, ਨੌਕਰੀਆਂ, ਤਰੱਕੀ ਅਤੇ ਮੈਡਲ ਦੇਖਣਾ ਚਾਹੁੰਦੇ ਹਨ, ਨਾ ਕਿ ਹਥਿਆਰ।
ਇਸ ਦੌਰਾਨ ਸੰਤ ਨਿਰੰਜਨ ਦਾਸ ਜੀ ਨੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਦਿੱਲੀ ਦੇ ਮੁੱਖ ਮੰਤਰੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਸਿਰੋਪਾਓ ਪਾ ਕੇ ਸਨਮਾਨਿਤ ਕੀਤਾ।ਇਸ ਮੌਕੇ ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ., ਕੁਲਦੀਪ ਸਿੰਘ ਧਾਲੀਵਾਲ, ਲਾਲ ਚੰਦ ਕਟਾਰੂਚੱਕ, ਰਾਜ ਸਭਾ ਮੈਂਬਰ ਰਾਘਵ ਚੱਢਾ ਅਤੇ ਸੰਤ ਬਲਬੀਰ ਸਿੰਘ ਸੀਚੇਵਾਲ ਹਾਜ਼ਰ ਸਨ।
ਜ਼ਿਲ੍ਹਾ ਪ੍ਰਸ਼ਾਸਨ ਵੱਲ੍ਹੋਂ ਸਟੇਟ ਐਵਾਰਡੀ ਮਨੋਜ ਕੁਮਾਰ ਛਾਪਿਆਂਵਾਲੀ ਦਾ ਭਰਵਾਂ ਸਵਾਗਤ
ਸ਼ਹੀਦ ਉਧਮ ਸਿੰਘ ਸਰਬ ਸਾਂਝਾ ਕਲੱਬ ਹੀਰਕੇ ਨੂੰ ਜ਼ਿਲ੍ਹਾ ਕਲੱਬ ਐਵਾਰਡ ਨਾਲ ਸਨਮਾਨ
ਪੰਜਾਬ ਭਰ ਚ ਦੂਸਰੇ ਨੰਬਰ ’ਤੇ ਐਵਾਰਡ ਮਿਲਣਾ ਮਾਣ ਦੀ ਗੱਲ-ਅੱਕਾਂਵਾਲੀ,ਬਣਾਂਵਾਲੀ
ਪੰਜਾਬੀ ਖ਼ਬਰਸਾਰ ਬਿਉਰੋ
ਮਾਨਸਾ 25 ਮਾਰਚ: ਪੰਜਾਬ ਸਰਕਾਰ ਵੱਲ੍ਹੋਂ ਸ਼ਹੀਦੇ ਆਜ਼ਮ ਭਗਤ ਸਿੰਘ ਯੁਵਾ ਪੁਰਸਕਾਰ ਨਾਲ ਸਨਮਾਨਿਤ ਕੀਤੇ ਨਹਿਰੂ ਯੁਵਾ ਕੇਂਦਰ ਅਤੇ ਯੁਵਕ ਸੇਵਾਵਾਂ ਵਿਭਾਗ ਦੇ ਵਲੰਟੀਅਰ ਮਨੋਜ ਕੁਮਾਰ ਦਾ ਮਾਨਸਾ ਪਹੁੰਚਣ ’ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲ੍ਹੋਂ ਭਰਵਾਂ ਸਵਾਗਤ ਕੀਤਾ ਗਿਆ।ਡਿਪਟੀ ਕਮਿਸ਼ਨਰ ਬਲਦੀਪ ਕੌਰ ਨੇ ਕਿਹਾ ਕਿ ਇਹ ਮਾਨਸਾ ਜ਼ਿਲ੍ਹੇ ਲਈ ਮਾਣ ਵਾਲੀ ਗੱਲ ਹੈ ਕਿ ਪੰਜਾਬ ਚੋਂ ਦੂਸਰੇ ਨੰਬਰ ’ਤੇ ਮਨੋਜ ਕੁਮਾਰ ਨੂੰ ਰਾਜ ਪੱਧਰੀ ਪੁਰਸਕਾਰ ਮਿਲਿਆ ਹੈ। ਇਸ ਮੌਕੇ ਨਹਿਰੂ ਯੁਵਾ ਕੇਂਦਰ ਮਾਨਸਾ ਵੱਲ੍ਹੋਂ ਹਰ ਸਾਲ ਦਿੱਤੇ ਜਾਣ ਵਾਲੇ ਜ਼ਿਲ੍ਹਾ ਪੱਧਰੀ ਕਲੱਬ ਐਵਾਰਡ ਸ਼ਹੀਦ ਉਧਮ ਸਿੰਘ ਸਰਬ ਸਾਂਝਾ ਕਲੱਬ ਹੀਰਕੇ ਨੂੰ ਦਿੱਤਾ ਗਿਆ।ਡਿਪਟੀ ਕਮਿਸ਼ਨਰ ਵੱਲ੍ਹੋਂ ਕਲੱਬ ਨੂੰ 25 ਹਜ਼ਾਰ ਰੁਪਏ ਦਾ ਚੈੱਕ ,ਸਨਮਾਨ ਪੱਤਰ ਕਲੱਬ ਪ੍ਰਧਾਨ ਗੁਰਪ੍ਰੀਤ ਸਿੰਘ ਹੀਰਕੇ ਨੂੰ ਦਿੰਦਿਆ ਉਨਾਂ ਦੀ ਅਗਵਾਈ ਚ ਹੋਏ ਕਾਰਜਾਂ ਦੀ ਪ੍ਰਸ਼ੰਸਾ ਕੀਤੀ ਗਈ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਹਾਜ਼ਰ ਚਰਨਜੀਤ ਸਿੰਘ ਅੱਕਾਂਵਾਲੀ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਮਾਨਸਾ, ਹਲਕਾ ਸਰਦੂਲਗੜ੍ਹ ਦੇ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਨੇ ਕਿਹਾ ਕਿ ਛੋਟੀ ਉਮਰੇ ਮਨੋਜ ਕੁਮਾਰ ਵੱਲ੍ਹੋਂ ਰਾਜ ਪੱਧਰੀ ਪੁਰਸਕਾਰ ਹਾਸਲ ਕਰਕੇ ਆਪਣੇ ਪਿੰਡ ਛਾਪਿਆਂਵਾਲੀ ਅਤੇ ਜ਼ਿਲ੍ਹੇ ਦਾ ਨਾਮ ਰੋਸ਼ਨ ਕੀਤਾ ਹੈ।ਇਹ ਸਟੇਟ ਪੱਧਰੀ ਪੁਰਸਕਾਰ ਹੋਰਨਾਂ ਯੁਵਕਾਂ ਲਈ ਵੀ ਪ੍ਰੇਰਨਾ ਬਣੇਗਾ। ਜ਼ਿਲ੍ਹੇ ਦੇ ਨੌਜਵਾਨ ਸਮਾਜਿਕ ਕਾਰਜਾਂ ਚ ਹੋਰ ਵੱਧ ਚੜ੍ਹਕੇ ਭਾਗ ਲੈਣਗੇ। ਉਨ੍ਹਾਂ ਇਸ ਗੱਲ ’ਤੇ ਵੀ ਖੁਸ਼ੀ ਜ਼ਾਹਿਰ ਕੀਤੀ ਕਿ ਨਹਿਰੂ ਯੁਵਾ ਕੇਂਦਰ ਮਾਨਸਾ,ਯੁਵਕ ਸੇਵਾਵਾਂ ਵਿਭਾਗ, ਸਿੱਖਿਆ ਵਿਕਾਸ ਮੰਚ ਮਾਨਸਾ ਵੱਲੋਂ ਨੌਜਵਾਨਾਂ ਦੀ ਸੁਚੱਜੀ ਅਗਵਾਈ ਕਰਦਿਆਂ ਨਸ਼ਿਆਂ ਵਿਰੋਧੀ ਚੇਤਨਤਾ ਮੁਹਿੰਮ,ਵਾਤਾਵਰਨ ਦੀ ਸੰਭਾਲ, ਖੇਡਾਂ, ਸਭਿਆਚਾਰ ਅਤੇ ਲੋਕ ਭਲਾਈ ਕਾਰਜਾਂ ਚ ਵਿਸ਼ੇਸ਼ ਯੋਗਦਾਨ ਪਾਇਆ ਹੈ। ਜ਼ਿਲ੍ਹਾ ਯੂਥ ਅਫਸਰ ਸਰਬਜੀਤ ਸਿੰਘ, ਪ੍ਰੋਗਰਾਮ ਅਫਸਰ ਡਾ ਸੰਦੀਪ ਘੰਡ ਨੇ ਵੀ ਸਟੇਟ ਐਵਾਰਡੀ ਮਨੋਜ ਕੁਮਾਰ ਅਤੇ ਕਲੱਬ ਪ੍ਰਧਾਨ ਗੁਰਪ੍ਰੀਤ ਸਿੰਘ ਹੀਰਕੇ ਨੂੰ ਵੀ ਵਧਾਈ ਦਿੱਤੀ, ਜਿੰਨਾਂ ਦੀ ਅਗਵਾਈ ਵਿਚ ਕਲੱਬ ਮੈਂਬਰਾਂ ਨੇ ਨਸ਼ਿਆਂ ਵਿਰੁੱਧ, ਖ਼ੂਨਦਾਨ ਮੁਹਿੰਮ,ਸਲਾਈ ਸੈਂਟਰ ਖੋਲ੍ਹਣ, ਸਫ਼ਾਈ ਮੁਹਿੰਮ, ਪਿੰਡ ਚ ਲਾਇਬ੍ਰੇਰੀ ਸਥਾਪਤ ਕਰਨ,ਕਰੋਨਾ ਦੌਰਾਨ ਅਤੇ ਲੰਬੇ ਸਮੇਂ ਤੋਂ ਸਮਾਜ ਭਲਾਈ ਕਾਰਜਾਂ ਚ ਵੱਡਾ ਰੋਲ ਅਦਾ ਕੀਤਾ। ਇਸ ਮੌਕੇ ਹਰਦੀਪ ਸਿੰਘ ਸਿੱਧੂ ਪ੍ਰਧਾਨ ਸਿੱਖਿਆ ਵਿਕਾਸ ਮੰਚ, ਸਮਾਜ ਸੇਵੀ ਇੰਦਰਜੀਤ ਸਿੰਘ ਉੱਭਾ, ਤੋਤਾ ਸਿੰਘ ਹੀਰਕੇ, ਕਰਮਜੀਤ ਸਿੰਘ ਰਾਠੀ,ਜੋਨੀ ਕੁਮਾਰ ਵੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।
ਸੁਖਬੀਰ ਸਿੰਘ ਬਾਦਲ ਨੇ ਖਤਰਨਾਕ ਵਾਵਰੋਲੇ ਨਾਲ ਹੋਏ ਨੁਕਸਾਨ ਵਾਸਤੇ ਐਮ ਪੀ ਲੈਡ ਫੰਡ ਵਿਚੋਂ ਮੁਆਵਜ਼ਾ ਦੇਣ ਦਾ ਕੀਤਾ ਐਲਾਨ
ਕਿਹਾ ਕਿ ਜੇਕਰ 15 ਦਿਨਾਂ ਵਿਚ ਪ੍ਰਭਾਵਤ ਕਿਸਾਨਾਂ ਨੂੰ ਮੁਆਵਜ਼ਾ ਨਾ ਮਿਲਿਆ ਤਾਂ ਅਕਾਲੀ ਦਲ ਉਹਨਾਂ ਵਾਸਤੇ ਨਿਆਂ ਹਾਸਲ ਕਰਨ ਲਈ ਸੰਘਰਸ਼ ਵਿੱਢੇਗਾ
ਪੰਜਾਬੀ ਖ਼ਬਰਸਾਰ ਬਿਉਰੋ
ਮੁਕਤਸਰ, 25 ਮਾਰਚ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਜ਼ਿਲ੍ਹੇ ਦੇ ਪਿੰਡ ਬਕਾਈਂਵਾਲਾ ਵਿਚ ਖਤਰਨਾਕ ਵਾਵਰੋਲੇ ਨਾਲ ਨੁਕਸਾਨ ਗਏ ਮਕਾਨਾਂ ਦੀ ਮੁਰੰਮਤ ਵਾਸਤੇ ਐਮ ਪੀ ਲੈਫ ਫੰਡਾਂ ਵਿਚੋਂ 5 ਲੱਖ ਰੁਪਏ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਤੇ ਨਾਲ ਹੀ ਰਾਹਤ ਕਾਰਜਾਂ ਵਾਸਤੇ ਆਪਣੇ ਪੱਲਿਓਂ ਇਕ ਲੱਖ ਰੁਪਏ ਦੇਣ ਦਾ ਵੀ ਐਲਾਨ ਕੀਤਾ। ਅਕਾਲੀ ਦਲ ਦੇ ਪ੍ਰਧਾਨ ਨੇ ਪਿੰਡ ਬਕਾਈਂਵਾਲਾ ਤੇ ਹੋਰ ਪਿੰਡਾਂ ਦਾ ਦੌਰਾ ਕੀਤਾ ਤੇ ਵੇਖਿਆ ਕਿ ਖਤਰਨਾਕ ਵਾਵਰੋਲੇ ਨਾਲ ਕਿੰਨੂਆਂ ਦੇ ਬਾਗਾਂ ਤੇ ਕਣਕ ਦੀ ਫਸਲ ਨੂੰ ਇਥੇ ਤੇ ਨਾਲ ਲਗਵੇਂ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਵਿਚ ਕਿੰਨਾ ਨੁਕਸਾਨ ਹੋਇਆ ਹੈ। ਸੁਖਬੀਰ ਸਿੰਘ ਬਾਦਲ ਨੇ ਮੰਗ ਕੀਤੀ ਕਿ ਜਿਹਨਾਂ ਦੇ ਮਕਾਨ ਤੇ ਕਿੰਨੂਆਂ ਦੇ ਬਾਗ ਨੁਕਸਾਨੇ ਗਏ ਹਨ, ਉਹਨਾਂ ਨੂੰ 15 ਦਿਨਾਂ ਦੇ ਅੰਦਰ ਅੰਦਰ ਮੁਆਵਜ਼ਾ ਦਿੱਤਾ ਜਾਵੇ। ਉਹਨਾਂ ਕਿਹਾ ਕਿ ਜੇਕਰ ਅਜਿਹਾ ਨਾ ਕੀਤਾ ਗਿਆ ਤਾਂ ਅਕਾਲੀ ਦਲ ਪ੍ਰਭਾਵਤ ਕਿਸਾਨਾਂ ਵਾਸਤੇ ਨਿਆਂ ਹਾਸਲ ਕਰਨ ਲਈ ਸੰਘਰਸ਼ ਵਿੱਢੇਗਾ। ਉਹਨਾਂ ਨੇ ਇਸ ਮੌਕੇ ਫਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਨਾਲ ਵੀ ਗੱਲਬਾਤ ਕੀਤੀ ਤੇ ਲੋੜ ਪੈਣ ’ਤੇ ਆਪਣੇ ਐਮ ਪੀ ਲੈਡ ਫੰਡਾਂ ਵਿਚੋਂ ਹੋਰ ਫੰਡ ਦੇਣ ਦੀ ਵੀ ਪੇਸ਼ਕਸ਼ ਕੀਤੀ।ਉਹਨਾਂ ਕਿਹਾ ਕਿ ਸਰਕਾਰ ਨੂੰ ਪ੍ਰਭਾਵਤ ਕਿਸਾਨਾਂ ਨੂੰ ਮੁਆਵਜ਼ਾ ਦੇਣ ਵਿਚ ਢਿੱਲ ਮੱਠ ਨਹੀਂ ਕਰਨੀ ਚਾਹੀਦੀ। ਉਹਨਾਂ ਨੇ ਇਸਮੌਕੇ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਵੱਲੋਂ ਪ੍ਰਭਾਵਤ ਇਲਾਕੇ ਦਾ ਦੌਰਾ ਨਾ ਕਰਨ ਤੇ ਵਾਵਰੋਲੇ ਦੇ ਪ੍ਰਭਾਵਤਾਂ ਨੂੰ ਤੁਰੰਤ ਮੁਆਵਜ਼ਾ ਨਾ ਦੇਣ ਦੀ ਵੀ ਨਿਖੇਧੀ ਕੀਤੀ। ਉਹਨਾਂ ਕਿਹਾ ਕਿ ਇਸ ਤੋਂ ਪਹਿਲਾਂ ਵੀ ਆਪ ਸਰਕਾਰ ਫਸਲਾਂ ਦੇ ਹੋਏ ਨੁਕਸਾਨ ਦਾ ਮੁਆਵਜ਼ਾ ਦੇਣ ਵਿਚ ਨਾਕਾਮ ਰਹੀ ਹੈ। ਉਹਨਾਂ ਕਿਹਾ ਕਿ ਜੇਕਰ ਸਰਕਾਰ ਵਾਜਬ ਮੁਆਵਜ਼ਾ ਦੇਣ ਵਿਚ ਨਾਕਾਮ ਰਹਿੰਦੀ ਹੈ ਤਾਂ ਅਸੀਂ ਇਸਦੇ ਖਿਲਾਫ ਇਕ ਨਿਰੰਤਰ ਸੰਘਰਸ਼ ਵਿੱਢਾਂਗੇ। ਇਸ ਤੋਂ ਪਹਿਲਾਂ ਸ: ਬਾਦਲ ਨੇ ਲੰਬੀ ਹਲਕੇ ਦੇ ਅਨੇਕਾਂ ਪਿੰਡਾਂ ਦਾ ਦੌਰਾ ਕੀਤਾ ਜਿਥੇ ਭਾਰੀ ਬਰਸਾਤ ਤੇ ਗੜੇਮਾਰੀ ਕਾਰਨ ਕਣਕ ਦੀ ਖੜ੍ਹੀ ਫਸਲ ਦਾ ਭਾਰੀ ਨੁਕਸਾਨ ਹੋਇਆ ਹੈ। ਉਹਨਾਂ ਪਿੰਡ ਡਬਵਾਲੀ ਢਾਬ, ਕਰਮਗੜ੍ਹ, ਭਗਵਾਨਪੁਰਾ, ਸ਼ਾਮਖੇੜਾ ਤੇ ਗੁਰੂਸਰ ਜੋਧਾ ਪਿੰਡਾਂ ਵਿਚ ਕਿਸਾਨਾਂ ਨਾਲ ਗੱਲਬਾਤ ਵੀ ਕੀਤੀ। ਸਿਕਾਨਾਂ ਨੇ ਦੱਸਿਆ ਕਿ ਸਰਕਾਰ ਨੇ ਹਾਲੇ ਤੱਕ ਉਹਨਾਂ ਕੋਲ ਪਹੁੰਚ ਨਹੀਂ ਕੀਤੀ ਅਤੇ ਕਿਸਾਨਾਂ ਨੇ ਫੌਰੀ ਰਾਹਤ ਦੀ ਮੰਗ ਕੀਤੀ। ਸਰਦਾਰ ਬਾਦਲ ਨੇ ਮੰਗ ਕੀਤੀ ਕਿ ਜਿਹੜੇ ਕਿਸਾਨਾਂ ਦੀ ਕਣਕ ਦੀ ਫਸਲ ਜ਼ਿਆਦਾ ਨੁਕਸਾਨੀ ਗਈ ਹੈ ਉਹਨਾਂ ਨੂੰ 50 ਹਜ਼ਾਰ ਰੁਪਏ ਪ੍ਰਤੀ ਏਕੜ ਤੇ ਅੰਸ਼ਕ ਨੁਕਸਾਨ ਵਾਸਤੇ 25 ਹਜ਼ਾਰ ਰੁਪੲ ਪ੍ਰਤੀ ਏਕੜ ਮੁਆਵਜ਼ਾ ਦਿੱਤਾ ਜਾਵੇ। ਸ: ਬਾਦਲ ਨੇ ਮੁੱਖ ਮੰਤਰੀ ਨੂੰ ਆਖਿਆ ਕਿ ਉਹ ਕਿਸਾਨਾਂ ਨੂੰ ਸਜ਼ਾ ਨਾ ਦੇਣ। ਉਹਨਾਂ ਕਿਹਾ ਕਿ ਆਪ ਸਰਕਾਰ ਨੇ ਸੂਬੇ ਵਿਚ ਸੱਤਾ ਸੰਭਾਲਣ ਤੋਂ ਬਾਅਦ ਕਿਸਾਨ ਵਿਰੋਧੀ ਰਵੱਈਆ ਅਪਣਾਇਆ ਹੋਇਆ ਹੈ। ਉਹਨਾਂ ਕਿਹਾ ਕਿ ਪਹਿਲਾਂ ਮੁੱਖ ਮੰਤਰੀ ਨੇ ਮੂੰਗੀ ਦੀ ਫਸਲ ਬੀਜਣ ਵਾਸਤੇ ਕਿਸਾਨਾਂ ਨੂੰ ਇਹ ਕਹਿ ਕੇ ਉਤਸ਼ਾਹਿਤ ਕੀਤਾ ਕਿ ਉਹ ਐਮ ਐਸ ਪੀ ਅਨੁਸਾਰ ਸਾਰੀ ਫਸਲ ਖਰੀਦਣਗੇ ਪਰ ਬਾਅਦ ਵਿਚ ਸਿਰਫ ਕੁਝ ਹੀ ਫਸਲ ਖਰੀਦੀ ਗਈ ਤੇ ਕਿਸਾਨਾਂ ਦਾ ਵੱਡਾ ਨੁਕਸਾਨ ਹੋਇਆ। ਉਹਨਾਂ ਕਿਹਾ ਕਿ ਕਿਸਾਨਾਂ ਨੂੰ ਪਿਛਲੇ ਸਾਲ ਅਚਨਚੇਤ ਮੌਸਮ ਵਿਚ ਗਰਮੀ ਵਧਣ ਨਾਲ ਕਣਕ ਦਾ ਝਾੜ ਘਟਣ ਵਾਸਤੇ ਵੀ ਕੋਈ ਮੁਆਵਜ਼ਾ ਨਹੀਂ ਦਿੱਤਾ ਗਿਆ। ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਇਕ ਪਾਸੇ ਕਿਸਾਨ ਮੁਸੀਬਤਾਂ ਝੱਲ ਰਹੇ ਹਨ ਤੇ ਦੂਜੇ ਪਾਸੇ ਮੁੱਖ ਮੰਤਰੀ ਡਰਾਮੇਬਾਜ਼ੀ ਵਿਚ ਰੁੱਝੈ ਹਨ ਤੇ ਪੰਜਾਬ ਦੇ ਖ਼ਜ਼ਾਨੇ ਦੀ ਕੀਮਤ ’ਤੇ ਦੇਸ਼ ਭਰ ਵਿਚ ਆਪਣੇ ਆਕਾ ਸ੍ਰੀ ਅਰਵਿੰਦ ਕੇਜਰੀਵਾਲ ਦੇ ਪ੍ਰਚਾਰ ਵਿਚ ਰੁੱਝੇ ਹਨ। ਉਹਨਾਂ ਕਿਹਾ ਕਿ ਰੋਜ਼ਾਨਾ ਕਰੋੜਾਂ ਰੁਪਏ ਇਸ਼ਤਿਹਾਰਬਾਜ਼ੀ ’ਤੇ ਬਰਬਾਦ ਕੀਤਾ ਜਾ ਰਿਹਾ ਹੈ ਪਰ ਕਿਸਾਨਾਂ ਨੂੰ ਹੋਏ ਨੁਕਸਾਨ ਦਾ ਮੁਆਵਜ਼ਾ ਨਹੀਂ ਦਿੱਤਾ ਜਾ ਰਿਹਾ। ਇਸ ਮੌਕੇ ਸੀਨੀਅਰ ਆਗੂ ਡਾ. ਮਹਿੰਦਰ ਰਿਣਵਾ ਤੇ ਹੰਸ ਰਾਜ ਜੋਸ਼ਨ ਵੀ ਸਰਦਾਰ ਬਾਦਲ ਦੇ ਨਾਲ ਪਿੰਡ ਬਕਾਈਂਵਾਲਾ ਪਹੁੰਚੇ।
ਕਰਾਟੇ ਮੁਕਾਬਲਿਆਂ ਵਿੱਚ ਜੂਹੀ ਨੇ ਖੁਸਮੀਤ ਨੂੰ ਹਰਾਇਆ
ਕਰਾਟੇ ਟਰੇਨਿੰਗ ਨਾਲ ਲੜਕੀਆਂ ਆਪਣੀ ਰੱਖਿਆ ਆਪ ਕਰਨਗੀਆਂ : ਸ਼ਿਵ ਪਾਲ ਗੋਇਲ
ਸੁਖਜਿੰਦਰ ਮਾਨ
ਬਠਿੰਡਾ, 25 ਮਾਰਚ: ਸਿੱਖਿਆ ਵਿਭਾਗ ਵਲੋਂ ਆਯੋਜਿਤ ਜ਼ਿਲ੍ਹਾ ਪੱਧਰੀ ਦੋ ਰੋਜ਼ਾ ਲੜਕੀਆਂ ਕਰਾਟੇ ਮੁਕਾਬਲਿਆਂ ਦੇ ਦੂਜੇ ਦਿਨ ਦਾ ਉਦਘਾਟਨ ਜ਼ਿਲ੍ਹਾ ਸਿੱਖਿਆ ਅਫ਼ਸਰ ਸ਼ਿਵ ਪਾਲ ਗੋਇਲ ਵਲੋਂ ਕੀਤਾ ਗਿਆ।ਇਸ ਮੌਕੇ ਉਹਨਾਂ ਬੋਲਦਿਆਂ ਕਿਹਾ ਕਿ ਖੇਡਾਂ ਸਰੀਰ ਨੂੰ ਅਰੋਗ ਤੇ ਤਕੜਾ ਰੱਖਣ ’ਚ ਹਿੱਸਾ ਪਾਉਂਦੀਆਂ ਹਨ।ਇਹ ਕਰਾਟੇ ਮੁਕਾਬਲਿਆਂ ਨਾਲ ਲੜਕੀਆਂ ਆਪਣੀ ਰੱਖਿਆ ਆਪ ਕਰ ਸਕਣਗੀਆਂ ਅਤੇ ਆਤਮ ਨਿਰਭਰ ਹੋਣਗੀਆਂ। ਅੱਜ ਹੋਏ ਮੁਕਾਬਲਿਆਂ ਮਿਡਲ ਵਿੱਚ 35 ਕਿਲੋ ਭਾਰ ਵਰਗ ਵਿੱਚ ਨੂਰਜਸਜੀਤ ਕੌਰ ਨੇ ਪਹਿਲਾ, ਕਮਲਦੀਪ ਕੌਰ ਨੇ ਦੂਜਾ,40 ਕਿਲੋ ਤੋਂ ਘੱਟ ਭਾਰ ਵਰਗ ਵਿੱਚ ਸੁਖਜੀਤ ਕੌਰ ਨੇ ਪਹਿਲਾ ਅਤੇ ਵਿਸਵਨੂਰ ਕੌਰ ਨੇ ਦੂਜਾ,40 ਕਿਲੋ ਤੋਂ ਵੱਧ ਭਾਰ ਵਰਗ ਵਿੱਚ ਪ੍ਰੀਆ ਨੇ ਪਹਿਲਾ, ਰਮਨਦੀਪ ਕੌਰ ਨੇ ਦੂਜਾ, ਸੀਨੀਅਰ ਵਰਗ ਵਿੱਚ 40 ਕਿਲੋ ਤੋਂ ਘੱਟ ਭਾਰ ਵਰਗ ਵਿੱਚ ਜੂਹੀ ਨੇ ਪਹਿਲਾਂ ਅਤੇ ਖੁਸਮੀਤ ਕੌਰ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਇਸ ਦੌਰਾਨ ਜੇਤੂ ਖਿਡਾਰੀਆਂ ਨੂੰ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਇਕਬਾਲ ਸਿੰਘ ਬੁੱਟਰ ਨੇ ਸ਼ੁਭਕਾਮਨਾਵਾਂ ਦਿੱਤੀਆਂ। ਇਸ ਮੌਕੇ ਹੋਰਨਾਂ ਤੋ ਇਲਾਵਾ ਜਸਵੀਰ ਸਿੰਘ ਗਿੱਲ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ, ਸ਼ੇਰ ਸਿੰਘ, ਗੁਰਪ੍ਰੀਤ ਸਿੰਘ ਸਿੱਧੂ, ਕੁਲਵੀਰ ਸਿੰਘ, ਨਾਜ਼ਰ ਸਿੰਘ, ਮਨਦੀਪ ਕੌਰ (ਸਾਰੇ ਲੈਕਚਰਾਰ), ਗੁਲਸ਼ਨ ਕੁਮਾਰ, ਗੁਰਿੰਦਰ ਜੀਤ ਸਿੰਘ, ਗੁਰਿੰਦਰ ਸਿੰਘ, ਨਵਦੀਪ ਕੌਰ, ਕਰਮਜੀਤ ਕੌਰ, ਗੁਰਦੀਪ ਸਿੰਘ, ਪੁਸ਼ਪਿੰਦਰ ਸਿੰਘ, ਅਵਿਨਾਸ਼ ਕੁਮਾਰੀ, ਇਕਬਾਲ ਸਿੰਘ (ਸਾਰੇ ਡੀ.ਪੀ.ਈ), ਰਣਧੀਰ ਸਿੰਘ, ਵਿਨੋਦ ਕੁਮਾਰ, ਸੁਨੀਲ ਕੁਮਾਰ, ਸੰਜੀਵ ਕੁਮਾਰ ਹਾਜ਼ਰ ਸਨ।
ਐਚ.ਪੀ.ਸੀ.ਐਲ ਵਲੋਂ ਸਿਵਲ ਤੇ ਵੂਮੈਨ ਐਂਡ ਚਿਲਡਰਨ ਹਸਪਤਾਲ ਨੂੰ ਮੈਡੀਕਲ ਸਾਜ਼ੋ-ਸਾਮਾਨ ਸੌਂਪਿਆ
ਸੁਖਜਿੰਦਰ ਮਾਨ
ਬਠਿੰਡਾ, 25 ਮਾਰਚ : ਡਿਪਟੀ ਕਮਿਸ਼ਨਰ ਸ਼੍ਰੀ ਸ਼ੌਕਤ ਅਹਿਮਦ ਪਰੇ ਦੀ ਪ੍ਰਧਾਨਗੀ ਹੇਠ ਹਿੰਦੁਸਤਾਨ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਿਡ ਵਲੋਂ ਸਿਵਲ ਤੇ ਵੂਮੈਨ ਐਂਡ ਚਿਲਡਰਨ ਹਸਪਤਾਲ ਨੂੰ ਮੈਡੀਕਲ ਸਾਜ਼ੋ-ਸਾਮਾਨ ਸੌਂਪਿਆ ਗਿਆ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਸੌਂਪੇ ਗਏ ਮੈਡੀਕਲ ਸਾਜੋਂ-ਸਮਾਨ ਨੂੰ ਇੱਕ ਸ਼ਲਾਘਾਯੋਗ ਉਪਰਾਲਾ ਦੱਸਿਆ।ਸਿਵਲ ਹਸਪਤਾਲ ਵਿੱਚ ਡਾਇਲਸਿਸ ਮਸ਼ੀਨ ਤੇ ਔਰਤਾਂ ਅਤੇ ਬੱਚਿਆਂ ਦੇ ਹਸਪਤਾਲ ਵਿੱਚ ਆਟੋਕਲੇਵ ਮਸ਼ੀਨ, ਅਪਰੇਸ਼ਨ ਟੇਬਲ, ਅਪਰੇਸ਼ਨ ਸੀਲਿੰਗ ਲਾਈਟ, ਫੈਟਲ ਡੋਪਲਰ, ਸੈਮੀ-ਆਟੋਮੈਟਿਕ ਐਨਾਲਾਈਜ਼ਰ ਅਤੇ ਸੈਂਟਰੀਫਿਊਗਲ ਮਸ਼ੀਨ ਵਰਗੇ ਲੋੜੀਂਦੇ ਉਪਕਰਨ ਉਪਲਬਧ ਕਰਵਾਏ ਗਏ ਹਨ।ਐਚ.ਪੀ.ਸੀ.ਐਲ ਵੱਲੋਂ 22.28 ਲੱਖ ਰੁਪਏ ਦਾ ਸਾਮਾਨ ਦਿੱਤਾ ਗਿਆ ਹੈ। ਇਸ ਮੌਕੇ ਜ਼ਿਲ੍ਹਾ ਸਿਹਤ ਵਿਭਾਗ ਦੀ ਤਰਫੋਂ ਸਿਵਲ ਸਰਜਨ ਤੇਜਵੰਤ ਸਿੰਘ ਢਿੱਲੋਂ, ਸੀਨੀਅਰ ਮੈਡੀਕਲ ਅਫ਼ਸਰ ਡਾ. ਸਤੀਸ਼ ਜਿੰਦਲ, ਸੀਨੀਅਰ ਮੈਡੀਕਲ ਅਫ਼ਸਰ ਡਾ. ਮਨਿੰਦਰ ਪਾਲ, ਨਰਸਿੰਗ ਸਟਾਫ਼ ਅਤੇ ਪੈਰਾ ਮੈਡੀਕਲ ਸਟਾਫ਼ ਵੀ ਹਾਜ਼ਰ ਸੀ। ਐਚ.ਪੀ.ਸੀ.ਐਲ ਦੇ ਚੀਫ਼ ਸਟੇਸ਼ਨ ਮੈਨੇਜਰ ਸ੍ਰੀ ਅਜੇਪਾਲ ਸਰੋਹਾ ਨੇ ਦੱਸਿਆ ਕਿ ਇਹ ਮੈਡੀਕਲ ਉਪਕਰਨ ਕਾਰਪੋਰੇਟ ਸਮਾਜਿਕ ਜ਼ਿੰਮੇਵਾਰੀ ਨੀਤੀ ਤਹਿਤ ਮੁਹੱਈਆ ਕਰਵਾਇਆ ਗਿਆ ਹੈ। ਐਚ.ਪੀ.ਸੀ.ਐਲ ਪਿੰਡ ਵਾਸੀਆਂ ਦੀਆਂ ਸਿਹਤ ਸੇਵਾਵਾਂ ਵਿੱਚ ਵਾਧਾ ਕਰਨ ਲਈ ਲਗਾਤਾਰ ਤਤਪਰ ਹੈ ਅਤੇ ਨੇੜਲੇ ਪਿੰਡ ਵਾਸੀ ਵੀ ਇਨ੍ਹਾਂ ਉਪਕਰਨਾਂ ਦਾ ਲਾਭ ਉਠਾ ਸਕਣਗੇ। ਇਸ ਦੌਰਾਨ ਸੀਨੀਅਰ ਮੈਡੀਕਲ ਅਫਸਰ ਡਾ. ਮਨਿੰਦਰ ਨੇ ਐਚ.ਪੀ.ਸੀ.ਐਲ ਵੱਲੋਂ ਜ਼ਿਲ੍ਹਾ ਵਾਸੀਆਂ ਲਈ ਕੀਤੇ ਜਾ ਰਹੇ ਨਿਰੰਤਰ ਕਾਰਜਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਭਵਿੱਖ ਵਿੱਚ ਵੀ ਇਸੇ ਤਰ੍ਹਾਂ ਮੈਡੀਕਲ ਸੇਵਾਵਾਂ ਮੁਹੱਈਆ ਕਰਵਾਈਆਂ ਜਾਣਗੀਆਂ। ਇਸ ਮੌਕੇ ਸੀਨੀਅਰ ਮੈਨੇਜਰ ਸ੍ਰੀ ਸਿਧਾਰਥ ਕੁਮਾਰ, ਸ੍ਰੀ ਸਿਧਾਰਥ ਦੂਆ, ਸ੍ਰੀ ਆਸ਼ੂਤੋਸ਼ ਅਦਿੱਤਿਆ, ਸਹਾਇਕ ਮੈਨੇਜਰ ਸ੍ਰੀ ਹਰਦੀਪ ਸਿੰਘ ਭੱਟੀ, ਡਿਪਟੀ ਜਨਰਲ ਸ੍ਰੀ ਸੁਖਵੰਤ ਸਿੰਘ ਕਾਹਲੋਂ, ਡਿਪਟੀ ਜਨਰਲ ਮੈਨੇਜਰ ਸ਼੍ਰੀ ਦੁਰਗਾ ਨਰਾਇਣ ਮੀਨਾ ਅਤੇ ਡਿਪਟੀ ਜਨਰਲ ਮੈਨੇਜਰ ਸ਼੍ਰੀ ਰਾਜੇਸ਼ ਬਰਿਆਰ ਆਦਿ ਹਾਜ਼ਰ ਸਨ।



