ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਸੌਂਪੀਆਂ ਡਿਊਟੀਆਂ
ਸੁਖਜਿੰਦਰ ਮਾਨ
ਬਠਿੰਡਾ, 24 ਮਾਰਚ : ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਨੇ ਤਖਤ ਸ਼?ਰੀ ਦਮਦਮਾ ਸਾਹਿਬ, ਤਲਵੰਡੀ ਸਾਬੋ ਵਿਖੇ ਮਨਾਏ ਜਾਣ ਵਾਲੇ ਵਿਸਾਖੀ ਮੇਲੇ ਦੀਆਂ ਤਿਆਰੀਆਂ ਸਬੰਧੀ ਬੈਠਕ ਕੀਤੀ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਵੱਖ-ਵੱਖ ਵਿਭਾਗਾਂ ਦੇ ਮੁਖੀਆਂ ਨੂੰ ਜੁੰਮੇਵਾਰੀਆਂ ਸੌਪੀਆਂ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਵਿਸਾਖੀ ਦਾ ਮੇਲਾ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ 14 ਅਪ੍ਰੈਲ ਨੂੰ ਪੂਰੀ ਸ਼ਰਧਾ ਅਤੇ ਪ੍ਰੇਮ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ। ਐਸ.ਡੀ.ਐਮ. ਤਲਵੰਡੀ ਸਾਬੋ ਨੂੰ ਮੇਲਾ ਅਫ਼ਸਰ ਨਿਯੁਕਤ ਕੀਤਾ ਗਿਆ ਹੈ।ਉਨ੍ਹਾਂ ਮੇਲਾ ਅਫ਼ਸਰ-ਕਮ-ਉਪ ਮੰਡਲ ਮੈਜਿਸਟਰੇਟ ਤਲਵੰਡੀ ਸਾਬੋ ਨੂੰ ਹਦਾਇਤ ਕਰਦਿਆਂ ਕਿਹਾ ਉਹ ਸੀਨੀਅਰ ਪੁਲਿਸ ਕਪਤਾਨ ਨਾਲ ਤਾਲਮੇਲ ਕਰਕੇ ਐਨਡੀਆਰਐਫ਼ ਅਤੇ ਗੋਤਾਖ਼ੋਰ ਟੀਮ ਦਾ ਪ੍ਰਬੰਧ ਕਰਨਾ ਲਾਜ਼ਮੀ ਬਣਾਉਣ। ਉਨ੍ਹਾਂ ਡੀਐਸਪੀ ਤਲਵੰਡੀ ਸਾਬੋ ਨੂੰ ਕਿਹਾ ਕਿ ਉਹ ਪੁੱਛ-ਗਿੱਛ ਕੇਂਦਰਾਂ ਅਤੇ ਕੰਟਰੋਲ ਰੂਮਾਂ ਤੇ ਸੁਰੱਖਿਆ ਕਰਮਚਾਰੀਆਂ ਦੀ ਡਿਊਟੀ ਲਗਾਉਣਗੇ ਅਤੇ ਪੈਟਰੋਲਿੰਗ ਟੀਮਾਂ ਦਾ ਪ੍ਰਬੰਧ ਕਰਨਗੇ। ਡਿਪਟੀ ਕਮਿਸ਼ਨਰ ਨੇ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਮੇਲੇ ਦੌਰਾਨ ਕਿਸੇ ਵੀ ਅਣ-ਸੁਖਾਵੀਂ ਘਟਨਾ ਨਾਲ ਨਜਿੱਠਣ ਲਈ ਸੀਨੀਅਰ ਪੁਲਿਸ ਕਪਤਾਨ ਦੀ ਮੰਗ ਅਨੁਸਾਰ ਫਾਇਰ ਬ੍ਰਿਗੇਡ ਦਾ ਪ੍ਰਬੰਧ ਕਰਨ ਲਈ ਕਿਹਾ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸੀਐਮਓ ਬਠਿੰਡਾ ਮੈਡੀਕਲ ਫਸਟ ਏਡ ਪੋਸਟਾਂ ਦੇ ਕੰਮ ਲਈ ਓਵਰਆਲ ਇੰਚਾਰਜ ਹੋਣਗੇ। ਮੇਲੇ ਦੌਰਾਨ ਸਹਾਇਤਾ ਕੇਂਦਰ ਅਤੇ ਫਸਟ ਏਡ ਪੋਸਟਾਂ ਮੇਲਾ ਅਫ਼ਸਰ, ਤਵਲੰਡੀ ਸਾਬੋ ਨਾਲ ਤਾਲਮੇਲ ਕਰਕੇ ਬਣਾਈਆਂ ਜਾਣ। ਉਨ੍ਹਾਂ ਕਿਹਾ ਕਿ ਦੋ ਫਸਟ ਏਡ ਪੋਸਟਾਂ ਸਰੋਵਰ ਤੇ ਵੀ ਲਗਾਈਆਂ ਜਾਣ। ਉਨ੍ਹਾਂ ਕਿਹਾ ਕਿ ਡਿਪਟੀ ਡਾਇਰੈਕਟਰ ਸਥਾਨਕ ਸਰਕਾਰਾਂ ਮੇਲੇ ਦੌਰਾਨ ਸੈਨੀਟੇਸ਼ਨ ਦੇ ਓਵਰਆਲ ਇੰਚਾਰਜ ਹੋਣਗੇ। ਮੇਲੇ ਤੋਂ ਪਹਿਲਾਂ-ਪਹਿਲਾਂ ਤਲਵੰਡੀ ਸਾਬੋ ਸ਼ਹਿਰ ਦੀ ਸਟਰੀਟ ਲਾਇਟ ਦੀ ਰਿਪੇਅਰ, ਸ਼ਹਿਰ ਅੰਦਰਲੀਆਂ ਸੜਕਾਂ ਦੇ ਡਿਵਾਈਡਰਾਂ ਦੀ ਰਿਪੇਅਰ ਅਤੇ ਰੰਗ ਰੋਗਨ, ਸੜਕਾਂ ਤੋਂ ਮਲਬਾ ਚੁਕਾਉਣਾ ਅਤੇ ਸ਼ਹਿਰ ਅੰਦਰਲੀਆਂ ਸੜਕਾਂ ਦੀ ਰਿਪੇਅਰ ਕਰਵਾਉਣਗੇ। ਸ਼ੌਕਤ ਅਹਿਮਦ ਪਰੇ ਨੇ ਕਾਰਜਕਾਰੀ ਇੰਜਨੀਅਰ ਜਨ ਸਿਹਤ ਨੂੰ ਹਦਾਇਤ ਕਰਦਿਆਂ ਕਿਹਾ ਕਿ ਉਹ ਮੇਲੇ ਦੌਰਾਨ ਆਮ ਜਨਤਾ ਅਤੇ ਸ਼ਰਧਾਲੂਆਂ ਲਈ ਵੱਖ-ਵੱਖ ਥਾਵਾਂ ਤੇ ਯੂਰੀਨਲਜ਼ ਅਤੇ ਲੈਟਰੀਨ ਔਰਤਾਂ ਤੇ ਪੁਰਸ਼ਾਂ ਲਈ ਬਣਵਾਉਣਗੇ। ਇਸ ਤੋਂ ਇਲਾਵਾ ਬੱਸ ਅੱਡਿਆਂ, ਸਕਿਉਰਟੀ ਫੋਰਸਾਂ ਵਾਲੇ ਕੈਂਪਾਂ ਤੇ ਵੀ ਇਹ ਪ੍ਰਬੰਧ ਕਰਨੇ ਯਕੀਨੀ ਬਣਾਏ ਜਾਣ। ਉਨ੍ਹਾਂ ਵਣ ਮੰਡਲ ਅਫ਼ਸਰ ਨੂੰ ਆਦੇਸ਼ ਦਿੰਦਿਆਂ ਕਿਹਾ ਕਿ ਉਹ ਤਲਵੰਡੀ ਸਾਬੋ ਨੂੰ ਜਾਣ ਵਾਲੀਆਂ ਸੜਕਾਂ ਦੇ ਕਿਨਾਰੇ ਟਰੈਫ਼ਿਕ ਵਿੱਚ ਵਿਘਨ ਪਾਉਣ ਵਾਲੇ ਦਰੱਖ਼ਤਾ ਦੀ ਕਾਂਟ-ਛਾਂਟ ਕਰਵਾਉਣਗੇ। ਉਨ੍ਹਾਂ ਜਨਰਲ ਮੈਨੇਜ਼ਰ ਬੀਐਸਐਨਐਲ ਨੂੰ ਕਿਹਾ ਕਿ ਉਹ ਟੈਲੀਫੋਨ ਖੰਭਿਆਂ ਅਤੇ ਤਾਰਾ ਦੀ ਚੈਕਿੰਗ ਕਰਕੇ ਇਨ੍ਹਾਂ ਦੇ ਠੀਕ ਹੋਣ ਸਬੰਧੀ ਸਰਟੀਫਿਕੇਟ ਮੇਲਾ ਅਫ਼ਸਰ ਨੂੰ ਦੇਣਗੇ। ਜਨਰਲ ਮੈਨੇਜ਼ਰ ਪੀਆਰਟੀਸੀ ਰਿਕਵਰੀ ਵੈਨਾਂ, ਵਾਧੂ ਬੱਸਾਂ ਦਾ ਪ੍ਰਬੰਧ ਕਰਨਗੇ। ਇਸ ਮੌਕੇ ਜ਼ਿਲ੍ਹਾ ਪੁਲਿਸ ਮੁਖੀ ਸ. ਗੁਲਨੀਤ ਸਿੰਘ ਖੁਰਾਣਾ, ਸਿਵਲ ਸਰਜਨ ਡਾ. ਤੇਜਵੰਤ ਸਿੰਘ ਢਿੱਲੋਂ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਡਾ. ਆਰ.ਪੀ. ਸਿੰਘ, ਐਸਡੀਐਮ ਤਲਵੰਡੀ ਸਾਬੋ ਗਗਨਦੀਪ ਸਿੰਘ, ਐਸਡੀਐਮ ਰਾਮਪੁਰਾ ਓਮ ਪ੍ਰਕਾਸ਼ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਤੇ ਉਨ੍ਹਾਂ ਦੇ ਨੁਮਾਇੰਦੇ ਹਾਜ਼ਰ ਸਨ।
ਡਿਪਟੀ ਕਮਿਸ਼ਨਰ ਨੇ ਵਿਸਾਖੀ ਮੇਲੇ ਦੀ ਤਿਆਰੀਆਂ ਸਬੰਧੀ ਕੀਤੀ ਬੈਠਕ
ਇਜ਼ਰਾਈਲ ਦੇ ਖੇਤੀਬਾੜੀ ਕਾਊਸਲਰ ਵੱਲੋ ਪੀ ਏ ਯੂ ਦੇ ਮਾੜੇ ਪਾਣੀ ਪ੍ਰਬੰਧਨ ਪ੍ਰੋਜੈਕਟ ਕੈਪਂਸ ਦਾ ਦੌਰਾ
ਸੁਖਜਿੰਦਰ ਮਾਨ
ਬਠਿੰਡਾ, 24 ਮਾਰਚ : ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਖੇਤਰੀ ਖੋਜ ਕੇਦਂਰ ਬਠਿੰਡਾ ਵਿਖੇ ਇਜ਼ਰਾਈਲ ਦੂਤਾਵਾਸ ਦੇ ਖੇਤੀਬਾੜੀ ਕਾਊਸਂਲਰ ਯੇਅਰ ਇਸ਼ੇਲ ਵਲੋਂ ਯੂਨੀਵਰਸਿਟੀ ਦੇ ਜੋਧਪੁਰ ਰੋਮਾਣਾ ਵਿੱਚ ਬਣੇ ਫਾਰਮ ਦਾ ਦੌਰਾ ਕੀਤਾ ਗਿਆ ਅਤੇ ਸੈਟਂਰਲ ਆਫ ਐਕਸੀਲੈਸ ਦੇ ਪ੍ਰੋਜੈਕਟ ਨੂੰ ਦੇਖਣ ਲਈ ਪੁੱਜੇ ਹੋਏ ਸਨ। ਜਿਕਰਯੋਗ ਹੈ ਕਿ ਦੱਖਣੀ ਪੱਛਮੀ ਪੰਜਾਬ ਵਿੱਚ ਇਹ ਇੰਡੋ ਇਜ਼ਰਾਈਲ ਪ੍ਰਾਜੈਕਟ 2012 ਤੋਂ ਚੱਲ ਰਿਹਾ ਹੈ ਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦੀ ਅਗਵਾਈ ਵਿੱਚ ਇਹ ਇਕਲੌਤਾ ਖੋਜ ਪ੍ਰਾਜੈਕਟ ਹੈ।ਇਸ ਦੌਰੇ ਦੌਰਾਨ ਡਾ ਰਾਕੇਸ਼ ਸ਼ਾਰਦਾ ਮੁੱਖੀ, ਭੂਮੀ ਅਤੇ ਪਾਣੀ ਇੰਜੀਨੀਅਰਿੰਗ ਵਿਭਾਗ, ਪੀ ਏ ਯੂ ਲੁਧਿਆਣਾ, ਡਾ ਜਗਦੀਸ਼ ਗਰੋਵਰ, ਖੇਤਰੀ ਖੋਜ ਕੇਂਦਰ, ਬਠਿੰਡਾ ਦੇ ਡਾਇਰੈਕਟਰ, ਡਾ ਕੇ.ਐਸ ਸੇਖੋ, ਡਾ ਨਵੀਨ ਗਰਗ ਆਦਿ ਮੌਜੂਦ ਸਨ। ਡਾ ਰਾਕੇਸ਼ ਸ਼ਾਰਦਾ ਨੇ ਇਸ ਪ੍ਰਾਜੈਕਟ ਬਾਰੇ ਚਾਨਣਾ ਪਾਇਆ ਕਿ ਕਿਵੇ ਧਰਤੀ ਹੇਠਲੇ ਲੂਣੇ ਪਾਣੀ ਨੂੰ ਸੋਧ ਕੇ ਤੁਪਕਾ ਸਿੰਚਾਈ ਪ੍ਰਦਾਲੀ ਰਾਹੀਂ ਫ਼ਲਾਂ ਤੇ ਸਬਜ਼ੀਆਂ ਲਈ ਵਰਤੋਂ ਵਿੱਚ ਲਿਆਂਦਾ ਜਾਂਦਾ ਹੈ। ਉਨ੍ਹਾਂ ਫ਼ਲਾਂ ਦੇ ਉਤਪਾਦਨ ਲਈ ਹੋਰ ਨਵੀਆਂ ਤਕਨੀਕਾਂ ਅਪਨਾਉਣ ਬਾਰੇ ਵੀ ਆਪਣੇ ਵਿਚਾਰ ਸਾਂਝੇ ਕੀਤੇ। ਇਸ ਮੌਕੇ ਮਾਹਰਾਂ ਨੇ ਅਜੋਕੀ ਖੇਤੀ ਵਿੱਚ ਲੂਣੇ-ਖਾਰੇ ਪਾਣੀ ਦੀ ਮਹੱਤਤਾ ਬਾਰੇ ਵੀ ਚਾਨਣਾ ਪਾਇਆ । ਇਸ ਮੌਕੇ ਇਸਰਾਈਲ ਦੇ ਖੇਤੀ ਕਾਊਸਂਲਰ ਯੇਅਰ ਇਸ਼ੇਲ ਨੇ ਇਸ ਪ੍ਰਾਜੈਕਟ ਨੂੰ ਸਫ਼ਲਤਾਪੂਰਵਕ ਚਲਾਉਣ ਦੇ ਯਤਨਾਂ ਦੀ ਸ਼ਲਾਘਾ ਕੀਤੀ ਤੇ ਭਵਿੱਖ ਵਿੱਚ ਪ੍ਰਜੈਕਟ ਨੂੰ ਜਾਰੀ ਰੱਖਣ ਤੇ ਜ਼ੋਰ ਦਿੱਤਾ। ਇਸ ਮੌਕੇ ਇਜ਼ਰਾਈਲ ਦੇ ਖੇਤੀਬਾੜੀ ਕਾਊਸਂਲਰ ਨੇ ਡੈਸੈਲੀਨੇਸ਼ਨ ਦਾ ਦੌਰਾ ਕੀਤਾ ਜੋ ਖੇਤੀਬਾੜੀ ਦੀ ਵਰਤੋਂ ਲਈ ਰਿਵਰਸ ਓਸਮੋਸਿਸ ਦੁਆਰਾ ਲੂਣੇ ਪਾਣੀ ਨੂੰ ਸ਼ੁੱਧ ਕਰਕੇ ਵਰਤਣ ਯੋਗ ਬਣਾਉਂਦਾ ਹੈ। ਉਨ੍ਹਾਂ ਨੇ ਚੈਰੀ ਟਮਾਟਰ ਅਤੇ ਰੰਗਦਾਰ ਸਿ?ਮਲਾ ਮਿਰਚ ਦੇ ਪੌਲੀ ਹਾਊਸਾਂ ਦਾ ਦੌਰਾ ਕੀਤਾ ਤੇ ਸਬਜ਼ੀਆਂ ਦੇ ਗੁਣਾਤਮਕ ਉਤਪਾਦਨ ਬਾਰੇ ਵੀ ਤਜ਼ਰਬੇ ਸਾਂਝੇ ਕੀਤੇ। ਉਨ੍ਹਾਂ ਇਸ ਪ੍ਰੋਜੈਕਟ ਦੀਆਂ ਸਿਫ਼ਾਰਿਸ਼ਾਂ ਨੂੰ ਕਿਸਾਨਾਂ ਦੇ ਖੇਤਾਂ ਤੱਕ ਜ਼ਮੀਨੀ ਪੱਧਰ ਉਪਰ ਜਲਦੀ ਲਿਜਾਣ ਦੀ ਪੁਰਜ਼ੋਰ ਵਕਾਲਤ ਕੀਤੀ।
ਜਿਸ ਜੇਲ੍ਹ ਦੇ ਸਨ ‘ਮੁਲਾਜਮ’, ਹੁਣ ਉਸੇ ਜੇਲ੍ਹ ਦੇ ਬਣੇ ‘ਹਵਾਲਾਤੀ’
ਜੇਲ੍ਹ ’ਚ ਭੁੱਕੀ ਸਪਲਾਈ ਕਰਦੇ ਪੰਜਾਬ ਪੁਲਿਸ ਦੇ ਦੋ ਜਵਾਨਾਂ ਵਿਰੁਧ ਪਰਚਾ ਦਰਜ਼
ਸੁਖਜਿੰਦਰ ਮਾਨ
ਬਠਿੰਡਾ, 24 ਮਾਰਚ : ਸੂਬੇ ਦੀਆਂ ਜੇਲ੍ਹਾਂ ’ਚ ਨਸ਼ਿਆਂ ਦੀ ਤਸਕਰੀ ਵਿਚ ਲੱਗੇ ਪੰਜਾਬ ਪੁਲਿਸ ਦੀ ਰਿਜ਼ਰਵ ਬਟਾਲੀਅਨ ਦੇ ਜਵਾਨਾਂ ਨੂੰ ਜੇਲ੍ਹ ਅਧਿਕਾਰੀਆਂ ਨੇ ਰੰਗੇ ਹੱਥੀ ਕਾਬੂ ਕੀਤਾ ਹੈ। ਜੇਲ੍ਹ ਅਧਿਕਾਰੀਆਂ ਦੀ ਸਿਕਾਇਤ ਤੋਂ ਬਾਅਦ ਥਾਣਾ ਕੈਂਟ ਦੀ ਪੁਲਿਸ ਨੇ ਕਥਿਤ ਦੋਸ਼ੀਆਂ ਵਿਰੁਧ 15ਏ, 61, 85 ਐਨ ਡੀ ਪੀ ਐਸ ਐਕਟ ਅਤੇ ਸੈਕਸਨ 42 ਪਰੀਜਨ ਐਕਟ 1894 ਤਹਿਤ ਕੇਸ ਦਰਜ਼ ਕਰ ਲਿਆ ਹੈ। ਮੁਲਾਜਮ ਗੁਰਦਾਸ ਸਿੰਘ ਨੰਬਰ 60/6/ਆਈ.ਆਰ.ਬੀ ਬਟਾਲੀਅਨ ਅਤੇ ਜਗਤਾਰ ਸਿੰਘ ਕਾਂਸਟੇਬਲ 701/6/ਆਈ.ਆਰ.ਬੀ ਬਟਾਲੀਅਨ ਨੂੰ ਅੱਜ ਪੁਲਿਸ ਵਲੋਂ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿੱਥੇ ਅਦਾਲਤ ਨੇ ਦੋਨਾਂ ਨੂੰ ਨਿਆਂਇਕ ਹਿਰਾਸਤ ਤਹਿਤ ਜੇਲ੍ਹ ਭੇਜ ਦਿੱਤਾ ਗਿਆ। ਜਿਸਤੋਂ ਬਾਅਦ ਉਹ ਕੇਂਦਰੀ ਜੇਲ੍ਹ ਬਠਿੰਡਾ ਦੇ ਹਵਾਲਾਤੀ ਬਣ ਗਏ, ਜਿਸਦੇ ਬੀਤੇ ਕੱਲ ਤੱਕ ਉਹ ਮੁਲਾਜਮ ਸਨ। ਜੇਲ੍ਹ ਅਧਿਕਾਰੀਆਂ ਮੁਤਾਬਕ ਉਕਤ ਦੋਨੋਂ ਮੁਲਾਜਮ ਕਾਫ਼ੀ ਲੰਮੇ ਸਮੇਂ ਤੋਂ ਜੇਲ੍ਹ ਵਿਚ ਤੈਨਾਤ ਸਨ। ਇੰਨ੍ਹਾਂ ਦੋਨਾਂ ਦੀ ਡਿਊਟੀ ਜੇਲ੍ਹ ਦੀ ਡਿਊਢੀ ਅੰਦਰ ਲੱਗੇ ਟਾਵਰਾਂ ਉਪਰ ਸੀ। ਬੀਤੇ ਕੱਲ ਜਦ ਇਹ ਡਿਊਟੀ ‘ਤੇ ਆਏ ਤਾਂ ਜੇਲ੍ਹ ਅਧਿਕਾਰੀਆਂ ਨੇ ਸ਼ੱਕ ਪੈਣ ’ਤੇ ਇੰਨ੍ਹਾਂ ਦੀ ਤਲਾਸ਼ੀ ਲਈ। ਤਲਾਸ਼ੀ ਦੌਰਾਨ ਇੰਨ੍ਹਾਂ ਕਰਮਚਾਰੀਆਂ ਕੋਲੋ 620 ਗਰਾਮ ਭੁੱਕੀ ਚੂਰਾ ਪੋਸਤ ਬਰਾਮਦ ਕੀਤੀ ਗਈ। ਉਧਰ ਥਾਣਾ ਕੈਂਟ ਦੇ ਮੁਖੀ ਪਰਮ ਪਾਰਸ ਸਿੰਘ ਚਹਿਲ ਨੇ ਦਸਿਆ ਕਿ ਬੇਸੱਕ ਅਦਾਲਤ ਨੇ ਦੋਨਾਂ ਨੂੰ ਨਿਆਂਇਕ ਹਿਰਾਸਤ ਤਹਿਤ ਜੇਲ੍ਹ ਭੇਜ ਦਿੱਤਾ ਹੈ ਪ੍ਰੰਤੂ ਪੁਲਿਸ ਇੰਨ੍ਹਾਂ ਨੂੰ ਮੁੜ ਪ੍ਰੋਡਕਸ਼ਨ ਵਰੰਟ ’ਤੇ ਲੈ ਕੇ ਆਵੇਗੀ ਤਾਂ ਕਿ ਪਤਾ ਲਗਾਇਆ ਜਾ ਸਕੇ ਕਿ ਇਹ ਜੇਲ੍ਹ ਅੰਦਰ ਕਿੰਨੇ ਸਮੇਂ ਤੋਂ ਨਸ਼ਾ ਤਸਕਰੀ ਦਾ ਕੰਮ ਕਰ ਰਹੇ ਸਨ ਤੇ ਇਹ ਨਸ਼ਾ ਕਿਸ ਤੋਂ ਲੈਕੇ ਆਉਂਦੇ ਸਨ ਤੇ ਅੰਦਰ ਕਿਸਨੂੰ ਸਪਲਾਈ ਕਰਦੇ ਸਨ।
ਸਰਕਾਰੀ ਸਕੂਲਾਂ ਚ ਗੁਣਾਤਮਕ ਸਿੱਖਿਆ ਲਈ ਅਧਿਆਪਕਾਂ ਦੀਆਂ ਅਗੇਤੇ ਹੀ ਟਰੇਨਿੰਗਾਂ ਸ਼ੁਰੂ
ਵਿਦਿਆਰਥੀਆਂ ਦੀ ਪੜ੍ਹਾਈ ‘ਤੇ ਕੀਤਾ ਜਾਵੇਗਾ ਗੰਭੀਰਤਾ ਨਾਲ ਫੋਕਸ-ਭੁਪਿੰਦਰ ਕੌਰ
ਪੰਜਾਬੀ ਖ਼ਬਰਸਾਰ ਬਿਉਰੋ
ਮਾਨਸਾ 24 ਮਾਰਚ:ਨਵੇਂ ਸ਼ੈਸਨ ਤੋਂ ਸਰਕਾਰੀ ਸਕੂਲਾਂ ਚ ਗੁਣਾਤਮਕ ਸਿੱਖਿਆ ਦੀ ਮਜਬੂਤੀ ਲਈ ਸਿੱਖਿਆ ਵਿਭਾਗ ਅਧਿਆਪਕਾਂ ਨੂੰ ਅਗੇਤੇ ਹੀ ਟਰੇਨਿੰਗਾਂ ਦੇਣ ਲੱਗਿਆ ਹੈ। ਮਾਨਸਾ ਜ਼ਿਲ੍ਹੇ ਚ ਸਿੱਖਿਆ ਟਰੇਨਿੰਗਾਂ ਦੀ ਸ਼ੁਰੂਆਤ ਕਰਦਿਆਂ ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਭੁਪਿੰਦਰ ਕੌਰ ਨੇ ਅਧਿਆਪਕਾਂ ਨੂੰ ਸੱਦਾ ਦਿੱਤਾ ਕਿ ਪ੍ਰੀ ਪ੍ਰਾਇਮਰੀ ਤੋਂ ਲੈ ਕੇ ਪੰਜਵੀਂ ਤੱਕ ਹਰ ਬੱਚੇ ‘ਤੇ ਫੋਕਸ ਕਰਦਿਆਂ ਸਰਕਾਰੀ ਸਕੂਲਾਂ ਦੀ ਬੇਹਤਰੀ ਲਈ ਹਰ ਉਪਰਾਲੇ ਕੀਤੇ ਜਾਣਗੇ। ਬਲਾਕ ਸਿੱਖਿਆ ਦਫਤਰ ਮਾਨਸਾ ਵਿਖੇ ਡੀ ਈ ਓ ਐਲੀਮੈਂਟਰੀ ਭੁਪਿੰਦਰ ਕੌਰ ਨੇ ਅਧਿਆਪਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਰਕਾਰੀ ਸਕੂਲਾਂ ਚ ਪੜ੍ਹ ਰਹੇ ਬੱਚਿਆਂ ਦੇ ਸੁਨਹਿਰੀ ਭਵਿੱਖ ਲਈ ਮਾਪਿਆਂ ਨੂੰ ਅਧਿਆਪਕਾਂ ਤੋਂ ਵੱਡੀਆਂ ਆਸਾਂ ਨੇ। ਕਿਉਂਕਿ ਜਿਹੜੇ ਲੋੜਵੰਦ ਪਰਿਵਾਰਾਂ ਦੇ ਬੱਚੇ ਸਰਕਾਰੀ ਸਕੂਲਾਂ ਚ ਪੜ੍ਹ ਰਹੇ ਹਨ,ਉਹ ਆਪਣੀਆਂ ਆਰਥਿਕ ਮਜਬੂਰੀਆਂ ਦੇ ਰਝੇਵਿਆਂ ਚ ਆਪਣੇ ਬੱਚਿਆਂ ਪ੍ਰਤੀ ਜ਼ਿਆਦਾ ਸਮਾਂ ਨਹੀਂ ਦੇ ਸਕਦੇ। ਜਿਸ ਕਰਕੇ ਅਧਿਆਪਕਾਂ ਨੂੰ ਹੋਰ ਗੰਭੀਰਤਾ ਨਾਲ ਵਿਦਿਆਰਥੀਆਂ ਦੀ ਪੜ੍ਹਾਈ ਦੇ ਹਰ ਪੱਖ ਨੂੰ ਦੇਖਣਾ ਪਵੇਗਾ ਅਤੇ ਉਨ੍ਹਾਂ ਦੇ ਸਰਬਪੱਖੀ ਵਿਕਾਸ ਲਈ ਵਿਸ਼ੇਸ਼ ਯਤਨ ਕਰਨੇ ਪੈਣਗੇ। ਸਿੱਖਿਆ ਅਫਸਰ ਨੇ ਮਾਨਸਾ ਜ਼ਿਲ੍ਹੇ ਚ ਸਰਕਾਰੀ ਸਕੂਲਾਂ ਵਿੱਚ ਨਵੇਂ ਦਾਖਲਿਆਂ ਲਈ ਵੀ ਜ਼ੋਰ ਦਿੱਤਾ। ਉਨ੍ਹਾਂ ਜ਼ਿਲ੍ਹੇ ਦੇ ਅਧਿਆਪਕਾਂ ਨੂੰ ਵਧਾਈ ਵੀ ਦਿੱਤੀ,ਜਿੰਨਾਂ ਨੇ ਸਕੂਲਾਂ ਚ ਨਵੇਂ ਦਾਖਲਿਆਂ ਲਈ ਵੱਡੇ ਹੰਭਲੇ ਮਾਰੇ। ਉਨ੍ਹਾਂ ਬਾਕੀ ਅਧਿਆਪਕਾਂ ਨੂੰ ਵੀ ਹੱਲਾਸ਼ੇਰੀ ਦਿੱਤੀ ਕਿ ਉਹ ਆਪਣੇ ਟੀਚਿਆਂ ਦੀ ਪੂਰਤੀ ਲਈ ਗੰਭੀਰ ਉਪਰਾਲੇ ਕਰਨ ਤਾਂ ਕਿ ਮਾਨਸਾ ਜ਼ਿਲ੍ਹੇ ਨੂੰ ਪੰਜਾਬ ਦੇ ਮੋਹਰੀ ਸਕੂਲਾਂ ਚ ਲਿਆਂਦਾ ਜਾਵੇਗਾ। ਬਲਾਕ ਸਿੱਖਿਆ ਅਫਸਰ ਅਮਨਦੀਪ ਸਿੰਘ, ਜ਼ਿਲ੍ਹਾ ਕੋਆਰਡੀਨੇਟਰ ਗੁਰਨੈਬ ਮੰਘਾਣੀਆਂ,ਬਲਾਕ ਕੋਆਰਡੀਨੇਟਰ ਸੁਖਪਾਲ ਜੋਗਾ ਨੇ ਪੜ੍ਹਨ ਪੜ੍ਹਾਉਣ ਦੀਆਂ ਵੱਖ ਵੱਖ ਵਿਧੀਆਂ ‘ਤੇ ਮਹੱਤਵਪੂਰਨ ਜਾਣਕਾਰੀ ਹਾਸਲ ਕੀਤੀ।
“ਪੰਜਾਬ ਨੂੰ ਦੁਬਾਰਾ ਪੰਜਾਬ ਬਣਾਉਣਾ ਹੈ, ਅਫ਼ਗ਼ਾਨਿਸਤਾਨ ਨਹੀਂ”-ਮੁੱਖ ਮੰਤਰੀ
ਮੁੱਖ ਮੰਤਰੀ ਦੀ ਪੰਜਾਬ ਦੇ ਤਿੰਨ ਕਰੋੜ ਲੋਕਾਂ ਨੂੰ ਅਪੀਲ
*ਨੌਜਵਾਨਾਂ ਨੂੰ ਭੜਕਾਉਣ ਵਾਲਿਆਂ ਨੂੰ ਦਿੱਤੀ ਚਿਤਾਵਨੀ, “ਤੁਹਾਡੇ ਮਨਸੂਬੇ ਕਾਮਯਾਬ ਨਹੀਂ ਹੋਣਗੇ”
*ਬੇਗਾਨੇ ਪੁੱਤਾਂ ਨੂੰ ਹਥਿਆਰ ਚੁੱਕਣ ਲਈ ਕਹਿਣਾ ਸੌਖਾਃ ਮੁੱਖ ਮੰਤਰੀ
*ਨੌਜਵਾਨਾਂ ਦੇ ਹੱਥਾਂ ‘ਚ ਲੈਪਟਾਪ, ਨਿਯੁਕਤੀ ਪੱਤਰ ਤੇ ਮੈਡਲ ਹੋਣੇ ਚਾਹੀਦੇ ਨੇ, ਹਥਿਆਰ ਨਹੀਂਃ ਮੁੱਖ ਮੰਤਰੀ
*ਨੌਜਵਾਨਾਂ ਨੂੰ ਕਿਸੇ ਧਰਮ ਦੇ ਨਾਮ ‘ਤੇ ਚਲਾਈਆਂ ਜਾ ਰਹੀਆਂ ਫੈਕਟਰੀਆਂ ਦਾ ਕੱਚਾ ਮਾਲ ਨਹੀਂ ਬਣਨ ਦਿੱਤਾ ਜਾਵੇਗਾ
*ਲੋਕਾਂ ਵਲੋਂ ਜਤਾਏ ਭਰੋਸੇ ਲਈ ਮੁੱਖ ਮੰਤਰੀ ਨੇ ਕੀਤਾ ਧੰਨਵਾਦ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 24 ਮਾਰਚ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਸੂਬਾ ਸਰਕਾਰ ਦਾ ਫ਼ਰਜ਼ ਬਣਦਾ ਹੈ ਕਿ ਸੂਬੇ ਨੂੰ ਅਫਗਾਨਿਸਤਾਨ ਬਣਾਉਣ ਦੀਆਂ ਪੰਜਾਬ ਵਿਰੋਧੀ ਤਾਕਤਾਂ ਦੇ ਨਾਪਾਕ ਮਨਸੂਬਿਆਂ ਨੂੰ ਨਾਕਾਮ ਕਰਕੇ ਇਕ ਅਗਾਂਹਵਧੂ, ਸ਼ਾਂਤਮਈ ਅਤੇ ਖ਼ੁਸ਼ਹਾਲ ਸੂਬਾ ਬਣਾਇਆ ਜਾਵੇ। ਲੋਕਾਂ ਨੂੰ ਭਾਵੁਕ ਅਪੀਲ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਕੁਝ ਲੋਕ ਆਪਣੇ ਸਵਾਰਥਾਂ ਦੀ ਪੂਰਤੀ ਲਈ ਸੂਬੇ ਨੂੰ ਫ਼ਿਰਕੂ ਲੀਹਾਂ ‘ਤੇ ਵੰਡਣ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਅਜਿਹੇ ਧਰਮ ਪ੍ਰਚਾਰਕਾਂ ਦਾ ਸੂਬੇ ਅਤੇ ਇੱਥੋਂ ਦੇ ਲੋਕਾਂ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਉਨ੍ਹਾਂ ਕਿਹਾ ਕਿ ਇਹ ਆਗੂ ਸਿਰਫ਼ ਸੂਬੇ ਦੀ ਅਮਨ-ਸ਼ਾਂਤੀ ਨੂੰ ਭੰਗ ਕਰਨਾ ਚਾਹੁੰਦੇ ਹਨ। ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਅਤੇ ਇਸ ਦੇ ਲੋਕਾਂ ਦੇ ਦੁਸ਼ਮਣ ਇਨ੍ਹਾਂ ਆਗੂਆਂ ਦੇ ਅਜਿਹੇ ਮਨਸੂਬਿਆਂ ਨੂੰ ਕਿਸੇ ਵੀ ਕੀਮਤ ‘ਤੇ ਨਹੀਂ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਇਨ੍ਹਾਂ ਨੂੰ ਮੂੰਹ ਤੋੜਵਾਂ ਜਵਾਬ ਦਿੱਤਾ ਜਾਵੇਗਾ। ਮੁੱਖ ਮੰਤਰੀ ਨੇ ਕਿਹਾ ਕਿ ਦੂਜੇ ਪਰਿਵਾਰਾਂ ਦੇ ਪੁੱਤਰਾਂ ਨੂੰ ਹਥਿਆਰ ਚੁੱਕਣ ਦਾ ਉਪਦੇਸ਼ ਦੇਣਾ ਬਹੁਤ ਸੌਖਾ ਹੈ ਪਰ ਅਜਿਹੇ ਪ੍ਰਚਾਰਕ ਜਦੋਂ ਕੌੜੀਆਂ ਹਕੀਕਤਾਂ ਦਾ ਸਾਹਮਣਾ ਕਰਦੇ ਹਨ ਤਾਂ ਇਨ੍ਹਾਂ ਗੱਲਾਂ ਤੋਂ ਭੱਜ ਜਾਂਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬੀਆਂ ਨੂੰ ਅਜਿਹੇ ਆਪੂ ਬਣੇ ਪ੍ਰਚਾਰਕਾਂ ਦੇ ਵਿਚਾਰਾਂ ਤੋਂ ਪ੍ਰਭਾਵਿਤ ਨਹੀਂ ਹੋਣਾ ਚਾਹੀਦਾ, ਜਿਨ੍ਹਾਂ ਦੀ ਸੂਬੇ ਅਤੇ ਇੱਥੋਂ ਦੇ ਲੋਕਾਂ ਨਾਲ ਕੋਈ ਜਜ਼ਬਾਤੀ ਸਾਂਝ ਨਹੀਂ ਹੈ। ਭਗਵੰਤ ਮਾਨ ਨੇ ਕਿਹਾ ਕਿ ਇਨ੍ਹਾਂ ਆਗੂਆਂ ਦਾ ਇੱਕੋ-ਇੱਕ ਮਕਸਦ ਆਪਣੇ ਫ਼ਸਾਦੀ ਵਿਚਾਰਾਂ ਰਾਹੀਂ ਸੂਬੇ ਦੀ ਅਮਨ-ਸ਼ਾਂਤੀ ਭੰਗ ਕਰਨਾ ਹੈ। ਮੁੱਖ ਮੰਤਰੀ ਨੇ ਸਪੱਸ਼ਟ ਤੌਰ ‘ਤੇ ਕਿਹਾ ਕਿ ਸੂਬਾ ਸਰਕਾਰ ਹਰ ਕੀਮਤ ‘ਤੇ ਪੰਜਾਬ ਵਿੱਚ ਸ਼ਾਂਤੀ, ਸਦਭਾਵਨਾ ਅਤੇ ਭਾਈਚਾਰਕ ਸਾਂਝ ਨੂੰ ਬਰਕਰਾਰ ਰੱਖਣ ਲਈ ਵਚਨਬੱਧ ਹੈ ਅਤੇ ਨੌਜਵਾਨਾਂ ਨੂੰ ਧਰਮ ਦੇ ਨਾਮ ‘ਤੇ ਚਲਾਈਆਂ ਜਾ ਰਹੀਆਂ ਫਿਰਕੂ ਫੈਕਟਰੀਆਂ ਦਾ ਕੱਚਾ ਮਾਲ ਨਹੀਂ ਬਣਨ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਅੱਜ ਸਿੱਖਿਆ ਦਾ ਯੁੱਗ ਹੈ ਅਤੇ ਵਿਸ਼ਵ ਭਰ ਵਿੱਚ ਗਿਆਨ ਅਤੇ ਮੁਹਾਰਤ ਵਾਲੇ ਲੋਕ ਪਛਾਣੇ ਜਾਂਦੇ ਹਨ, ਜਿਸ ਕਾਰਨ ਸੂਬਾ ਸਰਕਾਰ ਪੰਜਾਬ ਵਿੱਚ ਸਿੱਖਿਆ ਨੂੰ ਪ੍ਰਫੁੱਲਤ ਕਰਨ ਲਈ ਲਗਾਤਾਰ ਉਪਰਾਲੇ ਕਰ ਰਹੀ ਹੈ। ਭਗਵੰਤ ਮਾਨ ਨੇ ਕਿਹਾ ਕਿ ਉਹ ਨੌਜਵਾਨਾਂ ਦੇ ਹੱਥਾਂ ‘ਚ ਕਿਤਾਬਾਂ, ਲੈਪਟਾਪ, ਨੌਕਰੀਆਂ, ਮੈਡਲ ਅਤੇ ਤਰੱਕੀ ਦੇਖਣਾ ਚਾਹੁੰਦੇ ਹਨ ਪਰ ਇਹ ਆਗੂ ਨੌਜਵਾਨਾਂ ਨੂੰ ਹੱਥਾਂ ‘ਚ ਹਥਿਆਰ ਚੁੱਕਣ ਲਈ ਕਹਿ ਕੇ ਉਜਾੜਨਾ ਚਾਹੁੰਦੇ ਹਨ। ਮੁੱਖ ਮੰਤਰੀ ਨੇ ਸਪੱਸ਼ਟ ਸ਼ਬਦਾਂ ਵਿੱਚ ਕਿਹਾ ਕਿ ਉਹ ਨਾ ਸਿਰਫ਼ ਲੋਕਾਂ ਦਾ ਦਿਲ ਜਿੱਤ ਕੇ ਸਰਕਾਰ ਬਣਾਉਣਾ ਜਾਣਦੇ ਹਨ, ਸਗੋਂ ਉਹ ਸਰਕਾਰ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਚਲਾਉਣਾ ਵੀ ਜਾਣਦੇ ਹਨ। ਉਨ੍ਹਾਂ ਕਿਹਾ ਕਿ ਜੇਕਰ ਇਹ ਆਗੂ ਸੋਚਦੇ ਹਨ ਕਿ ਉਹ ਲੋਕਾਂ ਨੂੰ ਫਿਰਕੂ ਲੀਹਾਂ ‘ਤੇ ਵੰਡ ਸਕਦੇ ਹਨ ਤਾਂ ਉਹ ਸਰਾਸਰ ਗਲਤ ਹਨ ਕਿਉਂਕਿ ਅਮਨ ਪਸੰਦ ਪੰਜਾਬ ਵਾਸੀ ਅਜਿਹੀ ਕਿਸੇ ਵੀ ਕੋਸ਼ਿਸ਼ ਨੂੰ ਨਾਕਾਮ ਕਰ ਦੇਣਗੇ। ਭਗਵੰਤ ਮਾਨ ਨੇ ਲੋਕਾਂ ਦਾ ਉਨ੍ਹਾਂ ਵਿੱਚ ਵਿਸ਼ਵਾਸ ਜਤਾਉਣ ਲਈ ਧੰਨਵਾਦ ਵੀ ਕੀਤਾ ਅਤੇ ਕਿਹਾ ਕਿ ਉਹ ਪੰਜਾਬ ਨੂੰ ਅਗਾਂਹਵਧੂ, ਸ਼ਾਂਤਮਈ ਅਤੇ ਖ਼ੁਸ਼ਹਾਲ ਸੂਬਾ ਬਣਾ ਕੇ ਲੋਕਾਂ ਦਾ ਵਿਸ਼ਵਾਸ ਬਰਕਰਾਰ ਰੱਖਣਗੇ।
ਬਠਿੰਡਾ ਵਿੱਚ ਭਾਰੀ ਮੀਂਹ ਤੋਂ ਬਾਅਦ ਹੋਈ ਗੜੇਮਾਰੀ, ਕਿਸਾਨਾਂ ਦੇ ਸਾਹ ਸੁੱਕੇ
ਸੁਖਜਿੰਦਰ ਮਾਨ
ਬਠਿੰਡਾ 18 ਮਾਰਚ : ਬਠਿੰਡਾ ਪੱਟੀ ਵਿਚ ਬੀਤੀ ਰਾਤ ਤੋਂ ਲੈ ਕੇ ਅੱਜ ਸਾਰਾ ਦਿਨ ਰੁਕ ਰੁਕ ਕੇ ਹੋਈ ਮੀਂਹ ਪੈਂਦਾ ਰਿਹਾ ਤੇ ਬਾਅਦ ਦੁਪਹਿਰ ਭਾਰੀ ਬਾਰਸ਼ ਦੇ ਨਾਲ ਨਾਲ ਗੜੇਮਾਰੀ ਵੀ ਹੋਈ। ਇਸਤੋਂ ਇਲਾਵਾ ਤੇਜ਼ ਝੱਖੜ ਵੀ ਆਇਆ, ਜਿਸਨੇ ਪੱਕਣ ‘ਤੇ ਆਈ ਫਸਲ ਦੇ ਚੱਲਦੇ ਕਿਸਾਨਾਂ ਨੂੰ ਕੱਖੋਂ ਹੋਲੇ ਕਰ ਕੇ ਰੱਖ ਦਿੱਤਾ ਹੈ। ਅੱਜ ਸ਼ਾਮ ਵਕਤ ਜ਼ਿਲ੍ਹੇ ਦੇ ਕਈ ਪਿੰਡਾਂ ਵਿੱਚ ਮੀਂਹ ਦੇ ਨਾਲ ਨਾਲ ਤੇਜ਼ ਝੱਖੜ ਅਤੇ ਗੜੇਮਾਰੀ ਦੇਖਣ ਨੂੰ ਮਿਲੀ l ਜ਼ਿਕਰਯੋਗ ਹੈ ਕਿ ਮੌਸਮ ਵਿਭਾਗ ਵੱਲੋਂ ਪਹਿਲਾਂ ਤੇ ਕੀਤੀ ਗਈ ਪੇਸ਼ੀਨਗੋਈ ਤੇ ਚੱਲਦਿਆਂ ਮੀਂਹ ਪੈਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਚੜ੍ਹਦੇ ਚੇਤ ਹੋ ਰਹੀ ਬੇਮੌਸਮੀ ਬਾਰਸ਼ ਨੇ ਕਿਸਾਨੀ ਦਾ ਲੱਕ ਤੋੜ ਦਿੱਤਾ ਹੈ ਅਤੇ ਮੌਸਮ ਹਾਲੇ ਵੀ ਬੇਈਮਾਨ ਨਜ਼ਰ ਆ ਰਿਹਾ ਹੈ । ਕਿਸਾਨਾਂ ਦਾ ਕਹਿਣਾ ਕਿ ਪਹਿਲਾਂ ਹੀ ਡਿੱਗੀ ਹੋਈ ਕਣਕ ਦਾ ਸੱਤਿਆਨਾਸ ਕਰਨ ਵਿਚ ਮੀਂਹ ਨੇ ਕੋਈ ਕਸਰ ਬਾਕੀ ਨਹੀਂ ਛੱਡੀ ਜਿਸ ਕਾਰਨ ਜਿੱਥੇ ਕਿਸਾਨ ਨੂੰ ਮੋਟਾ ਰਗੜਾ ਲੱਗਿਆ ਹੈ । ਗੌਰਤਲਬ ਹੈ ਕਿ ਬਠਿੰਡਾ ਖੇਤਰ ਵਿਚ ਖੇਤੀਬਾੜੀ ਵਿਭਾਗ ਦੇ ਅੰਕੜਿਆਂ ਅਨੁਸਾਰ ਬਠਿੰਡਾ ਵਿਚ ਕੁੱਲ 2 ਲੱਖ 60 ਹਜ਼ਾਰ ਏਕੜ ਵਿਚ ਕਣਕ ਅਤੇ 3000 ਹਜ਼ਾਰ ਏਕੜ ਸਰ੍ਹੋਂ ਦੀ ਬੀਜਾਂਦ ਕੀਤੀ ਗਈ ਸੀ । ਖੇਤੀਬਾੜੀ ਵਿਭਾਗ ਦੁਆਵਾਂ ਕੀਤਾ ਸੀ ਕਿ ਬਠਿੰਡਾ ਖੇਤਰ ਵਿਚ 50 ਹਜ਼ਾਰ ਏਕੜ ਜਾਣੀ ਕਿ 20 ਹਜ਼ਾਰ ਹੈਕਟੇਅਰ ਕਣਕ ਦੀ ਫ਼ਸਲ ਦਾ ਨੁਕਸਾਨ ਹੋਇਆ ਹੈ ਜੋ 8 ਪ੍ਰਤੀਸ਼ਤ ਬਣਦਾ ਹੈ । ਉੱਧਰ ਕਿਸਾਨ ਜਥੇਬੰਦੀ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਖੇਤੀਬਾੜੀ ਵਿਭਾਗ ਦੇ ਅੰਕੜਿਆਂ ਨੂੰ ਫ਼ਰਜ਼ੀ ਕਰਾਰ ਦਿੰਦਿਆਂ ਕਿਹਾ ਸੀ ਕਿ ਇਹ ਅੰਕੜੇ ਦਫ਼ਤਰ ਵਿਚ ਬੈਠ ਕਿ ਲਏ ਗਏ ਹਨ ਜਦੋਂ ਖੇਤੀ ਵਿਭਾਗ ਦੀਆਂ ਟੀਮਾਂ ਵੱਲੋਂ ਪਿੰਡ ਪਿੰਡ ਪਹੁੰਚ ਤੱਕ ਨਹੀਂ ਕੀਤੀ। ਉਨ੍ਹਾਂ ਦਾਅਵਾ ਕੀਤਾ ਕਿ 50 ਹਜ਼ਾਰ ਏਕੜ ਸਿਰਫ਼ ਦੋ ਬਲਾਕਾਂ ਦੇ ਅੰਕੜੇ ਹੋ ਸਕਦੇ ਹਨ। ਅੱਜ ਬਾਰਸ਼ ਦੇ ਸੰਦਰਭ ਵਿਚ ਬੀਕੇਯੂ ਉਗਰਾਹਾਂ ਦੇ ਸੂਬਾ ਸਕੱਤਰ ਸ਼ਿੰਗਾਰਾ ਸਿੰਘ ਮਾਨ ਨੇ ਕਿਹਾ ਕਿ ਮੌਸਮ ਦੇ ਲਗਾਤਾਰ ਖ਼ਰਾਬ ਹੋਣ ਕਾਰਨ ਕਣਕਾਂ ਦੇ ਲਗਾਤਾਰ ਨੁਕਸਾਨ ਹੋ ਰਿਹਾ ਹੈ । ਉਨ੍ਹਾਂ ਮੰਗ ਕੀਤੀ ਕਿ ਜੇਕਰ ਮਾਨ ਸਰਕਾਰ ਸੱਚਮੁੱਚ ਆਪਣੇ ਆਪ ਨੂੰ ਕਿਸਾਨਾਂ ਨੂੰ ਹਤੈਸੀ ਕਹਾਉਂਦੀ ਹੈ ਤਾਂ ਫ਼ਸਲ ਬੀਮਾ ਯੋਜਨਾ ਲਾਗੂ ਕਰੇ ਅਤੇ ਕਣਕ ਦੇ ਝਾੜ ਮੁਤਾਬਿਕ ਹੋਏ ਡੀਸੀ ਪੱਧਰ ਤੇ ਨੁਕਸਾਨ ਦੇ ਸਰਵੇ ਮੁਤਾਬਿਕ ਭਰਵਾਈ ਕੀਤੀ ਜਾਵੇ।
6 ਰਾਜ ਯੁਵਾ ਪੁਰਸਕਾਰਾਂ ਵਿਚੋਂ 2 ਆਏ ਬਠਿੰਡੇ ਜ਼ਿਲੇ ਦੇ ਹਿੱਸੇ
ਬਠਿੰਡੇ ਦੀਆਂ ਦੋ ਹੋਣਹਾਰ ਧੀਆਂ ਨੇ ਵਧਾਇਆ ਜ਼ਿਲ੍ਹੇ ਦਾ ਮਾਣ : ਸ਼ੌਕਤ ਅਹਿਮਦ ਪਰੇ
ਸੁਖਜਿੰਦਰ ਮਾਨ
ਬਠਿੰਡਾ, 24 ਮਾਰਚ : ਪੰਜਾਬ ਸਰਕਾਰ ਵਲੋਂ ਦੁਬਾਰਾ ਤੋਂ ਚਾਲੂ ਕੀਤੇ ਗਏ ਲੰਮੇ ਅਰਸੇ ਤੋਂ ਬੰਦ ਪਏ ਯੁਵਕ ਸੇਵਾਵਾਂ ਵਿਭਾਗ ਨਾਲ ਸਬੰਧਿਤ ਸ਼ਹੀਦ ਭਗਤ ਸਿੰਘ ਰਾਜ ਯੁਵਾ ਪੁਰਸਕਾਰਾਂ ਵਿਚ ਬਠਿੰਡਾ ਦੀਆਂ ਦੋ ਲੜਕੀਆਂ ਨੇ ਜ਼ਿਲੇ ਦਾ ਨਾਮ ਰੋਸ਼ਨ ਕੀਤਾ ਹੈ। ਬੀਤੇ ਕੱਲ੍ਹ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਸੂਬੇ ਦੇ 6 ਨੌਜਵਾਨਾਂ( ਜਿੰਨ੍ਹਾਂ ਵਿੱਚ ਲੜਕੀਆਂ ਵੀ ਸ਼ਾਮਲ ਸਨ) ਨੂੰ ਇਹ ਪੁਰਸਕਾਰ ਸ਼ਹੀਦ ਭਗਤ ਸਿੰਘ ਦੇ ਸ਼ਹੀਦੀ ਦਿਹਾੜੇ ਉੱਪਰ ਹੁਸੈਨੀਵਾਲਾ ਵਿਖੇ ਹੋਏ ਰਾਜ-ਪੱਧਰੀ ਸਮਾਗਮ ਦੌਰਾਨ ਪ੍ਰਦਾਨ ਕੀਤੇ ਗਏ ਸਨ। ਇਸ ਦੌਰਾਨ ਬਠਿੰਡੇ ਜ਼ਿਲ੍ਹੇ ਲਈ ਇਹ ਮਾਣ ਵਾਲੀ ਗੱਲ ਹੈ ਕਿ ਇਨ੍ਹਾਂ 6 ਪੁਰਸਕਾਰਾਂ ਵਿਚੋਂ 2 ਪੁਰਸਕਾਰ ਬਠਿੰਡਾ ਜ਼ਿਲ੍ਹੇ ਦੇ ਹਿੱਸੇ ਆਏ ਹਨ। 51 ਹਜ਼ਾਰ ਰਾਸ਼ੀ ਵਾਲਾ ਇਹ ਪੁਰਸਕਾਰ ਸੁਖਦੀਪ ਕੌਰ ਪਿੰਡ ਚੱਠੇਵਾਲਾ ਅਤੇ ਬੇਅੰਤ ਕੌਰ ਪਿੰਡ ਰਾਈਆ ਨੇ ਮੁੱਖ ਮੰਤਰੀ ਪਾਸੋਂ ਪ੍ਰਾਪਤ ਕੀਤਾ। ਇਸ ਮਾਣਮੱਤੀ ਪ੍ਰਾਪਤੀ ਤੇ ਡਿਪਟੀ ਕਮਿਸ਼ਨਰ ਨੇ ਇਨ੍ਹਾਂ ਲੜਕੀਆਂ ਨੂੰ ਵਿਸ਼ੇਸ਼ ਤੌਰ ਤੇ ਵਧਾਈ ਦਿੱਤੀ ਤੇ ਅੱਗੇ ਤੋਂ ਵੀ ਸਮਾਜ ਸੇਵਾ ਦੇ ਖੇਤਰ ਵਿਚ ਵੱਧ ਤੋਂ ਵੱਧ ਯੋਗਦਾਨ ਪਾਉਂਦੇ ਰਹਿਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਉਨ੍ਹਾਂ ਨਾਲ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਅਮਰਜੀਤ ਮਹਿਤਾ ਵੀ ਮੌਜੂਦ ਸਨ |ਯੁਵਕ ਸੇਵਾਵਾਂ ਵਿਭਾਗ ਦੇ ਸਹਾਇਕ ਡਾਇਰੈਕਟਰ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਇਹ ਪੁਰਸਕਾਰ ਯੁਵਕ ਸੇਵਾਵਾਂ ਵਿਭਾਗ ਵੱਲੋਂ ਉਨ੍ਹਾਂ ਨੌਜਵਾਨਾਂ ਨੂੰ ਦਿੱਤਾ ਜਾਂਦਾ ਹੈ ਜਿਨ੍ਹਾਂ ਨੇ ਸਮਾਜ ਸੇਵਾ ਦੇ ਖੇਤਰ,ਵਿਭਾਗ ਨਾਲ ਸਬੰਧਿਤ ਯੁਵਕ ਗਤੀਵਿਧੀਆਂ, ਸਾਹਸੀ ਗਤੀਵਿਧੀਆਂ ਦੇ ਖੇਤਰ ਵਿਚ ਮੱਲਾਂ ਮਾਰੀਆਂ ਹੋਣ ਅਤੇ ਨਰੋਏ ਸਮਾਜ ਲਈ ਚੰਗਾ ਯੋਗਦਾਨ ਪਾਇਆ ਹੋਵੇ।
ਫ਼ਰੀਦਕੋਟ ਡਿਵੀਜ਼ਨ ਦੇ ਕਮਿਸ਼ਨਰ ਨੇ ਕੀਤਾ ਬਠਿੰਡਾ ਦਾ ਦੌਰਾ
ਵਾਤਾਵਰਣ ਦੀ ਸ਼ੁੱਧਤਾ ਤੇ ਪ੍ਰਦੂਸ਼ਣ ਤੋਂ ਮੁਕਤੀ ਲਈ ਅਧਿਕਾਰੀ ਤਨਦੇਹੀ ਨਾਲ ਨਿਭਾਉਣ ਆਪੋ-ਆਪਣੀ ਜਿੰਮੇਵਾਰੀ : ਚੰਦਰ ਗੈਂਦ
ਸੁਖਜਿੰਦਰ ਮਾਨ
ਬਠਿੰਡਾ, 24 ਮਾਰਚ : ਡਵੀਜ਼ਨਲ ਕਮਿਸ਼ਨਰ ਫ਼ਰੀਦਕੋਟ ਸ਼੍ਰੀ ਚੰਦਰ ਗੈਂਦ ਵਲੋਂ ਅੱਜ ਬਠਿੰਡਾ ਦਾ ਦੌਰਾ ਕੀਤਾ ਗਿਆ, ਇਸ ਦੌਰਾਨ ਉਨ੍ਹਾਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿਖੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਜ਼ਿਲ੍ਹਾ ਪੱਧਰੀ ਵਾਤਾਵਰਣ ਕਮੇਟੀ ਦੀ ਰੀਵਿਊ ਮੀਟਿੰਗ ਵੀ ਕੀਤੀ। ਇਸ ਮੌਕੇ ਉਨ੍ਹਾਂ ਜ਼ਿਲ੍ਹੇ ਅੰਦਰ ਵਾਤਾਵਰਣ ਦੀ ਸ਼ੁੱਧਤਾ, ਪਾਣੀ ਦੀ ਸਾਂਭ-ਸੰਭਾਲ, ਸਾਫ਼-ਸਫ਼ਾਈ, ਸ਼ੋਰ ਪ੍ਰਦੂਸ਼ਣ ਤੋਂ ਮੁਕਤੀ ਲਈ ਅਧਿਕਾਰੀਆਂ ਨੂੰ ਆਪੋ-ਆਪਣੀ ਜਿੰਮੇਵਾਰੀ ਪੂਰੀ ਤਨਦੇਹੀ ਨਾਲ ਨਿਭਾਉਣ ਲਈ ਲੋੜੀਂਦੇ ਆਦੇਸ਼ ਵੀ ਦਿੱਤੇ। ਇਸ ਮੌਕੇ ਉਨ੍ਹਾਂ ਦੇ ਨਾਲ ਡਿਪਟੀ ਕਮਿਸ਼ਨਰ ਸ਼੍ਰੀ ਸ਼ੌਕਤ ਅਹਿਮਦ ਪਰੇ ਵਿਸ਼ੇਸ਼ ਤੌਰ ਤੇ ਮੌਜੂਦ ਰਹੇ।ਇਸ ਦੌਰਾਨ ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਅੰਦਰ ਵਾਤਾਵਰਣ ਤੇ ਪਾਣੀ ਦੀ ਸ਼ੁੱਧਤਾ ਦੇ ਨਾਲ-ਨਾਲ ਸਾਫ਼-ਸਫ਼ਾਈ ਦੇ ਸਬੰਧੀ ਕੀਤੇ ਜਾ ਰਹੇ ਕਾਰਜਾਂ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਵਿਸ਼ਵਾਸ਼ ਦਿਵਾਉਦਿਆਂ ਕਿਹਾ ਕਿ ਵਾਤਾਵਰਣ ਤੇ ਪਾਣੀ ਦੀ ਸ਼ੁੱਧਤਾ ਦੇ ਨਾਲ-ਨਾਲ ਸਾਫ਼-ਸਫ਼ਾਈ ਦੇ ਮਾਮਲੇ ਵਿਚ ਕਿਸੇ ਵੀ ਤਰ੍ਹਾਂ ਦੀ ਢਿੱਲ ਨਹੀਂ ਵਰਤੀ ਜਾਵੇਗੀ ਅਤੇ ਨਿਰੰਤਰ ਡੋਰ-ਟੂ-ਡੋਰ ਜਾ ਕੇ ਕੂੜਾ ਕਰਕਟ ਨੂੰ ਲਗਾਤਾਰ ਚੁਕਵਾਇਆ ਜਾਵੇਗਾ।ਬੈਠਕ ਦੌਰਾਨ ਡਵੀਜ਼ਨਲ ਕਮਿਸ਼ਨਰ ਨੇ ਸਮੂਹ ਵਿਭਾਗਾਂ ਨੂੰ ਵਾਤਾਵਰਣ ਦੀ ਸ਼ੁੱਧਤਾ, ਪਾਣੀ ਦੀ ਸਾਂਭ-ਸੰਭਾਲ ਸਬੰਧੀ ਤਿਆਰ ਕੀਤੇ ਐਕਸ਼ਨ ਪਲਾਨ ਤੇ ਵਿਸ਼ੇਸ਼ ਤੱਵੱਜੋ ਦੇਣ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਨਗਰ ਨਿਗਮ, ਨਗਰ ਕੌਂਸਲਾਂ ਤੇ ਨਗਰ ਪੰਚਾਇਤਾਂ ਨਾਲ ਸਬੰਧਤ ਅਧਿਕਾਰੀਆਂ ਨੂੰ ਸੋਲਡ ਵੇਸਟ ਮੈਨੇਜਮੈਂਟ ਸਬੰਧੀ ਲੋੜੀਂਦੇ ਦਿਸ਼ਾ-ਨਿਰਦੇਸ਼ ਦਿੰਦਿਆਂ ਸਿੰਗਲ ਯੂਜ਼ ਪਲਾਸਟਿਕ ਦੇ ਖ਼ਾਤਮੇ ਲਈ ਵੱਧ ਤੋਂ ਵੱਧ ਯਤਨ ਕਰਨ ਦੀ ਹਦਾਇਤ ਕੀਤੀ। ਇਸ ਦੌਰਾਨ ਖ਼ਾਸ ਤੌਰ ਤੇ ਸੀਵਰੇਜ਼ ਟਰੀਟਮੈਂਟ ਪਲਾਂਟ ਸਬੰਧੀ ਵੀ ਲੋੜੀਂਦੇ ਆਦੇਸ਼ ਦਿੱਤੇ। ਇਸ ਮੌਕੇ ਉਨ੍ਹਾਂ ਸਮੂਹ ਨਗਰ ਨਿਗਮ, ਨਗਰ ਕੌਂਸਲਾਂ, ਨਗਰ ਪੰਚਾਇਤਾਂ ਲਈ ਵਰਤੇ ਜਾਣ ਵਾਲੇ ਵਾਹਨਾਂ ਤੇ ਜੀਪੀਐਸ ਸਿਸਟਮ ਲਗਾਉਣਾ ਵੀ ਯਕੀਨੀ ਬਣਾਉਣ ਲਈ ਕਿਹਾ। ਇਸ ਉਪਰੰਤ ਡਵੀਜ਼ਨਲ ਕਮਿਸ਼ਨਰ ਵਲੋਂ ਕੋਟਸ਼ਮੀਰ ਨਗਰ ਪੰਚਾਇਤ ਦਾ ਦੌਰਾ ਕਰਕੇ ਇੱਥੇ ਬਣੇ ਐਮਆਰਐਫ਼ ਸ਼ੈੱਡ, ਕੰਪੋਸਟਿੰਗ ਪਿਟਸ ਅਤੇ ਚਾਰ ਏਕੜ ਵਿੱਚ ਉਗਾਏ ਗਏ ਗਰੀਨ ਬੈਲਟ ਦਾ ਵੀ ਦੌਰਾ ਕਰਕੇ ਜਾਇਜ਼ਾ ਲਿਆ ਅਤੇ ਇੱਥੇ ਨਗਰ ਪੰਚਾਇਤ ਵਲੋਂ ਕੀਤੇ ਜਾ ਰਹੇ ਕਾਰਜਾਂ ਦੀ ਭਰਪੂਰ ਸ਼ਲਾਘਾ ਕੀਤੀ।ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਮੈਡਮ ਪਲਵੀ ਚੌਧਰੀ, ਕਮਿਸ਼ਨਰ ਨਗਰ ਨਿਗਮ ਸ਼੍ਰੀ ਰਾਹੁਲ, ਐਸਪੀਐਚ ਸ਼੍ਰੀ ਜੀਐਸ ਸੰਘਾ, ਪ੍ਰਦੂਸ਼ਣ ਕੰਟਰੋਲ ਬੋਰਡ ਦੇ ਕਾਰਜਕਾਰੀ ਇੰਜੀਨੀਅਰ ਸ. ਗੁਰਮੀਤ ਸਿੰਘ, ਪ੍ਰਦੂਸ਼ਣ ਕੰਟਰੋਲ ਬੋਰਡ ਦੇ ਐਸ.ਡੀ.ਓ ਸ਼੍ਰੀ ਰਵੀਪਾਲ, ਜ਼ਿਲ੍ਹਾ ਵਣ ਅਫ਼ਸਰ ਸ਼੍ਰੀ ਸਵਰਨ ਸਿੰਘ, ਕਾਰਜ ਸਾਧਕ ਅਫ਼ਸਰ ਦੀਪਕ ਸੇਤੀਆ, ਜੇਈ ਸ. ਜਸਵੀਰ ਸਿੰਘ ਤੋਂ ਇਲਾਵਾ ਖੇਤੀਬਾੜੀ, ਸਿੰਚਾਈ, ਸਿਹਤ ਵਿਭਾਗ, ਸੀਵਰੇਜ ਅਤੇ ਭੂਮੀ ਰੱਖਿਆ ਵਿਭਾਗ, ਸਮੂਹ ਨਗਰ ਕੌਂਸਲਾਂ, ਨਗਮ ਪੰਚਾਇਤਾਂ ਦੇ ਅਧਿਕਾਰੀ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ।
ਬਠਿੰਡਾ ਦੇ ਥਾਣਾ ਸੰਗਤ ਦੀ ਪੁਲਿਸ ਵੱਲੋਂ ਢਾਈ ਕਿੱਲੋ ਅਫ਼ੀਮ ਸਹਿਤ ਇੱਕ ਕਾਬੂ
ਸੁਖਜਿੰਦਰ ਮਾਨ
ਬਠਿੰਡਾ, 24 ਮਾਰਚ: ਜ਼ਿਲਾ ਪੁਲਿਸ ਵੱਲੋਂ ਨਸ਼ਿਆਂ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ ਐਸਐਸਪੀ ਗੁਲਨੀਤ ਸਿੰਘ ਖੁਰਾਣਾ ਦੀ ਅਗਵਾਈ ਹੇਠ ਥਾਣਾ ਸੰਗਤ ਦੀ ਪੁਲਿਸ ਨੇ ਇਕ ਵੱਡੀ ਕਾਰਵਾਈ ਕਰਦਿਆਂ ਇਕ ਵਿਅਕਤੀ ਨੂੰ 2 ਕਿੱਲੋ 600 ਗ੍ਰਾਮ ਅਫ਼ੀਮ ਸਹਿਤ ਕਾਬੂ ਕੀਤਾ ਹੈ। ਮਾਮਲੇ ਦੀ ਜਾਣਕਾਰੀ ਦਿੰਦਿਆਂ ਪੁਲਿਸ ਦੇ ਬੁਲਾਰੇ ਨੇ ਦਸਿਆ ਕਿ ਥਾਣਾ ਮੁਖੀ ਇੰਸਪੈਕਟਰ ਹਰਵਿੰਦਰ ਸਿੰਘ ਅਤੇ ਚੌਂਕੀ ਇੰਚਾਰਜ ਨੇ ਇਕ ਗੁਪਤ ਸੂਚਨਾ ਦੇ ਆਧਾਰ ਤੇ ਅਭੀ ਵਰਮਾ ਵਾਸੀ ਸ਼੍ਰੀ ਅੰਮ੍ਰਿਤਸਰ ਸਾਹਿਬ ਨੂੰ ਗ੍ਰਿਫ਼ਤਾਰ ਕੀਤਾ, ਜਿਸਦੀ ਤਲਾਸ਼ੀ ਦੌਰਾਨ ਉਸਦੇ ਕੋਲੋ ਇਹ ਅਫੀਮ ਬਰਾਮਦ ਹੋਈ। ਪੁਲਿਸ ਅਧਿਕਾਰੀਆਂ ਮੁਤਾਬਕ ਕਥਿਤ ਦੋਸ਼ੀ ਵਲੋਂ ਇਹ ਅਫੀਮ ਮੱਧ ਪ੍ਰਦੇਸ਼ ਤੋਂ ਲਿਆਂਦੀ ਗਈ ਸੀ। ਉਨ੍ਹਾਂ ਦੱਸਿਆ ਕਿ ਮੁਢਲੀ ਪੜਤਾਲ ਦੌਰਾਨ ਉਸਨੇ ਦਸਿਆ ਹੈ ਕਿ ਇਹ ਅਫੀਮ ਉਸਨੇ ਅੱਗੇ ਅੰਮ੍ਰਿਤਸਰ ਜ਼ਿਲ੍ਹੇ ਅੰਦਰ ਹੀ ਸਪਲਾਈ ਕਰਨੀ ਸੀ। ਉਸਦੇ ਵਿਰੁੱਧ ਥਾਣਾ ਸੰਗਤ ਵਿੱਚ ਪਰਚਾ ਦਰਜ ਕਰ ਲਿਆ ਗਿਆ ਹੈ। ਇਕ ਹੋਰ ਮਾਮਲੇ ਵਿੱਚ ਥਾਣਾ ਸਿਟੀ ਰਾਮਪੁਰਾ ਵਲੋਂ ਗੋਪਾਲ ਸਿੰਘ ਵਾਸੀ ਮੁਦਕੀ ਜਿਲ੍ਹਾ ਫਿਰੋਜਪੁਰ ਨੂੰ ਗ੍ਰਿਫ਼ਤਾਰ ਕਰਕੇ ਉਸਦੇ ਕੋਲੋ 60 ਗਰਾਮ ਹੈਰੋਇਨ ਬਰਾਮਦ ਕੀਤੀ ਹੈ। ਉਸਦੇ ਵਿਰੁੱਧ ਅ/ਧ 21 ਬੀ 61/85 ਐੱਨ.ਡੀ.ਪੀ.ਐੱਸ.ਐਕਟ ਥਾਣਾ ਸਿਟੀ ਰਾਮਪੁਰਾ ਵਿਖੇ ਪਰਚਾ ਦਰਜ ਕੀਤਾ ਗਿਆ ਹੈ।
ਕਿਰਤੀ ਕਿਸਾਨ ਯੂਨੀਅਨ ਵਲੋਂ ਪੰਜਾਬ ਅੰਦਰ ਦਹਿਸ਼ਤ ਦਾ ਮਾਹੌਲ ਸਿਰਜ ਕੇ ਫੜੇ ਬੇਦੋਸ਼ੇ ਨੌਜਵਾਨਾਂ ਨੂੰ ਤੁਰੰਤ ਰਿਹਾ ਕਰਨ ਦੀ ਮੰਗ
ਪੰਜਾਬ ਵਿੱਚੋਂ ਕੇਂਦਰੀ ਸੁਰੱਖਿਆ ਬਲਾਂ ਨੂੰ ਬਾਹਰ ਕਰਕੇ ਕੌਮੀ ਸੁਰੱਖਿਆ ਕਾਨੂੰਨ ਦੀ ਦੁਰਵਰਤੋਂ ਬੰਦ ਕੀਤੀ ਜਾਵੇ: ਅਮਰਜੀਤ ਹਨੀ
ਸੁਖਜਿੰਦਰ ਮਾਨ
ਬਠਿੰਡਾ, 24 ਮਾਰਚ: ਕਿ਼ਰਤੀ ਕਿਸਾਨ ਯੂਨੀਅਨ ਨੇ ਪੰਜਾਬ ਵਿੱਚ ਬੀਤੇ ਕੁੱਝ ਦਿਨਾਂ ਤੋਂ ਭਾਜਪਾ ਦੀ ਕੇਂਦਰ ਸਰਕਾਰ ਅਤੇ ਪੰਜਾਬ ਦੀ ਆਪ ਸਰਕਾਰ ਵੱਲੋਂ ਸਿਰਜੇ ਜਾ ਰਹੇ ਦਹਿਸ਼ਤ ਦੇ ਮਾਹੌਲ ਦੀ ਨਿਖੇਧੀ ਕਰਦਿਆਂ ਫੜੇ ਗਏ ਬੇਦੋਸ਼ੇ ਨੌਜਵਾਨਾਂ ਨੂੰ ਤੁਰੰਤ ਰਿਹਾ ਕਰਨ ਅਤੇ ਪੰਜਾਬ ਵਿੱਚੋਂ ਕੇਂਦਰੀ ਸੁਰੱਖਿਆ ਬਲਾਂ ਨੂੰ ਬਾਹਰ ਕਰਨ ਦੀ ਜ਼ੋਰਦਾਰ ਮੰਗ ਕੀਤੀ ਹੈ। ਯੂਨੀਅਨ ਦੀ ਜਿਲ੍ਹਾ ਪ੍ਰਧਾਨ ਅਮਰਜੀਤ ਹਨੀ ਅਤੇ ਸਕੱਤਰ ਸਵਰਨ ਸਿੰਘ ਪੂਹਲੀ ਨੇ ਪੈਦਾ ਕੀਤੀ ਜਾ ਰਹੀ ਸਥਿਤੀ ਲਈ ਸਰਕਾਰਾਂ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਕਿਹਾ ਕਿ ਇੱਕ ਵਿਅਕਤੀ ਨੂੰ ਫੜਣ ਦੇ ਨਾਂ ਹੇਠ ਫਾਸ਼ੀਵਾਦੀ ਮੁਹਿੰਮ ਚਲਾ ਕੇ ਸੂਬੇ ਵਿੱਚ ਨਾ ਸਿਰਫ ਜਮਹੂਰੀਅਤ ਦਾ ਘਾਣ ਕੀਤਾ ਜਾ ਰਿਹਾ ਹੈ ਬਲਕਿ ਕੌਮੀ ਸੁਰੱਖਿਆ ਕਾਨੂੰਨ ਦੀ ਦੁਰਵਰਤੋਂ ਵੀ ਕੀਤੀ ਜਾ ਰਹੀ ਹੈ। ਆਗੂਆਂ ਨੇ ਕਿਹਾ ਕਿ ਦੇਸ਼ ਵਿੱਚ ਹਰੇਕ ਵਿਅਕਤੀ ਨੂੰ ਆਪਣੀ ਵਿਚਾਰਧਾਰਾ ਦਾ ਪ੍ਰਚਾਰ ਕਰਨ ਦੀ ਸੰਵਿਧਾਨਕ ਆਜ਼ਾਦੀ ਹੈ। ਸਿਰਫ ਕਿਸੇ ਦੀ ਵਿਚਾਰਧਾਰਾ ਕਰਕੇ ਕਿਸੇ ਉੱਪਰ ਦੇਸ਼ ਧ੍ਰੋਹ ਦਾ ਮੁਕੱਦਮਾ ਦਰਜ਼ ਕਰਨਾ ਸੰਵਿਧਾਨਕ ਆਜ਼ਾਦੀ ਦੀ ਉਲੰਘਣਾ ਹੈ। ਕਿਸਾਨ ਆਗੂਆਂ ਨੇ ਕੁੱਝ ਡਿਜੀਟਲ ਚੈਨਲਾਂ ਅਤੇ ਪੱਤਰਕਾਰਾਂ ਦੇ ਸ਼ੋਸ਼ਲ ਮੀਡੀਆ ਖਾਤਿਆਂ ਤੇ ਪਾਬੰਦੀਆਂ ਮੜਣ ਦੀ ਕਾਰਵਾਈ ਨੂੰ ਫਾਸ਼ੀਵਾਦੀ ਕਾਰਵਾਈ ਦੱਸਦਿਆਂ ਕਿਹਾ ਕਿ 2024 ਦੀਆਂ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਆਰ ਐਸ ਐਸ ਦੇ ਇਸ਼ਾਰੇ ਤੇ ਪੰਜਾਬ ਦੇ ਭਾਈਚਾਰਕ ਮਾਹੌਲ ਨੂੰ ਖੇਰੂੰ ਖੇਰੂੰ ਕਰਨ ਲਈ ਉਸਦੀਆਂ ਏ ਅਤੇ ਬੀ ਟੀਮਾਂ ਸਰਗਰਮ ਹੋ ਗਈਆਂ ਹਨ।ਕਿਸਾਨ ਆਗੂਆਂ ਨੇ ਪੰਜਾਬ ਦੇ ਲੋਕਾਂ ਨੂੰ ਇਤਿਹਾਸਕ ਅਤੇ ਜੇਤੂ ਕਿਸਾਨ ਘੋਲ ਵਲੋਂ ਕਾਰਪੋਰੇਟ ਨੀਤੀਆਂ ਵਿਰੁੱਧ ਅਤੇ ਤਾਕਤਾਂ ਦੇ ਕੇਂਦਰੀਕਰਨ ਵਿਰੁੱਧ ਸੂਬਿਆਂ ਦੇ ਅਧਿਕਾਰਾਂ ਦੀ ਰਾਖੀ ਲਈ ਸਿਰਜੇ ਭਾਈਚਾਰਕ ਸਾਂਝ ਅਤੇ ਵਿਸ਼ਾਲ ਜਨਤਕ ਸੰਘਰਸ਼ਾਂ ਦੇ ਬਿਰਤਾਂਤ ਦੀ ਰਾਖੀ ਲਈ ਅੱਗੇ ਆਉਣ ਦੀ ਅਪੀਲ ਕੀਤੀ।





