Saturday, May 23, 2026
Home Blog Page 2169

ਬਠਿੰਡਾ ਸ਼ਹਿਰ ‘ਚ 88.94 ਕਰੋੜ ਦੀ ਲਾਗਤ ਨਾਲ ਉਸਾਰੇ ਜਾਣਗੇ ਦੋ ਰੇਲਵੇ ਓਵਰ ਬ੍ਰਿਜ: ਹਰਭਜਨ ਸਿੰਘ ਈ.ਟੀ.ਓ.

0

ਦੋਵੇਂ ਪੁੱਲ 3 ਸਾਲ ਦੇ ਨਿਰਧਾਰਤ ਸਮੇਂ ਅੰਦਰ ਮੁਕੰਮਲ ਕਰਨ ਦਾ ਟੀਚਾ
ਸੁਖਜਿੰਦਰ ਮਾਨ
ਬਠਿੰਡਾ, 22 ਮਾਰਚ: ਬਠਿੰਡਾ ਸ਼ਹਿਰ ਵਿਚਲੀ ਆਵਾਜਾਈ ਨੂੰ ਹੋਰ ਸਚਾਰੂ ਬਣਾਉਣ ਲਈ ਪੰਜਾਬ ਸਰਕਾਰ ਵਲੋਂ 88.94 ਕਰੋੜ ਦੀ ਲਾਗਤ ਨਾਲ ਦੋ ਰੇਲਵੇ ਓਵਰ ਉਸਾਰੇ ਜਾਣਗੇ, ਜਿਸਦੇ ਲਈ ਪ੍ਰਬੰਧ ਕਰ ਲਏ ਗਏ ਹਨ। ਇਹ ਦਾਅਵਾ ਅੱਜ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ. ਨੇ ਵਿਧਾਨ ਸਭਾ ਸੈਸ਼ਨ ਦੌਰਾਨ ਬਠਿੰਡਾ ਸ਼ਹਿਰੀ ਹਲਕੇ ਦੇ ਵਿਧਾਇਕ ਜਗਰੂਪ ਸਿੰਘ ਗਿੱਲ ਵੱਲੋਂ ਪੁੱਛੇ ਸਵਾਲ ਦਾ ਜਵਾਬ ਦਿੰਦਿਆਂ ਕੀਤਾ। ਉਨ੍ਹਾਂ ਦਸਿਆ ਕਿ ਜਨਤਾ ਨਗਰ ਬਠਿੰਡਾ ਵਿਖੇ ਉਸਾਰੇ ਜਾਣ ਵਾਲੇ ਰੇਲਵੇ ਓਵਰ ਬ੍ਰਿਜ ਦੀ ਉਸਾਰੀ ‘ਤੇ 50.86 ਕਰੋੜ ਰੁਪਏ ਖਰਚੇ ਜਾਣਗੇ ਅਤੇ ਇਸ ਬ੍ਰਿਜ ਦਾ ਕੰਮ ਵਿੱਤੀ ਸਾਲ 2023-24 ਦੇ ਬਜਟ ਉਪਬੰਧ ਅਨੁਸਾਰ ਸ਼ੁਰੂ ਕਰਕੇ 3 ਸਾਲਾਂ ਦੇ ਅੰਦਰ ਮੁਕੰਮਲ ਕੀਤਾ ਜਾਵੇਗਾ। ਇਸੇ ਤਰ੍ਹਾਂ ਮੁਲਤਾਨੀਆ ਬ੍ਰਿਜ ਸਬੰਧੀ ਜਾਣਕਾਰੀ ਦਿੰਦਿਆਂ ਹਰਭਜਨ ਸਿੰਘ ਈ.ਟੀ.ਓ. ਨੇ ਦੱਸਿਆ ਕਿ ਇਸ ਬ੍ਰਿਜ ਦੀ ਤਜਵੀਜ਼ ਨੂੰ ਘੋਖਣ ਸਬੰਧੀ 3 ਨਿਗਰਾਨ ਇੰਜੀਨੀਅਰਾਂ ਦੀ ਕਮੇਟੀ ਬਣਾਈ ਗਈ ਸੀ, ਜਿਨ੍ਹਾਂ ਦੀ ਰਿਪੋਰਟ ਮਿਲਣ ਮਗਰੋਂ ਇਹ ਪ੍ਰਾਜੈਕਟ ਸਰਕਾਰ ਦੇ ਵਿਚਾਰ ਅਧੀਨ ਹੈ। ਉਨ੍ਹਾਂ ਦੱਸਿਆ ਕਿ ਛੇਤੀ ਹੀ ਇਸ ਬ੍ਰਿਜ ਦੀ ਉਸਾਰੀ ਸ਼ੁਰੂ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਹ ਬ੍ਰਿਜ 38.08 ਕਰੋੜ ਰੁਪਏ ਦੀ ਲਾਗਤ ਨਾਲ 3 ਸਾਲਾਂ ਦੇ ਨਿਰਧਾਰਿਤ ਸਮੇਂ ਅੰਦਰ ਉਸਾਰਿਆ ਜਾਵੇਗਾ। ਲੋਕ ਨਿਰਮਾਣ ਮੰਤਰੀ ਨੇ ਅੱਗੇ ਦੱਸਿਆ ਕਿ ਇਨ੍ਹਾਂ ਪੁੱਲਾਂ ਦੀ ਉਸਾਰੀ ਦੌਰਾਨ ਆਵਾਜਾਈ ਨੂੰ ਨਿਰਵਿਘਨ ਜਾਰੀ ਰੱਖਣ ਲਈ ਬਦਲਵੇਂ ਪ੍ਰਬੰਧ ਕੀਤੇ ਜਾਣਗੇ ਅਤੇ ਲੋਕਾਂ ਨੂੰ ਕੋਈ ਵੀ ਪ੍ਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਉਸਾਰੀ ਦੌਰਾਨ ਆਵਾਜਾਈ ਨੂੰ ਅਮਰਪੁਰਾ ਬਸਤੀ ਅਤੇ ਬਠਿੰਡਾ ਬਾਦਲ ਘੁੱਦਾ ਰੋਡ ਉਪਰ ਬਣੇ ਰੇਲਵੇ ਓਵਰ ਬ੍ਰਿਜਾਂ ਰਾਹੀਂ ਚਲਦਾ ਰੱਖਿਆ ਜਾਵੇਗਾ। ਪੰਜਾਬ ਸਰਕਾਰ ਦੇ ਇਸ ਫੈਸਲੇ ਦਾ ਸਵਾਗਤ ਕਰਦਿਆਂ ਵਿਧਾਇਕ ਜਗਰੂਪ ਸਿੰਘ ਗਿੱਲ ਨੇ ਕਿਹਾ ਕਿ ਇਸਦੇ ਨਾਲ ਸ਼ਹਿਰ ਦੀ ਵੱਡੀ ਆਬਾਦੀ ਨੂੰ ਰਾਹਤ ਮਿਲੇਗੀ।

ਮੁੱਖ ਮੰਤਰੀ ਵੱਲੋਂ ਮੀਂਹ ਤੇ ਗੜ੍ਹੇਮਾਰੀ ਕਾਰਨ ਕਣਕ ਦੀ ਫ਼ਸਲ ਦੇ ਹੋਏ ਨੁਕਸਾਨ ਦੀ ਗਿਰਦਾਵਰੀ ਕਰਨ ਦੇ ਆਦੇਸ਼

0

ਕਿਸਾਨਾਂ ਦੇ ਹਿੱਤਾਂ ਦੀ ਰਾਖੀ ਕਰਨ ਦੀ ਵਚਨਬੱਧਤਾ ਦੁਹਰਾਈ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 21 ਮਾਰਚ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੂਬੇ ਵਿੱਚ ਮੋਹਲੇਧਾਰ ਮੀਂਹ ਤੇ ਗੜ੍ਹੇਮਾਰੀ ਕਾਰਨ ਕਣਕ ਦੀ ਫ਼ਸਲ ਦੇ ਹੋਏ ਨੁਕਸਾਨ ਦਾ ਅੰਦਾਜ਼ਾ ਲਾਉਣ ਲਈ ਗਿਰਦਾਵਰੀ ਕਰਨ ਦੇ ਆਦੇਸ਼ ਦਿੱਤੇ ਹਨ।ਇਹ ਜਾਣਕਾਰੀ ਦਿੰਦਿਆਂ ਮੁੱਖ ਮੰਤਰੀ ਦਫ਼ਤਰ ਦੇ ਬੁਲਾਰੇ ਨੇ ਦੱਸਿਆ ਕਿ ਮੁੱਖ ਮੰਤਰੀ ਨੇ ਵਿੱਤ ਕਮਿਸ਼ਨਰ (ਮਾਲ) ਨੂੰ ਆਦੇਸ਼ ਦਿੱਤੇ ਕਿ ਉਹ ਸਬੰਧਤ ਡਿਪਟੀ ਕਮਿਸ਼ਨਰਾਂ ਨੂੰ ਹਦਾਇਤ ਕਰਨ ਕਿ ਜਿਨ੍ਹਾਂ ਇਲਾਕਿਆਂ ਵਿੱਚ ਮੀਂਹ ਕਾਰਨ ਫ਼ਸਲ ਦਾ ਨੁਕਸਾਨ ਹੋਇਆ, ਉਨ੍ਹਾਂ ਵਿੱਚ ਨੁਕਸਾਨ ਦਾ ਤਰਜੀਹੀ ਆਧਾਰ ਉਤੇ ਅੰਦਾਜ਼ਾ ਲਾਉਣ ਲਈ ਤੁਰੰਤ ਗਿਰਦਾਵਰੀ ਕਰਵਾਈ ਜਾਵੇ। ਭਗਵੰਤ ਮਾਨ ਨੇ ਕਿਹਾ ਕਿ ਪ੍ਰਭਾਵਿਤ ਕਿਸਾਨਾਂ ਨੂੰ ਸਰਕਾਰ ਦੇ ਮਾਪਦੰਡਾਂ ਮੁਤਾਬਕ ਢੁਕਵਾਂ ਮੁਆਵਜ਼ਾ ਦਿੱਤਾ ਜਾਵੇਗਾ।ਮੁੱਖ ਮੰਤਰੀ ਨੇ ਕਿਸਾਨਾਂ ਨੂੰ ਭਰੋਸਾ ਦਿੱਤਾ ਕਿ ਕੁਦਰਤ ਦੀ ਇਸ ਮਾਰ ਤੋਂ ਕਿਸਾਨਾਂ ਨੂੰ ਬਚਾਉਣ ਲਈ ਸਰਕਾਰ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਸੂਬੇ ਵਿੱਚ ਮੀਂਹ ਕਾਰਨ ਹੋਏ ਨੁਕਸਾਨ ਦਾ ਢੁਕਵਾਂ ਮੁਆਵਜ਼ਾ ਹਰੇਕ ਪ੍ਰਭਾਵਿਤ ਕਿਸਾਨਾਂ ਨੂੰ ਮਿਲਣਾ ਯਕੀਨੀ ਬਣਾਉਣ ਲਈ ਹਰੇਕ ਸੰਭਵ ਕੋਸ਼ਿਸ਼ ਕੀਤੀ ਜਾਵੇਗੀ।

ਪੰਜਾਬ ਸੁਰੱਖਿਅਤ ਹੱਥਾਂ ਵਿੱਚ ਹੈ, ਅਮਨ ਤੇ ਭਾਈਚਾਰੇ ਨਾਲ ਖਿਲਵਾੜ ਕਰਨ ਵਾਲਿਆਂ ਨੂੰ ਬਖ਼ਸਿਆਂ ਨਹੀਂ ਜਾਵੇਗਾ: ਮੁੱਖ ਮੰਤਰੀ

0

ਸੂਬੇ ਦੀ ਤਰੱਕੀ ਤੇ ਖ਼ੁਸ਼ਹਾਲੀ ਉਤੇ ਮੈਲੀ ਅੱਖ ਰੱਖਣ ਦੀ ਕਿਸੇ ਨੂੰ ਇਜਾਜ਼ਤ ਨਹੀਂ ਦਿੱਤੀ ਜਾਵੇਗੀ
ਸੂਬਾ ਸਰਕਾਰ ਰੋਜ਼ਗਾਰ, ਸਿੱਖਿਆ ਅਤੇ ਸਿਹਤ ਨੂੰ ਤਰਜੀਹ ਦੇ ਰਹੀ ਹੈ ਜਦਕਿ ਕੁਝ ਦੇਸ਼ ਵਿਰੋਧੀ ਅਨਸਰ ਨੌਜਵਾਨਾਂ ਨੂੰ ਗੈਰ-ਕਾਨੂੰਨੀ ਗਤੀਵਿਧੀਆਂ ਵਿੱਚ ਸ਼ਾਮਲ ਕਰਨ ਲਈ ਉਕਸਾ ਰਹੇ ਨੇ
ਫਿਰਕੂ ਸਦਭਾਵਨਾ, ਅਮਨ-ਸ਼ਾਂਤੀ ਅਤੇ ਭਾਈਚਾਰਕ ਸਾਂਝ ਦੀਆਂ ਤੰਦਾਂ ਮਜ਼ਬੂਤ ਕਰਨ ਲਈ ਪੰਜਾਬੀਆਂ ਦਾ ਕੀਤਾ ਧੰਨਵਾਦ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 21 ਮਾਰਚ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਕਿਹਾ ਕਿ ਸੂਬਾ ਸੁਰੱਖਿਅਤ ਅਤੇ ਮਜ਼ਬੂਤ ਹੱਥਾਂ ਵਿੱਚ ਹੈ ਅਤੇ ਸੂਬੇ ਦੀ ਸ਼ਾਂਤੀ, ਸਦਭਾਵਨਾ ਅਤੇ ਭਾਈਚਾਰਕ ਸਾਂਝ ਨੂੰ ਭੰਗ ਕਰਨ ਦੀਆਂ ਸਾਜ਼ਿਸ਼ਾਂ ਰਚਣ ਵਾਲਿਆਂ ਵਿਰੁੱਧ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ।ਦੇਸ਼ ਵਾਸੀਆਂ ਖਾਸ ਕਰਕੇ ਪੰਜਾਬੀਆਂ ਦੇ ਨਾਮ ਵੀਡੀਓ ਸੰਦੇਸ਼ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਸ਼ਾਂਤੀ ਅਤੇ ਤਰੱਕੀ ਦਾ ਪ੍ਰਤੀਕ ਹੈ ਕਿਉਂਕਿ ਇਸ ਪਵਿੱਤਰ ਧਰਤੀ ਤੋਂ ਮਹਾਨ ਸਿੱਖ ਗੁਰੂਆਂ ਨੇ ਸਰਬ ਸਾਂਝੀਵਾਲਤਾ ਅਤੇ ਹਰ ਵਰਗ ਦੀ ਭਲਾਈ ਦਾ ਸੰਦੇਸ਼ ਦਿੱਤਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੀ ਆਜ਼ਾਦੀ ਦੇ ਸੰਘਰਸ਼ ਤੋਂ ਲੈ ਕੇ ਦੇਸ਼ ਨੂੰ ਅਨਾਜ ਉਤਪਾਦਨ ਵਿੱਚ ਆਤਮ ਨਿਰਭਰ ਬਣਾਉਣ ਅਤੇ ਫਿਰ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਕਰਨ ਤੱਕ ਪੰਜਾਬੀਆਂ ਨੇ ਸੰਕਟ ਸਮੇਂ ਹਰ ਖੇਤਰ ਵਿੱਚ ਦੇਸ਼ ਦੀ ਅਗਵਾਈ ਕੀਤੀ ਹੈ। ਭਗਵੰਤ ਮਾਨ ਨੇ ਕਿਹਾ ਕਿ ਪੰਜਾਬੀਆਂ ਨੂੰ ਕਿਸੇ ਵੀ ਮੁਸੀਬਤ ਵਿੱਚ ਮਦਦ ਦਾ ਹੱਥ ਵਧਾਉਣ ਲਈ ਜਾਣਿਆ ਜਾਂਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਇਸ ਧਰਤੀ ਨੇ ਦੁਨੀਆ ਨੂੰ ਪਿਆਰ ਅਤੇ ਸ਼ਾਂਤੀ ਦਾ ਰਾਹ ਦਿਖਾਇਆ ਹੈ। ਮੁੱਖ ਮੰਤਰੀ ਨੇ ਸਪੱਸ਼ਟ ਤੌਰ ਤੇ ਕਿਹਾ ਕਿ ਸੂਬੇ ਦੀ ਸ਼ਾਂਤੀ, ਤਰੱਕੀ ਅਤੇ ਖੁਸ਼ਹਾਲੀ ਤੇ ਕਿਸੇ ਨੂੰ ਵੀ ਮੈਲੀ ਅੱਖ ਰੱਖਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਅਤੇ ਇਸ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਕੁਝ ਦੇਸ਼ ਵਿਰੋਧੀ ਅਨਸਰ ਵਿਦੇਸ਼ੀ ਤਾਕਤਾਂ ਨਾਲ ਮਿਲ ਕੇ ਸੂਬੇ ਵਿੱਚ ਨਫ਼ਰਤ ਦੀ ਭਾਵਨਾ ਭੜਕਾਉਣ ਦੀ ਫਿਰਾਕ ਵਿੱਚ ਹਨ। ਭਗਵੰਤ ਮਾਨ ਨੇ ਕਿਹਾ ਕਿ ਅਜਿਹੇ ਅਨਸਰਾਂ ਖ਼ਿਲਾਫ਼ ਸਖ਼ਤ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਹੈ ਅਤੇ ਉਨ੍ਹਾਂ ਨੂੰ ਸਲਾਖਾਂ ਪਿੱਛੇ ਡੱਕ ਦਿੱਤਾ ਗਿਆ ਹੈ।ਮੁੱਖ ਮੰਤਰੀ ਨੇ ਕਿਹਾ ਕਿ ਇਤਿਹਾਸ ਇਸ ਗੱਲ ਤੋਂ ਜਾਣੂ ਹੈ ਕਿ ਜਿਸ ਕਿਸੇ ਨੇ ਵੀ ਸੂਬੇ ਦੇ ਬੁਨਿਆਦੀ ਸਮਾਜਿਕ ਤਾਣੇ-ਬਾਣੇ ਨੂੰ ਢਾਹ ਲਾਉਣ ਦੀ ਕੋਸ਼ਿਸ਼ ਕੀਤੀ ਹੈ, ਉਸ ਨੂੰ ਪੰਜਾਬੀਆਂ ਵੱਲੋਂ ਮੂੰਹ ਤੋੜਵਾਂ ਜਵਾਬ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ ਇੱਕ ਪਾਸੇ ਸੂਬਾ ਸਰਕਾਰ ਲੋਕਾਂ ਨੂੰ ਰੋਜ਼ਗਾਰ, ਸਿੱਖਿਆ, ਲੈਪਟਾਪ, ਕਿਤਾਬਾਂ, ਸਿਹਤ ਸੰਭਾਲ, ਬੁਨਿਆਦੀ ਢਾਂਚਾ ਅਤੇ ਹੋਰ ਸਹੂਲਤਾਂ ਦੇਣ ਨੂੰ ਤਰਜੀਹ ਦੇ ਰਹੀ ਹੈ ਅਤੇ ਦੂਜੇ ਪਾਸੇ ਅਜਿਹੇ ਪੰਜਾਬ ਵਿਰੋਧੀ ਅਨਸਰ ਨੌਜਵਾਨਾਂ ਨੂੰ ਦੇਸ਼ ਖ਼ਿਲਾਫ਼ ਗੈਰ-ਕਾਨੂੰਨੀ ਗਤੀਵਿਧੀਆਂ ਵਿੱਚ ਉਲਝਾ ਰਹੇ ਹਨ। ਭਗਵੰਤ ਮਾਨ ਨੇ ਕਿਹਾ ਕਿ ਸੂਬੇ ਦੀ ਇਹ ਦੇਸ਼ ਭਗਤ ਅਤੇ ਧਰਮ ਨਿਰਪੱਖ ਸਰਕਾਰ ਅਜਿਹੀਆਂ ਸਾਰੀਆਂ ਦੇਸ਼ ਵਿਰੋਧੀ ਕਾਰਵਾਈਆਂ ਪ੍ਰਤੀ ਮੂਕ ਦਰਸ਼ਕ ਨਹੀਂ ਬਣ ਸਕਦੀ, ਜਿਸ ਕਾਰਨ ਇਨ੍ਹਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਗਈ ਹੈ।ਮੁੱਖ ਮੰਤਰੀ ਨੇ ਪੰਜਾਬ ਵਿੱਚ ਅਮਨ-ਕਾਨੂੰਨ ਨੂੰ ਕਾਇਮ ਰੱਖਣ ਲਈ ਸੂਬਾ ਸਰਕਾਰ ਦੀ ਕਾਰਵਾਈ ਦਾ ਸਮਰਥਨ ਕਰਨ ਵਾਸਤੇ ਸੂਬੇ ਦੇ ਲੋਕਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਉਨ੍ਹਾਂ ਪ੍ਰਣ ਕੀਤਾ ਕਿ ਸੂਬੇ ਦੀ ਤਰੱਕੀ ਵਿੱਚ ਅੜਿੱਕਾ ਡਾਹੁਣ ਅਤੇ ਇਸ ਦੀ ਸਖ਼ਤ ਘਾਲਣਾ ਨਾਲ ਹਾਸਲ ਕੀਤੀ ਸ਼ਾਂਤੀ ਨੂੰ ਭੰਗ ਕਰਨ ਦੀ ਕਿਸੇ ਨੂੰ ਵੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਭਗਵੰਤ ਮਾਨ ਨੇ ਕਿਹਾ ਕਿ ਭਾਵੇਂ ਕੁਝ ਟਕਸਾਲੀ ਤਾਕਤਾਂ ਸੂਬੇ ਦੀ ਸ਼ਾਂਤੀ ਅਤੇ ਤਰੱਕੀ ਨੂੰ ਲੀਹੋਂ ਲਾਹੁਣ ਦੀਆਂ ਲਗਾਤਾਰ ਕੋਸ਼ਿਸ਼ਾਂ ਕਰ ਰਹੀਆਂ ਹਨ ਪਰ ਉਨ੍ਹਾਂ ਦੇ ਨਾਪਾਕ ਮਨਸੂਬਿਆਂ ਨੂੰ ਕਾਮਯਾਬ ਨਹੀਂ ਹੋਣ ਦਿੱਤਾ ਜਾਵੇਗਾ।ਸੂਬੇ ਦੀ ਪੁਰਾਤਨ ਸ਼ਾਨ ਬਹਾਲ ਕਰਨ ਲਈ ਆਪਣੀ ਸਰਕਾਰ ਦੀ ਦ੍ਰਿੜ੍ਹ ਵਚਨਬੱਧਤਾ ਦੁਹਰਾਉਂਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੇ ਖ਼ੂਨ ਦਾ ਹਰ ਕਤਰਾ ਸੂਬੇ ਦੀ ਤਰੱਕੀ, ਖ਼ੁਸ਼ਹਾਲੀ ਅਤੇ ਸ਼ਾਂਤੀ ਲਈ ਸਮਰਪਿਤ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਪੰਜਾਬ ਵਿੱਚ ਧਰਮ ਨਿਰਪੱਖਤਾ, ਫਿਰਕੂ ਸਦਭਾਵਨਾ ਅਤੇ ਭਾਈਚਾਰਕ ਸਾਂਝ ਦੀਆਂ ਤੰਦਾਂ ਨੂੰ ਮਜ਼ਬੂਤ ਕਰਨ ਲਈ ਲਗਾਤਾਰ ਉਪਰਾਲੇ ਕਰ ਰਹੀ ਹੈ ਅਤੇ ਇਸ ਨੇਕ ਕਾਰਜ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਭਗਵੰਤ ਮਾਨ ਨੇ ਦੇਸ਼ ਵਾਸੀਆਂ ਨੂੰ ਭਰੋਸਾ ਦਿੱਤਾ ਕਿ ਪੰਜਾਬ ਸੁਰੱਖਿਅਤ ਹੱਥਾਂ ਵਿੱਚ ਹੈ ਅਤੇ ਇਸ ਨੂੰ ਦੇਸ਼ ਦਾ ਮੋਹਰੀ ਸੂਬਾ ਬਣਾਉਣ ਲਈ ਹਰ ਸੰਭਵ ਯਤਨ ਕੀਤੇ ਜਾਣਗੇ।

ਗੜੇਮਾਰੀ ਨਾਲ ਕਣਕ ਦੀ ਫ਼ਸਲ ਦਾ 20,000 ਰੁਪਏ ਪ੍ਰਤੀ ਏਕੜ ਮੁਆਵਜ਼ਾ ਦਿੱਤਾ ਜਾਵੇ: ਬਾਜਵਾ

0

ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 21 ਮਾਰਚ: ਪੰਜਾਬ ਦੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਮੰਗਲਵਾਰ ਨੂੰ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੂੰ ਬੇਲੋੜੀ ਭਾਰੀ ਬਾਰਸ਼, ਤੇਜ਼ ਹਵਾਵਾਂ ਅਤੇ ਗੜੇਮਾਰੀ ਕਾਰਨ ਕਣਕ ਦੀ ਫ਼ਸਲ ਨੂੰ ਹੋਏ ਨੁਕਸਾਨ ਨੂੰ ਮਾਪਣ ਲਈ ਇੱਕ ਸਰਵੇਖਣ ਕਰਨ ਦੀ ਅਪੀਲ ਕੀਤੀ ਹੈ। ਸੀਨੀਅਰ ਕਾਂਗਰਸੀ ਆਗੂ ਬਾਜਵਾ ਨੇ ਉਨ੍ਹਾਂ ਕਿਸਾਨਾਂ ਲਈ 20,000 ਰੁਪਏ ਪ੍ਰਤੀ ਏਕੜ ਮੁਆਵਜ਼ੇ ਦੀ ਵੀ ਮੰਗ ਕੀਤੀ, ਜਿਨ੍ਹਾਂ ਦੀ ਕਣਕ ਦੀ ਫ਼ਸਲ ਸੂਬੇ ਦੇ ਕਈ ਹਿੱਸਿਆਂ ਵਿੱਚ ਅਚਾਨਕ ਗੜੇਮਾਰੀ ਕਾਰਨ ਬੁਰੀ ਤਰਾਂ ਨੁਕਸਾਨੀ ਗਈ ਹੈ।ਬਾਜਵਾ ਨੇ ਕਿਹਾ ਕਿ ਪਿਛਲੇ ਸਾਲ ਕਣਕ ਦੇ ਸੀਜ਼ਨ ਵਿੱਚ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਕਿਸਾਨਾਂ ਨੂੰ ਝਾੜ ਦਾ 20 ਫ਼ੀਸਦੀ ਤੋਂ ਵੱਧ ਨੁਕਸਾਨ ਹੋਇਆ ਸੀ। ਸਾਲ 2022 ਵਿੱਚ ਸ਼ੁਰੂਆਤੀ ਤਾਪਮਾਨ ਦੇ ਵਾਧੇ ਨਾਲ ਕਣਕ ਦੇ ਦਾਣੇ ਸੁੱਕ ਗਏ ਸਨ। ਕੁੱਝ ਕਿਸਾਨਾਂ ਨੇ ਦਾਅਵਾ ਕੀਤਾ ਸੀ ਕਿ ਉਹ ਸਿਰਫ਼ ਇਨਪੁਟ ਲਾਗਤ ਨੂੰ ਮੁੜ ਪ੍ਰਾਪਤ ਕਰਨ ਵਿੱਚ ਹੀ ਕਾਮਯਾਬ ਹੋਏ ਸਨ।ਵਿਰੋਧੀ ਧਿਰ ਦੇ ਆਗੂ ਨੇ ਅੱਗੇ ਕਿਹਾ, ‘ਪਿਛਲੇ ਸਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਨਵੀਂ ਬਣੀ ਸਰਕਾਰ ਨੇ ਕਿਸਾਨਾਂ ਨੂੰ ਇੰਨੇ ਵੱਡੇ ਨੁਕਸਾਨ ਦੀ ਭਰਪਾਈ ਲਈ ਸਰਵੇਖਣ ਕਰਨ ਦੀ ਵੀ ਖੇਚਲ ਵੀ ਨਹੀਂ ਕੀਤੀ, ਇਸ ਤੱਥ ਦੇ ਬਾਵਜੂਦ ਕਿ ’ਆਪ’ ਨੇ 2022 ਵਿੱਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਪਣੇ ਆਪ ਨੂੰ ਇੱਕ ਕਿਸਾਨ-ਪੱਖੀ ਪਾਰਟੀ ਵਜੋਂ ਪੇਸ਼ ਕੀਤਾ ਸੀ’। ਬਾਜਵਾ ਨੇ ਇੱਕ ਬਿਆਨ ’ਚ ਕਿਹਾ ਕਿ ਸਰਕਾਰ ਨੂੰ ਪਿਛਲੇ ਸਾਲ ਹੋਏ ਨੁਕਸਾਨ ਨੂੰ ਧਿਆਨ ’ਚ ਰੱਖਦੇ ਹੋਏ ਇਸ ਸਾਲ ਕਿਸਾਨਾਂ ਨੂੰ ਪਹਿਲ ਦੇ ਆਧਾਰ ’ਤੇ ਮੁਆਵਜ਼ਾ ਦੇਣਾ ਚਾਹੀਦਾ ਹੈ।ਉਨ੍ਹਾਂ ਕਿਹਾ ਕਿ ਭਰੋਸੇ ਦੇ ਬਾਵਜੂਦ ਕਿਸਾਨਾਂ ਨੂੰ ਡਾਇਰੈਕਟ ਸੀਡਿੰਗ ਰਾਈਸ ਤਕਨੀਕ ਅਪਣਾਉਣ ਲਈ ਵਿੱਤੀ ਸਹਾਇਤਾ ਪ੍ਰਦਾਨ ਨਹੀਂ ਕੀਤੀ ਗਈ। ਮੂੰਗੀ ਦੀ ਦਾਲ ਐਮਐਸਪੀ ’ਤੇ ਖ਼ਰੀਦੀ ਗਈ। ਖ਼ਾਸ ਤੌਰ ’ਤੇ ਮਾਝਾ ਅਤੇ ਦੋਆਬਾ ਖੇਤਰਾਂ ਦੇ ਝੋਨੇ ਦੇ ਕਿਸਾਨਾਂ ਨੂੰ ਬੌਣੀ ਬਿਮਾਰੀ ਕਾਰਨ ਭਾਰੀ ਨੁਕਸਾਨ ਹੋਇਆ, ’ਆਪ’ ਨੇ ਕਿਸਾਨਾਂ ਨੂੰ ਮੁਆਵਜ਼ਾ ਨਹੀਂ ਦਿੱਤਾ। ਹਜ਼ਾਰਾਂ ਪਸ਼ੂਆਂ ਦੇ ਲੰਪੀ ਸਕਿਨ ਡਿਜ਼ੀਜ਼ (ਐਲਐਸਡੀ) ਦਾ ਸ਼ਿਕਾਰ ਹੋਣ ਤੋਂ ਬਾਅਦ ਡੇਅਰੀ ਕਿਸਾਨਾਂ ਨੂੰ ਮੁਆਵਜ਼ਾ ਨਹੀਂ ਮਿਲਿਆ। ਵਾਅਦੇ ਦੇ ਬਾਵਜੂਦ, ਕਿਸਾਨਾਂ ਨੂੰ ਝੋਨੇ ਦੀ ਪਰਾਲੀ ਦੇ ਪ੍ਰਬੰਧਨ ਲਈ ਨਕਦ ਪ੍ਰੋਤਸਾਹਨ ਦਿੱਤਾ ਗਿਆ ਸੀ।

ਜ਼ਿਲ੍ਹਾ ਸਿੱਖਿਆ ਅਫ਼ਸਰ ਨਾਲ ਦੁਰਵਿਵਹਾਰ ਕਰਨ ਵਾਲਾ ਅਧਿਆਪਕ ਮੁਅੱਤਲ

0

ਪੁਲਿਸ ਨੇ ਵੀ ਸ਼ੁਰੂ ਕੀਤੀ ਜਾਂਚ
ਸੁਖਜਿੰਦਰ ਮਾਨ
ਬਠਿੰਡਾ, 21 ਮਾਰਚ : ਜ਼ਿਲ੍ਹੇ ਦੇ ਇੱਕ ਅਧਿਆਪਕ ਨੂੰ ਜ਼ਿਲ੍ਹਾ ਸਿੱਖਿਆ ਅਫ਼ਸਰ ਨਾਲ ਦੁਰਵਿਵਹਾਰ ਕਰਨਾ ਮਹਿੰਗਾ ਪਿਆ ਹੈ। ਸਿੱਖਿਆ ਵਿਭਾਗ ਨੇ ਉਕਤ ਅਧਿਆਪਕ ਨੇ ਤੁਰੰਤ ਮੁਅੱਤਲੀ ਕਰਕੇ ਉਸਨੂੰ ਪਠਾਨਕੋਟ ਭੇਜ ਦਿੱਤਾ ਹੈ। ਇਸਤੋਂ ਇਲਾਵਾ ਸਿੱਖਿਆ ਅਧਿਕਾਰੀ ਦੀ ਸਿਕਾਇਤ ’ਤੇ ਪੁਲਿਸ ਨੇ ਵੀ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਮਿਲੀ ਸੂਚਨਾ ਮੁਤਾਬਕ ਲੰਘੀ 15 ਮਾਰਚ ਨੂੰ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿਵਪਾਲ ਸਰਕਾਰ ਦੀਆਂ ਹਿਦਾਇਤਾਂ ਮੁਤਾਬਕ ਸਕੂਲਾਂ ਦੀ ਰੂਟੀਨ ਚੈਕਿੰਗ ’ਤੇ ਗਏ ਹੋਏ ਸਨ। ਇਸ ਦੌਰਾਨ ਉਹ ਲਹਿਰਾ ਸੌਧਾ ਦੇ ਸਰਕਾਰੀ ਸਕੂਲ ਵਿਚ ਪੁੱਜੇ, ਜਿੱਥੇ ਹਾਜ਼ਰੀ ਰਜਿਸਟਰ ਚੈਕ ਕਰਨ ’ਤੇ ਪਤਾ ਚੱਲਿਆ ਕਿ ਗਣਿਤ ਅਧਿਆਪਕ ਮਨਦੀਪ ਸਿੰਘ ਦਾ ਇੱਕ ਪਿਛਲੇ ਦਿਨਾਂ ‘ਚ ਹਾਜ਼ਰੀ ਖ਼ਾਨਾ ਖਾਲੀ ਪਿਆ ਸੀ। ਸਿੱਖਿਆ ਅਧਿਕਾਰੀ ਨੇ ਇਸਦੀ ਪੁਸ਼ਟੀ ਕਰਦਿਆਂ ਦਸਿਆ ਕਿ ਜਦ ਉਨ੍ਹਾਂ ਉਕਤ ਅਧਿਆਪਕ ਨੂੰ ਪੁਛਿਆ ਤਾਂ ਕੋਈ ਤਸੱਲੀਬਖ਼ਸ ਜਵਾਬ ਦੇਣ ਦੀ ਬਜਾਏ ਖ਼ਾਲੀ ਪਏ ਖ਼ਾਨੇ ਵਿਚ ਹਾਜ਼ਰੀ ਲਗਾਉਣ ਲੱਗ ਪਿਆ। ਜਦ ਉਸਨੇ ਉਕਤ ਅਧਿਆਪਕ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਦੁਰਵਿਵਹਾਰ ਅਤੇ ਹਮਲਾ ਕਰਨ ਦੀ ਕੋਸ਼ਿਸ਼ ਕਰਨ ਲੱਗਿਆ। ਇਸ ਮੌਕੇ ਸਕੂਲ ਦਾ ਸਟਾਫ਼ ਵੀ ਹਾਜ਼ਰ ਸੀ। ਜ਼ਿਲ੍ਹਾ ਸਿੱਖਿਆ ਅਧਿਕਾਰੀ ਮੁਤਾਬਕ ਉਨ੍ਹਾਂ ਇਸ ਘਟਨਾ ਦੀ ਜਾਣਕਾਰੀ ਤੁਰੰਤ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨੂੰ ਦੇ ਦਿੱਤੀ ਸੀ ਜਿਸਤੋਂ ਬਾਅਦ ਅਧਿਆਪਕ ਮਨਦੀਪ ਸਿੰਘ ਨੂੰ ਮੁਅੱਤਲ ਕਰਕੇ ਉਸਦਾ ਹੈਡਕੁਆਟਰ ਪਠਾਨਕੋਟ ਬਣਾਇਆ ਗਿਆ ਹੈ। ਹਾਲਾਂਕਿ ਪਤਾ ਚੱਲਿਆ ਹੈ ਕਿ ਉਕਤ ਅਧਿਆਪਕ ਨੇ ਹਾਲੇ ਤੱਕ ਨਵੀਂ ਥਾਂ ’ਤੇ ਰੀਪੋਰਟ ਨਹੀਂ ਦਿੱਤੀ ਹੈ। ਸਿੱਖਿਆ ਅਧਿਕਾਰੀ ਦੀ ਰੀਪੋਰਟ ‘ਤੇ ਥਾਣਾ ਨਥਾਣਾ ਦੀ ਪੁਲਿਸ ਨੇ ਵੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜ਼ਿਲ੍ਹਾ ਸਿੱਖਿਆ ਅਫ਼ਸਰ ਸਿਵਪਾਲ ਗੋਇਲ ਨੇ ਦਸਿਆ ਕਿ ਉਨ੍ਹਾਂ ਵਲੋਂ ਪਰਚਾ ਦਰਜ਼ ਕਰਵਾਉਣ ਸਬੰਧੀ ਸਿਕਾਇਤ ਦਿੱਤੀ ਹੋਈ ਹੈ ਤੇ ਪੁਲਿਸ ਵਲੋਂ ਜਾਂਚ ਕੀਤੀ ਜਾ ਰਹੀ ਹੈ।

ਸਿਹਤ ਵਿਭਾਗ ਵਲੋਂ 20 ਮਾਰਚ ਤੋਂ 25 ਮਾਰਚ ਤੱਕ ਮਨਾਇਆ ਜਾ ਰਿਹਾ ਵਿਸ਼ੇਸ਼ ਟੀਕਾਕਰਨ ਹਫਤਾ: ਡਾ ਤੇਜਵੰਤ ਸਿੰਘ ਢਿੱਲੋਂ

0

ਸੁਖਜਿੰਦਰ ਮਾਨ
ਬਠਿੰਡਾ, 21 ਮਾਰਚ: ਪੰਜਾਬ ਸਰਕਾਰ ਵਲੋਂ ਵਿਸ਼ੇਸ਼ ਟੀਕਾਕਰਨ ਹਫਤਾ ਮਿਤੀ 20 ਤੋਂ 25 ਮਾਰਚ 2023 ਤੱਕ ਮਨਾਇਆ ਜਾ ਰਿਹਾ ਹੈ। ਇਸ ਸਬੰਧੀ ਸਿਵਲ ਸਰਜ਼ਨ ਡਾ ਤੇਜਵੰਤ ਸਿੰਘ ਢਿੱਲੋਂ ਨੇ ਦੱਸਿਆ ਕਿ ਵਿਸ਼ੇਸ਼ ਟੀਕਾਕਰਨ ਹਫਤੇ ਦਾ ਮਕਸਦ ਟੀਕਾਕਰਨ ਤੋਂ ਵਾਂਝੇ ਰਹਿ ਗਏ ਬੱਚਿਆਂ ਜਾਂ ਅਧੂਰਾ ਟੀਕਾਕਰਨ ਹੋਏ ਬੱਚਿਆਂ ਦੀ ਪਛਾਣ ਕਰਕੇ ਉਨ੍ਹਾਂ ਲਈ ਵਿਸ਼ੇਸ਼ ਟੀਕਾਕਰਨ ਸ਼ੈਸਨ ਲਗਾਕੇ ਉਨ੍ਹਾਂ ਦਾ ਮੁਕੰਮਲ ਟੀਕਾਕਰਨ ਕਰਨਾ ਹੈ। ਉਨ੍ਹਾਂ ਕਿਹਾ ਕਿ ਜਿਲ੍ਹੇ ਦੀਆਂ ਸਾਰੀਆਂ ਸਿਹਤ ਸੰਸਥਾਵਾਂ ਵੱਲੋਂ ਅਧੂਰਾ ਟੀਕਾਕਰਨ ਵਾਲੇ ਬੱਚੇ ਅਤੇ ਟੀਕਾਕਰਨ ਤੋਂ ਵਾਂਝੇ ਰਹਿ ਗਏ ਬੱਚਿਆਂ ਦਾ ਸਰਵੇ ਕਰਕੇ 20 ਮਾਰਚ ਤੋਂ ਵਿਸ਼ੇਸ਼ ਟੀਕਾਕਰਨ ਸ਼ੈਸ਼ਣ ਲਗਾ ਕੇ ਮੁਕੰਮਲ ਟੀਕਾਕਰਨ ਕੀਤਾ ਜਾ ਰਿਹਾ ਹੈ। ਇਹ ਟੀਕਾਕਰਨ ਸ਼ੈਸ਼ਣ ਪ੍ਰਵਾਸੀ ਮਜ਼ਦੂਰਾਂ, ਝੁੱਗੀਆਂ ਝੋਪੜੀਆਂ, ਇੱਟਾਂ ਦੇ ਭੱਠੇ, ਪਥੇਰਾਂ, ਸ਼ੈਲਰਾਂ ਅਤੇ ਢਾਣੀਆਂ ਵਿਚ ਜਾ ਕੇ ਲਗਾਏ ਜਾ ਰਹੇ ਹਨ। ਉਨ੍ਹਾਂ ਸਮੂਹ ਵਿਭਾਗਾਂ ਦੇ ਅਧਿਕਾਰੀਆਂ ਨੂੰ ਅਪੀਲ ਕੀਤੀ ਕਿ ਵਿਸ਼ੇਸ਼ ਟੀਕਾਕਰਨ ਮੁਹਿੰਮ ਵਿਚ ਸਿਹਤ ਵਿਭਾਗ ਨੂੰ ਵੱਧ ਤੋਂ ਵੱਧ ਸਹਿਯੋਗ ਦਿਤਾ ਜਾਵੇ ਤਾਂ ਜੋ ਕੋਈ ਵੀ ਯੋਗ ਬੱਚਾ ਟੀਕਾਕਰਨ ਤੋਂ ਵਾਂਝਾ ਨਾ ਰਹਿ ਸਕੇ। ਡਾ ਮੀਨਾਕਸ਼ੀ ਸਿੰਗਲਾ ਜਿਲ੍ਹਾ ਟੀਕਾਕਰਣ ਅਫ਼ਸਰ ਨੇ ਕਿਹਾ ਕਿ ਰੁਟੀਨ ਵਿਚ ਬੱਚੇ ਦਾ 2 ਸਾਲ ਦੀ ਉਮਰ ਤੱਕ ਟੀਕਾਕਰਨ ਪੂਰਾ ਹੋ ਜਾਂਦਾ ਹੈ ਲੇਕਿਨ ਇਸ ਹਫਤੇ ਦੋਰਾਨ ਜਿਹੜੇ ਬੱਚਿਆਂ ਦਾ ਟੀਕਾਕਰਨ ਅਧੂਰਾ ਹੈ ਜਾਂ ਨਹੀ ਹੋਇਆ ਹੈ ਤਾਂ ਉਨ੍ਹਾਂ ਦਾ ਮੁਕੰਮਲ ਟੀਕਾਕਰਨ 5 ਸਾਲ ਦੀ ਉਮਰ ਤੱਕ ਵੀ ਕਰਵਾਇਆ ਜਾ ਸਕਦਾ ਹੈ। ਉਨ੍ਹਾਂ ਸਮੂਹ ਵਿਭਾਗਾਂ ਦੇ ਅਧਿਕਾਰੀਆਂ ਨੂੰ ਅਪੀਲ ਕੀਤੀ ਕਿ 5 ਸਾਲ ਤੱਕ ਦੇ ਸਾਰੇ ਬੱਚਿਆਂ ਦਾ ਮੁਕੰਮਲ ਟੀਕਾਕਰਨ ਕਰਵਾਉਣ ਲਈ ਸਿਹਤ ਵਿਭਾਗ ਨੂੰ ਸਹਿਯੋਗ ਦੇਣ। ਉਨ੍ਹਾਂ ਕਿਹਾ ਕਿ ਬੇਸ਼ੱਕ ਪੋਲੀਓ ਸਾਡੇ ਦੇਸ਼ ਵਿਚੋਂ ਖਤਮ ਹੋ ਚੁੱਕਾ ਹੈ ਪਰੰਤੂ ਸਾਡੇ ਗਵਾਂਡੀ ਦੇਸ਼ਾਂ ਵਿਚ ਪੋਲੀਓ ਦੇ ਕੇਸ ਅਜੇ ਵੀ ਰਿਪੋਰਟ ਹੋ ਰਹੇ ਹਨ ਇਸ ਲਈ ਸਰਕਾਰ ਵਲੋਂ ਪੋਲੀਓ ਦੇ ਤੀਜੇ ਟੀਕੇ ਦੀ ਸ਼ੁਰੂਆਤ ਕੀਤੀ ਗਈ ਹੈ ਜੋ ਕਿ 9 ਮਹੀਨੇ ਦੀ ਉਮਰ ਤੇ ਲਗਾਇਆ ਜਾ ਰਿਹਾ ਹੈ।ਇਸ ਲਈ ਪੋਲੀਓ ਅਤੇ ਹੋਰ ਬੀਮਾਰੀਆਂ ਨੂੰ ਖਤਮ ਕਰਨ ਲਈ ਆਪਣੇ ਅਤੇ ਸਮਾਜ ਦੇ ਸਾਰੇ ਬੱਚਿਆਂ ਦਾ ਮੁਕੰਮਲ ਟੀਕਾਕਰਨ ਕਰਨਾ ਯਕੀਨੀ ਬਣਾਇਆ ਜਾਵੇ। ਉਹਨਾਂ ਆਮ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਇਸ ਮੁਹਿੰਮ ਦਾ ਪੂਰਨ ਫਾਇਦਾ ਉਠਾ ਕੇ ਆਪਣੇ ਬੱਚਿਆਂ ਦਾ ਟੀਕਾਕਰਣ ਜਰੂਰ ਕਰਵਾਉਣ। ਇਸ ਮੌਕੇ ਡਾ ਅਨੁਪਮਾ ਸ਼ਰਮਾ ਸਹਾਇਕ ਸਿਵਲ ਸਰਜਨ, ਡਾ ਊਸ਼ਾ ਗੋਇਲ ਜਿਲ੍ਹਾ ਸਿਹਤ ਅਫ਼ਸਰ, ਕੁਲਵੰਤ ਸਿੰਘ ਅਤੇ ਵਿਨੋਦ ਖੁਰਾਣਾ ਮਾਸ ਮੀਡੀਆ ਅਫ਼ਸਰ ਹਾਜ਼ਰ ਸਨ।

ਸੁਰਿੰਦਰਪ੍ਰੀਤ ਘਣੀਆਂ ਦੇ ਗ਼ਜ਼ਲ ਸੰਗ੍ਰਹਿ ’ਟੂਮਾਂ’ ਸਬੰਧੀ ਵਿਚਾਰ ਗੋਸ਼ਟੀ ਅਤੇ ਕਵੀ ਦਰਬਾਰ

ਸੁਖਜਿੰਦਰ ਮਾਨ
ਬਠਿੰਡਾ, 21 ਮਾਰਚ : ਇੱਥੋਂ ਦੇ ਸਾਹਿਤ ਸਿਰਜਣਾ ਮੰਚ (ਰਜਿ.) ਵੱਲੋਂ ਲੋਕ ਮੰਚ (ਰਜਿ.) ਪੰਜਾਬ ਦੇ ਸਹਿਯੋਗ ਨਾਲ ਸਥਾਨਕ ਟੀਚਰਜ਼ ਹੋਮ ਪ੍ਰਸਿੱਧ ਸ਼ਾਇਰ ਸੁਰਿੰਦਰਪ੍ਰੀਤ ਘਣੀਆਂ ਦੇ ਗ਼ਜ਼ਲ ਸੰਗ੍ਰਹਿ ’ਟੂਮਾਂ’ ਸਬੰਧੀ ਵਿਚਾਰ ਗੋਸ਼ਟੀ ਅਤੇ ਕਵੀ ਦਰਬਾਰ ਕਰਵਾਇਆ ਗਿਆ। ਪ੍ਰੋਗਰਾਮ ਦੇ ਆਰੰਭ ਵਿਚ ਮੰਚ ਦੇ ਪ੍ਰਧਾਨ ਸੁਰਿੰਦਰ ਪ੍ਰੀਤ ਘਣੀਆਂ ਨੇ ਆਏ ਮਹਿਮਾਨਾਂ ਨੂੰ ਜੀ ਆਇਆਂ ਕਹਿੰਦਿਆਂ ਮੰਚ ਦੇ ਉਦੇਸ਼ਾਂ ਅਤੇ ਸਰਗਰਮੀਆਂ ਵਾਰੇ ਹਾਜ਼ਰੀਨ ਨੂੰ ਜਾਣੂ ਕਰਵਾਇਆ । ਪ੍ਰੋਗਰਾਮ ਦੀ ਪ੍ਰਧਾਨਗੀ ਪ੍ਰਸਿੱਧ ਸ਼ਾਇਰ ਅਤੇ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਦਰਸ਼ਨ ਬੁੱਟਰ ਨੇ ਕੀਤੀ। ਗ਼ਜ਼ਲਕਾਰ ਬੂਟਾ ਸਿੰਘ ਚੌਹਾਨ, ਸ਼ਾਇਰ ਵਿਜੇ ਵਿਵੇਕ, ਮਨਜੀਤ ਪੁਰੀ, ਸੁਰਿੰਦਰਪ੍ਰੀਤ ਘਣੀਆਂ, ਸੁਖਦਰਸ਼ਨ ਗਰਗ, ਸ਼੍ਰੋਮਣੀ ਸ਼ਾਇਰ ਬਲਵਿੰਦਰ ਸੰਧੂ, ਪ੍ਰਸਿੱਧ ਆਲੋਚਕ ਗੁਰਦੇਵ ਖੋਖਰ ਅਤੇ ਸੁਖਮੰਦਰ ਸਿੰਘ ਚੱਠਾ ਨੇ ਪ੍ਰਧਾਨਗੀ ਮੰਡਲ ਵਿਚ ਸ਼ਿਰਕਤ ਕੀਤੀ। ਨੌਜਵਾਨ ਗ਼ਜ਼ਲ ਚਿੰਤਕ ਪੋ.ਦੀਪਕ ਧਲੇਵਾਂ ਨੇ ਸੁਰਿੰਦਰ ਪ੍ਰੀਤ ਘਣੀਆਂ ਦੀ ਪੁਸਤਕ ਟੂਮਾਂ ’ਤੇ ਆਪਣਾ ਪਰਚਾ ਪੜ੍ਹਦਿਆਂ ਕਿਹਾ ਕਿ ਸੁਰਿੰਦਰ ਪ੍ਰੀਤ ਘਣੀਆਂ ਦੀ ਗ਼ਜ਼ਲ ਲੋਕ ਮਸਲਿਆਂ ਅਤੇ ਲੋਕ ਫ਼ਕੀਰਾਂ ਦੀ ਸ਼ਾਇਰੀ ਹੈ।ਇਹ ਸ਼ਾਇਰੀ ਪਾਠਕ ਨੂੰ ਕਾਵਿ ਸੁਹਜ ਵੀ ਪ੍ਰਦਾਨ ਕਰਦੀ ਹੈ ਅਤੇ ਉਸ ਨੂੰ ਚੇਤੰਨ ਵੀ ਕਰਦੀ ਹੈ।ਇਸ ਪਰਚੇ ’ਤੇ ਬਹਿਸ ਦਾ ਆਰੰਭ ਕਰਦਿਆਂ ਪੋ. ਗੁਰਦੀਪ ਸਿੰਘ ਢਿੱਲੋਂ ਕਿਹਾ ਕਿ ਸੁਰਿੰਦਰ ਪ੍ਰੀਤ ਘਣੀਆਂ ਦੀ ਗ਼ਜ਼ਲ ਬਾਰੇ ਪ੍ਰੋ.ਦੀਪਕ ਧਲੇਵਾਂ ਨੇ ਬਹੁਤ ਵਧੀਆ ਵਿਚਾਰ ਪੇਸ਼ ਕੀਤੇ ਹਨ। ਉਹਨਾਂ ਕਿਹਾ ਕਿ ਆਪਣੇ ਸੁਹਜ ਅਤੇ ਸੰਗੀਤਕ ਤੱਤਾਂ ਕਾਰਨ ਇਨ੍ਹਾਂ ਗ਼ਜ਼ਲਾਂ ਨੂੰ ਬੜੀ ਖੂਬਸੂਰਤੀ ਨਾਲ ਸੰਗੀਤਬੱਧ ਕੀਤਾ ਜਾ ਸਕਦਾ ਹੈ। ਬੂਟਾ ਸਿੰਘ ਚੌਹਾਨ ਦਾ ਵਿਚਾਰ ਸੀ ਕਿ ਗ਼ਜ਼ਲ ਸੰਗ੍ਰਹਿ ਟੂਮਾਂ ਦੇ ਸ਼ੇਅਰਾਂ ਵਿਚ ਸਮਕਾਲੀ ਮਸਲਿਆਂ ’ਤੇ ਬਹੁਤ ਪ੍ਰਤੀਕਰਮ ਹੋਇਆ ਹੈ। ਸ਼ੇਅਰਾਂ ਵਿਚ ਆਈ ਦ੍ਰਿਸ਼ਕਾਰੀ ਕਮਾਲ ਦੀ ਹੈ। ਜਗਮੀਤ ਹਰਫ਼ ਨੇ ਗ਼ਜ਼ਲਾਂ ਦੇ ਕਾਫੀਏ ਅਤੇ ਭਾਸ਼ਾ ਬਾਰੇ ਆਪਣੇ ਵਿਚਾਰ ਪੇਸ਼ ਕੀਤੇ। ਮਨਜੀਤ ਪੁਰੀ ਨੇ ਜਗਮੀਤ ਹਰਫ਼ ਦੇ ਵਿਚਾਰਾਂ ’ਤੇ ਗੱਲ ਕਰਦਿਆਂ ਕਿਹਾ ਕਿ ਕਵੀ ਕਾਵਿ ਸਿਰਜਣਾ ਸਮੇਂ ਅਚੇਤ ਹੀ ਖੁੱਲਾਂ ਲੈ ਲੈਂਦਾ ਹੈ ਜੋ ਕਿ ਪੰਜਾਬੀ ਸੁਭਾਅ ਅਨੁਸਾਰ ਸੁਭਾਵਿਕ ਵੀ ਹੈ। ਗੁਰਦੇਵ ਖੋਖਰ ਨੇ ਬਹਿਸ ਨੂੰ ਸਮੇਟਦਿਆਂ ਕਿਹਾ ਕਿ ਸਾਰੇ ਹੀ ਬੁਲਾਰਿਆਂ ਨੇ ਬੜਾ ਨਿਰਪੱਖ ਤੇ ਬੇਬਾਕ ਹੋ ਕੇ ਆਪਣੇ ਵਿਚਾਰ ਪੇਸ਼ ਕੀਤੇ ਹਨ। ਦਰਸ਼ਨ ਬੁੱਟਰ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿਚ ਕਿਹਾ ਕਿ ਦੀਪਕ ਧਲੇਵਾਂ ਨੇ ਆਪਣੇ ਪੇਪਰ ਵਿੱਚ ਬੜੀਆਂ ਮੁੱਲਵਾਨ ਗੱਲਾਂ ਕੀਤੀਆਂ ਹਨ। ਉਹਨਾਂ ਕਿਹਾ ਕਿ ਬੁਲਾਰਿਆਂ ਨੇ ਵੀ ਪੁਸਤਕ ਦੇ ਵਿਭਿੰਨ ਪੱਖਾਂ ’ਤੇ ਬੜੀ ਨਿਰੋਈ ਭਾਸ਼ਾ ਵਿਚ ਗੱਲ ਕੀਤੀ ਹੈ।ਇਸ ਸਮੇਂ ਸੁਖਮੰਦਰ ਸਿੰਘ ਚੱਠਾ ਨੇ ਵੀ ਮੰਚ ਤੋਂ ਸੰਬੋਧਨ ਕਰਦਿਆਂ ਆਪਣੇ ਵਿਚਾਰ ਰੱਖੇ। ਇਸ ਮੌਕੇ ਹੋਏ ਕਵੀ ਦਰਬਾਰ ਵਿੱਚ ਰਮੇਸ਼ ਕੁਮਾਰ ਗਰਗ,ਲੀਲਾ ਸਿੰਘ ਰਾਏ,ਜਸ ਬਠਿੰਡਾ, ਦਮਜੀਤ ਦਰਸ਼ਨ, ਸੁਖਮੰਦਰ ਬਰਾੜ, ਅਮਰਜੀਤ ਜੀਤ,ਪੋ, ਤਰਸੇਮ ਨਰੂਲਾ,ਹਰਮੇਲ ਪ੍ਰੀਤ,ਸੇਵਕ ਸਿੰਘ ਸ਼ਮੀਰੀਆ, ਅੰਮ੍ਰਿਤ ਬੰਗੇ,ਡਾ, ਖੁਸ਼ਨਸੀਬ ਕੌਰ ਸੂਰੀਆ, ਮਨਪ੍ਰੀਤ ਟਿਵਾਣਾ, ਮਨਜੀਤ ਪੁਰੀ, ਬਲਵਿੰਦਰ ਸੰਧੂ, ਬੂਟਾ ਸਿੰਘ ਚੌਹਾਨ, ਵਿਜੇ ਵਿਵੇਕ ਅਤੇ ਦਰਸ਼ਨ ਬੁੱਟਰ ਨੇ ਸ਼ਿਰਕਤ ਕੀਤੀ। ਸਰੋਤਿਆਂ ਨੇ ਵਿਜੇ ਵਿਵੇਕ ਤੋਂ ਉਚੇਚੇ ਤੌਰ ਤੇ ਆਪਣੀਆਂ ਮਨਪਸੰਦ ਗ਼ਜ਼ਲਾਂ ਵੀ ਸੁਣੀਆਂ। ਪ੍ਰੋਗਰਾਮ ਦੇ ਅੰਤ ’ਤੇ ਪ੍ਰਿੰਸੀਪਲ ਜਗਮੇਲ ਸਿੰਘ ਜਠੌਲ ਨੇ ਆਏ ਸਾਹਿਤਕਾਰਾਂ ਦਾ ਧੰਨਵਾਦ ਕੀਤਾ।ਮੰਚ ਦਾ ਸੰਚਾਲਨ ਕਰਦਿਆਂ ਡਾ, ਜਸਪਾਲ ਜੀਤ ਅਤੇ ਜਗਨ ਨਾਥ ਨੇ ਪੁਸਤਕ ਅਤੇ ਬੁਲਾਰਿਆਂ ਦੇ ਵਿਚਾਰਾਂ ਸਬੰਧੀ ਭਾਵਪੂਰਤ ਟਿੱਪਣੀਆਂ ਵੀ ਕੀਤੀਆਂ।ਇਸ ਮੌਕੇ ਉਕਤ ਤੋਂ ਇਲਾਵਾ ਅਮਰਜੀਤ ਪੇਂਟਰ, ਡਾ.ਅਜੀਤਪਾਲ ਸਿੰਘ, ਤਰਸੇਮ ਬਸ਼ਰ, ਗੁਰਸੇਵਕ ਚੁੱਘੇ, ਅਮਰਜੀਤ ਕੌਰ ਹਰੜ, ਦਵੀ ਸਿੱਧੂ, ਅਮਨਦੀਪ ਕੌਰ ਮਾਨ, ਪੋਰਿੰਦਰ ਕੁਮਾਰ ਸਿੰਗਲਾ, ਕੁਲਦੀਪ ਬੰਗੀ, ਜਸਵਿੰਦਰ ਕੌਰ ਘਣੀਆਂ, ਵਿਜੇ ਵਰਮਾ, ਪ੍ਰੋਮਿਲਾ ਰਾਣੀ, ਬੱਗਾ ਸਿੰਘ, ਪ੍ਰਿਤਪਾਲ ਸਿੰਘ, ਹਰਭੁਪਿੰਦਰ ਲਾਡੀ, ਰਘਵੀਰ ਚੰਦ ਸ਼ਰਮਾ ਨੈਸ਼ਨਲ ਐਵਾਰਡੀ, ਲਛਮਣ ਮਲੂਕਾ, ਦਰਸ਼ਨ ਮੌੜ, ਬਲਵਿੰਦਰ ਭੁੱਲਰ, ਪੋ. ਜਸਪਾਲ ਜੱਸੀ, ਚਰਨ ਵਿਰਕ ਆਦਿ ਲੇਖਕ ਤੇ ਸਾਹਿਤ ਪ੍ਰੇਮੀ ਵੀ ਹਾਜ਼ਰ ਸਨ।

ਪੁਲਿਸ ਵਲੋਂ ਨਸ਼ਾ ਤਸਕਰਾਂ ਵਿਰੁਧ ਵਿੱਢੀ ਮੁਹਿੰਮ

0

ਸੁਖਜਿੰਦਰ ਮਾਨ
ਬਠਿੰਡਾ, 21 ਮਾਰਚ : ਐਸ.ਐਸ.ਪੀ ਗੁਲਨੀਤ ਸਿੰਘ ਖੁਰਾਣਾ ਦੀ ਅਗਵਾਈ ਹੇਠ ਜ਼ਿਲ੍ਹਾ ਪੁਲਿਸ ਵਲੋਂ ਨਸ਼ਿਆਂ ਖਿਲਾਫ ਚਲਾਈ ਗਈ ਮੁਹਿੰਮ ਤਹਿਤ ਵੱਖ ਵੱਖ ਮੁਕੱਦਮੇ ਦਰਜ ਕਰਕੇ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਜਾਣਕਾਰੀ ਦਿੰਦਿਆਂ ਪੁਲਿਸ ਬੁਲਾਰੇ ਨੇ ਦਸਿਆ ਕਿ ਥਾਣਾ ਕੈਨਾਲ ਕਲੋਨੀ ਬਠਿੰਡਾ ਵਿਚ ਮੁਕੱਦਮਾ ਨੰਬਰ 45 ਮਿਤੀ 20.03.2023 ਅ/ਧ 379ਬੀ,411 ਆਈ.ਪੀ.ਸੀ. ਬਰਖਿਲਾਫ ਨਿਗਮ ਕੁਮਾਰ , ਹਰਸ਼ ਵਾਸੀਅਨ ਪ੍ਰਤਾਪ ਨਗਰ ਬਠਿੰਡਾ, ਗੁਰਮੀਤ ਸਿੰਘ ਵਾਸੀ ਐੱਸ.ਏ.ਐੱਸ. ਨਗਰ ਬਠਿੰਡਾ ਕੋਲੋ ਬਰਾਮਦਗੀ 14 ਮੋਬਾਈਲ ਫੋਨ ਵੱਖ-ਵੱਖ ਮਾਰਕਾ ਕੀਤੇ ਗਏ ਹਨ। ਇਸ ਕੇਸ ਵਿਚ ਗੁਰਮੀਤ ਸਿੰਘ ਦੀ ਗ੍ਰਿਫਤਾਰੀ ਹਾਲੇ ਬਾਕੀ ਹੈ। ਇਸੇ ਤਰ੍ਹਾਂ ਥਾਣਾ ਸੰਗਤ ਦੀ ਪੁਲਿਸ ਵਲੋਂ ਮੁਕੱਦਮਾ ਨੰਬਰ 29 ਮਿਤੀ 20.03.2023 ਅ/ਧ 15 ਬੀ 61/85 ਐੱਨ.ਡੀ.ਪੀ.ਐੱਸ. ਐਕਟ ਬਰਖਿਲ਼ਾਫ ਸੁਖਵਿੰਦਰ ਸਿੰਘ , ਜਗਮੀਤ ਸਿੰਘ ਵਾਸੀਅਨ ਪਿੰਡ ਰਾਮਪੁਰਾ ਵਿਰੁਧ ਕਾਰਵਾਈ ਕਰਦਿਆਂ ਉਨ੍ਹਾਂ ਕੋਲੋ 10 ਕਿੱਲੋ ਭੁੱਕੀ ਡੋਡੇ ਪੋਸਤ ਬਰਾਮਦ ਕੀਤੇ ਹਨ। ਉਧਰ ਬੀਤੇ ਕੱਲ ਇੱਕ ਨਿਹੰਗ ਸਿੰਘ ਸੁਖਦੇਵ ਸਿੰਘ ਪੁੱਤਰ ਰਾਮਜੀ ਸਿੰਘ ਵਾਸੀ ਸਿਵੀਆਂ ਜੋਕਿ ਪਿੰਡ ਕੋਠੇ ਨਾਥੀਆਣਾ ਦੇ ਗੁਰਦੂਆਰਾ ਸਾਹਿਬ ਵਿਖੇ ਰਹਿੰਦਾ ਸੀ, ਦਾ ਚਾਕੂ ਮਾਰ ਕੇ ਕਤਲ ਹੋ ਗਿਆ ਸੀ। ਇਸ ਸਬੰਧ ਵਿਚ ਥਾਣਾ ਨੇਹੀਆਂਵਾਲਾ ਦੀ ਪੁਲਿਸ ਵਲੋਂ ਪਰਚਾ ਦਰਜ ਕਰਕੇ ਇਸ ਮਾਲਮੇ ਵਿਚ ਮੁਲਜ਼ਮ ਮਨਪ੍ਰੀਤ ਸਿੰਘ ਉਰਫ਼ ਬੋਘਦੀ ਵਾਸੀ ਕੋਠੇ ਨਾਥੀਆਣਾ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।

ਭਾਜਪਾ ਦੇ ਕੋਟਸ਼ਮੀਰ ਸਰਕਲ ਅਤੇ ਪੂਰਬੀ ਸਰਕਲ ਦੀ ਕਾਰਜਕਾਰਨੀ ਦਾ ਕੀਤਾ ਵਿਸਤਾਰ

0

ਸੁਖਜਿੰਦਰ ਮਾਨ
ਬਠਿੰਡਾ, 21 ਮਾਰਚ :ਪੰਜਾਬ ਵਿੱਚ ਭਾਰਤੀ ਜਨਤਾ ਪਾਰਟੀ ਦਾ ਜਨ ਆਧਾਰ ਅਤੇ ਵਿਸਥਾਰ ਲਗਾਤਾਰ ਵੱਧ ਰਿਹਾ ਹੈ। ਇਸ ਕਾਰਨ ਅੱਜ ਭਾਜਪਾ ਦੀਆਂ ਜੜ੍ਹਾਂ ਮਜ਼ਬੂਤ ਹੋ ਰਹੀਆਂ ਹਨ। ਇਹ ਦਾਅਵਾ ਕਰਦਿਆਂ ਜ਼ਿਲ੍ਹਾ ਪ੍ਰਧਾਨ ਸਰੂਪ ਚੰਦ ਸਿੰਗਲਾ ਦੀ ਅਗਵਾਈ ਹੇਠ ਅੱਜ ਪਾਰਟੀ ਆਗੂਆਂ ਵਲੋਂ ਕੋਟਸ਼ਮੀਰ ਸਰਕਲ ਅਤੇ ਪੂਰਬੀ ਸਰਕਲ ਦੀ ਕਾਰਜਕਾਰਨੀ ਦਾ ਐਲਾਨ ਕੀਤਾ ਗਿਆ। ਕੋਟਸ਼ਮੀਰ ਵਿਖੇ ਹੋਈ ਮੀਟਿੰਗ ਵਿੱਚ ਜ਼ਿਲ੍ਹਾ ਪ੍ਰਧਾਨ ਸਰੂਪ ਚੰਦ ਸਿੰਗਲਾ ਦੇ ਨਾਲ ਜ਼ਿਲ੍ਹਾ ਜਨਰਲ ਸਕੱਤਰ ਅਸ਼ੋਕ ਬਾਲਿਆਂਵਾਲੀ, ਜ਼ਿਲ੍ਹਾ ਮੀਤ ਪ੍ਰਧਾਨ ਗੁਰਜੀਤ ਮਾਨ, ਸਰਕਲ ਪ੍ਰਧਾਨ ਸੋਹੇਲ ਗੁੰਬਰ ਆਦਿ ਹਾਜ਼ਰ ਸਨ। ਸਰਕਲ ਪ੍ਰਧਾਨ ਬਲਜਿੰਦਰ ਸਿੰਘ ਕੋਟਸ਼ਮੀਰ ਨੇ ਸਮੂਹ ਅਹੁਦੇਦਾਰਾਂ ਦਾ ਸਵਾਗਤ ਕਰਦਿਆਂ ਆਪਣੀ ਟੀਮ ਦੇ ਮੈਂਬਰਾਂ ਦਾ ਐਲਾਨ ਕੀਤਾ। ਜਿਸ ਵਿੱਚ ਸੁਨੀਲ ਕੁਮਾਰ, ਜਗਵੰਤ ਸਿੰਘ, ਸਤਵਿੰਦਰ ਸਿੰਘ, ਪ੍ਰਦੀਪ ਕੁਮਾਰ, ਜਗਤਾਰ ਸਿੰਘ ਨੂੰ ਉਪ ਪ੍ਰਧਾਨ, ਜੋਗਿੰਦਰ ਸਿੰਘ ਨੂੰ ਜਨਰਲ ਸਕੱਤਰ, ਜਸਪਾਲ ਕੌਰ, ਅੰਮ੍ਰਿਤਪਾਲ ਸਿੰਘ, ਬਾਦਲ ਸਿੰਘ, ਸੁਖਦੀਪ ਸਿੰਘ ਨੂੰ ਸਕੱਤਰ, ਯੁਵਾ ਮੋਰਚਾ ਤੋਂ ਜਗਦੀਪ ਸਿੰਘ, ਕਿਸਾਨ ਮੋਰਚਾ ਨੂੰ ਮੱਖਣ। ਸਿੰਘ, ਜਸਵਿੰਦਰ ਸਿੰਘ ਨੂੰ ਐਸ.ਸੀ ਮੋਰਚਾ, ਜਸਪਾਲ ਸਿੰਘ ਘੱਟ ਗਿਣਤੀ ਮੋਰਚਾ, ਬਲਦੇਵ ਸਿੰਘ ਓ.ਬੀ.ਸੀ ਮੋਰਚਾ, ਤਰਸੇਮ ਸਿੰਘ ਆਈ.ਟੀ ਇੰਚਾਰਜ ਨਿਯੁਕਤ ਕੀਤਾ ਗਿਆ। ਇਸ ਤੋਂ ਇਲਾਵਾ ਜਗਸੀਰ ਸਿੰਘ ਫੂਸ ਮੰਡੀ ਜ਼ਿਲ੍ਹਾ ਪ੍ਰਧਾਨ ਕਿਸਾਨ ਮੋਰਚਾ, ਡਾ: ਜਗਸੀਰ ਸਿੰਘ ਮਰਾੜਾ, ਮੁਕੰਦ ਸਿੰਘ ਐਮ.ਸੀ.ਕੋਟਸ਼ਮੀਰ, ਕਾਂਗਰਸ ਤੋਂ ਗੁਰਚਰਨ ਸਿੰਘ, ਜਸਪਾਲ ਸਿੰਘ ਮੌਜੂਦਾ ਮੈਂਬਰ ਪਿੰਡ ਮਹਿਤਾ, ਸਤਪਾਲ ਸਿੰਘ ਕੋਟਸ਼ਮੀਰ ਵੀ ਭਾਜਪਾ ਪਰਿਵਾਰ ਵਿਚ ਸ਼ਾਮਿਲ ਸਨ। ਇਸੇ ਤਰ੍ਹਾਂ ਦੀ ਦੂਜੀ ਮੀਟਿੰਗ ਪੂਰਬੀ ਸਰਕਲ ਦੇ ਪ੍ਰਧਾਨ ਆਨੰਦ ਗੁਪਤਾ ਦੀ ਪ੍ਰਧਾਨਗੀ ਹੇਠ ਬਠਿੰਡਾ ਸ਼ਹਿਰੀ ਵਿੱਚ ਹੋਈ। ਇਸ ਮੀਟਿੰਗ ਵਿੱਚ ਸਭ ਤੋਂ ਪਹਿਲਾਂ ਪ੍ਰਧਾਨ ਆਨੰਦ ਗੁਪਤਾ ਅਤੇ ਉਨ੍ਹਾਂ ਦੀ ਨਵ-ਨਿਯੁਕਤ ਟੀਮ ਮੈਂਬਰਾਂ ਨੇ ਜ਼ਿਲ੍ਹਾ ਪ੍ਰਧਾਨ ਸਰੂਪ ਸਿੰਗਲਾ ਨੂੰ ਗੁਲਦਸਤਾ ਭੇਂਟ ਕਰਕੇ ਵਧਾਈ ਦਿੱਤੀ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਸਰੂਪ ਚੰਦ ਸਿੰਗਲਾ ਦੇ ਨਾਲ ਪੰਜਾਬ ਮੀਡੀਆ ਇੰਚਾਰਜ ਸੁਨੀਲ ਸਿੰਗਲਾ, ਜ਼ਿਲ੍ਹਾ ਜਨਰਲ ਸਕੱਤਰ ਅਸ਼ੋਕ ਬਾਲਿਆਂਵਾਲੀ ਅਤੇ ਜ਼ਿਲ੍ਹਾ ਸਕੱਤਰ ਜਯੰਤ ਸ਼ਰਮਾ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।ਇਸ ਮੀਟਿੰਗ ਵਿੱਚ ਮੰਡਲ ਦੀ ਕਾਰਜਕਾਰਨੀ ਕਮੇਟੀ ਦਾ ਗਠਨ ਕੀਤਾ ਗਿਆ, ਜਿਸ ਵਿੱਚ ਕਰਨਦੀਪ ਸਿੰਘ, ਵਿੱਕੀ ਪੂਹਲਾ, ਸ਼ਿਆਮ ਸ਼ਰਮਾ, ਸੁਮਿਤ ਵਰਮਾ, ਯਸ਼ਪਾਲ ਜੈਨ (ਵਿੱਕੀ), ਸੰਤੋਸ਼ ਸ਼ਰਮਾ ਨੂੰ ਉਪ ਪ੍ਰਧਾਨ, ਲਵ ਸਚਦੇਵਾ, ਐਮ.ਕੇ ਮੰਨਾ ਜਨਰਲ ਸਕੱਤਰ, ਮੁਕੇਸ਼ ਕੁਮਾਰ ਗੋਇਲ, ਜੈਦੇਵ, ਪਰਸ਼ੋਤਮ ਮੋਂਗਾ, ਵਰਿੰਦਰ ਸਿੰਘ, ਐਡਵੋਕੇਟ ਵੀਰ ਸਿੰਘ ਸਹਿ ਸਕੱਤਰ, ਪ੍ਰਦੀਪ ਕੁਮਾਰ ਸੀ.ਏ.ਕੋ ਖਜ਼ਾਨਚੀ, ਲਵਪ੍ਰੀਤ ਸਿੰਘ ਥਿੰਦ ਯੁਵਾ ਮੋਰਚਾ ਪ੍ਰਧਾਨ, ਮਮਤਾ ਸਿੰਗਲਾ ਮਹਿਲਾ ਮੋਰਚਾ ਪ੍ਰਧਾਨ, ਨਵਦੀਪ ਸਿੰਘ ਕਿਸਾਨ ਮੋਰਚਾ ਪ੍ਰਧਾਨ, ਗਣੇਸ਼ ਰਾਮ ਐਸ.ਸੀ ਮੋਰਚਾ ਪ੍ਰਧਾਨ, ਮੋਰਚੇ ਵਿੱਚ ਨੰਦ ਸਰਕਲ ਲਾਲ ਸ਼ਰਮਾ ਓ.ਬੀ.ਸੀ ਮੋਰਚਾ, ਸਾਹਿਲ ਕੁਮਾਰ ਆਈ.ਟੀ ਸੈੱਲ, ਕਮਲਦੀਪ ਕੁਮਾਰ ਨੂੰ ਸੋਸ਼ਲ ਮੀਡੀਆ ਸੈੱਲ ਦਾ ਇੰਚਾਰਜ ਨਿਯੁਕਤ ਕੀਤਾ ਗਿਆ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਸਰੂਪ ਚੰਦ ਸਿਗਲਾਂ ਨੇ ਕੋਟਸ਼ਮੀਰ ਸਰਕਲ ਅਤੇ ਪੂਰਬੀ ਸਰਕਲ ਦੀ ਨਵੀਂ ਕਾਰਜਕਾਰਨੀ ਕਮੇਟੀ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਨ੍ਹਾਂ ਨੂੰ ਆਸ ਹੈ ਕਿ ਨਵੀਂ ਟੀਮ ਪਾਰਟੀ ਦੀ ਮਜ਼ਬੂਤੀ ਅਤੇ ਭਾਜਪਾ ਦੀਆਂ ਜੜ੍ਹਾਂ ਨੂੰ ਮਜ਼ਬੂਤ ਕਰਨ ਲਈ ਤਨ-ਮਨ-ਧਨ ਨਾਲ ਕੰਮ ਕਰੇਗੀ।

ਡਿਪਟੀ ਕਮਿਸ਼ਨਰ ਦੀ ਅਗਵਾਈ ਹੇਠ ਮੁੜ ਹੋਈ ਜ਼ਿਲ੍ਹਾ ਪੱਧਰੀ ਅਮਨ ਕਮੇਟੀ ਦੀ ਹੋਈ ਰੀਵਿਊ ਮੀਟਿੰਗ

0

ਕੋਈ ਵੀ ਸ਼ਰਾਰਤੀ ਅਨਸਰ ਮਾਹੌਲ ਖ਼ਰਾਬ ਕਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਹੈਲਪਲਾਇਨ ਨੰਬਰ 112 ਤੇ ਕਰੋ ਕਾਲ : ਐਸਐਸਪੀ
ਸੁਖਜਿੰਦਰ ਮਾਨ
ਬਠਿੰਡਾ, 21 ਮਾਰਚ : ਸਾਨੂੰ ਸਭ ਧਰਮਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ, ਕਿਉਂਕਿ ਕੋਈ ਵੀ ਧਰਮ ਦੂਸਰੇ ਧਰਮ ਖਿਲਾਫ਼ ਵੈਰ-ਵਿਰੋਧਤਾ ਰੱਖਣੀ ਨਹੀਂ ਸਿਖਾਉਂਦਾ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾਂ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿਖੇ ਜ਼ਿਲ੍ਹਾ ਪੱਧਰੀ ਅਮਨ ਕਮੇਟੀ ਦੀ ਰੀਵਿਊ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕੀਤਾ। ਇਸ ਮੌਕੇ ਵਿਸ਼ੇਸ਼ ਤੌਰ ਤੇ ਮੌਜੂਦ ਹਲਕਾ ਭੁੱਚੋਂ ਮੰਡੀ ਤੋਂ ਵਿਧਾਇਕ ਮਾਸਟਰ ਜਗਸੀਰ ਸਿੰਘ ਨੇ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਯੋਗ ਅਗਵਾਈ ਵਾਲੀ ਸੂਬਾ ਸਰਕਾਰ ਵੱਲੋਂ ਪੰਜਾਬ ਦੇ ਮੌਜੂਦਾ ਹਾਲਾਤਾਂ ਨੂੰ ਦੇਖਦੇ ਹੋਏ ਜਿੱਥੇ ਲਗਾਤਾਰ ਚੁੱਕੇ ਜਾ ਰਹੇ ਕਦਮਾਂ ਦੀ ਸ਼ਲਾਘਾ ਕੀਤੀ ਉੱਥੇ ਹੀ ਸਿਵਲ ਤੇ ਪੁਲਿਸ ਪ੍ਰਸ਼ਾਸਨ ਵਲੋਂ ਜ਼ਿਲ੍ਹੇ ਅੰਦਰ ਅਮਨ-ਸ਼ਾਂਤੀ ਬਣਾਈ ਰੱਖਣ ਤੇ ਵਧਾਈ ਵੀ ਦਿੱਤੀ। ਬੈਠਕ ਦੌਰਾਨ ਡਿਪਟੀ ਕਮਿਸ਼ਨਰ ਨੇ ਭਾਰਤੀ ਸੰਵਿਧਾਨ ਦੀ ਪਾਲਣਾ ਕਰਦਿਆਂ ਆਪਸੀ ਭਾਈਚਾਰਕ ਸਾਂਝ ਨੂੰ ਬਰਕਰਾਰ ਰੱਖਣ ਦੇ ਮੱਦੇਨਜ਼ਰ ਜ਼ਿਲ੍ਹੇ ਅੰਦਰ ਅਮਨ-ਸ਼ਾਂਤੀ ਬਣਾਈ ਰੱਖਣ ਲਈ ਜ਼ਿਲ੍ਹਾ ਵਾਸੀਆਂ ਨੂੰ ਜਿਥੇ ਵਧਾਈ ਦਿੱਤੀ ਉੱਥੇ ਹੀ ਸਿਵਲ ਤੇ ਪੁਲਿਸ ਪ੍ਰਸ਼ਾਸਨ ਦਾ ਸਹਿਯੋਗ ਦੇਣ ਤੇ ਉਨ੍ਹਾਂ ਦੀ ਸ਼ਲਾਘਾ ਵੀ ਕੀਤੀ। ਉਨ੍ਹਾਂ ਏਕਤਾ ਵਿੱਚ ਹੀ ਅਨੇਕਤਾ ਤੇ ਜ਼ੋਰ ਦਿੰਦਿਆਂ ਭਵਿੱਖ ਚ ਵੀ ਜ਼ਿਲ੍ਹਾ ਵਾਸੀਆਂ ਨੂੰ ਜ਼ਿਲ੍ਹੇ ਅੰਦਰ ਅਮਨ-ਸ਼ਾਂਤੀ ਬਰਕਰਾਰ ਰੱਖਣ ਦੀ ਅਪੀਲ ਵੀ ਕੀਤੀ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਸੁਚੇਤ ਕਰਦਿਆਂ ਕਿਹਾ ਕਿ ਜੇਕਰ ਕੋਈ ਵੀ ਸ਼ਰਾਰਤੀ ਅਨਸਰ ਜ਼ਿਲ੍ਹੇ ਅੰਦਰ ਮਾਹੌਲ ਖ਼ਰਾਬ ਕਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਉਸ ਦੀ ਜਾਣਕਾਰੀ ਤੁਰੰਤ ਸਬੰਧਤ ਐਸਡੀਐਮ, ਨੇੜੇ ਦੇ ਥਾਣੇ ਚ ਜਾਂ ਜ਼ਿਲ੍ਹਾ ਪ੍ਰਸ਼ਾਸਨ ਕੋਲ ਦਰਜ਼ ਕਰਵਾਈ ਜਾਵੇ।ਇਸ ਦੌਰਾਨ ਐਸਐਸਪੀ ਸ. ਗੁਲਨੀਤ ਸਿੰਘ ਖੁਰਾਣਾ ਨੇ ਕਿਹਾ ਕਿ ਮੌਜੂਦਾ ਸਮੇਂ ਜ਼ਿਲ੍ਹੇ ਅੰਦਰ ਪੂਰੀ ਤਰ੍ਹਾਂ ਅਮਨ-ਸ਼ਾਂਤੀ ਬਰਕਰਾਰ ਹੈ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਪੁਰਜ਼ੋਰ ਅਪੀਲ ਕਰਦਿਆਂ ਕਿਹਾ ਕਿ ਉਹ ਇਸੇ ਤਰ੍ਹਾਂ ਜ਼ਿਲ੍ਹੇ ਅੰਦਰ ਅਮਨ-ਸ਼ਾਂਤੀ ਬਣਾਈ ਰੱਖਣ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਸ਼ੋਸਲ ਮੀਡੀਆ ਤੇ ਫੈਲ ਰਹੀਆਂ ਝੂਠੀਆਂ ਅਫ਼ਵਾਹਾਂ ਤੋਂ ਸੁਚੇਤ ਰਹਿਣ ਦੀ ਅਪੀਲ ਵੀ ਕੀਤੀ। ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਕੋਈ ਵੀ ਵਿਅਕਤੀ ਸ਼ੋਸ਼ਲ ਮੀਡੀਆ ਰਾਹੀਂ ਗਲਤ ਅਫ਼ਵਾਹਾਂ ਫ਼ੈਲਾਉਂਦਾ ਪਾਇਆ ਜਾਂਦਾ ਹੈ ਤਾਂ ਉਸ ਖਿਲਾਫ਼ ਬਣਦੀ ਸਖ਼ਤ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਉਨ੍ਹਾਂ ਕਿਹਾ ਕਿ ਜੇਕਰ ਕੋਈ ਵੀ ਸ਼ਰਾਰਤੀ ਅਨਸਰ ਜ਼ਿਲ੍ਹੇ ਅੰਦਰ ਮਾਹੌਲ ਖ਼ਰਾਬ ਕਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਹੈਲਪਲਾਇਨ ਨੰਬਰ 112 ਤੇ ਕਾਲ ਕਰਕੇ ਜਾਣਕਾਰੀ ਦਿੱਤੀ ਜਾ ਸਕਦੀ ਹੈ। ਇਸ ਮੌਕੇ ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਅੰਮ੍ਰਿਤਲਾਲ ਅਗਰਵਾਲ, ਚੇਅਰਮੈਨ ਸ਼ੂਗਰਫੈਡ ਪੰਜਾਬ ਨਵਦੀਪ ਜੀਦਾ, ਮੇਅਰ ਰਮਨ ਗੋਇਲ, ਬਠਿੰਡਾ ਦਿਹਾਤੀ ਪ੍ਰਧਾਨ ਗੁਰਜੰਟ ਸਿਵੀਆਂ, ਪ੍ਰਧਾਨ ਵਪਾਰ ਮੰਡਲ ਬਠਿੰਡਾ ਅਮਿਤ ਕਪੂਰ, ਮੁਹੰਮਦ ਨਾਜ਼ਿਮ ਮੌਲਵੀ ਹਾਜ਼ੀ ਰਤਨ ਅਤੇ ਬਲਜਿੰਦਰ ਸਿੰਘ ਬਰਾੜ ਆਦਿ ਵਲੋਂ ਆਪੋਂ-ਆਪਣੇ ਵਿਚਾਰ ਸਾਂਝੇ ਕੀਤੇ। ਇਸ ਦੌਰਾਨ ਉਨ੍ਹਾਂ ਸਿਵਲ ਤੇ ਪੁਲਿਸ ਪ੍ਰਸ਼ਾਸਨ ਵਲੋਂ ਜ਼ਿਲ੍ਹੇ ਅੰਦਰ ਅਮਨ-ਸ਼ਾਂਤੀ ਬਰਕਰਾਰ ਰੱਖਣ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕਰਦਿਆਂ ਵਿਸ਼ਵਾਸ਼ ਦਿਵਾਇਆ ਕਿ ਉਹ ਜ਼ਿਲ੍ਹੇ ਅੰਦਰ ਕਾਨੂੰਨ ਵਿਸਸਥਾ ਤੇ ਅਮਨ ਸ਼ਾਂਤੀ ਬਹਾਲ ਰੱਖਣ ਲਈ ਸਿਵਲ ਤੇ ਪੁਲਿਸ ਪ੍ਰਸ਼ਾਸਨ ਦਾ ਹਰ ਤਰ੍ਹਾਂ ਦਾ ਸਹਿਯੋਗ ਦਿੰਦੇ ਰਹਿਣਗੇ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਮੈਡਮ ਪਲਵੀਂ ਚੌਧਰੀ, ਕਮਿਸ਼ਨਰ ਨਗਰ ਨਿਗਮ ਰਾਹੁਲ, ਸਿਖਲਾਈ ਅਧੀਨ ਆਈਏਐਸ ਮੈਡਮ ਮਾਨਸੀ, ਐਸਡੀਐਮ ਤਲਵੰਡੀ ਸਾਬੋ ਗਗਨਦੀਪ ਸਿੰਘ, ਐਸਡੀਐਮ ਰਾਮਪੁਰਾ ਓਮ ਪ੍ਰਕਾਸ਼, ਸਹਾਇਕ ਕਮਿਸ਼ਨਰ ਜਨਰਲ ਪੰਕਜ, ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸ਼ਿਵਪਾਲ ਗੋਇਲ, ਜ਼ਿਲ੍ਹਾ ਸਿੱਖਿਆ ਅਫ਼ਸਰ ਪ੍ਰਾਇਮਰੀ ਮੇਵਾ ਸਿੰਘ, ਆਪ ਦੇ ਸੂਬਾ ਪ੍ਰਧਾਨ ਮਹਿਲਾ ਵਿੰਗ ਬਲਜਿੰਦਰ ਕੌਰ ਤੁੰਗਵਾਲੀ, ਬੀ.ਸੀ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਮੈਡਮ ਮਨਦੀਪ ਕੌਰ ਰਾਮਗੜ੍ਹੀਆ ਅਤੇ ਬੱਲੀ ਬਲਜੀਤ ਤੋਂ ਇਲਾਵਾ ਵੱਖ-ਵੱਖ ਧਾਰਮਿਕ, ਸਮਾਜਿਕ, ਰਾਜਨੀਤਿਕ, ਸਮਾਜ ਸੇਵੀ ਸੰਸਥਾਵਾਂ, ਵਪਾਰਕ ਯੂਨੀਅਨਾਂ ਦੇ ਨੁਮਾਇੰਦੇ ਅਤੇ ਹੋਰ ਮੋਹਤਬਾਰ ਪਤਵੰਤੇ ਆਦਿ ਹਾਜ਼ਰ ਸਨ।

Our Visitor

1911313