ਭਾਈ ਅੰਮ੍ਰਿਤਪਾਲ ਸਿੰਘ ਦੇ ਅੰਮ੍ਰਿਤ ਸੰਚਾਰ ਦੇ ਪ੍ਰੋਗਰਾਮ ਹੋਏ ਰੱਦ
ਸੁਖਜਿੰਦਰ ਮਾਨ
ਬਠਿੰਡਾ, 18 ਮਾਰਚ : ਵਾਰਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਭਾਈ ਅੰਮ੍ਰਿਤਪਾਲ ਸਿੰਘ ਦੀ ਅੱਜ ਜ਼ਿਲ੍ਹੇ ਦੇ ਪਿੰਡ ਚਾਊਕੇ ਵਿਖੇ ਆਮਦ ਨੂੰ ਦੇਖਦਿਆਂ ਬੇਸ਼ੱਕ ਜ਼ਿਲ੍ਹਾ ਪੁਲਿਸ ਵਲੋਂ ਬੀਤੇ ਕੱਲ ਤੋਂ ਹੀ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਹੋਏ ਸਨ ਪ੍ਰੰਤੂ ਅੱਜ ਉਨ੍ਹਾਂ ਦੀ ਗ੍ਰਿਫਤਾਰੀ ਦੀ ਚਰਚਾ ਦੌਰਾਨ ਸ਼ਹਿਰ ਵਿਚ ਪੁਲਿਸ ਵਲੋਂ ਫਲੈਗ ਮਾਰਚ ਕੀਤਾ ਗਿਆ। ਇਸਤੋਂ ਇਲਾਵਾ ਸ਼ਹਿਰ ਦੇ ਆਸਪਾਸ ਇਲਾਕਿਆਂ ਵਿਚ ਵਿਸ਼ੇਸ ਨਾਕਾਬੰਦੀ ਕੀਤੀ ਹੋਈ ਸੀ ਤੇ ਨਾਲ ਹੀ ਜ਼ਿਲ੍ਹੇ ਦੇ ਟੋਲ-ਪਲਾਜ਼ਿਆਂ ਉਪਰ ਵੀ ਭਾਰੀ ਫ਼ੋਰਸ ਤੈਨਾਤ ਕੀਤੀ ਗਈ ਸੀ ਤਾਂ ਕਿ ਜ਼ਿਲ੍ਹੇ ਵਿਚੋਂ ਭਾਈ ਅੰਮ੍ਰਿਤਪਾਲ ਸਿੰਘ ਦੀ ਹਿਮਾਇਤ ’ਚ ਜਾਣ ਵਾਲਿਆਂ ਨੂੰ ਰੋਕਿਆ ਜਾ ਸਕੇ। ਇਸਤੋਂ ਇਲਾਵਾ ਅੱਜ ਜ਼ਿਲ੍ਹੇ ਦੇ ਪਿੰਡ ਚਾਊਕੇ ਵਿਖੇ ਰੱਖੇ ਅੰਮ੍ਰਿਤ ਸੰਚਾਰ ਦੇ ਪ੍ਰੋਗਰਾਮ ਵਿਚ ਵੀ ਭਾਈ ਅੰਮ੍ਰਿਤਪਾਲ ਸਿੰਘ ਨੇ ਪੁੱਜਣਾ ਸੀ ਪ੍ਰੰਤੂ ਉਨ੍ਹਾਂ ਨੂੰ ਸਵੇਰ ਤੋਂ ਹੀ ਪੁਲਿਸ ਵਲੋਂ ਜਲੰਧਰ ਇਲਾਕੇ ਵੱਲ ਰੋਕਣ ਦੇ ਚੱਲਦੇ ਉਹ ਪੁੱਜ ਨਹੀਂ ਸਕੇ। ਇਸਦੇ ਬਾਵਜੂਦ ਬੀਤੇ ਕੱਲ ਤੋਂ ਚਾਊਕੇ, ਰਾਮਪੁਰਾ ਆਦਿ ਇਲਾਕਿਆਂ ਵਿਚ ਪੁਲਿਸ ਦੇ ਭਾਰੀ ਸੁਰੱਖਿਆ ਪ੍ਰਬੰਧ ਕੀਤੇ ਹੋਏ ਸਨ। ਐਸ.ਪੀ ਡੀ ਅਜੈ ਗਾਂਧੀ ਨੇ ਦਸਿਆ ਕਿ ਜ਼ਿਲ੍ਹੇ ਵਿਚ ਅੱਜ ਪੂਰੀ ਤਰ੍ਹਾਂ ਸ਼ਾਂਤੀ ਰਹੀ ਤੇ ਕਿਤੇ ਵੀ ਕੋਈ ਅਣਸੁਖਾਵੀਂ ਘਟਨਾ ਨਹੀਂ ਵਾਪਰੀ। ਉਨ੍ਹਾਂ ਦਸਿਆ ਕਿ ਜ਼ਿਲ੍ਹਾਂ ਪੁਲਿਸ ਵਲੋਂ ਅਮਨ ਤੇ ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖਣ ਲਈ ਸੁਰੱਖਿਆ ਦੇ ਪੂਰੇ ਇੰਤਜ਼ਾਮ ਕੀਤੇ ਹੋਏ ਹਨ। ਇਸਦੇ ਵਿਚ ਕੇਂਦਰੀ ਸੁਰੱਖਿਆ ਬਲਾਂ ਦਾ ਵੀ ਸਹਿਯੋਗ ਲਿਆ ਜਾ ਰਿਹਾ ਹੈ। ਗੌਰਤਲਬ ਹੈ ਕਿ ਜ਼ਿਲ੍ਹੈ ਵਿਚ ਬੀਐਸਐਫ਼ ਦੀਆਂ ਤਿੰਨ ਕੰਪਨੀਆਂ ਪੁੱਜੀਆਂ ਹੋਈਆਂ ਹਨ। ਉਧਰ ਡੀਐਸਪੀ ਸਿਟੀ ਗੁਰਪ੍ਰੀਤ ਸਿੰਘ ਨੇ ਦਸਿਆ ਕਿ ਸ਼ਹਿਰ ਵਿਚ ਅਮਨ ਤੇ ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖਣ ਲਈ ਫਲੈਗ ਮਾਰਚ ਕੱਢਿਆ ਗਿਆ, ਜਿਸ ਦੌਰਾਨ ਲੋਕਾਂ ਨੂੰ ਸ਼ਾਂਤੀ ਤੇ ਭਾਈਚਾਰਕ ਸਾਂਝ ਬਣਾਈ ਰੱਖਣ ਦੀ ਅਪੀਲ ਕੀਤੀ ਗਈ।
ਬਠਿੰਡਾ ’ਚ ਪੁਲਿਸ ਵਲੋਂ ਫਲੈਗ ਮਾਰਚ, ਨਾਕਿਆਂ ’ਤੇ ਰਹੀ ਸਖ਼ਤੀ
ਬਠਿੰਡਾ ਧਰਨੇ ’ਚ ਪੁੱਜੇ ਸੁਖਬੀਰ ਬਾਦਲ ਨੂੰ ਪੁਲਿਸ ਨੇ ਕਰਵਾਏ ਸੰਮਨ ਤਾਮੀਲ
ਸੁਖਜਿੰਦਰ ਮਾਨ
ਬਠਿੰਡਾ, 18 ਮਾਰਚ : ਬੀਤੇ ਕੱਲ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਭੁੱਚੋਂ ਮੰਡੀ ਦੇ ਵਰਕਰਾਂ ਵਲੋਂ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਇੱਕ ਸਾਲ ਪੂਰਾ ਹੌਣ ’ਤੇ ਰੱਖੇ ਧਰਨੇ ਨੂੰ ਸੰਬੋਧਨ ਕਰਨ ਆਏ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਪੁਲਿਸ ਨੇ ਸੰਮਨ ਤਾਮੀਲ ਕਰਵਾਏ ਦਿੱਤੇ। ਸੂਚਨਾ ਮੁਤਾਬਕ ਥਾਣਾ ਕੋਟਕਪੂਰਾ ਸਿਟੀ ਦੇ ਦੋ ਪੁਲਿਸ ਅਧਿਕਾਰੀ ਇਸ ਮੌਕੇ ਪੁੱਜੇ ਹੋਏ ਸਨ, ਜਦ ਧਰਨਾ ਖ਼ਤਮ ਹੋਣ ਤੋਂ ਬਾਅਦ ਸ: ਬਾਦਲ ਅਪਣੀ ਗੱਡੀ ਵਿਚ ਬੈਠ ਕੇ ਸਵਾਰ ਹੋਣ ਲੱਗੇ ਤਾਂ ਉਕਤ ਪੁਲਿਸ ਅਧਿਕਾਰੀ ਅੱਗੇ ਹੋ ਗਏ ਤੇ ਉਨ੍ਹਾਂ ਸੁਖਬੀਰ ਬਾਦਲ ਨੂੰ 23 ਮਾਰਚ ਨੂੰ ਅਦਾਲਤ ਵਿਚ ਪੇਸ਼ ਹੋਣ ਲਈ ਜਾਰੀ ਸੰਮਨਾਂ ਦਾ ਹਵਾਲਾ ਦਿੱਤਾ। ਜਿਸਤੋਂ ਬਾਅਦ ਇੰਨ੍ਹਾਂ ਸੰਮਨਾਂ ਨੂੰ ਸਵੀਕਾਰ ਕਰਦਿਆਂ ਉਨ੍ਹਾਂ ਦੇ ਸੁਰੱਖਿਆ ਡਿਊਟੀ ਵਿਚ ਲੱਗੇ ਇੱਕ ਅਧਿਕਾਰੀ ਨੇ ਰਿਸੀਵਿੰਗ ਵੀ ਦਿੱਤੀ। ਗੌਰਤਲਬ ਹੈ ਕਿ ਕੋਟਕਪੂਰਾ ਗੋਲੀਕਾਂਡ ਵਿਚ ਐੱਸਆਈਟੀ ਵੱਲੋਂ ਅਦਾਲਤ ’ਚ ਪੇਸ਼ ਕੀਤੀ ਗਈ ਚਾਰਜਸ਼ੀਟ ਵਿਚ ਸਾਬਕਾ ਮੁੱਖ ਮੰਤਰੀ ਪ੍ਰਕਾਸ ਸਿੰਘ ਬਾਦਲ, ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਅਤੇ ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਸਹਿਤ ਕਈਆਂ ਨੂੰ ਮੁਜਰਮ ਬਣਾਇਆ ਗਿਆ ਹੈ ਤੇ ਇਸ ਮਾਮਲੇ ਵਿਚ ਅਦਾਲਤ ਨੇ ਸੁਖਬੀਰ ਸਿੰਘ ਬਾਦਲ ਦੀ ਜਮਾਨਤ ਅਰਜੀ ਵੀ ਰੱਦ ਕਰ ਦਿੱਤੀ ਹੈ। ਜਿਸਦੇ ਚੱਲਦੇ ਹੁਣ ਜੇਕਰ ਕੋਈ ਉਪਰਲੀ ਅਦਾਲਤ ਸ: ਬਾਦਲ ਨੂੰ ਕੋਈ ਕਾਨੂੰਨੀ ਰਾਹਤ ਨਾ ਦਿੱਤੀ ਤਾਂ ਉਨ੍ਹਾਂ ਨੂੰ 23 ਮਾਰਚ ਨੂੰ ਅਦਾਲਤ ਵਿਚ ਪੇਸ਼ ਹੋਣਾ ਪਏਗਾ, ਜਿੱਥੇ ਪੁਲਿਸ ਉਨ੍ਹਾਂ ਦੀ ਹਿਰਾਸਤ ਮੰਗ ਸਕਦੀ ਹੈ। ਦੱਸਣਾ ਬਣਦਾ ਹੈ ਕਿ ਬੀਤੇ ਕੱਲ ਉਕਤ ਧਰਨੇ ਦੌਰਾਨ ਵੀ ਸੁਖਬੀਰ ਸਿੰਘ ਬਾਦਲ ਨੇ ਅਪਣੇ ਪ੍ਰਵਾਰ ਖਿਲਾਫ਼ ਪੇਸ਼ ਕੀਤੇ ਚਲਾਨ ਨੂੰ ਸਿਆਸਤ ਤੋਂ ਪ੍ਰੇਰਤ ਦਸਿਆ ਸੀ।
ਦਲਿਤ ਸਮਾਜ ਆਪਣੇ ਹੱਕਾਂ ਲਈ ਆਵਾਜ਼ ਬੁਲੰਦ ਕਰਨ ਲਈ ਇਕੱਤਰ ਹੋਵੇ: ਗਹਿਰੀ
ਕੇਂਦਰ ਅਤੇ ਪੰਜਾਬ ਸਰਕਾਰ ਦਲਿਤ ਵਿਰੋਧੀ ਗੈਂਗਸਟਰ ਨੂੰ ਦੇ ਰਹੀ ਹੈ ਬੜਾਵਾ
ਸੁਖਜਿੰਦਰ ਮਾਨ
ਗਿੱਦੜਬਾਹਾ, 18 ਮਾਰਚ : ਦਲਿਤ ਮਹਾਂ ਪੰਚਾਇਤ ਅਤੇ ਦਲਿਤ ਭਾਈਚਾਰੇ ਦੀਆਂ ਜਥੇਬੰਦੀਆਂ ਵੱਲੋਂ ਪੰਜਾਬ ਦੇ ਦਲਿਤਾ ਅਤੇ ਰਾਜਨੀਤਕ ਪਹੁੰਚ ਨਾ ਰੱਖਣ ਵਾਲੇ ਲੋਕਾ ਦੇ ਹੱਕਾਂ ਦੀ ਅਵਾਜ਼ ਉਠਾਉਣ ਲਈ ਸ਼ੁਰੂ ਕੀਤੇ ਸੰਘਰਸ਼ ਦੀ ਕੜੀ ਵਜੋਂ ਅੱਜ ਇੱਕ ਮੀਟਿੰਗ ਕੀਤੀ ਗਈ। ਜਿਸ ਵਿੱਚ ਕਿਰਨਜੀਤ ਸਿੰਘ ਗਹਿਰੀ ਚੇਅਰਮੈਨ ਦਲਿਤ ਮਹਾਂ ਪੰਚਾਇਤ ਡੈਲੀਗੇਟ ਪੀਸੀਸੀ ਕਾਂਗਰਸ ਪਾਰਟੀ ਵਿਸ਼ੇਸ਼ ਤੌਰ ਤੇ ਪਹੁੰਚੇ । ਉਨ੍ਹਾਂ ਕਿਹਾ ਕਿ ਸਰਕਾਰ ਲੋਕਾਂ ਦਾ ਧਿਆਨ ਅਸਲ ਮੁੱਦੇ ਤੋਂ ਭੜਕਾਉਣ ਲਈ ਗੈਂਗਸਟਰ ਵਾਦ ਨੂੰ ਬੜਾਵਾ ਦੇ ਰਹੀ ਹੈ। ਗਹਿਰੀ ਨੇ ਕਿਹਾ ਲੋਕਾਂ ਦੇ ਰਾਸ਼ਣ ਕਾਰਡ ਕੱਟੇ ਗਏ ਮਨਰੇਗਾ ਮਜ਼ਦੂਰਾਂ ਨੂੰ ਕੰਮ ਨਹੀਂ ਦਿੱਤਾ ਜਾ ਰਿਹਾ ਕੱਚੇ ਮਕਾਨ ਡਿੱਗਣ ਵਾਲੇ ਹਨ ਮਕਾਨਾਂ ਦੀ ਉਸਾਰੀ ਲਈ ਆਈ ਗ੍ਰਾਂਟ ਨਹੀਂ ਦਿੱਤੀ ਜਾ ਰਹੀ ਹੈ। ਗਹਿਰੀ ਨੇ ਕਿਹਾ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਦੇ ਕਾਮਯਾਬ ਹੋਣ ਅਤੇ ਲੋਕ ਸਭਾ ਵਿੱਚ ਦਿੱਤੇ ਭਾਸ਼ਣ ਤੋਂ ਡਰਦਿਆਂ ਭਾਜਪਾ ਸਰਕਾਰ ਲੋਕਾਂ ਨੂੰ ਗੁੰਮਰਾਹ ਕਰ ਰਹੀ ਹੈ ਮਾਫੀ ਮੰਗਣ ਦੀ ਗੱਲ ਕਰ ਰਹੀ ਹੈ । ਇਸ ਮੌਕੇ ਪਿਊਰੀ ਪਿੰਡ ਦੀ ਦਲਿਤ ਮਹਾਂ ਪੰਚਾਇਤ ਦਾ ਗਠਨ ਕਰਦਿਆਂ ਹਰਭਜਨ ਸਿੰਘ, ਬਲਵਿੰਦਰ ਸਿੰਘ ਤੇ ਸਵਰਨ ਕੌਰ ਦੀ ਅਗਵਾਈ ਹੇਠ 25 ਮੈਂਬਰੀਆਂ ਕਮੇਟੀਆ ਦਾ ਗਠਨ ਕੀਤਾ। ਇਸ ਮੌਕੇ ਲਵਪ੍ਰੀਤ ਸਿੰਘ ਹੁਸਨਰ,ਸੁਰਜੀਤ ਸਿੰਘ ਪੰਚ, ਗੁਰਤੇਜ ਸਿੰਘ ਆਦਿ ਵੀ ਹਾਜ਼ਰ ਸਨ।
ਨਸ਼ਾ ਤਸਕਰਾਂ ਵਿਰੁਧ ਬਠਿੰਡਾ ਪੁਲਿਸ ਨੇ ਕੀਤੀ ਕਾਰਵਾਈ
ਸੁਖਜਿੰਦਰ ਮਾਨ
ਬਠਿੰਡਾ, 18 ਮਾਰਚ : ਨਸ਼ਿਆਂ ਖ਼ਿਲਾਫ਼ ਜ਼ੀਰੋ ਟੌਲਰੈਂਸ ਦੀ ਨੀਤੀ ਨੂੰ ਲਾਗੂ ਕਰਦਿਆਂ ਬਠਿੰਡਾ ਪੁਲਿਸ ਨੇ ਅੱਜ ਐਸ.ਐਸ.ਪੀ ਗੁਲਨੀਤ ਸਿੰਘ ਖੁਰਾਣਾ ਦੀ ਅਗਵਾਈ ਹੇਠ ਵੱਖ ਵੱਖ ਥਾਵਾਂ ਤੋਂ ਨਸ਼ੀਲੇ ਪਦਾਰਥਾਂ ਸਹਿਤ ਕਈ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਅਧਿਕਾਰੀਆਂ ਨੇ ਦਸਿਆ ਕਿ ਨਸ਼ਿਆਂ ਖਿਲਾਫ ਚਲਾਈ ਗਈ ਮੁਹਿੰਮ ਤਹਿਤ ਇਤਲਾਹ ਮਿਲਣ ’ਤੇ ਥਾਣਾ ਕੈਨਾਲ ਕਲੋਨੀ ਬਠਿੰਡਾ ਵਲੋਂ ਹਰਮਨਜੀਤ ਸਿੰਘ ਵਾਸੀ ਮਹਿਣਾ ਬਸਤੀ ਬਠਿੰਡਾ ਅਤੇ ਅੰਮ੍ਰਿਤਪਾਲ ਸਿੰਘ ਵਾਸੀ ਅਮਰਪੁਰਾ ਬਸਤੀ ਬਠਿੰਂਡਾ ਵਲੋਂ 15 ਗਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ, ਜਿਸਦੇ ਚੱਲਦੇ ਇੰਨ੍ਹਾਂ ਵਿਰੁਧ ਅ/ਧ 21 ਬੀ 61/85 ਐੱਨ.ਡੀ.ਪੀ.ਐੱਸ.ਐਕਟ ਤਹਿਤ ਕੇਸ ਦਰਜ਼ ਕੀਤਾ ਗਿਆ ਹੈ। ਇਸੇ ਤਰ੍ਹਾਂ ਥਾਣਾ ਨਥਾਣਾ ਦੀ ਪੁਲਿਸ ਨੇ ਰਾਮ ਵਾਸੀ ਲਹਿਰਾ ਮੁਹੱਬਤ ਨੂੰ 100 ਗਰਾਮ ਗਾਂਜਾ ਅਤੇ ਮੋਟਰਸਾਈਕਲ ਹੀਰੋ ਡੀਲਕਸ ਬਿਨਾਂ ਨੰਬਰੀ ਸਹਿਤ ਕਾਬੂ ਕੀਤਾ ਹੈ। ਇਸਦੇ ਵਿਰੁਧ ਪਰਚਾ ਦਰਜ਼ ਕੀਤਾ ਗਿਆ ਹੈ। ਇਸੇ ਤਰਾਂ ਥਾਣਾ ਥਰਮਲ ਦੀ ਪੁਲਿਸ ਨੇ ਵੀ ਕਾਰ ’ਚ ਸਵਾਰ ਦੋ ਵਿਅਕਤੀਆਂ ਨੂੰ ਕਾਬੂ ਕਰਕੇ ਉਨ੍ਹਾਂ ਕੋਲੋ 15 ਗਰਾਮ ਹੈਰੋਇਨ ਬਰਾਮਦ ਕੀਤੀ ਹੈ।ਜਿੰਨ੍ਹਾਂ ਦੀ ਪਹਿਚਾਣ ਸੁਖਪ੍ਰਰੀਤ ਸਿੰਘ ਅਤੇ ਸੰਜੀਵ ਕੁਮਾਰ ਵਜੋਂ ਹੋਈ ਹੈ।
ਪਰਮਿੰਦਰ ਸਿੰਘ ਢੀਢਸਾ ਨੇ ਮੰਗਿਆ ਸੁਖਬੀਰ ਬਾਦਲ ਤੋਂ ਅਸਤੀਫ਼ਾ
ਕਿਹਾ ਇਖ਼ਲਾਕੀ ਤੌਰ ’ਤੇ ਪ੍ਰਧਾਨ ਬਣੇ ਰਹਿਣ ਦਾ ਖੋ ਚੁੱਕੇ ਹਨ ਹੱਕ
ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਵੀ ਅਕਾਲੀ ਦਲਾਂ ’ਚ ਏਕਤਾ ਲਈ ਕੀਤੀ ਅਪੀਲ
ਸੁਖਜਿੰਦਰ ਮਾਨ
ਬਠਿੰਡਾ, 18 ਮਾਰਚ : ਸਾਬਕਾ ਵਿਤ ਮੰਤਰੀ ਪਰਮਿੰਦਰ ਸਿੰਘ ਢੀਂਢਸਾ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੋਂ ਅਸਤੀਫ਼ਾ ਮੰਗਿਆ ਹੈ। ਅੱਜ ਬਠਿੰਡਾ ਦੇ ਸਰਕਟ ਹਾਊਸ ’ਚ ਇੱਕ ਪ੍ਰੈਸ ਕਾਨਫਰੰਸ ਦੌਰਾਨ ਸ: ਢੀਂਢਸਾ ਨੇ ਕਿਹਾ ਕਿ ਕੋਟਕਪੂਰਾ ਗੋਲੀ ਕਾਂਡ ’ਚ ਵਿਸੇਸ ਜਾਂਚ ਟੀਮ ਵਲੋਂ ਮੁਜ਼ਰਮ ਕਰਾਰ ਦੇਣ ਅਤੇ ਅਦਾਲਤ ਵਲੋਂ ਜਮਾਨਤ ਦੀ ਅਰਜ਼ੀ ਰੱਦ ਕਰਨ ਤੋਂ ਬਾਅਦ ਹੁਣ ਸੁਖਬੀਰ ਸਿੰਘ ਬਾਦਲ ਨੂੰ ਇਖ਼ਲਾਕੀ ਤੌਰ ‘ਤੇ ਪ੍ਰਧਾਨ ਬਣੇ ਰਹਿਣ ਦਾ ਕੋਈ ਹੱਕ ਨਹੀਂ ਰਹਿ ਜਾਂਦਾ ਹੈ। ਇਸ ਮਸਲੇ ’ਚ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਵੀ ਦਖ਼ਲਅੰਦਾਜ਼ੀ ਕਰਨ ਦੀ ਅਪੀਲ ਕਰਦਿਆਂ ਉਨ੍ਹਾਂ ਕਿਹਾ ਕਿ ‘‘ ਪਿਛਲੇ ਦਿਨੀਂ ਜਥੇਦਾਰ ਸਾਹਿਬ ਸ਼੍ਰੋਮਣੀ ਅਕਾਲੀ ਦਲ ਬਾਰੇ ‘ਸਰਮਾਏਦਾਰਾਂ’ ਦੀ ਪਾਰਟੀ ਬਣਨ ਬਾਰੇ ਸਪੱਸ਼ਟ ਟਿੱਪਣੀ ਕਰ ਚੁੱਕੇ ਹਨ, ਜਿਸਦੇ ਚੱਲਦੇ ਹੁਣ ਉਹ ਵੀ ਸੁਖਬੀਰ ਬਾਦਲ ਨੂੰ ਅਸਤੀਫ਼ਾ ਦੇਣ ਲਈ ਕਹਿਣ। ’’ ਪਿਛਲੇ ਸਮੇਂ ਦੌਰਾਨ ਵੱਖ ਵੱਖ ਹੋਏ ਸ਼੍ਰੋਮਣੀ ਅਕਾਲੀ ਦਲਾਂ ’ਚ ਏਕਤਾ ਦੇ ਮੁੱਦੇ ’ਤੇ ਪੁੱਛੇ ਜਾਣ ਬਾਰੇ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਆਗੂ ਨੈ ਕਿਹਾ ਕਿ ‘‘ ਜੇਕਰ ਸੁਖਬੀਰ ਸਿੰਘ ਬਾਦਲ ਅਕਾਲੀ ਦਲ ਦੀ ਪ੍ਰਧਾਨਗੀ ਤੋਂ ਅਸਤੀਫ਼ਾ ਦੇ ਦਿੰਦੇ ਹਨ ਤਾਂ ਪਿਛਲੇ ਸਮੇਂ ਦੌਰਾਨ ਵੱਖ ਵੱਖ ਹੋਏ ਅਕਾਲੀ ਦਲਾਂ ਵਿਚ ਏਕਤਾ ਵੀ ਹੋ ਸਕਦੀ ਹੈ। ’’ ਉਨ੍ਹਾਂ ਅਕਾਲੀ ਦਲਾਂ ਵਿਚ ਏਕਤਾ ਲਈ ਵੀ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਅੱਗੇ ਆਉਣ ਦੀ ਅਪੀਲ ਕੀਤੀ। ਸ: ਢੀਢਸਾ ਨੇ ਦਾਅਵਾ ਕੀਤਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਕਮਜੋਰ ਹੋਣ ਨਾਲ ਹੋਰ ਪੰਥਕ ਸਕਤੀਆਂ ਦੀਆਂ ਸਕਤੀਆਂ ਨੂੰ ਵੀ ਢਾਹ ਲੱਗੀ ਹੈ। ਸਾਬਕਾ ਵਿਤ ਮੰਤਰੀ ਪਰਮਿੰਦਰ ਸਿੰਘ ਢੀਢਸਾ ਨੇ ਭਾਜਪਾ ਨਾਲ ਸਬੰਧਾਂ ਬਾਰੇ ਪੁੱਛੇ ਸਵਾਲ ਦੇ ਜਵਾਬ ਵਿਚ ਕਿਹਾ ਕਿ ਬੇਸ਼ੱਕ ਪਿਛਲੀਆਂ ਚੋਣਾਂ ਦੌਰਾਨ ਉਨ੍ਹਾਂ ਦੀ ਪਾਰਟੀ ਦਾ ਸਮਝੋਤਾ ਸੀ ਪ੍ਰੰਤੂ ਹੁਣ ਇਹ ਸਮਝੋਤਾ ਨਹੀਂ ਹੈ। ਉਨ੍ਹਾਂ ਕਿਹਾ ਕਿ ਭਾਜਪਾ ਨੂੰ ਇੱਕ ਗੱਲ ਸਮਝਣੀ ਚਾਹੀਦੀ ਹੈ ਕਿ ਪੰਜਾਬ ਇੱਕ ਵਿਸੇਸ ਸੂਬਾ ਹੈ ਤੇ ਪੰਜਾਬੀਆਂ ਨੂੰ ਨਾਲ ਜੋੜੀ ਰੱਖਣੀ ਲਈ ਇਸਨੂੂੰ ਵਿਸੇਸ ਤਰਜੀਹ ਦੇਣੀ ਪਵੇਗੀ। ਇਸਦੇ ਬਕਾਇਆ ਮੁੱਦੇ, ਜਿੰਨ੍ਹਾਂ ਵਿਚ ਪੰਥਕ ਮੁੱਦੇ ਵੀ ਸ਼ਾਮਲ ਹਨ, ਹੱਲ ਕਰਨੇ ਪੈਣਗੇ ਤੇ ਜੇਕਰ ਭਾਜਪਾ ਅਜਿਹਾ ਕਰਦੀ ਹੈ ਤਾਂ ਹੀ ਉਹ ਪੰਜਾਬ ਵਿਚ ਪੈਰ ਜਮਾ ਸਕਦੀ ਹੈ। ਉਨ੍ਹਾਂ ਭਾਜਪਾ ਨੂੰ ਸਲਾਹ ਦਿੰਦਿਆਂ ਕਿਹਾ ਕਿ ਜਿਸ ਤਰ੍ਹਾਂ ਪੂਰਬੀ ਭਾਰਤ ਨਾਲ ਸਬੰਧਤ ਰਾਜਾਂ ਲਈ ਇੱਕ ਵੱਖਰੀ ਮਨਿਸਟਰੀ ਬਣਾਈ ਹੈ, ਉਸੇ ਤਰ੍ਹਾਂ ਪੰਜਾਬ ਮਸਲਿਆਂ ਲਈ ਵੀ ਇੱਕ ਮੰਤਰਾਲਾ ਬਣਾਇਆ ਜਾਵੇ। ਪ੍ਰੰਤੂ ਜੇਕਰ ਭਾਜਪਾ ਵੀ ਰਿਵਾਇਤੀ ਪਾਰਟੀਆਂ ਦੀ ਤਰ੍ਹਾਂ ਪੰਜਾਬ ਨਾਲ ਵਿਵਹਾਰ ਕਰਦੀ ਹੈ ਤਾਂ ਉਸਨੂੰ ਜਿਆਦਾ ਉਮੀਦ ਨਹੀਂ ਰੱਖਣੀ ਚਾਹੀਦੀ। ਅੱਜ ਪੰਜਾਬ ਪੁਲਿਸ ਵਲੋਂ ਭਾਈ ਅੰਮ੍ਰਿਤਪਾਲ ਸਿੰਘ ਨੂੰ ਹਿਰਾਸਤ ਵਿਚ ਲਏ ਜਾਣ ਦੀਆਂ ਚਰਚਾਵਾਂ ’ਤੇ ਟਿੱਪਣੀ ਕਰਦਿਆਂ ਪਰਮਿੰਦਰ ਸਿੰਘ ਢੀਢਸਾ ਨੇ ਪੰਜਾਬ ਸਰਕਾਰ ਨੂੰ ਘੇਰਦਿਆਂ ਕਿਹਾ ਕਿ ਜੇਕਰ ਉਸਨੂੰ ਅਜਨਾਲਾ ਕਾਂਡ ’ਚ ਗ੍ਰਿਫਤਾਰ ਕੀਤਾ ਜਾ ਰਿਹਾ ਤਾਂ ਦੋ ਹਫ਼ਤੇ ਪੰਜਾਬ ਪੁਲਿਸ ਸੁੱਤੀ ਕਿਉਂ ਰਹੀ ਤੇ ਜੇਕਰ ਹੁਣ ਬਿਨ੍ਹਾਂ ਕਾਰਨ ਤੋਂ ਗ੍ਰਿਫਤਾਰ ਕੀਤਾ ਜਾ ਰਿਹਾ ਤਾਂ ਉਹ ਵੀ ਗਲਤ ਗੱਲ ਹੈ। ਲਾਰੇਂਸ ਬਿਸਨੋਈ ਦੀ ਇੰਟਰਵਿਊ ਦੇ ਟਿੱਪਣੀ ਕਰਦਿਆਂ ਸ: ਢੀਢਸਾ ਨੇ ਸਿੱਧਾ ਪੰਜਾਬ ਸਰਕਾਰ ’ਤੇ ਸਵਾਲ ਉਠਾਉਂਦਿਆਂ ਦੋਸ਼ ਲਗਾਇਆ ਕਿ ਇਸਦੇ ਪਿੱਛੇ ਸਰਕਾਰ ਦਾ ਹੱਥ ਹੈ, ਕਿਉਂਕਿ ਸਿੱਧੂ ਮੁਸੇਵਾਲਾ ਕਾਂਡ ’ਚ ਸਰਕਾਰ ਬੁਰੀ ਤਰ੍ਹਾਂ ਘਿਰੀ ਹੋਈ ਹੈ ਤੇ ਮਹਰੂਮ ਗਾਇਕ ਦੀ ਛਵੀ ਖ਼ਰਾਬ ਕਰਨ ਲਈ ਜੋ ਗੱਲ ਆਪ ਸਿੱਧੀ ਨਹੀਂ ਕਹਿ ਸਕਦੀ ਉਹ ਦੂਜੀ ਧਿਰ ਤੋਂ ਕਹਾਈ ਜਾ ਰਹੀ ਹੈ। ਜਿਸਦੇ ਚੱਲਦੇ ਸਿੱਧੂ ਮੂਸੇਵਾਲਾ ਨੂੰ ਬਦਨਾਮ ਕਰਨ ਦੀ ਕੋਸ਼ਿਸ ਕੀਤੀ ਜਾ ਰਹੀ ਹੈ। ਇਸ ਮੌਕੇ ਉਨ੍ਹਾਂ ਨਾਲ ਸਾਬਕਾ ਐਮ.ਪੀ ਬੀਬੀ ਪਰਮਜੀਤ ਕੌਰ ਗੁਲਸ਼ਨ, ਸੀਨੀਅਰ ਆਗੂ ਭੋਲਾ ਸਿੰਘ ਗਿੱਲਪਤੀ,ਦਵਿੰਦਰ ਸਿੰਘ ਸੋਢੀ, ਸਰਬਜੀਤ ਸਿੰਘ ਡੂੰਮਵਾਲੀ, ਬੀਬੀ ਗੁਰਮਿੰਦਰ ਕੌਰ ਢਿੱਲੋਂ ਅਤੇ ਯੂਥ ਆਗੂ ਸੁਖਮਨਦੀਪ ਸਿੰਘ ਡਿੰਪੀ ਆਦਿ ਵੀ ਮੌਜੂਦ ਰਹੇ।
ਪਸ਼ੂ ਪਾਲਣ ਵਿਭਾਗ ਦੇ ਦਰਜ਼ਾ ਚਾਰ ਕਰਮਚਾਰੀਆਂ ਦਾ ਵਫ਼ਦ ਮੰਤਰੀ ਨੂੰ ਮਿਲਿਆ
ਪੰਜਾਬੀ ਖ਼ਬਰਸਾਰ ਬਿਉਰੋ
ਪੱਟੀ , 17 ਮਾਰਚ:ਪਸ਼ੂ ਪਾਲਣ ਵਿਭਾਗ ਨਾਲ ਸਬੰਧਤ ਦੀ ਫ਼ੋਰ ਕਲਾਸ ਗੋਰਮਿੰਟ ਇੰਮਲਾਈਜ਼ ਯੂਨੀਅਨ ਵਲੋਂ ਸੂੁਬਾ ਪ੍ਰਧਾਨ ਜਗਦੀਸ਼ ਸਿੰਘ ਬਰਨਾਲ ਦੀ ਅਗਵਾਈ ਹੇਠ ਵਿਭਾਗ ਦੇ ਮੰਤਰੀ ਲਾਲਜੀਤ ਸਿੰਘ ਨਾਲ ਪੱਟੀ ਵਿਚ ਅਪਣੀਆਂ ਮੰਗਾਂ ਸਬੰਧੀ ਮੀਟਿੰਗ ਕੀਤੀ ਗਈ। ਇਸ ਮੌਕੇ ਯੂਨੀਅਨ ਵਲੋਂ ਅਪਣੀਆਂ ਮੰਗਾਂ ਸਬੰਧੀ ਮੰਤਰੀ ਨੂੰ ਮੰਗ ਪੱਤਰ ਦਿੰਦਿਆਂ ਕਿਹਾ ਕਿ ਵਿਭਾਗ ਵਿਚ ਦਰਜ਼ਾ ਚਾਰ ਕਰਮਚਾਰੀਆਂ ਲਈ ਤਰੱਕੀ ਦੇ ਰਾਹ ਖੋਲੇ ਜਾਣ ਅਤੇ ਨਾਲ ਹੀ ਵਿਭਾਗ ਵਿਚ ਨਵੇਂ ਦਰਜ਼ ਚਾਰ ਕਰਮਚਾਰੀ ਭਰਤੀ ਕਰਦਿਆਂ ਕੱਚੇ ਕਰਮਚਾਰੀਆਂ ਨੂੰ ਤੁਰਤੰ ਪੱਕਾ ਕੀਤਾ ਜਾਵੇ। ਇਸ ਦੌਰਾਨ ਮੰਤਰੀ ਨੇ ਵਫ਼ਦ ਨੂੰ ਭਰੋਸਾ ਦਿਵਾਇਆ ਕਿ ਉਹ ਜਲਦੀ ਹੀ ਵਿਭਾਗ ਦੇ ਅਧਿਕਾਰੀਆਂ ਨਾਲ ਉਨ੍ਹਾਂ ਦੀ ਮੀਟਿੰਗ ਕਰਵਾ ਕੇ ਸਮੂਹ ਮੰਗਾਂ ਦੇ ਹੱਲ ਦਾ ਯਤਨ ਕਰਨਗੇ। ਇਸ ਮੌਕੇ ਯੂਨੀਅਨ ਦੀਆਂ ਮੰਗਾਂ ਦੇ ਹੱਕ ’ਚ ਹਾਅ ਦਾ ਨਾਅਰਾ ਮਾਰਨ ਵਾਲੇ ਵਿਧਾਇਕ ਜਗਰੂਪ ਸਿੰਘ ਗਿੱਲ ਦਾ ਵੀ ਧੰਨਵਾਦ ਕੀਤਾ ਗਿਆ। ਇਸ ਦੌਰਾਨ ਸੂਬਾ ਪ੍ਰਧਾਨ ਤੋਂ ਇਲਾਵਾ ਮੀਤ ਪ੍ਰਧਾਨ ਇਕਬਾਲ ਸਿੰਘ ਫ਼ਰੀਦਕੋਟ, ਖਜਾਨਚੀ ਗੁਰਦੀਪ ਸਿੰਘ ਭਗਤਾ, ਬਸੰਤ ਸਿੰਘ, ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਬਠਿੰਡਾ ਆਦਿ ਹਾਜ਼ਰ ਸਨ।
ਮਾਲੀਏ ਪੱਖੋਂ ਪੰਜਾਬ ਨੇ ਆਬਕਾਰੀ ਕਰ ਵਿੱਚ 45 ਫੀਸਦੀ ਅਤੇ ਜੀਐਸਟੀ ਵਿੱਚ 23 ਫੀਸਦੀ ਵਾਧਾ ਕੀਤਾ ਦਰਜ: ਵਿਤ ਮੰਤਰੀ
’ਆਪ’ ਸਰਕਾਰ ਆਮ ਲੋਕਾਂ ਦੀਆਂ ਉਮੀਦਾਂ ’ਤੇ ਖਰੀ ਉਤਰੀ, ਮੁਫ਼ਤ ਬਿਜਲੀ, ਉੱਚ ਪੱਧਰੀ ਸਿਹਤ ਤੇ ਸਿੱਖਿਆ ਸਹੂਲਤਾਂ ਸਮੇਤ ਵੱਡੇ ਚੋਣ ਵਾਅਦੇ ਪਹਿਲੇ ਸਾਲ ਹੀ ਕੀਤੇ ਪੂਰੇ : ਹਰਪਾਲ ਸਿੰਘ ਚੀਮਾ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 17 ਮਾਰਚ: ਮਾਨ ਸਰਕਾਰ ਦੇ ਪਹਿਲੇ ਸਾਲ ਵਿੱਚ ਨਵੇਂ ਅਤੇ ਅਗਾਂਹਵਧੂ ਪੰਜਾਬ ਦੀ ਨੀਂਹ ਰੱਖਣ ਦਾ ਦਾਅਵਾ ਕਰਦੇ ਹੋਏ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਆਮ ਆਦਮੀ ਪਾਰਟੀ (ਆਪ) ਸਰਕਾਰ ਨੇ ਪਹਿਲੇ ਹੀ ਸਾਲ ਵਿੱਚ ਮੁਫਤ ਬਿਜਲੀ, ਉੱਚ ਪੱਧਰੀ ਸਿਹਤ ਅਤੇ ਸਿੱਖਿਆ ਸਹੂਲਤਾਂ ਸਮੇਤ ਆਪਣੇ ਸਾਰੇ ਵੱਡੇ ਚੋਣ ਵਾਅਦੇ ਕੀਤੇ।ਪੰਜਾਬ ਭਵਨ ਵਿਖੇ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਮਾਨ ਸਰਕਾਰ ਦੇ ਪਹਿਲੇ ਸਾਲ ਦੇ ਕਾਰਜਕਾਲ ਤੋਂ ਪੰਜਾਬ ਪ੍ਰਤੀ ਸਾਡੀ ਗੰਭੀਰਤਾ, ਲਗਨ ਅਤੇ ਸਮਰਪਣ ਦਾ ਪਤਾ ਲੱਗਦਾ ਹੈ। ਉਨ੍ਹਾਂ ਕਿਹਾ ਕਿ ਮਾਨ ਸਰਕਾਰ ਨੇ ਸੂਬੇ ਦੀ ਆਰਥਿਕਤਾ ਨੂੰ ਮੁੜ ਸੁਰਜੀਤ ਕਰਨ ਅਤੇ ਆਮ ਲੋਕਾਂ ਦੀ ਸਹੂਲਤ ਲਈ ਕਈ ਇਤਿਹਾਸਕ ਅਤੇ ਲੋਕ ਪੱਖੀ ਫੈਸਲੇ ਲਏ ਹਨ। ਪੰਜਾਬ ਨੂੰ ਤਬਾਹੀ ਦੇ ਕੰਢੇ ’ਤੇ ਧੱਕਣ ਲਈ ਪਿਛਲੀਆਂ ਸਰਕਾਰਾਂ ਦੀ ਨਿੰਦਾ ਕਰਦਿਆਂ ਚੀਮਾ ਨੇ ਕਿਹਾ ਕਿ ਕਾਂਗਰਸ, ਅਕਾਲੀ ਦਲ ਅਤੇ ਭਾਜਪਾ ਸਰਕਾਰਾਂ ਨੇ ਗੈਂਗਸਟਰਾਂ, ਮਾਫੀਆ ਅਤੇ ਭ੍ਰਿਸ਼ਟਾਚਾਰ ਨੂੰ ਸਰਪ੍ਰਸਤੀ ਦਿੱਤੀ ਅਤੇ ਪੰਜਾਬੀਆਂ ਨੂੰ ਵਿਦੇਸ਼ ਜਾਣ ਲਈ ਮਜ਼ਬੂਰ ਕੀਤਾ। ਹੁਣ, ਮਾਨ ਸਰਕਾਰ ਨੇ ਸਰਕਾਰੀ ਤੰਤਰ ਨੂੰ ਸੁਚਾਰੂ ਬਣਾਇਆ ਅਤੇ ਭ੍ਰਿਸ਼ਟਾਚਾਰ ਪ੍ਰਤੀ ਜ਼ੀਰੋ-ਟੌਲਰੈਂਸ ਦੀ ਨੀਤੀ ਅਪਣਾਈ, ਜਿਸ ਕਾਰਨ ਸਾਬਕਾ ਮੰਤਰੀਆਂ ਸਮੇਤ ਕਈ ਪ੍ਰਭਾਵਸ਼ਾਲੀ ਅਤੇ ਤਾਕਤਵਰ ਲੋਕ ਭ੍ਰਿਸ਼ਟਾਚਾਰ ਅਤੇ ਸਰਕਾਰੀ ਖਜ਼ਾਨੇ ਨੂੰ ਲੁੱਟਣ ਦੇ ਦੋਸ਼ ਵਿੱਚ ਜੇਲ੍ਹਾਂ ਵਿੱਚ ਬੰਦ ਹਨ। ਮਾਨ ਸਰਕਾਰ ਵੱਲੋਂ ਪਿਛਲੇ ਇੱਕ ਸਾਲ ਦੌਰਾਨ ਕੀਤੇ ਗਏ ਕਈ ਲੋਕ ਪੱਖੀ ਪਹਿਲਕਦਮੀਆਂ ਦੀ ਸੂਚੀ ਦਿੰਦਿਆਂ ਉਨ੍ਹਾਂ ਕਿਹਾ ਕਿ 2021-22 ਦੇ ਮੁਕਾਬਲੇ ਆਬਕਾਰੀ ਕਰ ਤੋਂ ਮਾਲੀਏ ਵਿੱਚ 45 ਫੀਸਦੀ ਅਤੇ ਜੀਐਸਟੀ ਤੋਂ 23 ਫੀਸਦੀ ਵਾਧਾ ਦਰਜ ਕੀਤਾ ਗਿਆ। ਚੀਮਾ ਨੇ ਕਿਹਾ ਕਿ ਇਹ ਪਹਿਲੀ ਵਾਰ ਹੈ ਕਿ ਕਿਸੇ ਵੀ ਸਰਕਾਰ ਵੱਲੋਂ ਸੂਬੇ ਦੀ ਹਵਾ, ਪਾਣੀ ਅਤੇ ਮਿੱਟੀ ਨੂੰ ਬਚਾਉਣ ਲਈ ਝੋਨੇ ਦੀ ਸਿੱਧੀ ਬਿਜਾਈ ਅਤੇ ਮੂੰਗੀ ਦਾਲ ਦੀ ਕਾਸ਼ਤ ਨੂੰ ਉਤਸ਼ਾਹਿਤ ਕਰਨ ਲਈ ਗੰਭੀਰ ਉਪਰਾਲੇ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਯਤਨਾਂ ਸਦਕਾ ਪਰਾਲੀ ਸਾੜਨ ਵਿੱਚ 30 ਫੀਸਦੀ ਕਮੀ ਆਈ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਨਾ ਸਿਰਫ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਲਈ ਉਪਰਾਲੇ ਕੀਤੇ ਹਨ ਬਲਕਿ ਇਹ ਪਹਿਲੀ ਵਾਰ ਹੈ ਕਿ ਪੰਜਾਬ ਦੇ ਕਿਸੇ ਮੁੱਖ ਮੰਤਰੀ ਨੇ ਐਸ.ਵਾਈ.ਐਲ ਮੁੱਦੇ ’ਤੇ ਸਖਤ ਸਟੈਂਡ ਲਿਆ ਹੈ ਜਦਕਿ ਪਿਛਲੇ ਮੁੱਖ ਮੰਤਰੀ ਇਸ ਮੁੱਦੇ ’ਤੇ ਸਿਰਫ਼ ਰਾਜਨੀਤੀ ਕਰਦੇ ਸਨ। ਉਨ੍ਹਾਂ ਕਿਹਾ ਕਿ ਇਨਫੋਰਸਮੈਂਟ ਵਿੰਗਾਂ ਦੀ ਵਸੂਲੀ ਪਿਛਲੇ ਵਿੱਤੀ ਸਾਲ ਦੇ ਮੁਕਾਬਲੇ 17.2 ਵਾਧਾ ਦਰਜ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਟੈਕਸੇਸ਼ਨ ਵਿਭਾਗ ਨੇ ਚੰਗੇ ਟੈਕਸ ਦਾਤਾਵਾਂ ਦੀ ਮਦਦ ਲਈ ਪਹਿਲਕਦਮੀ ਵੀ ਕੀਤੀ ਹੈ, ਜਿਵੇਂ ਕਿ ਵਟਸਐਪ ਨੰਬਰ ’9160500033’ ਰਾਹੀਂ ਜੀਐਸਟੀ ਨਾਲ ਸਬੰਧਤ ਸਵਾਲਾਂ ਦੇ ਜਵਾਬ ਦੇਣ ਲਈ 24 ਗੁਣਾ 7 ’ਚੈਟਬੋਟ’ ਦੀ ਸਹੂਲਤ ਦਿੱਤੀ ਜਾ ਰਹੀ ਹੈ। ਚੀਮਾ ਨੇ ਦੱਸਿਆ ਕਿ ਐਂਟੀ ਗੈਂਗਸਟਰ ਟਾਸਕ ਫੋਰਸ (ਏਜੀਟੀਐਫ) ਨੇ 567 ਗੈਂਗਸਟਰਾਂ ਨੂੰ ਗ੍ਰਿਫਤਾਰ ਕੀਤਾ ਹੈ, 156 ਅਪਰਾਧੀਆਂ ਦਾ ਪਰਦਾਫਾਸ਼ ਕੀਤਾ ਹੈ, 563 ਹਥਿਆਰ ਅਤੇ ਅਪਰਾਧਿਕ ਗਤੀਵਿਧੀਆਂ ਵਿੱਚ ਵਰਤੇ ਜਾਂਦੇ 125 ਵਾਹਨਾਂ ਨੂੰ ਬਰਾਮਦ ਕੀਤਾ। ਜਦਕਿ ਪਿਛਲੀਆਂ ਸਰਕਾਰਾਂ ਨੇ ਇਨ੍ਹਾਂ ਸਮਾਜ ਵਿਰੋਧੀ ਅਨਸਰਾਂ ਦੀ ਸਰਪ੍ਰਸਤੀ ਕੀਤੀ ਅਤੇ ਇਸ ਕਾਰਨ ਸੂਬੇ ਵਿੱਚ ਕਾਨੂੰਨ ਦੀ ਸਥਿਤੀ ਵਿਗੜ ਗਈ ਪਰ ਹੁਣ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਅਮਨ-ਕਾਨੂੰਨ ਦੀ ਸਥਿਤੀ ਬਿਹਤਰ ਹੋਈ ਹੈ। ਪੰਜਾਬੀ ਯੂਨੀਵਰਸਿਟੀ ਪਟਿਆਲਾ ’ਤੇ ਵਿੱਤੀ ਬੋਝ ਬਾਰੇ ਮੀਡੀਆ ਦੇ ਸਵਾਲ ਦੇ ਜਵਾਬ ਵਿੱਚ ਚੀਮਾ ਨੇ ਦੁਹਰਾਇਆ ਕਿ ਸਿੱਖਿਆ ਨੂੰ ਕਦੇ ਵੀ ਕਿਸੇ ਕਰਜ਼ੇ ਹੇਠ ਨਹੀਂ ਹੋਣਾ ਚਾਹੀਦਾ ਅਤੇ ਯੂਨੀਵਰਸਿਟੀਆਂ ਦੀ ਬਿਹਤਰੀ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਉਨ੍ਹਾਂ ਪਿਛਲੀਆਂ ਸਰਕਾਰਾਂ ’ਤੇ ਆਪਣੇ ਸਵਾਰਥੀ ਹਿੱਤਾਂ ਕਾਰਨ ਯੂਨੀਵਰਸਿਟੀ ’ਤੇ ਕਰਜ਼ਾ ਚੜ੍ਹਾਉਣ ਦਾ ਦੋਸ਼ ਲਾਇਆ ਅਤੇ ਕਿਹਾ ਕਿ ਭ੍ਰਿਸ਼ਟ ਆਗੂਆਂ ਸਮੇਂ ਕੰਮਕਾਜ ’ਚ ਵੱਡੀ ਪੱਧਰ ’ਤੇ ਬੇਨਿਯਮੀਆਂ ਹੋਈਆਂ ਜਿਸ ਕਾਰਨ ਅੱਜ ਇਹ ਹਲਾਤ ਪੈਦਾ ਹੋਏ। ਪੁਰਾਣੀ ਪੈਨਸ਼ਨ ਸਕੀਮ (ਓ.ਪੀ.ਐਸ.) ਨੂੰ ਜਲਦੀ ਲਾਗੂ ਕਰਨ ਦਾ ਭਰੋਸਾ ਦਿੰਦਿਆਂ ਚੀਮਾ ਨੇ ਕਿਹਾ ਕਿ ਦੋ ਵੱਖ-ਵੱਖ ਕਮੇਟੀਆਂ, ਇਕ ਉਨ੍ਹਾਂ ਦੀ ਅਗਵਾਈ ਵਿਚ ਅਤੇ ਦੂਜੀ ਮੁੱਖ ਸਕੱਤਰ ਵਿਜੇ ਕੁਮਾਰ ਜੰਜੂਆ ਦੀ ਅਗਵਾਈ ਵਿਚ ਸਰਕਾਰੀ ਕਰਮਚਾਰੀਆਂ ਲਈ ਇਸ ਸਕੀਮ ਨੂੰ ਬਿਹਤਰ ਢੰਗ ਨਾਲ ਲਾਗੂ ਕਰਨ ਲਈ ਖਰੜਾ ਤਿਆਰ ਕਰ ਰਹੀ ਹੈ।
ਪੰਜਾਬ ਦੇ ਪਹਿਲੇ ਮਿਰਚਾਂ ਦੇ ਕਲਸਟਰ ਦਾ ਚੇਤਨ ਸਿੰਘ ਜੌੜਾਮਾਜਰਾ ਵੱਲੋਂ ਰਸਮੀ ਉਦਘਾਟਨ
ਪੰਜਾਬ ਦੇ ਕਿਸਾਨਾਂ ਨੂੰ ਮਿਰਚਾਂ ਦੇ ਉਤਪਾਦਨ ਤੋਂ ਹੋਵੇਗੀ ਕਰੋੜਾਂ ਦੀ ਆਮਦਨ : ਚੇਤਨ ਸਿੰਘ ਜੌੜਾਮਾਜਰਾ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 17 ਮਾਰਚ: ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਰਾਜ ਦੇ ਕਿਸਾਨਾਂ ਦੀ ਆਮਦਨ ਵਧਾਉਣ ਅਤੇ ਫ਼ਸਲੀ ਵਿਭਿੰਨਤਾ ਨੂੰ ਉਤਸਾਹਿਤ ਕਰਨ ਦੇ ਮੰਤਵ ਨਾਲ਼ ਕੈਬਨਿਟ ਮੰਤਰੀ ਚੇਤਨ ਸਿੰਘ ਜੌੜੇਮਾਜਰਾ ਵੱਲੋਂ ਫਿਰੋਜ਼ਪੁਰ ਜ਼ਿਲ੍ਹੇ ਦੇ ਮਿਰਚਾਂ ਦੇ ਕਿਸਾਨਾਂ ਲਈ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ, ਮਹਿੰਦਰ ਸਿੰਘ ਸਿੱਧੂ ਚੇਅਰਮੈਨ ਪਨਸੀਡ ਦੀ ਮੌਜੂਦਗੀ ਵਿੱਚ ਅੱਜ ਜ਼ਿਲ੍ਹਾ ਫਿਰੋਜ਼ਪੁਰ ਦੇ ਪਿੰਡ ਮਹਿਲਮ ਵਿਖੇ ਚਿਲੀ ਕਲੱਸਟਰ ਦੇ ਜ਼ਿਲ੍ਹਾ ਪੱਧਰੀ ਸਮਾਗਮ ਵਿੱਚ ਪ੍ਰੋਜੈਕਟ ਫੇਜ਼ ਦੇ ਪੜਾਅ 1 ਦੀ ਸ਼ੁਰੂਆਤ ਕੀਤੀ ਗਈ।ਪੰਜਾਬ ਵਿੱਚ ਮਿਰਚਾਂ ਦੀ ਪੈਦਾਵਾਰ ਬਾਰੇ ਜੌੜਾਮਾਜਰਾ ਨੇ ਦੱਸਿਆ ਕਿ ਪੰਜਾਬ ਵਿੱਚ ਲਗਭਗ 9,920 ਹੈਕਟੇਅਰ ਰਕਬੇ ਵਿੱਚੋਂ 19,963 ਮੀਟਰਕ ਟਨ ਹਰੀ ਮਿਰਚ ਦਾ ਉਤਪਾਦਨ ਹੁੰਦਾ ਹੈ। ਪੰਜਾਬ ਦੇ ਪ੍ਰਮੁੱਖ ਮਿਰਚ ਉਤਪਾਦਕ ਜ਼ਿਲ੍ਹੇ ਫਿਰੋਜ਼ਪੁਰ, ਪਟਿਆਲਾ, ਮਲੇਰਕੋਟਲਾ, ਸੰਗਰੂਰ, ਜਲੰਧਰ, ਤਰਨਤਾਰਨ, ਅੰਮ੍ਰਿਤਸਰ, ਐਸਬੀਐਸ ਨਗਰ ਅਤੇ ਹੁਸ਼ਿਆਰਪੁਰ ਹਨ। ਇਨ੍ਹਾਂ ਵਿੱਚੋਂ ਜਿਲ੍ਹਾ ਫਿਰੋਜਪੁਰ ਵਿੱਚ ਸਭ ਤੋਂ ਵੱਧ 1700 ਹੈਕਟੇਅਰ ਰਕਬੇ ਵਿੱਚ ਮਿਰਚਾਂ ਦੀ ਪੈਦਾਵਾਰ ਹੁੰਦੀ ਹੈ। ਇਸ ਤੋਂ ਬਾਅਦ 1195 ਹੈਕਟੇਅਰ ਨਾਲ ਜਲੰਧਰ ਅਤੇ 1106 ਹੈਕਟੇਅਰ ਨਾਲ ਤਰਨਤਾਰਨ ਦਾ ਨੰਬਰ ਆਉਂਦਾ ਹੈ। ਪੰਜਾਬ ਵਿੱਚ ਮਿਰਚ ਦੀ ਵੱਧ ਤੋਂ ਵੱਧ ਉਤਪਾਦਕਤਾ 19 ਮੀਟਰਿਕ ਟਨ/ਹੈਕਟੇਅਰ ਹੈ। ਮਿਰਚ ਦੀ ਖੇਤੀ 8000 ਤੋਂ ਵੱਧ ਲੋਕਾਂ ਨੂੰ ਸਿੱਧੇ ਅਤੇ 16,000 ਤੋਂ ਵੱਧ ਲੋਕਾਂ ਨੂੰ ਅਸਿੱਧੇ ਤੌਰ ’ਤੇ ਰੁਜ਼ਗਾਰ ਪ੍ਰਦਾਨ ਕਰਨ ਲਈ ਜਾਣੀ ਜਾਂਦੀ ਹੈ।ਜੌੜਾਮਾਜਰਾ ਨੇ ਦੱਸਿਆ ਕਿ ਪਹਿਲਾਂ ਮਿਰਚ ਦੀ ਫ਼ਸਲ ਦਾ ਉਚਿਤ ਭਾਅ ਨਹੀਂ ਮਿਲਦਾ ਸੀ ਜਿਸ ਕਾਰਣ ਕਿਸਾਨ ਫ਼ਸਲੀ ਵਿਭਿੰਨਤਾ ਤੋਂ ਬੇਮੁੱਖ ਹੋ ਰਹੇ ਸਨ ਪਰ ਹੁਣ ਇਸ ਕਲੱਸਟਰ ਦੇ ਬਣਨ ਨਾਲ ਕਿਸਾਨਾਂ ਦੀ ਮਿਰਚ ਦੀ ਫ਼ਸਲ ਦਾ ਮੰਡੀਕਰਨ ਸਫ਼ਲ ਢੰਗ ਨਾਲ ਹੋ ਸਕੇਗਾ ਅਤੇ ਓਹਨਾਂ ਨੂੰ ਵਧੀਆ ਮੁਨਾਫ਼ਾ ਵੀ ਹੋਵੇਗਾ। ਮਿਰਚਾਂ ਦੇ ਇਸ ਕਲਸਟਰ ਦੇ ਉਦਘਾਟਨ ਮੌਕੇ ਕੁਲਤਾਰ ਸਿੰਘ ਸੰਧਵਾਂ ਅਤੇ ਚੇਤਨ ਸਿੰਘ ਜੌੜਾਮਾਜਰਾ ਵਲੋਂ ਖ਼ੁਦ ਖੇਤਾਂ ਵਿੱਚ ਜਾਕੇ ਕਿਸਾਨਾਂ ਤੋਂ ਮਿਰਚਾਂ ਦੀਆਂ ਵੱਖ ਵੱਖ ਕਿਸਮਾਂ ਦੀ ਜਾਣਕਾਰੀ ਲਈ ਅਤੇ ਓਹਨਾਂ ਦੱਸਿਆ ਕਿ ਫਿਰੋਜ਼ਪੁਰ ਜ਼ਿਲ੍ਹੇ ਦੇ ਮਿਰਚ ਉਤਪਾਦਕਾਂ ਨੇ ਬਾਗਬਾਨੀ ਵਿਭਾਗ ਦੇ ਤਕਨੀਕੀ ਸਹਿਯੋਗ ਅਤੇ ਨਿੱਜੀ ਖੇਤਰ ਦੇ ਸੰਸਥਾਵਾਂ ਦੇ ਸਹਿਯੋਗ ਨਾਲ 19 ਜਨਵਰੀ 2023 ਨੂੰ ਮਿਰਚ ਕਲੱਸਟਰ ਵਿਕਾਸ ਪ੍ਰੋਗਰਾਮ ਸ਼ੁਰੂ ਕੀਤਾ ਸੀ। ਇਸ ਕਲੱਸਟਰ ਅਤੇ ਹੋਰ ਕਈ ਕਲੱਸਟਰਾਂ ਵਿੱਚ ਬਾਗਬਾਨੀ ਉਤਪਾਦਕਾਂ ਦੇ ਉਤਸ਼ਾਹ ਨੇ ਪੰਜਾਬ ਸਰਕਾਰ ਨੂੰ ਸੂਬੇ ਯੋਜਨਾਬੱਧ ਗਤੀਵਿਧੀਆਂ ਦੇ ਰੋਜ਼ਾਨਾ ਪ੍ਰਬੰਧਨ ਲਈ ਪ੍ਰੋਜੈਕਟ ਡਾਇਰੈਕਟੋਰੇਟ, ਇੱਕ ਪ੍ਰੋਜੈਕਟ ਪ੍ਰਬੰਧਨ ਯੂਨਿਟ ਸਥਾਪਤ ਕੀਤਾ ਜਾਵੇਗਾ। ਪ੍ਰੋਜੈਕਟ ਦੀ ਪ੍ਰਗਤੀ ਦੀ ਸਮੀਖਿਆ ਕਰਨ ਲਈ ਪ੍ਰੋਜੈਕਟ ਮੁਲਾਂਕਣ ਅਤੇ ਪ੍ਰਵਾਨਗੀ ਕਮੇਟੀਆਂ ਦਾ ਗਠਨ ਕੀਤਾ ਜਾਵੇਗਾ। ਬਾਗਬਾਨੀ ਮੰਤਰੀ ਚੇਤਨ ਸਿੰਘ ਜੌੜੇਮਾਜਰਾ ਨੇ ਇਹਨਾਂ ਨਵੀਆਂ ਪਹਿਲਕਦਮੀਆਂ ਨੂੰ ਅਗੇ ਲਿਜਾਉਣ ਲਈ ਆਪਣੇ ਵਡਮੂਲੇ ਵਿਚਾਰ ਦਿੰਦਿਆਂ ਕਿਹਾ ਕਿ ਪੰਜਾਬ ਸਰਕਾਰ ਦੀਆਂ ਵੱਖ-ਵੱਖ ਸਕੀਮਾਂ ਸਦਕਾ ਬਾਗਬਾਨੀ ਵਿਭਾਗ ਵੱਲੋਂ ਕਿਸਾਨਾਂ ਦੀ ਆਮਦਨ ਵਧਾਉਣ ਲਈ ਤਕਨੀਕੀ ਜਾਣਕਾਰੀ ਤੋਂ ਇਲਾਵਾ ਵਿਤੀ ਸਹੂਲਤਾਂ ਵੀ ਦਿੱਤੀਆਂ ਜਾ ਰਹੀਆਂ ਹਨ। ਇਸ ਤੋਂ ਇਲਾਵਾ ਟਰੇਨਿੰਗਾਂ/ਕੈਂਪਾਂ /ਸੈਮੀਨਾਰਾਂ ਰਾਹੀਂ ਕਿਸਾਨਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਤਾਂ ਜੋ ਕਿਸਾਨ ਥੋੜੀ ਜਮੀਨ ਵਿੱਚੋਂ ਜਿਆਦਾ ਆਮਦਨ ਲੈ ਸਕਣ।ਸਮਾਗਮ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਇਸ ਚਿਲੀ ਕਲਸਟਰ ਦੀ ਮਹੱਤਤਾ ਬਾਰੇ ਦੱਸਦਿਆਂ ਕਿਹਾ ਕਿ ਮੁੱਲ ਲੜੀ ਵਿੱਚ ਵਧੀ ਹੋਈ ਕੁਸ਼ਲਤਾ ਅਤੇ ਤਕਨੀਕੀ ਏਕੀਕਰਣ ਘਰੇਲੂ ਅਤੇ ਅੰਤਰਰਾਸ਼ਟਰੀ ਬਾਜ਼ਾਰਾਂ ਵਿੱਚ ਉਪਜ ਦੀ ਦਿੱਖ ਨੂੰ ਹੋਰ ਸੁਧਾਰੇਗਾ। ਇਸ ਤੋਂ ਇਲਾਵਾ, ਇਹ ਕਿਸਾਨ ਭਾਈਚਾਰੇ ਨੂੰ ਖੇਤੀ ਦੀ ਲਾਗਤ ਘਟਾਉਣ, ਖੇਤੀ-ਕਾਰੋਬਾਰ ਸਥਾਪਤ ਕਰਨ ਲਈ ਉੱਦਮੀਆਂ, ਔਰਤਾਂ ਅਤੇ ਬੇਰੋਜ਼ਗਾਰ ਨੌਜਵਾਨਾਂ ਨੂੰ ਮੁੱਲ ਲੜੀ ਵਿੱਚ ਹਿੱਸਾ ਲੈਣ ਦੇ ਮੌਕੇ ਪ੍ਰਦਾਨ ਕਰਨ ਵਿੱਚ ਵੀ ਮਦਦ ਕਰੇਗਾ। ਇਸ ਮੌਕੇ ਡਾਇਰੈਕਟਰ ਬਾਗਬਾਨੀ,ਪੰਜਾਬ ਸ਼ੈਲਿੰਦਰ ਕੌਰ ਅਤੇ ਰਜਨੀਸ਼ ਕੁਮਾਰ ਦਹੀਆ (ਐਮ.ਐਲ.ਏ. ਫਿਰੋਜਪੁਰ ਦਿਹਾਤੀ), ਰਣਬੀਰ ਸਿੰਘ ਭੁੱਲਰ (ਐਮ.ਐਲ.ਏ. ਫਿਰੋਜਪੁਰ ਸਿਟੀ) ਅਤੇ ਫੌਜਾ ਸਿੰਘ ਸਰਾਰੀ (ਐਮ.ਐਲ.ਏ. ਗੁਰੂਹਰਸਹਾਏ) ਤੋਂ ਇਲਾਵਾ ਅਮਿਤ ਕੁਮਾਰ, ਆਈ.ਏ.ਐਸ. ਸੰਯੁਕਤ ਵਿਕਾਸ ਕਮਿਸ਼ਨਰ-ਕਮ-ਸੀ.ਈ.ਓ. ਪੀ.ਐਸ.ਆਰ.ਐਲ.ਐਮ. ਮੋਹਾਲੀ ਉੱਚੇਚੇ ਤੌਰ ਤੇ ਮੌਜੂਦ ਸਨ।
ਪੰਜਾਬ ਡੇਅਰੀ ਵਿਕਾਸ ਬੋਰਡ ਵੱਲੋਂ ਪਿੰਡ ਕਲਿਆਣ ਸੁੱਖਾ ਵਿਖੇ ਕੈਂਪ ਲਗਾਇਆ
ਪੰਜਾਬੀ ਖ਼ਬਰਸਾਰ ਬਿਉਰੋ
ਨਥਾਣਾ, 17 ਮਾਰਚ: ਪਸ਼ੂਆਂ ਦੇ ਦੁੱਧ ਉਤਪਾਦਨ ਦੀ ਸਮਰੱਥਾ ਵਧਾਉਣ, ਉਨ੍ਹਾਂ ਦੀ ਖੁਰਾਕ ਸਬੰਧੀ ਅਤੇ ਡੇਅਰੀ ਵਿਭਾਗ ਦੀਆ ਸਕੀਮਾਂ ਸੰਬੰਧੀ ਜਾਣਕਾਰੀ ਦੇਣ ਲਈ ਪੰਜਾਬ ਡੇਅਰੀ ਵਿਕਾਸ ਵਿਭਾਗ ਜ਼ਿਲ੍ਹਾ ਬਠਿੰਡਾ ਵੱਲੋ ਡਿਪਟੀ ਡਇਰੈਕਟਰ ਡੇਅਰੀ ਵਿਭਾਗ ਦੇ ਨਿਰਦੇਸ਼ਾ ਅਨੁਸਾਰ ਪਿੰਡ ਕਲਿਆਣ ਸੁੱਖਾ ਵਿਖੇ ਵਿਸ਼ੇਸ਼ ਕੈਂਪ ਲਗਾ ਕੇ ਕਿਸਾਨ ਵੀਰਾਂ ਨੂੰ ਜਾਣਕਾਰੀ ਦਿੱਤੀ ਗਈ। ਇਸ ਮੌਕੇ ਡੇਅਰੀ ਵਿਕਾਸ ਵਿਭਾਗ ਜ਼ਿਲ੍ਹਾ ਬਠਿੰਡਾ ਤੋਂ ਆਏ ਮਾਹਿਰ ਸ੍ਰੀ ਐਸ ਆਰ ਚੌਹਾਨ ਸਹਾਇਕ ਅਤੇ ਜੀ ਐਸ ਸਿੱਧੂ ਇੰਸਪੈਕਟਰ ਨੇ ਡੇਅਰੀ ਵਿਭਾਗ ਦੀਆ ਸਕੀਮਾਂ ਬਾਰੇ ਚਾਨਣਾ ਪਾਇਆ। ਪਸ਼ੂਆਂ ਦੇ ਮਾਹਰ ਰਾਜਿੰਦਰ ਪ੍ਰਸਾਦ ਗੁਪਤਾ ਵੱਲੋਂ ਪ੍ਰਜਨਨ ਪ੍ਰਕ੍ਰਿਆ ਸਬੰਧੀ ਜਾਣਕਾਰੀ ਦਿੱਤੀ ਅਤੇ ਮਾਰਕਫੈਡ ਵੱਲੋਂ ਆਏ ਨੁਮਾਇੰਦਿਆਂ ਨੇ ਮਾਰਕਫੈੱਡ ਦੀ ਫੀਡ ਦੀ ਗੁਣਵੱਤਾ ਬਾਰੇ ਜਾਣਕਾਰੀ ਦਿੱਤੀ। ਡਾਕਟਰ ਲਛਮਣ ਸਿੰਘ ਰਿਟਾਇਰਡ ਏਡੀਓ ਨੇ ਖੇਤੀ ਸੰਬੰਧੀ ਨੁਕਤੇ ਸਾਂਝੇ ਕੀਤੇ। ਸਟੇਟ ਬੈਂਕ ਆਫ ਇੰਡੀਆ ਬ੍ਰਾਂਚ ਕਲਿਆਣ ਸੁੱਖਾ ਦੀ ਤਰਫੋਂ ਸ੍ਰੀ ਅਮਰਦੀਪ ਪਾਲ ਫੀਲਡ ਅਫਸਰ ਵੱਲੋ ਬੈਂਕ ਦੁਆਰਾ ਦਿੱਤੀਆਂ ਜਾ ਰਹੀਆਂ ਸਕੀਮਾਂ ਬਾਰੇ ਕਿਸਾਨਾਂ ਨੂੰ ਜਾਣੂ ਕਰਵਾਇਆ। ਸਟੇਜ ਦਾ ਸੰਚਾਲਨ ਸਰਬ ਕਲਿਆਣ ਭਲਾਈ ਕਲੱਬ ਦੇ ਪ੍ਰਧਾਨ ਰਾਮ ਸਿੰਘ ਕਲਿਆਣ ਵੱਲੋਂ ਕੀਤਾ ਗਿਆ। ਇਸ ਕੈਂਪ ਵਿੱਚ ਜਗਮੋਹਨ ਸਿੰਘ ਵੱਲੋਂ ਵਿਸ਼ੇਸ਼ ਯੋਗਦਾਨ ਪਾਇਆ ਗਿਆ। ਗੁਰਪਿੰਦਰ ਸਿੰਘ, ਕੇਹਰ ਸਿੰਘ, ਸ਼ਾਮ ਸਿੰਘ, ਗੁਰਵਿੰਦਰ ਸਿੰਘ, ਬੂਟਾ ਸਿੰਘ, ਹਰਪ੍ਰੀਤ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਕਿਸਾਨ ਹਾਜ਼ਰ ਸਨ।
ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਸਰਕਾਰ ਵਿਰੁਧ ਇੱਕ ਸਾਲ ਪੂਰਾ ਹੋਣ ’ਤੇ ਦਿੱਤਾ ਧਰਨਾ
ਬਾਦਲ ਪ੍ਰਵਾਰ ਵਿਰੁਧ ਸਿਆਸੀ ਰੰਜਿਸ਼ ਤਹਿਤ ਦਿੱਤਾ ਗਿਆ ਪਰਚਾ: ਸੁਖਬੀਰ ਬਾਦਲ
ਸਿੱਖਾਂ ਦੀ ਮਿੰਨੀ ਪਾਰਲੀਮਾਨੀ ਤੋੜ ਕੇ ਹਰਿਆਣਾ ਤੇ ਦਿੱਲੀ ’ਚ ਆਰਐਸਐਸ ਨੇ ਕੀਤਾ ਕਬਜ਼ਾ
ਸੁਖਜਿੰਦਰ ਮਾਨ
ਬਠਿੰਡਾ, 17 ਮਾਰਚ: ਪੰਜਾਬ ਸਰਕਾਰ ਦੇ ਇੱਕ ਸਾਲ ਪੂਰਾ ਹੋਣ ’ਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਸ਼ੁਰੂ ਕੀਤੀ ਧਰਨੇ ਦੀ ਲੜੀ ਤਹਿਤ ਅੱਜ ਬਠਿੰਡਾ ਜ਼ਿਲ੍ਹੇ ਦੇ ਹਲਕਾ ਭੁੱਚੋ ਮੰਡੀ ਦੇ ਅਕਾਲੀ ਵਰਕਰਾਂ ਵੱਲੋਂ ਬਠਿੰਡਾ ਦੇ ਮਿਨੀ ਸਕੱਤਰੇਤ ਅੱਗੇ ਧਰਨਾ ਦਿੱਤਾ ਗਿਆ, ਜਿਸ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਿਸ਼ੇਸ਼ ਤੌਰ ’ਤੇ ਪੁੱਜੇ। ਇਸ ਮੌਕੇ ਸੁਖਬੀਰ ਸਿੰਘ ਬਾਦਲ ਨੇ ਆਪ ਸਰਕਾਰ ਨੂੰ ਘੇਰਦਿਆਂ ਦੋਸ਼ ਲਗਾਇਆ ਕਿ ਅੱਜ ਪੰਜਾਬ ’ਚ ਹਾਲਾਤ ਬਹੁਤ ਮਾੜੀ ਬਣੀ ਹੋਈ ਹੈ ਤੇ ਹਰ ਰੋਜ਼ ਕਤਲ ਹੋ ਰਹੇ ਹਨ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਦਾਅਵਾ ਕੀਤਾ ਕਿ ਅੱਜ ਪੰਜਾਬ ਨੂੰ ਸਰਕਾਰ ਨਹੀਂ, ਬਲਕਿ ਲਾਰੈਂਸ ਬਿਸਨੋਈ ਵਰਗੇ ਗੈਂਗਸਟਰ ਚਲਾ ਰਹੇ ਹਨ। ਉਹਨਾਂ ਕਿਹਾ ਕਿ ਹਾਲਾਤ ਇੰਨੇ ਮਾੜੇ ਹਨ ਜਿਸ ਕਾਰਨ ਪੰਜਾਬ ਤੋਂ ਇੰਡਸਟਰੀ ਬਾਹਰ ਜਾ ਰਹੀ ਹੈ ਤੇ ਆਮ ਆਦਮੀ ਸੁਰੱਖਿਅਤ ਮਹਿਸੂਸ ਨਹੀਂ ਕਰ ਰਿਹਾ। ਉਨ੍ਹਾਂ ਬਾਦਲ ਪ੍ਰਵਾਰ ਵਿਰੁਧ ਕੋਟਕਪੂਰਾ ਗੋਲੀ ਕਾਂਡ ’ਚ ਪਰਚਾ ਦੇਣ ਤੋਂ ਸਿਆਸੀ ਰੰਜਿਸ਼ ਕਰਾਰ ਦਿੰਦਿਆਂ ਐਲਾਨ ਕੀਤਾ ਕਿ ਉਹ ਇਸਨੂੰ ਕਦੇ ਨਹੀਂ ਭੁੱਲਣਗੇ ਤੇ ਸਮਾਂ ਆਉਣ ’ਤੇ ਜਵਾਬ ਦੇਣਗੇ। ਉਹਨਾਂ ਕਿਹਾ ਕਿ ਉਹ ਦਿਨ ਦੂਰ ਨਹੀਂ ਜਦੋਂ ਸਿੱਧੂ ਮੂਸੇਵਾਲਾ ਦੀ ਸੁਰੱਖਿਆ ਵਾਪਸ ਲੈਣ ਤੇ ਫਿਰ ਉਸਦਾ ਪ੍ਰਚਾਰ ਕਰਨ ਲਈ ਸ੍ਰੀ ਭਗਵੰਤ ਮਾਨ ’ਤੇ ਹੀ ਕੇਸ ਦਰਜ ਹੋਵੇਗਾ। ਉਨ੍ਹਾਂ ਕਿਹਾ ਕੇ ਇੱਕ ਸਾਲ ਬੀਤਣ ਦੇ ਬਾਵਜੂਦ ਆਪ ਸਰਕਾਰ ਨੇ ਪੰਜਾਬ ਵਿਚ ਕੋਈ ਕੰਮ ਨਹੀਂ ਕੀਤਾ ਹੈ ਤੇ ਜੇਕਰ ਕੋਈ ਕੰਮ ਕੀਤਾ ਹੈ ਤਾਂ ਉਹ ਮੁੱਖ ਮੰਤਰੀ ਸਾਹਿਤ ਮੰਤਰੀ ਅਤੇ ਐਮ ਐਲ ਏ ਵਿਆਹ ਕਰਵਾਉਣ ਲੱਗੇ ਹੋਏ ਹਨ ਕਿਉਂਕਿ ਉਨ੍ਹਾਂ ਨੂੰ ਪਤਾ ਹੈ ਕਿ ਪੰਜ ਸਾਲਾਂ ਬਾਅਦ ਇਹ ਵੀ ਨਹੀਂ ਹੋਣਾ ਹੈ। ਉਨ੍ਹਾਂ ਸਿਆਸੀ ਤੰਜ਼ ਕਸਦਿਆ ਕਿਹਾ ਕਿ ਜਿਨ੍ਹਾਂ ਨੂੰ ਕੋਈ ਪਿੰਡ ਵਿੱਚ ਸਤਿ ਸ੍ਰੀ ਅਕਾਲ ਬੁਲਾ ਕੇ ਰਾਜ਼ੀ ਨਹੀਂ ਸੀ ਅੱਜ ਉਹ ਐਮ ਐਲ ਏ ਬਣੇ ਹੋਏ ਹਨ। ਆਪ ਸਰਕਾਰ ਦੇ ਨਾਲ-ਨਾਲ ਭਾਜਪਾ ’ਤੇ ਸਿਆਸੀ ਹਮਲੇ ਕਰਦਿਆਂ ਸਾਬਕਾ ਉੱਪ ਮੁੱਖ ਮੰਤਰੀ ਨੇ ਕਿਹਾ ਕਿ ‘‘ ਅੱਜ ਸਿੱਖਾਂ ਦੀ ਮਿੰਨੀ ਪਾਰਲੀਮੈਂਟ ਵਜੋਂ ਜਾਣੀ ਜਾਂਦੀ ਸ਼੍ਰੋਮਣੀ ਗੁਰਦੂਆਰਾ ਪ੍ਰਬੰਧਕ ਕਮੇਟੀ ਸ਼੍ਰੀ ਅੰਮ੍ਰਿਤਸਰ ਸਾਹਿਬ ਨੂੰ ਤੋੜ ਕੇ ਹਰਿਆਣਾ ਤੇ ਦਿੱਲੀ ਵਿਚ ਆਰਐਸਐਸ ਵਲੋਂ ਕਬਜ਼ਾ ਕਰ ਲਿਆ ਗਿਆ ਹੈ। ’’ ਉਨ੍ਹਾਂ ਸ਼੍ਰੋਮਣੀ ਅਕਾਲੀ ਦਲ ਨੂੰ ਸਿੱਖਾਂ ਦੀ ਪੰਥਕ ਜਮਾਤ ਕਰਾਰ ਦਿੰਦਿਆਂ ਕਿਹਾ ਕਿ ਭਾਜਪਾ ਨੇ ਮੁਸਲਮਾਨਾਂ ਦੀ ਬਾਬਰੀ ਮਸਜਿਦ ਨੂੰ ਢਾਹਿਆ ਸੀ ਜਿਨ੍ਹਾਂ ਨੇ ਅੱਜ ਤੱਕ ਉਸਨੂੰ ਵੋਟ ਨਹੀਂ ਪਾਈ ਜਦੋਂ ਕੇ ਸਿੱਖਾਂ ਵੱਲੋਂ ਮੂਹਰੇ ਹੋ ਹੋ ਕੇ ਕਾਂਗਰਸ ਦੇ ਸਰੋਪੇ ਪਵਾਏ ਜਾ ਰਹੇ ਹਨ। ਸ਼੍ਰੋਮਣੀ ਅਕਾਲੀ ਦਲ ਨੂੰ ਪੰਜਾਬੀਆਂ ਦੀ ਅਸਲ ਵਾਰਸ ਅਤੇ ਕਿਸਾਨਾਂ ਮਜਦੂਰਾਂ ਦੀ ਸਭ ਤੋਂ ਵੱਡੀ ਹਮਦਰਦ ਜਮਾਤ ਕਰਾਰ ਦਿੰਦਿਆਂ ਦਲ ਦੇ ਪ੍ਰਧਾਨ ਨੇ ਪੰਜਾਬੀਆਂ ਨੂੰ ਅਪੀਲ ਕੀਤੀ ਕਿ ੇਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕੀਤਾ ਜਾਵੇ। ਇਸ ਮੌਕੇ ਹੋਏ ਧਰਨੇ ਨੂੰ ਸੀਨੀਅਰ ਆਗੂ ਬਲਵਿੰਦਰ ਸਿੰਘ ਭੂੰਦੜ, ਜ਼ਿਲ੍ਹਾ ਪ੍ਰਧਾਨ ਬਲਕਾਰ ਸਿੰਘ ਬਰਾੜ, ਹਲਕਾ ਨਿਗਰਾਨ ਜਗਸੀਰ ਸਿੰਘ ਜੱਗਾ ਕਲਿਆਣ, ਯੂਥ ਆਗੂ ਗਰਦੌਰ ਸਿੰਘ ਸੰਧੂ, ਪ੍ਰੀਤਮ ਸਿੰਘ ਖਿਆਲੀਵਾਲਾ, ਹਰਗੋਬਿੰਦ ਸਿੰਘ ਲਹਿਰਾਖਾਨਾ, ਸਰਪੰਚ ਜਗਮੀਤ ਸਿੰਘ ਭੋਖੜਾ, ਸਰਪੰਚ ਸੁਖਰਾਜ ਸਿੰਘ ਮਹਿਮਾ, ਇਕਬਾਲ ਸਿੰਘ ਬਰਕੰਦੀ, ਸਰਪੰਚ ਜਗਮੀਤ ਸਿੰਘ ਹਰਰਾਏਪੁਰ, ਜਥੈਦਾਰ ਗੁਰਤੇਜ ਸਿੰਘ ਤੇਜੀ ਆਦਿ ਹਾਜ਼ਰ ਸਨ।




