ਸੁਖਜਿੰਦਰ ਮਾਨ
ਬਠਿੰਡਾ, 17 ਮਾਰਚ: ਬਾਬਾ ਫ਼ਰੀਦ ਕਾਲਜ ਦੇ ਕਾਮਰਸ ਵਿਭਾਗ ਵੱਲੋਂ ਬੀ.ਐਫ.ਜੀ.ਆਈ. ਦੇ ਕਲਚਰਲ ਕਲੱਬ ਦੇ ਸਹਿਯੋਗ ਨਾਲ ਗਾਇਕੀ ਮੁਕਾਬਲਾ ’ਸੁਰ-ਸੰਗਮ-2023’ ਕਰਵਾਇਆ ਗਿਆ । ਇਸ ਗਤੀਵਿਧੀ ਦਾ ਮੰਤਵ ਵਿਦਿਆਰਥੀਆਂ ਵਿਚਕਾਰ ਸਹਿ-ਪਾਠਕ੍ਰਮ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਨਾ ਸੀ । ਫੈਕਲਟੀ ਆਫ਼ ਬਿਜ਼ਨਸ ਸਟੱਡੀਜ਼ ਦੇ ਕਾਮਰਸ ਵਿਭਾਗ ਨੇ ਵਿਦਿਆਰਥੀਆਂ ਵਿੱਚ ਆਤਮ ਵਿਸ਼ਵਾਸ , ਉਤਸ਼ਾਹ, ਮੌਜ ਮਸਤੀ, ਮਨੋਰੰਜਨ ਅਤੇ ਕਲਾਤਮਕ ਹੁਨਰ ਨੂੰ ਵਧਾਉਣ ਅਤੇ ਉਨ੍ਹਾਂ ਦੇ ਗਾਉਣ ਦੇ ਹੁਨਰ ਨੂੰ ਨਿਖਾਰਨ ਦਾ ਮੌਕਾ ਪ੍ਰਦਾਨ ਕਰਨ ਲਈ ਇਸ ਗਾਇਣ ਮੁਕਾਬਲੇ ਦਾ ਆਯੋਜਨ ਕੀਤਾ। ਇਸ ਸਮਾਗਮ ਵਿੱਚ ਬੀ.ਐਫ.ਜੀ.ਆਈ. ਦੇ ਕੁੱਲ 37 ਵਿਦਿਆਰਥੀਆਂ ਨੇ ਭਾਗ ਲਿਆ। ਇਸ ਗਾਇਕੀ ਮੁਕਾਬਲੇ ਦੀ ਜੱਜਮੈਂਟ ਕਾਲਜ ਦੇ ਅਲੂਮਨੀ ਪੁਸ਼ਪਿੰਦਰ ਸਿੰਘ (ਗਾਇਕ) ਅਤੇ ਅਲੂਮਨੀ ਅਵਨੀਤ ਕੌਰ ਸਿੱਧੂ (ਗਾਇਕ ਅਤੇ ਅਭਿਨੇਤਰੀ) ਨੇ ਕੀਤੀ । ਇਸ ਮੁਕਾਬਲੇ ਦੇ ਪਹਿਲੇ ਗੇੜ ਵਿੱਚ 7 ਵਿਦਿਆਰਥੀ ਸ਼ਾਰਟ ਲਿਸਟ ਕੀਤੇ ਗਏ ਜਿਨ੍ਹਾਂ ਨੇ ਦੂਸਰੇ ਗੇੜ ਵਿੱਚ ਆਪਣੀ ਗਾਇਕੀ ਦੇ ਸ਼ਾਨਦਾਰ ਜੌਹਰ ਦਿਖਾਏ। ਇਸ ਮੁਕਾਬਲੇ ਦੇ ਨਤੀਜੇ ਅਨੁਸਾਰ ਬੀ.ਸੀ.ਏ. ਦੇ ਵਿਦਿਆਰਥੀ ਹਰਮਨਪ੍ਰੀਤ ਸਿੰਘ, ਬੀ.ਟੈੱਕ ਦੀ ਵਿਦਿਆਰਥਣ ਸ਼ਿੰਦਰਪਾਲ ਕੌਰ ਅਤੇ ਬੀ.ਏ. ਦੇ ਵਿਦਿਆਰਥੀ ਕੁਲਬੀਰ ਸਿੰਘ ਨੇ ਇਸ ਗਾਇਣ ਮੁਕਾਬਲੇ ਵਿੱਚ ਕ੍ਰਮਵਾਰ ਪਹਿਲਾ, ਦੂਸਰਾ ਅਤੇ ਤੀਸਰਾ ਸਥਾਨ ਪ੍ਰਾਪਤ ਕੀਤਾ। ਫੈਕਲਟੀ ਆਫ਼ ਬਿਜ਼ਨਸ ਸਟੱਡੀਜ਼ ਦੀ ਡੀਨ (ਅਕਾਦਮਿਕ ਮਾਮਲੇ) ਸ਼੍ਰੀਮਤੀ ਨੀਤੂ ਸਿੰਘ, ਕਾਮਰਸ ਵਿਭਾਗ ਦੀ ਮੁਖੀ ਡਾ. ਅਮਨਪ੍ਰੀਤ ਨੇ ਜੇਤੂ ਵਿਦਿਆਰਥੀਆਂ ਨੂੰ ਟਰਾਫ਼ੀਆਂ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ। ਉਨ੍ਹਾਂ ਨੇ ਇਸ ਮੁਕਾਬਲੇ ਦੇ ਜੱਜ ਪੁਸ਼ਪਿੰਦਰ ਸਿੰਘ (ਅਲੂਮਨੀ ਤੇ ਗਾਇਕ) ਅਤੇ ਅਵਨੀਤ ਕੌਰ ਸਿੱਧੂ (ਅਲੂਮਨੀ, ਗਾਇਕ ਤੇ ਅਭਿਨੇਤਰੀ) ਨੂੰ ਵੀ ਯਾਦਗਾਰੀ ਚਿੰਨ੍ਹ ਭੇਂਟ ਕਰ ਕੇ ਸਨਮਾਨਿਤ ਕੀਤਾ। ਬੀ.ਐਫ.ਜੀ.ਆਈ. ਦੇ ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ ਨੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ ।
ਬਾਬਾ ਫ਼ਰੀਦ ਕਾਲਜ ਦੇ ਕਾਮਰਸ ਵਿਭਾਗ ਨੇ ਗਾਇਕੀ ਮੁਕਾਬਲਾ ’ਸੁਰ-ਸੰਗਮ-2023’ ਕਰਵਾਇਆ
ਮਿਸਰ ਦੀ ਧਰਤੀ ’ਤੇ ਗੁਰੂ ਕਾਸ਼ੀ ਯੂਨੀਵਰਸਿਟੀ ਦੇ ‘ਕਪਿਲ ਪਰਮਾਰ’ ਨੇ ਰਚਿਆ ਇਤਿਹਾਸ
ਪੁਰਤਗਾਲੀ ਮਿਗਉਲ ਵਿਅਰਾ ਨੂੰ ਚਿੱਤ ਕਰਕੇ ਬਣਿਆ ਵਿਸ਼ਵ ਦਾ ਨੰਬਰ ਇੱਕ ਜੂਡੋਕਾ
ਸੁਖਜਿੰਦਰ ਮਾਨ
ਬਠਿੰਡਾ, 17 ਮਾਰਚ: ਗੁਰੂ ਕਾਸ਼ੀ ਯੂਨੀਵਰਸਿਟੀ ਦੇ ਜੂਡੋਕਾ ਕਪਿਲ ਪਰਮਾਰ ਨੇ ਇਜੀਪਟ ਵਿਖੇ ਚੱਲ ਰਹੀ ਆਈ.ਬੀ. ਐੱਸ. ਏ ਪੈਰਾ ਜੂਡੋ ਗ੍ਰੈਂਡ ਪਰਿਕਸ ਜੇ ਵੱਨ ਚੈਂਪੀਅਨਸ਼ਿਪ 2023 ਦੇ -60 ਕਿਲੋ ਭਾਰ ਵਰਗ ਦੇ ਫਾਇਨਲ ਮੁਕਾਬਲੇ ਵਿੱਚ ਪੁਰਤਗਾਲ ਦੇ ਖਿਡਾਰੀ ਮਿਗਉਲ ਵਿਅਰਾ ਨੂੰ ਚਿੱਤ ਕਰਕੇ ਆਪਣੇ ਪੈਰਾ ਭਾਰ ਵਰਗ ਦਾ ਵਿਸ਼ਵ ਨੰਬਰ 1 ਖਿਡਾਰੀ ਬਣਿਆ। ਉਸਨੇ ਭਾਰਤ ਲਈ ਅਤੇ ਚੈਂਪੀਅਨਸ਼ਿਪ ਦਾ ਪਹਿਲਾ ਸੋਨ ਤਗਮਾ ਜਿੱਤਿਆ। ਖਿਡਾਰੀ ਦੀ ਇਸ ਪ੍ਰਾਪਤੀ ’ਤੇ ਵਧਾਈ ਦਿੰਦਿਆਂ ਉੁੱਪ ਕੁਲਪਤੀ ਪ੍ਰੋ.(ਡਾ.) ਐੱਸ.ਕੇ.ਬਾਵਾ ਨੇ ਦੱਸਿਆ ਕਿ ਜੀ.ਕੇ.ਯੂ ਦੇ ਖਿਡਾਰੀਆਂ ਵੱਲੋਂ ਅੰਤਰ ਰਾਸ਼ਟਰੀ ਪੱਧਰ ’ਤੇ ਲਗਾਤਾਰ ਪ੍ਰਾਪਤ ਕੀਤੀਆਂ ਜਾ ਰਹੀਆਂ ਸਫਲਤਾਵਾਂ ਨੂੰ ਵੇਖ ਕੇ ਲਗਦਾ ਹੈ ਕਿ ਇਹ ਖਿਡਾਰੀ ਜਲਦੀ ਹੀ ਏਸ਼ੀਆਈ ਅਤੇ ਓਲੰਪਿਕ ਖੇਡਾਂ ਵਿੱਚ ਤਗਮੇ ਜਿੱਤ ਕੇ ਵਰਸਿਟੀ, ਇਲਾਕੇ ਅਤੇ ਭਾਰਤ ਦਾ ਨਾਂ ਰੌਸ਼ਨ ਕਰਨਗੇ। ਉਨ੍ਹਾਂ ਇਹ ਵੀ ਦੱਸਿਆ ਕਿ ਕਪਿਲ ਪਰਮਾਰ ਪੈਰਾ ਓਲੰਪਿਕ ਖੇਡਾਂ ਵਿੱਚ ਭਾਰਤ ਦੀ ਪ੍ਰਤੀਨਿਧਤਾ ਕਰੇਗਾ। ਇਸ ਮੌਕੇ ਡਾਇਰੈਕਟਰ ਸਪੋਰਟਸ ਡਾ. ਰਾਜ ਕੁਮਾਰ ਸ਼ਰਮਾ ਨੇ ਦੱਸਿਆ ਕਿ ਇਸ ਚੈਂਪੀਅਨਸ਼ਿਪ ਵਿੱਚ ਦੁਨੀਆਂ ਭਰ ਦੇ 40 ਦੇਸ਼ਾਂ ਦੇ ਜੂਡੋਕਾ ਹਿੱਸਾ ਲੈ ਰਹੇ ਹਨ। ਉਨ੍ਹਾਂ ਪਰਮਾਰ ਦੀ ਇਸ ਪ੍ਰਾਪਤੀ ਦਾ ਸਿਹਰਾ ਵਰਸਿਟੀ ਪ੍ਰਬੰਧਕਾਂ ਵੱਲੋਂ ਖਿਡਾਰੀਆਂ ਨੂੰ ਦਿੱਤੀਆਂ ਜਾ ਰਹੀਆਂ ਸਹੂਲਤਾਂ, ਸੁਵਿਧਾਵਾਂ, ਕੋਚ ਸਾਹਿਬਾਨ ਦੀ ਕੋਚਿੰਗ, ਸਮਰਪਣ, ਖਿਡਾਰੀ ਦੀ ਮਿਹਨਤ ਅਤੇ ਲਗਾਤਾਰ ਅਭਿਆਸ ਸਿਰ ਬੰਨਿ੍ਹਆਂ। ਉਨ੍ਹਾਂ ਦੱਸਿਆ ਕਿ ਕਪਿਲ ਪਰਮਾਰ ਨੇ ਇਰਾਕੀ ਖਿਡਾਰੀ ਅਬਦੁਲ ਰਹਿਮਾਨ, ਚਾਇਨੀ ਜੂਡੋਕਾ ਸ਼ਿਵਨ ਜੂ ਅਤੇ ਉਰਗਵੇ ਖਿਡਾਰੀ ਹੈਨਰੀ ਬੋਰਗਸ ਨੂੰ ਹਰਾ ਕੇ ਇਹ ਪ੍ਰਾਪਤੀ ਹਾਸਿਲ ਕੀਤੀ ਹੈ।
ਸਮੇਂ ਸਿਰ ਪੈਨਸ਼ਨ ਸਬੰਧੀ ਕੇਸ ਮੁੱਖ ਦਫ਼ਤਰ ਨਾ ਭੇਜਣ ਵਾਲੇ ਪੀਐੱਸਪੀਸੀਐਲ ਦੇ ਅਧਿਕਾਰੀਆਂ ਨੂੰ ਸਖ਼ਤ ਤਾੜਨਾ
ਸੁਖਜਿੰਦਰ ਮਾਨ
ਬਠਿੰਡਾ, 17 ਮਾਰਚ : ਪੈਨਸ਼ਨਾਂ ਸਬੰਧੀ ਫਾਈਲਾਂ ਪੂਰੀਆਂ ਨਾ ਹੋਣ ਕਰਕੇ ਸੇਵਾਮੁਕਤ ਮੁਲਾਜ਼ਮਾਂ ਨੂੰ ਪੇਸ਼ ਆਉਣ ਵਾਲੀਆਂ ਸਮੱਸਿਆਵਾਂ ਦੇ ਮੱਦੇਨਜ਼ਰ ਪੀਐਸਪੀਸੀਐਲ ਦੇ ਸਬੰਧਤ ਅਫਸਰਾਂ ਨੂੰ ਸਖਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਅੱਜ ਇੱਥੇ ਪੀਐੱਸਪੀਸੀਐਲ ਪਟਿਆਲਾ ਮੁੱਖ ਦਫ਼ਤਰ ਤੋਂ ਪੰਜ ਮੈਂਬਰੀ ਇਕ ਟੀਮ ਸਥਾਨਕ ਫੀਲਡ ਹੋਸਟਲ ਵਿਖੇ ਪਹੁੰਚੀ, ਜਿਥੇ ਕਰੀਬ 21 ਡਵੀਜ਼ਨਾਂ ਨਾਲ ਸਬੰਧਤ ਸੁਪਰਡੰਟ ਅਤੇ ਅਕਾਊਂਟੈਂਟ ਪੈਨਸ਼ਨ ਸਬੰਧੀ ਕੇਸਾਂ ਦੀਆਂ ਫਾਈਲਾਂ ਲੈ ਕੇ ਪਹੁੰਚੇ ਹੋਏ ਸਨ। ਇਸ ਸਬੰਧੀ ਡਿਪਟੀ ਚੀਫ਼ ਇੰਜੀਨੀਅਰ (ਟੈਕ ਟੂ ਡਾਇਰੈਕਟਰ ਐਡਮਿਨ) ਸੁਖਵਿੰਦਰ ਸਿੰਘ ਅਤੇ ਡਿਪਟੀ ਚੀਫ਼ ਇੰਜੀਨੀਅਰ (ਹੈੱਡਕੁਆਟਰ) ਰੁਪਾਲੀ ਧਾਲੀਵਾਲ ਅਤੇ ਨਿਸ਼ੀ ਰਾਣੀ ਉਪ ਸਕੱਤਰ ਵੱਲੋਂ ਸ਼ੁਕਰਵਾਰ ਨੂੰ ਪੀਐਸਪੀਸੀਐਲ ਪੱਛਮ ਜ਼ੋਨ ਬਠਿੰਡਾ ਵਿਖੇ ਇਕ ਮੀਟਿੰਗ ਕੀਤੀ ਗਈ, ਜਿਸਦਾ ਉਦੇਸ਼ ਪੈਨਸ਼ਨਾਂ ਦੇ ਕੇਸਾਂ ਦਾ ਰਿਵਿਊ ਕਰਨਾ ਸੀ। ਇਸ ਮੌਕੇ ਟੀਮ ਵੱਲੋਂ ਬਠਿੰਡਾ ਸਰਕਲ, ਮੁਕਤਸਰ ਸਰਕਲ, ਫ਼ਰੀਦਕੋਟ ਸਰਕਲ, ਫ਼ਿਰੋਜ਼ਪੁਰ ਸਰਕਲ, ਪੀ ਤੇ ਐੱਮ ਸਰਕਲ ਬਠਿੰਡਾ ਦੇ ਅਫਸਰਾਂ ਪਾਸੋਂ ਸਬੰਧਤ ਕੇਸਾਂ ਦੀ ਡੂੰਘਾਈ ਨਾਲ ਜਾਣਕਾਰੀ ਲਈ ਗਈ ਅਤੇ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਗਈਆਂ। ਇਸ ਦੌਰਾਨ ਇੰਜ. ਸੁਖਵਿੰਦਰ ਸਿੰਘ ਨੇ ਦੱਸਿਆ ਕਿ ਪੀਐਸਪੀਸੀਐਲ ਦੇ ਪੈਨਸ਼ਨਰਾਂ ਨਾਲ ਜੁੜੇ 8/2022 ਤੋਂ 6/2023 ਤੱਕ ਦੇ ਸਾਰੇ ਕੇਸਾਂ ਦਾ ਨਿਪਟਾਰਾ ਕੀਤਾ ਗਿਆ ਤੇ ਜੁਲਾਈ 2023 ਤੋਂ ਦਸੰਬਰ 23 ਵਿਚਾਲੇ ਰਿਟਾਇਰ ਹੋ ਰਹੇ ਮੁਲਾਜ਼ਮਾਂ ਨਾਲ ਜੁੜੇ ਪੈਨਸ਼ਨਾਂ ਸਬੰਧੀ ਕੇਸਾਂ ਤੇ ਵਿਚਾਰ ਕੀਤਾ ਗਿਆ, ਤਾਂ ਜੋ ਉਨ੍ਹਾਂ ਨੂੰ ਆਪਣੇ ਰਿਟਾਇਰਮੈਂਟ ਸਬੰਧੀ ਲਾਭ ਸਮੇਂ-ਸਿਰ ਮਿਲ ਸਕਣ। ਉਨ੍ਹਾਂ ਕਿਹਾ ਕਿ 31 ਦਸੰਬਰ 2023 ਤਕ ਲੱਗਭਗ 900 ਮੁਲਾਜ਼ਮ ਨੌਕਰੀ ਰਿਟਾਇਰ ਹੋ ਰਹੇ ਹਨ। ਇਸ ਤੋ ਇਲਾਵਾ 16/4/2010 (ਜਦੋ ਤੋਂ ਕਾਰਪੋਰੇਸ਼ਨ ਬਨੀ) 31/12/22 ਤੱਕ ਦੇ 37 ਮ੍ਰਿਤਕ ਹੋਏ ਕਰਮਚਾਰੀਆਂ ਦੇ ਪੈਨਸ਼ਨ ਕੇਸਾਂ ਤੇ ਵਿਚਾਰ ਕੀਤਾ ਗਿਆ, ਜਿਨ੍ਹਾਂ ਵਿੱਚੋਂ 17 ਕੇਸਾਂ ਦਾ ਨਿਪਟਾਰਾ ਕੀਤਾ ਗਿਆ। ਇੰਜ. ਸੁਖਵਿੰਦਰ ਨੇ ਹੋਰ ਦੱਸਿਆ ਕਿ ਪੈਨਸ਼ਨਰਾਂ ਦੀ ਸੁਵਿਧਾ ਵਾਸਤੇ ਪੀਐੱਸਪੀਸੀਐੱਲ ਨੇ ’ਪੈਨਸ਼ਨ ਹੈਲਪਲਾਈਨ, ਵੀ ਆਪਣੇ ਪੈਨਸ਼ਨਰਾਂ ਵਾਸਤੇ ਸਥਾਪਤ ਕੀਤੀ ਹੈ। ਉਨ੍ਹਾਂ ਕਿਹਾ ਕਿ ਹੁਣ ਪੈਨਸ਼ਨਾਂ ਸਬੰਧੀ ਕੇਸਾਂ ਦਾ ਸਟੇਟਸ ਜਾਣਨ ਲਈ ਰਿਟਾਇਰ ਹੋ ਚੁੱਕੇ ਮੁਲਾਜ਼ਮ/ਮ੍ਰਿਤਕ ਮੁਲਾਜ਼ਮਾਂ ਦੇ ਬੱਚੇ ਤਹਿਸ਼ੁਦਾ ਫਾਰਮੈਟ ਹੇਠ ਹੈੱਲਪਲਾਈਨ ਮੋਬਾਇਲ ਨੰ. 9646115517 ਤੇ ਕਿਸੇ ਵੀ ਕੰਮਕਾਜੀ ਦਿਨ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਕਾਲ/ ਵਟਸਐਪ /ਐਸਐਮਐਸ ਕਰ ਸਕਦੇ ਹਨ, ਜਿਹੜਾ ਫਾਰਮੈਟ ਪੀਐੱਸਪੀਸੀਐੱਲ ਦੀ ਵੈੱਬਸਾਈਟ ਤੇ ਉਪਲੱਬਧ ਹੈ। ਇਸ ਤੋਂ ਇਲਾਵਾ, ਉਨ੍ਹਾਂ ਨੇ ਵਿਭਾਗ ਨੂੰ ਪ੍ਰਾਪਤ ਹੋਈਆਂ ਸ਼ਿਕਾਇਤਾਂ ਦੀ ਸਟੇਟਸ ਰਿਪੋਰਟ ਵੀ ਦੇਖੀ, ਤਾਂ ਜੋ ਇਨ੍ਹਾਂ ਦਾ ਜਲਦੀ ਤੋਂ ਜਲਦੀ ਨਿਪਟਾਰਾ ਕੀਤਾ ਜਾ ਸਕੇ। ਮੀਟਿੰਗ ਦੌਰਾਨ ਡਿਵੀਜ਼ਨਲ ਸੁਪਰਡੈਂਟ, ਸਰਕਲ ਸੁਪਰਡੈਂਟ ਅਤੇ ਅਕਾਊਂਟੈਂਟ ਮੌਜੂਦ ਰਹੇ।
ਹਾੜ੍ਹੀ ਦੀ ਫ਼ਸਲ ਸੰਭਾਲ ਅਤੇ ਸਾਉਣੀ ਦੀ ਸੁਚੱਜੀ ਕਾਸ਼ਤ ਲਈ ਕੈਂਪ ਆਯੋਜਿਤ
ਫ਼ਸਲੀ ਵਿਭਿੰਨਤਾ ਮੌਜੂਦਾ ਸਮੇਂ ਦੀ ਮੁੱਖ ਲੋੜ : ਡਾ: ਦਿਲਬਾਗ ਸਿੰਘ
ਸੁਖਜਿੰਦਰ ਮਾਨ
ਬਠਿੰਡਾ, 17 ਮਾਰਚ : ਹਾੜੀ ਦੀਆਂ ਫ਼ਸਲਾਂ ਸਬੰਧੀ ਜਾਣਕਾਰੀ ਮੁਹੱਈਆ ਕਰਨ ਅਤੇ ਆਉਣ ਵਾਲੀ ਸਾਉਣੀ ਦੀ ਫ਼ਸਲ ਦੀ ਸੁਚੱਜੀ ਕਾਸ਼ਤ ਕਰਨ ਬਾਰੇ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਪਿੰਡ ਬੱਲੂਆਣਾ ਵਿਖੇ ਡਾ ਬਲਜਿੰਦਰ ਸਿੰਘ ਦੀ ਅਗਵਾਈ ਹੇਠ ਕਿਸਾਨ ਕੈਂਪ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਵੱਡੀ ਗਿਣਤੀ ’ਚ ਕਿਸਾਨਾਂ ਨੇ ਸ਼ਿਰਕਤ ਕੀਤੀ। ਕੈਂਪ ਦੌਰਾਨ ਮੁੱਖ ਖੇਤੀਬਾੜੀ ਅਫ਼ਸਰ ਡਾ: ਦਿਲਬਾਗ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਫ਼ਸਲੀ ਵਿਭਿੰਨਤਾ ਅੱਜ ਦੇ ਸਮੇਂ ਦੀ ਲੋੜ ਹੈ। ਉਨ੍ਹਾਂ ਕਿਸਾਨਾਂ ਨੂੰ ਫ਼ਸਲੀ ਵਿਭਿੰਨਤਾ ਅਪਣਾਉਣ ਲਈ ਪ੍ਰੇਰਿਤ ਕੀਤਾ ਤਾਂ ਜੋ ਖੇਤੀਬਾੜੀ ਦੇ ਧੰਦੇ ਨੂੰ ਹੋਰ ਪ੍ਰਫੁੱਲਤ ਕਰਦਿਆਂ ਆਮਦਨ ਵਿੱਚ ਵਾਧਾ ਕੀਤਾ ਜਾ ਸਕੇ। ਉਨ੍ਹਾਂ ਕਿਸਾਨਾਂ ਨੂੰ ਭਰੋਸਾ ਦਿਵਾਇਆ ਕਿ ਸਾਉਣੀ ਦੇ ਸੀਜਨ ਲਈ ਮਿਆਰੀ ਬੀਜ, ਖਾਦਾਂ ਤੇ ਦਵਾਈਆਂ ਮੁਹੱਈਆ ਕਰਾਉਣ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ, ਤਾਂ ਜੋ ਕਿਸਾਨਾਂ ਨੂੰ ਕਿਸੇ ਕਿਸਮ ਦੀ ਕੋਈ ਮੁਸ਼ਕਿਲ ਨਾ ਆਵੇ। ਉਨ੍ਹਾਂ ਕਿਸਾਨਾਂ ਨੂੰ ਇਹ ਸੁਝਾਅ ਵੀ ਦਿੱਤਾ ਕਿ ਉਹ ਫਸਲਾਂ ਨੂੰ ਬੀਮਾਰੀਆਂ ਤੋਂ ਬਚਾਉਣ ਲਈ ਸਮੇਂ-ਸਮੇਂ ਖੇਤੀ ਮਾਹਰਾਂ ਦੀ ਰਾਇ ਅਨੁਸਾਰ ਹੀ ਦਵਾਈਆਂ, ਖਾਦਾਂ ਆਦਿ ਦੀ ਵਰਤੋਂ ਕਰਨ। ਇਸ ਉਪਰੰਤ ਖੇਤੀਬਾੜੀ ਵਿਕਾਸ ਅਫ਼ਸਰ ਡਾ: ਲਵਪ੍ਰੀਤ ਕੌਰ ਨੇ ਕਿਸਾਨਾਂ ਨੂੰ ਨਰਮੇਂ ਦੀਆਂ ਛਟੀਆਂ ਦਾ ਪ੍ਰਬੰਧਨ ਕਰਨ ਅਤੇ ਛਟੀਆਂ ਦੀ ਰਹਿੰਦ-ਖੂੰਹਦ ਅਤੇ ਖੇਤਾਂ ਦੀਆਂ ਵੱਟਾਂ ਆਦਿ ਤੇ ਨਦੀਨਾਂ ਨੂੰ ਨਸ਼ਟ ਕਰਨ ਦਾ ਸੁਝਾਅ ਦਿੱਤਾ ਤਾਂ ਜੋ ਫ਼ਸਲਾਂ ਨੂੰ ਕੀਟ ਪਤੰਗਿਆਂ ਤੋਂ ਬਚਾਇਆ ਜਾ ਸਕੇ। ਖੇਤੀਬਾੜੀ ਵਿਕਾਸ ਅਫ਼ਸਰ ਡਾ: ਜਸਵਿੰਦਰ ਸਿੰਘ ਵੱਲੋਂ ਹਾੜ੍ਹੀ ਦੀਆਂ ਫ਼ਸਲਾਂ, ਕਣਕ ਸਰੋਂ ਦੇ ਬੀਜਾਂ ਬਾਰੇ ਭਰਪੂਰ ਜਾਣਕਾਰੀ ਦਿੱਤੀ। ਖੇਤੀਬਾੜੀ ਵਿਕਾਸ ਅਫ਼ਸਰ ਟਰੇਨਿੰਗ ਡਾ. ਹਰਦੀਪ ਸਿੰਘ ਵੱਲੋਂ ਹਾੜ੍ਹੀ ਦੀਆਂ ਫ਼ਸਲਾਂ ਦੀ ਸਮੇਂ ਦੀ ਨਿਜ਼ਾਕਤ ਦੇ ਹਿਸਾਬ ਤਕਨੀਕੀ ਜਾਣਕਾਰੀ ਤੇ ਬਿਮਾਰੀਆਂ ਦੀ ਰੋਕਥਾਮ ਅਤੇ ਸਾਉਣੀ ਦੀਆਂ ਫ਼ਸਲਾਂ ਦੀ ਸੁਚੱਜੀ ਕਾਸ਼ਤ ਸਬੰਧੀ ਸੁਝਾਅ ਸਾਂਝੇ ਕੀਤੇ। ਇਸ ਦੌਰਾਨ ਮਿੱਟੀ ਟੈਸਟਿੰਗ ਅਫ਼ਸਰ ਡਾ: ਬਲਜਿੰਦਰ ਸਿੰਘ ਦੀ ਅਗਵਾਈ ’ਚ ਡਾ: ਹਰਪ੍ਰੀਤ ਸਿੰਘ ਵੱਲੋਂ ਮਿੱਟੀ ਟੈਸਟਿੰਗ ਮੋਬਾਇਲ ਵੈਨ ਤੇ ਪਾਣੀ ਦਾ ਟੈਸਟ ਕੀਤਾ ਗਿਆ। ਇਸ ਮੌਕੇ ਅਮਨਵੀਰ ਕੌਰ ਉਪ ਨਿਰੀਖਕ, ਗੁਰਮੀਤ ਸਿੰਘ ਉਪ ਨਿਰੀਖਕ, ਗੁਰਮਿਲਾਪ ਸਿੰਘ ਬੀ ਟੀ ਐੱਮ ਨੇ ਵੀ ਕਿਸਾਨਾਂ ਨਾਲ ਗੱਲਬਾਤ ਕਰਦਿਆਂ ਆਪਣੇ ਵਡਮੁੱਲੇ ਸੁਝਾਅ ਪੇਸ਼ ਕੀਤੇ। ਇਸ ਦੌਰਾਨ ਵਿਭਾਗ ਦੇ ਕਰਮਚਾਰੀ ਸ੍ਰੀ ਸੁਰਿੰਦਰ ਸਿੰਘ ਵੱਲੋਂ ਕਿਸਾਨਾਂ ਨੂੰ ਨਰਮੇ ਸਬੰਧੀ ਲਿਟਰੇਚਰ ਮੁਹੱਈਆ ਕਰਵਾਇਆ ਗਿਆ।ਕੈਂਪ ਦੇ ਅਖੀਰ ਵਿੱਚ ਸ੍ਰੀ ਹੀਰਾ ਲਾਲ ਖੇਤੀਬਾੜੀ ਵਿਸਥਾਰ ਅਫ਼ਸਰ ਦਿਉਣ ਨੇ ਕੈਂਪ ਵਿੱਚ ਆਏ ਕਿਸਾਨਾਂ ਆਦਿ ਦਾ ਧੰਨਵਾਦ ਕੀਤਾ।
ਅਦਾਲਤ ਨੇ ਵਿਧਾਇਕ ਅਮਿਤ ਰਤਨ ਨੂੰ ਮੁੜ ਭੇਜਿਆ ਜੇਲ੍ਹ
ਪਟਿਆਲਾ ਜੇਲ੍ਹ ਤੋਂ ਵੀਡੀਓ ਕਾਨਫਰੰਸ ਰਾਹੀ ਭੁਗਤੀ ਪੇਸ਼ੀ
ਸੁਖਜਿੰਦਰ ਮਾਨ
ਬਠਿੰਡਾ, 16 ਮਾਰਚ: ਭ੍ਰਿਸਟਾਚਾਰ ਦੇ ਮੁੱਦੇ ’ਚ ਲੰਘੀ 22 ਫ਼ਰਵਰੀ ਨੂੰ ਗ੍ਰਿਫਤਾਰ ਕੀਤੇ ਗਏ ਹਲਕਾ ਬਠਿੰਡਾ ਦਿਹਾਤੀ ਦੇ ਵਿਧਾਇਕ ਅਮਿਤ ਰਤਨ ਦੀ ਅਦਾਲਤ ਨੇ 14 ਦਿਨਾਂ ਲਈ ਨਿਆਂਇਕ ਹਿਰਾਸਤ ਵਧਾ ਦਿੱਤੀ ਹੈ। ਗੈਂਗਸਟਰਾਂ ਤੋਂ ਖ਼ਤਰਾ ਹੋਣ ਦੇ ਚੱਲਦੇ ਪਟਿਆਲਾ ਜੇਲ੍ਹ ’ਚ ਬੰਦ ਵਿਧਾਇਕ ਵਲੋਂ ਅੱਜ ਵੀਡੀਓ ਕਾਨਫਰੰਸ ਰਾਹੀਂ ਬਠਿੰਡਾ ਦੇ ਵਧੀਕ ਸੈਸਨ ਰਾਮ ਕੁਮਾਰ ਗੋਇਲ ਦੀ ਅਦਾਲਤ ਵਿਚ ਪੇਸ਼ੀ ਭੁਗਤੀ ਗਈ। ਇਸ ਦੌਰਾਨ ਅਦਾਲਤ ਨੇ ਉਨ੍ਹਾਂ ਨੂੰ ਮੁੜ ਨਿਆਇਕ ਹਿਰਾਸਤ ਵਿਚ ਭੇਜਣ ਦਾ ਫੈਸਲਾ ਸੁਣਾਇਆ। ਜਦੋਂਕਿ ਵਿਧਾਇਕ ਦੇ ਪੀਏ ਰਿਸ਼ਮ ਗਰਗ ਪਹਿਲਾਂ ਹੀ ਨਿਆਂਇਦ ਹਿਰਾਸਤ ਤਹਿਤ ਬਠਿੰਡਾ ਦੀ ਕੇਂਦਰੀ ਜੇਲ੍ਹ ਵਿਚ ਬੰਦ ਹਨ। ਦੂਜੇ ਪਾਸੇ ਵਿਜੀਲੈਂਸ ਬਿਉਰੋ ਵਲੋਂ ਵਿਧਾਇਕ ਦੀ ਅਵਾਜ਼ ਦੇ ਨਮੂਨੇ ਲੈਣ ਲਈ ਅਦਾਲਤ ਦਾ ਰੁੱਖ ਕੀਤਾ ਗਿਆ ਹੈ। ਅਧਿਕਾਰੀਆਂ ਨੂੰ ਉਮੀਦ ਹੈ ਕਿ ਜਲਦੀ ਹੀ ਅਦਾਲਤ ਕੋਲੋ ਵਿਧਾਇਕ ਦੀ ਅਵਾਜ਼ ਦੇ ਨਮੂਨੇ ਲੈਣ ਦੀ ਇਜ਼ਾਜਤ ਮਿਲ ਜਾਵੇਗੀ। ਦਸਣਾ ਬਣਦਾ ਹੈ ਕਿ ਕਰੀਬ ਇੱਕ ਮਹੀਨਾ ਪਹਿਲਾਂ 16 ਫ਼ਰਵਰੀ ਨੂੰ ਵਿਜੀਲੈਂਸ ਬਿਉਰੋ ਦੀ ਟੀਮ ਨੇ ਬਠਿੰਡਾ ਦੇ ਸਰਕਟ ਹਾਊਸ ਵਿਚ ਟਰੈਪ ਲਗਾ ਕੇ ਪਿੰਡ ਘੁੱਦਾ ਦੀ ਮਹਿਲਾ ਸਰਪੰਚ ਸੀਮਾ ਰਾਣੀ ਦੇ ਪਤੀ ਪ੍ਰਿਤਪਾਲ ਕਾਕਾ ਤੋਂ ਪੰਚਾਇਤੀ ਗਰਾਂਟ ਨੂੰ ਜਾਰੀ ਕਰਵਾਉਣ ਬਦਲੇ ਚਾਰ ਲੱਖ ਰੁਪਏ ਦੀ ਰਿਸ਼ਵਤ ਲੈਂਦੇ ਹੋਏ ਵਿਧਾਇਕ ਅਮਿਤ ਰਤਨ ਕੋਟਫੱਤਾ ਦੇ ਪ੍ਰਾਈਵੇਟ ਪੀਏ ਰਿਸਮ ਗਰਗ ਨੂੰ ਗ੍ਰਿਫਤਾਰ ਕੀਤਾ ਸੀ। ਇਸ ਗ੍ਰਿਫਤਾਰੀ ਮੌਕੇ ਸਰਕਟ ਹਾਊਸ ਵਿਚ ਵਿਧਾਇਕ ਵੀ ਮੌਜੂਦ ਸਨ। ਬਾਅਦ ਵਿਚ ਸਿਕਾਇਤਕਰਤਾ ਵਲੋਂ ਵਿਧਾਇਕ ਵਲੋਂ ਪੈਸੇ ਮੰਗੇ ਜਾਣ ਦੀ ਆਡੀਓ ਮੁਹੱਈਆਂ ਕਰਵਾਉਣ ਤੋਂ ਬਾਅਦ ਵਿਜੀਲੈਂਸ ਨੇ 21 ਫ਼ਰਵਰੀ ਨੂੰ ਅਮਿਤ ਰਤਨ ਨੂੰ ਵੀ ਇਸ ਕੇਸ ਵਿਚ ਨਾਮਜਦ ਕਰ ਲਿਆ ਸੀ। ਜਿਸਤੋਂ ਬਾਅਦ 22 ਫ਼ਰਵਰੀ ਦੀ ਰਾਤ ਨੂੰ ਸੰਭੂ ਬਾਰਡਰ ਨਜਦੀਕ ਗ੍ਰਿਫਤਾਰ ਕਰ ਲਿਆ ਸੀ।
’ਆਪ’ ਨੇ ਇੱਕ ਸਾਲ ਦੇ ਰਾਜ ਵਿੱਚ ਪੰਜਾਬ ਦੇ ਲੋਕਾਂ ਨੂੰ ਮਾੜਾ ਪ੍ਰਸ਼ਾਸਨ ਦਿੱਤਾ: ਬਾਜਵਾ
’ਆਪ’ ਦੇ ਇੱਕ ਸਾਲ ਦੇ ਸ਼ਾਸਨ ਕਾਲ ਵਿੱਚ, ਸੂਬਾ ਆਰਥਿਕ ਮੰਦੀ ਵਿੱਚ ਡੁੱਬ ਗਿਆ: ਵਿਰੋਧੀ ਧਿਰ ਦੇ ਆਗੂ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 16 ਮਾਰਚ: ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਇੱਕ ਸਾਲ ਦੇ ਸ਼ਾਸਨ ਨੂੰ ਮਾੜੇ ਸ਼ਾਸਨ ਦਾ ਸਾਲ ਕਰਾਰ ਦਿੰਦੇ ਹੋਏ, ਪੰਜਾਬ ਦੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਵੀਰਵਾਰ ਨੂੰ ਕਿਹਾ ਕਿ ’ਆਪ’ ਰਾਜ ਦੇ ਇੱਕ ਸਾਲ ਦੇ ਸ਼ਾਸਨ ਕਾਲ ਵਿੱਚ ਪੰਜਾਬ ਆਰਥਿਕ ਮੰਦੀ ਵਿੱਚ ਫਸ ਗਿਆ ਹੈ। ਇਸ ਤੋਂ ਇਲਾਵਾ ਪੰਜਾਬ ਵਿਚ ਅਮਨ ਕਾਨੂੰਨ ਦੀ ਸਥਿਤੀ ਪੂਰੀ ਤਰਾਂ ਢਹਿ-ਢੇਰੀ ਹੋ ਗਈ। ਸੀਨੀਅਰ ਕਾਂਗਰਸੀ ਆਗੂ ਬਾਜਵਾ ਨੇ ਕਿਹਾ ਕਿ ਜਦੋਂ ਤੋਂ ’ਆਪ’ ਨੇ ਸੂਬੇ ਦੇ ਸ਼ਾਸਨ ਦੀ ਲਗਾਮ ਫੜੀ ਹੈ, ਉਦੋਂ ਤੋਂ ਹੀ ਸੂਬੇ ਵਿੱਚ ਅਪਰਾਧ ਦੀ ਦਰ ਵਿੱਚ ਵਾਧਾ ਹੋਇਆ ਹੈ। ਪੰਜਾਬ ਅਸਲ ਵਿੱਚ ਇੱਕ ਗੈਂਗਲੈਂਡ ਬਣ ਗਿਆ ਹੈ। ਅੱਜ ਵੀ ਚੰਡੀਗੜ੍ਹ ਪੁਲਿਸ ਨੇ ਕੁੱਝ ਬਦਨਾਮ ਗਿਰੋਹ ਦੇ ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ ਨੇ ਪੰਜਾਬ ਵਿੱਚ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਦੀ ਸਾਜ਼ਿਸ਼ ਰਚੀ ਸੀ। ਮੈਨੂੰ ਦੁਹਰਾਉਣ ਦੀ ਲੋੜ ਨਹੀਂ ਹੈ ਕਿਉਂਕਿ ਪੰਜਾਬ ਦੇ ਲੋਕ ਪਹਿਲਾਂ ਹੀ ਜਾਣਦੇ ਹਨ। ਪੰਜਾਬ ਅਮਨ ਕਾਨੂੰਨ ਦੀ ਸਥਿਤੀ ਨੂੰ ਕਾਇਮ ਰੱਖਣ ਵਿਚ ਬੁਰੀ ਤਰ੍ਹਾਂ ਅਸਫਲ ਰਿਹਾ। ਬਾਜਵਾ ਨੇ ਅੱਗੇ ਕਿਹਾ ਕਿ ਪਿਛਲੇ ਸਾਲ ਜੋ ਸਭ ਤੋਂ ਗੰਭੀਰ ਅਪਰਾਧ ਹੋਏ, ਉਨ੍ਹਾਂ ਵਿੱਚ ਮੁਹਾਲੀ ਵਿੱਚ ਇੰਟੈਲੀਜੈਂਸ ਹੈੱਡਕੁਆਰਟਰ ’ਤੇ ਆਰਪੀਜੀ ਹਮਲਾ, ਸਿੱਧੂ ਮੂਸੇਵਾਲਾ ਦਾ ਕਤਲ, ਗੋਲਡੀ ਬਰਾੜ ਦੀ ਗ੍ਰਿਫ਼ਤਾਰੀ ’ਤੇ ਮੁੱਖ ਮੰਤਰੀ ਭਗਵੰਤ ਦੇ ਝੂਠੇ ਦਾਅਵੇ, ਨਕੋਦਰ ਕੱਪੜਾ ਵਪਾਰੀ ਟਿੰਮੀ ਚਾਵਲਾ ਦੀ ਹੱਤਿਆ, ਗੈਂਗਸਟਰ ਦੀਪਕ ਟੀਨੂੰ ਫ਼ਰਾਰ ਹੋਣਾ ਅਤੇ ਅਜਨਾਲਾ ਹਿੰਸਾ ਸ਼ਾਮਲ ਹਨ।ਬਾਜਵਾ ਨੇ ਕਿਹਾ ਕਿ ’ਆਪ’ ਸਰਕਾਰ ਨੇ 2022 ਦੀਆਂ ਚੋਣਾਂ ਤੋਂ ਪਹਿਲਾਂ ਵੋਟਾਂ ਹਾਸਲ ਕਰਨ ਲਈ ਲੋਕਾਂ ਨਾਲ ਝੂਠ ਬੋਲਿਆ ਸੀ। ’ਆਪ’ ਵੱਲੋਂ ਕੀਤੇ ਗਏ ਵੱਖ-ਵੱਖ ਵਾਅਦੇ ਵਿਅਰਥ ਚਲੇ ਗਏ ਜਾਪਦੇ ਹਨ। ਬਾਜਵਾ ਨੇ ਅੱਗੇ ਕਿਹਾ ਕਿ ਸਰਕਾਰ ਨੂੰ ਇਹ ਦੱਸਣਾ ਚਾਹੀਦਾ ਹੈ ਕਿ 18 ਸਾਲ ਤੋਂ ਵੱਧ ਉਮਰ ਦੀਆਂ ਔਰਤਾਂ ਨੂੰ 1000 ਰੁਪਏ ਪ੍ਰਤੀ ਮਹੀਨਾ ਦੇਣ ਤੋਂ ਕਿਸ ਨੇ ਉਸ ਨੂੰ ਰੋਕਿਆ, ਜੋ ’ਆਪ’ ਦਾ ਫਲੈਗਸ਼ਿਪ ਪ੍ਰੋਗਰਾਮ ਸੀ। ਨਿਰਾਸ਼ਾਜਨਕ ਕੋਸ਼ਿਸ਼ਾਂ ਦੇ ਬਾਵਜੂਦ, ਰੇਤ ਅਜੇ ਵੀ ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਹੈ। ਕਿਸਾਨਾਂ ਨਾਲ ਕੀਤੇ ਵਾਅਦੇ ਪੂਰੇ ਨਹੀਂ ਕੀਤੇ ਗਏ। ਮੂੰਗੀ ਦੀ ਦਾਲ ਐਮਐਸਪੀ ’ਤੇ ਨਹੀਂ ਖ਼ਰੀਦੀ ਗਈ ਸੀ। ਪਰਾਲੀ ਪ੍ਰਬੰਧਨ ਲਈ ਕਿਸਾਨਾਂ ਨੂੰ ਕੋਈ ਨਕਦ ਪ੍ਰੋਤਸਾਹਨ ਨਹੀਂ ਦਿੱਤਾ ਗਿਆ ਸੀ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਵੱਡੇ-ਵੱਡੇ ਦਾਅਵਿਆਂ ਦੇ ਬਾਵਜੂਦ, ਕਿਸਾਨਾਂ ਵਿੱਚ ਆਤਮ ਹੱਤਿਆ ਨੂੰ ਰੋਕਿਆ ਨਹੀਂ ਜਾ ਸਕਿਆ।ਵਿਰੋਧੀ ਧਿਰ ਦੇ ਨੇਤਾ ਨੇ ਕਿਹਾ ਕਿ ਅਰਥਸ਼ਾਸਤਰੀਆਂ ਨੇ ਪਹਿਲਾਂ ਹੀ ਭਵਿੱਖਬਾਣੀ ਕੀਤੀ ਹੈ ਕਿ ਸੂਬੇ ਵਿੱਚ ਕਰਜ਼ਾ ਇਸ ਮਹੀਨੇ ਦੇ ਅੰਤ ਤੱਕ 3,12,758.24 ਕਰੋੜ ਰੁਪਏ ਤੱਕ ਪਹੁੰਚ ਜਾਵੇਗਾ ਅਤੇ ਆਉਣ ਵਾਲੇ ਵਿੱਤੀ ਸਾਲ 2023-24 ਦੇ ਅੰਤ ਤੱਕ ਇਹ ਹੋਰ ਵਧ ਕੇ 3,47,542.39 ਕਰੋੜ ਰੁਪਏ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਸੂਬੇ ਦੀ ਵਿੱਤੀ ਸਿਹਤ ਨੂੰ ਨਾ ਪੂਰਾ ਹੋਣ ਵਾਲਾ ਨੁਕਸਾਨ ਹੋਇਆ ਹੈ। ਹਾਲਾਂਕਿ, ’ਆਪ’ ਪਹਿਲੇ ਪੰਨੇ ਦੇ ਇਸ਼ਤਿਹਾਰਾਂ ਨਾਲ ਝੂਠੇ ਪ੍ਰਚਾਰ ’ਤੇ ਟੈਕਸਦਾਤਾਵਾਂ ਦਾ ਪੈਸਾ ਬਰਬਾਦ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਸੁਚਾਰੂ ਢੰਗ ਨਾਲ ਕੰਮ ਕਰ ਰਹੀ ਸਿਹਤ ਪ੍ਰਣਾਲੀ ਨੂੰ ਬਰਬਾਦ ਕਰ ਦਿੱਤਾ ਗਿਆ ਹੈ ਤਾਂ ਜੋ ਦਿੱਲੀ ਵਿੱਚ ਮਾੜਾ ਸਿਹਤ ਮਾਡਲ ਨੂੰ ਦੁਹਰਾਇਆ ਜਾ ਸਕੇ। ਮਾਹਿਰਾਂ ਦੀ ਭਾਰਤੀ ਕਰਨ ਜਾਂ ਬੁਨਿਆਦੀ ਢਾਂਚੇ ਨੂੰ ਉੱਚਾ ਚੁੱਕਣ ਦੀ ਬਜਾਏ, ਪੰਜਾਬ ਵਿੱਚ ਸਿਹਤ ਕੇਂਦਰਾਂ ਅਤੇ ਡਿਸਪੈਂਸਰੀਆਂ ਦਾ ਨਾਮ ਬਦਲ ਕੇ ਆਮ ਆਦਮੀ ਪਾਰਟੀ ਦੇ ਨਾਮ ’ਤੇ ਕਰ ਦਿੱਤਾ ਗਿਆ।
ਅਗਲੀ ਸਰਕਾਰ ਲਈ ਨਹੀਂ, ਸਗੋਂ ਅਗਲੀ ਪੀੜ੍ਹੀ ਦਾ ਭਵਿੱਖ ਬਿਹਤਰ ਬਣਾਉਣ ਲਈ ਕਰ ਰਹੇ ਹਾਂ ਕੰਮ: ਮੁੱਖ ਮੰਤਰੀ
ਲੋਕਾਂ ਨੂੰ ਦਿੱਤੀਆਂ ਗਾਰੰਟੀਆਂ ਇਕ ਸਾਲ ’ਚ ਹੀ ਕੀਤੀਆਂ ਪੂਰੀਆਂ
ਆਮ ਆਦਮੀ ਦੀ ਸਰਕਾਰ ਦਾ ਇਕ ਸਾਲ ਪੂਰਾ ਹੋਣ ’ਤੇ ਪੰਜਾਬੀਆਂ ਨੂੰ ਦਿੱਤੀ ਵਧਾਈ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 16 ਮਾਰਚ: ਪਿਛਲੇ ਇਕ ਸਾਲ ਵਿੱਚ ਪੰਜਾਬ ਦੇ ਲਾਮਿਸਾਲ ਵਿਕਾਸ ਦਾ ਪਹਿਲਾ ਪੜਾਅ ਸਫ਼ਲਤਾਪੂਰਵਕ ਮੁਕੰਮਲ ਕਰਨ ਬਾਰੇ ਦੱਸਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਅਸੀਂ ਅਗਲੀ ਸਰਕਾਰ ਬਣਾਉਣ ਲਈ ਨਹੀਂ, ਸਗੋਂ ਅਗਲੀਆਂ ਪੀੜ੍ਹੀਆਂ ਦੀ ਖ਼ੁਸ਼ਹਾਲੀ ਲਈ ਅਣਥੱਕ ਮਿਹਨਤ ਕਰ ਰਹੇ ਹਾਂ।ਆਪਣੀ ਸਰਕਾਰ ਦੇ ਕਾਰਜਕਾਲ ਦਾ ਇਕ ਵਰ੍ਹਾ ਮੁਕੰਮਲ ਹੋਣ ਮਗਰੋਂ ਪੰਜਾਬੀਆਂ ਲਈ ਵੀਡੀਓ ਸੰਦੇਸ਼ ਵਿੱਚ ਮੁੱਖ ਮੰਤਰੀ ਨੇ ਆਖਿਆ ਕਿ ਪਿਛਲੇ ਸਾਲ ਹੋਈਆਂ ਵਿਧਾਨ ਸਭਾ ਚੋਣਾਂ ਦੌਰਾਨ ਸੂਬੇ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਦੇ ਪੱਖ ਵਿੱਚ ਵਿਆਪਕ ਫਤਵਾ ਦਿੱਤਾ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਲੋਕਾਂ ਦੇ ਸਮੁੱਚੇ ਵਿਕਾਸ ਤੇ ਖ਼ੁਸ਼ਹਾਲੀ ਲਈ ਕੀਤੀਆਂ ਸਮਰਪਿਤ ਕੋਸ਼ਿਸ਼ਾਂ ਨਾਲ ਪਿਛਲੇ ਇਕ ਸਾਲ ਦੌਰਾਨ ਸੂਬਾ ਕ੍ਰਾਂਤੀਕਾਰੀ ਤਬਦੀਲੀਆਂ ਦਾ ਗਵਾਹ ਬਣਿਆ ਹੈ। ਭਗਵੰਤ ਮਾਨ ਨੇ ਕਿਹਾ ਕਿ ਅਗਲੀ ਸਰਕਾਰ ਬਣਾਉਣ ਲਈ ਜੋੜ-ਤੋੜ ਕਰਨ ਵਾਲੀਆਂ ਪਿਛਲੀਆਂ ਸਰਕਾਰ ਦੇ ਉਲਟ ਸਾਡੀ ਸਰਕਾਰ ਅਗਲੀ ਪੀੜ੍ਹੀ ਦੇ ਸਮੁੱਚੇ ਵਿਕਾਸ ਉਤੇ ਧਿਆਨ ਕੇਂਦਰਤ ਕਰ ਰਹੀ ਹੈ।ਮੁੱਖ ਮੰਤਰੀ ਨੇ ਵੱਡ-ਆਕਾਰੀ ਫਤਵੇ ਨਾਲ ਪੰਜਾਬ ਦੀ ਜ਼ਿੰਮੇਵਾਰੀ ਸੌਂਪਣ ਲਈ ਲੋਕਾਂ ਦਾ ਤਹਿ-ਦਿਲੋਂ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਲੋਕਾਂ ਵੱਲੋਂ ਦਿਖਾਏ ਭਰੋਸੇ ਤੇ ਪਿਆਰ ਨੇ ਉਨ੍ਹਾਂ ਨੂੰ ਆਪਣਾ ਫ਼ਰਜ਼ ਪ੍ਰਭਾਵਸ਼ਾਲੀ ਤਰੀਕੇ ਨਾਲ ਨਿਭਾਉਣ ਦੇ ਰਾਹ ਤੋਰਿਆ ਹੈ। ਭਗਵੰਤ ਮਾਨ ਨੇ ਨਵੇਂ ਪੰਜਾਬ ਦੇ ਨਕਸ਼ ਘੜਨ ਲਈ ਲੋਕਾਂ ਖ਼ਾਸ ਤੌਰ ਉਤੇ ਪਰਵਾਸੀ ਭਾਰਤੀਆਂ ਤੋਂ ਸਹਿਯੋਗ ਮੰਗਿਆ।ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਵਿੱਚ ਪਹਿਲੀ ਦਫ਼ਾ ਅਜਿਹੀ ਸਰਕਾਰ ਬਣੀ, ਜਿਹੜੀ ਖ਼ਾਸ ਤੌਰ ਉਤੇ ਸੂਬੇ ਦੇ ਲੋਕਾਂ ਨਾਲ ਸਬੰਧਤ ਹੈ। ਉਨ੍ਹਾਂ ਕਿਹਾ ਕਿ ਇਹ ਸਰਕਾਰ ਨਾ ਤਾਂ ਬਾਦਲ ਦੀ ਹੈ ਅਤੇ ਨਾ ਹੀ ਕੈਪਟਨ ਦੀ, ਇਹ ਸਰਕਾਰ ਹਰੇਕ ਪੰਜਾਬੀ ਦੀ ਹੈ। ਭਗਵੰਤ ਮਾਨ ਨੇ ਲੋਕਾਂ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਦੀਆਂ ਆਸਾਂ ਮੁਤਾਬਕ ਸੂਬੇ ਦੀ ਭਲਾਈ ਯਕੀਨੀ ਬਣਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ ਅਤੇ ਜਲਦੀ ਹੀ ਪੰਜਾਬ ਨਵਾਂ, ਅਗਾਂਹਵਧੂ ਤੇ ਗਤੀਸ਼ੀਲ ਸੂਬਾ ਬਣੇਗਾ।ਮੁੱਖ ਮੰਤਰੀ ਨੇ ਕਿਹਾ ਕਿ ਪਿਛਲੇ ਸਾਲ ਦੌਰਾਨ ਪੰਜਾਬ ਵਿਆਪਕ ਵਿਕਾਸ ਦਾ ਗਵਾਹ ਬਣਿਆ ਹੈ ਅਤੇ ਦੂਜੇ ਸਾਲ ਵਿੱਚ ਵੀ ਵਿਕਾਸ ਤੇ ਤਰੱਕੀ ਉਤੇ ਵੱਧ ਜ਼ੋਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸੂਬੇ ਵਿੱਚ ਵਿਕਾਸ ਲਈ ਸਨਅਤਾਂ ਨੂੰ ਰਿਆਇਤਾਂ ਦਿੱਤੀਆਂ ਜਾ ਰਹੀਆਂ ਹਨ, ਜਿਸ ਨਾਲ ਪੰਜਾਬ ਅਗਲੇ ਦਿਨਾਂ ਵਿੱਚ ਸਨਅਤੀ ਗੜ੍ਹ ਵਜੋਂ ਉੱਭਰੇਗਾ। ਭਗਵੰਤ ਮਾਨ ਨੇ ਕਿਹਾ ਕਿ ਸੂਬੇ ਵਿੱਚੋਂ ਨਸ਼ਿਆਂ ਦੀ ਜੜ੍ਹ ਵੱਢਣ ਲਈ ਆਗਾਮੀ ਦਿਨਾਂ ਵਿੱਚ ਵਿਆਪਕ ਮੁਹਿੰਮ ਵਿੱਢੀ ਜਾਵੇਗੀ।ਪਿਛਲੇ ਇਕ ਸਾਲ ਵਿੱਚ ਪੰਜਾਬ ਸਰਕਾਰ ਵੱਲੋਂ ਕੀਤੀਆਂ ਕਈ ਲੋਕ-ਪੱਖੀ ਪਹਿਲਕਦਮੀਆਂ ਗਿਣਾਉਂਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਨੇ ਨੌਜਵਾਨਾਂ ਦੇ ਵਿਦੇਸ਼ਾਂ ਵੱਲ ਹਿਜਰਤ ਦੇ ਰੁਝਾਨ ਨੂੰ ਠੱਲ੍ਹ ਪਾਉਣ ਲਈ ਪਿਛਲੇ ਇਕ ਸਾਲ ਵਿੱਚ ਹੁਣ ਤੱਕ 26,797 ਸਰਕਾਰੀ ਨੌਕਰੀਆਂ ਦਿੱਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਇਸ ਸਮੁੱਚੀ ਭਰਤੀ ਪ੍ਰਕਿਰਿਆ ਵਿੱਚ ਇਕੋ-ਇਕ ਮਾਪਦੰਡ ਯੋਗਤਾ ਰੱਖਿਆ ਗਿਆ ਹੈ ਅਤੇ ਇਹ ਪੂਰੀ ਪ੍ਰਕਿਰਿਆ ਪਾਰਦਰਸ਼ੀ ਤਰੀਕੇ ਨਾਲ ਨੇਪਰੇ ਚਾੜ੍ਹੀ ਜਾ ਰਹੀ ਹੈ। ਭਗਵੰਤ ਮਾਨ ਨੇ ਕਿਹਾ ਕਿ ਸਿਰਫ਼ ਇਕ ਸਾਲ ਵਿੱਚ ਹੀ ਇੰਨੀ ਵੱਡੀ ਗਿਣਤੀ ਵਿੱਚ ਨੌਕਰੀਆਂ ਦੇਣ ਤੋਂ ਸੂਬਾ ਸਰਕਾਰ ਦੀ ਰੋਜ਼ਗਾਰ ਦੇ ਮੌਕੇ ਮੁਹੱਈਆ ਕਰ ਕੇ ਨੌਜਵਾਨਾਂ ਦੀ ਭਲਾਈ ਯਕੀਨੀ ਬਣਾਉਣ ਦੀ ਵਚਨਬੱਧਤਾ ਝਲਕਦੀ ਹੈ।ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਸੂਬਾ ਸਰਕਾਰ ਨੇ ਪਹਿਲੀ ਜੁਲਾਈ ਤੋਂ ਹਰੇਕ ਮਹੀਨੇ 300 ਯੂਨਿਟ ਮੁਫ਼ਤ ਬਿਜਲੀ ਦੇਣ ਦੀ ਗਰੰਟੀ ਪੂਰੀ ਕੀਤੀ ਹੈ। ਉਨ੍ਹਾਂ ਕਿਹਾ ਕਿ ਇਹ ਮਾਣ ਵਾਲੀ ਗੱਲ ਹੈ ਕਿ ਨਵੰਬਰ-ਦਸੰਬਰ 2022 ਵਿੱਚ ਸੂਬੇ ਦੇ 87 ਫੀਸਦੀ ਘਰਾਂ ਦਾ ਬਿਜਲੀ ਬਿੱਲ ਜ਼ੀਰੋ ਆਇਆ। ਭਗਵੰਤ ਮਾਨ ਨੇ ਕਿਹਾ ਕਿ ਉਹ ਆਮ ਪਰਿਵਾਰ ਨਾਲ ਸਬੰਧਤ ਹਨ ਅਤੇ ਉਹ ਆਮ ਲੋਕਾਂ ਨੂੰ ਦਰਪੇਸ਼ ਸਮੱਸਿਆਵਾਂ ਤੋਂ ਭਲੀ-ਭਾਂਤ ਜਾਣੂੰ ਹਨ।
ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਨੇ 14 ਹਜ਼ਾਰ ਆਰਜ਼ੀ ਕਰਮਚਾਰੀਆਂ ਦੀਆਂ ਸੇਵਾਵਾਂ ਨੂੰ ਰੈਗੂਲਰ ਕੀਤਾ ਹੈ ਅਤੇ ਕੈਬਨਿਟ ਨੇ ਇੰਨੀ ਗਿਣਤੀ ਵਿੱਚ ਹੀ ਹੋਰ ਮੁਲਾਜ਼ਮਾਂ ਦੀਆਂ ਸੇਵਾਵਾਂ ਰੈਗੂਲਰ ਕਰਨ ਦੀ ਮਨਜ਼ੂਰੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੇ ਕਿਸਾਨਾਂ ਨੂੰ ਕਣਕ ਤੇ ਝੋਨੇ ਦੇ ਫ਼ਸਲੀ ਚੱਕਰ ਵਿੱਚੋਂ ਕੱਢਣ ਤੇ ਧਰਤੀ ਹੇਠਲਾ ਪਾਣੀ ਬਚਾਉਣ ਲਈ ਮੂੰਗੀ ਨੂੰ ਤੀਜੀ ਫ਼ਸਲ ਵਜੋਂ ਉਤਸ਼ਾਹਤ ਕੀਤਾ ਹੈ। ਭਗਵੰਤ ਮਾਨ ਨੇ ਕਿਹਾ ਕਿ ਮੂੰਗੀ ਦੀ 7275 ਰੁਪਏ ਦੇ ਪ੍ਰਤੀ ਕੁਇੰਟਲ ਦੇ ਘੱਟੋ-ਘੱਟ ਸਮਰਥਨ ਮੁੱਲ ਉਤੇ ਖ਼ਰੀਦ ਕੀਤੀ ਗਈ ਹੈ, ਜਿਸ ਨਾਲ ਕਿਸਾਨਾਂ ਨੂੰ 30 ਹਜ਼ਾਰ ਰੁਪਏ ਪ੍ਰਤੀ ਏਕੜ ਦੀ ਵਾਧੂ ਆਮਦਨ ਹੋਈ ਹੈ।ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਨੇ ਝੋਨੇ ਦੀ ਸਿੱਧੀ ਬਿਜਾਈ ਨੂੰ ਉਤਸ਼ਾਹਤ ਕਰਨ ਲਈ ਕਿਸਾਨਾਂ ਨੂੰ 1500 ਰੁਪਏ ਪ੍ਰਤੀ ਏਕੜ ਦੀ ਦਰ ਨਾਲ ਵਿੱਤੀ ਸਹਾਇਤਾ ਮੁਹੱਈਆ ਕੀਤੀ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੇ ਗੰਨਾ ਉਤਪਾਦਕਾਂ ਦੇ ਪਿਛਲੇ ਸਾਲਾਂ ਦੇ ਲਟਕਦੇ ਸਾਰੇ ਬਕਾਏ ਦਾ ਭੁਗਤਾਨ ਕਰ ਦਿੱਤਾ ਹੈ। ਭਗਵੰਤ ਮਾਨ ਨੇ ਇਹ ਵੀ ਆਖਿਆ ਕਿ ਮੇਰੀ ਸਰਕਾਰ ਨੇ ਪਹਿਲੀ ਵਾਰ ਦਿਹਾੜੀਦਾਰ ਕਾਮਿਆਂ ਦੀਆਂ ਉਜਰਤਾਂ ਵਿੱਚ ਵਾਧਾ ਕੀਤਾ ਹੈ।ਮੁੱਖ ਮੰਤਰੀ ਨੇ ਅੱਗੇ ਆਖਿਆ ਕਿ ਸੂਬਾ ਸਰਕਾਰ ਨੇ ਲੋਕਾਂ ਨੂੰ ਮਿਆਰੀ ਸਿਹਤ ਸੇਵਾਵਾਂ ਦੇਣ ਲਈ ਪੰਜਾਬ ਭਰ ਵਿੱਚ 500 ਤੋਂ ਵੱਧ ਆਮ ਆਦਮੀ ਕਲੀਨਿਕ ਖੋਲ੍ਹੇ ਹਨ। ਉਨ੍ਹਾਂ ਕਿਹਾ ਕਿ ਇਹ ਕਲੀਨਿਕ ਲੋਕਾਂ ਨੂੰ ਮਿਆਰੀ ਇਲਾਜ ਤੇ ਡਾਈਗਨੌਸਟਿਕ ਸੇਵਾਵਾਂ ਮੁਫ਼ਤ ਮੁਹੱਈਆ ਕਰਵਾ ਰਹੇ ਹਨ। ਭਗਵੰਤ ਮਾਨ ਨੇ ਕਿਹਾ ਕਿ ਸਿਰਫ਼ ਕੁੱਝ ਮਹੀਨਿਆਂ ਵਿੱਚ ਹੀ ਇਨ੍ਹਾਂ ਆਮ ਆਦਮੀ ਕਲੀਨਿਕਾਂ ਤੋਂ 12 ਤੋਂ 15 ਲੱਖ ਮਰੀਜ਼ਾਂ ਨੂੰ ਲਾਭ ਮਿਲਿਆ ਹੈ।ਮੁੱਖ ਮੰਤਰੀ ਨੇ ਕਿਹਾ ਕਿ ਬੱਚਿਆਂ ਨੂੰ ਮਿਆਰੀ ਸਿੱਖਿਆ ਦੇਣ ਲਈ 23 ਜ਼ਿਲ੍ਹਿਆਂ ਵਿੱਚ 117 ਸਕੂਲ ਆਫ ਐਮੀਨੈਂਸ ਸਥਾਪਤ ਕੀਤੇ ਗਏ ਹਨ। ਭਗਵੰਤ ਮਾਨ ਨੇ ਕਿਹਾ ਕਿ ਇਹ ਸਕੂਲ ਵਿਦਿਆਰਥੀਆਂ ਨੂੰ ਭਵਿੱਖ ਦੀਆਂ ਮੁਕਾਬਲੇ ਵਾਲੀਆਂ ਪ੍ਰੀਖਿਆਵਾਂ ਲਈ ਤਿਆਰ ਕਰਨਗੇ। ਉਨ੍ਹਾਂ ਕਿਹਾ ਕਿ ਸੂਬੇ ਦੇ ਸਮੁੱਚੇ ਵਿਕਾਸ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ ਅਤੇ ਉਹ ਦਿਨ ਦੂਰ ਨਹੀਂ, ਜਦੋਂ ਪੰਜਾਬ ਦੀ ਪੁਰਾਤਨ ਸ਼ਾਨ ਬਹਾਲ ਹੋਵੇਗੀ।ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾ ਦੇਣ ਦੀ ਆਪਣੀ ਸਰਕਾਰ ਦੀ ਵਚਨਬੱਧਤਾ ਦੁਹਰਾਉਂਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਹ ਪਹਿਲਾ ਮੌਕਾ ਹੈ, ਜਦੋਂ ਸੂਬਾ ਸਰਕਾਰ ਨੇ ਇਸ ਦਿਸ਼ਾ ਵਿੱਚ ਕਦਮ ਚੁੱਕਿਆ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਕੇਸਾਂ ਵਿੱਚ ਇਨਸਾਫ਼ ਬਹੁਤੀ ਦੂਰ ਨਹੀਂ ਕਿਉਂਕਿ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਯਕੀਨੀ ਬਣਾਉਣ ਲਈ ਅਦਾਲਤ ਵਿੱਚ ਪਹਿਲਾਂ ਹੀ ਚਲਾਨ ਪੇਸ਼ ਕੀਤਾ ਜਾ ਚੁੱਕਾ ਹੈ। ਭਗਵੰਤ ਮਾਨ ਨੇ ਕਿਹਾ ਕਿ ਉਹ ਦਿਨ ਹੁਣ ਦੂਰ ਨਹੀਂ, ਜਦੋਂ ਇਸ ਘਿਨਾਉਣੇ ਜੁਰਮ ਦੇ ਦੋਸ਼ੀ ਸਲਾਖਾਂ ਪਿੱਛੇ ਹੋਣਗੇ।
ਪਿੰਡਾਂ ਦੇ ਵਿਕਾਸ ਲਈ ਪ੍ਰਦੇਸਿਕ ਦਿਹਾਤੀ ਵਿਕਾਸ ਏਜੰਸੀ ਤਹਿਤ ਟਰੈਨਿੰਗ ਪ੍ਰੋਗਰਾਮ ਜਾਰੀ
ਸੁਖਜਿੰਦਰ ਮਾਨ
ਬਠਿੰਡਾ, 16 ਮਾਰਚ: ਪ੍ਰਦੇਸਿਕ ਦਿਹਾਤੀ ਵਿਕਾਸ ਅਤੇ ਪੰਚਾਇਤੀ ਰਾਜ ਸੰਸਥਾ ਦੇ ਦਿਸ਼ਾ ਨਿਰਦੇਸਾ ਅਨੁਸਾਰ ਬਠਿੰਡਾ ਦੇ ਬਲਾਕ ਵਿਕਾਸ ਅਤੇ ਪੰਚਾਇਤ ਅਫਸਰ ਦਫ਼ਤਰ ਵਿਖੇ ਬੀਡੀਪੀਓ ਭੁਪਿੰਦਰ ਸਿੰਘ ਦੀ ਅਗਵਾਈ ਹੇੇਠ ਇਲਾਕੇ ਦੇ ਪੰਚਾਂ-ਸਰਪੰਚਾਂ ਅਤੇ ਵੱਖ ਵੱਖ ਵਿਭਾਗਾਂ ਦੇ ਮੁਲਾਜਮਾਂ ਨੂੰ ਟਰੈਨਿੰਗ ਦਿੱਤੀ ਜਾ ਰਹੀ ਹੈ। ਜਾਣਕਾਰੀ ਦਿੰਦਿਆਂ ਪੰਚਾਇਤ ਅਫ਼ਸਰ ਸੁਖਜੀਤ ਸਿੰਘ ਨੇ ਦਸਿਆ ਕਿ ਇਸ ਟਰੈਨਿੰਗ ਦੌਰਾਨ ਗਰਾਮ ਪੰਚਾਇਤ ਵਿਕਾਸ ਯੋਜਨਾ ਵਿੱਚ ਟਿਕਾਊ ਵਿਕਾਸ ਟੀਚਿਆਂ ’ਤੇ ਅਧਾਰਿਤ 9 ਥੀਮਾਂ ਜਿਵੇ ਕਿ (ਗਰੀਬੀ ਮੁਕਤ ਅਤੇ ਉਨੱਤ ਆਜੀਵਿਕਾ ਵਾਲਾ ਪਿੰਡ,ਸਿਹਤਮੰਦ ਪਿੰਡ, ਬਲਾਕ ਮਿੱਤਰ ਪਿੰਡ,ਪਾਣੀ ਭਰਪੂਰ ਪਿੰਡ,ਸਵੱਛ ਅਤੇ ਹਰਿਆ ਭਰਿਆ ਪਿੰਡ,ਸਵੈ-ਨਿਰਭਰ ਬੁਨਿਆਦੀ ਢਾਂਚੇ ਵਾਲਾ ਪਿੰਡ,ਚੰਗੇ ਪ੍ਰਸਾਸਨ ਵਾਲਾ ਪਿੰਡ,ਮਹਿਲਾਵਾਂ ਦੇ ਅਨੁਕੂਲ ਪਿੰਡ) ਉੱਪਰ ਜੋਰ ਦਿੱਤਾ ਗਿਆ। ਇਸ ਮੌਕੇ ਵੱਖ-ਵੱਖ ਵਿਭਾਗਾਂ ਦੀਆਂ ਸਕੀਮਾਂ ਦੀ ਕਨਵਰਜੈਂਸ ਦੇ ਸਬੰਧ ਵਿਚ ਬਲਾਕ ਦੇ ਚੁਣੇ ਹੋਏ ਨੁਮਾਇੰਦਿਆ ਜਿਵੇ ਕਿ ਸਰਪੰਚ,ਪੰਚ ਅਤੇ ਇਸ ਤੋ ਇਲਾਵਾ ਵਿਭਾਗਾ ਦੇ ਕਰਮਚਾਰੀ ਜਿਵੇ ਕੇ ਪੰਚਾਇਤ ਸਕੱਤਰ,ਆਗਣਵਾੜੀ ਵਰਕਰ,ਆਸ਼ਾ ਵਰਕਰ,ਵਾਟਰ ਵਰਕਸ ਮਹਿਕਮੇ ਦੇ ਬਲਾਕ ਕੋਆਰਡੀਨੇਟਰ ਅਤੇ ਹੋਰ ਵਿਭਾਗਾ ਦੇ ਕਰਮਚਾਰੀਆ ਵੱਲੋਂ ਭਾਗ ਲਿਆ ਗਿਆ।
’ਆਪ’ ਨੇ ਪੇਸ਼ ਕੀਤਾ ਇਕ ਸਾਲ ਦਾ ਰਿਪੋਰਟ ਕਾਰਡ
ਮਾਨ ਸਰਕਾਰ ਨੇ ਇੱਕ ਸਾਲ ਵਿੱਚ ਹੀ ਵੱਡੇ ਚੋਣ-ਵਾਅਦਿਆਂ ਨੂੰ ਕੀਤਾ ਪੂਰਾ, ਬਾਕੀ ਰਹਿੰਦੀਆਂ ਗਾਰੰਟੀਆਂ ਵੀ ਜਲਦ ਹੋਣਗੀਆਂ ਪੂਰੀਆਂ: ਹਰਚੰਦ ਸਿੰਘ ਬਰਸਟ
ਮਾਨ ਸਰਕਾਰ ਮਾਲੀਆ ਵਧਾਉਣ ਅਤੇ ਪੰਜਾਬ ਦਾ ਕਰਜ਼ਾ ਘਟਾਉਣ ਲਈ ਪੂਰੀ ਤਨਦੇਹੀ ਨਾਲ ਕਰ ਰਹੀ ਕੰਮ, ਪਿਛਲੀਆਂ ਸਰਕਾਰਾਂ ਨੇ ਸਿਰਫ ਪੰਜਾਬ ਨੂੰ ਲੁੱਟਿਆ: ਮਲਵਿੰਦਰ ਸਿੰਘ ਕੰਗ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 16 ਮਾਰਚ: ਪੰਜਾਬ ਸਰਕਾਰ ਦੀ ਇੱਕ ਸਾਲ ਦੀ ਕਾਰਗੁਜ਼ਾਰੀ ਦਾ ਰਿਪੋਰਟ ਕਾਰਡ ਪੇਸ਼ ਕਰਦੇ ਹੋਏ ਆਮ ਆਦਮੀ ਪਾਰਟੀ (ਆਪ) ਨੇ ਵੀਰਵਾਰ ਨੂੰ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ ਭ੍ਰਿਸ਼ਟਾਚਾਰ, ਮਾਫੀਆ ਕਲਚਰ ਨੂੰ ਖਤਮ ਕਰਕੇ ਪੰਜਾਬ ਦੀ ਰਾਜਨੀਤੀ ਦੇ ਇੱਕ ਨਵੇਂ ਦੌਰ ਦੀ ਸ਼ੁਰੂਆਤ ਕੀਤੀ ਹੈ। ਆਪਣੇ ਇੱਕ ਸਾਲ ਦੇ ਕਾਰਜਕਾਲ ਦੌਰਾਨ ਪੰਜਾਬ ਦੇ ਲੋਕਾਂ ਨੂੰ ਵਧੀਆ ਸਿਹਤ ਅਤੇ ਸਿੱਖਿਆ ਸਹੂਲਤਾਂ ਪ੍ਰਦਾਨ ਕਰਨ ਦੇ ਨਾਲ-ਨਾਲ ਨੌਜਵਾਨਾਂ ਨੂੰ ਰੁਜ਼ਗਾਰ ਵੀ ਦਿੱਤਾ ਜਾ ਰਿਹਾ ਹੈ।ਮੁੱਖ ਬੁਲਾਰੇ ਮਲਵਿੰਦਰ ਸਿੰਘ ਕੰਗ ਨਾਲ ਪਾਰਟੀ ਦੇ ਦਫਤਰ ਵਿਖੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪੰਜਾਬ ਦੇ ਜਨਰਲ ਸਕੱਤਰ ਅਤੇ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ ਨੇ ਪੰਜਾਬ ਨੂੰ ਕਰਜ਼ੇ ਵਿੱਚ ਧੱਕਣ ਲਈ ਪਿਛਲੀਆਂ ਕਾਂਗਰਸ, ਅਕਾਲੀ ਦਲ ਅਤੇ ਭਾਜਪਾ ਸਰਕਾਰਾਂ ’ਤੇ ਵਰ੍ਹਦਿਆਂ ਕਿਹਾ ਕਿ ਇਨ੍ਹਾਂ ਦੇ ਬਹੁਤੇ ਆਗੂਆਂ ਨੇ ਪੰਜਾਬ ਨੂੰ ਲੁੱਟ ਕੇ ਸਿਰਫ਼ ਆਪਣਾ ਖਜ਼ਾਨਾ ਭਰਿਆ, ਪਰ ਇਸ ਦੇ ਉਲਟ ’ਆਪ’ ਸਰਕਾਰ ਸੂਬੇ ਦੀ ਗੁਆਚੀ ਸ਼ਾਨ ਨੂੰ ਵਾਪਸ ਲਿਆਉਣ ਲਈ ਪੂਰੀ ਤਨਦੇਹੀ ਨਾਲ ਕੰਮ ਕਰ ਰਹੀ ਹੈ।ਹਰਚੰਦ ਸਿੰਘ ਬਰਸਟ ਨੇ ’ਆਪ’ ਸਰਕਾਰ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਮਾਨ ਸਰਕਾਰ ਨੇ ਪਹਿਲੇ ਸਾਲ ’ਚ ਹੀ ਵੱਡੇ ਇਤਿਹਾਸਕ ਫੈਸਲੇ ਲਏ, ਜੋ ਪਿਛਲੀਆਂ ਸਰਕਾਰਾਂ ਨੇ ਕਈ ਦਹਾਕਿਆਂ ਤੋਂ ਨਜ਼ਰਅੰਦਾਜ਼ ਕੀਤੇ ਹੋਏ ਸਨ। ਬਰਸਟ ਨੇ ਕਿਹਾ ਕਿ ਮਾਨ ਸਰਕਾਰ ਨੇ 36000 ਕਰੋੜ ਰੁਪਏ ਦਾ ਕਰਜ਼ਾ ਵਾਪਸ ਕੀਤਾ ਜੋ ਪਿਛਲੀਆਂ ਸਰਕਾਰਾਂ ਨੇ ਉੱਚੀਆਂ ਵਿਆਜ਼ ’ਤੇ ਲੈ ਰੱਖਿਆ ਸੀ। ਆਮ ਲੋਕਾਂ ਦੀ ਸਹੂਲਤ ਅਤੇ ਆਪਣੇ ਚੋਣ ਵਾਅਦੇ ਨੂੰ ਪੂਰਾ ਕਰਨ ਲਈ, ਹੁਣ ਤੱਕ 500 ਤੋਂ ਵੱਧ ਆਮ ਆਦਮੀ ਕਲੀਨਿਕ ਖੋਲ੍ਹੇ ਗਏ ਹਨ ਅਤੇ ਉੱਥੇ 10.50 ਲੱਖ ਮਰੀਜ਼ਾਂ ਦਾ ਮੁਫਤ ਇਲਾਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ 2022-23 ਵਿੱਚ ਵੱਖ-ਵੱਖ ਸ਼੍ਰੇਣੀਆਂ ਤਹਿਤ 1,353 ਮੈਡੀਕਲ ਸਟਾਫ਼ ਦੀ ਭਰਤੀ ਕੀਤੀ ਗਈ ਹੈ, ਜਿਨ੍ਹਾਂ ਵਿੱਚੋਂ 271 ਸਪੈਸ਼ਲਿਸਟ ਮੈਡੀਕਲ ਅਫ਼ਸਰ, 3 ਫਾਰਮੇਸੀ ਅਫ਼ਸਰ, 53 ਸਟਾਫ਼ ਨਰਸਾਂ, 520 ਮਲਟੀਪਰਪਜ਼ ਹੈਲਥ ਵਰਕਰ, 480 ਵਾਰਡ ਅਟੈਂਡੈਂਟ ਆਦਿ ਹਨ। ਉਨ੍ਹਾਂ ਕਿਹਾ ਕਿ ’ਆਪ’ ਸਰਕਾਰ ਦੁਆਰਾ ਸਰਕਾਰ ਅਤੇ ਇਸ ਦੇ ਮਹਿਕਮਿਆਂ ਵਿੱਚ ਸਫਲਤਾਪੂਰਵਕ 26,797 ਨੌਕਰੀਆਂ ਪੈਦਾ ਕੀਤੀਆਂ ਗਈਆਂ ਹਨ, ਪੰਜਾਬ ਦੇ ਲਗਭਗ 90% ਘਰਾਂ ਨੂੰ ਹੁਣ ਜ਼ੀਰੋ ਬਿਜਲੀ ਦੇ ਬਿੱਲ ਮਿਲ ਰਹੇ ਹਨ, ਸਰਕਾਰ ਨੇ ਲੋਕਾਂ ਨੂੰ ਪਿਛਲੇ ਜ਼ਾਲਮ ਹਾਕਮਾਂ ਦੇ ਉਲਟ ਸਸਤੇ ਭਾਅ ਵਿੱਚ ਰੇਤ ਮੁਹੱਈਆ ਕਰਵਾਉਣ ਲਈ ਜਨਤਕ ਰੇਤ ਦੀਆਂ ਖੱਡਾਂ ਖੋਲ੍ਹ ਦਿੱਤੀਆਂ ਹਨ। ਇਸੇ ਤਰ੍ਹਾਂ ਵੱਖ-ਵੱਖ ਸਰਕਾਰੀ ਸੋਸਾਇਟੀਆਂ ਅਤੇ ਬੋਰਡਾਂ ਨੂੰ 2,000 ਕਰੋੜ ਰੁਪਏ ਦੇ ਬੇਲਆਊਟ ਪੈਕੇਜ ਦਿੱਤੇ ਗਏ ਹਨ। ਸਰਕਾਰ ਨੇ ਅਕਤੂਬਰ 2022 ਤੋਂ ਯੂਜੀਸੀ ਪੇ-ਸਕੇਲਾਂ ਅਤੇ ਦੂਜੇ ਰਾਸ਼ਟਰੀ ਨਿਆਂਇਕ ਤਨਖਾਹ ਕਮਿਸ਼ਨ ਨੂੰ ਲਾਗੂ ਕਰਦੇ ਹੋਏ 6% ਡੀਏ ਵੀ ਜਾਰੀ ਕੀਤਾ ਹੈ। ਉਨ੍ਹਾਂ ਦੱਸਿਆ ਕਿ 30,312 ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਲਈ 1500 ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਪ੍ਰੋਤਸਾਹਨ ਪ੍ਰਦਾਨ ਕੀਤਾ ਗਿਆ ਹੈ, ਜਿਸ ਲਈ 25 ਕਰੋੜ ਰੁਪਏ ਦਾ ਭੁਗਤਾਨ ਕੀਤਾ ਗਿਆ। ’ਆਪ’ ਸਰਕਾਰ ਨੇ ਪਹਿਲੀ ਵਾਰ ਘੱਟੋ-ਘੱਟ ਸਮਰਥਨ ਮੁੱਲ ’ਤੇ ਮੂੰਗੀ ਦੀ ਫਸਲ ਦੀ ਖਰੀਦ ਕੀਤੀ ਅਤੇ 20,898 ਕਿਸਾਨਾਂ ਨੂੰ ਲਾਭ ਪਹੁੰਚਾਉਣ ਲਈ ਕੁੱਲ 79 ਕਰੋੜ ਰੁਪਏ ਦੀ ਰਾਸ਼ੀ ਖਰਚੀ ਗਈ।
ਇਹ ਦੱਸਦੇ ਹੋਏ ਕਿ ਸਰਕਾਰ ਵਾਤਾਵਰਣ ਦੀ ਸੁਰੱਖਿਆ ਦੇ ਨਾਲ-ਨਾਲ ਕਿਸਾਨਾਂ ਦੇ ਹਿੱਤਾਂ ਲਈ ਵਚਨਬੱਧ ਹੈ, ਬਰਸਟ ਨੇ ਕਿਹਾ ਕਿ ਇਸ ਸਾਲ ਝੋਨੇ ਦੀ ਪਰਾਲੀ ਸਾੜਨ ਦੀਆਂ ਘਟਨਾਵਾਂ ਵਿੱਚ 30% ਕਮੀ ਆਈ ਹੈ ਕਿਉਂਕਿ ਸਬ-ਮਿਸ਼ਨ ਆਨ ਐਗਰੀਕਲਚਰ ਮਕੈਨਿਜ਼ਮ ਦੇ ਤਹਿਤ ਵੱਖ-ਵੱਖ ਮਸ਼ੀਨਾਂ ਮੁਹੱਈਆ ਕਰਵਾਉਣ ਲਈ 350 ਕਰੋੜ ਰੁਪਏ ਅਲਾਟ ਕੀਤੇ ਗਏ ਹਨ। ਸਰਕਾਰ ਨੇ 2022-23 ਵਿੱਚ ਕਿਸਾਨਾਂ ਨੂੰ 9,064 ਕਰੋੜ ਰੁਪਏ ਦੀ ਮੁਫਤ ਬਿਜਲੀ ਵੀ ਪ੍ਰਦਾਨ ਕੀਤੀ।ਬਰਸਟ ਨੇ ਦੱਸਿਆ ਕਿ ਸਰਕਾਰ ਨੇ 13 ਥਾਵਾਂ ’ਤੇ ਨਵੇਂ ਗੋਦਾਮ ਬਣਾਉਣੇ ਹਨ ਜਿਨ੍ਹਾਂ ਵਿੱਚੋਂ 6 ਗੋਦਾਮ ਮਾਰਚ 2023 ਤੱਕ ਬਣ ਕੇ ਤਿਆਰ ਹੋ ਜਾਣਗੇ ਅਤੇ ਬਾਕੀ ਰਹਿੰਦੇ 7 ਪ੍ਰੋਜੈਕਟਾਂ ਨੂੰ ਪੂਰਾ ਕਰਨ ਲਈ 100 ਕਰੋੜ ਰੁਪਏ ਅਲਾਟ ਕੀਤੇ ਗਏ ਹਨ। ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਹਰਿਆਵਲ ਲਹਿਰ ਤਹਿਤ 50 ਲੱਖ ਬੂਟੇ ਲਾਉਣ ਦੇ ਟੀਚੇ ਦੇ ਮੁਕਾਬਲੇ 54 ਲੱਖ ਬੂਟੇ ਲਗਾਏ ਜਾ ਚੁੱਕੇ ਹਨ। ਮਲਵਿੰਦਰ ਸਿੰਘ ਕੰਗ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਰਕਾਰੀ ਸਕੂਲਾਂ ਦੇ ਸਟਾਫ਼ ਨੂੰ ਅੰਤਰਰਾਸ਼ਟਰੀ ਪੱਧਰ ਦੀ ਸਿਖਲਾਈ ਪ੍ਰਦਾਨ ਕਰਨ ਲਈ ਪ੍ਰਿੰਸੀਪਲ ਅਕੈਡਮੀ ਸਿੰਗਾਪੁਰ ਵਿਖੇ 36 ਪ੍ਰਿੰਸੀਪਲ/ਸਿੱਖਿਆ ਅਫ਼ਸਰਾਂ ਨੂੰ ਸਿਖਲਾਈ ਦਿੱਤੀ ਗਈ ਹੈ ਅਤੇ ਇਸੇ ਮਹੀਨੇ 30 ਪ੍ਰਿੰਸੀਪਲਾਂ ਦਾ ਇੱਕ ਹੋਰ ਬੈਚ ਵੀ ਭੇਜਿਆ ਗਿਆ ਹੈ। 117 ਸਕੂਲਾਂ ਦੀ ਪਛਾਣ ਕਰ ਉਨ੍ਹਾਂ ਨੂੰ ਸਕੂਲ ਆਫ਼ ਐਮੀਨੈਂਸ” ਵਜੋਂ ਅਪਗ੍ਰੇਡ ਕੀਤਾ ਜਾ ਰਿਹਾ ਹੈ। ਪਾਇਲਟ ਪ੍ਰੋਜੈਕਟ ਆਧਾਰ ’ਤੇ ਜ਼ਿਲ੍ਹਾ ਅੰਮ੍ਰਿਤਸਰ ਦੇ 4 ਸਕੂਲਾਂ ਨੂੰ ਅਪਗ੍ਰੇਡ ਕਰਨ ਦਾ ਕੰਮ ਸ਼ੁਰੂ ਹੋ ਚੁੱਕਾ ਹੈ। ਇਹ ਯਕੀਨੀ ਬਣਾਉਣ ਲਈ ਕਿ ਐੱਸਸੀ ਅਤੇ ਓਬੀਸੀ ਵਿਦਿਆਰਥੀ ਸਿੱਖਿਆ ਤੋਂ ਵਾਂਝੇ ਨਾ ਰਹਿਣ, ਪ੍ਰੀ-ਮੈਟ੍ਰਿਕ ਸਕਾਲਰਸ਼ਿਪ ਸਕੀਮ ਲਈ 18 ਕਰੋੜ ਰੁਪਏ ਰੱਖੇ ਗਏ ਸਨ। 13 ਸਾਲਾਂ ਦੇ ਵਕਫ਼ੇ ਤੋਂ ਬਾਅਦ ਸਰਕਾਰੀ ਪੋਲੀਟੈਕਨਿਕ ਕਾਲਜ ਫ਼ਾਰ ਗਰਲਜ਼, ਰੋਪੜ ਜੋ ਕਿ 2009 ਤੋਂ ਬੰਦ ਸੀ, ਸਾਲ 2022 ਵਿੱਚ ਮੁੜ ਖੋਲ੍ਹਿਆ ਗਿਆ ਹੈ। ਉਨ੍ਹਾਂ ਕਿਹਾ ਕਿ “ਖੇਡਾਂ ਵਤਨ ਪੰਜਾਬ ਦੀਆਂ-2022”ਬਲਾਕ ਤੋਂ ਰਾਜ ਪੱਧਰ ਤੱਕ ਕਰਵਾਈਆਂ ਗਈਆਂ। ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਰਾਜ ਯੁਵਾ ਪੁਰਸਕਾਰ ਤਹਿਤ ਹਰੇਕ ਜ਼ਿਲ੍ਹੇ ਵਿੱਚੋਂ ਦੋ ਨੌਜਵਾਨਾਂ ਦੀ ਚੋਣ ਕਰਕੇ ਉਨ੍ਹਾਂ ਨੂੰ ਮੈਡਲ, 51,000 ਰੁਪਏ ਦੀ ਰਾਸ਼ੀ ਅਤੇ ਇੱਕ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਜਾਵੇਗਾ। ਗੈਂਗਸਟਰ ਕਲਚਰ ’ਤੇ ਸ਼ਿਕੰਜਾ ਕੱਸਦਿਆਂ ਐਂਟੀ ਗੈਂਗਸਟਰ ਟਾਸਕ ਫੋਰਸ (ਏਜੀਟੀਐਫ) ਨੇ 567 ਗੈਂਗਸਟਰਾਂ ਨੂੰ ਗ੍ਰਿਫਤਾਰ ਕੀਤਾ ਹੈ, 563 ਹਥਿਆਰ ਜ਼ਬਤ ਕੀਤੇ ਅਤੇ ਅਪਰਾਧਿਕ ਗਤੀਵਿਧੀਆਂ ਵਿੱਚ ਵਰਤੇ ਜਾਂਦੇ 125 ਵਾਹਨ ਬਰਾਮਦ ਕੀਤੇ। ਜਦਕਿ ਪਿਛਲੀਆਂ ਸਰਕਾਰਾਂ ਇਨ੍ਹਾਂ ਦੀ ਸਰਪ੍ਰਸਤੀ ਕਰਦਿਆਂ ਸਨ ਅਤੇ ਇਸ ਕਾਰਨ ਸੂਬੇ ਵਿੱਚ ਕਾਨੂੰਨ ਦੀ ਸਥਿਤੀ ਵਿਗੜ ਗਈ ਪਰ ਹੁਣ ਮਾਨ ਸਰਕਾਰ ਦੀ ਅਗਵਾਈ ਹੇਠ ਅਮਨ-ਕਾਨੂੰਨ ਦੀ ਸਥਿਤੀ ਲਗਾਤਾਰ ਬਿਹਤਰ ਕੀਤੀ ਜਾ ਰਹੀ ਹੈ। ਰਾਜ ਵਿੱਚ ਸੁਧਾਰ ਲਿਆਉਣ ਲਈ ਆਪਣੀ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਉਂਦੇ ਹੋਏ, ਬਰਸਟ ਨੇ ਕਿਹਾ ਕਿ ’ਆਪ’ ਇੱਕ ਲੋਕ-ਪੱਖੀ ਅਤੇ ਕਿਸਾਨ ਪੱਖੀ ਸਰਕਾਰ ਹੈ। ਮੁੱਖ ਮੰਤਰੀ ਮਾਨ ਸੂਬੇ ਨੂੰ ਮੁੜ ‘ਰੰਗਲਾ ਪੰਜਾਬ’ ਬਣਾਉਣ ਲਈ ਪੂਰੀ ਤਨਦੇਹੀ ਨਾਲ ਕੰਮ ਕਰ ਰਹੇ ਹਨ ਅਤੇ ਪੰਜਾਬ ਵਿੱਚ ਪਿਛਲੇ ਇੱਕ ਸਾਲ ਦੌਰਾਨ ਕੀਤੇ ਕੰਮ ਇਸ ਦਾ ਪ੍ਰਮਾਣ ਹਨ। ਉਨ੍ਹਾਂ ਕਿਹਾ ਕਿ ਮਾਨ ਸਰਕਾਰ ਨੇ ਪਹਿਲੇ ਸਾਲ ਵਿੱਚ ਹੀ ਜ਼ਿਆਦਾਤਰ ਚੋਣ ਵਾਅਦੇ ਪੂਰੇ ਕੀਤੇ ਹਨ ਅਤੇ ਬਾਕੀ ਰਹਿੰਦੀਆਂ ਗਾਰੰਟੀਆਂ ਵੀ ਜਲਦ ਹੀ ਪੂਰੀਆਂ ਕੀਤੀਆਂ ਜਾਣਗੀਆਂ।
ਹਰਸਿਮਰਤ ਕੌਰ ਬਾਦਲ ਨੇ ਸੰਸਦ ਦੀ ਕਾਰਵਾਈ ਬਹਾਲ ਕਰਨ ਦੀ ਕੀਤੀ ਮੰਗ
ਕਿਹਾ ਕਿ ਪੰਜਾਬ ਵਿਚ ਕਾਨੂੰਨ ਵਿਵਸਥਾ ਢਹਿ ਢੇਰੀ ਹੋਣ ਸਮੇਂ ਲੋਕਾਂ ਦੇ ਮੁੱਦਿਆਂ ’ਤੇ ਚਰਚਾ ਕਰਵਾਈ ਜਾਵੇ
ਪੰਜਾਬੀ ਖ਼ਬਰਸਾਰ ਬਿਉਰੋ
ਨਵੀਂ ਦਿੱਲੀ, 16 ਮਾਰਚ: ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਅੰਜ ਸੰਸਦ ਦੇ ਬਾਹਰ ਸੰਕੇਤ ਰੋਸ ਪ੍ਰਦਰਸ਼ਨ ਕਰਦਿਆਂ ਸੰਸਦ ਦੀ ਕਾਰਵਾਈ ਸ਼ੁਰੂ ਕਰਨ ਦੀ ਮੰਗ ਕੀਤੀ ਤੇ ਕਿਹਾ ਕਿ ਪੰਜਾਬ ਵਿਚ ਕਾਨੂੰਨ ਵਿਵਸਥਾ ਭੰਗ ਹੋਣ ਅਤੇ ਗੈਂਗਸਟਰਾਂ ਵੱਲੋਂ ਜੇਲ੍ਹਾਂ ਦੇ ਅੰਦਰੋਂ ਹੀ ਇੰਟਰਵਿਊ ਦੇਣ ਕਾਰਨ ਲੋਕਾਂ ਵਿਚ ਬਣੀ ਦਹਿਸ਼ਤ ਸਮੇਤ ਲੋਕਾਂ ਦੇ ਮੁੱਦਿਆਂ ’ਤੇ ਚਰਚਾ ਹੋਣੀ ਚਾਹੀਦੀ ਹੈ।ਸੰਸਦ ਦੇ ਬਾਹਰ ਤਖਤੀ ਫੜ ਕੇ ਰੋਸ ਪ੍ਰਦਰਸ਼ਨ ਕਰਦਿਆਂ ਹਰਸਿਮਰਤ ਕੌਰ ਬਾਦਲ ਨੇ ਸਪੀਕਰ ਨੂੰ ਅਪੀਲ ਕੀਤੀ ਕਿ ਲੋਕਾਂ ਦੇ ਮੁੱਕੇ ਉਜਾਗਰ ਹੋਣਾ ਯਕੀਨੀ ਬਣਾਇਆ ਜਾਵੇ ਅਤੇ ਉਹਨਾਂ ਜ਼ੋਰ ਦੇ ਕੇ ਕਿਹਾ ਕਿ ਸੱਤਾਧਾਰੀ ਪਾਰਟੀ ਸੰਸਦ ਦੀ ਕਾਰਵਾਈ ਵਿਚ ਵਿਘਨ ਪੈਣ ਲਈ ਮੁੱਖ ਤੌਰ ’ਤੇ ਜ਼ਿੰਮੇਵਾਰ ਹੈ। ਉਹਨਾਂ ਕਿਹਾ ਕਿ ਇਸ ਪਵਿੱਤਰ ਸਦਨ ਦਾ ਆਰਾਮ ਨਾਲ ਕੰਮ ਕਰਦੇ ਰਹਿਣਾ ਯਕੀਨੀ ਬਣਾਉਣਾ ਸੱਤਾਧਾਰੀ ਪਾਰਟੀ ਦੀ ਜ਼ਿੰਮੇਵਾਰੀ ਹੁੰਦੀ ਹੈ। ਉਹਨਾਂ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਸੰਸਦ ਵਿਚ ਵਿਘਨ ਪਾਉਣ ਲਈ ਸੱਤਾਧਾਰੀ ਪਾਰਟੀ ਵੀ ਵਿਰੋਧੀ ਧਿਰ ਨਾਲ ਰਲ ਗਈ ਹੈ।ਸਪੀਕਰ ਨੂੰ ਲੋਕਤੰਤਰ ਨੂੰ ਬਚਾਉਣ ਦੀ ਅਪੀਲ ਕਰਦਿਆਂ ਬਠਿੰਡਾ ਦੇ ਐਮ ਪੀ ਨੇ ਕਿਹਾ ਕਿ ਸਰਕਾਰ ਵੱਲੋਂ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਵਿਚ ਨਾਕਾਮ ਰਹਿਣ ਅਤੇ ਵੱਧ ਰਹੀ ਬੇਰੋਜ਼ਗਾਰੀ ਦੇ ਮਸਲੇ ਦੇ ਹੱਲ ਸਮੇਤ ਸਾਰੇ ਮੁੱਦਿਆਂ ’ਤੇ ਚਰਚਾ ਹੋਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਵੀ ਰੋਜ਼ਾਨਾ ਵਰਤੋਂ ਦੀਆਂ ਵਸਤਾਂ ਦੀ ਕੀਮਤ ਵੱਧਣ ਦੀ ਮਾਰ ਝੱਲ ਰਿਹਾ ਹੈ ਤੇ ਕੋਈ ਵੀ ਰਾਹਤ ਨਜ਼ਰੀਂ ਨਹੀਂ ਪੈ ਰਹੀ। ਬੀਬੀ ਬਾਦਲ ਨੇ ਕਿਹਾ ਕਿ ਉਹ ਵੀ ਚਾਹੁੰਦੇ ਹਨ ਕਿ ਪੰਜਾਬ ਵਿਚ ਆਮ ਆਦਮੀ ਪਾਰਟੀ ਸਰਕਾਰ ਦੇ ਰਾਜ ਵਿਚ ਕਾਨੂੰਨ ਵਿਵਸਥਾ ਭੰਗ ਹੋਣ ਦਾ ਮੁੱਦਾ ਚੁੱਕਿਆ ਜਾਵੇ। ਉਹਨਾਂ ਕਿਹਾ ਕਿ ਪੰਜਾਬ ਵਿਚ ਮਾੜੇ ਹਾਲਾਤਾਂ ਕਾਰਨ ਉਦਯੋਗ ਹੋਰ ਰਾਜਾਂ ਵਿਚ ਸ਼ਿਫਟ ਹੋ ਰਹੇ ਹਨ ਤੇ ਸਭ ਤੋਂ ਹੈਰਾਨੀਜਨਕ ਗੱਲ ਇਹ ਹੈ ਕਿ ਲਾਰੰਸ ਬਿਸ਼ਨੋਈ ਵਰਗੇ ਖਤਰਨਾਕ ਗੈਂਗਸਟਰ ਬਠਿੰਡਾ ਜੇਲ੍ਹ ਵਿਚੋਂ ਹੀ ਮੀਡੀਆ ਨੂੰ ਇੰਟਰਵਿਊ ਦੇ ਰਹੇ ਹਨ। ਉਹਨਾਂ ਕਿਹਾ ਕਿ ਇਸ ਕਾਰਨ ਆਮ ਆਦਮੀ ਹੱਕਾ ਬੱਕਾ ਰਹਿ ਗਿਆ ਹੈ ਤੇ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਹੈ ਕਿ ਕੋਈ ਵੀ ਸੁਰੱਖਿਅਤ ਨਹੀਂ ਹੈ। ਉਹਨਾਂ ਕਿਹਾ ਕਿ ਕੁਝ ਦਿਨ ਪਹਿਲਾਂ ਵੀ ਪੰਜਾਬ ਦੀਆਂ ਜੇਲ੍ਹਾਂ ਵਿਚ ਗੈਂਗਵਾਰ ਵੇਖਣ ਨੂੰ ਮਿਲੀ ਸੀ ਤੇ ਹੁਣ ਇਸ ਘਟਨਾਕ੍ਰਮ ਨੇ ਸਾਬਕਾ ਕੀਤਾ ਹੈ ਕਿ ਕਾਨੂੰਨ ਵਿਵਸਥਾ ਵਸੋਂ ਬਾਹਰ ਹੋ ਗਈ ਹੈ। ਉਹਨਾਂ ਕਿਹਾ ਕਿ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਜਿਹਨਾਂ ਕੋਲ ਗ੍ਰਹਿ ਮੰਤਰਾਲਾ ਵੀ ਹੈ, ਤੋਂ ਅਸਤੀਫੇ ਦੀ ਮੰਗ ਕੀਤੀ ਜਾ ਰਹੀ ਹੈ ਤੇ ਇਹ ਮਹਿਸੂਸ ਕੀਤਾ ਜਾ ਰਿਹਾ ਹੈ ਕਿ ਪੰਜਾਬ ਦੇ ਅਰਾਜਕਤਾ ਵਿਚ ਧੱਕੇ ਜਾਣ ਤੋਂ ਪਹਿਲਾਂ ਹੀ ਇਸਦੇ ਬਚਾਅ ਲਈ ਦਰੁੱਸਤੀ ਵਾਲੇ ਕਦਮ ਚੁੱਕਣੇ ਲਾਜ਼ਮੀ ਹਨ।ਉਹਨਾਂ ਕਿਹਾ ਕਿ ਇਹ ਅਹਿਮ ਮਸਲਾ ਹੈ ਜਿਸ ’ਤੇ ਚਰਚਾ ਹੋਣੀ ਚਾਹੀਦੀ ਹੈ ਤੇ ਇਸ ਸਦਕਾ ਪੰਜਾਬੀਆਂ ਦੀਆਂ ਭਾਵਨਾਵਾਂ ਤੋਂ ਦੇਸ਼ ਜਾਣੂ ਹੋ ਸਕੇਗਾ।ਬਠਿੰਡਾ ਦੇ ਐਮ ਪੀ ਨੇ ਕਿਹਾ ਕਿ ਪੰਜਾਬੀ ਸ਼ਾਂਤੀ ਤੇ ਫਿਰਕੂ ਸਦਭਾਵਨਾ ਚਾਹੁੰਦੇ ਹਨ ਜੋ ਪੰਜਾਬ ਵਿਚ ਭੰਗ ਹੋਏ ਪਏ ਹਨ। ਉਹਨਾਂ ਦੱਸਿਆ ਕਿ ਕਿਵੇਂ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀ ਸਰਕਾਰ ਵੇਲੇ ਅਪਰਾਧ ਪ੍ਰਤੀ ਜ਼ੀਰੋ ਟਾਲਰੰਸ ਦੀ ਨੀਤੀ (ਬਿਲਕੁਲ ਬਰਦਾਸ਼ਤ ਨਹੀਂ) ਦੀ ਨੀਤੀ ਅਪਣਾਈ ਜਾਂਦੀ ਸੀ ਜਿਸ ਕਾਰਨ ਅਕਾਲੀ ਸਰਕਾਰ ਵੇਲੇ ਲਾਰੰਸ ਬਿਸ਼ਨੋਈ ਗ੍ਰਿਫਤਾਰ ਹੋਇਆ ਸੀ। ਉਹਨਾਂ ਇਹ ਵੀ ਦੱਸਿਆ ਕਿ ਕਿਵੇਂ ਆਪ ਸਰਕਾਰ ਪੰਜਾਬੀਆਂ ਨਾਲ ਕੀਤੇ ਵਾਅਦਿਆਂ ਤੋਂ ਮੁਕਰ ਗਈ ਹੈ ਤੇ ਸੂਬੇ ਵਿਚ ਨਸ਼ੇ ਵੱਧ ਰਹੇ ਹਨ ਤੇ ਵਿੱਤੀ ਕੁਪ੍ਰਬੰਧਨ ਬਣਿਆ ਹੋਇਆ ਹੈ।





