10 ਅਪ੍ਰੈਲ ਤੱਕ ਚੱਲਣੀ ਹੈ ਵੋਟਾਂ ਦੀ ਮੁਹਿੰਮ
ਸੁਖਜਿੰਦਰ ਮਾਨ
ਬਠਿੰਡਾ, 19 ਮਾਰਚ : ਲੰਘੀ 10 ਮਾਰਚ ਤੋਂ ਯੂਥ ਕਾਂਗਰਸ ਦੀਆਂ ਚੋਣਾਂ ਲਈ ਸ਼ੁਰੂ ਹੋਈ ਪ੍ਰਕ੍ਰਿਆ ਪੂਰੀ ਤਰ੍ਹਾਂ ਭਖ ਚੁੱਕੀ ਹੈ। ਇੰਨ੍ਹਾਂ ਚੋਣਾਂ ਨੂੰ ਲੈ ਕੇ ਯੂਥ ਵਰਕਰਾਂ ਤੇ ਆਗੂਆਂ ਵਿਚ ਵੱਡਾ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਜਿੱਥੇ ਹਲਕਾ ਅਤੇ ਜ਼ਿਲ੍ਹਾ ਪ੍ਰਧਾਨਾਂ ਵਲੋਂ ਇੰਨ੍ਹਾਂ ਚੋਣਾਂ ’ਚ ਜਿੱਤ ਪ੍ਰਾਪਤ ਕਰਨ ਲਈ ਦਿਨ-ਰਾਤ ਇੱਕ ਕੀਤਾ ਜਾ ਰਿਹਾ ਹੈ, ਉਥੇ ਸੂਬਾ ਜਨਰਲ ਸਕੱਤਰ ਦੇ ਅਹੁੱਦੇ ਲਈ ਮੈਦਾਨ ਵਿਚ ਡਟੇ ਬਠਿੰਡਾ ਪੱਟੀ ਦੇ ਯੂਥ ਆਗੂ ਰਣਜੀਤ ਸਿੰਘ ਸੰਧੂ ਨੇ ਅਪਣੀ ਚੋਣ ਮੁਹਿੰਮ ਨੂੰ ਪੂਰੀ ਤਰ੍ਹਾਂ ਭਖਾਇਆ ਹੋਇਆ ਹੈ। ਯੂਥ ਆਗੂ ਰਣਜੀਤ ਸਿੰਘ ਸੰਧੂ ਜਿੱਥੇ ਜ਼ਿਲ੍ਹਾ ਪ੍ਰਧਾਨ ਖ਼ੁਸਬਾਜ ਸਿੰਘ ਜਟਾਣਾ ਦਾ ਨਜਦੀਕੀ ਮੰਨਿਆਂ ਜਾਂਦਾ ਹੈ, ਉਥੇ ਸੂਬੇ ਵਿਚ ਉਸਨੂੰ ਹੋਰਨਾਂ ਆਗੂਆਂ ਦਾ ਵੀ ਸਮਰਥਨ ਹਾਸਲ ਦਸਿਆ ਜਾ ਰਿਹਾ। ਸੰਧੂ ਨੇ ਦਾਅਵਾ ਕੀਤਾ ਕਿ ਚੋਣਾਂ ਵਿਚ ਨੌਜਵਾਨਾਂ ’ਚ ਪੂਰਾ ਉਤਸ਼ਾਹ ਹੈ ਤੇ ਉਹਨਾਂ ਨੂੰ ਪੂਰੀ ਉਮੀਦ ਹੈ ਕਿ ਉਹ ਇੰਨ੍ਹਾਂ ਨੌਜਵਾਨਾਂ ਦੇ ਸਹਿਯੋਗ ਨਾਲ ਵੱਡੀ ਜਿੱਤ ਪ੍ਰਾਪਤ ਕਰਨਗੇ। ਗੌਰਤਲਬ ਹੈ ਕਿ ਸੂਬੇ ਵਿਚ ਪ੍ਰਧਾਨ ਤੋਂ ਬਾਅਦ ਜਨਰਲ ਸਕੱਤਰ ਦਾ ਅਹੁੱਦਾ ਮਹੱਤਵਪੂਰਨ ਮੰਨਿਆ ਜਾਂਦਾ ਹੈ। ਦਸਣਾ ਬਣਦਾ ਹੈ ਕਿ ਇਹ ਚੋਣ ਮੁਹਿੰਮ ਆਗਾਮੀ 10 ਅਪ੍ਰੈਲ ਤੱਕ ਚੱਲਣੀ ਹੈ। ਵੱਡੀ ਗੱਲ ਇਹ ਵੀ ਹੈ ਕਿ ਇਸ ਮੁਹਿੰਮ ਵਿਚ ਮੈਂਬਰਸ਼ਿਪ ਵੀ ਨਾਲ ਚੱਲ ਰਹੀ ਹੈ। ਇਸੇ ਤਰ੍ਹਾਂ ਜ਼ਿਲ੍ਹਾ ਪ੍ਰਧਾਨਗੀ ਲਈ ਮੌਜੂਦਾ ਪ੍ਰਧਾਨ ਲਖਵਿੰਦਰ ਸਿੰਘ ਲੱਖੀ ਮੁੜ ਮੈਦਾਨ ਵਿਚ ਨਿੱਤਰਿਆਂ ਹੋਇਆ ਹੈ, ਜਿਸਨੂੰ ਜ਼ਿਲ੍ਹੇ ਦੇ ਕਈ ਹੋਰ ਵੱਡੇ ਲੀਡਰਾਂ ਦਾ ਅਸੀਰਵਾਦ ਮਿਲਿਆ ਹੋਇਆ ਹੈ। ਜਿਕਰਯੋਗ ਹੈ ਕਿ ਮੌਜੂਦਾ ਅਹੁੱਦੇਦਾਰਾਂ ਦੀ ਮਿਆਦ ਦਸੰਬਰ 2022 ਵਿਚ ਖ਼ਤਮ ਹੋ ਗਈ ਸੀ, ਜਿਸਤੋਂ ਬਾਅਦ ਇਹ ਚੋਣ ਪ੍ਰਕ੍ਰਿਆ ਸ਼ੁਰੂ ਕੀਤੀ ਗਈ ਸੀ ਤੇ ਇਸ ਪ੍ਰੀਕ੍ਰਿਆ ਤਹਿਤ 19 ਤੋਂ 28 ਫ਼ਰਵਰੀ ਤੱਕ ਨਾਮਜਦਗੀਆਂ ਦਾ ਕੰਮ ਚੱਲਿਆ ਸੀ।
ਯੂਥ ਕਾਂਗਰਸ ਦੀਆਂ ਚੋਣਾਂ ਨੂੰ ਲੈ ਕੇ ਰਣਜੀਤ ਸੰਧੂ ਨੇ ਭਖਾਈ ਚੋਣ ਮੁਹਿੰਮ
ਬਠਿੰਡਾ ਰਨਰਜ਼ ਕਲੱਬ ਵਲੋਂ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ 5ਵੀਂ ਸਲਾਨਾ ਹਾਫ਼ ਮੈਰਾਥਨ ਆਯੋਜਿਤ
ਹਾਫ਼ ਮੈਰਾਥਨ ਨੂੰ ਵਿਧਾਇਕ ਜਗਰੂਪ ਗਿੱਲ ਤੇ ਡਿਪਟੀ ਕਮਿਸ਼ਨਰ ਨੇ ਹਰੀ ਝੰਡੀ ਦਿਖਾ ਕੇ ਕੀਤਾ ਰਵਾਨਾ
ਸੁਖਜਿੰਦਰ ਮਾਨ
ਬਠਿੰਡਾ, 19 ਮਾਰਚ : ਬਠਿੰਡਾ ਰਨਰਜ਼ ਕਲੱਬ ਵਲੋਂ ਜ਼ਿਲ੍ਹਾ ਪ੍ਰਸ਼ਾਸਨ ਤੇ ਬੀਐਮ ਐਜੂਕੇਸ਼ਨ ਦੇ ਸਹਿਯੋਗ ਨਾਲ ਕਰਵਾਈ ਗਈ 5ਵੀਂ ਸਲਾਨਾ ਹਾਫ਼ ਮੈਰਾਥਨ ਅੱਜ ਇੱਥੇ ਗੁਰੂ ਨਾਨਕ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਕਮਲਾ ਨਹਿਰੂ ਕਲੋਨੀ ਤੋਂ ਸ਼ੁਰੂ ਹੋਈ। ਇਸ ਮੈਰਾਥਨ ਨੂੰ ਵਿਧਾਇਕ ਬਠਿੰਡਾ (ਸ਼ਹਿਰੀ) ਜਗਰੂਪ ਗਿੱਲ ਅਤੇ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਨੇ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ।ਇਸ ਮੌਕੇ ਵਿਧਾਇਕ ਸ: ਗਿੱਲ ਨੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਬਠਿੰਡਾ ਰਨਰਜ਼ ਕਲੱਬ ਵਲੋਂ ਕੀਤੇ ਗਏ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਮੈਰਾਥਨ ਦਾ ਮੁੱਖ ਮਕਸਦ ਬਠਿੰਡਾ ਵਾਸੀਆਂ ਨੂੰ ਕੈਂਸਰ ਦੀ ਬਿਮਾਰੀ ਦੇ ਦੂਰਪ੍ਰਭਾਵਾਂ ਤੋਂ ਜਾਣੂ ਕਰਵਾਉਣਾ ਤੇ ਨੌਜਵਾਨ ਵਰਗ ਨੂੰ ਨਸ਼ਿਆਂ ਤੋਂ ਦੂਰ ਕਰਨਾ ਹੈ। ਜਦੋਂਕਿ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਮੈਰਾਥਨ ਵਿੱਚ 21 ਕਿਲੋਮੀਟਰ, 10 ਕਿਲੋਮੀਟਰ, 5 ਕਿਲੋਮੀਟਰ ਅਤੇ 1 ਕਿਲੋਮੀਟਰ ਤੱਕ ਬੱਚਿਆਂ ਦੀਆਂ ਦੌੜਾ ਕਰਵਾਈਆਂ ਗਈਆਂ। ਇਸ ਮੈਰਾਥਨ ਵਿੱਚ ਪੂਰੇ ਭਾਰਤ ਵਿੱਚੋਂ 1500 ਤੋਂ ਵੱਧ ਦੌੜਾਕਾਂ ਨੇ ਭਾਗ ਲਿਆ। ਭਾਗ ਲੈਣ ਵਾਲੇ ਸਾਰੇ ਦੌੜਾਕਾਂ ਲਈ ਟੀ-ਸ਼ਰਟ, ਮੈਡਲ, ਅਤੇ ਰਿਫ਼ਰੈਸ਼ਮੈਂਟ ਦਾ ਖ਼ਾਸ ਪ੍ਰਬੰਧ ਕੀਤਾ ਗਿਆ। ਉਨ੍ਹਾਂ ਦੱਸਿਆ ਕਿ 21 ਕਿਲੋਮੀਟਰ ਦੌੜ (ਲੜਕਿਆਂ) ਚ ਮਾਹੇਸ਼ ਕੁਮਾਰ ਨੇ ਪਹਿਲਾ, ਅੰਮ੍ਰਿਤਪਾਲ ਸਿੰਘ ਨੇ ਦੂਸਰਾ ਤੇ ਜਗਤਾਰ ਸਿੰਘ ਨੇ ਤੀਸਰਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ 21 ਕਿਲੋਮੀਟਰ ਦੌੜ (ਲੜਕੀਆਂ) ਚ ਮਨਪ੍ਰੀਤ ਕੌਰ ਨੇ ਪਹਿਲਾ, ਸਰਬਜੀਤ ਕੌਰ ਨੇ ਦੂਸਰਾ ਤੇ ਸੋਨੀਆ ਗਰਗ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ 10 ਕਿਲੋਮੀਟਰ ਦੌੜ (ਲੜਕਿਆਂ) ਚ ਹਰੀਸ਼ ਚੰਦਰ ਨੇ ਪਹਿਲਾ, ਰਵੀ ਕੁਮਾਰ ਨੇ ਦੂਸਰਾ ਅਤੇ ਫੁਲਰਾਜ ਸਿੰਘ ਨੇ ਤੀਸਰਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ 10 ਕਿਲੋਮੀਟਰ ਦੌੜ (ਲੜਕੀਆਂ) ਚ ਪ੍ਰਗਤੀ ਗੁਪਤਾ ਨੇ ਪਹਿਲਾ, ਦਵਿੰਦਰ ਕੌਰ ਨੇ ਦੂਸਰਾ ਅਤੇ ਅਮਨਦੀਪ ਕੌਰ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਇਨ੍ਹਾਂ ਜੇਤੂ ਖਿਡਾਰੀਆਂ ਨੂੰ ਇਨਾਮ ਵਜੋਂ ਬਠਿੰਡਾ ਪ੍ਰਸ਼ਾਸਨ ਵਲੋਂ ਟੀ-ਸ਼ਰਟ, ਮੈਡਲ ਅਤੇ ਨਕਦ ਰਾਸ਼ੀ ਵੀ ਦਿੱਤੀ ਗਈ।ਇਸ ਮੌਕੇ ਜ਼ਿਲ੍ਹਾ ਖੇਡ ਅਫ਼ਸਰ ਰੁਪਿੰਦਰ ਸਿੰਘ, ਬਠਿੰਡਾ ਰਨਰਜ਼ ਕਲੱਬ ਦੇ ਨੁਮਾਇੰਦੇ ਤੇਜਿੰਦਰ ਸਿੰਘ, ਸੰਜੀਵ ਸਿੰਗਲਾ, ਰੂਬੀ ਢਿੱਲੋਂ, ਕੇਵਲ ਕਿਸ਼ਨ, ਵਿਸ਼ਾਲ, ਮੇਹਰ ਸਿੰਘ, ਰਾਮਾ ਸੰਕਰ ਗੁਪਤਾ, ਸਟੂਡੀਓ 21 ਤੋਂ ਇਕਬਾਲ ਸਿੰਘ ਅਤੇ ਮਨੋਜ਼ ਕੁਮਾਰ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਹਾਫ਼ ਮੈਰਾਥਨ ਵਿੱਚ ਭਾਗ ਲੈਣ ਵਾਲੇ ਦੌੜਾਕ ਆਦਿ ਹਾਜ਼ਰ ਸਨ।
ਬੰਧਨ ਬੈਂਕ ’ਚ ਪੈਸਿਆਂ ਵਾਲਾ ਬੈਗ ਚੋਰੀ ਕਰਨ ਵਾਲੇ ਚੜ੍ਹੇ ਪੁਲਿਸ ਅੜਿੱਕੇ, 36 ਹਜ਼ਾਰ ਬਰਾਮਦ, ਬਾਕੀ ਕੀਤੇ ਖ਼ਰਚ
ਸੁਖਜਿੰਦਰ ਮਾਨ
ਬਠਿੰਡਾ, 19 ਮਾਰਚ: ਲੰਘੀ 3 ਮਾਰਚ ਨੂੰ ਸ਼ਹਿਰ ਦੇ ਨਾਮਦੇਵ ਰੋਡ ’ਤੇ ਸਥਿਤ ਇੱਕ ਪ੍ਰਾਈਵੇਟ ਵਿੱਤੀ ਸੰਸਥਾ ਬੰਧਨ ਬੈਂਕ ’ਚ ਦਾਖਲ ਹੋ ਕੇ ਲੱਖਾਂ ਰੁਪਇਆ ਦੀ ਨਗਦੀ ਨਾਲ ਭਰਿਆ ਬੈਗ ਚੋਰੀ ਕਰਨ ਵਾਲੇ ਦੋ ਨੌਜਵਾਨਾਂ ਨੂੰ ਸਿਵਲ ਲਾਈਨ ਪੁਲਿਸ ਨੇ ਅੱਜ ਗ੍ਰਿਫਤਾਰ ਕਰ ਲਿਆ ਹੈ। ਗ੍ਰਿਫਤਾਰ ਕੀਤੇੇ ਕਥਿਤ ਦੋਸ਼ੀਆਂ ਦੀ ਪਹਿਚਾਣ ਮਨਪ੍ਰਰੀਤ ਸਿੰਘ ਉਰਫ਼ ਗਗਨਪ੍ਰੀਤ ਗਿੱਲ ਵਾਸੀ ਮੁਲਤਾਨੀਆ ਤੇ ਅਮਰਜੀਤ ਸਿੰਘ ਉਰਫ਼ ਕਾਕਾ ਵਾਸੀ ਬੀੜ ਤਾਲਾਬ ਬਸਤੀ ਨੰਬਰ 2 ਜ਼ਿਲ੍ਹਾ ਬਠਿੰਡਾ ਦੇ ਤੌਰ ’ਤੇ ਹੋਈ ਹੈ। ਪੁਲਿਸ ਅਧਿਕਾਰੀਆਂ ਮੁਤਾਬਕ ਕਥਿਤ ਦੋਸ਼ੀਆਂ ਕੋਲੋਂ ਬੈਂਕ ’ਚੋਂ ਚੋਰੀ ਕੀਤੀ ਨਗਦੀ ਵਿਚੋਂ 36,000 ਰੁਪਏ ਬਰਾਮਦ ਕਰ ਲਏ ਗਏ ਹਨ ਜਦੋਂਕਿ 1,6,000 ਰੁਪਏ ਦੀ ਰਾਸ਼ੀ ਉਨ੍ਹਾਂ ਖ਼ਰਚ ਕਰਨ ਦਾ ਦਾਅਵਾ ਕੀਤਾ ਹੈ। ਅੱਜ ਇਸ ਸਬੰਧ ਵਿਚ ਜਾਣਕਾਰੀ ਦਿੰਦਿਆਂ ਥਾਣਾ ਸਿਵਲ ਲਾਈਨ ਦੇ ਮੁਖੀ ਇੰਸਪੈਕਟਰ ਯਾਦਵਿੰਦਰ ਸਿੰਘ ਨੇ ਦਸਿਆ ਕਿ ਉਕਤ ਕਥਿਤ ਦੋਸੀਆਂ ਨੇ 3 ਮਾਰਚ ਨੂੰ ਪ੍ਰਾਈਵੇਟ ਬੈਂਕ ਵਿਚ ਦਾਖ਼ਲ ਹੋ ਕੇ ਇੱਕ ਪੈਸਿਆਂ ਨਾਲ ਭਰਿਆ ਬੈਗ ਚੁੱਕ ਲਿਆ ਸੀ। ਇਹ ਵੀ ਪਤਾ ਲੱਗਿਆ ਕਿ ਮੁਜ਼ਰਮ ਅਮਰਜੀਤ ਸਿੰਘ ਵਿਰੁਧ ਪਹਿਲਾਂ ਵੀ ਐਨਡੀਪੀਐਸ ਐਕਟ ਤਹਿਤ ਕੇਸ ਦਰਜ ਹਨ। ਇਸੇ ਤਰਾਂ ਇੱਕ ਹੋਰ ਮਾਮਲੇ ਵਿਚ 16 ਮਾਰਚ ਨੂੰ ਪਾਵਰ ਹਾਊਸ ਰੋਡ ਦੀ ਗਲੀ ਨੰਬਰ 6/3 ਵਿਚ ਅਪਣੇ ਘਰ ਦੇ ਗੇਟ ਅੱਗੇ ਖੜ੍ਹੀ ਇਕ ਔਰਤ ਦੇ ਗਲੇ ਵਿਚੋਂ ਸੋਨੇ ਦੀ ਚੇਨ ਖੋਹਣ ਵਾਲੇ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਉਸਦੇ ਕੋਲੋਂ ਖੋਹੀ ਸੋਨੇ ਦੀ ਚੇਨ ਵੀ ਬਰਾਮਦ ਕਰ ਲਈ ਹੈ। ਕਥਿਤ ਦੋਸ਼ੀ ਦੀ ਪਹਿਚਾਣ ਅਮਨਦੀਪ ਸ਼ਰਮਾ ਦੇ ਤੌਰ ’ਤੇ ਹੋਈ ਹੈ। ਇੱਕ ਹੋਰ ਮਾਮਲੇ ਵਿਚ 28 ਜਨਵਰੀ ਨੂੰ ਭਾਗੂ ਰੋਡ ’ਤੇ ਸਥਿਤ ਇਕ ਦੁਕਾਨ ਵਿਚ ਲਗਾਤਾਰ ਦੋ ਵਾਰ ਚੋਰੀਆਂ ਕਰਨ ਵਾਲੇ ਮੁਜਰਮ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਹੈ। ਕਥਿਤ ਦੋਸ਼ੀ ਦੀ ਪਹਿਚਾਣ ਰਾਕੇਸ਼ ਕੁਮਾਰ ਵਾਸੀ ਗਲੀ ਨੰਬਰ 2, ਬੈਕ ਸਾਈਡ ਰਾਮਬਾਗ ਰੋਡ ਦੇ ਤੌਰ ’ਤੇ ਹੋਈ ਹੈ। ਪੁਲਿਸ ਅਧਿਕਾਰੀਆਂ ਮੁਤਾਬਕ ਉਸਦੇ ਕੋਲੋ ਇਕ ਐਲਈਡੀ, ਇਕ ਗੈਸ ਚੁੱਲ੍ਹਾ ਅਤੇ ਕੀਮਤੀ ਕੱਪੜੇ ਬਰਾਮਦ ਕੀਤੇ ਹਨ। ਕਥਿਤ ਦੋਸ਼ੀ ਨੇ 25 ਜਨਵਰੀ ਨੂੰ ਉਕਤ ਦੁਕਾਨ ’ਤੇ ਚੋਰੀ ਕੀਤੀ ਸੀ।

ਬਠਿੰਡਾ ਪੁਲਿਸ ਵਲੋਂ ਭਾਈ ਅੰਮ੍ਰਿਤਪਾਲ ਸਿੰਘ ਦੇ ਦੋ ਦਰਜ਼ਨ ਤੋਂ ਵੱਧ ਸਮਰਥਕਾਂ ਨੂੰ ਕੀਤਾ ਰਾਉਂਡਅੱਪ
ਸ਼ਹਿਰ ’ਚ ਮੁੜ ਕੀਤਾ ਫਲੈਗ ਮਾਰਚ, ਐਸ.ਐਸ.ਪੀ ਨੇ ਅਮਨ ਤੇ ਕਾਨੂੰਨ ਭੰਗ ਕਰਨ ਵਾਲਿਆਂ ਨੂੰ ਦਿੱਤੀ ਸਖ਼ਤ ਚੇਤਾਵਨੀ
ਸੁਖਜਿੰਦਰ ਮਾਨ
ਬਠਿੰਡਾ, 19 ਮਾਰਚ : ਬੀਤੇ ਕੱਲ ਪੰਜਾਬ ਪੁਲਿਸ ਵਲੋਂ ਸੂਬੇ ਭਰ ’ਚ ਵਾਰਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਭਾਈ ਅੰਮ੍ਰਿਤਪਾਲ ਸਿੰਘ ਅਤੇ ਉਸਦੇ ਸਾਥੀਆਂ ਵਿਰੁਧ ਵਿੱਢੀ ਮੁਹਿੰਮ ਤਹਿਤ ਬਠਿੰਡਾ ਜ਼ਿਲ੍ਹੇ ਵਿਚ ਵੀ ਕਰੀਬ ਦੋ ਦਰਜ਼ਨ ਸਮਰਥਕਾਂ ਨੂੰ ਰਾਉਂਡਅੱਪ ਕਰਨ ਦੀ ਸੂਚਨਾ ਹੈ। ਪਤਾ ਲੱਗਿਆ ਹੈ ਕਿ ਇੰਨ੍ਹਾਂ ਵਿਚੋਂ ਡੇਢ ਦਰਜ਼ਨ ਦੇ ਕਰੀਬ ਤਲਵੰਡੀ ਸਾਬੋ, ਤਿੰਨ ਰਾਮਪੁਰਾ ਅਤੇ ਇੰਨ੍ਹੇਂ ਹੀ ਬਠਿੰਡਾ ਸ਼ਹਿਰ ਨਾਲ ਸਬੰਧਤ ਦੱਸੇ ਜਾ ਰਹੇ ਹਨ। ਇਹ ਵੀ ਸੂਚਨਾ ਮਿਲੀ ਹੈ ਕਿ ਇੰਨ੍ਹਾਂ ਨੌਜਵਾਨਾਂ ਵਿਚੋਂ ਕੁੱਝ ਇੱਕ ਨੂੰ ਛੱਡ ਕੇ ਬਾਕੀਆਂ ਨੂੰ ਐਸ.ਡੀ.ਐਮ ਦੀ ਅਦਾਲਤ ਵਿਚ ਪੇਸ਼ ਕਰਕੇ ਜੇਲ੍ਹ ਭੇਜ ਦਿੱਤਾ ਹੈ। ਉਧਰ ਅਮਨ ਤੇ ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖਣ ਲਈ ਅੱਜ ਮੁੜ ਪੁਲਿਸ ਅਤੇ ਨੀਮ ਫ਼ੌਜੀ ਬਲਾਂ ਵਲੋਂ ਐਸਐਸਪੀ ਦੀ ਅਗਵਾਈ ਹੇਠ ਸ਼ਹਿਰ ਵਿਚ ਫਲੈਗ ਮਾਰਚ ਕੀਤਾ ਗਿਆ। ਇਸਤੋਂ ਇਲਾਵਾ ਸ਼ਹਿਰ ਅਤੇ ਜ਼ਿਲ੍ਹੇ ਦੇ ਪ੍ਰਮੁੱਖ ਸਥਾਨਾਂ ‘ਤੇ ਵਿਸ਼ੇਸ ਨਾਕਾਬੰਦੀ ਵੀ ਜਾਰੀ ਰਹੀ। ਅੱਜ ਹੀ ਮਾਨਸਾ ਜ਼ਿਲ੍ਹੇ ਵਿਚ ਮਹਰੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਪਹਿਲੀ ਬਰਸੀ ਹੋਣ ਦੇ ਚੱਲਦੇ ਪੁਲਿਸ ਵਲੋਂ ਵਿਸੇਸ ਨਿਗਾਂ ਰੱਖੀ ਗਈ। ਗੌਰਤਲਬ ਹੈ ਕਿ ਬੀਤੇ ਕੱਲ ਜ਼ਿਲ੍ਹੇ ਦੇ ਪਿੰਡ ਚਾਊਕੇ ਵਿਖੇ ਭਾਈ ਅੰਮ੍ਰਿਤਪਾਲ ਸਿੰਘ ਵਲੋਂ ਅੰਮ੍ਰਿਤ ਸੰਚਾਰ ਦਾ ਪ੍ਰੋਗਰਾਮ ਰੱਖਿਆ ਗਿਆ ਸੀ ਪ੍ਰੰਤੂ ਉਹ ਪੁਲਿਸ ਕਾਰਵਾਈ ਦੇ ਚੱਲਦੇ ਨਹੀਂ ਪੁੱਜ ਸਕੇ ਸਨ। ਜਿਸ ਕਾਰਨ ਪੁਲਿਸ ਵਲੋਂ ਪਹਿਲਾਂ ਹੀ ਸੁਰੱਖਿਆ ਪ੍ਰਬੰਧ ਕੀਤੇ ਹੋਏ ਸਨ। ਜਿਲ੍ਹੇ ਵਿਚ ਮੌਜੂਦਾ ਸਮੇਂ ਕੇਂਦਰੀ ਸੁਰੱਖਿਆ ਬਲਾਂ ਦੀਆਂ ਤਿੰਨ ਕੰਪਨੀਆਂ ਵੀ ਮੌਜੂਦ ਹਨ, ਜਿੰਨ੍ਹਾਂ ਵਲੋਂ ਪੁਲਿਸ ਦੀ ਮੱਦਦ ਕੀਤੀ ਜਾ ਰਹੀ ਹੈ। ਉਧਰ ਐਸਐਸਪੀ ਗੁਲਨੀਤ ਸਿੰਘ ਖੁਰਾਣਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਸਿਆ ਕਿ ਸ਼ਹਿਰ ਵਿਚ ਅਮਨ ਤੇ ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖਣ ਲਈ ਫਲੈਗ ਮਾਰਚ ਕੱਢਿਆ ਗਿਆ, ਜਿਸ ਦੌਰਾਨ ਲੋਕਾਂ ਨੂੰ ਸ਼ਾਂਤੀ ਤੇ ਭਾਈਚਾਰਕ ਸਾਂਝ ਬਣਾਈ ਰੱਖਣ ਦੀ ਅਪੀਲ ਕੀਤੀ ਗਈ। ਉਨ੍ਹਾਂ ਦਸਿਆ ਕਿ ਅਸਾਂਤੀ ਫ਼ਲਾਉਣ ਵਾਲਿਆਂ ਨੂੰ ਲੱਭਿਆ ਜਾ ਰਿਹਾ ਹੈ।ਐਸ.ਐਸ.ਪੀ ਨੇ ਜ਼ਿਲ੍ਹਾ ਵਾਸੀਆਂ ਨੂੰ ਭਰੋਸਾ ਦਿਵਾਇਆ ਕਿ ਅਮਨ ਤੇ ਕਾਨੂੰਨ ਦੀ ਸਥਿਤੀ ਪੂਰੀ ਤਰ੍ਹਾਂ ਕਾਬੂ ਹੇਠ ਹੈ। ਉਨ੍ਹਾਂ ਸ਼ਰਾਰਤੀ ਅਨਸਰਾਂ ਨੂੰ ਵੀ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਕਿਸੇ ਨੇ ਕਾਨੂੰਨ ਨੂੰ ਅਪਣੇ ਹੱਥ ਵਿਚ ਲੈਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਵਿਰੁਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇਸੇ ਤਰ੍ਹਾਂ ਸੋਸਲ ਮੀਡੀਆ ’ਤੇ ਅਫ਼ਵਾਹਾਂ ਫ਼ਲਾਉਣ ਵਾਲਿਆਂ ਨੂੰ ਵੀ ਨਹੀਂ ਬਖ਼ਸਿਆ ਜਾਵੇਗਾ।
ਮੁੱਖ ਮੰਤਰੀ ਨੇ ਅੰਮ੍ਰਿਤਸਰ ਵਾਸੀਆਂ ਦੀ ਚਿਰੋਕਣੀ ਮੰਗ ਪੂਰੀ ਕੀਤੀ, ਵੱਲਾਹ ਰੇਲਵੇ ਓਵਰ ਬ੍ਰਿਜ ਸੂਬੇ ਨੂੰ ਸਮਰਪਿਤ
ਪਵਿੱਤਰ ਸ਼ਹਿਰ ‘ਚ ਟ੍ਰੈਫਿਕ ਨੂੰ ਸਮੱਸਿਆ ਦੂਰ ਕਰਨ ਵਿੱਚ ਮਿਲੇਗੀ ਮਦਦ
ਜੀ-20 ਸਿਖਰ ਸੰਮੇਲਨ ਵਿਸ਼ਵ ਭਰ ਵਿੱਚ ਸਿੱਖਿਆ ਦੇ ਖੇਤਰ ਵਿੱਚ ਗੁਣਾਤਮਕ ਤਬਦੀਲੀਆਂ ਲਿਆਉਣ ਵਿੱਚ ਸਹਾਈ ਹੋਵੇਗਾ-ਮੁੱਖ ਮੰਤਰੀ
ਸੂਬੇ ਨੂੰ ਸਿੱਖਿਆ ਅਤੇ ਮੈਡੀਕਲ ਵਿਗਿਆਨ ਦਾ ਧੁਰਾ ਬਣਾਉਣ ਦੀ ਵਚਨਬੱਧਤਾ ਨੂੰ ਦੁਹਰਾਇਆ
ਪੰਜਾਬੀ ਖ਼ਬਰਸਾਰ ਬਿਉਰੋ
ਅੰਮ੍ਰਿਤਸਰ, 18 ਮਾਰਚ: ਸਮੁੱਚੇ ਮਾਝਾ ਖੇਤਰ ਦੇ ਲੋਕਾਂ ਦੀ ਚਿਰੋਕਣੀ ਮੰਗ ਨੂੰ ਪੂਰਾ ਕਰਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਵੱਲਾਹ ਵਿਖੇ ਨਵਾਂ ਬਣਿਆ ਰੇਲਵੇ ਓਵਰ ਬ੍ਰਿਜ (ਆਰ.ਓ.ਬੀ) ਲੋਕਾਂ ਨੂੰ ਸਮਰਪਿਤ ਕਰ ਦਿੱਤਾ ਤਾਂ ਜੋ ਸ਼ਹਿਰ ਨੂੰ ਆਉਣ ਵਾਲੇ ਸ਼ਰਧਾਲੂਆਂ ਲਈ ਟ੍ਰੈਫਿਕ ਦੀ ਸਮੱਸਿਆ ਨੂੰ ਦੂਰ ਕੀਤਾ ਜਾ ਸਕੇ।ਇਸ ਪ੍ਰਾਜੈਕਟ ਨੂੰ ਸਮਰਪਿਤ ਕਰਨ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ, ‘‘ਇਹ ਇਤਿਹਾਸਕ ਪਹਿਲਕਦਮੀ ਹੈ ਜੋ ਪਾਵਨ ਨਗਰੀ ਵਿੱਚ ਆਵਾਜਾਈ ਨੂੰ ਸੁਚਾਰੂ ਬਣਾਉਣ ਵਿੱਚ ਮਦਦ ਕਰੇਗੀ ਜਿਸ ਨਾਲ ਸ਼ਹਿਰ ਵਾਸੀਆਂ, ਸ਼ਰਧਾਲੂਆਂ ਅਤੇ ਯਾਤਰੀਆਂ ਨੂੰ ਲਾਭ ਮਿਲੇਗਾ।”ਮੁੱਖ ਮੰਤਰੀ ਨੇ ਕਿਹਾ ਕਿ ਇਸ ਪਵਿੱਤਰ ਸ਼ਹਿਰ ਦੇ ਵਿਕਾਸ ਨੂੰ ਹੁਲਾਰਾ ਦੇਣ ਲਈ ਸੂਬਾ ਸਰਕਾਰ ਵੱਲੋਂ ਇਹ ਨਿਮਾਣਾ ਜਿਹਾ ਉਪਰਾਲਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਪਵਿੱਤਰ ਧਰਤੀ ‘ਤੇ ਸ੍ਰੀ ਦਰਬਾਰ ਸਾਹਿਬ, ਦੁਰਗਿਆਣਾ ਮੰਦਰ, ਜਲਿਆਂਵਾਲਾ ਬਾਗ, ਭਗਵਾਨ ਵਾਲਮੀਕਿ ਤੀਰਥ ਆਦਿ ਵਿਖੇ ਰੋਜ਼ਾਨਾ ਲੱਖਾਂ ਦੀ ਗਿਣਤੀ ਵਿੱਚ ਸੰਗਤਾਂ ਨਤਮਸਤਕ ਹੁੰਦੀਆਂ ਹਨ। ਭਗਵੰਤ ਮਾਨ ਨੇ ਕਿਹਾ ਕਿ ਇਸ ਪ੍ਰੋਜੈਕਟ ਨਾਲ ਉਨ੍ਹਾਂ ਨੂੰ ਸ਼ਹਿਰ ਵਿੱਚ ਆ ਕੇ ਪਵਿੱਤਰ ਅਸਥਾਨਾਂ ‘ਤੇ ਮੱਥਾ ਟੇਕਣ ਵਿੱਚ ਸੌਖ ਹੋਵੇਗੀ।ਮੁੱਖ ਮੰਤਰੀ ਨੇ ਕਿਹਾ ਕਿ ਰੇਲਵੇ ਦੇ ਅੰਮ੍ਰਿਤਸਰ-ਸਾਹਨੇਵਾਲ ਸੈਕਸ਼ਨ ‘ਤੇ ਇਸ ਵੱਕਾਰੀ ਪ੍ਰਾਜੈਕਟ ‘ਤੇ ਲਗਭਗ 33 ਕਰੋੜ ਰੁਪਏ ਖਰਚ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਇਹ ਪ੍ਰੋਜੈਕਟ ਕੇਂਦਰ ਅਤੇ ਸੂਬਾ ਸਰਕਾਰ ਦੇ ਸਹਿਯੋਗ ਨਾਲ ਤਿਆਰ ਕੀਤਾ ਗਿਆ ਹੈ ਅਤੇ ਇਸ ਆਰ.ਓ.ਬੀ. ‘ਤੇ ਅੰਮ੍ਰਿਤਸਰ ਇੰਪਰੂਵਮੈਂਟ ਟਰੱਸਟ ਨੇ 18.83 ਕਰੋੜ ਰੁਪਏ ਖਰਚ ਕੀਤੇ ਹਨ। ਭਗਵੰਤ ਮਾਨ ਨੇ ਕਿਹਾ ਕਿ ਇਸ ਪ੍ਰੋਜੈਕਟ ਲਈ 14.12 ਕਰੋੜ ਰੁਪਏ ਰੇਲਵੇ ਦੇ ਹਿੱਸੇ ਆਉਂਦੇ ਸਨ, ਜਿਸ ਵਿੱਚੋਂ 7.48 ਕਰੋੜ ਰੁਪਏ ਮਿਲ ਚੁੱਕੇ ਹਨ ਜਦਕਿ 6.64 ਕਰੋੜ ਰੁਪਏ ਅਜੇ ਬਕਾਇਆ ਹਨ।ਮੁੱਖ ਮੰਤਰੀ ਨੇ ਜੀ-20 ਦੇ ਸਿੱਖਿਆ ਸੈਸ਼ਨ ਦੀ ਸਫਲਤਾ ਲਈ ਸੂਬੇ ਦੇ ਲੋਕਾਂ ਖਾਸ ਕਰਕੇ ਪਵਿੱਤਰ ਸ਼ਹਿਰ ਦੇ ਲੋਕਾਂ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਇਨ੍ਹਾਂ ਸੈਸ਼ਨਾਂ ਵਿੱਚ ਸ਼ਕਤੀਸ਼ਾਲੀ ਦੇਸ਼ਾਂ ਦੇ ਨੁਮਾਇੰਦਿਆਂ ਨੇ ਭਾਗ ਲਿਆ ਹੈ ਜੋ ਦੁਨੀਆ ਦੇ 80 ਫੀਸਦੀ ਹਿੱਸੇ ਨਾਲ ਸਬੰਧਤ ਹਨ। ਭਗਵੰਤ ਮਾਨ ਨੇ ਉਮੀਦ ਪ੍ਰਗਟਾਈ ਕਿ ਇਹ ਵਿਚਾਰ-ਵਟਾਂਦਰਾ ਮੈਂਬਰ ਦੇਸ਼ਾਂ ਵਿੱਚ ਸਿੱਖਿਆ ਦੇ ਖੇਤਰ ਵਿੱਚ ਗੁਣਾਤਮਕ ਤਬਦੀਲੀਆਂ ਲਿਆਉਣ ਦਾ ਆਧਾਰ ਹੋਵੇਗਾ।ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਨੇ ਆਉਣ ਵਾਲੇ ਡੈਲੀਗੇਟਾਂ ਦੇ ਆਰਾਮਦਾਇਕ ਠਹਿਰਾਅ ਨੂੰ ਯਕੀਨੀ ਬਣਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡੀ। ਉਨ੍ਹਾਂ ਕਿਹਾ ਕਿ ਸ਼ਹਿਰ ਦੇ ਲੋਕਾਂ ਦੇ ਸਰਗਰਮ ਸਹਿਯੋਗ ਨਾਲ ਸੂਬਾ ਸਰਕਾਰ ਦੀਆਂ ਕੋਸ਼ਿਸ਼ਾਂ ਦੇ ਲੋੜੀਂਦੇ ਨਤੀਜੇ ਸਾਹਮਣੇ ਆਏ ਹਨ ਅਤੇ ਡੈਲੀਗੇਟਾਂ ਨੇ ਸੂਬੇ ਦੀ ਨਿੱਘੀ ਮਹਿਮਾਨਨਿਵਾਜ਼ੀ ਦਾ ਆਨੰਦ ਮਾਣਿਆ ਹੈ। ਭਗਵੰਤ ਮਾਨ ਨੇ ਕਿਹਾ ਕਿ ਇਹ ਡੈਲੀਗੇਟ ਆਪਣੇ ਨਾਲ ਪੰਜਾਬ ਫੇਰੀ ਦੀਆਂ ਤਾਜ਼ੀਆਂ ਯਾਦਾਂ ਨੂੰ ਨਾਲ ਲੈ ਕੇ ਜਾਣਗੇ ਜੋ ਉਨ੍ਹਾਂ ਦੀ ਜ਼ਿੰਦਗੀ ਦੇ ਸਫ਼ਰ ਦਾ ਸਦਾ ਹਿੱਸਾ ਬਣ ਕੇ ਰਹਿਣਗੀਆਂ।ਮੁੱਖ ਮੰਤਰੀ ਨੇ ਸਪੱਸ਼ਟ ਤੌਰ ‘ਤੇ ਕਿਹਾ ਕਿ ਸੂਬਾ ਸਰਕਾਰ ਪੰਜਾਬ ਨੂੰ ਸਿੱਖਿਆ ਦੇ ਧੁਰੇ ਵਜੋਂ ਵਿਕਸਤ ਕਰਨ ਲਈ ਲਗਾਤਾਰ ਉਪਰਾਲੇ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਕਿਸੇ ਵਿਅਕਤੀ ਦੀ ਦੌਲਤ ਨੂੰ ਉਸ ਦੇ ਬੰਗਲੇ, ਕਾਰਾਂ ਜਾਂ ਜਾਇਦਾਦ ਦੀ ਗਿਣਤੀ ਨਾਲ ਨਹੀਂ ਜੋੜਿਆ ਜਾਵੇਗਾ। ਭਗਵੰਤ ਮਾਨ ਨੇ ਕਿਹਾ ਕਿ ਕਿਸੇ ਵਿਅਕਤੀ ਦੇ ਸਰਮਾਏ ਦਾ ਪਤਾ ਉਸ ਦੇ ਬੱਚਿਆਂ ਨੇ ਪ੍ਰਾਪਤ ਕੀਤੀ ਸਿੱਖਿਆ ਦੇ ਪੱਧਰ ਤੋਂ ਲਗਾਇਆ ਜਾਵੇਗਾ।ਮੁੱਖ ਮੰਤਰੀ ਨੇ ਕਿਹਾ ਕਿ ਇਸ ਮੰਤਵ ਲਈ ਉਨ੍ਹਾਂ ਦੀ ਸਰਕਾਰ ਸੂਬੇ ਵਿੱਚ ਸਿੱਖਿਆ ਖੇਤਰ ਨੂੰ ਮਜ਼ਬੂਤ ਕਰਨ ਲਈ ਠੋਸ ਉਪਰਾਲੇ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਬੱਚਿਆਂ ਨੂੰ ਮਿਆਰੀ ਸਿੱਖਿਆ ਪ੍ਰਦਾਨ ਕਰਨ ਲਈ ਸੂਬੇ ਦੇ 23 ਜ਼ਿਲ੍ਹਿਆਂ ਵਿੱਚ 117 ‘ਸਕੂਲ ਆਫ਼ ਐਮੀਨੈਂਸ’ ਬਣਾਏ ਗਏ ਹਨ। ਭਗਵੰਤ ਮਾਨ ਨੇ ਕਿਹਾ ਕਿ ਇਹ ਸਕੂਲ ਇੰਜੀਨੀਅਰਿੰਗ, ਕਾਨੂੰਨ, ਕਾਮਰਸ, ਯੂ.ਪੀ.ਐਸ.ਸੀ ਅਤੇ ਐਨ.ਡੀ.ਏ ਸਮੇਤ ਪੰਜ ਪੇਸ਼ੇਵਰ ਅਤੇ ਮੁਕਾਬਲੇ ਦੇ ਕੋਰਸਾਂ ਲਈ ਵਿਦਿਆਰਥੀਆਂ ਨੂੰ ਤਿਆਰ ਕਰਨ ‘ਤੇ ਧਿਆਨ ਕੇਂਦਰਿਤ ਕਰਨਗੇ।ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਪੰਜਾਬ ਵਿੱਚ ਮੈਡੀਕਲ ਸਿੱਖਿਆ ਨੂੰ ਵੱਡਾ ਹੁਲਾਰਾ ਦਿੰਦਿਆਂ ਸੂਬਾ ਸਰਕਾਰ ਨੇ ਆਉਣ ਵਾਲੇ ਪੰਜ ਸਾਲਾਂ ਵਿੱਚ 16 ਨਵੇਂ ਮੈਡੀਕਲ ਕਾਲਜ ਬਣਾਉਣ ਦਾ ਫੈਸਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਸੂਬੇ ਵਿੱਚ ਮੈਡੀਕਲ ਕਾਲਜਾਂ ਦੀ ਕੁੱਲ ਗਿਣਤੀ 25 ਹੋ ਜਾਵੇਗੀ ਜਿਸ ਨਾਲ ਇਹ ਯਕੀਨੀ ਹੋ ਜਾਵੇਗਾ ਕਿ ਸੂਬੇ ਦੇ ਹਰ ਜਿਲ੍ਹੇ ਵਿੱਚ ਇੱਕ ਮੈਡੀਕਲ ਕਾਲਜ ਹੋਵੇ।ਭਗਵੰਤ ਮਾਨ ਨੇ ਅੱਗੇ ਕਿਹਾ ਕਿ ਸੂਬੇ ਵਿੱਚ ਦੋ ਮੈਡੀਕਲ ਕਾਲਜਾਂ ਦਾ ਕੰਮ ਸ਼ੁਰੂ ਵੀ ਹੋ ਚੁੱਕਾ ਹੈ।ਮੁੱਖ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਉਹ ਇਸ ਗੱਲ ਦੇ ਹਾਮੀ ਹਨ ਕਿ ਵੱਖੋ ਵੱਖ ਵਿਚਾਰ ਅਤੇ ਰਾਏ ਦੇਣ ਵਾਲਾ ਲੋਕਤੰਤਰ ਹਮੇਸ਼ਾ ਸਫਲ ਹੁੰਦਾ ਹੈ। ਭਗਵੰਤ ਮਾਨ ਨੇ ਕਿਹਾ ਕਿ ਲੋਕਤੰਤਰ ਵਿੱਚ ਵਿਰੋਧੀ ਧਿਰ ਅਤੇ ਸੱਤਾਧਾਰੀ ਧਿਰ, ਦੋਵੇਂ ਮਹੱਤਵਪੂਰਨ ਹੁੰਦੇ ਹਨ। ਉਨ੍ਹਾਂ ਕਿਹਾ ਕਿ ਦੋਵਾਂ ਨੂੰ ਸੂਬੇ ਦੇ ਵਿਕਾਸ ਲਈ ਮਿਲ ਕੇ ਯਤਨ ਕਰਨੇ ਚਾਹੀਦੇ ਹਨ। ਦੱਖਣੀ ਸੂਬਿਆਂ ਦੇ ਸੰਸਦ ਮੈਂਬਰਾਂ ਦੀ ਮਿਸਾਲ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਵੱਖ-ਵੱਖ ਰਾਜਨੀਤਿਕ ਵਿਚਾਰਧਾਰਾ ਦੇ ਬਾਵਜੂਦ ਜਦੋਂ ਉਨ੍ਹਾਂ ਦੇ ਸਬੰਧਤ ਸੂਬਿਆਂ ਅਤੇ ਇੱਥੋਂ ਦੇ ਲੋਕਾਂ ਦੇ ਹਿੱਤਾਂ ਨਾਲ ਜੁੜਿਆ ਕੋਈ ਵੀ ਮਾਮਲਾ ਹੁੰਦਾ ਹੈ ਤਾਂ ਉਹ ਹਮੇਸ਼ਾ ਇਕੱਠੇ ਹੁੰਦੇ ਹਨ। ਉਨ੍ਹਾਂ ਕਿਹਾ ਕਿ ਸਰਬਪੱਖੀ ਵਿਕਾਸ ਅਤੇ ਖੁਸ਼ਹਾਲੀ ਲਈ ਹਰ ਥਾਂ ਇੱਕੋ ਜਿਹਾ ਜੋਸ਼ ਅਤੇ ਭਾਵਨਾ ਹੋਣੀ ਚਾਹੀਦੀ ਹੈ।
ਨਾਗਰਿਕਾਂ ਨੂੰ ਤੈਅ ਸਮੇਂ ਸੀਮਾ ਵਿਚ ਸੇਵਾਵਾਂ ਦੇ ਵੰਡ ਲਈ ਆਟੋ ਅਪੀਲ ਸਾਫਟਵੇਅਰ ਹੋ ਰਿਹਾ ਕਾਰਗਰ ਸਾਬਿਤ – ਮੁੱਖ ਮੰਤਰੀ
ਮੁੱਖ ਮੰਤਰੀ ਨੇ ਆਟੋ ਅਪੀਲ ਸਾਫਟਵੇਅਰ ਦੇ ਲਾਭਕਾਰਾਂ ਨਾਲ ਕੀਤਾ ਸਿੱਧਾ ਸੰਵਾਦ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 18 ਮਾਰਚ: ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਸੂਬੇ ਵਿਚ ਨਾਗਰਿਕਾਂ ਨੂੰ ਤੈਅ ਸਮੇਂ ਸੀਮਾ ਵਿਚ ਸੇਵਾਵਾਂ ਦੀ ਵੰਡ ਯਕੀਨੀ ਕਰਨ ਲਈ ਸ਼ੁਰੂ ਕੀਤੀ ਗਈ ਆਟੋ ਅਪੀਲ ਸਾਫਟਵੇਅਰ (ਆਸ) ਬੇਹੱਦ ਕਾਰਗਰ ਸਾਬਿਤ ਹੋ ਰਹੀ ਹੈ। ਇਸ ਸਿਸਟਮ ਦੇ ਲਾਗੂ ਹੋਣ ਨਾਲ ਪਾਰਦਰਸ਼ਿਤਾ ਅਤੇ ਜਵਾਬਦੇਹੀ ਯਕੀਨੀ ਹੋਣ ਨਾਲ ਸਰਕਾਰੀ ਸਿਸਟਮ ਵਿਚ ਕ੍ਰਾਂਤੀਕਾਰੀ ਬਦਲਾਅ ਆਇਆ ਹੈ ਅਤੇ ਆਮਜਨਤਾ ਨੂੰ ਵੱਡੀ ਰਾਹਤ ਮਿਲੀ ਹੈ, ਕਿਉਂਕਿ ਉਨ੍ਹਾਂ ਦੇ ਕੰਮ ਨਿਰਧਾਰਿਤ ਸਮੇਂ ਸੀਮਾ ਦੇ ਅੰਦਰ ਹੋਣ ਲੱਗੇ ਹਨ।ਮੁੱਖ ਮੰਤਰੀ ਅੱਜ ਆਡੀਓ ਕਾਨਫਰੈਸਿੰਗ ਰਾਹੀਂ ਆਟੋ ਅਪੀਲ ਸਾਫਟਵੇਅਰ (ਆਸ) ਦੇ ਲਾਭਕਾਰਾਂ ਨਾਲ ਸਿੱਧਾ ਸੰਵਾਦ ਕਰ ਰਹੇ ਸਨ।ਇਸ ਦੌਰਾਨ ਲਾਭਕਾਰਾਂ ਨੇ ਮੁੱਖ ਮੰਤਰੀ ਦਾ ਧੰਨਵਾਦ ਪ੍ਰਗਟਾਉਂਦੇ ਹੋਏ ਕਿਹਾ ਕਿ ਰਾਜ ਸਰਕਾਰ ਨੇ ਹੁਣ ਉਨ੍ਹਾਂ ਨੂੰ ਕਿਸੇ ਵੀ ਸਰਕਾਰੀ ਸੇਵਾ ਲੈਣ ਲਈ ਦਫਤਰਾਂ ਦੇ ਵਾਰ-ਵਾਰ ਚੱਕਰ ਨਹੀਂ ਕੱਟਣੇ ਪੈਂਦੇ ਹਨ। ਆਸ ਸ਼ੁਰੂ ਹੋਣ ਨਾਲ ਕੰਮ ਪਾਰਦਰਸ਼ਿਤਾ ਦੇ ਨਾਲ ਹੋਣ ਲੱਗੇ ਹਨ ਅਤੇ ਉੱਥੇ ਹੀ ਅਧਿਕਾਰੀਆਂ ਦੀ ਵੀ ਜਵਾਬਦੇਹੀ ਯਕੀਨੀ ਹੋਣ ਨਾਲ ਤੈਅ ਸਮੇਂ ਸੀਮਾ ਵਿਚ ਹੀ ਲੋਕਾਂ ਨੂੰ ਸੇਵਾਵਾਂ ਮਿਲ ਰਹੀਆਂ ਹਨ। ਇਸ ਦੇ ਲਈ ਹਰਿਆਣਾ ਸਰਕਾਰ ਦਾ ਬਹੁਤ ਬਹੁਤ ਧੰਨਵਾਦ।ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਪ੍ਰਸਾਸ਼ਨ ਦੀ ਜਨਤਾ ਦੇ ਪ੍ਰਤੀ ਜਵਾਬਦੇਹੀ ਤੈਅ ਕਰਨ, ਜਨਤਾ ਨੂੰ ਸੇਵਾ ਪ੍ਰਦਾਇਗੀ ਯਕੀਨੀ ਕਰਨ, ਕੰਾਗਜੀ ਕਾਰਵਾਈ ਨੂੰ ਘੱਟ ਤੋਂ ਘੱਟ ਕਰਨ ਅਤੇ ਲਿਟਿਗੇਸ਼ਨ ਘੱਟ ਕਰਨ ਲਈ ਰਾਜ ਸਰਕਾਰ ਨੇ 1 ਸਤੰਬਰ, 2021 ਨੂੰ ਆਟੋ ਅਪੀਲ ਸਿਸਟਮ ਦੀ ਸ਼ੁਰੂਆਤ ਕੀਤੀ ਸੀ। ਇਸ ਸਿਸਟਮ ’ਤੇ 33 ਵਿਭਾਂਗਾਂ ਦੀ 384 ਸੇਵਾਵਾਂ ਆਨਬੋਰਡ ਕੀਤੀਆਂ ਜਾ ਚੁੱਕੀਆਂ ਹਨ। ਇਸ ਦੇ ਲਈ, ਸੇਵਾ ਦਾ ਅਧਿਕਾਰ ਆਯੋਗ ਦੇ ਅਧਿਕਾਰੀ ਸ਼ਲਾਘਾਯੋਗ ਹਨ।ਉਨ੍ਹਾਂ ਨੇ ਕਿਹਾ ਕਿ ਆਸ ਦੇ ਲਾਗੂ ਹੋਣ ਨਾਲ ਸਮੇਂ ’ਤੇ ਸੇਵਾ ਨਾ ਮਿਲਣ ’ਤੇ ਨਾਗਰਿਕ ਵੱਲੋਂ ਪਹਿਲੀ ਸ਼ਿਕਾਇਤ ਹੱਲ ਅਥਾਰਿਟੀ ਨੂੰ ਇਕ ਸਵੈਚਾਲਿਤ ਅਪੀਲ ਕੀਤੀ ਜਾਂਦੀ ਹੈ। ਜੇਕਰ ਪਹਿਲੀ ਸ਼ਿਕਾਇਤ ਹੱਲ ਅਥਾਰਿਟੀ 30 ਕੰਮ ਦਿਨਾਂ ਦੇ ਅੰਦਰ ਅਪੀਲ ਦਾ ਨਿਪਟਾਨ ਨਹੀਂ ਕਰਦਾ ਹੈ, ਤਾਂ ਅਪੀਲ ਸਵੈਚਾਲਿਤ ਰੂਪ ਨਾਲ ਦੂਜੀ ਸ਼ਿਕਾਇਤ ਹੱਲ ਅਥਾਰਿਟੀ ਦੇ ਕੋਲ ਚੱਲੀ ਜਾਂਦੀ ਹੈ। ਇਸੀ ਤਰ੍ਹਾ, ਜੇਕਰ ਉਹ ਵੀ 30 ਕਾਰਜ ਦਿਨਾਂ ਦੇ ਅੰਦਰ ਅਪੀਲ ਦਾ ਨਿਪਟਾਨ ਨਹੀਂ ਕਰਦਾ ਹੈ, ਤਾਂ ਅਪੀਲ ਸਵੈਚਾਲਿਤ ਰੂਪ ਤੋਂ ਸੇਵਾ ਦਾ ਅਧਿਕਾਰ ਆਯੋਗ ਦੇ ਕੋਲ ਜਾਂਦੀ ਹੈ।
ਪੰਜਾਬ ਕੇਂਦਰੀ ਯੂਨੀਵਰਸਿਟੀ ਵਿਖੇ ਦੋ ਰੋਜ਼ਾ ਆਈਸੀਐਸਐਸਆਰ ਸਪਾਂਸਰਡ ਰਾਸ਼ਟਰੀ ਸੈਮੀਨਾਰ ਆਯੋਜਿਤ
ਉੱਘੇ ਸਿੱਖਿਆ ਸ਼ਾਸਤਰੀਆਂ ਨੇ ਰਾਸ਼ਟਰੀ ਸੈਮੀਨਾਰ ਦੇ ਵੱਖ-ਵੱਖ ਉਪ-ਵਿਸ਼ਿਆਂ ’ਤੇ ਵਿਚਾਰ-ਵਟਾਂਦਰਾ ਕੀਤਾ
ਪੰਜਾਬੀ ਖ਼ਬਰਸਾਰ ਬਿਉਰੋ
ਬਠਿੰਡਾ, 17 ਮਾਰਚ: ਪੰਜਾਬ ਕੇਂਦਰੀ ਯੂਨੀਵਰਸਿਟੀ ਵਿਖੇ ‘‘ਭਾਰਤ ਦੀ ਜੀ-20 ਪ੍ਰਧਾਨਗੀ ਅਤੇ ਨੀਤੀ ਨਿਰਮਾਤਾ ਵਜੋਂ ਇਸਦੀ ਭੂਮਿਕਾ’’ ਵਿਸ਼ੇ ’ਤੇ ਆਈਸੀਐਸਐਸਆਰ ਦੁਆਰਾ ਸਪਾਂਸਰ ਕੀਤੇ ਗਏ ਦੋ ਰੋਜ਼ਾ ਰਾਸ਼ਟਰੀ ਸੈਮੀਨਾਰ ਦੌਰਾਨ ਉੱਘੇ ਸਿੱਖਿਆ ਸ਼ਾਸਤਰੀਆਂ ਨੇ ਆਪਣੇ ਵਿਚਾਰ ਸਾਂਝੇ ਕੀਤੇ। ਇਹ ਸਮਾਗਮ ਜੀ-20 ਦੀ ਭਾਰਤ ਦੀ ਪ੍ਰਧਾਨਗੀ ਹੇਠ ਆਯੋਜਿਤ ਸਮਾਗਮਾਂ ਦੀ ਲੜੀ ਦੇ ਹਿੱਸੇ ਵਜੋਂ ਆਯੋਜਿਤ ਕੀਤਾ ਗਿਆ ਸੀ।ਇਸ ਮੌਕੇ ਨਾਲੰਦਾ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਪ੍ਰੋ. ਸੁਨੈਨਾ ਸਿੰਘ ਨੇ ਮੁੱਖ ਮਹਿਮਾਨ ਵਜੋਂ ਅਤੇ ਪ੍ਰੋ: ਕੁਲਦੀਪ ਚੰਦ ਅਗਨੀਹੋਤਰੀ, ਸਾਬਕਾ ਵਾਈਸ-ਚਾਂਸਲਰ, ਹਿਮਾਚਲ ਪ੍ਰਦੇਸ਼ ਕੇਂਦਰੀ ਯੂਨੀਵਰਸਿਟੀ ਅਤੇ ਕੇਂਦਰੀ ਸੱਭਿਆਚਾਰਕ ਮੰਤਰਾਲੇ ਦੇ ਸਾਬਕਾ ਸਲਾਹਕਾਰ, ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਹਨਾਂ ਇਸ ਗੱਲ ’ਤੇ ਚਾਨਣਾ ਪਾਇਆ ਕਿ ਜੀ-20 ਦੀ ਪ੍ਰਧਾਨਗੀ ਸਾਡੀ ਸੰਸਕ੍ਰਿਤੀ ਦੇ ਦੋ ਮੂਲ ਮੁੱਲਾਂ ‘ਵਸੁਧੈਵ ਕੁਟੁੰਬਕਮ’ ਅਤੇ ‘ਸਰਵੇ ਭਵਨਤੁ ਸੁਖਿਨ:’ ਨੂੰ ਦੁਨੀਆ ਨਾਲ ਸਾਂਝਾ ਕਰਨ ਵਿੱਚ ਮਦਦ ਕਰੇਗੀ।ਦੋ-ਰੋਜ਼ਾ ਪ੍ਰੋਗਰਾਮ ਦੇ ਵੱਖ-ਵੱਖ ਉਪ-ਵਿਸ਼ਿਆਂ ’ਤੇ ਵਿਚਾਰ-ਵਟਾਂਦਰੇ ਦੇ ਸੈਸ਼ਨਾਂ ਤੋਂ ਬਾਅਦ, ਇਸ ਰਾਸ਼ਟਰੀ ਸੈਮੀਨਾਰ ਦੇ ਸਮਾਪਤੀ ਸਮਾਰੋਹ ਵਿੱਚ ਸਵਦੇਸ਼ੀ ਜਾਗਰਣ ਮੰਚ ਦੇ ਰਾਸ਼ਟਰੀ ਸਹਿ-ਸੰਯੋਜਕ ਸ਼੍ਰੀ ਸਤੀਸ਼ ਕੁਮਾਰ ਨੇ ਮੁੱਖ ਮਹਿਮਾਨ ਵਜੋਂ ਅਤੇ ਹਿਮਾਚਲ ਪ੍ਰਦੇਸ਼ ਕੇਂਦਰੀ ਯੂਨੀਵਰਸਿਟੀ ਦੇ ਚਾਂਸਲਰ ਪਦਮ ਸ਼੍ਰੀ ਪ੍ਰੋ. ਹਰਮੋਹਿੰਦਰ ਸਿੰਘ ਬੇਦੀ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ।ਇਸ ਮੌਕੇ ਪ੍ਰੋ. ਹਰਮੋਹਿੰਦਰ ਸਿੰਘ ਬੇਦੀ ਨੇ ਕਿਹਾ ਕਿ ਇਹ ਸਾਡੇ ਲਈ ਮਾਣ ਵਾਲੀ ਗੱਲ ਹੈ ਕਿ ਪੰਜਾਬ ਦੇ ਪ੍ਰਾਚੀਨ ਸਪਤ ਸਿੰਧੂ ਖੇਤਰ ਦੀ ਪਵਿੱਤਰ ਧਰਤੀ ’ਤੇ ਲਿਖੇ ਗਏ ਮਾਨਵਤਾ ਦੇ ਇਤਿਹਾਸ ਦੇ ਪਹਿਲੇ ਸਾਹਿਤਕ ਦਸਤਾਵੇਜ਼ ’ਰਿਗਵੇਦ’ ਨੂੰ ਯੂਨੈਸਕੋ ਵੱਲੋਂ ਭਾਰਤ ਦੇ ਵਡਮੁੱਲੇ ਖਜ਼ਾਨੇ ਵਜੋਂ ਮਾਨਤਾ ਦਿੱਤੀ ਗਈ ਹੈ। ਭਾਰਤ ਦੀ ਜੀ-20 ਪ੍ਰਧਾਨਗੀ ਸਾਨੂੰ ਪੁਰਾਤਨ ਭਾਰਤੀ ਗਿਆਨ ਪਰੰਪਰਾ ਵਿੱਚ ਦਰਜ ਗਿਆਨ ਨਾਲ ਵਿਸ਼ਵ ਨੂੰ ਜਾਣੂ ਕਰਾਉਣ ਅਤੇ ਟਿਕਾਊ ਵਿਕਾਸ ਟੀਚਿਆਂ ਨੂੰ ਪੂਰਾ ਕਰਨ ਲਈ ਆਪਣੀ ਰਣਨੀਤੀ ’ਤੇ ਮੁੜ ਵਿਚਾਰ ਕਰਨ ਲਈ ਇੱਕ ਪਲੇਟਫਾਰਮ ਪ੍ਰਦਾਨ ਕਰਦੀ ਹੈ।ਸਮਾਪਤੀ ਸਮਾਰੋਹ ਦੇ ਮੁੱਖ ਮਹਿਮਾਨ ਸ੍ਰੀ ਸਤੀਸ਼ ਕੁਮਾਰ ਨੇ ਪੁਰਾਤਨ ਭਾਰਤ ਦੀ ਗੌਰਵਮਈ ਵਿਰਾਸਤ ਬਾਰੇ ਪ੍ਰੇਰਨਾਦਾਇਕ ਭਾਸ਼ਣ ਦਿੱਤਾ। ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਵਾਈਸ ਚਾਂਸਲਰ ਪ੍ਰੋ. ਰਾਘਵੇਂਦਰ ਪ੍ਰਸਾਦ ਤਿਵਾਰੀ ਨੇ ਕਿਹਾ ਕਿ ਪੱਛਮ ਤੋਂ ਵਿਗਿਆਨ ਤੇ ਤਕਨਾਲੋਜੀ ਅਤੇ ਭਾਰਤੀ ਸੰਸਕ੍ਰਿਤੀ ਤੋਂ ਅਧਿਆਤਮਵਾਦ ਦਾ ਮਿਸ਼ਰਣ ਅੱਜ ਵਿਸ਼ਵ ਦੀਆਂ ਦਰਪੇਸ਼ ਸਮੱਸਿਆਵਾਂ ਨੂੰ ਹੱਲ ਕਰਨ ਲਈ ਸਭ ਤੋਂ ਵਧੀਆ ਹੱਲ ਹੋਵੇਗਾ, ਕਿਉਂਕਿ ਇਹ ਮਿਸ਼ਰਣ ਵਿਸ਼ਵ ਪੱਧਰ ’ਤੇ ਵਿਸ਼ਵ-ਵਿਆਪੀ ਭਾਈਚਾਰਾ ਲਿਆ ਸਕਦਾ ਹੈ। ਇਸ ਵਰਕਸ਼ਾਪ ਦੇ ਵੱਖ-ਵੱਖ ਤਕਨੀਕੀ ਸੈਸ਼ਨਾਂ ਦੌਰਾਨ ਮੰਨੇ-ਪ੍ਰਮੰਨੇ ਸਿੱਖਿਆ ਸ਼ਾਸਤਰੀਆਂ ਨੇ ਆਪਣੇ ਵਿਚਾਰ ਸਾਂਝੇ ਕੀਤੇ। ਇਸ ਸੈਮੀਨਾਰ ਵਿੱਚ ਰਾਜਦੂਤ ਵਰਿੰਦਰ ਗੁਪਤਾ (ਸੇਵਾਮੁਕਤ ਆਈਐਫਐਸ), ਪ੍ਰੋ. ਏ.ਡੀ.ਐਨ ਵਾਜਪਾਈ, ਵਾਈਸ ਚਾਂਸਲਰ, ਅਟਲ ਬਿਹਾਰੀ ਵਾਜਪਾਈ ਯੂਨੀਵਰਸਿਟੀ, ਬਿਲਾਸਪੁਰ; ਪ੍ਰੋ. ਆਨੰਦ ਪਵਾਰ, ਵਾਈਸ ਚਾਂਸਲਰ (ਐਕਟਿੰਗ), ਆਰਜੀਐਨਯੂਐਲ, ਪੰਜਾਬ; ਪ੍ਰੋ. ਟੰਕੇਸ਼ਵਰ ਸਿੰਘ, ਵਾਈਸ-ਚਾਂਸਲਰ, ਹਰਿਆਣਾ ਕੇਂਦਰੀ ਯੂਨੀਵਰਸਿਟੀ; ਲੈਫਟੀਨੈਂਟ ਜਨਰਲ ਰਾਜ ਸ਼ੁਕਲਾ, ਮੈਂਬਰ (ਯੂਪੀਐਸਸੀ); ਸ਼?ਰੀਮਾਨ ਏਪੀਐਸ ਨਿੰਬੜੀਆ, ਡੀਆਈਜੀ, ਆਈਟੀਬੀਪੀ; ਕਰਨਲ ਅਰੁਣ ਅਗਰਵਾਲ, ਸੀਨੀਅਰ ਫੈਲੋ, ਸੀਐਲਏਡਬਲਯੂਐਸ; ਪ੍ਰੋ. ਕੇ.ਆਰ.ਐਸ. ਸੰਬਾਸਿਵਾ ਰਾਓ, ਵਾਈਸ-ਚਾਂਸਲਰ, ਮਿਜ਼ੋਰਮ ਯੂਨੀਵਰਸਿਟੀ; ਪ੍ਰੋ. ਰਤਨ ਤਿਵਾਰੀ, ਪ੍ਰਮੁੱਖ ਵਿਗਿਆਨੀ, ਆਈਸੀਏਆਰ- ਭਾਰਤੀ ਕਣਕ ਅਤੇ ਜੌਂ ਖੋਜ ਸੰਸਥਾਨ ਅਤੇ ਵਾਟਰ ਮੈਨ ਸ਼੍ਰੀ ਰਾਜੇਂਦਰ ਸਿੰਘ, ਚੇਅਰਮੈਨ, ਸੁਖਦ-ਬਦ ਵਿਸ਼ਵ ਜਨ ਆਯੋਗ, ਰਾਜਸਥਾਨ ਆਦਿ ਨੇ ਇਸ ਮਹੱਤਵਪੂਰਨ ਵਿਸ਼ੇ ਬਾਰੇ ਵਿਚਾਰ ਚਰਚਾ ਕੀਤੀ।ਅੰਤ ਵਿੱਚ ਕੰਟਰੋਲਰ ਪ੍ਰੀਖਿਆਵਾਂ ਅਤੇ ਕਾਰਜਕਾਰੀ ਰਜਿਸਟਰਾਰ ਪ੍ਰੋ. ਬੀ.ਪੀ. ਗਰਗ ਨੇ ਪ੍ਰੋਗਰਾਮ ਕਨਵੀਨਰ ਡਾ . ਨਿਸ਼ਠਾ ਕੌਸ਼ਿਕੀ ਅਤੇ ਕੋ-ਕਨਵੀਨਰ ਡਾ. ਅਮਿਤ ਕੁਮਾਰ ਕੁਸ਼ਵਾਹਾ ਨੂੰ ਇਸ ਪ੍ਰੋਗਰਾਮ ਨੂੰ ਸਫ਼ਲਤਾਪੂਰਵਕ ਨੇਪਰੇ ਚਾੜ੍ਹਨ ਲਈ ਵਧਾਈ ਦਿੱਤੀ। ਉਨ੍ਹਾਂ ਇਸ ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਲੋੜੀਂਦੇ ਸਹਿਯੋਗ ਦੇਣ ਲਈ ਸਮੂਹ ਭਾਗੀਦਾਰਾਂ ਦਾ ਧੰਨਵਾਦ ਕੀਤਾ।
ਮੀਡੀਆ ਦਾ ਨਿਰਪੱਖ ਅਤੇ ਆਜ਼ਾਦ ਹੋਣਾ ਲੋਕਤੰਤਰ ਦੀ ਮਜ਼ਬੂਤੀ ਲਈ ਜ਼ਰੂਰੀ : ਚੇਤਨ ਸਿੰਘ ਜੋੜੇਮਾਜਰਾ
ਕਿਹਾ, ਚੰਗੇ ਸਮਾਜ ਦੀ ਸਿਰਜਣਾ ਵਿਚ ਮੀਡੀਆ ਦੀ ਅਹਿਮ ਭੂਮਿਕਾ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 18 ਮਾਰਚ: ਪੰਜਾਬ ਦੇ ਸੂਚਨਾ ਤੇ ਲੋਕ ਸੰਪਰਕ ਮੰਤਰੀ ਚੇਤਨ ਸਿੰਘ ਜੋੜੇਮਾਜਰਾ ਨੇ ਅੱਜ ਇੰਡੀਅਨ ਜਰਨਲਿਸਟ ਯੂਨੀਅਨ ਦੀ ਕੌਮੀ ਕਾਰਜਕਾਰਨੀ ਦੀ ਚੰਡੀਗੜ ਵਿਖੇ ਸ਼ੁਰੂ ਹੋਈ ਦੋ ਰੋਜ਼ਾ ਮੀਟ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਪੰਜਾਬ ਅਤੇ ਚੰਡੀਗੜ੍ਹ ਜਰਨਲਿਸਟ ਯੂਨੀਅਨ ਦੀ ਮੇਜਬਾਨੀ ਹੇਠ ਇੰਡੀਅਨ ਜਰਨਲਿਸਟ ਯੂਨੀਅਨ ਦੀ ਕੌਮੀ ਕਾਰਜਕਾਰਨੀ ਦੀ ਦੋ ਰੋਜ਼ਾ ਮੀਟਿੰਗ 18 ਅਤੇ 19 ਮਾਰਚ 2023 ਨੂੰ ਕਿਸਾਨ ਭਵਨ, ਸੈਕਟਰ-35 ਚੰਡੀਗੜ੍ਹ ਵਿਖੇ ਕਰਵਾਈ ਜਾ ਰਹੀ ਹੈ। ਇਸ ਮੀਟਿੰਗ ਵਿੱਚ ਇੰਡੀਅਨ ਜਰਨਲਿਸਟਸ ਯੂਨੀਅਨ ਦੇ ਕੌਮੀ ਪ੍ਰਧਾਨ ਸ੍ਰੀਨਿਵਾਸ ਰੈਡੀ, ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਦੇ ਕੌਮੀ ਮੀਡੀਆ ਸਲਾਹਕਾਰ ਅਮਰ ਦੇਵਲਾਪੱਲੀ, ਸਾਬਕਾ ਪ੍ਰਧਾਨ ਐਸ ਐਨ ਸਿਨਹਾ, ਸਕਰਾਇਬ ਨਿਊਜ਼ ਮੈਗਜ਼ੀਨ ਦੇ ਸੰਪਾਦਕ ਸੁਰੇਸ਼ ਅਲਾਪਤੀ ਅਤੇ ਜਥੇਬੰਦੀ ਦੇ ਕੌਮੀ ਜਨਰਲ ਸਕੱਤਰ ਬਲਵਿੰਦਰ ਸਿੰਘ ਜੰਮੂ ਸਮੇਤ ਦੇਸ ਦੇ 20 ਸੂਬਿਆਂ ਤੋਂ 100 ਤੋਂ ਵੱਧ ਉੱਘੇ ਪੱਤਰਕਾਰ ਪਹੁੰਚੇ ਹਨ। ਇਸ ਮੀਟਿੰਗ ਦਾ ਮੰਤਵ ਮੀਡੀਆ ਨੂੰ ਲਗਾਤਾਰ ਆ ਰਹੀਆਂ ਚੁਣੌਤੀਆਂ ਤੇ ਚਰਚਾ ਕਰਨਾ ਅਤੇ ਉਨ੍ਹਾਂ ਦਾ ਢੁਕਵਾਂ ਹੱਲ ਕਰਨਾ ਹੈ। ਇਸ ਮੌਕੇ ਪੱਤਰਕਾਰ ਭਾਈਚਾਰੇ ਦੇ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਸੂਚਨਾ ਤੇ ਲੋਕ ਸੰਪਰਕ ਮੰਤਰੀ ਚੇਤਨ ਸਿੰਘ ਜੋੜੇਮਾਜਰਾ ਨੇ ਕਿਹਾ ਕਿ ਮੀਡੀਆ ਨੂੰ ਲੋਕਤੰਤਰ ਦਾ ਚੌਥਾ ਥੰਮ?ਹ ਮੰਨਿਆ ਜਾਂਦਾ ਹੈ। ਉਨਾਂ ਕਿਹਾ ਕਿ ਇੱਕ ਚੰਗੇ ਸਮਾਜ ਦੀ ਸਿਰਜਣਾ ਵਿਚ ਮੀਡੀਆ ਦੀ ਅਹਿਮ ਭੂਮਿਕਾ ਹੁੰਦੀ ਹੈ। ਮੀਡੀਆ ਹੀ ਦੇਸ਼ ਦੁਨੀਆਂ ਦਾ ਅਸਲ ਸ਼ੀਸ਼ਾ ਸਮਾਜ ਦੇ ਸਾਹਮਣੇ ਪੇਸ਼ ਕਰਦਾ ਹੈ। ਉਨਾਂ ਕਿਹਾ ਕਿ ਮੀਡੀਆ ਦੀ ਵੀ ਇਹ ਪਹਿਲੀ ਜਿੰਮੇਵਾਰੀ ਬਣਦੀ ਹੈ ਕਿ ਉਹ ਸਮਾਜ ਵਿੱਚ ਚੱਲ ਰਹੀਆਂ ਅਸਲ ਗਤੀਵਿਧੀਆਂ ਨੂੰ ਲੋਕਾਂ ਸਾਹਮਣੇ ਪੇਸ਼ ਕਰੇ।ਮੰਤਰੀ ਨੇ ਕਿਹਾ ਕਿ ਅੱਜ ਦੇ ਸਮਾਜ ਵਿਚ ਸ਼ੋਸਲ ਮੀਡੀਆ ਰਾਹੀਂ ਕੀਤੇ ਜਾ ਰਹੇ ਪ੍ਰਚਾਰ ਵਿੱਚ ਅਸਲੀਅਤ ਦੀ ਘਾਟ ਆ ਗਈ ਹੈ। ਉਨਾਂ ਕਿਹਾ ਕਿ ਅੱਜ ਅਸਲੀਅਤ ਤੋਂ ਦੂਰ ਹੋ ਕੇ ਸ਼ੋਸ਼ਲ ਮੀਡੀਆ ਨੂੰ ਕੇਵਲ ਆਪਣੇ ਆਪਣੇ ਹਿੱਤਾਂ ਦੀ ਪੂਰਤੀ ਲਈ ਵਰਤਿਆ ਜਾ ਰਿਹਾ ਹੈ। ਉਹਨਾਂ ਪੱਤਰਕਾਰ ਭਾਈਚਾਰੇ ਨੂੰ ਅਪੀਲ ਕੀਤੀ ਕਿ ਉਹ ਸੋਸ਼ਲ ਮੀਡੀਆ ਤੇ ਹੋ ਰਹੇ ਪ੍ਰਚਾਰ ਨੂੰ ਵੀ ਵਿਚਾਰਦੇ ਹੋਏ ਸਮਾਜ ਸਾਹਮਣੇ ਅਸਲ ਤਸਵੀਰ ਨੂੰ ਪੇਸ਼ ਕਰਨ ਸਬੰਧੀ ਆਪਣੀ ਜ਼ਿੰਮੇਵਾਰੀ ਨਿਭਾਉਣ ਤਾਂ ਜੋ ਲੋਕਤੰਤਰ ਨੂੰ ਹੋਰ ਮਜ਼ਬੂਤ ਕੀਤਾ ਜਾ ਸਕੇ। ਉਨਾਂ ਕਿਹਾ ਕਿ ਮੌਜੂਦਾ ਪ੍ਰਸਥਿਤੀਆਂ ਵਿਚ ਪੱਤਰਕਾਰ ਭਾਈਚਾਰੇ ਨੂੰ ਕਈ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨਾਂ ਕਿਹਾ ਕਿ ਮੈਨੂੰ ਉਮੀਦ ਹੈ ਕਿ ‘ਇੰਡੀਅਨ ਜਰਨਲਿਸਟਜ਼ ਯੂਨੀਅਨ’ ਦੀ ਦੋ ਰੋਜ਼ਾ ਮੀਟਿੰਗ ਵਿੱਚ ਸ਼ਿਰਕਤ ਕਰ ਰਹੀਆਂ ਦੇਸ਼ ਦੀਆਂ ਨਾਮਵਰ ਮੀਡੀਆ ਹਸਤੀਆਂ ਪੱਤਰਕਾਰ ਭਾਈਚਾਰੇ ਦੀਆਂ ਮੁਸ਼ਕਲਾਂ ਨੂੰ ਵਿਚਾਰਦੇ ਹੋਏ ਇਹਨਾਂ ਦੇ ਹੱਲ ਲਈ ਆਪਣੇ ਵਡਮੁੱਲੇ ਸੁਝਾਅ ਦੇਣਗੀਆਂ। ਮੰਤਰੀ ਨੇ ਕਿਹਾ ਕਿ ਲੋਕਤੰਤਰ ਦੀ ਹੋਰ ਮਜ਼ਬੂਤੀ ਲਈ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਮੀਡੀਆ ਨੂੰ ਹਰ ਸੰਭਵ ਸਹਾਇਤਾ ਮੁਹਈਆ ਕਰਵਾਈ ਜਾਵੇਗੀ ।ਮੰਤਰੀ ਨੇ ਦੋ ਰੋਜ਼ਾ ਮੀਟ ਦੀ ਮੇਜ਼ਬਾਨ ਟੀਮ ਦੇ ਪ੍ਰਧਾਨ ਬਲਬੀਰ ਜੰਡੂ, ਮੀਤ ਪ੍ਰਧਾਨ ਜੈ ਸਿੰਘ ਛਿੱਬਰ, ਖਜ਼ਾਨਚੀ ਬਿੰਦੂ ਸਿੰਘ ਅਤੇ ਹੋਰਾਂ ਨੂੰ ਅੱਜ ਦੇ ਇਸ ਉਪਰਾਲੇ ਲਈ ਸ਼ੁਭਕਾਮਨਾਵਾਂ ਦਿੱਤੀਆਂ।
ਕੁਲਤਾਰ ਸਿੰਘ ਸੰਧਵਾਂ ਨੂੰ ਮਿਲਿਆ ਕਿਸਾਨ ਯਾਤਰਾ ਦਾ ਵਫ਼ਦ
ਪੰਜਾਬ ਵਿਧਾਨ ਸਭਾ ਸਪੀਕਰ ਵੱਲੋਂ ਕਿਸਾਨ ਮੰਗਾਂ ਕੇਂਦਰ ਤੱਕ ਪਹੁੰਚਾਉਣ ਲਈ ਹਰ ਸੰਭਵ ਮਦਦ ਦਾ ਭਰੋਸਾ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 18 ਮਾਰਚ: ਆਪਣੀਆਂ ਮੰਗਾਂ ਨੂੰ ਲੈ ਕੇ ਕੰਨਿਆਕੁਮਾਰੀ ਤੋਂ ਦਿੱਲੀ ਪਾਰਲੀਮੈਂਟ ਤੱਕ ਮਾਰਚ ਕਰ ਰਹੇ ਕਿਸਾਨਾਂ ਦੇ ਵਫ਼ਦ ਨੇ ਅੱਜ ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨਾਲ ਉਨ੍ਹਾਂ ਦੀ ਰਿਹਾਇਸ਼ ’ਤੇ ਮੁਲਾਕਾਤ ਕੀਤੀ ਅਤੇ ਉਨ੍ਹਾਂ ਦੀਆਂ ਵੱਖ-ਵੱਖ ਮੰਗਾਂ ਕੇਂਦਰ ਸਰਕਾਰ ਤੱਕ ਪਹੁੰਚਾਉਣ ਦੀ ਅਪੀਲ ਕੀਤੀ। ਇਥੇ ਸਰਕਾਰੀ ਰਿਹਾਇਸ਼ ਵਿਖੇ ਨਾਸ਼ਤੇ ’ਤੇ ਕਿਸਾਨਾਂ ਨਾਲ ਮੁਲਾਕਾਤ ਦੌਰਾਨ ਸਪੀਕਰ ਸ. ਸੰਧਵਾਂ ਨੇ ਕਿਸਾਨਾਂ ਨੂੰ ਭਰੋਸਾ ਦਿਵਾਇਆ ਕਿ ਉਨ੍ਹਾਂ ਦੀਆਂ ਮੰਗਾਂ ਨੂੰ ਕੇਂਦਰ ਸਰਕਾਰ ਤੱਕ ਪਹੁੰਚਾਉਣ ਲਈ ਹਰ ਸੰਭਵ ਸਹਿਯੋਗ ਦਿੱਤਾ ਜਾਵੇਗਾ। ਦੱਸ ਦੇਈਏ ਕਿ 12 ਸੂਬਿਆਂ ਦੇ ਕਿਸਾਨਾਂ ਵੱਲੋਂ ਕੁੱਲ 10 ਮੰਗਾਂ ਲਈ ਕਿਸਾਨ ਯਾਤਰਾ ਮਾਰਚ ਅਰੰਭਿਆ ਗਿਆ ਹੈ। ਇਨ੍ਹਾਂ ਮੰਗਾਂ ਵਿੱਚ ਫ਼ਸਲਾਂ ਦਾ ਲਾਹੇਵੰਦ ਘੱਟੋ-ਘੱਟ ਸਮਰਥਨ ਮੁੱਲ, ਨੈਸ਼ਨਲ ਬੈਂਕਾਂ ਦੇ ਕਰਜ਼ੇ ਦੀ ਮੁਆਫ਼ੀ, ਤਿੰਨ ਖੇਤੀ ਕਾਨੂੰਨਾਂ ਵਿਰੁੱਧ ਦਿੱਲੀ ਕਿਸਾਨ ਸੰਘਰਸ਼ ਵਿੱਚ ਹਿੱਸਾ ਲੈਣ ਵਾਲੇ ਕਿਸਾਨਾਂ ਖ਼ਿਲਾਫ਼ ਦਰਜ ਕੇਸ ਰੱਦ ਕਰਨ, ਕਿਸਾਨਾਂ ਦੀ ਸਹਿਮਤੀ ਤੋਂ ਬਿਨਾਂ ਵਾਹੀਯੋਗ ਜ਼ਮੀਨਾਂ ਕਬਜ਼ੇ ਵਿੱਚ ਨਾ ਲੈਣ, ਖੇਤੀ ਉਤਪਾਦਨ ਅਤੇ ਮੰਡੀਕਰਨ ਵਿੱਚ ਕਾਰਪੋਰੇਟਾਂ ਨੂੰ ਇਜਾਜ਼ਤ ਨਾ ਦੇਣ, ਜੀ.ਐਮ. ਬੀਜਾਂ ਨੂੰ ਇਜਾਜ਼ਤ ਨਾ ਦੇਣ, ਭਾਰਤੀ ਕਿਸਾਨਾਂ, ਸਥਾਨਕ ਵਪਾਰੀਆਂ ਅਤੇ ਛੋਟੇ ਤੇ ਦਰਮਿਆਨੇ ਕਾਰੋਬਾਰੀ ਨਿਵੇਸ਼ਕਾਂ ਨੂੰ ਮਾਰਕੀਟਿੰਗ ਵਿੱਚ ਸ਼ਾਮਲ ਕਰਨ ਲਈ ਮਾਰਕੀਟ ਗਾਰੰਟੀ ਐਕਟ ਲਿਆਉਣ, ਜਲਵਾਯੂ ਤਬਦੀਲੀ ਤੋਂ ਖੇਤੀਬਾੜੀ ਨੂੰ ਬਚਾਉਣ ਲਈ ਪੱਛਮੀ ਘਾਟਾਂ ਅਤੇ ਕੁਦਰਤੀ ਸਰੋਤਾਂ ਦੀ ਸੁਰੱਖਿਆ ਵਾਸਤੇ ਠੋਸ ਕਾਰਵਾਈ ਕਰਨ, ਖਾਦਾਂ, ਭੋਜਨ ਅਤੇ ਖੇਤੀਬਾੜੀ ਵਿਕਾਸ ਆਦਿ ’ਤੇ ਸਬਸਿਡੀਆਂ ਨੂੰ ਨਾ ਘਟਾਉਣਾ ਆਦਿ ਸ਼ਾਮਲ ਹਨ।ਸ. ਸੰਧਵਾਂ ਨੇ ਵਫ਼ਦ ਨੂੰ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਦੀ ਭਲਾਈ ਲਈ ਕੀਤੇ ਜਾ ਰਹੇ ਕੰਮਾਂ ਬਾਰੇ ਜਾਣੂ ਕਰਵਾਉਂਦਿਆਂ ਦੱਸਿਆ ਕਿ ਫ਼ਸਲੀ ਵਿਭਿੰਨਤਾ ਨੂੰ ਉਤਸ਼ਾਹਿਤ ਕਰਨ ਲਈ ਸੂਬਾ ਸਰਕਾਰ ਵੱਲੋਂ ਮੂੰਗੀ ਦੀ ਫ਼ਸਲ ’ਤੇ 7275 ਰੁਪਏ ਪ੍ਰਤੀ ਕੁਇੰਟਲ ਦੀ ਐਮ.ਐਸ.ਪੀ. ਦਿੱਤੀ ਜਾ ਰਹੀ ਹੈ, ਗੰਨੇ ਦੇ ਮੁੱਲ ਵਿੱਚ 20 ਰੁਪਏ ਦਾ ਵਾਧਾ ਕਰਕੇ ਇਸ ਨੂੰ 380 ਰੁਪਏ ਪ੍ਰਤੀ ਕੁਇੰਟਲ ਕੀਤਾ ਗਿਆ ਹੈ ਅਤੇ ਕਿਸਾਨਾਂ ਲਈ 31 ਮਾਰਚ ਤੱਕ ਖੇਤੀ ਨੀਤੀ ਲਿਆਂਦੀ ਜਾ ਰਹੀ ਹੈ।ਵਫ਼ਦ ਵਿੱਚ ਸ਼ਾਮਲ ਕਿਸਾਨਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਖੇਤੀਬਾੜੀ ਦੇ ਖੇਤਰ ਵਿੱਚ ਚਲਾਈਆਂ ਜਾ ਰਹੀਆਂ ਕਿਸਾਨ-ਪੱਖੀ ਸਕੀਮਾਂ ਦੀ ਵੀ ਸ਼ਲਾਘਾ ਕੀਤੀ।ਜ਼ਿਕਰਯੋਗ ਹੈ ਕਿ 2 ਮਾਰਚ ਨੂੰ ਸ਼ੁਰੂ ਕੀਤੀ ਗਈ ਕਿਸਾਨ ਯਾਤਰਾ ਵੱਖ-ਵੱਖ ਰਾਜਾਂ ਵਿੱਚੋਂ ਲੰਘਦੀ ਹੋਈ ਆਪਣੇ ਆਖ਼ਰੀ ਪੜਾਅ ਵਿੱਚ ਚੰਡੀਗੜ੍ਹ ਪੁੱਜੀ ਹੈ, ਜਿਸ ਦੀ ਸਮਾਪਤੀ 20 ਮਾਰਚ ਨੂੰ ਦਿੱਲੀ ਵਿਖੇ ਹੋਵੇਗੀ।
ਤਿੰਨ ਵਾਰ ਗੋਲਡ ਮੈਡਲ ਪ੍ਰਾਪਤ ਕਰਨ ਵਾਲੀ ਅਨਮੋਲਪ੍ਰੀਤ ਕੌਰ ਦਾ ਕੀਤਾ ਵਿਸ਼ੇਸ਼ ਸਨਮਾਨ
ਆਪਣੀਂ ਮੰਜ਼ਿਲ ਤੱਕ ਪਹੁੰਚਣਾ ਕੁੜੀਆਂ ਦੀ ਆਪਣੀ ਜ਼ਿਮੇਵਾਰੀ-ਡੀ ਸੀ
ਪੰਜਾਬੀ ਖ਼ਬਰਸਾਰ ਬਿਉਰੋ
ਬਰਨਾਲਾ, 18 ਮਾਰਚ : ਐਸ ਡੀ ਕਾਲਜ ਬਰਨਾਲਾ ਦੇ ਖੇਡ ਸਟੇਡੀਅਮ ਵਿਖੇ ਹੋਈ ਦੋ ਰੋਜ਼ਾ ਅਥਲੈਟਿਕਸ ਮੀਟ ਪ੍ਰਿੰਸੀਪਲ ਰਮਾਂ ਸ਼ਰਮਾ ਅਤੇ ਕਾਲਜ ਪ੍ਰਬੰਧਕ ਕਮੇਟੀ ਦੀ ਅਗਵਾਈ ਵਿੱਚ ਕਰਵਾਈ ਗਈ। ਇਨ੍ਹਾਂ ਖੇਡਾਂ ਦਾ ਉਦਘਾਟਨ ਡਿਪਟੀ ਕਮਿਸ਼ਨਰ ਸ੍ਰੀਮਤੀ ਪੂਨਮਦੀਪ ਕੌਰ ਨੇ ਕੀਤਾ ਗਿਆ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਖਿਡਾਰੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਖੇਡਾਂ ਸਾਡੇ ਸਰੀਰ ਦੀ ਰੂਹ ਦੀ ਖੁਰਾਕ ਹਨ । ਹਰ ਵਿਦਿਆਰਥੀ ਨੂੰ ਖੇਡਾਂ ਵਿੱਚ ਭਾਗ ਲੈਣਾ ਚਾਹੀਦਾ ਹੈ ਕਿਉਂਕਿ ਕਿ ਖੇਡਾਂ ਨਾਲ ਸਾਡਾ ਸਰੀਰ ਤੰਦਰੁਸਤ ਰਹਿੰਦਾ ਹੈ । ਉਨ੍ਹਾਂ ਇਹ ਵੀ ਕਿਹਾ ਕਿ ਕੁੜੀਆਂ ਨੂੰ ਖੇਡਾਂ ਵਿੱਚ ਭਾਗ ਲੈਕੇ ਆਪਣੀ ਮੰਜ਼ਿਲ ਤੱਕ ਪਹੁੰਚਣ ਲਈ ਪੂਰਾ ਸਘੰਰਸ਼ ਕਰਕੇ ਉਨ੍ਹਾਂ ਦੀ ਖੁਦ ਦੀ ਜ਼ਿਮੇਵਾਰੀ ਹੈ । ਇਸ ਮੌਕੇ ਨੈੱਟਬਾਲ ਆਲ ਇੰਡੀਆ ਯੂਨੀਵਰਸਿਟੀ ਖੇਡਾਂ ਜੋ ਕਿ ਮਹਿੰਦਰਗੜ੍ਹ (ਹਰਿਆਣਾ)ਵਿਖੇ ਹੋਈ ਸੀ , ਦੌਰਾਨ ਐਸ ਡੀ ਕਾਲਜ ਬਰਨਾਲਾ ਦੀਆਂ 7 ਲੜਕੀਆਂ ਨੇ ਆਲ ਇੰਡੀਆ ਯੂਨੀਵਰਸਿਟੀ ਪਟਿਆਲਾ ਪੰਜਾਬ ਵੱਲੋਂ ਆਪਣੀ ਖੇਡ ਵਿੱਚ ਵੱਡੀ ਜ਼ਬਰਦਸਤ ਟੱਕਰ ਦਿੱਤੀ ਸੀ । ਇਸ ਟੀਮ ਦੀ ਕੈਪਟਨ ਅਨਮੋਲਪ੍ਰੀਤ ਕੌਰ ਸਿੱਧੂ ਨੇ ਆਲ ਇੰਡੀਆ ਨੈੱਟਬਾਲ ਯਨੀਵਰਸਿਟੀ ਪਟਿਆਲਾ ਦੀ ਟੀਮ ਦੀ ਕਪਤਾਨੀ ਕੀਤੀ। ਜਿਸਦੇ ਚੱਲਦੇ ਇੰਨ੍ਹਾਂ ਨੂੰ ਅਥਲੈਟਿਕਸ ਮੀਟ ਵਿੱਚ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪ੍ਰੋਫੈਸਰ ਬਲਵਿੰਦਰ ਸ਼ਰਮਾ, ਪ੍ਰੋ ਬਹਾਦਰ ਸਿੰਘ , ਫਿਜ਼ੀਕਲ ਵਿਭਾਗ , ਪ੍ਰੋ ਜਸਵਿੰਦਰ ਕੌਰ ,ਐਨ ਸੀ ਸੀ ਵਿਭਾਗ ਬਰਨਾਲਾ ਪ੍ਰੋ ਮਨਜੀਤ ਕੁਮਾਰ , ਪ੍ਰੋ ਗੁਰਪ੍ਰਵੇਸ ਸਿੰਘ , ਸੋਹਿਬ ਜਾਫਰ, ਪ੍ਰੋ ਤਰਸ਼ਦੀਪ ਕੌਰ , ਪ੍ਰੋ ਅਮਨਦੀਪ ਕੌਰ, ਅਮ੍ਰਿੰਤਪਾਲ ਸਿੰਘ ਲਖਵੀਰ ਸਿੰਘ , ਪ੍ਰਬੰਧਕ ਕਮੇਟੀ ਸ੍ਰੀ ਜਤਿੰਦਰ ਸ਼ਰਮਾ ਸਕੈਟਰੀ ਆਦਿ ਹਾਜਰ ਸਨ।




