Saturday, May 23, 2026
Home Blog Page 2175

ਐਸ ਓ ਆਈ 24 ਮਾਰਚ ਤੋਂ ਵਿਸ਼ੇਸ਼ ਸਮਾਜਿਕ ਤੇ ਸਿਆਸੀ ਜਾਗਰੂਕਤਾ ਪ੍ਰੋਗਰਾਮ ਸ਼ੁਰੂ ਕਰੇਗੀ: ਗੁਰਪ੍ਰੀਤ ਸਿੰਘ ਰਾਜੂ ਖੰਨਾ

0

ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 16 ਮਾਰਚ: ਸਟੂਡੈਂਟਸ ਆਰਗੇਨਾਈਜੇਸ਼ਨ ਆਫ ਇੰਡੀਆ (ਐਸ ਓ ਆਈ) ਜੋ ਸ਼੍ਰੋਮਣੀ ਅਕਾਲੀ ਦਲ ਦਾ ਵਿਦਿਆਰਥੀ ਵਿੰਗ ਹੈ, ਵੱਲੋਂ 24 ਮਾਰਚ ਤੋਂ ਸੂਬੇ ਭਰ ਵਿਚ ਇਕ ਵਿਸ਼ੇਸ਼ ਸਮਾਜਿਕ ਤੇ ਸਿਆਸੀ ਜਾਗਰੂਕਤਾ ਪ੍ਰੋਗਰਾਮ ਸ਼ੁਰੂ ਕੀਤਾ ਜਾਵੇਗਾ ਜਿਸ ਦੌਰਾਨ ਅਨੇਕਾਂ ਸਮਾਜਿਕ ਪਹਿਲਕਦਮੀਆਂ ਸ਼ੁਰੂ ਕਰਦਿਆਂ ਨੌਜਵਾਨਾਂ ਨੂੰ ਉਹਨਾਂ ਦੇ ਹੱਕਾਂ ਤੋਂ ਜਾਣੂ ਕਰਵਾਇਆ ਜਾਵੇਗਾ।ਇਸ ਬਾਰੇ ਫੈਸਲਾ ਅੱਜ ਐਸ ਓ ਆਈ ਦੇ ਕੋਆਰਡੀਨੇਟਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿਚ ਲਿਆ ਗਿਆ।ਵੇਰਵੇ ਸਾਂਝੇ ਕਰਦਿਆਂ ਸਰਦਾਰ ਰਾਜੂ ਖੰਨਾ ਨੇ ਦੱਸਿਆ ਕਿ ਸਮਾਜਿਕ ਪਹਿਲਕਦਮੀਆਂ ਵਿਚ ’ਮੇਰੀ ਦਸਤਾਰ ਮੇਰੀ ਸ਼ਾਮਨ’ ਪ੍ਰੋਗਰਾਮ ਵੀ ਸ਼ਾਮਲ ਹੋਵੇਗਾ ਜੋ ਇਕ ਦਸਤਾਰਬੰਦੀ ਪ੍ਰੋਗਰਾਮ ਹੈ ਅਤੇ ਇਸ ਤੋਂ ਇਲਾਵਾ ਖੂਨਦਾਨ ਕੈਂਪ ਤੇ ਰੁੱਖ ਲਾਓ ਮੁਹਿੰਮ ਵੀ ਵਿੱਢੀ ਜਾਵੇਗੀ। ਉਹਨਾਂ ਕਿਹਾ ਕਿ ਇਸਦੇ ਨਾਲ ਹੀ ’ਨੌਜਵਾਨ ਮਿਲਣੀ’ ਕਰਵਾਈ ਜਾਵੇਗੀ ਜਿਸ ਵਿਚ ਨੌਜਵਾਨਾਂ ਨੂੰ ਉਹਨਾਂ ਦੇ ਹੱਕਾਂ ਤੋਂ ਜਾਣੂ ਕਰਵਾਇਆ ਜਾਵੇਗਾ। ਉਹਨਾਂ ਕਿਹਾ ਕਿ ਨੌਜਵਾਨਾਂ ਵਿਚ ਬਹੁਤ ਰੋਸ ਹੈ ਕਿਉਂਕਿ ਉਹ ਮਹਿਸੂਸ ਕਰਦੇ ਹਨ ਕਿ ਉਹਨਾਂ ਲਈ ਨਵੀਂ ਸ਼ੁਰੂਆਤ ਦੇ ਮੌਕੇ ਨਹੀਂ ਹਨ। ਉਹਨਾਂ ਕਿਹਾ ਕਿ ਇਸ ਕਾਰਨ ਹੀ ਨੌਜਵਾਨ ਵਿਦੇਸ਼ਾਂ ਵਿਚ ਜਾ ਰਹੇ ਹਨ। ਉਹਨਾਂ ਕਿਹਾ ਕਿ ਨੌਜਵਾਨ ਮਿਲਣੀਆਂ ਪ੍ਰੋਗਰਾਮ ਸਦਕਾ ਨੌਜਵਾਨ ਆਮ ਆਦਮੀ ਸਰਕਾਰ ਤੋਂ ਆਪਣੇ ਹੱਕਾਂ ’ਤੇ ਸਵਾਲ ਪੁੱਛ ਸਕਣਗੇ। ਉਹਨਾਂ ਕਿਹਾ ਕਿ ਇਸ ਤੋਂ ਇਲਾਵਾ ਵਿਦਿਆਰਥੀਆਂ ਨੂੰ ਦਰਪੇਸ਼ ਮੁਸ਼ਕਿਲਾਂ ਵੀ ਹੱਲ ਕੀਤੀਆਂ ਜਾਣਗੀਆਂ।ਐਸ ਓ ਆਈ ਦੇ ਕੋਆਰਡੀਨੇਟਰ ਨੇ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਸਰਕਾਰ ਨੌਜਵਾਨਾਂ ਵਾਸਤੇ ਕੁਝ ਨਹੀਂ ਕਰ ਰਹੀ। ਉਹਨਾਂ ਕਿਹਾ ਕਿ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੇਲੇ ਨੌਜਵਾਨਾਂ ਨੂੰ ਸਪੋਰਟਸ ਕਿੱਟਾਂ ਪ੍ਰਦਾਨ ਕੀਤੀਆਂ ਗਈਆਂ ਸਨ। ਅਸੀਂ ਓਪਨ ਜਿੰਮ ਵੀ ਅਨੇਕਾਂ ਥਾਵਾਂ ’ਤੇ ਖੋਲ੍ਹੇ ਸਨ ਤੇ ਖੇਡਾਂ ਦਾ ਬੁਨਿਆਦੀ ਢਾਂਚਾ ਸਿਰਜਿਆ ਸੀ।ਉਹਨਾਂ ਕਿਹਾ ਕਿ ਐਸ ਓ ਆਈ ਦੇ ਕੋਆਰਡੀਨੇਟਰ ਉਹ ਸਾਰੀ ਜਾਣਕਾਰੀ ਇਕੱਤਰ ਕਰਨਗੇ ਕਿ ਕਿਥੇ ਨੌਜਵਾਨਾਂ ਨੂੰ ਨਵੀਂਆਂ ਸਹੂਲਤਾਂ ਤੇ ਕੰਮ ਦੀ ਜ਼ਰੂਰਤ ਹੈ ਤੇ ਉਹਨਾਂ ਦੀਆਂ ਸਾਰੀਆਂ ਲੋੜਾਂ ਪੂਰੀਆਂ ਕੀਤੀਆਂ ਜਾਣਗੀਆਂ।ਇਸ ਮੌਕੇ ਸੀਨੀਅਰ ਯੂਥ ਆਗੂ ਚੇਤਨ ਸ਼ਰਮਾ, ਰਣਬੀਰ ਸਿੰਘ ਰਾਣਾ, ਅਕਾਲਮੂਰਤ ਸਿੰਘ, ਮਾਧਵ ਸ਼ਰਮਾ, ਸੌਰਭ ਰਾਏ, ਜਸ਼ਲਪ੍ਰੀਤ ਮਲੌਰ, ਗੌਤਮ ਸਹੋਤਾ ਤੇ ਅਰਪਿਤ ਮੱਕੜ ਵੀ ਮੀਟਿੰਗ ਵਿਚ ਹਾਜ਼ਰ ਸਨ।

ਥਰਮਲ ਦੇ ਆਊਟਸੋਰਸ਼ਡ ਮੁਲਾਜ਼ਮਾਂ ਨੇ ਅਗਲੇ ਸੰਘਰਸ਼ਾਂ ਦੀ ਤਿਆਰੀ ਸੰਬੰਧੀ ਕੀਤੀ ਕਨਵੈਨਸ਼ਨ

0

ਸਮੂਹ ਸਰਕਾਰੀ ਵਿਭਾਗਾਂ ਦੇ ਆਊਟਸੋਰਸ਼ਡ ਅਤੇ ਇਨਲਿਸਟਮੈਂਟ ਠੇਕਾ ਮੁਲਾਜਮਾਂ ਨੂੰ ਪੱਕਾ ਕਰੇ ਸਰਕਾਰ:-ਜਗਰੂਪ ਸਿੰਘ
ਗੁਰਵਿੰਦਰ ਸੋਨੂੰ
ਭੁੱਚੋਂ ਮੰਡੀ , 16 ਮਾਰਚ: ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ (ਪੰਜਾਬ) ਦੇ ਬੈਨਰ ਹੇਠ ਅੱਜ ਗੁਰੂ ਹਰਗੋਬਿੰਦ ਥਰਮਲ ਪਲਾਂਟ ਦੇ ਆਊਟਸੋਰਸ਼ਡ ਠੇਕਾ ਮੁਲਾਜ਼ਮਾਂ ਵੱਲੋਂ ਅਗਲੇ ਸੰਘਰਸ਼ਾਂ ਦੀ ਤਿਆਰੀ ਸੰਬੰਧੀ ਪਲਾਂਟ ਦੇ ਮੁੱਖ ਗੇਟ ’ਤੇ ਕੀਤੀ ਤਿਆਰੀ ਕਨਵੈਨਸ਼ਨ ਨੂੰ ਸੰਬੋਧਨ ਕਰਦਿਆਂ ਮੋਰਚੇ ਦੇ ਸੂਬਾਈ ਆਗੂਆਂ ਜਗਰੂਪ ਸਿੰਘ, ਬਾਦਲ ਸਿੰਘ ਭੁੱਲਰ ਅਤੇ ਬਲਜਿੰਦਰ ਸਿੰਘ ਮਾਨ ਨੇ ਕਿਹਾ ਕਿ ਅੱਜ ਜਦੋਂ ਸਮੂਹ ਸਰਕਾਰੀ ਵਿਭਾਗਾਂ ਵਿੱਚ ਹਜ਼ਾਰਾਂ ਆਊਟਸੋਰਸ਼ਡ ਅਤੇ ਇਨਲਿਸਟਮੈਂਟ ਠੇਕਾ ਮੁਲਾਜ਼ਮ ਖਾਲੀ ਆਸਾਮੀਆਂ ਦੇ ਵਿਰੁੱਧ ਪਿਛਲੇ ਲੰਬੇ ਸਮੇਂ ਤੋਂ ਲਗਾਤਾਰ ਸੇਵਾਵਾਂ ਦੇ ਰਹੇ ਹਨ ਅਤੇ ਇਹਨਾਂ ਸਮੂਹ ਠੇਕਾ ਮੁਲਾਜ਼ਮਾਂ ਦੀ ਭਰਤੀ ਵਿਭਾਗਾਂ ਦੀ ਮੰਗ ਅਨੁਸਾਰ ਵੱਖ-ਵੱਖ ਠੇਕੇਦਾਰਾਂ,ਕੰਪਨੀਆਂ ਅਤੇ ਪੈਸਕੋ ਕੰਪਨੀ ਦੁਬਾਰਾ ਬਕਾਇਦਾ ਖਾਲੀ ਅਸਾਮੀਆਂ ਵਿਰੁੱਧ ਕੀਤੀ ਹੋਈ ਹੈ ਅਤੇ ਸਮੁੱਚੇ ਠੇਕਾ ਮੁਲਾਜ਼ਮਾਂ ਕੋਲ ਯੋਗਤਾ ਦੇ ਰੂਪ ਵਿੱਚ ਪੜਾਈ ਦੇ ਨਾਲ-ਨਾਲ ਵਿਭਾਗਾਂ ਵਿੱਚ ਸਾਲਾਂ-ਬੱਧੀ ਕੰਮ ਦਾ ਤਜ਼ਰਬਾ ਵੀ ਹੈ ਅਤੇ ਸਮੁੱਚੇ ਠੇਕਾ ਮੁਲਾਜ਼ਮ ਰੈਗੂਲਰ ਭਰਤੀ ਦੀਆਂ ਸਾਰੀਆਂ ਸ਼ਰਤਾਂ ਵੀ ਪੂਰੀਆਂ ਕਰਦੇ ਹਨ ਪਰ ਇਸ ਸਮੇਂ ਪੰਜਾਬ ਸਰਕਾਰ ਵੱਲੋੰ ਸਮੂਹ ਸਰਕਾਰੀ ਵਿਭਾਗਾਂ ਵਿੱਚ ਬਾਹਰੋਂ ਨਵੀਂ ਸਿੱਧੀ ਪੱਕੀ ਭਰਤੀ ਕਰਨਾ ਆਊਟਸੋਰਸ਼ਡ ਅਤੇ ਇਨਲਿਸਟਮੈਂਟ ਠੇਕਾ ਮੁਲਾਜ਼ਮਾਂ ਨਾਲ ਸਰਾਸ਼ਰ ਨੰਗਾ-ਚਿੱਟਾ ਧੋਖਾ ਹੈ। ਇਸ ਸਮੇਂ ਹਾਜ਼ਿਰ ਆਗੂਆਂ ਨੇ ਕਿਹਾ ਕਿ ਜੇਕਰ ਪੰਜਾਬ ਸਰਕਾਰ ਨੇ ਬਾਹਰੋਂ ਨਵੀਂ ਸਿੱਧੀ ਭਰਤੀ ਤੋਂ ਪਹਿਲਾਂ ਸਮੂਹ ਵਿਭਾਗਾਂ ਦੇ ਆਊਟਸੋਰਸ਼ਡ ਅਤੇ ਇਨਲਿਸਟਮੈਂਟ ਠੇਕਾ ਮੁਲਾਜਮਾਂ ਨੂੰ ਪੱਕਾ ਨਾ ਕੀਤਾ ਤਾਂ ਸੰਘਰਸ਼ ਨੂੰ ਹੋਰ ਤਿੱਖਾ ਅਤੇ ਤੇਜ ਕਰਨਾ ਠੇਕਾ ਮੁਲਾਜ਼ਮਾਂ ਦੀ ਮਜਬੂਰੀ ਹੋਵੇਗੀ। ਆਗੂਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਸਮੂਹ ਸਰਕਾਰੀ ਵਿਭਾਗਾਂ ਵਿੱਚ ਬਾਹਰੋਂ ਨਵੀਂ ਸਿੱਧੀ ਭਰਤੀ ਤੋਂ ਪਹਿਲਾਂ ਸਮੂਹ ਆਊਟਸੋਰਸ਼ਡ ਅਤੇ ਇਨਲਿਸਟਮੈਂਟ ਠੇਕਾ ਮੁਲਾਜ਼ਮਾਂ ਨੂੰ ਪਹਿਲ ਅਤੇ ਤਜ਼ਰਬੇ ਦੇ ਆਧਾਰ ਤੇ ਵਿਭਾਗਾਂ ਵਿੱਚ ਪੱਕਾ ਕੀਤਾ ਜਾਵੇ,ਆਗੂਆਂ ਨੇ ਅਗਲੇ ਸੰਘਰਸ਼ ਦਾ ਐਲਾਨ ਕਰਦਿਆਂ ਕਿਹਾ ਕਿ 23 ਮਾਰਚ ਨੂੰ ਸ਼ਹੀਦੇ-ਆਜ਼ਮ ਸ੍ਰ.ਭਗਤ ਸਿੰਘ ਦੇ ਸ਼ਹੀਦੀ ਦਿਹਾੜੇ ਮੌਕੇ ’ਮੋਰਚੇ’ ਦੇ ਬੈਨਰ ਹੇਠ ਹੋਣ ਵਾਲੇ ਅਗਲੇ ਸੂਬਾ ਪੱਧਰੀ ਸੰਘਰਸ਼ਾਂ ਦਾ ਐਲਾਨ ਕੀਤਾ ਜਾਵੇਗਾ।

ਗੈਗਸਟਰ ਲਾਰੈਂਸ ਬਿਸ਼ਨੋਈ ਨੂੰ ਮਿਲਣ ਲਈ ਦਿੱਲੀ ਤੋਂ ਬਠਿੰਡਾ ਜੇਲ੍ਹ ਤੱਕ ਪੁੱਜੀਆਂ ਦੋ ਨਾਬਾਲਿਗ ਲੜਕੀਆਂ

0

ਜੇਲ੍ਹ ਪ੍ਰਬੰਧਕਾਂ ਵਲੋਂ ਸੂਚਨਾ ਦੇਣ ’ਤੇ ਪੁਲਿਸ ਨੇ ਲੜਕੀਆਂ ਦੇ ਮਾਪਿਆਂ ਨੂੰ ਬੁਲਾਕੇ ਕੀਤੀ ਕੋਂਸÇਲੰਗ
ਸੁਖਜਿੰਦਰ ਮਾਨ
ਬਠਿੰਡਾ, 16 ਮਾਰਚ: ਹਾਲੇ ਦੋ ਦਿਨ ਪਹਿਲਾਂ ਚਰਚਿਤ ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਇੱਕ ਨਿੱਜੀ ਚੈਨਲ ਨਾਲ ਪ੍ਰਕਾਸ਼ਤ ਹੋਈ ਇੰਟਰਵਿਊ ਦੀ ਚਰਚਾ ਹਾਲੇ ਖ਼ਤਮ ਨਹੀਂ ਹੋਈ ਸੀ ਕਿ ਹੁਣ ਦਿੱਲੀ ਤੋਂ ਦੋ ਨਾਬਾਲਿਗ ਲੜਕੀਆਂ ਉਸਨੂੰ ਮਿਲਣ ਲਈ ਬਠਿੰਡਾ ਦੀ ਕੇਂਦਰੀ ਜੇਲ੍ਹ ਦੇ ਅੱਗੇ ਪੁੱਜ ਗਈਆਂ। ਜੇਲ੍ਹ ਸਾਹਮਣੇ ਲੜਕੀਆਂ ਵਲੋਂ ਫ਼ੋਟੋਆਂ ਲੈਣ ਤੋਂ ਬਾਅਦ ਹਰਕਤ ਵਿਚ ਆਏ ਜੇਲ੍ਹ ਮੁਲਾਜਮਾਂ ਨੂੰ ਲੜਕੀਆਂ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ। ਪੁਲਿਸ ਵਲੋਂ ਨਾਬਾਲਿਗ ਹੋਣ ਕਾਰਨ ਇੰਨ੍ਹਾਂ ਨੂੰ ਸਖ਼ੀ ਸੈਂਟਰ ਭੇਜ ਦਿੱਤਾ ਤੇ ਇੰਨ੍ਹਾਂ ਦੇ ਮਾਪਿਆਂ ਨੂੰ ਦਿੱਲੀ ਤੋਂ ਬੁਲਾ ਕੇ ਪੜਤਾਲ ਕੀਤੀ। ਪੜਤਾਲ ਦੌਰਾਨ ਸਾਹਮਣੇ ਆਇਆ ਕਿ ਲੜਕੀਆਂ ਨਾਸਮਝ ਹੋਣ ਕਾਰਨ ਲਾਰੈਂਸ ਦੀਆਂ ‘ਫ਼ੈਨ’ ਸਨ ਤੇ ਉਹਨਾਂ ਸੋਸਲ ਮੀਡੀਆ ’ਤੇ ਉਸਨੂੰ ਫ਼ੋਲੋ ਕੀਤਾ ਹੋਇਆ ਸੀ। ਜਦ ਉਨ੍ਹਾਂ ਨੂੰ ਪਤਾ ਲੱਗਿਆ ਕਿ ਉਹ ਬਠਿੰਡਾ ਜੇਲ੍ਹ ਵਿਚ ਬੰਦ ਹੈ ਤਾਂ ਉਹ ਆਪਣੇ ਮਾਪਿਆਂ ਨੂੰ ਸਕੂਲ ਦਾ ਟੂਰ ਪੰਜਾਬ ਸਥਿਤ ਸ਼੍ਰੀ ਅੰਮ੍ਰਿਤਸਰ ਸਾਹਿਬ ਜਾਣ ਦਾ ਬਹਾਨਾ ਲਗਾ ਕੇ ਰੇਲ ਗੱਡੀ ਰਾਹੀਂ ਬਠਿੰਡਾ ਪੁੱਜ ਗਈਆਂ, ਜਿੱਥੇ ਉਨ੍ਹਾਂ ਜੇਲ੍ਹ ਦੇ ਸਾਹਮਣੈ ਜਾ ਕੇ ਸੈਲਫ਼ੀਆ ਲੈਣੀਆਂ ਸ਼ੁਰੂ ਕਰ ਦਿੱਤੀਆਂ। ਪੁਲਿਸ ਅਧਿਕਾਰੀਆਂ ਮੁਤਾਬਕ ਲੜਕੀਆਂ ਦਾ ਕੋਈ ਗਲਤ ਪਿਛੋਕੜ ਨਹੀਂ, ਬਲਕਿ ਉਹ ਆਮ ਪ੍ਰਵਾਰ ਨਾਲ ਸਬੰਧਤ ਰੱਖਦੀਆਂ ਹਨ ਤੇ ਨਾਸਮਝੀ ਵਿਚ ਹੀ ਉਹ ਇੱਥੇ ਪੁੱਜ ਗਈਆਂ। ਜਿਸਦੇ ਚੱਲਦੇ ਉਨ੍ਹਾਂ ਦੀ ਕੋਂਸÇਲੰਗ ਕਰਨ ਤੋਂ ਬਾਅਦ ਮਾਪਿਆਂ ਨੂੰ ਸੌਂਪ ਦਿੱਤਾ। ਪਤਾ ਲੱਗਿਆ ਹੈ ਕਿ ਇਹ ਲੜਕੀਆਂ ਦਿੱਲੀ ਦੇ ਇੱਕ ਸਕੂਲ ਵਿਚ ਗਿਆਰਵੀਂ ਦੀਆਂ ਵਿਦਿਆਰਥਣਾਂ ਹਨ ਅਤੇ ਉਹ ਸੋਸਲ ਮੀਡੀਆ ਤੋਂ ਪ੍ਰਭਾਵਿਤ ਹੋ ਕਿ ਬਠਿੰਡਾ ਪੁੱਜੀਆਂ। ਜੇਲ੍ਹ ਸੁਪਰਡੈਂਟ ਐਨ.ਡੀ.ਨੇਗੀ ਨੇ ਇਸ ਘਟਨਾ ਦੀ ਪੁਸ਼ਟੀ ਕਰਦਿਆਂ ਦਸਿਆ ਕਿ ਸ਼ੱਕੀ ਗਤੀਵਿਧੀਆਂ ਦੇ ਚੱਲਦੇ ਉਨ੍ਹਾਂ ਲੜਕੀਆਂ ਨੂੰ ਸਥਾਨਕ ਪੁਲੀਸ ਨੂੰ ਸੌਪ ਦਿੱਤਾ ਸੀ ਅਤੇ ਹੁਣ ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਉਧਰ ਡੀਐਸਪੀ ਸਿਟੀ ਗੁਰਪ੍ਰੀਤ ਸਿੰਘ ਨੇ ਦਸਿਆ ਕਿ ਥਾਣਾ ਕੈਂਟ ਦੀ ਪੁਲਿਸ ਵਲੋਂ ਲੜਕੀਆਂ ਨੂੰ ਸਖੀ ਸੈਂਟਰ ਵਿੱਚ ਭੇਜ ਦਿੱਤਾ ਗਿਆ ਸੀ, ਜਿਥੇ ਉਨ੍ਹਾਂ ਦੀ ਕੋਸਲਿੰਗ ਕੀਤੀ ਗਈ। ਅਤੇ ਕੋਂਸÇਲੰਗ ਤੋਂ ਬਾਅਦ ਉਨ੍ਹਾਂ ਦੇ ਮਾਪਿਆਂ ਨੂੰ ਸੋਂਪ ਦਿੱਤਾ। ਲੜਕੀਆਂ ਨੇ ਮੰਨਿਆ ਕਿ ਉਹ ਲਾਰੈਂਸ ਬਿਸ਼ਨੋਈ ਦੀਆਂ ਫੈਨ ਹਨ ਅਤੇ ਉਹ ਸੈਲਫੀ ਖਿਚਾਉਣ ਲਈ ਹੀ ਬਠਿੰਡਾ ਪੁੱਜੀਆ ਸਨ। ਜਿਲ੍ਹਾ ਬਾਲ ਵਿਕਾਸ ਅਫਸਰ ਰਵਨੀਤ ਕੌਰ ਸਿੱਧੂ ਨੇ ਦੱਸਿਆ ਕਿ ਲੜਕੀਆਂ ਨੂੰ ਨਾਬਾਲਿਗ ਹੋਣ ਕਾਰਨ ਬਾਲ ਭਲਾਈ ਕਮੇਟੀ ਦੇ ਸਾਹਮਣੇ ਪੇਸ਼ ਕੀਤਾ ਗਿਆ ਅਤੇ ਬਾਅਦ ਵਿੱਚ ਉਨ੍ਹਾਂ ਨੂੰ ਸਖੀ ਸੈਂਟਰ ਰੱਖਿਆ ਗਿਆ ਹੈ ਅਤੇ ਇੰਨਾਂ ਦੇ ਪਰਿਵਾਰਕ ਮੈਂਬਰ ਨੂੰ ਸੂਚਿਤ ਕੀਤਾ ਕਰ ਦਿੱਤਾ ਗਿਆ ਹੈ ।

20 ਮਾਰਚ ਨੂੰ ਦਿੱਲੀ ’ਚ ਦੇਸ਼ ਦੇ ਕਿਸਾਨ ਕਰਨਗੇ ਮਹਾਂਪੰਚਾਇਤ – ਰਾਮਾਂ

ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਟਿਕੈਤ ਦੀ ਹੋਈ ਬਲਾਕ ਪੱਧਰੀ ਮੀਟਿੰਗ
ਸੁਖਜਿੰਦਰ ਮਾਨ
ਬਠਿੰਡਾ, 16 ਮਾਰਚ : ਭਰਤੀ ਕਿਸਾਨ ਯੂਨੀਅਨ ਲੱਖੋਵਾਲ-ਟਿਕੈਤ ਦੀ ਹੋਈ ਬਲਾਕ ਪੱਧਰੀ ਮੀਟਿੰਗ ਵਿਚ ਆਗਾਮੀ 20 ਮਾਰਚ ਨੂੰ ਦਿੱਲੀ ’ਚ ਹੋਣ ਵਾਲੀ ਕਿਸਾਨ ਮਹਾਂਪੰਚਾਇਤ ਦੀਆਂ ਤਿਆਰੀਆਂ ਸਬੰਧੀ ਚਰਚਾ ਕੀਤੀ ਗਈ। ਜ਼ਿਲ੍ਹਾ ਪ੍ਰਧਾਨ ਦਾਰਾ ਸਿੰਘ ਮਾਈਸਰਖਾਨਾ ਦੀ ਪ੍ਰਧਾਨਗੀ ਹੇਠ ਹੋਈ ਇਸ ਮੀਟਿੰਗ ਵਿਚ ਵਿਸ਼ੇਸ਼ ਤੌਰ ’ਤੇ ਪਹੁੰਚੇ ਸੂਬਾ ਜਨਰਲ ਸਕੱਤਰ ਸਰੂਪ ਸਿੰਘ ਰਾਮਾ ਨੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਦਿੱਲੀ ਮੋਰਚੇ ਦੌਰਾਨ ਕੇਂਦਰ ਸਰਕਾਰ ਨਾਲ ਫਸਲਾਂ ਤੇ ਐਮ.ਐਸ.ਪੀ ਅਤੇ ਸਰਕਾਰੀ ਖਰੀਦ ਦੀ ਗਰੰਟੀ, ਲਖੀਮਪੁਰ ਘਟਨਾ ਦੇ ਸਾਰੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਅਤੇ ਬੇਦੋਸ਼ੇ ਕਿਸਾਨਾਂ ਨੂੰ ਜੇਲ੍ਹਾਂ ਚੋਂ ਰਿਹਾਅ ਕਰਵਾਉਣ, ਕਿਸਾਨਾਂ ਤੇ ਕੀਤੇ ਪਰਚੇ ਰੱਦ ਕਰਵਾਉਣ, ਬਿਜਲੀ ਬਿੱਲ 2020 ਰੱਦ ਕਰਵਾਉਣ, ਸਮੁੱਚਾ ਕਿਸਾਨੀ ਕਰਜ਼ਾ ਖਤਮ ਕਰਨਾ, ਕਿਸਾਨ ਮਜ਼ਦੂਰ ਦੀ ਪੈਨਸ਼ਨ ਲਗਵਾਉਣ, ਦਿੱਲੀ ਮੋਰਚੇ ਦੌਰਾਨ ਸ਼ਹੀਦ ਹੋਏ ਕਿਸਾਨਾਂ ਮਜ਼ਦੂਰਾਂ ਦੇ ਪਰਿਵਾਰਾਂ ਨੂੰ 10 ਲੱਖ ਰੁਪਏ ਦਾ ਮੁਆਵਜ਼ਾ ਤੇ ਇਕ ਜੀਅ ਨੂੰ ਸਰਕਾਰੀ ਨੌਕਰੀ, ਫ਼ਸਲੀ ਬੀਮਾਂ ਯੋਜਨਾ ਲਾਗੂ ਕਰਵਾਉਣ ਆਦਿ ਮੰਗਾਂ ਤੇ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਨਾਲ ਸਹਿਮਤੀ ਬਣੀ ਸੀ। ਕੇਂਦਰ ਸਰਕਾਰ ਨੇ ਅਜੇ ਤੱਕ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਨਾਲ ਕੋਈ ਵੀ ਮੀਟਿੰਗ ਨਹੀਂ ਕੀਤੀ। ਜਿਸ ਦੇ ਰੋਸ ਵਜੋਂ 20 ਮਾਰਚ ਨੂੰ ਸੰਯੁਕਤ ਕਿਸਾਨ ਮੋਰਚੇ ਵੱਲੋਂ ਦਿੱਲੀ ਵਿਖੇ ਰਾਮਲੀਲਾ ਮੈਦਾਨ ਵਿੱਚ ਕਿਸਾਨ ਪੰਚਾਇਤ ਕੀਤੀ ਜਾਵੇਗੀ। ਜ਼ਿਲ੍ਹਾ ਪ੍ਰਧਾਨ ਬਠਿੰਡਾ ਦਾਰਾ ਸਿੰਘ ਮਾਈਸਰਖਾਨਾ, ਜ਼ਿਲ੍ਹਾ ਜਰਨਲ ਸਕੱਤਰ ਸੁਖਦੀਪ ਸਿੰਘ ਕਣਕਵਾਲ ਨੇ ਦੱਸਿਆ ਕਿ ਕਿਸਾਨ ਪੰਚਾਇਤ ਵਿੱਚ ਸ਼ਾਮਲ ਹੋਣ ਦੀਆਂ ਸਾਰੀਆਂ ਤਿਆਰੀਆਂ ਮੁੰਕਮਲ ਕਰ ਲਈਆਂ ਹਨ ਅਤੇ ਵਰਕਰਾਂ ਦੀਆਂ ਡਿਊਟੀਆਂ ਲਗਾ ਦਿੱਤੀਆਂ ਹਨ ਅਤੇ 19 ਮਾਰਚ ਨੂੰ ਹਜ਼ਾਰਾਂ ਕਿਸਾਨ ਰੇਲ ਗੱਡੀਆਂ, ਵਹੀਕਲਾਂ ਰਾਹੀਂ ਦਿੱਲੀ ਨੂੰ ਰਵਾਨਾ ਹੋਣਗੇ। ਮੀਟਿੰਗ ਵਿੱਚ ਮੀਤ ਪ੍ਰਧਾਨ ਗੁਰਮੀਤ ਸਿੰਘ ਗੁਰੂਸਰ, ਮਲਕੀਤ ਸਿੰਘ ਸੰਦੋਹਾ, ਬਲਵਿੰਦਰ ਸਿੰਘ ਸੰਦੋਹਾ, ਪਿਸ਼ੌਰਾ ਸਿੰਘ ਸੇਖੂ, ਗੁਰਮੇਲ ਸਿੰਘ ਤਲਵੰਡੀ ਸਾਬੋ, ਹਾਕਮ ਸਿੰਘ ਭੋਲਾ, ਗੁਰਜੰਟ ਸਿੰਘ ਰਾਈਆਂ, ਕਰਮਜੀਤ ਸਿੰਘ ਜੱਜਲ, ਹਰਬੰਸ ਸਿੰਘ ਚਨਾਰਥਲ, ਹਰਗੋਬਿੰਦ ਸਿੰਘ ਮੈਸਰਖਾਨਾ, ਗੁਰਲਾਲ ਸਿੰਘ ਕਣਕਵਾਲ, ਬੱਬੂ ਬੈਹਣੀਵਾਲ, ਸੁਖਦਰਸ਼ਨ ਸਿੰਘ ਗੁਰੂਸਰ ਜਗਾ, ਗੁਰਜੰਟ ਸਿੰਘ ਬੁਰਜ ਮਾਨਸਾ, ਕੁਲਵਿੰਦਰ ਸਿੰਘ ਰਾਮਾ,ਸੰਦੀਪ ਸਿੰਘ ਸਿੱਧੂ, ਗੁਰਪੀਤ ਸਿੰਘ ਨੰਬਰਦਾਰ, ਜਸਪਾਲ ਸਿੰਘ ਕਾਲਾ, ਜਗਦੀਪ ਸਿੰਘ ਦੀਪੂ, ਬਿੰਦਰ ਸਿੰਘ ਝੋਰੜ,ਨੈਬ ਸਿੰਘ,ਅਵਤਾਰ ਸਿੰਘ, ਸਰਬਜੀਤ ਸਿੰਘ ਸਰਬਾ, ਗੁਰਮੀਤ ਸਿੰਘ, ਗੁਰਪ੍ਰੀਤ ਸਿੰਘ ਗੱਗੂ, ਪਿੰਡ ਲੇਲੇਵਾਲਾ ਤੋਂ ਗੁਰਮੀਤ ਸਿੰਘ,ਭੋਲਾ ਸਿੰਘ, ਲਖਵਿੰਦਰ ਸਿੰਘ, ਹਰਦੇਵ ਸਿੰਘ, ਜੰਟਾ ਸਿੰਘ ਆਦਿ ਹਾਜ਼ਰ ਸਨ।

ਨੌਜਵਾਨ ਰੋਜ਼ਗਾਰ ਮੇਲਿਆਂ ਦਾ ਵੱਧ ਤੋਂ ਵੱਧ ਲਾਹਾ ਲੈਣ : ਵਿਧਾਇਕ ਜਗਰੂਪ ਗਿੱਲ

0

ਅਕਾਲ ਯੂਨੀਵਰਸਿਟੀ ਵਿਖੇ ਲਗਾਏ ਗਏ ਰੋਜ਼ਗਾਰ ਮੇਲੇ ਦੌਰਾਨ 424 ਪ੍ਰਾਰਥੀਆਂ ਦੀ ਹੋਈ ਚੋਣ
ਐਮ.ਆਰ.ਐਸ.ਪੀ.ਟੀ.ਯੂ ਵਿਖੇ 21 ਮਾਰਚ ਨੂੰ ਹੋਵੇਗਾ ਅਗਲਾ ਰੋਜ਼ਗਾਰ ਮੇਲਾ
ਸੁਖਜਿੰਦਰ ਮਾਨ
ਬਠਿੰਡਾ, 16 ਮਾਰਚ : ਪੰਜਾਬ ਸਰਕਾਰ ਵੱਲੋਂ ਇਕ ਨਵੇਂ ਉੱਦਮ ਤਹਿਤ ਨੌਜਵਾਨਾਂ ਨੂੰ ਰੋਜਗਾਰ ਮਹੁੱਈਆ ਕਰਵਾਉਣ ਦੇ ਮੱਦੇਨਜ਼ਰ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵੱਲੋਂ ਅਕਾਲ ਯੂਨੀਵਰਸਿਟੀ ਬਠਿੰਡਾ ਦੇ ਸਹਿਯੋਗ ਨਾਲ ਇਸ ਯੂਨੀਵਰਸਿਟੀ ਵਿਖੇ ਮੈਗਾ ਰੋਜ਼ਗਾਰ ਮੇਲੇ ਦਾ ਆਯੋਜਨ ਕੀਤਾ ਗਿਆ। ਇਸ ਰੋਜ਼ਗਾਰ ਮੇਲੇ ਦੌਰਾਨ ਉਚੇਚੇ ਤੌਰ ਤੇ ਪਹੁੰਚੇ ਬਠਿੰਡਾ ਸ਼ਹਿਰੀ ਹਲਕੇ ਦੇ ਵਿਧਾਇਕ ਜਗਰੂਪ ਸਿੰਘ ਗਿੱਲ ਅਤੇ ਚੀਫ਼ ਵਿਪ ਪ੍ਰੋ. ਬਲਜਿੰਦਰ ਕੌਰ ਦੇ ਪ੍ਰਤਿਨਿਧੀ ਪ੍ਰਗਟ ਸਿੰਘ ਦਾ ਰੋਜ਼ਗਾਰ ਅਫਸਰ ਮਿਸ ਅੰਕਿਤਾ ਅਗਰਵਾਲ ਅਤੇ ਅਕਾਲ ਯੂਨੀਵਰਸਿਟੀ ਤਲਵੰਡੀ ਸਾਬੋ ਤੋਂ ਵਾਈਸ ਚਾਂਸਲਰ ਡਾ. ਗੁਰਮੇਲ ਸਿੰਘ ਵਲੋਂ ਨਿੱਘਾ ਸਵਾਗਤ ਕੀਤਾ ਗਿਆ। ਇਸ ਦੌਰਾਨ ਵਿਧਾਇਕ ਜਗਰੂਪ ਸਿੰਘ ਗਿੱਲ ਨੇ ਆਪਣੇ ਸੰਬੋਧਨ ਦੌਰਾਨ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਅਤੇ ਅਕਾਲ ਯੂਨੀਵਰਸਿਟੀ ਦੇ ਇਸ ਸਾਂਝੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਪ੍ਰਾਰਥੀਆਂ ਨੂੰ ਉਨ੍ਹਾਂ ਦੇ ਉੱਜਵਲ ਭਵਿੱਖ ਲਈ ਸ਼ੁੱਭ ਇਛਾਵਾਂ ਦਿੱਤੀਆਂ ਅਤੇ ਲਗਾਏ ਜਾ ਰਹੇ ਰੋਜ਼ਗਾਰ ਮੇਲਿਆਂ ਦਾ ਵੱਧ ਤੋਂ ਵੱਧ ਲਾਹਾ ਲੈਣ ਦੀ ਅਪੀਲ ਵੀ ਕੀਤੀ। ਇਸ ਮੌਕੇ ਅਕਾਲ ਯੂਨੀਵਰਸਿਟੀ ਤੋਂ ਡਾ. ਸੁਖਜੀਤ ਸਿੰਘ ਰਜਿਸਟਰਾਰ, ਡੀਨ ਅਕੈਡਮਿਕ ਡਾ. ਜੀ.ਐਸ. ਲਾਂਬਾ, ਟਰੇਨਿੰਗ ਪਲੇਸਮੈਂਟ ਅਫ਼ਸਰ ਡਾ. ਅਮਨਜੀਤ ਸਿੰਘ, ਬਲਤੇਜ ਸਿੰਘ ਪ੍ਰਬੰਧਕੀ ਸ਼ਾਖਾ, ਰੋਜ਼ਗਾਰ ਦਫ਼ਤਰ ਵੱਲੋਂ ਮੈਗਾ ਰੋਜ਼ਗਾਰ ਮੇਲੇ ਨੂੰ ਸਫ਼ਲਤਾ ਪੂਰਵਕ ਮੁਕੰਮਲ ਕਰਨ ਹਿੱਤ ਪ੍ਰਾਰਥੀਆਂ ਨੂੰ ਪ੍ਰੋਤਸਾਹਿਤ ਕੀਤਾ ਗਿਆ। ਇਸ ਮੇਲੇ ਵਿੱਚ 10ਵੀਂ, 12ਵੀਂ, ਆਈ.ਟੀ.ਆਈ., ਡਿਪਲੋਮਾ, ਏ.ਐਨ.ਐਮ., ਜੀ.ਐਨ.ਐਮ., ਗਰੈਜੂਏਸ਼ਨ, ਪੋਸਟ ਗ੍ਰੈਜੂਏਸ਼ਨ ਪਾਸ ਕੁੱਲ 652 ਪ੍ਰਾਰਥੀਆਂ ਵੱਲ਼ੋਂ ਸ਼ਿਰਕਤ ਕੀਤੀ ਗਈ ਅਤੇ ਵੱਖ-ਵੱਖ ਖੇਤਰਾਂ ਤੋਂ ਲਗਭਗ 24 ਕੰਪਨੀਆਂ ਦੇ ਨਿਯੋਜਕਾਂ ਵੱਲੋਂ ਕੁੱਲ 424 ਪ੍ਰਾਰਥੀਆਂ ਨੂੰ ਉਨ੍ਹਾਂ ਦੀ ਯੋਗਤਾ ਅਨੁਸਾਰ ਚੁਣਿਆ ਗਿਆ। ਅਖੀਰ ਵਿੱਚ ਰੋਜ਼ਗਾਰ ਅਫ਼ਸਰ ਮਿਸ ਅੰਕਿਤਾ ਅਗਰਵਾਲ ਅਤੇ ਤੀਰਥਪਾਲ ਸਿੰਘ ਡਿਪਟੀ ਸੀ.ਈ.ਓ. ਨੇ ਇਸ ਰੋਜ਼ਗਾਰ ਮੇਲੇ ਨੂੰ ਸਫ਼ਲਤਾ ਪੂਰਵਕ ਮੁਕੰਮਲ ਕਰਨ ਲਈ ਅਕਾਲ ਯੂਨੀਵਰਸਿਟੀ ਦੇ ਨੁਮਾਇੰਦਿਆਂ ਦਾ ਧੰਨਵਾਦ ਕਰਦਿਆਂ ਦੱਸਿਆ ਕਿ ਮੈਗਾ ਰੋਜ਼ਗਾਰ ਮੇਲਿਆਂ ਦੀ ਇਸੇ ਲੜੀ ਤਹਿਤ ਅਗਲਾ ਮੈਗਾ ਰੋਜ਼ਗਾਰ ਮੇਲਾ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਬਠਿੰਡਾ ਵਿਖੇ 21 ਮਾਰਚ ਲਗਾਇਆ ਜਾ ਰਿਹਾ ਹੈ।

ਬਠਿੰਡਾ ’ਚ ਐਸਐਸਪੀ ਦਫ਼ਤਰ ਦੇ ਅੰਦਰ ਨਹੀਂ, ਬਾਹਰ ਲੱਗਦਾ ਹੈ ਜਨਤਾ ਦਰਬਾਰ

0

‘ਸਰਕਾਰ ਤੁਹਾਡੇ ਦੁਆਰ’ ਯੋਜਨਾ ਨੂੰ ਰੂਪਮਾਨ ਕਰ ਰਹੇ ਹਨ ਬਠਿੰਡਾ ਦੇ ਨਵੇਂ ਐਸਐਸਪੀ
ਦਫ਼ਤਰ ਦੇ ਬਾਹਰ ਬੈਠੇ ਲੋਕਾਂ ਨੂੰ ਖ਼ੁਦ ਮਿਲਣ ਆਉਂਦੇ ਹਨ ਗੁਲਨੀਤ ਸਿੰਘ ਖ਼ੁਰਾਣਾ
ਸੁਖਜਿੰਦਰ ਮਾਨ
ਬਠਿੰਡਾ, 16 ਮਾਰਚ: ਬਠਿੰਡਾ ਜ਼ਿਲ੍ਹੇ ਦੇ ਨਵੇਂ ਆਏ ਐਸਐਸਪੀ ਗੁਲਨੀਤ ਸਿੰਘ ਖ਼ੁਰਾਣਾ ਨੂੰ ਮਿਲਣ ਆਏ ਲੋਕਾਂ ਨੂੰ ਹੁਣ ਉਨ੍ਹਾਂ ਦੇ ਦਫ਼ਤਰ ਅੰਦਰ ਜਾਣ ਲਈ ਬਾਹਰ ਬੈਠ ਕੇ ਇੰਤਜ਼ਾਰ ਨਹੀਂ ਕਰਨਾ ਪੈਂਦਾ, ਬਲਕਿ ਜਨਤਾ ਦੇ ਬਾਹਰ ਆਉਣ ’ਤੇ ਉਨ੍ਹਾਂ ਨੂੰ ਐਸ.ਐਸ.ਪੀ ਮਿਲਣ ਖੁਦ ਬਾਹਰ ਆਉਂਦੇ ਹਨ। ਇਹ ਨਜ਼ਾਰਾ ਬਠਿੰਡਾ ਦੇ ਮਿੰਨੀ ਸਕੱਤਰੇਤ ਦੀ ਪਹਿਲੀ ਮੰਜਿਲ ’ਤੇ ਬਣੇ ਐਸ.ਐਸ.ਪੀ ਦਫ਼ਤਰ ’ਚ ਅਕਸਰ ਹੀ ਦੇਖਣ ਨੂੰ ਮਿਲਦਾ ਹੈ। ਜਿੱਥੇ ਜਨਤਾ ਦਫ਼ਤਰ ਦੇ ਬਾਹਰ ਬੈਠੀ ਹੁੰਦੀ ਹੈ ਤੇ ਜਦ ਹੀ ਅੱਧੀ ਦਰਜ਼ਨ ਦੇ ਕਰੀਬ ਲੋਕ ਦਫ਼ਤਰ ਦੇ ਬਾਹਰ ਇਕੱਠੇ ਹੋ ਜਾਂਦੇ ਹਨ ਤਾਂ ਅੰਦਰ ਲੱਗੇ ਸਕਰੀਨ ਉਪਰ ਸੀਸੀਟੀਵੀ ਰਾਹੀਂ ਐਸਐਸਪੀ ਨੂੰ ਪਤਾ ਲੱਗ ਜਾਂਦਾ ਹੈ ਤੇ ਉਹ ਉੱਠ ਕੇ ਬਾਹਰ ਆ ਜਾਂਦੇ ਹਨ। ਇਸਦੇ ਲਈ ਉਨ੍ਹਾਂ ਅਪਣੇ ਦਫ਼ਤਰ ਦੇ ਬਾਹਰ ਬਕਾਇਦਾ ਇੱਕ ‘ਡਾਇਸ’ ਵੀ ਬਣਾਇਆ ਹੈ, ਜਿੱਥੇ ਉਹ ਆ ਕੇ ਖੜ ਜਾਂਦੇ ਹਨ ਤੇ ਉਨ੍ਹਾਂ ਦਾ ਸਟਾਫ਼ ਫ਼ਰਿਆਦੀਆਂ ਨੂੰ ਇਕੱਲੇ-ਇਕੱਲੇ ਕਰਕੇ ਮਿਲਾਈ ਜਾਂਦਾ ਹੈ। ਜਦ ਤੱਕ ਸਿਕਾਇਤਕਰਤਾ ਦੀ ਤਸੱਲੀ ਨਹੀਂ ਹੋ ਜਾਂਦੀ, ਐਸ.ਐਸ.ਪੀ ਸਾਹਿਬ ਉਨ੍ਹਾਂ ਦੀਆਂ ਗੱਲਾਂ ਸੁਣਦੇ ਹਨ ਤੇ ਜਰੂਰਤ ਪੈਣ ’ਤੇ ਸਬੰਧਤ ਥਾਣਿਆਂ ਤੇ ਡੀਐਸਪੀ ਨੂੰ ਫ਼ੋਨ ਉਪਰ ਮੁਸ਼ਕਲ ਹੱਲ ਕਰਨ ਦੀਆਂ ਹਿਦਾਇਤਾਂ ਦਿੰਦੇ ਹਨ। ਇਸ ਸਬੰਧ ਵਿਚ ਜਦ ਐਸ.ਐਸ.ਪੀ ਗੁਲਨੀਤ ਸਿੰਘ ਖ਼ੁਰਾਣਾ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਇਸਦੇ ਪਿੱਛੇ ਮੁੱਖ ਮਕਸਦ ਦਸਦਿਆ ਕਿਹਾ ਕਿ ‘‘ ਬਹੁਤ ਵਾਰ ਜਨਤਾ ਨੂੰ ਇਹ ਸਿਕਾਇਤ ਆਉਂਦੀ ਹੈ ਕਿ ਉਨ੍ਹਾਂ ਨੂੰ ਲੰਮਾ-ਲੰਮਾ ਸਮਾਂ ਦਫ਼ਤਰ ਦੇ ਬਾਹਰ ਇੰਤਜ਼ਾਰ ਕਰਵਾਇਆ ਜਾਂਦਾ ਹੈ ਜਾਂ ਫ਼ਿਰ ਦੂਜੀ ਪਾਰਟੀ ਦੇ ਇਸ਼ਾਰੇ ’ਤੇ ਅਰਦਲੀ ਜਾਂ ਰੀਡਰ ਵਲੋਂ ਮਿਲਾਉਣ ਤੋਂ ਪਾਸਾ ਵੱਟਿਆਂ ਜਾਂਦਾ ਹੈ ਅਤੇ ਅਜਿਹੀ ਨੌਬਤ ਆਉਣ ਹੀ ਨਾ ਦਿੱਤੀ ਜਾਵੇ, ਇਸਦੇ ਲਈ ਉਹ ਅਪਣੇ ਦਫ਼ਤਰ ਦੇ ਬਾਹਰ ਚਾਰ-ਪੰਜ ਲੋਕਾਂ ਦੇ ਇਕੱਠੇ ਹੋਣ ’ਤੇ ਖ਼ੁਦ ਉਨ੍ਹਾਂ ਨੂੰ ਮਿਲਣ ਲਈ ਦਫ਼ਤਰ ਦੇ ਬਾਹਰ ਚਲੇ ਜਾਂਦੇ ਹਨ। ’’ ਐਸ.ਐਸ.ਪੀ ਨੇ ਇਹ ਵੀ ਦਸਿਆ ਕਿ ਜਿਸ ਦਿਨ ਉਨਾਂ ਬਠਿੰਡਾ ਦਾ ਚਾਰਜ਼ ਲੈਣ ਤੋਂ ਬਾਅਦ ਡੀਐਸਪੀਜ਼ ਅਤੇ ਐਸਐਚਓਜ਼ ਨਾਲ ਪਹਿਲੀ ਮੀਟਿੰਗ ਕੀਤੀ ਸੀ ਤਾਂ ਉਸ ਵਿਚ ਉਨ੍ਹਾਂ ਨੂੰ ਸਪੱਸ਼ਟ ਦੱਸ ਦਿੱਤਾ ਸੀ ਕਿ ਜਿਸ ਦਿਨ ਉਨ੍ਹਾਂ ਦੇ ਇਲਾਕੇ ਵਿਚੋਂ ਸਿਕਾਇਤਾਂ ਆਉਣੀਆਂ ਘੱਟ ਜਾਣਗੀਆਂ ਤਾਂ ਸਮਝਿਆਂ ਜਾਵੇਗਾ ਕਿ ਉਹ ਕਾਨੂੰਨ ਮੁਤਾਬਕ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਥਾਣਾਇਨਸਾਫ਼ ਦੀ ਮੁਢਲੀ ਇਕਾਈ ਹੈ ਤੇ ਜਨਤਾ ਦੀ ਸੁਣਵਾਈ ਉਥੇ ਹੀ ਹੋਣੀ ਚਾਹੀਦੀ ਹੈ। ਜਿਸਦੇ ਚੱਲਦੇ ਜਦ ਜਨਤਾ ਉਨ੍ਹਾਂ ਕੋਲ ਸਿਕਾਇਤਾਂ ਲੈ ਕੇ ਆਉਂਦੀ ਹੈ ਤਾਂ ਸਬੰਧਤ ਥਾਣਿਆਂ ਨੂੰ ਹੀ ਹਿਦਾਇਤ ਕਰਦੇ ਹਨ। ਸਿਕਾਇਤਾਂ ਸਬੰਧੀ ਉਨ੍ਹਾਂ ਦਸਿਆ ਕਿ ਜਿਅਦਾਤਰ ਸਿਕਾਇਤਾਂ ਘਰੇਲੂ ਮਸਲੇ, ਸਾਇਬਰ ਕ੍ਰਾਇਮ ਅਤੇ ਆਰਥਿਕ ਠੱਗੀਆਂ ਦੀਆਂ ਆਉਂਦੀਆਂ ਹਨ, ਜਿੰਨ੍ਹਾਂ ਦੇ ਹੱਲ ਲਈ ਵਿੰਗ ਤੇ ਬ੍ਰਾਂਚਾ ਬਣੀਆਂ ਹੋਈਆਂ ਹਨ। ਗੱਲਬਾਤ ਕਰਦਿਆਂ ਐਸ.ਐਸ.ਪੀ ਗੁਲਨੀਤ ਸਿੰਘ ਖ਼ੁਰਾਣਾ ਨੇ ਅਪਣੀਆਂ ਤਰਜੀਹਾਂ ਦਸਦਿਆਂ ਕਿਹਾ ਕਿ ‘‘ ਔਰਤਾਂ ਤੇ ਗਰੀਬਾਂ ਵਿਰੁਧ ਹੋਣ ਵਾਲੇ ਅਪਰਾਧ ਨੂੰ ਰੋਕਣਾ ਤੇ ਇਲਾਕੇ ਨੂੰ ਡਰੱਗਜ ਤੇ ਗੈਂਗਸਟਰ ਫ਼ਰੀ ਬਣਾਉਣਾ ਹੈ। ਜਿਸਦੇ ਲਈ ਜਨਤਾ ਦਾ ਵੀ ਸਹਿਯੋਗ ਬਹੁਤ ਜਰੂਰੀ ਹੈ। ’’ ਊਨ੍ਹਾਂ ਪਬਲਿਕ ਨੂੰ ਪੁਲਿਸ ਦੈ ਅੱਖ ਅਤੇ ਕੰਨ ਦਸਦਿਆਂ ਅਪੀਲ ਕੀਤੀ ਕਿ ਉਹ ਅਪਣੇ ਇਲਾਕੇ ’ਚ ਵਾਪਰਨ ਵਾਲੀ ਹਰੇਕ ਸੂਚਨਾ ਜਰੂਰ ਦੇਣ। ਥਾਣਿਆਂ ’ਚ ਦਿਨੋਂ-ਦਿਨ ਘੱਟ ਰਹੀ ਨਫ਼ਰੀ ਸਬੰਧੀ ਪੁੱਛੇ ਜਾਣ ’ਤੇ ਉਨ੍ਹਾਂ ਕਿਹਾ ਕਿ ਬਠਿੰਡਾ ਪੁਲਿਸ ਕੋਲ 2400 ਅਫ਼ਸਰਾਂ ਤੇ ਮੁਲਾਜਮਾਂ ਦੀ ਨਫ਼ਰੀ ਹੈ ਪ੍ਰੰਤੂ ਦੇਖਿਆ ਗਿਆ ਹੈ ਕਿ ਜਿਆਦਾਤਰ ਮੁਲਾਜਮ ਥਾਣਿਆਂ ਦੀ ਬਜਾਏ ਦਫ਼ਤਰਾਂ ’ਚ ਬੈਠਣਾ ਪਸੰਦ ਕਰਦੇ ਹਨ, ਜਿੰਨ੍ਹਾਂ ਨੂੰ ਥਾਣਿਆਂ ਵਿੱਚ ਭੇਜਣ ਦੀ ਮੁਹਿੰਮ ਚੱਲ ਰਹੀ ਹੈ ਤੇ ਹੁਣ ਤੱਕ 45 ਮੂਲਾਜਮਾਂ ਨੂੰ ਥਾਣਿਆਂ ਵਿਚ ਸਿਫ਼ਟ ਕੀਤਾ ਜਾ ਚੁੱਕਾ ਹੈ। ਦਸਣਾ ਬਣਦਾ ਹੈ ਕਿ ਪਠਾਨਕੋਟ, ਅੰਮ੍ਰਿਤਸਰ ਅਤੇ ਮੋਗਾ ਆਦਿ ਜ਼ਿਲ੍ਹਿਆਂ ਵਿਚ ਐਸ.ਐਸ.ਪੀ ਰਹਿਣ ਵਾਲੇ ਗੁਲਨੀਤ ਸਿੰਘ ਖੁਰਾਣਾ ਨੂੰ ਕੁੱਝ ਦਿਨ ਪਹਿਲਾਂ ਹੀ ਪੰਜਾਬ ਸਰਕਾਰ ਨੇ ਬਠਿੰਡਾ ਦਾ ਨਵਾਂ ਐਸਐਸਪੀ ਨਿਯੁਕਤ ਕੀਤਾ ਹੈ।

ਪੰਜਾਬੀ ਇੱਕ ਸਾਲ ’ਚ ਦੇਸੀ ਸਰਾਬ ਦੀਆਂ ਸਾਢੇ 21 ਕਰੋੜ ਬੋਤਲਾਂ ਕਰਨਗੇ ਖ਼ਾਲੀ

0

ਪੌਣੇ ਤਿੰਨ ਕਰੋੜ ਅਬਾਦੀ, 18 ਸਾਲ ਤੋਂ ਉਪਰ ਮਰਦ 1 ਕਰੋੜ 11 ਲੱਖ ਤੇ ਔਰਤਾਂ 1 ਕਰੋੜ
ਅੰਗਰੇਜ਼ੀ ਤੇ ਬੀਅਰ ਮਿਲਾਕੇ ਸਰਾਬ ਦੀ ਸਲਾਨਾ 40 ਕਰੋੜ ਤੋਂ ਵੱਧ ਬੋਤਲਾਂ ਦੀ ਖ਼ਪਤ
ਸਰਕਾਰ ਨੂੰ ਹੋਵੇਗੀ ਸਲਾਨਾ 9754 ਕਰੋੜ ਦੀ ਆਮਦ
ਸੁਖਜਿੰਦਰ ਮਾਨ
ਬਠਿੰਡਾ, 15 ਮਾਰਚ: ਸਰਾਬ ਤੇ ਕਬਾਬ ਦੇ ਸੌਕੀਨ ਮੰਨੇ ਜਾਂਦੇ ਪੰਜਾਬੀ ਇੱਕ ਸਾਲ ’ਚ ਇਕੱਲੀਆਂ ਦੇਸੀ ਸਰਾਬ ਦੀਆਂ ਸਾਢੇ 21 ਕਰੋੜ ਦੇ ਕਰੀਬ ਬੋਤਲਾਂ ਖਾਲੀ ਕਰ ਦੇਣਗੇ। ਇਹ ਖ਼ਪਤ ਮਹੀਨੇ ਦੀ 1 ਕਰੋੜ 78 ਲੱਖ ਬੋਤਲਾਂ ਅਤੇ ਰੋਜ਼ਾਨਾ ਦੀਆਂ 5 ਲੱਖ 93 ਹਜ਼ਾਰ ਬੋਤਲਾਂ ਦੀ ਬਣਦੀ ਹੈ। ਜਦੋਂਕਿ ਅੰਗਰੇਜ਼ੀ ਤੇ ਬੀਅਰ ਦਾ ਕੋਟਾ ਇਸਤੋਂ ਵੱਖਰਾ ਹੈ। ਜੇਕਰ ਇੰਨ੍ਹਾਂ ਨੂੰ ਵੀ ਵਿਚ ਜੋੜ ਲਿਆ ਜਾਵੇ ਤਾਂ ਸੂਬੇ ’ਚ ਸਰਾਬ ਦੀ ਸਲਾਨਾ ਖ਼ਪਤ 40 ਕਰੋੜ ਬੋਤਲਾਂ ਦੇ ਕਰੀਬ ਪੁੱਜ ਜਾਂਦੀ ਹੈ। ਇਹ ਵੱਖਰੀ ਗੱਲ ਹੈ ਕਿ ਸਰਾਬ ਸਰਕਾਰ ਲਈ ਆਮਦਨੀ ਦਾ ਮੁੱਖ ਸਰੋਤ ਬਣੀ ਹੋਈ ਹੈ। ਅਗਲੇ ਵਿਤੀ ਸਾਲ ਵਿਚ ਸਰਕਾਰ ਨੂੰ ਸ਼ਰਾਬ ਤੋਂ ਸਲਾਨਾ 9754 ਕਰੋੜ ਦੀ ਪੱਕੀ ਆਮਦਨੀ ਹੋਵੇਗੀ, ਜਿਹੜੇ ਕਿ ਮੌਜੂਦਾ ਵਿਤੀ ਸਾਲ ਦੇ 8896 ਕਰੋੜ ਤੋਂ ਸਾਢੇ ਅੱਠ ਸੋ ਕਰੋੜ ਵੱਧ ਹੈ। ਪੰਜਾਬ ਵਿਚ ਮੌਜੂਦਾ ਸਮੇਂ ਪੌਣੇ ਤਿੰਨ ਕਰੋੜ ਦੇ ਕਰੀਬ ਆਬਾਦੀ ਹੈ, ਜਿਸਦੇ ਵਿਚ ਮਰਦ ਵੋਟਰਾਂ ਦੀ ਗਿਣਤੀ 1 ਕਰੋੜ 11 ਲੱਖ ਅਤੇ ਔਰਤ ਵੋਟਰਾਂ ਦੀ ਗਿਣਤੀ 1 ਕਰੋੜ ਦੇ ਕਰੀਬ ਹੈ। ਇਸੇ ਤਰ੍ਹਾਂ 66 ਲੱਖ ਦੇ ਕਰੀਬ ਆਬਾਦੀ ਨਾਬਲਿਗਾਂ ਦੀ ਹੈ, ਜਿੰਨ੍ਹਾਂ ਦੀ ਉਮਰ ਹਾਲੇ ਤੱਕ 18 ਸਾਲ ਤੋਂ ਘੱਟ ਹੈ। ਪੰਜਾਬ ਸਰਕਾਰ ਵਲੋਂ ਆਗਾਮੀ ਵਿਤੀ ਸਾਲ ਲਈ ਐਲਾਨੀ ‘ਨਵੀਂ ਸਰਾਬ ਨੀਤੀ’ ਵਿਚ ਦੇਸ਼ੀ ਸਰਾਬ ਦਾ ਕੋਟਾ 8 ਕਰੋੜ 4 ਲੱਖ 50 ਹਜ਼ਾਰ ਪਰੂਫ਼ ਲੀਟਰ ਦਾ ਕੋਟਾ ਰੱਖਿਆ ਗਿਆ ਹੈ। ਨਵੀਂ ਨੀਤੀ ਮੁਤਾਬਕ ਠੇਕੇਦਾਰ ਅੰਗਰੇਜ਼ੀ ਤੇ ਬੀਅਰ ਲਾਗਤ ਦੇ ਹਿਸਾਬ ਨਾਲ ਚੁੱਕ ਸਕਦੇ ਹਨ। ਚਾਲੂ ਸਾਲ ਦੇ ਅੰਕੜਿਆਂ ਨੂੰ ਵਾਚਿਆ ਜਾਵੇ ਤਾਂ ਪੰਜਾਬੀ ਹੁਣ ਦੇਸ਼ੀ ਨੂੰ ਛੱਡ ਅੰਗਰੇਜ਼ੀ ਤੇ ਬੀਅਰ ਦੇ ‘ਦੀਵਾਨੇ’ ਹੁੰਦੇ ਜਾ ਰਹੇ ਹਨ, ਜਿਸਦੇ ਚੱਲਦੇ ਜੇਕਰ ਤਿੰਨਾਂ ਦੇ ਅੰਕੜੇ ਜੋੜ ਲਏ ਜਾਣ ਤਾਂ ਸੂਬੇ ਵਿਚ ਸ਼ਰਾਬ ਦਾ ਛੇਵਾਂ ਦਰਿਆ ਵਹਿੰਦਾ ਨਜ਼ਰ ਆਵੇਗਾ। ਹਾਲਾਂਕਿ ਨਵੀਂ ਨੀਤੀ ਨੂੰ ਗਹੁ ਨਾਲ ਵਾਚਣ ਤੋਂ ਜੋ ਤੱਥ ਸਾਹਮਣੇ ਆਏ ਹਨ, ਉਹ ਕਾਫ਼ੀ ਮਹੱਤਵਪੂਰਨ ਤੇ ਹੈਰਾਨੀਜਨਕ ਹਨ। ਇੰਨ੍ਹਾਂ ਤੱਥਾਂ ਮੁਤਾਬਕ ਪਿਛਲੇ ਕਰੀਬ ਇੱਕ ਦਹਾਕੇ ਤੋਂ ਪੰਜਾਬ ਵਿਚ ਦੇਸ਼ੀ ਤੇ ਅੰਗਰੇਜੀ ਦੀ ਖ਼ਪਤ ਲਗਾਤਾਰ ਵਧਦੀ ਜਾ ਰਹੀ ਹੈ ਤੇ ਨਾਲ ਹੀ ਬੀਅਰ ਨੌਜਵਾਨਾਂ ਦੀ ਪਸੰਦ ਬਣਦੀ ਜਾ ਰਹੀ ਹੈ। ਅੰਗਰੇਜ਼ੀ ਸਰਾਬ ਦੀ ਵਧਦੀ ਖ਼ਪਤ ਨੂੰ ਦੇਖਦਿਆਂ ਪਿਛਲੇ ਸਾਲਾਂ ਤੋਂ ਹੀ ਸਰਕਾਰਾਂ ਨੇ ਦੇਸੀ ਤੇ ਅੰਗਰੇਜੀ ਸਰਾਬ ਦੀਆਂ ਦੁਕਾਨਾਂ ਇੱਕ ਕਰ ਦਿੱਤੀਆਂ ਸਨ ਭਾਵ ਗ੍ਰਾਹਕ ਅਪਣੀ ਪਸੰਦ ਦੀ ਸਰਾਬ ਕਿਤੋਂ ਵੀ ਲੈ ਸਕਦਾ ਹੈ। ਸਰਾਬ ਦੀ ਖਪਤ ਵਧਾਉਣ ਵਿਚ ਇਕੱਲੇ ਮਰਦ ਹੀ ‘ਸ਼ੇਰ’ ਨਹੀਂ, ਬਲਕਿ ਪੰਜਾਬਣਾਂ ਵੀ ਹੁਣ ਪਿੱਛੇ ਨਹੀਂ ਰਹੀਆਂ ਹਨ। ਔਰਤਾਂ ਤੇ ਖ਼ਾਸਕਰ ਨੌਜਵਾਨ ਲੜਕੀਆਂ ਵਿਚ ਵੀ ਪੱਛਮੀ ਤਰਜ਼ ’ਤੇ ਸਰਾਬ ਦੇ ਸੇਵਨ ਦੀ ‘ਲਲਕ’ ਵਧਦੀ ਜਾ ਰਹੀ ਹੈ। ਹਾਲਾਂਕਿ ਸਰਾਬ ਦੇ ਰੇਟ ਵੀ ਪਿਛਲੇ ਸਾਲਾਂ ਦੇ ਮੁਕਾਬਲੇ ਹਨ, ਜਿਸਦੇ ਨਾਲ ਸਰਕਾਰ ਦੀ ਆਮਦਨੀ ਵਿਚ ਭਾਰੀ ਵਾਧਾ ਹੋਇਆ ਹੈ। ਵੱਡੀ ਗੱਲ ਇਹ ਵੀ ਹੈ ਕਿ ਸਰਾਬ ਦੀ ਬੋਤਲ ਉਪਰ ਸਿਰਫ਼ ਘੱਟੋ-ਘੱਟ ਰੇਟ ਦੀ ਲਿਖਿਆ ਹੁੰਦਾ ਹੈ ਜਦੋਂਕਿ ਵੱਧ ਰੇਟ ਪੰਜਾਬ ’ਚ ਹਮੇਸ਼ਾ ਹੀ ਠੇਕੇਦਾਰਾਂ ਦੀ ਮਨਮਰਜ਼ੀ ਦੇ ਹਿਸਾਬ ਨਾਲ ਚੱਲਦਾ ਆ ਰਿਹਾ ਹੈ। ਉਂਜ ਇਸ ਵਾਰ ਸਰਕਾਰ ਵਲੋਂ ਬੀਅਰ ਦੀ ਬੋਤਲ ਉਪਰ ਵੱਧ ਤੋਂ ਵੱਧ ਰੇਟ ਲਿਖਣ ਦਾ ਵੀ ਭਰੋਸਾ ਦਿੱਤਾ ਹੈ। ਗੌਰਤਲਬ ਹੈ ਕਿ ਨਵੀਂ ਸਰਾਬ ਨੀਤੀ ਤਹਿਤ ਸਰਕਾਰ ਨੇ ਪੁਰਾਣੇ ਠੇਕੇਦਾਰਾਂ ਨੂੰ ਨਾਲ ਜੋੜੀ ਰੱਖਣ ਲਈ ਕੁੱਝ ਫ਼ੀਸਦੀ ਵਾਧੇ ਨਾਲ ਨਵੀਨੀਕਰਨ ਦੀ ਸਹੂਲਤ ਵੀ ਦਿੱਤੀ ਹੈ, ਜਿਸਦਾ ਕੁੱਝ ਜ਼ਿਲ੍ਹਿਆਂ ਵਿਚ ਠੇਕੇਦਾਰਾਂ ਨੇ ਫ਼ਾਈਦਾ ਵੀ ਉਠਾਇਆ ਹੈ ਅਤੇ ਕਈ ਜਿਲ੍ਹਿਆਂ ਵਿਚ ਬਿਨ੍ਹਾਂ ਟੈਂਡਰ ਲਗਾਏ ਸਮੂਹ ਗਰੁੂੱਪਾਂ ਦੀ ਨਿਲਾਮੀ ਹੋ ਚੁੱਕੀ ਹੈ।

ਪੀ.ਐਸ.ਪੀ.ਸੀ.ਐਲ. ਦਾ ਜੇ.ਈ. 8,000 ਰੁਪਏ ਦੀ ਰਿਸ਼ਵਤ ਲੈਂਦਾ ਵਿਜੀਲੈਂਸ ਵੱਲੋ ਗ੍ਰਿਫਤਾਰ

0

ਸੁਖਜਿੰਦਰ ਮਾਨ
ਬਠਿੰਡਾ, 15 ਮਾਰਚ: ਵਿਜੀਲੈਂਸ ਬਿਉਰੋ ਵੱਲੋਂ ਰਿਸ਼ਵਤਖੋਰੀ ਵਿਰੁੱਧ ਵਿੱਢੀ ਮੁਹਿੰਮ ਤਹਿਤ ਬੁੱਧਵਾਰ ਨੂੰ ਜ਼ਿਲ੍ਹੇ ਦੀ ਸਬ ਡਵੀਜ਼ਨ ਭਾਈਰੂਪਾ ਦੇ ਪੀ.ਐਸ.ਪੀ.ਸੀ.ਐਲ. ਦੇ ਜੂਨੀਅਰ ਇੰਜੀਨੀਅਰ (ਜੇ.ਈ.) ਪੁਨੀਤ ਨੂੰ 8,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ। ਅੱਜ ਇਥੇ ਜਾਣਕਾਰੀ ਦਿੰਦੇ ਹੋਏ ਵਿਜੀਲੈਂਸ ਬਿਉਰੋ ਦੇ ਬੁਲਾਰੇ ਨੇ ਦੱਸਿਆ ਕਿ ਉਪਰੋਕਤ ਮੁਲਜ਼ਮ ਨੂੰ ਪਿੰਡ ਦੁੱਲੇਵਾਲਾ ਜਿਲਾ ਬਠਿੰਡਾ ਦੇ ਵਾਸੀ ਗੁਰਤੇਜ ਸਿੰਘ ਵੱਲੋਂ ਕੀਤੀ ਸ਼ਿਕਾਇਤ ਦੇ ਆਧਾਰ ਉਤੇ ਗ੍ਰਿਫਤਾਰ ਕੀਤਾ ਗਿਆ ਹੈ। ਬੁਲਾਰੇ ਨੇ ਦੱਸਿਆ ਕਿ ਸ਼ਿਕਾਇਤਕਰਤਾ ਗੁਰਤੇਜ਼ ਸਿੰਘ ਨੇ ਵਿਜੀਲੈਂਸ ਕੋਲ ਪਹੁੰਚ ਕਰਕੇ ਦੋਸ਼ ਲਾਇਆ ਕਿ ਉਕਤ ਬਿਜਲੀ ਮੁਲਾਜਮ ਨੇ ਉਸਦੇ ਖੇਤ ਦੀ ਮੋਟਰ ਦੇ ਬਿਜਲੀ ਕੁਨੈਕਸ਼ਨ ਲਈ ਨਵਾਂ ਟਰਾਂਸਫਾਰਮਰ ਜਾਰੀ ਕਰਵਾਉਣ ਬਦਲੇ 12,000 ਰੁਪਏ ਰਿਸ਼ਵਤ ਦੀ ਮੰਗ ਕੀਤੀ ਹੈ ਅਤੇ ਇਹ ਜੇ.ਈ. ਪਹਿਲਾਂ ਹੀ ਉਸ ਕੋਲੋਂ 4,000 ਰੁਪਏ ਬਤੌਰ ਰਿਸ਼ਵਤ ਲੈ ਚੁੱਕਾ ਹੈ ਅਤੇ ਬਾਕੀ ਰਹਿੰਦੀ ਰਿਸ਼ਵਤ ਦੀ ਰਕਮ ਲੈਣ ਲਈ ਵਾਰ-ਵਾਰ ਮੰਗ ਕਰ ਰਿਹਾ ਹੈ।ਜਿਸਦੇ ਚੱਲਦੇ ਉਕਤ ਸ਼ਿਕਾਇਤ ਦੀ ਮੁੱਢਲੀ ਪੜਤਾਲ ਉਪਰੰਤ ਵਿਜੀਲੈਂਸ ਬਿਉਰੋ ਦੇ ਬਠਿੰਡਾ ਯੂਨਿਟ ਨੇ ਜਾਲ ਵਿਛਾਇਆ ਤੇ ਉਕਤ ਮੁਲਜ਼ਮ ਨੂੰ ਸ਼ਿਕਾਇਤਕਰਤਾ ਕੋਲੋਂ ਦੂਜੀ ਕਿਸ਼ਤ ਵਜੋਂ 8,000 ਰੁਪਏ ਦੀ ਰਿਸ਼ਵਤ ਦੀ ਰਕਮ ਹਾਸਲ ਕਰਦਿਆਂ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਰੰਗੇ ਹੱਥੀਂ ਕਾਬੂ ਕਰ ਲਿਆ। ਇਸ ਸਬੰਧ ਵਿੱਚ ਉਕਤ ਮੁਲਜ਼ਮ ਖਿਲਾਫ ਵਿਜੀਲੈਂਸ ਬਿਉਰੋ ਦੇ ਥਾਣਾ ਬਠਿੰਡਾ ਰੇਂਜ ਵਿਖੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਹੈ।

ਡੇਰਾ ਸਿਰਸਾ ਮੁਖੀ ਅਪਣੇ ਵਿਰੁਧ ਦਰਜ਼ ਪਰਚੇ ਨੂੰ ਰੱਦ ਕਰਵਾਉਣ ਲਈ ਪੁੱਜਿਆ ਹਾਈਕੋਰਟ ਦੀ ਸ਼ਰਨ ’ਚ, ਨੋਟਿਸ ਜਾਰੀ

0

ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 15 ਮਾਰਚ:ਸਾਧਵੀਆਂ ਨਾਲ ਬਲਾਤਕਾਰ ਤੇ ਕਤਲ ਦੇ ਮਾਮਲੇ ’ਚ ਹਰਿਆਣਾ ਦੀ ਸੁਨਾਰੀਆ ਜੇਲ੍ਹ ’ਚ ਬੰਦ ਡੇਰਾ ਸਿਰਸਾ ਦਾ ਮੁਖੀ ਗੁਰਮੀਤ ਰਾਮ ਰਹੀਮ ਵਲਂੋ ਅਪਣੇ ਵਿਰੁਧ ਪਿਛਲੇ ਦਿਨੀਂ ਜਲੰਧਰ ਦੇ ਪਤਾਰਾ ਪੁਲਿਸ ਥਾਣੇ ’ਚ ਦਰਜ ਮੁਕੱਦਮੇ ਨੂੰ ਰੱਦ ਕਰਵਾਉਣ ਲਈ ਮਾਣਯੋਗ ਪੰਜਾਬ ਤੇ ਹਰਿਆਣਾ ਹਾਈਕੋਰਟ ’ਚ ਪਟੀਸ਼ਨ ਦਾਖਲ ਕੀਤੀ ਗਈ ਹੈ, ਜਿਸ ’ਤੇ ਹਾਈਕੋਰਟ ਨੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਹੈ। ਇਸ ਮਾਮਲੇ ’ਚ ਅਗਲੀ ਸੁਣਵਾਈ 30 ਮਈ 2023 ਨੂੰ ਹੋਵੇਗੀ। ਪਟੀਸ਼ਨ ’ਚ ਕਿਹਾ ਗਿਆ ਹੈ ਕਿ ਡੇਰਾ ਮੁਖੀ ਨੇ 28 ਫਰਵਰੀ 2016 ਨੂੰ ਸਤਿਸੰਗ ਦੌਰਾਨ ਸੰਤ ਕਬੀਰ ਜੀ ਅਤੇ ਰਵਿਦਾਸ ਜੀ ਨਾਲ ਸਬੰਧਿਤ ਇੱਕ ਸਾਖੀ ਸੁਣਾਈ ਸੀ । ਇਸ ਦੌਰਾਨ ਵੀ ਕਿਸੇ ਨੇ ਇਸ ’ਤੇ ਕੋਈ ਇਤਰਾਜ ਨਹੀਂ ਕੀਤਾ। ਪ੍ਰੰਤੂ ਹੁਣ ਸਾਖੀ ਦੇ ਇਂੱਕ ਹਿੱਸੇ ਨੂੰ ਆਧਾਰ ਬਣਾ ਕੇ ਉਨ੍ਹਾਂ ਵਿਰੁਧ ਪਰਚਾ ਦਰਜ਼ ਕੀਤਾ ਗਿਆ ਹੈ ਜਦੋਂਕਿ ਉਸਨੇ ਸੰਤ ਰਵਿਦਾਸ ਜੀ ਦੇ ਅਪਮਾਨ ਦੀ ਕੋਈ ਗੱਲ ਨਹੀਂ ਤੇ ਸਾਖੀ ਵਿੱਚ ਮਹਾਨ ਸੰਤ ਕਬੀਰ ਜੀ ਅਤੇ ਸੰਤ ਰਵਿਦਾਸ ਜੀ ਦੀ ਮਹਿਮਾ ਦੱਸੀ ਗਈ।

ਹਰਿਆਣਾ ’ਚ ਸਰਪੰਚਾਂ ਦੇ ਮਾਣਭੱਤੇ ’ਚ ਵਾਧਾ, ਹੁਣ ਮਿਲਣਗੇ 5 ਹਜਾਰ ਪ੍ਰਤੀ ਮਹੀਨਾ

0

ਪੰਚਾਂ ਦਾ ਵੀ ਇਕ ਹਜਾਰ ਤੋਂ ਵਧਾ ਕੇ ਕੀਤਾ 1600 ਰੁਪਏ
ਸਰਪੰਚ ਆਪਣੇ ਪੱਧਰ ’ਤੇ 5 ਲੱਖ ਤਕ ਦੇ ਕੰਮ ਕਰਵਾ ਸਕਣਗੇ – ਮੁੱਖ ਮੰਤਰੀ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 15 ਮਾਰਚ : ਹਰਿਆਣਾ ਸਰਕਾਰ ਨੇ ਸੂਬੇ ਦੇ ਸਰਪੰਚਾਂ ਤੇ ਪੰਚਾਂ ਦੇ ਮਾਣਭੱਤੇ ’ਚ ਵਾਧਾ ਕੀਤਾ ਹੈ। ਸਰਕਾਰ ਦੇ ਹੁਕਮਾਂ ਤੋਂ ਬਾਅਦ ਸਰਪੰਚਾਂ ਨੂੰ 3 ਹਜ਼ਾਰ ਦੀ ਬਜਾਏ 5 ਹਜ਼ਾਰ ਰੁਪਏ ਮਹੀਨਾ ਮਿਲਣਗੇ। ਇਸੇ ਤਰ੍ਹਾਂ ਪੰਚਾਂ ਨੂੰ ਵੀ ਹੁਣ ਇੱਕ ਹਜ਼ਾਰ ਦੀ ਬਜਾਏ 1600 ਰੁਪਏ ਪ੍ਰਤੀ ਮਹੀਨਾ ਦਿੱਤੇ ਜਾਣਗੇ। ਸਰਪੰਚਾਂ ਨੂੰ ਖ਼ੁਸ ਕਰਨ ਦੇ ਇਰਾਦੇ ਨਾਲ ਸਰਕਾਰ ਨੇ ਇਸ ਨੂੰ ਅੱਗੇ ਤੋਂ ਸਰਕਾਰੀ ਕਰਮਚਾਰੀਆਂ ਦੀ ਤਰਜ ’ਤੇ ਮਹਿੰਗਾਈ ਭੱਤੇ ਦੇ ਨਾਲ ਜੋੜਨ ਦਾ ਭਰੋਸਾ ਦਿੱਤਾ ਗਿਆ ਹੈ। ਸਰਕਾਰ ਨੇ ਸਰਪੰਚਾਂ ਨੂੰ ਹੋਰ ਤਾਕਤਾਂ ਦਿੰਦਿਆਂ ਭਵਿੱਖ ਵਿਚ ਸਰਪੰਚ ਗ੍ਰਾਮ ਸਕੱਤਰ ਦੀ ਸਾਲਾਨਾ ਗੁਪਤਾ ਰਿਪੋਰਟ ਲਿਖਣ ਦੇ ਅਧਿਕਾਰ ਵੀ ਦਿੱਤੇ ਜਾਣ ਲਈ ਕਿਹਾ ਹੈ। ਇਸਤੋਂ ਇਲਾਵਾ ਮੁੱਖ ਮੰਤਰੀ ਨੇ ਸਰਪੰਚਾਂ ਦੀ ਕੋਟੇਸ਼ਨ ਦੇ ਆਧਾਰ ’ਤੇ ਵਿਕਾਸ ਕੰਮ ਦੀ ਸੀਮਾ 2 ਲੱਖ ਤੋਂ ਵਧਾ ਕੇ 5 ਲੱਖ ਰੁਪਏ ਕਰਨ ਦਾ ਐਲਾਨ ਕੀਤਾ ਹੈ। ਇੰਨ੍ਹਾਂ ਐਲਾਨ ਦਾ ਖ਼ੁਲਾਸਾ ਖ਼ੁਦ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਅੱਜ ਇੱਥੇ ਕੀਤੀ ਇੱਕ ਪ੍ਰੈਸ ਕਾਨਫਰੰਸ ਵਿਚ ਕੀਤਾ। ਉਨ੍ਹਾਂ ਸਰਪੰਚਾਂ ਨੂੰ ਅਪੀਲ ਕੀਤੀ ਹੈ ਕਿ ਜਨਪ੍ਰਤੀਨਿਧੀ ਹੋਣ ਦੇ ਨਾਤੇ ਜਨਤਾ ਦੇ ਪ੍ਰਤੀ ਆਪਣੀ ਜਿਮੇਵਾਰੀ ਸਮਝਣ ਅਤੇ ਪਿੰਡ ਦੇ ਵਿਕਾਸ ਕੰਮ ਪਾਰਦਰਸ਼ਿਤਾ ਨਾਲ ਕਰਵਾਉਣ। ਉਨ੍ਹਾਂ ਨੇ ਕਿਹਾ ਕਿ ਈ-ਟੈਂਡਰਿੰਗ ਵਿਚ ਕੋਈ ਮੁਸ਼ਕਲ ਆਵੇਗੀ ਤਾਂ ਉਸ ਨੂੰ ਦੂਰ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਸਰਕਾਰ ਨੇ ਈ-ਟੈਂਡਰਿੰਗ ਨਾਲ ਸਰਪੰਚਾਂ ਦੇ ਹੱਥ ਮਜਬੂਤ ਕੀਤੇ ਹਨ, ਇਸ ਤੋਂ ਵਿਕਾਸ ਕੰਮਾਂ ਵਿਚ ਪਾਰਦਰਸ਼ਿਤਾ ਆਵੇਗੀ ਅਤੇ ਕੰਮ ਜਲਦੀ ਨਾਲ ਪੂਰੇ ਹੋਣਗੇ। ਇਸ ਮੌਕੇ ’ਤੇ ਵਿੱਤ ਵਿਭਾਗ ਦੇ ਵਧੀਕ ਮੁੱਖ ਸਕੱਤਰ ਅਨੁਰਾਗ ਰਸਤੋਗੀ, ਮੁੱਖ ਮੰਤਰੀ ਦੇ ਪ੍ਰਧਾਨ ਸਕੱਤਰ ਵੀ. ਉਮਾਸ਼ੰਕਰ, ਵਿਕਾਸ ਅਤੇ ਪੰਚਾਇਤ ਵਿਭਾਗ ਦੇ ਵਧੀਕ ਮੁੱਖ ਸਕੱਤਰ ਅਨਿਲ ਮਲਿਕ, ਮੁੱਖ ਮੰਤਰੀ ਦੇ ਵਧੀਕ ਪ੍ਰਧਾਨ ਸਕੱਤਰ ਅਤੇ ਸੂਚਨਾ, ਜਨ ਸੰਪਰਕ, ਭਾਸ਼ਾ ਅਤੇ ਸਭਿਆਚਾਰ ਵਿਭਾਗ ਦੇ ਮਹਾਨਿਦੇਸ਼ਕ ਡਾ. ਅਮਿਤ ਅਗਰਵਾਲ, ਗ੍ਰਾਮੀਣ ਵਿਕਾਸ ਵਿਭਾਗ ਦੇ ਨਿਦੇਸ਼ਕ ਸੰਜੈ ਜੂਨ ਵੀ ਮੌਜੂਦ ਸਨ।
ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਪੰਚਾਇਤੀਰਾਜ ਸੰਸਥਾਨਾਂ ਦੇ ਪ੍ਰਤੀਨਿਧੀਆਂ ਨੂੰ ਕਿਹਾ ਕਿ ਇਸ ਵਿੱਤ ਸਾਲ ਦੇ ਆਖੀਰੀ ਤਿਮਾਹੀ ਲਈ ਅਲਾਟ ਕੀਤੇ ਗਏ 1100 ਕਰੋੜ ਰੁਪਏ ਦੇ ਵਿਕਾਸ ਕੰਮਾਂ ਦੇ ਪ੍ਰਸਤਾਵ 31 ਮਾਰਚ, 2023 ਤੋਂ ਪਹਿਲਾਂ ਅਪਲੋਡ ਕਰ ਦੇਣ। ਇੰਨ੍ਹਾਂ ਵਿਚ ਪਿੰਡ ਪੰਚਾਇਤਾਂ ਨੂੰ 800 ਕਰੋੜ, ਬਲਾਕ ਸਮਿਤੀਆਂ ਨੂੰ 165 ਕਰੋੜ ਅਤੇ ਜਿਲ੍ਹਾ ਪਰਿਸ਼ਦਾਂ ਨੂੰ 110 ਕਰੋੜ ਰੁਪਏ ਅਲਾਟ ਕੀਤੇ ਗਏ ਸਨ। ਉਨ੍ਹਾਂ ਨੇ ਦਸਿਆ ਕਿ ਹੁਣ ਤਕ 6217 ਪੰਚਾਇਤਾਂ ਵਿੱਚੋਂ 5048 ਪੰਚਾਇਤਾਂ ਨੇ ਵਿਕਾਸ ਕੰਮਾਂ ਦੇ ਪ੍ਰਸਤਾਵ ਪਾਸ ਕਰ ਦਿੱਤੇ ਹਨ। ਉਨ੍ਹਾਂ ਨੇ ਦਸਿਆ ਕਿ 2 ਲੱਖ ਤੋਂ ਘੱਟ ਰਕਮ ਦੇ 9418 ਕੰਮਾਂ ਦੇ ਪ੍ਰਸਤਾਵ ਮਿਲ ਚੁੱਕੇ ਹਨ, ਜਦੋਂ ਕਿ 2 ਲੱਖ ਤੋਂ ਵੱਧ ਰਕਮ ਦੇ 1044 ਕੰਮਾਂ ਦੀ ਪ੍ਰਸਾਸ਼ਨਿਕ ਮੰਜੂਰੀ ਬਾਅਦ ਅਪਲੋਡ ਕੀਤੇ ਜਾ ਚੁੱਕੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਵਿਕਾਸ ਕੰਮਾਂ ਦੀ ਸੋਸ਼ਲ ਆਡਿਟ ਦੇ ਲਈ ਗ੍ਰਾਮ ਪੱਧਰ ’ਤੇ ਮੌਜਿਜ ਲੋਕਾਂ ਦੀ ਇਕ ਕਮੇਟੀ ਬਣਾਈ ਜਾਵੇਗੀ ਜੋ ਪਿੰਡ ਵਿਚ ਹੋਣ ਵਾਲੇ ਵਿਕਾਸ ਕੰਮਾਂ ’ਤੇ ਨਜਰ ਰੱਖੇਗੀ। ਵਿਕਾਸ ਅਤੇ ਪੰਚਾਇਤ ਵਿਭਾਗ ਦੇ ਲਈ ਵੱਖ ਤੋਂ ਇੰਜੀਨੀਅਰਿੰਗ ਵਿੰਗ ਵੀ ਗਠਨ ਕੀਤੀ ਜਾਵੇਗੀ। ਵਿਕਾਸ ਕੰਮਾਂ ਦੀ ਗੁਣਵੱਤਾ ਜਾਂਚਣ ਲਈ 6 ਮਹੀਨੇ ਵਿਚ ਸੋਸ਼ਲ ਆਡਿਟ ਸਿਸਟਮ ਸਥਾਪਿਤ ਕੀਤਾ ਜਾਵੇਗਾ। ਇਸ ਤੋਂ ਇਲਾਵਾ, ਗੁਣਵੱਤਾ ਭਰੋਸਾ ਅਥਾਰਿਟੀ ਦੀ ਸਥਾਪਨਾ ਕੀਤੀ ਜਾ ਰਹੀ ਹੈ।ਉਨ੍ਹਾਂ ਨੇ ਕਿਹਾ ਕਿ ਵਿਕਾਸ ਕੰਮ ਹਰਿਆਣਾ ਸ਼ੈਡੀਯੂਲ ਅਤੇ ਡੀਸੀ ਰੇਟ ਦੇ ਅਨੁਸਾਰ ਕੀਤੇ ਜਾਂਦੇ ਹਨ, ਜੇਕਰ ਕੋਈ ਸਰਪੰਚ ਡੀਸੀ ਰੇਟ ਤੋਂ ਘੱਟ ਰੇਟ ਵਿਚ ਕਾਰਜ ਕਰਵਾਉਣਾ ਚਾਹੁੰਦਾ ਹੈ, ਤਾਂ ਉਸ ਦੀ ਸੂਚਨਾ ਬਲਾਕ ਅਤੇ ਵਿਕਾਸ ਅਧਿਕਾਰੀ ਦਫਤਰ ਦੇ ਬਾਹਰ ਚਿਪਕਾਉਣੀ ਹੋਵੇਗੀ। ਵੱਡੀ ਪੰਚਾਇਤਾਂ ਇਕ ਵਿੱਤੀ ਸਾਲ ਵਿਚ ਕੁੱਲ 25 ਲੱਖ ਰੁਪਏ ਤਕ ਦੀ ਰਕਮ ਦੇ ਜਾਂ ਰਾਜ ਵਿੱਤ ਆਯੋਗ ਦੇ ਕੁੱਲ ਗ੍ਰਾਂਟ ਰਕਮ ਦੇ 50 ਫੀਸਦੀ ਤਕ, ਜੋ ਵੀ ਘੱਟ ਹੋਵੇ, ਦੇ ਕੰਮ ਕੋਟੇਸ਼ਨ ’ਤੇ ਕਰਵਾਏ ਜਾ ਸਕਣਗੇ। ਈ-ਟੈਂਡਰ ਰਾਹੀਂ ਕਰਵਾਏ ਜਾਣ ਵਾਲੇ ਵਿਕਾਸ ਕੰਮਾਂ ਦੀ ਗੁਣਵੱਤਾ ਯਕੀਨੀ ਕਰਨ ਲਈ ਤਕਨੀਕੀ ਕਰਮਚਾਰੀ ਜਿਮੇਵਾਰ ਹੋਣਗੇ। ਸਰਪੰਚ ਵੱਲੋਂ ਕਰਵਾਏ ਗਏ ਵਿਕਾਸ ਕੰਮਾਂ ਵਿਚ ਗੁਣਵੱਤਾ ਯਕੀਨੀ ਕਰਨ ਦੀ ਪੂਰੀ ਜਿਮੇਵਾਰੀ ਸਰਪੰਚ ਦੀ ਹੋਵੇਗੀ। ਉਨ੍ਹਾਂ ਨੇ ਦਸਿਆ ਕਿ ਬਿਜਲੀ ਦੇ ਬਿੱਲਾਂ ’ਤੇ ਲਗਾਇਆ ਜਾ ਰਿਹਾ ਪੰਚਾਇਤ ਟੈਕਸ ਬਕਾਇਆ ਰਕਮ ਸਮੇਤ 1 ਅਪ੍ਰੈਲ, 2023 ਤੋਂ ਪੰਚਾਇਤਾਂ ਨੁੰ ਦੇ ਦਿੱਤਾ ਜਾਵੇਗਾ। ਇਸ ਵਿੱਚੋਂ ਪੰਚਾਇਤਾਂ ਦੇ ਲੰਬਿਤ ਬਿਜਲੀ ਬਿੱਲ ਦੀ ਕਟੌਤੀ ਕਰ ਕੇ ਹਰ ਤਿਮਾਹੀ ਵਿਚ ਭੁਗਤਾਨ ਕੀਤਾ ਜਾਵੇਗਾ। ਉਨ੍ਹਾਂ ਨੇ ਦਸਿਆ ਕਿ ਹਰੇਕ ਗ੍ਰਾਮ ਪੰਚਾਇਤ ਵਿਚ ਸੰਪਤੀ ਦੀ ਵਿਕਰੀ ’ਤੇ 1 ਫੀਸਦੀ ਸਟਾਂਪ ਫੀਸ ਦੀ ਰਕਮ ਗ੍ਰਾਮ ਪੰਚਾਇਤ ਨੂੰ ਦਿੱਤੀ ਜਾਵੇਗੀ।

Our Visitor

1911272