Saturday, May 23, 2026
Home Blog Page 2176

ਬਠਿੰਡਾ ਜੇਲ੍ਹ ’ਚ ਨਹੀਂ ਹੋਈ ਲਾਰੇਂਸ ਬਿਸਨੋਈ ਦੀ ਇੰਟਰਵਿਊ: ਆਈ.ਜੀ ਜਸਕਰਨ ਸਿੰਘ

0

ਸਿੱਧੂ ਮੂਸੇਵਾਲਾ ਦੇ ਪ੍ਰਵਾਰ ਨਾਲ ਕੀਤੀ ਮੁਲਾਕਾਤ
ਪੰਜਾਬੀ ਖ਼ਬਰਸਾਰ ਬਿਉਰੋ
ਬਠਿੰਡਾ/ਮਾਨਸਾ, 15 ਮਾਰਚ:ਬੀਤੇ ਕੱਲ ਤੋਂ ਚਰਚਾ ਦਾ ਕੇਂਦਰ ਬਿੰਦੂ ਬਣੀ ਹੋਈ ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਇੱਕ ਪ੍ਰਾਈਵੇਟ ਚੈਨਲ ਨਾਲ ਇੰਟਰਵਿਊ ਦੇ ਮਾਮਲੇ ’ਚ ਸਪੱਸ਼ਟ ਕਰਦਿਆਂ ਆਈ.ਜੀ ਜਸਕਰਨ ਸਿੰਘ ਨੇ ਦਾਅਵਾ ਕੀਤਾ ਹੈ ਕਿ ਇਹ ਇੰਟਰਵਿਊ ਬਠਿੰਡਾ ਜੇਲ੍ਹ ਵਿਚ ਨਹੀਂ ਹੋਈ ਹੈ। ਪੰਜਾਬ ਸਰਕਾਰ ਵਲੋਂ ਸਿੱਧੂ ਮੂਸੇਵਾਲਾ ਕਤਲ ਕਾਂਡ ਦੀ ਜਾਂਚ ਲਈ ਬਣਾਈ ਵਿਸੇਸ ਜਾਂਚ ਟੀਮ ਦੇ ਮੁਖੀ ਜਸਕਰਨ ਸਿੰਘ ਵਲੋਂ ਅੱਜ ਮਾਨਸਾ ਦੇ ਐਸ.ਐਸ.ਪੀ ਡਾ ਨਾਨਕ ਸਿੰਘ ਅਤੇ ਐਸ.ਪੀ ਬਾਲਕਿਸ਼ਨ ਸਿੰਗਲਾ ਦੇ ਨਾਲ ਮਹਰੂਮ ਗਾਇਕ ਦੇ ਮਾਤਾ-ਪਿਤਾ ਨਾਲ ਉਨ੍ਹਾਂ ਪਿੰਡ ਵਿਚਲੇ ਘਰ ਵਿਖੇ ਮੁਲਾਕਾਤ ਕੀਤੀ। ਜਿੱਥੇ ਜਾਂਚ ਟੀਮ ਵਲੋਂ ਸਿੱਧੂ ਦੇ ਮਾਪਿਆਂ ਨੂੰ ਹੁਣ ਤਕ ਚੱਲ ਰਹੀ ਜਾਂਚ ਤੋਂ ਜਾਣੂ ਕਰਵਾਉਂਦਿਆਂ ਪੂਰੇ ਇਨਸਾਫ਼ ਦਾ ਭਰੋਸਾ ਦਿਵਾਇਆ। ਉਨ੍ਹਾਂ ਕਿਹਾ ਕਿ ਇਸ ਕਾਂਡ ’ਚ ਕਾਫ਼ੀ ਸਾਰੇ ਮੁਜ਼ਰਮ ਜੇਲ੍ਹਾਂ ਵਿਚ ਬੰਦ ਹਨ ਤੇ ਜੋ ਰਹਿੰਦੇ ਹਨ, ਉਨ੍ਹਾਂ ਨੂੰ ਵੀ ਵਿਦੇਸ਼ ਵਿਚੋਂ ਲਿਆਉਣ ਲਈ ਯਤਨ ਕੀਤੇ ਜਾ ਰਹੇ ਹਨ। ਇਸਦੇ ਨਾਲ ਹੀ ਆਈ.ਜੀ ਜਸਕਰਨ ਸਿੰਘ ਨੇ ਦੱਸਿਆ ਕਿ ਪੰਜਾਬ ’ਚ ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਕੋਈ ਇੰਟਰਵਿਊ ਨਹੀਂ ਹੋਈ ਹੈ।

ਮੰਡੀ ਬੋਰਡ ਦੀਆਂ ਸੰਪਤੀਆਂ ਦੀ ਸਹੀ ਵਰਤੋਂ ਕਰ ਮੰਡੀ ਬੋਰਡ ਦੀ ਆਮਦਨੀ ਵਿਚ ਕੀਤਾ ਜਾਵੇਗਾ ਵਾਧਾ: ਹਰਚੰਦ ਸਿੰਘ ਬਰਸਟ

0

ਮੰਡੀਆਂ ਨਾਲ ਪਈ ਖਾਲੀ ਜ਼ਮੀਨ ਦੀ ਸਾਫ਼ ਸਫ਼ਾਈ ਕਰ 12000 ਰੁੱਖ ਲਗਾਏ ਜਾਣਗੇ, ਗੈਸਟ ਹਾਊਸਾਂ ਦੀ ਮੁਰੰਮਤ ਕਰ ਉਨ੍ਹਾਂ ਨੂੰ ਵਰਤੋਂ ਵਿੱਚ ਲਿਆਂਦਾ ਜਾਵੇਗਾ
ਹਰਚੰਦ ਬਰਸਟ ਵੱਲੋਂ ਰੂਰਲ ਡੇਵਲੈਪਮੈਂਟ ਫੰਡ ਜਾਰੀ ਨਾ ਕਰਨ ਲਈ ਕੇਂਦਰ ਦੀ ਭਾਜਪਾ ਸਰਕਾਰ ਦੀ ਨਿੰਦਾ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 15 ਮਾਰਚ: ਆਮ ਆਦਮੀ ਪਾਰਟੀ (ਆਪ) ਦੇ ਪੰਜਾਬ ਜਨਰਲ ਸਕੱਤਰ ਅਤੇ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਅਤੇ ਚੇਅਰਮੈਨਾਂ ਦੀ ਅਣਦੇਖੀ ਅਤੇ ਭ੍ਰਿਸ਼ਟਾਚਾਰ ਕਾਰਨ ਪੰਜਾਬ ਦੀਆਂ ਮੰਡੀਆਂ ਦੇ ਹਲਾਤ ਖਸਤਾ ਹੋਏ ਪਰ ਹੁਣ ਉਨ੍ਹਾਂ ਦੀ ਦੇਖ ਰੇਖ ਹੇਠ ਮੰਡੀਆਂ ਵਿੱਚ ਵੱਡੇ ਪੱਧਰ ’ਤੇ ਸੁਧਾਰ ਕੀਤੇ ਜਾ ਰਹੇ ਹਨ।ਬੁੱਧਵਾਰ ਨੂੰ ਪਾਰਟੀ ਦੇ ਸੂਬਾ ਸਕੱਤਰ ਡਾ ਸੰਨੀ ਆਹਲੂਵਾਲੀਆ, ਗੁਰਦੇਵ ਸਿੰਘ ਲਾਖਾ, ਰਾਜਵਿੰਦਰ ਕੌਰ ਥਿਆੜਾ, ਅਮਨਦੀਪ ਸਿੰਘ ਮੋਹੀ ਅਤੇ ਸ਼ਮਿੰਦਰ ਸਿੰਘ ਖਿੰਡਾ ਨਾਲ ਮੁੱਖ ਦਫ਼ਤਰ ਤੋਂ ਇੱਕ ਪ੍ਰੈਸ ਨੂੰ ਸੰਬੋਧਨ ਕਰਦਿਆਂ ਹਰਚੰਦ ਸਿੰਘ ਬਰਸਟ ਨੇ ਕਿਹਾ ਕਿ 2014 ਵਿੱਚ 48 ਕਰੋੜ ਦੀ ਲਾਗਤ ਨਾਲ ਮੋਹਾਲੀ ਦੇ 65 ਸੈਕਟਰ ਵਿੱਚ ਬਣੀ ਏਸੀ ਮਾਰਕਿਟ ਦੀ ਈ ਓਕਸ਼ਨ ਕਰਕੇ ਮੰਡੀ ਬੋਰਡ ਦੀ ਆਮਦਨੀ ਵਿਚ ਵਾਧਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਮਾਰਕਿਟ ਕਮੇਟੀਆਂ ਅਤੇ ਮੰਡੀ ਬੋਰਡ ਵੱਲੋਂ ਬਣਾਏ ਗੈੱਸਟ ਹਾਊਸਾਂ ਨੂੰ ਵਰਤੋਂ ਵਿੱਚ ਲਿਆਉਣ ਦੇ ਆਦੇਸ਼ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ 37 ਮਾਰਕਿਟ ਕਮੇਟੀਆਂ ਜਿਨ੍ਹਾਂ ਕੋਲ ਏਟੀਐਮ ਲਗਾਉਣ ਲਈ ਢੁੱਕਵੀਂ ਜਗਾ ਹੈ ਉੱਥੇ ਏਟੀਐਮ ਲਗਾਉਣ ਲਈ ਬੈਂਕਾਂ ਨਾਲ ਤਾਲਮੇਲ ਕੀਤਾ ਜਾ ਰਿਹਾ ਹੈ।ਮੰਡੀ ਬੋਰਡ ਦੇ ਚੇਅਰਮੈਨ ਨੇ ਅੱਗੇ ਕਿਹਾ ਕਿ ਮੰਡੀਆਂ ਦੇ ਨਾਲ ਖ਼ਾਲੀ ਪਈ ਥਾਂ ਜਿੱਥੇ ਕੂੜੇ ਦੇ ਢੇਰ ਲੱਗੇ ਹੋਏ ਹਨ ਉੱਥੇ ਸਫ਼ਾਈ ਕਰਕੇ 12000 ਰੁੱਖ ਲਗਾਉਣ ਦੀ ਯੋਜਨਾ ਹੈ ਜਿਸ ਨਾਲ ਬਾਅਦ ਵਿਚ ਮੰਡੀ ਬੋਰਡ ਨੂੰ ਆਰਥਿਕ ਫਾਇਦਾ ਵੀ ਹੋਵੇਗਾ। ਉਨ੍ਹਾਂ ਦੱਸਿਆ ਕਿ ਪੰਜਾਬ ਵਿੱਚ ਹਾੜੀ ਸੀਜ਼ਨ ਵਿੱਚ 132 ਲੱਖ ਮੈਟ੍ਰਿਕ ਟਨ ਕਣਕ ਫਸਲ ਆਉਣ ਦੀ ਸੰਭਾਵਨਾ ਹੈ ਜਿਸ ਲਈ ਮੰਡੀ ਬੋਰਡ ਵੱਲੋਂ ਪੁਖਤਾ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਫੀਲਡ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਸੀਜ਼ਨ ਲਈ ਪ੍ਰਬੰਧ ਕਰਨ ਦੀਆਂ ਹਿਦਾਇਤਾਂ ਦਿੱਤੀਆਂ ਤਾਂ ਜੋ ਕਿਸਾਨਾਂ ਅਤੇ ਆੜ੍ਹਤੀਆਂ ਨੂੰ ਕੋਈ ਦਿੱਕਤ ਪੇਸ਼ ਨਾ ਆਵੇ।ਹਰਚੰਦ ਬਰਸਟ ਨੇ ਕੇਂਦਰ ਸਰਕਾਰ ਵੱਲ ਪੈਂਡਿੰਗ 2880 ਕਰੋੜ ਰੂਰਲ ਡੇਵਲੈਪਮੈਂਟ ਫੰਡ ਜਾਰੀ ਨਾ ਕਰਨ ਲਈ ਭਾਜਪਾ ਦੀ ਨਿੰਦਾ ਕੀਤੀ ਅਤੇ ਕਿਹਾ ਕਿ ਮੰਡੀਆਂ ਦੇ ਵਿਕਾਸ ਲਈ ਮੋਦੀ ਸਰਕਾਰ ਜਲਦ ਤੋਂ ਜਲਦ ਇਹ ਫੰਡ ਜਾਰੀ ਕਰੇ ਤਾਂ ਜੋ ਪੰਜਾਬ ਦੀਆਂ ਮੰਡੀਆਂ ਦੇ ਕੰਮ ਬਿਨਾਂ ਰੁਕਾਵਟ ਸੁਚਾਰੂ ਢੰਗ ਨਾਲ ਚੱਲਦੇ ਰਹਿਣ।ਆਮ ਆਦਮੀ ਪਾਰਟੀ ਸਰਕਾਰ ਦੇ ਪੰਜਾਬ ਵਿੱਚ ਇੱਕ ਸਾਲ ਪੂਰੇ ਹੋਣ ’ਤੇ ਸੂਬੇ ਦੇ ਜਨਰਲ ਸਕੱਤਰ ਹਰਚੰਦ ਬਰਸਟ ਨੇ ਪਾਰਟੀ ਦੇ ਆਹੁਦੇਦਾਰਾਂ, ਵਲੰਟੀਅਰਾਂ ਅਤੇ ਵਰਕਰਾਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਇਨ੍ਹਾਂ ਸਾਰਿਆਂ ਦੀ ਮਿਹਨਤ ਸਦਕਾ ਹੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਨੂੰ ਐਨਾ ਵੱਡਾ ਬਹੁਮਤ ਮਿਲਿਆ। ਉਨ੍ਹਾਂ ਕਿਹਾ ਕਿ ਇੱਕ ਸਾਲ ਵਿੱਚ ਪਾਰਟੀ ਪੰਜਾਬ ਦੇ ਲੋਕਾਂ ਦੀਆਂ ਉਮੀਦਾਂ ’ਤੇ ਖਰੀ ਉਤਰੀ ਅਤੇ ਉਨ੍ਹਾਂ ਦੀ ਸਰਕਾਰ ਨੇ ਲਗਭਗ ਆਪਣੀਆਂ ਸਾਰੀਆਂ ਗਾਰੰਟੀਆਂ ਪੂਰੀਆਂ ਕੀਤੀਆਂ ਹਨ।

ਜੀ-20 ਸੰਮੇਲਨ ਦੁਨੀਆ ਭਰ ਵਿੱਚ ਸਿੱਖਿਆ ਖੇਤਰ ਨੂੰ ਹੁਲਾਰਾ ਦੇਣ ਲਈ ਪੁਖ਼ਤਾ ਪਲੇਟਫਾਰਮ ਸਾਬਤ ਹੋਵੇਗਾ: ਮੁੱਖ ਮੰਤਰੀ

0

ਜੀ-20 ਦੇ ਐਜੂਕੇਸ਼ਨ ਵਰਕਿੰਗ ਗਰੁੱਪ ਦੇ ਉਦਘਾਟਨੀ ਸਮਾਰੋਹ ਵਿੱਚ ਕੀਤੀ ਸ਼ਿਰਕਤ
ਸਿੱਖਿਆ ਖੇਤਰ ਦੀ ਤਰੱਕੀ ਲਈ ਸੂਬਾ ਸਰਕਾਰ ਵੱਲੋਂ ਚੁੱਕੇ ਮਿਸਾਲੀ ਕਦਮਾਂ ਬਾਰੇ ਦੱਸਿਆ
ਪੰਜਾਬੀ ਖ਼ਬਰਸਾਰ ਬਿਉਰੋ
ਅੰਮ੍ਰਿਤਸਰ, 15 ਮਾਰਚ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਉਮੀਦ ਜਤਾਈ ਕਿ ਜੀ-20 ਸੰਮੇਲਨ ਦੁਨੀਆ ਭਰ ਵਿੱਚ ਅਤੇ ਖ਼ਾਸ ਤੌਰ ਉਤੇ ਸੂਬੇ ਵਿੱਚ ਸਿੱਖਿਆ ਖੇਤਰ ਨੂੰ ਹੁਲਾਰਾ ਦੇਣ ਲਈ ਮਾਹਿਰ ਦੇਸ਼ਾਂ ਦੇ ਅਹਿਮ ਸੁਝਾਵਾਂ ਵਾਸਤੇ ਮਜ਼ਬੂਤ ਪਲੇਟਫਾਰਮ ਸਾਬਤ ਹੋਵੇਗਾ, ਜਿਸ ਨਾਲ ਨੌਜਵਾਨਾਂ ਨੂੰ ਵੱਡੇ ਪੱਧਰ ਉਤੇ ਫਾਇਦਾ ਹੋਵੇਗਾ।ਇੱਥੇ ਬੁੱਧਵਾਰ ਨੂੰ ਜੀ-20 ਐਜੁਕੇਸ਼ਨ ਵਰਕਿੰਗ ਗਰੁੱਪ ਦੀ ਦੂਜੀ ਮੀਟਿੰਗ ਦੌਰਾਨ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ “ਮੇਰਾ ਮੰਨਣਾ ਹੈ ਕਿ ਇਸ ਸੰਮੇਲਨ ਵਿੱਚ ਹੋਣ ਵਾਲਾ ਵਿਚਾਰ-ਵਟਾਂਦਰਾ ਨਾ ਸਿਰਫ਼ ਸਿੱਖਿਆ ਦਾ ਪੱਧਰ ਉੱਚਾ ਚੁੱਕਣ ਵਿੱਚ ਸਹਾਈ ਹੋਵੇਗਾ, ਸਗੋਂ ਇਸ ਨਾਲ ਸੂਬੇ ਦੇ ਨੌਜਵਾਨਾਂ ਦਾ ਵੱਡੇ ਪੱਧਰ ਉਤੇ ਫਾਇਦਾ ਹੋਵੇਗਾ।”ਉਨ੍ਹਾਂ ਉਮੀਦ ਜਤਾਈ ਕਿ ਆਲਮੀ ਅਰਥਚਾਰੇ ਨਾਲ ਸਬੰਧਤ ਵੱਡੇ ਮਸਲਿਆਂ ਨੂੰ ਹੱਲ ਕਰਨ ਲਈ ਜੀ-20 ਦੀਆਂ ਪੁਖ਼ਤਾ ਕੋਸ਼ਿਸ਼ਾਂ ਨਾਲ ਭਾਰਤ ਤੇ ਖ਼ਾਸ ਤੌਰ ਉਤੇ ਪੰਜਾਬ ਦੇ ਅਰਥਚਾਰੇ ਨੂੰ ਵੱਡਾ ਹੁਲਾਰਾ ਮਿਲੇਗਾ। ਭਗਵੰਤ ਮਾਨ ਨੇ ਕੌਮਾਂਤਰੀ ਪੱਧਰ ਉਤੇ ਅਮਨ, ਬਿਹਤਰ ਸਹਿਯੋਗ ਤੇ ਤਾਲਮੇਲ ਲਈ ਜੀ-20 ਵੱਲੋਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਦੀ ਵੀ ਸ਼ਲਾਘਾ ਕੀਤੀ।‘ਗਿਆਨ ਨੂੰ ਮਨੁੱਖੀ ਜੀਵਨ ਦਾ ਆਧਾਰ’ ਦੱਸ ਕੇ ਉਚਿਆਉਣ ਵਾਲੇ ਸੰਵਿਧਾਨ ਨਿਰਮਾਤਾ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਦਕਰ ਦੀ ਵਿਚਾਰਧਾਰਾ ਉਤੇ ਚੱਲਦਿਆਂ ਸੂਬਾ ਸਰਕਾਰ ਵੱਲੋਂ ਸਿੱਖਿਆ ਦੇ ਖੇਤਰ ਵਿੱਚ ਕੀਤੀਆਂ ਮੀਲ ਦਾ ਪੱਥਰ ਸਾਬਤ ਹੋਣ ਵਾਲੀਆਂ ਪਹਿਲਕਦਮੀਆਂ ਦਾ ਜ਼ਿਕਰ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਸਿੱਖਿਆ ਖੇਤਰ ਨੂੰ ਵਿਸ਼ੇਸ਼ ਤਰਜੀਹ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਦਾ ਮੰਨਣਾ ਹੈ ਕਿ ‘ਸਿੱਖਿਆ’ ਤੇ ‘ਸਿਹਤ’ ਮਨੁੱਖੀ ਜੀਵਨ ਦਾ ਮੂਲ ਹਨ ਅਤੇ ਸਮਾਜਿਕ ਵਿਕਾਸ ਇਨ੍ਹਾਂ ਦੋਵਾਂ ਅਹਿਮ ਖ਼ੇਤਰਾਂ ਦੀ ਮਜ਼ਬੂਤੀ ਤੇ ਵਿਸਤਾਰ ਉਤੇ ਨਿਰਭਰ ਕਰਦਾ ਹੈ। ਭਗਵੰਤ ਮਾਨ ਨੇ ਕਿਹਾ ਕਿ ਸੂਬਾ ਸਰਕਾਰ ਨੇ ਆਗਾਮੀ ਵਿੱਤੀ ਵਰ੍ਹੇ ਵਿੱਚ ਸਕੂਲ ਤੇ ਉਚੇਰੀ ਸਿੱਖਿਆ ਲਈ 17,072 ਕਰੋੜ ਰੁਪਏ ਦਾ ਬਜਟ ਰੱਖਿਆ ਹੈ।ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰੀ ਸਕੂਲਾਂ ਨੂੰ ‘ਸਕੂਲ ਆਫ ਐਮੀਨੈਂਸ’ ਵਿੱਚ ਬਦਲਣ ਲਈ 200 ਕਰੋੜ ਰੁਪਏ ਦਾ ਬਜਟ ਰੱਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਆਹਲਾ ਮਿਆਰੀ ‘ਸਕੂਲ ਆਫ ਐਮੀਨੈਂਸ’ ਵਿਦਿਆਰਥੀਆਂ ਦਾ ਸਮੁੱਚਾ ਵਿਕਾਸ ਯਕੀਨੀ ਬਣਾਉਣਗੇ। ਭਗਵੰਤ ਮਾਨ ਨੇ ਕਿਹਾ ਕਿ ਇਹ ਸਕੂਲ ਨੌਵੀਂ ਤੋਂ ਬਾਰ੍ਹਵੀਂ ਤੱਕ ਦੇ ਵਿਦਿਆਰਥੀਆਂ ਨੂੰ ਸਿੱਖਿਆ ਪ੍ਰਦਾਨ ਕਰਨਗੇ। ਇਨ੍ਹਾਂ ਸਕੂਲਾਂ ਦਾ ਨਿਰਮਾਣ ਸਹਿਯੋਗ ਤੇ ਬੁਨਿਆਦੀ ਢਾਂਚੇ ਦੀ ਮਜ਼ਬੂਤੀ, ਅਕਾਦਮਿਕ, ਮਨੁੱਖੀ ਸਰੋਤ ਪ੍ਰਬੰਧਨ, ਖੇਡਾਂ ਤੇ ਸਹਿ-ਵਿੱਦਿਅਕ ਗਤੀਵਿਧੀਆਂ ਅਤੇ ਕਮਿਊਨਿਟੀ ਇਨਗੇਜਮੈਂਟ ਦੇ ਪੰਜ ਥੰਮਾਂ ਦੀ ਬੁਨਿਆਦ ਉਤੇ ਕੀਤਾ ਜਾ ਰਿਹਾ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਇਸ ਤੋਂ ਇਲਾਵਾ ਇਹ ਸਕੂਲ ਉਚੇਰੀ ਸਿੱਖਿਆ, ਰੋਜ਼ਗਾਰ, ਸਿਖਲਾਈ ਤੇ ਹੋਰ ਖ਼ੇਤਰਾਂ ਲਈ ਹੁਨਰ ਤੇ ਵਿਅਕਤੀਗਤ ਸਮਰੱਥਾ ਨੂੰ ਨਿਖਾਰਨ ਲਈ ਮੌਕੇ ਪੈਦਾ ਕਰਨਗੇ। ਉਨ੍ਹਾਂ ਕਿਹਾ ਕਿ ਇਹ ਸਕੂਲ ਇੰਜਨੀਅਰਿੰਗ, ਲਾਅ, ਕਾਮਰਸ, ਯੂ.ਪੀ.ਐਸ.ਸੀ. ਤੇ ਐਨ.ਡੀ.ਏ. ਸਣੇ ਪੰਜ ਪੇਸ਼ੇਵਰ ਤੇ ਮੁਕਾਬਲੇ ਵਾਲੇ ਕੋਰਸਾਂ ਲਈ ਵਿਦਿਆਰਥੀਆਂ ਨੂੰ ਤਿਆਰ ਕਰਨ ਉਤੇ ਧਿਆਨ ਕੇਂਦਰਤ ਕਰਨਗੇ। ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਸੂਬੇ ਵਿੱਚ ਸਿੱਖਿਆ ਦਾ ਮਿਆਰ ਚੁੱਕਣ ਲਈ ਵਚਨਬੱਧ ਹੈ।ਮੁੱਖ ਮੰਤਰੀ ਨੇ ਕਿਹਾ ਕਿ ਵਿਦਿਆਰਥੀਆਂ ਦੇ ਸਿੱਖਿਆ ਦੇ ਪੱਧਰ ਵਿੱਚ ਸੁਧਾਰ ਲਈ ਸਰਕਾਰੀ ਸਕੂਲਾਂ ਦਾ ਮਾਹੌਲ ਅਨੁਕੂਲ ਬਣਾਉਣ ਵਾਸਤੇ ਬਜਟ ਵਿੱਚ 141.14 ਕਰੋੜ ਰੁਪਏ ਦੇ ਬਜਟ ਦੀ ਵਿਵਸਥਾ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਕੈਂਪਸ ਮੈਨੇਜਰਾਂ ਰਾਹੀਂ ਸਕੂਲਾਂ ਦੀ ਸਫ਼ਾਈ, ਸਾਮਾਨ ਦੀ ਸਾਂਭ-ਸੰਭਾਲ ਅਤੇ ਸਕੂਲਾਂ ਦਾ ਪ੍ਰਬੰਧਨ ਪ੍ਰਭਾਵਸ਼ਾਲੀ ਤਰੀਕੇ ਨਾਲ ਚੱਲਣਾ ਯਕੀਨੀ ਬਣੇਗਾ। ਕੈਂਪਸ ਮੈਨੇਜਰਾਂ ਦੇ ਆਉਣ ਨਾਲ ਸਕੂਲਾਂ ਦੇ ਪ੍ਰਿੰਸੀਪਲ ਪ੍ਰਬੰਧਕੀ ਤੇ ਅਕਾਦਮਿਕ ਫ਼ਰਜ਼ਾਂ ਉਤੇ ਧਿਆਨ ਦੇ ਸਕਣਗੇ। ਭਗਵੰਤ ਮਾਨ ਨੇ ਕਿਹਾ ਕਿ ਸਕੂਲ ਸਿੱਖਿਆ ਵਿਭਾਗ ਵਿੱਚ ਵੱਖ-ਵੱਖ ਪੱਧਰਾਂ ਉਤੇ ਕੰਮ ਕਰ ਰਹੇ ਅਧਿਆਪਕਾਂ, ਸਕੂਲ ਮੁਖੀਆਂ ਅਤੇ ਸਿੱਖਿਆ ਪ੍ਰਬੰਧਕਾਂ ਨੂੰ ਵਿਸ਼ਵ ਪੱਧਰੀ ਸਿਖਲਾਈ ਦੇਣ ਲਈ ਇੰਟਰਨੈਸ਼ਨਲ ਐਜੁਕੇਸ਼ਨ ਅਫੇਅਰਜ਼ ਸੈੱਲ (ਆਈ.ਈ.ਏ.ਸੀ.) ਸਥਾਪਤ ਕੀਤਾ ਗਿਆ ਹੈ।ਗਿਆਨ ਦੇ ਪਰਸਪਰ ਵਟਾਂਦਰੇ ਦੀ ਲੋੜ ਉਤੇ ਜ਼ੋਰ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਵਿਦਿਆਰਥੀਆਂ ਦੇ ਸਮੁੱਚੇ ਵਿਕਾਸ ਲਈ ਇਹ ਇਕ ਪ੍ਰੇਰਕ ਵਜੋਂ ਕੰਮ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਪਹਿਲਾਂ ਹੀ ਸੂਬੇ ਦੇ ਵਿਦਿਆਰਥੀਆਂ ਤੇ ਹੋਰ ਮੁਲਕਾਂ ਦੇ ਵਿਦਿਆਰਥੀਆਂ ਵਿਚਾਲੇ ਗਿਆਨ ਦੇ ਪਰਸਪਰ ਵਟਾਂਦਰੇ ਨੂੰ ਵਧਾਉਣ ਉਤੇ ਧਿਆਨ ਦੇ ਰਹੀ ਹੈ। ਭਗਵੰਤ ਮਾਨ ਨੇ ਕਿਹਾ ਕਿ ਇਹ ਸਮੇਂ ਦੀ ਲੋੜ ਹੈ ਕਿ ਵਿਦਿਆਰਥੀ ਵਿਸ਼ਵ ਦੀ ਸਮਾਜਿਕ-ਆਰਥਿਕ ਤਰੱਕੀ ਦੇ ਭਾਈਵਾਲ ਬਣਨ।ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਸਿਖਲਾਈ ਲਈ ਪ੍ਰਿੰਸੀਪਲ ਅਕੈਡਮੀ, ਸਿੰਗਾਪੁਰ ਵਿਖੇ 66 ਪ੍ਰਿੰਸੀਪਲਾਂ/ਅਧਿਆਪਕਾਂ ਦੇ ਬੈਚ ਭੇਜੇ ਗਏ ਹਨ। ਉਨ੍ਹਾਂ ਕਿਹਾ ਕਿ ਵਾਪਸੀ `ਤੇ ਇਹ ਅਧਿਆਪਕ ਸਿਖਲਾਈ ਸਬੰਧੀ ਤਜਰਬੇ ਨੂੰ ਵਿਦਿਆਰਥੀਆਂ ਅਤੇ ਆਪਣੇ ਸਾਥੀ ਅਧਿਆਪਕਾਂ ਨਾਲ ਸਾਂਝਾ ਕਰਨਗੇ ਤਾਂ ਜੋ ਵਿਦਿਆਰਥੀ ਵਿਦੇਸ਼ੀ ਵਿੱਚ ਪੜ੍ਹਾਈ ਦੇ ਪੈਟਰਨ ਤੋਂ ਜਾਣੂ ਹੋ ਕੇ ਵਿਦੇਸ਼ਾਂ ਵਿੱਚ ਪੜ੍ਹੇ-ਲਿਖੇ ਆਪਣੇ ਸਾਥੀਆਂ ਦਾ ਮੁਕਾਬਲਾ ਕਰਨ ਦੇ ਯੋਗ ਹੋ ਸਕਣ।ਭਗਵੰਤ ਮਾਨ ਨੇ ਕਿਹਾ ਕਿ ਇਹ ਇਕ ਕ੍ਰਾਂਤੀਕਾਰੀ ਕਦਮ ਹੈ, ਜੋ ਰਾਜ ਦੀ ਸਿੱਖਿਆ ਪ੍ਰਣਾਲੀ ਵਿੱਚ ਲੋੜੀਂਦੀ ਗੁਣਾਤਮਕ ਤਬਦੀਲੀ ਲਿਆ ਕੇ ਵਿਦਿਆਰਥੀਆਂ ਦੀ ਭਲਾਈ ਲਈ ਸੂਬੇ ਦੀ ਸਮੁੱਚੀ ਸਿੱਖਿਆ ਪ੍ਰਣਾਲੀ ਨੂੰ ਬਿਹਤਰ ਬਣਾਏਗਾ।
ਮੁੱਖ ਮੰਤਰੀ ਨੇ ਕਿਹਾ ਕਿ ਇਨ੍ਹਾਂ ਅਧਿਆਪਕਾਂ ਦੀ ਸਿਖਲਾਈ ਲਈ ਚੋਣ ਦਾ ਇੱਕੋ-ਇੱਕ ਮਾਪਦੰਡ ਯੋਗਤਾ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਉਹ ਸਿੱਖਿਆ ਸੁਧਾਰਾਂ ਵਿੱਚ ਮੋਹਰੀ ਭੂਮਿਕਾ ਨਿਭਾਉਣ। ਉਨ੍ਹਾਂ ਕਿਹਾ ਕਿ ਇਨ੍ਹਾਂ ਸਾਰੇ ਯਤਨਾਂ ਦਾ ਉਦੇਸ਼ ਨੌਜਵਾਨਾਂ ਨੂੰ ਰਾਜ ਦੇ ਸਮਾਜਿਕ-ਆਰਥਿਕ ਵਿਕਾਸ ਦਾ ਸਰਗਰਮ ਭਾਈਵਾਲ ਬਣਾ ਕੇ ਹੁਨਰ ਦੀ ਹਿਜਰਤ ਦੇ ਰੁਝਾਨ ਨੂੰ ਮੋੜਾ ਪਾਉਣਾ ਹੈ। ਉਨ੍ਹਾਂ ਕਿਹਾ ਕਿ ਇਹ ਅਹਿਮ ਪਹਿਲਕਦਮੀ ਪੰਜਾਬ ਵਿੱਚ ਸਿੱਖਿਆ ਪ੍ਰਣਾਲੀ ਦੇ ਸੁਧਾਰ ਲਈ ਮੀਲ ਪੱਥਰ ਸਾਬਤ ਹੋਵੇਗੀ। ਭਗਵੰਤ ਮਾਨ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਇੱਕ ਹੋਰ ਮਹੱਤਵਪੂਰਨ ਪਹਿਲਕਦਮੀ ਕਰਦਿਆਂ ਪੰਜਾਬ ਸਿੱਖਿਆ ਤੇ ਸਿਹਤ ਫੰਡ ਕਾਇਮ ਕੀਤਾ ਹੈ, ਜੋ ਪਰਵਾਸੀ ਭਾਰਤੀ ਭਾਈਚਾਰੇ ਦੇ ਸਹਿਯੋਗ ਨਾਲ ਸਿੱਖਿਆ ਅਤੇ ਸਿਹਤ ਖੇਤਰਾਂ ਵਿੱਚ ਵੱਡੇ ਸੁਧਾਰਾਂ ਲਈ ਅਹਿਮ ਸਾਬਤ ਹੋਵੇਗਾ।ਮੁੱਖ ਮੰਤਰੀ ਨੇ ਕਿਹਾ ਕਿ ਇਹ ਸੰਮੇਲਨ ਵਿਸ਼ਵ ਭਰ ਦੇ ਲੋਕਾਂ ਨਾਲ ਸਬੰਧਤ ਮੁੱਦਿਆਂ ਅਤੇ ਸਮੱਸਿਆਵਾਂ ਨੂੰ ਉਜਾਗਰ ਕਰਕੇ ਸਰਕਾਰਾਂ ਨੂੰ ਜਾਗਰੂਕ ਕਰਨ ਲਈ ਮਹੱਤਵਪੂਰਨ ਭੂਮਿਕਾ ਨਿਭਾਏਗਾ। ਉਨ੍ਹਾਂ ਇਹ ਵੀ ਕਿਹਾ ਕਿ ਮਹਾਨ ਗੁਰੂਆਂ, ਸੰਤਾਂ ਅਤੇ ਪੀਰਾਂ ਦੀ ਇਸ ਧਰਤੀ `ਤੇ ਇਸ ਮੈਗਾ ਸਮਾਗਮ ਦੇ ਪ੍ਰਬੰਧ ਲਈ ਭਾਰਤ ਸਰਕਾਰ ਸੱਚਮੁੱਚ ਵਧਾਈ ਦੀ ਪਾਤਰ ਹੈ। ਭਗਵੰਤ ਮਾਨ ਨੇ ਕਿਹਾ ਕਿ ਆਪੋ-ਆਪਣੇ ਦੇਸ਼ਾਂ ਦੀ ਨੁਮਾਇੰਦਗੀ ਕਰਨ ਵਾਲੀਆਂ ਉੱਘੀਆਂ ਸ਼ਖਸੀਅਤਾਂ ਦਾ ਸਵਾਗਤ ਕਰਨ ਲਈ ਇੱਥੇ ਆਉਣਾ ਉਨ੍ਹਾਂ ਲਈ ਮਾਣ ਵਾਲੀ ਗੱਲ ਹੈ। ਮੁੱਖ ਮੰਤਰੀ ਨੇ ਸਿੱਖਿਆ ਅਤੇ ਕਿਰਤ ਵਿਸ਼ੇ `ਤੇ ਦੋ ਸੈਸ਼ਨ ਕਰਵਾਉਣ ਲਈ ਇਸ ਪਵਿੱਤਰ ਨਗਰੀ ਦੀ ਚੋਣ ਕਰਨ ਵਾਸਤੇ ਭਾਰਤ ਸਰਕਾਰ ਦਾ ਤਹਿ ਦਿਲੋਂ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਪਵਿੱਤਰ ਸ਼ਹਿਰ ਹੈ, ਜਿਸ ਦੀ ਪੁਰਾਣੇ ਸਮਿਆਂ ਤੋਂ ਹੀ ਸਭ ਲਈ ਵਿਸ਼ੇਸ਼ ਥਾਂ ਰਹੀ ਹੈ, ਜਿੱਥੇ ਦੁਨੀਆ ਭਰ ਦੇ ਸ਼ਰਧਾਲੂ ਸ਼ਾਂਤੀ ਅਤੇ ਸਕੂਨ ਦੀ ਪ੍ਰਾਪਤੀ ਲਈ ਨਤਮਸਤਕ ਹੋਣ ਲਈ ਆਉਂਦੇ ਹਨ। ਭਗਵੰਤ ਮਾਨ ਨੇ ਯਾਦ ਕੀਤਾ ਕਿ ਵੰਡ ਤੋਂ ਪਹਿਲਾਂ ਦੇ ਦਿਨਾਂ ਵਿੱਚ ਇਹ ਪਵਿੱਤਰ ਸ਼ਹਿਰ ਦੇਸ਼ ਵਿੱਚ ਵਪਾਰ ਅਤੇ ਵਪਾਰਕ ਗਤੀਵਿਧੀਆਂ ਦਾ ਪ੍ਰਮੁੱਖ ਕੇਂਦਰ ਸੀ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਅੰਮ੍ਰਿਤਸਰ ਨੂੰ ਮੁੜ ਵਪਾਰਕ ਕੇਂਦਰ ਵਜੋਂ ਵਿਕਸਤ ਕਰਨ ਲਈ ਪੂਰੀ ਤਰ੍ਹਾਂ ਯਤਨਸ਼ੀਲ ਹੈ ਅਤੇ ਕਈ ਨਾਮਵਰ ਕੌਮੀ ਅਤੇ ਕੌਮਾਂਤਰੀ ਕੰਪਨੀਆਂ ਨੇ ਇਸ ਪਵਿੱਤਰ ਸ਼ਹਿਰ ਵਿੱਚ ਆਪਣੇ ਉੱਦਮ ਸਥਾਪਤ ਕਰਨ ਲਈ ਡੂੰਘੀ ਦਿਲਚਸਪੀ ਦਿਖਾਈ ਹੈ।ਮੁੱਖ ਮੰਤਰੀ ਨੇ ਇਹ ਵੀ ਕਿਹਾ ਕਿ ਪੰਜਾਬ ਪੁਰਾਣੇ ਸਮੇਂ ਤੋਂ ਸੱਭਿਅਤਾ ਅਤੇ ਸੱਭਿਆਚਾਰ ਦਾ ਪੰਘੂੜਾ ਰਿਹਾ ਹੈ ਅਤੇ ਪੰਜ ਦਰਿਆਵਾਂ ਦੀ ਇਸ ਪਵਿੱਤਰ ਧਰਤੀ `ਤੇ ਮਿਹਨਤੀ ਅਤੇ ਬਹਾਦਰ ਪੰਜਾਬੀਆਂ ਨੇ ਇਤਿਹਾਸ ਦੇ ਕਈ ਪੰਨਿਆਂ ਨੂੰ ਨੇੜਿਓਂ ਦੇਖਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ 1960 ਦੇ ਦਹਾਕੇ ਦੇ ਅੱਧ ਵਿੱਚ ਹਰੀ ਕ੍ਰਾਂਤੀ ਦੀ ਸ਼ੁਰੂਆਤ ਹੋਈ, ਜਿਸ ਤੋਂ ਬਾਅਦ ਹੌਜ਼ਰੀ, ਹੈਂਡ ਟੂਲਜ਼, ਖੇਡਾਂ, ਆਟੋ-ਪਾਰਟਸ, ਖੇਤੀਬਾੜੀ ਸੰਦਾਂ, ਰਬੜ ਅਤੇ ਹੋਰ ਸਨਅਤਾਂ ਦੇ ਰੂਪ ਵਿੱਚ ਤੇਜ਼ੀ ਨਾਲ ਉਦਯੋਗੀਕਰਨ ਹੋਇਆ। ਭਗਵੰਤ ਮਾਨ ਨੇ ਇਹ ਵੀ ਕਿਹਾ ਕਿ ਦੇਸ਼ ਦਾ ਅੰਨਦਾਤਾ ਹੋਣ ਦੇ ਨਾਲ-ਨਾਲ ਪੰਜਾਬ ਨੂੰ ਦੇਸ਼ ਦੀ ਖੜਗ ਭੁਜਾ ਹੋਣ ਦਾ ਮਾਣ ਵੀ ਹਾਸਲ ਹੈ ਅਤੇ ਇੱਥੋਂ ਦੇ ਲੋਕ ਆਪਣੀ ਹਿੰਮਤ ਅਤੇ ਉੱਦਮ ਦੀ ਭਾਵਨਾ ਲਈ ਪੂਰੀ ਦੁਨੀਆ ਵਿੱਚ ਜਾਣੇ ਜਾਂਦੇ ਹਨ। ਮੁੱਖ ਮੰਤਰੀ ਨੇ ਆਸ ਪ੍ਰਗਟਾਈ ਕਿ ਸੰਮੇਲਨ ਦੌਰਾਨ ਡੈਲੀਗੇਟ ਸੂਬੇ ਦੀ ਨਿੱਘੀ ਮਹਿਮਾਨਨਿਵਾਜ਼ੀ ਦਾ ਆਨੰਦ ਮਾਣਨਗੇ। ਉਨ੍ਹਾਂ ਕਿਹਾ ਕਿ ਇੱਥੇ ਆਉਣ ਵਾਲੇ ਡੈਲੀਗੇਟ ਪੰਜਾਬ ਫੇਰੀ ਦੀਆਂ ਨਿੱਘੀਆਂ ਯਾਦਾਂ ਆਪਣੇ ਨਾਲ ਲੈ ਕੇ ਜਾਣਗੇ। ਭਗਵੰਤ ਮਾਨ ਸੰਮੇਲਨ ਦੀ ਸਫ਼ਲਤਾ ਦੀ ਕਾਮਨਾ ਵੀ ਕੀਤੀ।

ਕੁਦਨੀ ਨੇ ਪੀ.ਐਸ.ਆਈ.ਡੀ.ਸੀ ਦੇ ਚੇਅਰਮੈਨ ਵਜੋਂ ਅਹੁਦਾ ਸੰਭਾਲਿਆ

0

ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 15 ਮਾਰਚ: ਪੰਜਾਬ ਰਾਜ ਉਦਯੋਗਿਕ ਵਿਕਾਸ ਨਿਗਮ (ਪੀ.ਐੱਸ.ਆਈ.ਡੀ.ਸੀ.) ਦੇ ਨਵ-ਨਿਯੁਕਤ ਚੇਅਰਮੈਨ ਜਸਵੀਰ ਸਿੰਘ ਕੁਦਨੀ ਨੇ ਅੱਜ ਇੱਥੇ ਉਦਯੋਗ ਭਵਨ ਵਿਖੇ ਵਿੱਤ, ਯੋਜਨਾ, ਆਬਕਾਰੀ ਤੇ ਕਰ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਅਤੇ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ., ਸੂਚਨਾ ਤੇ ਲੋਕ ਸੰਪਰਕ, ਨਵੀਂ ਅਤੇ ਨਵਿਆਉਣਯੋਗ ਊਰਜਾ ਸਰੋਤ ਮੰਤਰੀ ਅਮਨ ਅਰੋੜਾ ਦੀ ਹਾਜਰੀ ਵਿੱਚ ਆਪਣਾ ਅਹੁਦਾ ਸੰਭਾਲਿਆ।ਕੈਬਨਿਟ ਮੰਤਰੀਆਂ ਨੇ ਨਵ-ਨਿਯੁਕਤ ਚੇਅਰਮੈਨ ਨੂੰ ਵਧਾਈ ਦਿੰਦਿਆਂ ਭਰੋਸਾ ਪ੍ਰਗਟਾਇਆ ਕਿ ਜਸਵੀਰ ਸਿੰਘ ਕੁਦਨੀ ਸੂਬੇ ਵਿੱਚ ਉਦਯੋਗਾਂ ਨੂੰ ਉੱਚਾ ਚੁੱਕਣ ਲਈ ਠੋਸ ਉਪਰਾਲੇ ਕਰਨ ਦੇ ਨਾਲ-ਨਾਲ ਉਦਯੋਗਾਂ ਨਾਲ ਸਬੰਧਤ ਮਸਲਿਆਂ ਨੂੰ ਹੱਲ ਕਰਨ ਲਈ ਸਖ਼ਤ ਮਿਹਨਤ ਕਰਨਗੇ। ਇਸ ਮੌਕੇ ਜਸਵੀਰ ਸਿੰਘ ਕੁਦਨੀ ਨੇ ਮੁੱਖ ਮੰਤਰੀ ਭਗਵੰਤ ਮਾਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਆਪਣੀ ਜਿੰਮੇਵਾਰੀ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਉਣਗੇ। ਉਨ੍ਹਾਂ ਕਿਹਾ ਕਿ ਉਹ ਉਦਯੋਗ ਦੇ ਤੇਜ਼ੀ ਨਾਲ ਵਿਕਾਸ ਨੂੰ ਯਕੀਨੀ ਬਣਾਉਣ ਲਈ ਹਰ ਸੰਭਵ ਯਤਨ ਕਰਨਗੇ ਤਾਂ ਜੋ ਸੂਬੇ ਦਾ ਉਦਯੋਗ ‘ਰੰਗਲਾ ਪੰਜਾਬ ਮਿਸ਼ਨ’ ਵਿੱਚ ਆਪਣਾ ਬਣਦਾ ਯੋਗਦਾਨ ਪਾ ਸਕੇ।

ਰਾਖੀ ਗੁਪਤਾ ਭੰਡਾਰੀ ਨੇ ਪ੍ਰਮੁੱਖ ਸਕੱਤਰ ਵਜੋਂ ਅਹੁੱਦਾ ਸੰਭਾਲਿਆ

0

ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 15 ਮਾਰਚ: ਪੰਜਾਬ ਸਰਕਾਰ ਦੀ ਸੀਨੀਅਰ ਆਈ.ਏ.ਐਸ. ਸ੍ਰੀਮਤੀ ਰਾਖੀ ਗੁਪਤਾ ਭੰਡਾਰੀ ਨੇ ਬੁੱਧਵਾਰ ਨੂੰ ਪੰਜਾਬ ਸਿਵਲ ਸਕੱਤਰੇਤ ਚੰਡੀਗੜ੍ਹ ਵਿਖੇ ਖੇਡਾਂ ਤੇ ਯੁਵਕ ਸੇਵਾਵਾਂ ਵਿਭਾਗ ਦੇ ਪ੍ਰਮੁੱਖ ਸਕੱਤਰ ਵਜੋਂ ਅਹੁਦਾ ਸੰਭਾਲਿਆ। ਇਸ ਮੌਕੇ ਡਾਇਰੈਕਟਰ ਅਮਿਤ ਤਲਵਾੜ ਨੇ ਉਨ੍ਹਾਂ ਦਾ ਸਵਾਗਤ ਕੀਤਾ। ਸ੍ਰੀਮਤੀ ਭੰਡਾਰੀ ਨੂੰ ਕੁੱਝ ਦਿਨ ਪਹਿਲਾਂ ਹੀ ਪੰਜਾਬ ਦੇ ਰਾਜਪਾਲ ਦੇ ਪ੍ਰਮੁੱਖ ਸਕੱਤਰ ਦੀ ਥਾਂ ਨਵੇਂ ਵਿਭਾਗ ਦਾ ਮੁਖੀ ਲਗਾਇਆ ਗਿਆ ਸੀ।

ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਦੇ ਸੱਦੇ ਤੇ ਵੇਰਕਾ ਮਿਲਕ ਪਲਾਂਟ ਦੀ ਕਨਵੈਨਸ਼ਨ

0

23 ਮਾਰਚ ਨੂੰ ਭਗਤ ਸਿੰਘ ਦੇ ਸ਼ਹੀਦੀ ਦਿਹਾੜੇ ਤੇ ਸੰਘਰਸ਼ ਨੂੰ ਤੇਜ਼ ਕਰਨ ਦਾ ਅਹਿਦ :- ਪਵਨਦੀਪ ਕੁਮਾਰ
ਪੰਜਾਬੀ ਖ਼ਬਰਸਾਰ ਬਿਉਰੋ
ਲੁਧਿਆਣਾ, 15 ਮਾਰਚ: ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਦੇ ਸੱਦੇ ’ਤੇ ਈਸੜੂ ਭਵਨ ਲੁਧਿਆਣਾ ਵਿਖੇ ਵੇਰਕਾ ਮਿਲਕ ਪਲਾਂਟ ਦੇ ਕਾਮਿਆਂ ਨੇ ਭਰਮੀ ਸ਼ਮੂਲੀਅਤ ਕੀਤੀ। ਜਿਸ ਅੰਦਰ ਪਿਛਲੇ ਸਮੇਂ ਅੰਦਰ ਮੋਰਚੇ ਨੂੰ ਪੇਸ਼ ਸਮੱਸਿਆਵਾਂ ਤੇ ਭਵਿੱਖ ਦੇ ਸਰਕਾਰੀ ਹਮਲਿਆਂ ਨੂੰ ਮੁੱਖ ਰੱਖ ਕੇ ਵਿਚਾਰ ਚਰਚਾ ਕੀਤੀ ਗਈ। ਵਿਚਾਰ ਚਰਚਾ ਉਪਰੰਤ ਇਹ ਫੈਸਲਾ ਕੀਤਾ ਗਿਆ ਕਿ ਅਗਰ ਮੁੱਖ ਮੰਤਰੀ ਪੰਜਾਬ ਨੇ 1 ਅਪ੍ਰੈਲ ਤੱਕ ਠੇਕਾ ਮੁਲਾਜ਼ਮ ਸੰਘਰਸ਼ ਮੋਰਚੇ ਨੂੰ ਮੀਟਿੰਗ ਦੇ ਕੇ ਮਸਲੇ ਦਾ ਹੱਲ ਨਾ ਕੀਤਾ ਗਿਆ ਤਾਂ 23 ਮਾਰਚ ਨੂੰ ਵੱਖ ਵੱਖ ਪਲਾਂਟਾਂ ਵਿੱਚ ਸ਼ਹੀਦੇ ਆਜਮ ਸਰਦਾਰ ਭਗਤ ਸਿੰਘ ਦੇ ਸ਼ਹੀਦੀ ਦਿਹਾੜੇ ਤੇ ਇਹ ਅਹਿਦ ਕਰਨਗੇ ਕਿ ਅਗਰ ਮੁੱਖ ਮੰਤਰੀ ਨੇ ਇਹ ਗੱਲਾਂ ਪ੍ਰਵਾਨ ਨਾ ਕੀਤੀਆਂ ਤਾਂ ਮੁੱਖ ਮੰਤਰੀ ਦਾ ਫੀਲਡ ਵਿਚ ਆਉਣਾ ਬੰਦ ਕਰ ਦਿੱਤਾ ਜਾਵੇਗਾ ਤੇ ਮੁੱਖ ਮੰਤਰੀ ਦਾ ਜਬਰਦਸਤ ਘਰਾਓ ਕੀਤਾ ਜਾਵੇਗਾ।ਇਸ ਮਤੇ ਰਾਹੀਂ ਜੀ-20 ਸੰਮੇਲਨ ਦੀ ਨਖੇਧੀ ਕੀਤੀ ਗਈ। ਇਸੇ ਤਰ੍ਹਾਂ ਸਹਾਇਕ ਲਾਇਨਮੈਨਾਂ ਦੇ ਕਾਗਜ਼ਾਂ ਦੀ ਵੈਰੀਫਿਕੇਸ਼ਨ ਕਰਕੇ ਉਨ੍ਹਾਂ ਦੀ ਛਾਂਟੀ ਕਰਨ ਅਤੇ ਕੇਸ ਦਰਜ ਕਰਨ ਦੀ ਵੀ ਨਿੰਦਾ ਕਰਦਿਆਂ ਉਨ੍ਹਾਂ ਦੇ ਸੰਘਰਸ਼ ਦਾ ਸਮਰਥਨ ਦਾ ਐਲਾਨ ਕੀਤਾ।

ਇਫਕੋ ਵੱਲੋਂ ਤਲਵੰਡੀ ਸਾਬੋ ਵਿਖੇ ਵਿਸ਼ੇਸ਼ ਫ਼ਸਲ ਵਿਚਾਰ ਗੋਸ਼ਠੀ ਪ੍ਰੋਗਰਾਮ ਆਯੋਜਿਤ

ਡਾਇਰੈਕਟਰ ਜਗਦੀਪ ਸਿੰਘ ਨਕਈ ਮੁੱਖ ਮਹਿਮਾਨ ਵਜੋਂ ਪੁੱਜੇ
ਪੰਜਾਬੀ ਖ਼ਬਰਸਾਰ ਬਿਉਰੋ
ਤਲਵੰਡੀ ਸਾਬੋ (ਬਠਿੰਡਾ) 15 ਮਾਰਚ : ਇਫਕੋ ਵੱਲੋਂ ਤਲਵੰਡੀ ਸਾਬੋ ਵਿਖੇ ਵਿਸ਼ੇਸ਼ ਫ਼ਸਲ ਵਿਚਾਰ ਗੋਸ਼ਠੀ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਇਸ ਪ੍ਰੋਗਰਾਮ ਵਿੱਚ ਡਾਇਰੈਕਟਰ ਇਫਕੋ ਜਗਦੀਪ ਸਿੰਘ ਨਕੱਈ ਵੱਲੋ ਮੁੱਖ ਮਹਿਮਾਨ ਵਜੋਂ ਵਿਸ਼ੇਸ਼ ਤੌਰ ਤੇ ਸ਼ਿਰਕਤ ਕਰਦਿਆਂ ਹਾਜ਼ਰੀਨਾਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ। ਇਸ ਦੌਰਾਨ ਮੁੱਖ ਖੇਤੀਬਾੜੀ ਅਫ਼ਸਰ ਦਿਲਬਾਗ ਸਿੰਘ ਨੇ ਉਚੇਚੇ ਤੌਰ ਤੇ ਪਹੁੰਚ ਕੇ ਖੇਤੀਬਾੜੀ ਵਿਭਾਗ ਦੀਆਂ ਸਕੀਮਾਂ ਬਾਰੇ ਆਮ ਲੋਕਾਂ ਨੂੰ ਜਾਣਕਾਰੀ ਦਿੱਤੀ ਅਤੇ ਸਟੇਟ ਮਾਰਕੀਟਿੰਗ ਮੈਨੇਜਰ ਇਫਕੋ ਪੰਜਾਬ ਸ. ਹਰਮੇਲ ਸਿੰਘ ਸਿੱਧੂ ਨੇ ਪ੍ਰੋਗਰਾਮ ਵਿੱਚ ਪਹੁੰਚੇ ਲੋਕਾਂ ਨੂੰ ਇਫਕੋ ਦੀਆਂ ਨੈਨੋ ਯੂਰੀਆ ਅਤੇ ਡੀਏਪੀ ਖਾਦਾਂ ਦੀ ਵਰਤੋਂ ਅਤੇ ਇਸਦੇ ਫਾਇਦਿਆਂ ਬਾਰੇ ਵਿਸਥਾਰ ਪੂਰਵਕ ਦੱਸਿਆ। ਇਸੇ ਤਰ੍ਹਾਂ ਹੀ ਮਿੱਟੀ ਵਿਗਿਆਨੀ ਕ੍ਰਿਸ਼ੀ ਵਿਗਿਆਨ ਕੇਂਦਰ ਡਾ. ਪ੍ਰਿਤਪਾਲ ਸਿੰਘ ਅਤੇ ਖੇਤੀ ਵਿਗਿਆਨੀ ਕ੍ਰਿਸ਼ੀ ਵਿਗਿਆਨ ਕੇਂਦਰ ਮੈਡਮ ਨਵਨੀਤ ਕੌਰ ਵੱਲੋਂ ਮਿੱਟੀ ਦੀ ਸਿਹਤ ਅਤੇ ਉਪਜਾਊ ਸ਼ਕਤੀ ਵਿੱਚ ਵਾਧਾ ਕਰਨ ਲਈ ਸਹਾਈ ਖਾਦ ਦੀ ਵਰਤੋਂ ਦੀ ਤਕਨੀਕ ਅਤੇ ਮਾਤਰਾ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਮੁੱਖ ਪ੍ਰਬੰਧਕ (ਖੇਤੀ ਸੇਵਾਵਾਂ), ਡਾ. ਸੁਧੀਰ ਸਿੰਘ ਕਟਿਆਰ, ਫੀਲਡ ਅਫਸਰ ਇਫਕੋ ਬਠਿੰਡਾ ਸੁਦੇਸ਼ ਕੁਮਾਰ ਗੌਤਮ, ਫੀਲਡ ਅਫਸਰ ਇਫਕੋ ਰਾਮਪੁਰਾ ਫੂਲ ਨਰੇਂਦਰ ਕੁਮਾਰ ਸਾਗਰ ਵੱਲੋਂ ਇਫਕੋ ਦੇ ਹੋਰ ਉਤਪਾਦਾਂ ਬਾਰੇ ਚਰਚਾ ਕੀਤੀ ਗਈ। ਇਸ ਦੌਰਾਨ ਖੇਤੀਬਾੜੀ ਵਿਕਾਸ ਅਫਸਰ ਚਰਨਪ੍ਰੀਤ ਸਿੰਘ ਨੇ ਖੇਤੀਬਾੜੀ ਵਿਭਾਗ ਵੱਲੋਂ ਚਲਾਈਆਂ ਜਾ ਰਹੀਆਂ ਵੱਖ-ਵੱਖ ਕਿਸਾਨ ਭਲਾਈ ਸਕੀਮਾਂ ਬਾਰੇ ਚਾਨਣਾ ਪਾਇਆ। ਟੀਐਮਈ ਇਫਕੋ ਐਮ ਸੀ ਬਲਕਰਨ ਸਿੰਘ ਵੱਲੋਂ ਇਫਕੋ ਦੇ ਉਤਪਾਦਾਂ ਬਾਰੇ ਜਾਣਕਾਰੀ ਮੁਹੱਈਆ ਕਰਵਾਈ ਗਈ।ਕੈਂਪ ਦੌਰਾਨ ਤਲਵੰਡੀ ਸਾਬੋ ਖੇਤਰ ਦੇ 26 ਪਿੰਡਾਂ ਦੇ ਕਰੀਬ 600 ਕਿਸਾਨਾਂ ਨੇ ਸ਼ਮੂਲੀਅਤ ਕੀਤੀ। ਪ੍ਰੋਗਰਾਮ ਦੌਰਾਨ ਫ਼ਸਲਾਂ ਤੇ ਨੈਨੋ ਯੂਰੀਆ ਦੇ ਛਿੜਕਾਅ ਲਈ ਕਿਸਾਨਾਂ ਨੂੰ ਸਪ੍ਰੇਅ ਪੰਪਾਂ ਦੀ ਵੰਡ ਕੀਤੀ ਗਈ। ਇਸ ਤੋਂ ਇਲਾਵਾ ਅਗਾਂਹਵਧੂ ਕਿਸਾਨਾਂ ਲਈ ਡਰੋਨ ਰਾਹੀਂ ਨੈਨੋ ਖਾਦਾਂ ਦੇ ਛਿੜਕਾਅ ਕਰਨ ਲਈ ਡਰੋਨ ਸਪ੍ਰੇਅਰ ਸਬੰਧੀ ਪ੍ਰਦਰਸ਼ਨੀ ਵੀ ਲਗਾਈ ਗਈ।

ਰਾਸ਼ਨ ਕਾਰਡਾਂ ਨੂੰ ਕੱਟਣ ਵਿਰੁਧ ਖੇਤਾ ਸਿੰਘ ਬਸਤੀ ਦੇ ਲੋਕਾਂ ਨੇ ਦਿੱਤਾ ਧਰਨਾ

0

ਸੁਖਜਿੰਦਰ ਮਾਨ
ਬਠਿੰਡਾ, 15 ਮਾਰਚ: ਰਾਸ਼ਨ ਕਾਰਡਾਂ ਦੀ ਮੁੜ ਕਰਵਾਈ ਜਾ ਪੜਤਾਲ ਹੁਣ ਹੇਠਲੇ ਪੱਧਰ ਦੇ ਅਧਿਕਾਰੀਆਂ ਲਈ ਸਿਰਦਰਦੀ ਬਣਦੀ ਜਾ ਰਹੀ ਹੈ। ਇਸ ਮਾਮਲੇ ਨੂੰ ਲੈ ਕੇ ਅਯੋਗ ਪਰਵਾਰਾਂ ਦੀ ਸ੍ਰੈਣੀ ਵਿਚ ਸ਼ਾਮਲ ਕੀਤੇ ਲੋਕਾਂ ਵੱਲੋਂ ਲਗਾਤਾਰ ਪ੍ਰਸ਼ਾਸਨ ਵਿਰੁੱਧ ਰੋਸ ਪ੍ਰਗਟਾਇਆ ਜਾ ਰਿਹਾ ਹੈ ਅਤੇ ਧਰਨੇ ਦਿੱਤੇ ਜਾ ਰਹੇ ਹਨ। ਅੱਜ ਵੀ ਬਠਿੰਡਾ ਦੇ ਮਿੰਨੀ ਸਕੱਤਰੇਤ ਵਿਚ ਕੁੱਝ ਅਜਿਹਾ ਦੇਖਣ ਨੂੰ ਮਿਲਿਆ ਜਿੱਥੇ ਸ਼ਹਿਰ ਦੇ ਵਾਰਡ ਨੰਬਰ 50 ਤੋਂ ਸੈਂਕੜੇ ਗਰੀਬ ਪਰਿਵਾਰ ਪੁੱਜੇ ਤੇ ਉਨ੍ਹਾਂ ਨਾਅਰੇਬਾਜ਼ੀ ਕਰਦਿਆਂ ਧਰਨਾ ਦਿੱਤਾ। ਇਲਾਕੇ ਦੇ ਕੌਂਸਲਰ ਮਲਕੀਤ ਸਿੰਘ ਗਿੱਲ ਦੀ ਅਗਵਾਈ ਹੇਠ ਪੁੱਜੇ ਇਹਨਾਂ ਪਰਵਾਰਾਂ ਨੇ ਦੋਸ਼ ਲਗਾਇਆ ਕਿ ਸ਼ਹਿਰ ਦੀ ਸਭ ਤੋਂ ਗਰੀਬ ਬਸਤੀ ਮੰਨੀ ਜਾਂਦੀ ਖੇਤਾ ਸਿੰਘ ਬਸਤੀ ਵਿਚ ਰਹਿਣ ਵਾਲੇ ਗਰੀਬ ਪਰਿਵਾਰਾਂ ਦੇ ਵੀ ਰਾਸ਼ਨ ਕਾਰਡ ਕੱਟ ਦਿੱਤੇ ਗਏ ਹਨ ਜਿਸ ਕਾਰਨ ਉਨ੍ਹਾਂ ਨੂੰ ਰੋਟੀ ਦੇ ਵੀ ਲਾਲੇ ਪੈ ਗਏ ਹਨ। ਇਸ ਮੌਕੇ ਇੰਨ੍ਹਾਂ ਪਰਿਵਾਰਾਂ ਵੱਲੋਂ ਸਰਕਾਰ ਵਿਰੁੱਧ ਰੋਹ ਭਰਪੂਰ ਨਾਅਰੇਬਾਜ਼ੀ ਕਰਦਿਆਂ ਸਕੱਤਰੇਤ ਦੇ ਵਿੱਚ ਧਰਨਾ ਦਿੱਤਾ ਗਿਆ। ਧਰਨਾਕਾਰੀਆਂ ਦੇ ਨਾਲ ਪੁੱਜੀ 80 ਸਾਲਾ ਔਰਤ ਬਲਬੀਰ ਕੌਰ ਨੇ ਕਿਹਾ ਕਿ ਉਹ ਪਰਿਵਾਰ ਵਿੱਚ ਇਕੱਲੀ ਰਹਿੰਦੀ ਹੈ ਕਿ ਉਸ ਨੂੰ ਪਿਛਲੇ ਕਈ ਸਾਲਾਂ ਤੋਂ ਕਾਰਡ ਤੇ ਕਣਕ ਮਿਲ ਰਹੀ ਸੀ ਪ੍ਰੰਤੂ ਹੁਣ ਪੜਤਾਲ ਦੇ ਨਾਂ ਤੇ ਸਰਕਾਰ ਨੇ ਇਹ ਵੀ ਕੱਟ ਦਿੱਤਾ ਇਸ ਕਾਰਨ ਮੁਸ਼ਕਲ ਖੜ੍ਹੀ ਹੋ ਗਈ ਹੈ ਕਿਉਂਕਿ ਉਸਦੀ ਕੋਈ ਹੋਰ ਆਮਦਨ ਦਾ ਸਾਧਨ ਵੀ ਨਹੀਂ ਹੈ। ਇਸ ਮੌਕੇ ਇਨ੍ਹਾਂ ਪਰਵਾਰਾਂ ਨਾਲ ਪੁੱਜੇ ਕੌਂਸਲਰ ਮਲਕੀਤ ਸਿੰਘ ਗਿੱਲ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੇ ਵਾਰਡ ਵਿਚ ਜ਼ਿਆਦਾਤਰ ਗਰੀਬ ਪਰਵਾਰ ਰਹਿੰਦੇ ਹਨ ਜਿੰਨ੍ਹਾਂ ਵਿਚੋਂ ਬਹੁਤ ਬਹੁਤਿਆਂ ਦਾ ਰੈਣ-ਬਸੇਰਾ ਝੁੱਗੀ-ਝੌਂਪੜੀਆਂ ਵਿਚ ਹੈ। ਕੌਂਸਲਰ ਗਿੱਲ ਨੇ ਇਸ ਮੌਕੇ ਪੰਜਾਬ ਸਰਕਾਰ ਵੱਲੋਂ ਰਾਸ਼ਨ ਕਾਰਡ ਧਾਰਕਾਂ ਲਈ 100 ਗਜ ਮਕਾਨ ਦੀ ਲਾਈ ਸ਼ਰਤ ਉਪਰ ਵੀ ਸਵਾਲ ਖੜ੍ਹੇ ਕਰਦਿਆਂ ਕਿਹਾ ਕਿ ਇਕ ਪਾਸੇ ਉਸ ਦੀ ਬਸਤੀ ਖੇਤਾ ਸਿੰਘ ਬਸਤੀ ਵਿਚ ਰਹਿਣ ਵਾਲੇ ਗਰੀਬ ਪਰਿਵਾਰ ਹਨ ਜਿੱਥੇ ਇੱਕ ਗਜ਼ ਦੀ ਕੀਮਤ 1500 ਰੂਪਏ ਹੈ ਤੇ ਦੂਜੇ ਪਾਸੇ ਮਾਡਲ ਟਾਉਨ ਵਰਗੇ ਪਾਸ਼ ਇਲਾਕੇ ਵਿਚ ਇਕ ਗੈਸ ਦੀ ਕੀਮਤ 30 ਹਜ਼ਾਰ ਰੁਪਏ ਤੋਂ ਵੀ ਵੱਧ ਹੈ।ਉਧਰ ਇਨ੍ਹਾਂ ਪਰਿਵਾਰਾਂ ਦੇ ਗੁੱਸੇ ਭਰੇ ਰੋਅ ਨੂੰ ਦੇਖਦਿਆਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਹੋਏ ਸਨ ਇਸ ਦੌਰਾਨ ਮੌਕੇ ਤੇ ਹੀ ਸਿਵਲ ਅਤੇ ਪੁਲਿਸ ਅਧਿਕਾਰੀਆਂ ਵਲੋਂ ਇੰਨਾਂ ਪਰਵਾਰਾਂ ਦੀ ਮੰਗ ਤੇ ਫੂਡ ਸਪਲਾਈ ਵਿਭਾਗ ਦੇ ਕਰਮਚਾਰੀਆਂ ਨੂੰ ਮੌਕੇ ਉਪਰ ਬੁਲਾ ਕੇ ਪੁਨਰ ਪੜਤਾਲ ਦੇ ਫਾਰਮਾਂ ਨੂੰ ਭਰਵਾਇਆ ਗਿਆ ਅਤੇ ਇਕ ਹਫਤੇ ਵਿਚ ਇਸ ਪੜਤਾਲ ਦਾ ਭਰੋਸਾ ਦਿੱਤਾ।

ਬਾਬਾ ਫ਼ਰੀਦ ਕਾਲਜ ਵਿਖੇ ਆਯੋਜਿਤ ਦੋ ਰੋਜ਼ਾ 13ਵੀਂ ਸਾਲਾਨਾ ਐਥਲੈਟਿਕ ਮੀਟ ਸਫਲਤਾਪੂਰਵਕ ਹੋਈ ਸਮਾਪਤ

0

ਸੰਦੀਪ ਸਿੰਘ ਅਤੇ ਰਾਜਪਾਲ ਕੌਰ ਬਣੇ ਬੈੱਸਟ ਐਥਲੀਟ, ਓਵਰਆਲ ਟਰਾਫ਼ੀ ਗਰੀਨ ਹਾਊਸ ਨੇ ਜਿੱਤੀ
ਸੁਖਜਿੰਦਰ ਮਾਨ
ਬਠਿੰਡਾ, 15 ਮਾਰਚ: ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦੇ ਖੇਡ ਮੈਦਾਨ ਵਿਖੇ ਬਾਬਾ ਫ਼ਰੀਦ ਕਾਲਜ ਆਫ਼ ਐਜੂਕੇਸ਼ਨ ਦੇ ਸਪੋਰਟਸ ਵਿਭਾਗ ਵੱਲੋਂ ਆਯੋਜਿਤ ਦੋ ਰੋਜ਼ਾ 13ਵੀਂ ਸਾਲਾਨਾ ਐਥਲੈਟਿਕ ਮੀਟ ਅੱਜ ਸਫਲਤਾਪੂਰਵਕ ਸੰਪੰਨ ਹੋ ਗਈ । ਅੱਜ ਦੂਸਰੇ ਦਿਨ 100 ਮੀਟਰ ਦੌੜ, 200 ਮੀਟਰ ਦੌੜ, 400 ਮੀਟਰ ਦੌੜ , 800 ਮੀਟਰ ਦੌੜ, 1500 ਮੀਟਰ ਦੌੜ, ਲੰਮੀ ਛਾਲ, ਸ਼ਾਟਪੁੱਟ, ਜੈਵਲਿਨ ਥਰੋਅ ਤੋਂ ਇਲਾਵਾ ਮਨੋਰੰਜਕ ਖੇਡਾਂ ਜਿਵੇਂ ਰੱਸਾ-ਕੱਸੀ, ਨਿੰਬੂ-ਚਮਚਾ ਦੌੜ, ਸੈਕ ਦੌੜ ਅਤੇ ਤਿੰਨ-ਟੰਗੀ ਦੌੜ ਵੀ ਕਰਵਾਈਆਂ ਗਈਆਂ ਜਿਸ ਵਿਚ ਬਾਬਾ ਫ਼ਰੀਦ ਕਾਲਜ ਆਫ਼ ਐਜੂਕੇਸ਼ਨ ਦੇ ਵੱਖ-ਵੱਖ ਵਿਭਾਗਾਂ ਦੇ ਵਿਦਿਆਰਥੀਆਂ ਨੇ ਬਹੁਤ ਹੀ ਉਤਸ਼ਾਹ ਅਤੇ ਜੋਸ਼ ਨਾਲ ਖੇਡਦੇ ਹੋਏ ਆਪਣੀ ਖੇਡ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇਨ੍ਹਾਂ ਖੇਡ ਮੁਕਾਬਲਿਆਂ ਦੇ ਨਤੀਜੇ ਅਨੁਸਾਰ ਲੜਕਿਆਂ ਵਿੱਚੋਂ ਗਰੀਨ ਹਾਊਸ ਦੇ ਸੰਦੀਪ ਸਿੰਘ ਨੂੰ ਅਤੇ ਲੜਕੀਆਂ ਵਿੱਚੋਂ ਗਰੀਨ ਹਾਊਸ ਦੀ ਰਾਜਪਾਲ ਕੌਰ ਨੂੰ ਬੈੱਸਟ ਐਥਲੀਟ ਐਲਾਨਿਆ ਗਿਆ। ਰੱਸਾ-ਕੱਸੀ (ਲੜਕਿਆਂ) ਦੇ ਮੁਕਾਬਲੇ ਵਿੱਚ ਯੈਲੋ ਹਾਊਸ ਨੇ ਕ੍ਰਮਵਾਰ ਪਹਿਲਾ ਅਤੇ ਦੂਸਰਾ ਸਥਾਨ ਪ੍ਰਾਪਤ ਕੀਤਾ ਜਦੋਂ ਕਿ ਅਤੇ ਰੱਸਾ-ਕੱਸੀ (ਲੜਕੀਆਂ) ਦੇ ਮੁਕਾਬਲੇ ਵਿੱਚ ਗਰੀਨ ਹਾਊਸ ਨੇ ਪਹਿਲਾ ਇਨਾਮ ਅਤੇ ਯੈਲੋ ਹਾਊਸ ਨੇ ਦੂਸਰਾ ਇਨਾਮ ਪ੍ਰਾਪਤ ਕੀਤਾ। ਓਵਰਆਲ ਬੈੱਸਟ ਹਾਊਸ ਦੀ ਟਰਾਫ਼ੀ ਗਰੀਨ ਹਾਊਸ ਨੇ ਜਿੱਤੀ। ਇਸੇ ਤਰ੍ਹਾਂ ਓਵਰਆਲ ਰਨਿੰਗ ਟਰਾਫ਼ੀ ਵੀ ਗਰੀਨ ਹਾਊਸ ਦੇ ਹਿੱਸੇ ਆਈ।ਅੱਜ ਇਸ ਐਥਲੈਟਿਕਸ ਮੀਟ ਦੇ ਸਮਾਪਤੀ ਸਮਾਗਮ ਵਿੱਚ ਏ.ਡੀ.ਸੀ. (ਵਿਕਾਸ) ਰੁਪਿੰਦਰ ਪਾਲ ਸਿੰਘ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਸਰੀਰਕ ਅਤੇ ਮਾਨਸਿਕ ਤੰਦਰੁਸਤੀ ਦੀ ਮਹੱਤਤਾ ਬਾਰੇ ਦੱਸਿਆ। ਮੁੱਖ ਮਹਿਮਾਨ ਨੇ ਜੇਤੂ ਖਿਡਾਰੀਆਂ ਨੂੰ ਮੈਡਲ ਅਤੇ ਸਰਟੀਫਿਕੇਟ ਪ੍ਰਦਾਨ ਕੀਤੇ । ਇਸ ਮੌਕੇ ਬੀ.ਐਫ.ਜੀ.ਆਈ. ਦੀ ਪ੍ਰਬੰਧਕੀ ਕਮੇਟੀ ਵੱਲੋਂ ਮੁੱਖ ਮਹਿਮਾਨ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਵੀ ਕੀਤਾ ਗਿਆ । ਇਸ ਮੌਕੇ ਕਾਲਜ਼ ਦੇ ਪ੍ਰਿੰਸੀਪਲ ਡਾ. ਮੰਗਲ ਸਿੰਘ ਤੋਂ ਇਲਾਵਾ ਡਿਪਟੀ ਡਾਇਰੈਕਟਰ (ਸਹੂਲਤਾਂ) ਹਰਪਾਲ ਸਿੰਘ, ਡਿਪਟੀ ਡਾਇਰੈਕਟਰ (ਅਕਾਦਮਿਕ) ਡਾ. ਪ੍ਰਦੀਪ ਕੌੜਾ ਆਦਿ ਹਾਜ਼ਰ ਸਨ। ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ ਨੇ ਬਾਬਾ ਫ਼ਰੀਦ ਕਾਲਜ ਆਫ਼ ਐਜੂਕੇਸ਼ਨ ਦੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ ਹੈ।

ਗੈਂਗਸਟਰ ਲਾਰੇਂਸ ਬਿਸਨੋਈ ਦੀ ਇੰਟਰਵਿਊ ਪੰਜਾਬ ਦੀ ਕਿਸੇ ਜੇਲ੍ਹ ਵਿਚੋਂ ਨਹੀਂ ਹੋਈ, ਹੋਵੇਗੀ ਪੜਤਾਲ: ਮੁੱਖ ਸਕੱਤਰ

0

ਮੁੱਖ ਸਕੱਤਰ ਵੀ.ਕੇ. ਜੰਜੂਆ ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਹੋਏ ਨਤਮਸਤਕ
ਜ਼ਿਲ੍ਹੇ ਚ ਚੱਲ ਰਹੇ ਵਿਕਾਸ ਕਾਰਜਾਂ ਬਾਰੇ ਜਾਣਕਾਰੀ ਕੀਤੀ ਹਾਸਲ
ਸੁਖਜਿੰਦਰ ਮਾਨ
ਬਠਿੰਡਾ, 15 ਮਾਰਚ : ਪੰਜਾਬ ਦੇ ਮੁੱਖ ਸਕੱਤਰ ਸ਼੍ਰੀ ਵੀ.ਕੇ. ਜੰਜੂਆ ਨੇ ਦਾਅਵਾ ਕੀਤਾ ਹੈ ਕਿ ਬੀਤੇ ਕੱਲ ਇੱਕ ਨਿੱਜੀ ਟੀਵੀ ਚੈਨਲ ਉਪਰ ਚਰਚਿਤ ਗੈਗਸਟਰ ਲਾਰੇਂਸ ਬਿਸਨੋਈ ਦੀ ਇੰਟਰਵਿਊ ਪੰਜਾਬ ਦੀ ਕਿਸੇ ਜੇਲ੍ਹ ਵਿਚੋਂ ਨਹੀਂ ਹੋਈ ਹੈ ਪ੍ਰੰਤੂ ਇਸਦੇ ਬਾਵਜੂਦ ਪੰਜਾਬ ਸਰਕਾਰ ਵਲੋਂ ਮਾਮਲੇ ਦੀ ਪੜਤਾਲ ਕਰਵਾਈ ਜਾ ਰਹੀ ਹੈ। ਮੁੱਖ ਸਕੱਤਰ ਬਣਨ ਤੋਂ ਬਾਅਦ ਪਹਿਲੀ ਵਾਰ ਬਠਿੰਡਾ ਜ਼ਿਲ੍ਹੇ ਵਿਚ ਪੁੱਜੇ ਸ਼੍ਰੀ ਜੰਜੂਆ ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਨਤਮਸਤਕ ਹੋਏ। ਇਸ ਉਪਰੰਤ ਉਨ੍ਹਾਂ ਇਤਿਹਾਸਿਕ ਗੁਰਦੁਆਰਾ ਦਮਦਮਾ ਸਾਹਿਬ ਵਿਖੇ ਵੀ ਮੱਥਾ ਟੇਕਿਆ, ਜਿੱਥੇ ਉਨ੍ਹਾਂ ਨੂੰ ਤਖਤ ਸ਼੍ਰੀ ਦਮਦਮਾ ਸਾਹਿਬ ਦੇ ਮੈਨੇਜਰ ਭਾਈ ਰਣਜੀਤ ਸਿੰਘ ਅਤੇ ਹੈਡ ਗ੍ਰੰਥੀ ਭਾਈ ਜਗਤਾਰ ਸਿੰਘ ਵੱਲੋਂ ਸਿਰੋਪਾਓ, ਲੋਈ ਤੇ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਉਪਰੰਤ ਮੁੱਖ ਸਕੱਤਰ ਸ਼੍ਰੀ ਜੰਜੂਆ ਨੇ ਬਾਬਾ ਦੀਪ ਸਿੰਘ ਦੇ ਭੌਰੇ ਦੇ ਦਰਸ਼ਨ ਵੀ ਕੀਤੇ ਤੇ ਉਥੇ ਨਤਮਸਤਕ ਹੋਏ। ਇਸ ਮੌਕੇ ਉਨ੍ਹਾਂ ਕਿਹਾ ਕਿ ਅੱਜ ਦੇ ਇਸ ਦੌਰੇ ਦਾ ਮਕਸਦ ਗੁਰੂ ਸਾਹਿਬ ਦਾ ਅਸ਼ੀਰਵਾਦ ਪ੍ਰਾਪਤ ਕਰਨਾ ਸੀ। ਇਸ ਦੌਰਾਨ ਏ.ਡੀ.ਜੀ.ਪੀ ਬਠਿੰਡਾ ਰੇਂਜ ਐਸਪੀਐਸ ਪਰਮਾਰ, ਜ਼ਿਲ੍ਹਾ ਪੁਲਿਸ ਮੁਖੀ ਗੁਲਨੀਤ ਸਿੰਘ ਖੁਰਾਣਾ, ਵਧੀਕ ਡਿਪਟੀ ਕਮਿਸ਼ਨਰ (ਜਨਰਲ) ਮੈਡਮ ਪਲਵੀ ਚੌਧਰੀ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਡਾ. ਆਰ.ਪੀ ਸਿੰਘ ਅਤੇ ਪੰਜਾਬ ਕ੍ਰਿਕਟ ਐਸੋਸ਼ੀਏਸ਼ਨ ਦੇ ਪ੍ਰਧਾਨ ਅਮਰਜੀਤ ਮਹਿਤਾ ਵੀ ਵਿਸ਼ੇਸ਼ ਤੌਰ ਤੇ ਉਨ੍ਹਾਂ ਦੇ ਨਾਲ ਹਾਜ਼ਰ ਰਹੇ। ਇਸ ਮੌਕੇ ਮੁੱਖ ਸਕੱਤਰ ਪੰਜਾਬ ਸ੍ਰੀ ਵੀ.ਕੇ.ਜੰਜੂਆ ਨੇ ਕਿਹਾ ਕਿ ਉਹ ਗੁਰੂ ਘਰ ਆਸ਼ੀਰਵਾਦ ਲੈਣ ਲਈ ਆਏ ਹਨ ਤੇ ਉਨ੍ਹਾਂ ਨੂੰ ਇੱਥੇ ਆਉਣ ਤੇ ਮਨ ਨੂੰ ਬਹੁਤ ਸ਼ਾਂਤੀ ਮਿਲੀ ਹੈ। ਇਸ ਮੌਕੇ ਉਨ੍ਹਾਂ ਵੱਲੋਂ ਤਖਤ ਸ੍ਰੀ ਦਮਦਮਾ ਸਾਹਿਬ ਦੇ ਇਤਿਹਾਸ ਬਾਰੇ ਵੀ ਜਾਣਕਾਰੀ ਪ੍ਰਾਪਤ ਕੀਤੀ ਗਈ।ਇਸ ਤੋਂ ਪਹਿਲਾਂ ਮੁੱਖ ਸਕੱਤਰ ਸ੍ਰੀ ਵੀ.ਕੇ.ਜੰਜੂਆ ਦੇ ਸਥਾਨਕ ਦਫ਼ਤਰ ਨਗਰ ਕੌਂਸਲ ਵਿਖੇ ਪਹੁੰਚਣ ਤੇ ਪੰਜਾਬ ਪੁਲਿਸ ਦੀ ਟੁਕੜੀ ਵੱਲੋਂ ਗਾਰਡ ਆਫ ਆਨਰ ਨਾਲ ਸਨਮਾਨਿਤ ਵੀ ਕੀਤਾ ਗਿਆ। ਇੱਥੇ ਉਨ੍ਹਾਂ ਵੱਲੋਂ ਮੌਜੂਦ ਵੱਖ-ਵੱਖ ਅਧਿਕਾਰੀਆਂ ਕੋਲੋਂ ਜ਼ਿਲ੍ਹੇ ਚ ਚੱਲ ਰਹੇ ਵਿਕਾਸ ਕਾਰਜਾਂ ਸਬੰਧੀ ਜਾਣਕਾਰੀ ਹਾਸਿਲ ਕੀਤੀ ਗਈ ਅਤੇ ਲੋੜੀਂਦੇ ਦਿਸ਼ਾ-ਨਿਰਦੇਸ਼ ਵੀ ਦਿੱਤੇ ਗਏ। ਇਸ ਮੌਕੇ ਉਪ ਮੰਡਲ ਮੈਜਿਸਟਰੇਟ ਤਲਵੰਡੀ ਸਾਬੋ ਗਗਨਦੀਪ ਸਿੰਘ, ਡੀ.ਐਸ.ਪੀ. ਬੂਟਾ ਸਿੰਘ, ਤਹਿਸੀਲਦਾਰ ਰਮਨਦੀਪ ਕੌਰ ਆਦਿ ਅਧਿਕਾਰੀ ਹਾਜ਼ਰ ਸਨ।

Our Visitor

1911270