ਜਾਗਰੂਕਤਾ ਵੈਨ ਸ਼ਹਿਰਾਂ ਅਤੇ ਪਿੰਡਾਂ ਵਿਚ ਜਾ ਕੇ ਲੋਕਾਂ ਨੂੰ ਏਡਜ਼ ਦੀ ਬੀਮਾਰੀ ਤੋਂ ਕਰੇਗੀ ਜਾਗਰੂਕ: ਡਾ ਢਿੱਲੋਂ
ਸੁਖਜਿੰਦਰ ਮਾਨ
ਬਠਿੰਡਾ, 7 ਮਾਰਚ: ਪੰਜਾਬ ਸਰਕਾਰ ਲੋਕਾਂ ਨੂੰ ਤੰਦਰੁਸਤ ਰੱਖਣ ਲਈ ਚੰਗੀਆਂ ਸਿਹਤ ਸਹੂਲਤਾਂ ਦੇ ਲਗਾਤਾਰ ਉਪਰਾਲੇ ਕਰ ਰਹੀ ਹੈ। ਜਿਸਦੇ ਚੱਲਦੇ ਜਿਲ੍ਹੇ ਦੇ ਲੋਕਾਂ ਨੂੰ ਏਡਜ਼ ਦੀ ਬਿਮਾਰੀ ਤੋਂ ਬਚਣ ਸਬੰਧੀ ਜਾਗਰੂਕ ਕਰਨ ਲਈ ਅੱਜ ਜਾਗਰੁਕਤਾ ਵੈਨ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ। ਇਸ ਮੌਕੇ ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਡਾ ਤੇਜਵੰਤ ਸਿੰਘ ਢਿੱਲੋਂ ਨੇ ਦੱਸਿਆ ਕਿ ਇਹ ਵੈਨ 9 ਮਾਰਚ ਤੱਕ ਜਿਲੇ ਦੇ ਲਗਭਗ 65 ਪਿੰਡਾਂ ਅਤੇ ਸ਼ਹਿਰਾਂ ਵਿੱਚ ਜਾਗਰੂਕਤਾ ਸਮਾਗਮ ਕਰੇਗੀ ਨਾਲ ਹੀ 13 ਥਾਵਾਂ ਤੇ ਨੁੱਕੜ ਨਾਟਕ ਵੀ ਖੇਡੇ ਜਾਣਗੇ। ਉਨ੍ਹਾਂ ਨੇ ਦੱਸਿਆ ਕਿ ਏਡਜ਼ ਦੀ ਬੀਮਾਰੀ ਦਾ ਅਜੇ ਤੱਕ ਕੋਈ ਸਥਾਈ ਇਲਾਜ ਸੰਭਵ ਨਹੀਂ ਹੋਇਆ ।ਇਸ ਲਈ ਜਾਗਰੂਕਤਾ ਹੀ ਇਕੋ ਇੱਕ ਇਲਾਜ ਹੈ। ਉਨ੍ਹਾਂ ਨੇ ਕਿਹਾ ਕਿ ਏਡਜ਼ ਨੂੰ ਲੈ ਕੇ ਜਾਗਰੂਕ ਤੇ ਸਤਰਕ ਹੋਣ ਦੀ ਲੋੜ ਹੈ । ਏਡਜ਼ ਦੀ ਬਿਮਾਰੀ ਅਸੁਰੱਖਿਅਤ ਸੰਭੋਗ, ਸੰਕ੍ਰਮਿਤ ਖੂਨ ਚੜਾਉਣ, ਇਕ ਸੂਈ ਨਾਲ ਟੀਕੇ ਲਗਾਉਣ ਨਾਲ ਅਤੇ ਪੀੜਿਤ ਮਾਂ ਤੋਂ ਬੱਚੇ ਨੂੰ ਹੋ ਸਕਦਾ ਹੈ। ਜੇਕਰ ਕਿਸੇ ਦੇ ਸਰੀਰ ਵਿੱਚ ਕਮਜੋਰੀ, ਇੱਕ ਮਹੀਨੇ ਤੋਂ ਦਸਤ ਦੀ ਸ਼ਿਕਾਇਤ, ਘੱਟ ਸਮੇਂ ਵਿੱਚ ਜਿਆਦਾ ਭਾਰ ਘਟਣ ਅਤੇ ਵਾਰ ਵਾਰ ਬੀਮਾਰ ਹੋਣ ਦੀ ਸ਼ਿਕਾਇਤ ਹੈ ਤਾਂ ਇਸ ਦੀ ਜਾਂਚ ਕਰਵਾਉਣੀ ਚਾਹੀਦੀ ਹੈ। ਸਾਰੀਆਂ ਸਰਕਾਰੀ ਸੰਸਥਾਵਾਂ ਵਿਚ ਬਣੇ ਏਆਰਟੀ ਸੈਂਟਰਾਂ ਵਿਚ ਇਹ ਜਾਂਚ ਮੁਫ਼ਤ ਕੀਤੀ ਜਾਂਦੀ ਹੈ। ਇਸ ਮੌਕੇ ਡਾ ਅਨੂਪਮਾਂ ਸ਼ਰਮਾ ਸਹਾਇਕ ਸਿਵਲ ਸਰਜਨ, ਡਾ ਊਸ਼ਾ ਗੋਇਲ ਜਿਲਾ ਸਿਹਤ ਅਫ਼ਸਰ, ਡਾ ਮਨਿੰਦਰਪਾਲ ਸਿੰਘ ਐਸਐਮਓ, ਡਾ ਮਿਆਂਕਜੋਤ ਸਿੰਘ, ਡਾ ਰੋਜ਼ੀ ਅਗਰਵਾਲ, ਕੁਲਵੰਤ ਸਿੰਘ ਜਿਲ੍ਹਾ ਮਾਸ ਮੀਡੀਆ ਅਫ਼ਸਰ, ਵਿਨੋਦ ਖੁਰਾਣਾ, ਗਗਨਦੀਪ ਸਿੰਘ ਭੁਲਰ ਅਤੇ ਪਵਨਜੀਤ ਕੌਰ, ਨਰਿੰਦਰ ਕੁਮਾਰ, ਬਲਦੇਵ ਸਿੰਘ ਹੋਰ ਸਟਾਫ ਮੌਜੂਦ ਸਨ।
ਏਡਜ਼ ਜਨ ਜਾਗਰੂਕਤਾ ਵੈਨ ਨੂੰ ਸਿਵਲ ਸਰਜਨ ਨੇ ਝੰਡੀ ਦੇ ਕੇ ਕੀਤਾ ਰਵਾਨਾ
‘ਯੁਵਾ ਸੰਗਮ’ ਪ੍ਰੋਗਰਾਮ ਅਧੀਨ ਮਨੀਪੁਰ ਤੋਂ ਨੌਜਵਾਨਾਂ ਦਾ ਜਥਾ ਪੰਜਾਬ ਦੌਰੇ ’ਤੇ ਪੁੱਜਿਆ
ਕੇਂਦਰੀ ਯੂਨੀਵਰਸਿਟੀ ’ਚ ਐਮ.ਪੀ ਹਰਸਿਮਰਤ ਕੌਰ ਬਾਦਲ ਨੇ ਕੀਤਾ ਸਵਾਗਤ
ਮਨੀਪੁਰ ਦੇ ਵਿਦਿਆਰਥੀਆਂ ਨੇ ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਮੱਥਾ ਟੇਕਿਆ
ਸੁਖਜਿੰਦਰ ਮਾਨ
ਬਠਿੰਡਾ, 7 ਮਾਰਚ : ਭਾਰਤ ਸਰਕਾਰ ਦੇ ਸਿੱਖਿਆ ਮੰਤਰਾਲੇ ਦੀ ਪਹਿਲਕਦਮੀ ’ਏਕ ਭਾਰਤ ਸ੍ਰੇਸ਼ਠ ਭਾਰਤ’ ਤਹਿਤ ’ਯੁਵਾ ਸੰਗਮ – ਵਿਦਿਆਰਥੀ ਆਦਾਨ-ਪ੍ਰਦਾਨ ਪ੍ਰੋਗਰਾਮ ਅਤੇ ਐਕਸਪੋਜ਼ਰ ਵਿਜ਼ਿਟ’ ਦੇ ਹਿੱਸੇ ਵਜੋਂ ਮੰਗਲਵਾਰ ਨੂੰ ਮਨੀਪੁਰ ਤੋਂ ਪੰਜਾਬ ਦੇ ਐਕਸਪੋਜ਼ਰ ਦੌਰੇ ਲਈ ਆਏ 30 ਵਿਦਿਆਰਥੀਆਂ ਅਤੇ ਤਿੰਨ ਫੈਕਲਟੀ ਮੈਂਬਰਾਂ ਦਾ ਗਰੁੱਪ ਬਠਿੰੰਡਾ ਦੀ ਕੇਂਦਰੀ ਯੂਨੀਵਰਸਿਟੀ ਵਿਖੇ ਪੁੱਜਿਆ, ਜਿੱਥੇ ਯੂਨੀਵਰਸਿਟੀ ਦੇ ਉਪ ਕੁਲਪਤੀ ਸਹਿਤ ਐਮ.ਪੀ ਹਰਸਿਮਰਤ ਕੌਰ ਬਾਦਲ ਵਲੋਂ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ। ਇਸ ਦੌਰਾਨ ਰੱਖੇ ਇੱਕ ਸਮਾਗਮ ਨੂੰ ਸੰਬੋਧਨ ਕਰਦਿਆਂ ਸਾਬਕਾ ਕੇਂਦਰੀ ਮੰਤਰੀ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਨੇ ਮਨੀਪੁਰੀ ਨੌਜਵਾਨਾਂ ਨੂੰ ਸਿੱਖੀ ਇਤਿਹਾਸ ਅਤੇ ਗੁਰੂਆਂ ਦੀਆਂ ਕੁਰਬਾਨੀਆਂ ਤੋਂ ਜਾਣੂ ਕਰਵਾਇਆ ਜਿਨ੍ਹਾਂ ਨੇ ਮਨੁੱਖਤਾ ਨੂੰ ਉੱਚੇ ਪੱਧਰ ’ਤੇ ਲੈ ਜਾਣ ਲਈ ਮਾਰਗ ਦਰਸ਼ਨ ਪ੍ਰਦਾਨ ਕੀਤਾ ਹੈ। ਸ੍ਰੀਮਤੀ ਬਾਦਲ ਨੇ ਕਿਹਾ ਕਿ ਇਹ ਯੁਵਾ ਸੰਗਮ ਟੂਰ ਪ੍ਰੋਗਰਾਮ ਮਨੀਪੁਰ ਦੇ ਨੌਜਵਾਨਾਂ ਨੂੰ ਪੰਜਾਬੀਆਂ ਦੇ ਸੱਭਿਆਚਾਰ, ਇਤਿਹਾਸ ਅਤੇ ਪ੍ਰਾਪਤੀਆਂ ਨੂੰ ਜਾਨਾਂ ਦਾ ਮੌਕਾ ਦਿੰਦਾ ਹੈ। ਉਹਨਾਂ ਨੇ ਮਨੀਪੁਰ ਦੇ ਵਿਦਿਆਰਥੀਆਂ ਨੂੰ ਆਪਣੇ ਦੌਰੇ ਦੌਰਾਨ ਪੰਜਾਬ ਦੀਆਂ ਸੱਭਿਆਚਾਰਕ ਅਤੇ ਸਮਾਜਿਕ ਕਦਰਾਂ-ਕੀਮਤਾਂ ਤੋਂ ਜਾਣੂ ਹੋਣ ਲਈ ਪ੍ਰੇਰਿਤ ਕੀਤਾ।ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਵਾਈਸ ਚਾਂਸਲਰ ਪ੍ਰੋ. ਰਾਘਵੇਂਦਰ ਪੀ. ਤਿਵਾਰੀ ਨੇ ਕਿਹਾ ਕਿ ਯੁਵਾ ਸੰਗਮ ਭਾਰਤ ਸਰਕਾਰ ਦੇ ਸਿੱਖਿਆ ਮੰਤਰਾਲੇ ਦੁਆਰਾ ਉੱਤਰ ਪੂਰਬੀ ਰਾਜਾਂ ਅਤੇ ਹੋਰ ਰਾਜਾਂ ਦੇ ਨੌਜਵਾਨਾਂ ਵਿਚਕਾਰ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਇੱਕ ਮਹੱਤਵਪੂਰਨ ਪਹਿਲ ਹੈ। ਇਹ ਦੌਰਾ ਮਨੀਪੁਰ ਦੇ ਨੌਜਵਾਨਾਂ ਨੂੰ ਪੰਜਾਬ ਰਾਜ ਦੇ ਅਮੀਰ ਵਿਰਸੇ, ਰੀਤੀ-ਰਿਵਾਜਾਂ ਅਤੇ ਪਰੰਪਰਾਵਾਂ ਨੂੰ ਜਾਣਨ ਦਾ ਮੌਕਾ ਪ੍ਰਦਾਨ ਕਰੇਗਾ। ਸਮਾਰੋਹ ਦੇ ਅੰਤ ਵਿੱਚ, ਪ੍ਰੀਖਿਆ ਕੰਟਰੋਲਰ ਅਤੇ ਕਾਰਜਕਾਰੀ ਰਜਿਸਟਰਾਰ ਡਾ. ਬੀ.ਪੀ. ਗਰਗ ਨੇ ਸਭ ਦਾ ਰਸਮੀ ਤੌਰ ’ਤੇ ਧੰਨਵਾਦ ਕੀਤਾ।ਆਪਣੇ ਪੰਜ ਦਿਨਾਂ ਦੌਰੇ ਦੇ ਪਹਿਲੇ ਦਿਨ ਮਨੀਪੁਰ ਦੇ ਵਿਦਿਆਰਥੀਆਂ ਨੇ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਮੱਥਾ ਟੇਕਿਆ। ਉਹਨਾਂ ਨੂੰ ਇਸ ਪਵਿੱਤਰ ਧਰਤੀ ਦੇ ਇਤਿਹਾਸਕ ਪੱਖ ਤੋਂ ਜਾਣੂ ਕਰਵਾਇਆ ਗਿਆ। ਸਾਮ ਨੂੰ ਮਨੀਪੁਰ ਦੇ ਵਿਦਿਆਰਥੀਆਂ ਨੇ ਆਪਣੇ ਸਥਾਨਕ ਵਿਦਿਆਰਥੀ ਦੋਸਤਾਂ ਨਾਲ ਗੱਲਬਾਤ ਕੀਤੀ, ਨੇੜਲੇ ਪਿੰਡਾਂ ਦੇ ਘਰਾਂ ਦਾ ਦੌਰਾ ਕੀਤਾ ਅਤੇ ਬਾਅਦ ਵਿੱਚ ਪੰਜਾਬ ਕੇਂਦਰੀ ਯੂਨੀਵਰਸਿਟੀ ਦੁਆਰਾ ਆਯੋਜਿਤ ਸੱਭਿਆਚਾਰਕ ਪ੍ਰੋਗਰਾਮ ਵਿੱਚ ਹਿੱਸਾ ਲਿਆ, ਜਿੱਥੇ ਉਨ੍ਹਾਂ ਨੂੰ ਪੰਜਾਬ ਦੇ ਲੋਕ ਗੀਤਾਂ ਅਤੇ ਸੱਭਿਆਚਾਰ ਤੋਂ ਜਾਣੂ ਕਰਵਾਇਆ ਗਿਆ। ਪ੍ਰੋਗਰਾਮ ਦੌਰਾਨ ਆਏ ਹੋਏ ਵਿਦਿਆਰਥੀਆਂ ਨੇ ਮਨੀਪੁਰ ਦੇ ਸੱਭਿਆਚਾਰ ਅਤੇ ਪਰੰਪਰਾਵਾਂ ਨੂੰ ਦਰਸਾਉਣ ਲਈ ਵੀ ਸ਼ਾਨਦਾਰ ਪੇਸ਼ਕਾਰੀਆਂ ਕੀਤੀਆਂ।
ਜ਼ਿਲ੍ਹਾ ਪੁਲਿਸ ਵਲੋਂ ਵੱਖ ਵੱਖ ਥਾਵਾਂ ਤੋਂ ਨਸ਼ੀਲੇ ਪਦਾਰਥ ਬਰਾਮਦ
ਸੁਖਜਿੰਦਰ ਮਾਨ
ਬਠਿੰਡਾ, 7 ਮਾਰਚ: ਜ਼ਿਲ੍ਹਾ ਪੁਲਿਸ ਵਲੋਂ ਨਸ਼ਾ ਤਸਕਰਾਂ ਵਿਰੁਧ ਵਿੱਢੀ ਮੁਹਿੰਮ ਤਹਿਤ ਪਿਛਲੇ 24 ਘੰਟਿਆਂ ਦੌਰਾਨ ਵੱਖ ਵੱਖ ਥਾਣਿਆਂ ਅਧੀਨ ਆਉਂਦੇ ਖੇਤਰਾਂ ਵਿਚੋਂ ਨਸ਼ੀਲੇ ਪਦਾਰਥ ਬਰਾਮਦ ਕੀਤੇ ਗਏ ਹਨ। ਪੁਲਿਸ ਦੇ ਬੁਲਾਰੇ ਨੇ ਦਸਿਆ ਕਿ ਥਾਣਾ ਫੂਲ ਵੱਲੋਂ ਮੁਕੱਦਮਾ ਨੰਬਰ 30 ਅ/ਧ 21/61/85 ਐੱਨ.ਡੀ.ਪੀ.ਐੱਸ ਐਕਟ ਥਾਣਾ ਫੂਲ ਦਰਜ ਕਰਕੇ ਬਰ ਖਿਲਾਫ ਕਾਲਾ ਸਿੰਘ ਵਾਸੀ ਸਿਧਾਣਾ ਪਾਸੋਂ 6 ਗਰਾਮ ਹੈਰੋਇਨ ਬਰਾਮਦ ਕੀਤੀ ਹੈ। ਇਸੇ ਤਰ੍ਹਾਂ ਥਾਣਾ ਸਿਟੀ ਰਾਮਪੁਰਾ ਵਿਚ ਮੁਕੱਦਮਾ ਨੰਬਰ 49 ਮਿਤੀ 06.03.2023 ਅ/ਧ 21ਬੀ/61/85 ਐੱਨ.ਡੀ.ਪੀ.ਐੱਸ ਐਕਟ ਤਹਿਤ ਰਣਜੀਤ ਸਿੰਘ ਸਿਧਾਣਾ , ਹਰਦੀਪ ਸਿੰਘ ਵਾਸੀ ਰਾਮਪੁਰਾ ਨੂੰ 7 ਗਰਾਮ ਹੈਰੋਇਨ ਸਹਿਤ ਗ੍ਰਿਫਤਾਰ ਕੀਤਾ ਗਿਆ ਹੈ। ਇੱਕ ਹੋਰ ਮੁਕੱਦਮੇ ਵਿਚ ਥਾਣਾ ਮੌੜ ਦੀ ਪੁਲਿਸ ਨੇ ਮੁਕੱਦਮਾ ਨੰਬਰ 27 ਮਿਤੀ 06.03.2023 ਅ/ਧ 61/01/14 ਐਕਸਾਈਜ ਐਕਟ ਤਹਿਤ ਭਗਤ ਸਿੰਘ ਵਾਸੀ ਮੌੜ ਕਲਾਂ ਪਾਸੋਂ 500 ਲੀਟਰ ਲਾਹਣ ਬਰਾਮਦ ਕੀਤੀ ਹੈ। ਜਦੋਂਕਿ ਥਾਣਾ ਤਲਵੰਡੀ ਸਾਬੋ ਦੀ ਪੁਲਿਸ ਨੇ ਮੁਕੱਦਮਾ ਨੰਬਰ 43 ਮਿਤੀ 06.03.2023 ਅ/ਧ 61/01.14 ਐਕਸਾਈਜ ਐਕਟ ਤਹਿਤ ਇੱਕ ਜੈੱਨ ਕਾਰ ਨੰਬਰ ਪੀ.ਬੀ 30 ਡਬਲਿਯੂ 2187 ਵਿਚੋਂ 24 ਬੋਤਲਾਂ ਸ਼ਰਾਬ ਠੇਕਾ ਅੰਗਰੇਜੀ ਰਾਇਲ ਸਟੈਗ ਅਤੇ 9 ਬੋਤਲਾਂ ਸ਼ਰਾਬ ਨਜਾਇਜ ਅਤੇ ਬਰਾਮਦ ਕੀਤੀ ਹੈ, ਹਾਲਾਂਕਿ ਇਸ ਕੇਸ ਵਿਚ ਕੋਈ ਗ੍ਰਿਫਤਾਰੀ ਨਹੀ ਹੋਈ ਹੈ।
ਬਠਿੰਡਾ ਪੁਲਿਸ ਵਲੋਂ ਨਸ਼ਾ ਤਸਕਰ ਅਤੇ ਮੋਟਰਸਾਈਕਲ ਚੋਰ ਗਿਰੋਹ ਗ੍ਰਿਫਤਾਰ
ਪੰਜਾਬੀ ਖ਼ਬਰਸਾਰ ਬਿਉਰੋ
ਬਠਿੰਡਾ, 6 ਮਾਰਚ : ਜ਼ਿਲ੍ਹਾ ਪੁਲਿਸ ਵਲੋਂ ਨਸ਼ਾ ਤਸਕਰਾਂ ਤੇ ਗੈਰ ਸਮਾਜੀ ਅਨਸਰਾਂ ਵਿਰੁਧ ਵਿੱਢੀ ਮੁਹਿੰਮ ਤਹਿਤ ਅੱਜ ਜ਼ਿਲ੍ਹੇ ਦੇ ਵੱਖ ਵੱਖ ਪੁਲਿਸ ਸਟੇਸ਼ਨਾਂ ’ਚ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕਰਨ ਦੇ ਨਾਲ ਨਾਲ ਇੱਕ ਮੋਟਰਸਾਈਕਲ ਚੋਰ ਗਿਰੋਹ ਨੂੰ ਵੀ ਕਾਬੂ ਕੀਤਾ ਹੈ। ਜਾਣਕਾਰੀ ਦਿੰਦਿਆਂ ਐਸ.ਐਸ.ਪੀ ਗੁਲਨੀਤ ਸਿੰਘ ਖੁਰਾਣਾ ਨੇ ਦਸਿਆ ਕਿ ਬਠਿੰਡਾ ਪੁਲਿਸ ਦੇ ਸਪੈਸ਼ਲ ਸਟਾਫ ਅਤੇ ਥਾਣਾ ਥਰਮਲ ਵੱਲੋ ਮੁਕੱਦਮਾ ਨੰਬਰ 30 ਮਿਤੀ 05.03.2023 ਅ/ਧ 21ਬੀ, 61/85 ਐੱਨ.ਡੀ.ਪੀ.ਐੱਸ. ਐਕਟ ਥਾਣਾ ਥਰਮਲ ਬਠਿੰਡਾ ਦਰਜ ਰਜਿਸਟਰ ਕਰਵਾਕੇ ਦਨੇਸ਼ ਕੁਮਾਰ ਪੁੱਤਰ ਜਗਦੀਸ਼ ਕੁਮਾਰ ਵਾਸੀ ਪਰਸ ਰਾਮ ਨਗਰ ਬਠਿੰਡਾ ਅਤੇ ਪੂਜਾ ਪਤਨੀ ਪ੍ਰੀਤ ਅਨਮੋਲ ਵਾਸੀ ਫਰੀਦਕੋਟ ਨੂੰ 200 ਗ੍ਰਾਮ ਹੈਰੋਇਨ ਦੇ ਨਾਲ ਕਾਬੂ ਕਰਕੇ ਗਿਰਫਤਾਰ ਕੀਤਾ ਗਿਆ। ਇੱਕ ਹੋਰ ਕੇਸ ਵਿੱਚ ਮੁਕੱਦਮਾ ਨੰਬਰ 29 ਮਿਤੀ 02/03/23 ਨੂੰ ਅ/ਧ 379/411 ਥਾਣਾ ਥਰਮਲ ਕਥਿਤ ਦੋਸ਼ੀ ਬਚਿੱਤਰ ਸਿੰਘ ਅਤੇ ਰੁੂਪ ਸਿੰਘ ਵਾਸੀਆਨ ਡਿੱਖ ਜਿਲਾ ਬਠਿੰਡਾ ਪਾਸੋ 02 ਮੋਟਰਸਾਇਕਲ ਬਰਾਮਦ ਕੀਤੇ ਗਏ। ਇਸ ਤੋਂ ਇਲਾਵਾ ਮੁਕੱਦਮਾ ਨੰਬਰ 42 ਮਿਤੀ 05/03/23 ਅ/ਧ 18/61/85 ਐਨ.ਡੀ.ਪੀ.ਐਸ.ਐਕਟ 61/01/14 ਐਕਸਾਇਜ ਐਕਟ ਥਾਣਾ ਤਲਵੰਡੀ ਸਾਬੋ ਸਬੰਧੀ ਕਥਿਤ ਦੋਸ਼ੀ ਗੁਰਮੀਤ ਸਿੰਘ ਵਾਸੀ ਲੇਲੇਵਾਲਾ ਬਠਿੰਡਾ ਪਾਸੋ 12 ਕਿਲੋ ਹਰੇ ਪੋਸਤ ਦੇ ਪੌਦੇ ਅਤੇ 05 ਬੋਤਲਾ ਨਜਾਇਜ ਸ਼ਰਾਬ ਬਰਾਮਦ ਹੋਈ।
ਪੰਜਾਬੀ ਯੂਨੀਵਰਸਿਟੀ ਰਿਜਨਲ ਸੈਂਟਰ ਵੱਲੋਂ ਇੱਕ ਆਨਲਾਈਨ ਵਿਸਥਾਰ ਭਾਸ਼ਣ ਦਾ ਆਯੋਜਨ
ਸੁਖਜਿੰਦਰ ਮਾਨ
ਬਠਿੰਡਾ, 6 ਮਾਰਚ: ਸਥਾਨਕ ਪੰਜਾਬੀ ਯੂਨੀਵਰਸਿਟੀ ਰਿਜਨਲ ਸੈਂਟਰ ਦੇ ਪੋਸਟ ਗ੍ਰੈਜੂਏਟ ਸਟੱਡੀਜ ਵਿਭਾਗ ਵੱਲੋਂ ਇੱਕ ਆਨਲਾਈਨ ਵਿਸਥਾਰ ਭਾਸ਼ਣ ਦਾ ਆਯੋਜਨ ਕੀਤਾ ਗਿਆ। ਇਸ ਵਿਸਥਾਰ ਭਾਸ਼ਣ ਦਾ ਵਿਸ਼ਾ ਵਰਤਮਾਨ ਸਮੇਂ ਵਿੱਚ ਸਮਾਜ ਅਤੇ ਨੌਜਵਾਨ ਵਰਗ: ਸੰਭਾਵਨਾਵਾਂ, ਚੁਣੌਤੀਆਂ ਅਤੇ ਜਿੰਮੇਵਾਰੀਆਂ ’ ਰੱਖਿਆ ਗਿਆ ਸੀ । ਨਾਰਕੋਟਿਕ ਕੰਟਚੋਲ ਬਿਊਰੋ ਦੇ ਡਿਪਟੀ ਡਾਇਰੈਕਰਟਰ ਜਨਰਲ ਸ੍ਰੀ ਗਿਆਨੇਸ਼ਵਰ ਸਿੰਘ ਇਸ ਵਿਸਥਾਰ ਭਾਸ਼ਣ ਵਿੱਚ ਬਤੌਰ ਵਿਸ਼ਾ ਮਾਹਿਰ ਸ਼ਾਮਿਲ ਹੋਏ। ਇਸ ਸਮਾਗਮ ਦੀ ਪ੍ਰਧਾਨਗੀ ਪ੍ਰੋ. ਜਸਬੀਰ ਸਿੰਘ ਹੂੰਦਲ ਡਾਇਰੈਕਟਰ ਕੈਪਸ ਨੇ ਕੀਤੀ। ਆਪਣੇ ਭਾਸ਼ਣ ਵਿੱਚ ਸ਼੍ਰੀ ਗਿਆਨੇਸ਼ਵਰ ਸਿੰਘ ਨੇ ਇਸ ਗੱਲ ਉੱਪਰ ਵਿਸ਼ੇਸ਼ ਜੋਰ ਦਿੱਤਾ ਕਿ ਨੌਜਵਾਨ ਵਰਗ ਹੀ ਕਿਸੇ ਸਮਾਜ ਦੀ ਚੇਤਨਾ ਅਤੇ ਵਿਕਾਸ ਦਾ ਸਭ ਤੋਂ ਮਹੱਤਵਪੂਰਨ ਸਾਧਨ ਹੁੰਦੇ ਹਨ। ਉਹਨਾਂ ਕਿਹਾ ਕਿ ਇਹ ਸਮਾਜ ਦੀ ਜਿੰਮੇਵਾਰੀ ਬਣਦੀ ਹੈ ਕਿ ਉਹ ਇਸ ਨੌਜਵਾਨ ਵਰਗ ਨੂੰ ਸਮਾਜ ਦੀ ਪ੍ਰਗਤੀ ਅਤੇ ਵਿਕਾਸ ਹਿਤ ਸਹੀ ਦਿਸ਼ਾ ਦੇਵੇ। ਉਹਨਾਂ ਅਨੁਸਾਰ ਨਸ਼ੇ ਦਾ ਪ੍ਰਸਾਰ ਨੌਜਵਾਨਾਂ ਦੀ ਸਮਰੱਥਾ ਨੂੰ ਕੁਰਾਹੇ ਪਾ ਰਿਹਾ ਹੈ। ਉਹਨਾਂ ਨੇ ਆਪਣੇ ਭਾਸ਼ਣ ਵਿੱਚ ਇਹ ਵੀ ਦੱਸਿਆ ਕਿ ਸੀਮਾਂ ਪਾਰ ਤੋਂ ਫੈਲਾਇਆ ਜਾ ਰਿਹਾ ਇਹ ਨਾਰਕੋ ਟੈਰਰਿਜ਼ਮ (ਨਸ਼ੀਲਾ ਅਤਿਵਾਦ) ਹੀ ਨੌਜਵਾਨ ਵਰਗ ਅੰਦਰਲੀ ਸਿਰਜਨਸ਼ੀਲ ਸਮੱਰਥਾ ਖ਼ਤਮ ਕਰਨ ਦਾ ਇਕੋ ਇਕ ਕਾਰਨ ਹੈ। ਪੰਜਾਬ ਇਕ ਸੀਮਾਂ ਵਰਤੀ ਰਾਜ ਹੋਣ ਕਾਰਨ ਇਸਦਾ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਹੀ ਮਾਨਸਿਕ ਅਤੇ ਸਮਾਜਿਕ ਸਹਿਯੋਗ ਉਸਨੂੰ ਨਸ਼ੇ ਦੀ ਦਲਦਲ ਵਿੱਚੋਂ ਕੱਢ ਸਕਦਾ ਹੈ। ਨੌਜਵਾਨਾਂ ਨੂੰ ਰੁਜਗਾਰ ਮੁਹੱਇਆ ਕਰਵਾਉਣਆ ਵੀ ਇਸਦਾ ਇਕ ਵਧੀਆ ਤਰੀਕਾਕਾਰ ਹੋ ਸਕਦਾ ਹੈ। ਸਾਰਿਆ ਨੂੰ ਜੀ ਆਇਆ ਕਹਿੰਦਾ ਹੋਇਆਂ ਪ੍ਰੋ. ਜਸਬੀਰ ਸਿੰਘ ਹੁੰਦਲ ਨੇ ਕਿਹਾ ਕਿ ਨਸ਼ਾਖੋਰੀ ਦੀ ਸਮੱਸਿਆ ਵਰਤਮਾਨ ਸਮੇਂ ਵਿੱਚ ਸਮੁੱਚੇ ਸੰਸਾਰ ਵਿੱਚ ਫੈਲ ਚੁੱਕੀ ਹੈ। ਪੱਛਮੀ ਮੁਲਕਾਂ ਜਿਵੇਂ ਅਮਰੀਕਾ, ਕਨੇਡਾ ਆਦਿ ਵਿੱਚ ਵੀ ਇਹ ਚਰਮ ਸੀਮਾਂ ਉੱਪਰ ਹੈ। ਉਹਨਾਂ ਨੇ ਨਸਾਖੋਰੀ ਅਤੇ ਅਪਰਾਧ ਵਿਚਲੇ ਆਪਸੀ ਸਬੰਧਾਂ ਬਾਰੇ ਵੀ ਚਾਨਣਾ ਪਾਇਆ। ਉਹਨਾਂ ਨੇ ਵੀ ਇਸ ਗੱਲ ਉੱਪਰ ਜੋਰ ਦਿੱਤਾ ਕਿ ਸਾਰੇ ਮੁਲਕਾਂ ਦੀਆਂ ਸਰਕਾਰਾਂ ਨੂੰ ਚਾਹੀਦਾ ਹੈ ਕਿ ਉਹ ਨੌਜਵਾਨਾਂ ਨੂੰ ਰੁਜਗਾਰਯਾਫ਼ਤਾ ਬਣਾਉਣ ਵੱਲ ਵਿਸ਼ੇਸ਼ ਧਿਆਨ ਦੇਣ ਤਾਕਿ ਨੌਜਵਾਨ ਵਰਗ ਨੂੰ ਨਸ਼ਾਖੋਰੀ ਦੀ ਅਲਾਮਤ ਤੋਂ ਬਚਾਇਆ ਜਾ ਸਕੇ। ਅਖੀਰ ਵਿੱਚ ਉਹਨਾਂ ਨੇ ਕਿਹਾ ਕਿ ਅਜਿਹੇ ਭਾਸ਼ਣ ਦਾ ਅਜੋਕੇ ਸਮੇਂ ਵਿੱਚ ਬਹੁਤ ਮਹੱਤਵ ਹੈ ਤਾਂ ਜੋ ਵਿਦਿਆਰਥੀਆਂ ਅਤੇ ਨੌਜਵਾਨਾਂ ਨੂੰ ਸੇਧ ਦਿੱਤੀ ਜਾ ਸਕੇ। ਉਹਨਾਂ ਨੇ ਵਿਭਾਗ ਨੂੰ ਅਜਿਹੇ ਵਿਸ਼ਿਆਂ ਬਾਰੇ ਭਾਸ਼ਣ ਕਰਾਉਣ ਲਈ ਉਤਸ਼ਾਹਿਤ ਕੀਤਾ।
ਜੀ-20 ਸਿਖ਼ਰ ਸੰਮੇਲਨ ਨੂੰ ਸਫ਼ਲ ਕਰਨ ਲਈ ਕੋਈ ਕਸਰ ਬਾਕੀ ਨਾ ਰਹੇ; ਮੁੱਖ ਮੰਤਰੀ ਨੇ ਅਧਿਕਾਰੀਆਂ ਨੂੰ ਕੀਤੀ ਹਦਾਇਤ
ਪਵਿੱਤਰ ਨਗਰੀ ਅੰਮ੍ਰਿਤਸਰ ਵਿਖੇ 15, 16, 17, 19 ਅਤੇ 20 ਮਾਰਚ ਨੂੰ ਹੋਣ ਵਾਲੇ ਵੱਡ-ਆਕਾਰੀ ਸਮਾਗਮ ਲਈ ਪ੍ਰਬੰਧਾਂ ਦੀ ਕੀਤੀ ਸਮੀਖਿਆ
ਪੰਜਾਬੀ ਖਬਰਸਾਰ ਬਿਉਰੋ
ਅੰਮ੍ਰਿਤਸਰ, 6 ਮਾਰਚ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੋਮਵਾਰ ਨੂੰ ਅਧਿਕਾਰੀਆਂ ਨੂੰ ਕਿਹਾ ਕਿ ਉਹ ਸੂਬੇ ਵਿੱਚ 15-17 ਅਤੇ 19-20 ਮਾਰਚ ਨੂੰ ਹੋਣ ਵਾਲੇ ਵੱਕਾਰੀ ਜੀ-20 ਸੰਮੇਲਨ ਨੂੰ ਪੂਰੀ ਤਰ੍ਹਾਂ ਸਫ਼ਲ ਕਰਨ ਲਈ ਕੋਈ ਕਸਰ ਬਾਕੀ ਨਾ ਛੱਡੀ ਜਾਵੇ। ਇੱਥੇ ਇਸ ਵੱਡ-ਆਕਾਰੀ ਸਮਾਗਮ ਦੇ ਪ੍ਰਬੰਧਾਂ ਦਾ ਜਾਇਜ਼ਾ ਲੈਂਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਇਸ ਸਮਾਗਮ ਦੀ ਮੇਜ਼ਬਾਨੀ ਲਈ ਪੂਰੀ ਤਰ੍ਹਾਂ ਤਿਆਰ ਹੈ। ਉਨ੍ਹਾਂ ਅਧਿਕਾਰੀਆਂ ਨੂੰ ਕਿਹਾ ਕਿ ਉਹ ਅਗਲੇ ਹਫ਼ਤੇ ਪਵਿੱਤਰ ਸ਼ਹਿਰ ਅੰਮ੍ਰਿਤਸਰ ਵਿੱਚ ਹੋਣ ਵਾਲੇ ਜੀ-20 ਸੰਮੇਲਨ ਦੇ ਕਾਰਜਕਾਰੀ ਸੈਸ਼ਨਾਂ ਲਈ ਪੁਖ਼ਤਾ ਪ੍ਰਬੰਧ ਯਕੀਨੀ ਬਣਾਉਣ। ਪੁਖ਼ਤਾ ਯੋਜਨਾਬੰਦੀ ਅਤੇ ਉਸ ਨੂੰ ਅਮਲੀ ਜਾਮਾ ਪਹਿਨਾਉਣ ਦੀ ਵਕਾਲਤ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਸਮਾਗਮ ਨੂੰ ਸਫ਼ਲ ਬਣਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਭਗਵੰਤ ਮਾਨ ਨੇ ਕਿਹਾ ਕਿ ਅਸੀਂ ਖ਼ੁਸ਼ਕਿਸਮਤ ਹਾਂ ਕਿ ਉਨ੍ਹਾਂ ਨੂੰ ਇਕ ਵਾਰ ਸੂਬੇ ਵਿੱਚ ਅਜਿਹਾ ਵੱਡ-ਆਕਾਰੀ ਸਮਾਗਮ ਕਰਵਾਉਣ ਦਾ ਮੌਕਾ ਮਿਲਿਆ ਹੈ ਅਤੇ ਅਫ਼ਵਾਹਾਂ ਜ਼ਰੀਏ ਪੰਜਾਬ ਨੂੰ ਬਦਨਾਮ ਕਰਨ ਦੀਆਂ ਕੋਸ਼ਿਸ਼ਾਂ ਕਰਨ ਵਾਲੇ ਕਦੇ ਕਾਮਯਾਬ ਨਹੀਂ ਹੋਣਗੇ।ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਦਾ ਫ਼ਰਜ਼ ਬਣਦਾ ਹੈ ਕਿ ਉਹ ਸੰਮੇਲਨ ਵਿੱਚ ਹਿੱਸਾ ਲੈਣ ਵਾਲੇ ਪਤਵੰਤਿਆਂ ਦੇ ਆਰਾਮਦਾਇਕ ਠਹਿਰਾਅ ਲਈ ਪੁਖ਼ਤਾ ਪ੍ਰਬੰਧ ਕਰੇ। ਉਨ੍ਹਾਂ ਕਿਹਾ ਕਿ ਸੂਬੇ ਵਿੱਚ ਆਰਾਮਦਾਇਕ ਠਹਿਰ ਦਾ ਭਰੋਸਾ ਦੇਣ ਤੋਂ ਇਲਾਵਾ ਮਹਿਮਾਨਾਂ ਨੂੰ ਰਵਾਇਤੀ ਪੰਜਾਬੀ ਪਕਵਾਨ ਪਰੋਸੇ ਜਾਣਗੇ ਅਤੇ ਸ਼ਾਮ ਨੂੰ ਸੱਭਿਆਚਾਰਕ ਸਮਾਗਮਾਂ ਦੌਰਾਨ ਉਨ੍ਹਾਂ ਨੂੰ ਅਮੀਰ ਪੰਜਾਬੀ ਸੱਭਿਆਚਾਰ ਦੀ ਝਲਕ ਵੀ ਦਿਖਾਈ ਜਾਵੇਗੀ। ਭਗਵੰਤ ਮਾਨ ਨੇ ਉਮੀਦ ਜ਼ਾਹਰ ਕੀਤੀ ਕਿ ਪੰਜਾਬ ਸਰਕਾਰ ਸੂਬੇ ਵਿੱਚ ਜੀ-20 ਸੰਮੇਲਨ ਦੇ ਦੋ ਸੈਸ਼ਨਾਂ ਦੀ ਸਫ਼ਲਤਾਪੂਰਵਕ ਮੇਜ਼ਬਾਨੀ ਕਰ ਕੇ ਨਵਾਂ ਮਾਪਦੰਡ ਸਥਾਪਤ ਕਰੇਗੀ।ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਇਹ ਬਹੁਤ ਹੀ ਤਸੱਲੀ ਤੇ ਮਾਣ ਵਾਲੀ ਗੱਲ ਹੈ ਕਿ ਸੂਬੇ ਵਿੱਚ ਜੀ-20 ਦੇ ਦੋ ਸੈਸ਼ਨ ਹੋ ਰਹੇ ਹਨ, ਪਹਿਲਾਂ ਸੈਸ਼ਨ 15, 16 ਅਤੇ 17 ਮਾਰਚ ਨੂੰ ਸਿੱਖਿਆ ਸਬੰਧੀ ਅਤੇ ਦੂਜਾ 19 ਤੇ 20 ਮਾਰਚ ਨੂੰ ਕਿਰਤ ਬਾਰੇ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਸੰਮੇਲਨ ਪੰਜਾਬ ਨੂੰ ਕੌਮਾਂਤਰੀ ਪੱਧਰ ’ਤੇ ਵਪਾਰ ਲਈ ਸਭ ਤੋਂ ਪਸੰਦੀਦਾ ਸਥਾਨ ਵਜੋਂ ਉਭਾਰੇਗਾ ਅਤੇ ਸਰਕਾਰ ਨੂੰ ਨਵੇਂ ਕਾਰੋਬਾਰ ਸਥਾਪਤ ਕਰਨ ਲਈ ਆਪਣੀਆਂ ਪ੍ਰਾਪਤੀਆਂ ਅਤੇ ਸਹੂਲਤਾਂ ਦਿਖਾਉਣ ਲਈ ਮੰਚ ਪ੍ਰਦਾਨ ਕਰੇਗਾ। ਉਨ੍ਹਾਂ ਕਿਹਾ ਕਿ ਇਹ ਸੁਨਹਿਰੀ ਮੌਕਾ ਹੈ, ਜਦੋਂ ਪੰਜਾਬ ਨੂੰ ਬਿਹਤਰੀਨ ਮੌਕਿਆਂ ਦੀ ਧਰਤੀ ਵਜੋਂ ਪੇਸ਼ ਕੀਤਾ ਜਾ ਸਕਦਾ ਹੈ ਅਤੇ ਵੱਧ ਤੋਂ ਵੱਧ ਨਿਵੇਸ਼ ਲਿਆ ਕੇ ਨੌਜਵਾਨਾਂ ਲਈ ਰੋਜ਼ਗਾਰ ਦੇ ਨਵੇਂ ਮੌਕੇ ਪੈਦਾ ਕੀਤੇ ਜਾ ਸਕਦੇ ਹਨ।ਮੁੱਖ ਮੰਤਰੀ ਭਗਵੰਤ ਮਾਨ ਨੇ ਅਧਿਕਾਰੀਆਂ ਨੂੰ ਆਖਿਆ ਕਿ ਇਸ ਵਿਸ਼ਵ ਪੱਧਰੀ ਸਮਾਗਮ ਦੀ ਸਫ਼ਲਤਾ ਲਈ ਵਿਆਪਕ ਪ੍ਰਬੰਧ ਯਕੀਨੀ ਬਣਾਏ ਜਾਣ। ਉਨ੍ਹਾਂ ਕਿਹਾ ਕਿ ਪੰਜਾਬ ਇਹ ਵੱਡ-ਆਕਾਰੀ ਸਮਾਗਮ ਕਰਵਾਉਣ ਲਈ ਪੂਰੀ ਤਰ੍ਹਾਂ ਤਿਆਰ ਹੈ, ਜਿਸ ਨਾਲ ਸੂਬੇ ਨੂੰ ਕੌਮਾਂਤਰੀ ਸੈਰ-ਸਪਾਟੇ ਦੀ ਰਾਹ ’ਤੇ ਹੋਰ ਅੱਗੇ ਲਿਆਂਦਾ ਜਾਵੇਗਾ। ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਇਸ ਸਮਾਗਮ ਵਿੱਚ ਹਰ ਪੰਜਾਬੀ ਨੂੰ ਸ਼ਾਮਲ ਕਰੇਗੀ ਤਾਂ ਜੋ ਸੂਬੇ ਦੀ ਅਮੀਰ ਵਿਰਾਸਤ ਨੂੰ ਆਉਣ ਵਾਲੇ ਮਹਿਮਾਨਾਂ ਨੂੰ ਵਿਖਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਇਹ ਯਕੀਨੀ ਬਣਾਉਣ ਲਈ ਵੀ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇਗੀ ਕਿ ਆਉਣ ਵਾਲੇ ਡੈਲੀਗੇਟਾਂ ਦੀ ਸੂਬੇ ਵਿੱਚ ਠਹਿਰ ਨੂੰ ਯਾਦਗਾਰੀ ਬਣਾਇਆ ਜਾ ਸਕੇ।
ਐਮਪੀ ਮਨੀਸ਼ ਤਿਵਾੜੀ ਨੇ ਸੂਬੇ ਵਿੱਚ ਅਮਨ-ਕਾਨੂੰਨ ਦੀ ਸਥਿਤੀ ’ਤੇ ਪ੍ਰਗਟਾਈ ਚਿੰਤਾ
ਕਿਹਾ, ਨਿੱਤ ਦਿਨ ਵਾਪਰ ਰਹੀਆਂ ਅਪਰਾਧਿਕ ਘਟਨਾਵਾਂ ਕਾਰਨ ਲੋਕਾਂ ਵਿੱਚ ਡਰ ਤੇ ਭੈਅ ਦਾ ਮਾਹੌਲ
ਵੱਖ-ਵੱਖ ਪਿੰਡਾਂ ਦੇ ਵਿਕਾਸ ਲਈ ਗ੍ਰਾਂਟ ਦੇ ਚੈੱਕ ਵੰਡੇ
ਪੰਜਾਬੀ ਖਬਰਸਾਰ ਬਿਉਰੋ
ਖਰੜ, 6 ਮਾਰਚ : ਸ੍ਰੀ ਆਨੰਦਪੁਰ ਸਾਹਿਬ ਤੋਂ ਸੰਸਦ ਮੈਂਬਰ ਅਤੇ ਸਾਬਕਾ ਕੇਂਦਰੀ ਮੰਤਰੀ ਮਨੀਸ਼ ਤਿਵਾੜੀ ਨੇ ਸੂਬੇ ਵਿੱਚ ਵਿਗੜ ਰਹੀ ਅਮਨ ਕਾਨੂੰਨ ਦੀ ਸਥਿਤੀ ’ਤੇ ਡੂੰਘੀ ਚਿੰਤਾ ਦਾ ਪ੍ਰਗਟਾਵਾ ਕੀਤਾ ਹੈ, ਜਿਸ ਕਾਰਨ ਲੋਕਾਂ ਵਿੱਚ ਡਰ ਅਤੇ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। ਸੰਸਦ ਮੈਂਬਰ ਤਿਵਾੜੀ ਅੱਜ ਵਿਧਾਨ ਸਭਾ ਹਲਕਾ ਖਰੜ ਦੇ ਪਿੰਡ ਫਤਿਹਪੁਰ (ਸੇਲਬਾ) ਦਾ ਦੌਰਾ ਕਰਨ ਮੌਕੇ ਇਕ ਪਬਲਿਕ ਮੀਟਿੰਗ ਨੂੰ ਸੰਬੋਧਨ ਕਰ ਰਹੇ ਸਨ। ਜਿੱਥੇ ਉਨ੍ਹਾਂ ਵੱਖ-ਵੱਖ ਪਿੰਡਾਂ ਫਤਿਹਪੁਰ ਟੱਪਰੀਆਂ, ਲੋਬਾਨਗੜ੍ਹ, ਥਾਣਾ ਗੋਬਿੰਦਗੜ੍ਹ ਅਤੇ ਫਤਿਹਪੁਰ (ਸੇਲਬਾ) ਦੇ ਵਸਨੀਕਾਂ ਨੂੰ 3-3 ਲੱਖ ਰੁਪਏ ਦੀ ਗ੍ਰਾਂਟ ਦੇ ਚੈੱਕ ਭੇਟ ਕੀਤੇ। ਇਸ ਮੌਕੇ ਸੰਬੋਧਨ ਕਰਦਿਆਂ, ਐਮ.ਪੀ ਤਿਵਾੜੀ ਨੇ ਕਿਹਾ ਕਿ ਹਲਕਾ ਵਿਧਾਇਕ ਦੇ ਦੌਰੇ ਦੌਰਾਨ ਲੋਕਾਂ ਵਿੱਚ ਅਮਨ ਕਾਨੂੰਨ ਦੀ ਚਿੰਤਾ ਸਾਫ਼ ਨਜ਼ਰ ਆ ਰਹੀ ਹੈ। ਸੂਬੇ ਵਿੱਚ ਨਿੱਤ ਦਿਨ ਅਪਰਾਧਿਕ ਘਟਨਾਵਾਂ ਵਾਪਰ ਰਹੀਆਂ ਹਨ ਅਤੇ ਸ਼ਰੇਆਮ ਲੋਕਾਂ ਨੂੰ ਮਾਰਿਆ ਜਾ ਰਿਹਾ ਹੈ, ਜਿਸ ਕਾਰਨ ਲੋਕਾਂ ਵਿੱਚ ਡਰ ਤੇ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਸੂਬੇ ਵਿੱਚ ਅਮਨ-ਕਾਨੂੰਨ ਬਣਾਈ ਰੱਖਣ ਵਿੱਚ ਪੂਰੀ ਤਰ੍ਹਾਂ ਨਾਕਾਮ ਰਹੀ ਹੈ।ਉਥੇ ਹੀ, ਲੋਕ ਸਭਾ ਹਲਕੇ ਦੇ ਸਰਬਪੱਖੀ ਵਿਕਾਸ ਲਈ ਇੱਕ ਵਾਰ ਫਿਰ ਆਪਣੀ ਵਚਨਬੱਧਤਾ ਦਾ ਪ੍ਰਗਟਾਵਾ ਕਰਦਿਆਂ, ਸੰਸਦ ਮੈਂਬਰ ਤਿਵਾੜੀ ਨੇ ਕਿਹਾ ਕਿ ਇਸ ਲਈ ਫੰਡਾਂ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ।ਇਸ ਮੌਕੇ ਹੋਰਨਾਂ ਤੋਂ ਇਲਾਵਾ, ਹਲਕਾ ਇੰਚਾਰਜ ਵਿਜੇ ਸ਼ਰਮਾ ਟਿੰਕੂ, ਰਣਜੀਤ ਸਿੰਘ ਪਡਿਆਲਾ ਪ੍ਰਧਾਨ ਮੁਹਾਲੀ ਦਿਹਾਤੀ ਕਾਂਗਰਸ, ਬਲਾਕ ਪ੍ਰਧਾਨ ਅਜੀਤ ਸਿੰਘ, ਕੁਸ਼ਲ ਰਾਣਾ, ਰਣਜੀਤ ਨਗਲੀਆਂ, ਰਣਧੀਰ ਸਿੰਘ ਸਾਬਕਾ ਸਰਪੰਚ, ਹਰਨੇਕ ਸਿੰਘ, ਦਲੀਪ ਸਿੰਘ, ਰਾਣਾ ਕਾਂਤ ਕਾਲੀਆ ਕੌਂਸਲਰ, ਬਿੱਲਾ ਰਾਣਾ ਸਰਪੰਚ, ਗੁਰਵਿੰਦਰ ਬਿੱਟੂ ਪਰੋਲ, ਹੰਸ ਰਾਜ ਬੂਥ ਗੜ੍ਹ ਆਦਿ ਹਾਜ਼ਰ ਸਨ।
ਮੁੱਖ ਮੰਤਰੀ ਨੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਮੱਥਾ ਟੇਕਿਆ, ਹੋਲਾ ਮਹੱਲਾ ਸਬੰਧੀ ਸਮਾਗਮਾਂ ’ਚ ਵੀ ਕੀਤੀ ਸ਼ਿਰਕਤ
ਸੂਬੇ ਦੀ ਤਰੱਕੀ, ਖੁਸ਼ਹਾਲੀ ਅਤੇ ਸ਼ਾਂਤੀ ਲਈ ਕੀਤੀ ਅਰਦਾਸ
ਅਧਿਕਾਰੀਆਂ ਨੂੰ ਪਵਿੱਤਰ ਨਗਰੀ ਦੇ ਦਰਸ਼ਨਾਂ ਵਾਸਤੇ ਆਉਣ ਵਾਲੇ ਸ਼ਰਧਾਲੂਆਂ ਲਈ ਪੁਖ਼ਤਾ ਪ੍ਰਬੰਧ ਯਕੀਨੀ ਬਣਾਉਣ ਲਈ ਕਿਹਾ
ਪੰਜਾਬੀ ਖਬਰਸਾਰ ਬਿਉਰੋ
ਸ੍ਰੀ ਅਨੰਦਪੁਰ ਸਾਹਿਬ, 6 ਮਾਰਚ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਹੋਲੇ ਮਹੱਲੇ ਦੇ ਰਵਾਇਤੀ ਤਿਉਹਾਰ ਦੀ ਸ਼ੁਰੂਆਤ ਮੌਕੇ ਕਰਵਾਏ ਸਮਾਗਮਾਂ ਵਿੱਚ ਸ਼ਮੂਲੀਅਤ ਕੀਤੀ।ਮੁੱਖ ਮੰਤਰੀ ਨੇ ਸੂਬੇ ਵਿੱਚ ਅਮਨ-ਸ਼ਾਂਤੀ, ਤਰੱਕੀ ਅਤੇ ਖੁਸ਼ਹਾਲੀ ਲਈ ਪ੍ਰਮਾਤਮਾ ਅੱਗੇ ਅਰਦਾਸ ਕੀਤੀ। ਉਨ੍ਹਾਂ ਨੇ ਇਹ ਵੀ ਕਾਮਨਾ ਕੀਤੀ ਕਿ ਸੂਬੇ ਵਿੱਚ ਭਾਈਚਾਰਕ ਸਾਂਝ ਬਰਕਰਾਰ ਰਹੇ ਅਤੇ ਪੰਜਾਬ ਹਰ ਖੇਤਰ ਵਿੱਚ ਦੇਸ਼ ਦੀ ਅਗਵਾਈ ਕਰੇ।ਭਗਵੰਤ ਮਾਨ ਨੇ ਕਿਹਾ ਕਿ ਇਹ ਤਿਉਹਾਰ ਜੋ ਆਮ ਤੌਰ ’ਤੇ ਪੰਜਾਬੀਆਂ ਅਤੇ ਖਾਸ ਤੌਰ ’ਤੇ ਸਿੱਖ ਕੌਮ ਦੀ ਜੁਝਾਰੂ ਭਾਵਨਾ ਦਾ ਪ੍ਰਤੀਕ ਹੈ, ਦੇ ਸ਼ੁਰੂਆਤੀ ਸਮਾਗਮ ਵਿੱਚ ਸ਼ਾਮਲ ਹੋਣ ਉਤੇ ਉਹ ਆਪਣੇ ਆਪ ਨੂੰ ਭਾਗਾਂ ਵਾਲਾ ਸਮਝਦੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਪਵਿੱਤਰ ਨਗਰੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਮੱਥਾ ਟੇਕਣ ਦਾ ਸੁਭਾਗ ਪ੍ਰਾਪਤ ਹੋਇਆ ਹੈ, ਜਿਸ ਦੀ ਸਥਾਪਨਾ ਨੌਵੇਂ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਸਾਲ 1665 ਵਿੱਚ ਕੀਤੀ ਸੀ, ਜਿਨ੍ਹਾਂ ਨੇ ਮਨੁੱਖੀ ਕਦਰਾਂ-ਕੀਮਤਾਂ ਅਤੇ ਅਧਿਕਾਰਾਂ ਦੀ ਰਾਖੀ ਲਈ ਆਪਣੀ ਜਾਨ ਕੁਰਬਾਨ ਕਰ ਦਿੱਤੀ ਸੀ। ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਇਹ ਪਾਵਨ ਅਸਥਾਨ ਖਾਲਸੇ ਦੀ ਜਨਮ ਭੂਮੀ ਵੀ ਹੈ ਕਿਉਂਕਿ ਸਾਲ 1699 ਵਿਚ ਸਿੱਖਾਂ ਦੇ ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਵਿਸਾਖੀ ਦੇ ਇਤਿਹਾਸਕ ਦਿਹਾੜੇ ’ਤੇ ਇਸ ਪਵਿੱਤਰ ਧਰਤੀ ਉੱਤੇ ਖਾਲਸਾ ਪੰਥ ਦੀ ਨੀਂਹ ਰੱਖੀ ਸੀ। ਭਗਵੰਤ ਮਾਨ ਨੇ ਕਿਹਾ ਕਿ ਇਸ ਪਵਿੱਤਰ ਧਰਤੀ ਨੇ ਹਮੇਸ਼ਾ ਹੀ ਪੰਜਾਬੀਆਂ ਨੂੰ ਜ਼ੁਲਮ ਅਤੇ ਬੇਇਨਸਾਫ਼ੀ ਵਿਰੁੱਧ ਲੜਨ ਲਈ ਪ੍ਰੇਰਿਤ ਕੀਤਾ ਹੈ।ਇਸ ਮੌਕੇ ਅਧਿਕਾਰੀਆਂ ਨਾਲ ਗੱਲਬਾਤ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਸ੍ਰੀ ਅਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ’ਤੇ ਇਸ ਤਿਉਹਾਰ ਮੌਕੇ ਵੱਖ-ਵੱਖ ਵਰਗਾਂ ਦੇ ਲੋਕ ਭਾਰੀ ਗਿਣਤੀ ਵਿੱਚ ਮੱਥਾ ਟੇਕਣ ਵਾਸਤੇ ਆਉਂਦੇ ਹਨ। ਉਨ੍ਹਾਂ ਕਿਹਾ ਕਿ ਹੋਲੇ ਮਹੱਲੇ ਦੌਰਾਨ ਪਵਿੱਤਰ ਨਗਰੀ ਵਿਖੇ ਆਉਣ ਵਾਲੀਆਂ ਸੰਗਤਾਂ ਲਈ ਵਿਸ਼ਵ ਪੱਧਰੀ ਅਤੇ ਪੁਖ਼ਤਾ ਪ੍ਰਬੰਧਾਂ ਨੂੰ ਯਕੀਨੀ ਬਣਾਉਣ ਲਈ ਪੰਜਾਬ ਸਰਕਾਰ ਪੂਰੀ ਤਰ੍ਹਾਂ ਵਚਨਬੱਧ ਹੈ। ਭਗਵੰਤ ਮਾਨ ਨੇ ਕਿਹਾ ਕਿ ਹਰ ਸਾਲ ਸ਼ਰਧਾਲੂ ਇਸ ਰਵਾਇਤੀ ਤਿਉਹਾਰ ਨੂੰ ਏਕਤਾ, ਸਹਿਣਸ਼ੀਲਤਾ, ਭਾਈਚਾਰਕ ਸਾਂਝ ਦੇ ਰੰਗਾਂ ਨਾਲ ਮਨਾਉਂਦੇ ਹਨ।ਮੁੱਖ ਮੰਤਰੀ ਨੇ ਸ਼ਰਧਾਲੂਆਂ ਲਈ ਟ?ਰੈਫਿਕ ਵਿਵਸਥਾ, ਵਾਹਨਾਂ ਦੀ ਪਾਰਕਿੰਗ, ਸੁਰੱਖਿਆ ਪ੍ਰਬੰਧਾਂ, ਰਹਿਣ-ਸਹਿਣ ਅਤੇ ਹੋਰ ਸਹੂਲਤਾਂ ਲਈ ਵਿਸਥਾਰਤ ਪ੍ਰਬੰਧਾਂ ਦੀ ਲੋੜ ’ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਅਧਿਕਾਰੀਆਂ ਨੂੰ ਇਹ ਵੀ ਯਕੀਨੀ ਬਣਾਉਣ ਲਈ ਕਿਹਾ ਕਿ ਇਸ ਪਵਿੱਤਰ ਧਰਤੀ ’ਤੇ ਮੱਥਾ ਟੇਕਣ ਲਈ ਆਉਣ ਵਾਲੀਆਂ ਸੰਗਤਾਂ ਦੀ ਸਹੂਲਤ ਲਈ ਕੋਈ ਕਸਰ ਬਾਕੀ ਨਾ ਛੱਡੀ ਜਾਵੇ।ਭਗਵੰਤ ਮਾਨ ਨੇ ਲੋਕਾਂ ਨੂੰ ਧਰਮ ਨਿਰਪੱਖਤਾ ਅਤੇ ਸਹਿਣਸ਼ੀਲਤਾ ਦੀਆਂ ਭਾਵਨਾਵਾਂ ਨੂੰ ਦਰਸਾਉਣ ਲਈ ਜਾਤ, ਰੰਗ, ਨਸਲ ਅਤੇ ਧਰਮ ਦੇ ਭੇਦਭਾਵ ਤੋਂ ਉੱਪਰ ਉੱਠ ਕੇ ਇਸ ਮਹਾਨ ਸਮਾਗਮ ਨੂੰ ਸਮੂਹਿਕ ਤੌਰ ’ਤੇ ਪੂਰੇ ਉਤਸ਼ਾਹ ਨਾਲ ਮਨਾਉਣ ਦਾ ਸੱਦਾ ਦਿੱਤਾ।
ਵਿਧਾਨ ਸਭਾ ’ਚ ਭ੍ਰਿਸ਼ਟਾਚਾਰ ਦੇ ਮਾਮਲੇ ’ਤੇ ਤਿੱਖੀ ਬਹਿਸ ਦੌਰਾਨ ਮੁੱਖ ਮੰਤਰੀ ਨੇ ਵਿਰੋਧੀਆਂ ਨੂੰ ਲਾਏ ਰਗੜੇ
ਪੰਜਾਬ ਦਾ ਖ਼ਜ਼ਾਨਾ ਲੁੱਟਣ ਵਾਲਾ ਆਪਣਾ ਹੋਵੇ ਜਾਂ ਬੇਗਾਨਾ ਬਖ਼ਸ਼ਿਆ ਨਹੀਂ ਜਾਵੇਗਾ: ਮੁੱਖ ਮੰਤਰੀ
ਪੰਜਾਬੀ ਖਬਰਸਾਰ ਬਿਉਰੋ
ਚੰਡੀਗੜ੍ਹ, 6 ਮਾਰਚ : ਸੂਬੇ ਦਾ ਖ਼ਜ਼ਾਨਾ ਲੁੱਟਣ ਲਈ ਵਿਰੋਧੀ ਧਿਰ ’ਤੇ ਵਰ੍ਹਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੋਮਵਾਰ ਨੂੰ ਕਿਹਾ ਕਿ ਜਨਤਾ ਦਾ ਪੈਸਾ ਲੁੱਟਣ ਵਾਲੇ ਕਿਸੇ ਵੀ ਵਿਅਕਤੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ।ਮੁੱਖ ਮੰਤਰੀ ਨੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਦੀ ਦਾਗੀ ਆਗੂਆਂ ਵਿਰੁੱਧ ਵਿਜੀਲੈਂਸ ਦੀ ਕਾਰਵਾਈ ਦਾ ਵਿਰੋਧ ਕਰਕੇ ਭ੍ਰਿਸ਼ਟਾਚਾਰੀਆਂ ਨੂੰ ਬਚਾਉਣ ਲਈ ਆਲੋਚਨਾ ਕਰਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਨੇ ਭ੍ਰਿਸ਼ਟਾਚਾਰ ਵਿਰੁੱਧ ਕੋਈ ਲਿਹਾਜ਼ ਨਾ ਵਰਤਣ ਦੀ ਨੀਤੀ ਅਪਣਾਈ ਹੈ ਅਤੇ ਭ੍ਰਿਸ਼ਟਾਚਾਰੀਆਂ ਵਿਰੁੱਧ ਮਿਸਾਲੀ ਕਾਰਵਾਈ ਯਕੀਨੀ ਬਣਾਈ ਜਾਵੇਗੀ। ਸੂਬੇ ਨੂੰ ਬੇਰਹਿਮੀ ਨਾਲ ਲੁੱਟਣ ਅਤੇ ਤਬਾਹ ਕਰਨ ਵਾਲੇ ਇਨ੍ਹਾਂ ਗੁਨਾਹਗਾਰਾਂ ਵਿਰੁੱਧ ਕਾਰਵਾਈ ਕਰਨ ਤੋਂ ਉਨ੍ਹਾਂ ਨੂੰ ਕੋਈ ਨਹੀਂ ਰੋਕ ਸਕਦਾ। ਭਗਵੰਤ ਮਾਨ ਨੇ ਕਿਹਾ ਕਿ ਬੜੇ ਅਫ਼ਸੋਸ ਦੀ ਗੱਲ ਹੈ ਕਿ ਕਾਂਗਰਸੀ ਆਗੂ ਉਨ੍ਹਾਂ ਲੋਕਾਂ ਨੂੰ ਸਰਪ੍ਰਸਤੀ ਦੇਣ ਦੀ ਕੋਸ਼ਿਸ਼ ਕਰ ਰਹੇ ਹਨ, ਜਿਨ੍ਹਾਂ ਨੇ ਲੋਕਾਂ ਵੱਲੋਂ ਦਿੱਤੀ ਤਾਕਤ ਦੀ ਦੁਰਵਰਤੋਂ ਕਰ ਕੇ ਸੂਬੇ ਦੀ ਦੌਲਤ ਦੀ ਅੰਨ੍ਹੀ ਲੁੱਟ ਕੀਤੀ ਹੈ।ਮੁੱਖ ਮੰਤਰੀ ਨੇ ਸਪੱਸ਼ਟ ਸ਼ਬਦਾਂ ਵਿੱਚ ਆਖਿਆ ਕਿ ਭ੍ਰਿਸ਼ਟ ਆਗੂ ਭਾਵੇਂ ਉਹ ਸੱਤਾਧਾਰੀ ਧਿਰ ਦੇ ਹੋਣ ਜਾਂ ਵਿਰੋਧੀ ਧਿਰ ਦੇ ਕਿਸੇ ਵੀ ਕੀਮਤ ’ਤੇ ਬਖ਼ਸ਼ੇ ਨਹੀਂ ਜਾਣਗੇ। ਉਨ੍ਹਾਂ ਭ੍ਰਿਸ਼ਟਾਚਾਰ ’ਚ ਡੂੰਘੇ ਧਸੇ ਹੋਣ ਉਤੇ ਕਾਂਗਰਸ ਦੀ ਆਲੋਚਨਾ ਕਰਦਿਆਂ ਕਿਹਾ ਕਿ ਕਾਂਗਰਸੀ ਆਗੂਆਂ ਨੇ ਆਪਣੇ ਅਹੁਦਿਆਂ ਦੀ ਦੁਰਵਰਤੋਂ ਕਰ ਕੇ ਜਨਤਾ ਦੀ ਦੌਲਤ ਲੁੱਟੀ। ਭਗਵੰਤ ਮਾਨ ਨੇ ਸਦਨ ਨੂੰ ਭਰੋਸਾ ਦਿਵਾਇਆ ਕਿ ਉਨ੍ਹਾਂ ਨੂੰ ਭ੍ਰਿਸ਼ਟ ਨੇਤਾਵਾਂ ਵਿਰੁੱਧ ਸਖ਼ਤ ਕਾਰਵਾਈ ਕਰਨ ਤੋਂ ਕੋਈ ਨਹੀਂ ਰੋਕ ਸਕਦਾ।ਕਾਂਗਰਸੀ ਆਗੂਆਂ ’ਤੇ ਤਿੱਖੇ ਹਮਲੇ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਵਿਰੋਧੀ ਬੈਂਚਾਂ ’ਤੇ ਬੈਠੇ ਬਹੁਤੇ ਕਾਂਗਰਸੀ ਆਗੂ ਦਾਗ਼ੀ ਹਨ। ਉਨ੍ਹਾਂ ਬਾਜਵਾ ਨੂੰ ਕਿਹਾ ਕਿ ਭਾਵੇਂ ਇਹ ਆਗੂ ਇਨ੍ਹਾਂ ਸੀਟਾਂ ’ਤੇ ਤੁਹਾਡੇ ਵਿਚਕਾਰ ਬੈਠੇ ਹਨ ਪਰ ਉਨ੍ਹਾਂ ਨੂੰ ਵੀ ਜਲਦੀ ਹੀ ਆਪਣੇ ਗੁਨਾਹਾਂ ਦਾ ਖਮਿਆਜ਼ਾ ਭੁਗਤਣਾ ਪਵੇਗਾ ਕਿਉਂਕਿ ਇਨ੍ਹਾਂ ਵਿਰੁੱਧ ਕਾਰਵਾਈ ਹੋਣੀ ਲਾਜ਼ਮੀ ਹੈ। ਭਗਵੰਤ ਮਾਨ ਨੇ ਕਿਹਾ ਕਿ ਸੂਬੇ ਖ਼?ਲਾਫ਼ ਹੋਏ ਅਪਰਾਧਾਂ ਵਿੱਚ ਕਈ ਕਾਂਗਰਸੀ ਆਗੂਆਂ ਦੇ ਨਾਂ ਸ਼ਾਮਲ ਹਨ ਅਤੇ ਉਨ੍ਹਾਂ ਦੀ ਸਰਕਾਰ ਅਜਿਹੇ ਆਗੂਆਂ ਨੂੰ ਆਪਣੀਆਂ ਨਾਪਾਕ ਹਰਕਤਾਂ ਲਈ ਜਵਾਬਦੇਹ ਬਣਾਏਗੀ।ਮੁੱਖ ਮੰਤਰੀ ਨੇ ਕਿਹਾ ਕਿ ਭਾਵੇਂ ਉਨ੍ਹਾਂ ਦੀ ਸਰਕਾਰ ਦਾ ਫ਼ਰਜ਼ ਬਣਦਾ ਹੈ ਕਿ ਉਹ ਭ੍ਰਿਸ਼ਟ ਆਗੂਆਂ ਖ਼?ਲਾਫ਼ ਸਖ਼ਤ ਕਾਰਵਾਈ ਕਰੇ ਪਰ ਕਾਂਗਰਸ ਨੇ ਹਮੇਸ਼ਾ ਅਜਿਹੇ ਆਗੂਆਂ ਦਾ ਬਚਾਅ ਕੀਤਾ ਹੈ। ਉਨ੍ਹਾਂ ਪ੍ਰਤਾਪ ਸਿੰਘ ਬਾਜਵਾ ਨੂੰ ਚੇਤੇ ਕਰਵਾਇਆ ਕਿ ਉਨ੍ਹਾਂ ਦੀ ਪਾਰਟੀ ਦੇ ਇਕ ਸਾਬਕਾ ਮੁੱਖ ਮੰਤਰੀ ਨੇ ਆਪਣੇ ਕਾਰਜਕਾਲ ਦੌਰਾਨ ਭ੍ਰਿਸ਼ਟ ਮੰਤਰੀਆਂ ਅਤੇ ਵਿਧਾਇਕਾਂ ਦੀ ਸੂਚੀ ਕਾਂਗਰਸ ਹਾਈ ਕਮਾਂਡ ਨੂੰ ਸੌਂਪੀ ਸੀ। ਭਗਵੰਤ ਮਾਨ ਨੇ ਵਿਅੰਗ ਕਸਦਿਆਂ ਕਿਹਾ ਕਿ ਕਾਂਗਰਸ ਹਾਈ ਕਮਾਂਡ ਇਨ੍ਹਾਂ ਭ੍ਰਿਸ਼ਟ ਆਗੂਆਂ ਵਿਰੁੱਧ ਕਾਰਵਾਈ ਕਰਨ ਦੀ ਬਜਾਏ ਪਾਰਟੀ ਨੂੰ ਨਮੋਸ਼ੀ ਤੋਂ ਬਚਾਉਣ ਲਈ ਸੂਚੀ ਦੇ ਮਾਮਲੇ ਵਿੱਚ ਝੁਕ ਗਈ, ਜਿਸ ਨਾਲ ਕਾਂਗਰਸ ਦਾ ਅਸਲੀ ਚਿਹਰਾ ਨੰਗਾ ਹੋ ਗਿਆ ਹੈ।
ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਪਿੰਡ ਯਾਤਰੀ ’ਚ ਮਹਿਲਾ ਇਕਾਈ ਦੀ ਕੀਤੀ ਚੋਣ
ਪੰਜਾਬੀ ਖ਼ਬਰਸਾਰ ਬਿਉਰੋ
ਬਠਿੰਡਾ, 6 ਮਾਰਚ: ਪਿੰਡ ਮਾਇਸਰਖਾਨਾ ਵਿਖੇ ਬੀਕੇਯੂ ਸਿੱਧੂਪੁਰ ਵੱਲੋ ਮਹਿਲਾ ਦਿਵਸ ਮਨਾਉਣ ਸਬੰਧੀ ਅੱਜ ਪਿੰਡ ਯਾਤਰੀ ਵਿਖੇ ਮਹਿਲਾ ਮੀਟਿੰਗ ਪਿੰਡ ਦੇ ਗੁਰੂਦਆਰਾ ਸਹਿਬ ਵਿਖੇ ਹੋਈ। ਮੀਟਿੰਗ ਨੂੰ ਸੰਬੋਧਨ ਕਰਦਿਆ ਅਮਰਜੀਤ ਕੌਰ, ਮੰਡੀ ਕਲਾ,ਅਮਰਜੀਤ ਕੌਰ ਬਠਿੰਡਾ ,ਅਮਰਜੀਤ ਕੌਰ ਮਾਇਸਰਖਾਨਾ ਨੇ ਦੱਸਿਆ ਕਿ ਭਾਵੇ ਉਹ ਖੇਤੀ ਅਤੇ ਘਰੇਲੂ ਕਿੱਤੇ ਨਾਲ ਜੁੜੀਆ ਹੋਈਆਂ ਹਨ ਪਰ ਫੇਰ ਵੀ ਅੱਜ ਜੋ ਸਰਕਾਰਾ ਵੱਲੋ ਕਿਸਾਨੀ ਮਾਰੂ ਨੀਤੀਆ ਲਿਆਕੇ ਸਾਡੇ ਕਿਤੇ ਨੂੰ ਕਾਰਪੋਰੇਟ ਘਰਾਣਿਆ ਦੇ ਹਵਾਲੇ ਕਰਨ ਦੀਆ ਸਾਜਿਸ਼ ਰਚੀਆ ਜਾ ਰਹਿਆ ਹਨ, ਇਸ ਲਈ ਸਾਨੂੰ ਸਾਡੇ ਕਿਤੇ ਨੂੰ ਬਚਾਉਣ ਲਈ ਮਰਦੇ ਦੇ ਮੋਢੇ ਨਾਲ ਮੋਢਾ ਲਾਕੇ ਆਪਣੀ ਪਿੰਡ ਪਿੰਡ ਜਥੇਬੰਦੀ ਦੀ ਇਕਾਈ ਬਣਾਕੇ ਮੈਦਾਨ ਵਿੱਚ ਆਪਣੇ ਹੱਕਾ ਲਈ ਡਟਣਾ ਚਾਹੀਦਾ ਹੈ। ਇਸ ਮੋਕੇ ਪਿੰਡ ਦੀ ਇਕਾਈ ਦੀ ਚੋਣ ਕੀਤੀ ਗਈ ਜਿਸ ਵਿੱਚ ਪਿੰਡ ਪ੍ਰਧਾਨ ਕੁਲਜੀਤ ਕੌਰ, ਜਰਨਲ ਸਕੱਤਰ ਮਨਦੀਪ ਕੌਰ, ਸੀਨੀਅਰ ਮੀਤ ਪ੍ਰਧਾਨ ਮਹਿੰਦਰ ਕੌਰ, ਮੀਤ ਪ੍ਰਧਾਨ ਰਾਜਵਿੰਦਰ ਕੌਰ, ਸਲਾਹਕਾਰ ਪਰਮਜੀਤ ਕੌਰ, ਖਜ਼ਾਨਚੀ ਚਰਨਜੀਤ ਕੌਰ ਪ੍ਰਚਾਰ ਸਕੱਤਰ ਅਮਰਜੀਤ ਕੌਰ, ਤੋ ਇਲਾਵਾ 17 ਮੈਂਬਰੀ ਟੀਮ ਚੁਣੀ ਗਈ, ਸ਼ਾਮਲ ਆਗੂ ਰੇਸ਼ਮ ਸਿੰਘ ਯਾਤਰੀ ,ਅਮਰਜੀਤ ਸਿੰਘ, ਮਨਪ੍ਰੀਤ ਸਿੰਘ, ਤਰਸੇਮ ਸਿੰਘ ਪਰਵਿੰਦਰ ਸਿੰਘ ਗਹਿਰੀ,ਬਿੰਦਰ ਸਿੰਘ ਮੋੜ ਦਰਸ਼ਨ ਸਿੰਘ ਮੋੜ ਗੁਰਦਿੱਤ ਸਿੰਘ ਮਾਇਸਰਖਾਨਾ ਬੂਟਾ ਸਿੰਘ, ਮਹਿਦਰ ਸਿੰਘ, ਹਰਜਿੰਦਰ ਸਿੰਘ, ਮਨਜੀਤ ਸਿੰਘ, ਦਵਿੰਦਰਪਾਲ ਸਿੰਘ, ਗਮਦੂਰ ਸਿੰਘ, ਵਿਰਵੱਲ ਸਿੰਘ, ਰੂਪ ਸਿੰਘ ਮਾਲਵਿੰਦਰ ਸਿੰਘ ਆਦਿ ਆਗੂ ਸਾਮਲ ਸਨ।




