Friday, May 22, 2026
Home Blog Page 2183

ਗੈਗਸਟਰ ਲਾਰੇਂਸ ਬਿਸਨੋਈ ਮੁੜ ਬਠਿੰਡਾ ਪੁਲਿਸ ਦੀ ਹਿਰਾਸਤ ’ਚ

0

ਵਪਾਰੀ ਤੋਂ ਕਰੋੜ ਰੁਪਏ ਦੀ ਫ਼ਿਰੌਤੀ ਮੰਗਣ ਦੇ ਮਾਮਲੇ ਵਿਚ ਪੁਲਿਸ ਕਰੇਗੀ ਪੁਛਗਿਛ
ਕੇਸ ’ਚ ਗੋਲਡੀ ਬਰਾੜ ਵੀ ਹੈ ਨਾਮਜਦ, ਮਨਪ੍ਰੀਤ ਮੰਨਾ ਸਹਿਤ ਕਈ ਗੈਗਸਟਰਾਂ ਨੂੰ ਪੁਲਿਸ ਕਰ ਚੁੱਕੀ ਹੈ ਗ੍ਰਿਫਤਾਰ
ਸੁਖਜਿੰਦਰ ਮਾਨ
ਬਠਿੰਡਾ, 9 ਮਾਰਚ: ਸਿੱਧੂ ਮੂਸੇਵਾਲਾ ਕਤਲ ਕਾਂਡ ਦੇ ਕਥਿਤ ਮੁੱਖ ‘ਪਲੇਨਰ’ ਮੰਨੇ ਜਾਂਦੇ ਚਰਚਿਤ ਗੈਗਸਟਰ ਲਾਰੇਂਸ ਬਿਸਨੋਈ ਹੁਣ ਮੁੜ ਬਠਿੰਡਾ ਪੁਲਿਸ ਦੀ ਹਿਰਾਸਤ ’ਚ ਵਿਚ ਆ ਗਿਆ ਹੈ। ਕੁੱਝ ਹਫ਼ਤੇ ਰਾਜਸਥਾਨ ਪੁਲਿਸ ਦੀ ਹਿਰਾਸਤ ਵਿਚ ਰਹਿਣ ਤੋਂ ਬਾਅਦ ਜੇਪੂੁਰ ਦੀ ਜੇਲ੍ਹ ’ਚ ਬੰਦ ਲਾਰੇਂਸ ਬਿਸਨੋਈ ਨੂੰ ਅੱਜ ਬਠਿੰਡਾ ਪੁਲਿਸ ਨੇ 6 ਮਹੀਨੇ ਪਹਿਲਾਂ ਰਾਮਾ ਮੰਡੀ ਦੇ ਇੱਕ ਵਪਾਰੀ ਤੋਂ ਇੱਕ ਕਰੋੜ ਦੀ ਫਿਰੌਤੀ ਮੰਗਣ ਦੇ ਮਾਮਲੇ ਵਿਚ ਤਲਵੰਡੀ ਸਾਬੋ ਦੀ ਅਦਾਲਤ ਵਿਚ ਪੇਸ਼ ਕੀਤਾ, ਜਿੱਥੇ ਅਦਾਲਤ ਨੇ ਉਸਨੂੰ ਇੱਕ ਦਿਨ ਦੇ ਪੁਲਿਸ ਰਿਮਾਂਡ ’ਤੇ ਪੁਲਿਸ ਨੂੰ ਸੋਂਪ ਦਿੱਤਾ। ਬੀਤੇ ਕੱਲ ਹੀ ਰਾਜਸਥਾਨ ਪੁਲਿਸ ਉਸਨੂੰ ਬਠਿੰਡਾ ਛੱਡ ਕੇ ਗਈ ਸੀ, ਜਿੱਥੇ ਸੀਆਈਏ ਸਟਾਫ਼ ’ਚ ਰੱਖਣ ਤੋਂ ਬਾਅਦ ਉਸਨੂੰ ਬਠਿੰਡਾ ਜੇਲ੍ਹ ਵਿਚ ਬੰਦ ਕਰ ਦਿੱਤਾ ਸੀ। 19 ਸਤੰਬਰ 2022 ਨੂੰ ਥਾਣਾ ਰਾਮਾ ਮੰਡੀ ’ਚ ਦਰਜ਼ ਇਸ ਮੁਕੱਦਮੇ ਵਿਚ ਪੁਲਿਸ ਵਲੋਂ ਕੈਨੇਡਾ ਰਹਿ ਰਹੇ ਗੈਗਸਟਰ ਗੋਲਡੀ ਬਰਾੜ ਸਹਿਤ ਕਈਆਂ ਨੂੰ ਨਾਮਜਦ ਕੀਤਾ ਹੋਇਆ ਹੈ। ਕੇਸ ਵਿਚ ਹੁਣ ਤੱਕ ਇਕੱਲਾ ਗੋਲਡੀ ਬਰਾੜ ਹੀ ਬਾਹਰ ਹੋਣ ਕਾਰਨ ਗ੍ਰਿਫਤਾਰ ਨਹੀਂ ਕੀਤਾ ਜਾ ਸਕਿਆ, ਜਦੋਂਕਿ ਸਿੱਧੂ ਮੂਸੇਵਾਲਾ ਕਾਂਡ ’ਚ ਕਰੋਲਾ ਕਾਰ ਮੁਹੱਈਆ ਕਰਵਾਉਣ ਵਾਲਾ ਗੈਂਗਸਟਰ ਮਨਪ੍ਰੀਤ ਮੰਨਾ ਨੂੰ ਵੀ ਪੁਲਿਸ ਗ੍ਰਿਫਤਾਰ ਕਰਕੇ ਪੁਛਗਿਛ ਕਰ ਚੁੱਕੀ ਹੈ। ਇਸ ਫ਼ਿਰੌਤੀ ਮਾਮਲੇ ਵਿਚ ਵਪਾਰੀ ਅੰਕਿਤ ਗਰਗ ਵਲੋਂ ਪੈਸੇ ਦੇਣ ਤੋਂ ਨਾਹ ਕਰਨ ਤੋਂ ਬਾਅਦ ਗੈਗਸਟਰਾਂ ਨੇ ਉਸਨੂੰ ਡਰਾਉਣ ਲਈ ਉਸਦੇ ਘਰ ਅੱਗੇ ਹਵਾਈ ਫ਼ਾਈਰ ਵੀ ਕੀਤੇ ਸਨ। ਇਸ ਕੇਸ ਵਿਚ ਲਾਰੇਂਸ ਬਿਸਨੋਈ ਨੂੰ ਨਾਮਜਦ ਕਰਨ ਦੇ ਬਾਵਜੂਦ ਹਾਲੇ ਤੱਕ ਉਸਤੋਂ ਪੁਛਗਿਛ ਨਹੀਂ ਕਰ ਸਕੀ ਹੈ। ਜਿਸਦੇ ਚੱਲਦੇ ਰਾਜਸਥਾਨ ਤੋਂ ਵਾਪਸ ਬਠਿੰਡਾ ਜੇਲ੍ਹ ਵਿਚ ਲਿਆਉਣ ਤੋਂ ਬਾਅਦ ਅੱਜ ਉਸਨੂੰ ਸਖਤ ਸੁਰੱਖਿਆ ਹੇਠ ਤਲਵੰਡੀ ਸਾਬੋ ਦੇ ਐਡੀਸ਼ਨਲ ਸਿਵਲ ਜੱਜ ਅਜੇ ਮਿੱਤਲ ਦੀ ਅਦਾਲਤ ‘ਚ ਪੇਸ਼ ਕੀਤਾ ਗਿਆ, ਜਿੱਥੇ ਇੱਕ ਦਿਨ ਦੇ ਪੁਲਿਸ ਰਿਮਾਂਡ ’ਤੇ ਉਸਨੂੰ ਪੁਲਿਸ ਕੋਲ ਪੁਛਗਿਛ ਲਈ ਸੋਂਪਿਆ ਗਿਆ।

ਬਾਬਾ ਫ਼ਰੀਦ ਕਾਲਜ ਆਫ਼ ਐਜੂਕੇਸ਼ਨ, ਬਠਿੰਡਾ ਵਿਖੇ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ

0

ਸੁਖਜਿੰਦਰ ਮਾਨ
ਬਠਿੰਡਾ, 9 ਮਾਰਚ: ਬਾਬਾ ਫ਼ਰੀਦ ਕਾਲਜ ਆਫ਼ ਐਜੂਕੇਸ਼ਨ ਵਿਖੇ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ ਗਿਆ। ਇਸ ਪ੍ਰੋਗਰਾਮ ਵਿੱਚ ਵਿਸ਼ੇਸ਼ ਮਹਿਮਾਨ ਵਜੋਂ ਮੈਡਮ ਹਿਨਾ ਗੁਪਤਾ ਡੀ. ਐਸ .ਪੀ. (ਕ੍ਰਾਈਮ) ਬਠਿੰਡਾ ਨੇ ਸ਼ਿਰਕਤ ਕੀਤੀ। ਬੀ.ਐਫ.ਜੀ.ਆਈ. ਦੇ ਡਿਪਟੀ ਡਾਇਰੈਕਟਰ (ਸਹੂਲਤ ਪ੍ਰਬੰਧਨ) ਹਰਪਾਲ ਸਿੰਘ ਅਤੇ ਬਾਬਾ ਫ਼ਰੀਦ ਕਾਲਜ ਆਫ਼ ਐਜੂਕੇਸ਼ਨ ਦੇ ਪ੍ਰਿੰਸੀਪਲ ਡਾ. ਮੰਗਲ ਸਿੰਘ ਨੇ ਵਿਸ਼ੇਸ਼ ਮਹਿਮਾਨ ਦਾ ਨਿੱਘਾ ਸਵਾਗਤ ਕੀਤਾ। ਇਸ ਪ੍ਰੋਗਰਾਮ ਦਾ ਸੰਚਾਲਨ ਬਾਬਾ ਫ਼ਰੀਦ ਕਾਲਜ ਆਫ਼ ਐਜੂਕੇਸ਼ਨ ਦੇ ਸਹਾਇਕ ਪ੍ਰੋਫੈਸਰ ਹਰਪ੍ਰੀਤ ਕੁਮਾਰ ਦੁਆਰਾ ਕੀਤਾ ਗਿਆ। ਮੈਡਮ ਹਿਨਾ ਗੁਪਤਾ ਨੇ ਬੀ.ਏ.-ਬੀ.ਐਡ. ਅਤੇ ਬੀ.ਐਡ ਦੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਸਮਾਜ ਵਿਚ ਵਧ ਰਹੇ ਸਮਾਜਿਕ ਅਪਰਾਧ ਨੂੰ ਲੈ ਕੇ ਬਣਦੀ ਵਿਅਕਤੀਗਤ ਜ਼ਿੰਮੇਵਾਰੀ ਅਤੇ ਸਮਾਜਿਕ ਚੇਤਨਾ ਬਾਰੇ ਜਾਣਕਾਰੀ ਦਿੱਤੀ। ਔਰਤ ਨੂੰ ਆਪਣੇ ਸਰੀਰਕ ਅਤੇ ਮਾਨਸਿਕ ਦੋਹਾਂ ਤਰ੍ਹਾਂ ਦੀ ਤੰਦਰੁਸਤੀ ਨੂੰ ਯਕੀਨੀ ਬਣਾਉਣਾ ਚਾਹੀਦਾ ਹੈ ਤਾਂ ਜੋ ਉਹ ਸਮਾਜ ਵਿਚ ਵਧ ਰਹੇ ਸਮਾਜਿਕ ਅਪਰਾਧਾਂ ਦਾ ਸਰੀਰਕ ਮੁਕਾਬਲਾ ਕਰ ਸਕੇ ਅਤੇ ਸਮਾਜ ਵਿੱਚ ਔਰਤ ਵਿਰੋਧੀ ਮਾਨਸਿਕਤਾ ਦਾ ਮੁਕਾਬਲਾ ਆਪਣੇ ਬੌਧਿਕ ਤਰਕ ਨਾਲ ਜਵਾਬ ਦੇ ਕੇ ਕਰ ਸਕੇ। ਅੰਤ ਵਿੱਚ ਬੀ.ਐਫ.ਜੀ.ਆਈ. ਦੇ ਡਿਪਟੀ ਡਾਇਰੈਕਟਰ (ਐਕਟੀਵਿਟੀਜ਼ ) ਸ੍ਰੀ ਬੀ. ਡੀ. ਸ਼ਰਮਾ ਨੇ ਆਏ ਹੋਏ ਵਿਸ਼ੇਸ਼ ਮਹਿਮਾਨ ਦਾ ਧੰਨਵਾਦ ਕੀਤਾ । ਬੀ.ਐਫ.ਜੀ.ਆਈ. ਦੇ ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ ਨੇ ਬਾਬਾ ਫ਼ਰੀਦ ਕਾਲਜ ਆਫ਼ ਐਜੂਕੇਸ਼ਨ ਦੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ।

ਪੈਂਡਿੰਗ ਕੇਸਾਂ ਦਾ ਪਹਿਲ ਦੇ ਆਧਾਰ ਤੇ ਕੀਤਾ ਜਾਵੇ ਨਿਪਟਾਰਾ : ਡਿਪਟੀ ਕਮਿਸ਼ਨਰ

0

ਸੁਖਜਿੰਦਰ ਮਾਨ
ਬਠਿੰਡਾ, 9 ਮਾਰਚ : ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਵਲੋਂ ਅੱਜ ਸਥਾਨਕ ਜ਼ਿਲ੍ਹਾ ਪਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਚ ਮਾਲ ਵਿਭਾਗ ਦੇ ਅਧਿਕਾਰੀਆਂ ਨਾਲ ਮਹੀਨਾਵਾਰ ਸਮੀਖਿਆ ਬੈਠਕ ਕੀਤੀ ਗਈ। ਇਸ ਮੌਕੇ ਉਨ੍ਹਾਂ ਸਬੰਧਤ ਅਧਿਕਾਰੀਆਂ ਕੋਲੋਂ ਮਹੀਨੇ ਦੌਰਾਨ ਕੀਤੇ ਗਏ ਕਾਰਜਾਂ ਸਬੰਧੀ ਜਾਣਕਾਰੀ ਹਾਸਲ ਕਰਦਿਆਂ ਉਨ੍ਹਾਂ ਨੂੰ ਲੋੜੀਂਦੇ ਦਿਸ਼ਾ-ਨਿਰਦੇਸ਼ ਵੀ ਦਿੱਤੇ। ਉਨ੍ਹਾਂ ਅਧਿਕਾਰੀਆਂ ਨੂੰ ਇਹ ਵੀ ਕਿਹਾ ਕਿ ਤਹਿ ਸਮੇਂ ਅਨੁਸਾਰ ਹੀ ਪੈਂਡਿੰਗ ਕਾਰਜਾਂ ਨੂੰ ਮੁਕੰਮਲ ਕੀਤਾ ਜਾਵੇ ਅਤੇ ਬਕਾਇਆ ਕੇਸਾਂ ਨੂੰ ਪਹਿਲ ਦੇ ਆਧਾਰ ਤੇ ਨਿਪਟਾਇਆ ਜਾਵੇ। ਇਸ ਉਪਰੰਤ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਮੈਡਮ ਪੱਲਵੀ ਚੌਧਰੀ ਨੇ ਹੋਰ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮਹੀਨਾਵਾਰ ਸਮੀਖਿਆ ਬੈਠਕ ਕੀਤੀ ਗਈ। ਇਸ ਦੌਰਾਨ ਉਨ੍ਹਾਂ ਜ਼ਿਲ੍ਹਾ ਸਿਹਤ ਸੋਸਾਇਟੀ ਸਬੰਧੀ ਕੀਤੇ ਗਏ ਕਾਰਜਾਂ ਦਾ ਰੀਵਿਊ ਕਰਦਿਆਂ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਲੋੜੀਂਦੇ ਆਦੇਸ਼ ਦਿੱਤੇ। ਉਨ੍ਹਾਂ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਦਿੰਦਿਆਂ ਕਿਹਾ ਕਿ ਸਿਹਤ ਵਿਭਾਗ ਵੱਲੋਂ ਚਲਾਏ ਜਾ ਰਹੇ ਵੱਖ-ਵੱਖ ਤਰ੍ਹਾਂ ਦੇ ਪ੍ਰੋਗਰਾਮਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨਾ ਯਕੀਨੀ ਬਣਾਉਣ। ਉਨ੍ਹਾਂ ਕਿਹਾ ਕਿ ਇਨ੍ਹਾਂ ਦਾ ਲਾਭ ਜ਼ਮੀਨੀ ਪੱਧਰ ਤੇ ਪਹੁੰਚਾਇਆ ਜਾਵੇ ਤਾਂ ਜੋ ਯੋਗ ਲਾਭਪਾਤਰੀ ਨੂੰ ਵੱਧ ਤੋਂ ਵੱਧ ਲਾਭ ਮਿਲ ਸਕੇ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਨੇ ਕੋਵਿਡ ਟੀਕਾਕਰਨ, ਆਯੂਸ਼ਮਾਨ ਭਾਰਤ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ, ਆਰ.ਬੀ.ਐਸ.ਕੇ., ਟੀਕਾਕਰਨ, ਪਰਿਵਾਰ ਨਿਯੋਜਨ, ਨੈਸ਼ਨਲ ਟੀ.ਬੀ. ਪ੍ਰੋਗਰਾਮ, ਆਮ ਆਦਮੀ ਕਲੀਨਿਕਾਂ, ਤੰਬਾਕੂ ਐਕਟ, ਫੂਡ ਪ੍ਰੋਗਰਾਮਾਂ, ਡੇਂਗੂ, ਸਵਾਇਨ ਫਲੂ ਅਤੇ ਮਲੇਰੀਆ ਆਦਿ ਪ੍ਰੋਗਰਾਮਾਂ ਦੀ ਸਮੀਖਿਆ ਕੀਤੀ। ਇਸ ਮੌਕੇ ਏਡੀਸੀ ਡਾ. ਆਰਪੀ ਸਿੰਘ, ਐਸਡੀਐਮ ਬਠਿੰਡਾ ਵਰਿੰਦਰ ਸਿੰਘ, ਐਸਡੀਐਮ ਤਲਵੰਡੀ ਸਾਬੋ ਗਗਨਦੀਪ ਸਿੰਘ, ਐਸਡੀਐਮ ਮੌੜ ਓਮ ਪ੍ਰਕਾਸ਼, ਸਹਾਇਕ ਸਿਵਲ ਸਰਜਨ ਡਾ. ਅਨੁਪਮਾ, ਜ਼ਿਲ੍ਹਾ ਸਿਹਤ ਅਫ਼ਸਰ ਡਾ. ਊਸ਼ਾ ਗੋਇਲ, ਡਿਪਟੀ ਮੈਡੀਕਲ ਕਮਿਸ਼ਨਰ ਡਾ. ਰਮਨ ਸਿੰਗਲਾ, ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਐਸਐਸ ਗਿੱਲ, ਨੋਡਲ ਅਫ਼ਸਰ ਨਸ਼ਾ ਛੁਡਾਊ ਕੇਂਦਰ ਡਾ. ਅਰੁਣ ਬਾਂਸਲ, ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਮਿਨਾਕਸ਼ੀ ਸਿੰਗਲਾ, ਜ਼ਿਲ੍ਹਾ ਮਲੇਰੀਆ ਅਫ਼ਸਰ ਡਾ. ਮਿਯੰਕ, ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸ਼ਿਵਪਾਲ, ਜ਼ਿਲ੍ਹਾ ਸਿੱਖਿਆ ਅਫ਼ਸਰ ਪ੍ਰਾਇਮਰੀ ਮੇਵਾ ਸਿੰਘ ਅਤੇ ਸਮੂਹ ਐਸਐਮਓ ਤੋਂ ਇਲਾਵਾ ਸਿਹਤ ਵਿਭਾਗ ਨਾਲ ਸਬੰਧਤ ਅਧਿਕਾਰੀ ਆਦਿ ਹਾਜ਼ਰ ਸਨ।

ਕਾਨੂੰਨ-ਵਿਵਸਥਾ ਦੇ ਮੁੱਦੇ ਉਤੇ ਪੰਜਾਬ ਨੂੰ ਬਦਨਾਮ ਕਰਨ ਦੀ ਥਾਂ ਪਹਿਲਾਂ ਆਪਣੇ ਸ਼ਾਸਨ ਵਾਲੇ ਸੂਬਿਆਂ ਵੱਲ ਨਜ਼ਰ ਮਾਰੋ, ਮੁੱਖ ਮੰਤਰੀ ਦੀ ਕਾਂਗਰਸ ਤੇ ਭਾਜਪਾ ਆਗੂਆਂ ਨੂੰ ਵੰਗਾਰ

0

ਕੇਂਦਰ ਸਰਕਾਰ ਆਪਣੀਆਂ ਏਜੰਸੀਆਂ ਦੀ ਵਰਤੋਂ ਕਰ ਕੇ ਸਾਨੂੰ ਆਪਣੇ ਰਾਹ ਤੋਂ ਭਟਕਾ ਨਹੀਂ ਸਕਦੀ
ਪੰਜਾਬੀ ਖਬਰਸਾਰ ਬਿਉਰੋ
ਚੰਡੀਗੜ੍ਹ, 7 ਮਾਰਚ:ਸੂਬੇ ਦੀ ਕਾਨੂੰਨ-ਵਿਵਸਥਾ ਬਾਰੇ ਕਾਂਗਰਸ ਤੇ ਭਾਜਪਾ ਆਗੂਆਂ ਦੇ ਗੁਮਰਾਹਕੁਨ ਬਿਆਨਾਂ ਦੀ ਤਿੱਖੀ ਆਲੋਚਨਾ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਖਿਆ ਕਿ ਕਾਂਗਰਸ ਤੇ ਭਾਜਪਾ ਦੇ ਸ਼ਾਸਨ ਵਾਲੇ ਕਈ ਸੂਬਿਆਂ ਨਾਲ ਤੁਲਨਾ ਕਰਨ ਉਤੇ ਪੰਜਾਬ ਦੀ ਸਥਿਤੀ ਕਿਤੇ ਬਿਹਤਰ ਹੈ।ਇੱਥੇ ਪੰਜਾਬ ਵਿਧਾਨ ਸਭਾ ਵਿੱਚ ਰਾਜਪਾਲ ਦੇ ਭਾਸ਼ਣ `ਤੇ ਬਹਿਸ ਨੂੰ ਸਮੇਟਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਸ ਮੁੱਦੇ ਉਤੇ ਲੋਕਾਂ ਨੂੰ ਗੁਮਰਾਹ ਕਰਨ ਦੀ ਥਾਂ ਕਾਂਗਰਸ ਤੇ ਭਾਜਪਾ ਆਗੂਆਂ ਨੂੰ ਆਪਣੀਆਂ ਸਰਕਾਰਾਂ ਵਾਲੇ ਸੂਬਿਆਂ ਦੇ ਤੱਥਾਂ ਬਾਰੇ ਪਤਾ ਹੋਣਾ ਚਾਹੀਦਾ ਹੈ ਕਿ ਉਹ ਕਾਨੂੰਨ-ਵਿਵਸਥਾ ਦੇ ਮੁੱਦੇ ਉਤੇ ਪੰਜਾਬ ਤੋਂ ਕਿਤੇ ਥੱਲੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸੂਬੇ ਵਿੱਚ ਕਾਨੂੰਨ-ਵਿਵਸਥਾ ਨੂੰ ਬਰਕਰਾਰ ਰੱਖੇਗੀ ਅਤੇ ਕਿਸੇ ਨੂੰ ਵੀ ਇਸ ਨਾਲ ਛੇੜਛਾੜ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਭਗਵੰਤ ਮਾਨ ਨੇ ਉਮੀਦ ਜਤਾਈ ਕਿ ਸੂਬਾ ਸਰਕਾਰ ਦੀਆਂ ਕੋਸ਼ਿਸ਼ਾਂ ਨਾਲ ਪੰਜਾਬ ਆਉਣ ਵਾਲੇ ਛੇ ਮਹੀਨਿਆਂ ਦੌਰਾਨ ਹਰੇਕ ਖੇਤਰ ਵਿੱਚ ਆਪਣੀ ਵੱਖਰੀ ਪਛਾਣ ਸਥਾਪਤ ਕਰੇਗਾ।ਰਵਾਇਤੀ ਸਿਆਸੀ ਪਾਰਟੀਆਂ ਦੇ ਲੋਕ-ਵਿਰੋਧੀ ਸਟੈਂਡ ਬਾਰੇ ਚੇਤੇ ਕਰਵਾਉਂਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਨ੍ਹਾਂ ਪਾਰਟੀਆਂ ਦੇ ਆਗੂ ਗੱਦਾਰ ਹਨ, ਜਿਹੜੇ ਕਦੇ ਵੀ ਪੰਜਾਬ ਤੇ ਇਸ ਦੇ ਲੋਕਾਂ ਦੇ ਵਫ਼ਾਦਾਰ ਨਹੀਂ ਰਹੇ। ਉਨ੍ਹਾਂ ਲੋਕਾਂ ਨੂੰ ਯਾਦ ਦਿਵਾਇਆ ਕਿ ਜਿਨ੍ਹਾਂ ਲੋਕਾਂ ਨੇ ਐਸ.ਵਾਈ.ਐਲ. ਸਮਝੌਤੇ ਤੇ ਦਸਤਖ਼ਤ ਕੀਤੇ ਸਨ, ਉਨ੍ਹਾਂ ਦੇ ਹਰਿਆਣਾ ਵਿੱਚ ਵੱਡੇ ਰਿਜ਼ੋਰਟ ਹਨ, ਜਦੋਂ ਕਿ ਚਾਂਦੀ ਦੀ ਕਹੀ ਨਾਲ ਟੱਕ ਲਾਉਣ ਵਾਲੇ ਅੱਜ ਖ਼ੁਦ ਨੂੰ `ਪਾਣੀਆਂ ਦੇ ਰਾਖੇ’ ਅਖਵਾਉਂਦੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਲੋਕਾਂ ਨੇ ਆਪਣੇ ਸੌੜੇ ਸਿਆਸੀ ਹਿੱਤਾਂ ਖ਼ਾਤਰ ਸੂਬੇ ਦੇ ਹਿੱਤਾਂ ਨੂੰ ਅਣਗੌਲਿਆ ਕੀਤਾ ਹੈ। ਭਗਵੰਤ ਮਾਨ ਨੇ ਕਿਹਾ ਕਿ ਇਸੇ ਕਾਰਨ ਹੀ ਉਨ੍ਹਾਂ ਨੂੰ ਸੂਬੇ ਦੇ ਲੋਕਾਂ ਨੇ ਪੂਰੀ ਤਰ੍ਹਾਂ ਨਕਾਰ ਦਿੱਤਾ ਹੈ।ਮੁੱਖ ਮੰਤਰੀ ਨੇ ਸਪੱਸ਼ਟ ਕੀਤਾ ਕਿ ਉਹ ਲੋਕਾਂ ਦੀ ਭਲਾਈ ਲਈ ਕੁਝ ਵੀ ਕਰ ਸਕਦੇ ਹਨ ਅਤੇ ਕੋਈ ਵੀ ਅੜਿੱਕਾ ਉਨ੍ਹਾਂ ਨੂੰ ਇਸ ਨੇਕ ਕਾਰਜ ਨੂੰ ਨੇਪਰੇ ਚੜ੍ਹਾਉਣ ਤੋਂ ਨਹੀਂ ਰੋਕ ਸਕਦਾ। ਉਨਾਂ ਕਿਹਾ ਕਿ ਉਹ ਕੇਂਦਰ ਸਰਕਾਰ ਦੀ ਸੀ.ਬੀ.ਆਈ. ਅਤੇ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਦੇ ਡਰਾਵਿਆਂ ਤੋਂ ਡਰਨ ਵਾਲੇ ਨਹੀਂ ਹਨ ਅਤੇ ਨਿਰਭੈ ਹੋ ਕੇ ਲੋਕਾਂ ਦੀ ਸੇਵਾ ਕਰਦੇ ਰਹਿਣਗੇ। ਭਗਵੰਤ ਮਾਨ ਨੇ ਕਿਹਾ ਕਿ ਕਿਸੇ ਵੀ ਸੂਰਤ ਵਿੱਚ ਲੋਕਤੰਤਰ ਦੀ ਆਵਾਜ਼ ਨੂੰ ਦਬਾਉਣ ਲਈ ਕੇਂਦਰੀ ਏਜੰਸੀਆਂ ਦੀ ਦੁਰਵਰਤੋਂ ਸਫ਼ਲ ਨਹੀਂ ਹੋਣ ਦਿੱਤੀ ਜਾਵੇਗੀ।ਵਿਰੋਧੀ ਧਿਰ ਨੂੰ ਕਰੜੇ ਹੱਥੀਂ ਲੈਂਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਜਿਨ੍ਹਾਂ ਨੇ ਆਜ਼ਾਦੀ ਤੋਂ ਪਹਿਲਾਂ ਦੇ ਦੌਰ ਵਿੱਚ ਅੰਗਰੇਜ਼ਾਂ ਨਾਲ ਮਿਲੀਭੁਗਤ ਕਰ ਕੇ ਸੂਬੇ ਦੇ ਬੇਕਸੂਰ ਲੋਕਾਂ ਨੂੰ ਗੋਲੀਆਂ ਨਾਲ ਮਾਰਿਆ ਅਤੇ ਫਿਰ ਆਜ਼ਾਦੀ ਤੋਂ ਬਾਅਦ ਦੇ ਦੌਰ ਵਿੱਚ ਨੌਜਵਾਨਾਂ ਨੂੰ ਨਸ਼ੇ ਦੀਆਂ ਗੋਲੀਆਂ ਨਾਲ ਬਰਬਾਦ ਕੀਤਾ, ਉਹ ਹੁਣ ਉਨ੍ਹਾਂ `ਤੇ ਸਵਾਲ ਖੜ੍ਹੇ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਲੋਕਾਂ ਨੂੰ ਸਵਾਲ ਕਰਨ ਦਾ ਕੋਈ ਨੈਤਿਕ ਹੱਕ ਨਹੀਂ ਕਿਉਂਕਿ ਇਹ ਪੰਜਾਬ ਦੇ ਦੋਖੀ ਹਨ। ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਦੇ ਲੋਕ ਇਨ੍ਹਾਂ ਗੱਦਾਰਾਂ ਨੂੰ ਉਨ੍ਹਾਂ ਦੇ ਪੰਜਾਬ ਵਿਰੋਧੀ ਪੈਂਤੜਿਆਂ ਲਈ ਕਦੇ ਮੁਆਫ਼ ਨਹੀਂ ਕਰਨਗੇ।ਮੁੱਖ ਮੰਤਰੀ ਨੇ ਵਿਅੰਗ ਕਸਦਿਆਂ ਆਖਿਆ ਕਿ ਇਹ ਲੋਕ ਸੂਬੇ ਅਤੇ ਇਸ ਦੇ ਲੋਕਾਂ ਪ੍ਰਤੀ ਕਦੇ ਵੀ ਸੁਹਿਰਦ ਨਹੀਂ ਰਹੇ ਕਿਉਂਕਿ ਇਨ੍ਹਾਂ ਨੇ ਆਪਣੇ ਹਿੱਤਾਂ ਨੂੰ ਸਭ ਤੋਂ ਵੱਧ ਤਰਜੀਹ ਦਿੱਤੀ ਹੈ। ਉਨ੍ਹਾਂ ਲੋਕਾਂ ਨੂੰ ਯਾਦ ਦਿਵਾਇਆ ਕਿ ਜਦੋਂ ਕੇਂਦਰ ਸਰਕਾਰ ਨੇ ਕਾਲੇ ਖੇਤੀ ਕਾਨੂੰਨ ਬਣਾਏ ਸਨ ਤਾਂ ਇਸ ਪਰਿਵਾਰ ਨੇ ਇਨ੍ਹਾਂ ਕਾਨੂੰਨਾਂ ਲਈ ਆਪਣੀ ਸਹਿਮਤੀ ਦਿੱਤੀ ਸੀ ਅਤੇ ਇਸ ਪਰਿਵਾਰ ਅਤੇ ਇਸ ਦੀ ਕੇਂਦਰੀ ਮੰਤਰੀ ਇਕ ਮੈਂਬਰ ਨੇ ਵੀਡੀਓ ਸੰਦੇਸ਼ ਰਾਹੀਂ ਇਨ੍ਹਾਂ ਕਾਨੂੰਨਾਂ ਦੀ ਤਾਰੀਫ਼ ਵੀ ਕੀਤੀ ਸੀ। ਭਗਵੰਤ ਮਾਨ ਨੇ ਕਿਹਾ ਕਿ ਜਦੋਂ ਪੂਰਾ ਪੰਜਾਬ ਇਨ੍ਹਾਂ ਕਾਲੇ ਕਾਨੂੰਨਾਂ ਖ਼ਿਲਾਫ਼ ਹੋ ਗਿਆ ਤਾਂ ਇਸ ਪਰਿਵਾਰ ਨੇ ਲੋਕਾਂ ਨੂੰ ਮੂਰਖ ਬਣਾਉਣ ਲਈ ਆਪਣਾ ਪੈਂਤੜਾ ਬਦਲ ਲਿਆ।ਮੁੱਖ ਮੰਤਰੀ ਨੇ ਕਿਹਾ ਕਿ ਰਵਾਇਤੀ ਸਿਆਸੀ ਪਾਰਟੀਆਂ ਉਨ੍ਹਾਂ ਨਾਲ ਈਰਖਾ ਕਰਦੀਆਂ ਹਨ ਕਿਉਂਕਿ ਉਨ੍ਹਾਂ ਨੂੰ ਇਹ ਹਜ਼ਮ ਨਹੀਂ ਹੋ ਰਿਹਾ ਕਿ ਇਕ ਆਮ ਘਰ ਦਾ ਪੁੱਤ ਸੂਬੇ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਚਲਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸੂਬੇ ਦੇ ਲੋਕਾਂ ਨੇ ਰਵਾਇਤੀ ਸਿਆਸੀ ਪਾਰਟੀਆਂ ਦੇ ਲੋਕ ਵਿਰੋਧੀ ਅਤੇ ਪੰਜਾਬ ਵਿਰੋਧੀ ਪੈਂਤੜੇ ਕਾਰਨ ਉਨ੍ਹਾਂ ਦਾ ਸਫਾਇਆ ਕਰ ਦਿੱਤਾ ਹੈ। ਭਗਵੰਤ ਮਾਨ ਨੇ ਕਿਹਾ ਕਿ ਇਨ੍ਹਾਂ ਪਾਰਟੀਆਂ ਦੇ ਆਗੂ ਹੁਣ ਲੋਕਾਂ ਨੂੰ ਗੁਮਰਾਹ ਕਰਨ ਲਈ ਇਕ ਦੂਜੇ ਨਾਲ ਗੰਢ-ਤੁੱਪ ਕਰ ਰਹੇ ਹਨ।

ਮੇਰੇ ਖ਼ੂਨ ਦਾ ਹਰ ਕਤਰਾ ਸੂਬੇ ਦੀ ਤਰੱਕੀ, ਖ਼ੁਸ਼ਹਾਲੀ ਅਤੇ ਸ਼ਾਂਤੀ ਲਈ ਸਮਰਪਿਤ: ਭਗਵੰਤ ਮਾਨ

0

ਕਿਹਾ, ਰਾਜਪਾਲ ਦਾ ਇਹ ਭਾਸ਼ਣ ਆਉਣ ਵਾਲੇ ਸਮੇਂ ਵਿੱਚ ਸੂਬੇ ‘ਚ ਵੱਡੀ ਪੱਧਰ ‘ਤੇ ਹੋਣ ਵਾਲੇ ਵਿਕਾਸ ਦਾ ਮਹਿਜ਼ ਇੱਕ ਝਲਕਾਰਾ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 7 ਮਾਰਚ:ਸੂਬੇ ਦੀ ਪੁਰਾਤਨ ਸ਼ਾਨ ਬਹਾਲੀ ਲਈ ਆਪਣੀ ਸਰਕਾਰ ਦੀ ਦ੍ਰਿੜ੍ਹ ਵਚਨਬੱਧਤਾ ਦੁਹਰਾਉਂਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਕਿਹਾ ਕਿ ਉਨ੍ਹਾਂ ਦੇ ਖ਼ੂਨ ਦਾ ਹਰ ਕਤਰਾ ਸੂਬੇ ਦੀ ਤਰੱਕੀ, ਖ਼ੁਸ਼ਹਾਲੀ ਅਤੇ ਸ਼ਾਂਤੀ ਲਈ ਸਮਰਪਿਤ ਹੈ।ਇੱਥੇ ਪੰਜਾਬ ਵਿਧਾਨ ਸਭਾ ਵਿੱਚ ਰਾਜਪਾਲ ਦੇ ਭਾਸ਼ਣ ‘ਤੇ ਬਹਿਸ ਨੂੰ ਸਮੇਟਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪਿਛਲੇ 75 ਸਾਲਾਂ ਵਿੱਚ ਪਹਿਲੀ ਵਾਰ ਸੂਬੇ ਦੀ ਸੱਤਾ ਉਨ੍ਹਾਂ ਲੋਕ ਆਗੂਆਂ ਨੂੰ ਸੌਂਪੀ ਗਈ ਹੈ, ਜੋ ਲੋਕਾਂ ਦੀ ਭਲਾਈ ਲਈ ਵਚਨਬੱਧ ਹਨ। ਉਨ੍ਹਾਂ ਅਫ਼ਸੋਸ ਪ੍ਰਗਟਾਇਆ ਕਿ ਪਹਿਲਾਂ ਇਹ ਵਾਗਡੋਰ ਅਜਿਹੇ ਲੋਕਾਂ ਦੇ ਹੱਥਾਂ ਵਿੱਚ ਸੀ, ਜੋ ਸੂਬੇ ਨੂੰ ਲੁੱਟਣ ਵਿੱਚ ਅੰਗਰੇਜ਼ਾਂ ਤੋਂ ਵੀ ਅੱਗੇ ਨਿਕਲ ਗਏ। ਭਗਵੰਤ ਮਾਨ ਨੇ ਕਿਹਾ ਕਿ ਸਾਡੀ ਸਰਕਾਰ ਹਰ ਪੰਜਾਬੀ ਅਤੇ ਸੂਬੇ ਦੇ ਸਾਰੇ ਨਾਗਰਿਕਾਂ ਦੀ ਸਰਕਾਰ ਹੈ ਅਤੇ ਸੂਬੇ ਦੀ ਭਲਾਈ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ।ਮੁੱਖ ਮੰਤਰੀ ਨੇ ਕਿਹਾ ਕਿ ਰਾਜਪਾਲ ਦਾ ਇਸ ਸਾਲ ਦਾ ਭਾਸ਼ਣ ਆਉਣ ਵਾਲੇ ਸਮੇਂ ਵਿੱਚ ਸੂਬੇ ਵਿੱਚ ਹੋਣ ਵਾਲੇ ਵੱਡੇ ਵਿਕਾਸ ਦਾ ਮਹਿਜ਼ ਇੱਕ ਝਲਕਾਰਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਹਰ ਖੇਤਰ ਵਿੱਚ ਸਰਬਪੱਖੀ ਤਰੱਕੀ ਤੇ ਖ਼ੁਸ਼ਹਾਲ ਦਾ ਗਵਾਹ ਬਣ ਰਿਹਾ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਇਹ ਜਾਰੀ ਰਹੇਗੀ। ਭਗਵੰਤ ਮਾਨ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਪੰਜਾਬ ਨੂੰ ਹਰ ਖੇਤਰ ਵਿੱਚ ਮੋਹਰੀ ਸੂਬਾ ਬਣਾਉਣ ਲਈ ਪੂਰੇ ਜੋਸ਼ੋ-ਖ਼ਰੋਸ਼ ਨਾਲ ਕੰਮ ਕਰ ਰਹੀ ਹੈ।ਆਪਣੀ ਸਰਕਾਰ ਦੀਆਂ ਲੋਕ ਪੱਖੀ ਪਹਿਲਕਦਮੀਆਂ ਦਾ ਜ਼ਿਕਰ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਵਿੱਚ ਬਿਜਲੀ ਦੇ ਲੰਮੇ ਕੱਟ ਲੱਗਣੇ ਪੁਰਾਣੇ ਸਮੇਂ ਦੀ ਗੱਲ ਹੋ ਗਈ ਹੈ ਕਿਉਂਕਿ ਪੰਜਾਬ ਹੁਣ ਬਿਜਲੀ ਸਰਪਲੱਸ ਸੂਬਾ ਬਣ ਗਿਆ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਦੇ ਯਤਨਾਂ ਸਦਕਾ ਸੂਬੇ ਵਿੱਚ ਬਿਜਲੀ ਉਤਪਾਦਨ ਵਿੱਚ 83 ਫ਼ੀਸਦ ਵਾਧਾ ਹੋਇਆ ਹੈ। ਭਗਵੰਤ ਮਾਨ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਵੱਲੋਂ ਕੀਤੇ ਗਏ ਅਣਥੱਕ ਯਤਨਾਂ ਸਦਕਾ ਪਛਵਾੜਾ ਕੋਲਾ ਖਾਣ ਤੋਂ ਬਿਜਲੀ ਉਤਪਾਦਨ ਲਈ ਕੋਲੇ ਦੀ ਸਪਲਾਈ ਲੰਬੇ ਸਮੇਂ ਬਾਅਦ ਮੁੜ ਸ਼਼ੁਰੂ ਹੋਈ ਹੈ।ਮੁੱਖ ਮੰਤਰੀ ਭਗਵੰਤ ਮਾਨ ਨੇ ਅੱਗੇ ਕਿਹਾ ਕਿ ਸੂਬਾ ਸਰਕਾਰ ਨੇ 1 ਜੁਲਾਈ ਤੋਂ ਪ੍ਰਤੀ ਮਹੀਨਾ 300 ਯੂਨਿਟ ਮੁਫ਼ਤ ਬਿਜਲੀ ਦੇਣ ਦੀ ਗਰੰਟੀ ਪੂਰੀ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਇਹ ਬੜੇ ਮਾਣ ਅਤੇ ਤਸੱਲੀ ਵਾਲੀ ਗੱਲ ਹੈ ਕਿ ਨਵੰਬਰ-ਦਸੰਬਰ, 2022 ਦੇ ਮਹੀਨਿਆਂ ਦੌਰਾਨ ਸੂਬੇ ਦੇ 87 ਫ਼ੀਸਦ ਘਰਾਂ ਦੇ ਬਿਜਲੀ ਬਿੱਲ ਜ਼ੀਰੋ ਆਏ ਹਨ। ਭਗਵੰਤ ਮਾਨ ਨੇ ਕਿਹਾ ਕਿ ਉਹ ਆਮ ਪਰਿਵਾਰ ਨਾਲ ਸਬੰਧ ਰੱਖਦੇ ਹਨ ਅਤੇ ਚੰਗੀ ਤਰ੍ਹਾਂ ਜਾਣਦੇ ਹਨ ਕਿ ਸੂਬੇ ਦੇ ਲੋਕਾਂ ਨੂੰ ਕਿਹੜੀਆਂ ਮੁਸ਼ਕਲਾਂ ਦਰਪੇਸ਼ ਆਉਂਦੀਆਂ ਹਨ।ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਦੇ ਸਖ਼ਤ ਯਤਨਾਂ ਸਦਕਾ ਕੇਂਦਰ ਸਰਕਾਰ ਮਹਾਨਦੀ ਕੋਲਫੀਲਡਜ਼ ਲਿਮਟਿਡ (ਐਮ.ਸੀ.ਐਲ.) ਤੋਂ ਤਲਵੰਡੀ ਸਾਬੋ ਪਾਵਰ ਲਿਮਟਿਡ (ਟੀ.ਐਸ.ਪੀ.ਐਲ.) ਨੂੰ ਕੋਲੇ ਦੀ ਸਪਲਾਈ ਲਈ ਲਾਜ਼ਮੀ ਆਰ.ਐਸ.ਆਰ. (ਰੇਲ-ਸਮੁੰਦਰ-ਰੇਲ) ਸ਼ਰਤ ਨੂੰ ਹਟਾਉਣ ਲਈ ਸਹਿਮਤ ਹੋ ਗਈ ਹੈ। ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਬਿਜਲੀ ਮੰਤਰੀ ਨਾਲ ਮੀਟਿੰਗ ਦੌਰਾਨ ਇਹ ਮੁੱਦਾ ਉਠਾਇਆ ਸੀ, ਜਿਸ ਤੋਂ ਬਾਅਦ ਇਸ ਸਬੰਧੀ ਫੈਸਲਾ ਲਿਆ ਗਿਆ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸੂਬੇ ਦੇ ਹਿੱਤਾਂ ਦੀ ਰਾਖੀ ਲਈ ਪੂਰੀ ਤਰ੍ਹਾਂ ਵਚਨਬੱਧ ਹੈ।ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਦੇ ਅਣਥੱਕ ਯਤਨਾਂ ਸਦਕਾ ਪੰਜਾਬ ਦੇਸ਼ ਵਿੱਚ ਨਿਵੇਸ਼ ਲਈ ਸਭ ਤੋਂ ਪਸੰਦੀਦਾ ਸਥਾਨ ਵਜੋਂ ਉੱਭਰਿਆ ਹੈ। ਉਨ੍ਹਾਂ ਕਿਹਾ ਕਿ ਉਦਯੋਗਪਤੀ ਸੂਬੇ ਵਿੱਚ ਨਿਵੇਸ਼ ਕਰਨ ਲਈ ਪੂਰੀ ਉਤਸੁਕਤਾ ਦਿਖਾ ਰਹੇ ਹਨ। ਭਗਵੰਤ ਮਾਨ ਨੇ ਕਿਹਾ ਕਿ ਇਸ ਨਾਲ ਸੂਬੇ ਵਿੱਚ ਵੱਡੀ ਪੱਧਰ ‘ਤੇ ਵਿਕਾਸ ਹੋਵੇਗਾ ਅਤੇ ਨੌਜਵਾਨਾਂ ਲਈ ਰੋਜ਼ਗਾਰ ਦੇ ਨਵੇਂ ਮੌਕੇ ਪੈਦਾ ਹੋਣਗੇ।ਮੁੱਖ ਮੰਤਰੀ ਨੇ ਦੁਹਰਾਇਆ ਕਿ ਸੂਬਾ ਸਰਕਾਰ ਨੇ ਭ੍ਰਿਸ਼ਟਾਚਾਰ ਨਾਲ ਕੋਈ ਲਿਹਾਜ਼ ਨਾ ਵਰਤਣ ਦੀ ਨੀਤੀ ਅਪਣਾਈ ਹੈ ਅਤੇ ਸੂਬੇ ਨਾਲ ਦਗ਼ਾ ਕਮਾਉਣ ਵਾਲੇ ਆਗੂਆਂ ਵਿਰੁੱਧ ਮਿਸਾਲੀ ਕਾਰਵਾਈ ਯਕੀਨੀ ਬਣਾਈ ਜਾਵੇਗੀ। ਉਨ੍ਹਾਂ ਕਿਹਾ ਕਿ ਸੂਬੇ ਨੂੰ ਬੇਰਹਿਮੀ ਨਾਲ ਲੁੱਟਣ ਅਤੇ ਬਰਬਾਦ ਕਰਨ ਵਾਲੇ ਇਨ੍ਹਾਂ ਦੋਸ਼ੀਆਂ ਵਿਰੁੱਧ ਕਾਰਵਾਈ ਕਰਨ ਤੋਂ ਉਨ੍ਹਾਂ ਨੂੰ ਕੋਈ ਨਹੀਂ ਰੋਕ ਸਕਦਾ। ਭਗਵੰਤ ਮਾਨ ਨੇ ਸਦਨ ਨੂੰ ਭਰੋਸਾ ਦਿਵਾਇਆ ਕਿ ਭ੍ਰਿਸ਼ਟ ਆਗੂਆਂ ਵਿਰੁੱਧ ਸਖ਼ਤ ਕਾਰਵਾਈ ਕਰਨ ਤੋਂ ਉਨ੍ਹਾਂ ਨੂੰ ਕੋਈ ਨਹੀਂ ਰੋਕ ਸਕਦਾ ਅਤੇ ਅਜਿਹੇ ਆਗੂਆਂ ਵਿਰੁੱਧ ਕਾਰਵਾਈ ਹਰ ਹਾਲੇ ਜਾਰੀ ਰਹੇਗੀ।ਮੁੱਖ ਮੰਤਰੀ ਨੇ ਇਹ ਵੀ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਪਹਿਲਾਂ ਹੀ ਸੂਬੇ ਦੇ 5000 ਪਿੰਡਾਂ ਨੂੰ ਜਾਇਦਾਦ ਦੀ ਰਜਿਸਟ੍ਰੇਸ਼ਨ ਕਰਵਾਉਣ ਲਈ ਇਤਰਾਜ਼ਹੀਣਤਾ ਸਰਟੀਫਿਕੇਟ (ਐਨ.ਓ.ਸੀ.) ਲੈਣ ਤੋਂ ਛੋਟ ਦਿੱਤੀ ਹੋਈ ਹੈ ਅਤੇ ਜਲਦ ਹੀ ਇੰਨੇ ਹੋਰ ਪਿੰਡਾਂ ਨੂੰ ਵੀ ਛੋਟ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸੂਬੇ ਵਿੱਚ ਕਿਸੇ ਵੀ ਗ਼ੈਰ-ਕਾਨੂੰਨੀ ਕਾਲੋਨੀ ਨੂੰ ਵਿਕਸਿਤ ਨਹੀਂ ਹੋਣ ਦੇਵੇਗੀ। ਭਗਵੰਤ ਮਾਨ ਨੇ ਕਿਹਾ ਕਿ ਲੋਕਾਂ ਦੀ ਸਹੂਲਤ ਲਈ ਗ਼ੈਰ-ਕਾਨੂੰਨੀ ਕਾਲੋਨੀਆਂ ਨੂੰ ਰੈਗੂਲਰ ਕਰਨ ਦੀ ਪ੍ਰਕਿਰਿਆ ਨੂੰ ਪਹਿਲਾਂ ਹੀ ਸੁਚਾਰੂ ਬਣਾਇਆ ਗਿਆ ਹੈ।ਮੁੱਖ ਮੰਤਰੀ ਨੇ ਸੂਬੇ ਦੀਆਂ ਰਵਾਇਤੀ ਪਾਰਟੀਆਂ ਨੂੰ ਸੂਬੇ ਦੇ ਹਿੱਤਾਂ ਦੇ ਉਲਟ ਭੁਗਤਣ ਲਈ ਵੀ ਕਰੜੇ ਹੱਥੀਂ ਲਿਆ। ਉਨ੍ਹਾਂ ਕਿਹਾ ਕਿ ਇਨ੍ਹਾਂ ਪਾਰਟੀਆਂ ਨੇ ਟੋਲ ਅਤੇ ਰੇਤ ਮਾਫੀਆ ਨੂੰ ਵੱਡੀ ਪੱਧਰ ‘ਤੇ ਪ੍ਰਫੁੱਲਿਤ ਕਰਨ ਲਈ ਇਸ ਮਾਫੀਏ ਨਾਲ ਮਿਲੀਭੁਗਤ ਕਰਕੇ ਸੂਬੇ ਦੇ ਲੋਕਾਂ ਦੀ ਪਿੱਠ ਵਿੱਚ ਛੁਰਾ ਮਾਰਿਆ ਹੈ। ਭਗਵੰਤ ਮਾਨ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਮਿਆਦ ਪੁੱਗੇ ਟੋਲ ਪਲਾਜ਼ਿਆਂ ਨੂੰ ਬੰਦ ਕਰ ਦਿੱਤਾ ਹੈ ਅਤੇ ਲੋਕਾਂ ਨੂੰ ਰੇਤ ਦੀ ਸਸਤੀਆਂ ਦਰਾਂ ਉਤੇ ਉਪਲਬਧਤਾ ਯਕੀਨੀ ਬਣਾਉਣ ਲਈ ਲਗਭਗ 50 ਜਨਤਕ ਮਾਈਨਿੰਗ ਖੱਡਾਂ ਸ਼ੁਰੂ ਕੀਤੀਆਂ ਹਨ। ਮੁੱਖ ਮੰਤਰੀ ਨੇ ਇਹ ਵੀ ਕਿਹਾ ਕਿ ਸੂਬਾ ਸਰਕਾਰ ਜਲਦ ਹੀ ‘ਸਰਕਾਰ ਤੁਹਾਡੇ ਦੁਆਰ’ ਨਾਂ ਦਾ ਆਪਣਾ ਪ੍ਰਮੁੱਖ ਤੇ ਮਹੱਤਵਪੂਰਨ ਪ੍ਰੋਗਰਾਮ ਆਰੰਭੇਗੀ, ਜਿਸ ਤਹਿਤ ਸੂਬੇ ਦੇ ਲੋਕਾਂ ਨੂੰ 40 ਨਾਗਰਿਕ ਕੇਂਦਰਿਤ ਸੇਵਾਵਾਂ ਉਨ੍ਹਾਂ ਦੇ ਘਰ ਨੇੜੇ ਹੀ ਉਪਲਬਧ ਹੋਣਗੀਆਂ। ਉਨ੍ਹਾਂ ਕਿਹਾ ਕਿ ਇਹ ਸਕੀਮ ਐਪ ਰਾਹੀਂ ਆਨਲਾਈਨ ਉਪਲਬਧ ਹੋਵੇਗੀ ਅਤੇ ਲੋਕ ਮਹਿਜ਼ ਇਕ ਫੋਨ ਕਾਲ ਰਾਹੀਂ ਇਸ ਸਕੀਮ ਦਾ ਲਾਭ ਲੈ ਸਕਣਗੇ। ਭਗਵੰਤ ਮਾਨ ਨੇ ਕਿਹਾ ਕਿ ਇਸ ਨਾਲ ਇਲਾਕਾ ਨਿਵਾਸੀਆਂ ਨੂੰ ਨਾਗਰਿਕ ਕੇਂਦਰਿਤ ਸੇਵਾਵਾਂ ਉਨ੍ਹਾਂ ਦੇ ਘਰ ਨੇੜੇ ਬੜੇ ਸੁਚੱਜੇ ਤੇ ਨਿਰਵਿਘਨ ਢੰਗ ਨਾਲ ਪ੍ਰਾਪਤ ਹੋ ਸਕਣਗੀਆਂ।ਮੁੱਖ ਮੰਤਰੀ ਨੇ ਕਿਹਾ ਕਿ ਬੱਚਿਆਂ ਨੂੰ ਮਿਆਰੀ ਸਿੱਖਿਆ ਪ੍ਰਦਾਨ ਕਰਨ ਲਈ ਸੂਬੇ ਦੇ 23 ਜ਼ਿਲ੍ਹਿਆਂ ਵਿੱਚ 117 ਸਕੂਲ ਆਫ ਐਮੀਨੈਂਸ ਖੋਲ੍ਹੇ ਗਏ ਹਨ। ਭਗਵੰਤ ਮਾਨ ਨੇ ਕਿਹਾ ਕਿ ਇਸ ਨਾਲ ਵਿਦਿਆਰਥੀਆਂ ਨੂੰ ਭਵਿੱਖ ਦੀਆਂ ਮੁਕਾਬਲੇ ਵਾਲੀਆਂ ਪ੍ਰੀਖਿਆਵਾਂ ਲਈ ਚੰਗੀ ਤਰ੍ਹਾਂ ਤਿਆਰ ਕਰਨ ਵਿੱਚ ਮਦਦ ਮਿਲੇਗੀ। ਉਨ੍ਹਾਂ ਕਿਹਾ ਕਿ ਸੂਬੇ ਦੇ ਸਰਬਪੱਖੀ ਵਿਕਾਸ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾ ਰਹੀ ਅਤੇ ਉਹ ਦਿਨ ਦੂਰ ਨਹੀਂ ਜਦੋਂ ਪੰਜਾਬ ਦਾ ਵੱਕਾਰ ਮੁੜ ਬਹਾਲ ਹੋਵੇਗਾ।
ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਪੰਜਾਬ ਵਿੱਚ ਮੈਡੀਕਲ ਸਿੱਖਿਆ ਨੂੰ ਨਵੀਆਂ ਲੀਹਾਂ ’ਤੇ ਪਾਉਣ ਲਈ ਸੂਬਾ ਸਰਕਾਰ ਨੇ ਆਉਣ ਵਾਲੇ ਪੰਜ ਸਾਲਾਂ ਵਿੱਚ 16 ਨਵੇਂ ਮੈਡੀਕਲ ਕਾਲਜ ਬਣਾਉਣ ਦਾ ਫੈਸਲਾ ਕੀਤਾ ਹੈ, ਜਿਸ ਨਾਲ ਸੂਬੇ ਵਿੱਚ ਮੈਡੀਕਲ ਕਾਲਜਾਂ ਦੀ ਕੁੱਲ ਗਿਣਤੀ 25 ਹੋ ਜਾਵੇਗੀ ਅਤੇ ਇਹ ਵੀ ਯਕੀਨੀ ਬਣਾਇਆ ਜਾਵੇਗਾ ਕਿ ਸੂਬੇ ਦਾ ਹਰੇਕ ਜ਼ਿਲ੍ਹਾ ਇੱਕ ਮੈਡੀਕਲ ਕਾਲਜ ਨਾਲ ਜੁੜਿਆ ਹੋਵੇ। ਉਨ੍ਹਾਂ ਕਿਹਾ ਕਿ ਸੰਗਰੂਰ ਦੇ ਮਸਤੂਆਣਾ ਸਾਹਿਬ ਵਿਖੇ ਸੰਤ ਅਤਰ ਸਿੰਘ ਸਟੇਟ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ਼ ਦਾ ਨੀਂਹ ਪੱਥਰ ਪਹਿਲਾਂ ਹੀ ਰੱਖਿਆ ਜਾ ਚੁੱਕਾ ਹੈ ਅਤੇ ਜਲਦੀ ਹੀ ਇਸ ਦੀ ਉਸਾਰੀ ਦਾ ਕੰਮ ਸ਼ੁਰੂ ਹੋ ਜਾਵੇਗਾ। ਭਗਵੰਤ ਮਾਨ ਨੇ ਅੱਗੇ ਕਿਹਾ ਕਿ ਕਪੂਰਥਲਾ ਅਤੇ ਹੁਸ਼ਿਆਰਪੁਰ ਵਿਖੇ ਦੋ ਹੋਰ ਮੈਡੀਕਲ ਕਾਲਜਾਂ ਦਾ ਕੰਮ ਵੀ ਸ਼ੁਰੂ ਹੋ ਗਿਆ ਹੈ।ਮੁੱਖ ਮੰਤਰੀ ਨੇ ਅਫਸੋਸ ਜ਼ਾਹਰ ਕੀਤਾ ਕਿ ਭਾਵੇਂ ਪੰਜਾਬ ਖੇਤੀ ਪ੍ਰਧਾਨ ਸੂਬਾ ਹੈ ਪਰ ਸਾਡੀ ਖੇਤੀ ਬੜੀ ਗੰਭੀਰ ਸਥਿਤੀ ਵਿੱਚ ਹੈ, ਜਿਸ ਕਾਰਨ ਸਾਡੇ ਨੌਜਵਾਨ ਖੇਤੀ ਛੱਡ ਕੇ ਮਾਮੂਲੀ ਨੌਕਰੀਆਂ ਕਰਨ ਲਈ ਮਜਬੂਰ ਹਨ। ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਕਦੇ ਵੀ ਕਿਸਾਨਾਂ ਦੀ ਭਲਾਈ ਬਾਰੇ ਨਹੀਂ ਸੋਚਿਆ। ਉਨ੍ਹਾਂ ਕਿਹਾ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੂੰ ਫੰਡ ਨਹੀਂ ਦਿੱਤੇ ਗਏ, ਜਿਸ ਕਾਰਨ ਯੂਨੀਵਰਸਿਟੀ ਹੁਣ ਪੰਜਾਬ ਦੀ ਬਿਹਤਰੀ ਤੇ ਖੁਸ਼ਹਾਲ ਖੇਤੀਬਾੜੀ ਲਈ ਖੋਜ ਕਰਨ ਦੇ ਸਮਰੱਥ ਨਹੀਂ ਹੈ। ਭਗਵੰਤ ਮਾਨ ਨੇ ਨਕਲੀ ਬੀਜਾਂ ਤੋਂ ਮੁਨਾਫਾ ਕਮਾ ਕੇ ਕਿਸਾਨਾਂ ਨੂੰ ਬਰਬਾਦ ਕਰਨ ਲਈ ਵੀ ਪਿਛਲੀਆਂ ਸਰਕਾਰਾਂ ’ਤੇ ਨਿਸ਼ਾਨਾ ਸਾਧਿਆ।ਮੁੱਖ ਮੰਤਰੀ ਨੇ ਕਿਹਾ ਕਿ ਕਿਸਾਨਾਂ ਨੂੰ ਨਵੀਆਂ ਤਕਨੀਕਾਂ ਬਾਰੇ ਜਾਣੂੰ ਹੀ ਨਹੀਂ ਕਰਵਾਇਆ ਗਿਆ, ਜਿਸ ਕਾਰਨ ਉਨ੍ਹਾਂ ਦੀ ਆਮਦਨ ਵਿੱਚ ਖੜੋਤ ਆ ਗਈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੇ ਕਿਸਾਨਾਂ ਦੀ ਭਲਾਈ ਲਈ ਕਈ ਉੱਘੇ ਖੇਤੀ ਮਾਹਿਰਾਂ ਨਾਲ ਹੱਥ ਮਿਲਾਇਆ ਹੈ। ਭਗਵੰਤ ਮਾਨ ਨੇ ਕਿਹਾ ਕਿ ਖੇਤੀਬਾੜੀ ਨੂੰ ਲਾਹੇਵੰਦ ਬਣਾਉਣ ਲਈ ਕਿਸਾਨਾਂ ਦੇ ਵਿਚਾਰ ਜਾਣਨ ਵਾਸਤੇ ਸੂਬੇ ਵਿੱਚ ਆਪਣੀ ਕਿਸਮ ਦੀ ਪਹਿਲੀ ‘ਸਰਕਾਰ-ਕਿਸਾਨ ਮਿਲਣੀ’ ਕਰਵਾਈ ਗਈ।ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਸੂਬੇ ਵਿੱਚ ਫ਼ਸਲੀ ਵਿਭਿੰਨਤਾ ਨੂੰ ਵੱਡੀ ਪੱਧਰ ਉਤੇ ਉਤਸ਼ਾਹਤ ਕਰ ਰਹੀ ਹੈ ਅਤੇ ਉਨ੍ਹਾਂ ਨੇ ਖ਼ੁਦ ਬਦਲਵੀਆਂ ਫ਼ਸਲਾਂ ਲਈ ਮੰਡੀਕਰਨ ਦਾ ਮਸਲਾ ਕੇਂਦਰ ਸਰਕਾਰ ਕੋਲ ਚੁੱਕਿਆ ਹੈ। ਉਨ੍ਹਾਂ ਕਿਹਾ ਕਿ ਖੁਰਾਕੀ ਵਸਤਾਂ ਦੀ ਪ੍ਰਾਸੈਸਿੰਗ ਦੇ ਨਾਲ-ਨਾਲ ਬਾਸਮਤੀ ਦੀ ਖੇਤੀ ਨੂੰ ਉਤਸ਼ਾਹਤ ਕੀਤਾ ਗਿਆ ਹੈ। ਭਗਵੰਤ ਮਾਨ ਨੇ ਕਿਹਾ ਕਿ ਇਹ ਪਹਿਲਾ ਮੌਕਾ ਹੈ, ਜਦੋਂ ਸੂਬਾ ਸਰਕਾਰ ਪਹਿਲੀ ਅਪ੍ਰੈਲ ਤੋਂ ਨਰਮੇ ਲਈ ਨਹਿਰੀ ਪਾਣੀ ਦੀ ਸਪਲਾਈ ਯਕੀਨੀ ਬਣਾਏਗੀ ਅਤੇ ਨਹਿਰੀ ਪਾਣੀ ਦੀ ਚੋਰੀ ਰੋਕਣ ਲਈ ਪੁਲਿਸ ਤਾਇਨਾਤ ਕੀਤੀ ਜਾਵੇਗੀ।

ਮੁੱਖ ਮੰਤਰੀ ਨੇ ਟੀਬੀ ਮੁਕਤ ਹਰਿਆਣਾ ਨੂੰ ਲੈ ਕੇ ਕੀਤੀ ਅਹਿਮ ਮੀਟਿੰਗ

0

ਸੂਬੇ ਵਿਚ ਇਗਰਾ ਲੈਬ ਦੀ ਵਧਾਈ ਜਾਵੇਗੀ ਗਿਣਤੀ
ਟੀਬੀ ਮੁਕਤ ਮੁਹਿੰਮ ਵਿਚ ਹਰਿਆਣਾ ਦਾ ਸਕੋਰ ਕੌਮੀ ਔਸਤ ਬਿਹਤਰ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 7 ਮਾਰਚ: ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਵੱਲੋਂ ਸਾਲ 2025 ਤਕ ਭਾਰਤ ਨੂੰ ਟੀਬੀ ਮੁਕਤ ਕਰਨ ਦੇ ਮੁਹਿੰਮ ਦੇ ਤਹਿਤ ਰਾਜ ਸਰਕਾਰ ਨੇ ਪੂਰੇ ਦੇਸ਼ ਵਿਚ ਸੱਭ ਤੋਂ ਪਹਿਲਾਂ ਹਰਿਆਣਾ ਨੂੰ ਪੂਰੀ ਤਰ੍ਹਾ ਨਾਲ ਟੀਬੀ ਮੁਕਤ ਕਰਨ ਦਾ ਟੀਚਾ ਨਿਰਧਾਰਿਤ ਕੀਤਾ ਹੈ। ਇਸ ਟੀਚੇ ਦੀ ਪ੍ਰਾਪਤੀ ਲਈ ਸਟੇਟ ਟਾਸਕ ਫੋਰਸ ਦਾ ਗਠਨ ਕੀਤਾ ਜਾਵੇਗਾ, ਜਿਸ ਦੇ ਤਹਿਤ ਸਰਕਾਰੀ ਅਤੇ ਨਿਜੀ ਖੇਤਰ ਦੇ ਮੈਡੀਕਲ ਸੰਸਥਾਨ ਤੇ ਡਾਕਟਰ ਸਾਰੇ ਮਿਲ ਕੇ ਹਰਿਆਣਾ ਨੂੰ ਟੀਬੀ ਮੁਕਤ ਕਰਨ ਲਈ ਕੰਮ ਕਰਣਗੇ।ਮੁੱਖ ਮੰਤਰੀ ਅੱਜ ਇੱਥੇ ਟੀਬੀ ਮੁਕਤ ਹਰਿਆਣਾ ਮੁਹਿੰਮ ਨੂੰ ਲੈ ਕੇ ਸਿਹਤ ਵਿਭਾਗ ਦੇ ਅਧਿਕਾਰੀਆਂ ਅਤੇ ਨਿਜੀ ਮੈਡੀਕਲ ਸੰਸਥਾਨਾਂ ਦੇ ਨਾਲ ਇਕ ਅਹਿਮ ਮੀਟਿੰਗ ਕਰ ਰਹੇ ਸਨ।ਸ੍ਰੀ ਮਨੋਹਰ ਲਾਲ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਸਾਰੇ ਪ੍ਰਾਈਵੇਟ ਕਲੀਨਿਕਸ ਅਤੇ ਨਰਸਿੰਗ ਹੋਮ ਜਿੱਥੇ ਵੀ ਟੀਬੀ ਦੇ ਮਰੀਜ ਇਲਾਜ ਦੇ ਲਈ ਜਾਂਦੇ ਹਨ, ਉਨ੍ਹਾਂ ਸੰਸਥਾਨਾਂ ਦੇ ਨਾਲ ਤਾਲਮੇਲ ਸਥਾਪਿਤ ਕਰ ਉਨ੍ਹਾਂ ਦਾ ਡਾਟਾ ਏਕੀਕ੍ਰਿਤ ਕਰਨ, ਤਾਂ ਜੋ ਸੂਬੇ ਵਿਚ ਟੀਬੀ ਦੇ ਮਰੀਜਾਂ ਦੀ ਮੌਜੁਦਾ ਸਥਿਤੀ ਦਾ ਪਤਾ ਲੱਗ ਸਕੇ। ਉਸ ਤੋਂ ਬਾਅਦ ਉਨ੍ਹਾਂ ਦਾ ਇਲਾਜ ਯਕੀਨੀ ਕੀਤਾ ਜਾ ਸਕੇ। ਉਨ੍ਹਾਂ ਨੇ ਨਿਰਦੇਸ਼ ਦਿੱਤੇ ਕਿ ਟੀਬੀ ਮਰੀਜਾਂ ਦਾ ਪਤਾ ਲਗਾਉਣ ਲਈ ਹਰੇਕ ਜਿਲ੍ਹੇ ਵਿਚ ਮੋਬਾਇਲ ਯੂਨਿਟ ਦੀ ਵਿਵਸਥਾ ਕੀਤੀ ਜਾਵੇ, ਜੋ ਘਰ-ਘਰ ਜਾ ਕੇ ਟੀਬੀ ਡਾਇਗਨੋਸਿਸ ਟੇਸਟ ਕਰੇਗੀ।

ਸੂਬੇ ਵਿਚ ਇਗਰਾ ਲੈਬ ਦੀ ਵਧਾਈ ਜਾਵੇਗੀ ਗਿਣਤੀ
ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਹਰਿਆਣਾ ਨੂੰ ਟੀਬੀ ਮੁਕਤ ਕਰਨ ਲਈ ਵੱਖ-ਵੱਖ ਪਹਿਲਾਂ ’ਤੇ ਫੋਕਸ ਕੀਤਾ ਜਾ ਰਿਹਾ ਹੈ। ਇਸ ਦੇ ਤਹਿਤ ਟੀਬੀ ਮਰੀਜਾਂ ਦਾ ਪਤਾ ਲਗਾਉਣਾ, ਉਨ੍ਹਾਂ ਦਾ ਇਲਾਜ ਯਕੀਨੀ ਕਰਨਾ ਅਤੇ ਅਜਿਹੇ ਮਰੀਜਾਂ ਨੂੰ 6 ਮਹੀਨੇ ਤਕ ਇਲਾਜ ਦੇ ਸਮੇਂ ਦੌਰਾਨ ਪੋਸ਼ਟਿਕ ਭੋਜਨ ਪ੍ਰਦਾਨ ਕਰਨ ਵਰਗੇ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਨੇ ਸੂਬੇ ਵਿਚ ਇਗਰਾ ਲੈਬ ਦੀ ਗਿਣਤੀ ਵਧਾਉਣ ਦੇ ਵੀ ਨਿਰਦੇਸ਼ ਦਿੱਤੇ। ਇਗਰਾ (ਆਈਜੀਆਈਏ) ਲੈਬ ਦੀ ਗਿਣਤੀ ਵੱਧਣ ਨਾਲ ਟੀਬੀ ਜਾਂਚ ਵਿਚ ਹੋਰ ਤੇਜੀ ਆਵੇਗੀ। ਇਗਰਾ ਲੈਬ ਵਿਚ ਸੈਂਪਲ ਦੀ ਜਾਂਚ ਬਾਅਦ ਟੀਬੀ ਸੰਕ੍ਰਮਣ ਦੇ ਟੀਚੇ ਦਿਖਾਈ ਦੇਣ ਤੋਂ ਪਹਿਲਾਂ ਹੀ ਪਤਾ ਲੱਗ ਜਾਂਦਾ ਹੈ ਕਿ ਵਿਅਕਤੀ ਵਿਚ ਟੀਬੀ ਸੰਕ੍ਰਮਣ ਸ਼ੁਰੂ ਹੋ ਗਿਆ ਹੈ ਜਾਂ ਨਹੀਂ। ਇਸ ਨਾਲ ਮਰੀਜ ਨੂੰ ਸਮੇਂ ਰਹਿੰਦੇ ਹੀ ਉਪਚਾਰ ਮਿਲ ਜਾਂਦਾ ਹੈ।

ਨਿਰੋਗੀ ਹਰਿਆਣਾ ਯੋਜਨਾ ਦੇ ਤਹਿਤ ਕੀਤੇ ਜਾਣ ਵਾਲੇ 25 ਤਰ੍ਹਾ ਦੇ ਟੇਸਟ ’ਤੇ ਦਿੱਤਾ ਜਾਵੇ ਵੱਧ ਜੋਰ
ਮੁੱਖ ਮੰਤਰੀ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੰਦੇ ਹੋਏ ਕਿਹਾ ਕਿ ਰਾਜ ਸਰਕਾਰ ਨੇ ਨਿਰੋਗੀ ਹਰਿਆਣਾ ਯੋਜਨਾ ਚਲਾਈ ਹੈ, ਜਿਸ ਦੇ ਤਹਿਤ ਪਹਿਲੇ ਪੜਾਅ ਵਿਚ 1.80 ਲੱਖ ਤਕ ਸਾਲਾਨਾ ਆਮਦਨ ਵਾਲੇ ਪਰਿਵਾਰਾਂ ਦਾ ਹੈਲਥ ਚੈਕਅਪ ਕੀਤਾ ਜਾ ਰਿਹਾ ਹੈ। ਹੁਣ ਤਕ 2 ਲੱਖ ਲੋਕਾਂ ਦਾ ਚੈਕਅੱਪ ਕੀਤਾ ਜਾ ਚੁੱਕਾ ਹੈ। ਇਸ ਦੌਰਾਨ ਟੀਬੀ ਦੇ ਮਰੀਜਾਂ ਦਾ ਵੀ ਪਤਾ ਲਗਿਆ ਹੈ। ਇਸ ਲਈ ਨਿਰੋਗੀ ਹਰਿਆਣਾ ਯੋਜਨਾ ਦੇ ਲਾਗੂ ਕਰਨ ਵਿਚ ਹੋਰ ਤੇਜੀ ਲੈ ਕੇ ਆਵੇ। ਸ਼ਹਿਰਾਂ ਵਿਚ ਵੀ ਨਿਰੋਗੀ ਹਰਿਆਣਾ ਦੇ ਲਾਗੂ ਕਰਨ ’ਤੇ ਫੋਕਸ ਕੀਤਾ ਜਾਵੇ।ਉਨ੍ਹਾਂ ਨੇ ਕਿਹਾ ਕਿ ਇਸ ਯੋਜਨਾ ਦੇ ਤਹਿਤ ਕੀਤੇ ਜਾਣ ਵਾਲੇ 25 ਤਰ੍ਹਾ ਦੇ ਟੇਸਟ ਦੀ ਵਿਵਸਥਾ ਸਾਰੇ ਲੈਬ ਵਿਚ ਕਰਨ। ਇਸ ਤੋਂ ਇਲਾਵਾ, ਟੀਬੀ ਡਾਇਗਨੋਸਿਸ ਦੇ ਲਈ ਵੀ ਜੋ ਵੈਨ ਚਲਾਈ ਜਾ ਰਹੀ ਹੈ, ਉ?ਹਾਂ ਵੈਨ ਵਿਚ ਵੀ ਇੰਨ੍ਹਾਂ ਸਾਰੇ 25 ਟੇਸਟ ਦੀ ਵਿਵਸਥਾ ਕਰਨ ਤਾਂ ਜੋ ਨਾਗਰਿਕਾਂ ਨੁੰ ਪੂਰੀ ਤਰ੍ਹਾ ਨਾਲ ਹੈਲਥ ਚੈਕਅੱਪ ਸੰਭਵ ਹੋਵੇ ਅਤੇ ਟੀਬੀ ਤੋਂ ਇਲਾਵਾ ਵੀ ਜੇਕਰ ਉਸ ਵਿਅਕਤੀ ਨੂੰ ਕੋਈ ਹੋਰ ਬੀਮਾਰੀ ਹੈ, ਉਸ ਦਾ ਵੀ ਸਮੇਂ ਰਹਿੰਦੇ ਪਤਾ ਲਗ ਸਕੇ।

ਟੀਬੀ ਮੁਕਤ ਮੁਹਿੰਮ ਵਿਚ ਹਰਿਆਣਾ ਦਾ ਸਕੋਰ ਕੌਮੀ ਔਸਤ ਤੋਂ ਬਿਹਤਰ
ਮੀਟਿੰਗ ਵਿਚ ਦਸਿਆ ਗਿਆ ਕਿ ਕੇਂਦਰ ਸਰਕਾਰ ਵੱਲੋਂ ਸਾਲ 2022 ਦੇ ਟੀਬੀ ਮੁਕਤ ਵਿਚ ਹਰਿਆਣਾ ਦਾ ਸਕੋਰ 85 ਹੈ, ਜਦੋਂ ਕਿ ਕੌਮੀ ਸਕੋਰ 82 ਹੈ। ਸੂਬੇ ਵਿਚ 63,060 ਟੀਬੀ ਮਰੀਜਾਂ ਸਫਲਤਾਪੂਰਵਕ ਇਲਾਜ ਹੋਇਆ ਹੈ। ਮੀਟਿੰਗ ਵਿਚ ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਦਸਿਆ ਕਿ ਆਸ਼ਾ ਵਰਕਰਸ ਘਰ-ਘਰ ਜਾ ਕੇ ਨਾਗਰਿਕਾਂ ਦੀ ਸਕ੍ਰੀਨਿੰਗ ਕਰ ਹੇ ਹਨ, ਜੇਕਰ ਉਨ੍ਹਾਂ ਨੁੰ ਟੀਬੀ ਦੇ ਲੱਛਣਾਂ ਲਗਦੇ ਹਨ, ਤਾਂ ਨਾਗਰਿਕਾਂ ਨੂੰ ਕਲੀਨਿਕ ਵਿਚ ਲੈ ਜਾ ਕੇ ਉਨ੍ਹਾਂ ਦੀ ਜਾਂਚ ਕੀਤੀ ਜਾ ਰਹੀ ਹੈ।

ਕੋਈ ਵੀ ਸਰਕਾਰੀ ਅਧਿਕਾਰੀ ਸਮਰੱਥ ਅਧਿਕਾਰੀ ਦੀ ਪ੍ਰਵਾਨਗੀ ਤੋਂ ਬਿਨ੍ਹਾਂ ਆਪਣਾ ਹੈਡਕੁਆਰਟਰ ਨਹੀਂ ਛੱਡੇਗਾ: ਮੀਤ ਹੇਅਰ

0

ਮੁੱਖ ਮੰਤਰੀ ਦੇ ਨਿਰਦੇਸ਼ਾਂ ਉੱਤੇ ਆਮ ਰਾਜ ਪ੍ਰਬੰਧ ਵਿਭਾਗ ਵੱਲੋਂ ਸਮੂਹ ਵਿਭਾਗਾਂ ਨੂੰ ਪੱਤਰ ਜਾਰੀ
ਪ੍ਰਸ਼ਾਸਕੀ ਸੁਧਾਰ ਮੰਤਰੀ ਨੇ ਵਿਧਾਨ ਸਭਾ ਵਿੱਚ ਧਿਆਨ ਦਿਵਾਓ ਮਤੇ ਉੱਤੇ ਦਿੱਤਾ ਜਵਾਬ, ‘ਲੋਕਾਂ ਦੀ ਸਰਕਾਰ, ਲੋਕਾਂ ਦੇ ਦੁਆਰ’
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 7 ਮਾਰਚ: ਪੰਜਾਬ ਸਰਕਾਰ ਵੱਲੋਂ ਸਮੂਹ ਵਿਭਾਗਾਂ ਨੂੰ ਪੱਤਰ ਜਾਰੀ ਕਰਕੇ ਹਦਾਇਤਾਂ ਕੀਤੀਆਂ ਗਈਆਂ ਹਨ ਕਿ ਕੋਈ ਵੀ ਅਧਿਕਾਰੀ ਸਮਰੱਥ ਅਧਿਕਾਰੀ ਦੀ ਪ੍ਰਵਾਨਗੀ ਤੋਂ ਬਿਨ੍ਹਾਂ ਆਪਣਾ ਹੈਡਕੁਆਰਟਰ ਨਹੀਂ ਛੱਡੇਗਾ ਤਾਂ ਜੋ ਜਨਤਕ ਕੰਮ ਕਾਜ ਪ੍ਰਭਾਵਿਤ ਨਾ ਹੋਵੇ।ਇਹ ਗੱਲ ਪ੍ਰਸ਼ਾਸਕੀ ਸੁਧਾਰ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਅੱਜ ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਦੌਰਾਨ ਵਿਧਾਇਕ ਦਿਨੇਸ਼ ਕੁਮਾਰ ਚੱਢਾ ਵੱਲੋਂ ਲਿਆਂਦੇ ਧਿਆਨ ਦਿਵਾਓ ਮਤੇ ਉੱਤੇ ਜਵਾਬ ਦਿੰਦਿਆਂ ਕਹੀ। ਵਿਧਾਇਕ ਵੱਲੋਂ ਧਿਆਨ ਦਿਵਾਇਆ ਗਿਆ ਕਿ ਪਿਛਲੇ ਲੰਬੇ ਸਮੇਂ ਤੋਂ ਸਰਕਾਰੀ ਪ੍ਰਸ਼ਾਸਨਿਕ ਅਫ਼ਸਰ ਆਪਣੇ ਸਟੇਸ਼ਨ ਤੇ ਰਹਿਣ ਦੀ ਬਜਾਏ ਸ਼ਾਮ 5 ਵਜੇ ਤੋਂ ਬਾਅਦ ਚੰਡੀਗੜ੍ਹ, ਮੁਹਾਲੀ ਜਾਂ ਹੋਰ ਥਾਵਾਂ ਤੇ ਆਪਣੇ ਘਰਾਂ ਵਿਚ ਪਹੁੰਚ ਜਾਂਦੇ ਹਨ, ਜਿਸ ਨਾਲ ਜਨਤਕ ਕੰਮਕਾਜ ਬੁਰੀ ਤਰ੍ਹਾਂ ਪ੍ਰਭਾਵਿਤ ਹੁੰਦਾ ਹੈ। ਇਸ ਲਈ ਇਸ ਸਬੰਧੀ ਜਰੂਰੀ ਆਦੇਸ਼ ਜਾਰੀ ਕੀਤੇ ਜਾਣ ਕਿ ਸਾਰੇ ਅਫ਼ਸਰ ਆਪਣੇ ਸਟੇਸ਼ਨ ਉੱਤੇ ਹੀ ਰਹਿਣ।ਪ੍ਰਸ਼ਾਸਕੀ ਸੁਧਾਰ ਮੰਤਰੀ ਮੀਤ ਹੇਅਰ ਨੇ ਕਿਹਾ ਕਿ ਵਿਧਾਇਕ ਵੱਲੋੰ ਪ੍ਰਗਟ ਕੀਤੇ ਵਿਸ਼ੇ ਦੀ ਸ਼ਲਾਘਾ ਕਰਦੇ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਦਾ ਨਾਅਰਾ ਹੈ, ‘ਲੋਕਾਂ ਦੀ ਸਰਕਾਰ ਲੋਕਾਂ ਦੇ ਦੁਆਰ’। ਇਸ ਨਾਅਰੇ ਨੂੰ ਹਕੀਕੀ ਰੂਪ ਦਿੰਦਿਆਂ ਮੁੱਖ ਮੰਤਰੀ ਦੇ ਨਿਰਦੇਸ਼ਾਂ ਉੱਤੇ ਆਮ ਰਾਜ ਪ੍ਰਬੰਧ ਵਿਭਾਗ ਵੱਲੋਂ ਇਸ ਸੰਬੰਧੀ ਬਾਕਾਇਦਾ ਪੱਤਰ ਜਾਰੀ ਕਰ ਦਿੱਤਾ ਗਿਆ ਹੈ।ਮੀਤ ਹੇਅਰ ਨੇ ਅੱਗੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਪਿਛਲੇ ਥੋੜ੍ਹੇ ਅਰਸੇ ਵਿੱਚ 26000 ਤੋਂ ਵੱਧ ਸਰਕਾਰੀ ਨੌਕਰੀਆਂ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਇਸ ਨਾਲ ਜਿੱਥੇ ਨੌਜਵਾਨਾਂ ਨੂੰ ਰੋਜ਼ਗਾਰ ਮਿਲਿਆ ਉੱਥੇ ਲੋਕਾਂ ਨੂੰ ਬਿਹਤਰ ਨਾਗਰਿਕਾਂ ਸੇਵਾਵਾਂ ਮਿਲਣ ਲੱਗੀਆਂ। ਉਨ੍ਹਾਂ ਨਾਲ ਹੀ ਨਵੇਂ ਭਰਤੀ ਸਰਕਾਰੀ ਕਰਮਚਾਰੀਆਂ ਨੂੰ ਸਲਾਹ ਦਿੰਦਿਆਂ ਕਿਹਾ ਕਿ ਉਹ ਆਮ ਲੋਕਾਂ ਦੇ ਟੈਕਸ ਦੇ ਪੈਸੇ ਨਾਲ ਭਰਤੀ ਕੀਤੇ ਗਏ ਹਨ, ਇਸ ਲਈ ਬਦਲੀਆਂ ਕਰਵਾਉਣ ਲਈ ਸਿਫ਼ਾਰਸ਼ਾਂ ਨਾ ਕਰਨ। ਉਨ੍ਹਾਂ ਕਿਹਾ ਕਿ ਇਹ ਮੰਦਭਾਗਾ ਰੁਝਾਨ ਹੈ ਕਿਉਂਕਿ ਸੂਬੇ ਦੇ ਹਰ ਖੇਤਰ, ਜ਼ਿਲੇ ਨੂੰ ਸਰਕਾਰੀ ਸੇਵਾਵਾਂ ਦੀ ਲੋੜ ਹੈ। ਚਾਹੇ ਉਹ ਸਰਹੱਦੀ ਖੇਤਰ ਹੋਵੇ ਜਾਂ ਪਿਛੜਿਆ ਖੇਤਰ ਹੈ।

ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਨੂੰ ਕਿੱਤਾ ਮੁਖੀ ਕੋਰਸ ਅਵਾਰਡ ਕਰਨ ਦੀ ਮਿਲੀ ਪ੍ਰਵਾਨਗੀ

0

ਦੇਸ਼ ਦੀਆਂ ਮੋਹਰੀ ਸਕਿੱਲ ਯੂਨੀਵਰਸਿਟੀਆਂ ਵਿਚ ਹੋਵੇਗੀ ਸ਼ੁਮਾਰ
ਸੁਖਜਿੰਦਰ ਮਾਨ
ਬਠਿੰਡਾ, 7 ਮਾਰਚ: ਭਾਰਤ ਸਰਕਾਰ ਦੇ ਹੁਨਰ ਵਿਕਾਸ ਅਤੇ ਉੱਦਮ ਮੰਤਰਾਲੇ ਵੱਲੋਂ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਨੂੰ ਕਿੱਤਾ ਮੁਖੀ ਕੋਰਸ ਅਵਾਰਡ ਕਰਨ ਦੀ ਪ੍ਰਵਾਨਗੀ ਮਿਲਣ ਬਾਅਦ ਪੰਜਾਬ ਦੀ ਇਹ ਪ੍ਰਮੁੱਖ ਯੂਨੀਵਰਸਿਟੀ ਦੇਸ਼ ਦੀਆਂ ਮੋਹਰੀ ਸਕਿੱਲ ਯੂਨੀਵਰਸਿਟੀਆਂ ਵਿਚ ਸ਼ਾਮਿਲ ਹੋਵੇਗੀ, ਜੋ ਕਿ ਨੌਕਰੀਆਂ ਨਾਲ ਸਬੰਧਿਤ ਹੁਨਰ ਹਾਸਿਲ ਕਰਨ ਵਾਲੇ ਨੌਜਵਾਨਾਂ ਲਈ ਵਰਦਾਨ ਸਾਬਿਤ ਹੋਵੇਗੀ ।ਹੁਨਰ ਵਿਕਾਸ ਅਤੇ ਉੱਦਮ ਮੰਤਰਾਲੇ ਦੀ ਰਾਸ਼ਟਰੀ ਕਾਉਂਸਲ ਆਫ਼ ਵੋਕੇਸ਼ਨਲ ਐਜੂਕੇਸ਼ਨ ਐਂਡ ਟਰੇਨਿੰਗ ਮੰਤਰਾਲੇ (ਐਨ.ਸੀ.ਵੀ.ਈ.ਟੀ.) ਵੱਲੋਂ ਰਾਜ ਦੀ ਪਹਿਲੀ ਤਕਨੀਕੀ ਯੂਨੀਵਰਸਿਟੀ ਨੂੰ ਅਵਾਰਡਿੰਗ ਬਾਡੀ(ਮਾਨਤਾ ਦੇਣ ਵਾਲੀ) ਦਾ ਦਰਜਾ ਮਿਲਣ ਨਾਲ ਪੇਸ਼ੇਵਰ ਸਿੱਖਿਆ, ਹੁਨਰ ਸਿਖਲਾਈ ਅਤੇ ਉਦਯੋਗਿਕ ਖੇਤਰ ਵਿੱਚ ਨੌਕਰੀਆਂ ਦੇ ਹੋਰ ਵਧੇਰੇ ਮੌਕੇ ਪ੍ਰਦਾਨ ਕਰਨ ਵਿੱਚ ਸਹਾਇਤਾ ਕਰੇਗੀ। ਯੂਨੀਵਰਸਿਟੀ ਦੇ ਅਧਿਕਾਰੀਆਂ ਨੇ ਉਪਰੋਕਤ ਫੈਸਲੇ ਅਤੇ ਸਹਿਯੋਗ ਲਈ ਰਾਸ਼ਟਰੀ ਕਾਉਂਸਲ ਆਫ਼ ਵੋਕੇਸ਼ਨਲ ਐਜੂਕੇਸ਼ਨ ਐਂਡ ਟਰੇਨਿੰਗ ਦੇ ਚੇਅਰਮੈਨ ਡਾ. ਨਿਰਮਲਜੀਤ ਸਿੰਘ ਕਲਸੀ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ।ਐਮ.ਆਰ.ਐਸ.-ਪੀ.ਟੀ.ਯੂ. ਦੇ ਉਪ ਕੁਲਪਤੀ, ਪ੍ਰੋ: ਬੂਟਾ ਸਿੰਘ ਸਿੱਧੂ ਨੇ ਇਸ ਗੱਲ ਤੇ ਜ਼ੋਰ ਦਿੱਤਾ ਕਿ ਉਦਯੋਗ ਵਿੱਚ ਬਦਲ ਰਹੇ ਰੁਝਾਨਾਂ ਮੁਤਾਬਿਕ ਸਕਿੱਲ ਆਧਾਰਿਤ ਕੋਰਸ ਸਮੇਂ ਦੀ ਸਭ ਤੋਂ ਵੱਡੀ ਲੋੜ ਹੈ। ਉਹਨਾਂ ਵਿਸ਼ਵਾਸ ਪ੍ਰਗਟਾਇਆ ਕਿ ਯੂਨੀਵਰਸਿਟੀ ਹੁਨਰ ਅਧਾਰਿਤ ਰੁਜ਼ਗਾਰ ਪੈਦਾ ਕਰਨ ਵਿਚ ਨਵੇਂ ਮੀਲ-ਪੱਥਰ ਸਥਾਪਿਤ ਕਰੇਗੀ। ਉਹਨਾਂ ਯੂਨੀਵਰਸਿਟੀ ਦੀ ਇਸ ਪ੍ਰਾਪਤੀ ਲਈ ਕੰਮ ਕਰਨ ਵਾਲੀ ਸਬੰਧਿਤ ਟੀਮ ਦੇ ਸੁਹਿਰਦ ਯਤਨਾਂ ਦੀ ਪੁਰਜ਼ੋਰ ਸ਼ਲਾਘਾ ਕਰਦਿਆਂ ਵਧਾਈ ਦਿੱਤੀ।ਉਹਨਾਂ ਕਿਹਾ ਕਿ ਯੂਨੀਵਰਸਿਟੀ ਨੌਜਵਾਨਾਂ ਵਿਚ ਹੁਨਰ ਨੂੰ ਵਿਕਸਤ ਕਰਨ ’ਤੇ ਵਿਸ਼ੇਸ਼ ਧਿਆਨ ਦੇ ਰਹੀ ਹੈ ਕਿਉਂਕਿ ਇਸ ਨਾਲ ਉਨ੍ਹਾਂ ਨੂੰ ਜਨਤਕ ਅਤੇ ਨਿੱਜੀ ਨੌਕਰੀਆਂ ਪ੍ਰਾਪਤ ਕਰਨ ਦੇ ਨਾਲ-ਨਾਲ ਸਵੈ-ਰੁਜ਼ਗਾਰ ਸਥਾਪਿਤ ਕਰਨ ਵਿਚ ਅਹਿਮ ਸਹੂਲਤ ਮਿਲੇਗੀ।ਯੂਨੀਵਰਸਿਟੀ ਨੇ ਬੀਤੇ ਸਾਲ ਉਪਰੋਕਤ ਮਾਨਤਾ ਲਈ ਅਪਲਾਈ ਕੀਤਾ ਸੀ, ਜਿਸ ਪਿਛੋਂ ਐਨ.ਸੀ.ਵੀ.ਈ.ਟੀ. ਦੀ ਸਬ ਕਮੇਟੀ ਵੱਲੋਂ ਵਿਸਥਾਰ ਵਿਚ ਜਾਂਚ ਪੜਤਾਲ ਕਰਨ ਤੋਂ ਬਾਅਦ ਉਪਰੋਕਤ ਮਾਨਤਾ ਪ੍ਰਦਾਨ ਕਰਨ ਦਾ ਫੈਸਲਾ ਕੀਤਾ।ਐਨ.ਸੀ.ਵੀ.ਈ.ਟੀ. ਗਜ਼ਟ ਦੀ ਸੂਚਨਾ ਦੇ ਸੈਕਸ਼ਨ 25 (2) ਦੇ ਤਹਿਤ ਐਨ.ਸੀ.ਵੀ.ਈ.ਟੀ. ਅਤੇ ਯੂਨੀਵਰਸਿਟੀ ਦਰਮਿਆਨ ਇਕ ਸਮਝੌਤੇ ’ਤੇ ਦਸਤਖਤ ਕਰਨ ਤੋਂ ਬਾਅਦ ਹੁਨਰ ਅਧਾਰਿਤ ਕਿੱਤਾਮੁਖੀ ਕੋਰਸਾਂ ਨੂੰ ਮਾਨਤਾ ਦੇਣ ਲਈ ਸੂਬੇ ਭਰ ਵਿਚ ਪ੍ਰਕਿਰਿਆ ਸ਼ੁਰੂ ਹੋ ਜਾਵੇਗੀ।

ਐੱਸ.ਐੱਸ.ਡੀ. ਕਾਲਜ ਆਫ ਪ੍ਰੋਫੈਸ਼ਨਲ ਸਟੱਡੀਜ਼ ਵੱਲੋਂ ਰਾਸ਼ਟਰੀ ਵਿਗਿਆਨ ਦਿਵਸ ਮੌਕੇ ਪ੍ਰੋਗਰਾਮ ਆਯੋਜਿਤ

0

ਸੁਖਜਿੰਦਰ ਮਾਨ
ਬਠਿੰਡਾ, 7 ਮਾਰਚ: ਐੱਸ.ਐੱਸ.ਡੀ. ਕਾਲਜ ਆਫ ਪ੍ਰੋਫੈਸ਼ਨਲ ਸਟੱਡੀਜ਼ ਭੋਖੜਾ ਵੱਲੋਂ ਰਾਸ਼ਟਰੀ ਵਿਗਿਆਨ ਦਿਵਸ ਮੌਕੇ ਪੰਜਾਬ ਸਟੇਟ ਕੌਂਸਲ ਫਾਰ ਸਾਇੰਸ ਅਤੇ ਤਕਨਾਲੋਜੀ, ਪੰਜਾਬ ਸਟੇਟ ਕੌਂਸਲ ਫਾਰ ਸਾਇੰਸ ਅਤੇ ਤਕਨਾਲੋਜੀ ਕਮਿਉਨੀਕੇਸ਼ਨ ਅਤੇ ਡਿਪਾਰਟਮੈਂਟ ਆਫ਼ ਸਾਇੰਸ ਅਤੇ ਤਕਨਾਲੋਜੀ ਪੰਜਾਬ ਸਰਕਾਰ ਦੇ ਸਹਿਯੋਗ ਨਾਲ ਦੋ ਦਿਨਾਂ ਪ੍ਰੋਗਰਾਮ ਕਰਵਾਇਆ ਗਿਆ। ਜਿਸ ਵਿੱਚ ਪਹਿਲੇ ਦਿਨ ਪ੍ਰਿੰਸੀਪਲ ਡਾ. ਰਾਜੇਸ਼ ਸਿੰਗਲਾ, ਵਾਇਸ ਪ੍ਰਿੰਸੀਪਲ ਅੰਸ਼ਦੀਪ ਕੌਰ ਬਰਾੜ ਦੀ ਰਹਿਨੁਮਾਈ ਹੇਠ ਅਤੇ ਸਮੂਹ ਸਟਾਫ਼ ਦੇ ਸਹਿਯੋਗ ਸਦਕਾ ਰਾਸ਼ਟਰੀ ਵਿਗਿਆਨ ਦਿਵਸ ਕਾਲਜ ਕੈਂਪਸ ਵਿਖੇ ਮਨਾਇਆ ਗਿਆ। ਜਿਸ ਦੌਰਾਨ ਵਿਦਿਆਰਥੀਆਂ ਦੇ ਵੱਖ-ਵੱਖ ਮੁਕਾਬਲੇ ਕਰਵਾਏ ਗਏ। ਮੁੱਖ ਮਹਿਮਾਨ ਵਜੋਂ ਮਿਸ ਅਪੂਰਵਾ ਗਰਗ ਆਈ.ਏ.ਐਸ. , ਕਾਲਜ ਦੇ ਸੰਸਥਾਪਕ ਐਡਵੋਕੇਟ ਮਨੋਹਰ ਲਾਲ, ਕਾਲਜ ਦੇ ਪ੍ਰਧਾਨ ਇੰਜ. ਭੂਸ਼ਣ ਕੁਮਾਰ ਜਿੰਦਲ, ਸਕੱਤਰ ਇੰਜ. ਪਰਦੀਪ ਮੰਗਲਾ ਨੇ ਸ਼ਿਰਕਤ ਕੀਤੀ। ਕਾਲਜ ਪ੍ਰਿੰਸੀਪਲ ਡਾ. ਰਾਜੇਸ਼ ਸਿੰਗਲਾ ਵੱਲੋਂ ਰਾਸ਼ਟਰੀ ਵਿਗਿਆਨ ਦਿਵਸ 2023 ਦੇ ਵਿਸ਼ੇ ਬਾਰੇ ਵਿਦਿਆਰਥੀਆਂ ਨੂੰ ਜਾਣੂ ਕਰਵਾਇਆ ਅਤੇ ਭਾਰਤ ਦੇਸ਼ ਦੇ ਮਹਾਨ ਸਾਇੰਸਦਾਨਾਂ ਦੇ ਵਿਗਿਆਨ ਖੇਤਰ ਵਿੱਚ ਮਹੱਤਵਪੂਰਨ ਯੋਗਦਾਨ ਬਾਰੇ ਦੱਸਿਆ। ਆਏ ਹੋਏ ਮੁੱਖ ਮਹਿਮਾਨਾਂ ਵੱਲੋਂ ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਉਪਰੰਤ ਕਾਲਜ ਦੀ ਪ੍ਰਬੰਧਕ ਕਮੇਟੀ ਵੱਲੋਂ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।ਦੂਜੇ ਦਿਨ ਰੰਗੋਲੀ, ਪੋਸਟਰ ਮੇਕਿੰਗ ਅਤੇ ਸੱਭਿਆਚਾਰਕ ਗਤੀਵਿਧੀਆਂ ਕਰਵਾਈਆਂ ਗਈਆਂ। ਦੂਸਰੇ ਦਿਨ ਮੁੱਖ ਮਹਿਮਾਨ ਵਜੋਂ ਪਰਦੀਪ ਸ਼ਰਮਾਂ ਅਤੇ ਗੁਰਪ੍ਰੇਮ ਲਹਿਰੀ ਨੇ ਸ਼ਿਰਕਤ ਕੀਤੀ। ਇਸ ਮੌਕੇ ਕਾਲਜ ਦੇ ਸਟਾਫ਼ ਵਿੱਚੋਂ ਵਾਇਸ ਪ੍ਰਿੰਸਪਲ ਅੰਸ਼ਦੀਪ ਕੌਰ ਬਰਾੜ, ਪ੍ਰੋ. ਕੁਲਦੀਪ ਸਿੰਘ, ਪ੍ਰੋ, ਮਨਪ੍ਰੀਤ ਕੌਰ, ਪ੍ਰੋ. ਯਾਦਵਿੰਦਰ ਕੌਰ, ਪ੍ਰੋ. ਰਮਨਦੀਪ ਕੌਰ, ਪ੍ਰੋ. ਰਮਨਪ੍ਰੀਤ ਕੌਰ, ਪ੍ਰੋ. ਜੋਤੀ ਗੋਇਲ, ਪ੍ਰੋ. ਕੋਮਲ ਗਰਗ, ਮਨਪ੍ਰੀਤ ਕੌਰ ਲਾਇਬ੍ਰੇਰੀਅਨ, ਆਫਿਸ ਸਟਾਫ਼ ਵਿੱਚੋਂ ਕੁਲਵਿੰਦਰ ਸਿੰਘ ਅਤੇ ਅਜੇ ਕੁਮਾਰ ਆਦਿ ਸ਼ਾਮਿਲ ਸਨ।

ਅੰਤਰਰਾਸ਼ਟਰੀ ਮਹਿਲਾ ਦਿਵਸ ਨੂੰ ਸਮਰਪਿਤ ਸੈਮੀਨਾਰ ਦੌਰਾਨ ਘਰੇਲੂ ਹਿੰਸਾ ਵਿਰੁੱਧ ਔਰਤਾਂ ਨੂੰ ਦਲੇਰੀ ਨਾਲ ਡਟਣ ਦਾ ਸੱਦਾ

0

ਔਰਤਾਂ ਦੀ ਘਰੇਲੂ ਹਿੰਸਾ ਵਿਰੁੱਧ ਵਧ ਰਹੇ ਅੰਕੜੇ ਚਿੰਤਾਜਨਕ-ਡਾ ਹਰਸ਼ਿੰਦਰ ਕੌਰ
ਪੰਜਾਬੀ ਖ਼ਬਰਸਾਰ ਬਿਉਰੋ
ਮਾਨਸਾ 7 ਮਾਰਚ: ਜ਼ਿਲ੍ਹਾ ਪ੍ਰਸ਼ਾਸਨ ਮਾਨਸਾ ਵੱਲ੍ਹੋਂ ਸਿੱਖਿਆ ਵਿਕਾਸ ਮੰਚ ਮਾਨਸਾ,ਵਾਇਸ ਆਫ ਮਾਨਸਾ,ਨਹਿਰੂ ਯੁਵਾ ਕੇਦਰ ਮਾਨਸਾ ਅਤੇ ਇਸਤਰੀ ਭਲਾਈ ਸਭਾ ਦੇ ਸਹਿਯੋਗ ਨਾਲ ਬੱਚਤ ਭਵਨ ਵਿਖੇ ਅੰਤਰਰਾਸ਼ਟਰੀ ਮਹਿਲਾ ਦਿਵਸ ਨੂੰ ਸਮਰਪਿਤ ਸੈਮੀਨਾਰ ਕਰਵਾਇਆ ਗਿਆ।ਬੁਲਾਰਿਆਂ ਨੇ ਔਰਤਾਂ ਨੂੰ ਸੱਦਾ ਦਿੱਤਾ ਕਿ ਉਨ੍ਹਾਂ ਵਿਰੁੱਧ ਦੇਸ਼ ਭਰ ਚ ਵਧ ਰਹੀ ਘਰੇਲੂ ਹਿੰਸਾ ਦੇ ਖਾਤਮੇ ਲਈ ਉਹ ਕ੍ਰਾਂਤੀਕਾਰੀ ਰੋਲ ਅਦਾ ਕਰਨ। ਸੈਮੀਨਾਰ ਦੇ ਮੁੱਖ ਬੁਲਾਰੇ ਡਾ ਹਰਸ਼ਿੰਦਰ ਕੌਰ ਐੱਮ ਡੀ ਮੈਡੀਕਲ ਕਾਲਜ ਪਟਿਆਲਾ ਨੇ ਕਿਹਾ ਕਿ ਬੇਸ਼ੱਕ ਔਰਤਾਂ ਨੇ ਅਪਣੇ ਬਲਬੂਤੇ ਹਰ ਖੇਤਰ ਚ ਤਰੱਕੀ ਕੀਤੀ ਹੈ,ਪਰ ਦੁਖਾਂਤ ਇਹ ਹੈ ਕਿ ਪੰਜਾਬ ਦੀ ਉਸ ਕ੍ਰਾਂਤੀਕਾਰੀ ਧਰਤੀ ’ਤੇ ਵੀ ਔਰਤਾਂ ਵਿਰੁੱਧ ਵਹਿਸ਼ੀਆਨਾ ਜੁਲਮ ਹੋ ਰਹੇ ਹਨ,ਜਿਸ ਧਰਤੀ ਤੋਂ ਜਬਰ ਜੁਲਮ ਦੇ ਖਿਲਾਫ ਨਿੱਤ ਮੁਹਿੰਮਾਂ ਉਠਦੀਆਂ ਰਹੀਆਂ ਹਨ। ਡਾ ਹਰਸ਼ਿੰਦਰ ਕੌਰ ਨੇ ਦੇਸ਼ ਵਿਦੇਸ਼ ਵਿੱਚ ਔਰਤਾਂ ਵਿਰੁੱਧ ਵਧ ਰਹੀ ਘਰੇਲੂ ਹਿੰਸਾ ਦੇ ਅੰਕੜਿਆਂ ਨੂੰ ਪੇਸ਼ ਕਰਦਿਆਂ ਇਸ ਨੁਕਤੇ ਨੂੰ ਵੀ ਨਿਕਾਰਿਆ ਕਿ ਸਿਰਫ ਔਰਤ ਹੀ ਔਰਤ ਦੀ ਦੁਸ਼ਮਣ ਹੈ। ਉਨ੍ਹਾਂ ਭਾਵੁਕ ਸੁਰ ਚ ਕਿਹਾ ਅਸੀਂ ਨਸ਼ਿਆਂ ਦੀ ਗਲਤਾਨ ਚ ਇਸ ਕਦਰ ਫਸ ਗਏ ਹਾਂ ਕਿ ਅਸੀਂ ਰਿਸ਼ਤਿਆਂ ਦੀ ਮਰਿਆਦਾ ਵੀ ਭੁੱਲ ਗਏ ਹਾਂ। ਸਮਾਗਮ ਦੀ ਪ੍ਰਧਾਨਗੀ ਕਰਦਿਆਂ ਸ੍ਰੀਮਤੀ ਬਲਦੀਪ ਕੌਰ ਡਿਪਟੀ ਕਮਿਸ਼ਨਰ ਨੇ ਇਸ ਗੱਲ ’ਤੇ ਮਾਣ ਮਹਿਸੂਸ ਕੀਤਾ ਕਿ ਔਰਤਾਂ ਨੇ ਅਪਣੀ ਕਾਬਲੀਅਤ ਨਾਲ ਸਮਾਜ ਚ ਖੁਦ ਆਪਣੀ ਪਹਿਚਾਣ ਬਣਾਈ ਹੈ,ਅੱਜ ਲੜਕੀਆਂ ਸਿੱਖਿਆ, ਖੇਡਾਂ , ਸਭਿਆਚਾਰ ਅਤੇ ਪ੍ਰਸ਼ਾਨਕ ਅਤੇ ਰਾਜਨੀਤੀ ਚ ਵੱਡੀਆਂ ਉਪਲੱਬਧੀਆਂ ਹਾਸਲ ਕਰ ਰਹੀਆਂ ਹਨ।ਪਰ ਇਸ ਦੇ ਬਾਵਜੂਦ ਲੜਕੀਆਂ ਨੂੰ ਦਲੇਰੀ ਨਾਲ ਆਪਣੀ ਹੋਂਦ ਨੂੰ ਮਜਬੂਤ ਕਰਨ ਦੀ ਲੋੜ ਹੈ। ਉਨ੍ਹਾਂ ਲੜਕੀਆਂ ਨੂੰ ਸੱਦਾ ਦਿੱਤਾ ਕਿ ਉਹ ਆਪਣੇ ਭਰਾਵਾਂ ਦਾ ਸਹਾਰਾ ਬਣਕੇ ਉਨ੍ਹਾਂ ਨੂੰ ਸਹੀ ਰਾਹ ਦਿਖਾਉਣ ਦੀ ਲੋੜ ਹੈ,ਤਾਂ ਕਿ ਉਹ ਰਲ ਮਿਲਕੇ ਚੰਗੇ ਸਮਾਜ ਦੀ ਸਿਰਜਣਾ ਕਰ ਸਕਣ।
ਨਹਿਰੂ ਯੁਵਾ ਕੇਂਦਰ ਦੇ ਜਿਲ੍ਹਾ ਯੂਥ ਅਫਸਰ ਸਰਬਜੀਤ ਸਿੰਘ,ਪ੍ਰੋਗਰਾਮ ਅਫਸਰ ਡਾ ਸੰਦੀਪ ਘੰਡ, ਵਾਇਸ ਆਫ ਮਾਨਸਾ ਦੇ ਪ੍ਰਧਾਨ ਡਾ ਜਨਕ ਰਾਜ,ਵਿਸ਼ਵਜੀਤ ਬਰਾੜ,ਡਾ ਗੁਰਪ੍ਰੀਤ ਕੌਰ,ਸਿੱਖਿਆ ਵਿਕਾਸ ਮੰਚ ਮਾਨਸਾ ਦੇ ਪ੍ਰਧਾਨ ਹਰਦੀਪ ਸਿੱਧੂ, ਸਮਾਜ ਸੇਵੀ ਇੰਦਰਜੀਤ ਸਿੰਘ ਉੱਭਾ ਨੇ ਕਿਹਾ ਕਿ ਸਮਾਜ ਚ ਔਰਤਾਂ ਦੇ ਹੱਕਾਂ ਲਈ ਜਿਥੇ ਉਨ੍ਹਾਂ ਨੇ ਖੁਦ ਵੱਡੇ ਹੰਭਲੇ ਮਾਰੇ ਹਨ,ਉਥੇ ਸਮਾਜ ਦੀਆਂ ਵੱਖ ਵੱਖ ਧਿਰਾਂ ਅਤੇ ਸਮਾਜਿਕ ਸੰਗਠਨਾਂ ਨੇ ਜਾਗ੍ਰਿਤੀ ਮੁਹਿੰਮਾਂ ਰਾਹੀਂ ਔਰਤ,ਮਰਦ ਦੀ ਬਰਾਬਰੀ ਲਈ ਬੇਸ਼ੱਕ ਯਤਨ ਕੀਤੇ ਹਨ,ਪਰ ਅਜੇ ਹੋਰ ਵੱਡੇ ਯਤਨਾਂ ਦੀ ਲੋੜ ਹੈ। ਸਹਿਯੋਗੀ ਸੰਸਥਾਵਾਂ ਦੇ ਆਗੂਆਂ ਵੀਨਾ ਅਗਰਵਾਲ , ਪਰਮਜੀਤ ਕੌਰ,ਸ਼ਰਨਜੀਤ ਕੌਰ, ਮਨੋਹਰ ਕੌਰ ਨੇ ਕਿਹਾ ਕਿ ਉਹ ਭਵਿੱਖ ਚ ਵੀ ਔਰਤਾਂ ਦੀ ਭਲਾਈ ਲਈ ਲੋੜੀਂਦੇ ਯਤਨ ਜਾਰੀ ਰੱਖਣਗੇ।ਸੈਮੀਨਾਰ ਦੌਰਾਨ ਵਿਸ਼ੇਸ਼ ਤੌਰ ’ਤੇ ਹਾਜ਼ਰ ਮਨਜੀਤ ਕੌਰ ਔਲਖ,ਡੀਈਓ ਹਰਿੰਦਰ ਭੁੱਲਰ,ਡਿਪਟੀ ਡੀਈਓ ਗੁਰਲਾਭ ਸਿੰਘ,ਜ਼ਿਲ੍ਹਾ ਭਾਸ਼ਾ ਅਫਸਰ ਤੇਜਿੰਦਰ ਕੌਰ,ਡਾ ਯੋਗਿਤਾ ਜੋਸ਼ੀ, ਮਨਪ੍ਰੀਤ ਕੌਰ ਵਾਲੀਆਂ,ਰੋਹਤਾਂਸ਼ ਸਿੰਗਲਾ,ਬਲਰਾਜ ਮਾਨ,ਸ਼ਾਇਰ ਗੁਰਪ੍ਰੀਤ,ਹਰਿੰਦਰ ਮਾਨਸ਼ਾਹੀਆ, ਰਾਜਿੰਦਰ ਵਰਮਾ ਡਾ ਬਲਜੀਤ ਕੋਰ ਐਸ ਡੀ ਕਾਲਜ ਮਾਨਸਾ ਅਤੇ ਡਾ ਬਲਮ ਲੀਬਾਂ ਮਾਤਾ ਸੁੰਦਰੀ ਗਰਲਜ ਯੂਨੀਵਰਸਟੀ ਕਾਲਜ ਮਾਨਸਾ ਨੇ ਮਹਿਲਾ ਦਿਵਸ ਨੂੰ ਸਮਰਪਿਤ ਸੈਮੀਨਾਰ ਦੀ ਪ੍ਰਸ਼ੰਸਾ ਕੀਤੀ। ਇਸ ਮੌਕੇ ਡਿਪਟੀ ਕਮਿਸ਼ਨਰ ਬਲਦੀਪ ਕੌਰ,ਡਾ ਹਰਸ਼ਿੰਦਰ ਕੌਰ ਪਟਿਆਲਾ, ਡਾ ਗੁਰਪ੍ਰੀਤ ਕੌਰ,ਮਨਜੀਤ ਕੌਰ ਔਲਖ ਅਤੇ ਔਰਤ ਸੰਬੰਧੀ ਵੱਖ ਵੱਖ ਮੁਕਾਬਲਿਆਂ ਦੌਰਾਨ ਮੋਹਰੀ ਰਹੇ ਮਾਤਾ ਸੁੰਦਰੀ ਗਰਲਜ ਕਾਲਜ ਮਾਨਸਾ ਡਾਈਟ ਅਹਿਮਦਪੁਰ,ਸੈਕੰਡਰੀ ਸਕੂਲ ਫੱਤਾ ਮਾਲੋਕਾ, ਸਿਲਾਈ ਸੈਟਰ ਖਾਰਾ,ਅਰਸ਼ਪ੍ਰੀਤ ਕੋਰ ਬੱਛੋਆਣਾ ਅਤੇ ਸਿਲਾਈ ਸੈਂਟਰ ਖਾਰਾ ਦੀਆਂ ਲੜਕੀਆਂ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ।ੲਸ ਮੌਕੇ ਡਾ ਮਿਲਨ ਸ਼ਰਮਾ,ਉਸ਼ੀਨ ਸ਼ਰਮਾ, ਮੈਡਮ ਰੇਨੂੰ,ਐਡਵੋਕੇਟ ਮੰਜੂ ਰਾਣੀ, ਮਨੋਜ ਕੁਮਾਰ,ਬੇਅੰਤ ਕੌਰ,ਮਨਪ੍ਰੀਤ ਕੌਰ,ਐਡਵੋਕੇਟ ਗਗਨਦੀਪ ਕੌਰ,ਰਾਜਿੰਦਰ ਕੌਰ,ਦੇਵਿੰਦਰ ਕੌਰ ਵੀ ਹਾਜ਼ਰ ਸਨ।

Our Visitor

1911214