ਨਵਜੋਤ ਸਿੱਧੂ ਦੀ ਰਿਹਾਈ ਤੋਂ ਪਹਿਲਾਂ ਦਿਖ਼ਾਈ ਇਕਜੁਟਤਾ
ਸੁਖਜਿੰਦਰ ਮਾਨ
ਬਠਿੰਡਾ, 1 ਮਾਰਚ : ਸੂਬਾਈ ਕਾਂਗਰਸ ’ਚ ਅਪਣੀ ਵੱਖਰੀ ਹੋਂਦ ਰੱਖ ਰਹੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਧੜੇ ਵਲੋਂ ਅੱਜ ਬਰਗਾੜੀ ਇਨਸਾਫ਼ ਮੋਰਚੇ ਅਤੇ ਜੀਰਾ ’ਚ ਸਰਾਬ ਫੈਕਟਰੀ ਅੱਗੇ ਚੱਲ ਰਹੇ ਕਿਸਾਨ ਮੋਰਚੇ ਵਿਚ ਸਮੂਲੀਅਤ ਕਰਕੇ ਮੁੜ ਇਕਜੁਟਤਾ ਦਿਖ਼ਾਈ ਹੈ। ਸਿੱਧੂ ਦੀ ਜਲਦੀ ਰਿਹਾਈ ਨੂੰ ਲੈ ਕੇ ਚੱਲ ਰਹੇ ਅਟਕਲਾਂ ਦੇ ਬਜ਼ਾਰ ਦੌਰਾਨ ਇਸ ਧੜੇ ਵੱਲੋਂ ਵਿੱਢੀ ਸਰਗਰਮੀ ਇਸਦੀ ਹੋਂਦ ਨੂੰ ਦਰਸਾਉਂਦੀ ਹੈ। ਸੂਚਨਾ ਮੁਤਾਬਕ ਇਸ ਧੜੇ ਨਾਲ ਸਬੰਧਤ ਸਾਬਕਾ ਵਿਧਾਇਕ ਨਾਜ਼ਰ ਸਿੰਘ ਮਾਨਸ਼ਾਹੀਆ, ਜਗਦੇਵ ਸਿੰਘ ਕਮਾਲੂ, ਪਿਰਮਿਲ ਸਿੰਘ ਧੋਲਾ, ਹਲਕਾ ਇੰਚਾਰਜ਼ ਹਰਵਿੰਦਰ ਸਿੰਘ ਲਾਡੀ ਆਦਿ ਸਹਿਤ ਦਰਜ਼ਨਾਂ ਆਗੂ ਪਹਿਲਾਂ ਬਠਿੰਡਾ ਵਿਖੇ ਇਕੱਤਰ ਹੋਏ, ਜਿਸਤੋਂ ਬਾਅਦ ਉਹ ਬਰਗਾੜੀ ਇਨਸਾਫ ਮੋਰਚੇ ਵਿਚ ਪੁੱਜੇ, ਜਿੱਥੈ ਉਨ੍ਹਾਂ ਧਰਨੇ ’ਤੇ ਬੈਠੇ ਸ਼ਹੀਦ ਸਿੰਘਾਂ ਦੇ ਪ੍ਰਵਾਰਾਂ ਤੋਂ ਇਲਾਵਾ ਹੋਰਨਾਂ ਆਗੂਆਂ ਨਾਲ ਇਕਜੁਟਤਾ ਦਿਖ਼ਾਉਂਦਿਆਂ ਬੇਅਦਬੀ ਤੇ ਬਹਿਬਲ ਕਲਾਂ ਗੋਲੀ ਕਾਂਡ ਦੇ ਦੋਸ਼ੀਆਂ ਨੂੰ ਫ਼ੜਣ ਲਈ ਨਵਜੋਤ ਸਿੰਘ ਸਿੱਧੂ ਵਲੋਂ ਚੂੱਕੇ ਕਦਮਾਂ ਦੀ ਚਰਚਾ ਕੀਤੀ। ਇਸੇ ਤਰ੍ਹਾਂ ਇਸਤੋਂ ਬਾਅਦ ਇਹ ਗਰੁੱਪ ਫ਼ਿਰੋਜਪੁਰ ਤੋਂ ਅੱਗੇ ਚੱਲ ਰਹੇ ਜੀਰਾ ਕਿਸਾਨ ਮੋਰਚੇ ਵਿਚ ਪੁੱਜਿਆ, ਜਿੱਥੋਂ ਦੇ ਕਿਸਾਨਾਂ ਵਲੋਂ ਸਰਾਬ ਫੈਕਟਰੀ ਵਿਰੁਧ ਮੋਰਚਾ ਖੋਲਿਆ ਹੋਇਆ ਹੈ। ਬਠਿੰਡਾ ਤੋਂ ਚੱਲਣ ਤੋਂ ਪਹਿਲਾਂ ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਹਰਵਿੰਦਰ ਸਿੰਘ ਲਾਡੀ ਨੇ ਕਿਹਾ ਕਿ ‘‘ ਪੰਜਾਬ ਦੇ ਆਗੂਆਂ ਵਿਚੋਂ ਵਾਹਦ ਨਵਜੋਤ ਸਿੰਘ ਸਿੱਧੂ ਹੀ ਇੱਕ ਅਜਿਹੇ ਆਗੂ ਹਨ, ਜਿੰਨ੍ਹਾਂ ਸਰਕਾਰ ਵਿਚ ਹੁੰਦਿਆਂ ਵੀ ਇਸਦੇ ਹੱਕ ਵਿਚ ਅਵਾਜ਼ ਚੁੱਕੀ ਹੈ। ’’ ਉਨ੍ਹਾਂ ਕਿਹਾ ਕਿ ਪਟਿਆਲਾ ਜੇਲ੍ਹ ਤੋਂ ਰਿਹਾਅ ਹੋਣ ਤੋਂ ਬਾਅਦ ਵੀ ਸ: ਸਿੱਧੂ ਇਸਦੇ ਹੱਕ ’ਚ ਡਟਣਗੇ। ਇਸ ਮੌਕੇ ਉਨ੍ਹਾਂ ਨਾਲ ਵੱਡੀ ਗਿਣਤੀ ਵਿਚ ਬਠਿੰਡਾ ਦਿਹਾਤੀ ਹਲਕੇ ਦੇ ਕਾਂਗਰਸੀ ਆਗੂ ਵੀ ਮੌਜੂਦ ਸਨ।
ਸਿੱਧੂ ਧੜੇ ਨੇ ਇਕੱਠੇ ਹੋ ਕੇ ਬਰਗਾੜੀ ਤੇ ਜੀਰਾ ਮੋਰਚੇ ਵਿਚ ਕੀਤੀ ਸਮੂਲੀਅਤ
ਆਈ.ਪੀ.ਐਲ ਦੀ ਤਰਜ਼ ’ਤੇ ਪੰਜਾਬ ’ਚ ਵੀ ਹੁਣ ਕਰਵਾਇਆ ਜਾਵੇਗੀ ‘ਪੰਜਾਬ ਪ੍ਰੀਮੀਅਰ ਲੀਗ’: ਅਮਰਜੀਤ ਮਹਿਤਾ
ਬਠਿੰਡਾ ’ਚ ਆਧੁਨਿਕ ਸਹੂਲਤਾਂ ਨਾਲ ਲੈਸ ਕ੍ਰਿਕਟ ਸਟੇਡੀਅਮ ਬਣਾਇਆ ਜਾਵੇਗਾ: ਪ੍ਰਧਾਨ ਕ੍ਰਿਕਟ ਐਸੋਸੀਏਸ਼ਨ
ਸੁਖਜਿੰਦਰ ਮਾਨ
ਬਠਿੰਡਾ, 1 ਮਾਰਚ : ਪਿਛਲੇ ਦਿਨੀਂ ਸਰਬਸੰਮਤੀ ਨਾਲ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਬਣਨ ਵਾਲੇ ਬਠਿੰਡਾ ਦੇ ਉੱਘੇ ਵਪਾਰੀ ਅਮਰਜੀਤ ਮਹਿਤਾ ਨੇ ਦਾਅਵਾ ਕੀਤਾ ਹੈ ਕਿ ਆਉਣ ਵਾਲੇ ਸਮੇਂ ’ਚ ਬਠਿੰਡਾ ਵਿਚ ਆਧੁਨਿਕ ਸਹੂਲਤਾਂ ਨਾਲ ਲੈਸ ਕ੍ਰਿਕਟ ਸਟੇਡੀਅਮ ਬਣਾਇਆ ਜਾਵੇਗਾ। ਬਠਿੰਡਾ ਪੁੱਜਣ ’ਤੇ ਅਪਣੇ ਸਮਰਥਕਾਂ ਦਾ ਪਿਆਰ ਕਬੂਲਦਿਆਂ ਸ਼੍ਰੀ ਮਹਿਤਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ‘‘ ਅੱਜ ਕ੍ਰਿਕਟ ਹਰ ਘਰ ਦੇ ਕੋਨੇ ਤੱਕ ਪੁੱਜ ਗਈ ਹੈ ਤੇ ਹੁਨਰਮੰਦ ਖਿਡਾਰੀਆਂ ਦੀ ਕੋਈ ਕਮੀ ਨਹੀਂ ਹੈ, ਸਿਰਫ਼ ਲੋੜ ਹੈ ਉਨ੍ਹਾਂ ਦੇ ਹੁਨਰ ਨੂੰ ਪਹਿਚਾਣ ਕੇ ਤਰਾਸ਼ਣ ਦੀ, ਜਿਸਦੇ ਲਈ ਪੰਜਾਬ ਕ੍ਰਿਕਟ ਐਸੋੋਸੀਏਸ਼ਨ ਹਰ ਸੰਭਵ ਕੋਸ਼ਿਸ਼ ਕਰੇਗੀ। ’’ ਉਨ੍ਹਾਂ ਕਿਹਾ ਕਿ ਇੰਡੀਅਨ ਪ੍ਰੀਮੀਅਰ ਲੀਗ ਦੀ ਤਰਜ਼ ’ਤੇ ਹੁਣ ਪੰਜਾਬ ਵਿਚ ਵੀ ‘ਪੰਜਾਬ ਪ੍ਰੀਮੀਅਰ ਲੀਗ’ ਕਰਵਾਉਣ ਦੀ ਯੋਜਨਾ ਬਣਾਈ ਜਾ ਰਹੀ ਹੈ, ਜਿਸਦੇ ਨਾਲ ਉੱਭਰਦੇ ਖਿਡਾਰੀਆਂ ਨੂੰ ਅਪਣੀ ਪ੍ਰਤੀਭਾ ਦਿਖਾਉਣ ਦਾ ਮੌਕਾ ਮਿਲੇਗਾ। ਉਨ੍ਹਾਂ ਕਿਹਾ ਕਿ ਲੜਕੀਆਂ ਨੂੰ ਵੀ ਬਰਾਬਰ ਦੇ ਮੌਕੇ ਦੇ ਕੇ ਅੱਗੇ ਵੱਧਣ ਲਈ ਪ੍ਰੇਰਿਤ ਕੀਤਾ ਜਾਵੇਗਾ। ਸ਼੍ਰੀ ਮਹਿਤਾ ਨੇ ਕਿਹਾ ਕਿ ਜਲਦੀ ਹੀ ਵਿਸਵ ਕ੍ਰਿਕਟ ਕੱਪ ਅਤੇ ਰਣਜੀ ਟਰਾਫ਼ੀ ਦੇ ਮੈਚ ਸ਼ੁਰੂ ਹੋ ਰਹੇ ਹਨ ਤੇ ਪੰਜਾਬ ਨੂੰ ਵੀ ਕੁੱਝ ਮੈਚਾਂ ਦੀ ਮੇਜ਼ਬਾਨੀ ਕਰਨ ਦਾ ਮੌਕਾ ਮਿਲੇਗਾ। ਜਿਸਦੇ ਚੱਲਦੇ ਐਸੋਸੀਏਸ਼ਨ ਦੀ ਪੂਰੀ ਕੋਸ਼ਿਸ਼ ਹੈ ਕਿ 31 ਜੁਲਾਈ ਤੱਕ ਨਿਊ ਚੰਡੀਗੜ੍ਹ ਵਿਖੇ ਬਣ ਰਿਹਾ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ ਤਿਆਰ ਹੋ ਜਾਵੇ ਤੇ ਅੰਤਰਰਾਸ਼ਟਰੀ ਮੈਚ ਇਸ ਵਿਚ ਕਰਵਾਏ ਜਾ ਸਕਣ। ਉਨ੍ਹਾਂ ਕਿਹਾ ਕਿ ਪੰਜਾਬ ਦੇ ਹੋਰਨਾਂ ਹਿੱਸਿਆਂ ਵਿਚ ਵੀ ਕ੍ਰਿਕਟ ਸਟੇਡੀਅਮ ਤਿਆਰ ਕਰਵਾਏ ਜਾਣਗੇ।
ਅਪਰਾਧ ਨੂੰ ਠੱਲ ਪਾਉਣ ਵਾਲੇ ‘ਸੀਆਈਏ’ ਸਟਾਫ਼ ਦੇ ਇੰਚਾਰਜ਼ ਸਹਿਤ ਸਟਾਫ਼ ਨੂੰ ਦਿੱਤੀ ਵਿਸ਼ੇਸ ਤਰੱਕੀ
ਸੁਖਜਿੰਦਰ ਮਾਨ
ਬਠਿੰਡਾ, 1 ਮਾਰਚ : ਜ਼ਿਲ੍ਹੇ ’ਚ ਅਪਰਾਧ ਨੂੰ ਠੱਲ ਪਾਉਣ ਵਿਚ ਵੱਡਾ ਯੋਗਦਾਨ ਪਾਉਣ ਵਾਲੇ ਸੀਆਈੲੈ ਸਟਾਫ਼ ਦੇ ਇੰਚਾਰਜ਼ ਅਤੇ ਦੋ ਸਟਾਫ਼ ਮੈਂਬਰਾਂ ਨੂੰ ਪੰਜਾਬ ਸਰਕਾਰ ਨੇ ਵਿਸੇਸ ਤਰੱਕੀ ਦਿੱਤੀ ਹੈ। ਅੱਜ ਇੱਥੇ ਇੰਨ੍ਹਾਂ ਦੇ ਤਰੱਕੀ ਵਾਲੇ ‘ਸਟਾਰ’ ਲਗਾਉਂਦਿਆਂ ਐਸ.ਐਸ.ਪੀ ਗੁਲਨੀਤ ਸਿੰਘ ਖ਼ੁਰਾਣਾ ਅਤੇ ਐਸ.ਪੀ ਡੀ ਅਜੈ ਗਾਂਧੀ ਨੇ ਵਧਾਈ ਦਿੰਦਿਆਂ ਉਮੀਦ ਜ਼ਾਹਰ ਕੀਤੀ ਕਿ ਸੀਆਈਏ ਵਿੰਗ ਆਉਣ ਵਾਲੇ ਸਮੇਂ ਵਿਚ ਵੀ ਇਸੇ ਤਰ੍ਹਾਂ ਵਿਸੇਸ ਉਪਲਬਧੀਆਂ ਹਾਸਲ ਕਰਦਾ ਰਹੇਗਾ। ਪੁਲਿਸ ਦੇ ਇੱਕ ਬੁਲਾਰੇ ਨੇ ਦਸਿਆ ਕਿ ਸੀਆਈਏ-1 ਵਿੰਗ ਦੇ ਇੰਚਾਰਜ਼ ਸਬ ਇੰਸਪੈਕਟਰ ਤਰਜਿੰਦਰ ਸਿੰਘ ਨੂੰ ਤਰੱਕੀ ਦੇ ਇੰਸਪੈਕਟਰ ਬਣਾਇਆ ਗਿਆ ਹੈ। ਇਸੇ ਤਰ੍ਹਾਂ ਵਿੰਗ ਵਿਚ ਲੰਮੇ ਸਮੇਂ ਤੋਂ ਤੈਨਾਤ ਹੌਲਦਾਰ ਮਨਜਿੰਦਰ ਸਿੰਘ ਤੇ ਗੁਰਪ੍ਰੀਤ ਸਿੰਘ ਨੂੰ ਵੀ ਤਰੱਕੀ ਦਿੰਦਿਆਂ ਸਹਾਇਕ ਥਾਣੇਦਾਰ ਬਣਾਇਆ ਗਿਆ ਹੈ। ਗੌਰਤਲਬ ਹੈ ਕਿ ਸਿੱਧੂ ਮੂਸੇਵਾਲਾ ਕਾਂਡ ਤੋਂ ਲੈ ਕੇ ਅੱਤਵਾਦੀ ਗਰੁੱਪਾਂ ਅਤੇ ਵੱਡੇ ਵੱਡੇ ਗੈਂਗਸਟਰਾਂ ਨੂੰ ਕਾਬੂ ਕਰਕੇ ਅਣਸੁਖਾਵੀਆਂ ਘਟਨਾ ਨੂੰ ਰੋਕਣ ਦੇ ਚੱਲਦੇ ਇਸ ਵਿੰਗ ਦੀ ਕਾਰਗੁਜ਼ਾਰੀ ਵਧੀਆਂ ਰਹੀ ਹੈ।
ਪੰਜਾਬ ਕੇਂਦਰੀ ਯੂਨੀਵਰਸਿਟੀ ਨੂੰ ‘ਨੈਕ’ ਤੋਂ ਏ ਪਲੱਸ ਗ੍ਰੇਡ ਦਾ ਦਰਜਾ ਮਿਲਿਆ
ਸੁਖਜਿੰਦਰ ਮਾਨ
ਬਠਿੰਡਾ, 1 ਮਾਰਚ: ਸਿੱਖਿਆ ਅਤੇ ਖੋਜ ਦੇ ਖੇਤਰ ਵਿੱਚ ਨਵੇਂ ਰਿਕਾਰਡ ਕਾਇਮ ਕਰਦਿਆਂ ਪੰਜਾਬ ਕੇਂਦਰੀ ਯੂਨੀਵਰਸਿਟੀ ਘੁੱਦਾ ਨੂੰ ਰਾਸ਼ਟਰੀ ਮੁਲਾਂਕਣ ਅਤੇ ਮਾਨਤਾ ਪ੍ਰੀਸ਼ਦ (ਨੈਕ) ਨੇ ਮੁਲਾਂਕਣ ਦੇ ਦੂਜੇ ਦੌਰ ਵਿੱਚ ਪੰਜਾਬ ਕੇਂਦਰੀ ਯੂਨੀਵਰਸਿਟੀ ਨੂੰ ਏ-ਪਲੱਸ (1+) ਗ੍ਰੇਡ ਨਾਲ ਮਾਨਤਾ ਦਿੱਤੀ ਹੈ। ਯੂਨੀਵਰਸਿਟੀ ਨੇ ਨੈਕ ਮੁਲਾਂਕਣ ਚੱਕਰ-2 ਵਿੱਚ 4-ਪੁਆਇੰਟ ਸਕੇਲ ’ਤੇ 3.3 ਦਾ ਸੰਚਤ ਗ੍ਰੇਡ ਪੁਆਇੰਟ ਔਸਤ ਪ੍ਰਾਪਤ ਕਰਕੇ ਜ਼ਿਕਰਯੋਗ ਤਰੱਕੀ ਕੀਤੀ ਹੈ। ਪੰਜਾਬ ਕੇਂਦਰੀ ਯੂਨੀਵਰਸਿਟੀ ਨੇ ਇਸ ਵਾਰ ਨੈਕ ਮੁਲਾਂਕਣ ਵਿੱਚ ਏ-ਪਲੱਸ (1+) ਗ੍ਰੇਡ ਪ੍ਰਾਪਤ ਕਰਕੇ ਆਪਣੀ ਕਾਰਗੁਜ਼ਾਰੀ ਵਿੱਚ ਸੁਧਾਰ ਕੀਤਾ ਹੈ ਕਿਉਂਕਿ ਯੂਨੀਵਰਸਿਟੀ ਨੇ ਨੈਕ ਮੁਲਾਂਕਣ ਦੇ ਪਹਿਲੇ ਚੱਕਰ ਵਿੱਚ ਏ ਗ੍ਰੇਡ ਪ੍ਰਾਪਤ ਕੀਤਾ ਸੀ। ਸਾਲ 2009 ਵਿੱਚ ਇਸਦੀ ਸਥਾਪਨਾ ਤੋਂ ਬਾਅਦ 14 ਸਾਲਾਂ ਦੇ ਥੋੜ੍ਹੇ ਸਮੇਂ ਵਿੱਚ ਇਹ ਪਹਿਲੀ ਵਾਰ ਹੈ ਜਦੋਂ ਪੰਜਾਬ ਕੇਂਦਰੀ ਯੂਨੀਵਰਸਿਟੀ ਨੂੰ ਨੈਕ ਦੁਆਰਾ ਏ-ਪਲੱਸ (1+) ਗ੍ਰੇਡ ਨਾਲ ਮਾਨਤਾ ਪ੍ਰਾਪਤ ਹੋਈ ਹੈ।ਜਿਕਰਯੋਗ ਹੈ ਕਿ ਪੰਜਾਬ ਕੇਂਦਰੀ ਯੂਨੀਵਰਸਿਟੀ ਨੇ ਐਨਆਈਆਰਐਫ 2019 ਵਿੱਚ 95ਵੇਂ ਰੈਂਕ ਤੋਂ ਐਨਆਈਆਰਐਫ 2022 ਵਿੱਚ 81ਵੇਂ ਰੈਂਕ ਤੱਕ ਦਾ ਸਫਰ ਕਰਕੇ ਐਨਆਈਆਰਐਫ ਰੈਂਕਿੰਗ ਦੀ ਯੂਨੀਵਰਸਿਟੀ ਸ਼੍ਰੇਣੀ ਵਿੱਚ ਪਿਛਲੇ ਚਾਰ ਸਾਲਾਂ ਵਿੱਚ ਹਰ ਸਾਲ ਆਪਣੀ ਕਾਰਗੁਜ਼ਾਰੀ ਵਿੱਚ ਸੁਧਾਰ ਦਿਖਾਇਆ ਹੈ। ਇਸ ਮੌਕੇ ਵਾਈਸ ਚਾਂਸਲਰ ਪ੍ਰੋ. ਰਾਘਵੇਂਦਰ ਪ੍ਰਸਾਦ ਤਿਵਾਰੀ ਨੇ ਨੈਕ ਵੱਲੋਂ ਏ ਪਲੱਸ (1 +) ਗ੍ਰੇਡ ਮਿਲਣ ’ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਅਤੇ ਯੂਨੀਵਰਸਿਟੀ ਪਰਿਵਾਰ ਅਤੇ ਪੰਜਾਬ ਦੇ ਨਾਗਰਿਕਾਂ ਨੂੰ ਵਧਾਈ ਦਿੱਤੀ। ਪ੍ਰੋ. ਤਿਵਾਰੀ ਨੇ ਕਿਹਾ ਕਿ ਨੈਕ ਤੋਂ ਏ ਪਲੱਸ (1+) ਗਰੇਡ ਦੀ ਮਾਨਤਾ ਨਾ ਸਿਰਫ਼ ਪੰਜਾਬ ਕੇਂਦਰੀ ਯੂਨੀਵਰਸਿਟੀ ਨੂੰ ਕੇਂਦਰੀ ਏਜੰਸੀਆਂ ਤੋਂ ਵਧੇਰੇ ਫੰਡ ਹਾਸਲ ਕਰਨ ਦੇ ਯੋਗ ਬਣਾਵੇਗੀ, ਸਗੋਂ ਭਾਰਤ ਅਤੇ ਵਿਦੇਸ਼ਾਂ ਤੋਂ ਵੱਡੀ ਗਿਣਤੀ ਵਿੱਚ ਵਿਦਿਆਰਥੀਆਂ ਨੂੰ ਇੱਥੇ ਖੋਜ ਅਤੇ ਅਧਿਐਨ ਕਰਨ ਲਈ ਆਕਰਸ਼ਿਤ ਕਰੇਗੀ।
ਬਠਿੰਡਾ ਦੇ ਹਰੇਕ ਵਿਧਾਨ ਸਭਾ ਹਲਕੇ ’ਚ ਖੁੱਲੇਗਾ ‘‘ਸਕੂਲ ਆਫ਼ ਐਮੀਨੈਂਸ’’, ਆਨਲਾਈਨ ਰਜਿਸਟਰੇਸਨ ਸ਼ੁਰੂ
ਆਧੁਨਿਕ ਸਹੂਲਤਾਂ ਨਾਲ ਲੈਸ ਹੋਣਗੇ ਸਕੂਲ ਆਫ਼ ਐਮੀਨੈਂਸ : ਸ਼ੌਕਤ ਅਹਿਮਦ ਪਰੇ
ਸੁਖਜਿੰਦਰ ਮਾਨ
ਬਠਿੰਡਾ, 1 ਮਾਰਚ : ਪੰਜਾਬ ਸਰਕਾਰ ਵਲੋਂ ਸਿੱਖਿਆ ਦੇ ਖੇਤਰ ਵਿੱਚ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਮੁਹੱਈਆ ਕਰਵਾਉਣ ਲਈ ਨਿਵੇਕਲੀ ਪਹਿਲ ਕਦਮੀ ਤਹਿਤ ਖੋਲੇ ਜਾ ਰਹੇ ‘‘ਸਕੂਲ ਆਫ਼ ਐਮੀਨੈਂਸ’’ ਦੀ ਲੜੀ ਤਹਿਤ ਬਠਿੰਡਾ ਜ਼ਿਲ੍ਹੇ ਵਿਚ ਵੀ 6 ਸਕੂਲ ਖੋਲੇ ਜਾਣਗੇ, ਜਿੰਨ੍ਹਾਂ ਦੀ ਰਜਿਸਟੇਰਸਨ ਦਾ ਕੰਮ ਆਨ-ਲਾਈਨ ਸ਼ੁਰੂ ਕਰ ਦਿੱਤਾ ਗਿਆ ਹੈ। ਇਸ ਸਬੰਧੀ ਅੱਜ ਜ਼ਿਲ੍ਹਾ ਪੱਧਰੀ ਕਮੇਟੀ ਦੀ ਮੀਟਿੰਗ ਕਰਦਿਆਂ ਚੈਅਰਮੇਨ ਕਮ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਨੇ ਜ਼ਿਲ੍ਹੇ ਅੰਦਰ ਖੋਲ੍ਹੇ ਜਾਣ ਵਾਲੇ ‘ਸਕੂਲ ਆਫ਼ ਐਮੀਨੈਂਸ’ ਚ ਵਿਦਿਆਰਥੀਆਂ ਦੇ ਦਾਖ਼ਲੇ ਤੇ ਹੋਰ ਬੁਨਿਆਦੀ ਸਹੂਲਤਾਂ ਲਈ ਸਮੀਖਿਆ ਕੀਤੀ ਗਈ ਅਤੇ ਅਧਿਕਾਰੀਆਂ ਨੂੰ ਲੋੜੀਂਦੇ ਦਿਸ਼ਾ-ਨਿਰਦੇਸ਼ ਦਿੱਤੇ ਗਏ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹੇ ਦੇ 6 ਵਿਧਾਨ ਸਭਾ ਹਲਕਿਆਂ ਚ ਪ੍ਰਤੀ ਹਲਕਾ 1-1 ‘ਸਕੂਲ ਆਫ਼ ਐਮੀਨੈਂਸ’ ਖੋਲ੍ਹੇ ਜਾ ਰਹੇ ਹਨ, ਜਿੰਨ੍ਹਾਂ ਚ ਪਰਸਰਾਮ ਨਗਰ, ਭੁੱਚੋ ਕਲਾਂ, ਰਾਮ ਨਗਰ, ਬੰਗੀ ਕਲਾਂ, ਮੰਡੀ ਫੂਲ (ਲੜਕੇ) ਅਤੇ ਕੋਟ ਸ਼ਮੀਰ ਚ ਸਥਿਤ ਸਕੂਲ ਸ਼ਾਮਲ ਹਨ। ਉਨ੍ਹਾਂ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਨੂੰ ਖੋਲ੍ਹੇ ਜਾਣ ਵਾਲੇ ਇਨ੍ਹਾਂ ਸਕੂਲਾਂ ਦੀਆਂ ਇਮਾਰਤਾਂ ਸਬੰਧੀ ਸਰਵੇ ਨੂੰ ਤੁਰੰਤ ਪੂਰਾ ਕਰਨ ਅਤੇ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਅਧਿਕਾਰੀਆਂ ਨੂੰ ਵੀ ਆਪਣੇ ਵਿਭਾਗ ਨਾਲ ਸਬੰਧਤ ਕਾਰਜਾਂ ਨੂੰ ਸਮੇਂ-ਸਿਰ ਯਕੀਨੀ ਬਣਾਉਣ ਲਈ ਕਿਹਾ। ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਸ੍ਰੀ ਸ਼ਿਵ ਪਾਲ ਨੇ ਦੱਸਿਆ ਕਿ ਇਨ੍ਹਾਂ ਸਕੂਲਾਂ ਚ ਹਾਲ ਦੀ ਘੜੀ 9ਵੀਂ ਤੇ 11ਵੀਂ ਜਮਾਤ ਦੇ ਦਾਖਲੇ ਲਈ ਪ੍ਰਵੇਸ਼ ਪ੍ਰੀਖਿਆ ਹੋਵੇਗੀ, ਜਿਸ ਲਈ 21 ਫਰਵਰੀ ਤੋਂ ਆਨਲਾਈਨ ਰਜਿਸਟਰੇਸ਼ਨ ਸ਼ੁਰੂ ਹੋ ਚੁੱਕੀ ਹੈ। ਜਿਸ ਲਈ 75ਫ਼ੀਸਦੀ ਵਿਦਿਆਰਥੀ ਸਰਕਾਰੀ ਸਕੂਲਾਂ ਤੇ 25ਫ਼ੀਸਦੀ ਵਿਦਿਆਰਥੀ ਹੋਰਨਾਂ ਸਕੂਲਾਂ ਵਿੱਚੋਂ ਦਾਖ਼ਲਾ ਲੈ ਸਕਣਗੇ। ਇਨ੍ਹਾਂ ਸਬੰਧਤ ਸਕੂਲਾਂ ਚ 7ਵੀਂ ਤੋਂ ਲੈਕੇ 12ਵੀਂ ਜਮਾਤ ਤੱਕ ਸਾਰੀਆਂ ਸਟਰੀਮਾਂ ਲਈ ਪੜ੍ਹਾਈ ਕਰਵਾਈ ਜਾਵੇਗੀ। ਇਹ ਸਕੂਲ ਸਿੱਖਿਆ ਪਾਰਕ, ਡਿਜੀਟਲ ਲਾਇਬ੍ਰੇਰੀ, ਕਲਾਸ ਰੂਮਾਂ ਵਿੱਚ ਪ੍ਰੋਜੈਕਟਰ ਆਦਿ ਤੋਂ ਇਲਾਵਾ ਡਸਟਬੀਨ ਤੋਂ ਲੈ ਕੇ ਸਮਾਰਟ ਸਕੂਲ ਲਈ ਹਰ ਪ੍ਰਕਾਰ ਦੇ ਲੋੜੀਂਦਾ ਸਮਾਨ ਨਾਲ ਲੈਸ ਹੋਣਗੇ। ਇਸ ਮੌਕੇ ਲੋਕ ਨਿਰਮਾਣ ਵਿਭਾਗ ਦੇ ਐਕਸੀਅਨ ਇੰਦਰਜੀਤ ਸਿੰਘ, ਜਲ ਸਪਲਾਈ ਦੇ ਐਕਸੀਅਨ ਮਨਪ੍ਰੀਤ ਸਿੰਘ ਅਰਸ਼ੀ, ਜ਼ਿਲ੍ਹਾ ਸਮਾਰਟ ਸਕੂਲ ਮੈਂਟਰ ਕੁਲਵਿੰਦਰ ਸਿੰਘ, ਸਹਾਇਕ ਪ੍ਰੋਜੈਟਰ ਕੁਆਰਡੀਨੇਟਰ (ਜਨਰਲ) ਸੰਦੀਪ ਕੁਮਾਰ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ(ਸ) ਇਕਬਾਲ ਸਿੰਘ ਅਤੇ ਮਹਿੰਦਰਪਾਲ ਸਿੰਘ ਆਦਿ ਹਾਜ਼ਰ ਸਨ।
ਸੁਰਖੀਆਂ ’ਚ ਰਹਿਣ ਵਾਲੇ ਹਿੰਦੂ ਮਹਾਂਸੰਗਠਨ ਦੇ ਸੰਦੀਪ ਪਾਠਕ ਸਹਿਤ ਤਿੰਨ ਆਗੂਆਂ ਵਿਰੁਧ ਪਰਚਾ ਦਰਜ਼
ਸਿੱਖਜ਼ ਫ਼ਾਰ ਜਸਟਿਸ ਦੇ ਪੋਸਟਰ ਲਗਾਉਣ ਤੋਂ ਮਨਾਂ ਕਰਨ ਵਾਲੇ ਹਿੰਦੂ ਆਗੂ ਦੀ ਕੀਤੀ ਸੀ ਕੁੱਟਮਾਰ
ਪੰਜਾਬੀ ਖ਼ਬਰਸਾਰ ਬਿਉਰੋ
ਬਠਿੰਡਾ, 1 ਮਾਰਚ : ਪਿਛਲੇ ਕੁੱਝ ਸਮੇਂ ਤੋਂ ਮਹਿਜ਼ ਸੁਰੱਖਿਆ ਹਾਸਲ ਕਰਨ ਲਈ ਝੂਠੀਆਂ ਧਮਕੀਆਂ ਦਾ ਸਹਾਰਾ ਲੈਣ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਇਸੇ ਤਰ੍ਹਾਂ ਦੇ ਇੱਕ ਡਰਾਮੇ ਦਾ ਬਠਿੰਡਾ ਪੁਲਿਸ ਨੇ ਵੀ ਪਰਦਾਫ਼ਾਸ ਕਰਦਿਆਂ ਹਿੰਦੂ ਮਹਾਂਸੰਗਠਨ ਦੇ ਤਿੰਨ ਆਗੂਆਂ ਵਿਰੁਧ ਇੱਕ ਹਿੰਦੂ ਆਗੂ ਦੀ ਹੀ ਸਿਕਾਇਤ ਉਪਰ ਪਰਚਾ ਦਰਜ਼ ਕੀਤਾ ਹੈ। ਮਹੱਤਵਪੂਰਨ ਗੱਲ ਇਹ ਵੀ ਸਾਹਮਣੇ ਆਈ ਹੈ ਕਿ ਇਸ ਪਰਚੇ ਰਾਹੀ ਕਥਿਤ ਮੁਜ਼ਰਮ ਬਣਾਏ ਗਏ ਉਕਤ ਹਿੰਦੂ ਆਗੂਆਂ ਵਿਚੋਂ ਇੱਕ-ਦੋ ਨੂੰ ਪਹਿਲਾਂ ਹੀ ਪੰਜਾਬ ਪੁਲਿਸ ਨੇ ਸੁਰੱਖਿਆ ਮੁਹੱਈਆਂ ਕਰਵਾਈ ਹੋਈ ਹੈ। ਥਾਣਾ ਸਿਵਲ ਲਾਈਨ ਦੀ ਪੁਲਿਸ ਕੋਲ ਦਰਜ਼ ਕਰਵਾਏ ਬਿਆਨਾਂ ਵਿਚ ਸਿਵ ਸੈਨਾ ਹਿੰਦੁਸਤਾਨ ਦੇ ਸੰਗਠਨ ਮੰਤਰੀ ਸੁਸ਼ੀਲ ਕੁਮਾਰ ਜਿੰਦਲ ਨੇ ਹਿੰਦੂ ਮਹਾਂਸੰਗਠਨ ਦੇ ਆਗੂ ਸੰਦੀਪ ਪਾਠਕ, ਅਸਵਨੀ ਸੁਕਲਾ ਤੇ ਰਜਿੰਦਰ ਕਾਲੀਆ ਵਿਰੁਧ ਗੰਭੀਰ ਦੋਸ਼ ਲਗਾਏ ਹਨ। ਆਪਣੇ ਬਿਆਨਾਂ ਵਿਚ ਸੁਸੀਲ ਜਿੰਦਲ ਨੇ ਦਾਅਵਾ ਕੀਤਾ ਹੈ ਕਿ 24 ਫ਼ਰਵਰੀ ਨੂੰ ਉਸਨੂੰ ਹਿੰਦੂ ਮਹਾਂਸੰਗਠਨ ਦੇ ਆਗੂ ਸੰਦੀਪ ਪਾਠਕ ਨੇ ਅਪਣੇ ਚੰਦਸਰ ਬਸਤੀ ਸਥਿਤ ਦਫ਼ਤਰ ਵਿਚ ਬੁਲਾਇਆ ਸੀ, ਜਿੱਥੇ ਪਹਿਲਾਂ ਹੀ ਅਸਵਨੀ ਸ਼ੁਕਲਾ ਅਤੇ ਰਜਿੰਦਰ ਕਾਲੀਆ ਵੀ ਬੈਠੇ ਹੋਏ ਹਨ। ਜਦ ਉਹ ਉਥੇ ਪੁੱਜਿਆ ਤਾਂ ਰਸਮੀ ਗੱਲਬਾਤ ਤੋਂ ਬਾਅਦ ਉਸਨੂੰ ਸੰਦੀਪ ਪਾਠਕ ਨੇ ਅਪਣੇ ਘਰ ਦੇ ਨਜਦੀਕ ਵਿਦੇਸ਼ ’ਚ ਬੈਠੇ ਵੱਖਵਾਦੀ ਸਿੱਖ ਆਗੂ ਗੁਰਪਤਵੰਤ ਸਿੰਘ ਪੰਨੂੰ ਦੀ ਜਥੇਬੰਦੀ ਸਿੱਖਜ਼ ਫ਼ਾਰ ਜਸਟਿਸ ਦੇ ਪੋਸਟਰ ਚਿਪਕਾਉਣ ਲਈ ਕਿਹਾ ਤਾਂ ਕਿ ਉਹ ਸੁਰਖੀਆਂ ਵਿਚ ਆ ਜਾਵੇਗਾ ਤੇ ਉਸਨੂੰ ਹੋਰ ਸੁਰੱਖਿਆ ਮਿਲ ਜਾਵੇਗੀ। ਸਿਕਾਇਤਕਰਤਾ ਦੇ ਦਾਅਵੇ ਮੁਤਾਬਕ ਉਸਨੇ ਇਹ ਕੰਮ ਕਰਨ ਤੋਂ ਇੰਨਕਾਰ ਕਰ ਦਿੱਤਾ। ਜਿਸਤੋਂ ਗੁੱਸੇ ਵਿਚ ਆੲੈ ਉਕਤ ਤਿੰਨਾਂ ਹਿੰਦੂ ਆਗੂਆਂ ਨੇ ਉਸਦੀ ਕੁੱਟਮਾਰ ਸ਼ੁਰੂ ਕਰ ਦਿੱਤੀ। ਇਸ ਦੌਰਾਨ ਉਸਦੇ ਗੰਨਮੈਂਨ ਨੇ ਕਾਫ਼ੀ ਜਦੋਜਹਿਦ ਤੋਂ ਬਾਅਦ ਉਕਤ ਆਗੂਆਂ ਦੀ ਚੁੰਗਲ ਵਿਚੋਂ ਕੱਢ ਕੇ ਉਸਨੂੰ ਘਰ ਪਹੁੰਚਾਇਆ। ਜਿਸਤੋਂ ਬਾਅਦ ਉਸਨੂੰ ਇਲਾਜ਼ ਲਈ ਸਿਵਲ ਹਸਪਤਾਲ ਦਾਖ਼ਲ ਹੋਣਾ ਪਿਆ। ਥਾਣਾ ਸਿਵਲ ਲਾਈਨ ਦੀ ਪੁਲਿਸ ਦੇ ਅਧਿਕਾਰੀਆਂ ਨੇ ਦਸਿਆ ਕਿ ਕਥਿਤ ਦੋਸ਼ੀਆਂ ਸੰਦੀਪ ਪਾਠਕ, ਅਸਵਨੀ ਸ਼ੁਕਲਾ ਤੇ ਰਜਿੰਦਰ ਕਾਲੀਆਂ ਵਿਰੁਧ ਭਾਰਤੀ ਦੰਡ ਸੰਹਿਤਾ ਦੀ ਧਾਰਾ 342,323, 506 ਅਤੇ 34 ਆਈ.ਪੀ.ਸੀ ਤਹਿਤ ਪਰਚਾ ਦਰਜ਼ ਕਰ ਲਿਆ ਗਿਆ ਹੈ ਤੇ ਜਲਦੀ ਹੀ ਕਥਿਤ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ। ਉਧਰ ਪਤਾ ਚੱਲਿਆ ਹੈ ਕਿ ਵਿਵਾਦਪੂਰਨ ਬਿਆਨਾਂ ਕਾਰਨ ਚਰਚਾ ਵਿਚ ਰਹਿਣ ਦੇਣ ਵਾਲੇ ਸੰਦੀਪ ਪਾਠਕ ਨੂੰ ਪੰਜਾਬ ਪੁਲਿਸ ਨੇ ਪਹਿਲਾਂ ਹੀ ਗੰਨਮੈਂਨ ਮੁਹੱਈਆਂ ਕਰਵਾਏ ਹੋਏ ਹਨ।
ਮ੍ਰਿਤਕ ਵਿਅਕਤੀ ਦੀ ਜਮੀਨ ਦੀ ਗਿਰਦਾਵਰੀ ਕਿਸੇ ਹੋਰ ਦੇ ਨਾਂ ’ਤੇ ਚੜਾਉਣ ਵਾਲੇ ਪਟਵਾਰੀ ਵਿਰੁਧ ਪਰਚਾ ਦਰਜ਼
ਪੰਜਾਬੀ ਖ਼ਬਰਸਾਰ ਬਿਉਰੋ
ਬਠਿੰਡਾ, 1 ਮਾਰਚ: ਬਠਿੰਡਾ ਜ਼ਿਲ੍ਹੇ ਦੀ ਨਥਾਣਾ ਪੁਲਿਸ ਨੇ ਮਾਲ ਵਿਭਾਗ ਦੇ ਇੱਕ ਸੇਵਾਮੁਕਤ ਪਟਵਾਰੀ ਸੇਵਕ ਸਿੰਘ ਵਿਰੁਧ ਤਿੰਨ ਦਹਾਕੇ ਪਹਿਲਾਂ ਮਰ ਚੁੱਕੇ ਇੱਕ ਵਿਅਕਤੀ ਦੀ ਜਮੀਨ ਦੀਆਂ ਗਿਰਦਾਵਰੀਆਂ ਕਿਸੇ ਹੋਰ ਵਿਅਕਤੀ ਦੇ ਨਾਂ ’ਤੇ ਚੜਾਉਣ ਦੇ ਦੋਸ਼ਾਂ ਹੇਠ ਮੁਕੱਦਮਾ ਦਰਜ਼ ਕੀਤਾ ਹੈ। ਇਸ ਸਬੰਧ ਵਿਚ ਪੁਲਿਸ ਕੋਲ ਪਿੰਡ ਪੂਹਲਾ ਦੇ ਜਸਵੰਤ ਸਿੰਘ ਪੁੱਤਰ ਵਿਸਾਖਾ ਸਿੰਘ ਨੇ ਸਿਕਾਇਤ ਕੀਤੀ ਸੀ। ਜਿਸ ਵਿਚ ਉਸਨੇ ਦਾਅਵਾ ਕੀਤਾ ਸੀ ਕਿ ਮੁਖਤਿਆਰ ਸਿੰਘ ਪੁੱਤਰ ਗੁਰਮੁਖ ਸਿੰਘ ਦੀ ਮੌਤ 8 ਸਤੰਬਰ 1991 ਨੂੰ ਹੋ ਗਈ ਸੀ। ਪ੍ਰੰਤੂ ਪਟਵਾਰੀ ਸੇਵਕ ਸਿੰਘ ਨੇ ਇਸ ਪਿੰਡ ’ਚ ਅਪਣੀ ਤੈਨਾਤੀ ਦੌਰਾਨ 8 ਅਕਤੂਬਰ 2011 ਪਿੰਡ ਪੂਹਲਾ ਦੇ ਹੀ ਅਵਤਾਰ ਸਿੰਘ ਪੁੱਤਰ ਸ਼ੇਰ ਸਿੰਘ ਨਾਲ ਮਿਲਕੇ ਮੁਖਤਿਆਰ ਸਿੰਘ ਦੀ ਜਮੀਨ ਦੀ ਗਿਰਦਾਵਰੀ ਅਵਤਾਰ ਸਿੰਘ ਦੇ ਨਾਮ ਕਰ ਦਿੱਤੀ। ਜਦੋਂਕਿ ਕਾਨੂੰਨੀ ਤੌਰ ’ਤੇ ਅਜਿਹਾ ਹੋ ਨਹੀਂ ਸਕਦਾ ਸੀ। ਜਦ ਉਸਨੂੰ ਇਸ ਗੱਲ ਦਾ ਪਤਾ ਲੱਗਿਆ ਤਾਂ ਉਸਨੇ ਇਸਦੀ ਸਿਕਾਇਤ ਪੁਲਿਸ ਵਿਭਾਗ ਕੋਲ ਕੀਤੀ। ਪੁਲਿਸ ਨੇ ਸਿਕਾਇਤ ਦੀ ਪੜਤਾਲ ਤੋਂ ਬਾਅਦ ਹੁਣ ਸੇਵਾਮੁਕਤ ਹੋ ਚੁੱਕੇ ਸੇਵਕ ਸਿੰਘ ਪਟਵਾਰੀ ਅਤੇ ਅਵਤਾਰ ਸਿੰਘ ਵਿਰੁਧ ਧਾਰਾ 465,467,468,471 ਅਤੇ 120 ਬੀ ਆਈ.ਪੀ.ਸੀ ਤਹਿਤ ਪਰਚਾ ਦਰਜ਼ ਕਰ ਲਿਆ ਹੈ। ਮਾਮਲੇ ਦੀ ਜਾਂਚ ਕਰ ਰਹੇ ਪੁਲਿਸ ਅਧਿਕਾਰੀਆਂ ਨੇ ਦਸਿਆ ਕਿ ਕਥਿਤ ਦੋਸ਼ੀਆਂ ਨੂੰ ਕਾਬੂ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਤੇ ਜਲਦੀ ਹੀ ਕਾਬੁੂ ਕਰ ਲਿਆ ਜਾਵੇਗਾ।
ਮੁੱਖ ਮੰਤਰੀ ਦੀ ਅਗਵਾਈ ਹੇਠ ਕੈਬਨਿਟ ਵੱਲੋਂ ਸਾਲ 2023-24 ਲਈ ਵਿਧਾਨ ਸਭਾ ਵਿੱਚ ਸਾਲਾਨਾ ਵਿੱਤੀ ਸਟੇਟਮੈਂਟ (ਬਜਟ ਅਨੁਮਾਨ) ਪੇਸ਼ ਕਰਨ ਨੂੰ ਮਨਜ਼ੂਰੀ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 28 ਫਰਵਰੀ:ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਕੈਬਨਿਟ ਨੇ ਸਾਲ 2023-24 ਲਈ ਪੰਜਾਬ ਸਰਕਾਰ ਦੀ ਸਾਲਾਨਾ ਵਿੱਤੀ ਸਟੇਟਮੈਂਟ (ਬਜਟ ਅਨੁਮਾਨ) ਨੂੰ ਵਿਧਾਨ ਸਭਾ ਦੇ ਆਗਾਮੀ ਸੈਸ਼ਨ ਦੌਰਾਨ ਪੰਜਾਬ ਵਿਧਾਨ ਸਭਾ ਵਿੱਚ ਪੇਸ਼ ਕਰਨ ਦੀ ਮਨਜ਼ੂਰੀ ਦੇ ਦਿੱਤੀ।ਇਸ ਸਬੰਧੀ ਫੈਸਲਾ ਅੱਜ ਇੱਥੇ ਪੰਜਾਬ ਸਿਵਲ ਸਕੱਤਰੇਤ-1 ਵਿੱਚ ਮੁੱਖ ਮੰਤਰੀ ਦੀ ਅਗਵਾਈ ਹੇਠ ਮੰਤਰੀ ਮੰਡਲ ਦੀ ਹੋਈ ਮੀਟਿੰਗ ਦੌਰਾਨ ਲਿਆ ਗਿਆ।ਮੁੱਖ ਮੰਤਰੀ ਦਫ਼ਤਰ ਦੇ ਬੁਲਾਰੇ ਨੇ ਅੱਜ ਇੱਥੇ ਦੱਸਿਆ ਕਿ ਭਾਰਤੀ ਸੰਵਿਧਾਨ ਦੀ ਧਾਰਾ 202 ਅਤੇ 204 ਦੀ ਕਲਾਜ਼ (1) ਵਿੱਚ ਸ਼ਾਮਲ ਉਪਬੰਧਾਂ ਅਨੁਸਾਰ ਪੰਜਾਬ ਦੇ ਰਾਜਪਾਲ ਦੀ ਸਿਫ਼ਾਰਸ਼ ਤੋਂ ਬਾਅਦ ਸਾਲ 2023-24 ਲਈ ਪੰਜਾਬ ਸਰਕਾਰ ਦੀ ਸਾਲਾਨਾ ਵਿੱਤੀ ਸਟੇਟਮੈਂਟ (ਬਜਟ ਅਨੁਮਾਨ) ਪੰਜਾਬ ਵਿਧਾਨ ਸਭਾ ਵਿੱਚ ਪੇਸ਼ ਕੀਤੀ ਜਾਣੀ ਜ਼ਰੂਰੀ ਹੈ, ਜਿਸ ਲਈ ਮੰਤਰੀ ਮੰਡਲ ਨੇ ਇਸ ਨੂੰ ਆਗਾਮੀ ਵਿਧਾਨ ਸਭਾ ਸੈਸ਼ਨ ਵਿੱਚ ਪੇਸ਼ ਕਰਨ ਦਾ ਫੈਸਲਾ ਲਿਆ ਹੈ।
ਸਾਲ 2022-23 ਲਈ ਪੰਜਾਬ ਸਰਕਾਰ ਦੀਆਂ ਗਰਾਂਟਾਂ ਵਾਸਤੇ ਅਨੁਪੂਰਕ ਮੰਗਾਂ ਪੇਸ਼ ਕਰਨ ਦੀ ਪ੍ਰਵਾਨਗੀ
ਭਾਰਤ ਦੇ ਸੰਵਿਧਾਨ ਦੀ ਧਾਰਾ 203 ਦੀ ਉਪ ਧਾਰਾ (3) ਦੇ ਉਪਬੰਧਾਂ ਅਨੁਸਾਰ ਕੈਬਨਿਟ ਨੇ ਪੰਜਾਬ ਦੇ ਰਾਜਪਾਲ ਦੀਆਂ ਸਿਫ਼ਾਰਸ਼ਾਂ ਤੋਂ ਬਾਅਦ ਪੰਜਾਬ ਸਰਕਾਰ ਦੇ ਸਾਲ 2022-23 ਦੇ ਖਰਚੇ ਲਈ ਗਰਾਂਟਾਂ ਵਾਸਤੇ ਅਨੁਪੂਰਕ ਮੰਗਾਂ ਪੰਜਾਬ ਵਿਧਾਨ ਸਭਾ ਵਿੱਚ ਪੇਸ਼ ਕਰਨ ਦੀ ਮਨਜ਼ੂਰੀ ਦੇ ਦਿੱਤੀ।
ਸਾਲ 2015-16 ਤੋਂ 2018-19 ਤੱਕ ਵਾਧੂ ਖਰਚਿਆਂ ਨੂੰ ਨਿਯਮਤ ਕਰਵਾਉਣ ਲਈ ਸਦਨ ਵਿਚ ਪੇਸ਼ ਕਰਨ ਦੀ ਮਨਜੂਰੀ
ਮੰਤਰੀ ਮੰਡਲ ਨੇ 2015-16 ਤੋਂ ਸਾਲ 2018- 19 ਤੱਕ ਦੇ ਵਧੀਕ ਖਰਚਿਆਂ ਨੂੰ ਨਿਯਮਤ ਕਰਵਾਉਣ ਲਈ ਵਿਧਾਨ ਸਭਾ ਵਿੱਚ ਪੇਸ਼ ਕਰਨ ਦੀ ਮਨਜੂਰੀ ਦੇ ਦਿੱਤੀ ਹੈ। ਸੰਵਿਧਾਨ ਦੀ ਧਾਰਾ 205 ਦੀ ਉਪ ਧਾਰਾ (1) (ਬੀ) ਅਤੇ (2) ਦੇ ਅਧੀਨ ਜੇਕਰ ਕਿਸੇ ਵਿੱਤੀ ਸਾਲ ਦੌਰਾਨ ਕਿਸੇ ਵੀ ਸੇਵਾ ਉਤੇ ਕੋਈ ਰਕਮ ਜੋ ਉਸ ਸਾਲ ਸਬੰਧਤ ਸੇਵਾ ਲਈ ਨਿਰਧਾਰਤ ਗ੍ਰਾਂਟ ਤੋਂ ਵੱਧ ਖਰਚ ਕੀਤੀ ਹੋਵੇ, ਨੂੰ ਅਜਿਹੀ ਵਾਧੂ ਰਕਮ ਨੂੰ ਵਿਧਾਨ ਸਭਾ ਵਿਚ ਪੇਸ਼ ਕਰਨਾ ਹੋਵੇਗਾ ਅਤੇ ਇਸ ਲਈ ਉਸ ਤਰ੍ਹਾਂ ਕਾਰਵਾਈ ਕੀਤੇ ਜਾਵੇ, ਜਿਵੇਂ ਕਿ ਇਹ ਕਿਸੇ ਗ੍ਰਾਂਟ ਲਈ ਇਕ ਮੰਗ ਹੋਵੇ। ਵਾਧੂ ਗ੍ਰਾਂਟ ਦੀ ਮੰਗ ਪਿਛਲੇ ਸਾਲਾਂ ਦੌਰਾਨ ਦਿੱਤੀ ਗ੍ਰਾਂਟ ਤੋਂ ਵੱਧ ਕੀਤੇ ਗਏ ਖਰਚੇ ਨੂੰ ਨਿਯਮਤ ਕਰਵਾਉਣ ਲਈ ਪੇਸ਼ ਕੀਤੀ ਜਾਂਦੀ ਹੈ। ਵਾਧੂ ਗ੍ਰਾਂਟ ਦੀ ਮੰਗ ਵਿਧਾਨ ਸਭਾ ਦੇ ਸਾਹਮਣੇ ਪੂਰੇ ਸਾਲ ਦੇ ਖਰਚੇ ਦਾ ਆਡਿਟ ਹੋਣ ਉਪਰੰਤ ਅਤੇ ਭਾਰਤ ਸਰਕਾਰ ਦੇ ਕੰਪਟਰੋਲਰ ਅਤੇ ਆਡਿਟਰ ਜਨਰਲ ਦੇ ਅਧਿਕਾਰੀਆਂ ਵੱਲੋਂ ਨਮਿੱਤਣ ਲੇਖਿਆਂ ਨੂੰ ਸੰਕਲਿਤ ਕਰਨ ਅਤੇ ਲੋਕ ਲੇਖਾ ਕਮੇਟੀ ਵੱਲੋਂ ਵਿਚਾਰਨ ਉਪਰੰਤ ਹੀ ਪੇਸ਼ ਕੀਤੀ ਜਾ ਸਕਦੀ ਹੈ।
ਕੈਗ ਤੇ ਹੋਰ ਰਿਪੋਰਟਾਂ ਨੂੰ ਪੇਸ਼ ਕਰਨ ਲਈ ਹਰੀ ਝੰਡੀ
ਮੰਤਰੀ ਮੰਡਲ ਨੇ ਭਾਰਤ ਦੇ ਸੰਵਿਧਾਨ ਦੀ ਧਾਰਾ 151 ਦੀ ਉਪ ਧਾਰਾ (2) ਦੇ ਉਪਬੰਧਾਂ ਅਨੁਸਾਰ ਭਾਰਤ ਸਰਕਾਰ ਦੇ ਕੰਪਟਰੋਲਰ ਅਤੇ ਆਡੀਟਰ ਜਨਰਲ ਦੀਆਂ ਆਡਿਟ ਰਿਪੋਰਟਾਂ ਅਤੇ ਭਾਰਤ ਦੇ ਲੇਖਾ ਨਿਰੀਖਕ ਅਤੇ ਮਹਾਂ ਲੇਖਾ ਪਰੀਖਕ ਦੀ ਰਿਪੋਰਟ ਨੂੰ ਰਾਜਪਾਲ ਦੀ ਸਿਫਾਰਸ਼ ਉਪਰੰਤ ਪੰਜਾਬ ਵਿਧਾਨ ਸਭਾ ਦੇ ਅਗਾਮੀ ਇਜਲਾਸ ਵਿੱਚ ਸਦਨ ਵਿਚ ਪੇਸ਼ ਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ। ਇਨ੍ਹਾਂ ਰਿਪੋਰਟਾਂ ਵਿਚ ਪੰਜਾਬ ਵਿੱਚ ਮਹਾਤਮਾ ਗਾਂਧੀ ਰਾਸ਼ਟਰੀ ਪੇਂਡੂ ਰੁਜ਼ਗਾਰ ਗਰੰਟੀ ਸਕੀਮ ਦੇ ਲਾਗੂਕਰਣ ਉੱਤੇ ਕਾਰਗੁਜ਼ਾਰੀ ਲੇਖਾ ਪ੍ਰੀਖਿਆ (ਸਾਲ 2023 ਦੀ ਰਿਪੋਰਟ ਨੰ-1), ਭਾਰਤ ਦੇ ਲੇਖਾ ਨਿਰੀਖਕ ਅਤੇ ਮਹਾਂ ਲੇਖਾ ਪਰੀਖਕ ਦੀ ਰਾਜ ਦੇ ਵਿੱਤਾਂ ਉੱਤੇ ਲੇਖਾ ਪ੍ਰੀਖਿਆ ਰਿਪੋਰਟ 31 ਮਾਰਚ, 2022 ਨੂੰ ਸਮਾਪਤ ਹੋਏ ਸਾਲ ਲਈ (ਸਾਲ 2023 ਦੀ ਰਿਪੋਰਟ ਨੰ-2), ਭਾਰਤ ਦੇ ਲੇਖਾ ਨਿਰੀਖਕ ਅਤੇ ਮਹਾਂ ਲੇਖਾ ਪ੍ਰੀਖਕ ਦੀ ਪਾਲਣ ਲੇਖਾ ਪ੍ਰੀਖਿਆ ‘ਤੇ ਰਿਪੋਰਟ, 31 ਮਾਰਚ, 2021 ਨੂੰ ਸਮਾਪਤ ਹੋਏ ਸਾਲ ਲਈ (ਸਾਲ 2022 ਦੀ ਰਿਪੋਰਟ ਨੰਬਰ ਨੰ-3) ਅਤੇ ਸਾਲ 2021-22 ਦੇ ਵਿੱਤੀ ਲੇਖੇ ਅਤੇ ਨਮਿੱਤਣ ਲੇਖੇ ਸ਼ਾਮਲ ਹਨ।ਮੰਤਰੀ ਮੰਡਲ ਨੇ ਉਦਯੋਗ ਵਿਭਾਗ ਦੀ ਸਾਲ 2020-21 ਦੀ ਸਾਲਾਨਾ ਪ੍ਰਸ਼ਾਸਕੀ ਰਿਪੋਰਟ ਨੂੰ ਪ੍ਰਵਾਨਗੀ ਦੇ ਦਿੱਤੀ ਹੈ।
ਕੈਬਨਿਟ ਸਬ ਕਮੇਟੀ ਵਲੋਂ ਜਨਰਲ ਜਥੇਬੰਦੀਆਂ ਨਾਲ ਤਹਿ ਮੀਟਿੰਗ ਨਾ ਕਰਨ ਦੇ ਰੋਸ ਵਜੋਂ ਵਿਤ ਮੰਤਰੀ ਦੇ ਦਫ਼ਤਰ ਅੱਗੇ ਧਰਨਾ ਦਾ ਐਲਾਨ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ, 28 ਫਰਵਰੀ: ਜਨਰਲ ਜ਼ਥੇਬੰਦੀਆਂ ਦੇ ਆਗੂਆਂ ਵਲੋਂ ਪੰਜਾਬ ਸਰਕਾਰ ਵਿਰੁੱਧ ਤਿੱਖਾ ਰੋਸ ਪ੍ਰਗਟ ਕਰਦੇ ਹੋਏ ਤਹਿ ਮੀਟਿੰਗ ਕਰਨ ਤੋਂ ਵਾਰ ਵਾਰ ਭੱਜਣ ਦੇ ਰੋਸ਼ ਵਜੋਂ ਹੁਣ 12 ਮਾਰਚ ਨੂੰ ਵਿਤ ਮੰਤਰੀ ਦੇ ਦਫ਼ਤਰ ਅੱਗੇ ਧਰਨਾ ਦੇਣ ਦਾ ਐਲਾਨ ਕੀਤਾ ਹੈ। ਜੁਆਇੰਟ ਐਕਸ਼ਨ ਕਮੇਟੀ ਦੇ ਚੀਫ ਆਰਗੇਨਾਈਜ਼ਰ ਸਿਆਮ ਲਾਲ ਸ਼ਰਮਾਂ, ਜਨਰਲ ਸਕੱਤਰ ਸਰਬਜੀਤ ਕੌਸਲ, ਜਨਰਲ ਕੈਟਾਗਰੀਜ਼ ਵੈਲ: ਫੈਡ: ਰਜਿ: ਪੰਜਾਬ ਦੇ ਪ੍ਰਧਾਨ ਸੁਖਬੀਰ ਸਿੰਘ, ਮੀਤ ਪ੍ਰਧਾਨ ਰਣਜੀਤ ਸਿੰਘ ਸਿੱਧੂ, ਪ੍ਰੈਸ ਸਕੱਤਰ ਜ਼ਸਵੀਰ ਸਿੰਘ ਗੜਾਂਗ, ਕਪਲ ਦੇਵ ਪਰਾਸਰ, ਸੁਰਿੰਦਰ ਸਿੰਘ ਸੈਣੀ, ਜਨਰਲ ਕੈਟਾਗਰੀਜ਼ ਵੈਲ:ਫੈਡ: ਪੀਐਸਪੀਸੀਐਲ,ਪੀਐਸਟੀਸੀਐਲ ਦੇ ਪ੍ਰਧਾਨ ਕੁਲਜੀਤ ਸਿੰਘ ਰਟੋਲ, ਸੁਖਪ੍ਰੀਤ ਸਿੰਘ ਸਕੱਤਰ ਜਨਰਲ, ਗੁਰਦੀਪ ਸਿੰਘ ਟਿਵਾਣਾ, ਗੁਰਮੀਤ ਸਿੰਘ ਬਾਗੜੀ, ਪੰਜਾਬੀ ਯੂਨੀਵਰਸਿਟੀ ਪ੍ਰਧਾਨ ਸੁਖਬੀਰਪਾਲ ਸਿੰਘ, ਜ਼ਸਵੀਰ ਸਿੰਘ, ਰਾਮੇਸ ਸ਼ਰਮਾਂ, ਜਨਰਲ ਅਧਿਆਪਕ ਮੰਚ ਦੇ ਕਨਵੀਨਰ ਪ੍ਰਵੀਨ ਕੁਮਾਰ ਅਤੇ ਮਨੋਜ਼ ਕੁਮਾਰ ਆਦਿ ਨੇ ਦਸਿਆ ਕਿ ਪਹਿਲਾਂ 17 ਫਰਵਰੀ ਦਾ ਸਮਾਂ ਦਿੱਤਾ ਗਿਆ ਸੀ, ਪਰ ਫਿਰ ਮੀਟਿੰਗ ਦੀ ਤਰੀਕ ਬਦਲ ਕੇ 20 ਫਰਵਰੀ ਕਰ ਦਿੱਤੀ ਗਈ। ਨਿਸਚਿਤ ਮਿਤੀ ਅਤੇ ਸਮੇਂ ਮੁਤਾਬਿਕ ਜਨਰਲ ਜਥੇਬੰਦੀਆਂ, ਸਮੇਤ ਹੋਰ ਆਗੂ ਚੰਡੀਗੜ ਸਕੱਤਰੇਤ ਵਿਖੇ ਪਹੁੰਚ ਗਏ। ਪਰੰਤੂ ਕੈਬਨਿਟ ਸਬ ਕਮੇਟੀ ਦੇ ਚੇਅਰਮੈਨ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਜਾਣ ਬੁੱਝ ਕੇ ਮੀਟਿੰਗ ਕਰਨ ਲਈ ਨਹੀਂ ਪੁੱਜੇ ਜਦਂੋਕਿ ਮੌਕੇ ’ਤੇ ਹਾਜ਼ਰ ਕੈਬਨਿਟ ਸਬ ਕਮੇਟੀ ਦੇ ਇਕਲੋਤੇ ਹਾਜਰ ਮੈਂਬਰ ਸ੍ਰੀ ਅਮਨ ਅਰੋੜਾ ਵਲੋਂ ਕੁਝ ਸਮੇਂ ਲਈ ਜਨਰਲ ਜਥੇਬੰਦੀਆਂ ਨਾਲ ਮੀਟਿੰਗ ਕੀਤੀ ਗਈ ਜਿਸ ਵਿੱਚ ਸਮੂਹ ਜਥੇਬੰਦੀਆਂ ਵਲੋਂ ਦੋਨਾਂ ਕੈਬਨਿਟ ਮੰਤਰੀਆਂ ਦੇ ਮੀਟਿੰਗ ਵਿੱਚ ਨਾ ਪਹੁੰਚਣ ਤੇ ਸ਼ਖਤ ਰੋਸ ਜਾਹਰ ਕਰਦੇ ਹੋਏੇ ਕਿਹਾ ਹੈ ਕਿ ਕੈਬਨਿਟ ਸਬ ਕਮੇਟੀ ਦੇ ਚੇਅਰਮੈਨ ਸ੍ਰੀ ਹਰਪਾਲ ਸਿੰਘ ਚੀਮਾ ਜਾਣ ਬੁੱਝ ਕੇ ਮੀਟਿੰਗ ਵਿੱਚ ਹਾਜ਼ਰ ਨਹੀਂ ਹੋਏ ਅਤੇ ਜਨਰਲ ਵਰਗ ਦੀਆਂ ਜਾਇਜ ਮੰਗਾਂ ਨੂੰ ਸੁਨਣ ਤੋਂ ਟਾਲਾ ਵੱਟਿਆ ਗਿਆ ਹੈ। ਜਥੇਬੰਦੀਆਂ ਦੇ ਆਗੂਆਂ ਵਲੋਂ ਅਮਨ ਅਰੋੜਾ ਨੂੰ ਅਪੀਲ ਕੀਤੀ ਕਿ ਸਬ ਕਮੇਟੀ ਵਲੋਂ ਜਨਰਲ ਵਰਗ ਦੀਆਂ ਸਮੱਸਿਆਵਾਂ ਨੂੰ ਸੁਣਨ ਅਤੇ ਹੱਲ ਕਰਨ ਲਈ ਹਫਤੇ ਦੇ ਅੰਦਰ ਮੀਟਿੰਗ ਦਿੱਤੀ ਜਾਵੇ, ਪਰੰਤੂ ਸਬ ਕਮੇਟੀ ਦੇ ਕੈਬਨਿਟ ਮੰਤਰੀਆਂ ਨੇ ਜਨਰਲ ਵਰਗ ਦੀਆਂ ਮੰਗਾਂ ਨੂੰ ਸੁਣਨ ਲਈ ਕੋਈ ਅਹਿਮੀਅਤ ਨਹੀਂ ਦਿਖਾਈ। ਮੁੜ ਮੀਟਿੰਗ ਲਈ ਸੱਦਾ ਨਾ ਮਿਲਣ ਤੇ ਜਨਰਲ ਵਰਗ ਨਾਲ ਸਬੰਧਤ ਵੱਖ ਵੱਖ ਜਥੇਬੰਦੀਆਂ ਵਲੋਂ ਸਾਂਝੇ ਤੌਰ ਤੇ ਫੈਸਲਾ ਲਿਆ ਹੈ ਕਿ 20 ਦੀ ਮੀਟਿੰਗ ਵਿੱਚ ਹਾਜ਼ਰ ਨਾ ਹੋਣ ਵਾਲੇ ਕੈਬਨਿਟ ਮੰਤਰੀ ਸ੍ਰੀ ਹਰਪਾਲ ਸਿੰਘ ਚੀਮਾ ਦੇ ਹਲਕੇ ਵਿੱਚ ਉਹਨਾਂ ਦੀ ਰਿਹਾਇਸ ਅੱਗੇ 12 ਮਾਰਚ ਨੂੰ ਅਤੇ ਕੈਬਨਿਟ ਮੰਤਰੀ ਸ੍ਰੀ ਕੁਲਦੀਪ ਸਿੰਘ ਧਾਲੀਵਾਲ ਦੀ ਰਿਹਾਇਸ ਮੂਹਰੇ 19 ਮਾਰਚ ਨੂੰ ਧਰਨਾ ਦਿੱਤਾ ਜਾਵੇਗਾ ਅਤੇ ਉਹਨਾਂ ਦੇ ਹਲਕਿਆਂ ਵਿੱਚ ਰੋਸ ਮਾਰਚ ਕੀਤਾ ਜਾਵੇਗਾ ।ਪ੍ਰੈਸ ਸਕੱਤਰ ਪੁਸ਼ਪੇਸ਼ ਅਤੇ ਜਿਲਾ ਪ੍ਰਧਾਨ ਇਕਬਾਲ ਸਿੱਧੂ ਨੇ ਦਸਿਆ ਕਿ ਸਾਲ 2021 ਦੌਰਾਨ ਤਤਕਾਲੀ ਸਰਕਾਰ ਵਲੋਂ ਰਿਜ਼ਰਵ ਕੈਟਾਗਰੀਆਂ ਦੀ ਤਰਜ਼ ਤੇ ਜਨਰਲ ਭਲਾਈ ਕਮਿਸ਼ਨ ਸਥਾਪਿਤ ਕੀਤਾ ਗਿਆ ਸੀ ਅਤੇ ਕਮਿਸਨ ਦੇ ਚੇਅਰਮੈਨ, ਵਾਈਸ ਚੇਅਰਮੈਨ ਅਤੇ ਮੈਂਬਰ ਵੀ ਲਗਾਏ ਗਏੇ ਸਨ। ਜਿਹਨਾਂ ਵਲੋਂ ਵਿਧਾਨ ਸਭਾ ਦੀਆਂ ਚੋਣਾ ਕਾਰਣ ਅਸਤੀਫੇ ਦੇ ਦਿੱਤੇ ਗਏ ਜਾਂ ਜੁਆਇਨ ਨਹੀਂ ਕੀਤਾ ਗਿਆ। ਮੌਜੂਦਾ ਆਮ ਆਦਮੀ ਸਰਕਾਰ ਨੂੰ ਇਕ ਸਾਲ ਦਾ ਸਮਾਂ ਹੋਣ ਵਾਲਾ ਹੈ ਅਤੇ ਜਥੇਬੰਦੀਆਂ ਵਲੋਂ ਕਮਿਸ਼ਨ ਦਾ ਚੇਅਰਮੈਨ, ਮੈਬਰਜ਼ ਅਤੇ ਹੋਰ ਅਮਲਾ ਤੈਨਾਤ ਕਰਨ ਲਈ ਮੁੱਖ ਮੰਤਰੀ ਪੰਜਾਬ ਅਤੇ ਮੰਤਰੀ ਸਹਿਬਾਨ ਨੂੰ ਬਾਰ ਬਾਜ ਲਿਖਤੀ ਅਤੇ ਨਿਜੀ ਤੌਰ ਤੇ ਮਿਲ ਕੇ ਮੰਗ ਪੱਤਰ ਦੇਣ ਦੇ ਬਾਵਜੂਦ ਜਨਰਲ ਕੈਟਾਗਰੀ ਕਮਿਸ਼ਨ ਨੂੰ ਚਾਲੂ ਕਰਨ ਲਈ ਟਾਲ ਮਟੋਲ ਦੀ ਨੀਤੀ ਅਪਣਾਈ ਜਾ ਰਹੀ ਹੈ। ਆਗੂਆਂ ਵਲੋਂ ਇਹ ਮੰਗ ਕੀਤੀ ਗਈ ਹੈ ਕਿ ਜਨਰਲ ਕੈਟਾਗਰੀ ਕਮਿਸ਼ਨ ਦਾ ਚੇਅਰਮੈਨ, ਮੈਬਰਜ਼ ਅਤੇ ਲੋੜੀਂਦਾ ਅਮਲਾ ਤੁਰੰਤ ਤੈਨਾਤ ਕੀਤਾ ਜਾਵੇ ਤਾਂ ਜ਼ੋ ਜਨਰਲ ਵਰਗ ਦੇ ਲੋਕਾਂ ਨੂੰ ਵੀ ਦਰਪੇਸ ਮੁਸਕਲਾਂ ਨੂੰ ਹੱਲ ਕਰਵਾਉਣ ਲਈ ਪਲੇਟਫਾਰਮ ਮਿਲ ਸਕੇ । ਜੁਆਂਇੰਟ ਐਕਸ਼ਨ ਕਮੇਟੀ ਦੇ ਪ੍ਰਧਾਨ ਜਸਵੰਤ ਸਿੰਘ ਧਾਲੀਵਾਲ ਅਤੇ ਸਪੋਕਸਪਰਸਨ ਵੀਕੇ ਗੁਪਤਾ ਦੀ ਪ੍ਰੈਸ ਸਟੇਟਮੈਟ ਰਾਹੀਂ ਇਹ ਵੀ ਰੋਸ ਜਾਹਰ ਕੀਤਾ ਗਿਆ ਕਿ ਪੰਜਾਬ ਸਰਕਾਰ ਵਲੋਂ ਜਨਰਲ ਜਥੇਬੰਦੀਆਂ ਦਾ ਪੱਖ ਸੁਣੇ ਬਿਨ੍ਹਾਂ ਮਾਨਯੋਗ ਸੁਪਰੀਮ ਕੋਰਟ ਅਤੇ ਹਾਈਕੋਰਟ ਦੇ ਫੈਸਲਿਆਂ ਦੇ ਉਲਟ 85ਵੀ ਸੰਵਿਧਾਨਿਕ ਸੋਧ ਲਾਗੂ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ ਜ਼ੋ ਕਿ ਮਾਨਯੋਗ ਅਦਾਲਤਾਂ ਦੇ ਫੈਸਲਿਆਂ ਦੀ ਸਰਾਸਰ ਉਲੰਘਣਾ ਹੈ। ਜਿਸ ਦਾ ਜਨਰਲ ਵਰਗ ਨਾਲ ਸਬੰਧਤ ਜਥੇਬੰਦੀਆਂ ਵਲੋਂ ਸ਼ਖਤ ਵਿਰੋਧ ਕੀਤਾ ਜਾਵੇਗਾ। ਇਸ ਤੋਂੋ ਇਲਾਵਾ ਪੰਜਾਬ ਸਰਕਾਰ ਵਲੋਂ ਜਨਰਲ ਅਤੇ ਬੀਸੀ ਸਰੇਣੀ ਦੇ ਲੜਕਿਆਂ ਨੂੰ ਅਜੇ ਤੱਕ ਵਰਦੀਆਂ ਨਾ ਦੇਣ, ਮੁੱਖ ਮੰਤਰੀ ਵਜੀਫਾ ਯੋਜਨਾ ਤਹਿਤ ਰੱਖੀ 30 ਕਰੋੜ ਰੁਪਏ ਦੀ ਰਾਸ਼ੀ ਨਾ ਦੇਣ ਅਤੇ ਜਨਰਲ ਵਰਗ ਦੇ ਵਿਦਿਆਰਥੀਆਂ ਦੀਆਂ ਫੀਸਾਂ ਵਿੱਚ ਹਰ ਸਾਲ ਕੀਤੇ ਜਾ ਰਹੇ ਵਾਧੇ ਵੀ ਸਖਤ ਸ਼ਬਦਾਂ ਵਿਚ ਨਿਖੇਧੀ ਕੀਤੀ ਗਈ।
ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵਲੋਂ 20 ਮਾਰਚ ਨੂੰ ਪਾਰਲੀਮੈਂਟ ਵੱਲ ਮਾਰਚ ’ਚ ਸਮੂਲੀਅਤ ਦਾ ਐਲਾਨ
ਸੁਖਜਿੰਦਰ ਮਾਨ
ਬਠਿੰਡਾ, 28 ਫ਼ਰਵਰੀ : ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੀ ਅੱਜ ਇੱਕ ਸੂਬਾਈ ਮੀਟਿੰਗ ਸੂਬਾ ਕਾਰਜਕਾਰੀ ਪ੍ਰਧਾਨ ਮਨਜੀਤ ਸਿੰਘ ਧਨੇਰ ਦੀ ਅਗਵਾਈ ਵਿੱਚ ਸਥਾਨਕ ਗੁਰਦਵਾਰਾ ਸਾਹਿਬ ਹਾਜੀ ਰਤਨ ਵਿਖੇ ਹੋਈ। ਮੀਟਿੰਗ ਵਿੱਚ ਵਿਚਾਰੇ ਗਏ ਅਹਿਮ ਮਸਲਿਆਂ ਸਬੰਧੀ ਜਾਣਕਾਰੀ ਦਿੰਦਿਆਂ ਸੂਬਾ ਕਾਰਜਕਾਰੀ ਜਨਰਲ ਸਕੱਤਰ ਹਰਨੇਕ ਸਿੰਘ ਮਹਿਮਾ ਨੇ ਦੱਸਿਆ ਕਿ 20 ਮਾਰਚ ਐਸਕੇਐਮ ਦੇ ਸੱਦੇ ’ਤੇ ਪਾਰਲੀਮੈਂਟ ਵੱਲ ਕੀਤੇ ਜਾਣ ਵਾਲੇ ਮਾਰਚ ਵਿੱਚ ਹਜ਼ਾਰਾਂ ਜੁਝਾਰੂ ਕਿਸਾਨ ਕਾਫ਼ਲਿਆਂ ਦੀ ਸ਼ਮੂਲੀਅਤ ਕਰਨ ਲਈ ਵਿਉਂਤਬੰਦੀ ਕੀਤੀ ਗਈ। ਮੀਟਿੰਗ ਵਿੱਚ 14 ਫਰਵਰੀ ਦੀ ਸੂਬਾ ਜਨਰਲ ਕੌਂਸਲ ਅਤੇ 20 ਫਰਬਰੀ ਕੌਮੀ ਇਨਸਾਫ਼ ਮੋਰਚਾ ਦੀ ਅਗਵਾਈ ਵਿੱਚ ਸਿੱਖ ਬੰਦੀਆਂ ਦੀ ਰਿਹਾਈ ਲਈ ਚੱਲ ਰਹੇ ਮੋਰਚੇ ਵਿੱਚ ਕੀਤੀ ਗਈ ਸ਼ਮੂਲੀਅਤ ਸਬੰਧੀ ਰੀਵਿਊ ਕੀਤਾ ਗਿਆ। ਜਨਰਲ ਕੌਂਸਲ ਵੱਲੋਂ ਪਾਸ ਕੀਤੇ ਮਤਿਆਂ ਉੱਤੇ ਦ੍ਰਿੜਤਾ ਨਾਲ ਪਹਿਰਾ ਦੇਣ ਦਾ ਲਈ ਭਵਿੱਖ ਦੇ ਕਾਰਜਾਂ ਦੀ ਨਿਸ਼ਾਨਦੇਹੀ ਕੀਤੀ ਗਈ। ਇਸ ਮੌਕੇ 8 ਮਾਰਚ ਕੌਮਾਂਤਰੀ ਔਰਤ ਦਿਵਸ ਮੌਕੇ ਵੱਖ-ਵੱਖ ਥਾਵਾਂ’ਤੇ ਕਿਸਾਨ ਔਰਤ ਕਾਰਕੁੰਨਾਂ ਦੀਆਂ ਬਰਨਾਲਾ,ਮਾਨਸਾ, ਬਠਿੰਡਾ, ਜਗਰਾਓਂ ਵਿਖੇ ਇਕੱਤਰਤਾਵਾਂ ਕਰਨ ਦਾ ਤਹਿ ਕੀਤਾ ਗਿਆ। 23 ਮਾਰਚ ਦੇ ਸ਼ਹੀਦਾਂ ਨੂੰ ਸਮਰਪਿਤ ਬਠਿੰਡਾ, ਬਰਨਾਲਾ, ਜਗਰਾਓਂ, ਹੁਸੈਨੀਵਾਲਾ ਵਿਖੇ ਵਿਸ਼ਾਲ ਕਨਵੈਨਸ਼ਨਾਂ/ਮਾਰਚ ਕਰਨ ਦਾ ਫ਼ੈਸਲਾ ਕੀਤਾ ਗਿਆ। ਪੰਜਾਬ ਸਰਕਾਰ ਵੱਲੋਂ ਗੁਲਾਬੀ ਸੁੰਡੀ ਕਾਰਨ ਨਰਮੇ ਦੀ ਫ਼ਸਲ ਦੀ ਹੋਈ ਬਰਬਾਦੀ, ਮੂੰਗੀ ਦੀ ਫ਼ਸਲ ਦਾ ਰਹਿੰਦਾ ਬਕਾਇਆ ਅਤੇ ਲੰਪੀ ਸਕਿਨ ਬਿਮਾਰੀ ਕਾਰਨ ਪਸ਼ੂ ਧਨ ਦੇ ਹੋਏ ਨੁਕਸਾਨ ਦੀ ਪੂਰਤੀ ਨਾ ਕਰਨ ਖ਼ਿਲਾਫ਼ ਸੰਘਰਸ਼ ਕਰਨ ਦਾ ਫ਼ੈਸਲਾ ਕੀਤਾ ਗਿਆ। ਕਣਕ ਦੀ ਫ਼ਸਲ ਲਈ ਦਿਨ ਸਮੇਂ ਬਿਜਲੀ ਸਪਲਾਈ ਦੇਣ ਦੀ ਮੰਗ ਕੀਤੀ ਗਈ। ਮੌਜੂਦਾ ਕਾਰਪੋਰੇਟੀ ਖੇਤੀਬਾੜੀ ਮਾਡਲ ਦੀ ਥਾਂ ਕਿਸਾਨ,ਕੁਦਰਤ,ਸਮਾਜ ਪੱਖੀ ਨੀਤੀ ਦਾ ਖਰੜਾ ਜਲਦ ਤਿਆਰ ਕਰਨ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ। ਪੰਜਾਬ ਦੇ ਕਿਸਾਨਾਂ ਦੀਆਂ ਅਹਿਮ ਮੰਗਾਂ ਦਾ ਮੰਗ ਪੱਤਰ ਤਿਆਰ ਕਰਕੇ ਲਈ ਹੇਠਾਂ ਤੱਕ ਲਿਜਾਕੇ ਸੁਝਾਅ ਲੈਣ ਦਾ ਤਹਿ ਕੀਤਾ ਗਿਆ। ਮੀਟਿੰਗ ਵਿੱਚ ਗੁਰਦੀਪ ਸਿੰਘ ਰਾਮਪੁਰਾ, ਹਰੀਸ਼ ਕੰਬੋਜ ਨੱਢਾ, ਬਲਵੰਤ ਸਿੰਘ ਉੱਪਲੀ, ਕੁਲਵੰਤ ਸਿੰਘ ਕਿਸ਼ਨਗੜ੍ਹ ਆਦਿ ਆਗੂਆਂ ਨੇ ਅਪ੍ਰੈਲ ਮਹੀਨੇ ਤੋਂ ਨਵੀਂ ਮੈਂਬਰਸ਼ਿਪ ਮੁਹਿੰਮ ਸ਼ੁਰੂ ਕਰਨ ਦਾ ਸੁਝਾਅ ਦਿੱਤਾ।




