ਸੁਖਜਿੰਦਰ ਮਾਨ
ਬਠਿੰਡਾ 22 ਫਰਵਰੀ : ਨਹਿਰੂ ਯੁਵਾ ਕੇਂਦਰ ਬਠਿੰਡਾ ਯੁਵਾ ਮਾਮਲੇ ਅਤੇ ਖੇਡ ਮੰਤਰਾਲੇ ਭਾਰਤ ਸਰਕਾਰ ਦੀ ਤਰਫੋ ਯੂਥ ਕਲੱਬਾਂ ਵਲੋਂ ਲੋਕ ਭਲਾਈ ਦੇ ਕਾਰਜਾਂ ਲਈ ਵੱਖ-ਵੱਖ ਪੱਖਾਂ ਤੋਂ ਪਾਏ ਯੋਗਦਾਨ ਲਈ ਦਿੱਤਾ ਜਾਣ ਵਾਲਾ 2022-23 ਦਾ ਸਲਾਨਾ ਯੂਥ ਕਲੱਬ ਪੁਰਸਕਾਰ ਇਸ ਵਾਰ ਸ਼ਹੀਦ ਭਗਤ ਸਿੰਘ ਯੂਥ ਕਲੱਬ ਕਮਾਲੂ ਦੇ ਹਿੱਸੇ ਆਇਆ। ਇਸ ਮੌਕੇ ਹੋਰ ਜਾਣਕਾਰੀ ਦਿੰਦਿਆ ਜਿਲ੍ਹਾ ਯੂਥ ਅਫ਼ਸਰ ਸ ਹਰਸ਼ਰਨ ਸਿੰਘ ਨੇ ਦੱਸਿਆ ਕਿ ਨਹਿਰੂ ਯੁਵਾ ਕੇਂਦਰ ਵੱਲੋਂ ਦਿੱਤਾ ਜਾਂਦਾ ਸਲਾਨਾ ਜਿਲ੍ਹਾ ਪੱਧਰੀ ਯੂਥ ਕਲੱਬ ਪੁਰਸਕਾਰ ਸਾਲ 2021-2022 ਦੀਆਂ ਰਾਸ਼ਟਰ ਨਿਰਮਾਣ ਅਤੇ ਹੋਰ ਸਮਾਜਿਕ ਭਲਾਈ ਅਤੇ ਵਿਕਾਸ ਗਤੀਵਿਧੀਆਂ ਜਿਵੇਂ ਕਿ ਡਿਜੀਟਲ/ਵਿੱਤੀ ਸਾਖਰਤਾ, ਹੁਨਰ ਵਿਕਾਸ ਸਿਖਲਾਈ, ਸਿਹਤ ਜਾਗਰੂਕਤਾ, ਵਾਤਾਵਰਣ ਦੀ ਸੰਭਾਲ, ਰਾਸ਼ਟਰੀ ਏਕਤਾ, ਸਮਾਜਿਕ ਸਦਭਾਵਨਾ, ਖੇਡਾਂ ਆਦਿ ਦੀ ਸਿਰਜਣਾ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਦੇਖਦੇ ਹੋਏ ਇਸ ਵਾਰ ਇਹ ਪੁਰਸਕਾਰ ਸ਼ਹੀਦ ਭਗਤ ਸਿੰਘ ਯੂਥ ਕਲੱਬ ਕਮਾਲੁ ਨੂੰ ਦਿੱਤਾ ਗਿਆ। ਕਲੱਬ ਨੂੰ ਉਤਸਾਹਿਤ ਕਰਨ ਲਈ ਮਹਿਕਮੇ ਵਲੋਂ ਇਨਾਮ ਵਜੋਂ ਸਰਟੀਫਿਕੇਟ, ਸਨਮਾਨ ਚਿੰਨ ਅਤੇ 25000 ਰੁਪਏ ਦੀ ਰਾਸ਼ੀ ਦਿੱਤੀ ਜਾਵੇਗੀ। ਜ਼ਿਲਾ ਪੱਧਰ ’ਤੇ ਪਹਿਲਾ ਇਨਾਮ ਜਿੱਤਣ ਵਾਲੇ ਕਲੱਬ ਦੀ ਫਾਈਲ ਰਾਜ ਪੱਧਰ ਲਈ ਭੇਜੀ ਜਾਵੇਗੀ, ਜਿੱਥੇ ਪਹਿਲਾ, ਦੂਜਾ ਤੇ ਤੀਜਾ ਇਨਾਮ ਜਿੱਤਣ ਵਾਲੇ ਕਲੱਬ ਨੂੰ ਕ੍ਰਮਵਾਰ 75,000, 50,000, 25,000 ਦਾ ਨਕਦ ਇਨਾਮ ਦਿੱਤਾ ਜਾਵੇਗਾ। ਰਾਜ ਪੱਧਰ ’ਤੇ ਪਹਿਲਾ ਇਨਾਮ ਜਿੱਤਣ ਵਾਲੇ ਯੂਥ ਕਲੱਬ ਦੀ ਫਾਈਲ ਰਾਸ਼ਟਰੀ ਪੱਧਰ ਲਈ ਭੇਜੀ ਜਾਵੇਗੀ ਅਤੇ ਰਾਸ਼ਟਰੀ ਪੱਧਰ ਤੇ ਪਹਿਲਾ, ਦੂਜਾ ਅਤੇ ਤੀਜਾ ਇਨਾਮ ਜਿੱਤਣ ਵਾਲੇ ਯੂਥ ਕਲੱਬ ਨੂੰ ਕ੍ਰਮਵਾਰ 3 ਲੱਖ, 1 ਲੱਖ, 50,000 ਦਾ ਨਕਦ ਇਨਾਮ ਅਤੇ ਸਰਟੀਫਿਕੇਟ ਦਿੱਤਾ ਜਾਵੇਗਾ। ਇਸ ਦੌਰਾਨ ਸ ਹਰਸ਼ਰਨ ਸਿੰਘ ਨੇ ਹੋਰ ਦੱਸਿਆ ਕਿ ਕਲੱਬ ਵਧਾਈ ਦਾ ਪਾਤਰ ਹੈ ਉਮੀਦ ਕਰਦੇ ਹਾਂ ਕਿ ਕਲੱਬ ਅੱਗੇ ਤੋਂ ਇਸੇ ਤਰ੍ਹਾ ਹੀ ਸਮਾਜਿਕ ਗਤੀਵਿਧੀਆ ਵਿਚ ਭੂਮਿਕਾ ਨਿਭਾਉਦਾ ਰਹੇਗਾ। ਉਨ੍ਹਾ ਕਿਹਾ ਕਿ ਉਹ ਵੱਧ ਤੋਂ ਵੱਧ ਕਲੱਬਾ ਨੂੰ ਨਹਿਰੂ ਯੁਵਾ ਕੇਂਦਰ ਨਾਲ ਜੁੜਨ ਦਾ ਸੱਦਾ ਦਿੰਦੇ ਹਨ ਤਾਂ ਜੋ ਸਮਾਜ ਦੀ ਬਿਹਤਰੀ ਲਈ ਕੰਮ ਕੀਤਾ ਜਾ ਸਕੇ। ਇਸ ਮੌਕੇ ਪ੍ਰਧਾਨ ਹੁਸਨਦੀਪ ਲਾਡੀ, ਸੈਕਟਰੀ ਪਰਮਜੀਤ ਪਰਮਾ, ਲੇਖਾਕਾਰ ਅਨਮੋਲ ਬਜਾਜ ਹਾਜ਼ਿਰ ਹੋਏ।
ਜਿਲ੍ਹਾ ਪੱਧਰੀ ਯੂਥ ਕਲੱਬ ਪੁਰਸਕਾਰ ਆਇਆ ਸ਼ਹੀਦ ਭਗਤ ਸਿੰਘ ਯੂਥ ਕਲੱਬ ਕਮਾਲੂ ਹਿੱਸੇ
ਦਿੱਲੀ ਆਬਕਾਰੀ ਨੀਤੀ ਦੀ ਸੀ ਬੀ ਆਈ ਜਾਂਚ ਪੰਜਾਬ ਤੱਕ ਵਧਾਈ ਜਾਵੇ: ਅਕਾਲੀ ਦਲ
ਪੰਜਾਬ ਦੀ ਆਬਕਾਰੀ ਨੀਤੀ ਵਿਚ ਵੀ ਉਹੀ ਐਕਟਰ ਤੇ ਡਾਇਰੈਕਟਰ ਹਨ ਜੋ ਦਿੱਲੀ ਦੇ ਮਾਮਲੇ ਵਿਚ ਸਨ: ਬਿਕਰਮ ਸਿੰਘ ਮਜੀਠੀਆ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 27 ਫਰਵਰੀ: ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਅੱਜ ਮੰਗ ਕੀਤੀ ਕਿ ਦਿੱਲੀ ਆਬਕਾਰੀ ਘੁਟਾਲੇ ਦੀ ਸੀ ਬੀ ਆਈ ਵੱਲੋਂ ਕੀਤੀ ਜਾ ਰਹੀ ਜਾਂਚ ਪੰਜਾਬ ਤੱਕ ਵਧਾਈ ਜਾਵੇ ਅਤੇ ਜ਼ੋਰ ਦੇ ਕੇ ਕਿਹਾ ਕਿ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਹੀ ਪੰਜਾਬ ਦੀ ਨਵੀਂ ਆਬਕਾਰੀ ਨੀਤੀ ਦੇ ਘਾੜੇ ਹਨ ਜਿਸ ਕਾਰਨ ਸੂਬੇ ਦੇ ਸਰਕਾਰੀ ਖ਼ਜ਼ਾਨੇ ਨੂੰ ਸੈਂਕੜੇ ਕਰੋੜਾਂ ਰੁਪਏ ਦਾ ਘਾਟਾ ਪਿਆ ਹੈ।ਇਥੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਪੰਜਾਬ ਦੀ ਆਬਕਾਰੀ ਨੀਤੀ ਵਿਚ ਵੀ ਉਹੀ ਬੰਦੇ ਐਕਟਰ ਅਤੇ ਡਾਇਰੈਕਟਰ ਹਨ ਜੋ ਦਿੱਲੀ ਦੇ ਮਾਮਲੇ ਵਿਚ ਹਨ। ਉਹਨਾਂ ਕਿਹਾ ਕਿ ਦਿੱਲੀ ਦੇ ਮਾਮਲੇ ਵਿਚ ਸੀ ਬੀ ਆਈ ਨੂੰ ਉਹਨਾਂ ਸੀਨੀਅਰ ਅਫਸਰਾਂ ਤੇ ਆਮਆਦਮੀ ਪਾਰਟੀ ਦੇ ਸਿਆਸਤਦਾਨਾਂ ਦੀ ਭੂਮਿਕਾ ਦੀ ਵੀ ਜਾਂਚ ਕਰਨੀ ਚਾਹੀਦੀ ਹੈ ਜਿਹਨਾਂ ਨੇ ਸਰਕਾਰੀ ਖ਼ਜ਼ਾਨੇ ਦੀ ਕੀਮਤ ’ਤੇ ਪ੍ਰਾਈਵੇਟ ਸ਼ਰਾਬ ਕਾਰੋਬਾਰੀਆਂ ਨੂੰ ਵੱਡੇ ਲਾਭ ਪਹੁੰਚਾਏ। ਉਹਨਾਂ ਕਿਹਾ ਕਿ ਮਨੀ ਲਾਂਡਰਿੰਗ ਮਾਮਲੇ ਵਿਚ ਐਨਫੋਰਸਮੈਂਟ ਡਾਇਰੈਕਟੋਰੇਟ ਦੀ ਜਾਂਚ ਵੱਖਰੇ ਤੌਰ ’ਤੇ ਹੋਣੀ ਚਾਹੀਦੀ ਹੈ। ਸ: ਮਜੀਠੀਆ ਨੇ ਜ਼ੋਰ ਦੇ ਕੇ ਕਿਹਾ ਕਿ ਪੰਜਾਬ ਆਬਕਾਰੀ ਨੀਤੀ ਵਿਚ ਵੱਡੀ ਪੱਧਰ ’ਤੇ ਭ੍ਰਿਸ਼ਟਾਚਾਰ ਹੋਇਆ ਹੈ। ਉਹਨਾਂ ਕਿਹਾ ਕਿ ਜਿਵੇਂ ਦਿੱਲੀ ਵਿਚ ਹੋਇਆ ਪੰਜਾਬ ਦਾ ਸਾਰਾ ਸ਼ਰਾਬ ਕਾਰੋਬਾਰ ਦੋ ਕੰਪਨੀਆਂ ਨੂੰ ਦੇ ਦਿੱਤਾ ਗਿਆ ਤੇ ਉਹਨਾਂ ਦਾ ਮੁਨਾਫਾ ਦੁੱਗਣਾ ਵਧਾ ਦਿੱਤਾ ਗਿਆ ਜਿਸਦੇ ਬਦਲੇ ਵਿਚ ਲਾਭ ਲਏ ਗਏ। ਉਹਨਾ ਕਿਹਾ ਕਿ ਪੰਜਾਬ ਵਿਚ ਆਪ ਸਰਕਾਰ ਤੇ ਦਿੱਲੀ ਵਿਚ ਆਪ ਹਾਈ ਕਮਾਂਡ ਨੇ ਸੈਂਕੜੇ ਕਰੋੜ ਰੁਪਏ ਦਾ ਲਾਭ ਲਿਆ ਹੈ। ਉਹਨਾਂ ਕਿਹਾ ਕਿ ਇਹ ਸ਼ਰਾਬ ਦੇ ਕਾਰੋਬਾਰ ਦੇ ਨਾਲ ਨਾਲ ਰੇਤ ਮਾਫੀਆ ਤੋਂ ਮਿਲਿਆ ਪੈਸਾ ਹੈ ਜੋ ਆਮ ਆਦਮੀ ਪਾਰਟੀ ਅਰਵਿੰਦ ਕੇਜਰੀਵਾਲ ਦੇ ਕੌਮੀ ਚੋਣ ਸੁਫਨਿਆਂ ਨੂੰ ਪੂਰਾ ਕਰਨ ਵਾਸਤੇ ਖਰਚ ਕਰ ਰਹੀਹੈ। ਉਹਨਾਂ ਕਿਹਾ ਕਿ ਇਹੀ ਕਾਰਨ ਹੈ ਕਿ ਦਿੱਲੀ ਦੇ ਮੁੱਖ ਮੰਤਰੀ ਨੇ ਜਨਤਕ ਤੌਰ ’ਤੇ ਐਲਾਨ ਕੀਤਾ ਕਿ ਜਿਹੜੀ ਨੀਤੀ ਦਿੱਲੀ ਵਿਚ ਬੰਦ ਕਰਨੀ ਪਈਸੀ, ਉਹ ਪੰਜਾਬ ਵਿਚ ’ਕਮਾਲ’ ਵਿਖਾ ਰਹੀ ਹੈ।ਸ: ਮਜੀਠੀਆ ਨੇ ਆਪ ਨੂੰ ਆਖਿਆ ਕਿ ਉਹ ਭ੍ਰਿਸ਼ਟਾਚਾਰ ਦੇ ਮਾਮਲੇ ਵਿਚ ਦੋਗਲੇ ਮਿਆਰ ਨਾ ਅਪਣਾਵੇ। ਉਹਨਾਂ ਕਿਹਾ ਕਿ ਆਪ ਆਪਣੇ ਆਗੂਆਂ ਵੱਲੋਂ ਕੀਤੇ ਭ੍ਰਿਸ਼ਟਾਚਾਰ ਨੂੰ ’ਚੰਗਾ ਭ੍ਰਿਸ਼ਟਾਚਾਰ’ਅਤੇ ਵਿਰੋਧੀਆਂ ਵੱਲੋਂ ਕੀਤੇ ਭ੍ਰਿਸ਼ਟਾਚਾਰ ਨੂੰ ’ਮਾੜਾ ਭ੍ਰਿਸ਼ਟਾਚਾਰ’ ਮੰਨਦੇ ਹਨ। ਉਹਨਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਵੀ ਇਸ ਤਰੀਕੇ ਦੇ ਚਰਿੱਤਰ ਸਰਟੀਫਿਕੇਟ ਜਾਰੀ ਕਰਨ ਵਾਸਤੇ ਮਸ਼ਹੂਰ ਹੋਗਏ ਹਨ ਜਿਹਨਾਂ ਨੇ ਸੁਕੇਸ਼ ਜੈਨ ਤੋਂ ਰਿਸ਼ਵਤ ਹਾਸਲ ਕਰਨ ਵਾਲੇ ਸਤੇਂਦਰ ਜੈਨ ਨੂੰ ਜੇਲ੍ਹ ਮੰਤਰੀ ਬਣਾਈ ਰੱਖਿਆ ਹੈ ਤੇ ਹੁਣ ਮਨੀਸ਼ ਸਿਸੋਦੀਆ ਦੀ ਵਾਰੀ ਹੈ। ਉਹਨਾਂ ਕਿਹਾ ਕਿ ਸ੍ਰੀ ਕੇਜਰੀਵਾਲ ਜਾਂਚ ਏਜੰਸੀਆਂ ਤੇ ਅਦਾਲਤਾਂ ਨੂੰ ਉਹਨਾਂ ਦਾ ਕੰਮ ਕਿਉਂ ਨਹੀਂ ਕਰਨ ਦਿੰਦੇ? ਉਹਨਾਂ ਕਿਹਾ ਕਿ ਉਹ ਭ੍ਰਿਸ਼ਟਾਚਾਰ ਨੂੰ ਜਾਇਜ਼ ਠਹਿਰਾਉਣ ਵਾਸਤੇ ਧਰਨੇ ਤੇ ਰੋਸ ਪ੍ਰਦਰਸ਼ਨ ਕਰਵਾ ਕੇ ਨਿਆਂਇਕ ਪ੍ਰਕਿਰਿਆ ਦੇ ਰਾਹ ਵਿਚ ਅੜਿਕੇ ਡਾਹ ਰਹੇ ਹਨ। ਉਹਨਾਂ ਕਿਹਾ ਕਿ ਅਜਿਹਾ ਸਪਸ਼ਟਹੋ ਰਿਹਾ ਹੈ ਕਿ ਸਾਰੀ ਜਾਂਚ ਉਹਨਾਂ ਤੱਕ ਪਹੁੰਚ ਜਾਵੇਗੀ। ਸਾਬਕਾ ਮੰਤਰੀ ਨੇ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਵੱਲੋਂ ਮਨੀਸ਼ ਸਿਸੋਦੀਆ ਨੂੰ ਸਹੀ ਠਹਿਰਾਉਣ ਲਈ ਪੰਜਾਬ ਛੱਡ ਦਿੱਲੀ ਡੇਰੇ ਲਗਾਉਣ ਦੀ ਵੀ ਨਿਖੇਧੀ ਕੀਤੀ, ਉਹ ਵੀ ਜਦੋਂ ਪੰਜਾਬ ਬਲ ਰਿਹਾ ਹੈ। ਉਹਨਾਂ ਕਿਹਾ ਕਿ ਸਰਹੱਦੀ ਰਾਜ ਵਿਚ ਕਾਨੂੰਨ ਤੇ ਵਿਵਸਥਾ ਪੂਰੀ ਤਰ੍ਹਾਂ ਢਹਿ ਢੇਰੀ ਹੋਣ ਕਾਰਨ ਗੰਭੀਰ ਸੰਕਟ ਖੜ੍ਹਾ ਹੋ ਗਿਆ ਹੈ। ਉਹਨਾਂ ਕਿਹਾ ਕਿ ਜੇਲ੍ਹਾਂ ਵੀ ਹੁਣ ਸੁਰੱਖਿਅਤ ਨਹੀਂ ਰਹੀਆਂ ਤੇ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ ਦੇ ਦੋ ਦੋਸ਼ੀਆਂ ਦਾ ਜੇਲ੍ਹਾਂ ਵਿਚ ਹੀ ਕਤਲ ਹੋ ਗਿਆ ਹੈ
ਪੰਜਾਬ ਕੇਂਦਰੀ ਯੂਨੀਵਰਸਿਟੀ ਵਿਖੇ ਫੂਡ ਕਾਰਨੀਵਲ 2023 ਕਰਵਾਇਆ ਗਿਆ
ਪੰਜਾਬ ਕੇਂਦਰੀ ਯੂਨੀਵਰਸਿਟੀ ਵਿਖੇ ਆਯੋਜਿਤ ਫੂਡ ਕਾਰਨੀਵਲ 2023 ਵਿੱਚ ਵਿਦਿਆਰਥੀਆਂ ਨੇ ਮਿਲੇਟ ਆਧਾਰਿਤ ਪਕਵਾਨ ਤਿਆਰ ਕਰਕੇ ਆਪਣੇ ਖਾਣਾ ਪਕਾਉਣ ਦੇ ਹੁਨਰ ਦਾ ਪ੍ਰਦਰਸ਼ਨ ਕੀਤਾ।
ਪੰਜਾਬੀ ਖ਼ਬਰਸਾਰ ਬਿਉਰੋ
ਬਠਿੰਡਾ, 27 ਫਰਵਰੀ: ਪੰਜਾਬ ਕੇਂਦਰੀ ਯੂਨੀਵਰਸਿਟੀ ਵਿਖੇ ਭਾਰਤ ਦੇ 27 ਰਾਜਾਂ ਅਤੇ 7 ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਵਿਦਿਆਰਥੀਆਂ ਅਤੇ ਅੰਤਰਰਾਸ਼ਟਰੀ ਵਿਦਿਆਰਥੀਆਂ ਨੇ ਸੋਮਵਾਰ ਨੂੰ ਯੂਨੀਵਰਸਿਟੀ ਕੈਂਪਸ ਵਿੱਚ ਆਯੋਜਿਤ ‘‘ਸੀਯੂਪੀਬੀ ਫੂਡ ਕਾਰਨੀਵਲ – 2023’’ ਵਿੱਚ ਆਪਣੇ-ਆਪਣੇ ਰਾਜਾਂ ਨੂੰ ਮਸ਼ਹੂਰ ਪਕਵਾਨ ਅਤੇ ਪ੍ਰਮਾਣਿਕ ਭਾਰਤੀ ਭੋਜਨ ਤਿਆਰ ਕਰਕੇ ਖਾਣਾ ਪਕਾਉਣ ਦੇ ਹੁਨਰ ਦਾ ਪ੍ਰਦਰਸ਼ਨ ਕੀਤਾ। ਪ੍ਰੋਗਰਾਮ ਦਾ ਆਯੋਜਨ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਪ੍ਰੋ. ਰਾਘਵੇਂਦਰ ਪ੍ਰਸਾਦ ਤਿਵਾਰੀ ਦੀ ਸੁਰੱਖਿਆ ਹੇਠ ਯੂਨੀਵਰਸਿਟੀ ਦੇ 14ਵੈਂ ਸਥਾਪਨਾ ਦਿਵਸ ਸਮਾਰੋਹ ਅਤੇ ਇੰਟਰਨੈਸ਼ਨਲ ਮਿਲਟ ਈਅਰ 2023 ਦੇ ਤਹਿਤ ਕੀਤਾ ਗਿਆ। ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ, ਬਠਿੰਡਾ ਦੇ ਵਾਈਸ ਚਾਂਸਲਰ ਪ੍ਰੋ. ਬੂਟਾ ਸਿੰਘ ਸਿੱਧੂ ਨੇ ਸਮਾਗਮ ਦੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।ਸ਼ੁਰੂਆਤ ਵਿੱਚ ਪੰਜਾਬ ਕੇਂਦਰੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਰਾਘਵੇਂਦਰ ਪ੍ਰਸਾਦ ਤਿਵਾਰੀ ਨੇ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ, ਬਠਿੰਡਾ ਦੇ ਵਾਈਸ ਚਾਂਸਲਰ ਪ੍ਰੋ. ਬੂਟਾ ਸਿੰਘ ਨਾਲ ਪ੍ਰੋਗਰਾਮ ਦਾ ਉਦਘਾਟਨ ਕੀਤਾ। ਪ੍ਰੋਗਰਾਮ ਕੋਆਰਡੀਨੇਟਰ ਪ੍ਰੋ. ਅਨਿਲ ਮੰਥਾ ਨੇ ਮਹਿਮਾਨਾਂ ਨੂੰ ਦੱਸਿਆ ਕਿ ਇਸ ਫੂਡ ਕਾਰਨੀਵਲ ਵਿੱਚ ਵਿਦਿਆਰਥੀਆਂ ਅਤੇ ਸਟਾਫ਼ ਮੈਂਬਰਾਂ ਦੀਆਂ ਕੁੱਲ 50 ਟੀਮਾਂ ਨੇ ਆਪਣੇ ਫੂਡ ਸਟਾਲ ਲਗਾਏ ਅਤੇ ਦੇਸ਼ ਭਰ ਤੋਂ ਖੇਤਰੀ, ਰਵਾਇਤੀ ਅਤੇ ਤਿਉਹਾਰਾਂ ਦੇ ਪਕਵਾਨ ਤਿਆਰ ਕੀਤੇ ਹਨ। ਉਨ੍ਹਾਂ ਅੱਗੇ ਕਿਹਾ ਕਿ 50 ਵਿੱਚੋਂ 26 ਟੀਮਾਂ ਮਿਲੇਟ (ਮੋਟੇ ਅਨਾਜ) ਦੀ ਖਪਤ ਨੂੰ ਉਤਸ਼ਾਹਿਤ ਕਰਨ ਲਈ ਵਿਸ਼ੇਸ਼ ਤੌਰ ’ਤੇ ਮਿਲੇਟ ਬੇਸਡ ਪਕਵਾਨ ਤਿਆਰ ਕੀਤੇ ਹਨ। ਮੁੱਖ ਮਹਿਮਾਨ ਪ੍ਰੋ. ਬੂਟਾ ਸਿੰਘ ਨੇ ਜਿਊਰੀ ਮੈਂਬਰਾਂ ਨਾਲ ਮਿਲ ਕੇ ਹਰੇਕ ਸਟਾਲ ਦਾ ਦੌਰਾ ਕੀਤਾ ਅਤੇ ਵਿਦਿਆਰਥੀਆਂ ਅਤੇ ਸਟਾਫ਼ ਵੱਲੋਂ ਤਿਆਰ ਕੀਤੇ ਪਕਵਾਨਾਂ ਦਾ ਸਵਾਦ ਲਿਆ। ਉਨ੍ਹਾਂ ਨੇ ਸਵਾਦਿਸ਼ਟ ਭੋਜਨ ਤਿਆਰ ਕਰਨ ਲਈ ਭਾਗ ਲੈਣ ਵਾਲਿਆਂ ਦੀ ਸ਼ਲਾਘਾ ਕੀਤੀ। ਇਸ ਫੂਡ ਕਾਰਨੀਵਲ ਵਿੱਚ ਵਿਦਿਆਰਥੀਆਂ ਵੱਲੋਂ ਮਿਲੇਟ ਆਧਾਰਿਤ ਸੁਆਦੀ ਪਕਵਾਨਾਂ ਵਿੱਚ ਰਾਗੀ ਲੱਡੂ, ਪਾਪੜੀ ਚਾਟ, ਬਾਜਰੇ ਦੀ ਰੋਟੀ, ਸਮੈ ਉਪਮਾ, ਕੁੱਟੂ ਪਕੋੜਾ, ਰਾਗੀ ਚੂਰਮਾ, ਪਾਣੀਰਾਮ, ਬਾਜਰੇ ਦਾ ਦਲੀਆ, ਮਿਲੇਟ ਪਕੌੜਾ, ਮਿਲੇਟ ਕੇਕ, ਮਿਲੇਟ ਚੂਰਮਾ, ਮਿਲੇਟ ਡੋਸਾ, ਕੱਕੜਾ ਪੀਠਾ, ਇਡਲੀ, ਮੋਮੋਜ਼ ਅਤੇ ਜਵਾਰ ਸ਼ਿਕੰਜਵੀ ਆਦਿ ਪੇਸ਼ ਕੀਤੇ ਗਏ।ਇਸ ਤੋਂ ਇਲਾਵਾ ਵਿਦਿਆਰਥੀਆਂ ਨੇ ਇਡਲੀ ਸਾਂਬਰ, ਲਿੱਟੀ ਚੋਖਾ, ਪਾਵ ਭਾਜੀ, ਪਨੀਰ ਟਿੱਕਾ, ਡੋਸਾ, ਤੰਦੂਰੀ ਚਿਕਨ, ਝਾਲ ਮੂਰੀ, ਮਾਲਪੂਆ, ਚਿੱਲਾ, ਰਾਮ ਲੱਡੂ, ਵੈਜੀ ਮੋਮੋਜ਼, ਲਖਨਵੀ ਦਮ ਬਿਰਯਾਨੀ, ਸਿੰਜੂ ਜਿਹੇ ਪ੍ਰਮਾਣਿਕ ਭਾਰਤੀ ਪਕਵਾਨ ਵੀ ਤਿਆਰ ਕੀਤੇ ਗਏ। ਇਸ ਫੂਡ ਕਾਰਨੀਵਲ ਵਿੱਚ ਭਾਗੀਦਾਰਾਂ ਨੇ ਮਿਠਾਈਆਂ ਅਤੇ ਪੀਣ ਵਾਲੇ ਪਦਾਰਥ ਜਿਵੇਂ ਸਾਬੂਦਾਣਾ ਖੀਰ, ਆਮ ਪੰਨਾ, ਗਾਜਰ ਪਾਕ, ਕਸ਼ਮੀਰੀ ਕਾਹਵਾ, ਬਲੈਕ ਰਾਈਸ ਟੀ, ਗ੍ਰੇਪ ਮੋਜੀਟੋ, ਲੱਸੀ, ਜਲ ਜੀਰਾ ਆਦਿ ਦਾ ਸੁਆਦ ਵੀ ਚੱਖਿਆ।ਵਿਦਿਆਰਥੀਆਂ ਵੱਲੋਂ ਲਗਾਏ ਗਏ ਫੂਡ ਸਟਾਲ ਤੋਂ ਇਲਾਵਾ ਮਾਲਵਾ ਖੇਤਰ ਦੀਆਂ ਫੂਡ ਪ੍ਰੋਸੈਸਿੰਗ ਯੂਨਿਟਾਂ ਵੱਲੋਂ 11 ਸਟਾਲ ਲਗਾਏ ਗਏ ਸਨ ਜਿਨ੍ਹਾਂ ਨੇ ਇਸ ਕਾਰਨੀਵਲ ਵਿੱਚ ਸਵਦੇਸ਼ੀ ਮੇਲੇ ਦੀ ਝਲਕ ਦੇਣ ਲਈ ਆਪਣੇ ਉਤਪਾਦ ਪ੍ਰਦਰਸ਼ਿਤ ਕੀਤੇ ਸਨ।ਯੂਨੀਵਰਸਿਟੀ ਦੇ ਵਿਦਿਆਰਥੀਆਂ, ਫੈਕਲਟੀ ਅਤੇ ਸਟਾਫ਼ ਮੈਂਬਰਾਂ ਨੇ ਆਪਣੇ ਪਰਿਵਾਰਾਂ ਸਮੇਤ ਫੂਡ ਕਾਰਨੀਵਲ ਦਾ ਦੌਰਾ ਕੀਤਾ ਅਤੇ ਪਕਵਾਨਾਂ ਦਾ ਆਨੰਦ ਲਿਆ।
ਮੁੱਖ ਮੰਤਰੀ ਨੇ ਅੰਸਲ ਸਿਟੀ ਵਿਚ ਈਡਬਲਿਯੂਐਸ ਦੇ ਮਕਾਨਾਂ ਦਾ ਕੀਤਾ ਅਚਾਨਕ ਨਿਰੀਖਣ, ਲੋਕਾਂ ਦੀ ਸੁਣੀ ਸਮਸਿਆਵਾਂ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 27 ਫਰਵਰੀ: ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਰਨਾਲ ਦੌਰੇ ਦੌਰਾਨ ਅੱਜ ਸਵੇਰੇ ਅੰਸਲ ਸਿਟੀ ਪਹੁੰਚ ਕੇ ਹਾਊਸਿੰਗ ਬੋਰਲ ਵੱਲੋਂ ਗਰੀਬ ਵਰਗ (ਈਡਬਲਿਯੂਐਸ) ਲੋਕਾਂ ਲਈ ਬਣਾਏ ਗਏ ਮਕਾਨਾਂ ਦਾ ਅਚਾਨਕ ਨਿਰੀਖਣ ਕੀਤਾ ਅਤੇ ਸਥਿਤੀ ਦਾ ਜਾਇਜਾ ਲਿਆ। ਉਨ੍ਹਾਂ ਨੇ ਅਧਿਕਾਰੀਆਂ ਨੂੰ ਇੰਨ੍ਹਾਂ ਮਕਾਨਾਂ ਦੀ ਮੁਰੰਮਤ ਕਰਨ ਦੇ ਨਿਰਦੇਸ਼ ਦਿੱਤੇ। ਇਸ ਮੌਕੇ ’ਤੇ ਮੁੱਖ ਮੰਤਰੀ ਨੇ ਅੰਸਲ ਸਿਟੀ ਵਾਸੀਆਂ ਦੀ ਸਮਸਿਆਵਾਂ ਨੂੰ ਵੀ ਸੁਣਿਆ। ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਦੀ ਪੋਲਿਸੀ ਅਨੁਸਾਰ ਹਾਊਸਿੰਗ ਸੋਸਾਇਟੀ ਵਿਚ ਗਰੀਬੀ ਰੇਖਾ ਤੋਂ ਹੇਠਾਂ ਜੀਵਨ ਬਤੀਤ ਕਰਨ ਵਾਲੇ ਗਰੀਬ ਵਰਗ (ਈਡਬਲਿਯੂਐਸ) ਲੋਕਾਂ ਲਈ ਮਕਾਨ ਬਨਾਉਣ ਦਾ ਪ੍ਰਾਵਧਾਨ ਹੈ, ਜਿਸ ਦੇ ਤਹਿਤ ਕਰਨਾਲ ਸ਼ਹਿਰ ਵਿਚ ਅੰਸਲ ਸਿਟੀ, ਅਲਫਾ ਸਿਟੀ, ਸੀਐਚਡੀ ਸਿਟੀ ਅਤੇ ਨਰਸੀ ਵਿਲੇਜ ਵਿਚ ਮਕਾਨ ਬਣਾਏ ਗਏ ਹਨ ਪਰ ਜਿਸ ਵਿੱਚੋਂ ਜਿਆਦਾਤਰ ਮਕਾਨ ਲੰਬੇ ਸਮੇਂ ਤੋਂ ਖਾਲੀ ਪਏ ਹਨ। ਉਨ੍ਹਾਂ ਨੇ ਕਿਹਾ ਕਿ ਇਹ ਮਕਾਨ ਸਰਕਾਰ ਦੀ ਪ੍ਰੋਪਰਟੀ ਹੈ, ਇਸ ਨੂੰ ਖਰਾਬ ਨਾ ਹੋਣ ਦੇਣ, ਇਸ ਤੋਂ ਜਨਤਾ ਦਾ ਨੁਕਸਾਨ ਹੁੰਦਾ ਹੈ। ਉਨ੍ਹਾਂ ਨੇ ਹਾਊਸਿੰਗ ਬੋਰਡ ਦੀ ਕਾਰਜਕਾਰੀ ਇੰਜੀਨੀਅਰ ਨੂੰ ਨਿਰਦੇਸ਼ ਦਿੱਤੇ ਕਿ ਇੰਨ੍ਹਾਂ ਮਕਾਨਾਂ ਦੀ ਮੁਰੰਮਤ ਕਰਵਾਉਣ ਦਾ ਪ੍ਰਪੋਜਲ ਤਿਆਰ ਕਰਨ ਅਤੇ ਇਸ ਦੀ ਸ਼ੁਰੂਆਤ ਅੰਸਲ ਸਿਟੀ ਤੋਂ ਕੀਤੀ ਜਾਵੇ ਅਤੇ ਇਸ ਕਾਰਜ ਨੂੰ ਅਗਲੇ 20 ਮਾਰਚ ਤਕ ਪੂਰਾ ਕਰਵਾਇਆ ਜਾਵੇ। ਇਸ ਦੇ ਬਾਅਦ ;ਜਕਹਜ ਵੱਲੋਂ ਇੰਨ੍ਹਾਂ ਮਕਾਨਾਂ ਦੀ ਈ-ਆਕਸ਼ਨ ਕੀਤੀ ਜਾਵੇਗੀ। ਨਿਰੀਖਣ ਦੌਰਾਨ ਹਾਊਸਿੰਗ ਬੋਰਡ ਦੀ ਕਾਰਜਕਾਰੀ ਇੰਜੀਨੀਅਰ ਦੀਕਸ਼ਾ ਮਲਿਕ ਨੈ ਮੁੱਖ ਮੰਤਰੀ ਨੂੰ ਜਾਣੁੰ ਕਰਾਇਆ ਕਿ ਅੰਸਲ ਸਿਟੀ ਵਿਚ 146 ਮਕਾਨ, ਸੀਐਚਡੀ ਸਿਟੀ ਵਿਚ 1012, ਅਲਫਾ ਸਿਟੀ ਵਿਚ 606 ਅਤੇ ਨਰਸੀ ਵਿਲੇਜ ਵਿਚ 179 ਮਕਾਨ ਹਾਊਸਿੰਗ ਬੋਰਡ ਵੱਲੋਂ ਬਣਵਾਏ ਗਏ ਹਨ। ਉਨ੍ਹਾਂ ਨੇ ਮੁੱਖ ਮੰਤਰੀ ਨੂੰ ਭਰੋਸਾ ਦਿੱਤਾ ਕਿ ਤੁਹਾਡੇ ਨਿਰਦੇਸ਼ਾਂ ਅਨੁਸਾਰ ਅੰਸਲ ਸਿਟੀ ਵਿਚ ਬਣੇ ਮਕਾਨਾਂ ਦੀ ਮੁਰੰਮਤ ਦਾ ਕਾਰਜ ਜਲਦੀ ਤੋਂ ਜਲਦੀ ਪੂਰਾ ਕਰਵਾ ਦਿੱਤਾ ਜਾਵੇਗਾ। ਉਨ੍ਹਾਂ ਨੇ ਦਸਿਆ ਕਿ ਸਰਕਾਰ ਦੀ ਪੋਲਿਸੀ ਤਹਿਤ ਹਾਊਸਿੰਗ ਸੋਸਾਇਟੀ ਵਿਚ 20 ਫੀਸਦੀ ਖੇਤਰ ਨੂੰ ਰਾਖਵਾਂ ਰੱਖਿਆ ਜਾਂਦਾ ਹੈ, ਜਿਸ ਵਿੱਚੋਂ 10 ਫੀਸਦੀ ’ਤੇ ਹਾਉਸਿੰਗ ਬੋਰਡ ਵੱਲੋਂ ਮਕਾਨ ਬਣਾਏ ਜਾਂਦੇ ਹਨ ਅਤੇ 10 ਫੀਸਦੀ ਕਲੋਨਾਈਜਰ ਵੱਲੋਂ ਗਰੀਬ ਲੋਕਾਂ ਨੂੰ ਸਸਤੀ ਦਰ ’ਤੇ ਪਲਾਟ/ਮਕਾਨ ਦਿੱਤੇ ਜਾਂਦੇ ਹਨ। ਇਸ ਮੌਕੇ ’ਤੇ ਮੇਅਰ ਰੇਨੂ ਬਾਲਾ ਗੁਪਤਾ, ਡਿਪਟੀ ਕਮਿਸ਼ਨਰ ਅਨੀਸ਼ ਯਾਦਵ, ਪੁਲਿਸ ਸੁਪਰਡੈਂਟ ਗੰਗਾਰਾਮ ਪੁਨਿਆ ਮੌਜੂਦ ਰਹੇ।
ਮਨੀਸ਼ ਸਿਸੋਦੀਆ ਦੀ ਗ੍ਰਿਫ਼ਤਾਰੀ ਖ਼ਿਲਾਫ਼ ’ਆਪ’ ਆਗੂਆਂ ਨੇ ਭਾਜਪਾ ਦਫ਼ਤਰ ਅੱਗੇ ਕੀਤਾ ਜ਼ੋਰਦਾਰ ਵਿਰੋਧ ਪ੍ਰਦਰਸ਼ਨ
ਭਾਜਪਾ ਸਰਕਾਰ ਵਿਰੋਧੀਆਂ ਦੀ ਆਵਾਜ਼ ਨੂੰ ਦਬਾਉਣ ਲਈ ਈਡੀ ਅਤੇ ਸੀਬੀਆਈ ਦੀ ਵਰਤੋਂ ਕਰ ਰਹੀ ਹੈ – ਹਰਪਾਲ ਸਿੰਘ ਚੀਮਾ
ਚੰਡੀਗੜ੍ਹ ਪੁਲੀਸ ਨੇ ਕੈਬਨਿਟ ਮੰਤਰੀਆਂ ਤੇ ਹੋਰ ਸੀਨੀਅਰ ਆਗੂਆਂ ਨੂੰ ਹਿਰਾਸਤ ਵਿੱਚ ਲਿਆ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 27 ਫਰਵਰੀ: ਆਮ ਆਦਮੀ ਪਾਰਟੀ (ਆਪ) ਦੇ ਸੀਨੀਅਰ ਨੇਤਾ ਅਤੇ ਦਿੱਲੀ ਦੇ ਸਿੱਖਿਆ ਮੰਤਰੀ ਮਨੀਸ਼ ਸਿਸੋਦੀਆ ਦੀ ਗ੍ਰਿਫਤਾਰੀ ਦੇ ਖਿਲਾਫ ’ਆਪ’ ਆਗੂਆਂ ਨੇ ਸੋਮਵਾਰ ਨੂੰ ਚੰਡੀਗੜ੍ਹ ’ਚ ਭਾਜਪਾ ਦਫ਼ਤਰ ਸਾਹਮਣੇ ਧਰਨਾ ਪ੍ਰਦਰਸ਼ਨ ਕੀਤਾ। ਧਰਨੇ ਵਿੱਚ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ, ਅਨਮੋਲ ਗਗਨ ਮਾਨ, ਲਾਲਚੰਦ ਕਟਾਰੂਚੱਕ, ਬ੍ਰਹਮ ਸ਼ੰਕਰ ਜਿੰਪਾ, ਡਾ: ਬਲਬੀਰ ਸਿੰਘ, ਹਰਜੋਤ ਬੈਂਸ, ਹਰਭਜਨ ਸਿੰਘ ਈਟੀਓ, ਲਾਲਜੀਤ ਸਿੰਘ ਭੁਲੱਰ, ਚੇਤਨ ਸਿੰਘ ਜੌੜੇਮਾਜਰਾ, ਡਾ. ਇੰਦਰਬੀਰ ਸਿੰਘ ਨਿੱਝਰ ਅਤੇ ‘ਆਪ’ ਪੰਜਾਬ ਦੇ ਜਨਰਲ ਸਕੱਤਰ ਹਰਚੰਦ ਸਿੰਘ ਬਰਸਟ ਸਮੇਤ ਸੈਂਕੜੇ ‘ਆਪ’ ਆਗੂ ਤੇ ਵਰਕਰ ਮੌਜੂਦ ਸਨ। ‘ਆਪ’ ਆਗੂਆਂ ਨੇ ਮਨੀਸ਼ ਸਿਸੋਦੀਆ ਦੀ ਗ੍ਰਿਫ਼ਤਾਰੀ ’ਤੇ ਨਾਰਾਜ਼ਗੀ ਜ਼ਾਹਰ ਕੀਤੀ ਅਤੇ ਕੇਂਦਰ ਦੀ ਮੋਦੀ ਸਰਕਾਰ ਖ਼?ਲਾਫ਼ ਨਾਅਰੇਬਾਜ਼ੀ ਕੀਤੀ। ‘ਆਪ’ ਆਗੂਆਂ ਨੇ ਨਾਅਰਿਆਂ ਰਾਹੀਂ ਸਿਸੋਦੀਆ ਦੀ ਗ੍ਰਿਫ਼ਤਾਰੀ ਨੂੰ ਤਾਨਾਸ਼ਾਹੀ ਫੈਸਲਾ ਦੱਸਿਆ ਅਤੇ ਅਜਿਹੀ ਕਾਰਵਾਈ ਨੂੰ ਲੋਕਤੰਤਰ ਲਈ ਖ਼ਤਰਾ ਦੱਸਿਆ। ਇਸ ਮੌਕੇ ਵਰਕਰਾਂ ਨੂੰ ਸੰਬੋਧਨ ਕਰਦਿਆਂ ‘ਆਪ’ ਪੰਜਾਬ ਦੇ ਸੀਨੀਅਰ ਆਗੂ ਅਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਭਾਜਪਾ ਸਰਕਾਰ ਵਿਰੋਧੀ ਧਿਰ ਦੀ ਆਵਾਜ਼ ਨੂੰ ਦਬਾਉਣ ਲਈ ਈਡੀ ਅਤੇ ਸੀਬੀਆਈ ਦੀ ਦੁਰਵਰਤੋਂ ਕਰ ਰਹੀ ਹੈ। ਭਾਜਪਾ ਆਮ ਆਦਮੀ ਪਾਰਟੀ ਤੋਂ ਡਰਦੀ ਹੈ, ਇਸੇ ਲਈ ਆਪ ਨੇਤਾਵਾਂ ’ਤੇ ਝੂਠੇ ਕੇਸ ਦਰਜ ਕਰਕੇ ਉਨ੍ਹਾਂ ਨੂੰ ਜੇਲ੍ਹਾਂ ’ਚ ਡੱਕ ਰਹੀ ਹੈ। ਦਿੱਲੀ ਦੇ ਸਿੱਖਿਆ ਮੰਤਰੀ ਵਜੋਂ ਮਨੀਸ਼ ਸਿਸੋਦੀਆ ਨੇ ਗਰੀਬ ਬੱਚਿਆਂ ਲਈ ਚੰਗੀ ਸਿੱਖਿਆ ਦਾ ਪ੍ਰਬੰਧ ਕੀਤਾ। ਅੱਜ ਦਿੱਲੀ ਵਿੱਚ ਸਰਕਾਰੀ ਸਕੂਲਾਂ ਵਿੱਚ ਅਮੀਰ ਅਤੇ ਗਰੀਬ ਦੋਨਾਂ ਦੇ ਬੱਚੇ ਇਕੱਠੇ ਪੜ੍ਹ ਰਹੇ ਹਨ। ਮਨੀਸ਼ ਸਿਸੋਦੀਆ ਨੇ ਸਿੱਖਿਆ ਪ੍ਰਣਾਲੀ ਵਿੱਚ ਸੁਧਾਰ ਲਈ ਦਿੱਲੀ ਵਿੱਚ ਸਕੂਲ ਆਫ ਐਮੀਨੈਂਸ ਬਣਵਾਏ। ਅੱਜ ਦਿੱਲੀ ਦੇ ਬੱਚੇ ਇਨ੍ਹਾਂ ਸਕੂਲਾਂ ਵਿੱਚ ਪੜ੍ਹ ਕੇ ਆਈਆਈਟੀ ਅਤੇ ਏਮਜ਼ ਵਿੱਚ ਜਾ ਰਹੇ ਹਨ। ਦਿੱਲੀ ਵਿੱਚ ਸਿੱਖਿਆ ਕ੍ਰਾਂਤੀ ਤੋਂ ਡਰਦਿਆਂ ਭਾਜਪਾ ਨੇ ਮਨੀਸ਼ ਸਿਸੋਦੀਆ ਨੂੰ ਝੂਠੇ ਦੋਸ਼ਾਂ ਵਿੱਚ ਗ੍ਰਿਫ਼ਤਾਰ ਕਰ ਲਿਆ ਹੈ।ਉਨ੍ਹਾਂ ਕਿਹਾ ਕਿ ਈਡੀ ਨੇ ਕਈ ਵਾਰ ਮਨੀਸ਼ ਸਿਸੋਦੀਆ ਦੇ ਘਰ ਛਾਪੇਮਾਰੀ ਕੀਤੀ ਅਤੇ ਬੈਂਕ ਖਾਤਿਆਂ ਦੀ ਤਲਾਸ਼ੀ ਲਈ, ਪਰ ਕੁਝ ਨਹੀਂ ਮਿਲਿਆ। ਸੀਬੀਆਈ ਨੇ ਮੋਦੀ ਸਰਕਾਰ ਦੇ ਦਬਾਅ ਹੇਠ ਮਨੀਸ਼ ਸਿਸੋਦੀਆ ਨੂੰ ਗ੍ਰਿਫ਼ਤਾਰ ਕੀਤਾ ਹੈ। ਭਾਜਪਾ ਦਾ ਮਕਸਦ ਮਨੀਸ਼ ਸਿਸੋਦੀਆ ਨੂੰ ਗ੍ਰਿਫਤਾਰ ਕਰਨਾ ਨਹੀਂ ਸਗੋਂ ਆਮ ਆਦਮੀ ਪਾਰਟੀ ਅਤੇ ਅਰਵਿੰਦ ਕੇਜਰੀਵਾਲ ਨੂੰ ਰੋਕਣਾ ਹੈ। ਪਰ ਆਮ ਆਦਮੀ ਪਾਰਟੀ ਰੁਕਣ ਵਾਲੀ ਨਹੀਂ ਹੈ। ਜਲਦੀ ਹੀ ਸਾਰਾ ਸੱਚ ਲੋਕਾਂ ਦੇ ਸਾਹਮਣੇ ਆ ਜਾਵੇਗਾ। ਉਨ੍ਹਾਂ ਕਿਹਾ ਕਿ ਮਨੀਸ਼ ਸਿਸੋਦੀਆ ਦੇਸ਼ ਦੇ ਸਰਵੋਤਮ ਸਿੱਖਿਆ ਮੰਤਰੀ ਹਨ। ਅੱਜ ਪੂਰੀ ਦੁਨੀਆ ’ਚ ਉਨ੍ਹਾਂ ਦੀ ਚਰਚਾ ਹੋ ਰਹੀ ਹੈ। ਸੀਬੀਆਈ ਕੋਲ ਉਨ੍ਹਾਂ ਖ਼?ਲਾਫ਼ ਕੋਈ ਸਬੂਤ ਨਹੀਂ ਹੈ। ਕੁਝ ਭਾਜਪਾ ਆਗੂ 10 ਹਜ਼ਾਰ ਕਰੋੜ ਦਾ ਘਪਲਾ ਦੱਸ ਰਹੇ ਹਨ ਤੇ ਕੋਈ 25 ਹਜ਼ਾਰ ਕਰੋੜ ਦਾ, ਪਰ ਅੱਜ ਤੱਕ ਇਕ ਵੀ ਰੁਪਿਆ ਕਿਤੋਂ ਵਸੂਲ ਨਹੀਂ ਹੋਇਆ। ਭਾਜਪਾ ਨੂੰ ਦਿੱਲੀ ਦੇ ਸਰਕਾਰੀ ਸਕੂਲਾਂ ਦੇ ਬੱਚਿਆਂ ਅਤੇ ਮਾਪਿਆਂ ਦੀਆਂ ਬਦਦੁਆਵਾਂ ਲੱਗਣਗੀਆਂ।ਇਸ ਦੌਰਾਨ ਭਾਜਪਾ ਦਫ਼ਤਰ ਦੇ ਬਾਹਰ ਸ਼ਾਂਤਮਈ ਧਰਨਾ ਦੇ ਰਹੇ ਕੈਬਨਿਟ ਮੰਤਰੀਆਂ ਸਮੇਤ ‘ਆਪ’ ਦੇ ਕਈ ਸੀਨੀਅਰ ਆਗੂਆਂ ਨੂੰ ਚੰਡੀਗੜ੍ਹ ਪੁਲੀਸ ਨੇ ਹਿਰਾਸਤ ਵਿੱਚ ਲੈ ਲਿਆ।
ਖੇਤੀਬਾੜੀ ਮੰਤਰੀ ਵੱਲੋਂ ਖੇਤੀ ਨੀਤੀ ਸਬੰਧੀ ਭਾਰਤੀ ਕਿਸਾਨ ਯੂਨੀਅਨ ਦੇ ਨੁਮਾਇੰਦਿਆਂ ਨਾਲ ਵਿਚਾਰ-ਵਟਾਂਦਰਾ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 27 ਫ਼ਰਵਰੀ: ਪੰਜਾਬ ਦੇ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਪੰਜਾਬ ਦੇ ਖੇਤੀ ਮਸਲਿਆਂ ਅਤੇ ਨਵੀਂ ਖੇਤੀ ਨੀਤੀ ਸਬੰਧੀ ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) ਦੇ ਨਾਲ ਵਿਚਾਰ-ਵਟਾਂਦਰਾਂ ਕੀਤਾ।ਪੰਜਾਬ ਭਵਨ, ਚੰਡੀਗੜ੍ਹ ਵਿਖੇ ਹੋਈ ਇਸ ਮੀਟਿੰਗ ਵਿੱਚ ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) ਦੇ ਨੁਮਾਇੰਦੇ ਸ੍ਰੀ ਜੋਗਿੰਦਰ ਸਿੰਘ ਉਗਰਾਹਾਂ, ਸ੍ਰੀ ਸੁਖਦੇਵ ਸਿੰਘ ਕੋਕਰੀ ਅਤੇ ਸ੍ਰੀ ਝੰਡਾ ਸਿੰਘ ਨੇ ਸਰਕਾਰ ਨੂੰ ਖੇਤੀ ਨੀਤੀ ਸਬੰਧੀ ਸੁਝਾਅ ਦਿੱਤੇ। ਉਨ੍ਹਾਂ ਨੇ ਤਿੰਨ ਮੁੱਖ ਉਦੇਸ਼ਾਂ ਵੱਲ ਧਿਆਨ ਦਿਵਾਉਂਦਿਆਂ ਕਿਹਾ ਕਿ ਜ਼ਮੀਨ ਅਤੇ ਖੇਤੀ ਸੰਦਾਂ ਦੀ ਕਾਣੀ ਵੰਡ ਖਤਮ ਕੀਤੀ ਜਾਵੇ, ਸੂਦਖੋਰੀ ਦਾ ਖਾਤਮਾ ਕੀਤਾ ਜਾਵੇ ਅਤੇ ਖੇਤੀ ਦੇ ਤਿੰਨ ਮੁੱਖ ਸਰੋਤਾਂ ਪਾਣੀ, ਜ਼ਮੀਨ ਅਤੇ ਮਨੁੱਖੀ ਕਿਰਤ ਦਾ ਸਰਵਪੱਖੀ ਵਿਕਾਸ ਕੀਤਾ ਜਾਵੇ।ਭਾਰਤੀ ਕਿਸਾਨ ਯੂਨੀਅਨ ਦੇ ਨੁਮਾਇੰਦਿਆਂ ਨੇ 39 ਨੁਕਤੇ ਸਰਕਾਰ ਦੇ ਸਾਹਮਣੇ ਰੱਖਦੇ ਹੋਏ, ਇਨ੍ਹਾਂ ਮਸਲਿਆਂ ਦਾ ਹੱਲ ਕਰਨ ਲਈ ਕਿਹਾ।ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਦੀ ਇੱਛਾ ਸ਼ਕਤੀ ਨਾ ਹੋਣ ਕਰਕੇ ਪੰਜਾਬ ਡੂੰਘੇ ਖੇਤੀ ਸੰਕਟ ਨਾਲ ਜੂਝ ਰਿਹਾ ਹੈ। ਖੇਤੀਬਾੜੀ ਮੰਤਰੀ ਸ. ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਆਪ ਸਰਕਾਰ ਪੂਰੀ ਤਰ੍ਹਾਂ ਨਾਲ ਪੰਜਾਬ ਪੱਖੀ ਖੇਤੀ ਮਾਡਲ ਲਾਗੂ ਕਰਨ ਲਈ ਵਚਨਬੱਧ ਹੈ ਅਤੇ ਇਸੇ ਲਈ ਪਹਿਲੇ ਸਾਲ ਹੀ ਪੰਜਾਬ ਦੀ ਖੇਤੀ ਨੀਤੀ ਤਿਆਰ ਕਰਨ ਲਈ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ, ਜਿਸਨੂੰ ਪੂਰੀ ਇੱਛਾ ਸ਼ਕਤੀ ਦੇ ਨਾਲ ਲਾਗੂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਦੇ ਪਾਣੀ, ਬਿਜਲੀ, ਕੀਟਨਾਸ਼ਕ, ਖਾਂਦਾ ਦਾ ਕੰਟਰੋਲ ਅਤੇ ਖੇਤੀ ਖੇਤਰ ਆਦਿ ਲਗਭਗ ਸਾਰੇ ਹੀ ਖੇਤੀ ਮਸਲੇ ਪੰਜਾਬ ਸਰਕਾਰ ਦੇ ਅਧਿਕਾਰ ਖੇਤਰ ਵਿੱਚ ਹਨ। ਕੈਬਨਿਟ ਮੰਤਰੀ ਨੇ ਕਿਹਾ ਕਿ ਯੂਨੀਅਨ ਵੱਲੋਂ ਸੁਝਾਏ ਕਏ ਮਾਮਲੇ ਪੰਜਾਬ ਖੇਤੀ ਨੀਤੀ ਦੀ ਕਮੇਟੀ ਵੱਲੋਂ ਵਿਚਾਰੇ ਜਾਣਗੇ ਅਤੇ ਇਸਦਾ ਖਰੜਾ ਵਿਚਾਰ-ਵਟਾਂਦਰੇ ਲਈ ਆਮ ਲੋਕਾਂ ਨਾਲ ਸਾਂਝਾ ਕੀਤਾ ਜਾਵੇਗਾ। ਇਸੇ ਲੜੀ ਵਿੱਚ ਹੀ ਪਹਿਲਾਂ ਵੀ ਸਰਕਾਰ-ਕਿਸਾਨ ਮਿਲਣੀ ਦੌਰਾਨ ਲਗਭਗ 8500 ਕਿਸਾਨਾਂ ਦੇ ਸੁਝਾਅ ਖੇਤੀ ਨੀਤੀ ਲਈ ਲਏ ਗਏ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਬਾਸਮਤੀ ਦੇ ਵਿੱਚ 10 ਖੇਤੀ ਕੀਟ ਨਾਸ਼ਕਾਂ ‘ਤੇ ਪਾਬੰਦੀ ਲਾ ਕੇ ਪੰਜਾਬ ਦੀ ਬਾਸਮਤੀ ਦਾ ਅੰਤਰ-ਰਾਸ਼ਟਰੀ ਮੰਡੀ ਲਈ ਰਾਹ ਖੋਲ੍ਹਿਆ ਹੈ, ਜਿਸ ਕਰਕੇ ਕਿਸਾਨਾਂ ਦਾ ਸਿੱਧਾ ਫਾਇਦਾ ਹੋਇਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀ ਖੇਤੀ ਨੀਤੀ ਦਾ ਖਰੜਾ 31 ਮਾਰਚ 2023 ਤੱਕ ਪੰਜਾਬ ਦੇ ਲੋਕਾਂ ਦੇ ਸਨਮੁੱਖ ਰੱਖਿਆ ਜਾਵੇਗਾ ਤਾਂ ਜੋ ਪੰਜਾਬ ਪੱਖੀ ਖੇਤੀ ਮਾਡਲ ਲਾਗੂ ਕਰਦੇ ਹੋਏ ਪੰਜਾਬ ਦੇ ਕਿਸਾਨਾਂ ਦੀ ਆਰਥਿਕ ਹਾਲਤ ਨੂੰ ਸੁਧਾਰਿਆ ਜਾ ਸਕੇ।ਇਸ ਮੀਟਿੰਗ ਵਿੱਚ ਪੰਜਾਬ ਸਰਕਾਰ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਪ੍ਰੁਮੱਖ ਸਕੱਤਰ ਸ੍ਰੀ ਸੁਮੇਰ ਸਿੰਘ ਗੁਰਜਰ, ਸਕੱਤਰ ਖੇਤੀਬਾੜੀ ਸ. ਅਰਸ਼ਦੀਪ ਸਿੰਘ ਥਿੰਦ, ਡਾਇਰੈਕਟਰ ਖੇਤੀਬਾੜੀ ਪੰਜਾਬ ਡਾ. ਗੁਰਵਿੰਦਰ ਸਿੰਘ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਉਪ-ਕੁਲਪਤੀ ਡਾ. ਸਤਵੀਰ ਸਿੰਘ ਗੋਸਲ ਅਤੇ ਪੰਜਾਬ ਰਾਜ ਕਿਸਾਨ ਅਤੇ ਖੇਤੀ ਕਾਮੇ ਕਮਿਸ਼ਨ ਦੇ ਚੇਅਰਮੈਨ ਸ੍ਰੀ ਸੁਖਪਾਲ ਸਿੰਘ ਅਤੇ ਓ.ਐਸ.ਡੀ. ਡਾ. ਦਵਿੰਦਰ ਤਿਵਾੜੀ ਹਾਜ਼ਰ ਸਨ।
ਮੁੱਖ ਮੰਤਰੀ ਭਗਵੰਤ ਮਾਨ ਦੀਆਂ ਕੋਸ਼ਿਸ਼ਾਂ ਨੂੰ ਪਿਆ ਬੂਰ, ਕੇਂਦਰ ਨੇ ਉੜੀਸਾ ਤੋਂ ਸਮੁੰਦਰ ਰਾਹੀਂ ਕੋਲਾ ਲਿਆਉਣ ਦੀ ਸ਼ਰਤ ਹਟਾਈ
ਦਿੱਲੀ ਵਿਖੇ ਕੇਂਦਰੀ ਬਿਜਲੀ ਮੰਤਰੀ ਨਾਲ ਮੁਲਾਕਾਤ ਕਰ ਮੁੱਖ ਮੰਤਰੀ ਨੇ ਸ਼ਰਤ ਹਟਾਉਣ ’ਤੇ ਆਰ. ਕੇ. ਸਿੰਘ ਦਾ ਕੀਤਾ ਧੰਨਵਾਦ
ਪੰਜਾਬੀ ਖ਼ਬਰਸਾਰ ਬਿਉਰੋ
ਨਵੀਂ ਦਿੱਲੀ, ਚੰਡੀਗੜ੍ਹ, 27 ਫਰਵਰੀ: ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਦੀਆਂ ਕੋਸ਼ਿਸ਼ਾਂ ਕਾਰਨ ਕੇਂਦਰ ਸਰਕਾਰ ਮਹਾਨਦੀ ਕੋਲਾਫੀਲਡਜ਼ ਲਿਮਟਿਡ (ਐਮ.ਸੀ.ਐਲ.) ਤੋਂ ਕੋਲੇ ਦੀ ਸਪਲਾਈ ਤਲਵੰਡੀ ਸਾਬੋ ਪਾਵਰ ਲਿਮਟਿਡ (ਟੀ.ਐਸ.ਪੀ.ਐਲ.) ਨੂੰ ਕਰਨ ਵੇਲੇ ਲਾਈ ਲਾਜ਼ਮੀ ਸ਼ਰਤ ਰੇਲ-ਸਮੁੰਦਰ-ਰੇਲ (ਆਰ.ਐਸ.ਆਰ.) ਵਿੱਚ ਛੋਟ ਦੇਣ ਲਈ ਸਹਿਮਤ ਹੋ ਗਈ ਹੈ। ਇੱਥੇ ਅੱਜ ਕੇਂਦਰੀ ਬਿਜਲੀ ਮੰਤਰੀ ਨਾਲ ਮੁਲਾਕਾਤ ਲਈ ਪੁੱਜੇ ਮੁੱਖ ਮੰਤਰੀ ਨੇ ਕੋਲਾ ਸਪਲਾਈ ਲਈ ਲਾਜ਼ਮੀ ਆਰ.ਐਸ.ਆਰ ਦੀ ਸ਼ਰਤ ਵਿੱਚ ਛੋਟ ਦੇਣ ਲਈ ਉਨ੍ਹਾਂ ਦਾ ਧੰਨਵਾਦ ਕੀਤਾ। ਭਗਵੰਤ ਮਾਨ ਨੇ 9 ਦਸੰਬਰ 2022 ਨੂੰ ਬਿਜਲੀ ਮੰਤਰੀ ਨਾਲ ਹੋਈ ਮੀਟਿੰਗ ਦੌਰਾਨ ਇਹ ਮੁੱਦਾ ਚੁੱਕਿਆ ਸੀ ਅਤੇ ਇਸ ਸਬੰਧੀ ਪੱਤਰ ਵੀ ਲਿਖਿਆ ਸੀ। ਉਨ੍ਹਾਂ ਕਿਹਾ ਕਿ ਕੇਂਦਰੀ ਮੰਤਰੀ ਨੇ ਜਾਣੂੰ ਕਰਵਾਇਆ ਕਿ ਜਿੱਥੋਂ ਤੱਕ ਕੋਲੇ ਦੀ ਢੋਆ-ਢੁਆਈ ਦਾ ਸਬੰਧ ਹੈ, ਭਾਰਤ ਸਰਕਾਰ ਨੇ ਕੋਈ ਰੂਟ ਜਾਂ ਬੰਦਰਗਾਹ ਤੈਅ ਨਹੀਂ ਕੀਤੀ ਅਤੇ ਢੋਆ-ਢੁਆਈ ਦੀ ਸਮੁੱਚੀ ਜ਼ਿੰਮੇਵਾਰੀ ਸੂਬਿਆਂ/ਉਤਪਾਦਕਾਂ ਨਾਲ ਸਬੰਧਤ ਹੈ। ਉਨ੍ਹਾਂ ਕਿਹਾ ਕਿ ਐਮ.ਸੀ.ਐਲ. ਤੋਂ ਪੰਜਾਬ ਨੂੰ ਵਾਧੂ ਕੋਲਾ ਅਲਾਟ ਹੋ ਸਕਦਾ ਹੈ ਅਤੇ ਜੇ ਪੰਜਾਬ ਕਿਸੇ ਹੋਰ ਤਰੀਕੇ ਨਾਲ ਢੋਆ-ਢੁਆਈ ਕਰਨਾ ਚਾਹੁੰਦਾ ਹੈ ਤਾਂ ਉਸ ਨੂੰ ਅਜਿਹਾ ਕਰਨ ਦੀ ਇਜਾਜ਼ਤ ਹੋਵੇਗੀ।ਇਕ ਹੋਰ ਮਸਲਾ ਚੁੱਕਦਿਆਂ ਮੁੱਖ ਮੰਤਰੀ ਨੇ ਕੇਂਦਰੀ ਮੰਤਰੀ ਆਰ.ਕੇ. ਸਿੰਘ ਨੂੰ ਅਪੀਲ ਕੀਤੀ ਕਿ ਪਛਵਾੜਾ ਖਾਣ ਤੋਂ ਕੋਲਾ, ਕੇਸ-2 ਇੰਡੀਪੈਡੈਂਟ ਪਾਵਰ ਪ੍ਰੋਡਿਊਸਰਜ਼ (ਆਈ.ਪੀ.ਪੀਜ਼) ਨੂੰ ਤਬਦੀਲ ਕਰਨ ਦੀ ਪ੍ਰਵਾਨਗੀ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਸੂਬੇ ਨੂੰ ਅਲਾਟ ਪਛਵਾੜਾ (ਸੈਂਟਰਲ) ਹੋਈ ਕੋਲਾ ਖਾਣ ਦਾ ਕੋਲਾ ਕੇਸ 2 ਇੰਡੀਪੈਡੈਂਟ ਪਾਵਰ ਪ੍ਰੋਡਿਊਸਰਾਂ (ਆਈ.ਪੀ.ਪੀਜ਼) ਨੂੰ ਤਬਦੀਲ ਕਰਨ ਦਾ ਮਾਮਲਾ ਇਸ ਸਮੇਂ ਕੋਲਾ ਮੰਤਰੀ ਕੋਲ ਲੰਬਿਤ ਹੈ। ਭਗਵੰਤ ਮਾਨ ਨੇ ਕਿਹਾ ਕਿ ਬਿਜਲੀ ਮੰਤਰਾਲੇ ਨੇ ਪਹਿਲਾਂ ਹੀ ਇਹ ਕੇਸ ਆਪਣੀ ਸਾਕਾਰਾਤਮਕ ਟਿੱਪਣੀ ਨਾਲ ਕੋਲਾ ਮੰਤਰਾਲੇ ਨੂੰ ਭੇਜ ਦਿੱਤਾ ਅਤੇ ਕੋਲਾ ਮੰਤਰਾਲੇ ਨੇ ਕਾਨੂੰਨੀ ਪੱਖਾਂ ਦੀ ਘੋਖ ਲਈ ਇਹ ਕੇਸ ਕਾਨੂੰਨ ਮੰਤਰਾਲੇ ਨੂੰ ਭੇਜਿਆ ਹੈ। ਉਨ੍ਹਾਂ ਇਸ ਮਾਮਲੇ ਦੇ ਛੇਤੀ ਨਿਬੇੜੇ ਲਈ ਕੇਂਦਰੀ ਬਿਜਲੀ ਮੰਤਰੀ ਦੀ ਦਖ਼ਲ ਦੀ ਮੰਗ ਕੀਤੀ। ਮੁੱਖ ਮੰਤਰੀ ਨੇ ਆਰ.ਕੇ. ਸਿੰਘ ਨੂੰ ਅਪੀਲ ਕੀਤੀ ਕਿ ਉਹ ਸੋਲਰ ਐਨਰਜੀ ਕਾਰਪੋਰੇਸ਼ਨ ਆਫ਼ ਇੰਡੀਆ (ਐਸ.ਈ.ਸੀ.ਆਈ.) ਨੂੰ ਸੂਬੇ ਲਈ ਤਿੰਨ ਹਜ਼ਾਰ ਮੈਗਾਵਾਟ ਬਿਜਲੀ ਨਿਰੰਤਰ ਤੌਰ ਉਤੇ ਨਵਿਆਉਣਯੋਗ ਊਰਜਾ ਮਾਧਿਅਮ (ਆਰ.ਈ.-ਆਰ.ਟੀ.ਸੀ.) ਤੋਂ ਖਰੀਦਣ ਲਈ ਕਿਹਾ ਜਾਵੇ। ਉਨ੍ਹਾਂ ਕਿਹਾ ਕਿ ਪੀ.ਐਸ.ਪੀ.ਸੀ.ਐਲ. ਨੇ ਅਗਸਤ 2022 ਵਿੱਚ ਐਸ.ਈ.ਸੀ.ਆਈ. ਨੂੰ ਤਿੰਨ ਹਜ਼ਾਰ ਮੈਗਾਵਾਟ ਆਰ.ਈ.-ਆਰ.ਟੀ.ਸੀ. ਬਿਜਲੀ ਲੈਣ ਦੀ ਸਿਧਾਂਤਕ ਪ੍ਰਵਾਨਗੀ ਬਾਰੇ ਦੱਸ ਦਿੱਤਾ ਸੀ। ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਤੇ ਮੱਧ ਪ੍ਰਦੇਸ਼ ਦੀ ਬਿਜਲੀ ਮੰਗ ਵਿੱਚ ਇਕ-ਦੂਜੇ ਦੇ ਪੂਰਕ ਹਨ ਅਤੇ ਐਸ.ਈ.ਸੀ.ਆਈ. ਇਸ ਸਾਂਝੀ ਤਜਵੀਜ਼ ਉਤੇ ਕੰਮ ਕਰ ਰਹੀ ਹੈ।ਇਸ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਬੋਲੀ ਲਈ ਕਿਸੇ ਇਕਰੂਪ ਦਸਤਾਵੇਜ਼ ਨੂੰ ਅੰਤਮ ਰੂਪ ਨਾ ਮਿਲਣ ਕਾਰਨ ਐਸ.ਈ.ਸੀ.ਆਈ. ਇਸ ਸਬੰਧੀ ਅੱਗੇ ਕੋਈ ਕਾਰਵਾਈ ਕਰਨ ਦੇ ਯੋਗ ਨਹੀਂ ਹੈ। ਭਗਵੰਤ ਮਾਨ ਨੇ ਕਿਹਾ ਕਿ ਇਸ ਕਾਰਨ ਇਹ ਮਸਲਾ ਲਟਕ ਰਿਹਾ ਹੈ। ਉਨ੍ਹਾਂ ਕੇਂਦਰੀ ਮੰਤਰੀ ਨੂੰ ਦਖ਼ਲ ਦੇਣ ਦੀ ਬੇਨਤੀ ਕੀਤੀ ਤਾਂ ਕਿ ਮੰਤਰਾਲਾ ਇਸ ਮੁੱਦੇ ਨੂੰ ਛੇਤੀ ਅੰਤਮ ਰੂਪ ਦੇ ਸਕੇ ਅਤੇ ਐਸ.ਈ.ਸੀ.ਆਈ. ਸੂਬੇ ਲਈ ਆਰ.ਈ.-ਆਰ.ਟੀ.ਸੀ. ਬਿਜਲੀ ਦੀ ਖ਼ਰੀਦ ਲਈ ਕਦਮ ਚੁੱਕ ਸਕੇਗਾ।ਕੋਲਾ ਆਧਾਰਤ ਸੈਂਟਰਲ ਸੈਕਟਰ ਜੈਨਰੇਟਿੰਗ ਸਟੇਸ਼ਨਜ਼ (ਸੀ.ਜੀ.ਐਸ.) ਤੋਂ ਬਿਜਲੀ ਪੀ.ਐਸ.ਪੀ.ਸੀ.ਐਲ. ਨੂੰ ਦੇਣ ਦੀ ਮੰਗ ਚੁੱਕਦਿਆਂ ਮੁੱਖ ਮੰਤਰੀ ਨੇ ਆਰ.ਕੇ. ਸਿੰਘ ਨੂੰ ਦੱਸਿਆ ਕਿ ਪੰਜਾਬ ਵਿੱਚ ਸਰਦੀਆਂ ਵਿੱਚ ਬਾਰਸ਼ ਨਾ ਹੋਣ ਕਾਰਨ ਜਨਵਰੀ ਤੋਂ ਬਿਜਲੀ ਦੀ ਮੰਗ ਤੇਜ਼ੀ ਨਾਲ ਵਧ ਰਹੀ ਹੈ। ਉਨ੍ਹਾਂ ਕਿਹਾ ਕਿ ਵਿੱਤੀ ਵਰ੍ਹੇ ਸਾਲ 2023-24 ਵਿੱਚ ਵਾਢੀ ਸੀਜ਼ਨ ਦੌਰਾਨ ਵੀ ਬਿਜਲੀ ਦੀ ਮੰਗ ਵਿੱਚ ਤੇਜ਼ੀ ਦਾ ਰੁਝਾਨ ਜਾਰੀ ਰਹਿਣ ਦੀ ਸੰਭਾਵਨਾ ਹੈ। ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਨੇ ਪਿਛਲੇ ਝੋਨੇ ਦੇ ਸੀਜ਼ਨ ਦੌਰਾਨ ਬਿਜਲੀ ਦੀ ਸਭ ਤੋਂ ਵੱਧ ਮੰਗ 14,300 ਮੈਗਾਵਾਟ ਪੂਰੀ ਕੀਤੀ ਸੀ ਅਤੇ ਬਿਜਲੀ ਮੰਤਰਾਲੇ ਨੇ ਕੇਂਦਰੀ ਖੇਤਰ ਦੇ ਜੈਨਰੇਸ਼ਨ ਸਟੇਸ਼ਨਾਂ ਤੋਂ ਜੂਨ ਤੋਂ ਸਤੰਬਰ 2022 ਦੌਰਾਨ ਪੰਜਾਬ ਲਈ ਪਹਿਲਾਂ ਤੋਂ ਨਿਰਧਾਰਤ ਨਾ ਹੋਣ ਦੇ ਬਾਵਜੂਦ ਵਾਧੂ ਬਿਜਲੀ ਦੇਣ ਦੀ ਪ੍ਰਵਾਨਗੀ ਦਿੱਤੀ ਸੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦਾ ਫ਼ਰਜ਼ ਬਣਦਾ ਹੈ ਕਿ ਆਗਾਮੀ ਗਰਮੀ ਅਤੇ ਝੋਨੇ ਦੇ ਸੀਜ਼ਨ ਦੌਰਾਨ ਬਿਜਲੀ ਦੀ ਕੋਈ ਕਮੀ ਨਾ ਆਵੇ।ਮੁੱਖ ਮੰਤਰੀ ਨੇ ਕਿਹਾ ਕਿ ਇਸ ਸਾਲ ਸੂਬੇ ਵਿੱਚ ਬਿਜਲੀ ਦੀ ਮੰਗ 15,500 ਮੈਗਾਵਾਟ ਤੱਕ ਪੁੱਜਣ ਦੀ ਸੰਭਾਵਨਾ ਹੈ। ਇਸ ਲਈ 15000 ਮੈਗਾਵਾਟ ਤੋਂ ਵੱਧ ਮੰਗ ਦੀ ਪੂਰਤੀ ਲਈ ਝੋਨੇ ਵਾਸਤੇ ਵਾਧੂ ਬਿਜਲੀ ਦੀ ਲੋੜ ਪਵੇਗੀ, ਜਿਸ ਵਾਸਤੇ ਸੂਬੇ ਨੂੰ ਕੇਂਦਰੀ ਬਿਜਲੀ ਮੰਤਰਾਲੇ ਦੇ ਸਹਿਯੋਗ ਦੀ ਲੋੜ ਹੈ ਤਾਂ ਜੋ ਪਹਿਲਾਂ ਤੋਂ ਨਿਰਧਾਰਤ ਨਾ ਹੋਣ ਦੇ ਬਾਵਜੂਦ ਵਾਧੂ ਬਿਜਲੀ ਮਿਲੇ। ਭਗਵੰਤ ਮਾਨ ਨੇ ਇਸ ਸਬੰਧੀ ਕੇਂਦਰੀ ਬਿਜਲੀ ਮੰਤਰੀ ਦੇ ਦਖ਼ਲ ਦੀ ਮੰਗ ਕੀਤੀ ਕਿਉਂਕਿ ਪੀ.ਸੀ.ਪੀ.ਐਲ. ਦੇ ਸੀ.ਐਮ.ਡੀ ਪਹਿਲਾਂ ਹੀ ਬਿਜਲੀ ਮੰਤਰਾਲੇ ਦੇ ਸਕੱਤਰ ਨੂੰ ਪੰਜਾਬ ਲਈ ਕੇਂਦਰੀ ਖੇਤਰ ਦੇ ਪਲਾਂਟਾਂ ਤੋਂ ਵਾਧੂ ਬਿਜਲੀ ਦੇਣ ਦੀ ਮੰਗ ਕਰ ਚੁੱਕੇ ਹਨ।
ਹਰਚੰਦ ਸਿੰਘ ਬਰਸਟ ਨੇ ਕੈਬਨਿਟ ਮੰਤਰੀਆਂ ਦੀ ਹਾਜ਼ਰੀ ਵਿੱਚ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਦਾ ਅਹੁਦਾ ਸੰਭਾਲਿਆ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ, 27 ਫਰਵਰੀ:ਪੰਜਾਬ ਮੰਡੀ ਬੋਡ ਦੇ ਨਵ-ਨਿਯੁਕਤ ਚੇਅਰਮੈਨ ਸ. ਹਰਚੰਦ ਸਿੰਘ ਬਰਸਟ ਨੇ ਅੱਜ ਪੰਜਾਬ ਦੇ ਕੈਬਨਿਟ ਮੰਤਰੀਆਂ ਅਤੇ ਵਿਧਾਇਕਾਂ ਅਤੇ ਆਮ ਆਦਮੀ ਪਾਰਟੀ ਦੇ ਵਲੰਟੀਅਰਾਂ ਦੀ ਹਾਜ਼ਰੀ ਵਿੱਚ ਪੰਜਾਬ ਮੰਡੀ ਬੋਰਡ ਵਿਖੇ ਆਪਣੇ ਅਹੁਦੇ ਦਾ ਕਾਰਜਭਾਰ ਸੰਭਾਲਿਆ। ਇਸ ਮੌਕੇ ਵਿੱਤ ਮੰਤਰੀ ਸ. ਹਰਪਾਲ ਸਿੰਘ ਚੀਮਾ, ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਸ. ਕੁਲਦੀਪ ਸਿੰਘ ਧਾਲੀਵਾਲ, ਸਿਹਤ ਮੰਤਰੀ ਡਾ. ਬਲਬੀਰ ਸਿੰਘ, ਸਥਾਨਕ ਸਰਕਾਰਾਂ ਮੰਤਰੀ ਡਾ. ਇੰਦਰਬੀਰ ਸਿੰਘ ਨਿੱਜਰ, ਟਰਾਂਸਪੋਰਟ ਤੇ ਪਸ਼ੂ ਪਾਲਣ ਮੰਤਰੀ ਸ. ਲਾਲਜੀਤ ਸਿੰਘ ਭੁੱਲਰ ਅਤੇ ਮਾਲ ਮੰਤਰੀ ਸ੍ਰੀ ਬ੍ਰਮ ਸ਼ੰਕਰ ਜਿੰਪਾ ਨੇ ਸ. ਬਰਸਟ ਨੂੰ ਸਾਂਝੇ ਤੌਰ ‘ਤੇ ਵਧਾਈ ਦਿੱਤੀ ਅਤੇ ਆਸ ਪ੍ਰਗਟਾਈ ਕਿ ਪੰਜਾਬ ਮੰਡੀ ਬੋਰਡ, ਨਵੇਂ ਚੇਅਰਮੈਨ ਦੀ ਰਹਿਨੁਮਾਈ ਹੇਠ ਨਵੀਆਂ ਉਚਾਈਆਂ ਹਾਸਲ ਕਰੇਗਾ।ਉਨ੍ਹਾਂ ਨਵ-ਨਿਯੁਕਤ ਚੇਅਰਮੈਨ ਨੂੰ ਸ਼ੁਭ ਕਾਮਨਾਵਾਂ ਦਿੰਦੇ ਹੋਏ ਪੰਜਾਬ ਸਰਕਾਰ ਵੱਲੋਂ ਹਰ ਸੰਭਵ ਸਹਿਯੋਗ ਦੇਣ ਦਾ ਭਰੋਸਾ ਵੀ ਦਿੱਤਾ।ਸ. ਬਰਸਟ ਨੇ ਆਮ ਆਦਮੀ ਪਾਰਟੀ ਦੇ ਨੈਸ਼ਨਲ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਸ੍ਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਮਾਨ ਸਮੇਤ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਦਾ ਨਵੀਂ ਜ਼ਿੰਮੇਵਾਰੀ ਦੇਣ ਲਈ ਧੰਨਵਾਦ ਕਰਦਿਆਂ ਕਿਹਾ ਕਿ ਉਹ ਆਪਣੀ ਡਿਊਟੀ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਉਣਗੇ।ਉਨ੍ਹਾਂ ਕਿਹਾ ਕਿ ਉਹ ਲੋਕ ਹਿਤ ‘ਚ ਸੂਬੇ ਅਤੇ ਸੂਬੇ ਦੇ ਲੋਕਾਂ ਦੀ ਤਰੱਕੀ ਤੇ ਖੁਸ਼ਹਾਲੀ ਲਈ ਕੰਮ ਕਰਨਗੇ। ਇਸ ਮੌਕੇ ਐਮ.ਐਲ.ਏ. ਜਸਵਿੰਦਰ ਸਿੰਘ ਰਮਦਾਸ, ਅਜੀਤਪਾਲ ਸਿੰਘ ਕੋਹਲੀ, ਮਾਸਟਰ ਜਗਸੀਰ ਸਿੰਘ, ਵਿਜੈ ਸਿੰਗਲਾ, ਗੁਰਮੀਤ ਸਿੰਘ ਖੁੱਡੀਆਂ, ਵਰਿੰਦਰ ਗੋਇਲ, ਚਰਨਜੀਤ ਸਿੰਘ ਚੰਨੀ, ਗੁਰਦਿੱਤ ਸਿੰਘ ਸੇਖੋਂ, ਜਮੀਲੂ ਰਹਿਮਾਨ, ਦੇਵਿੰਦਰਜੀਤ ਸਿੰਘ ਲਾਡੀ ਧੋਸ, ਕੁਲਵੰਤ ਸਿੰਘ, ਕੁਲਜੀਤ ਸਿੰਘ ਰੰਧਾਵਾ, ਰਜਿੰਦਰਪਾਲ ਕੌਰ ਛੀਨਾ, ਨਰੇਸ਼ ਕਟਾਰੀਆ, ਅਮਰਪਾਲ ਸਿੰਘ, ਅਮਨਦੀਪ ਕੌਰ, ਕੁਲਵੰਤ ਸਿੰਘ ਪੰਡੋਰੀ, ਪ੍ਰਿੰਸੀਪਲ ਬੁੱਧ ਰਾਮ, ਲਾਭ ਸਿੰਘ ਉੱਗੋਕੇ, ਬਲਕਾਰ ਸਿੰਘ ਡੀ.ਸੀ.ਪੀ, ਫੌਜਾ ਸਿੰਘ ਸਰਾਰੀ, ਜਗਦੀਪ ਸਿੰਘ ਕਾਕਾ ਬਰਾੜ, ਨੀਨਾ ਮਿੱਤਲ, ਮਨਜੀਤ ਸਿੰਘ ਬਿਲਾਸਪੁਰ, ਦਲਜੀਤ ਸਿੰਘ ਗਰੇਵਾਲ ਭੋਲਾ, ਸਰਵਨ ਸਿੰਘ ਧੁੰਨ, ਕੁਲਵੰਤ ਸਿੰਘ ਸ਼ਤਰਾਣਾ, ਡਾ. ਅਜੈ ਗੁਪਤਾ, ਸਰਬਜੀਤ ਕੌਰ ਮਾਣੂਕੇ ਤੋਂ ਇਲਾਵਾ ਪੰਜਾਬ ਮੰਡੀ ਬੋਰਡ ਦੇ ਅਧਿਕਾਰੀ, ਪਤਵੰਤੇ ਸੱਜਣ ਅਤੇ ਨਵ-ਨਿਯੁਕਤ ਚੇਅਰਮੈਨ ਦੇ ਪਰਿਵਾਰ ਮੈਂਬਰ ਹਾਜ਼ਰ ਸਨ।
ਕਾਂਗਰਸੀ ਆਗੂ ਦਾ ਠੋਕਵਾਂ ਜਵਾਬ, ਜੇ ਕੋਂਸਲਰਾਂ ਨੂੰ ਜਿਤਾ ਸਕਦਾ ਸੀ ਤਾਂ ਫ਼ਿਰ ‘ਜੀਜਾ ਜੀ’ ਕਿਉਂ ਹਾਰ ਗਿਆ?
ਜ਼ਿਲ੍ਹਾ ਪ੍ਰਧਾਨ ਰਾਜਨ ਗਰਗ ਨੇ ਵੀ ਜੈਜੀਤ ਜੌਹਲ ’ਤੇ ਲੋਕਾਂ ਨੂੰ ਗੁੰਮਰਾਹ ਕਰਨ ਦਾ ਲਗਾਇਆ ਦੋਸ਼
ਸੁਖਜਿੰਦਰ ਮਾਨ
ਬਠਿੰਡਾ, 27 ਫਰਵਰੀ:- ਪਿਛਲੇ ਕਈ ਮਹੀਨਿਆਂ ਤੋਂ ਮੇਅਰ ਦੀ ਕੁਰਸੀ ਨੂੰ ਲੈ ਕੇ ਕਾਂਗਰਸੀਆਂ ਅਤੇ ਸਾਬਕਾ ਕਾਂਗਰਸੀਆਂ ਵਿਚਕਾਰ ਚੱਲ ਰਹੀ ਸਿਆਸੀ ਰੱਸ਼ਾਕਸ਼ੀ ਦਿਨ-ਬ-ਦਿਨ ਗੰਭੀਰ ਰੂਪ ਧਾਰਨ ਕਰਦੀ ਜਾ ਰਹੀ ਹੈ। ਦੋ ਦਿਨ ਪਹਿਲਾਂ ਸਾਬਕਾ ਵਿਤ ਮੰਤਰੀ ਦੇ ਰਿਸ਼ਤੇਦਾਰ ਜੈਜੀਤ ਜੌਹਲ ਉਰਫ਼ ਜੋਜੋ ਵਲੋਂ ਕਾਂਗਰਸੀਆਂ ਨੂੰ ਦਿੱਤੀ ਚੁਣੌਤੀ ਦਾ ਅੱਜ ਕਾਂਗਰਸ ਦੇ ਕੋਂਸਲਰ ਮਲਕੀਤ ਗਿੱਲ ਨੇ ਠੋਕਵਾਂ ਜਵਾਬ ਦਿੱਤਾ ਹੈ। ਅਪਣੀ ਫ਼ੇਸਬੁੱਕ ’ਤੇ ਅੱਪਲੋਡ ਕੀਤੀ ਇੱਕ ਵੀਡੀਓ ਵਿਚ ਵਾਰਡ ਨੰਬਰ 50 ਤੋਂ ਗਿੱਲ ਨੇ ਜੌਹਲ ਵਲੋਂ ਉਸਨੂੰ ਜਿਤਾਉਣ ਤੇ ਪੈਸੇ ਦੇਣ ਦੇ ਕੀਤੇ ਦਾਅਵੇ ਨੂੰ ਝੂਠ ਦਾ ਪੁਲੰਦ ਕਰਾਰ ਦਿੰਦਿਆਂ ਮੋੜਵਾਂ ਸਵਾਲ ਕਰਦਿਆਂ ਕਿਹਾ ਕਿ ‘‘ ਜੇਕਰ ਉਹ ਪੈਸੇ ਤੇ ਤਾਕਤ ਨਾਲ ਬਠਿੰਡਾ ਦੇ ਕੋਂਸਲਰਾਂ ਨੂੰ ਜਿਤਾ ਸਕਦੇ ਸਨ ਤਾਂ ਫ਼ਿਰ ਉਸਦਾ ‘ਜੀਜਾ’ ਵਿਧਾਨ ਸਭਾ ਚੋਣਾਂ ਵਿਚ 64 ਹਜ਼ਾਰ ਤੋਂ ਵੱਧ ਵੋਟਾਂ ਨਾਲ ਕਿਉਂ ਹਾਰ ਗਿਆ? ਉਹ ਉਸਨੂੰ ਕਿਉਂ ਨਹੀਂ ਜਿਤਾ ਸਕਿਆ ਤੇ ਉਸਦੇ ਪੈਸੇ ਤੇ ਤਾਕਤ ਕਿੱਥੇ ਗਈ ਸੀ? ਟਿਕਟ ਦਿਵਾਉਣ ਦੀ ਥਾਂ ਉਲਟਾ ਜੌਹਲ ਉਪਰ ਅਪਣੀ ਕੋਂਸਲਰੀ ਦੀ ਟਿਕਟ ਵੀ ਕਟਵਾਉਣ ਦਾ ਦੋਸ਼ ਲਗਾਉਂਦਿਆਂ ਮਲਕੀਤ ਗਿੱਲ ਨੇ ਦਾਅਵਾ ਕੀਤਾ ਕਿ ਇਹ ਟਿਕਟ ਉਸਨੂੰ ਟਿਕਟ ਮਨਪ੍ਰੀਤ ਬਾਦਲ ਨੇ ਨਹੀਂ, ਬਲਕਿ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਦਖਲਅੰਦਾਜ਼ੀ ਤੋਂ ਬਾਅਦ ਮਿਲੀ ਸੀ ਤੇ ਜਿੱਥੋਂ ਤੱਕ ਪੈਸੇ ਦੀ ਗੱਲ ਹੈ, ਜੇਕਰ ਜੋਜੋ ਇਹ ਵੀ ਸਾਬਤ ਕਰ ਦੇਵੇ ਕਿ ਉਸਨੇ ਇੱਕ ਕੋਕਾਕੋਲਾ ਦੀ ਬੋਤਲ ਲਈ ਵੀ ਉਸਨੂੰ 100 ਰੁਪਇਆ ਵੀ ਦਿੱਤਾ ਸੀ ਤਾਂ ਉਹ ਗੁਰਦੂਆਰਾ ਕਿਲਾ ਸਾਹਿਬ ਸਹੁੰ ਪਾਉਣ ਨੂੰ ਤਿਆਰ ਹੈ। ਕੋਂਸਲਰ ਨੇ ਜੌਹਲ ਨੂੰ ਖਾਧੀ-ਪੀਤੀ ’ਚ ਲਾਈਵ ਨਾ ਹੋਣ ਦੀ ਤਾਕੀਦ ਕਰਦਿਆਂ ਕਿਹਾ ਕਿ ਜੇਕਰ ਅੱਗੇ ਤੋਂ ਅਜਿਹਾ ਕੀਤਾ ਤਾਂ ਇੱਟ ਦਾ ਜਵਾਬ ਪੱਥਰ ਨਾਲ ਮਿਲੇਗਾ। ਉਧਰ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਰਾਜਨ ਗਰਗ ਨੇ ਵੀ ਜੌਹਲ ਉਪਰ ਸ਼ਹਿਰ ਵਾਸੀਆਂ ਨੂੰ ਗੁੰਮਰਾਹ ਕਰਨ ਦਾ ਦੋਸ਼ ਲਗਾਉਂਦਿਆਂ ਕਿਹਾ ਕਿ ਕਾਂਗਰਸੀ ਕੋਂਸਲਰ ਮਲਕੀਤ ਸਿੰਘ ਗਿੱਲ ਨੇ ਮੇਅਰ ਉਪਰ ਕੋਈ ਗਲਤ ਸਬਦਾਵਾਲੀ ਨਹੀਂ ਵਰਤੀ, ਬਲਕਿ ਜੌਹਲ ਬਾਹਰ ਬੈਠ ਕੇ ਕਾਂਗਰਸੀਆਂ ਨੂੰ ਦੋਫ਼ਾੜ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਗੌਰਤਲਬ ਹੈ ਕਿ ਜੈਜੀਤ ਜੌਹਲ ਨੇ ਜਾਰੀ ਵੀਡੀਓ ਵਿਚ ਜ਼ਿਲ੍ਹਾ ਪ੍ਰਧਾਨ ਰਾਜਨ ਗਰਗ, ਸੀਨੀਅਰ ਡਿਪਟੀ ਮੇਅਰ ਅਸੋਕ ਪ੍ਰਧਾਨ ਸਹਿਤ ਕਈ ਕਾਂਗਰਸੀ ਕੋਂਸਲਰਾਂ ’ਤੇ ਗੰਭੀਰ ਦੋਸ਼ ਲਗਾਏ ਸਨ।
ਬਾਕਸ
ਮੇਅਰ ਵਿਰੁਧ ਜਾਤੀ ਤੌਰ ’ਤੇ ਕੁੱਝ ਨਹੀਂ ਬੋਲਿਆ: ਮਲਕੀਤ ਤੇ ਰਾਜਨ
ਬਠਿੰਡਾ: ਉਧਰ ਜੈਜੀਤ ਜੌਹਲ ਵਲੋਂ ਅਪਣੀ ਵੀਡੀਓ ਵਿਚ ਕੋਂਸਲਰ ਮਲਕੀਤ ਗਿੱਲ ਉਪਰ ਪਿਛਲੇ ਦਿਨੀਂ ਨਿਗਮ ਦੀ ਹੋਈ ਮੀਟਿੰਗ ਵਿਚ ਮਹਿਲਾ ਮੇਅਰ ਰਮਨ ਗੋਇਲ ਪ੍ਰਤੀ ਅਪਸਬਦ ਬੋਲਣ ਦੇ ਲਗਾਏ ਦੋਸ਼ਾਂ ਨੂੰ ਗਲਤ ਕਰਾਰ ਦਿੰਦਿਆਂ ਕੋਂਸਲਰ ਗਿੱਲ ਨੇ ਕਿਹਾ ਕਿ ਵੀਡੀਓ ਸੋਸਲ ਮੀਡੀਆ ’ਤੇ ਪਈ ਹੋਈ ਹੈ, ਉਸਨੇ ਮੇਅਰ ਨੂੰ ਸਤਿਕਾਰ ਨਾਲ ਬੁਲਾਇਆ ਸੀ ਤੇ ਨਾਲ ਹੀ ਇੰਨ੍ਹੇਂ ਸਮੇਂ ਪਿੱਛੋਂ ਮੀਟਿੰਗ ਬੁਲਾਉਣ ਪਿੱਛੇ ਸਰਕਾਰ ਦਾ ਦਬਾਅ ਦਸਿਆ ਸੀ। ਇਸੇ ਤਰ੍ਹਾਂ ਜ਼ਿਲ੍ਹਾ ਪ੍ਰਧਾਨ ਰਾਜਨ ਗਰਗ ਨੇ ਵੀ ਜੌਹਲ ਉਪਰ ਝੂਠ ਬੋਲਣ ਦਾ ਦੋਸ਼ ਲਗਾਇਆ।
ਬਾਕਸ
ਭਾਜਪਾਈਆਂ ਨੇ ਕਾਂਗਰਸੀ ਕੋਂਸਲਰ ਵਿਰੁਧ ਕਾਰਵਾਈ ਲਈ ਦਿੱਤਾ ਮੰਗ ਪੱਤਰ
ਬਠਿੰਡਾ: ਉਧਰ ਅੱਜ ਕੁੱਝ ਭਾਜਪਾ ਆਗੂਆਂ ਨੇ ਮੇਅਰ ਵਿਰੁਧ ਟਿੱਪਣੀਆਂ ਦੇ ਵਿਰੁਧ ਐਸ.ਐਸ.ਪੀ ਨੂੰ ਕਾਂਗਰਸੀ ਕੋਂਸਲਰ ਮਲਕੀਤ ਗਿੱਲ ਵਿਰੁਧ ਕਾਰਵਾਈ ਲਈ ਮੰਗ ਪੱਤਰ ਦਿੱਤਾ। ਇਸੇ ਤਰ੍ਹਾਂ ਸਾਬਕਾ ਚੇਅਰਮੈਨ ਮੋਹਨ ਲਾਲ ਗਰਗ ਨੇ ਵੀ ਇੱਕ ਬਿਆਨ ਜਾਰੀ ਕਰਕੇ ਕੋਂਸਲਰ ਵਿਰੁਧ ਕਾਰਵਾਈ ਨਾ ਹੋਣ ’ਤੇ ਤਿੱਖਾ ਸੰਘਰਸ਼ ਵਿੱਢਣ ਦੀ ਚੇਤਾਵਨੀ ਦਿੱਤੀ।
‘’
ਮਹੀਨਾਂ ਲੰਘਣ ਦੇ ਬਾਵਜੂਦ ਤਨਖ਼ਾਹਾਂ ਜਾਰੀ ਨਾ ਹੋਣ ਦੇ ਰੋਸ਼ ’ਚ ਪੀਆਰਟੀਸੀ ਕਾਮਿਆਂ ਨੇ ਕੀਤਾ ਸ਼ਹਿਰ ਜਾਮ
ਪੰਜਾਬ ਸਰਕਾਰ ਸਮੇਂ ਤੇ ਤਨਖਾਹ ਨਾ ਦੇ ਕੇ ਸੰਘਰਸ ਕਰਨ ਨੂੰ ਕਰ ਰਹੀ ਹੈ ਮਜਬੂਰ -ਕੁਲਵੰਤ ਸਿੰਘ ਮਨੇਸ
ਸੁਖਜਿੰਦਰ ਮਾਨ
ਬਠਿੰਡਾ, 27 ਫ਼ਰਵਰੀ : ਮਹੀਨਾਂ ਖ਼ਤਮ ਹੋਣ ਦੇ ਕਰੀਬ ਪੁੱਜਣ ਦੇ ਬਾਵਜੂਦ ਤਨਖ਼ਾਹਾਂ ਜਾਰੀ ਨਾ ਹੋਣ ਦੇ ਰੋਸ਼ ਵਜੋਂ ਅੱਜ ਪੀਆਰਟੀਸੀ ਕਾਮਿਆਂ ਵਲੋਂ ਸ਼ਹਿਰ ਵਿਚ ਜਾਮ ਕੀਤਾ ਗਿਆ। ਸ਼ਹਿਰ ਦੇ ਪ੍ਰਮੁੱਖ ਇੰਟਰੀ ਸਥਾਨਾਂ ਅਤੇ ਬੱਸ ਸਟੈਂਡ ਦੇ ਬਾਹਰ ਸਰਕਾਰੀ ਬੱਸਾਂ ਲਗਾ ਕੇ ਰੋਸ਼ ਪ੍ਰਦਰਸ਼ਨ ਕਰਦਿਆਂ ਕਾਮਿਆਂ ਨੇ ਦੋਸ਼ ਲਗਾਇਆ ਕਿ ਹਰ ਮਹੀਨੇ ਤਨਖ਼ਾਹਾਂ ਲੈਣ ਦੇ ਲਈ ਵੀ ਉਨ੍ਹਾਂ ਨੂੰ ਸੰਘਰਸ਼ ਕਰਨਾ ਪੈ ਰਿਹਾ ਹੈ। ਪੰਜਾਬ ਰੋਡਵੇਜ਼/ਪਨਬਸ/ਪੀਆਰਟੀਸੀ ਕੰਟਰੈਕਟ ਵਰਕਰਜ ਯੂਨੀਅਨ ਪੰਜਾਬ ਦੇ ਸੱਦੇ ਹੇਠ ਦੁਪਿਹਰ 2 ਵਜੇਂ ਬਠਿੰਡਾ ਡਿੱਪੂ ਦੇ ਬੱਸ ਸਟੈਂਡ ਬੰਦ ਕਰਕੇ ਤਨਖਾਹ ਸਬੰਧੀ ਰੋਸ ਪ੍ਰਦਰਸ਼ਨ ਕੀਤਾ ਗਿਆ। ਧਰਨੇ ਨੂੰ ਸੰਬੋਧਨ ਕਰਦਿਆਂ ਸੂਬਾ ਸੀਨੀਅਰ ਮੀਤ ਪ੍ਰਧਾਨ ਕੁਲਵੰਤ ਸਿੰਘ ਮਨੇਸ ਨੇ ਕਿਹਾ ਕਿ ਪੀਆਰਟੀਸੀ ’ਚ ਕੰਮ ਕਰਦੇ ਕੱਚੇ ਵਰਕਰਾਂ ਦੀਆਂ ਤਨਖਾਹਾਂ ਜਾਰੀ ਹੋਈਆਂ ਨੂੰ ਲਗਭਗ 2 ਮਹੀਨੇ ਬੀਤ ਚੁੱਕੇ ਹਨ ਪ੍ਰੰਤੂ ਹਾਲੇ ਤੱਕ ਵੀ ਤਨਖ਼ਾਹਾਂ ਨਹੀਂ ਜਾਰੀ ਕੀਤੀਆਂ ਹਨ। ਜਿਸਦੇ ਚੱਲਦੇ ਕੱਚੇ ਵਰਕਰਾਂ ਦੇ ਘਰਾਂ ਦੇ ਗੁਜਾਰੇ ਚਲਾਉਣ ਬਹੁਤ ਹੀ ਮੁਸ਼ਕਲ ਹੋ ਰਹੇ ਹਨ। ਇਸ ਮੌਕੇ ਪੀਆਰਟੀਸੀ ਕਾਮਿਆਂ ਨੇ ਦਾਅਵਾ ਕੀਤਾ ਹੈ ਕਿ ਪਿਛਲੀ ਸਰਕਾਰ ਵਲੋਂ ਔਰਤਾਂ ਨੂੰ ਸਰਕਾਰੀ ਬੱਸਾਂ ’ਚ ਮੁਫ਼ਤ ਸਫ਼ਰ ਦੀ ਦਿੱਤੀ ਸਹੂਲਤ ਦਾ ਬਕਾਇਆ ਪੰਜਾਬ ਸਰਕਾਰ ਵਲੋਂ ਜਾਰੀ ਨਹੀਂ ਕੀਤਾ ਗਿਆ। ਜਿਸਦੇ ਚੱਲਦੇ ਪੀਆਰਟੀਸੀ ਦੀ ਹਾਲਾਤ ਬਦਤਰ ਹੋ ਰਹੀ ਹੈ। ਇਸੇ ਤਰ੍ਹਾਂ 2 ਸਾਲ ਦਾ ਸਮਾਂ ਬੀਤਣ ਦੇ ਬਾਵਜੂਦ ਹੁਣ ਤੱਕ ਕੱਚੇ ਮੁਲਾਜ਼ਮਾਂ ਦਾ ਬਣਦਾ ਬਕਾਇਆ ਵੀ ਵਿਭਾਗ ਵੱਲੋਂ ਨਹੀਂ ਦਿੱਤਾ ਜਾ ਰਿਹਾ ਤੇ ਨਾ ਹੀ ਵਿਭਾਗ ਦੇ ਵਿੱਚ ਨਵੀਆਂ ਬੱਸਾਂ ਪਾਇਆ ਜਾ ਰਹੀਆਂ ਹਨ। ਡਿੱਪੂ ਚੇਅਰਮੈਨ ਸਰਬਜੀਤ ਸਿੰਘ, ਮੀਤ ਪ੍ਰਧਾਨ ਗੁਰਦੀਪ ਸਿੰਘ, ਸੈਕਟਰੀ ਕੁਲਦੀਪ ਸਿੰਘ , ਰਵਿੰਦਰ ਬਰਾੜ, ਮਨਪ੍ਰੀਤ ਹਾਕੁਵਾਲਾ, ਹਰਤਾਰ ਸਿੰਘ ਆਦਿ ਨੇ ਬੋਲਦਿਆਂ ਐਲਾਨ ਕੀਤਾ ਕਿ ਜੇਕਰ ਵਿਭਾਗ ਨੇ ਸਮੇਂ ਸਿਰ ਤਨਖਾਹ ਨਾ ਰਲੀਜ਼ ਕੀਤਾ ਤਾਂ ਅਗਲਾ ਐਕਸ਼ਨ ਇਸ ਤੋਂ ਤਿੱਖਾ ਕੀਤਾ ਜਾਵੇਗਾ ਅਤੇ ਪੂਰਾ ਪੰਜਾਬ ਬੰਦ ਕੀਤਾ ਜਾਵੇਗਾ। ਇਸ ਦੌਰਾਨ ਜਿੱਥੇ ਸਵਾਰੀਆਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ, ਉਥੇ ਥਾਂ-ਥਾਂ ਜਾਮ ਲੱਗਣ ਕਾਰਨ ਆਮ ਰਾਹਗੀਰਾਂ ਨੂੰ ਵੀ ਦਿੱਕਤਾਂ ਦਾ ਨਾਲ ਦੋ -ਚਾਰ ਹੋਣਾ ਪਿਆ।




