ਸੁਖਜਿੰਦਰ ਮਾਨ
ਬਠਿੰਡਾ, 02 ਮਾਰਚ: ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ (ਐੱਮ.ਆਰ.ਐੱਸ.-ਪੀ.ਟੀ.ਯੂ.) ਬਠਿੰਡਾ ਦੇ ਗਣਿਤ ਵਿਭਾਗ ਵੱਲੋਂ ਮਹਾਨ ਗਣਿਤ-ਸ਼ਾਸਤਰੀ ਸ਼੍ਰੀਨਿਵਾਸਨ ਰਾਮਾਨੁਜਨ ਨੂੰ ਯਾਦ ਕਰਦਿਆਂ ਰਾਸ਼ਟਰੀ ਗਣਿਤ ਦਿਵਸ ਸ਼ਾਨੋ-ਸ਼ੌਕਤ ਨਾਲ ਅੱਜ ਕੈਂਪਸ ਵਿਖੇ ਮਨਾਇਆ ਗਿਆ।ਇਸ ਮੌਕੇ ਬੋਲਦਿਆਂ ਵਿਭਾਗ ਦੇ ਸੀਨੀਅਰ ਫੈਕਲਟੀ ਪ੍ਰੋ: (ਡਾ.) ਕਰਨਵੀਰ ਸਿੰਘ ਨੇ ਦੱਸਿਆ ਕਿ ਵੱਖ-ਵੱਖ ਭਾਰਤੀ ਗਣਿਤ ਵਿਗਿਆਨੀਆਂ ਨੇ ਗਣਿਤ ਦੇ ਖੇਤਰ ਵਿੱਚ ਅਹਿਮ ਯੋਗਦਾਨ ਪਾਇਆ ਹੈ ਜਿਨ੍ਹਾਂ ਵਿੱਚ ਆਰੀਆਭੱਟ, ਬ੍ਰਹਮਗੁਪਤਾ, ਭਾਸਕਰ ਦੂਜੇ, ਸ੍ਰੀਨਿਵਾਸ ਰਾਮਾਨੁਜਨ ਆਦਿ ਸ਼ਾਮਲ ਹਨ ਅਤੇ ਵਿਦਿਆਰਥੀਆਂ ਨੂੰ ਪ੍ਰੇਰਿਤ ਕੀਤਾ। ਉਹਨਾਂ ਕਿਹਾ ਕਿ ਬਹੁਤ ਛੋਟੀ ਉਮਰ ਵਿੱਚ, ਸ਼੍ਰੀਨਿਵਾਸ ਰਾਮਾਨੁਜਨ ਨੇ ਭਿੰਨਾਂ, ਅਨੰਤ ਲੜੀ, ਨੰਬਰ ਥਿਊਰੀ, ਗਣਿਤਿਕ ਵਿਸ਼ਲੇਸ਼ਣ ਆਦਿ ਦੇ ਸਬੰਧ ਵਿੱਚ ਸ਼ਾਨਦਾਰ ਯੋਗਦਾਨ ਪਾਇਆ।ਆਪਣੇ ਮਾਹਿਰ ਭਾਸ਼ਣ ਵਿੱਚ ਡਾ. ਆਸ਼ੀਸ਼ ਅਰੋੜਾ, ਪ੍ਰੋਫੈਸਰ, ਗਣਿਤ ਵਿਗਿਆਨ ਵਿਭਾਗ, ਆਈ.ਕੇ.ਜੀ.ਪੀ.ਟੀ.ਯੂ., ਜਲੰਧਰ, ਨੇ ਵੈਦਿਕ ਗਣਿਤ ਦੇ ਮਹੱਤਵ ਨੂੰ ਇੱਕ ਹੁਨਰ ਦੇ ਰੂਪ ਵਿੱਚ ਪੇਸ਼ ਕੀਤਾ, ਜੋ ਗਣਿਤ ਦੀਆਂ ਸਮੱਸਿਆਵਾਂ ਨੂੰ ਤੇਜ਼ੀ ਨਾਲ ਅਤੇ ਵਧੇਰੇ ਸ਼ੁੱਧਤਾ ਨਾਲ ਹੱਲ ਕਰਨ ਵਿੱਚ ਮਦਦ ਕਰੇਗਾ। ਉਹਨਾਂ ਵਿਸਥਾਰ ਵਿਚ ਦੱਸਿਆ ਕਿ ਮੁਕਾਬਲੇ ਦੀਆਂ ਪ੍ਰੀਖਿਆਵਾਂ ਵਿਚ ਵੈਦਿਕ ਗਣਿਤ ਅੰਕਾਂ ਲਈ ਕਿਵੇਂ ਦਿਲਚਸਪੀ ਪੈਦਾ ਕਰਦਾ ਹੈ ਅਤੇ ਜ਼ਿਆਦਾਤਰ ਵਿਦਿਆਰਥੀਆਂ ਵਿੱਚ ਮੌਜੂਦ ਗਣਿਤ ਦੇ ਡਰ ਅਤੇ ਫੋਬੀਏ ਨੂੰ ਦੂਰ ਕਰਨ ਵਿਚ ਸਹਾਈ ਹੁੰਦਾ ਹੈ।ਪੋਸਟਰ ਮੇਕਿੰਗ ਮੁਕਾਬਲੇ ਵਿੱਚ ਵਿਦਿਆਰਥਣਾਂ ਅੰਸ਼ਿਕਾ ਨੇ ਪਹਿਲਾ, ਮਹਿਕ ਨੇ ਦੂਜਾ ਅਤੇ ਸੰਦੀਪ ਸਿੰਘ ਨੇ ਤੀਜਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਭਾਸ਼ਣ ਮੁਕਾਬਲੇ ਵਿੱਚ ਜਸਪ੍ਰੀਤ ਸਿੰਘ ਨੇ ਪਹਿਲਾ ਜਦਕਿ ਰਿਧੀਮ ਨੇ ਦੂਜਾ ਅਤੇ ਗਰਵਿਤਾ ਨੇ ਤੀਜਾ ਸਥਾਨ ਹਾਸਲ ਕੀਤਾ। ਮੁਕਾਬਲਿਆਂ ਦੇ ਜੇਤੂ ਵਿਦਿਆਰਥੀਆਂ ਨੂੰ ਵਿਭਾਗ ਦੇ ਫੈਕਲਟੀ ਨੇ ਇਨਾਮ ਤਕਸੀਮ ਕੀਤੇ।ਪ੍ਰੋਗਰਾਮ ਦੀ ਸਮਾਪਤੀ ਵਿਭਾਗ ਦੇ ਮੁਖੀ ਪ੍ਰੋ: ਮਮਤਾ ਕਾਂਸਲ ਦੇ ਧੰਨਵਾਦੀ ਮਤੇ ਨਾਲ ਹੋਈ | ਉਨ੍ਹਾਂ ਵੱਖ-ਵੱਖ ਮੁਕਾਬਲਿਆਂ ਵਿੱਚ ਪੁਜ਼ੀਸ਼ਨਾਂ ਹਾਸਲ ਕਰਨ ਵਾਲੇ ਪ੍ਰਤੀਯੋਗੀਆਂ ਅਤੇ ਜੇਤੂਆਂ ਨੂੰ ਵਧਾਈ ਦਿੱਤੀ।ਯੂਨੀਵਰਸਿਟੀ, ਵਾਈਸ ਚਾਂਸਲਰ ਪ੍ਰੋ. ਬੂਟਾ ਸਿੰਘ ਸਿੱਧੂ ਅਤੇ ਰਜਿਸਟਰਾਰ ਡਾ. ਗੁਰਿੰਦਰ ਪਾਲ ਸਿੰਘ ਬਰਾੜ ਨੇ ਵਿਭਾਗ ਨੂੰ ਇਹ ਦਿਵਸ ਮਨਾਉਣ ਲਈ ਵਧਾਈ ਦਿੱਤੀ।
ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਵਿਖੇ ਗਣਿਤ ਦਿਵਸ ਮਨਾਇਆ
ਰਿਸ਼ਵਤ ਦੇ ਸੱਤ ਸਾਲ ਪੁਰਾਣੇ ਕੇਸ ’ਚ ਨਾਇਬ ਤਹਿਸੀਲਦਾਰ ਨੂੰ ਪੰਜ ਸਾਲ ਦੀ ਹੋਈ ਕੈਦ
ਅਦਾਲਤ ਨੇ 50 ਹਜ਼ਾਰ ਰੁਪਏ ਜੁਰਮਾਨਾ ਵੀ ਕੀਤਾ
ਸੁਖਜਿੰਦਰ ਮਾਨ
ਬਠਿੰਡਾ, 2 ਮਾਰਚ : ਕਰੀਬ ਸੱਤ ਸਾਲ ਪੁਰਾਣੇ ਰਿਸ਼ਵਤ ਦੇ ਇੱਕ ਮਾਮਲੇ ਦੀ ਸੁਣਵਾਈ ਕਰਦਿਆਂ ਬਠਿੰਡਾ ਦੀ ਸਪੈਸ਼ਲ ਕੋਰਟ ਦੇ ਜੱਜ ਦਿਨੇਸ਼ ਕੁਮਾਰ ਵਧਵਾ ਦੀ ਅਦਾਲਤ ਨੇ ਮਾਲ ਵਿਭਾਗ ਦੇ ਇੱਕ ਨਾਇਬ ਤਹਿਸੀਲਦਾਰ ਨੂੰ ਪੰਜ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ। ਇਸਦੇ ਨਾਲ ਹੀ 50 ਹਜ਼ਾਰ ਜੁਰਮਾਨਾ ਵੀ ਕੀਤਾ ਗਿਆ ਹੈ, ਜਿਸਨੂੰ ਅਦਾ ਨਾ ਕਾਰਨ ਦੀ ਸੂਰਤ ਵਿਚ ਹੋਰ ਸਜ਼ਾ ਕੱਟਣੀ ਪਏਗੀ। ਮਿਲੀ ਸੂਚਨਾ ਮੁਤਾਬਕ ਜ਼ਿਲ੍ਹੇ ਦੇ ਪਿੰਡ ਗਹਿਰੀ ਬੁੱਟਰ ਦੇ ਕਿਸਾਨ ਇਕਬਾਲ ਸਿੰਘ ਦੀ ਜਮੀਨ ਦਾ ਇੰਤਕਾਲ ਸੀ, ਜਿਸ ਨੂੰ ਕਰਨ ਬਦਲੇ ਤਤਕਾਲੀ ਨਾਇਬ ਤਹਿਸੀਲਦਾਰ ਸੁਭਾਸ਼ ਮਿੱਤਲ ਜੋਕਿ ਉਸ ਸਮੇਂ ਸੰਗਤ ਵਿਖੇ ਤੈਨਾਤ ਸੀ, ਨੇ 50 ਹਜ਼ਾਰ ਰੁਪਏ ਦੀ ਮੰਗ ਕੀਤੀ ਸੀ। ਕਿਸਾਨ ਮੁਤਾਬਕ ਜਮੀਨ ਦਾ ਰਿਕਾਰਡ ਠੀਕ ਸੀ ਤੇ ਇਸਦੇ ਬਾਵਜੂਦ ਤਹਿਸੀਲਦਾਰ ਵਲੋਂ ਰਿਸ਼ਵਤ ਲਈ ਤੰਗ ਪ੍ਰੈਸਾਨਾ ਕੀਤਾ ਜਾ ਰਿਹਾ ਸੀ। ਉਸਦੇ ਵਲੋਂ ਦਸ ਹਜ਼ਾਰ ਰੁਪਏ ਦੇ ਦਿੱਤੇ ਗਏ ਪ੍ਰੰਤੂ ਇਸ ਮਾਲ ਅਧਿਕਾਰੀ ਨੇ ਫ਼ਿਰ ਵੀ ਉਸਦੇ ਕਾਗਜ਼ ਕਲੀਅਰ ਨਹੀਂ ਕੀਤੇ, ਜਿਸ ਕਾਰਨ ਪੀੜਤ ਨੇ ਵਿਜੀਲੈਂਸ ਕੋਲ ਸਿਕਾਇਤ ਕੀਤੀ। ਵਿਜੀਲੈਂਸ ਦੀਆਂ ਹਿਦਾਇਤਾਂ ਮੁਤਾਬਕ ਕਿਸਾਨ ਵਲੋਂ ਦੂਜੀ ਕਿਸ਼ਤ ਵਜੋਂ ਦਿੱਤੇ ਜਾ ਰਹੇ 40 ਹਜ਼ਾਰ ਰੁਪਏ ਲੈਂਦੇ ਹੋਏ ਨਾਇਬ ਤਹਿਸੀਲਦਾਰ ਨੂੰ ਮੌਕੇ ’ਤੇ ਰੰਗੇ ਹੱਥੀ ਕਾਬੂ ਕਰ ਲਿਆ ਗਿਆ। ਵਿਜੀਲੈਂਸ ਦੀ ਟੀਮ ਨੇ ਉਕਤ ਅਧਿਕਾਰੀ ਵਿਰੁਧ ਭ੍ਰਿਸਟਾਚਾਰ ਰੋਕੂ ਐਕਟ ਦੀਆਂ ਧਾਰਾਵਾਂ ਤਹਿਤ ਕੇਸ ਦਰਜ਼ ਕਰਕੇ ਅਦਾਲਤ ਵਿਚ ਚਲਾਨ ਪੇਸ਼ ਕਰ ਦਿੱਤਾ ਸੀ। ਅਦਾਲਤ ਵਿਚ ਦੋਨਾਂ ਪੱਖਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਦੋ ਦਿਨ ਪਹਿਲਾਂ ਮਾਣਯੋਗ ਜੱਜ ਨੇ ਨਾਇਬ ਤਹਿਸੀਲਦਾਰ ਸੁਭਾਸ਼ ਮਿੱਤਲ ਨੂੰ ਦੋਸ਼ੀ ਕਰਾਰ ਦਿੰਦਿਆਂ ਸਜ਼ਾ ਦਾ ਫੈਸਲਾ ਅੱਜ ’ਤੇ ਰਾਖਵਾਂ ਰੱਖ ਲਿਆ ਸੀ। ਅੱਜ ਇਸ ਕੇਸ ਦਾ ਫੈਸਲਾ ਸੁਣਾਉਂਦਿਆਂ ਅਦਾਲਤ ਨੇ ਸੁਭਾਸ਼ ਮਿੱਤਲ ਨੂੰ ਸੈਕਸ਼ਨ 7 ਭ੍ਰਿਸਟਾਚਾਰ ਰੋਕੂ ਐਕਟ 1988 ਤਹਿਤ 5 ਸਾਲ ਕੈਦ ਤੇ 50 ਹਜ਼ਾਰ ਰੁਪਏ ਜੁਰਮਾਨਾ ਅਤੇ ਸੈਕਸ਼ਨ 13 ਤਹਿਤ ਵੀ 5 ਸਾਲ ਕੈਦ ਅਤੇ 50 ਹਜ਼ਾਰ ਰੁਪਏ ਜੁਰਮਾਨਾ ਕੀਤਾ ਹੈ।
ਇੰਜ: ਬਲਦੇਵ ਸਿੰਘ ਸਰਾਂ ਦੇ ਕਾਰਜ਼ਕਾਲ ’ਚ ਵਾਧੇ ਦਾ ਥਰਮਲ ਪਲਾਂਟ ਜਥੇਬੰਦੀਆਂ ਵਲੋਂ ਸਵਾਗਤ
ਸੁਖਜਿੰਦਰ ਮਾਨ
ਬਠਿੰਡਾ, 2 ਮਾਰਚ: ਪਿਛਲੇ ਦਿਨੀਂ ਪੰਜਾਬ ਸਰਕਾਰ ਵਲੋਂ ਪਾਵਰਕਾਮ ਦੇ ਸੀਐਮਡੀ ਇੰਜੀਨੀਅਰ ਬਲਦੇਵ ਸਿੰਘ ਸਰਾਂ ਦੇ ਕਾਰਜ਼ਕਾਲ’ਚ ਇੱਕ ਹੋਰ ਸਾਲ ਲਈ ਵਾਧਾ ਕਰਨ ਦਾ ਵੱਖ ਵੱਖ ਥਰਮਲ ਪਲਾਟਾਂ ਦੀਆਂ ਜਥੇਬੰਦੀਆਂ ਨੇ ਸਵਾਗਤ ਕੀਤਾ ਹੈ। ਇਸ ਸਬੰਧ ਵਿਚ ਗੁਰੂ ਨਾਨਕ ਦੇਵ ਥਰਮਲ ਪਲਾਂਟ ਇੰਪਲਾਈਜ਼ ਫੈਡਰੇਸ਼ਨ ਦੇ ਪ੍ਰਧਾਨ ਗੁਰਸੇਵਕ ਸਿੰਘ ਸੰਧੂ ਅਤੇ ਇੰਪਲਾਈਜ਼ ਫੈਡਰੇਸ਼ਨ ਚਾਹਲ ਗਰੁੱਪ ਥਰਮਲ ਪਲਾਂਟ ਲਹਿਰਾਂ ਮੁਹੱਬਤ ਦੇ ਅਹੁਦੇਦਾਰਾਂ ਦੀ ਵਰਚੁਅਲ ਮੀਟਿੰਗ ਸਾਝੇ ਤੌਰ ਤੇ ਹੋਈ। ਜਿਸ ਵਿੱਚ ਸੁਖਵਿੰਦਰ ਸਿੰਘ ਕਿਲੀ ਸਾਬਕਾ ਪ੍ਰਧਾਨ ਥਰਮਲ ਪਲਾਂਟ ਲਹਿਰਾ ਮੁਹੱਬਤ ਅਤੇ ਬਲਜੀਤ ਸਿੰਘ ਬਰਾੜ, ਰਜਿੰਦਰ ਸਿੰਘ ਨਿੰਮਾ, ਲਖਵੰਤ ਸਿੰਘ ਬਾਂਡੀ ਸੁਖਦਰਸਨ ਸਿੰਘ ਲਾਲੀ, ਦਮਨਜੀਤ ਸਿੰਘ ,ਮਲਕੀਤ ਸਿੰਘ ਚੈਣਾ ਰਾਜ ਕੁਮਾਰ ਗੁਰਲਾਲ ਸਿੰਘ ਆਦਿ ਅਹੁਦੇਦਾਰਾਂ ਸਾਮਲ ਹੋਏ। ਇਸ ਮੀਟਿੰਗ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਇੰਜ: ਬਲਦੇਵ ਸਿੰਘ ਸਰਾਂ ਬਿਜਲੀ ਖੇਤਰ ਦੇ ਮਾਹਰ,ਕੁਸ਼ਲ ਪ੍ਰਬੰਧਕ, ਇਮਾਨਦਾਰ ਇੰਜਨੀਅਰ ਦੇ ਤੌਰ ਤੇ ਜਾਣੇ ਜਾਂਦੇ ਹਨ ਜਿਸ ਕਰਕੇ ਪੰਜਾਬ ਦੀਆਂ ਤਿੰਨ ਵੱਖ ਵੱਖ ਪਾਰਟੀਆ ਦੀਆਂ ਸਰਕਾਰਾ ਦੇ ਤਿੰਨ ਮੁੱਖ ਮੰਤਰੀਆ ਨੇ ਸੀਐਮਡੀ ਦੀ ਚੋਣ ਕਰਦੇ ਸਮੇ ਇੰਜੀਨੀਅਰ ਬਲਦੇਵ ਸਿੰਘ ਸਰਾਂ ਦੀ ਹੀ ਨਿਯੁੱਕਤੀ ਕੀਤੀ । ਯਾਦ ਰੱਖਣਯੋਗ ਹੈ ਕੇ ਪਿਛਵਾੜਾ ਕੋਲ ਮਾਈਨ ਨੂੰ ਕੇਂਦਰ ਸਰਕਾਰ ਨੇ ਪੰਜਾਬ ਦੇ ਸਰਕਾਰੀ ਪਾਵਰ ਪਲਾਂਟਾ ਨੂੰ ਅਲਾਟ ਕਰ ਦਿੱਤਾ ਸੀ ਪਰ ਇਸ ਮਾਈਨ ਤੋ ਕੋਲ ਉਤਪਾਦਨ ਕਰਨ ਵਿੱਚ ਬੇਹੱਦ ਸਮੱਸਿਆਵਾ ਸਨ ਜਿਸ ਨੂੰ ਇੰਜੀਨੀਅਰ ਸਰਾਂ ਨੇ ਮੁੱਖ ਮੰਤਰੀ ਪੰਜਾਬ ਦੇ ਸਹਿਯੋਗ ਨਾਲ ਸਹਿਰਦ ਯਤਨ ਕਰਕੇ ਪੰਜਾਬ ਦੇ ਸਰਕਾਰੀ ਥਰਮਲ ਪਲਾਂਟਾ ਲਈ ਸਸਤੇ ਤੇ ਚੰਗੀ ਕੁਆਲਟੀ ਦੇ ਕੋਲੇ ਨੂੰ ਮੁਹੱਈਆ ਕਰਵਾਉਣਾ ਸ਼ੁਰੂ ਕੀਤਾ ਤੇ ਸਰਕਾਰੀ ਪਲਾਂਟ ਉਸ ਸਮੇ ਤੋ ਸਸਤਾ ਬਿਜਲੀ ਉਤਪਾਦਨ ਕਰ ਰਹੇ ਹਨ ਤੇ ਪੰਜਾਬ ਸਰਕਾਰ ਵੱਲੋ ਕਿਸਾਨਾ ਨੂੰ ਟਿਊਬਵੈੱਲ ਅਤੇ ਆਮ ਲੋਕਾਂ ਨੂੰ 600 ਯੂਨਿਟ ਦੋ ਮਹੀਨਿਆ ਦੇ ਘਰੇਲੂ ਬਿੱਲਾ ਵਿੱਚ ਦਿੱਤੀ ਜਾਂਦੀ ਬਿਜਲੀ ਸਬਸਿਡੀ ਕਰਕੇ ਬਿਜਲੀ ਨਿਗਮ ਦਾ ਪ੍ਰਬੰਧ ਵਿੱਤੀ ਤੌਰ ਤੇ ਹਾਲਤ ਵਧੀਆ ਨਹੀ ਹਨ ਫਿਰ ਵੀ ਕੁਸ਼ਲ ਪ੍ਰਬੰਧਕ ਕਰਕੇ ਚਲਾਉਣ ,ਬਿਜਲੀ ਸਪਲਾਈ ਨਿਰਵਿਘਨ ਕਿਸਾਨਾ,ਕਾਰਖਾਨਿਆ ਤੇ ਆਮ ਲੋਕਾ ਤੱਕ ਲਗਾਤਾਰ ਪਹੁੰਚਾਉਣ ਦੀ ਜਿੰਮੇਵਾਰੀਆਂ ਬਾਖੂਬ ਨਿਭਾਅ ਰਹੇ ਹਨ । ਜਥੇਬੰਦੀਆਂ ਦੇ ਆਗੂਆਂ ਨੇ ਇੰਜੀਨੀਅਰ ਸਰਾਂ ਨੂੰ ਵਧਾਈਆ ਦਿੰਦਿਆ ਮੁਲਾਜ਼ਮ/ਪੈਨਸ਼ਨਰਜ ਜਥੇਬੰਦੀਆ ਦੇ ਮੰਗਾਂ ਮਸਲਿਆ ਨੂੰ ਵੀ ਹੱਲ ਕਰਨ ਦੀ ਆਸ ਪ੍ਰਗਟਾਈ।
ਮੁੱਖ ਮੰਤਰੀ ਮਨੋਹਰ ਲਾਲ ਨਾਲ ਬ੍ਰਿਟੇਨ ਦੇ ਸਾਬਕਾ ਪ੍ਰਧਾਨ ਮੰਤਰੀ ਟੋਨੀ ਬਲੇਅਰ ਨੇ ਕੀਤੀ ਮੁਲਾਕਾਤ
ਟੋਨੀ ਬਲੇਅਰ ਫਾਊਂਡੇਸ਼ਨ ਅਤੇ ਹਰਿਆਣਾ ਸਰਕਾਰ ਸਿਹਤ ਸਮੇਤ ਵੱਖ-ਵੱਖ ਖੇਤਰਾਂ ਵਿਚ ਕਿਲ ਕੇ ਕਰੇਗੀ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 2 ਮਾਰਚ : ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨਾਲ ਅੱਜ ਹਰਿਆਣਾ ਭਵਨ, ਨਵੀਂ ਦਿੱਲੀ ਵਿਚ ਬ੍ਰਿਟੇਨ ਦੇ ਸਾਬਕਾ ਪ੍ਰਧਾਨ ਮੰਤਰੀ ਸ੍ਰੀ ਟੋਨੀ ਬਲੇਅਰ ਨੇ ਸ਼੍ਰਿਸ਼ਟਾਚਾਰ ਮੁਲਾਕਾਤ ਕੀਤੀ। ਮੁੱਖ ਮੰਤਰੀ ਨੇ ਸ੍ਰੀ ਬਲੇਅਰ ਦਾ ਗਰਮਜੋਸ਼ੀ ਦੇ ਨਾਲ ਸਵਾਗਤ ਕੀਤਾ। ਇਸ ਦੌਰਾਨ ਸਿਹਤ ਅਤੇ ਬੁਨਿਆਦੀ ਸਹੂਲਤਾਂ ਵਰਗੇ ਵਿਸ਼ਿਆਂ ’ਤੇ ਆਪਸੀ ਸਹਿਯੋਗ ਕਰਨ ਅਤੇ ਨਵੀਂ ਸੰਭਾਵਨਾਵਾਂ ਨੂੰ ਤਲਾਸ਼ਨ ’ਤੇ ਚਰਚਾ ਹੋਈ। ਸ੍ਰੀ ਬਲੇਅਰ ਨੇ ਮੁੱਖ ਮੰਤਰੀ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਦੀ ਸੰਸਥਾ ਟੋਨੀ ਬਲੇਅਰ ਫੇਥ ਡਾਊਂਡੇਸ਼ਨ ਹਰਿਆਣਾ ਵਿਚ ਸਿਹਤ ਖੇਤਰ ਵਿਚ ਸਹਿਯੋਗ ਕਰੇਗੀ। ਇਸ ਮੌਕੇ ’ਤੇ ਮੁੱਖ ਮੰਤਰੀ ਨੇ ਦਸਿਆ ਕਿ ਸੂਬਾ ਸਰਕਾਰ ਸੂਬੇ ਵਿਚ ਤੀਜੇ ਪੱਧਰ ਦੀਆਂ ਸਿਹਤ ਸਹੂਲਤਾਂ ਮਹੁਇਆ ਕਰਵਾ ਰਹੀ ਹੈ। ਹਰ ਜਰੂਰਤਮੰਦ ਨੂੰ ਸਿਹਤ ਸਹੂਲਤਾਂ ਮਿਲੇ ਇਸ ਦੇ ਲਈ ਵੀ ਆਯੂਸ਼ਮਾਨ ਭਾਰਤ ਯੋਜਨਾ ਅਤੇ ਚਿਰਾਯੂ ਹਰਿਆਣਾ ਯੋਜਨਾ ਚਲਾਈ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਹਰਿਆਣਾ ਸਰਕਾਰ ਸੂਬੇ ਦੇ ਸਾਰੇ ਜਿਲ੍ਹਿਆਂ ਵਿਚ ਇਕ-ਇਕ ਮੈਡੀਕਲ ਕਾਲਜ ਅਤੇ ਨਰਸਿੰਗ ਕਾਲਜ ਖੋਲ ਰਹੀ ਹੈ, ਜਿਸ ਨਾਲ ਨਾ ਸਿਰਫ ਡਾਕਟਰਾਂ ਦੀ ਕਮੀ ਪੂਰੀ ਹੋਵੇਗੀ ਸਗੋ ਸਿਹਤ ਸਹੂਲਤਾਂ ਵੀ ਮਜਬੂਤ ਹੋਣਗੀਆਂ। ਉਨ੍ਹਾਂ ਨੇ ਕਿਹਾ ਕਿ ਟੋਨੀ ਬਲੇਅਰ ਫੇਥ ਫਾਊਂਡੇਸ਼ਨ ਦੇ ਸਹਿਯੋਗ ਨਾਲ ਸੂਬੇ ਵਿਚ ਸਿਹਤ ਖੇਤਰ ਵਿਚ ਅਤੇ ਵਿਸਤਾਰ ਹੋਵੇਗਾ ਅਤੇ ਸਿਹਤ ਸਹੂਲਤਾਂ ਮਜਬੂਤ ਹੋਣਗੀਆਂ। ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਹਰਿਆਣਾ ਸਰਕਾਰ ਨੇ ਆਪਣੀ ਅਨੇਕ ਯੋਜਨਾਂਵਾਂ ਨੂੰ ਸੂਚਨਾ ਤਕਨਾਲੋਜੀ ਦੇ ਨਾਲ ਜੋੜਿਆ ਹੈ, ਜਿਸ ਦੇ ਚਲਦੇ ਨਾਗਰਿਕਾਂ ਤਕ ਯੋਜਨਾਵਾਂ ਤੇ ਸੇਵਾਵਾਂ ਦਾ ਤੁਰੰਤ ਲਾਭ ਪਹੁੰਚਾਉਣਾ ਯਕੀਨੀ ਕੀਤਾ ਹੈ। ਉਨ੍ਹਾਂ ਨੇ ਸ੍ਰੀ ਟੋਨੀ ਬਲੇਅਰ ਨੂੰ ਦਸਿਆ ਕਿ ਰਾਜ ਸਰਕਾਰ ਨੇ ਸਰਕਾਰੀ ਕੰਮਾਂ ਵਿਚ ਆਈਟੀ ਦੀ ਵਰਤੋ ਕਰਦੇ ਹੋਏ ਇਕ ਨਵਾਂ ਪ੍ਰਯੋਗ ਕੀਤਾ ਹੈ। ਅਸੀਂ ਸੂਬੇ ਵਿਚ ਰਹਿ ਰਹੇ ਹਰ ਪਰਿਵਾਰ ਨੂੰ ਇਕ ਇਕਾਈ ਮਨਦੇ ਹੋਏ ਪਰਿਵਾਰ ਪਹਿਚਾਣ ਪੱਤਰ ਬਣਾਇਆ ਹੈ। ਇਸ ਇਕ ਦਸਤਾਵੇਜ ਵਿਚ ਪਰਿਵਾਰ ਦੇ ਹਰੇਕ ਮੈਂਬਰਾਂ ਦੀ ਜਾਣਕਾਰੀ ਵਰਗੇ ਵਿਦਿਅਕ ਯੋਗਤਾ, ਨੌਕਰੀ, ਕਾਰੋਬਾਰ, ਸਵੈ ਰੁਜਗਾਰ ਆਦਿ ਜਾਣਕਾਰੀ ਦਰਜ ਹੈ। ਹੁਣ ਹਰ ਯੋਗ ਪਰਿਵਾਰ ਨੂੰ ਪੀਪੀਪੀ ਰਾਹੀਂ ਸਰਕਾਰੀ ਯੋਜਨਾਵਾਂ ਤੇ ਸਹੂਲਤਾਂ ਦਾ ਲਾਭ ਬਿਨ੍ਹਾ ਕਿਸੇ ਦਫਤਰ ਦੇ ਚੱਕਰ ਕੱਟੇ ਬਿਨ੍ਹਾ ਸਮੇਂਬੱਧ ਢੰਗ ਨਾਲ ਮਿਲ ਰਿਹਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਨੇ ਸਰਕਾਰੀ ਭਰਤੀਆਂ ਵਿਚ ਪਾਰਦਰਸ਼ਿਤਾ ਲਿਆਉਂਦੇ ਹੋਏ ਮਿਸ਼ਨ ਮੈਰਿਟ ਨੂੰ ਆਧਾਰ ਬਣਾਇਆ ਹੈ। ਹੁਣ ਸਰਕਾਰੀ ਨੌਕਰੀ ਸਿਰਫ ਮੈਰਿਟ ਦੇ ਆਧਾਰ ’ਤੇ ਹੀ ਮਿਲਦੀ ਹੈ। ਇਸ ਦੇ ਲਈ ਵੀ ਨੌਜੁਆਨਾਂ ਨੂੰ ਰਾਹਤ ਦਿੰਦੇ ਹੋਏ ਆਈਟੀ ਦੀ ਵਰਤੋ ਕਰ ਸਿੰਗਲ ਰਜਿਸਟ?ਰੇਸ਼ਣ ਦੀ ਸਹੂਲਤ ਦਿੱਤੀ ਗਈ ਹੈ। ਨੌਜੁਆਨਾਂ ਨੁੰ ਨੌਕਰੀ ਦੇ ਲਈ ਸਿਰਫ ਇਕ ਹੀ ਵਾਰ ਰਜਿਸਟ?ਰੇਸ਼ਣ ਕਰਨਾ ਹੁੰਦਾ ਹੈ। ਇਸ ਤੋਂ ਇਲਾਵਾ, ਸੂਬੇ ਦੀ ਪੂਰੀ ਭੂਮੀ ਦੀ ਲਾਰਜ ਸਕੇਲ ਮੈਪਿੰਗ ਕੀਤੀ ਜਾ ਰਹੀ ਹੈ। ਇਕ-ਇਕ ਇੰਚ ਭੂਮੀ ਦਾ ਰਿਕਾਰਡ ਡਿਜੀਟਲੀ ਉਪਲਬਧ ਹੋਵੇਗਾ।ਇਸ ਮੌਕੇ ’ਤੇ ਸ੍ਰੀ ਮਨੌਹਰ ਲਾਲ ਨੇ ਸ੍ਰੀ ਟੋਨੀ ਬਲੇਅਰ ਨੂੰ ਸ੍ਰੀਮਦਭਗਵਦਗੀਤਾ ਅਤੇ ਸਮ੍ਰਿਤੀ ਚਿੰਨ੍ਹ ਭੇਂਟ ਕੀਤਾ। ਇਸ ਮੌਕੇ ’ਤੇ ਮੁੱਖ ਮੰਤਰੀ ਦੇ ਵਧੀਕ ਪ੍ਰਧਾਨ ਸਕੱਤਰ ਅਤੇ ਸੂਚਨਾ, ਲੋਕ ਸੰਪਰਕ , ਭਾਸ਼ਾ ਅਤੇ ਸਭਿਆਚਾਰ ਵਿਭਾਂਗ ਦੇ ਮਹਾਨਿਦੇਸ਼ਕ ਡਾ. ਅਮਿਤ ਅਗਰਵਾਲ ਵੀ ਮੌਜੂਦ ਸਨ।
ਸਾਹਿਤ ਸਿਰਜਨਾ ਮੰਚ ਦੀ ਮੀਟਿੰਗ ਵਿਚ ਚੱਲਿਆ ਰਚਨਾਵਾਂ ਦਾ ਦੌਰ, ਗ਼ਜ਼ਲ ਸੰਗ੍ਰਹਿ ’ਟੂਮਾਂ’ ’ਤੇ ਗੋਸ਼ਟੀ 19 ਨੂੰ
ਸੁਖਜਿੰਦਰ ਮਾਨ
ਬਠਿੰਡਾ, 2 ਮਾਰਚ: ਇਥੋਂ ਦੇ ਸਾਹਿਤ ਸਿਰਜਨਾ ਮੰਚ(ਰਜਿ) ਦੀ ਮਹੀਨਾਵਾਰ ਇਕੱਤਰਤਾ ਏਥੋਂ ਦੇ ਟੀਚਰਜ਼ ਹੋਮ ਵਿਖੇ ਮੰਚ ਦੇ ਪ੍ਰਧਾਨ ਸੁਰਿੰਦਰਪ੍ਰੀਤ ਘਣੀਆਂ ਦੀ ਪ੍ਰਧਾਨਗੀ ਤਹਿਤ ਹੋਈ । ਮੀਟਿੰਗ ਦੇ ਆਰੰਭ ਵਿਚ ਸ੍ਰੀ ਘਣੀਆਂ ਨੇ ਮੀਟਿੰਗ ਵਿੱਚ ਹਾਜ਼ਰ ਹੋਏ ਲੇਖਕਾਂ ਨੂੰ ਜੀਅ ਆਇਆਂ ਕਹਿੰਦਿਆਂ ਮੰਚ ਦੇ ਸਲਾਹਕਾਰ ਜਗਮੇਲ ਸਿੰਘ ਜਠੌਲ ਦੀ ਆਪਣੇ ਪਿੰਡ ਦੇ ਇਤਿਹਾਸ ’ਮੇਰਾ ਪਿੰਡ ਅਜਿੱਤ ਗਿੱਲ ’ ਪੁਸਤਕ ਦੇ ਪ੍ਰਕਾਸ਼ਿਤ ਹੋਣ ’ਤੇ ਅਤੇ ਮੀਤ ਪ੍ਰਧਾਨ ਰਾਜਦੇਵ ਕੌਰ ਦੇ ਦੋਹਤੇ ਦੇ ਜਨਮ ’ਤੇ ਦੋਹਾਂ ਨੂੰ ਵਧਾਈ ਦਿੱਤੀ ਗਈ। ਇਸ ਮੌਕੇ ਮੰਚ ਵੱਲੋਂ ਲੋਕ ਮੰਚ (ਰਜਿ.) ਪੰਜਾਬ ਦੇ ਸਹਿਯੋਗ ਨਾਲ ਸੁਰਿੰਦਰਪ੍ਰੀਤ ਘਣੀਆਂ ਦੇ ਗ਼ਜ਼ਲ ਸੰਗ੍ਰਹਿ ’ਟੂਮਾਂ’’ ’ਤੇ 19 ਮਾਰਚ, ਦਿਨ ਐਤਵਾਰ ਨੂੰ ਕਰਵਾਈ ਜਾ ਰਹੀ ਗੋਸ਼ਟੀ ਅਤੇ ਕਵੀ ਦਰਬਾਰ ਦੀ ਮੁੱਢਲੀ ਰੂਪ-ਰੇਖਾ ਤਿਆਰ ਕੀਤੀ ਗਈ। ਇੱਕ ਫੈਸਲੇ ਅਨੁਸਾਰ ਗੋਸ਼ਟੀ ਦੀ ਪ੍ਰਧਾਨਗੀ ਡਾ. ਲਖਵਿੰਦਰ ਜੌਹਲ ਕਰਨਗੇ ਅਤੇ ਸ੍ਰ. ਸੁਰਿੰਦਰ ਸਿੰਘ ਸੁੱਨੜ ਬਤੌਰ ਮੁੱਖ ਮਹਿਮਾਨ ਸ਼ਾਮਿਲ ਹੋਣਗੇ। ਇਸ ਮੌਕੇ ਚੱਲੇ ਰਚਨਾਵਾਂ ਦੇ ਦੌਰ ਵਿਚ ਲੀਲਾ ਸਿੰਘ ਰਾਏ ਨੇ ਗੀਤ, ਡਾ. ਜਸਪਾਲਜੀਤ ਨੇ ਗਜ਼ਲ, ਅਮਨਦੀਪ ਕੌਰ ਮਾਨ ਨੇ ਕਵਿਤਾ ’ਭਾਲ,’ ਸੁਖਦਰਸ਼ਨ ਗਰਗ ਨੇ ਦੋ ਰੁਬਾਈਆਂ, ਰਮੇਸ਼ ਕੁਮਾਰ ਗਰਗ ਨੇ ਕਹਾਣੀ ’ਲੈਪਟਾੱਪ,’ ਸੁਰਿੰਦਰਪ੍ਰੀਤ ਘਣੀਆਂ ਨੇ ਗੀਤ, ਜਗਨ ਨਾਥ ਨੇ ਕਵਿਤਾ ’ਰਾਹ,’ ਦਵੀ ਸਿੱਧੂ ਨੇ ਦੋ ਕਵਿਤਾਵਾਂ ’ਛੱਡ ਦਿੱਤਾ’ ਅਤੇ ’ਦਾਅਵਾ’ ਅਮਰਜੀਤ ਕੌਰ ਹਰੜ ਨੇ ਗ਼ਜ਼ਲ ਪੇਸ਼ ਕੀਤੀ। ਪੜ੍ਹੀਆਂ ਗਈਆਂ ਰਚਨਾਵਾਂ ਉਪਰ ਚਰਚਾ ਕਰਦਿਆਂ ਡਾ. ਜਸਪਾਲਜੀਤ ਨੇ ਸਬੰਧਤ ਲੇਖਕਾਂ ਨੂੰ ਯੋਗ ਸੁਝਾਅ ਦਿੱਤੇ। ਇਸ ਮੀਟਿੰਗ ਵਿਚ ਅਮਰਜੀਤ ਪੇਂਟਰ, ਹਰਜੀਤਕਮਲ ਗਿੱਲ ਆਦਿ ਵੀ ਹਾਜਰ ਸਨ। ਇਸ ਮੌਕੇ ਉੱਘੇ ਸ਼ਾਇਰ ਹਰੀ ਸਿੰਘ ਮੋਹੀ ਦੇ ਅਕਾਲ ਚਲਾਣੇ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਮੀਟਿੰਗ ਦੇ ਅਖੀਰ ਵਿਚ ਮੰਚ ਦੀ ਸੀਨੀਅਰ ਮੀਤ ਪ੍ਰਧਾਨ ਅਮਰਜੀਤ ਕੌਰ ਹਰੜ ਨੇ ਹਾਜ਼ਰੀਨ ਦਾ ਧੰਨਵਾਦ ਕੀਤਾ । ਮੀਟਿੰਗ ਦੀ ਕਾਰਵਾਈ ਸਭਾ ਦੇ ਜਰਨਲ ਸਕੱਤਰ ਜਗਨ ਨਾਥ ਨੇ ਬਾਖ਼ੂਬੀ ਚਲਾਈ।
ਕੈਚ ਦੀ ਰੈਨ ਵੇਅਰ ਇਟ ਫਾਲ ਵੈਨ ਇਟ ਫਾਲ ਬੈਨਰ ਹੇਠ ਮੀਂਹ ਦੇ ਪਾਣੀ ਦੀ ਬੱਚਤ ਕਰਨ ਸਬੰਧੀ ਵਿਸ਼ੇਸ ਮੁਹਿੰਮ ਸ਼ੁਰੂ
ਨਹਿਰੂ ਯੁਵਾ ਕੇਂਦਰ ਮਾਨਸਾ ਵੱਲੋਂ ਨੁੱਕੜ ਨਾਟਕ,ਯੂਥ ਰੈਲੀਆ ਤੋਂ ਇਲਾਵਾ ਕੁੱਇਜ,ਭਾਸ਼ਣ ਅਤੇ ਪੇਟਿੰਗ ਮੁਕਾਬਲੇ ਕਰਵਾਏ ਜਾਣਗੇ-ਡਿਪਟੀ ਕਮਿਸ਼ਨਰ ਮਾਨਸਾ
ਪੰਜਾਬੀ ਖ਼ਬਰਸਾਰ ਬਿਉਰੋ
ਮਾਨਸਾ, 2 ਮਾਰਚ : ਅਜਾਦੀ ਦੇ 75ਵੇਂ ਅਮ੍ਰਿਤ ਮਹਾਂਉਤਸਵ ਦੇ ਸਬੰਧ ਵਿੱਚ ਮੀਂਹ ਦੇ ਪਾਣੀ ਦੀ ਸੁਚੱਜੀ ਵਰਤੋਂ ਸਬੰਧੀ ਲੋਕਾਂ ਨੂੰ ਜਾਗਰੂਕ ਕਰਨ ਹਿੱਤ ਵਿਸ਼ੇਸ ਮੁਹਿੰਮ ਸ਼ੁਰੂ ਕੀਤੀ ਗਈ ਹੈ ਇਸ ਗੱਲ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਮਾਨਸਾ ਸ਼੍ਰੀਮਤੀ ਬਲਦੀਪ ਕੌਰ ਨੇ ਨਹਿਰੂ ਯੁਵਾ ਕੇਂਦਰ ਮਾਨਸਾ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਦਿਆਂ ਕੀਤਾ।ਡਿਪਟੀ ਕਮਿਸ਼ਨਰ ਮਾਨਸਾ ਨੇ ਦੱਸਿਆ ਕਿ ਜਲ ਸ਼ਕਤੀ ਮੰਤਰਾਲੇ ਦੇ ਸਹਿਯੋਗ ਨਾਲ ਚਲਾਈ ਜਾ ਰਹੀ ਇਹ ਮੁਹਿੰਮ ਅਜ਼ਾਦੀ ਦੇ 75ਵੇਂ ਅਮ੍ਰਿਤ ਮਹਾਂਉਤਸਵ ਨੂੰ ਸਮਰਪਿਤ ਕੀਤੀ ਗਈ ਹੈ ਜਿਸ ਵਿੱਚ ਜਿਲ੍ਹਾ ਪ੍ਰਸਾਸ਼ਨ ਮਾਨਸਾ ਅਤੇ ਨਹਿਰੂ ਯੁਵਾ ਕੇਂਦਰ ਮਾਨਸਾ ਵੱਲੋਂ ਪਾਣੀ ਦੀ ਬੱਚਤ ਕਰਨ ਸਬੰਧੀ ਲੋਕਾਂ ਨੂੰ ਨੁੱਕੜ ਨਾਟਕ,ਯੂਥ ਰੈਲੀਆਂ,ਪਿੰਡਾਂ ਦੀਆਂ ਸਾਂਝੀਆਂ ਥਾਵਾਂ ਤੇ ਸਟਿੱਕਰ,ਬੈਨਰ ਅਤੇ ਸਲੋਗਨ ਲਿਖਵਾਏ ਜਾਣਗੇ।ਡਿਪਟੀ ਕਮਿਸ਼ਨਰ ਨੇ ਸਮੂਹ ਵਿਭਾਗਾਂ ਅਤੇ ਸਮਾਜ ਸੇਵੀ ਸੰਸਥਾਵਾਂ ਨੂੰ ਇਸ ਵਿੱਚ ਸਹਿਯੋਗ ਕਰਨ ਦੀ ਅਪੀਲ ਕੀਤੀ।ਉਹਨਾਂ ਇਸ ਮੋਕੇ ਨਹਿਰੂ ਯੁਵਾ ਕੇਂਦਰ ਮਾਨਸਾ ਵੱਲੋਂ ਤਿਆਰ ਕੀਤੇ ਜਾਗਰੂਕਤਾ ਸਟਿੱਕਰ ਵੀ ਰਲੀਜ ਕਰਨ ਦੀ ਰਸਮ ਅਦਾ ਕੀਤੀ। ਇਸ ਪ੍ਰੋਜੈਕਟ ਬਾਰੇ ਜਾਣਕਾਰੀ ਦਿੰਦਿਆਂ ਨਹਿਰੂ ਯੁਵਾ ਕੇਂਦਰ ਮਾਨਸਾ ਦੇ ਜਿਲ੍ਹਾ ਯੁਵਾ ਅਧਿਕਾਰੀ ਸਰਬਜੀਤ ਸਿੰਘ ਅਤੇ ਪ੍ਰੋਗਰਾਮ ਅਧਿਕਾਰੀ ਅਤੇ ਪ੍ਰੋਜੈਕਟ ਦੇ ਨੋਡਲ ਅਧਿਕਾਰੀ ਡਾ.ਸੰਦੀਪ ਘੰਡ ਨੇ ਦੱਸਿਆ ਕਿ ਜਲ ਸ਼ਕਤੀ ਮੰਤਰਾਲੇ ਦੇ ਸਹਿਯੋਗ ਨਾਲ ਚਲਾਈ ਜਾ ਰਹੀ ਇਸ ਮੁਹਿੰਮ ਦਾ ਇਹ ਤੀਜਾ ਪੜਾਅ ਹੈ ਅਤੇ ਇਸ ਵਿੱਚ ਜਿਲ੍ਹੇ ਵਿੱਚੋਂ 50 ਪਿੰਡਾਂ ਦੀ ਚੋਣ ਕੀਤੀ ਗਈ ਹੈ ਅਤੇ 5 ਪਿੰਡਾਂ ਦੇ ਕਲੱਸਟਰ ਬਣਾਕੇ ਕਲੱਸਟਰ ਦੀ ਜਿੰਮੇਵਾਰੀ ਇੱਕ ਵਲੰਟੀਅਰ ਨੂੰ ਦਿੱਤੀ ਗਈ ਹੈ।ਉਹਨਾਂ ਦੱਸਿਆ ਕਿ ਵਲੰਟੀਅਰ ਉਸ ਪਿੰਡ ਦੇ ਕਲੱਬ ਦੇ ਸਹਿਯੋਗ ਨਾਲ ਘਰ ਘਰ ਜਾਕੇ ਲੋਕਾਂ ਨੂੰ ਮੀਹ ਦੇ ਪਾਣੀ ਦੀ ਬੱਚਤ ਅਤੇ ਉਸ ਨੂੰ ਧਰਤੀ ਵਿੱਚ ਭੇਜਕੇ ਦੁਬਾਰਾ ਰੀਚਾਰਜ ਕਰਨ ਸਬੰਧੀ ਜਾਗਰੂਕ ਕਰਨਗੇ।ਉਹਨਾਂ ਦੱਸਿਆ ਕਿ ਐਨ.ਐਸ.ਐਸ. ਅਤੇ ਵਿ?ਦਅਕ ਸੰਸਥਾਵਾਂ ਦੇ ਸਹਿਯੋਗ ਨਾਲ ਕੁਇੰਜ,ਲੇਖ,ਭਾਸ਼ਣ ਅਤੇ ਪੇਟਿੰਗ ਮੁਕਾਬਲੇ ਵੀ ਕਰਵਾਏ ਜਾਣਗੇ। ਇਸ ਮੌਕੇ ਡਾ.ਜਨਕ ਰਾਜ ਸਿੰਗਲਾ ਪ੍ਰਧਾਨ ਇੰਡੀਅਨ ਮੈਡੀਕਲ ਐਸੋਸੀਏਸ਼ਨ ਮਾਨਸਾ ਨੇ ਕਿਹਾ ਕਿ ਪਿੰਡਾਂ ਦੇ ਨਾਲ ਨਾਲ ਉਹਨਾਂ ਦੀ ਸੰਸਥਾਂ ਅਤੇ ਉਹਨਾਂ ਵੱਲੋਂ ਨਿੱਜੀ ਤੋਰ ਤੇ ਵੀ ਇਸ ਮੁਹਿੰਮ ਲਈ ਵਿਸ਼ੇਸ ਸਹਿਯੋਗ ਦਿੱਤਾ ਜਾਵੇਗਾ।ਇੰਦਰਜੀਤ ਸਿੰਘ ਉਭਾ ਨੇ ਕਿਹਾ ਕਿ ਅਗਲੇ ਹਫਤੇ ਪਿੰਡ ਉੱਭਾ ਵਿੱਚ ਵੱਡੇ ਪੱਧਰ ਤੇ ਪ੍ਰੋਗਰਾਮ ਕਰਵਾਇਆ ਜਾਵੇਗਾ।ਮੀਟਿੰਗ ਵਿੱਚ ਹਾਜਰ ਸਹਾਇਕ ਕਮਿਸ਼ਨਰ (ਜਨਰਲ)ਮਾਨਸਾ ਹਰਜਿੰਦਰ ਸਿੰਘ ਜੱਸਲ,ਸਿੱਖਿਆ ਵਿਕਾਸ ਮੰਚ ਦੇ ਪ੍ਰਧਾਨ ਹਰਦੀਪ ਸਿੱਧੂ,ਮੈਡਮ ਗੁਰਪ੍ਰੀਤ ਕੌਰ,ਨਰੇਸ਼ ਬਿਰਲਾ ਸਮਾਜਸੇਵੀ,ਮਨੋਜ ਕੁਮਾਰ ਛਾਪਿਆਂਵਾਲੀ ਅਤੇ ਮਨਪ੍ਰੀਤ ਕੌਰ ਵਾਲੀਆ ਨੇ ਵੀ ਕੈਚ ਦੀ ਰੈਨ ਵੇਅਰ ਇਟ ਫਾਲ ਵੈਨ ਇਟ ਫਾਲ ਬੈਨਰ ਹੇਠ ਚਲ ਰਹੀ ਇਸ ਮੁਹਿੰਮ ਵਿੱਚ ਪੂਰਨ ਸਹਿਯੋਗ ਦਾ ਭਰੋਸਾ ਦਿੱਤਾ।
ਨਿਵੇਕਲੀਆਂ ਤੇ ਕ੍ਰਾਂਤੀਕਾਰੀ ਤਬਦੀਲੀਆਂ ਕਰਨ ਚ ਬਠਿੰਡਾ ਬਣ ਰਿਹੈ ਮੋਹਰੀ : ਡਾ. ਇੰਦਰਬੀਰ ਸਿੰਘ ਨਿੱਜਰ
ਕਿਹਾ, ਬਜਟ ਆਮ ਲੋਕਾਂ ਦੀਆਂ ਸਹੂਲਤਾਂ ਤੇ ਲੋੜਾਂ ਨੂੰ ਮੁੱਖ ਰੱਖ ਕੇ ਕੀਤਾ ਜਾਵੇਗਾ ਪੇਸ਼
ਗੈਰਕਨੂੰਨੀ ਉਸਾਰੀ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ ਨਹੀਂ ਜਾਵੇਗਾ ਬਖਸਿਆ
ਸੂਬੇ ਦਾ ਪਹਿਲਾ ਆਨਲਾਈਨ ਐਡਵਰਟਾਈਜ਼ਮੈਂਟ ਪੋਰਟਲ ਕੀਤਾ ਲਾਂਚ
ਨਵੀਂ ਪਾਲਿਸੀ ਤਹਿਤ 500 ਗਜ ਤੋਂ ਘੱਟ ਵਾਲੀ ਜਗਾ ਲਈ ਨਕਸ਼ਾ ਬਾਹਰੋਂ ਬਣਾਉਣ ਦੀ ਨਹੀਂ ਪਵੇਗੀ ਲੋੜ
ਸੁਖਜਿੰਦਰ ਮਾਨ
ਬਠਿੰਡਾ, 2 ਮਾਰਚ : ਬਠਿੰਡਾ ’ਚ ਦਵਾਰਕਾ ਦਾਸ ਮਿੱਤਲ ਚੈਰੀਟੇਬਲ ਟਰੱਸਟ ਵਲੋਂ ਲੋੜਵੰਦ ਪ੍ਰਵਾਰਾਂ ਲਈ ਉਸਾਰੇ 51 ਮਕਾਨਾਂ ਦੀਆਂ ਚਾਬੀਆਂ ਸੌਪਣ ਆਏ ਸੂਬੇ ਦੇ ਕੈਬਨਿਟ ਮੰਤਰੀ ਇੰਦਰਬੀਰ ਸਿੰਘ ਨਿੱਝਰ ਨੇ ਦਾਅਵਾ ਕੀਤਾ ਕਿ ‘ ਬਠਿੰਡਾ ਨਿਵੇਕਲੀਆਂ ਤੇ ਕ੍ਰਾਂਤੀਕਾਰੀ ਤਬਦੀਲੀਆਂ ਕਰਨ ਚ ਮੋਹਰੀ ਭੂਮਿਕਾ ਅਦਾ ਕਰ ਰਿਹਾ ਹੈ। ’’ ਪ੍ਰੋਗਰਾਮ ਤੋਂ ਬਾਅਦ ਮੰਤਰੀ ਸ: ਨਿੱਝਰ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਨਗਰ ਨਿਗਮ ਵੱਲੋਂ ਆਨਲਾਈਨ ਐਡਵਰਟਾਈਜਮੈਂਟ ਪੋਰਟਲ ਪਾਲਿਸੀ ਨੂੰ ਲਾਂਚ ਕੀਤਾ ਅਤੇ ਸੂਬੇ ਦੀ ਇਸ ਨਿਵੇਕਲੀ ਪਹਿਲ ਕਦਮੀ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਇਸ ਪਾਲਿਸੀ ਨੂੰ ਸੂਬੇ ਦੇ ਹੋਰਨਾਂ ਸ਼ਹਿਰਾਂ ਵਿੱਚ ਵੀ ਲਾਗੂ ਕੀਤਾ ਜਾਵੇਗਾ। ਇਸ ਮੌਕੇ ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸੂਬਾ ਸਰਕਾਰ ਵੱਲੋਂ ਪੇਸ਼ ਕੀਤਾ ਜਾਣ ਵਾਲਾ ਬਜਟ ਆਮ ਲੋਕਾਂ ਦੀਆਂ ਸਹੂਲਤਾਂ ਤੇ ਲੋੜਾਂ ਨੂੰ ਮੁੱਖ ਰੱਖ ਕੇ ਪੇਸ਼ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸਰਕਾਰ ਨਵੀਂ ਯੋਜਨਾ ਲਿਆ ਰਹੀ ਹੈ ਜਿਸ ਤਹਿਤ 500 ਗਜ ਤੋਂ ਘੱਟ ਵਾਲੀ ਜਗਾ ਲਈ ਨਕਸ਼ਾ ਬਾਹਰੋਂ ਬਣਾ ਕੇ ਪਾਸ ਕਰਵਾਉਣ ਦੀ ਜ਼ਰੂਰਤ ਨਹੀਂ ਹੋਵੇਗੀ। ਉਨ੍ਹਾਂ ਇੱਕ ਹੋਰ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਸੂਬੇ ਦੀ ਅਮਨ ਸ਼ਾਂਤੀ ਤੇ ਮਾਹੌਲ ਖ਼ਰਾਬ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ ਕਿਸੇ ਵੀ ਕੀਮਤ ਤੇ ਬਖ਼ਸਿਆ ਨਹੀਂ ਜਾਵੇਗਾ। ਉਨ੍ਹਾਂ ਹੋਰ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਸੂਬਾ ਸਰਕਾਰ ਭ੍ਰਿਸ਼ਟਾਚਾਰ ਖਿਲਾਫ਼ ਜ਼ੀਰੋ ਟਾਰਲੈਂਸ ਦੀ ਨੀਤੀ ਤਹਿਤ ਕੰਮ ਕਰ ਰਹੀ ਹੈ। ਇਸ ਤੋਂ ਪਹਿਲਾਂ ਬਠਿੰਡਾ ਸ਼ਹਿਰੀ ਵਿਧਾਇਕ ਸ. ਜਗਰੂਪ ਸਿੰਘ ਗਿੱਲ ਨੇ ਬਠਿੰਡਾ ਸ਼ਹਿਰ ਦੀ ਸੁੰਦਰਤਾ ਤੇ ਵਿਕਾਸ ਕਾਰਜਾਂ ਨੂੰ ਲੈ ਕੇ ਕੀਤੇ ਜਾ ਰਹੇ ਵੱਖ-ਵੱਖ ਤਰ੍ਹਾਂ ਦੇ ਕਾਰਜਾਂ ਸਬੰਧੀ ਚਾਨਣਾ ਪਾਉਂਦਿਆਂ ਦੱਸਿਆ ਕਿ ਸਥਾਨਕ ਨਹਿਰ ਦੇ ਨਾਲ-ਨਾਲ 3 ਕਿਲੋਮੀਟਰ ਦੀ ਲੰਬਾਈ ਵਾਲਾ ਆਧੁਨਿਕ ਸਹੂਲਤਾਂ ਤੇ ਹਰਿਆਲੀ ਭਰਪੂਰ ਪਾਰਕ ਬਣਾਇਆ ਜਾ ਰਿਹਾ ਹੈ। ਇਸੇ ਤਰ੍ਹਾਂ ਹੀ ਸ਼ਹਿਰ ਚ ਪ੍ਰਵੇਸ਼ ਹੋਣ ਵਾਲੇ ਮੁੱਖ ਮਾਰਗਾਂ ਅਤੇ ਸ਼ਹਿਰ ਦੀ ਸੁੰਦਰਤਾ ਵਧਾਉਣ ਲਈ ਫੁੱਲਦਾਰ ਬੂਟੇ ਵੀ ਲਗਾਏ ਜਾਣਗੇ। ਇਸਤੋਂ ਇਲਾਵਾ ਉਨ੍ਹਾਂ ਇਹ ਵੀ ਦਸਿਆ ਕਿ ਸ਼ਹਿਰਾਂ ਦੀ ਸੁੰਦਰਤਾ ਵਧਾਉਣ ਲਈ ਇਸਦੇ ਅੰਦਰ ਆਉਣ ਵਾਲੇ ਮੁੱਖ ਮਾਰਗਾਂ ’ਤੇ ਫੁੱਲਾਂ ਵਾਲੇ ਬੂਟੇ ਤੇ ਬੇਲਾਂ ਲਗਾਈਆਂ ਜਾਣਗੀਆਂ। ਇਸੇ ਤਰ੍ਹਾਂ ਮੰਤਰੀ ਨੇ ਸਾਫ਼ ਸਫ਼ਾਈ ਦੀ ਮੁਹਿੰਮ ਨੂੰ ਪ੍ਰਭਾਵਸ਼ਾਲੀ ਬਣਾਉਣ ਲਈ ਕਿਊ ਆਰ ਕੋਡ ਨਾਲ ਟੈਗ ਇੱਕ ਐਪ ਵੀ ਬਣਾਉਣ ਬਾਰੇ ਦਸਿਆ ਹੈ ਜਿਸਦੇ ਨਾਲ ਨਾ ਸਿਰਫ਼ ਲੋਕਾਂ ਨੂੰ ਉਨ੍ਹਾਂ ਦੇ ਘਰੋਂ ਪਤੀ ਦਿਨ ਚੁੱਕੇ ਜਾਣ ਵਾਲੇ ਕੂੜੇ ਬਾਰੇ ਜਾਣਕਾਰੀ ਮਿਲੇਗੀ, ਬਲਕਿ ਸਫ਼ਾਈ ਸੇਵਕ ਵੀ ਮੌਕੇ ’ਤੇ ਜਾ ਕੇ ਅਪਣੀਆਂ ਫ਼ੋਟੋ ਐਪ ਨਾਲ ਟੈਗ ਕਰਨਗੇ। ਸ਼ਹਿਰਾਂ ਵਿਚ ਬਣ ਰਹੀਆਂ ਨਜ਼ਾਇਜ਼ ਇਮਾਰਤਾਂ ਵਿਰੁਧ ਕਾਰਵਾਈ ਕਰਨ ਲਈ ਨਿਗਮ ਅਧਿਕਾਰੀਆਂ ਨੂੰ ਹਿਦਾਇਤਾਂ ਕਰਦਿਆਂ ਮੰਤਰੀ ਨੇ ਕਿਹਾ ਕਿ ਅਜਿਹਾ ਕਰਨ ਵਾਲਿਆਂ ਨੂੰ ਬਖਸਿਆਂ ਨਹੀਂ ਜਾਣਾ ਚਾਹੀਦਾ ਹੈ। ਇਸ ਦੌਰਾਨ ਕੈਬਨਿਟ ਮੰਤਰੀ ਸ੍ਰੀ ਨਿੱਜਰ ਵੱਲੋਂ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਵਿਕਾਸ ਕਾਰਜਾਂ ਨੂੰ ਲੈ ਕੇ ਮੀਟਿੰਗ ਕਰਦਿਆਂ ਸ਼ਹਿਰ ਅੰਦਰ ਟਰੈਫ਼ਿਕ, ਅਵਾਰਾ ਪਸ਼ੂਆਂ ਦੀ ਸਮੱਸਿਆ ਨੂੰ ਦੇਖਦੇ ਹੋਏ ਢੁਕਵੇਂ ਪ੍ਰਬੰਧ ਕਰਨ, ਸ਼ਹਿਰ ਅੰਦਰ ਪ੍ਰੈਸ਼ਰਾਂ ਹਾਰਨਾਂ ਦੀ ਵਰਤੋਂ ਸਖ਼ਤੀ ਨਾਲ ਰੋਕਣ ਅਤੇ ਹਰ ਤਰ੍ਹਾਂ ਦੀਆਂ ਗੈਰਕਾਨੂੰਨੀ ਉਸਾਰੀਆਂ ਖਿਲਾਫ਼ ਸਖ਼ਤ ਕਦਮ ਚੁੱਕਣ ਲਈ ਵੀ ਅਧਿਕਾਰੀਆਂ ਨੂੰ ਆਦੇਸ਼ ਦਿੱਤੇ। ਇਸ ਮੌਕੇ ਬਠਿੰਡਾ ਸ਼ਹਿਰੀ ਦੇ ਵਿਧਾਇਕ ਸ. ਜਗਰੂਪ ਸਿੰਘ ਗਿੱਲ, ਮੌੜ ਹਲਕੇ ਤੋਂ ਵਿਧਾਇਕ ਸ. ਸੁਖਵੀਰ ਸਿੰਘ ਮਾਈਸਰਖਾਨਾ, ਜ਼ਿਲ੍ਹਾ ਯੋਜ਼ਨਾ ਕਮੇਟੀ ਦੇ ਚੈਅਰਮੇਨ ਸ੍ਰੀ ਅੰਮ੍ਰਿਤ ਲਾਲ ਅਗਰਵਾਲ, ਟਰੇਡ ਵਿੰਗ ਦੇ ਸੂਬਾ ਪ੍ਰਧਾਨ ਅਨਿੱਲ ਠਾਕੁਰ, ਚੈਅਰਮੇਨ ਨੀਲ ਗਰਗ, ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ, ਜ਼ਿਲ੍ਹਾ ਪੁਲਿਸ ਮੁਖੀ ਗੁਲਨੀਤ ਸਿੰਘ ਖੁਰਾਣਾ, ਕਮਿਸ਼ਨਰ ਨਗਰ ਨਿਗਮ ਸ਼੍ਰੀ ਰਾਹੁਲ, ਦਵਾਰਕਾ ਦਾਸ ਟਰਸਟ ਦੇ ਚੈਅਰਮੇਨ ਸ੍ਰੀ ਰਾਜਿੰਦਰ ਮਿੱਤਲ, ਏਡੀਸੀ ਜਨਰਲ ਮੈਡਮ ਪਲਵੀ ਚੌਧਰੀ, ਮੇਅਰ ਨਗਰ ਨਿਗਮ ਸ੍ਰੀਮਤੀ ਰਮਨ ਗੋਇਲ, ਕੌਂਸਲਰ ਸੁਖਦੀਪ ਸਿੰਘ ਢਿੱਲੋਂ, ਜ਼ਿਲ੍ਹਾ ਯੂਥ ਪ੍ਰਧਾਨ ਅਮਰਦੀਪ ਰਾਜਨ ਆਦਿ ਹਾਜ਼ਰ ਸਨ।
ਰਿਸ਼ਵਤ ਕਾਂਡ: ਅਦਾਲਤ ਨੇ ਵਿਧਾਇਕ ਅਮਿਤ ਰਤਨ ਨੂੰ ਪਟਿਆਲਾ ਜੇਲ੍ਹ ’ਚ ਭੇਜਿਆ
ਵਿਧਾਇਕ ਦੇ ਵਕੀਲ ਨੇ ਬਠਿੰਡਾ ਜੇਲ੍ਹ ’ਚ ਬੰਦ ਗੈਗਸਟਰਾਂ ਤੋਂ ਜਤਾਇਆ ਸੀ ਖ਼ਤਰਾ
ਸੁਖਜਿੰਦਰ ਮਾਨ
ਬਠਿੰਡਾ, 2 ਮਾਰਚ : ਲੰਘੀ 22 ਫ਼ਰਵਰੀ ਦੀ ਦੇਰ ਰਾਤ ਨੂੰ ਚਾਰ ਲੱਖ ਦੀ ਰਿਸ਼ਵਤ ਕਾਂਡ ’ਚ ਰਾਜਪੁਰਾ ਤੋਂ ਗ੍ਰਿਫਤਾਰ ਕੀਤੇ ਗਏ ਵਿਧਾਇਕ ਅਮਿਤ ਰਤਨ ਨੂੰ ਰਿਮਾਂਡ ਖ਼ਤਮ ਹੋਣ ਤੋਂ ਬਾਅਦ ਵਿਜੀਲੈਂਸ ਨੇ ਅੱਜ ਮੁੜ ਅਦਾਲਤ ਵਿਚ ਪੇਸ਼ ਕੀਤਾ, ਜਿੱਥੇ ਮੈਡਮ ਦਲਜੀਤ ਕੌਰ ਦੀ ਅਦਾਲਤ ਨੇ ਵਿਧਾਇਕ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ ਤਹਿਤ ਪਟਿਆਲਾ ਦੀ ਕੇਂਦਰੀ ਜੇਲ੍ਹ ਵਿਚ ਭੇਜ ਦਿੱਤਾ। ਵੱਡੀ ਗੱਲ ਇਹ ਵੀ ਸੀ ਕਿ ਵਿਜੀਲੈਂਸ ਵਲੋਂ ਲਗਾਤਾਰ ਅੱਠ ਦਿਨਾਂ ਦੀ ਪੁਛਗਿਛ ਤੋਂ ਬਾਅਦ ਅੱਜ ਮੁੜ ਪੇਸ਼ੀ ਦੌਰਾਨ ਖੁਦ ਹੀ ਪੁਲਿਸ ਰਿਮਾਂਡ ਦੀ ਮੰਗ ਨਹੀਂ ਕੀਤੀ, ਜਿਸਦੇ ਚੱਲਦੇ ਵਿਧਾਇਕ ਨੂੰ ਜੇਲ੍ਹ ਭੇਜਿਆ ਜਾਣਾ ਤੈਅ ਸੀ। ਉਧਰ ਵਿਧਾਇਕ ਅਮਿਤ ਰਤਨ ਦੇ ਵਕੀਲ ਹਰਪਿੰਦਰ ਸਿੰਘ ਸਿੱਧੂ ਨੇ ਅਦਾਲਤ ਅੱਗੇ ਅਪਣੇ ਮੁਵੱਕਲ ਨੂੰ ਬਠਿੰਡਾ ਦੀ ਕੇਂਦਰੀ ਜੇਲ੍ਹ ਦੀ ਬਜਾਏ ਪਟਿਆਲਾ ਜੇਲ੍ਹ ਵਿਚ ਭੇਜਣ ਦੀ ਮੰਗ ਕੀਤੀ । ਇਸਦੇ ਪਿੱਛੇ ਉਨ੍ਹਾਂ ਤਰਕ ਦਿੱਤਾ ਕਿ ਬਠਿੰਡਾ ਜੇਲ੍ਹ ਅੰਦਰ ਪੰਜ ਦਰਜ਼ਨ ਤੋਂ ਵੱਧ ਖ਼ਤਰਨਾਕ ਗੈਗਸਟਰ ਬੰਦ ਹਨ, ਜਿੰਨ੍ਹਾਂ ਕੋਲੋ ਵਿਧਾਇਕ ਦੀ ਜਾਨ ਨੂੰ ਖ਼ਤਰਾ ਪੈਦਾ ਹੋ ਸਕਦਾ ਹੈ। ਅਜਿਕਰ ਕਰਨਾ ਬਣਦਾ ਹੈ ਕਿ ਬਠਿੰਡਾ ਦਿਹਾਤੀ ਹਲਕੇ ਅਧੀਨ ਆਉਂਦੇ ਪਿੰਡ ਘੁੱਦਾ ਦੇ ਸਰਪੰਚ ਸੀਮਾ ਰਾਣੀ ਦੇ ਪਤੀ ਪ੍ਰਿਤਪਾਲ ਕਾਕਾ ਕੋਲੋ ਪਿੰਡ ਦੇ ਵਿਕਾਸ ਕਾਰਜ਼ਾਂ ਲਈ ਆਈ ਰਾਸ਼ੀ ਨੂੰ ਰਿਲੀਜ ਕਰਵਾਉਣ ਬਦਲੇ ਵਿਧਾਇਕ ਦੇ ਕਥਿਤ ਪੀਏ ਰਿਸ਼ਮ ਗਰਗ ਵਲੋਂ ਪੰਜ ਲੱਖ ਰੁਪਏ ਦੀ ਰਾਸ਼ੀ ਮੰਗੀ ਗਈ ਸੀ, ਜਿਸ ਵਿਚੋਂ 4 ਲੱਖ ਰੁਪਏ ਲੈਂਦੇ ਹੋਏ ਬਠਿੰਡਾ ਦੇ ਸਰਕਟ ਹਾਊਸ ਵਿਚੋਂ ਰਿਸਮ ਨੂੰ ਗ੍ਰਿਫਤਾਰ ਕਰ ਲਿਆ ਸੀ। ਇਸ ਮੌਕੇ ਵਿਧਾਇਕ ਅਮਿਤ ਰਤਨ ਵੀ ਮੌਜੂਦ ਸਨ ਪ੍ਰੰਤੂ ਵਿਜੀਲੈਂਸ ਨੇ ਪੜਤਾਲ ਤੋਂ ਬਾਅਦ 21 ਫ਼ਰਵਰੀ ਨੂੰ ਭ੍ਰਿਸਟਾਚਾਰ ਅਤੇ 120ਬੀ ਆਈ.ਪੀ.ਸੀ ਤਹਿਤ ਵਿਧਾਇਕ ਨੂੰ ਨਾਮਜਦ ਕਰਕੇ 22 ਫ਼ਰਵਰੀ ਨੂੰ ਗ੍ਰਿਫਤਾਰ ਕਰ ਲਿਆ ਸੀ, ਜਿਸਤੋਂ ਬਾਅਦ ਵਿਧਾਇਕ ਵਿਜੀਲੈਂਸ ਕੋਲ ਰਿਮਾਂਡ ’ਤੇ ਚੱਲਿਆ ਆ ਰਿਹਾ ਹੈ। ਸੂਤਰਾਂ ਮੁਤਾਬਕ ਇਸ ਪੁਛਗਿਛ ਦੌਰਾਨ ਵਿਜੀਲੈਂਸ ਹੱਥ ਕਾਫ਼ੀ ਅਹਿਮ ਸੁਰਾਗ ਲੱਗੇ ਹਨ। ਦੂਜੇ ਪਾਸੇ ਵਿਧਾਇਕ ਅਮਿਤ ਰਤਨ ਦੇ ਵਕੀਲ ਹਰਪਿੰਦਰ ਸਿੰਘ ਸਿੱਧੂ ਦਾ ਕਹਿਣਾ ਹੈ ਕਿ ਪੁਲਿਸ ਰਿਮਾਂਡ ਦੌਰਾਨ ਵਿਜੀਲੈਂਸ ਵਿਧਾਇਕ ਕੋਲੋਂ ਕੋਈ ਬਰਾਮਦਗੀ ਨਹੀਂ ਕਰਵਾ ਸਕੀ। ਉਨ੍ਹਾਂ ਦਾਅਵਾ ਕੀਤਾ ਕਿ ਵਿਧਾਇਕ ਵੱਲੋਂ ਚੋਣ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਿਕ 2017 ਅਤੇ 2022 ਵਿਚ ਚੋਣਾਂ ਮੌਕੇ ਆਪਣੀ ਜਾਇਦਾਦ ਦਾ ਵੇਰਵਾ ਦਿੱਤਾ ਸੀ ਅਤੇ ਬਾਅਦ ਵਿਚ ਕੋਈ ਨਵੀਂ ਜਾਇਦਾਦ ਨਹੀਂ ਬਣਾਈ ਗਈ ਅਤੇ ਨਾ ਹੀ ਰਿਸ਼ਵਤ ਦੀ ਮੰਗ ਕੀਤੀ ਗਈ ਸੀ।
ਕਾਂਗਰਸ ਵੱਲੋਂ ‘ਹੱਥ ਨਾਲ ਹੱਥ ਮਿਲਾ’ ਮੁਹਿੰਮ ਦਾ 4 ਮਾਰਚ ਨੂੰ ਕਾਂਗਰਸ ਭਵਨ ਤੋਂ ਹੋਵੇਗਾ ਆਗਾਜ਼ : ਰਾਜਨ ਗਰਗ
ਅਮ੍ਰਿਤਾ ਵੜਿੰਗ ਕਰਨਗੇ ਮੁਹਿੰਮ ਦੀ ਸ਼ੁਰੂਆਤ
ਸੁਖਜਿੰਦਰ ਮਾਨ
ਬਠਿੰਡਾ, 2 ਮਾਰਚ : ਕਾਂਗਰਸ ਪਾਰਟੀ ਵੱਲੋਂ ਆਉਂਦੀਆਂ ਲੋਕ ਸਭਾ ਚੋਣਾਂ ਲਈ ਸਰਗਰਮੀਆਂ ਤੇਜ਼ ਕਰਦੇ ਹੋਏ ਹਰ ਵੋਟਰ ਤੱਕ ਪਹੁੰਚ ਕਰਨ ਲਈ ਕਾਂਗਰਸੀ ਆਗੂ ਰਾਹੁਲ ਗਾਂਧੀ ਦੀ ਸੋਚ ਅਨੁਸਾਰ ਸ਼ੁਰੂ ਕੀਤੀ ਮੁਹਿੰਮ ‘ਹੱਥ ਨਾਲ ਹੱਥ ਮਿਲਾ‘ ਮੁਹਿੰਮ ਦਾ ਅਗਾਜ 4 ਮਾਰਚ ਨੂੰ ਸਥਾਨਕ ਕਾਂਗਰਸ ਭਵਨ ਤੋਂ ਕੀਤਾ ਜਾ ਰਿਹਾ ਹੈ। ਜਿਸਦੀ ਸ਼ੁਰੂਆਤ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਧਰਮ ਪਤਨੀ ਸ੍ਰੀਮਤੀ ਅਮ੍ਰਿਤਾ ਵੜਿੰਗ ਕਰਨਗੇ। ਇਸ ਸਬੰਧ ਵਿਚ ਅੱਜ ਤਿਆਰੀਆਂ ਲਈ ਜ਼ਿਲ੍ਹਾ ਪ੍ਰਧਾਨ ਸ਼ਹਿਰੀ ਰਾਜਨ ਗਰਗ ਦੀ ਅਗਵਾਈ ਹੇਠ ਕਾਂਗਰਸ ਲੀਡਰਸ਼ਿਪ ਦੀ ਅਹਿਮ ਮੀਟਿੰਗ ਹੋਈ ਜਿਸ ਵਿੱਚ ਕਾਂਗਰਸ ਦੀ ਸਮੂਹ ਲੀਡਰਸ਼ਿਪ ਵੱਖ-ਵੱਖ ਵਿੰਗਾਂ ਦੇ ਅਹੁਦੇਦਾਰ ਕੌਂਸਲਰ ਅਤੇ ਡੈਲੀਗੇਟ ਪੀਪੀਸੀਸੀ ਸਮੇਤ ਵਰਕਰ ਵੱਡੀ ਗਿਣਤੀ ਵਿੱਚ ਸ਼ਾਮਲ ਹੋਏ। ਇਸ ਮੌਕੇ ਐਡਵੋਕੇਟ ਰਾਜਨ ਗਰਗ ਨੇ ਕਿਹਾ ਕਿ ਲੋਕਾਂ ਨੂੰ ਕਾਂਗਰਸ ਨਾਲ ਜੋੜਣ ਲਈ ਸ਼ੁਰੂ ਕੀਤੀ ਜਾ ਰਹੀ ਇਹ ਮੁਹਿੰਮ ਵੱਖ ਵੱਖ ਬਜ਼ਾਰਾ ਵਿਚੋਂ ਹੁੰਦੀ ਹੋਈ ਕਾਂਗਰਸ ਭਵਨ ਵਿਖੇ ਹੀ ਸਮਾਪਤ ਹੋਵੇਗੀ। ਇਸ ਮੌਕੇ ਉਨ੍ਹਾਂ ਸਮੂਹ ਕਾਂਗਰਸੀ ਵਰਕਰਾਂ ਨੂੰ ਵੱਧ ਤੋਂ ਵੱਧ ਸਮੂਲੀਅਤ ਕਰਨ ਲਈ ਕਿਹਾ। ਇਸ ਮੌਕੇ ਸਾਬਕਾ ਚੇਅਰਮੈਨ ਕੇ ਕੇ ਅਗਰਵਾਲ, ਸੀਨੀਅਰ ਡਿਪਟੀ ਮੇਅਰ ਅਸੋਕ ਕੁਮਾਰ, ਡਿਪਟੀ ਮੇਅਰ ਮਾਸਟਰ ਹਰਮੰਦਰ ਸਿੰਘ, ਅਰੁਣ ਵਧਾਵਨ ਨੇ ਕਿਹਾ ਕਿ ਕਾਂਗਰਸ ਪਾਰਟੀ ਲੋਕ ਹਿੱਤ ਵਿੱਚ ਸਹੀ ਕੰਮ ਕਰਨ ਵਾਲੀ ਪਾਰਟੀ ਹੈ ਜੋ ਦੇਸ਼ ਦੇ ਭਿਆਨਕ ਮੁੱਦਿਆਂ ਤੇ ਹਮੇਸ਼ਾਂ ਅਵਾਜ਼ ਉਠਾਉਂਦੀ ਰਹੀ ਹੈ ਅੱਜ ਦੇਸ਼ ਦੇ ਹਾਲਾਤ ਮਾੜੇ ਬਣ ਚੁੱਕੇ ਹਨ ਜਿਸ ਲਈ ਹਰ ਵੋਟਰ ਨੂੰ ਜਾਗਰੂਕ ਕੀਤਾ ਜਾਵੇਗਾ। ਉਨ੍ਹਾਂ ਕੇਂਦਰ ਸਰਕਾਰ ਵੱਲੋਂ ਘਰੇਲੂ ਅਤੇ ਵਪਾਰਕ ਸਲੰਡਰ ਦੀ ਕੀਮਤ ਵਿੱਚ ਕੀਤੇ ਗਏ ਬੇਤਹਾਸ਼ਾ ਵਾਧੇ ਦੀ ਨਿੰਦਾ ਕਰਦੇ ਹੋਏ ਕਿਹਾ ਕਿ ਪ੍ਰਧਾਨ ਮੰਤਰੀ ਦੇ ਅੱਛੇ ਦਿਨ ਲਿਆਉਣ ਵਾਲੀ ਸੋਚ ਨੇ ਦੇਸ ਨੂੰ ਬਰਬਾਦ ਕਰਕੇ ਰੱਖ ਦਿੱਤਾ ਹੈ। ਇਸ ਮੌਕੇ ਬਲਜਿੰਦਰ ਸਿੰਘ ਠੇਕੇਦਾਰ, ਬਲਰਾਜ ਪੱਕਾ, ਹਰਵਿੰਦਰ ਲੱਡੂ, ਕਿਰਨਜੀਤ ਗਹਿਰੀ, ਮਲਕੀਤ ਗਿੱਲ ਅਤੇ ਰੁਪਿੰਦਰ ਬਿੰਦਰਾ ਜਰਨਲ ਸਕੱਤਰ, ਕਮਲੇਸ਼ ਮਹਿਰਾ, ਮਮਤਾ ਰਾਣੀ ,ਵਿਕਰਮ ਕ੍ਰਾਂਤੀ ਬਿਪਨ ਮਿੱਤੂ, ਗੁਰਪ੍ਰੀਤ ਬੰਟੀ ,ਸੁਰੇਸ਼ ਚੌਹਾਨ, ਵਿਨੋਦ ਸੈਣੀ ਜਸਵੀਰ ਸਿੰਘ ਜੱਸਾ, ਸੁਖਦੇਵ ਸਿੰਘ ਸੁੱਖਾ, ਸਾਧੂ ਸਿੰਘ ,ਚਰਣਜੀਤ ਭੋਲਾ, ਟਹਿਲ ਸਿੰਘ ਬੁੱਟਰ, ਉਮੇਸ਼ ਗੋਗੀ, ਹਿਤੇਸ਼, ਬਲਜੀਤ ਯੂਥ ਆਗੂ, ਯਾਦਵਿੰਦਰ ਬਾਹੀਆ,ਸੁਨੀਲ ਕੁਮਾਰ, ਸੰਜੈ ਚੌਹਾਨ,ਬੰਦ ਲਾਲ ਸਿੰਗਲਾ,ਬਲਦੇਵ ਅਕਲੀਆ,ਸ਼ੀਲਾ ਦੇਵੀ,ਹਰਮਨ ਕੋਟਫੱਟਾ, ਹਰਿੰਦਰ ਸਿੱਧੂ, ਗੁਰਬਿੰਦਰ ਚਹਲ, ਹਰਮੇਸ਼ ਰੋਸੀ ਪੱਕਾ,ਅਨੰਦ ਠਾਕੁਰ, ਦਪਿੰਦਰ ਮਿਸ਼ਰਾ, ਦੂਲੀ ਚੰਦ ਆਦਿ ਸਮੇਤ ਵੱਡੀ ਗਿਣਤੀ ਵਿੱਚ ਕਾਂਗਰਸੀ ਵਰਕਰ ਹਾਜ਼ਰ ਸਨ ।
ਮੰਤਰੀ ਨਿੱਝਰ ਨੇ ਮਿੱਤਲ ਗਰੁੱਪ ਵਲੋਂ ਉੜੀਆਂ ਕਾਲੋਨੀ ’ਚ ਨਵੇਂ ਬਣਾਏ 51 ਘਰਾਂ ਦੀਆਂ ਚਾਬੀਆਂ ਪਰਿਵਾਰਾਂ ਨੂੰ ਸੌਪੀਆਂ
ਬਾਕੀ ਰਹਿੰਦੇ ਪਰਿਵਾਰਾਂ ਲਈ ਵੀ ਜਲਦੀ ਹੀ ਘਰ ਤਿਆਰ ਕਰਕੇ ਦਿੱਤੇ ਜਾਣਗ:ਕੈਬਨਿਟ ਮੰਤਰੀ ਨਿੱਝਰ
ਭਵਿੱਖ ’ਚ ਵੀ ਸਮਾਜ ਸੇਵਾ ਦੇ ਕੰਮਾਂ ਨੂੰ ਇਥੇ ਤਰ੍ਹਾਂ ਜਾਰੀ ਰੱਖਿਆ ਜਾਵੇਗਾ:ਰਾਜਿੰਦਰ ਮਿੱਤਲ
ਸੁਖਜਿੰਦਰ ਮਾਨ
ਬਠਿੰਡਾ, 2 ਮਾਰਚ : ਸੂਬੇ ਦੇ ਊੱਘੇ ਉਦਯੋਗਪਤੀ ਸ਼੍ਰੀ ਰਜਿੰਦਰ ਮਿੱਤਲ ਵਲੋਂ ਅਪਣੀ ਮਾਤਾ ਦੀ ਇੱਛਾ ਨੂੰ ਪੂਰਾ ਕਰਦਿਆਂ ਅਪਣੇ ਸਵਰਗੀ ਪਿਤਾ ਦੀ ਯਾਦ ’ਚ ਬਣਾਏ ਦਵਾਰਕਾ ਦਾਸ ਮਿੱਤਲ ਚੈਰੀਟੇਬਲ ਟਰੱਸਟ ਵਲੋਂ ਬਠਿੰਡਾ ਦੀ ਉੜੀਆਂ ਕਾਲੋਨੀ ’ਚ ਨਵੇਂ ਬਣਾਏ ਗਏ 51 ਘਰਾਂ ਦੀਆਂ ਚਾਬੀਆਂ ਅਜ ਕੈਬਨਿਟ ਮੰਤਰੀ ਇੰਦਰਬੀਰ ਸਿੰਘ ਨਿੱਝਰ ਵਲੋਂ ਲੋੜਵੰਦ ਪਰਿਵਾਰਾਂ ਨੂੰ ਸੌਂਪੀਆਂ ਗਈਆਂ। ਵੱਡੀ ਗੱਲ ਇਹ ਹੈ ਕਿ ਮਿੱਤਲ ਵਲੋਂ ਕਰੋੜਾਂ ਰੁੂਪਏ ਅਪਣੇ ਕੋਲੋ ਖ਼ਰਚ ਕੇ ਇਹ ਘਰ ਬਣਾਉਣ ਤੋਂ ਬਾਅਦ ਲੋੜਵੰਦ ਪ੍ਰਵਾਰਾਂ ਦੀ ਖੋਜ ਦੀ ਜਿੰਮੇਵਾਰੀ ਨਗਰ ਨਿਗਮ ਬਠਿੰਡਾ ਨੂੰ ਸੌਂਪ ਦਿੱਤੀ ਸੀ। ਜਿਸਦੇ ਚੱਲਦੇ ਅੱਜ ਨਹਿਰ ਦੇ ਕੰਢੇ ਇਹ ਸਮਾਗਮ ਵੀ ਨਗਰ ਨਿਗਮ ਵਲੋਂ ਕਰਵਾਇਆ ਗਿਆ, ਜਿੱਥੇ ਸਥਾਨਕ ਸਰਕਾਰਾਂ ਵਿਭਾਗ ਦੇ ਕੈਬਨਿਟ ਮੰਤਰੀ ਇੰਦਰਬੀਰ ਸਿੰਘ ਨਿੱਝਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਜਦੋਂ ਕਿ ਸਮਾਗਮ ’ਚ ਮਿੱਤਲ ਗਰੁੱਪ ਦੇ ਮੈਨੇਜਿੰਗ ਡਾਇਰੈਕਟਰ ਰਾਜਿੰਦਰ ਮਿੱਤਲ ਹੋਰਾਂ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਬਠਿੰਡਾ ਸ਼ਹਿਰੀ ਹਲਕੇ ਦੇ ਵਿਧਾਇਕ ਜਗਰੂਪ ਸਿੰਘ ਗਿੱਲ, ਹਲਕਾ ਮੋੜ ਤੋਂ ਵਿਧਾਇਕ ਸੁਖਬੀਰ ਸਿੰਘ ਮਾਇਸਰਖਾਨਾ ਤੋਂ ਇਲਾਵਾ ਨਗਰ ਨਿਗਮ ਦੇ ਮੇਅਰ ਸ਼੍ਰੀਮਤੀ ਰਮਨ ਗੋਇਲ, ਡਿਪਟੀ ਕਮਿਸ਼ਨਰ ਬਠਿੰਡਾ ਸੌਕਤ ਅਹਿਮਦ ਪਰੇ, ਜ਼ਿਲ੍ਹਾ ਪੁਲਿਸ ਮੁਖੀ ਗੁਲਨੀਤ ਸਿੰਘ ਖੁਰਾਣਾ ਤੋਂ ਇਲਾਵਾ ਕਮਿਸ਼ਨਰ ਨਗਰ ਨਿਗਮ ਰਾਹੁਲ ਆਦਿ ਹਾਜ਼ਰ ਰਹੇ। ਸਮਗਾਮ ’ਚ ਬੋਲਦਿਆ ਮੁੱਖ ਮਹਿਮਾਨ ਕੈਬਨਿਟ ਮੰਤਰੀ ਇੰਦਰਬੀਰ ਸਿੰਘ ਨਿਝੱਰ ਨੇ ਮਿੱਤਲ ਗਰੁੱਪ ਦੀ ਇਸ ਪਹਿਲਕਦਮੀ ’ਤੇ ਖ਼ੁਸੀ ਜਤਾਉਂਦਿਆਂ ਕਿਹਾ ਕਿ ਹੋਰ ਲੋਕਾਂ ਨੂੰ ਵੀ ਉਦਯੋਗਪਤੀ ਰਾਜਿੰਦਰ ਮਿੱਤਲ ਦੇ ਇਸ ਕਾਰਜ ਤੋਂ ਸਬਕ ਲੈਂਦੇ ਹੋਏ ਸਮਾਜ ਸੇਵਾ ਦੇ ਖੇਤਰ ’ਚ ਵੱਧ ਚੜ੍ਹ ਦੇ ਹਿੱਸਾ ਲੈਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਇਸ ਉੜੀਆਂ ਕਾਲੋਨੀ ’ਚ ਜਲਦੀ ਹੀ ਇਕ ਸਕੂਲ ਅਤੇ ਸਿਹਤ ਕੇਂਦਰ ਬਣਾਏ ਜਾਣਗੇ। ਇਸਦੇ ਨਾਲ ਹੀ ਉਨ੍ਹਾਂ ਐਲਾਨ ਕੀਤਾ ਕਿ ਇਸ ਕਲੌਨੀ ਵਿਚ ਰਹਿੰਦੇ 129 ਹੋਰ ਪਰਿਵਾਰਾਂ ਲਈ ਵੀ ਦਵਾਰਕਾ ਦਾਸ ਮਿੱਤਲ ਚੈਰੀਟੇਬਲ ਟਰੱਸਟ ਨਾਲ ਮਿਲਕੇ ਜਲਦੀ ਹੀ ਘਰ ਬਣਾਉਣ ਦੀ ਯੋਜਨਾ ਤਿਆਰ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇੱਥੇ ਕਲੋਨੀ ਵਿੱਚ ਸੀਵਰੇਜ, ਵਾਟਰ ਸਪਲਾਈ, ਲਾਈਟਾਂ, ਫੁੱਟਪਾਥ ਆਦਿ ਸਾਰਾ ਬੁਨਿਆਦੀ ਢਾਂਚਾ ਮੁਹੱਈਆ ਕਰਵਾਇਆ ਗਿਆ ਹੈ ਅਤੇ ਬੱਚਿਆਂ ਦੀ ਪੜ੍ਹਾਈ ਲਈ ਸਕੂਲ ਅਤੇ ਸਿਹਤ ਸਹੂਲਤਾਂ ਲਈ ਆਮ ਆਦਮੀ ਕਲੀਨਿਕ ਵੀ ਜਲਦ ਖੋਲ੍ਹੇ ਜਾਣਗੇ। ਉਨ੍ਹਾਂ ਇੱਥੇ ਰਹਿ ਰਹੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਪੜਾਉਣ ਕਿਉਂਕਿ ਉਹ ਪੜ੍ਹਾਈ ਨਾਲ ਹੀ ਗਰੀਬੀ ਨੂੰ ਖਤਮ ਕਰ ਸਕਦੇ ਹਨ।ਇਸ ਮੌਕੇ ਬੋਲਦਿਆ ਮਿੱਤਲ ਗਰੁੱਪ ਦੇ ਮੈਨੈਜਿੰਗ ਡਾਇਰੈਕਟਰ ਰਾਜਿੰਦਰ ਮਿੱਤਲ ਨੇ ਦੱਸਿਆ ਕਿ ਉਨ੍ਹਾਂ ਦੀ ਸਵਰਗੀ ਮਾਤਾ ਜੀ ਦਾ ਸੁਪਨਾ ਸੀ ਕਿ ਉਹ ਆਪਣੇ ਪੋਤਰੇ ਕੁਸ਼ਲ ਮਿੱਤਲ ਦੇ ਵਿਆਹ ਦੀ ਖੁਸ਼ੀ ਮੌਕੇ ਬੇਘਰੇ ਲੋਕਾਂ ਲਈ ਘਰ ਬਣਾਉਣ ਦੀ ਹੱਲਾਸ਼ੇਰੀ ਦਿੱਤੀ ਸੀ। ਜਿਸਤੋਂ ਬਾਅਦ ਟਰੱਸਟ ਰਾਹੀ ਇਹ 51 ਘਰ ਲੋੜਵੰਦ ਪਰਿਵਾਰਾਂ ਲਈ ਬਣਾਕੇ ਗਏ ਹਨ। ਉਨ੍ਹਾਂ ਦੱਸਿਆ ਕਿ ਪ੍ਰਤੀ ਘਰ ਸਾਢੇ ਤਿੰਨ ਲੱਖ ਰੁਪਏ ਖਰਚਾ ਆਇਆ ਹੈ, ਜਿਹੜਾ ਖੁਦ ਟਰੱਸਟ ਵੱਲੋਂ ਖ਼ੁਦ ਕੀਤਾ ਗਿਆ ਹੈ। ਉਨ੍ਹਾਂ ਮੌਕੇ ’ਤੇ ਮੌਜੂਦ ਕੈਬਨਿਟ ਮੰਤਰੀ ਇੰਦਰਬੀਰ ਸਿੰਘ ਹੋਰਾਂ ਨੂੰ ਵੀ ਅਪੀਲ ਕੀਤੀ ਕਿ ਜਿਹੜੇ ਹੋਰ ਪਰਿਵਾਰ ਰਹਿ ਗਏ ਹਨ ਉਨ੍ਹਾਂ ਲਈ ਘਰ ਬਣਾਉਣ ਖਾਤਰ ਸਰਕਾਰ ਪ੍ਰਧਾਨ ਮੰਤਰੀ ਆਵਾਸ ਯੋਜਨਾ ਅਧੀਨ ਪ੍ਰਤੀ ਘਰ ਅੱਧੇ ਫੰਡ ਦਾ ਜੇਕਰ ਯੋਗਦਾਨ ਪਾਉਂਦੀ ਹੈ ਤਾਂ ਉਹ ਬਾਕੀ ਰਹਿੰੇਦੇ ਘਰਾਂ ਨੂੰ ਵੀ ਜਲਦੀ ਹੀ ਤਿਆਰ ਕਰਵਾ ਦੇਣਗੇ। ਉਨ੍ਹਾਂ ਦੱਸਿਆ ਕਿ ਗਰੁੱਪ ਵੱਲੋਂ ਸਮਾਜ ਸੇਵੀ ਕੰਮਾਂ ਨੂੰ ਅੰਜ਼ਾਮ ਦਿੱਤਾ ਜਾਂਦਾ ਹੈ ਅਤੇ ਇਸੇ ਤਹਿਤ ਏਮਜ਼ ਬਠਿੰਡਾ ਵਿਖੇ ਸੱਤ ਕਰੋੜ ਰੁਪਏ ਦੀ ਲਾਗਤ ਨਾਲ ਮਰੀਜ਼ਾ ਅਤੇ ਉਨ੍ਹਾਂ ਦੇ ਵਾਰਸਾਂ ਦੇ ਠਹਿਰਣ ਲਈ ਇਕ ਧਰਮਸ਼ਾਲਾ ਦਾ ਵੀ ਨਿਰਮਾਣ ਕਰਵਾਇਆ ਜਾ ਰਿਹਾ ਹੈ। ਹਲਕਾ ਵਿਧਾਇਕ ਜਗਰੂਪ ਸਿੰਘ ਗਿੱਲ ਨੇ ਇਸ ਉਪਰਾਲੇ ਲਈ ਉਦਯੋਗਪਤੀ ਰਾਜਿੰਦਰ ਮਿੱਤਲ ਦਾ ਧੰਨਵਾਦ ਕੀਤਾ ਅਤੇ ਉਨ੍ਹਾਂ ਉੜੀਆਂ ਕਾਲੋਨੀ ਅਤੇ ਹੋਰ ਸ਼ਹਿਰ ’ਚ ਜਿਹੜੇ ਨਵੇਂ ਵਿਕਾਸ ਕਾਰਜ ਹੋ ਰਹੇ ਹਨ ਉਨ੍ਹਾਂ ਪ੍ਰਤੀ ਲੋਕਾਂ ਨੂੰ ਜਾਣੂੰ ਕਰਵਾਇਆ। ਨਗਰ ਨਿਗਮ ਦੇ ਕਮਿਸ਼ਨਰ ਰਾਹੁਲ ਸਿੰਧੂ ਵੱਲੋਂ ਸਾਰੇ ਪਹੁੰਚੇ ਹੋਏ ਮਹਿਮਾਨਾਂ ਅਤੇ ਹੋਰ ਲੋਕਾਂ ਦੇ ਸਮਾਗਮ ’ਚ ਸ਼ਾਮਲ ਹੋਣ ’ਤੇ ਧੰਨਵਾਦ ਕੀਤਾ।




