ਸਿਖਲਾਈ ਲੈ ਰਹੇ ਪਟਵਾਰੀਆਂ ਨੂੰ ਆਪਣਾ ਕੰਮ ਰੁਚੀ ਨਾਲ ਸਿੱਖਣ ਲਈ ਕੀਤਾ ਪ੍ਰੇਰਿਤ
ਸੁਖਜਿੰਦਰ ਮਾਨ
ਬਠਿੰਡਾ, 24 ਫ਼ਰਵਰੀ : ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਵਲੋਂ ਸਥਾਨਕ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਟੀਵਰਸਿਟੀ (ਐਮਆਰਐਸਪੀਟੀਯੂ) ਵਿਖੇ ਚੱਲ ਰਹੇ ਪਟਵਾਰ ਸਿਖਲਾਈ ਸਕੂਲ ਦਾ ਦੌਰਾ ਕਰਕੇ ਨਿਰੀਖਣ ਕੀਤਾ ਗਿਆ। ਇਸ ਮੌਕੇ ਯੂਨੀਵਰਸਿਟੀ ਦੇ ਰਜਿਸਟਰਾਰ ਗੁਰਿੰਦਰ ਪਾਲ ਸਿੰਘ ਬਰਾੜ ਤੇ ਪਟਵਾਰ ਸਕੂਲ ਦੇ ਪ੍ਰਿੰਸੀਪਲ ਗੁਰਮੇਲ ਸਿੰਘ ਆਦਿ ਉਨ੍ਹਾਂ ਦੇ ਨਾਲ ਮੌਜੂਦ ਰਹੇ।ਇਸ ਦੌਰਾਨ ਡਿਪਟੀ ਕਮਿਸ਼ਨਰ ਵਲੋਂ ਸਿਖਲਾਈ ਲੈ ਰਹੇ ਪਟਵਾਰੀਆਂ ਨੂੰ ਪਟਵਾਰ ਦਾ ਕੰਮ ਬਹੁਤ ਬਰੀਕੀ ਅਤੇ ਰੁਚੀ ਨਾਲ ਸਿੱਖਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਮਾਲ ਵਿਭਾਗ ਨਾਲ ਸਬੰਧਤ ਕੰਮਾਂ ਪ੍ਰਤੀ ਜਾਣੂ ਵੀ ਕਰਵਾਇਆ ਅਤੇ ਸਾਰੇ ਸਿਖਲਾਈ ਅਧੀਨ ਪਟਵਾਰੀਆਂ ਨੂੰ ਆਪਣਾ ਕੰਮ ਪੂਰੀ ਇਮਾਨਦਾਰੀ ਤੇ ਤਨਦੇਹੀ ਨਾਲ ਲੋਕਾਂ ਦੇ ਕੰਮ ਕਰਨ ਲਈ ਕਿਹਾ। ਇਸ ਮੌਕੇ ਪਟਵਾਰ ਸਕੂਲ ਦੇ ਪ੍ਰਿੰਸੀਪਲ ਗੁਰਮੇਲ ਸਿੰਘ ਵਲੋਂ ਪਟਵਾਰ ਸਿਖਲਾਈ ਸਕੂਲ ਦੀ ਹੁਣ ਤੱਕ ਦੀ ਪ੍ਰਗਤੀ ਰਿਪੋਰਟ ਪੇਸ਼ ਕੀਤੀ ਗਈ। ਇਸ ਦੌਰਾਨ ਉਨ੍ਹਾਂ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਨੂੰ ਰਾਜਾ ਟੋਡਰ ਮੱਲ ਦੀ ਯਾਦਗਾਰੀ ਤਸਵੀਰ ਭੇਂਟ ਕਰਕੇ ਸਨਮਾਨਿਤ ਵੀ ਕੀਤਾ।
ਡਿਪਟੀ ਕਮਿਸ਼ਨਰ ਨੇ ਐਮਆਰਐਸਪੀਟੀਯੂ ਵਿਖੇ ਚੱਲ ਰਹੇ ਪਟਵਾਰ ਸਿਖਲਾਈ ਸਕੂਲ ਦਾ ਕੀਤਾ ਦੌਰਾ
ਫੂਡ ਸਪਲਾਈ ਵਿਭਾਗ ਅਤੇ ਨਿਗਰਾਨ ਕਮੇਟੀਆਂ ਦੇ ਮੈਂਬਰਾਂ ਦੀ ਮੀਟਿੰਗ ਆਯੋਜਿਤ
ਕਣਕ ਦੀ ਵੰਡ ਸਬੰਧੀ ਹਦਾਇਤਾਂ ਬਾਰੇ ਕਰਵਾਇਆ ਜਾਣੂ
ਸੁਖਜਿੰਦਰ ਮਾਨ
ਬਠਿੰਡਾ, 24 ਫ਼ਰਵਰੀ : ਸਥਾਨਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਚ ਸ਼ਹਿਰ ਦੇ ਡਿਪੂਆਂ ਦੀਆਂ ਨਿਗਰਾਨ ਕਮੇਟੀਆਂ ਦੇ ਮੈਂਬਰਾਂ ਤੇ ਫੂਡ ਸਪਲਾਈ ਵਿਭਾਗ ਦੀ ਮੀਟਿੰਗ ਆਯੋਜਿਤ ਕੀਤੀ ਗਈ। ਬੈਠਕ ਦੌਰਾਨ ਜਿਸ ਵਿੱਚ ਜਿਲ੍ਹ ਯੋਜਨਾ ਕਮੇਟੀ ਦੇ ਚੇਅਰਮੈਨ ਸ਼੍ਰੀ ਅਮ੍ਰਿੰਤ ਲਾਲ ਅਗਰਵਾਲ ਅਤੇ ਨਿਗਰਾਨ ਕਮੇਟੀਆਂ ਦੇ ਮੈਂਬਰਾਂ ਦੇ ਨਾਲ ਫੂਡ ਸਪਲਾਈ ਵਿਭਾਗ ਵਲੋਂ ਜ਼ਿਲ੍ਹਾ ਖੁਰਾਕ ਤੇ ਸਪਲਾਈਜ਼ ਕੰਟਰੋਲਰ, ਸਹਾਇਕ ਖੁਰਾਕ ਤੇ ਸਪਲਾਈਜ ਅਫਸਰ ਅਤੇ ਸਬੰਧਤ ਨਿਰੀਖਕਾਂ ਵਲੋ ਭਾਗ ਲਿਆ ਗਿਆ। ਮੀਟਿੰਗ ਦੌਰਾਨ ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਸ਼੍ਰੀ ਅਮ੍ਰਿੰਤ ਲਾਲ ਅਗਰਵਾਲ ਵਲੋਂ ਰਾਸ਼ਨ ਦੀ ਵੰਡ ਦੇ ਕੰਮ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਲਈ ਨਿਗਰਾਨ ਕਮੇਟੀ ਦੇ ਮੈਂਬਰਾਂ ਨੂੰ ਸਬੰਧਤ ਨਿਰੀਖਕਾਂ ਅਤੇ ਸਹਾਇਕ ਖੁਰਾਕ ਤੇ ਸਪਲਾਈਜ਼ ਅਫਸਰ ਨਾਲ ਤਾਲਮੇਲ ਰੱਖਣ ਲਈ ਕਿਹਾ। ਇਸ ਮੌਕੇ ਜ਼ਿਲ੍ਹਾ ਖੁਰਾਕ ਤੇ ਸਪਲਾਈਜ ਕੰਟਰੋਲਰ ਸ. ਸਰਤਾਜ ਸਿੰਘ ਚੀਮਾ ਵਲੋਂ ਨਿਗਰਾਨ ਕਮੇਟੀ ਦੇ ਮੈਂਬਰਾਂ ਨੂੰ ਮੌਜੂਦਾ ਕਣਕ-ਰਾਸ਼ਨ ਆਦਿ ਦੀ ਵੰਡ ਸਬੰਧੀ ਜਾਣੂ ਕਰਵਾਇਆ ਗਿਆ।ਇਸ ਮੌਕੇ ਨਿਗਰਾਨ ਕਮੇਟੀ ਦੇ ਮੈਂਬਰਾਂ ਵਲੋਂ ਕਣਕ ਆਦਿ ਦੀ ਵੰਡ ਦੌਰਾਨ ਆ ਰਹੀਆਂ ਸਮੱਸਿਆਵਾਂ ਸਬੰਧੀ ਸੁਝਾਵਾਂ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨਿਗਰਨ ਕਮੇਟੀ ਦੇ ਮੈਂਬਰਾਂ ਵਲੋਂ ਕੀਤੇ ਜਾ ਰਹੇ ਕਾਰਜਾਂ ਨੂੰ ਇੱਕ ਸ਼ਲਾਘਾਯੋਗ ਕਦਮ ਦੱਸਿਆ।
ਗੁਰੂ ਗੋਬਿੰਦ ਸਿੰਘ ਰਿਫਾਇਨਰੀ ਵਿਖੇ ਲੱਗੀ ਅੱਗ, ਆਸਮਾਨ ’ਤੇ ਛਾਇਆ ਧੂੰਆਂ,ਜਾਨੀ ਨੁਕਸਾਨ ਤੋਂ ਹੋਇਆ ਬਚਾਅ
ਠੋਸ ਕੋਸ਼ਿਸ਼ਾਂ ਤੋਂ ਬਾਅਦ ਅੱਗ ਤੇ ਪਾਇਆ ਕਾਬੂ
ਸੁਖਜਿੰਦਰ ਮਾਨ
ਬਠਿੰਡਾ, 24 ਫਰਵਰੀ : ਜ਼ਿਲ੍ਹੇ ਦੇ ਕਸਬਾ ਰਾਮਾ ਮੰਡੀ ਨਜਦੀਕ ਸਥਿਤ ਗੁਰੂ ਗੋਬਿੰਦ ਸਿੰਘ ਰਿਫਾਇਨਰੀ ਵਿਖੇ ਪਟਾਕਾ ਯੂਨਿਟ ਦੇ ਕੁਇੰਚ ਆਇਲ ਪੰਪ ਨੂੰ ਤੇਲ ਲੀਕ ਹੋਣ ਕਾਰਨ ਅੱਗ ਲੱਗਣ ਦੀ ਸੂਚਨਾ ਮਿਲੀ ਹੈ। ਇਸ ਘਟਨਾ ਦੌਰਾਨ ਕਿਸੇ ਜਾਨੀ ਨੁਕਸਾਨ ਹੋਣ ਤੋਂ ਬਚਾਅ ਰਿਹਾ। ਅੱਗ ਲੱਗਣ ਦਾ ਪਤਾ ਚੱਲਦੇ ਹੀ ਐਚਐਮਈਐਲ ਦੀ ਐਮਰਜੈਂਸੀ ਟੀਮ ਨੇ ਮੌਕੇ ’ਤੇ ਪਹੁੰਚ ਕੇ ਅੱਗ ’ਤੇ ਕਾਬੂ ਪਾਉਣਾ ਸ਼ੁਰੂ ਕਰ ਦਿੱਤਾ। ਹਾਲਾਂਕਿ ਰਿਫ਼ਾਈਨਰੀ ਅਧਿਕਾਰੀਆਂ ਨੇ ਲੰਮੀ ਜਦੋ-ਜਹਿਦ ਤੋਂ ਬਾਅਦ ਅੱਗ ’ਤੇ ਕਾਬੂ ਪਾ ਲਿਆ ਪ੍ਰੰਤੂ ਇਸ ਦੌਰਾਨ ਆਸਮਾਨ ’ਤੇ ਧੂੰਏ ਦੇ ਕਾਲੇ ਬੱਦਲ ਛਾ ਗਏ। ਉਧਰ ਗੁਰੂ ਗੋਬਿੰਦ ਸਿੰਘ ਰਿਫਾਇਨਰੀ ਦੇ ਬੁਲਾਰੇ ਪੰਕਜ਼ ਵਿਨਾਇਕ ਨੇ ਇਸ ਘਟਨਾ ਦੀ ਪੁਸ਼ਟੀ ਕਰਦਿਆਂ ਦਸਿਆ ਕਿ ਇਸ ਘਟਨਾ ਦੀ ਸੂਚਨਾ ਤੁਰੰਤ ਜ਼ਿਲ੍ਹਾ ਪ੍ਰਸ਼ਾਸਨ ਅਤੇ ਹੋਰ ਸਬੰਧਤ ਅਧਿਕਾਰੀਆਂ ਨੂੰ ਦਿੱਤੀ ਗਈ। ਐਚਐਮਈਐਲ ਦੀ ਐਮਰਜੈਂਸੀ ਟੀਮ ਵਲੋਂ ਜਲਦ ਮੁਸਤੈਦੀ ਵਰਤਦਿਆਂ ਠੋਸ ਕੋਸ਼ਿਸ਼ਾਂ ਤੋਂ ਬਾਅਦ ਅੱਗ ਤੇ ਕਾਬੂ ਪਾ ਲਿਆ ਗਿਆ ਅਤੇ ਕਿਸੇ ਵੀ ਤਰ੍ਹਾਂ ਦੇ ਜਾਨੀ ਨੁਕਸਾਨ ਹੋਣ ਤੋਂ ਬਚਾਅ ਲਿਆ ਗਿਆ।ਬਲਾਰੇ ਅਨੁਸਾਰ ਡੁੱਲ੍ਹੇ ਤੇਲ ਨੇ ਸੰਘਣਾ ਧੂੰਆਂ ਪੈਦਾ ਕੀਤਾ। ਪ੍ਰਭਾਵਿਤ ਯੂਨਿਟ ਨੂੰ ਬੰਦ ਕਰ ਦਿੱਤਾ ਗਿਆ ਤੇ ਰੱਖ-ਰਖਾਅ ਟੀਮ ਬਹਾਲੀ ਦੇ ਕੰਮ ’ਤੇ ਕੰਮ ਕਰ ਰਹੀ ਹੈ। ਅੱਗ ਦਾ ਹੋਰ ਯੂਨਿਟਾਂ ’ਤੇ ਕੋਈ ਪ੍ਰਭਾਵ ਨਹੀਂ ਪਿਆ।
ਆਟਾ-ਦਾਲ ਕੱਟਣ ਵਿਰੁਧ ਕਾਂਗਰਸ ਨੇ ਸਰਕਾਰ ਵਿਰੁਧ ਖੋਲਿਆ ਮੋਰਚਾ
ਡੀਸੀ ਨੂੰ ਦਿੱਤਾ ਮੰਗ ਪੱਤਰ
ਸੁਖਜਿੰਦਰ ਮਾਨ
ਬਠਿੰਡਾ, 24 ਫਰਵਰੀ : ਪੰਜਾਬ ਸਰਕਾਰ ਵੱਲੋਂ ਸੂਬੇ ਭਰ ਵਿਚ ਆਟਾ ਦਾਲ ਕਾਰਡਾਂ ਦੀ ਕਰਵਾਈ ਜਾ ਰਹੀ ਜਾਂਚ ਦੌਰਾਨ ਬਠਿੰਡਾ ’ਚ ਹਜ਼ਾਰਾਂ ਕਾਰਡ ਕੱਟਣ ਦੇ ਵਿਰੁਧ ਮੋਰਚਾ ਖੋਲਦਿਆਂ ਕਾਂਗਰਸ ਪਾਰਟੀ ਨੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਮੰਗ ਪੱਤਰ ਦਿੱਤਾ ਹੈ। ਅੱਜ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਰਾਜਨ ਗਰਗ ਦੀ ਅਗਵਾਈ ਹੇਠ ਏਡੀਸੀ ਪੱਲਵੀ ਚੌਧਰੀ ਨੂੰ ਮੰਗ ਪੱਤਰ ਦੇਣ ਪੁੱਜੇ ਕਾਂਗਰਸੀ ਆਗੂਆਂ ਦੇ ਇੱਕ ਵਫ਼ਦ ਨੇ ਦੋਸ਼ ਲਗਾਇਆ ਕਿ ਸਰਕਾਰ ਨੇ ਪੜਤਾਲ ਦੇ ਨਾਂ ਹੇਠ ਹਜ਼ਾਰਾਂ ਯੋਗ ਕਾਰਡ ਕੱਟ ਦਿੱਤੇ ਹਨ, ਜਿਹੜੇ ਕਾਂਗਰਸ ਪਾਰਟੀ ਦੀ ਸਰਕਾਰ ਦੌਰਾਨ ਗਰੀਬਾਂ ਨੂੰ ਸਸਤਾ ਰਾਸ਼ਨ ਦੇਣ ਲਈ ਬਣਾਏ ਗਏ ਸਨ। ਕਾਂਗਰਸੀ ਆਗੂਆਂ ਨੇ ਪੜਤਾਲ ਦੇ ਤਰੀਕਿਆਂ ਉਪਰ ਹੀ ਸਵਾਲ ਖੜ੍ਹੇ ਕਰਦਿਆਂ ਕਿਹਾ ਕਿ ਦਫ਼ਤਰਾਂ ’ਚ ਬੈਠ ਕੇ ਸਰਕਾਰ ਦੀਆਂ ਹਿਦਾਇਤਾਂ ’ਤੇ ਹਜ਼ਾਰਾਂ ਕਾਰਡ ਕੱਟ ਦਿੱਤੇ ਗਏ ਹਨ। ਜਿਸਦੇ ਚੱਲਦੇ ਆਮ ਲੋਕਾਂ ਲਈ ਦਿੱਤੀਆਂ ਖੜੀਆਂ ਹੋ ਗਈਆਂ ਹਨ। ਜ਼ਿਲ੍ਹਾ ਪ੍ਰਧਾਨ ਰਾਜਨ ਗਰਗ ਨੇ ਦੋਸ਼ ਲਗਾਇਆ ਕਿ ਪੰਜਾਬ ਸਰਕਾਰ ਵਲੋਂ ਬਣਾਈਆਂ ਫੂਡ ਸਪਲਾਈ ਸਲਾਹਕਾਰ ਕਮੇਟੀਆਂ ਵਿਚ ਆਪਣੀ ਹੀ ਪਾਰਟੀ ਦੇ ਵਰਕਰਾਂ ਅਤੇ ਆਗੂਆਂ ਨੂੰ ਕਮੇਟੀ ਵਿਚ ਸ਼ਾਮਲ ਕਰਕੇ ਦੂਜੀਆਂ ਪਾਰਟੀਆਂ ਦੇ ਚੁਣੇ ਹੋਏ ਨੁਮਾਇੰਦਿਆਂ ਨੂੰ ਦਰਕਿਨਾਰ ਕਰ ਦਿੱਤਾ ਹੈ। ਇਸ ਮੌਕੇ ਉਨ੍ਹਾਂ ਇਹ ਵੀ ਮੰਗ ਕੀਤੀ ਕਿ ਪੰਜਾਬ ਸਰਕਾਰ ਫ਼ੂਡ ਸਪਲਾਈ ਦੇ ਅਧਿਕਾਰੀਆਂ ਨੂੰ ਘਰ-ਘਰ ਜਾ ਕੇ ਕੱਟੇ ਹੋਏ ਕਾਰਡਾਂ ਦੀ ਵੈਰੀਫਿਕੇਸ਼ਨ ਦਾ ਹੁਕਮ ਦੇਵੇ ਤਾਂ ਕਿ ਸਹੀ ਲੋਕਾਂ ਨੂੰ ਅਨਾਜ਼ ਮਿਲਦਾ ਰਹੇ। ਇਸ ਦੌਰਾਨ ਉਨ੍ਹਾਂ ਨਾਲ ਸੀਨੀਅਰ ਡਿਪਟੀ ਮੇਅਰ ਅਸ਼ੋਕ ਪ੍ਰਧਾਨ, ਬਲਾਕ ਪ੍ਰਧਾਨ ਹਰਵਿੰਦਰ ਲੱਡੂ, ਬਲਰਾਜ ਪੱਕਾ, ਟਹਿਲ ਸਿੰਘ ਬੁੱਟਰ, ਕੋਂਸਲਰ ਸੰਜੇ ਬਿਸਵਾਲ, ਸਾਧੂ ਸਿੰਘ, ਜਸਵੀਰ ਸਿੰਘ ਜੱਸਾ, ਜੁਗਰਾਜ ਸਿੰਘ ਆਦਿ ਹਾਜ਼ਰ ਸਨ।
ਸੂਬੇ ਦੇ ਸਮਾਜਿਕ-ਆਰਥਿਕ ਵਿਕਾਸ ਦੇ ਭਾਈਵਾਲ ਬਣੋ; ਮੁੱਖ ਮੰਤਰੀ ਦੀ ਸਨਅਤਕਾਰਾਂ ਨੂੰ ਅਪੀਲ
* ਉਦਯੋਗਪਤੀਆਂ ਦਾ ਸਵਾਗਤ ਕਰਦਿਆਂ ਸਭ ਤੋਂ ਬਿਹਤਰੀਨ ਥਾਂ ਉਤੇ ਨਿਵੇਸ਼ ਕਰਨ ਲਈ ਆਖਿਆ
* ਪੰਜਾਬ ਨੂੰ ਦੇਸ਼ ਦਾ ਉਦਯੋਗਿਕ ਹੱਬ ਬਣਾਉਣ ਦੀ ਵਚਨਬੱਧਤਾ ਦੁਹਰਾਈ
* ਆਉਣ ਵਾਲੇ ਪ੍ਰਾਜੈਕਟਾਂ ਵਿੱਚ ਸਥਾਨਕ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਦੀ ਕੀਤੀ ਵਕਾਲਤ
* ਦੋ ਦਿਨਾਂ ਪ੍ਰੋਗਰੈਸਿਵ ਪੰਜਾਬ ਸੰਮੇਲਨ ਦਾ ਪੰਜਵਾਂ ਐਡੀਸ਼ਨ ਧੂਮ-ਧਮਾਕੇ ਨਾਲ ਸ਼ੁਰੂ
ਸੁਖਜਿੰਦਰ ਮਾਨ
ਐਸ.ਏ.ਐਸ.ਨਗਰ (ਮੁਹਾਲੀ), 23 ਫਰਵਰੀ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਤਿੰਨ ਕਰੋੜ ਪੰਜਾਬੀਆਂ ਦੇ ਪਰਿਵਾਰ ਵਿੱਚ ਸ਼ਾਮਲ ਹੋਣ ਲਈ ਕਾਰੋਬਾਰੀਆਂ ਦਾ ਸਵਾਗਤ ਹੋਏ ਉਨ੍ਹਾਂ ਨੂੰ ਸੂਬੇ ਦੇ ਸਮਾਜਿਕ-ਆਰਥਿਕ ਵਿਕਾਸ ਵਿੱਚ ਭਾਈਵਾਲ ਬਣਨ ਦਾ ਸੱਦਾ ਦਿੱਤਾ। ਮੁੱਖ ਮੰਤਰੀ ਨੇ ਅੱਜ ਇੱਥੇ ਪੰਜਵੇਂ ਪ੍ਰਗਤੀਸ਼ੀਲ ਪੰਜਾਬ ਨਿਵੇਸ਼ਕ ਸੰਮੇਲਨ ਦੇ ਉਦਘਾਟਨੀ ਸੈਸ਼ਨ ਦੌਰਾਨ ਕਾਰੋਬਾਰੀਆਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਦਾ ਸੰਤਾਂ, ਪੀਰਾਂ-ਫ਼ਕੀਰਾਂ ਅਤੇ ਸ਼ਹੀਦਾਂ ਦੀ ਧਰਤੀ ‘ਤੇ ਸਵਾਗਤ ਕਰਦਿਆਂ ਕਿਹਾ ਕਿ ਉਹ ਅੱਜ ਆਪਣੇ ਦਰਮਿਆਨ ਕਾਰੋਬਾਰੀ ਖੇਤਰ ਦੀਆਂ ਉੱਘੀਆਂ ਸ਼ਖ਼ਸੀਅਤਾਂ ਨੂੰ ਦੇਖ ਕੇ ਖ਼ੁਸ਼ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇਸ਼ ਭਰ ਵਿੱਚ ਨਿਵੇਸ਼ ਲਈ ਸਭ ਤੋਂ ਅਨੁਕੂਲ ਸਥਾਨ ਹੈ ਅਤੇ ਕਾਰੋਬਾਰੀਆਂ ਦੀ ਸਹੂਲਤ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਭਗਵੰਤ ਮਾਨ ਨੇ ਪੰਜਾਬ ਨੂੰ ਦੇਸ਼ ਦਾ ਉਦਯੋਗਿਕ ਹੱਬ ਬਣਾਉਣ ਲਈ ਸੂਬਾ ਸਰਕਾਰ ਅਤੇ ਉਦਯੋਗਪਤੀਆਂ ਦਰਮਿਆਨ ਮਜ਼ਬੂਤ ਸਾਂਝ ਦੀ ਉਮੀਦ ਜ਼ਾਹਰ ਕੀਤੀ। ਮੁੱਖ ਮੰਤਰੀ ਨੇ ਕਿਹਾ ਕਿ ਨਿਵੇਸ਼ਕਾਂ ਨੂੰ ਸੂਬੇ ਵਿੱਚ ਨਿਵੇਸ਼ ਕਰਨ ਦੀ ਸਹੂਲਤ ਦੇਣ ਲਈ ਸਰਕਾਰ ਛੇਤੀ ਹੀ ਜ਼ਮੀਨ ਦੀ ਵਰਤੋਂ ਵਿੱਚ ਤਬਦੀਲੀ (ਸੀ.ਐਲ.ਯੂ.) ਅਤੇ ਐਨ.ਓ.ਸੀ. ਨੂੰ ਖ਼ਤਮ ਕਰ ਦੇਵੇਗੀ, ਜੋ ਉਦਯੋਗਾਂ ਲਈ ਪ੍ਰੇਸ਼ਾਨੀ ਦਾ ਸਬੱਬ ਹਨ। ਉਦਯੋਗਪਤੀਆਂ ਦਾ ਸਵਾਗਤ ਕਰਦਿਆਂ ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਵਜੋਂ ਜ਼ਿੰਮੇਵਾਰੀ ਸੰਭਾਲਣ ਦੇ ਸਿਰਫ਼ ਇੱਕ ਸਾਲ ਦੇ ਅੰਦਰ ਹੀ ਉਨ੍ਹਾਂ ਦਾ ਸਭ ਤੋਂ ਪਹਿਲਾ ਅਤੇ ਮੁੱਖ ਕੰਮ ਲੋਕਾਂ ਦੀਆਂ ਮੁਸ਼ਕਲਾਂ, ਗੁੰਝਲਾਂ ਬਾਰੇ ਜਾਣੂੰ ਕਰਵਾਉਣਾ ਹੈ। ਭਗਵੰਤ ਮਾਨ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਦਾ ਉਦੇਸ਼ ਬਦਲਦੀਆਂ ਉਮੀਦਾਂ ਅਤੇ ਨਵੀਆਂ ਚੁਣੌਤੀਆਂ ਨਾਲ ਤਾਲਮੇਲ ਰੱਖਣ ਲਈ ਵਿਕਾਸ ਜਾਰੀ ਰੱਖਣਾ ਹੈ। ਮੁੱਖ ਮੰਤਰੀ ਨੇ ਉੱਦਮੀਆਂ ਨਾਲ ਭਾਵੁਕ ਸਾਂਝ ਪਾਉਂਦਿਆਂ ਕਿਹਾ ਕਿ ਉਹ ਮੌਕਿਆਂ ਦਾ ਭੰਡਾਰ ਹਨ, ਜਿਨ੍ਹਾਂ ਦਾ ਪੰਜਾਬ ਅਤੇ ਭਾਰਤ ਦੇ ਨੌਜਵਾਨ ਲਾਭ ਉਠਾਉਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਭਾਵੇਂ ਅਸੀਂ ਜਨਤਕ, ਨਿੱਜੀ ਜਾਂ ਗੈਰ-ਲਾਭਕਾਰੀ ਖੇਤਰਾਂ ਵਿੱਚ ਕੰਮ ਕਰ ਰਹੇ ਹਾਂ, ਸਾਡੇ ਵਿੱਚੋਂ ਹਰੇਕ ਦੀ ਇਕ ਭੂਮਿਕਾ ਹੈ, ਜੇਕਰ ਅਸੀਂ ਆਪਣੀਆਂ ਉਮੀਦਾਂ ਨੂੰ ਪੂਰਾ ਕਰਨਾ ਹੈ ਅਤੇ ਆਪਣੇ ਦੇਸ਼, ਆਪਣੇ ਸਮਾਜ, ਆਪਣੇ ਪਰਿਵਾਰ ਪ੍ਰਤੀ ਆਪਣੀਆਂ ਇੱਛਾਵਾਂ ਅਤੇ ਜ਼ਿੰਮੇਵਾਰੀਆਂ ਨੂੰ ਨਿਭਾਉਣਾ ਹੈ। ਭਗਵੰਤ ਮਾਨ ਨੇ ਕਿਹਾ ਕਿ ਇਹ ਸੰਮੇਲਨ ਕਾਰੋਬਾਰੀ ਸਮਝੌਤਿਆਂ ਬਾਰੇ ਨਹੀਂ ਹੈ, ਸਗੋਂ ਗਿਆਨ ਦੀ ਵੰਡ, ਵਿਚਾਰ-ਵਟਾਂਦਰੇ ਅਤੇ ਇੱਕ-ਦੂਜੇ ਤੋਂ ਸਿੱਖਣ ਬਾਰੇ ਹੈ। ਮੁੱਖ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਉਨ੍ਹਾਂ ਨੇ ਪੜਾਅਵਾਰ ਆਰਥਿਕ ਵਿਕਾਸ ਨੂੰ ਤੇਜ਼ ਕਰ ਕੇ ਦੇਸ਼ ਦੇ ਭਵਿੱਖ ਨੂੰ ਉੱਜਵਲ ਬਣਾਉਣ ਦਾ ਰਾਹ ਚੁਣਿਆ ਹੈ। ਭਗਵੰਤ ਮਾਨ ਨੇ ਕਿਹਾ ਕਿ ਉਨ੍ਹਾਂ ਨੇ ਦੇਖਿਆ ਹੈ ਕਿ ਪੰਜਾਬ ਦੀ ਨੌਜਵਾਨ ਪੀੜ੍ਹੀ ਜ਼ਿੰਦਗੀ ਵਿੱਚ ਕੁੱਝ ਵੱਡਾ ਕਰਨਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੂੰ ਪੂਰਾ ਯਕੀਨ ਹੈ ਕਿ ਪਰਮਾਤਮਾ ਨੇ ਉਨ੍ਹਾਂ ਨੂੰ ਲੋਕਾਂ ਦੇ ਜੀਵਨ ਵਿੱਚ ਗੁਣਾਤਮਕ ਤਬਦੀਲੀਆਂ ਲਿਆਉਣ ਲਈ ਪੰਜਾਬ ਦੀ ਅਗਵਾਈ ਕਰਨ ਦਾ ਮੌਕਾ ਦਿੱਤਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਉਹ ਲੋਕਾਂ ਦੇ ਸਰਗਰਮ ਸਹਿਯੋਗ ਅਤੇ ਤਾਲਮੇਲ ਤੋਂ ਬਿਨਾਂ ਇਸ ਜ਼ਿੰਮੇਵਾਰੀ ਨੂੰ ਨਹੀਂ ਨਿਭਾ ਸਕਦੇ। ਭਗਵੰਤ ਮਾਨ ਨੇ ਕਿਹਾ ਕਿ ਉਨ੍ਹਾਂ ਕੋਲ ਇਕ ਸਮਰਪਿਤ ਟੀਮ ਹੈ, ਜੋ ਲੋਕਾਂ ਦੇ ਸਹਿਯੋਗ ਨਾਲ ਆਰਥਿਕ ਵਿਕਾਸ ਨੂੰ ਉਤਸ਼ਾਹਿਤ ਕਰਨਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਕਾਰੋਬਾਰਾਂ ਅਤੇ ਨਿਵੇਸ਼ਕਾਂ ਦੀ ਸਹਾਇਤਾ ਲਈ ਕਈ ਨੀਤੀਆਂ ਅਤੇ ਪਹਿਲਕਦਮੀਆਂ ਪੇਸ਼ ਕੀਤੀਆਂ ਹਨ।ਮੁੱਖ ਮੰਤਰੀ ਨੇ ਉਮੀਦ ਜ਼ਾਹਰ ਕੀਤੀ ਕਿ ਅੱਜ ਪੇਸ਼ ਕੀਤੀ ਗਈ ਨਵੀਂ ਉਦਯੋਗਿਕ ਅਤੇ ਕਾਰੋਬਾਰੀ ਵਿਕਾਸ ਨੀਤੀ-2022 ਲੋੜੀਂਦੇ ਆਰਥਿਕ ਵਿਕਾਸ ਨੂੰ ਗਤੀ ਦੇਵੇਗੀ। ਭਗਵੰਤ ਮਾਨ ਨੇ ਕਿਹਾ ਕਿ ਨੀਤੀ ਦਾ ਉਦੇਸ਼ ਆਉਣ ਵਾਲੇ ਪੰਜ ਸਾਲਾਂ ਵਿੱਚ ਵੱਡੇ ਨਿਵੇਸ਼ ਨੂੰ ਆਕਰਸ਼ਿਤ ਕਰਨਾ ਅਤੇ ਵੱਧ ਤੋਂ ਵੱਧ ਰੋਜ਼ਗਾਰ ਪੈਦਾ ਕਰਨਾ ਹੈ। ਉਨ੍ਹਾਂ ਕਿਹਾ ਕਿ ਇਹ ਨੀਤੀ ਮੁਕਾਬਲੇ ਨੂੰ ਉਤਸ਼ਾਹਤ ਕਰਦੀ ਹੈ, ਜਿਸ ਵਿੱਚ ਵਿਸਤਾਰ ਤੇ ਨਵੇਂ ਐਮ.ਐਸ.ਐਮ.ਈ., ਵੱਡੀਆਂ ਇਕਾਈਆਂ, ਬਰਾਮਦ ਨੂੰ ਉਤਸ਼ਾਹ, ਸੇਵਾ ਖੇਤਰ ਦੇ ਸਟਾਰਟ-ਅੱਪ ਅਤੇ ਮੈਨੂਫੈਕਚਰਿੰਗ ਦੋਵੇਂ ਸ਼ਾਮ ਹਨ। ਮੁੱਖ ਮੰਤਰੀ ਨੇ ਉਮੀਦ ਜ਼ਾਹਰ ਕੀਤੀ ਕਿ ਇਹ ਨੀਤੀ ਉਦਯੋਗਿਕ ਪਾਰਕਾਂ, ਹਵਾਈ ਅੱਡਿਆਂ ਅਤੇ ਬੰਦਰਗਾਹਾਂ ਵਰਗੇ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਰੂਪ-ਰੇਖਾ ਪ੍ਰਦਾਨ ਕਰੇਗੀ, ਜਿਸ ਨਾਲ ਵਸਤੂਆਂ ਦੀ ਢੋਆ-ਢੁਆਈ ਅਤੇ ਲੋਕਾਂ ਦੀ ਆਵਾਜਾਈ ਵਿੱਚ ਹੋਰ ਸਹੂਲਤ ਮਿਲੇਗੀ ਅਤੇ ਸੂਬੇ ਦਾ ਵਿਸ਼ਵ ਮੰਡੀਆਂ ਨਾਲ ਸੰਪਰਕ ਵਧੇਗਾ। ਭਗਵੰਤ ਮਾਨ ਨੇ ਕਿਹਾ ਕਿ ਸੂਬਾ ਸਰਕਾਰ ਏਕੀਕ੍ਰਿਤ ਉਦਯੋਗਿਕ ਟਾਊਨਸ਼ਿਪ ਵਿਕਸਤ ਕਰ ਰਹੀ ਹੈ ਅਤੇ 20 ਪੇਂਡੂ ਉਦਯੋਗਿਕ ਕਲੱਸਟਰ ਅਤੇ 15 ਉਦਯੋਗਿਕ ਪਾਰਕ ਬਣਾਉਣ ਦਾ ਵੱਡਾ ਫੈਸਲਾ ਲਿਆ ਹੈ। ਭਗਵੰਤ ਮਾਨ ਨੇ ਅੱਗੇ ਕਿਹਾ ਕਿ ਸਥਿਰਤਾ ਵੱਲ ਇਕ ਵੱਡੇ ਕਦਮ ਵਜੋਂ ਅੱਜ ਪੰਜਾਬ ਦੀ ਇਲੈਕਟ੍ਰਾਨਿਕ ਵਾਹਨ ਨੀਤੀ ਵੀ ਪੇਸ਼ ਕੀਤੀ ਗਈ ਹੈ। ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਹੁਣ ਨਵੀਨਤਾ ਅਤੇ ਤਕਨਾਲੋਜੀ ਰਾਹੀਂ ਉੱਦਮ ਦੇ ਨਵੇਂ ਸੱਭਿਆਚਾਰ ਵਿੱਚ ਬਦਲਣ ਦੀ ਦਹਿਲੀਜ਼ ਉਤੇ ਹੈ। ਭਗਵੰਤ ਮਾਨ ਨੇ ਕਿਹਾ ਕਿ ਸੂਬੇ ਦੇ ਨੌਜਵਾਨ ਨਵੀਆਂ ਕਾਢਾਂ ਕੱਢ ਰਹੇ ਹਨ ਅਤੇ ਸਾਨੂੰ ਉਨ੍ਹਾਂ ਦਾ ਸਾਥ ਦੇਣ ਦੀ ਲੋੜ ਹੈ। ਭਗਵੰਤ ਮਾਨ ਨੇ ਕਿਹਾ ਕਿ ਬਿਹਤਰੀਨ ਬੁਨਿਆਦੀ ਢਾਂਚਾ, ਵਧੀਆ ਸੰਪਰਕ, ਮਿਆਰੀ ਵਿੱਦਿਅਕ ਸੰਸਥਾਵਾਂ ਦੇ ਨਾਲ-ਨਾਲ ਸਰਕਾਰ ਦੀਆਂ ਅਨੁਕੂਲ ਨੀਤੀਆਂ ਸੂਬੇ ਦੀ ਕਾਰਜ ਕੁਸ਼ਲਤਾ ਨੂੰ ਵਧਾਉਂਦੀਆਂ ਹਨ। ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਵਿੱਚ ਨਿਵੇਸ਼ ਦੀ ਉਡੀਕ ਕਰਨ ਦੀ ਬਜਾਏ ਉਨ੍ਹਾਂ ਨੇ ਸੂਬੇ ਵਿੱਚ ਨਿਵੇਸ਼ ਕਰਨ ਲਈ ਉੱਦਮੀਆਂ ਤੱਕ ਪਹੁੰਚ ਕਰਨ ਲਈ ਘਰ-ਘਰ ਜਾਣ ਦੀ ਨੀਤੀ ਅਪਣਾਈ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਉਨ੍ਹਾਂ ਨੂੰ ਇਹ ਦੱਸਦਿਆਂ ਖੁਸ਼ੀ ਹੋ ਰਹੀ ਹੈ ਕਿ ਪੰਜਾਬ ਵਿੱਚ ਮਾਰਚ 2022 ਤੋਂ ਹੁਣ ਤੱਕ 40,000 ਕਰੋੜ ਰੁਪਏ ਤੋਂ ਵੱਧ ਦਾ ਨਿਵੇਸ਼ ਆਇਆ ਹੈ ਜਿਸ ਨਾਲ ਸੂਬੇ ਵਿੱਚ ਲਗਭਗ 2.50 ਲੱਖ ਰੁਜ਼ਗਾਰ ਦੇ ਮੌਕੇ ਪੈਦਾ ਹੋਏ ਹਨ, ਜਿਨ੍ਹਾਂ ਵਿੱਚ ਟਾਟਾ ਸਟੀਲ, ਨੈਸਲੇ, ਫਰੂਡੇਨਬਰਗ, ਕਾਰਗਿਲ, ਹਿੰਦੁਸਤਾਨ ਯੂਨੀਲੀਵਰ, ਸਨਾਥਨ ਟੈਕਸਟਾਈਲ ਵਰਗੀਆਂ ਵੱਡੀਆਂ ਕੰਪਨੀਆਂ ਸੂਬੇ ਵਿੱਚ ਆਈਆਂ ਹਨ। ਸੂਬੇ ਦੀ ਵਿਕਾਸ ਗਾਥਾ ਦਾ ਹਿੱਸਾ ਬਣਨ ਲਈ ਵੱਡੇ ਉਦਯੋਗਪਤੀਆਂ ਦਾ ਧੰਨਵਾਦ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਸਾਡੀ ਸਰਕਾਰ ਸੂਬੇ ਨੂੰ ਵਿਸ਼ਵ ਦੇ ਇੱਕ ਵੱਡੇ ਉਦਯੋਗਿਕ ਅਤੇ ਨਿਰਯਾਤ ਕੇਂਦਰ ਵਜੋਂ ਬਦਲਣ ਦੇ ਸੁਪਨੇ ਨੂੰ ਸਾਕਾਰ ਕਰਨ ਲਈ ਵਚਨਬੱਧ ਹੈ। ਸੂਬੇ ਦੀਆਂ ਇਤਿਹਾਸਕ ਪ੍ਰਾਪਤੀਆਂ ਗਿਣਾਉਂਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਭਾਰਤ ਸਰਕਾਰ ਵੱਲੋਂ ਕਾਰੋਬਾਰ ਕਰਨ ਲਈ ਆਸਾਨ ਤੇ ਢੁਕਵੀਂ ਥਾਂ ਦੀ ਦਰਜਾਬੰਦੀ ਵਿੱਚ ਪੰਜਾਬ ਸਭ ਤੋਂ ਵੱਧ ਪ੍ਰਾਪਤੀਆਂ ਵਾਲੇ ਰਾਜਾਂ ਵਿੱਚੋਂ ਇੱਕ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਲਈ ਏਕੀਕ੍ਰਿਤ ਮੰਚ “ਇਨਵੈਸਟ ਪੰਜਾਬ” ਨੂੰ ਭਾਰਤ ਸਰਕਾਰ ਵੱਲੋਂ ਸਭ ਤੋਂ ਵਧੀਆ ਪ੍ਰਦਰਸ਼ਨ ਕਰਨ ਵਾਲੀ ਨਿਵੇਸ਼ ਪ੍ਰਮੋਸ਼ਨ ਏਜੰਸੀ ਮੰਨਿਆ ਜਾਂਦਾ ਹੈ।ਉਨ੍ਹਾਂ ਕਿਹਾ ਕਿ ਪੰਜਾਬ ਨੂੰ ਭਾਰਤ ਦੇ ਮਾਣਯੋਗ ਰਾਸ਼ਟਰਪਤੀ ਵੱਲੋਂ ਡਿਜੀਟਲ ਇੰਡੀਆ ਐਵਾਰਡ ਮਿਲਿਆ ਹੈ। ਉਨ੍ਹਾਂ ਅੱਗੇ ਕਿਹਾ ਕਿ ਲੌਜਿਸਟਿਕਸ ਵਿੱਚ, ਪੰਜਾਬ ਹਾਲ ਹੀ ਦੇ ਲੀਡਜ਼ ਇੰਡੈਕਸ ਵਿੱਚ ਚੋਟੀ ਦੇ 5 ਰਾਜਾਂ ਵਿੱਚ ਸ਼ੁਮਾਰ ਹੈ ਜਿਸ ਨਾਲ ਪੰਜਾਬ ਇੱਕ “ਅਚੀਵਰ” ਸੂਬਾ ਬਣ ਗਿਆ ਹੈ। ਭਗਵੰਤ ਮਾਨ ਨੇ ਕਿਹਾ ਕਿ ਇੰਡੀਆ ਇਨੋਵੇਸ਼ਨ ਇੰਡੈਕਸ 2022 ਵਿੱਚ ਪੰਜਾਬ ਚੋਟੀ ਦੇ 10 ਵਧੀਆ ਪ੍ਰਦਰਸ਼ਨ ਕਰਨ ਵਾਲੇ ਸੂਬਿਆਂ ਵਿੱਚ ਸ਼ਾਮਲ ਹੈ। ਪੰਜਾਬ ਦੀਆਂ ਅਥਾਹ ਸਮਰੱਥਾਵਾਂ ਦੀ ਝਲਕਾਰਾ ਦਿਖਾਉਂਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਦੇਸ਼ ਦਾ ਸਭ ਤੋਂ ਵੱਡਾ ਟਰੈਕਟਰ ਨਿਰਮਾਤਾ ਹੈ ਅਤੇ ਭਾਰਤ ਦੇ ਕੁੱਲ ਉਤਪਾਦਨ ਵਿੱਚ 29 ਫ਼ੀਸਦੀ ਯੋਗਦਾਨ ਪਾਉਂਦਾ ਹੈ। ਇਸੇ ਤਰ੍ਹਾਂ, ਟਰੈਕਟਰ ਨਿਰਯਾਤ ਵਿੱਚ ਪੰਜਾਬ 22 ਫ਼ੀਸਦੀ ਹਿੱਸੇਦਾਰੀ ਨਾਲ ਦੂਜੇ ਸਥਾਨ ‘ਤੇ ਹੈ ਅਤੇ ਭਾਰਤ ਵਿੱਚ ਸਾਈਕਲ ਨਿਰਮਾਣ ਵਿੱਚ 80 ਫ਼ੀਸਦੀ ਹਿੱਸਾ ਪਾਉਂਦਾ ਹੈ ਅਤੇ ਭਾਰਤ ਵਿੱਚ ਸਾਈਕਲ ਦੇ ਪੁਰਜ਼ਿਆਂ ਦੇ ਨਿਰਮਾਣ ਵਿੱਚ 92% ਯੋਗਦਾਨ ਪਾਉਂਦਾ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਖੇਡਾਂ ਦੇ ਸਾਮਾਨ ਦੇ ਨਿਰਮਾਣ ਵਿੱਚ ਪੰਜਾਬ ਭਾਰਤ ਵਿੱਚ 75 ਫ਼ੀਸਦੀ ਦਾ ਹਿੱਸਾ ਪਾਉਂਦਾ ਹੈ ਅਤੇ ਭਾਰਤ ਵਿੱਚ ਮਸ਼ੀਨ ਟੂਲ ਅਤੇ ਹੈਂਡ ਟੂਲ ਦੇ ਉਤਪਾਦਨ ਵਿੱਚ ਪਹਿਲੇ ਸਥਾਨ ‘ਤੇ ਹੈ ਅਤੇ ਇਹ ਖੇਤਰ ਭਾਰਤ ਦੀ ਬਰਾਮਦ ਦਾ 20 ਫ਼ੀਸਦੀ ਹਿੱਸਾ ਪਾਉਂਦਾ ਹੈ।ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਪੰਜਾਬ ਦੀ ਮੁਕੰਮਲ ਆਰਥਿਕ ਅਤੇ ਵਿੱਤੀ ਸਫ਼ਲਤਾ ਚਾਹੁੰਦੀ ਹੈ ਅਤੇ ਉਨ੍ਹਾਂ ਦਾ ਇਹ ਵਿਸ਼ਵਾਸ਼ ਹੈ ਕਿ ਸਾਡੇ ਵਿਕਾਸ ਦੇ ਮੁੱਖ ਥੰਮ੍ਹ ਵਧੀਆ ਤੇ ਸੁਚੱਜਾ ਸ਼ਾਸਨ, ਡਿਜੀਟਾਈਜ਼ੇਸ਼ਨ, ਫ਼ੈਸਲਾ ਲੈਣ ਦੀ ਸਮਰੱਥਾ, ਪਾਰਦਰਸ਼ਤਾ ਅਤੇ ਸੰਵੇਦਨਸ਼ੀਲਤਾ ਹਨ। ਉਨ੍ਹਾਂ ਕਿਹਾ ਕਿ ਇਹ ਸਭ ਸਾਡੇ ਅਮੀਰ ਵਿਰਸੇ, ਪ੍ਰੰਪਰਾ ਅਤੇ ਸੱਭਿਆਚਾਰ ਨਾਲ ਮਿਲ ਕੇ ਵਿਸ਼ਵ ਭਰ ਦੇ ਲੋਕਾਂ ਲਈ ਇੱਥੇ ਤੇਜ਼ੀ ਨਾਲ ਵਧਣ ਲਈ ਅਨੁਕੂਲ ਮਾਹੌਲ ਪੈਦਾ ਕਰਦੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਭਾਰਤ ਵੱਲੋਂ ਦੁਨੀਆ ਨੂੰ ਮਿਆਰੀ ਉਤਪਾਦ ਅਤੇ ਵਧੀਆ ਸਪਲਾਈ ਚੇਨ ਨੂੰ ਮਜ਼ਬੂਤ ਕਰਨ ਲਈ ਪਾਏ ਜਾਂਦੇ ਯੋਗਦਾਨ ਵਿੱਚ ਪੰਜਾਬ ਆਪਣੇ ਨਿਰਮਾਣ ਅਤੇ ਬੁਨਿਆਦੀ ਢਾਂਚੇ ਰਾਹੀਂ ਅਹਿਮ ਭੂਮਿਕਾ ਨਿਭਾਉਣ ਵਿੱਚ ਮਾਣ ਮਹਿਸੂਸ ਕਰਦਾ ਹੈ।ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦੀ ਮੌਜੂਦਗੀ ਵਿਸ਼ਵ ਪੱਧਰ ‘ਤੇ ਹੈ ਅਤੇ ਜਾਪਾਨ, ਯੂ.ਕੇ., ਯੂ.ਏ.ਈ., ਅਮਰੀਕਾ, ਜਰਮਨੀ, ਦੱਖਣੀ ਕੋਰੀਆ, ਸਿੰਗਾਪੁਰ, ਸਪੇਨ, ਫਰਾਂਸ, ਇਟਲੀ ਅਤੇ ਹੋਰ ਦੇਸ਼ਾਂ ਤੋਂ ਨਿਵੇਸ਼ ਆ ਰਿਹਾ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਹਰ ਦਿਸ਼ਾ ਵਿੱਚ ਠੋਸ ਉਪਰਾਲੇ ਕਰਕੇ ਸੂਬੇ ਨੂੰ ਅੱਗੇ ਲਿਜਾਣ ਲਈ ਯਤਨਸ਼ੀਲ ਹੈ। ਭਗਵੰਤ ਮਾਨ ਨੇ ਪੰਜਾਬ ਨੂੰ ਭਾਰਤ ਵਿੱਚ ਨਿਵੇਸ਼ ਦੇ ਸਭ ਤੋਂ ਪਸੰਦੀਦਾ ਸਥਾਨ ਵਜੋਂ ਪ੍ਰਫੁੱਲਤ ਕਰਨ ਲਈ ਅੱਜ ਸੂਬਾ ਸਰਕਾਰ ਦੇ ਸੱਦੇ ਉੱਤੇ ਸ਼ਿਰਕਤ ਕਰਨ ਆਏ ਸਤਿਕਾਰਤ ਬੁਲਾਰਿਆਂ ਅਤੇ ਹਾਜ਼ਰ ਪਤਵੰਤਿਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ।ਨਿਵੇਸ਼ ਕਰਨ ਲਈ ਪੰਜਾਬ ਨੂੰ ਬੇਸ਼ੁਮਾਰ ਮੌਕਿਆਂ ਦੀ ਧਰਤੀ ਦੱਸਦੇ ਹੋਏ ਉਦਯੋਗ ਜਗਤ ਦੇ ਦਿੱਗਜ਼ਾਂ ਦਾ ਸੁਆਗਤ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਦੁਨੀਆਂ ਬਹੁਤ ਹੀ ਪਰਖ ਦੀ ਘੜੀ ਵਿੱਚੋਂ ਲੰਘ ਰਹੀ ਹੈ। ਉਨ੍ਹਾਂ ਕਿਹਾ ਕਿ ਸਾਨੂੰ ਸਾਰਿਆਂ ਵਿੱਚ ਇਹ ਸਮਰੱਥਾ ਹੈ ਕਿ ਸਾਡੇ ਵਿੱਚੋਂ ਹਰ ਕੋਈ ਮਦਦ ਕਰਨ ਲਈ ਬਹੁਤ ਕੁਝ ਕਰ ਸਕਦਾ ਹੈ, ਜੋ ਕਿ ਇਸ ਸੰਮੇਲਨ ਦਾ ਉਦੇਸ਼ ਵੀ ਹੈ। ਭਗਵੰਤ ਮਾਨ ਨੇ ਕਿਹਾ ਕਿ ਭਵਿੱਖ ਦੇ ਇਸ ਸਫ਼ਰ ਵਿੱਚ ਸਾਡੇ ਸਾਰਿਆਂ ਦੀ ਸਾਂਝੀ ਜ਼ਿੰਮੇਵਾਰੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਵਿਸ਼ਵ ਭਰ ਵਿੱਚ ਪੰਜਾਬ ਹੀ ਇੱਕ ਅਜਿਹਾ ਸੂਬਾ ਹੈ ਜਿਸ ਦੀ ਪੂਰੀ ਦੁਨੀਆ ਵਿੱਚ ਆਪਣੀ ਫ੍ਰੈਂਚਾਇਜ਼ੀ ਹੈ ਕਿਉਂਕਿ ਹਰ ਦੂਜੇ ਦੇਸ਼ ਵਿੱਚ ਪੰਜਾਬੀਆਂ ਦਾ ਦਬਦਬਾ ਹੈ। ਉਨ੍ਹਾਂ ਕਿਹਾ ਕਿ ਪੰਜਾਬੀਆਂ ਵਿਚ ਸਖ਼ਤ ਮਿਹਨਤ ਅਤੇ ਕਾਬਲੀਅਤ ਦਾ ਅਦੁੱਤੀ ਜਜ਼ਬਾ ਹੈ, ਜਿਸ ਦੀ ਬਦੌਲਤ ਉਨ੍ਹਾਂ ਨੇ ਵਿਸ਼ਵ ਵਿੱਚ ਆਪਣਾ ਮੁਕਾਮ ਬਣਾਇਆ ਹੈ। ਭਗਵੰਤ ਮਾਨ ਨੇ ਜਲੰਧਰ ਵਿੱਚ ਖੇਡ ਉਦਯੋਗ ਨੂੰ ਵੱਡਾ ਹੁਲਾਰਾ ਦੇਣ ਦਾ ਵੀ ਐਲਾਨ ਕੀਤਾ ਜੋ ਦੇਸ਼ ਵਿੱਚ ਖੇਡਾਂ ਦਾ 75 ਫੀਸਦੀ ਸਾਮਾਨ ਬਣਾਉਂਦਾ ਹੈ। ਆਪਣੇ ਸੰਬੋਧਨ ਵਿੱਚ ਇਨਵੈਸਟਮੈਂਟ ਪ੍ਰਮੋਸ਼ਨ ਮੰਤਰੀ ਅਨਮੋਲ ਗਗਨ ਮਾਨ ਨੇ ਸੂਬਾ ਸਰਕਾਰ ਵੱਲੋਂ ਨਿਵੇਸ਼ ਨੂੰ ਉਤਸ਼ਾਹਿਤ ਕਰਨ ਲਈ ਕੀਤੀਆਂ ਪਹਿਲਕਦਮੀਆਂ ਦਾ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸੂਬੇ ਵਿੱਚ ਉਦਯੋਗ ਨੂੰ ਹੋਰ ਪ੍ਰਫੁੱਲਤ ਕਰਨ ਲਈ ਹਰ ਸੰਭਵ ਯਤਨ ਕਰ ਰਹੀ ਹੈ। ਅਨਮੋਲ ਗਗਨ ਮਾਨ ਨੇ ਪੰਜਾਬ ਨੂੰ ਨਿਵੇਸ਼ ਲਈ ਸਿਖਰਲੇ ਸਥਾਨ ਵਜੋਂ ਉਭਰਨ ਲਈ ਸੂਬਾ ਸਰਕਾਰ ਦੀ ਦ੍ਰਿੜ ਵਚਨਬੱਧਤਾ ਨੂੰ ਦੁਹਰਾਇਆ।ਇਸ ਤੋਂ ਪਹਿਲਾਂ ਪੰਜਾਬ ਦੇ ਮੁੱਖ ਸਕੱਤਰ ਵਿਜੇ ਕੁਮਾਰ ਜੰਜੂਆ ਨੇ ਸਾਰੇ ਪਤਵੰਤਿਆਂ ਨੂੰ ਜੀ ਆਇਆਂ ਆਖਿਆ। ਇਨਵੈਸਟਮੈਂਟ ਪ੍ਰਮੋਸ਼ਨ ਦੇ ਸੀ.ਈ.ਓ. ਕੇ.ਕੇ. ਯਾਦਵ ਨੇ ਇਸ ਮੌਕੇ ਸਭ ਦਾ ਧੰਨਵਾਦ ਕੀਤਾ। ਇਸ ਮੌਕੇ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ, ਵਿਧਾਇਕ ਅਤੇ ਸੀਨੀਅਰ ਅਧਿਕਾਰੀ ਵੀ ਹਾਜ਼ਰ ਸਨ।
ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਪੁਲਿਸ, ਨਸ਼ਿਆਂ ਅਤੇ ਸ਼ਰਾਬ ਦੀ ਤਸਕਰੀ ਨਾਲ ਨਜਿੱਠਣ ਲਈ ਮਿਲ ਕੇ ਕੰਮ ਕਰਨਗੀਆਂ
ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਦੇ ਪੁਲਿਸ ਮੁਖੀਆਂ ਨੇ ਕੀਤੀ ਤਾਲਮੇਲ ਮੀਟਿੰਗ
ਮੁੱਖ ਮੰਤਰੀ ਭਗਵੰਤ ਮਾਨ ਦੀ ਸੋਚ ਅਨੁਸਾਰ ਪੰਜਾਬ ਪੁਲਿਸ ਪੰਜਾਬ ਨੂੰ ਅਪਰਾਧ ਮੁਕਤ ਸੂਬਾ ਬਣਾਉਣ ਲਈ ਵਚਨਬੱਧ
ਡੀਜੀਪੀ ਪੰਜਾਬ ਗੌਰਵ ਯਾਦਵ ਨੇ ਪੰਜਾਬ ਪੁਲਿਸ ਅਤੇ ਹਿਮਾਚਲ ਪ੍ਰਦੇਸ਼ ਪੁਲਿਸ ਦਰਮਿਆਨ ਵਧੇਰੇ ਤਾਲਮੇਲ ‘ਤੇ ਜ਼ੋਰ ਦਿੱਤਾ
ਪੰਜਾਬ-ਹਿਮਾਚਲ ਪ੍ਰਦੇਸ਼ ਸਰਹੱਦ ‘ਤੇ ਮਾੜੇ ਅਨਸਰਾਂ ਦੀਆਂ ਗਤੀਵਿਧੀਆਂ ‘ਤੇ ਨਜ਼ਰ ਰੱਖਣ ਅਤੇ ਨਸ਼ਿਆਂ ਤੇ ਸ਼ਰਾਬ ਦੀ ਤਸਕਰੀ ਨੂੰ ਰੋਕਣ ਲਈ ਸੀਸੀਟੀਵੀ ਢਾਂਚੇ ਨੂੰ ਕੀਤਾ ਜਾਵੇਗਾ ਮਜ਼ਬੂਤ
ਸੁਖਜਿੰਦਰ ਮਾਨ
ਚੰਡੀਗੜ੍ਹ, 23 ਫਰਵਰੀ:ਮੁੱਖ ਮੰਤਰੀ ਭਗਵੰਤ ਮਾਨ ਦੀ ਸੋਚ ਅਨੁਸਾਰ ਪੰਜਾਬ ਨੂੰ ਨਸ਼ਾ ਮੁਕਤ ਅਤੇ ਅਪਰਾਧ ਮੁਕਤ ਸੂਬਾ ਬਣਾਉਣ ਲਈ ਜਾਰੀ ਮੁਹਿੰਮ ਨੂੰ ਹੋਰ ਮਜ਼ਬੂਤ ਕਰਨ ਵਾਸਤੇ ਅੱਜ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਪੰਜਾਬ-ਹਿਮਾਚਲ ਪ੍ਰਦੇਸ਼ ਸਰਹੱਦ ਰਾਹੀਂ ਨਸ਼ਿਆਂ ਅਤੇ ਨਾਜਾਇਜ਼ ਸ਼ਰਾਬ ਦੀ ਤਸਕਰੀ ਸਮੇਤ ਸੰਗਠਿਤ ਅੰਤਰ-ਰਾਜੀ ਅਪਰਾਧਾਂ ਨਾਲ ਨਜਿੱਠਣ ਲਈ ਹਿਮਾਚਲ ਪ੍ਰਦੇਸ਼ ਦੇ ਡੀਜੀਪੀ ਸੰਜੇ ਕੁੰਡੂ ਨੂੰ ਪੰਜਾਬ ਪੁਲਿਸ ਵੱਲੋਂ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ।ਦੋਵਾਂ ਰਾਜਾਂ ਦੇ ਪੁਲਿਸ ਮੁਖੀਆਂ ਵੱਲੋਂ ਪੰਜਾਬ ਪੁਲਿਸ ਹੈੱਡਕੁਆਰਟਰ ਵਿਖੇ ਤਾਲਮੇਲ ਮੀਟਿੰਗ ਕੀਤੀ ਗਈ ਤਾਂ ਜੋ ਦੋਵਾਂ ਪੁਲਿਸ ਬਲਾਂ ਦਰਮਿਆਨ ਬਿਹਤਰ ਤਾਲਮੇਲ ਨੂੰ ਯਕੀਨੀ ਬਣਾਇਆ ਜਾ ਸਕੇ।।
ਪੰਜਾਬ ਪੁਲਿਸ ਅਤੇ ਹਿਮਾਚਲ ਪ੍ਰਦੇਸ਼ ਪੁਲਿਸ ਦਰਮਿਆਨ ਪੂਰੇ ਤਾਲਮੇਲ ਅਤੇ ਟੀਮ-ਵਰਕ ਦਾ ਸੱਦਾ ਦਿੰਦਿਆਂ ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਦੋਵੇਂ ਪੁਲਿਸ ਬਲਾਂ ਨੂੰ ਇੱਕ ਟੀਮ ਵਜੋਂ ਕੰਮ ਕਰਨਾ ਚਾਹੀਦਾ ਹੈ ਅਤੇ ਖੇਤਰ ਵਿੱਚ ਸੁਰੱਖਿਅਤ ਹਾਲਾਤ ਬਣਾਈ ਰੱਖਣ ਲਈ ਨਵੀਨਤਮ ਤਕਨਾਲੋਜੀ ਦੀ ਵਰਤੋਂ ਕਰਦਿਆਂ ਰੀਅਲ ਟਾਈਮ ਇਨਫਾਰਮੇਸ਼ਨ ਸਾਂਝੀ ਕੀਤੀ ਜਾਵੇ ਅਤੇ ਬੁਨਿਆਦੀ ਪੁਲਿਸਿੰਗ ਨੂੰ ਯਕੀਨੀ ਬਣਾਇਆ ਜਾਵੇ। ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਹਿਮਾਚਲ ਪ੍ਰਦੇਸ਼ ਪੁਲਿਸ ਅਤੇ ਪੰਜਾਬ ਪੁਲਿਸ ਵੱਲੋਂ ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਸਰਹੱਦ ਉੱਤੇ ਸਾਂਝੇ ਅਪਰੇਸ਼ਨਾਂ ‘ਤੇ ਮਿਲ ਕੇ ਕੰਮ ਕੀਤਾ ਜਾਵੇਗਾ ਤਾਂ ਜੋ ਇਨ੍ਹਾਂ ਰਾਜਾਂ ਵਿੱਚ ਸਰਗਰਮ ਗੈਂਗਸਟਰਾਂ ਅਤੇ ਅਪਰਾਧੀਆਂ ‘ਤੇ ਨਜ਼ਰ ਰੱਖੀ ਜਾ ਸਕੇ। ਉਨ੍ਹਾਂ ਕਿਹਾ ਕਿ ਨਸ਼ਿਆਂ ਅਤੇ ਨਾਜਾਇਜ਼ ਸ਼ਰਾਬ ਦੀ ਤਸਕਰੀ ਨੂੰ ਰੋਕਣ ਲਈ ਸਰਹੱਦ ਉੱਤੇ ਐਂਟਰੀ/ਐਗਜ਼ਿਟ ਪੁਆਇੰਟਾਂ ‘ਤੇ ਕਲੋਜ਼ਡ ਸਰਕਟ ਟੈਲੀਵਿਜ਼ਨ (ਸੀਸੀਟੀਵੀ) ਕੈਮਰਿਆਂ ਦੇ ਢਾਂਚੇ ਨੂੰ ਹੋਰ ਮਜ਼ਬੂਤ ਕਰਨ ਦਾ ਫੈਸਲਾ ਵੀ ਕੀਤਾ ਗਿਆ ਹੈ। ਉਨ੍ਹਾਂ ਨੇ ਦੋਵੇਂ ਗੁਆਂਢੀ ਰਾਜਾਂ ਦੇ ਜ਼ਿਲ੍ਹਾ ਪੁਲਿਸ ਮੁਖੀਆਂ ਅਤੇ ਐਸਐਸਪੀਜ਼ ਦਰਮਿਆਨ ਲਗਾਤਾਰ ਮੀਟਿੰਗਾਂ ਕਰਨ ਦੀ ਤਜਵੀਜ਼ ਰੱਖੀ ਤਾਂ ਜੋ ਇਸ ਖੇਤਰ ਵਿੱਚ ਸਰਗਰਮ ਗੈਂਗਸਟਰਾਂ ਅਤੇ ਅਪਰਾਧਿਕ ਗਰੋਹਾਂ ਦੀਆਂ ਗਤੀਵਿਧੀਆਂ ਬਾਰੇ ਵਿਚਾਰ-ਵਟਾਂਦਰਾ ਕੀਤਾ ਜਾ ਸਕੇ ਕਿਉਂਕਿ ਇਨ੍ਹਾਂ ਰਾਜਾਂ ਵਿੱਚ ਵਾਪਰਦੀਆਂ ਘਟਨਾਵਾਂ ਅਤੇ ਅਪਰਾਧ ਦੇ ਢੰਗ-ਤਰੀਕੇ ਇਕੋ ਜਿਹੇ ਹਨ। ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਪੰਜਾਬ ਪੁਲਿਸ ਮੁੱਖ ਮੰਤਰੀ ਭਗਵੰਤ ਮਾਨ ਦੀ ਸੋਚ ਅਨੁਸਾਰ ਪੰਜਾਬ ਨੂੰ ਅਪਰਾਧ ਮੁਕਤ ਸੂਬਾ ਬਣਾਉਣ ਵਾਸਤੇ ਦੋਵਾਂ ਪੁਲਿਸ ਬਲਾਂ ਦਰਮਿਆਨ ਬਿਹਤਰ ਤਾਲਮੇਲ ਨੂੰ ਯਕੀਨੀ ਬਣਾਉਣ ਲਈ ਵਚਨਬੱਧ ਹੈ। ਇਸ ਦੌਰਾਨ ਡੀਜੀਪੀ ਹਿਮਾਚਲ ਪ੍ਰਦੇਸ਼ ਸੰਜੇ ਕੁੰਡੂ ਨੇ ਪੰਜਾਬ ਪੁਲਿਸ ਨੂੰ ਪੂਰਨ ਸਹਿਯੋਗ ਦਾ ਭਰੋਸਾ ਦਿੱਤਾ। ਉਨ੍ਹਾਂ ਦੱਸਿਆ ਕਿ ਸੰਗਠਿਤ ਅੰਤਰ-ਰਾਜੀ ਅਪਰਾਧ ਨੂੰ ਜੜ੍ਹੋਂ ਪੁੱਟਣ ਲਈ ਦੋਵੇਂ ਰਾਜਾਂ ਦੇ ਪੁਲਿਸ ਬਲਾਂ ਦਰਮਿਆਨ ਨਜ਼ਦੀਕੀ ਤਾਲਮੇਲ ਜ਼ਰੀਏ ਕੰਮ ਕਰਨ ਦਾ ਫੈਸਲਾ ਕੀਤਾ ਗਿਆ ਹੈ।
ਫੀਸ ਤਰੁੱਟੀਆਂ ਕਰਕੇ ਬੋਰਡ ਪ੍ਰੀਖਿਆਵਾਂ ਵਿੱਚ ਵਿਦਿਆਰਥੀਆਂ ਨੂੰ ਨਾਂ ਬਿਠਾਏ ਜਾਣ ਦਾ ਹਰਜੋਤ ਸਿੰਘ ਬੈਂਸ ਨੇ ਲਿਆ ਨੋਟਿਸ
ਵਿਦਿਆਰਥੀਆਂ ਦੇ ਭਵਿੱਖ ਦੇ ਮੱਦੇਨਜ਼ਰ ਬੋਰਡ ਚੇਅਰਪਰਸਨ ਨੂੰ ਤੁਰੰਤ ਕਾਰਵਾਈ ਕਰਨ ਬਾਰੇ ਕਿਹਾ
ਸੁਖਜਿੰਦਰ ਮਾਨ
ਚੰਡੀਗੜ੍ਹ, 23 ਫ਼ਰਵਰੀ: ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋ ਫ਼ਰਵਰੀ/ਮਾਰਚ-2023 ਵਿੱਚ ਲਈ ਜਾਣ ਵਾਲੀ ਪੰਜਵੀਂ, ਅੱਠਵੀਂ, ਦਸਵੀਂ ਅਤੇ ਬਾਰਵੀਂ ਜਮਾਤ ਦੀ ਪ੍ਰੀਖਿਆ ਦੇਣ ਵਾਲੇ ਵਿਦਿਆਰਥੀਆਂ ਨੂੰ ਫੀਸ ਤਰੁੱਟੀਆਂ ਕਾਰਨ ਪ੍ਰੀਖਿਆ ਵਿੱਚ ਨਾਂ ਬਿਠਾਏ ਜਾਣ ਦਾ ਨੋਟਿਸ ਲਿਆ ਹੈ। ਸਕੂਲ ਸਿੱਖਿਆ ਮੰਤਰੀ ਨੇ ਵਿਦਿਆਰਥੀਆਂ ਦੇ ਭਵਿੱਖ ਦੇ ਮੱਦੇਨਜ਼ਰ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਪਰਸਨ ਨੂੰ ਪੱਤਰ ਲਿਖਕੇ ਪੀੜਤ ਵਿਦਿਆਰਥੀਆਂ ਦਾ ਕੀਮਤੀ ਸਮਾਂ ਬਰਬਾਦ ਹੋਣ ਤੋਂ ਬਚਾਉਣ ਲਈ ਤੁਰੰਤ ਕਾਰਵਾਈ ਕਰਨ ਬਾਰੇ ਕਿਹਾ ਹੈ। ਸ. ਬੈਂਸ ਨੇ ਦੱਸਿਆ ਕਿ ਕੁਝ ਪ੍ਰੀਖਿਆਰਥੀਆਂ ਨੇ ਉਹਨਾਂ ਦੇ ਧਿਆਨ ਵਿੱਚ ਲਿਆਂਦਾ ਕਿ ਉਹਨਾਂ ਨੇ ਬਹੁਤ ਸਮਾਂ ਪਹਿਲਾਂ ਹੀ ਆਪਣੀ ਬਣਦੀ ਫੀਸ ਆਪਣੇ-ਆਪਣੇ ਸਕੂਲਾਂ ਵਿੱਚ ਜਮਾਂ ਕਰਵਾ ਦਿੱਤੀ ਸੀ ਪਰ ਸਕੂਲ ਪ੍ਰਬੰਧਕਾਂ ਨੇ ਉਹ ਫੀਸ ਅੱਗੇ ਬੋਰਡ ਦੇ ਖਾਤੇ ਜਮਾਂ ਨਹੀਂ ਕਰਵਾਈ ਜਾਂ ਘੱਟ ਜਮਾਂ ਕਰਵਾਈ ਹੈ, ਜਿਸ ਵਿੱਚ ਉਹਨਾਂ ਦਾ ਕੋਈ ਕਸੂਰ ਨਹੀਂ ਹੈ। ਸਿੱਖਿਆ ਮੰਤਰੀ ਸ. ਬੈਂਸ ਨੇ ਕਿਹਾ ਕਿ ਇਹ ਬਹੁਤ ਗੰਭੀਰ ਕੁਤਾਹੀ ਹੈ ਜਿਸਦੀ ਸਜ਼ਾ ਵਿਦਿਆਰਥੀਆਂ ਨੂੰ ਦੇਣੀ ਠੀਕ ਨਹੀਂ ਹੈ। ਸ. ਬੈਂਸ ਨੇ ਬੋਰਡ ਚੇਅਰਪਰਸਨ ਨੂੰ ਕਿਹਾ ਕਿ ਕਿਸੇ ਵੀ ਵਿਦਿਆਰਥੀ ਨੂੰ ਪੇਪਰ ਵਿੱਚ ਬੈਠਣ ਤੋਂ ਨਾਂ ਰੋਕਿਆ ਜਾਵੇ ਕੁਤਾਹੀ ਦੇ ਜ਼ਿੰਮੇਵਾਰ ਸਕੂਲਾਂ ਜਾਂ ਅਧਿਆਪਕਾਂ ਖ਼ਿਲਾਫ਼ ਤੁਰੰਤ ਵਿਭਾਗੀ ਕਾਰਵਾਈ ਕਰਕੇ ਉਹਨਾਂ ਨੂੰ ਸੂਚਿਤ ਕੀਤਾ ਜਾਵੇ।
ਮੁੱਖ ਮੰਤਰੀ ਵੱਲੋਂ ਹਾਈਟੈੱਕ ਪ੍ਰਦਰਸ਼ਨੀ ਦੇ ਉਦਘਾਟਨ ਨਾਲ ਇਨਵੈਸਟ ਪੰਜਾਬ ਦੇ ਪੰਜਵੇਂ ਐਡੀਸ਼ਨ ਦੀ ਸ਼ੁਰੂਆਤ
ਪ੍ਰਦਰਸ਼ਨੀ ਵਿੱਚ ਦੁਨੀਆ ਭਰ ਦੀਆਂ ਉੱਘੀਆਂ ਕੰਪਨੀਆਂ ਨੇ ਆਪਣੇ ਉਤਪਾਦਾਂ ਦਾ ਕੀਤਾ ਪ੍ਰਦਰਸ਼ਨ
ਸੁਖਜਿੰਦਰ ਮਾਨ
ਐਸ.ਏ.ਐਸ.ਨਗਰ (ਮੁਹਾਲੀ), 23 ਫਰਵਰੀ:ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਇੱਥੇ ਇੰਡੀਅਨ ਸਕੂਲ ਆਫ਼ ਬਿਜ਼ਨਸ ਵਿਖੇ ਹਾਈਟੈਕ ਐਗਜੀਬਿਸ਼ਨ (ਪ੍ਰਦਰਸ਼ਨੀ) ਦਾ ਉਦਘਾਟਨ ਕਰਦਿਆਂ ਪ੍ਰਗਤੀਸ਼ੀਲ ਪੰਜਾਬ ਸੰਮੇਲਨ ਦੇ ਪੰਜਵੇਂ ਐਡੀਸ਼ਨ ਦੀ ਸ਼ੁਰੂਆਤ ਕੀਤੀ। ਪ੍ਰਦਰਸ਼ਨੀ ਵਿੱਚ ਦੁਨੀਆ ਭਰ ਦੀਆਂ ਪ੍ਰਮੁੱਖ ਕੰਪਨੀਆਂ ਨੇ ਆਪਣੇ ਉਤਪਾਦਾਂ ਦਾ ਪ੍ਰਦਰਸ਼ਨ ਕੀਤਾ। ਮੁੱਖ ਮੰਤਰੀ ਨੇ ਹਰੇਕ ਸਟਾਲ ‘ਤੇ ਜਾ ਕੇ ਵੱਖ-ਵੱਖ ਕੰਪਨੀਆਂ ਦੇ ਉਤਪਾਦਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਲਈ। ਭਗਵੰਤ ਮਾਨ ਨੇ ਕਿਹਾ ਕਿ ਇਹ ਇੱਕ ਇਤਿਹਾਸਕ ਪਲ ਹੈ ਕਿਉਂ ਜੋ ਵਿਸ਼ਵ ਭਰ ਦੀਆਂ ਪ੍ਰਮੁੱਖ ਕੰਪਨੀਆਂ ਆਪਣੀਆਂ ਪ੍ਰਾਪਤੀਆਂ ਪੇਸ਼ ਕਰਨ ਲਈ ਇੱਕ ਮੰਚ ‘ਤੇ ਇਕੱਠੀਆਂ ਹੋਈਆਂ ਹਨ। ਮੁੱਖ ਮੰਤਰੀ ਨੇ ਕਿਹਾ ਕਿ ਇਹ ਕੰਪਨੀਆਂ ਇਸ ਖੇਤਰ ਵਿੱਚ ਪਹਿਲਾਂ ਹੀ ਦੁਨੀਆ ਭਰ ‘ਚ ਆਪਣੀ ਕਾਬਲੀਅਤ ਸਾਬਤ ਕਰ ਚੁੱਕੀਆਂ ਹਨ।
ਉਨ੍ਹਾਂ ਕਿਹਾ ਕਿ ਪੰਜਾਬ ਇਸ ਮੌਕੇ ਇਨ੍ਹਾਂ ਉੱਦਮੀਆਂ ਦਾ ਸੁਆਗਤ ਕਰਦਾ ਹੈ ਅਤੇ ਉਮੀਦ ਕਰਦਾ ਹੈ ਕਿ ਉਨ੍ਹਾਂ ਦੇ ਸਹਿਯੋਗ ਨਾਲ ਜਲਦੀ ਹੀ ਸੂਬੇ ਵਿੱਚ ਉਦਯੋਗਿਕ ਵਿਕਾਸ ਨੂੰ ਵੱਡਾ ਹੁਲਾਰਾ ਮਿਲੇਗਾ। ਭਗਵੰਤ ਮਾਨ ਨੇ ਸਾਰੇ ਉਦਯੋਗਪਤੀਆਂ ਨੂੰ ਉਨ੍ਹਾਂ ਦੇ ਹਰ ਉੱਦਮ ਲਈ ਸਰਕਾਰ ਵੱਲੋਂ ਪੂਰਨ ਸਹਿਯੋਗ ਦਾ ਭਰੋਸਾ ਦਿੱਤਾ। ਮੁੱਖ ਮੰਤਰੀ ਨੇ ਆਸ ਪ੍ਰਗਟਾਈ ਕਿ ਉਹ ਦਿਨ ਦੂਰ ਨਹੀਂ, ਜਦੋਂ ਸੂਬਾ ਜਲਦੀ ਹੀ ਦੇਸ਼ ਦੇ ਉਦਯੋਗਿਕ ਧੁਰੇ ਵਜੋਂ ਉਭਰੇਗਾ। ਇਸ ਦੌਰਾਨ ਉਨ੍ਹਾਂ ਨੇ ਐਚ.ਐਮ.ਈ.ਐਲ ਬਠਿੰਡਾ, ਆਈ.ਟੀ.ਸੀ., ਪਲਕਸ਼ਾ ਯੂਨੀਵਰਸਿਟੀ, ਈ.ਐਸ.ਆਰ ਲੋਪਿਸਟਿਕਸ ਪ੍ਰਾਈਵੇਟ ਲਿਮਟਿਡ, ਹਿੰਦੋਸਤਾਨ ਯੂਨੀਲਿਵਰ ਲਿਮਟਿਡ, ਇੰਟਰਨੈਸ਼ਨਲ ਟਰੈਕਟਰਜ਼ ਲਿਮਟਿਡ, ਟਾਇਨੋਰ ਆਰਥੋਟਿਕਸ ਪ੍ਰਾਈਵੇਟ ਲਿਮਟਿਡ, ਸਾਵੀ ਐਕਸਪੋਰਟਸ, ਸਨਾਥਨ ਪੋਲੀਓਟ ਪ੍ਰਾਈਵੇਟ ਲਿਮਟਿਡ, ਟ੍ਰਾਈਡੈਂਟ ਗਰੁੱਪ, ਯੂਕੇ ਹਾਈ ਕਮਿਸ਼ਨਰ ਆਫ਼ਿਸ, ਹਾਰਟੇਕ ਪਾਵਰ, ਮਾਸਟਰਜ਼ ਕ੍ਰਿਏਸ਼ਨ, ਗਿਲਾਰਡ ਇਲੈਕਟ੍ਰੋਨਿਕਸ ਪ੍ਰਾਈਵੇਟ ਲਿਮਟਿਡ, ਏਵਨ ਸਾਈਕਲਜ਼ ਲਿਮਟਿਡ, ਮੈਸਰਜ਼ ਰਾਜਾ ਫੈਟ ਐਂਡ ਫੀਡਸ ਪ੍ਰਾਈਵੇਟ ਲਿਮਟਿਡ, ਆਈ.ਆਈ.ਟੀ. ਰੋਪੜ, ਟੈਕਨਾਲੋਜੀ ਬਿਜ਼ਨਸ ਇਨਕਿਊਬੇਸ਼ਨ ਫਾਊਂਡੇਸ਼ਨ, ਨਾਨੋਕ੍ਰਿਤੀ ਪ੍ਰਾਈਵੇਟ ਲਿਮਟਿਡ, ਐਡਿਥ ਹੈਲਥਕੇਅਰ, ਡਾਕਟਰਸ ਸਾਫਟਵੇਅਰ
ਸਟਾਰਟਅੱਪ ਪੰਜਾਬ, ਮੈਸਰਜ਼ ਬਲੈਕ ਆਈ ਟੈਕਨਾਲੋਜੀਜ਼ ਪ੍ਰਾਈਵੇਟ ਲਿਮਟਿਡ, ਐਗਨੈਕਸਟ
ਬੀ.ਜੀ. ਇਨੋਵਾਟੈਕ, ਹੋਲੋਕਿਤਾਬ ਟੈਕਨਾਲੋਜੀਜ਼, ਵਿਸ਼ਵਾਜ਼ ਏ.ਆਈ. ਪ੍ਰਾਈਵੇਟ ਲਿਮਟਿਡ, ਬ੍ਰਿਊ ਥੈਰਾਪਿਊਟਿਕਸ ਪ੍ਰਾਇਵੇਟ ਲਿਮਟਿਡ, ਕਿਲਡੇ ਪ੍ਰਾਇਵੇਟ ਲਿਮਟਿਡ, ਸਾਈਬਰਹਾਕਸ ਇੰਟੈਲੀਜੈਂਸ ਸਰਵਿਸਿਜ਼, ਐਲ.ਐਲ.ਪੀ. ਲੋਕਲ ਵੈਂਚਰਜ਼ ਪ੍ਰਾਈਵੇਟ ਲਿਮਟਿਡ, ਨਿਰਵਿਘਨ ਸਰਵਿਸਿਜ਼ ਪ੍ਰਾਈਵੇਟ ਲਿਮਟਿਡ, ਕੇ.ਸੀ.ਐਸ.ਏ.ਡੀ. ਲਾਈਟਸ (ਇੰਡੀਆ) ਪ੍ਰਾਈਵੇਟ ਲਿਮਟਿਡ, ਜੇ.ਕੇ. ਪੇਪਰਜ਼, ਨੈਸਲੇ ਇੰਡੀਆ ਲਿਮਟਿਡ ਅਤੇ ਪ੍ਰਦਰਸ਼ਨੀ ਵਿੱਚ ਹਿੱਸਾ ਲੈਣ ਵਾਲੀਆਂ ਹੋਰ ਨਾਮਵਰ ਕੰਪਨੀਆਂ ਦਾ ਧੰਨਵਾਦ ਕੀਤਾ।
ਮੁੱਖ ਮੰਤਰੀ ਨੇ ਵਿੱਤ ਮੰਤਰੀ ਦੇ ਨਾਤੇ ਹਰਿਆਣਾ ਦੇ ਇਤਿਹਾਸ ਦਾ ਅੱਜ ਤਕ ਦਾ ਸੱਭ ਤੋਂ ਵੱਡਾ ਬਜਟ ਕੀਤਾ ਪੇਸ਼
ਸਾਲ 2023-24 ਦੇ ਲਈ ਵਿੱਤ ਮੰਤਰੀ ਨੇ 1,83,950 ਕਰੋੜ ਰੁਪਏ ਦਾ ਬਜਟ ਕੀਤਾ ਪੇਸ਼
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ,23 ਫ਼ਰਵਰੀ: ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਹਰਿਆਣਾ ਵਿਧਾਨ ਸਭਾ ਦੇ ਚੱਲ ਰਹੇ ਬਜ਼ਟ ਸੈਸਨ ਦੌਰਾਨ ਅੱਜ ਵਿੱਤ ਮੰਤਰੀ ਦੇ ਨਾਤੇ ਸੂਬੇ ਦੇ ਇਤਿਹਾਸ ਦਾ ਹੁਣ ਤਕ ਦਾ ਸੱਭ ਤੋਂ ਵੱਡਾ ਬਜਟ ਪੇਸ਼ ਕੀਤਾ। ਪੇਸ਼ ਕੀਤਾ ਬਜ਼ਟ ਸਾਲ 2023-24 ਦੇ ਲਈ 1,83,950 ਕਰੋੜ ਰੁਪਏ ਦਾ ਹੈ। ਜਿਸ ਵਿਚ ਸੱਭ ਵਰਗਾਂ ਦਾ ਖਿਆਲ ਰੱਖਦਿਆ ਬਜਟ ਵਿਚ ਕੋਈ ਨਵਾਂ ਟੈਕਸ ਨਹੀਂ ਲਗਾਇਆ ਗਿਆ ਹੈ। ਇਸ ਮੌਕੇ ਪੇਸ਼ ਬਜ਼ਟ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਕੌਮੀ ਪ੍ਰਤੀ ਵਿਅਕਤੀ ਆਮਦਨ ਸਾਲ 2014-15 ਵਿਚ ਮੌਜੂਦਾ ਮੁੱਲਾਂ ’ਤੇ 86,647 ਰੁਪਏ ਸੀ, ਜੋ ਸਾਲ 2022-23 ਵਿਚ ਵੱਧ ਕੇ 1,70,620 ਰੁਪਏ ਹੋਣ ਦੀ ਸੰਭਾਵਨਾ ਹੈ, ਜਦੋਂ ਕਿ ਹਰਿਆਣਾ ਦੇ ਲਈ ਇਹ ਸਾਲ 2014-15 ਵਿਚ 1,47,382 ਰੁਪਏ ਤੋਂ ਵੱਧ ਕੇ ਸਾਲ 2022-23 ਵਿਚ 2,96,685 ਰੁਪਏ ਹੋੋਣ ਦੀ ਸੰਭਾਵਨਾ ਹੈ। ਉਨ੍ਹਾਂ ਨੇ ਦਸਿਆ ਕਿ ਬਜਟ ਅੰਦਾਜਾ ਸਾਲ 2023-24 ਦੇ ਲਈ 1,09,122 ਕਰੋੜ ਰੁਪਏ ਦਾ ਮਾਲ ਪ੍ਰਾਪਤੀਆਂ ਦਾ ਪ੍ਰਸਤਾਵ ਕੀਤਾ ਗਿਆ ਹੈ, ਜਿਸ ਵਿਚ 75,716 ਰੁਪਏ ਦਾ ਟੈਕਸ ਮਾਲ ਅਤੇ 12,651 ਕਰੋੜ ਰੁਪਏ ਦਾ ਗੈਰ-ਟੈਕਸ ਮਾਲ ਸ਼ਾਮਿਲ ਹੈ। ਟੈਕਸ ਮਾਲ ਪਾ?ਰਪਤੀਆਂ ਵਿਚ ਜੀਐਸਟੀ, ਵੈਟ, ਆਬਕਾਰੀ ਅਤੇ ਸਟਾਂਪ ਫੀਸ ਮਾਲ ਦੇ ਪ੍ਰਮੁੱਖ ਸਰੋਤ ਹਨ। ਕੇਂਦਰੀ ਟੈਕਸਾਂ ਦਾ ਹਿੱਸਾ ਹੈ 1,164 ਕਰੋੜ ਰੁਪਏ ਅਤੇ ਕੇਂਦਰ ਤੋੋ ਸਹਾਇਤਾ ਅਨੁਦਾਨ 9,950 ਕਰੋੜ ਰੁਪਏ ਹੈ। ਇਸ ਤੋਂ ਇਲਾਵਾ ਪੂੰਜੀਗਤ ਪ੍ਰਾਪਤੀਆਂ 71,173 ਕਰੋੜ ਰੁਪਏ ਅਨੁਮਾਨਿਤ ਹੈ। ਇਸਤੋਂ ਇਲਾਵਾ ਕਿਹਾ ਕਿ ਰਾਜ ਹਮੇਸ਼ਾ ਕੇਂਦਰੀ ਵਿੱਤ ਆਯੋਗ ਅਤੇ ਭਾਂਰਤ ਸਰਕਾਰ ਵੱਲੋਂ ਨਿਰਧਾਰਿਤ ਮਾਨਦੰਡਾਂ ਅਨੂਸਾਰ ਰਾਜਕੋਸ਼ੀ ਮਾਨਕਾਂ ਨੂੰ ਬਣਾਏ ਰੱਖਣ ਵਿਚ ਸਫਲ ਰਿਹਾ ਹੈ। ਸੋਧ ਅਨੁਮਾਨ 2022-23 ਵਿਚ ਰਾਜਕੋਸ਼ੀ ਘਾਟਾ ਜੀਐਸਡੀਪੀ ਦਾ 3.29 ਫੀਸਦੀ ਰਿਹਾ ਜੋ ਕਿ ਜੀਐਸਡੀਪੀ ਦੇ 3.5 ਫੀਸਦੀ ਦੀ ਅਨੁਮਾਨਿਤ ਸੀਮਾ ਦੇ ਤਹਿਤ ਹੈ। ਸਾਲ 2023-24 ਦੇ ਲਈ ਜੀਐਸਡੀਪੀ ਦੇ 2.96 ਫੀਸਦੀ ਦੇ ਰਾਜਕੋਸ਼ੀ ਘਾਟੇ ਦਾ ਪ੍ਰਸਤਾਵ ਹੈ, ਜੋ ਕਿ ਅਨੁਮਾਨ ਸੀਮਾ ਦੇ ਤਹਿਤ ਹੈ।ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਸਕਲ ਕਰਜਾ ਸਟਾਕ ਨੂੰ ਵੀ ਨਿਰਧਾਰਿਤ ਸੀਮਾ ਵਿਚ ਰੱਖਣ ਵਿਚ ਸਫਲ ਰਹੇ ਹਨ। ਸੋਧ ਅਨੁਮਾਨ 2022-23 ਵਿਚ ਕਰਜਾ ਜੀਐਸਡੀਪੀ ਅਨੁਪਾਤ 25.78 ਫੀਸਦੀ ਹੈ, ਜੋ ਕਿ ਨਿਰਧਾਰਿਤ ਸੀਮਾ 33.3 ਫੀਸਦੀ ਦੀ ਸੀਮਾ ਵਿਚ ਹੈ। ਸਾਲ 2023-24 ਵਿਚ ਕਰਜਾ ਸਟਾਕ ਜੀਐਸਡੀਪੀ ਦਾ 25.45 ਫੀਸਦੀ ਪ੍ਰਰੇਕਸ਼ਿਤ ਹੈ। ਜੋ ਕਿ ਨਿਰਧਾਰਿਤ ਮਾਨਕਾਂ 33.1 ਫੀਸਦੀ ਤੋਂ ਬਹੁਤ ਹੇੇਠਾਂ ਹੈ। ਉਨ੍ਹਾਂ ਨੇ ਕਿਹਾ ਕਿ ਹਰਿਆਣਾ ਰਾਜਕੋਸ਼ੀ ਵਿਵੇਕ ਦੇ ਮਾਰਗ ’ਤੇ ਅੱਗੇ ਵੀ ਅਗਰਸਰ ਰਹਿਣਗੇ, ਕਿਉਂਕਿ ਇਹ ਲਗਾਤਾਰ ਆਰਥਕ ਵਿਕਾਸ ਦਾ ਇਕਲੌਤਾ ਰਸਤਾ ਹੈ।
ਬਜ਼ਟ ਦੀਆਂ ਪ੍ਰਮੁੱਖ ਗੱਲਾਂ ਹੇਠ ਲਿਖੇ ਮੁਤਾਬਕ ਹਨ।
ਬਜੁਰਗਾਂ ਦਾ ਸਨਮਾਨ ਵਧਾਇਆ, ਪੈਂਸ਼ਨ 2,750 ਰੁਪਏ ਪ੍ਰਤੀ ਮਹੀਨਾ ਕਰਨ ਦਾ ਐਲਾਨ
ਬੁਢਾਪਾ ਪੈਂਸ਼ਨ ਯੋਗਤਾ ਆਮਦਨ 2 ਲੱਖ ਤੋਂ ਵਧਾ ਕੇ 3 ਲੱਖ ਰੁਪਏ ਕਰਨ ਦਾ ਐਲਾਨ
2 ਲੱਖ ਤੋਂ ਵੱਧ ਅੰਤੋਂਦੇਸ ਪਰਿਵਾਰਾਂ ਨੂੰ ਮਿਲੇਗੀ 2,000 ਕਰੋੜ ਰੁਪਏ ਦੀ ਆਰਥਕ ਮਦਦ
ਅੰਤੋਂਦੇਯ ਪਰਿਵਾਰਾਂ ਨੂੰ ਮਿਲਣਗੇ 1 ਲੱਖ ਘਰਾਂ ਦੀ ਸੌਗਾਤ
ਚਿਰਾਯੂ- ਆਯੂਸ਼ਮਾਨ ਭਾਰਤ ਯੋਜਨਾ ਦਾ ਲਾਭ 3 ਲੱਖ ਰੁਪਏ ਸਾਲਾਨਾ ਤਕ ਆਮਦਨ ਵਾਲੇ ਪਰਿਵਾਰਾਂ ਨੂੰ ਵੀ ਪ੍ਰਦਾਨ ਕਰਨ ਦਾ ਐਲਾਨ
ਆਈਟੀਆਈ ਵਿਚ ਪ੍ਰਵੇਸ਼ ਲੈਣ ਵਾਲੀ ਕੁੜੀ ਨੂੰ ਮਿਲੇਗੀ 2,500 ਰੁਪਏ ਵਿੱਤੀ ਸਹਾਇਤਾ
ਪੱਤਰਕਾਰਾਂ ਨੂੰ ਮਿਲੇਗੀ ਕੈਸ਼ਲੇਸ ਮੈਡੀਕਲ ਸਹੂਲਤ
ਹਰਿਆਣਾ ਪ੍ਰਤੀ ਵਿਅਕਤੀ ਆਮਦਨ ਸੱਭ ਤੋੋਂ ਅੱਗੇ, ਅਗਾਮੀ ਸਾਲ ਵਿਚ ਕਰੀਬ 3 ਲੱਖ ਹੋਣ ਦੀ ਸੰਭਾਵਨਾ
ਜਖਮੀ ਖਿਡਾਰੀਆਂ ਦੇ ਪੁਨਰਵਾਸ ਲਈ ਕੌਮੀ ਪੱਧਰ ਦੇ ਵਿਗਿਆਨਕ ਖੇਡ ਸਿਖਲਾਈ ਅਤੇ ਪੁਨਰਵਾਸ ਕੇਂਦਰ ਬਣਨਗੇ
ਆਂਗਨਵਾੜੀ ਵਰਕਸ ਤੇ ਚੌਕੀਦਾਰਾਂ ਨੂੰ ਮਿਲੇਗਾ ਚਿਰਾਯੂ ਯੋਜਨਾ ਦਾ ਲਾਭ
ਰਾਜਕੋੋਸ਼ੀ ਘਾਟਾ ਜੀਐਸਡੀਪੀ ਦਾ 2.96 ਫੀਸਦੀ
ਕੁਦਰਤੀ ਖੇਤੀ ਦੇ ਪ੍ਰੋਤਸਾਹਨ ਦੇ ਲਈ ਬਜਟ ਵਿਚ ਵਿਸ਼ਸ਼ ਪ੍ਰਾਵਧਾਨ
ਸੱਭ ਬੱਚਿਆਂ ਨੂੰ ਸਿਖਿਆ ਦੇ ਲਈ 6 ਤੋਂ 18 ਸੋਾਲ ਦੇ ਹਰ ਬੱਚੇ ਦੀ ਹੋਵੇਗੀ ਮੈਪਿੰਗ
ਹਰਿਆਣਾ ਆਰਬਿਟਲ ਰੇਲ ਕੋਰੀਡੋਰ ਤੋਂ ਵਿਕਾਸ ਦੀ ਮਿਲੇਗੀ ਗਤੀ
ਗੁਰੂਗ੍ਰਾਮ ਵਿਚ ਬਣੇਗਾ 700 ਬਿਸਤਰਿਆਂ ਦਾ ਆਧੁਨਿਕ ਹਸਪਤਾਲ
ਪੰਚਾਇਤਾਂ ਵਿਚ ਬਨਣਗੇ ਈ-ਲਾਇਬ੍ਰੇਰੀ
ਛੋਟੇ ਕਲਾਕਾਰਾਂ ਨੂੰ ਵੀ ਮਿਲੇਗੀ 10 ਹਜਾਰ ਰੁਪਏ ਦੀ ਪੈਂਸ਼ਨ
ਵਿਜੀਲੈਂਸ ਦਫ਼ਤਰ ਅੱਗੇ ਕਾਂਗਰਸ ਪਾਰਟੀ ਨੇ ਕੀਤਾ ਪ੍ਰਦਰਸ਼ਨ
ਸੁਖਜਿੰਦਰ ਮਾਨ
ਬਠਿੰਡਾ, 23 ਫ਼ਰਵਰੀ : ਵਿਧਾਇਕ ਰਿਸ਼ਵਤ ਮਾਮਲੇ ’ਚ ਵਿਰੋਧੀਆਂ ਪਾਰਟੀਆਂ ਵਲੋਂ ਲਗਾਤਾਰ ਸਰਕਾਰ ਨੂੰ ਘੇਰਣ ਦੀ ਰਣਨੀਤੀ ਤਹਿਤ ਅੱਜ ਹਲਕਾ ਬਠਿੰਡਾ ਦਿਹਾਤੀ ਦੇ ਇੰਚਾਰਜ਼ ਹਰਵਿੰਦਰ ਸਿੰਘ ਲਾਡੀ ਦੀ ਅਗਵਾਈ ਹੇਠ ਕਾਂਗਰਸੀ ਆਗੂਆਂ ਤੇ ਵਰਕਰਾਂ ਵਲੋਂ ਸਥਾਨਕ ਵਿਜੀਲੈਂਸ ਦਫ਼ਤਰ ਅੱਗੇ ਰੋਸ ਪ੍ਰਦਰਸ਼ਨ ਕੀਤਾ। ਹਾਲਾਂਕਿ ਪਹਿਲਾਂ ਧਰਨਾ ਦੇਣ ਦਾ ਐਲਾਨ ਕੀਤਾ ਗਿਆ ਸੀ ਪ੍ਰੰਤੂ ਵਿਧਾਇਕ ਦੀ ਗ੍ਰਿਫਤਾਰੀ ਤੋਂ ਬਾਅਦ ਧਰਨੇ ਦੇ ਪ੍ਰੋਗਰਾਮ ਨੂੰ ਮੁਅੱਤਲ ਕਰਕੇ ਸਿਰਫ਼ ਰੋਸ ਪ੍ਰਦਰਸ਼ਨ ਕੀਤਾ ਗਿਆ ਤੇ ਇਸ ਮੌਕੇ ਮੰਗ ਕੀਤੀ ਗਈ ਕਿ ਇਸ ਕਾਂਡ ਦੀ ਗੰਭੀਰਤਾ ਨਾਲ ਜਾਂਚ ਕਰਕੇ ਸ਼ੱਕੀ ਭੂਮਿਕਾ ਵਾਲੇ ਹੋਰਨਾਂ ਵਿਅਕਤੀਆਂ ਬਾਰੇ ਵੀ ਜਾਂਚ ਕੀਤੀ ਜਾਵੇ। ਕਾਂਗਰਸੀ ਆਗੂਆਂ ਨੇ ਕਿਹਾ ਕਿ ਹਲਕੇ ਦੇ ਵਿਚ ਵੱਡੀ ਗਿਣਤੀ ’ਚ ਸਿਕਾਇਤਾਂ ਵਿਧਾਇਕ ਵਿਰੁਧ ਹਨ, ਜਿਸਦੇ ਚੱਲਦੇ ਹਰੇਕ ਦੀ ਜਾਂਚ ਕੀਤੀ ਜਾਣੀ ਬਣਦੀ ਹੈ। ਇਸ ਮੌਕੇ ਸ਼੍ਰੀ ਲਾਡੀ ਦੀ ਅਗਵਾਈ ਹੇਠ ਕਾਂਗਰਸੀ ਵਰਕਰਾਂ ਵਲੋਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਇੱਕ ਮੰਗ ਪੱਤਰ ਵੀ ਦਿੱਤਾ ਗਿਆ।






