Friday, May 22, 2026
Home Blog Page 2197

ਬਠਿੰਡਾ ਨਿਗਮ ਦੀ ਸਲਾਨਾ ਬਜ਼ਟ ਮੀਟਿੰਗ ’ਚ ਹੋਇਆ ਹੰਗਾਮਾ, ਕਾਂਗਰਸੀ ਕੋਂਸਲਰਾਂ ਨੇ ਮੇਅਰ ਤੋਂ ਮੰਗਿਆ ਅਸਤੀਫ਼ਾ

0

ਹੱਕ ’ਚ ਅੱਧੀ ਦਰਜ਼ਨ ਤੇ ਵਿਰੋਧ ’ਚ ਦੋ ਦਰਜ਼ਨ ਤੋਂ ਵੱਧ ਕੋਂਸਲਰ ਨਜ਼ਰ ਆਏ
ਕਾਂਗਰਸੀ ਕੋਂਸਲਰਾਂ ਨੇ ਮੇਅਰ ਨੂੰ ਪੁਛਿਆ ਕਿ ਉਹ ਦੱਸਣ ਕਿ ਕਾਂਗਰਸੀ ਜਾਂ ਹੁਣ ਬਣ ਗਏ ਹਨ ਭਾਜਪਾਈ
ਸੁਖਜਿੰਦਰ ਮਾਨ
ਬਠਿੰਡਾ, 22 ਫਰਵਰੀ:-ਬਠਿੰਡਾ ਨਗਰ ਨਿਗਮ ਦੀ ਅੱਜ ਹੋਈ ਸਲਾਨਾ ਬਜ਼ਟ ਮੀਟਿੰਗ ਰੌਲੇ-ਰੱਪੇ ’ਤੇ ਹੰਗਾਮਿਆਂ ਦੀ ਭੇਂਟ ਚੜ੍ਹ ਗਈ। ਹਾਲਾਂਕਿ ਹੰਗਾਮਿਆਂ ਤੋਂ ਬਾਅਦ ਬਜ਼ਟ ’ਤੇ ਹੋਈ ਚਰਚਾ ਦੌਰਾਨ ਕਰੀਬ ਪੌਣੇ ਦੋ ਸੋ ਕਰੋੜ ਦਾ ਬਜ਼ਟ ਪਾਸ ਕਰ ਦਿੱਤਾ ਗਿਆ ਪ੍ਰੰਤੂ ਇਸ ਦੌਰਾਨ ਮੇਅਰ ਰਮਨ ਗੋਇਲ ਲਈ ਸਥਿਤੀ ਕਾਫ਼ੀ ਔਖੀ ਬਣੀ ਰਹੀ। ਮੀਟਿੰਗ ਸ਼ੁਰੂ ਹੁੰਦਿਆਂ ਹੀ ਕਾਂਗਰਸੀ ਕੋਂਸਲਰਾਂ ਨੇ ਮੇਅਰ ਨੂੰ ਇਹ ਕਹਿ ਕੇ ਘੇਰਣਾ ਸ਼ੁਰੂ ਕਰ ਦਿੰਤਾ ਕਿ ਉਹ ਅਪਣੀ ਸਥਿਤੀ ਸਪੱਸ਼ਟ ਕਰਨ ਕਿ ਉਹ ਹੁਣ ਵੀ ਕਾਂਗਰਸੀ ਹਨ ਜਾਂ ਫ਼ਿਰ ਭਾਜਪਾ ਨਾਲ ਰਲ ਗਏ ਹਨ। ਮੀਟਿੰਗ ਦੌਰਾਨ ਸੀਨੀਅਰ ਡਿਪਟੀ ਮੇਅਰ ਅਸੋਕ ਪ੍ਰਧਾਨ ਖੁੱਲ ਕੇ ਕਾਂਗਰਸੀ ਕੋਂਸਲਰਾਂ ਦੇ ਹੱਕ ਵਿਚ ਖੜ੍ਹਦੇ ਨਜ਼ਰ ਆਏ ਜਦੋਂਕਿ ਮਨਪ੍ਰੀਤ ਬਾਦਲ ਦਾ ਸਾਥ ਛੱਡਣ ਦੇ ਬਾਵਜੂਦ ਡਿਪਟੀ ਮੇਅਰ ‘ਪੱਲਾ’ ਬਚਾ ਕੇ ਚੱਲਦੇ ਦਿਖ਼ਾਈ ਦਿੱਤੇ। ਦਸਣਾ ਬਣਦਾ ਹੈ ਕਿ ਪਿਛਲੇ ਦਿਨਾਂ ’ਚ ਭਾਜਪਾ ਵਿਚ ਸ਼ਾਮਲ ਹੋਣ ਵਾਲੇ ਸਾਬਕਾ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਹਿਮਾਇਤੀ ਮੰਨੀ ਜਾਂਦੀ ਮੇਅਰ ਰਮਨ ਗੋਇਲ ਤੇ ਅੱਧੀ ਦਰਜ਼ਨ ਦੇ ਕਰੀਬ ਕੋਂਸਲਰ ਕਾਂਗਰਸ ਪਾਰਟੀ ਦੀਆਂ ਮੀਟਿੰਗਾਂ ਤੇ ਸਮਾਗਮਾਂ ਤੋਂ ਦੂਰੀ ਬਣਾ ਕੇ ਚੱਲ ਰਹੇ ਹਨ। ਜਿਸਦੇ ਚੱਲਦੇ ਅਨੁਮਾਨ ਲਗਾਇਆ ਜਾ ਰਿਹਾ ਸੀ ਕਿ ਕਾਂਗਰਸੀ ਕੋਂਸਲਰ ਇਸ ਮੁੱਦੇ ’ਤੇ ਮੇਅਰ ਦੀ ਮੀਟਿੰਗ ਦੌਰਾਨ ਸਿਆਸੀ ਘੇਰਾਬੰਦੀ ਕਰ ਸਕਦੇ ਹਨ। ਇਸ ਅਨੁਮਾਨ ਸਹੀਂ ਕਰਦਿਆਂ ਮੀਟਿੰਗ ਦੀ ਸ਼ੁਰੂਆਤ ਵਿਚ ਜਿਆਦਾਤਰ ਕੋਂਸਲਰਾਂ ਨੇ ਬਜ਼ਟ ਪਾਸ ਕਰਨ ਤੋਂ ਪਹਿਲਾਂ ਮੈਂਬਰਾਂ ਦੀਆਂ ਸਮੱਸਿਆਵਾਂ ਸੁਣਨ ਦੀ ਮੰਗ ਰੱਖੀ ਜਦੋਂਕਿ ਮੇਅਰ ਤੇ ਉਸਦੇ ਅੱਧੀ ਦਰਜ਼ਨ ਹਿਮਾਇਤੀ ਪਹਿਲਾਂ ਬਜ਼ਟ ਪਾਸ ਕਰਨ ਦੀ ਮੰਗ ’ਤੇ ਅੜ ਗਏ। ਜਿਸ ਕਾਰਨ ਹਾਊਸ ਵਿਚ ਸਥਿਤੀ ਕਾਫ਼ੀ ਤਨਾਵਪੂਰਨ ਹੋ ਗਈ ਤੇ ਦੋਨਾਂ ਧਿਰਾਂ ਆਹਮੋ-ਸਾਹਮਣੇ ਆ ਗਈਆਂ ਤੇ ਇੱਕ ਦੂਜੇ ਵਿਰੁਧ ਗੰਭੀਰ ਦੋਸ਼ ਲਗਾਉਣ ਲੱਗੀਆਂ। ਇਸ ਦੌਰਾਨ ਕਾਂਗਰਸੀ ਕੋਂਸਲਰਾਂ ਨੇ ਮੇਅਰ ਦੇ ਅਸਤੀਫ਼ੇ ਦੀ ਮੰਗ ਕਰਦਿਆਂ ਦਾਅਵਾ ਕੀਤਾ ਕਿ ਉਹ ਹਾਊਸ ਵਿਚ ਵਿਸਵਾਸ ਖੋਹ ਬੈਠੇ ਹਨ, ਜਿਸਦੇ ਚੱਲਦੇ ਉਨ੍ਹਾਂ ਨੂੰ ਬਹੁਮਤ ਸਿੱਧ ਕਰਨਾ ਚਾਹੀਦਾ ਹੈ। ਕਾਫ਼ੀ ਹੰਗਾਮੇ ਤੋਂ ਬਾਅਦ ਮੇਅਰ ਵਲੋਂ ਇਹ ਭਰੋਸਾ ਦੇਣ ਕਿ ਮੀਟਿੰਗ ਤੋਂ ਬਾਅਦ ਕੋਂਸਲਰਾਂ ਨੂੰ ਸੁਣਿਆ ਜਾਵੇਗਾ, ਮੀਟਿੰਗ ਸ਼ੁਰੂ ਹੋਈ। ਪ੍ਰੰਤੂ ਬਾਅਦ ਵਿਚ ਬਜ਼ਟ ਦੀ ਪਾਸ ਹੁੰਦੇ ਹੀ ਮੀਟਿੰਗ ਖ਼ਤਮ ਕਰਨ ਦਾ ਐਲਾਨ ਕਰ ਦਿੱਤਾ ਗਿਆ। ਉਨ੍ਹਾਂ ਦਾਅਵਾ ਕੀਤਾ ਕਿ ਇਹ ਪ੍ਰਵਾਰਕ ਮਸਲਾ ਹੈ ਤੇ ਇਹੋ-ਜਿਹੀ ਨੋਕ-ਝੋਕ ਚੱਲਦੀ ਰਹਿੰਦੀ ਹੈ। ਉਧਰ ਅੱਜ ਬਜ਼ਟ ਦੀ ਮੀਟਿੰਗ ਵਿਚ 174 ਕਰੋੜ ਰੁਪਏ ਦਾ ਬਜ਼ਟ ਪਾਸ ਕੀਤਾ ਗਿਆ। ਹਾਲਾਂਕਿ ਇਹ ਚਾਲੂ ਵਿਤੀ ਸਾਲ ਦੇ ਕੁੱਲ ਅਨੁਮਾਨਿਤ 155 ਕਰੋੜ ਦੇ ਬਜ਼ਟ ਤੋਂ 19 ਕਰੋੜ ਰੁਪਏ ਜਿਆਦਾ ਹੈ। ਪ੍ਰੰਤੂ ਇਸ ਆਮਦਨ ਵਿਚੋਂ 102 ਕਰੋੜ ਇਕੱਲੇ ਮੁਲਾਜਮਾਂ ਦੀਆਂ ਤਨਖ਼ਾਹਾਂ ਤੇ ਹੋਰਨਾਂ ਭੱਤਿਆਂ ਉਪਰ ਹੀ ਖਰਚ ਹੋਣਗੇ ਜਦੋਂਕਿ ਨਿਗਮ ਦੇ ਪੱਕੇ ਖ਼ਰਚਿਆਂ ਲਈ ਕਰੀਬ 55 ਕਰੋੜ ਰੁਪਏ ਦੀ ਜਰੂਰਤ ਪਏਗੀ। ਉਂਜ ਨਿਗਮ ਵਲੋਂ ਚਾਲੂ ਵਿਤੀ ਸਾਲ ਦੇ ਮੁਕਾਬਲੇ 4 ਕਰੋੜ ਦੇ ਵਾਧੇ ਨਾਲ ਸ਼ਹਿਰ ਦੇ ਵਿਕਾਸ ਕੰਮਾਂ ਲਈ 36 ਕਰੋੜ ਰੁਪਏ ਦੀ ਰਾਸ਼ੀ ਰਾਖ਼ਵੀਂ ਰੱਖੀ ਹੈ। ਨਿਗਮ ਦਫ਼ਤਰ ਵਲੋਂ 22 ਫ਼ਰਵਰੀ ਨੂੰ ਸਵੇਰੇ 11 ਵਜੇਂ ਨਿਗਮ ਦੇ ਮੀਟਿੰਗ ਹਾਲ ਵਿਚ ਰੱਖੀ ਇਸ ਬਜ਼ਟ ਮੀਟਿੰਗ ਲਈ ਕੱਢੇ ਏਜੰਡੇ ਮੁਤਾਬਕ ਨਿਗਮ ਨੂੰ ਸਭ ਤੋਂ ਵਧ ਆਮਦਨ ਵੈਟ ਤੋਂ 95 ਕਰੋੜ ਰੁਪਏ ਹੋਣ ਦੀ ਉਮੀਦ ਹੈ, ਜਿਹੜੀ ਕਿ ਚਾਲੂ ਸਾਲ ਨਾਲੋਂ ਕਰੀਬ ਸਾਢੇ ਪੰਜ ਕਰੋੜ ਵਧ ਹੈ। ਇਸੇ ਤਰ੍ਹਾਂ ਹਾਊਸ ਟੈਕਸ ਤੋਂ 16 ਕਰੋੜ, ਵਿਕਾਸ ਚਾਰਜ਼ ਅਤੇ ਸੀਐਲਯੂ ਤੋਂ ਕ੍ਰਮਵਾਰ ਸਾਢੇ 7-7 ਕਰੋੜ ਰੁਪਏ ਇਕੱਠੇ ਹੋਣ ਦੀ ਉਮੀਦ ਜਤਾਈ ਜਾ ਰਹੀ ਹੈ। ਐਕਸ਼ਾਈਜ਼ ਡਿਊਟੀ ਤੋਂ ਸਾਢੇ ਅੱਠ ਕਰੋੜ , ਕਾਓ ਸੈਸ ਤੋਂ ਸਵਾ ਤਿੰਨ ਕਰੋੜ ਅਤੇ ਸ਼ਹਿਰ ਵਿਚ ਲੱਗਣ ਵਾਲੇ ਇਸ਼ਤਿਹਾਰਾਂ ਤੋਂ ਸਾਢੇ ਤਿੰਨ ਰੁਪਏ ਆਉਣ ਦੀ ਸੰਭਾਵਨਾ ਹੈ। ਜੇਕਰ ਦੂਜੇ ਪਾਸੇ ਨਿਗਮ ਦੇ ਖ਼ਰਚਿਆਂ ਦੀ ਗੱਲ ਕੀਤੀ ਜਾਵੇ ਤਾਂ ਬਜ਼ਟ ਦਾ ਜਿਆਦਾਤਰ ਮੁਲਾਜਮਾਂ ਦੀਆਂ ਤਨਖ਼ਾਹਾਂ ਤੇ ਭੱਤਿਆ ਆਦਿ ’ਤੇ ਹੀ ਨਿਕਲ ਜਾਵੇਗਾ। ਇਸਦੇ ਲਈ ਕੁੱਲ 102.2 ਕਰੋੜ ਰੁਪਏ ਰਾਖ਼ਵੇ ਰੱਖੇ ਗਏ ਹਨ। ਇਸਤੋਂ ਇਲਾਵਾ ਪੱਕੇ ਖ਼ਰਚਿਆਂ, ਜਿਸ ਵਿਚ ਵਾਟਰ ਸਪਲਾਈ ਤੇ ਸੀਵਰੇਜ਼ ਸਿਸਟਮ ਦੇ ਬਿੱਲ, ਮੈਟੀਨੈਂਸ, ਸਟਰੀਟ ਲਾਈਟਾਂ, ਸਾਫ਼ ਸਫ਼ਾਈ, ਗਊਸ਼ਾਲਾ ਦਾ ਖ਼ਰਚਾ, ਪਾਰਕਾਂ ਦਾ ਰੱਖ-ਰਖਾਵ, ਜਨਤਕ ਪਖਾਨਿਆਂ ਦੀ ਦੇਖਭਾਲ, ਕਰਜ਼ਾ ਵਾਪਸੀ ਆਦਿ ਸ਼ਾਮਲ ਹੈ, ਲਈ 54 ਕਰੋੜ ਰੁਪਏ ਰੱਖੇ ਗਏ ਹਨ ਜਦੋਂਕਿ ਚਾਲੂ ਵਿਤੀ ਸਾਲ ਇਸ ਪੱਕੇ ਖ਼ਰਚੇ ਵਜੋਂ 39.28 ਕਰੋੜ ਰਾਖ਼ਵੇ ਰੱਖੇ ਗਏ ਸਨ, ਜਿੰਨ੍ਹਾਂ ਵਿਚੋਂ 31 ਜਨਵਰੀ 2023 ਤੱਕ ਕਰੀਬ 33 ਕਰੋੜ ਖ਼ਰਚ ਹੋ ਚੁੱਕੇ ਹਨ ਤੇ ਕੁੱਲ ਖਰਚੇ 42 ਕਰੋੜ ਤੱਕ ਪੁੱਜਣ ਦੀ ਉਮੀਦ ਹੈ। ਰੱਖੇ ਅੰਕੜਿਆਂ ਮੁਤਾਬਕ ਪਿਛਲੇ ਸਮਿਆਂ ਦੌਰਾਨ ਵਿਕਾਸ ਕੰਮਾਂ ਤੇ ਸੀਵਰੇਜ਼ ਤੇ ਪਾਣੀ ਆਦਿ ਪ੍ਰੋਜੈਕਟਾਂ ਲਈ ਲਏ ਕਰਜਿਆਂ ਦੀ ਪੰਡ ਵੀ ਭਾਰੀ ਹੁੰਦੀ ਜਾ ਰਹੀ ਹੈ।

ਬਾਕਸ
ਮੇਅਰ ਨੇ ਪੱਤਰਕਾਰਾਂ ਦੇ ਕਵਰੇਜ਼ ਕਰਨ ’ਤੇ ਲਗਾਈ ਰੋਕ ਤੋਂ ਭੜਕੇ ਕੋਂਸਲਰ
ਕੋਂਸਲਰਾਂ ਦੇ ਧਰਨੇ ਤੋਂ ਬਾਅਦ ਮੀਡੀਆ ਨੂੰ ਦਿੱਤੀ ਇੰਟਰੀ
ਬਠਿੰਡਾ: ਉਧਰ ਨਗਰ ਨਿਗਮ ਵਿਚ ਅੱਜ ਸੰਭਾਵੀਂ ਹੰਗਾਮੇ ਨੂੰ ਦੇਖਦਿਆਂ ਮੇਅਰ ਵਲੋਂ ਮੀਡੀਆ ’ਤੇ ਹਾਊਸ ਦੀ ਮੀਟਿੰਗ ਦੀ ਕਵਰੇਜ਼ ਕਰਨ ’ਤੇ ਰੋਕ ਲਗਾ ਦਿੱਤੀ। ਜਿਸਦਾ ਮੀਡੀਆ ਕਰਮਚਾਰੀਆਂ ਨੇ ਵਿਰੋਧ ਕੀਤਾ। ਇਸ ਦੌਰਾਨ ਬਠਿੰਡਾ ਹਾਊਸ ਦੀ 50 ਮੈਂਬਰੀ ਸਦਨ ਵਿਚ ਜਿਆਦਾਤਰ ਮੈਂਬਰਾਂ ਨੇ ਇਸ ਨਾਦਰਸ਼ਾਹੀ ਫ਼ੁਰਮਾਨ ਦਾ ਵਿਰੋਧ ਕਰਦਿਆਂ ਮੀਟਿੰਗ ਦੀ ਸ਼ੁਰੂਆਤ ਵਿਚ ਹਾਊਸ ਦੇ ਅੰਦਰ ਧਰਨਾ ਦਿੰਦਿਆਂ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਇਸਤੋਂ ਇਲਾਵਾ ਮੀਡੀਆ ਨੂੰ ਅੰਦਰ ਨਾ ਜਾਣ ਦੇ ਵਿਰੋਧ ਵਿਚ ਅਕਾਲੀ ਕੌਸਲਰ ਮੀਟਿੰਗ ਦਾ ਬਾਈਕਾਟ ਕਰਕੇ ਬਾਹਰ ਆ ਕੇ ਧਰਨੇ ’ਤੇ ਬੈਠੇ ਗਏ। ਕੋਂਸਲਰਾਂ ਦੇ ਵਿਰੋਧ ਨੂੰ ਦੇਖਦਿਆਂ ਮੇਅਰ ਨੂੰ ਮੀਡੀਆ ਦੀ ਇੰਟਰੀ ਰੋਕਣ ਵਾਲਾ ਫੈਸਲਾ ਵਾਪਸ ਲੈਣਾ ਪਿਆ ਤੇ ਜਿਸਤੋਂ ਬਾਅਦ ਮੀਟਿੰਗ ਸ਼ੁਰੂ ਹੋਈ।

ਕਿਸਾਨ ਆਗੂ ਹਰਿੰਦਰ ਸਿੰਘ ਲੱਖੋਵਾਲ ਘਰ ਤੇ ਕਾਰੋਬਾਰ ਉਪਰ ਸੀ.ਬੀ.ਆਈ ਵੱਲੋਂ ਕੀਤੀ ਛਾਪੇਮਾਰੀ ਦੀ ਭਾਕਿਯੂ ਲੱਖੋਵਾਲ ਟਿਕੈਤ ਨੇ ਕੀਤੀ ਨਿਖੇਧੀ

ਕੇਂਦਰ ਸਰਕਾਰ ਦੀ ਇਸ ਤਰਾਂ ਦੀ ਕਾਰਵਾਈ ਤੋਂ ਲੱਖੋਵਾਲ ਡਰਨ ਵਾਲੇ ਨਹੀਂ – ਰਾਮਾ
ਸੁਖਜਿੰਦਰ ਮਾਨ
ਬਠਿੰਡਾ, 21 ਫਰਵਰੀ :ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਟਿਕੈਤ ਦੇ ਸੂਬਾ ਜਨਰਲ ਸਕੱਤਰ ਸਰੂਪ ਸਿੰਘ ਰਾਮਾ ਨੇ ਜਾਰੀ ਕੀਤੇ ਬਿਆਨ ਵਿੱਚ ਕਿਹਾ ਕਿ ਕਿਸਾਨੀ ਅੰਦੋਲਨ ਅਤੇ ਬੰਦੀ ਸਿੰਘਾਂ ਦੀ ਰਿਹਾਈ ਲਈ ਚੱਲ ਰਹੇ ਮੋਹਾਲੀ ਮੋਰਚੇ ਵਿੱਚ ਸਭ ਤੋਂ ਪਹਿਲਾਂ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਵੱਲੋਂ ਹਮਾਇਤ ਕਰਨ ਅਤੇ ਵੱਡੇ ਜੱਥੇ ਸਮੇਤ ਮੋਰਚੇ ਵਿੱਚ ਸ਼ਮੂਲੀਅਤ ਕਰਨ ਕਰਕੇ ਕੇਂਦਰ ਸਰਕਾਰ ਨੇ ਘਬਰਾਹਟ ਵਿਚ ਆ ਕੇ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਪੰਜਾਬ ਰਜਿ:283 ਦੇ ਜਨਰਲ ਸਕੱਤਰ ਹਰਿੰਦਰ ਸਿੰਘ ਲੱਖੋਵਾਲ ਦੇ ਘਰ ਤੇ ਕਾਰੋਬਾਰ ਉੱਪਰ ਸੀ.ਬੀ.ਆਈ ਦੀ ਵੱਡੀ ਰੇਡ ਕਰਵਾਈ। ਰਾਮਾ ਨੇ ਕਿਹਾ ਕਿ ਕੇਂਦਰ ਸਰਕਾਰ ਇਸ ਕਾਰਵਾਈ ਨਾਲ ਉਨ੍ਹਾਂ ਦੀ ਬੰਦੀ ਸਿੰਘਾਂ ਦੀ ਰਿਹਾਈ ਲਈ ਉਠਾਈ ਆਵਾਜ਼ ਦਬਾਉਣਾ ਚਾਹੁੰਦੀ ਹੈ, ਡਰਾ ਕੇ ਉਨ੍ਹਾਂ ਨੂੰ ਦਬਾਉਣਾ ਚਾਹੁੰਦੀ ਹੈ। ਉਨ੍ਹਾਂ ਦੱਸਿਆ ਕਿ ਸਵੇਰ ਤੋਂ ਸ਼ਾਮ ਦੇ 5 ਵਜ਼ੇ ਤੱਕ ਸੀ.ਬੀ.ਆਈ ਨੂੰ ਉਨ੍ਹਾਂ ਦੇ ਘਰ ਤੇ ਕਾਰੋਬਾਰ ਤੋਂ ਕੁਝ ਵੀ ਹੱਥ ਨਹੀਂ ਲੱਗਿਆ।ਪਰ ਸੀ.ਬੀ.ਆਈ ਦੇ ਅਧਿਕਾਰੀ ਆਪਣੀ ਨਕਾਮੀ ਛਪਾਉਣ ਲਈ ਉਨਾਂ ਦੇ ਕੁਝ ਬੈਂਕਾਂ ਦੇ ਖਾਲੀ ਚੈੱਕ ਕਾਗਜ਼,ਪਾਸ ਬੁੱਕਾਂ ਤੇ ਹੋਰ ਕਾਗਜ਼ ਪੱਤਰ ਆਪਣੇ ਨਾਲ ਲੈ ਗਈ। ਰਾਮਾਂ ਨੇ ਕਿਹਾ ਕਿ ਯੂਨੀਅਨ ਦੇ ਆਗੂ ਹਰਿੰਦਰ ਸਿੰਘ ਲੱਖੋਵਾਲ ਕੇਂਦਰ ਸਰਕਾਰ ਦੀ ਇਸ ਤਰਾਂ ਦੀ ਕਾਰਵਾਈ ਤੋਂ ਡਰਨ ਵਾਲੇ ਨਹੀਂ। ਉਹ ਆਪਣੀ ਰਹਿੰਦੀ ਜਿੰਦਗੀ ਤੱਕ ਕਿਸਾਨਾਂ ਤੇ ਬੰਦੀ ਸਿੰਘਾਂ ਦੀ ਰਿਹਾਈ ਲਈ ਲੜਦੇ ਰਹਿਣਗੇ, ਚਾਹੇ ਉਨ੍ਹਾਂ ਨੂੰ ਇਸ ਲਈ ਕੋਈ ਵੀ ਕੁਰਬਾਨੀ ਕਿਉਂ ਨਾ ਕਰਨੀ ਪਵੇ। ਸਮੁੱਚੀ ਜਥੇਬੰਦੀ ਉਨ੍ਹਾਂ ਨਾਲ ਖੜ੍ਹੀ ਹੈ।

ਕੋਸਲਰਾਂ ਦੇ ਵਿਰੋਧ ਤੋਂ ਬਾਅਦ ਨਗਰ ਨਿਗਮ ਦੇ ਜਨਰਲ ਹਾਊਸ ਦੀ ਮੀਟਿੰਗ ਰੱਦ

0

ਸਲਾਨਾ ਬਜ਼ਟ ਦੀ ਮੀਟਿੰਗ ਪਹਿਲਾਂ ਤੈਅਸੁਦਾ ਸਮੇਂ ’ਤੇ ਹੀ ਹੋਵੇਗੀ
ਪੌਣੇ ਪੰਜ ਮਹੀਨਿਆਂ ਬਾਅਦ ਰੱਖੀ ਸੀ ਜਨਰਲ ਹਾਊਸ ਦੀ ਮੀਟਿੰਗ
ਸੁਖਜਿੰਦਰ ਮਾਨ
ਬਠਿੰਡਾ, 21 ਫਰਵਰੀ : ਕਰੀਬ ਪੌਣੈ ਪੰਜ ਮਹੀਨਿਆਂ ਬਾਅਦ ਭਲਕੇ 22 ਫ਼ਰਵਰੀ ਨੂੰ ਹੋਣ ਵਾਲੀ ਨਗਰ ਨਿਗਮ ਦੇ ਜਨਰਲ ਹਾਊਸ ਦੀ ਮੀਟਿੰਗ ਇੱਕ ਵਾਰ ਰੱਦ ਹੋ ਗਈ ਹੈ। ਹਾਲਾਂਕਿ ਇਸਦੇ ਪਿੱਛੇ ਕੋਈ ਕਾਰਨ ਨਹੀਂ ਦਿੱਤਾ ਗਿਆ ਪ੍ਰੰਤੂ ਇੱਕੋਂ ਦਿਨ ਤਿੰਨ-ਤਿੰਨ ਮੀਟਿੰਗਾਂ ਰੱਖਣ ਦਾ ਕੋਸਲਰਾਂ ਵਲੋਂ ਭਾਰੀ ਵਿਰੋਧ ਹੋ ਰਿਹਾ ਸੀ। ਇਹੀਂ ਨਹੀਂ ਕਾਂਗਰਸੀ ਕੋਂਸਲਰਾਂ ਵਲੋਂ ਤਾਂ ਬੀਤੇ ਕਲ ਮੀਟਿੰਗ ਕਰਕੇ ਇਸ ਸਬੰਧ ਵਿਚ ਰਣਨੀਤੀ ਵੀ ਤਿਆਰ ਕਰ ਲਈ ਸੀ। ਕੋਂਸਲਰਾਂ ਦੇ ਦਾਅਵੇ ਮੁਤਾਬਕ ਇਹ ਮੀਟਿੰਗ ਨਾਂ ਤਾਂ ਕਿਸੇ ਨਾ ਰਾਇ-ਮਸ਼ਵਰਾ ਕਰਕੇ ਰੱਖੀ ਗਈ ਸੀ, ਬਲਕਿ ਮੀਟਿੰਗ ’ਚ ਰੱਖੇ ਵਿਕਾਸ ਕਾਰਜ਼ਾਂ ਤੇ ਹੋਰਨਾਂ ਏਜੰਡਿਆਂ ਸਬੰਧੀ ਉਨ੍ਹਾਂ ਦੀ ਪੁਛਗਿਛ ਨਹੀਂ ਕੀਤੀ ਗਈ ਸੀ। ਇੱਥੇ ਜਿਕਰ ਕਰਨਾ ਬਣਦਾ ਹੈ ਕਿ ਜਨਰਲ ਹਾਊਸ ਦੀ ਆਖ਼ਰੀ ਮੀਟਿੰਗ 28 ਸਤੰਬਰ 2022 ਨੂੰ ਹੋਈ ਸੀ, ਜਿਸਤੋਂ ਬਾਅਦ ਕਾਂਗਰਸੀਆਂ ’ਚ ਆਪਸੀ ਪਾਟੋਧਾੜ ਕਾਰਨ ਮੀਟਿੰਗ ਨਹੀਂ ਹੋ ਰਹੀ ਸੀ ਕਿਉਂਕਿ ਮੇਅਰ ਵਿਰੁਧ ਕਾਂਗਰਸ ਪਾਰਟੀ ਦੇ ਜਿਆਦਾਤਰ ਕੋਂਸਲਰ ਇੱਕਜੁਟ ਹੋ ਗਏ ਸਨ ਤੇ ਹੁਣ ਜਦੋਂ ਸਾਬਕਾ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਕਾਂਗਰਸ ਛੱਡ ਕੇ ਭਾਜਪਾ ਵਿਚ ਚਲੇ ਗਏ ਹਨ ਤੇ ਮੇਅਰ ਦੀ ਹਮਦਰਦੀ ਉਨ੍ਹਾਂ ਪ੍ਰਤੀ ਸਾਫ਼ ਝਲਕਦੀ ਨਜ਼ਰ ਆ ਰਹੀ ਹੈ। ਜਿਸ ਕਾਰਨ ਕਾਂਗਰਸੀ ਕੋਂਸਲਰਾਂ ਵਲੋਂ ਅੰਦਰਖ਼ਾਤੇ ਮੇਅਰ ਨੂੰ ਕੁਰਸੀ ਤੋਂ ਉਤਰਾਨ ਲਈ ਭੱਜਦੋੜ ਕੀਤੀ ਜਾ ਰਹੀ ਹੈ। ਪਿਛਲੇ ਦਿਨੀਂ ਰੱਖੀ ਵਿਤ ਤੇ ਲੇਖਾ ਕਮੇਟੀ ਦੀ ਮੀਟਿੰਗ ਦਾ ਵੀ ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਸਹਿਤ ਦੋਨਾਂ ਚੁਣੇ ਹੋਏ ਮੈਂਬਰਾਂ ਵਲੋਂ ਬਾਈਕਾਟ ਕਰਨ ਦੇ ਚੱਲਦੇ ਮੇਅਰ ਨੂੰ ਨਮੋਸ਼ੀ ਦਾ ਸਾਹਮਣਾ ਕਰਨਾਂ ਪਿਆ ਸੀ। ਇਸਤੋਂ ਇਲਾਵਾ ਸ਼ਹਿਰ ਦੇ ਵਿਕਾਸ ਕੰਮ ਰੁਕ ਜਾਣ ਕਾਰਨ ਲੰਘੀ 13 ਫ਼ਰਵਰੀ ਨੂੰ ਕਮਿਸ਼ਨਰ ਵਲੋਂ ਵੀ ਇੱਕ ਅਰਧਸਰਕਾਰੀ ਪੱਤਰ ਮੇਅਰ ਨੂੰ ਜਾਰੀ ਕਰਕੇ ਮੀਟਿੰਗ ਤੁਰੰਤ ਬੁਲਾਉਣ ਲਈ ਕਿਹਾ ਸੀ। ਜਿਸਤੋਂ ਬਾਅਦ ਮੇਅਰ ਗਰੁੱਪ ਵਲੋਂ ਹੋਣ ਵਾਲੀ ਸਲਾਨਾ ਬਜ਼ਟ ਮੀਟਿੰਗ ਦੇ ਨਾਲ ਜਨਰਲ ਹਾਊਸ ਦੀ ਮੀਟਿੰਗ ਰੱਖ ਦਿਤੀ ਗਈ ਸੀ ਤੇ ਨਾਲ ਹੀ ਤੀਜੀ ਮੀਟਿੰਗ ਵਜੋਂ ਵਿਤ ਤੇ ਲੇਖਾ ਕਮੇਟੀ ਦਾ ਸਡਿਊਲ ਜਾਰੀ ਕਰ ਦਿੱਤਾ ਸੀ। ਜਿਸਦੇ ਚੱਲਦੇ ਇੱਕ ਦਿਨ ਵਿਚ ਹੀ ਤਿੰਨ-ਤਿੰਨ ਮੀਟਿੰਗਾਂ ਦੇ ਵਿਰੁਧ ਅਵਾਜ਼ ਉੱਠਣ ਲੱਗੀ ਸੀ।

ਵਿਸ਼ੇਸ਼ ਅਦਾਲਤ ਵੱਲੋਂ 50 ਹਜ਼ਾਰ ਦੀ ਰਿਸ਼ਵਤ ਲੈਣ ਵਾਲੇ ਸਹਾਇਕ ਖਜ਼ਾਨਾ ਅਫਸਰ ਤੇ ਉਸ ਦੇ ਸਾਥੀ ਨੂੰ 7-7 ਸਾਲ ਦੀ ਕੈਦ

0

ਸੁਖਜਿੰਦਰ ਮਾਨ
ਬਠਿੰਡਾ, 21 ਫ਼ਰਵਰੀ : ਸੂਬਾ ਸਰਕਾਰ ਵੱਲੋਂ ਭ੍ਰਿਸ਼ਟਾਚਾਰ ਵਿਰੁੱਧ ਅਪਣਾਈ ਜ਼ੀਰੋ ਟਾਲਰੈਂਸ ਨੀਤੀ ਤਹਿਤ ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਭ੍ਰਿਸ਼ਟਾਚਾਰ ਵਿਰੁੱਧ ਵਿੱਢੀ ਮੁਹਿੰਮ ਅਧੀਨ ਅੱਜ ਮਾਨਸਾ ਦੀ ਵਿਸ਼ੇਸ਼ ਅਦਾਲਤ ਨੇ ਸਹਾਇਕ ਖਜਾਨਾ ਅਫਸਰ ਮਾਨਸਾ ਗੁਰਪ੍ਰੀਤ ਸਿੰਘ ਤੇ ਉਸ ਦੇ ਇੱਕ ਸਾਥੀ ਆਤਮਾ ਸਿੰਘ ਵਾਸੀ ਕੋਟੜਾ ਜਿਲਾ ਮਾਨਸਾ ਨੂੰ ਰਿਸ਼ਵਤਖੋਰੀ ਦੇ ਕੇਸ ਵਿੱਚ ਸੱਤ-ਸੱਤ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ।ਅੱਜ ਇੱਥੇ ਇਹ ਜਾਣਕਾਰੀ ਦਿੰਦੇ ਹੋਏ ਪੰਜਾਬ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਸ਼ਿਕਾਇਤਕਰਤਾ ਗੁਰਜੀਤ ਕੌਰ ਵਾਸੀ ਮਾਨਸਾ ਕੈਚੀਆਂ, ਜ਼ਿਲ੍ਹਾ ਮਾਨਸਾ ਨੇ ਵਿਜੀਲੈਂਸ ਕੋਲ ਸ਼ਿਕਾਇਤ ਕਰਕੇ ਦੱਸਿਆ ਸੀ ਕਿ ਉਸ ਦੇ ਪਤੀ ਹਰਿੰਦਰ ਸਿੰਘ ਪਟਵਾਰੀ ਦੀ ਮੌਤ ਹੋ ਜਾਣ ਉਪਰੰਤ ਉਸ ਦੇ ਤਨਖਾਹ ਸਬੰਧੀ ਬਕਾਏ ਦਾ ਸੱਤ ਲੱਖ ਰੁਪਏ ਦਾ ਬਿੱਲ ਪਾਸ ਕਰਨ ਬਦਲੇ ਉਪਰੋਕਤ ਸਹਾਇਕ ਖਜ਼ਾਨਾ ਖਜਾਨਾ ਅਫਸਰ ਨੇ ਆਤਮਾ ਸਿੰਘ ਵਾਸੀ ਕੋਟੜਾ ਜ਼ਿਲ੍ਹਾ ਮਾਨਸਾ ਨਾਲ ਮਿਲੀਭੁਗਤ ਕਰਕੇ 50 ਹਜ਼ਾਰ ਰੁਪਏ ਰਿਸ਼ਵਤ ਦੀ ਮੰਗ ਕੀਤੀ ਸੀ।ਇਸ ਸ਼ਿਕਾਇਤ ਉੱਤੇ ਕਾਰਵਾਈ ਕਰਦੇ ਹੋਏ ਵਿਜੀਲੈਂਸ ਬਿਊਰੋ ਨੇ ਜਾਲ ਵਿਛਾਇਆ ਅਤੇ ਸਹਾਇਕ ਖਜਾਨਾ ਅਫਸਰ ਤੇ ਉਸਦੇ ਸਹਿਯੋਗੀ ਨੂੰ 50 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਿਆਂ 27-07-2015 ਨੂੰ ਦੋ ਸਰਕਾਰੀ ਗਵਾਹਾਂ ਦੀ ਮੌਜੂਦਗੀ ਵਿੱਚ ਰੰਗੇ ਹੱਥੀਂ ਗ੍ਰਿਫ਼ਤਾਰ ਕਰ ਲਿਆ ਸੀ। ਉਕਤ ਦੋਹਾਂ ਦੋਸ਼ੀਆਂ ਖਿਲਾਫ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਵਿਜੀਲੈਂਸ ਬਿਊਰੋ ਦੇ ਥਾਣਾ ਬਠਿੰਡਾ ਰੇਂਜ ਬਠਿੰਡਾ ਵਿਖੇ ਮੁਕੱਦਮਾ ਦਰਜ ਕਰ ਲਿਆ ਗਿਆ ਸੀ। ਇਸ ਰਿਸ਼ਵਤਖੋਰੀ ਮੁਕੱਦਮੇ ਦੀ ਪੂਰੀ ਤਨਦੇਹੀ ਨਾਲ ਪੈਰਵੀ ਕਰਦਿਆਂ ਵਿਜੀਲੈਂਸ ਬਿਊਰੋ ਨੇ ਮੁਕੱਦਮੇ ਦਾ ਚਲਾਣ ਪੇਸ਼ ਕਰਨ ਉਪਰੰਤ ਗਵਾਹੀਆਂ ਮੁਕੰਮਲ ਕਰਵਾਈਆਂ ਗਈਆਂ ਜਿਸ ਦੇ ਅਧਾਰ ਤੇ ਅੱਜ ਵਿਸ਼ੇਸ਼ ਅਦਾਲਤ ਦੇ ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਸ੍ਰੀ ਮਨਦੀਪ ਸਿੰਘ ਢਿੱਲੋਂ ਨੇ ਉਕਤ ਦੋਹਾਂ ਦੋਸ਼ੀਆਂ ਨੂੰ ਇਸ ਕੇਸ ਵਿੱਚ ਸੱਤ -ਸੱਤ ਸਾਲ ਦੀ ਕੈਦ ਦੀ ਸਜ਼ਾ ਸੁਣਾਈ। ਉਪਰੰਤ ਵਿਜੀਲੈਂਸ ਬਿਓਰੋ ਯੁਨਿਟ ਮਾਨਸਾ ਦੀ ਟੀਮ ਵੱਲੋਂ ਦੋਹਾਂ ਦੋਸ਼ੀਆਂ ਨੂੰ ਜ਼ਿਲ੍ਹਾ ਜੇਲ੍ਹ ਮਾਨਸਾ ਵਿੱਚ ਬੰਦ ਕਰਵਾਇਆ ਗਿਆ।

ਡਿਪਟੀ ਕਮਿਸ਼ਨਰ ਨੇ ‘ਬਾਲ ਮਜ਼ਦੂਰੀ ਹਟਾਓ, ਬਚਪਨ ਬਚਾਓ’ ਮੁਹਿੰਮ ਦੀ ਕੀਤੀ ਸ਼ੁਰੂਆਤ

0

ਕਿਹਾ, ਬੱਚਿਆਂ ਦੀ ਘਰੇਲੂ ਮਜ਼ਬੂਰੀ ਨੂੰ ਦੂਰ ਕਰਕੇ ਸਿੱਖਿਆ ਦੇ ਖੇਤਰ ਨਾਲ ਜਾਵੇਗਾ ਜੋੜਿਆ
ਸੁਖਜਿੰਦਰ ਮਾਨ
ਬਠਿੰਡਾ, 21 ਫ਼ਰਵਰੀ : ਜ਼ਿਲ੍ਹਾ ਪ੍ਰਸ਼ਾਸ਼ਨ ਦੇ ਸਹਿਯੋਗ ਨਾਲ ਅੱਪੂ ਸੋਸਾਇਟੀ ਬਠਿੰਡਾ ਵਲੋਂ ਚਲਾਈ ਗਈ ਵਿਸੇਸ਼ ਮੁਹਿੰਮ ‘ਬਾਲ ਮਜ਼ਦੂਰੀ ਹਟਾਓ, ਬਚਪਨ ਬਚਾਓ’ ਦੀ ਅੱਜ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਨੇ ਹਰੀ ਝੰਡੀ ਦਿਖਾ ਕੇ ਸ਼ੁਰੂਆਤ ਕੀਤੀ। ਇਸ ਮੌਕੇ ਉਨ੍ਹਾਂ ਕਿਹਾ ਕਿ ਇਸ ਮੁਹਿੰਮ ਦਾ ਮੁੱਖ ਮੰਤਵ ਬੱਚਿਆਂ ਦੀ ਘਰੇਲੂ ਮਜ਼ਬੂਰੀ ਨੂੰ ਦੂਰ ਕਰਕੇ ਉਨ੍ਹਾਂ ਨੂੰ ਮੁੜ ਸਿੱਖਿਆ ਦੇ ਖੇਤਰ ਨਾਲ ਜੋੜਨਾ ਹੈ। ਉਨ੍ਹਾਂ ਅੱਪੂ ਸੋਸਾਇਟੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਸੁਸਾਇਟੀ ਪਿਛਲੇ 11-12 ਸਾਲਾਂ ਤੋਂ ਬੱਚਿਆਂ ਦੀ ਭਲਾਈ ਲਈ ਲਗਾਤਾਰ ਕੰਮ ਕਰ ਰਹੀ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਇਸ ਸੋਸਾਇਟੀ ਵਲੋਂ ਜ਼ਿਲ੍ਹੇ ਅੰਦਰ 6 ਵੱਖ-ਵੱਖ ਸਲੱਮ ਖੇਤਰਾਂ ਜਿਵੇਂ ਕਿ ਆਵਾ ਬਸਤੀ, ਬੇਅੰਤ ਨਗਰ, ਟੀਚਰ ਕਲੋਨੀ, ਰੋਜ ਗਾਰਡਨ ਸਾਹਮਣੇ ਪੁੱਲ ਥੱਲ੍ਹੇ, ਖੇਤਾ ਸਿੰਘ ਬਸਤੀ ਤੇ ਹਰਦੇਵ ਨਗਰ ਵਿਖੇ ਸ਼ਾਮ ਦੇ ਸਮੇਂ ਵਿਦਿਅਕ ਸੈਂਟਰ ਚਲਾਏ ਜਾ ਰਹੇ ਹਨ। ਜਿਨ੍ਹਾਂ ਵਿੱਚ ਤਕਰੀਬਨ 400 ਬੱਚਿਆਂ ਨੂੰ ਮੁਫ਼ਤ ਪੜ੍ਹਾਈ ਕਰਵਾਈ ਜਾ ਰਹੀ ਹੈ। ਸੁਸਾਇਟੀ ਦੇ ਪ੍ਰਧਾਨ ਕੇਵਲ ਕ੍ਰਿਸ਼ਨ ਨੇ ਦੱਸਿਆ ਕਿ ਇਸ ਮੁਹਿੰਮ ਤਹਿਤ ਜੋ ਵੀ ਬੱਚਾ 14 ਸਾਲ ਤੋਂ ਘੱਟ ਉਮਰ ਦਾ ਹੈ ਤੇ ਘਰਾਂ ਵਿੱਚ ਘਰੇਲੂ ਕੰਮ ਜਾਂ ਛੋਟੇ ਬੱਚੇ ਸੰਭਾਲਣ ਜਾਂ ਕੋਈ ਵੀ ਘਰੇਲੂ ਕੰਮ ਕਰਦੇ ਹਨ ਉਸ ਦੀ ਜਾਣਕਾਰੀ 73073-70005 ਤੇ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਜਾਣਕਾਰੀ ਦੇਣ ਵਾਲੇ ਦੀ ਪਹਿਚਾਣ ਗੁਪਤ ਰੱਖੀ ਜਾਵੇਗੀ। ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ ਪ੍ਰਾਇਮਰੀ ਮੇਵਾ ਸਿੰਘ, ਹਿਮਾਂਸੂ ਗੁਪਤਾ, ਦੀਪਕ ਸਿੰਗਲਾ, ਗੁਰਸੇਵਕ ਸਿੰਘ, ਸੰਜੀਵ ਗੋਇਲ, ਭੋਲਾ ਗਰਗ, ਰਾਵਿੰਦਰ ਗਰਗ, ਜਗਜੀਤ ਸਿੰਘ, ਪੂਰਾ ਰਾਣੀ, ਚਾਇਲਡ ਲਾਇਨ ਦੇ ਕੋਆਰਡੀਨੇਟਰ ਰੀਤੂ ਰਾਣੀ ਆਦਿ ਹਾਜ਼ਰ ਸਨ।

ਗੈਂਗਸਟਰ ਰੰਮੀ ਮਛਾਣਾ ਅਤੇ ਮਨਜਿੰਦਰ ਮਿੰਦੀ ਦੇ ਘਰ ਐਨ.ਆਈ.ਏ ਦੀ ਛਾਪੇਮਾਰੀ

0

ਸੁਖਜਿੰਦਰ ਮਾਨ
ਬਠਿੰਡਾ, 21 ਫਰਵਰੀ :-ਕੇਂਦਰੀ ਜਾਂਚ ਏਜੰਸੀ (ਐਨ.ਆਈ.ਏ) ਵੱਲੋਂ ਅੱਜ ਗੈਂਗਸਟਰਵਾਦ ਕਲਚਰ ਨੂੰ ਠੱਲ ਪਾਉਣ ਲਈ ਪੰਜਾਬ ਹਰਿਆਣਾ ਸਮੇਤ ਵੱਖ-ਵੱਖ ਰਾਜਾਂ ਵਿਚ ਕੀਤੀ ਛਾਪੇਮਾਰੀ ਤਹਿਤ ਬਠਿੰਡਾ ਜ਼ਿਲ੍ਹੇ ਨਾਲ ਸਬੰਧਿਤ ਦੋ ਗੈਂਗਸਟਰਾਂ ਦੇ ਘਰ ਛਾਪੇਮਾਰੀ ਕੀਤੀ ਗਈ। ਸੂਚਨਾ ਮੁਤਾਬਕ ਕੇਂਦਰੀ ਜਾਂਚ ਏਜੰਸੀ ਦੀ ਟੀਮ ਅੱਜ ਸਵੇਰ ਦਿਨ ਚੜ੍ਹਦੇ ਹੀ ਇਲਾਕੇ ਦੇ ਚਰਚਿਤ ਗੈਂਗਸਟਰ ਰੰਮੀ ਮਛਾਣਾ ਅਤੇ ਮਨਜਿੰਦਰ ਮਿੰਦੀ ਦੇ ਘਰ ਪੁੱਜੀ। ਇੰਨ੍ਹਾਂ ਦੋਨਾਂ ਗੈਂਗਸਟਰਾਂ ਦੇ ਘਰ ਸੰਗਤ ਅਤੇ ਤਲਵੰਡੀ ਸਾਬੋ ਵਿਚ ਪੈਂਦੇ ਹਨ। ਏਜੰਸੀ ਦੇ ਅਧਿਕਾਰੀਆਂ ਨੇ ਕਰੀਬ ਚਾਰ ਘੰਟੇ ਤੱਕ ਦੋਨਾਂ ਗੈਂਗਸਟਰਾਂ ਦੇ ਪਰਿਵਾਰਾਂ ਤੋਂ ਪੁੱਛਗਿੱਛ ਕੀਤੀ ਗਈ ਅਤੇ ਇਸ ਦੌਰਾਨ ਨਾਂ ਹੀ ਕਿਸੇ ਨੂੰ ਘਰ ਦੇ ਅੰਦਰ ਆਉਣ ਦਿੱਤਾ ਅਤੇ ਨਾਂ ਹੀ ਘਰ ਵਿਚ ਮੌਜੂਦ ਪਰਿਵਾਰਕ ਮੈਂਬਰਾਂ ਨੂੰ ਘਰ ਤੋਂ ਬਾਹਰ ਜਾਣ ਦਿੱਤਾ ਗਿਆ। ਹਾਲਾਂਕਿ ਇਸ ਦੌਰਾਨ ਵੱਡੀ ਗਿਣਤੀ ਵਿਚ ਮੀਡੀਆ ਕਰਮਚਾਰੀ ਵੀ ਪੁੱਜੇ ਹੋਏ ਸਨ ਪ੍ਰੰਤੂ ਜਾਂਚ ਏਜੰਸੀ ਦੇ ਅਧਿਕਾਰੀਆਂ ਨੇ ਕਿਸੇ ਦੇ ਨਾਲ ਕੋਈ ਗੱਲ ਨਹੀਂ ਕੀਤੀ। ਪੁਲਿਸ ਵਲੋਂ ਵੀ ਏਜੰਸੀ ਦੇ ਨਾਲ ਵੱਡੀ ਗਿਣਤੀ ਵਿਚ ਸਥਾਨਕ ਥਾਣਿਆਂ ਦੇ ਕਰਮਚਾਰੀ ਘਰਾਂ ਦੇ ਬਾਹਰ ਤੈਨਾਤ ਕੀਤੇ ਹੋਏ ਸਨ। ਸੂਚਨਾ ਮੁਤਾਬਕ ਏਜੰਸੀ ਦੀ ਟੀਮ ਤਲਵੰਡੀ ਸਾਬੋ ਦੇ ਪਿੰਡ ਬਹਿਮਣ ਕੋਰ ਸਿੰਘ ਵਾਲਾ ਵਿਖੇ ਮਨਜਿੰਦਰ ਸਿੰਘ ਮਿੰਦੀ ਅਤੇ ਸੰਗਤ ਵਿਚ ਪੈਂਦੇ ਪਿੰਡ ਮਛਾਣਾ ਦੇ ਰਹਿਣ ਵਾਲੇ ਗੈਂਗਸਟਰ ਰੰਮੀ ਮਛਾਣਾ ਦੇ ਘਰ ਸਵੇਰੇ ਕਰੀਬ 5.30 ਵਜੇ ਪੁੱਜ ਗਈ ਸੀ। ਪਤਾ ਲੱਗਿਆ ਹੈ ਕਿ ਟੀਮ ਦੇ ਅਧਿਕਾਰੀਆਂ ਨੇ ਜਾਂਦਿਆਂ ਹੀ ਘਰ ਵਿਚ ਮੌਜੂਦ ਵਿਅਕਤੀਆਂ ਦੇ ਮੋਬਾਇਲ ਫ਼ੋਨ ਕਬਜੇ ਵਿਚ ਲੈ ਲਏ ਤੇ ਮੁੱਖ ਗੇਟ ਨੂੰ ਬੰਦ ਕਰ ਦਿੱਤਾ ਗਿਆ। ਇਸ ਦੌਰਾਨ ਘਰ ਦੀ ਫਰੋਲਾ ਫਰਾਲੀ ਕੀਤੀ ਅਤੇ ਸ਼ੱਕੀ ਕਾਗ਼ਜ਼ ਪੱਤਰਾਂ ਨੂੰ ਕਬਜ਼ੇ ਵਿਚ ਲੈ ਲਿਆ ਗਿਆ। ਦਸਣਾ ਬਣਦਾ ਹੈ ਕਿ ਗੈਂਗਸਟਰ ਰੰਮੀ ਮਛਾਣਾ ਬਠਿੰਡਾ ਦੀ ਕੇਂਦਰੀ ਜੇਲ੍ਹ ਵਿਚ ਬੰਦ ਹੈ ਜਦੋਂਕਿ ਮਨਜਿੰਦਰ ਸਿੰਘ ਮਿੰਦੀ ਹਰਿਆਣਾ ਦੀ ਇੱਕ ਜੇਲ੍ਹ ਵਿਚ ਸਜਾ ਭੁਗਤ ਰਿਹਾ ਹੈ। ਰੰਮੀ ਮਛਾਣਾ ਦੀ ਮਾਤਾ ਪਰਮਜੀਤ ਕੌਰ ਨੇ ਬਾਅਦ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਸਦਾ ਪੁੱਤਰ ਕਰੀਬ ਅੱਠ ਸਾਲਾਂ ਤੋਂ ਜੇਲ੍ਹ ਅੰਦਰ ਬੰਦ ਹੈ ਪ੍ਰੰਤੂ ਜਾਣਬੁੱਝ ਕੇ ਪ੍ਰਵਾਰ ਨੂੰ ਤੰਗ ਕੀਤਾ ਜਾ ਰਿਹਾ।

ਆਪ ਨੇ 2024 ਦੀਆਂ ਚੋਣਾਂ ਦੇ ਮੱਦੇਨਜ਼ਰ ਸੰਗਠਨ ਦੀ ਮਜ਼ਬੂਤੀ ਲਈ ਕੀਤੀ ਮੀਟਿੰਗ

0

ਸੁਖਜਿੰਦਰ ਮਾਨ
ਬਠਿੰਡਾ, 21 ਫ਼ਰਵਰੀ : 2024 ਦੀਆਂ ਚੋਣਾਂ ਦੇ ਮੱਦੇਨਜ਼ਰ ਆਮ ਆਦਮੀ ਪਾਰਟੀ ਵਲੋਂ ਹਲਕਾ ਬਠਿੰਡਾ ਦਿਹਾਤੀ ,ਤਲਵੰਡੀ ਸਾਬੋ ਅਤੇ ਬਠਿੰਡਾ ਸ਼ਹਿਰੀ ਦੀਆਂ ਮੀਟਿੰਗਾਂ ਕੀਤੀਆਂ ਗਈਆਂ। ਜ਼ਿਲ੍ਹਾ ਪ੍ਰਧਾਨ ਅੰਮ੍ਰਿਤਲਾਲ ਅਗਰਵਾਲ ਦੀ ਅਗਵਾਈ ਹੇਠ ਹੋਈਆਂ ਇੰਨ੍ਹਾਂ ਮੀਟਿੰਗਾਂ ਵਿਚ ਹਲਕਿਆਂ ਦੇ ਸੰਗਠਨਾਂ ਨੂੰ ਮਜਬੂਤ ਕਰਨ ਲਈ ਵੀ ਗੱਲ-ਬਾਤ ਕੀਤੀ ਗਈ। ਇਸ ਮੀਟਿੰਗ ਵਿੱਚ ਵਿਸ਼ੇਸ਼ ਤੌਰ ਤੇ ਵਿਧਾਇਕ ਬਠਿੰਡਾ (ਸ਼ਹਿਰੀ) ਸ. ਜਗਰੂਪ ਸਿੰਘ ਗਿੱਲ ਹਲਕਾ ਬਠਿੰਡਾ ਸ਼ਹਿਰੀ ਅਤੇ ਹਲਕਾ ਤਲਵੰਡੀ ਸਾਬੋ ਦੇ ਨੁਮਾਇਦੇ ਕੇਵਲ ਸਿੰਘ ਵੀ ਮੌਜੂਦ ਸਨ। ਵਿਧਾਇਕ ਜਗਰੂਪ ਸਿੰਘ ਗਿੱਲ ਨੇ ਵੀ ਸੰਗਠਨ ਨੂੰ ਮਜਬੂਤ ਕਰਨ ਲਈ ਆਪਣੇ ਵਿਚਾਰ ਰੱਖੇ। ਇਸ ਮੀਟਿੰਗ ਵਿੱਚ ਨੀਲ ਗਰਗ ਬੁਲਾਰੇ ਪੰਜਾਬ ਅਤੇ ਚੈਅਰਮੈਨ ਇੰਡਸਟਰੀ, ਸਕੱਤਰ ਬਲਵਿੰਦਰ ਬੱਲੋ, ਅਮਰਦੀਪ ਰਾਜਨ ਪ੍ਰਧਾਨ ਜਿਲਾ ਯੂਥ ਵਿੰਗ, ਬਲਦੇਵ ਸਿੰਘ ਜਿਲਾ ਪ੍ਰਧਾਨ ਐਕਸ ਇੰਮਪਲਾਈਜ ਵਿੰਗ, ਗੁਰਪ੍ਰੀਤ ਕੌਰ, ਵਿਨੋਦ ਕੁਮਾਰ ਜਿਲਾ ਪ੍ਰਧਾਨ ਵਪਾਰ ਮੰਡਲ, ਮਹਿੰਦਰ ਸਿੰਘ ਫੂਲੋਮਿੱਠੀ,ਜਿਲਾ ਪ੍ਰਧਾਨ ਬੁੱਧੀਜੀਵੀ ਵਿੰਗ, ਮਨਜੀਤ ਸਿੰਘ ਜਿਲਾ ਪ੍ਰਧਾਨ ਐਸ.ਸੀ. ਵਿੰਗ , ਵਿਕਰਮ ਲਵਲੀ, ਬਲਜੀਤ ਸਿੰਘ ਬਲੀ, ਆਲਮਜੀਤ ਸਿੰਘ, ਜਰਨੈਲ ਸਿੰਘ, ਲਖਵੀਰ ਸਿੰਘ,ਜਸਵੰਤ ਸਿੰਘ ਗੁਰਤੇਜ ਸਿੰਘ, ਕੁਲਵੰਤ ਸਿੰਘ,ਹਰਦੇਵ ਸਿੰਘ, ਟੇਕ ਸਿੰਘ, ਕੁਲਦੀਪ ਸ਼ਰਮਾ, ਬਲਾਕ ਪ੍ਰਧਾਨ ਅਤੇ ਤਿੰਨੇ ਹਲਕਿਆਂ ਦੇ ਸਰਕਲ ਪ੍ਰਧਾਨ, ਵਾਰਡ ਪ੍ਰਧਾਨ ਮੌਜੂਦ ਸਨ।

ਮਾਂ ਬੋਲੀ ਕਿਸੇ ਵੀ ਵਿਅਕਤੀ ਦੀ ਪਹਿਚਾਣ ਹੁੰਦੀ ਹੈ : ਸ਼ੌਕਤ ਅਹਿਮਦ ਪਰੇ

ਰਜਿੰਦਰਾ ਕਾਲਜ ਚ ‘ਕੌਮਾਂਤਰੀ ਮਾਂ ਬੋਲੀ’ ਦਿਵਸ ਆਯੋਜਿਤ
ਸੁਖਜਿੰਦਰ ਮਾਨ
ਬਠਿੰਡਾ, 21 ਫ਼ਰਵਰੀ : ਮਾਂ ਬੋਲੀ ਕਿਸੇ ਵੀ ਵਿਅਕਤੀ ਦੀ ਆਪਣੀ ਪਹਿਚਾਣ ਹੁੰਦੀ ਹੈ, ਆਪਣੀ ਮਾਂ ਬੋਲੀ ਦਾ ਸਾਨੂੰ ਸਾਰਿਆਂ ਨੂੰ ਪੂਰਾ ਮਾਣ ਸਤਿਕਾਰ ਤੇ ਪਿਆਰ ਕਰਨਾ ਚਾਹੀਦਾ ਹੈ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਨੇ ਸਥਾਨਕ ਸਰਕਾਰੀ ਰਜਿੰਦਰਾ ਕਾਲਜ ਚ ਕਰਵਾਏ ਗਏ ‘ਕੌਮਾਂਤਰੀ ਮਾਂ ਬੋਲੀ’ ਦਿਵਸ ਮੌਕੇ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਭਾਸ਼ਾ ਵਿਭਾਗ ਵਲੋਂ ਜ਼ਿਲ੍ਹਾ ਪ੍ਰਸਾਸ਼ਨ ਦੇ ਸਹਿਯੋਗ ਨਾਲ ਪੰਜਾਬੀ ਭਾਸ਼ਾ ਨੂੰ ਪ੍ਰਫੁੱਲਤ ਕਰਨ ਤੇ ਪੂਰਾ ਮਾਣ-ਸਨਮਾਨ ਦੇਣ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਜ਼ਿਲ੍ਹਾ ਭਾਸ਼ਾ ਵਿਭਾਗ ਵਲੋਂ ਪਿਛਲੇ 21 ਦਿਨਾਂ ਤੋਂ ਲਗਾਤਾਰ ਪੰਜਾਬੀ ਮਾਂ ਬੋਲੀ ਦੇ ਪ੍ਰਚਾਰ ਤੇ ਪ੍ਰਸਾਰ ਹਿੱਤ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਭਵਿੱਖ ਵਿੱਚ ਵੀ ਇਸ ਤਰ੍ਹਾਂ ਦੇ ਉਪਰਾਲੇ ਜਾਰੀ ਰੱਖੇ ਜਾਣ। ਉਨ੍ਹਾਂ ਇਹ ਵੀ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਉਨ੍ਹਾਂ ਨੂੰ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਮਾਂ ਬੋਲੀ ਦੀ ਪ੍ਰਫੁੱਲਿਤਾ ਲਈ ਹਰ ਤਰ੍ਹਾਂ ਦਾ ਸਹਿਯੋਗ ਦਿੱਤਾ ਜਾਵੇਗਾ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਇਹ ਵੀ ਕਿਹਾ ਕਿ ਜ਼ਿਲ੍ਹੇ ਅਧੀਨ ਪੈਂਦੇ ਸਾਰੇ ਸਰਕਾਰੀ, ਗੈਰ ਸਰਕਾਰੀ ਤੇ ਪ੍ਰਾਈਵੇਟ ਅਦਾਰਿਆਂ ਆਦਿ ਵਲੋਂ ਤਕਰੀਬਨ ਆਪਣੀਆਂ ਨਾਮ ਪੱਟੀਆਂ ਤੇ ਸਾਈਨ ਬੋਰਡ ਆਦਿ ਪੰਜਾਬੀ ਭਾਸ਼ਾ ਵਿੱਚ ਕਰਵਾਏ ਜਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਜੇਕਰ ਕੋਈ ਵੀ ਬੋਰਡ ਅਜੇ ਤੱਕ ਕਿਸੇ ਕਾਰਨ ਪੰਜਾਬੀ ਭਾਸ਼ਾ ਵਿੱਚ ਨਹੀਂ ਲਿਖਿਆ ਗਿਆ ਉਸ ਨੂੰ ਵੀ ਜਲਦ ਲਿਖਵਾ ਲਿਆ ਜਾਵੇ। ਇਸ ਮੌਕੇ ਜ਼ਿਲ੍ਹਾ ਭਾਸ਼ਾ ਅਫ਼ਸਰ ਕੀਰਤੀ ਕਿਰਪਾਲ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਪੰਜਾਬੀ ਭਾਸ਼ਾ ਨੂੰ ਪ੍ਰਫੁੱਲਤ ਕਰਨ ਦੇ ਨਾਲ-ਨਾਲ ਇਸ ਦੇ ਪ੍ਰਚਾਰ ਤੇ ਪਸਾਰ ਲਈ ਪੂਰੀ ਤਰ੍ਹਾਂ ਯਤਨਸ਼ੀਲ ਤੇ ਵਚਨਵੱਧ ਹੈ। ਇਸ ਤੋਂ ਪਹਿਲਾਂ ‘ਪੰਜਾਬੀ ਮਾਂ ਬੋਲੀ’ ਦੀ ਮਹੱਤਤਾ ਨੂੰ ਪ੍ਰਗਟਾਉਂਦਾ ਹੋਇਆ ਡਾ. ਕੁਲਦੀਪ ਦੀਪ ਦਾ ਲਿਖਿਆ ਹੋਇਆ ਨਾਟਕ ‘ਹਾਲੇ ਵੀ ਵਕਤ ਹੈ’ ਨਾਟਿਯਮ ਥੀਏਟਰ ਗਰੁੱਪ ਦੀ ਟੀਮ ਵਲੋਂ ਪੇਸ਼ ਕੀਤਾ ਗਿਆ ਜੋ ਕਿ ਵਿਸ਼ੇਸ਼ ਖਿੱਚ ਦਾ ਕੇਂਦਰ ਰਿਹਾ। ਇਸ ਮੌਕੇ ਮਾਂ ਬੋਲੀ ਨਾਲ ਸਬੰਧਤ ਪ੍ਰਸ਼ਨੋਤਰੀ ਮੁਕਾਬਲੇ ਤੋਂ ਇਲਾਵਾ ਕਵੀਸ਼ਰੀ ਤੇ ਮਲਵਈ ਗਿੱਧਾ ਵੀ ਪੇਸ਼ ਕੀਤਾ ਗਿਆ। ਇਸ ਦੌਰਾਨ ਆੜੀ-ਆੜੀ ਗਰੁੱਪ ਤੇ ਭਾਸ਼ਾ ਵਿਭਾਗ ਅਤੇ ਸੰਧੂ ਬ੍ਰਦਰਜ਼ ਵਲੋਂ ਕਿਤਾਬਾਂ ਦੀ ਪ੍ਰਦਰਸ਼ਨੀ ਤੋਂ ਇਲਾਵਾ ਪੰਜਾਬੀ ਮਾਂ ਬੋਲੀ ਨਾਲ ਸਬੰਧਤ ਪੁਰਾਣੇ ਤਵਿਆ, ਗੁਰਮੁਖੀ ਲਿਪੀ ਦਾ ਨਿਕਾਸ ਦੀ ਮਹੱਤਤਾ ਨੂੰ ਪ੍ਰਗਟਾਉਂਦੀਆਂ ਹੋਈਆਂ ਵੱਖ-ਵੱਖ ਸਟਾਲਾਂ ਵੀ ਲਗਾਈਆਂ ਗਈਆਂ। ਇਸ ਮੌਕੇ ਪੰਜਾਬੀ ਮਾਂ ਬੋਲੀ ਦੇ ਹੱਕ ਵਿੱਚ ਪ੍ਰਚਾਰ ਤੇ ਪਸਾਰ ਕਰਨ ਵਾਲੀਆਂ ਵੱਖ-ਵੱਖ ਸਖਸ਼ੀਅਤਾਂ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਅਮ੍ਰਿੰਤਲਾਲ ਅਗਰਵਾਲ, ਆਪ ਵੀਸੀ ਵਿੰਗ ਦੇ ਪ੍ਰਧਾਨ ਮੈਡਮ ਮਨਦੀਪ ਕੌਰ ਰਾਮਗੜ੍ਹੀਆ, ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸ਼ਿਵਪਾਲ ਗੋਇਲ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਇਕਬਾਲ ਸਿੰਘ ਬੁੱਟਰ, ਖੋਜ਼ ਅਫ਼ਸਰ ਵਪ੍ਰੀਤ ਸਿੰਘ, ਬਲਕਰਨ ਬਲ, ਮੈਡਮ ਪਰਮਿੰਦਰ ਕੌਰ ਤੋਂ ਇਲਾਵਾ ਹੋਰ ਸਾਹਿਤਕ ਸਖਸ਼ੀਅਤਾਂ ਅਤੇ ਵਿਦਿਆਰਥੀ ਆਦਿ ਹਾਜ਼ਰ ਸਨ।

ਬਾਬਾ ਫ਼ਰੀਦ ਕਾਲਜ ਦੇ ਫਿਜ਼ਿਕਸ ਵਿਭਾਗ ਵੱਲੋਂ ’ਕੁਆਂਟਮ ਮਕੈਨਿਕਸ’ ਬਾਰੇ ਵਿਸਥਾਰ ਭਾਸ਼ਣ ਆਯੋਜਿਤ

0

ਸੁਖਜਿੰਦਰ ਮਾਨ
ਬਠਿੰਡਾ, 21 ਫਰਵਰੀ: ਬਾਬਾ ਫ਼ਰੀਦ ਕਾਲਜ ਦੇ ਫਿਜ਼ਿਕਸ ਵਿਭਾਗ ਵੱਲੋਂ ਬੀ.ਐਸ.ਸੀ. (ਨਾਨ-ਮੈਡੀਕਲ/ਸੀ.ਐਸ.), ਬੀ.ਐਸ.ਸੀ. ਆਨਰਜ਼ (ਫਿਜ਼ਿਕਸ) ਅਤੇ ਐਮ.ਐਸ.ਸੀ. (ਫਿਜ਼ਿਕਸ) ਦੇ ਵਿਦਿਆਰਥੀਆਂ ਲਈ ਇੱਕ ਵਿਸਥਾਰ ਭਾਸ਼ਣ ਕਰਵਾਇਆ ਗਿਆ। ਇਹ ਭਾਸ਼ਣ ਇੰਡੀਅਨ ਇੰਸਟੀਚਿਊਟ ਆਫ਼ ਸਾਇੰਸ ਐਜੂਕੇਸ਼ਨ ਐਂਡ ਰਿਸਰਚ, ਕੋਲਕਾਤਾ ਦੇ ਪ੍ਰੋਫੈਸਰ ਪ੍ਰਸ਼ਾਂਤਾ ਕੇ.ਪਾਨੀਗਰਾਹੀ ਦੁਆਰਾ ਦਿੱਤਾ ਗਿਆ। ਇਸ ਗਤੀਵਿਧੀ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਕੁਆਂਟਮ ਮਕੈਨਿਕਸ (ਸਿਧਾਂਤਕ ਖੇਤਰ) ਦੀ ਪ੍ਰਮੁੱਖ ਸ਼ਖ਼ਸੀਅਤ ਨਾਲ ਗੱਲਬਾਤ ਕਰਨ ਦਾ ਮੌਕਾ ਪ੍ਰਦਾਨ ਕਰਨਾ ਸੀ। ਪ੍ਰੋਫੈਸਰ ਪ੍ਰਸ਼ਾਂਤਾ ਕੇ. ਪਾਨੀਗਰਾਹੀ ਨੇ ਆਪਣਾ ਭਾਸ਼ਣ ਸੁਡੋਕੂ ਨਾਮਕ ਇੱਕ ਬੁਝਾਰਤ ਨਾਲ ਸ਼ੁਰੂ ਕੀਤਾ ਅਤੇ ਵਿਦਿਆਰਥੀਆਂ ਨਾਲ ਗੱਲਬਾਤ ਕਰਦਿਆਂ ਮੈਟ੍ਰਿਕਸ, ਰੈਂਕ, ਡਟਰਮੀਨੈਂਟ (ਨਿਰਧਾਰਕ) ਅਤੇ ਹੋਰ ਬਹੁਤ ਸਾਰੇ ਮੁੱਢਲੇ ਆਧਾਰਾਂ ਦੁਆਰਾ ਕੁਆਂਟਮ ਕੰਪਿਊਟਰਾਂ ਤੱਕ ਆਪਣੀ ਗੱਲ ਨੂੰ ਵਧਾਇਆ। ਉਨ੍ਹਾਂ ਸੰਚਾਰ ਪ੍ਰਣਾਲੀ ਵਿੱਚ ਧਰੁਵੀਕਰਨ ਦੀ ਭੂਮਿਕਾ ਬਾਰੇ ਗੱਲ ਕੀਤੀ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਇਹ ਸੁਨਿਸ਼ਚਿਤ ਕੀਤਾ ਕਿ ਕਿਊ ਬਿੱਟਸ (ਕੁਆਂਟਮ ਕੰਪਿਊਟਰਾਂ ਦੀ ਮੁੱਢਲੀ ਇਕਾਈ) ਅਤੇ ਕੁਆਂਟਮ ਜਾਣਕਾਰੀ ਦਾ ਅਧਿਐਨ ਕਰਨ ਲਈ ਕਿਸੇ ਡੂੰਘੇ ਸੰਕਲਪਿਕ ਗਿਆਨ ਦੀ ਲੋੜ ਨਹੀਂ ਹੈ ਪਰ ਉਹ ਉੱਪਰ ਦੱਸੇ ਅਨੁਸਾਰ ਸੋਚਣਾ ਅਤੇ ਕੰਮ ਕਰਨਾ ਸ਼ੁਰੂ ਕਰ ਸਕਦੇ ਹਨ। ਫਿਜ਼ਿਕਸ ਵਿਭਾਗ ਦੇ ਮੁਖੀ ਡਾ. ਸੁਧੀਰ ਮਿੱਤਲ ਅਤੇ ਫੈਕਲਟੀ ਮੈਂਬਰਾਂ ਨੇ ਪ੍ਰੋਫੈਸਰ ਪ੍ਰਸ਼ਾਂਤਾ ਕੇ.ਪਾਨੀਗਰਾਹੀ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਬੀ.ਐਫ.ਜੀ.ਆਈ. ਦੇ ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ ਨੇ ਫਿਜ਼ਿਕਸ ਵਿਭਾਗ ਦੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ।

ਪੁਲਿਸ ਵਲੋਂ ਨਸ਼ਾ ਤਸਕਰਾਂ ਵਿਰੁਧ ਵਿਸ਼ੇਸ ਮੁਹਿੰਮ, 9 ਗ੍ਰਿਫਤਾਰ

0

ਸੁਖਜਿੰਦਰ ਮਾਨ
ਬਠਿੰਡਾ, 21 ਫਰਵਰੀ :-ਪੰਜਾਬ ਪੁਲਿਸ ਦੇ ਮੁਖੀ ਦਿੱਤੀਆਂ ਹਿਦਾਇਤਾਂ ਤਹਿਤ ਅੱਜ ਬਠਿੰਡਾ ਪੁਲਿਸ ਵੱਲੋਂ ਇਲਾਕੇ ਵਿੱਚੋਂ ਨਸ਼ਿਆਂ ਦੀ ਅਲਾਮਤ ਨੂੰ ਜੜ੍ਹੋਂ ਖਤਮ ਕਰਨ ਲਈ ਸਬ ਡਵੀਜ਼ਨ ਮੌੜ ਦੇ ਮੌੜ, ਸਬ ਡਵੀਜ਼ਨ ਬਠਿੰਡਾ ਦਿਹਾਤੀ ਦੇ ਸੰਗਤ ਅਤੇ ਸਬ ਡਵੀਜ਼ਨ ਬਠਿੰਡਾ ਸਿਟੀ 2 ਦੀ ਧੋਬੀਆਣਾ ਬਸਤੀ ਵਿਖੇ ਸਵੇਰੇ 11.00 ਵਜੇ ਤੋਂ 04.00 ਵਜੇ ਤੱਕ ਵਿਸੇਸ ਮੁਹਿੰਮ (ਕਾਰਡਨ ਐਂਡ ਸਰਚ ਅਪਰੇਸ਼ਨ ) ਚਲਾਈ ਗਈ। ਇਸ ਮੁਹਿੰਮ ਦੌਰਾਨ ਆਈ.ਜੀ ਸੁਰੱਖਿਆ ਸ਼ਿਵ ਕੁਮਾਰ ਵਰਮਾ ਵਿਸੇਸ ਤੌਰ ’ਤੇ ਪੁੱਜੇ ਹੋਏ ਸਨ ਜਦੋਂਕਿ ਐਸ.ਐਸ.ਪੀ ਗੁਲਨੀਤ ਸਿੰਘ ਖੁਰਾਣਾ ਨੇ ਇਸ ਮੁਹਿੰਮ ਦੀ ਅਗਵਾਈ ਕੀਤੀ। ਮੁਹਿੰਮ ਦੌਰਾਨ ਸਮੂਹ ਐਸ.ਪੀਜ਼ ਅਤੇ ਡੀ.ਐਸ.ਪੀਜ਼ ਤੋਂ ਇਲਾਵਾ ਹੇਠਲੇ ਰੈਂਕਾਂ ਦੇ ਮੁਲਾਜਮਾਂ ਨੂੰ ਸ਼ਾਮਲ ਕੀਤਾ ਗਿਆ। ਇਸ ਦੌਰਾਨ ਸ਼ੱਕੀ ਥਾਵਾਂ ’ਤੇ ਜਾ ਕੇ ਘਰ ਘਰ ਤਲਾਸੀ ਲਈ ਗਈ। ਐਸ.ਐਸ.ਪੀ ਨੇ ਦਸਿਆ ਕਿ ਮੁਹਿੰਮ ਦਾ ਮਕਸਦ ਪੰਜਾਬ ਵਿੱਚੋਂ ਨਸ਼ਿਆਂ ਨੂੰ ਖਤਮ ਕਰਨਾ ਅਤੇ ਇਸ ਲਈ ਇਸ ਖਤਰੇ ਨੂੰ ਖਤਮ ਕਰਕੇ ਲੋਕਾਂ ਵਿੱਚ ਰੱਖਿਆ ਅਤੇ ਸੁਰੱਖਿਆ ਦੀ ਭਾਵਨਾ ਪੈਦਾ ਕਰਨ ਲਈ ਇਹ ਸਰਚ ਅਪਰੇਸ਼ਨ ਚਲਾਇਆ ਗਿਆ ਹੈ। ਇਸ ਅਪਰੇਸ਼ਨ ਦੌਰਾਨ 09 ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਦੇ ਕਬਜ਼ੇ ਵਿੱਚੋਂ 6.500 ਕਿਲੋਗ੍ਰਾਮ ਪੋਸਤ ਦੇ ਪੌਦੇ, 350 ਗੋਲੀਆਂ, 15 ਗ੍ਰਾਮ ਹੈਰੋਇਨ, 06 ਕਿਲੋ ਗਾਂਜਾ ਅਤੇ 80 ਚੋਰੀ ਦੇ ਮੋਬਾਈਲ ਫੋਨ ਬ੍ਰਾਮਦ ਕਰਕੇ ਉਕਤ ਵਿਅਕਤੀਆਂ ਖਿਲਾਫ 04 ਮੁਕੱਦਮੇ ਦਰਜ ਕੀਤੇ ਗਏ।

Our Visitor

1910611