Friday, May 22, 2026
Home Blog Page 2198

ਪੰਜਾਬੀ ਭਾਸ਼ਾ ਨੂੰ ਪ੍ਰਫੁੱਲਤ ਕਰਨ ਲਈ ਮੰਤਰੀ ਮੰਡਲ ਵੱਲੋਂ ‘ਪੰਜਾਬ ਦੁਕਾਨਾਂ ਅਤੇ ਕਾਰੋਬਾਰੀ ਅਦਾਰਿਆਂ ਨਿਯਮ-1958’ ਵਿੱਚ ਸੋਧ ਨੂੰ ਪ੍ਰਵਾਨਗੀ

0

ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 21 ਫਰਵਰੀ: ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਮੰਤਰੀ ਮੰਡਲ ਨੇ ਅੱਜ ਪੰਜਾਬ ਦੀ ਮਾਂ ਬੋਲੀ ਪੰਜਾਬੀ ਨੂੰ ਵੱਡੇ ਪੱਧਰ ’ਤੇ ਪ੍ਰਫੁੱਲਤ ਕਰਨ ਲਈ ‘ਪੰਜਾਬ ਦੁਕਾਨਾਂ ਅਤੇ ਕਾਰੋਬਾਰੀ ਅਦਾਰਿਆਂ ਨਿਯਮ-1958’ (ਪੰਜਾਬ ਸ਼ਾਪਜ਼ ਐਂਡ ਕਮਰਸ਼ੀਅਲ ਐਸਟੈਬਲਿਸ਼ਮੈਂਟ ਰੂਲਜ਼) ਵਿੱਚ ਸੋਧ ਨੂੰ ਪ੍ਰਵਾਨਗੀ ਦੇ ਦਿੱਤੀ ਹੈ, ਜਿਸ ਨਾਲ ਮੌਜੂਦਾ ਨਿਯਮ 22 ਤੋਂ ਇਲਾਵਾ ਨਵੇਂ ਨਿਯਮ 23 ਅਤੇ 24 ਨੂੰ ਸ਼ਾਮਲ ਕੀਤਾ ਜਾਵੇਗਾ। ਇਸ ਸਬੰਧੀ ਫੈਸਲਾ ਅੱਜ ਇੱਥੇ ਪੰਜਾਬ ਸਿਵਲ ਸਕੱਤਰੇਤ-1 ਵਿਖੇ ਮੁੱਖ ਮੰਤਰੀ ਦੀ ਪ੍ਰਧਾਨਗੀ ਹੇਠ ਉਨ੍ਹਾਂ ਦੇ ਦਫ਼ਤਰ ਵਿਖੇ ਹੋਈ ਮੰਤਰੀ ਮੰਡਲ ਦੀ ਮੀਟਿੰਗ ਦੌਰਾਨ ਲਿਆ ਗਿਆ।ਇਸ ਸਬੰਧੀ ਜਾਣਕਾਰੀ ਦਿੰਦਿਆਂ ਮੁੱਖ ਮੰਤਰੀ ਦਫ਼ਤਰ ਦੇ ਬੁਲਾਰੇ ਨੇ ਦੱਸਿਆ ਕਿ ਸੋਧ ਅਨੁਸਾਰ ਹਰੇਕ ਅਦਾਰੇ ਲਈ ਬੋਰਡ ’ਤੇ ਪੰਜਾਬੀ ਭਾਸ਼ਾ (ਗੁਰਮੁਖੀ ਲਿੱਪੀ) ਵਿੱਚ ਆਪਣਾ ਨਾਂ ਦਰਸਾਉਣਾ ਲਾਜ਼ਮੀ ਹੋਵੇਗਾ । ਹਾਲਾਂਕਿ, ਬੋਰਡ ’ਤੇ ਨਾਮ ਲਿਖਣ ਲਈ ਗੁਰਮੁਖੀ ਲਿਪੀ ਤੋਂ ਇਲਾਵਾ ਇਸ ਤੋਂ ਹੇਠ ਹੋਰ ਭਾਸ਼ਾਵਾਂ ਦੀ ਵਰਤੋਂ ਵੀ ਕੀਤੀ ਜਾ ਸਕਦੀ ਹੈ। ਜਿਨ੍ਹਾਂ ਅਦਾਰਿਆਂ ਨੇ ਅਜੇ ਤੱਕ ਅਜਿਹਾ ਨਹੀਂ ਕੀਤਾ ਹੈ, ਉਨ੍ਹਾਂ ਨੂੰ ਇਹ ਨਿਯਮ ਲਾਗੂ ਹੋਣ ਦੇ ਛੇ ਮਹੀਨਿਆਂ ਦੇ ਅੰਦਰ ਅੰਦਰ ਅਜਿਹਾ ਕਰਨਾ ਹੋਵੇਗਾ। ਨਵੇਂ ਆਦੇਸ਼ਾਂ ਦੀ ਉਲੰਘਣਾ ਕਰਨ ਵਾਲੇ ਨੂੰ ਪਹਿਲੀ ਵਾਰ ਇੱਕ ਹਜ਼ਾਰ ਰੁਪਏ ਅਤੇ ਇਸ ਦੇ ਬਾਅਦ ਹਰੇਕ ਉਲੰਘਣ ਲਈ ਦੋ ਹਜ਼ਾਰ ਰੁਪਏ ਜੁਰਮਾਨਾ ਕੀਤਾ ਜਾਵੇਗਾ।

45 ਦਿਨਾਂ ਅੰਦਰ ਸੀ.ਐਲ.ਯੂ. ਜਾਰੀ ਕਰਨ ਦੀ ਪ੍ਰਕਿਰਿਆ ਨੂੰ ਸਰਲ ਬਣਾਇਆ
ਰੀਅਲ ਅਸਟੇਟ ਸੈਕਟਰ ਨੂੰ ਉਤਸ਼ਾਹਿਤ ਕਰਕੇ ਸੂਬੇ ਵਿੱਚ ਆਰਥਿਕ ਗਤੀਵਿਧੀ ਨੂੰ ਹੁਲਾਰਾ ਦੇਣ ਲਈ ਮੰਤਰੀ ਮੰਡਲ ਨੇ 45 ਦਿਨਾਂ ਦੇ ਅੰਦਰ ਜ਼ਮੀਨ ਦੀ ਵਰਤੋਂ ਵਿੱਚ ਤਬਦੀਲੀ (ਸੀ.ਐਲ.ਯੂ.) ਜਾਰੀ ਕਰਨ ਦੀ ਪ੍ਰਕਿਰਿਆ ਨੂੰ ਸਰਲ ਬਣਾਉਣ ਦੀ ਪ੍ਰਵਾਨਗੀ ਦੇ ਦਿੱਤੀ ਹੈ। ਪੰਜਾਬ ਵਿੱਚ ਜ਼ਮੀਨ ਦੇ ਕਿਸੇ ਵੀ ਹਿੱਸੇ ’ਤੇ ਕੋਈ ਵੀ ਉਸਾਰੀ/ਗਤੀਵਿਧੀ ਸ਼ੁਰੂ ਕਰਨ ਲਈ ਸੀ.ਐਲ.ਯੂ. ਦੀ ਪ੍ਰਵਾਨਗੀ ਲੈਣਾ ਲਾਜ਼ਮੀ ਹੈ, ਜਿਸ ਤੋਂ ਬਾਅਦ ਹੀ ਸਬੰਧਤ ਗਤੀਵਿਧੀ ਲਈ ਲੇਆਉਟ ਪਲਾਨ/ਬਿਲਡਿੰਗ ਪਲਾਨ ਅਤੇ ਕਾਲੋਨੀ ਨੂੰ ਲਾਇਸੈਂਸ ਦੀ ਇਜਾਜ਼ਤ ਦਿੱਤੀ ਜਾਂਦੀ ਹੈ।ਇਸ ਸਾਰੀ ਪ੍ਰਕਿਰਿਆ ਵਿੱਚ ਕਈ ਵਾਰ ਛੇ ਮਹੀਨਿਆਂ ਤੋਂ ਵੱਧ ਸਮਾਂ ਲੱਗ ਜਾਂਦਾ ਹੈ ਜਿਸ ਕਾਰਨ ਪ੍ਰੋਜੈਕਟ ਵਿੱਚ ਬੇਲੋੜੀ ਦੇਰੀ ਹੁੰਦੀ ਹੈ। ਪਰ ਹੁਣ ਸੀ.ਐਲ.ਯੂ., ਲੇਆਉਟ ਪਲਾਨ/ਬਿਲਡਿੰਗ ਪਲਾਨ ਅਤੇ ਕਾਲੋਨੀ ਨੂੰ ਲਾਇਸੈਂਸ ਦੀ ਇਜਾਜ਼ਤ ਇਕੋ ਸਮੇਂ ਦਿੱਤੀ ਜਾਵੇਗੀ ਜਿਸ ਨਾਲ ਉਪਰੋਕਤ ਇਜਾਜ਼ਤ ਦੇਣ ਦੀ ਸਮਾਂ-ਸੀਮਾ 45-60 ਦਿਨਾਂ ਤੱਕ ਘਟ ਜਾਵੇਗੀ।

ਦੰਗਾ/ਅੱਤਵਾਦ ਪੀੜਤਾਂ ਲਈ ਰਾਖਵਾਂਕਰਨ 31 ਦਸੰਬਰ, 2026 ਤੱਕ ਵਧਾਇਆ
ਮੰਤਰੀ ਮੰਡਲ ਨੇ ਅਰਬਨ ਅਸਟੇਟ/ਇੰਪਰੂਵਮੈਂਟ ਟਰੱਸਟ/ਪੈਪਸੂ ਟਾਊਨਸ਼ਿਪ ਡਿਵੈਲਪਮੈਂਟ ਬੋਰਡ ਅਤੇ ਹੋਰਨਾਂ ਵੱਲੋਂ ਬਿਨਾਂ ਕਿਸੇ ਵਿੱਤੀ ਰਿਆਇਤ ਦੇ ਪਲਾਟਾਂ/ਮਕਾਨਾਂ ਦੀ ਅਲਾਟਮੈਂਟ ਵਿੱਚ ਦੰਗਾ/ਅੱਤਵਾਦ ਪੀੜਤਾਂ ਨੂੰ 5 ਫ਼ੀਸਦ ਰਾਖਵਾਂਕਰਨ ਦੇਣ ਦੀ ਪ੍ਰਵਾਨਗੀ ਦੇ ਦਿੱਤੀ ਹੈ। ਪਾਲਿਸੀ ਦੀ ਮਿਆਦ 31 ਦਸੰਬਰ, 2021 ਨੂੰ ਖਤਮ ਹੋ ਗਈ ਸੀ ਪਰ ਇਸ ਫੈਸਲੇ ਨਾਲ ਪਾਲਿਸੀ ਦੀ ਮਿਆਦ ਨੂੰ ਹੋਰ ਪੰਜ ਸਾਲ ਭਾਵ 31 ਦਸੰਬਰ, 2026 ਤੱਕ ਵਧਾ ਦਿੱਤਾ ਜਾਵੇਗਾ।

ਪੰਜਾਬ ਫੂਡ ਗ੍ਰੇਨ ਟਰਾਂਸਪੋਰਟੇਸ਼ਨ ਪਾਲਿਸੀ 2023 ਅਤੇ ਪੰਜਾਬ ਫੂਡ ਗ੍ਰੇਨਜ਼ ਲੇਬਰ ਐਂਡ ਕਾਰਟੇਜ ਪਾਲਿਸੀ 2023 ਨੂੰ ਪ੍ਰਵਾਨਗੀ
ਪੰਜਾਬ ਮੰਤਰੀ ਮੰਡਲ ਨੇ ਸੂਬੇ ਵਿੱਚ ਅਨਾਜ ਦੀ ਢੋਆ-ਢੁਆਈ ਲਈ ਪੰਜਾਬ ਫੂਡ ਗ੍ਰੇਨ ਟਰਾਂਸਪੋਰਟੇਸ਼ਨ ਪਾਲਿਸੀ 2023 ਅਤੇ ਅਨਾਜ ਦੀ ਲੇਬਰ ਅਤੇ ਕਾਰਟੇਜ ਲਈ ਪੰਜਾਬ ਫੂਡ ਗ੍ਰੇਨ ਲੇਬਰ ਐਂਡ ਕਾਰਟੇਜ ਪਾਲਿਸੀ 2023 ਨੂੰ ਵੀ ਪ੍ਰਵਾਨਗੀ ਦੇ ਦਿੱਤੀ ਹੈ। ਪੰਜਾਬ ਸਰਕਾਰ ਆਪਣੀਆਂ ਸਟੇਟ ਖਰੀਦ ਏਜੰਸੀਆਂ ਅਤੇ ਐਫ.ਸੀ.ਆਈ. ਰਾਹੀਂ ਵੱਖ-ਵੱਖ ਮਨੋਨੀਤ ਕੇਂਦਰਾਂ/ਮੰਡੀਆਂ ਤੋਂ ਅਨਾਜ ਦੀ ਖਰੀਦ ਕਰਦੀ ਹੈ। ਸਾਲ 2023 ਦੌਰਾਨ ਅਨਾਜ ਦੀ ਢੋਆ-ਢੁਆਈ, ਅਨਾਜ ਦੀ ਲੇਬਰ ਅਤੇ ਕਾਰਟੇਜ ਦੇ ਕੰਮ ਮੁਕਾਬਲੇ ਵਾਲੀ ਅਤੇ ਪਾਰਦਰਸ਼ੀ ਆਨਲਾਈਨ ਟੈਂਡਰ ਪ੍ਰਣਾਲੀ ਰਾਹੀਂ ਅਲਾਟ ਕੀਤੇ ਜਾਣਗੇ।

ਠੇਕੇ ’ਤੇ ਭਰਤੀ ਪਟਵਾਰੀਆਂ ਦੀ ਤਨਖਾਹ ਵਧਾਉਣ ਅਤੇ 1766 ਰੈਗੂਲਰ ਅਸਾਮੀਆਂ ’ਤੇ ਸੇਵਾਮੁਕਤ ਪਟਵਾਰੀਆਂ/ਕਾਨੂੰਗੋਆਂ ਦੀ ਠੇਕੇ ’ਤੇ ਭਰਤੀ ਨੂੰ ਕਾਰਜ ਬਾਅਦ ਪ੍ਰਵਾਨਗੀ
ਪ੍ਰਸ਼ਾਸਨਿਕ ਲੋੜਾਂ ਦੇ ਮੱਦੇਨਜ਼ਰ ਮੰਤਰੀ ਮੰਡਲ ਨੇ 16 ਅਗਸਤ, 2022 ਨੂੰ ਠੇਕਾ ਆਧਾਰ ’ਤੇ ਰੱਖੇ ਪਟਵਾਰੀਆਂ ਦੀ ਤਨਖਾਹ 25000/- ਰੁਪਏ ਤੋਂ ਵਧਾ ਕੇ 35000/- ਰੁਪਏ ਕਰਨ ਅਤੇ ਉਮਰ ਹੱਦ 64 ਸਾਲ ਤੋਂ ਵਧਾ ਕੇ 67 ਸਾਲ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ। ਮਾਲ ਵਿਭਾਗ ਸੂਬੇ ਦੇ ਪ੍ਰਮੁੱਖ ਵਿਭਾਗਾਂ ਵਿੱਚੋਂ ਇੱਕ ਹੈ ਅਤੇ ਮਾਲ ਪਟਵਾਰੀਆਂ ਦੀ ਮੁੱਖ ਡਿਊਟੀ ਪੁਰਾਣੇ ਮਾਲ ਰਿਕਾਰਡ ਦੀ ਸਾਂਭ-ਸੰਭਾਲ ਅਤੇ ਰਿਕਾਰਡ ਦਾ ਰੱਖ-ਰਖਾਅ ਅਤੇ ਅਪਡੇਟ ਕਰਨਾ ਹੈ। ਮਾਲ ਪਟਵਾਰੀਆਂ ਦੀਆਂ ਅਸਾਮੀਆਂ ਖਾਲੀ ਹੋਣ ਕਾਰਨ ਮਾਲ ਵਿਭਾਗ ਦੇ ਕੰਮਾਂ ਨੂੰ ਸੁਚਾਰੂ ਢੰਗ ਨਾਲ ਚਲਾਉਣਾ ਔਖਾ ਹੋ ਗਿਆ ਹੈ। ਹਾਲਾਂਕਿ, ਮਾਲ ਪਟਵਾਰੀਆਂ ਦੀਆਂ 1090 ਅਸਾਮੀਆਂ ਨੂੰ ਭਰਨ ਦੀ ਪ੍ਰਕਿਰਿਆ ਚੱਲ ਰਹੀ ਹੈ, ਪਰ ਇਹ ਪਟਵਾਰੀ ਡੇਢ ਸਾਲ ਦੀ ਸਿਖਲਾਈ ਪੂਰੀ ਕਰਨ ਉਪਰੰਤ ਵਿਭਾਗ ਵਿੱਚ ਆਪਣੀਆਂ ਸੇਵਾਵਾਂ ਸ਼ੁਰੂ ਕਰ ਸਕਣਗੇ। ਇਸ ਲਈ ਰੈਗੂਲਰ ਮਾਲ ਪਟਵਾਰੀ ਮਿਲਣ ਤੱਕ ਮਾਲ ਵਿਭਾਗ ਦੇ ਕੰਮ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਪਟਵਾਰੀਆਂ ਦੀਆਂ 1766 ਰੈਗੂਲਰ ਅਸਾਮੀਆਂ ਸੇਵਾਮੁਕਤ ਪਟਵਾਰੀਆਂ/ਕਾਨੂੰਗੋਆਂ ’ਚੋਂ ਠੇਕੇ ’ਤੇ ਭਰਨ ਦਾ ਫੈਸਲਾ ਕੀਤਾ ਗਿਆ ਹੈ।

ਆਰਥਿਕ ਅਤੇ ਅੰਕੜਾ ਸੰਗਠਨ, ਯੋਜਨਾਬੰਦੀ ਵਿਭਾਗ ਤੇ ਆਰਥਿਕ ਨੀਤੀ ਅਤੇ ਯੋਜਨਾ ਬੋਰਡ ਦੇ ਨਵੇਂ ਸੇਵਾ ਨਿਯਮਾਂ ਨੂੰ ਪ੍ਰਵਾਨਗੀ

ਮੰਤਰੀ ਮੰਡਲ ਨੇ ਆਰਥਿਕ ਅਤੇ ਅੰਕੜਾ ਸੰਗਠਨ, ਯੋਜਨਾਬੰਦੀ ਵਿਭਾਗ, ਪੰਜਾਬ (ਸਟੇਟ ਡਾਇਰੈਕਟੋਰੇਟ ਆਫ਼ ਸਟੈਟਿਸਟਿਕਸ, ਪੰਜਾਬ) ਦੇ ਸਟੇਟ ਡਾਇਰੈਕਟੋਰੇਟ ਆਫ਼ ਸਟੈਟਿਸਟਿਕਸ, ਪੰਜਾਬ (ਗਰੁੱਪ-ਏ) ਸਰਵਿਸਿਜ਼ ਰੂਲਜ਼, 2023, ਸਟੇਟ ਡਾਇਰੈਕਟੋਰੇਟ ਆਫ਼ ਸਟੈਟਿਸਟਿਕਸ, ਪੰਜਾਬ (ਗਰੁੱਪ-ਬੀ) ਸਰਵਿਸਿਜ਼ ਰੂਲਜ਼, 2023 ਅਤੇ ਸਟੇਟ ਡਾਇਰੈਕਟੋਰੇਟ ਆਫ਼ ਸਟੈਟਿਸਟਿਕਸ, ਪੰਜਾਬ (ਗਰੁੱਪ-ਸੀ) ਸਰਵਿਸਿਜ਼ ਰੂਲਜ਼, 2023 ਨੂੰ ਵੀ ਪ੍ਰਵਾਨਗੀ ਦੇ ਦਿੱਤੀ ਹੈ। ਇਸ ਨਾਲ ਵਿਭਾਗ ਦੀ ਕਾਰਜਕੁਸ਼ਲਤਾ ਵਾਧਾ ਹੋਣ ਦੇ ਨਾਲ ਨਾਲ ਭਰਤੀ ਅਤੇ ਤਰੱਕੀ ਵਿੱਚ ਕਾਫੀ ਮੌਕੇ ਪੈਦਾ ਹੋਣਗੇ।ਮੰਤਰੀ ਮੰਡਲ ਨੇ ਆਰਥਿਕ ਨੀਤੀ ਅਤੇ ਯੋਜਨਾ ਬੋਰਡ ਦੇ ਯੋਜਨਾ ਵਿਭਾਗ (ਆਰਥਿਕ ਨੀਤੀ ਅਤੇ ਯੋਜਨਾ ਬੋਰਡ) (ਗਰੁੱਪ ਏ) ਸੇਵਾ ਨਿਯਮ-2023, ਯੋਜਨਾ ਵਿਭਾਗ (ਆਰਥਿਕ ਨੀਤੀ ਅਤੇ ਯੋਜਨਾ ਬੋਰਡ) (ਗਰੁੱਪ ਬੀ) ਸੇਵਾ ਨਿਯਮ-2023 ਅਤੇ ਯੋਜਨਾ ਵਿਭਾਗ (ਆਰਥਿਕ ਨੀਤੀ ਅਤੇ ਯੋਜਨਾ ਬੋਰਡ) ) (ਗਰੁੱਪ ਸੀ) ਸੇਵਾ ਨਿਯਮ-2023 ਨੂੰ ਵੀ ਪ੍ਰਵਾਨਗੀ ਦੇ ਦਿੱਤੀ ਹੈ ਤਾਂ ਜੋ ਇਸ ਦੇ ਕੰਮਕਾਜ ਨੂੰ ਹੋਰ ਸੁਚਾਰੂ ਬਣਾਉਣ ਦੇ ਨਾਲ ਨਾਲ ਰੁਜ਼ਗਾਰ ਦੇ ਮੌਕੇ ਪੈਦਾ ਕੀਤੇ ਜਾ ਸਕਣ।

ਰਿਸ਼ਵਤ ਕਾਂਡ: ਕਾਂਗਰਸੀ ਵਰਕਰਾਂ ਵਲੋਂ ਵਿਜੀਲੈਂਸ ਦਫ਼ਤਰ ਅੱਗੇ 23 ਨੂੰ ਧਰਨਾ ਦੇਣ ਦਾ ਐਲਾਨ

0

ਸੁਖਜਿੰਦਰ ਮਾਨ
ਬਠਿੰਡਾ, 21 ਫਰਵਰੀ:- ਆਪ ਵਿਧਾਇਕ ਅਮਿਤ ਰਤਨ ਦੇ ਕਥਿਤ ਨਜਦੀਕੀ ਮੰਨੇ ਜਾਣ ਵਾਲੇ ਰਿਸ਼ਮ ਗਰਗ ਨੂੰ ਚਾਰ ਲੱਖ ਰੁਪਏ ਦੀ ਰਿਸ਼ਵਤ ਲੈਣ ਦੇ ਮਾਮਲੇ ਵਿਚ ਵਿਧਾਇਕ ਦੀ ਨਾਮਜਦਗੀ ਦੀ ਮੰਗ ਨੂੰ ਲੈ ਕੇ ਹਲਕਾ ਬਠਿੰਡਾ ਦਿਹਾਤੀ ਦੇ ਕਾਂਗਰਸੀ ਵਰਕਰਾਂ ਨੇ 23 ਫ਼ਰਵਰੀ ਨੂੰ ਵਿਸਾਲ ਰੋਸ਼ ਪ੍ਰਦਰਸ਼ਨ ਕਰਕੇ ਵਿਜੀਲੈਂਸ ਦਫ਼ਤਰ ਅੱਗੇ ਧਰਨਾ ਦੇਣ ਦਾ ਐਲਾਨ ਕੀਤਾ ਹੈ। ਇਸ ਸਬੰਧ ਵਿਚ ਪਾਰਟੀ ਦੇ ਆਗੂਆਂ ਦੀ ਇੱਕ ਮੀਟਿੰਗ ਅੱਜ ਹਲਕਾ ਇੰਚਾਰਜ ਹਰਵਿੰਦਰ ਸਿੰਘ ਲਾਡੀ ਦੀ ਅਗਵਾਈ ਹੇਠ ਹੋਈ। ਜਿਸ ਵਿਚ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਐਮ ਐਲ ਏ ਅਮਿਤ ਰਤਨ ਕੋਟਫੱਤਾ ਨੂੰ ਵਿਜੀਲੈਂਸ ਤੁਰੰਤ ਗ੍ਰਿਫ਼ਤਾਰ ਕਰੇ ਤਾਂ ਜੋ ਹਲਕੇ ਦੇ ਪੀੜਤ ਲੋਕਾਂ ਨੂੰ ਇਨਸਾਫ ਮਿਲ ਸਕੇ ਤੇ ਲੋਕਾਂ ਦਾ ਲੋਕਤੰਤਰ ਵਿੱਚ ਵਿਸ਼ਵਾਸ ਬਣਿਆ ਰਹੇ। ਹਲਕਾ ਇੰਚਾਰਜ ਹਰਵਿੰਦਰ ਸਿੰਘ ਲਾਡੀ ਤੇ ਕਾਂਗਰਸੀ ਵਰਕਰਾਂ ਨੇ ਕਿਹਾ ਕਿ ਜੇਕਰ ਸਰਕਾਰ ਜਾਂ ਪ੍ਰਸ਼ਾਸਨ ਨੇ ਵਿਧਾਇਕ ਦੀ ਗ੍ਰਿਫ਼ਤਾਰੀ ਵਿੱਚ ਕੋਈ ਢਿੱਲ ਮੱਠ ਦਿਖਾਈ ਜਾਂ ਕਿਸੇ ਤਰ੍ਹਾਂ ਦਾ ਕੋਈ ਪੱਖਪਾਤੀ ਰਵੱਈਆ ਅਪਣਾਇਆ ਤਾਂ ਉਹ ਹਲਕੇ ਦੇ ਆਮ ਲੋਕਾਂ ਨੂੰ ਨਾਲ ਲੈ ਕੇ 23 ਫਰਵਰੀ ਨੂੰ ਇਕ ਵਿਸ਼ਾਲ ਰੋਸ ਪ੍ਰਦਰਸ਼ਨ ਕਰਨਗੇ। ਇਸ ਮੌਕੇ ਹਰਦੀਪ ਸਿੰਘ ਝੁੰਬਾ ਜ਼ਿਲਾ ਪ੍ਰਧਾਨ ਸਰਪੰਚ ਯੂਨੀਅਨ, ਮੇਜਰ ਸਿੰਘ ਭਾਗੂ ਬਲਾਕ ਪ੍ਰਧਾਨ ਸਰਪੰਚ ਯੂਨੀਅਨ, ਜਗਦੇਵ ਸਿੰਘ ਜੱਸੀ ਪੌ ਵਾਲੀ ਬਲਾਕ ਪ੍ਰਧਾਨ ਜਾਟ ਮਹਾਂ ਸਭਾ,ਚਾਨਣ ਸਿੰਘ ਸਿੱਧੂ ਸਾਬਕਾ ਮੀਤ ਪ੍ਰਧਾਨ ਨਗਰ ਪੰਚਾਇਤ ਕੋਟਸ਼ਮੀਰ,ਬਿਕਰਮਜੀਤ ਸਿੰਘ ਸਰਪੰਚ ਸਰਦਾਰ ਵਾਲਾ,ਅਮਨਦੀਪ ਸਿੰਘ ਸਿਵੀਆਂ, ਜਗਵਿੰਦਰ ਸਿੰਘ ਸਰਪੰਚ, ਹੇਮ ਰਾਜ ਸਰਪੰਚ ਕਟਾਰ ਸਿੰਘ ਵਾਲਾ ਆਦਿ ਹਾਜ਼ਰ ਸਨ।

ਗੁਰੂ ਕਾਸ਼ੀ ਯੂਨੀਵਰਸਿਟੀ ’ਚ ਇੰਟਰ ਯੂਨੀਵਰਸਿਟੀ ਪਾਵਰ ਲਿਫਟਿੰਗ ਚੈਂਪੀਅਨਸ਼ਿਪ (ਲੜਕਿਆਂ) ਦਾ ਹੋਇਆ ਆਗਾਜ਼

0

ਜੀ.ਕੇ.ਯੂ ਵਿਖੇ ਪਾਵਰ ਲਿਫ਼ਟਰਾਂ ਦਾ ਮਹਾਂ-ਕੁੰਭ ਸ਼ੁਰੂ
ਸੁਖਜਿੰਦਰ ਮਾਨ
ਬਠਿੰਡਾ, 21 ਫਰਵਰੀ:- ਗੁਰੂ ਕਾਸ਼ੀ ਯੂਨੀਵਰਸਿਟੀ ਵਿਖੇ ਇੰਟਰ ਯੂਨੀਵਰਸਿਟੀ ਪਾਵਰ ਲਿਫਟਿੰਗ ਚੈਂਪੀਅਨਸ਼ਿਪ (ਲੜਕਿਆਂ) 2022-23 ਦਾ ਸ਼ਾਨਦਾਰ ਆਗਾਜ਼ ਹੋਇਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਪੁੱਜੇ ਯੂਨੀਵਰਸਿਟੀ ਦੇ ਉੱਪ ਕੁਲਪਤੀ ਪ੍ਰੋ.(ਡਾ.) ਐੱਸ.ਕੇ.ਬਾਵਾ, ਨੇ ਇਸ ਚੈਂਪੀਅਨਸ਼ਿਪ ਦਾ ਉਦਘਾਟਨ ਕੀਤਾ। ਇਸ ਦੌਰਾਨ ਓਲੰਪਿਅਨ ਤੇ ਮਹਾਰਾਜਾ ਰਣਜੀਤ ਸਿੰਘ ਅਵਾਰਡੀ ਸੰਦੀਪ ਕੁਮਾਰ, ਏਸ਼ੀਅਨ ਮੈਡਲਿਸਟ ਤੇ ਮਹਾਰਾਜਾ ਰਣਜੀਤ ਸਿੰਘ ਅਵਾਰਡੀ ਆਈ.ਆਰ.ਐਸ ਕੇ.ਪੀ. ਐੱਸ ਬਰਾੜ, ਜਨਰਲ ਸਕੱਤਰ ਵਰਲਡ ਕਬੱਡੀ ਫੈਡਰੇਸ਼ਨ ਕੈਨੇਡਾ ਸੰਤੋਖ ਸਿੰਘ ਮੰਡੇਰ ਅਤੇ ਡਾ. ਜਸਬੀਰ ਸਿੰਘ ਹੁੰਦਲ ਡਾਇਰੈਕਟਰ ਪੰਜਾਬੀ ਯੂਨੀਵਰਸਿਟੀ ਗੁਰੂ ਕਾਸ਼ੀ ਕੈਂਪਸ ਤਲਵੰਡੀ ਸਾਬੋ ਨੇ ਵਿਸ਼ੇਸ਼ ਤੌਰ ’’ੇ ਸ਼ਿਰਕਤ ਕੀਤੀ। ਅਪਣੇ ਵਧਾਈ ਭਾਸਣ ਵਿਚ ਯੂਨੀਵਰਸਿਟੀ ਦੇ ਚਾਂਸਲਰ ਗੁਰਲਾਭ ਸਿੰਘ ਸਿੱਧੂ ਨੇ ਕਿਹਾ ਕਿ ਇਹ ਚੈਂਪੀਅਨਸ਼ਿਪ ਨੌਜਵਾਨ ਪੀੜ੍ਹੀ ਨੂੰ ਆਪਣੇ ਹੁਨਰ ਨੂੰ ਨਿਖਾਰਨ ਅਤੇ ਖੇਡ ਪੱਧਰ ਨੂੰ ਉੱਚਾ ਚੁੱਕਣ ਵਿੱਚ ਸਹਾਈ ਹੋਵੇਗੀ। ਉਨ੍ਹਾਂ ਖੇਡ ਵਿਭਾਗ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ। ਇਸ ਮੌਕੇ ਡਾ. ਬਾਵਾ ਨੇ ਹਵਾ ਵਿੱਚ ਗੁਬਾਰੇ ਛੱਡ ਕੇ ਚੈਂਪੀਅਨਸ਼ਿਪ ਦੇ ਆਗਾਜ਼ ਦਾ ਐਲਾਨ ਕੀਤਾ ਤੇ ਮਾਰਚ ਪਾਸਟ ਤੋਂ ਸਲਾਮੀ ਲਈ। ਉਨ੍ਹਾਂ ਖਿਡਾਰੀਆਂ ਨੂੰ ਸ਼ੁੱਭ ਕਾਮਨਾਵਾਂ ਦਿੰਦੇ ਹੋਏ ਕਿਹਾ ਕਿ ਖਿਡਾਰੀ ਭਵਿੱਖ ਵਿੱਚ ਰਾਸ਼ਟਰੀ ਅਤੇ ਅੰਤਰ- ਰਾਸ਼ਟਰੀ ਪੱਧਰ ’ਤੇ ਭਾਰਤ ਦੀ ਪ੍ਰਤੀਨਿਧਤਾ ਕਰਨਗੇ ਅਤੇ ਮੈਡਲ ਜਿੱਤ ਕੇ ਭਾਰਤ ਦਾ ਨਾਂ ਰੋਸ਼ਨ ਕਰਨਗੇ। ਉਨ੍ਹਾਂ ਦੱਸਿਆ ਕਿ ਚੈਂਪੀਅਨਸ਼ਿਪ ਵਿੱਚ ਭਾਰਤ ਦੀਆਂ 115 ਯੂਨੀਵਰਸਿਟੀਆਂ ਦੇ 700 ਤੋਂ ਜ਼ਿਆਦਾ ਖਿਡਾਰੀ ਤੇ 150 ਦੇ ਕਰੀਬ ਅਧਿਕਾਰੀ ਹਿੱਸਾ ਲੈ ਰਹੇ ਹਨ। ਡਾਇਰੈਕਟਰ ਸਪੋਰਟਸ ਡਾ. ਰਾਜ ਕੁਮਾਰ ਸ਼ਰਮਾ ਨੇ ਆਪਣੇ ਸਵਾਗਤੀ ਭਾਸ਼ਣ ਵਿੱਚ ਖਿਡਾਰੀਆਂ ਨੂੰ ਖੇਡ ਭਾਵਨਾ ਤੇ ਵੱਡੇ ਦਿਲ ਨਾਲ ਹਾਰ ਜਿੱਤ ਦੇ ਨਤੀਜੇ ਨੂੰ ਸਵੀਕਾਰ ਕਰਨ ਲਈ ਕਿਹਾ ਤੇ ਹਾਰ ਜਿੱਤ ਨੂੰ ਜ਼ਿੰਦਗੀ ਦਾ ਹਿੱਸਾ ਮੰਨਣ ਲਈ ਪ੍ਰੇਰਿਤ ਕੀਤਾ।ਵਿਸ਼ੇਸ਼ ਮਹਿਮਾਨ ਤਾਰਾ ਸਿੰਘ ਅਰਜੁਨ ਅਵਾਰਡੀ ਨੇ ਆਪਣੀ ਜ਼ਿੰਦਗੀ ਤੇ ਪ੍ਰਾਪਤੀਆਂ ਦੇ ਸਫ਼ਰ ਦੀ ਗੱਲ ਕਰਦਿਆਂ ਕਿਹਾ ਕਿ ਖਿਡਾਰੀਆਂ ਨੂੰ ਕਦੇ ਵੀ ਬਹਾਨੇਬਾਜ਼ੀ ਨਹੀਂ ਕਰਨੀ ਚਾਹੀਦੀ। ਉਨ੍ਹਾਂ ਖਿਡਾਰੀਆਂ ਨੂੰ ਹਰ ਰੋਜ਼ ਬਿਨਾਂ ਰੁਕੇ ਅਭਿਆਸ ਕਰਨ ਦਾ ਮਸ਼ਵਰਾ ਦਿੱਤਾ। ਸੰਦੀਪ ਸਿਘ ਜੂਨੀਅਰ ਵਰਲਡ ਮੈਡਲਿਸਟ ਪਾਵਰ ਲਿਫਟਿੰਗ ਨੇ ਖਿਡਾਰੀਆਂ ਵੱਲੋਂ ਖੇਡ ਭਾਵਨਾ ਦੀ ਅਤੇ ਕਰਮਜੀਤ ਸਿੰਘ ਏਸ਼ੀਅਨ ਮੈਡਲਿਸਟ ਪਾਵਰ ਲਿਫਟਿੰਗ ਨੇ ਜੱਜਾਂ ਵੱਲੋਂ ਸੁੰਹ ਚੁੱਕੀ। ਮੰਚ ਸੰਚਾਲਕ ਦੀ ਭੂਮਿਕਾ ਡਿਪਟੀ ਡਾਇਰੈਕਟਰ ਲੋਕ ਸੰਪਰਕ ਲਵਲੀਨ ਸੱਚਦੇਵਾ ਤੇ ਪ੍ਰੋ. ਕਨਿਕਾ ਨੇ ਨਿਵੇਕਲੇ ਅੰਦਾਜ਼ ਵਿੱਚ ਬਾਖੂਬੀ ਅਦਾ ਕੀਤੀ। ਰਜਿਸਟਰਾਰ ਡਾ. ਜਗਤਾਰ ਸਿੰਘ ਨੇ ਆਪਣੇ ਧੰਨਵਾਦੀ ਭਾਸ਼ਣ ਵਿੱਚ ਖਿਡਾਰੀਆਂ ਨੂੰ ਅਨੁਸ਼ਾਸਨ ਤੇ ਇਕਾਗਰਤਾ ਨਾਲ ਖੇਡਣ ਲਈ ਪ੍ਰੇਰਿਤ ਕੀਤਾ।

ਸਿਹਤ ਵਿਭਾਗ ਵਲੋਂ ਵੈਕਟਰ ਬੋਰਨ ਬਿਮਾਰੀਆਂ ਸਬੰਧੀ ਟੇਰਨਿੰਗ ਕਮ ਸੈਸਟਾਂਈਜੇਸ਼ਨ ਵਰਕਸ਼ਾਪ ਦਾ ਆਯੌਜਨ

0

ਮਲੇਰੀਆ ਅਤੇ ਡੈਗੂ ਸੰਬੰਧੀ ਅਗਾਹੂ ਪ੍ਰਬੰਧਾ ਬਾਰੇ ਕੀਤੀ ਗਈ ਜਾਣਕਾਰੀ ਪ੍ਰਦਾਨ
ਸੁਖਜਿੰਦਰ ਮਾਨ
ਬਠਿੰਡਾ, 20 ਫ਼ਰਵਰੀ: ਸਿਵਲ ਸਰਜਨ ਡਾ ਤੇਜਵੰਤ ਸਿੰਘ ਢਿੱਲੋ ਅਤੇ ਜਿਲ੍ਹਾ ਐਪੀਡੀਮਲੋਜ਼ਸਟ ਡਾ ਮਅੰਕ ਜ਼ੋਤ ਦੀ ਅਗਵਾਈ ਵਿੱਚ ਅੱਜ ਸਿਵਲ ਸਰਜਨ ਦਫਤਰ ਦੇ ਟਰੇਨਿੰਗ ਹਾਲ ਵਿੱਚ ਮਲਟੀਪਰਪਜ ਹੈਲਥ ਵਰਕਰ ਦੀ ਇੱਕ ਦਿਨਾਂ ਟਰੇਨਿੰਗ ਕਮ ਸੈਸਟਾਈਜੇਸ਼ਨ ਵਰਕਸ਼ਾਪ ਦਾ ਆਯੌਜ਼ਨ ਕੀਤਾ ਗਿਆ। ਇਸ ਟਰੇਨਿੰਗ ਵਿੱਚ ਜਾਣਕਾਰੀ ਦਿੰਦੇ ਹੋਏ ਡਾ ਮਅੰਕ ਜ਼ੋਤ ਨੇ ਦੱਸਿਆ ਕਿ ਇਸਦਾ ਮੁੱਖ ਮਕਸਦ ਵੈਕਟਰ ਬੋਰਨ ਬਿਮਾਰੀਆਂ ਸਬੰਧੀ ਅਗਾਹੂ ਪ੍ਰਬੰਧਾ ਦੀ ਸਮੀਖਿਆਂ ਕਰਨਾ ਸੀ ਤਾ ਜ਼ੋ ਆਉਣ ਵਾਲੇ ਦਿਨਾ ਵਿੱਚ ਇਨ੍ਹਾ ਬਿਮਾਰੀਆਂ ਤੋ ਲੌਕਾ ਨੂੰ ਬਚਾਇਆ ਜਾ ਸਕੇ। ਇਸ ਸਬੰਧੀ ਸਕੂਲ ਅਤੇ ਕਾਲਜ ਅਤੇ ਹੋਰ ਵਿਦਿਅਕ ਅਦਾਰਿਆਂ ਦੇ ਵਿਦਿਆਰਥੀਆਂ ਅਤੇ ਸਹਿਰ, ਪਿੰਡ ਪੱਧਰ ਤੇ ਜਾਗਰੂਕ ਕੈਪਾਂ ਲਗਾਏ ਜਾਣਗੇ । ਇਸ ਸਬੰਧੀ ਸਮਾਜ ਸੇਵੀ ਸੰਸਥਾਵਾ ਦਾ ਵੀ ਸਹਿਯੋਗ ਲਿਆ ਜਾਵੇਗਾ। ਇਸ ਦੌਰਾਨ ਸਪਰੇ ਕਰਨ ਦੇ ਢੰਗ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਪ੍ਰਦਾਨ ਕੀਤੀ ਗਈ। ਵਰਕਸ਼ਾਪ ਦੌਰਾਨ ਪੀ ਪੀ ਟੀ ਸਲਾਈਡ ਰਾਹੀ ਹਾਜ਼ਰੀਨ ਨੂੰ ਜਾਣਕਾਰੀ ਦਿੱਤੀ ਗਈ। ਇਸ ਮੌਕੇ ਮੱਘਰ ਸਿੰਘ, ਰਮੇਸ਼ ਕੁਮਾਰ ਅਤੇ ਹਰਵਿੰਦਰ ਸਿੰਘ ਏ ਐਮ ੳ ਦੁਆਰਾ ਸਰਵੇਲੈਸ ਆਦਿ ਬਾਰੇ ਵਿਸਥਾਰ ਸਹਿਤ ਜਾਣਕਾਰੀ ਪ੍ਰਦਾਨ ਕੀਤੀ ਗਈ।ਇਸ ਮੌਕੇ ਕੁਲਵੰਤ ਸਿੰਘ ਜਿਲ੍ਹਾ ਮਾਸ ਮੀਡੀਆ ਅਫਸਰ, ਨਰਦੇਵ ਸਿੰਘ,ਜ਼ਸਵਿੰਦਰ ਸ਼ਰਮਾ, ਸੁਖਦੇਵ ਸਿੰਘ ਹੈਲਥ ਸਪੁਰਵਾਈਜਰ, ਬੂਟਾ ਸਿੰਘ ਅਤੇ ਸਮੀਰ ਕੁਮਾਰ ਹਾਜ਼ਰ ਸਨ।

ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਵੱਲੋਂ ਸ਼ਾਨਦਾਰ ਅਲੂਮਨੀ ਮੀਟ – 2023 ਦਾ ਆਯੋਜਨ

0

ਵੀ.ਸੀ. ਨੇ ਐੱਮ.ਆਰ.ਐੱਸ.-ਪੀ.ਟੀ.ਯੂ. ਅਲੂਮਨੀ ਐਸੋਸੀਏਸ਼ਨ ਦੀ ਐਲੂਮਨੀ ਕਨੈਕਟ ਪਲੇਟਫਾਰਮ ਅਤੇ ਈ-ਡਾਇਰੈਕਟਰੀ ਲਾਂਚ ਕੀਤੀ
ਪੁਰਾਣੇ ਵਿਦਿਆਰਥੀਆਂ ਨੇ ਸਫਲਤਾ ਦੀਆਂ ਕਹਾਣੀਆਂ ਅਤੇ ਅਲਮਾ ਮੈਟਰ ਦੀਆਂ ਯਾਦਾਂ ਨੂੰ ਤਾਜ਼ਾ ਕੀਤਾ 
ਸੁਖਜਿੰਦਰ ਮਾਨ
ਬਠਿੰਡਾ, 20 ਫਰਵਰੀ: ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ (ਐੱਮ.ਆਰ.ਐੱਸ.-ਪੀ.ਟੀ.ਯੂ.), ਬਠਿੰਡਾ ਵੱਲੋਂ ਯੂਨੀਵਰਸਿਟੀ ਕੈਂਪਸ ਵਿੱਚ ਆਯੋਜਿਤ ਇੱਕ ਪ੍ਰਭਾਵਸ਼ਾਲੀ ਸਮਾਗਮ ਵਿੱਚ ਅਲੂਮਨੀ ਮੀਟ-2023 ਦਾ ਆਯੋਜਨ “ਸਾਡਾ ਮਾਣ: ਸਾਡਾ ਅਲੂਮਨੀ” ਦੇ ਨਾਂ ਨਾਲ ਕੀਤਾ ਗਿਆ। ਯੂਨੀਵਰਸਿਟੀ ਦੇ ਵਾਈਸ ਚਾਂਸਲਰ, ਪ੍ਰੋ. ਬੂਟਾ ਸਿੰਘ ਸਿੱਧੂ ਨੇ ਐਮ.ਆਰ.ਐਸ.ਪੀ.ਟੀ.ਯੂ. ਐਲੂਮਨੀ ਐਸੋਸੀਏਸ਼ਨ (ਮਾਂ) ਦੇ ਐਲੂਮਨੀ ਕਨੈਕਟ ਪਲੇਟਫਾਰਮ ਅਤੇ ਈ-ਡਾਇਰੈਕਟਰੀ ਦੀ ਸ਼ੁਰੂਆਤ ਸ਼ਾਨਦਾਰ ਢੰਗ ਨਾਲ ਡੀਨਜ਼, ਡਾਇਰੈਕਟਰਜ਼, ਫੈਕਲਟੀ, ਸਟਾਫ, ਸੇਵਾਮੁਕਤ ਪ੍ਰੋਫੈਸਰਾਂ ਅਤੇ ਸਾਬਕਾ ਵਿਦਿਆਰਥੀਆਂ ਦੀ ਹਾਜ਼ਰੀ ਵਿਚ ਕੀਤੀ।ਇਸ ਸਮਾਗਮ ਵਿੱਚ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ 300 ਤੋਂ ਵੱਧ ਪਤਵੰਤੇ ਅਤੇ ਸਾਬਕਾ ਵਿਦਿਆਰਥੀਆਂ ਨੇ ਹਿੱਸਾ ਲਿਆ। ਇਸ ਤੋਂ ਇਲਾਵਾ, ਇਸ ਈਵੈਂਟ ਵਿੱਚ ਅਮਰੀਕਾ, ਯੂ.ਕੇ., ਕੈਨੇਡਾ, ਨਿਊਜ਼ੀਲੈਂਡ, ਆਸਟ੍ਰੇਲੀਆ, ਦੁਬਈ ਅਤੇ ਦੁਨੀਆ ਭਰ ਦੇ ਹੋਰ ਦੇਸ਼ਾਂ ਦੇ ਸਾਬਕਾ ਵਿਦਿਆਰਥੀ ਵੀ ਸ਼ਾਮਲ ਹੋਏ।ਅਲੂਮਨੀ ਮੀਟ – 2023 ਦੌਰਾਨ 1993 ਅਤੇ 1994 ਗ੍ਰੈਜੂਏਟ ਬੈਚਾਂ ਲਈ ਪਰਲ ਜੁਬਲੀ ਸਮਾਰੋਹ ਸੀ, ਜਦੋਂ ਕਿ ਸੰਸਥਾ ਦੇ 1995, 1996, 1997 ਅਤੇ 1998 ਗ੍ਰੈਜੂਏਟ ਬੈਚਾਂ ਲਈ ਇਹ ਸਿਲਵਰ ਜੁਬਲੀ ਜਸ਼ਨ ਸਨ।ਸਾਬਕਾ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਪ੍ਰੋ: ਬੂਟਾ ਸਿੰਘ ਸਿੱਧੂ ਨੇ ਕਿਹਾ ਕਿ ਪੋਰਟਲ ਅਤੇ ਈ-ਡਾਇਰੈਕਟਰੀ ਸ਼ੁਰੂ ਹੋਣ ਨਾਲ ਹਰ ਕਿਸੇ ਨੂੰ ਐੱਮ.ਆਰ.ਐੱਸ.-ਪੀ.ਟੀ.ਯੂ. ਅਲੂਮਨੀ ਐਸੋਸੀਏਸ਼ਨ ਦੀ ਇੱਕ ਛਤਰ ਛਾਇਆ ਹੇਠ ਮੁੜ ਜੁੜਨ ਦਾ ਮੌਕਾ ਮਿਲੇਗਾ, ਜੋ ਕਿ ਮਾਂ ਦੀ ਭੂਮਿਕਾ ਨਿਭਾਏਗੀ।ਪ੍ਰੋ. ਬੂਟਾ ਸਿੰਘ ਸਿੱਧੂ ਨੇ ਸਾਬਕਾ ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਦੇ ਹੋਏ ਕਿਹਾ ਕਿ ਸਾਡੇ ਸਾਬਕਾ ਵਿਦਿਆਰਥੀ ਆਪਣੇ ਅਲਮਾ ਮੈਟਰ ਦੇ ਵਿਦਿਆਰਥੀਆਂ ਨੂੰ ਅੱਗੇ ਵਧਾਉਣ ਅਤੇ ਸਿਖਲਾਈ ਦੇਣ ਲਈ, ਸਮਾਂ, ਪੈਸਾ ਅਤੇ ਉਨ੍ਹਾਂ ਦੀ ਮੁਹਾਰਤ ਨੂੰ ਖੁੱਲ੍ਹੇ ਦਿਲ ਨਾਲ ਦਾਨ ਕਰ ਸਕਦੇ ਹਨ। ਸਾਡੇ ਸਾਬਕਾ ਵਿਦਿਆਰਥੀ ਜਿੱਥੇ ਕਿਤੇ ਵੀ ਕੰਮ ਕਰ ਰਹੇ ਹਨ, ਉੱਥੇ ਉਦਯੋਗਾਂ ਨੂੰ ਲਿੰਕ ਕਰਕੇ ਸਾਡੇ ਪਲੇਸਮੈਂਟ ਸੈੱਲ ਦਾ ਬਹੁਤ ਸਮਰਥਨ ਕਰ ਸਕਦੇ ਹਨ। ਅਸੀਂ ਉਨ੍ਹਾਂ ਸਾਰਿਆਂ ਦੇ ਧੰਨਵਾਦੀ ਹਾਂ, ਜਿਨ੍ਹਾਂ ਨੇ ਆਪਣੀ ਪਹਿਲਕਦਮੀ ਕੀਤੀ।ਸਿੱਖਿਆ, ਪ੍ਰਸ਼ਾਸਨ, ਵਿਗਿਆਨ, ਉਦਯੋਗ ਅਤੇ ਹੋਰ ਵੱਖ-ਵੱਖ ਖੇਤਰਾਂ ਵਿੱਚ ਨਾਮਣਾ ਖੱਟਣ ਵਾਲੇ ਸਾਬਕਾ ਵਿਦਿਆਰਥੀਆਂ ਦੀ ਸ਼ਲਾਘਾ ਕਰਦੇ ਹੋਏ ਪ੍ਰੋ: ਸਿੱਧੂ ਨੇ ਕਿਹਾ ਕਿ ਪੁਰਾਣੇ ਦੋਸਤਾਂ ਦੀ ਸੰਗਤ ਜੀਵਨ ਨੂੰ ਹੋਰ ਸਾਰਥਕ ਬਣਾਵੇਗੀ, ਕਾਰਪੋਰੇਟ ਕੰਮਾਂ ਦੇ ਤਣਾਅ ਤੋਂ ਛੁਟਕਾਰਾ ਦਿਵਾਏਗੀ।ਓਹਨਾਂ ਪ੍ਰੋ.ਰਾਜੇਸ਼ ਗੁਪਤਾ ਅਤੇ ਉਹਨਾਂ ਦੀ ਟੀਮ ਨੂੰ ਸਮੁੱਚੇ ਸਮਾਗਮ ਨੂੰ ਸ਼ਾਨਦਾਰ ਸਫਲਤਾ ਨਾਲ ਨੇਪਰੇ ਚਾੜਨ ਲਈ ਵਧਾਈ ਦਿੱਤੀ।
ਵਧੇਰੇ ਜਾਣਕਾਰੀ ਦਿੰਦੇ ਹੋਏ, ਮੈਗਾ ਈਵੈਂਟ ਦੇ ਪ੍ਰੋਗਰਾਮ ਇੰਚਾਰਜ ਕੋਆਰਡੀਨੇਟਰ, ਪ੍ਰੋ: ਰਾਜੇਸ਼ ਗੁਪਤਾ ਨੇ ਦੱਸਿਆ ਕਿ ਸਾਡੇ ਸਾਬਕਾ ਵਿਦਿਆਰਥੀ ਦੇਸ਼ ਦੇ ਵੱਖ-ਵੱਖ ਹਿੱਸਿਆਂ ਅਤੇ ਛੇ ਮਹਾਂਦੀਪਾਂ ਦੇ 80 ਤੋਂ ਵੱਧ ਦੇਸ਼ਾਂ ਵਿੱਚ ਕੰਮ ਕਰ ਰਹੇ ਹਨ। ਉਹ ਲਗਭਗ ਹਰ ਜਨਤਕ ਖੇਤਰ ਦੇ ਸੰਗਠਨ ਵਿੱਚ ਕੰਮ ਕਰ ਰਹੇ ਹਨ ਭਾਵੇਂ ਇਹ ਆਈ.ਏ.ਐਸ., ਆਈ.ਪੀ.ਐਸ., ਆਈ.ਐਫ.ਐਸ., ਪੀ.ਸੀ.ਐਸ., ਨਿਆਂਪਾਲਿਕਾ, ਪ੍ਰਸ਼ਾਸਨਿਕ, ਇਸਰੋ, ਜਨਤਕ ਖੇਤਰ ਦੀਆਂ ਸੇਵਾਵਾਂ, ਤਕਨੀਕੀ, ਸਟਾਰਟ-ਅੱਪ, ਉੱਦਮ, ਜਾਂ ਇਹ ਅਰਧ ਸਰਕਾਰੀ, ਪਬਲਿਕ ਲਿਮਟਿਡ, ਪ੍ਰਾਈਵੇਟ ਹੋ ਸਕਦਾ ਹੈ। ਓਹਨਾਂ ਕਿਹਾ ਕਿ ਸਾਬਕਾ ਵਿਦਿਆਰਥੀਆਂ ਨੇ ਰਾਜ, ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ‘ਤੇ ਆਪਣੇ ਪਰਿਵਾਰ ਅਤੇ ਇਸ ਦੇ ਅਲਮਾ ਨੂੰ ਮਾਣ ਵਧਾਇਆ ਹੈ। ਇਹ ਸਮਾਗਮ ਭਾਗ ਲੈਣ ਵਾਲਿਆਂ ਲਈ ਯਾਦਗਾਰੀ ਰਿਹਾ। ਉਹਨਾਂ ਵਿੱਚੋਂ ਬਹੁਤ ਸਾਰੇ ਫੈਕਲਟੀ, ਸਟਾਫ ਅਤੇ ਉਹਨਾਂ ਦੇ ਸਾਥੀਆਂ ਨੂੰ ਮਿਲ ਕੇ ਉਤਸਾਹਿਤ ਮਹਿਸੂਸ ਕਰ ਰਹੇ ਸਨ। ਉਨ੍ਹਾਂ ਵਿੱਚੋਂ ਕਈਆਂ ਨੇ ਆਪਣੇ ਅਧਿਆਪਕਾਂ ਦਾ ਸਤਿਕਾਰ ਅਤੇ ਸਨਮਾਨ ਕੀਤਾ, ਜਿਨ੍ਹਾਂ ਨੇ ਉਨ੍ਹਾਂ ਦੇ ਭਵਿੱਖ ਨੂੰ ਸੰਵਾਰਨ ਵਿੱਚ ਬਹੁਤ ਯੋਗਦਾਨ ਪਾਇਆ। ਸ. ਮਨਿੰਦਰ ਸਿੰਘ, ਸੀ.ਈ.ਓ., ਮਨਜ਼ੀਰਾ ਸਲਿਊਸ਼ਨਜ਼ (ਯੂ.ਕੇ. ਅਧਾਰਤ ਕੰਪਨੀ) ਨੇ ਅਲੂਮਨੀ ਫੰਡ ਵਿੱਚ 5 ਲੱਖ ਅਤੇ ਕਈ ਹੋਰ ਸਾਬਕਾ ਵਿਦਿਆਰਥੀਆਂ ਨੇ ਵਿਦਿਆਰਥੀਆਂ ਲਈ ਬਿਹਤਰ ਰੁਜ਼ਗਾਰ ਦੇ ਮੌਕੇ ਪ੍ਰਦਾਨ ਕਰਨ ਲਈ, ਇੰਟਰਨਸ਼ਿਪ ਅਤੇ ਸਕਾਲਰਸ਼ਿਪ ਦਾ ਪ੍ਰਬੰਧ ਕਰਨ ਲਈ, ਯੂਨੀਵਰਸਿਟੀ ਦੀਆਂ ਗਤੀਵਿਧੀਆਂ ਵਿੱਚ ਵੱਖ-ਵੱਖ ਪਲੇਟਫਾਰਮਾਂ ‘ਤੇ ਮਾਹਿਰਾਂ ਵਜੋਂ, ਯੂਨੀਵਰਸਿਟੀ ਦੇ ਨਾਲ ਖੋਜ ਅਤੇ ਵਿਕਾਸ ਦੇ ਖੇਤਰ ਵਿੱਚ ਤਕਨੀਕੀ ਸਹਿਯੋਗ ਲਈ ਯੋਗਦਾਨ ਪਾਉਣ ਦੀ ਪੇਸ਼ਕਸ਼ ਕੀਤੀ।ਯੂਨੀਵਰਸਿਟੀ ਦੇ ਰਜਿਸਟਰਾਰ, ਪ੍ਰੋ: ਗੁਰਿੰਦਰਪਾਲ ਸਿੰਘ ਬਰਾੜ ਨੇ ਸਾਰੇ ਹਾਜ਼ਰੀਨ ਦਾ ਧੰਨਵਾਦ ਕਰਦਿਆਂ ਅਲੂਮਨੀ ਕਨੈਕਟ ਪ੍ਰੋਗਰਾਮ ਬਾਰੇ ਵਡਮੁੱਲੇ ਵਿਚਾਰ ਸਾਂਝੇ ਕੀਤੇ। ਉਹਨਾਂ ਕਿਹਾ ਕਿ ਅਲੂਮਨੀ ਦੀ ਇਕ ਵਿਲੱਖਣ ਵਿਸ਼ੇਸ਼ਤਾ ਇਹ ਹੁੰਦੀ ਹੈ ਕਿ ਵੱਖ-ਵੱਖ ਸਮਾਜਿਕ ਰੁਤਬਿਆਂ ਤੇ ਪ੍ਰਸ਼ਾਸਿਕ ਅਹੁਦਿਆਂ ਦੇ ਬਾਵਜੂਦ “ਇਥੇ ਹਰ ਕੋਈ ਬਰਾਬਰ ਹੁੰਦਾ ਹੈ”।ਇਸ ਮੌਕੇ ਕੈਂਪਸ ਡਾਇਰੈਕਟਰ ਡਾ: ਸੰਜੀਵ ਅਗਰਵਾਲ, ਡੀਨ, ਡਾਇਰੈਕਟਰ, ਮੁਖੀ ਅਤੇ ਸੀਨੀਅਰ ਫੈਕਲਟੀ ਨੇ ਵੀ ਸ਼ਿਰਕਤ ਕੀਤੀ। ਪ੍ਰੋਗਰਾਮ ਐਂਕਰ ਪ੍ਰੋ: ਸੁਨੀਤਾ ਕੋਤਵਾਲ ਨੇ ਪ੍ਰੋਗਰਾਮ ਨੂੰ ਬਹੁਤ ਵਧੀਆ ਢੰਗ ਨਾਲ ਸੰਚਾਲਿਤ ਕੀਤਾ । ਪ੍ਰੋਗਰਾਮ ਕੋ-ਕੋਆਰਡੀਨੇਟਰ ਇੰਜ. ਗਗਨਦੀਪ ਸਿੰਘ ਸੋਢੀ, ਇੰਜ. ਹਰਅੰਮ੍ਰਿਤਪਾਲ ਸਿੰਘ ਸਿੱਧੂ ਨੇ ਪ੍ਰੋਗਰਾਮ ਦੇ ਆਯੋਜਨ ਵਿਚ ਅਹਿਮ ਭੂਮਿਕਾ ਨਿਭਾਈ।

ਮੁੱਖ ਮੰਤਰੀ ਨੇ ਕੇਂਦਰੀ ਵਾਤਾਵਰਣ ਮੰਤਰੀ ਅੱਗੇ ਟੈਕਸਾਂ ਅਤੇ ਦਿਹਾਤੀ ਵਿਕਾਸ ਫੰਡਾਂ ਦਾ ਬਕਾਇਆ ਤੁਰੰਤ ਜਾਰੀ ਕਰਨ ਦਾ ਮਸਲਾ ਚੁੱਕਿਆ

0

ਝੋਨੇ ਦੀ ਪਰਾਲੀ ਸਾੜਨ ਦੀ ਸਮੱਸਿਆ ਦੇ ਨਿਪਟਾਰੇ ਲਈ ਕੇਂਦਰੀ ਅਤੇ ਸੂਬਾ ਸਰਕਾਰਾਂ ਨੂੰ ਸਾਂਝੇ ਯਤਨ ਕਰਨ ਦੀ ਵਕਾਲਤ
ਪੰਜਾਬੀ ਖ਼ਬਰਸਾਰ ਬਿਉਰੋ
ਐਸ.ਏ.ਐਸ.ਨਗਰ (ਮੁਹਾਲੀ), 20 ਫਰਵਰੀ- ਪੰਜਾਬ ਨੂੰ ਦੇਸ਼ ਦਾ ਮੋਹਰੀ ਸੂਬਾ ਬਣਾਉਣ ਲਈ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਕੇਂਦਰੀ ਵਾਤਾਵਰਣ ਮੰਤਰੀ ਅੱਗੇ ਟੈਕਸਾਂ ਵਿੱਚੋਂ ਸੂਬੇ ਦਾ ਬਣਦਾ ਹਿੱਸਾ ਅਤੇ ਪੇਂਡੂ ਵਿਕਾਸ ਫੰਡਾਂ (ਆਰਡੀਐਫ) ਦੇ ਬਕਾਏ ਤੁਰੰਤ ਜਾਰੀ ਕਰਨ ਦਾ ਮਸਲਾ ਚੁੱਕਿਆ। ਮੁੱਖ ਮੰਤਰੀ ਨੇ ਅੱਜ ਇੱਥੇ ਝੋਨੇ ਦੀ ਪਰਾਲੀ ਦੇ ਪ੍ਰਭਾਵੀ ਪ੍ਰਬੰਧਨ ਲਈ ਕਰਵਾਈ ਵਰਕਸ਼ਾਪ ਨੂੰ ਸੰਬੋਧਨ ਕਰਦਿਆਂ ਦੇਸ਼ ਦੇ ਸਮਾਜਿਕ-ਆਰਥਿਕ ਵਿਕਾਸ ਵਿੱਚ ਯੋਗਦਾਨ ਪਾਉਣ ਲਈ ਸੂਬਿਆਂ ਦੀ ਵਿੱਤੀ ਸਥਿਰਤਾ ਦੀ ਲੋੜ ‘ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਸੂਬਿਆਂ ਨੂੰ ਦੇਸ਼ ਦੇ ਵਿਕਾਸ ਵਿੱਚ ਵਿਆਪਕ ਅਤੇ ਅਸਰਦਾਰ ਭੂਮਿਕਾ ਨਿਭਾਉਣ ਲਈ ਤਾਕਤਾਂ ਦੇਣੀਆਂ ਚਾਹੀਦੀਆਂ ਹਨ। ਭਗਵੰਤ ਮਾਨ ਨੇ ਕਿਹਾ ਕਿ ਇਸ ਲਈ ਕੇਂਦਰ ਸਰਕਾਰ ਨੂੰ ਟੈਕਸਾਂ ਅਤੇ ਪੇਂਡੂ ਵਿਕਾਸ ਫੰਡ (ਆਰ.ਡੀ.ਐਫ.) ਦਾ ਬਕਾਇਆ ਹਿੱਸਾ ਜਾਰੀ ਕਰਨਾ ਚਾਹੀਦਾ ਹੈ।ਮੁੱਖ ਮੰਤਰੀ ਨੇ ਇਸ ਮੁੱਦੇ ਨੂੰ ਢੁਕਵੇਂ ਮੰਚ ‘ਤੇ ਚੁੱਕਣ ਲਈ ਕੇਂਦਰੀ ਵਾਤਾਵਰਣ ਮੰਤਰੀ ਭੁਪਿੰਦਰ ਯਾਦਵ ਦੇ ਦਖ਼ਲ ਦੀ ਮੰਗ ਕੀਤੀ। ਝੋਨੇ ਦੀ ਪਰਾਲੀ ਨੂੰ ਅਸਾਸਾ ਦੱਸਦਿਆਂ ਉਨ੍ਹਾਂ ਨੇ ਝੋਨੇ ਦੀ ਪਰਾਲੀ ਸਾੜਨ ਦੇ ਖਤਰੇ ਦੇ ਪ੍ਰਬੰਧਨ ਲਈ ਟਿਕਾਊ ਵਿਧੀ ਵਿਕਸਤ ਕਰਨ ਦੀ ਲੋੜ ‘ਤੇ ਜ਼ੋਰ ਦਿੱਤਾ। ਭਗਵੰਤ ਮਾਨ ਨੇ ਕਿਹਾ ਕਿ ਇਹ ਸਮੁੱਚੇ ਉੱਤਰੀ ਖੇਤਰ ਦਾ ਲੰਮੇ ਸਮੇਂ ਤੋਂ ਲਟਕਿਆ ਹੋਇਆ ਮਸਲਾ ਹੈ ਪਰ ਕਿਸਾਨਾਂ ਕੋਲ ਫ਼ਸਲਾਂ ਦੀ ਰਹਿੰਦ-ਖੂੰਹਦ ਨੂੰ ਸੰਭਾਲਣ ਲਈ ਠੋਸ ਢੰਗ-ਤਰੀਕਿਆਂ ਦੀ ਘਾਟ ਹੈ।ਮੁੱਖ ਮੰਤਰੀ ਨੇ ਕਿਹਾ ਕਿ ਕਿਸਾਨ ਪਹਿਲਾਂ ਪਰਾਲੀ ਨੂੰ ਅੱਗ ਨਹੀਂ ਲਾਉਣਾ ਚਾਹੁੰਦੇ ਕਿਉਂ ਜੋ ਇਸ ਦਾ ਖਮਿਆਜ਼ਾ ਕਿਸਾਨਾਂ ਦੇ ਪਰਿਵਾਰਾਂ ਨੂੰ ਵੀ ਭੁਗਤਣਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਅਤੇ ਸੂਬਾ ਸਰਕਾਰਾਂ ਨੂੰ ਪਰਾਲੀ ਦੀ ਖਰੀਦ ਨੂੰ ਯਕੀਨੀ ਬਣਾ ਕੇ ਇਸ ਖ਼ਤਰੇ ਨਾਲ ਨਜਿੱਠਣ ਲਈ ਸਾਂਝੀ ਕਾਰਜ ਯੋਜਨਾ ਤਿਆਰ ਕਰਕੇ ਆਪਸੀ ਸਹਿਯੋਗ ਕਰਨ ਦੀ ਲੋੜ ਹੈ। ਵਰਬੀਓ ਕੰਪਨੀ ਦੀ ਮਿਸਾਲ ਦਿੰਦਿਆਂ ਭਗਵੰਤ ਮਾਨ ਨੇ ਕਿਹਾ ਕਿ ਇਸ ਕੰਪਨੀ ਨੇ 47 ਹਜ਼ਾਰ ਏਕੜ ਵਿੱਚ ਪਰਾਲੀ ਨੂੰ ਸੰਭਾਲਣ ਦਾ ਬੀੜਾ ਚੁੱਕਿਆ ਹੈ ਅਤੇ ਅਜਿਹੀਆਂ ਕੰਪਨੀਆਂ ਨੂੰ ਹੋਰ ਉਤਸ਼ਾਹਿਤ ਕਰਨਾ ਚਾਹੀਦਾ ਹੈ।ਮੁੱਖ ਮੰਤਰੀ ਨੇ ਕਿਹਾ ਕਿ ਝੋਨੇ ਦੀ ਸਮੱਸਿਆ ਨਾਲ ਨਿਪਟਣ ਲਈ ਸੂਬਾ ਸਰਕਾਰ ਨੇ ਖੇਤੀ ਵਿਭਿੰਨਤਾ ਨੂੰ ਪ੍ਰੇਰਿਤ ਕਰਨ ਵਾਸਤੇ ਸਾਰੀਆਂ ਫਸਲਾਂ ਦੇ ਨਿਸ਼ਚਿਤ ਭਾਅ ਦੀ ਵੱਡੀ ਜ਼ਿੰਮੇਵਾਰੀ ਪਹਿਲਾਂ ਹੀ ਚੁੱਕੀ ਹੋਈ ਹੈ। ਉਨ੍ਹਾਂ ਦੁਹਰਾਇਆ ਕਿ ਕਿਸਾਨਾਂ ਵਿਰੁੱਧ ਐਫ.ਆਈ.ਆਰ. ਦਰਜ ਕਰਨਾ ਇਸ ਸਮੱਸਿਆ ਨਾਲ ਨਜਿੱਠਣ ਦਾ ਹੱਲ ਨਹੀਂ ਹੈ ਕਿਉਂਕਿ ਇਸ ਵਿੱਚ ਸਮਾਜਿਕ ਤੌਰ ਉਤੇ ਨਮੋਸ਼ੀ ਜੁੜੀ ਹੋਈ ਹੈ। ਭਗਵੰਤ ਮਾਨ ਨੇ ਕਿਹਾ ਕਿ ਕਿਸਾਨਾਂ ਦੀ ਪੂਰੀ ਤਰ੍ਹਾਂ ਖੇਤੀ ‘ਤੇ ਨਿਰਭਰਤਾ ਹੀ ਕਿਸਾਨ ਖੁਦਕੁਸ਼ੀਆਂ ਦਾ ਮੁੱਖ ਕਾਰਨ ਹੈ।
ਕੇਂਦਰੀ ਮੰਤਰੀ ਨੂੰ ਸੂਬੇ ਦੀ ਅਮੀਰ ਵਿਰਾਸਤ ਬਾਰੇ ਯਾਦ ਦਿਵਾਉਂਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸਾਡੇ ਆਜ਼ਾਦੀ ਸੰਗਰਾਮ ਦੇ ਬਹਾਦਰ ਨਾਇਕਾਂ ਨੇ ਵਿਦੇਸ਼ੀ ਸਾਮਰਾਜਵਾਦ ਦੀਆਂ ਜੰਜੀਰਾਂ ਤੋਂ ਮੁਕਤ ਹੋਣ ਲਈ ਮਿਸਾਲੀ ਕੁਰਬਾਨੀਆਂ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਇਹ ਤੱਥ ਰਿਕਾਰਡ ‘ਤੇ ਹੈ ਕਿ ਜਿਨ੍ਹਾਂ ਮਹਾਨ ਦੇਸ਼ ਭਗਤਾਂ ਨੇ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਜਾਂ ਕਿਸੇ ਨਾ ਕਿਸੇ ਰੂਪ ਵਿਚ ਅੰਗਰੇਜ਼ਾਂ ਦੇ ਜ਼ੁਲਮਾਂ ਦਾ ਸ਼ਿਕਾਰ ਹੋਏ, ਉਨ੍ਹਾਂ ਵਿਚੋਂ 90 ਫੀਸਦੀ ਤੋਂ ਵੱਧ ਪੰਜਾਬੀ ਸਨ। ਭਗਵੰਤ ਮਾਨ ਨੇ ਜ਼ੋਰ ਦੇ ਕੇ ਕਿਹਾ ਕਿ ਅੱਜ ਵੀ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਲਈ ਪੰਜਾਬੀ ਸਭ ਤੋਂ ਅੱਗੇ ਹਨ।ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਜਦੋਂ ਵੀ ਭਾਰਤ ਨੂੰ ਅੰਦਰੂਨੀ ਜਾਂ ਬਾਹਰੀ ਹਮਲੇ ਦੀ ਕਿਸੇ ਵੀ ਚੁਣੌਤੀ ਦਾ ਸਾਹਮਣਾ ਕਰਨਾ ਪਿਆ ਤਾਂ ਪੰਜਾਬੀਆਂ ਨੇ ਦੇਸ਼ ਦੀ ਅਗਵਾਈ ਕੀਤੀ। ਉਨ੍ਹਾਂ ਕਿਹਾ ਕਿ ਸੂਬੇ ਦੇ ਮਿਹਨਤਕਸ਼ ਕਿਸਾਨਾਂ ਨੇ ਦੇਸ਼ ਨੂੰ ਅਨਾਜ ਉਤਪਾਦਨ ਵਿੱਚ ਆਤਮ ਨਿਰਭਰ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਭਗਵੰਤ ਮਾਨ ਨੇ ਉਮੀਦ ਜ਼ਾਹਰ ਕੀਤੀ ਕਿ ਸੂਬਾ ਸਰਕਾਰ ਦੇ ਠੋਸ ਯਤਨਾਂ ਨਾਲ ਸੂਬੇ ਦੀ ਪੁਰਾਤਨ ਸ਼ਾਨ ਜਲਦੀ ਹੀ ਬਹਾਲ ਹੋ ਜਾਵੇਗੀ।ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬੀ ਪੈਦਾਇਸ਼ੀ ਉੱਦਮੀ ਹਨ ਜੋ ਸੂਬੇ ਨੂੰ ਉਦਯੋਗਿਕ ਵਿਕਾਸ ਦੀ ਲੀਹ ‘ਤੇ ਲਿਆਉਣ ਲਈ ਹਰ ਸੰਭਵ ਯਤਨ ਕਰਨ ਲਈ ਤਿਆਰ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬੀ ਉੱਦਮੀਆਂ ਨੇ ਵਿਸ਼ਵ ਭਰ ਵਿੱਚ ਆਪਣੀ ਕਾਬਲੀਅਤ ਦਾ ਸਬੂਤ ਦਿੱਤਾ ਹੈ ਅਤੇ ਹੁਣ ਸਮਾਂ ਆ ਗਿਆ ਹੈ ਜਦੋਂ ਸਾਨੂੰ ਸੂਬੇ ਵਿੱਚ ਵਿਕਾਸ ਵੱਲ ਧਿਆਨ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਸੂਬੇ ਨੂੰ ਦੇਸ਼ ਦਾ ਮੋਹਰੀ ਉਦਯੋਗਿਕ ਸੂਬਾ ਬਣਾਉਣ ਦੇ ਨਾਲ-ਨਾਲ ਨੌਜਵਾਨਾਂ ਲਈ ਰੁਜ਼ਗਾਰ ਦੇ ਨਵੇਂ ਰਾਹ ਖੁੱਲ੍ਹਣਗੇ।ਮੁੱਖ ਮੰਤਰੀ ਨੇ ਕਿਹਾ ਕਿ ਕਿਸਾਨਾਂ ਨੂੰ ਆਪਣੀ ਆਮਦਨ ਵਧਾਉਣ ਲਈ ਸਹਾਇਕ ਧੰਦਿਆਂ ਨੂੰ ਅਪਣਾਉਣ ਲਈ ਉਤਸ਼ਾਹਿਤ ਕਰਨ ਦੀ ਲੋੜ ਹੈ। ਆਪਣੀ ਕਿਸਮ ਦੀ ਪਹਿਲੀ ‘ਕਿਸਾਨ-ਮਿਲਣੀ’ ਬਾਰੇ ਬੋਲਦਿਆਂ ਉਨ੍ਹਾਂ ਕਿਹਾ ਕਿ ਕਿਸਾਨ ਸਮੁੱਚੇ ਕਿਸਾਨ ਭਾਈਚਾਰੇ ਨੂੰ ਦਰਪੇਸ਼ ਹਰ ਸਮੱਸਿਆ ਦਾ ਹੱਲ ਜਾਣਦੇ ਹਨ। ਭਗਵੰਤ ਮਾਨ ਨੇ ਕਿਹਾ ਕਿ ਇਸ ਲਈ ਸੂਬਾ ਸਰਕਾਰ ਨੇ ਪਹਿਲੀ ਵਾਰ ਕਿਸਾਨਾਂ ਨੂੰ ਦਰਪੇਸ਼ ਮੁਸ਼ਕਲਾਂ ਦਾ ਹੱਲ ਲੱਭਣ ਲਈ ਉਨ੍ਹਾਂ ਨਾਲ ਰਾਬਤਾ ਕਾਇਮ ਕੀਤਾ ਹੈ।
ਫਸਲੀ ਚੱਕਰ ਬਾਰੇ ਬੋਲਦਿਆਂ ਮੁੱਖ ਮੰਤਰੀ ਨੇ ਝੋਨੇ ਦੀਆਂ ਅਜਿਹੀਆਂ ਕਿਸਮਾਂ ਨੂੰ ਅਪਣਾਉਣ ਦੀ ਲੋੜ ‘ਤੇ ਜ਼ੋਰ ਦਿੱਤਾ ਜੋ ਪੱਕਣ ਲਈ ਘੱਟ ਤੋਂ ਘੱਟ ਸਮਾਂ ਲੈਂਦੀਆਂ ਹਨ। ਉਨ੍ਹਾਂ ਕਿਹਾ ਕਿ ਗੰਨਾ, ਝੋਨੇ ਦਾ ਸਾਰਥਕ ਬਦਲ ਹੈ ਪਰ ਇਸ ਨੂੰ ਵੇਚਣ ਲਈ ਕਿਸਾਨਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਭਗਵੰਤ ਮਾਨ ਨੇ ਕਿਹਾ ਕਿ ਸੂਬਾ ਸਰਕਾਰ ਨੇ ਗੰਨੇ ਦੀ ਕਾਸ਼ਤ ਨੂੰ ਵੱਡੇ ਪੱਧਰ ‘ਤੇ ਉਤਸ਼ਾਹਿਤ ਕਰਨ ਲਈ ਪਹਿਲਾਂ ਹੀ ਵੱਡੇ ਯਤਨ ਕਰ ਰਹੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਨੇ ਗੰਨਾ ਕਾਸ਼ਤਕਾਰਾਂ ਦੀ ਭਲਾਈ ਨੂੰ ਯਕੀਨੀ ਬਣਾਉਣ ਲਈ ਪਹਿਲਕਦਮੀਆਂ ਕੀਤੀਆਂ ਹਨ। ਉਨ੍ਹਾਂ ਕਿਹਾ ਕਿ ਸ਼ੂਗਰਫੈੱਡ ਵੱਲੋਂ ਕਿਸਾਨਾਂ ਦੇ ਸਾਰੇ ਬਕਾਏ ਪਹਿਲਾਂ ਹੀ ਨਿਪਟਾ ਦਿੱਤੇ ਗਏ ਹਨ। ਭਗਵੰਤ ਮਾਨ ਨੇ ਕਿਹਾ ਕਿ ਸੂਬਾ ਸਰਕਾਰ ਨੇ 380 ਰੁਪਏ ਪ੍ਰਤੀ ਕੁਇੰਟਲ ਐਸ.ਏ.ਪੀ. ‘ਤੇ ਗੰਨੇ ਦੀ ਖਰੀਦ ਕੀਤੀ ਹੈ।ਪੰਜਾਬ ਨੂੰ ਮੌਕਿਆਂ ਦੀ ਧਰਤੀ ਦੱਸਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਸੂਬੇ ਵਿੱਚ ਨਿਵੇਸ਼ ਕਰਨ ਲਈ ਕਈ ਕੰਪਨੀਆਂ ਨਾਲ ਗੱਲਬਾਤ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੇ ਉਦਯੋਗਿਕ ਧੁਰੇ ਵਜੋਂ ਤੇਜ਼ੀ ਨਾਲ ਉਭਰ ਰਹੇ ਸੂਬੇ ਵਿੱਚ ਨਿਵੇਸ਼ ਕਰਨ ਨਾਲ ਉੱਦਮੀਆਂ ਨੂੰ ਬਹੁਤ ਲਾਭ ਹੋਵੇਗਾ। ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਵਿੱਚ ਭਾਈਚਾਰਕ ਸਾਂਝ, ਸ਼ਾਂਤੀ ਅਤੇ ਸਦਭਾਵਨਾ ਹੈ, ਜੋ ਸੂਬੇ ਦੇ ਸਰਬਪੱਖੀ ਵਿਕਾਸ ਅਤੇ ਖੁਸ਼ਹਾਲੀ ਦਾ ਮੁੱਖ ਆਧਾਰ ਹਨ।ਇਸ ਤੋਂ ਪਹਿਲਾਂ ਵਾਤਾਵਰਨ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਆਪਣੇ ਸੰਬੋਧਨ ਵਿੱਚ ਕਾਨਫਰੰਸ ਵਿੱਚ ਆਏ ਮਹਿਮਾਨਾਂ ਦਾ ਸਵਾਗਤ ਕੀਤਾ। ਉਨ੍ਹਾਂ ਨੇ ਆਪਣੇ ਵਿਭਾਗ ਵੱਲੋਂ ਪਰਾਲੀ ਸਾੜਨ ਦੀ ਸਮੱਸਿਆ ਨੂੰ ਖਤਮ ਕਰਨ ਲਈ ਕੀਤੀਆਂ ਗਈਆਂ ਵੱਖ-ਵੱਖ ਪਹਿਲਕਦਮੀਆਂ ਜਿਵੇਂ ਕਿ ਫਸਲ ਦੀ ਰਹਿੰਦ-ਖੂੰਹਦ ਦਾ ਖੇਤਾਂ ਵਿਚ ਜਾਂ ਖੇਤਾਂ ਤੋਂ ਬਾਹਰ ਨਿਪਟਾਰਾ ਦਾ ਜ਼ਿਕਰ ਵੀ ਕੀਤਾ। ਮੀਤ ਹੇਅਰ ਨੇ ਕਿਹਾ ਕਿ ਸੂਬਾ ਸਰਕਾਰ ਕਿਸਾਨਾਂ ਨੂੰ ਇਸ ਰੁਝਾਨ ਤੋਂ ਦੂਰ ਰਹਿਣ ਲਈ ਪ੍ਰੇਰਿਤ ਕਰ ਰਹੀ ਹੈ ਅਤੇ ਉਨ੍ਹਾਂ ਦਾ ਸਨਮਾਨ ਵੀ ਕਰ ਰਹੀ ਹੈ।ਮੁੱਖ ਮੰਤਰੀ ਨੇ ਕੇਂਦਰੀ ਮੰਤਰੀ ਭੁਪਿੰਦਰ ਯਾਦਵ ਅਤੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੂੰ ਫੁਲਕਾਰੀ, ਬੂਟਾ ਅਤੇ ਸ੍ਰੀ ਹਰਿਮੰਦਰ ਸਾਹਿਬ ਦੇ ਮਾਡਲ ਨਾਲ ਸਨਮਾਨਿਤ ਕੀਤਾ।

ਬੁੱਢੇ ਨਾਲੇ ਨੂੰ ਮੁੜ ਬੁੱਢਾ ਦਰਿਆ ਬਣਾਵਾਂਗੇ-ਮੁੱਖ ਮੰਤਰੀ

0

ਲੁਧਿਆਣੇ ਦੇ ਲੋਕਾਂ ਨੂੰ ਗੰਦੇ ਪਾਣੀ ਤੇ ਗੰਭੀਰ ਬਿਮਾਰੀਆਂ ਤੋਂ ਮਿਲੇਗੀ ਨਿਜਾਤ-ਭਗਵੰਤ ਮਾਨ
ਬੁੱਢੇ ਨਾਲੇ ਦੀ ਸਫਾਈ ਲਈ 650 ਕਰੋੜ ਰੁਪਏ ਦੀ ਲਾਗਤ ਵਾਲੇ ਪ੍ਰਾਜੈਕਟ ਦੇ ਹਿੱਸੇ ਵਜੋਂ ਪੰਜਾਬ ਦਾ ਸਭ ਤੋਂ ਵੱਡਾ ਐਸ.ਟੀ.ਪੀ. ਲੋਕਾਂ ਨੂੰ ਕੀਤਾ ਸਮਰਪਿਤ
ਪੰਜਾਬੀ ਖ਼ਬਰਸਾਰ ਬਿਉਰੋ
ਲੁਧਿਆਣਾ, 20 ਫਰਵਰੀ: ਬੁੱਢੇ ਨਾਲੇ ਨੂੰ ਮੁੜ ਬੁੱਢਾ ਦਰਿਆ ਬਣਾਉਣ ਦਾ ਐਲਾਨ ਕਰਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਬੁੱਢੇ ਨਾਲੇ ਦੀ ਸਫਾਈ ਤੇ ਕਾਇਆਕਲਪ ਲਈ 315.50 ਕਰੋੜ ਰੁਪਏ ਦੀ ਲਾਗਤ ਨਾਲ ਸੀਵੇਜ ਟਰੀਟਮੈਂਟ ਪਲਾਂਟ (ਐਸ.ਟੀ.ਪੀ.) ਸਮੇਤ ਹੋਰ ਪ੍ਰਾਜੈਕਟ ਲੋਕਾਂ ਨੂੰ ਸਮਰਪਿਤ ਕੀਤੇ ਜਿਸ ਨਾਲ ਲੋਕਾਂ ਨੂੰ ਦੂਸ਼ਿਤ ਪਾਣੀ ਤੇ ਗੰਭੀਰ ਬਿਮਾਰੀਆਂ ਤੋਂ ਨਿਜਾਤ ਮਿਲੇਗੀ।ਅੱਜ ਇੱਥੇ ਐਸ.ਟੀ.ਪੀ. ਨੂੰ ਸਮਰਪਿਤ ਕਰਨ ਮੌਕੇ ਆਪਣੇ ਸੰਬੋਧਨ ਵਿਚ ਮੁੱਖ ਮੰਤਰੀ ਨੇ ਪ੍ਰਦੂਸ਼ਿਤ ਹੋ ਚੁੱਕੇ ਬੁੱਢੇ ਨਾਲੇ ਉਤੇ ਚਿੰਤਾ ਜ਼ਾਹਰ ਕੀਤੀ। ਸੂਬੇ ਖਾਸ ਕਰਕੇ ਲੁਧਿਆਣਾ ਵਾਸੀਆਂ ਨੂੰ ਬੁੱਢੇ ਨਾਲੇ ਦੇ ਗੰਦੇ ਪਾਣੀ ਦੇ ਪ੍ਰਦੂਸ਼ਣ ਤੋਂ ਮੁਕਤ ਕਰਵਾਉਣ ਲਈ ਮੁੱਖ ਮੰਤਰੀ ਨੇ ਕਿਹਾ ਕਿ ਦੂਸ਼ਿਤ ਹੋ ਚੁੱਕਾ ਇਹ ਨਾਲਾ ਪਿਛਲੀਆਂ ਸਰਕਾਰਾਂ ਦੀ ਲਾਪਰਵਾਹੀ ਦਾ ਨਤੀਜਾ ਹੈ ਜਿਸ ਦਾ ਖਮਿਆਜ਼ਾ ਲੋਕ ਭੁਗਤ ਰਹੇ ਸਨ।
ਭਗਵੰਤ ਮਾਨ ਨੇ ਕਿਹਾ, “ਮੈਂ ਲੋਕ ਸਭਾ ਮੈਂਬਰ ਵਜੋਂ ਸੰਸਦ ਵਿਚ ਬੁੱਢੇ ਨਾਲੇ ਦੇ ਗੰਦੇ ਪਾਣੀ ਦਾ ਮਸਲਾ ਉਠਾਉਂਦਾ ਰਿਹਾ ਹਾਂ। ਬੁੱਢੇ ਨਾਲੇ ਦਾ ਦੂਸ਼ਿਤ ਪਾਣੀ ਸਤਲੁਜ ਵਿਚ ਰਲ ਜਾਂਦਾ ਸੀ ਜਿਸ ਨਾਲ ਸਰਹੱਦੀ ਜ਼ਿਲ੍ਹੇ ਫਾਜ਼ਿਲਕਾ ਦੇ ਜੀਵਨ ਉਤੇ ਬਹੁਤ ਬੁਰਾ ਅਸਰ ਪਿਆ। ਮੈਂ ਖੁਦ ਇਸ ਜ਼ਿਲ੍ਹੇ ਦੇ ਪਿੰਡਾਂ ਵਿਚ ਦੇਖਿਆ ਜਿੱਥੇ ਬਹੁਤੇ ਬੱਚੇ ਜਨਮ ਮੌਕੇ ਹੀ ਬਿਮਾਰੀਆਂ ਤੋਂ ਗ੍ਰਸਤ ਹੁੰਦੇ ਹਨ। ਦੁੱਖ ਦੀ ਗੱਲ ਹੈ ਕਿ ਇਹ ਪਿੰਡ ਜਲਾਲਾਬਾਦ ਵਿਧਾਨ ਸਭਾ ਹਲਕੇ ਵਿਚ ਪੈਂਦੇ ਸਨ ਜਿੱਥੋਂ ਸੁਖਬੀਰ ਸਿੰਘ ਬਾਦਲ ਨੁਮਾਇੰਦਗੀ ਕਰਦੇ ਰਹੇ ਹਨ ਪਰ ਉਨ੍ਹਾਂ ਨੇ ਇਸ ਸਮੱਸਿਆ ਦੇ ਹੱਲ ਲਈ ਕੁਝ ਨਹੀਂ ਕੀਤਾ।”
ਮੁੱਖ ਮੰਤਰੀ ਨੇ ਉਮੀਦ ਜ਼ਾਹਰ ਕੀਤੀ ਕਿ 225 ਐਮ.ਐਲ.ਡੀ. ਦੀ ਸਮਰੱਥਾ ਵਾਲਾ ਨਵਾਂ ਸੀਵੇਜ ਟਰੀਟਮੈਂਟ ਪਲਾਂਟ (ਐਸ.ਟੀ.ਪੀ.) ਸ਼ਹਿਰ ਵਿਚ ਬੁੱਢੇ ਨਾਲੇ ਦੀ ਸਫਾਈ ਵਿਚ ਸਹਾਈ ਸਿੱਧ ਹੋਵੇਗਾ। ਉਨ੍ਹਾਂ ਕਿਹਾ ਕਿ ਇਹ ਪ੍ਰਾਜੈਕਟ ਸ਼ਹਿਰ ਦੇ ਧੁਰ ਅੰਦਰ ਵਿਚ ਵਹਿੰਦੇ ਬੁੱਢੇ ਨਾਲੇ ਵਿਚ ਦੂਸ਼ਿਤ ਪਾਣੀ ਨੂੰ ਰੋਕਣ ਵਿਚ ਅਹਿਮ ਭੂਮਿਕਾ ਨਿਭਾਏਗਾ। ਭਗਵੰਤ ਮਾਨ ਨੇ ਕਿਹਾ ਕਿ ਇਸ ਨਾਲੇ ਦਾ 14 ਕਿਲੋਮੀਟਰ ਹਿੱਸਾ ਸ਼ਹਿਰ ਵਿੱਚੋਂ ਦੀ ਗੁਜ਼ਰਦਾ ਹੈ ਅਤੇ ਇਸ ਦੀ ਮੁਕੰਮਲ ਸਫਾਈ ਲਈ ਵਿਸਥਾਰਤ ਯੋਜਨਾ ਉਲੀਕੀ ਗਈ ਹੈ। ਮੁੱਖ ਮੰਤਰੀ ਨੇ ਦੱਸਿਆ ਕਿ ਵਿਸਥਾਰਤ ਪ੍ਰਾਜੈਕਟ ਮੁਤਾਬਕ ਅਮਰੁਤ ਅਤੇ ਸਮਾਰਟ ਸਿਟੀ ਸਕੀਮ ਤਹਿਤ 650 ਕਰੋੜ ਖਰਚੇ ਜਾਣੇ ਹਨ। ਉਨ੍ਹਾਂ ਨੇ ਫੰਡਾਂ ਦੀ ਵਿਵਸਥਾ ਦਾ ਜ਼ਿਕਰ ਕਰਦੇ ਹੋਏ ਦੱਸਿਆ ਕਿ ਇਸ ਪ੍ਰਾਜੈਕਟ ਉਤੇ 392 ਕਰੋੜ ਰੁਪਏ ਸੂਬਾ ਸਰਕਾਰ ਖਰਚ ਰਹੀ ਹੈ ਜਦਕਿ 258 ਕਰੋੜ ਰੁਪਏ ਭਾਰਤ ਸਰਕਾਰ ਵੱਲੋਂ ਮੈਚਿੰਗ ਗਰਾਂਟ ਵਜੋਂ ਦਿੱਤੇ ਜਾ ਰਹੇ ਹਨ। ਭਗਵੰਤ ਮਾਨ ਨੇ ਕਿਹਾ ਕਿ 225 ਐਮ.ਐਲ.ਡੀ. ਦੀ ਸਮਰੱਥਾ ਵਾਲੇ ਐਸ.ਟੀ.ਪੀ. ਸਮੇਤ 315.50 ਕਰੋੜ ਰੁਪਏ ਦੇ ਪ੍ਰਾਜੈਕਟ ਅੱਜ ਲੋਕਾਂ ਨੂੰ ਸਮਰਪਿਤ ਕੀਤੇ ਗਏ ਹਨ। ਇਸ ਪ੍ਰਾਜੈਕਟ ਨਾਲ ਲੁਧਿਆਣਾ ਸ਼ਹਿਰ ਦਾ ਲਗਪਗ ਇਕ ਤਿਹਾਈ ਸੀਵਰੇਜ ਦਾ ਪਾਣੀ ਸੋਧ ਕੇ ਬੁੱਢੇ ਨਾਲੇ ਵਿਚ ਪਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਪਲਾਂਟ ਉਪਰ ਤੀਜੇ ਪੱਧਰ ਤੱਕ ਪਾਣੀ ਸੋਧਣ ਲਈ ਪੰਜਾਬ ਵਿਚ ਪਹਿਲੀ ਵਾਰ ਫਾਈਬਰ ਡਿਸਕ ਫਿਲਟਰ ਸਥਾਪਤ ਕੀਤਾ ਗਿਆ ਹੈ। ਮੁੱਖ ਮੰਤਰੀ ਨੇ ਦੱਸਿਆ ਕਿ ਇਸ ਪਲਾਂਟ ਨੂੰ ਕਾਰਜਸ਼ੀਲ ਰੱਖਣ ਅਤੇ ਦੇਖਭਾਲ ਕਰਨ ਦੀ ਵਿਵਸਥਾ ਅਗਲੇ 10 ਸਾਲਾਂ ਲਈ ਠੇਕੇਦਾਰ ਵੱਲੋਂ ਕੀਤੀ ਜਾਵੇਗੀ ਜਿਸ ਉਪਰ 320.79 ਕਰੋੜ ਰੁਪਏ ਖਰਚੇ ਜਾਣਗੇ ਅਤੇ ਇਹ ਫੰਡ ਨਗਰ ਨਿਗਮ ਲੁਧਿਆਣਾ ਵੱਲੋਂ ਮੁਹੱਈਆ ਕਰਵਾਏ ਜਾਣਗੇ।
ਭ੍ਰਿਸ਼ਟਾਚਾਰ ਦੇ ਖਿਲਾਫ਼ ਲੜਾਈ ਜਾਰੀ ਰੱਖਣ ਦਾ ਐਲਾਨ ਕਰਦਿਆਂ ਮੁੱਖ ਮੰਤਰੀ ਨੇ ਸਪੱਸ਼ਟ ਸ਼ਬਦਾਂ ਵਿਚ ਕਿਹਾ ਕਿ ਭ੍ਰਿਸ਼ਟਾਚਾਰੀ ਪੰਜਾਬ ਤੇ ਪੰਜਾਬੀਆਂ ਦਾ ਦੁਸ਼ਮਣ ਹਨ ਅਤੇ ਕਿਸੇ ਵੀ ਦੋਸ਼ੀ ਨਾਲ ਰਹਿਮਦਿਲੀ ਨਹੀਂ ਵਰਤੀ ਜਾਵੇਗੀ। ਭਗਵੰਤ ਮਾਨ ਨੇ ਕਿਹਾ, “ਮੈਂ ਭ੍ਰਿਸ਼ਟ ਨਿਜ਼ਾਮ ਦੇ ਖਿਲਾਫ਼ ਜੰਗ ਛੇੜੀ ਹੋਈ ਹੈ। ਜਦੋਂ ਮੈਂ ਇਨ੍ਹਾਂ ਲੋਕਾਂ ਦੇ ਖਿਲਾਫ਼ ਕਾਰਵਾਈ ਕਰਦਾ ਹਾਂ ਤਾਂ ਇਹ ਲੋਕ ਮੇਰੇ ਖਿਲਾਫ਼ ਸਾਜਿਸ਼ਾਂ ਰਚਦੇ ਹਨ। ਇੱਥੋਂ ਤੱਕ ਕਿ ਬੁਖਲਾਹਟ ਵਿਚ ਆ ਕੇ ਮੇਰੇ ਬਾਰੇ ਨਿੱਜੀ ਤੌਰ ਉਤੇ ਮੰਦਾ ਬੋਲਦੇ ਹਨ ਪਰ ਮੈਂ ਕਿਸੇ ਨੂੰ ਬਖਸ਼ਾਂਗਾ ਨਹੀਂ। ਮੈਂ ਤਹਾਨੂੰ ਵੀ ਅਪੀਲ ਕਰਦਾਂ ਹਾਂ ਕਿ ਜੇਕਰ ਕੋਈ ਰਿਸ਼ਵਤ ਮੰਗਦਾ ਹੈ ਤਾਂ ਉਸ ਬਾਰੇ ਚੁੱਪ ਰਹਿਣ ਦੀ ਬਜਾਏ ਸ਼ਿਕਾਇਤ ਕਰੋ ਤਾਂ ਕਿ ਅਸੀਂ ਕਾਰਵਾਈ ਕਰ ਸਕੀਏ।”
‘ਸਰਕਾਰ ਤੁਹਾਡੇ ਦੁਆਰ’ ਪ੍ਰੋਗਰਾਮ ਦਾ ਜ਼ਿਕਰ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਅਧਿਕਾਰੀਆਂ ਨੂੰ ਇਹ ਵੀ ਨਿਰਦੇਸ਼ ਦਿੱਤੇ ਗਏ ਕਿ ਉਹ ਫੀਲਡ ਦੇ ਵੱਧ ਤੋਂ ਵੱਧ ਦੌਰੇ ਕਰਨ ਅਤੇ ਪਿੰਡਾਂ ਵਿੱਚ ਜਾ ਕੇ ਲੋਕਾਂ ਨਾਲ ਰਾਬਤਾ ਵਧਾਉਣ। ਉਨ੍ਹਾਂ ਕਿਹਾ ਕਿ ਇਹ ਸਮੇਂ ਦੀ ਲੋੜ ਹੈ ਕਿ ਲੋਕਾਂ ਨੂੰ ਰੋਜ਼ਾਨਾ ਦੇ ਕੰਮਕਾਜ ਕਰਵਾਉਣ ਲਈ ਕੋਈ ਦਿੱਕਤ ਨਾ ਆਵੇ ਅਤੇ ਉਨ੍ਹਾਂ ਨੂੰ ਚੰਗਾ ਸ਼ਾਸਨ ਮਿਲੇ। ਭਗਵੰਤ ਮਾਨ ਨੇ ਕਿਹਾ ਕਿ ਇਸ ਨਾਲ ਦਫ਼ਤਰੀ ਕਾਰਜ ਪ੍ਰਣਾਲੀ ਵਿੱਚ ਸੁਧਾਰ ਕਰਨ ਵਿੱਚ ਮਦਦ ਮਿਲੇਗੀ।ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਨੇ ਜਦੋਂ ਮੁਫਤ ਘਰੇਲੂ ਬਿਜਲੀ ਦੇਣ ਦਾ ਐਲਾਨ ਕੀਤਾ ਸੀ ਤਾਂ ਉਸ ਮੌਕੇ ਵਿਰੋਧੀ ਪਾਰਟੀਆਂ ਨੇ ਮਜ਼ਾਕ ਉਡਾ ਕੇ ਇਸ ਨੂੰ ਅਸੰਭਵ ਦੱਸਿਆ ਸੀ। ਉਨ੍ਹਾਂ ਕਿਹਾ ਕਿ ਹੁਣ ਲੋਕਾਂ ਨੂੰ ਹਰੇਕ ਬਿੱਲ ’ਤੇ 600 ਯੂਨਿਟ ਮੁਫਤ ਬਿਜਲੀ ਮੁਹੱਈਆ ਕਰਵਾਈ ਜਾ ਰਹੀ ਹੈ, ਜਿਸ ਨਾਲ ਪਹਿਲੀ ਵਾਰ ਪੰਜਾਬ ਦੇ 87 ਫੀਸਦੀ ਪਰਿਵਾਰਾਂ ਦਾ ਬਿਜਲੀ ਬਿੱਲ ਜ਼ੀਰੋ ਆਇਆ ਹੈ। ਇਹ ਕਦਮ ਘਰੇਲੂ ਖਪਤਕਾਰਾਂ ਲਈ ਵੱਡੀ ਰਾਹਤ ਹੈ, ਜਿਨ੍ਹਾਂ ਨੂੰ ਹੁਣ ਤੱਕ ਹਰ ਮਹੀਨੇ ਬਿਜਲੀ ਬਿੱਲਾਂ ਦੇ ਰੂਪ ਵਿੱਚ ਕਾਫੀ ਪੈਸਾ ਖ਼ਰਚਣਾ ਪੈਂਦਾ ਸੀ।ਸਤਲੁਜ ਯਮੁਨਾ ਲਿੰਕ ਨਹਿਰ ਦੇ ਮਸਲੇ ਦਾ ਜ਼ਿਕਰ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਇਸ ਨਹਿਰ ਦੀ ਉਸਾਰੀ ਦੀ ਸਖ਼ਤ ਮੁਖਾਲਫ਼ਤ ਕੀਤੀ ਅਤੇ ਕੇਂਦਰ ਨੂੰ ਸਪੱਸ਼ਟ ਕਰ ਦਿੱਤਾ ਕਿ ਪੰਜਾਬ ਕੋਲ ਕਿਸੇ ਹੋਰ ਸੂਬੇ ਨੂੰ ਦੇਣ ਲਈ ਇਕ ਬੂੰਦ ਵੀ ਵਾਧੂ ਪਾਣੀ ਨਹੀਂ ਹੈ। ਉਨ੍ਹਾਂ ਕਿਹਾ ਕਿ ਸੂਬੇ ਦੀ ਹਿੱਤਾਂ ਹਰ ਕੀਮਤ ਉਤੇ ਰਾਖੀ ਰੱਖੀ ਜਾਵੇਗੀ।ਵਿਰੋਧੀ ਪਾਰਟੀਆਂ ਦੀ ਨੀਅਤ ਵਿਚ ਖੋਟ ਹੋਣ ਦਾ ਜ਼ਿਕਰ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਹੁਣ ਮਿਆਦ ਪੁਗਾ ਚੁੱਕੇ ਟੌਲ ਪਲਾਜ਼ੇ ਬੰਦ ਕਰਵਾਏ ਜਾ ਰਹੇ ਹਨ ਜਦਕਿ ਇਸ ਤੋਂ ਪਹਿਲਾਂ ਪਿਛਲੀਆਂ ਸਰਕਾਰਾਂ ਮਿਲੀਭੁਗਤ ਨਾਲ ਟੌਲ ਕੰਪਨੀਆਂ ਨੂੰ ਸਮਾਂ ਵਧਾਉਣ ਦੀ ਮੋਹਲਤ ਦਿੰਦੀਆਂ ਰਹੀਆਂ ਹਨ। ਇਸੇ ਤਰ੍ਹਾਂ ਲੋਕਾਂ ਨੂੰ ਸਸਤੇ ਭਾਅ ਰੇਤਾ ਮੁਹੱਈਆ ਕਰਵਾਉਣ ਲਈ 33 ਜਨਤਕ ਖੱਡਾਂ ਵੀ ਲੋਕਾਂ ਨੂੰ ਸਮਰਿਪਤ ਕਰ ਦਿੱਤੀਆਂ ਹਨ।

ਬੇਰੁਜ਼ਗਾਰ ਅਧਿਆਪਕ ਕਰਨਗੇ 25 ਨੂੰ ਸਿੱਖਿਆ ਮੰਤਰੀ ਦੀ ਕੋਠੀ ਦਾ ਘਿਰਾਓ

0

ਸੁਖਜਿੰਦਰ ਮਾਨ
ਬਠਿੰਡਾ, 20 ਫਰਵਰੀ: ਆਪਣੀਆਂ ਹੱਕੀ ਮੰਗਾਂ ਲਈ ਲੰਮੇ ਸਮੇਂ ਤੋਂ ਸੰਘਰਸ਼ ਕਰਦੀ ਆ ਰਹੀ ਬੀ.ਐੱਡ.ਟੈੱਟ ਪਾਸ ਬੇਰੁਜ਼ਗਾਰ ਅਧਿਆਪਕ ਯੂਨੀਅਨ (ਪੰਜਾਬ) ਦੀ ਅੱਜ ਸੂਬਾ ਕਮੇਟੀ ਦੀ ਮੀਟਿੰਗ ਬਠਿੰਡਾ ਦੇ ਚਿਲਡਰਨ ਪਾਰਕ ਵਿੱਚ ਹੋਈ। ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਯੂਨੀਅਨ ਦੇ ਸੂਬਾ ਪ੍ਰਧਾਨ ਨੇ ਦੱਸਿਆ ਕਿ ਜੱਥੇਬੰਦੀ ਦੀ 17 ਫ਼ਰਵਰੀ ਨੂੰ ਸਿੱਖਿਆ ਮੰਤਰੀ ਹਰਜੋਤ ਬੈਂਸ ਨਾਲ ਮੀਟਿੰਗ ਹੋਈ ਸੀ, ਜਿਸ ਵਿਚ ਸਿੱਖਿਆ ਮੰਤਰੀ ਨੇ ਉਹਨਾਂ ਦੀਆਂ ਮੁੱਖ ਮੰਗਾਂ ਜਿਵੇਂ ਕਿ ਮਾਸਟਰ ਕੇਡਰ ਦੀ ਵੱਡੀ ਗਿਣਤੀ ਵਿੱਚ ਨਵੀਂ ਭਰਤੀ, ਨੌਕਰੀ ਲਈ ਬੀ.ਏ ਵਿੱਚੋ 55% ਦੀ ਸ਼ਰਤ ਨੂੰ ਰੱਦ ਕਰਨ, ਸਕੂਲ ਲੈਕਚਰਾਰ ਦੀ ਭਰਤੀ ਜਿਸਦਾ ਪੇਪਰ 19 ਮਾਰਚ ਨੂੰ ਹੋਣਾ ਹੈ, ਉਸ ਵਿੱਚ ਸਮਾਜਿਕ ਸਿੱਖਿਆ ਦੇ ਵਿਸ਼ੇ ਨੂੰ ਸ਼ਾਮਿਲ ਕਰਨ, ਨੌਕਰੀ ਲਈ ਪੰਜਾਬੀ ਵਿਸ਼ੇ ਦਾ ਪੇਪਰ ਕੇਵਲ ਦੂਜੇ ਰਾਜਾਂ ਦੇ ਉਮੀਦਵਾਰਾਂ ਤੋਂ ਲੈਣ ਆਦਿ ਮੰਗਾਂ ਸੰਬੰਧੀ ਜਾਣੂ ਕਰਵਾਇਆ ਗਿਆ। ਪਰ ਉਹਨਾਂ ਦੀਆਂ ਮੰਗਾਂ ਨੂੰ ਮੰਨਣ ਤੋਂ ਸਾਫ ਇੰਨਕਾਰ ਕਰ ਦਿੱਤਾ ਗਿਆ। ਜਿਸਦੇ ਚੱਲਦੇ ਫੈਸਲਾ ਕੀਤਾ ਹੈ ਕਿ ਆਉਣ ਵਾਲੀ 25 ਫ਼ਰਵਰੀ ਨੂੰ ਆਨੰਦਪੁਰ ਸਾਹਿਬ ਵਿਖੇ ਸਥਿਤ ਸਿੱਖਿਆ ਮੰਤਰੀ ਦੀ ਕੋਠੀ ਦਾ ਘਿਰਾਓ ਕੀਤਾ ਜਾਵੇਗਾ ਤੇ ਜਿੱਥੇ ਵੀ ਸਿੱਖਿਆ ਮੰਤਰੀ ਜਾਣਗੇ ਉਹਨਾਂ ਦਾ ਡੱਟ ਕੇ ਵਿਰੋਧ ਕੀਤਾ ਜਾਵੇਗਾ।ਇਸ ਮੌਕੇ ਸੂਬਾ ਖ਼ਜ਼ਾਨਚੀ ਹਰਵਿੰਦਰ ਸਿੰਘ ਬਠਿੰਡਾ,ਸੂਬਾ ਮੀਤ ਪ੍ਰਧਾਨ ਅਮਨਦੀਪ ਸਿੰਘ ਸੇਖਾ, ਸੰਦੀਪ ਸਿੰਘ ਮੋਫ਼ਰ, ਸੁਖਪਾਲ ਖਾਨ ਤੇ ਬਲਰਾਜ ਮੌੜ ਆਦਿ ਹਾਜ਼ਰ ਸਨ।

ਨਹਿਰੂ ਯੁਵਾ ਕੇਦਰ ਵੱਲੋਂ ਕੈਚ ਦੀ ਰੈਨ ਵੇਅਰ ਇਟ ਫਾਲ ਵੈਨ ਇਟ ਫਾਲ ਦੇ ਤੀਸਰੇ ਪੜਾਅ ਦੀ ਮੁਹਿੰਮ ਦੀ ਸ਼ੁਰੂਆਤ: ਸਰਬਜੀਤ ਸਿੰਘ

0

ਜਿਲੇ ਦੇ 50 ਪਿੰਡਾਂ ਵਿੱਚ 10 ਵਲੰਟੀਅਰਜ ਚਲਾਉਣਗੇ ਇਹ ਮੁਹਿੰਮ
ਕੰਧ ਲਿਖਣ ਨਾਹਰੇ ਤੋਂ ਇਲਾਵਾ ਪੋਸਟਰ,ਸਟਿੱਕਰ ਅਤੇ ਵਿਦਿਆਰਥੀਆਂ ਦੇ ਕਰਵਾਏ ਜਾਣਗੇ ਮੁਕਾਬਲੇ: ਡਾ ਸੰਦੀਪ ਘੰਡ
ਪੰਜਾਬੀ ਖ਼ਬਰਸਾਰ ਬਿਉਰੋ
ਮਾਨਸਾ, 20 ਫ਼ਰਵਰੀ: ਕੈਚ ਦੀ ਰੇਨ ਵੇਅਰ ਅਤੇ ਵੈਨ ਇਟ ਫਾਲ ਅਤੇ ਮੀਂਹ ਦੇ ਪਾਣੀ ਦੀ ਸੁਚੱਜੀ ਵਰਤੋਂ ਕਰਨ ਹਿੱਤ ਨਹਿਰੂ ਯੁਵਾ ਕੇਦਰ ਮਾਨਸਾ ਵੱਲੋ ਕੇਦਰ ਸਰਕਾਰ ਦੇ ਜਲ ਸ਼ਕਤੀ ਮੰਤਰਾਲੇ ਅਤੇ ਜਿਲਾ ਪ੍ਰਸਾਸ਼ਨ ਦੇ ਸਹਿਯੋਗ ਨਾਲ ਵਿਸ਼ੇਸ ਮੁਹਿੰਮ ਸ਼ੁਰੂ ਕੀਤੀ ਗਈ ਹੈ।ਕੈਚ ਦੀ ਰੇਨ ਪ੍ਰਾਜਕੈਟ ਦੇ ਇਸ ਤੀਸਰੇ ਪੜਾਅ ਦੀ ਸ਼ੁਰੂਆਤ ਸੁਖਵਿੰਦਰ ਸਿੰਘ ਬਲਾਕ ਵਿਕਾਸ ਅਤੇ ਪੰਚਾਇੰਤ ਅਫਸਰ ਮਾਨਸਾ ਵੱਲੋਂ ਨਹਿਰੂ ਯੁਵਾ ਕੇਦਰ ਮਾਨਸਾ ਵੱਲੋ ਲੋਕਾਂ ਨੁੰ ਜਾਗਰੂਕ ਕਰਨ ਲਈ ਤਿਆਰ ਕੀਤੇ ਪੋਸਟਰ,ਸਟਿਕਰ ਅਤੇ ਪੈਂਫਲੇਟ ਨੁੰ ਜਾਰੀ ਕਰਦਿਆਂ ਕੀਤੀ।ਉਹਨਾ ਕਿਹਾ ਕਿ ਪਾਣੀ ਦੇ ਪੱਧਰ ਦਾ ਦਿਨੋ ਦਿਨ ਨੀਵਾਂ ਜਾਣਾ ਚਿੰਤਾ ਦਾ ਵਿਸ਼ਾ ਹੈ।ਇਸ ਲਈ ਸਰਕਾਰ ਵਲੋਂ ਮੀਹ ਦੇ ਪਾਣੀ ਨੁੰ ਧਰਤੀ ਹੇਠ ਭੇਜਕੇ ਉਸ ਨੁੰ ਰੀਚਾਰਜ ਕਰਨ ਲਈ ਇਸ ਜਾਗ੍ਰਤੀ ਮੁਹਿੰਮ ਸ਼ੁਰੂ ਕੀਤੀ ਗਈ ਹੈ।ਉਹਨਾ ਕਿਹਾ ਕਿ ਇਸ ਦੀ ਸ਼ੁਰੂਆਤ ਸਾਨੁੰ ਆਪਣੇ ਤੋ ਕਰਨੀ ਚਾਹੀਦੀ ਹੈ ਅਤੇ ਘਰਾਂ ਵਿਚ ਮੀਹ ਪੈਣ ਤੇ ਛਤ ਦਾ ਪਾਣੀ ਇਕੱਠਾ ਕਰਨ ਲਈ ਸੋਕਪਿਟ ਬਣਾਉਣਾ ਚਾਹੀਦਾ ਹੈ ਜਿਸ ਲਈ ਮਗਨਰੇਗਾ ਵਲੋ ਮਦਦ ਵੀ ਕੀਤੀ ਜਾਂਦੀ ਹੈ।ਕੈਚ ਦੀ ਰੇਨ ਦੇ ਚਲਾਏ ਜਾ ਰਹੇ ਤੀਸਰੇ ਦੌਰ ਬਾਰੇ ਜਾਣਕਾਰੀ ਦਿਦਿੰਆ ਨਹਿਰੂ ਯੁਵਾ ਕੇਦਰ ਮਾਨਸਾ ਦੇ ਜਿਲਾ ਯੂਥ ਅਫਸਰ ਸਰਬਜੀਤ ਸਿੰਘ ਅਤੇ ਪ੍ਰੋਗਰਾਮ ਅਫਸਰ ਡਾ ਸੰਦੀਪ ਘੰਡ ਨੇ ਦੱਸਿਆ ਕਿ ਇਹ ਪ੍ਰੋਜੈਕਟ ਮਈ ਮਹੀਨੇ ਯਾਨੀ ਕਿ ਪੰਜ ਮਹੀਨੇ ਲਈ ਚਲੇਗਾ।ਉਹਨਾ ਦੱਸਿਆ ਕਿ ਪਹਿਲੇ ਦੋ ਫੈਸ ਵਿੱਚ ਵੀ ਜਿਲੇ ਦੇ ਪੰਜਾਹ ਪਿੰਡਾ ਨੁੰ ਕਲਸਟਰ ਬਣਾਕੇ ਮੁਹਿੰਮ ਚਲਾਈ ਗਈ ਜਿਸ ਦੇ ਵਧੀਆ ਨਤੀਜੇ ਸਾਹਮਣੇ ਆਏ ਹਨ ਅਤੇ ਲੋਕਾਂ ਨੇ ਘਰਾਂ ਵਿੱਚ ਸੋਕਪਿਟ ਅਤੇ ਮੀਹ ਦੇ ਪਾਣੀ ਨੁੰ ਇਕਠਾ ਕਰਨ ਲਈ ਯਤਨ ਕੀਤੇ ਹਨ।ਉਹਨਾਂ ਦਸਿਆ ਕਿ ਇਸ ਵਾਰ ਵੀ ਜਿਲੇ ਦੇ 50 ਪਿੰਡਾਂ ਵਿੱਚ ਨੁਕੜ ਨਾਟਕ,ਸਲੋਗਨ ਅਤੇ ਵਿਦਿਆਰਥੀਆਂ ਦੇ ਕੁੱਇਜ ਲੇਖ ਅਤੇ ਭਾਸ਼ਣ ਮੁਕਾਬਲੇ ਤੋ ਇਲਾਵਾ ਪੇਟਿੰਗ ਮੁਕਾਬਲੇ ਅਤੇ ਰੈਲੀਆਂ ਵੀ ਕੱਢੀਆਂ ਜਾਣਗੀਆਂ ਅਤੇ ਵਰਕ ਕੈਪ ਵੀ ਲਾਏ ਜਾਣਗੇ।ਡਾ ਘੰਡ ਨੇ ਦਸਿਆ ਕਿ ਇਸ ਪ੍ਰਾਜੈਕਟ ਲਈ ਵੱਖ ਵੱਖ ਵਿਦਿਅਕ ਸੰਸਥਾਵਾ ਤੋ ਇਲਾਵਾ ਯੁਵਕ ਸੇਵਾਵਾਂ ਵਿਭਾਗ ਐਨ.ਐਸ.ਐਸ ਵਲੰਟੀਅਰਜ ਨੁੰ ਵੀ ਸ਼ਾਮਲ ਕੀਤਾ ਜਾਵੇਗਾ।ਇਸ ਤੋਂ ਇਲਾਵਾ ਨਹਿਰੂ ਯੁਵਾ ਕੇਦਰ ਮਾਨਸਾ ਦੇ ਵਲੰਟੀਅਰਜ ਜੋਨੀ ਮਾਨਸਾ,ਮਨਪ੍ਰੀਤ ਕੋਰ,ਮੰਜੂ,ਬੇਅੰਤ ਕੋਰ,ਗੁਰਪ੍ਰੀਤ ਸਿੰਘ ਨੰਦਗੜ, ਗੁਰਪ੍ਰੀਤ ਸਿੰਘ ਅਕਾਵਾਲੀ,ਕਰਮਜੀਤ ਸ਼ੇਰਪੁਰ ਖੁਡਾਲ ਅਤੇ ਗੁਰਪ੍ਰੀਤ ਕੌਰ ਅਕਲੀਆ ਨੁੰ 6-7 ਪਿੰਡ ਦਿਤੇ ਗਏ ਹਨ ਜੋ ਘਰਾਂ ਵਿਚ ਜਾਕੇ ਲੋਕਾਂ ਨੁੰ ਜਾਣਕਾਰੀ ਦੇਣਗੇ।ਇਸ ਮੋਕੇ ਹਾਜ਼ਰ ਡਾ ਬੂਟਾ ਸਿੰਘ ਅਤੇ ਉਹਨਾ ਦੀ ਸਮੁੱਚੀ ਟੀਮ ਨੇ ਵੀ ਵਿਸ਼ਵਾਸ ਪ੍ਰਗਟਾਇਆ ਕਿ ਡਾਈਟ ਵਿੱਚ ਮੀਹ ਦੇ ਪਾਣੀ ਨੁੰ ਰੀਚਾਰਜ ਕਰਨ ਸਬੰਧੀ ਪਹਿਲਾਂ ਹੀ ਸੋਕਪਿਟ ਬਣਾਇਆ ਗਿਆ ਹੈ ਅਤੇ ਹੁਣ ਵਿਦਿਆਰਥੀਆ ਨੁੰ ਜਾਗਰੂਕ ਕਰਕੇ ਉਹਨਾਂ ਪਿੰਡਾ ਵਿਚ ਵੀ ਕੋਸ਼ਿਸ਼ ਕੀਤੀ ਜਾਵੇਗੀ।ਇਸ ਮੋਕੇ ਹੋਰਨਾਂ ਤੋ ਇਲਾਵਾ ਡਾ ਗਿਆਨਦੀਪ ਸਿੰਘ,ਡਾ ਅੰਗਰੇਜ ਸਿੰਘ, ਡਾ ਕਰਨੈਲ ਸਿੰਘ ਬੈਰਾਗੀ, ਸਤਨਾਮ ਸਿੰਘ ਡੀਪੀਈ ਮੈਡਮ ਸਰੋਜ ਰਾਣੀ,ਨਵਦੀਪ ਕੋਰ,ਭੁਪਿੰਦਰ ਸਿੰਘ ਆਦਿ ਨੇ ਸ਼ਮੂਲੀਅਤ ਕੀਤੀ।

ਪਿੰਡ ਦੀਆਂ ਸਮੱਸਿਆਵਾਂ ਨੂੰ ਲੈ ਕੇ ਕਿਰਤੀ ਕਿਸਾਨ ਯੂਨੀਅਨ ਦਾ ਵਫਦ ਅਧਿਕਾਰੀਆਂ ਮਿਲਿਆ

ਸੁਖਜਿੰਦਰ ਮਾਨ
ਬਠਿੰਡਾ, 20 ਫ਼ਰਵਰੀ : ਕਿਰਤੀ ਕਿਸਾਨ ਯੂਨੀਅਨ ਦੀ ਅਗਵਾਈ ਹੇਠ ਅੱਜ ਇੱਕ ਵਫਦ ਪਿੰਡ ਭੁੱਚੋ ਖੁਦਰ ਦੀਆਂ ਸਮੱਸਿਆਵਾਂ ਨੂੰ ਲੈ ਕੇ ਏਡੀਸੀ ਮਿਲਿਆ। ਇਸ ਦੌਰਾਨ ਔਰਤ ਵਿੰਗ ਦੇ ਸੂਬਾ ਕਮੇਟੀ ਮੈਂਬਰ ਭਿੰਦਰ ਕੌਰ, ਪਿੰਡ ਪ੍ਰਧਾਨ ਮਨਜੀਤ ਕੌਰ ਅਤੇ ਪਿਆਰੋ ਕੌਰ ਆਦਿ ਨੇ ਦਸਿਆ ਕਿ ਭੁੱਚੋ ਖੁਰਦ ਦੀ ਪਸ਼ੂ ਡਿਸਪੈਂਸਰੀ ਦੀ ਵਿੱਚ ਪਿਛਲੇ ਇਕ ਸਾਲ ਤੋਂ ਡਾਕਟਰ ਨਹੀਂ ਹੈ, ਜਿਸਦੇ ਲਈ ਕਈ ਵਾਰ ਜ਼ਿਲ੍ਹਾ ਪ੍ਰਸ਼ਾਸਨ ਨੂੰ ਮੰਗ ਕੀਤੀ ਜਾ ਚੁੱਕੀ ਹੈ। ਇਸਤੋਂ ਇਲਾਵਾ ਹਾਲੇ ਤੱਕ ਨਰਮੀ ਚੁਕਾਈ ਵਾਲੇ ਮਜਦੂਰਾਂ ਨੂੰ ਮੁਆਵਜਾ ਵੀ ਨਹੀਂ ਦਿੱਤਾ ਗਿਆ ਤੇ ਨਾਲ ਹੀ ਨਹਿਰੀ ਪਾਣੀ ਦੇ ਟੁੱਟੇ ਹੋਏ ਖਾਲ ਨਹੀਂ ਬਣਾਏ ਜਾ ਰਹੇ ਹਨ, ਜਿਸ ਕਾਰਨ ਕਿਸਾਨਾਂ ਨੂੰ ਵੱਡੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪ੍ਰਸ਼ਾਸਨ ਨੇ ਜਲਦ ਹੀ ਇੰਨਾਂ ਮੰਗਾਂ ਦੇ ਹੱਲ ਕਰਨ ਦਾ ਵਿਸ਼ਵਾਸ ਦਵਾਇਆ। ਇਸ ਮੌਕੇ ਯੂਨੀਅਨ ਆਗੂ ਗਰਮੀਤ ਕੌਰ ਨੇ ਕਿਹਾ ਇਨ੍ਹਾਂ ਮੰਗਾਂ ਵੱਲ ਜੇਕਰ ਧਿਆਨ ਨਾ ਦਿੱਤਾ ਗਿਆ ਤਾਂ ਆਉਣ ਵਾਲੇ ਦਿਨਾਂ ਚ ਤਿੱਖਾ ਸੰਘਰਸ਼ ਕੀਤਾ ਜਾਵੇਗਾ ਜਿਸ ਦੀ ਜ਼ਿੰਮੇਵਾਰੀ ਜ਼ਿਲ੍ਹਾ ਪ੍ਰਸ਼ਾਸਨ ਦੀ ਹੋਵੇਗੀ। ਇਸ ਮੌਕੇ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਅਮਰਜੀਤ ਸਿੰਘ ਹਨੀ, ਕੁਲਦੀਪ ਕੌਰ, ਸ਼ਿੰਦਰ ਕੌਰ, ਕੁਲਵੰਤ ਸੰਧੂ, ਸਮੁੰਦਰ ਸਿੰਘ ਸਰਾਭਾ, ਬਲਦੇਵ ਸਿੰਘ ਆਦਿ ਵੀ ਹਾਜ਼ਰ ਸਨ।

Our Visitor

1910598