Friday, May 22, 2026
Home Blog Page 2200

ਪਹਿਲੇ ਕਾਸਕੋ ਕ੍ਰਿਕੇਟ ਖੇਡ ਮੇਲੇ ਦਾ ਅਗਾਜ਼

0

ਪੇਂਡੂ ਖੇਡ ਮੇਲੇ ਨੋਜਵਾਨਾਂ ਲਈ ਵਰਦਾਨ: ਧਲੇਵਾਂ
ਪੰਜਾਬੀ ਖ਼ਬਰਸਾਰ ਬਿਉਰੋ
ਮਾਨਸਾ, 19 ਫ਼ਰਵਰੀ: ਪਿੰਡ ਰੱਲਾ ਵਿਖੇ ਬਾਬਾ ਜੋਗੀ ਪੀਰ ਸਟੇਡੀਅਮ ਵਿਖੇ ਪਹਿਲੇ ਕਾਸਕੋ ਕ੍ਰਿਕੇਟ ਖੇਡ ਮੇਲੇ ਦਾ ਆਯੋਜਨ ਕੀਤਾ ਗਿਆ।ਇਸ ਟੂਰਨਾਮੈਂਟ ਦਾ ਉਦਘਾਟਨ ਐਡਵੋਕੇਟ ਕੇਸਰ ਸਿੰਘ ਧਲੇਵਾਂ ਨੇ ਕੀਤਾ।ਇਸ ਮੌਕੇ ਉਹਨਾਂ ਬੋਲਦਿਆਂ ਕਿਹਾ ਕਿ ਨੌਜਵਾਨ ਪੀੜੀ ਨੂੰ ਨਸ਼ਾ ਛੱਡ ਕੇ ਖੇਡਾਂ ਵੱਲ ਧਿਆਨ ਦੇਣਾ ਚਾਹੀਦਾ ਹੈ।ਖੇਡਾਂ ਹੀ ਇੱਕ ਅਜਿਹਾ ਸਾਧਨ ਹਨ ਜਿਸਦੇ ਨਾਲ ਨੌਜਵਾਨ ਪੀੜ੍ਹੀ ਇਸ ਦਲਦਲ ਤੋਂ ਬਾਹਰ ਨਿਕਲ ਕੇ ਆਪਣੀ ਮੰਜਿਲ ਦੇ ਵੱਲ ਵੱਧ ਸਕਦੀ ਹੈ। ਪੇਂਡੂ ਖੇਡ ਮੇਲੇ ਨੋਜਵਾਨਾਂ ਨੂੰ ਨਸ਼ਿਆਂ ਦੀ ਦਲਦਲ ਵਿੱਚੋਂ ਬਾਹਰ ਕੱਢਣ ਲਈ ਇੱਕ ਵਧੀਆ ਉਪਰਾਲਾ ਹਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਰਾਜੂ ਘਰਾਗਣਾ, ਹਰਦੀਪ ਸਿੱਧੂ ਸਟੇਟ ਮੀਡੀਆ ਕੋਆਰਡੀਨੇਟਰ, ਸਤੀਸ਼ ਮਹਿਤਾ, ਦੀਪਕ ਮਹਿਤਾ,ਗੁਰਵਿੰਦਰ ਸਿੰਘ ਚਹਿਲ ਮੁੱਖ ਪ੍ਰਬੰਧਕ ਖੇਡ ਮੇਲਾ,ਜਸਪ੍ਰੀਤ ਸਿੰਘ,ਚੰਨੂ ਖੱਤਰੀ,ਰਵੀ ਰੰਗੀਲਾ,ਹੈਪੀ ਸਿੱਖ, ਸੰਦੀਪ ਜਵਾਹਰਕੇ,ਸੇਵਕ ਸਿੰਘ, ਤਰਸੇਮ ਰੱਲਾ, ਮੋਹਿਤ ਰੱਲਾ,ਰੱਤੂ ਹਾਜ਼ਰ ਸਨ।

ਸੰਸਦ ਮੈਂਬਰ ਤਿਵਾੜੀ ਨੇ ਕੀਤਾ ਪਿੰਡ ਪੜਚ ਵਿਖੇ ਮੁਫ਼ਤ ਮੈਡੀਕਲ ਚੈਕਅੱਪ ਕੈਂਪ ਦਾ ਉਦਘਾਟਨ

0

ਪੰਜਾਬੀ ਖ਼ਬਰਸਾਰ ਬਿਉਰੋ
ਖਰੜ, 19 ਫਰਵਰੀ : ਸਾਹਿਬਜ਼ਾਦਾ ਅਜੀਤ ਸਿੰਘ ਫਰੀ ਪੋਲੀਕਲੀਨਿਕ, ਪਿੰਡ ਪੜਚ ਵਿਖੇ ਲਗਾਏ ਗਏ ਮੁਫਤ ਮੈਡੀਕਲ ਚੈਕਅਪ ਕੈਂਪ ਦਾ ਉਦਘਾਟਨ ਸ਼੍ਰੀ ਆਨੰਦਪੁਰ ਸਾਹਿਬ ਦੇ ਸੰਸਦ ਮੈਂਬਰ ਅਤੇ ਸਾਬਕਾ ਕੇਂਦਰੀ ਮੰਤਰੀ ਮਨੀਸ਼ ਤਿਵਾੜੀ ਵਲੋਂ ਕੀਤਾ ਗਿਆ।
ਸੰਸਦ ਮੈਂਬਰ ਤਿਵਾੜੀ ਨੇ ਕਿਹਾ ਕਿ ਲੋਕਾਂ ਨੂੰ ਚੰਗੀਆਂ ਸਿਹਤ ਸਹੂਲਤਾਂ ਮਿਲਣੀਆਂ ਚਾਹੀਦੀਆਂ ਹਨ। ਹਾਲਾਂਕਿ, ਸਰਕਾਰੀ ਪੱਧਰ ’ਤੇ ਸਮਾਜ ਦੇ ਸਾਰੇ ਵਰਗਾਂ ਨੂੰ ਸਿਹਤ ਸਹੂਲਤਾਂ ਉਪਲਬਧ ਨਹੀਂ ਕਰਵਾਈਆਂ ਜਾ ਸਕਦੀਆਂ। ਅਜਿਹੀ ਸਥਿਤੀ ਵਿੱਚ ਸਮਾਜ ਸੇਵੀ ਸੰਸਥਾਵਾਂ ਵੱਲੋਂ ਸਮੇਂ-ਸਮੇਂ ’ਤੇ ਲਗਾਏ ਜਾਂਦੇ ਮੁਫ਼ਤ ਮੈਡੀਕਲ ਕੈਂਪ ਅਹਿਮ ਭੂਮਿਕਾ ਨਿਭਾਅ ਰਹੇ ਹਨ। ਉਨ੍ਹਾਂ ਸੰਸਥਾ ਵੱਲੋਂ ਸਮੇਂ-ਸਮੇਂ ’ਤੇ ਲਗਾਏ ਜਾਂਦੇ ਅਜਿਹੇ ਕੈਂਪਾਂ ਦੀ ਸ਼ਲਾਘਾ ਕੀਤੀ।ਇਸ ਦੌਰਾਨ ਹੋਰਨਾਂ ਤੋਂ ਇਲਾਵਾ, ਭਾਗ ਸਿੰਘ ਸਾਬਕਾ ਸਰਪੰਚ, ਟਰੱਸਟ ਦੇ ਵਾਈਸ ਚੇਅਰਮੈਨ ਭੁਪਿੰਦਰ ਪਾਲ ਸਿੰਘ ਆਨੰਦ ਕੈਂਪ ਪ੍ਰੋਜੈਕਟ ਚੇਅਰਮੈਨ, ਡਾ. ਐਸ.ਕੇ.ਬਾਂਸਲ ਡਾਇਰੈਕਟਰ ਮੈਡੀਕਲ ਸੇਵਾਵਾਂ, ਬਿੱਟੂ ਪਰੋਲ, ਹਰਨੇਕ ਸਿੰਘ ਤਕੀਪੁਰ ਆਦਿ ਹਾਜ਼ਰ ਸਨ।

ਕਿਡਜੀ ਪ੍ਰੀ ਸਕੂਲ ਦੇ ਸਲਾਨਾ ਸਮਾਗਮ ਵਿਚ ਨੰਨੇ-ਮੁੰਨੇ ਬੱਚਿਆਂ ਨੇ ਰੰਗ ਬੰਨਿ੍ਹਆ

0

ਸੁਖਜਿੰਦਰ ਮਾਨ
ਬਠਿੰਡਾ, 19 ਫਰਵਰੀ : ਸ਼ਹਿਰ ਦੇ ਪ੍ਰਸਿੱਧ ਕਿਡਜੀ ਪ੍ਰੀ ਸਕੂਲ ਵਿਚ ਸਲਾਨਾ ਸਮਾਗਮ ਬੜੀ ਧੂਮ ਧਾਮ ਨਾਲ ਮਨਾਇਆ ਗਿਆ। ਸਮਾਗਮ ਵਿੱਚ ਮੁੱਖ ਮਹਿਮਾਨ ਐਮ ਐਲ ਟਟੇਜਾ ਸੇਵਾਮੁਕਤ ਇਨਕਮ ਟੈਕਸ ਅਫਸਰ, ਗੁਰਜੀਤ ਸਿੰਘ ਮਾਨ ਸੇਵਾਮੁਕਤ ਪ੍ਰੋਫ਼ੈਸਰ ਅਤੇ ਸੈਂਟਰ ਹੈਡ ਚੰਦਨਪ੍ਰੀਤ ਕੌਰ ਨੇ ਸਮੂਲੀਅਤ ਕੀਤੀ। ਸਮਾਗਮ ਦੌਰਾਨ ਨੰਨੇ ਮੁੰਨੇ ਬੱਚਿਆਂ ਨੇ ਵੱਖ-ਵੱਖ ਪ੍ਰੋਗਰਾਮ ਪੇਸ਼ ਕਰਕੇ ਦਰਸ਼ਕਾਂ ਦਾ ਮਨ ਮੋਹ ਲਿਆ। ਪ੍ਰੋਗਰਾਮ ਦੀ ਸ਼ੁਰੂਆਤ ਵੈਲਕਮ ਸਰਮਣੀ ਅਤੇ ਬੈਚ ਸਰਮਣੀ ਨਾਲ ਸ਼ੁਰੂ ਹੋਇਆ। ਇਸ ਤੋਂ ਬਾਅਦ ਨੇ ਨੰਨ੍ਹੇ ਮੁੰਨੇ ਬੱਚਿਆਂ ਨੇ ਦੇਵਾ ਸ਼੍ਰੀ ਗਣੇਸ਼ਾ ਅਗਨੀ ਪੱਥ ਪੇਸ਼ ਕੀਤਾ। ਇਸ ਤੋਂ ਬਾਅਦ ਸੁੰਦਰ ਪੁਸ਼ਾਕਾ ਵਿਚ ਸਜੇ ਬੱਚਿਆਂ ਨੇ ਸੋਲੋ ਸੌਂਗ ਤੇ ਬਮ ਬਮ ਬੋਲੇ ਪੇਸ਼ ਕੀਤਾ। ਨਰਸਰੀ ਜਮਾਤ ਦੇ ਬੱਚਿਆਂ ਨੇ ਕੈਟਰਪਿਲਰ ਸੋਂਗ ਗਾਇਆ। ਬੱਚਿਆਂ ਵੱਲੋਂ ਪੇਸ਼ ਕੀਤਾ ਕੈਂਠੇ ਵਾਲਾ ਗੀਤ ਖੂਬ ਪਸੰਦ ਕੀਤਾ ਗਿਆ। ਇਸ ਤਰ੍ਹਾਂ ਸੋਲੋ ਡਾਂਸ ਨਰਸਰੀ ਜਮਾਤ ਦੀਆਂ ਕੁੜੀਆਂ ਦਾ ਮਿਕਸ ਸੌਂਗ ਅਤੇ ਡਾਂਡੀਆ ਡਾਂਸ ਵੀ ਦੇਖਣਯੋਗ ਰਿਹਾ। ਸਕੂਲ ਦੇ ਬੱਚਿਆਂ ਵੱਲੋਂ ਰੈਂਪ ਵਾਕ ਵੀ ਕੀਤਾ ਗਿਆ। ਸਲਾਨਾ ਸਮਾਗਮ ਕੌਮੀ ਗੀਤ ਨਾਲ ਸਮਾਪਤ ਹੋਇਆ। ਸਮਾਗਮ ਵਿੱਚ ਭਾਗ ਲੈਣ ਵਾਲੇ ਬੱਚਿਆਂ ਨੂੰ ਮੁੱਖ ਮਹਿਮਾਨ ਐਮ ਐਸ ਟੁਟੇਜਾ ਅਤੇ ਪ੍ਰੋਫੈਸਰ ਗੁਰਜੀਤ ਮਾਨ ਤੇ ਦਸਮੇਸ਼ ਸਕੂਲ ਦੇ ਐਮਡੀ ਡਾਕਟਰ ਰਵਿੰਦਰ ਸਿੰਘ ਮਾਨ ਵੱਲੋਂ ਤੋਹਫਿਆਂ ਦੇ ਕੇ ਸਨਮਾਨਤ ਕੀਤਾ ਗਿਆ। ਇਸ ਮੌਕੇ ਐਮਡੀ ਡਾਕਟਰ ਰਵਿੰਦਰ ਮਾਨ ਨੇ ਸਾਲਾਨਾ ਸਮਾਗਮ ਕਰਵਾਉਣ ਲਈ ਕਿਡਜੀ ਪ੍ਰੀ ਸਕੂਲ ਦੇ ਪ੍ਰਬੰਧਕਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਅਜਿਹੇ ਸਮਾਗਮਾਂ ਨਾਲ ਬੱਚਿਆਂ ਵਿਚ ਛੁਪੀ ਪ੍ਰਤਿਭਾ ਨਿਖਰ ਕੇ ਸਾਹਮਣੇ ਆਉਂਦੀ ਹੈ। ਕਿਡਜੀ ਪ੍ਰੀ ਸਕੂਲ ਦੀ ਸੈਂਟਰ ਹੈੱਡ ਚੰਦਨ ਪ੍ਰੀਤ ਕੌਰ ਨੇ ਆਏ ਹੋਏ ਮਹਿਮਾਨ ਅਤੇ ਬੱਚਿਆਂ ਦੇ ਮਾਤਾ ਪਿਤਾ ਦਾ ਧੰਨਵਾਦ ਕੀਤਾ।

ਆਪ ਵੱਲੋਂ ਪਾਰਟੀ ਸੰਗਠਨ ਦੀ ਮਜ਼ਬੂਤੀ ਲਈ ਕੀਤੀ ਗਈ ਮੀਟਿੰਗ

0

ਸੁਖਜਿੰਦਰ ਮਾਨ
ਬਠਿੰਡਾ, 19 ਫਰਵਰੀ : ਆਮ ਆਦਮੀ ਪਾਰਟੀ ਜ਼ਿਲ੍ਹਾ ਬਠਿੰਡਾ ਦਿਹਾਤੀ ਦੇ ਜਿਲ੍ਹਾ ਪ੍ਰਧਾਨ ਗੁਰਜੰਟ ਸਿੰਘ ਸਿਵੀਆਂ ਦੀ ਅਗਵਾਈ ਵਿੱਚ ਪਾਰਟੀ ਦੇ ਸੰਗਠਨ ਦੀ ਮਜ਼ਬੂਤੀ ਲਈ ਜ਼ਿਲ੍ਹਾ ਦਫ਼ਤਰ ਵਿੱਚ ਸਮੂਹ ਵਿੰਗਾਂ ਦੇ ਜਿਲ੍ਹਾ ਪ੍ਰਧਾਨ, ਬਲਾਕ ਪ੍ਰਧਾਨ ਅਤੇ ਸਰਕਲ ਪ੍ਰਧਾਨ ਨਾਲ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿੱਚ ਐੱਮ ਐਲ ਏ ਸੁਖਵੀਰ ਸਿੰਘ ਮਾਈਸਰਖਾਨਾ ਹਲਕਾ ਮੌੜ, ਨਵਦੀਪ ਸਿੰਘ ਚੇਅਰਮੈਨ ਸ਼ੂਗਰ ਫੈਡ ਪੰਜਾਬ, ਰਾਕੇਸ਼ ਪੁਰੀ ਚੇਅਰਮੈਨ ਪੰਜਾਬ ਵਣ ਵਿਭਾਗ,ਅਨਿਲ ਠਾਕੁਰ ਚੇਅਰਮੈਨ ਟਰੇਡਰਸ, ਨੀਲ ਗਰਗ ਚੇਅਰਮੈਨ ਮੀਡੀਆਮ ਇੰਡਸਟਰੀ ਪੰਜਾਬ, ਅੰਮ੍ਰਿਤ ਅਗਰਵਾਲ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਬਠਿੰਡਾ, ਜਤਿੰਦਰ ਸਿੰਘ ਭੱਲਾ ਚੇਅਰਮੈਨ ਇੰਪਰੂਵ ਟਰੱਸਟ ਬਠਿੰਡਾ ਸਮੇਤ ਜ਼ਿਲ੍ਹਾ ਜਨਰਲ ਸਕੱਤਰ ਬਲਵਿੰਦਰ ਸਿੰਘ ਬੱਲੋ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਮੀਟਿੰਗ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਪ੍ਰਧਾਨ ਨੇ ਸਾਰੇ ਸਾਥੀਆਂ ਨੂੰ ਪਾਰਟੀ ਦੇ ਸੰਗਠਨ ਨੂੰ ਮਜ਼ਬੂਤ ਕਰਨ ਲਈ ਕਿਹਾ ਅਤੇ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਦੁਆਰਾ ਪੰਜਾਬ ਨੂੰ ਖ਼ੁਸ਼ਹਾਲ ਬਣਾਉਣ ਲਈ ਅਤੇ ਲੋਕਾਂ ਦੀ ਭਲਾਈ ਲਈ ਕੀਤੇ ਜਾ ਰਹੇ ਕੰਮਾਂ ਨੂੰ ਲੋਕਾਂ ਵਿੱਚ ਲੈਕੇ ਜਾਣ ਲਈ ਕਿਹਾ। ਇਸ ਮੌਕੇ ਤੇ ਆਪ ਦੇ ਜਿਲ੍ਹਾ ਦਫ਼ਤਰ ਇੰਚਾਰਜ ਬਲਜਿੰਦਰ ਸਿੰਘ ਬਰਾੜ, ਜ਼ਿਲ੍ਹਾ ਈਵੈਂਟ ਇੰਚਾਰਜ ਵਿਕਰਮ ਲਵਲੀ, ਜ਼ਿਲ੍ਹਾ ਪ੍ਰਧਾਨ ਐਸ ਸੀ ਵਿੰਗ ਮਨਜੀਤ ਸਿੰਘ, ਜਿਲ੍ਹਾ ਪ੍ਰਧਾਨ ਮਹਿਲਾ ਵਿੰਗ ਸਤਵੀਰ ਕੌਰ ਅਤੇ ਸਾਰੇ ਬਲਾਕ ਪ੍ਰਧਾਨ ਅਤੇ ਸਰਕਲ ਪ੍ਰਧਾਨ ਹਾਜ਼ਰ ਰਹੇ।

ਭਾਜਪਾ ਵਲੋਂ ਉੱਤਰੀ ਮੰਡਲ ਦੀ ਕਾਰਜ਼ਕਾਰਨੀ ਦਾ ਐਲਾਨ

0

ਜ਼ਿਲ੍ਹਾ ਬਠਿੰਡਾ ਸ਼ਹਿਰੀ ਦੀ ਬਾਕੀ ਕਾਰਜ਼ਕਾਰਨੀ ਦਾ ਜਲਦੀ ਕੀਤਾ ਜਾਵੇਗਾ ਐਲਾਨ: ਸਰੂਪ ਸਿੰਗਲਾ
ਸੁਖਜਿੰਦਰ ਮਾਨ
ਬਠਿੰਡਾ, 19 ਫਰਵਰੀ : ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਬਠਿੰਡਾ ਸ਼ਹਿਰੀ ਦੇ ਪ੍ਰਧਾਨ ਸਰੂਪ ਚੰਦ ਸਿੰਗਲਾ ਵਲੋਂ ਉੱਤਰੀ ਮੰਡਲ (ਸਰਕਲ) ਕਾਰਜ਼ਕਾਰਨੀ ਦਾ ਐਲਾਨ ਕੀਤਾ ਗਿਆ ਹੈ। ਉੱਤਰੀ ਮੰਡਲ (ਸਰਕਲ) ਦੇ ਪ੍ਰਧਾਨ ਸੋਹੇਲ ਗੁੰਬਰ ਦੀ ਅਗਵਾਈ ਹੇਠ ਹੋਈ ਮੀਟਿੰਗ ਦੌਰਾਨ ਜ਼ਿਲ੍ਹਾ ਪ੍ਰਧਾਨ ਸਰੂਪ ਚੰਦ ਸਿੰਗਲਾ, ਜ਼ੋਨਲ ਪ੍ਰਭਾਰੀ ਤੇ ਜ਼ਿਲ੍ਹਾ ਜਨਰਲ ਸਕੱਤਰ ਅਸ਼ੋਕ ਬਾਲਿਆਂਵਾਲੀ, ਸਾਬਕਾ ਡਿਪਟੀ ਮੇਅਰ ਮੈਡਮ ਗੁਰਵਿੰਦਰ ਪਾਲ ਕੌਰ ਮਾਂਗਟ, ਉੱਤਰੀ ਮੰਡਲ ਪ੍ਰਭਾਰੀ ਅਤੇ ਜ਼ਿਲ੍ਹਾ ਮੀਤ ਪ੍ਰਧਾਨ ਰਮੇਸ਼ ਗਰਗ, ਉੱਤਰੀ ਮੰਡਲ ਦੇ ਸਹਿ-ਪ੍ਰਭਾਰੀ ਰਾਜੂ ਜਿੰਦਲ, ਜ਼ਿਲ੍ਹਾ ਮੀਤ ਪ੍ਰਧਾਨ ਵਰਿੰਦਰ ਸ਼ਰਮਾ, ਕੇਂਦਰੀ ਮੰਡਲ ਪ੍ਰਭਾਰੀ ਨਰੇਸ਼ ਮਹਿਤਾ, ਦੱਖਣੀ ਮੰਡਲ ਪ੍ਰਭਾਰੀ ਨਰਾਇਣ ਬਾਂਸਲ ਅਤੇ ਮਹਿਲਾ ਮੋਰਚਾ ਦੇ ਜ਼ਿਲ੍ਹਾ ਪ੍ਰਧਾਨ ਮੈਡਮ ਵੀਨਾ ਗਰਗ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ। ਇਸ ਦੌਰਾਨ ਜਾਣਕਾਰੀ ਦਿੰਦਿਆਂ ਜ਼ੋਨਲ ਪ੍ਰਭਾਰੀ ਅਤੇ ਜਨਰਲ ਸਕੱਤਰ ਅਸ਼ੋਕ ਬਾਲਿਆਂਵਾਲੀ ਨੇ ਦੱਸਿਆ ਕਿ ਉੱਤਰੀ ਮੰਡਲ ਪ੍ਰਧਾਨ ਸੋਹੇਲ ਗੂੰਬਰ ਦੀ ਟੀਮ ਦਾ ਐਲਾਨ ਕਰਦਿਆਂ ਵੇਦ ਪ੍ਰਕਾਸ਼ ਸ਼ਰਮਾ, ਅਸ਼ਵਨੀ ਗਰਗ, ਵਿਦਿਆ ਪ੍ਰਕਾਸ਼ ਗਰਗ ਵਿੱਕੀ ਅਤੇ ਸੁਪ੍ਰੀਤ ਕੌਰ ਨੂੰ ਮੰਡਲ ਮੀਤ ਪ੍ਰਧਾਨ ਦੀ ਕਮਾਨ ਸੌਂਪੀ ਗਈ ਹੈ। ਉਨ੍ਹਾਂ ਦੱਸਿਆ ਕਿ ਰਣਜੀਤ ਸਿੰਘ ਮਿੰਟੂ ਅਤੇ ਦਿਨੇਸ਼ ਸਿੰਗਲਾ ਨੂੰ ਮੰਡਲ ਜਨਰਲ ਸਕੱਤਰ, ਅਸ਼ੋਕ ਕਾਂਸਲ, ਦੇਵਰਾਜ ਜਿੰਦਲ, ਜਗਦੀਸ਼ ਗਰਗ ਉਰਫ ਤੇਲੂ ਰਾਮ, ਯਾਮਿਨੀ ਦੱਤ ਅਤੇ ਗੌਰਵ ਸਿੰਗਲਾ ਨੂੰ ਮੰਡਲ ਸਕੱਤਰ ਅਤੇ ਮੈਡਮ ਮੰਜੂ ਬਾਲਾ ਨੂੰ ਉੱਤਰੀ ਮੰਡਲ ਮਹਿਲਾ ਮੋਰਚਾ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਇਸ ਦੌਰਾਨ ਸਰੂਪ ਚੰਦ ਸਿੰਗਲਾ ਨੇ ਕਿਹਾ ਕਿ ਜ਼ਿਲ੍ਹਾ ਬਠਿੰਡਾ ਸ਼ਹਿਰੀ ਦੀ ਬਾਕੀ ਕਾਰਜ਼ਕਾਰਨੀ ਟੀਮ ਦਾ ਵੀ ਜਲਦੀ ਐਲਾਨ ਕਰ ਦਿੱਤਾ ਜਾਵੇਗਾ। ਇਸ ਦੌਰਾਨ ਜ਼ਿਲ੍ਹਾ ਕਾਰਜ਼ਕਾਰਨੀ ਮੈਂਬਰ ਨੀਰਜ ਜਿੰਦਲ ਗੁੱਡੂ, ਪ੍ਰੇਮ ਜਿੰਦਲ, ਜਸਵਿੰਦਰ ਸਿੰਘ ਮਾਂਗਟ, ਉਮੇਸ਼ ਸ਼ਰਮਾ, ਧਰਮਪਾਲ, ਪ੍ਰੇਮ ਕਾਂਸਲ ਤੋਂ ਇਲਾਵਾ ਸ਼ਾਮ ਕੁਮਾਰ ਸ਼ਰਮਾ, ਰੇਖਾ ਛਾਬੜਾ, ਸੁਨੀਲ ਯਾਦਵ, ਸੇਵਾਮੁਕਤ ਐਸਐਚਓ ਸੁਖਦੇਵ ਸਿੰਘ ਪਲਟਾ, ਕੁਲਦੀਪ ਸਿੰਘ, ਰਵੀ ਕੁਮਾਰ ਆਦਿ ਹਾਜ਼ਰ ਸਨ।’

ਨੀਲਾ ਕਾਰਡ ਕੱਟੇ ਜਾਣ ਤੋਂ ਦੁਖੀ ਨੌਜਵਾਨ ਨੇ ਡੀਪੂ ਹੋਲਡਰ ਦੀ ਕੀਤੀ ਕੁੱਟਮਾਰ

0

ਸੁਖਜਿੰਦਰ ਮਾਨ
ਬਠਿੰਡਾ, 19 ਫਰਵਰੀ : ਪਿਛਲੇ ਕੁੱਝ ਸਮੇਂ ਤੋਂ ਸੂਬੇ ’ਚ ਆਟਾ-ਦਾਲ ਕਾਰਡਾਂ ਦੀ ਚੱਲ ਰਹੀ ਪੜਤਾਲ ਦੌਰਾਨ ਕਾਰਡ ਕੱਟੇ ਜਾਣ ਤੋਂ ਦੁਖੀ ਬਠਿੰਡਾ ਸ਼ਹਿਰ ’ਚ ਇੱਕ ਨੌਜਵਾਨ ਵਲੋਂ ਡੀਪੂ ਹੋਲਡਰ ਉਪਰ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧ ਵਿਚ ਸਿਕਾਇਤ ਮਿਲਣ ’ਤੇ ਥਾਣਾ ਕੈਨਾਲ ਕਲੌਨੀ ਅਧੀਨ ਆਉਂਦੀ ਵਰਧਮਾਨ ਚੌਕੀ ਵਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਜਾਣਕਾਰੀ ਮੁਤਾਬਕ ਸਹੀਦ ਭਗਤ ਸਿੰਘ ਨਗਰ ਦੀ ਗਲੀ ਨੰਬਰ 8 ਦੇ ਵਿਚ ਸਥਿਤ ਰਾਸਨ ਡੀਪੂ ਉਪਰ ਕਾਰਡਾਂ ਦੀ ਪੜਤਾਲ ਚੱਲ ਰਹੀ ਸੀ। ਇਸ ਦੌਰਾਨ ਇਸੇ ਇਲਾਕੇ ਵਿਚ ਰਹਿਣ ਵਾਲੇ ਕੇਵਲ ਕ੍ਰਿਸ਼ਨ ਨਾਂ ਦੇ ਨੌਜਵਾਨ ਦੇ ਪ੍ਰਵਾਰ ਦਾ ਵੀ ਕਾਰਡ ਕੱਟਿਆ ਗਿਆ। ਅੱਜ ਘਟਨਾ ਸਮੇਂ ਕੇਵਲ ਡਿੱਪੂ ਵਿਚ ਜਿੱਥੇ ਨਰੇਸ਼ ਗਰਗ, ਜਿਸਦੇ ਘਰ ਵਿਚ ਇਹ ਡੀਪੂ ਚੱਲ ਰਿਹਾ ਹੈ, ਨਾਲ ਉਸਦਾ ਵਿਵਾਦ ਹੋ ਗਿਆ। ਨਰੇਸ਼ ਗਰਗ ਮੁਤਾਬਕ ਵਿਵਾਦ ਦੀ ਸ਼ੁਰੂਆਤ ਉਕਤ ਵਿਅਕਤੀ ਵਲੋਂ ਵੀਡੀਓ ਬਣਾਉਣ ਤੋਂ ਬਾਅਦ ਸ਼ੁਰੂੁ ਹੋਈ ਕਿਉਂਕਿ ਉਸਨੇ ਅਜਿਹਾ ਕਰਨ ਤੋਂ ਰੋਕਣ ਦਾ ਯਤਨ ਕੀਤਾ, ਜਿਸ ਕਾਰਨ ਗੁੱਸੇ ਵਿਚ ਆ ਕੇ ਕੇਵਲ ਕ੍ਰਿਸ਼ਨ ਉਸਦੇ ਘਰੇ ਦਾਖ਼ਲ ਹੋ ਕੇ ਕੁੱਟਮਾਰ ਕਰਨ ਲੱਗਾ। ਇਸ ਦੌਰਾਨ ਲੋਕਾਂ ਨੇ ਵਿਚਕਾਰ ਪੈ ਕੇ ਮਾਮਲੇ ਨੂੰ ਸ਼ਾਂਤ ਕੀਤਾ ਪ੍ਰੰਤੂ ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਵੀ ਮੌਕੇ ’ਤੇ ਪੁੱਜ ਗਈ। ਵਰਧਮਾਨ ਪੁਲਿਸ ਚੌਕੀ ਦੇ ਇੰਚਾਰਜ ਥਾਣੇਦਾਰ ਜਸਕਰਨ ਸਿੰਘ ਨੇ ਘਟਨਾ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

21 ਫਰਵਰੀ ਤੱਕ ਸਰਕਾਰੀ/ਪ੍ਰਾਈਵੇਟ ਸੰਸਥਾਵਾਂ ਤੇ ਨਾਮ/ਸਾਈਨ ਬੋਰਡ ਪੰਜਾਬੀ ਭਾਸ਼ਾ ਵਿੱਚ ਲਿਖਣੇ ਬਣਾਏ ਜਾਣ ਯਕੀਨੀ : ਸ਼ੌਕਤ ਅਹਿਮਦ ਪਰੇ

ਡਿਪਟੀ ਕਮਿਸ਼ਨਰ ਵੱਲੋਂ ਸਕੂਲ/ਕਾਲਜ ਵੈਨਾਂ ਰਾਹੀਂ ਪੰਜਾਬੀ ਭਾਸ਼ਾ ਦੇ ਪ੍ਰਚਾਰ ਲਈ ਕੱਢੀ ਜਾਣ ਵਾਲੀ ਰੈਲੀ ਨੂੰ ਹਰੀ ਝੰਡੀ ਦਿਖਾ ਕੇ ਕੀਤਾ ਰਾਵਾਨਾ
ਸੁਖਜਿੰਦਰ ਮਾਨ
ਬਠਿੰਡਾ, 18 ਫ਼ਰਵਰੀ : ਸੂਬਾ ਸਰਕਾਰ ਵੱਲੋਂ ਪੰਜਾਬੀ ਭਾਸ਼ਾ ਨੂੰ ਪ੍ਰਫੁੱਲਤ ਕਰਨ ਤੇ ਪੂਰਾ ਮਾਣ-ਸਨਮਾਨ ਦੇਣ ਲਈ ਕੀਤੇ ਜਾ ਰਹੇ ਵਿਸ਼ੇਸ਼ ਉਪਰਾਲਿਆਂ ਤਹਿਤ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਭਾਸ਼ਾ ਵਿਭਾਗ ਵੱਲੋਂ ਪੰਜਾਬੀ ਮਾਂ-ਬੋਲੀ ਦੀ ਪ੍ਰਫੁੱਲਤਾ ਲਈ ‘ਮੈਂ ਪੰਜਾਬੀ, ਬੋਲੀ ਪੰਜਾਬੀ’ ਨਾਮ ਹੇਠ 1 ਫਰਵਰੀ ਤੋਂ 21 ਫ਼ਰਵਰੀ ਤੱਕ ਚਲਾਈ ਜਾ ਰਹੀ ਮੁਹਿੰਮ ਦੇ ਅੱਜ 18ਵੇਂ ਦਿਨ ਡਿਪਟੀ ਕਮਿਸ਼ਨਰ ਸ੍ਰੀ ਸ਼ੌਕਤ ਅਹਿਮਦ ਪਰੇ ਨੇ ਸਕੂਲ/ਕਾਲਜ ਵੈਨਾਂ ਨੂੰ ਸਥਾਨਕ ਰਜਿੰਦਰਾ ਕਾਲਜ ਤੋਂ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਇਸ ਮੌਕੇ ਜ਼ਿਲ੍ਹਾ ਭਾਸ਼ਾ ਅਫ਼ਸਰ ਸ੍ਰੀ ਕੀਰਤੀ ਕਿਰਪਾਲ ਵਿਸ਼ੇਸ਼ ਤੌਰ ਤੇ ਮੌਜੂਦ ਸਨ। ਇਸ ਦੌਰਾਨ ਡਿਪਟੀ ਕਮਿਸ਼ਨਰ ਸ੍ਰੀ ਸ਼ੌਕਤ ਅਹਿਮਦ ਪਰੇ ਨੇ ਦੱਸਿਆ ਕਿ ਇਹ ਵੈਨ ਰੈਲੀ ਸ਼ਹਿਰ ਦੇ ਵੱਖ-ਵੱਖ ਸਥਾਨਾਂ ਹਨੂੰਮਾਨ ਚੌਂਕ, ਮਾਲ ਰੋਡ, ਗੋਲ ਡਿੱਗੀ, ਅਮਰੀਕ ਸਿੰਘ ਰੋਡ, ਤਿੰਨ ਕੋਣੀ ਕੋਲ ਦੀ ਲੰਘਦਿਆਂ ਹੋਇਆਂ ਪੰਜਾਬੀ ਭਾਸ਼ਾ ਸਬੰਧੀ ਆਮ ਲੋਕਾਂ ਨੂੰ ਜਾਗਰੂਕ ਕਰਦਿਆਂ ਖੇਡ ਸਟੇਡੀਅਮ ਵਿਖੇ ਪਹੁੰਚ ਕੇ ਸਮਾਪਤ ਹੋਈ। ਇਨ੍ਹਾਂ ਵੈਨਾਂ/ਬੱਸਾਂ ਤੇ ਇੱਕ ਪਾਸੇ ਕਿ ਇਹ ਵਾਹਨ ਕਿਸ ਅਦਾਰੇ ਨਾਲ ਸਬੰਧਤ ਹੈ ਮੁਕੰਮਲ ਰੂਪ ਵਿੱਚ ਪੰਜਾਬੀ ਭਾਸ਼ਾ ਵਿੱਚ ਲਿਖਿਆ ਹੋਇਆ ਸੀ। ਉਨ੍ਹਾਂ ਇਸ ਮੌਕੇ ਟਰਾਂਸਪੋਰਟ ਅਦਾਰੇ ਜਿੰਨ੍ਹਾ ਵੱਲੋਂ ਇਹ ਵੈਨਾਂ ਚਲਾਈਆਂ ਜਾ ਰਹੀਆਂ ਹਨ ਦੀ ਵੀ ਸ਼ਲਾਘਾ ਕੀਤੀ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਚਲਾਈ ਗਈ ਇਸ ਮੁਹਿੰਮ ਵਿੱਚ ਇਨ੍ਹਾਂ ਵੱਲੋਂ ਸਾਥ ਦਿੰਦਿਆਂ ਆਪਣੇ ਵੱਖ-ਵੱਖ ਤਰ੍ਹਾਂ ਦੇ ਵਹੀਕਲਾਂ ਤੇ ਇੱਕ ਪਾਸੇ ਪੰਜਾਬੀ ਭਾਸ਼ਾ ਵਿੱਚ ਵਹੀਕਲ ਸਬੰਧੀ ਪੂਰੀ ਜਾਣਕਾਰੀ ਲਿਖ ਕੇ ਪਹਿਲ ਕਦਮੀ ਕਰਦਿਆਂ ਪ੍ਰਸ਼ਾਸਨ ਦਾ ਪੂਰਾ ਸਾਥ ਦਿੱਤਾ ਹੈ।ਇਸ ਦੌਰਾਨ ਡਿਪਟੀ ਕਮਿਸ਼ਨਰ ਸ੍ਰੀ ਸ਼ੌਕਤ ਅਹਿਮਦ ਪਰੇ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ 1 ਫਰਵਰੀ ਤੋਂ ਪੰਜਾਬੀ ਭਾਸ਼ਾ ਨੂੰ ਪ੍ਰਫੁੱਲਤ ਕਰਨ ਲਈ ਸ਼ੁਰੂ ਕੀਤੀ ਗਈ ਇਸ ਮੁਹਿੰਮ ਤਹਿਤ ਹਰ ਦਿਨ ਕਿਸੇ ਨਾ ਕਿਸੇ ਉਪਰਾਲੇ ਤਹਿਤ ਜ਼ਿਲ੍ਹੇ ‘ਚ ਪੰਜਾਬੀ ਭਾਸ਼ਾ (ਗੁਰਮੁਖੀ ਲਿਪੀ) ਨੂੰ ਵਧੇਰੇ ਮਹੱਤਤਾ ਦੇਣ ਸਬੰਧੀ ਆਪੋ-ਆਪਣੀਆਂ ਸੰਸਥਾਵਾਂ ਦੀਆਂ ਨਾਮ ਪੱਟੀਆਂ/ਸਾਈਨ ਬੋਰਡ ਲਿਖਣ ਸਮੇਂ ਸਭ ਤੋਂ ਪਹਿਲਾਂ ਉੱਪਰਲੇ ਪਾਸੇ ਪੰਜਾਬੀ ਭਾਸ਼ਾ (ਗੁਰਮੁਖੀ ਲਿੱਪੀ) ਵਿਚ ਲਿਖੇ ਜਾਣ ਅਤੇ ਜੇਕਰ ਕਿਸੇ ਹੋਰ ਭਾਸ਼ਾ ਵਿਚ ਲਿਖਣਾ ਹੋਵੇ ਤਾਂ ਪੰਜਾਬੀ ਭਾਸ਼ਾ ਤੋਂ ਹੇਠਾਂ ਛੋਟੇ ਅੱਖਰਾਂ ਵਿੱਚ 21 ਫਰਵਰੀ ਲਿਖਿਆ ਜਾ ਸਕਦਾ ਹੈ ਸਬੰਧੀ ਜਾਗਰੂਕ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ 21 ਫਰਵਰੀ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਟੀਮਾਂ ਬਣਾ ਕੇ ਚੈਕਿੰਗ ਸ਼ੁਰੂ ਕੀਤੀ ਜਾਵੇਗੀ ਅਤੇ ਹੁਕਮਾਂ ਦੀ ਪਾਲਣਾ ਨਾ ਕੀਤੇ ਜਾਣ ਦੀ ਸੂਰਤ ਵਿਚ ਸਬੰਧਤ ਖਿਲਾਫ਼ ਪੰਜਾਬ ਰਾਜ ਭਾਸ਼ਾ ਐਕਟ 1967 ਅਧੀਨ ਬਣਦਾ ਜੁਰਮਾਨਾ ਕੀਤਾ ਜਾਵੇਗਾ। ਇਸ ਮੌਕੇ ਉਨ੍ਹਾਂ ਪੁਰਜ਼ੋਰ ਅਪੀਲ ਕਰਦਿਆਂ ਕਿਹਾ ਕਿ ਪੰਜਾਬੀ ਭਾਸ਼ਾ ਨੂੰ ਪ੍ਰਫੁੱਲਤ ਕਰਨ ਲਈ ਪੂਰਨ ਸਹਿਯੋਗ ਦਿੱਤਾ ਜਾਵੇ।ਇਸ ਮੌਕੇ ਜ਼ਿਲ੍ਹੇ ਦੇ ਸਕੂਲ/ਕਾਲਜ ਵੈਨ ਯੂਨੀਅਨ ਦੇ ਪ੍ਰਧਾਨ ਹੈਪੀ ਤੋਂ ਇਲਾਵਾ ਵੈਨਾਂ ਦੇ ਡਰਾਈਵਰ ਆਦਿ ਹਾਜ਼ਰ ਸਨ।

ਸੁਖਬੀਰ ਸਿੰਘ ਬਾਦਲ ਸ਼੍ਰੋਮਣੀ ਕਮੇਟੀ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਵਿੱਢੀ ਹਸਤਾਖਰ ਮੁਹਿੰਮ ਵਿਚ ਹੋਏ ਸ਼ਾਮਲ

0

ਪਿੰਡ ਬਾਦਲ ਦੇ ਗੁਰਦੁਆਰਾ ਸਾਹਿਬ ਵਿਚ ਪਟੀਸ਼ਨ ’ਤੇ ਕੀਤੇ ਹਸਤਾਖ਼ਰ, ਵੱਡੇ ਬਾਦਲ ਨੇ ਵੀ ਕੀਤੀ ਰਿਹਾਈ ਦੀ ਮੰਗ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 18 ਫਰਵਰੀ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅੱਜ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਿੰਡਾਂ ਵਿਚ ਆਰੰਭੀ ਹਸਤਾਖ਼ਰ ਮੁਹਿੰਮ ਦਾ ਹਿੱਸਾ ਬਣੇ ਅਤੇ ਪਿੰਡ ਬਾਦਲ ਦੇ ਗੁਰਦੁਆਰਾ ਸਾਹਿਬ ਵਿਚ ਪਟੀਸ਼ਨ ’ਤੇ ਹਸਤਾਖ਼ਰ ਕੀਤੇ।ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੀ ਪਿੰਡ ਬਾਦਲ ਵਿਚ ਇਸ ਪਟੀਸ਼ਨ ’ਤੇ ਹਸਤਾਖ਼ਰ ਕਰ ਕੇ ਮੁਹਿੰਮ ਦਾ ਹਿੱਸਾ ਬਣੇ। ਅਕਾਲੀ ਦਲ ਦੇ ਪ੍ਰਧਾਨ ਨੇ ਪਿੰਡ ਬਾਦਲ ਦੇ ਗੁਰੂਘਰ ਵਿਚ ਫਾਰਮ ’ਤੇ ਹਸਤਾਖ਼ਰ ਕਰਨ ਮਗਰੋਂ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਹ ਉਹਨਾਂ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ ਕਿ ਉਹ ਵੀ ਉਹਨਾਂ ਲੱਖਾਂ ਪੰਜਾਬੀਆਂ ਵਿਚ ਸ਼ਾਮਲ ਹੋਏ ਹਨ ਜਿਹਨਾਂ ਨੇ ਉਹਨਾਂ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਪਟੀਸ਼ਨ ’ਤੇ ਹਸਤਾਖ਼ਰ ਕੀਤੇ ਹਨ ਜੋ ਆਪਣੀਆਂ ਉਮਰ ਕੈਦਾਂ ਪੂਰੀਆਂ ਕਰਨ ਦੇ ਬਾਵਜੂਦ ਜੇਲ੍ਹਾਂ ਵਿਚ ਬੰਦ ਹਨ। ਉਹਨਾਂ ਨੇ ਅਕਾਲੀ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ ਇਸ ਹਸਤਾਖ਼ਰ ਮੁਹਿੰਮ ਨੂੰ ਵਿਆਪਕ ਪੱਧਰ ’ਤੇ ਹਰ ਪਿੰਡ ਵਿਚ ਸਫਲ ਬਣਾਉਣ ਵਿਚ ਸ਼੍ਰੋਮਣੀ ਕਮੇਟੀ ਦੀ ਡਟਵੀਂ ਹਮਾਇਤ ਕਰਨ। ਉਹਨਾਂ ਕਿਹਾ ਕਿ ਸਾਰੇ ਪੰਜਾਬੀਆਂ ਨੂੰ ਪਾਰਟੀ ਲੀਹਾਂ ਤੋਂ ਉਪਰ ਉਠ ਕੇ ਇਹਨਾਂ ਫਾਰਮਾਂ ’ਤੇ ਹਸਤਾਖ਼ਰ ਕਰਨੇ ਚਾਹੀਦੇ ਹਨ। ਉਹਨਾਂ ਕਿਹਾ ਕਿ ਇਸ ਨਾਲ ਹੀ ਇਹ ਮੁਹਿੰਮ ਸਫਲ ਹੋ ਸਕਦੀ ਹੈ ਤੇ ਉਹਨਾਂ ਅਕਾਲੀ ਵਰਕਰਾਂ ਸਮੇਤ ਪੰਜਾਬੀਆਂ ਨੂੰ ਅਪੀਲ ਕੀਤੀਕਿ ਉਹ ਵਿਸਾਖੀ ਤੱਕ ਮੁਹਿੰਮ ਨੂੰ ਮੁਕੰਮਲ ਬਣਾਉਣ ਵਾਸਤੇ ਹੰਭਲਾ ਮਾਰਨ।ਉਹਨਾਂ ਕਿਹਾ ਕਿ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਦੀ ਫਾਈਲ ਰਿਕਾਰਡ ਛੇ ਵਾਰ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਾਲੀ ਸਰਕਾਰ ਨੂੰ ਭੇਜੀ ਗਈ ਪਰ ਉਹਨਾਂ ਨੇ ਪ੍ਰੋ. ਭੁੱਲਰ ਨੂੰ ਰਿਹਾਅ ਕਰਨ ਤੋਂ ਇਨਕਾਰ ਕਰ ਦਿੱਤਾ। ਉਹਨਾਂ ਕਿਹਾ ਕਿ ਇਸੇ ਤਰੀਕੇ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ ਗੁਰਮੀਤ ਸਿੰਘ ਇੰਜੀਨੀਅਰ ਨੂੰ ਰਿਹਾਅ ਕਰਨ ਤੋਂ ਨਾਂਹ ਕਰ ਦਿੱਤੀ।ਉਹਨਾਂ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ’ਤੇ 2019 ਵਿਚ ਵਾਅਦਾ ਕੀਤਾਸੀ ਕਿ ਬੰਦੀ ਸਿੰਘਾਂ ਨੂੰ ਰਿਹਾਅ ਕਰ ਦਿੱਤਾ ਜਾਵੇਗਾ। ਉਹਨਾਂ ਕਿਹਾ ਕਿ ਹਰ ਕੈਦ ਜਿਸਨੂੰ ਉਮਰ ਕੈਦ ਹੋਈ ਹੋਵੇ, ਨੂੰ 14 ਸਾਲ ਦੀ ਕੈਦ ਤੋਂ ਬਾਅਦ ਰਿਹਾਅ ਕਰ ਦਿੱਤਾ ਜਾਂਦਾ ਹੈ ਪਰ ਬੰਦੀ ਸਿੰਘਾਂ ਨੂੰ 30-30 ਸਾਲ ਤੋਂ ਵੱਧ ਸਮਾਂ ਜੇਲ੍ਹਾਂ ਵਿਚ ਗੁਜ਼ਾਰਨ ਤੋਂ ਬਾਅਦ ਵੀ ਰਿਹਾਅ ਕਰਨ ਤੋਂ ਇਨਕਾਰ ਕੀਤਾ ਜਾ ਰਿਹਾ ਹੈ। ਮੀਡੀਆ ਦੇ ਇਕ ਸਵਾਲ ਦੇ ਜਵਾਬ ਵਿਚ ਸ: ਬਾਦਲ ਨੇ ਕਿਹਾ ਕਿ ਜਦੋਂ 1984 ਵਿਚ ਸ੍ਰੀ ਦਰਬਾਰ ਸਾਹਿਬ ’ਤੇ ਹਮਲੇ ਅਤੇ ਸਿੱਖ ਕਤਲੇਆਮ ਵਿਚ ਹਜ਼ਾਰਾਂ ਬੇਗੁਨਾਹ ਸਿੱਖਾਂ ਦਾ ਕਤਲ ਕੀਤਾ ਗਿਆ ਤਾਂ ਇਹਨਾਂ ਭਾਵੁਕ ਵਿਅਕਤੀਆਂ ਨੇ ਹੋਏ ਤਸ਼ੱਦਦ ਦਾ ਬਦਲਾ ਲਿਆ।ਉਹਨਾਂ ਕਿਹਾ ਕਿ ਇਹਨਾਂ ਕਾਰਵਾਈਆਂ ਲਈ ਕਾਂਗਰਸ ਪਾਰਟੀ ਦੋਸ਼ੀ ਹੈ। ਉਹਨਾਂ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀ ਸਰਕਾਰ ਨੇ ਤਾਂ ਭਾਈ ਰਾਜੋਆਣਾ ਨੂੰ ਫਾਂਸੀ ਦੇਣ ਦੇ ਅਦਾਲਤੀ ਹੁਕਮ ਮੰਨਣ ਤੋਂ ਵੀ ਨਾਂਹ ਕਰ ਦਿੱਤੀ ਸੀ ਤੇ ਵੱਖ-ਵੱਖ ਮੁੱਖ ਮੰਤਰੀਆਂ ਨਾਲ ਗੱਲਬਾਤ ਕਰ ਕੇ ਬੰਦੀ ਸਿੰਘ ਪੰਜਾਬ ਵਿਚ ਸ਼ਿਫਟ ਕੀਤੇ ਜਾਣ ਦੀ ਅਪੀਲ ਕੀਤੀ ਸੀ।ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਦਫਤਰ ਵਿਚ ਵੀ ਹਸਤਾਖ਼ਰ ਮੁਹਿੰਮ ਵਿੱਢੀ ਗਈ ਜਿਕੇ ਸਾਬਕਾ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੇ ਆਪ ਪਟੀਸ਼ਨ ’ਤੇ ਹਸਤਾਖ਼ਰ ਕਰ ਕੇ ਮੁਹਿੰਮ ਸ਼ੁਰੂ ਕਰਵਾਈ। ਇਸ ਮੌਕੇ ਚੰਡੀਗੜ੍ਹ ਇਕਾਈ ਦੇ ਪ੍ਰਧਾਨ ਹਰਦੀਪ ਸਿੰਘ ਬੁਟੇਰਲਾ ਤੇ ਹੋਰ ਪਤਵੰਤੇ ਵੀ ਹਾਜ਼ਰ ਸਨ ਜਿਹਨਾ ਵੱਧ ਚੜ੍ਹ ਕੇ ਮੁਹਿੰਮ ਵਿਚ ਹਿੱਸਾ ਲਿਆ।ਇਸ ਮੌਕੇ ਡਾ. ਦਲਜੀਤ ਸਿੰਘ ਚੀਮਾ ਨੇ ਸਾਰੇ ਪੰਜਾਬੀਆਂ ਨੂੰ ਅਪੀਲਕੀਤੀ ਕਿ ਬੰਦੀ ਸਿੰਘਾਂ ਦੀ ਰਿਹਾਈ ਲਈ ਸ਼੍ਰੋਮਣੀ ਕਮੇਟੀ ਅਤੇ ਅਕਾਲੀ ਦਲ ਇਸ ਮੁਹਿੰਮ ਦੀ ਡਟਵੀਂ ਹਮਾਇਤ ਕੀਤੀ ਜਾਵੇ। ਇਸ ਦੌਰਾਨ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਅੱਜ ਅਟਾਰੀ ਤੋਂ ਪਿੰਡਾਂ ਲਈ ਇਸ ਮੁਹਿੰਮ ਨੂੰ ਸ਼ੁਰੂ ਕਰਨ ਮਗਰੋਂ ਇਸਨੂੰ ਭਰਵਾਂ ਹੁੰਗਾਰਾ ਮਿਲਣ ਦੀਆਂ ਰਿਪੋਰਟਾਂ ਆਈਆਂ ਹਨ।

ਅਧਿਆਪਕਾਂ ’ਤੇ ਸਰਕਾਰ ਵੱਲੋਂ ਕੀਤੀ ਅੰਨ੍ਹੇਵਾਹ ਲਾਠੀਚਾਰਜ ਦੀ ਨਿਖੇਧੀ

0

ਸੁਖਜਿੰਦਰ ਮਾਨ
ਬਠਿੰਡਾ, 18 ਫਰਵਰੀ: 4161 ਮਾਸਟਰ ਕਾਡਰ ਅਧਿਆਪਕਾਂ ਨੂੰ ਪੇਸ਼ਕਸ਼ ਪੱਤਰ ਦੇਣ ਦੇ ਡੇਢ ਮਹੀਨਾ ਬੀਤਣ ਦੇ ਬਾਵਜੂਦ ਸਿੱਖਿਆ ਵਿਭਾਗ ਵੱਲੋਂ ਇੰਨ੍ਹਾਂ ਨੂੰ ਸਟੇਸ਼ਨ ਚੋਣ ਦਾ ਮੌਕਾ ਨਾ ਦੇਣ ਦੇ ਵਿਰੋਧ ਵਿੱਚ ਸ਼ਾਂਤਮਈ ਰੋਸ ਪ੍ਰਦਰਸ਼ਨ ਕਰ ਰਹੇ ਇੰਨ੍ਹਾਂ ਅਧਿਆਪਕਾਂ ’ਤੇ ਪੰਜਾਬ ਸਰਕਾਰ ਦੇ ਇਸ਼ਾਰੇ ਤੇ ਸੰਗਰੂਰ ਪੁਲੀਸ ਪ੍ਰਸ਼ਾਸਨ ਵੱਲੋਂ ਕੀਤੇ ਗਏ ਲਾਠੀਚਾਰਜ ਦੀ ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ (ਡੀ.ਟੀ.ਐੱਫ.) ਵੱਲੋਂ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਗਈ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਡੀ.ਟੀ.ਐੱਫ. ਦੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ, ਜਨਰਲ ਸਕੱਤਰ ਮੁਕੇਸ਼ ਕੁਮਾਰ, ਡੀ.ਟੀ.ਐੱਫ. ਬਠਿੰਡਾ ਦੇ ਜ਼ਿਲ੍ਹਾ ਪ੍ਰਧਾਨ ਜਗਪਾਲ ਬੰਗੀ ਅਤੇ ਸੂਬਾਈ ਆਗੂ ਬੇਅੰਤ ਫੂਲੇਵਾਲਾ ਨੇ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਵੱਲੋਂ 5 ਜਨਵਰੀ ਨੂੰ ਲੁਧਿਆਣੇ ਵਿਖੇ ਕੀਤੇ ਇੱਕ ਸਮਾਗਮ ਦੌਰਾਨ 4161 ਮਾਸਟਰ ਕਾਡਰ ਅਧਿਆਪਕਾਂ ਨੂੰ ਪੇਸ਼ਕਸ਼ ਪੱਤਰ ਦਿੱਤੇ ਗਏ ਸਨ ਅਤੇ ਜਲਦੀ ਹੀ ਇੰਨ੍ਹਾਂ ਅਧਿਆਪਕਾਂ ਨੂੰ ਸਕੂਲਾਂ ਵਿੱਚ ਪਈਆਂ ਖਾਲੀ ਅਸਾਮੀਆਂ ਤੇ ਹਾਜ਼ਰ ਕਰਵਾਇਆ ਜਾਣਾ ਸੀ, ਪਰ ਡੇਢ ਮਹੀਨਾ ਬੀਤ ਜਾਣ ਦੇ ਬਾਵਜੂਦ ਵਿਭਾਗ ਵੱਲੋਂ ਇੰਨ੍ਹਾਂ ਨਵ ਨਿਯੁਕਤ ਅਧਿਆਪਕਾਂ ਨੂੰ ਸਕੂਲਾਂ ਵਿੱਚ ਨਹੀਂ ਭੇਜਿਆ ਗਿਆ ਕਿਉਂਕਿ ਇੰਨ੍ਹਾਂ ਅਧਿਆਪਕਾਂ ਨੂੰ ਸਟੇਸ਼ਨ ਚੋਣ ਲਈ ਸੱਦਿਆ ਹੀ ਨਹੀਂ ਗਿਆ। ਇੰਨ੍ਹਾਂ ਅਧਿਆਪਕਾਂ ਵੱਲੋਂ ਸਟੇਸ਼ਨ ਚੋਣ ਦੀ ਮੰਗ ਨੂੰ ਲੈਕੇ ਸੰਗਰੂਰ ਵਿਖੇ ਮੁੱਖ ਮੰਤਰੀ ਦੀ ਕੋਠੀ ਦੇ ਨਜ਼ਦੀਕ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ। ਇਸ ਮੌਕੇ ਪੁਲਿਸ ਵੱਲੋਂ ਜ਼ਬਰਦਸਤ ਲਾਠੀਚਾਰਜ ਕੀਤਾ ਗਿਆ ਜਿਸ ਵਿੱਚ ਅਧਿਆਪਕਾਂ ਦੀਆਂ ਪੱਗਾਂ ਉੱਤਰ ਗਈਆਂ ਅਤੇ ਸੱਟਾਂ ਵੀ ਲੱਗੀਆਂ। ਪੁਲਿਸ ਵੱਲੋਂ ਮਹਿਲਾ ਅਧਿਆਪਕਾਂ ਨਾਲ ਕੁੱਟ ਮਾਰ ਅਤੇ ਬਦਸਲੂਕੀ ਕੀਤੀ ਗਈ ਜੋ ਕਿ ਨਿੰਦਣਯੋਗ ਹੈ। ਡੈਮੋਕ੍ਰੇਟਿਕ ਟੀਚਰਜ਼ ਫਰੰਟ ਦੇ ਆਗੂਆਂ ਅਸ਼ਵਨੀ ਅਵਸਥੀ, ਰਾਜੀਵ ਬਰਨਾਲਾ, ਗੁਰਪਿਆਰ ਕੋਟਲੀ, ਜਸਵਿੰਦਰ ਔਜਲਾ, ਰਘਬੀਰ ਭਵਾਨੀਗੜ੍ਹ, ਹਰਜਿੰਦਰ ਸਿੰਘ ਵਡਾਲਾ ਬਾਂਗਰ, ਦਲਜੀਤ ਸਫੀਪੁਰ, ਕੁਲਵਿੰਦਰ ਜੋਸ਼ਨ, ਪਵਨ ਕੁਮਾਰ ਮੁਕਤਸਰ, ਮਹਿੰਦਰ ਕੌੜਿਆਂਵਾਲੀ, ਤੇਜਿੰਦਰ ਸਿੰਘ, ਰੁਪਿੰਦਰ ਗਿੱਲ ਅਤੇ ਸੁਖਦੇਵ ਡਾਨਸੀਵਾਲ ਨੇ ਕਿਹਾ ਕਿ 4161 ਮਾਸਟਰ ਕਾਡਰ ਯੂਨੀਅਨ ਵੱਲੋਂ ਸਟੇਸ਼ਨ ਚੋਣ ਕਰਵਾਉਣ ਦੀ ਮੰਗ ਦੀ ਬਿਲਕੁਲ ਜਾਇਜ਼ ਹੈ, ਕਿਉਂਕਿ ਸਕੂਲਾਂ ਵਿੱਚ ਵੱਡੀ ਗਿਣਤੀ ਵਿੱਚ ਅਸਾਮੀਆਂ ਖਾਲੀ ਪਈਆਂ ਹਨ ਅਤੇ ਸਰਕਾਰ ਦਾ ਖਾਲੀ ਅਸਾਮੀਆਂ ਨੂੰ ਭਰਨ ਪ੍ਰਤੀ ਟਾਲਮਟੋਲ ਵਾਲਾ ਵਤੀਰਾ ਅਪਣਾ ਰਹੀ ਹੈ। ਆਗੂਆਂ ਨੇ ਪੰਜਾਬ ਸਰਕਾਰ ਤੋਂ 4161 ਨਵ ਨਿਯੁਕਤ ਅਧਿਆਪਕਾਂ ਨੂੰ ਤੁਰੰਤ ਨਿਯੁਕਤੀ ਪੱਤਰ ਸੌਂਪੇ ਜਾਣ ਦੀ ਮੰਗ ਕੀਤੀ ਤਾਂ ਜੋ ਪ੍ਰੀਖਿਆਵਾਂ ਦੇ ਦਿਨਾਂ ਵਿੱਚ ਵਿਦਿਆਰਥੀਆਂ ਨੂੰ ਅਧਿਆਪਕ ਮਿਲ ਸਕਣ।

ਬਿਸਤ ਦੁਆਬ ਨਹਿਰ ਦਾ ਪਾਣੀ ਖੇਤਾਂ ਤੱਕ ਪਹੁੰਚਾਉਣ ਲਈ ਸੰਤ ਸੀਚੇਵਾਲ ਨੇ ਆਰੰਭੀ ਮੁਹਿੰਮ

0

ਸੂਏ ਕੱਸੀਆਂ ਦੀ ਅਣਹੋਂਦ ਕਾਰਨ ਪਾਇਪਾਂ ਰਾਹੀ ਕੀਤੀ ਜਾਵੇਗੀ ਪਾਣੀ ਦੀ ਸਪਲਾਈ
ਪੰਜਾਬੀ ਖ਼ਬਰਸਾਰ ਬਿਉਰੋ
ਸੁਲਤਾਨਪੁਰ ਲੋਧੀ, 18 ਫਰਵਰੀ: ਧਰਤੀ ਹੇਠਲੇ ਪਾਣੀ ਨੂੰ ਬਚਾਉਣ ਦੀ ਮੁਹਿੰਮ ਸ਼ੁਰੂ ਕਰਦਿਆ ਵਾਤਾਵਰਣ ਪ੍ਰੇਮੀ ਤੇ ਰਾਜਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਬਿਸਤ ਦੁਆਬ ਨਹਿਰ ਦਾ ਪਾਣੀ ਖੇਤੀ ਲਈ ਵਰਤਣ। ਦੁਆਬੇ ਵਿੱਚੋਂ ਲੰਘਦੀਆਂ ਬਿਸਤ ਦੁਆਬ ਦੀਆਂ ਡਿਸਟੀਬਿਊਟਰੀਆਂ ਦਾ ਵੱਖ-ਵੱਖ ਇਲਾਕਿਆਂ ਵਿਚ ਨਿਰੀਖਣ ਕਰਨ ਤੋਂ ਬਾਅਦ ਸੰਤ ਸੀਚੇਵਾਲ ਨੇ ਦੱਸਿਆ ਕਿ ਪੰਜਾਬੀ ਸਿਰਫ 34ਫੀਸਦੀ ਹੀ ਨਹਿਰੀ ਪਾਣੀ ਹੀ ਵਰਤਦੇ ਹਨ ਜਦਕਿ ਰਾਜਸਥਾਨ ਇਸਤੋਂ ਦੁੱਗਣਾ ਨਹਿਰੀ ਪਾਣੀ ਵਰਤ ਰਿਹਾ ਹੈ। ਜਿੱਥੇ ਨਹਿਰੀ ਪਾਣੀ ਖੇਤਾਂ ਤੱਕ ਪਹੁੰਚਾਉਣ ਲਈ ਜਿੱਥੇ ਪਹਿਲਾਂ ਖਾਲ ਹੁੰਦੇ ਸਨ ਉਹ ਹੁਣ ਨਹੀ ਰਹੇ। ਪੁਰਾਣੇ ਸਮਿਆਂ ਵਿਚ ਸੂਏ ਤੇ ਕੱਸੀਆਂ ਰਾਹੀ ਪਾਣੀ ਹਰ ਖੇਤ ਵਿਚ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਪਰ ਦੁਆਬੇ ਵਿਚ ਕਿਸਾਨਾਂ ਨੇ ਨਹਿਰੀ ਪਾਣੀ ਦੀ ਥਾਂ ਮੋਟਰਾਂ ਦਾ ਪਾਣੀ ਵਰਤਣ ਨੂੰ ਦਿੱਤੀ ਤਰਜੀਹ ਕਾਰਨ ਖਾਲੇ, ਸੂਏ ਤੇ ਕੱਸੀਆਂ ਖਤਮ ਹੋ ਗਈਆਂ ਸਨ। ਸੰਤ ਸੀਚੇਵਾਲ ਨੇ ਕਿਹਾ ਕਿ ਹੁਣ ਨਹਿਰ ਦਾ ਪਾਣੀ ਖੇਤਾਂ ਤੱਕ ਪਹੁੰਚਾਉਣ ਲਈ ਹੁਣ ਪਾਇਪ ਲਾਇਨਾਂ ਪਾਈਆਂ ਜਾਣਗੀਆਂ ਜਿਸਦਾ ਸਾਰਾ ਖਰਚਾ ਪੰਜਾਬ ਸਰਕਾਰ ਕਰੇਗੀ। ਉਹਨਾਂ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਹੋਈ ਮੁਲਾਕਾਤ ਦੌਰਾਨ ਉਹਨਾਂ ਇਸ ਗੱਲ ਦਾ ਭਰੋਸਾ ਦਿੱਤਾ ਸੀ ਕਿ ਨਹਿਰਾਂ ਦਾ ਪਾਣੀ ਖੇਤਾਂ ਤੱਕ ਪੁੱਜਦਾ ਕਰਨ ਲਈ ਵਰਤੇ ਜਾਣ ਵਾਲੇ ਪਾਇਪਾਂ ਦਾ ਸਾਰਾ ਖਰਚਾ ਸੂਬਾ ਸਰਕਾਰ ਕਰੇਗੀ।ਸੰਤ ਸੀਚੇਵਾਲ ਨੇ ਦੱਸਿਆ ਕਿ ਬਿਸਤ ਦੁਆਬ ਨਹਿਰ ਵਿਚ 1450 ਕਿਊਸਿਕ ਪਾਣੀ ਵਗਣ ਦੀ ਸਮਰੱਥਾ ਹੈ ਪਰ ਇਸ ਖਿੱਤੇ ਦੇ ਕਿਸਾਨਾਂ ਵੱਲੋਂ ਨਹਿਰੀ ਪਾਣੀ ਦੀ ਮੰਗ ਉਸ ਤਰਜ਼ ਤੇ ਨਹੀ ਕੀਤੀ ਜਾ ਰਹੀ ਜਿਵੇਂ ਮਾਲਵੇ ਦੇ ਕਿਸਾਨ ਕਰਦੇ ਹਨ। ਇਸੇ ਕਾਰਨ ਬਿਸਤ ਦੁਆਬ ਨਹਿਰ ਵਿਚ ਕਦੇ ਵੀ ਪਾਣੀ 1450 ਕਿਊਸਿਕ ਨਹੀ ਛੱਡਿਆ ਜਾਂਦਾ ਹੈ। ਉਹਨਾਂ ਦੱਸਿਆ ਕਿ ਸਾਲ 2016 ਤੋਂ ਬਿਸਤ ਦੁਆਬ ਦੇ ਨਹਿਰ ਦੇ ਕਿਨਾਰਿਆਂ ਨੂੰ ਕੰਕਰੀਟ ਨਾਲ ਪੱਕੇ ਕਰਨ ਦਾ ਪ੍ਰੋਜੈਕਟ ਸ਼ੁਰੂ ਕੀਤਾ ਗਿਆ ਸੀ ਤਾਂ ਜੋ ਪਾਣੀ ਆਖੀਰ ਤੱਕ ਪਹੁੰਚ ਸਕੇ ਪਰ ਨਹਿਰ ਨੂੰ ਪੱਕਿਆ ਕਰਨ ਲਈ ਕੋਰੜਾਂ ਰੁਪਏ ਤਾਂ ਖਰਚ ਦਿੱਤੇ ਗਏ ਪਰ ਪਾਣੀ ਖੇਤਾਂ ਤੱਕ ਪੁੱਜਦਾ ਕਰਨ ਦਾ ਪ੍ਰਬੰਧ ਨਹੀ ਕੀਤਾ ਗਿਆ।ਸੰਤ ਸੀਚੇਵਾਲ ਨੇ ਦੱਸਿਆ ਕਿ ਕੇਂਦਰੀ ਭੂ-ਜਲ ਬੋਰਡ ਦੀ ਸਾਲ 2017 ਵਿਚ ਆਈ ਰਿਪੋਰਟ ਅਨੁਸਾਰ ਪੰਜਾਬ ਵਿਚ ਧਰਤੀ ਹੇਠਲਾ ਪਾਣੀ 2039 ਤੱਕ 1000 ਫੁੱਟ ਡੂੰਘਾ ਹੋ ਜਾਵੇਗਾ ਜਿਸ ਕਾਰਨ ਖੇਤੀ ਕਰਨੀ ਬੜੀ ਮੁਸ਼ਕਿਲ ਹੋ ਜਾਵੇਗੀ। ਇੰਨੀ ਡੂੰਘਾਈ ਤੋਂ ਪਾਣੀ ਕੱਢਣਾ ਆਪਣੇ ਆਪ ਵਿਚ ਇੱਕ ਵੱਡੀ ਚੁਣੌਤੀ ਹੋਵੇਗੀ। ਉਹਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਮੋਟਰਾਂ ਦੀ ਥਾਂ ਨਹਿਰੀ ਪਾਣੀ ਨੂੰ ਖੇਤੀ ਲਈ ਵਰਤਣ ਨੂੰ ਤਰਜੀਹ ਦੇਣ।

Our Visitor

1910574