ਸੁਖਜਿੰਦਰ ਮਾਨ
ਬਠਿੰਡਾ, 20 ਫ਼ਰਵਰੀ : ਸਿਲਵਰ ਓਕਸ ਸਕੂਲ ਡੱਬਵਾਲੀ ਰੋਡ ਵਲੋਂ ਪੰਜਵਾਂ ਸਲਾਨਾ ਖੇਡ ਦਿਵਸ ਬਹੁਤ ਧੂਮ – ਧਾਮ ਨਾਲ ਮਨਾਇਆ ਗਿਆ। ਜਿਸ ਵਿੱਚ ਸਕੂਲ ਦੇ ਲਗਭਗ ਸਾਰੇ ਹੀ ਵਿਦਿਆਰਥੀਆਂ ਨੇ ਹਿੱਸਾ ਲਿਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਸਕੂਲ ਦੇ ਡਾਇਰੈਕਟਰ ਸ਼੍ਰੀਮਤੀ ਬਰਨਿੰਦਰ ਪਾਲ ਸੇਖੋਂ ਸ਼ਾਮਲ ਹੋਏ ਅਤੇ ਸਕੂਲ ਦੀ ਮੁੱਖ ਅਧਿਆਪਕਾ ਮਿਸ ਰਵਿੰਦਰ ਸਰਾਂ ਨੇ ਆਏ ਹੋਏ ਮਹਿਮਾਨ ਦਾ ਨਿੱਘਾ ਸਵਾਗਤ ਕੀਤਾ। ਮੁੱਖ ਮਹਿਮਾਨ ਦੁਆਰਾ ਸਮਾਰੋਹ ਦਾ ਆਗਾਜ਼ ਮਸ਼ਾਲ ਰੋਸ਼ਨ ਕਰਕੇ ਕੀਤਾ ਗਿਆ। ਇਸ ਉਪਰੰਤ ਮੁੱਖ ਮਹਿਮਾਨ ਦੁਆਰਾ ਝੰਡਾ ਲਹਿਰਾਇਆ ਗਿਆ। ਸਕੂਲ ਦੇ ਵੱਖ – ਵੱਖ ਹਾਊਸਾਂ ਦੁਆਰਾ ਮਾਰਚ ਪਾਸ ਕੀਤੀ ਗਈ। ਇਸ ਦੇ ਨਾਲ ਵੱਖ – ਵੱਖ ਜਮਾਤਾਂ ਦੇ ਬੱਚਿਆਂ ਦੁਆਰਾ ਵੱਖ – ਵੱਖ ਖੇਡਾਂ ਵਿਚ ਹਿੱਸਾ ਲਿਆ। ਜਿਸ ਵਿਚ ਰੀਲੇਅ ਰੇਸ , 70 ਮੀਟਰ ਲੜਕੇ ਤੇ ਲੜਕੀਆਂ ਦੀ ਰੇਸ , ਬਾਸਕਟ ਰੇਸ, ਬੁੱਕ ਬੈਲੈਂਸ ਰੇਸ, ਸਟੈਕ ਰਿੰਗ ਰੇਸ , ਬੈਕ ਰੇਸ , ਟੱਚ ਐਂਡ ਬੈਕ ਰੇਸ , ਬਾਲ ਕਿਕਿੰਗ , ਬਨੀ ਹੋਪ ਰੇਸ, ਬਾਲ ਇਨ ਲੈੱਗ ਰੇਸ ਅਤੇ ਹੂਲਾ ਹੂਪ ਸਕਿਪਿੰਗ ਆਦਿ ਸ਼ਾਮਲ ਹਨ। ਮੁੱਖ ਮਹਿਮਾਨ ਨੇ ਆਪਣੇ ਭਾਸ਼ਣ ਵਿਚ ਖੇਡ ਜਗਤ ਦੇ ਤਜਰਬਿਆਂ ਤੇ ਅਨੁਭਵਾਂ ਨੂੰ ਵਿਦਿਆਰਥੀਆਂ ਨਾਲ ਸਾਂਝਾ ਕੀਤਾ ।
ਧੂਮ- ਧਾਮ ਨਾਲ ਮਨਾਇਆ ਸਿਲਵਰ ਓਕਸ ਸਕੂਲ ਨੇ ਸਲਾਨਾ ਖੇਡ ਦਿਵਸ
ਗੁਲਨੀਤ ਸਿੰਘ ਖੁਰਾਣਾ ਨੇ ਬਠਿੰਡਾ ਦੇ ਐਸਐਸਪੀ ਵਜੋਂ ਸੰਭਾਲਿਆ ਚਾਰਜ
ਸੁਖਜਿੰਦਰ ਮਾਨ
ਬਠਿੰਡਾ, 20 ਫ਼ਰਵਰੀ : ਸ. ਗੁਲਨੀਤ ਸਿੰਘ ਖੁਰਾਣਾ ਨੇ ਅੱਜ ਇੱਥੇ ਜ਼ਿਲ੍ਹਾ ਪੁਲਿਸ ਮੁਖੀ ਬਠਿੰਡਾ ਵਜੋਂ ਆਪਣਾ ਚਾਰਜ ਸੰਭਾਲ ਲਿਆ ਹੈ। 2012 ਬੈਚ ਦੇ (ਆਈਪੀਐਸ) ਅਧਿਕਾਰੀ ਸ. ਗੁਲਨੀਤ ਸਿੰਘ ਖੁਰਾਣਾ ਇਸ ਤੋਂ ਪਹਿਲਾ ਜ਼ਿਲ੍ਹਾ ਫਾਜ਼ਿਲਕਾ, ਮਾਨਸਾ, ਪਠਾਨਕੋਟ, ਅੰਮ੍ਰਿਤਸਰ (ਦਿਹਾਤੀ), ਤਰਨਤਾਰਨ ਅਤੇ ਮੋਗਾ ਵਿਖੇ ਬਤੌਰ ਜ਼ਿਲ੍ਹਾ ਪੁਲਿਸ ਮੁਖੀ ਵਜੋਂ ਆਪਣੀਆਂ ਸ਼ਾਨਦਾਰ ਸੇਵਾਵਾਂ ਨਿਭਾਅ ਚੁੱਕੇ ਹਨ। ਇੱਥੇ ਪਹੁੰਚਣ ਤੇ ਸ. ਗੁਲਨੀਤ ਸਿੰਘ ਖੁਰਾਣਾ ਨੂੰ ਪੁਲਿਸ ਦੀ ਟੁਕੜੀ ਵਲੋਂ ਗਾਰਡ ਆਫ਼ ਆਨਰ ਨਾਲ ਸਨਮਾਨਿਤ ਵੀ ਕੀਤਾ ਗਿਆ। ਆਪਣਾ ਚਾਰਜ ਸੰਭਾਲਣ ਉਪਰੰਤ ਸ. ਗੁਲਨੀਤ ਸਿੰਘ ਖੁਰਾਣਾ ਨੇ ਕਿਹਾ ਕਿ ਉਹ ਜ਼ਿਲ੍ਹੇ ਅੰਦਰ ਅਮਨ-ਸ਼ਾਂਤੀ ਨੂੰ ਬਰਕਰਾਰ ਰੱਖਣ ਲਈ ਪੂਰੀ ਜਿੰਮੇਵਾਰੀ ਨਾਲ ਆਪਣੀਆਂ ਸੇਵਾਵਾਂ ਨਿਭਾਉਣਗੇ। ਉਨ੍ਹਾਂ ਸੂਬਾ ਸਰਕਾਰ ਵਲੋਂ ਗੈਂਗਸਟਰਾਂ ਤੇ ਨਸ਼ੇ ਦੇ ਖਾਤਮੇ ਲਈ ਵਿੱਢੀ ਗਈ ਮੁਹਿੰਮ ਤਹਿਤ ਨਸ਼ੇ ਨੂੰ ਠੱਲ੍ਹ ਪਾਉਣ ਲਈ ਜ਼ਿਲ੍ਹਾ ਵਾਸੀਆਂ ਕੋਲੋਂ ਪੰਜਾਬ ਪੁਲਿਸ ਨੂੰ ਪੂਰਨ ਸਹਿਯੋਗ ਦੇਣ ਦੀ ਮੰਗ ਕੀਤੀ।ਇਸ ਮੌਕੇ ਉਨ੍ਹਾਂ ਇਹ ਵੀ ਕਿਹਾ ਕਿ ਜ਼ਿਲ੍ਹੇ ਅੰਦਰ ਕਿਸੇ ਵੀ ਤਰ੍ਹਾਂ ਦੇ ਸ਼ਰਾਰਤੀ ਅਨਸਰ ਨੂੰ ਕਿਸੇ ਵੀ ਕੀਮਤ ਤੇ ਬਖਸ਼ਿਆਂ ਨਹੀਂ ਜਾਵੇਗਾ।
ਨਿਗਮ ਹਾਊਸ ਦੀ ਮੀਟਿੰਗ ਤੋਂ ਪਹਿਲਾਂ ਕਾਂਗਰਸ ਨੇ ਕੌਂਸਲਰਾਂ ਦੀ ਕੀਤੀ ਮੀਟਿੰਗ
ਮੇਅਰ ’ਤੇ ਲਗਾਇਆ ਕਾਂਗਰਸ ਨੂੰ ਨੁਕਸਾਨ ਪਹੁੰਚਾਉਣ ਦਾ ਦੋਸ਼
ਸੁਖਜਿੰਦਰ ਮਾਨ
ਬਠਿੰਡਾ, 20 ਫਰਵਰੀ:- ਕਰੀਬ ਪੌਣੇ ਪੰਜ ਮਹੀਨਿਆਂ ਤੋਂ ਬਾਅਦ 22 ਫ਼ਰਵਰੀ ਨੂੰ ਬਠਿੰਡਾ ਨਗਰ ਨਿਗਮ ਦੇ ਜਨਰਲ ਹਾਊਸ ਦੀ ਹੋਣ ਵਾਲੀ ਮੀਟਿੰਗ ਵਿਚ ਅਪਣਾਈ ਜਾਣ ਵਾਲੀ ਰਣਨੀਤੀ ਨੂੰ ਲੈ ਕੇ ਅੱਜ ਕਾਂਗਰਸ ਪਾਰਟੀ ਦੇ ਬਹੁਗਿਣਤੀ ਕੌਂਸਲਰਾਂ ਵਲੋਂ ਜ਼ਿਲ੍ਹਾ ਕਾਂਗਰਸ ਪ੍ਰਧਾਨ ਰਾਜਨ ਗਰਗ ਦੀ ਅਗਵਾਈ ਹੇਠ ਕਾਂਗਰਸ ਭਵਨ ਵਿਚ ਮੀਟਿੰਗ ਕੀਤੀ ਗਈ। ਮੀਟਿੰਗ ਵਿਚ ਸੀਨੀਅਰ ਡਿਪਟੀ ਮੇਅਰ ਅਸ਼ੋਕ ਕੁਮਾਰ, ਡਿਪਟੀ ਮੇਅਰ ਮਾਸਟਰ ਹਰਮੰਦਰ ਸਿੰਘ ਅਤੇ ਵਿੱਤੀ ਕਮੇਟੀ ਦੇ ਮੈਂਬਰਾਂ ਤਂੋ ਇਲਾਵਾ ਦੋ ਦਰਜ਼ਨ ਕੌਂਸਲਰ ਹਾਜਰ ਹੋਏ। ਮੀਟਿੰਗ ਵਿੱਚ ਸਮੂਹ ਕੌਂਸਲਰਾਂ ਵੱਲੋਂ ਸਰਬ ਸੰਮਤੀ ਨਾਲ ਨਗਰ ਨਿਗਮ ਦੇ ਹਾਊਸ ਵਿਚ ਸਮੂਲੀਅਤ ਕਰਨ ਦਾ ਫੈਸਲਾ ਕੀਤਾ। ਪਰ ਇਸ ਦੌਰਾਨ ਕਾਂਗਰਸੀ ਕੋਂਸਲਰਾਂ ਨੇ ਮੇਅਰ ਵੱਲੋਂ ਇੱਕ ਦਿਨ ਵਿੱਚ ਤਿੰਨ ਵੱਖ-ਵੱਖ ਮੀਟਿੰਗਾਂ ਦੇ ਏਜੰਡੇ ਜਾਰੀ ਕਰਨ ’ਤੇ ਹੈਰਾਨੀ ਪ੍ਰਗਟਾਈ। ਗੌਰਤਲਬ ਹੈ ਕਿ 22 ਫ਼ਰਵਰੀ ਨੂੰ ਪਹਿਲੀ ਮੀਟਿੰਗ ਆਮ ਬਜਟ, ਦੂਜੀ ਮੀਟਿੰਗ ਜਰਨਲ ਹਾਊਸ ਅਤੇ ਤੀਜੀ ਮੀਟਿੰਗ ਲੇਖਾ ਕਮੇਟੀ ਦੀ ਰੱਖੀ ਗਈ ਹੈ। ਕੌਸਲਰਾਂ ਨੇ ਦੋਸ਼ ਲਗਾਇਆ ਕਿ ਮੀਟਿੰਗ ਵਿਚ ਰੱਖੇ ਏਜੰਡਾ ਬਿਨ੍ਹਾਂ ਕਿਸੇ ਨਾਲ ਰਾਏ-ਮਸ਼ਵਰਾ ਲਿਆਂਦੇ ਗਏ ਹਨ ਤੇ ਇਸਦਾ ਮੁੱਖ ਮਕਸਦ ਕਾਂਗਰਸ ਪਾਰਟੀ ਨੂੰ ਕਿਸੇ ਦੀ ਸ਼ਹਿ ’ਤੇ ਨੁਕਸਾਨ ਪਹੁੰਚਾਉਣਾ ਹੈ। ਕੋਂਲਸਰਾਂ ਨੇ ਦਾਅਵਾ ਕੀਤਾ ਕਿ ਜਲਦਬਾਜ਼ੀ ’ਚ ਲਏ ਗਏ ਫੈਸਲਿਆਂ ਨਾਲ ਨਗਰ ਨਿਗਮ ਦਾ ਵਿੱਤੀ ਨੁਕਸਾਨ ਵੀ ਹੋਵੇਗਾ ਅਤੇ ਆਮ ਨਾਗਰਿਕਾਂ ਦੇ ਟੈਕਸ ਦੀ ਰਕਮ ਦੀ ਦੁਰਵਰਤੋਂ ਹੋਵੇਗੀ। ਇਸ ਦੌਰਾਨ ਮੰਗ ਕੀਤੀ ਗਈ ਕਿ ਤਿੰਨੋਂ ਮੀਟਿੰਗ ਅਲੱਗ ਅਲੱਗ ਕੀਤੀਆਂ ਜਾਣ ਅਤੇ ਜਨਰਲ ਹਾਊਸ ਦੀ ਮੀਟਿੰਗ ਵਿਚ ਰੱਖੇ ਏਜੰਡਿਆਂ ਨੂੰ ਵੀ ਮੁੜ ਵਿਚਾਰਿਆਂ ਜਾਵੇ ਤਾਂ ਕਿ ਸਾਰੇ ਵਾਰਡਾਂ ਵਿਚ ਹੋਣ ਵਾਲੇ ਕੰਮਾਂ ਲਈ ਸਭ ਨੂੰ ਬਰਾਬਰ ਦੀ ਵਿੱਤੀ ਸਹਾਇਤਾ ਦਿੱਤੀ ਜਾਵੇ। ਜ਼ਿਲ੍ਹਾ ਪ੍ਰਧਾਨ ਰਾਜਨ ਗਰਗ ਨੇ ਕਿਹਾ ਕਿ ਮੇਅਰ ਨਾ ਤਾਂ ਕਾਂਗਰਸ ਪਾਰਟੀ ਪ੍ਰਤੀ ਵਫ਼ਾਦਾਰ ਹੈ ਅਤੇ ਨਾ ਹੀ ਕਿਸੇ ਸਮਾਗਮ ਵਿਚ ਹਾਜ਼ਰ ਹੋ ਰਹੇ ਹਨ। ਇਸਤੋਂ ਇਲਾਵਾ ਉਨ੍ਹਾਂ ਸ਼ਹਿਰ ਦੇ ਵਿਕਾਸ ਲਈ ਵੀ ਕੋਈ ਕਾਰਜ਼ ਨਹੀਂ ਕੀਤਾ ਹੈ। ਗੌਰਤਲਬ ਹੈ ਕਿ 22 ਫ਼ਰਵਰੀ ਨੂੰ ਹੋਣ ਵਾਲੀ ਮੀਟਿੰਗ ਵੀ ਨਿਗਮ ਕਮਿਸ਼ਨਰ ਵੱਲੋਂ ਮੇਅਰ ਨੂੰ ਕੱਢੀ ਗਈ ਸਰਕਾਰੀ ਚਿੱਠੀ ਤੋਂ ਬਾਅਦ ਹੋ ਰਹੀ ਹੈ, ਜਿਹੜੀ ਕਾਫ਼ੀ ਹੰਗਾਮੇਦਾਰ ਹੋਣ ਦੀ ਸੰਭਾਵਨਾ ਹੈ, ਕਿਉਂਕਿ ਕਾਂਗਰਸੀ ਕੋਂਸਲਰਾਂ ਵਲੋਂ ਮੇਅਰ ਨੂੰ ਇਸ ਮੀਟਿੰਗ ਦੌਰਾਨ ਸਿਆਸੀ ਤੌਰ ’ਤੇ ਘੇਰਿਆ ਜਾ ਸਕਦਾ ਹੈ। ਅੱਜ ਦੀ ਮੀਟਿੰਗ ਵਿਚ ਸਾਬਕਾ ਜਿਲ੍ਹਾ ਪ੍ਰਧਾਨ ਅਰੁਣ ਵਧਾਵਣ, ਕੋਂਸਲਰ ਬਲਜਿੰਦਰ ਸਿੰਘ ਠੇਕੇਦਾਰ, ਪਵਨ ਮਾਨੀ, ਬਲਰਾਜ ਸਿੰਘ ਪੱਕਾ, ਹਰਵਿੰਦਰ ਸਿੰਘ ਲੱਡੂ, ਰਜਿੰਦਰ ਸਿੰਘ ਸਿੱਧੂ, ਮਲਕੀਤ ਸਿੰਘ, ਸੰਤੋਸ਼ ਰਾਣੀ ਮਹੰਤ, ਮਨੋਜ ਕੁਮਾਰ, ਜਗਪਾਲ ਸਿੰਘ ਗੋਰਾ, ਸਾਧੂ ਸਿੰਘ, ਵਿਪਨ ਮਿੱਤੁ, ਵਿਕਰਮ ਕ੍ਰਾਂਤੀ , ਜਸਵੀਰ ਸਿੰਘ ਜੱਸਾ, ਚਰਣਜੀਤ ਭੋਲਾ, ਸੁਖਦੇਵ ਸਿੰਘ ਸੁੱਖਾ, ਟਹਿਲ ਸਿੰਘ ਬੁੱਟਰ, ਸੰਜੇ ਬਿਸਵਾਲ ਅਤੇ ਪ੍ਰੈਸ ਸਕੱਤਰ ਰੁਪਿੰਦਰ ਬਿੰਦਰਾ, ਸਾਬਕਾ ਕੋਂਸਲਰ ਜਗਰਾਜ ਸਿੰਘ ਆਦਿ ਹਾਜ਼ਰ ਸਨ।
ਆਈ.ਸੀ.ਆਈ.ਸੀ.ਆਈ. ਬੈਂਕ ਨੇ ਬਾਬਾ ਫ਼ਰੀਦ ਕਾਲਜ ਦੇ 4 ਵਿਦਿਆਰਥੀ ਨੌਕਰੀ ਲਈ ਚੁਣੇ
ਸੁਖਜਿੰਦਰ ਮਾਨ
ਬਠਿੰਡਾ, 20 ਫਰਵਰੀ : ਬੀ.ਐਫ.ਜੀ.ਆਈ. ਦੇ ਟਰੇਨਿੰਗ ਐਂਡ ਪਲੇਸਮੈਂਟ ਵਿਭਾਗ ਵੱਲੋਂ ਆਯੋਜਿਤ ਪਲੇਸਮੈਂਟ ਡਰਾਈਵ ਦੌਰਾਨ ਆਈ.ਸੀ.ਆਈ.ਸੀ.ਆਈ. ਬੈਂਕ ਦੀ ਬਾਬਾ ਫ਼ਰੀਦ ਕਾਲਜ ਆਫ਼ ਮੈਨੇਜਮੈਂਟ ਐਂਡ ਟੈਕਨਾਲੋਜੀ ਦੇ 4 ਵਿਦਿਆਰਥੀ ਨੌਕਰੀ ਲਈ ਚੁਣੇ ਗਏ। ਪਲੇਸਮੈਂਟ ਡਰਾਈਵ ਦੌਰਾਨ ਆਈ.ਸੀ.ਆਈ.ਸੀ.ਆਈ. ਬੈਂਕ ਦੇ ਅਧਿਕਾਰੀਆਂ ਨੇ ਐਪਟੀਚਿਊਡ ਟੈਸਟ ਰਾਹੀਂ ਵਿਦਿਆਰਥੀਆਂ ਦੀ ਚੋਣ ਪ੍ਰੀਕਿਰਿਆ ਸ਼ੁਰੂ ਕਰਨ ਤੋਂ ਬਾਦ ਇੰਟਰਵਿਊ ਕੀਤੀ। ਵਿਦਿਆਰਥੀਆਂ ਨੇ ਪੂਰੇ ਹੌਸਲੇ ਅਤੇ ਸਵੈ-ਵਿਸ਼ਵਾਸ ਨਾਲ ਇੰਟਰਵਿਊ ਦਿੱਤੀ। ਜਿਸਤੋਂ ਬਾਅਦ ਬੈਂਕ ਦੇ ਅਧਿਕਾਰੀਆਂ ਨੇ ਐਮ.ਬੀ.ਏ. ਦੇ 4 ਵਿਦਿਆਰਥੀਆਂ ਦੀਪਿਕਾ ਯਾਦਵ, ਚੰਚਲ, ਹਿਮਾਨੀ ਸ਼ੁਕਲਾ ਅਤੇ ਸ਼ਾਲਿਨੀ ਨੂੰ ਸ਼ਾਨਦਾਰ ਪੈਕੇਜ ’ਤੇ ਰਿਲੇਸ਼ਨਸ਼ਿਪ ਮੈਨੇਜਰ ਦੇ ਅਹੁਦੇ ਲਈ ਚੁਣ ਲਿਆ।ਬੀ.ਐਫ.ਜੀ.ਆਈ. ਦੇ ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ ਨੇ ਚੁਣੇ ਗਏ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਦੱਸਿਆ ਕਿ ਕਾਲਜ ਵੱਲੋਂ ਐਮ.ਬੀ.ਏ. ਦੇ ਸਾਰੇ ਵਿਦਿਆਰਥੀਆਂ ਦੀ ਪਲੇਸਮੈਂਟ ਨੂੰ ਯਕੀਨੀ ਬਣਾਉਣ ਲਈ ਉਪਰਾਲੇ ਲਗਾਤਾਰ ਜਾਰੀ ਹਨ। ਬਾਬਾ ਫ਼ਰੀਦ ਕਾਲਜ ਆਫ਼ ਮੈਨੇਜਮੈਂਟ ਐਂਡ ਟੈਕਨਾਲੋਜੀ ਦੇ ਵਿਦਿਆਰਥੀਆਂ ਨੂੰ ਪਲੇਸਮੈਂਟ ਦਾ ਅਜਿਹਾ ਮੌਕਾ ਪ੍ਰਦਾਨ ਕਰਨ ਲਈ ਉਨ੍ਹਾਂ ਨੇ ਆਈ.ਸੀ.ਆਈ.ਸੀ.ਆਈ. ਬੈਂਕ ਦੇ ਅਧਿਕਾਰੀਆਂ ਦਾ ਧੰਨਵਾਦ ਵੀ ਕੀਤਾ।
ਰਿਸ਼ਵਤ ਮਾਮਲਾ:ਐਮ.ਐਲ.ਏ ਵਿਰੁੱਧ ਕਾਰਵਾਈ ਦੀ ਮੰਗ ਨੂੰ ਲੈਕੇ ਇਕਜੁੱਟ ਹੋਏ ਸਰਪੰਚ
ਸਰਪੰਚ ਯੂਨੀਅਨ ਨੇ ਮੀਟਿੰਗ ਕਰਕੇ ਸਰਕਾਰ ਨੂੰ ਦਿੱਤਾ ਅਲਟੀਮੇਟਮ
ਸੁਖਜਿੰਦਰ ਮਾਨ
ਬਠਿੰਡਾ, 20 ਫਰਵਰੀ- ਲੰਘੀ 16 ਫ਼ਰਵਰੀ ਨੂੰ ਬਠਿੰਡਾ ਦੇ ਸਰਕਟ ਹਾਊਸ ਵਿਖੇ ਕਾਬੂ ਕੀਤੇ ਗਏ ਬਠਿੰਡਾ ਦਿਹਾਤੀ ਹਲਕੇ ਦੇ ਵਿਧਾਇਕ ਅਮਿਤ ਰਤਨ ਦੇ ਕਥਿਤ ਪੀ ਏ ਰਿਸ਼ਮ ਗਰਗ ਦੇ ਮਾਮਲੇ ਵਿਚ ਹੁਣ ਸਰਪੰਚਾਂ ਨੇ ਵੀ ਇਕਜੁੱਟ ਹੋਣਾ ਸ਼ੁਰੂ ਕਰ ਦਿੱਤਾ ਹੈ। ਇਸ ਮਾਮਲੇ ਵਿਚ ਕਾਰਵਾਈ ਕਰਵਾਉਣ ਵਾਲੇ ਪਿੰਡ ਘੁੱਦਾ ਦੀ ਮਹਿਲਾ ਸਰਪੰਚ ਸੀਮਾ ਰਾਣੀ ਦੇ ਪਤੀ ਪ੍ਰਿਤਪਾਲ ਉਰਫ ਕਾਕਾ ਦੇ ਹੱਕ ਵਿੱਚ ਡਟਦਿਆਂ ਸਰਪੰਚ ਯੂਨੀਅਨ ਨੇ ਮੁੱਖ ਮੰਤਰੀ ਭਗਵੰਤ ਮਾਨ ਕੋਲੋ ਆਪਣੇ ਵਿਧਾਇਕ ਦੀ ਭੂਮਿਕਾ ਦੀ ਜਾਂਚ ਕਰਕੇ ਉਸਦੇ ਵਿਰੁੱਧ ਕਾਰਵਾਈ ਦੀ ਮੰਗ ਕੀਤੀ ਹੈ। ਇਸ ਸਬੰਧ ਵਿੱਚ ਅੱਜ ਸਰਪੰਚ ਯੂਨੀਅਨ ਵੱਲੋਂ ਸ਼ਿਕਾਇਤਕਰਤਾ ਨਾਲ ਮੀਟਿੰਗ ਕੀਤੀ ਗਈ।ਇਸ ਮੌਕੇ ਸਰਪੰਚ ਯੂਨੀਅਨ ਬਠਿੰਡਾ ਜ਼ਿਲ੍ਹਾ ਦੇ ਪ੍ਰਧਾਨ ਹਰਦੀਪ ਸਿੰਘ ਦਾ ਕਹਿਣਾ ਹੈ ਕਿ ਜਿਸ ਤਰ੍ਹਾਂ ਪਿਛਲੇ ਦਿਨੀਂ ਹਲਕਾ ਦਿਹਾਤੀ ਦੇ ਵਿਧਾਇਕ ਅਮਿਤ ਰਤਨ ਦੇ ਪੀ ਏ ਰਿਸ਼ਵਤ ਲੈਂਦਾ ਫੜਿਆ ਗਿਆ ਹੈ, ਪਰ ਵਿਧਾਇਕ ਖਿਲਾਫ ਕਿਸੇ ਤਰਾਂ ਦੀ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ, ਜੇਕਰ ਸਰਕਾਰ ਨੇ ਆਉਂਦੇ ਦਿਨਾਂ ਵਿੱਚ ਵਿਧਾਇਕ ਖ਼ਿਲਾਫ਼ ਬਣਦੀ ਕਾਰਵਾਈ ਨਹੀਂ ਕੀਤੀ ਗਈ ਤਾਂ ਉਨ੍ਹਾਂ ਵੱਲੋਂ ਇਹ ਸੰਘਰਸ਼ ਸਰਕਾਰ ਖਿਲਾਫ ਵਿੱਢਿਆ ਜਾਵੇਗਾ ਅਤੇ ਸੂਬੇ ਭਰ ਦੇ ਸਰਪੰਚਾਂ ਨੂੰ ਇਕੱਠਾ ਕਰਕੇ ਸਰਕਾਰ ਖਿਲਾਫ ਪ੍ਰਦਰਸ਼ਨ ਕਰਦੇ ਹੋਏ ਸਖਤ ਕਾਰਵਾਈ ਦੀ ਮੰਗ ਕੀਤੀ ਜਾਵੇਗੀ ਕਿਉਂਕਿ ਭਗਵੰਤ ਮਾਨ ਸਰਕਾਰ ਵੱਲੋਂ ਦਾਅਵਾ ਕੀਤਾ ਜਾ ਰਿਹਾ ਸੀ ਕਿ ਉਹ ਭ੍ਰਿਸ਼ਟਾਚਾਰ ਨੂੰ ਜੜ੍ਹੋਂ ਖਤਮ ਕਰਨਗੇ ਪ੍ਰੰਤੂ ਉਨ੍ਹਾਂ ਦੀ ਪਾਰਟੀ ਦੇ ਕੁਝ ਚੁਣੇ ਹੋਏ ਨੁਮਾਇੰਦੇ ਖ਼ੁਦ ਭ੍ਰਿਸ਼ਟਾਚਾਰ ਨਾਲ ਲਿਪਤ ਹਨ। ਸਰਪੰਚ ਯੂਨੀਅਨ ਬਲਾਕ ਸੰਗਤ ਦੇ ਪ੍ਰਧਾਨ ਸਰਨਜੀਤ ਸਿੰਘ ਦਾ ਕਹਿਣਾ ਹੈ ਕਿ ਵਿਧਾਇਕ ਵੱਲੋਂ ਪਹਿਲਾਂ ਵੀ ਕਈ ਪੰਚਾਂ-ਸਰਪੰਚਾਂ ਨੂੰ ਤੰਗ-ਪ੍ਰੇਸ਼ਾਨ ਕੀਤਾ ਜਾਂਦਾ ਰਿਹਾ ਹੈ।
ਵਿਧਾਇਕ ਦੇ ਨਜ਼ਦੀਕੀ ਰਿਸ਼ਮ ਗਰਗ ਦਾ ਵਿਜੀਲੈਂਸ ਨੂੰ ਮੁੜ ਮਿਲਿਆ ਤਿੰਨ ਰੋਜ਼ਾ ਰਿਮਾਂਡ
1.31 ਹਜ਼ਾਰ ਕੀਤੇ ਬਰਾਮਦ, ਵਿਧਇਕ ਦੇ ਨਾਲ ਸਬੰਧਾਂ ਬਾਰੇ ਹੋਵੇਗੀ ਪੁਛਗਿਛ
ਸੁਖਜਿੰਦਰ ਮਾਨ
ਬਠਿੰਡਾ, 20 ਫਰਵਰੀ : ਲੰਘੀ 16 ਫ਼ਰਵਰੀ ਦੀ ਸ਼ਾਮ ਨੂੰ ਵਿਜੀਲੈਂਸ ਵਲੋਂ ਬਠਿੰਡਾ ਦੇ ਸਰਕਟ ਹਾਊਸ ਵਿਖੇ ਇੱਕ ਮਹਿਲਾ ਸਰਪੰਚ ਦੇ ਪਤੀ ਕੋਲੋ ਗ੍ਰਾਂਟਾਂ ਰਿਲੀਜ਼ ਕਰਵਾਉਣ ਬਦਲੇ ਚਾਰ ਲੱਖ ਰੁਪਏ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀ ਕਾਬੂ ਕੀਤੇ ਗਏ ਬਠਿੰਡਾ ਦਿਹਾਤੀ ਹਲਕੇ ਦੇ ਵਿਧਾਇਕ ਦੇ ਨਜ਼ਦੀਕੀ ਸਾਥੀ ਰਿਸ਼ਮ ਗਰਗ ਨੂੰ ਅੱਜ ਮੁੜ ਅਦਾਲਤ ਨੇ ਤਿੰਨ ਦਿਨਾਂ ਦੇ ਪੁਲਿਸ ਰਿਮਾਂਡ ’ਤੇ ਵਿਜੀਲੈਂਸ ਨੂੰ ਸੌਪ ਦਿੱਤਾ ਹੈ। ਵਿਜੀਲੈਂਸ ਵਲੋਂ ਪੇਸ਼ ਹੋਏ ਵਧੀਕ ਜ਼ਿਲ੍ਹਾ ਅਟਾਰਨੀ ਅਮਰਜੀਤ ਸਿਆਲ ਅਤੇ ਤਰੁਣ ਗੋਇਲ ਨੇ ਅਦਾਲਤ ਵਿਚ ਦਾਅਵਾ ਕੀਤਾ ਕਿ ਕਥਿਤ ਮੁਜਰਮ ਕੋਲੋ ਰਿਸ਼ਵਤ ਦੇ ਰੂਪ ਵਿਚ ਲਏ ਗਏ 1.31 ਹਜ਼ਾਰ ਰੁਪਏ ਬਰਾਮਦ ਹੋ ਚੁੱਕੇ ਹਨ ਤੇ ਬਾਕੀ 1.69 ਹਜ਼ਾਰ ਰੁਪਏ ਬਰਾਮਦ ਕੀਤੇ ਜਾਣੇ ਹਨ। ਇਸੇ ਤਰ੍ਹਾਂ ਇਸਦੇ ਵਿਧਾਇਕ ਨਾਲ ਸਬੰਧਾਂ ਬਾਰੇ ਵੀ ਪੁਛਪੜਤਾਲ ਕੀਤੀ ਜਾਣੀ ਹੈ ਤੇ ਨਾਲ ਹੀ ਹੁਣ ਤੱਕ ਇਸ ਵੱਲੋਂ ਕਿੰਨੇ ਪੈਸੇ ਇਸ ਤਰ੍ਹਾਂ ਇਕੱਠੇ ਕੀਤੇ ਗਏ ਹਨ, ਬਾਰੇ ਵੀ ਜਾਣਨਾ ਹੈ। ਇਸ ਦੌਰਾਨ ਅਦਾਲਤ ਵਿਚ ਸਰਕਾਰੀ ਪੱਖ ਤੇ ਬਚਾਓ ਪੱਖ ਦੇ ਵਕੀਲ ਗੁਰਜੀਤ ਸਿੰਘ ਖਡਿਆਲ ਦੌਰਾਨ ਕਾਫ਼ੀ ਦਲੀਲਬਾਜ਼ੀ ਵੀ ਹੋਈ। ਉਧਰ ਪਤਾ ਲੱਗਿਆ ਹੈ ਕਿ ਵਿਜੀਲੈਂਸ ਵਲੋਂ ਇਸ ਮਾਮਲੇ ਵਿਚ ਵਿਧਾਇਕ ਨੂੰ ਵੀ ਹੱਥ ਪਾਉਣ ਦੀ ਲਗਭਗ ਤਿਆਰੀ ਕਰ ਲਈ ਗਈ ਹੈ। ਸੂਤਰਾਂ ਮੁਤਾਬਕ ਇਸ ਸਬੰਧ ਵਿਚ ਮੁਦਈ ਪ੍ਰਿਤਪਾਲ ਕਾਕਾ ਵਲੋਂ ਮੁਹੱਈਆਂ ਕਰਵਾਈਆਂ ਗਈਆਂ ਆਡੀਓਜ਼ ਦੀ ਵੀ ਪੜਤਾਲ ਕਰਵਾਈ ਜਾ ਰਹੀ ਹੈ ਤੇ ਨਾਲ ਹੀ ਅਰੋਪੀ ਰਿਸ਼ਮ ਗਰਗ ਦੇ ਫ਼ੋਨ ਦੀ ਕਾਲ ਡਿਟੇਲ ਮੰਗੀ ਗਈ ਹੈ। ਸੂਚਨਾ ਮੁਤਾਬਕ ਵਿਜੀਲੈਂਸ ਅਧਿਕਾਰੀਆਂ ਦੇ ਹੱਥ ਇਸ ਕੇਸ ਦੀ ਹੁਣ ਤੱਕ ਹੋਈ ਪੜਤਾਲ ਦੌਰਾਨ ਪਿਛਲੇ ਕੁੱਝ ਸਮੇਂ ਵਿਚ ਬਠਿੰਡਾ ਦਿਹਾਤੀ ਹਲਕੇ ਵਿਚ ਹੋਏ ਕੰਮਾਂ ਬਾਰੇ ਕਾਫ਼ੀ ਮਹੱਤਵਪੂਰ ਸੁਰਾਗ ਹੱਥ ਲੱਗੇ ਹਨ। ਵਿਧਾਇਕ ਦੇ ਨਾਲ ਵਿਚਰਨ ਵਾਲੇ ਹਲਕੇ ਦੇ ਕੁੱਝ ਆਪ ਆਗੂਆਂ ਦੀ ਵੀ ਭੂਮਿਕਾ ਸਬੰਧੀ ਜਾਂਚ ਕੀਤੀ ਜਾ ਰਹੀ ਹੈ।
ਕਮਿਸ਼ਨਰ ਦੇ ਪੱਤਰ ਤੋਂ ਬਾਅਦ ਮੇਅਰ ਨੇ ਸੱਦੀ ਨਿਗਮ ਦੇ ਹਾਊਸ ਦੀ ਮੀਟਿੰਗ , 22 ਨੂੰ ਪਾਸ ਹੋਵੇਗਾ ਬਜ਼ਟ
174 ਕਰੋੜ ਸਲਾਨਾ ਹੋਵੇਗੀ ਆਮਦਨ ਤੇ ਇਕੱਲੀਆਂ ਤਨਖ਼ਾਹਾਂ ਉਪਰ ਹੀ ਖਰਚ ਹੋਣਗੇ 102 ਕਰੋੜ
ਸੁਖਜਿੰਦਰ ਮਾਨ
ਬਠਿੰਡਾ, 19 ਫਰਵਰੀ : ਬਠਿੰਡਾ ਨਗਰ ਨਿਗਮ ਨੂੰ ਹੁਣ ਵਿਕਾਸ ਕਾਰਜ਼ ਦੇ ਕੰਮਾਂ ਲਈ ਪੰਜਾਬ ਤੇ ਕੇਂਦਰ ਵਲੋਂ ਮਿਲਣ ਵਾਲੀਆਂ ਗ੍ਰਾਟਾਂ ਦਾ ਰਾਹ ਦੇਖਣਾ ਪਏਗਾ। ਅਗਲੇ ਵਿੱਤੀ ਸਾਲ ਦੇ ਬਜ਼ਟ ਲਈ ਆਗਾਮੀ 22 ਫ਼ਰਵਰੀ ਨੂੰ ਕੀਤੀ ਜਾ ਰਹੀ ਮੀਟਿੰਗ ਵਿਚ ਰੱਖੇ ਅੰਕੜੇ ਕੁੱਝ ਅਜਿਹਾ ਹੀ ਦਰਸਾਉਂਦੇ ਹਨ। ਨਿਗਮ ਨੂੰ ਸਾਲ 2023-24 ਵਿਚ ਸਾਰੇ ਵਸੀਲਿਆਂ ਤੋਂ 174 ਕਰੋੜ ਰੁਪਏ ਦੀ ਆਮਦਨ ਹੋਣ ਦੀ ਉਮੀਦ ਹੈ, ਜਿਹੜੀ ਚਾਲੂ ਵਿਤੀ ਸਾਲ ਦੇ ਕੁੱਲ ਅਨੁਮਾਨਿਤ 155 ਕਰੋੜ ਦੇ ਬਜ਼ਟ ਤੋਂ 19 ਕਰੋੜ ਰੁਪਏ ਜਿਆਦਾ ਹੈ। ਪ੍ਰੰਤੂ ਇਸ ਆਮਦਨ ਵਿਚੋਂ 102 ਕਰੋੜ ਇਕੱਲੇ ਮੁਲਾਜਮਾਂ ਦੀਆਂ ਤਨਖ਼ਾਹਾਂ ਤੇ ਹੋਰਨਾਂ ਭੱਤਿਆਂ ਉਪਰ ਹੀ ਖਰਚ ਹੋਣਗੇ ਜਦੋਂਕਿ ਨਿਗਮ ਦੇ ਪੱਕੇ ਖ਼ਰਚਿਆਂ ਲਈ ਕਰੀਬ 55 ਕਰੋੜ ਰੁਪਏ ਦੀ ਜਰੂਰਤ ਪਏਗੀ। ਇਸਤੋਂ ਇਲਾਵਾ ਦਫ਼ਤਰੀ ਖ਼ਰਚਿਆਂ ਤੋਂ ਇਲਾਵਾ ਕਰੋੜਾਂ ਦੇ ਚੁੱਕੇ ਹੋੲੈ ਕਰਜਿਆਂ ਦੀ ਬਕਾਇਆ ਕਿਸ਼ਤਾਂ ਤੇ ਵਿਆਜ਼ ਅਲੱਗ ਤੋਂ ਮੂੰਹ ਅੱਡੀ ਖੜੇ ਹੋਣਗੇ। ਜਿਸਦੇ ਚੱਲਦੇ ਸ਼ਹਿਰ ਦੇ ਵਿਕਾਸ ਕੰਮਾਂ ਲਈ ਜਿਆਦਾਤਰ ਕੇਂਦਰ ਅਤੇ ਪੰਜਾਬ ਸਰਕਾਰ ਤੋਂ ਮਿਲਣ ਵਾਲੀਆਂ ਗ੍ਰਾਂਟਾਂ ’ਤੇ ਟੇਕ ਰਹੇਗੀ। ਉਂਜ ਨਿਗਮ ਵਲੋਂ ਚਾਲੂ ਵਿਤੀ ਸਾਲ ਦੇ ਮੁਕਾਬਲੇ 4 ਕਰੋੜ ਦੇ ਵਾਧੇ ਨਾਲ ਸ਼ਹਿਰ ਦੇ ਵਿਕਾਸ ਕੰਮਾਂ ਲਈ 36 ਕਰੋੜ ਰੁਪਏ ਦੀ ਰਾਸ਼ੀ ਰਾਖ਼ਵੀਂ ਰੱਖੀ ਹੈ। ਨਿਗਮ ਦਫ਼ਤਰ ਵਲੋਂ 22 ਫ਼ਰਵਰੀ ਨੂੰ ਸਵੇਰੇ 11 ਵਜੇਂ ਨਿਗਮ ਦੇ ਮੀਟਿੰਗ ਹਾਲ ਵਿਚ ਰੱਖੀ ਇਸ ਬਜ਼ਟ ਮੀਟਿੰਗ ਲਈ ਕੱਢੇ ਏਜੰਡੇ ਮੁਤਾਬਕ ਨਿਗਮ ਨੂੰ ਸਭ ਤੋਂ ਵਧ ਆਮਦਨ ਵੈਟ ਤੋਂ 95 ਕਰੋੜ ਰੁਪਏ ਹੋਣ ਦੀ ਉਮੀਦ ਹੈ, ਜਿਹੜੀ ਕਿ ਚਾਲੂ ਸਾਲ ਨਾਲੋਂ ਕਰੀਬ ਸਾਢੇ ਪੰਜ ਕਰੋੜ ਵਧ ਹੈ। ਇਸੇ ਤਰ੍ਹਾਂ ਹਾਊਸ ਟੈਕਸ ਤੋਂ 16 ਕਰੋੜ, ਵਿਕਾਸ ਚਾਰਜ਼ ਅਤੇ ਸੀਐਲਯੂ ਤੋਂ ਕ੍ਰਮਵਾਰ ਸਾਢੇ 7-7 ਕਰੋੜ ਰੁਪਏ ਇਕੱਠੇ ਹੋਣ ਦੀ ਉਮੀਦ ਜਤਾਈ ਜਾ ਰਹੀ ਹੈ। ਐਕਸ਼ਾਈਜ਼ ਡਿਊਟੀ ਤੋਂ ਸਾਢੇ ਅੱਠ ਕਰੋੜ , ਕਾਓ ਸੈਸ ਤੋਂ ਸਵਾ ਤਿੰਨ ਕਰੋੜ ਅਤੇ ਸ਼ਹਿਰ ਵਿਚ ਲੱਗਣ ਵਾਲੇ ਇਸ਼ਤਿਹਾਰਾਂ ਤੋਂ ਸਾਢੇ ਤਿੰਨ ਰੁਪਏ ਆਉਣ ਦੀ ਸੰਭਾਵਨਾ ਹੈ। ਜੇਕਰ ਦੂਜੇ ਪਾਸੇ ਨਿਗਮ ਦੇ ਖ਼ਰਚਿਆਂ ਦੀ ਗੱਲ ਕੀਤੀ ਜਾਵੇ ਤਾਂ ਬਜ਼ਟ ਦਾ ਜਿਆਦਾਤਰ ਮੁਲਾਜਮਾਂ ਦੀਆਂ ਤਨਖ਼ਾਹਾਂ ਤੇ ਭੱਤਿਆ ਆਦਿ ’ਤੇ ਹੀ ਨਿਕਲ ਜਾਵੇਗਾ। ਇਸਦੇ ਲਈ ਕੁੱਲ 102.2 ਕਰੋੜ ਰੁਪਏ ਰਾਖ਼ਵੇ ਰੱਖੇ ਗਏ ਹਨ। ਇਸਤੋਂ ਇਲਾਵਾ ਪੱਕੇ ਖ਼ਰਚਿਆਂ, ਜਿਸ ਵਿਚ ਵਾਟਰ ਸਪਲਾਈ ਤੇ ਸੀਵਰੇਜ਼ ਸਿਸਟਮ ਦੇ ਬਿੱਲ, ਮੈਟੀਨੈਂਸ, ਸਟਰੀਟ ਲਾਈਟਾਂ, ਸਾਫ਼ ਸਫ਼ਾਈ, ਗਊਸ਼ਾਲਾ ਦਾ ਖ਼ਰਚਾ, ਪਾਰਕਾਂ ਦਾ ਰੱਖ-ਰਖਾਵ, ਜਨਤਕ ਪਖਾਨਿਆਂ ਦੀ ਦੇਖਭਾਲ, ਕਰਜ਼ਾ ਵਾਪਸੀ ਆਦਿ ਸ਼ਾਮਲ ਹੈ। ਚਾਲੂ ਵਿਤੀ ਸਾਲ ਇਸ ਪੱਕੇ ਖ਼ਰਚੇ ਵਜੋਂ 39.28 ਕਰੋੜ ਰਾਖ਼ਵੇ ਰੱਖੇ ਗਏ ਸਨ, ਜਿੰਨ੍ਹਾਂ ਵਿਚੋਂ 31 ਜਨਵਰੀ 2023 ਤੱਕ ਕਰੀਬ 33 ਕਰੋੜ ਖ਼ਰਚ ਹੋ ਚੁੱਕੇ ਹਨ ਤੇ ਕੁੱਲ ਖਰਚੇ 42 ਕਰੋੜ ਤੱਕ ਪੁੱਜਣ ਦੀ ਉਮੀਦ ਹੈ।
ਬਾਕਸ
ਨਿਗਮ ਸਿਰ ਕਰਜਿਆਂ ਦੀ ਪੰਡ ਵੀ ਹੋਈ ਭਾਰੀ
ਬਠਿੰਡਾ: ਆਮਦਨ ਦੇ ਮੁਕਾਬਲੇ ਜਿੱਥੇ ਨਿਗਮ ਦੇ ਖ਼ਰਚੇ ਬਰਾਬਰ ਹੁੰਦੇ ਜਾ ਰਹੇ ਹਨ, ਉਥੇ ਪਿਛਲੇ ਸਮਿਆਂ ਦੌਰਾਨ ਵਿਕਾਸ ਕੰਮਾਂ ਤੇ ਸੀਵਰੇਜ਼ ਤੇ ਪਾਣੀ ਆਦਿ ਪ੍ਰੋਜੈਕਟਾਂ ਲਈ ਲਏ ਕਰਜਿਆਂ ਦੀ ਪੰਡ ਵੀ ਭਾਰੀ ਹੁੰਦੀ ਜਾ ਰਹੀ ਹੈ। ਨਿਗਮ ਦੇ ਅਪਣੇ ਅੰਕੜਿਆਂ ਮੁਤਾਬਕ ਬਲਿਊ ਫ਼ੋਕਸ ਵਾਲੀ ਜਮੀਨ ਦੇ ਬਦਲੇ ਪੀਆਈਡੀਬੀ ਵਲੋਂ ਵਿਕਾਸ ਕਾਰਜ਼ਾਂ ਲਈ 40 ਕਰੋੜ ਰੁਪੲੈ ਦਿੱਤੇ ਗਏ ਸਨ ਅਤੇ ਕਰੀਬ 12.45 ਕਰੋੜ ਐਡਵਾਂਸ ਕਿਸ਼ਤ ਵਜੋਂ ਮਿਲਣ ਵਾਲੀ ਰਾਸ਼ੀ ਦੇ ਬਦਲੇ ਦਿੱਤੇ ਗਏ ਸਨ। ਹੁਣ ਨਿਗਮ ਸਿਰ ਇਕੱਲੀ ਪੀਆਈਡੀਬੀ ਦਾ ਕਰਜ਼ ਹੀ 52 ਕਰੋੜ ਤੋਂ ਵੱਧ ਹੈ। ਇਸੇ ਤਰ੍ਹਾਂ ਅਕਾਲੀ-ਭਾਜਪਾ ਸਰਕਾਰ ਦੌਰਾਨ ਸ਼ਹਿਰ ਵਿਚ ਸਾਫ਼ ਪਾਣੀ ਤੇ ਸੀਵਰੇਜ਼ ਵਿਵਸਥਾ ਮੁਹੱਈਆਂ ਕਰਵਾਉਣ ਲਈ 288 ਕਰੋੜ ਦਾ ਪ੍ਰੋਜੈਕਟ ਪਾਸ ਕੀਤਾ ਗਿਆ ਸੀ। ਇਸਦੇ ਬਦਲੇ ਹੁਡਕੋ ਵਲੋਂ ਨਿਗਮ ਨੂੰ 105 ਕਰੋੜ ਦੀ ਪ੍ਰਵਾਨਗੀ ਦਿੱਤੀ ਗਈ ਸੀ ਤੇ ਇਸ ਵਿਚੋਂ 43.75 ਕਰੋੜ ਦਾ ਕਰਜ਼ਾ ਦਿੱਤਾ ਜਾ ਚੁੱਕਾ ਹੈ, ਜਿਸ ਵਿਚੋਂ ਨਿਗਮ 2013 ਤੋਂ ਲੈ ਕੇ ਜਨਵਰੀ 2023 ਤੱਕ ਮੂਲ ਰਾਸ਼ੀ ਵਿਚੋਂ ਕਰੀਬ 40 ਕਰੋੜ ਅਤੇ ਵਿਆਜ਼ ਵਜੋਂ 14.65 ਕਰੋੜ ਰੁਪਏ ਵਾਪਸ ਦੇ ਚੁੱਕਿਆ ਹੈ।
ਬਠਿੰਡਾ ਨਗਰ ਨਿਗਮ ਦੇ ਦਫ਼ਤਰ ਦੀ ਇਮਾਰਤ ਨੂੰ ਬਦਲਕੇ ਸਿਵਲ ਲਾਈਨ ਇਲਾਕੇ ਵਿਚ ਲਿਜਾਣ ਦੀ ਯੋਜਨਾ
ਮੇਅਰ ਵਾਸਤੇ ਨਵੀਂ ਗੱਡੀ ਖ਼ਰੀਦਣ ਦੀ ਵੀ ਸਕੀਮ
ਸੁਖਜਿੰਦਰ ਮਾਨ
ਬਠਿੰਡਾ, 19 ਫਰਵਰੀ : ਕਰੀਬ ਪੌਣੈ ਪੰਜ ਮਹੀਨਿਆਂ ਬਾਅਦ ਆਗਾਮੀ 22 ਫ਼ਰਵਰੀ ਨੂੰ ਨਗਰ ਨਿਗਮ ਦੇ ਜਨਰਲ ਹਾਊਸ ਦੀ ਹੋਣ ਜਾ ਰਹੀ ਮੀਟਿੰਗ ਕਾਫ਼ੀ ਹੰਗਾਮੇ ਭਰਪੂਰ ਰਹਿਣ ਦੀ ਸੰਭਾਵਨਾ ਹੈ। ਕਾਂਗਰਸੀਆਂ ਦੇ ਆਪਸੀ ਕਾਟੋ-ਕਲੈਸ਼ ਦੇ ਚੱਲਦਿਆਂ ਮੀਟਿੰਗ ਨਾ ਹੋਣ ਕਾਰਨ ਸ਼ਹਿਰ ਦੇ ਵਿਕਾਸ ਕੰਮਾਂ ਨੂੰ ਵੀ ‘ਬਰੇਕ’ ਲੱਗਦੀ ਨਜ਼ਰ ਆ ਰਹੀ ਹੈ। ਇਸ ਸਬੰਧ ਵਿਚ 13 ਫ਼ਰਵਰੀ ਨੂੰ ਨਿਗਮ ਦੇ ਕਮਿਸ਼ਨਰ ਵਲੋਂ ਮੇਅਰ ਨੂੰ ਮੀਟਿੰਗ ਕਰਵਾਉਣ ਲਈ ਕੱਢੇ ਡੀਓ ਲੈਟਰ ਤੋਂ ਬਾਅਦ ਹੁਣ ਇਹ ਮੀਟਿੰਗ ਰੱਖੀ ਗਈ ਹੈ। ਵੱਡੀ ਗੱਲ ਇਹ ਵੀ ਹੈ ਕਿ ਭਾਜਪਾ ਵਿਚ ਸ਼ਾਮਲ ਹੋਣ ਵਾਲੇ ਮਨਪ੍ਰੀਤ ਸਿੰਘ ਬਾਦਲ ਨਾਲ ਚੱਲ ਰਹੇ ਮੇਅਰ ਧੜੇ ਵਲੋਂ ਵੀ ‘ਚਾਲ’ ਖੇਡਦਿਆਂ ਉਕਤ ਦਿਨ ਹੀ ਜਨਰਲ ਹਾਊਸ ਦੀਆਂ ਲਗਾਤਾਰ ਦੋ ਮੀਟਿੰਗਾਂ ਰੱਖ ਲਈਆਂ ਗਈਆਂ ਹਨ, ਜਿੰਨ੍ਹਾਂ ਵਿਚ ਪਹਿਲੀ ਮੀਟਿੰਗ 11 ਵਜੇਂ ਨਿਗਮ ਦੇ ਸਲਾਨਾ ਬਜ਼ਟ ਨੂੰ ਪਾਸ ਕਰਨ ਲਈ ਰੱਖੀ ਗਈ ਹੈ ਜਦੋਂਕਿ ਉਸਤੋਂ ਬਾਅਦ 12 ਵਜਂੇ ਸ਼ਹਿਰ ਦੇ ਵਿਕਾਸ ਕੰਮਾਂ ਲਈ ਦੂਜੀ ਮੀਟਿੰਗ ਦਾ ਏਜੰਡਾ ਕੱਢਿਆ ਗਿਆ ਹੈ। ਇਸ ਮੀਟਿੰਗ ਲਈ ਕੱਢੇ ਗਏ ਏਜੰਡੇ ਮੁਤਾਬਕ ਨਿਗਮ ਦੀ ਮੌਜੂਦਾ ਇਮਾਰਤ ਨੂੰ ਵੀ ਬਦਲੇ ਜਾਣ ਦੀ ਤਜ਼ਵੀਜ਼ ਹੈ। ਇਸ ਤਜਵੀਜ਼ ਮੁਤਾਬਕ ਨਿਗਮ ’ਚ ਪਾਰਕਿੰਗ ਤੇ ਦਫ਼ਤਰਾਂ ਦੀ ਘਾਟ ਅਤੇ ਸ਼ਹਿਰ ਵਾਸੀਆਂ ਨੂੰ ਆ ਰਹੀਆਂ ਦਿੱਕਤਾਂ ਦੇ ਸਨਮੁੱਖ ਇਸ ਦਫ਼ਤਰ ਦੀ ਜਗ੍ਹਾਂ ਨੂੰ ਸੋਅਰੂਮ ਤੇ ਦੁਕਾਨਾਂ ਦੇ ਰੂਪ ਵਿਚ ਵੇਚ ਕੇ ਹੋਣ ਵਾਲੀ ‘ਵੱਟਤ’ ਨਾਲ ਸਿਵਲ ਲਾਈਨ ਖੇਤਰ ਵਿਚ ਅਤਿਆਧੁਨਿਕ ਇਮਾਰਤ ਬਣਾਉਣ ਲਈ ਕਿਹਾ ਗਿਆ ਹੈ। ਇਸ ਇਮਾਰਤ ਲਈ ਜਮੀਨ ਬੀਡੀਏ ਤੋਂ ਲੈਣ ਦੀ ਯੋਜਨਾ ਬਣਾਈ ਗਈ ਹੈ, ਜਿਸਨੂੰ ਇਸਦੇ ਬਦਲੇ ਰੋਜ਼ ਗਾਰਡਨ ਦੇ ਸਾਹਮਣੇ ਬਲਿਊ ਬਾਕਸ ਨਜਦੀਕ ਨਿਗਮ ਦੀ ਜਮੀਨ ਦੇਣ ਦਾ ਪ੍ਰਸਤਾਵ ਰੱਖਿਆ ਗਿਆ ਹੈ। ਇਸਦੇ ਪਿਛੇ ਤਰਕ ਦਿੱਤਾ ਗਿਆ ਹੈ, ਨਿਗਮ ਦਫ਼ਤਰ ਵਿਚ ਜਿੱਥੇ ਹਰ ਰੋਜ਼ ਹਜ਼ਾਰਾਂ ਲੋਕਾਂ ਦਾ ਆਉਣਾ-ਜਾਣਾ ਲੱਗਿਆ ਰਹਿੰਦਾ ਹੈ, ਉਸਦੇ ਹਿਸਾਬ ਨਾਲ ਨਾਂ ਤਾਂ ਪਾਰਕਿੰਗ ਦੀ ਸੁਵਿਧਾ ਹੈ ਤੇ ਨਾਂ ਹੀ ਮੁਲਾਜਮਾਂ ਤੇ ਅਧਿਕਾਰੀਆਂ ਦੇ ਬੈਠਲਣ ਲਈ ਜਗ੍ਹਾਂ ਹੈ। ਇਸਤੋਂ ਇਲਾਵਾ ਮੀਟਿੰਗ ਵਿਚ ਰੱਖੇ ਇੱਕ ਹੋਰ ਮਹੱਤਵਪੂਰਨ ਏਜੰਡੇ ਮੁਤਾਬਕ 12 ਸਾਲ ਪਹਿਲਾਂ 86 ਕਰੋੜ ਬਦਲੇ ਨਗਰ ਸੁਧਾਰ ਟਰੱਸਟ ਨੂੰ ਰੋਜ਼ ਗਾਰਡਨ ਦੇ ਸਾਹਮਣੇ ਬਲਿਊ ਫਾਕਸ ਵਾਲੀ ਜਮੀਨ ਦਾ ਵੀ ਨਿਬੇੜਾ ਕਰਨ ਦਾ ਮਤਾ ਰੱਖਿਆ ਗਿਆ ਹੈ। ਟਰੱਸਟ ਇਸ ਜਮੀਨ ਬਦਲੇ ਸਿਰਫ਼ ਹੁਣ ਤੱਕ ਸਵਾ 23 ਕਰੋੜ ਰੁਪਏ ਦੇਣ ਤੋਂ ਬਾਅਦ ਹੱਥ ਖੜਾ ਕਰ ਗਿਆ ਹੈ। ਜਦ ਨਿਗਮ ਵਲੋਂ ਬਕਾਇਆ ਰਾਸ਼ੀ ਟਰੱਸਟ ਕੋਲੋ ਮੰਗੀ ਗਈ ਤਾਂ ਟਰੱਸਟ ਨੇ ਸਾਫ਼ ਜਵਾਬ ਦਿੰਦਿਆਂ ਸਰਕਾਰ ਨੂੰ ਇਹ ਜਮੀਨ ਵਾਪਸ ਨਿਗਮ ਨੂੰ ਦੇ ਕੇ ਉਸਨੂੰ ਦਿੱਤੇ ਸਵਾ 23 ਕਰੋੜ ਰੁਪਏ ਵਾਪਸ ਦਿਵਾਉਣ ਦੀ ਮੰਗ ਰੱਖ ਦਿੱਤੀ ਗਈ ਹੈ। ਹਾਲਾਂਕਿ ਨਾਲ ਇਹ ਤਜਵੀਜ਼ ਦਿੰਦਿਆਂ ਕਿ ਜੇਕਰ ਨਿਗਮ ਚਾਹੇ ਤਾਂ 50:50 ਦੀ ਹਿੱਸੇਦਾਰੀ ਨਾਲ ਉਹ ਇਸ ਜਮੀਨ ਨੂੰ ਵਿਕਸਤ ਕਰ ਸਕਦੇ ਹਨ। ਨਿਗਮ ਵਲੋਂ ਇਸ ਮੀਟਿੰਗ ਰੱਖੇ ਮਤਾ ਮੁਤਾਬਕ ਉਕਤ ਦੋਨਾਂ ਵਿਚੋਂ ਕਿਸੇ ਇੱਕ ਉਪਰ ਸਹਿਮਤੀ ਬਣਾਉਣ ਦੀ ਅਪੀਲ ਕੀਤੀ ਗਈ ਹੈ। ਇਸੇ ਤਰ੍ਹਾਂ ਸ਼ਹਿਰ ’ਚ ਪਾਰਕਿੰਗ ਸਮੱਸਿਆ ਦਾ ਹੱਲ ਕਰਨ ਲਈ ‘ਜੀਓ ਮੀਡੀਆ ਕੰਪਨੀ ’ ਨੂੰ ਸ਼ਹਿਰ ਦੀਆਂ 14 ਪ੍ਰਮੁੱਖ ਸੜਕਾਂ ਲਈ ਪਾਰਕਿੰਗ ਆਦਿ ਦੀ ਯੋਜਨਾ ਬਣਾਉਣ ਦਾ ਠੇਕਾ ਦੇਣ ਦੀ ਵੀ ਤਜਵੀਜ਼ ਰੱਖੀ ਗਈ ਹੈ। ਇਸਦੇ ਪਿੱਛੇ ਹਵਾਲਾ ਦਿੱਤਾ ਗਿਆ ਹੈ ਕਿ ਇਸਤੋਂ ਪਹਿਲਾਂ ਨਿਗਮ ਵਲੋਂ ਹਨੂੰਮਾਨ ਚੌਕ ਤੋਂ ਰੇਲਵੇ ਸਟੈਸ਼ਨ ਤੱਕ ਦੀ ਮਾਲ ਰੋੜ ਸੜਕ ਦਾ ਕੰਮ ਉਕਤ ਕੰਪਨੀ ਨੂੰ ਦਿੱਤਾ ਸੀ, ਜਿਸਨੂੰ ਇਸਨੇ ਬਾਖੂਬੀ ਨੇਪਰੇ ਚਾੜਿਆ ਹੈ। ਇਸੇ ਤਰ੍ਹਾਂ ਰੱਖੇ ਹੋਰ ਇੱਕ ਮਤੇ ਮੁਤਾਬਕ ਨਿਗਮ ਮੇਅਰ ਦੀ 2011 ਮਾਡਲ ਗੱਡੀ ਨੂੰ ਕੰਡਮ ਕਰਾਰ ਦੇ ਕੇ ਨਵੀਂ ਗੱਡੀ ਖ਼ਰੀਦਣ ਦੀ ਯੋਜਨਾ ਬਣਾਈ ਗਈ ਹੈ। ਜਦੋਂਕਿ ਸ਼ਹਿਰ ਵਾਸੀਆਂ ’ਤੇ ਭਾਰ ਪਾਉਣ ਲਈ ਨਕਸ਼ਾ ਪਾਸ ਕਰਵਾਉਣ ਸਮੇਂ ਮੌਜੂਦਾ 500 ਤੇ 400 ਰੁਪਏ ਪ੍ਰਤੀ ਵਰਗ ਫੁੱਟ ਦੇ ਹਿਸਾਬ ਨਾਲ ਲਈ ਜਾਂਦੀ ਫ਼ੀਸ ਨੂੰ ਵਧਾ ਕੇ 1100 ਰੁਪਏ ਦੇ ਹਿਸਾਬ ਨਾਲ ਇੱਕ ਫ਼ੀਸਦੀ ਲੈਬਰ ਸੈਸ ਲੈਣ ਦਾ ਪ੍ਰਸਤਾਵ ਵੀ ਰੱਖਿਆ ਗਿਆ ਹੈ। ਹੁਣ ਦੇਖਣਾ ਹੋਵੇਗਾ ਕਿ ਭਾਰੀ ਬਹੁਮਤ ਹੋਣ ਦੇ ਬਾਵਜੂਦ ਕਾਂਗਰਸ ਪਾਰਟੀ ਦੇ ਚੋਣ ਨਿਸ਼ਾਨ ’ਤੇ ਜਿੱਤੇ ਕੋਂਸਲਰ ਸੂਬੇ ਵਿਚ ਵਿਰੋਧੀ ਧਿਰ ਹੋਣ ਦੇ ਬਾਵਜੂਦ ਸ਼ਹਿਰ ਵਾਸੀਆਂ ਦੀਆਂ ਮੁਸ਼ਕਿਲਾਂ ਦਾ ਹੱਲ ਕਿਸ ਤਰ੍ਹਾਂ ਕਰ ਪਾਉਂਦੇ ਹਨ।
ਬਾਕਸ
ਮੇਅਰ ਨਾਲ ਨਿਬੇੜਾ ਕਰਨ ਲਈ ਕਾਂਗਰਸੀ ਕੋਂਸਲਰਾਂ ਦੀ ਮੀਟਿੰਗ ਸੋਮਵਾਰ ਨੂੰ
ਬਠਿੰਡਾ: ਉਧਰ ਮੇਅਰ ਧੜੇ ਵਲੋਂ ਅਸਿੱਧੇ ਢੰਗ ਨਾਲ ਭਾਜਪਾ ਆਗੂ ਮਨਪ੍ਰੀਤ ਬਾਦਲ ਨਾਲ ਖੜ੍ਹਣ ਦੇ ਚੱਲਦੇ ਉਸਨੂੰ ਗੱਦੀਓ ਉਤਾਰਨ ਲਈ ਭੱਜ-ਨੱਠ ਕਰ ਰਹੇ ਕਾਂਗਰਸੀਆਂ ਨੇ 22 ਫ਼ਰਵਰੀ ਨੂੰ ਰੱਖੀ ਮੀਟਿੰਗ ਵਿਚ ਅਪਣਾਈ ਜਾਣ ਵਾਲੀ ਰਣਨੀਤੀ ਦੀ ਤਿਆਰੀ ਲਈ ਸੋਮਵਾਰ ਨੂੰ ਕਾਂਗਰਸ ਭਵਨ ’ਚ ਕਾਂਗਰਸੀ ਆਗੂਆਂ ਤੇੇ ਕੋਂਸਲਰਾਂ ਦੀ ਮੀਟਿੰਗ ਸੱਦ ਲਈ ਹੈ। ਹਾਲਾਂਕਿ ਇਸ ਮੀਟਿੰਗ ਦੀ ਕਿਸੇ ਆਗੂ ਨੇ ਪੁਸ਼ਟੀ ਤਾਂ ਨਹੀਂ ਕੀਤੀ ਪ੍ਰੰਤੂ ਸੂਤਰਾਂ ਨੇ ਖ਼ੁਲਾਸਾ ਕੀਤਾ ਹੈ ਕਿ ਮੀਟਿੰਗ ਵਿਚ ਮੇਅਰ ਨੂੰ ‘ਘੇਰਾ’ ਪਾਉਣ ਲਈ ਯੋਜਨਾ ਬਣਾਈ ਜਾਵੇਗੀ ।
ਦਵਾਈਆਂ ਦੀਆਂ ਵੱਧ ਕੀਮਤਾਂ ਕਾਰਨ ਜਨਤਾ ਦੀ ਲੁੱਟ ਦਾ ਹੱਲ ਲੱਭਣ ਲਈ ਪੰਜਾਬ ਵਿਧਾਨ ਸਭਾ ’ਚ ਅਹਿਮ ਵਿਚਾਰ-ਵਟਾਂਦਰਾ 21 ਫ਼ਰਵਰੀ ਨੂੰ
ਵਿਧਾਨ ਸਭਾ ਸਪੀਕਰ ਵੱਲੋਂ ਸੱਦੀ ਮੀਟਿੰਗ ਵਿੱਚ ਸ਼ਾਮਲ ਹੋਣਗੇ ਮੰਤਰੀ, ਵਿਧਾਇਕ, ਮਾਹਰ ਅਤੇ ਸਮਾਜਕ ਸੰਸਥਾਵਾਂ ਦੇ ਨੁਮਾਇੰਦੇ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 19 ਫ਼ਰਵਰੀ:ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਅੱਜ ਦੱਸਿਆ ਕਿ ਦਵਾਈਆਂ ਦੀਆਂ ਵੱਧ ਕੀਮਤਾਂ ਕਾਰਨ ਜਨਤਾ ਦੀ ਹੋ ਰਹੀ ਲੁੱਟ-ਖਸੁੱਟ ਦਾ ਸਥਾਈ ਹੱਲ ਲੱਭਣ ਲਈ ਪੰਜਾਬ ਵਿਧਾਨ ਸਭਾ ’ਚ ਕੈਬਨਿਟ ਮੰਤਰੀਆਂ, ਵਿਧਾਇਕਾਂ ਅਤੇ ਮਾਹਰਾਂ ਦੀ ਅਹਿਮ ਮੀਟਿੰਗ 21 ਫ਼ਰਵਰੀ ਨੂੰ ਸੱਦੀ ਗਈ ਹੈ।ਉਨ੍ਹਾਂ ਦੱਸਿਆ ਕਿ ਜਨਤਾ ਨੂੰ ਦਰਪੇਸ਼ ਵੱਖ-ਵੱਖ ਮਾਮਲਿਆਂ ਸਬੰਧੀ ਵਿਚਾਰ-ਵਟਾਂਦਰੇ ਦੀ ਲੜੀ ਤਹਿਤ ਇਸ ਭਖਦੇ ਮਸਲੇ ਬਾਰੇ ਇਹ ਵਿਚਾਰ ਚਰਚਾ ਉਲੀਕੀ ਗਈ ਹੈ ਕਿਉਂਕਿ ਇਹ ਆਮ ਧਾਰਣਾ ਹੈ ਕਿ ਦਵਾਈਆਂ ਦੀ ਉੱਚ ਐਮ.ਆਰ.ਪੀ. ਉਤੇ ਵਿਕਰੀ ਕਾਰਨ ਜਨਤਾ ਦੀ ਲੁੱਟ-ਖਸੁੱਟ ਹੋ ਰਹੀ ਹੈ ਅਤੇ ਦਵਾਈਆਂ ਗ਼ਰੀਬਾਂ ਦੀ ਪਹੁੰਚ ਤੋਂ ਬਾਹਰ ਹੁੰਦੀਆਂ ਜਾ ਰਹੀਆਂ ਹਨ, ਇਸ ਲਈ ਲੋਕ ਹਿੱਤ ਨਾਲ ਜੁੜੀ ਇਸ ਸਮੱਸਿਆ ਦਾ ਹੱਲ ਲੱਭਣਾ ਸਮੇਂ ਦੀ ਮੁੱਖ ਲੋੜ ਹੈ।ਉਨ੍ਹਾਂ ਕਿਹਾ ਕਿ ਜਨਤਾ ਅਤੇ ਸਰਕਾਰ ਦਰਮਿਆਨ ਕੜੀ ਵਜੋਂ ਕੰਮ ਕਰਦੇ ਵਿਧਾਇਕ ਸਾਹਿਬਾਨ ਨੂੰ ਇਸ ਮਾਮਲੇ ਸਬੰਧੀ ਜਾਗਰੂਕ ਕਰਨ ਅਤੇ ਇਸ ਦੇ ਪੁਖ਼ਤਾ ਹੱਲ ਲਈ ਯੋਗ ਕਦਮ ਚੁੱਕਣ ਦੇ ਮੱਦੇਨਜ਼ਰ ਇਹ ਮੀਟਿੰਗ ਉਲੀਕੀ ਗਈ ਹੈ ਤਾਂ ਜੋ ਵਿਧਾਇਕ ਇਸ ਲੋਕ ਹਿੱਤ ਦੇ ਮੁੱਦੇ ’ਤੇ ਸਦਨ ਅੰਦਰ ਸਾਰਥਕ ਬਹਿਸ ਕਰ ਸਕਣ ਅਤੇ ਜਨਤਾ ਨੂੰ ਸਹੀ ਸੇਧ ਦੇ ਸਕਣ।ਮੀਟਿੰਗ ਵਿੱਚ ਕੈਬਨਿਟ ਮੰਤਰੀਆਂ ਤੇ ਵਿਧਾਇਕਾਂ ਤੋਂ ਇਲਾਵਾ ਸਿਹਤ ਮਾਹਰ ਅਤੇ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦੇ ਸ਼ਾਮਲ ਹੋਣਗੇ।
ਪੰਜਾਬੀ ਭਾਸ਼ਾ ਦੀ ਪ੍ਰਫੁਲਤਾ ਅਤੇ ਪ੍ਰਚਾਰ ਹਿੱਤ ਭਾਸ਼ਾ ਵਿਭਾਗ ਵੱਲੋ ਕੀਤੇ ਜਾ ਰਹੇ ਯਤਨਾਂ ਦੀ ਹਰ ਪਾਸੇ ਸ਼ਲਾਘਾ
ਡਾਈਟ ਅਹਿਮਦਪੁਰ ਅਤੇ ਨਹਿਰੂ ਯੁਵਾ ਕੇਦਰ ਮਾਨਸਾ ਵਲੋਂ ਸਾਝੇ ਤੌਰ ਤੇ ਕਢੀ ਗਈ ਜਾਗਰੁਕਤਾ ਰੈਲੀ
ਪੰਜਾਬੀ ਖ਼ਬਰਸਾਰ ਬਿਉਰੋ
ਮਾਨਸਾ, 19 ਫ਼ਰਵਰੀ: ਪੰਜਾਬ ਸਰਕਾਰ ਵਲੋਂ ਪੰਜਾਬੀ ਭਾਸ਼ਾ ਦੀ ਪ੍ਰਫੁਲਤਾ ਅਤੇ ਉਸ ਨੁੰ ਬਣਦਾ ਮਾਨ ਸਨਮਾਨ ਦੇਣ ਲਈ ਭਾਸ਼ਾ ਵਿਭਾਗ ਵੱਲੋ ਕੀਤੇ ਜਾ ਰਹੇ ਯਤਨਾਂ ਨੁੰ ਦਿਨੋ ਦਿਨ ਲੋਕਾਂ ਵੱਲੋ ਭਰਵਾਂ ਸਹਿਯੋਗ ਦਿੱਤਾ ਜਾ ਰਿਹਾ ਹੈ।ਇਸ ਗਲ ਦਾ ਅੰਦਾਜਾ ਇਸ ਗੱਲ ਤੋ ਲਾਇਆ ਜਾ ਸਕਦਾ ਕਿ ਪੰਜਾਬੀ ਮਾਂ ਬੋਲੀ ਨੁੰ ਪਿਆਰ ਕਰਨ ਵਾਲੇ ਵਿਅਕਤੀ ਅਤੇ ਸੰਸਥਾਵਾਂ ਖੁਦ ਆਪਣੇ ਆਪ ਅੱਗੇ ਆਕੇ ਪ੍ਰਚਾਰ ਕਰਨ ਹਿੱਤ ਯੋਗਦਾਨ ਪਾ ਰਹੀਆਂ ਹਨ।ਪਿਛਲੇ ਦਿਨੀ ਲੋਕਾਂ ਵਲੋ ਕੀਤੇ ਯਤਨ ਅਤੇ ਅਖਬਾਰਾਂ ਦੀਆਂ ਸੁਰਖੀਆਂ ਇਸ ਗੱਲ ਦੀ ਗਵਾਹੀ ਭਰੀਆਂ ਹਨ।ਨਹਿਰੂ ਯੁਵਾ ਕੇਦਰ ਮਾਨਸਾ ਵਲੋਂ ਵੀ ਆਪਣਾ ਯੋਗਦਾਨ ਪਾਉਣ ਹਿੱਤ ਉਪਰਾਲੇ ਕੀਤੇ ਜਾ ਰਹੇ ਹਨ ਨਹਿਰੂ ਯੁਵਾ ਕੇਦਰ ਵਲੋਂ ਕਰਵਾਈਆਂ ਜਾਣ ਵਾਲੀਆਂ ਆਪਣੀਆ ਗਤੀਵਿਧੀਆ ਵਿੱਚ ਪੰਜਾਬੀ ਭਾਸ਼ਾ ਅਤੇ ਸਰਕਾਰ ਵਲੋਂ ਲਾਗੂ ਕੀਤੇ ਐਕਟ ਬਾਰੇ ਦੱਸਿਆ ਜਾ ਰਿਹਾ ਹੈ।ਇਸ ਸਬੰਧੀ ਨੋਜਵਾਨਾਂ ਨੁੰ ਜਾਗਰੂਕ ਕਰਨ ਹਿੱਤ ਡਾਈਟ ਅਹਿਮਦਪੁਰ ਦੇ ਵਿਦਿਆਰਥੀਆ ਅਤੇ ਨਹਿਰ ਯੁਵਾ ਕੇਦਰ ਦੇ ਵਲੰਟੀਅਰਜ ਵਲੋਂ ਜਾਗ੍ਰਿਤੀ ਰੈਲੀ ਕੱਢੀ ਗਈ। ਸਰਬਜੀਤ ਸਿੰਘ ਅਤੇ ਡਾ ਸੰਦੀਪ ਘੰਡ ਪ੍ਰੋਗਰਾਮ ਅਫਸਰ ਨਹਿਰੂ ਯੁਵਾ ਕੇਦਰ ਮਾਨਸਾ ਅਤੇ ਡਾਈਟ ਪ੍ਰਿਸੀਪਲ ਡਾ ਬੂਟਾ ਸਿੰਘ ਦੀ ਅਗਵਾਈ ਹੇਠ ਕਢੀ ਗਈ ਇਸ ਰੈਲੀ ਵਿੱਚ ਵੱਖ ਵੱਖ ਪਿੰਡਾਂ ਦੇ 215 ਦੇ ਕਰੀਬ ਲੜਕੇ/ ਲੜਕੀਆਂ ਨੇ ਭਾਗ ਲਿਆ। ਸਮੂਹ ਨੋਜਵਾਨਾਂ ਨੇ ਪੰਜਾਬੀ ਭਾਸ਼ਾ ਦੇ ਪ੍ਰਚਾਰ ਅਤੇ ਸਰਕਾਰੀ ਵਿਭਾਗਾਂ ਪ੍ਰਾਈਵੇਟ ਦੁਕਾਨਾਂ ਦੇ ਬੋਰਡ,ਸੜਕਾਂ ਤੇ ਲੱਗੇ ਮੀਲ ਪੱਥਰ ਆਦਿ ਪੰਜਾਬੀ ਵਿਚ ਲਿਖਣ ਲਈ ਪ੍ਰੇਰਿਤ ਕੀਤਾ ਗਿਆ ਸੀ ਅਤੇ ਨੋਜਵਾਨ ਸਾਰੇ ਰਾਸਤੇ ਵਿਚ ਪੰਜਾਬੀ ਭਾਸ਼ਾ ਦੀ ਵਰਤੋ ਬਾਰੇ ਨਾਹਰੇ ਬੋਲ ਰਹੇ ਸਨ।ਇਸ ਸਮੇ ਜਾਣਕਾਰੀ ਦਿੰਦਿਆ ਡਾ ਸੰਦੀਪ ਘੰਡ ਨੇ ਦਸਿਆ ਕਿ ਪੰਜਾਬ ਸਰਕਾਰ ਵੱਲੋ ਬਣਾਏ ਗਏ ਐਕਟ ਅਨੁਸਾਰ ਸਰਕਾਰੀ ਵਿਭਾਗਾਂ ਦੇ ਨਾਲ ਨਾਲ ਕਾਰਪੋਰੇਟ ਅਦਾਰੇ ਸਰਕਾਰੀ ਅਤੇ ਪ੍ਰਾਈਵੇਟ ਵਿੱਦਿਅਕ ਸੰਸਥਾਵਾਂ ਅਤੇ ਕਮਰਸ਼ੀਅਲ ਦੁਕਾਨਾਂ ਦੇ ਬੋਰਡ ਪੰਜਾਬੀ ਵਿਚ ਲਿਖੇ ਜਾਣਾ ਜਰੂਰੀ ਹੈ ਅਤੇ ਇਸ ਲਈ ਅੰਤਰ ਰਾਸ਼ਟਰੀ ਭਾਸ਼ਾ ਦਿਵਸ ਦਾ ਦਿਨ 21 ਫਰਵਰੀ ਰਖਿਆ ਗਿਆ ਹੈ ਜਿਸ ਵਿੱਚ ਨਾ ਲਿਖਣ ਦੀ ਸੂਰਤ ਵਿੱਚ ਜੁਰਮਾਨੇ ਅਤੇ ਸਜਾ ਦਾ ਵੀ ਨਿਯਮ ਰੱਖਿਆ ਗਿਆ ਹੈ।ਇਸ ਲਈ ਸਮੂਹ ਸਬੰਧਤ ਨੁੰ ਸਵੈਇਛਾ ਨਾਲ ਸਾਰੇ ਸਾਈਨ ਬੋਰਡ,ਦਿਸ਼ਾ ਬੋਰਡ ਪੰਜਾਬੀ ਵਿਚ ਕਰਨ ਦੀ ਅਪੀਲ ਕੀਤੀ।ਇਸ ਸਮੇ ਹੋਰਨਾਂ ਤੋ ਇਲਾਵਾ ਡਾ ਗਿਆਨਦੀਪ ਸਿੰਘ,ਡਾ ਅੰਗਰੇਜ ਸਿੰਘ ਵਿਰਕ,ਡਾ ਕਰਨੈਲ ਸਿੰਘ ਬੈਰਾਗੀ,ਮੈਡਮ ਸਰੋਜ ਰਾਣੀ ਸ਼?ਰੀਮਤੀ ਨਵਦੀਪ ਕੋਰ ਬਲਦੇਵ ਕ੍ਰਿਸ਼ਨ ਸਿੰਗਲਾ ਵਿਜੇ ਪਾਲ ਸਤਨਾਮ ਸਿੰਘ ਡੀਪੀਈ ਭੁਪਿੰਦਰ ਸਿੰਘ ਅਤੇ ਪ੍ਰਦੀਪ ਸਿੰਘ ਆਦਿ ਨੇ ਸ਼ਮੂਲੀਅਤ ਕਰਦਿਆਂ ਪੰਜਾਬ ਸਰਕਾਰ ਅਤੇ ਭਾਸ਼ਾ ਵਿਭਾਗ ਵੱਲੋ ਕੀਤੇ ਯਤਨਾਂ ਦੀ ਸ਼ਲਾਘਾ ਕੀਤੀ।






