Friday, May 22, 2026
Home Blog Page 2201

ਮੀਤ ਹੇਅਰ ਨੇ ਪੈਰਿਸ ਓਲੰਪਿਕਸ ਦੀ ਤਿਆਰੀ ਲਈ ਅਕਸ਼ਦੀਪ ਸਿੰਘ ਨੂੰ ਸੌਂਪਿਆ 5 ਲੱਖ ਰੁਪਏ ਦਾ ਚੈੱਕ

0

ਭਗਵੰਤ ਮਾਨ ਸਰਕਾਰ ਖਿਡਾਰੀਆਂ ਨੂੰ ਮਾਣ ਸਨਮਾਨ ਦੇਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੇਗੀ: ਮੀਤ ਹੇਅਰ
ਖੇਡ ਮੰਤਰੀ ਨੇ ਅਕਸ਼ਦੀਪ ਸਿੰਘ ਨਾਲ ਮੁਲਾਕਾਤ ਕਰਕੇ ਹਰ ਸੰਭਵ ਮੱਦਦ ਦਾ ਦਿਵਾਇਆ ਵਿਸ਼ਵਾਸ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 18 ਫਰਵਰੀ: ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਰਾਂਚੀ ਵਿਖੇ 20 ਕਿਲੋ ਮੀਟਰ ਪੈਦਲ ਤੋਰ ਵਿੱਚ ਨਵੇਂ ਨੈਸ਼ਨਲ ਰਿਕਾਰਡ ਨਾਲ ਓਲੰਪਿਕ ਤੇ ਏਸ਼ਿਆਈ ਖੇਡਾਂ ਅਤੇ ਵਿਸ਼ਵ ਚੈਂਪੀਅਨਸ਼ਿਪ ਲਈ ਕੁਆਲੀਫਾਈ ਹੋਏ ਅਥਲੀਟ ਅਕਸ਼ਦੀਪ ਸਿੰਘ ਨੂੰ ਪੈਰਿਸ ਓਲੰਪਿਕਸ ਦੀ ਤਿਆਰੀ ਲਈ 5 ਲੱਖ ਰੁਪਏ ਦਾ ਚੈੱਕ ਸੌਂਪਿਆ। ਖੇਡ ਮੰਤਰੀ ਨੇ ਇੱਥੇ ਚੰਡੀਗੜ੍ਹ ਸਥਿਤ ਆਪਣੀ ਰਿਹਾਇਸ਼ ਵਿਖੇ ਅਕਸ਼ਦੀਪ ਸਿੰਘ ਨਾਲ ਮੁਲਾਕਾਤ ਕਰਕੇ ਉਸ ਦਾ ਸਨਮਾਨ ਕਰਦਿਆਂ ਇਹ ਚੈੱਕ ਸੌਂਪਿਆ। ਮੀਤ ਹੇਅਰ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਨਿਰਦੇਸ਼ਾਂ ਉਤੇ ਪੈਰਿਸ ਓਲੰਪਿਕ ਖੇਡਾਂ-2024 ਲਈ ਕੁਆਲੀਫਾਈ ਹੋਏ ਪਹਿਲੇ ਭਾਰਤੀ ਅਥਲੀਟ ਦਾ ਸਨਮਾਨ ਕੀਤਾ ਗਿਆ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਦਾ ਇਹੋ ਕਹਿਣਾ ਹੈ ਕਿ ਖਿਡਾਰੀ ਨੂੰ ਤਮਗ਼ਾ ਜਿੱਤਣ ਤੋਂ ਬਾਅਦ ਸਨਮਾਨਤ ਕਰਨ ਦੇ ਨਾਲ ਉਸ ਨੂੰ ਖੇਡਾਂ ਦੀ ਤਿਆਰੀ ਲਈ ਨਗਦ ਇਨਾਮ ਦੇਣਾ ਹੋਰ ਵੀ ਮਹੱਤਵਪੂਰਨ ਹੈ ਜਿਸ ਲਈ ਉਨ੍ਹਾਂ ਦੀਆਂ ਹਦਾਇਤਾਂ ਉਤੇ ਇਹ ਸਨਮਾਨ ਕੀਤਾ ਗਿਆ ਹੈ। ਖੇਡ ਮੰਤਰੀ ਨੇ ਅਕਸ਼ਦੀਪ ਸਿੰਘ ਨੂੰ ਪੰਜਾਬ ਸਰਕਾਰ ਤਰਫੋਂ ਹਰ ਤਰ੍ਹਾਂ ਦੀ ਮੱਦਦ ਦਾ ਵਿਸ਼ਵਾਸ ਦਿਵਾਉਂਦਿਆਂ ਕਿਹਾ ਕਿ ਭਗਵੰਤ ਮਾਨ ਸਰਕਾਰ ਖਿਡਾਰੀਆਂ ਨੂੰ ਮਾਣ ਸਨਮਾਨ ਦੇਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੇਗੀ।ਉਨ੍ਹਾਂ ਕਿਹਾ ਕਿ ਨਵੀਂ ਬਣਾਈ ਜਾ ਰਹੀ ਖੇਡ ਨੀਤੀ ਇਸੇ ਦਾ ਹਿੱਸਾ ਹੈ ਅਤੇ ਪੰਜਾਬ ਨੂੰ ਮੁੜ ਖੇਡਾਂ ਵਿੱਚ ਦੇਸ਼ ਦਾ ਮੋਹਰੀ ਸੂਬਾ ਬਣਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਅਕਸ਼ਦੀਪ ਨੇ ਸੂਬੇ ਦਾ ਨਾਮ ਰੌਸ਼ਨ ਕੀਤਾ ਹੈ ਕਿਉਂਕਿ ਪੈਰਿਸ ਓਲੰਪਿਕਸ ਲਈ ਕੁਆਲੀਫਾਈ ਹੋਣ ਵਾਲਾ ਦੇਸ਼ ਦਾ ਪਹਿਲਾ ਅਥਲੀਟ ਹੈ।ਬਰਨਾਲਾ ਜ਼ਿਲੇ ਦੇ ਪਿੰਡ ਕਾਹਨੇਕੇ ਦੇ ਰਹਿਣ ਵਾਲੇ ਅਕਸ਼ਦੀਪ ਸਿੰਘ ਨੇ ਰਾਂਚੀ ਵਿਖੇ ਨੈਸ਼ਨਲ ਵਾਕਿੰਗ ਚੈਂਪੀਅਨਸ਼ਿਪ ਵਿੱਚ 20 ਕਿਲੋਮੀਟਰ ਪੈਦਲ ਤੋਰ ਵਿੱਚ 1.19.55 ਸਮੇਂ ਦੇ ਨਾਲ ਨਵਾਂ ਨੈਸ਼ਨਲ ਰਿਕਾਰਡ ਬਣਾਇਆ ਸੀ। ਖੇਡ ਮੰਤਰੀ ਵੱਲੋਂ ਉਸ ਨੂੰ ਸਨਮਾਨਤ ਕਰਨ ਮੌਕੇ ਖੇਡ ਵਿਭਾਗ ਪੰਜਾਬ ਦੇ ਡਾਇਰੈਕਟਰ ਅਮਿਤ ਤਲਵਾੜ ਤੇ ਅਕਸ਼ਦੀਪ ਸਿੰਘ ਦੇ ਕੋਚ ਗੁਰਦੇਵ ਸਿੰਘ ਵੀ ਹਾਜ਼ਰ ਸਨ।

ਸਰਕਾਰ ਵੱਲੋਂ ਅਗਲੇ ਪੰਜ ਵਰਿ੍ਹਆਂ ’ਚ ਝੀਂਗਾ ਪਾਲਣ ਅਧੀਨ ਰਕਬਾ 5000 ਏਕੜ ਕਰਨ ਦੇ ਟੀਚੇ ਨੂੰ ਲੈ ਕੇ ਰਾਜ ਪੱਧਰੀ ਸੈਮੀਨਾਰ

0

ਸੇਮ ਵਾਲੀ ਬੇਕਾਰ ਪਈ ਜ਼ਮੀਨ ਤੋਂ ਵੱਧ ਤੋਂ ਵੱਧ ਲਾਭ ਲੈਣ ਲਈ ਝੀਂਗਾ ਪਾਲਣ ਨੂੰ ਕੀਤਾ ਜਾ ਰਿਹਾ ਉਤਸ਼ਾਹਿਤ
ਮੌਜੂਦਾ ਸਮੇਂ 1212 ਏਕੜ ਰਕਬਾ ਝੀਂਗਾ ਪਾਲਣ ਅਧੀਨ; 2400 ਟਨ ਝੀਂਗੇ ਦੀ ਫ਼ਸਲ ਕੀਤੀ ਜਾ ਰਹੀ ਹੈ ਪ੍ਰਾਪਤ
ਪੰਜਾਬੀ ਖ਼ਬਰਸਾਰ ਬਿਉਰੋ
ਸ੍ਰੀ ਮੁਕਤਸਰ ਸਾਹਿਬ, 18 ਫ਼ਰਵਰੀ: ਪੰਜਾਬ ਵਿੱਚ ਸੇਮ ਵਾਲੀ ਬੇਕਾਰ ਪਈ ਜ਼ਮੀਨ ਵਿੱਚ ਝੀਂਗਾ ਪਾਲਣ ਨੂੰ ਉਤਸ਼ਾਹਿਤ ਕਰਨ ਅਤੇ ਪੰਜ ਸਾਲਾਂ ਦੌਰਾਨ ਝੀਂਗਾ ਪਾਲਣ ਅਧੀਨ ਰਕਬਾ 5,000 ਏਕੜ ਕਰਨ ਦੇ ਟੀਚੇ ਨੂੰ ਲੈ ਕੇ ਮੱਛੀ ਪਾਲਣ ਵਿਭਾਗ ਵੱਲੋਂ ਰਾਜ ਪੱਧਰੀ ਝੀਂਗਾ ਪਾਲਣ ਸੈਮੀਨਾਰ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਈਨਾਖੇੜਾ ਸਥਿਤ ਡੈਮੌਂਸਟਰੇਸ਼ਨ ਫ਼ਾਰਮ-ਕਮ-ਟਰੇਨਿੰਗ ਸੈਂਟਰ ਵਿਖੇ ਕਰਵਾਇਆ ਗਿਆ। ਮੱਛੀ ਪਾਲਣ ਵਿਭਾਗ ਵੱਲੋਂ ਕੈਬਨਿਟ ਪਾਲਣ ਮੰਤਰੀ ਲਾਲਜੀਤ ਸਿੰਘ ਭੁੱਲਰ ਦੀ ਸਰਪ੍ਰਸਤੀ ਹੇਠ ਪੰਜਾਬ ਰਾਜ ਮੱਛੀ ਪਾਲਣ ਵਿਕਾਸ ਬੋਰਡ ਦੀ ਸਹਾਇਤਾ ਨਾਲ ਕਰਵਾਏ ਗਏ ਇੱਕ ਦਿਨਾ ਸੈਮੀਨਾਰ ਦੌਰਾਨ ਮੁੱਖ ਮਹਿਮਾਨ ਵਜੋਂ ਲੰਬੀ ਤੋਂ ਵਿਧਾਇਕ ਸ. ਗੁਰਮੀਤ ਸਿੰਘ ਖੁੱਡੀਆਂ ਅਤੇ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਸ. ਸੁਖਜਿੰਦਰ ਸਿੰਘ ਨੇ ਸ਼ਿਰਕਤ ਕੀਤੀ। ਸੈਮੀਨਾਰ ਵਿੱਚ ਪੁੱਜੇ ਕਿਸਾਨਾਂ ਅਤੇ ਮੱਛੀ ਪਾਲਕਾਂ ਨੂੰ ਸੰਬੋਧਨ ਕਰਦਿਆਂ ਡਾਇਰੈਕਟਰ ਅਤੇ ਵਾਰਡਨ ਮੱਛੀ ਪਾਲਣ ਵਿਭਾਗ ਸ੍ਰੀ ਜਸਵੀਰ ਸਿੰਘ ਨੇ ਦੱਸਿਆ ਕਿ ਸਾਲ 2022-23 ਦੌਰਾਨ ਰਾਜ ਵਿੱਚ 366 ਕਿਸਾਨਾਂ ਵੱਲੋਂ 1212 ਏਕੜ ਰਕਬੇ ਵਿੱਚ ਝੀਂਗਾ ਪਾਲਣ ਕੀਤਾ ਜਾ ਰਿਹਾ ਹੈ ਜਿਸ ਤੋਂ ਲਗਭਗ 2400 ਟਨ ਝੀਂਗੇ ਦੀ ਫ਼ਸਲ ਪ੍ਰਾਪਤ ਹੋਈ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਦੇ ਸੇਮ ਅਤੇ ਖਾਰੇ ਪਾਣੀ ਨਾਲ ਪ੍ਰਭਾਵਤ ਤੇ ਜ਼ੀਰੋ ਆਮਦਨ ਵਾਲੀਆਂ ਜ਼ਮੀਨਾਂ ਵਿੱਚ ਝੀਂਗਾ ਪਾਲਣ ਕਰਵਾਇਆ ਜਾ ਰਿਹਾ ਹੈ, ਜੋ ਕਿਸਾਨਾਂ ਦੀ ਆਮਦਨ ਵਧਾਉਣ ਵਿੱਚ ਸਫ਼ਲ ਸਿੱਧ ਹੋਇਆ ਹੈ। ਉਨ੍ਹਾਂ ਕਿਹਾ ਕਿ ਝੀਂਗਾ ਪਾਲਣ ਦਾ ਕਿੱਤਾ ਅਪਣਾ ਕੇ ਕਿਸਾਨ ਇਕ ਏਕੜ ਰਕਬੇ ਵਿੱਚੋਂ ਤਿੰਨ ਲੱਖ ਰੁਪਏ ਦੀ ਆਮਦਨ ਪ੍ਰਾਪਤ ਕਰ ਰਹੇ ਹਨ ਪਰ ਕੌਮਾਂਤਰੀ ਪੱਧਰ ’ਤੇ ਝੀਂਗੇ ਦੀ ਵੱਧ ਪੈਦਾਵਾਰ ਹੋਣ ਕਾਰਨ ਇਸ ਸਾਲ ਝੀਂਗੇ ਦਾ ਰੇਟ ਕਿਸਾਨਾਂ ਨੂੰ ਘੱਟ ਮਿਲਿਆ ਹੈ। ਉਨ੍ਹਾਂ ਜ਼ੋਰ ਦਿੱਤਾ ਕਿ ਇਸ ਲਈ ਝੀਂਗੇ ਦੀ ਫ਼ਸਲ ਦੀ ਵੇਚ-ਵੱਟ ਲਈ ਲੋਕਲ ਮੰਡੀਕਰਨ ਨੂੰ ਵਿਕਸਿਤ ਕਰਨ ਦੀ ਜ਼ਰੂਰਤ ਹੈ।ਉਨ੍ਹਾਂ ਕਿਹਾ ਕਿ ਸੇਮ ਵਾਲੇ ਇਲਾਕੇ ਵਿੱਚ ਬੇਕਾਰ ਪਈ ਜ਼ਮੀਨ ਨੂੰ ਵਰਤੋਂ ਵਿੱਚ ਲਿਆ ਕੇ ਮੁਨਾਫ਼ਾ ਕਮਾਉਣ ਲਈ ਇਹ ਬਹੁਤ ਲਾਹੇਵੰਦ ਕਿੱਤਾ ਹੈ, ਇਸ ਲਈ ਪੰਜਾਬ ਸਰਕਾਰ ਇਸ ਖੇਤਰ ਵੱਲ ਖ਼ਾਸ ਤਵੱਜੋ ਦੇ ਰਹੀ ਹੈ ਅਤੇ ਸਰਕਾਰ ਨੇ ਸਰਹੱਦੀ ਜ਼ਿਲ੍ਹਿਆਂ ਵਿੱਚ ਝੀਂਗਾ ਪਾਲਣ ਨੂੰ ਹੋਰ ਪ੍ਰਫੁੱਲਤ ਕਰਨ ਦੇ ਉਦੇਸ਼ ਨਾਲ ਅਗਲੇ ਪੰਜ ਸਾਲ ਦੌਰਾਨ 5,000 ਏਕੜ ਰਕਬੇ ਵਿੱਚ ਝੀਂਗਾ ਪਾਲਣ ਅਪਨਾਉਣ ਦੀ ਰਣਨੀਤੀ ਉਲੀਕੀ ਹੈ। ਉਨ੍ਹਾਂ ਕਿਹਾ ਕਿ ਸੈਮੀਨਾਰ ਦਾ ਮੁੱਖ ਉਦੇਸ਼ ਰਾਜ ਵਿੱਚ ਝੀਂਗਾ ਪਾਲਣ ਨੂੰ ਪ੍ਰਫੁੱਲਿਤ ਕਰਨ ਵਿੱਚ ਆ ਰਹੀਆਂ ਦਿੱਕਤਾਂ ਨੂੰ ਸਮਝਣਾ ਅਤੇ ਇਸ ਦਾ ਹੱਲ ਕੱਢਣਾ ਹੈ।ਸੈਮੀਨਾਰ ਵਿੱਚ ਕਰੀਬ 350 ਝੀਂਗਾ ਪਾਲਕਾਂ ਅਤੇ ਵਪਾਰੀਆਂ ਨੇ ਹਿੱਸਾ ਲਿਆ। ਇਸ ਦੌਰਾਨ ਪਸ਼ੂ ਪਾਲਣ, ਮੱਛੀ ਪਾਲਣ, ਡੇਅਰੀ ਵਿਭਾਗ, ਸੋਲਰ ਪਾਵਰ ਪਲਾਂਟ ਪੀਡਾ ਅਤੇ ਝੀਂਗਾ ਪਾਲਣ ਨਾਲ ਸਬੰਧਤ ਉਤਪਾਦਾਂ ਜਿਵੇਂ ਫੀਡ, ਖਾਦਾਂ, ਪ੍ਰੋਬਾਈਟਕਸ, ਏਰੀਏਟਰਜ਼, ਵੈਲਯੂ ਏਡਿਡ ਪ੍ਰੋਡਕਟਸ ਜਿਵੇਂ ਝੀਂਗੇ ਦਾ ਆਚਾਰ ਆਦਿ ਸਬੰਧੀ ਵੱਖ-ਵੱਖ 17 ਪ੍ਰਦਰਸ਼ਨੀਆਂ ਕਿਸਾਨਾਂ ਦੀ ਜਾਣਕਾਰੀ ਦੇ ਵਾਧੇ ਲਈ ਲਗਾਈਆਂ ਗਈਆਂ।ਵਿਧਾਇਕ ਸ. ਗੁਰਮੀਤ ਸਿੰਘ ਖੁੱਡੀਆਂ ਅਤੇ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਸ. ਸੁਖਜਿੰਦਰ ਸਿੰਘ ਨੇ ਆਪਣੇ ਸੰਬੋਧਨ ਵਿੱਚ ਕਿਸਾਨਾਂ ਨੂੰ ਵਿਭਾਗੀ ਸਹੂਲਤਾਂ ਦਾ ਲਾਹਾ ਲੈਂਦਿਆਂ ਵੱਧ ਤੋਂ ਵੱਧ ਰਕਬਾ ਮੱਛੀ/ਝੀਂਗਾ ਪਾਲਣ ਅਧੀਨ ਲਿਆਉਣ, ਕੋਲਡ ਸਟੋਰੇਜ ਅਤੇ ਪ੍ਰੋਸੈਸਸਿੰਗ ਪਲਾਂਟ ਲਗਾਉਣ ਦੀ ਅਪੀਲ ਕੀਤੀ। ਸ. ਗੁਰਮੀਤ ਸਿੰਘ ਖੁੱਡੀਆਂ ਨੇ ਕਿਸਾਨਾਂ ਨੂੰ ਭਰੋਸਾ ਦਿਵਾਇਆ ਕਿ ਪੰਜਾਬ ਸਰਕਾਰ ਕਿਸਾਨਾਂ ਨੂੰ ਝੀਂਗਾ ਪਾਲਣ ਦੌਰਾਨ ਆਉਣ ਵਾਲੀਆਂ ਮੁਸ਼ਕਿਲਾਂ ਦੇ ਹੱਲ ਲਈ ਯਤਨਸ਼ੀਲ ਹੈ। ਉਨ੍ਹਾਂ ਕਿਹਾ ਕਿ ਸਰਕਾਰ ਝੀਂਗੇ ਦੇ ਸਥਾਨਕ ਮੰਡੀਕਰਨ ਦੀਆਂ ਸੰਭਾਵਨਾਵਾਂ ਤਲਾਸ਼ੇਗੀ।ਉਨ੍ਹਾਂ ਦੱਸਿਆ ਕਿ ਸਰਕਾਰ ਮੱਛੀ ਤੇ ਝੀਂਗਾ ਪਾਲਣ ਦਾ ਕਿੱਤਾ ਅਪਨਾਉਣ ਲਈ 40 ਤੋਂ 60 ਫ਼ੀਸਦੀ ਤੱਕ ਸਬਸਿਡੀ ਮੁਹੱਈਆ ਕਰਵਾ ਰਹੀ ਹੈ, ਜਿਸ ਦਾ ਕਿਸਾਨਾਂ ਨੂੰ ਆਪਣੀ ਆਮਦਨ ਵਧਾਉਣ ਲਈ ਵੱਧ ਤੋਂ ਵੱਧ ਲਾਹਾ ਲੈਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਝੀਂਗਾ ਪਾਲਣ ਦੇ ਕਿੱਤੇ ਦੀ ਸ਼ੁਰੂਆਤ ਕਰਨ, ਢੋਆ-ਢੁਆਈ ਵਾਸਤੇ ਟਰਾਂਸਪੋਰਟ ਵਾਹਨਾਂ ਜਿਵੇਂ ਸਾਈਕਲ, ਮੋਟਰ-ਸਾਈਕਲ, ਆਟੋ-ਰਿਕਸ਼ਾ, ਇਨਸੁਲੇਟਿਡ ਤੇ ਰੈਫ਼ਰੀਜਰੇਟਿਡ ਗੱਡੀਆਂ ਦੀ ਖ਼ਰੀਦ ਵਾਸਤੇ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਜਾਂਦੀ ਹੈ ਜਿਸ ਲਈ ਸਬਸਿਡੀ ਜਨਰਲ ਵਰਗ ਵਾਸਤੇ 40 ਫ਼ੀਸਦੀ ਅਤੇ ਐਸ.ਸੀ/ਐਸ.ਟੀ/ਔਰਤਾਂ ਅਤੇ ਉਨ੍ਹਾਂ ਦੀਆਂ ਸਵੈ-ਸਹਾਇਤਾ ਸੰਸਥਾਵਾਂ ਲਈ 60 ਫ਼ੀਸਦੀ ਹੈ।ਡਿਪਟੀ ਕਮਿਸ਼ਨਰ ਸ੍ਰੀ ਵਿਨੀਤ ਕੁਮਾਰ ਨੇ ਕਿਸਾਨਾਂ ਦੀਆਂ ਝੀਂਗਾ ਪਾਲਣ ਦੌਰਾਨ ਬਿਜਲੀ ਸਬੰਧੀ ਆਉਣ ਵਾਲੀਆਂ ਦਿੱਕਤਾਂ ਦੇ ਹੱਲ ਵਜੋਂ ਆਨਗਰਿੱਡ ਸੋਲਰ ਪਾਵਰ ਪਲਾਂਟ ਲਗਵਾਉਣ ਲਈ ਪ੍ਰਸ਼ਾਸਨ ਵੱਲੋਂ ਸਹਿਯੋਗ ਦੇਣ ਦਾ ਭਰੋਸਾ ਦਿਵਾਇਆ ਅਤੇ ਮੁੱਖ ਮਹਿਮਾਨ ਨੂੰ ਝੀਂਗਾ ਪਾਲਣ ਨੂੰ ਖੇਤੀ ਅਦਾਰੇ ਅਧੀਨ ਲਿਆਉਣ ਦੀ ਬੇਨਤੀ ਕੀਤੀ। ਗੁਰੂ ਅੰਗਦ ਦੇਵ ਵੈਟਰਨਰੀ ਯੂਨੀਵਰਸਿਟੀ ਲੁਧਿਆਣਾ ਅਤੇ ਇਸ ਖੇਤਰ ਵਿੱਚ ਤਕਨੀਕੀ ਸਹਿਯੋਗ ਪ੍ਰਦਾਨ ਕਰ ਰਹੀਆਂ ਹੋਰਨਾਂ ਸੰਸਥਾਵਾਂ ਦੇ ਮਾਹਰਾਂ ਅਤੇ ਸਾਇੰਸਦਾਨਾਂ ਨੇ ਝੀਂਗਾ ਪਾਲਣ ਨਾਲ ਜੁੜੀਆਂ ਨਵੀਆਂ ਖੋਜਾਂ ਸਬੰਧੀ ਵਿਚਾਰ ਸਾਂਝੇ ਕੀਤੇ। ਮੁੱਖ ਮਹਿਮਾਨਾਂ ਵੱਲੋਂ ਝੀਂਗਾ ਪਾਲਣ ਸਬੰਧੀ ਵਿਭਾਗੀ ਟ?ਰੇਨਿੰਗ ਮੈਨੂਅਲ ਜਾਰੀ ਕਰਨ ਤੋਂ ਇਲਾਵਾ ਜ਼ਿਲ੍ਹੇ ਦੇ ਅਗਾਂਹਵਧੂ ਕਿਸਾਨਾਂ ਨੂੰ ਸਨਮਾਨਿਤ ਵੀ ਕੀਤਾ ਗਿਆ। ਸੈਮੀਨਾਰ ਦੌਰਾਨ ਡੇਅਰੀ ਵਿਭਾਗ ਦੇ ਡਾਇਰੈਕਟਰ ਸ. ਕੁਲਦੀਪ ਸਿੰਘ ਜੱਸੋਵਾਲ, ਐਸ.ਡੀ.ਐਮ. ਸ੍ਰੀ ਕੰਵਰਜੀਤ ਸਿੰਘ ਅਤੇ ਸਹਾਇਕ ਡਾਇਰੈਕਟਰ ਮੱਛੀ ਪਾਲਣ ਸ੍ਰੀ ਕੇਵਲ ਕ੍ਰਿਸ਼ਨ ਵੀ ਮੌਜੂਦ ਸਨ।

ਮੁੱਖ ਮੰਤਰੀ ਨੇ ਸ਼ਕਤੀਪੀਠ ਸ੍ਰੀ ਦੇਵੀ ਤਲਾਬ ਮੰਦਰ ਅਤੇ ਸ੍ਰੀ ਮਹਾ ਲਕਸ਼ਮੀ ਮੰਦਰ ਵਿਖੇ ਮੱਥਾ ਟੇਕਿਆ

0

ਮਹਾਂ ਸ਼ਿਵਰਾਤਰੀ ਦੇ ਤਿਉਹਾਰ ਦੀ ਲੋਕਾਂ ਨੂੰ ਦਿੱਤੀ ਵਧਾਈ
ਸੂਬੇ ਦੀ ਸ਼ਾਂਤੀ, ਤਰੱਕੀ ਅਤੇ ਖ਼ੁਸ਼ਹਾਲੀ ਲਈ ਕੀਤੀ ਅਰਦਾਸ
ਪੰਜਾਬੀ ਖ਼ਬਰਸਾਰ ਬਿਉਰੋ
ਜਲੰਧਰ, 18 ਫਰਵਰੀ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਸ਼ਕਤੀਪੀਠ ਸ੍ਰੀ ਦੇਵੀ ਤਲਾਬ ਮੰਦਰ ਅਤੇ ਸ੍ਰੀ ਮਹਾਂ ਲਕਸ਼ਮੀ ਮੰਦਰ ਵਿਖੇ ਮੱਥਾ ਟੇਕ ਕੇ ਸੂਬੇ ਦੀ ਸ਼ਾਂਤੀ, ਤਰੱਕੀ ਅਤੇ ਖ਼ੁਸ਼ਹਾਲੀ ਲਈ ਅਰਦਾਸ ਕੀਤੀ।ਅੱਜ ਬਾਅਦ ਦੁਪਹਿਰ ਮੰਦਰਾਂ ਵਿੱਚ ਮੱਥਾ ਟੇਕਣ ਪੁੱਜੇ ਮੁੱਖ ਮੰਤਰੀ ਨੇ ਮਹਾ ਸ਼ਿਵਰਾਤਰੀ ਦੇ ਤਿਉਹਾਰ ’ਤੇ ਲੋਕਾਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ। ਉਨ੍ਹਾਂ ਕਿਹਾ ਕਿ ਮਹਾ ਸ਼ਿਵਰਾਤਰੀ ਦਾ ਤਿਉਹਾਰ ਲੋਕਾਂ ਨੂੰ ਸੱਚ ਦੀ ਪ੍ਰਾਪਤੀ ਲਈ ਯਤਨਸ਼ੀਲ ਹੋਣ ਲਈ ਪ੍ਰੇਰਿਤ ਕਰਦਾ ਹੈ, ਜੋ ਭਗਵਾਨ ਸ਼ਿਵ ਦੁਆਰਾ ਦਰਸਾਈ ਗਈ ਪਰਮ ਚੇਤਨਾ ਵੱਲ ਲੈ ਜਾਂਦਾ ਹੈ। ਭਗਵੰਤ ਮਾਨ ਨੇ ਕਿਹਾ ਕਿ ਇਹ ਤਿਉਹਾਰ ਸ਼ਰਧਾ, ਆਪਸੀ ਪਿਆਰ ਅਤੇ ਸਦਭਾਵਨਾ ਦੀਆਂ ਕਦਰਾਂ-ਕੀਮਤਾਂ ’ਤੇ ਜ਼ੋਰ ਦਿੰਦਾ ਹੈ, ਜਿਸ ਨੂੰ ਮਹਾਨ ਭਾਰਤੀ ਸਭਿਅਤਾ ਦੇ ਆਧਾਰ ਵਜੋਂ ਜਾਣਿਆ ਜਾਂਦਾ ਹੈ।ਮੁੱਖ ਮੰਤਰੀ, ਜਿਨ੍ਹਾਂ ਸ੍ਰੀ ਮਹਾ ਲਕਸ਼ਮੀ ਮੰਦਿਰ ਵਿਖੇ ਸ਼ਿਵਾਲਿਆ ਵਿਖੇ ਪੂਜਾ ਅਰਚਨਾ ਕੀਤੀ, ਨੇ ਆਸ ਪ੍ਰਗਟਾਈ ਕਿ ਇਹ ਤਿਉਹਾਰ ਸੂਬੇ ਵਿੱਚ ਭਾਈਚਾਰਕ ਸਾਂਝ ਅਤੇ ਸਦਭਾਵਨਾ ਦੀ ਭਾਵਨਾ ਨੂੰ ਹੋਰ ਮਜ਼ਬੂਤ ??ਕਰੇਗਾ। ਉਨ੍ਹਾਂ ਕਿਹਾ ਕਿ ਇਹ ਤਿਉਹਾਰ ਸਮਾਜ ਦੇ ਸਾਰੇ ਵਰਗਾਂ ਵਿੱਚ ਸ਼ਾਂਤੀ ਅਤੇ ਸਦਭਾਵਨਾ ਦੇ ਨਵੇਂ ਯੁੱਗ ਦੀ ਸ਼ੁਰੂਆਤ ਕਰੇਗਾ। ਇਸ ਦੌਰਾਨ ਭਗਵੰਤ ਮਾਨ ਨੇ ਮਾਂ ਦੁਰਗਾ ਤੋਂ ਸੂਬੇ ਦੀ ਸੇਵਾ ਹੋਰ ਜੋਸ਼ ਅਤੇ ਤਨਦੇਹੀ ਨਾਲ ਕਰਨ ਲਈ ਆਸ਼ੀਰਵਾਦ ਲੈਣ ਲਈ ਸਤਿਕਾਰਯੋਗ ਸ਼ਕਤੀਪੀਠ ਸ੍ਰੀ ਦੇਵੀ ਤਲਾਬ ਮੰਦਰ ਅਤੇ ਸ੍ਰੀ ਮਹਾ ਲਕਸ਼ਮੀ ਮੰਦਰ ਵਿਖੇ ਮੱਥਾ ਟੇਕਿਆ।ਮੁੱਖ ਮੰਤਰੀ ਨੇ ਪੂਰੀ ਨਿਮਰਤਾ ਅਤੇ ਸਮਰਪਣ ਨਾਲ ਸੂਬੇ ਦੇ ਲੋਕਾਂ ਦੀ ਸੇਵਾ ਕਰਨ ਲਈ ਪਰਮਾਤਮਾ ਅੱਗੇ ਬਲ ਬਖ਼ਸ਼ਣ ਲਈ ਅਰਦਾਸ ਕੀਤੀ। ਉਨ੍ਹਾਂ ਨੇ ਮਾਤਾ ਰਾਣੀ ਦਾ ਆਸ਼ੀਰਵਾਦ ਲੈਣ ਲਈ ਅਰਦਾਸ ਕੀਤੀ ਤਾਂ ਜੋ ਬਿਨਾ ਜਾਤ, ਰੰਗ, ਨਸਲ ਅਤੇ ਧਰਮ ਦੇ ਵਿਤਕਰੇ ਵਾਲਾ ਸਮਾਜ ਸਿਰਜਿਆ ਜਾ ਸਕੇ। ਭਗਵੰਤ ਮਾਨ ਨੇ ਕਿਹਾ ਕਿ ਸਮਾਜ ਵਿਚ ਪਿਆਰ, ਭਾਈਚਾਰਕ ਸਾਂਝ ਅਤੇ ਸਦਭਾਵਨਾ ਦੀਆਂ ਭਾਵਨਾਵਾਂ ਨੂੰ ਹਰ ਕੀਮਤ ’ਤੇ ਕਾਇਮ ਰੱਖਿਆ ਜਾਵੇਗਾ ਅਤੇ ਇਹ ਹਮੇਸ਼ਾ ਹੀ ਉਨ੍ਹਾਂ ਦੀ ਪਹਿਲੀ ਤਰਜੀਹ ਰਹੇਗੀ।ਮੁੱਖ ਮੰਤਰੀ ਨੇ ਪੰਜਾਬ ਦੇ ਲੋਕਾਂ ਦੀ ਇਮਾਨਦਾਰੀ, ਲਗਨ ਅਤੇ ਤਨਦੇਹੀ ਨਾਲ ਸੇਵਾ ਕਰਨ ਦੀ ਜ਼ਿੰਮੇਵਾਰੀ ਸੌਂਪਣ ਲਈ ਮਾਤਾ ਰਾਣੀ ਦਾ ਧੰਨਵਾਦ ਕੀਤਾ। ਭਗਵੰਤ ਮਾਨ ਨੇ ਕਿਹਾ ਕਿ ਉਨ੍ਹਾਂ ਲਈ ਇਨ੍ਹਾਂ ਪਵਿੱਤਰ ਅਸਥਾਨਾਂ ਦੇ ਦਰਸ਼ਨ ਕਰਨਾ ਇਕ ਵਿਲੱਖਣ ਅਨੁਭਵ ਸੀ, ਜੋ ਦੁਨੀਆ ਭਰ ਦੇ ਲੱਖਾਂ ਲੋਕਾਂ ਲਈ ਪ੍ਰੇਰਨਾ ਅਤੇ ਸਕਾਰਾਤਮਕਤਾ ਦੇ ਸੋਮੇ ਹਨ। ਉਨ੍ਹਾਂ ਕਿਹਾ ਕਿ ਪਰਮਾਤਮਾ ਦੀ ਮਿਹਰ ਸਦਕਾ ਉਹ ਲੋਕਾਂ ਦੀਆਂ ਉਮੀਦਾਂ ’ਤੇ ਖਰਾ ਉਤਰਨ ਲਈ ਕੋਈ ਕਸਰ ਬਾਕੀ ਨਹੀਂ ਛੱਡ ਰਹੇ ਹਨ ਅਤੇ ਸਰਕਾਰ ਵੱਲੋਂ ਲੋਕ ਪੱਖੀ ਅਤੇ ਵਿਕਾਸ ਪੱਖੀ ਨੀਤੀਆਂ ਨੂੰ ਲਾਗੂ ਕਰਨ ਨੂੰ ਸਭ ਤੋਂ ਵੱਧ ਤਰਜੀਹ ਦਿੱਤੀ ਜਾ ਰਹੀ ਹੈ।ਇਸ ਮੌਕੇ ਵਿਧਾਇਕ ਰਮਨ ਅਰੋੜਾ, ਡਿਪਟੀ ਕਮਿਸ਼ਨਰ ਜਸਪ੍ਰੀਤ ਸਿੰਘ, ਪੁਲਿਸ ਕਮਿਸ਼ਨਰ ਕੁਲਦੀਪ ਸਿੰਘ ਚਾਹਲ ਤੇ ਹੋਰ ਵੀ ਹਾਜ਼ਰ ਸਨ।

ਵਿਜੀਲੈਂਸ ਨੇ ਵਿਧਾਇਕ ਅਮਿਤ ਰਤਨ ਨੂੰ ਹੀ ਕਾਬੂ ਕਰਨ ਲਈ ਲਗਾਇਆ ਸੀ ਟਰੈਪ!

0

ਰਿਸ਼ਮ ਵਲੋਂ ਪੈਸੇ ਫ਼ੜਣ ਦੇ ਬਾਅਦ ਵੀ ਵਿਧਾਇਕ ਕੋਲ ਪੈਸੇ ਪਹੁੰਚਾਉਣ ਦਾ ਇੰਤਜਾਰ ਕਰਦੇ ਰਹੇ ਵਿਜੀਲੈਂਸ ਅਧਿਕਾਰੀ
ਸੁਖਜਿੰਦਰ ਮਾਨ
ਬਠਿੰਡਾ, 18 ਫ਼ਰਵਰੀ: ਵੀਰਵਾਰ ਦੀ ਸ਼ਾਮ ਨੂੰ ਬਠਿੰਡਾ ਦੇ ਸਰਕਟ ਹਾਊਸ ’ਚ ਬੈਠੇ ਦਿਹਾਤੀ ਹਲਕੇ ਦੇ ਵਿਧਾਇਕ ਅਮਿਤ ਰਤਨ ਦੀ ਕਿਸਮਤ ਹੀ ਚੰਗੀ ਕਹੀ ਜਾ ਸਕਦੀ ਹੈ ਕਿ ਉਨ੍ਹਾਂ ਪੈਸੇ ਨੂੰ ਹੱਥ ਨਹੀਂ ਲਗਾਇਆ ਜਦੋਂਕਿ ਵਿਜੀਲੈਂਸ ਦੀ ਟੀਮ ਨੇ ਵਿਧਾਇਕ ਨੂੰ ਹੀ ਕਾਬੂ ਕਰਨ ਲਈ ਜਾਲ ਵਿਛਾਇਆ ਹੋਇਆ ਸੀ। ਇਸ ਕੇਸ ਵਿਚ ਸਿਕਾਇਤਕਰਤਾ ਪ੍ਰਿਤਪਾਲ ਉਰਫ਼ ਕਾਕਾ, ਜੋਕਿ ਪਿੰਡ ਘੁੱਦਾ ਦੀ ਮਹਿਲਾ ਸਰਪੰਚ ਸੀਮਾ ਰਾਣੀ ਦਾ ਪਤੀ ਹਨ, ਨੇ ਵਿਜੀਲੈਂਸ ਦੇ ਅਧਿਕਾਰੀਆਂ ਕੋਲ ਸਿਕਾਇਤ ਵੀ ਵਿਧਾਇਕ ਦੀ ਹੀ ਕੀਤੀ ਸੀ। ਮਿਲੀਆਂ ਸੂਚਨਾਵਾਂ ਮੁਤਾਬਕ ਇਹ ਘਟਨਾ ਅਚਾਨਕ ਨਹੀਂ ਵਾਪਰੀ ਸੀ, ਬਲਕਿ ਪਿਛਲੇ ਕਈ ਮਹੀਨਿਆਂ ਤੋਂ ਇਸ ਸਬੰਧ ਵਿਚ ਤਾਣਾ-ਬਾਣਾ ਬੁਣਿਆ ਜਾ ਰਿਹਾ ਸੀ। ਬੇਸ਼ੱਕ ਇਸ ਮਾਮਲੇ ਵਿਚ ਸਰਕਾਰ ਉਪਰ ਵਿਧਾਇਕ ਨੂੰ ਬਚਾਉਣ ਦੇ ਦੋਸ਼ ਲੱਗ ਰਹੇ ਹਨ ਪ੍ਰੰਤੂ ਜੋ ਜਾਣਕਾਰੀਆਂ ਸਾਹਮਣੇ ਆ ਰਹੀਆਂ ਹਨ, ਉਸ ਮੁਤਾਬਕ ਵਿਧਾਇਕ ਵਿਰੁਧ ਟਰੈਪ ਲਗਾਉਣ ਲਈ ਫੈਸਲਾ ਇਕੱਲੇ ਵਿਜੀਲੈਂਸ ਬਿਉਰੋ ਬਠਿੰਡਾ ਟੀਮ ਦਾ ਨਹੀਂ ਸੀ, ਬਲਕਿ ਉਸਨੂੰ ਤਾਂ ਐਨ ਦੋ-ਤਿੰਨ ਦਿਨ ਹੀ ਇਸ ਸਬੰਧ ਵਿਚ ਤਿਆਰੀਆਂ ਕਰਨ ਦੀਆਂ ਹਿਦਾਇਤਾਂ ਮਿਲੀਆਂ ਸਨ ਜਦੋਂਕਿ ਵਿਜੀਲੈਂਸ ਦੇ ਹੈਡਕੁਆਟਰ ਤੋਂ ਲੈ ਕੇ ਮੁੱਖ ਮੰਤਰੀ ਦਫ਼ਤਰ ਤੱਕ ਪਹਿਲਾਂ ਹੀ ਵਿਧਾਇਕ ਨੂੰ ਕਾਬੂ ਕਰਨ ਲਈ ਪਲਾਨਿੰਗ ਤਿਆਰ ਕੀਤੀ ਜਾ ਚੁੱਕੀ ਸੀ। ਸੂਤਰਾਂ ਮੁਤਾਬਕ ਸਭ ਤੋਂ ਪਹਿਲਾਂ ਸਿਕਾਇਤਕਰਤਾ ਅਪਣੇ ਇੱਕ ਸਾਥੀ ਨਾਲ ਵਿਜੀਲੈਂਸ ਦੇ ਡੀਜੀਪੀ ਵਰਿੰਦਰ ਕੁਮਾਰ ਕੋਲ ਸਾਰਾ ਦੁੱਖੜਾ ਸੁਣਾਉਣ ਲਈ ਪੁੱਜਿਆ ਸੀ। ਜਿਸਤੋਂ ਬਾਅਦ ਵਿਜੀਲੈਂਸ ਹੈਡਕੁਆਟਰ ਵਲੋਂ ਮਾਮਲਾ ਸੱਤਾਧਿਰ ਦੇ ਵਿਧਾਇਕ ਨਾਲ ਸਬੰਧਤ ਹੋਣ ਕਾਰਨ ਮੁੱਖ ਮੰਤਰੀ ਦਫ਼ਤਰ ਨਾਲ ਰਾਬਤਾ ਕਾਇਮ ਕੀਤਾ ਗਿਆ। ਵੱਡੀ ਗੱਲ ਇਹ ਵੀ ਪਤਾ ਲੱਗੀ ਹੈ ਕਿ ਮੁੱਖ ਮੰਤਰੀ ਦਫ਼ਤਰ ਵਲੋਂ ਐਕਸ਼ਨ ਨੂੰ ਹਰੀ ਝੰਡੀ ਦੇਣ ਤੋਂ ਪਹਿਲਾਂ ਇਸ ਵਿਧਾਇਕ ਦੀ ਰੀਪੋਰਟ ਤਿਆਰ ਕਰਵਾਈ ਗਈ, ਜੋਕਿ ਕਾਫ਼ੀ ਨੈਗੀਟਿਵ ਦੱਸੀ ਜਾ ਰਹੀ ਹੈ। ਜਿਸਤੋਂ ਬਾਅਦ ਵਿਜੀਲੈਂਸ ਨੂੰ ਕਾਰਵਾਈ ਕਰਨ ਲਈ ਖੁੱਲ ਦਿੱਤੀ ਗਈ। ਵਿਧਾਇਕ ਅਤੇ ਉਸਦੇ ਸਾਥੀ ਨਾਲ ਕਥਿਤ ਪੈਸਿਆਂ ਦੇ ਲੈਣ-ਦੇਣ ਦੀ ਹੋ ਰਹੀ ਗੱਲਬਾਤ ਨੂੰ ਰਿਕਾਰਡ ’ਤੇ ਲਿਆਉਣ ਲਈ ਸਿਕਾਇਤਕਰਤਾ ਵਲੋਂ 15-15 ਹਜ਼ਾਰ ਦੇ ਦੋ ਰਿਕਾਰਡਰ ਵੀ ਖਰੀਦੇ ਗਏ, ਜਿੰਨ੍ਹਾਂ ਵਿਚੋਂ ਇੱਕ ਰਿਕਾਰਡਰ ਗੁੰਮ ਹੋ ਗਿਆ ਜਦੋਂਕਿ ਉਸਦੇ ਵਿਚ ਵੀ ਕਾਫ਼ੀ ਅਹਿਮ ਖੁਲਾਸੇ ਹੋਣੇ ਸਨ। ਸੂਤਰਾਂ ਮੁਤਾਬਕ ਇਹ ਪ੍ਰਕ੍ਰਿਆ ਕਈ ਮਹੀਨੇ ਚੱਲਦੀ ਰਹੀ ਤੇ ਵਿਧਾਇਕ ਨੂੰ ਸ਼ੱਕ ਨਾ ਹੋਵੇ, ਇਸਦੇ ਲਈ ਸਿਕਾਇਤਕਰਤਾ ਉਸਦੇ ਨਾਲ ਨੇੜਤਾ ਵਧਾਉਂਦਾ ਰਿਹਾ। ਸੂਚਨਾ ਅਨੁਸਾਰ ਜਿਸ ਦਿਨ ਇਹ ਟਰੈਪ ਲਗਾਉਣਾ ਸੀ, ਉਸ ਦਿਨ ਵਿਜੀਲੈਂਸ ਵਲੋਂ ਵਿਧਾਇਕ ਅਮਿਤ ਰਤਨ ਨੂੰ ਕਾਬੂ ਕਰਨ ਦੀ ਤਿਆਰੀ ਸੀ। ਇਸਦੇ ਲਈ ਦੋ ਡੀਐਸਪੀ ਰੈਂਕ ਦੇ ਅਧਿਕਾਰੀਆਂ ਦੀ ਅਗਵਾਈ ਹੇਠ ਦੋ ਦਰਜਨ ਹੋਰਨਾਂ ਰੈਂਕਾਂ ਦੇ ਵਿਜੀਲੈਂਸ ਮੁਲਾਜਮ ਸ਼ਾਮਲ ਕੀਤੇ ਗਏ ਸਨ। ਵੱਡੀ ਗੱਲ ਇਹ ਵੀ ਸਾਹਮਣੇ ਆਈ ਹੈ ਕਿ ਇਹ ਯੋਜਨਾ ਲੀਕ ਨਾ ਹੋ ਜਾਵੇ, ਦੋਨਾਂ ਡੀਐਸਪੀ ਨੂੰ ਇਸ ਯੋਜਨਾ ਬਾਰੇ ਕੁੱਝ ਹੀ ਘੰਟੇ ਪਹਿਲਾਂ ਦਸਿਆ ਗਿਆ ਜਦੋਂਕਿ ਹੇਠਲੇ ਅਧਿਕਾਰੀਆਂ ਨੂੰ ਮੌਕੇ ਉਪਰ ਹੀ ਸੂਚਿਤ ਕੀਤਾ ਗਿਆ। ਇਸ ਸਾਰੀ ‘ਪਲਾਨਿੰਗ’ ਨਾਲ ਵਿਜੀਲੈਂਸ ਦਾ ਹੈਡਕੁਆਟਰ ਪਲ-ਪਲ ਜੁੜਿਆ ਰਿਹਾ ਤੇ ਡੀਜੀਪੀ ਖ਼ੁਦ ਸਾਰੀ ਕਾਰਵਾਈ ਨੂੰ ਮੋਨੀਟਰ ਕਰਦੇ ਰਹੇ। ਘਟਨਾ ਵਾਲੇ ਦਿਨ ਰਿਸਮ ਗਰਗ ਅਤੇ ਵਿਧਾਇਕ ਦੀ ਵੀ ਪਲ-ਪਲ ਦੀ ਰੀਪੋਰਟ ਇਕੱਠੀ ਕੀਤੀ ਜਾਂਦੀ ਰਹੀ ਕਿ ਉਹ ਕਿਧਰ ਜਾ ਰਹੇ ਹਨ, ਕਿਸਨੂੰ ਮਿਲ ਰਹੇ ਹਨ। ਇਸੇ ਤਰ੍ਹਾਂ ਸਰਕਟ ਹਾਊਸ ਦੇ ਮੁੱਖ ਗੇਟ ਅਤੇ ਇਸਦੇ ਨਾਲ ਲੱਗਦੇ ਡਿਊਨਜ਼ ਕਲੱਬ ਦੇ ਗੇਟ ਉਪਰ ਦੋਨਾਂ ਡੀਐਸਪੀਜ਼ ਦੀਆਂ ਪ੍ਰਾਈਵੇਟ ਗੱਡੀਆਂ ਖੜਾਈਆਂ ਗਈਆਂ ਤਾਂ ਕੋਈ ਭੱਜਣ ਵਿਚ ਸਫ਼ਲ ਨਾ ਹੋ ਸਕੇ। ਸੂਤਰਾਂ ਮੁਤਾਬਕ ਵਿਜੀਲੈਂਸ ਅਧਿਕਾਰੀਆਂ ਨੂੰ ਉਮੀਦ ਸੀ ਕਿ ਸਿਕਾਇਤਕਰਤਾ ਕੋਲੋ ਪੈਸੇ ਵਿਧਾਇਕ ਦੀ ਹਾਜ਼ਰੀ ਦੌਰਾਨ ਕਮਰੇ ਵਿਚ ਹੀ ਲਏ ਜਾਣਗੇ ਪ੍ਰੰਤੂ ਅਜਿਹਾ ਨਹੀਂ ਹੋਇਆ ਤੇ ਪੈਸੇ ਲੈਣ ਲਈ ਰਿਸ਼ਮ ਗਰਗ ਬਾਹਰ ਅਪਣੀ ਗੱਡੀ ਕੋਲ ਮਹਿਲਾ ਸਰਪੰਚ ਦੇ ਪਤੀ ਨੂੰ ਲੈ ਕੇ ਆ ਗਿਆ। ਗੱਡੀ ਵਿਚ ਜਦ ਪੈਸੇ ਫ਼ੜਾਉਣ ਤੋਂ ਬਾਅਦ ਸਿਕਾਇਤਕਰਤਾ ਨੇ ਵਿਜੀਲੈਂਸ ਨੂੰ ਖੱਬੇ ਹੱਥ ਨੂੰ ਸਿਰ ਉਪਰ ਫ਼ੇਰ ਕੇ ਇਸ਼ਾਰਾ ਕਰ ਦਿੱਤਾ ਤਾਂ ਵੀ ਵਿਜੀਲੈਂਸ ਦੀ ਟੀਮ ਹਰਕਤ ਵਿਚ ਨਹੀਂ ਆਈ, ਕਿਉਂਕਿ ਉਨ੍ਹਾਂ ਨੂੰ ਮੁੜ ਉਮੀਦ ਸੀ ਕਿ ਕਥਿਤ ਮੁਜ਼ਰਮ ਇਹ ਪੈਸੇ ਲੈ ਕੇ ਵਿਧਾਇਕ ਵਾਲੇ ਕਮਰੇ ਵਿਚ ਜਾਵੇਗਾ ਪ੍ਰੰਤੂ ਅਜਿਹਾ ਨਹੀਂ ਹੋਇਆ ਤੇ ਉਹ ਸਰਕਟ ਹਾਊਸ ਦੇ ਮੁੱਖ ਗੇਟ ਰਾਹੀਂ ਗੱਡੀ ਲੈ ਕੇ ਬਾਹਰ ਜਾਣ ਲੱਗਿਆ, ਜਿਸਦੇ ਚੱਲਦੇ ਇੱਕ ਡੀਐਸਪੀ ਨੇ ਗੇਟ ਅੱਗੇ ਅਪਣੀ ਗੱਡੀ ਲਗਾ ਕੇ ਉਸਦੀ ਗੱਡੀ ਰੋਕ ਲਈ ਅਤੇ ਰੰਗ ਲੱਗੇ ਚਾਰ ਲੱਖ ਰੁਪਇਆ ਸਹਿਤ ਕਾਬੂ ਕਰ ਲਿਆ।

ਬਾਕਸ
ਮਹਿੰਦਰਾ ਕਾਲਜ਼ ’ਚ ਇਕੱਠੇ ਪੜਦੇ ਰਹੇ ਹਨ ਰਿਸ਼ਮ ਗਰਗ ਤੇ ਅਮਿਤ ਰਤਨ
ਬਠਿੰਡਾ: ਉਧਰ ਇਹ ਵੀ ਪਤਾ ਚੱਲਿਆ ਹੈ ਕਿ ਰਿਸਮ ਗਰਗ ਅਤੇ ਵਿਧਾਇਕ ਅਮਿਤ ਰਤਨ ਬਚਪਨ ਦੇ ਦੋਸਤ ਹਨ ਤੇ ਇੰਨ੍ਹਾਂ ਨੇ ਮਹਿਦਰਾ ਕਾਲਜ਼ ਪਟਿਆਲਾ ਤੋਂ ਇਕੱਠਿਆ ਹੀ ਬਾਹਰਵੀਂ ਪਾਸ ਕੀਤੀ ਹੈ। ਦੋਨਾਂ ਦੀ ਇਹ ਦੋਸਤੀ ਅੱਗੇ ਵੀ ਚੱਲਦੀ ਰਹੀ ਤੇ ਵਿਧਾਨ ਸਭਾ ਚੋਣਾਂ ਦੌਰਾਨ ਰਿਸ਼ਮ ਨੇ ਅਮਿਤ ਰਤਨ ਦੀ ਚੋਣ ਮੁਹਿੰਮ ਵਿਚ ਕਾਫ਼ੀ ਭੂਮਿਕਾ ਨਿਭਾਈ ਤੇ ਹੁਣ ਵੀ ਚੋਣ ਜਿੱਤਣ ਤੋਂ ਬਾਅਦ ਉਹ ਹਲਕੇ ਵਿਚ ਵਿਚਰ ਰਿਹਾ ਸੀ।

ਪੰਜਾਬ ਕੇਂਦਰੀ ਯੂਨੀਵਰਸਿਟੀ ਵਿਖੇ 11ਵੀਂ ਸਲਾਨਾ ਸਪੋਰਟਸ ਮੀਟ ਆਯੋਜਿਤ

0

ਸੁਖਜਿੰਦਰ ਮਾਨ
ਬਠਿੰਡਾ, 18 ਫਰਵਰੀ :- ਪੰਜਾਬ ਕੇਂਦਰੀ ਯੂਨੀਵਰਸਿਟੀ ਘੁੱਦਾ ਵਿਖੇ 11ਵੀਂ ਸਾਲਾਨਾ ਸਪੋਰਟਸ ਮੀਟ ਦੇ ਫਾਈਨਲ ਰਾਊਂਡ ਦੇ ਮੈਚਾਂ ਲਈ ਸ਼ਨੀਵਾਰ ਨੂੰ ਵਿਸ਼ੇਸ਼ ਪ੍ਰੋਗਰਾਮ ਆਯੋਜਿਤ ਕੀਤਾ ਗਿਆ। ਇਸ ਮੈਗਾ ਸਪੋਰਟਸ ਚੈਂਪੀਅਨਸ਼ਿਪ ਦਾ ਉਦਘਾਟਨੀ ਸਮਾਗਮ ਦਸੰਬਰ 2022 ਵਿੱਚ ਹੋਇਆ ਸੀ। ਇਸ ਮੀਟਿੰਗ ਵਿੱਚ ਟਰੈਕ ਅਤੇ ਫੀਲਡ ਈਵੈਂਟਸ, ਫੁੱਟਬਾਲ, ਵਾਲੀਬਾਲ, ਬੈਡਮਿੰਟਨ ਸਮੇਤ ਵੱਖ-ਵੱਖ ਖੇਡ ਮੁਕਾਬਲੇ ਕਰਵਾਏ ਗਏ। ਪੰਜਾਬ ਦੀਆਂ ਦੇਸੀ ਖੇਡਾਂ ਸੀਯੂਪੀਬੀ ਸਪੋਰਟਸ ਮੀਟ ਦਾ ਮੁੱਖ ਆਕਰਸ਼ਣ ਸਨ। ਇਸ ਸਪੋਰਟਸ ਮੀਟ ਵਿੱਚ ਵਿਦਿਆਰਥੀਆਂ ਦੇ ਖੇਡ ਮੁਕਾਬਲਿਆਂ ਦੇ ਨਾਲ-ਨਾਲ ਕਰਮਚਾਰੀਆਂ ਅਤੇ ਉਨ੍ਹਾਂ ਦੇ ਬੱਚਿਆਂ ਲਈ ਵਿਸ਼ੇਸ਼ ਖੇਡ ਮੁਕਾਬਲੇ ਕਰਵਾਏ ਗਏ। ਇਸ ਖੇਡ ਮੇਲੇ ਵਿੱਚ ਵੱਖ-ਵੱਖ ਵਿਭਾਗਾਂ ਦੇ 300 ਤੋਂ ਵੱਧ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ ਅਤੇ ਆਪਣੀ ਖੇਡ ਭਾਵਨਾ ਦਾ ਪ੍ਰਦਰਸ਼ਨ ਕੀਤਾ।ਇਸ ਮੌਕੇ ਵਾਈਸ-ਚਾਂਸਲਰ ਪ੍ਰੋ. ਰਾਘਵੇਂਦਰ ਪ੍ਰਸਾਦ ਤਿਵਾਰੀ ਨੇ ਵਿਦਿਆਰਥੀਆਂ ਨੂੰ ਵੱਖ-ਵੱਖ ਖੇਡ ਮੁਕਾਬਲਿਆਂ ਵਿੱਚ ਸਰਗਰਮ ਭਾਗੀਦਾਰੀ ਲਈ ਵਧਾਈ ਦਿੱਤੀ। ਉਨ੍ਹਾਂ ਵਿਦਿਆਰਥੀਆਂ ਨੂੰ ਤੰਦਰੁਸਤ ਰਹਿਣ ਲਈ ਰੋਜ਼ਾਨਾ ਜੀਵਨ ਵਿੱਚ ਖੇਡਾਂ ਨੂੰ ਅਪਣਾਉਣ ਲਈ ਪ੍ਰੇਰਿਤ ਕੀਤਾ। ਇਨਾਮ ਵੰਡ ਸਮਾਗਮ ਦੌਰਾਨ ਪ੍ਰੋ. ਆਰ.ਕੇ ਵੁਸੀਰਿਕਾ ਡੀਨ ਇੰਚਾਰਜ ਅਕਾਦਮਿਕ ਅਤੇ ਯੂਨੀਵਰਸਿਟੀ ਅਧਿਕਾਰੀਆਂ ਨੇ ਵੱਖ-ਵੱਖ ਮੁਕਾਬਲਿਆਂ ਦੇ ਜੇਤੂਆਂ ਨੂੰ ਸਨਮਾਨਿਤ ਕਰਨ ਲਈ ਮੈਡਲ ਵੰਡੇ।

ਜ਼ਿਲ੍ਹਾ ਕਾਂਗਰਸ ਕਮੇਟੀ ਨੇ ਸਰਬੱਤ ਦੇ ਭਲੇ ਲਈ ਕਾਂਗਰਸ ਦਫ਼ਤਰ ’ਚ ਕਰਵਾਇਆ ਸੁਖਮਨੀ ਸਾਹਿਬ ਦਾ ਪਾਠ

0

ਸੁਖਜਿੰਦਰ ਮਾਨ
ਬਠਿੰਡਾ, 18 ਫਰਵਰੀ :- ਜ਼ਿਲ੍ਹਾ ਕਾਂਗਰਸ ਕਮੇਟੀ ਸ਼ਹਿਰੀ ਵੱਲੋਂ ਅੱਜ ਸਰਬੱਤ ਦੇ ਭਲੇ ਲਈ ਸਥਾਨਕ ਕਾਂਗਰਸ ਭਵਨ ਵਿਖੇ ਸੁਖਮਨੀ ਸਾਹਿਬ ਦੇ ਪਾਠ ਕਰਵਾਏ ਗਏ ਅਤੇ ਭੋਗ ਪਾਉਣ ਉਪਰੰਤ ਗੁਰੂ ਦਾ ਲੰਗਰ ਅਤੁੱਟ ਵਰਤਾਇਆ ਗਿਆ। ਇਸ ਮੌਕੇ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਸਮੂਹ ਅਹੁਦੇਦਾਰ ਸਹਿਬਾਨ, ਨਗਰ ਨਿਗਮ ਬਠਿੰਡਾ ਦੇ ਕੌਂਸਲਰ., ਵੱਖ-ਵੱਖ ਵਿੰਗਾਂ ਦੇ ਅਹੁਦੇਦਾਰ ਸਹਿਬਾਨ ਅਤੇ ਵਰਕਰ ਵੱਡੀ ਗਿਣਤੀ ਵਿੱਚ ਸ਼ਾਮਲ ਹੋਏ । ਸੰਗਤ ਨੂੰ ਸੰਬੋਧਨ ਕਰਦਿਆਂ ਜ਼ਿਲਾ ਕਾਂਗਰਸ ਕਮੇਟੀ ਸ਼ਹਿਰੀ ਦੇ ਪ੍ਰਧਾਨ ਰਾਜਨ ਗਰਗ, ਸਾਬਕਾ ਪ੍ਰਧਾਨ ਅਰੁਣ ਵਧਾਵਨ, ਸੀਨੀਅਰ ਡਿਪਟੀ ਮੇਅਰ ਅਸ਼ੋਕ ਕੁਮਾਰ, ਸੀਨੀਅਰ ਆਗੂ ਟਹਿਲ ਸਿੰਘ ਸੰਧੂ, ਮਲਕੀਤ ਸਿੰਘ , ਅਨਿਲ ਭੋਲਾ , ਪਵਨ ਮਾਨੀ, ਕਿਰਨਦੀਪ ਕੌਰ ਵਿਰਕ, ਬਲਜਿੰਦਰ ਠੇਕੇਦਾਰ, ਬਲਾਕ ਪ੍ਰਧਾਨ ਬਲਰਾਜ ਸਿੰਘ ਪੱਕਾ ਅਤੇ ਹਰਵਿੰਦਰ ਸਿੰਘ ਲੱਡੂ ਨੇ ਕਿਹਾ ਕਿ ਅਮਨ ਸ਼ਾਂਤੀ ਭਾਈਚਾਰਕ ਸਾਂਝ ਮਜਬੂਤ ਬਣਾਈ ਰੱਖਣ ਅਤੇ ਸਰਬੱਤ ਦੇ ਭਲੇ ਲਈ ਇਹ ਉੱਦਮ ਕੀਤਾ ਗਿਆ ਹੈ ਅਤੇ ਕਾਂਗਰਸ ਭਵਨ ਵਿਖੇ ਪਹਿਲੀ ਵਾਰ ਸੁਖਮਨੀ ਸਾਹਿਬ ਦਾ ਪਾਠ ਕਰਕੇ ਅਰਦਾਸ ਕੀਤੀ ਗਈ ਹੈ। ਇਸ ਮੌਕੇ ਕਰਨਜੀਤ ਸਿੰਘ ਗਹਿਰੀ, ਸੁਰਿੰਦਰਜੀਤ ਸਿੰਘ ਸਾਹਨੀ, ਜਸਵੀਰ ਸਿੰਘ ਜੱਸਾ, ਸਾਬਕਾ ਮੇਅਰ ਬਲਵੰਤ ਰਾਏ ਨਾਥ, ਰੁਪਿੰਦਰ ਬਿੰਦਰਾ, ਸੁਖਦੇਵ ਸਿੰਘ ਸੁੱਖਾ, ਸੰਜੇ ਵਿਸਵਾਲ, ਵਿਪਨ ਮਿੱਤੂ, ਸਾਧੂ ਸਿੰਘ, ਟਹਿਲ ਸਿੰਘ ਬੁੱਟਰ, ਵਿਕਰਮ ਕਰਾਂਤੀ, ਰਾਜ ਮਹਿਰਾ, ਮਨੋਜ ਕੁਮਾਰ, ਨੇਹਾ ਜਿੰਦਲ, ਅਸ਼ੀਸ਼ ਕਪੂਰ, ਰੋਸੀ ਪੱਕਾ, ਜਗਰਾਜ ਸਿੰਘ, ਦੁਲੀ ਚੰਦ, ਗੁਰਵਿੰਦਰ ਸਿੰਘ ਚਹਿਲ, ਜਗਮੀਤ ਸਿੰਘ, ਮਹਿੰਦਰ ਭੋਲਾ, ਯਾਦਵਿੰਦਰ ਬਹਿਆ ਆਦਿ ਸਮੇਤ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਹੋਈਆਂ।

ਮਜ਼ਦੂਰ ਵਿਰੁਧ ਜਾਤੀ ਸੂਚਕ ਸਬਦ ਬੋਲਣ ਦੇ ਮਾਮਲੇ ਵਿਚ ਪੁਲਿਸ ਵਲੋਂ ਮੁੜ ਪੜਤਾਲ ਸੁਰੂ

ਖੇਤ ਮਜਦੂਰ ਯੂਨੀਅਨ ਵਲੋਂ ਪਰਚਾ ਦਰਜ਼ ਕਰਵਾਉਣ ਦੀ ਮੰਗ ਨੂੰ ਲੈ ਕੇ ਧਰਨਾ ਜਾਰੀ
ਕਿਸਾਨ ਯੂਨੀਅਨ ਉਗਰਾਹਾ ਨੇ ਵੀ ਹਿਮਾਇਤ ਦਾ ਕੀਤਾ ਐਲਾਨ
ਸੁਖਜਿੰਦਰ ਮਾਨ
ਬਠਿੰਡਾ, 18 ਫਰਵਰੀ : ਇੱਕ ਦਲਿਤ ਔਰਤ ਅਮਰਜੀਤ ਕੌਰ ਨੂੰ ਕਥਿਤ ਤੌਰ ’ਤੇ ਜਾਤੀ ਸੂਚਕ ਗਾਲਾਂ ਕੱਢਣ ਦੇ ਮਾਮਲੇ ਵਿਚ ਪੁਲਿਸ ਨੇ ਮਜਦੂਰਾਂ ਵਲੋਂ ਵਿੱਢੇ ਸੰਘਰਸ਼ ਤੋਂ ਬਾਅਦ ਮੁੜ ਪੜਤਾਲ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧ ਵਿਚ ਅੱਜ ਪੁਲਿਸ ਵਲੋਂ ਪੀੜਤ ਔਰਤ ਅਮਰਜੀਤ ਕੌਰ ਅਤੇ ਮੌਕੇ ਦੇ ਗਵਾਹ ਗੁਲਾਬ ਸਿੰਘ ਦੇ ਬਿਆਨ ਦਰਜ ਕੀਤੇ ਗਏ। ਇਸ ਕੇਸ ਨੂੰ ਲੈ ਕੇ ਖੇਤ ਮਜਦੂਰ ਯੂਨੀਅਨ ਵਲੋਂ ਪਿਛਲੇ ਕਈ ਦਿਨਾਂ ਤੋਂ ਮਿੰਨੀ ਸਕੱਤਰੇਤ ਅੱਗੇ ਧਰਨਾ ਲਗਾਇਆ ਹੋਇਆ ਹੈ। ਇਸਤੋਂ ਇਲਾਵਾ ਹੁਣ ਮਜਦੂਰਾਂ ਦੀ ਹਿਮਾਇਤ ਵਿਚ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾ ਨੇ ਵੀ ਆਉਣ ਦਾ ਐਲਾਨ ਕਰ ਦਿੱਤਾ ਹੈ। ਇਸ ਮਾਮਲੇ ਵਿਚ ਅੱਜ ਮਜਦੂਰ ਤੇ ਕਿਸਾਨ ਆਗੂਆਂ ਦਾ ਇੱਕ ਵਫ਼ਦ ਐਸ ਪੀ ਡੀ ਸ੍ਰੀ ਅਜੇ ਗਾਂਧੀ ਨੂੰ ਵੀ ਮਿਲਿਆ, ਜਿੰਨ੍ਹਾਂ ਇਨਸਾਫ਼ ਦੇਣ ਦਾ ਭਰੋਸਾ ਦਿੱਤਾ। ਇਸੇ ਤਰਾਂ ਬੀਤੇ ਕੱਲ ਵੀ ਪਿੰਡ ਜੀਦਾ ਦੇ ਜਗਸੀਰ ਸਿੰਘ ਦੇ ਖੇਤ ਦਾ ਪਾਣੀ ਤੇ ਰਾਹ ਰੋਕਣ ਵਾਲੇ ਕਿਸਾਨ ਨੂੰ ਵੀ ਪੁਲਿਸ ਅਧਿਕਾਰੀ ਨੇ ਬੁਲਾਕੇ ਪੜਤਾਲ ਕੀਤੀ। ਅਧਿਕਾਰੀਆਂ ਨਾਲ ਗੱਲ ਕਰਨ ਮਗਰੋਂ ਧਰਨੇ ਵਿੱਚ ਸਾਮਲ ਮਜ਼ਦੂਰਾਂ ਨੂੰ ਸਬੋਧਨ ਕਰਦੇ ਹੋਏ ਮਜ਼ਦੂਰ ਆਗੂ ਜੋਰਾ ਸਿੰਘ ਨਸਰਾਲੀ , ਮਨਦੀਪ ਸਿੰਘ ਸਿਵੀਆ ਤੇ ਕਿਸਾਨ ਆਗੂ ਜਗਸੀਰ ਸਿੰਘ ਝੁੰਬਾ ਤੇ ਗੁਲਾਬ ਸਿੰਘ ਜਿਉਂਦ ਨੇ ਪੁਲਿਸ ਪ੍ਰਸਾਸ਼ਨ ’ਤੇ ਦੋਸ਼ ਲਾਉਦਿਆਂ ਕਿਹਾ ਕਿ ਉਹ ਅਕਾਲੀ ਸਿਆਸਤਦਾਨਾਂ ਦੇ ਦਬਾਅ ਹੇਠ ਮੁਜ਼ਰਮਾਂ ਨੂੰ ਹੱਥ ਪਾਉਣ ਤੋਂ ਬਚਿਆ ਜਾ ਰਿਹਾ ਹੈ। ਉਨ੍ਹਾਂ ਹਲਕੇ ਦੇ ਵਿਧਾਇਕ ਮਾਸਟਰ ਜਗਸੀਰ ਸਿੰਘ ਉਪਰ ਵੀ ਪੀੜਤ ਪਰਿਵਾਰ ਦੀ ਸਹਾਇਤਾ ਕਰਨ ਦੀ ਬਜਾਏ ਮੂਕ ਦਰਸ਼ਕ ਬਣਨ ਦਾ ਦੋਸ਼ ਲਗਾਇਆ। ਇਸ ਦੌਰਾਨ 20 ਫਰਵਰੀ ਨੂੰ ਵੱਡਾ ਇਕੱਠ ਕਰਨ ਦਾ ਵੀ ਫੈਸਲਾ ਲਿਆ ਗਿਆ। ਇਸ ਮੌਕੇ ਨਛੱਤਰ ਸਿੰਘ ਚੱਠੇਵਾਲਾ , ਬਿੱਕਰ ਸਿੰਘ ਚਨਾਰਥਲ , ਚੰਨਾ ਸਿੰਘ ਜਿਉਦ ਤੇ ਬਸੰਤ ਸਿੰਘ ਕੋਠਾ ਗੁਰੂ ਨੇ ਵੀ ਸਬੋਧਨ ਕੀਤਾ ।

ਘੋੜਿਆ ਦੇ ਵਪਾਰੀ ਤੋਂ 20 ਲੱਖ ਦੀ ਫ਼ਿਰੌਤੀ ਮੰਗਣ ਦੇ ਮਾਮਲੇ ਵਿਚ ਦੋ ਕਾਬੂੁ, ਦੋ ਹੋਰ ਨਾਮਜਦ

0

ਸੁਖਜਿੰਦਰ ਮਾਨ
ਬਠਿੰਡਾ, 18 ਫ਼ਰਵਰੀ: ਕਰੀਬ ਦਸ ਦਿਨ ਪਹਿਲਾਂ ਸੰਗਤ ਮੰਡੀ ਥਾਣੇ ਅਧੀਨ ਆਉਂਦੇ ਪਿੰਡ ਪੱਕਾ ਕਲਾਂ ਦੇ ਇੱਕ ਘੋੜਿਆਂ ਦੇ ਵਪਾਰੀ ਕੋਲੋ 20 ਲੱਖ ਰੁਪਏ ਦੀ ਫ਼ਿਰੌਤੀ ਮੰਗਣ ਦੇ ਮਾਮਲੇ ਵਿਚ ਪੁਲਿਸ ਨੇ ਦੋ ਜਣਿਆਂ ਨੂੰ ਕਾਬੂ ਕੀਤਾ ਹੈ। ਜਦੋਂਕਿ ਦੋ ਹੋਰ ਨਾਮੀ ਗੈਂਗਸਟਰਾਂ ਨੂੂੰ ਇਸ ਕੇਸ ਵਿਚ ਨਾਮਜਦ ਕੀਤਾ ਹੈ ਤੇ ਇਸ ਕੇਸ ਵਿਚ ਮੁੱਖ ਮੁਜਰਮ ਅਰਸ ਡੱਲਾ ਵਿਦੇਸ਼ ਵਿਚ ਰਹਿ ਰਿਹਾ ਹੈ। ਇਸ ਸਬੰਧ ਵਿਚ ਜਾਣਕਾਰੀ ਦਿੰਦਿਆਂ ਐਸ.ਐਸ.ਪੀ ਜੇ.ਇਲਨਚੇਲੀਅਨ ਨੇ ਦਸਿਆ ਕਿ ਮੁਦਈ ਹਰਪ੍ਰੀਤ ਸਿੰਘ ਜੋਕਿ ਘੋੜਿਆ ਦਾ ਵਪਾਰ ਕਰਦਾ ਹੈ, ਨੂੰ ਲੰਘੀ 7 ਫ਼ਰਵਰੀ ਨੂੰ ਅਰਸ਼ ਡਾਲਾ ਦੇ ਨਾਂ ਹੇਠ ਵਟਸਐਪ ਨੰਬਰ ’ਤੇ 20 ਲੱਖ ਰੁਪਏ ਦੀ ਫ਼ਿਰੌਤੀ ਦੇਣ ਦੀ ਕਾਲ ਆਈ ਸੀ। ਇਸ ਮਾਮਲੇ ਵਿਚ ਥਾਣਾ ਸੰਗਤ ਦੀ ਪੁਲਿਸ ਨੇ ਹਰਪ੍ਰੀਤ ਸਿੰਘ ਦੇ ਬਿਆਨਾਂ ਉਪਰ ਮੁਕੱਦਮਾ ਨੰਬਰ 14 ਮਿਤੀ 14-02-2022 ਅ/ਧ 387,506 ਅਤੇ 120ਬੀ ਆਈਪੀਸੀ ਤਹਿਤ ਦਰਜ ਕੀਤਾ ਗਿਆ ਸੀ। ਇਸ ਕੇਸ ਦੀ ਪੜਤਾਲ ਸਪੈਸ਼ਲ ਸਟਾਫ, ਸੀ.ਆਈ.ਏ.ਸਟਾਫ-2 ਅਤੇ ਥਾਣਾ ਸੰਗਤ ਦੀ ਪੁਲਿਸ ਵਲੋਂ ਸਾਂਝੇ ਤੌਰ ’ਤੇ ਕੀਤੀ ਗਈ ਸੀ। ਤਫ਼ਤੀਸ ਦੌਰਾਨ ਇਹ ਗੱਲ ਸਾਹਮਣੇ ਆਈ ਸੀ ਕਿ ਸੁਖਦੀਪ ਸਿੰਘ ਉਰਫ ਸੁੱਖਾ ਵਾਸੀ ਤਖਤਮੱਲ ਜਿਲ੍ਹਾ ਸਿਰਸਾ ਅਤੇ ਲਵਪ੍ਰੀਤ ਸਿੰਘ ਉਰਫ ਲੱਭੀ ਵਾਸੀ ਭੁੱਚੋ ਕਲਾ ਜਿਲਾ ਬਠਿੰਡਾ ਇਸ ਕੇਸ ਵਿਚ ਸ਼ਾਮਲ ਹਨ, ਜਿੰਨ੍ਹਾਂ ਨੂੰ ਕਾਬੂ ਕਰਕੇ ਇਹਨਾਂ ਦੇ ਕਬਜ਼ਾ ਵਿੱਚੋ 2 ਦੇਸੀ ਕੱਟੇ 315 ਬੋਰ ਬ੍ਰਾਮਦ ਕੀਤੇ ਸਨ। ਇਸਤੋਂ ਇਲਾਵਾ ਦੋਨਾਂ ਦੀ ਪੁੱਛ ਗਿੱਛ ਦੌਰਾਨ ਫ਼ਿਰੌਤੀ ਮੰਗਣ ਦੇ ਮਾਮਲੇ ਵਿਚ ਗੈਂਗਸਟਰ ਫਤਿਹਨਾਗਰੀ ਉਰਫ ਫਤਿਹ ਵਾਸੀ ਗੋਬਿੰਦਪੁਰਾ ਨਾਗਰੀ ਜਿਲਾ ਸੰਗਰੂਰ ਅਤੇ ਸੰਦੀਪ ਸਿੰਘ ਵਾਸੀ ਕੋਠੇ ਅਮਰਪੁਰਾ ਜਿਲਾ ਬਠਿੰਡਾ ਦੀ ਭੂਮਿਕਾ ਸਾਹਮਣੇ ਆਈ ਸੀ, ਜਿਸਦੇ ਚੱਲਦੇ ਇੰਨ੍ਹਾਂ ਦੋਨਾਂ ਨੂੰ ਵੀ ਕੇਸ ਵਿਚ ਨਾਮਜਦ ਕੀਤਾ ਗਿਆ ਹੈ। ਇਸਤੋਂ ਇਲਾਵਾ ਇਸ ਕੇਸ ਵਿਚ 25,25(6) ਅਸਲਾ ਐਕਟ ਦਾ ਵਾਧਾ ਕੀਤਾ ਗਿਆ ਹੈ। ਐਸ.ਐਸ.ਪੀ ਮੁਤਾਬਕ ਫਤਿਹ ਨਾਗਰੀ ਕੇਂਦਰੀ ਜੇਲ ਬਠਿੰਡਾ ਵਿਖੇ ਬੰਦ ਹੈ, ਜਿਸਨੂੰ ਪ੍ਰੋਡਕਸ਼ਨ ਵਰੰਟ ਪਰ ਲਿਆਦਾ ਜਾ ਰਿਹਾ ਹੈ। ਉਨ੍ਹਾਂ ਇਹ ਵੀ ਦਸਿਆ ਕਿ ਗ੍ਰਿਫਤਾਰ ਕੀਤੇ ਗਏ ਸੁਖਦੀਪ ਸਿੰਘ ਉਰਫ ਸੁੱਖਾ ਵਿਰੁਧ ਕਤਲ, ਇਰਾਦਾ ਕਤਲ ਆਦਿ ਧਾਰਾਵਾਂ ਤਹਿਤ ਵੱਖ ਵੱਖ ਥਾਣਿਆਂ ਵਿਚ ਸੱਤ ਅਤੇ ਲਵਪ੍ਰੀਤ ਸਿੰਘ ਉਰਫ ਲੱਭੀ ਵਿਰੁਧ ਵੀ ਤਿੰਨ ਮੁਕੱਦਮੇ ਦਰਜ਼ ਹਨ। ਇਸਤੋਂ ਇਲਾਵਾ ਇੱਕ ਹੋਰ ਕੇਸ ਦੀ ਪੜਤਾਲ ਕਰਦਿਆਂ ਡੀਐਸਪੀ ਫੂਲ ਆਸਵੰਤ ਸਿੰਘ ਧਾਲੀਵਾਲ ਦੀ ਅਗਵਾਈ ਹੇਠ ਲੁੱਟਾਂ ਖੋਹਾਂ ਕਰਨ ਵਾਲੇ ਇੱਕ ਗੈਂਗ ਦਾ ਪਰਦਾ ਫਾਸ ਕੀਤਾ ਗਿਆ ਹੈ। ਇਸ ਸਬੰਧ ਵਿਚ 12 ਫ਼ਰਰਵੀ ਨੂੰ ਕਮਲਦੀਪ ਗਰਗ ਵਾਸੀ ਗੁਰੂ ਨਾਨਕਪੁਰਾ ਮੁਹੱਲਾ ਰਾਮਪੁਰਾ ਮੰਡੀ ਦੇ ਬਿਆਨਾਂ ਉਪਰ ਪਰਚਾ ਦਰਜ਼ ਕੀਤਾ ਗਿਆ ਸੀ, ਜਿਸਦੀ ਕੁੱਟਮਾਰ ਕਰਕੇ ਕਥਿਤ ਦੋਸ਼ੀ ਮੋਬਾਇਲ ਰੈਡਮੀ ਨੋਟ-7, 22000/- ਰੁਪਏ ਨਗਦੀ ਅਤੇ ਸਕੂਟਰੀ ਖੋਹ ਕੇ ਭੱਜ ਗਏ ਸਨ। ਇਸ ਘਟਨਾ ਨੂੰ ਅੰਜਾਮ ਦੇਣ ਵਾਲੇ ਮੁਜ਼ਰਮਾਂ ਸੁਖਪ੍ਰੀਤ ਸਿੰਘ ਉਰਫ ਸੁਖਨੀ, ਰਮਨਦੀਪ ਸਿੰਘ ਉਰਫ ਮਨੀ , ਕਾਲੂ ਅਤੇ ਉਸਦਾ ਭਰਾ ਸਾਰੇ ਵਾਸੀਆਨ ਮੰਡੀ ਕਲਾ ਅਤੇ ਸਮਿੰਦਰ ਸਿੰਘ ਵਾਸੀ ਕੋਟੜਾ ਕੋੜਾ ਨੂੰ ਬਤੌਰ ਮੁਜਰਮ ਨਾਮਜਦ ਕੀਤਾ ਸੀ ਤੇ ਹੁਣ ਇਸ ਕੇਸ ਵਿਚ ਸੁਖਪ੍ਰੀਤ ਸਿੰਘ ਉਰਫ ਸੁਖਨੀ ਅਤੇ ਸ਼ਮਿੰਦਰ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇੰਨ੍ਹਾਂ ਕੋਲੋ ਖੋਹੀ ਐਕਟਿਵਾ ਸਕੂਟਰੀ ਤੋਂ ਇਲਾਵਾ 5000/- ਨਕਦੀ ਅਤੇ ਮਾਰੂ ਹਥਿਆਰ ਵੀ ਬਰਾਮਦ ਕੀਤੇ ਗਏ ਹਨ। ਪੁਲਿਸ ਅਧਿਕਾਰੀਆਂ ਮੁਤਾਬਕ ਸੁੁਖਪ੍ਰੀਤ ਵਿਰੁਧ ਪਹਿਲਾਂ ਵੀ ਦੋੋ ਮੁਕੱਦਮੇ ਦਰਜ ਹਨ।

ਮਹਿੰਗੇ ਵਿਦੇਸ਼ੀ ਹਥਿਆਰਾਂ ਸਹਿਤ ਬੰਬੀਹਾ ਗੈਂਗ ਦੇ ਤਿੰਨ ਗੁਰਗੇ ਕਾਬੂ

0

ਬਠਿੰਡਾ ਅਤੇ ਮੋਗਾ ਜ਼ਿਲ੍ਹੇ ਵਿਚ ਦੇਣਾ ਸੀ ਵੱਡੀ ਵਾਰਦਾਤ ਨੂੰ ਅੰਜਾਮ
ਸੁਖਜਿੰਦਰ ਮਾਨ
ਬਠਿੰਡਾ, 18 ਫ਼ਰਵਰੀ: ਬਠਿੰਡਾ ਪੁਲਿਸ ਦੇ ਸੀਆਈਏ-1 ਵਿੰਗ ਨੇ ਇੱਕ ਗੁਪਤ ਸੂਚਨਾ ਦੇ ਆਧਾਰ ’ਤੇ ਵੱਡੀ ਕਾਰਵਾਈ ਕਰਦਿਆਂ ਬੰਬੀਹਾ ਗਰੁੱਪ ਦੇ ਤਿੰਨ ਗੁਰਗਿਆਂ ਨੂੰ ਕਾਬੂ ਕੀਤਾ ਹੈ, ਜਿੰਨਾਂ ਕੋਲੋ ਲੱਖਾਂ ਰੁਪਇਆ ਦੀ ਕੀਮਤ ਦੇ ਵਿਦੇਸ਼ੀ ਹਥਿਆਰ ਵੀ ਬਰਾਮਦ ਹੋਏ ਹਨ। ਅੱਜ ਇੱਥੇ ਮਾਮਲੇ ਦੀ ਜਾਣਕਾਰੀ ਦਿੰਦਿਆਂ ਐਸਐਸਪੀ ਜੇ.ਇਲਨਚੇਲੀਅਨ ਨੇ ਦਸਿਆ ਕਿ ਆਈਪੀਐਸ ਅਜੈ ਗਾਂਧੀ ਐਸਪੀ(ਡੀ) ਅਤੇ ਡੀਐਸਪੀ (ਡੀ) ਦਵਿੰਦਰ ਸਿੰਘ ਦੀ ਅਗਵਾਈ ਹੇਠ ਸੀ ਆਈ ਏ-1 ਦੇ ਇੰਚਾਰਜ ਐਸ ਆਈ ਤਰਜਿੰਦਰ ਸਿੰਘ ਦੀ ਟੀਮ ਵਲੋਂ ਇਸ ਮਿਸ਼ਨ ਨੂੰ ਕਾਮਯਾਬ ਕੀਤਾ ਗਿਆ ਹੈ। ਉਨ੍ਹਾਂ ਦਸਿਆ ਕਿ ਮੁਖ਼ਬਰੀ ਦੇ ਆਧਾਰ ’ਤੇ ਪਤਾ ਲੱਗਿਆ ਸੀ ਕਿ ਗੈਗਸਟਰ ਬੰਬੀਹਾ ਗੁਰੱਪ ਦੇ ਮੈਂਬਰ ਸੁਖਦੂਲ ਸਿੰਘ ਉਰਫ ਸੁੱਖਾ ਦੁੰਨੇਕੇ ਵਾਸੀ ਕਨੇਡਾ ਅਤੇ ਹਰਜੀਤ ਸਿੰਘ ਉਰਫ ਹੈਰੀ ਮੋੜ ਵਾਸੀ ਮੌੜ ਮੰਡੀ ਜੋਕਿ ਪੰਜਾਬ ਵਿੱਚ ਪਹਿਲਾ ਵੀ ਕਾਫੀ ਕਤਲੋਗਾਤ ਅਤੇ ਫਿਰੋਤੀ ਦੀਆ ਕਾਫੀ ਵਾਰਦਾਤਾਂ ਨੂੰ ਅੰਜਾਮ ਦਵਾ ਚੁੱਕੇ ਹਨ, ਹੁਣ ਮੁੜ ਆਪਣੇ ਸਾਥੀਆਂ ਦੀ ਮੱਦਦ ਨਾਲ ਕਿਸੇ ਵੱਡੀ ਘਟਨਾ ਨੂੰ ਅੰਜਾਮ ਦੇਣ ਦੇ ਰੋਅ ਵਿਚ ਹਨ। ਇਸ ਸੂਚਨਾ ਦੇ ਆਧਾਰ ’ਤੇ ਪੁਲਿਸ ਟੀਮ ਨੇ ਜਦ ਪੜਤਾਲ ਕੀਤੀ ਤਾਂ ਪਤਾ ਲੱਗਿਆ ਕਿ ਉਕਤ ਗੈਂਗਸਟਰਾਂ ਵਲੋਂ ਬਲਜੀਤ ਸਿੰਘ ਵਾਸੀ ਮੌੜ ਮੰਡੀ ਹਾਲ ਆਬਾਦ ਡੁੱਬਈ ਰਾਹੀ ਆਪਣੇ ਹੋਰ ਸਾਥੀ ਹਨੀ ਉਰਫ ਕੇਕੜਾ ਵਾਸੀ ਗੁਰੂ ਨਾਨਕ ਕਲੋਨੀ ਬਠਿੰਡਾ, ਹੇਮੰਤ ਪੁੱਤਰ ਰਾਮ ਚੰਦਰ ਵਾਸੀ ਮੋੜ ਮੰਡੀ ਅਤੇ ਹੀਰਾ ਲਾਲ ਉਰਫ ਲੱਡੂ ਵਾਸੀ ਖੇਤਾ ਸਿੰਘ ਬਸਤੀ ਬਠਿੰਡਾ ਨੂੰ ਇਸ ਕੰਮ ਦੇ ਲਈ ਤਿਆਰ ਕੀਤਾ ਹੈ, ਜਿੰਨ੍ਹਾਂ ਨੂੰ ਵਿਦੇਸ਼ੀ ਹਥਿਆਰ ਵੀ ਮੁਹੱਈਆ ਕਰਵਾਏ ਗਏ ਹਨ। ਪੁਲਿਸ ਟੀਮ ਨੇ ਸੂਚਨਾ ਦੇ ਆਧਾਰ ’ਤੇ ਹਨੀ ਕੇਕੜਾ, ਹੇਮੰਤ ਅਤੇ ਹੀਰਾ ਲਾਲ ਨੂੰ ਕਾਬ ਕਰ ਲਿਆ, ਜਿੰਨ੍ਹਾਂ ਕੋਲੋ ਤਿੰਨ ਵਿਦੇਸ਼ੀ ਪਿਸਤੌਲ(ਜਿੰਨ੍ਹਾਂ ਦੀ ਬਜ਼ਾਰੀ ਕੀਮਤ ਕਰੀਬ 35-40 ਲੱਖ ਰੁਪਏ ਦੱਸੀ ਜਾ ਰਹੀ ਹੈ) ਵੀ ਬਰਾਮਦ ਕੀਤੇ ਗਏ। ਇੰਨ੍ਹਾਂ ਹਥਿਆਰਾਂ ਵਿੱਚ 01 ਪਿਸਟਲ 30 ਬੋਰ ਸਮੇਤ 15 ਰੋਂਦ (ਮੇਡ ਇਨ ਚਾਈਨਾਂ), 01 ਪਿਸਟਲ ਗਲੋਕ 09 ਐਮ ਐਮ ਸਮੇਤ 13 ਰੋਂਦ (ਮੇਡ ਇਨ ਤੁਰਕੀ) ਅਤੇ 01 ਰਿਵਾਲਵਰ 455 ਬੋਰ (ਮੇਡ ਇਨ ਅਮਰੀਕਾ) ਸ਼ਾਮਲ ਹਨ। ਇਸਤੋਂ ਇਲਾਵਾ ਇੱਕ ਪਲਟੀਨਾ ਮੋਟਰਸਾਈਕਲ ਵੀ ਬਰਾਮਦ ਹੋਇਆ। ਪੁਲਿਸ ਅਧਿਕਾਰੀਆਂ ਮੁਤਾਬਕ ਹਨੀ ਤੇ ਹੀਰਾ ਪੈਂਟਰ ਹਨ ਜਦੋਂਕਿ ਹੇਮੰਤ ਹੈਅਰ ਡਰੈਸਰ ਹੈ। ਪੁਲਿਸ ਅਧਿਕਾਰੀਆਂ ਮੁਤਾਬਕ ਇਸ ਮਾਮਲੇ ਦੀ ਡੂੰਘਾਈ ਨਾਲ ਪੜਤਾਲ ਕੀਤੀ ਜਾ ਰਹੀ ਹੈ, ਕਿਉਂਕਿ ਇਹ ਮਹਿੰਗੇ ਵਿਦੇਸ਼ੀ ਹਥਿਆਰ ਭਾਰਤ ਅੰਦਰ ਪੁੱਜਣੇ ਵੀ ਵੱਡੀ ਜਾਂਚ ਦਾ ਵਿਸ਼ਾ ਹੈ। ਮੁਢਲੀ ਪੜਤਾਲ ਦੌਰਾਨ ਪਤਾ ਲੱਗਿਆ ਹੈ ਕਿ ਹਨੀ ਉਰਫ ਕੇਕੜਾ, ਹੇਮੰਤ ਅਤੇ ਹੀਰਾ ਲਾਲ ਉਰਫ ਲੱਡੂ ਬੰਬੀਹਾ ਗੈਂਗ ਦੇ ਸ਼ੂਟਰਾਂ ਵੱਜੋਂ ਕੰੰਮ ਕਰਦੇ ਹਨ ਇਹਨਾਂ ਨੂੰ ਬੰਬੀਹਾ ਗੈਂਗ ਦੇ ਮੁੱਖ ਮੈਂਬਰਾਂ ਸਰਦੂਲ ਸਿੰਘ ਉਰਫ ਸੁੱਖਾ ਦੁਨੇ ਕੇ, ਬਲਜੀਤ ਸਿੰਘ ਵਾਸੀ ਦੁਬਈ , ਹਰਜੀਤ ਸਿੰਘ ਵਾਸੀ ਮੌੜ ਨੇ ਇਹ ਹਥਿਆਰ ਕਿਸੇ ਵਿਅਕਤੀ ਨੂੰ ਮਾਰਨ ਲਈ ਮੁਹੱਈਆ ਕਰਵਾਏ ਹਨ। ਇਹ ਵੀ ਸੂਹ ਲੱਗੀ ਹੈ ਕਿ ਇੰਨ੍ਹਾਂ ਨੇ ਮੋਗਾ ਅਤੇ ਬਠਿੰਡਾ ਜ਼ਿਲ੍ਹੇ ਵਿਚ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦੇਣਾ ਸੀ। ਇੱਥੇ ਇਹ ਵੀ ਦਸਣਾ ਬਣਦਾ ਹੈ ਕਿ ਇੰਨ੍ਹਾਂ ਗੈਂਗਸਟਰਾਂ ਨੂੰ ਹਾਈਰ ਕਰਨ ਵਾਲਾ ਹਰਜੀਤ ਸਿੰਘ ਉਰਫ਼ ਹੈਰੀ ਵਾਸੀ ਮੌੜ ਪਹਿਲਾਂ ਵੀ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਅਤੇ ਮਨਪ੍ਰੀਤ ਸਿੰਘ ਉਰਫ ਛੱਲਾ ਦੇ ਕਤਲ ਕੇਸ ਵਿੱਚ ਸ਼ਾਮਿਲ ਸੀ ਅਤੇ ਭਗੋੜਾ ਹੈ।

ਮੁੱਖ ਮੰਤਰੀ ਦੱਸਣ ਕਿ ਉਹ ਦੋ ਰੇਤ ਮਾਫੀਆ ਕਿੰਗਾਂ ਦੇ ਮਾਇਨਿੰਗ ਠੇਕੇ ਨਵਿਆਉਣ ਦੇ ਵੇਰਵੇ ਸਾਂਝੇ ਕਰਨ ਤੋਂ ਭੱਜ ਕਿਉਂ ਰਹੇ ਹਨ: ਅਕਾਲੀ ਦਲ

0

ਮਾਇਨਿੰਗ ਡਾਇਰੈਕਟਰ ਡੀ ਪੀ ਐਸ ਖਰਬੰਦਾ ਨੂੰ ਭ੍ਰਿਸ਼ਟਾਚਾਰ ਨੂੰ ਉਤਸ਼ਾਹਿਤ ਕਰਨ ਵਾਲੀ ਮਾਇਨਿੰਗ ਨੀਤੀ ਬਣਾਉਣ ਵਾਸਤੇ ਤੁਰੰਤ ਗ੍ਰਿਫਤਾਰ ਕੀਤਾ ਜਾਵੇ: ਬਿਕਰਮ ਸਿੰਘ ਮਜੀਠੀਆ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 16 ਫਰਵਰੀ: ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਅੱਜ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਨੂੰ ਪੁੱਛਿਆ ਕਿ ਉਹ ਦੋ ਰੇਤ ਮਾਫੀਆ ਕਿੰਗਾਂ ਦਾ ਮਾਇਨਿੰਗ ਠੇਕਾ ਰੱਦ ਕਰਨ ਦੇ ਇਕ ਮਹੀਨੇ ਅੰਦਰ ਨਵਿਆਉਣ ਦੇ ਕਾਰਨਾਂ ਦਾ ਜਵਾਬ ਦੇਣ ਤੋਂ ਭੱਜ ਕਿਉਂ ਰਹੇ ਹਨ ਅਤੇ ਉਹਨਾਂ ਮੰਗ ਕੀਤੀ ਕਿ ਭ੍ਰਿਸ਼ਟਾਚਾਰ ਨੂੰ ਉਤਸ਼ਾਹਿਤ ਕਰਨ ਵਾਲੀ ਮਾਇਨਿੰਗ ਨੀਤੀ ਬਣਾਉਣ ਲਈ ਮਾਇਨਿੰਗ ਡਾਇਰੈਕਟਰ ਡੀ ਪੀ ਐਸ ਖਰਬੰਦਾ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ।ਇਥੇ ਪਾਰਟੀ ਦੇ ਮੁੱਖ ਦਫਤਰ ਵਿਖੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸੀਨੀਅਰ ਅਕਾਲੀ ਆਗੂ ਨੇ ਕਿਹਾ ਕਿ ਮੈਂ ਕੱਲ੍ਹ ਮੁੱਖ ਮੰਤਰੀ ਤੋਂ ਕੁਝ ਸਿੱਧੇ ਸਵਾਲ ਪੁੱਛੇ ਸਨ ਜਿਹਨਾਂ ਵਿਚ ਰਾਕੇਸ਼ ਚੌਧਰੀ ਤੇ ਅਸ਼ੋਕ ਚੰਡਕ ਦੇ ਮਾਇਨਿੰਗ ਠੇਕੇ ਨਵਿਆਉਣ ਦੀ ਗੱਲ ਵੀ ਸ਼ਾਮਲ ਸੀ ਹਾਲਾਂਕਿ ਉਹਨਾਂ ਖਿਲਾਫ ਕਈ ਕੇਸ ਦਰਜ ਹੋਣ, ਸੀ ਬੀ ਆਈ ਜਾਂਚ ਸ਼ੁਰੂਹੋਣ ਅਤੇ ਐਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਗੈਰਕਾਨੂੰਨੀ ਕੰਮ ਕੀਤੇ ਹੋਣ ਦੀ ਗੱਲ ਸਾਹਮਣੇ ਆਉਣ ਤੋਂ ਬਾਅਦ ਉਹਨਾਂ ਦੇ ਮਾਇਨਿੰਗ ਠੇਕੇ ਰੱਦ ਕਰ ਦਿੱਤੇ ਗਏ ਸਨ। ਉਹਨਾਂ ਕਿਹਾ ਕਿ ਬਜਾਏ ਇਹਨਾਂ ਸਵਾਲਾਂ ਦੇ ਜਵਾਬ ਦੇਣ ਦੇ ਮੁੱਖ ਮੰਤਰੀ ਨੇ ਆਪਣੇ ਬੁਲਾਰੇ ਜਵਾਬ ਦੇਣ ਵਾਸਤੇ ਲਗਾ ਦਿੱਤੇ ਜਿਹਨਾਂ ਦਾਅਵਾ ਕੀਤਾ ਕਿ ਇਕ ਠੇਕੇਦਾਰ ਰਾਕੇਸ਼ ਚੌਧਰੀ ਨੂੰ ਹਾਈ ਕੋਰਟ ਤੋਂ ਸਟੇਅ ਮਿਲੀ ਸੀ। ਉਹਨਾਂ ਕਿਹਾ ਕਿ ਇਹ ਤਾਂ ਕੋਈ ਪੈਰਵੀ ਨਹੀਂ ਬਣਦੀ। ਜੇਕਰ ਅਜਿਹਾ ਹੀ ਸੀ ਤਾਂ ਫਿਰ ਚੌਧਰੀ ਦੇ ਠੇਕੇ ਰੱਦ ਕਿਸ ਕਾਰਨ ਕੀਤੇ ਗਏ? ਉਹਨਾਂ ਕਿਹਾ ਕਿ ਸਰਕਾਰ ਨੇ ਮਿਲੀ ਸਟੇਅ ਜਨਤਕ ਨਹੀਂ ਕੀਤੀ ਅਤੇ ਜੇਕਰ ਅਜਿਹਾ ਹੈ ਵੀ ਤਾਂ ਵੀ ਸਰਕਾਰ ਚੌਧਰੀ ਖਿਲਾਫ ਚਾਰ ਕੇਸਦਰਜ ਹੋਣ, ਉਸ ਕੋਲੋਂ 26 ਕਰੋੜ ਰੁਪਏ ਦੀ ਵਸੂਲੀ ਕਰਨ ਤੇ ਉਸ ਵੱਲੋਂ ਗੁੰਡਾ ਟੈਕਸ ਵਸੂਲੇ ਜਾਣ ਦੇ ਦੋਸ਼ਾਂ ਦੀ ਸੀ ਬੀ ਆਈ ਜਾਂਚ ਸ਼ੁਰੂ ਹੋਣ ਦੇ ਤੱਥ ਅਦਾਲਤ ਕੋਲੋਂ ਲੁਕਾ ਕੇ ਅਦਾਲਤ ਨੂੰ ਗੁੰਮਰਾਹ ਕਰਨ ਦੀ ਦੋਸ਼ੀ ਹੈ। ਬਿਕਰਮ ਸਿੰਘ ਮਜੀਠੀਆ ਨੇ ਮਾਇਨਿੰਗ ਡਾਇਰੈਕਟਰ ਡੀ ਪੀ ਐਸ ਖਰਬੰਦਾ ਨੂੰ ਵੀ ਕਰੜੇ ਹੱਥੀਂ ਲਿਆ ਤੇ ਕਿਹਾ ਕਿ ਨਵੀਂ ਮਾਇਨਿੰਗ ਨੀਤੀ ਦਾ ਮਕਸਦ ਪੰਜਾਬ ਨੂੰ ਕਾਲੇ ਧਨ ਵਾਸਤੇ ਸਵਰਗ ਬਣਾ ਕੇ ਵਰਜਿਨ ਆਇਲੈਂਡ ਵਿਚ ਬਦਲਣਾ ਹੈ। ਉਹਨਾਂ ਕਿਹਾ ਕਿ ਖਰਬੰਦਾ ਵੱਲੋਂ ਬਣਾਈ ਲਵੀਂ ਨੀਤੀ ਨੇ ਸਾਰੇ ਗੁਆਂਢੀ ਰਾਜਾਂ ਤੋਂ ਰੇਤਾ ਤੇ ਬਜਰੀ ਪੰਜਾਬ ਵਿਚ ਲਿਆਉਣ ਦੀ ਆਗਿਆ ਦੇ ਦਿੱਤੀ ਹੈ ਤੇ ਅਜਿਹਾ ਕਰਦਿਆਂ ਉਗਰਾਹੀ ਜਾਣ ਵਾਲੀ ਰਾਇਲਟੀ ਤੈਅ ਕਰਨ ਦਾ ਅਧਿਕਾਰ ਮੁੱਖ ਮੰਤਰੀ ਨੂੰ ਦਿੱਤਾ ਹੈ।ਉਹਨਾਂ ਕਿਹਾ ਕਿ ਇਸ ਵਿਵਸਥਾ ਦਾ ਮਕਸਦ ਭ੍ਰਿਸ਼ਟਾਚਾਰ ਨੂੰ ਉਤਸ਼ਾਹਿਤ ਕਰਨਾ ਹੈ ਕਿਉਂਕਿ ਰੋਜ਼ਾਨਾ 2000 ਟਰੱਕ ਰੇਤਾ ਤੇ ਬਜਰੀ ਲੈ ਕੇ ਪੰਜਾਬੀ ਵਿਚ ਦਾਖਲ ਹੁੰਦੇ ਹਨ ਤੇ ਉਹਨਾਂ ਤੋਂ ਪੰਜਾਬ ਸਰਕਾਰ ਨੂੰ ਮਿਲਣ ਵਾਲੀ ਸਰਕਾਰੀ ਰਾਇਲਟੀ ਦਾ ਸਿਰਫ ਇਕ ਹਿੱਸਾ ਹੀ ਵਸੂਲਿਆ ਜਾਂਦਾ ਹੈ। ਉਹਨਾਂ ਕਿਹਾ ਕਿ ਬਾਕੀ ਦੀ ਰਾਸ਼ੀ ਕੱਟੜ ਬੇਈਮਾਨੀ ਆਮ ਆਦਮੀ ਪਾਰਟੀ ਦੇ ਖਾਤੇ ਵਿਚ ਚਲੀ ਜਾਂਦੀ ਹੈ। ਉਹਨਾਂ ਕਿਹਾ ਕਿ ਖਰਬੰਦਾ ਦੀ ਗ੍ਰਿਫਤਾਰੀ ਇਸ ਕਰ ਕੇ ਵੀ ਜ਼ਰੂਰੀ ਹੈ ਕਿਉਂਕਿ ਇਹ ਪਤਾ ਲਗਾਇਆ ਜਾ ਸਕੇ ਕਿ ਇਹ ਪੈਸਾ ਕਿਵੇਂ ਆਪ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਕੋਲ ਪਹੁੰਚ ਰਿਹਾ ਹੈ। ਸ: ਮਜੀਠੀਆ ਨੇ ਇਸ ਸੈਂਕੜੇ ਕਰੋੜ ਰੁਪਏ ਦੇ ਮਾਇਨਿੰਗ ਘੁਟਾਲੇ ਨੂੰ ਸਾਰੇ ਘੁਟਾਲਿਆਂ ਦੀ ਮਾਂ ਕਰਾਰ ਦਿੰਦਿਆਂ ਕਿਹਾ ਕਿ ਇਹ ਦਿੱਲੀ ਦੀ ਆਬਕਾਰੀ ਨੀਤੀ ਦੇ ਘੁਟਾਲੇ ਨਾਲੋਂ ਵੀ ਵੱਡਾ ਹੈ। ਉਹਨਾਂ ਨੇ ਰਸੀਦਾਂ ਵਿਖਾ ਕੇ ਸਾਬਤ ਕੀਤਾ ਕਿ ਕਿਵੇਂ ਪੰਜਾਬ ਵਿਚ ਬਾਹਰੋਂ ਰੇਤਾ ਤੇ ਬਜਰੀ ਲਿਆ ਰਹੇ ਅੰਤਰ ਰਾਜੀ ਵਾਹਨਾਂ ਤੋਂ ਸਰਕਾਰੀ 7 ਰੁਪਏ ਪ੍ਰਤੀ ਕਿਊਬਿਕ ਫੁੱਟ ਰੇਟ ਵਸੂਲਣ ਦੀ ਥਾਂ ਅੱਧਾ ਰੇਟ ਹੀ ਵਸੂਲਿਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਇਸ ਸਰਕਾਰ ਨੇ ਮਾਇਨਿੰਗ ਮਾਫੀਆ ਨਾਲ ਸਿੱਧਾ ਗਠਜੋੜ ਕੀਤਾ ਹੈ ਤੇ ਇਸੇ ਕਾਰਨ ਉਹ ਇੰਨੇ ਚਿਰ ਤੋਂ ਮਾਇਨਿੰਗ ਨੀਤੀ ਨਹੀਂ ਲਿਆ ਸਕੀ। ਉਹਨਾਂ ਕਿਹਾ ਕਿ ਇਹੀ ਕਾਰਨ ਹੈ ਕਿ ਮੁੱਖ ਮੰਤਰੀ ਸ਼ਰ੍ਹੇਆਮ ਮਾਇਨਿੰਗ ਮਾਫੀਆ ਦਾ ਬਚਾਅ ਕਰ ਰਹੇ ਹਨ। ਸਾਬਕਾ ਮੰਤਰੀ ਮਜੀਠੀਆ ਨੇ ਆਪ ਸਰਕਾਰ ਵੱਲੋਂ ਪਿੱਟ ਹੈਡ ’ਤੇ ਰੇਤੇ ਦੀ ਕੀਮਤ ਤੈਅ ਕਰਨ ਵਿਚ ਵਾਰ ਵਾਰ ਮਾਰ ਖਾਣ ’ਤੇ ਵੀ ਸਵਾਲ ਚੁੱਕਿਆ। ਉਹਨਾਂ ਕਿਹਾ ਕਿ ਪਹਿਲਾਂ ਤਾਂ ਆਪ ਸਰਕਾਰ ਨੇ ਪਿਛਲੀ ਕਾਂਗਰਸ ਸਰਕਾਰ ਵੱਲੋਂ ਤੈਅ 5 ਰੁਪਏ 50 ਪੈਸੇ ਪ੍ਰਤੀ ਕਿਊਬਿਕ ਫੁੱਟ ਦਾ ਰੇਟ ਤੈਅ ਕੀਤਾ ਜਿਸਨੂੰ ਅਗਸਤ ਵਿਚ ਵਧਾ ਕੇ 9 ਰੁਪਏ ਪ੍ਰਤੀ ਕਿਊਬਿਕ ਫੁੱਟ ਕਰ ਦਿੱਤਾ ਗਿਆ ਅਤੇ ਫਿਰ ਹਾਲ ਹੀ ਵਿਚ ਪੁਰਾਣਾ ਰੇਟ ਬਹਾਲ ਕਰਨ ਦਾ ਯਤਨ ਕੀਤਾ ਗਿਆ। ਉਹਨਾਂ ਕਿਹਾ ਕਿ ਇਹ ਸਪਸ਼ਟ ਹੈ ਕਿ ਅਜਿਹਾ ਮਾਇਨਿੰਗ ਮਾਫੀਆ ਨਾਲ ਸੌਦੇਬਾਜ਼ੀ ਕਰਨ ਵਾਸਤੇ ਕੀਤਾ ਗਿਆ ਤੇ ਇਸ ਪੱਖ ਦੀ ਵੀ ਸੀ ਬੀ ਆਈ ਵੱਲੋਂ ਹੋਰਨਾਂ ਪਹਿਲੂਆਂ ਨਾਲ ਜਾਂਚ ਹੋਣੀ ਚਾਹੀਦੀ ਹੈ।

Our Visitor

1910561