ਕੰਗ ਦੀ ਵਿਰੋਧੀਆਂ ਨੂੰ ਚੁਣੌਤੀ: ਇੱਕ ਵੀ ਅਜਿਹੀ ਉਦਾਹਰਣ ਦੇਣ ਜਦੋਂ ਇਨ੍ਹਾਂ ਨੇ ਆਪਣੇ ਭ੍ਰਿਸ਼ਟ ਆਗੂਆਂ ਖ਼ਿਲਾਫ਼ ਕੀਤੀ ਹੋਵੇ ਕਾਰਵਾਈ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 17 ਫਰਵਰੀ: ਆਮ ਆਦਮੀ ਪਾਰਟੀ (ਆਪ) ਨੇ ਵਿਰੋਧੀ ਧਿਰ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਕਿਹਾ ਕਿ ਭਗਵੰਤ ਮਾਨ ਸਰਕਾਰ ਦੀ ਭ੍ਰਿਸ਼ਟਾਚਾਰ ਪ੍ਰਤੀ ਜ਼ੀਰੋ ਟਾਲਰੈਂਸ ਦੀ ਨੀਤੀ ਹੈ। ਭ੍ਰਿਸ਼ਟਾਚਾਰ ਵਿੱਚ ਸ਼ਾਮਲ ਕਿਸੇ ਵੀ ਅਧਿਕਾਰੀ ਜਾਂ ਆਗੂ ਨੂੰ ਬਖਸ਼ਿਆ ਨਹੀਂ ਜਾਵੇਗਾ। ਮੀਡੀਆ ਨੂੰ ਇੱਕ ਬਿਆਨ ਜਾਰੀ ਕਰਦਿਆਂ ਪਾਰਟੀ ਦੇ ਮੁੱਖ ਬੁਲਾਰੇ ਮਲਵਿੰਦਰ ਸਿੰਘ ਕੰਗ ਨੇ ਕਿਹਾ ਕਿ ਮਾਨ ਸਰਕਾਰ ਨੇ ਭ੍ਰਿਸ਼ਟਾਚਾਰ ਪ੍ਰਤੀ ਜ਼ੀਰੋ ਟੋਲਰੈਂਸ ਦੀ ਨੀਤੀ ’ਤੇ ਚਲਦਿਆਂ ਭ੍ਰਿਸ਼ਟਾਚਾਰ ਵਿੱਚ ਲਿਪਤ ਆਪਣੀ ਹੀ ਪਾਰਟੀ ਦੇ ਆਗੂਆਂ ਵਿਰੁੱਧ ਵੀ ਕਾਰਵਾਈ ਕੀਤੀ ਹੈ। ਉਨ੍ਹਾਂ ਕਿਹਾ, ‘‘ਭਾਵੇਂ ਉਹ ਸਾਡਾ ਆਪਣਾ ਮੰਤਰੀ ਜਾਂ ਵਿਧਾਇਕ ਹੋਵੇ, ਭ੍ਰਿਸ਼ਟਾਚਾਰ ਕਰਨ ਵਾਲੇ ਨੂੰ ਬਖਸ਼ਿਆ ਨਹੀਂ ਜਾਵੇਗਾ।’’ ’ਆਪ’ ਸਰਕਾਰ ਦੇ ਕੰਮਕਾਜ ’ਤੇ ਉਂਗਲ ਉਠਾਉਣ ਲਈ ਵਿਰੋਧੀ ਧਿਰ ’ਤੇ ਹਮਲਾ ਕਰਦਿਆਂ ਕੰਗ ਨੇ ਕਿਹਾ ਕਿ ਕਾਂਗਰਸ, ਅਕਾਲੀ ਦਲ ਅਤੇ ਭਾਜਪਾ ਨੇ ਆਪਣੇ ਸ਼ਾਸਨ ਦੌਰਾਨ ਭ੍ਰਿਸ਼ਟਾਚਾਰ ਅਤੇ ਮਾਫੀਆ ਨੂੰ ਸਰਪ੍ਰਸਤੀ ਦਿੱਤੀ ਸੀ ਪਰ ’ਆਪ’ ਸਰਕਾਰ ਇਸ ਰਿਵਾਇਤ ਨੂੰ ਖ਼ਤਮ ਕਰ ਰਹੀ ਹੈ। ਅਕਾਲੀ ਆਗੂ ਬਿਕਰਮ ਮਜੀਠੀਆ ’ਤੇ ਨਿਸ਼ਾਨਾ ਸਾਧਦਿਆਂ ਕੰਗ ਨੇ ਕਿਹਾ ਕਿ ਇਹ ਹੈਰਾਨੀ ਦੀ ਗੱਲ ਹੈ ਕਿ ਮਜੀਠੀਆ, ਜੋ ਖੁਦ ਨਸ਼ਾ ਤਸਕਰੀ ਦੇ ਕੇਸ ਦਾ ਸਾਹਮਣਾ ਕਰ ਰਿਹਾ ਹੈ, ਭ੍ਰਿਸ਼ਟਾਚਾਰ ਦੀ ਗੱਲ ਕਰ ਰਿਹਾ ਹੈ। ਉਨ੍ਹਾਂ ਕੋਲ ਤਾਂ ’ਆਪ’ ਸਰਕਾਰ ’ਤੇ ਸਵਾਲ ਚੁੱਕਣ ਦਾ ਕੋਈ ਨੈਤਿਕ ਆਧਾਰ ਵੀ ਨਹੀਂ ਹੈ। ਕੰਗ ਨੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ’ਤੇ ਵੀ ਜਵਾਬੀ ਹਮਲਾ ਕਰਦਿਆਂ ਕਿਹਾ ਕਿ ਕਾਂਗਰਸ ’ਚੋਂ ਲਾਂਭੇ ਹੋਏ ਬਾਜਵਾ ਸਿਰਫ ਆਪਣਾ ਸਿਆਸੀ ਕੈਰੀਅਰ ਬਚਾਉਣ ਲਈ ਸਰਕਾਰ ’ਤੇ ਬੇਬੁਨਿਆਦ ਦੋਸ਼ ਲਗਾ ਰਹੇ ਹਨ। ਕੰਗ ਨੇ ਉਨ੍ਹਾਂ ਨੂੰ ਚੁਣੌਤੀ ਦਿੱਤੀ ਕਿ ਉਹ ਇੱਕ ਵੀ ਅਜਿਹੀ ਉਦਾਹਰਣ ਦੇਣ ਜਿੱਥੇ ਉਨ੍ਹਾਂ ਦੀ ਸਰਕਾਰ ਨੇ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਆਪਣੇ ਕਿਸੇ ਮੰਤਰੀਆਂ/ਨੇਤਾਵਾਂ ਖ਼ਲਾਫ਼ ਕਾਰਵਾਈ ਕੀਤੀ ਹੋਵੇ।
ਆਪ’ ਦੀ ਭ੍ਰਿਸ਼ਟਾਚਾਰ ਵਿਰੁੱਧ ’ਜ਼ੀਰੋ ਟੋਲਰੈਂਸ ਨੀਤੀ’, ਕੋਈ ਵੀ ਭ੍ਰਿਸ਼ਟਾਚਾਰੀ ਬਖ਼ਸ਼ਿਆ ਨਹੀਂ ਜਾਵੇਗਾ: ਮਲਵਿੰਦਰ ਸਿੰਘ ਕੰਗ
ਜ਼ਮੀਨਾਂ ਲਈ ਐਨਓਸੀ ਦੇ ਨਾਮ ਤੇ ਲੋਕਾਂ ਦਾ ਹੋ ਰਿਹੈ ਆਰਥਿਕ ਤੇ ਮਾਨਸਿਕ ਸ਼ੋਸ਼ਣ- ਪਵਨ ਦੀਵਾਨ
ਮੁੱਖ ਮੰਤਰੀ ਭਗਵੰਤ ਮਾਨ ਨੂੰ ਚਿੱਠੀ ਲਿਖ ਕੇ ਤਹਿਸੀਲਾਂ ਵਿਚ ਰਜਿਸਟਰੀ ਲਈ ਮੋਟੀ ਰਿਸ਼ਵਤ ਲੈਣ ਦਾ ਚੁੱਕਿਆ ਮੁੱਦਾ, ਗੁੰਝਲਦਾਰ ਵਿਵਸਥਾ ਵਿਚ ਸੁਧਾਰ ਕਰਨ ਦੀ ਅਪੀਲ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 17 ਫਰਵਰੀ: ਸੀਨੀਅਰ ਕਾਂਗਰਸੀ ਆਗੂ ਅਤੇ ਪੰਜਾਬ ਲਾਰਜ ਇੰਡਸਟਰੀਅਲ ਬੋਰਡ ਦੇ ਸਾਬਕਾ ਚੇਅਰਮੈਨ ਪਵਨ ਦੀਵਾਨ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਚਿੱਠੀ ਲਿਖ ਕੇ ਐਨਓਸੀ ਦੇ ਨਾਂਮ ਤੇ ਸੂਬੇ ਵਿੱਚ ਆਮ ਲੋਕਾਂ ਦੇ ਹੋ ਰਹੇ ਆਰਥਿਕ ਅਤੇ ਮਾਨਸਿਕ ਸੋਸ਼ਣ ਦਾ ਜ਼ਿਕਰ ਕੀਤਾ ਹੈ। ਜਿਹੜੇ ਆਪਣੀਆਂ ਜ਼ਮੀਨਾਂ ਦੀਆਂ ਰਜਿਸਟਰੀਆਂ ਲਈ ਸਰਕਾਰੀ ਦਫ਼ਤਰਾਂ ਦੇ ਚੱਕਰ ਕੱਟਣ ਅਤੇ ਤਹਿਸੀਲਾਂ ਵਿੱਚ ਮੋਟੀ ਰਿਸ਼ਵਤ ਦੇਣ ਲਈ ਮਜਬੂਰ ਹਨ।ਮੁੱਖ ਮੰਤਰੀ ਨੂੰ ਲਿਖੇ ਪੱਤਰ ਵਿਚ ਦੀਵਾਨ ਨੇ ਕਿਹਾ ਹੈ ਕਿ ਇਹ ਪੱਤਰ ਆਪ ਜੀ ਨੂੰ ਆਪਣੀਆਂ ਜਮੀਨਾਂ ਦੀ ਐਨਓਸੀ ਦੇ ਨਾਂਮ ਤੇ ਰਜਿਸਟਰੀਆਂ ਲਈ ਤਹਿਸੀਲਾਂ ਵਿੱਚ ਲੋਕਾਂ ਦੇ ਹੋ ਰਹੇ ਵੱਡੇ ਪੱਧਰ ਤੇ ਆਰਥਿਕ ਤੇ ਮਾਨਸਿਕ ਸ਼ੋਸ਼ਣ ਸਬੰਧੀ ਲਿਖ ਰਿਹਾ ਹਾਂ। ਲੋਕ ਸੂਬਾ ਸਰਕਾਰ ਵੱਲੋਂ ਰਜਿਸਟਰੀਆਂ ਲਈ ਐਨਓਸੀ ਲਾਜ਼ਮੀ ਕਰਨ ਦੇ ਫ਼ੈਸਲੇ ਅਤੇ ਉਸ ਤੋਂ ਬਾਅਦ ਇਹ ਦਸਤਾਵੇਜ਼ ਹਾਸਲ ਕਰਨ ਲਈ ਗੁੰਝਲਦਾਰ ਵਿਵਸਥਾ ਵਿੱਚ ਫਸ ਕੇ ਦਫ਼ਤਰਾਂ ਵਿੱਚ ਮੋਟੀ ਰਿਸ਼ਵਤ ਦੇਣ ਲਈ ਮਜਬੂਰ ਹਨ।ਇਨ੍ਹਾਂ ਹਾਲਾਤਾਂ ਵਿਚ ਆਪ ਜੀ ਨੂੰ ਜ਼ਮੀਨੀ ਪੱਧਰ ਤੇ ਆਮ ਲੋਕਾਂ ਦੇ ਮਾੜੀ ਹਾਲਤ ਵੱਲ ਧਿਆਨ ਦੇਣ ਦੀ ਅਪੀਲ ਕਰਦਾ ਹਾਂ, ਜਿੱਥੇ ਲੋਕਾਂ ਨੂੰ 50 ਤੋਂ 100 ਗ਼ਜ ਤੱਕ ਦੀ ਜਮੀਨ ਦੀ ਰਜਿਸਟਰੀ ਕਰਵਾਉਣ ਲਈ ਵੀ ਐਨਓਸੀ ਹਾਸਲ ਕਰਨ ਵਾਸਤੇ ਦਫ਼ਤਰਾਂ ਦੇ ਚੱਕਰ ਕੱਟਣੇ ਪੈ ਰਹੇ ਹਨ। ਸਥਿਤੀ ਇੰਨੀ ਮਾੜੀ ਹੋ ਚੁੱਕੀ ਹੈ ਕਿ ਸਰਕਾਰ ਵੱਲੋਂ ਲੋਕਾਂ ਨੂੰ ਰਾਹਤ ਪ੍ਰਦਾਨ ਕਰਨ ਸਬੰਧੀ ਕੀਤੇ ਜਾ ਰਹੇ ਦਾਅਵਿਆਂ ਦੇ ਉਲਟ ਭ੍ਰਿਸ਼ਟਾਚਾਰ ਚਰਮ ਸੀਮਾ ਤੇ ਪਹੁੰਚ ਚੁੱਕਾ ਹੈ ਅਤੇ ਐਨਓਸੀ ਨਾ ਮਿਲਣ ਕਾਰਨ ਲੋਕਾਂ ਨੂੰ ਮਜਬੂਰਨ ਤਹਿਸੀਲਾਂ ਵਿੱਚ ਰਿਸ਼ਵਤ ਦੀ ਮੋਟੀ ਰਕਮ ਅਦਾ ਕਰਕੇ ਆਪਣੀ ਜਮੀਨ ਦੀ ਰਜਿਸਟਰੀ ਕਰਵਾਉਣੀ ਪੈ ਰਹੀ ਹੈ।ਉਨ੍ਹਾਂ ਨੇ ਕਿਹਾ ਹੈ ਕਿ ਇਹ ਹਲਾਤ ਸਿਰਫ ਰਜਿਸਟਰੀਆਂ ਕਰਵਾਉਣ ਵੇਲੇ ਹੀ ਨਹੀਂ, ਬਲਕਿ ਵਿਕ ਚੁਕੀਆਂ ਜਮੀਨਾਂ ਦੇ ਮਾਮਲੇ ਵਿਚ ਵੀ ਬਣ ਚੁੱਕੇ ਹਨ। ਖਾਸ ਕਰਕੇ ਗਲਾਡਾ ਅਧੀਨ ਏਰੀਏ ਵਿੱਚ ਬਿਨਾਂ ਐਨਓਸੀ ਤੋਂ ਨਾ ਤਾਂ ਮਕਾਨਾਂ ਉਪਰ ਬਿਜਲੀ ਦੇ ਮੀਟਰ ਲੱਗ ਰਹੇ ਹਨ ਤੇ ਨਾ ਹੀ ਲੋਨ ਲੈਣ ਸਣੇ ਹੋਰ ਕਈ ਕੰਮ ਹੋ ਰਹੇ ਹਨ। ਸਰਕਾਰੀ ਵਿਵਸਥਾ ਅਧੀਨ ਲੋਕਾਂ ਨੂੰ ਆਨਲਾਈਨ ਐਨਓਸੀ ਅਪਲਾਈ ਕੀਤਿਆਂ ਨੂੰ ਕਈ ਮਹੀਨੇ ਨਿਕਲ ਗਏ ਹਨ, ਪਰ ਐਨਓਸੀ ਨਹੀਂ ਮਿਲ ਰਹੀ। ਜਦਕਿ ਸੂਬੇ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਭ੍ਰਿਸ਼ਟਾਚਾਰ ਦੇ ਖਾਤਮੇ ਅਤੇ ਲੋਕਾਂ ਨੂੰ ਸਹੂਲਤਾਂ ਦੇਣ ਦਾ ਦਾਅਵਾ ਕਰਦੀ ਹੈ।ਅਜਿਹੇ ਵਿੱਚ ਆਪ ਜੀ ਨੂੰ ਅਪੀਲ ਹੈ ਕਿ ਇਸ ਗੁੰਝਲਦਾਰ ਵਿਵਸਥਾ ਨੂੰ ਆਸਾਨ ਬਣਾ ਕੇ ਲੋਕਾਂ ਨੂੰ ਰਾਹਤ ਪ੍ਰਦਾਨ ਕੀਤੀ ਜਾਵੇ। ਸਰਕਾਰ ਵੱਲੋਂ ਐਨਓਸੀ ਮੌਕੇ ਜਾਰੀ ਕਰਨਾ ਯਕੀਨੀ ਬਣਾਇਆ ਜਾਵੇ ਨਹੀਂ ਤਾਂ ਫਿਰ ਜਮੀਨ ਦੀ ਰਜਿਸਟਰੀ ਵੇਲੇ ਐਨਓਸੀ ਦੀ ਫੀਸ ਤੈਅ ਕਰ ਦਿੱਤੀ ਜਾਵੇ, ਤਾਂ ਜੋ ਲੋਕ ਤਹਿਸੀਲਾਂ ਵਿਚ ਹੋਣ ਵਾਲੀ ਲੁੱਟ ਤੋਂ ਬੱਚ ਸਕਣ ਅਤੇ ਇਸ ਨਾਲ ਸਰਕਾਰ ਦੇ ਖਜ਼ਾਨੇ ਵਿਚ ਵੀ ਵਾਧਾ ਹੋਵੇਗਾ। ਇਸੇ ਤਰ੍ਹਾਂ ਬੀਤੇ ਇਕ ਸਾਲ ਦੌਰਾਨ ਵੱਖ-ਵੱਖ ਤਹਿਸੀਲਾਂ ਵਿਚ ਹੋਈਆਂ ਰਜਿਸਟਰੀਆਂ ਦੀ ਵੀ ਜਾਂਚ ਕਰਵਾਈ ਜਾਵੇ।
ਭ੍ਰਿਸ਼ਟਾਚਾਰ ਵਿਰੁੱਧ ਵੱਡੀ ਕਾਰਵਾਈ: ਐੱਸਸੀ ਸਕਾਲਰਸ਼ਿਪ ’ਚ 39 ਕਰੋੜ ਦੇ ਘੁਟਾਲੇ ਵਿੱਚ ਸ਼ਾਮਿਲ 6 ਮੁਲਾਜ਼ਮ ਕੀਤੇ ਬਰਖ਼ਾਸਤ
ਸੱਤਾ ਵਿੱਚ ਹੁੰਦਿਆਂ ਕਾਂਗਰਸ ਅਤੇ ਅਕਾਲੀ-ਭਾਜਪਾ ਨੇ ਇਸ ਘਪਲੇ ’ਤੇ ਨਹੀਂ ਕੀਤੀ ਕੋਈ ਕਾਰਵਾਈ, ਲੱਖਾਂ ਐੱਸਸੀ ਵਿਦਿਆਰਥੀਆਂ ਦੇ ਭਵਿੱਖ ਨਾਲ ਕੀਤਾ ਖਿਲਵਾੜ: ਵਿੱਤ ਮੰਤਰੀ ਹਰਪਾਲ ਚੀਮਾ
ਫਰਜ਼ੀ ਕਾਲਜਾਂ ਨੂੰ ਵੰਡੇ ਗਏ 39 ਕਰੋੜ, ਵਿਜ਼ੀਲੈਂਸ ਕਰੇਗੀ ਅੱਗੇ ਹੋਰ ਜਾਂਚ: ਡਾ ਬਲਜੀਤ ਕੌਰ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 17 ਫਰਵਰੀ : ਮੁੱਖ ਮੰਤਰੀ ਭਗਵੰਤ ਮਾਨ ਦੀ ਪੰਜਾਬ ਵਿੱਚ ਪਾਰਦਰਸ਼ੀ ਅਤੇ ਭ੍ਰਿਸ਼ਟਾਚਾਰ ਮੁਕਤ ਸਿਸਟਮ ਪ੍ਰਦਾਨ ਕਰਨ ਦੀ ਵਚਨਬੱਧਤਾ ’ਤੇ ਕੰਮ ਕਰਦਿਆਂ ਸੂਬਾ ਸਰਕਾਰ ਨੇ ਪਿਛਲੀ ਸਰਕਾਰ ਦੌਰਾਨ 39 ਕਰੋੜ ਰੁਪਏ ਦੇ ਪੋਸਟ ਮੈਟ੍ਰਿਕ ਅਨੁਸੂਚਿਤ ਜਾਤੀ ਸਕਾਲਰਸ਼ਿਪ ਘੁਟਾਲੇ ਵਿੱਚ ਸ਼ਾਮਲ ਛੇ ਸਰਕਾਰੀ ਮੁਲਾਜ਼ਮਾਂ ਨੂੰ ਬਰਖਾਸਤ ਕਰ ਦਿੱਤਾ। ਪੰਜਾਬ ਦੇ ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀ ਮੰਤਰੀ ਡਾ ਬਲਜੀਤ ਕੌਰ ਨਾਲ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਵਿੱਤ, ਯੋਜਨਾ, ਆਬਕਾਰੀ ਤੇ ਕਰ ਮੰਤਰੀ, ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਇੱਕ ਜਾਂਚ ਵਿੱਚ ਇਹ ਬਹੁ-ਕਰੋੜੀ ਘਪਲਾ ਸਾਹਮਣੇ ਆਇਆ ਹੈ ਜਿਸ ਵਿੱਚ ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀ ਵਿਭਾਗ ਦੇ ਚਾਰ ਕਰਮਚਾਰੀ ਅਤੇ ਦੋ ਵਿੱਤ ਵਿਭਾਗ ਦੇ ਕਰਮਚਾਰੀਆਂ ਦੀ ਸ਼ਮੂਲੀਅਤ ਪਾਈ ਗਈ। ਮੰਤਰੀ ਡਾ. ਬਲਜੀਤ ਕੌਰ ਨੇ ਦੱਸਿਆ ਕਿ ਵਿਭਾਗੀ ਪੜਤਾਲ ਲਈ ਸ੍ਰੀ ਬੀ.ਆਰ.ਬਾਂਸਲ, ਵਧੀਕ ਸ਼ੈਸ਼ਨ ਜੱਜ(ਰਿਟਾ.) ਨੂੰ ਪੜਤਾਲੀਆ ਅਫ਼ਸਰ ਨਿਯੁਕਤ ਕੀਤਾ ਗਿਆ ਸੀ। ਪੜਤਾਲੀਆ ਅਫਸਰ ਵੱਲੋਂ ਇਸ ਮਾਮਲੇ ਸਬੰਧੀ ਪੜਤਾਲ ਕਰਨ ਉਪਰੰਤ 13-6-2022 ਨੂੰ ਰਿਪੋਰਟ ਪੇਸ਼ ਕੀਤੀ ਗਈ, ਜਿਸ ਵਿੱਚ ਚਾਰਜਸ਼ੀਟ ਕੀਤੇ ਗਏ 6 ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਦੋਸ਼ੀ ਪਾਇਆ ਗਿਆ। ਬਰਖਾਸਤ ਕੀਤੇ ਗਏ ਅਧਿਕਾਰੀਆਂ ਵਿੱਚ ਡਿਪਟੀ ਡਾਇਰੈਕਟਰ ਪਰਮਿੰਦਰ ਸਿੰਘ ਗਿੱਲ, ਸੁਪਰਡੰਟ(ਰਿਟਾ.) ਰਾਜਿੰਦਰ ਚੌਪੜਾ, ਸੀਨੀਅਰ ਸਹਾਇਕ ਰਾਕੇਸ਼ ਅਰੋੜਾ ਅਤੇ ਬਲਦੇਵ ਸਿੰਘ ਸ਼ਾਮਲ ਹਨ। ਇਸ ਤੋਂ ਇਲਾਵਾ ਵਿੱਤ ਵਿਭਾਗ ਨਾਲ ਸਬੰਧਤ ਡੀ.ਸੀ.ਐਫ.ਏ (ਰਿਟਾ.) ਚਰਨਜੀਤ ਸਿੰਘ ਅਤੇ ਸੈਕਸ਼ਨ ਅਫਸਰ ਮੁਕੇਸ਼ ਭਾਟੀਆ ਸਬੰਧੀ ਫੈਸਲਾ ਲੈਣ ਲਈ ਕੇਸ ਵਿੱਤ ਵਿਭਾਗ ਨੂੰ ਭੇਜਿਆ ਜਾਵੇਗਾ। ਇਸ ਘੁਟਾਲੇ ਦੀ ਡੂੰਘਾਈ ਨਾਲ ਜਾਂਚ ਲਈ ਪੰਜਾਬ ਵਿਜੀਲੈਂਸ ਨੂੰ ਅਗਲੇਰੀ ਜਾਂਚ ਦੀ ਸਿਫਾਰਿਸ਼ ਕੀਤੀ ਗਈ ਹੈ। ਇਸ ਘੁਟਾਲੇ ਬਾਰੇ ਅੱਗੇ ਜਾਣਕਾਰੀ ਦਿੰਦਿਆਂ ਕੈਬਨਿਟ ਮੰਤਰੀ ਡਾ ਬਲਜੀਤ ਕੌਰ ਨੇ ਦੱਸਿਆ ਕਿ ਇਹ ਘੁਟਾਲਾ 2019 ਵਿਚ ਕਾਂਗਰਸ ਸਰਕਾਰ ਦੌਰਾਨ ਹੋਇਆ ਸੀ ਅਤੇ 55 ਕਰੋੜ ਰੁਪਏ ਦੀ ਗੜਬੜੀ ਸਾਹਮਣੇ ਆਈ ਸੀ, ਜਿਸ ਵਿਚੋਂ 16 ਕਰੋੜ ਰੁਪਏ ਕੁਝ ਗ਼ਲਤ ਕਾਲਜਾਂ ਨੂੰ ਦੇ ਦਿੱਤੇ ਗਏ ਸਨ। ਇਨ੍ਹਾਂ ਦੋਸ਼ੀ ਅਦਾਰਿਆਂ ਵਿਰੁੱਧ ਕਾਰਵਾਈ ਕਰਨ ਦੀ ਬਜਾਏ ਉਨ੍ਹਾਂ ਨੂੰ ਕਰੋੜਾਂ ਰੁਪਏ ਦਾ ਫਾਇਦਾ ਪਹੁੰਚਾਇਆ ਗਿਆ।ਉਨ੍ਹਾਂ ਕਿਹਾ ਕਿ ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਕਾਂਗਰਸ ਸਰਕਾਰ ਦੌਰਾਨ ਕੁਝ ਫਰਜ਼ੀ ਕਾਲਜਾਂ ਨੂੰ ਵੰਡੀ ਗਈ 39 ਕਰੋੜ ਰੁਪਏ ਦੀ ਬਾਕੀ ਰਾਸ਼ੀ ਦਾ ਕੋਈ ਰਿਕਾਰਡ ਮੌਜੂਦ ਨਹੀਂ ਹੈ ਅਤੇ ਇਸੇ ਮਾਮਲੇ ਵਿੱਚ ਉਸ ਸਮੇਂ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਤੱਤਕਾਲੀ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਕਲੀਨ ਚਿੱਟ ਦੇ ਦਿੱਤੀ ਸੀ।ਮੰਤਰੀ ਨੇ ਕਿਹਾ ਕਿ ਵਿਭਾਗੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਯੋਗ ਅਨੁਸੂਚਿਤ ਜਾਤੀ ਦੇ ਵਿਦਿਆਰਥੀਆਂ ਨੂੰ ਵਜ਼ੀਫ਼ਾ ਵੰਡਣ ਵਿੱਚ ਅਣਦੇਖੀ ਕੀਤੀ ਗਈ ਅਤੇ ਕੁਝ ਨਿੱਜੀ ਸੰਸਥਾਵਾਂ ਨੂੰ ਨਾਜਾਇਜ਼ ਲਾਭ ਦਿੱਤੇ ਗਏ। ਕੈਬਨਿਟ ਮੰਤਰੀ ਨੇ ਕਿਹਾ ਕਿ ਪਿਛਲੀ ਸਰਕਾਰ ਨੇ ਇਸ ਘੁਟਾਲੇ ਦਾ ਪਰਦਾਫਾਸ਼ ਕਰਨ ਲਈ ਆਡਿਟ ਦੇ ਹੁਕਮ ਦਿੱਤੇ ਸਨ, ਪਰ ਕਾਂਗਰਸ ਸਰਕਾਰ ਨੇ ‘ਜਾਅਲੀ ਕਾਲਜਾਂ’ ਨੂੰ ਧੋਖੇ ਨਾਲ ਦਿੱਤੇ ਫੰਡ ਇਕੱਠੇ ਕਰਨ ਦੀ ਬਜਾਏ ਮੁੜ ਆਡਿਟ ਦੇ ਹੁਕਮ ਦਿੱਤੇ ਅਤੇ ਇਨ੍ਹਾਂ ਕਾਲਜਾਂ ਨੂੰ ਹੋਰ ਫੰਡ ਦਿੱਤੇ। ਕਾਂਗਰਸ ’ਤੇ ਨਿਸ਼ਾਨਾ ਸਾਧਦਿਆਂ ਚੀਮਾ ਨੇ ਕਿਹਾ ਕਿ ਉਨ੍ਹਾਂ ਦੇ ਆਗੂਆਂ ਨੇ ਵਿਧਾਨ ਸਭਾ ’ਚ ਰੋਸ ਪ੍ਰਦਰਸ਼ਨ ਕੀਤੇ ਅਤੇ ਅਕਾਲੀ ਸਰਕਾਰ ਵੇਲੇ ਵਜ਼ੀਫੇ ਵੰਡਣ ’ਚ ਹੋਈਆਂ ਅਨਿਯਮਿਤਤਾਵਾਂ ਦੀ ਜਾਂਚ ਕਰਵਾਉਣ ਦੀ ਮੰਗ ਕੀਤੀ। ਪਰ ਜਦੋਂ ਕਾਂਗਰਸ ਦੀ ਆਪਣੀ ਸਰਕਾਰ ਬਣੀ ਤਾਂ ਉਨ੍ਹਾਂ ਨੇ ਕਿਸੇ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ, ਜਿਸ ਤੋਂ ਸਪੱਸ਼ਟ ਹੈ ਕਿ ਪੰਜਾਬ ਦੇ ਲੋਕਾਂ ਨੂੰ ਲੁੱਟਣ ਲਈ ਅਕਾਲੀ ਅਤੇ ਕਾਂਗਰਸੀ ਆਪਸ ਵਿੱਚ ਰਲੇ ਹੋਏ ਸਨ।ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਸਮੇਂ 2017 ਤੋਂ 2020 ਤੱਕ ਇਹ ਵਜ਼ੀਫ਼ਾ ਬੰਦ ਕਰ ਦਿੱਤਾ ਗਿਆ ਸੀ ਅਤੇ 9.50 ਲੱਖ ਤੋਂ ਵੱਧ ਯੋਗ ਦਲਿਤ ਵਿਦਿਆਰਥੀਆਂ ਨੂੰ ਇਸ ਦਾ ਲਾਭ ਨਹੀਂ ਮਿਲਿਆ, ਜਿਸ ਕਾਰਨ 2021 ਵਿੱਚ ਇਸ ਸਕੀਮ ਲਈ ਅਪਲਾਈ ਕਰਨ ਵਾਲੇ ਵਿਦਿਆਰਥੀਆਂ ਦੀ ਗਿਣਤੀ ਵਿੱਚ ਕਮੀ ਆਈ ਹੈ।ਉਨ੍ਹਾਂ ਕਿਹਾ ਕਿ ਯੋਗ ਵਿਦਿਆਰਥੀਆਂ ਨੂੰ ਸਕਾਲਰਸ਼ਿਪ ਨਾ ਮਿਲਣ ਕਾਰਨ ਪਿਛਲੇ ਸਾਲਾਂ ਦੇ ਮੁਕਾਬਲੇ 2021-22 ਵਿੱਚ ਇਸ ਸਕੀਮ ਲਈ ਅਪਲਾਈ ਕਰਨ ਵਾਲੇ ਵਿਦਿਆਰਥੀਆਂ ਦੀ ਗਿਣਤੀ ਘੱਟ ਕੇ 1.95 ਲੱਖ ਰਹਿ ਗਈ ਸੀ। ਪਰ ਇਸ ਵਾਰ ਇਨ੍ਹਾਂ ਵਿਦਿਆਰਥੀਆਂ ਨੇ ’ਆਪ’ ਸਰਕਾਰ ’ਤੇ ਵਿਸ਼ਵਾਸ ਪ੍ਰਗਟ ਕੀਤਾ ਹੈ ਅਤੇ ਹੁਣ ਤੱਕ ਲਗਭਗ 2.50 ਲੱਖ ਵਿਦਿਆਰਥੀ ਇਸ ਸਕੀਮ ਲਈ ਅਪਲਾਈ ਕਰ ਚੁੱਕੇ ਹਨ। ਪੋਰਟਲ 31 ਮਾਰਚ ਤੱਕ ਵਿਦਿਆਰਥੀਆਂ ਲਈ ਖੁੱਲ੍ਹਾ ਰਹੇਗਾ ਅਤੇ ਇਸ ਅੰਕੜੇ ਦੇ 3 ਲੱਖ ਨੂੰ ਪਾਰ ਕਰਨ ਦੀ ਉਮੀਦ ਹੈ।
ਭ੍ਰਿਸ਼ਟਾਚਾਰ ਪ੍ਰਤੀ ਆਪਣੀ ਸਰਕਾਰ ਦੇ ਦ੍ਰਿੜ ਇਰਾਦੇ ਨੂੰ ਦੁਹਰਾਉਂਦੇ ਹੋਏ ਐਡਵੋਕੇਟ ਚੀਮਾ ਨੇ ਕਿਹਾ ਕਿ ਮੁੱਖ ਮੰਤਰੀ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਪੰਜਾਬ ਦੇ ਲੋਕਾਂ ਨੂੰ ਪਾਰਦਰਸ਼ੀ ਪ੍ਰਣਾਲੀ ਅਤੇ ਵਿਦਿਆਰਥੀਆਂ ਨੂੰ ਉੱਚ ਪੱਧਰੀ ਸਿੱਖਿਆ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ।
ਟਰੱਕ ਥੱਲੇ ਆਉਣ ਕਾਰਨ ਪਿਉ ਦੀ ਮੌਤ, ਪੁੱਤ ਗੰਭੀਰ ਰੂਪ ਵਿਚ ਜ਼ਖਮੀ
ਪੰਜਾਬੀ ਖ਼ਬਰਸਾਰ ਬਿਉਰੋ
ਬਠਿੰਡਾ, 17 ਫਰਵਰੀ: ਅੱਜ ਸ਼ਾਮ ਸਥਾਨਕ ਭਾਈ ਘਨੱਈਆ ਚੌਂਕ ਵਿਚ ਵਾਪਰੀ ਇੱਕ ਦਰਦਨਾਕ ਸੜਕ ਦੁਰਘਟਨਾ ਟਰੱਕ ਹੇਠਾਂ ਆਉਣ ਕਾਰਨ ਸਕੂਟਰੀ ਸਵਾਰ ਪਿਊ ਦੀ ਮੌਤ ਹੋ ਗਈ, ਜਦੋਂਕਿ ਪੁੱਤਰ ਗੰਭੀਰ ਰੂਪ ਵਿਚ ਜਖਮੀ ਹੋ ਗਿਆ। ਮ੍ਰਿਤਕ ਵਿਅਕਤੀ ਅਪਣੇ ਪੁੱਤਰ ਨਾਲ ਬਠਿੰਡਾ ਦੇ ਇੱਕ ਪ੍ਰਾਈਵੇਟ ਹਸਪਤਾਲ ਵਿਚੋਂ ਦਵਾਈ ਲੈ ਕੇ ਵਾਪਸ ਜਾ ਰਿਹਾ ਸੀ। ਮ੍ਰਿਤਕ ਦੀ ਪਹਿਚਾਣ ਪਿੰਡ ਜੀਵਨ ਸਿੰਘ ਵਾਲਾ ਦੇ ਕਸ਼ਮੀਰ ਸਿੰਘ 56 ਸਾਲ ਅਤੇ ਉਸਦੇ ਜਖਮੀ ਪੁੱਤਰ ਦੀ ਪਹਿਚਾਣ ਸਵਰਨਜੀਤ 17 ਸਾਲ ਦੇ ਤੌਰ ’ਤੇ ਹੋਈ । ਘਟਨਾ ਦਾ ਪਤਾ ਲੱਗਦਿਆਂ ਹੀ ਨੌਜਵਾਨ ਵੈਲਫ਼ੇਅਰ ਸੁਸਾਇਟੀ ਦੇ ਵਰਕਰ ਮੌਕੇ ‘ਤੇ ਪੁੱਜੇ, ਜਿੰਨ੍ਹਾਂ ਜਖਮੀ ਲੜਕੇ ਨੂੰ ਹਸਪਤਾਲ ਦਾਖ਼ਲ ਕਰਵਾਇਆ ਤੇ ਉਸਦੇ ਮ੍ਰਿਤਕ ਪਿਤਾ ਦੀ ਲਾਸ਼ ਨੂੰ ਸਿਵਲ ਹਸਪਤਾਲ ਦੇ ਮੁਰਦਾਘਰ ਵਿਚ ਰਖਵਾਇਆ।
ਲੋਕਾਂ ਨੂੰ ਸਸਤਾ ਰੇਤਾ ਮੁਹੱਈਆ ਕਰਵਾਉਣ ਦੀ ਮੁੱਖ ਮੰਤਰੀ ਦੀ ਲੋਕ ਪੱਖੀ ਪਹਿਲਕਦਮੀ ਜਾਰੀ
17 ਨਵੀਆਂ ਜਨਤਕ ਰੇਤ ਖੱਡਾਂ ਲੋਕਾਂ ਨੂੰ ਕੀਤੀਆਂ ਸਮਰਪਿਤ
ਅਜਿਹੀਆਂ 150 ਜਨਤਕ ਰੇਤ ਖੱਡਾਂ ਜਲਦ ਹੀ ਚਾਲੂ ਹੋਣਗੀਆਂ
ਬਿਕਰਮ ਮਜੀਠੀਆ ਨੂੰ ਇਸ ਮਸਲੇ ਉਤੇ ਬੋਲਣ ਦਾ ਕੋਈ ਨੈਤਿਕ ਅਧਿਕਾਰ ਨਹੀਂ: ਮੁੱਖ ਮੰਤਰੀ
ਪੰਜਾਬੀ ਖ਼ਬਰਸਾਰ ਬਿਉਰੋ
ਮਾਓ ਸਾਹਿਬ (ਜਲੰਧਰ), 17 ਫਰਵਰੀ: ਇਕ ਵੱਡੀ ਲੋਕ-ਪੱਖੀ ਪਹਿਲਕਦਮੀ ਤਹਿਤ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ੁੱਕਰਵਾਰ ਨੂੰ ਐਲਾਨ ਕੀਤਾ ਕਿ ਪਿੱਟ ਹੈੱਡ ਤੋਂ 5.50 ਰੁਪਏ ਪ੍ਰਤੀ ਕਿਊਬਿਕ ਫੁੱਟ ਰੇਤੇ ਦੀ ਸਪਲਾਈ ਯਕੀਨੀ ਬਣਾਉਣ ਲਈ ਜਲਦੀ ਹੀ 150 ਜਨਤਕ ਰੇਤ ਖੱਡਾਂ ਲੋਕਾਂ ਨੂੰ ਸਮਰਪਿਤ ਕੀਤੀਆਂ ਜਾਣਗੀਆਂ। ਇੱਥੇ 17 ਹੋਰ ਜਨਤਕ ਖੱਡਾਂ ਲੋਕਾਂ ਨੂੰ ਸਮਰਪਿਤ ਕਰਨ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਹੁਣ ਤੱਕ 14 ਜ਼ਿਲ੍ਹਿਆਂ ਵਿੱਚ 33 ਰੇਤ ਖੱਡਾਂ ਲੋਕਾਂ ਨੂੰ ਸਮਰਪਿਤ ਕੀਤੀਆਂ ਗਈਆਂ ਹਨ ਅਤੇ ਸੂਬਾ ਸਰਕਾਰ ਲੋਕਾਂ ਦੀ ਸਹੂਲਤ ਲਈ ਜਲਦੀ 150 ਜਨਤਕ ਰੇਤ ਖੱਡਾਂ ਚਾਲੂ ਕਰੇਗੀ। ਉਨ੍ਹਾਂ ਕਿਹਾ ਕਿ ਕੁੱਝ ਦਿਨ ਪਹਿਲਾਂ ਛੇ ਜ਼ਿਲ੍ਹਿਆਂ ਦੀਆਂ 16 ਜਨਤਕ ਰੇਤ ਖੱਡਾਂ ਚਲਾਈਆਂ ਗਈਆਂ ਸਨ ਅਤੇ ਅੱਜ ਅੱਠ ਜ਼ਿਲ੍ਹਿਆਂ ਦੀਆਂ 17 ਹੋਰ ਜਨਤਕ ਖੱਡਾਂ ਲੋਕਾਂ ਨੂੰ ਸਮਰਪਿਤ ਕੀਤੀਆਂ ਜਾ ਰਹੀਆਂ ਹਨ। ਭਗਵੰਤ ਮਾਨ ਨੇ ਕਿਹਾ ਕਿ ਹੁਣ ਤੱਕ ਇਨ੍ਹਾਂ ਜਨਤਕ ਖੱਡਾਂ ਤੋਂ 61,580 ਮੀਟਰਿਕ ਟਨ ਰੇਤਾ ਲੋਕਾਂ ਨੇ ਵਰਤ ਲਿਆ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਬਹੁਤ ਸਾਰੇ ਨੌਜਵਾਨਾਂ ਨੂੰ ਸਿੱਧੇ ਤੇ ਅਸਿੱਧੇ ਤੌਰ ਉਤੇ ਰੋਜ਼ਗਾਰ ਮਿਲਿਆ ਹੈ।ਮੁੱਖ ਮੰਤਰੀ ਨੇ ਕਿਹਾ ਕਿ ਲੋਕਾਂ ਨੂੰ ਸਸਤੀਆਂ ਦਰਾਂ ਉਤੇ ਰੇਤੇ ਦੀ ਸਪਲਾਈ ਯਕੀਨੀ ਬਣਾਉਣ ਲਈ ਸੂਬਾ ਸਰਕਾਰ, ਰੇਤ ਮਾਫ਼ੀਆ ਦਾ ਖ਼ਾਤਮਾ ਕਰੇਗੀ। ਭਗਵੰਤ ਮਾਨ ਨੇ ਕਿਹਾ ਕਿ ਹੁਣ ਇਨ੍ਹਾਂ ਜਨਤਕ ਖੱਡਾਂ ਤੋਂ ਸਿਰਫ਼ 5.50 ਰੁਪਏ ਪ੍ਰਤੀ ਕਿਊਬਿਕ ਫੁੱਟ ਰੇਤਾ ਮਿਲੇਗਾ, ਜਿਸ ਨਾਲ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ। ਉਨ੍ਹਾਂ ਕਿਹਾ ਕਿ ਇਨ੍ਹਾਂ ਜਨਤਕ ਖੱਡਾਂ ਤੋਂ ਸਿਰਫ਼ ਮਜ਼ਦੂਰਾਂ ਰਾਹੀਂ ਰੇਤੇ ਦੀ ਭਰਾਈ ਦੀ ਇਜਾਜ਼ਤ ਹੋਵੇਗੀ ਅਤੇ ਮਸ਼ੀਨ ਰਾਹੀਂ ਰੇਤੇ ਦੀ ਪੁਟਾਈ ਦੀ ਆਗਿਆ ਨਹੀਂ ਹੋਵੇਗੀ।ਮੁੱਖ ਮੰਤਰੀ ਨੇ ਸਪੱਸ਼ਟ ਕਿਹਾ ਕਿ ਇਨ੍ਹਾਂ ਜਨਤਕ ਖੱਡਾਂ ਤੋਂ ਕਿਸੇ ਵੀ ਮਾਈਨਿੰਗ ਠੇਕੇਦਾਰ ਨੂੰ ਆਪਣਾ ਕੰਮ ਚਲਾਉਣ ਦੀ ਮਨਜ਼ੂਰੀ ਨਹੀਂ ਦਿੱਤੀ ਜਾਵੇਗੀ। ਭਗਵੰਤ ਮਾਨ ਨੇ ਕਿਹਾ ਕਿ ਇਨ੍ਹਾਂ ਜਨਤਕ ਮਾਈਨਿੰਗ ਖੱਡਾਂ ਤੋਂ ਨਿਕਲਣ ਵਾਲਾ ਰੇਤਾ ਸਿਰਫ਼ ਗ਼ੈਰ ਕਮਰਸ਼ੀਅਲ ਪ੍ਰਾਜੈਕਟਾਂ ਦੇ ਨਿਰਮਾਣ ਵਿੱਚ ਵਰਤਣ ਲਈ ਹੀ ਵੇਚਿਆ ਜਾਵੇਗਾ। ਉਨ੍ਹਾਂ ਕਿਹਾ ਕਿ ਰੇਤੇ ਦੀ ਵਿਕਰੀ ਸਿਰਫ਼ ਸੂਰਜ ਛਿਪਣ ਤੱਕ ਹੋਵੇਗੀ ਅਤੇ ਹਰੇਕ ਜਨਤਕ ਮਾਈਨਿੰਗ ਖੱਡ ਵਿੱਚ ਰੇਤੇ ਦੀ ਪੁਟਾਈ ਨੂੰ ਨੇਮਬੱਧ ਕਰਨ ਲਈ ਇਕ ਸਰਕਾਰੀ ਅਧਿਕਾਰੀ ਹਮੇਸ਼ਾ ਹਾਜ਼ਰ ਰਹੇਗਾ।ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਨੇ ਇੱਕ ਮੋਬਾਈਲ ਐਪ ਬਣਾਈ ਹੈ, ਜੋ ਲੋਕਾਂ ਨੂੰ ਜਨਤਕ ਮਾਈਨਿੰਗ ਸਾਈਟਾਂ ਦੀ ਪੂਰੀ ਜਾਣਕਾਰੀ ਦੇਵੇਗੀ ਅਤੇ ਆਨਲਾਈਨ ਭੁਗਤਾਨ ਦੀ ਸਹੂਲਤ ਪ੍ਰਦਾਨ ਕਰੇਗੀ। ਭਗਵੰਤ ਮਾਨ ਨੇ ਕਿਹਾ ਕਿ ਇਸ ਨਾਲ ਲੋਕਾਂ ਨੂੰ ਸਸਤੀ ਰੇਤ ਦੀ ਸਪਲਾਈ ਯਕੀਨੀ ਬਣੇਗੀ ਅਤੇ ਠੇਕੇਦਾਰਾਂ ਤੇ ਟਰਾਂਸਪੋਰਟਰਾਂ ਵੱਲੋਂ ਕੀਤੀ ਜਾਂਦੀ ਲੁੱਟ ਨੂੰ ਰੋਕਿਆ ਜਾਵੇਗਾ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਹੁਣ ਦੇਸ਼ ਭਰ ਵਿੱਚੋਂ ਪੰਜਾਬ ਦੇ ਲੋਕਾਂ ਨੂੰ ਸਭ ਤੋਂ ਘੱਟ ਦਰਾਂ `ਤੇ ਰੇਤ ਉਪਲਬਧ ਹੋ ਰਹੀ ਹੈ।ਸੂਬੇ ਵਿੱਚ ਰੇਤ ਮਾਫ਼ੀਆ ਨੂੰ ਜਨਮ ਦੇਣ ਅਤੇ ਉਸ ਦੀ ਸਰਪ੍ਰਸਤੀ ਕਰਨ ਲਈ ਅਕਾਲੀ ਦਲ ਨੂੰ ਕਰੜੇ ਹੱਥੀਂ ਲੈਂਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਬਿਕਰਮ ਸਿੰਘ ਮਜੀਠੀਆ ਨੂੰ ਇਸ ਮੁੱਦੇ ਉਤੇ ਬੋਲਣ ਦਾ ਕੋਈ ਨੈਤਿਕ ਅਧਿਕਾਰ ਨਹੀਂ। ਉਨ੍ਹਾਂ ਕਿਹਾ ਕਿ ਸਭ ਜਾਣਦੇ ਹਨ ਕਿ ਅਕਾਲੀਆਂ ਦੀ ਆਪਣੇ ਲੰਮੇ ਕੁਸ਼ਾਸਨ ਦੌਰਾਨ ਸੂਬੇ ਨੂੰ ਲੁੱਟਣ ਵਾਲੇ ਹਰ ਮਾਫ਼ੀਆ ਨਾਲ ਗੰਢਤੁੱਪ ਸੀ। ਉਨ੍ਹਾਂ ਕਿਹਾ ਕਿ ਮਜੀਠੀਆ ਦੇ ਸੱਜੇ-ਖੱਬੇ ਬੈਠੇ ਦਿਖਾਈ ਦੇਣ ਵਾਲਿਆਂ ਦੇ ਹੱਥ ਪੰਜਾਬੀਆਂ `ਤੇ ਜ਼ੁਲਮ ਨਾਲ ਰੰਗੇ ਹੋਏ ਹਨ। ਭਗਵੰਤ ਮਾਨ ਨੇ ਸਪੱਸ਼ਟ ਸ਼ਬਦਾਂ ਵਿੱਚ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ ਉਹ ਮਜੀਠੀਆ, ਜਿਸ ਦੀ ਪਾਰਟੀ ਨੇ ਇਹ ਸਾਰੀ ਗੜਬੜ ਕੀਤੀ, ਜਿਸ ਤੋਂ ਅੱਜ ਪੂਰਾ ਪੰਜਾਬ ਦੁਖੀ ਹੈ, ਸਿਰਫ਼ ਮੀਡੀਆ ਦੀਆਂ ਸੁਰਖੀਆਂ ਬਟੋਰਨ ਲਈ ਅਜਿਹੇ ਸਵਾਲ ਪੁੱਛ ਰਿਹਾ ਹੈ।ਮੁੱਖ ਮੰਤਰੀ ਨੇ ਕਿਹਾ ਕਿ ਮਜੀਠੀਆ ਨੂੰ ਇੱਕ ਗੱਲ ਯਾਦ ਰੱਖਣੀ ਚਾਹੀਦੀ ਹੈ ਕਿ ਉਨ੍ਹਾਂ ਦੀ ਸਰਕਾਰ ਆਪਣੇ ਕਾਰਜਕਾਲ ਵਾਂਗ ਭਾਈ-ਭਤੀਜਾਵਾਦ ਵਿੱਚ ਸ਼ਾਮਲ ਹੋਣ ਦੀ ਬਜਾਏ ਪੂਰੀ ਤਰ੍ਹਾਂ ਨਿਰਧਾਰਤ ਨਿਯਮਾਂ ਅਤੇ ਕਾਨੂੰਨਾਂ `ਤੇ ਚੱਲ ਰਹੀ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਦਾਗ਼ੀ ਵਿਅਕਤੀ ਨੂੰ ਕਿਸੇ ਵੀ ਸਰੋਤ ਤੋਂ ਗ਼ੈਰ-ਕਾਨੂੰਨੀ ਢੰਗ ਨਾਲ ਪੈਸਾ ਇਕੱਠਾ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਭਗਵੰਤ ਮਾਨ ਨੇ ਤਨਜ਼ ਕੱਸਿਆ ਕਿ ਪੰਜਾਬੀਆਂ ਵੱਲੋਂ ਮਾੜੇ ਕੰਮਾਂ ਕਾਰਨ ਨਕਾਰੇ ਗਏ ਇਨ੍ਹਾਂ ਲੋਕਾਂ ਨੂੰ ਸੂਬਾ ਸਰਕਾਰ ਦੇ ਲੋਕ ਪੱਖੀ ਉਪਰਾਲੇ ਹਜ਼ਮ ਨਹੀਂ ਹੋ ਰਹੇ, ਜਿਸ ਕਾਰਨ ਉਹ ਅਜਿਹੇ ਕੋਝੇ ਹੱਥਕੰਡੇ ਅਪਣਾ ਰਹੇ ਹਨ।ਮੁੱਖ ਮੰਤਰੀ ਭਗਵੰਤ ਮਾਨ ਨੇ ਇਹ ਐਲਾਨ ਵੀ ਕੀਤਾ ਕਿ ਲੰਮੇ ਸਮੇਂ ਤੋਂ ਲਟਕ ਰਹੀਆਂ ਵਿਸ਼ੇਸ਼ ਜਾਂਚ ਟੀਮ (ਐਸ.ਆਈ.ਟੀ) ਅਤੇ ਕਮਿਸ਼ਨਾਂ ਦੀਆਂ ਸਾਰੀਆਂ ਰਿਪੋਰਟਾਂ ਜਲਦੀ ਹੀ ਜਨਤਕ ਕੀਤੀਆਂ ਜਾਣਗੀਆਂ ਅਤੇ ਲੋਕਾਂ ਨੂੰ ਲੁੱਟਣ ਵਾਲੇ ਤੇ ਆਪਣੇ ਅਧਿਕਾਰਾਂ ਦੀ ਦੁਰਵਰਤੋਂ ਕਰਨ ਵਾਲੇ ਕਿਸੇ ਵੀ ਸ਼ਖ਼ਸ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਲੁੱਟਣ ਵਾਲੇ ਹਰ ਵਿਅਕਤੀ ਨੂੰ ਬੇਨਕਾਬ ਕਰਕੇ ਕਾਨੂੰਨ ਦੇ ਕਟਹਿਰੇ `ਚ ਖੜ੍ਹਾ ਕੀਤਾ ਜਾਵੇਗਾ।ਇਕ ਸਵਾਲ ਦੇ ਜਵਾਬ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਤਿੰਨ ਕਰੋੜ ਲੋਕਾਂ ਨੇ ਉਨ੍ਹਾਂ ਨੂੰ ਸੂਬੇ ਦੀ ਸੇਵਾ ਲਈ ਚੁਣਿਆ ਹੈ। ਭਾਰਤ ਦੇ ਸੰਵਿਧਾਨ ਅਨੁਸਾਰ ਉਹ ਸੂਬੇ ਦੀ ਜਨਤਾ ਨੂੰ ਜਵਾਬਦੇਹ ਹਨ, ਨਾ ਕਿ ਕੇਂਦਰ ਸਰਕਾਰ ਵੱਲੋਂ ਚੁਣੇ ਗਏ ਕਿਸੇ ਵਿਅਕਤੀ ਨੂੰ। ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਸੂਬੇ ਦੇ ਲੋਕਾਂ ਦੀ ਭਲਾਈ ਅਤੇ ਖ਼ਸ਼ਹਾਲੀ ਲਈ ਹਰ ਫ਼ੈਸਲਾ ਲਵੇਗੀ।ਇਸ ਮੌਕੇ ਮੁੱਖ ਮੰਤਰੀ ਨਾਲ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਅਤੇ ਰਾਜ ਸਭਾ ਮੈਂਬਰ ਰਾਘਵ ਚੱਢਾ ਵੀ ਮੌਜੂਦ ਸਨ।
ਕੁਰੂਕਸ਼ੇਤਰ ਨੂੰ ਵਿਸ਼ਵ ਨਕਸ਼ੇ ’ਤੇ ਸ਼ਾਨਦਾਰ ਦ੍ਰਿਸ਼ਟੀ ਨਾਲ ਵਿਕਸਿਤ ਕਰਨ ਲਈ ਬਣਾਏ ਬਿਹਤਰ ਯੋਜਨਾਵਾਂ – ਰਾਜਪਾਲ
ਅਪ੍ਰੈਲ ਮਹੀਨੇ ਵਿਚ ਆਸਟਰੇਲਿਆ ਵਿਚ ਹੋਵੇਗਾ ਕੌਮਾਂਤਰੀ ਗੀਤਾ ਜੈਯੰਤੀ ਮਹਾਉਤਸਵ ਦਾ ਪ੍ਰਬੰਧ – ਮਨੋਹਰ ਲਾਲ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 17 ਫਰਵਰੀ: ਹਰਿਆਣਾ ਦੇ ਰਾਜਪਾਲ ਤੇ ਕੁਰੂਕਸ਼ੇਤਰ ਵਿਕਾਸ ਬੋਰਡ ਦੇ ਚੇਅਰਮੈਨ ਸ੍ਰੀ ਬੰਡਾਰੂ ਦੱਤਾਤ੍ਰੇਅ ਨੇ ਕਿਹਾ ਕਿ ਸ੍ਰੀਮਦਭਗਵਦਗੀਤਾ ਦੀ ਜਨਸਥਲੀ ਧਰਮਖੇਤਰ ਨੂੰ ਵਿਸ਼ਵ ਨਕਸ਼ੇ ’ਤੇ ਸ਼ਾਨਦਾਰ ਦ੍ਰਿਸ਼ਟੀ ਨਾਲ ਵਿਕਸਿਤ ਕਰਨ ਦੇ ਲਹੀ ਬਿਹਤਰ ਯੋਜਨਾਵਾਂ ਤਿਆਰ ਕੀਤੀਆਂ ਜਾਣ ਤਾਂ ਜੋ ਲੋਕਾਂ ਨੂੰ ਇਸ ਦੇ ਮਹਤੱਵ ਦੇ ਬਾਰੇ ਵਿਚ ਹੋਰ ਵੱਧ ਜਾਣਕਾਰੀ ਮਿਲ ਸਕੇ। ਉਨ੍ਹਾਂ ਨੇ ਕਿਹਾ ਕਿ ਕੁਰੂਕਸ਼ੇਤਰ ਨੂੰ ਵਾਰਾਣਸੀ ਦੀ ਤਰਜ ’ਤੇ ਇਸ ਦੀ ਗਰਿਮਾ ਨੂੰ ਬਣਾਏ ਰੱਖਦੇ ਹੋਏ ਕਾਰਜ ਯੋਜਨਾ ਤਿਆਰ ਕੀਤੀ ਜਾਵੇ, ਜਿਸ ਵਿਚ ਬ੍ਰਹਮਸਰੋਵਰ ਦੇ ਨੇੜੇ ਮਹਾਭਾਰਤ ਯੁੱਧ ਦੇ ਪਾਤਰਾਂ ਨੂੰ ਮੂਰਤੀਆਂ ਦੇ ਸਜੀਵ ਚਿਤਰਣ ਦਾ ਵਰਨਣ ਦੇਖਣ ਨੂੰ ਮਿਲੇ। ਉਨ੍ਹਾਂ ਨੇ ਗਕੀਤਾ ਦੇ ਵਿਆਪਕ ਪੱਧਰ ’ਤੇ ਪ੍ਰਚਾਰ ਪ੍ਰਸਾਰ ਲਈ ਮੁੱਖ ਮੰਤਰੀ ਨੂੰ ਵਧਾਈ ਦਿੱਤੀ। ਸ੍ਰੀਬੰਡਾਰੂ ਦੱਤਾਤ੍ਰੇਅ ਹਰਿਆਣਾ ਰਾਜਭਵਨ ਵਿਚ ਕੁਰੂਕਸ਼ੇਤਰ ਬੋਰਡ ਪ੍ਰਬੰਧਨ ਮੰਡਲ ਦੀ 81ਵੀਂ ਮੀਟਿੰਗ ਦੀ ਅਗਵਾਈ ਕਰ ਰਹੇ ਸਨ। ਮੀਟਿੰਗ ਵਿਚ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ, ਡਿਪਟੀ ਮੁੱਖ ਮੰਤਰੀ ਸ੍ਰੀ ਦੁਸ਼ਯੰਤ ਚੌਟਾਲਾ, ਸਾਂਸਦ ਸ੍ਰੀ ਨਾਇਬ ਸਿੰਘ ਸੈਨੀ, ਵਿਧਾਇਕ ਸ੍ਰੀ ਸੁਭਾਸ਼ ਸੁਧਾ ਸਮੇਤ ਕਈ ਸੀਨੀਅਰ ਅਧਿਕਾਰੀ ਅਤੇ ਮੈਂਬਰ ਮੌਜੂਦ ਰਹੇ। ਮੀਟਿੰਗ ਵਿਚ ਕੁੱਲ 20 ਏਜੰਡੇ ਰੱਖ ਗਏ ਜਿਨ੍ਹਾਂ ’ਤੇ ਸਰਵਸੰਮਤੀ ਨਾਲ ਫੈਸਲੇ ਕੀਤੇ ਗਏ। ਕੌਮਾਂਤਰੀ ਗੀਤਾ ਜੈਯੰਤੀ ਮਹਾਉਤਸਵ-2022 ਦਾ ਸ਼ਾਨਦਾਰ ਕਿਤਾਬ ਦੀ ਵੀ ਘੁੰਡ ਚੁਕਾਈ ਕੀਤੀ ਗਈ, ਜਿਸ ਵਿਚ ਗੀਤਾ ਜੈਯੰਤੀ ਦੌਰਾਨ ਕੀਤੇ ਗਏ ਪ੍ਰੋਗ੍ਰਾਮਾਂ ਦੇ ਝਰੋਖੇ ਅਤੇ ਗਤੀਵਿਧੀਆਂ ਦਾ ਵਿਸਤਾਰ ਨਾਲ ਵਰਨਣ ਕੀਤਾ ਗਿਆ ਹੈ। ਰਾਜਪਾਲ ਨੇ ਨਿਰਦੇਸ਼ ਦਿੱਤੇ ਕਿ ਕੁਰੂਕਸ਼ੇਤਰ ਦੇ 48 ਕੋਸ ਦੇ 134 ਤੀਰਥ ਸਥਾਨਾਂ ਦੀ ਭੂਮਿਕਾ ’ਤੇ ਇਕ ਬੁਕਲੇਟ ਵੀ ਤਿਆਰ ਕੀਤੀ ਜਾਵੇ ਅਤੇ ਇੰਨ੍ਹਾਂ ਖੇਤਰਾਂ ਵਿਚ ਬੁਨਿਆਦੀ ਢਾਂਚਾ ਵੀ ਵਿਕਸਿਤ ਕੀਤਾ ਜਾਵੇ ਤਾਂ ਜੋ ਊਨ੍ਹਾਂ ਦਾ ਵੱਧ ਤੋਂ ਵੱਧ ਲੋਕਾਂ ਨੁੰ ਲਾਭ ਹੋ ਸਕੇ। ਉਨ੍ਹਾਂ ਨੇ ਕਿਹਾ ਕਿ ਕੁਰੂਕਸ਼ੇਤਰ ਵਿਕਾਸ ਬੋਰਡ ਦੇ ਪ੍ਰਬੰਧਨ ਮੰਡਲ ਦੀ ਮੀਟਿੰਗ ਹਰ ਸਾਲ ਪ੍ਰਬੰਧਿਤ ਕੀਤੀ ਜਾਵੇਗੀ ਤਾਂ ਜੋ ਬੋਰਡ ਦੇ ਵਿਕਾਸ ਨੂੰ ਲੇ ਕੇ ਸਮੇਂ ਸਮੇਂ ’ਤੇ ਫੈਸਲੇ ਕੀਤੇ ਜਾ ਸਕਣ। ਉਨ੍ਹਾਂ ਨੇ ਕਿਹਾ ਕਿ ਕੁਰੂਕਸ਼ੇਤਰ ਵਿਕਾਸ ਬੋਰਡ ਤੋਂ ਤਹਿਤ ਪਿੰਡ ਜੁੜੇ ਹੋਏ ਹਨ, ਇਸ ਲਈ ਕੁਰੂਕਸ਼ੇਤਰ ਨੂੰ ਵਿਕਸਿਤ ਕਰਨ ਦੇ ਲਈ ਕਾਰਜ ਯੋਜਨਾ ਤਿਆਰ ਕੀਤੀ ਜਾਵੇ।
ਅਪ੍ਰੈਲ ਮਹੀਨੇ ਵਿਚ ਆਸਟਰੇਲਿਆ ਵਿਚ ਹੋਵੇਗਾ ਕੌਮਾਂਤਰੀ ਗੀਤਾ ਜੈਯੰਤੀ ਮਹਾਉਤਸਵ ਦਾ ਪ੍ਰਬੰਧ
ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਰਾਜ ਸਰਕਾਰ ਦੇ ਲਗਾਤਾਰ ਯਤਨਾਂ ਨਾਲ ਗੀਤਾ ਗਿਆਨ ਦਾ ਉਪਦੇਸ਼ ਵਿਸ਼ਵ ਪੱਧਰ ’ਤੇ ਪਹੁੰਚਾਉਣ ਦੀ ਸਾਲ 2016 ਤੋਂ ਲਗਾਤਾਰ ਪਹਿਲ ਕੀਤੀ ਜਾ ਰਹੀ ਹੈ। ਇਸੀ ਲੜੀ ਵਿਚ ਇਸ ਸਾਲ ਆਸਟ?ਰੇਲਿਆ ਵਿਚ ਅਪ੍ਰੈਲ ਮਹੀਨੇ ਵਿਚ ਕੌਮਾਂਤਰੀ ਗੀਤਾ ਜੈਯੰਤੀ ਸਮਾਰੋਹ ਦਾ ਪ੍ਰਬੰਧ ਕੀਤਾ ਜਾਵੇਗਾ। ਵਰਨਣਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਕੌਮਾਂਤਰੀ ਗੀਤਾ ਜੈਯੰਤੀ ਸਮਾਰੋਹ ਮਾਰੀਸ਼ਸ, ਇੰਗਲੈਂਡ ਅਤੇ ਕੈਨੇਡਾ ਵਿਚ ਵੀ ਬਹੁਤ ਧੂਮਧਾਮ ਨਾਲ ਮਨਾਇਆ ਗਿਆ।ਉਨ੍ਹਾਂ ਨੇ ਕਿਹਾ ਕਿ ਲੋਕਾਂ ਨੂੰ ਸੈਰ-ਸਪਾਟਾ ਦੀ ਜਾਣਕਾਰੀ ਦੇਣ ਲਈ ਪੰਚਕੂਲਾ, ਗੁਰੂਗ੍ਰਾਮ, ਕੁਰੂਕਸ਼ੇਤਰ, ਰਾਖੀਗੜ੍ਹੀ ਵਰਗੇ ਮਹਤੱਵਪੂਰਣ ਸਥਾਨਾਂ ’ਤੇ ਸੈਰ-ਸਪਾਟਾ ਸੂਚਨਾ ਕੇਂਦਰ ਬਣਾਏ ਜਾਣ ਤਾਂ ਜੋ ਸੈਰ-ਸਪਾਟਾ ਦੇ ਮੱਦੇਨਜਰ ਕੁਰੂਕਸ਼ੇਤਰ ਦੇ ਨਾਲ-ਨਾਲ ਹੋਰ ਸਥਾਨਾਂ ਨੂੰ ਵੀ ਵਿਕਸਿਤ ਕੀਤਾ ਜਾ ਸਕੇ। ਇਸ ਤੋਂ ਇਲਾਵਾ, ਸੈਨਾਨੀਆਂ ਨੂੰ ਲਿਆਉਣ ਲਈ ਛੋਟੀ ਇਲੈਕਟਰੋਨਿਕ ਬੱਸਾਂ ਦੀ ਵਿਵਸਥਾ ਬੋਰਡ ਵੱਲੋਂ ਕੀਤੀ ਜਾਵੇ। ਉਨ੍ਹਾਂ ਨੇ ਕਿਹਾ ਕਿ ਦੁਬਈ ਦੀ ਤਰਜ ’ਤੇ ਪੂਰੇ ਸੂਬੇ ਦੇ ਮਿਨੀ ਜੂ ਕ੍ਰੋਕੋਡਾਇਲ ਦੇ ਸਰੰਖਣ ਲਈ ਸਹੀ ਸਥਾਨਾਂ ਦਾ ਚੋਣ ਕੀਤਾ ਜਾਵੇ, ਜਿਸ ਵਿਚ ਸਾਡ ਪਾਣੀ ਪਾ ਕੇ ਸੈਨਾਨੀਆਂ ਲਈ ਆਕਰਸ਼ਕ ਬਣਾਇਆ ਜਾ ਸਕੇ। ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਬ੍ਰਹਮਸਰੋਵਰ ਦੀ ਤਰਜ ’ਤੇ ਸੰਨਹਿਤ ਸਰੋਵਰ ਨੂੰ ਵੀ ਵਿਕਸਿਤ ਕੀਤਾ ਜਾਵੇ ਅਤੇ ਇਸ ਵਿਚ ਸਵੱਛ ਪਾਣੀ ਭਰਨ ਦੇ ਨਾਲ-ਨਾਲ ਊਸ ਦੀ ਨਿਕਾਸੀ ਦਾ ਵੀ ਸਹੀ ਪ੍ਰਬੰਧ ਕੀਤਾ ਜਾਵੇ। ਉਨ੍ਹਾਂ ਨੇ ਕਿਹਾ ਕਿ ਸਰੋਵਰ ’ਤੇ ਮਹਾਰਿਸ਼ੀ ਦਧੀਚੀ ਰਿਸ਼ੀ ਦੀ ਪ੍ਰਤਿਮਾ ਲਗਾਈ ਜਾਵੇਗੀ ਅਤੇ ਸਰਸਵਤੀ ਤੀਰਥ ਅਤੇ ਦਰਵਾਜੇ ਦਾ ਨਿਰਮਾਣ ਵੀ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਕੁਰੂਕਸ਼ੇਤਰ ਵਿਕਾਸ ਬੋਰਡ ਦੇ ਦਫਤਰ ਦੇ ਕੋਲ ਰੇਸਟ ਹਾਊਸ ਦਾ ਨਿਰਮਾਣ ਕਰਵਾਇਆ ਜਾਵੇਗਾ ਅਤੇ ਮਲਟੀਮੀਡੀਆ ਲੇਜਰ ਸ਼ੌ ਮਿਊਜੀਕਲ ਫਾਊਂਡੇਸ਼ਨ ਦਾ ਥੀਮ ਧਾਰਮਿਕ ਰੱਖ ਕੇ ਸਥਾਨ ਅਨੁਸਾਰ ਇਸ ਦਾ ਵਿਕਾਸ ਕੀਤਾ ਜਾਵੇਗਾ।
‘‘ਪੰਜਾਬ ਸਰਕਾਰ ਤੁਹਾਡੇ ਦੁਆਰ’’ ਤਹਿਤ ਲਗਾਇਆ ਆਲੀਕੇ ਵਿਖੇ ਕੈਂਪ ਆਯੋਜਿਤ
ਸਮੱਸਿਆਵਾਂ ਤੋਂ ਛੁਟਕਾਰਾ ਦਿਵਾਉਣ ਲਈ ਸਹਾਈ ਸਿੱਧ ਹੋ ਰਹੇ ਹਨ ਵਿਸ਼ੇਸ਼ ਕੈਂਪ : ਬਲਕਾਰ ਸਿੱਧੂ
ਸੁਖਜਿੰਦਰ ਮਾਨ
ਬਠਿੰਡਾ, 17 ਫਰਵਰੀ : ਸੂਬਾ ਸਰਕਾਰ ਆਮ ਲੋਕਾਂ ਦੀਆਂ ਸਮੱਸਿਆਵਾਂ ਦਾ ਨਿਪਟਾਰਾ ਉਨ੍ਹਾਂ ਦੇ ਦਰਾਂ ਤੇ ਜਾ ਕੇ ਹੱਲ ਕਰਨ ਲਈ ਯਤਨਸ਼ੀਲ ਤੇ ਵਚਨਬੱਧ ਹੈ। ਇਸ ਦੇ ਮੱਦੇਨਜ਼ਰ ਲਗਾਏ ਜਾ ਰਹੇ ਇਹ ਕੈਂਪ ਆਮ ਲੋਕਾਂ ਨੂੰ ਸਮੱਸਿਆਵਾਂ ਤੋਂ ਛੁਟਕਾਰਾ ਦਿਵਾਉਣ ਲਈ ਸਹਾਈ ਸਿੱਧ ਹੋ ਰਹੇ ਹਨ। ਇਨ੍ਹਾਂ ਗੱਲ੍ਹਾਂ ਦਾ ਪ੍ਰਗਟਾਵਾ ਵਿਧਾਇਕ ਰਾਮਪੁਰਾ ਫੂਲ ਸ੍ਰੀ ਬਲਕਾਰ ਸਿੰਘ ਸਿੱਧੂ ਨੇ ‘‘ਪੰਜਾਬ ਸਰਕਾਰ ਤੁਹਾਡੇ ਦੁਆਰ’’ਤਹਿਤ ਰਾਮਪੁਰਾ ਫੂਲ ਹਲਕੇ ਦੇ ਪਿੰਡ ਆਲੀਕੇ ਵਿਖੇ ਲਗਾਏ ਗਏ ਵਿਸ਼ੇਸ਼ ਕੈਂਪ ਚ ਸ਼ਿਰਕਤ ਕਰਨ ਮੌਕੇ ਕੀਤਾ। ਕੈਂਪ ਦੌਰਾਨ ਵਿਧਾਇਕ ਸ੍ਰੀ ਬਲਕਾਰ ਸਿੰਘ ਸਿੱਧੂ ਅਤੇ ਉਪ ਮੰਡਲ ਮੈਜਿਸਟਰੇਟ ਸ੍ਰੀ ਓਮ ਪ੍ਰਕਾਸ਼ ਵੱਲੋਂ ਪਿੰਡ ਆਲੀਕੇ ਤੋਂ ਇਲਾਵਾ ਧਿੰਗੜ ਅਤੇ ਰਾਈਆ ਦੇ ਲੋਕਾਂ ਦੀਆਂ ਸਾਂਝੀਆਂ ਅਤੇ ਨਿੱਜੀ ਸਮੱਸਿਆਵਾਂ ਸੁਣੀਆਂ ਗਈਆਂ। ਇਸ ਦੌਰਾਨ ਵੱਖ-ਵੱਖ ਵਿਭਾਗਾਂ ਵੱਲੋਂ ਕਾਊਂਟਰ ਲਗਾ ਕੇ ਆਪੋ-ਆਪਣੇ ਵਿਭਾਗ ਨਾਲ ਸਬੰਧਤ ਲੋਕ ਭਲਾਈ ਸਕੀਮਾਂ ਬਾਰੇ ਵੀ ਆਮ ਲੋਕਾਂ ਨੂੰ ਜਾਗਰੂਕ ਕਰਵਾਉਣ ਦੇ ਨਾਲ-ਨਾਲ ਲੋੜਵੰਦ ਲੋਕਾਂ ਦੇ ਮੌਕੇ ਤੇ ਫਾਰਮ ਵੀ ਭਰੇ ਗਏ। ਵਿਧਾਇਕ ਸ੍ਰੀ ਬਲਕਾਰ ਸਿੰਘ ਸਿੱਧੂ ਨੇ ਦੱਸਿਆ ਕਿ ਪਿੰਡਾਂ ਵਿੱਚ ਲਗਾਏ ਜਾ ਰਹੇ ਇਨ?ਰਾਂ ਕੈਂਪਾਂ ਦੌਰਾਨ ਲੋਕਾਂ ਦੀਆਂ ਨਿੱਜੀ ਤੇ ਸਾਂਝੀਆਂ ਸਮੱਸਿਆਵਾਂ ਸੁਣੀਆਂ ਜਾ ਰਹੀਆਂ ਹਨ, ਜਿੰਨ੍ਹਾਂ ਵਿੱਚੋਂ ਜਾਇਜ਼ ਸਮੱਸਿਆਵਾਂ ਦਾ ਮੌਕੇ ਤੇ ਹੀ ਅਧਿਕਾਰੀਆਂ ਵੱਲੋਂ ਨਿਪਟਾਰਾ ਕੀਤਾ ਜਾਂਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਇਸ ਨਾਲ ਜਿੱਥੇ ਲੋਕਾਂ ਦੇ ਕੀਮਤੀ ਸਮੇਂ ਦੀ ਬੱਚਤ ਹੁੰਦੀ ਹੈ, ਉੱਥੇ ਉਨ੍ਹਾਂ ਨੂੰ ਦਫ਼ਤਰਾਂ ਦੇ ਗੇੜੇ ਮਾਰਨ ਤੋਂ ਵੀ ਛੁਟਕਾਰਾ ਮਿਲਦਾ ਹੈ।ਇਸ ਮੌਕੇ ਉਪ ਮੰਡਲ ਮੈਜਿਸਟਰੇਟ ਰਾਮਪੁਰਾ ਫੂਲ ਸ੍ਰੀ ਓਮ ਪ੍ਰਕਾਸ਼ ਨੇ ਦੱਸਿਆ ਕਿ ਇਸ ਕੈਂਪ ਦੌਰਾਨ ਵੱਖ-ਵੱਖ ਤਰ੍ਹਾਂ ਦੀਆਂ ਸਮੱਸਿਆਵਾਂ ਸਬੰਧੀ ਆਮ ਲੋਕਾਂ ਵੱਲੋਂ 25 ਦਰਖ਼ਾਸਤਾਂ ਪ੍ਰਾਪਤ ਹੋਈਆਂ, ਜਿੰਨ੍ਹਾਂ ਵਿੱਚੋਂ ਬਹੁਤੀਆਂ ਸਮੱਸਿਆਵਾਂ ਦਾ ਮੌਕੇ ਤੇ ਹੀ ਨਿਪਟਾਰਾ ਕਰ ਦਿੱਤਾ ਗਿਆ ਅਤੇ ਬਾਕੀ ਦੀਆਂ ਰਹਿੰਦੀਆਂ ਸਮੱਸਿਆਵਾਂ ਦਾ ਇੱਕ ਹਫ਼ਤੇ ਅੰਦਰ ਹੱਲ ਕਰਨ ਲਈ ਸਬੰਧਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ।ਇਸ ਮੌਕੇ ਨਾਇਬ ਤਹਿਸੀਲਦਾਰ ਰਾਮਪੁਰਾ ਫੂਲ ਸ਼੍ਰੀ ਅਵਤਾਰ ਸਿੰਘ, ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ ਫੂਲ ਸ਼੍ਰੀ ਪ੍ਰਭਜੀਤ ਸਿੰਘ, ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ, ਉਨ੍ਹਾਂ ਦੇ ਨੁਮਾਇੰਦੇ ਤੇ ਸਬੰਧਤ ਪਿੰਡਾਂ ਦੇ ਪੰਚ, ਸਰਪੰਚ ਅਤੇ ਹੋਰ ਮੋਹਤਬਰ ਤੇ ਪਿੰਡ ਵਾਸੀ ਆਦਿ ਹਾਜ਼ਰ ਸਨ।
ਪ੍ਰਥਮ ਟੀਮ ਵੱਲੋਂ ਪ੍ਰੀ ਪ੍ਰਾਇਮਰੀ ਵੰਲਟੀਅਰਾਂ ਦਾ ਸਿੱਖਣ ਸਿਖਾਉਣ ਲਈ ਵਰਕਸ਼ਾਪ ਕੈਂਪ ਆਯੋਜਿਤ
ਸੁਖਜਿੰਦਰ ਮਾਨ
ਬਠਿੰਡਾ, 17 ਫਰਵਰੀ : ਬਲਾਕ ਸੰਗਤ ਦੇ ਸਰਕਾਰੀ ਪ੍ਰਾਇਮਰੀ ਸਮਾਰਟ ਸੈਂਟਰ ਸਕੂਲ ਚੱਕ ਰੁਲਦੂ ਵਾਲਾ ਵਿਖੇ ਸੈਂਟਰ ਹੈਡ ਟੀਚਰ ਜਗਦੀਸ਼ ਕੁਮਾਰ ਦੀ ਅਗਵਾਈ ਵਿੱਚ ਅਤੇ ਪ੍ਰਥਮ ਟੀਮ ਵਲੋਂ ਜ਼ਿਲ੍ਹਾ ਕੋਆਰਡੀਨੇਟਰ ਜੋਗਿੰਦਰ ਸਿੰਘ ਦੇ ਸਹਿਯੋਗ ਨਾਲ ਪ੍ਰੀ ਪ੍ਰਾਇਮਰੀ ਕਲਾਸਾਂ ਲਈ ਬੱਚਿਆਂ ਦੇ ਖੇਡ ਗਤੀਵਿਧੀਆਂ ਰਾਹੀਂ ਪੜ੍ਹਨ ਪੜ੍ਹਾਉਣ ਨੂੰ ਲੈ ਕੇ ਵਲੰਟੀਅਰ ਤੋਂ ਹੱਥੀਂ ਮਟੀਰੀਅਲ ਤਿਆਰ ਕਰਵਾਇਆ ਗਿਆ।ਇਸ ਮੌਕੇ ਸੈਂਟਰ ਸਕੂਲ ਚੱਕ ਰੁਲਦੂ ਵਾਲਾ ਤਹਿਤ ਆਉਂਦੇ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਸੇਖੂ, ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਤਰਖਾਣ ਵਾਲਾ, ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਪਥਰਾਲਾ, ਨਰਸਿੰਗ ਕਲੋਨੀ,ਜੱਸੀ ਬਾਗ ਵਾਲੀ,ਕੁਟੀ ,ਡੂਮਵਾਲੀ ਈ ਜੀ ਐਸ਼ ਸਕੂਲ ਸ਼ੇਖੂ ਦੇ ਅਧਿਆਪਕਾਂ ਨੇ ਹੱਥੀਂ ਮਟੀਰੀਅਲ ਤਿਆਰ ਕੀਤਾ। ਪ੍ਰਥਮ ਟੀਮ ਦੇ ਜ਼ਿਲ੍ਹਾ ਮੁਖੀ ਜੋਗਿੰਦਰ ਸਿੰਘ ਬਲਾਕ ਮੁਖੀ ਸਤਵੀਰ ਕੌਰ ਤਲਵੰਡੀ ਸਾਬੋ , ਸੰਦੀਪ ਕੌਰ ਭਗਤਾ, ਸੱਤੀ ਕੌਰ ਬਠਿੰਡਾ, ਪਰਮਿੰਦਰ ਕੌਰ ਗੋਨਿਆਣਾ , ਮਨਦੀਪ ਕੌਰ ਮੌੜ ਨੇ ਸੈਂਕੜੇ ਦੇ ਕਰੀਬ ਹੱਥੀਂ ਜਾਨਵਰ,ਪੰਛੀ, ਫ਼ਲ ਸਬਜ਼ੀਆਂ ਅਤੇ ਕਵਿਤਾ ਦੇ ਚਾਰਟ ਗਤੀਵਿਧੀ ਕੈਲੰਡਰ ਅਨੁਸਾਰ ਸਮੱਗਰੀ ਹੱਥੀਂ ਤਿਆਰ ਕਰਵਾਈ। ਇਸ ਮੌਕੇ ਸੈਂਟਰ ਹੈਡ ਜਗਦੀਸ਼ ਕੁਮਾਰ ਅਤੇ ਬੀ ਐਮ ਟੀ ਤਰਸੇਮ ਸਿੰਘ ਨੇ ਦੱਸਿਆ ਕਿ ਇਹ ਵਰਕਸ਼ਾਪ ਵਿੱਚ ਸੈਂਟਰ 13 ਸਕੂਲਾਂ ਦੇ ਵੰਲਟੀਅਰਾਂ ਅਤੇ ਅਧਿਆਪਕਾਂ ਨੇ ਇਸ ਖੇਡ ਵਿਧੀ ਰਾਹੀਂ ਮਟੀਰੀਅਲ ਤਿਆਰ ਕਰਨ ਲਈ ਅਧਿਆਪਕਾਂ ਵਿੱਚ ਭਾਰੀ ਉਤਸ਼ਾਹ ਪਾਇਆ ਗਿਆ । ਉਹਨਾਂ ਨੇ ਪ੍ਰਥਮ ਵਲੰਟੀਅਰ ਦੇ ਹੁਨਰ ਦੀ ਪ੍ਰਸੰਸਾ ਕੀਤੀ ਅਤੇ ਦੋ ਰੋਜ਼ਾ ਵਰਕਸ਼ਾਪ ਵਿੱਚ ਵੱਖ-ਵੱਖ ਸਕੂਲਾਂ ਦੇ ਅਧਿਆਪਕਾਂ ਅਤੇ ਵਲੰਟੀਅਰਾ ਤੋਂ ਇਲਾਵਾ ਰਜਿੰਦਰ ਕੌਰ ਰਣਜੀਤ ਕੌਰ , ਮਨਜੀਤ ਕੌਰ , ਸੁਨੀਤਾ ਰਾਣੀ ਰਾਜ ਕੌਰ, ਦਰਸ਼ਨ ਸਿੰਘ , ਜ਼ਿਲ੍ਹਾ ਮੀਡੀਆ ਕੋਆਰਡੀਨੇਟਰ ਬਲਵੀਰ ਸਿੱਧੂ ਨੇ ਵਿਸ਼ੇਸ਼ ਤੌਰ ਤੇ ਭਾਗ ਲਿਆ।
ਬਹਿਣੀਵਾਲ ਸਕੂਲ ਚ ਖੂਨਦਾਨ ਕੈਂਪ, ਵੱਖ ਵੱਖ ਬੀਮਾਰੀਆਂ ਦਾ ਚੈੱਕਅਪ ਤੇ ਦਿੱਤੀਆਂ ਦਵਾਈਆਂ
ਪੰਜਾਬੀ ਖ਼ਬਰਸਾਰ ਬਿਉਰੋ
ਮਾਨਸਾ, 17 ਫਰਵਰੀ: ਸਮਾਜ ਸੇਵੀ ਨੌਜਵਾਨ ਯਾਦਵਿੰਦਰ ਸਿੰਘ ਬਹਿਣੀਵਾਲ ਪੁੱਤਰ ਹਰਪ੍ਰੀਤ ਸਿੰਘ ਬਹਿਣੀਵਾਲ ਵੱਲ੍ਹੋਂ ਸਮਾਜਿਕ ਕਾਰਜਾਂ ਦੀ ਲੜੀ ਨੂੰ ਅੱਗੇ ਤੋਰਦਿਆਂ ਨਹਿਰੂ ਯੁਵਾ ਕੇਂਦਰ ਮਾਨਸਾ ਅਤੇ ਭਾਸ਼ਾ ਵਿਭਾਗ ਮਾਨਸਾ ਦੇ ਸਹਿਯੋਗ ਨਾਲ ਆਪਣੇ ਦਾਦਾ ਪਰਮਜੀਤ ਸਿੰਘ ਅਤੇ ਪੜਦਾਦਾ ਅਵਤਾਰ ਸਿੰਘ ਬਹਿਣੀਵਾਲ ਦੀ ਯਾਦ ਚ ਸਰਕਾਰੀ ਹਾਈ ਸਕੂਲ ਬਹਿਣੀਵਾਲ ਵਿਖੇ ਖੂਨਦਾਨ ਕੈਂਪ, ਵੱਖ ਵੱਖ ਬਿਮਾਰੀਆਂ ਸੰਬੰਧੀ ਚੈੱਕ ਕੈਂਪ ਅਤੇ ਅੰਤਰਰਾਸ਼ਟਰੀ ਮਾਂ ਬੋਲੀ ਦਿਵਸ ਨੂੰ ਸਮਰਪਿਤ ਸਮਾਗਮ ਕਰਵਾਇਆ ਗਿਆ।ਨਹਿਰੂ ਯੁਵਾ ਕੇਂਦਰ ਮਾਨਸਾ ਦੇ ਜ਼ਿਲ੍ਹਾ ਪ੍ਰੋਗਰਾਮ ਅਫਸਰ ਡਾ ਸੰਦੀਪ ਘੰਡ,ਜ਼ਿਲ੍ਹਾ ਭਾਸ਼ਾ ਅਫਸਰ ਤੇਜਿੰਦਰ ਕੌਰ,ਜ਼ਿਲ੍ਹਾ ਖੋਜ ਅਫਸਰ ਸ਼ਾਇਰ ਗੁਰਪ੍ਰੀਤ ਸਿੰਘ,ਅਧਿਆਪਕ ਲੇਖਿਕਾ ਡਾ ਗੁਰਪ੍ਰੀਤ ਕੌਰ ਨੇ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਯਾਦਵਿੰਦਰ ਸਿੰਘ ਬਹਿਣੀਵਾਲ ਵੱਲ੍ਹੋਂ ਆਪਣੇ ਬੁਜ਼ਰਗਾਂ ਦੀ ਯਾਦ ਵਿੱਚ ਸਮਾਜ ਭਲਾਈ ਦੇ ਕਾਰਜ ਕਰਕੇ ਜਿਥੇ ਲੋਕਾਂ ਦੀ ਭਲਾਈ ਲਈ ਵੱਡਾ ਉਪਰਾਲਾ ਕੀਤਾ ਹੈ,ਉਥੇ ਬੁਜ਼ਰਗਾਂ ਵੱਲ੍ਹੋਂ ਇਲਾਕੇ ਲਈ ਕੀਤੇ ਨੇਕ ਕਾਰਜਾਂ ਦੀ ਲੜੀ ਨੂੰ ਅੱਗੇ ਤੋਰਿਆ ਹੈ। ਉਨ੍ਹਾਂ ਕਿਹਾ ਕਿ ਯਾਦਵਿੰਦਰ ਸਿੰਘ ਵੱਲ੍ਹੋਂ ਆਪਣੇ ਬੁਜ਼ਰਗਾਂ ਦੀ ਯਾਦ ਚ ਕੀਤੇ ਜਾ ਰਹੇ ਕਾਰਜਾਂ ਦੀਆਂ ਵਿਲੱਖਣ ਪਿਰਤਾਂ ਹੋਰਨਾਂ ਨੌਜਵਾਨਾਂ ਲਈ ਵੀ ਪ੍ਰੇਰਨਾਸਰੋਤ ਹੋਣਗੀਆਂ। ਬੁਲਾਰਿਆਂ ਨੇ ਅੰਤਰਰਾਸ਼ਟਰੀ ਮਾਂ ਬੋਲੀ ਸੰਬੰਧੀ ਮਨਾਏ ਜਾ ਰਹੇ ਦਿਹਾੜੇ ਸੰਬੰਧੀ ਬੋਲਦਿਆਂ ਕਿਹਾ ਕਿ ਬੇਸ਼ੱਕ ਸਾਡੀ ਮਾਂ ਬੋਲੀ ਨੂੰ ਕੋਈ ਖਤਰਾ ਨਹੀਂ, ਪਰ ਆਪਣੀ ਮਾਂ ਬੋਲੀ ਦੀ ਪ੍ਰਫੱਲਤਾਂ ਲਈ ਸਾਨੂੰ ਸੱਚੇ ਦਿਲੋਂ ਯਤਨ ਕਰਦੇ ਰਹਿਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਬੇਸ਼ੱਕ ਦੇਸ਼ ਵਿਦੇਸ਼ ਚ ਪੰਜਾਬੀਆਂ ਦੀ ਚੜ੍ਹਤ ਹੈ,ਪਰ ਆਪਣੇ ਹੀ ਰਾਜ ਪੰਜਾਬ ਚ ਮਾਤ ਭਾਸ਼ਾ ਨੂੰ ਪਹਿਲੀ ਤਰਜੀਹ ਦੇਣ ਤੋਂ ਪਾਸਾ ਵੱਟਣਾ ਆਪਣੀ ਬੋਲੀ ਨਾਲ ਵੱਡਾ ਧਰੋਹ ਹੈ। ਵੱਖ ਵੱਖ ਬੁਲਾਰਿਆਂ ਨੇ ਡੂੰਘੇ ਹੋ ਰਹੇ ਪਾਣੀ ਦੇ ਪੱਧਰ ਨੂੰ ਬਚਾਉਣ ਲਈ ਮੀਂਹ ਦੇ ਪਾਣੀ ਨੂੰ ਰੀਚਾਰਜ ਕਰਕੇ ਧਰਤੀ ਹੇਠ ਭੇਜਣ ਦਾ ਸੱਦਾ ਦਿੱਤਾ। ਸਰਾਂ ਬਲੱਡ ਬੈਂਕ ਮਾਨਸਾ ਵੱਲ੍ਹੋਂ ਡਾ ਗੁਰਪ੍ਰੀਤ ਸਿੰਘ ਦੀ ਅਗਵਾਈ ਚ ਆਈ ਟੀਮ ਵੱਲ੍ਹੋਂ 27 ਯੂਨਿਟ ਖੂਨ ਲਿਆ ਗਿਆ।ਡਾ ਸੁਨੀਲ ਬਾਂਸਲ ਵੱਲ੍ਹੋਂ ਆਮ ਬੀਮਾਰੀਆਂ ,ਡਾ ਸੁਨੇਯ ਬਾਂਸਲ ਵੱਲ੍ਹੋਂ ਔਰਤਾਂ ਦੀਆਂ ਬੀਮਾਰੀਆਂ,ਡਾ ਅਸ਼ਵਨੀ ਗਰੋਵਰ ਵੱਲ੍ਹੋਂ ਰੀੜ੍ਹ ਦੀ ਹੱਡੀ, ਦਿਮਾਗ ਦੇ ਰੋਗਾਂ ਸੰਬੰਧੀ, ਡਾ ਜੋਤੀ ਗਰੋਵਰ ਵੱਲ੍ਹੋਂ ਚਮੜੀ ਦੇ ਰੋਗਾਂ ਅਤੇ ਡਾ ਅਮਿਤ, ਡਾ ਮਾਨ ਨੇ ਹੋਰ ਵੱਖ ਵੱਖ ਬੀਮਾਰੀਆਂ ਦਾ ਚੈੱਕਅਪ ਤੇ ਦਵਾਈਆਂ ਦਿੱਤੀਆਂ ਗਈਆ। ਇਸ ਮੌਕੇ ਆਸਰਾ ਫਾਊਂਡੇਸ਼ਨ ਬਰੇਟਾ ਨੇ ਮਰੀਜਾਂ ਦੀ ਰਜਿਸਟਰੇਸ਼ਨ ਅਤੇ ਸਾਂਭ ਸੰਭਾਲ ਦੀ ਜ਼ਿੰਮੇਵਾਰੀ ਸੰਭਾਲੀ ਗਈ। ਇਸ ਕੈਂਪ ਦੌਰਾਨ ਇਲਾਕੇ ਭਰ ਦੇ ਪਿੰਡਾਂ ਦੇ 500 ਦੇ ਕਰੀਬ ਮਰੀਜਾਂ ਦਾ ਚੈੱਕਅਪ ਅਤੇ ਦਵਾਈਆਂ ਦਿੱਤੀਆਂ ਗਈਆ। ਇਸ ਮੌਕੇ ਵੱਖ ਵੱਖ ਸਾਹਿਤਕਾਰ ਅਤੇ ਪੰਜਾਬੀ ਅਧਿਆਪਕਾਂ ਸ਼ਾਇਰ ਗੁਰਪ੍ਰੀਤ ਸਿੰਘ,ਮਨਵੀਰ ਕੌਰ ਦਲੀਏਵਾਲੀ,ਗੁਰਲਾਲ ਧਿੰਗੜ, ਵੀਰਪਾਲ ਕੌਰ ਚਹਿਲਾਂਵਾਲੀ,ਸੁਮਨ ਰਾਣੀ,ਰਮਨਦੀਪ ਕੌਰ ਬਹਿਣੀਵਾਲ, ਗੁਰਪ੍ਰੀਤ ਕੌਰ ਤਲਵੰਡੀ ਅਕਲੀਆਂ,ਹਰਿੰਦਰ ਕੌਰ ਬੁਰਜ ਮਾਨਸਾ ਜਸਮੀਤ ਸਿੰਘ ਪੇਰੋਂ, ਹਰਜਿੰਦਰ ਕੌਰ ਮਾਖਾ,ਰਾਜਿੰਦਰ ਹੈਪੀ, ਬਲਜਿੰਦਰ ਜੋੜਕੀਆਂ, ਮਨਜਿੰਦਰ ਮਾਖਾ, ਲਖਵਿੰਦਰ ਸ਼ਰਮਾ, ਡਾ ਗੁਰਪ੍ਰੀਤ ਕੌਰ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।ਇਸ ਮੌਕੇ ਸਰਪੰਚ ਗੁਰਜੰਟ ਸਿੰਘ ਬਹਿਣੀਵਾਲ,ਸਰਪੰਚ ਕ੍ਰਿਸ਼ਨ ਬਣਾਂਵਾਲੀ,ਸਰਪੰਚ ਬਲਦੇਵ ਸਿੰਘ ਚਹਿਲਾਂਵਾਲਾ,ਸਰਪੰਚ ਕਾਲੂ ਸਿੰਘ,ਦਲੀਏਵਾਲੀ, ਸਕੂਲ ਮੁੱਖੀ ਕ੍ਰਿਸ਼ਨ ਸਿੰਘ, ਯੂਥ ਆਗੂ ਚੁਸਪਿੰਦਰ ਸਿੰਘ ਭੁਪਾਲ,ਚੰਦ ਸਿੰਘ ਚੱਠਾ,ਹਰਦੀਪ ਸਿੱਧੂ ਹਾਜ਼ਰ ਸਨ। ਵੱਖ ਵੱਖ ਕਾਰਜਾਂ ਦੀ ਸਫਲਤਾ ਲਈ ਸਮਾਜ ਸੇਵੀ ਹਰਪ੍ਰੀਤ ਸਿੰਘ ਬਹਿਣੀਵਾਲ ਨੇ ਸਭਨਾਂ ਦਾ ਧੰਨਵਾਦ ਕੀਤਾ।
ਸਰਕਾਰ ਅਪਣੇ ਵਿਧਾਇਕ ਨੂੰ ਬਚਾਉਣ ਦਾ ਕਰ ਰਹੀ ਹੈ ਯਤਨ: ਹਰਵਿੰਦਰ ਲਾਡੀ
ਪੰਜਾਬੀ ਖ਼ਬਰਸਾਰ ਬਿਉਰੋ
ਬਠਿੰਡਾ, 17 ਫਰਵਰੀ : ਆਪ ਵਿਧਾਇਕ ਦੇ ਨਜਦੀਕੀ ਨੂੰ ਬੀਤੀ ਰਾਤ ਵਿਜੀਲੈਂਸ ਵਲੋਂ ਗ੍ਰਿਫਤਾਰ ਕਰਨ ਦੇ ਮਾਮਲੇ ਵਿਚ ਵਿਰੋੋਧੀ ਧਿਰਾਂ ਨੇ ਸੂਬੇ ਦੀ ਭਗਵੰਤ ਮਾਨ ਸਰਕਾਰ ਉਪਰ ਅਪਣੇ ਵਿਧਾਇਕ ਨੂੰ ਬਚਾਉਣ ਦੇ ਦੋਸ਼ ਲਗਾਉਂਦਿਆਂ ਮੰਗ ਕੀਤੀ ਕਿ ਵਿਧਾਇਕ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ। ਅੱਜ ਇਸ ਸਬੰਧ ਵਿਚ ਵਿਜੀਲੈਂਸ ਵਿਭਾਗ ਦੇ ਐਸ.ਐਸ.ਪੀ ਹਰਪਾਲ ਸਿੰਘ ਨੂੰ ਮਿਲਣ ਪੁੱਜੇ ਬਠਿੰਡਾ ਦਿਹਾਤੀ ਹਲਕੇ ਤੋਂ ਪਿਛਲੀਆਂ ਚੋਣਾਂ ਵਿਚ ਕਾਂਗਰਸ ਪਾਰਟੀ ਦੇ ਉਮੀਦਵਾਰ ਰਹੇ ਹਰਵਿੰਦਰ ਸਿੰਘ ਲਾਡੀ ਨੇ ਅਧਿਕਾਰੀਆਂ ਨੂੰ ਵਿਧਾਇਕ ਦੇ ਪਿਛਲੇ ਮਾਮਲਿਆਂ ਦੇ ਕਥਿਤ ਸਬੂਤ ਵਜੋਂ ਕੁੱਝ ਦਸਤਾਵੇਜ਼ ਦਿੱਤੇ। ਇਸ ਮੌਕੇ ਉਨ੍ਹਾਂ ਸੂਬੇ ਦੀ ਭਗਵੰਤ ਮਾਨ ਸਰਕਾਰ ਉਪਰ ਵੀ ਸਵਾਲ ਚੁੱਕਦਿਆਂ ਕਿਹਾ ਕਿ ‘‘ ਸ਼ਿਕਾਇਤਕਰਤਾ ਨੇ ਆਪਣੀ ਸ਼ਿਕਾਇਤ ’ਚ ਸਪੱਸ਼ਟ ਤੌਰ ’ਤੇ ਵਿਧਾਇਕ ਉਪਰ ਦੋਸ਼ ਲਗਾਇਆ ਹੈ ਤੇ ਇਸ ਸਬੰਧੀ ਵਿਜੀਲੈਂਸ ਨੂੰ ਸਬੂਤ ਵੀ ਸੌਪੇ ਹਨ, ਅਜਿਹੀ ਹਾਲਾਤ ਵਿਚ ਉਸਨੂੰ ਗ੍ਰਿਫਤਾਰ ਕਰਨ ਦੀ ਬਜਾਏ ਸਰਕਾਰ ਅਪਣੇ ਵਿਧਾਇਕ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਮੰਗ ਕੀਤੀ ਕਿ ਸਰਕਾਰ ਇਮਾਨਦਾਰ ਹੈ ਤਾਂ ਤੁਰੰਤ ਭ੍ਰਿਸ਼ਟਾਚਾਰ ਦੇ ਮਾਮਲੇ ਵਿਚ ਵਿਧਾਇਕ ਵਿਰੁਧ ਕਾਰਵਾਈ ਕਰੇ। ਇਸ ਮੌਕੇ ਉਨ੍ਹਾਂ ਵਿਧਾਇਕ ਵਿਰੁਧ ਪਿਛਲੇ ਸਮੇਂ ਦੌਰਾਨ ਲੱਗੇ ਕਥਿਤ ਦੋਸ਼ਾਂ ਦੇ ਪੰਫਲੈਂਟ ਵੀ ਵੰਡੇ।






