ਸੁਖਜਿੰਦਰ ਮਾਨ
ਬਠਿੰਡਾ, 14 ਫ਼ਰਵਰੀ : ਮੋਦੀ ਸਰਕਾਰ ਤੇ ਅਦਾਨੀ ਕਾਰਪੋਰੇਟ ਦੀ ਮਿਲੀਭੁਗਤ ਦੇਸ਼ ਦੀਆ ਕੌਮੀ ਆਰਥਕ ਸੰਸਥਾਵਾਂ ਨੂੰ ਬਰਬਾਦ ਕਰਕੇ ਰੱਖ ਦੇਵੇਗੀ ਅਤੇ ਇਹਨਾ ਸੰਸਥਾਵਾਂ ਵਿੱਚ ਲੋਕਾ ਦਾ ਜਮਾਂ ਪੈਸਾ ਡੁੱਬ ਜਾਵੇਗਾ। ਇਸ ਬਰਬਾਦੀ ਤੋ ਬਚਣ ਲਈ ਅਦਾਨੀ ਗਰੁੱਪ ਦੇ ਆਰਥਿਕ ਘਪਲਿਆਂ ਦੀ ਜਾਇੰਟ ਪਾਰਲੀਮੈਂਟਰੀ ਕਮੇਟੀ ਤੋ ਜਾਂਚ ਕਰਾਉਣੀ ਅਤਿ ਜ਼ਰੂਰੀ ਹੈ, ਇਹ ਗੱਲ ਅੱਜ ਬਠਿੰਡਾ ਵਿਖੇ ਸੀ ਪੀ ਆਈ ਵੱਲੋਂ ਕੀਤੇ ਮੁਜ਼ਾਹਰੇ ਨੂੰ ਸੰਬੋਧਨ ਕਰਦਿਆਂ ਸੂਬਾਈ ਕਮਿਊਨਿਸਟ ਆਗੂ ਜਗਜੀਤ ਸਿੰਘ ਜੋਗਾ ਨੇ ਆਖੀ। ਮੋਦੀ ਸਰਕਾਰ ਵੱਲੋਂ ਜਾਂਚ ਕਰਾਉਣ ਦੇ ਸਵਾਲ ਉਤੇ ਧਾਰੀ ਚੁੱਪ ਡਿਕਟੇਟਰਸਿਪ ਦਾ ਭੱਦਾ ਰੂਪ ਹੈ। ਉਹਨਾ ਕਿਹਾ ਕਿ ਕੇਂਦਰ ਸਰਕਾਰ ਦਾ 2023-24 ਦਾ ਬਜਟ ਘੋਰ ਲੋਕ ਵਿਰੋਧੀ ਤੇ ਦੇਸ਼ ਵਿਰੋਧੀ ਹੈ। ਜੋਗਾ ਨੇ ਦੋਸ਼ ਲਾਇਆ ਕਿ ਇਕ ਪਾਸੇ ਕੇਂਦਰ ਸਰਕਾਰ ਮਿਆਰੀ ਵਿੱਦਿਆ, ਸਿਹਤ ਤੇ ਰੁਜ਼ਗਾਰ ਦੇਣ ਦੇ ਲੰਬੇ ਚੌੜੇ ਦਾਅਵੇ ਕਰਦੀ ਹੈ, ਪਰ ਦੂਜੇ ਪਾਸੇ ਵਿੱਦਿਆ, ਸਿਹਤ, ਨਰੇਗਾ ਤੇ ਖੇਤੀ ਫੰਡਾਂ ਵਿੱਚ ਬਜਟ ਰਾਹੀ ਕਟੌਤੀਆਂ ਕਰ ਦਿੱਤੀਆਂ ਹਨ। ਸਰਕਾਰ ਜਨਤਾ ਨੂੰ ਕੇਵਲ ਗੁੰਮਰਾਹ ਕਰ ਰਹੀ ਹੈ। ਮੁਜਾਹਰਾਕਾਰੀਆ ਨੂੰ ਸੀ ਪੀ ਆਈ ਦੇ ਜਿਲਾ ਸਕੱਤਰ ਤੇ ਮੀਤ ਸਕੱਤਰ ਕ੍ਰਮਵਾਰ ਬਲਕਰਨ ਸਿੰਘ ਬਰਾੜ ਤੇ ਜਸਵੀਰ ਕੌਰ ਸਰਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਫਾਸੀਵਾਦ ਵਾਲੇ ਪਾਸ ਵੱਧ ਰਹੀ ਹੈ ਅਤੇ ਲੋਕਾ ਨੂੰ ਦਰਪੇਸ ਮਹਿੰਗਾਈ, ਬੇਰੁਜਗਾਰੀ ਤੇ ਆਰਥਿਕ ਔਕੜਾਂ ਦੇ ਮੂਲ ਮੁੱਦਿਆ ਤੋ ਧਿਆਨ ਭੜਕਾਉਣ ਲਈ ਧਾਰਮਿਕ ਧਰੁਵੀਕਰਨ ਨੂੰ ਭੜਕਾਉਣ ਲੱਗੀ ਹੋਈ ਹੈ। ਉਹਨਾ ਪੰਜਾਬ ਸਰਕਾਰ ਵੱਲੋਂ ਸੂਬੇ ਨੂੰ ਕਰਜ਼ਿਆਂ ਵਿੱਚ ਡੋਬਣ, ਕੀਤੇ ਵਾਅਦੇ ਪੂਰੇ ਨਾ ਕਰਨ ਤੇ ਪੈਟਰੋਲ ਡੀਜ਼ਲ ਉਤੇ ਇਕ ਰੁਪੈ ਪ੍ਰਤੀ ਲਿਟਰ ਟੈਕਸ ਲਾਉਣ ਦੀ ਵੀ ਨਿਖੇਧੀ ਕੀਤੀ। ਮੁਜਾਹਰਾਕਾਰੀਆ ਨੇ 10 ਮੰਗਾ ਉਭਾਰਨ ਵਾਲੀਆ ਤਖ਼ਤੀਆਂ ਤੇ ਲਾਲ ਝੰਡੇ ਹੱਥਾ ਵਿੱਚ ਚੁੱਕੇ ਹੋਏ ਸਨ ਅਤੇ ਉਹਨਾ ਵਿੱਚ ਭਾਰੀ ਗ਼ੁੱਸਾ ਤੇ ਜੋਸ਼ ਦਿਖਾਈ ਦੇ ਰਿਹਾ ਸੀ।ਮੁਜ਼ਾਹਰੇ ਦੀ ਸਮਾਪਤੀ ਉਤੇ ਸਰਕਾਰ ਦਾ ਧਿਆਨ ਖਿੱਚਣ ਲਈ 15 ਮਿੰਟਾਂ ਲਈ ਸੜਕ ਉਤੇ ਜਾਮ ਵੀ ਲਾਇਆ ਗਿਆ। ਇਸ ਮੌਕੇ ਜਿਲਾ ਕਮਿਊਨਿਸਟ ਪਾਰਟੀ ਦੇ ਆਗੂ ਸੁਰਜੀਤ ਸਿੰਘ ਸਰਦਾਰਗੜ, ਰਣਜੀਤ ਸਿੰਘ ਮਹਿਰਾਜ, ਗੁਰਜੰਟ ਸਿੰਘ ਗੁੰਮਟੀ, ਜੋਗਾ ਸਿੰਘ ਤਲਵੰਡੀ, ਜਰਨੈਲ ਸਿੰਘ ਯਾਤਰੀ, ਜੀਤਾ ਸਿੰਘ ਪਿੱਥੋ ਤੇ ਗੁਰਤੇਜ ਸਿੰਘ ਜੰਡਾਵਾਲਾ ਵੀ ਹਾਜ਼ਰ ਸਨ।
ਅਦਾਨੀ-ਮੋਦੀ ਦੀ ਗੰਢ ਤੁਪ ਤੇ ਲੋਕ ਵਿਰੋਧੀ ਕੇਂਦਰੀ ਬੱਜਟ ਦੇਸ਼ ਦਾ ਭੱਠਾ ਬਿਠਾ ਦੇਵੇਗਾ-ਜੋਗਾ
ਬਠਿੰਡਾ ਦੇ ਸਮਰਹਿੱਲ ਸਕੂਲ ਦੀ ਵਿਦਿਆਰਥਣ ਗੁਰਲੀਨ ਨੇ ਜਿੱਤਿਆ ਮੈਡਲ
ਸੁਖਜਿੰਦਰ ਮਾਨ
ਬਠਿੰਡਾ, 14 ਫ਼ਰਵਰੀ : ਰਾਜਸਥਾਨ ਸਰਕਾਰ ਦੇ ਸਹਿਯੋਗ ਨਾਲ ਭਾਰਤ ਸਰਕਾਰ ਦੇ ਸਕਾਉੂਟਸ ਐਂਡ ਗਾਈਡਜ਼ ਵਲੋਂ ਪਿਛਲੇ ਦਿਨੀਂ ਜੋਧਪੁਰ ਨਜਦੀਕ ਰੋਹਟੀ ਪੁਲ ਵਿਖੇ ਆਯੋਜਿਤ ਅੱਠ ਰੋਜ਼ਾ 18ਵੇਂ ਨੈਸ਼ਨਲ ਜੰਬੂਰੀ ਕੈਪ ਵਿਚ ਬਠਿੰਡਾ ਦੇ ਸਮਰਹਿੱਲ ਕਾਨਵੈਟ ਸਕੂਲ ਦੀ ਵਿਦਿਆਰਥਣ ਗੁਰਲੀਨ ਕੌਰ ਨੇ ਮੈਡਲ ਜਿੱਤਦਿਆਂ ਨੈਸ਼ਨਲ ਜੰਬੂਰੀ ਮੈਡਲ ਹਾਸਲ ਕੀਤਾ। ਜਾਣਕਾਰੀ ਦਿੰਦਿਆਂ ਸਕੂਲ ਦੀ ਅਧਿਕਾਰੀ ਮੈਡਮ ਜਗਦੀਸ਼ ਕੌਰ ਨੇ ਦਸਿਆ ਕਿ ਇਸ ਨੈਸ਼ਨਲ ਪੱਧਰੀ ਸਮਾਰੋਹ ਵਿਚ ਸਕੂਲ ਦੀ ਵਿਦਿਆਰਥਣ ਗੁਰਲੀਨ ਕੌਰ ਨੇ ਸਕਾਉਟਸ ਐਂਡ ਗਾਈਡਜ਼ ਕੈਪਟਨ ਪਿੰਦਰਜੀਤ ਕੌਰ ਦੀ ਅਗਵਾਈ ਹੇਠ ਭਾਗ ਲਿਆ। ਜ਼ਿਲ੍ਹਾ ਆਰਗੇਨਾਈਜ਼ੇਰ ਅੰਮ੍ਰਿਤਪਾਲ ਸਿੰਘ ਨੇ ਦਸਿਆ ਕਿ ਇਸ ਨੈਸ਼ਨਲ ਕੈਪ ਵਿਚ ਦੇਸ ਭਰ ਵਿਚੋਂ ਕੁੱਲ 37 ਹਜ਼ਾਰ ਵਿਦਿਆਰਥੀਆਂ ਨੇ ਭਾਗ ਲਿਆ ਸੀ। ਜਿਸਦਾ ਉਦਘਾਟਨ ਰਾਸ਼ਟਰਪਤੀ ਸ਼੍ਰੀਮਤੀ ਦਰੋਪਤੀ ਮੁਰਮੂ ਨੇ ਕੀਤਾ ਸੀ। ਇਸ ਸਮਾਰੋਹ ਦੌਰਾਨ ਐਗਜੀਬਿਉਸਨ ਅਤੇ ਐਂਡਵੈਂਚਰ ਗਤੀਵਿਧੀਆਂ ਤੋਂ ਇਲਾਵਾ ਲੋਕ ਨਾਚ ਭੰਗੜਾ, ਗੱਤਕਾ ਅਤੇ ਰੰਗੋਲੀ ਤੋਂ ਇਲਾਵਾ ਫ਼ੂਡ ਪਲਾਜ਼ਾ ਤੇ ਪਰੇਡ ਆਦਿ ਵਿਚ ਬੱਚਿਆਂ ਨੇ ਅਪਣੀ ਕਲਾਂ ਦੇ ਜੌਹਰ ਦਿਖ਼ਾਏ। ਉਨ੍ਹਾਂ ਦਸਿਆ ਕਿ ਇਸ ਸਮਾਰੋਹ ਦੌਰਾਨ ਅਵਾਰਡ ਹਾਸਲ ਕਰਨ ਵਿਚ ਉਹੀ ਬੱਚੇ ਸਫ਼ਲ ਰਹੇ, ਜਿੰਨ੍ਹਾਂ ਨੇ 42 ਵਿਚੋਂ32 ਗਤੀਵਿਧੀਆਂ ਨੂੰ ਪਾਸ ਕੀਤਾ। ਇਸ ਵਿਚੋਂ ਹੀ ਸਮਰਹਿੱਲ ਕਾਨਵੈਟ ਸਕੂਲ ਦੀ ਵਿਦਿਆਰਥਣ ਗੁਰਲੀਨ ਨੇ ਗੋਲਡ ਮੈਡਲ ਜਿੱਤਿਆ ਤੇ ਨਾਲ ਹੀ ‘ਨੈਸ਼ਨਲ ਜੰਬੂਰੀ ਅਵਾਰਡ ਸਰਟੀਫਿਕੇਟ ’ ਅਤੇ ਨੈਸ਼ਨਲ ਇੰਟੀਗਰੇਸ਼ਨ ਅਵਾਰਡ ਜਿੱਤ ਕੇ ਬਠਿੰਡਾ ਦਾ ਮਾਣ ਵਧਾਇਆ। ਸਕੂਲ ਵਾਪਸ ਪਰਤਣ ’ਤੇ ਸਕੂਲ ਦੇ ਐਮ.ਡੀ ਰਮੇਸ਼ ਕੁਮਾਰੀ ਅਤੇ ਪ੍ਰਿੰਸੀਪਲ ਜਗਦੀਸ਼ ਕੌਰ ਦੀ ਅਗਵਾਈ ਹੇਠ ਸਮੂਹ ਸਟਾਫ਼ ਵਲੋਂ ਵਿਦਿਆਰਥਣ ਗੁਰਲੀਨ ਦਾ ਭਰਵਾਂ ਸਵਾਗਤ ਕੀਤਾ ਗਿਆ।
ਪੰਜਾਬ ਵਿਧਾਨ ਸਭਾ ਵਿੱਚ ਮਿਆਰੀ ਬਹਿਸਾਂ ਤੇ ਸੰਸਦੀ ਕਾਰਜ ਲਈ ਵਿਸ਼ੇਸ਼ ਓਰੀਐਂਟੇਸ਼ਨ ਪ੍ਰੋਗਰਾਮ ਰਾਹ-ਦਸੇਰੇ ਦਾ ਕੰਮ ਕਰੇਗਾ: ਮੁੱਖ ਮੰਤਰੀ ਨੇ ਜਤਾਈ ਉਮੀਦ
ਵਿਧਾਨ ਸਭਾ ਦੇ ਕੰਮਕਾਜ ਵਿੱਚ ਸਿਫ਼ਤੀ ਤਬਦੀਲੀ ਲਿਆਏਗੀ ਇਹ ਮਿਸਾਲੀ ਪਹਿਲਕਦਮੀ
ਸੂਬੇ ਦੇ ਹਿੱਤਾਂ ਦੀ ਰੱਖਿਆ ਲਈ ਸਾਰੀਆਂ ਪਾਰਟੀਆਂ ਨੂੰ ਆਪਣੇ ਮਤਭੇਦ ਭੁਲਾਉਣ ਦਾ ਦਿੱਤਾ ਸੱਦਾ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 14 ਫਰਵਰੀ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਸ ਪ੍ਰਗਟਾਈ ਕਿ ਸੂਬੇ ਦੇ ਵਿਧਾਇਕਾਂ ਲਈ ਕਰਵਾਇਆ ਜਾ ਰਿਹਾ ਵਿਸ਼ੇਸ਼ ਓਰੀਐਂਟੇਸ਼ਨ ਪ੍ਰੋਗਰਾਮ ਆਉਣ ਵਾਲੇ ਸੈਸ਼ਨਾਂ ਦੌਰਾਨ ਪੰਜਾਬ ਵਿਧਾਨ ਸਭਾ ਵਿੱਚ ਮਿਆਰੀ ਬਹਿਸਾਂ ਤੇ ਸੰਸਦੀ ਕੰਮਕਾਜ ਲਈ ਰਾਹ-ਦਸੇਰੇ ਦਾ ਕੰਮ ਕਰੇਗਾ।ਇੱਥੇ ਪੰਜਾਬ ਵਿਧਾਨ ਸਭਾ ਵਿੱਚ ਓਰੀਐਂਟੇਸ਼ਨ ਪ੍ਰੋਗਰਾਮ ਦੇ ਉਦਘਾਟਨੀ ਸੈਸ਼ਨ ਦੌਰਾਨ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਹ ਮਿਸਾਲੀ ਪਹਿਲਕਦਮੀ ਵਿਧਾਨ ਸਭਾ ਦੇ ਕੰਮਕਾਜ ਵਿੱਚ ਸਿਫ਼ਤੀ ਤਬਦੀਲੀ ਲਿਆਏਗੀ। ਉਨ੍ਹਾਂ ਕਿਹਾ ਕਿ ਲੋਕਾਂ ਨੇ ਵੱਡੇ ਫ਼ਤਵੇ ਨਾਲ ਵਿਧਾਇਕਾਂ ਨੂੰ ਜਿਤਾਇਆ ਹੈ ਅਤੇ ਉਨ੍ਹਾਂ ਦੀਆਂ ਚੁਣੇ ਹੋਏ ਨੁਮਾਇੰਦਿਆਂ ਤੋਂ ਬਹੁਤ ਆਸਾਂ ਹਨ। ਭਗਵੰਤ ਮਾਨ ਨੇ ਕਿਹਾ ਕਿ ਇਨ੍ਹਾਂ ਆਸਾਂ ਦੀ ਪੂਰਤੀ ਤਾਂ ਹੀ ਹੋ ਸਕਦੀ ਹੈ, ਜੇ ਵਿਧਾਇਕ ਬਹਿਸਾਂ ਤੇ ਕਾਨੂੰਨ ਬਣਾਉਣ ਦੀ ਪ੍ਰਕਿਰਿਆ ਵਿੱਚ ਸਰਗਰਮੀ ਨਾਲ ਹਿੱਸਾ ਲੈਣ।ਮੁੱਖ ਮੰਤਰੀ ਨੇ ਕਿਹਾ ਕਿ ਸਮਾਂ ਆ ਗਿਆ ਹੈ, ਜਦੋਂ ਸੂਬੇ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਨੂੰ ਆਪਣੇ ਮਤਭੇਦ ਭੁਲਾ ਕੇ ਸੂਬੇ ਦੇ ਹਿੱਤਾਂ ਦੀ ਰੱਖਿਆ ਲਈ ਇਕ-ਦੂਜੇ ਨਾਲ ਮਿਲ ਕੇ ਕੰਮ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਹੋਰ ਸੂਬਿਆਂ ਦੀਆਂ ਸਿਆਸੀ ਪਾਰਟੀਆਂ ਤੇ ਉਥੋਂ ਦੇ ਲੋਕ ਆਪਣੇ ਸੂਬਿਆਂ ਦੇ ਸਾਂਝੇ ਕੰਮਾਂ ਲਈ ਇਕਜੁੱਟ ਹੁੰਦੇ ਹਨ ਪਰ ਪੰਜਾਬ ਵਿੱਚ ਇਸ ਤਰ੍ਹਾਂ ਦਾ ਏਕਾ ਗਾਇਬ ਹੈ। ਭਗਵੰਤ ਮਾਨ ਨੇ ਕਿਹਾ ਕਿ ਸੂਬੇ ਦੇ ਮਸਲਿਆਂ ਦਾ ਛੇਤੀ ਹੱਲ ਯਕੀਨੀ ਬਣਾਉਣ ਲਈ ਇਹ ਸਮੇਂ ਦੀ ਮੁੱਖ ਲੋੜ ਹੈ।ਕੇਂਦਰ ਸਰਕਾਰ ਵੱਲੋਂ ਸੂਬੇ ਨੂੰ ਅਲਾਟ ਕੋਲਾ ਖਾਣ ਤੋਂ ਸਮੁੰਦਰੀ ਰਸਤੇ ਰਾਹੀਂ ਕੋਲਾ ਲਿਆਉਣ ਦੇ ਨੁਕਸਦਾਰ ਫੈਸਲੇ ਦੀ ਮਿਸਾਲ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਕੇਂਦਰ ਦਾ ਇਹ ਆਪਹੁਦਰਾ ਫੈਸਲਾ ਤਰਕਹੀਣ ਹੈ। ਉਨ੍ਹਾਂ ਕਿਹਾ ਕਿ ਸੂਬਾ ਇਸ ਕੋਲੇ ਦੀ ਵਰਤੋਂ ਝੋਨਾ ਪੈਦਾ ਕਰਨ ਲਈ ਕਰਦਾ ਹੈ, ਜਿਸ ਦੀ ਦੇਸ਼ ਦਾ ਅੰਨ ਭੰਡਾਰ ਭਰਨ ਵਿੱਚ ਅਹਿਮ ਭੂਮਿਕਾ ਹੈ। ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਨੂੰ ਕੋਲੇ ਦੀ ਢੁਆਈ ਦਾ ਵੱਧ ਖ਼ਰਚਾ ਚੁੱਕਣ ਲਈ ਮਜਬੂਰ ਕੀਤਾ ਜਾ ਰਿਹਾ ਹੈ, ਜਿਹੜਾ ਗ਼ੈਰ-ਵਾਜਬ ਤੇ ਨਾਸਹਿਣਯੋਗ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਜਮਹੂਰੀਅਤ ਵਿੱਚ ਲੋਕ ਸਭ ਤੋਂ ਉੱਪਰ ਹਨ ਅਤੇ ਸਰਕਾਰ ਲੋਕਾਂ ਦੁਆਰਾ ਚੁਣੇ ਹੋਏ ਨੁਮਾਇੰਦਿਆਂ ਵੱਲੋਂ ਚਲਾਈ ਜਾ ਰਹੀ ਹੈ। ਉਨ੍ਹਾਂ ਵਿਅੰਗ ਕਸਿਆ ਕਿ ਕੇਂਦਰ ਸਰਕਾਰ ਦੇ ਥਾਪੇ ਹੋਏ ਕੁੱਝ ਨੁਮਾਇੰਦੇ ਸੂਬੇ ਦੇ ਮਾਮਲਿਆਂ ਵਿੱਚ ਅੜਿੱਕੇ ਡਾਹ ਰਹੇ ਹਨ, ਜਿਹੜਾ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਭਗਵੰਤ ਮਾਨ ਨੇ ਕਿਹਾ ਕਿ ਇਨ੍ਹਾਂ ਥਾਪੇ ਹੋਏ ਵਿਅਕਤੀਆਂ ਨੂੰ ਲੋਕਾਂ ਦੁਆਰਾ ਚੁਣੇ ਹੋਏ ਨੁਮਾਇੰਦਿਆਂ ਦੇ ਕੰਮ ਵਿੱਚ ਅੜਿੱਕੇ ਡਾਹੁਣ ਦੀ ਥਾਂ ਆਪਣੇ ਅਧਿਕਾਰ ਖੇਤਰ ਵਿੱਚ ਰਹਿਣਾ ਚਾਹੀਦਾ ਹੈ।ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬੀ ਸਿਆਸਤ ਤੋਂ ਦੂਰ ਨਹੀਂ ਰਹਿੰਦੇ ਅਤੇ ਉਹ ਆਪਣੇ ਨਾਲ ਸਬੰਧਤ ਸਿਆਸੀ ਮਾਹੌਲ ਵਿੱਚ ਸਰਗਰਮੀ ਨਾਲ ਹਿੱਸਾ ਲੈਂਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬੀਆਂ ਨੂੰ ਲੀਡਰਸ਼ਿਪ ਦਾ ਗੁਣ ਵਿਰਸੇ ਵਿੱਚ ਮਿਲਿਆ ਹੈ, ਜਿਸ ਦਾ ਅੰਦਾਜ਼ਾ ਇਸ ਗੱਲੋਂ ਸਹਿਜੇ ਹੀ ਲਗਾਇਆ ਜਾ ਸਕਦਾ ਹੈ ਕਿ ਉਨ੍ਹਾਂ ਵਿਦੇਸ਼ਾਂ ਵਿੱਚ ਵੀ ਆਪਣੇ ਲਈ ਵੱਖਰੀ ਥਾਂ ਬਣਾਈ ਹੈ। ਭਗਵੰਤ ਮਾਨ ਨੇ ਕਿਹਾ ਕਿ ਪੰਜਾਬੀਆਂ ਨੂੰ ਕੈਨੇਡਾ, ਇੰਗਲੈਂਡ, ਨਿਊਜ਼ੀਲੈਂਡ ਤੇ ਹੋਰ ਮੁਲਕਾਂ ਦੇ ਸਿਆਸੀ ਖੇਤਰ ਵਿੱਚ ਪ੍ਰਭਾਵਸ਼ਾਲੀ ਭੂਮਿਕਾ ਨਿਭਾਉਂਦਿਆਂ ਦੇਖਿਆ ਜਾ ਸਕਦਾ ਹੈ।ਮੁੱਖ ਮੰਤਰੀ ਨੇ ਕਿਹਾ ਕਿ ਦੁਨੀਆ ਭਰ ਵਿੱਚੋਂ ਪੰਜਾਬ ਹੀ ਅਜਿਹਾ ਇਕੋ-ਇਕ ਸੂਬਾ ਹੈ, ਜਿਸ ਦੀਆਂ ਜੜ੍ਹਾਂ ਦੁਨੀਆ ਭਰ ਵਿੱਚ ਫੈਲੀਆਂ ਹੋਈਆਂ ਹਨ ਕਿਉਂਕਿ ਪੰਜਾਬੀ ਹਰੇਕ ਮੁਲਕ ਵਿੱਚ ਛਾਏ ਹੋਏ ਹਨ। ਉਨ੍ਹਾਂ ਕਿਹਾ ਕਿ ਦੁਨੀਆ ਭਰ ਵਿੱਚ ਪੰਜਾਬ ਵਿਧਾਨ ਸਭਾ ਸੈਸ਼ਨ ਦਾ ਸਿੱਧਾ ਪ੍ਰਸਾਰਨ ਹੁੰਦਾ ਹੈ, ਜਿਸ ਕਾਰਨ ਵਿਧਾਇਕਾਂ ਉਤੇ ਵੱਡੀ ਜ਼ਿੰਮੇਵਾਰੀ ਹੈ। ਭਗਵੰਤ ਮਾਨ ਨੇ ਕਿਹਾ ਕਿ ਸਾਰਾ ਵਿਸ਼ਵ ਸਾਡੇ ਵੱਲ ਵੇਖ ਰਿਹਾ ਹੈ ਅਤੇ ਸਾਰੇ ਮੈਂਬਰਾਂ ਦੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਵਿਧਾਨ ਸਭਾ ਵਿੱਚ ਬਹਿਸਾਂ ਦੌਰਾਨ ਜ਼ਾਬਤਾ ਬਣਾ ਕੇ ਰੱਖਣ।
ਮੁੱਖ ਮੰਤਰੀ ਨੇ ਕਿਹਾ ਕਿ ਜਿਵੇਂ ਵੱਖ-ਵੱਖ ਰੰਗਾਂ ਦਾ ਗੁਲਦਸਤਾ ਸੋਹਣਾ ਅਤੇ ਸੁਹਾਵਣਾ ਜਾਪਦਾ ਹੈ, ਉਸੇ ਤਰ੍ਹਾਂ ਜਮਹੂਰੀ ਢਾਂਚੇ ਵਿਚ ਵਿਰੋਧੀ ਅਤੇ ਸੱਤਾਧਾਰੀ ਬੈਂਚ ਦੋਵੇਂ ਹੀ ਮਹੱਤਵਪੂਰਨ ਹਨ। ਉਨ੍ਹਾਂ ਕਿਹਾ ਕਿ ਵਿਰੋਧੀ ਤੇ ਸੱਤਾਧਾਰੀ ਪਾਰਟੀਆਂ ਸਿਹਤਮੰਦ ਜਮਹੂਰੀਅਤ ਦੀ ਅਹਿਮੀਅਤ ਨੂੰ ਦਰਸਾਉਂਦੀਆਂ ਹਨ। ਭਗਵੰਤ ਮਾਨ ਨੇ ਕਿਹਾ ਕਿ ਇਹ ਦੋਵੇਂ ਧਿਰਾਂ ਨੂੰ ਸਦਨ ਵਿਚ ਮਿਆਰੀ ਵਿਚਾਰ-ਚਰਚਾ ਲਈ ਸਰਗਰਮ ਭੂਮਿਕਾ ਨਿਭਾਉਣੀ ਚਾਹੀਦੀ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਵਿਧਾਇਕਾਂ ਵੱਲੋਂ ਅਸਰਦਾਰ ਢੰਗ ਨਾਲ ਬਹਿਸ ਕਰਨ ਲਈ ਤਿਆਰੀ ਕਰਨੀ ਬਹੁਤ ਜ਼ਰੂਰੀ ਹੈ ਅਤੇ ਸਾਰੇ ਵਿਧਾਇਕਾਂ ਨੂੰ ਸਦਨ ਵਿਚ ਪੂਰੀ ਤਿਆਰੀ ਨਾਲ ਆਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਾਰੇ ਵਿਧਾਇਕਾਂ ਨੂੰ ਇਕ ਗੱਲ ਹਮੇਸ਼ਾ ਯਾਦ ਰੱਖਣੀ ਚਾਹੀਦੀ ਹੈ ਕਿ ਜਿਨ੍ਹਾਂ ਕੁਰਸੀਆਂ ਉਤੇ ਅੱਜ ਉਹ ਬੈਠੇ ਹੋਏ ਹਨ, ਇਨ੍ਹਾਂ ਕੁਰਸੀਆਂ ਉਤੇ ਉਹ ਮਹਾਨ ਸ਼ਖਸੀਅਤਾਂ ਵੀ ਬੈਠਿਆਂ ਕਰਦੀਆਂ ਸਨ, ਜਿਨ੍ਹਾਂ ਨੇ ਸੂਬੇ ਦੀ ਤਕਦੀਰ ਬਦਲ ਕੇ ਰੱਖ ਦਿੱਤੀ। ਭਗਵੰਤ ਮਾਨ ਨੇ ਕਿਹਾ ਕਿ ਵਿਧਾਇਕਾਂ ਨੂੰ ਨਵੀਂ ਦਿੱਲੀ ਵਿਚ ਸੰਸਦ ਮਿਊਜ਼ੀਅਮ ਦਾ ਦੌਰਾ ਕਰਕੇ ਜਮਹੂਰੀਅਤ ਦੇ ਮਹਾਨ ਵਿਰਸੇ ਬਾਰੇ ਜਾਣਕਾਰੀ ਹਾਸਲ ਕਰਨੀ ਚਾਹੀਦੀ ਹੈ।ਮੁੱਖ ਮੰਤਰੀ ਨੇ ਲੋਕ ਸਭਾ ਵਾਂਗ ਇੱਥੇ ਵੀ ਵਿਧਾਇਕਾਂ ਲਈ ਮੈਂਬਰਜ਼ ਰੈਫਰੈਂਸ ਸੇਵਾ ਸ਼ੁਰੂ ਕਰਨ ਦਾ ਸੁਝਾਅ ਦਿੱਤਾ, ਜਿਸ ਨਾਲ ਵਿਧਾਇਕਾਂ ਨੂੰ ਲੋਕਾਂ ਦੇ ਮਸਲੇ ਹੋਰ ਪ੍ਰਭਾਵਸ਼ਾਲੀ ਢੰਗ ਨਾਲ ਉਠਾਉਣ ਵਿਚ ਮਦਦ ਮਿਲੇਗੀ। ਭਗਵੰਤ ਮਾਨ ਨੇ ਵਿਧਾਇਕਾਂ ਨਾਲ ਲੋਕ ਸਭਾ ਵਿਚ ਬਤੌਰ ਸੰਸਦ ਮੈਂਬਰ ਆਪਣੇ ਤਜਰਬੇ ਵੀ ਸਾਂਝੇ ਕੀਤੇ। ਇਸ ਤੋਂ ਪਹਿਲਾਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਅੱਜ ਦੇ ਵਿਸ਼ੇਸ਼ ਪ੍ਰੋਗਰਾਮ ਵਿਚ ਸ਼ਿਰਕਤ ਕਰਨ ਵਾਲੇ ਸਾਰੇ ਪਤਵੰਤਿਆਂ ਦਾ ਸਵਾਗਤ ਕੀਤਾ। ਉਨ੍ਹਾਂ ਕਿਹਾ ਕਿ ਇਹ ਪ੍ਰੋਗਰਾਮ ਬਹਿਸ ਦੇ ਮਿਆਰ ਅਤੇ ਸਦਨ ਦੀ ਕਾਰਵਾਈ ਵਿਚ ਸੁਧਾਰ ਲਿਆਉਣ ਵਿਚ ਮਦਦਗਾਰ ਸਾਬਤ ਹੋਵੇਗਾ। ਕੁਲਤਾਰ ਸੰਧਵਾਂ ਨੇ ਕਿਹਾ ਕਿ ਇਹ ਸੈਸ਼ਨ ਸਿਰਫ ਵਿਧਾਇਕਾਂ ਲਈ ਹੀ ਨਹੀਂ, ਸਗੋਂ ਸੂਬੇ ਦੇ ਲੋਕਾਂ ਲਈ ਵੀ ਲਾਭਦਾਇਕ ਸਾਬਤ ਹੋਵੇਗਾ। ਇਸ ਮੌਕੇ ਕੈਬਨਿਟ ਮੰਤਰੀ ਡਾ. ਇੰਦਰਬੀਰ ਸਿੰਘ ਨਿੱਜਰ ਨੇ ਕਿਹਾ ਕਿ ਇਹ ਪ੍ਰੋਗਰਾਮ ਪਹਿਲੀ ਵਾਰ ਚੁਣੇ ਗਏ ਵਿਧਾਇਕਾਂ ਦੇ ਨਾਲ-ਨਾਲ ਬਾਕੀ ਵਿਧਾਇਕਾਂ ਲਈ ਵਰਦਾਨ ਸਾਬਤ ਹੋਵੇਗਾ। ਉਨ੍ਹਾਂ ਕਿਹਾ ਕਿ ਇਹ ਲੀਹੋਂ ਹਟਵਾਂ ਉਪਰਾਲਾ ਭਵਿੱਖ ਵਿਚ ਸੂਬੇ ਲਈ ਵੀ ਲਾਹੇਵੰਦ ਹੋਵੇਗਾ। ਡਾ. ਨਿੱਜਰ ਨੇ ਵਿਧਾਇਕਾਂ ਨੂੰ ਅਪੀਲ ਕੀਤੀ ਕਿ ਇਨ੍ਹਾਂ ਸੈਸ਼ਨ ਵਿਚ ਮਾਹਿਰ ਵਡਮੁੱਲੇ ਵਿਚਾਰ ਪੇਸ਼ ਕਰਨਗੇ ਅਤੇ ਉਹ ਇਸ ਦਾ ਵੱਧ ਤੋਂ ਵੱਧ ਲਾਭ ਉਠਾਉਣ।ਆਪਣੇ ਸੰਬੋਧਨ ਵਿਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਸੁਝਾਅ ਦਿੱਤਾ ਕਿ ਵਿਧਾਇਕਾਂ ਦੇ ਗਰੁੱਪ ਬਣਾ ਕੇ ਉਨ੍ਹਾਂ ਨੂੰ ਕਾਨੂੰਨੀ ਸਹਾਇਕਾਂ ਦੀਆਂ ਸੇਵਾਵਾਂ ਪ੍ਰਦਾਨ ਕਰਨੀਆਂ ਚਾਹੀਦੀਆਂ ਹਨ। ਉਨ੍ਹਾਂ ਕਿਹਾ ਕਿ ਇਸ ਕਦਮ ਨਾਲ ਵਿਧਾਇਕਾਂ ਨੂੰ ਆਪਣੇ ਸਰੋਕਾਰ ਸਦਨ ਵਿਚ ਪੇਸ਼ ਕਰਨ ਲਈ ਲੋੜੀਂਦੇ ਦਸਤਾਵੇਜ਼ ਜਾਂ ਹੋਰ ਸਬੰਧਤ ਜਾਣਕਾਰੀ ਛੇਤੀ ਤੋਂ ਛੇਤੀ ਮਿਲ ਸਕੇਗੀ। ਪ੍ਰਤਾਪ ਸਿੰਘ ਬਾਜਵਾ ਨੇ ਵਿਧਾਨ ਸਭਾ ਦੇ ਸਪੀਕਰ ਵੱਲੋਂ ਇਹ ਸੈਸ਼ਨ ਕਰਵਾਉਣ ਦੀ ਸ਼ਲਾਘਾ ਕਰਦਿਆਂ ਸਦਨ ਦੇ ਉਸਾਰੂ ਕੰਮਕਾਜ ਦੀ ਵਕਾਲਤ ਕੀਤੀ। ਇਸ ਮੌਕੇ ਵਿਧਾਨ ਸਭਾ ਦੇ ਡਿਪਟੀ ਸਪੀਕਰ ਜੈ ਕ੍ਰਿਸ਼ਨ ਰੋੜੀ ਨੇ ਸਭ ਦਾ ਧੰਨਵਾਦ ਕੀਤਾ।ਇਸ ਦੌਰਾਨ ਸਪੀਕਰ ਤੇ ਡਿਪਟੀ ਸਪੀਕਰ ਨੇ ਮੁੱਖ ਮੰਤਰੀ ਤੇ ਹੋਰ ਸ਼ਖਸੀਅਤਾਂ ਦਾ ਸਨਮਾਨ ਕੀਤਾ।
ਸਿਵਲ ਸਰਜਨ ਨੇ ਵਿਸ਼ੇਸ਼ ਟੀਕਾਕਰਨ ਮੁਹਿੰਮ ਦੌਰਾਨ ਆਂਗਣਵਾੜੀ ਸੈਂਟਰ ਫੇਸ 2 ਦਾ ਕੀਤਾ ਦੌਰਾ
ਸਿਵਲ ਸਰਜਨ ਬਠਿੰਡਾ ਵਲੋਂ ਮਾਪਿਆਂ ਨੂੰ ਬੱਚਿਆਂ ਦਾ ਟੀਕਾਕਰਨ ਕਰਾਉਣ ਦੀ ਅਪੀਲ
ਸੁਖਜਿੰਦਰ ਮਾਨ
ਬਠਿੰਡਾ, 14 ਫਰਵਰੀ: ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਦੇ ਦਿਸ਼ਾਂ ਨਿਰਦੇਸ਼ਾਂ ਅਤੇ ਸਿਵਲ ਸਰਜਨ ਡਾ ਤੇਜਵੰਤ ਸਿੰਘ ਢਿੱਲੋਂ ਦੀ ਦੇਖ ਰੇਖ ਵਿੱਚ 13 ਫਰਵਰੀ ਤੋਂ 17 ਫਰਵਰੀ ਤੱਕ ਸੰਪੂਰਨ ਟੀਕਾਕਰਨ ਮੁਹਿੰੰਮ ਚਲਾਈ ਗਈ ਹੈ। ਇਸ ਮੁਹਿੰਮ ਤਹਿਤ ਅੱਜ ਡਾ ਤੇਜਵੰਤ ਸਿੰਘ ਢਿੱਲੋਂ ਸਿਵਲ ਸਰਜਨ ਬਠਿੰਡਾ ਵੱਲੋਂ ਆਂਗਣਵਾੜੀ ਸੈਂਟਰ ਫੇਸ 2 ਵਿਖੇ ਚੱਲ ਰਹੇ ਟੀਕਾਕਰਣ ਦੀ ਸੁਪਰਵਿਜ਼ਨ ਕੀਤੀ। ਇਸ ਮੁਹਿੰਮ ਤਹਿਤ ਦੂਜੇ ਦਿਨ 632 ਬੱਚਿਆਂ ਅਤੇ 73 ਗਰਭਵਤੀ ਔਰਤਾਂ ਦਾ ਟੀਕਾਕਰਨ ਕੀਤਾ ਗਿਆ।ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ ਤੇਜਵੰਤ ਸਿੰਘ ਢਿੱਲੋਂ ਨੇ ਦੱਸਿਆ ਕਿ ਇਸ ਮੁਹਿੰਮ ਦਾ ਮਕਸਦ ਉੱਚ ਜ਼ੋਖਿਮ ਵਾਲੇ ਖੇਤਰਾਂ, ਖਾਨਾਬਦੋਸ਼ ਸਾਈਟਾਂ, ਇੱਟਾਂ ਦੇ ਭੱਠੇ ਬਣਾਉਣ ਵਾਲੀਆਂ ਥਾਵਾਂ, ਸ਼ਹਿਰੀ ਖੇਤਰਾਂ ਵਿਚ ਖਾਸ ਕਰ ਝੁੱਗੀਆਂ ਝੌਂਪੜੀਆਂ, ਅਨਾਥ ਆਸ਼ਰਮ, ਜੇਲ੍ਹਾਂ, ਦਰਿਆਈ ਖੇਤਰ, ਅਧੂਰਾ ਟੀਕਾਕਰਣ ਵਾਲੀਆਂ ਥਾਵਾਂ, ਖੇਤੀਬਾੜੀ ਲਈ ਪ੍ਰਵਾਸ ਖੇਤਰ ਜਾਂ ਅਜਿਹੀਆਂ ਥਾਵਾਂ ਜੋ ਸਬ ਸੈਂਟਰਾਂ ਤੋਂ ਦੂਰ ਪਹੁੰਚ ਵਾਲੀਆਂ ਹਨ ਅਤੇ ਜਿਥੇ ਵੈਕਸੀਨ ਦਾ ਪਹੁੰਚਣਾ ਮੁਸ਼ਕਿਲ ਹੁੰਦਾ ਹੈ, ਉਹਨਾਂ ਥਾਵਾਂ ਤੇ ਟੀਕਾਕਰਣ ਕਰਨਾ ਹੈੇ। ਇਸ ਟੀਚੇ ਤਹਿਤ 5 ਸਾਲ ਤੋਂ ਘੱਟ ਉਮਰ ਦੇ ਬੱਚੇ ਜਾਂ ਅੰਸ਼ਿਕ ਤੌਰ ਉਤੇ ਟੀਕਾਕਰਨ ਤੋਂ ਵਾਂਝੇ ਅਤੇ ਟੀਕਾਕਰਨ ਤੋਂ ਰਹਿਤ ਜਾਂ ਅੰਸ਼ਿਕ ਤੌਰ ਉਤੇ ਟੀਕਾਕਰਨ ਵਾਲੀਆਂ ਗਰਭਵਤੀ ਔਰਤ ਲਾਭਪਾਤਰੀਆਂ ਨੂੰ ਖਾਸ ਤੌਰ ਤੇ ਸ਼ਾਮਲ ਕੀਤਾ ਜਾਵੇਗਾ। ਇਸ ਮੁਹਿੰਮ ਨੂੰ ਸੌ ਫੀਸਦੀ ਯਕੀਨੀ ਬਣਾਉਣ ਲਈ ਅਗਾਊਂ ਵਿਉਂਤਬੰਦੀ ਜਿਵੇਂ ਅਧੂਰਾ ਟੀਕਾਕਰਨ ਵਾਲੇ ਬੱਚਿਆਂ ਦੀ ਸ਼ਨਾਖਤ ਕਰਨ ਉਪਰੰਤ ਸੂਚੀ ਤਿਆਰ ਕਰਵਾ ਕੇ ਸੰਪੂਰਨ ਟੀਕਾਕਰਨ ਕੀਤਾ ਜਾ ਰਿਹਾ ਹੈ ਅਤੇ ਜਿਨ੍ਹਾਂ ਖੇਤਰਾਂ ਵਿਚ ਟੀਕਕਾਰਨ ਘੱਟ ਹੈ ਉਨ੍ਹਾਂ ਦੀ ਵਿਸ਼ੇਸ਼ ਸ਼ਨਾਖਤ ਕੀਤੀ ਗਈ ਹੈ।ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਦੀਆਂ ਟੀਮਾਂ ਵਲੋਂ ਜ਼ਿਲ੍ਹੇ ਅੰਦਰ ਲੋਕਾਂ ਨੂੰ ਵੱਧ ਤੋਂ ਵੱਧ ਟੀਕਾਕਰਨ ਕਰਾਉਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਬੱਚਿਆਂ ਦੇ ਮਾਪਿਆਂ ਨੂੰ ਅਪੀਲ ਵੀ ਕੀਤੀ ਕਿ ਕਿਸੇ ਵੀ ਕਾਰਨ ਕਰਕੇ ਟੀਕਾਕਰਨ ਤੋਂ ਵਾਂਝੇ ਇਨ੍ਹਾਂ ਬੱਚਿਆਂ ਨੂੰ ਇਸ ਮੁਹਿੰਮ ਦੌਰਾਨ ਟੀਕਾਕਰਨ ਕਰਵਾਇਆ ਜਾ ਸਕੇ ਤਾਂ ਜੋ ਬੱਚਿਆਂ ਨੂੰ ਜਾਨਲੇਵਾ ਬੀਮਾਰੀਆਂ ਤੋਂ ਸੁਰੱਖਿਅਤ ਕੀਤਾ ਜਾ ਸਕੇ। ਇਸ ਸਮੇਂ ਡਾ ਮੁਨੀਸ਼ ਗੁਪਤਾ, ਕੁਲਵੰਤ ਸਿੰਘ, ਨਰਿੰਦਰ ਕੁਮਾਰ, ਮਲਕੀਤ ਕੌਰ, ਹਰਜਿੰਦਰ ਕੌਰ, ਬਲਦੇਵ ਸਿੰਘ ਅਤੇ ਪ੍ਰਨੀਤ ਕੌਰ ਹਾਜ਼ਰ ਸਨ।
ਕੇਂਦਰੀ ਗ੍ਰਹਿ ਮੰਤਰੀ ਨੇ ਰਾਸ਼ਟਰਪਤੀ ਨਿਸ਼ਾਨ ਨਾਲ ਹਰਿਆਣਾ ਪੁਲਿਸ ਨੁੰ ਕੀਤਾ ਸਨਮਾਨਿਤ
ਰਾਸ਼ਟਰਪਤੀ ਨਿਸ਼ਾਨ ਪ੍ਰਾਪਤ ਕਰਨ ਵਾਲੀ ਹਰਿਆਣਾ ਪੁਲਿਸ ਦੇਸ਼ ਦੇ 10 ਸੂਬਿਆਂ ਵਿੱਚੋਂ ਇਕ ਪੁਲਿਸ ਬਣ ਗਈ ਹੈ – ਅਮਿਤ ਸ਼ਾਹ
ਕੇਂਦਰੀ ਗ੍ਰਹਿ ਮੰਤਰੀ ਨੇ ਦੀ ਹਰਿਆਣਾ ਪੁਲਿਸ ਦੀ ਕਾਰਜਸ਼ੈਲੀ ਦੀ ਸ਼ਲਾਘਾ
ਕੇਂਦਰੀ ਗ੍ਰਹਿਮੰਤਰੀ ਦੇ ਕਾਰਜਕਾਲ ਵਿਚ ਦੇਸ਼ ਬਣਿਆ ਕਈ ਹਿੰਮਤੀ ਫੈਸਲਿਆਂ ਦਾ ਗਵਾਹ – ਮਨੋਹਰ ਲਾਲ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 14 ਫਰਵਰੀ : ਹਰਿਆਣਾ ਪੁਲਿਸ ਦੇ ਸੇਵਾ ਸੁਰੱਖਿਆ ਤੇ ਸਹਿਯੋਗ ਦੇ ਮੋਹਰੀ ਵਾਕ ਦਾ ਅੱਜ ਉਸ ਸਮੇਂ ਸਾਰਥਕ ਸਿੱਦ ਹੋਇਆ ਜਦੋਂ ਕੇਂਦਰੀ ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ ਨੇ ਪੁਲਿਸ ਦੀ ਕਾਰਜਸ਼ੈਲੀ ਦੇ ਲਈ ਰਾਸ਼ਟਰਪਤੀ ਨਿਸ਼ਾਨ ਪ੍ਰਦਾਨ ਕੀਤਾ। ਹੁਣ ਹਰਿਆਣਾ ਪੁਲਿਸ ਆਪਣੀ ਵਰਦੀ ’ਤੇ ਸੱਜੇ ਬਾਹ ’ਤੇ ਰਾਸ਼ਟਰਪਤੀ ਨਿਸ਼ਾਨ ਲਗਾ ਸਕਣਗੇ ਜੋ ਉਨਾਂ ਨੂੰ ਗੌਰਵ ਅਤੇ ਮਾਣ ਦੀ ਭਾਵਨਾ ਨਾਲ ਓਤ-ਪ੍ਰੋਤ ਕਰੇਗਾ।ਅੱਜ ਕਰਨਾਲ ਵਿਚ ਹਰਿਆਣਾ ਪੁਲਿਸ ਅਕਾਦਮੀ , ਮਧੂਬਨ ਦੇ ਵਚੇਰ ਸਟੇਡੀਅਮ ਵਿਚ ਪ੍ਰਬੰਧਿਤ ਰਾਸ਼ਟਰਪਤੀ ਨਿਸ਼ਾਨ ਸਨਮਾਨ ਸਮਾਰੋਹ ਵਿਚ ਸ਼ਾਨਦਾਰ ਪਰੇਡ ਦੇ ਬਾਅਦ ਮੌਜੂਦ ਜਵਾਨਾਂ ਨੂੰ ਸੰਬੋਧਿਤ ਕਰਦੇ ਹੋਏ ਸ੍ਰੀ ਅਮਿਤ ਸ਼ਾਹ ਨੇ ਰਾਸ਼ਟਰਪਤੀ ਨਿਸ਼ਾਨ ਪ੍ਰਾਪਤ ਕਰਨ ਲਈ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਤੇ ਗ੍ਰਹਿ ਮੰਤਰੀ ਸ੍ਰੀ ਅਨਿਲ ਵਿਜ ਦੀ ਕਾਰਜਸ਼ੈਲੀ ਦੀ ਵੀ ਸ਼ਲਾਘਾ ਕੀਤੀ।ਇਸ ਮੌਕੇ ’ਤੇ ਕੇਂਦਰੀ ਗ੍ਰਹਿ ਮੰਤਰੀ ਨੇ ਅੱਜ ਹੀ ਦੇ ਦਿਨ ਸਾਲ 2019 ਵਿਚ ਪੁਲਵਾਮਾ ਵਿਚ ਇਕ ਕਾਇਰਾਨਾ ਹਮਲੇ ਵਿਚ ਸ਼ਹੀਦ ਹੋਏ ਸੀਆਰਪੀਐਫ ਦੇ 40 ਜਵਾਨਾਂ ਨੂੰ ਸ਼ਰਧਾਂਜਲੀ ਅਰਪਿਤ ਕੀਤੀ। ਉਨ੍ਹਾਂ ਨੇ ਕਿਹਾ ਕਿ ਹੁਣ ਤਕ ਭਾਰਤ ਦੀ ਰੱਖਿਆ ਦਾ ਇਤਿਹਾਸ ਲਿਖਿਆ ਜਾਵੇਗਾ, ਉਦੋਂ ਤਕ ਇੰਨ੍ਹਾਂ 40 ਜਵਾਨਾਂ ਦੇ ਨਾਂਅ ਸੁਨਹਿਰੇ ਅੱਖਰਾਂ ਨਾਲ ਭਾਰਤ ਦੇ ਸੁਰੱਖਿਆ ਇਤਿਹਾਸ ਵਿਚ ਚੋਣ ਹਵੇਗਾ। ਉਨ੍ਹਾਂ ਨੇ ਸਾਬਕਾ ਵਿਦੇਸ਼ ਮੰਤਰੀ ਸੁਰਗਵਾਸੀ ਸ੍ਰੀਮਤੀ ਸੁਸ਼ਮਾ ਸਵਰਾਜ ਦੇ ਜਨਮਦਿਨ ਦੇ ਮੌਕੇ ’ਤੇ ਉਨ੍ਹਾਂ ਨੂੰ ਵੀ ਨਮਨ ਕੀਤਾ। ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ ਹਰਿਆਣਾ ਪੁਲਿਸ ਨੁੰ ਰਾਸ਼ਟਰਪਤੀ ਕਲਰ ਅਵਾਰਡ ਦੇਣ ਦਾ ਸਨਮਾਨ ਅੱਜ ਉਨ੍ਹਾਂ ਨੂੰ ਮਿਲਿਆ ਹੈ ਇਹ ਹਰਿਆਣਾ ਪੁਲਿਸ ਦਾ ਤਾਂ ਸਨਮਾਨ ਹੈ ਹੀ, ਪਰ ਮੈਨੂੰ ਵੀ ਬਹੁਤ ਮਾਣ ਹੋ ਰਿਹਾ ਹੈ ਕਿ ਹਰਿਆਣਾ ਪੁਲਿਸ ਵਰਗੇ ਧਾਕੜ ਪੁਲਿਸ ਨੂੰ ਅੱਜ ਰਾਸ਼ਟਰਪਤੀ ਸਨਮਾਨ ਦੇਣ ਦਾ ਮੌਕਾ ਉਨ੍ਹਾਂ ਨੂੰ ਮਿਲਿਆ ਹੈ। ਉਨ੍ਹਾਂ ਨੇ ਕਿਹਾ ਕਿ ਇਹ ਰਾਸ਼ਟਰਪਤੀ ਨਿਸ਼ਾਨ 25 ਸਾਲ ਤਕ ਲਗਾਤਾਰ ਸੇਵਾ ਅਤੇ ਬਹਾਦਰੀ ਅਤੇ ਸਮਰਪਨ ਨਾਲ ਸੇਵਾ ਕਰਨ ਦੀ ਸਮੀਖਿਆ ਦੇ ਬਾਅਦ ਪੁਲਿਸ ਨੂੰ ਪ੍ਰਦਾਨ ਕੀਤਾ ਜਾਂਦਾ ਹੈ। ਉਨ੍ਹਾਂ ਨੇ ਕਿਹਾ ਕਿ ਹਰਿਆਣਾ ਪੁਲਿਸ ਦਾ ਹਰ ਇਕ ਖੇਤਰ ਵਿਚ ਚਾਕ-ਚੋਬੰਧ ਰਹਿਣ ਦਾ ਇਤਿਹਾਸ ਹੈ, ਚਾਹੇ ਕਾਨੂੰਨ ਅਤੇ ਵਿਵਸਥਾ ਦੀ ਸਥਿਤੀ ਨੂੰ ਦਰੁਸਤ ਰੱਖਨਾ ਹੋਵੇ ਜਾਂ ਪਬਲਿਕ ਸੁਰੱਖਿਆ ਯਕੀਨੀ ਕਰਨਾ ਹੋਵੇ ਜਾਂ ਨਾਗਰਿਕਾਂ ਦੇ ਜੀਵਨ ਨੂੰ ਸਰਲ ਬਨਾਉਣਾ ਹੋਵੇ ਜਾਂ ਰਾਜਧਾਨੀ ਦੇ ਨੇੜੇ ਹੋਣ ਦੇ ਕਾਰਨ ਕਈ ਅੰਦੋਲਨਾਂ ਨਾਲ ਕੁਸ਼ਲਤਾਪੂਰਵਕ ਤੇ ਮਨੁੱਖੀ ਢੰਗ ਨਾਲ ਨਜਿੱਠਣਾ ਹੋਵੇ, ਹਰ ਖੇਤਰ ਵਿਚ ਹਰਿਆਣਾ ਪੁਲਿਸ ਨੇ ਆਪਣਾ ਬਹਾਦਰੀ , ਧੀਰਜ ਅਤੇ ਹਿੰਮਤ ਦਾ ਪਰਿਚੈ ਦਿੱਤਾ ਹੈ।ਸ੍ਰੀ ਅਮਿਤ ਸ਼ਾਹ ਨੇ ਕਿਹਾ ਕਿ ਰਾਸ਼ਟਰਪਤੀ ਨਿਸ਼ਾਨ ਨਾਲ ਪ੍ਰਾਪਤ ਹੋਣ ਵਾਲੀ ਹਰਿਆਣਾ ਪੁਲਿਸ ਦੇਸ਼ ਦੇ 10 ਸੂਬਿਆਂ ਵਿੱਚੋਂ ਇਕ ਪੁਲਿਸ ਬਣ ਗਈ ਹੈ। ਇਸ ਤੋਂ ਪਹਿਲਾਂ ਇਹ ਸਰਵੋਚ ਸਨਮਾਨ ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼, ਦਿੱਲੀ, ਜੰਮੂ ਕਸ਼ਮੀਰ, ਤਮਿਲਨਾਡੂ, ਤ੍ਰਿਪੁਰਾ, ਗੁਜਰਾਤ, ਹਿਮਾਚਲ ਪ੍ਰਦੇਸ਼ ਅਤੇ ਅਸਮ ਸੂਬਿਆਂ ਦੀ ਪੁਲਿਸ ਨੂੰ ਮਿਲਿਆ ਹੈ। ਉਨ੍ਹਾਂ ਨੇ ਕਿਹਾ ਕਿ ਸਾਲ 1951 ਵਿਚ ਸੱਭ ਤੋਂ ਪਹਿਲਾਂ ਇਹ ਨਿਸ਼ਾਨ ਇੰਡੀਅਨ ਨੇਵੀ ਨੂੰ ਮਿਲਿਆ ਸੀ। ਉਸ ਦੇ ਬਾਅਦ ਵਿਚ 10 ਪੁਲਿਸ ਨੂੰ ਅਤੇ ਕਈ ਸੀਆਰਪੀਐਫ ਨੂੰ ਮਿਲਿਆ ਹੈ।
ਰਾਸ਼ਟਰਪਤੀ ਨਿਸ਼ਾਨ ਮਿਲਣ ਨਾਲ ਸਨਮਾਨ ਦੇ ਨਾਲ-ਨਾਲ ਪੁਲਿਸ ਦੀ ਜਿਮੇਵਾਰੀ ਵੀ ਵਧੀ
ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਹਰਿਆਣਾ ਪੁਲਿਸ ਨੂੰ ਅੱਜ ਰਾਸ਼ਟਰਪਤੀ ਨਿਸ਼ਾਨ ਮਿਲਣ ਨਾਲ ਸਾਡਾ ਮਨੋਬਲ ਵੀ ਵਧਿਆ ਹੈ ਪਰ ਇਸ ਤੋਂ ਪੁਲਿਸ ਦੀ ਜਿਮੇਵਾਰੀ ਵੀ ਵਧੀ ਹੈ, ਕਿਉਂਕਿ ਜਿਨ੍ਹਾਂ ਵਿਸ਼ੇਸ਼ਤਾਵਾਂ ਲਈ ਇਹ ਰਾਸ਼ਟਰਪਤੀ ਸਨਮਾਨ ਮਿਲਿਆ ਹੈ, ਉਹ ਵਿਸ਼ੇਸ਼ਤਾਵਾਂ ਤਾਂ ਬਣਾ ਕੇ ਰੱਖਨੀਆਂ ਹੀ ਹਨ, ਸਗੋ ਆਪਣੀ ਜਿਮੇਵਾਰੀਆਂ ਨੂੰ ਨਿਭਾਉਣਾ ਵੀ ਹੋਰ ਪ੍ਰਭਾਵੀ ਢੰਗ ਨਾਲ ਕਰਨਾ ਹੈ।
ਪਿਛਲੇ 56 ਸਾਲਾਂ ਤੋਂ ਹਰਿਆਣਾ ਪੁਲਿਸ ਨੂੰ ਜਨ ਸੇਵਾ ਦੇ ਲਈ ਕਈ ਉਪਲਬਧੀਆਂ ਹਾਸਲ ਹੋਈਆਂ ਹਨ
ਇਸ ਮੌਕੇ ਸੂਬੇ ਦੇ ਗ੍ਰਹਿ ਮੰਤਰੀ ਸ੍ਰੀ ਅਨਿਲ ਵਿਜ ਨੇ ਕਿਹਾ ਕਿ ਹਰਿਆਣਾ ਦਾ ਅੰਦਾਜ ਅਤੇ ਹਰਿਆਣਾ ਦਾ ਮਿਜਾਜ ਕੁੱਝ ਹੱਟ ਕੇ ਹਨ। ਇਹ ਅੰਦਾਜ ਅਤੇ ਮਿਜਾਜ ਅੱਜ ਹਰਿਆਣਾ ਦੇ ਖਾਣ-ਪੀਣ ਤੇ ਬੋਲੀ ਅਤੇ ਇੱਥੇ ਦੇ ਰਹਿਣ ਸਹਿਣ ਵਿਚ ਬਖੂਬੀ ਨਜਰ ਆਉਂਦਾ ਹੈ। ਉਨ੍ਹਾਂ ਨੇ ਕਿਹਾ ਕਿ ਪਿਛਲੇ 56 ਸਾਲਾਂ ਤੋਂ ਹਰਿਆਣਾ ਪੁਲਿਸ ਨੂੰ ਜਨ ਸੇਵਾ ਦੇ ਲਈ ਕਈ ਉਪਲਬਧੀਆਂ ਹਾਸਲ ਹੋਈਆਂ ਹਨ ਅਤੇ ਗ੍ਰਹਿ ਮੰਤਰੀ ਹੋਣ ਦੇ ਨਾਤੇ ਮੈਨੂੰ ਆਨੰਦ ਦੀ ਅਨੁਭੂਤੀ ਹੋ ਰਹੀ ਹੈ।ਇਸ ਮੌਕੇ ’ਤੇ ਕੇਂਦਰੀ ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ ਅਤੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਹਰਿਆਣਾ ਪੁਲਿਸ ਦੇ 56 ਸਾਲਾਂ ਦੇ ਗੌਰਵਸ਼ਾਲੀ ਇਤਿਹਾਸ ’ਤੇ ਕਾਫੀ ਟੇਬਲ ਬੁੱਕ ਦੀ ਵੀ ਘੁੰਡ ਚੁਕਾਈ ਕੀਤੀ।
ਪੁਲਿਸ ਮਹਾਨਿਦੇਸ਼ਕ ਪੀ ਕੇ ਅਗਰਵਾਲ ਨੇ ਹਰਿਆਣਾ ਪੁਲਿਸ ਨੂੰ ਰਾਸ਼ਟਰਪਤੀ ਨਿਸ਼ਾਨ ਦੇਣ ਲਈ ਕੇਂਦਰੀ ਗ੍ਰਹਿ ਮੰਤਰੀ ਦਾ ਧੰਨਵਾਦ ਤੇ ਅਭਿਨੰਦਰ ਵਿਅਕਤ ਕੀਤਾ।ਸਮਾਰੋਹ ਵਿਚ ਵਿਧਾਨਸਭਾ ਸਪੀਕਰ ਗਿਆਨ ਚੰਦ ਗੁਪਤਾ, ਸਕੂਲ ਸਿਖਿਆ ਮੰਤਰੀ ਕੰਵਰ ਪਾਲ, ਟਰਾਸਪੋਰਟ ਮੰਤਰੀ ਮੂਲਚੰਦ ਸ਼ਰਮਾ, ਸਹਿਕਾਰਤਾ ਮੰਤਰੀ ਡਾ. ਬਨਵਾਰੀ ਲਾਲ, ਵਿਕਾਸ ਅਤੇ ਪੰਚਾਇਤ ਮੰਤਰੀ ਦੇਵੇਂਦਰ ਸਿੰਘ ਬਬਲੀ, ਵਿਧਾਨਸਭਾ ਡਿਪਟੀ ਸਪੀਕਰ ਰਣਬੀਰ ਗੰਗਵਾ, ਮਹਿਲਾ ਅਤੇ ਬਾਲ ਵਿਕਾਸ ਰਾਜ ਮੰਤਰੀ ਕਮਲੇਸ਼ ਢਾਂਡਾ, ਕਿਰਤ ਰਾਜ ਮੰਤਰੀ ਅਨੁਪ ਧਾਨਕ, ਗ੍ਰਹਿ ਵਿਭਾਗ ਦੇ ਵਧੀਕ ਮੁੱਖ ਸਕੱਤਰ ਟੀਵੀਐਸਐਨ ਪ੍ਰਸਾਦ ਸਮੇਤ ਸੀਨੀਅਰ ਅਧਿਕਾਰੀ ਤੇ ਮਾਣਯੋਗ ਮਹਿਮਾਨ ਮੌਜੂਦ ਸਨ।
ਐਨ.ਆਰ.ਆਈ ਹਰਨੇਕ ਵੜੈਚ ਵੱਲੋਂ ਸਰਕਾਰੀ ਹਾਈ ਸਕੂਲ ਭਾਈ ਬਖ਼ਤੌਰ ਨੂੰ 85 ਹਜ਼ਾਰ ਦੀ ਰਾਸ਼ੀ ਦਾ ਖੇਡਾਂ ਦਾ ਸਾਮਾਨ ਭੇਂਟ
ਨੌਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਨ ਲਈ ਕੀਤਾ ਜਾਣ ਵਾਲਾ ਹਰ ਉਪਰਾਲਾ ਸ਼ਲਾਘਾਯੋਗ-ਸਕੂਲ ਮੁਖੀ
ਸੁਖਜਿੰਦਰ ਮਾਨ
ਬਠਿੰਡਾ, 14 ਫਰਵਰੀ: ਸ: ਹਰਨੇਕ ਸਿੰਘ ਵੜੈਚ ਪਿੰਡ ਭਾਈ ਬਖਤੌਰ (ਕੈਨੇਡਾ ਵਾਲਿਆਂ) ਨੇ ਸਰਕਾਰੀ ਹਾਈ ਸਕੂਲ ਭਾਈ ਬਖ਼ਤੌਰ ਦੇ ਖਿਡਾਰੀਆਂ ਲਈ 85 ਹਜ਼ਾਰ ਦੀ ਰਾਸ਼ੀ ਦਾ ਬਾਕਸਿੰਗ ਖੇਡ ਦਾ ਸਮਾਨ ਭੇਂਟ ਕੀਤਾ ਹੈ। ਇਹ ਜਾਣਕਾਰੀ ਮੁੱਖ ਅਧਿਆਪਕ ਸ਼੍ਰੀ ਹਰਿਮਿੰਦਰ ਸਿੰਘ ਨੇ ਦਿੱਤੀ। ਉਨ੍ਹਾਂ ਕਿਹਾ ਕਿ ਸ੍ਰ. ਹਰਨੇਕ ਸਿੰਘ ਪਹਿਲਾਂ ਵੀ ਦਿਲ ਖੋਲ੍ਹ ਕੇ ਖਿਡਾਰੀਆਂ ਦੀ ਮੱਦਦ ਕਰਦੇ ਹਨ ਤਾਂ ਜੋ ਪਿੰਡ ਦੇ ਖਿਡਾਰੀ ਹੋਰ ਮਿਹਨਤ ਅਤੇ ਲਗਨ ਨਾਲ ਖੇਡਾਂ ਦਾ ਅਭਿਆਸ ਕਰ ਸਕਣ ਅਤੇ ਆਪਣੇ ਚੰਗੇ ਪ੍ਰਦਰਸ਼ਨ ਨਾਲ ਪਿੰਡ ਦਾ ਅਤੇ ਸੂਬੇ ਦਾ ਨਾਮ ਰੌਸ਼ਨ ਕਰਨ । ਉਨ੍ਹਾਂ ਇਸ ਵਡਮੁੱਲੀ ਦੇਣ ਲਈ ਧੰਨਵਾਦ ਕਰਦਿਆਂ ਕਿਹਾ ਕਿ ਖਿਡਾਰੀਆਂ ਨੂੰ ਖੇਡਾਂ ਵੱਲ ਪ੍ਰੇਰਨ ਲਈ ਕੀਤਾ ਜਾਣ ਵਾਲਾ ਹਰ ਉਪਰਾਲਾ ਸ਼ਲਾਘਾਯੋਗ ਹੈ। ਉਨ੍ਹਾਂ ਕਿਹਾ ਕਿ ਸ੍ਰ. ਵੜੈਚ ਜਿਹੇ ਸਮਾਜ ਚੇਤੰਨ ਸਖਸ਼ੀਅਤਾਂ ਸਦਕਾ ਦੇਸ਼ ਦੀ ਜਵਾਨੀ ਨੂੰ ਪ੍ਰੇਰਨਾ ਮਿਲਦੀ ਹੈ ਅਤੇ ਖੇਡਾਂ ਤਾਂ ਨੌਜਵਾਨਾਂ ਦੇ ਸਰੀਰਿਕ ਅਤੇ ਮਾਨਸਿਕ ਵਿਕਾਸ ਲਈ ਅਤਿ ਜ਼ਰੂਰੀ ਹਨ। ਨੌਜਵਾਨਾਂ ਨੂੰ ਖੇਡਾਂ ਵੱਲ ਲਿਜਾਣ ਲਈ ਜਿੰਨੇ ਯਤਨ ਕੀਤੇ ਜਾਣ ਘੱਟ ਹਨ। ਇਸ ਮੌਕੇ ਸਕੂਲ ਸਟਾਫ਼ ਮੈਂਬਰ ਕੁਲਦੀਪ ਕੁਮਾਰ, ਲਾਭ ਸਿੰਘ, ਗੁਰਦੀਪ ਸਿੰਘ, ਪੂਨਮ ਭਨੌਤ, ਜਸਵਿੰਦਰ ਕੌਰ, ਰੇਣੂ ਬਾਲਾ, ਡਿੰਪਲ ਰਾਣੀ, ਜਸਪ੍ਰੀਤ ਕੌਰ,ਜੈਮੀਨਲਜੀਤ ਕੌਰ, ਚਰਨਪ੍ਰੀਤ ਕੌਰ, ਰੀਨਾ ਰਾਣੀ ਹਾਜ਼ਰ ਸਨ ।
ਵਿਦਿਆਰਥੀ ਨਵੇਂ ਬਿਜਨਿਸ ਆਇਡੀਆ ਪੇਸ਼ ਕਰਕੇ ਪ੍ਰਾਪਤ ਕਰ ਸਕਦੇ ਹਨ ਐਵਾਰਡ : ਸ਼ੌਕਤ ਅਹਿਮਦ ਪਰੇ
ਵਧੀਆ ਆਇਡੀਆ ਦੇਣ ਵਾਲੇ ਵਿਦਿਆਰਥੀਆਂ ਨੂੰ ਕੀਤਾ ਜਾਵੇਗਾ ਸਨਮਾਨਿਤ
ਸੁਖਜਿੰਦਰ ਮਾਨ
ਬਠਿੰਡਾ, 14 ਫਰਵਰੀ : ਸੂਬਾ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਘਰ-ਘਰ ਰੋਜ਼ਗਾਰ ਅਤੇ ਕਾਰੋਬਾਰ ਮਿਸ਼ਨ ਅਧੀਨ ਜਿੱਥੇ ਪ੍ਰਾਰਥੀਆਂ ਨੂੰ ਸਕਿੱਲ ਕੌਸਲ ਬਣਾਉਣ ਲਈ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਹਰ ਸੰਭਵ ਉਪਰਾਲੇ ਕੀਤੇ ਜਾ ਰਹੇ ਹਨ, ਉਥੇ ਹੀ ਵਿਦਿਆਰਥੀਆਂ ਨੂੰ ਸਮੇਂ ਦੇ ਹਾਣੀ ਬਣਾਉਣ ਤੇ ਆਪਣੇ ਸੁਫ਼ਨਿਆਂ ਨੂੰ ਪੂਰਾ ਕਰਨ ਲਈ ਨਿਵੇਕਲੀ ਪਹਿਲ ਕਦਮੀ ਸ਼ੁਰੂ ਕੀਤੀ ਗਈ ਹੈ। ਇਹ ਜਾਣਕਾਰੀ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਡਿਪਟੀ ਕਮਿਸ਼ਨਰ-ਕਮ-ਚੇਅਰਮੈਨ ਡੀ.ਬੀ.ਈ.ਈ. ਸ਼੍ਰੀ ਸ਼ੌਕਤ ਅਹਿਮਦ ਪਰੇ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿਖੇ ਵੱਖ-ਵੱਖ ਵਿਦਿਅਕ ਸੰਸਥਾਵਾਂ ਦੇ ਅਧਿਕਾਰੀਆਂ ਨਾਲ ਕੀਤੀ ਗਈ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਸਾਂਝੀ ਕੀਤੀ। ਇਸ ਮੌਕੇ ਉਨ੍ਹਾਂ ਵੱਲੋਂ ‘‘ਓਧਿਅਮ ਸ਼ੋਰ ਟੂ ਸ਼ਾਇਨ’’ ਅਧੀਨ ਪ੍ਰੋਗਰਾਮ ਵੀ ਲਾਂਚ ਕੀਤਾ ਗਿਆ ਹੈ।
ਇਸ ਮੌਕੇ ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਦੇ ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ਦੇ ਨੁਮਾਇੰਦਿਆਂ ਨਾਲ ‘‘ਓਧਿਅਮ ਸ਼ੋਰ ਟੂ ਸ਼ਾਇਨ’’ ਪ੍ਰੋਗਰਾਮ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਇਸ ਪ੍ਰੋਗਰਾਮ ਅਧੀਨ ਨੌਜਵਾਨ ਆਪਣੇ ਨਵੇਂ ਬਿਜਨਿਸ ਆਇਡੀਆ ਪੇਸ਼ ਕਰ ਸਕਦੇ ਹਨ, ਜਿਸ ਦਾ ਮੁੱਖ ਮੰਤਵ ਅੱਜ ਕੱਲ੍ਹ ਦੇ ਅਜੋਕੇ ਸਮੇਂ ਦੌਰਾਨ ਪ੍ਰਾਰਥੀਆਂ ਨੂੰ ਆਪਣੇ ਕੰਮ ਸਬੰਧੀ ਪ੍ਰੇਰਿਤ ਕਰਨਾ ਅਤੇ ਨਵੇਂ-ਨਵੇਂ ਬਿਜਨਿਸ ਆਈਡੀਆ ਦੁਆਰਾ ਨੌਜਵਾਨਾਂ ਨੂੰ ਸਵੈ-ਰੋਜ਼ਗਾਰ ਲਈ ਉਤਸ਼ਾਹਿਤ ਕਰਨਾ ਹੈ। ਇਸ ਸਬੰਧੀ ਸ੍ਰੀ ਸ਼ੌਕਤ ਅਹਿਮਦ ਪਰੇ ਨੇ ਹੋਰ ਦੱਸਿਆ ਕਿ ਇਸ ਬਿਜਨਿਸ਼ ਆਈਡੀਆ ਨੂੰ ਕੁੱਲ ਤਿੰਨ ਕੈਟਾਗਰੀ ਵਿੱਚ ਵੰਡਿਆ ਗਿਆ ਹੈ। ਸਭ ਤੋਂ ਪਹਿਲਾ ਸਕੂਲਾਂ ਵਿੱਚ ਬਾਰਵੀਂ ਤੱਕ ਪੜ੍ਹ ਰਹੇ ਵਿਦਿਆਰਥੀ, ਦੂਜਾ ਕਾਲਜਾਂ ਵਿੱਚ ਪੜ੍ਹ ਰਹੇ ਵਿਦਿਆਰਥੀ ਤੇ ਤੀਸਰਾ ਓਪਨ ਕੈਟਾਗਰੀ ਵਿੱਚ ਕੋਈ ਵੀ ਨੌਜਵਾਨ ਜਾਂ ਕਿਸੇ ਵੀ ਉਮਰ ਦਾ ਵਿਅਕਤੀ ਜਾਂ ਔਰਤ ਇਸ ਬਿਜਨਿਸ਼ ਆਇਡੀਆ ਵਿੱਚ ਭਾਗ ਲੈ ਸਕਦਾ ਹੈ। ਤਿੰਨੋਂ ਕੈਟਾਗਰੀ ਵਿੱਚ ਪਹਿਲੇ ਤਿੰਨ ਪੁਜੀਸ਼ਨਾਂ ਤੇ ਰਹਿਣ ਵਾਲੇ ਬਿਜਨਿਸ ਆਇਡੀਆ ਨੂੰ ਯੋਗ ਪੁਰਸਕਾਰ ਦਿੱਤੇ ਜਾਣਗੇ ਅਤੇ ਜੇਕਰ ਕੋਈ ਵੀ ਵਿਦਿਆਰਥੀ ਆਪਣੇ ਆਇਡੀਆ ਨੂੰ ਅੱਗੇ ਵਧਾਉਣ ਦਾ ਇਛੁੱਕ ਹੈ ਤਾਂ ਉਸ ਸਬੰਧੀ ਸਰਕਾਰੀ ਵਿਭਾਗਾਂ ਦੁਆਰਾ ਉਸ ਨੂੰ ਲੋਨ ਦੀ ਸਹੂਲਤ ਵੀ ਮੁਹੱਈਆ ਕਰਵਾਈ ਜਾਵੇਗੀ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਪ੍ਰੋਗਰਾਮ ਦਾ ਮੁੱਖ ਮੰਤਵ ਬਿਜਨਿਸ ਆਇਡੀਆ ਕੰਪੀਟੀਸ਼ਨ ਨੂੰ ਵੱਧ ਤੋਂ ਵੱਧ ਵਿਦਿਆਰਥੀਆਂ ਤੱਕ ਪਹੁੰਚਾਉਣਾ ਹੈ। ਇਸ ਸਬੰਧੀ ਉਨ੍ਹਾਂ ਜ਼ਿਲ੍ਹੇ ਅੰਦਰਲੇ ਹਰ ਸਕੂਲ, ਕਾਲਜ ਅਤੇ ਯੂਨੀਵਰਸਿਟੀ ਦੇ ਨੁਮਾਇੰਦੇ ਨੂੰ ਹਦਾਇਤ ਕੀਤੀ ਕਿ ਉਹ ਆਪਣਾ ਇਕ-ਇੱਕ ਨੁਮਾਇੰਦਾ ਇਸ ਸਬੰਧੀ ਨਿਯੁਕਤ ਕਰਨ ਅਤੇ ਹਰ ਵਿਦਿਅਕ ਅਦਾਰਾ ਘੱਟੋ-ਘੱਟ ਤਿੰਨ-ਤਿੰਨ ਬਿਜਨਿਸ ਆਇਡੀਆ ਪੇਸ਼ ਕਰਨਾ ਯਕੀਨੀ ਬਣਾਵੇ।ਇਸ ਮੌਕੇ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਅਫ਼ਸਰ ਮਿਸ ਅੰਕਿਤਾ ਅਗਰਵਾਲ, ਡਿਪਟੀ ਸੀ.ਈ.ਓ. ਸ਼?ਰੀ ਤੀਰਥਪਾਲ ਸਿੰਘ, ਜ਼ਿਲ੍ਹਾ ਸਿੱਖਿਆ ਅਫ਼ਸਰ ਐਲਮੈਂਟਰੀ ਸ. ਮੇਵਾ ਸਿੰਘ ਸਿੱਧੂ, ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸ਼੍ਰੀ ਸਿਵਪਾਲ ਗੋਇਲ ਤੋਂ ਇਲਾਵਾ ਮਿਸ ਸ਼ਰੂਤੀ ਦੀਵਾਨ, ਸ਼੍ਰੀ ਬਲਤੇਜ ਸਿੰਘ, ਸ਼੍ਰੀ ਹਰਪਾਲ ਸਿੰਘ, ਡਾ. ਐਚ.ਸੀ.ਪਾਟਿਲ, ਡਾ. ਹਰਅੰਮ੍ਰਿਤਪਾਲ ਸਿੰਘ ਸਿੱਧੂ, ਡਾ. ਵਿਕਾਸ ਗੁਪਤਾ, ਸ਼੍ਰੀ ਅਮਨਜੀਤ ਸਿੰਘ, ਪ੍ਰੋ. ਗੁਰਸ਼ਰਨ ਕੌਰ ਆਦਿ ਹਾਜ਼ਰ ਸਨ।
ਬਠਿੰਡਾ ਸ਼ਹਿਰ ਸਮੇਤ 28 ਪਿੰਡਾਂ ਦੇ 5900 ਵਿਦਿਆਰਥੀਆਂ ਨੇ ਪੰਜਾਬੀ ਮਾਂ ਬੋਲੀ ਦੇ ਹੱਕ ਵਿੱਚ ਦਿੱਤਾ ਹੋਕਾ
ਦੋ ਰੋਜ਼ਾ ਸੁੰਦਰ ਲਿਖਾਈ ਦੀ ਵਰਕਸ਼ਾਪ ਵੀ ਹੋਈ ਮੁਕੰਮਲ
ਸੁਖਜਿੰਦਰ ਮਾਨ
ਬਠਿੰਡਾ, 14 ਫਰਵਰੀ : ਭਾਸ਼ਾ ਵਿਭਾਗ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਪੰਜਾਬੀ ਮਾਂ-ਬੋਲੀ ਦੀ ਪ੍ਰਫੁੱਲਤਾ ਲਈ ’ਮੈਂ ਪੰਜਾਬੀ, ਬੋਲੀ ਪੰਜਾਬੀ’ ਨਾਮ ਹੇਠ 1 ਫਰਵਰੀ ਤੋਂ 21 ਫ਼ਰਵਰੀ ਤੱਕ ਚਲਾਈ ਜਾ ਰਹੀ ਮੁਹਿੰਮ ਦੇ ਅੱਜ ਚੌਦਵੇਂ ਦਿਨ ਬਠਿੰਡਾ ਸ਼ਹਿਰ ਸਮੇਤ ਜ਼ਿਲ੍ਹੇ ਦੇ 28 ਪਿੰਡਾਂ ਦੇ ਕਰੀਬ 5900 ਵਿਦਿਆਰਥੀਆਂ ਨੇ ਜਾਗਰੂਕਤਾ ਰੈਲੀਆਂ ਕੱਢ ਕੇ ਪੰਜਾਬੀ ਮਾਂ ਬੋਲੀ ਦੇ ਹੱਕ ਵਿੱਚ ਹੋਕਾ ਦਿੱਤਾ।ਬਠਿੰਡਾ ਸ਼ਹਿਰ ਵਿੱਚ ਲਿਟਲ ਫਲਾਵਰ ਪਬਲਿਕ ਸਕੂਲ ਦੇ ਵਿਦਿਆਰਥੀਆਂ ਵੱਲੋਂ ਕੱਢੀ ਗਈ ਰੈਲੀ ਨੂੰ ਡਾ. ਵਿਤੁਲ ਗੁਪਤਾ ਸੋਸ਼ਲ ਐਕਟੀਵਿਸਟ ਅਤੇ ਜ਼ਿਲ੍ਹਾ ਭਾਸ਼ਾ ਅਫ਼ਸਰ ਕੀਰਤੀ ਕਿਰਪਾਲ ਨੇ ਹਰੀ ਝੰਡੀ ਵਿਖਾ ਕੇ ਰਵਾਨਾ ਕੀਤਾ। ਇਸ ਮੌਕੇ ਉਨ੍ਹਾਂ ਨਾਲ? ਸਕੂਲ ਦੇ ਚੇਅਰਮੈਨ ਸ. ਮਹਿੰਦਰ ਸਿੰਘ ਅਤੇ ਮੈਨੇਜਿੰਗ ਡਾਇਰੈਕਟਰ ਸ. ਅਵਤਾਰ ਸਿੰਘ ਮੌਜੂਦ ਰਹੇ।ਇਸ ਮੌਕੇ ਪੰਜਾਬੀ ਮਾਂ ਬੋਲੀ ਦੀ ਮਹੱਤਤਾ ਬਾਰੇ ਆਪਣੇ ਵਿਚਾਰ ਪੇਸ਼ ਕਰਦਿਆਂ ਡਾ. ਵਿਤੁਲ ਗੁਪਤਾ ਨੇ ਕਿਹਾ ਕਿ ਜੇ ਪੰਜਾਬ ਅਤੇ ਪੰਜਾਬੀਅਤ ਨੂੰ ਬਚਾਉਣਾ ਹੈ ਤਾਂ ਇਸ ਲਈ ਪੰਜਾਬੀ ਮਾਂ ਬੋਲੀ ਨਾਲ ਰਿਸ਼ਤਾ ਹੋਰ ਗੂੜ੍ਹਾ ਕਰਨਾ ਪਵੇਗਾ। ਜ਼ਿਲ੍ਹਾ ਭਾਸ਼ਾ ਅਫ਼ਸਰ ਕੀਰਤੀ ਕਿਰਪਾਲ ਨੇ ਬੋਲਦਿਆਂ ਕਿਹਾ ਕਿ ਮੁਹਿੰਮ ਦੀ ਸਫ਼ਲਤਾ ਦਾ ਅੰਦਾਜ਼ਾ ਇਸੇ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਪ੍ਰਾਈਵੇਟ ਵਿੱਦਿਅਕ ਸੰਸਥਾਵਾਂ ਆਪ-ਮੁਹਾਰੇ ਮਾਂ-ਬੋਲੀ ਦੀ ਪ੍ਰਫੁੱਲਤਾ ਦੇ ਇਸ ਕਾਰਜ ਨਾਲ ਜੁੜ ਰਹੀਆਂ ਹਨ । ਇਹ ਰੈਲੀ ਸਥਾਨਕ ਲਿਟਲ ਫਲਾਵਰ ਪਬਲਿਕ ਸਕੂਲ ਤੋਂ ਸ਼ੁਰੂ ਹੋ ਕੇ ਭੱਟੀ ਰੋਡ, ਬੱਲਾ ਰਾਮ ਨਗਰ, ਹਜੂਰਾ-ਕਪੂਰਾ ਕਲੋਨੀ ਤੋਂ ਹੁੰਦੀ ਹੋਈ ਵਾਪਿਸ ਸਕੂਲ ਵਿਖੇ ਪਹੁੰਚ ਕੇ ਸਮਾਪਤ ਹੋਈ। ਰੈਲੀ ਦੌਰਾਨ ਵਿਦਿਆਰਥੀਆਂ ਵੱਲੋਂ ਰਸਤੇ ਵਿੱਚ ਆਉਂਦੀਆਂ ਦੁਕਾਨਾਂ ਅਤੇ ਹੋਰ ਸੰਸਥਾਵਾਂ ਨੂੰ ਮਾਂ-ਬੋਲੀ ਦੀ ਮਹੱਤਤਾ ਬਾਬਤ ਜਾਗਰੂਕ ਕਰਦੇ ਹੋਏ, ਸ਼ਨਾਖਤੀ ਬੋਰਡਾਂ ਨੂੰ ਪਹਿਲਾਂ ਪੰਜਾਬੀ ਅਤੇ ਬਾਅਦ ਵਿੱਚ ਕਿਸੇ ਵੀ ਹੋਰ ਭਾਸ਼ਾ ’ਚ ਲਿਖਣ ਦੀ ਅਪੀਲ ਕੀਤੀ ਅਤੇ ਦੁਕਾਨਦਾਰਾਂ ਵੱਲੋਂ ਹਾਂ-ਪੱਖੀ ਹੁੰਗਾਰਾ ਮਿਲਿਆ। ਰੈਲੀ ਤੋਂ ਇਲਾਵਾ ਮੁਹਿੰਮ ਅਧੀਨ ਕੱਲ੍ਹ ਸ਼ੁਰੂ ਕੀਤੀ ਸੁੰਦਰ ਲਿਖਾਈ ਦੀ ਦੋ ਰੋਜ਼ਾ ਵਰਕਸ਼ਾਪ ਵੀ ਅੱਜ ਆਰ.ਬੀ.ਡੀ.ਏ.ਵੀ. ਸਕੂਲ ਵਿੱਚ ਮੁਕੰਮਲ ਹੋ ਗਈ। ਇਸ ਦੌਰਾਨ ਰਿਸੋਰਸ ਪਰਸਨ ਸ਼੍ਰੀ ਧਰਮਪਾਲ ਨੇ ਸਕੂਲ ਦੇ 90 ਵਿਦਿਆਰਥੀਆਂ ਨੂੰ ਗੁਰਮੁਖੀ ਲਿਪੀ ਦੀ ਸੁੰਦਰ ਅੱਖਰ ਬਣਤਰ ਦੇ ਗੁਰ ਦੱਸੇ।ਇਸ ਮੌਕੇ ਸਕੂਲ ਪ੍ਰਿੰਸੀਪਲ ਡਾ. ਅਨੁਰਾਧਾ ਭਾਟੀਆ, ਖੋਜ਼ ਅਫ਼ਸਰ ਨਵਪ੍ਰੀਤ ਸਿੰਘ ਅਤੇ ਪ੍ਰਿਤਪਾਲ ਸਿੰਘ ਸਮੇਤ ਸਕੂਲ ਦੇ ਹੋਰ ਸਟਾਫ਼ ਮੈਂਬਰ ਤੇ ਵਿਦਿਆਰਥੀ ਆਦਿ ਹਾਜ਼ਰ ਸਨ ।
ਮਹਾਰਾਜਾ ਰਣਜੀਤ ਸਿੰਘ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੀ ਕੈਂਪਸ ਪਲੇਸਮੈਂਟ ਰਾਹੀਂ ਪ੍ਰਸਿੱਧ ਕੰਪਨੀਆਂ ਵਿਚ ਚੋਣ
ਸੁਖਜਿੰਦਰ ਮਾਨ
ਬਠਿੰਡਾ, 14 ਫਰਵਰੀ: ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਬਠਿੰਡਾ ਦੇ ਬੀ.ਟੈਕ ਇਲੈਕਟਰੀਕਲ ਇੰਜੀਨੀਅਰਿੰਗ ਅਤੇ ਮਕੈਨੀਕਲ ਇੰਜੀਨੀਅਰਿੰਗ ਸ਼ਾਖਾਵਾਂ ਦੇ ਵਿਦਿਆਰਥੀਆਂ ਨੂੰ ਕੈਂਪਸ ਪਲੇਸਮੈਂਟ ਰਾਹੀਂ ਟਰਾਈਡੈਂਟ ਗਰੁੱਪ ਅਤੇ ਰਿਲਾਇੰਸ ਇੰਡਸਟਰੀਜ਼ ਲਿਮਟਿਡ ਵੱਲੋਂ ਸ਼ਾਨਦਾਰ ਆਕਰਸ਼ਕ ਪੈਕੇਜ ਉੱਪਰ ਚੁਣਿਆ ਗਿਆ ਹੈ। ਟਰਾਈਡੈਂਟ ਗਰੁੱਪ ਨੇ ਵਿਦਿਆਰਥੀਆਂ ਨੂੰ 15 ਲੱਖ ਪ੍ਰਤੀ ਸਾਲ ਦਾ ਰਿਕਾਰਡ ਉੱਚਤਮ ਪਲੇਸਮੈਂਟ ਪੈਕੇਜ ਪੇਸ਼ ਕੀਤਾ ਹੈ। ਚੁਣੇ ਗਏ ਉਮੀਦਵਾਰ ਅਸ਼ਵਿੰਦਰ ਬਿਰਦੀ, ਯਾਦਵਿੰਦਰ ਸਿੰਘ, ਲਵ ਗਰਗ, ਪਾਰਥ ਪਾਠਕ (ਸਾਰੇ ਬੀ.ਟੈਕ ਇਲੈਕਟਰੀਕਲ ਇੰਜੀਨੀਅਰਿੰਗ), ਸ਼ਿਵਮ ਕੁਮਾਰ ਅਤੇ ਅਮਿਤ ਕੁਮਾਰ (ਦੋਵੇਂ ਬੀ.ਟੈਕ ਮਕੈਨੀਕਲ) ਹਨ ਜੋ ਇਸ ਸਮੇਂ ਗਿਆਨੀ ਜ਼ੈਲ ਸਿੰਘ ਕੈਂਪਸ ਕਾਲਜ ਆਫ਼ ਇੰਜੀਨੀਅਰਿੰਗ ਅਤੇ ਟੈਕਨਾਲੋਜੀ, ਐਮਆਰਐਸ-ਪੀਟੀਯੂ, ਬਠਿੰਡਾ ਵਿੱਚ ਆਪਣੀ ਡਿਗਰੀ ਕਰ ਰਹੇ ਹਨ। ਐਮਆਰਐਸ-ਪੀਟੀਯੂ, ਵਾਈਸ ਚਾਂਸਲਰ, ਪ੍ਰੋ: ਬੂਟਾ ਸਿੰਘ ਸਿੱਧੂ, ਰਜਿਸਟਰਾਰ ਡਾ: ਗੁਰਿੰਦਰ ਪਾਲ ਸਿੰਘ ਬਰਾੜ, ਕੈਂਪਸ ਡਾਇਰੈਕਟਰ, ਡਾ. ਸੰਜੀਵ ਅਗਰਵਾਲ, ਪ੍ਰੋਫ਼ੈਸਰ ਇੰਚਾਰਜ, ਕਾਰਪੋਰੇਟ ਰਿਸੋਰਸ ਸੈਂਟਰ, ਡਾ. ਰਾਜੇਸ਼ ਗੁਪਤਾ ਅਤੇ ਡਾਇਰੈਕਟਰ-ਟਰੇਨਿੰਗ ਅਤੇ ਪਲੇਸਮੈਂਟ, ਹਰਜੋਤ ਸਿੰਘ ਸਿੱਧੂ ਨੇ ਨਾਮੀਂ ਕੰਪਨੀਆਂ ਵੱਲੋਂ ਵਿਦਿਆਰਥੀਆਂ ਦੀ ਕਾਬਲੀਅਤ ਦੇ ਆਧਾਰ ਤੇ ਚੋਣ ਕਰਨ ’ਤੇ ਖੁਸ਼ੀ ਅਤੇ ਸੰਤੁਸ਼ਟੀ ਦਾ ਪ੍ਰਗਟਾਵਾ ਕਰਦਿਆਂ ਚੁਣੇ ਗਏ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਸਫਲ ਕਰੀਅਰ ਲਈ ਸ਼ੁਭ ਕਾਮਨਾਵਾਂ ਦਿੱਤੀਆਂ। ਉਨ੍ਹਾਂ ਕਾਰਪੋਰੇਟ ਰਿਸੋਰਸ ਸੈਂਟਰ ਅਤੇ ਟਰੇਨਿੰਗ ਐਂਡ ਪਲੇਸਮੈਂਟ ਵਿਭਾਗ ਵੱਲੋਂ ਕੀਤੇ ਜਾ ਰਹੇ ਸਾਂਝੇ ਯਤਨਾਂ ਦੀ ਸ਼ਲਾਘਾ ਕੀਤੀ। ਪ੍ਰੋ.ਸਿੱਧੂ ਨੇ ਵਿਦਿਆਰਥੀਆਂ ਨੂੰ ਮੌਜੂਦਾ ਹਾਲਾਤ ਵਿੱਚ ਦਰਪੇਸ਼ ਨਵੇਂ ਰੁਝਾਨਾਂ ਅਤੇ ਤਕਨੀਕਾਂ ਬਾਰੇ ਸਿੱਖਦੇ ਰਹਿਣ ਲਈ ਪ੍ਰੇਰਿਤ ਕੀਤਾ। ਉਹਨਾਂ ਅੱਗੇ ਕਿਹਾ ਕਿ ਅਸੀਂ ਉਦਯੋਗ ਨਾਲ ਆਪਣੀ ਸ਼ਮੂਲੀਅਤ ਨੂੰ ਮਜ਼ਬੂਤ ਕਰ ਰਹੇ ਹਾਂ ਅਤੇ ਇਹ ਯਕੀਨੀ ਬਣਾ ਰਹੇ ਹਾਂ ਕਿ ਅਸੀਂ ਸਮਾਜਿਕ ਤੌਰ ’ਤੇ ਚੇਤੰਨ ਜ਼ਿੰਮੇਵਾਰ ਨੇਤਾਵਾਂ ਨੂੰ ਬਣਾਉਣਾ ਜਾਰੀ ਰੱਖੀਏ ਜੋ ਸਾਡੇ ਦੇਸ਼ ਨੂੰ ਵਿਸ਼ਵ ਭਰ ਵਿੱਚ ਚਮਕਾਉਣ ਵਿੱਚ ਮੱਦਦ ਕਰਨਗੇ । ਡਾ: ਰਾਜੇਸ਼ ਗੁਪਤਾ ਅਤੇ ਹਰਜੋਤ ਸਿੰਘ ਸਿੱਧੂ ਨੇ ਕਿਹਾ ਕਿ ਇੰਜੀਨੀਅਰਿੰਗ ਦੀਆਂ ਕੋਰ ਸ਼ਾਖਾਵਾਂ ਦੇ ਹੋਣਹਾਰ ਵਿਦਿਆਰਥੀਆਂ ਨੂੰ ਵੱਡੇ ਉਦਯੋਗਾਂ ਵੱਲੋਂ ਦਿਲਚਸਪੀ ਨਾਲ ਚੁਣਿਆ ਜਾ ਰਿਹਾ ਹੈ੍ਟ। ਉਹਨਾਂ ਕਿਹਾ ਕਿ ਸਾਡੇ ਵਿਦਿਆਰਥੀਆਂ ਨੇ ਸਭ ਤੋਂ ਵੱਧ ਪਲੇਸਮੈਂਟ ਪੈਕੇਜ ਦੇ ਪਿਛਲੇ ਰਿਕਾਰਡ ਨੂੰ ਪਿੱਛੇ ਛੱਡ ਦਿੱਤਾ ਹੈ। ਯੂਨੀਵਰਸਿਟੀ ਲਈ ਇਹ ਮਾਣ ਵਾਲੀ ਗੱਲ ਹੈ। ਰਿਲਾਇੰਸ ਇੰਡਸਟਰੀਜ਼ ਲਿਮਟਿਡ ਨੇ ਵੀ ਵਿਦਿਆਰਥੀਆਂ ਨੂੰ ਆਕਰਸ਼ਕ ਪੈਕੇਜ ਦੀ ਪੇਸ਼ਕਸ਼ ਕੀਤੀ ਹੈ।ਇਸ ਮੌਕੇ ਡਾ: ਜਸਵੀਰ ਟਿਵਾਣਾ (ਮੁਖੀ, ਮਕੈਨੀਕਲ ਇੰਜੀਨੀਅਰਿੰਗ), ਡਾ: ਗਗਨਦੀਪ ਕੌਰ (ਮੁਖੀ, ਇਲੈਕਟਰੀਕਲ ਇੰਜੀਨੀਅਰਿੰਗ), ਡਾ: ਹਰਅੰਮ੍ਰਿਤਪਾਲ ਸਿੰਘ ਅਤੇ ਇੰਜ. ਗਗਨਦੀਪ ਸੋਢੀ ਵੀ ਹਾਜ਼ਰ ਸਨ।
ਬਠਿੰਡਾ ਪੁਲਿਸ ਵਲੋਂ ਗੈਗਸਟਰਾਂ ਦੇ ਨਜਦੀਕੀਆਂ ਦੇ ਘਰਾਂ ’ਚ ਛਾਪੇਮਾਰੀ, ਇੱਕ ਦਰਜ਼ਨ ਸ਼ੱਕੀ ਹਿਰਾਸਤ ’ਚ ਲਏ
ਸੁਖਜਿੰਦਰ ਮਾਨ
ਬਠਿੰਡਾ, 14 ਫਰਵਰੀ : ਸੂਬੇ ’ਚ ਗੈਂਗਵਾਰ ਦੀਆਂ ਦਿਨੋ-ਦਿਨ ਵਧ ਰਹੀਆਂ ਵਾਰਦਾਤਾਂ ਨੂੰ ਨੱਥ ਪਾਉਣ ਲਈ ਅੱਜ ਪੰਜਾਬ ਪੁਲਿਸ ਵਲੋਂ ਸੂਬੇ ਭਰ ਵਿਚ ਚਲਾਈ ਗਈ ਵਿਸ਼ੇਸ ਮੁਹਿੰਮ ਤਹਿਤ ਬਠਿੰਡਾ ਪੁਲਿਸ ਵਲੋਂ ਵੀ ਪੰਜ ਦਰਜਨ ਥਾਵਾਂ ’ਤੇ ਟੀਮਾਂ ਬਣਾ ਕੇ ਛਾਂਪੇਮਾਰੀ ਕੀਤੀ ਗਈ। ਐਸਐਸਪੀ ਜੇ ਇਨਾਲਚੇਜ਼ੀਅਨ ਦੀ ਅਗਵਾਈ ਹੇਠ ਪੁਲਿਸ ਦੀਆਂ ਕਰੀਬ ਡੇਢ ਦਰਜ਼ਨ ਟੀਮਾਂ ਵਲੋਂ ਗੈਂਗਸਟਰਾਂ ਨਾਲ ਜੁੜੇ ਰਹੇ ਵਿਅਕਤੀਆਂ ਦੇ ਘਰਾਂ ਵਿਚ ਦਸਤਕ ਦਿੱਤੀ। ਇਸ ਦੌਰਾਨ ਇੱਕ ਦਰਜ਼ਨ ਤੋਂ ਵੱਧ ਸ਼ੱਕੀ ਨੌਜਵਾਨਾਂ ਨੂੰ ਹਿਰਾਸਤ ਵਿਚ ਵੀ ਲਿਆ ਗਿਆ। ਸੂਚਨਾ ਮੁਤਾਬਕ ਇਸ ਸਬੰਧ ਵਿਚ ਬਣਾਈਆਂ ਟੀਮਾਂ ਦੀ ਅਗਵਾਈ ਡੀਐਸਪੀ ਰੈਂਕ ਦੇ ਅਧਿਕਾਰੀਆਂ ਵਲੋਂ ਕੀਤੀ ਗਈ ਤੇ ਖ਼ੁਦ ਐਸ.ਐਸ.ਪੀ ਆਪ ਵੀ ਫ਼ੀਲਡ ਵਿਚ ਰਹੇ ਤੇ ਕਈ ਘਰਾਂ ਵਿਚ ਖ਼ੁਦ ਜਾਂਚ ਕੀਤੀ। ਐਸਐਸਪੀ ਨੇ ਦਸਿਆ ਕਿ ਇਸ ਮੁਹਿੰਮ ਦੌਰਾਨ ਮਸ਼ਹੂਰ ਗੈਂਗਸਟਰਾਂ ਨਾਲ ਸਬੰਧਤ ਵਿਅਕਤੀਆਂ ਦੇ ਘਰਾਂ ’ਚ ਇਹ ਤਲਾਸ਼ੀ ਮੁਹਿੰਮ ਚਲਾਈ ਗਈ ਹੈ ਤੇ ਇਸਦਾ ਮੰਤਵ ਅਜਿਹੇ ਮਾੜੇ ਅਨਸਰਾਂ ਨੂੰ ਨੱਥ ਪਾਉਣਾ ਹੈ, ਜੋ ਗੈਂਗਵਾਰ ਦੇ ਨਾਂ ’ਤੇ ਸੂਬੇ ਦਾ ਮਾਹੌਲ ਖ਼ਰਾਬ ਕਰ ਰਹੇ ਹਨ। ਉਨ੍ਹਾਂ ਦਸਿਆ ਕਿ ਇਸ ਦੌਰਾਨ ਸਰਚ ਆਪਰੇਸ਼ਨ ਵਿਚ ਸ਼ੱਕੀ ਵਿਅਕਤੀਆਂ ਦੇ ਘਰਾਂ ਦੀ ਤਲਾਸ਼ੀ ਵੀ ਲਈ ਗਈ। ਪਤਾ ਲੱਗਿਆ ਹੈ ਕਿ ਅੱਜ ਕੀਤੀ ਗਈ ਛਾਪੇਮਾਰੀ ਦੌਰਾਨ ਜਿਆਦਾਤਰ ਬੰਬੀਹਾ ਗਰੁੱਪ ਦੇ ਨਾਲ ਸਬੰਧਤ ਰਹੇ ਵਿਅਕਤੀਆਂ ਨੂੰ ਨਿਸ਼ਾਨੇ ’ਤੇ ਲਿਆ ਗਿਆ। ਐਸ.ਐਸ.ਪੀ ਨੇ ਮੰਨਿਆ ਕਿ ਇਹ ਚੈਕਿੰਗ ਆਉਣ ਵਾਲੇ ਸਮੇਂ ਵਿਚ ਵੀ ਕੀਤੀ ਜਾ ਸਕਦੀ ਹੈ।





