ਝੋਨੇ ਦੀ ਪਰਾਲੀ ਦੇ ਅਗਾਊਂ ਪ੍ਰਬੰਧਨ ਸਬੰਧੀ ਅਧਿਕਾਰੀਆਂ ਨਾਲ ਕੀਤੀ ਬੈਠਕ
ਸੁਖਜਿੰਦਰ ਮਾਨ
ਬਠਿੰਡਾ, 14 ਫਰਵਰੀ : ਡਿਪਟੀ ਕਮਿਸ਼ਨਰ ਸ੍ਰੀ ਸ਼ੌਕਤ ਅਹਿਮਦ ਪਰੇ ਦੀ ਅਗਵਾਈ ਹੇਠ ਸਾਉਣੀ 2023-24 ਦੌਰਾਨ ਝੋਨੇ ਦੀ ਪਰਾਲੀ ਦੇ ਪ੍ਰਬੰਧਨ ਸਬੰਧੀ ਅਗਾਊਂ ਲੋੜੀਂਦੇ ਐਕਸ਼ਨ ਪਲਾਨ ਤਿਆਰ ਕਰਨ ਬਾਰੇ ਅਧਿਕਾਰੀਆਂ ਨਾਲ ਇੱਕ ਵਿਸ਼ੇਸ਼ ਬੈਠਕ ਆਯੋਜਿਤ ਕੀਤੀ ਗਈ। ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀ ਸ਼ੌਕਤ ਅਹਿਮਦ ਪਰੇ ਵੱਲੋਂ ਸੂਬਾ ਸਰਕਾਰ ਦੁਆਰਾ ਦਿੱਤੇ ਗਏ ਸਾਉਣੀ 2023-24 ਦੇ ਐਕਸ਼ਨ ਪਲਾਨ ਅਨੁਸਾਰ ਵੱਖ-ਵੱਖ ਵਿਭਾਗਾਂ ਵੱਲੋਂ ਕੀਤੇ ਜਾਣ ਵਾਲੇ ਕੰਮਾਂ ਸਬੰਧੀ ਜਾਣਕਾਰੀ ਸਾਂਝੀ ਕੀਤੀ ਗਈ।ਇਸ ਦੌਰਾਨ ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ ਨੂੰ ਆਦੇਸ਼ ਦਿੰਦਿਆਂ ਕਿਹਾ ਕਿ ਝੋਨੇ ਦੀ ਪਰਾਲੀ ਦੇ ਬਦਲਵੇਂ ਹੱਲ ਲਈ ਜ਼ਿਲ੍ਹੇ ਵਿੱਚ ਗੱਤਾ ਫੈਕਟਰੀ ਅਤੇ ਪਾਇਲਟ ਪਲਾਂਟ ਸਥਾਪਿਤ ਕਰਨ ਲਈ ਜ਼ਿਲ੍ਹੇ ਵਿੱਚ ਮੌਜੂਦਾ ਉਦਯੋਗਿਕ ਸੰਸਥਾਵਾਂ ਦੇ ਮੁਖੀਆਂ ਨੂੰ ਉਤਸ਼ਾਹਿਤ ਕਰਨ ਲਈ ਉਪਰਾਲੇ ਕੀਤੇ ਜਾਣ। ਉਨ੍ਹਾਂ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨੂੰ ਖਾਸ਼ ਹਦਾਇਤ ਕੀਤੀ ਕਿ ਹੁਣੇ ਤੋਂ ਹੀ ਪਿੰਡ ਪੱਧਰ ਤੇ ਕੈਂਪ ਲਗਾ ਕੇ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਉਣ ਸਬੰਧੀ ਜਾਗਰੂਕ ਕੀਤਾ ਜਾਵੇ। ਉਨ੍ਹਾਂ ਵੱਲੋਂ ਕਿਸਾਨ ਭਰਾਵਾਂ ਨੂੰ ਵੀ ਅਪੀਲ ਕੀਤੀ ਗਈ ਕਿ ਇਸ ਸਾਲ ਝੋਨੇ ਦੀ ਪਰਾਲੀ ਨੂੰ ਇਕੱਠਾ ਕਰਨ ਲਈ ਐਕਸਸੀਟੂ ਤਕਨੀਕ ਅਪਨਾਉਣ। ਇਸ ਮੌਕੇ ਐਸ.ਡੀ.ਓ (ਪ੍ਰਦੂਸ਼ਣ ਕੰਟਰੋਲ ਬੋਰਡ) ਵੱਲੋਂ ਦੱਸਿਆ ਕਿ ਇਸ ਸਾਲ ਬੀ.ਸੀ.ਐਲ. ਮਛਾਣਾ ਵੱਲੋਂ 1 ਲੱਖ ਮੀਟਰਕ ਟਨ ਝੋਨੇ ਦੀ ਪਰਾਲੀ ਖਰੀਦ ਕਰਨ ਦਾ ਅਨੁਮਾਨ ਹੈ। ਇਸ ਤੋਂ ਇਲਾਵਾ ਐਚ.ਪੀ.ਸੀ.ਐਲ. ਕੈਲੇਬਾਂਦਰ ਵੱਲੋਂ ਵੀ 2 ਲੱਖ ਮੀਟਰਕ ਟਨ ਪਰਾਲੀ ਇਕੱਠੀ ਕਰਨ ਦੀ ਸੰਭਾਵਨਾ ਹੈ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਜਨਰਲ ਮੈਡਮ ਪੱਲਵੀ ਚੌਧਰੀ, ਐਸ.ਪੀ. (ਐਚ) ਸ੍ਰੀ ਗੁਰਬਿੰਦਰ ਸਿੰਘ ਸੰਘਾ, ਉਪ ਮੰਡਲ ਮੈਜਿਸਟਰੇਟ ਮੌੜ ਸ੍ਰੀ ਵਰਿੰਦਰ ਸਿੰਘ, ਉਪ ਮੰਡਲ ਮੈਜਿਸਟਰੇਟ ਰਾਮਪੁਰਾ ਸ੍ਰੀ ਓਮ ਪ੍ਰਕਾਸ, ਉਪ ਮੰਡਲ ਮੈਜਿਸਟਰੇਟ ਤਲਵੰਡੀ ਸਾਬੋ ਸ੍ਰੀ ਗਗਨਦੀਪ ਸਿੰਘ, ਕਨਵੀਨਰ ਮੁੱਖ ਖੇਤੀਬਾੜੀ ਅਫਸਰ, ਡੀ.ਆਰ (ਕੋ.ਸੋ.),ਜ਼ਿਲ੍ਹਾ ਉਦਯੋਗ ਕੇਂਦਰ, ਪਾਵਰਕਾਮ, ਸਿੱਖਿਆ ਵਿਭਾਗ, ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ, ਪਸ਼ੂ ਪਾਲਣ ਤੇ ਪੇਡਾ ਆਦਿ ਵਿਭਾਗਾਂ ਦੇ ਅਧਿਕਾਰੀ ਤੇ ਉਨ੍ਹਾਂ ਦੇ ਨੁਮਾਇੰਦੇ ਹਾਜ਼ਰ ਸਨ।
ਪਿੰਡ ਪੱਧਰ ਤੇ ਕੈਂਪ ਲਗਾ ਕੇ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਉਣ ਸਬੰਧੀ ਕੀਤਾ ਜਾਵੇ ਜਾਗਰੂਕ : ਸ਼ੌਕਤ ਅਹਿਮਦ ਪਰੇ
ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਹੋਈ ਦੋਫ਼ਾੜ, ਬੂਟਾ ਬੁਰਜਗਿੱਲ ਤੇ ਸਾਥੀ ਜਥੇਬੰਦੀ ਵਿਚੋਂ ਬਰਖਾਸਤ
ਮਨਜੀਤ ਧਨੇਰ ਕਾਰਜਕਾਰੀ ਪ੍ਰਧਾਨ ਅਤੇ ਹਰਨੇਕ ਸਿੰਘ ਮਹਿਮਾ ਬਣੇ ਕਾਰਜਕਾਰੀ ਜਨਰਲ ਸਕੱਤਰ
ਬਠਿੰਡਾ ਦੇ ਗੁਰਦੂਆਰਾ ਹਾਜ਼ੀਰਤਨ ਵਿਖੇ ਬੁਲਾਈ ਜਨਰਲ ਕੋਂਸਲ ਦੀ ਮੀਟਿੰਗ ਵਿਚ ਲਿਆ ਫੈਸਲਾ
ਸੁਖਜਿੰਦਰ ਮਾਨ
ਬਠਿੰਡਾ, 14 ਫਰਵਰੀ : ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਅੱਜ ਪੂਰੀ ਤਰ੍ਹਾਂ ਦੋਫ਼ਾੜ ਹੋ ਗਈ। ਜਥੇਬੰਦੀ ਵਿਚੋਂ ਪਿਛਲੇ ਦਿਨੀਂ ਕੱਢੇ ਗਏ ਆਗੂਆਂ ਵਲੋਂ ਸਥਾਨਕ ਗੁਰਦੁਆਰਾ ਸਾਹਿਬ ਹਾਜੀ ਰਤਨ ਵਿਖੇ ਬੁਲਾਈ ਸੂਬਾ ਪੱਧਰੀ ਜਨਰਲ ਕੌਂਸਲ ਦੀ ਮੀਟਿੰਗ ਵਿਚ ਜਥੇਬੰਦੀ ਦੇ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜਗਿੱਲ, ਜਨਰਲ ਸਕੱਤਰ ਜਗਮੋਹਨ ਸਿੰੰਘ ਪਟਿਆਲਾ ਅਤੇ ਗੁਰਮੀਤ ਸਿੰਘ ਭੱਟੀਵਾਲਾ ਨੂੰ ਬਰਖ਼ਾਸਤ ਕਰਦਿਆਂ ਨਵੇਂ ਅਹੁੱਦੇਦਾਰ ਚੁਣਨ ਦਾ ਫੈਸਲਾ ਲਿਆ। ਨਵੀਂ ਚੁਣੀ ਗਈ ਸੱਤ ਮੈਂਬਰੀ ਕਾਰਜ਼ਕਾਰੀ ਵਿਚ ਮਨਜੀਤ ਸਿੰਘ ਧੰਨੇਰ ਨੂੰ ਪ੍ਰਧਾਨ, ਹਰਨੇਕ ਸਿੰਘ ਮਹਿਮਾ ਨੂੰ ਜਨਰਲ ਸਕੱਤਰ, ਗੁਰਦੀਪ ਸਿੰਘ ਰਾਮਪੁਰਾ ਨੂੰ ਸੀਨੀਅਰ ਮੀਤ ਪ੍ਰਧਾਨ, ਬਲਵੰਤ ਸਿੰਘ ਉੱਪਲੀ ਨੂੰ ਖ਼ਜਾਨਚੀ, ਹਰੀਸ਼ ਨੱਢਾ ਨੂੰ ਮੀਤ ਪ੍ਰਧਾਨ , ਅੰਗਰੇਜ਼ ਸਿੰਘ ਪ੍ਰੈਸ ਸਕੱਤਰ ਅਤੇ ਕੁਲਵੰਤ ਸਿੰਘ ਕਿਸ਼ਨਗੜ੍ਹ ਸੂਬਾ ਕਮੇਟੀ ਮੈਂਬਰ ਵਜੋਂ ਸਰਬਸੰਮਤੀ ਨਾਲ ਚੋਣ ਕੀਤੀ ਗਈ। ਜਨਰਲ ਕੌਂਸਲ ਦੀ ਸ਼ੁਰੂਆਤ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਬਾਨੀ ਪ੍ਰਧਾਨ ਬਲਕਾਰ ਸਿੰਘ ਡਕੌਂਦਾ,ਕਿਸਾਨ ਲਹਿਰ ਦੇ ਅਤੇ ਦਿੱਲੀ ਕਿਸਾਨ ਮੋਰਚੇ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕਰਨ ਨਾਲ ਹੋਈ। ਨਵੇਂ ਚੁਣੇ ਪ੍ਰਧਾਨ ਮਨਜੀਤ ਸਿੰਘ ਧੰਨੇਰ ਨੇ ਦਾਅਵਾ ਕੀਤਾ ਕਿ ਅੱਜ ਦੀ ਜਨਰਲ ਕੌਂਸਲ ਵਿੱਚ 14 ਜ਼ਿਲ੍ਹਿਆਂ ਵਿੱਚੋਂ ਕਰੀਬ 500 ਜਨਰਲ ਕੌਂਸਲ ਮੈਂਬਰਾਂ ਅਤੇ ਹਜ਼ਾਰਾਂ ਦੀ ਗਿਣਤੀ ਵਿੱਚ ਦਰਸ਼ਕਾਂ ਨੇ ਪੂਰੇ ਉਤਸ਼ਾਹ ਨਾਲ ਭਾਗ ਲਿਆ ਅਤੇ ਗੰਭੀਰ ਬਹਿਸ ਵਿਚਾਰ ਕੀਤੀ। ਮੀਟਿੰਗ ਦੌਰਾਨ ਧੰਨੇਰ ਸਹਿਤ ਹੋਰਨਾਂ ਆਗੂਆਂ ਨੂੰ ਜਥੇਬੰਦੀ ਵਿੱਚੋਂ ਖਾਰਜ ਕਰਨ ਦੇ ਫੈਸਲੇ ਨੂੰ ਰੱਦ ਕਰਦਿਆਂ ਇਨ੍ਹਾਂ ਆਗੂਆਂ ਨੂੰ ਬਹਾਲ ਕਰਨ ਦਾ ਮਤਾ ਪਾਸ ਕੀਤਾ ਗਿਆ। ਮੀਟਿੰਗ ਵਿਚ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜਗਿੱਲ ਸਹਿਤ ਉਸਦੇ ਸਾਥੀਆਂ ਉਪਰ ਦਿੱਲੀ ਕਿਸਾਨ ਮੋਰਚੇ ਦੌਰਾਨ ਏਜੰਸੀਆਂ ਅਤੇ ਸਰਕਾਰ ਨਾਲ ਸਾਂਝ ਭਿਆਲੀ ਵਾਲੇ ਅਮਲ ਸਬੰਧੀ ਦੋਸ਼ ਲਗਾਉਂਦਿਆਂ ਅੱਜ ਦੀ ਜਨਰਲ ਕੌਂਸਲ ਮੀਟਿੰਗ ਬੁਲਾਉਣ ਦਾ ਤਰਕ ਦਿੱਤਾ। ਇਸ ਦੌਰਾਨ ਹਰਨੇਕ ਸਿੰਘ ਮਹਿਮਾ ਵੱਲੋਂ ਸਟੇਜ ਦੀ ਕਾਰਵਾਈ ਚਲਾਉਂਦਿਆਂ ਮਤੇ ਪੇਸ਼ ਕੀਤੇ ਗਏ, ਜਿਸ ਵਿਚ ਕੇਂਦਰ ਸਰਕਾਰ ਵੱਲੋਂ ਐਸਕੇਐਮ ਨਾਲ ਕੀਤੇ ਲਿਖਤੀ ਵਾਅਦੇ ਵਿੱਚ ਦਰਜ ਮੰਗਾਂ ਊਠ ਪੂਰੀਆਂ ਕਰਨ ਲਈ ਚੱਲ ਰਹੇ ਸੰਘਰਸ਼ ਦਾ ਸਰਗਰਮ ਹਿੱਸਾ ਬਣੇ ਰਹਿਣ,ਬਜਟ ਸੈਸ਼ਨ ਦੌਰਾਨ 20 ਮਾਰਚ ਨੂੰ ਪਾਰਲੀਮੈਂਟ ਵੱਲ ਕੀਤੇ ਜਾਣ ਵਾਲੇ ਮਾਰਚ ਵਿੱਚ ਵੱਡੀ ਸ਼ਮੂਲੀਅਤ ਕਰਨ, ਕਿਸਾਨਾਂ ਸਿਰ ਚੜ੍ਹੇ ਕਰਜ਼ੇ ਉੱਪਰ ਲੀਕ ਫੇਰਨ, ਲਖੀਮਪੁਰ ਕਾਂਡ ਦੇ ਦੋਸ਼ੀਆਂ ਨੂੰ ਦੋਸ਼ੀਆਂ ਨੂੰ ਸਜ਼ਾਵਾਂ ਦੇਣ, ਖੇਤੀ ਬਾੜੀ ਅਤੇ ਵਾਤਾਵਰਨ ਦੀ ਰਾਖੀ ਲਈ ਨਵੀਂ ਲੋਕ/ਸਮਾਜ ਪੱਖੀ ਨੀਤੀ ਲੈਕੇ ਆਉਣ, ਖੇਤੀ, ਵਿੱਦਿਆ, ਸਿਹਤ ਸਹੂਲਤਾਂ ਲਈ ਬਜਟ ਵਧਾਉਣ, ਪੰਜਾਬ ਸਮੇਤ ਸਾਰੇ ਰਾਜਾਂ ਦੇ ਅਧਿਕਾਰਾਂ ਵਿੱਚ ਕੇਂਦਰ ਵੱਲੋਂ ਦਖਲਅੰਦਾਜ਼ੀ ਬੰਦ ਕਰਨ, ਪੰਜਾਬ ਦੇ ਦਰਿਆਈ ਪਾਣੀਆਂ ਉੱਪਰ ਡਾਕਾ ਮਾਰਨਾ ਬੰਦ ਕਰਨ, ਮੁਲਕ ਭਰ ਵਿੱਚ ਸਜ਼ਾ ਪੂਰੀ ਕਰ ਚੁੱਕੇ ਸਿੱਖ ਬੰਦੀਆਂ,ਵੱਖ-ਵੱਖ ਧਾਰਮਿਕ ਘੱਟ ਗਿਣਤੀਆਂ, ਦਲਿਤਾਂ, ਆਦਿ ਵਾਸੀਆਂ ਅਤੇ ਆਮ ਕੈਦੀਆਂ ਨੂੰ ਰਿਹਾਅ ਕਰਨ,ਯੂਏਪੀਏ ਅਧੀਨ ਨਜ਼ਰਬੰਦ ਬੁੱਧੀਜੀਵੀਆਂ, ਲੇਖਕਾਂ, ਪੱਤਰਕਾਰਾਂ, ਵਿਦਿਆਰਥੀਆਂ, ਸਮਾਜਿਕ ਕਾਰਕੁੰਨਾਂ ਨੂੰ ਰਿਹਾਅ ਕਰਨ, ਮੈਡੀਕਲ ਪ੍ਰੈਕਟੀਸ਼ਨਰਜ਼, ਮਜ਼ਦੂਰਾਂ, ਮੁਲਾਜ਼ਮਾਂ, ਬੇਰੁਜ਼ਗਾਰਾਂ ਦੇ ਸੰਘਰਸ਼,ਲਤੀਫਪੁਰਾ ਉਜਾੜਾ ਅਤੇ ਜੀਰਾ ਸ਼ਰਾਬ ਫੈਕਟਰੀ ਖਿਲਾਫ਼ ਚੱਲ ਰਹੇ ਸੰਘਰਸ਼, ਪੱਖੋਂ ਕੈਂਚੀਆਂ ਟੋਲ ਪਲਾਜ਼ਾ ਬੰਦ ਕਰਨ, ਲੋਕਾਂ ਦੀ ਜ਼ਿੰਦਗੀ ਨਾਲ ਖਿਲਵਾੜ ਕਰਨ ਵਾਲੇ ਕਾਰਪੋਰੇਟ ਘਰਾਣਿਆਂ ਖਾਸ ਕਰਕੇ ਅਡਾਨੀ ਵਰਗਿਆਂ ਦੀ ਜ਼ਮੀਨ ਜਾਇਦਾਦ ਜ਼ਬਤ ਕਰਨ, ਸਿੱਖ ਬੰਦੀਆਂ ਦੀ ਰਿਹਾਈ ਲਈ ਮੋਹਾਲੀ ਮੋਰਚੇ ਵਿੱਚ 20 ਫਰਬਰੀ ਅਤੇ ਦਿੱਲੀ ਵਿਖੇ 20 ਮਾਰਚ ਹੋਣ ਵਾਲੇ ਮਾਰਚ ਵਿੱਚ ਭਰਵੀਂ ਸ਼ਮੂਲੀਅਤ ਕਰਨ ਦਾ ਐਲਾਨ ਕਰਨ ਦਾ ਫੈਸਲਾ ਵੀ ਲਿਆ ਗਿਆ।
ਕਿਸਾਨ ਜਥੇਬੰਦੀ ਨੇ ਪ੍ਰਾਈਵੇਟ ਸੋਲਰ ਕੰਪਨੀ ਵਿਰੁਧ ਖੋਲਿਆ ਮੋਰਚਾ, 21 ਨੂੰ ਧਰਨਾ ਦੇਣ ਦਾ ਐਲਾਨ
ਧਰਨੇ ਦੀਆਂ ਤਿਆਰੀਆਂ ਸਬੰਧੀ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੀ ਹੋਈ ਅਹਿਮ ਮੀਟਿੰਗ
ਸੁਖਜਿੰਦਰ ਮਾਨ
ਬਠਿੰਡਾ, 14 ਫ਼ਰਵਰੀ : ਪਿਛਲੇ ਕੁਝ ਸਮੇਂ ਤੋਂ ਕਿਸਾਨਾਂ ਦੇ ਰੋਹ ਦਾ ਸਿਕਾਰ ਹੁੰਦੀ ਆ ਰਹੀ ਬਠਿੰਡਾ ਸਥਿਤ ਪ੍ਰਾਈਵੇਟ ਸੋਲਰ ਕੰਪਨੀ ਅਦੇਸ ਸੋਲਰ ਵਿਰੁਧ ਹੁਣ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਨੇ ਮੋਰਚਾ ਖੋਲਣ ਦਾ ਐਲਾਨ ਕੀਤਾ ਹੈ। ਅੱਜ ਇਸ ਸਬੰਧ ਵਿਚ ਜਥੇਬੰਦੀ ਦੀ ਹੋਈ ਮੀਟਿੰਗ ਵਿਚ 21 ਫ਼ਰਰਵੀ ਨੂੰ ਉਕਤ ਕੰਪਨੀ ਦੇ ਦਫ਼ਤਰ ਅੱਗੇ ਧਰਨਾ ਦੇਣ ਦਾ ਫੈਸਲਾ ਕੀਤਾ ਗਿਆ। ਮੀਟਿੰਗ ਦੀ ਜਾਣਕਾਰੀ ਦਿੰਦਿਆਂ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਬਲਦੇਵ ਸਿੰਘ ਸਦੋਹਾ ਅਤੇ ਜਨਰਲ ਰੇਸ਼ਮ ਸਿੰਘ ਯਾਤਰੀ ਨੇ ਦੱਸਿਆ ਕਿ ਉਕਤ ਕੰਪਨੀ ਵਲੋਂ ਡਰਾਅ ਦੇ ਨਾਂ ’ਤੇ ਕਿਸਾਨਾਂ ਤੋ 3100-3100 ਰੁਪਏ ਇਕੱਠੇ ਕੀਤੇ ਗਏ ਪ੍ਰੰਤੂ ਡਰਾਅ ਲਈ ਰੱਖੀ ਗਈ ਤਰੀਕ ਤੋ ਪਹਿਲਾਂ ਹੀ ਡਰਾਅ ਕੱਢ ਦਿੱਤਾ ਗਿਆ, ਜਿਸ ਵਿੱਚ ਵੱਡੇ ਵੱਡੇ ਇਨਾਮ ਆਪਣੇ ਚਹੇਤਿਆਂ ਨੂੰ ਦਿੱਤੇ ਗਏ ਪ੍ਰੰਤੂ ਕਿਸਾਨਾਂ ਨੂੰ ਇਸਦਾ ਪਤਾ ਲੱਗਣ ਨਹੀਂ ਦਿੱਤਾ ਗਿਆ। ਪ੍ਰੰਤੂੁ ਬਾਅਦ ਵਿਚ ਪੈਸੇ ਵਾਪਸ ਕਰਨ ਦਾ ਭਰੋਸਾ ਦਿੱਤਾ ਗਿਆ ਪਰ ਹਾਲੇ ਤੱਕ ਕਿਸਾਨਾਂ ਤੋਂ ਡਰਾਅ ਦੇ ਲਏ ਗਏ ਪੈਸੇ ਵੀ ਵਾਪਸ ਨਹੀਂ ਕੀਤੇ ਗਏ। ਕਿਸਾਨ ਆਗੂਆਂ ਨੇ ਦੋਸ਼ ਲਗਾਇਆ ਕਿ ਉਕਤ ਕੰਪਨੀ ਵਲੋਂ ਵੱਧ ਹਾਰਸ ਦੇ ਪੈਸੇ ਭਰਵਾ ਕੇ ਘਟ ਹਾਰਸ ਪਾਵਰ ਦਾ ਸਮਾਨ ਕਿਸਾਨਾਂ ਨੂੰ ਦਿੱਤਾ ਜਾਂਦਾ ਹੈ। ਜਿਸਦੇ ਚੱਲਦੇ ਉਕਤ ਕੰਪਨੀ ਵਿਰੁਧ ਧਰਨਾ ਦੇਣ ਦਾ ਫੈਸਲਾ ਕੀਤਾ ਗਿਆ ਹੈ।
ਜੇਕਰ ਪੰਜਾਬ ਤੋਂ ਅਨਾਜ ਲਿਜਾਣ ਲਈ ਵਿਸ਼ੇਸ਼ ਰੇਲਾਂ ਚਲਾਈਆਂ ਜਾ ਸਕਦੀਆਂ ਤਾਂ ਫੇਰ ਪੰਜਾਬ ਨੂੰ ਕੋਲਾ ਭੇਜਣ ਲਈ ਕਿਉਂ ਨਹੀਂ-ਮੁੱਖ ਮੰਤਰੀ ਨੇ ਭਾਰਤ ਸਰਕਾਰ ਨੂੰ ਕੀਤਾ ਸਵਾਲ
ਸਿਰਫ਼ ਅਦਾਨੀ ਦੀਆਂ ਜੇਬਾਂ ਭਰਨ ਲਈ ਕੋਲੇ ਦਾ ਖਰਚਾ ਪੰਜਾਬ ਸਿਰ ਮੜਿਆ ਜਾ ਰਿਹਾ
ਬੀ.ਬੀ.ਐਮ.ਬੀ. ਦੇ ਮੈਂਬਰ ਦੀ ਨਾਮਜ਼ਦਗੀ ਵਿੱਚ ਪੰਜਾਬ ਦੇ ਹਿੱਤ ਸੁਰੱਖਿਅਤ ਰੱਖਣ ਦਾ ਅਹਿਦ
ਪੰਜਾਬੀ ਖ਼ਬਰਸਾਰ ਬਿਉਰੋ
ਪਟਿਆਲਾ, 13 ਫਰਵਰੀ: ਸੂਬੇ ਨਾਲ ਮਤਰੇਈ ਮਾਂ ਵਾਲਾ ਸਲੂਕ ਅਪਣਾਉਣ ਲਈ ਕੇਂਦਰ ਸਰਕਾਰ ਉਤੇ ਤਿੱਖਾ ਹਮਲਾ ਬੋਲਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੇਂਦਰ ਨੂੰ ਸਵਾਲ ਕੀਤਾ ਕਿ ਜੇਕਰ ਪੰਜਾਬ ਤੋਂ ਦੂਜੇ ਸੂਬਿਆਂ ਨੂੰ ਅਨਾਜ ਦੀ ਢੋਆ-ਢੁਆਈ ਲਈ ਵਿਸ਼ੇਸ਼ ਰੇਲ ਗੱਡੀਆਂ ਚਲਾਈਆਂ ਜਾ ਸਕਦੀਆਂ ਹਨ ਤਾਂ ਫੇਰ ਪੰਜਾਬ ਵਿੱਚ ਕੋਲਾ ਲਿਆਉਣ ਲਈ ਰੇਲ ਗੱਡੀਆਂ ਕਿਉਂ ਨਹੀਂ ਚਲਾਈਆਂ ਜਾ ਸਕਦੀਆਂ। ਅੱਜ ਇੱਥੇ ਪੀ.ਐਸ.ਈ.ਬੀ. ਇੰਜੀਨੀਅਰਜ਼ ਐਸੋਸੀਏਸ਼ਨ ਦੀ ਜਨਰਲ ਬਾਡੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਹ ਕਿੰਨੀ ਅਜੀਬੋ-ਗਰੀਬ ਗੱਲ ਹੈ ਕਿ ਸੂਬੇ ਨੂੰ ਅਲਾਟ ਹੋਈ ਕੋਲੇ ਦੀ ਖਾਣ ਤੋਂ ਕੋਲਾ ਪਹਿਲਾਂ ਬੰਦਰਗਾਹਾਂ ਨੂੰ ਲਿਜਾਣਾ ਪਵੇਗਾ ਅਤੇ ਉਸ ਤੋਂ ਬਾਅਦ ਸੁਮੰਦਰੀ ਰਸਤੇ ਰਾਹੀਂ ਪੂਰੇ ਮੁਲਕ ਦੇ ਉਪਰੋਂ ਦੀ ਘੁੰਮ ਕੇ ਆਏਗਾ ਜਿਸ ਤੋਂ ਬਾਅਦ ਬੰਦਰਗਾਹ ਤੋਂ ਰੇਲ ਗੱਡੀਆਂ ਰਾਹੀਂ ਸੂਬੇ ਵਿਚ ਪਹੁੰਚੇਗਾ। ਭਗਵੰਤ ਮਾਨ ਨੇ ਕਿਹਾ ਕਿ ਇਹ ਕਦਮ ਪੂਰੀ ਤਰ੍ਹਾਂ ਅਣਉਚਿਤ ਹੈ ਕਿਉਂਕਿ ਸੂਬੇ ਨੂੰ ਰੇਲ ਸੇਵਾ ਰਾਹੀਂ ਕੋਲ ਦੀ ਸਿੱਧੀ ਸਪਲਾਈ ਕੀਤੀ ਜਾ ਸਕਦੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਇਹ ਨੁਕਸਦਾਰ ਪ੍ਰਕਿਰਿਆ ਆਪਣੇ ਮਿੱਤਰਾਂ ਨੂੰ ਆਰਥਿਕ ਫਾਇਦਾ ਦੇਣ ਲਈ ਉਲੀਕੀ ਹੈ। ਉਨ੍ਹਾਂ ਕਿਹਾ ਕਿ ਅਦਾਨੀਆਂ ਦੀਆਂ ਜੇਬਾਂ ਭਰਨ ਲਈ ਖਰਚਾ ਪੰਜਾਬ ਦੇ ਸਿਰ ਮੜਿਆ ਜਾ ਰਿਹਾ ਹੈ। ਭਗਵੰਤ ਮਾਨ ਨੇ ਕਿਹਾ ਕਿ ਕੇਂਦਰ ਦਾ ਇਹ ਕਦਮ ਪੂਰੀ ਤਰ੍ਹਾਂ ਅਣਉਚਿਤ ਅਤੇ ਨਾ-ਸਹਿਣਯੋਗ ਹੈ ਕਿਉਂ ਜੋ ਇਸ ਨਾਲ ਕੋਲੇ ਦੀਆਂ ਢੋਆ-ਢੁਆਈ ਦਾ ਖਰਚਾ ਸੂਬੇ ਨੂੰ ਸਹਿਣ ਕਰਨਾ ਪਵੇਗਾ। ਮੁੱਖ ਮੰਤਰੀ ਨੇ ਕਿਹਾ ਕਿ ਇਹ ਕਿੰਨੀ ਹੈਰਾਨੀ ਦੀ ਗੱਲ ਹੈ ਕਿ ਸਰਕਾਰ ਦਾ ਫਰਜ਼ ਲੋਕਾਂ ਦੀ ਭਲਾਈ ਕਰਨਾ ਹੁੰਦਾ ਹੈ ਪਰ ਇਸ ਵੱਲੋਂ ਮਿੱਤਰਾਂ ਨੂੰ ਫਾਇਦਾ ਪਹੁੰਚਾਉਣ ਲਈ ਅਜਿਹੀਆਂ ਨੀਤੀਆਂ ਘੜੀਆਂ ਜਾ ਰਹੀਆਂ ਹੈ। ਉਨ੍ਹਾਂ ਕਿਹਾ ਕਿ ਇਹ ਜਮਹੂਰੀਅਤ ਦੇ ਸੰਕਲਪ ਦੇ ਵਿਰੁੱਧ ਹੈ ਕਿਉਂ ਜੋ ਲੋਕਤੰਤਰ ਤਹਿਤ ਲੋਕਾਂ ਦੀ ਭਲਾਈ ਕਰਨਾ ਸਭ ਤੋਂ ਜ਼ਰੂਰੀ ਹੁੰਦਾ ਹੈ। ਭਗਵੰਤ ਮਾਨ ਨੇ ਕਿਹਾ ਕਿ ਲੋਕਾਂ ਦੇ ਹਿੱਤ ਮਹਿਫੂਜ਼ ਰੱਖਣ ਲਈ ਅਜਿਹੇ ਕਦਮਾਂ ਦੀ ਜ਼ੋਰਦਾਰ ਮੁਖਾਲਫ਼ਤ ਕੀਤੀ ਜਾਵੇਗੀ। ਮੁੱਖ ਮੰਤਰੀ ਨੇ ਸਪੱਸ਼ਟ ਸ਼ਬਦਾਂ ਵਿਚ ਕਿਹਾ ਕਿ ਭਾਖੜਾ ਬਿਆਸ ਪ੍ਰਬੰਧਕੀ ਬੋਰਡ (ਬੀ.ਬੀ.ਐਮ.ਬੀ.) ਦੇ ਮੈਂਬਰ ਦੀ ਨਾਮਜ਼ਦਗੀ ਵਿੱਚ ਪੰਜਾਬ ਦੇ ਹਿੱਤਾਂ ਦੀ ਰਾਖੀ ਕੀਤੀ ਜਾਵੇਗੀ। ਭਗਵੰਤ ਮਾਨ ਨੇ ਕਿਹਾ ਕਿ ਉਹ ਇਸ ਮੁੱਦੇ ਨੂੰ ਭਾਰਤ ਸਰਕਾਰ ਕੋਲ ਉਠਾ ਚੁੱਕੇ ਹਨ ਅਤੇ ਇਸ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦਾ ਫਰਜ਼ ਬਣਦਾ ਹੈ ਕਿ ਸੂਬੇ ਨਾਲ ਕਿਸੇ ਵੀ ਤਰ੍ਹਾਂ ਦੀ ਬੇਇਨਸਾਫ਼ੀ ਨਾ ਹੋਵੇ।
ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਵਿੱਚ ਬਿਜਲੀ ਦੇ ਲੰਮੇ ਕੱਟਾਂ ਦੇ ਦਿਨ ਖਤਮ ਹੋ ਗਏ ਹਨ ਕਿਉਂਕਿ ਪੰਜਾਬ ਵਾਧੂ ਬਿਜਲੀ ਵਾਲਾ ਸੂਬਾ ਬਣ ਰਿਹਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਦੇ ਯਤਨਾਂ ਸਦਕਾ ਸੂਬੇ ਵਿੱਚ ਬਿਜਲੀ ਉਤਪਾਦਨ ਵਿੱਚ 83 ਫੀਸਦੀ ਦਾ ਵਾਧਾ ਹੋਇਆ ਹੈ। ਭਗਵੰਤ ਮਾਨ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਵੱਲੋਂ ਕੀਤੇ ਗਏ ਅਣਥੱਕ ਯਤਨਾਂ ਸਦਕਾ ਪਛਵਾੜਾ ਕੋਲਾ ਖਾਣ ਤੋਂ ਬਿਜਲੀ ਉਤਪਾਦਨ ਲਈ ਕੋਲੇ ਦੀ ਸਪਲਾਈ ਲੰਬੇ ਸਮੇਂ ਬਾਅਦ ਮੁੜ ਸ਼ੁਰੂ ਹੋਈ ਹੈ।ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਨੇ ਪਹਿਲੀ ਜੁਲਾਈ ਤੋਂ 300 ਯੂਨਿਟ ਮੁਫ਼ਤ ਬਿਜਲੀ ਦੇਣ ਦੀ ਗਰੰਟੀ ਪੂਰੀ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਇਹ ਵੱਡੇ ਮਾਣ ਵਾਲੀ ਗੱਲ ਹੈ ਕਿ ਸੂਬੇ ਭਰ ਦੇ 87 ਫੀਸਦੀ ਘਰਾਂ ਦਾ ਨਵੰਬਰ-ਦਸੰਬਰ 2022 ਦਾ ਬਿਜਲੀ ਬਿੱਲ ਜ਼ੀਰੋ ਆਇਆ ਹੈ। ਭਗਵੰਤ ਮਾਨ ਨੇ ਕਿਹਾ ਕਿ ਉਹ ਆਮ ਪਰਿਵਾਰ ਨਾਲ ਸਬੰਧਤ ਹਨ ਅਤੇ ਆਮ ਲੋਕਾਂ ਨੂੰ ਹੋਣ ਵਾਲੀਆਂ ਦਿੱਕਤਾਂ ਤੋਂ ਚੰਗੀ ਤਰ੍ਹਾਂ ਵਾਕਫ਼ ਹਨ।ਮੁੱਖ ਮੰਤਰੀ ਨੇ ਪੰਜਾਬ ਨੂੰ ਨਸ਼ਾ ਮੁਕਤ ਕਰਨ ਦੀ ਆਪਣੀ ਸਰਕਾਰ ਦੀ ਦ੍ਰਿੜ੍ਹ ਵਚਨਬੱਧਤਾ ਦੁਹਰਾਈ। ਉਨ੍ਹਾਂ ਕਿਹਾ ਕਿ ਨਸ਼ਿਆਂ ਦੇ ਖ਼ਤਰੇ ਨਾਲ ਕਰੜੇ ਹੱਥੀਂ ਸਿੱਝਿਆ ਜਾ ਰਿਹਾ ਹੈ ਅਤੇ ਨਸ਼ਾ ਤਸਕਰਾਂ ਨਾਲ ਬਿਲਕੁੱਲ ਲਿਹਾਜ਼ ਨਾ ਵਰਤਣ ਦੀ ਨੀਤੀ ਅਪਣਾਈ ਜਾ ਰਹੀ ਹੈ। ਭਗਵੰਤ ਮਾਨ ਨੇ ਕਿਹਾ ਕਿ ਨੌਜਵਾਨਾਂ ਦੀ ਤਾਕਤ ਨੂੰ ਉਸਾਰੂ ਪਾਸੇ ਲਾਉਣ ਲਈ ਰੋਜ਼ਗਾਰ ਦੇ ਨਵੇਂ ਮੌਕੇ ਸਿਰਜਣ ਦੇ ਨਾਲ-ਨਾਲ ਸੂਬੇ ਵਿੱਚ ਖੇਡ ਗਤੀਵਿਧੀਆਂ ਨੂੰ ਉਤਸ਼ਾਹਤ ਕੀਤਾ ਜਾ ਰਿਹਾ ਹੈ।ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਕੇਂਦਰ ਸਰਕਾਰ ਵੱਲੋਂ ਸੂਬਿਆਂ ਦੀ ਸਲਾਹ ਤੋਂ ਬਗ਼ੈਰ ਬਿਜਲੀ ਸੋਧ ਬਿੱਲ-2022 ਪੇਸ਼ ਕਰਨ ਦਾ ਜ਼ਬਰਦਸਤ ਵਿਰੋਧ ਕੀਤਾ ਸੀ। ਉਨ੍ਹਾਂ ਕਿਹਾ ਕਿ ਇਹ ਕਦਮ ਸੂਬਿਆਂ ਦੇ ਸੰਵਿਧਾਨਕ ਹੱਕਾਂ ਉਤੇ ਹਮਲਾ ਸੀ, ਜਿਸ ਦਾ ਮਕਸਦ ਸੰਘੀ ਢਾਂਚੇ ਦੀਆਂ ਬੁਨਿਆਦਾਂ ਨੂੰ ਕਮਜ਼ੋਰ ਕਰਨਾ ਸੀ। ਭਗਵੰਤ ਮਾਨ ਨੇ ਕਿਹਾ ਕਿ ਭਾਰਤ ਸਰਕਾਰ ਦੀਆਂ ਕੇਂਦਰੀਕ੍ਰਿਤ ਜਮਹੂਰੀਅਤ ਦੀਆਂ ਕੋਸ਼ਿਸ਼ਾਂ ਵਿਰੁੱਧ ਸੂਬੇ ਚੁੱਪ ਨਹੀਂ ਬੈਠਣਗੇ।ਮੁੱਖ ਮੰਤਰੀ ਨੇ ਤਨਜ਼ ਕਸਦਿਆਂ ਕਿਹਾ ਕਿ ਪਹਿਲਾਂ ਸਨਅਤਕਾਰ ਸੱਤਾਧਾਰੀ ਪਰਿਵਾਰ ਨਾਲ ਸਮਝੌਤੇ ਕਰਨ ਆਉਂਦੇ ਸਨ ਪਰ ਜਦੋਂ ਤੋਂ ਉਨ੍ਹਾਂ ਦੀ ਸਰਕਾਰ ਨੇ ਅਹੁਦਾ ਸੰਭਾਲਿਆ ਹੈ, ਉਦੋਂ ਤੋਂ ਸਨਅਤਕਾਰ ਸੂਬੇ ਦੇ ਲੋਕਾਂ ਨਾਲ ਸਮਝੌਤਿਆਂ ਉਤੇ ਦਸਤਖ਼ਤ ਕਰਦੇ ਹਨ। ਉਨ੍ਹਾਂ ਕਿਹਾ ਕਿ ਪਹਿਲਾਂ ਧਨਾਢ ਪਰਿਵਾਰ ਇਨ੍ਹਾਂ ਸਮਝੌਤਿਆਂ ਤੋਂ ਲਾਹਾ ਲੈਂਦੇ ਸਨ ਪਰ ਹੁਣ ਪੰਜਾਬੀਆਂ ਨੂੰ ਇਸ ਦਾ ਫਾਇਦਾ ਹੋਵੇਗਾ। ਭਗਵੰਤ ਮਾਨ ਨੇ ਕਿਹਾ ਕਿ ਇਹ ਇਸ ਲਈ ਹੋਇਆ ਹੈ ਕਿਉਂਕਿ ਉਨ੍ਹਾਂ ਦੀ ਸਰਕਾਰ ਹੁਣ ਸਮਾਜ ਦੇ ਹਰੇਕ ਵਰਗ ਦੀ ਭਲਾਈ ਲਈ ਕੰਮ ਕਰ ਰਹੀ ਹੈ।ਮੁੱਖ ਮੰਤਰੀ ਨੇ ਉਮੀਦ ਜ਼ਾਹਰ ਕੀਤੀ ਕਿ 23 ਤੇ 24 ਫਰਵਰੀ ਨੂੰ ਪੰਜਾਬ ਨਿਵੇਸ਼ ਸੰਮੇਲਨ ਕਰਵਾਇਆ ਜਾ ਰਿਹਾ ਹੈ, ਜਿਸ ਨਾਲ ਸੂਬੇ ਵਿੱਚ ਸਨਅਤੀ ਤਰੱਕੀ ਨੂੰ ਨਵੀਂ ਰਫ਼ਤਾਰ ਮਿਲੇਗੀ। ਉਨ੍ਹਾਂ ਕਿਹਾ ਕਿ ਇਸ ਵੱਡ-ਆਕਾਰੀ ਸਮਾਗਮ ਦੇ ਪ੍ਰਬੰਧਾਂ ਨੂੰ ਸੂਬਾ ਸਰਕਾਰ ਨੇ ਪਹਿਲਾਂ ਹੀ ਅੰਤਮ ਰੂਪ ਦੇ ਦਿੱਤਾ ਹੈ। ਭਗਵੰਤ ਮਾਨ ਨੇ ਕਿਹਾ ਕਿ ਇਸ ਨਾਲ ਸੂਬੇ ਦੇ ਸਨਅਤੀਕਰਨ ਨੂੰ ਵੱਡੇ ਪੱਧਰ ਉਤੇ ਹੁਲਾਰਾ ਮਿਲੇਗਾ, ਜਿਸ ਨਾਲ ਰੋਜ਼ਗਾਰ ਦੀ ਭਾਲ ਲਈ ਪੜ੍ਹੀ-ਲਿਖੀ ਜਵਾਨੀ ਦੇ ਵਿਦੇਸ਼ਾਂ ਦਾ ਰੁਖ਼ ਕਰਨ ਦੇ ਰੁਝਾਨ ਨੂੰ ਠੱਲ੍ਹਿਆ ਜਾ ਸਕੇਗਾ।ਇਸ ਮੌਕੇ ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ., ਡਾ. ਬਲਬੀਰ ਸਿੰਘ ਅਤੇ ਚੇਤਨ ਸਿੰਘ ਜੌੜਾਮਾਜਰਾ ਵੀ ਹਾਜ਼ਰ ਸਨ।
ਪੰਜਾਬ ਵਿਚ 11 ਮਹੀਨਿਆਂ ’ਚ 38175 ਕਰੋੜ ਰੁਪਏ ਦਾ ਨਿਵੇਸ਼ ਆਇਆ-ਮੁੱਖ ਮੰਤਰੀ
ਨਿਵੇਸ਼ ਨਾਲ ਸੂਬੇ ਵਿਚ 2.43 ਲੱਖ ਨੌਜਵਾਨਾਂ ਨੂੰ ਮਿਲੇਗਾ ਰੋਜ਼ਗਾਰ
ਇਹ ਤਾਂ ਅਜੇ ਸ਼ੁਰੂਆਤ ਹੈ, ਨਿਵੇਸ਼ ਸੰਮੇਲਨ ਦੌਰਾਨ ਹੋਰ ਵੱਡੇ ਪ੍ਰਾਜੈਕਟ ਆਉਣਗੇ ਪੰਜਾਬ-ਮੁੱਖ ਮੰਤਰੀ
ਰੋਜ਼ਗਾਰ ਦੇ ਮੌਕਿਆਂ ਨਾਲ ਵੱਖ-ਵੱਖ ਖੇਤਰਾਂ ਅਤੇ ਨਿਵੇਸ਼ ਬਾਰੇ ਵਿਸਥਾਰ ਵਿਚ ਜ਼ਿਲ੍ਹਾਵਾਰ ਦਿੱਤੀ ਜਾਣਕਾਰੀ
ਉਦਯੋਗਿਕ ਖੇਤਰ ਵਿਚ ਨਿਵੇਸ਼ ਲਈ ਪੰਜਾਬ ਦੀ ਦੂਰਅੰਦੇਸ਼ ਪਹੁੰਚ ਨੂੰ ਦਰਸਾਇਆ ਜਾਵੇਗਾ
ਉਦਯੋਗ ਦਾ ਪੰਜਾਬ ਤੋਂ ਉੱਤਰ ਪ੍ਰਦੇਸ਼ ਵਿਚ ਹਿਜਰਤ ਕਰਨ ਦੀਆਂ ਖਬਰਾਂ ਨੂੰ ਸਚਾਈ ਤੋਂ ਕੋਹਾਂ ਦੂਰ ਦੱਸਿਆ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 13 ਫਰਵਰੀ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਕਿਹਾ ਕਿ ਸੂਬਾ ਸਰਕਾਰ ਨੇ ਸੱਤਾ ਸੰਭਾਲਣ ਦੇ ਮਹਿਜ਼ 11 ਮਹੀਨਿਆਂ ਦੇ ਸਮੇਂ ਵਿੱਚ ਹੁਣ ਤੱਕ 38175 ਕਰੋੜ ਰੁਪਏ ਦਾ ਨਿਵੇਸ਼ ਲਿਆਂਦਾ ਹੈ ਜਿਸ ਨਾਲ ਸੂਬੇ ਵਿੱਚ 2.43 ਲੱਖ ਨੌਕਰੀਆਂ ਪੈਦਾ ਹੋਣਗੀਆਂ। ਅੱਜ ਇੱਥੇ ਪੰਜਾਬ ਭਵਨ ਵਿਖੇ ਮੁੱਖ ਮੰਤਰੀ ਨੇ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ, “ਇਹ ਨਿਵੇਸ਼ ਤਾਂ ਸਿਰਫ਼ ਮੌਨਸੂਨ ਤੋਂ ਪਹਿਲਾਂ ਦੇ ਛਰਾਟੇ ਹਨ ਅਤੇ 23-24 ਫਰਵਰੀ ਨੂੰ ਮੋਹਾਲੀ ਵਿਖੇ ਹੋਣ ਜਾ ਰਹੇ ‘ਨਿਵੇਸ਼ ਪੰਜਾਬ ਸੰਮੇਲਨ’ ਦੌਰਾਨ ਸੂਬੇ ਵਿੱਚ ਛੇਤੀ ਹੀ ਵੱਡੇ ਨਿਵੇਸ਼ ਦੇ ਰੂਪ ਵਿਚ ਮੌਨਸੂਨ ਵੇਖਣ ਨੂੰ ਮਿਲੇਗੀ।”ਮੁੱਖ ਮੰਤਰੀ ਨੇ ਕਿਹਾ ਕਿ ਉਹ ਉਦਯੋਗਪਤੀਆਂ ਨੂੰ ਸੰਮੇਲਨ ਲਈ ਸੱਦਾ ਦੇਣ ਵਾਸਤੇ ਚੇਨਈ, ਹੈਦਰਾਬਾਦ, ਮੁੰਬਈ ਅਤੇ ਜਰਮਨੀ ਗਏ ਸਨ। ਉਨ੍ਹਾਂ ਕਿਹਾ ਕਿ ਇਨ੍ਹਾਂ ਮਹਾਨਗਰਾਂ ਦੇ ਉਦਯੋਗਿਕ ਸਮੂਹ ਸੂਬੇ ਵਿੱਚ ਉਦਯੋਗਿਕ ਵਿਕਾਸ ਦੀਆਂ ਅਥਾਹ ਸੰਭਾਵਨਾਵਾਂ ਨੂੰ ਦੇਖ ਕੇ ਹੈਰਾਨ ਹਨ। ਭਗਵੰਤ ਮਾਨ ਨੇ ਕਿਹਾ ਕਿ ਸੂਬਾ ਸਰਕਾਰ ਦੇ ਅਣਥੱਕ ਯਤਨਾਂ ਸਦਕਾ ਇਹ ਉਦਯੋਗਪਤੀ ਹੁਣ ਪੰਜਾਬ ਵਿੱਚ ਨਿਵੇਸ਼ ਕਰਨ ਲਈ ਤਿਆਰ ਹਨ।ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਵਿੱਚ ਹੁਣ ਤੱਕ 38175 ਕਰੋੜ ਰੁਪਏ ਦਾ ਨਿਵੇਸ਼ ਆਇਆ ਹੈ ਜਿਸ ਨਾਲ ਸੂਬੇ ਵਿੱਚ ਨੌਜਵਾਨਾਂ ਲਈ ਰੋਜ਼ਗਾਰ ਦੇ 2.43 ਲੱਖ ਮੌਕੇ ਪੈਦਾ ਹੋਣਗੇ। ਹੋਰ ਵੇਰਵੇ ਦਿੰਦਿਆਂ ਉਨ੍ਹਾਂ ਦੱਸਿਆ ਕਿ ਰੀਅਲ ਅਸਟੇਟ, ਹਾਊਸਿੰਗ ਅਤੇ ਬੁਨਿਆਦੀ ਢਾਂਚੇ ਵਿੱਚ ਪ੍ਰਸਤਾਵਿਤ ਨਿਵੇਸ਼ 11853 ਕਰੋੜ ਰੁਪਏ ਦਾ ਹੈ ਜਿਸ ਨਾਲ 1.22 ਲੱਖ ਨੌਕਰੀਆਂ ਪੈਦਾ ਹੋਣਗੀਆਂ। ਭਗਵੰਤ ਮਾਨ ਨੇ ਅੱਗੇ ਦੱਸਿਆ ਕਿ ਮੈਨੂਫੈਕਚਰਿੰਗ ਸੈਕਟਰ ਵਿਚ 5981 ਕਰੋੜ ਰੁਪਏ ਦਾ ਨਿਵੇਸ਼ ਆਇਆ ਹੈ ਅਤੇ 39952 ਨੌਕਰੀਆਂ ਪੈਦਾ ਹੋਈਆਂ ਹਨ, ਸਟੀਲ ਸੈਕਟਰ ਵਿਚ 3889 ਕਰੋੜ ਰੁਪਏ ਦਾ ਨਿਵੇਸ਼ ਆਇਆ ਜਿਸ ਨਾਲ 9257 ਨੌਕਰੀਆਂ ਪੈਦਾ ਹੋਣਗੀਆਂ, ਕੱਪੜਾ, ਟੈਕਨੀਕਲ ਟੈਕਸਟਾਈਲ, ਕੱਪੜਾ ਉਦਯੋਗ ਵਿਚ 3305 ਕਰੋੜ ਰੁਪਏ ਦਾ ਨਿਵੇਸ਼ ਆਇਆ ਅਤੇ 13753 ਨੌਕਰੀਆਂ ਪੈਦਾ ਹੋਣਗੀਆਂ, ਖੇਤੀ, ਫੂਡ ਪ੍ਰੋਸੈਸਿੰਗ ਅਤੇ ਬੈਵਰੇਜ ਸੈਕਟਰ ਨੇ 2854 ਕਰੋੜ ਰੁਪਏ ਦਾ ਨਿਵੇਸ਼ ਆਇਆ ਅਤੇ 16638 ਨੌਕਰੀਆਂ ਮਿਲਣਗੀਆਂ ਅਤੇ ਹੈਲਥਕੇਅਰ ਵਿਚ 2157 ਕਰੋੜ ਰੁਪਏ ਦਾ ਨਿਵੇਸ਼ ਆਇਆ ਅਤੇ ਨੌਕਰੀਆਂ ਦੇ 4510 ਮੌਕੇ ਸਿਰਜੇ ਜਾਣਗੇ।ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਟਾਟਾ ਸਟੀਲ (ਫੌਰਚੂਨ 500) ਲੁਧਿਆਣਾ ਵਿਖੇ ਸੈਕੰਡਰੀ ਸਟੀਲ ਸੈਕਟਰ ਵਿੱਚ 2600 ਕਰੋੜ ਰੁਪਏ ਦਾ ਨਿਵੇਸ਼ ਕਰ ਰਹੀ ਹੈ, ਸਨਾਤਨ ਪੋਲੀਕੌਟ ਫਤਹਿਗੜ੍ਹ ਸਾਹਿਬ ਵਿਖੇ ਮੈਨ-ਮੇਡ ਫਾਈਬਰ ਸੈਕਟਰ ਵਿੱਚ 1600 ਕਰੋੜ ਰੁਪਏ ਦਾ ਨਿਵੇਸ਼ ਕਰ ਰਿਹਾ ਹੈ, ਨਾਭਾ ਪਾਵਰ (ਐਲ ਐਂਡ ਟੀ) ਪਟਿਆਲਾ ਵਿਖੇ ਪਾਵਰ ਸੈਕਟਰ ਵਿੱਚ 641 ਕਰੋੜ ਰੁਪਏ ਦਾ ਨਿਵੇਸ਼ ਕਰ ਰਹੀ ਹੈ। ਟੋਪਨ (ਜਾਪਾਨ) ਐਸ.ਬੀ.ਐਸ. ਨਗਰ ਵਿਖੇ ਪੈਕੇਜਿੰਗ ਸੈਕਟਰ ਵਿੱਚ 548 ਕਰੋੜ ਰੁਪਏ ਦਾ ਨਿਵੇਸ਼ ਕਰ ਰਿਹਾ ਹੈ, ਨੈਸਲੇ (ਸਵਿਟਜ਼ਰਲੈਂਡ) ਮੋਗਾ ਵਿਖੇ ਫੂਡ ਪ੍ਰੋਸੈਸਿੰਗ ਖੇਤਰ ਵਿੱਚ 423 ਕਰੋੜ ਰੁਪਏ ਦਾ ਨਿਵੇਸ਼ ਕਰ ਰਿਹਾ ਹੈ, ਵਰਧਮਾਨ ਸਪੈਸ਼ਲ ਸਟੀਲਜ਼ (ਏਚੀ ਸਟੀਲ, ਜਾਪਾਨ) ਲੁਧਿਆਣਾ ਵਿਖੇ ਹਾਈਬ੍ਰਿਡ ਸਟੀਲ ਸੈਕਟਰ ਵਿੱਚ 342 ਕਰੋੜ ਰੁਪਏ, ਫਰੂਡੇਨਬਰਗ, ਰੂਪਨਗਰ ਵਿਖੇ ਆਟੋ ਅਤੇ ਆਟੋ ਕੰਪੋਨੈਂਟਸ ਸੈਕਟਰ ਵਿੱਚ 338 ਕਰੋੜ ਰੁਪਏ ਦਾ ਨਿਵੇਸ਼ ਕਰ ਰਿਹਾ ਹੈ, ਬੇਬੋ ਟੈਕਨਾਲੋਜੀ ਐਸ.ਏ.ਐਸ. ਨਗਰ ਵਿਖੇ ਆਈ.ਟੀ. ਸੈਕਟਰ ਵਿੱਚ 300 ਕਰੋੜ ਰੁਪਏ ਦਾ ਨਿਵੇਸ਼ ਕਰ ਰਹੀ ਹੈ, ਐਚ.ਯੂ.ਐਲ. (ਯੂ.ਕੇ.) ਪਟਿਆਲਾ ਵਿਖੇ 281 ਕਰੋੜ ਰੁਪਏ ਅਤੇ ਕਾਰਗਿਲ ਇੰਡੀਆ (ਅਮਰੀਕਾ), ਫਤਹਿਗੜ੍ਹ ਸਾਹਿਬ ਵਿਖੇ ਪਸ਼ੂ ਖੁਰਾਕ ਲਈ 160 ਕਰੋੜ ਰੁਪਏ ਦਾ ਨਿਵੇਸ਼ ਕਰ ਰਹੀ ਹੈ।
ਜ਼ਿਲ੍ਹਾਵਾਰ ਵੇਰਵੇ ਦਿੰਦਿਆਂ ਭਗਵੰਤ ਮਾਨ ਨੇ ਦੱਸਿਆ ਕਿ ਐਸ.ਏ.ਐਸ. ਨਗਰ ਵਿੱਚ 9794 ਕਰੋੜ ਰੁਪਏ ਦਾ ਨਿਵੇਸ਼ ਹੋਇਆ, ਜਿਸ ਨਾਲ 68061 ਨੌਜਵਾਨਾਂ ਨੂੰ ਨੌਕਰੀਆਂ ਮਿਲਣਗੀਆਂ, ਲੁਧਿਆਣਾ ਵਿੱਚ 9319 ਕਰੋੜ ਰੁਪਏ ਦਾ ਨਿਵੇਸ਼ ਆਇਆ, ਜਿਸ ਨਾਲ 33172 ਨੌਜਵਾਨਾਂ ਨੂੰ ਨੌਕਰੀਆਂ ਮਿਲਣਗੀਆਂ। ਫਤਹਿਗੜ੍ਹ ਸਾਹਿਬ ਵਿੱਚ 4246 ਕਰੋੜ ਰੁਪਏ ਦਾ ਨਿਵੇਸ਼ ਆਇਆ, ਜਿਸ ਨਾਲ 13840 ਨੌਜਵਾਨਾਂ ਨੂੰ ਨੌਕਰੀਆਂ ਮਿਲਣਗੀਆਂ, ਅੰਮ੍ਰਿਤਸਰ ਵਿੱਚ 4079 ਕਰੋੜ ਰੁਪਏ ਦਾ ਨਿਵੇਸ਼ ਆਇਆ, ਜਿਸ ਨਾਲ 85419 ਨੌਜਵਾਨਾਂ ਨੂੰ ਨੌਕਰੀਆਂ ਮਿਲਣਗੀਆਂ, ਪਟਿਆਲਾ ਵਿੱਚ 2821 ਕਰੋੜ ਰੁਪਏ ਦਾ ਨਿਵੇਸ਼ ਹੋਇਆ ਜਿਸ ਨਾਲ 9927 ਨੌਜਵਾਨਾਂ ਨੂੰ ਨੌਕਰੀਆਂ ਮਿਲਣਗੀਆਂ ਅਤੇ ਰੂਪਨਗਰ ਵਿੱਚ 1200 ਕਰੋੜ ਰੁਪਏ ਦਾ ਨਿਵੇਸ਼ ਆਇਆ ਜਿਸ ਨਾਲ 3172 ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ ਜਾਣਗੀਆਂ।ਮੁੱਖ ਮੰਤਰੀ ਨੇ ਕਿਹਾ ਕਿ ਇਹ ਤਾਂ ਅਜੇ ਸ਼ੁਰੂਆਤ ਹੈ ਅਤੇ 23-24 ਫਰਵਰੀ ਨੂੰ ਹੋਣ ਵਾਲੇ ਨਿਵੇਸ਼ ਪੰਜਾਬ ਸੰਮੇਲਨ ਦੌਰਾਨ ਹੋਰ ਨਿਵੇਸ਼ ਆਵੇਗਾ। ਉਨ੍ਹਾਂ ਕਿਹਾ ਕਿ ਸੰਮੇਲਨ ਦਾ ਉਦੇਸ਼ ਸੰਭਾਵੀ ਨਿਵੇਸ਼ ਅਤੇ ਵਪਾਰਕ ਮੌਕਿਆਂ ਨੂੰ ਆਕਰਸ਼ਿਤ ਕਰਨਾ, ਰਿਸ਼ਤੇ ਬਣਾਉਣਾ ਅਤੇ ਨਵੇਂ ਵਿਚਾਰਾਂ ਤੇ ਸਟਾਰਟਅੱਪਜ਼ ਨਾਲ ਜੁੜਨਾ ਹੈ। ਭਗਵੰਤ ਮਾਨ ਨੇ ਦੱਸਿਆ ਕਿ ਇਸ ਸੰਮੇਲਨ ਵਿੱਚ ਵਿਸ਼ਵ ਅਤੇ ਖੇਤਰੀ ਨਿਵੇਸ਼ਕਾਂ, ਕਾਰਪੋਰੇਟ ਸੰਸਥਾਵਾਂ, ਉਦਯੋਗਪਤੀਆਂ, ਵਿਚਾਰਵਾਨ ਆਗੂਆਂ ਅਤੇ ਹੋਰਾਂ ਦੀ ਸ਼ਮੂਲੀਅਤ ਹੋਵੇਗੀ।ਮੁੱਖ ਮੰਤਰੀ ਨੇ ਕਿਹਾ ਕਿ ਇਸ ਸੰਮੇਲਨ ਦੌਰਾਨ ਪੰਜਾਬ ਵਿਕਾਸ ਲਈ ਆਪਣੀ ਦੂਰ-ਅੰਦੇਸ਼ ਪਹੁੰਚ ਅਤੇ ਉਦਯੋਗ ਲਈ ਨਿਵੇਸ਼ ਦੇ ਮੌਕਿਆਂ ਦਾ ਪ੍ਰਦਰਸ਼ਨ ਕਰੇਗਾ। ਉਨ੍ਹਾਂ ਕਿਹਾ ਕਿ ਇਸ ਸੰਮੇਲਨ ਦਾ ਵਿਸ਼ਾ ‘ਇਨਵੈਸਟ ਇਨ ਦਾ ਬੈਸਟ’ (ਸਭ ਤੋਂ ਚੰਗੇ ਥਾਂ ਨਿਵੇਸ਼ ਕਰੋ) ਹੈ ਜਿਸ ਦਾ ਉਦੇਸ਼ ਪੰਜਾਬ ਨੂੰ ਭਾਰਤ ਵਿੱਚ ਨਿਵੇਸ਼ ਲਈ ਸਭ ਤੋਂ ਪਸੰਦੀਦਾ ਸਥਾਨ ਵਜੋਂ ਦਰਸਾਉਣਾ ਹੈ। ਭਗਵੰਤ ਮਾਨ ਨੇ ਕਿਹਾ ਕਿ ਐਗਰੀ-ਫੂਡ ਪ੍ਰੋਸੈਸਿੰਗ, ਟੈਕਸਟਾਈਲ, ਹੈਲਥਕੇਅਰ, ਐਜੂਕੇਸ਼ਨ, ਟੂਰਿਜ਼ਮ, ਆਈ.ਟੀ. ਅਤੇ ਸਟਾਰਟ-ਅੱਪਜ਼, ਬਰਾਮਦ, ਜਾਪਾਨ ਦੇ ਸੈਸ਼ਨ ਅਤੇ ਯੂ.ਕੇ. ਦੇ ਸੈਸ਼ਨ ਸਮੇਤ ਮੁੱਖ ਖੇਤਰਾਂ ਵਿੱਚ ਕੁੱਲ 9 ਸੈਸ਼ਨ ਕਰਵਾਏ ਜਾਣਗੇ।ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਨਿਵੇਸ਼ਕਾਂ ਦੀ ਸਹੂਲਤ ਲਈ ਸੂਬਾ ਸਰਕਾਰ ਸਿੰਗਲ ਵਿੰਡੋ ਪ੍ਰਣਾਲੀ ਨੂੰ ਮਜ਼ਬੂਤ ਕਰਨ ਲਈ ਕੋਸ਼ਿਸ਼ਾਂ ਕਰ ਰਹੀ ਹੈ। ਭਗਵੰਤ ਮਾਨ ਨੇ ਟਿੱਪਣੀ ਕੀਤੀ ਕਿ ਪਹਿਲਾਂ ਸਿੰਗਲ ਵਿੰਡੋ ਸੇਵਾ ਸਿਰਫ਼ ਦਿਖਾਵਾ ਸੀ, ਜਿਸ ਦਾ ਕੋਈ ਮਤਲਬ ਨਹੀਂ ਸੀ। ਇਸ ਕਾਰਨ ਸੰਭਾਵੀ ਨਿਵੇਸ਼ਕਾਂ ਦਾ ਨਾ ਸਿਰਫ਼ ਮਨੋਬਲ ਡਿੱਗਿਆ, ਸਗੋਂ ਇਸ ਨਾਲ ਸੂਬੇ ਦੇ ਸਨਅਤੀ ਵਿਕਾਸ ਨੂੰ ਵੀ ਸੱਟ ਵੱਜੀ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਸਿੰਗਲ ਵਿੰਡੋ ਪ੍ਰਣਾਲੀ ਨੂੰ ਸੂਬੇ ਵਿੱਚ ਨਿਵੇਸ਼ ਦੇ ਇੱਛੁਕ ਉੱਦਮੀਆਂ ਲਈ ਅਸਲ ਮਾਇਨਿਆਂ ਵਾਲੀ ਸਹੂਲਤ ਬਣਾਉਣ ਉਤੇ ਕੰਮ ਕਰ ਰਹੀ ਹੈ।ਇਕ ਸਵਾਲ ਦੇ ਜਵਾਬ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਤੋਂ ਕਿਸੇ ਵੀ ਸਨਅਤ ਨੇ ਉੱਤਰ ਪ੍ਰਦੇਸ਼ ਦਾ ਰੁਖ਼ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਸਨਅਤੀ ਇਕਾਈਆਂ ਨੂੰ ਇੱਥੇ ਬਿਹਤਰੀਨ ਸਹੂਲਤਾਂ ਮਿਲ ਰਹੀਆਂ ਹਨ, ਜਿਸ ਕਾਰਨ ਕੋਈ ਵੀ ਸਨਅਤ ਸੂਬੇ ਤੋਂ ਬਾਹਰ ਨਹੀਂ ਗਈ। ਭਗਵੰਤ ਮਾਨ ਨੇ ਕਿਹਾ ਕਿ ਸਨਅਤੀ ਇਕਾਈਆਂ ਸਿਰਫ਼ ਸੂਬੇ ਵਿੱਚ ਹੀ ਰਹਿਣਗੀਆਂ ਅਤੇ ਉਨ੍ਹਾਂ ਦੇ ਇੱਥੋਂ ਰੁਖ਼ਸਤ ਹੋਣ ਦੀਆਂ ਖ਼ਬਰਾਂ ਕੋਰੀਆਂ ਅਫ਼ਵਾਹਾਂ ਹਨ।
ਮੁੱਖ ਮੰਤਰੀ ਨੇ ਕਿਹਾ ਕਿ ਬਿਜਲੀ ਦੇ ਅਰਥਚਾਰੇ ਦੇ ਇੰਜਣ ਵਜੋਂ ਕੰਮ ਕਰਨ ਦੇ ਤੱਥ ਤੋਂ ਚੰਗੀ ਤਰ੍ਹਾਂ ਜਾਣੂੰ ਹੋਣ ਕਾਰਨ ਸੂਬੇ ਨੇ ਪਛਵਾੜਾ ਕੋਲਾ ਖਾਣ ਤੋਂ ਕੋਲੇ ਦੀ ਸਪਲਾਈ ਬਹਾਲ ਕਰਨ ਮਗਰੋਂ ਪੰਜਾਬ ਨੂੰ ਵਾਧੂ ਬਿਜਲੀ ਵਾਲਾ ਸੂਬਾ ਬਣਾਉਣ ਵੱਲ ਵੱਡਾ ਕਦਮ ਵਧਾਇਆ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਸੂਬੇ ਵਿੱਚ ਥਰਮਲ ਪਲਾਂਟਾਂ ਨੂੰ ਕੋਲੇ ਦੀ ਘਾਟ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਭਗਵੰਤ ਮਾਨ ਨੇ ਕਿਹਾ ਕਿ ਸਨਅਤਾਂ ਨੂੰ ਨਿਰਵਿਘਨ ਬਿਜਲੀ ਸਪਲਾਈ ਮੁਹੱਈਆ ਕਰਨਾ ਸੂਬਾ ਸਰਕਾਰ ਦਾ ਫ਼ਰਜ਼ ਬਣਦਾ ਹੈ।ਮੁੱਖ ਮੰਤਰੀ ਨੇ ਸਨਅਤਕਾਰਾਂ ਨੂੰ ਅਪੀਲ ਕੀਤੀ ਕਿ ਉਹ ਆਪਣੀਆਂ ਸਨਅਤਾਂ ਨੂੰ ਵਧਾਉਣ ਲਈ ਅਨੁਕੂਲ ਮਾਹੌਲ ਦੇ ਨਾਲ-ਨਾਲ ਬੁਨਿਆਦੀ ਢਾਂਚੇ, ਬਿਜਲੀ, ਹੁਨਰਮੰਦ ਮਨੁੱਖੀ ਸ਼ਕਤੀ ਤੇ ਬਿਹਤਰੀਨ ਸਨਅਤੀ ਤੇ ਕੰਮਕਾਜੀ ਸੱਭਿਆਚਾਰ ਦਾ ਵੱਧ ਤੋਂ ਵੱਧ ਲਾਹਾ ਲੈਣ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਸਨਅਤੀ ਤਰੱਕੀ ਨੂੰ ਹੁਲਾਰਾ ਦੇਣ ਲਈ ਸੂਬਾ ਸਰਕਾਰ ਨਵੇਂ ਵਿਚਾਰਾਂ ਤੇ ਨਵੀਆਂ ਖੋਜਾਂ ਲਈ ਹਮੇਸ਼ਾ ਤਿਆਰ ਹੈ। ਭਗਵੰਤ ਮਾਨ ਨੇ ਕਿਹਾ ਕਿ ਉਹ ਦਿਨ ਦੂਰ ਨਹੀਂ, ਜਦੋਂ ਪੰਜਾਬ ਆਪਣੇ ਉੱਦਮੀਆਂ ਦੇ ਸਰਗਰਮ ਸਹਿਯੋਗ ਨਾਲ ਦੇਸ਼ ਭਰ ਦੇ ਸਨਅਤੀ ਧੁਰੇ ਵਜੋਂ ਉੱਭਰੇਗਾ।ਮੁੱਖ ਮੰਤਰੀ ਨੇ ਉਮੀਦ ਜ਼ਾਹਰ ਕੀਤੀ ਕਿ 23 ਤੇ 24 ਫਰਵਰੀ ਨੂੰ ਮੁਹਾਲੀ ਵਿੱਚ ਹੋ ਰਿਹਾ ਪੰਜਾਬ ਨਿਵੇਸ਼ ਸੰਮੇਲਨ ਸੂਬੇ ਦੀ ਸਨਅਤੀ ਤਰੱਕੀ ਨੂੰ ਵੱਡਾ ਹੁਲਾਰਾ ਦੇਣ ਲਈ ਮੀਲ ਪੱਥਰ ਸਾਬਤ ਹੋਵੇਗਾ। ਉਨ੍ਹਾਂ ਕਿਹਾ ਕਿ ਇਸ ਵੱਡ-ਆਕਾਰੀ ਸਮਾਗਮ ਦੇ ਪ੍ਰਬੰਧਾਂ ਨੂੰ ਸੂਬਾ ਸਰਕਾਰ ਨੇ ਪਹਿਲਾਂ ਹੀ ਅੰਤਮ ਰੂਪ ਦੇ ਦਿੱਤਾ ਹੈ। ਭਗਵੰਤ ਮਾਨ ਨੇ ਕਿਹਾ ਕਿ ਇਸ ਨਾਲ ਸੂਬੇ ਦੇ ਸਨਅਤੀਕਰਨ ਨੂੰ ਵੱਡੇ ਪੱਧਰ ਉਤੇ ਹੁਲਾਰਾ ਮਿਲੇਗਾ, ਜਿਸ ਨਾਲ ਰੋਜ਼ਗਾਰ ਦੀ ਭਾਲ ਲਈ ਪੜ੍ਹੀ-ਲਿਖੀ ਜਵਾਨੀ ਦੇ ਵਿਦੇਸ਼ਾਂ ਦਾ ਰੁਖ਼ ਕਰਨ ਦੇ ਰੁਝਾਨ ਨੂੰ ਠੱਲ੍ਹਿਆ ਜਾ ਸਕੇਗਾ।ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਰੇਤ ਖਣਨ ਵਿੱਚ ਪਾਰਦਰਸ਼ਤਾ ਲਿਆ ਕੇ ਰੇਤ ਮਾਫ਼ੀਆ ਦਾ ਲੱਕ ਤੋੜ ਦਿੱਤਾ। ਭਗਵੰਤ ਮਾਨ ਨੇ ਕਿਹਾ ਕਿ 16 ਜਨਤਕ ਰੇਤ ਖੱਡਾਂ ਲੋਕਾਂ ਨੂੰ ਸਮਰਪਿਤ ਕੀਤੀਆਂ ਗਈਆਂ ਹਨ, ਜਿਸ ਨਾਲ ਲੋਕਾਂ ਨੂੰ ਪਿਟ ਹੈੱਡ ਤੋਂ 5.50 ਰੁਪਏ ਪ੍ਰਤੀ ਕਿਊਬਿਕ ਫੁੱਟ ਰੇਤ ਦੀ ਸਪਲਾਈ ਯਕੀਨੀ ਬਣੇਗੀ। ਉਨ੍ਹਾਂ ਸਪੱਸ਼ਟ ਆਖਿਆ ਕਿ ਪਿਛਲੀਆਂ ਸਰਕਾਰਾਂ ਸਮੇਂ ਵਧਿਆ-ਫੁੱਲਿਆ ਰੇਤ ਮਾਫ਼ੀਆ ਹੁਣ ਲੋਕਾਂ ਦਾ ਸ਼ੋਸ਼ਣ ਨਹੀਂ ਕਰੇਗਾ।ਮੁੱਖ ਮੰਤਰੀ ਨੇ ਕਿਹਾ ਕਿ ਸਨਅਤ ਦੀ ਤਰੱਕੀ ਲਈ ਪੰਜਾਬ ਮੁਲਕ ਭਰ ਵਿੱਚੋਂ ਸਭ ਤੋਂ ਅਨੁਕੂਲ ਮਾਹੌਲ ਪ੍ਰਦਾਨ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਬਿਹਤਰੀਨ ਸੜਕ, ਰੇਲ ਤੇ ਹਵਾਈ ਕੁਨੈਕਟੀਵਿਟੀ ਦੇ ਨਾਲ-ਨਾਲ ਹੁਨਰਮੰਦ ਮਨੁੱਖੀ ਸ਼ਕਤੀ ਕਾਰਨ ਦੇਸ਼ ਭਰ ਵਿੱਚੋਂ ਪੰਜਾਬ ਸਭ ਤੋਂ ਤਰਜੀਹੀ ਨਿਵੇਸ਼ ਸਥਾਨ ਹੈ। ਭਗਵੰਤ ਮਾਨ ਨੇ ਕਿਹਾ ਕਿ ਇਹ ਸੰਮੇਲਨ ਪੰਜਾਬ ਦੀ ਆਰਥਿਕ ਤਰੱਕੀ ਦੀ ਰਫ਼ਤਾਰ ਨੂੰ ਤੇਜ਼ ਕਰੇਗਾ।ਇਸ ਦੌਰਾਨ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਵੀ ਹਾਜ਼ਰ ਸਨ।
ਖੇਤੀ ਦੇ ਸਹਾਇਕ ਕਿੱਤੇ ਵਜੋਂ ਘੋੜਾ ਪਾਲਣ ਨੂੰ ਤਰਜੀਹ ਦੇਵੇਗੀ ਪੰਜਾਬ ਸਰਕਾਰ: ਲਾਲਜੀਤ ਸਿੰਘ ਭੁੱਲਰ
ਕਿਹਾ, ਘੋੜਾ ਪਾਲਣ ਨੂੰ ਆਮ ਕਿਸਾਨ ਵਰਗ ਦੇ ਦਾਇਰੇ ਵਿੱਚ ਲਿਆਉਣ ਲਈ ਕਰਾਂਗੇ ਵਿਚਾਰ
ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਖੇ ਡੇਅਰੀ ਵਿਕਾਸ ਵਿਭਾਗ ਵੱਲੋਂ ਲਾਈ ਪ੍ਰਦਰਸ਼ਨੀ ਦਾ ਕੀਤਾ ਮੁਆਇਨਾ
ਪੰਜਾਬੀ ਖ਼ਬਰਸਾਰ ਬਿਉਰੋ
ਲੁਧਿਆਣਾ, 13 ਫ਼ਰਵਰੀ:ਪੰਜਾਬ ਦੇ ਪਸ਼ੂ ਪਾਲਣ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਕਿਹਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਖੇਤੀਬਾੜੀ ਦੇ ਸਹਾਇਕ ਕਿੱਤੇ ਵਜੋਂ ਘੋੜਾ ਪਾਲਣ ਨੂੰ ਤਰਜੀਹ ਦੇਵੇਗੀ।ਪਿੰਡ ਜੰਡਿਆਲੀ ਜ਼ਿਲ੍ਹਾ ਲੁਧਿਆਣਾ ਵਿਖੇ ਦੂਜੇ ਅੰਪਾਇਰ ਹੌਰਸ ਕੱਪ-2023 ਦੇ ਇਨਾਮ ਵੰਡ ਸਮਾਗਮ ਦੌਰਾਨ ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਅਤੇ ਜਲ ਸਪਲਾਈ ਅਤੇ ਸੈਨੀਟੇਸ਼ਨ ਮੰਤਰੀ ਬ੍ਰਮ ਸ਼ੰਕਰ ਜਿੰਪਾ ਸਣੇ ਬਤੌਰ ਮੁੱਖ ਮਹਿਮਾਨ ਪਹੁੰਚੇ ਲਾਲਜੀਤ ਸਿੰਘ ਭੁੱਲਰ ਨੇ ਕਿਹਾ ਕਿ ਇਸ ਖੇਤਰ ਵਿੱਚ ਰੁਜ਼ਗਾਰ ਦੇ ਅਥਾਹ ਮੌਕੇ ਹਨ ਅਤੇ ਸਰਕਾਰ ਘੋੜਾ ਪਾਲਣ ਨੂੰ ਆਮ ਕਿਸਾਨ ਵਰਗ ਦੇ ਦਾਇਰੇ ਵਿੱਚ ਲਿਆਉਣ ਲਈ ਵਿਚਾਰ ਕਰੇਗੀ। ਉਨ੍ਹਾਂ ਕਿਹਾ ਕਿ ਪੰਜਾਬ ਦੀ ਨਸਲ ‘ਨੁੱਕਰੇ ਘੋੜੇ’ ਨੂੰ ਦੂਜੇ ਸੂਬਿਆਂ ਵਿੱਚ ਪ੍ਰਚਾਰਤ ਕਰਨ ਵੀ ਹੰਭਲਾ ਮਾਰਿਆ ਜਾਵੇਗਾ। ਉਨ੍ਹਾਂ ਨਾਲ ਸ. ਹਰਦੀਪ ਸਿੰਘ ਮੁੰਡੀਆਂ ਵਿਧਾਇਕ ਸਾਹਨੇਵਾਲ, ਸ. ਦਿਲਜੀਤ ਸਿੰਘ ਗਰੇਵਾਲ ਵਿਧਾਇਕ ਲੁਧਿਆਣਾ ਪੂਰਬੀ, ਸ੍ਰੀ ਅਸ਼ੋਕ ਪਰਾਸ਼ਰ ਪੱਪੀ ਵਿਧਾਇਕ ਲੁਧਿਆਣਾ ਕੇਂਦਰੀ ਮੌਜੂਦ ਸਨ। ਤਿੰਨ ਦਿਨ ਚੱਲੇ ਇਸ ਹੌਰਸ ਕੱਪ ਵਿੱਚ ਹਰਿਆਣਾ, ਰਾਜਸਥਾਨ, ਉਤਰ ਪ੍ਰਦੇਸ਼, ਦਿੱਲੀ, ਉਤਰਾਖੰਡ, ਗੁਜਰਾਤ, ਮਹਾਰਾਸ਼ਟਰ ਤੋਂ ਲਗਭਗ 500 ਘੋੜਿਆਂ ਨੇ ਹਿੱਸਾ ਲਿਆ, ਜਿਨ੍ਹਾਂ ਵਿਚੋਂ ਲਗਭਗ 120 ਘੋੜਿਆਂ ਨੂੰ ਇਨਾਮ ਦਿੱਤੇ ਗਏ।ਕੈਬਨਿਟ ਮੰਤਰੀਆਂ ਨੇ ਇਨਾਮ ਵੰਡ ਸਮਾਰੋਹ ਦੌਰਾਨ ਸਟਾਲਿਅਨ ਕੈਟਾਗਿਰੀ ਵਿੱਚ ਪਹਿਲੇ ਸਥਾਨ ’ਤੇ ਰਹੇ ਪੰਜਾਬ ਦੇ ਘੋੜੇ ‘ਦੁੱਲੇ’ ਅਤੇ ਘੋੜੀਆਂ ਵਿੱਚ ਪਹਿਲੇ ਨੰਬਰ ’ਤੇ ਰਹੀ ਰਾਜਸਥਾਨ ਦੀ ਘੋੜੀ ਮੀਰਾ ਲਈ ਇਨਾਮ ਦਿੱਤੇ। ਪਹਿਲਾ ਇਨਾਮ 71,000 ਰੁਪਏ ਤੇ ਟਰਾਫ਼ੀ ਅਤੇ ਦੂਜਾ ਇਨਾਮ 51,000 ਰੁਪਏ ਦਿੱਤਾ ਗਿਆ। ਇਸ ਤੋਂ ਇਲਾਵਾ ਬਾਕੀ 10 ਘੋੜਿਆਂ ਨੂੰ 21 ਹਜ਼ਾਰ ਤੋਂ ਲੈ ਕੇ 5-5 ਹਜ਼ਾਰ ਰੁਪਏ ਦੇ ਇਨਾਮ ਦਿੱਤੇ ਗਏ।ਇਸ ਤੋਂ ਪਹਿਲਾਂ ਪਸ਼ੂ ਪਾਲਣ ਅਤੇ ਡੇਅਰੀ ਵਿਕਾਸ ਮੰਤਰੀ ਲਾਲਜੀਤ ਸਿੰਘ ਭੁੱਲਰ ਅਤੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਮੇਲਾ ਗਰਾਊਂਡ ਵਿਖੇ ਡੇਅਰੀ ਵਿਕਾਸ ਵਿਭਾਗ ਵੱਲੋਂ ਲਾਈ ਗਈ ਪ੍ਰਦਰਸ਼ਨੀ ਦਾ ਮੁਆਇਨਾ ਕੀਤਾ। ਕੈਬਨਿਟ ਮੰਤਰੀਆਂ ਨੇ ਵਿਭਾਗ ਵੱਲੋਂ ਖਪਤਕਾਰਾਂ ਦੀ ਜਾਗਰੂਕਤਾ ਲਈ ਚਲਾਈਆਂ ਜਾ ਰਹੀਆਂ ਮੋਬਾਈਲ ਵੈਨਾਂ ਨੂੰ ਵੀ ਵੇਖਿਆ। ਉਨ੍ਹਾਂ ਅਧਿਕਾਰੀਆਂ ਨੂੰ ਦੂਰ-ਦੁਰਾਡੇ ਪਿੰਡਾਂ ਵਿੱਚ ਦੁੱਧ ਉਤਪਾਦਕ ਜਾਗਰੂਕਤਾ ਕੈਂਪਾਂ ਰਾਹੀਂ ਡੇਅਰੀ ਕਿਸਾਨਾਂ ਨੂੰ ਵੱਧ ਤੋਂ ਵੱਧ ਜਾਗਰੂਕ ਕਰਨ ਦੀ ਹਦਾਇਤ ਵੀ ਕੀਤੀ।ਇਸ ਦੌਰਾਨ ਡੇਅਰੀ ਕਿੱਤੇ ਨੂੰ ਸਹਾਇਕ ਧੰਦੇ ਵਜੋਂ ਪ੍ਰਫੁੱਲਤ ਕਰਨ ਦੇ ਉਦੇਸ਼ ਨਾਲ ਲਾਈ ਗਈ ਨੁਮਾਇਸ਼ ਅਤੇ ਸਲਾਹ-ਮਸ਼ਵਰਾ ਸਟਾਲ ਕਿਸਾਨਾਂ ਲਈ ਖਿੱਚ ਦਾ ਕੇਂਦਰ ਬਣੀ ਰਹੀ। ਇਸ ਮੌਕੇ ਕਿਸਾਨਾਂ ਨੇ ਆਪਣੀਆਂ ਸਮੱਸਿਆਵਾਂ ਸਾਂਝੀਆਂ ਕੀਤੀਆਂ ਅਤੇ ਸੁਝਾਅ ਸਬੰਧੀ ਫਾਰਮ ਭਰੇ। ਉਨ੍ਹਾਂ ਨਾਲ ਡਾਇਰੈਕਟਰ ਡੇਅਰੀ ਸ੍ਰੀ ਕੁਲਦੀਪ ਸਿੰਘ ਅਤੇ ਹੋਰ ਅਧਿਕਾਰੀ ਹਾਜ਼ਰ ਰਹੇ।
ਮੁੱਖ ਮੰਤਰੀ ਵੱਲੋਂ ਅਧਿਕਾਰੀਆਂ ਨੂੰ ਹੋਲਾ-ਮਹੱਲਾ ਮੌਕੇ ਸ੍ਰੀ ਆਨੰਦਪੁਰ ਸਾਹਿਬ ਵਿਖੇ ਪੁਖ਼ਤਾ ਪ੍ਰਬੰਧ ਯਕੀਨੀ ਬਣਾਉਣ ਦੇ ਹੁਕਮ
ਸ਼ਰਧਾਲੂਆਂ ਦੀ ਸਹੂਲਤ ਲਈ ਸਮੁੱਚੇ ਪ੍ਰਬੰਧਾਂ ਦੀ ਸੁਚੱਜੀ ਯੋਜਨਾਬੰਦੀ ਤੇ ਅਮਲ ਯਕੀਨੀ ਬਣਾਉਣ ਲਈ ਸਮੀਖਿਆ ਮੀਟਿੰਗ ਦੀ ਕੀਤੀ ਪ੍ਰਧਾਨਗੀ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 13 ਫ਼ਰਵਰੀ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅਧਿਕਾਰੀਆਂ ਨੂੰ ਸ੍ਰੀ ਆਨੰਦਪੁਰ ਸਾਹਿਬ ਵਿਖੇ ਹੋਲਾ-ਮਹੱਲਾ ਲਈ ਪੁਖ਼ਤਾ ਪ੍ਰਬੰਧ ਯਕੀਨੀ ਬਣਾਉਣ ਦੇ ਹੁਕਮ ਦਿੱਤੇ। ਇਸ ਵਿਸ਼ਾਲ ਸਮਾਗਮ ਦੇ ਪ੍ਰਬੰਧਾਂ ਨੂੰ ਅੰਤਿਮ ਰੂਪ ਦੇਣ ਲਈ ਸੋਮਵਾਰ ਨੂੰ ਇੱਥੇ ਉੱਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਹੋਲਾ-ਮਹੱਲਾ ਪੰਜਾਬੀਆਂ ਅਤੇ ਖਾਸ ਤੌਰ ’ਤੇ ਸਿੱਖ ਭਾਈਚਾਰੇ ਦੇ ਜੁਝਾਰੂ ਜਜ਼ਬੇ ਦਾ ਪ੍ਰਤੀਕ ਹੈ। ਉਨ੍ਹਾਂ ਕਿਹਾ ਕਿ ਸ੍ਰੀ ਆਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ’ਤੇ ਹੋਣ ਵਾਲੇ ਸਮਾਗਮਾਂ ਵਿੱਚ ਵੱਖ-ਵੱਖ ਵਰਗਾਂ ਦੇ ਸ਼ਰਧਾਲੂ ਭਾਰੀ ਗਿਣਤੀ ਵਿੱਚ ਸ਼ਾਮਲ ਹੁੰਦੇ ਹਨ। ਉਨ੍ਹਾਂ ਅੱਗੇ ਕਿਹਾ ਕਿ ਇਸ ਪਵਿੱਤਰ ਧਰਤੀ ’ਤੇ ਆਉਣ ਵਾਲੇ ਲੱਖਾਂ ਸ਼ਰਧਾਲੂਆਂ ਦੀ ਸਹੂਲਤ ਲਈ ਪੁਖ਼ਤਾ ਪ੍ਰਬੰਧ ਕੀਤੇ ਜਾਣ। ਮੁੱਖ ਮੰਤਰੀ ਨੇ ਕਿਹਾ ਕਿ ਹਰ ਸਾਲ ਸ਼ਰਧਾਲੂ ਇਸ ਮੌਕੇ ਨੂੰ ਏਕੇ, ਭਾਈਚਾਰਕ ਸਾਂਝ ਅਤੇ ਸਹਿਣਸ਼ੀਲਤਾ ਨਾਲ ਮਨਾਉਂਦੇ ਹਨ। ਉਨ੍ਹਾਂ ਕਿਹਾ ਕਿ ਸ਼ਰਧਾਲੂਆਂ ਲਈ ਟਰੈਫਿਕ ਪ੍ਰਬੰਧ, ਵਾਹਨਾਂ ਦੀ ਪਾਰਕਿੰਗ, ਸੁਰੱਖਿਆ ਪ੍ਰਬੰਧ, ਠਹਿਰਨ ਦੀ ਵਿਵਸਥਾ ਅਤੇ ਹੋਰ ਸਹੂਲਤਾਂ ਮੁਹੱਈਆ ਕਰਵਾਉਣ ਲਈ ਪੁਖ਼ਤਾ ਪ੍ਰਬੰਧ ਕੀਤੇ ਜਾਣ। ਭਗਵੰਤ ਮਾਨ ਨੇ ਸੁਚੱਜੀ ਵਿਉਂਤਬੰਦੀ ਅਤੇ ਇਸ ਦੇ ਅਮਲ ਨੂੰ ਯਕੀਨੀ ਬਣਾਉਣ ਲਈ ਕਿਹਾ ਤਾਂ ਜੋ ਸ਼ਰਧਾਲੂਆਂ ਨੂੰ ਕਿਸੇ ਕਿਸਮ ਦੀ ਦਿੱਕਤ ਦਰਪੇਸ਼ ਨਾ ਆਵੇ।
ਮੁੱਖ ਮੰਤਰੀ ਨੇ ਦੱਸਿਆ ਕਿ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ਼ ਬਹਾਦਰ ਜੀ ਨੇ 1665 ਵਿੱਚ ਇਸ ਪਵਿੱਤਰ ਨਗਰੀ ਸ੍ਰੀ ਆਨੰਦਪੁਰ ਸਾਹਿਬ ਨੂੰ ਵਸਾਇਆ ਸੀ, ਜਿਨ੍ਹਾਂ ਨੇ ਮਨੁੱਖੀ ਅਧਿਕਾਰਾਂ ਅਤੇ ਧਰਮ ਦੀ ਰਾਖੀ ਲਈ ਆਪਣੀ ਕੁਰਬਾਨੀ ਦਿੱਤੀ। ਉਨ੍ਹਾਂ ਅੱਗੇ ਕਿਹਾ ਕਿ ਇਹ ਪਾਵਨ ਅਸਥਾਨ ਖਾਲਸੇ ਦੀ ਜਨਮ ਭੂਮੀ ਵੀ ਹੈ, ਇਸ ਪਵਿੱਤਰ ਧਰਤੀ ’ਤੇ 1699 ਵਿਚ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਵਿਸਾਖੀ ਦੇ ਇਤਿਹਾਸਕ ਦਿਹਾੜੇ ਮੌਕੇ ਖਾਲਸਾ ਪੰਥ ਦੀ ਸਾਜਨਾ ਕੀਤੀ ਸੀ। ਭਗਵੰਤ ਮਾਨ ਨੇ ਕਿਹਾ ਕਿ ਪੂਰੇ ਉਤਸ਼ਾਹ ਅਤੇ ਸ਼ਰਧਾ ਭਾਵਨਾ ਨਾਲ ਹੋਲਾ-ਮਹੱਲਾ ਮਨਾਉਣ ਦੌਰਾਨ ਪਵਿੱਤਰ ਨਗਰੀ ਵਿਖੇ ਆਉਣ ਵਾਲੀ ਸੰਗਤ ਲਈ ਸਰਕਾਰ ਵੱਲੋਂ ਸੁਚੱਜੇ ਪ੍ਰਬੰਧ ਯਕੀਨੀ ਬਣਾਏ ਜਾਣਗੇ। ਉਨ੍ਹਾਂ ਧਰਮ ਨਿਰਪੱਖਤਾ ਅਤੇ ਧਾਰਮਿਕ ਸਹਿਣਸ਼ੀਲਤਾ ਦਰਸਾਉਣ ਲਈ ਲੋਕਾਂ ਨੂੰ ਜਾਤ-ਪਾਤ, ਰੰਗ, ਨਸਲ ਅਤੇ ਧਾਰਮਿਕ ਵਿਤਕਰੇ ਤੋਂ ਉਪਰ ਉੱਠ ਕੇ ਇਸ ਵਿਸ਼ਾਲ ਸਮਾਗਮ ਨੂੰ ਸਮੂਹਿਕ ਤੌਰ ’ਤੇ ਪੂਰੇ ਉਤਸ਼ਾਹ ਨਾਲ ਮਨਾਉਣ ਦਾ ਸੱਦਾ ਦਿੱਤਾ।
ਦਲਿਤ ਮਜ਼ਦੂਰਾਂ ’ਤੇ ਜ਼ਬਰ ਕਰਨ ਵਾਲਿਆਂ ਉੱਤੇ ਕੇਸ ਦਰਜ਼ ਕਰਵਾਉਣ ਲਈ ਲਾਇਆ ਧਰਨਾ
ਸੁਖਜਿੰਦਰ ਮਾਨ
ਬਠਿੰਡਾ, 13 ਫਰਵਰੀ: ਇਨਕਲਾਬੀ ਗਾਇਕ ਜਗਸੀਰ ਸਿੰਘ ਜੀਦਾ ਦੇ ਖੇਤ ਦਾ ਰਾਹ ਰੋਕਣ ਅਤੇ ਪਿੰਡ ਜਿਉਦ ਦੀ ਦਲਿਤ ਮਜ਼ਦੂਰ ਔਰਤ ਨੂੰ ਜਾਤੀ ਸੂਚਕ ਸਬਦ ਬੋਲਣ ਵਾਲਿਆਂ ਵਿਰੁਧ ਐਸੀ / ਐਸੀ ਟੀ ਐਕਟ ਦੀਆਂ ਧਰਾਵਾਂ ਤਹਿਤ ਪਰਚਾ ਦਰਜ਼ ਕਰਵਾਉਣ ਲਈ ਅੱਜ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੀ ਅਗਵਾਈ ਹੇਠ ਐਸ ਐਸ ਪੀ ਬਠਿੰਡਾ ਦੇ ਦਫ਼ਤਰ ਅੱਗੇ ਅਣਮਿੱਥੇ ਸਮੇਂ ਦਾ ਧਰਨਾ ਸ਼ੁਰੂ ਕਰਦਿਆਂ ਪ੍ਰਸ਼ਾਸਨ ਵਿਰੁਧ ਨਾਅਰੇਬਾਜ਼ੀ ਕੀਤੀ ਗਈ। ਧਰਨੇ ਵਿੱਚ ਪਹੁੰਚੇ ਮਜ਼ਦੂਰਾਂ ਨੂੰ ਸਬੋਧਨ ਕਰਦੇ ਹੋਏ ਮਜ਼ਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਜੋਰਾ ਸਿੰਘ ਨਸਰਾਲੀ , ਜਿਲਾ ਕਨਵੀਨਰ ਮਾਸਟਰ ਸੇਵਕ ਸਿੰਘ ਮਹਿਮਾ ਸਰਜਾ , ਜਿਲਾ ਕਮੇਟੀ ਮੈਬਰ ਤੀਰਥ ਸਿੰਘ ਕੋਠਾ ਗੁਰੂ ਤੇ ਮਨਦੀਪ ਸਿੰਘ ਸਿਵੀਆਂ ਨੇ ਜਿਲੇ ਅੰਦਰ ਦਲਿਤਾਂ ਨਾਲ ਹੋ ਰਹੇ ਜਾਤੀ ਅਧਾਰਤ ਵਾਪਰੀਆਂ ਘਟਨਾਵਾਂ ਦਾ ਵੇਰਵਾ ਦਿੰਦੇ ਹੋਏ ਕਿਹਾ ਕਿ ਪਿੰਡ ਜੀਦੇ ਦੇ ਇਨਕਲਾਬੀ ਗਾਇਕ ਜਗਸੀਰ ਸਿੰਘ ਜੀਦਾ ਨੇ ਪਿੰਡ ਵਿੱਚ ਇੱਕ ਏਕੜ ਜਮੀਨ ਖਰੀਦੀ ਸੀ । ਰਜਿਸਟਰੀ ਵਿੱਚ ਖੇਤ ਨੂੰ ਰਾਹ ਤੇ ਪਾਣੀ ਦੇਣ ਦਾ ਵੇਰਵਾ ਦਰਜ ਕੀਤਾ ਹੋਇਆ ਹੈ। ਪਰ ਇਸਦੇ ਬਾਵਜੂਦ ਜਮੀਨ ਦੇ ਮਾਲਕ ਨੇ ਪਿੰਡ ਦੇ ਕੁੱਝ ਲੋਕਾਂ ਦੇ ਦਬਾਅ ਹੇਠ ਖੇਤ ਦਾ ਪਾਣੀ ਤੇ ਰਾਹ ਬੰਦ ਕਰ ਦਿੱਤਾ ਹੈ। ਜਿਸ ਕਾਰਨ ਜਗਸੀਰ ਸਿੰਘ ਪਿਛਲੇ ਇੱਕ ਸਾਲ ਤੋਂ ਫਸਲ ਨਹੀਂ ਬੀਜ ਸਕਿਆ। ਇਸੇ ਤਰਾਂ ਪਿੰਡ ਜਿਉਦ ਦੀ ਮਜ਼ਦੂਰ ਔਰਤ ਕਰਮਜੀਤ ਕੌਰ ਨੂੰ ਪਿੰਡ ਦੇ ਇੱਕ ਵਿਅਕਤੀ ਵਲੋਂ ਜਾਤੀ ਅਧਾਰਤ ਗੰਦੀਆਂ ਗਾਲਾਂ ਕੱਢਕੇ ਅਪਮਾਨਿਤ ਕਰਨ ਕਰਕੇ ਉਸ ਉੱਤੇ ਵੀ ਐਸੀ ਐਸੀ ਟੀ ਦੀਆਂ ਧਰਾਵਾਂ ਹੇਠ ਕੇਸ ਦਰਜ ਹੋਇਆ ਸੀ। ਜਿਸ ਨੂੰ ਹੁਣ ਰੱਦ ਕਰ ਦਿੱਤਾ ਗਿਆ ਹੈ। ਬੁਲਾਰਿਆਂ ਨੇ ਸਰਕਾਰ ਅਤੇ ਪੁਲਿਸ ਦੇ ਜਿਲਾ ਅਧਿਕਾਰੀਆਂ ’ਤੇ ਦੋਸ਼ ਲਾਉਦਿਆ ਕਿਹਾ ਕਿ ਇਹ ਮਸਲੇ ਯੂਨੀਅਨ ਵੱਲੋਂ ਲਗਾਤਾਰ ਉਨਾਂ ਦੇ ਧਿਆਨ ਵਿੱਚ ਲਿਆਦੇ ਗਏ ਪਰ ਦੋਸ਼ੀਆਂ ਉੱਤੇ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ । ਉਨਾਂ ਭਗਵੰਤ ਮਾਨ ਦੀ ਸਰਕਾਰ ਦੀ ਕਰੜੇ ਸਬਦਾ ਵਿੱਚ ਅਲੋਚਨਾ ਕਰਦਿਆਂ ਕਿਹਾ ਕਿ ਉਨਾਂ ਦੇ ਰਾਜ ਅੰਦਰ ਦਲਿਤ ਮਜ਼ਦੂਰਾਂ ’ਤੇ ਹੋ ਰਿਹਾ ਜਬਰ ਜੁਲਮ ਸਾਰੇ ਹੱਦਾਂ ਬੰਨੇ ਟੱਪ ਚੁੱਕਾ ਹੈ । ਪਿੰਡ ਮੋਰਾਂ ਵਾਲੀ ( ਮਲੇਰਕੋਟਲਾ ) ਗੁਜਰਾਂ ( ਸੰਗਰੂਰ ) ਜੈ ਸਿੰਘ ਵਾਲਾ ( ਬਠਿੰਡਾ ) ਤੇ ਰੱਲਾ ( ਮਾਨਸਾ ) ਵਿੱਚ ਕੀਤੇ ਕਤਲ ਤੇ ਲੱਤਾਂ ਬਾਹਾਂ ਤੋੜ ਦੇਣ ਦੀਆਂ ਹੋਈਆਂ ਤਾਜੀਆਂ ਘਟਨਾਵਾਂ ਇਸ ਦਾ ਪ੍ਰਤੱਖ ਸਬੂਤ ਹਨ। ਹੋਰਨਾਂ ਤੋਂ ਇਲਾਵਾ ਭਰਾਤਰੀ ਜੱਥੇਬੰਦੀ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜਿਲਾ ਸਕੱਤਰ ਹਰਜਿੰਦਰ ਸਿੰਘ ਬੱਗੀ ਤੇ ਮਜ਼ਦੂਰ ਮੁਕਤੀ ਮੋਰਚਾ ਦੇ ਜਿਲਾ ਆਗੂ ਜਸਵੰਤ ਸਿੰਘ ਪੂਹਲਾ ਨੇ ਵੀ ਮਜ਼ਦੂਰਾਂ ਦਾ ਹਰ ਪੱਖੋਂ ਸਹਿਯੋਗ ਦੇਣ ਦਾ ਐਲਾਨ ਕੀਤਾ ।
ਮੁੱਖ ਮੰਤਰੀ ਤੇ ਡਿਪਟੀ ਮੁੱਖ ਮੰਤਰੀ ਨੇ ਜੰਗਲ ਸਫਾਰੀ ਲਈ ਨਿਰਧਾਰਿਤ ਖੇਤਰ ਦਾ ਕੀਤਾ ਹਵਾਈ ਸਰਵੇਖਣ
ਜੰਗਲ ਸਫਾਰੀ ਵਿਕਸਿਤ ਹੋਣ ਨਾਲ ਅਰਾਵਲੀ ਮਾਊਂਟੇਨ ਰੇਂਜ ਦੇ ਸਰੰਖਣ ਅਤੇ ਸੈਰ-ਸਪਾਟਾ ਨੂੰ ਮਿਲੇਗਾ ਪ੍ਰੋਤਸਾਹਨ
ਜੰਗਲ ਸਫਾਰੀ ਨੂੰ ਲੈ ਕੇ ਦਿੱਤੇ ਜਰੂਰੀ ਦਿਸ਼ਾ-ਨਿਰਦੇਸ਼
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 13 ਫਰਵਰੀ: ਹਰਿਆਣਾ ਵਿਚ ਅਰਾਵਲੀ ਮਾਉਂਟੇਨ ਰੇਂਜ ਵਿਚ ਗੁਰੂਗ੍ਰਾਮ ਅਤੇ ਨੂੰਹ ਜਿਲ੍ਹਾ ਵਿਚ ਲਗਭਗ 10 ਹਜਾਰ ਏਕੜ ਖੇਤਰ ਵਿਚ ਬਨਣ ਵਾਲੇ ਵਿਸ਼ਵ ਦੇ ਸੱਭ ਤੋਂ ਵੱਡੇ ਜੰਗਲ ਸਫਾਰੀ ਪਾਰਕ ਲਈ ਨਿਰਧਾਰਿਤ ਖੇਤਰ ਦਾ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਅਤੇ ਡਿਪਟੀ ਮੁੱਖ ਮੰਤਰੀ ਸ੍ਰੀ ਦੁਸ਼ਯੰਤ ਚੌਟਾਲਾ ਨੇ ਪਿਛਲੇ ਦਿਨ ਹਵਾਈ ਸਰਵੇਖਣ ਕੀਤਾ। ਜੰਗਲ ਸਫਾਰੀ ਪਾਰਕ ਨੂੰ ਲੈ ਕੇ ਮੁੱਖ ਮੰਤਰੀ ਨੇ ਅਧਿਕਾਰੀਆਂ ਦੇ ਨਾਲ ਮੀਟਿੰਗ ਵੀ ਕੀਤੀ ਅਤੇ ਉਨ੍ਹਾਂ ਨੂੰ ਇਸ ਸਬੰਧ ਵਿਚ ਜਰੂਰੀ ਦਿਸ਼ਾ-ਨਿਰਦੇਸ਼ ਦਿੱਤੇ। ਮੁੱਖ ਮੰਤਰੀ ਤੇ ਡਿਪਟੀ ਮੁੱਖ ਮੰਤਰੀ ਨੇ ਜਿਲ੍ਹਾ ਪ੍ਰਸਾਸ਼ਨ ਤੇ ਵਨ ਵਿਭਾਗ ਦੇ ਅਧਿਕਾਰੀਆਂ ਦੇ ਨਾਲ ਪ੍ਰਸਤਾਵਿਤ ਪਰਿਯੋਜਨਾ ਲਈ ਨਿਰਧਾਰਿਤ ਸਥਾਨ ਦੇ ਨਕਸ਼ੇ ਨੂੰ ਦੇਖ ਕੇ ਨਿਸ਼ਾਨਦੇਹੀ ਤੇ ਹੋਰ ਕੰਮਾਂ ਨੂੰ ਲੈ ਕੇ ਨਿਰਦੇਸ਼ ਦਿੱਤੇ। ਇਸ ਜੰਗਲ ਸਫਾਰੀ ਨੂੰ ਵਲਡ ਕਲਾਸ ਬਨਾਉਣ ਲਈ ਵਿਸ਼ਵ ਪੱਧਰੀ ਮਾਹਰਾਂ ਤੋਂ ਰਾਏ ਤੇ ਸੁਝਾਅ ਲਏ ਜਾਣਗੇ।
ਜੰਗਲ ਸਫਾਰੀ ਵਿਕਸਿਤ ਹੋਣ ਨਾਲ ਅਰਾਵਲੀ ਮਾਉਂਟੇਨ ਰੇਂਜ ਦੇ ਸਰੰਖਣ ਅਤੇ ਸੈਰ-ਸਪਾਟਾ ਨੂੰ ਮਿਲੇਗਾ ਪ੍ਰੋਤਸਾਹਨ
ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਇਸ ਖੇਤਰ ਵਿਚ ਜੰਗਲ ਸਫਾਰੀ ਵਿਕਸਿਤ ਹੋਣ ਨਾਲ ਇਕ ਪਾਸੇ ਜਿੱਥੇ ਇਸ ਮਾਉਂਟੇਨ ਰੇਂਜ ਨੂੰ ਸਰੰਖਤ ਕਰਨ ਵਿਚ ਮਦਦ ਮਿਲੇਗੀ ਉੱਥੇ ਦੂਜੇ ਪਾਸੇ ਕੌਮੀ ਰਾਜਧਾਨੀ ਦਿੱਲੀ ਅਤੇ ਨੇੜੇ ਦੇ ਖੇਤਰਾਂ ਵਿਚ ਕਾਫੀ ਗਿਣਤੀ ਵਿਚ ਲੋਕ ਸੈਰ-ਸਪਾਟਾ ਦੇ ਲਈ ਆਉਣਗੇ, ਜਿਸ ਨਾਲ ਸਥਾਨਕ ਲੋਕਾਂ ਲਈ ਰੁਜਗਾਰ ਦੇ ਮੌਕੇ ਵੀ ਉਪਲਬਧ ਹੋਣਗੇ। ਉਨ੍ਹਾਂ ਨੇ ਕਿਹਾ ਕਿ ਹਰਿਆਣਾ ਸਰਕਾਰ ਨੇ ਸੂਬੇ ਵਿਚ ਸੈਰ-ਸਪਾਟਾ ਨੂੰ ਪ੍ਰੋਤਸਾਹਨ ਦੇਣ ਤਅੇ ਗ੍ਰਾਮੀਣਾਂ ਨੂੰ ਹੋਰ ਵੱਧ ਰੁਜਗਾਰ ਦੇ ਮੌਕੇ ਮਹੁਇਆ ਕਰਵਾਉਣ ਦੇ ਉਦੇਸ਼ ਨਾਲ ਹੋਮ ਸਟੇ ਪੋਲਿਸੀ ਸ਼ੁਰੂ ਕੀਤੀ ਹੈ। ਇਸ ਦੇ ਤਹਿਤ, ਸੈਨਾਨੀਆਂ ਨੂੰ ਵੀ ਸਥਾਨਕ ਸਭਿਆਚਾਰ ਨਾਲ ਰੁਬਰੂ ਹੋਣ ਦਾ ਮੌਕਾ ਮਿਲੇਗਾ। ਇਸ ਮੌਕੇ ’ਤੇ ਗੁਰੂਗ੍ਰਾਮ ਦੇ ਡਿਪਟੀ ਕਮਿਸ਼ਨਰ ਨਿਸ਼ਾਂਤ ਕੁਮਾਰ ਯਾਦਵ ਤੇ ਵਨ ਵਿਭਾਗ ਦੇ ਅਧਿਕਾਰੀ ਮੌਜੂਦ ਰਹੇ।
ਬਾਬਾ ਫ਼ਰੀਦ ਕਾਲਜ ਵੱਲੋਂ ਐਗਰੀਕਲਚਰ ਜਾਗਰੂਕਤਾ ਸੈਮੀਨਾਰ ਆਯੋਜਿਤ
ਸੁਖਜਿੰਦਰ ਮਾਨ
ਬਠਿੰਡਾ, 13 ਫਰਵਰੀ: ਬਾਬਾ ਫ਼ਰੀਦ ਕਾਲਜ ਦੇ ਖੇਤੀਬਾੜੀ ਵਿਭਾਗ ਵੱਲੋਂ ਐਚ.ਡੀ.ਐਫ.ਸੀ. ਬੈਂਕ ਦੇ ਸਹਿਯੋਗ ਨਾਲ ’ਕਣਕ ਦੀ ਫ਼ਸਲ ਦੀਆਂ ਬਿਮਾਰੀ ਪ੍ਰਬੰਧਨ ਤਕਨੀਕਾਂ ਅਤੇ ਆਰਗੈਨਿਕ ਖੇਤੀ ਨੂੰ ਅਪਣਾਉਣ’ ਬਾਰੇ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਪਿੰਡ ਪਿੱਥੋ ਵਿਖੇ ਇੱਕ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਇਸ ਸੈਮੀਨਾਰ ਵਿੱਚ ਪਿੰਡ ਦੇ ਲਗਭਗ 35 ਕਿਸਾਨਾਂ ਨੇ ਭਾਗ ਲਿਆ। ਇਸ ਸੈਮੀਨਾਰ ਵਿੱਚ ਸਹਾਇਕ ਪ੍ਰੋਫੈਸਰ ਡਾ. ਜਸਪ੍ਰੀਤ ਕੌਰ ਬਸਾਤੀ, ਸਹਾਇਕ ਪ੍ਰੋਫੈਸਰ ਹਰਦੀਪ ਕੌਰ ਨੇ ਸੰਬੋਧਨ ਕੀਤਾ। ਇਸ ਗਤੀਵਿਧੀ ਦਾ ਉਦੇਸ਼ ਕਣਕ ਅਤੇ ਸਰ੍ਹੋਂ ਦੇ ਉਤਪਾਦਨ ਦੇ ਵੱਖ-ਵੱਖ ਅਭਿਆਸਾਂ ਅਤੇ ’ਆਰਗੈਨਿਕ ਖੇਤੀ ਨੂੰ ਅਪਣਾਉਣ ਬਾਰੇ ਗਿਆਨ ਪ੍ਰਦਾਨ ਕਰਨਾ ਸੀ।
ਸਹਾਇਕ ਪ੍ਰੋਫੈਸਰ ਹਰਦੀਪ ਕੌਰ ਨੇ ਕਿਸਾਨਾਂ ਅਤੇ ਬੁਲਾਰਿਆਂ ਦਾ ਸਵਾਗਤ ਕਰਦਿਆਂ ਇਸ ਕਿਸਾਨ ਜਾਗਰੂਕਤਾ ਕੈਂਪ ਬਾਰੇ ਸੰਖੇਪ ਜਾਣਕਾਰੀ ਸਾਂਝੀ ਕੀਤੀ। ਇਸ ਸੈਮੀਨਾਰ ਦਾ ਮੁੱਖ ਥੀਮ ’ਉੱਤਮ ਖੇਤੀ, ਖ਼ੁਸ਼ਹਾਲ ਕਿਸਾਨ’ ਸੀ ਜਿਸ ਦੌਰਾਨ ਬੁਲਾਰਿਆਂ ਨੇ ਆਰਗੈਨਿਕ ਖੇਤੀ ਨੂੰ ਅਪਣਾਉਣ ਅਤੇ ਫ਼ਸਲ ਪ੍ਰਬੰਧਨ ਤਕਨੀਕਾਂ ਬਾਰੇ ਜਾਗਰੂਕਤਾ ’ਤੇ ਜ਼ੋਰ ਦਿੱਤਾ। ਡਾ. ਜਸਪ੍ਰੀਤ ਕੌਰ ਬਸਾਤੀ ਨੇ ਕਣਕ ਤੇ ਸਰ੍ਹੋਂ ਦੀ ਫ਼ਸਲਾਂ ਵਿੱਚ ਹੋਣ ਵਾਲੀਆਂ ਬਿਮਾਰੀਆਂ ਨੂੰ ਕਾਬੂ ਕਰਨ ਬਾਰੇ ਦੱਸਿਆ। ਉਨ੍ਹਾਂ ਨੇ ’ਆਰਗੈਨਿਕ ਖੇਤੀ’ ਖ਼ਾਸ ਕਰ ਕੇ ਰਸੋਈ ਬਾਗ਼ਬਾਨੀ ਨੂੰ ਅਪਣਾਉਣ ਬਾਰੇ ਜ਼ੋਰ ਦਿੱਤਾ ਅਤੇ ਅਤੇ ਕਣਕ ਤੇ ਸਰ੍ਹੋਂ ਦੀ ਫ਼ਸਲਾਂ ਵਿੱਚ ਹੋਣ ਵਾਲੀਆਂ ਵਿਭਿੰਨ ਬਿਮਾਰੀਆਂ ਦੇ ਪ੍ਰਬੰਧਨ ’ਤੇ ਜ਼ੋਰ ਦਿੱਤਾ। ਇਸ ਸੈਮੀਨਾਰ ਦੌਰਾਨ ਐਚ.ਡੀ.ਐਫ.ਸੀ ਬੈਂਕ ਦੇ ਅਧਿਕਾਰੀਆਂ ਨੇ ਬੈਂਕ ਤੋਂ ਕਰਜ਼ਾ ਲੈਣ ਦੇ ਤਰੀਕੇ ਅਤੇ ਇਸ ਦੀ ਮੁੜ ਅਦਾਇਗੀ ਬਾਰੇ ਜਾਣਕਾਰੀ ਦਿੰਦਿਆਂ ਕਿਸਾਨਾਂ ਨੂੰ ਧੋਖਾਧੜੀ ਕਾਲਾਂ ਬਾਰੇ ਵੀ ਜਾਗਰੂਕ ਕੀਤਾ। ਉਨ੍ਹਾਂ ਨੇ ਕਰਜ਼ੇ ਦੀ ਪ੍ਰਕਿਰਿਆ ਬਾਰੇ ਕਿਸਾਨਾਂ ਵੱਲੋਂ ਪੁੱਛੇ ਗਏ ਸੁਆਲਾਂ ਦੇ ਤਸੱਲੀਬਖ਼ਸ਼ ਜਵਾਬ ਦੇ ਕੇ ਉਨ੍ਹਾਂ ਦੇ ਸ਼ੰਕਿਆਂ ਨੂੰ ਦੂਰ ਕੀਤਾ। ਕਿਸਾਨਾਂ ਨੇ ਫ਼ਸਲਾਂ ਦੇ ਪ੍ਰਬੰਧਨ, ਮਧੂ ਮੱਖੀਆਂ ਪਾਲਣ ਅਤੇ ਆਰਗੈਨਿਕ ਖੇਤੀ ਨੂੰ ਅਪਣਾਉਣ ਬਾਰੇ ਕਈ ਸੁਆਲ ਪੁੱਛੇ। ਸੈਸ਼ਨ ਦੇ ਅੰਤ ਵਿੱਚ ਬਾਬਾ ਫ਼ਰੀਦ ਕਾਲਜ ਦੇ ਖੇਤੀਬਾੜੀ ਵਿਭਾਗ ਦੇ ਐਸੋਸੀਏਟ ਡੀਨ ਡਾ. ਵਿਨੀਤ ਚਾਵਲਾ ਅਤੇ ਵਿਭਾਗ ਮੁਖੀ ਡਾ. ਸੁਰਭੀ ਸ਼ਰਮਾ ਨੇ ਫੈਕਲਟੀ ਮੈਂਬਰਾਂ ਅਤੇ ਐਚ.ਡੀ.ਐਫ.ਸੀ ਬੈਂਕ ਦੇ ਕਰਮਚਾਰੀਆਂ ਵੱਲੋਂ ਕਿਸਾਨਾਂ ਨਾਲ ਜਾਣਕਾਰੀ ਸਾਂਝੀ ਕਰਨ ਦੇ ਯਤਨਾਂ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਸਾਰਿਆਂ ਲਈ ਧੰਨਵਾਦੀ ਸ਼ਬਦ ਕਹੇ। ਬੀ.ਐਫ.ਜੀ.ਆਈ. ਦੇ ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ ਨੇ ਬਾਬਾ ਫ਼ਰੀਦ ਕਾਲਜ ਦੇ ਖੇਤੀਬਾੜੀ ਵਿਭਾਗ ਵੱਲੋਂ ਕੀਤੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ।





