ਸੁਖਜਿੰਦਰ ਮਾਨ
ਬਠਿੰਡਾ, 10 ਫਰਵਰੀ: ਸਿਲਵਰ ਓਕਸ ਸਕੂਲ, ਸੁਸ਼ਾਂਤ ਸਿਟੀ-2 ਵਲੋਂ ਅੱਜ ਪਹਿਲੀ ਜਮਾਤ ਤੋਂ ਲੈ ਕੈ ਦਸਵੀਂ ਜਮਾਤ ਦੇ ਮਿਹਨਤੀ ਵਿਦਿਆਰਥੀਆਂ ਨੂੰ ਉਹਨਾਂ ਦੀਆਂ ਵੱਖ- ਵੱਖ ਪੇਸ਼ਕਾਰੀਆਂ ਦੀ ਪ੍ਰਾਪਤੀ ਲਈ ਸਨਮਾਨਿਤ ਕਰਨ ਲਈ ਇੱਕ ਇਨਾਮ ਵੰਡ ਸਮਾਰੋਹ ਦਾ ਆਯੋਜਨ ਕੀਤਾ। ਜਿਸ ਵਿਚ ਸਕੂਲ ਡਾਇਰੈਕਟਰ ਸ਼੍ਰੀਮਤੀ ਬਰਨਿੰਦਰ ਪੌਲ ਸੇਖੋਂ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ । ਸਮਾਗਮ ਦਾ ਆਰੰਭ ਡਾਇਰੈਕਟਰ ਮੈਡਮ ਬਰਨਿੰਦਰ ਪੌਲ ਸੇਖੋਂ ਅਤੇ ਪ੍ਰਿੰਸੀਪਲ ਸ਼੍ਰੀ ਮਤੀ ਨੀਤੂ ਅਰੋੜਾ ਦੁਆਰਾ ਜੋਤੀ ਜਗਾ ਕੇ ਅਤੇ ਪ੍ਰਾਰਥਨਾ ਨਾਲ ਕੀਤਾ ਗਿਆ। ਇਸ ਤੋਂ ਬਾਅਦ ਵਿੱਚ ਵਿਦਿਆਰਥੀਆਂ ਦਾ ਸਨਮਾਨ ਕਰਨ ਦਾ ਪ੍ਰੋਗਰਾਮ ਸ਼ੁਰੂ ਹੋਇਆ। ਜਿਸ ਦੌਰਾਨ ਜੇਤੂ ਵਿਦਿਆਰਥੀਆਂ ਨੂੰ ਸਰਟੀਫਿਕੇਟ ਦਿੱਤੇ ਗਏ । ਪੂਰੇ ਸਾਲ ਦੌਰਾਨ ਵਧੀਆ ਪੇਸ਼ਕਾਰੀ ਦੇਣ ਵਾਲੇ ਹਾਊਸ ਨੂੰ ਟਰਾਫੀ ਨਾਲ ਸਨਮਾਨਿਤ ਕੀਤਾ ਗਿਆ । ਪੰਜਵੀਂ ਜਮਾਤ ਦੇ ਵਿਦਿਅਰਥੀਆਂ ਨੇ ਇੱਕ ਸੁੰਦਰ ਡਾਂਸ ਪੇਸ਼ ਕੀਤਾ। ਡਾਇਰੈਕਟਰ ਸ਼੍ਰੀਮਤੀ ਬਰਨਿੰਦਰ ਪੌਲ ਸੇਖੋਂ ਅਤੇ ਸ਼੍ਰੀਮਤੀ ਨੀਤੂ ਅਰੋੜਾ ਨੇ ਅਧਿਆਪਕਾਂ ਦੀ ਪ੍ਰਸ਼ੰਸਾ ਕੀਤੀ ਅਤੇ ਬੱਚਿਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਜੇ ਕੋਈ ਵਿਦਿਆਰਥੀ ਆਤਮਵਿਸ਼ਵਾਸ ਅਤੇ ਲਗਨ ਨਾਲ ਮੰਜਲ ਦੀ ਦਿਸ਼ਾ ਵਿੱਚ ਅੱਗੇ ਵਧਦਾ ਹੈ ਤਾਂ ਸਫਲਤਾ ਅਤੇ ਤਰੱਕੀ ਜਰੂਰ ਹਾਸਲ ਕਰਦਾ ਹੈ। ਸਕੂਲ ਨੂੰ ਅਜਿਹੇ ਪ੍ਰਤਿਭਾਸ਼ਾਲੀ ਵਿਦਿਆਰਥੀਆਂ ’ਤੇ ਮਾਣ ਹੈ । ਉਨ੍ਹਾਂ ਵਿਦਿਆਰਥੀਆਂ ਨੇ ਲਗਾਤਾਰ ਸਮਰਥਨ ਅਤੇ ਪ੍ਰੇਰਿਤ ਕਰਨ ਲਈ ਸਕੂਲ ਦਾ ਧੰਨਵਾਦ ਕੀਤਾ ਅਤੇ ਸਿਲਵਰ ਓਕਸ ਸਕੂਲ ਵਿੱਚ ਆਪਣੇ ਅਧਿਆਪਕਾਂ ਦਾ ਸਾਲਾਂ ਤੋਂ ਉਹਨਾਂ ਨੂੰ ਤਿਆਰ ਕਰਨ ਅਤੇ ਸਹੀ ਰਾਹ ਦੀ ਅਗਵਾਈ ਕਰਨ ਲਈ ਧੰਨਵਾਦ ਕੀਤਾ।
ਸਿਲਵਰ ਓਕਸ ਸਕੂਲ ਸੁਸ਼ਾਂਤ ਸਿਟੀ-2 ਵੱਲੋਂ ਸਨਮਾਨ ਸਮਾਰੋਹ ਆਯੋਜਿਤ
ਕਿਸਾਨ ਜਥੇਬੰਦੀ ਦਾ ਵਿਵਾਦ: ਡਕੌਂਦਾ ਗਰੁੱਪ ਦੇ ਆਗੂਆਂ ਨੇ 14 ਨੂੰ ਬਠਿੰਡਾ ਚ ਸੱਦੀ ਜਨਰਲ ਕੌਂਸਲ ਦੀ ਮੀਟਿੰਗ
ਜਥੇਬੰਦੀ ਦੇ ਸੰਵਿਧਾਨ ਅਤੇ ਐਲਾਨਨਾਮੇ ਨੂੰ ਬੁਲੰਦ ਕਰਾਂਗੇ: ਗੁਰਦੀਪ ਸਿੰਘ ਰਾਮਪੁਰਾ
ਸੁਖਜਿੰਦਰ ਮਾਨ
ਬਠਿੰਡਾ, 10 ਫਰਵਰੀ: ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਅੰਦਰ ਪਿਛਲੇ ਕਈ ਮਹੀਨਿਆਂ ਤੋਂ ਚੱਲ ਰਹੇ ਕਾਟੋ-ਕਲੇਸ਼ ਦਾ ਹਾਲੇ ਤੱਕ ਅੰਤ ਹੁੰਦਾ ਦਿਖ਼ਾਈ ਨਹੀਂ ਦੇ ਰਿਹਾ ਹੈ। ਪਿਛਲੇ ਦਿਨਾਂ ’ਚ ਲੀਡਰਸ਼ਿਪ ਵਲੋਂ ਇੱਕ-ਦੂਜੇ ਵਿਰੁਧ ਚੱਲ ਰਹੀ ਇਲਜਾਮ ਤਰਾਸ਼ੀ ਦੌਰਾਨ ਹੁਣ ਜਥੇਬੰਦੀ ਦੇ ਪ੍ਰਧਾਨ ਬੂਟਾ ਸਿੰਘ ਬੁਰਜਗਿੱਲ ਨੂੰ ਕੁਰਸੀਓ ਉਤਾਰਨ ਦੀ ਤਿਆਰੀ ਸਿਖ਼ਰਾਂ ’ਤੇ ਪੁੱਜ ਗਈ ਹੈ। ਪਤਾ ਲੱਗਿਆ ਹੈ ਕਿ ਵਿਰੋਧੀ ਗੁੱਟ ਵਲੋਂ ਇਸ ਸਬੰਧ ਵਿਚ 14 ਫ਼ਰਵਰੀ ਨੂੰ ਬਠਿੰਡਾ ’ਚ ਜਥੇਬੰਦੀ ਦੀ ਜਨਰਲ ਕੋਂਸਲ ਦੀ ਮੀਟਿੰਗ ਬੁਲਾਈ ਹੈ, ਜਿਸਦੇ ਵਿਚ ਸੰਭਾਵਨਾ ਜਤਾਈ ਜਾ ਰਹੀ ਹੈ ਕਿ ਬੂਟਾ ਸਿੰਘ ਬੁਰਜ ਗਿੱਲ ਦੀ ਥਾਂ ਮਨਜੀਤ ਸਿੰਘ ਪੰਧੇਰ ਨੂੰ ਪ੍ਰਧਾਨ ਬਣਾਇਆ ਜਾ ਸਕਦਾ ਹੈ। ਗੌਰਤਲਬ ਹੈ ਕਿ ਪਿਛਲੇ ਕੁੱਝ ਸਮੇਂ ਦੌਰਾਨ ਜਥੇਬੰਦੀ ਦੀ ਪ੍ਰਧਾਨਗੀ ’ਤੇ ਕਾਬਜ਼ ਬੂਟਾ ਸਿੰਘ ਬੁਰਜਗਿੱਲ ਗੁੱਟ ਵਲੋਂ ਇੱਕ ਦਰਜ਼ਨ ਦੇ ਕਰੀਬ ਜਥੇਬੰਦੀ ਦੇ ਸੀਨੀਅਰ ਆਗੂਆਂ ਨੂੰ ਬਾਹਰ ਦਾ ਰਾਸਤਾ ਦਿਖਾ ਦਿੱਤਾ ਹੈ। ਦੋਨਾਂ ਧਿਰਾਂ ਵਲੋਂ ਇੱਕ ਦੂਜੇ ਵਿਰੁਧ ਜਥੇਬੰਦੀ ਦੇ ਫੰਡਾਂ ’ਚ ਗੜ੍ਹਬੜੀ ਦੇ ਦੋਸ਼ ਲਗਾਏ ਜਾ ਰਹੇ ਹਨ ਜਦੋਂਕਿ ਬੁਰਜਗਿੱਲ ਪਿਛਲੇ ਸਮੇਂ ਦੌਰਾਨ ਦਿੱਲੀ ’ਚ ਚੱਲੇ ਕਿਸਾਨ ਸੰਘਰਸ਼ ਦੌਰਾਨ ਭਾਜਪਾ ਆਗੂਆਂ ਨਾਲ ਅੰਦਰਖਾਤੇ ਸਾਂਠ-ਗਾਂਠ ਨੂੰ ਲੈ ਕੇ ਨਿਸ਼ਾਨੇ ’ਤੇ ਚੱਲ ਰਹੇ ਹਨ। ਜਿਕਰਯੋਗ ਹੈ ਕਿ 8 ਫ਼ਰਵਰੀ ਨੂੰ ਜਥੇਬੰਦੀ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਮਨਜੀਤ ਸਿੰਘ ਧਨੇਰ ਦੀ ਅਗਵਾਈ ਹੇਠ ਸੀਨੀਅਰ ਆਗੂਆਂ ਵਲੋਂ ਬਠਿੰਡਾ ’ਚ ਇੱਕ ਪ੍ਰੈਸ ਕਾਨਫਰੰਸ ਕਰਕੇ ਪ੍ਰਧਾਨ ਬੂਟਾ ਸਿੰਘ ਬੁਰਜਗਿੱਲ ਤੇ ਜਗਮੋਹਨ ਸਿੰਘ ਪਟਿਆਲਾ ਆਦਿ ਵਿਰੁਧ ਗੰਭੀਰ ਦੋਸ਼ ਲਗਾਉਂਦਿਆਂ ਦਿੱਲੀ ਵਿਖੇ ਤਿੰਨ ਖੇਤੀਬਾੜੀ ਕਾਨੂੰਨਾਂ ਖਿਲਾਫ਼ ਚੱਲੇ ਇਤਿਹਾਸਕ ਸਾਂਝੇ ਕਿਸਾਨ ਅੰਦੋਲਨ ਦੌਰਾਨ ਕੇਂਦਰੀ ਏਜੰਸੀਆਂ ਅਤੇ ਕੇਂਦਰ ਸਰਕਾਰ ਦੇ ਮੰਤਰੀਆਂ ਨਾਲ ਕਥਿਤ ਤੌਰ ਤੇ ਸਾਂਝ ਭਿਆਲੀ ਪਾਉਣ ਦੇ ਦੋਸ਼ ਲਗਾਏ ਸਨ। ਬੁਰਜਗਿੱਲ ਵਿਰੋਧੀ ਧੜੇ ਵਿਚ ਮਨਜੀਤ ਧਨੇਰ ਤੋਂ ਇਲਾਵਾ ਜਥੇਬੰਦੀ ਦੇ ਸੂਬਾ ਮੀਤ ਪ੍ਰਧਾਨ ਗੁਰਦੀਪ ਰਾਮਪੁਰਾ, ਪ੍ਰੈੱਸ ਸਕੱਤਰ ਬਲਵੰਤ ਉੱਪਲੀ ਅਤੇ ਸੂਬਾ ਕਮੇਟੀ ਮੈਂਬਰ ਕੁਲਵੰਤ ਸਿੰਘ ਕਿਸ਼ਨਗੜ੍ਹ ਆਦਿ ਆਗੂ ਵੀ ਸ਼ਾਮਲ ਹਨ, ਨੇ ਕਿਹਾ ਕਿ ਪ੍ਰਧਾਨ ਤੇ ਉਸਦੇ ਸਾਥੀਆਂ ਵਲੋਂ ਲਏ ਜਾ ਰਹੇ ਆਪਹੁਦਰੇ ਫੈਸਲਿਟਾਂ ਦੇ ਚੱਲਦੇ ਬੀਕੇਯੂ ਏਕਤਾ ਡਕੌਂਦਾ ਦੇ ਸੁਪਰੀਮ ਅਦਾਰੇ ‘ਸੂਬਾ ਜਨਰਲ ਕੌਂਸਲ’ ਦਾ ਵਿਸ਼ਾਲ ਇਕੱਠ ਬੁਲਾਉਣ ਦਾ ਫ਼ੈਸਲਾ ਕੀਤਾ ਹੈ,ਜੋ ਕਿ 14 ਫਰਵਰੀ ਨੂੰ ਗੁਰਦੁਆਰਾ ਹਾਜੀ ਰਤਨ ਬਠਿੰਡਾ ਵਿਖੇ ਕੀਤਾ ਜਾ ਰਿਹਾ ਹੈ।
ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਦੇ 8ਵੇਂ ਸਥਾਪਨਾ ਦਿਵਸ ਦੀ ਸ਼ਾਨਦਾਰ ਸ਼ੁਰੁਆਤ
ਸੁਖਜਿੰਦਰ ਮਾਨ
ਬਠਿੰਡਾ, 10 ਫਰਵਰੀ: ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਬਠਿੰਡਾ ਵਿਖੇ ਤਿੰਨ ਦਿਨ ਚਲਣ ਵਾਲੇ 8ਵੇਂ ਸਥਾਪਨਾ ਦਿਵਸ ਸਮਾਰੋਹ ਦੀ ਸ਼ਾਨਦਾਰ ਸ਼ੁਰੂਆਤ ਅੱਜ ਕੈਪਸ ਵਿੱਖੇ ਸ਼੍ਰੀ ਅਖੰਡ ਪਾਠ ਸਾਹਿਬ ਦੇ ਆਰੰਭ ਹੋਣ ਨਾਲ ਹੋਈ। ਯੂਨੀਵਰਸਿਟੀ ਦੇ ਵਾਈਸ-ਚਾਂਸਲਰ, ਪ੍ਰੋ: ਬੂਟਾ ਸਿੰਘ ਸਿੱਧੂ ਨੇ ਸਥਾਪਨਾ ਦਿਵਸ ’ਤੇ ਫੈਕਲਟੀ, ਸਟਾਫ਼, ਵਿਦਿਆਰਥੀਆਂ ਅਤੇ ਹਿੱਸੇਦਾਰਾਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਸਭ ਤੋਂ ਤੇਜ਼ੀ ਨਾਲ ਵਧ ਰਹੀ ਐੱਮ.ਆਰ.ਐੱਸ.ਪੀ.ਟੀ.ਯੂ. ਦਾ ਸੰਖੇਪ ਸਫ਼ਰ ਬੇਹੱਦ ਸ਼ਲਾਘਾਯੋਗ ਰਿਹਾ ਹੈ। ਉਹਨਾਂ ਕਿਹਾ ਕਿ ਯੂਨੀਵਰਸਿਟੀ ਦੀ ਅਗਵਾਈ ਕਰਨਾ ਮੇਰੇ ਲਈ ਮਾਣ ਵਾਲੀ ਗੱਲ ਹੈ, ਜਿਸ ਵਿੱਚ ਸ਼ਾਨਦਾਰ ਫੈਕਲਟੀ ਅਤੇ ਮਿਹਨਤੀ ਵਿਦਿਆਰਥੀ ਹਨ। 11 ਫਰਵਰੀ ਨੂੰ ਲੇਖਕ, ਐਕਟਰ ਅਤੇ ਡਾਇਰੈਕਟਰ, ਸ੍ਰੀ ਸੁਦਰਸ਼ਨ ਮੈਣੀ ਵੱਲੋਂ ’ਮਹਾਰਾਜਾ ਰਣਜੀਤ ਸਿੰਘ ਦਾ ਜੀਵਨ ਅਤੇ ਫਲਸਫਾ’ ਵਿਸ਼ੇ ’ਤੇ ਮਾਹਿਰ ਭਾਸ਼ਣ ਦਾ ਆਯੋਜਨ ਕੀਤਾ ਜਾਵੇਗਾ। ਸਮਾਗਮਾਂ ਦੀ ਸਮਾਪਤੀ 12 ਫਰਵਰੀ ਨੂੰ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਅਤੇ ਕੀਰਤਨ ਉਪਰੰਤ ਗੁਰੂ ਕਾ ਲੰਗਰ ਨਾਲ ਹੋਵੇਗੀ।
ਬਠਿੰਡਾ ਦੇ ਅਦਾਲਤੀ ਕੰਪਲੈਕਸ ’ਚ ਹੰਗਾਮਾ, ਨਾਬਾਲਿਗ ਲੜਕੀ ਨੂੰ ਧੱਕੇ ਨਾਲ ਵਾਪਸ ਲੈਣ ਆਏ ਮਾਪਿਆਂ ਵਿਰੁਧ ਪਰਚਾ ਦਰਜ਼
ਅਦਾਲਤ ਨੇ ਲੜਕੀ ਨੂੰ ਨਾਰੀ ਨਿਕੇਤਨ ਕੇਂਦਰ ਵਿਚ ਭੇਜਿਆ
ਦੋ ਹਫ਼ਤੇ ਪਹਿਲਾਂ ਥਾਣਾ ਨਥਾਣਾ ’ਚ ਲੜਕੀ ਨੂੰ ਅਗਵਾ ਕਰਨ ਦੇ ਦੋਸ਼ਾਂ ਹੇਠ ਲੜਕੇ ਤੇ ਉਸਦੇ ਮਾਪਿਆਂ ਵਿਰੁਧ ਹੋਇਆ ਸੀ ਪਰਚਾ ਦਰਜ਼
ਸੁਖਜਿੰਦਰ ਮਾਨ
ਬਠਿੰਡਾ, 9 ਫਰਵਰੀ : ਵੀਰਵਾਰ ਦੁਪਿਹਰ ਸਥਾਨਕ ਜ਼ਿਲ੍ਹਾ ਅਦਾਲਤੀ ਕੰਪਲੈਕਸ ਅੰਦਰ ਉਸ ਸਮੇਂ ਭਾਰੀ ਹੰਗਾਮਾ ਹੋ ਗਿਆ ਜਦ ਕਰੀਬ ਦੋ ਹਫ਼ਤੇ ਪਹਿਲਾਂ ਇੱਕ ਲੜਕੇ ਨਾਲ ਫ਼ਰਾਰ ਹੋਈ ਅਪਣੀ ਲੜਕੀ ਨੂੰ ਮਾਪਿਆਂ ਅਤੇ ਰਿਸ਼ਤੇਦਾਰਾਂ ਵਲੋਂ ਕਥਿਤ ਤੌਰ ’ਤੇ ਪੁਲਿਸ ਕੋਲੋ ਧੱਕੇ ਨਾਲ ਵਾਪਸ ਲੈਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਮੌਕੇ ’ਤੇ ਪੁੱਜੀ ਕਚਿਹਰੀ ਚੌਕੀ ਦੀ ਪੁਲਿਸ ਨੇ ਅਦਾਲਤੀ ਕੰਪਲੈਕਸ ਦੇ ਪੁਲਿਸ ਮੁਲਾਜਮਾਂ ਦੀ ਮੱਦਦ ਨਾਲ ਇੱਕ ਦਰਜ਼ਨ ਦੇ ਕਰੀਬ ਵਿਅਕਤੀਆਂ ਨੂੰ ਕਾਬੂ ਕਰਕੇ ਬਖ਼ਸੀਖ਼ਾਨੇ ਬੰਦ ਕਰ ਦਿੱਤਾ। ਬਾਅਦ ਵਿਚ ਆਦਲਤ ਦੇ ਨਾਇਬ ਕੋਰਟ ਹਰਦੀਪ ਸਿੰਘ ਦੇ ਬਿਆਨਾਂ ਉਪਰ ਲੜਕੀ ਦੇ ਪ੍ਰਵਾਰ ਵਾਲਿਆਂ ਅਤੇ ਉਨ੍ਹਾਂ ਦੀ ਮੱਦਦ ’ਤੇ ਆਏ ਸਰਪੰਚ ਸਹਿਤ ਦਸ ਵਿਅਕਤੀਆਂ ਵਿਰੁਧ ਕਰਦੇ ਵਿਰੁਧ ਪੁਲਿਸ ਨੇ ਅਧੀਨ ਧਾਰਾ 365,353,186,506,511,149 ਆਈ.ਪੀ.ਸੀ ਤਹਿਤ ਪਰਚਾ ਦਰਜ਼ ਕਰ ਦਿੱਤਾ। ਮਿਲੀ ਸੂਚਨਾ ਮੁਤਾਬਕ ਪਿੰਡ ਗਿੱਦੜ ਦੀ ਇੱਕ ਨਾਬਾਲਿਗ ਲੜਕੀ ਨੂੰ ਕਰੀਬ ਦੋ ਹਫ਼ਤੇ ਪਹਿਲਾਂ ਪਿੰਡ ਲਹਿਰਾਖ਼ਾਨਾ ਦਾ ਇੱਕ ਨੌਜਵਾਨ ਗੁਰਪੀ੍ਰਤ ਸਿੰਘ ਭਜਾ ਕੇ ਲੈ ਗਿਆ ਸੀ। ਇਸ ਸਬੰਧ ਵਿਚ ਥਾਣਾ ਨਥਾਣਾ ਦੀ ਪੁਲਿਸ ਨੇ ਲੜਕੀ ਦੇ ਪਿਤਾ ਬਾਬੂ ਖ਼ਾਨ ਦੇ ਬਿਆਨਾਂ ਉਪਰ 24 ਜਨਵਰੀ ਨੂੰ ਮੁਕੱਦਮਾ ਨੰਬਰ 6 ਅਧੀਨ ਧਾਰਾ 363,366ਏ ਅਤੇ 34 ਆਈ.ਪੀ.ਸੀ ਗੁਰਪ੍ਰੀਤ ਸਿੰਘ ਵਾਸੀ ਲਹਿਰਾਖ਼ਾਨਾ ਉਸਦੇ ਮਾਤਾ-ਪਿਤਾ ਵਿਰੁਧ ਦਰਜ਼ ਕੀਤਾ ਸੀ। ਇਸ ਦੌਰਾਨ ਅੱਜ ਲੜਕੀ ਅਤੇ ਲੜਕਾ ਅਦਾਲਤ ਦੀ ਮੱਦਦ ਲੈਣ ਵਾਸਤੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਅੰਦਰ ਪੁੱਜੇ ਹੋਏ ਸਨ। ਇਸਤੋਂ ਇਲਾਵਾ ਇਹ ਵੀ ਪਤਾ ਲੱਗਿਆ ਹੈ ਕਿ ਇਸ ਕੇਸ ਵਿਚ ਲੜਕੇ ਦੇ ਮਾਪਿਆਂ ਵਲੋਂ ਵੀ ਜਮਾਨਤ ਦੀ ਅਰਜੀ ਲਗਾਈ ਹੋਈ ਸੀ। ਇਸਦੀ ਭਿਣਕ ਲੜਕੀ ਵਾਲਿਆਂ ਨੂੰ ਵੀ ਲੱਗ ਗਈ ਤੇ ਉਹ ਵੀ ਇਕੱਠੇ ਹੋ ਕੇ ਅਦਾਲਤੀ ਕੰਪਲੈਕਸ ਵਿਚ ਪੁੱਜ ਗਏ। ਇਸ ਦੌਰਾਨ ਜਦ ਥਾਣਾ ਨਥਾਣਾ ਦਾ ਥਾਣੇਦਾਰ ਪਰਮਜੀਤ ਸਿੰਘ ਲੜਕੀ ਨੂੰ ਉਸਦੇ 164 ਤਹਿਤ ਬਿਆਨ ਕਰਵਾਉਣ ਲਈ 10 ਨੰਬਰ ਅਦਾਲਤ ਵਿਚ ਲਿਜਾਣ ਲੱਗਿਆਂ ਤਾਂ ਲੜਕੀ ਦੇ ਪ੍ਰਵਾਰ ਵਾਲਿਆਂ ਨੇ ਉਨ੍ਹਾਂ ਦੀ ਲੜਕੀ ਨਾਲ ਗੱਲ ਕਰਵਾਉਣ ਲਈ ਕਿਹਾ। ਇਸ ਦੌਰਾਨ ਹੰਗਾਮਾ ਹੋ ਗਿਆ ਤੇ ਪੁਲਿਸ ਨੇ ਲੜਕੀ ਤੇ ਲੜਕੇ ਦੇ ਪ੍ਰਵਾਰ ਨੂੰ ਉਕਤ ਅਦਾਲਤ ਦੇ ਅੰਦਰ ਭੇਜ ਕੇ ਗੇਟ ਬੰਦ ਕਰ ਦਿੱਤਾ। ਪੁਲਿਸ ਅਧਿਕਾਰੀਆਂ ਮੁਤਾਬਕ ਲੜਕੀ ਦੇ ਪ੍ਰਵਾਰ ਵਾਲਿਆਂ ਨੇ ਹੰਗਾਮਾ ਜਾਰੀ ਰੱਖਦਿਆਂ ਅਦਾਲਤ ਦਾ ਦਰਵਾਜ਼ਾ ਵੀ ਤੋੜਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਹੋਰ ਪੁਲਿਸ ਬੁਲਾਈ ਗਈ, ਜਿਸਤੋਂ ਬਾਅਦ ਲੜਕੀ ਦੇ ਪ੍ਰਵਾਰ ਵਾਲਿਆਂ ਨੂੰ ਫ਼ੜ ਕੇ ਅਦਾਲਤ ਦੇ ਬਖ਼ਸੀਖ਼ਾਨੇ ਵਿਚ ਬੰਦ ਕਰ ਦਿੱਤਾ ਗਿਆ। ਇਸ ਮੌਕੇ ਲੜਕੀ ਦੇ ਪ੍ਰਵਾਰ ਵਾਲਿਆਂ ਨੇ ਥਾਣਾ ਨਥਾਣਾ ਦੀ ਪੁਲਿਸ ਉਪਰ ਲੜਕੇ ਵਾਲਿਆਂ ਦੀ ਵੀ ਮੱਦਦ ਕਰਨ ਦਾ ਦੋਸ਼ ਲਗਾਇਆ। ਥਾਣਾ ਸਿਵਲ ਲਾਈਨ ਦੇ ਐਸ.ਐਚ.ਓ ਨੇ ਦਸਿਆ ਕਿ ਇਸ ਮਾਮਲੇ ਵਿਚ ਲੜਕੀ ਦੇ ਪਿਤਾ ਬਾਬੂ ਖ਼ਾਨ, ਸਰਪੰਚ ਨੂਰਦੀਨ ਖ਼ਾਨ, ਅਕਬਰ ਖ਼ਾਨ, ਗੋਲੇ ਬੈਗਮ, ਜੈਸਮੀਨ, ਮਨਪ੍ਰੀਤ ਸਿੰਘ, ਕੁਲਵੰਤ ਸਿੰਘ, ਗੁਰਜੀਤ ਸਿੰਘ ਸਾਰੇ ਗਿੱਦੜ ਪਿੰਡ, ਆਤਮਾ ਖ਼ਾਨ ਵਾਸੀ ਦਿਆਲੂ ਵਾਲਾ ਖੀਵਾ ਅਤੇ ਜਗਤਾਰ ਸਿੰਘ ਵਾਸੀ ਲਹਿਰਾਖ਼ਾਨਾ ਵਿਰੁਧ ਪਰਚਾ ਦਰਜ ਕੀਤਾ ਗਿਆ ਹੈ।
ਬਾਕਸ
ਨਾਬਾਲਿਗ ਲੜਕੀ ਨੂੰ ਨਾਰੀ ਨਿਕੇਤਨ ਭੇਜਿਆ
ਬਠਿੰਡਾ: ਉਧਰ ਅਦਾਲਤ ਨੰਬਰ 10 ਦੇ ਜੱਜ ਸ਼੍ਰੀਮਤੀ ਸਰੀਜ਼ਨ ਸ਼ੁਕਲਾ ਜੇ.ਐਮ.ਆਈ.ਸੀ ਨੇ ਲੜਕੀ ਦੇ 164 ਤਹਿਤ ਬਿਆਨ ਦਰਜ਼ ਕਰਵਾਏ। ਸੂਚਨਾ ਮੁਤਾਬਕ ਲੜਕੀ ਨੇ ਅਪਣੀ ਮਰਜ਼ੀ ਨਾਲ ਲੜਕੇ ਨਾਲ ਰਹਿਣ ਲਈ ਕਿਹਾ ਹੈ ਪ੍ਰੰਤੂ ਲੜਕੀ ਦੀ ਉਮਰ 16 ਸਾਲ ਹੋਣ ਕਾਰਨ ਅਦਾਲਤ ਨੇ ਉਸਨੂੰ ਨਾਰੀ ਨਿਕੇਤਨ ਕੇਂਦਰ ਵਿਚ ਭੇਜਣ ਦੇ ਹੁਕਮ ਦਿੱਤੇ, ਜਿਸਤੋਂ ਬਾਅਦ ਪੁਲਿਸ ਸੁਰੱਖਿਆ ਹੇਠ ਲੜਕੀ ਨੂੰ ਉਕਤ ਕੇਂਦਰ ਭੇਜ ਦਿੱਤਾ ਗਿਆ।
ਚੰਡੀਗੜ੍ਹ ਪੰਜਾਬ ਹਵਾਲੇ ਕੀਤਾ ਜਾਵੇ: ਹਰਸਿਮਰਤ ਕੌਰ ਬਾਦਲ
ਬਜਟ ’ਤੇ ਭਾਸ਼ਣ ਵਿਚ ਭਾਗ ਲੈਂਦਿਆਂ ਪੰਜਾਬ ਲਈ ਵਿਸ਼ੇਸ਼ ਪੈਕੇਜ ਅਤੇ ਸਰਹੱਦੀ ਰਾਜਾਂ ਨੂੰ ਮਿਲਦੇ ਟੈਕਸ ਲਾਭ ਦੇਣ ਦੀ ਕੀਤੀ ਮੰਗ
ਪੰਜਾਬੀ ਖ਼ਬਰਸਾਰ ਬਿਉਰੋ
ਨਵੀਂ ਦਿੱਲੀ, 9 ਫਰਵਰੀ: ਸ਼੍ਰੋਮਣੀ ਅਕਾਲੀ ਦਲ ਦੇ ਬਠਿੰਡਾ ਲੋਕ ਸਭਾ ਹਲਕੇ ਤੋਂ ਮੈਂਬਰ ਪਾਰਲੀਮੈਂਟ ਹਰਸਿਮਰਤ ਕੌਰ ਬਾਦਲ ਨੇ ਅੱਜ ਸੰਸਦ ਵਿਚ ਮੰਗ ਕੀਤੀ ਕਿ ਚੰਡੀਗੜ੍ਹ ਨੂੰ ਤੁਰੰਤ ਪੰਜਾਬ ਹਵਾਲੇ ਕੀਤਾ ਜਾਵੇ ਅਤੇ ਸੂਬੇ ਵੱਲੋਂ ਦੇਸ਼ ਦੀ ਅਨਾਜ ਲੋੜ ਨੂੰ ਪੂਰਾ ਕਰਨ ਵਾਸਤੇ ਯੋਗਦਾਨ ਨੂੰ ਵੇਖਦਿਆਂ ਇਸਨੂੰ ਸਪੈਸ਼ਲ ਪੈਕੇਜ ਦਿੱਤਾ ਜਾਵੇ ਅਤੇ ਸਰਹੱਦੀ ਰਾਜਾਂ ਨੂੰ ਮਿਲਦੇ ਟੈਕਸ ਲਾਭ ਪੰਜਾਬ ਨੂੰ ਵੀ ਦਿੱਤੇ ਜਾਣ ਤਾਂ ਜੋ ਇਸ ਵਿਚ ਨਿਵੇਸ਼ ਨੂੰ ਉਤਸ਼ਾਹਿਤ ਕੀਤਾ ਜਾ ਸਕੇ। ਸੰਸਦ ਵਿਚ ਕੇਂਦਰੀ ਬਜਟ ’ਤੇ ਚਰਚਾ ਵਿਚ ਭਾਗ ਲੈਂਦਿਆਂ ਸਾਬਕਾ ਕੇਂਦਰੀ ਮੰਤਰੀ ਸ਼੍ਰੀਮਤੀ ਬਾਦਲ ਨੇ ਕਿਹਾ ਕਿ ਦੇਸ਼ ਦੇ ਹਰ ਰਾਜ ਕੋਲ ਆਪਣਾ ਰਾਜਧਾਨੀ ਸ਼ਹਿਰ ਹੈ ਜੋ ਇਸਦੇ ਜੀ ਡੀ ਪੀ ਵਿਚ 30 ਤੋਂ 40 ਫੀਸਦੀ ਦਾ ਯੋਗਦਾਨ ਪਾਉਂਦਾ ਹੈ। ਉਹਨਾਂ ਕਿਹਾ ਕਿ ਪੰਜਾਬ ਇਕੱਲਾ ਰਾਜ ਹੈ ਜਿਸ ਕੋਲ ਆਪਣੀ ਰਾਜਧਾਨੀ ਨਹੀਂ ਹੈ ਤੇ ਉਹਨਾਂ ਮੰਗ ਕੀਤੀ ਕਿ ਇਹਨਾਂ ਹਾਲਾਤਾਂ ਨੂੰ ਤੁਰੰਤ ਦਰੁੱਸਤ ਕੀਤਾ ਜਾਵੇ। ਬੀਬੀ ਬਾਦਲ ਨੇ ਪੰਜਾਬ ਵੱਲੋਂ ਦੇਸ਼ ਦੀਆਂ ਅਨਾਜ ਲੋੜਾਂ ਦੀ ਪੂਰਤੀ ਵਾਸਤੇ ਦਿੱਤੇ ਬਲਿਦਾਨ ਲਈ ਇਸਨੂੰ ਵਿਸ਼ੇਸ਼ ਪੈਕੇਜ ਦੇਣ ਦੀ ਵੀ ਮੰਗ ਕੀਤੀ।ਉਹਨਾਂ ਕਿਹਾ ਕਿ ਪੰਜਾਬ ਦਹਾਕਿਆਂ ਤੋਂ ਦੇਸ਼ ਦੀ ਅਨਾਜ ਦੀ ਲੋੜ ਪੂਰਾ ਕਰਨ ਵਾਲਾ ਰਾਜ ਰਿਹਾ ਹੈ। ਉਹਨਾਂ ਕਿਹਾ ਕਿ ਅਜਿਹਾ ਕਰਦਿਆਂ ਅਸੀਂ ਜ਼ਮੀਨ ਹੇਠਲਾਂ ਆਪਣਾ ਪਾਣੀ ਵੀ ਗੁਆ ਲਿਆ ਹੈ ਤੇ ਕੁੱਲ 133 ਵਿਚੋਂ 117 ਬਲਾਕ ਖਤਰਨਾਕ ਜ਼ੋਨ ਐਲਾਨ ਦਿੱਤੇ ਗਏ ਹਨ। ਉਹਨਾਂ ਕਿਹਾ ਕਿ ਕੇਂਦਰੀ ਜ਼ਮੀਨਦੋਜ਼ ਬੋਰਡ ਨੇ 2019 ਦੀ ਰਿਪੋਰਟ ਵਿਚ ਕਿਹਾ ਹੈ ਕਿ ਪੰਜਾਬ ਕੋਲ ਸਿਰਫ ਅਗਲੇ 17 ਸਾਲਾਂ ਵਾਸਤੇ ਪਾਣੀ ਹੈ।ਉਹਨਾਂ ਕਿਹਾ ਕਿ ਸੂਬੇ ਦੇ ਰੇਗਿਸਦਾਨ ਬਣਨ ਦਾ ਅਸਲ ਖਤਰਾ ਖੜ੍ਹਾ ਹੋ ਗਿਆ ਹੈ। ਉਹਨਾਂ ਕਿਹਾ ਕਿ ਸੂਬੇ ਨੂੰ ਇਸ ਮਾਮਲੇ ਵਿਚ ਪਏ ਘਾਟੇ ਦੀ ਪੂਰਤੀ ਵਾਸਤੇ ਵਿਸ਼ੇਸ਼ ਪੈਕੇਜ ਦੇਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਇਸ ਕਰ ਕੇ ਵੀ ਮਾਰ ਪੈ ਰਹੀ ਹੈ ਕਿਉਂਕਿ ਪੇਂਡੂ ਵਿਕਾਸ ਟੈਕਸ ਲਾਉਣ ਦੀ ਆਜ਼ਾਦੀ ਹੋਣ ਦੇ ਬਾਵਜੂਦ ਕੇਂਦਰ ਸਰਕਾਰ ਨੇ ਸੂਬੇ ਦਾ ਦਿਹਾਤੀ ਵਿਕਾਸ ਫੰਡ (ਆਰ ਡੀ ਐਫ) ਦਾ 3000 ਕਰੋੜ ਰੁਪਿਆ ਰੋਕਿਆ ਹੋਇਆ ਹੈ ਤੇ ਉਹ ਪੰਜਾਬ ਨੂੰ ਬਲੈਕਮੇਲ ਕਰ ਰਿਹਾ ਹੈ ਕਿ ਜੇਕਰ ਇਸਨੂੰ ਆਰ ਡੀ ਐਫ ਚਾਹੀਦਾ ਹੈ ਤਾਂ ਉਹ ਟੈਕਸ ਦਰਾਂ ਘਟਾਵੇ। ਬਠਿੰਡਾ ਦੇ ਐਮ ਪੀ ਨੇ ਇਹ ਵੀ ਮੰਗ ਕੀਤੀ ਕਿ ਸੂਬੇ ਨੂੰ ਸਰਹੱਦੀ ਰਾਜਾਂ ਦੀ ਤਰ੍ਹਾਂ ਟੈਕਸ ਲਾਭ ਦਿੱਤੇ ਜਾਣ ਤਾਂ ਜੋ ਸੂਬੇ ਵਿਚ ਉਦਯੋਗ ਸਥਾਪਿਤ ਕਰਨ ਨੂੰ ਪ੍ਰੋਤਸਾਹਨ ਦਿੱਤਾ ਜਾ ਸਕੇ। ਉਹਨਾਂ ਕਿਹਾ ਕਿ ਅਜਿਹਾ ਕਰਨਾ ਸਰਹੱਦੀ ਇਲਾਕੇ ਦੇ ਵਿਕਾਸ ਵਾਸਤੇ ਅਤੇ ਇਸਦੇ ਲੋਕਾਂ ਨੂੰ ਰੋਜ਼ਗਾਰ ਦੇਣ ਵਾਸਤੇ ਬਹੁਤ ਜ਼ਰੂਰੀ ਹੈ। ਉਹਨਾਂ ਨੇ ਇਹ ਵੀ ਮੰਗ ਕੀਤੀ ਕਿ ਪੰਜਾਬ ਦੀ ਵਿਲੱਖਣ ਸਥਿਤ ਕਾਰਨ ਇਸਨੂੰ ਜੀ ਐਸ ਟੀ ਦਾ ਮੁਆਵਜ਼ਾ ਦੇਣਾ ਜਾਰੀ ਰੱਖਿਆ ਜਾਵੇ। ਇਸ ਦੌਰਾਨ ਬਜਟ ਨੂੰ ਕਿਸਾਨਾਂ, ਮਜ਼ਦੂਰਾਂ ਤੇ ਗਰੀਬਾਂ ਨਾਲ ਵੱਡਾ ਛਲਾਵਾ ਕਰਾਰ ਦਿੰਦਿਆਂ ਬੀਬੀ ਬਾਦਲ ਨੇ ਕਿਹਾ ਕਿ ਇਹ ਹੈਰਾਨੀ ਵਾਲੀ ਗੱਲ ਹੈ ਕਿ ਕੇਂਦਰ ਸਰਕਾਰ ਗਰੀਬਾਂ ਨੂੰ ਅਨਾਜ ਦੇਣ ਲਈ ਬਣਾਈ ਲਾਭ ਭਾਰਤੀ ਸਕੀਮ ਦੀ ਸ਼ਲਾਘਾ ਕਰ ਰਹੀ ਹੈ ਪਰ ਇਸਨੇ ਅੰਨਦਾਤਾ ਵਾਸਤੇ ਕੁਝ ਨਹੀਂ ਕੀਤਾ। ਉਹਨਾਂ ਕਿਹਾ ਕਿ ਖੇਤੀਬਾੜੀ ਖੇਤਰ ਲਈ ਗਰਾਂਟ ਘਟਾ ਦਿੱਤੀ ਗਈ ਹੈ ਤੇ ਪੀ ਐਮ ਫਸਲ ਯੋਜਨਾ ਵਿਚ 12 ਫੀਸਦੀ, ਪੀ ਐਮ ਕਿਸਾਨ ਸਕੀਮ ਲਈ 13 ਫੀਸਦੀ, ਕ੍ਰਿਸ਼ੀ ਵਿਕਾਸ ਯੋਜਨਾ ਵਿਚ 31 ਫੀਸਦੀ ਦੀ ਕਟੌਤੀ ਕੀਤੀ ਗਈ ਹੈ ਤੇ ਬਜ਼ਾਰ ਦੇ ਹਾਲਾਤ ਕਾਰਨ ਮਿਲਦੇ ਲਾਭ ਨੂੰ ਖਤਮ ਕਰ ਦਿੱਤਾ ਗਿਆ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਕਿਵੇਂ ਖਾਦਾਂ ਦੀ ਸਬਸਿਡੀ 22 ਫੀਸਦੀ ਘਟਾ ਦਿੱਤੀ ਗਈ ਹੈ। ਉਹਨਾਂ ਕਿਹਾ ਕਿ ਜੇਕਰ ਤੁਸੀਂ ਇਸ ਤਰੀਕੇ ਦੇ ਕਿਸਾਨ ਵਿਰੋਧ ਸਟੈਂਡ ਲਵੋਗੇ ਤਾਂ ਫਿਰ ਕਿਸਾਨਾਂ ਦੀ ਆਮਦਨ ਦੁੱਗਣੀ ਕਿਵੇਂ ਹੋਵੇਗੀ ? ਉਹਨਾਂ ਨੇ ਜ਼ੋਰ ਦੇ ਕੇ ਕਿਹਾ ਕਿ ਕੇਂਦਰ ਸਰਕਾਰ ਨੇ ਕੀਤੇ ਵਾਅਦੇ ਮੁਤਾਬਕ ਐਮ ਐਸ ਪੀ ਨੂੰ ਕਾਨੂੰਨੀ ਗਰੰਟੀ ਨਾ ਬਣਾ ਕੇ ਕਿਸਾਨਾਂ ਨਾਲ ਧੋਖਾ ਕੀਤਾ ਹੈ। ਬਠਿੰਡਾ ਦੇ ਐਮ ਪੀ ਨੇ ਜ਼ੋਰ ਦੇ ਕੇ ਕਿਹਾ ਕਿ ਕੀਤੀਆਂ ਕਟੌਤੀਆਂ ਦੀ ਗਰੀਬਾਂ ਨੂੰ ਮਾਰ ਪਵੇਗੀ ਅਤੇ ਕਿਹਾ ਕਿ ਮਨਰੇਗਾ ਵਿਚ 18 ਫੀਸਦੀ ਕਟੌਤੀ ਕੀਤੀ ਗਈ ਹੈ। ਉਹਨਾਂ ਕਿਹਾ ਕਿ ਇਸੇ ਤਰੀਕੇ ਅਨਾਜ ਸਬਸਿਡੀ 37 ਫੀਸਦੀ ਘਟਾਈ ਗਈ ਹੈ। ਮਜ਼ਦੂਰਾਂ ਲਈ ਉਜਰਤਾਂ ਪਿਛਲੇ 9 ਸਾਲਾਂ ਵਿਚ ਸਿਰਫ ਨਾਂ ਮਾਤਰ ਵਧੀਆਂ ਹਨ। ਉਹਨਾਂ ਸਵਾਲ ਕੀਤਾ ਕਿ ਅਜਿਹੇ ਹਾਲਾਤ ਵਿਚ ਗਰੀਬ ਆਤਮ ਨਿਰਭਰ ਕਿਵੇਂ ਹੋ ਸਕਦਾ ਹੈ?
ਹਰਿਆਣਾ ਆਰਥਕ, ਖੇਡ ਮਹਾਸ਼ਕਤੀ, ਮੈਨੂਫੈਕਚਰਿੰਗ ਕੇਂਦਰ ਵਜੋ ਉਭਰਿਆ – ਮੁੱਖ ਮੰਤਰੀ ਮਨੋਹਰ ਲਾਲ
ਜੀ-20 ਅਗਵਾਈ ਦਾ ਉਦੇਸ਼ ਵਿਕਸਿਤ ਅਤੇ ਉਭਰਦੇ ਦੇਸ਼ਾਂ ਦੇ ਵਿਚ ਸਮਾਵੇਸ਼ੀ ਸਹਿਯੋਗ ਨੂੰ ਪ੍ਰੇਰਿਤ ਕਰਨਾ
ਪ੍ਰਧਾਨ ਮੰਤਰੀ ਦੇ 5 ਟ੍ਰਿਲਿਅਨ ਡਾਲ ਦੇ ਆਰਥਕ ਸਪਨੇ ਨੂੰ ਸਾਕਾਰ ਕਰਨ ਲਈ ਹਰਿਆਣਾ ਸਰਕਾਰ ਕਰ ਰਹੀ ਹੈ ਅਣਥੱਕ ਯਤਨ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 9 ਫਰਵਰੀ: ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਹਰਿਆਣਾ ਆਰਥਕ, ਖੇਡ, ਮਹਾਸ਼ਕਤੀ ਅਤੇ ਮੈਨੁਫੈਕਚਰਿੰਗ ਕੇਂਦਰ ਵਜੋ ਉਭਰਿਆ ਹੈ ਅਤੇ ਘਰੇਲੂ ਤੇ ਵਿਦੇਸ਼ੀ ਨਿਵੇਸ਼ਕ ਵੀ ਅੱਜ ਹਰਿਆਣਾ ਦੇ ਵੱਲ ਦੇਖ ਰਹੇ ਹਨ। ਇੰਨ੍ਹਾਂ ਹੀ ਨਹੀਂ ਹਰਿਆਣਾ ਨੇ ਤੇਜੀ ਨਾਲ ਪ੍ਰਗਤੀ ਕੀਤੀ ਹੈ, ਜਿਸ ਦੀ ਬਦੌਲਤ ਰਾਜ ਨੇ ਵਿਸ਼ਵ ਨਕਸ਼ੇ ’ਤੇ ਆਪਣੀ ਪਹਿਚਾਣ ਬਣਾਈ ਹੈ। ਮੁੱਖ ਮੰਤਰੀ ਅੱਜ ਗੁਰੂਗ੍ਰਾਮ ਵਿਚ ਆਈਆਈਏਮ, ਰੋਹਤਕ ਵੱਲੋਂ ਜੀ-20 ਅਗਵਾਈ ਨੂੰ ਲੈ ਕੇ ਪ੍ਰਬੰਧਿਤ ਪ੍ਰੋਗ੍ਰਾਮ ਨੂੰ ਸੰਬੋਧਿਤ ਕਰ ਰਹੇ ਸਨ। ਇਸ ਮੌਕੇ ’ਤੇ ਕੌਮੀ ਹਰਿਤ ਅਧਿਕਰਣ (ਐਨਜੀਟੀ) ਦੇ ਚੇਅਰਮੈਨ ਜੱਜ ਆਦਰਸ਼ ਕੁਮਾਰ ਗੋਇਲ, ਸਾਂਸਦ ਡਾ. ਸਤਯਪਾਲ ਸਿੰਘ, ਮੁੱਖ ਸਕੱਤਰ ਸੰਜੀਵ ਕੌਸ਼ਲ, ਆਈਆਈਏਮ, ਰੋਹਤਕ ਦੇ ਨਿਦੇਸ਼ਕ ਡਾ. ਧੀਰਜ ਸ਼ਰਮਾ ਸਮੇਤ ਹੋਰ ਮਾਣਯੋਗ ਵਿਅਕਤੀ ਮੌਜੂਦ ਰਹੇ। ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਭਾਰਤ ਦੀ ਜੀ-20 ਅਗਵਾਈ ਦਾ ਥੀਮ ਵਸੁਧੈਵ ਕੁਟੁੰਬਕਮ ਹੈ, ਜਿਸ ਦਾ ਅਰਥ ਹੈ ਇਕ ਪ੍ਰਿਥਵੀ, ਇਕ ਪਰਿਵਾਰ, ਇਕ ਭਵਿੱਖ, ਜਿਸਨੂੰ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਵੱਲੋਂ ਅੰਡਰਲਾਇਨ ਕੀਤਾ ਅ?ਗਾ ਹੈ। ਇਸ ਦਾ ਉਦੇਸ਼ ਵਿਕਸਿਤ ਅਤੇ ਉਭਰਤੇ ਦੇਸ਼ਾਂ ਦੇ ਵਿਚ ਸਮਾਵੇਸ਼ੀ ਸਹਿਯੋਗ ਨੂੰ ਪ੍ਰੇਰਿਤ ਕਰਨਾ ਅਤੇ ਸਮੂਹਿਕ ਅਤੇ ਸਹਿਯੋਗਾਤਮਕ ਕਾਰਵਾਈ ਦੇ ਮਹਤੱਵ ਨੂੰ ਪਹਿਚਾਨਿਆ ਹੈ। ਮੁੱਖ ਮੰਤਰੀ ਨੇ ਕਿਹਾ ਕਿ ਭਾਰਤ ਵਿਚ ਚਨੌਤੀਆਂ ਨੂੰ ਮੌਕਾ ਵਿਚ ਬਦਲਣ ਦੀ ਸਮਰੱਥਾ ਹੈ। ਜੀ-20 ਦੀ ਅਗਵਾਈ ਭਾਰਤ ਨੂੰ ਵਿਸ਼ਵ ਸ਼ਕਤੀ ਵਜੋ ਵਿਸ਼ਵ ਆਰਥਕ ਮੁਦਿਆਂ ਨੂੰ ਹੱਲ ਕਰਨ ਵਿਚ ਆਪਣੀ ਭਰੋਸੇਮੰਦਗੀ ਸਥਾਪਿਤ ਕਰਨ ਦਾ ਇਥ ਸੁਨਹਿਰਾ ਮੌਕਾ ਪ੍ਰਦਾਨ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਭਰੋਸਾ ਹੈ ਕਿ ਭਾਰਤ ਦੀ ਜੀ-20 ਅਗਵਾਈ ਸੋਹਾਰਦ ਅਤੇ ਭਾਈਚਾਰੇ ਵੱਲੋਂ ਚੋਣ ਕਰ ਇਕ ਨਵੀਂ ਵਿਸ਼ਵ ਵਿਵਸਥਾ ਦੀ ਸ਼ੁਰੂਆਤ ਕਰੇਗੀ।
ਦੇਸ਼ ਦੀ ਜੀਡੀਪੀ ਵਿਚ ਹਰਿਆਣਾ ਦਾ ਯੋਗਦਾਨ 3.87 ਫੀਸਦੀ
ਮੁੱਖ ਮੰਤਰੀ ਨੇ ਖੇਤਰਫਲ ਦੀ ਦ੍ਰਿਸ਼ਟੀ ਨਾਲ ਹਰਿਆਣਾ ਦੇਸ਼ ਵਿਚ 21ਵੇਂ ਅਤੇ ਆਬਾਦੀ ਦੀ ਦ੍ਰਿਸ਼ਟੀ ਨਾਲ 18ਵੇਂ ਸਥਾਨ ’ਤੇ ਹੈ, ਪਰ ਹਰਿਆਣਾ ਦੇਸ਼ ਦੇ ਸਕਲ ਘਰੇਲੂ ਉਤਪਾਦ ਵਿਚ 3.87 ਫੀਸਦੀ ਦਾ ਯੋਗਦਾਨ ਦੇ ਰਿਹਾ ਹੈ। ਇੰਨ੍ਹਾ ਹੀ ਨਹੀਂ ਰਾਜ ਦੇਸ਼ ਦੇ ਨਿਰਯਾਤ ਵਿਚ 4 ਫੀਸਦੀ ਦਾ ਯੋਗਦਾਨ ਕਰਦਾ ਹੈ। ਹਰਿਆਣਾ ਬਾਸਮਤੀ ਚਾਵਲ, ਆਟੋ ਅਤੇ ਆਟੋ ਘਟਕਾਂ , ਮਨੁੱਖ ਨਿਰਮਾਣਤ ਫਾਈਬਰ, ਕਾਲੀਨ , ਇਲੈਕਟ੍ਰਿਕ ਮਸ਼ਨੀਰੀ ਆਦਿ ਵਰਗੀ ਵਸਤੂਆਂ ਦਾ ਨਿਰਯਤਾ ਕਰਨ ਵਾਲਾ ਦੇਸ਼ ਦਾ 7ਵਾਂ ਸੱਭ ਤੋਂ ਵੱਡਾ ਮਾਲ ਨਿਰਯਾਤ ਹੈ। ਉਨ੍ਹਾਂ ਨੇ ਕਿਹਾ ਕਿ ਹਰਿਆਣਾ ਆਰਥਕ ਵਿਕਾਸ ਦੇ ਮਾਪਦੰਡਾਂ ’ਤੇ ਮੋਹਰੀ ਰਾਜ ਵਿਚ ਸ਼ਾਮਿਲ ਹੈ। ਈਜਆਫ ਡੂਇੰਗ ਬਿਜਨੈਸ ਰੈਂਕਿੰਗ ਵਿਚ ਟਾਪ ਅਚੀਵਰਸ ਕੈਟੇਗਰੀ ਵਿਚ ਰਾਜ ਦਾ ਸਥਾਨ ਹੈ, ਜਦੋਂ ਕਿ ਨੀਤੀ ਆਯੋਗ ਦੇ ਇਨੋਵੇਸ਼ਨ ਇੰਡੈਕਸ ਵਿਚ ਹਰਿਆਣਾ ਦੇਸ਼ ਦੇ ਮੋਹਰੀ 3 ਸੂਬਿਆਂ ਵਿਚ ਸ਼ਾਮਿਲ ਹੈ।
ਕੇਂਦਰੀ ਜਲ ਸ਼ਕਤੀ ਮੰਤਰੀ ਸ਼ੇਖਾਵਤ ਆਉਣਗੇ ਵੇਈਂ ਦੇ ਦਰਸ਼ਨਾਂ ਲਈ
ਜਲ ਸ਼ਕਤੀ ਮੰਤਰਾਲੇ ਦੀ ਸਲਾਹਕਾਰ ਕਮੇਟੀ ਵਿੱਚ ਸੰਤ ਸੀਚੇਵਾਲ ਨੇ ਉਠਾਏ ਪਾਣੀਆਂ ਦੇ ਮੁੱਦੇ
ਪੰਜਾਬੀ ਖ਼ਬਰਸਾਰ ਬਿਉਰੋ
ਸੁਲਤਾਨਪੁਰ ਲੋਧੀ, 9 ਫਰਵਰੀ: ਕੇਂਦਰੀ ਜਲ ਸ਼ਕਤੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਬਾਬੇ ਨਾਨਕ ਦੀ ਪਵਿੱਤਰ ਕਾਲੀ ਵੇਈਂ ਦੇ ਦਰਸ਼ਨਾਂ ਲਈ ਆਉਣਗੇ। ਵਾਤਾਵਰਣ ਪ੍ਰੇਮੀ ਤੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਦੱਸਿਆ ਕਿ ਪਾਰਲੀਮੈਂਟ ਵੱਲੋਂ ਜਲ ਸ਼ਕਤੀ ਮੰਤਰਾਲੇ ਦੀ ਬਣਾਈ ਸਲਾਹਕਾਰ ਕਮੇਟੀ ਦੇ ਉਹ ਮੈਂਬਰ ਹਨ। ਇਸ ਕਮੇਟੀ ਦੀ ਹੋਈ ਮੀਟਿੰਗ ਦੀ ਪ੍ਰਧਾਨਗੀ ਕੇਂਦਰੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਨੇ ਕੀਤੀ ਸੀ। ਇਸ ਮੀਟਿੰਗ ਵਿੱਚ ਉਨ੍ਹਾ ਨੇ ਪੰਜਾਬ ਦੇ ਪਾਣੀਆਂ ਦੇ ਮੁੱਦਿਆਂ ਨੂੰ ਉਠਾਇਆ ਸੀ ਅਤੇ ਨਾਲ ਹੀ ਕੇਂਦਰੀ ਮੰਤਰੀ ਨੂੰ ਸੁਲਤਾਨਪੁਰ ਲੋਧੀ ਆਉਣ ਦਾ ਸੱਦਾ ਦਿੱਤਾ ਸੀ।ਸੰਤ ਸੀਚੇਵਾਲ ਨੇ ਦੱਸਿਆ ਕਿ ਸਲਾਹਕਾਰ ਕਮੇਟੀ ਵਿੱਚ ਉਨ੍ਹਾਂ ਨੇ ਵਰਤੇ ਗਏ ਪਾਣੀ ਨੂੰ ਮੁੜ ਵਰਤਣ, ਮੀਂਹ ਦੇ ਪਾਣੀ ਨੂੰ ਸੰਭਾਲਣ ਅਤੇ ਖੇਤ ਦਾ ਪਾਣੀ ਖੇਤ ਵਿੱਚ ਰੀਚਾਰਜ਼ ਕਰਨ ਬਾਰੇ ਚਰਚਾ ਕੀਤੀ ਸੀ। ਉਨ੍ਹਾਂ ਨੇ ਮੀਟਿੰਗ ਵਿੱਚ ਨਦੀਆਂ ਤੇ ਦਰਿਆਵਾਂ ਵਿੱਚ ਫੈਕਟਰੀਆਂ ਦੇ ਪਾਏ ਜਾ ਰਹੇ ਦੂਸ਼ਿਤ ਪਾਣੀ ਦਾ ਮੁੱਦਾ ਵੀ ਉਠਾਇਆ ਸੀ ਜਿਸ ਕਾਰਨ ਧਰਤੀ ਹੇਠਲੇ ਪਾਣੀ ਦੇ ਦੂਸ਼ਿਤ ਹੋਣ ਕਾਰਨ ਲੋਕਾਂ ਭਿਆਨਕ ਬੀਮਾਰੀਆਂ ਨਾਲ ਪੀੜਤ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਪਿੰਡਾਂ ਵਿੱਚ ਘਰਾਂ ਦੀਆਂ ਛੱਤਾਂ ਤੋਂ ਮੀਂਹ ਦਾ ਪਾਣੀ ਮਨਰੇਗਾ ਰਾਹੀ ਧਰਤੀ ਹੇਠ ਰੀਚਾਰਜ ਕੀਤਾ ਜਾਵੇ।ਸੰਤ ਸੀਚੇਵਾਲ ਨੇ ਦੱਸਿਆ ਕਿ ਕੇਂਦਰੀ ਜਲ ਸ਼ਕਤੀ ਮੰਤਰੀ ਨੇ ਸੁਲਤਾਨਪੁਰ ਲੋਧੀ ਆੳੇੁਣ ਦਾ ਸੱਦਾ ਸਵੀਕਾਰ ਕਰਦਿਆ ਕਿਹਾ ਸੀ ਕਿ ਉਹ ਬਾਬੇ ਨਾਨਕ ਦੀ ਵੇਈਂ ਦੇਖਣ ਦੇ ਇੱਛੁਕ ਹਨ ਜਿਹੜੀ ਦੇਸ਼ ਲਈ ਇੱਕ ਮਾਡਲ ਵੱਲੋਂ ਸਥਾਪਿਤ ਹੋਈ ਹੈ ਕਿ ਨਦੀਆਂ ਦਰਿਆਵਾਂ ਨੂੰ ਕਿਵੇਂ ਸਾਫ਼ ਰੱਖਿਆ ਜਾ ਸਕਦਾ ਹੈ। ਕੇਂਦਰੀ ਮੰਤਰੀ ਨੇ ਕਿਹਾ ਕਿ ਉਹ ਨੇੜਲੇ ਭਵਿੱਖ ਵਿੱਚ ਵੇਈਂ ਦੇ ਨਿਰਮਲ ਵੱਗਦੀ ਜਲਧਾਰਾ ਨੂੰ ਦੇਖਣਾ ਚਹੁੰਦੇ ਹਨ। ਉਨ੍ਹਾਂ ਕਿਹਾ ਕਿ ਪੀਣ ਵਾਲੇ ਪਾਣੀ ਦੀ ਸੰਭਾਲ ਕਰਨਾ ਬੇਹੱਦ ਜਰੂਰੀ ਹੈ ਤੇ ਦੇਸ਼ ਨੂੰ ਖੇਤੀ ਲਈ ਲੋੜੀਂਦੇ ਪਾਣੀ ਦਾ ਪ੍ਰਬੰਧ ਨਦੀਆਂ ਤੇ ਦਰਿਆਵਾਂ ਵਿੱਚ ਵੱਗਦੇ ਸਾਫ਼ ਪਾਣੀਆਂ ਨਾਲ ਹੀ ਕੀਤਾ ਜਾ ਸਕਦਾ।ਇਸ ਮੌਕੇ ਇਸ 24 ਮੈਂਬਰੀ ਸਲਾਹਕਾਰ ਕਮੇਟੀ ਦੀ ਮੀਟਿੰਗ ਵਿਚ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਸੰਸਦ ਮੈਂਬਰਾਂ ਵੀ ਸ਼ਾਮਿਲ ਹੋਏ ਤੇ ਉਹਨਾਂ ਵੱਲੋਂ ਵੀ ਆਪਣੇ ਆਪਣੇ ਇਲਾਕਿਆਂ ਦੇ ਪਾਣੀਆਂ ਦੇ ਹਾਲਤਾਂ ਤੋਂ ਕਮੇਟੀ ਨੂੰ ਜਾਣੂ ਕਰਵਾਇਆ ਗਿਆ।
ਸੁਖਬੀਰ ਬਾਦਲ ਦੱਸਣ ਕਿ ਬਿਜਲੀ ਬੋਰਡ ਦੀ 9020 ਕਰੋੜ ਦੀ ਦੇਣਦਾਰੀ ਜੋ ਪਿਛਲੀਆਂ ਸਰਕਾਰਾਂ ਨੇ ਛੱਡੀ, ਉਸਦਾ ਜ਼ਿੰਮੇਵਾਰ ਕੌਣ: ਆਪ ਆਗੂੂ
ਕਿਹਾ, ਬਿਜਲੀ ਦੀ ਨਹੀਂ ਹੋਵੇਗੀ ਕੋਈ ਕਮੀ, ਮਾਨ ਸਰਕਾਰ ਲਗਾਤਾਰ ਕਰ ਰਹੀ ਪਿਛਲੇ ਬਕਾਏ ਵੀ ਕਲੀਅਰ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 9 ਫਰਵਰੀ : ਆਮ ਆਦਮੀ ਪਾਰਟੀ (ਆਪ) ਨੇ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਝੋਨੇ ਦੇ ਸੀਜ਼ਨ ਦੌਰਾਨ ਬਿਜਲੀ ਪੂਰਤੀ ’ਤੇ ਜਤਾਈ ਚਿੰਤਾ ਦਾ ਜਵਾਬ ਦਿੰਦਿਆਂ ਕਿਹਾ ਕਿ ਉਹ ਜਾਣਬੁੱਝ ਕੇ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਵੀਰਵਾਰ ਨੂੰ ਪਾਰਟੀ ਦਫ਼ਤਰ ਤੋਂ ਇੱਕ ਪ੍ਰੈਸ ਕਾਨਫਰੰਸ ਰਾਹੀਂ ਪਾਰਟੀ ਮੁੱਖ ਬੁਲਾਰੇ ਮਲਵਿੰਦਰ ਸਿੰਘ ਕੰਗ, ਬੁਲਾਰੇ ਨੀਲ ਗਰਗ ਅਤੇ ਗਗਨਦੀਪ ਸਿੰਘ ਨੇ ਅਕਾਲੀ ਅਤੇ ਕਾਂਗਰਸ ਦੀਆਂ ਪਿਛਲੀਆਂ ਸਰਕਾਰਾਂ ਨੂੰ ਘੇਰਿਆ ਅਤੇ ਕਿਹਾ ਕਿ ਪੀਐਸਪੀਸੀਐਲ ਦੀ ਮੌਜੂਦਾ ਵਿੱਤੀ ਸਥਿਤੀ ਲਈ ਇਨ੍ਹਾਂ ਦੀਆਂ ਸਰਕਾਰਾਂ ਜ਼ਿੰਮੇਵਾਰ ਹਨ। ਨੀਲ ਗਰਗ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਦੇ ਬਿਜਲੀ ਪੂਰਤੀ ਅਤੇ ਬਿਜਲੀ ਬੋਰਡ ਦੀ ਮਾਲੀ ਹਾਲਤ ’ਤੇ ਦਿੱਤੇ ਬਿਆਨਾਂ ਤੋਂ ਪਤਾ ਲੱਗਦਾ ਹੈ ਕਿ ਉਹ ਘਬਰਾਏ ਹੋਏ ਹਨ ਕਿਉਂਕਿ ਆਮ ਆਦਮੀ ਪਾਰਟੀ ਦੀ ਇਮਾਨਦਾਰ ਅਤੇ ਲੋਕ ਪੱਖੀ ਰਾਜਨੀਤੀ ਨਾਲ ਇਨ੍ਹਾਂ ਦੀਆਂ ਝੂਠ ਦੀਆਂ ਦੁਕਾਨਾਂ ਬੰਦ ਹੋ ਗਈਆਂ ਹਨ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਨਾਲ ਨਾਂ ਸਿਰਫ ਲੋਕ ਭਲਾਈ ਅਤੇ ਵਿਕਾਸ ਦੇ ਕੰਮ ਹੋ ਰਹੇ ਹਨ ਸਗੋਂ ਪੰਜਾਬ ਦੀ ਭਾਈਚਾਰਕ ਸਾਂਝ ਵੀ ਵਧੀ ਹੈ। ਲੋਕਾਂ ਨੂੰ ਬਿਨਾਂ ਕਿਸੇ ਵਿਤਕਰੇ ਦੇ ਸਿੱਖਿਆ, ਸਿਹਤ ਸਹੂਲਤਾਂ ਅਤੇ ਮੁਫ਼ਤ ਬਿਜਲੀ ਮਿਲ ਰਹੀ ਹੈ। ਮਲਵਿੰਦਰ ਸਿੰਘ ਕੰਗ ਨੇ ਕਿਹਾ, ‘ਸੁਖਬੀਰ ਸਿੰਘ ਬਾਦਲ ਘਟੀਆ ਪ੍ਰੋਪੇਗੰਡਾ ਕਰ ਰਹੇ ਹਨ ਅਤੇ ਪੰਜਾਬ ਦੇ ਲੋਕਾਂ ਵਿੱਚ ਡਰ ਦਾ ਮਾਹੌਲ ਪੈਦਾ ਕਰਨਾ ਚਾਹੁੰਦੇ ਹਨ। ਪਰ ਮੈਂ ਆਂਕੜਿਆਂ ਨਾਲ ਸਾਰਾ ਸੱਚ ਲੋਕਾਂ ਦੇ ਸਾਹਮਣੇ ਰੱਖਾਂਗਾ। ਅਕਾਲੀ ਅਤੇ ਕਾਂਗਰਸ ਸਰਕਾਰਾਂ ਨੇ ਸਾਨੂੰ ਵਿਰਾਸਤ ਵਿੱਚ ਬਿਜਲੀ ਬੋਰਡ ਪ੍ਰਤੀ 9020 ਕਰੋੜ ਦੀ ਦੇਣਦਾਰੀ ਦਿੱਤੀ। ਸੁਖਬੀਰ ਬਾਦਲ ਦੱਸਣ ਕਿ ਇਸਦਾ ਜ਼ਿੰਮੇਵਾਰ ਕੌਣ ਹੈ?’
ਉਨ੍ਹਾਂ ਅੱਗੇ ਕਿਹਾ ਕਿ 80 ਤੋਂ 90% ਲੋਕਾਂ ਦੇ ਬਿਜਲੀ ਬਿੱਲ ਜ਼ੀਰੋ ਆ ਰਹੇ ਹਨ। ਇਨ੍ਹਾਂ ਹੀ ਨਹੀਂ ਮਾਨ ਸਰਕਾਰ ਲਗਾਤਾਰ ਬਿਜਲੀ ਬੋਰਡ ਦੇ ਪਿਛਲੇ ਬਕਾਏ ਵੀ ਕਲੀਅਰ ਕਰ ਰਹੀ ਹੈ ਅਤੇ ਨਾਲ ਹੀ ਬਿਜਲੀ ਉਤਪਾਦਨ ਵਧਾਉਣ ਲਈ ਅਪਗ੍ਰੇਡ ਦੇ ਨਾਲ ਨਾਲ ਸਾਰੇ ਲੋੜੀਂਦੇ ਕਦਮ ਉਠਾਏ ਜਾ ਰਹੇ ਹਨ। ਅਗਲੇ ਸਾਲ ਤੱਕ 1200 ਮੈਗਾਵਾਟ ਸੋਲਰ ਪਾਵਰ ਅਤੇ 2024 ਤੱਕ 2300 ਮੈਗਾਵਾਟ ਸੋਲਰ ਪਾਵਰ ਪੈਦਾ ਕਰਨ ਲਈ ਕੰਮ ਜਾਰੀ ਹੈ। ਮਾਨ ਸਰਕਾਰ ਨੇ 2015 ਤੋਂ ਬੰਦ ਪਈ ਪਿਛਵਾੜਾ ਕੋਲ ਖਾਣ ਚਲਵਾਈ। 2025 ਤੱਕ ਰੀਨਿਊਏਬਲ (ਨਵਿਆਉਣਯੋਗ) ਸਰੋਤਾਂ ਤੋਂ 3000 ਮੈਗਾਵਾਟ ਬਿਜਲੀ ਪੰਜਾਬ ਨੂੰ ਮਿਲੇਗੀ। ਉਨ੍ਹਾਂ ਕਿਹਾ ਕਿ ਲੋਕ ਭਲਾਈ ਦੀਆਂ ਇਨ੍ਹਾਂ ਸਕੀਮਾਂ ਤੋਂ ਘਬਰਾ ਕੇ ਹੀ ਸੁਖਬੀਰ ਬਾਦਲ ਅਜਿਹੇ ਬਿਆਨ ਦੇ ਰਹੇ ਹਨ।ਉਨ੍ਹਾਂ ਕਿਹਾ ਕਿ ਬਿਜਲੀ ਬੋਰਡ ਵੱਲ ਸਰਕਾਰ ਦੀ ਦੇਣਦਾਰੀ 3600 ਕਰੋੜ ਹੈ ਅਤੇ ਅਗਲੇ ਤਿੰਨ ਸਾਲਾਂ ਵਿੱਚ ਪੀਐਸਪੀਸੀਐਲ ਦੇ ਸਾਰੇ ਬਕਾਏ ਕਲੀਅਰ ਕਰ ਦਿੱਤੇ ਜਾਣਗੇ। ਉਨ੍ਹਾਂ ਕਿਸਾਨਾਂ ਨੂੰ ਭਰੋਸਾ ਦਿਵਾਇਆ ਕਿ ਝੋਨੇ ਦੇ ਸੀਜ਼ਨ ਦੌਰਾਨ ਬਿਜਲੀ ਦੀ ਸਪਲਾਈ ਨਿਰਵਿਘਨ ਰਹੇਗੀ ਅਤੇ ਕੋਈ ਕਮੀ ਨਹੀਂ ਆਵੇਗੀ। ਕੰਗ ਨੇ ਬਾਦਲ ’ਤੇ ਤੰਜ ਕੱਸਦਿਆਂ ਕਿਹਾ ਕਿ ਭ੍ਰਿਸ਼ਟਾਚਾਰ ਦੇ ਦੌਰ ਵਿੱਚ ਉਨ੍ਹਾਂ ਨੇ ਟਰਾਂਸਪੋਰਟ ਅਤੇ ਮਾਈਨਿੰਗ ਆਦਿ ’ਤੇ ਕਬਜ਼ਾ ਕਰ ਲਿਆ ਸੀ ਪਰ ਹੁਣ ਸੁਖਬੀਰ ਬਾਦਲ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰਕੇ ਜਾਂ ਡਰਾ ਕੇ ਆਪਣਾ ਇਨਵਰਟਰ ਦਾ ਕੰਮ ਨਹੀਂ ਚਲਾ ਸਕਦੇ।
ਪੰਜਾਬ ਪੁਲਿਸ ਵੱਲੋਂ ਅੰਮ੍ਰਿਤਸਰ ਤੋਂ 15 ਕਿਲੋ ਹੈਰੋਇਨ, 8.40 ਲੱਖ ਰੁਪਏ ਦੀ ਡਰੱਗ ਮਨੀ ਸਮੇਤ ਨਾਬਾਲਗ ਗ੍ਰਿਫਤਾਰ
ਪੰਜਾਬ ਪੁਲਿਸ ਮੁੱਖ ਮੰਤਰੀ ਭਗਵੰਤ ਮਾਨ ਦੀ ਸੋਚ ਅਨੁਸਾਰ ਪੰਜਾਬ ਨੂੰ ਨਸ਼ਾ ਮੁਕਤ ਸੂਬਾ ਬਣਾਉਣ ਲਈ ਵਚਨਬੱਧ
ਗ੍ਰਿਫਤਾਰ ਨਸ਼ਾ ਤਸਕਰ ਸਰਹੱਦੀ ਖੇਤਰ ਤੋਂ ਖੇਪ ਪ੍ਰਾਪਤ ਕਰਨ ਤੋਂ ਬਾਅਦ ਇਸਨੂੰ ਪਹੁੰਚਾਉਣ ਜਾ ਰਿਹਾ ਸੀ
ਮੁੱਢਲੀ ਜਾਂਚ ਅਨੁਸਾਰ ਡਰੋਨ ਰਾਹੀਂ ਸੁੱਟੀ ਗਈ ਸੀ ਡਰੱਗ ਦੀ ਖੇਪ
ਪੁਲਿਸ ਟੀਮ ਵੱਲੋਂ ਮਾਸਟਰਮਾਈਂਡ ਨੂੰ ਫੜਨ ਲਈ ਛਾਪੇਮਾਰੀ ਜਾਰੀ ; ਮੌਕੇ ਤੋਂ ਫਰਾਰ ਹੋ ਗਿਆ ਸੀ ਉਕਤ ਦੋਸ਼ੀ
ਪੰਜਾਬੀ ਖ਼ਬਰਸਾਰ ਬਿਉਰੋ
ਅੰਮ੍ਰਿਤਸਰ, 9 ਫਰਵਰੀ: ਪੰਜਾਬ ਪੁਲਿਸ ਨੇ 15 ਕਿਲੋਗ੍ਰਾਮ ਹੈਰੋਇਨ ਅਤੇ 8.40 ਲੱਖ ਰੁਪਏ ਦੀ ਡਰੱਗ ਮਨੀ ਸਮੇਤ ਇੱਕ ਨਾਬਾਲਗ ਨੂੰ ਗ੍ਰਿਫਤਾਰ ਕੀਤਾ ਹੈ। ਇਹ ਜਾਣਕਾਰੀ ਦਿੰਦਿਆਂ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਦਸਿਆ ਕਿ ਕਾਬੂ ਕੀਤਾ ਗਏ ਨਸ਼ਾ ਤਸਕਰ ਦੀ ਉਮਰ 17 ਸਾਲ ਹੈ, ਜੋ ਅੰਮ੍ਰਿਤਸਰ ਦਾ ਰਹਿਣ ਵਾਲਾ ਹੈ। ਪੁਲਿਸ ਨੇ ਉਸ ਕੋਲੋਂ ਹੈਰੋਇਨ ਅਤੇ ਡਰੱਗ ਮਨੀ ਬਰਾਮਦ ਕਰਨ ਤੋਂ ਇਲਾਵਾ ਇੱਕ ਹੀਰੋ ਡੀਲਕਸ ਮੋਟਰਸਾਈਕਲ ਵੀ ਬਰਾਮਦ ਕੀਤਾ ਹੈ, ਜਿਸ ’ਤੇ ਉਹ ਸਵਾਰ ਸੀ। ਇਹ ਕਾਰਵਾਈ ਪੰਜਾਬ ਪੁਲਿਸ ਵੱਲੋਂ ਪਿੰਡ ਠੱਠਾ ਲੋਪੋਕੇ, ਅੰਮ੍ਰਿਤਸਰ ਵਿਖੇ ਵਿਸ਼ੇਸ਼ ਚੈਕਿੰਗ ਦੌਰਾਨ 5 ਕਿਲੋਗ੍ਰਾਮ ਹੈਰੋਇਨ, 12.15 ਲੱਖ ਰੁਪਏ ਦੀ ਡਰੱਗ ਮਨੀ ਸਮੇਤ ਇੱਕ ਨਸ਼ਾ ਤਸਕਰ ਨੂੰ ਗ੍ਰਿਫਤਾਰ ਕਰਕੇ ਸਰਹੱਦ ਪਾਰੋਂ ਨਸ਼ਾ ਤਸਕਰੀ ਦੇ ਗਿਰੋਹ ਦਾ ਪਰਦਾਫਾਸ਼ ਕੀਤੇ ਜਾਣ ਤੋਂ 10 ਦਿਨਾਂ ਬਾਅਦ ਸਾਹਮਣੇ ਆਈ ਹੈ।ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਠੋਸ ਜਾਣਕਾਰੀ ਮਿਲਣ ਉਪਰੰਤ ਕਾਊਂਟਰ ਇੰਟੈਲੀਜੈਂਸ (ਸੀਆਈ) ਅੰਮ੍ਰਿਤਸਰ ਦੀਆਂ ਪੁਲਿਸ ਟੀਮਾਂ ਨੇ ਰਾਮ ਤੀਰਥ ਰੋਡ ਅੰਮ੍ਰਿਤਸਰ ’ਤੇ ਨਾਕਾ ਲਗਾ ਕੇ ਨਾਬਾਲਗ ਨੂੰ ਸਫਲਤਾਪੂਰਵਕ ਕਾਬੂ ਕਰ ਲਿਆ, ਜੋ ਆਪਣੇ ਸਾਥੀ ਰੇਸ਼ਮ ਸਿੰਘ ਵਾਸੀ ਪਿੰਡ ਖਾਸਾ, ਅੰਮ੍ਰਿਤਸਰ ਦੇ ਨਾਲ ਪਿੰਡ ਕੱਕੜ ਦੇ ਖੇਤਰ ਵਿੱਚੋਂ ਨਸ਼ੀਲੇ ਪਦਾਰਥਾਂ ਦੀ ਖੇਪ ਪ੍ਰਾਪਤ ਕਰਨ ਤੋਂ ਬਾਅਦ ਇਸ ਨੂੰ ਪਹੁੰਚਾਉਣ ਜਾ ਰਿਹਾ ਸੀ।ਉਨ੍ਹਾਂ ਅੱਗੇ ਨੇ ਕਿਹਾ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਪਾਕਿਸਤਾਨ ਆਧਾਰਤ ਤਸਕਰਾਂ ਵੱਲੋਂ ਨਸ਼ੀਲੇ ਪਦਾਰਥਾਂ ਦੀ ਇਹ ਖੇਪ ਡਰੋਨ ਰਾਹੀਂ ਰਾਹੀਂ ਸੁੱਟੀ ਗਈ ਸੀ।ਉਨ੍ਹਾਂ ਦੱਸਿਆ ਕਿ ਨਸ਼ਾ ਤਸਕਰ ਰੇਸ਼ਮ ਸਿੰਘ, ਜੋ ਮੁੱਢਲੀ ਜਾਂਚ ਤੋਂ ਸਰਹੱਦ ਪਾਰੋਂ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਰੈਕੇਟ ਦਾ ਮਾਸਟਰਮਾਈਂਡ ਜਾਪਦਾ ਹੈ, ਮੌਕੇ ਤੋਂ ਭੱਜਣ ਵਿੱਚ ਕਾਮਯਾਬ ਹੋ ਗਿਆ। ਉਨ੍ਹਾਂ ਦੱਸਿਆ ਕਿ ਪੁਲਿਸ ਟੀਮਾਂ ਉਸ ਨੂੰ ਫੜਨ ਲਈ ਛਾਪੇਮਾਰੀ ਕਰ ਰਹੀਆਂ ਹਨ।ਏ.ਆਈ.ਜੀ. ਸੀਆਈ ਅੰਮ੍ਰਿਤਸਰ ਅਮਰਜੀਤ ਸਿੰਘ ਬਾਜਵਾ ਨੇ ਦੱਸਿਆ ਕਿ ਗ੍ਰਿਫ਼ਤਾਰ ਨਾਬਾਲਗ ਦੇ ਪਿਤਾ ਅਤੇ ਦਾਦਾ ਪਹਿਲਾਂ ਹੀ ਐਨਡੀਪੀਐਸ ਐਕਟ ਤਹਿਤ ਕੈਦ ਕੱਟ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਪਤਾ ਲਗਾਉਣ ਲਈ ਹੋਰ ਜਾਂਚ ਕੀਤੀ ਜਾ ਰਹੀ ਹੈ ਕਿ ਇਹ ਖੇਪ ਸਰਹੱਦ ਪਾਰੋਂ ਕਿਸ ਨੇ ਭੇਜੀ ਸੀ ਅਤੇ ਦੋਸ਼ੀ ਵਿਅਕਤੀ ਕਿਸ ਨੂੰ ਦੇਣ ਜਾ ਰਹੇ ਸਨ।ਇਸ ਸਬੰਧੀ ਥਾਣਾ ਐਸ.ਐਸ.ਓ.ਸੀ. ਅੰਮ੍ਰਿਤਸਰ ਵਿਖੇ ਐਨ.ਡੀ.ਪੀ.ਐਸ. ਐਕਟ ਦੀ ਧਾਰਾ 21, 25 ਅਤੇ 29 ਤਹਿਤ ਐਫ.ਆਈ.ਆਰ ਨੰ. 6 ਅਧੀਨ ਮੁਕੱਦਮਾ ਦਰਜ ਕੀਤਾ ਗਿਆ ਹੈ।
ਅਕਾਲੀ ਦਲ ਨੇ ਫਿਰੋਜ਼ਪੁਰ ਬਾਈਪਾਸ ਅਤੇ ਫਿਰੋਜ਼ਪੁਰ-ਸ੍ਰੀ ਮੁਕਤਸਰ ਸਾਹਿਬ-ਮਲੋਟ ਸੜਕ ਦਾ ਕੰਮ ਸ਼ੁਰੂ ਕਰਨ ਦਾ ਭਰੋਸਾ ਦੇਣ ਲਈ ਗਡਕਰੀ ਦਾ ਕੀਤਾ ਧੰਨਵਾਦ
ਅਕਾਲੀ ਦਲ ਦੇ ਪ੍ਰਧਾਨ ਦੀ ਅਗਵਾਈ ਹੇਠ ਵਫਦ ਵੱਲੋਂ ਕੇਂਦਰੀ ਮੰਤਰੀ ਨਾਲ ਮੁਲਾਕਾਤ
ਪੰਜਾਬੀ ਖ਼ਬਰਸਾਰ ਬਿਉਰੋ
ਨਵੀਂ ਦਿੱਲੀ, 9 ਫਰਵਰੀ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਕੇਂਦਰੀ ਸੜਕ ਟਰਾਂਸਪੋਰਟ ਤੇ ਹਾਈਵੇ ਮੰਤਰੀ ਸ੍ਰੀ ਨਿਤਿਨ ਗਡਕਰੀ ਵੱਲੋਂ ਫਿਰੋਜ਼ਪੁਰ ਬਾਈ ਪਾਸ ਅਤੇ ਫਿਰੋਜ਼ਪੁਰ-ਸ੍ਰੀ ਮੁਕਤਸਰ ਸਾਹਿਬ-ਮਲੋਟ ਸੜਕ ਦੀ ਉਸਾਰੀ ਦਾ ਕੰਮ ਸ਼ੁਰੂ ਕਰਨ ਦਾ ਭਰੋਸਾ ਦੇਣ ’ਤੇ ਉਹਨਾਂ ਦਾ ਧੰਨਵਾਦ ਕੀਤਾ। ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਅਕਾਲੀ ਦਲ ਦੇ ਵਫਦ ਨੇ ਅੱਜ ਕੇਂਦਰੀ ਮੰਤਰੀ ਨਾਲ ਮੁਲਾਕਾਤ ਕੀਤੀ। ਵਫਦ ਵਿਚ ਸ: ਬਾਦਲ ਤੋਂ ਇਲਾਵਾ ਕੰਵਰਜੀਤ ਸਿੰਘ ਰੋਜ਼ੀ ਬਰਕੰਦੀ, ਜੋਗਿੰਦਰ ਸਿੰਘ ਜਿੰਦੂ, ਵਰਦੇਵ ਸਿੰਘ ਮਾਨ ਤੇ ਹਰਪ੍ਰੀਤ ਸਿੰਘ ਵੀ ਸ਼ਾਮਲ ਸਨ। ਵਫਦ ਨੇ ਮੰਤਰੀ ਨੂੰ ਇਹਨਾਂ ਦੋ ਪ੍ਰਾਜੈਕਟਾਂ ਦੀ ਉਸਾਰੀ ਸ਼ੁਰੂ ਕਰਵਾਉਣ ਦੀ ਲੋੜ ਬਾਰੇ ਜਾਣਕਾਰੀ ਦਿੱਤੀ। ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਭਾਵੇਂ ਫਿਰੋਜ਼ਪੁਰ ਬਾਈਪਾਸ ਵਾਸਤੇ ਮਨਜ਼ੂਰੀ ਦਿੱਤੀ ਗਈ ਤੇ ਇਸ ਲਈ ਜ਼ਮੀਨ ਵੀ ਐਕਵਾਇਰ ਹੋਗਈ ਪਰ ਹਾਲੇ ਤੱਕ ਇਸ ਵਾਸਤੇ ਰੱਖਿਆ ਮੰਤਰਾਲੇ ਤੋਂ ਮਨਜ਼ੂਰੀ ਨਹੀਂ ਮਿਲੀ। ਉਹਨਾਂ ਕਿਹਾ ਕਿ ਉਹਨਾਂ ਪਹਿਲਾਂ ਵੀ ਸ੍ਰੀ ਨਿਤਿਨ ਗਡਕਰੀ ਨੂੰ ਅਪੀਲ ਕੀਤੀ ਸੀ ਕਿ ਇਹ ਮਾਮਲਾ ਰੱਖਿਆ ਮੰਤਰਾਲੇ ਕੋਲ ਚੁੱਕਿਆ ਜਾਵੇ। ਸ੍ਰੀ ਗਡਕਰੀ ਨੇ ਅੱਜ ਭਰੋਸਾ ਦੁਆਇਆ ਕਿ ਲੋੜੀਂਦੀਆਂ ਪ੍ਰਵਾਨਗੀਆਂ ਲੈ ਲਈਆਂ ਜਾਣਗੀਆਂ ਅਤੇ ਬਾਈਪਾਸ ਦਾ ਕੰਮ ਜਲਦੀ ਹੀ ਸ਼ੁਰੂ ਹੋ ਜਾਵੇਗਾ ਜਿਸ ਨਾਲ ਸ਼ਹਿਰ ਵਿਚ ਟਰੈਫਿਕ ਦੀ ਮੁਸ਼ਕਿਲ ਖਤਮ ਹੋ ਜਾਵੇਗੀ।
ਸ: ਬਾਦਲ ਨੇ ਦੱਸਿਆ ਕਿ ਕੇਂਦਰੀ ਮੰਤਰੀ ਨੇ ਇਹ ਵੀ ਭਰੋਸਾ ਦੁਆਇਆ ਕਿ ਫਿਰੋਜ਼ਪੁਰ-ਸ੍ਰੀ ਮੁਕਤਸਰ ਸਾਹਿਬ-ਮਲੋਟ ਰੋਡ 10 ਮੀਟਰ ਚੌੜੀ ਕੀਤੀ ਜਾਣੀ ਹੈ।ਉਹਨਾਂ ਕਿਹਾ ਕਿ ਸੜਕ ਸੜਕ ਦੀ ਹਾਲਾਤ ਲੰਬੇ ਸਮੇਂ ਤੋਂ ਖਰਾਬ ਹੈ ਤੇ ਇਹ ਲੋਕਾਂ ਦੀ ਚਿਰੋਕਣੀ ਮੰਗ ਸੀ ਕਿ ਇਸ ਸੜਕ ਨੂੰ ਅਪਗ੍ਰੇਡ ਕੀਤਾ ਜਾਵੇ ਜੋ ਹੁਸੈਨੀਵਾਲਾ ਤੇ ਵਾਹਗਾ ਸਰਹੱਦ ਨਾਲ ਜੁੜਦੀ ਹੈ। ਅਕਾਲੀ ਦਲ ਦੇ ਵਫਦ ਨੇ ਆਦਮਪੁਰ ਫਲਾਈਓਵਰ (ਜਲੰਧਰ-ਹੁਸ਼ਿਆਰਪੁਰ ਨੈਸ਼ਨਲ ਹਾਈਵੇ ’ਤੇ) ਦੀ ਉਸਾਰੀ ਦਾ ਮੁੱਦਾ ਵੀ ਚੁੱਕਿਆ। ਇਸਦਾ ਕੰਮ 2017 ਤੋਂ ਬੰਦ ਪਿਆ ਹੈ। ਫਲਾਈਓਵਰ ਵਾਸਤੇ ਪ੍ਰਵਾਨਗੀ 2016 ਵਿਚ ਅਕਾਲੀ ਦਲ ਦੀ ਸਰਕਾਰ ਵੇਲੇ ਮਿਲ ਗਈ ਸੀ ਤੇ ਉਸੇ ਸਾਲ ਕੰਮ ਵੀ ਸ਼ੁਰੂ ਹੋ ਗਿਆ ਸੀ ਸੂਬੇ ਵਿੱਚ ਕਾਂਗਰਸ ਦੀ ਸਰਕਾਰ ਬਣਨ ਤੋਂ ਬਾਅਦ ਉਸਾਰੀ ਦਾ ਇਕ ਇੰਚ ਵੀ ਕੰਮ ਨਹੀਂ ਹੋਇਆ, ਜੋ ਆਮ ਆਦਮੀ ਦੀ ਪਾਰਟੀ ਦੀ ਸਰਕਾਰ ਬਣਨ ਤੋਂ ਇੱਕ ਸਾਲ ਬਾਅਦ ਵੀ ਜਿਓਂ ਦਾ ਤਿਓਂ ਹੈ। ਅਕਾਲੀ ਦਲ ਦੇ ਪ੍ਰਧਾਨ ਨੇ ਕੇਂਦਰੀ ਮੰਤਰੀ ਨੂੰ ਕੰਮ ਬੰਦ ਹੋਣ ਨਾਲ ਲੋਕਾਂ ਨੂੰ ਦਰਪੇਸ਼ ਮੁਸ਼ਕਿਲਾਂ ਤੋਂ ਜਾਣੂ ਕਰਵਾਇਆ। ਉਹਨਾਂ ਇਹ ਵੀ ਦੱਸਿਆ ਕਿ ਉਹਨਾਂ ਦੇ ਮੰਗਲਵਾਰ ਨੂੰ ਆਦਮੁਪਰ ਦੇ ਦੌਰੇ ਵੇਲੇ ਲੋਕਾਂ ਨੂੰ ਉਹਨਾਂ ਦੀਆਂ ਮੁਸ਼ਕਿਲਾਂ ਬਾਰੇ ਜਾਣਕਾਰੀ ਦਿੱਤੀ ਅਤੇ ਦੱਸਿਆ ਕਿ ਰਾਜ ਸਰਕਾਰ ਵੱਲੋਂ ਸਹਿਯੋਗ ਨਾ ਦੇਣ ਕਾਰਨ ਉਹਨਾਂ ਦਾ ਵਪਾਰ ਤਬਾਹ ਹੋ ਰਿਹਾ ਹੈ।ਇਸਦੇ ਜਵਾਬ ਵਿਚ ਸ੍ਰੀ ਗਡਕਰੀ ਨੇ ਭਰੋਸਾ ਦੁਆਇਆ ਕਿ ਉਹ ਰਾਜ ਸਰਕਾਰ ਨਾਲ ਇਸ ਸਬੰਧੀ ਗੱਲਬਾਤ ਕਰਨਗੇ ਅਤੇ ਯਕੀਨੀ ਬਣਾਉਣਗੇ ਕਿ ਇਹ ਕੰਮ ਬਿਨਾਂ ਹੋਰ ਦੇਰੀ ਦੇ ਮੁੜ ਸ਼ੁਰੂ ਹੋਵੇ। ਵਫਦ ਨੇ ਮੰਤਰੀ ਵੱਲੋਂ ਤਿੰਨਾਂ ਪ੍ਰਾਜੈਕਟਾਂ ਨੂੰ ਮੁਕੰਮਲ ਕਰਨ ਦਾ ਭਰੋਸਾ ਦੇਣ ਲਈ ਧੰਨਵਾਦ ਕੀਤਾ ਅਤੇ ਕਿਹਾ ਕਿ ਇਹ ਸਰਹੱਦੀ ਸੂਬੇ ਲਈ ਬਹੁਤ ਲਾਹੇ ਵੰਦ ਸਾਬਤ ਹੋਣਗੇ।





