ਕੇਂਦਰ ਸਰਕਾਰ ਦੇ ਪੰਜਾਬ ਵਿਰੋਧੀ ਵਤੀਰੇ ਨੂੰ ਅਣਉਚਿਤ ਦੱਸਿਆ
ਪੰਜਾਬ ਨੂੰ ਆਪਣੀਆਂ ਮਾਣਮੱਤੀਆਂ ਪ੍ਰਾਪਤੀਆਂ ਦੁਨੀਆ ਸਾਹਮਣੇ ਦਿਖਾਉਣ ਦੀ ਆਗਿਆ ਨਾ ਦੇ ਕੇ ਕੇਂਦਰ ਸਰਕਾਰ ਨੇ ਗਹਿਰੀ ਸਾਜ਼ਿਸ਼ ਘੜੀ
ਭਾਜਪਾ ਨੇ ਸੋਚੀ-ਸਮਝੀ ਸਾਜ਼ਿਸ਼ ਤਹਿਤ ਪੰਜਾਬ ਤੇ ਦਿੱਲੀ ਸਮੇਤ ਗੈਰ-ਭਾਜਪਾਈ ਸੂਬੇ ਪਰੇਡ ਤੋਂ ਬਾਹਰ ਰੱਖੇ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 25 ਜਨਵਰੀ:ਗਣਤੰਤਰ ਦਿਵਸ ਦੀ ਪਰੇਡ ਵਿੱਚ ਸੂਬੇ ਦੀ ਝਾਕੀ ਨੂੰ ਸ਼ਾਮਲ ਨਾ ਕਰਨ ਲਈ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੀ ਸਖ਼ਤ ਆਲੋਚਨਾ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਕਿਹਾ ਕਿ ਕੇਂਦਰ ਸਰਕਾਰ ਦਾ ਇਹ ਪੰਜਾਬ ਵਿਰੋਧੀ ਵਤੀਰਾ ਅਣ-ਉਚਿਤ ਅਤੇ ਗੈਰ-ਵਾਜਬ ਹੈ।ਅੱਜ ਇੱਥੇ ਜਾਰੀ ਇੱਕ ਬਿਆਨ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਹਰ ਸਾਲ ਗਣਤੰਤਰ ਦਿਵਸ ਪਰੇਡ ਦੇ ਜਸ਼ਨਾਂ ਵਿੱਚ ਇੱਕ ਸ਼ਾਨਦਾਰ ਰਸਮੀ ਪਰੇਡ ਸ਼ਾਮਲ ਹੁੰਦੀ ਹੈ, ਜਿਸ ਵਿੱਚ ਵੱਖ-ਵੱਖ ਸੂਬਿਆਂ ਦੀਆਂ ਝਾਕੀਆਂ ਰਾਹੀਂ ਭਾਰਤ ਜੋ ਅਨੇਕਤਾ ਵਿੱਚ ਏਕਤਾ ਅਤੇ ਅਮੀਰ ਸੱਭਿਆਚਾਰਕ ਵਿਰਸੇ ਦਾ ਪ੍ਰਤੀਕ ਹੈ, ਨੂੰ ਸਤਿਕਾਰ ਭੇਟ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਇਸ ਪਰੇਡ ਵਿੱਚ ਪੰਜਾਬ ਆਪਣੇ ਗੌਰਵਮਈ ਇਤਿਹਾਸ, ਅਮੀਰ ਵਿਰਸਾ, ਮਹਾਨ ਸੱਭਿਆਚਾਰ ਅਤੇ ਭਾਰਤ ਦੇ ਇਤਿਹਾਸ ਵਿੱਚ ਆਪਣੇ ਅਹਿਮ ਯੋਗਦਾਨ ਨੂੰ ਦਰਸਾਉਂਦੀ ਝਾਕੀ ਨਿਯਮਤ ਤੌਰ ’ਤੇ ਪੇਸ਼ ਕਰਦਾ ਆ ਰਿਹਾ ਹੈ। ਭਗਵੰਤ ਮਾਨ ਨੇ ਕਿਹਾ ਕਿ ਇਹ ਬਹੁਤ ਹੀ ਦੁੱਖ ਵਾਲੀ ਗੱਲ ਹੈ ਕਿ ਵੱਖ-ਵੱਖ ਵਿਸ਼ੇ ਜਿਵੇਂ ’ਵਤਨ ਕੇ ਰਖਵਾਲੇ’ ਰਾਹੀਂ ਭਾਰਤ ਦੀ ਫੌਜੀ ਤਾਕਤ ਵਿਚ ਅਤੇ ਅੰਨਦਾਤਾ ਵਜੋਂ ਪੰਜਾਬ ਦੀ ਮਹੱਤਤਾ ਦਰਸਾਉਣ, ਮਾਈ ਭਾਗੋ ਜੀ ਦੀ ਸੂਰਮਗਤੀ ਨੂੰ ਦਰਸਾਉਂਦੀ ‘ਨਾਰੀ ਸ਼ਕਤੀ’ ਅਤੇ ਸਾਰਾਗੜ੍ਹੀ ਦੀ ਜੰਗ ਰਾਹੀਂ ਬਹਾਦਰੀ ਅਤੇ ਮਹਾਨ ਕੁਰਬਾਨੀਆਂ ਭਰੇ ਕਿੱਸੇ ਦੇ ਨਾਲ ਨਾਲ ਆਜ਼ਾਦੀ ਸੰਗਰਾਮ ਦੇ ਇਤਿਹਾਸ ਦੀਆਂ ਸਤਿਕਾਰਤ ਘਟਨਾਵਾਂ ਵਰਗੇ ਮਹੱਤਵਪੂਰਨ ਵਿਸ਼ਿਆਂ ਨੂੰ ਚੋਣ ਕਮੇਟੀ ਅੱਗੇ ਰੱਖਣ ਦੇ ਬਾਵਜੂਦ ਪੰਜਾਬ ਦੀ ਝਾਕੀ ਨੂੰ ਗਣਤੰਤਰ ਦਿਵਸ ਪਰੇਡ ਲਈ ਨਹੀਂ ਚੁਣਿਆ ਗਿਆ।
ਮੁੱਖ ਮੰਤਰੀ ਨੇ ਕਿਹਾ ਕਿ ਭਾਵੇਂ ਚੋਣ ਕਮੇਟੀ ਨੇ ਵਿਚਾਰਾਂ ਦੀ ਸ਼ਲਾਘਾ ਵੀ ਕੀਤੀ ਸੀ ਪਰ ਇਹ ਦੁੱਖ ਦੀ ਗੱਲ ਹੈ ਕਿ ਸਮੁੱਚੇ ਵਿਸ਼ਵ ਸਮੇਤ ਇਸ ਮਹਾਨ ਦੇਸ਼ ਦੇ ਲੋਕ ਪੰਜਾਬ ਵੱਲੋਂ ਦਰਸਾਏ ਜਾਣ ਵਾਲੇ ਅਮੀਰ ਸੱਭਿਆਚਾਰ ਅਤੇ ਇਤਿਹਾਸ ਤੋਂ ਵਾਂਝੇ ਰਹਿ ਜਾਣਗੇ। ਉਨ੍ਹਾਂ ਚੇਤੇ ਕਰਵਾਇਆ ਕਿ ਸਾਡੀ ਮਾਤ-ਭੂਮੀ ਨੂੰ ਬਰਤਾਨਵੀ ਸਾਮਰਾਜਵਾਦ ਤੋਂ ਆਜ਼ਾਦ ਕਰਵਾਉਣ ਲਈ ਪੰਜਾਬੀਆਂ ਨੇ ਵੱਡੀਆਂ ਕੁਰਬਾਨੀਆਂ ਕੀਤੀਆਂ ਹਨ। ਭਗਵੰਤ ਮਾਨ ਨੇ ਕਿਹਾ ਕਿ ਦੇਸ਼ ਦੀ ਅਬਾਦੀ ਦਾ ਮਹਿਜ਼ ਦੋ ਫੀਸਦੀ ਹੋਣ ਦੇ ਬਾਵਜੂਦ ਆਜ਼ਾਦੀ ਦੀ ਲਹਿਰ ਦੌਰਾਨ 80 ਫੀਸਦੀ ਸ਼ਹੀਦ ਪੰਜਾਬੀ ਸਨ ਜਿਨ੍ਹਾਂ ਨੂੰ ਜਾਂ ਤਾਂ ਫਾਂਸੀ ਚੜ੍ਹਾਇਆ ਗਿਆ ਜਾਂ ਜਲਾਵਤਨ ਕਰ ਦਿੱਤਾ ਗਿਆ।ਮੁੱਖ ਮੰਤਰੀ ਨੇ ਕਿਹਾ ਕਿ ਆਜ਼ਾਦੀ ਤੋਂ ਬਾਅਦ ਵੀ ਪੰਜਾਬੀਆਂ ਨੇ ਦੇਸ਼ ਦੀ ਖੁਸ਼ਹਾਲੀ ਅਤੇ ਸਰਬਪੱਖੀ ਵਿਕਾਸ ਦੇ ਨਾਲ-ਨਾਲ ਦੇਸ਼ ਦੀਆਂ ਸਰਹੱਦਾਂ ਦੀ ਬਾਹਰੀ ਹਮਲਿਆਂ ਤੋਂ ਰਾਖੀ ਕਰਨ ਵਿੱਚ ਅਹਿਮ ਯੋਗਦਾਨ ਪਾਇਆ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਆਜ਼ਾਦੀ ਸੰਗਰਾਮ ਵਿੱਚ ਪੰਜਾਬੀਆਂ ਦੀ ਇਸ ਸ਼ਾਨਦਾਰ ਭੂਮਿਕਾ ਨੂੰ ਝਾਕੀ ਰਾਹੀਂ ਦਿਖਾਉਣਾ ਚਾਹੁੰਦੀ ਸੀ। ਭਗਵੰਤ ਮਾਨ ਨੇ ਅਫਸੋਸ ਜ਼ਾਹਿਰ ਕੀਤਾ ਕਿ ਕੇਂਦਰ ਸਰਕਾਰ ਨੇ ਪੰਜਾਬ ਨੂੰ ਆਪਣੀਆਂ ਪ੍ਰਾਪਤੀਆਂ ਦੁਨੀਆ ਨੂੰ ਦਿਖਾਉਣ ਦੀ ਇਜਾਜ਼ਤ ਨਾ ਦੇ ਕੇ ਗਹਿਰੀ ਸਾਜ਼ਿਸ਼ ਘੜੀ ਹੈ।ਮੁੱਖ ਮੰਤਰੀ ਨੇ ਅਫ਼ਸੋਸ ਜ਼ਾਹਰ ਕੀਤਾ ਕਿ ਭਾਵੇਂ ਦੇਸ਼ ਆਪਣੀ ਆਜ਼ਾਦੀ ਦਾ 75ਵਾਂ ਵਰ੍ਹਾ ਮਨਾ ਰਿਹਾ ਹੈ ਪਰ ਜਿਨ੍ਹਾਂ ਕਰਕੇ ਦੇਸ਼ ਨੂੰ ਆਜ਼ਾਦੀ ਮਿਲੀ ਹੈ, ਕੇਂਦਰ ਸਰਕਾਰ ਉਨ੍ਹਾਂ ਦੇਸ਼ ਭਗਤਾਂ ’ਤੇ ਹੀ ਸੰਦੇਹ ਪ੍ਰਗਟਾ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਦੀ ਸੌੜੀ ਮਾਨਸਿਕਤਾ ਨੂੰ ਦਰਸਾਉਂਦਾ ਹੈ ਜੋ ਦੇਸ਼ ਦੇ ਮਾਮਲਿਆਂ ਦੀ ਅਗਵਾਈ ਕਰ ਰਹੀ ਹੈ। ਭਗਵੰਤ ਮਾਨ ਨੇ ਕਿਹਾ ਕਿ ਭਾਜਪਾ ਸਰਕਾਰ ਸ਼ਾਇਦ ਕੌਮੀ ਆਜ਼ਾਦੀ ਸੰਘਰਸ਼ ਵਿਚ ਸੂਬੇ ਦੇ ਯੋਗਦਾਨ ਨੂੰ ਦਰਸਾਉਣ ਤੋਂ ਹਿਚਕਚਾ ਰਹੀ ਹੈ।ਮੁੱਖ ਮੰਤਰੀ ਨੇ ਕਿਹਾ ਕਿ ਇਹ ਬਹੁਤ ਹੈਰਾਨੀਜਨਕ ਹੈ ਕਿ ਉੱਤਰੀ ਭਾਰਤ ਵਿੱਚੋਂ ਸਿਰਫ਼ ਭਾਜਪਾ ਸ਼ਾਸਿਤ ਸੂਬਿਆਂ ਨੂੰ ਹੀ ਗਣਤੰਤਰ ਦਿਵਸ ਦੀ ਪਰੇਡ ਵਿੱਚ ਹਿੱਸਾ ਲੈਣ ਦੀ ਇਜਾਜ਼ਤ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਗੈਰ-ਭਾਜਪਾ ਸ਼ਾਸਨ ਵਾਲੇ ਸੂਬਿਆਂ ਖਾਸ ਕਰਕੇ ਪੰਜਾਬ ਅਤੇ ਦਿੱਲੀ ਨੂੰ ਭਾਜਪਾ ਨੇ ਜਾਣਬੁੱਝ ਕੇ ਪਰੇਡ ਤੋਂ ਬਾਹਰ ਰੱਖਿਆ ਹੈ। ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਅਤੇ ਪੰਜਾਬੀਆਂ ਨਾਲ ਇਸ ਤਰ੍ਹਾਂ ਦਾ ਪੱਖਪਾਤੀ ਸਲੂਕ ਅਤਿ ਨਿੰਦਣਯੋਗ ਅਤੇ ਅਸਹਿਣਯੋਗ ਹੈ।
ਮੁੱਖ ਮੰਤਰੀ ਨੇ ਗਣਤੰਤਰ ਦਿਵਸ ਪਰੇਡ ਵਿੱਚ ਪੰਜਾਬ ਦੀ ਝਾਕੀ ਨੂੰ ਜਾਣਬੁੱਝ ਕੇ ਸ਼ਾਮਲ ਨਾ ਕਰਨ ਲਈ ਕੇਂਦਰ ਸਰਕਾਰ ’ਤੇ ਨਿਸ਼ਾਨਾ ਸਾਧਿਆ
ਹਰਿਆਣਾ ਦੇ ਮੁੱਖ ਮੰਤਰੀ ਵੱਲੋਂ ਗੰਨੇ ਦੇ ਮੁੱਲ ਵਿਚ 10 ਰੁਪਏ ਪ੍ਰਤੀ ਕੁਇੰਟਲ ਦੇ ਵਾਧੇ ਦਾ ਐਲਾਨ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 25 ਜਨਵਰੀ-ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਗੰਨਾ ਕਿਸਾਨਾਂ ਦੇ ਹਿੱਤ ਵਿਚ ਅੱਜ ਗੰਨੇ ਦੇ ਮੁੱਲ ਵਿਚ 10 ਰੁਪਏ ਪ੍ਰਤੀ ਕੁਇੰਟਲ ਦੇ ਵਾਧੇ ਦਾ ਐਲਾਨ ਕੀਤਾ ਹੈ। ਇਸ ਵਾਧੇ ਤੋਂ ਬਾਅਦ ਹੁਣ ਗੰਨੇ ਦੀ ਕੀਮਤ 372 ਰੁਪਏ ਹੋ ਗਈ ਹੈ, ਜੋ ਇਸ ਪਿੜਾਈ ਸੈਸ਼ਨ ਤੋਂ ਲਾਗੂ ਹੋਵੇਗੀ। ਸੂਬੇ ਵਿਚ ਗੰਨੇ ਦੀ ਮੌਜ਼ੂਦਾ ਕੀਮਤ 362 ਰੁਪਏ ਪ੍ਰਤੀ ਕੁਇੰਟਲ ਹੈ।ਮੁੱਖ ਮੰਤਰੀ ਨੇ ਅੱਜ ਆਪਣੀ ਰਿਹਾਇਸ਼ ਸੰਤ ਕਬੀਰ ਕੁਟੀਰ ’ਤੇ ਆਯੋਜਿਤ ਪੱਤਰਕਾਰ ਸੰਮੇਲਨ ਨੂੰ ਸੰਬੋਧਤ ਕਰਦੇ ਹੋਏ ਕਿਹਾ ਕਿ ਕਿਸਾਨਾਂ ਦੇ ਹਿੱਤਾਂ ਦੀ ਰੱਖਿਆ ਸੂਬਾ ਸਰਕਾਰ ਦੀ ਸੱਭ ਤੋਂ ਉੱਚ ਪਹਿਲ ਹੈ।ਸ੍ਰੀ ਮਨੋੋਹਰ ਲਾਲ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਗੰਨੇ ਦੀ ਕੀਮਤ ਵਿਚ ਵਾਧਾ ਹੋ ਗਿਆ ਹੈ, ਇਸ ਲਈ ਹੁਣ ਕਿਸਾਨ ਗੰਨੇ ਨੂੰ ਮਿਲਾਂ ਵਿਚ ਲੈ ਜਾਣਾ ਸ਼ੁਰੂ ਕਰਨ ਤਾਂ ਜੋੋ ਮਿਲਾਂ ਸਹੀ ਢੰਗ ਨਾਲ ਚਲ ਸਕੇ। ਖੰਡ ਮਿਲਾਂ ਦਾ ਬੰਦ ਹੋੋਣਾ ਨਾ ਤਾਂ ਕਿਸਾਨਾਂ ਦੇ ਹਿੱਤ ਵਿਚ ਹੈ ਅਤੇ ਨਾ ਹੀ ਮਿਲਾਂ ਦੇ।ਮੁੱਖ ਮੰਤਰੀ ਨੇ ਕਿਹਾ ਕਿ ਖੰਡ ਦੀ ਮੌੌਜ਼ੂਦਾ ਕੀਮਤ ਉਮੀਦ ਦੇ ਮੁਤਾਬਕ ਨਹੀਂ ਵੱਧੀ ਹੈ, ਫਿਰ ਵੀ ਅਸੀਂ ਖੰਡ ਦੀ ਕੀਮਤ ਦੀ ਤੁਲਨਾ ਵਿਚ ਗੰਨਾ ਕਿਸਾਨਾਂ ਨੂੰ ਵੱਧ ਕੀਮਤ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਖੰਡ ਮਿਲਾਂ ਲਗਾਤਾਰ ਘਾਟੇ ਵਿਚ ਚਲ ਰਹੀ ਹੈ, ਲੇਕਿਨ ਫਿਰ ਵੀ ਅਸੀਂ ਸਮੇਂ-ਸਮੇਂ ’ਤੇ ਕਿਸਾਨਾਂ ਦੇ ਹਿੱਤਾਂ ਦੀ ਰੱਖਿਆ ਕੀਤੀ ਹੈ। ਉਨ੍ਹਾਂ ਦਸਿਆ ਕਿ ਇਸ ਸਮੇਂ ਸੂਬੇ ਦੀ ਖੰਡ ਮਿਲਾਂ ’ਤੇ 5293 ਕਰੋੜ ਰੁਪਏ ਦਾ ਘਾਟਾ ਹੈ। ਸਰਕਾਰੀ ਖੰਡ ਮਿਲਾਂ ਵਿਚ ਖੰਡ ਦੀ ਰਿਕਵਰੀ ਦੀ ਫੀਸਦੀ 9.75 ਹੈ, ਜਦੋਂ ਕਿ ਨਿੱਜੀ ਮਿਲਾਂ ਦੀ ਫੀਸਦੀ 10.24 ਹੈ। ਉਨ੍ਹਾਂ ਕਿਹਾ ਕਿ ਖੰਡ ਦੀ ਰਿਕਵਰੀ ਵੱਧਾਉਣ ਅਤੇ ਮਿਲਾਂ ਨੂੰ ਵਾਧੂ ਆਮਦਨ ਲਈ ਮਿਲਾਂ ਵਿਚ ਏਥੋਨਾਲ ਅਤੇ ਊਰਜਾ ਪਲਾਂਟਾਂ ਦੀ ਸਥਾਪਨਾ ਦੇ ਨਾਲ-ਨਾਲ ਸਹਿਕਾਰੀ ਖੰਡ ਮਿਲਾਂ ਦੀ ਸਮੱਰਥਾਂ ਵੱਧਾ ਰਹੇ ਹਨ।ਮੁੱਖ ਮੰਤਰੀ ਨੇ ਕਿਹਾ ਕਿ ਗੰਨੇ ਦੇ ਮੁੱਲ ਨਿਰਧਾਰਣ ਲਈ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਜੇ.ਪੀ.ਦਲਾਲ ਦੀ ਪ੍ਰਧਾਨਗੀ ਹੇਠ ਇਕ ਕਮੇਟੀ ਗਠਿਤ ਕੀਤੀ ਸੀ, ਜਿਸ ਨੇ ਗੰਨਾ ਕਿਸਾਨ ਦੀ ਮੰਗਾਂ ’ਤੇ ਵਿਚਾਰ ਕਰਨ ਤੋਂ ਬਾਅਦ ਆਪਣੀ ਰਿਪੋਰਟ ਸੌਂਪੀ। ਕਮੇਟੀ ਨੇ ਕਿਸਾਨਾਂ, ਸਹਿਕਾਰੀ ਵਿਭਾਗ, ਨਿੱਜੀ ਮਿਲਾਂ ਅਤੇ ਮਾਹਿਰਾਂ ਨਾਲ ਕਈ ਮੀਟਿੰਗ ਕੀਤੀਆਂ ਹਨ ਅਤੇ ਹੋਰ ਮਹੱਤਵਪੂਰਨ ਸਿਫਾਰਿਸ਼ਾਂ ਨਾਲ ਗੰਨੇ ਦੇ ਮੁੱਲ ਵਿਚ ਵਾਧੇ ਦੀ ਸਿਫਾਰਿਸ਼ ਕੀਤੀ। ਉਨ੍ਹਾਂ ਕਿਹਾ ਕਿ ਇਸ ਮੌਸਮ ਵਿਚ ਸਰਦੀ ਵੱਧ ਪੈਂਦੀ ਹੈ, ਜਿਸ ਕਾਰਣ ਸਰੋਂ ਦੀ ਫਸਲ ਕਾਫੀ ਪ੍ਰਭਾਵਿਤ ਹੋਈ ਹੈ। ਨੁਕਸਾਨ ਦਾ ਆਂਕਲਨ ਕਰਨ ਲਈ 5 ਫਰਵਰੀ ਤੋਂ ਗੈਰੂਲਰ ਗਿਦਾਵਰੀ ਸ਼ੁਰੂ ਹੋੋ ਜਾਵੇਗੀ ਅਤੇ ਜਿੱਥੇ-ਜਿੱਥੇ ਨੁਕਸਾਨ ਹੋੋਇਆ ਹੈ, ਕਿਸਾਨਾਂ ਨੂੰ ਯੋਗ ਮੁਆਵਜਾ ਦਿੱਤਾ ਜਾਵੇਗਾ।ਇਕ ਹੋੋਰ ਸੁਆਲ ਦੇ ਜਵਾਬ ਵਿਚ ਮੁੱਖ ਮੰਤਰੀ ਨੇ ਕਿਹਾ ਕਿ ਹਰਿਆਣਾ ਵਿਚ ਗੰਨਾ ਕਿਸਾਨਾਂ ਦਾ ਸਮੇਂ ’ਤੇ ਭੁਗਤਾਨ ਕੀਤਾ ਜਾਂਦਾ ਹੈ। ਸਾਲ 2020-21 ਵਿਚ 2628 ਕਰੋੜ ਰੁਪਏ ਦਾ ਭੁਗਤਾਨ ਕੀਤਾ ਗਿਆ ਹੈ ਅਤੇ ਇਸ ਸਾਲ ਦਾ ਕੋਈ ਬਕਾਇਆ ਨਹੀਂ ਹੈ। ਇਸ ਤਰ੍ਹਾਂ, ਸਾਲ 2021-22 ਵਿਚ ਸਿਰਫ 17.94 ਕਰੋੜ ਰੁਪਏ ਨਾਰਾਇਣਗੜ੍ਹ ਖੰਡ ਮਿਲ ਦੇ ਪੀਡੀਸੀ ਨੂੰ ਛੱਡ ਕੇ 2727.29 ਕਰੋੜ ਰੁਪਏ ਦਾ ਭੁਗਤਾਨ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸਹਿਕਾਰੀ ਖੰਡ ਮਿਲਾਂ ਨੂੰ ਆਦੇਸ਼ ਦਿੱਤੇ ਹੋਏ ਹਨ ਕਿ ਇਸ ਹਫਤੇ ਦੇ ਅੰਦਰ ਕਿਸਾਨਾਂ ਨੂੰ ਭੁਗਤਾਨ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਵੀ ਆਫਰ ਦਿੱਤੀ ਗਈ ਹੈ ਕਿ ਜੇਕਰ ਉਹ ਖੰਡ ਮਿਲਾਂ ਨੂੰ ਚਲਾਉਣਾ ਚਾਹਉਣ ਤਾਂ ਸਰਕਾਰ ਇਸ ’ਤੇ ਵੀ ਵਿਚਾਰ ਕਰ ਸਕਦੀ ਹੈ। ਇਕ ਹੋਰ ਸੁਆਲ ਦੇ ਜਵਾਬ ਵਿਚ ਮੁੱਖ ਮੰਤਰੀ ਨੇ ਕਿਹਾ ਕਿ ਵਿਰੋਧੀ ਅਤੇ ਕੁਝ ਕਿਸਾਨ ਯੂਨਿਅਨ ਇਸ ਮਾਮਲੇ ’ਤੇ ਸਿਆਸਤ ਕਰ ਰਹੀ ਹੈ, ਜੋਕਿ ਸਹੀ ਨਹੀਂ ਹੈ। ਕਿਸਾਨ ਵੀ ਅੱਜ ਸਮਝਦੇ ਹਨ ਕਿ ਖੰਡ ਮਿਲਾਂ ਘਾਟੇ ਵਿਚ ਚਲ ਰਹੀ ਹੈ ਅਤੇ ਫਿਰ ਵੀ ਸਰਕਾਰ ਕਿਸਾਨਾਂ ਦੇ ਹਿੱਤ ਵਿਚ ਫੈਸਲਾ ਲੈ ਰਹੀ ਹੈ। ਇਯ ਲਈ ਵਿਰੋਧੀ ਧਿਰ ਦੇ ਨੇਤਾ ਅਤੇ ਕੁਝ ਕਿਸਾਨ ਯੂਨਿਅਨ ਇਸ ਮਾਮਲੇ ’ਤੇ ਸਿਆਸਤ ਨਾ ਕਰਨ, ਜਨਤਾ ਉਨ੍ਹਾਂ ਨੂੰ ਜਵਾਬ ਦੇਵੇਗੀ। ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਪਿਛਲੇ ਦਿਨਾਂ ਪਟਵਾਰੀਆਂ ਨੇ ਸਰਕਾਰ ਦੇ ਸਾਹਮਣੇ ਆਪਣੀ ਤਨਖਾਹ ਵਿਚ ਵਾਧੇ ਦੀ ਮੰਗ ਰੱਖੀ ਸੀ। ਇਸ ਦਾ ਸਰਕਾਰ ਨੇ ਅਧਿਐਨ ਕੀਤਾ ਅਤੇ ਮੰਨਿਆ ਕਿ ਤਨਖਾਹ ਵਿਚ ਵਾਧਾ ਕੀਤਾ ਜਾਣਾ ਚਾਹੀਦਾ ਹੈ। ਇਸ ਲਈ ਪਟਵਾਰੀਆਂ ਦੇ ਪੇ-ਸਕੇਲ ਵਧਾਏ ਹਨ ਅਤੇ ਉਨ੍ਹਾਂ ਦੀ ਤਨਖਾਹ 25,000 ਰੁਪਏ ਤ 32,100 ਰੁਪਏ ਹੋੋ ਗਿਆ ਹੈ। ਇਸ ਬਾਰੇ 24 ਜਨਵਰੀ ਨੂੰ ਨੋਟੀਫਿਕੇਸ਼ਨ ਜਾਰੀ ਕੀਤੀ ਜਾ ਚੁੱਕੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਨੇ ਵਿਕਾਸ ਕੰਮਾਂ ਵਿਚ ਪਾਰਦਰਸ਼ਤਾ ਲਿਆਉਣ ਲਈ ਈ-ਟੈਂਡਰਿੰਗ ਦੀ ਵਿਵਸਥਾ ਸ਼ੁਰੂ ਕੀਤੀ ਹੈ। ਅਸੀਂ ਛੋਟੇ ਟੈਂਡਰ ਯਾਨੀ 25 ਲੱਖ ਰੁਪਏ ਤਕ ਦੇ ਕੰਮ ਲਈ ਸਮੇਂ ਸੀਮਾ 4 ਦਿਨ, 1 ਕਰੋੋੜ ਰੁਪਏ ਤਕ ਦੀ 15 ਦਿਨ ਨਿਰਧਾਰਿਤ ਕੀਤੀ ਹੈ। ਸਰਕਾਰ ਨੇ ਪਿੰਡਾਂ ਵਿਚ ਵਿਕਾਸ ਕੰਮਾਂ ਲਈ ਪੰਚਾਇਤੀ ਰਾਜ ਸੰਸਥਾਵਾਂ ਦੇ ਖਾਤਿਆਂ ਵਿਚ 1100 ਕਰੋੋੜ ਰੁਪਏ ਦੀ ਰਕਮ ਭੇਜੀ ਹੈ। ਪੰਚਾਇਤਾਂ ਨੇ ਪ੍ਰਸਤਾਵ ਪਾਸ ਕਰਨੇ ਸ਼ੁਰੂ ਕਰ ਦਿੱਤੇ ਹਨ।ਇਸ ਮੌਕੇ ’ਤੇ ਮੁੱਖ ਮੰਤਰੀ ਦੇ ਵਧੀਕ ਪ੍ਰਧਾਨ ਸਕੱਤਰ ਅਤੇ ਸੂਚਨਾ, ਲੋਕ ਸੰਪਰਕ ਤੇ ਭਾਸ਼ਾ ਵਿਭਾਗ ਦੇ ਡਾਇਰੈਕਟਰ ਜਨਰਲ ਡਾ. ਅਮਿਤ ਅਗਰਵਾਲ ਵੀ ਹਾਜਿਰ ਰਹੇ।
ਸ਼੍ਰੋਮਣੀ ਅਕਾਲੀ ਦਲ ਨੇ ਗੁਰਮੀਤ ਰਾਮ ਰਹੀਮ ਦੀ ਪੈਰੋਲ ਵਧਾਉਣ ਦੀ ਕੀਤੀ ਜ਼ੋਰਦਾਰ ਨਿਖੇਧੀ
ਪੰਥਕ ਸਲਾਹਕਾਰ ਬੋਰਡ ਨੇ ਕਿਹਾ ਕਿ ਰਾਮ ਰਹੀਮ ਨੂੰ ਪੱਛਮੀ ਬੰਗਾਲ ਵਰਗੇ ਗੈਰ ਭਾਜਪਾ ਰਾਜ ਵਿਚ ਸ਼ਿਫਟ ਕੀਤਾ ਜਾਵੇ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ,25 ਜਨਵਰੀ: ਸ਼੍ਰੋਮਣੀ ਅਕਾਲੀ ਦਲ ਨੇ ਅੱਜ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਦੀ ਪੈਰੋਲ ਵਿਚ ਵਾਧਾ ਕਰਨ ਦੀ ਜ਼ੋਰਦਾਰ ਨਿਖੇਧੀ ਕਰਦਿਆਂ ਹਰਿਆਣਾ ਸਰਕਾਰ ਵੱਲੋਂ ਜ਼ਬਰ ਜਨਾਹ ਦੇ ਦੋਸ਼ੀ ਠਹਿਰਾਏ ਮੁਜਰਿਮ ਨੂੰ ਸੂਬਾ ਪੱਧਰੀ ਸਮਾਗਮ ਵਾਸਤੇ ਸੱਦਾ ਦੇਣ ਨੂੰ ਨਿਆਂਇਕ ਪ੍ਰਕਿਰਿਆ ਲਈ ਚੁਣੌਤੀ ਕਰਾਰ ਦਿੱਤਾ।ਅਕਾਲੀ ਦਲ ਦੇ ਪੰਥਕ ਸਲਾਹਕਾਰ ਬੋਰਡ, ਜਿਸਦੀ ਬੀਤੀ ਸ਼ਾਮ ਮੀਟਿੰਗ ਹੋਈ, ਨੇ ਕਿਹਾ ਕਿ ਜਿਸ ਤਰੀਕੇ ਹਰਿਆਣਾ ਸਰਕਾਰ ਦੇ ਸਿਖਰਲੇ ਅਧਿਕਾਰੀ ਰਾਮ ਰਹੀਮ ਨੂੰ ਸਨਮਾਨਤ ਕਰ ਰਹੇ ਹਨ, ਉਸ ਨਾਲ ਸਭਿਅਕ ਸਮਾਜ ਵਿਚ ਗਲਤ ਸੰਦੇਸ਼ ਗਿਆ ਹੈ।ਉਹਨਾਂ ਕਿਹਾ ਕਿ ਇਹ ਰਾਜ ਸਰਕਾਰ ਨੂੰ ਸੋਭਦਾ ਨਹੀਂ ਕਿ ਮੁੱਖ ਮੰਤਰੀ ਦੇ ਓ ਐਸ ਡੀ ਅਤੇ ਭਾਜਪਾ ਦੇ ਐਮ ਪੀ ਇਕ ਜਬਰ ਜਨਾਹ ਦੇ ਦੋਸ਼ੀ ਤੇ ਕਾਤਲ ਨੂੰ ਸੂਬਾ ਪੱਧਰੀ ਸਮਾਗਮਾਂ ਵਾਸਤੇ ਸੱਦਾ ਦੇਣ ਲਈ ਜਾਣ। ਇਹ ਵੀ ਕਿਹਾ ਕਿ ਇਹ ਕਾਰਵਾਈ ਅਦਾਲਤ ਦੀ ਮਾਣਹਾਨੀ ਦੇ ਸਮਾਨ ਹੈ।ਸਲਾਹਕਾਰ ਬੋਰਡ ਦੀ ਮੀਟਿੰਗ, ਜਿਸਦੀ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕੀਤੀ, ਵਿਚ ਇਹ ਵੀ ਕਿਹਾ ਗਿਆ ਕਿ ਭਾਵੇਂ ਰਾਮ ਰਹੀਮ ਦੇ ਖਿਲਾਫ ਫੌਜਦਾਰੀ ਕੇਸ ਪੈਂਡਿੰਗ ਹਨ ਪਰ ਇਸਦੇ ਬਾਵਜੂਦ ਹਰਿਆਣਾ ਸਰਕਾਰ ਉਸਨੂੰ ਵੀ ਵੀ ਆਈ ਵਜੋਂ ਮਾਣ ਸਤਿਕਾਰ ਦੇ ਰਹੀ ਹੈ ਤੇ ਪੂਰੀ ਹਮਾਇਤ ਦੇ ਰਹੀ ਹੈ। ਇਹ ਵੀ ਕਿਹਾ ਕਿ ਅਜਿਹੇ ਹਾਲਾਤ ਵਿਚ ਮੁਜਰਿਮ ਵੱਲੋਂ ਉਸ ਖਿਲਾਫ ਦਰਜ ਕੇਸਾਂ ਵਿਚ ਗਵਾਹਾਂ ਨੂੰ ਪ੍ਰਭਾਵਤ ਕਰਨ ਦੇ ਆਸਾਰ ਹਨ। ਇਹਨਾਂ ਸਾਰੇ ਮਾਮਲਿਆਂ ਨੂੰ ਧਿਆਨ ਵਿਚ ਰੱਖਦਿਆਂ ਰਾਮ ਰਹੀਮ ਨੂੰ ਤੁਰੰਤ ਪੱਛਮੀ ਬੰਗਾਲ ਵਰਗੇ ਕਿਸੇ ਹੋਰ ਸੂਬੇ ਵਿਚ ਤਬਦੀਲ ਕੀਤਾ ਜਾਣਾ ਚਾਹੀਦਾ ਹੈ। ਬੋਰਡ ਨੇ ਇਸ ਗੱਲ ਦਾ ਵੀ ਨੋਟਿਸ ਲਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਆਰੰਭੀ ਹਸਤਾਖ਼ਰ ਮੁਹਿੰਮ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਇਹ ਵੀ ਕਿਹਾ ਗਿਆ ਕਿ ਸਿੱਖ ਭਾਈਚਾਰਾ ਇਸ ਗੱਲ ਤੋਂ ਔਖਾ ਹੈ ਕਿ ਰਾਮ ਰਹੀਮ ਨੂੰ ਵਾਰ ਵਾਰ ਪੈਰੋਲ ਦਿੱਤੀ ਜਾ ਰਹੀ ਹੈ ਜਦੋਂ ਕਿ ਬੰਦੀ ਸਿੰਘ ਪਿਛਲੇ 28 ਸਾਲਾਂ ਤੋਂ ਬਗੈਰ ਪੈਰੋਲ ਦੇ ਜੇਲ੍ਹਾਂ ਵਿਚ ਡੱਕੇ ਹੋਏਹਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਦੱਸਿਆ ਕਿ ਸ਼੍ਰੋਮਣੀ ਕਮੇਟੀ ਨੇ ਹੁਣ ਤੱਕ 12 ਲੱਖ ਹਸਤਾਖ਼ਰ ਇਕੱਤਰ ਕਰ ਲਏ ਹਨ ਅਤੇ ਇਸਨੂੰ 25 ਲੱਖ ਲੋਕਾਂ ਦੇ ਹੋਰ ਹਸਤਾਖ਼ਰ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਕਰਦਿਆਂ ਮਿਲਣ ਦੇ ਆਸਾਰ ਹਨ। ਉਹਨਾਂ ਕਿਹਾ ਕਿ ਆਉਂਦੇ ਦਿਨਾਂ ਵਿਚ ਇਸ ਮੁਹਿੰਮ ਦਾ ਹੋਰ ਵਿਸਥਾਰ ਕੀਤਾ ਜਾਵੇਗਾ ਅਤੇ ਦਿਹਾਤੀ ਤੇ ਸ਼ਹਿਰੀ ਖੇਤਰਾਂ ਵਿਚ ਹਰ ਵਰਗ ਦੇ ਲੋਕਾਂ ਦੀ ਹਮਾਇਤ ਲਈ ਜਾਵੇਗੀ।
ਬੋਰਡ ਨੇ? ਘੱਟ ਗਿਣਤੀਆਂ ਦੀ ਪਛਾਣ ਦੀ ਪਰਿਭਾਸ਼ਾ ਦੇ ਨਿਯਮਾਂ ਵਿਚ ਤਬਦੀਲੀ ਕਰਨ ਦਾ ਵੀ ਨੋਟਿਸ ਲਿਆ ਅਤੇ ਕਿਹਾ ਕਿ ਜੇਕਰ ਅਜਿਹਾ ਗਿਆ ਤਾਂ ਫਿਰ ਸਿੱਖ ਪੰਜਾਬ ਵਿਚ ਹੀ ਘੱਟ ਗਿਣਤੀਆਂ ਲਈ ਉਪਲਬਧ ਰਾਖਵੇਂਕਰਨ ਦਾ ਲਾਭ ਨਹੀਂ ਲੈ ਸਕਣਗੇ ਅਤੇ ਭਾਈਚਾਰੇ ਲਈ ਉਪਲਬਧ ਵੱਖ-ਵੱਖ ਸਰਕਾਰੀ ਸਕੀਮਾਂ ਦਾ ਲਾਭ ਲੈਣ ਤੋਂ ਵਾਂਝੇ ਰਹਿ ਜਾਣਗੇ। ਪੈਨਲ ਨੇ ਇਸ ਮਾਮਲੇ ਨੂੰ ਨਜਿੱਠਣ ਲਈ ਕਮੇਟੀ ਦਾ ਗਠਨ ਕਰਨ ਦਾ ਫੈਸਲਾ ਲਿਆ।ਬੋਰਡ ਨੇ ਸਰਬਸੰਮਤੀ ਨਾਲ ਮਤਾ ਪਾਸ ਕਰ ਕੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ? ਸਿੰਘ ਧਾਮੀ ’ਤੇ ਹਮਲਾ ਕਰਨ ਦੀ ਜ਼ੋਰਦਾਰ ਨਿਖੇਧੀ ਕੀਤੀ ਅਤੇ ਕਿਹਾ ਕਿ ਇਹ ਹਮਲਾ ਸਿੱਖ ਸੰਸਥਾਵਾਂ ਨੂੰ ਕਮਜ਼ੋਰ ਕਰਨ ਦੇ ਮਨਸ਼ੇ ਨਾਲ ਕੀਤਾ ਗਿਆ।ਮੀਟਿੰਗ ਵਿਚ ਹੋਰਨਾਂ ਤੋਂ ਇਲਾਵਾ ਬਲਵਿੰਦਰ ਸਿੰਘ ਭੂੰਦੜ, ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ, ਪਰਮਜੀਤ ਸਿੰਘ ਸਰਨਾ, ਗੋਬਿੰਦ ਸਿੰਘ ਲੌਂਗੋਵਾਲ, ਗੁਲਜ਼ਾਰ ਸਿੰਘ ਰਣੀਕੇ, ਡਾ. ਦਲਜੀਤ ਸਿੰਘ ਚੀਮਾ (ਮੈਂਬਰ ਸਕੱਤਰ), ਅਲਵਿੰਦਰਪਾਲ ਸਿੰਘ ਪੱਖੋਕੇ, ਪ੍ਰੋ. ਵਿਰਸਾ ਸਿੰਘ ਵਲਟੋਹਾ, ਭਾਈ ਮਨਜੀਤ ਸਿੰਘ, ਭਾਈ ਰਾਮ ਸਿੰਘ, ਗੁਰਚਰਨ ਸਿੰਘ ਗਰੇਵਾਲ, ਰਾਜਿੰਦਰ ਸਿੰਘ ਮਹਿਤਾ, ਅਮਰਜੀਤ ਸਿੰਘ ਚਾਵਲਾ, ਕਰਨੈਲ ਸਿੰਘ ਪੀਰਮੁਹੰਮਦ, ਬੀਬੀ ਕਿਰਨਜੋਤ ਕੌਰ, ਬੀਬੀ ਹਰਜਿੰਦਰ ਕੌਰ ਚੰਡੀਗੜ੍ਹ, ਰਣਜੀਤ ਕੌਰ ਦਿੱਲੀ, ਬਾਬਾ ਬੂਟਾ ਸਿੰਘ, ਜਗਜੀਤ ਸਿੰਘ ਤਲਵੰਡੀ, ਪ੍ਰਿਤਪਾਲ ਸਿੰਘ ਪਾਲੀ ਤੇ ਬਾਬਾ ਟੇਕ ਸਿੰਘ ਧਨੌਲਾ ਨੇ ਵੀ ਸ਼ਮੂਲੀਅਤ ਕੀਤੀ।
ਸੇਂਟ ਜ਼ੇਵੀਅਰਜ਼ ਸਕੂਲ ਦੇ ਵਿਦਿਆਰਥੀਆਂ ਨੇ ਚਾਇਨਾ ਡੋਰ ਨਾ ਵਰਤਣ ਦੀ ਖਾਧੀ ਕਸਮ
ਸੁਖਜਿੰਦਰ ਮਾਨ
ਬਠਿੰਡਾ, 25 ਜਨਵਰੀ :ਸੇਂਟ ਜ਼ੇਵੀਅਰਜ਼ ਸਕੂਲ ਦੇ ਗਰਾਂਊਡ ਵਿੱਚ ਸਵੇਰ ਦੀ ਸਭਾ ਵਿੱਚ ਵਿਦਿਆਰਥੀਆਂ ਵੱਲੋਂ ਬਸੰਤ ਦੇ ਤਿਉਹਾਰ ਤੇ ਚਾਇਨਾ ਡੋਰ ਦੀ ਵਰਤੋਂ ਨਾ ਕਰਨ ਦੀ ਸਹੁੰ ਖਾਧੀ। ਸਕੂਲ ਦੀ ਸਭਾ ਵਿੱਚ ਸਕੂਲ ਦੇ ਪਿ?ਰੰਸੀਪਲ ਤੇ ਅਧਿਆਪਕਾਂ ਵੱਲੋ ਸਕੂਲ ਦੇ ਵਿਦਿਆਰਥੀਆਂ ਨੂੰ ਚਾਇਨਾ ਡੋਰ ਦੇ ਖਤਰਨਾਕ ਪ੍ਰਭਾਵਾਂ ਬਾਰੇ ਚਾਨਣਾ ਪਾਇਆ ,ਜੋ ਪੰਛੀਆਂ ਤੇ ਇਨਸਾਨਾਂ ਦੋਨਾਂ ਲਈ ਹੀ ਖਤਰਨਾਕ ਹੈ । ਇਸ ਦੇ ਦੌਰਾਨ ਹੀ ਸਕੂਲ ਦੇ ਵਿਦਿਆਰਥੀਆਂ ਵੱਲੋ ਇਸ ਬਸੰਤ ਦੇ ਤਿਉਹਾਰ ਤੇ ਚਾਇਨਾ ਡੋਰ ਦੀ ਵਰਤੋਂ ਨਾ ਕਰਨ ਤੇ ਸ਼ਾਤਮਈ ਤੇ ਮੋਹ ਪਿਆਰ ਨਾਲ ਇਹ ਤਿਉਹਾਰ ਮਨਾਉਣ ਦੀ ਸਹੁੰ ਖਾਧੀ ।ਇਸ ਮੌਕੇ ਤੇ ਸਕੂਲ ਦੇ ਪਿ?ਰੰਸੀਪਲ ਫ਼ਾਦਰ ਸਿਡਲੋਏ ਫ਼ਰਟਾਡੋ,ਸਕੂਲ ਦੀ ਕੋਆਰਡੀਨੇਟਰ ਮੈਡਮ ਅਰਚਨਾ ਰਾਜਪੂਤ , ਸੁਪਰਵਾਈਜ਼ਰ ਮੈਡਮ ਨੂਪੁਰ , ਐਕਟੀਵਿਟੀ ਇੰਨਚਾਰਜ ਮੈਡਮ ਸੋਨੀਆ ਤੇ ਕੋਚ ਦਵਿੰਦਰਪਾਲ ਸਿੰਘ ਤੇ ਸਕੂਲ ਦੇ ਅਧਿਆਪਕ ਮੋਜ਼ੂਦ ਸਨ । ਅੰਤ ਸਕੂਲ ਦੇ ਪਿ?ਰੰਸਪਲ ਨੇ ਵਿਦਿਆਰਥੀਆਂ ਨੂੰ ਇਹ ਸੰਦੇਸ਼ ਦਿੱਤਾ ਕਿ ਉਹ ਚਾਇਨਾ ਡੋਰ ਦਾ ਪ੍ਰਯੋਗ ਨਾ ਕਰਨ ਤੇ ਆਪਣੇ ਆਲੇ ਦੁਆਲੇ ਦੇ ਲੋਕਾਂ ਨੂੰ ਵੀ ਇਸ ਗੱਲ ਲਈ ਪ੍ਰੇਰਿਤ ਕਰਨ ।
30 ਕਰੋੜ ਦੀ ਫਾਈਲ ਕਲੀਅਰ ਕਰਨ ਤੋਂ ਕੌਣ ਰੋਕ ਰਿਹਾ ਹੈ ਮੁੱਖ ਮੰਤਰੀ ਨੂੰ:ਸੁਨੀਲ ਜਾਖੜ
ਭਗਵੰਤ ਮਾਨ ਦੀ ਚੁੱਪੀ ’ਤੇ ਚੁੱਕੇ ਸਵਾਲ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ,25 ਜਨਵਰੀ:ਸੂਬੇ ਨੂੰ ਕਥਿਤ ਤੌਰ ਤੇ ਬੇਮਿਸਾਲ ਪ੍ਰਸ਼ਾਸਕੀ ਗਿਰਾਵਟ ਵੱਲ ਧਕਣ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਨਿਸ਼ਾਨਾ ਸਾਧਦੇ ਹੋਏ ਸਾਬਕਾ ਐਮ ਪੀ ਅਤੇ ਸੀਨੀਅਰ ਭਾਜਪਾ ਆਗੂ ਸੁਨੀਲ ਜਾਖੜ ਨੇ ਬੁੱਧਵਾਰ ਨੂੰ ਕਿਹਾ ਕਿ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ ਨੌਕਰਸ਼ਾਹੀ ਨਾਲ ਤਕਰਾਰ ਵਿੱਚ ਉਲਝ ਕੇ ਲੋਕਾਂ ਨੂੰ ਸੁਚਜਾ ਸਾਸ਼ਨ ਦੇਣ ਦਾ ਇਖਲਾਕੀ ਅਧਿਕਾਰ ਗੁਆ ਲਿਆ ਹੈ। ਸ਼੍ਰੀ ਜਾਖੜ ਨੇ ਕਿਹਾ ਕਿ ਸਿਰਫ 10 ਕਰੋੜ ਰੁਪਏ ਦੇ ਬਜਟ ਵਾਲੇ ਆਮ ਆਦਮੀ ਕਲੀਨੀਕਾਂ ਦੀ 27 ਜਨਵਰੀ ਨੂੰ ਹੋਣ ਵਾਲੀ ਸ਼ੁਰੂਆਤ ਤੇ 30 ਕਰੋੜ ਰੁਪਏ ਦੀ ਇਸ਼ਤਿਹਾਰਬਾਜੀ ਦੇ ਮੱਤੇ ਨੂੰ ਨਾਜਾਇਜ਼ ਮਨਦੇ ਹੋਏ ਇਕ ਸੀਨੀਅਰ ਆਈਏਐਸ ਅਫਸਰ ਨੇ ਸਹਿਮਤੀ ਦੇਣ ਤੋਂ ਇਨਕਾਰ ਕਰ ਦਿੱਤਾ।ਇਹ ਸਥਿਤੀ ਮੁੱਖਮੰਤਰੀ ਲਈ ਚੁਣੌਤੀ ਭਰੀ ਹੈ । ਭਗਵੰਤ ਮਾਨ ਇਹ ਸਪਸ਼ਟ ਕਰਨ ਕਿ ਅਜਿਹੀ ਫਾਈਲ ਉਕਤ ਅਧਿਕਾਰੀ ਕੋਲ ਉਨ੍ਹਾਂ ਦੀ ਸਹਿਮਤੀ ਲਈ ਭੇਜੀ ਗਈ ਸੀ ਜਾਂ ਨਹੀਂ।ਸਾਬਕਾ ਐਮ ਪੀ ਨੇ ਚੁਟਕੀ ਲੈਂਦੇ ਹੋਏ ਕਿਹਾ ਕਿ ਭਗਵੰਤ ਮਾਨ ਉਚੇ ਅਹੁਦੇ ਤੇ ਵਿਰਾਜਮਾਨ ਜਰੂਰ ਹਨ ਲੇਕਿਨ ਕੀ ਜ਼ਮੀਨੀ ਸਤਾਹ ਤੇ ਉਹ ਸਚਮੁਚ ਰਾਜ ਚਲਾ ਰਹੇ ਹਨ, ਇਹ ਸਵਾਲ ਸਿਆਸੀ ਅਤੇ ਪ੍ਰਸ਼ਾਸਕੀ ਗਲਿਆਰਿਆਂ ਵਿੱਚ ਚੁੱਕਿਆ ਜਾ ਰਿਹਾ ਹੈ। ਸ਼੍ਰੀ ਜਾਖੜ ਨੇ ਕਿਹਾ ਕਿ ਜਦ ਪੰਜਾਬ ਸਰਕਾਰ ਰੋਜਮਰਾ ਦੇ ਮਾਮਲੇ ਚਲਾਉਣ ਲਈ ਭਾਰੀ ਭਰਕਮ ਕਰਜ਼ ਲੈ ਰਹੀ ਹੈ ਤਾਂ ਸਰਕਾਰੀ ਸ਼੍ਰੋਤਾਂ ਦਾ ਇਹ ਬੇਸ਼ਰਮੀ ਭਰੀ ਦੁਰਵਰਤੋਂ ਸ਼ਰਮਨਾਕ ਹੈ। ਉਪਰੋਕਤ ਇਸ਼ਤਿਹਾਰਬਾਜੀ ਕਰਨ ਦਾ ਅਸਲੀ ਮਕਸਦ ਆਮ ਆਦਮੀ ਪਾਰਟੀ ਦਾ ਤਾਮਿਲਨਾਡੂ ਵਿੱਚ ਪ੍ਰਚਾਰ ਕਰਨਾ ਜਾਪਦਾ ਹੈ। ਸਰਕਾਰ ਨੂੰ ਇਹ ਸਪਸ਼ਟ ਕਰਨਾ ਚਾਹੀਦਾ ਹੈ ਕਿ ਪੰਜਾਬ ਤੋਂ ਬਾਹਰ ਅਜਿਹੇ ਪ੍ਰਚਾਰ ਦੀ ਯੋਜਨਾ ਮਨਾਈ ਵੀ ਗਈ ਜਾਂ ਨਹੀਂ।ਪੰਜਾਬ ਦੇ ਲੋਕ ਆਮ ਆਦਮੀ ਪਾਰਟੀ ਦੀਆਂ ਅਜਿਹੀਆਂ ਹਰਕਤਾਂ ਨੂੰ ਕਦੇ ਸਹਿਣ ਨਹੀਂ ਕਰਨਗੇ।
ਜ਼ਿਲ੍ਹਾ ਪ੍ਰਧਾਨ ਸ਼ਹਿਰੀ ਸਰੂਪ ਸਿੰਗਲਾ ਵਲੋਂ ਅਹੁੱਦੇਦਾਰਾਂ ਦੀ ਲਿਸਟ ਜਾਰੀ
ਪਾਰਟੀ ਵਰਕਰਾਂ ਨੂੰ ਦਿੱਤਾ ਗਿਆ ਹੈ ਮਾਣ: ਸਰੂਪ ਸਿੰਗਲਾ
ਸੁਖਜਿੰਦਰ ਮਾਨ
ਬਠਿੰਡਾ, 25 ਜਨਵਰੀ : ਬੀਤੇ ਦਿਨੀਂ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸ਼ਹਿਰੀ ਵਜੋਂ ਅਹੁੱਦਾ ਸੰਭਾਲਣ ਵਾਲੇ ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਵਲੋਂ ਅੱਜ ਪਾਰਟੀ ਦੇ ਅਹੁੱਦੇਦਾਰਾਂ ਦੀ ਪਹਿਲੀ ਲਿਸਟ ਜਾਰੀ ਕੀਤੀ ਗਈ। ਇਸ ਲਿਸਟ ਵਿਚ 6 ਉਪ ਪ੍ਰਧਾਨ, 3 ਜਨਰਲ ਸਕੱਤਰ, 6 ਸਕੱਤਰ, ਖ਼ਜਾਨਚੀ, ਦਫ਼ਤਰ ਸਕੱਤਰ ਤੋਂ ਇਲਾਵਾ ਵੱਖ ਵੱਖ ਵਿੰਗਾਂ ਦੇ ਇੰਚਾਰਜ਼ ਸ਼ਾਮਲ ਹਨ। ਲਿਸਟ ਜਾਰੀ ਕਰਦਿਆਂ ਜ਼ਿਲ੍ਹਾ ਪ੍ਰਧਾਨ ਸਰੂਪ ਚੰਦ ਸਿੰਗਲਾ ਨੇ ਕਿਹਾ ਕਿ ਭਾਜਪਾ ਪਾਰਟੀ ਸੰਗਠਨ ਤੇ ਵਰਕਰਾਂ ਦੇ ਸਿਰ ’ਤੇ ਅੱਗੇ ਵਧਣ ਵਾਲੀ ਪਾਰਟੀ ਹੈ, ਜਿਸਦੇ ਚੱਲਦੇ ਜਾਰੀ ਇਸ ਲਿਸਟ ਵਿਚ ਪਾਰਟੀ ਲਈ ਤਨਦੇਹੀ ਤੇ ਮਿਹਨਤ ਨਾਲ ਕੰਮ ਕਰਨ ਵਾਲੇ ਵਰਕਰਾਂ ਨੂੰ ਸਨਮਾਨ ਦਿੱਤਾ ਗਿਆ ਹੈ। ਜਾਰੀ ਲਿਸਟ ਮੁਤਾਬਕ ਉਪ ਪ੍ਰਧਾਨਾਂ ਵਿਚ ਰੁਪਿੰਦਰਜੀਤ ਸਿੰਘ, ਵਰਿੰਦਰ ਸ਼ਰਮਾ, ਗੁਰਜੀਤ ਸਿੰਘ ਮਾਨ, ਰਮੇਸ਼ ਗਰਗ, ਜਤਿੰਦਰ ਸਿੰਘ ਅਰੋੜਾ ਅਤੇ ਜਤਿੰਦਰ ਗੋਗੀ ਦਾ ਨਾਮ ਸ਼ਾਮਲ ਹੈ। ਇਸੇ ਤਰ੍ਹਾਂ ਜਨਰਲ ਸਕੱਤਰਾਂ ਵਿਚ ਅਸੋਕ ਬਾਲਿਆਵਾਲੀ, ਪ੍ਰਿਤਪਾਲ ਸਿੰਘ ਬੀਬੀਵਾਲਾ ਅਤੇ ਉਮੇਸ ਸਰਮਾ ਨੂੰ ਬਣਾਇਆ ਗਿਆ ਹੈ। ਸਕੱਤਰਾਂ ਵਿਚ ਜੇਅੰਤ ਸ਼ਰਮਾ, ਸਰੋਜ਼ ਰਾਣੀ, ਆਸੂਤੋਸ਼ ਤਿਵਾੜੀ, ਸੰਜੀਵ ਬਾਂਸਲ, ਅਨਿਲ ਗਰਗ ਅਤੇ ਰੀਤੂ ਨੂੰ ਜਿੰਮੇਵਾਰੀ ਦਿੱਤੀ ਗਈ ਹੈ। ਯਸ ਕਪੂਰ ਨੂੰ ਖ਼ਜਾਨਚੀ ਅਤੇ ਸਤੀਸ਼ ਗੋਇਲ ਨੂੰ ਦਫ਼ਤਰ ਸਕੱਤਰ ਤੇ ਸੰਦੀਪ ਅਗਰਵਾਲ ਨੂੰ ਸਹਾਇਕ ਦਫ਼ਤਰ ਸਕੱਤਰ ਬਣਾਇਆ ਗਿਆ ਹੈ। ਇਸਤੋਂ ਇਲਾਵਾ ਜ਼ਿਲ੍ਹਾ ਯੂਵਾ ਮੋਰਚੇ ਦਾ ਪ੍ਰਧਾਨ ਗੌਰਵ ਨਿਧਾਨੀਆ, ਮਹਿਲਾ ਮੋਰਚੇ ਦੀ ਵੀਨਾ ਗਰਗ, ਆਈ.ਟੀ ਸੈਲ ਦਾ ਮਨੋਜ਼ ਜੈਨ, ਸੋਸਲ ਮੀਡੀਆ ਦਾ ਰਾਮ ਠਾਕੁਰ, ਓਬੀਸੀ ਮੋਰਚੇ ਦਾ ਦੀਪਕ ਕਲੋਈ ਅਤੇ ਵਿਕਰਮ ਗਰਗ ਨੂੰ ਮੀਡੀਆ ਕਨਵੀਨਰ ਬਣਾਇਆ ਗਿਆ ਹੈ। ਦਸਣਾ ਬਣਦਾ ਹੈ ਕਿ ਬਠਿੰਡਾ ਜ਼ਿਲ੍ਹਾ ਸ਼ਹਿਰੀ ਅਧੀਨ ਬਠਿੰਡਾ ਸ਼ਹਿਰੀ, ਬਠਿੰਡਾ ਦਿਹਾਤੀ ਅਤੇ ਭੁੱਚੋਂ ਮੰਡੀ ਹਲਕੇ ਆਉਂਦੇ ਹਨ। ਜਦੋਂਕਿ ਬਠਿੰਡਾ ਜ਼ਿਲ੍ਹਾ ਦਿਹਾਤੀ ਅਧੀਨ ਤਲਵੰਡੀ ਸਾਬੋ, ਮੋੜ ਅਤੇ ਰਾਮਪੁਰਾ ਫ਼ੂਲ ਹਲਕੇ ਆਉਂਦੇ ਹਨ।
ਕੇਂਦਰੀ ਮੰਤਰੀ ਸ਼ੇਖਾਵਤ ਸਹਿਤ ਭਾਜਪਾ ਆਗੂਆਂ ਨੇ ਬੰਦੀ ਸਿੰਘਾਂ ਦੀ ਰਿਹਾਈ ਲਈ ਚੱਲ ਰਹੇ ਸੰਘਰਸ਼ ਦੀ ਕੀਤੀ ਹਿਮਾਇਤ
ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨਾਲ ਕੀਤੀ ਮੀਟਿੰਗ, ਤਖ਼ਤ ਸ਼੍ਰੀ ਦਮਦਮਾ ਸਾਹਿਬ ਵਿਖੇ ਟੇਕਿਆ ਮੱਥਾ
ਦੂਜੇ ਦਿਨ ਬਠਿੰਡਾ ਲੋਕ ਸਭਾ ਹਲਕੇ ਅੰਦਰ ਭਾਜਪਾ ਆਗੂਆਂ ਨਾਲ ਕੀਤੀਆਂ ਮੀਟਿੰਗਾਂ
ਸੁਖਜਿੰਦਰ ਮਾਨ
ਬਠਿੰਡਾ, 25 ਜਨਵਰੀ : ਆਪਣੇ ਦੋ ਰੋਜ਼ਾ ਦੌਰੇ ਦੇ ਅੱਜ ਦੂਜੇ ਕੇਂਦਰੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਵਲੋਂ ਤਲਵੰਡੀ ਸਾਬੋ ਵਿਖੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨਾਲ ਮੀਟਿੰਗ ਕਰਕੇ ਪੰਜਾਬ ਦੇ ਮਸਲਿਆਂ ’ਤੇ ਚਰਚਾ ਕੀਤੀ। ਇਸ ਦੌਰਾਨ ਸ਼੍ਰੀ ਸੇਖਾਵਤ ਸਹਿਤ ਭਾਜਪਾ ਆਗੂਆਂ ਵਲੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਸ਼੍ਰੋਮਣੀ ਗੁਰਦੂਆਰਾ ਪ੍ਰਬੰਧਕ ਕਮੇਟੀ ਸ਼੍ਰੀ ਅੰਮ੍ਰਿਤਸਰ ਸਾਹਿਬ ਦੁਆਰਾ ਚਲਾਈ ਜਾ ਰਹੀ ਦਸਖ਼ਤੀ ਮੁਹਿੰਮ ਵਿਚ ਸ਼ਾਮਲ ਹੁੰਦਿਆਂ ਦਸਖ਼ਤ ਕਰਦਿਆਂ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਵਿਚਾਰਨ ਦਾ ਭਰੋਸਾ ਦਿਵਾਇਆ। ਇਸਤੋਂ ਇਲਾਵਾ ਤਖ਼ਤ ਸ਼੍ਰੀ ਦਮਦਮਾ ਸਾਹਿਬ ਅਤੇ ਬੁੰਗਾ ਮਸਤੂਆਣਾ ਸਾਹਿਬ ਵਿਖੇ ਵੀ ਨਤਮਸਤਕ ਹੋਏ ਅਤੇ ਲੰਘਰ ਵੀ ਛਕਿਆ। ਗਜੇਂਦਰ ਸਿੰਘ ਸੇਖਾਵਤ ਨੇ ਬਠਿੰਡਾ ਲੋਕ ਸਭਾ ਹਲਕੇ ਦੇ ਇੰਚਾਰਜ ਵਜੋਂ ਅੱਜ ਤਲਵੰਡੀ ਸਾਬੋ ਵਿਖੇ ਜਿਲਾ ਪ੍ਰਧਾਨ ਰਵੀਪੀ੍ਰਤ ਸਿੰਘ ਸਿੱਧੂ ਦੀ ਰਿਹਾਇਸ ’ਤੇ ਭਾਜਪਾ ਆਗੂਆਂ ਤੇ ਵਰਕਰਾਂ ਦੇ ਭਰਵਂੇ ਇਕੱਠ ਨੂੰ ਸੰਬੋਧਨ ਵੀ ਕੀਤਾ। ਇਸਤੋਂ ਇਲਾਵਾ ਸਵੇਰ ਦਾ ਨਾਸ਼ਤਾ ਉਹਨਾਂ ਵਲੋਂ ਬਠਿੰਡਾ ਦੀ ਢਿੱਲੋਂ ਕਾਲੋਨੀ ਵਿਖੇ ਵਾਲਮੀਕਿ ਸਮਾਜ ਦੇ ਅਰਜੁਨ ਕੁਮਾਰ ਦੇ ਘਰ ਕੀਤਾ। ਜਦੋਂਕਿ ਪਿੰਡ ਮਾਹੀਨੰਗਲ ਵਿਖੇ ਗਰੀਬ ਪਰਿਵਾਰ ਨਾਲ ਸਬੰਧਤ ਪਿੰਡ ਦੇ ਸਾਬਕਾ ਸਰਪੰਚ ਹਰਦੀਪ ਸਿੰਘ ਦੇ ਘਰ ਦੁਪਹਿਰ ਦਾ ਭੋਜਨ ਕੀਤਾ। ਇਸ ਦੌਰਾਨ ਉਨ੍ਹਾਂ ਨਾਲ ਪਾਰਟੀ ਦੇ ਸੂਬਾ ਜਨਰਲ ਸਕੱਤਰ ਗੁਰਪ੍ਰੀਤ ਕਾਂਗੜ, ਜੀਵਨ ਗੁਪਤਾ, ਸੂਬਾ ਉਪ ਪ੍ਰਧਾਨ ਸੁਭਾਸ਼ ਸ਼ਰਮਾ, ਦਿਆਲ ਸੋਢੀ, ਜਗਦੀਪ ਨਕਈ, ਜ਼ਿਲ੍ਹਾ ਦਿਹਾਤੀ ਦੇ ਪ੍ਰਧਾਨ ਰਵੀਪ੍ਰੀਤ ਸਿੰਘ ਸਿੱਧੂ, ਸ਼ਹਿਰੀ ਦੇ ਪ੍ਰਧਾਨ ਸਰੂਪ ਸਿੰਗਲਾ, ਮੀਡੀਆ ਇੰਚਾਰਜ਼ ਸੁਨੀਲ ਸਿੰਗਲਾ, ਸ਼ਿਵਰਾਜ ਗੋਇਲ, ਰਾਜ ਨੰਬਰਦਾਰ,ਅਸ਼ੋਕ ਭਾਰਤੀ ਐਡਵੋਕੇਟ,ਇੰਜੀ. ਰੁਪਿੰਦਰਜੀਤ ਸਿੰਘ ਸਿੱਧੂ, ਜਸਵੀਰ ਸਿੰਘ ਮਹਿਰਾਜ ਆਦਿ ਆਗੂ ਹਾਜ਼ਰ ਹਨ।
ਅਕਾਲੀ ਦਲ ਨੇ ਭਾਜਪਾ ਆਗੂਆਂ ਦੇ ਸਮਰਥਨ ਲਈ ਕੀਤਾ ਸਵਾਗਤ
ਬਠਿੰਡਾ:ਉਧਰ ਬੰਦੀ ਸਿੰਘਾਂ ਦੀ ਰਿਹਾਈ ਲਈ ਕੇਂਦਰੀ ਮੰਤਰੀ ਗਜੇਂਦਰ ਸੇਖਾਵਤ ਤੇ ਹੋਰਨਾਂ ਭਾਜਪਾ ਆਗੂਆਂ ਵਲੋਂ ਹਿਮਾਇਤ ਕਰਨ ਦਾ ਸਵਾਗਤ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਹੁਣ ਉਹ ਇਸ ਪਿਟੀਸ਼ਨ ’ਤੇ ਕੀਤੇ ਦਸਖ਼ਤਾਂ ਦੀ ਇਮਾਨਦਾਰੀ ਨਾਲ ਪਾਲਣਾ ਕਰਨ ਅਤੇ ਭਾਰਤ ਸਰਕਾਰ ਤੋਂ ਬੰਦੀ ਸਿੰਘਾਂ ਦੀ ਰਿਹਾਈ ਦੇ ਹੁਕਮ ਜਾਰੀ ਕਰਵਾਉਣ।
ਵੱਖ ਵੱਖ ਜਥੇਬੰਦੀਆਂ ਨੇ ਨਗਰ ਕੌਂਸਲ ਮੌੜ ਅੱਗੇ ਲਗਾਇਆ ਧਰਨਾ
ਵਿਧਾਇਕ ਮਾਈਸਰਖਾਨਾ ਅਤੇ ਈਓ ਮੌੜ ਖ਼ਿਲਾਫ਼ ਕੀਤੀ ਨਾਅਰੇਬਾਜ਼ੀ
ਨਾਇਬ ਤਹਿਸੀਲਦਾਰ ਨੂੰ ਦਿੱਤਾ ਮੰਗ ਪੱਤਰ
ਮਾਮਲਾ ਦਲਿਤ ਪਰਿਵਾਰ ਅਤੇ ਸਮਾਜਸੇਵੀ ਲੋਕਾਂ ’ਤੇ ਦਰਜ਼ ਕੀਤੇ ਮੁਕੱਦਮੇਂ ਦਾ
ਭੋਲਾ ਸਿੰਘ ਮਾਨ
ਮੌੜ ਮੰਡੀ, 25 ਜਨਵਰੀ :-ਨਗਰ ਕੌਂਸਲ ਮੌੜ ਵੱਲੋਂ ਮਕਾਨ ਢਾਹੁਣ ਦਾ ਵਿਰੋਧ ਕਰਨ ਵਾਲੇ ਦਲਿਤ ਪਰਿਵਾਰ ਅਤੇ ਸਮਾਜਸੇਵੀ ਲੋਕਾਂ ’ਤੇ ਦਰਜ਼ ਕਰਵਾਏ ਗਏ ਮੁਕੱਦਮੇ ਦੇ ਵਿਰੋਧ ’ਚ ਅੱਜ ਇਲਾਕੇ ਦੀਆਂ ਵੱਖ ਵੱਖ ਜਥੇਬੰਦੀਆਂ ਵੱਲੋਂ ਨਗਰ ਕੌਂਸਲ ਮੌੜ ਮੰਡੀ ਦੇ ਦਫ਼ਤਰ ਅੱਗੇ ਧਰਨਾ ਲਗਾ ਕੇ ਕਾਰਜ ਸਾਧਕ ਅਫ਼ਸਰ ਮੌੜ ਅਤੇ ਵਿਧਾਇਕ ਸੁਖਵੀਰ ਸਿੰਘ ਮਾਈਸਰਖਾਨਾ ਖ਼ਿਲਾਫ਼ ਭਰਵੀਂ ਨਾਅਰੇਬਾਜ਼ੀ ਕੀਤੀ। ਇਸ ਮੌਕੇ ਨਾਇਬ ਤਹਿਸੀਲਦਾਰ ਬਾਲਿਆਂਵਾਲੀ ਕੁਲਦੀਪ ਕੌਰ ਅਤੇ ਕਾਰਜ ਸਾਧਕ ਅਫ਼ਸਰ ਪਰਵਿੰਦਰ ਸਿੰਘ ਭੱਟੀ ਨੇ ਧਰਨਾਕਾਰੀਆਂ ਕੋਲ ਪਹੁੰਚ ਕੇ ਮੰਗ ਪੱਤਰ ਲਿਆ। ਧਰਨੇ ਨੂੰ ਸੰਬੋਧਨ ਕਰਦੇ ਹੋਏ ਸਾਬਕਾ ਵਿਧਾਇਕ ਜਗਦੇਵ ਸਿੰਘ ਕਮਾਲੂ ਨੇ ਕਿਹਾ ਕਿ ਜਦੋਂ ਦੀ ਪੰਜਾਬ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ, ਉਸ ਸਮੇਂ ਤੋਂ ਲੈ ਕਿ ਲੋਕਾਂ ਦੇ ਜਬਰਦਸ਼ਤੀ ਘਰ ਢਾਹੇ ਜਾ ਰਹੇ ਹਨ । ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਜਿਲ੍ਹਾ ਪ੍ਰਧਾਨ ਬਲਦੇਵ ਸਿੰਘ ਸੰਦੋਹਾ, ਬੀਕੇਯੂ ਮਾਨਸਾ ਦੇ ਅਮਰ ਸਿੰਘ,ਟਰੇਂਡ ਯੂਨੀਅਨ ਦੇ ਪ੍ਰਧਾਨ ਗੁਰਮੇਲ ਸਿੰਘ ਮੇਲਾ,ਜਮਹੂਰੀ ਕਿਸਾਨ ਸਭਾ ਦੇ ਪ੍ਰਧਾਨ ਸੁਖਮੰਦਰ ਸਿੰਘ, ਦਿਹਾਤੀ ਮਜਦੂਰ ਸਭਾ ਦੇ ਮੇਜਰ ਸਿੰਘ ਦੁੱਲੋਵਾਲ, ਧਾਨਕ ਸਮਾਜ ਦੇ ਆਗੂ ਦੇਵ ਰਾਜ ਬੂਮਰਾ , ਬਸਪਾ ਦੇ ਜਿਲ੍ਹਾ ਪ੍ਰਧਾਨ ਲਖਵੀਰ ਸਿੰਘ ਨਿੱਕਾ ਅਤੇ ਗੁਰਮੇਲ ਸਿੰਘ ਗੇਲਾ ਨੇ ਬੋਲਦੇ ਹੋਏ ਕਿਹਾ ਕਿ ਇੱਕ ਪਾਸੇ ਮੌੜ ਕਲਾਂ , ਮੌੜ ਖੁਰਦ ਅਤੇ ਸ਼ਹਿਰ ਅੰਦਰ ਸੈਕੜੇ ਮਕਾਨ ਵਗੈਰ ਨਕਸ਼ੇ ਪਾਸ ਤੋਂ ਬਣੇ ਹੋਏ ਹਨ, ਪਰ ਦਲਿਤ ਭਰਾਵਾਂ ਨੂੰ ਨਕਸ਼ੇ ਦੀ ਆੜ ਹੇਠ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ। ਜਿਸ ਨੂੰ ਕਦੇ ਵੀ ਬਰਦਾਸ਼ਤ ਨਹੀ ਕੀਤਾ ਜਾਵੇਗਾ। ਉਹਨਾਂ ਸਰਕਾਰ ਤੋਂ ਮੰਗ ਕੀਤੀ ਕਿ ਝੂਠਾ ਪਰਚਾ ਰੱਦ ਕੀਤਾ ਜਾਵੇ ਅਤੇ ਬਿਨ੍ਹਾਂ ਜੁਰਮਾਨੇ ਤੋਂ ਨਕਸ਼ਾ ਪਾਸ ਕੀਤਾ ਜਾਵੇ। ਇਸ ਮੌਕੇ ਪੈਨਸ਼ਨ ਯੂਨੀਅਨ ਦੇ ਪ੍ਰਧਾਨ ਜਗਦੀਸ਼ ਰਾਏ ਸ਼ਰਮਾਂ, ਦੋਧੀ ਯੂਨੀਅਨ ਮਨਜੀਤ ਸਿੰਘ, ਗੁਰਦੁਆਰਾ ਸਾਹਿਬ ਦੇ ਪ੍ਰਧਾਨ ਗੁਰਚਰਨ ਸਿੰਘ,ਰੇਸ਼ਮ ਸਿੰਘ ਕੁੱਤੀਵਾਲ, ਕੌਂਸਲਰ ਪਾਲਾ ਸਿੰਘ, ਕੌਂਸਲਰ ਯਾਦਵਿੰਦਰ ਸਿੰਘ, ਰਮਨਾ ਮੌੜ ਕਲਾਂ, ਕਰਮਜੀਤ ਸਿੰਘ, ਧਰਮ ਸਿੰਘ ਤੋਂ ਇਲਾਵਾ ਭਾਰੀ ਗਿਣਤੀ ਵਿਚ ਇਲਾਕਾ ਵਾਸੀ ਮੌਜੂਦ ਸਨ।
ਆਓ ਨਿਡਰ ਅਤੇ ਨਿਰਪੱਖ ਹੋ ਕੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰੀਏ: ਡਾ ਤੇਜਵੰਤ ਸਿੰਘ ਢਿੱਲੋਂ
ਸੁਖਜਿੰਦਰ ਮਾਨ
ਬਠਿੰਡਾ, 25 ਜਨਵਰੀ :ਰਾਸ਼ਟਰੀ ਵੋਟਰ ਦਿਵਸ ਦੇ ਸਬੰਧ ਵਿੱਚ ਸਿਵਲ ਸਰਜਨ ਡਾ ਤੇਜਵੰਤ ਸਿੰਘ ਢਿੱਲੋਂ ਦੀ ਪ੍ਰਧਾਨਗੀ ਹੇਠ ਅੱਜ ਸਿਵਲ ਸਰਜਨ ਦਫਤਰ ਵਿਖੇ ਵੋਟਰ ਜਾਗਰੂਕਤਾ ਦਿਵਸ ਮਨਾਇਆ ਗਿਆ। ਜਿਸ ਵਿੱਚ ਸਮੂਹ ਜਿਲ੍ਹਾ ਅਧਿਕਾਰੀਆਂ ਅਤੇ ਦਫਤਰੀ ਸਟਾਫ ਨੇ ਭਾਗ ਲਿਆ। ਇਸ ਮੌਕੇ ਡਾ ਢਿੱਲੋਂ ਨੇ ਕਿਹਾ ਕਿ ਸਾਨੂੰ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਨਿਡਰ ਅਤੇ ਨਿਰਪੱਖ ਹੋ ਕੇ ਕਰਨੀ ਚਾਹੀਦੀ ਹੈ ਅਤੇ ਜੁੰਮੇਵਾਰ ਨਾਗਰਿਕ ਦੇ ਤੌਰ ਤੇ ਵੋਟ ਜਰੂਰ ਪਾਉਣੀ ਚਾਹੀਦੀ ਹੈ। ਇਸ ਮੌਕੇ ਸਮੂਹ ਸਟਾਫ਼ ਅਤੇ ਅਧਿਕਾਰੀਆਂ ਵੱਲੋਂ ਨਾਗਰਿਕ ਲੋਕਤੰਤਰ ਵਿੱਚ ਵਿਸ਼ਵਾਸ ਰੱਖਣ ਅਤੇ ਆਪਣੇ ਦੇਸ਼ ਦੀਆਂ ਲੋਕਤਾਂਤਰਿਕ ਪਰੰਪਰਾਵਾਂ ਨੂੰ ਬਣਾਏ ਰੱਖਣ ਅਤੇ ਸੁਤੰਤਰ, ਨਿਰਪੱਖ ਅਤੇ ਸਾਂਤੀਪੂਰਣ ਚੋਣ ਦੀ ਗਰਿਮਾ ਨੂੰ ਬਰਕਰਾਰ ਰੱਖਦੇ ਹੋਏ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕਰਨ ਸਬੰਧੀ ਪ੍ਰਣ ਕੀਤਾ ਗਿਆ।ਇਸ ਮੌਕੇ ਡਾ ਅਨੂਪਮਾ ਸ਼ਰਮਾ ਸਹਾਇਕ ਸਿਵਲ ਸਰਜਨ, ਡਾ ਸੁਖਜਿੰਦਰ ਸਿੰਘ ਗਿੱਲ ਜਿਲ੍ਹਾ ਪਰਿਵਾਰ ਭਲਾਈ ਅਫ਼ਸਰ, ਡਾ ਊਸ਼ਾ ਗੋਇਲ ਜਿਲ੍ਹਾ ਸਿਹਤ ਅਫ਼ਸਰ, ਡਾ ਰਮਨ ਕੁਮਾਰ ਡੀਐਮਸੀ, ਡਾ ਸ਼ਤੀਸ਼ ਜਿੰਦਲ ਸੀਨੀਅਰ ਮੈਡੀਕਲ ਅਫ਼ਸਰ, ਸ੍ਰੀ ਵਿਕਾਸ ਮਿੱਤਲ, ਡਾ ਹਰਿੰਦਰਪਾਲ ਸਿੰਘ, ਕੁਲਵੰਤ ਸਿੰਘ, ਵਿਨੋਦ ਖੁਰਾਣਾ, ਗਗਨਦੀਪ ਸਿੰਘ, ਹਰਵਿੰਦਰ ਸਿੰਘ ਅਤੇ ਬਲਦੇਵ ਸਿੰਘ ਅਤੇ ਦਫਤਰ ਦਾ ਸਮੂਹ ਸਟਾਫ ਹਾਜਿਰ ਸੀ।
ਹਰੇਕ ਯੋਗ ਨਾਗਰਿਕ ਆਪਣੀ ਵੋਟ ਜ਼ਰੂਰ ਬਣਾਵੇ ਤੇ ਚੋਣਾਂ ਸਮੇਂ ਮਤਦਾਨ ਜ਼ਰੂਰ ਕਰੇ : ਵਧੀਕ ਡਿਪਟੀ ਕਮਿਸ਼ਨਰ
ਚੋਣ ਪ੍ਰਕਿਰਿਆ ਤੇ ਸਵੀਪ ਗਤੀਵਿਧੀਆਂ ਵਿਚ ਵਧੀਆਂ ਕੰਮ ਕਰਨ ਵਾਲੇ ਅਧਿਕਾਰੀਆਂ ਤੇ ਕਰਮਚਾਰੀਆਂ ਦਾ ਕੀਤਾ ਸਨਮਾਨ
ਸੁਖਜਿੰਦਰ ਮਾਨ
ਬਠਿੰਡਾ, 25 ਜਨਵਰੀ : ਹਰੇਕ ਯੋਗ ਨਾਗਰਿਕ ਨੂੰ ਆਪਣੀ ਵੋਟ ਜ਼ਰੂਰ ਬਣਵਾਉਣੀ ਚਾਹੀਦੀ ਹੈ ਤੇ ਜਦੋਂ ਚੋਣਾਂ ਹੋਣ ਤਾਂ ਆਪਣੀ ਵੋਟ ਦਾ ਇਸਤੇਮਾਲ ਜ਼ਰੂਰ ਕਰਨਾ ਚਾਹੀਦਾ ਹੈ। ਇਸ ਵਾਰ ਦੇ ਵੋਟਰ ਦਿਵਸ ਦਾ ਥੀਮ ਹੈ ‘‘ਵੋਟ ਵਰਗਾ ਕੁਝ ਨਹੀਂ, ਵੋਟ ਜ਼ਰੂਰ ਪਾਵਾਂਗੇ ਅਸੀਂ’’। ਇਹ ਜਾਣਕਾਰੀ 13ਵੇਂ ਕੌਮੀ ਵੋਟਰ ਦਿਵਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਮੈਡਮ ਪਲਵੀ ਚੌਧਰੀ ਨੇ ਸਥਾਨਕ ਸਰਕਾਰੀ ਰਜਿੰਦਰਾ ਕਾਲਜ ਵਿਖੇ ਸਾਂਝੀ ਕੀਤੀ। ਉਨ੍ਹਾਂ ਕਿਹਾ ਕਿ ਹੁਣ ਚੋਣ ਕਮਿਸ਼ਨ ਨਵੇਂ ਬਾਲਗ ਹੋ ਰਹੇ ਨੌਜਵਾਨਾਂ ਲਈ ਵੋਟਰ ਸੂਚੀ ਵਿਚ ਨਾਮ ਦਰਜ ਕਰਵਾਉਣ ਲਈ 1 ਜਨਵਰੀ, 1 ਅਪ੍ਰੈਲ, 1 ਜੁਲਾਈ ਅਤੇ 1 ਅਕਤੂਬਰ ਨੂੰ ਜੇਕਰ 18 ਸਾਲ ਉਮਰ ਪੂਰੀ ਹੁੰਦੀ ਹੋਵੇ ਤਾਂ ਆਪਣੀ ਵੋਟ ਬਣਵਾ ਸਕਦੇ ਹਨ। ਉਨ੍ਹਾਂ ਨੇ ਕਿਹਾ ਕਿ ਵੋਟ ਬਣਵਾਉਣ ਲਈ ਬੀਐਲਓ ਨਾਲ ਰਾਬਤਾ ਕੀਤਾ ਜਾ ਸਕਦਾ ਹੈ ਜਾਂ ਚੋਣ ਕਮਿਸ਼ਨ ਦੇ ਪੋਰਟਲ ਤੇ ਆਨਲਾਈਨ ਅਪਲਾਈ ਕੀਤਾ ਜਾ ਸਕਦਾ ਹੈ। ਇਸ ਮੌਕੇ ਏਡੀਸੀ ਵੱਲੋਂ ਵੋਟਰ ਸੂਚੀਆਂ ਦੀ ਸੁਧਾਈ ਅਤੇ ਸਵੀਪ ਗਤੀਵਿਧੀਆਂ ਵਿਚ ਚੰਗਾ ਉਪਰਾਲਾ ਕਰਨ ਵਾਲੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਪ੍ਰਸੰਸਾ ਪੱਤਰ ਦੇ ਕੇ ਸਨਮਾਨਿਤ ਵੀ ਕੀਤਾ।ਇਸ ਮੌਕੇ ਐਸਡੀਐਮ ਰਾਮਪੁਰਾ ਓਮ ਪ੍ਰਕਾਸ਼, ਤਹਿਸੀਲਦਾਰ ਚੋਣਾਂ ਗੁਰਚਰਨ ਸਿੰਘ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਇਕਬਾਲ ਸਿੰਘ, ਗੁਰਦੀਪ ਸਿੰਘ ਤੋਂ ਇਲਾਵਾ ਹੋਰ ਅਧਿਕਾਰੀ ਆਦਿ ਹਾਜ਼ਰ ਸਨ।





