ਅਜਿਹੇ ਸਮਾਗਮ ਕਰਵਾਉਂਦੇ ਹਨ ਨੌਜਵਾਨਾਂ ਨੂੰ ਪੰਜਾਬੀ ਸੱਭਿਆਚਾਰ ਤੋਂ ਜਾਣੂ : ਅਸ਼ੋਕ ਬਾਲਿਆਂਵਾਲੀ
ਸੁਖਜਿੰਦਰ ਮਾਨ
ਬਠਿੰਡਾ, 17 ਜਨਵਰੀ : ਬਾਲਿਆਂਵਾਲੀ ਮੂਲ ਨਿਵਾਸੀ ਸਭਾ (ਰਜਿ.) ਬਠਿੰਡਾ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਪ੍ਰਧਾਨ ਅਸ਼ੋਕ ਬਾਲਿਆਂਵਾਲੀ ਦੀ ਅਗਵਾਈ ਹੇਠ ਲੋਹੜੀ ਦੇ ਸ਼ੁਭ ਤਿਉਹਾਰ ਮੌਕੇ ਪਰਿਵਾਰ ਮਿਲਣੀ ਸਮਾਰੋਹ ਆਯੋਜਿਤ ਕੀਤਾ ਗਿਆ। ਇਸ ਦੌਰਾਨ ਸੇਵਾਮੁਕਤ ਏਡੀਸੀ ਸ਼ਿਵਦੇਵ ਸਿੰਘ ਦੰਦੀਵਾਲ, ਸੇਵਾਮੁਕਤ ਕਰਨਲ ਸ਼ਿਵਦੇਵ ਸਿੰਘ ਮਾਨ ਅਤੇ ਸੇਵਾਮੁਕਤ ਚੀਫ ਇੰਜਨੀਅਰ ਨਵਦੀਪ ਗਰਗ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ। ਇਸ ਮੌਕੇ ਬੱਚਿਆਂ, ਵਿਆਹੁਤਾ ਜੋੜਿਆਂ ਅਤੇ ਔਰਤਾਂ ਲਈ ਖੇਡਾਂ ਵੀ ਕਰਵਾਈਆਂ ਗਈਆਂ, ਜਿਸ ਦੇ ਨਾਲ-ਨਾਲ ਬਾਲਿਆਂਵਾਲੀ ਮੂਲ ਨਿਵਾਸੀ ਸਭਾ ਦੇ ਪਰਿਵਾਰਾਂ ਨੇ ਪੰਜਾਬੀ ਸੱਭਿਆਚਾਰ ਅਨੁਸਾਰ ਮਨੋਰੰਜਨ ਕਰਦੇ ਹੋਏ ਗਿੱਧਾ, ਭੰਗੜਾ, ਪੰਜਾਬੀ ਬੋਲੀਆਂ ਦਾ ਆਯੋਜਨ ਕੀਤਾ ਅਤੇ ਇਸ ਤਿਉਹਾਰ ਦਾ ਖੂਬ ਆਨੰਦ ਮਾਣਿਆ। ਇਸ ਮੌਕੇ ਸ਼ਿਵਦੇਵ ਸਿੰਘ ਦੰਦੀਵਾਲ ਵੱਲੋਂ ਲੋਹੜੀ ਦੀ ਰਸਮ ਅਦਾ ਕੀਤੀ ਗਈ। ਇਸ ਦੌਰਾਨ ਸਟੇਜ ਸਕੱਤਰ ਦੀ ਭੂਮਿਕਾ ਲਵਲੀਨ ਸਚਦੇਵਾ ਅਤੇ ਰੀਤੂ ਸਿੰਗਲਾ ਨੇ ਬਾਖੂਬੀ ਨਿਭਾਈ। ਇਸ ਮੌਕੇ ਸਭਾ ਦੇ ਜਨਰਲ ਸਕੱਤਰ ਰਾਮ ਪ੍ਰਕਾਸ਼ ਜਿੰਦਲ, ਬਾਲਮੁਕੰਦ ਗਰਗ, ਸੁਰਿੰਦਰ ਗਰਗ, ਹਰਿਕ੍ਰਿਸ਼ਨ ਗਰਗ, ਮੋਦਨ ਸਿੰਘ ਮਾਨ, ਸੁਰਜਨ ਸਿੰਘ, ਪਵਨ ਪਨਸਪ ਵਾਲੇ, ਦੀਪਕ ਸਿੰਗਲਾ, ਪ੍ਰੇਮ ਜਿੰਦਲ, ਮਨੋਹਰ ਲਾਲ, ਅਸ਼ੋਕ ਕੁਮਾਰ ਸਿੰਗਲਾ, ਰਾਜ ਕੁਮਾਰ ਮਾਰਬਲ ਵਾਲੇ, ਪ੍ਰਦੀਪ ਮਿੱਤਲ, ਪ੍ਰੇਮ ਸਿੰਗਲਾ, ਵੇਦ ਸੰਜ਼ ਵਾਲੇ, ਬੰਸੀ ਕੌਰ ਵਾਲੇ, ਹੈਪੀ ਮਾਨ, ਪਿਯੂਸ਼ ਕੁਮਾਰ, ਸੋਹਣ ਲਾਲ ਭਗਤ, ਮੋਹਨ ਲਾਲ ਭਗਤ ਅਤੇ ਸਮੂਹ ਸਭਾ ਮੈਂਬਰ ਪਰਿਵਾਰਾਂ ਸਮੇਤ ਹਾਜ਼ਰ ਸਨ। ਇਸ ਦੌਰਾਨ ਸਭਾ ਦੇ ਪ੍ਰਧਾਨ ਅਸ਼ੋਕ ਬਾਲਿਆਂਵਾਲੀ ਤੋਂ ਇਲਾਵਾ ਸ਼ਿਵਦੇਵ ਸਿੰਘ ਦੰਦੀਵਾਲ, ਨਵਦੀਪ ਗਰਗ ਅਤੇ ਕਰਨਲ ਸ਼ਿਵਦੇਵ ਸਿੰਘ ਮਾਨ ਨੇ ਕਿਹਾ ਕਿ ਬਾਲਿਆਂਵਾਲੀ ਮੂਲ ਨਿਵਾਸੀ ਸਭਾ ਵੱਲੋਂ ਅਜਿਹੇ ਸੱਭਿਆਚਾਰਕ ਪ੍ਰੋਗ੍ਰਾਮ ਕਰਵਾ ਕੇ ਪਰਿਵਾਰਾਂ ਨੂੰ ਇਕਜੁੱਟ ਕਰਨ ਅਤੇ ਨੌਜਵਾਨ ਪੀੜ੍ਹੀ ਨੂੰ ਆਪਣੇ ਪਿੰਡ ਬਾਲਿਆਂਵਾਲੀ ਦੀ ਮਿੱਟੀ ਦੀ ਮਹਿਕ ਨਾਲ ਜੋੜਨ ਦੇ ਉਪਰਾਲੇ ਕੀਤੇ ਜਾ ਰਹੇ ਹਨ, ਜੋ ਕਿ ਸ਼ਲਾਘਾਯੋਗ ਕਦਮ ਹਨ। ਉਨ੍ਹਾਂ ਕਿਹਾ ਕਿ ਲੋਹੜੀ ਵਰਗੇ ਸ਼ੁਭ ਤਿਉਹਾਰ ’ਤੇ ਪਰਿਵਾਰਕ ਮਿਲਣੀ ਕਰਕੇ ਜਿੱਥੇ ਪਰਿਵਾਰਕ ਏਕਤਾ ਦਾ ਆਯੋਜਨ ਕੀਤਾ ਜਾ ਰਿਹਾ ਹੈ, ਉੱਥੇ ਹੀ ਬੱਚਿਆਂ ਅਤੇ ਨੌਜਵਾਨਾਂ ਨੂੰ ਪੰਜਾਬੀ ਸੱਭਿਆਚਾਰ ਅਤੇ ਸੱਭਿਅਤਾ ਤੋਂ ਜਾਣੂ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਸਭਾ ਦੇ ਹਰ ਅਹੁਦੇਦਾਰ ਅਤੇ ਮੈਂਬਰਾਂ ਨੂੰ ਸੱਦਾ ਦਿੱਤਾ ਕਿ ਉਹ ਨਵੀਂ ਪੀੜ੍ਹੀ ਨੂੰ ਪੰਜਾਬੀ ਸੱਭਿਅਤਾ ਤੋਂ ਜਾਣੂ ਕਰਵਾਉਣ ਲਈ ਸਮੇਂ-ਸਮੇਂ ’ਤੇ ਅਜਿਹੇ ਸਮਾਗਮ ਕਰਵਾਉਣ, ਤਾਂ ਜੋ ਨੌਜਵਾਨ ਪੀੜ੍ਹੀ ਨੂੰ ਆਪਣੇ ਸੱਭਿਆਚਾਰ ਅਤੇ ਸੱਭਿਅਤਾ ਨਾਲ ਜੋੜਿਆ ਜਾ ਸਕੇ। ਇਸ ਦੌਰਾਨ ਬਾਲਿਆਂਵਾਲੀ ਮੂਲ ਨਿਵਾਸੀ ਸਭਾ ਵੱਲੋਂ ਪੰਜਾਬ ਸਰਕਾਰ ਵੱਲੋਂ ਸਨਮਾਨਿਤ ਪਨਸਪ ਵਿੱਚ ਕੰਮ ਕਰ ਰਹੇ ਮੈਡਮ ਰੀਤੂ ਸਿੰਗਲਾ ਨੂੰ ਵੀ ਸਨਮਾਨਿਤ ਕੀਤਾ ਗਿਆ।
ਬਾਲਿਆਂਵਾਲੀ ਮੂਲ ਨਿਵਾਸੀ ਸਭਾ ਵੱਲੋਂ ਲੋਹੜੀ ਦਾ ਤਿਉਹਾਰ ਆਯੋਜਿਤ
ਸਰਸਵਤੀ ਕਾਨਵੈਂਟ ਸਕੂਲ ਮੌੜ ਵੱਲੋਂ ‘ ਪ੍ਰਤਿਭਾ ਖੋਜ ’ ਮੁਕਾਬਲੇ ਕਰਵਾਏ
ਭੋਲਾ ਸਿੰਘ ਮਾਨ
ਮੌੜ ਮੰਡੀ, 17 ਜਨਵਰੀ: ਇਲਾਕੇ ਅੰਦਰ ਸਿੱਖਿਆ ਅਤੇ ਖੇਡਾਂ ਦੇ ਖੇਤਰ ’ਚ ਅਹਿਮ ਨਾਮ ਕਮਾਉਣ ਵਾਲੇ ਸਰਸਵਤੀ ਕਾਨਵੈਂਟ ਸਕੂਲ ਮੌੜ ਵੱਲੋਂ ‘ ਪ੍ਰਤਿਭਾ ਖੋਜ’ ਮੁਕਾਬਲਾ ਆਯੋਜਿਤ ਕੀਤਾ ਗਿਆ। ਇਸ ਮੁਕਾਬਲੇ ਦਾ ਮੁੱਖ ਮੰਤਵ ਇਲਾਕੇ ਦੇ ਬੱਚਿਆਂ ਲਈ ਇੱਕ ਮੌਕਾ ਅਤੇ ਪਲੇਟਫਾਰਮ ਪ੍ਰਦਾਨ ਕਰਨਾ ਸੀ। ਜਿਸ ਨਾਲ ਬੱਚੇ ਅਤੇ ਮਾਪੇ ਬੱਚਿਆਂ ਦੀ ਅਕਾਦਮਿਕ ਕਾਬਲੀਅਤ ਬਾਰੇ ਜਾਣ ਸਕਣ। ਇਸ ਵਿਚ ਪ੍ਰਤੀਯੋਗੀਆਂ ਦਾ ਮੁਕਾਬਲਿਆਂ ’ਚ ਇਲਾਕੇ ਦੇ ਵੱਖ – ਵੱਖ ਸਕੂਲਾਂ ਤੋਂ ਤਕਰੀਬਨ 1000 ਬੱਚਿਆਂ ਨੇ ਭਾਗ ਲਿਆ। ਸਰਸਵਤੀ ਕਾਨਵੈਂਟ ਸਕੂਲ ਮੈਨੇਜ਼ਮੈਂਟ ਵੱਲੋਂ ਬੱਚਿਆਂ ਅਤੇ ਮਾਪਿਆਂ ਦਾ ਅਥਾਹ ਇੱਕਠ ਹੋਣ ਦੇ ਬਾਵਜੂਦ ਵੀ ਮਾਪਿਆਂ ਦੇ ਬੈਠਣ ਅਤੇ ਪਾਰਕਿੰਗ ਲਈ ਵਿਸ਼ੇਸ਼ ਪ੍ਰਬੰਧ ਕੀਤੇ ਹੋਏ ਸਨ। ਇਸ ਮੌਕੇ ਸਰਸਵਤੀ ਕਾਨਵੈਂਟ ਸਕੂਲ ਦੇ ਚੇਅਰਮੈਨ ਸ਼ਿਵ ਕੁਮਾਰ ਜਿੰਦਲਅਤੇ ਸ਼੍ਰੀ ਮਤੀ ਸੀਮਾਂ ਜਿੰਦਲ ਵੱਲੋਂ ਇਲਾਕਾ ਵਾਸੀਆਂ ਦਾ ਸੰਸਥਾ ਉੱਪਰ ਅਥਾਹ ਵਿਸ਼ਵਾਸ਼ ਜਿਤਾਉਣ ਲਈ ਧੰਨਵਾਦ ਕੀਤਾ। ਇਸ ਮੌਕੇ ਸਕੂਲ ਸਟਾਫ ਤੋਂ ਇਲਾਵਾ ਭਾਰੀ ਗਿਣਤੀ ਵਿਚ ਬੱਚੇ ਅਤੇ ਮਾਪੇ ਮੌਜੂਦ ਸਨ।
ਭਾਜਪਾ ਜਿਲ੍ਹਾ ਦਿਹਾਤੀ ਵਲੋਂ ਅਹੁੱਦੇਦਾਰਾਂ ਦੀ ਸੂਚੀ ਜਾਰੀ
ਮਿਹਨਤੀ ਵਰਕਰਾਂ ਨੂੰ ਅੱਗੇ ਲਿਆਂਦਾ ਜਾਵੇਗਾ: ਰਵੀਪ੍ਰੀਤ ਸਿੱਧੂ
ਸੁਖਜਿੰਦਰ ਮਾਨ
ਬਠਿੰਡਾ, 17 ਜਨਵਰੀ: ਪਿਛਲੇ ਦਿਨੀਂ ਭਾਰਤੀ ਜਨਤਾ ਪਾਰਟੀ ਵਲੋਂ ਜ਼ਿਲਾ ਬਠਿੰਡਾ ਦਿਹਾਤੀ ਦੇ ਪ੍ਰਧਾਨ ਬਣਾਏ ਗਏ ਰਵੀਪ੍ਰਰੀਤ ਸਿੰਘ ਸਿੱਧੂ ਨੇ ਅੱਜ ਜ਼ਿਲ੍ਹਾ ਅਹੁੱਦੇਦਾਰਾਂ ਦੀ ਪਹਿਲੀ ਸੂਚੀ ਜਾਰੀ ਕਰਦਿਆਂ ਦਾਅਵਾ ਕੀਤਾ ਕਿ ‘‘ ਪਾਰਟੀ ’ਚ ਮਿਹਨਤੀ ਵਰਕਰਾਂ ਨੂੰ ਅੱਗੇ ਲਿਆਂਦਾ ਜਾਵੇਗਾ। ਜਾਰੀ ਸੂਚੀ ਵਿਚ ਸਾਬਕਾ ਜ਼ਿਲ੍ਹਾ ਭਲਾਈ ਅਫ਼ਸਰ ਸਰਦੂਲ ਸਿੰਘ ਸਿੱਧੂ , ਬਲਵੀਰ ਚੰਦ ਮੌੜ, ਸੰਦੀਪ ਸਿੰਘ ਸ਼ਨੀ , ਜਸਵੀਰ ਸਿੰਘ ਅਤੇ ਪਰਮਿੰਦਰ ਸਿੰਘ ਨੂੰ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਇਸੇ ਤਰਾਂ ਜਨਰਲ ਸਕੱਤਰ ਦੀ ਜਿੰਮੇਵਾਰੀ ਅਮਰਜੀਤ ਗਿਰੀ ਅਤੇ ਜਗਜੀਤ ਸਿੰਘ ਨੂੰ ਦਿੱਤੀ ਗਈ ਹੈ। ਜਦੋਂਕਿ ਪਾਰਟੀ ਆਗੂ ਬਲਵਾਨ ਵਰਮਾ, ਕੁਲਵਿੰਦਰ ਕੌਰ, ਹਰਸ਼ ਗੋਇਲ, ਅਮਰੀਕ ਸਿੰਘ ਜੈਦ, ਸੁਖਦੇਵ ਸਿੰਘ ਤੇ ਰਣਜੀਤ ਸਿੰਘ ਨੂੰ ਸਕੱਤਰ ਬਣਾਇਆ ਗਿਆ ਹੈ। ਪਾਰਟੀ ਦੇ ਆਗੂ ਗੋਲਡੀ ਮਹੇਸ਼ਵਰੀ ਨੂੰ ਖ਼ਜ਼ਾਨਚੀ ਅਤੇ ਦਵਿੰਦਰ ਜੈਨ ਨੂੰ ਸਹਿਤ ਖਜਾਨਚੀ ਤੋਂ ਇਲਾਵਾ ਰਾਹੁਲ ਭੰਡਾਰੀ ਨੂੰ ਪਾਰਟੀ ਦਫ਼ਤਰ ਸਕੱਤਰ ਅਤੇ ਤਰਸੇਮ ਸਿੰਗਲਾ ਨੂੰ ਜੁਆਇੰਟ ਸਕੱਤਰ ਨਿਯੁਕਤ ਕੀਤਾ ਹੈ। ਜ਼ਿਲ੍ਹਾ ਪ੍ਰਧਾਨ ਰਵੀਪ੍ਰੀਤ ਸਿੱਧੂ ਨੇ ਦਸਿਆ ਕਿ ਉਕਤ ਅਹੁੱਦੇਦਾਰਾਂ ਤੋਂ ਇਲਾਵਾ ਅਵਤਾਰ ਸਿੰਘ ਬਾਘਾ ਨੂੰ ਕਿਸਾਨ ਮੋਰਚੇ, ਮਲਕੀਤ ਖਾਨ ਮੌੜ ਨੂੰ ਘੱਟ ਗਿਣਤੀ ਵਿੰਗ ਅਤੇ ਮਨਪ੍ਰੀਤ ਸਿੰਘ ਨੂੰ ਉਬੀਸੀ ਮੋਰਚੇ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ । ਉਨ੍ਹਾਂ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜਲਦੀ ਹੀ ਪਾਰਟੀ ਦੀ ਦੂਜੀ ਲਿਸਟ ਜਾਰੀ ਕੀਤੀ ਜਾਵੇਗੀ। ਉਨ੍ਹਾਂ ਨਵਨਿਯੁਕਤ ਅਹੁੱਦੇਦਾਰਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ 2024 ਦੀਆਂ ਲੋਕ ਸਭਾ ਚੋਣਾਂ ਵਿਚ ਪਾਰਟੀ ਬਠਿੰਡਾ ਲੋਕ ਸਭਾ ਹਲਕੇ ਤੋਂ ਵੱਡੀ ਜਿੱਤ ਪ੍ਰਾਪਤ ਕਰੇਗੀ।
ਕਿਸਾਨ ਜਥੇਬੰਦੀ ਨੇ ਕਿਸਾਨ ਮਹਾਂ ਪੰਚਾਇਤ ਦੀਆਂ ਤਿਆਰੀਆਂ ਸਬੰਧੀ ਕੀਤੀ ਮੀਟਿੰਗ
ਸੂਬਾ ਮੀਤ ਪ੍ਰਧਾਨ ਨੂੰ ਬਾਹਰ ਦਾ ਰਾਸਤਾ ਦਿਖਾਉਣ ਦੇ ਫੈਸਲਾ ਨੂੰ ਦਸਿਆ ਦਰੁਸਤ
ਸੁਖਜਿੰਦਰ ਮਾਨ
ਬਠਿੰਡਾ, 17 ਜਨਵਰੀ : ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਜਿਲ੍ਹਾ ਇਕਾਈ ਦੀ ਅੱਜ ਇੱਕ ਮਹੱਤਵਪੂਰਨ ਮੀਟਿੰਗ ਜਿਲ਼੍ਹਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ ਦੀ ਪ੍ਰਧਾਨਗੀ ਹੇਠ ਭੁੱਚੋ ਖੁਰਦ ਦੇ ਗੁਰਦੁਆਰਾ ਸਾਹਿਬ ਵਿਖੇ ਹੋਈ। ਮੀਟਿੰਗ ਵਿਚ ਹਾਜ਼ਰ ਆਗੂਆਂ ਨੇ ਸੂਬਾ ਕਮੇਟੀ ਵੱਲੋਂ ਸੂਬਾਈ ਮੀਤ ਪ੍ਰਧਾਨ ਜਸਵਿੰਦਰ ਸਿੰਘ ਲੌਂਗੋਵਾਲ ਵਿਰੁਧ ਲਏ ਫੈਸਲੇ ਦੀ ਪ੍ਰੜੋਤਾ ਕਰਦਿਆਂ ਉਸਨੂੰ ਦਰੁਸਤ ਕਰਾਰ ਦਿੱਤਾ । ਇਸਦੇ ਨਾਲ ਹੀ ਜ਼ਿਲ੍ਹਾ ਕਮੇਟੀ ਨੇ ਕਿਹਾ ਕਿ ਜੋ ਵੀ ਆਗੂ ਜਾਂ ਵਰਕਰ ਜਥੇਬੰਦੀ ਦੇ ਵਿੱਚ ਰਹਿ ਕੇ ਆਗੂਆਂ ਵੱਲੋਂ ਵਾਰ ਵਾਰ ਚਿਤਾਵਨੀ ਦੇਣ ਤੋਂ ਬਾਅਦ ਵੀ ਵਿਰੋਧੀ ਕਾਰਵਾਈਆਂ ਕਰਕੇ ਜਥੇਬੰਦੀ ਨੂੰ ਖਿੰਡਾਉਣ ਦਾ ਯਤਨ ਕਰਦਾ ਹੈ ਉਹ ਉਸ ਨੂੰ ਜਥੇਬੰਦੀ ਵਿਚੋਂ ਬਾਹਰ ਦਾ ਰਸਤਾ ਦਿਖਾਉਣਾ ਚਾਹੀਦਾ ਹੈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਸੂਬਾ ਜਰਨਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਅਤੇ ਸੂਬਾ ਸਕੱਤਰ ਸ਼ਿੰਗਾਰਾ ਸਿੰਘ ਮਾਨ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਵੱਲੋਂ 26 ਜਨਵਰੀ ਨੂੰ ਉਤਰੀ ਭਾਰਤ ਦੇ ਛੇ ਸੂਬਿਆਂ ਪੰਜਾਬ,ਹਰਿਆਣਾ,ਰਾਜਸਥਾਨ, ਯੂ ਪੀ,ਉਤਰਾਖੰਡ ਹਿਮਾਚਲ ਪ੍ਰਦੇਸ਼ ਵੱਲੋਂ ਜੀਂਦ ਵਿਖੇ ਕਿਸਾਨ ਮਹਾਂ ਪੰਚਾਇਤ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜੀਂਦ ਦੀ ਕਿਸਾਨ ਮਹਾਪੰਚਾਇਤ ਸੰਯੁਕਤ ਕਿਸਾਨ ਮੋਰਚੇ ਅਤੇ ਵੱਖ-ਵੱਖ ਰਾਜਾਂ ਦੇ ਕਿਸਾਨਾਂ ਦੇ ਏਕੇ ਦੀ ਮਿਸਾਲ ਬਣੇਗੀ ਅਤੇ ਦਿੱਲੀ ਮੋਰਚੇ ਦੌਰਾਨ ਕੋਂਦਰ ਸਰਕਾਰ ਨਾਲ ਤਹਿ ਹੋਈਆਂ ਮੰਗਾਂ ਸਾਰੀਆਂ ਫਸਲਾਂ ਤੇ ਐਸਐਸਪੀ ਤੇ ਸਰਕਾਰੀ ਖਰੀਦ ਦੀ ਗਰੰਟੀ, ਲਖੀਮਪੁਰ ਘਟਨਾ ਦੇ ਸਾਰੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਅਤੇ ਬੇਦੋਸ਼ੇ ਕਿਸਾਨਾਂ ਨੂੰ ਜੇਲ੍ਹਾਂ ਚੋਂ ਰਿਹਾਅ ਕਰਵਾਉਣ , ਕਿਸਾਨਾਂ ਤੇ ਕੀਤੇ ਪਰਚੇ ਰੱਦ ਕਰਵਾਉਣ, ਦਿੱਲੀ ਮੋਰਚੇ ਦੌਰਾਨ ਸ਼ਹੀਦ ਹੋਏ ਕਿਸਾਨਾਂ ਮਜ਼ਦੂਰਾਂ ਦੇ ਪਰਿਵਾਰਾਂ ਨੂੰ 10 ਲੱਖ ਰੁਪਏ ਦਾ ਮੁਆਵਜ਼ਾ ਤੇ ਇਕ ਜੀਅ ਨੂੰ ਸਰਕਾਰੀ ਨੋਕਰੀ , ਬਿਜਲੀ ਬਿੱਲ 2020 ਰੱਦ ਕਰਵਾਉਣ, ਸਮੁੱਚਾ ਕਿਸਾਨੀ ਕਰਜ਼ਾ ਖਤਮ, ਕਿਸਾਨਾ ਮਜਦੂਰ ਦੀ ਪੈਨਸ਼ਨ ਲਗਵਾਉਣ, ਫ਼ਸਲੀ ਬੀਮਾਂ ਯੋਜਨਾ ਲਾਗੂ ਕਰਵਾਉਣ ਆਦਿ ਮੰਗਾਂ ਲਈ ਚੱਲ ਰਹੇ ਸੰਘਰਸ਼ ਨੂੰ ਹੋਰ ਮਜ਼ਬੂਤੀ ਬਖਸ਼ੇਗੀ । ਸਟੇਜ ਸਕੱਤਰ ਦੀ ਕਾਰਵਾਈ ਜਿਲਾ ਮੀਤ ਪ੍ਰਧਾਨ ਬਸੰਤ ਸਿੰਘ ਕੋਠਾ ਗੁਰੂ ਨੇ ਨਿਭਾਈ । ਅੱਜ ਦੀ ਮੀਟਿੰਗ ਵਿੱਚ ਜਸਵੀਰ ਸਿੰਘ ਬੁਰਜ ਸੇਮਾ,ਜਗਸੀਰ ਸਿੰਘ ਝੁੰਬਾ,ਜਗਦੇਵ ਸਿੰਘ ਜੋਗੇਵਾਲਾ,ਹਰਿੰਦਰ ਕੌਰ ਬਿੰਦੂ,ਮਾਲਣ ਕੌਰ,ਹਰਪ੍ਰੀਤ ਕੌਰ, ਕਰਮਜੀਤ ਕੌਰ, ਬਲਾਕਾਂ ਦੇ ਪ੍ਰਧਾਨ ਸਕੱਤਰਾਂ ਤੋਂ ਇਲਾਵਾ ਪਿੰਡਾਂ ਦੇ ਸਰਗਰਮ ਆਗੂ ਸ਼ਾਮਲ ਸਨ।
ਆਲੂਆਂ ਦੀ ਫਸਲ ’ਤੇ ਕੋਹਰੇ ਦੀ ਮਾਰ
ਰਾਮ ਸਿੰਘ ਕਲਿਆਣ
ਨਥਾਣਾ, 17 ਜਨਵਰੀ: ਪਿਛਲੇ ਕੁੱਝ ਦਿਨਾਂ ਤੋਂ ਪੈ ਰਹੀ ਭਿਆਨਕ ਠੰਢ ਅਤੇ ਕੌਹਰੇ ਕਾਰਨ ਆਲੂ ਉਤਪਾਦਕ ਕਿਸਾਨਾਂ ਵਿੱਚ ਭਾਰੀ ਚਿੰਤਾ ਪਾਈ ਜਾ ਰਹੀ ਹੈ, ਕਿਉਕਿ ਉਨਾਂ ਦੀ ਦੋ ਮਹੀਨਿਆਂ ਦੀ ਘਾਲ ਕਮਾਈ ਉਪਰ ਕੋਹਰਾ ਕੁਦਰਤੀ ਕਹਿਰ ਬਣ ਕੇ ਕਹਿਰ ਢਾਹ ਰਿਹਾ ਹੈ ਅਤੇ ਉਹਨਾਂ ਦੀਆਂ ਆਸਾਂ ਤੇ ਪਾਣੀ ਫੇਰ ਰਿਹਾ ਹੈ। ਆਲੂਆਂ ਦੀ ਫਸਲ ਉੱਪਰ ਕੋਹਰੇ ਦੀ ਮਾਰ ਸਬੰਧੀ ਜਾਣਕਾਰੀ ਦਿੰਦਿਆਂ ਪਿੰਡ ਕਲਿਆਣ ਸੁੱਖਾ ਦੇ ਆਲੂ ਉਤਪਾਦਕਾਂ ਫਤਿਹ ਸਿੰਘ ਅਤੇ ਬਲਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਫਸਲ ਲੱਗਭੱਗ 60 ਦਿਨਾਂ ਦੀ ਹੋ ਚੁੱਕੀ ਹੈ ਤੇ ਹੁਣ ਤੱਕ ਪ੍ਰਤੀ ਏਕੜ 25 ਹਜ਼ਾਰ ਰੁਪਏ ਖਰਚਾ ਆ ਚੁੱਕਿਆ ਹੈ। ਪਰ ਹੁਣ ਕੋਹਰੇ ਕਾਰਨ ਉਨ੍ਹਾਂ ਦੀ ਫਸਲ ਦਾ ਬਹੁਤ ਨੁਕਸਾਨ ਹੋ ਰਿਹਾ ਹੈ ਅਤੇ ਝਾੜ ਬਿਲਕੁਲ ਨਾਮਾਤਰ ਰਹਿਣ ਦੇ ਆਸਾਰ ਹਨ । ਕੋਹਰੇ ਦੀ ਠੰਡ ਕਾਰਨ ਆਲੂਆਂ ਦੀ ਵਲ ਸੁੱਕ ਰਹੀ ਹੈ। ਫਤਿਹ ਸਿੰਘ ਨੇ ਦੱਸਿਆ ਕਿ ਉਹਨਾਂ ਦੇ ਪੰਦਰਾਂ ਕਿੱਲੇ ਅਤੇ ਬਲਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪੰਜ ਕਿੱਲੇ ਆਲੂ ਬੀਜੇ ਹਨ ਜਿੰਨਾਂ ਦਾ ਕਾਫੀ ਨੁਕਸਾਨ ਹੋ ਚੁੱਕਿਆ ਹੈ। ਪਿੰਡ ਕਲਿਆਣ ਸੁੱਖਾ ਵਿੱਚ ਚਾਰ ਸੌ ਏਕੜ ਦੇ ਕਰੀਬ ਰਕਬੇ ਵਿੱਚ ਆਲੂ ਕਾਸ਼ਤ ਕੀਤੇ ਹੋਣ ਦੀ ਸੰਭਾਵਨਾ ਹੈ। ਇਸ ਮੌਕੇ ਤੇ ਪੀੜਤ ਕਿਸਾਨਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਆਲੂਆਂ ਦੇ ਹੋਏ ਨੁਕਸਾਨ ਦੀ ਗਿਰਦਾਵਰੀ ਕਰਵਾ ਕੇ ਕਿਸਾਨਾਂ ਨੂੰ ਯੋਗ ਮੁਆਵਜ਼ਾ ਦਿੱਤਾ ਜਾਵੇ ਤਾਂ ਕਿ ਕਿਸਾਨ ਰਵਾਇਤੀ ਕਣਕ ਦੀ ਫ਼ਸਲ ਚੱਕਰ ਵਿੱਚੋ ਨਿਕਲ ਕੇ ਆਲੂਆਂ ਦੀ ਕਾਸ਼ਤ ਵੱਲ ਆ ਸਕਣ ।
ਮਨਪ੍ਰੀਤ ਸਿੰਘ ਬਾਦਲ ਨੇ ਕਾਂਗਰਸ ਪਾਰਟੀ ਦੇ ਸਿਆਸੀ ਪ੍ਰੋਗਰਾਮਾਂ ਤੋਂ ਵੱਟਿਆ ਪਾਸਾ!
ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਵਿਚ ਵੀ ਅਪਣੇ ਧੜੇ ਸਹਿਤ ਨਹੀਂ ਕੀਤੀ ਸ਼ਿਰਕਤ
ਆਉਣ ਵਾਲੇ ਦਿਨਾਂ ’ਚ ਵੱਡੀ ਸਿਆਸੀ ਹਲਚਲ ਹੋਣ ਦੀ ਚਰਚਾ
ਸੁਖਜਿੰਦਰ ਮਾਨ
ਬਠਿੰਡਾ, 17 ਜਨਵਰੀ: ਕਿਸੇ ਸਮੇਂ ਕਾਂਗਰਸ ਪਾਰਟੀ ਨੂੰ ਦੇਸ ਦਾ ਕੀਮਤੀ ਸਰਮਾਇਆ ਦੱਸਣ ਵਾਲੇ ਸਾਬਕਾ ਖ਼ਜਾਨਾ ਮੰਤਰੀ ਮਨਪ੍ਰੀਤ ਸਿੰਘ ਨੇ ਹੁਣ ਪਾਰਟੀ ਦੇ ਸਿਆਸੀ ਪ੍ਰੋੋਗਰਾਮਾਂ ਤੋਂ ਦੂਰੀ ਬਣਾ ਲਈ ਹੈ। ਪਿਛਲੇ ਇੱਕ ਕਰੀਬ ਹਫ਼ਤੇ ਤੋਂ ਪੰਜਾਬ ’ਚ ਭਾਰਤਾ ਜੋੜੋ ਯਾਤਰਾ ਕਰ ਰਹੇ ਰਾਹੁਲ ਗਾਂਧੀ ਦੇ ਪ੍ਰੋੋਗਰਾਮਾਂ ਵਿਚ ਵੀ ਸ: ਬਾਦਲ ਹਾਲੇ ਤੱਕ ਦਿਖ਼ਾਈ ਨਹੀਂ ਦਿੱਤੇ। ਵੱਡੀ ਗੱਲ ਅੱਜ ਇਹ ਵੀ ਦੇਖਣ ਨੂੰ ਮਿਲੀ ਕਿ ਅੱਜ ਬਠਿੰਡਾ ਸ਼ਹਿਰੀ ਹਲਕੇ ਦੇ ਕਾਂਗਰਸੀ ਆਗੂਆਂ ਤੇ ਵਰਕਰਾਂ ਦੀ ਡਿਊਟੀ ਰਾਹੁਲ ਗਾਂਧੀ ਦੀ ਯਾਤਰਾ ਵਿਚ ਦਸੂਹਾ ਹਲਕੇ ਨਜਦੀਕ ਸ਼ਾਮਲ ਹੋਣ ਦੀ ਲੱਗੀ ਹੋਈ ਸੀ ਪ੍ਰੰਤੂ ਇਕੱਲੇ ਸਾਬਕਾ ਮੰਤਰੀ ਹੀ ਨਹੀਂ, ਬਲਕਿ ਉਨ੍ਹਾਂ ਦੇ ਪੂਰੇ ਧੜੇ ਵਲੋਂ ਵੀ ਇਸ ਪ੍ਰੋਗਰਾਮ ਵਿਚ ਸਮੂਲੀਅਤ ਨਹੀਂ ਕੀਤੀ। ਜਿਸ ਕਾਰਨ ਇਲਾਕੇ ਵਿਚ ਕਈ ਤਰ੍ਹਾਂ ਦੀਆਂ ਚਰਚਾਵਾਂ ਚੱਲ ਪਈਆਂ ਹਨ। ਗੌਰਤਲਬ ਹੈ ਕਿ ਚੋਣਾਂ ’ਚ ਹਾਰਨ ਦੇ ਬਾਵਜੂਦ ਬਠਿੰਡਾ ਸ਼ਹਿਰ ’ਚ ਮਨਪ੍ਰੀਤ ਬਾਦਲ ਦਾ ਇੱਕ ਵੱਡਾ ਧੜਾ ਹੈ, ਜਿਸਦੇ ਜਿਆਦਾਤਰ ਆਗੂ ਪਾਰਟੀ ਦੀ ਬਜਾਏ ਉਨ੍ਹਾਂ ਨਾਲ ਜੁੜਕੇ ਚੱਲਣ ਲੱਗੇ ਹਨ। ਇੰਨ੍ਹਾਂ ਵਿਚ ਕਾਂਗਰਸ ਦੇ ਕਬਜ਼ੇ ਹੇਠਲੇ ਨਗਰ ਨਿਗਮ ਦਾ ਮੇਅਰ , ਡਿਪਟੀ ਮੇਅਰ ਅਤੇ ਸਵਾ ਦਰਜ਼ਨ ਦੇ ਕਰੀਬ ਕਾਂਗਰਸੀ ਕੌਂਸਲਰ ਤੋਂ ਇਲਾਵਾ ਮਾਰਕੀਟ ਕਮੇਟੀ ਦੇ ਸਾਬਕਾ ਚੇਅਰਮੈਨ ਆਦਿ ਦਾ ਨਾਂ ਪ੍ਰਮੂੱਖਤਾ ਨਾਲ ਬੋਲਦਾ ਹੈ। ਇਸ ਧੜੇ ਨਾਲ ਜੁੜੇ ਕੁੱਝ ਆਗੂਆਂ ਨੇ ਦੱਬੀ ਜੁਬਾਨ ਵਿਚ ਖ਼ੁਲਾਸਾ ਕੀਤਾ ਕਿ ‘‘ ਉਨ੍ਹਾਂ ਨੂੰ ਸਾਬਕਾ ਮੰਤਰੀ ਵਲੋਂ ਇਸ ਯਾਤਰਾ ਵਿਚ ਸਮੂਲੀਅਤ ਕਰਨ ਦਾ ਕੋਈ ਇਸ਼ਾਰਾ ਨਹੀਂ ਕੀਤਾ ਗਿਆ। ’’ ਜਿਕਰਯੋਗ ਹੈ ਕਿ ਬਠਿੰਡਾ ਪੱਟੀ ’ਚ ਮਨਪ੍ਰੀਤ ਦੇ ਵਿਰੋਧੀ ਦਾਅਵੇ ਕਰ ਰਹੇ ਹਨ ਕਿ ਉਕਤ ਆਗੂ ਜਲਦੀ ਹੀ ਨਵਾਂ ਸਿਆਸੀ ‘ਫੁੱਲ’ ਖਿੜਾਉਣ ਜਾ ਰਹੇ ਹਨ। ਜਿਸਦੇ ਚੱਲਦੇ ਰਾਹੁਲ ਦੇ ਸਮਾਗਮਾਂ ਤੋਂ ਟਾਲਾ ਵੱਟਣ ਕਾਰਨ ਅਜਿਹੀਆਂ ਅਫ਼ਵਾਹਾਂ ਨੂੰ ਹੋਰ ਵੀ ਬਲ ਮਿਲ ਰਿਹਾ ਹੈ। ਦਸਣਾ ਬਣਦਾ ਹੈ ਕਿ ਪਿਛਲੇ ਦਿਨਾਂ ’ਚ ਮਨਪ੍ਰੀਤ ਬਾਦਲ ਦੇ ਹਿਮਾਇਤੀਆਂ ਵਲੋਂ ਸ਼ਹਿਰ ਵਿਚ ਲੋਹੜੀ ਅਤੇ ਮਾਘੀ ਦੀ ਵਧਾਈ ਵਾਲੇ ਹੋਰਡਿੰਗ ਲਗਾਏ ਗਏ ਸਨ, ਪ੍ਰੰਤੂ ਇੰਨ੍ਹਾਂ ਵਿਚ ਕਿਧਰੇ ਵੀ ਕਾਂਗਰਸ ਦਾ ਕੋਈ ਨਿਸ਼ਾਨ ਨਜ਼ਰ ਨਹੀਂ ਆ ਰਿਹਾ ਸੀ। ਇਸਤੋਂ ਇਲਾਵਾ ਮਨਪ੍ਰੀਤ ਸਿੰਘ ਬਾਦਲ ਦੇ ਰਿਸ਼ਤੇਦਾਰ ਜੈਜੀਤ ਸਿੰਘ ਜੌਹਲ ਵਲੋਂ ਵੀ ਲਗਾਤਾਰ ਸੋਸ਼ਲ ਮੀਡੀਆ ਉਪਰ ਬਠਿੰਡਾ ਸ਼ਹਿਰੀ ਦੇ ਪ੍ਰਧਾਨ ਤੋਂ ਲੈ ਕੇ ਸੂਬਾ ਪ੍ਰਧਾਨ ਰਾਜਾ ਵੜਿੰਗ ਵਿਰੁਧ ਭੜਾਸ ਕੱਢੀ ਜਾਂਦੀ ਰਹੀ ਹੈ। ਉਧਰ ਕੁੱਝ ਪੱਤਰਕਾਰਾਂ ਵਲੋਂ ਅੱਜ ਦੇ ਰਾਹੁਲ ਗਾਂਧੀ ਦੇ ਪ੍ਰੋਗਰਾਮ ਦਾ ਬਾਈਕਾਟ ਕਰਨ ਸਬੰਧੀ ਪੁੱਛੈ ਜਾਣ ’ਤੇ ਜੈਜੀਤ ਜੌਹਲ ਨੇ ਕਿਹਾ ਕਿ ਇਸ ਸਬੰਧ ਵਿਚ ਉਨ੍ਹਾਂ ਨੂੰ ਕੋਈ ਸੱਦਾ ਪੱਤਰ ਨਹੀਂ ਦਿੱਤਾ ਗਿਆ, ਜਿਸਦੇ ਚੱਲਦੇ ਉਹ ਕਿਸ ਤਰ੍ਹਾਂ ਜਾਂਦੇ। ਇਸਤੋਂ ਇਲਾਵਾ ਉਨ੍ਹਾਂ ਪਾਰਟੀ ਛੱਡਣ ਸਬੰਧੀ ਚੱਲ ਰਹੀਆਂ ਅਫ਼ਵਾਹਾਂ ਨੂੰ ਗਲਤ ਕਰਾਰ ਦਿੱਤਾ।
ਡਿਪਟੀ ਕਮਿਸ਼ਨਰ ਨੇ ਗਣਤੰਤਰਤਾ ਦਿਵਸ ਦੇ ਮੱਦਨਜ਼ਰ ਅਗਾਊਂ ਤਿਆਰੀਆਂ ਸਬੰਧੀ ਅਧਿਕਾਰੀਆਂ ਨਾਲ ਕੀਤੀ ਮੀਟਿੰਗ
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਲਹਿਰਾਉਣਗੇ ਕੌਮੀ ਤਿਰੰਗਾ
ਸੁਖਜਿੰਦਰ ਮਾਨ
ਬਠਿੰਡਾ, 17 ਜਨਵਰੀ : ਸਥਾਨਕ ਸ਼ਹੀਦ ਭਗਤ ਸਿੰਘ ਸਟੇਡੀਅਮ ਵਿਚ ਆਗਾਮੀ 26 ਜਨਵਰੀ ਨੂੰ ਜ਼ਿਲ੍ਹਾ ਪੱਧਰੀ ਗਣਤੰਤਰਤਾ ਦਿਵਸ ਪੂਰੇ ਸ਼ਾਨੋ-ਸ਼ੌਕਤ ਨਾਲ ਮਨਾਇਆ ਜਾਵੇਗਾ। ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਕੌਮੀ ਝੰਡਾ ਲਹਿਰਾਉਣ ਦੀ ਰਸਮ ਅਦਾ ਕਰਨਗੇ। ਇਸ ਸਬੰਧੀ 24 ਜਨਵਰੀ ਨੂੰ ਫੁੱਲ ਡਰੈੱਸ ਰਿਹਰਸਲ ਹੋਵੇਗੀ ਅਤੇ 20 ਜਨਵਰੀ 2023 ਨੂੰ ਦੁਬਾਰਾ ਅਧਿਕਾਰੀਆਂ ਨਾਲ ਸਮੀਖਿਆ ਬੈਠਕ ਕੀਤੀ ਜਾਵੇਗੀ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਨੇ ਗਣਤੰਤਰਤਾ ਦਿਵਸ ਸਬੰਧੀ ਕਰਵਾਏ ਜਾਣ ਵਾਲੇ ਜ਼ਿਲ੍ਹਾ ਪੱਧਰੀ ਸਮਾਗਮ ਦੀਆਂ ਅਗਾਊਂ ਤਿਆਰੀਆਂ ਨੂੰ ਲੈ ਕੇ ਕੀਤੀ ਗਈ ਰੀਵਿਊ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਸਾਂਝੀ ਕੀਤੀ। ਇਸ ਮੌਕੇ ਉਨ੍ਹਾਂ ਦੇ ਨਾਲ ਜ਼ਿਲ੍ਹਾ ਪੁਲਿਸ ਮੁਖੀ ਜੇ. ਇਲਨਚੇਲੀਅਨ ਤੇ ਵਧੀਕ ਡਿਪਟੀ ਕਮਿਸ਼ਨਰ ਜਨਰਲ ਮੈਡਮ ਪਲਵੀ ਚੌਧਰੀ ਵਿਸ਼ੇਸ਼ ਤੌਰ ਤੇ ਹਾਜ਼ਰ ਰਹੇ।ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਨੇ ਪੁਲਿਸ ਵਿਭਾਗ ਨੂੰ ਸਮਾਗਮ ਮੌਕੇ ਆਵਾਜਾਈ ਨੂੰ ਸੰਚਾਰੂ ਢੰਗ ਨਾਲ ਚਲਾਉਣ ਲਈ ਅਤੇ ਟਰੈਫ਼ਿਕ ਨੂੰ ਕੰਟਰੋਲ ਕਰਨ ਤੇ ਪਾਰਕਿੰਗ, ਡਿਪਟੀ ਡਾਇਰੈਕਟਰ ਸੈਨਿਕ ਭਲਾਈ ਵਿਭਾਗ ਨੂੰ ਆਰਮੀ ਵਿਭਾਗ ਨਾਲ ਤਾਲਮੇਲ ਕਰਕੇ ਮਿਲਟਰੀ ਬੈਂਡ ਤੇ ਦਫ਼ਤਰ ਕਮਿਸ਼ਨਰ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਖੇਡ ਸਟੇਡੀਅਮ ਦੇ ਅੰਦਰ-ਬਾਹਰ ਤੋਂ ਇਲਾਵਾ ਆਲੇ-ਦੁਆਲੇ ਤੇ ਪਖ਼ਾਨਿਆਂ ਦੀ ਸਾਫ਼-ਸਫ਼ਾਈ ਦਾ ਪ੍ਰਬੰਧ ਕਰਨਾ ਯਕੀਨੀ ਬਣਾਉਣ ਲਈ ਕਿਹਾ। ਇਸ ਮੌਕੇ ਸ਼ੌਕਤ ਅਹਿਮਦ ਪਰੇ ਨੇ ਸਬੰਧਤ ਅਧਿਕਾਰੀਆਂ ਨੂੰ ਹਦਾਇਤ ਕਰਦਿਆਂ ਕਿਹਾ ਕਿ 25 ਜਨਵਰੀ ਤੱਕ ਸ਼ਹਿਰ ਅੰਦਰ ਪ੍ਰਮੁੱਖ ਚੌਂਕਾਂ, ਸਵਾਗਤੀ ਗੇਟਾਂ ਤੋਂ ਇਲਾਵਾ ਗੁਰੂਦੁਆਰਾ ਕਿਲ੍ਹਾ ਮੁਬਾਰਕ ਸਾਹਿਬ ਦੀ ਵੀ ਵਿਸ਼ੇਸ਼ ਤੌਰ ਤੇ ਸਜਾਵਟ ਕਰਨੀ ਯਕੀਨੀ ਬਣਾਈ ਜਾਵੇ। ਉਨ੍ਹਾਂ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੰਦਿਆਂ ਕਿਹਾ ਕਿ ਆਮ ਰਿਹਰਸਲਾਂ ਤੇ ਸਮਾਗਮ ਮੌਕੇ ਮੁੱਢਲੀ ਡਾਕਟਰੀ ਸਹਾਇਤਾ, ਡਾਕਟਰੀ ਟੀਮਾਂ ਅਤੇ ਐਂਬੂਲੈਂਸ ਗੱਡੀ ਸਣੇ ਸਿਹਤ ਸਹੂਲਤਾਂ ਦੇ ਲੋੜੀਂਦੇ ਪ੍ਰਬੰਧ ਯਕੀਨੀ ਬਣਾਏ ਜਾਣ।ਡਿਪਟੀ ਕਮਿਸ਼ਨਰ ਨੇ ਵੱਖ-ਵੱਖ ਵਿਭਾਗਾਂ ਵਲੋਂ ਆਪੋਂ-ਆਪਣੇ ਵਿਭਾਗ ਨਾਲ ਸਬੰਧਤ ਵਿਕਾਸ ਕਾਰਜਾਂ ਤੇ ਲੋਕ ਭਲਾਈ ਸਕੀਮਾਂ ਸਬੰਧੀ ਜਾਣੂ ਕਰਵਾਉਂਦੀਆਂ ਝਾਕੀਆਂ ਨੂੰ ਸ਼ਾਨਦਾਰ ਤਰੀਕੇ ਨਾਲ ਤਿਆਰ ਕਰਨ ਦੀ ਵੀ ਹਦਾਇਤ ਕੀਤੀ। ਉਨ੍ਹਾਂ ਅਧਿਕਾਰੀਆਂ ਨੂੰ ਇਹ ਵੀ ਆਦੇਸ਼ ਦਿੱਤੇ ਕਿ ਸਮਾਗਮ ਨੂੰ ਸਫ਼ਲਤਾਪੂਰਵਕ ਤਰੀਕੇ ਨਾਲ ਨੇਪਰੇ ਚੜ੍ਹਾਉਣ ਲਈ ਜੋ ਵੀ ਜਿੰਮੇਵਾਰੀਆਂ ਸੌਂਪੀਆਂ ਗਈਆਂ ਹਨ ਉਨ੍ਹਾਂ ਨੂੰ ਪੂਰੀ ਤਨਦੇਹੀ ਨਾਲ ਨਿਭਾਇਆ ਜਾਵੇ। ਉਨ੍ਹਾਂ ਜ਼ਿਲ੍ਹਾ ਖੇਡ ਅਫ਼ਸਰ ਨੂੰ ਆਦੇਸ਼ ਦਿੰਦਿਆਂ ਕਿਹਾ ਕਿ ਸਮਾਗਮ ਉਪਰੰਤ ਸ਼ਾਮ ਦੇ ਸਮੇਂ ਖਿਡਾਰੀਆਂ ਦੇ ਖੇਡ ਮੁਕਾਬਲੇ ਕਰਵਾਉਣੇ ਯਕੀਨੀ ਬਣਾਏ ਜਾਣ। ਬੈਠਕ ਦੌਰਾਨ ਸਿਵਲ ਸਰਜਨ ਡਾ. ਤੇਜਵੰਤ ਸਿੰਘ ਢਿੱਲੋਂ, ਆਰਟੀਏ ਰਾਜਦੀਪ ਸਿੰਘ ਬਰਾੜ, ਸਹਾਇਕ ਕਮਿਸ਼ਨਰ ਜਨਰਲ ਸਾਰੰਗਪ੍ਰੀਤ ਸਿੰਘ ਔਜਲਾ, ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਮੈਡਮ ਨੀਰੂ ਗਰਗ, ਜ਼ਿਲ੍ਹਾ ਖੇਡ ਅਫ਼ਸਰ ਰੁਪਿੰਦਰ ਸਿੰਘ, ਜ਼ਿਲ੍ਹਾ ਸਿੱਖਿਆ ਅਫ਼ਸਰ ਪ੍ਰਾਇਮਰੀ ਮੇਵਾ ਸਿੰਘ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਇਕਬਾਲ ਸਿੰਘ ਬੁੱਟਰ, ਜ਼ਿਲ੍ਹਾ ਖੁਰਾਕ ਤੇ ਸਪਲਾਈ ਕੰਟਰੋਲਰ ਸਰਤਾਜ ਸਿੰਘ ਚੀਮਾ, ਜ਼ਿਲ੍ਹਾ ਮੰਡੀ ਅਫ਼ਸਰ ਰਜਨੀਸ਼ ਗੋਇਲ, ਸੈਕਟਰੀ ਰੈਡ ਕਰਾਸ ਦਰਸ਼ਨ ਕੁਮਾਰ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਤੇ ਉਨਾਂ ਦੇ ਨੁਮਾਇੰਦੇ ਹਾਜ਼ਰ ਸਨ।
ਆਤਮਾ ਸਕੀਮ ਅਧੀਨ ਕਣਕ ਦੀ ਫਸਲ ਤੇ ਫ਼ਾਰਮ ਫਿਲੱਡ ਸਕੂਲ ਆਯੋਜਿਤ
ਪੰਜਾਬੀ ਖ਼ਬਰਸਾਰ ਬਿਉਰੋ
ਬਠਿੰਡਾ, 16 ਜਨਵਰੀ:ਮੁੱਖ ਖੇਤੀਬਾੜੀ ਅਫ਼ਸਰ ਡਾ: ਦਿਲਬਾਗ ਸਿੰਘ ਹੀਰ ਦੇ ਦਿਸ਼ਾ ਨਿਰਦੇਸ਼ਾਂ ਅਤੇ ਬਲਾਕ ਖੇਤੀਬਾੜੀ ਅਫਸਰ ਮੌੜ ਡਾ. ਬਲਜੀਤ ਸਿੰਘ ਬਰਾੜ ਦੀ ਅਗਵਾਈ ਹੇਠ ਅੱਜ ਬਲਾਕ ਮੌੜ ਦੇ ਪਿੰਡ ਕੋਟਭਾਰਾ ਵਿਖੇ ਕਿਸਾਨ ਸ਼ਮਸ਼ੇਰ ਸਿੰਘ ਪੁੱਤਰ ਬਿੱਲੂ ਸਿੰਘ ਦੇ ਖੇਤ ਵਿੱਚ ਪਰਾਲੀ ਦੇ ਪ੍ਰਬੰਧਨ ਸਬੰਧੀ ਫਾਰਮ ਸਕੂਲ ਦੀ ਕਲਾਸ ਲਗਾਈ ਗਈ। ਇਸ ਦੌਰਾਨ ਬਲਾਕ ਟਕਨਾਲੋਜੀ ਮੈਨੇਜਰ ਮਨਦੀਪ ਕੋਰ ਮੋੜ ਨੇ ਕਲਾਸ ਵਿੱਚ ਹਾਜ਼ਰ ਕਿਸਾਨਾਂ ਦਾ ਸਵਾਗਤ ਕੀਤਾ ਅਤੇ ਕਿਸਾਨਾਂ ਨੂੰ ਫ਼ਾਰਮ ਸਕੂਲ ਦੇ ਮੰਤਵ ਤੋਂ ਜਾਣੂ ਕਰਵਾਇਆ । ਇਸ ਦੇ ਨਾਲ ਹੀ ਉਹਨਾਂ ਨੇ ਬਲਾਕ ਮੌੜ ਵਿੱਚ ਆਤਮਾ ਸਕੀਮ ਅਧੀਨ ਚੱਲ ਰਹੀਆਂ ਗਤੀਵਿਧੀਆਂ ਤੋ ਜਾਣੂ ਕਰਵਾਇਆਂ ।ਡਾ. ਅਮਨਦੀਪ ਸਿੰਘ ਏ.ਡੀ.ਓ. ਮੋੜ ਨੇ ਕਣਕ ਦੀ ਫਸਲ ਵਿੱਚ ਪਰਾਲ਼ੀ ਦੀ ਸਾਂਭ ਸੰਭਾਲ ਸੰਬਧੀ ਵਿਸਥਾਰਪੁਰਵਕ ਜਾਣਕਾਰੀ ਸਾਂਝੀ ਕੀਤੀ। ਇਸ ਤੋਂ ਇਲਾਵਾ ਪੰਜਾਬ ਸਰਕਾਰ ਵੱਲੋਂ ਵਿਭਾਗ ਵਿੱਚ ਸਬਸੀਡੀ ਤੇ ਪਰਾਲੀ ਦੀ ਸਭਾਲ ਵਾਸਤੇ ਮੁੱਹਈਆ ਕਰਵਾਈਆਂ ਜਾਣ ਵਾਲੀਆਂ ਖੇਤੀ ਮਸ਼ੀਨਰੀ ਬਾਰੇ ਸੰਖੇਪ ਜਾਣਕਾਰੀ ਦੱਸੀ ਅਤੇ ਜ਼ਮੀਨ ਵਿੱਚ ਜੈਵਿਕ ਖਾਦਾਂ ਵਧਾਉਣ ਤੋਂ ਇਲਾਵਾ ਮਿੱਤਰ ਕੀੜੇ ਬਚਾਉਣ ਸੰਬੰਧੀ ਨੁੱਕਤੇ ਸਾਂਝੇ ਕਿਤੇ। ਇਸ ਮੋਕੇ ਭੂਮੀ ਰੱਖਿਆ ਵਿਭਾਗ ਵੱਲੋਂ ਪਹੁੰਚੇ ਸ਼੍ਰੀ ਸੁਖਵਿੰਦਰ ਸਿੰਘ ਏ. ਐਸ. ਆਈ ਨੇ ਭੂਮੀ ਵਿਭਾਗ ਵਿੱਚ ਚੱਲ ਰਹੀਆਂ ਸਕੀਮਾਂ ਬਾਰੇ ਜਾਣੂ ਕਰਵਾਇਆ ।ਅੰਤ ਵਿੱਚ ਗੁਰਬਿੰਦਰ ਸਿੰਘ ਏ.ਟੀ. ਐਮ ਨੇ ਫ਼ਾਰਮ ਸਕੂਲ ਵਿੱਚ ਸ਼ਾਮਲ ਹੋਏ ਕਿਸਾਨਾਂ ਦਾ ਧੰਨਵਾਦ ਕੀਤਾ ਅਤੇ ਰਿਫਰੈਸ਼ਮੈਂਟ ਦੀ ਵੰਡ ਕੀਤੀ | ਇਸ ਮੌਕੇ ਤੇ ਹਰਯੋਧ ਸਿੰਘ ਏ. ਐਸ. ਆਈ. ਕੋਟਫੱਤਾ ਨੇ ਫ਼ਾਰਮ ਸਕੂਲ ਦੀ ਕਲਾਸ ਦਾ ਮੁਕੰਮਲ ਪ੍ਰਬੰਧ ਕੀਤਾ।ਇਸ ਮੋਕੇ ਹਾਜ਼ਰ ਕਿਸਾਨਾਂ ਨੂੰ ਚੂਹੇਮਾਰ ਮੁਹਿੰਮ ਤਹਿਤ ਚੂਹੇਮਾਰ ਦਵਾਈ ਵੀ ਵੰਡੀ ਗਈ ।
ਕਾਂਗਰਸ ਨੂੰ ਝਟਕਾ, ਨਕਈ ਦੀ ਅਗਵਾਈ ਹੇਠ ਪੰਜ ਮੌਜੂਦਾ ਸਰਪੰਚਾਂ ਸਹਿਤ ਤਿੰਨ ਸੀਨੀਅਰ ਆਗੂ ਭਾਜਪਾ ਵਿਚ ਸ਼ਾਮਿਲ
ਭਾਜਪਾ ਦੇ ਸੂਬਾ ਪ੍ਰਧਾਨ ਅਸਵਨੀ ਸ਼ਰਮਾ ਨੇ ਕਰਵਾਈ ਸਮੂਲੀਅਤ
ਸੁਖਜਿੰਦਰ ਮਾਨ
ਬਠਿੰਡਾ, 15 ਜਨਵਰੀ-ਬਠਿੰਡਾ ਵਿਖੇ ਭਾਰਤੀ ਜਨਤਾ ਪਾਰਟੀ ਦੇ ਸੂਬਾ ਉਪ ਪ੍ਰਧਾਨ ਜਗਦੀਪ ਸਿੰਘ ਨਕੱਈ ਦੀ ਅਗਵਾਈ ਵਿਚ ਕਾਂਗਰਸ ਪਾਰਟੀ ਨਾਲ ਸਬੰਧਤ ਮਾਨਸਾ ਜ਼ਿਲੇ ਦੇ ਪੰਜ ਮੌਜੂਦਾ ਸਰਪੰਚਾਂ ਅਤੇ ਤਿੰਨ ਸੀਨੀਅਰ ਆਗੂਆਂ ਨੇ ਭਾਜਪਾ ਦਾ ਪੱਲਾ ਫੜਿਆ ਹੈ। ਪਾਰਟੀ ਵਿਚ ਆਉਣ ਤੇ ਉਨ੍ਹਾਂ ਦਾ ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਅਤੇ ਮੀਤ ਪ੍ਰਧਾਨ ਜਗਦੀਪ ਸਿੰਘ ਨਕੱਈ ਨੇ ਭਰਵਾਂ ਸਵਾਗਤ ਕਰਦਿਆਂ ਉਨ੍ਹਾਂ ਨੂੰ ਮਾਣ ਸਤਿਕਾਰ ਅਤੇ ਬਣਦੇ ਅਹੁਦੇ ਦੇਣ ਦੀ ਗੱਲ ਕਹੀ। ਗੌਰਤਲਬ ਹੈ ਕਿ ਇਸ ਤੋਂ ਪਹਿਲਾਂ ਵੀ ਜਗਦੀਪ ਸਿੰਘ ਨਕੱਈ ਦੀ ਅਗਵਾਈ ਵਿਚ ਯੂਥ ਅਕਾਲੀ ਦਲ ਨਾਲ ਸਬੰਧਤ ਨੌਜਵਾਨ ਭਾਜਪਾ ਵਿਚ ਸ਼ਾਮਿਲ ਹੋਏ ਸਨ। ਐਤਵਾਰ ਨੂੰ ਬਠਿੰਡਾ ਵਿਚ ਇਕ ਸਾਦੇ ਸਮਾਗਮ ਦੌਰਾਨ ਕਾਂਗਰਸ ਵਿਚ ਆਉਣ ਵਾਲਿਆਂ ਦਾ ਪਾਰਟੀ ਵਿਚ ਸਵਾਗਤ ਕਰਦਿਆਂ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਆਉਣ ਵਾਲਾ ਸਮਾਂ ਭਾਜਪਾ ਦਾ ਹੈ। ਜਿਸ ਵਲੋਂ ਨੌਜਵਾਨਾਂ ਨੂੰ ਸਹੀ ਅਗਵਾਈ ਦਿੱਤੀ ਜਾ ਰਹੀ ਹੈ। ਜਗਦੀਪ ਸਿੰਘ ਨਕੱਈ ਦੀ ਅਗਵਾਈ ਵਿਚ ਸ਼ਾਮਿਲ ਹੋਣ ਵਾਲਿਆਂ ਵਿਚ ਸਰਪੰਚ ਭਾਈ ਦੇਸਾ ਹਰਬੰਸ ਸਿੰਘ, ਸਰਪੰਚ ਮਾਨਬੀਬੜੀਆ ਕੁਲਦੀਪ ਸਿੰਘ, ਬਲਕਰਨ ਸਿੰਘ ਸਰਪੰਚ ਕੋਟਲੀ ਕਲਾ, ਲਾਭ ਸਿੰਘ ਸਰਪੰਚ ਬੁਰਜ ਰਾਠੀ, ਰਾਜਪਾਲ ਸਿੰਘ ਰਾਜਾ ਸਰਪੰਚ ਬੁਰਜ ਹਰੀ, ਦਰਸ਼ਨ ਸ਼ਰਮਾ ਸੀਨੀਅਰ ਕਾਂਗਰਸੀ ਆਗੂ ਅਤਲਾ ਕਲਾਂ, ਸਮਾਜ ਸੇਵੀ ਫਫੜੇ ਭਾਈਕੇ ਦਿਲਬਾਗ ਸਿੰਘ, ਜਗਰਾਜ ਸਿੰਘ ਬੁਰਜ ਰਾਠੀ , ਸਾਬਕਾ ਵਿਧਾਇਕ ਨਾਜਰ ਸਿੰਘ ਮਾਨਸ਼ਾਹੀਆ ਦੇ ਪੀ.ਏ ਰਹੇ ਜਸਪ੍ਰੀਤ ਸਿੰਘ ਆਦਿ ਸ਼ਾਮਿਲ ਸਨ। ਇਸ ਮੌਕੇ ਬੋਲਦਿਆਂ ਜਗਦੀਪ ਸਿੰਘ ਨਕੱਈ ਨੇ ਕਿਹਾ ਕਿ ਪੰਜਾਬ ਅੰਦਰ ਰਾਜ ਕਰਤਾ ਪਾਰਟੀ ਆਪ ਕਾਂਗਰਸ ਅਤੇ ਹੋਰ ਪਾਰਟੀਆਂ ਨੌਜਵਾਨਾਂ ਨੂੰ ਗੁੰਮਰਾਹ ਕਰ ਰਹੀਆਂ ਹਨ। ਲੰਬੇ ਸਮੇਂ ਤੋਂ ਨੌਜਵਾਨ ਬੇਰੁਜਗਾਰੀ ਅਤੇ ਸਰਕਾਰਾਂ ਵਲੋਂ ਅਣਦੇਖਾ ਕਰਨ ਵਾਲੀਆਂ ਸਮੱਸਿਆਵਾਂ ਨਾਲ ਜੂਝ ਰਹੇ ਹਨ। ਅੱਜ ਤੱਕ ਸੂਬੇ ਵਿਚ ਨੌਜਵਾਨਾਂ ਲਈ ਰੁਜਗਾਰ ਦੇ ਮੌਕੇ ਪੈਦਾ ਨਹੀਂ ਕੀਤੇ ਜਾ ਸਕੇ। ਉਨ੍ਹਾਂ ਕਿਹਾ ਕਿ ਸੂਬੇ ਵਿਚ ਕੇਂਦਰ ਵਾਂਗ ਭਾਜਪਾ ਸਰਕਾਰ ਬਣਨ ਤੇ ਪੰਜਾਬ ਤਰੱਕੀ ਦੀਆਂ ਲੀਹਾਂ ਨੂੰ ਛੂਹੇਗਾ। ਜਿਸ ਨਾਲ ਸੂਬਾ ਆਰਥਿਕ ਤੌਰ ਤੇ ਵੀ ਮਜਬੂਤ ਹੋ ਸਕੇਗਾ। ਭਾਜਪਾ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਜਗਦੀਪ ਸਿੰਘ ਨਕੱਈ ਦੇ ਉਦਮ ਦੀ ਪ੍ਰਸ਼ੰਸ਼ਾ ਕੀਤੀ। ਇਸ ਮੌਕੇ ਸਾਬਕਾ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ, ਜਿਲ੍ਹਾ ਪ੍ਰਧਾਨ ਬਾਬੂ ਸਰੂਪ ਚੰਦ ਸਿੰਗਲਾ,ਜਿਲ੍ਹਾ ਪ੍ਰਧਾਨ ਰਵੀਪ੍ਰੀਤ ਸਿੰਘ ਸਿੱਧੂ ਅਤੇ ਹੋਰ ਲੀਡਰਸ਼ਿਪ ਹਾਜ਼ਰ ਰਹੀ।
ਡਾਕਟਰ ਦਿਨੇਸ਼ ਉਪਰ ਫ਼ਿਰੌਤੀ ਲੈਣ ਲਈ ਗੋਲੀਆਂ ਚਲਾਉਣ ਵਾਲੇ ਬਦਮਾਸ਼ ਪੁਲਿਸ ਮੁਕਾਬਲੇ ਤੋਂ ਬਾਅਦ ਕਾਬੂ
ਪੰਜਾਬੀ ਖ਼ਬਰਸਾਰ ਵਿਸ਼ੇਸ ਖ਼ਬਰ
ਮਨਪ੍ਰੀਤ ਮੰਨਾ ਦਾ ਭਰਾ ਸੀ ਮੁੱਖ ਸਾਜ਼ਸਕਰਤਾ, 3 ਲੱਖ ਦੀ ਫ਼ਿਰੌਤੀ ਗਈ ਸੀ ਮੰਗੀ, ਹੁਣ ਤੱਕ ਸੱਤ ਗ੍ਰਿਫਤਾਰ,315 ਤੇ 312 ਦੇ ਦੋ ਪਿਸਤੌਲ ਬਰਾਮਦ
ਸੁਖਜਿੰਦਰ ਮਾਨ
ਬਠਿੰਡਾ, 16 ਜਨਵਰੀ: ਲੰਘੀ 14 ਜਨਵਰੀ ਦੀ ਦੇਰ ਰਾਤ ਜ਼ਿਲ੍ਹੇ ਦੇ ਇਤਿਹਾਸਕ ਕਸਬੇ ਤਲਵੰਡੀ ਸਾਬੋ ਦੇ ਇੱਕ ਹਸਪਤਾਲ ਦੇ ਡਾਕਟਰ ਦਿਨੇਸ਼ ਉਪਰ ਫਿਰੌਤੀ ਲਈ ਗੋਲੀਆਂ ਚਲਾਉਣ ਵਾਲਿਆਂ ਨੂੰ ਪੁਲਿਸ ਨੇ ਮੁਕਾਬਲੇ ਤੋਂ ਬਾਅਦ ਅੱਧੀ ਰਾਤ ਤਲਵੰਡੀ ਨਜਦੀਕ ਪਿੰਡ ਗੁਰੂਸਰ ਕੋਲੋ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਮੁਕਾਬਲੇ ਵਿਚ ਗ੍ਰਿਫਤਾਰ ਕੀਤੇ ਨੌਜਵਾਨਾਂ ਦੀ ਪਹਿਚਾਣ ਬੀਨੂੰ ਅਤੇ ਦਵਿੰਦਰ ਵਜੋਂ ਹੋਈ ਹੈ। ਵੀਨੂੰ ਤਲਵੰਡੀ ਸਾਬੋ ਦਾ ਹੀ ਰਹਿਣ ਵਾਲਾ ਹੈ ਜਦੋਂਕਿ ਦਵਿੰਦਰ ਬਰਾੜ ਦਾ ਪਿੰਡ ਮਹਿਮਾ ਸਰਜ਼ਾ ਦਸਿਆ ਜਾ ਰਿਹਾ, ਜਿਸ ਉਪਰ ਇਸਤੋਂ ਪਹਿਲਾਂ ਵੀ ਲੁੱਟ-ਖੋਹ ਅਤੇ ਕੁੱਟਮਾਰ ਸਹਿਤ ਅੱਧੀ ਦਰਜ਼ਨ ਦੇ ਕਰੀਬ ਪਰਚੇ ਦਰਜ਼ ਹਨ। ਡਾਕਟਰ ਦੇ ਹਸਪਤਾਲ ਅੰਦਰ ਜਾ ਕੇ ਗੋਲੀ ਕਾਂਡ ਦੀ ਘਟਨਾ ਨੂੰ ਅੰਜਾਮ ਇੰਨਾਂ ਦੋਨਾਂ ਵਲੋਂ ਹੀ ਦਿੱਤਾ ਗਿਆ ਸੀ। ਜਦੋਂਕਿ ਇਸ ਕਾਂਡ ਦਾ ਮੁੱਖ ਸਾਜਸ਼ਕਰਤਾ ਚਰਚਿਤ ਗੈਂਗਸਟਰ ਮਨਪ੍ਰੀਤ ਮੰਨਾ ਦਾ ਰਿਸ਼ਤੇਦਾਰੀ ਵਿਚੋਂ ਲੱਗਦਾ ਭਰਾ ਪ੍ਰਦੀਪ ਦਸਿਆ ਜਾ ਰਿਹਾ ਹੈ। ਜਿਸਦੇ ਇਸ਼ਾਰੇ ’ਤੇ ਹੀ ਇਹ ਘਟਨਾ ਵਾਪਰੀ ਦਸੀ ਜਾ ਰਹੀ ਹੈ। ਪੁਲਿਸ ਸੂਤਰਾਂ ਮੁਤਾਬਕ ਇਸ ਕਾਂਡ ’ਚ ਜਿੰਮੇਵਾਰ ਸਾਰੇ ਨੌਜਵਾਨਾਂ, ਜਿੰਨ੍ਹਾਂ ਵਿਚ ਪ੍ਰਦੀਪ ਸਿੰਘ, ਬੀਨੂੰ ਸਿੰਘ, ਦਵਿੰਦਰ ਸਿੰਘ, ਚੀਨਾ, ਮੰਨਾ, ਪਰਮ ਅਤੇ ਇੱਕ ਹੋਰ ਸ਼ਾਮਲ ਹੈ, ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ ਵੀਨੂੰ ਦਾ ਬਠਿੰਡਾ ਸਥਿਤ ਹਸਪਤਾਲ ਵਿਚ ਇਲਾਜ਼ ਚੱਲ ਰਿਹਾ ਹੈ। ਇੰਨਾਂ ਕੋਲੋਂ ਦੋ ਪਿਸਤੌਲ 315 ਅਤੇ 312 ਬੋਰ ਅਤੇ ਇਕ ਡਸਟਰ ਗੱਡੀ ਵੀ ਬਰਾਮਦ ਕੀਤੀ ਗਈ ਹੈ। ਪੁਲਿਸ ਸੂਤਰਾਂ ਮੁਤਾਬਕ ਪੁਲਿਸ ਮੁਕਾਬਲੇ ਤੋਂ ਪਹਿਲਾਂ ਹੀ ਪੰਜ ਨੌਜਵਾਨਾਂ ਨੂੰ ਪੁਲਿਸ ਨੇ ਚੂੱਕ ਲਿਆ ਸੀ ਪ੍ਰੰਤੂ ਬੀਨੂੰ ਅਤੇ ਦਵਿੰਦਰ ਦੇ ਗੁਰੂਸਰ ਕੋਲ ਲੁਕੇ ਹੋਣ ਬਾਰੇ ਪਤਾ ਚੱਲਿਆ ਸੀ। ਜਦ ਪੁਲਿਸ ਨੇ ਘੇਰਾਬੰਦੀ ਕਰਕੇ ਦੋਨਾਂ ਨੂੰ ਕਾਬੂ ਕਰਨਾ ਚਾਹਿਆ ਤਾਂ ਉਨ੍ਹਾਂ ਪੁਲਿਸ ਉਪਰ ਗੋਲੀ ਚਲਾ ਦਿੱਤੀ, ਹਾਲਾਂਕਿ ਪੁਲਿਸ ਦੇ ਕਿਸੇ ਮੁਲਾਜਮ ਨੂੰ ਗੋਲੀ ਨਹੀਂ ਲੱਗੀ ਪ੍ਰੰਤੂ ਜਵਾਬੀ ਕਾਰਵਾਈ ਵਿਚ ਬੀਨੂੰ ਦੇ ਲੱਤਾਂ ਵਿਚ ਗੋਲੀਆਂ ਲੱਗੀਆਂ, ਜਿਸ ਕਾਰਨ ਜਖਮੀ ਹੋਏ ਬੀਨੂੰ ਨੂੰ ਕਾਬੂ ਕਰਕੇ ਹਸਪਤਾਲ ਭਰਤੀ ਕਰਵਾਇਆ ਗਿਆ। ਜਦੋਂਕਿ ਉਸਦੇ ਦੂਜੇ ਸਾਥੀ ਦਵਿੰਦਰ ਬਰਾੜ ਨੂੰ ਅੱਧੀ ਰਾਤ ਤੱਕ ਚੱਲੇ ਸਰਚ ਅਪਰੇਸ਼ਨ ਦੌਰਾਨ ਕਾਬੂ ਕੀਤਾ ਗਿਆ। ਇਸ ਸਾਰੇ ਅਪਰੇਸ਼ਨ ਦੀ ਅਗਵਾਈ ਖੁਦ ਐਸ.ਐਸ.ਪੀ ਜੇ.ਇਲਨਚੇਲੀਅਨ ਵਲੋਂ ਕੀਤੀ ਗਈ, ਜਿੰਨ੍ਹਾਂ ਵਲੋਂ ਅੱਜ ਇਸ ਮਾਮਲੇ ਵਿਚ ਇੱਕ ਪ੍ਰੈਸ ਕਾਨਫਰੰਸ ਕਰਕੇ ਸਾਰੇ ਤੱਥਾਂ ਨੂੰ ਜਨਤਾ ਸਾਹਮਣੇ ਰੱਖਿਆ ਜਾ ਰਿਹਾ ਹੈ। ਪੁਲਿਸ ਸੂਤਰਾਂ ਮੁਤਾਬਕ ਇਹ ਸਾਰੀ ਘਟਨਾ ਨੂੰ ਡਾਕਟਰ ਤੋਂ ਫ਼ਿਰੌਤੀ ਨਾ ਮਿਲਣ ਕਾਰਨ ਅੰਜਾਮ ਦਿੱਤਾ ਗਿਆ ਸੀ ਤੇ ਬਦਮਾਸ਼ਾਂ ਨੇ ਡਾਕਟਰ ਕੋਲੋ ਤਿੰਨ ਲੱਖ ਰੁਪਏ ਦੀ ਫ਼ਿਰੌਤੀ ਮੰਗੀ ਸੀ। ਸੂਤਰਾਂ ਮੁਤਾਬਕ 14 ਜਨਵਰੀ ਦੀ ਦੇਰ ਰਾਤ ਬੀਨੂੰ ਅਤੇ ਦਵਿੰਦਰ ਆਪਣੇ ਇਕ ਸਾਥੀ ਨਾਲ ਮੋਟਰਸਾਈਕਲ ਤੇ ਸਵਾਰ ਹੋ ਕੇ ਨੱਤ ਰੋਡ ’ਤੇ ਸਥਿਤ ਡਾਕਟਰ ਦਿਨੇਸ਼ ਦੇ ਹਸਪਤਾਲ ਰਾਜ ਨਰਸਿੰਗ ਹੋਮ ਵਿਚ ਗਏ ਸਨ, ਜਿੱਥੇ ਵੀਨੂੰ ਅਤੇ ਦਵਿੰਦਰ ਦੋਨੋਂ ਹਸਪਤਾਲਦੇ ਅੰਦਰ ਚਲੇ ਗਏ ਅਤੇ ਪਰਚੀ ਕਟਵਾਉਣ ਤੋਂ ਬਾਅਦ ਉਹ ਡਾਕਟਰ ਦੇ ਕੈਬਿਨ ਵਿਚ ਅੰਦਰ ਗਏ, ਜਿੱਥੇ ਉਨ੍ਹਾਂ ਡਾਕਟਰ ਦੀ ਪ੍ਰਦੀਪ ਨਾਲ ਗੱਲ ਕਰਵਾਈ, ਜਿਸਨੇ ਖੁਦ ਗੈਂਗਸਟਰ ਮਨਪ੍ਰੀਤ ਮੰਨਾ ਦਸਦਿਆਂ ਆਪਣੇ ਬੰਦਿਆਂ ਨੂੰ ਤਿੰਨ ਲੱਖ ਰੁਪਏ ਦੇਣ ਲਈ ਕਿਹਾ ਪਰੰਤੂ ਡਾਕਟਰ ਵੱਲੋਂ ਜਵਾਬ ਦੇਣ ‘ਤੇ ਦਵਿੰਦਰ ਡਾਕਟਰ ਨਾਲ ਹੱਥੋਪਾਈ ਹੋ ਗਿਆ ਜਦੋਂ ਕਿ ਬੀਨੂੰ ਨੇ ਡਾਕਟਰ ਉਪਰ ਗੋਲੀਆਂ ਚਲਾ ਦਿੱਤੀਆਂ ,ਜਿਸ ਕਾਰਨ ਡਾਕਟਰ ਜਖ਼ਮੀ ਹੋ ਗਿਆ ਸੀ ਤੇ ਬਾਅਦ ਵਿਚ ਉਸਨੂੰ ਇਲਾਜ਼ ਲਈ ਮੈਕਸ ਹਸਪਤਾਲ ਅੰਦਰ ਦਾਖ਼ਲ ਕਰਵਾਇਆ ਗਿਆ ਹੈ। ਇਸ ਸਬੰਧ ਵਿਚ 14 ਜਨਵਰੀ ਨੂੰ ਹੀ ਤਲਵੰਡੀ ਸਾਬੋ ਪੁਲਿਸ ਵਲੋਂ ਚਮਨ ਲਾਲ ਦੇ ਬਿਆਨਾਂ ਉਪਰ ਮੁਕੱਦਮਾ ਨੰਬਰ 9 ਅਧੀਨ ਧਾਰਾ 307,34 ਆਈ.ਪੀ.ਸੀ ਅਤੇ 25/54/59 ਆਰਮਜ਼ ਐਕਟ ਤਹਿਤ ਕੇਸ ਦਰਜ਼ ਕਰ ਲਿਆ ਸੀ ਅਤੇ ਇਸ ਮੁਕੱਦਮੇ ਵਿਚ ਉਕਤ ਮੁਜ਼ਰਮਾਂ ਨੂੰ ਨਾਮਜਦ ਕਰ ਲਿਆ ਹੈ।





