Thursday, May 21, 2026
Home Blog Page 2242

ਡਾਕਟਰ ਉਪਰ ਗੋਲੀਆਂ ਚਲਾਉਣ ਵਾਲੇ ਗੈਂਗਸਟਰਾਂ ਦਾ ਪੁਲਿਸ ਨਾਲ ਮੁਕਾਬਲਾ ਸ਼ੁਰੂ

0

ਇਕ ਗੈਂਗਸਟਰ ਜ਼ਖ਼ਮੀ, ਪੁਲਿਸ ਦੇ ਉੱਚ ਅਧਿਕਾਰੀ ਪੁੱਜੇ ਮੌਕੇ ਉਪਰ 
ਸੁਖਜਿੰਦਰ ਮਾਨ
ਬਠਿੰਡਾ, 15 ਜਨਵਰੀ: ਬੀਤੀ ਦੇਰ ਰਾਤ ਤਲਵੰਡੀ ਸਾਬੋ ਦੇ ਡਾਕਟਰ ਦਿਨੇਸ਼ ਉਪਰ ਫਿਰੌਤੀ ਲਈ ਗੋਲੀਆਂ ਚਲਾਉਣ ਵਾਲਿਆਂ ਦਾ ਪੁਲਿਸ ਨਾਲ ਮੁਕਾਬਲਾ ਹੋਣ ਦੀ ਸੂਚਨਾ ਹੈ। ਇਸ ਮੁਕਾਬਲੇ ਵਿਚ ਇਕ ਗੈਂਗਸਟਰ ਦੇ ਪੁਲਿਸ ਗੋਲੀ ਨਾਲ ਜ਼ਖ਼ਮੀ ਹੋਣ ਦੀ ਸੂਚਨਾ ਹੈ, ਜਿਸਨੂੰ ਪਹਿਲਾਂ ਤਲਵੰਡੀ ਸਾਬੋ ਅਤੇ ਬਾਅਦ ਵਿੱਚ ਬਠਿੰਡਾ ਦੇ ਹਸਪਤਾਲ ਵਿਚ ਰੈਫਰ ਕਰ ਦਿੱਤਾ। ਜ਼ਖ਼ਮੀ ਦੀ ਪਹਿਚਾਣ ਵੀਨੂੰ ਸਿੰਘ ਦੇ ਤੌਰ ਤੇ ਹੋਈ ਹੈ ਸੋ ਤਲਵੰਡੀ ਸਾਬੋ ਦਾ ਹੀ ਰਹਿਣ ਵਾਲਾ ਦਸਿਆ ਜਾ ਰਿਹਾ ਹੈ। ਉਧਰ ਤਲਵੰਡੀ-ਰਾਮਾ ਰੋਡ ‘ਤੇ ਪਿੰਡ ਗੁਰੂਸਰ ਕੋਲ ਪੁਲਿਸ ਤੇ ਗੈਂਗਸਟਰਾਂ ਵਿਚਕਾਰ ਚੱਲ ਰਹੇ ਪੁਲਿਸ ਮੁਕਾਬਲੇ ਵਾਲੀ ਥਾਂ ਉਪਰ ਐਸ ਐਸ ਪੀ ਸਹਿਤ ਪੁਲਿਸ ਦੇ ਵੱਡੇ ਅਧਿਕਾਰੀ ਮੌਕੇ ‘ਤੇ ਪੁੱਜ ਗਏ ਹਨ। ਪੁਲਿਸ ਅਧਿਕਾਰੀਆਂ ਮੁਤਾਬਕ ਘਟਨਾ ਵਾਲੀ ਥਾਂ ‘ਤੇ ਕੁਝ ਹੋਰ ਗੈਂਗਸਟਰ ਵੀ ਲੁਕੇ ਹੋਏ ਹਨ, ਜਿਸਦੇ ਚਲਦੇ ਇਲਾਕੇ ਨੂੰ ਘੇਰਿਆ ਹੋਇਆ ਹੈ। ਗੌਰਤਲਬ ਹੈ ਕਿ ਬੀਤੀ ਦੇਰ ਰਾਤ ਮੋਟਰਸਾਈਕਲ ਤੇ ਆਏ ਤਿੰਨ ਨੌਜਵਾਨਾਂ ਨੇ ਡਾਕਟਰ ਦੇ ਹਸਪਤਾਲ ਵਿਚ ਦਾਖਲ ਹੋ ਕੇ ਚਲਾਈਆਂ ਸਨ ਗੋਲੀਆਂ, ਇਸ ਘਟਨਾ ਵਿਚ ਜ਼ਖ਼ਮੀ ਹੋਏ ਡਾਕਟਰ ਦਾ ਬਠਿੰਡਾ ਦੇ ਮੈਕਸ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ। ਸੂਤਰਾਂ ਮੁਤਾਬਕ ਇਸ ਘਟਨਾ ਦੇ ਪਿੱਛੇ ਤਲਵੰਡੀ ਸਾਬੋ ਇਲਾਕੇ ਦੇ ਹੀ ਇੱਕ ਵੱਡੇ ਗੈਂਗਸਟਰ ਮਨਪ੍ਰੀਤ ਮੰਨਾ ਦਾ ਹੱਥ ਦਸਿਆ ਜਾ ਰਿਹਾ ਹੈ ਅਤੇ ਡਾਕਟਰ ‘ਤੇ ਹਮਲਾ ਕਰਨ ਵਾਲੇ ਵੀ ਉਸਦੇ ਸਾਥੀ ਹਨ। ਪੁਲਿਸ ਸੂਤਰਾਂ ਅਨੁਸਾਰ ਇਸ ਘਟਨਾ ਨੂੰ ਅੰਜਾਮ ਦੇਣ ਵਾਲਿਆਂ ਬਾਰੇ ਪੁਲਿਸ ਅੱਜ ਦਿਨੇ ਹੀ ਪਤਾ ਚੱਲ ਗਿਆ ਸੀ ਜਿਸਤੋਂ ਬਾਅਦ ਉਕਤ ਥਾਂ ਉਪਰ ਘੇਰਾਬੰਦੀ ਕੀਤੀ ਗਈ ਸੀ। ਐਸ ਐਸ ਪੀ ਜੇ ਇਲਨਚੇਲੀਅਨ ਨੇ ਇਸਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਘੇਰਾਬੰਦੀ ਜਾਰੀ ਹੈ ਤੇ ਇਕ ਜ਼ਖ਼ਮੀ ਹੋਏ ਗੈਂਗਸਟਰ ਨੂੰ ਹਸਪਤਾਲ ਲਿਆਂਦਾ ਗਿਆ ਹੈ।

ਸੜਕ ਹਾਦਸੇ ਵਿਚ ਬਜੁਰਗ ਵਿਅਕਤੀ ਦੀ ਮੌਤ, ਨਹੀਂ ਹੋਈ ਪਹਿਚਾਣ

0

ਕਾਰ ਚਾਲਕ ਮੌਕੇ ਤੋਂ ਹੋਇਆ ਫ਼ਰਾਰ, ਮ੍ਰਿਤਕ ਦੀ ਇੱਕ ਲੱਤ ਵੀ ਗਾਇਬ
ਸੁਖਜਿੰਦਰ ਮਾਨ
ਬਠਿੰਡਾ, 15 ਜਨਵਰੀ : ਬਠਿੰਡਾ ਮੁਕਤਸਰ ਰੋਡ ’ਤੇ ਬੀਤੀ ਸ਼ਾਮ ਪਿੰਡ ਬੁਰਜ ਮਹਿਮਾ ਦੇ ਰਜਵਾਹੇ ਕੋਲ ਇਕ ਵਿਅਕਤੀ ਦੀ ਸੜਕ ਹਾਦਸੇ ਵਿਚ ਮੌਤ ਹੋਣ ਦੀ ਸੂਚਨਾ ਮਿਲੀ ਹੈ। ਇਸ ਘਟਨਾ ਦਾ ਇੱਕ ਪਹਿਲੂ ਇਹ ਵੀ ਹੈ ਕਿ ਜਿੱਥੇ ਕਥਿਤ ਦੋਸ਼ੀ ਕਾਰ ਚਾਲਕ ਮੌਕੇ ਤੋਂ ਕਾਰ ਛੱਡ ਕੇ ਫ਼ਰਾਰ ਹੋ ਗਿਆ ਹੈ, ਉਥੇ ਮ੍ਰਿਤਕ ਬਜੁਰਜ਼ ਦੀ ਵੀ ਹਾਲੇ ਤੱਕ ਪਹਿਚਾਣ ਨਹੀਂ ਹੋ ਸਕੀ ਹੈ। ਇਸਤੋਂ ਇਲਾਵਾ ਉਸਦੀ ਇੱਕ ਲੱਤ ਵੀ ਮੌਕੇ ਤੋਂ ਨਹੀਂ ਮਿਲੀ ਹੈ। ਲਾਸ਼ ਨੂੰ ਪੁਲਿਸ ਨੇ ਸਹਾਰਾ ਜਨ ਸੇਵਾ ਦੇ ਵਰਕਰਾਂ ਦੀ ਮੱਦਦ ਨਾਲ ਹਸਪਤਾਲ ਦੇ ਮੁਰਦਾ ਘਰ ਵਿਚ ਰਖਵਾ ਦਿੱਤਾ ਹੈ। ਮਾਮਲੇ ਦੀ ਪੁਸ਼ਟੀ ਕਰਦਿਆਂ ਪੁਲਿਸ ਚੌਕੀ ਕਿਲੀ ਨਿਹਾਲ ਸਿੰਘ ਵਾਲਾ ਦੇ ਇੰਚਾਰਜ ਰਾਜਪਾਲ ਸਿੰਘ ਨੇ ਦੱਸਿਆ ਕਿ ਇਹ ਹਾਦਸਾ ਰਾਤ ਵਾਪਰਿਆਂ ਜਾਪਦਾ ਹੈ, ਜਿਸ ਵਿਚ ਇਕ ਅਣਪਛਾਤੇ ਵਿਅਕਤੀ ਦੀ ਮੌਤ ਹੋ ਗਈ ਪਰੰਤੂ ਉਸਦੀ ਹਾਲੇ ਤੱਕ ਸਿਨਾਖ਼ਤ ਨਹੀਂ ਹੋ ਸਕੀ। ਜਦੋਂਕਿ ਲਾਸ਼ ਦੇ ਨਜਦੀਕ ਹੀਇਕ ਫੋਰਡ ਫਿਗੋ ਕਾਰ, ਜਿਸਦਾ ਨੰਬਰ. ਡੀ . ਐਲ10ਸੀ ਐਫ 1697 ਲਾਵਾਰਿਸ ਹਾਲਾਤ ਵਿਚ ਖੜੀ ਹੋਈ ਮਿਲੀ ਹੈ ਤੇ ਕਾਰ ਦੀ ਹਾਲਾਤ ਤੋਂ ਸਪੱਸ਼ਟ ਲੱਗਦਾ ਹੈ ਕਿ ਇਹ ਹਾਦਸਾ ਉਸਦੇ ਵਲੋਂ ਹੀ ਕੀਤਾ ਗਿਆ ਹੈ।

ਲੋਕਾਂ ਨੂੰ ਜਲਦੀ ਮਿਲੇਗੀ ਵੱਡੀ ਸਹੂਲਤ; ਆਨਲਾਈਨ ਦੇਖ ਸਕਣਗੇ ਜ਼ਮੀਨ ਦੀ ਸਥਿਤੀ

0

ਅਮਨ ਅਰੋੜਾ ਵੱਲੋਂ ਅਧਿਕਾਰੀਆਂ ਨੂੰ ਖਸਰਾ ਆਧਾਰਤ ਮਾਸਟਰਪਲਾਨਜ਼ ਨੂੰ ਡਿਜੀਟਾਈਜ਼ ਕਰਨ ਦੀ ਪ੍ਰਕਿਰਿਆ ਤੇਜ਼ ਕਰਨ ਦੇ ਨਿਰਦੇਸ਼
ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਮੰਤਰੀ ਨੇ ਪੀ.ਆਰ.ਐਸ.ਟੀ. ਟੀਮ ਨਾਲ ਮੀਟਿੰਗ ਦੌਰਾਨ ਪ੍ਰਾਜੈਕਟ ਦੀ ਕੀਤੀ ਸਮੀਖਿਆ
ਮੁਸਾਵੀ (ਕੈਡਸਟਰਲ ਮੈਪ) ’ਤੇ ਮਾਸਟਰਪਲਾਨਜ਼ ਨੂੰ ਸੁਪਰਇੰਪੋਜ਼ ਕਰਦੇ ਸਮੇਂ ਸਟੀਕਤਾ ਤੇ ਮਿਆਰ ਨੂੰ ਯਕੀਨੀ ਬਣਾਉਣ ਲਈ ਕਿਹਾ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 15 ਜਨਵਰੀ: ਸੂਬੇ ਦੇ ਲੋਕਾਂ ਨੂੰ ਇਕ ਹੋਰ ਵੱਡੀ ਸਹੂਲਤ ਦੇਣ ਲਈ ਪੰਜਾਬ ਦੇ ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਵਿਭਾਗ ਨੇ ਖਸਰਾ ਆਧਾਰਤ ਮਾਸਟਪਲਾਨਜ਼ ਨੂੰ ਡਿਜੀਟਾਈਜ਼ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ ਹੈ, ਜਿਸ ਨਾਲ ਆਮ ਵਿਅਕਤੀ ਜ਼ਮੀਨ ਦੀ ਸਥਿਤੀ, ਇਸ ਦੀ ਮੌਜੂਦਾ ਵਰਤੋਂ ਅਤੇ ਜ਼ੋਨਿੰਗ ਪਲਾਨ ਬਾਰੇ ਆਸਾਨੀ ਨਾਲ ਪਤਾ ਕਰ ਸਕੇਗਾ। ਪੰਜਾਬ ਦੇ ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਮੰਤਰੀ ਸ੍ਰੀ ਅਮਨ ਅਰੋੜਾ ਨੇ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਇਸ ਪ੍ਰਾਜੈਕਟ ਨੂੰ ਲਾਗੂ ਕਰਨ ਦੀ ਪ੍ਰਕਿਰਿਆ ਨੂੰ ਹੋਰ ਤੇਜ਼ ਕਰਨ ਵਾਸਤੇ ਪੰਜਾਬ ਰਿਮੋਟ ਸੈਂਸਿੰਗ ਸੈਂਟਰ (ਪੀ.ਆਰ.ਐਸ.ਸੀ.) ਦੀ ਟੀਮ ਨਾਲ ਤਾਲਮੇਲ ਕਰਨ ਤਾਂ ਜੋ ਲੋਕਾਂ ਨੂੰ ਜ਼ਮੀਨ ਨਾਲ ਸਬੰਧਤ ਸਾਰੀ ਜਾਣਕਾਰੀ ਇੱਕ ਕਲਿੱਕ ’ਤੇ ਮੁਹੱਈਆ ਕਰਵਾਈ ਜਾ ਸਕੇ। ਪੀ.ਆਰ.ਐਸ.ਸੀ. ਦੀ ਟੀਮ ਨਾਲ ਮੀਟਿੰਗ ਦੌਰਾਨ ਇਸ ਪ੍ਰਾਜੈਕਟ ਦੀ ਸਥਿਤੀ ਦਾ ਜਾਇਜ਼ਾ ਲੈਂਦਿਆਂ ਸ੍ਰੀ ਅਮਨ ਅਰੋੜਾ ਨੇ ਕਿਹਾ ਕਿ ਇਸ ਪ੍ਰਾਜੈਕਟ ਦੇ ਲਾਗੂ ਹੋਣ ਨਾਲ ਲੋਕ ਆਪਣੀ ਜ਼ਮੀਨ ਨੂੰ ਆਨਲਾਈਨ ਦੇਖ ਸਕਣਗੇ। ਇਸ ਤੋਂ ਇਲਾਵਾ ਜਿਸ ਖੇਤਰ ਵਿੱਚ ਉਨ੍ਹਾਂ ਦੀ ਜ਼ਮੀਨ ਪੈਂਦੀ ਹੈ, ਉਸ ਖੇਤਰ ਦੇ ਜ਼ੋਨਿੰਗ ਪਲਾਨ ਬਾਰੇ ਵੀ ਜਾਣਕਾਰੀ ਹਾਸਲ ਕਰ ਸਕਣਗੇ। ਉਨ੍ਹਾਂ ਦੱਸਿਆ ਕਿ ਇਹ ਪਹਿਲਕਦਮੀ ਜ਼ਮੀਨ ਦੀ ਵਰਤੋਂ ਵਿੱਚ ਤਬਦੀਲੀ (ਸੀ.ਐਲ.ਯੂ.) ਲਈ ਆਸਾਨੀ ਨਾਲ ਅਪਲਾਈ ਕਰਨ ਵੀ ਮਦਦਗਾਰ ਸਾਬਤ ਹੋਵੇਗੀ। ਇਸ ਤੋਂ ਇਲਾਵਾ ਰਿਕਾਰਡ ਦੇ ਰੱਖ-ਰਖਾਅ ਦੀ ਵਿਧੀ ਵਿੱਚ ਪਾਰਦਰਸ਼ਤਾ ਆਵੇਗੀ ਅਤੇ ਸੂਬੇ ਵਿੱਚ ਨਿਵੇਸ਼ ਨੂੰ ਉਤਸ਼ਾਹ ਮਿਲੇਗਾ। ਮੁੱਖ ਮੰਤਰੀ ਸ. ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਵਿਭਾਗ ਨੇ ਲੋਕਾਂ ਨੂੰ ਪਾਰਦਰਸ਼ੀ ਢੰਗ ਨਾਲ ਉਨ੍ਹਾਂ ਦੇ ਦਰ ’ਤੇ ਸੇਵਾਵਾਂ ਪ੍ਰਦਾਨ ਕਰਨ ਲਈ ਕਈ ਸੁਧਾਰਾਤਮਕ ਕਦਮ ਚੁੱਕੇ ਹਨ। ਇਸ ਦੌਰਾਨ ਕੈਬਨਿਟ ਮੰਤਰੀ ਨੂੰ ਦੱਸਿਆ ਗਿਆ ਕਿ ਕੁੱਲ 43 ਮਾਸਟਰਪਲਾਨਜ਼ ਪਹਿਲਾਂ ਹੀ ਨੋਟੀਫਾਈ ਕੀਤੇ ਜਾ ਚੁੱਕੇ ਹਨ। ਇਨ੍ਹਾਂ 43 ਵਿੱਚੋਂ 22 ਮਾਸਟਰਪਲਾਨਜ਼ ਲਈ ਖਸਰਾ ਆਧਾਰਤ ਡਿਜੀਟਾਈਜੇਸ਼ਨ ਮੈਪਿੰਗ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਇਸ ਪ੍ਰਾਜੈਕਟ ਤਹਿਤ ਮੁਸਾਵੀ (ਕੈਡਸਟਰਲ ਮੈਪ) ’ਤੇ ਮਾਸਟਰਪਲਾਨਜ਼ ਨੂੰ ਸੁਪਰਇੰਪੋਜ਼ ਕੀਤਾ ਜਾ ਰਿਹਾ ਹੈ। ਸ੍ਰੀ ਅਮਨ ਅਰੋੜਾ ਨੇ ਪੀ.ਆਰ.ਐਸ.ਸੀ. ਦੀ ਟੀਮ ਅਤੇ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਕਿ ਇਸ ਪ੍ਰਾਜੈਕਟ ਵਿੱਚ ਨਵੀਨਤਮ ਤਕਨਾਲੋਜੀ ਦੀ ਵਰਤੋਂ ਕੀਤੀ ਜਾਵੇ ਅਤੇ ਇਸ ਕੰਮ ਵਿੱਚ ਸਟੀਕਤਾ ਅਤੇ ਮਿਆਰ ਨੂੰ ਬਰਕਰਾਰ ਰੱਖਣਾ ਯਕੀਨੀ ਬਣਾਇਆ ਜਾਵੇ। ਇਸ ਮੀਟਿੰਗ ਵਿੱਚ ਪ੍ਰਮੁੱਖ ਸਕੱਤਰ ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਸ੍ਰੀ ਅਜੋਏ ਕੁਮਾਰ ਸਿਨਹਾ, ਪੁੱਡਾ ਦੇ ਮੁੱਖ ਪ੍ਰਸ਼ਾਸਕ ਸ੍ਰੀਮਤੀ ਅਪਨੀਤ ਰਿਆਤ, ਚੀਫ਼ ਟਾਊਨ ਪਲਾਨਰ ਪੰਜਾਬ ਸ੍ਰੀ ਪੰਕਜ ਬਾਵਾ, ਡਾਇਰੈਕਟਰ ਪੀ.ਆਰ.ਐਸ.ਸੀ. ਡਾ. ਬ੍ਰਿਜੇਂਦਰ ਪਟੇਰੀਆ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।

ਪੰਜਾਬ ਪੁਲਿਸ ਵੱਲੋਂ ਕੈਨੇਡਾ ਅਧਾਰਤ ਅੱਤਵਾਦੀ ਗੋਲਡੀ ਬਰਾੜ ਦਾ ਕਾਰਕੁਨ ਹਿਮਾਚਲ ਪ੍ਰਦੇਸ਼ ਤੋਂ ਗ੍ਰਿਫਤਾਰ

0

ਗ੍ਰਿਫਤਾਰ ਮੁਲਜ਼ਮ ਪਰਦੀਪ ਸਿੰਘ ਦੀ ਟਾਰਗੇਟ ਕਿਲਿੰਗ ’ਚ ਸ਼ਾਮਲ: ਡੀਜੀਪੀ ਗੌਰਵ ਯਾਦਵ
ਪੰਜਾਬ ਪੁਲਿਸ ਮੁੱਖ ਮੰਤਰੀ ਭਗਵੰਤ ਮਾਨ ਦੀ ਸੋਚ ਅਨੁਸਾਰ ਪੰਜਾਬ ਨੂੰ ਸੁਰੱਖਿਅਤ ਸੂਬਾ ਬਣਾਉਣ ਲਈ ਵਚਨਬੱਧ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 15 ਜਨਵਰੀ: ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ-ਨਿਰਦੇਸ਼ਾਂ ’ਤੇ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਦੇ ਹਿੱਸੇ ਵਜੋਂ ਪੰਜਾਬ ਪੁਲਿਸ ਨੇ ਕੈਨੇਡਾ ਅਧਾਰਤ ਅੱਤਵਾਦੀ ਗੋਲਡੀ ਬਰਾੜ ਦੇ ਸਰਗਰਮ ਕਾਰਕੁਨ ਨੂੰ ਸੁੰਦਰ ਨਗਰ, ਹਿਮਾਚਲ ਪ੍ਰਦੇਸ਼ ਤੋਂ ਗ੍ਰਿਫਤਾਰ ਕੀਤਾ ਹੈ। ਡੀਜੀਪੀ ਪੰਜਾਬ ਗੌਰਵ ਯਾਦਵ ਨੇ ਦੱਸਿਆ ਕਿ ਗ੍ਰਿਫ਼ਤਾਰ ਮੁਲਜ਼ਮ ਦੀ ਪਛਾਣ ਇੰਦਰਪ੍ਰੀਤ ਸਿੰਘ ਉਰਫ ਪੈਰੀ (32) ਵਾਸੀ ਚੰਡੀਗੜ੍ਹ ਵਜੋਂ ਹੋਈ ਹੈ। ਪੈਰੀ 2011 ਵਿੱਚ ਡੀਏਵੀ ਕਾਲਜ, ਚੰਡੀਗੜ੍ਹ ਵਿੱਚ ਆਪਣੇ ਕਾਲਜ ਦੇ ਦਿਨਾਂ ਦੌਰਾਨ ਗੋਲਡੀ ਬਰਾੜ ਅਤੇ ਲਾਰੈਂਸ ਬਿਸ਼ਨੋਈ ਦੇ ਸੰਪਰਕ ਵਿੱਚ ਆਇਆ ਸੀ ਅਤੇ ਉਸਦੇ ਖਿਲਾਫ ਪੰਜਾਬ ਅਤੇ ਹਰਿਆਣਾ ਵਿੱਚ ਕਤਲ ਅਤੇ ਕਤਲ ਦੀ ਕੋਸ਼ਿਸ਼ ਦੇ ਦਰਜਨ ਤੋਂ ਵੱਧ ਮਾਮਲੇ ਦਰਜ ਹਨ। ਗ੍ਰਿਫਤਾਰ ਮੁਲਜ਼ਮ ਦੀ ਸ਼ਮੂਲੀਅਤ ਪਰਦੀਪ ਸਿੰਘ ਦੀ ਟਾਰਗੇਟ ਕਿਲਿੰਗ ਵਿੱਚ ਵੀ ਦੱਸੀ ਜਾ ਰਹੀ ਹੈ, ਜਿਸ ਨੂੰ 10 ਨਵੰਬਰ, 2022 ਨੂੰ ਕੋਟਕਪੂਰਾ ਵਿੱਚ ਉਸਦੀ ਦੁਕਾਨ ਦੇ ਬਾਹਰ ਛੇ ਵਿਅਕਤੀਆਂ ਵੱਲੋਂ ਮਾਰ ਦਿੱਤਾ ਗਿਆ ਸੀ। ਲਾਰੈਂਸ ਬਿਸ਼ਨੋਈ ਦੇ ਪੁਲਿਸ ਹਿਰਾਸਤ ਵਿੱਚੋਂ ਭੱਜਣ ਸਮੇਂ ਵੀ ਉਸਦੀ ਅਹਿਮ ਭੂਮਿਕਾ ਰਹੀ ਸੀ।ਉਨ੍ਹਾਂ ਕਿਹਾ ਕਿ ਯੋਜਨਾਬੱਧ ਤਫ਼ਤੀਸ਼ ਅਤੇ ਮਿਲੇ ਸੁਰਾਗਾਂ ਤੋਂ ਬਾਅਦ ਐਸਐਸਓਸੀ ਮੁਹਾਲੀ ਦੀਆਂ ਪੁਲਿਸ ਟੀਮਾਂ ਨੇ ਹਿਮਾਚਲ ਪ੍ਰਦੇਸ਼ ਵਿੱਚ ਪੈਰੀ ਦੇ ਟਿਕਾਣੇ ਦਾ ਪਤਾ ਲਗਾਇਆ ਅਤੇ ਸਥਾਨਕ ਪੁਲਿਸ ਦੀ ਮਦਦ ਨਾਲ ਉਸਨੂੰ ਸੁੰਦਰ ਨਗਰ ਵਿਖੇ ਇੱਕ ਹੋਟਲ ਤੋਂ ਗ੍ਰਿਫਤਾਰ ਕਰ ਲਿਆ। ਪਰਦੀਪ ਸਿੰਘ ਦੀ ਟਾਰਗੇਟ ਕਿਲਿੰਗ ਵਿੱਚ ਪੈਰੀ ਦੀ ਭੂਮਿਕਾ ਦਾ ਖੁਲਾਸਾ ਕਰਦਿਆਂ ਡੀਜੀਪੀ ਨੇ ਦੱਸਿਆ ਕਿ 7 ਨਵੰਬਰ 2022 ਨੂੰ ਗੋਲਡੀ ਬਰਾੜ ਦੇ ਨਿਰਦੇਸ਼ਾਂ ’ਤੇ ਪੈਰੀ ਨੇ ਹਰਸ਼ਵੀਰ ਸਿੰਘ ਬਾਜਵਾ ਨੂੰ 20,000 ਰੁਪਏ ਨਕਦ ਦਿੱਤੇ ਅਤੇ ਇਹ ਰਕਮ ਮਨਪ੍ਰੀਤ ਸਿੰਘ ਉਰਫ਼ ਮਨੀ, ਜੋ ਪਰਦੀਪ ਸਿੰਘ ਕਤਲ ਕਾਂਡ ਦਾ ਮੁਲਜ਼ਮ ਹੈ, ਦੇ ਖਾਤੇ ਵਿੱਚ ਜਮਾ ਕਰਵਾਉਣ ਲਈ ਕਿਹਾ। ਹਰਸ਼ਵੀਰ ਅਤੇ ਮਨੀ ਨੂੰ ਪੰਜਾਬ ਪੁਲਿਸ ਪਹਿਲਾਂ ਹੀ ਗ੍ਰਿਫਤਾਰ ਕਰ ਚੁੱਕੀ ਹੈ। ਡੀਜੀਪੀ ਨੇ ਦੁਹਰਾਇਆ ਕਿ ਪੰਜਾਬ ਪੁਲਿਸ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਸੋਚ ਅਨੁਸਾਰ ਪੰਜਾਬ ਨੂੰ ਸੁਰੱਖਿਅਤ ਸੂਬਾ ਬਣਾਉਣ ਲਈ ਵਚਨਬੱਧ ਹੈ। ਜ਼ਿਕਰਯੋਗ ਹੈ ਕਿ ਮੁਲਜ਼ਮ ਪੈਰੀ ਨੂੰ ਇਸ ਤੋਂ ਪਹਿਲਾਂ ਚੰਡੀਗੜ੍ਹ ਪੁਲੀਸ ਨੇ ਮਾਰਚ 2022 ਵਿੱਚ ਆਰਮਜ਼ ਐਕਟ ਕੇਸ ਵਿੱਚ ਗ੍ਰਿਫ਼ਤਾਰ ਕੀਤਾ ਸੀ ਅਤੇ ਉਸ ਦੇ ਕਬਜ਼ੇ ਵਿੱਚੋਂ ਇੱਕ ਗਲਾਕ ਪਿਸਤੌਲ ਅਤੇ ਇੱਕ .30 ਬੋਰ ਦਾ ਪਿਸਤੌਲ ਬਰਾਮਦ ਕੀਤਾ ਸੀ। ਇਸ ਮਾਮਲੇ ’ਚ ਉਹ ਕਰੀਬ 2 ਮਹੀਨੇ ਬੁੜੈਲ ਜੇਲ੍ਹ ’ਚ ਰਿਹਾ ਜਿਸ ਤੋਂ ਬਾਅਦ ਉਸ ਦੀ ਜ਼ਮਾਨਤ ਹੋ ਗਈ। ਉਹ 2021 ਵਿੱਚ ਜ਼ਮਾਨਤ ਹੋਣ ਤੱਕ ਜੇਲ੍ਹ ਵਿੱਚ ਰਿਹਾ। ਦੱਸਣਯੋਗ ਹੈ ਕਿ ਮੁਲਜ਼ਮ ਪੈਰੀ ਨੂੰ ਭਾਰਤੀ ਦੰਡਾਵਲੀ (ਆਈਪੀਸੀ) ਦੀਆਂ ਧਾਰਾਵਾਂ 153, 153-ਏ, 212, 216 ਅਤੇ 120-ਬੀ ਅਤੇ ਅਸਲਾ ਐਕਟ ਦੀ ਧਾਰਾ 25 ਤਹਿਤ ਪੁਲਿਸ ਸਟੇਸ਼ਨ ਐਸਐਸਓਸੀ, ਐਸਏਐਸ ਨਗਰ ਵਿਖੇ ਦਰਜ ਐਫਆਈਆਰ ਨੰਬਰ 7 ਮਿਤੀ 28.10.2022 ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ।

ਡਿਪਟੀ ਮੁੱਖ ਮੰਤਰੀ ਦੁਸ਼ਿਅੰਤ ਚੌਟਾਲਾ ਨੇ ਸੁਣੀਆਂ ਲੋਕਾਂ ਦੀਆਂ ਸਮੱਸਿਆਵਾਂ

0

ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 15 ਜਨਵਰੀ : ਹਰਿਆਣਾ ਦੇ ਡਿਪਟੀ ਮੁੱਖ ਮੰਤਰੀ ਦੁਸ਼ਿਯੰਤ ਚੌਟਾਲਾ ਨੇ ਅੱਜ ਹਿਸਾਰ ਸਥਿਤ ਅਰਬਨ ਅਸਟੇਟ ਵਿਚ ਆਪਣੀ ਰਿਹਾਇਸ਼ ’ਤੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆ ਅਤੇ ਉਨ੍ਹਾਂ ਦੇ ਹੱਲ ਕਰਨ ਲਈ ਮੌਕੇ ਤੇ ਹਾਜਿਰ ਅਧਿਕਾਰੀਆਂ ਨੂੰ ਲੋਂੜੀਦੇ ਨਿਰਦੇਸ਼ ਦਿੱਤੇ। ਡਿਪਟੀ ਮੁੱਖ ਮੰਤਰੀ ਨੇ ਕਿਹਾ ਕਿ ਲੋਕਾਂ ਦੀਆਂ ਸਮੱਸਿਆਵਾਂ ਨੂੰ ਲੈ ਕੇ ਸਬੰਧਤ ਵਿਭਾਗ ਐਕਸ਼ਨ ਟੇਕਨ ਰਿਪੋਰਟ ਤਿਆਰ ਕਰਕੇ ਉਨ੍ਹਾਂ ਨੂੰ ਵੀ ਜਾਣੂੰ ਕਰਵਾਉਣ। ਇਸ ਮੌਕੇ ਤੇ ਕਿਰਤ ਤੇ ਰੁਜ਼ਗਾਰ ਮੰਤਰੀ ਅਨੂਪ ਧਾਨਕ ਵੀ ਹਾਜਿਰ ਸਨ। ਸ਼੍ਰੀ ਚੋਟਾਲਾ ਨੇ ਕਿਹਾ ਕਿ ਸ਼ਹਿਰੀ ਖੇਤਰਾਂ ਦੀ ਤਰ੍ਹਾਂ ਪੇਂਡੂ ਖੇਤਰਾਂ ਦਾ ਵਿਕਾਸ ਕਰਵਾਉਣਾ ਉਨ੍ਹਾਂ ਦੀ ਪਹਿਲ ਹੈ ਅਤੇ ਇਸ ਦਿਸ਼ਾ ਵਿਚ ਯੋਜਨਾਵਾਂ ਤੇ ਕੰਮ ਕੀਤਾ ਜਾ ਰਿਹਾ ਹੈ। ਪੇਂਡੂ ਸਕੱਤਰੇਤ ਦਾ ਆਧੁਨਿਕੀਕਰਣ, ਈ-ਲਾਈਬ੍ਰੇਰੀ, ਇੰਡੋਰ ਜਿਮ ਤੇ ਜਨਤਕ ਕੇਂਦਰਾਂ ਦਾ ਨਿਰਮਾਣ ਆਦਿ ਕੰਮ ਕਰਵਾਏ ਜਾ ਰਹੇ ਹਨ। ਗ੍ਰੇਰਵਾਟਰ ਮੈਨੇਜਮੈਂਟ ਦੇ ਤਹਿਤ ਪਿੰਡਾਂ ਵਿਚ ਪਾਣੀ ਭਰਨ ਦੀ ਸਮੱਸਿਆ ਦਾ ਸਥਾਈ ਹੱਲ ਕੀਤਾ ਜਾ ਰਿਹਾ ਹੈ। ਇਸ ਤਰ੍ਹਾਂ ਨਾਲ ਪਿੰਡਾਂ ਵਿਚ ਲਾਇਟ ਤੇ ਸੀਸੀਟੀਵੀ ਕੈਮਰੇ ਵੀ ਲਗਾਏ ਜਾਣਗੇ। ਉਨ੍ਹਾਂ ਕਿਹਾ ਕਿ ਪਿੰਡਾਂ ਦੇ ਜਨਤਕ ਵਿਕਾਸ ਕੰਮਾਂ ਲਈ ਸਰਕਾਰ ਵੱਲੋਂ ਯੋਗ ਰਕਮ ਮਹੁੱਇਆ ਕਰਵਾਈ ਜਾ ਰਹੀ ਹੈ।

ਬਲਾਕ ਢੁੱਡੀਕੇ ਵਿਖੇ ਤੰਬਾਕੂ ਵਿਰੋਧੀ ਹਫਤੇ ਦੌਰਾਨ ਲੋਕਾਂ ਨੂੰ ਜਾਗਰੂਕ ਕੀਤਾ

0

ਗੈਰਕਾਨੂੰਨੀ ਢੰਗ ਨਾਲ ਤੰਬਾਕੂ ਵੇਚਣ ਅਤੇ ਵਰਤੋਂ ਕਰਨ ਵਾਲਿਆਂ ਦੇ ਕੋਟਪਾ ਐਕਟ ਤਹਿਤ ਚਾਲਾਨ ਕੱਟੇ
ਪੰਜਾਬੀ ਖ਼ਬਰਸਾਰ ਬਿਉਰੋ
ਢੁੱਡੀਕੇ ,15 ਜਨਵਰੀ : ਸਿਵਲ ਸਰਜਨ ਮੋਗਾ ਡਾ. ਰੁਪਿੰਦਰ ਕੌਰ ਗਿੱਲ ਦੇ ਦਿਸ਼ਾਂ ਨਿਰਦੇਸ਼ਾਂ ਹੇਠ ਕੌਮੀ ਤੰਬਾਕੂ ਕੰਟਰੋਲ ਪ੍ਰੋਗਰਾਮ ਤਹਿਤ ਸੀਨੀਅਰ ਮੈਡੀਕਲ ਅਫਸਰ ਡਾ. ਸੁਰਿੰਦਰ ਸਿੰਘ ਝੱਮਟ ਦੀ ਅਗਵਾਈ ਵਿੱਚ ਤੰਬਾਕੂ ਵਿਰੋਧੀ ਹਫਤੇ ਦੌਰਾਨ ਤੰਬਾਕੂ ਤੋਂ ਬਚਾਉ ਲਈ ਵੱਖ ਵੱਖ ਸਕੂਲਾਂ ਦੇ ਵਿਦਿਆਰਥੀਆਂ, ਦੁਕਾਨਦਾਰਾਂ ਅਤੇ ਆਮ ਲੋਕਾਂ ਨੂੰ ਜਾਗਰੂਕ ਕੀਤਾ ਗਿਆ । ਇਸ ਮੌਕੇ ਸਿਹਤ ਕਰਮਚਾਰੀਆਂ ਵੱਲੋਂ ਪਬਲਿਕ ਥਾਵਾਂ ਤੇ ਤੰਬਾਕੂਨੋਸ਼ੀ ਕਰਨ ਵਾਲੇ ਵਿਅਕਤੀਆਂ ਦੇ ਕੋਟਪਾ ਐਕਟ ਤਹਿਤ ਚਾਲਾਨ ਵੀ ਕੱਟੇ ਗਏ । ਸਰਕਾਰੀ ਸਕੂਲ ਬੁੱਟਰ ਕਲਾਂ ਵਿਖੇ ਵਿਦਿਆਰਥੀਆਂ ਨੂੰ ਜਾਗਰੂਕ ਕਰਦਿਆਂ ਸਿਹਤ ਸੁਪਰਵਾਈਜਰ ਕੁਲਬੀਰ ਸਿੰਘ, ਰਣਜੀਤ ਸਿੰਘ, ਸਿਹਤ ਕਰਮੀ ਨਿਸ਼ਾਨ ਸਿੰਘ, ਫਾਰਮੇਸੀ ਅਫਸਰ ਜਗਸੀਰ ਸਿੰਘ, ਰਾਜ ਕੁਮਾਰ ਸੀਨੀਅਰ ਫਾਰਮੇਸੀ ਅਫਸਰ ਅਤੇ ਲਖਵਿੰਦਰ ਸਿੰਘ ਕੈਂਥ ਬਲਾਕ ਐਜੂਕੇਟਰ ਨੇ ਕਿਹਾ ਕਿ ਸਾਰੇ ਤੰਬਾਕੂ ਉਤਪਾਦ ਮਨੁੱਖੀ ਸਰੀਰ ਲਈ ਹਾਨੀਕਾਰਕ ਹਨ । ਦੁਨੀਆਂ ਭਰ ਵਿੱਚ ਹੋਣ ਵਾਲੀਆਂ ਮੌਤਾਂ ਅਤੇ ਬਿਮਾਰੀਆਂ ਦਾ ਇੱਕ ਸਭ ਤੋਂ ਵੱਡਾ ਕਾਰਨ ਤੰਬਾਕੂ ਹੈ । ਤੰਬਾਕੂ ਚਬਾਉਣ ਨਾਲ ਮੂੰਹ ਦਾ ਕੈਂਸਰ ਹੋਣ ਦਾ ਖਤਰਾ ਕਈ ਗੁਣਾ ਵਧ ਜਾਂਦਾ ਹੈ । ਉਹਨਾਂ ਕਿਹਾ ਕਿ ਜੋ ਵਿਅਕਤੀ ਸਿਗਰਟਨੋਸ਼ੀ ਕਰਦਾ ਹੈ ਉਸ ਲਈ ਤਾਂ ਉਸਦਾ ਧੂੰਆਂ ਖਤਰਨਾਕ ਹੈ ਹੀ ਪਰੰਤੂ ਜੋ ਸਿਗਰਟਨੋਸ਼ੀ ਨਾ ਕਰਨ ਵਾਲਾ ਵਿਅਕਤੀ ਕੋਲ ਬੈਠਾ ਹੈ ਉਸਦੇ ਲਈ ਵੀ ਉਹ ਉਨਾਂ ਹੀ ਖਤਰਨਾਕ ਹੈ । ਗਰਭਵਤੀ ਔਰਤਾਂ ਅਤੇ ਬੱਚਿਆਂ ਲਈ ਸਿਗਰਟ ਦਾ ਧੂੰਆਂ ਬੇਹੱਦ ਖਤਰਨਾਕ ਹੈ, ਇਸ ਨਾਲ ਮਾਂ ਦੇ ਗਰਭ ਦਾ ਬੱਚਾ ਵਿਕਲਾਂਗ ਜਾਂ ਮਰਿਆ ਹੋਇਆ ਪੈਦਾ ਹੋ ਸਕਦਾ ਹੈ । ਜਿਸ ਲਈ ਕੋਟਪਾ ਐਕਟ ਤਹਿਤ ਜਨਤਕ ਥਾਵਾਂ ਤੇ ਸਿਗਰਟਨੋਸ਼ੀ ਕਰਨ ਵਾਲੇ ਵਿਅਕਤੀ ਲਈ ਜੁਰਮਾਨਾ ਕੀਤਾ ਜਾਂਦਾ ਹੈ । ਹੈਲਥ ਸੁਪਰਵਾਈਜਰ ਚਮਕੌਰ ਸਿੰਘ ਨੇ ਦੱਸਿਆ ਕਿ ਕਿਸੇ ਵੀ ਵਿ?ਦਅਕ ਸੰਸਥਾ ਦੇ ਸੌ ਮੀਟਰ ਦੇ ਘੇਰੇ ਵਿੱਚ ਤੰਬਾਕੂ ਉਤਪਾਦ ਵੇਚਣ, 18 ਸਾਲ ਤੋਂ ਘੱਟ ਉਮਰ ਦੇ ਬੱਚੇ ਨੂੰ ਤੰਬਾਕੂ ਉਤਪਾਦ ਵੇਚਣ, ਤੰਬਾਕੂ ਉਤਪਾਦਾਂ ਦੀ ਮਸ਼ਹੂਰੀ ਅਤੇ ਡਿਸਪਲੇ ਕਰਨ, ਲੂਜ ਸਿਗਰਟ ਵੇਚਣ ਆਦਿ ਤੇ ਵੀ ਜੁਰਮਾਨਾ ਅਤੇ ਸਜਾ ਹੋ ਸਕਦੇ ਹਨ । ਉਹਨਾਂ ਕਿਹਾ ਕਿ ਦੁਨੀਆਂ ਭਰ ਵਿੱਚ ਹਰ ਸਾਲ 55 ਲੱਖ ਲੋਕ ਤੰਬਾਕੂ ਖਾਣ ਨਾਲ ਮਰਦੇ ਹਨ । ਉਹਨਾ ਦੱਸਿਆ ਕਿ ਸਿਗਰਟ ਵਿੱਚ ਚਾਰ ਹਜਾਰ ਰਸਾਇਣਿਕ ਤੱਤ ਹੁੰਦੇ ਹਨ ਜਿਸ ਵਿੱਚ 200 ਜਹਿਰ ਵਾਲੇ ਅਤੇ 60 ਕੈਂਸਰ ਪੈਦਾ ਕਰਨ ਵਾਲੇ ਤੱਤ ਹੁੰਦੇ ਹਨ, ਜਿਸ ਨਾਲ ਕੈਂਸਰ, ਫੇਫੜਿਆਂ ਦਾ ਕੈਂਸਰ, ਦਿਲ ਦੇ ਰੋਗ, ਨਿਮੋਨੀਆ, ਦਮਾ ਰੋਗ, ਨਿਪੁੰਨਸੁਕਤਾ ਆਦਿ ਹੋ ਸਕਦੇ ਹਨ । ਹੈਲਥ ਸੁਪਰਵਾਈਜਰ ਕੁਲਬੀਰ ਸਿੰਘ ਅਤੇ ਨੇ ਵਿਦਿਆਰਥੀਆਂ ਨੂੰ ਜਾਗਰੂਕਤ ਕਰਦਿਆਂ ਕਿਹਾ ਕਿ ਦੇਖਣ ਵਿੱਚ ਆਇਆ ਹੈ ਕਿ ਸਿਗਰਟਨੋਸ਼ੀ ਦੀ ਲਤ ਸੌਂਕ ਨਾਲ ਅਤੇ ਦੋਸਤਾਂ ਦੀ ਟੋਲੀ ਤੋਂ ਲੱਗਦੀ ਹੈ, ਸੋ ਸਕੂਲੀ ਸਮੇਂ ਦੌਰਾਨ ਵਿਦਿਆਰਥੀਆਂ ਨੂੰ ਖਾਸ ਧਿਆਨ ਰੱਖਣਾ ਚਾਹੀਦਾ ਹੈ ਕਿ ਅਜਿਹੇ ਦੋਸਤਾਂ ਦੀ ਸੰਗਤ ਤੋਂ ਬਚਿਆ ਜਾਵੇ ਜੋ ਸਿਗਰਟਨੋਸ਼ੀ ਲਈ ਮੌਕਾ ਦਿੰਦੇ ਹਨ । ਉਹਨਾਂ ਕਿਹਾ ਕਿ ਤੰਬਾਕੂ ਨਾਲ ਕੈਂਸਰ ਹੋਣ ਤੇ ਪੂਰਾ ਜਬਾੜਾ ਹੀ ਕੱਢ ਦਿੱਤਾ ਜਾਂਦਾ ਹੈ, ਜਿਸ ਨਾਲ ਵਿਅਕਤੀ ਦਾ ਚਿਹਰਾ ਬੁਰੀ ਤਰਾਂ ਕਰੂਪ ਹੋ ਜਾਂਦਾ ਹੈ । ਸੋ ਉਹਨਾਂ ਸਰਕਾਰੀ ਸਕੂਲ ਦੇ ਵਿਦਿਆਰਥੀਆਂ ਨੂੰ ਤੰਬਾਕੂ ਅਤੇ ਸਿਗਰਟਨੋਸ਼ੀ ਤੋਂ ਦੂਰ ਰਹਿਣ ਅਤੇ ਹੋਰਨਾਂ ਨੂੰ ਵੀ ਪ੍ਰੇਰਿਤ ਕਰਨ ਲਈ ਕਿਹਾ ।

ਬਠਿੰਡਾ ’ਚ ਪਦਮ ਸ਼੍ਰੀ ਗੁਰਦਿਆਲ ਸਿੰਘ ਦੇ ਜਨਮ ਦਿਵਸ ਮੌਕੇ ਯਾਦਗਾਰੀ ਲੈਕਚਰ ਆਯੋਜਿਤ

ਸੁਖਜਿੰਦਰ ਮਾਨ
ਬਠਿੰਡਾ, 15 ਜਨਵਰੀ: ਪੰਜਾਬੀ ਸਾਹਿਤ ਸਭਾ (ਰਜਿ) ਬਠਿੰਡਾ ਵੱਲੋਂ ਇਲਾਕੇ ਦੀਆਂ ਸਾਹਿਤ ਸਭਾਵਾਂ ਅਤੇ ਕਿਸਾਨ ਮਜ਼ਦੂਰ ਜੱਥੇਬੰਦੀਆਂ ਦੇ ਸਹਿਯੋਗ ਨਾਲ ਸਥਾਨਕ ਟੀਚਰਜ ਹੋਮ ਵਿਖੇ ਪਦਮ ਸ਼੍ਰੀ ਗੁਰਦਿਆਲ ਸਿੰਘ ਨੂੰ ਉਹਨਾਂ ਦੇ ਜਨਮ ਦਿਵਸ ਮੌਕੇ ਯਾਦ ਕਰਦਿਆਂ ਇੱਕ ਯਾਦਗਾਰੀ ਲੈਕਚਰ ਕਰਵਾਇਆ ਗਿਆ। ਸਮਾਗਮ ਦੇ ਪ੍ਰਧਾਨਗੀ ਮੰਡਲ ਵਿੱਚ ਡਾ ਰਵਿੰਦਰ ਸਿੰਘ ਮਾਨ ਐਮ ਡੀ ਦਸਮੇਸ਼ ਸਕੂਲ, ਭਾਰਤੀ ਸਾਹਿਤ ਅਕਾਦਮੀ ਦੀ ਗਵਰਨਿੰਗ ਬਾਡੀ ਦੇ ਮੈਂਬਰ ਬੂਟਾ ਸਿੰਘ ਚੌਹਾਨ, ਨਾਵਲਕਾਰ ਜਸਪਾਲ ਮਾਨਖੇੜਾ, ਡਾ ਤਰਸੇਮ ਅਮਰ ਅਤੇ ਟੀਚਰ ਹੋਮ ਦੇ ਸੀਨੀਅਰ ਮੀਤ ਪ੍ਰਧਾਨ ਰਘਵੀਰ ਚੰਦ ਸ਼ਾਮਲ ਸਨ। ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਬੋਲਦਿਆਂ ਬੂਟਾ ਸਿੰਘ ਚੌਹਾਨ ਨੇ ਕਿਹਾ ਕਿ ਗੁਰਦਿਆਲ ਸਿੰਘ ਨੇ ਕਲਾਸਿਕ ਪੱਧਰ ਦੇ ਲੋਕਾਈ ਪੀੜ੍ਹ ਬਿਆਨਦੇ ਨਾਵਲ ਲਿਖੇ। ਇਸ ਤੋਂ ਬਾਅਦ ਅਮਨ ਦਾਤੇਵਾਸੀਆ ਨੇ ਗੁਰਦਿਆਲ ਸਿੰਘ ਦੇ ਸਾਹਿਤਕ ਸਫ਼ਰ ਸੰਬੰਧੀ ਸ਼ਬਦ ਚਿੱਤਰ ਤਰੰਨਮ ਵਿੱਚ ਪੇਸ਼ ਕੀਤੀ। ਪ੍ਰੋਗਰਾਮ ਦੀ ਰੂਪ ਰੇਖਾ ਬਾਰੇ ਸਭਾ ਦੇ ਪ੍ਰਧਾਨ ਜਸਪਾਲ ਮਾਨਖੇੜਾ ਨੇ ਕਿਹਾ ਕਿ ਲੋਕ ਜੱਥੇਬੰਦੀਆਂ ਵੱਲੋਂ ਲੇਖਕਾਂ ਦਾ ਸਨਮਾਨ ਦੇਣ ਦੀ ਪਾਈ ਪਿਰਤ ਨੂੰ ਅੱਗੇ ਤੋਰਨ ਦਾ ਹੀ ਯਤਨ ਹੈ ਜਿਵੇਂ ਯੂਰਪੀ ਦੇਸ਼ਾਂ ਵਿੱਚ ਲੇਖਕਾਂ ਨੂੰ ਵਡਿਆਇਆ ਜਾਂਦਾ ਹੈ।
ਪ੍ਰੋਗਰਾਮ ਦੇ ਮੁੱਖ ਬੁਲਾਰੇ ਡਾ ਤਰਸੇਮ ਅਮਰ ਨੇ ਕਿਹਾ ਕਿ ਗੁਰਦਿਆਲ ਸਿੰਘ ਇੱਕ ਨਾਵਲਕਾਰ ਹੀ ਨਹੀਂ ਸਗੋਂ ਉਹ ਵੱਡੇ ਅਨੁਵਾਦਕ, ਕਹਾਣੀਕਾਰ, ਵਾਰਤਕਕਾਰ ਅਤੇ ਪੱਤਰ ਲੇਖਕ ਸਨ। ਉਹਨਾਂ ਵਿੱਚ ਲਿਖਤ ਲਈ ਸਬਰ ਅਤੇ ਵਿਜਨ ਵੱਡਾ ਹੋਣ ਕਰਕੇ ਉਹ ਵਰਤਾਰਿਆਂ ਦੇ ਕਾਰਨਾਂ ਨੂੰ ਸਮਝ ਕੇ ਪਾਤਰ ਉਸਾਰੀ ਕਰਨ ਕਰਕੇ ਹੀ ਉਹ ਵੱਡੇ ਨਾਵਲਕਾਰ ਬਣ ਸਕੇ। ਡਾ ਪਰਮਜੀਤ ਸਿੰਘ ਰੋਮਾਣਾ ਨੇ ਕਿਹਾ ਕਿ ਜਿਨ੍ਹਾਂ ਚਿਰ ਅਸੀਂ ਸਥਾਪਤ ਲੇਖਕਾਂ ਨੂੰ ਨਿੱਠ ਕੇ ਸੁਣਦੇ ਨਹੀਂ ਉਨਾਂ ਚਿਰ ਅਸੀਂ ਵੀ ਵਿਦਵਾਨ ਨਹੀਂ ਬਣ ਸਕਦੇ। ਉਹਨਾਂ ਦਾ ਬੱਚਿਆਂ ਦੇ ਮਾਨਸਿਕ ਪੱਧਰ ਤੇ ਲਿਖਿਆ ਬਾਲ ਸਾਹਿਤ ਅਣਗੌਲਿਆ ਰਿਹਾ ਹੈ। ਆਲੋਚਕ ਗੁਰਦੇਵ ਸਿੰਘ ਖੋਖਰ ਨੇ ਕਿਹਾ ਕਿ ਗੁਰਦਿਆਲ ਸਿੰਘ ਆਪਣੀਆਂ ਲਿਖਤਾਂ ਵਿੱਚ ਹਾਲਾਤ ਮੁਤਾਬਿਕ ਠੇਠ ਅਤੇ ਪ੍ਰਸੰਗਿਕ ਸ਼ਬਦਾਂ ਦੀ ਵਰਤੋਂ ਕਰਨ ਕਰਕੇ ਉੱਚ ਕੋਈ ਦੇ ਨਾਵਲਕਾਰ ਬਣੇ। ਨਾਵਲਕਾਰ ਜਸਵਿੰਦਰ ਜੱਸ ਨੇ ਗੁਰਦਿਆਲ ਸਿੰਘ ਨੂੰ ਪੰਜਾਬੀ ਭਾਸ਼ਾ ਦਾ ਗੋਰਕੀ ਕਹਿ ਕੇ ਸਾਹਿਤਕ ਕੰਮਾਂ ਦੀ ਪ੍ਰਸੰਸਾ ਕੀਤੀ। ਟੀਚਰਜ ਹੋਮ ਦੇ ਜਨਰਲ ਸਕੱਤਰ ਲਛਮਣ ਮਲੂਕਾ ਅਤੇ ਸੀਨੀਅਰ ਮੀਤ ਪ੍ਰਧਾਨ ਰਘੁਬੀਰ ਚੰਦ ਸ਼ਰਮਾ ਨੇ ’ ਮੜ੍ਹੀ ਦਾ ਦੀਵਾ ’ ਨਾਵਲ ਦੀਆਂ ਕਾਪੀਆਂ ਹੱਥੋਂ ਹੱਥ ਵਿਕਣ ਅਤੇ ਮਾਨ ਸਨਮਾਨ ਵਾਰੇ ਗੱਲਬਾਤ ਕੀਤੀ। ਸਭਾ ਵੱਲੋ ਗੁਰਦਿਆਲ ਸਿੰਘ ਦੇ ਸਪੁੱਤਰ ਰਵਿੰਦਰ ਸਿੰਘ ਰਾਹੀ ਦਾ ਸਨਮਾਨ ਕੀਤਾ। ਸਟੇਜ ਸੰਚਾਲਨ ਦੀ ਜਿੰਮੇਵਾਰੀ ਸਭਾ ਦੇ ਜਨਰਲ ਸਕੱਤਰ ਰਣਜੀਤ ਗੌਰਵ ਨੇ ਬਾਖੂਬੀ ਨਿਭਾਈ। ਆਖੀਰ ਵਿੱਚ ਪ੍ਰੋਗਰਾਮ ਦੇ ਮੱਖ ਮਹਿਮਾਨ ਡਾ ਰਵਿੰਦਰ ਸਿੰਘ ਮਾਨ ਨੇ ਪ੍ਰੋਗਰਾਮ ਦੀ ਸਫਲਤਾ ਲਈ ਸਭਾ ਨੂੰ ਵਧਾਈ ਦਿੱਤੀ ਅਤੇ ਮਹਿਮਾਨਾਂ ਨੂੰ ਸਭਾ ਵੱਲੋਂ ਕਿਤਾਬਾਂ ਦੇ ਸੈੱਟ ਦੇ ਕੇ ਸਨਮਾਨਿਤ ਕੀਤਾ ਅਤੇ ਦਿਲਬਾਗ ਸਿੰਘ ਨੇ ਸਮਾਗਮ ਵਿੱਚ ਸਰੋਤਿਆਂ ਦਾ ਧੰਨਵਾਦ ਕੀਤਾ। ਇਸ ਸਮਾਗਮ ਵਿੱਚ ਰਣਬੀਰ ਰਾਣਾ, ਕਾਮਰੇਡ ਜਰਨੈਲ ਸਿੰਘ, ਬਲਵਿੰਦਰ ਸਿੰਘ ਭੁੱਲਰ, ਅਮਰਜੀਤ ਪੇੰਟਰ, ਡਾ ਅਜੀਤਪਾਲ, ਧਰਮਪਾਲ, ਅਮਰਜੀਤ ਜੀਤ,ਸੱਤਪਾਲ ਮਾਨ, ਕਾਮਰੇਡ ਮਹੀਪਾਲ, ਅਮਨਦੀਪ ਸਿੰਘ ਸੇਖੋਂ, ਦਮਜੀਤ ਦਰਸ਼ਨ, ਜੋਰਾ ਸਿੰਘ ਨਸਰਾਲੀ, ਤਰਸੇਮ ਬਸਰ, ਵਿਕਾਸ ਕੌਸ਼ਲ, ਅਸ਼ਵਨੀ ਘੁੱਦਾ, ਜਗਸੀਰ ਸਿੰਘ ਗੱਗੜ, ਰੰਗਾ ਸਿੰਘ, ਹਰਮੀਤ ਕੋਟਗੁਰੂ, ਗੁਰਦਿੱਤ ਸਿੰਘ, ਕੰਵਲਜੀਤ ਕੁਟੀ, ਹਰਬੰਸ ਲਾਲ, ਕੌਰ ਸਿੰਘ ਚੁੱਘੇ ਕਲਾਂ, ਜੋਗਿੰਦਰ ਸਿੰਘ ਜੈਤੋ, ਮਲਕੀਤ ਸਿੰਘ ਜੈਤੋ, ਨਾਵਲਕਾਰ ਯਾਦਵਿੰਦਰ ਸਿੰਘ ਸਿੱਧੂ, ਪਿੱਪਲ ਸਿੰਘ, ਹਰਦੀਪ ਸਿੰਘ , ਸ਼ੁਸ਼ੀਲ ਕੁਮਾਰ, ਹਰਮਿੰਦਰ ਸਿੰਘ ਢਿੱਲੋਂ ਅਤੇ ਬੀ ਕੇ ਯੂ ਉਗਰਾਂਹਾ, ਲੋਕ ਮੋਰਚਾ ਅਤੇ ਖੇਤ ਮਜਦੂਰ ਯੁਨੀਅਨ ਦੇ ਵਰਕਰ ਮੌਜੂਦ ਸਨ।

ਸੁਖਬੀਰ ਬਾਦਲ ਨੇ ਪੰਜਾਬ ਸਰਕਾਰ ’ਤੇ ਅਮਨ-ਕਾਨੂੰਨ ਦੀ ਸਥਿਤੀ ਸੰਭਾਲਣ ’ਚ ਨਾਕਾਮ ਰਹਿਣ ਦੇ ਲਗਾਏ ਦੋਸ਼

0

ਸੁਖਜਿੰਦਰ ਮਾਨ
ਬਠਿੰਡਾ, 15 ਜਨਵਰੀ: ਆਮ ਆਦਮੀ ਪਾਰਟੀ ਉਪਰ ਸੂਬੇ ਦੀ ਅਮਨ-ਕਾਨੂੰਨ ਦੀ ਸਥਿਤੀ ਸੰਭਾਲਣ ’ਚ ਨਾਕਾਮ ਰਹਿਣ ਦਾ ਦੋਸ਼ ਲਗਾਉਂਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਮੁੱਖ ਮੰਤਰੀ ਨੂੰ ਪੰਜਾਬ ਦੇ ਲੋਕਾਂ ਦੀ ਜਾਨ-ਮਾਲ ਦੀ ਰੱਖਿਆ ਕਰਨ ਲਈ ਕਿਹਾ ਹੈ। ਬਠਿੰਡਾ ਦੇ ਕਸਬਾ ਤਲਵੰਡੀ ਸਾਬੋ ਵਿਖੇ ਇੱਕ ਡਾਕਟਰ ਦੇ ਗੋਲੀਆਂ ਮਾਰਨ ਦੀ ਘਟਨਾ ਦੀ ਨਿੰਦਾ ਕਰਦਿਆਂ ਉਨ੍ਹਾਂ ਕਿਹਾ ਕਿ ਅੱਜ ਪੰਜਾਬ ਦੀ ਅਮਨ-ਕਾਨੂੰਨ ਦੀ ਵਿਵਸਥਾ ਇਸ ਕਦਰ ਬਿਖਰ ਗਈ ਹੈ ਕਿ ਲੁੱਟਾਂ, ਖੋਹਾਂ, ਰੰਗਦਾਰੀਆਂ, ਫ਼ਿਰੌਤੀਆਂ ਅਤੇ ਕਤਲ ਨਿੱਤ ਦਾ ਵਿਹਾਰ ਬਣ ਗਿਆ ਹੈ। ਉਨਾ ਕਿਹਾ ਕਿ ਬੀਤੀ ਕੱਲ੍ਹ ਤਲਵੰਡੀ ਸਾਬੋ (ਬਠਿੰਡਾ) ਦੇ ਇੱਕ ਡਾਕਟਰ ਉੱਤੇ ਹਸਪਤਾਲ ਅੰਦਰ ਵੜ ਕੇ ਲੁਟੇਰਿਆਂ ਵੱਲੋਂ ਕੀਤਾ ਗਿਆ ਜਾਨ ਲੇਵਾ ਹਮਲਾ ਬੇਹੱਦ ਚਿੰਤਾ ਦਾ ਵਿਸ਼ਾ ਹੈ।ਉਨ੍ਹਾਂ ਇਸ ਗੋਲੀ ਕਾਂਡ ’ਚ ਜਖ਼ਮੀ ਹੋਏ ਡਾ. ਦਿਨੇਸ਼ ਬਾਂਸਲ ਦੀ ਛੇਤੀ ਸਿਹਤਯਾਬੀ ਦੀ ਕਾਮਨਾ ਕਰਦਿਆਂ ਸੁਖਬੀਰ ਬਾਦਲ ਨੇ ਦੋਸ਼ ਲਗਾਇਆ ਕਿ ‘‘ ਮੁੱਖ ਮੰਤਰੀ ਭਗਵੰਤ ਮਾਨ ਆਪਣੀ ਕੁਰਸੀ ਦੇ ਲਾਲਚ ਕਾਰਨ ਦਿੱਲੀ ਵਾਲਿਆਂ ਦੇ ਹੱਥਾਂ ’ਚ ਸੂਬੇ ਦੀ ਵਾਗਡੋਰ ਫੜਾ ਰੱਖੀ ਹੈ, ਜਿਸਦਾ ਖ਼ਮਿਆਜਾ ਪੰਜਾਬੀਆਂ ਨੂੰ ਭੁਗਤਣਾ ਪੈ ਰਿਹਾ ਹੈ।

ਬੰਦੀ ਸਿੰਘਾਂ ਦੀ ਰਿਹਾਈ ਲਈ ਭਾਕਿਯੂ ਲੱਖੋਵਾਲ-ਟਿਕੈਤ 18 ਤੋਂ ਧਰਨੇ ’ਚ ਹੋਵੇਗੀ ਸ਼ਾਮਿਲ- ਰਾਮਾ

ਸੁਖਜਿੰਦਰ ਮਾਨ
ਬਠਿੰਡਾ,15 ਜਨਵਰੀ-ਪਿਛਲੇ 30-40 ਸਾਲਾਂ ਤੋਂ ਦੇਸ਼ ਦੀਆਂ ਵੱਖ-ਵੱਖ ਜੇਲ੍ਹਾਂ ਵਿੱਚ ਸਮੇਂ ਦੀਆਂ ਸਰਕਾਰਾਂ ਨੇ ਵੱਖੋ-ਵੱਖਰੀਆਂ ਧਾਰਾਵਾਂ ਲਗਾ ਕੇ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਸੀ, ਜਿਨ੍ਹਾਂ ਵਿੱਚ ਤਕਰੀਬਨ ਸਾਰੇ ਹੀ ਨੌਜਵਾਨਾਂ ਨੇ ਸਜ਼ਾਵਾਂ ਪੂਰੀਆਂ ਕਰ ਲਈਆਂ ਹਨ। ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਇਨ੍ਹਾਂ ਨੌਜਵਾਨਾਂ ਦੀ ਰਿਹਾਈ ’ਚ ਅੜਿੱਕੇ ਲਾ ਰਹੀਆਂ ਹਨ ਖਾਸਕਰ ਸਿੱਖ ਨੌਜਵਾਨਾਂ ਦੇ ਕੇਸਾਂ ਵਿੱਚ ਜਿਆਦਾ ਵਿਰੋਧ ਕੀਤਾ ਜਾ ਰਿਹਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ-ਟਿਕੈਤ ਦੇ ਪੰਜਾਬ ਦੇ ਜਨਰਲ ਸਕੱਤਰ ਸਰੂਪ ਸਿੰਘ ਰਾਮਾ ਨੇ ਕਰਦਿਆਂ ਦੱਸਿਆ ਕਿ ਭਾਰਤੀ ਕਿਸਾਨ ਯੂਨੀਅਨ ਵੱਲੋਂ ਬਹੁਤ ਵਾਰ ਦੇਸ਼ ਦੇ ਰਾਸ਼ਟਰਪਤੀ, ਰਾਜ਼ਾਂ ਦੇ ਗਵਰਨਰਾਂ ਰਾਹੀਂ, ਡੀ.ਸੀ ਸਾਹਿਬਾਨਾਂ ਰਾਹੀਂ ਸਰਕਾਰ ਤੋਂ ਇਨ੍ਹਾਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੌਜਵਾਨਾਂ ਦੀ ਰਿਹਾਈ ਲਈ ਮੰਗ ਪੱਤਰ ਦਿੱਤੇ ਗਏ ਪਰ ਸਰਕਾਰ ਨੇ ਇਨ੍ਹਾਂ ਮੰਗ ਪੱਤਰਾਂ ਵੱਲ ਕੋਈ ਧਿਆਨ ਨਹੀਂ ਦਿੱਤਾ। ਉਨ੍ਹਾਂ ਕਿਹਾ ਕਿ ਪੰਥਕ ਜਥੇਬੰਦੀਆਂ ਵੱਲੋਂ ਚੰਡੀਗੜ੍ਹ ਦੀ ਸਰਹੱਦ ਤੇ ਬੰਦੀ ਸਿੰਘਾਂ ਦੀ ਰਿਹਾਈ ਲਈ ਅਣਮਿੱਥੇ ਸਮੇਂ ਲਈ ਧਰਨਾ ਲਗਾਇਆ ਜਾ ਰਿਹਾ ਹੈ, ਜਥੇਬੰਦੀ ਵੱਡੀ ਗਿਣਤੀ ਵਿਚ 18 ਜਨਵਰੀ ਨੂੰ ਧਰਨੇ ਵਿੱਚ ਸ਼ਾਮਿਲ ਹੋਵੇਗੀ ਅਤੇ ਬੰਦੀ ਸਿੰਘਾਂ ਦੀ ਰਿਹਾਈ ਤੱਕ ਪੱਕੇ ਤੌਰ ਤੇ ਧਰਨੇ ਵਿੱਚ ਸ਼ਾਮਿਲ ਰਹੇਗੀ। ਸ. ਰਾਮਾ ਨੇ ਕਿਹਾ ਕਿ ਜਦਕਿ ਦੇਸ਼ ਦਾ ਕਾਨੂੰਨ ਸਜ਼ਾ ਪੂਰੀ ਕਰ ਚੁੱਕੇ ਇਨਸਾਨਾਂ ਨੂੰ ਚੰਗੇ ਸ਼ਹਿਰੀ ਬਣਨ ਲਈ ਸਮਾਜ ਵਿੱਚ ਵਿਚਰਨ ਦਾ ਮੌਕਾ ਦਿੰਦਾ ਹੈ ਪਰ ਸਮੇਂ-ਸਮੇਂ ਦੀਆਂ ਸਰਕਾਰਾਂ ਆਪਣੇ ਰਾਜਸੀ ਹਿੱਤਾਂ ਖਾਤਰ ਇਨ੍ਹਾਂ ਨੌਜਵਾਨਾਂ ਨੂੰ ਰਿਹਾਅ ਕਰਨ ਲਈ ਟਾਲਾ ਵੱਟ ਕੇ ਉਨ੍ਹਾਂ ਨਾਲ ਬੇਇਨਸਾਫ਼ੀ ਕੀਤੀ ਹੈ। ਉਨ੍ਹਾਂ ਪੰਜਾਬ ਦੇ ਕਿਸਾਨਾਂ, ਮਹਿਲਾਵਾਂ, ਮਜ਼ਦੂਰਾਂ, ਵਰਕਰਾਂ ਤੇ ਸਾਰੇ ਇਨਸਾਫ ਪਸੰਦ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਸੰਘਰਸ਼ ਨੂੰ ਕਾਮਯਾਬ ਕਰਨ ਲਈ ਵੱਧ ਤੋਂ ਵੱਧ ਸ਼ਮੂਲੀਅਤ ਕਰਨ ਤਾਂ ਜੋ ਬੰਦੀ ਸਿੰਘਾਂ ਦੀ ਰਿਹਾਈ ਕਰਵਾਈ ਜਾ ਸਕੇ।

ਡਾਕਟਰ ’ਤੇ ਗੋਲੀਆਂ ਚਲਾਉਣ ਵਾਲੇ ਨਿਕਲੇ ਗੈਂਗਸਟਰਾਂ ਦੇ ਬੰਦੇ, ਮਾਮਲਾ ਫ਼ਿਰੌਤੀ ਦਾ!

0

ਪੁਲਿਸ ਨੇ ਗੋਲੀ ਕਾਂਡ ’ਚ ਸ਼ਾਮਲ ਪੰਜ ਨੌਜਵਾਨਾਂ ਦੀ ਕੀਤੀ ਪਹਿਚਾਣ, ਜਲਦ ਹੋਵੇਗਾ ਖ਼ੁਲਾਸਾ
ਮਰੀਜ਼ ਬਣਕੇ ਆਏ ਦੋ ਨੌਜਵਾਨਾਂ ਨੇ ਚਲਾਈਆਂ ਸਨ ਤਲਵੰਡੀ ਸਾਬੋ ਦੇ ਡਾਕਟਰ ’ਤੇ ਗੋਲੀਆਂ
ਸੁਖਜਿੰਦਰ ਮਾਨ
ਬਠਿੰਡਾ, 15 ਜਨਵਰੀ: ਬੀਤੀ ਦੇਰ ਰਾਤ ਇਤਿਹਾਸਿਕ ਅਤੇ ਧਾਰਮਿਕ ਕਸਬੇ ਤਲਵੰਡੀ ਸਾਬੋ ’ਚ ਸਥਿਤ ਇਕ ਪ੍ਰਾਈਵੇਟ ਹਸਪਤਾਲ ਵਿਚ ਮਰੀਜ਼ ਬਣਕੇ ਆਏ ਦੋ ਨੌਜਵਾਨਾਂ ਵੱਲੋਂ ਮਸ਼ਹੂਰ ਡਾਕਟਰ ਦਿਨੇਸ਼ ਬਾਂਸਲ ਉਪਰ ਗੋਲੀਆਂ ਚਲਾਉਣ ਦੇ ਮਾਮਲੇ ’ਚ ਵੱਡੇ ਗੈਂਗਸਟਰਾਂ ਦਾ ਨਾਮ ਜੁੜਣ ਲੱਗਾ ਹੈ। ਇਸ ਮਾਮਲੇ ਵਿਚ ਜਿੱਥੇ ਪੁਲਿਸ ਵਲੋਂ ਕੇਸ ਨੂੰ ਲਗਭਗ ਹੱਲ ਕਰ ਲਿਆ ਹੈ, ਉਥੇ ਜਖ਼ਮੀ ਡਾਕਟਰ ਦੀ ਹਾਲਾਤ ਖ਼ਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ, ਜੋ ਬਠਿੰਡਾ ਦੇ ਮੈਕਸ ਹਸਪਤਾਲ ਵਿਚ ਅਪਣਾ ਇਲਾਜ਼ ਕਰਵਾ ਰਿਹਾ ਹੈ। ਪੁਲਿਸ ਵਿਭਾਗ ਦੇ ਉੱਚ ਸੂਤਰਾਂ ਮੁਤਾਬਕ ਇਸ ਕਾਂਡ ਨੂੰ ਅੰਜਾਮ ਦੇਣ ਵਿਚ ਅੱਧੀ ਦਰਜ਼ਨ ਵਿਅਕਤੀ ਸ਼ਾਮਲ ਹਨ, ਜਿੰਨ੍ਹਾਂ ਵਿਚੋਂ ਦੋ ਗੋਲੀਆਂ ਚਲਾਉਣ ਵਾਲੇ ਅਤੇ ਹਸਪਤਾਲ ਦੇ ਬਾਹਰ ਖੜੇ ਮੋਟਰਸਾਈਕਲ ਵਾਲਾ ਨੌਜਵਾਨ, ਤੋਂ ਇਲਾਵਾ ਦੋ-ਤਿੰਨ ਵਿਅਕਤੀ ਅਜਿਹੇ ਹਨ, ਜਿੰਨ੍ਹਾਂ ਵਲੋਂ ਇਸ ਸਾਰੀ ਘਟਨਾ ਨੂੰ ਅੰਜਾਮ ਦੇਣ ਲਈ ਯੋਜਨਾ ਬਣਾਈ ਗਈ। ਇਸ ਸਬੰਧ ਵਿਚ ਜਿੱਥੇ ਪੁਲਿਸ ਵਲੋਂ ਹਸਪਤਾਲ ਦੀ ਸੀਸੀਟੀਵੀ ਫ਼ੁਟੇਜ਼ ਦਾ ਸਹਾਰਾ ਲਿਆ ਗਿਆ, ਉਥੇ ਮੋਬਾਇਲ ਤਕਨੀਕ ਦੀ ਵਰਤੋਂ ਕਰਕੇ ਇਸ ਕੇਸ ਨੂੰ ਹੱਲ ਕੀਤਾ ਹੈ। ਮੁਢਲੀ ਪੜਤਾਲ ਮੁਤਾਬਕ ਇਹ ਮਾਮਲਾ ਫ਼ਿਰੌਤੀ ਦਾ ਹੈ ਅਤੇ ਇਸਨੂੰ ਕੁਲਵੀਰ ਨਰੂਆਣਾ ਕਤਲ ਕਾਂਡ ’ਚ ਜੇਲ ਵਿਚ ਬੰਦ ਗੈਂਗਸਟਰ ਮਨਪ੍ਰੀਤ ਮੰਨੇ ਨਾਲ ਜੋੜ ਕੇ ਵੇਖਿਆ ਜਾ ਰਿਹਾ ਹੈ। ਪੁਲਿਸ ਸੂਤਰਾਂ ਨੇ ਖ਼ੁਲਾਸਾ ਕੀਤਾ ਹੈ ਕਿ ਇਸ ਕੇਸ ਨੂੰ ਲਗਭਗ ਹੱਲ ਕਰ ਲਿਆ ਹੈ ਤੇ ਕੁੱਝ ਇੱਕ ਮੁਜਰਮਾਂ ਨੂੰ ਹਿਰਾਸਤ ਵਿਚ ਵੀ ਲਿਜਾ ਜਾ ਚੁੱਕਿਆ ਹੈ ਤੇ ਜਲਦੀ ਹੀ ਇਸ ਮਾਮਲੇ ਦਾ ਪਰਦਾਫ਼ਾਸ ਕੀਤਾ ਜਾਵੇਗਾ। ਗੌਰਤਲਬ ਹੈ ਕਿ ਜਖਮੀ ਡਾਕਟਰ ਦਿਨੇਸ਼ ਬਾਂਸਲ ਤਲਵੰਡੀ ਸਾਬੋ ਦੇ ਨੱਤ ਰੋਡ ਉਪਰ ਰਾਜ ਨਰਸਿੰਗ ਹੋਮ ਦੇ ਨਾਂ ਹੇਠ ਹਸਪਤਾਲ ਚਲਾਉਂਦਾ ਹੈ। ਇਸ ਦੌਰਾਨ ਬੀਤੀ ਦੇਰ ਸ਼ਾਮ ਕਰੀਬ ਸਾਢੇ ਸੱਤ ਵਜਂੇ ਦੋ ਨੌਜਵਾਨ ਹਸਪਤਾਲ ਵਿਚ ਪੁੱੱਜੇ ਅਤੇ ਉਨ੍ਹਾਂ ਪਰਚੀ ਕਟਵਾਉਣ ਤੋਂ ਬਾਅਦ ਡਾਕਟਰ ਦੇ ਸਾਹਮਣੇ ਹੁੰਦਿਆਂ ਹੀ ਉਸਨੂੰ ਗੋਲੀਆਂ ਚਲਾ ਕੇ ਗੰਭੀਰ ਰੂਪ ਵਿਚ ਜਖ਼ਮੀ ਕਰ ਦਿੱਤਾ।

Our Visitor

1909395