ਮੈਡੀਕਲ ਕਾਲਜ਼ ਨੇ ਡੈਡਬਾਡੀ ਲੈਣ ਤੋਂ ਕੀਤਾ ਇੰਨਕਾਰ, ਸਮਾਜ ਸੇਵੀ ਸੰਸਥਾ ਨੇ ਕੀਤਾ ਸੰਸਕਾਰ
ਸੁਖਜਿੰਦਰ ਮਾਨ
ਬਠਿੰਡਾ, 2 ਜਨਵਰੀ: ਬਠਿੰਡਾ ਵਿੱਚ ਅੱਜ ਮੁੜ ਸਮਾਜ ਸੇਵੀ ਸੰਸਥਾ ਵਲੋਂ ਇੱਕ ਕਰੋਨਾ ਪੀੜਤ ਮ੍ਰਿਤਕ ਔਰਤ ਦਾ ਅੰਤਿਮ ਸੰਸਕਾਰ ਕੀਤਾ ਗਿਆ। ਹਾਲਾਂਕਿ ਇਹ ਔਰਤ ਕਰੀਬ 9 ਦਿਨ ਏਮਜ਼ ਬਠਿੰਡਾ ਵਿਚ ਦਾਖ਼ਲ ਰਹੀ ਪ੍ਰੰਤੂ ਉਸਦਾ ਕਰੋਨਾ ਟੈਸਟ ਪਾਜ਼ੀਟਿਵ ਨਹੀਂ ਆਇਆ ਸੀ ਪ੍ਰੰਤੂ ਜਦ ਪ੍ਰਵਾਰ ਨੇ ਲਾਸ਼ ਮੈਡੀਕਲ ਕਾਲਜ਼ ਨੂੰ ਸੌਪਣੀ ਚਾਹੀ ਤਾਂ ਕਾਲਜ਼ ਵਲੋਂ ਕਰਵਾਇਆ ਕਰੋਨਾ ਪਾਜ਼ੀਟਿਵ ਆ ਗਿਆ। ਜਿਸਦੇ ਚੱਲਕੇ ਉਕਤ ਕਾਲਜ਼ ਨੇ ਲਾਸ਼ ਨੂੰ ਲੈਣ ਤੋਂ ਇੰਨਕਾਰ ਕਰ ਦਿੱਤਾ। ਜਿਸ ਦਾ ਅੱਜ ਸਵੇਰ ਬਠਿੰਡਾ ਦੇ ਸ਼ਮਸ਼ਾਨ ਘਾਟ ਵਿੱਚ ਸ਼ਹਿਰ ਦੀ ਸਮਾਜ ਸੇਵੀ ਸੰਸਥਾ ਨੌਜਵਾਨ ਵੈਲਫ਼ੇਅਰ ਸੁਸਾਇਟੀ ਵੱਲੋਂ ਸੰਸਕਾਰ ਕਰ ਦਿੱਤਾ ਗਿਆ। ਮਾਮਲੇ ਦੀ ਜਾਣਕਾਰੀ ਦਿੰਦਿਆਂ ਸੰਸਥਾ ਦੇ ਪ੍ਰਧਾਨ ਸੋਨੂੰ ਮਹੇਸ਼ਵਰੀ ਨੇ ਦਸਿਆ ਕਿ ਮ੍ਰਿਤਕ ਮਹਿਲਾ ਗੁਲਵਤੀ (59ਸਾਲ) ਪਤਨੀ ਰਾਮ ਚੰਦ ਲਾਲ ਸਿੰਘ ਬਸਤੀ ਬਠਿੰਡਾ ਦੀ ਰਹਿਣ ਵਾਲੀ ਸੀ। ਕੁੱਝ ਦਿਨ ਪਹਿਲਾਂ ਉਸਦੀ ਸਿਹਤ ਵਿਗੜਣ ’ਤੇ ਪਰਿਵਾਰ ਵੱਲੋਂ ਉਸ ਨੂੰ ਏਮਜ਼ ਬਠਿੰਡਾ ਵਿਖੇ ਦਾਖਲ ਕਰਵਾਇਆ ਗਿਆ ਸੀ ਜੋ ਤਕਰੀਬਨ 9 ਦਿਨ ਹਸਪਤਾਲ ਵਿੱਚ ਦਾਖਲ ਰਹੀ ਅਤੇ ਸਿਹਤ ਵਿੱਚ ਸੁਧਾਰ ਨਾ ਹੋਣ ਕਾਰਨ ਪਰਿਵਾਰ ਵਾਲੇ ਉਸਨੂੰ ਡਾਕਟਰਾਂ ਦੇ ਕਹਿਣ ’ਤੇ ਘਰ ਲੈ ਆਏ। ਇਸ ਦੌਰਾਨ 29 ਦਸੰਬਰ ਨੂੰ ਗੁਲਵਤੀ ਦੀ ਮੌਤ ਹੋ ਗਈ। ਪ੍ਰਵਾਰ ਵਲੋਂ ਲਾਸ਼ ਨੂੰ ਮੈਡੀਕਲ ਖ਼ੋਜਾਂ ਲਈ ਮਹਿਲਾ ਦੀ ਮ੍ਰਿਤਕ ਦੇਹ ਨੂੰ ਸੰਤੋਸ਼ ਮੈਡੀਕਲ ਕਾਲਜ ਗਾਜ਼ੀਆਬਾਦ ਦਿੱਲੀ ਨੂੰ ਦਾਨ ਵਜੋਂ ਭੇਜਣ ਦ ਫੈਸਲਾ ਲਿਆ। ਇਸ ਦੌਰਾਨ ਕਾਲਜ਼ ਨੇ ਮ੍ਰਿਤਕ ਦੇਹ ਨੂੰ ਸਵੀਕਾਰ ਕਰਨ ਤੋਂ ਪਹਿਲਾਂ ਉਸਦੇ ਹੋਰਨਾਂ ਟੈਸਟਾਂ ਦੇ ਨਾਲ ਕਰੋਨਾ ਟੈਸਟ ਵੀ ਕਰਵਾਇਆ ਗਿਆ, ਜਿਸ ਵਿਚ ਉਸਦੀ ਰਿਪੋਰਟ ਕਰੋਨਾ ਪਾਜੀਟਿਵ ਪਾਈ ਗਈ। ਮੈਡੀਕਲ ਕਾਲਜ ਨੇ ਤੁਰੰਤ ਐਕਸ਼ਨ ਲੈਂਦੇ ਹੋਏ ਉਕਤ ਮਹਿਲਾ ਦੀ ਦੇਹ ਨੂੰ ਪਰਵਾਰ ਨੂੰ ਸੌਂਪ ਦਿੱਤਾ । ਪਰਿਵਾਰ ਨੇ ਸ਼ਹਿਰ ਦੀ ਸਮਾਜ ਸੰਸਥਾ ਨੌਜਵਾਨ ਵੈੱਲਫੇਅਰ ਨਾਲ ਸੰਪਰਕ ਕੀਤਾ ਤਾਂ ਸੰਸਥਾ ਦੇ ਵਲੰਟੀਅਰ ਸੁਖਪ੍ਰੀਤ ਸਿੰਘ, ਸਾਹਿਬ ਸਿੰਘ, ਭਰਤ ਸਿੰਗਲਾ ਅਤੇ ਰਾਜਿੰਦਰ ਧਾਲੀਵਾਲ ਨੇ ਪੀਪੀ ਆਈ ਕਿੱਟਾਂ ਪਹਿਨ ਕਿ ਮਹਿਲਾ ਸੰਸਕਾਰ ਅੱਜ ਬਠਿੰਡਾ ਦੇ ਸ਼ਮਸ਼ਾਨ ਘਾਟ ਵਿੱਚ ਕਰ ਦਿੱਤਾ। ਹਾਲਾਂਕਿ ਇਸ ਮਾਮਲੇ ਵਿਚ ਸੰਪਰਕ ਕਰਨ ‘ਤੇ ਸਿਵਲ ਸਰਜਨ ਡਾ ਤੇਜਵੰਤ ਸਿੰਘ ਢਿੱਲੋਂ ਨੇ ਕਿਹਾ ਕਿ ਉਨ੍ਹਾਂ ਨੂੰ ਜਾਣਕਾਰੀ ਮਿਲੀ ਹੈ ਅਤੇੇ ਵੇਰਵੇਂ ਇਕੱਤਰ ਕੀਤੇ ਜਾ ਰਹੇ ਹਨ।
ਬਠਿੰਡਾ ’ਚ ਮ੍ਰਿਤਕ ਔਰਤ ਨਿਕਲੀ ਕਰੋਨਾ ਪਾਜ਼ੀਟਿਵ!
ਚੀਮਾ ਵੱਲੋਂ ਫਾਜ਼ਿਲਕਾ ਸ਼ੂਗਰ ਮਿੱਲ ਲਈ 10 ਕਰੋੜ ਰੁਪਏ ਤੁਰੰਤ ਜਾਰੀ ਕਰਨ ਦੇ ਨਿਰਦੇਸ਼
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 2 ਜਨਵਰੀ: ਸੂਬੇ ਵਿੱਚ ਸਹਿਕਾਰੀ ਖੰਡ ਮਿੱਲਾਂ ਦੀ ਸਥਿਤੀ ਦਾ ਵਿਸਤ੍ਰਿਤ ਮੁਲਾਂਕਣ ਕਰਨ ਅਤੇ ਉਹਨਾਂ ਦੀ ਆਰਥਿਕ ਵਿਹਾਰਕਤਾ ਨੂੰ ਯਕੀਨੀ ਬਣਾਉਣ ਦੇ ਉਪਰਾਲਿਆਂ ਬਾਰੇ ਵਿਚਾਰ-ਵਟਾਂਦਰਾ ਕਰਨ ਲਈ ਵਿੱਤ ਮੰਤਰ ਸ. ਹਰਪਾਲ ਸਿੰਘ ਚੀਮਾ ਨੇ ਅੱਜ ਸਹਿਕਾਰਤਾ ਵਿਭਾਗ, ਸ਼ੂਗਰਫੈਡ ਅਤੇ ਵਿੱਤ ਵਿਭਾਗ ਦੇ ਉੱਚ ਅਧਿਕਾਰੀਆਂ ਨਾਲ ਇੱਕ ਅਹਿਮ ਮੀਟਿੰਗ ਕੀਤੀ। ਇਸ ਮੀਟਿੰਗ ਦੌਰਾਨ ਵਿੱਤ ਮੰਤਰੀ ਨੇ ਸਹਿਕਾਰੀ ਖੰਡ ਮਿੱਲਾਂ ਨੂੰ ਮੁੜ ਸੁਰਜੀਤ ਕਰਨ ਲਈ ਲੋੜੀਂਦੇ ਕਦਮ ਪੁੱਟਣ ਲਈ ਦਿਸ਼ਾ ਨਿਰਦੇਸ਼ ਜਾਰੀ ਕਰਨ ਦੇ ਨਾਲ-ਨਾਲ ਫਾਜ਼ਿਲਕਾ ਖੰਡ ਮਿੱਲ ਨਾਲ ਸਬੰਧਤ ਤਨਖਾਹਾਂ ਅਤੇ ਸੇਵਾਮੁਕਤੀ ਦੇ ਬਕਾਏ ਦੇ ਭੁਗਤਾਨ ਲਈ 10 ਕਰੋੜ ਰੁਪਏ ਦੀ ਰਕਮ ਤੁਰੰਤ ਜਾਰੀ ਕਰਨ ਦੇ ਨਿਰਦੇਸ਼ ਦਿੱਤੇ। ਸਮੇਂ ਦੀ ਲੋੜ ਅਨੁਸਾਰ ਆਧੁਨਿਕ ਉਪਾਵਾਂ ਅਤੇ ਤਕਨੀਕੀ ਤਰੱਕੀ ’ਤੇ ਜ਼ੋਰ ਦਿੰਦਿਆਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਖੰਡ ਮਿੱਲਾਂ ਸਹਿਕਾਰੀ ਖੇਤਰ ਦੀ ਰੀੜ੍ਹ ਦੀ ਹੱਡੀ ਹਨ ਅਤੇ ਸੂਬਾ ਸਰਕਾਰ ਇਨ੍ਹਾਂ ਨੂੰ ਚਲਦਾ ਰੱਖਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ।
ਗਰੀਬਾਂ ਤੇ ਵਾਂਝਿਆਂ ਦੇ ਉਥਾਨ ਲਈ ਕੰਮ ਕਰਨਾ ਹੀ ਜੀਵਨ ਦਾ ਟੀਚਾ – ਮੁੱਖ ਮੰਤਰੀ
ਮਨੋਹਰ ਲਾਲ ਨੇ ਪ੍ਰਜਾਪਤੀ ਬ੍ਰਹਮਕੁਮਾਰੀਜ ਇਸ਼ਵਰੀਯ ਯੂਨੀਵਰਸਿਟੀ ਦੇ ਪ੍ਰੋਗ੍ਰਾਮ ਵਿਚ ਕੀਤੀ ਸ਼ਿਰਕਤ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 2 ਜਨਵਰੀ: ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਪ੍ਰਜਾਪਤੀ ਬ੍ਰਹਮਕੁਮਾਰੀਜ ਇਸ਼ਵਰੀਯ ਯੂਨੀਵਰਸਿਟੀ, ਮਾਊਂਟ ਆਬੂ, ਰਾਜਸਤਾਨ ਵਿਚ ਅਧਿਆਤਮਕ ਮਜਬੂਤੀਕਰਣ ਤੋਂ ਸਮਾਜਿਕ ਬਦਲਾਅ ਵਿਸ਼ਾ ’ਤੇ ਪ੍ਰਬੰਧਿਤ ਕੌਮੀ ਸਮੇਲਨ ਵਿਚ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ। ਇਸ ਮੌਕੇ ’ਤੇ ਉਨ੍ਹਾਂ ਨੇ ਪ੍ਰੋਗ੍ਰਾਮ ਵਿਚ ਆਏ ਹੋਏ ਮੁਰੀਦਾਂ ਅਤੇ ਪ੍ਰਜਾਪਤੀ ਬ੍ਰਹਮਕੁਮਾਰੀਜ ਇਸ਼ਵਰੀਯ ਯੂਨੀਵਰਸਿਟੀ ਨੂੰ ਅਪੀਲ ਕੀਤੀ ਕਿ ਉਹ ਸੱਭ ਤੋਂ ਪਹਿਲਾਂ ਗਰੀਬਾਂ ਤੇ ਵਾਂਝਿਆਂ ਦੇ ਉਥਾਨ ਦੇ ਲਈ ਕਾਰਜ ਕਰਨ ਤਾਂ ਜੋ ਉਹ ਲੋਕ ਮੁੱਖ ਧਾਰਾ ਵਿਚ ਆਕੇ ਸਮਾਜ ਨਿਰਮਾਣ ਵਿਚ ਭਾਗੀਦਾਰ ਬਣ ਸਕੇ। ਇਸ ਮੌਕੇ ’ਤੇ ਸਮਾਜ ਬਦਲਾਅ ਦਾ ਸੰਦੇਸ਼ ਦਿੰਦੇ ਹੋਏ ਸ੍ਰੀ ਮਨੋਹਰ ਲਾਲ ਨੇ ਕਵਿਤਾ ਦੀ ਲਾਈਨਾਂ ਸੁਨਾਉਂਦੇ ਹੋਏ ਕਿਹਾ ਕਿ ਚਲੋ ਜਲਾਏਂ ਦੀਪ ਵਹਾਂ, ਜਹਾਂ ਅੰਧੇਰਾ ਘਨਾ ਹੋ ਮਤਲਬ ਸੱਭ ਤੋਂ ਪਹਿਲਾਂ ਆਖੀਰੀ ਪਾਇਦਾਨ ’ਤੇ ਖੜੇ ਵਿਅਕਤੀ ਦੇ ਘਰ ਉਜਾਲਾ ਕਰ ਉਸ ਦੇ ਜੀਵਨ ਤੋਂ ਦੁੱਖ ਤੇ ਦਰਦਰ ਨੂੰ ਦੂਰ ਕਰਨ ਦਾ ਯਤਨ ਕਰਨਾ ਚਾਹੀਦਾ ਹੈ। ਹਰਿਆਣਾ ਸਰਕਾਰ ਪਿਛਲੇ 8 ਸਾਲਾਂ ਤੋਂ ਅੰਤੋਂਦੇਯ ਦੇ ਮੂਲਮੰਤਰ ’ਤੇ ਚਲਦੇ ਹੋਏ ਹਰ ਵਰਗ ਦੀ ਭਲਾਈ ਦੇ ਕਾਰਜ ਨੁੰ ਅੰਜਾਮ ਦੇ ਰਹੀ ਹੈ। ਹਰਿਆਣਾ ਸਰਕਾਰ ਵੱਲੋਂ ਚਲਾਏ ਜਾ ਰਹੇ ਕਈ ਪ੍ਰੋਗ੍ਰਾਮਾਂ ਤੇ ਫਲੈਗਸ਼ਿਪ ਪ੍ਰੋਗ੍ਰਾਮਾਂ ਨੂੰ ਹੋਰ ਸੂਬਿਆਂ ਨੇ ਵੀ ਅਪਣਾਇਆ ਹੈ। ਮੁੱਖ ਮੰਤਰੀ ਨੇ ਇਸ ਮੌਕੇ ’ਤੇ ਦਾਦੀ ਪ੍ਰਕਾਸ਼ਮਣੀ ਪਾਰਕ ਦੇ ਲਈ ਆਪਣੇ ਸਵੈਇਛੱਕ ਕੋਸ਼ ਤੋਂ 21 ਲੱਖ ਰੁਪਏ ਦਾ ਅਨੁਦਾਨ ਦੇਣ ਦਾ ਐਲਾਨ ਵੀ ਕੀਤਾ।
ਹਰਿਆਣਾ ਸਰਕਾਰ ਸੰਤਾਂ-ਮਹਾਪੁਰਸ਼ਾਂ ਦੀ ਸਿਖਿਆਵਾਂ ਨੂੰ ਜਨ-ਜਨ ਤਕ ਪਹੁੰਚਾ ਰਹੀ ਹੈ
ਮੁੱਖ ਮੰਤਰੀ ਨੇ ਕਿਹਾ ਕਿ ਸਮੇਂ-ਸਮੇਂ ’ਤੇ ਸਮਾਜ ਵਿਚ ਅਨੇਕ ਮਹਾਪੁਰਸ਼ਾਂ ਨੇ ਜਨਮ ਲਿਆ ਅਤੇ ਉਨ੍ਹਾਂ ਨੇ ਸਮਾਜ ਸੁਧਾਰ ਲਈ ਕਾਰਜ ਕੀਤੇ। ਵੱਖ-ਵੱਖ ਭਾਸ਼ਾਵਾਂ ਵਿਚ ਮਹਾਪੁਰਸ਼ਾਂ ਦੀ ਸਿਖਿਆਵਾਂ ਰਹੀਆਂ ਹਨ, ਪਰ ਸਾਰੇ ਸੰਤਾਂ ਦਾ ਮੂਲਭਾਵ ਇਹੀ ਹੈ ਕਿ ਕਿਸੇ ਤਰ੍ਹਾ ਸਮਾਜ ਵਿਚ ਸੁਧਾ ਲਿਆਇਆ ਜਾਵੇ। ਅਜਿਹੇ ਸਾਰੇ ਸੰਤਾ-ਮਹਾਪੁਰਸ਼ਾਂ ਦੀ ਸਿਖਿਆਵਾਂ ਨੂੰ ਜਨ-ਜਨ ਤਕ ਪਹੁੰਚਾਉਣ ਲਈ ਹਰਿਆਣਾ ਸਰਕਾਰ ਨੇ ਸੰਤ-ਮਹਾਪੁਰਸ਼ ਸਨਮਾਨ ਅਤੇ ਵਿਚਾਰ ਪ੍ਰਚਾਰ ਪ੍ਰਸਾਰ ਯੋਜਨਾ ਚਲਾਈ ਹੈ, ਜਿਸ ਦੇ ਤਹਿਤ ਸਾਰੇ ਮਹਾਪੁਰਸ਼ਾਂ ਦੀ ਜੈਯੰਤੀਆਂ ਸਰਕਾਰੀ ਤੌਰ ’ਤੇ ਮਨਾਈ ਜਾ ਰਹੀ ਹੈ। ਸਰਕਾਰ ਦੀ ਇਹ ਇਕ ਅਨੋਖੀ ਪਹਿਲ ਹੈ, ਤਾਂ ਜੋ ਅੱਜ ਦੀ ਯੁਵਾ ਪੀੜੀ ਨੂੰ ਵੀ ਪਤਾ ਲੱਗੇ ਕਿ ਕਿਸ ਤਰ੍ਹਾ ਨਾਲ ਮਹਾਪੁਰਸ਼ਾਂ ਨੇ ਆਪਣੀ ਸਿਖਿਆਵਾਂ ਰਾਹੀਂ ਸਮਾਜ ਨੂੰ ਆਧੁਨਿਕਤਾ ਵੱਲ ਪਹੁੰਚਾਇਆ ਹੈ। ਇੰਨ੍ਹਾਂ ਹੀ ਨਹੀਂ, ਇਹ ਯੋਜਨਾ ਸਮਾਜ ਵਿਚ ਭਾਈਚਾਰਾ ਤੇ ਸਦਭਾਵਨਾ ਨੂੰ ਵਧਾਉਣ ਦਾ ਵੀ ਸਰੋਤ ਬਣ ਰਹੀ ਹੈ।
ਯੋਗ ਅਤੇ ਮਿਲੇਟਸ ਦਾ ਮਨੁੱਖ ਨੂੰ ਨਿਰੋਗੀ ਬਨਾਉਣ ਵਿਚ ਅਹਿਮ ਯੋਗਦਾਨ
ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਸ਼ਰੀਰ ਨੂੰ ਸਿਹਤਮੰਦ ਰੱਖਣ ਦੀ ਸਾਡੀ ਪੁਰਾਣੀ ਵਿਦਿਆ ਯੋਗ ਨੂੰ ਦੁਨੀਆਭਰ ਵਿਚ ਪਹਿਚਾਣ ਦਿਵਾਉਣ ਲਈ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੇ ਯਤਨਾਂ ਨਾਲ ਸੰਯੁਕਤ ਰਾਸ਼ਟਰ ਸੰਘ ਵੱਲੋਂ 21 ਜੂਨ ਨੂੰ ਕੌਮਾਂਤਰੀ ਯੋਗ ਦਿਵਸ ਵਜੋ ਐਲਾਨ ਕੀਤਾ ਹੈ। ਯੋਗ ਸਾਧਨਾ ਰਾਹੀਂ ਅਧਿਆਤਮਕ ਗਿਆਨ ਦੀ ਪ੍ਰਾਪਤੀ ਵੀ ਹੁੰਦੀ ਹੈ। ਯੋਗ ਸਾਧਨਾ ਦੇ ਜੋਰ ’ਤੇ ਮਨੁੱਖ ਆਪਣੇ ਮਨ ਦੀ ਬੁਰਾਈਆਂ ’ਤੇ ਕੰਟਰੋਲ ਕਰ ਸਕਦਾ ਹੈ। ਹਰਿਆਣਾ ਸਰਕਾਰ ਨੇ ਵੀ ਯੋਗ ਨੂੰ ਪ੍ਰੋਤਸਾਹਨ ਦੇਣ ਅਤੇ ਸ਼ਰੀਰ ਸਿਹਤਮੰਦ ਰਹੇ ਇਸ ਦੇ ਲਈ ਪਿੰਡਾਂ ਵਿਚ ਪਾਰਕ ਅਤੇ ਵਿਯਾਮਸ਼ਾਲਾਵਾਂ ਖੋਲੀਆਂ ਹਨ। ਉਨ੍ਹਾਂ ਨੇ ਕਿਹਾ ਕਿ ਸ਼ਰੀਰ ਨੂੰ ਸਿਹਤਮੰਦ ਰੱਖਣ ਵਿਚ ਸਾਡੇ ਸਦੀਆਂ ਪੁਰਾਣੇ ਖਾਣ-ਪੀਣ ਵਿਚ ਸ਼ਾਮਿਲ ਮੋਟੇ ਅਨਾਜ ਦਾ ਅੱਜ ਵੀ ਉਨ੍ਹਾਂ ਹੀ ਮਹਤੱਵ ਹੈ। ਇਸੀ ਨੂੰ ਸਮਝਦੇ ਹੋਏ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਸਾਲ 2023 ਨੂੰ ਮਿਲੇਟਸ ਇਅਰ ਵਜੋ ਮਨਾਉਣ ਦੀ ਅਪੀਲ ਕੀਤੀ ਹੈ। ਪ੍ਰਧਾਨ ਮੰਤਰੀ ਦੇ ਇਸ ਯਤਨ ਨੂੰ ਸੰਯੁਕਤ ਰਾਸ਼ਟਰ ਸੰਘ ਨੇ ਇਕ ਵਾਰ ਫਿਰ ਮੰਨਿਆ ਅਤੇ ਸਾਲ 2023 ਨੂੰ ਕੌਮਾਂਤਰੀ ਮਿਲੇਟਸ ਇਆਰ ਐਲਾਨ ਕੀਤਾ ਹੈ। ਹਰਿਆਣਾ ਵਿਚ ਵੀ ਨਵੇਂ ਸਾਲ ’ਤੇ ਮੋਟੇ ਅਨਾਜ ਦੇ ਅਲਪਹਾਰ ਦੇ ਨਾਲ ਸਾਲ 2023 ਨੁੰ ਮਿਲੇਟਸ ਇਅਰ ਵਜੋ ਮਨਾਉਣ ਦੀ ਸ਼ੁਰੂਆਤ ਕੀਤੀ ਗਈ ਹੈ।
ਨਿਰਾਸ਼ਾ ਨੂੰ ਕਦੀ ਹਾਵੀ ਨਾ ਹੋਣ ਦੇਣ, ਆਸ਼ਾਵਾਦੀ ਬਣ ਕੇ ਅੱਗੇ ਵੱਧਣ
ਮੁੱਖ ਮੰਤਰੀ ਨੇ ਕਿਹਾ ਕਿ ਉਹ ਸੂਬੇ ਦੇ ਲਗਭਗ ਪੌਨੇ 3 ਕਰੋੜ ਜਨਤਾ ਨੁੰ ਆਪਣਾ ਹੀ ਪਰਿਵਾਰ ਮੰਨਦੇ ਹਨ। ਵਸੂਧੇਵ ਕੁਟੁੰਬਕਮ ਹੀ ਸਾਡਾ ਸਿਦਾਂਤ ਹੈ ਅਤੇ ਇਸੀ ਸਿਦਾਂਤ ਨੂੰ ਮੰਨਦੇ ਹੋਏ ਸੂਬੇ ਦੇ ਹਰੇਕ ਨਾਗਰਿਕ ਦੀ ਭਲਾਈ ਲਈ ਕੰਮ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਸਮਾਜ ਸੁਧਾਰ ਦੇ ਕਾਰਜ ਕਰਦੇ ਹੋਏ ਮੁਸ਼ਕਲਾਂ ਬਹੁਤ ਆਉਂਦੀਆਂ ਹਨ, ਪਰ ਅਸੀਂ ਨਿਰਾਸ਼ਾ ਨੂੰ ਖੁਦ ’ਤੇ ਹਾਵੀ ਨਹੀਂ ਹੋਣ ਦੇਣਾ ਚਾਹੀਦਾ ਹੈ, ਸਗੋ ਆਸ਼ਾਵਾਦੀ ਬਣ ਕੇ ਅੱਗੇ ਵੱਧਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਮਾਨਾ ਕਿ ਅੰਧੇਰਾ ਘਨਾ ਹੈ, ਪਰ ਦੀਪਜਲਾਨਾ ਕਹਾ ਮਨਾ ਹੈ, ਇਸ ਮੂਲ ਵਾਕ ’ਤੇ ਚਲਦੇ ਹੋਏ ਜੀਵਨ ਵਿਚ ਆਉਣ ਵਾਲੀ ਸਾਰੀ ਬੁਰਾਈਆਂ ਦੇ ਅੰਧੇਰਿਆਂ ਨੂੰ ਦੂਰ ਕਰ ਲਗਾਤਾਰ ਸਮਾਜ ਹਿੱਤ ਵਿਚ ਕੰਮ ਕਰਦੇ ਰਹਿਣਾ ਚਾਹੀਦਾ ਹੈ। ਇਸ ਮੌਕੇ ’ਤੇ ਕਰਨਾਲ ਦੇ ਸਾਂਸਦ ਸੰਜੈ ਭਾਟਿਆ, ਜੁਆਇੰਟ ਜੀਫ ਆਫ ਬ੍ਰਹਮਕੁਮਾਰੀਜ ਰਾਜਯੋਗਿਨੀ ਸੰਤੋਸ਼ ਦੀਦੀ, ਰਾਜਯੋਗੀ ਬੀਕੇ ਬ੍ਰਿਜ ਮੋਹਨ, ਬੀਕੇ ਮ੍ਰਿਤਯੁਮਜਯ, ਵੀਕੇ ਭਾਰਤ ਭੂਸ਼ਨ ਸਮੇਤ ਭਾਰੀ ਗਿਣਤੀ ਵਿਚ ਦੇਸ਼ ਦੇ ਕੌਨੇ-ਕੋਨੇ ਤੋਂ ਆਏ ਅਨੁਯਾਈ ਮੌਜੂਦ ਰਹੇ।
ਸਾਬਕਾ ਮੰਤਰੀ ਆਸ਼ੂ ਦਾ ਭਗੌੜਾ ਪੀ.ਏ. ਇੰਦਰਜੀਤ ਇੰਦੀ ਵਿਜੀਲੈਂਸ ਬਿਊਰੋ ਵੱਲੋਂ ਗ੍ਰਿਫ਼ਤਾਰ
ਭਗੌੜੇ ਹੋਣ ਦੀ ਅਦਾਲਤੀ ਕਾਰਵਾਈ ਕਾਰਨ ਵਿਜੀਲੈਂਸ ਬਿਊਰੋ ਅੱਗੇ ਕੀਤਾ ਆਤਮ ਸਮਰਪਣ
ਆਸ਼ੂ ਦੇ ਘਰੋਂ ਮਿਲਿਆ ਗਹਿਣਿਆਂ ਤੇ ਦਸਤਾਵੇਜ਼ਾਂ ਵਾਲਾ ਬੈਗ ਲੈ ਕੇ ਇੰਦੀ ਹੋਇਆ ਸੀ ਫਰਾਰ
ਪੰਜਾਬੀ ਖ਼ਬਰਸਾਰ ਬਿਉਰੋ
ਲੁਧਿਆਣਾ, 2 ਜਨਵਰੀ: ਸੂਬੇ ਦੀਆਂ ਅਨਾਜ ਮੰਡੀਆਂ ਵਿੱਚ ਹੋਏ ਬਹੁ-ਕਰੋੜੀ ਢੋਆ-ਢੁਆਈ ਸਬੰਧੀ ਟੈਂਡਰ ਘੁਟਾਲੇ ਦੇ ਭਗੌੜੇ ਮੁਲਜ਼ਮ ਇੰਦਰਜੀਤ ਸਿੰਘ ਇੰਦੀ ਨੂੰ ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਅੱਜ ਉਸ ਵੇਲੇ ਗ੍ਰਿਫ਼ਤਾਰ ਕਰ ਲਿਆ ਗਿਆ ਜਦੋਂ ਉਸ ਨੇ ਲੁਧਿਆਣਾ ਸਥਿਤ ਬਿਊਰੋ ਦੇ ਦਫ਼ਤਰ ਵਿਖੇ ਆਤਮ-ਸਮਰਪਣ ਕੀਤਾ।ਇਹ ਮੁਲਜ਼ਮ ਸਾਬਕਾ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਨਾਲ ਪ੍ਰਾਈਵੇਟ ਤੌਰ ‘ਤੇ ਨਿੱਜੀ ਸਹਾਇਕ (ਪੀ.ਏ.) ਵਜੋਂ ਕੰਮ ਕਰਦਾ ਰਿਹਾ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਬਿਊਰੋ ਵੱਲੋਂ ਚਲਾਈ ਗਈ ਕਾਨੂੰਨੀ ਕਾਰਵਾਈ ਕਾਰਨ ਉਸ ਨੂੰ ਖਦਸ਼ਾ ਸੀ ਕਿ ਅਦਾਲਤ ਉਸ ਨੂੰ ਇਸ ਘੁਟਾਲੇ ਵਿੱਚ ਭਗੌੜਾ (ਪੀ.ਓ.) ਘੋਸ਼ਿਤ ਕਰ ਸਕਦੀ ਹੈ ਕਿਉਂਕਿ ਵਿਜੀਲੈਂਸ ਬਿਊਰੋ ਨੇ ਪਹਿਲਾਂ ਹੀ ਉਸ ਵਿਰੁੱਧ ਅਦਾਲਤੀ ਕਾਰਵਾਈ ਸ਼ੁਰੂ ਕਰ ਦਿੱਤੀ ਸੀ ਅਤੇ ਉਸ ਕੇਸ ਦੀ ਅਗਲੀ ਸੁਣਵਾਈ 04-01-2023 ਨੂੰ ਨਿਰਧਾਰਤ ਕੀਤੀ ਗਈ ਸੀ। ਉਸ ਨੂੰ ਭਲਕੇ ਲੁਧਿਆਣਾ ਦੀ ਸਮਰੱਥ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।ਹੋਰ ਜਾਣਕਾਰੀ ਦਿੰਦਿਆਂ ਬੁਲਾਰੇ ਨੇ ਦੱਸਿਆ ਕਿ ਬਿਊਰੋ ਵੱਲੋਂ ਪਹਿਲਾਂ ਹੀ ਠੇਕੇਦਾਰ ਤੇਲੂ ਰਾਮ, ਜਗਰੂਪ ਸਿੰਘ, ਸੰਦੀਪ ਭਾਟੀਆ ਅਤੇ ਗੁਰਦਾਸ ਰਾਮ ਐਂਡ ਕੰਪਨੀ ਦੇ ਮਾਲਕਾਂ/ਭਾਈਵਾਲਾਂ ਦੇ ਨਾਲ-ਨਾਲ ਪੰਜਾਬ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਦੇ ਅਧਿਕਾਰੀਆਂ/ਕਰਮਚਾਰੀਆਂ ਤੋਂ ਇਲਾਵਾ ਵੱਖ-ਵੱਖ ਅਨਾਜ ਮੰਡੀਆਂ ਵਿੱਚ ਲੇਬਰ ਅਤੇ ਢੋਆ-ਢੁਆਈ ਦੇ ਟੈਂਡਰ ਅਲਾਟ ਕਰਨ ਲਈ ਸਬੰਧਤ ਖਰੀਦ ਏਜੰਸੀਆਂ ਦੇ ਅਧਿਕਾਰੀਆਂ/ਕਰਮਚਾਰੀਆਂ ਵਿਰੁੱਧ ਆਈ.ਪੀ.ਸੀ. ਦੀ ਧਾਰਾ 420, 409, 467, 468, 471, 120-ਬੀ ਅਤੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 7, 8, 12, 13(2) ਤਹਿਤ ਐਫ.ਆਈ.ਆਰ. ਨੰਬਰ 11 ਮਿਤੀ 16-08-2022 ਅਧੀਨ ਮੁਕੱਦਮਾ ਦਰਜ ਕੀਤਾ ਗਿਆ ਸੀ। ਬੁਲਾਰੇ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਮੁਲਜ਼ਮ ਤੇਲੂ ਰਾਮ, ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ, ਸਾਬਕਾ ਮੰਤਰੀ ਦੇ ਨਿੱਜੀ ਪੀ.ਏ. ਪੰਕਜ ਕੁਮਾਰ ਉਰਫ਼ ਮੀਨੂੰ ਮਲਹੋਤਰਾ, ਕ੍ਰਿਸ਼ਨ ਲਾਲ ਧੋਤੀਵਾਲਾ ਅਤੇ ਅਨਿਲ ਜੈਨ (ਦੋਵੇਂ ਆੜ੍ਹਤੀਏ) ਨੂੰ ਪਹਿਲਾਂ ਹੀ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ ਅਤੇ ਇਸ ਸਮੇਂ ਸਾਰੇ ਨਿਆਂਇਕ ਹਿਰਾਸਤ ਵਿੱਚ ਹਨ। ਇਸ ਤੋਂ ਇਲਾਵਾ ਵਿਜੀਲੈਂਸ ਬਿਊਰੋ ਵੱਲੋਂ ਪਹਿਲਾਂ ਹੀ ਲੁਧਿਆਣਾ ਦੀ ਸਮਰੱਥ ਅਦਾਲਤ ਵਿੱਚ ਭਾਰਤ ਭੂਸ਼ਣ ਆਸ਼ੂ, ਤੇਲੂ ਰਾਮ ਅਤੇ ਕ੍ਰਿਸ਼ਨ ਲਾਲ ਵਿਰੁੱਧ ਸਪਲੀਮੈਂਟਰੀ ਚਲਾਣ ਪੇਸ਼ ਕੀਤਾ ਜਾ ਚੁੱਕਾ ਹੈ।ਵੇਰਵੇ ਦਿੰਦਿਆਂ ਬੁਲਾਰੇ ਨੇ ਅੱਗੇ ਦੱਸਿਆ ਕਿ ਇਸ ਕੇਸ ਵਿੱਚ ਗਹਿਨ ਪੜਤਾਲ ਅਤੇ ਸਬੂਤਾਂ ਦੀ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਉਕਤ ਦੋਸ਼ੀ ਭਾਰਤ ਭੂਸ਼ਣ ਆਸ਼ੂ ਕੋਲ ਪੀ.ਏ. ਵਜੋਂ ਕੰਮ ਕਰ ਰਿਹਾ ਸੀ ਅਤੇ ਵਿਜੀਲੈਂਸ ਬਿਊਰੋ ਨੂੰ 24-08-2022 ਨੂੰ ਇੱਕ ਗੁਪਤ ਸੂਚਨਾ ਮਿਲੀ ਸੀ ਕਿ ਭਾਰਤ ਭੂਸ਼ਣ ਆਸ਼ੂ ਦੀ ਗ੍ਰਿਫ਼ਤਾਰੀ ਉਪਰੰਤ, ਦੋਸ਼ੀ ਇੰਦਰਜੀਤ ਇੰਦੀ ਨੂੰ ਕਿਸੇ ਅਣਪਛਾਤੇ ਵਿਅਕਤੀ ਤੋਂ ਗਹਿਣੇ, ਦਸਤਾਵੇਜ਼ ਆਦਿ ਵਾਲਾ ਬੈਗ ਮਿਲਿਆ ਸੀ ਜੋ ਉਹ ਆਸ਼ੂ ਦੇ ਘਰੋਂ 22-08-2022 ਨੂੰ ਲੈ ਕੇ ਆਇਆ ਸੀ। ਇਸ ਬੈਗ ਨੂੰ ਹਾਸਲ ਕਰਕੇ ਇੰਦੀ ਇਸ ਨੂੰ ਅਣਪਛਾਤੇ ਟਿਕਾਣੇ ‘ਤੇ ਛੁਪਾਉਣ ਲਈ ਫਰਾਰ ਹੋ ਗਿਆ। ਪੜਤਾਲ ਉਪਰੰਤ ਪਤਾ ਲੱਗਾ ਕਿ ਇਹ ਘਟਨਾ ਸੀ.ਸੀ.ਟੀ.ਵੀ. ਕੈਮਰਿਆਂ ਵਿੱਚ ਕੈਦ ਹੋ ਗਈ ਸੀ, ਜਿਸ ਉਪਰੰਤ ਇੰਦਰਜੀਤ ਇੰਦੀ ਨੂੰ 26-08-2022 ਨੂੰ ਉਕਤ ਮੁਕੱਦਮੇ ਵਿੱਚ ਮੁਲਜ਼ਮ ਵਜੋਂ ਨਾਮਜ਼ਦ ਕੀਤਾ ਗਿਆ। ਉਨ੍ਹਾਂ ਅੱਗੇ ਦੱਸਿਆ ਕਿ ਇਸ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।
ਅਧਿਕਾਰੀ ਸਰਕਾਰ ਦੀਆਂ ਲੋਕ ਪੱਖੀ ਸਕੀਮਾਂ ਤੇ ਉਪਰਾਲਿਆਂ ਦਾ ਲਾਭ ਹੇਠਲੇ ਪੱਧਰ ਤੱਕ ਯਕੀਨੀ ਬਣਾਉਣ: ਮੁੱਖ ਮੰਤਰੀ
ਆਈ.ਏ.ਐਸ. ਅਤੇ ਆਈ.ਪੀ.ਐਸ. ਅਧਿਕਾਰੀਆਂ ਨੇ ਮੁੱਖ ਮੰਤਰੀ ਨਾਲ ਮੁਲਾਕਾਤ ਕਰਕੇ ਨਵੇਂ ਵਰ੍ਹੇ ਦੀ ਵਧਾਈ ਦਿੱਤੀ
ਸੂਬੇ ਦੀ ਪੁਰਾਤਨ ਸ਼ਾਨ ਬਹਾਲ ਕਰਨ ਲਈ ਦ੍ਰਿੜ ਵਚਨਬੱਧਤਾ ਪ੍ਰਗਟਾਈ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 2 ਜਨਵਰੀ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਸੂਬੇ ਦੇ ਅਧਿਕਾਰੀਆਂ ਨੂੰ ਸਰਕਾਰ ਦੀਆਂ ਲੋਕ ਪੱਖੀ ਤੇ ਵਿਕਾਸ ਮੁਖੀ ਨੀਤੀਆਂ ਦਾ ਲਾਭ ਹੇਠਲੇ ਪੱਧਰ ਤੱਕ ਪਹੁੰਚਾਉਣ ਨੂੰ ਯਕੀਨੀ ਬਣਾਉਣ ਲਈ ਉਤਸ਼ਾਹ ਨਾਲ ਕੰਮ ਕਰਨ ਲਈ ਆਖਿਆ। ਸੂਬੇ ਦੇ ਆਈ.ਏ.ਐਸ. ਅਤੇ ਆਈ.ਪੀ.ਐਸ. ਅਧਿਕਾਰੀਆਂ ਨੇ ਅੱਜ ਇੱਥੇ ਪੰਜਾਬ ਸਿਵਲ ਸਕੱਤਰੇਤ ਵਿਖੇ ਮੁੱਖ ਮੰਤਰੀ ਨਾਲ ਉਨ੍ਹਾਂ ਦੇ ਦਫ਼ਤਰ ਵਿਖੇ ਮੁਲਾਕਾਤ ਕੀਤੀ। ਇਸ ਮੌਕੇ ਮੁੱਖ ਮੰਤਰੀ ਨੇ ਅਧਿਕਾਰੀਆਂ ਨੂੰ ਨਵੇਂ ਵਰ੍ਹੇ ਦੀ ਵਧਾਈ ਦਿੰਦੇ ਹੋਏ ਲੋਕ ਭਲਾਈ ਕਾਰਜਾਂ ਨੂੰ ਸਭ ਤੋਂ ਵੱਧ ਤਰਜੀਹ ਦੇਣ ਲਈ ਆਖਿਆ। ਉਨ੍ਹਾਂ ਨੇ ਅਧਿਕਾਰੀਆਂ ਨੂੰ ਸੂਬੇ ਦੇ ਲੋਕਾਂ ਦੀ ਬਿਹਤਰੀ ਲਈ ਸਮਰਪਿਤ ਭਾਵਨਾ ਨਾਲ ਕੰਮ ਕਰਨ ਲਈ ਆਖਿਆ ਤਾਂ ਕਿ ਸੂਬੇ ਦੇ ਕਮਜੋਰ ਅਤੇ ਪੱਛੜੇ ਵਰਗਾਂ ਨੂੰ ਸਰਕਾਰ ਦੀਆਂ ਨੀਤੀਆਂ ਤੇ ਉਪਰਾਲਿਆਂ ਦਾ ਸਹੀ ਮਾਅਨਿਆਂ ਵਿਚ ਲਾਭ ਹਾਸਲ ਹੋ ਸਕੇ। ਭਗਵੰਤ ਮਾਨ ਨੇ ਕਿਹਾ ਕਿ ਇਹ ਯਕੀਨੀ ਬਣਾਉਣ ਦੀ ਲੋੜ ਹੈ ਕਿ ਸਰਕਾਰ ਦੀਆਂ ਨੀਤੀਆਂ ਦਾ ਲਾਭ ਹਰੇਕ ਹੱਕਦਾਰ ਲਾਭਪਾਤਰੀ ਨੂੰ ਹਾਸਲ ਹੋਵੇ। ਮੁੱਖ ਮੰਤਰੀ ਨੇ ਕਿਹਾ ਕਿ ਸਮਾਜ ਭਲਾਈ ਸਕੀਮਾਂ ਲਾਗੂ ਕਰਨ ਵਿੱਚ ਕਿਸੇ ਵੀ ਤਰ੍ਹਾਂ ਦਾ ਪੱਖਪਾਤ ਜਾਂ ਭਾਈ-ਭਤੀਜਾਵਾਦ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਪਾਰਦਰਸ਼ੀ ਪ੍ਰਸ਼ਾਸਨ ਦੇਣਾ ਸੂਬਾ ਸਰਕਾਰ ਦੀ ਮੁੱਖ ਤਰਜੀਹ ਹੈ। ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਨੂੰ ਹਰੇਕ ਖੇਤਰ ਵਿੱਚ ਦੇਸ਼ ਭਰ ਵਿੱਚੋਂ ਮੋਹਰੀ ਸੂਬਾ ਬਣਾਉਣ ਲਈ ਇਹ ਸਮੇਂ ਦੀ ਲੋੜ ਹੈ। ਆਈ.ਏ.ਐਸ. ਤੇ ਆਈ.ਪੀ.ਐਸ. ਅਧਿਕਾਰੀਆਂ ਨੂੰ ਸੂਬਾ ਸਰਕਾਰ ਦੀ ਰੀੜ੍ਹ ਦੀ ਹੱਡੀ ਦੱਸਦਿਆਂ ਮੁੱਖ ਮੰਤਰੀ ਨੇ ਪੰਜਾਬ ਤੇ ਇਸ ਦੇ ਲੋਕਾਂ ਦੀ ਖ਼ੁਸ਼ਹਾਲੀ ਯਕੀਨੀ ਬਣਾਉਣ ਲਈ ਅਧਿਕਾਰੀਆਂ ਨੂੰ ਆਪਣੇ ਫ਼ਰਜ਼ ਪੂਰੀ ਦਿਆਨਤਦਾਰੀ ਤੇ ਸਮਰਪਿਤ ਭਾਵਨਾ ਨਾਲ ਨਿਭਾਉਣ ਲਈ ਆਖਿਆ। ਉਨ੍ਹਾਂ ਕਿਹਾ ਕਿ ਸਮਾਂ ਆ ਗਿਆ ਹੈ ਜਦੋਂ ਸੂਬੇ ਦੀ ਪੁਰਾਤਨ ਸ਼ਾਨ ਬਹਾਲ ਕਰਨ ਲਈ ਸਾਨੂੰ ਸਾਰਿਆਂ ਨੂੰ ਇਕਜੁੱਟ ਹੋ ਕੇ ਕੋਸ਼ਿਸ਼ਾਂ ਕਰਨੀਆਂ ਚਾਹੀਦੀਆਂ ਹਨ। ਭਗਵੰਤ ਮਾਨ ਨੇ ਉਮੀਦ ਜਤਾਈ ਕਿ ਹਰੇਕ ਅਧਿਕਾਰੀ ਪੰਜਾਬ ਨੂੰ ਦੇਸ਼ ਦਾ ਮੋਹਰੀ ਸੂਬਾ ਬਣਾਉਣ ਲਈ ਆਪਣੀ ਪੂਰੀ ਵਾਹ ਲਾਏਗਾ।

ਸਰਕਾਰ ਨੇ 5773 ਪਿੰਡਾਂ ਨੂੰ ਰੈਵੀਨਿਊ ਲੈਂਡ ਦੀ ਰਜਿਸਟਰੀ ਲਈ ਐਨ.ਓ.ਸੀ. ਤੋਂ ਦਿੱਤੀ ਛੋਟ
ਇਸ ਲੋਕ-ਪੱਖੀ ਫ਼ੈਸਲੇ ਨਾਲ ਰੈਵੀਨਿਊ ਅਸਟੇਟ ਦੀ ਨਿਰਵਿਘਨ ਰਜਿਸਟਰੇਸ਼ਨ ਲਈ ਰਾਹ ਪੱਧਰਾ ਹੋਵੇਗਾ: ਅਮਨ ਅਰੋੜਾ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 2 ਜਨਵਰੀ:ਜ਼ਮੀਨ ਮਾਲਕਾਂ ਨੂੰ ਵੱਡੀ ਰਾਹਤ ਦਿੰਦਿਆਂ ਪੰਜਾਬ ਦੇ ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਵਿਭਾਗ ਨੇ ਪੇਂਡੂ ਖੇਤਰਾਂ ਵਿੱਚ ਰੈਵੀਨਿਊ ਲੈਂਡ ਦੀ ਰਜਿਸਟਰੇਸ਼ਨ ਕਰਵਾਉਣ ਲਈ ਸੂਬੇ ਦੇ 5773 ਪਿੰਡਾਂ ਨੂੰ ਐਨ.ਓ.ਸੀ. ਲੈਣ ਤੋਂ ਛੋਟ ਦੇ ਦਿੱਤੀ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਮੰਤਰੀ ਸ੍ਰੀ ਅਮਨ ਅਰੋੜਾ ਨੇ ਦੱਸਿਆ ਕਿ ਇਹ ਲੋਕ-ਪੱਖੀ ਫ਼ੈਸਲਾ ਜ਼ਮੀਨ ਮਾਲਕਾਂ ਨੂੰ ਵੱਡੀ ਰਾਹਤ ਦੇਣ ਦੇ ਨਾਲ ਨਾਲ 22 ਜ਼ਿਲ੍ਹਿਆਂ ਵਿੱਚ ਪੈਂਦੇ 5773 ਪਿੰਡਾਂ ਵਿੱਚ ਰੈਵੀਨਿਊ ਅਸਟੇਟ ਦੀ ਨਿਰਵਿਘਨ ਰਜਿਸਟਰੇਸ਼ਨ ਲਈ ਰਾਹ ਪੱਧਰਾ ਕਰੇਗਾ।ਜ਼ਿਕਰਯੋਗ ਹੈ ਕਿ ਗ਼ੈਰ-ਕਾਨੂੰਨੀ ਕਾਲੋਨੀਆਂ ਉਤੇ ਰੋਕਣ ਲਗਾਉਣ ਲਈ ਮਾਲ ਵਿਭਾਗ ਵੱਲੋਂ ਹਾਲ ਹੀ ਵਿੱਚ ਵਿਕਾਸ ਅਥਾਰਟੀ ਜਾਂ ਲੋਕਲ ਬਾਡੀ ਦੇ ਅਧਿਕਾਰ ਖੇਤਰ ਅਧੀਨ ਆਉਣ ਵਾਲੀਆਂ ਜਾਇਦਾਦਾਂ ਦੀ ਰਜਿਸਟਰੇਸ਼ਨ ਲਈ ਐਨ.ਓ.ਸੀ. ਜਾਰੀ ਕਰਨਾ ਲਾਜ਼ਮੀ ਕੀਤਾ ਗਿਆ ਸੀ। ਇਹ ਫ਼ੈਸਲਾ ਪਿੰਡਾਂ ਦੀ ਰੈਵੀਨਿਊ ਲੈਂਡ ’ਤੇ ਵੀ ਲਾਗੂ ਹੋ ਗਿਆ ਸੀ, ਜਿਸ ਨਾਲ ਜ਼ਮੀਨ ਮਾਲਕਾਂ ਲਈ ਪੇਂਡੂ ਖੇਤਰਾਂ ਵਿੱਚ ਜ਼ਮੀਨ ਦੀ ਰਜਿਸਟਰੀ ਕਰਵਾਉਣ ਤੋਂ ਪਹਿਲਾਂ ਲਾਇਸੈਂਸ ਲੈਣਾ ਲਾਜ਼ਮੀ ਹੋ ਗਿਆ ਸੀ। ਇਹ ਵੀ ਦੱਸਣਯੋਗ ਹੈ ਕਿ ਪੰਜਾਬ ਅਪਾਰਟਮੈਂਟ ਐਂਡ ਪ੍ਰਾਪਰਟੀ ਰੈਗੂਲੇਸ਼ਨ ਐਕਟ (ਪਾਪਰਾ) 1995 ਦੇ ਸੈਕਸ਼ਨ (20) (3) ਵਿੱਚ ਕਿਹਾ ਗਿਆ ਹੈ ਕਿ ਰਜਿਸਟਰੇਸ਼ਨ ਐਕਟ, 1908 ਦੇ ਉਪਬੰਧਾਂ ਅਧੀਨ ਕੋਈ ਵੀ ਰਜਿਸਟਰਾਰ ਜਾਂ ਸਬ-ਰਜਿਸਟਰਾਰ ਕਾਲੋਨੀ ਵਿਚਲੀ ਜ਼ਮੀਨ ਜਾਂ ਪਲਾਟ ਜਾਂ ਇਮਾਰਤ ਦੀ ਵਿਕਰੀ ਸਬੰਧੀ ਸੇਲ ਡੀਡ ਜਾਂ ਕੋਈ ਹੋਰ ਦਸਤਾਵੇਜ਼ ਰਜਿਸਟਰ ਨਹੀਂ ਕਰੇਗਾ, ਜਿਸ ਸਬੰਧੀ ਸਮਰੱਥ ਅਥਾਰਟੀ ਤੋਂ ਐਨ.ਓ.ਸੀ. ਪ੍ਰਾਪਤ ਨਾ ਕੀਤੀ ਗਈ ਹੋਵੇ। ਪੰਜਾਬ ਅਪਾਰਟਮੈਂਟ ਐਂਡ ਪ੍ਰਾਪਰਟੀ ਰੈਗੂਲੇਸ਼ਨ ਐਕਟ (ਪਾਪਰਾ) 1995 ਦੇ ਸੈਕਸ਼ਨ (20) (3) ਦੇ ਉਪਬੰਧਾਂ ਤਹਿਤ ਗ਼ੈਰ-ਲਾਇਸੈਂਸਸ਼ੁਦਾ ਕਾਲੋਨੀ ਵਿੱਚ ਸਥਿਤ ਜ਼ਮੀਨ, ਪਲਾਟ ਜਾਂ ਇਮਾਰਤ ਵੇਚਣ ਲਈ ਐਨ.ਓ.ਸੀ. ਲੈਣੀ ਲਾਜ਼ਮੀ ਹੋਣ ਕਾਰਨ ਜ਼ਮੀਨ ਮਾਲਕਾਂ ਨੂੰ ਰਜਿਸਟਰੀ ਕਰਵਾਉਣ ਵਿੱਚ ਮੁਸ਼ਕਿਲ ਆ ਰਹੀ ਸੀ। ਇਸ ਦਾ ਨੋਟਿਸ ਲੈਂਦਿਆਂ ਹੁਣ ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਵਿਭਾਗ ਨੇ ਜ਼ਮੀਨ ਮਾਲਕਾਂ ਨੂੰ ਪੇਂਡੂ ਖੇਤਰਾਂ ਵਿੱਚ ਰੈਵੀਨਿਊ ਲੈਂਡ ਦੀ ਰਜਿਸਟਰੀ ਲਈ ਐਨ.ਓ.ਸੀ. ਲੈਣ ਤੋਂ ਛੋਟ ਦੇ ਦਿੱਤੀ ਹੈ। ਪ੍ਰਮੁੱਖ ਸਕੱਤਰ ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਸ੍ਰੀ ਅਜੋਏ ਕੁਮਾਰ ਸਿਨਹਾ ਨੇ ਕਿਹਾ ਕਿ ਇਸ ਸਬੰਧੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ ਅਤੇ ਇਸ ਐਕਟ ਦੇ ਬਾਕੀ ਉਪਬੰਧ (ਪ੍ਰੋਵਿਜ਼ਨਜ਼) ਉਸੇ ਤਰ੍ਹਾਂ ਲਾਗੂ ਰਹਿਣਗੇ।
ਡੱਬੀ
ਛੋਟ ਵਾਲੇ ਪਿੰਡਾਂ ਦਾ ਜ਼ਿਲ੍ਹਾ ਵਾਰ ਵੇਰਵਾ
ਅੰਮ੍ਰਿਤਸਰ (385 ਪਿੰਡ), ਬਠਿੰਡਾ (94), ਹੁਸ਼ਿਆਰਪੁਰ (902), ਜਲੰਧਰ (359), ਮਾਨਸਾ (137), ਐਸ.ਬੀ.ਐਸ. ਨਗਰ (152), ਲੁਧਿਆਣਾ (346), ਤਰਨ ਤਾਰਨ (260), ਮੋਗਾ (120), ਪਠਾਨਕੋਟ (191), ਫਤਿਹਗੜ੍ਹ ਸਾਹਿਬ (268), ਬਰਨਾਲਾ (66), ਸੰਗਰੂਰ (172), ਮਲੇਰਕੋਟਲਾ (69), ਫਾਜ਼ਿਲਕਾ (221), ਕਪੂਰਥਲਾ (305), ਸ੍ਰੀ ਮੁਕਤਸਰ ਸਾਹਿਬ (118), ਫਰੀਦਕੋਟ (113), ਰੂਪਨਗਰ (257), ਗੁਰਦਾਸਪੁਰ (479), ਪਟਿਆਲਾ (507), ਫਿਰੋਜ਼ਪੁਰ (252 ਪਿੰਡ)।
ਮੁੱਖ ਮੰਤਰੀ ਨੇ ਸਾਲ 2023 ਦਾ ਕੈਲੰਡਰ ਕੀਤਾ ਜਾਰੀ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 2 ਜਨਵਰੀ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੋਮਵਾਰ ਸਵੇਰੇ ਪੰਜਾਬ ਸਿਵਲ ਸਕੱਤਰੇਤ-1 ਸਥਿਤ ਆਪਣੇ ਦਫ਼ਤਰ ਵਿਖੇ ਸਾਲ 2023 ਲਈ ਪੰਜਾਬ ਸਰਕਾਰ ਦਾ ਕੈਲੰਡਰ ਜਾਰੀ ਕੀਤਾ। ਇਹ ਜਾਣਕਾਰੀ ਦਿੰਦਿਆਂ ਮੁੱਖ ਮੰਤਰੀ ਦਫ਼ਤਰ ਦੇ ਬੁਲਾਰੇ ਨੇ ਦੱਸਿਆ ਕਿ ਕੈਲੰਡਰ ਦਾ ਖਾਕਾ ਤੇ ਰੂਪ-ਰੇਖਾ ਸੂਚਨਾ ਤੇ ਲੋਕ ਸੰਪਰਕ ਵਿਭਾਗ ਵੱਲੋਂ ਤਿਆਰ ਕੀਤੀ ਗਈ ਹੈ ਅਤੇ ਕੰਟਰੋਲਰ ਪ੍ਰਿੰਟਿੰਗ ਐਂਡ ਸਟੇਸ਼ਨਰੀ ਪੰਜਾਬ ਵੱਲੋਂ ਕੈਲੰਡਰ ਛਾਪਿਆ ਗਿਆ ਹੈ।ਇਸ ਮੌਕੇ ਮੁੱਖ ਸਕੱਤਰ ਵਿਜੇ ਕੁਮਾਰ ਜੰਜੂਆ, ਮੁੱਖ ਮੰਤਰੀ ਦੇ ਵਧੀਕ ਮੁੱਖ ਸਕੱਤਰ ਏ ਵੇਣੂ ਪ੍ਰਸਾਦ, ਸੂਚਨਾ ਤੇ ਲੋਕ ਸੰਪਰਕ ਵਿਭਾਗ ਦੇ ਪ੍ਰਮੁੱਖ ਸਕੱਤਰ ਰਾਹੁਲ ਭੰਡਾਰੀ, ਸੂਚਨਾ ਤੇ ਲੋਕ ਸੰਪਰਕ ਵਿਭਾਗ ਦੇ ਡਾਇਰੈਕਟਰ ਸੋਨਾਲੀ ਗਿਰਿ ਅਤੇ ਅਧਿਕਾਰੀ ਹੋਰ ਹਾਜ਼ਰ ਸਨ।
ਡਾ. ਬਲਜੀਤ ਕੌਰ ਨੇ ਮਲੋਟ ਦੇ ਝੁੱਗੀ-ਝੌਂਪੜੀ ਵਾਲਿਆਂ ਨੂੰ ਕੰਬਲ ਵੰਡ ਕੇ ਮਨਾਇਆ ਨਵਾਂ ਸਾਲ
ਪੰਜਾਬੀ ਖ਼ਬਰਸਾਰ ਬਿਉਰੋ
ਮਲੋਟ, 2 ਜਨਵਰੀ: ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਨਵੇਂ ਸਾਲ ਮੌਕੇ ਮਲੋਟ ਦੇ ਝੁੱਗੀ-ਝੌਂਪੜੀ ਵਾਲੇ ਖੇਤਰਾਂ ਵਿੱਚ ਜਾ ਕੇ ਕੰਬਲ ਵੰਡ ਕੇ ਨਵਾਂ ਸਾਲ ਮਨਾਇਆ। ਡਾ ਬਲਜੀਤ ਕੌਰ ਨੇ ਸਰਦੀ ਦੇ ਮੌਸਮ ਵਿੱਚ ਗਰੀਬਾਂ ਦੀ ਤਕਲੀਫ ਨੂੰ ਮਹਿਸੂਸ ਕਰਦੇ ਹੋਏ ਕਿਹਾ ਕਿ ਸਰਦੀਆਂ ਦੇ ਮੌਸਮ ਵਿੱਚ ਅਸੀਂ ਆਪਣੇ ਘਰਾਂ ਵਿਚ ਆਰਾਮ ਨਾਲ ਜੀਵਨ ਬਤੀਤ ਕਰਦੇ ਹਾਂ, ਪ੍ਰੰਤੂ ਝੁੱਗੀਆਂ ਵਿਚ ਰਹਿਣ ਵਾਲੇ ਵਿਅਕਤੀਆਂ ਦਾ ਇਸ ਕੜਾਕੇ ਦੀ ਠੰਢ ਵਿੱਚ ਗਰਮ ਕੱਪੜਿਆਂ ਤੋਂ ਬਗ਼ੈਰ ਜੀਵਨ ਬਤੀਤ ਕਰਨਾ ਬਹੁਤ ਮੁਸ਼ਕਿਲ ਹੈ। ਉਨ੍ਹਾਂ ਨੇ ਮਲੋਟ ਅੰਦਰ ਝੁੱਗੀ-ਝੋਪੜੀਆਂ ਵਾਲਿਆਂ ਦੀਆਂ ਮੁਸ਼ਕਿਲਾਂ ਨੂੰ ਦੇਖਦੇ ਹੋਏ ਗਰਮ ਕੰਬਲ ਵੰਡੇ ਗਏ।ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੇ ਲੋਕਾਂ ਦੀ ਸੇਵਾ ਵਿਚ ਲਗਾਤਾਰ ਯਤਨਸ਼ੀਲ ਹੈ। ਇਸ ਤਹਿਤ ਅੱਜ ਮਲੋਟ ਅੰਦਰ ਝੌਂਪੜੀਆਂ ਵਿੱਚ ਰਹਿਣ ਵਾਲੇ ਲੋੜਵੰਦਾਂ ਨੂੰ ਅਤਿ ਦੀ ਸਰਦੀ ਤੋਂ ਬਚਾਉਣ ਲਈ ਕੰਬਲ ਵੰਡੇ ਗਏ।
ਸ਼ਾਮਲਾਤ/ਜੁਮਲਾ ਮੁਸ਼ਤਰਕਾ ਜ਼ਮੀਨਾਂ ਦੇ ਛੋਟੇ ਮਾਲਕ ਕਿਸਾਨਾਂ ਉਜੜ ਨਹੀਂ ਦਿੱਤਾ ਜਾਵੇਗਾ: ਕਿਸਾਨ ਆਗੂ
ਪੰਜਾਬੀ ਖ਼ਬਰਸਾਰ ਬਿਉਰੋ
ਸ਼੍ਰੀ ਮੁਕਤਸਰ ਸਾਹਿਬ, 2 ਜਨਵਰੀ: ਭਾਕਿਯੂ ਏਕਤਾ ਉਗਰਾਹਾਂ ਪੰਜਾਬ ਸੂਬਾ ਕਮੇਟੀ ਦੀ ਦਿਸ਼ਾ ਨਿਰਦੇਸ਼ਾਂ ਤਹਿਤ ਬਲਾਕ ਗਿੱਦੜਬਾਹਾ ਦੇ ਪ੍ਰਧਾਨ ਗੁਰਮੀਤ ਸਿੰਘ ਬਿੱਟੂ ਮੱਲਣ ਦੀ ਪ੍ਰਧਾਨਗੀ ਹੇਠ ਜਥੇਬੰਦੀ ਵਲੋਂ ਵਿਸ਼ੇਸ਼ ਤੌਰ ’ਤੇ ਦਾਦੂ ਪੱਤੀ ਧਰਮਸ਼ਾਲਾਵਾਂ ਵਿਚ ਇੱਕਠ ਕੀਤਾ ਗਿਆ। ਜਿਸ ਵਿਚ ਜ਼ਿਲ੍ਹਾ ਪ੍ਰਧਾਨ ਹਰਬੰਸ ਸਿੰਘ ਕੋਟਲੀ ਅਬਲੂ ਜਨਰਲ ਸਕੱਤਰ ਗੁਰਭਗਤ ਸਿੰਘ ਭਲਾਈਆਣਾ ਵਿਸੇਸ ਤੌਰ ’ਤੇ ਪੁੱਜੇ। ਮੀਟਿੰਗ ਦੌਰਾਨ ਪਿੰਡ ਮੱਲਣ ਦੇ ਅਨੇਕਾਂ ਕਿਸਾਨਾਂ ਨੂੰ ਸ਼ਾਮਲਾਤ/ਜੁਮਲਾ ਮੁਸ਼ਤਰਕਾ ਜ਼ਮੀਨਾਂ ਛੱਡਣ ਦੇ ਨੋਟਿਸ ਭੇਜਣ ਦਾ ਸਖ਼ਤ ਨੋਟਿਸ ਲਿਆ ਗਿਆ। ਕਿਸਾਨ ਆਗੂਆਂ ਨੇ ਕਿਹਾ ਕਿ ਇਹ ਨੋਟਿਸ ਸਰਕਾਰੀ ਇਸ਼ਰੇ ’ਤੇ ਬੀਡੀਪੀਓ ਦਫ਼ਤਰ ਗਿੱਦੜਬਾਹਾ ਵੱਲੋਂ ਭੇਜੇ ਗਏ ਹਨ। ਆਗੂਆਂ ਨੇ ਕਿਹਾ ਕਿ ਇਸ ਧੱਕੇਸ਼ਾਹੀ ਵਿਰੁੱਧ ਲਗਾਤਾਰ ਪੀੜਤਾਂ ਦੇ ਹੱਕ ਵਿੱਚ ਸੰਘਰਸ਼ ਜਾਰੀ ਰੱਖਿਆ ਜਾਵੇਗਾ। ਇੱਕ ਵੱਖਰੇ ਮਤੇ ਰਾਹੀਂ ਫੈਸਲਾ ਕੀਤਾ ਗਿਆ ਕਿ ਜ਼ੀਰਾ ਸਰਾਬ ਫੈਕਟਰੀ ਬੰਦ ਕਰਾਉਣ ਲਈ ਪੀੜਤ ਪਰਿਵਾਰਾਂ ਦੇ ਹੱਕ ਚ 3-4 ਜਨਵਰੀ ਨੂੰ ਪਿੰਡ ਪਿੰਡ ਆਪ ਸਰਕਾਰ ਦੀਆਂ ਅਰਥੀਆਂ ਮੁਜ਼ਾਹਰੇ ਕੀਤੇ ਜਾਣਗੇ। ਜ਼ਿਲ੍ਹਾ ਪ੍ਰਧਾਨ ਹਰਬੰਸ ਸਿੰਘ ਕੋਟਲੀ, ਜਨਰਲ ਸਕੱਤਰ ਗੁਰਭਗਤ ਸਿੰਘ ਭਲਾਈਆਣਾ, ਬਲਾਕ ਗਿੱਦੜਬਾਹਾ ਦੇ ਪ੍ਰਧਾਨ ਗੁਰਮੀਤ ਸਿੰਘ ਬਿੱਟੂ ਮੱਲਣ, ਜਨਰਲ ਸਕੱਤਰ ਸੁੱਚਾ ਸਿੰਘ ਕੋਟਭਾਈ ਨੇ ਪੰਜਾਬ ਆਪ ਸਰਕਾਰ ਤੇ ਦੋਸ਼ ਲਾਉਂਦਿਆਂ ਕਿਹਾ ਕਿ ਇਨਕਲਾਬੀ ਨਾਅਰੇ ਹੇਠ ਬਦਲਾਅ ਦੀ ਸਰਕਾਰ ਉਪਰ ਲੋਕਾਂ ਨੂੰ ਕਾਫੀ ਆਸਾਂ ਸਨ ਪ੍ਰੰਤੂ ਹੁਣ ਸਰਕਾਰ ਵਾਅਦਿਆਂ ਤੋਂ ਮੁੱਕਰਦੀ ਨਜ਼ਰ ਆ ਰਹੀ ਹੈ । ਮੀਟਿੰਗ ਚ ਬਲਾਕ ਗਿੱਦੜਬਾਹਾ ਦੇ ਸੀਨੀਅਰ ਮੀਤ ਪ੍ਰਧਾਨ ਅਜ਼ੈਬ ਸਿੰਘ ਮੱਲਣ ਮੀਤ ਪ੍ਰਧਾਨ ਜੋਗਿੰਦਰ ਸਿੰਘ ਬੁੱਟਰ ਸਰੀਂਹ ਕਾਲਾ ਸਿੰਘ,ਕਰਮ ਸਿੰਘ ਖਾਲਸਾ ,ਧੰਨ ਸਿੰਘ ਮੱਲਣ ਨਿਰਮਲ ਸਿੰਘ ਕੋਠੇ ਅਮਨ ਗੜ੍ਹ ਮੱਲਣ, ਹਰਪਾਲ ਸਿੰਘ ਚੀਮਾ ਧੂਲਕੋਟ ਬਿੱਕਰ ਸਿੰਘ ਭਲਾਈਆਣਾ ਸਾਧੂ ਸਿੰਘ ਗੁਰਦੇਵ ਸਿੰਘ ਮਿਸਤਰੀ ਜੱਗਾ ਸਿੰਘ ਛੱਤੇਆਣਾ ਗੁਰਦੀਪ ਸਿੰਘ ਕੋਟਲੀ ਅਬਲੂ ਜਸਵੰਤ ਸਿੰਘ ਕੋਟਭਾਈ ਹਾਜ਼ਰ ਸਨ।
ਸੂਬੇ ਦੀ ਆਰਥਿਕਤਾ ਨੂੰ ਮਜ਼ਬੂਤ ਕਰਨ ਲਈ ਕਪਾਹ ਉਦਯੋਗ ਅਹਿਮ ਥੰਮ: ਹਰਪਾਲ ਸਿੰਘ ਚੀਮਾ
ਵਿੱਤ ਮੰਤਰੀ ਨੇ ਪੰਜਾਬ ਕਾਟਨ ਫੈਕਟਰੀਜ਼ ਐਂਡ ਜਿੰਨਰਜ਼ ਐਸੋਸੀਏਸ਼ਨ ਵੱਲੋਂ ਉਠਾਏ ਮੁੱਦਿਆਂ ਦੇ ਹੱਲ ਲਈ ਕਮੇਟੀ ਬਣਾਈ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 2 ਜਨਵਰੀ:ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਉਦਯੋਗਿਕ ਖੇਤਰ ਨੂੰ ਹੁਲਾਰਾ ਦੇਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਰਾਜ ਸਰਕਾਰ ਵੱਲੋਂ ਇਸ ਸਬੰਧੀ ਘੜੀਆਂ ਜਾ ਰਹੀਆਂ ਯੋਜਨਾਵਾਂ ਵਿੱਚ ਕਪਾਹ ਉਦਯੋਗਾਂ ਦਾ ਅਹਿਮ ਸਥਾਨ ਹੈ।ਪੰਜਾਬ ਕਾਟਨ ਫੈਕਟਰੀਜ਼ ਐਂਡ ਜਿੰਨਰਜ਼ ਐਸੋਸੀਏਸ਼ਨ ਦੇ ਨੁਮਾਇੰਦਿਆਂ ਨਾਲ ਇਥੇ ਪੰਜਾਬ ਭਵਨ ਵਿਖੇ ਹੋਈ ਮੀਟਿੰਗ ਦੌਰਾਨ ਇਸ ਗੱਲ ਨੂੰ ਦੁਹਰਾਉਂਦੇ ਹੋਏ ਵਿੱਤ ਮੰਤਰੀ ਸ: ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਉਦਯੋਗਿਕ ਖੇਤਰ ਰਾਜ ਦੀ ਆਰਥਿਕਤਾ ਦੀ ਮਜ਼ਬੂਤੀ ਵਿੱਚ ਇੱਕ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ ਇਸ ਲਈ ਇਸ ਨੂੰ ਹੁਲਾਰਾ ਦੇਣ ਵਾਸਤੇ ਪੰਜਾਬ ਸਰਕਾਰ ਨੇ ਇੱਕ ਸਰਬਪੱਖੀ ਪਹੁੰਚ ਅਪਣਾਉਣ ਦਾ ਟੀਚਾ ਰੱਖਿਆ ਹੈ। ਮੀਟਿੰਗ ਦੌਰਾਨ ਐਸੋਸੀਏਸ਼ਨ ਦੇ ਨੁਮਾਇੰਦਿਆਂ ਨੇ ਕਿਹਾ ਕਿ ਦੇਰ ਨਾਲ ਅਤੇ ਬੇਮੌਸਮੀ ਬਾਰਸ਼ਾਂ ਕਾਰਨ ਨਰਮੇ ਦੀ ਫਸਲ ਦੇ ਖਰਾਬ ਹੋਣ ਅਤੇ ਇਸ ਦੇ ਸਿੱਟੇ ਵਜੋਂ ਕਪਾਹ ਫੈਕਟਰੀਆਂ ਨੂੰ ਹੋਣ ਵਾਲੇ ਆਰਥਿਕ ਨੁਕਸਾਨ ਦੇ ਮੱਦੇਨਜ਼ਰ ਬਿਜਲੀ ਬਿਲ ਵਿੱਚ ਲਏ ਜਾਣ ਵਾਲੇ ਫਿਕਸਡ ਖਰਚੇ ਮੁਆਫ ਕੀਤੇ ਜਾਣ। ਇਸ ਤੋਂ ਇਲਾਵਾ ਉਨ੍ਹਾਂ ਦੇ ਮੰਗ ਪੱਤਰ ਵਿੱਚ ਕਿਸਾਨਾਂ ਨੂੰ ਕਪਾਹ ਉਗਾਉਣ ਲਈ ਉਤਸ਼ਾਹਿਤ ਕਰਨਾ, ਵਿਭਾਗ ਵੱਲੋਂ ਚੰਗੀ ਗੁਣਵੱਤਾ ਵਾਲੇ ਕਪਾਹ ਦੇ ਬੀਜਾਂ ਦੀ ਸਪਲਾਈ ਕਰਨਾ, ਕਪਾਹ ਫੈਕਟਰੀਆਂ ਦੇ ਅਹਾਤੇ ਵਿੱਚ ਰਾਈਸ ਮਿੱਲਾਂ ਲਗਾਉਣ ਦੀ ਇਜਾਜ਼ਤ ਅਤੇ ਪੰਜਾਬ ਵਿੱਚ ਫਸਲ ਕਪਾਹ ਦੀ ਘਾਟ ਨੂੰ ਦੇਖਦੇ ਹੋਏ ਦੂਜੇ ਰਾਜਾਂ ਤੋਂ ਕਪਾਹ ਦੀ ਸਪਲਾਈ ਨੂੰ ਯਕੀਨੀ ਬਣਾਉਣਾ ਵੀ ਸ਼ਾਮਲ ਸੀ। ਮੀਟਿੰਗ ਦੌਰਾਨ ਐਸੋਸੀਏਸ਼ਨ ਵੱਲੋਂ ਜੋ ਹੋਰ ਮੰਗਾਂ ਉਠਾਈਆਂ ਗਈਆਂ, ਉਨ੍ਹਾਂ ਵਿੱਚ ਦੋ ਸਾਲਾਂ ਲਈ ਦੂਜੇ ਰਾਜਾਂ ਤੋਂ ਖਰੀਦੀ ਗਈ ਕਪਾਹ ‘ਤੇ ਮਾਰਕੀਟ ਫੀਸ ਅਤੇ ਆਰਡੀਐਫ ਮੁਆਫ਼ ਕਰਨਾ, ਸੇਮਗ੍ਰਸਤ ਜ਼ਿਲ੍ਹਿਆਂ ਵਿੱਚ ਪਾਣੀ ਦੀ ਨਿਕਾਸੀ ਲਈ ਜ਼ਮੀਨਦੋਜ਼ ਪਾਈਪਾਂ ਪਾਉਣ ਲਈ ਬਜਟ ਵਿੱਚ ਉਪਬੰਧ ਕਰਨਾ ਅਤੇ ਅਪ੍ਰੈਲ ਵਿੱਚ ਬਿਜਾਈ ਦੇ ਸੀਜ਼ਨ ਦੌਰਾਨ ਨਹਿਰੀ ਪਾਣੀ ਦੀ ਉਪਲਬਧਤਾ ਯਕੀਨੀ ਬਨਾਉਣਾ ਸ਼ਾਮਿਲ ਸੀ।ਇੰਨਾਂ ਮੰਗਾਂ ‘ਤੇ ਹਮਦਰਦੀ ਨਾਲ ਸੁਣਵਾਈ ਕਰਦਿਆਂ ਵਿੱਤ ਮੰਤਰੀ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਉਹ ਇਸ ਸਬੰਧ ਵਿੱਚ ਇੱਕ ਵਿਸਤ੍ਰਿਤ ਰਿਪੋਰਟ ਦੇਣ ਤੋਂ ਇਲਾਵਾ ਪ੍ਰਭਾਵਿਤ ਜ਼ਿਲ੍ਹਿਆਂ ਦੇ ਇੱਕ ਵਿਧਾਇਕ, ਉਦਯੋਗ ਦੇ 2 ਮੈਂਬਰਾਂ ਅਤੇ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਸ਼ਾਮਲ ਕਰਕੇ ਇੱਕ ਕਮੇਟੀ ਦਾ ਗਠਨ ਕਰਨ।







