Wednesday, May 20, 2026
Home Blog Page 2260

ਕੁਲਦੀਪ ਸ਼ਰਮਾ ਬਣੇ ਪੰਜਾਬ ਸਟੇਟ ਇੰਪਲਾਈਜ ਯੂਨੀਅਨ ਦੇ ਮੀਤ ਪ੍ਰਧਾਨ

0

ਸੁਖਜਿੰਦਰ ਮਾਨ
ਬਠਿੰਡਾ, 2 ਜਨਵਰੀ: ਪਿਛਲੇ ਲੰਮੇ ਸਮੇਂ ਤੋਂ ਮੁਲਾਜਮਾਂ ਦੇ ਹੱਕਾਂ ਲਈ ਸੰਘਰਸ਼ ਕਰਦੇ ਆ ਰਹੇ ਡੀਸੀ ਦਫ਼ਤਰ ਯੂਨੀਅਨ ਦੇ ਆਗੂ ਅਤੇ ਸੀਨੀਅਰ ਸਹਾਇਕ ਕੁਲਦੀਪ ਸ਼ਰਮਾ ਨੂੰ ਹੁਣ ਦੀ ਪੰਜਾਬ ਸਟੇਟ ਇੰਪਲਾਈਜ ਯੂਨੀਅਨ ਦਾ ਮੀਤ ਪ੍ਰਧਾਨ ਬਣਾਇਆ ਗਿਆ ਹੈ। ਅਪਣੀ ਨਿਯੁਕਤੀ ’ਤੇ ਜਥੇਬੰਦੀ ਦੀ ਲੀਡਰਸ਼ਿਪ ਦਾ ਧੰਨਵਾਦ ਕਰਦਿਆਂ ਸ਼੍ਰੀ ਸਰਮਾ ਨੇ ਐਲਾਨ ਕੀਤਾ ਕਿ ਉਹ ਮੁਲਾਜਮ ਭਾਈਚਾਰੇ ਲਈ ਹਮੇਸ਼ਾ ਅੱਗੇ ਹੋ ਕੇ ਲੜਾਈ ਲੜਣਗੇ। ਇਸ ਮੌਕੇ ਮਨਿਸਟਰਲੀ ਯੂਨੀਅਨ ਦੇ ਸੂਬਾ ਪ੍ਰਧਾਨ ਮੇਘ ਸਿੰਘ ਧਾਲੀਵਾਲ ਅਤੇ ਹੋਰਨਾਂ ਨੇ ਸ਼੍ਰੀ ਸ਼ਰਮਾ ਨੂੰ ਵਧਾਈ ਦਿੰਦਿਆਂ ਉਨ੍ਹਾਂ ਦਾ ਸਨਮਾਨ ਵੀ ਕੀਤਾ। ਇਸ ਮੌੇਕੇ ਵੱਡੀ ਗਿਣਤੀ ਵਿਚ ਡੀ ਸੀ ਦਫਤਰ ਬਠਿੰਡਾ ਦੇ ਕਰਮਚਾਰੀ ਹਾਜ਼ਰ ਰਹੇ।

ਨਵੇਂ ਸਾਲ ਦੇ ਆਗਮਨ ਸਬੰਧੀ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਕਰਵਾਇਆ ਗਿਆ ਸ੍ਰੀ ਆਖੰਡ ਪਾਠ ਸਾਹਿਬ

0

ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਓਟ ਆਸਰਾ ਲੈਂਦਿਆਂ ਕੀਤੀ ਨਵੇਂ ਸਾਲ ਦੀ ਸ਼ੁਰੂਆਤ
ਵਿਧਾਇਕ ਤੇ ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਵਾਸੀਆਂ ਨੂੰ ਨਵੇਂ ਸਾਲ ਦੀ ਦਿੱਤੀ ਵਧਾਈ
ਸੁਖਜਿੰਦਰ ਮਾਨ
ਬਠਿੰਡਾ, 2 ਜਨਵਰੀ: ਅੱਜ ਇੱਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਗੁਰਪੁਰਬ ਦੀ ਖ਼ੁਸੀ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਓਟ ਆਸਰਾ ਲੈਂਦਿਆਂ ਨਵੇਂ ਸਾਲ 2023 ਦੀ ਸ਼ੁਰੂਆਤ ਕਰਦਿਆਂ ਸ੍ਰੀ ਆਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਇਸ ਦੌਰਾਨ ਵਿਧਾਇਕ ਬਠਿੰਡਾ (ਸ਼ਹਿਰੀ) ਸ. ਜਗਰੂਪ ਸਿੰਘ ਗਿੱਲ, ਡਿਪਟੀ ਕਮਿਸ਼ਨਰ ਸ੍ਰੀ ਸ਼ੌਕਤ ਅਹਿਮਦ ਪਰੇ ਅਤੇ ਚੇਅਰਮੈਨ ਜ਼ਿਲ੍ਹਾ ਯੋਜ਼ਨਾ ਬੋਰਡ ਸ੍ਰੀ ਅੰਮ੍ਰਿਤ ਲਾਲ ਅਗਰਵਾਲ ਨੇ ਸਮੂਹ ਸਟਾਫ਼ ਤੇ ਜ਼ਿਲ੍ਹਾ ਵਾਸੀਆਂ ਨੂੰ ਨਵੇਂ ਸਾਲ ਦੀਆਂ ਸ਼ੁੱਭ ਕਾਮਨਾਵਾਂ ਦਿੱਤੀਆਂ। ਇਸ ਮੌਕੇ ਰਾਗੀ ਜੱਥਾ ਭਾਈ ਸੁਖਵਿੰਦਰ ਸਿੰਘ ਸਿੰਘਪੁਰੇ ਵਾਲੇ ਤੇ ਉਨ੍ਹਾਂ ਦੇ ਸਾਥੀਆਂ ਵੱਲੋਂ ਰਸਭਿੰਨਾ ਕੀਰਤਨ ਕਰਕੇ ਪਹੁੰਚੀ ਸੰਗਤ ਨੂੰ ਨਿਹਾਲ ਕੀਤਾ ਗਿਆ। ਇਸ ਮੌਕੇ ਪਹੁੰਚੀਆਂ ਸ਼ਖਸ਼ੀਅਤਾਂ ਨੂੰ ਸਿਰੋਪਾੳ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਦੌਰਾਨ ਗੁਰੂ ਕਾ ਅਤੁੱਟ ਲੰਗਰ ਵੀ ਵਰਤਾਇਆ ਗਿਆ। ਇਸ ਉਪਰੰਤ ਵਿਧਾਇਕ ਸ. ਜਗਰੂਪ ਸਿੰਘ ਗਿੱਲ ਨੇ ਸਮੂਹ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਨਵੇਂ ਸਾਲ 2023 ਦੀਆਂ ਸ਼ੁੱਭ ਕਾਮਨਾਵਾਂ ਦਿੰਦਿਆਂ ਕਿਹਾ ਕਿ ਇਹ ਵਰ੍ਹਾ ਲੋਕਾਂ ਲਈ ਖ਼ੁਸ਼ਹਾਲ, ਸਿਹਤਯਾਬ, ਤਰੱਕੀਆਂ ਅਤੇ ਸ਼ਾਂਤੀ ਭਰਿਆ ਹੋਵੇ। ਉਨ੍ਹਾਂ ਇਹ ਵੀ ਕਿਹਾ ਕਿ ਉਹ ਆਸ ਕਰਦੇ ਹਨ ਕਿ ਇਹ ਨਵਾਂ ਸਾਲ ਜ਼ਿਲ੍ਹੇ ਦੇ ਵਿਕਾਸ ਦੇ ਨਵੇਂ ਯੁੱਗ ਦੀ ਸ਼ੁਰੂਆਤ ਕਰੇਗਾ। ਉਨ੍ਹਾਂ ਲੋਕ ਭਲਾਈ ਦੇ ਕੰਮਾਂ ਨਾਲ ਜੁੜੇ ਨੁਮਾਇੰਦਿਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਬਠਿੰਡਾ ਨੂੰ ਪੰਜਾਬ ਦਾ ਮੋਹਰੀ ਜ਼ਿਲ੍ਹਾ ਬਣਾਉਣ ਲਈ ਦ੍ਰਿੜ ਸੰਕਲਪ ਲੈਣ ਤਾਂ ਜੋ ਵਿਕਾਸ ਦਾ ਫ਼ਲ ਜ਼ਿਲ੍ਹੇ ਦੇ ਨਿਵਾਸੀਆਂ ਤੱਕ ਪਹੁੰਚ ਸਕੇ।
ਡਿਪਟੀ ਕਮਿਸ਼ਨਰ ਸ੍ਰੀ ਸ਼ੌਕਤ ਅਹਿਮਦ ਪਰੇ ਨੇ ਸਮੂਹ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਵਿਕਾਸ ਅਤੇ ਤਰੱਕੀ ਨੂੰ ਯਕੀਨੀ ਬਣਾਉਣ ਲਈ ਪੂਰੇ ਜੋਸ਼ ਨਾਲ ਕੰਮ ਕਰਨ ਦਾ ਸੱਦਾ ਦਿੰਦਿਆਂ ਕਿਹਾ ਕਿ ਉਹ ਲੋਕ ਭਲਾਈ ਸਕੀਮਾਂ ਦਾ ਲਾਭ ਹੇਠਲੇ ਪੱਧਰ ਤੱਕ ਪਹੁੰਚਾਉਣ ਲਈ ਨਿੱਜੀ ਤੌਰ ਤੇ ਸਮਰਪਣ ਦੀ ਭਾਵਨਾ ਨਾਲ ਆਪਣਾ ਕੰਮ ਕਰਨ। ਇਸ ਦੇ ਨਾਲ ਹੀ ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਇਹ ਵੀ ਅਪੀਲ ਕੀਤੀ ਕਿ ਉਹ ਕੋਵਿਡ-19 ਦੀ ਸੰਭਾਵੀ ਲਹਿਰ ਤੋਂ ਬਚਾਓ ਲਈ ਸਰਕਾਰ ਵੱਲੋਂ ਸਮੇਂ-ਸਮੇਂ ਸਿਰ ਜਾਰੀ ਕੀਤੀਆਂ ਹਦਾਇਤਾਂ ਦੀ ਪਾਲਣਾ ਨੂੰ ਯਕੀਨੀ ਬਣਾਉਣ। ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਆਪਣੀ ਡਿਊਟੀ ਪੂਰੀ ਤਨਦੇਹੀ, ਇਮਾਨਦਾਰੀ ਤੇ ਜ਼ਿੰਮੇਵਾਰੀ ਨਾਲ ਕਰਨ ਲਈ ਪ੍ਰੇਰਿਤ ਕਰਦਿਆਂ ਕਿਹਾ ਕਿ ਦਫਤਰੀ ਕੰਮ-ਕਾਜ ਦੌਰਾਨ ਕਿਸੇ ਵੀ ਲੋੜਵੰਦ ਤੇ ਯੋਗ ਵਿਅਕਤੀ ਨੂੰ ਕਿਸੇ ਪ੍ਰਕਾਰ ਦੀ ਮੁਸ਼ਕਲ ਨਾ ਪੇਸ਼ ਆਉਣ ਦਿੱਤੀ ਜਾਵੇ। ਉਨ੍ਹਾਂ ਕਿਹਾ ਆਪਣੀ ਡਿਊਟੀ ਦੇ ਫਰਜ਼ ਨੂੰ ਸਮਝਦਿਆਂ ਹੋਇਆ ਦਫਤਰ ਵਿਖੇ ਆਉਣ ਵਾਲੇ ਹਰੇਕ ਵਿਅਕਤੀ ਨਾਲ ਚੰਗਾ ਵਤੀਰਾ ਵਰਤਿਆ ਜਾਵੇ। ਇਸ ਮੌਕੇ ਐਸ.ਡੀ.ਐਮ. ਮੌੜ ਸ੍ਰੀ ਵਰਿੰਦਰ ਸਿੰਘ, ਐਸ.ਡੀ.ਐਮ. ਰਾਮੁਪਰਾ ਫੂਲ ਸ੍ਰੀ ਓਮ ਪ੍ਰਕਾਸ਼, ਐਸ.ਡੀ.ਐਮ. ਤਲਵੰਡੀ ਸਾਬੋ ਸ੍ਰੀ ਗਗਨਜੀਤ ਸਿੰਘ, ਤਹਿਸੀਲਦਾਰ ਰਾਮੁਪਰਾ ਸ੍ਰੀ ਸੁਖਬੀਰ ਸਿੰਘ ਬਰਾੜ, ਤਹਿਸੀਲਦਾਰ ਬਠਿੰਡਾ ਸ. ਬੇਅੰਤ ਸਿੰਘ ਸਿੱਧੂ, ਸ. ਮੇਘ ਸਿੰਘ ਸਿੱਧੂ, ਸ. ਬਲਦੇਵ ਸਿੰਘ, ਸ੍ਰੀ ਰਾਜਵੀਰ ਸਿੰਘ ਮਾਨ, ਸ੍ਰੀ ਸੁਰਜੀਤ ਸਿੰਘ, ਸ੍ਰੀ ਗੁਰਸੇਵਕ ਸਿੰਘ ਇਲਾਵਾ ਸਮੂਹ ਵਿਭਾਗਾਂ ਦੇ ਅਧਿਕਾਰੀ ਅਤੇ ਕਰਮਚਾਰੀ ਆਦਿ ਹਾਜ਼ਰ ਸਨ।

ਭਾਸ਼ਾ ਵਿਭਾਗ ਦੇ 75ਵੇਂ ਸਥਾਪਨਾ ਵਰ੍ਹੇ ਨੂੰ ਸਮਰਪਿਤ ਸਜਾਈ ‘ਸੰਗੀਤਕ ਮਹਿਫ਼ਲ’

ਸੁਖਜਿੰਦਰ ਮਾਨ
ਬਠਿੰਡਾ, 2 ਜਨਵਰੀ: ਭਾਸ਼ਾ ਵਿਭਾਗ ਵੱਲੋਂ ਵਿਭਾਗ ਦੇ 75ਵੇਂ ਸਥਾਪਨਾ ਸਾਲ ਨੂੰ ਵਿਲੱਖਣ ਰੂਪ ਵਿੱਚ ਮਨਾਉਣ ਲਈ ਸਥਾਨਕ ਟੀਚਰਜ਼ ਹੋਮ ਵਿਖੇ ਇੱਕ ਸੰਗੀਤਕ ਮਹਿਫ਼ਲ ਸਜਾਈ ਗਈ, ਜਿਸ ਵਿੱਚ ਸ਼ਹਿਰ ਦੇ ਵੱਖ-ਵੱਖ ਕਾਲਜਾਂ ਦੇ ਵਿਦਿਆਰਥੀਆਂ ਨੇ ਪੰਜਾਬੀ ਲੋਕ-ਧਾਰਾ ਦੇ ਗੀਤਾਂ ਨੂੰ ਆਪਣੀ ਸੁਰੀਲੀ ਆਵਾਜ਼ ਵਿੱਚ ਪੇਸ਼ ਕੀਤਾ। ਇਸ ਮੌਕੇ ਸਤਿਕਾਰਤ ਮਹਿਮਾਨਾਂ ਦੇ ਤੌਰ ਤੇ ਡਾ. ਪੂਜਾ ਗੋਸਵਾਮੀ ਸਹਾਇਕ ਪ੍ਰੋਫੈਸਰ ਸੰਗੀਤ ਵਿਭਾਗ ਐਸ.ਐਸ.ਡੀ.ਗਰਲਜ਼ ਕਾਲਜ, ਸ਼੍ਰੀ ਰਘਬੀਰ ਚੰਦ ਸ਼ਰਮਾ ਸੀਨੀਅਰ ਮੀਤ ਪ੍ਰਧਾਨ ਟੀਚਰਜ਼ ਹੋਮ ਅਤੇ ਸ਼੍ਰੀ ਲਛਮਣ ਸਿੰਘ ਮਲੂਕਾ ਸਕੱਤਰ ਟੀਚਰਜ਼ ਹੋਮ ਨੇ ਸ਼ਿਰਕਤ ਕੀਤੀ । ਆਏ ਹੋਏ ਮਹਿਮਾਨਾਂ ਨੂੰ ਜੀ ਆਇਆਂ ਆਖਦਿਆਂ ਜ਼ਿਲ੍ਹਾ ਭਾਸ਼ਾ ਅਫ਼ਸਰ ਕੀਰਤੀ ਕਿਰਪਾਲ ਨੇ ਦੱਸਿਆ ਕਿ ਭਾਸ਼ਾ ਵਿਭਾਗ ਮੂਲ ਤੌਰ ਤੇ 1 ਜਨਵਰੀ 1948 ਨੂੰ ਪੰਜਾਬੀ ਸੈਕਸ਼ਨ ਦੇ ਨਾਮ ਹੇਠ ਸਥਾਪਿਤ ਹੋਇਆ ਸੀ, ਜਿਸਦਾ ਨਾਮ ਬਾਅਦ ਵਿੱਚ ਪੰਜਾਬੀ ਸੂਬਾ ਬਣਨ ਉਪਰੰਤ ਬਦਲ ਕੇ ਭਾਸ਼ਾ ਵਿਭਾਗ ਪੰਜਾਬ ਕਰ ਦਿੱਤਾ ਗਿਆ। ਉਹਨਾਂ ਅੱਗੇ ਬੋਲਦਿਆਂ ਕਿਹਾ ਕਿ ਆਪਣੇ 75 ਸਾਲਾਂ ਦੇ ਇਤਿਹਾਸ ਵਿੱਚ ਮਾਂ-ਬੋਲੀ ਦੀ ਉੱਨਤੀ ਲਈ ਭਾਸ਼ਾ ਵਿਭਾਗ ਨੇ ਅਨੇਕਾਂ ਵਰਨਣਯੋਗ ਪ੍ਰੋਜੈਕਟ ਨੇਪਰੇ ਚਾੜੇ ਹਨ ਤੇ ਇਹ ਸਿਲਸਿਲਾ ਅੱਗੇ ਵੀ ਜਾਰੀ ਰਹੇਗਾ। ਇਸ ਦੌਰਾਨ ਮੰਚ ਸੰਚਾਲਨ ਖੋਜ ਅਫ਼ਸਰ ਨਵਪ੍ਰੀਤ ਸਿੰਘ ਨੇ ਕੀਤਾ। ਕਾਲਜ ਦੇ ਵਿਦਿਆਰਥੀਆਂ ਨੂੰ ਸੰਗੀਤਕ ਮਹਿਫ਼?ਲ ਲਈ ਤਿਆਰੀ ਸਹਾਇਕ ਪ੍ਰੋਫੈਸਰ ਸੰਗੀਤ ਵਿਭਾਗ ਲਖਵੀਰ ਸਿੰਘ ਡੀ.ਏ.ਵੀ. ਕਾਲਜ ਨੇ ਕਰਵਾਈ। ਵਿਦਿਆਰਥੀਆਂ ਵਿੱਚੋਂ ਗੁਰਮਿੰਦਰ ਕੌਰ ਅਤੇ ਨੈਨਸੀ ਐਸ.ਐਸ.ਡੀ.ਗਰਲਜ਼ ਕਾਲਜ, ਮਨਜੋਤ ਕੌਰ ਸਰਕਾਰੀ ਰਜਿੰਦਰਾ ਕਾਲਜ ਅਤੇ ਦਿਲਰਾਜ ਸਿੰਘ ਡੀ.ਏ.ਵੀ.ਕਾਲਜ ਨੇ ਲੋਕ ਗੀਤਾਂ ਦੀ ਬਾ-ਕਮਾਲ ਪੇਸ਼ਕਾਰੀ ਕੀਤੀ। ਕਪਿਲ ਬੱਤਰਾ ਅਤੇ ਪ੍ਰੋਫੈਸਰ ਲਖਵੀਰ ਨੇ ਮਹਿਮਾਨ ਵੰਨਗੀ ਦੇ ਤੌਰ ‘ਤੇ ਆਪਣੇ ਫ਼ਨ ਦਾ ਮੁਜ਼ਾਹਰਾ ਕੀਤਾ। ਸਥਾਪਨਾ ਉਤਸਵ ਵਿੱਚ ਸ਼ਹਿਰ ਦੀਆਂ ਮਸ਼ਹੂਰ ਸਾਹਿਤਕ ਹਸਤੀਆਂ ਕਹਾਣੀਕਾਰ ਅਤਰਜੀਤ, ਸਾਹਿਤਕਾਰ ਲਾਭ ਸਿੰਘ ਸੰਧੂ, ਗ਼ਜ਼ਲ-ਗੋ ਰਣਬੀਰ ਰਾਣਾ, ਕਵਿਤਰੀ ਸਨੇਹ ਲਤਾ, ਕਵੀ ਅਮਰਜੀਤ ਜੀਤ, ਕਹਾਣੀਕਾਰ ਮਲਕੀਤ ਸਿੰਘ ਮਛਾਣਾ, ਕਵੀ ਅਮਨ ਦਾਤੇਵਾਸ, ਕਵੀ ਰਣਜੀਤ ਗੌਰਵ, ਸਕੱਤਰ ਨਾਟਿਅਮ ਸੁਰਿੰਦਰ ਕੌਰ, ਅਦਾਕਾਰ ਨਾਟਿਅਮ ਮਨਪ੍ਰੀਤ ਮਨੀ, ਐਮ. ਡੀ. ਫਤਹਿ ਕਾਲਜ ਸੁਖਮੰਦਰ ਸਿੰਘ ਚੱਠਾ ਤੋਂ ਇਲਾਵਾ ਜ਼ਿਲ੍ਹਾ ਭਾਸ਼ਾ ਦਫ਼ਤਰ ਦਾ ਸਮੂਹ ਸਟਾਫ਼ ਅਤੇ ਸ਼ਹਿਰ ਦੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ ।

ਬਾਬਾ ਫ਼ਰੀਦ ਕਾਲਜ ਦੇੇ ਵਿਦਿਆਰਥੀਆਂ ਨੇ ਸ੍ਰੀਨਗਰ, ਗੁਲਮਾਰਗ ਅਤੇ ਪਹਿਲਗਾਮ ਦਾ ਕੀਤਾ ਮਨੋਰੰਜਕ ਦੌਰਾ

0

ਸੁਖਜਿੰਦਰ ਮਾਨ
ਬਠਿੰਡਾ, 2 ਜਨਵਰੀ : ਬਾਬਾ ਫ਼ਰੀਦ ਕਾਲਜ ਬਠਿੰਡਾ ਦੇ ਫਿਜ਼ਿਕਸ ਵਿਭਾਗ ਨੇ ਵਿਦਿਆਰਥੀਆਂ ਲਈ ਸ੍ਰੀਨਗਰ, ਗੁਲਮਾਰਗ ਅਤੇ ਪਹਿਲਗਾਮ ਲਈ ਇੱਕ ਮਨੋਰੰਜਕ ਦੌਰੇ ਦਾ ਆਯੋਜਨ ਕੀਤਾ। ਇਸ ਦੌਰੇ ਦਾ ਮੰਤਵ ਨਵੀਆਂ ਥਾਵਾਂ ਦੀ ਪੜਚੋਲ ਕਰਨਾ ਅਤੇ ਵੱਖ-ਵੱਖ ਸਭਿਆਚਾਰਾਂ ਬਾਰੇ ਜਾਣਕਾਰੀ ਹਾਸਲ ਕਰਨਾ ਸੀ। ਇਸ ਦੌਰੇ ਦੌਰਾਨ ਫਿਜ਼ਿਕਸ ਵਿਭਾਗ ਦੇ ਫੈਕਲਟੀ ਮੈਂਬਰਾਂ ਦੀ ਨਿਗਰਾਨੀ ਹੇਠ ਐਮ.ਐਸ.ਸੀ. (ਫਿਜ਼ਿਕਸ) ਦੇ ਵਿਦਿਆਰਥੀਆਂ ਨੇ ਹਿੱਸਾ ਲਿਆ। ਵਿਦਿਆਰਥੀਆਂ ਨੇ ਸ੍ਰੀਨਗਰ ਪਹੁੰਚ ਕੇ ਡੱਲ ਝੀਲ, ਸ਼ੰਕਰਾਚਾਰੀਆ ਮੰਦਰ, ਨਿਸ਼ਾਂਤ ਬਾਗ਼, ਮੁਗ਼ਲ-ਏ-ਆਜ਼ਮ ਬਾਗ਼, ਲਾਲ ਚੌਂਕ ਅਤੇ ਹੋਰ ਬਹੁਤ ਸਾਰੀਆਂ ਥਾਵਾਂ ਦਾ ਦੌਰਾ ਕੀਤਾ। ਉਨ੍ਹਾਂ ਨੇ ਸਥਾਨਕ ਲੋਕਾਂ ਨਾਲ ਚੰਗੀ ਤਰ੍ਹਾਂ ਗੱਲਬਾਤ ਕੀਤੀ ਅਤੇ ਉਨ੍ਹਾਂ ਦੀਆਂ ਮੁਸ਼ਕਲਾਂ ਅਤੇ ਮੌਕਿਆਂ ਬਾਰੇ ਜਾਣਿਆ। ਦੂਜੇ ਦਿਨ ਵਿਦਿਆਰਥੀਆਂ ਨੇ ਬਰਫ਼ਬਾਰੀ ਅਤੇ ਗੁਲਮਾਰਗ ਦੇ ਆਲ਼ੇ-ਦੁਆਲ਼ੇ ਦਾ ਅਨੰਦ ਮਾਣਿਆ। ਉਨ੍ਹਾਂ ਨੇ ਪਹਿਲਗਾਮ ਵਿਖੇ ਬਹੁਤ ਸਾਰੇ ਸਾਹਸੀ ਕਾਰਜ (ਐਡਵੈਂਚਰ) ਵੀ ਕੀਤੇ ਅਤੇ ਬੈਸਰਨ ਵੈਲੀ (ਮਿੰਨੀ ਸਵਿਟਜ਼ਰਲੈਂਡ) ਵਿੱਚ ਟਰੈਕਿੰਗ ਵੀ ਕੀਤੀ। ਵਿਦਿਆਰਥੀਆਂ ਨੇ ਇਲਾਕੇ ਦੇ ਠੰਡੇ ਮੌਸਮ ਦਾ ਅਨੁਭਵ ਕੀਤਾ ਅਤੇ ਬਰਫ਼ੀਲੇ ਮੈਦਾਨ ਦੀਆਂ ਫ਼ੋਟੋਆਂ ਖਿੱਚੀਆਂ । ਵਾਪਸੀ ’ਤੇ ਉਨ੍ਹਾਂ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਸ੍ਰੀ ਹਰਿਮੰਦਰ ਸਾਹਿਬ (ਗੋਲਡਨ ਟੈਂਪਲ) ਦੇ ਦਰਸ਼ਨ ਵੀ ਕੀਤੇ । ਫੈਕਲਟੀ ਆਫ਼ ਸਾਇੰਸਜ਼ ਦੇ ਡੀਨ ਡਾ. ਜਾਵੇਦ ਅਹਿਮਦ ਖ਼ਾਨ ਅਤੇ ਫਿਜ਼ਿਕਸ ਵਿਭਾਗ ਦੇ ਮੁਖੀ ਡਾ. ਸੁਧੀਰ ਮਿੱਤਲ ਨੇ ਵਿਦਿਆਰਥੀਆਂ ਨੂੰ ਇਸ ਸਫਲ ਦੌਰੇ ਲਈ ਵਧਾਈ ਦਿੱਤੀ। ਵਿਦਿਆਰਥੀਆਂ ਲਈ ਇਹ ਦੌਰਾ ਬਹੁਤ ਜਾਣਕਾਰੀ ਭਰਪੂਰ ਰਿਹਾ ਅਤੇ ਉਨ੍ਹਾਂ ਨੇ ਆਉਣ ਵਾਲੇ ਸਮੇਂ ਵਿੱਚ ਫਿਜ਼ਿਕਸ ਵਿਭਾਗ ਵੱਲੋਂ ਅਜਿਹੇ ਦੌਰੇ ਕਰਵਾਏ ਜਾਣ ਦੀ ਆਸ ਪ੍ਰਗਟਾਈ। ਬੀ.ਐਫ.ਜੀ.ਆਈ. ਦੇ ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ ਨੇ ਫਿਜ਼ਿਕਸ ਵਿਭਾਗ ਦੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ।

ਪੰਜਾਬ ‘ਚ ਹੁਣ ਭਲਕੇ ਨਹੀਂ ਖੁੱਲ੍ਹਣਗੇ ਸਕੂਲ

0
ਸਰਕਾਰ ਨੇ ਸਰਦੀਆਂ ਦੀਆਂ ਛੁੱਟੀਆਂ 8 ਜਨਵਰੀ ਤੱਕ ਵਧਾਈਆਂ : ਹਰਜੋਤ ਸਿੰਘ ਬੈਂਸ
ਪੰਜਾਬੀ ਖ਼ਬਰਸਾਰ ਬਿਉਰੋ 
ਚੰਡੀਗੜ੍ਹ, 1 ਜਨਵਰੀ: ਪੰਜਾਬ ਸਰਕਾਰ ਨੇ ਸੂਬੇ ਦੇ ਸਾਰੇ ਸਰਕਾਰੀ, ਪ੍ਰਾਈਵੇਟ ਅਤੇ ਸਹਾਇਤਾ ਪ੍ਰਾਪਤ ਸਕੂਲਾਂ ਵਿੱਚ ਸਰਦੀਆਂ ਦੀਆਂ ਛੁੱਟੀਆਂ 8 ਜਨਵਰੀ, 2023 ਤੱਕ ਵਧਾ ਦਿੱਤੀਆਂ ਹਨ।ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੂਲ ਸਿੱਖਿਆ ਮੰਤਰੀ ਪੰਜਾਬ ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਸੂਬੇ ਦੇ ਸਾਰੇ ਸਕੂਲ  ਪਹਿਲਾਂ ਐਲਾਨੇ ਅਨੁਸਾਰ 2 ਜਨਵਰੀ ਨੂੰ ਨਹੀਂ ਖੁੱਲ੍ਹਣੇ ਸਨ ਪ੍ਰੰਤੂ ਹੁਣ ਸਕੂਲ 9 ਜਨਵਰੀ 2023 ਨੂੰ ਖੁੱਲ੍ਹਣਗੇ।ਜ਼ਿਕਰਯੋਗ ਹੈ ਕਿ ਸਿੱਖਿਆ ਵਿਭਾਗ ਵੱਲੋਂ ਪਹਿਲਾਂ ਪੰਜਾਬ ਦੇ ਸਾਰੇ ਸਕੂਲਾਂ ਵਿੱਚ 25 ਦਸੰਬਰ ਤੋਂ  1ਜਨਵਰੀ ਤੱਕ ਸਰਦੀਆਂ ਦੀਆਂ ਛੁੱਟੀਆਂ ਦਾ ਐਲਾਨ ਕੀਤਾ ਗਿਆ ਸੀ ਪਰ ਹੁਣ ਮੌਸਮ ਦੇ ਖ਼ਰਾਬ ਹੋਣ ਦੇ ਮੱਦੇਨਜ਼ਰ ਇਹ ਛੁੱਟੀਆਂ ਵਧਾ ਦਿੱਤੀਆਂ ਗਈਆਂ ਹਨ।

ਹਰਿਆਣਾ ਦੇ ਖੇਡ ਮੰਤਰੀ ਸੰਦੀਪ ਸਿੰਘ ਵਿਰੁਧ ਪਰਚਾ ਦਰਜ਼, ਵਿਭਾਗ ਵੀ ਵਾਪਸ ਲਿਆ

0

ਮਹਿਲਾ ਖੇਡ ਕੋਚ ਨੇ ਲਗਾਏ ਸਨ ਸੋਸਣ ਦੇ ਦੋਸ਼
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 1 ਜਨਵਰੀ: ਹਰਿਆਣਾ ਦੇ ਇੱਕੋ-ਇੱਕ ਦਸਤਾਰਧਾਰੀ ਮੰਤਰੀ ਸੰਦੀਪ ਸਿੰਘ ਵਿਰੁਧ ਅੱਜ ਚੰਡੀਗੜ੍ਹ ਪੁਲਿਸ ਨੇ ਛੇੜਛਾੜ ਦਾ ਪਰਚਾ ਦਰਜ਼ ਕਰ ਲਿਆ ਹੈ। ਮੰਤਰੀ ਵਿਰੁਧ ਹਰਿਆਣਾ ਦੇ ਖੇਡ ਵਿਭਾਗ ਦੀ ਇੱਕ ਮਹਿਲਾ ਕੋਚ ਨੇ ਛੇੜਛਾੜ ਦੇ ਦੋਸ਼ ਲਗਾਏ ਸਨ। ਜਿਸਤੋਂ ਬਾਅਦ ਖੁਦ ਮੰਤਰੀ ਨੇ ਵੀ ਮਾਮਲੇ ਦੀ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ ਸੀ। ਜਿਸਤੋਂ ਬਾਅਦ ਮੁੱਖ ਮੰਤਰੀ ਵਲੋਂ ਵੀ ਮਾਮਲੇ ਦੀ ਜਾਂਚ ਦੇ ਆਦੇਸ਼ ਦਿੱਤੇ ਗਏ ਸਨ। ਉਧਰ ਪਰਚਾ ਦਰਜ਼ ਹੋਣ ਤੋਂ ਬਾਅਦ ਸਰਕਾਰ ਨੇ ਸੰਦੀਪ ਸਿੰਘ ਕੋਲੋ ਖੇਡ ਵਿਭਾਗ ਵੀ ਵਾਪਸ ਲੈ ਲਿਆ ਹੈ। ਜਦੋਂਕਿ ਚੰਡੀਗੜ੍ਹ ਪੁਲਿਸ ਨੇ ਮਾਮਲੇ ਦੀ ਜਾਂਚ ਲਈ ਤਿੰਨ ਮਹਿਲਾ ਪੁਲਿਸ ਅਫ਼ਸਰਾਂ ਦੀ ਟੀਮ ਬਣਾ ਦਿੱਤੀ ਹੈ। ਸੂਤਰਾਂ ਅਨੁਸਾਰ ਆਉਣ ਵਾਲੇ ਦਿਨਾਂ ‘ਚ ਮੰਤਰੀ ਦੀਆਂ ਮੁਸ਼ਕਿਲਾਂ ਵਧ ਸਕਦੀਆਂ ਹਨ।

ਮਿਲੇਟਸ ਦੇ ਨਾਸ਼ਤੇ ਨਾਲ ਕੀਤੀ ਮੁੱਖ ਮੰਤਰੀ ਮਨੋਹਰ ਲਾਲ ਨੇ ਨਵੇਂ ਸਾਲ ਦੀ ਸ਼ੁਰੂਆਤ

0

ਮਿਲੇਟ ਬ੍ਰੇਕਫਾਸਟ ’ਤੇ ਹਰਿਆਣਾ ਦੇ ਰਾਜਪਾਲ ਰਹੇ ਮੁੱਖ ਮਹਿਮਾਨ
ਕੈਬੀਨੇਟ ਮੰਤਰੀਆਂ ਨੇ ਵੀ ਨਵੇਂ ਸਾਲ ’ਤੇ ਮੋਟੇ ਅਨਾਜ ਦੇ ਨਾਸ਼ਤੇ ਦਾ ਉਠਾਇਆ ਲੁਫਤ
ਮੋਟਾ ਅਨਾਜ ਸਰਦੀਆਂ ਦੀ ਵਿਰਾਸਤ ਦੀ ਰਿਹਾ ਹੈ ਪਹਿਚਾਣ, ਅੱਜ ਦੇ ਸਮੇਂ ਵਿਚ ਵੀ ਉਨ੍ਹਾਂ ਹੀ ਉਪਯੋਗੀ- ਰਾਜਪਾਲ
ਮੋਟਾ ਅਨਾਜ ਸਿਹਤ ਅਤੇ ਵਾਤਾਵਰਣ ਦੋਵਾਂ ਲਈ ਜਰੂਰੀ – ਮੁੱਖ ਮੰਤਰੀ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 1 ਜਨਵਰੀ – ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੇ ਸਾਲ-2023 ਨੂੰ ਕੌਮਾਂਤਰੀ ਮੋਟਾ ਅਨਾਜ ਸਾਲ ਵਜੋ ਮਨਾਉਣ ਦੀ ਪਹਿਲ ’ਤੇ ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਨਵੇਂ ਸਾਲ ਦੀ ਸ਼ੁਰੂਆਤ ਮਿਲੇਟਸ ਬ੍ਰੇਕਫਾਸਟ ਦੇ ਨਾਲ ਕੀਤੀ। ਇਸ ਮੌਕੇ
ਹਰਿਆਣਾ ਆਈਏਏਸ ਅਫਸਰਸ ਏਸੋਸਇਏਸ਼ਨ ਨੇ ਮੋਟੇ ਅਨਾਜ ਦੀ ਵਰਤੋ ਨੂੰ ਪ੍ਰੋਤਸਾਹਨ ਦੇਣ ਦਾ ਸੰਦੇਸ਼ ਦੇਣ ਲਈ ਹਰਿਆਣਾ ਨਿਵਾਸ ਚੰਡੀਗੜ੍ਹ ਵਿਚ ਮੋਟੇ ਅਨਾਜ ਦੇ ਨਾਸ਼ਤੇ ਦਾ ਪ੍ਰਬੰਧ ਕੀਤਾ। ਇਸ ਮੌਕੇ ’ਤੇ ਹਰਿਆਣਾ ਦੇ ਰਾਜਪਾਲ ਸ੍ਰੀ ਬੰਡਾਰੂ ਦੱਤਾਤ੍ਰੇਅ , ਮੁੱਖ ਮੰਤਰੀ ਸ੍ਰੀ ਮਨੋਹਰ ਲਾਲ, ਕੈਬੀਨੇਟ ਮੰਤਰੀ ਅਤੇ ਵਿਧਾਇਕਾਂ ਸਮੇਤ ਆਲਾ ਅਧਿਕਾਰੀਆਂ ਨੇ ਮੋਟੇ ਅਨਾਜ ਨਾਲ ਬਣੇ ਭੋਜਨਾਂ ਦਾ ਸਵਾਦ ਚਖਿਆ। ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਹਰਿਆਣਾ ਆਈਏਏਸ ਆਫੀਸਰਸ ਏਸੋਸਇਏਸ਼ਨ ਦੀ ਇਸ ਪਹਿਲ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਕਿਹਾ ਕਿ ਮੋਟੇ ਅਨਾਜ ਨਾਲ ਬਣੇ ਭੋਜਨ ਨੇ ਸਿਰਫ ਸਿਹਤ ਲਈ ਲਾਭਕਾਰੀ ਹਨ ਸਗੋ ਮੋਟੇ ਅਨਾਜ ਨਾਲ ਬਣੇ ਉਤਪਾਦਾਂ ਨੂੰ ਵੇਚ ਕੇ ਅੱਜ ਕਿਸਾਨ ਵੀ ਆਰਥਕ ਰੂਪ ਨਾਲ ਮਜਬੂਤ ਹੋ ਰਹੇ ਹਨ। ਪ੍ਰਧਾਨ ਮੰਤਰੀ ਦੀ ਇਹ ਪਹਿਲ ਯਕੀਨੀ ਤੌਰ ’ਤੇ ਦੇਸ਼ਵਾਸੀਆਂ ਨੂੰ ਸਿਹਤਮੰਦ ਬਨਾਉਣ ਵਿਚ ਕਾਰਗਰ ਸਿੱਦ ਹੋਵੇਗੀ। ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਪਹਿਲ ’ਤੇ ਸੰਯੂਕਤ ਰਾਸ਼ਟਰ ਨੇ ਸਾਲ 2023 ਨੂੰ ਕੌਮਾਂਤਰੀ ਮੋਟਾ ਅਨਾਜ ਸਾਲ ਐਲਾਨ ਕੀਤਾ ਹੈ। ਪ੍ਰਧਾਨ ਮੰਤਰੀ ਨੇ ਦੇਸ਼ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਮੋਟੇ ਅਨਾਜ ਦਾ ਵੱਧ ਤੋਂ ਵੱਧ ਵਰਤੋ ਕਰਨ। ਇਸੀ ਅਪੀਲ ’ਤੇ ਹਰਿਆਣਾ ਆਈਏਏਸ ਅਫਸਰਸ ਏਸੋਸਇਏਸ਼ਨ ਨੇ ਮੋਟੇ ਅਨਾਜ ਦਾ ਨਾਸ਼ਤੇ ਦਾ ਪ੍ਰਬੰਧ ਕੀਤਾ।
ਇਸ ਮੌਕੇ ’ਤੇ ਰਾਜਪਾਲ ਸ੍ਰੀ ਬੰਡਾਰੂ ਦੱਤਾਤ੍ਰੇਅ ਨੇ ਕਿਹਾ ਕਿ ਮੋਟਾ ਅਨਾਜ ਸਾਡੀ ਸਦੀਆਂ ਦੀ ਵਿਰਾਸਤ ਦੀ ਪਹਿਚਾਣ ਰਿਹਾ ਹੈ ਅਤੇ ਅੱਜ ਦੇ ਸਮੇਂ ਵਿਚ ਵੀ ਇਹ ਉਨ੍ਹਾਂ ਹੀ ਉਪਯੋਗੀ ਹੈ। ਰਾਜ ਸਰਕਾਰ ਇੰਨ੍ਹਾਂ ਫਸਲਾਂ ਦੀ ਖੇਤੀ ਤੇ ਇੰਨ੍ਹਾਂ ਤੋਂ ਬਣੇ ਉਤਪਾਦਾਂ ਦੀ ਵਰਤੋ ਨੂੰ ਪ੍ਰੋਤਸਾਹਨ ਦੇਣ ਲਈ ਲਗਾਤਾਰ ਯਤਨਸ਼ੀਲ ਹੈ। ਹਰਿਆਣਾ ਸਰਕਾਰ ਵੀ ਪ੍ਰਧਾਨ ਮੰਤਰੀ ਦੇ ਇਸ ਯਤਨ ਨੂੰ ਲਗਾਤਾਰ ਜੋਰ ਦਿੰਦੇ ਹੋਏ ਮਿਲੇਟਸ ਫਸਲਾਂ ਯਾਨੀ ਜਵਾਰ, ਬਾਜਰਾ, ਰਾਗੀ ਆਦਿ ਨੂੰ ਪ੍ਰੋਤਸਾਹਨ ਦੇਣ ਲਈ ਇਕ ਪਾਸੇ ਕਿਸਾਨਾਂ ਨੂੰ ਇੰਨ੍ਹਾਂ ਫਸਲਾਂ ਦੀ ਖੇਤੀ ਕਰਨ ਲਈ ਪ੍ਰੋਤਸਾਹਿਤ ਕਰ ਰਹੀ ਹੈ, ਉੱਥੇ ਲੋਕਾਂ ਨੂੰ ਵੀ ਮੋਟੇ ਅਨਾਜ ਦੀ ਵਰਤੋ ਕਰਨ ਦੇ ਪ੍ਰਤੀ ਜਾਗਰੁਕ ਕਰ ਰਹੀ ਹੈ। ਮੁੱਖ ਮੰਤਰੀ ਦੀ ਅਗਵਾਏ ਹੇਠ ਸੂਬਾ ਸਰਕਾਰ ਨੇ ਕਿਸਾਨਾਂ ਨੂੰ ਪਾਰੰਪਰਿਕ ਫਸਲਾਂ ਦੀ ਖੇਤੀ ਕਰਨ ਤੋਂ ਇਲਾਵਾ ਫਸਲ ਵਿਵਿਧੀਕਰਣ ਅਪਨਾਉਣ ਦੀ ਅਪੀਲ ਕੀਤੀ। ਸੂਬੇ ਵਿਚ ਝੋਨਾ ਦੇ ਸਥਾਨ ’ਤੇ ਬਾਜਰੇ ਦੀ ਖੇਤੀ ਕਰਨ ਵਾਲੇ ਕਿਸਾਨਾਂ ਨੂੰ ਪ੍ਰੋਤਸਾਹਨ ਰਕਮ ਵੀ ਪ੍ਰਦਾਨ ਕਰ ਰਹੀ ਹੈ।ਹਰਿਆਣਾ ਆਈਏਏਸ ਆਡੀਸਰਸ ਏਸੋਸਇਏਸ਼ਨ ਦੇ ਚੇਅਰਮੈਨ ਅਤੇ ਮੁੱਖ ਸਕੱਤਰ ਸੰਜੀਵ ਕੌਸ਼ਲ ਨੇ ਕਿਹਾ ਕਿ ਏਸੋਸਇਏਸ਼ਨ ਸਮੇਂ-ਸਮੇਂ ’ਤੇ ਪ੍ਰਸਾਸ਼ਨਿਕ ਕੁਸ਼ਲਤਾ ਨੂੰ ਵਧਾਉਣ ਲਈ ਸੈਮੀਨਾਰ, ਟਰੇਨਿੰਗ ਪ੍ਰੋਗ੍ਰਾਮ ਪ੍ਰਬੰਧਿਤ ਕਰਦੀ ਰਹਿੰਦੀ ਹੈ। ਇਸੀ ਲੜੀ ਵਿਚ ਅੱਜ ਦਾ ਇਹ ਪ੍ਰਬੰਧ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੇ ਸਾਲ -2023 ਨੂੰ ਮਿਲੇਟਸ ਇਆਰ ਵਜੋ ਮਨਾਉਣ ਦੀ ਅਪੀਲ ਦੇ ਪਾਲਣ ਵਿਚ ਕੀਤਾ ਗਿਆ ਹੈ। ਹਰਿਆਣਾ ਆਈਏਏਸ ਆਫੀਸਰਸ ਏਸੋਸਇਏਸ਼ਨ ਅੱਗੇ ਵੀ ਇਸ ਤਰ੍ਹਾ ਦੇ ਪ੍ਰੋਗ੍ਰਾਮਾਂ ਦਾ ਪ੍ਰਬੰਧ ਕਰ ਸਮਾਜ ਦੇ ਪ੍ਰਤੀ ਆਪਣੀ ਭੁਮਿਕਾ ਨੂੰ ਨਿਭਾਉਂਦੇ ਰਹਿਣਗੇ।

ਬਾਬਾ ਬੰਦਾ ਸਿੰਘ ਬਹਾਦੁਰ ਦੀ ਬਹਾਦਰੀ ਅਤੇ ਬਲਿਦਾਨ ਦੀ ਗਾਥਾ ਨੂੰ ਮੁੜ ਜੀਵਤ ਕਰੇਗੀ ਹਰਿਆਣਾ ਸਰਕਾਰ: ਮੁੱਖ ਮੰਤਰੀ

0

ਕਾਲਕਾ ਤੋਂ ਕਲੇਸਰ ਤਕ ਦੇ ਪਹਾੜੀ ਖੇਤਰ ਨੂੰ ਤੀਰਥ ਸਥਾਨ ਵਜੋ ਕੀਤਾ ਜਾਵੇਗਾ ਵਿਕਸਿਤ – ਮੁੱਖ ਮੰਤਰੀ
ਮੁੱਖ ਮੰਤਰੀ ਨੇ ਲੋਹਗੜ੍ਹ ਵਿਚ ਸਮਾਰਕ ਦਾ ਰੱਖਿਆ ਨੀਂਹ ਪੱਥਰ
ਬਾਬਾ ਬੰਦਾ ਸਿੰਘ ਬਹਾਦੁਰ ਸਿਰਫ ਇਕ ਨਾਂਅ ਨਹੀਂ, ਸਗੋ ਬਹਾਦੁਰੀ, ਸੰਤ ਤੇ ਸੇਨਾਪਤੀ ਦੀ ਕਹਾਣੀ ਹਨ- ਮਨੋਹਰ ਲਾਲ
ਮੁੱਖ ਮੰਤਰੀ ਨੇ ਬਾਬਾ ਬੰਦਾ ਸਿੰਘ ਬਹਾਦੁਰ ਨੂੰ ਦਸਿਆ ਸੁਸਾਸ਼ਨ ਦੇ ਆਗੂ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 1 ਜਨਵਰੀ: ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਸੂਬਾ ਵਾਸੀਆਂ ਨੂੰ ਨਵੇਂ ਸਾਲ ਦਾ ਤੋਹਫਾ ਦਿੰਦੇ ਹੋਏ ਕਿਹਾ ਕਿ ਹਿਮਾਚਲ ਪ੍ਰਦੇਸ਼ ਵਿਚ ਪੈਣ ਵਾਲੇ ਮਾਤਾ ਮੰਤਰਾਦੇਵੀ ਮੰਦਿਰ ਤੋਂ ਆਦਿਬਦਰੀ ਤਕ ਰੋਪ-ਵੇ ਬਣਾਇਆ ਜਾਵੇਗਾ। ਨਾਲ ਹੀ ਸ਼ਿਵਾਲਿਕ ਹਿਲਸ ਦੇ ਕਾਲਕਾ ਤੋਂ ਕਲੇਸਰ ਤਕ ਦੇ ਪਹਾੜੀ ਖੇਤਰ ਨੂੰ ਤੀਰਥ ਸਥਾਨ ਵਜੋ ਵਿਕਸਿਤ ਕੀਤਾ ਜਾਵੇਗਾ। ਇੰਨ੍ਹਾਂ ਵਿਚ ਛੋਟਾ ਤਿਰਲੋਕਪੁਰ, ਆਦਿਬਦਰੀ, ਲੋਹਗੜ੍ਹ, ਕਪਾਲਮੋਚਨ, ਕਲੇਸਰ ਆਦਿ ਸ਼ਾਮਿਲ ਹਨ। ਇਸ ਦੇ ਲਈ ਲੋਕ ਨਿਰਮਾਣ (ਭਵਨ ਅਤੇ ਸੜਕਾਂ) ਵਿਭਾਗਾਂ ਵੱਲੋਂ 10 ਮੀਟਰ ਚੌੜੀ ਸੜਕ ਮਾਰਗ ਬਨਾਉਣ ਦੀ ਸੰਭਾਵਨਾ ਤਲਾਸ਼ੀ ਜਾਵੇਗੀ। ਇਸ ਤੋਂ ਇਲਾਵਾ, ਇਸ ਖੇਤਰ ਵਿਚ ਐਡਵੇਂਚਰ ਖੇਡ ਗਤੀਵਿਧੀਆਂ ਜਿਵੇਂ ਟ?ਰੈਕਿੰਗ ਸ਼ੁਰੂ ਕਰਨ ਦੀ ਵੀ ਯੋਜਨਾ ਹੈ। ਸਰਕਾਰ ਦੇ ਇੰਨ੍ਹਾਂ ਯਤਨਾਂ ਨਾਲ ਸੂਬੇ ਵਿਚ ਜਿੱਥੇ ਸੈਰ-ਸਪਾਟਾ ਨੁੰ ਪ੍ਰੋਤਸਾਹਨ ਮਿੇਲਗਾ, ਉੱਥੇ ਸਥਾਨਕ ਲੋਕਾਂ ਨੂੰ ਰੁਜਗਾਰ ਵੀ ਮਿਲੇਣਗੇ। ਮੁੱਖ ਮੰਤਰੀ ਅੱਜ ਬਾਬਾ ਬੰਦਾ ਸਿੰਘ ਬਹਾਦੁਰ ਵੱਲੋਂ ਸਥਾਪਿਤ ਸਿੱਖ ਰਾਜ ਦੀ ਪਹਿਲੀ ਰਾਜਧਾਨੀ ਲੋਹਗੜ੍ਹ, ਯਮੁਨਾਨਗਰ ਵਿਚ ਬਾਬਾ ਬੰਦਾ ਸਿੰਘ ਬਹਾਦੁਰ ਦੀ ਬਹਾਦੁਰੀ ਅਤੇ ਬਲਿਦਾਨ ਦੀ ਗਾਥਾ ਨੂੰ ਮੁੜ ਜੀਵਤ ਕਰਨ ਲਈ ਸਮਾਰਕ ਦਾ ਨੀਂਹ ਪੱਥਰ ਰੱਖਣ ਬਾਅਦ ਮੌਜੂਦ ਲੋਕਾਂ ਨੁੰ ਸੰਬੋਧਿਤ ਕਰ ਰਹੇ ਸਨ। ਮੁੱਖ ਮੰਤਰੀ ਨੇ ਕਿਹਾ ਕਿ ਲੋਹਗੜ੍ਹ ਨੂੰ ਇਕ ਮਿਨੀ ਸ਼ਹਿਰ ਵਜੋ ਵਿਕਸਿਤ ਕੀਤਾ ਜਾਵੇਗਾ। ਬਾਬਾ ਬੰਦਾ ਸਿੰਘ ਬਹਾਦੁਰ ਦੀ ਰਾਜਧਾਨੀ ਲੋਹਗੜ੍ਹ ਦਾ ਖੇਤਰ ਅੱਧਾ ਹਰਿਆਣਾ ਅਤੇ ਹਿਮਾਚਲ ਵਿਚ ਪਂੈਦਾ ਹੈ। ਅੱਜ ਸਮਾਰਕ ਦਾ ਨੀਂਹ ਪੱਥਰ ਰੱਖਿਆ ਹੈ। ਉਨ੍ਹਾਂ ਨੇ ਲੋਕਾਂ ਤੋਂ ਜਿਮੇਵਾਰੀ ਭਾਵਨਾ ਨਾਲ ਦੇਸ਼, ਸੂਬੇ ਤੇ ਸਮਾਜ ਹਿੱਤ ਵਿਚ ਕੰਮ ਕਰਨ ਦੀ ਅਪੀਲ ਵੀ ਕੀਤੀ।

ਬਾਬਾ ਬੰਦਾ ਸਿੰਘ ਬਹਾਦੁਰ ਸਿਰਫ ਇਕ ਨਾਂਅ ਨਹੀਂ, ਸਗੋ ਬਹਾਦੁਰੀ, ਵੈਰਾਗਯ, ਸੰਤ ਤੇ ਸੇਨਾਪਤੀ ਦੀ ਕਹਾਣੀ ਹੈ
ਸ੍ਰੀ ਮਨੋਹਰ ਲਾਲ ਨੇ ਆਪਣੇ ਜੀਵਨ ਦਾ ਇਕ ਪ੍ਰਸੰਗ ਦੱਸਦੇ ਹੋਏ ਕਿਹਾ ਕਿ ਕਿਤੇ ਨਾ ਕਿਤੇ ਉਨ੍ਹਾਂ ਦੇ ਵੰਸ਼ਜ ਵੀ ਬਾਬਾ ਬੰਦਾ ਸਿੰਘ ਬਹਾਦੁਰ ਨਾਲ ਜੁੜੇ ਰਹੇ ਅਤੇ ਅੱਜ ਇਸ ਖੇਤਰ ਦੇ ਵਿਕਾਸ ਵਿਚ ਯੋਗਦਾਨ ਦੇਣ ਦਾ ਜੋ ਮੌਕਾ ਉਨ੍ਹਾਂ ਨੂੰ ਪ੍ਰਦਾਨ ਹੋਇਆ ਹੈ, ਉਸ ਵਿਚ ਉਹ ਕਿਸੇ ਤਰ੍ਹਾ ਦੀ ਕਮੀ ਨਹੀਂ ਰਹਿਣ ਦੇਣਗੇ। ਉਨ੍ਹਾਂ ਨੇ ਕਿਹਾ ਕਿ ਬਾਬਾ ਬੰਦਾ ਸਿੰਘ ਬਹਾਦੁਰ ਸਿਰਫ ਇਕ ਨਾਂਅ ਨਹੀਂ ਸਗੋ ਬਹਾਦੁਰੀ, ਵੈਰਾਗਯ, ਸੰਤ ਤੇ ਸੇਨਾਪਤੀ ਦੀ ਕਹਾਣੀ ਹੈ। ਜੰਮੂ-ਕਸ਼ਮੀਰ ਦੇ ਰਾਜੌਰੀ ਜਿਲ੍ਹੇ ਵਿਚ ਲਕਛਮਣ ਦੇਵ ਦੇ ਨਾਂਅ ਨਾਲ ਕਹਿਣੀ ਸ਼ੁਰੂ ਹੋਈ, ਜਦੋਂ ਇਕ ਸ਼ਿਕਾਰੀ ਸਨ ਅਤੇ ਸ਼ਿਕਾਰੀ ਤੋਂ ਕਿਵੇ ਵੈਰਾਗੀ ਬਣੇ ਅਤੇ ਮਹਾਰਾਸ਼ਟਰ ਦੇ ਨਾਂਦੇੜ ਵਿਚ ਉਹ ਵੈਰਾਗਯ ਜੀਵਨ ਵਿਚ ਲੀਨ ਹੋਏ। ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਬਾਬਾ ਬੰਦਾ ਸਿੰਘ ਬਹਾਦੁਰ ਨਾਲ ਮੁਲਾਕਾਤ ਹੋਈ ਅਤੇ ਉਨ੍ਹਾਂ ਨੇ ਕਿਹਾ ਕਿ ਉੱਤਰ ਭਾਰਤ ਵਿਚ ਤੁਹਾਡੀ ਜਰੂਰਤ ਹੈ, ਜਿੱਥੇ ਜਨਤਾ ’ਤੇ ਮੁਗਲਾਂ ਵੱਲੋਂ ਜੁਲਮ ਕੀਤੇ ਜਾ ਰਹੇ ਹਨ। ਮੁਗਲਾਂ ਦੇ ਖਿਲਾਫ ਲੜਨ ਲਈ ਇਕ ਸੇਨਾਪਤੀ ਚਾਹੀਦਾ ਸੀ, ਜਿਸ ’ਤੇ ਬਾਬਾ ਬੰਦਾ ਸਿੰਘ ਬਹਾਦੁਰ ਖਰੇ ਉਤਰੇ ਅਤੇ ਆਪਣੇ ਆਪ ਨੂੰ ਅਜੇਯ ਮੰਨਣ ਵਾਲੇ ਮੁਗਲਾਂ ਨੂੰ ਵੀ ਲਗਿਆ ਕਿ ਉਨ੍ਹਾਂ ਦਾ ਲੋਹੇ ਦੇ ਚਣੇ ਚਬਾਉਣ ਵਾਲੇ ਸੇਨਾਪਤੀ ਨਾਲ ਮੁਕਾਬਲਾ ਹੋ ਰਿਹਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਬਾਬਾ ਬੰਦਾ ਸਿੰਘ ਬਹਾਦੁਰ ਨੇ ਸੋਨੀਪਤ ਜਿਲ੍ਹੇ ਦੇ ਖੜਾ ਸ਼ੇਰੀ ਪਿੰਡ ਤੋਂ ਨੌਜੁਆਨਾਂ ਨੂੰ ਇਕੱਠਾ ਕਰ ਸੇਨਾ ਗਠਨ ਦੀ ਸ਼ੁਰੂਆਤ ਕੀਤੀ ਸੀ ਅਤੇ ਪੂਰੇ ਹਰਿਆਣਾ ਵਿਚ ਨੌਜੁਆਨਾਂ ਦੇ ਨਾਲ ਦੌਰਾ ਕਰ ਇਕ ਸੇਨਾ ਖੜੀ ਕੀਤੀ ਅਤੇ ਲੋਹਗੜ੍ਹ ਨੂੰ ਸਿੱਖ ਰਾਜ ਦੀ ਪਹਿਲੀ ਰਾਜਧਾਨੀ ਬਣਾਇਆ। ਉਨ੍ਹਾਂ ਨੇ ਕਿਹਾ ਕਿ ਪੰਜਾਬ ਵਿਚ ਛਪਨਚਿੜੀ ਵਿਚ ਬਾਬਾ ਬੰਦਾ ਸਿੰਘ ਬਹਾਦੁਰ ਦੇ ਨਾਂਅ ਨਾਲ ਇਥ ਛੋਟਾ ਸਮਾਰਕ ਹੈ, ਪਰ ਸਾਡੇ ਲਈ ਖੁਸ਼ਕਿਸਮਤੀ ਦੀ ਗਲ ਹੈ ਕਿ ਹਰਿਆਣਾ ਵਿਚ ਅਸੀਂ ਲੋਹਗੜ੍ਹ ਕਿਲੇ ਨੂੰ ਇਕ ਨਵਾਂ ਸਵਰੂਪ ਦੇ ਰਹੇ ਹਨ। ਹਰਿਆਣਾ ਸਰਕਾਰ ਸੂਬੇ ਵਿਚ ਸੈਰ-ਸਪਾਟੇ ਤੇ ਸਭਿਆਚਾਰ ਨੂੰ ਪ੍ਰੋਤਸਾਹਨ ਦੇਣ ਲਈ ਲਗਾਤਾਰ ਯਤਨਸ਼ੀਲ ਹੈ। ਇਸੀ ਲੜੀ ਵਿਚ ਪਿੰਜੌਰ ਵਿਚ 50 ਏਕੜ ਵਿਚ ਫਿਲਮ ਸਿਟੀ ਕੇਂਦਰ ਵਿਕਸਿਤ ਕੀਤਾ ਜਾ ਰਿਹਾ ਹੈ। ਬਾਲੀਵੁੱਡ ਦੇ ਕਈ ਫਿਲਮ ਨਿਰਮਾਤਾਵਾਂ ਨੇ ਇਸ ਵਿਚ ਦਿਲਚਸਪੀ ਵੀ ਦਿਖਾਈ ਹੈ।

ਬਾਦਲਾਂ ਅਤੇ ਢੀਂਡਸਾ ਪਰਿਵਾਰ ਨੇ ਮਿਲੀਭੁਗਤ ਨਾਲ ਸੰਗਰੂਰ ਮੈਡੀਕਲ ਕਾਲਜ ਦੇ ਕੰਮ ਵਿਚ ਅੜਿੱਕਾ ਡਾਹਿਆ ਹੋਇਆ-ਮੁੱਖ ਮੰਤਰੀ

0

ਅਜਿਹੇ ਕੋਝੇ ਹੱਥਕੰਡੇ ਅਪਣਾਉਣ ਨਾਲ ਦੋਵਾਂ ਪਰਿਵਾਰਾਂ ਦਾ ਲੋਕ ਵਿਰੋਧੀ ਚਿਹਰਾ ਬੇਨਕਾਬ ਹੋਇਆ
ਮੈਡੀਕਲ ਸਿੱਖਿਆ ਦੇ ਮਾਣਮੱਤੇ ਪ੍ਰਾਜੈਕਟ ਨੂੰ ਰੋਕਣ ਲਈ ਦੋਵਾਂ ਪਰਿਵਾਰਾਂ ਨੇ ਆਪਣੇ ਸਿਆਸੀ ਵਖਰੇਵੇਂ ਵੀ ਲਾਂਭੇ ਕਰ ਦਿੱਤੇ
ਬਾਦਲਾਂ ਦੇ ਹੱਥਾਂ ਦੀ ਕਠਪੁਤਲੀ ਬਣਨ ਲਈ ਸ਼ਰੋਮਣੀ ਕਮੇਟੀ ਦੀ ਸਖ਼ਤ ਆਲੋਚਨਾ
ਸੰਗਰੂਰ ਵਿਚ ਹਰ ਕੀਮਤ ਉਤੇ ਮੈਡੀਕਲ ਕਾਲਜ ਬਣਾਉਣ ਲਈ ਵਚਨਬੱਧਤਾ ਦੁਹਰਾਈ
ਪੰਜਾਬੀ ਖ਼ਬਰਸਾਰ ਬਿਉਰੋ
ਸੰਗਰੂਰ, 1 ਜਨਵਰੀ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਬਾਦਲਾਂ ਅਤੇ ਢੀਂਡਸਾ ਪਰਿਵਾਰ ਉਤੇ ਤਿੱਖਾ ਨਿਸ਼ਾਨਾ ਸਾਧਦਿਆਂ ਆਖਿਆ ਕਿ ਇਨ੍ਹਾਂ ਦੋਵਾਂ ਪਰਿਵਾਰਾਂ ਨੇ ਆਪਣੇ ਸੌੜੇ ਸਿਆਸੀ ਹਿੱਤਾਂ ਦੀ ਖਾਤਰ ਸੰਗਰੂਰ ਦੇ ਮੈਡੀਕਲ ਕਾਲਜ ਦੇ ਕੰਮ ਵਿਚ ਅੜਿੱਕਾ ਡਾਹਿਆ ਹੋਇਆ ਹੈ। ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਨੇ ਸਪੱਸ਼ਟ ਸ਼ਬਦਾਂ ਵਿਚ ਕਿਹਾ ਕਿ ਅਜਿਹੇ ਕੋਝੇ ਹੱਥਕੰਡੇ ਅਪਣਾਉਣ ਨਾਲ ਇਨ੍ਹਾਂ ਦੋਵਾਂ ਪਰਿਵਾਰਾਂ ਦਾ ਲੋਕ ਵਿਰੋਧੀ ਚਿਹਰਾ ਬੇਨਕਾਬ ਹੋਇਆ ਹੈ ਕਿਉਂਕਿ ਇਹ ਪਰਿਵਾਰ ਨਹੀਂ ਚਾਹੁੰਦੇ ਕਿ ਆਮ ਲੋਕਾਂ ਨੂੰ ਇੱਥੇ ਬਣਨ ਵਾਲੇ ਮੈਡੀਕਲ ਕਾਲਜ ਨਾਲ ਬਿਹਤਰ ਇਲਾਜ ਅਤੇ ਸਿੱਖਿਆ ਮੁਹੱਈਆ ਹੋਵੇ ਜਿਸ ਕਰਕੇ ਇਲਾਕੇ ਲਈ ਇਸ ਵੱਕਾਰੀ ਪ੍ਰਾਜੈਕਟ ਦੇ ਰਾਹ ਵਿਚ ਅੜਿੱਕੇ ਡਾਹੁਣ ਲਈ ਮਿਲੀਭੁਗਤ ਨਾਲ ਸਾਜ਼ਿਸ਼ਾਂ ਰਚੀਆਂ ਗਈਆਂ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੇ ਸੰਗਰੂਰ ਨੇੜੇ ਸੰਤ ਬਾਬਾ ਅਤਰ ਸਿੰਘ ਮਸਤੂਆਣਾ ਜੀ ਦੀ ਯਾਦ ਵਿਚ ਉਚ ਦਰਜੇ ਦਾ ਮੈਡੀਕਲ ਕਾਲਜ ਸਥਾਪਤ ਕਰਨ ਦਾ ਫੈਸਲਾ ਕੀਤਾ ਸੀ ਜਿਸ ਲਈ 407 ਕਰੋੜ ਰੁਪਏ ਦੇ ਫੰਡ ਰੱਖੇ ਗਏ ਸਨ। ਭਗਵੰਤ ਮਾਨ ਨੇ ਕਿਹਾ ਕਿ ਇਸ ਪ੍ਰਾਜੈਕਟ ਦਾ ਕੰਮ ਸ਼ੁਰੂ ਕਰਨ ਲਈ ਸੂਬਾ ਸਰਕਾਰ ਨੇ 407 ਕਰੋੜ ਰੁਪਏ ਵਿੱਚੋਂ ਬਹੁਤ ਫੰਡ ਪਹਿਲਾਂ ਹੀ ਜਾਰੀ ਕਰ ਦਿੱਤੇ ਸਨ। ਮੁੱਖ ਮੰਤਰੀ ਨੇ ਕਿਹਾ ਕਿ ਇਸ ਮੈਡੀਕਲ ਕਾਲਜ ਦਾ ਪਹਿਲਾ ਅਕਾਦਮਿਕ ਸੈਸ਼ਨ ਇਸ ਸਾਲ ਮਾਰਚ ਮਹੀਨੇ ਤੋਂ ਸ਼ੁਰੂ ਹੋਣਾ ਸੀ ਜਿਸ ਨਾਲ ਸਮੁੱਚੇ ਮਾਲਵਾ ਖਿੱਤੇ ਨੂੰ ਬਿਹਤਰ ਮੈਡੀਕਲ ਸਹੂਲਤਾਂ ਹਾਸਲ ਹੋਣੀਆਂ ਸਨ। ਉਨ੍ਹਾਂ ਕਿਹਾ ਕਿ ਇਲਾਕੇ ਦੇ ਨੌਜਵਾਨਾਂ ਨੂੰ ਉਚੇਰੀ ਮੈਡੀਕਲ ਸਿੱਖਿਆ ਦੇ ਬਿਹਤਰ ਮੌਕੇ ਇੱਥੇ ਹੀ ਮਿਲਣੇ ਸ਼ੁਰੂ ਹੋਣੇ ਸਨ ਅਤੇ ਇਨ੍ਹਾਂ ਨੌਜਵਾਨਾਂ ਨੂੰ ਮੈਡੀਕਲ ਸਿੱਖਿਆ ਲਈ ਮਜਬੂਰੀਵੱਸ ਯੂਕਰੇਨ ਤੇ ਹੋਰ ਵਿਦੇਸ਼ੀ ਮੁਲਕਾਂ ਵਿਚ ਨਾ ਜਾਣਾ ਪੈਂਦਾ। ਇਸ ਤੋਂ ਇਲਾਵਾ ਭਗਵੰਤ ਮਾਨ ਨੇ ਕਿਹਾ ਕਿ ਮੈਡੀਕਲ ਕਾਲਜ ਨੇ ਜਿੱਥੇ ਇਲਾਕੇ ਦੇ ਨੌਜਵਾਨਾਂ ਨੂੰ ਸਿੱਧੇ ਅਤੇ ਅਸਿੱਧੇ ਤੌਰ ਉਤੇ ਰੋਜ਼ਗਾਰ ਦੇ ਮੌਕੇ ਮੁਹੱਈਆ ਕਰਵਾਉਣੇ ਸਨ, ਉਥੇ ਹੀ ਮਾਲਵਾ ਪੱਟੀ ਦੀ ਵਿਕਾਸ ਵਿਚ ਵੱਡਾ ਯੋਗਦਾਨ ਪਾਉਣਾ ਸੀ। ਮੁੱਖ ਮੰਤਰੀ ਨੇ ਦੁੱਖ ਨਾਲ ਕਿਹਾ ਕਿ ਇਸ ਮਾਣਮੱਤੇ ਪ੍ਰਾਜੈਕਟ ਨੂੰ ਰੋਕਣ ਲਈ ਬਾਦਲਾਂ ਅਤੇ ਢੀਂਡਸਾ ਪਰਿਵਾਰ ਨੇ ਆਪਸ ਵਿਚ ਸੁਰ ਨਾਲ ਸੁਰ ਮਿਲਾਉਂਦੇ ਹੋਏ ਆਪਣੇ ਸਿਆਸੀ ਵਖਰੇਵਿਆਂ ਨੂੰ ਵੀ ਲਾਂਭੇ ਕਰ ਦਿੱਤਾ। ਉਨ੍ਹਾਂ ਕਿਹਾ ਕਿ ਇਨ੍ਹਾਂ ਰਸੂਖਦਾਰ ਪਰਿਵਾਰਾਂ ਨੇ ਪੂਰੀ ਵਾਹ ਲਾਈ ਹੋਈ ਹੈ ਕਿ ਕਿਸੇ ਵੀ ਤਰ੍ਹਾਂ ਇਹ ਪ੍ਰਾਜੈਕਟ ਸ਼ੁਰੂ ਨਾ ਹੋਵੇ ਅਤੇ ਇੱਥੋਂ ਤੱਕ ਕਿ ਕਾਨੂੰਨੀ ਤੌਰ ਉਤੇ ਰੁਕਾਵਟਾਂ ਪੈਦਾ ਕੀਤੀਆਂ ਗਈਆਂ। ਭਗਵੰਤ ਮਾਨ ਨੇ ਕਿਹਾ ਕਿ ਬਾਦਲਾਂ ਨੇ ਇਸ ਪ੍ਰਾਜੈਕਟ ਨੂੰ ਸਥਾਪਤ ਨਾ ਹੋਣ ਦੇਣ ਲਈ ਸ਼?ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਵੀ ਦੁਰਵਰਤੋਂ ਕੀਤੀ ਤਾਂ ਕਿ ਆਮ ਲੋਕਾਂ ਨੂੰ ਕੋਈ ਰਾਹਤ ਨਾ ਮਿਲ ਸਕੇ।
ਮੁੱਖ ਮੰਤਰੀ ਨੇ ਦੁੱਖ ਨਾਲ ਕਿਹਾ ਕਿ ਇਹ ਕਿੰਨੀ ਮੰਦਭਾਗੀ ਗੱਲ ਹੈ ਕਿ ਸ਼ਰੋਮਣੀ ਕਮੇਟੀ ਬਾਦਲ ਪਰਿਵਾਰ ਦੇ ਹੱਥਾਂ ਵਿਚ ਕਠਪੁਤਲੀ ਵਾਲੀ ਭੂਮਿਕਾ ਨਿਭਾਅ ਰਹੀ ਹੈ ਅਤੇ ਇਸ ਸੰਸਥਾ ਨੂੰ ਬਾਦਲਾਂ ਵੱਲੋਂ ਆਪਣੇ ਸਿਆਸੀ ਮਨਸੂਬੇ ਪੂਰੇ ਕਰਨ ਲਈ ਵਰਤਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਪ੍ਰਾਜੈਕਟ ਨੂੰ ਰੋਕਣ ਲਈ ਬਾਦਲ ਸ਼ਰੋਮਣੀ ਕਮੇਟੀ ਦੀ ਦੁਰਵਰਤੋਂ ਕਰ ਰਹੇ ਹਨ ਜਦਕਿ ਇਸ ਪ੍ਰਾਜੈਕਟ ਨੇ ਇਲਾਕੇ ਦੇ ਲੋਕਾਂ ਦੀ ਤਕਦੀਰ ਬਦਲ ਦੇਣੀ ਸੀ। ਭਗਵੰਤ ਮਾਨ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜਦੋਂ ਵੀ ਅਕਾਲੀ ਉਨ੍ਹਾਂ ਕੋਲ ਆਉਣ ਤਾਂ ਅਕਾਲੀਆਂ ਪਾਸੋਂ ਇਸ ਪ੍ਰਾਜੈਕਟ ਨੂੰ ਰੋਕਣ ਪਿੱਛੇ ਦੇ ਮਕਸਦ ਬਾਰੇ ਸੁਆਲ ਜ਼ਰੂਰ ਕਰਨ। ਮੁੱਖ ਮੰਤਰੀ ਨੇ ਦੁਹਰਾਇਆ ਕਿ ਇਹ ਮੈਡੀਕਲ ਕਾਲਜ ਹਰ ਕੀਮਤ ਉਤੇ ਸ਼ੁਰੂ ਕਰਨ ਲਈ ਉਨ੍ਹਾਂ ਦੀ ਸਰਕਾਰ ਦ੍ਰਿੜ ਵਚਨਬੱਧ ਹੈ ਤਾਂ ਕਿ ਸੂਬੇ ਦੇ ਲੋਕਾਂ ਨੂੰ ਇਸ ਦਾ ਲਾਭ ਮਿਲ ਸਕੇ। ਉਨ੍ਹਾਂ ਕਿਹਾ ਕਿ ਬਾਦਲ ਜਾਂ ਢੀਂਡਸਾ ਜੋ ਕਰਨਾ ਚਾਹੁੰਦੇ ਹਨ, ਕਰ ਲੈਣ ਪਰ ਪ੍ਰਾਜੈਕਟ ਹਰ ਹਾਲ ਵਿਚ ਸ਼ੁਰੂ ਹੋਵੇਗਾ। ਭਗਵੰਤ ਮਾਨ ਨੇ ਕਿਹਾ ਕਿ ਉਹ ਬਾਦਲਾਂ ਤੇ ਢੀਂਡਸਿਆਂ ਨੂੰ ਉਨ੍ਹਾਂ ਦੇ ਇਨ੍ਹਾਂ ਘਿਨਾਉਣੇ ਕਾਰਿਆਂ ਨੂੰ ਸਫਲ ਨਹੀਂ ਹੋਣ ਦੇਣਗੇ ਅਤੇ ਆਮ ਲੋਕਾਂ ਦੀ ਭਲਾਈ ਵਾਲਾ ਇਹ ਪ੍ਰਾਜੈਕਟ ਛੇਤੀ ਸ਼ੁਰੂ ਹੋਵੇਗਾ। ਵਿਰੋਧੀ ਧਿਰਾਂ ਨੂੰ ਆੜੇ ਹੱਥੀਂ ਲੈਂਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਅਕਾਲੀ ਲੀਡਰਸ਼ਿਪ ਦਾ ਇੱਕੋ-ਇੱਕ ਏਜੰਡਾ ਸੂਬੇ ਦੇ ਵਿਕਾਸ ਨੂੰ ਲੀਹੋਂ ਲਾਹੁਣਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਵਿਰੁੱਧ ਕੋਈ ਠੋਸ ਮੁੱਦਾ ਨਾ ਹੋਣ ਕਾਰਨ ਬੁਖਲਾਏ ਹੋਏ ਅਕਾਲੀ ਮੀਡੀਆ ’ਚ ਸੁਰਖੀਆਂ ਬਟੋਰਨ ਲਈ ਅੱਕੀ ਪਲਾਹੀ ਹੱਥ ਮਾਰ ਰਹੇ ਹਨ। ਭਗਵੰਤ ਮਾਨ ਨੇ ਕਿਹਾ ਕਿ ਉਹ ਪੰਜਾਬ ਨੂੰ ਦੇਸ਼ ਦਾ ਮੋਹਰੀ ਸੂਬਾ ਬਣਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹਨ ਅਤੇ ਉਨ੍ਹਾਂ ਨੂੰ ਕੋਈ ਨਹੀਂ ਰੋਕ ਸਕਦਾ।ਆਪਣੀ ਸਰਕਾਰ ਦੀਆਂ ਲੋਕ ਪੱਖੀ ਪਹਿਲਕਦਮੀਆਂ ਦਾ ਜ਼ਿਕਰ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਦੇ ਮੁਫ਼ਤ ਬਿਜਲੀ ਦੇ ਇਤਿਹਾਸਕ ਫੈਸਲੇ ਕਾਰਨ ਸੂਬੇ ਦੇ ਲਗਪਗ 90 ਫੀਸਦੀ ਲੋਕਾਂ ਦਾ ਬਿਜਲੀ ਬਿੱਲ ਜ਼ੀਰੋ ਆਇਆ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਦੇ ਯਤਨਾਂ ਸਦਕਾ ਸੂਬੇ ਵਿੱਚ ਬਿਜਲੀ ਉਤਪਾਦਨ ਵਿੱਚ 83 ਫੀਸਦੀ ਦਾ ਵਾਧਾ ਹੋਇਆ ਹੈ। ਭਗਵੰਤ ਮਾਨ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਵੱਲੋਂ ਕੀਤੇ ਗਏ ਅਣਥੱਕ ਯਤਨਾਂ ਸਦਕਾ ਪਛਵਾੜਾ ਕੋਲ ਖਾਣ ਤੋਂ ਬਿਜਲੀ ਉਤਪਾਦਨ ਲਈ ਕੋਲੇ ਦੀ ਸਪਲਾਈ ਲੰਬੇ ਸਮੇਂ ਬਾਅਦ ਮੁੜ ਸ਼ੁਰੂ ਹੋਈ ਹੈ।
ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਸੂਬੇ ਵਿੱਚ 100 ਆਮ ਆਦਮੀ ਕਲੀਨਿਕ ਪਹਿਲਾਂ ਹੀ ਲੋਕਾਂ ਨੂੰ ਮਿਆਰੀ ਸਿਹਤ ਸੇਵਾਵਾਂ ਮੁਫਤ ਪ੍ਰਦਾਨ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਆਉਣ ਵਾਲੇ ਗਣਤੰਤਰ ਦਿਵਸ ਮੌਕੇ ਇਨ੍ਹਾਂ ਕਲੀਨਿਕਾਂ ਦੀ ਗਿਣਤੀ ਵਧਾ ਕੇ 353 ਕਰ ਦਿੱਤੀ ਜਾਵੇਗੀ ਅਤੇ ਮਾਰਚ, 2023 ਦੇ ਅੰਤ ਤੱਕ ਸੂਬੇ ਵਿੱਚ ਅਜਿਹੇ 700 ਕਲੀਨਿਕ ਚਾਲੂ ਹੋ ਜਾਣਗੇ। ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਪ੍ਰਦਾਨ ਕਰਨ ਲਈ ਸੂਬੇ ਦੇ ਸਕੂਲਾਂ ਨੂੰ ਆਹਲਾ ਦਰਜੇ ਦੇ ਸਕੂਲਾਂ ਵਿੱਚ ਤਬਦੀਲ ਕਰਨ ਲਈ ਵਚਨਬੱਧ ਹੈ।ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਸੂਬਾ ਸਰਕਾਰ ਸੂਬੇ ਵਿੱਚ ਸਿਹਤ ਅਤੇ ਸਿੱਖਿਆ ਖੇਤਰ ਨੂੰ ਮੁੱਖ ਤਰਜੀਹ ਦੇ ਰਹੀ ਹੈ ਅਤੇ ਇਨ੍ਹਾਂ ਅਹਿਮ ਖੇਤਰਾਂ ਦੀ ਕਾਇਆ ਕਲਪ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ।ਉਨ੍ਹਾਂ ਕਿਹਾ ਕਿ ਭ੍ਰਿਸ਼ਟਾਚਾਰ ਰਾਹੀਂ ਸੂਬੇ ਦੀ ਦੌਲਤ ਲੁੱਟਣ ਵਾਲੇ ਲੋਕਾਂ ਨੂੰ ਉਨ੍ਹਾਂ ਦੀ ਸਰਕਾਰ ਨੇ ਸਲਾਖਾਂ ਪਿੱਛੇ ਡੱਕ ਦਿੱਤਾ ਹੈ। ਭਗਵੰਤ ਮਾਨ ਨੇ ਸਪੱਸ਼ਟ ਸ਼ਬਦਾਂ ਵਿਚ ਕਿਹਾ ਕਿ ਸਰਕਾਰੀ ਖਜ਼ਾਨੇ ’ਚੋਂ ਲੁੱਟਿਆ ਗਿਆ ਇਕ-ਇਕ ਪੈਸਾ ਵਾਪਸ ਲਿਆ ਜਾਵੇਗਾ ਅਤੇ ਸੂਬੇ ਦੀ ਸ਼ਾਨ ਨੂੰ ਹਰ ਤਰ੍ਹਾਂ ਨਾਲ ਬਹਾਲ ਕੀਤਾ ਜਾਵੇਗਾ। ਇਸ ਮੌਕੇ ਮੁੱਖ ਮੰਤਰੀ ਦੇ ਨਾਲ ਵਿੱਤ ਮੰਤਰੀ ਹਰਪਾਲ ਚੀਮਾ, ਸੂਚਨਾ ਤੇ ਲੋਕ ਸੰਪਰਕ ਮੰਤਰੀ ਅਮਨ ਅਰੋੜਾ, ਵਿਧਾਇਕ ਨਰਿੰਦਰ ਕੌਰ ਭਰਾਜ ਅਤੇ ਹੋਰ ਵੀ ਹਾਜ਼ਰ ਸਨ।

ਮੁੱਖ ਮੰਤਰੀ ਭਗਵੰਤ ਮਾਨ ਨੇ ਸੂਬੇ ਦੇ ਲੋਕਾਂ ਨੂੰ ਨਵੇਂ ਸਾਲ 2023 ਦੀਆਂ ਦਿੱਤੀਆਂ ਵਧਾਈਆਂ

0

ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿਖੇ ਮੱਥਾ ਟੇਕ ਕੇ ਸੂਬੇ ਦੀ ਸ਼ਾਂਤੀ, ਸਦਭਾਵਨਾ, ਤਰੱਕੀ ਅਤੇ ਲੋਕਾਂ ਦੀ ਖ਼ੁਸ਼ਹਾਲੀ ਲਈ ਕੀਤੀ ਅਰਦਾਸ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 1 ਜਨਵਰੀ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਨਵੇਂ ਸਾਲ ਦੇ ਪਹਿਲੇ ਦਿਨ ਗੁਰਦੁਆਰਾ ਸਿੰਘ ਸ਼ਹੀਦਾਂ, ਸੋਹਾਣਾ ਵਿਖੇ ਮੱਥਾ ਟੇਕਿਆ ਅਤੇ ਸੂਬੇ ਦੀ ਸ਼ਾਂਤੀ, ਸਦਭਾਵਨਾ, ਤਰੱਕੀ ਅਤੇ ਇੱਥੋਂ ਦੇ ਲੋਕਾਂ ਦੀ ਖ਼ੁਸ਼ਹਾਲੀ ਲਈ ਅਰਦਾਸ ਕੀਤੀ। ਲੋਕਾਂ ਨੂੰ ਨਵੇਂ ਸਾਲ ਦੀ ਵਧਾਈ ਦਿੰਦਿਆਂ ਮੁੱਖ ਮੰਤਰੀ ਨੇ ਅਰਦਾਸ ਕੀਤੀ ਕਿ ਸੂਬੇ ਅਤੇ ਦੁਨੀਆ ਭਰ ਵਿੱਚ ਵਸਦੇ ਪੰਜਾਬੀਆਂ ਲਈ ਨਵਾਂ ਸਾਲ-2023 ਖ਼ੁਸ਼ੀਆਂ-ਖੇੜੇ, ਅਮਨ ਅਤੇ ਖ਼ੁਸ਼ਹਾਲੀ ਲੈ ਕੇ ਆਵੇ। ਉਨ੍ਹਾਂ ਨੇ ਸੂਬੇ ਦੇ ਲੋਕਾਂ ਨੂੰ ਨਵੇਂ ਸਾਲ ਦੀ ਵਧਾਈ ਦਿੱਤੀ ਅਤੇ ਸੂਬੇ ਦੇ ਸਰਵਪੱਖੀ ਵਿਕਾਸ ਤੇ ਖ਼ੁਸ਼ਹਾਲੀ ਨੂੰ ਯਕੀਨੀ ਬਣਾਉਣ ਲਈ ਜੋਸ਼ ਨਾਲ ਕੰਮ ਕਰਨ ਦਾ ਸੱਦਾ ਦਿੱਤਾ। ਨਵਾਂ ਵਰ੍ਹਾ ਸਾਰੇ ਪੰਜਾਬੀਆਂ ਲਈ ਖ਼ੁਸ਼ੀਆਂ, ਅਮਨ ਅਤੇ ਸਫ਼ਲਤਾ ਦੇ ਨਵੇਂ ਮੌਕੇ ਲੈ ਕੇ ਆਉਣ ਦੀ ਆਸ ਪ੍ਰਗਟਾਉਂਦਿਆਂ ਭਗਵੰਤ ਮਾਨ ਨੇ ਪੰਜਾਬ ਨੂੰ ਦੇਸ਼ ਦੇ ਮੋਹਰੀ ਸੂਬੇ ਵਜੋਂ ਉਭਾਰਨ ਲਈ ਸੰਕਲਪ ਲੈਣ ਦਾ ਵੀ ਸੱਦਾ ਦਿੱਤਾ।ਮੁੱਖ ਮੰਤਰੀ ਨੇ ਮਹਾਨ ਆਜ਼ਾਦੀ ਘੁਲਾਟੀਆਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਪੰਜਾਬ ਸਰਕਾਰ ਦੀ ਦ੍ਰਿੜ੍ਹ ਵਚਨਬੱਧਤਾ ਦੁਹਰਾਈ ਤਾਂ ਜੋ ਵਿਕਾਸ ਦਾ ਅਸਰ ਜ਼ਮੀਨੀ ਪੱਧਰ ’ਤੇ ਦਿਸੇ ਅਤੇ ਖ਼ਾਸ ਕਰਕੇ ਗਰੀਬ ਵਰਗ ਦੇ ਜੀਵਨ ਨੂੰ ਸੁਖਾਲਾ ਬਣਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਸੂਬਾ ਭਾਈਚਾਰਕ ਸਾਂਝ, ਸ਼ਾਂਤੀ ਅਤੇ ਸਦਭਾਵਨਾ ਦੇ ਬੰਧਨਾਂ ਨੂੰ ਮਜ਼ਬੂਤ ??ਕਰਨ ਦੇ ਨਾਲ-ਨਾਲ ਸਰਵਪੱਖੀ ਤਰੱਕੀ ਅਤੇ ਵਿਕਾਸ ਦੇ ਯੁੱਗ ਦੀ ਸ਼ੁਰੂਆਤ ਕਰਨ ਦੀਆਂ ਬਰੂਹਾਂ ’ਤੇ ਹੈ, ਜਿਸ ਲਈ ਸਾਰੇ ਪੰਜਾਬੀਆਂ ਨੂੰ ਆਉਣ ਵਾਲੇ ਸਾਲ ਵਿਚ ਪੂਰੇ ਜੋਸ਼ ਨਾਲ ਕੰਮ ਕਰਨਾ ਚਾਹੀਦਾ ਹੈ। ਭਗਵੰਤ ਮਾਨ ਨੇ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਅਸੀਂ ਸੂਬੇ ਦੀ ਸਰਬਪੱਖੀ ਤਰੱਕੀ ਅਤੇ ਵਿਕਾਸ ਦੇ ਯੁੱਗ ਨੂੰ ਨਿਰੰਤਰ ਜਾਰੀ ਰੱਖਣ ਲਈ ਹੋਰ ਜ਼ੋਰਦਾਰ ਹੰਭਲਾ ਮਾਰੀਏ।ਮੁੱਖ ਮੰਤਰੀ ਨੇ ਲੋਕਾਂ ਨੂੰ ਧਰਮ ਨਿਰਪੱਖਤਾ, ਪ੍ਰਭੂਸੱਤਾ, ਫਿਰਕੂ ਸਦਭਾਵਨਾ ਅਤੇ ਰਾਸ਼ਟਰੀ ਏਕਤਾ ਦੀਆਂ ਕਦਰਾਂ-ਕੀਮਤਾਂ ਨੂੰ ਕਾਇਮ ਰੱਖਣ ਲਈ ਸਮੂਹਿਕ ਜੋਸ਼ ਨਾਲ ਕੰਮ ਕਰਨ ਦੀ ਵਚਨਬੱਧਤਾ ਨਾਲ ਸਾਲ 2023 ਦਾ ਸੁਆਗਤ ਕਰਨ ਦਾ ਸੱਦਾ ਦਿੱਤਾ। ਭਗਵੰਤ ਮਾਨ ਨੇ ਨਵਾਂ ਸਾਲ ਸਾਰਿਆਂ ਲਈ ਖ਼ੁਸ਼ਹਾਲੀ ਅਤੇ ਖ਼ੁਸ਼ੀਆਂ-ਖੇੜੇ ਲੈ ਕੇ ਆਉਣ ਦੀ ਕਾਮਨਾ ਕਰਦਿਆਂ ਕਿਹਾ ਕਿ ਆਉਣ ਵਾਲਾ ਸਾਲ ਪੰਜਾਬ ਦੇ ਸਰਵਪੱਖੀ ਵਿਕਾਸ ਅਤੇ ਤਰੱਕੀ ਦੇ ਨਵੇਂ ਯੁੱਗ ਦੀ ਸ਼ੁਰੂਆਤ ਕਰੇਗਾ। ਉਨ੍ਹਾਂ ਨੇ ਲੋਕਾਂ ਨੂੰ ਕੌਮੀ ਏਕਤਾ, ਸ਼ਾਂਤੀ, ਪਿਆਰ ਅਤੇ ਧਾਰਮਿਕ ਸਹਿਣਸ਼ੀਲਤਾ ਦੇ ਬੰਧਨਾਂ ਨੂੰ ਹੋਰ ਮਜ਼ਬੂਤ ਕਰਨ ਲਈ ਮਹਾਨ ਗੁਰੂਆਂ, ਸੰਤਾਂ ਅਤੇ ਪੀਰਾਂ ਦੇ ਦਰਸਾਏ ਮਾਰਗ ’ਤੇ ਚੱਲਣ ਦਾ ਸੱਦਾ ਦਿੱਤਾ।

 

Our Visitor

1908542