Wednesday, May 20, 2026
Home Blog Page 2261

ਸੇਵਾ ਕੇਂਦਰ ਚ ਸਰਬੱਤ ਦੇ ਭਲੇ ਲਈ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਕਰਵਾਇਆ

ਸੁਖਜਿੰਦਰ ਮਾਨ
ਬਠਿੰਡਾ, 1 ਜਨਵਰੀ : ਨਵੇਂ ਸਾਲ ਦੀ ਖ਼ੁਸੀ ਵਿੱਚ ਅੱਜ ਜਿਲ੍ਹੇ ਭਰ ਦੇ ਸੇਵਾ ਕੇਂਦਰਾਂ ਵਿੱਚ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕਰਵਾਏ ਗਏ। ਇਸੇ ਤਹਿਤ ਹੀ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਚ ਸਥਿਤ ਸੇਵਾ ਕੇਂਦਰ ਵਿੱਚ ਵੀ ਸਰਬੱਤ ਦੇ ਭਲੇ ਲਈ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਕਰਵਾਇਆ ਗਿਆ। ਇਸ ਮੌਕੇ ਵਿਧਾਇਕ ਬਠਿੰਡਾ (ਸ਼ਹਿਰੀ) ਸ. ਜਗਰੂਪ ਸਿੰਘ ਗਿੱਲ, ਜ਼ਿਲ੍ਹਾ ਯੋਜ਼ਨਾ ਬੋਰਡ ਦੇ ਚੇਅਰਮੈਨ ਸ਼੍ਰੀ ਅੰਮ੍ਰਿਤ ਲਾਲ ਅਗਰਵਾਲ, ਸੁਖਦੀਪ ਸਿੰਘ ਢਿੱਲੋਂ ਕੌਂਸਲਰ, ਕਮਲਜੀਤ ਸਿੰਘ ਭੰਗੂ ਕੌਂਸਲਰ ਤੋਂ ਇਲਾਵਾ ਸਾਧ ਸੰਗਤਾਂ ਅਤੇ ਸਮੂਹ ਸੇਵਾ ਕੇਂਦਰ ਸਟਾਫ਼ ਵੱਲੋਂ ਹਾਜ਼ਰੀ ਲਗਵਾਈ ਗਈ। ਇਸ ਮੌਕੇ ਸੇਵਾ ਕੇਂਦਰ ਦੇ ਜ਼ਿਲ੍ਹਾ ਮੈਨੈਜਰ ਮਨਜੀਤ ਸ਼ਰਮਾ ਵੱਲੋਂ ਪਹੁੰਚੀਆਂ ਸਮੂਹ ਸੰਗਤਾਂ ਦਾ ਧੰਨਵਾਦ ਕੀਤਾ ਗਿਆ ਅਤੇ ਉਨ੍ਹਾਂ ਦੱਸਿਆ ਸੇਵਾ ਕੇਂਦਰਾਂ ਤੋਂ ਬਿਹਤਰ ਸੇਵਾਵਾਂ ਦੇਣ ਲਈ ਸਮੂਹ ਸਟਾਫ਼ ਵੱਲੋਂ ਲਗਾਤਾਰ ਕੋਸ਼ਿਸਾਂ ਕੀਤੀਆਂ ਜਾ ਰਹੀਆਂ ਹਨ, ਤਾਂ ਕਿ ਲੋਕਾਂ ਨੂੰ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਦੱਸਿਆ ਕਿ ਭਵਿੱਖ ਵਿੱਚ ਚੰਗੇ ਕਾਰਜ ਦੀ ਕਾਮਨਾ ਲਈ ਅੱਜ ਅਰਦਾਸ਼ ਕੀਤੀ ਗਈ ਹੈ।

ਨਵੇਂ ਸਾਲ ਮੌਕੇ ਸ਼ਹਿਰ ਵਾਸੀਆਂ ਨੇ ਧਾਰਮਿਕ ਸਥਾਨਾਂ ’ਤੇ ਨਤਮਸਤਕ ਹੋ ਕੇ ਚੜਦੀ ਕਲਾਂ ਲਈ ਕੀਤੀਆਂ ਅਰਦਾਸਾਂ

ਪੰਜਾਬੀ ਖ਼ਬਰਸਾਰ ਬਿਉਰੋ
ਬਠਿੰਡਾ, 1 ਜਨਵਰੀ : ਸਾਲ 2023 ਦੇ ਅੱਜ ਪਹਿਲੇ ਦਿਨ ਸ਼ਹਿਰ ਦੇ ਜਿਆਦਾਤਰ ਗੁਰੂ ਘਰਾਂ ਤੇ ਮੰਦਿਰਾਂ ਆਦਿ ਧਾਰਮਿਕ ਅਸਥਾਨਾਂ ’ਤੇ ਵੱਡੀ ਗਿਣਤੀ ਵਿਚ ਸ਼ਰਧਾਲੂਆਂ ਦਾ ਤਾਂਤਾ ਲੱਗਿਆ ਰਿਹਾ। ਸਾਲ ਪਹਿਲੇ ਦਿਨ ਇਹ ਲੋਕ ਧਾਰਮਿਕ ਅਸਥਾਨਾਂ ’ਤੇ ਨਤਮਸਤਕ ਹੋ ਕੇ ਪ੍ਰਵਾਰ ਤੇ ਸਮਾਜ ਦੀ ਚੜਦੀ ਕਲਾਂ ਲਈ ਅਰਦਾਸ਼ਾਂ ਕਰਦੇ ਰਹੇ। ਇਸਤੋਂ ਇਲਾਵਾ ਸ਼ਹਿਰ ਦੇ ਵੱਖ ਵੱਖ ਗੁਰੂ ਘਰਾਂ ’ਚ ਇਸ ਮੌਕੇ ਸੁਖਮਨੀ ਸਾਹਿਬ ਦੇ ਭੋਗ ਵੀ ਪਾਏ ਗਏ ਤੇ ਇਸ ਦੌਰਾਨ ਲੰਘਰ ਵੀ ਚਲਾਏ ਗਏ। ਇਸੇ ਤਰ੍ਹਾਂ ਸ਼ਹਿਰ ਵਿਚ ਵੀ ਵੱਖ ਵੱਖ ਵਪਾਰੀ ਤੇ ਹੋਰ ਸਮਾਜਿਕ ਸੰਗਠਨਾਂ ਦੇ ਨਾਲ ਨਾਲ ਧਾਰਮਿਕ ਸੰਸਥਾਵਾਂ ਵਲੋਂ ਧਾਰਮਿਕ ਸਮਾਗਮ ਕਰਵਾਉਣ ਦੇ ਨਾਲ ਨਾਲ ਲੰਘਰ ਵੀ ਲਗਵਾਏ ਗਏ। ਸ਼ਹਿਰ ਦੇ ਪ੍ਰਮੁੱਖ ਧਾਰਮਿਕ ਸਥਾਨਾਂ ਗੁਰਦੁਆਰਾ ਸਾਹਿਬ ਕਿਲ੍ਹਾ ਮੁਬਾਰਕ, ਗੁਰਦੁਆਰਾ ਸਾਹਿਬ ਸਿਵਲ ਸਟੇਸ਼ਨ, ਗੁਰਦੁਆਰਾ ਸ੍ਰੀ ਹਾਜ਼ੀ ਰਤਨ ਸਾਹਿਬ ਤੋਂ ਇਲਾਵਾ ਹਾਥੀ ਵਾਲਾ ਮੰਦਰ, ਮਾਡਲ ਟਾਊਨ ਅਤੇ ਹਨੂੰਮਾਨ ਮੰਦਰ ਵਿਚ ਸੰਗਤਾਂ ਦੀ ਭਰਵੀਂ ਰੌਣਕ ਰਹੀ।

ਨਵੇਂ ਸਾਲ ਮੌਕੇ ਬਠਿੰਡਾ ਪੁਲਿਸ ਦੀ ਵਿੱਲਖਣ ਮੁਹਿੰਮ

0

ਨਵੇਂ ਸਾਲ ਦੀ ਵਧਾਈ ਦਿੰਦਿਆਂ ਰਾਹਗੀਰਾਂ ਨੂੰ ਟਰੈਫ਼ਿਕ ਨਿਯਮਾਂ ਦੀ ਪਾਲਣਾ ਲਈ ਦਿੱਤੇ ਗੁਲਾਬ ਦੇ ਫੁੱਲ
ਐਸ.ਐਸ.ਪੀ ਤੇ ਵਿਧਾਇਕ ਨੇ ਨਵੇਂ ਸਾਲ ’ਤੇ ਲੋਕਾਂ ਨੂੰ ਟਰੈਫ਼ਿਕ ਨਿਯਮਾਂ ਦੀ ਪਾਲਣਾ ਦਾ ਪ੍ਰਣ ਲੈਣ ਦੀ ਕੀਤੀ ਅਪੀਲ
ਸੁਖਜਿੰਦਰ ਮਾਨ
ਬਠਿੰਡਾ, 1 ਜਨਵਰੀ : ਅੱਜ ਨਵੇਂ ਸਾਲ ਦੇ ਮੌਕੇ ਬਠਿੰਡਾ ਦੀ ਟਰੈਫ਼ਿਕ ਪੁਲਿਸ ਨੇ ਸਲਾਘਾਯੋਗ ਕੰਮ ਕਰਦਿਆਂ ਲੋਕਾਂ ਦੀਆਂ ਬੇਸ਼ਕੀਮਤੀ ਜਾਨਾਂ ਨੂੰ ਬਚਾਉਣ ਲਈ ਸਮਾਜ ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਵਿਲੱੱਖਣ ਮੁਹਿੰਮ ਚਲਾਈ। ਇਸ ਮੌਕੇ ਬਠਿੰਡਾ ਦੇ ਸ਼ਹੀਦ ਨੰਦ ਸਿੰਘ ਚੌਕ ਤੋਂ ਬੱਸ ਸਟੈਂਡ ਤੱਕ ਗੁਜਰਨ ਵਾਲੇ ਵਹੀਕਲ ਚਾਲਕਾਂ ਨੂੰ ਪੁਲਿਸ ਵਲੋਂ ਗੁਲਾਬ ਦੇ ਫੁੱਲਾਂ ਨਾਲ ਨਵੇਂ ਸਾਲ ਦੀ ਵਧਾਈ ਦਿੰਦਿਆਂ ਟਰੈਫ਼ਿਕ ਨਿਯਮਾਂ ਦੀ ਪਾਲਣਾ ਦੀ ਅਪੀਲ ਵੀ ਕੀਤੀ। ਸ਼ਹਿਰੀ ਵਿਧਾਇਕ ਜਗਰੂਪ ਸਿੰਘ ਗਿੱਲ ਤੇ ਐਸ.ਐਸ.ਪੀ ਜੇ.ਇਲਨਚੇਲੀਅਨ ਦੀ ਅਗਵਾਈ ਹੇਠ ਸਥਾਨਕ ਸ਼ਹੀਦ ਨੰਦ ਸਿੰਘ ਚੌਕ ਕੋਲ ਚਲਾਈ ਇਸ ਮੁਹਿੰਮ ਦੌਰਾਨ ਆਮ ਰਾਹਗੀਰਾਂ ਨੂੰ ਗੁਲਾਬ ਦੇ ਫੁੱਲ ਭੇਂਟ ਕੀਤੇ ਗਏ। ਇਸਦੇ ਨਾਲ ਹੀ ਲੋਕਾਂ ਨੂੰ ਟਰੈਫ਼ਿਕ ਨਿਯਮਾਂ ਦੀ ਪਾਲਣਾ ਯਕੀਨੀ ਬਣਾਉਣ ਦੀ ਅਪੀਲ ਕਰਦਿਆਂ ਵਿਧਾਇਕ ਸ: ਗਿੱਲ ਤੇ ਐਸ.ਐਸ.ਪੀ ਨੇ ਦੋ ਪਹੀਆ ਵਾਹਨ ਚਲਾਉਣ ਸਮੇਂ ਹੈਲਮੇਟ ਪਹਿਨਣ ਅਤੇ ਕਾਰ ਚਲਾਉਣ ਸਮੇਂ ਸੀਟ ਬੇਲਟ ਲਗਾਉਣ ਲਈ ਕਿਹਾ। ਇਸਦੇ ਨਾਲ ਹੀ ਆਸਰਾ ਵੈਲਫ਼ੇਅਰ ਸੁਸਾਇਟੀ ਤੇ ਸਿਵਲ ਡਿਫੈਂਸ ਦੇ ਸਹਿਯੋਗ ਨਾਲ ਰਾਹਗੀਰਾਂ ਨੂੰ ਟਰੈਫ਼ਿਕ ਨਿਯਮਾਂ ਤੋਂ ਜਾਣੂ ਕਰਵਾਉਂਦੇ ਪੈਂਫ਼ਲੰਟ ਵੀ ਵੰਡੇ ਗਏ ਤੇ ਨਾਲ ਹੀ ਰਿਫ਼ਲੈਕਟਰ ਵੀ ਲਗਾਏ ਗਏ। ਇਸ ਮੌਕੇ ਸਿਟੀ ਟਰੈਫਿਕ ਪੁਲਿਸ ਦੇ ਇੰਚਾਰਜ ਅਮਰੀਕ ਸਿੰਘ ਨੇ ਕਿਹਾ ਕਿ ਅੱਜ ਨਵੇਂ ਸਾਲ ਮੌਕੇ ਇਸ ਮੁਹਿੰਮ ਚਲਾਉਣ ਦਾ ਮਕਸਦ ਲੋਕਾਂ ਨੂੰ ਵਧਾਈ ਦੇ ਨਾਲ-ਨਾਲ ਟਰੈਫ਼ਿਕ ਨਿਯਮਾਂ ਦੀ ਪਾਲਣਾ ਦੀ ਹਿੱਤ ਅਪੀਲ ਵੀ ਸੀ। ਇਸ ਮੌਕੇ ਕੋਂਸਲਰ ਸੁਖਦੀਪ ਸਿੰਘ ਢਿੱਲੋਂ ਤੋਂ ਇਲਾਵਾ ਆਸਰਾ ਵੈਲਫੇਅਰ ਸੁਸਾਇਟੀ ਦੇ ਮੁਖੀ ਰਮੇਸ਼ ਮਹਿਤਾ, ਸਮਾਜ ਸੇਵਕ ਡਾ: ਤਰਸੇਮ ਗਰਗ,ਗੁਰਵਿੰਦਰ ਸ਼ਰਮਾ ਆਦਿ ਹਾਜ਼ਰ ਸਨ।

ਜ਼ਖ਼ਮੀ ਹੋਈ ਲੜਕੀ ਨੂੰ ਪੁਲਿਸ ਵੈਨ ਵਿਚ ਹਸਪਤਾਲ ਦਾਖਲ ਕਰਵਾਇਆ

ਬਠਿੰਡਾ: ਉਧਰ ਇਸ‌ ਮੁਹਿੰਮ ਦੇ ਸ਼ੁਰੂ ਹੋਣ ਤੋਂ ਪਹਿਲਾਂ ਹੀ ਇੱਥੋਂ ਐਕਟਿਵਾ ਤੇ ਜਾ ਰਹੀ ਇਕ ਲੜਕੀ ਅਚਨਚੇਤ ਸਕੂਟੀ ਸਲਿੱਪ ਹੋਣ ਕਾਰਨ ਡਿੱਗ ਪਈ, ਜਿਸਨੂੰ ਮੌਕੇ ਤੇ ਮੌਜੂਦ ਟਰੈਫਿਕ ਇੰਚਾਰਜ ਇੰਸਪੈਕਟਰ ਅਮਰੀਕ ਸਿੰਘ ਅਤੇ ਹੋਰਨਾਂ ਪੁਲਿਸ ਮੁਲਾਜ਼ਮਾਂ ਨੇ ਚੁੱਕ ਕੇ ਪੁਲਿਸ ਵੈਨ ਰਾਹੀ ਸਿਵਲ ਹਸਪਤਾਲ ਦਾਖਲ ਕਰਵਾਇਆ।

ਨਵੇਂ ਸਾਲ ਦੀ ਰਾਤ ’ਚ ਲੁਟੇਰਿਆਂ ਨੇ ਸ਼ਹਿਰ ਵਿਚ ਵਰਸਾਇਆ ਕਹਿਰ

0

ਦੋ ਥਾਵਾਂ ‘ਤੇ ਰਾਡਾਂ ਨਾਲ ਕੁੱਟਮਾਰ ਤੋਂ ਬਾਅਦ ਕੀਤੀ ਲੁੱਟਖੋਹ, ਕਈ ਜਖ਼ਮੀ
ਪੰਜਾਬੀ ਖ਼ਬਰਸਾਰ ਬਿਉਰੋ
ਬਠਿੰਡਾ, 1 ਜਨਵਰੀ: ਸਾਲ 2022 ਦੀ ਆਖ਼ਰੀ ਰਾਤ ਨੂੰ ਜੁਰਮ ਰਹਿਤ ਰਾਤ ਬਣਾਉਣ ਲਈ ਬੇਸ਼ੱਕ ਚੱਪੇ-ਚੱਪੇ ’ਤੇ ਪੁਲਿਸ ਤੈਨਾਤ ਸੀ ਪ੍ਰੰਤੂ ਲੁਟੇਰਿਆਂ ਨੇ ਬੇਖੌਫ਼ ਹੋ ਕੇ ਦੋ ਥਾਂ ਵਾਰਦਾਤਾਂ ਨੂੰ ਅੰਜਾਮ ਦਿੰਦਿਆਂ ਕਈ ਵਿਅਕਤੀਆਂ ਨੂੰ ਜਖ਼ਮੀ ਕਰ ਦਿੱਤਾ। ਜਖਮੀ ਵਿਅਕਤੀਆਂ ਨੂੰ ਸ਼ਹਿਰ ਦੀ ਸਮਾਜ ਸੇਵੀ ਸੰਸਥਾ ਨੌਜਵਾਨ ਵੈਲਫ਼ੇਅਰ ਸੁਸਾਇਟੀ ਦੇ ਮੈਂਬਰਾਂ ਨੇ ਸਿਵਲ ਹਸਪਤਾਲ ਦਾਖ਼ਲ ਕਰਵਾਇਆ, ਜਿਸਤੋਂ ਬਾਅਦ ਪੁਲਿਸ ਵਲੋਂ ਵੀ ਜਾਂਚ ਸ਼ੁਰੂ ਕਰ ਦਿੱਤੀ ਗਈ। ਸੰਸਥਾ ਦੇ ਪ੍ਰਧਾਨ ਸੋਨੂੰ ਮਹੇਸ਼ਵਰੀ ਨੇ ਦਸਿਆ ਕਿ ਲੁਟੇਰਿਆਂ ਵਲੋਂ ਰਾਤ ਸਮੇਂ ਪੈਟਰੋਲ ਪੰਪ ਦੇ ਕਰਿੰਦੇ ਅਤੇ ਇੱਕ ਕਰਿਆਣਾ ਸਟੋਰ ਦੇ ਮਾਲਕ ਨੂੰ ਨਿਸ਼ਾਨਾ ਬਣਾਇਆ ਤੇ ਗੰਭੀਰ ਰੂਪ ਵਿਚ ਜਖਮੀ ਕਰਕੇ ਉਨ੍ਹਾਂ ਕੋਲੋ ਹਜ਼ਾਰਾਂ ਰੁਪਏ ਲੁੱਟ ਲਏ। ਸੂਚਨਾ ਮੁਤਾਬਕ ਗੋਨਿਆਣਾ ਰੋਡ ਉਪਰ ਸਥਿਤ ਐੱਨਐੱਫਐੱਲ ਕੋਲ ਬਰਜ਼ੇਸ ਕੁਮਾਰ ਵਾਸੀ ਆਦਰਸ਼ ਨਗਰ ਪੈਟਰੋਲ ਪੰਪ ਤੋਂ ਡਿਊਟੀ ਕਰਕੇ ਵਾਪਸ ਘਰ ਜਾ ਰਿਹਾ ਸੀ। ਜਿਸ ਦੌਰਾਨ ਰਾਸਤੇ ਵਿਚ ਕਰੀਬ ਅੱਧੀ ਦਰਜ਼ਨ ਨੌਜਵਾਨਾਂ ਨੇ ਉਸਨੂੰ ਰੋਕ ਕੇ ਨਲਕੇ ਦੀ ਹੱਥੀ ਨਾਲ ਹਮਲਾ ਕਰ ਦਿੱਤਾ, ਜਿਸ ਕਾਰਨ ਉਹ ਗੰਭੀਰ ਰੂਪ ਵਿਚ ਜਖਮੀ ਹੋ ਗਿਆ। ਇਸ ਦੌਰਾਨ ਲੁਟੇਰੇ ਉਸਦੇ ਕੋਲ ਪੰਪ ਦੇ ਕੈਸ ਵਜੋਂ ਮੌਜੂਦ 20 ਹਜ਼ਾਰ ਰੁਪਏ ਲੁੱਟ ਕੇ ਲੈ ਗਏ। ਸੜਕ ਕਿਨਾਰੇ ਉਪਰ ਇੱਕ ਵਿਅਕਤੀ ਦੇ ਜਖਮੀ ਪਏ ਹੋਣ ਦੀ ਸੂਚਨਾ ਮਿਲਣ ’ਤੇ ਨੌਜਵਾਨ ਵੈੱਲਫੇਅਰ ਸੁਸਾਇਟੀ ਦੇ ਮੈਂਬਰ ਮੌਕੇ ’ਤੇ ਪੁੱਜੇ ਤੇ ਬਰਜੇਸ਼ ਕੁਮਾਰ ਨੂੰ ਹਸਪਤਾਲ ਦਾਖ਼ਲ ਕਰਵਾਇਆ। ਇਸਤੋਂ ਇਲਾਵਾ ਇੱਕ ਹੋਰ ਘਟਨਾ ਵਿਚ ਇੱਕ ਕਰਿਆਨਾ ਵਪਾਰੀ ਨੂੰ ਵੀ ਲੁਟੇਰਿਆਂ ਨੇ ਨਿਸ਼ਾਨਾ ਬਣਾਂਇਆ ਅਤੇ ਉਸਦੇ ਕੋਲ ਮੌਜੂਦ 40 ਹਜ਼ਾਰ ਰੁਪਏ ਲੁੱਟ ਕੇ ਲੈ ਗਏ। ਜਖਮੀ ਦੀ ਪਹਿਚਾਣ ਅਜੈ ਵਾਸੀ ਗਾਂਧੀ ਨਗਰ ਦੇ ਤੌਰ ’ਤੇ ਹੋਈ ਹੈ। ਉਧਰ ਪੁਲਿਸ ਅਧਿਕਾਰੀਆਂ ਨੇ ਦਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਬਠਿੰਡਾ ਦੇ ਪੀਏਯੂ-ਖੇਤਰੀ ਖੋਜ ਕੇਂਦਰ ਵਿਖੇ ਚਾਲੂ ਹੋਈ ਫੂਡ ਟੈਸਟਿੰਗ ਲੈਬ

0

ਸੁਖਜਿੰਦਰ ਮਾਨ
ਬਠਿੰਡਾ, 1 ਜਨਵਰੀ: ਬਠਿੰਡਾ ਪੱਟੀ ’ਚ ਰਹਿਣ ਵਾਲੇ ਲੋਕਾਂ ਨੂੰ ਹੁਣ ਅਪਣੀਆਂ ਖਾਣ-ਪੀਣ ਦੀਆਂ ਵਸਤੂਆਂ ਦੀ ਗੁਣਵੰਤਾ ਜਾਂਚ ਲਈ ਦੂਰ ਨਹੀਂ ਜਾਣਾ ਪਏਗਾ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਸਥਾਨਕ ਡੱਬਵਾਲੀ ਰੋਡ ’ਤੇ ਸਥਿਤ ਖੇਤਰੀ ਖੋਜ ਕੇਂਦਰ ਵਿਚ ਫ਼ੂਡ ਟੈਸਟਿੰਗ ਲੈਬ ਚਾਲੂ ਹੋ ਗਈ ਹੈ। ਕੇਂਦਰ ਦੇ ਨਿਰਦੇਸ਼ਕ ਦਾਕਟਰ ਜਗਦੀਸ਼ ਗਰੋਵਰ ਨੇ ਦੱਸਿਆ ਕਿ ਪੰਜਾਬ ਦੇ ਦੱਖਣੀ ਪੱਛਮੀ ਖੇਤਰ ਵਿੱਚ ਖਾਦ ਪਦਾਰਥਾਂ ਦੀ ਜਾਂਚ ਸੁਵਿਧਾਵਾਂ ਨੂੰ ਵਧਾਉਣ ਲਈ ਇੱਕ ਭੋਜਨ ਗੁਣਵੱਤਾ ਜਾਂਚ ਪ੍ਰਯੋਗਸ਼ਾਲਾ / ਫੂਡ ਟੈਸਟਿੰਗ ਲੈਬ ਦੀ ਸਥਾਪਨਾ ਕੇਂਦਰੀ ਫੂਡ ਪ੍ਰੋਸੈਸਿੰਗ ਵਿਭਾਗ ਦੀ ਸਹਾਇਤਾ ਨਾਲ ਸ਼ੁਰੂ ਕੀਤੀ ਗਈ ਹੈ। ਲੈਬ ਦੇ ਇੰਚਾਰਜ ਡਾਕਟਰ ਮੋਨਿਕਾ ਮਹਾਜਨ ਨੇ ਦਸਿਆ ਕਿ ਇਸ ਲੈਬ ਵਿਚ ਪਾਣੀ, ਦੁੱਧ, ਤੇਲ, ਅਨਾਜ, ਫਲ, ਸਬਜ਼ੀਆਂ ਅਤੇ ਉਹਨਾਂ ਦੇ ਪ੍ਰੋਸੈਸ ਕੀਤੇ ਉਤਪਾਦ ਜਿਵੇਂ ਕਿ ਜੈਮਸ, ਸਕਵੈਸ਼, ਅਚਾਰ, ਜੂਸ, ਪੈਅ ਪਦਾਰਥ, ਬੇਕਰੀ ਉਤਪਾਦ ਅਤੇ ਸ਼ਹਿਦ ਆਦਿ ਸ਼ਾਮਿਲ ਹਨ, ਦੀ ਟੈਸਟਿੰਗ ਸ਼ੁਰੂ ਕਰ ਦਿੱਤੀ ਗਈ ਹੈ। ਇਸਤੋਂ ਇਲਾਵਾ ਇਹ ਲੈਬ ਛੋਲਿਆਂ ਵਿਚ ਕੇਸਰੀ ਦਾਲ, ਦਾਲਾਂ ਵਿਚ ਪੀਲਾ ਮੈਟਨਿਲ, ਸ਼ੁੱਧ ਘਿਓ ਵਿਚ ਵੇਜੀਟੇਬਲ ਤੇਲ, ਸਰ੍ਹੋਂ ਦੇ ਤੇਲ ਵਿਚ ਅਰਗੇਮੋਨ, ਹਲਦੀ ਵਿਚ ਪੀਲਾ ਰੰਗ, ਮਿਰਚ ਵਿੱਚ ਲੈਡ ਪਊਡਰ ਅਤੇ ਦੁੱਧ ਦੇ ਨਮੂਨਿਆਂ ਵਿਚ ਸਟਾਰਚ, ਫਾਰਮਲਿਨ, ਯੂਰੀਆ ਆਦਿ ਦੀ ਮਿਲਾਵਟ ਕਰਨ ਵਾਲਿਆਂ ਦਾ ਪਤਾ ਲਗਾਉਣ ਲਈ ਰਸਾਇਣਕ ਜਾਂਚ ਕਰਦੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਇੱਥੇ ਕੀਤੀ ਜਾਂਦੀ ਭੋਜਨ ਜਾਂਚ ਐਫ.ਐਸ.ਐਸ.ਏ.ਆਈ. ਦੁਆਰਾ ਨਿਰਧਾਰਿਤ ਕੀਤੇ ਗਏ ਮਿਆਰਾਂ ’ਤੇ ਅਧਾਰਿਤ ਹੈ।

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਵਿਸ਼ਾਲ ਖੂਨਦਾਨ ਕੈਂਪ ਆਯੋਜਿਤ

0

ਵਿਧਾਇਕ ਜਗਰੂਪ ਸਿੰਘ ਗਿੱਲ ਤੇ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਵੱਲੋਂ ਮੁੱਖ ਮਹਿਮਾਨ ਦੇ ਤੌਰ ’ਤੇ ਕੀਤੀ ਸ਼ਿਰਕਤ
ਸੁਖਜਿੰਦਰ ਮਾਨ
ਬਠਿੰਡਾ, 29 ਦਸੰਬਰ : ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਮਨੁੱਖਤਾ ਦੀ ਸੇਵਾ ਨੂੰ ਸਮਰਪਿਤ ਸ਼ਹੀਦ ਜਰਨੈਲ ਸਿੰਘ ਵੈਲਫੇਅਰ ਸੁਸਾਇਟੀ (ਰਜਿ.) ਬਠਿੰਡਾ ਵੱਲੋਂ ਕਿਲਾ ਮੁਬਾਰਕ ਬਠਿੰਡਾ ਵਿਖੇ ਵਿਸ਼ਾਲ ਖੂਨਦਾਨ ਕੈਂਪ ਲਗਾਇਆ ਗਿਆ। ਇਸ ਕੈਂਪ ਵਿੱਚ ਵਧਾਇਕ ਸ੍ਰ. ਜਗਰੂਪ ਸਿੰਘ ਗਿੱਲ ਤੇ ਡਿਪਟੀ ਕਮਿਸ਼ਨਰ ਸ੍ਰੀ ਸ਼ੌਕਤ ਅਹਿਮਦ ਪਰੇ ਵੱਲੋਂ ਮੁੱਖ ਮਹਿਮਾਨ ਦੇ ਤੌਰ ਤੇ ਸ਼ਿਰਕਤ ਕੀਤੀ ਗਈ। ਕੈਂਪ ਦੌਰਾਨ ਸਿਵਲ ਹਸਪਤਾਲ ਅਤੇ ਗੁਰੂ ਗੋਬਿੰਦ ਸਿੰਘ ਚੈਰੀਟੇਬਲ ਬਠਿੰਡਾ ਦੀ ਬਲੱਡ ਬੈਂਕ ਟੀਮ ਵੱਲੋ 126 ਯੂਨਿਟਾਂ ਖੂਨ ਇਕੱਤਰ ਕੀਤਾ ਗਿਆ।ਇਸ ਮੌਕੇ ਸਕੱਤਰ ਰੈੱਡ ਕਰਾਸ ਸ੍ਰੀ ਦਰਸ਼ਨ ਕੁਮਾਰ ਅਤੇ ਸ੍ਰੀ ਨਰੇਸ਼ ਪਠਾਣੀਆਂ ਦੁਆਰਾ ਖੂਨਦਾਨੀਆਂ ਨੂੰ ਆਪਣਾ ਆਸ਼ੀਰਵਾਦ ਦਿੱਤਾ ਗਿਆ। ਸੁਸਾਇਟੀ ਵੱਲੋਂ ਗੁਰਦੁਆਰਾ ਕਿਲਾ ਸਾਹਿਬ ਮਨੈਜਰ ਸ੍ਰ. ਸੁਮੇਰ ਸਿੰਘ, ਬੂਟਾ ਸਿੰਘ, ਥੈਲਾਸੀਮੀਆ ਦੀ ਟੀਮ ਜਤਿੰਦਰ ਸਿੰਘ, ਆਸਰਾ ਵੈਲਫੇਅਰ ਸੁਸਾਇਟੀ ਤੋਂ ਰਮੇਸ਼ ਮਹਿਤਾ, ਰਮਣੀਕ ਵਾਲੀਆ, ਦੀਪਕ ਢਾਬੇ ਤੋਂ ਸੋਨੀ, ਅਨੰਦ ਜੈਨ, ਗੁਰਦੀਪ ਸਿੰਘ, ਨਗਰ ਨਿਗਮ ਤੋਂ ਸੰਦੀਪ ਕਟਾਰੀਆ ਚੀਫ ਸੈਕਟਰੀ ਇਨਸਪੈਕਟਰ, ਮੁਨੀਸ਼ ਨੂੰ ਸਨਮਾਨ ਚਿੰਨ ਦੇ ਸਨਮਾਨਿਤ ਕੀਤਾ ਗਿਆ। ਇਸ ਕੈਂਪ ਨੂੰ ਸਫਲ ਬਣਾਉਣ ਲਈ ਸੁਸਾਇਟੀ ਦੇ ਸਰਪ੍ਰਸ਼ਤ ਤਰਲੋਚਨ ਸਿੰਘ ਸੇਠੀ, ਅਵਤਾਰ ਸਿੰਘ ਗੋਗਾ, ਗੁਰਮੀਤ ਸਿੰਘ ਗਾਲਾ, ਗੁਰਮੁੱਖ ਸਿੰਘ ਖਾਲਸਾ, ਦੀਪਕ ਚੰਦਨ, ਰਵੀ ਗੁਪਤਾ, ਕੇਵਲ ਸਮੀਰੀਆ, ਪ੍ਰੀਤਮ, ਸੰਜੀਵ ਕੁਮਾਰ, ਜਤਿੰਦਰ ਕੁਮਾਰ, ਸੁਰਿੰਦਰ ਸਿੰਘ , ਅਮਨ, ਡਾ. ਗੁਲਾਬ ਸਿੰਘ, ਜਸਵੀਰ ਸਿੰਘ, ਮਹਿੰਦਰ ਸਿੰਘ ਐਫ.ਸੀ.ਆਈ. ਰਾਕੇਸ ਨਰੂਲਾ, ਗੋਰਵ, ਯੋਗਾ ਟੀਚਰ ਵੰਦਨਾ ਅਰੋੜਾ, ਗੁਰਪ੍ਰੀਤ ਸਿੰਘ ਖਾਲਸਾ, ਸੁਰਜੀਤ ਸਿੰਘ, ਮੈਡੀਕਲ ਵਾਲੇ ਰਾਮ ਜੀ ਲਾਲ, ਗੁਰਚਰਨ ਸਿੰਘ ਗੋਬਿੰਦ ਪੁਰਾ ਆਦਿ ਵੱਲੋਂ ਵਿਸ਼ੇਸ਼ ਸਹਿਯੋਗ ਦਿੱਤਾ ਗਿਆ।

ਭਾਰੀ ਮਾਤਰਾ ’ਚ ਨਸ਼ੀਲੀਆਂ ਗੋਲੀਆਂ ਸਹਿਤ ਦੋ ਕਾਬੂ

0

ਪੰਜਾਬੀ ਖ਼ਬਰਸਾਰ ਬਿਉਰੋ
ਬਠਿੰਡਾ, 30 ਦਸੰਬਰ: ਸੀਆਈਏ -1 ਦੀ ਟੀਮ ਨੇ ਅੱਜ ਇੱਕ ਵੱਡੀ ਕਾਰਵਾਈ ਕਰਦਿਆਂ ਦੋ ਨੌਜਵਾਨਾਂ ਨੂੰ ਭਾਰੀ ਮਾਤਰਾ ’ਚ ਨਸ਼ੀਲੀਆਂ ਗੋਲੀਆਂ ਸਹਿਤ ਗ੍ਰਿਫਤਾਰ ਕੀਤਾ ਹੈ। ਮਾਮਲੇ ਦੀ ਜਾਣਕਾਰੀ ਦਿੰਦਿਆਂ ਸੀ ਆਈ ਏ-1 ਦੇ ਇੰਚਾਰਜ਼ ਐਸ ਆਈ ਤਰਜਿੰਦਰ ਸਿੰਘ ਨੇ ਦਸਿਆ ਕਿ ਐਸ.ਐਸ.ਪੀ ਸ਼੍ਰੀ ਜੇ.ਇਲਨਚੇਲੀਅਨ ਦੀ ਅਗਵਾਈ ਹੇਠ ਨਸ਼ਾ ਤਸਕਰਾਂ ਵਿਰੁਧ ਚਲਾਈ ਮੁਹਿੰਮ ਤਹਿਤ ਅੱਜ ਵਿੰਗ ਦੇ ਐਸ ਆਈ ਅਵਤਾਰ ਸਿੰਘ ਅਪਣੀ ਟੀਮ ਸਮੇਤ ਪਿੰਡ ਮੌੜ ਖੁਰਦ ਦੇ ਨਜਦੀਕ ਨਹਿਰ ਦੇ ਪੁਲ ਕੋਲ ਪੁੱੱਜੇ ਤਾਂ ਮਾਰੂਤੀ ਕਾਰ ਵਿੱਚ ਦੋ ਨੌਜਵਾਨ ਚੱਤਰ ਸਿੰਘ ਉਰਫ ਟੈਣੀ ਅਤੇ ਰਾਜੂ ਸਿੰਘ ਨੂੰ ਸ਼ੱਕੀ ਹਰਕਤਾਂ ਕਰਦੇ ਦੇਖ ਕਾਬੂ ਕੀਤਾ ਗਿਆ। ਇਸ ਦੌਰਾਨ ਜਦ ਪੁਲਿਸ ਟੀਮ ਨੇ ਜਾਂਚ ਕੀਤੀ ਤਾਂ ਕਾਰ ਵਿਚੋਂ ਇੱਕ ਲਿਫਾਫਾ ਵਿੱਚ ਨਸ਼ੀਲੀਆਂ ਗੋਲੀਆਂ ਦੇ ਪੱਤੇ ਸਾਫ ਦਿਖਾਈ ਦੇ ਰਹੇ ਸਨ। ਜਦ ਲਿਫ਼ਾਫੇ ਨੂੰ ਚੈਕ ਕੀਤਾ ਤਾਂ ਉਸ ਵਿੱਚੋਂ 480 ਪੱਤੇ ਗੋਲੀਆਂ ਹਰੇਕ ਪੱਤਾ 10/10 ਗੋਲੀਆਂ ਕੁੱਲ 4800 ਗੋਲੀਆਂ ਨਸ਼ੀਲੀਆਂ ਬਰਾਮਦ ਹੋਈਆਂ। ਜਿਸ ਉਪਰੰਤ ਮੁੱਕਦਮਾ ਨੰਬਰ-138 ਮਿਤੀ- 29.12.2022 ਅ/ਧ- 22-ਸੀ/61/85 ਐਨ ਡੀ ਪੀ ਐਸ ਐਕਟ ਥਾਣਾ ਮੌੜ ਬਰਖਿਲਾਫ ਨਿਮਨਲਿਖਤ ਚੱਤਰ ਸਿੰਘ ਉਰਫ ਟੈਣੀ ਅਤੇ ਰਾਜੂ ਸਿੰਘ ਦਰਜ ਰਜਿਸਟਰ ਕੀਤਾ ਗਿਆ।ਇਹਨਾਂ ਕਥਿਤ ਦੋਸ਼ੀਆਨ ਨੂੰ ਅੱਜ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ, ਜਿੰਨਾਂ ਤੋਂ ਡੂੰਘਾਈ ਨਾਲ ਪੁੱਛ ਕੀਤੀ ਜਾਵੇਗੀ, ਜਿਸ ਤੇ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ ।

ਏਡਿਡ ਸਕੂਲਾਂ ਦੀ ਅਧਿਆਪਕ ਤੇ ਪੈਨਸ਼ਨਰ ਜਥੇਬੰਦੀ ਦੀ ਸਿੱਖਿਆ ਮੰਤਰੀ ਹਰਜੋਤ ਸਿੰਘ ਨਾਲ ਹੋਈ ਅਹਿਮ ਮੀਟਿੰਗ

0

ਨਵੇਂ ਵਰ੍ਹੇ ਤੇ ਛੇਵਾਂ ਤਨਖਾਹ ਕਮਿਸ਼ਨ ਲਾਗੂ ਕਰਨ ਦਾ ਐਲਾਨ ਨਾ ਹੋਇਆ ਤਾਂ 7 ਨੂੰ ਮੁਖ ਮੰਤਰੀ ਦੇ ਸ਼ਹਿਰ ਸੰਗਰੂਰ ’ਚ ਕਰਾਂਗੇ ਕੋਠੀ ਦਾ ਘਿਰਾਓ:ਚਾਹਲ, ਸੈਣੀ
ਪੰਜਾਬੀ ਖ਼ਬਰਸਾਰ ਬਿਉਰੋ
ਅਜੀਤਗੜ੍ਹ 30 ਦਸੰਬਰ: ਪੰਜਾਬ ਰਾਜ ਸਰਕਾਰੀ ਸਹਾਇਤਾ ਪ੍ਰਾਪਤ ਅਧਿਆਪਕ ਅਤੇ ਹੋਰ ਕਰਮਚਾਰੀ ਯੂਨੀਅਨ ਅਤੇ ਪੈਨਸ਼ਨਰ ਐਸ਼ੋਸੀਏਸ਼ਨ ਦੀ ਮੀਟਿੰਗ ਅੱਜ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨਾਲ ਹੋਈ।ਜਿਸ ਵਿਚ ਯੂਨੀਅਨ ਦੇ ਸੂਬਾ ਪ੍ਰਧਾਨ ਨਰਿੰਦਰ ਨਾਥ ਸੈਣੀ ਅਤੇ ਸੂਬਾ ਸਰਪ੍ਰਸਤ ਗੁਰਚਰਨ ਸਿੰਘ ਚਾਹਲ ਨੇ ਸਿੱਖਿਆ ਮੰਤਰੀ ਨੂੰ ਏਡਿਡ ਸਕੂਲਾਂ ਦੇ ਅਧਿਆਪਕਾਂ ਤੇ ਹੋਰ ਕਰਮਚਾਰੀਆਂ ਸਮੇਤ ਸੇਵਾ ਮੁਕਤ ਪੈਨਸ਼ਨਰਾਂ ਨੂੰ ਛੇਵੇਂ ਤਨਖਾਹ ਕਮਿਸ਼ਨ ਦੀਆਂ ਸ਼ਿਫਾਰਸ਼ਾ ਲਾਗੂ ਕਰਨ ਅਤੇ ਏਡਿਡ ਸਕੂਲਾਂ ਨਾਲ ਸਬੰਧਤ ਹੋਰ ਸਮੱਸਿਆਵਾਂ ਬਾਰੇ ਖੁੱਲ੍ਹ ਕੇ ਚਰਚਾ ਕੀਤੀ ਗਈ।ਯੂਨੀਅਨ ਆਗੂਆਂ ਨੇ ਸਿੱਖਿਆ ਮੰਤਰੀ ਸ.ਬੈਸ ਨੂੰ ਦੱਸਿਆ ਕਿ ਏਡਿਡ ਸਕੂਲਾਂ ਦੇ ਅਧਿਆਪਕਾਂ ਤੇ ਪੈਨਸ਼ਨਰਾਂ ਨੂੰ ਕਾਨੂੰਨੀ ਪੈਰਿਟੀ ਹੋਣ ਦੇ ਬਾਵਜੂਦ ਵੀ ਹੁਣ ਤੱਕ ਛੇਵੇ ਤਨਖਾਹ ਕਮਿਸ਼ਨ ਦਾ ਲਾਭ ਨਹੀ ਦਿੱਤਾ ਗਿਆ।ਉਹਨਾਂ ਕਿਹਾ ਕਿ ਸਰਕਾਰ ਨੇ ਪਿਛਲੇ ਤਿੰਨ ਸਾਲਾਂ ਤੋ ਮਹਿੰਗਾਈ ਭੱਤਾ ਵੀ ਬੰਦ ਕੀਤਾ ਹੋਇਆ ਹੈ।ਇਸ ਤੋਂ ਇਲਾਵਾ ਆਗੂਆਂ ਨੇ ਸਿੱਖਿਆ ਮੰਤਰੀ ਨੂੰ ਡੀ.ਪੀ.ਆਈ (ਸ) ਦਫਤਰ ਮੁਹਾਲੀ ਵਿਖੇ ਏਡਿਡ ਸਕੂਲਾਂ ਦੇ ਅਧਿਆਪਕਾਂ ਤੇ ਪੈਨਸ਼ਨਰਾਂ ਨੂੰ ਪੇਸ਼ ਆ ਰਹੀਆਂ ਸਮੱਸਿਆਵਾਂ ਬਾਰੇ ਵੀ ਜਾਣਕਾਰੀ ਦਿੱਤੀ ਅਤੇ ਸਰਕਾਰੀ ਸਹਾਇਤਾ ਪ੍ਰਾਪਤ ਸਕੂਲ ਤੋਂ ਦੂਜੇ ਏਡਿਡ ਸਕੂਲ ਵਿਚ ਬਦਲੀ ਨੀਤੀ ਲਾਗੂ ਕਰਨ ਦੀ ਮੰਗ ਵੀ ਕੀਤੀ।ਯੂਨੀਅਨ ਆਗੂਆਂ ਨੇ ਦੱਸਿਆ ਕਿ ਸਿੱਖਿਆ ਮੰਤਰੀ ਵਲੋਂ ਜਥੇਬੰਦੀ ਨੂੰ ਉਹਨਾਂ ਦੀਆਂ ਮੰਗਾਂ ਮੰਨਣ ਦਾ ਭਰੋਸਾ ਦਿੱਤਾ।ਪਰ ਜਥੇਬੰਦੀ ਦੇ ਸੂਬਾ ਪ੍ਰਧਾਨ ਐਨ.ਐਨ ਸੈਣੀ ਅਤੇ ਸਰਪ੍ਰਸਤ ਗੁਰਚਰਨ ਸਿੰਘ ਚਾਹਲ ਨੇ ਮੁੱਖ ਮੰਤਰੀ ਸ.ਭਗਵੰਤ ਸਿੰਘ ਮਾਨ ਅਤੇ ਸਿੱਖਿਆ ਮੰਤਰੀ ਸ.ਹਰਜੋਤ ਸਿੰਘ ਬੈਂਸ ਤੋਂ ਮੰਗ ਕੀਤੀ ਕਿ ਸਰਕਾਰ ਨਵੇਂ ਸਾਲ ਦੇ ਤੋਹਫੇ ਵਜੋਂ ਏਡਿਡ ਸਕੂਲਾਂ ਦੇ ਸਟਾਫ ਅਤੇ ਪੈਨਸ਼ਨਰਾਂ ਨੂੰ ਛੇਵੇ ਤਨਖਾਹ ਕਮਿਸ਼ਨ ਦੀਆਂ ਸ਼ਿਫਾਰਸ਼ਾ ਲਾਗੂ ਕਰਨ ਦਾ ਐਲਾਨ ਕਰੇ।ਕਿਉਕਿ ਕਾਨੂੰਨੀ ਪੈਰਿਟੀ ਅਨੁਸਾਰ ਵੀ ਇਹਨਾਂ ਸਕੂਲਾਂ ਦੇ ਅਧਿਆਪਕਾਂ ਤੇ ਪੈਨਸ਼ਨਰਾਂ ਨੂੰ ਇਹ ਲਾਭ ਦੇਣਾ ਬਣਦਾ ਹੈ।ਆਗੂਆਂ ਨੇ ਕਿਹਾ ਕਿ ਅਗਰ ਸਰਕਾਰ ਨੇ ਨਵੇਂ ਸਾਲ ਤੇ ਇਹ ਐਲਾਨ ਨਾ ਕੀਤੀ ਤਾਂ ਯੂਨੀਅਨ ਦੀ ਐਕਸ਼ਨ ਕਮੇਟੀ ਦੇ ਸੱਦੇ ਅਨੁਸਾਰ 7 ਜਨਵਰੀ ਸ਼ਨੀਵਾਰ ਨੂੰ ਮੁੱਖ ਮੰਤਰੀ ਦੇ ਹਲਕੇ ਸੰਗਰੂਰ ਵਿਖੇ ਉਹਨਾਂ ਦੀ ਕੋਠੀ ਦਾ ਘਿਰਾਓ ਕਰਕੇ ਅਗਲੀ ਰਣਨੀਤੀ ਤੈਅ ਕੀਤੀ ਜਾਵੇਗੀ।ਉੇਹਨਾਂ ਮੁਖ ਮੰਤਰੀ ਤੇ ਸਿੱਖਿਆ ਮੰਤਰੀ ਨੂੰ ਅਪੀਲ ਕੀਤੀ ਕਿ ਅਧਿਆਪਕਾਂ ਤੇ ਪੈਨਸ਼ਨਰਾਂ ਨੂੰ ਧਰਨੇ ਦੇਣ ਲਈ ਮਜਬੂਰ ਨਾ ਕੀਤਾ ਜਾਵੇ, ਬਲਕਿ ਉਹਨਾਂ ਨੂੰ ਸਕੂਲਾਂ ਵਿਚ ਪੜ੍ਹਾਈ ਕਰਵਾਉਣ ਦਿੱਤੀ ਜਾਵੇ।ਇਸ ਮੌਕੇ ਯੂਨੀਅਨ ਦੇ ਵਫਦ ਵਿਚ ਲੁਧਿਆਣਾ ਦੇ ਪ੍ਰਧਾਨ ਸ਼ਰਨਜੀਤ ਸਿੰਘ, ਸੂਬਾ ਪ੍ਰੈਸ ਸਕੱਤਰ ਹਰਦੀਪ ਸਿੰਘ ਰੋਪੜ, ਮੁਹਾਲੀ ਦੇ ਪ੍ਰਧਾਨ ਸ਼ਰਨਜੀਤ ਸਿੰਘ, ਪੈਨਸ਼ਨਰ ਐਸੋ.ਦੇ ਆਗੂ ਚੌਧਰੀ ਰਾਮ ਗੋਪਾਲ , ਰਮੇਸ਼ ਚੰਦ ਸ਼ਾਸ਼ਤਰੀ ਅਤੇ ਗੁਰਦੇਵ ਸਿੰਘ ਕੰਗ ਸਮੇਤ ਹੋਰ ਆਗੂ ਵੀ ਹਾਜ਼ਰ ਸਨ।

ਸੂਚਨਾ ਤੇ ਲੋਕ ਸੰਪਰਕ ਵਿਭਾਗ ਦੇ ਵਧੀਕ ਡਾਇਰੈਕਟਰ ਡਾ. ਉਪਿੰਦਰ ਸਿੰਘ ਲਾਂਬਾ ਨੂੰ ਨਿੱਘੀ ਵਿਦਾਇਗੀ

0

ਸਮੂਹ ਅਧਿਕਾਰੀਆਂ ਨੇ ਡਾ. ਲਾਂਬਾ ਵੱਲੋਂ 36 ਵਰ੍ਹੇ ਦੀ ਨੌਕਰੀ ਦੌਰਾਨ ਪ੍ਰਦਾਨ ਕੀਤੀਆਂ ਮਿਸਾਲੀ ਸੇਵਾਵਾਂ ਦੀ ਕੀਤੀ ਸ਼ਲਾਘਾ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 30 ਦਸੰਬਰ:ਪੰਜਾਬ ਦੇ ਸੂਚਨਾ ਅਤੇ ਲੋਕ ਸੰਪਰਕ ਵਿਭਾਗ ਦੇ ਅਧਿਕਾਰੀਆਂ ਅਤੇ ਮੁਲਾਜ਼ਮਾਂ ਵੱਲੋਂ ਅੱਜ ਵਧੀਕ ਡਾਇਰੈਕਟਰ ਡਾ. ਉਪਿੰਦਰ ਸਿੰਘ ਲਾਂਬਾ ਨੂੰ ਉਨ੍ਹਾਂ ਦੀ ਸੇਵਾ-ਮੁਕਤੀ ’ਤੇ ਨਿੱਘੀ ਵਿਦਾਇਗੀ ਦਿੱਤੀ ਗਈ। ਡਾ. ਲਾਂਬਾ 36 ਸਾਲ ਦੀ ਸ਼ਾਨਦਾਰ ਸੇਵਾ ਨਿਭਾਉਣ ਤੋਂ ਬਾਅਦ ਸੇਵਾ-ਮੁਕਤ ਹੋਏ ਹਨ।ਇਥੇ ਪੰਜਾਬ ਭਵਨ ਵਿਖੇ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਸ੍ਰੀ ਰਾਹੁਲ ਭੰਡਾਰੀ, ਪ੍ਰਮੁੱਖ ਸਕੱਤਰ, ਸੂਚਨਾ ਅਤੇ ਲੋਕ ਸੰਪਰਕ ਅਤੇ ਸ੍ਰੀ ਸੰਦੀਪ ਸਿੰਘ ਗਾੜ੍ਹਾ, ਵਧੀਕ ਡਾਇਰੈਕਟਰ (ਪ੍ਰਸ਼ਾਸਨ) ਸਣੇ ਹੋਰਨਾਂ ਅਧਿਕਾਰੀਆਂ ਨੇ ਡਾ. ਲਾਂਬਾ ਵੱਲੋਂ ਨਿਭਾਈਆਂ ਸ਼ਾਨਦਾਰ ਸੇਵਾਵਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਵੱਲੋਂ ਸਖ਼ਤ ਮਿਹਨਤ, ਲਗਨ ਅਤੇ ਦ੍ਰਿੜ੍ਹਤਾ ਨਾਲ ਨਿਭਾਈ ਮਿਸਾਲੀ ਸੇਵਾ ਉਨ੍ਹਾਂ ਦੇ ਸਾਥੀਆਂ ਅਤੇ ਹੋਰ ਸਟਾਫ਼ ਮੈਂਬਰਾਂ ਨੂੰ ਆਪਣੀ ਡਿਊਟੀ ਜ਼ਿੰਮੇਵਾਰੀ ਤੇ ਪੂਰੀ ਤਨਦੇਹੀ ਨਾਲ ਨਿਭਾਉਣ ਲਈ ਪ੍ਰੇਰਿਤ ਕਰਦੀ ਰਹੇਗੀ। ਅਧਿਕਾਰੀਆਂ ਨੇ ਕਿਹਾ ਕਿ ਡਾ. ਲਾਂਬਾ ਵਿਭਾਗ ਲਈ ਇੱਕ ਬਹੁਮੁੱਲੀ ਸੰਪਤੀ ਵਾਂਗ ਸਨ ਅਤੇ ਉਨ੍ਹਾਂ ਦੀ ਸੇਵਾ-ਮੁਕਤੀ ਨਾਲ ਇੱਕ ਖਲਾਅ ਪੈਦਾ ਹੋ ਗਿਆ ਹੈ ਜਿਸ ਨੂੰ ਪੁਰ ਕਰਨਾ ਮੁਸ਼ਕਲ ਹੋਵੇਗਾ।ਡਾ. ਲਾਂਬਾ ਦ ਸੇਵਾ-ਮੁਕਤੀ ਪਿੱਛੋਂ ਬਿਹਤਰ ਤੇ ਸਿਹਤਮੰਦ ਜੀਵਨ ਅਤੇ ਉੱਜਲ ਭਵਿੱਖ ਦੀ ਕਾਮਨਾ ਕਰਦਿਆਂ ਅਧਿਕਾਰੀਆਂ ਨੇ ਉਮੀਦ ਜਤਾਈ ਕਿ ਉਹ ਭਵਿੱਖ ਵਿੱਚ ਆਪਣੇ ਸਾਹਿਤਕ ਕਾਰਜ ਨੂੰ ਅੱਗੇ ਵਧਾਉਣਗੇ ਅਤੇ ਕਾਨੂੰਨ ਦੇ ਖੇਤਰ ਵਿੱਚ ਉਸਾਰੂ ਯੋਗਦਾਨ ਪਾਉਣ ਸਣੇ ਸਮਾਜ ਭਲਾਈ ਲਈ ਖੁੱਲ੍ਹਦਿਲੀ ਨਾਲ ਕੰਮ ਕਰਦੇ ਰਹਿਣਗੇ। ਉਨ੍ਹਾਂ ਕਿਹਾ ਕਿ ਆਪਣੇ ਲੰਮੇ ਪੇਸ਼ੇਵਾਰਾਨਾ ਸਫ਼ਰ ਦੀ ਸਫ਼ਲਤਾਪੂਰਵਕ ਸਮਾਪਤੀ ਪਿੱਛੋਂ ਹੁਣ ਡਾ. ਲਾਂਬਾ ਆਪਣੀ ਸਮਾਜਿਕ ਜ਼ਿੰਮੇਵਾਰੀ ਨੂੰ ਸੁਚੱਜੇ ਢੰਗ ਨਾਲ ਨਿਭਾਉਣ ਦੇ ਨਾਲ-ਨਾਲ ਆਪਣੇ ਪਰਿਵਾਰਕ ਮੈਂਬਰਾਂ ਲਈ ਵਧੇਰੇ ਸਮਾਂ ਕੱਢ ਸਕਣਗੇ।ਅਧਿਕਾਰੀਆਂ ਨੇ ਡਾ. ਉਪਿੰਦਰ ਸਿੰਘ ਲਾਂਬਾ ਵੱਲੋਂ ਸਰਕਾਰੀ ਨੌਕਰੀ ਦੇ ਮੁਸ਼ਕਲਾਂ ਭਰੇ ਸਫ਼ਰ ਦੌਰਾਨ ਆਪਣੀ ਪੜ੍ਹਾਈ ਜਾਰੀ ਰੱਖਦਿਆਂ “ਸਰਕਾਰੀ, ਜਨਤਕ ਅਤੇ ਨਿੱਜੀ ਖੇਤਰ ਦੇ ਲੋਕ ਸੰਪਰਕ ’ਚ ਬਦਲਦੀਆਂ ਰਣਨੀਤੀਆਂ ਤੇ ਤਕਨੀਕਾਂ ਦਾ ਤੁਲਨਾਤਮਕ ਅਧਿਐਨ” ਵਿਸ਼ੇ ’ਤੇ ਪੀਐਚ.ਡੀ. ਕਰਨ ਦੀ ਸ਼ਲਾਘਾ ਕੀਤੀ ਅਤੇ ਹੈਡਕੁਆਰਟਰ ਤੇ ਜ਼ਿਲ੍ਹਾ ਅਧਿਕਾਰੀਆਂ ਨੂੰ ਡਾ. ਲਾਂਬਾ ਵਾਂਗ ਨਿਰੰਤਰ ਪੜ੍ਹਾਈ ਕਰਕੇ ਆਪਣਾ ਹੁਨਰ ਨਿਖਾਰਨ ਦੀ ਅਪੀਲ ਕੀਤੀ।ਆਪਣੇ ਸੰਬੋਧਨ ਦੌਰਾਨ ਡਾ. ਲਾਂਬਾ ਨੇ ਵਿਭਾਗ ਵਿੱਚ ਆਪਣੇ ਤਜਰਬੇ ਅਧਿਕਾਰੀਆਂ ਨਾਲ ਸਾਂਝੇ ਕੀਤੇ ਅਤੇ ਆਪਣੇ ਪੇਸ਼ੇਵਾਰਾਨਾ ਜੀਵਨ ਦੌਰਾਨ ਮਾਰਗਦਰਸ਼ਨ ਲਈ ਸੀਨੀਅਰ ਅਧਿਕਾਰੀਆਂ ਦਾ ਧੰਨਵਾਦ ਕੀਤਾ। ਇਸ ਮੌਕੇ ਸੂਚਨਾ ਅਤੇ ਲੋਕ ਸੰਪਰਕ ਵਿਭਾਗ ਦੇ ਅਧਿਕਾਰੀਆਂ ਵੱਲੋਂ ਡਾ. ਉਪਿੰਦਰ ਸਿੰਘ ਲਾਂਬਾ ਨੂੰ ਸਨਮਾਨ ਚਿੰਨ੍ਹ ਅਤੇ ਤੋਹਫ਼ੇ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਸਮਾਗਮ ਦੌਰਾਨ ਡਾ. ਲਾਂਬਾ ਦੇ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਸ੍ਰੀ ਰਣਦੀਪ ਸਿੰਘ ਆਹਲੂਵਾਲੀਆ ਅਤੇ ਸ੍ਰੀ ਹਰਜੀਤ ਸਿੰਘ ਗਰੇਵਾਲ (ਦੋਵੇਂ ਜੁਆਇੰਟ ਡਾਇਰੈਕਟਰ), ਸ੍ਰੀ ਇਸ਼ਵਿੰਦਰ ਸਿੰਘ ਗਰੇਵਾਲ, ਸ੍ਰੀਮਤੀ ਸ਼ਿਖਾ ਨਹਿਰਾ ਅਤੇ ਸ੍ਰੀ ਮਨਵਿੰਦਰ ਸਿੰਘ (ਸਾਰੇ ਡਿਪਟੀ ਡਾਇਰੈਕਟਰ), ਆਈ.ਪੀ.ਆਰ.ਓਜ਼, ਡੀ.ਪੀ.ਆਰ.ਓਜ਼, ਏ.ਪੀ.ਆਰ.ਓਜ਼ ਅਤੇ ਵਿਭਾਗ ਦੇ ਹੋਰ ਅਧਿਕਾਰੀ ਤੇ ਕਰਮਚਾਰੀ ਹਾਜ਼ਰ ਸਨ।

ਪੰਜਾਬ ‘ਚ ਪ੍ਰਵਾਸੀ ਪੰਜਾਬੀਆਂ ਦੇ ਮਸਲਿਆਂ ਦੇ ਤੁਰੰਤ ਨਿਪਟਾਰੇ ਲਈ ਜਲਦ ਫਾਸਟ ਟਰੈਕ ਅਦਾਲਤਾਂ ਬਣਨਗੀਆਂ: ਕੁਲਦੀਪ ਸਿੰਘ ਧਾਲੀਵਾਲ

0

ਕੈਬਨਿਟ ਮੰਤਰੀ ਨੇ ਅੰਮ੍ਰਿਤਸਰ, ਗੁਰਦਾਸਪੁਰ, ਪਠਾਨਕੋਟ ਤੇ ਤਰਨਤਾਰਨ ਜ਼ਿਲਿਆਂ ਦੇ ਪ੍ਰਵਾਸੀ ਪੰਜਾਬੀਆਂ ਦੀਆਂ ਸ਼ਿਕਾਇਤਾਂ ਸੁਣੀਆਂ, ਅਧਿਕਾਰੀਆਂ ਨੂੰ ਮੌਕੇ ’ਤੇ ਹੀ ਨਿਪਟਾਰਾ ਕਰਨ ਦੇ ਦਿੱਤੇ ਨਿਰਦੇਸ਼
ਪ੍ਰਵਾਸੀ ਪੰਜਾਬੀਆਂ ਲਈ ਵੱਟਸਐਪ ਨੰਬਰ ਜਾਰੀ
ਪੰਜਾਬੀ ਖ਼ਬਰਸਾਰ ਬਿਉਰੋ
ਅੰਮ੍ਰਿਤਸਰ, 30 ਦਸੰਬਰ: ਪੰਜਾਬ ਦੇ ਪ੍ਰਵਾਸੀ ਭਾਰਤੀ ਮਾਮਲਿਆਂ ਬਾਰੇ ਮੰਤਰੀ ਸ. ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪ੍ਰਵਾਸੀ ਪੰਜਾਬੀਆਂ ਦੇ ਮਸਲਿਆਂ ਨੂੰ ਛੇਤੀ ਹੱਲ ਕਰਨ ਦੀ ਸਹੂਲਤ ਦੇਣ ਲਈ ਸੂਬੇ ਵਿੱਚ ਜਲਦ ਹੀ ਫਾਸਟ ਟਰੈਕ ਅਦਾਲਤਾਂ ਦੀ ਸਥਾਪਨਾ ਕੀਤੀ ਜਾਵੇਗੀ। ਅੱਜ ਅੰਮ੍ਰਿਤਸਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਗੋਲਡਨ ਜੁਬਲੀ ਕੰਨਵੈਨਸ਼ਨ ਸੈਂਟਰ ਵਿਖੇ ਹੋਏ ਪੰਜਵੇਂ ਮਿਲਨੀ ਸਮਾਗਮ ਦੌਰਾਨ ਕੈਬਨਿਟ ਮੰਤਰੀ ਸ. ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਸੂਬਾ ਸਰਕਾਰ ਅਜਿਹੀਆਂ ਮਿਲਣੀਆਂ ਦੀ ਪਹਿਲਕਦਮੀ ਕਰਕੇ ਉਨ੍ਹਾਂ ਦੀਆਂ ਸ਼ਿਕਾਇਤਾਂ ਦਾ ਤੁਰੰਤ ਨਿਪਟਾਰਾ ਕਰਨ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਸ. ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਦੇ ਇਸ ਉਪਰਾਲੇ ਦੇ ਚੰਗੇ ਨਤੀਜੇ ਸਾਹਮਣੇ ਆਉਣਗੇ। ਸ. ਧਾਲੀਵਾਲ ਨੇ ਕਿਹਾ ਕਿ ਇਹ ਅਦਾਲਤਾਂ ਪ੍ਰਵਾਸੀ ਭਾਰਤੀਆਂ (ਐਨ.ਆਰ.ਆਈਜ਼) ਦੇ ਸਿਵਲ ਕੇਸਾਂ ਨਾਲ ਸਬੰਧਤ ਮੁੱਦਿਆਂ ਦੇ ਤੇਜ਼ੀ ਨਾਲ ਨਿਪਟਾਰੇ ਲਈ ਸਮਰਪਿਤ ਹੋ ਕੇ ਕੰਮ ਕਰਨਗੀਆਂ। ਉਨ੍ਹਾਂ ਕਿਹਾ ਕਿ ਪ੍ਰਵਾਸੀ ਭਾਰਤੀਆਂ ਦੇ ਸਿਵਲ ਕੇਸਾਂ ਦੇ ਨਿਪਟਾਰੇ ਲਈ ਅਦਾਲਤਾਂ ਦੀ ਸਥਾਪਨਾ ਲਈ ਜਲਦ ਹੀ ਕਾਰਵਾਈ ਸ਼ੁਰੂ ਕੀਤੀ ਜਾਵੇਗੀ ਤਾਂ ਜੋ ਉਨ੍ਹਾਂ ਦੀ ਕੀਮਤੀ ਊਰਜਾ, ਸਮਾਂ ਅਤੇ ਪੈਸਾ ਬਚਾਇਆ ਜਾ ਸਕੇ। ਮਿਲਣੀ ਪਹਿਲਕਦਮੀ ਪ੍ਰਤੀ ਪ੍ਰਵਾਸੀ ਪੰਜਾਬੀਆਂ ਦੇ ਭਰਵੇਂ ਹੁੰਗਾਰੇ ’ਤੇ ਤਸੱਲੀ ਪ੍ਰਗਟ ਕਰਦਿਆਂ ਸ. ਧਾਲੀਵਾਲ ਨੇ ਕਿਹਾ ਕਿ ਪ੍ਰਵਾਸੀ ਭਾਰਤੀਆਂ ਨੂੰ ਸੂਬੇ ਦੀ ਤਰੱਕੀ ਵਿੱਚ ਸਰਗਰਮ ਭਾਈਵਾਲ ਬਣਾਇਆ ਜਾਵੇਗਾ। ਉਨ੍ਹਾਂ ਪ੍ਰਵਾਸੀ ਪੰਜਾਬੀਆਂ ਵੱਲੋਂ ਪਿੰਡਾਂ ਅਤੇ ਸ਼ਹਿਰਾਂ ਦੇ ਵਿਕਾਸ ਵਿੱਚ ਪਾਏ ਜਾ ਰਹੇ ਯੋਗਦਾਨ ਦੀ ਵੀ ਸ਼ਲਾਘਾ ਕੀਤੀ। ਉਨ੍ਹਾਂ ਅੱਗੇ ਦੱਸਿਆ ਕਿ ਜ਼ਿਲ੍ਹਿਆਂ ਵਿੱਚ ਨੋਡਲ ਅਫ਼ਸਰ ਤਾਇਨਾਤ ਕੀਤੇ ਜਾ ਰਹੇ ਹਨ, ਜੋ ਪ੍ਰਵਾਸੀ ਭਾਰਤੀਆਂ ਦੇ ਮਸਲੇ ਬਿਨ੍ਹਾਂ ਕਿਸੇ ਦੇਰੀ ਦੇ ਜਲਦ ਤੋਂ ਜਲਦ ਨਿਪਟਾਉਣਗੇ।
ਸਿਵਲ ਅਤੇ ਪੁਲਿਸ ਵਿਭਾਗ ਦੇ ਅਧਿਕਾਰੀਆਂ ਦੀ ਹਾਜ਼ਰੀ ਵਿੱਚ ਪ੍ਰਵਾਸੀ ਭਾਰਤੀ ਮਾਮਲਿਆਂ ਬਾਰੇ ਮੰਤਰੀ ਨੇ ਜ਼ਿਲ੍ਹਾ ਅੰਮ੍ਰਿਤਸਰ, ਗੁਰਦਾਸਪੁਰ, ਪਠਾਨਕੋਟ ਅਤੇ ਤਰਨਤਾਰਨ ਦੇ ਪ੍ਰਵਾਸੀ ਭਾਰਤੀਆਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਹਦਾਇਤ ਕੀਤੀ ਕਿ ਇਨ੍ਹਾਂ ਸ਼ਿਕਾਇਤਾਂ ਦਾ ਤੁਰੰਤ ਨਿਪਟਾਰਾ ਕੀਤਾ ਜਾਵੇ। ਇਸ ਮੌਕੇ ਕੈਬਨਿਟ ਮੰਤਰੀ ਸ: ਕੁਲਦੀਪ ਸਿੰਘ ਧਾਲੀਵਾਲ ਨੇ ਨਿਵੇਕਲੀ ਪਹਿਲ ਕਰਦੇ ਹੋਏ ਪ੍ਰਵਾਸੀ ਪੰਜਾਬੀ ਭਰਾਵਾਂ ਦੀਆਂ ਸ਼ਿਕਾਇਤਾਂ ਦੇ ਨਿਵਾਰਣ ਦਾ ਸਥਾਈ ਹੱਲ ਕਰਦੇ ਇਕ ਵੱਟਸਐਪ ਨੰਬਰ 9056009884 ਜਾਰੀ ਕੀਤਾ। ਇਸ ਨੰਬਰ ‘ਤੇ ਪ੍ਰਾਪਤ ਹੋਈ ਸ਼ਿਕਾਇਤ ਸਬੰਧਤ ਅਧਿਕਾਰੀ ਤੱਕ ਪਹੁੰਚਾਈ ਜਾਵੇਗੀ, ਜਿਥੋਂ ਇਸ ਨੂੰ ਹੱਲ ਕੀਤਾ ਜਾਣਾ ਹੈ। ਉਨਾਂ ਦੱਸਿਆ ਕਿ ਇਸ ਸ਼ਿਕਾਇਤ ਦੀ ਅਪਡੇਟ ਵੀ ਸਬੰਧਤ ਪ੍ਰਵਾਸੀ ਪੰਜਾਬੀ ਨੂੰ ਦਿੱਤੀ ਜਾਵੇਗੀ। ਪ੍ਰਵਾਸੀ ਪੰਜਾਬੀਆਂ ਨਾਲ ਮੀਟਿੰਗ ਦੌਰਾਨ ਵੱਖ-ਵੱਖ ਜ਼ਿਲ੍ਹਿਆਂ ਤੋਂ ਆਏ ਪ੍ਰਵਾਸੀ ਪੰਜਾਬੀਆਂ ਦੀ ਸਹੂਲਤ ਲਈ ਜ਼ਿਲ੍ਹਾ ਵਾਰ ਕਾਊਂਟਰ ਸਥਾਪਿਤ ਕੀਤੇ ਗਏ, ਜਿੱਥੇ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀ ਉਨ੍ਹਾਂ ਦੀਆਂ ਸਮੱਸਿਆਵਾਂ ਸੁਣ ਰਹੇ ਸਨ। ਅੱਜ ਦੇ ਸਮਾਗਮ ਦੌਰਾਨ ਕੁੱਲ 103 ਕੇਸਾਂ ਦੀ ਸੁਣਵਾਈ ਹੋਈ।ਇਸ ਮੌਕੇ ਵਿਧਾਇਕ ਸ. ਅਮਰਪਾਲ ਸਿੰਘ, ਵਿਧਾਇਕ ਸ. ਕਸ਼ਮੀਰ ਸਿੰਘ ਸੋਹਲ, ਵਿਧਾਇਕ ਸ. ਸਰਵਣ ਸਿੰਘ ਧੁੰਨ, ਵਿਧਾਇਕ ਸ੍ਰੀਮਤੀ ਜੀਵਨਜੋਤ ਕੌਰ, ਵਿਧਾਇਕ ਸ. ਦਲਬੀਰ ਸਿੰਘ ਟੌਂਗ, ਏ.ਡੀ.ਜੀ.ਪੀ. (ਐਨ.ਆਰ.ਆਈ.) ਪ੍ਰਵੀਨ ਕੁਮਾਰ ਸਿਨਹਾ, ਕਮਿਸ਼ਨਰ ਸ੍ਰੀਮਤੀ ਗੁਰਪ੍ਰੀਤ ਕੌਰ ਸਪਰਾ, ਵਿਸ਼ੇਸ਼ ਸਕੱਤਰ (ਐਨ.ਆਰ.ਆਈ. ਮਾਮਲੇ) ਕੰਵਲਪ੍ਰੀਤ ਕੌਰ ਬਰਾੜ, ਪੁਲਿਸ ਕਮਿਸ਼ਨਰ ਸ: ਜਸਕਰਨ ਸਿੰਘ, ਡਿਪਟੀ ਕਮਿਸ਼ਨਰ ਸ੍ਰੀ ਹਰਪ੍ਰੀਤ ਸਿੰਘ ਸੂਦਨ ਅਤੇ ਤਰਨਤਾਰਨ, ਗੁਰਦਾਸਪੁਰ ਤੇ ਪਠਾਨਕੋਟ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਅਤੇ ਪੁਲਿਸ ਮੁਖੀਆਂ ਸਮੇਤ ਵੱਖ-ਵੱਖ ਵਿਭਾਗਾਂ ਦੇ ਸੀਨੀਅਰ ਅਧਿਕਾਰੀ ਹਾਜ਼ਰ ਸਨ।

Our Visitor

1908528