ਕਿਹਾ ਕਿ ਆਪ ਸਰਕਾਰ ਨੇ ਅਰਾਜਕਤਾ ਤੇ ਫਿਰਕੂ ਤਣਾਅ ਦੇ ਹਾਲਾਤ ਪੈਦਾ ਕੀਤੇ ; ਪੰਜਾਬ ਲਈ ਸਭ ਤੋਂ ਮਾੜਾ ਸਾਲ ਸਾਬਤ ਹੋਇਆ
ਕਿਹਾ ਕਿ ਸਰਕਾਰ ਦੇ ਝੂਠੀ ਪਬਲੀਸਿਟੀ ਵਿਚ ਰੁੱਝੇ ਹੋਣ ਕਾਰਨ ਸੂਬੇ ਵਿਚੋਂ ਪੂੰਜੀ ਨਿਵੇਸ਼ ਜਾਂਦਾ ਰਿਹਾ ਤੇ ਬੇਰੋਜ਼ਗਾਰੀ ਵਧੀ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 30 ਦਸੰਬਰ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਵੱਲੋਂ ਕਾਨੂੰਨ ਵਿਵਸਥਾ ’ਤੇ ਆਮ ਆਦਮੀਪਾਰਟੀ ਦਾ ਮਾਡਲ ਦੇਸ਼ ਸਭ ਵਿਚ ਨੰਬਰ ਇਕ ਹੋਣ ਦੇ ਦਿੱਤੇ ਬਿਆਨ ’ਤੇ ਹੈਰਾਨੀ ਪ੍ਰਗਟ ਕੀਤੀ ਅਤੇ ਕਿਹਾ ਕਿ ਇਹ ਬਹੁਤ ਹੀ ਸ਼ਰਮ ਵਾਲੀਗੱਲ ਹੈ ਕਿ ਇਕ ਚੁਣੇ ਹੋਇਆ ਮੁੱਖ ਮੰਤਰੀ ਇਕ ਅਜਿਹੇ ਸੰਵੇਦਨਸ਼ੀਲ ਮੁੱਦੇ ’ਤੇ ਕੋਰਾ ਝੂਠ ਬੋਲ ਰਿਹਾ ਹੈ ਜਦੋਂ ਪੰਜਾਬੀ ਜੰਗਲਾ ਰਾਜ ਤੇ ਫਿਰਕੂ ਤਣਾਅ ਦੇ ਦੌਰ ਵਿਚੋਂ ਗੁਜ਼ਰ ਰਹੇ ਹਨ। ਉਹਨਾਂ ਇਸ ਗੱਲ ’ਤੇ ਰੋਸ ਜ਼ਾਹਰ ਕੀਤਾ ਕਿ ਆਪ ਸਰਕਾਰ ਵੱਲੋਂ ਆਪਣੇ ਆਪ ਨੂੰ ਕਾਨੂੰਨ ਵਿਵਸਥਾ ਦੇ ਮਾਮਲੇ ਵਿਚ ਨੰਬਰ ਇਕ ਸੁਬਾ ਸਾਬਤ ਕਰਨ ਵਾਸਤੇ ਆਰੰਭੀ ਸਸਤੀ ਤੇ ਝੂਠੀ ਪਬਲੀਸਿਟੀ ਆਰੰਭੀ ਗਈ। ਅਕਾਲੀ ਦਲ ਦੇ ਪ੍ਰਧਾਨ ਨੇ ਆਸ ਪ੍ਰਗਟਾਈ ਕਿ ਸ੍ਰੀ ਭਗਵੰਤ ਮਾਨ ਇਸ ਮੁਹਾਜ਼ ’ਤੇ ਪੰਜਾਬੀਆਂ ਨੂੰ ਫੇਲ੍ਹ ਕਰਨ ਲਈ ਮੁਆਫੀ ਮੰਗਣਗੇ ਅਤੇ ਗ੍ਰਹਿ ਮੰਤਰੀ ਵਜੋਂ ਅਸਤੀਫਾ ਵੀ ਦੇਣਗੇ। ਉਹਨਾਂ ਕਿਹਾ ਕਿ ਇਹ ਬਹੁਤ ਹੀ ਨਿੰਦਣਯੋਗ ਗੱਲ ਹੈ ਕਿਹੁਣ ਉਹ ਆਪ ਦੇ ਕਨਵੀਨਰ ਸ੍ਰੀ ਅਰਵਿੰਦ ਕੇਜਰੀਵਾਲ ਨਾਲ ਰਲ ਕਰੀਏ ਹਨ ਤਾਂ ਜੋ ਸਾਬਤ ਕੀਤਾ ਜਾ ਸਕੇ ਕਿ ਸੂਬੇ ਵਿਚ ਅਮਨ ਕਾਨੂੰਨ ਵਿਵਸਥਾ ਸਭ ਤੋਂ ਵਧੀਆ ਹੈ ਜਦੋਂ ਕਿ ਅਸਲੀਅਤ ਵਿਚ ਉਹਨਾਂ ਅਰਾਜਕਤਾ ਦੇ ਹਾਲਾਤ ਪੈਦਾ ਕੀਤੇ ਹਨ। ਉਹਨਾਂ ਕਿਹਾ ਕਿ ਇਹ ਪੰਜਾਬ ਅਤੇ ਪੰਜਾਬੀਆਂ ਦਾਅਪਮਾਨ ਹੈ। ਉਹਨਾਂ ਜ਼ੋਰ ਦੇ ਕੇ ਕਿਹਾ ਕਿ 2022 ਪ੍ਰਸ਼ਾਸਕੀ ਮੁਹਾਜ਼ ਤੋਂ ਪੰਜਾਬ ਲਈ ਸਭ ਤੋਂ ਮਾੜਾ ਸਾਲ ਸਾਬਤ ਹੋਇਆ ਹੈ। ਸੁਖਬੀਰ ਸਿੰਘ ਬਾਦਲ ਨੇ ਮੁੱਖ ਮੰਤਰੀ ਨੂੰ ਆਖਿਆ ਕਿ ਉਹਨਾਂ ਵਾਂਗ ਪੰਜਾਬੀ ਭੁੱਲਣ ਦੀ ਬਿਮਾਰੀ ਤੋਂ ਪੀੜਤ ਨਹੀਂ ਹਨ। ਉਹਨਾਂ ਕਿਹਾ ਕਿ ਆਪ ਸਰਕਾਰ ਬਣਨੇ ਸਾਰ ਹੀ ਸੂਬੇ ਵਿਚ ਨੰਗਲ ਲੰਬੀਆਂ ਸਮੇਤ ਕਬੱਡੀ ਦੇ ਪ੍ਰਮੁੱਖ ਖਿਡਾਰੀਆਂ ਦਾ ਕਤਲ ਹੋਇਆ। ਜਦੋਂ ਆਪ ਸਰਕਾਰ ਨੇ ਸਿੱਧੂ ਮੂਸੇਵਾਲਾ ਦੀ ਸੁਰੱਖਿਆ ਵਾਪਸ ਲੈ ਲਈ ਅਤੇ ਇਸਦਾ ਪ੍ਰਚਾਰ ਕੀਤਾ ਤਾਂ ਪ੍ਰਸਿੱਧ ਗਾਇਕ ਦਾ ਵੀ ਕਤਲ ਹੋ ਗਿਆ। ਉਹਨਾਂ ਕਿਹਾ ਕਿ ਇਸ ਮਗਰੋਂ ਮੁਹਾਲੀ ਵਿਚ ਪੰਜਾਬ ਪੁਲਿਸ ਦੇ ਹੈਡਕੁਆਰਟਰ ’ਤੇ ਅਤੇ ਸਰਹਾਲੀ ਵਿਚ ਪੁਲਿਸ ਥਾਣੇ ’ਤੇ ਰਾਕੇਟ ਲਾਂਚਰਾਂ ਨਾਲ ਹਮਲਾ ਕੀਤਾ ਗਿਆ। ਉਹਨਾਂ ਕਿਹਾ ਕਿ ਸੂਬੇ ਵਿਚ ਦਹਾਕਿਆਂ ਬਾਅਦ ਉਦੋਂ ਫਿਰਕੂ ਤਣਾਅ ਵੇਖਣ ਨੂੰ ਮਿਲਿਆ ਜਦੋਂ ਪਟਿਆਲਾ ਵਿਚ ਕਾਲੀ ਦੇਵੀ ਮੰਦਿਰ ਵਿਚ ਫਿਰਕੂ ਝੜਪਾਂ ਹੋਈਆਂ। ਉਹਨਾਂ ਕਿਹਾ ਕਿ ਗੈਂਗਸਟਰ ਸੂਬੇ ਵਿਚ ਆਪਣੀ ਮਰਜ਼ੀ ਮੁਤਾਬਕ ਵਿਚਰ ਰਹੇ ਹਨ। ਉਹਨਾਂ ਕਿਹਾ ਕਿ ਮੂਸੇਵਾਲਾ ਦਾ ਕਾਤਲ ਦੀਪਕ ਟੀਨੂੰ ਤਾਂ ਪੁਲਿਸ ਹਿਰਾਸਤ ਵਿਚੋਂ ਵੀ ਫਰਾਰ ਹੋ ਗਿਆ ਸੀ। ਉਹਨਾਂ ਕਿਹਾ ਕਿ ਲੁੱਟਾਂ ਖੋਹਾਂ ਅਤੇ ਡਕੈਤੀਆਂ ਤੋਂ ਆਮ ਆਦਮੀ ਬੁਰੀ ਤਰ੍ਹਾਂ ਪੀੜਤ ਹੈ ਤੇ ਵਪਾਰੀ ਤੇ ਉਦਯੋਗਪਤੀ ਵੀ ਨਿਸ਼ਾਨੇ ’ਤੇ ਹਨ ਜਿਹਨਾਂ ਨੂੰ ਗੈਂਗਸਟਰ ਫਿਰੌਤੀਆਂ ਨਾ ਦੇਣ ’ਤੇ ਨਿਸ਼ਾਨਾ ਬਣਾਉਂਦੇ ਹਨ। ਸ: ਬਾਦਲ ਨੇ ਮੁੱਖ ਮੰਤਰੀ ਨੂੰ ਆਖਿਆਕਿ ਉਹ ਪੰਜਾਬੀਆਂ ਨੂੰ ਦੱਸਣ ਕਿ ਕੀ ਇਹ ਸਭ ਉਹਨਾਂ ਦੀ ਸਰਕਾਰ ਦੀਆਂ ਪ੍ਰਾਪਤੀਆਂ ਹਨ। ਵੁਹਨਾਂ ਕਿਹਾ ਕਿ ਅਸੀਂ ਵੇਖਿਆ ਹੈ ਕਿ ਕਿਵੇਂ ਸੂਬੇ ਵਿਚੋਂ ਇੰਡਸਟਰੀ ਬਾਹਰ ਜਾ ਰਹੀ ਹੈ ਤੇ ਨਵਾਂ ਨਿਵੇਸ਼ ਨਹੀਂ ਹੋ ਰਹਿਾ। ਉਹਨਾਂ ਕਿਹਾ ਕਿ ਵਧਦੀ ਬੇਰੋਜ਼ਗਾਰੀ ਭਵਿੱਖੀ ਪੀੜੀਆਂ ਲਈ ਤਬਾਹਕੁੰਨ ਸਾਬਤਹੋਵੇਗੀ ਕਿਉਂਕਿ ਸੂਬੇ ਵਿਚ ਆਪ ਸਰਕਾਰ ਦੇ ਰਾਜ ਵਿਚ ਨਸ਼ਿਆਂ ਦੇ ਕਾਰੋਬਾਰ ਵਿਚ ਚੋਖਾ ਵਾਧਾ ਹੋਇਆ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਸ੍ਰੀ ਭਗਵੰਤ ਮਾਨ ਨੂੰ ਆਖਿਆ ਕਿ ਉਹ ਰੋਜ਼ਾਨਾ ਕਰੋੜਾਂ ਰੁਪਏ ਇਸ਼ਤਿਹਾਰਾਂ ’ਤੇ ਖਰਚ ਕੇ ਦਮਗਜੇ ਮਾਰਨ ਨਾਲੋਂ ਆਮ ਆਦਮੀ ਤੋਂ ਆਪਣੀ ਸਰਕਾਰ ਦੀ ਕਾਰਗੁਜ਼ਾਰੀ ਦਾ ਹਾਲ ਜਾਨਣ।ਉਹਨਾਂ ਕਿਹਾ ਕਿਸੱਚਾਈ ਇਹ ਹੈ ਕਿ ਨਾ ਸਿਰਫ ਤੁਸੀਂ ਪੰਜਾਬ ਵਿਚ ਕਾਨੂੰਨ ਵਿਵਸਥਾਪੂਰੀ ਤਰ੍ਹਾਂ ਢੇਹਿ ਢੇਰੀ ਹੋਣ ਦੀ ਪ੍ਰਧਾਨਗੀ ਕੀਤੀ ਹੈ ਬਲਕਿ ਪੰਜਾਬ ਨੂੰ ਵਿੱਤੀ ਤੌਰ ’ਤੇ ਤਬਾਹ ਵੀ ਕਰ ਦਿੱਤਾ ਹੈ। ਉਹਨਾਂ ਕਿਹਾ ਕਿ ਸੂਬੇ ਵਿਚ ਬੀਤੇ 9 ਮਹੀਨਿਆਂ ਵਿਚ ਹੀ 39000 ਕਰੋੜ ਰੁਪਏ ਦਾ ਕਰਜ਼ਾ ਚੜ੍ਹ ਗਿਆ ਹੈ ਜਦੋਂ ਕਿ ਪਹਿਲਾਂ ਹੀ ਸੂਬੇ ਸਿਰ 3 ਲੱਖ ਕਰੋੜ ਰੁਪਏ ਦਾ ਕਰਜ਼ਾ ਸੀ। ਉਹਨਾਂ ਕਿਹਾ ਕਿ ਇੰਨਾ ਭਾਰੀ ਕਰਜ਼ਾ ਲੈਣ ਦੇ ਬਾਵਜੂਦ ਤੁਸੀਂ ਇਕ ਵੀ ਵਿਕਾਸ ਕਾਰਜ ਜਾਂ ਬੁਨਿਆਦੀ ਢਾਂਚੇ ਦਾ ਪ੍ਰਾਜੈਕਟ ਨਹੀਂ ਆਰੰਭਿਆ ਜਦੋਂ ਕਿ ਜੀ ਐਸ ਟੀ ਅਤੇ ਅਸ਼ਟਾਮ ਡਿਊਟੀ ਤੋਂ ਆਮਦਨ ਵਿਚ ਗਿਰਾਵਟ ਹੀ ਦਰਜ ਕੀਤੀ ਗਈ ਹੈ। ਸ: ਬਾਦਲ ਨੇ ਜ਼ੋਰ ਦੇ ਕੇ ਆਖਿਆ ਕਿ ਆਪਣੇ ਸਵੈਚ ਪ੍ਰਚਾਰ ਵਾਸਤੇ 750 ਕਰੋੜ ਰੁਪਏ ਦੀ ਵਿਵਸਥਾ ਪਹਿਲਾਂ ਹੀ ਆਪ ਸਰਕਾਰ ਨੇ ਕੀਤੀ ਸੀ ਜਿਸ ਵਿਚੋਂ ਹਿਮਾਚਲ ਪ੍ਰਦੇਸ਼ ਅਤੇ ਗੁਜਰਾਤ ਵਿਚ ਚੋਣ ਪ੍ਰਚਾਰ ’ਤੇ ਵੀ ਖਰਚਾ ਕੀਤਾ ਗਿਆ। ਉਹਨਾਂ ਕਿਹਾ ਕਿ ਜਿਥੇ ਇਹ ਸਭ ਕੁਝ ਹੁੰਦਾ ਰਿਹਾ, ਉਥੇ ਹੀ ਸਰਕਾਰ ਬੇਰੋਜ਼ਗਾਰ ਨੌਜਵਾਨਾਂ ਨੂੰ ਨੌਕਰੀਆਂ ਦੇਣ, ਠੇਕੇ ’ਤੇ ਕੰਮ ਕਰਦੇ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਅਤੇ ਮਹਿਲਾਵਾਂ ਨੂੰ 1 ਹਜ਼ਾਰ ਰੁਪਏ ਪ੍ਰਤੀ ਮਹੀਨਾ ਦੇਣ ਵਰਗੇ ਆਪਣੇ ਵਾਅਦਿਆਂ ਤੋਂ ਭੱਜ ਗਈ। ਉਹਨਾਂ ਜ਼ੋਰ ਦੇ ਕੇ ਕਿਹਾ ਕਿ ਸਾਰੀ ਸਮੱਸਿਆ ਸਿਰਫ ਇਸ ਗੱਲ ਹੈ ਜਿਵੇਂ ਸ੍ਰੀ ਭਗਵੰਤ ਮਾਨ ਨੇ ਸ੍ਰੀ ਅਰਵਿੰਦ ਕੇਜਰੀਵਾਲ ਅੱਗੇ ਗੋਡੇ ਟੇਕ ਦਿੱਤੇ ਹਨਅਤੇ ਜਾਣਕਾਰੀ ਸਾਂਝੀ ਕਰਨ ਦੇ ਸਮਝੌਤੇ ਦੇ ਨਾਂ ’ਤੇ ਸਾਰੀਆਂ ਤਾਕਤਾਂ ਉਹਨਾਂ ਹਵਾਲੇ ਕਰ ਦਿੱਤੀਆਂ ਹਨ। ਉਹਨਾਂ ਕਿਹਾ ਕਿ ਰਾਘਵ ਚੱਢਾ ਸਮੇਤ ਕੇਜਰੀਵਾਲ ਦੇ ਲਫਟੈਨ ਅੱਜ ਅਸਿੱਧੇ ਤੌਰ ’ਤੇ ਪੰਜਾਬੀ ਚਲਾ ਰਹੇ ਹਨ। ਉਹਨਾਂ ਕਿਹਾ ਕਿ ਸੂਬੇ ਦੇ ਇਤਿਹਾਸ ਵਿਚ ਪਹਿਲਾਂ ਕਦੇ ਵੀ ਇਕ ਚੁਣੀ ਹੋਈਸਰਕਾਰ ਨੇ ਇਸ ਤਰੀਕੇ ਆਪਣੇ ਲੋਕਾਂ ਨੂੰ ਨਹੀਂ ਵਿਸਾਰਿਆ ਸੀ। ਉਹਨਾਂ ਕਿਹਾ ਕਿ ਲੋਕ ਆਪਣੇ ਜਾਨ ਮਾਲ ਦੀ ਰਾਖੀ ਪ੍ਰਤੀ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ। ਉਹਨਾਂ ਕਿਹਾ ਕਿ ਸ਼ਾਂਤੀ ਤੇ ਫਿਰਕੂ ਸਦਭਾਵਨਾ ਦਾ ਮਾਹੌਲ ਜੋ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀਆਂਸਰਕਾਰਾਂ ਸਮੇਂ ਸਿਰਜਿਆ ਗਿਆਸੀ, ਅੱਜ ਤਬਾਹ ਹੋ ਗਿਆ ਹੈ। ਉਹਨਾਂ ਕਿਹਾ ਕਿ ਪੰਜਾਬੀ ’ਬਦਲਾਅ’ ਦੇ ਨਾਂ ’ਤੇ ਵੱਜੀ ਠੱਗੀ ਤੋਂ ਪੀੜਤ ਹਨ। ਉਹਨਾਂ ਕਿਹਾ ਕਿ ਹਾਲਾਤ ਵਸੋਂ ਬਾਹਰ ਹਨ ਤੇ ਪੰਜਾਬ ਦੇ ਮੁੜ ਤੋਂ ਕਾਲੇ ਦੌਰ ਵਿਚ ਧੱਕੇ ਜਾਣ ਦਾ ਖ਼ਤਰਾ ਬਣਿਆ ਹੋਇਆਹੈ। ਉਹਨਾਂ ਕਿਹਾ ਕਿ ਇਕ ਮਾਡਲ ਸਹੀ ਅਰਥਾਂ ਵਿਚ ਅਪਣਾਇਆ ਗਿਆ ਹੈ, ਉਹ ਹੈ ਅਰਾਜਕਤਾ ਦਾ ਨਾ ਕਿ ਕਾਨੂੰਨ ਵਿਵਸਥਾ ਦਾ।
ਸੁਖਬੀਰ ਸਿੰਘ ਬਾਦਲ ਨੇ ਮੁੱਖ ਮੰਤਰੀ ਵੱਲੋਂ ਕਾਨੂੰਨ ਵਿਵਸਥਾ ਦਾ ਮਾਡਲ ਕਾਇਮ ਕਰਨ ਦੇ ਦਿੱਤੇ ਬਿਆਨ ’ਤੇ ਹੈਰਾਨੀ ਪ੍ਰਗਟਾਈ
ਰਿਫ਼ਾਈਨਰੀ ਨੂੰ ਨਹਿਰੀ ਪਾਣੀ ਦੇਣ ਦੇ ਵਿਰੁਧ ਕਿਸਾਨਾਂ ’ਚ ਫੈਲਿਆ ਗੁੱਸਾ
ਡਿਪਟੀ ਕਮਿਸ਼ਨਰ ਵਲੋਂ ਤੈਅ ਸਮੇਂ ’ਤੇ ਨਾ ਮਿਲਣ ਕਰਕੇ ਕੀਤੀ ਰੋਹ ਭਰਪੂਰ ਨਾਅਰੇਬਾਜ਼ੀ
ਸੁਖਜਿੰਦਰ ਮਾਨ
ਬਠਿੰਡਾ, 30 ਦਸੰਬਰ : ਉੱਤਰੀ ਭਾਰਤ ਦੇ ਸਭ ਤੋਂ ਵੱਡੇ ਉਦਯੋਗ ਸ਼੍ਰੀ ਗੁਰੂ ਗੋਬਿੰਦ ਸਿੰਘ ਤੇਲ ਸੋਧਕ ਕਾਰਖ਼ਾਨੇ ਨੂੰ ਨਹਿਰੀ ਵਿਭਾਗ ਵਲੋਂ 35 ਕਿਊਸਿਕ ਹੋਰ ਪਾਣੀ ਦੇ ਵਿਰੋਧ ’ਚ ਕਿਸਾਨਾਂ ਵਲੋਂ ਅੱਜ ਪ੍ਰਸ਼ਾਸਨ ਖਿਲਾਫ਼ ਜੰਮ ਕੇ ਗੁੱਸਾ ਕੱਢਿਆ ਗਿਆ। ਇਸ ਦੌਰਾਨ ਜਦ ਇਸ ਮਾਮਲੇ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦਾ ਵਫ਼ਦ ਜ਼ਿਲ੍ਹਾ ਜਰਨਲ ਸਕੱਤਰ ਹਰਜਿੰਦਰ ਸਿੰਘ ਬੱਗੀ ਦੀ ਅਗਵਾਈ ਹੇਠ ਡੀਸੀ ਨੂੰ ਮਿਲਣ ਲਈ ਪਹੁੰਚਿਆ ਪਰੰਤੂ ਡੀਸੀ ਵਲੋਂ ਦਿੱਤੇ ਹੋਏ ਨਿਰਧਾਰਤ ਸਮੇਂ ’ਤੇ ਕਿਸਾਨਾ ਨੂੰ ਮਿਲਣ ਕਾਰਨ ਕਿਸਾਨਾਂ ਦਾ ਗੁੱਸਾ ਹੋਰ ਸੱਤਵੇਂ ਆਸਮਾਨ ’ਤੇ ਪੁੱਜ ਗਿਆ। ਜਿਸ ਦੇ ਸਿੱਟੇ ਵਜੋਂ ਕਿਸਾਨਾਂ ਨੇ ਮਿੰਨੀ ਸਕੱਤਰੇਤ ਦੇ ਅੱਗੇ ਪ੍ਰਸ਼ਾਸਨ ਵਿਰੁੱਧ ਨਾਅਰੇਬਾਜ਼ੀ ਕੀਤੀ । ਇਸ ਮੌਕੇ ਜ਼ਿਲ੍ਹਾ ਜਰਨਲ ਸਕੱਤਰ ਹਰਜਿੰਦਰ ਸਿੰਘ ਬੱਗੀ ਨੇ ਦੱਸਿਆ ਕਿ ਜੋ ਕੋਟਲਾ ਬ੍ਰਾਂਚ ਨਹਿਰ ਕੋਟਬਖਤੂ ਕੋਲ ਜਾ ਕੇ ਹੈਡ ਬਣਦੇ ਹਨ ਤੇ ਇਥੋਂ ਰਿਫਾਇਨਰੀ ਰਜਵਾਹਾ ਨਿਕਲਦਾ ਹੈ ਅਤੇ ਲਗਭਗ 35 ਕਿਊਸਕ ਪਾਣੀ ਰਿਫਾਇਨਰੀ ਨੂੰ ਜਾ ਰਿਹਾ ਹੈ ਪਰੰਤੂ ਹੁਣ ਰਿਫਾਇਨਰੀ 35 ਕਿਊਸਕ ਪਾਣੀ ਹੋਰ ਲੈਣਾ ਚਾਹੁੰਦੀ ਹੈ ਜਿਸ ਨਾਲ 70 ਕਿਊਸਿਕ ਪਾਣੀ ਇਕੱਲੀ ਰਿਫਾਇਨਰੀ ਨੂੰ ਚਲਾ ਜਾਵੇਗਾ। ਜਿਸਦੇ ਚੱਲਦੇ ਕਿਸਾਨਾਂ ਨੂੰ ਫ਼ਸਲਾਂ ਪਾਣੀ ਲਈ ਨਹਿਰੀ ਪਾਣੀ ਹੋਰ ਘਟ ਜਾਵੇਗਾ, ਕਿਉਂਕਿ ਕੋਟਲਾ ਬ੍ਰਾਂਚ ਨਹਿਰ ਦੇ ਇਸ ਹੈਡ ਤੱਕ ਸਿਰਫ਼ 311 ਕਿਊਸਕ ਪਾਣੀ ਪਹੁੰਚਦਾ ਹੈ। ਇਥੇ ਆ ਕੇ ਨਹਿਰ ਖ਼ਤਮ ਹੋ ਜਾਂਦੀ ਹੈ ਤੇ ਤਿੰਨ ਹੋਰ ਰਜਵਾਹੇ ਬੰਗੀ ਰਜਵਾਹਾ,ਰੁਘੂ ਰਜਵਾਹਾ,ਪੱਕਾ ਰਜਵਾਹਾ ਤੇ ਪਿੱਛੇ ਕਈ ਹੋਰ ਮੋਘੇ-ਸੂਏ ਪੈਂਦੇ ਹਨ ਜਿਨ੍ਹਾਂ ਵਿਚ ਪਹਿਲਾਂ ਹੀ ਪਾਣੀ ਦੀ ਕਮੀਂ ਹੈ। ਕਿਸਾਨ ਆਗੂਆਂ ਨੇ ਦਾਅਵਾ ਕੀਤਾ ਕਿ ਜੇਕਰ ਰਿਫਾਇਨਰੀ ਨੂੰ ਜੇਕਰ ਪਾਣੀ ਦਿੱਤਾ ਜਾਂਦਾ ਹੈ ਤਾਂ ਘੱਟੋ ਘੱਟ 35 ਤੋਂ 40 ਪਿੰਡਾਂ ਤੇ ਇਸ ਦਾ ਬਹੁਤ ਬੁਰਾ ਪ੍ਰਭਾਵ ਪੈਂਣਾ ਹੈ। ਇਸ ਤੋਂ ਇਲਾਵਾ ਨਸੀਬਪੁਰੇ ਜ਼ੋ ਫੈਕਟਰੀ ਲੱਗੀ ਹੈ ਉਸ ਨੂੰ ਪਾਣੀ ਦੇਣ ਦੀ ਪੂਰੀ ਤਿਆਰੀ ਹੋ ਚੁੱਕੀ ਹੈ ਜ਼ੋ ਕਿਸਾਨਾਂ ਨਾਲ ਧੋਖਾ ਹੈ ਕਿਉਂਕਿ ਨਹਿਰ ਵਿਚ ਪਹਿਲਾਂ ਹੀ ਪਾਣੀ ਦੀ ਕਮੀਂ ਹੈ। ਇਸ ਲਈ ਜਥੇਬੰਦੀ ਇਸ ਰਜਵਾਹੇ ਨੂੰ ਪਾਣੀ ਦੇਣ ਦਾ ਵਿਰੋਧ ਕਰਦੀ ਹੈ । ਇਸ ਸਮੇਂ ਜ਼ਿਲ੍ਹਾ ਆਗੂ ਜਗਦੇਵ ਸਿੰਘ ਜੋਗੇਵਾਲਾ ਤੇ ਜਗਸੀਰ ਸਿੰਘ ਝੁੰਬਾ ਨੇ ਦੱਸਿਆ ਕਿ ਸਰਕਾਰ ਕੋਲ ਕਿਸਾਨਾ ਨੂੰ ਦੇਣ ਲਈ ਪਾਣੀ ਨਹੀਂ ਹੈ ਜੋ ਟੇਲਾਂ ਤੇ ਪਾਣੀ ਪੂਰਾ ਕਰਾਉਣ ਲਈ ਲੰਮੇ ਸਮੇਂ ਤੋਂ ਸੰਘਰਸ਼ ਲੜ ਰਹੇ ਹਨ ਬਲਕਿ ਸਰਮਾਏਦਾਰਾਂ ਫੈਕਟਰੀਆਂ ਲਈ ਪਾਣੀ ਦੀ ਕੋਈ ਘਾਟ ਨਹੀਂ ਹੈ । ਇਸ ਮੌਕੇ ਕਿਸਾਨਾਂ ਨੇ ਐਲਾਨ ਕੀਤਾ ਕਿ ਜੇਕਰ ਰਿਫਾਇਨਰੀ ਨੂੰ ਪਾਣੀ ਦਿੱਤਾ ਗਿਆ ਤਾਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਵੱਡਾ ਸੰਘਰਸ਼ ਵਿੱਢਿਆ ਜਾਵੇਗਾ। ਇਸ ਸਮੇਂ ਤਲਵੰਡੀ ਸਾਬੋ ਦੇ ਬਲਾਕ ਪ੍ਰਧਾਨ ਬਹੱਤਰ ਸਿੰਘ ਨੰਗਲਾ,ਜਰਨਲ ਸਕੱਤਰ ਕਾਲਾ ਸਿੰਘ ਚੱਠੇ ਵਾਲਾ, ਬਲਾਕ ਖਜਾਨਚੀ ਰਣਜੋਧ ਸਿੰਘ ਮਾਹੀ ਨੰਗਲ, ਬਲਾਕ ਸੰਗਤ ਦੇ ਪ੍ਰਧਾਨ ਕੁਲਵੰਤ ਸ਼ਰਮਾ ਰਾਏ ਕੇ ਕਲਾਂ, ਬਲਾਕ ਖਜਾਨਚੀ ਧਰਮਪਾਲ ਸਿੰਘ ਜੰਡੀਆਂ,ਨਥਾਣਾ ਬਲਾਕ ਦੇ ਪ੍ਰਧਾਨ ਹੁਸ਼ਿਆਰ ਸਿੰਘ ਅਤੇ ਨੇੜਲੇ ਪਿੰਡਾਂ ਦੇ ਪ੍ਰਧਾਨ ਤੇ ਆਗੂ ਵੱਡੀ ਗਿਣਤੀ ਵਿਚ ਹਾਜ਼ਰ ਸਨ।
ਠੇਕਾ ਮੁਲਾਜ਼ਮਾਂ ਵਲੋਂ ਅੱਜ ਪੰਜਾਬ ਭਰ ਵਿੱਚ ਡੀ ਸੀ ਦਫ਼ਤਰਾਂ ਸਾਹਮਣੇ ਕੀਤੀਆਂ ਰੋਸ਼ ਰੈਲੀਆਂ
ਜਬਰੀ ਛਾਂਟੀਆ ਰੋਕਣ, ਠੇਕੇਦਾਰਾਂ ਤੇ ਕੰਪਨੀਆਂ ਨੂੰ ਸਰਕਾਰੀ ਵਿਭਾਗਾਂ ਵਿਚੋਂ ਬਾਹਰ ਕੱਢਣ ਦੀ ਜੋਰਦਾਰ ਮੰਗ
ਸੁਖਜਿੰਦਰ ਮਾਨ
ਬਠਿੰਡਾ, 30 ਦਸੰਬਰ : ਅਜ ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਦੇ ਬੈਨਰ ਹੇਠ ਸਮੁੱਚੇ ਪੰਜਾਬ ਦੇ ਡੀ ਸੀ ਦਫ਼ਤਰਾਂ ਦੇ ਸਾਹਮਣੇ ਠੇਕਾ ਮੁਲਾਜਮਾਂ ਵਲੋਂ ਪਹਿਲਾਂ ਸਾਂਝੇ ਵਿਸ਼ਾਲ ਇਕੱਠ ਕਰਕੇ ਰੈਲੀਆਂ ਕੀਤੀਆਂ ਗਈਆਂ। ਇਨ੍ਹਾਂ ਰੈਲੀਆਂ ਅਤੇ ਮੁਜ਼ਾਹਰਿਆਂ ਵਿਚ ਡਿਪਟੀ ਕਮਿਸ਼ਨਰਾਂ ਰਾਹੀਂ ਪੰਜਾਬ ਸਰਕਾਰ ਨੂੰ ਭੇਜੇ ਮੰਗ ਪੱਤਰ ਵਿੱਚ ਮੰਗ ਕੀਤੀ ਗਈ ਹੈ ਕਿ ਸਰਕਾਰ ਤੁਰੰਤ ਸਾਲਾਂ ਵਧੀ ਅਰਸੇ ਤੋਂ ਸਰਕਾਰੀ ਵਿਭਾਗਾਂ ਵਿਚ ਤੈਨਾਤ ਆਊਟਸੋਰਸਡ ਇਨਲਿਸਟਮੈਟ ਮੁਲਾਜ਼ਮਾਂ ਦੀ ਛਾਂਟੀ ਬੰਦ ਕਰੇ। ਸਰਕਾਰੀ ਵਿਭਾਗਾਂ ਦੇ ਨਿਜੀਕਰਨ ਦਾ ਹਮਲਾ ਬੰਦ ਕਰਕੇ ਇਨ੍ਹਾਂ ਵਿਚ ਕਾਰੋਬਾਰ ਕਰਦੇ ਲੋਟੂ ਕਾਰਪੋਰੇਟ ਘਰਾਣਿਆਂ, ਨਿੱਜੀ ਕੰਪਨੀਆਂ, ਠੇਕੇਦਾਰਾਂ ਅਤੇ ਸੁਸਾਇਟੀਆਂ ਨੂੰ ਬਿਨਾਂ ਸ਼ਰਤ ਬਾਹਰ ਕਰਕੇ ਸਰਕਾਰੀ ਅਦਾਰਿਆਂ ਦਾ ਕੰਮ ਖੁਦ ਚਲਾਏ। ਇਨ੍ਹਾਂ ਅਦਾਰਿਆਂ ਵਿਚ ਸਾਲਾਂ ਵਧੀ ਅਰਸੇ ਤੋਂ ਕੰਮ ਕਰਦੇ ਆਊਟਸੋਰਸਡ ਇਨਲਿਸਟਮੈਟ ਮੁਲਾਜ਼ਮਾਂ ਨੂੰ ਵਿਭਾਗਾਂ ਵਿਚ ਲਿਆ ਕੇ ਰੈਗੂਲਰ ਕਰੇ। ਜਬਰੀ ਛਾਂਟੀਆ, ਵਿਤਕਰੇ ਵਾਜੀਆਂ ਨੂੰ ਰੱਦ ਕਰਕੇ ਇਨ੍ਹਾਂ ਕਾਮਿਆਂ ਨੂੰ ਪਹਿਲ ਦੇ ਅਧਾਰ ਤੇ ਰੈਗੂਲਰ ਕਰੇ, ਗੁਜ਼ਾਰੇ ਯੋਗ ਤਨਖਾਹ ਦਾ ਪ੍ਰਬੰਧ ਕਰੇ। ਇਸ ਸੰਘਰਸ਼ ਪ੍ਰੋਗਰਾਮ ਦਾ ਜ਼ਿਕਰ ਕਰਦੇ ਹੋਏ ਮੋਰਚੇ ਦੇ ਆਗੂਆਂ ਸ੍ਰੀ ਵਰਿੰਦਰ ਸਿੰਘ ਮੋਮੀ, ਜਗਰੂਪ ਸਿੰਘ ਲਹਿਰਾ, ਬਲਿਹਾਰ ਸਿੰਘ ਕਟਾਰੀਆ, ਪਵਨਦੀਪ ਸਿੰਘ ਅਮ੍ਰਿਤਸਰ, ਗੁਰਵਿੰਦਰ ਸਿੰਘ ਪੰਨੂ, ਸ਼ੇਰ ਸਿੰਘ ਖੰਨਾ, ਰਮਨਪ੍ਰੀਤ ਕੌਰ ਮਾਨ, ਜਸਪ੍ਰੀਤ ਸਿੰਘ ਗਗਨ, ਸਿਮਰਨਜੀਤ ਸਿੰਘ ਨੀਲੋਂ ਅਤੇ ਸੁਰਿੰਦਰ ਕੁਮਾਰ ਨੇ ਦੋਸ਼ ਲਗਾਇਆ ਕਿ ਦੋਸ਼ ਲਗਾਇਆ ਕਿ ਕੱਚੇ ਕਾਮਿਆਂ ਨੂੰ ਰੈਗੂਲਰ ਕਰਨ ਦਾ ਭਰੋਸਾ ਦੇ ਕੇ ਸੱਤਾ ਵਿਚ ਆਈ ਮੌਜੂਦਾ ਸਰਕਾਰ ਵੀ ਪਿਛਲੀਆਂ ਸਰਕਾਰਾਂ ਦੀ ਤਰ੍ਹਾਂ ਕਾਰਪੋਰੇਟ ਘਰਾਣਿਆਂ ਦੀ ਅੰਨੀ ਲੁੱਟ ਅਤੇ ਮੁਨਾਫ਼ੇ ਦੀਆਂ ਲੋੜਾਂ ਵਿਚੋਂ ਸਰਕਾਰੀ ਵਿਭਾਗਾਂ ਦੇ ਨਿਜੀਕਰਨ ਦੀ ਨੀਤੀ ਨੂੰ ਲਾਗੂ ਕਰ ਰਹੀ ਹੈ।
ਸ਼ਹੀਦੀ ਜੋੜ ਮੇਲੇ ਵਿੱਚ ਗਏ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ
ਰਾਮ ਸਿੰਘ ਕਲਿਆਣ
ਨਥਾਣਾ, 30 ਦਸੰਬਰ: ਸਥਾਨਕ ਬਲਾਕ ਦੇ ਪਿੰਡ ਕਲਿਆਣ ਸੁੱਖਾ ਦੇ ਕੋਠੇ ਗੋਬਿੰਦ ਨਗਰ ਦੇ ਨੌਜਵਾਨ ਦੀ ਫਤਹਿਗੜ੍ਹ ਸਾਹਿਬ ਵਿਖੇ ਮਨਾਏ ਜਾ ਰਹੇ ਸ਼ਹੀਦੀ ਜੋੜ ਮੇਲੇ ਵਿਚ ਮੌਤ ਹੋ ਗਈ। ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਜਗਮੀਤ ਸਿੰਘ ਪੁੱਤਰ ਗੁਰਲਾਲ ਸਿੰਘ ਵਾਸੀ ਗੋਬਿੰਦ ਨਗਰ ਪਿੰਡ ਕਲਿਆਣ ਸੁੱਖਾ ਦੀ ਸੰਗਤ ਨਾਲ ਸ਼ਹੀਦੀ ਜੋੜ ਮੇਲੇ ਵਿੱਚ ਹਾਜ਼ਰੀ ਭਰਨ ਗਿਆ ਸੀ, । ਇਸ ਦੌਰਾਨ ਸ਼ਹੀਦੀ ਜੋੜ ਮੇਲੇ ਵਿੱਚ ਦਰਸ਼ਨ ਕਰਕੇ ਉਹ ਸ੍ਰੀ ਅਨੰਦਪੁਰ ਸਾਹਿਬ ਪਹੁੰਚ ਗਏ ਜਿਥੇ ਪੌੜੀਆਂ ਚੜ੍ਹਨ ਤੋ ਬਾਅਦ ਸਿਹਤ ਖਰਾਬ ਹੋ ਗਈ। ਸਾਥੀਆ ਨੇ ਹਸਪਤਾਲ ਪਹੁੰਚਾਇਆ ਜਿਥੇ ਮੌਤ ਹੋ ਗਈ। ਮ੍ਰਿਤਕ ਨੌਜਵਾਨ ਦੀਆ ਦੋ ਭੈਣਾਂ ਵਿਚੋਂ ਇਹ ਕਨੇਡਾ ਗਈ ਹੋਈ ਸੀ ਜਿਸ ਕਰਕੇ ਕੈਨੇਡਾ ਤੋਂ ਆਉਣ ਮਗਰੋਂ ਅੱਜ ਉਸਦਾ ਅੰਤਮ ਸਸਕਾਰ ਕਰ ਦਿੱਤਾ ਗਿਆ। ਇਸ ਮੌਕੇ ਤੇ ਸਮੂਹ ਨਗਰ ਨਿਵਾਸੀਆਂ ਤੇ ਇਲਾਕਾ ਨਿਵਾਸੀ ਦੁੱਖ ਦੀ ਘੜੀ ਵਿਚ ਹਾਜ਼ਰ ਹੋਏ। ਇੱਥੇ ਜ਼ਿਕਰਯੋਗ ਹੈ ਕਿ ਮ੍ਰਿਤਕ ਗੁਰਪ੍ਰੀਤ ਸਿੰਘ ਨੇ ਆਈਲੈਟਸ ਕਲੀਅਰ ਕਰ ਲਿਆ ਸੀ ਤੇ ਕੁਝ ਸਮੇਂ ਬਾਅਦ ਕਨੇਡਾ ਜਾਣਾ ਸੀ। ਜਿਸ ਕਰਕੇ ਉਹ ਖੁਦ ਟਰੈਕਟਰ-ਟਰਾਲੀ ਰਾਹੀਂ ਸੰਗਤਾਂ ਨੂੰ ਫਤਿਹਗੜ੍ਹ ਸਾਹਿਬ ਵਿਖੇ ਲੈ ਕੇ ਗਿਆ।
ਬਠਿੰਡਾ ਦੇ ਭਾਜਪਾ ਆਗੂਆਂ ਨੇ ਪ੍ਰਧਾਨ ਮੰਤਰੀ ਸ਼੍ਰੀ ਮੋਦੀ ਦੀ ਮਾਤਾ ਦੇ ਦਿਹਾਂਤ ’ਤੇ ਦੁੱਖ ਪ੍ਰਗਟਾਇਆ
ਮਾਤਾ ਹੀਰਾ ਬੇਨ ਮੋਦੀ ਜੀ ਸਨ ਤਿਆਗ ਦੀ ਦੇਵੀ ਅਤੇ ਮਹਾਨ ਤਪੱਸਵੀ: ਸਰੂਪ ਸਿੰਗਲਾ
ਭਾਜਪਾ ਵੱਲੋਂ ਜ਼ਿਲ੍ਹਾ ਪ੍ਰਧਾਨ ਸਰੂਪ ਸਿੰਗਲਾ ਦੀ ਅਗਵਾਈ ਹੇਠ ਮਰਹੂਮ ਮਾਤਾ ਹੀਰਾ ਬੇਨ ਮੋਦੀ ਜੀ ਨੂੰ ਸ਼ਰਧਾਂਜਲੀ ਭੇਟ
ਸੁਖਜਿੰਦਰ ਮਾਨ
ਬਠਿੰਡਾ, 30 ਦਸੰਬਰ : ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਬਠਿੰਡਾ ਸ਼ਹਿਰੀ ਵੱਲੋਂ ਜ਼ਿਲ੍ਹਾ ਪ੍ਰਧਾਨ ਸਰੂਪ ਚੰਦ ਸਿੰਗਲਾ ਦੀ ਅਗਵਾਈ ਹੇਠ ਮੀਟਿੰਗ ਕਰਕੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੇ ਮਾਤਾ ਸ੍ਰੀਮਤੀ ਹੀਰਾਬੇਨ ਮੋਦੀ ਜੀ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਵਰਨਣਯੋਗ ਹੈ ਕਿ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦੇ ਮਾਤਾ ਜੀ ਨੂੰ ਸਾਹ ਦੀ ਤਕਲੀਫ਼ ਕਾਰਨ ਪਿਛਲੇ ਦਿਨੀਂ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ, ਜਿੱਥੇ 100 ਸਾਲ ਦੀ ਉਮਰ ਵਿੱਚ ਉਨ੍ਹਾਂ ਦਾ ਦਿਹਾਂਤ ਹੋ ਗਿਆ। ਸਵਰਗੀ ਮਾਤਾ ਸ਼੍ਰੀਮਤੀ ਹੀਰਾ ਬਾ ਮੋਦੀ ਜੀ ਦੇ ਅਕਾਲ ਚਲਾਣੇ ’ਤੇ ਭਾਜਪਾ ਵੱਲੋਂ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਇਸ ਦੌਰਾਨ ਪੰਜਾਬ ਮੀਡੀਆ ਇੰਚਾਰਜ ਸੁਨੀਲ ਸਿੰਗਲਾ, ਅਸ਼ੋਕ ਬਾਲਿਆਂਵਾਲੀ, ਵਰਿੰਦਰ ਸ਼ਰਮਾ, ਨੀਰਜ ਜੌੜਾ, ਰਾਜੇਸ਼ ਨੋਨੀ, ਉਮੇਸ਼ ਸ਼ਰਮਾ, ਆਸ਼ੂਤੋਸ਼ ਤਿਵਾੜੀ, ਮੈਡਮ ਪਰਮਿੰਦਰ ਕੌਰ, ਰਵੀ ਮੌਰੀਆ, ਮਨੀਸ਼ ਗੋਇਲ ਤੋਂ ਇਲਾਵਾ 50 ਵਾਰਡਾਂ ਵਿਚ ਕੌਂਸਲਰਾਂ ਦੀ ਚੋਣ ਲੜਨ ਵਾਲੇ ਸਾਰੇ ਉਮੀਦਵਾਰਾਂ ਤੋਂ ਇਲਾਵਾ ਭਾਜਪਾ ਦੇ ਹੋਰ ਆਗੂ ਹਾਜ਼ਰ ਸਨ। ਇਸ ਦੌਰਾਨ ਸਰੂਪ ਚੰਦ ਸਿੰਗਲਾ ਨੇ ਕਿਹਾ ਕਿ ਸਵਰਗੀ ਮਾਤਾ ਹੀਰਾ ਬਾ ਜੀ ਦੇ ਅਕਾਲ ਚਲਾਣੇ ਨਾਲ ਦੇਸ਼ ਨੇ ਤਿਆਗ ਦੀ ਦੇਵੀ ਨੂੰ ਗੁਆ ਦਿੱਤਾ ਹੈ ਅਤੇ ਉਨ੍ਹਾਂ ਦੇ ਅਕਾਲ ਚਲਾਣੇ ਨਾਲ ਦੇਸ਼ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਉਨ੍ਹਾਂ ਕਿਹਾ ਕਿ ਸਵਰਗੀ ਮਾਤਾ ਹੀਰਾ ਬਾ ਮੋਦੀ ਤਿਆਗ ਦੀ ਦੇਵੀ ਹੋਣ ਦੇ ਨਾਲ-ਨਾਲ ਇੱਕ ਮਹਾਨ ਤਪੱਸਵੀ ਵੀ ਸਨ ਅਤੇ ਮਾਤਾ ਹੀਰਾਬੇਨ ਮੋਦੀ ਦੇ ਤਿਆਗ ਅਤੇ ਤਪੱਸਿਆ ਸਦਕਾ ਹੀ ਭਾਰਤ ਨੂੰ ਸ਼੍ਰੀ ਨਰੇਂਦਰ ਮੋਦੀ ਵਰਗਾ ਸਫਲ ਪ੍ਰਧਾਨ ਮੰਤਰੀ ਮਿਲਿਆ ਹੈ। ਇਸ ਦੌਰਾਨ ਭਾਜਪਾ ਵੱਲੋਂ 2 ਮਿੰਟ ਦਾ ਮੌਨ ਧਾਰਨ ਕਰਕੇ ਮਾਤਾ ਹੀਰਾਬੇਨ ਮੋਦੀ ਜੀ ਦੀ ਆਤਮਿਕ ਸ਼ਾਂਤੀ ਲਈ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਗਈ।
ਦਿਹਾਤੀ ਮਜ਼ਦੂਰ ਸਭਾ ਨੇ ਸਰਕਾਰ ਦੀ ਦਲਿਤ ਵਿਰੋਧੀ-ਮਜ਼ਦੂਰ ਦੋਖੀ ਪਹੁੰਚ ਦੀ ਕੀਤੀ ਜ਼ੋਰਦਾਰ ਨਿੰਦਾ
ਫਰਵਰੀ ’ਚ ਸੰਗਰੂਰ ਅਤੇ ਜਲੰਧਰ ਵਿਖੇ ਪੱਕੇ ਮੋਰਚੇ ਲਾਉਣ ਦਾ ਕੀਤਾ ਐਲਾਨ
ਸੁਖਜਿੰਦਰ ਮਾਨ
ਬਠਿੰਡਾ, 30 ਦਸੰਬਰ –ਇੱਥੋਂ ਦੇ ਡੀਸੀ ਦਫਤਰ ਬਠਿੰਡਾ ਨੇੜਲੇ ਪਾਰਕ ਵਿੱਚ ਸਰਵ ਸਾਥੀ ਮਿੱਠੂ ਸਿੰਘ ਘੁੱਦਾ, ਜੱਗਾ ਸਿੰਘ ਫਾਜ਼ਿਲਕਾ ਅਤੇ ਦਰਸ਼ਨਾ ਜੋਸ਼ੀ ਦੀ ਪ੍ਰਧਾਨਗੀ ਹੇਠ ਦਿਹਾਤੀ ਮਜ਼ਦੂਰ ਸਭਾ ਦੀ ਮਾਲਵਾ ਜ਼ੋਨ ਦੀ ਵਿਸ਼ਾਲ ਰੈਲੀ ਹੋਈ ਜਿਸ ਵਿੱਚ ਭਾਰੀ ਗਿਣਤੀ ਔਰਤਾਂ ਸਮੇਤ ਹਜ਼ਾਰਾਂ ਬੇਜ਼ਮੀਨੇ-ਸਾਧਨਹੀਨ ਪੇਂਡੂ ਮਜ਼ਦੂਰਾਂ ਨੇ ਉਤਸ਼ਾਹ ਪੂਰਬਕ ਸ਼ਮੂਲੀਅਤ ਕੀਤੀ। ਰੈਲੀ ਵਿੱਚ ਸ਼ਾਮਲ, ਰੋਹ ਨਾਲ ਭਰੇ-ਪੀਤੇ ਕਿਰਤੀਆਂ ਨੇ ਦੋਹੇਂ ਹੱਥ ਖੜ੍ਹੇ ਕਰਕੇ ਪਾਸ ਕੀਤੇ ਇੱਕ ਮਤੇ ਰਾਹੀਂ ਸਾਂਝੇ ਮਜ਼ਦੂਰ ਮੋਰਚੇ ਦੇ ਆਗੂਆਂ ਨੂੰ ਬਾਰ-ਬਾਰ ਸਮਾਂ ਦੇਕੇ ਮੀਟਿੰਗ ਵਿੱਚ ਆਉਣ ਤੋਂ ਟਾਲਾ ਵੱਟਣ ਦੀ ਮੁੱਖ ਮੰਤਰੀ ਭਗਵੰਤ ਮਾਨ ਦੀ ਕਿਰਤੀ ਵਿਰੋਧੀ ਪਹੁੰਚ ਅਤੇ ਦਲਿਤ ਵਿਰੋਧੀ ਮਾਨਸਿਕਤਾ ਦੀ ਜ਼ੋਰਦਾਰ ਨਿੰਦਾ ਕੀਤੀ। ਲੁੱਟ-ਚੋਂਘ, ਜਬਰ-ਵਿਤਕਰੇ ਦੇ ਖਾਤਮੇ ਅਤੇ ਮੋਦੀ ਤੇ ਮਾਨ ਸਰਕਾਰਾਂ ਦੀਆਂ ਗਰੀਬ ਮਾਰੂ- ਲੋਕ ਦੋਖੀ ਨੀਤੀਆਂ ਨੂੰ ਮੋੜਾ ਦੇਣ ਲਈ ਬੱਝਵੇਂ-ਵਿਸ਼ਾਲ ਘੋਲ ਵਿੱਢਣ ਦਾ ਹੋਕਾ ਦੇਣ ਲਈ ਸੱਦੀ ਇਸ ਰੈਲੀ ਨੂੰ ਸੰਬੋਧਨ ਕਰਨ ਲਈ ਸੂਬਾ ਪ੍ਰਧਾਨ ਦਰਸ਼ਨ ਨਾਹਰ ਅਤੇ ਜਨਰਲ ਸਕੱਤਰ ਗੁਰਨਾਮ ਸਿੰਘ ਦਾਊਦ ਉਚੇਚੇ ਪੁੱਜੇ।ਆਗੂਆਂ ਨੇ ਐਲਾਨ ਕੀਤਾ ਕਿ ਮਜ਼ਦੂਰਾਂ ਦੀਆਂ ਭਖਵੀਂਆਂ ਮੰਗਾਂ ਪੂਰੀਆਂ ਕਰਵਾਉਣ ਅਤੇ ਮੰਨੀਆਂ ਮੰਗਾਂ ਲਾਗੂ ਕਰਵਾਉਣ ਲਈ ਫਰਵਰੀ ਮਹੀਨੇ ’ਚ ’ਪੇਂਡੂ ’ਤੇ ਖੇਤ ਮਜ਼ਦੂਰ ਜਥੇਬੰਦੀਆਂ ਦੇ ਸਾਂਝੇ ਮੋਰਚੇ’ ਵਲੋਂ ਸੰਗਰੂਰ ਅਤੇ ਜਲੰਧਰ ਵਿਖੇ ਲਾਏ ਜਾ ਰਹੇ ਪੱਕੇ ਮੋਰਚਿਆਂ ਵਿੱਚ ਦਿਹਾਤੀ ਮਜ਼ਦੂਰ ਸਭਾ ਹਜ਼ਾਰਾਂ ਕਿਰਤੀਆਂ ਦੀ ਸ਼ਮੂਲੀਅਤ ਕਰਵਾਏਗੀ । ਆਗੂਆਂ ਨੇ ਬੱਝਵਾਂ ਰੁਜ਼ਗਾਰ ਜਾਂ ਬੇਰੁਜ਼ਗਾਰ ਭੱਤਾ ਦਿੱਤੇ ਜਾਣ, ਜਨਤਕ ਵੰਡ ਪ੍ਰਣਾਲੀ ਲਾਗੂ ਕਰਾਉਣ, ਗਰੀਬ ਵਸੋਂ ਨੂੰ ਇੱਕਸਾਰ-ਮਿਆਰੀ ਸਿੱਖਿਆ ਤੇ ਸਿਹਤ ਸਹੂਲਤਾਂ, ਬਿਜਲੀ ਅਤੇ ਰੋਗਾਣੂ ਰਹਿਤ ਪਾਣੀ ਸਰਕਾਰ ਵੱਲੋਂ ਮੁਫਤ ਦਿੱਤੇ ਜਾਣ, ਜਾਤੀ ਪਾਤੀ ਅਤੇ ਲਿੰਗਕ ਜ਼ੁਲਮ ਅਤੇ ਵਿਤਕਰੇ ਸਖ਼ਤੀ ਨਾਲ ਰੋਕੇ ਜਾਣ, ਬਿਨਾਂ ਨਾਗਾ 5 ਹਜ਼ਾਰ ਰੁਪਏ ਪ੍ਰਤੀ ਮਹੀਨਾ ਬੁਢਾਪਾ-ਵਿਧਵਾ, ਅੰਗਹੀਣ, ਆਸ਼ਿਰਤ ਪੈਨਸ਼ਨ ਦਿੱਤੇ ਜਾਣ, ਸਾਰੇ ਸਰਕਾਰੀ-ਗੈਰ ਸਰਕਾਰੀ ਅਤੇ ਫਾਈਨਾਂਸ ਕੰਪਨੀਆਂ ਦੇ ਕਰਜ਼ਿਆਂ ’ਤੇ ਲੀਕ ਮਾਰਨ ਆਦਿ ਮੰਗਾਂ ਲਈ ਆਰ-ਪਾਰ ਦੇ ਸੰਘਰਸ਼ਾਂ ਲਈ ਤਿਆਰ ਬਰ ਤਿਆਰ ਰਹਿਣ ਦਾ ਸੱਦਾ ਦਿੱਤਾ। ਹਰਜੀਤ ਸਿੰਘ ਮਦਰੱਸਾ ਸ਼੍ਰੀ ਮੁਕਤਸਰ ਸਾਹਿਬ, ਗੁਰਤੇਜ ਸਿੰਘ ਹਰੀਨੌ ਫਰੀਦਕੋਟ, ਗੁਰਮੇਜ਼ ਲਾਲ ਗੇਜੀ ਫਾਜ਼ਿਲਕਾ, ਭੋਲਾ ਸਿੰਘ ਕਲਾਲ ਮਾਜਰਾ ਬਰਨਾਲਾ, ਬਲਕਾਰ ਸਿੰਘ ਔਲਖ ਅਤੇ ਹੋਰਨਾਂ ਨੇ ਵੀ ਵਿਚਾਰ ਰੱਖੇ।
ਸਾਨੂੰ ਭਾਰਤੀ ਮਿਆਰਾਂ ਤਹਿਤ ਤਿਆਰ ਉਤਪਾਦ ਅਤੇ ਸਮੱਗਰੀ ਦੀ ਹੀ ਵਰਤੋਂ ਕਰਨੀ ਚਾਹੀਦੀ ਹੈ – ਡਿਪਟੀ ਕਮਿਸ਼ਨਰ
ਅਧਿਕਾਰੀਆਂ ਨੂੰ ਬਿਊਰੋ ਆਫ਼ ਇੰਡੀਅਨ ਸਟੈਂਡਰਡਜ਼ ਦੀਆਂ ਹਦਾਇਤਾਂ ਦੀ ਪਾਲਣਾ ਕਰਨ ਅਤੇ ਲੋਕਾਂ ਨੂੰ ਜਾਗਰੂਕ ਕਰਨ ਬਾਰੇ ਕਿਹਾ
ਮਿਆਰਾਂ ਬਾਰੇ ਜਾਣਕਾਰੀ ਲੈਣ ਲਈ ’ਬੀ ਆਈ ਐੱਸ ਕੇਅਰ ਐਪ ’ ਡਾਊਨਲੋਡ ਕਰਨ ਦੀ ਸਲਾਹ
ਬਿਊਰੋ ਆਫ਼ ਇੰਡੀਅਨ ਸਟੈਂਡਰਡਜ਼ ਵੱਲੋਂ ਜ਼ਿਲ੍ਹਾ ਪੱਧਰੀ ਜਾਗਰੂਕਤਾ ਮੀਟਿੰਗ ਦਾ ਆਯੋਜਨ
ਸੁਖਜਿੰਦਰ ਮਾਨ
ਬਠਿੰਡਾ, 30 ਦਸੰਬਰ : ਡਿਪਟੀ ਕਮਿਸ਼ਨਰ ਸ੍ਰੀ ਸ਼ੌਕਤ ਅਹਿਮਦ ਪਰੇ ਨੇ ਜ਼ਿਲ੍ਹਾ ਬਠਿੰਡਾ ਦੇ ਸਮੂਹ ਅਧਿਕਾਰੀਆਂ ਨੂੰ ਹਦਾਇਤ ਕੀਤੀ ਹੈ ਕਿ ਉਹ ਸਾਰੀਆਂ ਖਰੀਦਦਾਰੀਆਂ ਅਤੇ ਗਤੀਵਿਧੀਆਂ ਵਿੱਚ ਭਾਰਤੀ ਮਿਆਰਾਂ (9S9 ਮਾਰਕ ਕੀਤੇ ਉਤਪਾਦ ਆਦਿ) ਦੀ ਵਰਤੋਂ ਕਰਨ। ਉਨ੍ਹਾਂ ਅਧਿਕਾਰੀਆਂ ਨੂੰ ਇਸ ਸਬੰਧੀ ਬਿਊਰੋ ਆਫ਼ ਇੰਡੀਅਨ ਸਟੈਂਡਰਡਜ਼ (ਬੀ.ਆਈ.ਐਸ.) ਦੀਆਂ ਹਦਾਇਤਾਂ ਦੀ ਪਾਲਣਾ ਕਰਨ ਅਤੇ ਲੋਕਾਂ ਨੂੰ ਵੀ ਜਾਗਰੂਕ ਕਰਨ ਬਾਰੇ ਕਿਹਾ। ਡਿਪਟੀ ਕਮਿਸ਼ਨਰ ਅੱਜ ਇੱਥੇ ਬਿਊਰੋ ਆਫ਼ ਇੰਡੀਅਨ ਸਟੈਂਡਰਡਜ਼ ਦੇ ਖੇਤਰੀ ਦਫ਼ਤਰ ਚੰਡੀਗੜ੍ਹ ਵੱਲੋਂ ਆਯੋਜਿਤ ਕੀਤੀ ਗਈ ਜ਼ਿਲ੍ਹਾ ਪੱਧਰੀ ਜਾਗਰੂਕਤਾ ਮੀਟਿੰਗ ਦੀ ਪ੍ਰਧਾਨਗੀ ਕਰ ਰਹੇ ਸਨ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਹ ਜ਼ਰੂਰੀ ਹੈ ਕਿ ਸਰਕਾਰੀ ਪ੍ਰੋਗਰਾਮਾਂ ਅਤੇ ਸਕੀਮਾਂ ਨੂੰ ਲਾਗੂ ਕਰਨ ਵਾਲੇ ਸਰਕਾਰੀ ਅਧਿਕਾਰੀ ਭਾਰਤੀ ਮਿਆਰਾਂ ਤੋਂ ਜਾਣੂ ਹੋਣ। ਇਹ ਉਨ੍ਹਾਂ ਨੂੰ ਪ੍ਰੋਗਰਾਮਾਂ ਅਤੇ ਸਕੀਮਾਂ ਦੇ ਅਮਲ ਵਿੱਚ ਗੁਣਾਤਮਕ ਸੁਧਾਰ ਲਈ ਵਰਤੇ ਜਾਣ ਵਾਲੇ ਉਤਪਾਦਾਂ ਅਤੇ ਪ੍ਰਕਿਰਿਆਵਾਂ ਨੂੰ ਸਮਝਣ ਵਿੱਚ ਮਦਦ ਕਰੇਗਾ। ਉਦਾਹਰਨ ਲਈ, ਜੇਕਰ ਕੋਈ ਇਮਾਰਤ ਉਸਾਰੀ ਕੰਮ ਸ਼ੁਰੂ ਕੀਤਾ ਜਾਂਦਾ ਹੈ, ਤਾਂ ਸਬੰਧਤ ਅਧਿਕਾਰੀਆਂ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਸੀਮਿੰਟ ਲਈ ਭਾਰਤੀ ਮਾਪਦੰਡ ਕਿਹੜੇ ਹਨ। ਇੱਟਾਂ, ਸਟੀਲ ਦੀਆਂ ਬਾਰਾਂ, ਕੰਕਰੀਟ ਮਿਸ਼ਰਣ ਆਦਿ ਅਤੇ ਇਹ ਯਕੀਨੀ ਬਣਾਉਣਾ ਕਿ ਉਹ ਉਤਪਾਦ ਜੋ ਸਿਰਫ਼ ਉਸਾਰੀ ਲਈ ਵਰਤੇ ਜਾਂਦੇ ਭਾਰਤੀ ਮਿਆਰਾਂ ਦੀ ਪਾਲਣਾ ਕਰਦੇ ਹਨ।
ਇਸ ਦੌਰਾਨ ਜਾਣਕਾਰੀ ਦਿੰਦਿਆਂ ਡਾਇਰੈਕਟਰ ਬਿਊਰੋ ਆਫ਼ ਇੰਡੀਅਨ ਸਟੈਂਡਰਡਜ਼ ਖੇਤਰੀ ਦਫ਼ਤਰ ਚੰਡੀਗੜ੍ਹ ਸ੍ਰੀ ਦੀਪਕ ਅਗਰਵਾਲ ਨੇ ਦੱਸਿਆ ਕਿ ਬੀ.ਆਈ.ਐਸ. ਇੱਕ ਰਾਸ਼ਟਰੀ ਮਿਆਰ ਸੰਸਥਾ ਹੈ ਜੋ ਬਿਊਰੋ ਆਫ਼ ਇੰਡੀਅਨ ਸਟੈਂਡਰਡਜ਼ ਐਕਟ, 2016 ਦੇ ਤਹਿਤ ਉਤਪਾਦਾਂ ਲਈ ਭਾਰਤੀ ਮਾਪਦੰਡਾਂ ਨੂੰ ਤਿਆਰ ਕਰਨ ਲਈ ਲਾਜ਼ਮੀ ਹੈ। ਇਹ ਅਰਥਵਿਵਸਥਾ ਦੇ ਵੱਖ-ਵੱਖ ਸੈਕਟਰਾਂ ਨੂੰ ਕਵਰ ਕਰਨ ਵਾਲੀਆਂ ਪ੍ਰਕਿਰਿਆਵਾਂ ਅਤੇ ਸੇਵਾਵਾਂ, ਅਤੇ ਰਾਸ਼ਟਰੀ ਮਿਆਰਾਂ ਨੂੰ ਲਾਗੂ ਕਰਨ ਦੀ ਨਿਗਰਾਨੀ ਕਰਨ ਲਈ ਅਨੁਕੂਲਤਾ ਮੁਲਾਂਕਣ ਯੋਜਨਾਵਾਂ, ਜਿਸ ਵਿੱਚ ਪ੍ਰਮਾਣੀਕਰਨ ਅਤੇ ਫੈਕਟਰੀ ਅਤੇ ਮਾਰਕੀਟ ਨਿਗਰਾਨੀ ਸ਼ਾਮਲ ਹੁੰਦੀ ਹੈ, ਤਿਆਰ ਕਰਨ ਅਤੇ ਲਾਗੂ ਕਰਨ ਲਈ ਵੀ ਜ਼ਿੰਮੇਵਾਰ ਹੈ। ਉਹਨਾਂ ਕਿਹਾ ਕਿ ਬਿਊਰੋ ਆਫ਼ ਇੰਡੀਅਨ ਸਟੈਂਡਰਡਜ਼ ਨੇ 20,000 ਤੋਂ ਵੱਧ ਭਾਰਤੀ ਮਿਆਰ ਵਿਕਸਿਤ ਕੀਤੇ ਹਨ ਜਿਨ੍ਹਾਂ ਵਿੱਚੋਂ ਲਗਭਗ 50 ਫੀਸਦੀ ਉਤਪਾਦਾਂ ਨਾਲ ਸਬੰਧਤ ਹਨ। ਟੈਸਟ ਦੇ ਤਰੀਕਿਆਂ, ਅਭਿਆਸਾਂ ਦੇ ਕੋਡ ਆਦਿ ਲਈ, ਬੀ ਆਈ ਐੱਸ ਨੇ ਈ-ਬੀ ਆਈ ਐੱਸ, ਅਤੇ ਏਕੀਕ੍ਰਿਤ ਪੋਰਟਲ (www.manakonline.in) ਅਤੇ ਬੀ ਆਈ ਐੱਸ ਕੇਅਰ ਮੋਬਾਈਲ ਐਪ ਵਿਕਸਿਤ ਕੀਤਾ ਹੈ। ਉਪਭੋਗਤਾ ਕਿਸੇ ਵੀ ਉਤਪਾਦ ਦੀ ਗੁਣਵੱਤਾ ਅਤੇ ਮਿਆਰ ਨੂੰ ਚੈੱਕ ਕਰਨ ਲਈ ਉਕਤ ਪੋਰਟਲ ਅਤੇ ਐਪ ਦੀ ਵਰਤੋਂ ਕਰ ਸਕਦਾ ਹੈ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ੍ਰੀ ਰੁਪਿੰਦਰਪਾਲ ਸਿੰਘ, ਉਪ ਮੰਡਲ ਮੈਜਿਸਟਰੇਟ ਰਾਮਪੁਰਾ ਫੂਲ ਸ੍ਰੀ ਓਮ ਪ੍ਰਕਾਸ਼, ਉਪ ਮੰਡਲ ਮੈਜਿਸਟਰੇਟ ਤਲਵੰਡੀ ਸਾਬੋ ਸ੍ਰੀ ਗਗਨਦੀਪ ਸਿੰਘ, ਡੀਐਸਪੀ ਹੈਡਕੁਆਰਟਰ ਸ਼੍ਰੀ ਗੁਰਦੀਪ ਸਿੰਘ ਸੈਣੀ, ਤਹਿਸੀਲਦਾਰ ਮੌੜ ਸ਼੍ਰੀਮਤੀ ਤਨਵੀਰ ਕੌਰ ਸੰਧੂ, ਸਾਇੰਸਿਸਟ ਸ੍ਰੀ ਸਚਿਨ ਦੇਵ ਮੀਨਾ, ਸਟੈਂਡਰਡ ਪ੍ਰਮੋਸ਼ਨ ਅਫ਼ਸਰ ਸ੍ਰੀ ਵਿਕਸਿਤ ਕੁਮਾਰ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਤੇ ਉਨ੍ਹਾਂ ਦੇ ਨੁਮਾਇੰਦੇ ਹਾਜ਼ਰ ਸਨ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਦਮਾ, ਮਾਂ ਦਾ ਹੋਇਆ ਦਿਹਾਂਤ
ਹਾਲ ਵਿਚ ਹੀ ਮੋਦੀ ਨੇ ਮਾਂ ਨਾਲ ਉਨ੍ਹਾਂ ਦਾ ਮਨਾਇਆ ਸੀ 100ਵਾਂ ਜਨਮ ਦਿਨ
ਪੰਜਾਬੀ ਖ਼ਬਰਸਾਰ ਬਿਉਰੋ
ਨਵੀਂ ਦਿੱਲੀ, 30 ਦਸੰਬਰ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਮਾਤਾ ਜੀ ਹੀਰਾ ਬਾ ਮੋਦੀ ਦਾ ਅੱਜ ਸਵੇਰੇ ਦਿਹਾਂਤ ਹੋ ਗਿਆ।ਉਹ ਪਿਛਲੇ ਕੁਝ ਦਿਨਾਂ ਤੋਂ ਬੀਮਾਰ ਚੱਲ ਰਹੇ ਸਨ ਅਤੇ ਉਨ੍ਹਾਂ ਨੂੰ ਅਹਿਮਦਾਬਾਦ ਵਿਚ ਦਾਖ਼ਲ ਕਰਵਾਇਆ ਗਿਆ ਸੀ ਜਿੱਥੇ ਅੱਜ ਸਵੇਰੇ ਕਰੀਬ ਸਾਢੇ ਤਿੰਨ ਵਜੇ ਅੰਤਿਮ ਸਾਹ ਲਿਆ। ਉਨ੍ਹਾਂ ਹਾਲੇ ਕੁਝ ਦਿਨ ਪਹਿਲਾਂ ਹੀ ਆਪਣਾ ਜਨਮ ਦਿਨ ਮਨਾਇਆ ਸੀ ਅਤੇ ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਵਿਸ਼ੇਸ਼ ਤੌਰ ਤੇ ਪੁੱਜੇ ਸਨ। ਇਸ ਮੌਕੇ ਉਨ੍ਹਾਂ ਨੂੰ ਵਧੀਆ ਢੰਗ ਨਾਲ ਕੰਮ ਕਰਨ ਲਈ ਆਸ਼ੀਰਵਾਦ ਦਿੱਤਾ ਸੀ। ਉਧਰ ਪ੍ਰਧਾਨ ਮੰਤਰੀ ਸ੍ਰੀ ਮੋਦੀ ਨਾਲ ਦੇਸ ਦੇ ਆਗੂਆਂ ਅਤੇ ਵੱਖ ਵੱਖ ਸੂਬਿਆਂ ਦੇ ਮੁੱਖ ਮੰਤਰੀਆਂ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਧਰ ਮਾਤਾ ਜੀ ਦੇ ਦਿਹਾਂਤ ਦੀ ਸੂਚਨਾ ਮਿਲਦੇ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਹਿਮਦਾਬਾਦ ਪੁੱਜੇ ਜਿੱਥੇ ਸਰਧਾਂਜਲੀ ਦੇਣ ਤੋਂ ਬਾਅਦ ਉਨ੍ਹਾਂ ਦੀ ਅੰਤਿਮ ਯਾਤਰਾ ਸ਼ੁਰੂ ਕੀਤੀ ਗਈ।
ਕੁਲਵੰਤ ਸਿੰਘ ਮਨੇਸ ਬਣੇ ਪਨਬਸ ਪੀ ਆਰ ਟੀ ਸੀ ਕੰਟਰੈਕਟ ਵਰਕਰ ਯੂਨੀਅਨ ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ
ਰੇਸ਼ਮ ਸਿੰਘ ਗਿੱਲ ਨੂੰ ਸੂਬਾ ਪ੍ਰਧਾਨ ਅਤੇ ਸ਼ਮਸ਼ੇਰ ਸਿੰਘ ਢਿੱਲੋਂ ਨੂੰ ਜਰਨਲ ਸਕੱਤਰ ਚੁਣਿਆ
ਪੰਜਾਬੀ ਖ਼ਬਰਸਾਰ ਬਿਉਰੋ
ਜਲੰਧਰ,30 ਦਸੰਬਰ: ਪਨਬਸ ਪੀ ਆਰ ਟੀ ਸੀ ਕੰਟਰੈਕਟ ਵਰਕਰ ਯੂਨੀਅਨ ਪੰਜਾਬ ਦੀ ਸੂਬਾ ਪੱਧਰੀ ਮੀਟਿੰਗ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਸੂਬਾ ਸਰਪ੍ਰਸਤ ਕਮਲ ਕੁਮਾਰ ਦੀ ਅਗਵਾਈ ਹੇਠ ਹੋਈ।ਇਸ ਮੌਕੇ ਜਥੇਬੰਦੀ ਦੇ ਆਗੂਆਂ ਦੀ ਹੋਈ ਚੋਣ ਵਿਚ ਰੇਸ਼ਮ ਸਿੰਘ ਗਿੱਲ ਨੂੰ ਸੂਬਾ ਪ੍ਰਧਾਨ ਅਤੇ ਸ਼ਮਸ਼ੇਰ ਸਿੰਘ ਢਿੱਲੋਂ ਨੂੰ ਜਰਨਲ ਸਕੱਤਰ ਚੁਣਿਆ ਗਿਆ।ਹੋਈ।ਇਸੇ ਤਰ੍ਹਾਂ ਸਰਬ ਸਮਤੀ ਨਾਲ ਕੁਲਵੰਤ ਸਿੰਘ ਮਨੇਸ ਨੂੰ ਪੰਜਾਬ ਦਾ ਸੀਨੀਅਰ ਮੀਤ ਪ੍ਰਧਾਨ ਚੁਣਿਆ ਗਿਆ। ਇਸ ਸਮੇਂ ਵੱਖ ਵੱਖ ਡਿੱਪੂਆਂ ਤੋਂ ਆਏ ਆਗੂਆਂ ਨੂੰ ਬਣਦੇ ਅਹੁਦੇ ਦੇ ਕੇ ਨਵਾਜਿਆ ਗਿਆ ਅਤੇ ਜਥੇਬੰਦੀ ਪ੍ਰਤੀ ਦ੍ਰਿੜਤਾ ਨਾਲ ਕੰਮ ਕਰਨ ਲਈ ਪ੍ਰੇਰਿਤ ਕੀਤਾ ਗਿਆ। ਇਸ ਮੌਕੇ ਬੋਲਦਿਆਂ ਜਥੇਬੰਦੀ ਦੇ ਸੰਸਥਾਪਕ ਕਮਲ ਕੁਮਾਰ ਨੇ ਸਰਕਾਰ ਨੂੰ ਕਰੜੇ ਹੱਥੀਂ ਲੈਂਦਿਆਂ ਕਿਹਾ ਕਿ ਜੇਕਰ ਆਉਣ ਵਾਲੇ ਸਮੇਂ ਵਿੱਚ ਸਰਕਾਰ ਨੇ ਜਥੇਬੰਦੀ ਦੇ ਮਸਲੇ ਹੱਲ ਨਾ ਕੀਤੇ ਤਾਂ ਆਪ ਸਰਕਾਰ ਖਿਲਾਫ਼ ਵੱਡੇ ਪੱਧਰ ਤੇ ਸੰਘਰਸ਼ ਕਰਕੇ ਸਰਕਾਰ ਦਾ ਅਸਲੀ ਚਿਹਰਾ ਬੇਨਕਾਬ ਕਰਕੇ ਆਮ ਜਨਤਾ ਨੂੰ ਜਾਗਰੂਪ ਕੀਤਾ ਜਾਵੇਗਾ ਕਿ ਇਹ ਸਰਕਾਰ ਪਹਿਲੀਆਂ ਸਰਕਾਰਾਂ ਵਾਂਗ ਲਾਰੇ ਲੱਪੇ ਹੀ ਲਾ ਰਹੀ ਹੈ ਤੇ ਕਿਸੇ ਵੀ ਕੱਚੇ ਮੁਲਾਜ਼ਮ ਦਾ ਕੋਈ ਵੀ ਮਸਲਾ ਹੱਲ ਨਹੀਂ ਕਰ ਰਹੀ।
ਮੁੱਖ ਮੰਤਰੀ ਵੱਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੀ ਵਧਾਈ
ਲੋਕਾਂ ਨੂੰ ਦਸਵੇਂ ਪਾਤਸ਼ਾਹ ਵੱਲੋਂ ਦਰਸਾਏ ਮਾਰਗ ‘ਤੇ ਚੱਲਣ ਲਈ ਪ੍ਰੇਰਿਤ ਕੀਤਾ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 29 ਦਸੰਬਰ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਮੌਕੇ ਭਾਰਤ ਅਤੇ ਦੁਨੀਆ ਭਰ ਵਿੱਚ ਵਸਦੇ ਪੰਜਾਬੀਆਂ ਨੂੰ ਵਧਾਈ ਦਿੱਤੀ।ਸਿੱਖਾਂ ਦੇ ਦਸਵੇਂ ਗੁਰੂ ਅਤੇ ‘ਖਾਲਸਾ ਪੰਥ’ ਦੇ ਬਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ‘ਤੇ ਸੰਦੇਸ਼ ਵਿਚ ਮੁੱਖ ਮੰਤਰੀ ਨੇ ਕਿਹਾ ਕਿ ਗੁਰੂ ਸਾਹਿਬ ਨੇ ਆਪਣੇ ਜੀਵਨ ਕਾਲ ਦੌਰਾਨ ਪਿਆਰ, ਇਕਜੁੱਟਤਾ ਅਤੇ ਸਰਬ-ਸਾਂਝੀਵਾਲਤਾ ਦਾ ਸੁਨੇਹਾ ਦਿੱਤਾ। ਭਗਵੰਤ ਮਾਨ ਨੇ ਕਿਹਾ ਕਿ ਗੁਰੂ ਸਾਹਿਬ ਨੇ 1699 ਵਿੱਚ ਖਾਲਸਾ ਪੰਥ ਦੀ ਸਾਜਨਾ ਕਰਕੇ ਨਿਆਂ, ਬਰਾਬਰੀ, ਸਮਾਜਿਕ ਭਲਾਈ ਅਤੇ ਮਨੁੱਖੀ ਅਧਿਕਾਰਾਂ ਦੀ ਰਾਖੀ ਦੇ ਟੀਚਿਆਂ ਦੀ ਪ੍ਰਾਪਤੀ ਲਈ ਖੁਦ ਨੂੰ ਕੁਰਬਾਨ ਕਰਨ ਲਈ ਸਦਾ ਤਿਆਰ ਰਹਿਣ ਵਾਲੀ ਕੌਮ ਤਿਆਰ ਕੀਤੀ।ਉਨ੍ਹਾਂ ਨੇ ਲੋਕਾਂ ਨੂੰ ਸ੍ਰੀ ਅਨੰਦਪੁਰ ਸਾਹਿਬ ਵਿਖੇ ਖਾਲਸਾ ਪੰਥ ਦੀ ਸਾਜਨਾ ਕਰਨ ਵਾਲੇ ਮਹਾਨ “ਸੰਤ ਸਿਪਾਹੀ” ਦੀਆਂ ਸਿੱਖਿਆਵਾਂ ਅਤੇ ਅਮੀਰ ਵਿਰਾਸਤ ‘ਤੇ ਚੱਲਣ ਲਈ ਪ੍ਰੇਰਿਤ ਕੀਤਾ।ਮੁੱਖ ਮੰਤਰੀ ਨੇ ਲੋਕਾਂ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਵੱਲੋਂ ਦਰਸਾਏ ਮਾਰਗ ‘ਤੇ ਚੱਲਦਿਆਂ ਆਦਰਸ਼ ਅਤੇ ਬਰਾਬਰੀ ਵਾਲੇ ਸਮਾਜ ਦੀ ਸਿਰਜਣਾ ਲਈ ਇਕਜੁੱਟ ਹੋ ਕੇ ਸੰਘਰਸ਼ ਕਰਨ ਦਾ ਸੱਦਾ ਦਿੱਤਾ। ਭਗਵੰਤ ਮਾਨ ਨੇ ਲੋਕਾਂ ਨੂੰ ਧਰਮ ਨਿਰਪੱਖਤਾ ਦੀਆਂ ਸਦੀਆਂ ਪੁਰਾਣੀਆਂ ਪਰੰਪਰਾਵਾਂ ਨੂੰ ਬਰਕਰਾਰ ਰੱਖਣ ਦੇ ਨਾਲ-ਨਾਲ ਮਨੁੱਖੀ ਅਧਿਕਾਰਾਂ ਦੀ ਰਾਖੀ ਅਤੇ ਧਾਰਮਿਕ ਆਜ਼ਾਦੀ ਨੂੰ ਯਕੀਨੀ ਬਣਾਉਣ ਲਈ ਗੁਰੂ ਜੀ ਦੇ ਬੇਮਿਸਾਲ ਯੋਗਦਾਨ ਨੂੰ ਯਾਦ ਕਰਵਾਇਆ, ਜਿਸ ਲਈ ਉਨ੍ਹਾਂ ਨੇ ਆਪਣੇ ਪਰਿਵਾਰ ਸਮੇਤ ਸਭ ਕੁਝ ਕੁਰਬਾਨ ਕਰ ਦਿੱਤਾ। ਉਨ੍ਹਾਂ ਨੇ ਲੋਕਾਂ ਨੂੰ ਜਾਤ-ਪਾਤ, ਰੰਗ, ਨਸਲ ਦੇ ਭੇਦਭਾਵ ਤੋਂ ਉਪਰ ਉਠ ਕੇ ਇਹ ਪਵਿੱਤਰ ਦਿਹਾੜਾ ਮਨਾਉਣ ਲਈ ਕਿਹਾ।





