ਲੋਕਾਂ ਨੂੰ ਡਰਨ ਦੀ ਕੋਈ ਲੋੜ ਨਹੀਂ :ਪੰਜਾਬ ਵਿੱਚ ਅਜੇ ਤੱਕ ਕੋਵਿਡ ਦੇ ਨਵੇਂ ਸਰੂਪ ਦਾ ਕੋਈ ਕੇਸ ਨਹੀਂ:ਚੇਤਨ ਸਿੰਘ ਜੌੜਾਮਾਜਰਾ
ਸਿਹਤ ਮੰਤਰੀ ਨੇ ਲੋਕਾਂ ਨੂੰ ਮਾਸਕ ਪਹਿਨਣ ਅਤੇ ਵਾਰ-ਵਾਰ ਹੱਥ ਧੋਣ ਦੀ ਕੀਤੀ ਅਪੀਲ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ: 27 ਦਸੰਬਰ: ਚੀਨ ਅਤੇ ਵਿਸ਼ਵ ਦੇ ਹੋਰ ਹਿੱਸਿਆਂ ਵਿੱਚ ਵੱਧ ਰਹੇ ਕੋਵਿਡ ਕੇਸਾਂ ਦਰਮਿਆਨ ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਸ੍ਰੀ ਚੇਤਨ ਸਿੰਘ ਜੌੜਾਮਾਜਰਾ ਨੇ ਅੱਜ ਜ਼ਿਲ੍ਹਾ ਹਸਪਤਾਲ ਮੋਹਾਲੀ ਵਿਖੇ ਕਰਵਾਈ ਗਈ ਮੌਕ ਡਰਿੱਲ ਦਾ ਜਾਇਜ਼ਾ ਲਿਆ। ਸਿਹਤ ਮੰਤਰੀ ਨੇ ਹਸਪਤਾਲ ਵਿੱਚ 120 ਬਿਸਤਰਿਆਂ ਵਾਲੇ ਵਿਸ਼ੇਸ਼ ਕੋਵਿਡ ਆਈਸੋਲੇਸ਼ਨ ਵਾਰਡ ਦਾ ਦੌਰਾ ਕੀਤਾ ਅਤੇ ਆਕਸੀਜਨ, ਵੈਂਟੀਲੇਟਰਾਂ, ਸਿਹਤ ਸਟਾਫ਼, ਕੋਵਿਡ ਟੀਕਾਕਰਨ ਸਮੇਤ ਜ਼ਰੂਰੀ ਦਵਾਈਆਂ ਅਤੇ ਹੋਰ ਕੋਵਿਡ ਸਹੂਲਤਾਂ ਦੀ ਉਪਲਬਧਤਾ ਬਾਰੇ ਜਾਣਕਾਰੀ ਲਈ। ਉਨ੍ਹਾਂ ਨੇ ਆਈਸੋਲੇਸ਼ਨ ਵਾਰਡ ਵਿੱਚ ਸਫ਼ਾਈ ਦਾ ਵਿਸ਼ੇਸ਼ ਮੁਆਇਨਾ ਕੀਤਾ ਅਤੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਕੋਵਿਡ ਦੇ ਮਰੀਜ਼ਾਂ ਨੂੰ ਬਿਹਤਰ ਅਤੇ ਮਿਆਰੀ ਸਹੂਲਤਾਂ ਪ੍ਰਦਾਨ ਕਰਨ ਵਿੱਚ ਕੋਈ ਕਸਰ ਬਾਕੀ ਨਾ ਛੱਡੀ ਜਾਵੇ। ਜ਼ਿਕਰਯੋਗ ਹੈ ਕਿ ਚੀਨ ਸਮੇਤ ਕੁਝ ਦੇਸ਼ਾਂ ’ਚ ਕੋਵਿਡ ਪਾਜ਼ਿਟਿਵ ਮਾਮਲਿਆਂ ’ਚ ਤੇਜ਼ੀ ਨਾਲ ਵਾਧੇ ਦੇ ਮੱਦੇਨਜ਼ਰ ਕੇਂਦਰ ਸਰਕਾਰ ਨੇ 27 ਦਸੰਬਰ ਨੂੰ ਰਾਜਾਂ ਨੂੰ ਸਿਹਤ ਸੰਸਥਾਵਾਂ ’ਚ ਮੌਕ ਡਰਿੱਲ ਕਰਨ ਦੇ ਨਿਰਦੇਸ਼ ਦਿੱਤੇ ਸਨ। ਇਸ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜੌੜਾਮਾਜਰਾ ਨੇ ਕਿਹਾ ਕਿ ਕਿਸੇ ਵੀ ਹੰਗਾਮੀ ਸਥਿਤੀ ਨਾਲ ਨਜਿੱਠਣ ਲਈ ਸੂਬੇ ਦੀਆਂ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਪੁਖਤਾ ਪ੍ਰਬੰਧ ਅਤੇ ਪੂਰੀ ਤਿਆਰੀ ਹੈ। ਮੰਤਰੀ ਨੇ ਕਿਹਾ, ’’ਲੋਕਾਂ ਨੂੰ ਘਬਰਾਉਣ ਦੀ ਲੋੜ ਨਹੀਂ ਕਿਉਂਕਿ ਸੂਬੇ ਵਿੱਚ ਕੋਵਿਡ ਦੇ ਕੁੱਲ 38 ਐਕਟਿਵ ਕੇਸ ਹਨ ਅਤੇ ਕੋਵਿਡ ਦੇ ਨਵੇਂ ਰੂਪ ਦਾ ਕੋਈ ਕੇਸ ਨਹੀਂ ਹੈ।’’ ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਭਰ ਦੇ ਸਰਕਾਰੀ ਹਸਪਤਾਲਾਂ ਵਿੱਚ ਲਗਭਗ 15 ਹਜ਼ਾਰ ਬੈੱਡ ਤਿਆਰ ਹਨ। ਇਸ ਵਿੱਚ ਲੈਵਲ 3 ਦੇ 1000 ਬੈੱਡ ਅਤੇ 1000 ਦੇ ਕਰੀਬ ਵੈਂਟੀਲੇਟਰਾਂ ਦਾ ਪ੍ਰਬੰਧ ਹੈ।ਉਨ੍ਹਾਂ ਕਿਹਾ ਕਿ ਸੂਬੇ ਵਿੱਚ ਆਕਸੀਜਨ ਪਲਾਂਟ ਕਾਫੀ ਗਿਣਤੀ ਵਿੱਚ ਹਨ ਅਤੇ ਇਨ੍ਹਾਂ ਨੂੰ ਚਲਾ ਕੇ ਟੈਸਟ ਵੀ ਕੀਤਾ ਗਿਆ ਹੈ।ਇਕ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਸਰਕਾਰ ਰਾਜ ਵਿੱਚ ਕੋਵਿਡ ਨਾਲ ਸਬੰਧਤ ਕੋਈ ਪਾਬੰਦੀਆਂ ਲਗਾਉਣ ਜਾਂ ਮਾਸਕ ਪਹਿਨਣ ਨੂੰ ਲਾਜ਼ਮੀ ਬਣਾਉਣ ਦੀ ਅਜੇ ਕੋਈ ਯੋਜਨਾ ਨਹੀਂ ਹੈ। ਵਰਤਮਾਨ ਵਿੱਚ, ਲੋਕਾਂ ਨੂੰ ਇਸ ਘਾਤਕ ਬਿਮਾਰੀ ਤੋਂ ਬਚਣ ਲਈ ਮਾਸਕ ਪਹਿਨਣ ਅਤੇ ਵਾਰ-ਵਾਰ ਹੱਥ ਧੋਣ ਦੀ ਸਲਾਹ ਦਿੱਤੀ ਜਾ ਰਹੀ ਹੈ। ਇਸ ਮੌਕੇ ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਡਾ: ਰਣਜੀਤ ਸਿੰਘ ਘੋਤੜਾ, ਸਿਵਲ ਸਰਜਨ ਡਾ: ਆਦਰਸ਼ਪਾਲ ਕੌਰ, ਮੈਡੀਕਲ ਕਾਲਜ ਪਿੰਸੀਪਲ ਡਾ: ਭਵਨੀਤ ਭਾਰਤੀ, ਐੱਸਐੱਮਓ ਡਾ: ਵਿਜੇ ਭਗਤ, ਕੋਵਿਡ ਨੋਡਲ ਅਫ਼ਸਰ ਡਾ: ਹਰਮਨਦੀਪ ਕੌਰ, ਡਾ: ਪਰਮਿੰਦਰ ਸਿੰਘ, ਡਾ. ਰਾਜਵੀਰ ਸਿੰਘ ਆਦਿ ਹਾਜ਼ਰ ਸਨ।
ਪੰਜਾਬ ਕਿਸੇ ਵੀ ਕੋਵਿਡ ਐਮਰਜੈਂਸੀ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ: ਸਿਹਤ ਮੰਤਰੀ
ਪੰਜਾਬ ਵਿਧਾਨ ਸਭਾ ਸਪੀਕਰ ਦਾ ਸ. ਜੋਗਾ ਸਿੰਘ ਕਲਿਆਣ ਅਵਾਰਡ ਨਾਲ ਸਨਮਾਨ
ਸ. ਸੰਧਵਾਂ ਨੇ ਵਿਦਿਆਰਥੀ ਜੀਵਨ ਦੌਰਾਨ ਬਿਦਰ ਕਾਲਜ ਦੀਆਂ ਯਾਦਾਂ ਤਾਜਾ ਕੀਤੀਆਂ
ਪੰਜਾਬੀ ਖ਼ਬਰਸਾਰ ਬਿਉਰੋ
ਬਿਦਰ , 27 ਦਸੰਬਰ: ਗੁਰੂ ਨਾਨਕ ਦੇਵ ਇੰਜੀਨੀਰਿੰਗ ਕਾਲਜ ਬਿਦਰ ਦੇ ਇੱਕ ਸਮਾਹੋਰ ਦੌਰਾਨ ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਦਾ ਸ. ਜੋਗਾ ਸਿੰਘ ਜੀ ਕਲਿਆਣ ਅਵਾਰਡ ਨਾਲ ਸਨਮਾਨ ਕੀਤਾ ਗਿਆ। ਪੰਜਾਬ ਵਿਧਾਨ ਸਭਾ ਦੇ ਇਕ ਬੁਲਾਰੇ ਅਨੁਸਾਰ ਇਹ ਅਵਾਰਡ ਬੀਤੀ ਸ਼ਾਮ ਕਰਨਾਟਿਕਾ ਦੇ ਰਾਜਪਾਲ ਸ੍ਰੀ ਥੀਵਰ ਚੰਦ ਗਹਿਲੋਤ ਨੇ ਇੱਕ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਸ. ਸੰਧਵਾਂ ਨੂੰ ਦਿੱਤਾ। ਸ. ਸੰਧਵਾਂ ਨੇ ਇੰਜੀਨੀਰਿੰਗ ਦੀ ਪੜ੍ਹਾਈ ਇਸੇ ਕਾਲਜ ਤੋਂ ਕੀਤੀ ਹੈ ਅਤੇ ਇਹ ਅਵਾਰਡ ਗੁਰੂ ਨਾਨਕ ਦੇਵ ਇੰਜੀਨੀਰਿੰਗ ਕਾਲਜ ਬਿਦਰ ਦੇ ਪ੍ਰਮੁੱਖ ਅਲੂਮਨੀ ਨੂੰ ਦਿੱਤਾ ਜਾਂਦਾ ਹੈ। ਸ੍ਰੀ ਗੁਰੂ ਨਾਨਕ ਝੀਰਾ ਸਾਹਿਬ ਫਾਉਂਡੇਸ਼ਨ ਬਿਦਰ ਵਲੋਂ ਕਾਲਜ ਕੈਂਪਸ ਵਿੱਚ ਆਯੋਜਿਤ ਕਰਵਾਏ ਗਏ ਇਸ ਸਮਾਰੋਹ ਦੌਰਾਨ ਸ੍ਰੀ ਗਹਿਲੋਤ ਨੇ ਸ. ਸੰਧਵਾਂ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕੀਤਾ। ਇਸ ਮੌਕੇ ਸ. ਸੰਧਵਾਂ ਨੇ ਆਪਣੇ ਵਿਦਿਆਰਥੀ ਜੀਵਨ ਦੀਆਂ ਯਾਦਾਂ ਤਾਜਾ ਕੀਤੀਆਂ ਅਤੇ ਫਾਉਂਡੇਸ਼ਨ ਦੇ ਪ੍ਰਬੰਧਕਾਂ ਦਾ ਧੰਨਵਾਦ ਕੀਤਾ। ਗੌਰਤਲਬ ਹੈ ਕਿ ਸ: ਸੰਧਵਾਂ ਇਸ ਸਮੇਂ ਦੱਖਣੀ ਭਾਰਤ ਦੇ ਸੂਬਿਆਂ ਦੇ ਦੌਰੇ ’ਤੇ ਗਏ ਹੋਏ ਹਨ। ਇਸ ਤੋਂ ਪਹਿਲਾਂ ਸ. ਸੰਧਵਾਂ ਤਖਤ ਸ੍ਰੀ ਹਜ਼ੂਰ ਸਾਹਿਬ ਵਿਖੇ ਨਤਮਸਤਕ ਹੋਏ ਜਿੱਥੇ ਮੁੱਖ ਜਥੇਦਾਰ ਸ. ਕੁਲਵੰਤ ਸਿੰਘ ਨੇ ਉਨ੍ਹਾਂ ਦਾ ਸਵਾਗਤ ਕੀਤਾ।
ਡਾਟਾ ਮਾਈਨਿੰਗ ਵਿੰਗ ਨੇ ਵਿੱਤੀ ਸਾਲ 2021-22 ਦੇ ਮੁਕਾਬਲੇ 3 ਗੁਣਾ ਮਾਲੀਆ ਵਸੂਲਿਆ – ਹਰਪਾਲ ਸਿੰਘ ਚੀਮਾ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 27 ਦਸੰਬਰ: ਪੰਜਾਬ ਦੇ ਵਿੱਤ, ਯੋਜਨਾ, ਆਬਕਾਰੀ ਅਤੇ ਕਰ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਅੱਜ ਇਥੇ ਦੱਸਿਆ ਕਿ ਆਬਕਾਰੀ ਅਤੇ ਕਰ ਵਿਭਾਗ ਨੇ ਡਾਟਾ ਮਾਈਨਿੰਗ ਵਿੰਗ ਦੁਆਰਾ ਤਿਆਰ ਕੀਤੀਆਂ ਰਿਪੋਰਟਾਂ ਦੇ ਆਧਾਰ ’ਤੇ ਚਾਲੂ ਵਿੱਤੀ ਸਾਲ ਦੌਰਾਨ ਨਵੰਬਰ ਮਹੀਨੇ ਤੱਕ 1252.36 ਕਰੋੜ ਰੁਪਏ ਦਾ ਮਾਲੀਆ ਇਕੱਠਾ ਕੀਤਾ, ਜੋ ਵਿੱਤੀ ਸਾਲ 2021-22 ਦੀ ਇਸੇ ਮਿਆਦ ਦੌਰਾਨ ਇਕੱਠੇ ਕੀਤੇ ਗਏ 422.09 ਕਰੋੜ ਰੁਪਏ ਦੇ ਮੁਕਾਬਲੇ ਲਗਭਗ ਤਿੰਨ ਗੁਣਾ ਹੈ। ਇਥੇ ਜਾਰੀ ਇੱਕ ਪ੍ਰੈਸ ਬਿਆਨ ਰਾਹੀਂ ਇਸ ਗੱਲ ਦਾ ਖੁਲਾਸਾ ਕਰਦਿਆਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਡਾਟਾ ਮਾਈਨਿੰਗ ਵਿੰਗ ਦੀਆਂ ਰਿਪੋਰਟਾਂ ਦੇ ਆਧਾਰ ’ਤੇ ਵਸੂਲੇ ਗਏ ਕੁੱਲ ਮਾਲੀਏ ਵਿੱਚੋਂ 279.01 ਕਰੋੜ ਰੁਪਏ ਨਕਦ ਅਦਾ ਕੀਤੇ ਗਏ ਅਤੇ 973.35 ਕਰੋੜ ਰੁਪਏ ਇਨਪੁਟ ਟੈਕਸ ਕ੍ਰੈਡਿਟ ਦੀ ਵਾਪਸੀ ਜਾਂ ਐਡਜਸਟਮੈਂਟ ਸੀ। ਉਨ੍ਹਾਂ ਕਿਹਾ ਕਿ ਇਸ ਦੇ ਮੁਕਾਬਲੇ ਡੇਟਾ ਮਾਈਨਿੰਗ ਵਿੰਗ ਦੁਆਰਾ ਸਾਂਝੀਆਂ ਕੀਤੀਆਂ ਗਈਆਂ ਰਿਪੋਰਟਾਂ ਦੇ ਆਧਾਰ ’ਤੇ ਨਵੰਬਰ 2021 ਤੱਕ ਪਿਛਲੇ ਸਾਲ ਦਾ ਮਾਲੀਆ ਸੰਗ੍ਰਹਿ 422.09 ਕਰੋੜ ਰੁਪਏ ਸੀ, ਜਿਸ ਵਿੱਚੋਂ 261.68 ਕਰੋੜ ਰੁਪਏ ਦਾ ਨਕਦ ਭੁਗਤਾਨ ਕੀਤਾ ਗਿਆ ਸੀ ਅਤੇ 160.41 ਕਰੋੜ ਰੁਪਏ ਆਈ.ਟੀ.ਸੀ ਵਾਪਸੀ ਜਾਂ ਐਡਜਸਟਮੈਂਟ ਸੀ।ਪਹਿਲਾਂ ਵਾਂਗ ’ਇੰਸਪੈਕਟਰ ਰਾਜ’ ਰਾਹੀਂ ਵਪਾਰੀਆਂ ਨੂੰ ਤੰਗ ਪ੍ਰੈਸ਼ਾਨ ਕਰਨ ਦੀ ਜਗ?ਹਾ ਕਰ ਚੋਰੀ ’ਤੇ ਨਕੇਲ ਕੱਸਣ ਲਈ ਨਵੀਨਤਮ ਤਕਨਾਲੋਜੀ ਦੀ ਵਰਤੋਂ ’ਤੇ ਜ਼ੋਰ ਦਿੰਦਿਆਂ ਵਿੱਤ ਮੰਤਰੀ ਨੇ ਕਿਹਾ ਕਿ ਡੇਟਾ ਮਾਈਨਿੰਗ ਵਿੰਗ ਈ.ਟੀ.ਟੀ.ਐਸ.ਏ. (ਵਿਭਾਗਾਂ ਦੀ ਆਪਣੀ ਤਕਨੀਕੀ ਸੇਵਾ ਏਜੰਸੀ) ਅਤੇ ਵੱਖ-ਵੱਖ ਪਲੇਟਫਾਰਮ ਜਿਵੇਂ ਕਿ ਬੋਵੇਬ ਪੋਰਟਲ, ਈਵੇਅ ਬਿੱਲ ਪੋਰਟਲ, ਐਸ.ਏ.ਐਸ ਟੂਲ, ਬੀ.ਆਈ.ਐਫ.ਏ ਅਤੇ ਜੇ. ਪੀ.ਏ.ਐਲ ਆਦਿ ਦੀ ਮਦਦ ਨਾਲ ਕਰ ਚੋਰੀ ਦੀਆਂ ਗਤੀਵਿਧੀਆਂ ਦਾ ਪਤਾ ਲਗਾ ਰਿਹਾ ਹੈ। ਉਨ੍ਹਾਂ ਕਿਹਾ ਕਿ ਡੇਟਾ ਮਾਈਨਿੰਗ ਵਿੰਗ ਜੀ.ਐਸ.ਟੀ.ਐਨ ਅਤੇ ਈ.ਟੀ.ਟੀ.ਐਸ.ਏ ਤੋਂ ਪ੍ਰਾਪਤ ਡੇਟਾ ਵਿੱਚ ਪਾਈਆਂ ਗਈਆਂ ਬੇਨਿਯਮੀਆਂ ਅਤੇ ਖਾਮੀਆਂ ਦੇ ਆਧਾਰ ’ਤੇ ਰਿਪੋਰਟਾਂ ਤਿਆਰ ਕਰਦਾ ਹੈ ਅਤੇ ਇਹ ਰਿਪੋਰਟਾਂ ਵਿਭਾਗ ਦੇ ਸਬੰਧਤ ਵਿੰਗਾਂ ਨਾਲ ਸਾਂਝੀਆਂ ਕੀਤੀਆਂ ਜਾ ਰਹੀਆਂ ਹਨ ਤਾਂ ਜੋ ਲੋੜੀਂਦੀ ਕਾਰਵਾਈ ਕਰਨ ਦੇ ਨਾਲ-ਨਾਲ ਉਨ੍ਹਾਂ ਦੀ ਪਾਲਣਾ ਨੂੰ ਯਕੀਨੀ ਬਣਾਇਆ ਜਾ ਸਕੇ।ਵਿੱਤ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਕਿਸੇ ਵੀ ਕਿਸਮ ਦੀ ਟੈਕਸ ਚੋਰੀ ਨੂੰ ਰੋਕਣ ਲਈ ਚੋਰ ਮੋਰੀਆਂ ਬੰਦ ਕਰਨ ’ਤੇ ਆਪਣੀ ਤਾਕਤ ਕੇਂਦਰਤ ਕੀਤੀ ਹੈ। ਉਨ੍ਹਾਂ ਕਿਹਾ ਕਿ ਆਬਕਾਰੀ ਤੇ ਕਰ ਵਿਭਾਗ ਵੱਲੋਂ ਸਥਾਪਿਤ ਕੀਤੀ ਜਾ ਰਹੀ ਟੈਕਸ ਇੰਟੈਲੀਜੈਂਸ ਯੂਨਿਟ (ਟੀ.ਆਈ.ਯੂ) ਵੀ ਇਸ ਦਿਸ਼ਾ ਵਿੱਚ ਲਿਆ ਗਿਆ ਅਹਿਮ ਫੈਸਲਾ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਦੇ ਇਨ੍ਹਾਂ ਉਪਰਾਲਿਆਂ ਨਾਲ ਨਾ ਸਿਰਫ਼ ਮਾਲੀਏ ਵਿੱਚ ਵਾਧਾ ਹੋਵੇਗਾ ਸਗੋਂ ਅਗਾਂਹਵਧੂ ਅਤੇ ਇਮਾਨਦਾਰ ਵਪਾਰੀਆਂ ਅਤੇ ਉਦਯੋਗਪਤੀਆਂ ਦੀ ਬਿਹਤਰੀ ਲਈ ਸੂਬੇ ਦੇ ਕਾਰੋਬਾਰੀ ਮਾਹੌਲ ਨੂੰ ਹੋਰ ਸੁਧਾਇਆ ਜਾਵੇਗਾ।
ਹਰਿਆਣਾ ’ਚ ਕੋਈ ਯੋਗ ਵਿਅਕਤੀ ਬੀਪੀਐਲ ਕਾਰਡ ਤੋਂ ਵਾਂਝਾ ਨਹੀਂ ਰਹੇਗਾ: ਚੌਟਾਲਾ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 27 ਦਸੰਬਰ:- ਹਰਿਆਣਾ ਦੇ ਡਿਪਟੀ ਮੁੱਖ ਮੰਤਰੀ ਸ੍ਰੀ ਦੁਸ਼ਯੰਤ ਚੌਟਾਲਾ ਨੇ ਦਸਿਆ ਕਿ ਸੂਬੇ ਵਿਚ ਕੋਈ ਵੀ ਯੋਗ ਵਿਅਕਤੀ ਬੀਪੀਐਲ ਦਾ ਕੋਈ ਬਨਵਾਉਣ ਤੋਂ ਵਾਂਝੇ ਨਹੀਂ ਰਹੇਗਾ, ਜੇਕਰ ਕਿਸੇ ਵਾਜਿਬ ਵਿਅਕਤੀ ਨੂੰ ਆਪਣੀ ਯੋਗਤਾ ਵਿਚ ਤਬਦੀਲੀ ਕਰਵਾਉਣਾ ਹੈ ਤਾਂ ਆਪਣੇ ਜਿਲ੍ਹਾ ਦੇ ਵਧੀਕ ਡਿਪਟੀ ਕਮਿਸ਼ਨਰ ਦਾ ਏਫੀਡੇਵਿਟ ਦੇ ਕੇ ਦਰੁਸਤ ਕਰਵਾ ਸਕਦਾ ਹੈ। ਉਨ੍ਹਾਂ ਨੇ ਦਸਿਆ ਕਿ 20 ਦਸੰਬਰ 2022 ਤਕ ਪਵਿਰਾਰ ਪਹਿਚਾਣ ਗਿਣਤੀ ਡੇਟਾਬੇਸ ਦੇ ਆਂਕੜਿਆਂ ਦੇ ਅਨੁਸਾਰ ਸੂਬੇ ਵਿਚ 30,98,942 ਪਰਿਵਾਰਾਂ (1,21,57,298 ਮੈਂਬਰ) ਦੀ ਆਮਦਨ ਇਕ ਲੱਖ 80 ਹਜਾਰ ਤੋਂ ਘੱਟ ਹੋਣ ਦਾ ਤਸਦੀਕ ਕੀਤਾ ਗਿਆ ਹੈ। ਡਿਪਟੀ ਮੁੱਖ ਮੰਤਰੀ ਨੇ ਅੱਜ ਵਿਧਾਨਸਭਾ ਦੇ ਸਰਦੀ ਰੁੱਤ ਸੈਸ਼ਨ ਦੌਰਾਨ ਸਦਨ ਦੇ ਇਕ ਮੈਂਬਰ ਵੱਲੋਂ ਪੁੱਛੇ ਗਏ ਸੁਆਲ ਦਾ ਜਵਾਬ ਦਿੰਦੇ ਹੋਏ ਦਸਿਆ ਕਿ ਉਪਰੋਕਤ ਸਾਰੇ ਪਰਿਵਾਰਾਂ ਨੂੰ ਬੀਪੀਐਲ (ਪ੍ਰਾਥਮਿਕ ਪਰਿਵਾਰਾਂ) ਦੀ ਸ਼?ਰੇਣੀ ਦੇ ਰਾਸ਼ਨ ਕਾਰਡ ਜਾਰੀ ਕਰਨ ਤਹਿਤ ਸ਼ਾਮਿਲ ਕੀਤਾ ਗਿਆ ਹੈ। ਉਨ੍ਹਾਂ ਨੇ ਅੱਗੇ ਦਸਿਆ ਕਿ 9,60,235 ਪਰਿਵਾਰਾਂ ਨੂੰ ਬੀਪੀਐਲ, ਏਏਵਾਈ ਤੇ ਹੋਰ ਪ੍ਰਾਥਮਿਕ ਪਰਿਵਾਰ ਦੀ ਮੌਜੂਦਾ ਸੂਚੀ ਤੋਂ ਬਾਹਰ ਕਰ ਦਿੱਤਾ ਗਿਆ ਹੈ। ਉਨ੍ਹਾਂ ਨੇ ਦਸਿਆ ਕਿ ਪਰਿਵਾਰ ਪਹਿਚਾਣ ਗਿਣਤੀ ਦੇ ਨਾਲ ਏਕੀਕਰਣ ਤੋਂ ਪਹਿਲਾਂ ਸੂਬੇ ਵਿਚ ਜਿੱਥੇ ਏਏਵਾਈ ਪਰਿਵਾਰਾਂ ਦੀ ਗਿਣਤੀ 2,47,227 ਬੀਪੀਐਲ ਪਰਿਵਾਰਾਂ 8,90,069 ਪਰਿਵਾਰ ਅਤੇ ਹੋਰ ਪ੍ਰਾਥਮਿਕ ਪਰਿਵਾਰਾਂ ਦੀ ਗਿਣਤੀ 15,57,299 ਸੀ ਇਹੀ ਪਰਿਵਾਰ ਪਹਿਚਾਣ ਗਿਣਤੀ ਦੇ ਨਾਲ ਏਕੀਕਰਣ ਹੋਣ ਦੇ ਬਾਅਦ ਏਏਵਾਈ ਪਰਿਵਾਰਾਂ ਦੀ ਗਿਣਤੀ 5,02,000 ਅਤੇ ਬੀਪੀਐਲ ਪਰਿਵਾਰਾਂ 27,36,942 ਪਰਿਵਾਰ ਹਨ।ਸਦਨ ਦੇ ਇਕ ਹੋਰ ਮੈਂਬਰ ਵੱਲੋਂਪੁੱਛੇ ਗਏ ਸੁਆਲ ਦਾ ਜਵਾਬ ਦਿੰਦੇ ਹੋਏ ਸ੍ਰੀ ਦੁਸ਼ਯੰਤ ਚੌਟਾਲਾ ਨੇ ਦਸਿਆ ਕਿ ਸੂਬੇ ਵਿਚ ਬੀਪੀਐਲ ਕਾਰਡ ਜਾਰੀ ਕਰਨ ਤੇ ਰੱਦ ਕਰਨ ਦਾ ਮਾਨਦੰਡ ਪੇਂਡੂ ਵਿਕਾਸ ਵਿਭਾਗ ਅਤੇ ਸ਼ਹਿਰੀ ਸਥਾਨਕ ਨਿਗਮ ਵਿਭਾਗ ਵੱਲੋਂ ਨਿਰਧਾਰਿਤ ਕੀਤੇ ਗਏ ਹਨ। ਇੰਨ੍ਹਾਂ ਦੇ ਅਨੁਸਾਰ 1.80 ਲੱਖ ਰੁਪਏ ਤਕ ਦੀ ਤਸਦੀਕ ਸਾਲਾਨਾ ਆਮਦਨ ਦੇ ਮਾਨੰ?ਡ ਨੂੰ ਪ੍ਰਾਥਮਿਕ ਪਰਿਵਾਰ ਅਤੇ ਬੀਪੀਐਲ ਰਾਸ਼ਨ ਕਾਰਡ ਦੇ ਯੋਗ ਮੰਨਿਆ ਜਾਂਦਾ ਹੈ। ਬੀਪੀਐਲ ਲਾਭਕਾਰਾਂ ਨੂੰ ਸ਼ਾਮਿਲ ਕਰਨ ਤੇ ਕੱਢਣ ਦੀ ਪ੍ਰਕ੍ਰਿਆ ਨਾਗਰਿਕ ਸੰਸਾਧਨ ੋਸੂਚਨਾ ਵਿਭਾਗ ਵੱਲੋਂ ਪਰਿਵਾਰ ਪਹਿਚਾਣ ਪੱਤਰ ਵਿਚ ਦਰਸ਼ਾਈ ਗਈ ਸਾਲਾਨਾ ਆਮਦਨ ਦੇ ਆਧਾਰ ’ਤੇ ਅਪਣਾਈ ਜਾ ਰਹੀ ਹੈ।ਉਨ੍ਹਾਂ ਨੇ ਅੱਗੇ ਦਸਿਆ ਕਿ ਉਪਰੋਕਤ ਵਿਭਾਗ ਵੱਲੋਂ ਉਪਲਬਧ ਕਰਵਾਏ ਗਏ ਡਾਟਾ ਦੇ ਆਧਾਰ ’ਤੇ ਇਕ ਮਾਰਚ, 2022 ਦੇ ਬਾਅਦ 12,46,507 ਬੀਪੀਐਲ ਰਾਸ਼ਨ ਕਾਰਡ ਜਾਰੀ ਕੀਤੇ ਗਏ ਜਦੋਂ ਕਿ 9,62,742 ਰੱਦ ਕੀਤੇ ਗਏ ਹਨ।
ਸਿਹਤ ਮੰਤਰੀ ਨੇ ਪੰਚਕੂਲਾ ਦੇ ਸਿਵਲ ਹਸਪਤਾਲ ਵਿਚ ਕੋਵਿਡ ਨਾਲ ਨਜਿੱਠਣ ਲਈ ਕੀਤੀ ਮਾਕ ਡ੍ਰਿਲ ਵਿਚ ਦਾ ਲਿਆ ਜਾਇਜਾ
ਆਨਲਾਇਨ ਪੋਰਟਲ ਰਾਹੀਂ ਸੂਬੇ ਵਿਚ ਸਿਹਤ ਸਹੂਲਤਾਂ ਅਤੇ ਸਮੱਗਰੀਆਂ ਨਾਲ ਸਬੰਧਿਤ ਡਾਟਾ ਦੀ ਲਈ ਜਾਣਕਾਰੀ
ਸ੍ਰੀ ਅਨਿਲ ਵਿਜ ਨੇ ਹਸਪਤਾਲ ਵਿਚ ਫਲੂ ਕਾਰਨਰ, ਆਈਸੀਯੂ, ਡੇਡੀਕੇਟਿੰਡ ਕੋਵਿਡ ਵਾਰਡ ਅਤੇ ਪੀਐਸਏ ਪਲਾਂਟਸ ਦਾ ਕੀਤਾ ਨਿਰੀਖਣ
ਲੋਕਾਂ ਨੁੰ ਕੋਵਿਡ ਤੋਂਘਬਰਾਉਣ ਦੀ ਜਰੂਰਤ ਨਹੀਂ, ਸੂਬਾ ਸਰਕਾਰ ਕੋਵਿਡ ਨਾਲ ਨਜਿਠਣ ਲਈ ਪੂਰੀ ਤਰ੍ਹਾ ਤਿਆਰ – ਅਨਿਲ ਵਿਜ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 27 ਦਸੰਬਰ- ਹਰਿਆਣਾ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਅਨਿਲ ਵਿਜ ਨੇ ਕਿਹਾ ਕਿ ਫਿਲਹਾਲ ਕੋਵਿਡ ਦੇ ਘੱਟ ਮਾਮਲੇ ਸਾਹਮਣੇ ਆ ਰਹੇ ਹਨ ਅਤੇ ਜੇਕਰ ਮਾਮਲੇ ਵੱਧਦੇ ਹਨ ਤਾਂ ਸਰਕਾਰ ਕੋਵਿਡ ਦੇ ਖਤਰੇ ਨਾਲ ਨਜਿਠਣ ਲਈ ਪੂਰੀ ਤਰ੍ਹਾ ਤਿਆਰ ਹੈ। ਉਨ੍ਹਾਂ ਨੇ ਕਿਹਾ ਕਿ ਲੋਕਾਂ ਨੂੰ ਕੋਵਿਡ ਤੋਂ ਘਬਰਾਉਣ ਦੀ ਜਰੂਰਤ ਨਹੀਂ ਹੈ, ਸੂਬਾ ਸਰਕਾਰ ਵੱਲੋਂ ਕੋਵਿਡ ਨਾਲ ਨਜਿਠਣ ਲਈ ਸਾਰੇ ਜਰੂਰੀ ਪ੍ਰਬੰਧ ਕੀਤੇ ਗਏ ਹਨ। ਕੋਵਿਡ ਟੇਸਟਿੰਗ ਦੇ ਲਈ ਹਰ ਜਿਲ੍ਹੇ ਵਿਚ ਆਰਟੀਪੀਸੀਆਰ ਮਸ਼ੀਨਾ ਉਪਲਬਧ ਹਨ। ਉਨ੍ਹਾਂ ਨੇ ਇਹ ਗੱਲ ਅੱਜ ਪੰਚਕੂਲਾ ਦੇ ਸੈਕਟਰ-6 ਸਥਿਤ ਸਿਵਲਹਸਪਤਾਲ ਵਿਚ ਪ੍ਰਬੰਧਿਤ ਮਾਕ ਡ੍ਰਿਲ ਵਿਚ ਸੂਬਾ ਸਰਕਾਰ ਵੱਲੋਂ ਕੋਵਿਡ-19 ਤੋਂ ਨਜਿਠਣ ਲਈ ਕੀਤੇ ਜਾ ਰਹੇ ਪ੍ਰਬੰਧਾਂ ਦਾ ਜਾਇਜਾ ਲੈਣ ਦੌਰਾਨ ਕਹੀ। ਉਨ੍ਹਾਂ ਨੇ ਆਨਲਾਇਨ ਪੋਰਟਲ ਰਾਹੀਂ ਸੂਬੇ ਦੇ ਸਾਰੇ ਜਿਲ੍ਹਿਆਂ ਦੇ ਹਸਪਤਾਲਾਂ ਵਿਚ ਕੋਵਿਡ ਨਾਲ ਨਜਿਠਣ ਲਹੀ ਉਪਲਬਧ ਸਿਹਤ ਸਹੂਲਤਾਂ ਅਤੇ ਸਮੱਗਰੀਆਂ ਦੇ ਡਾਟਾ ਦੇ ਬਾਰੇ ਵਿਚ ਜਾਣਕਾਰੀ ਲਈ। ਇਸ ਮੌਕੇ ’ਤੇ ਸਿਹਤ ਵਿਭਾਗ ਦੀ ਵਧੀਕ ਮੁੱਖ ਸਕੱਤਰ ਜੀ ਅਨੁਪਮਾ ਵੀ ਮੌਜੂਦ ਸੀ। ਇਸ ਮੌਕੇ ’ਤੇ ਅਨਿਲ ਵਿਜ ਨੇ ਹਸਪਤਾਲ ਵਿਚ ਸਥਾਪਿਤ ਫਲੂ ਕਾਰਨਰ, ਆਈਸੀਯੁ, ਡੇਡੀਕੇਟਿਡ ਕੋਵਿਡ ਵਾਰਡ ਅਤੇ ਪੀਐਸਏ ਪਲਾਂਟਸ ਦਾ ਵੀ ਨਿਰੀਖਣ ਕੀਤਾ।
ਸ੍ਰੀ ਵਿਜ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਨਿਰਦੇਸ਼ਾਂ ਅਨੁਸਾਰ ਅੱਜ ਪੂਰੇ ਦੇਸ਼ ਵਿਚ ਮਾਕ ਡ੍ਰਿਲ ਪ੍ਰਬੰਧਿਤ ਕੀਤੀ ਗਈ। ਇਸ ਮਾਕ ਡ੍ਰਿਲ ਨੂੰ ਪ੍ਰਬੰਧਿਤ ਕਰਨ ਦਾ ਮੁੱਖ ਉਦੇਸ਼ ਕੋਰੋਨਾ ਨਾਲ ਨਜਿਠਣ ਲਈ ਹਸਪਤਾਲਾਂ ਵਿਚ ਉਪਲਬਧ ਸਹੂਲਤਾਂ ਅਤੇ ਸਮੱਗਰੀਆਂ ਦੀ ਜਾਂਚ ਕਰਨਾ ਹੈ ਤਾਂ ਜੋ ਇਹ ਯਕੀਨੀ ਕੀਤਾ ਜਾ ਸਕੇ ਕਿ ਸਾਰੇ ਠੀਕ ਢੰਗ ਨਾਲ ਕਾਰਜ ਕਰ ਰਹੇ ਹਨ। ਸ੍ਰੀ ਵਿਜ ਨੇ ਕਿਹਾ ਕਿ ਉਨ੍ਹਾਂ ਨੇ ਅੱਜ ਪੰਚਕੂਲਾ ਸਥਿਤ ਸਿਵਲ ਹਸਪਤਾਲ ਵਿਚ ਆਨਲਾਇਨ ਪੋਰਟਲ ਰਾਹੀਂ ਪੂਰੇ ਸੂਬੇ ਵਿਚ ਸਥਿਤ ਸਾਰੇ ਹਸਪਤਾਲਾਂ ਵਿਚ ਉਪਲਬਧ ਸਿਹਤ ਸਹੂਲਤਾਂ ਜਿਵੇਂ ਆਰਟੀਪੀਸੀਆਰ ਮਸ਼ੀਨ, ਪੀਐਮਏ ਪਲਾਂਟ, ਬੈਡ, ਮੈਨਪਾਵਰ ਆਦਿ ਦੀ ਜਾਣਕਾਰੀ ਲਈ। ਉਨ੍ਹਾਂ ਨੇ ਕਿਹਾ ਕਿ ਮੌਜੂਦਾ ਵਿਚ ਸੂਬੇ ਦੇ 22 ਜਿਲ੍ਹਿਆਂ ਵਿਚ 26 ਆਰਟੀਪੀਸੀਆਰ ਮਸ਼ੀਨਾਂ ਫੰਕਸ਼ਨ ਲ ਹਨ। ਇਸ ਤੋਂ ਇਲਾਵਾ, 50 ਬੈਡ ਜਾਂ ਇਸ ਤੋਂ ਵੱਧ ਸਮਰੱਥਾ ਵਾਲੇ ਸਾਰੇ ਹਸਪਤਾਲਾਂ ਵਿਚ ਪੀਐਏ ਪਲਾਂਟ ਸਥਾਪਿਤ ਕੀਤੇ ਗਏ ਹਨ। ਸੂਬੇ ਵਿਚ ਇਸ ਸਮੇਂ 101 ਪੀਐਸਏ ਪਲਾਂਟ ਫੰਕਸ਼ਨਲ ਹਨ। ਸੂਬੇ ਵਿਚ ਆਕਸੀਜਨ ਦੀ ਕੋਈ ਕਮੀ ਨਹੀਂ ਹੈ। ਇਸ ਦੇ ਲਈ ਕਾਫੀ ਗਿਣਤੀ ਵਿਚ ਆਕਸੀਜਨ ਸਿਲੇਂਡਰ ਅਤੇ ਆਕਸੀਜਨ ਕੰਸਟ?ਰੇਟਰ ਉਪਲਬਧ ਹਨ। ਇਸ ਮੌਕੇ ’ਤੇ ਸ੍ਰੀ ਵਿਜ ਨੇ ਕੌਮੀ ਸਿਹਤ ਮਿਸ਼ਨ ਦੇ 2023 ਦੇ ਸਾਲਾਨਾ ਕੈਲੇਂਡਰ ਦੀ ਘੁੰਡ ਚੁਕਾਈ ਕੀਤੀ। ਇਸ ਤੋਂ ਇਲਾਵਾ, ਉਨ੍ਹਾਂ ਨੇ ਟੀਬੀ ਕੈਲੇਂਡਰ -2023 , ਟੀਬੀ ਪਰਿਵੇਂਟਿਕ ਟਰੀਟਮੈਂਟ ਦੀ ਮਾਨਕ ਸੰਚਾਲਨ ਪ੍ਰਕ੍ਰਿਆ (ਏਸਓਪੀਜ) ਟੀਬੀ ਚੈਂਪੀਅਨ ਸਟੋਰੀਜ ਅਤੇ ਮਹੀਨਾ ਟੀਪੀਟੀ-ਕਮ-ਕੰਮਿਊਨਿਟੀ ਸਪੋਟ ਬੁਲੇਟਿਨ ਦਾ ਵੀ ਉਦੰਘਾਟਨ ਕੀਤਾ।
ਏਮਜ਼ ਦੇ ਡਾਈਰੈਕਟਰ ਨੇ ਮੌਕ ਡਰਿੱਲ ਮੋਕੇ ਕੋਵਿਡ ਪ੍ਰਬੰਧਾਂ ਦਾ ਕੀਤਾ ਨਿਰੀਖਣ
ਸੁਖਜਿੰਦਰ ਮਾਨ
ਬਠਿੰਡਾ, 27 ਦਸੰਬਰ: ਦੇਸ ਭਰ ਵਿਚ ਕਰੋਨਾ ਮਹਾਂਮਾਰੀ ਦੇ ਸੰਭਾਵੀ ਹਮਲੇ ਤੋਂ ਬਚਣ ਲਈ ਕੀਤੇ ਜਾ ਰਹੇ ਪ੍ਰਬੰਧਾਂ ਤਹਿਤ ਅੱਜ ਸਥਾਨਕ ਏਮਜ਼ ਸੰਸਥਾ ਵਿਖੇ ਵੀ ਕਰੋਨਾ ਵਾਰਡ ਸਟਾਫ ਦੀ ਮੌਕ ਡਰਿੱਲ ਕਰਵਾਈ ਗਈ। ਮੌਕ ਡਰਿੱਲ ਦੇ ਸਮੇਂ ਡਾਈਰੈਕਟਰ ਡਾ ਡੀਕੇ ਸਿੰਘ ਵੱਲੋ ਕਰੋਨਾ ਵਾਰਡ ਦਾ ਦੌਰਾ ਕੀਤਾ ਗਿਆ ਅਤੇ ਹਾਜ਼ਿਰ ਡਾਕਟਰਾਂ ਅਤੇ ਸਟਾਫ ਤੋਂ ਸਮੁੱਚੇ ਪ੍ਰਬੰਧਾਂ ਦਾ ਬਰੀਕੀ ਨਾਲ ਨਿਰੀਖਣ ਕਰਦੇ ਹੋਏ ਜਾਣਕਾਰੀ ਲਈ ਗਈ।ਇਸ ਮੋਕੇ ਡਾ ਡੀਕੇ ਸਿੰਘ ਵੱਲੋ ਦੱਸਿਆ ਗਿਆ ਕਿ ਕਰੋਨਾ ਦੇ ਲੈਵਲ2 ਅਤੇ ਲੈਵਲ3 ਦੇ ਗੰਭੀਰ ਮਰੀਜ਼ਾਂ ਦੇ ਇਲਾਜ਼ ਲਈ ਪੁਖੱਤਾ ਪ੍ਰਬੰਧ ਕੀਤੇ ਗਏ ਹਨ ਅਤੇ ਆਕਸੀਜਨ ਦੀ ਪੂਰਤੀ ਲਈ ਪੀਐਸਏ ਪਲਾਂਟ ਸਥਾਪਤ ਕੀਤਾ ਗਿਆ ਹੈ। ਉਹਨਾਂ ਇਹ ਵੀ ਦੱਸਿਆ ਕਿ ਏਮਜ਼ ਬਠਿੰਡਾ ਵੱਲੋਂ ਕਰੋਨਾ ਦੀ ਦੂਜੀ ਲਹਿਰ ਦੋਰਾਨ ਮਰੀਜ਼ਾਂ ਦੀ ਜਾਨ ਬਚਾਉਣ ਲਈ ਮਹੱਤਵਪੂਰਨ ਯੋਗਦਾਨ ਪਾਇਆ ਗਿਆ ਹੈ ਅਤੇ ਹੁਣ ਵੀ ਏਮਜ਼ ਬਠਿੰਡਾ ਮਨੁੱਖਤਾ ਦੀ ਸੇਵਾ ਲਈ ਕਿਸੇ ਵੀ ਤਰਾਂ ਦੀ ਸਥਿਤੀ ਨਾਲ ਨਿਪਟਣ ਲਈ ਤਿਆਰ ਬਰ ਤਿਆਰ ਹੈ।
ਅਚਨਚੇਤ ਬਠਿੰਡਾ ਪੁੱਜੇ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ਹਿਰ ਵਾਸਤੇ ਕੀਤਾ ਵੱਡਾ ਐਲਾਨ
ਸੂਬੇ ਦੇ ਸੈਰ ਸਪਾਟਾ ਕੇਂਦਰ ਵਜੋਂ ਬਠਿੰਡਾ ਨੂੰ ਉਭਾਰਨ ਲਈ ਝੀਲਾਂ ਦਾ ਮੁਕੰਮਲ ਕਾਇਆ-ਕਲਪ ਕਰਨ ਦਾ ਲਿਆ ਫੈਸਲਾ
ਸ਼ਹਿਰ ਵਿੱਚ ਟਰੈਫਿਕ ਸਮੱਸਿਆ ਦੇ ਹੱਲ ਲਈ ਇਕ ਹੋਰ ਬੱਸ ਸਟੈਂਡ ਬਣਾਉਣ ਦੀ ਦਿੱਤੀ ਮਨਜ਼ੂਰੀ
ਨਗਰ ਨਿਗਮ ਅਤੇ ਪਾਵਰਕੌਮ ਨੂੰ ਝੀਲ ਦਾ ਪਾਣੀ ਘਰਾਂ ਤੱਕ ਪਹੁੰਚਾਉਣ ਦੀ ਸੰਭਾਵਨਾ ਤਲਾਸ਼ਣ ਲਈ ਕਿਹਾ
ਸੁਖਜਿੰਦਰ ਮਾਨ
ਬਠਿੰਡਾ, 28 ਦਸੰਬਰ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਬਠਿੰਡਾ ਦੀਆਂ ਝੀਲਾਂ ਦਾ ਨਵੀਨੀਕਰਨ ਕਰਕੇ ਸ਼ਹਿਰ ਨੂੰ ਸੂਬੇ ਖ਼ਾਸ ਤੌਰ ਉਤੇ ਮਾਲਵਾ ਖ਼ਿੱਤੇ ਵਿੱਚ ਟੂਰਿਸਟ ਹੱਬ ਵਜੋਂ ਉਭਾਰਨ ਦੀ ਐਲਾਨ ਕੀਤਾ। ਇੱਥੇ ਦੇਰ ਸ਼ਾਮ ਲੇਕ ਵਿਊ ਵਿਖੇ ਪੁੱਜਣ ਤੋਂ ਬਾਅਦ ਜ਼ਿਲ੍ਹੇ ਨਾਲ ਸਬੰਧਤ ਵਿਧਾਇਕਾਂ ਤੇ ਉੱਚ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਕੀਤੀ ਵਿਸ਼ੇਸ਼ ਬੈਠਕ ਦੌਰਾਨ ਮੁੱਖ ਮੰਤਰੀ ਨੇ ਵਿਕਾਸ ਕਾਰਜਾਂ ਤੇ ਸਮੱਸਿਅਵਾਂ ਬਾਰੇ ਜਾਣਿਆ। ਭਗਵੰਤ ਮਾਨ ਨੇ ਪਹਿਲ ਦੇ ਆਧਾਰ ਉੱਤੇ ਸਮੱਸਿਆਵਾਂ ਨੂੰ ਹੱਲ ਕਰਨ ਦਾ ਵਿਸ਼ਵਾਸ ਦਿਵਾਉਂਦਿਆਂ ਕਿਹਾ ਕਿ ਜ਼ਿਲ੍ਹੇ ਦੇ ਵਿਕਾਸ ਲਈ ਕੋਈ ਵੀ ਕਸਰ ਬਾਕੀ ਨਹੀਂ ਰਹਿਣ ਦਿੱਤੀ ਜਾਵੇਗੀ। ਇਸ ਮੌਕੇ ਵਿਧਾਇਕ ਬਠਿੰਡਾ (ਸ਼ਹਿਰੀ) ਜਗਰੂਪ ਸਿੰਘ ਗਿੱਲ ਨੇ ਸ਼ਹਿਰ ਵਿੱਚ ਟਰੈਫ਼ਿਕ ਦੀ ਸਮੱਸਿਆ ਤੋਂ ਛੁਟਕਾਰਾ ਦਿਵਾਉਣ ਦੇ ਮੱਦੇਨਜ਼ਰ ਤੇ ਨਵੇਂ ਬੱਸ ਸਟੈਂਡ ਦੀ ਮੰਗ ਰੱਖੀ, ਜਿਸ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਵਿਸ਼ਵਾਸ ਦਿਵਾਇਆ ਕਿ ਸ਼ਹਿਰ ਨੂੰ ਇੱਕ ਹੋਰ ਨਵਾਂ ਬੱਸ ਸਟੈਂਡ ਜਲਦ ਦਿੱਤਾ ਜਾਵੇਗਾ। ਇਸ ਮੌਕੇ ਬਠਿੰਡਾ ਸ਼ਹਿਰ ਵਾਸੀਆਂ ਲਈ ਸਾਫ਼ ਪੀਣ ਵਾਲੇ ਪਾਣੀ ਦੀ ਸਮੱਸਿਆ ਦੇ ਹੱਲ ਲਈ ਮੁੱਖ ਮੰਤਰੀ ਨੇ ਝੀਲ ਨੰਬਰ ਇਕ ਨੂੰ ਪਾਣੀ ਦੇ ਟੈਂਕ ਵਜੋਂ ਵਰਤਣ ਲਈ ਕਾਰਪੋਰੇਸ਼ਨ ਤੇ ਪਾਵਰਕੌਮ ਨੂੰ ਸਾਂਝੇ ਤੌਰ ਤੇ ਇਸ ਪ੍ਰੋਜੈਕਟ ਨੂੰ ਜਲਦ ਪੂਰਾ ਕਰਨ ਲਈ ਅਧਿਕਾਰੀਆਂ ਨੂੰ ਕਿਹਾ ਤਾਂ ਜੋ ਸ਼ਹਿਰ ਵਾਸੀਆਂ ਨੂੰ ਸਾਫ਼ ਪੀਣ ਵਾਲਾ ਪਾਣੀ ਮੁਹੱਈਆ ਕਰਵਾਇਆ ਜਾਵੇ। ਮੁੱਖ ਮੰਤਰੀ ਨੇ ਕਿਹਾ ਕਿ ਬਠਿੰਡਾ ਸ਼ਹਿਰ ਨੂੰ ਮਾਲਵੇ ਵਿੱਚ ਟੂਰਿਸਟ ਹੱਬ ਵਜੋਂ ਵਿਕਾਸਤ ਕਰਨ ਦੇ ਮੱਦੇਨਜ਼ਰ ਬਠਿੰਡਾ ਝੀਲਾਂ ਦੇ ਨਵੀਨੀਕਰਨ ਦੇ ਪ੍ਰੋਜੈਕਟ ਨੂੰ ਵੀ ਜਲਦ ਅਮਲੀ ਜਾਮਾ ਪਹਿਨਾਇਆ ਜਾਵੇਗਾ। ਇਸ ਦੌਰਾਨ ਉਨ੍ਹਾਂ ਇਹ ਵੀ ਦੱਸਿਆ ਕਿ ਸੂਬਾ ਸਰਕਾਰ ਵਲੋਂ ਖੇਤੀ ਨੂੰ ਲਾਹੇਵੰਦ ਧੰਦਾ ਬਣਾਉਣ ਤੇ ਕਿਸਾਨਾਂ ਨੂੰ ਰਵਾਇਤੀ ਫ਼ਸਲਾਂ ਦੇ ਚੱਕਰਵਿਊ ਵਿੱਚੋਂ ਬਾਹਰ ਕੱਢ ਕੇ ਘੱਟ ਖ਼ਰਚੇ ਤੇ ਵੱਧ ਆਮਦਨ ਵਾਲੀਆਂ ਫ਼ਸਲਾਂ ਦੀ ਕਾਸ਼ਤ ਲਈ ਵਿਸ਼ੇਸ਼ ਯਤਨ ਕੀਤੇ ਜਾ ਰਹੇ ਹਨ ਤਾਂ ਜੋ ਕਿਸਾਨਾਂ ਦੀ ਆਮਦਨ ਵਿੱਚ ਹੋਰ ਵਾਧਾ ਕੀਤਾ ਜਾ ਸਕੇ। ਇਸ ਦੌਰਾਨ ਮੁੱਖ ਮੰਤਰੀ ਨੇ ਇਹ ਵੀ ਦੱਸਿਆ ਕਿ ਸੂਬਾ ਸਰਕਾਰ ਵਲੋਂ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਇਸ ਤਹਿਤ ਸਰਕਾਰੀ ਸਕੂਲਾਂ ਦੀ ਕਾਇਆ-ਕਲਪ ਦੇ ਮੱਦੇਨਜ਼ਰ ਨਵੇਂ ਕਲਾਸਰੂਮ ਸਥਾਪਤ ਕੀਤੇ ਜਾ ਰਹੇ ਹਨ ਤਾਂ ਜੋ ਵਿਦਿਆਰਥੀਆਂ ਨੂੰ ਸਮੇਂ ਦੇ ਹਾਣੀ ਬਣਾਇਆ ਜਾ ਸਕੇ। ਇਸ ਮੌਕੇ ਬਠਿੰਡਾ ਸ਼ਹਿਰੀ ਹਲਕੇ ਦੇ ਵਿਧਾਇਕ ਜਗਰੂਪ ਸਿੰਘ ਗਿਲ, ਦਿਹਾਤੀ ਦੇ ਅਮਿਤ ਰਤਨ, ਮੋੜ ਹਲਕੇ ਤੋਂ ਸੁਖਵੀਰ ਮਾਈਸਰਖ਼ਾਨਾ ਤੋਂ ਇਲਾਵਾ ਡਿਪਟੀ ਕਮਿਸ਼ਨਰ ਸੌਕਤ ਅਹਿਮਦ ਪਾਰੇ, ਐਸਐਸਪੀ ਜੇ.ਇਲਨਚੇਲੀਅਨ ਆਦਿ ਅਧਿਕਾਰੀ ਵੀ ਹਾਜ਼ਰ ਸਨ।
ਸਿਹਤ ਵਿਭਾਗ ਵਲੋਂ ਕੋਵਿਡ-19 ਵੈਕਸੀਨੇਸਨ ਸਬੰਧੀ ਜਾਗੁਰੁਕਤਾ ਵੈਨ ਨੂੰ ਸਿਵਲ ਸਰਜਨ ਨੇ ਹਰੀ ਝੰਡੀ ਦੇ ਕੀਤਾ ਰਵਾਨਾ
ਸੁਖਜਿੰਦਰ ਮਾਨ
ਬਠਿੰਡਾ,27 ਦਸੰਬਰ: ਸਿਹਤ ਤੇ ਪਰਿਵਾਰ ਭਲਾਈ ਵਿਭਾਗ ਵਲੋਂ ਕੋਵਿਡ-19 ਵੈਕਸੀਨੇਸਨ ਕਰਵਾਉਣ ਲਈ ਲੋਕਾ ਨੂੰ ਜਾਗਰੂਕ ਕਰਨ ਵਾਸਤੇ ਵੀਡੀਓ ਦੇ ਜਰੀਏ ਜਾਗਰੂਕਤਾ ਵੈਨ ਨੂੰ ਸਿਵਲ ਸਰਜਨ ਡਾ. ਤੇਜਵੰਤ ਸਿੰਘ ਢਿੱਲੋ ਦੁਆਰਾ ਅੱਜ ਹਰੀ ਝੰਡੀ ਦੇ ਰਵਾਨਾ ਕੀਤਾ ਗਿਆ। ਇਸ ਮੌਕੇ ਡਾ. ਤੇਜਵੰਤ ਸਿੰਘ ਢਿੱਲੋ ਨੇ ਆਮ ਜਨਤਾ ਨੂੰ ਅਪੀਲ ਕੀਤੀ ਕੇ ਕੋਵਿਡ ਤੋਂ ਬਚਣ ਲਈ ਮੁਕੰਮਲ ਕੋਵਿਡ ਟੀਕਾਕਰਨ ਬਹੁਤ ਜਰੁਰੀ ਹੈ ਅਤੇ ਆਪਣਾ ਟੀਕਾਕਰਨ ਜਰੂਰ ਕਰਵਾਇਆ ਜਾਵੇ।ਉਨ੍ਹਾ ਕਿਹਾ ਕਿ ਜਿਨ੍ਹਾ ਲੋਕਾਂ ਨੇ ਅਜੇ ਤੱਕ ਆਪਣਾ ਕੋਵਿਡ ਵੈਕਸੀਨੇਸ਼ਨ ਨਹੀ ਕਰਵਾਈ ਉਹ ਕੋਵਿਡ ਵੈਕਸੀਨੇਸ਼ਨ ਜਰੂਰ ਕਰਵਾਉਣ ਅਤੇ ਜਿਨ੍ਹਾ ਨੇ ਦੂਜੀ ਡੋਜ਼ ਨਹੀ ਲਗਾਈ ਉਹ ਆਪਣੀ ਦੁਜੀ ਡੋਜ਼ ਅਤੇ ਬੂਸਟਰ ਡੋਜ਼ ਵੀ ਜਰੂਰ ਲਗਵਾਉਣ । ਉਨਾਂ ਕਿਹਾ ਕਿ ਗੰਭੀਰ ਬੀਮਾਰੀਆਂ ਤੋਂ ਪੀੜਿਤ ਲੋਕ , ਗਰਭਵਤੀ ਔਰਤਾਂ ਅਤੇ ਬੱਚਿਆਂ ਨੂੰ ਦੁੱਧ ਪਿਲਾਉਦੀਆਂ ਮਾਵਾਂ ਆਪਣਾ ਕੋਵਿਡ ਟੀਕਾਕਰਨ ਪਹਿਲ ਦੇ ਅਧਾਰ ਤੇ ਜਰੂਰ ਕਰਵਾਉਣ ਤਾਂ ਜੋ ਕੋਵਿਡ ਤੋਂ ਬਚਿਆ ਜਾ ਸਕੇ।ਉਨ੍ਹਾਂ ਕਿਹਾ ਕਿ ਜਿੰਨ੍ਹਾਂ ਲੋਕਾਂ ਦੇ ਕੋਵਿਡ ਵੈਕਸੀਨ ਲੱਗੀ ਹੋਵੇ ਉਹਨਾਂ ਵਿੱਚ ਕੋਵਿਡ ਪਾਜ਼ੀਟਿਵ ਹੋਣ ਤੇ ਵੀ ਮਾਮੂਲੀ ਲੱਛਣ ਆਉਂਦੇ ਹਨ ਅਤੇ ਜਲਦੀ ਸਵੱਸਥ ਹੋ ਜਾਂਦੇ ਹਨ ਇਸ ਮੌਕੇ ਸਹਾਇਕ ਸਿਵਲ ਸਰਜਨ ਡਾ. ਅਨੁਪਮਾ ਸ਼ਰਮਾ, ਜਿਲ੍ਹਾ ਪਰਿਵਾਰ ਭਲਾਈ ਅਫਸਰ ਡਾ. ਸੁਖਜਿੰਦਰ ਸਿੰਘ ਗਿੱਲ, ਡੀ ਐੱਚ. ਓ ਡਾ. ਊਸ਼ਾ ਗੋਇਲ,ਐੱਸ ਐਮ ਓ ਡਾ ਪਾਮਿਲ, ਡਾ. ਮਨੀਸ਼ ਗੁਪਤਾ, ਜਿਲ੍ਹਾ ਮਾਸ ਮੀਡੀਆਂ ਅਫਸਰ ਕੁਲਵੰਤ ਸਿੰਘ ਅਤੇ ਮਮਤਾ ਐੱਨ ਜੀ ਓ ਸਟਾਫ ਹਾਜ਼ਰ ਸੀ।
ਲਿਟਰੇਰੀ ਫੈਸਟੀਵਲ, ਮਾਂ ਬੋਲੀ ਤੋਂ ਤੋੜ ਵਿਛੋੜਾ ਪੰਜਾਬੀ ਰਹਿਤਲ ਲਈ ਸਭ ਤੋਂ ਵੱਡਾ ਖਤਰਾ
ਗੀਤਕਾਰਾਂ, ਕਵੀਆਂ ਅਤੇ ਦਾਨਿਸ਼ਵਰਾਂ ਨੇ ਕੀਤੀ ਲੋਕ ਕਾਵਿ ‘ਤੇ ਚਰਚਾ
ਗੀਤਾਂ ਨੇ ਪੰਜਾਬੀ ਬੋਲੀ ਨੂੰ ਸਾਂਭਿਆ ਹੋਇਆ ਹੈ- ਬਾਬੂ ਸਿੰਘ ਮਾਨ
ਮੈਨੂੰ ਹੀਰ ਵਾਰਿਸ ਤੇ ਸੱਤੇ ਬਲਵੰਡ ਦੀ ਵਾਰ ਦੀ ਸੰਥਿਆ ਮਿਲੀ ਹੈ- ਰੱਬੀ ਸ਼ੇਰਗਿੱਲ
ਸੁਖਜਿੰਦਰ ਮਾਨ
ਬਠਿੰਡਾ,27 ਦਸੰਬਰ: ਸਥਾਨਕ ਟੀਚਰਜ਼ ਹੋਮ ਵਿਖੇ ਚੱਲ ਰਹੇ ਪੀਪਲਜ਼ ਲਿਟਰੇਰੀ ਫੈਸਟੀਵਲ ਦੇ ਅੱਜ ਤੀਜੇ ਦਿਨ ਦੀ ਸ਼ੁਰੂਆਤ ਵਾਰਿਸ ਸ਼ਾਹ ਦੀਆਂ ਤਿੰਨ ਸਦੀਆਂ ਦੇ ਜਸ਼ਨ ਵਜੋਂ ਉਲੀਕੀਆਂ ਗਈਆਂ ਤਿੰਨ ਸੰਵਾਦੀ ਬੈਠਕਾਂ ਨਾਲ ਹੋਈ। ਪਹਿਲੀ ਬੈਠਕ ਵਿਚ ਮਸ਼ਹੂਰ ਲੋਕ ਗੀਤਕਾਰ ਬਾਬੂ ਸਿੰਘ ਮਾਨ ਨੇ ਆਪਣੇ ਹੀਰ-ਰਾਂਝੇ ਬਾਰੇ ਲਿਖੇ ਸੱਤਰ ਕੁ ਗੀਤਾਂ ਦੇ ਹਵਾਲੇ ਨਾਲ ਲੋਕ ਮਨਾ ਦੀ ਮਹਿਮਾਂ ਕਰਦਿਆਂ ਆਪਣੀ ਗੱਲ ਰੱਖੀ। ਕਵੀਸ਼ਰਾਂ, ਢਾਡੀਆਂ, ਰਾਸਧਾਰੀਆਂ ਤੇ ਚਿੱਠਿਆਂ, ਪ੍ਰਸੰਗਾਂ ਨਾਲ ਹੋਈ ਆਪਣੀ ਤਰਬੀਅਤ ਦਾ ਜ਼ਿਕਰ ਕੀਤਾ। ਪ੍ਰੋਫੈਸਰ ਰਾਜਿੰਦਰ ਪਾਲ ਸਿੰਘ ਬਰਾੜ ਨੇ ਕਿਹਾ ਕਿ ਪੰਜਾਬੀ ਸਭਿਆਚਾਰ ਦਾ ਪ੍ਰਧਾਨ ਕਲਾ ਰੂਪ ਗੀਤ ਹਨ ਪਰ ਸਾਡੇ ਸਾਹਿਤ ਆਲੋਚਨਾ ਦੇ ਪਿੜ ਵਿੱਚੋਂ ਇਹ ਲਗਭਗ ਖਾਰਿਜ ਕਰ ਦਿੱਤੇ ਗਏ ਹਨ। ਜਦੋਂਕਿ ਇਹਨਾਂ ਦੇ ਜ਼ਰੀਏ ਪਰਪੱਕ ਭਾਵਨਾਵਾਂ ਅਤੇ ਬਿਰਤੀਆਂ ਦਾ ਬਿਆਨ ਕੀਤਾ ਮਿਲਦਾ ਹੈ। ਅਦਾਰਾ 23 ਮਾਰਚ ਦੇ ਡਾਇਰੈਕਟਰ ਡਾ. ਸੁਮੇਲ ਸਿੰਘ ਸਿੱਧੂ ਨੇ ਹੀਰ ਵਾਰਿਸ ਵਿਚ ਹੀਰ ਦੀ ਬਗਾਵਤ ਨੂੰ ਵੀਹਵੀਂ ਸਦੀ ਦੀ ਲੋਕ ਗੀਤਕਾਰੀ ਵਿੱਚੋਂ ਸਿਰਫ ਬੇਬਸੀ ਤੱਕ ਘਟਾ ਲੈਣ ਦੇ ਵਰਤਾਰੇ ਦਾ ਜ਼ਿਕਰ ਕੀਤਾ। ਇਸ ਤੋਂ ਪਹਿਲਾਂ ਸੰਸਥਾ ਪੀਪਲਜ਼ ਫੋਰਮ ਦੇ ਪ੍ਰਧਾਨ ਖੁਸ਼ਵੰਤ ਬਰਗਾੜੀ ਨੇ ਮਹਿਮਾਨਾ ਦਾ ਸਵਾਗਤ ਕੀਤਾ।ਫੈਸਟੀਵਲ ਦੂਜੇ ਸ਼ੈਸ਼ਨ ਵਿਚ ਪੰਜਾਬੀ ਕਵੀ ਵਿਜੇ ਵਿਵੇਕ ਦੇ ਬੈਤਾਂ ਦਾ ਜ਼ਿਕਰ ਖਾਸ ਕੀਤਾ ਗਿਆ। ਵਾਰਿਸ ਸ਼ਾਹੀ ਜ਼ਮੀਨ ‘ਤੇ ਵਗਦਿਆਂ ਵਿਜੇ ਵਿਵੇਕ ਦੇ ਸੁਚੇਤ ਪੱਧਰ ‘ਤੇ ਵਾਰਿਸ ਸ਼ਾਹ ਦੇ ਛੰਦ, ਪਾਤਰ ਅਤੇ ਨਿਭਾਅ ਨੂੰ ਮੌਲਿਕ ਢੰਗ ਨਾਲ ਉਲੀਕਣ ‘ਤੇ ਵਿਸ਼ੇਸ਼ ਚਰਚਾ ਹੋਈ। ਗ਼ਜ਼ਲਗੋ ਗੁਰਤੇਜ ਕੋਹਾਰਵਾਲਾ ਅਤੇ ਸੁਖਜਿੰਦਰ ਨੇ ਵਿਜੇ ਦੀ ਸ਼ਾਇਰੀ ਵਿਚ ਬਿਰਹਾ ਅਤੇ ਵਿਜੋਗ ਦੇ ਤੱਤ ਦਾ ਉਚੇਚਾ ਜ਼ਿਕਰ ਕੀਤਾ।ਤੀਜੇ ਸ਼ੈਸ਼ਨ ਵਿਚ, ‘ਪੰਜਾਬ-ਪਿਆਰ ਦੀ ਵੰਗਾਰ ਅਤੇ ਸਾਡੀਆਂ ਸਿਆਣਪਾ’ ਉਪਰ ਮਸ਼ਹੂਰ ਗਾਇਕ-ਗੀਤਕਾਰ ਰੱਬੀ ਸ਼ੇਰਗਿੱਲ ਨਾਲ ਇਤਿਹਾਸਕਾਰ ਡਾ. ਸੁਮੇਲ ਸਿੰਘ ਸਿੱਧੂ ਦੀ ਸੰਵਾਦੀ ਬੈਠਕ ਹੋਈ। ਰੱਬੀ ਸ਼ੇਰਗਿੱਲ ਨੇ ਦੇਸੀ ਪੰਜਾਬੀ ਦੀ ਨਫਾਸਤ ਅਤੇ ਰਮਜ਼ ਨੂੰ ਆਪਣੀ ਕਲਾ ਸਿਰਜਣਾ ਦੀ ਬੁਨਿਆਦ ਦੱਸਿਆ। ਇਸ ਭਾਸ਼ਾ ਦੀ ਤਾਕਤ ਅਤੇ ਸਮਰੱਥਾ ਨੂੰ ਬਣਾਉਟੀ ਢੰਗ ਨਾਲ ਵਿਸਾਰਨ- ਵਿਗਾੜਣ ਦੇ ਵਰਤਾਰੇ ਨੂੰ ਪੰਜਾਬ ਲਈ ਸਭ ਤੋਂ ਵੱਡਾ ਖਤਰਾ ਦੱਸਿਆ।ਪੀਪਲਜ਼ ਲਿਟਰੇਰੀ ਫੈਸਟੀਵਲ ਦੇ ਤੀਜੇ ਦਿਨ ਦੇ ਆਖਰੀ ਸ਼ੈਸ਼ਨ ਵਿਚ ਦਸਤਕ ਮੰਚ ਜਲੰਧਰ ਵੱਲੋਂ ‘ਬਰੂਨੋ’ ਅਤੇ ‘ਗੇਟਕੀਪਰ’ ਦਾ ਸ਼ੋਅ ਦਿਖਾਇਆ ਗਿਆ। ਇਸ ਫਿਲਮ ਉਪਰ ਹੋਈ ਵਿਚਾਰ ਚਰਚਾ ਵਿਚ ਗੁਰਪੰਥ ਗਿੱਲ, ਦੀਪ ਜਗਦੀਪ, ਮਨਦੀਪ ਮਹਿਰਮ ਅਤੇ ਰਾਜਿੰਦਰ ਜਿਧਾ ਨੇ ਹਿੱਸਾ ਲਿਆ।ਫੈਸਟੀਵਲ ਵਿਚ ਪੰਜਾਬੀ ਯੂਨੀਵਰਸਿਟੀ ਕਾਲਜ ਘੁੱਦਾ ਵੱਲੋਂ ਲਗਾਈ ਵਿਰਾਸਤੀ ਪ੍ਰਦਰਸ਼ਨੀ, ਗਰੀਨ ਐਨਰਜੀ ਫਾਰਮ ਦੀ ਅਮਰੂਦ ਬਰਫੀ, ਬਰਗਾੜੀ ਗੁੜ ਵਿਸ਼ੇਸ਼ ਖਿੱਚ ਦਾ ਕੇਂਦਰ ਰਹੇ।ਇਸ ਮੌਕੇ ਹੋਰਨਾ ਤੋਂ ਇਲਾਵਾ ਡਾ. ਚਰਨਜੀਤ ਕੌਰ, ਗੁਰਪ੍ਰੀਤ ਸਿੱਧੂ, ਲਾਭ ਸਿੰਘ ਖੀਵਾ, ਲਛਮਣ ਮਲੂਕਾ, ਰਣਜੀਤ ਗੌਰਵ, ਜਸਪਾਲ ਮਾਨਖੇੜਾ ਆਦਿ ਹਾਜ਼ਰ ਸਨ।
ਬਠਿੰਡਾ ਕੈਮੀਕਲ ਦੇ ਐਮਡੀ ਰਜਿੰਦਰ ਮਿੱਤਲ ਨੇ ਸਿਵਲ ਹਸਪਤਾਲ ਨੂੰ ਦਿੱਤਾ ਵੱਡਾ ਤੋਹਫ਼ਾ
ਡਾਇਲਸੈਸ ਦੀਆਂ 3 ਮਸ਼ੀਨਾਂ ਖਰੀਦਣ ਲਈ ਡਿਪਟੀ ਕਮਿਸ਼ਨਰ ਨੂੰ ਭੇਟ ਕੀਤਾ 30 ਲੱਖ ਰੁਪਏ ਦਾ ਚੈਕ
ਨਵੇਂ ਡਾਇਲਸੈਸ ਸੈਂਟਰ ਚ ਮਰੀਜ਼ਾਂ ਨੂੰ ਵਾਜਬ ਦਰਾਂ ਤੇ ਇਲਾਜ਼ ਲਈ ਦਿੱਤੀ ਜਾਵੇਗੀ ਸਹੂਲਤ
ਸੁਖਜਿੰਦਰ ਮਾਨ
ਬਠਿੰਡਾ, 27 ਦਸੰਬਰ : ਇਲਾਕੇ ਦੇ ਉੱਘੇ ਉਦਯੋਗਪਤੀ ਰਜਿੰਦਰ ਮਿੱਤਲ ਵਲੋਂ ਅੱਜ ਸਥਾਨਕ ਸਿਵਲ ਹਸਪਤਾਲ ਵਿਖੇ ਨਵੇਂ ਡਾਇਲਸੈਸ ਸੈਂਟਰ ਲਈ 30 ਲੱਖ ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਗਈ। ਦੁਆਰਕਾ ਦਾਸ ਮਿੱਤਲ ਚੈਰੀਟੇਬਲ ਟਰੱਸਟ (ਰਜਿ.) ਦੀ ਤਰਫ਼ੋਂ ਡਾਇਲਸੈਸ ਦੀਆਂ 3 ਨਵੀਆਂ ਮਸ਼ੀਨਾਂ ਖਰੀਦਣ ਲਈ ਡਿਪਟੀ ਕਮਿਸ਼ਨਰ ਸ੍ਰੀ ਸ਼ੌਕਤ ਅਹਿਮਦ ਪਰੇ ਨੂੰ 30 ਲੱਖ ਰੁਪਏ ਦਾ ਚੈਕ ਭੇਟ ਕਰਦਿਆਂ ਸ਼੍ਰੀ ਮਿੱਤਲ ਨੇ ਕਿਹਾ ਕਿ ਹਮੇਸ਼ਾ ਹਰ ਵਿਅਕਤੀ ਨੂੰ ਸਮਾਜ ਲਈ ਵੀ ਕੁੱਝ ਕਰਦੇ ਰਹਿਣਾ ਚਾਹੀਦਾ ਹੈ। ਇਸ ਮੌਕੇ ਮਿੱਤਲ ਗਰੁੱਪ ਆਫ਼ ਕੰਪਨੀਜ਼ ਦੇ ਮੈਨੇਜਿੰਗ ਡਾਇਰੈਕਟਰ ਸ੍ਰੀ ਰਾਜਿੰਦਰ ਮਿੱਤਲ ਨਾਲ ਜੁਆਇੰਟ ਮੈਨੇਜਿੰਗ ਡਾਇਰੈਕਟਰ ਸ੍ਰੀ ਕੁਸ਼ਲ ਮਿੱਤਲ ਵੀ ਹਾਜ਼ਰ ਰਹੇ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਮਿੱਤਲ ਗਰੁੱਪ ਆਫ਼ ਕੰਪਨੀਜ਼ ਦੇ ਮੈਨੇਜਿੰਗ ਡਾਇਰੈਕਟਰ ਸ੍ਰੀ ਰਾਜਿੰਦਰ ਮਿੱਤਲ ਦਾ ਇਸ ਵਿੱਤੀ ਸਹਿਯੋਗ ਲਈ ਵਿਸ਼ੇਸ਼ ਧੰਨਵਾਦ ਕਰਦਿਆਂ ਕਿਹਾ ਕਿ ਸਿਵਲ ਹਸਪਤਾਲ ਵਿਖੇ ਨਵੇਂ ਡਾਇਲਸੈਸ ਸੈਂਟਰ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ, ਜਿਸ ਅੰਦਰ ਤਿੰਨ ਡਾਇਲਸੈਸ ਦੀਆਂ ਮਸ਼ੀਨਾਂ ਲਈ ਦੁਆਰਕਾ ਦਾਸ ਮਿੱਤਲ ਚੈਰੀਟੇਬਲ ਟਰੱਸਟ ਬਠਿੰਡਾ ਵੱਲੋਂ ਇਹ 30 ਲੱਖ ਰੁਪਏ ਦਾ ਚੈਕ ਸੀ.ਐਸ.ਆਰ ਫੰਡ ਦੇ ਤਹਿਤ ਦਿੱਤਾ ਗਿਆ ਹੈ। ਇਸ ਮੌਕੇ ਉਨ੍ਹਾਂ ਦੱਸਿਆ ਕਿ ਸਥਾਨਕ ਸਿਵਲ ਹਸਪਤਾਲ ਵਿੱਚ ਖੁੱਲ੍ਹ ਰਹੇ ਨਵੇਂ ਡਾਇਲਸੈਸ ਸੈਂਟਰ ਵਿੱਚ ਮਰੀਜ਼ਾਂ ਨੂੰ ਕਾਫ਼ੀ ਵਾਜਬ ਦਰਾਂ ਤੇ ਇਲਾਜ਼ ਦੀ ਸਹੂਲਤ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਮਿੱਤਲ ਗਰੁੱਪ ਆਫ਼ ਕੰਪਨੀਜ਼ ਵੱਲੋਂ ਪਹਿਲਾਂ ਵੀ ਸਮੇਂ-ਸਮੇਂ ਅਨੁਸਾਰ ਸੀ.ਐਸ.ਆਰ. (ਕਾਰਪੋਰੇਟ ਸ਼ੋਸਲ ਰਿਸਪੌਂਸ਼ੀਬਿਲਟੀ) ਫੰਡ ਵਿੱਚੋਂ ਇਹ ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ।ਇਸ ਮੌਕੇ ਸਕੱਤਰ ਰੈਡ ਕਰਾਸ ਸ੍ਰੀ ਦਰਸ਼ਨ ਕੁਮਾਰ ਵੀ ਹਾਜ਼ਰ ਸਨ।







