Wednesday, May 20, 2026
Home Blog Page 2264

ਪੁਲਿਸ ਵੱਲੋਂ ਸਰਹੱਦ ਪਾਰੋਂ ਨਸ਼ਾ ਤਸਕਰੀ ਦੇ ਇੱਕ ਹੋਰ ਨੈੱਟਵਰਕ ਦਾ ਪਰਦਾਫਾਸ਼; 10 ਕਿਲੋ ਹੈਰੋਇਨ, 2 ਪਿਸਤੌਲਾਂ ਸਮੇਤ ਦੋ ਕਾਬੂ

0

ਪੰਜਾਬ ਪੁਲਿਸ ਮੁੱਖ ਮੰਤਰੀ ਭਗਵੰਤ ਮਾਨ ਦੀ ਸੋਚ ਅਨੁਸਾਰ ਸੂਬੇ ਨੂੰ ਨਸ਼ਾ ਮੁਕਤ ਕਰਨ ਲਈ ਵਚਨਬੱਧ
ਗ੍ਰਿਫਤਾਰ ਨਸ਼ਾ ਤਸਕਰ ਪਾਕਿ ਅਧਾਰਤ ਨਸ਼ਾ ਤਸਕਰ ਦੇ ਸੰਪਰਕ ਵਿੱਚ ਸਨ: ਡੀਜੀਪੀ ਗੌਰਵ ਯਾਦਵ
ਪੰਜਾਬੀ ਖ਼ਬਰਸਾਰ ਬਿਉਰੋ
ਗੁਰਦਾਸਪੁਰ, 28 ਦਸੰਬਰ: ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ-ਨਿਰਦੇਸ਼ਾਂ ’ਤੇ ਨਸ਼ਿਆਂ ਵਿਰੁੱਧ ਵਿੱਢੀ ਜੰਗ ਤਹਿਤ ਸਰਹੱਦ ਪਾਰੋਂ ਨਸ਼ਾ ਤਸਕਰੀ ਦੇ ਇੱਕ ਹੋਰ ਨੈਟਵਰਕ ਦਾ ਪਰਦਾਫਾਸ਼ ਕਰਕੇ ਵੱਡੀ ਸਫਲਤਾ ਹਾਸਲ ਕਰਦਿਆਂ ਪੰਜਾਬ ਪੁਲਿਸ ਨੇ ਦੋ ਨਸ਼ਾ ਤਸਕਰਾਂ ਨੂੰ 10 ਕਿਲੋ ਹੈਰੋਇਨ (10 ਪੈਕੇਟ) ਸਮੇਤ ਗ੍ਰਿਫਤਾਰ ਕੀਤਾ ਹੈ। ਇਹ ਜਾਣਕਾਰੀ ਅੱਜ ਇੱਥੇ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਦਿੱਤੀ। ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਹਰਸ਼ਦੀਪ ਸਿੰਘ ਵਾਸੀ ਪਿੰਡ ਥੰਮਣ ਜ਼ਿਲ੍ਹਾ ਗੁਰਦਾਸਪੁਰ ਅਤੇ ਸਰਵਣ ਸਿੰਘ ਉਰਫ਼ ਸਾਬਾ ਵਾਸੀ ਸ਼ਾਹੂਰ ਕਲਾਂ ਜ਼ਿਲ੍ਹਾ ਗੁਰਦਾਸਪੁਰ ਵਜੋਂ ਹੋਈ ਹੈ। ਪੁਲਿਸ ਨੇ ਇਨ੍ਹਾਂ ਦੇ ਕਬਜ਼ੇ ’ਚੋਂ .30 ਬੋਰ ਦੇ ਦੋ ਵਿਦੇਸ਼ੀ ਪਿਸਤੌਲ, ਚਾਰ ਮੈਗਜ਼ੀਨ ਅਤੇ 180 ਜਿੰਦਾ ਕਾਰਤੂਸ ਵੀ ਬਰਾਮਦ ਕੀਤੇ ਹਨ। ਇਹ ਸਫਲਤਾ ਪੰਜਾਬ ਪੁਲਿਸ ਵੱਲੋਂ 10 ਕਿਲੋ ਹੈਰੋਇਨ ਅਤੇ ਇੱਕ ਆਧੁਨਿਕ ਡਰੋਨ ਸਮੇਤ ਦੋ ਮੁੱਖ ਦੋਸ਼ੀਆਂ ਦੀ ਗ੍ਰਿਫਤਾਰੀ ਨਾਲ ਸਰਹੱਦ ਪਾਰੋਂ ਨਸ਼ਾ ਤਸਕਰੀ ਦੇ ਵੱਡੇ ਗਿਰੋਹ ਦਾ ਪਰਦਾਫਾਸ਼ ਕੀਤੇ ਜਾਣ ਤੋਂ ਤਿੰਨ ਦਿਨਾਂ ਬਾਅਦ ਮਿਲੀ ਹੈ। ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਭਰੋਸੇਯੋਗ ਜਾਣਕਾਰੀ ਦੇ ਆਧਾਰ ’ਤੇ ਕਾਊਂਟਰ ਇੰਟੈਲੀਜੈਂਸ (ਸੀ.ਆਈ.) ਪਠਾਨਕੋਟ ਦੀਆਂ ਪੁਲਿਸ ਟੀਮਾਂ ਨੇ ਗੁਰਦਾਸਪੁਰ ਦੇ ਪਿੰਡ ਥੰਮਣ ਨੇੜੇ ਇੱਕ ਵਿਸ਼ੇਸ਼ ਅਭਿਆਨ ਚਲਾਇਆ ਅਤੇ ਦੋਵਾਂ ਨਸ਼ਾ ਤਸਕਰਾਂ ਨੂੰ ਉਸ ਸਮੇਂ ਸਫਲਤਾਪੂਰਵਕ ਕਾਬੂ ਕਰ ਲਿਆ, ਜਦੋਂ ਉਹ ਬਾਰਡਰ ਆਊਟਪੋਸਟ (ਬੀ.ਓ.ਪੀ.) ਚੌਂਤਰਾ (ਦੋਰਾਂਗਲਾ, ਗੁਰਦਾਸਪੁਰ) ਵਿਖੇ ਪਾਕਿਸਤਾਨ ਅਧਾਰਤ ਤਸਕਰਾਂ ਦੁਆਰਾ ਕੰਡਿਆਲੀ ਤਾਰ ਦੇ ਰਸਤੇ ਰਾਹੀਂ ਪਾਈਪ ਦੀ ਮਦਦ ਨਾਲ ਭੇਜੀ ਗਈ ਨਸ਼ੇ ਅਤੇ ਹਥਿਆਰਾਂ ਦੀ ਖੇਪ ਬਰਾਮਦ ਕਰਨ ਤੋਂ ਬਾਅਦ ਪੈਦਲ ਆਪਣੇ ਘਰ ਜਾ ਰਹੇ ਸਨ । ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਦੋਵੇਂ ਨਸ਼ਾ ਤਸਕਰ ਰਹਿਮਤ ਮੀਆਂ ਵਜੋਂ ਜਾਣੇ ਜਾਂਦੇ ਪਾਕਿ ਅਧਾਰਤ ਤਸਕਰ ਦੇ ਸੰਪਰਕ ਵਿੱਚ ਸਨ। ਸੀ.ਆਈ. ਪਠਾਨਕੋਟ ਦੇ ਏ.ਆਈ.ਜੀ. ਅਮਰਜੀਤ ਸਿੰਘ ਬਾਜਵਾ ਨੇ ਦੱਸਿਆ ਕਿ ਦੋਸ਼ੀ ਸਰਵਣ ਇੱਕ ਬਦਨਾਮ ਨਸ਼ਾ ਤਸਕਰ ਹੈ ਜੋ 7 ਸਾਲ ਦੀ ਕੈਦ ਕੱਟਣ ਤੋਂ ਬਾਅਦ 2018 ਵਿੱਚ ਜ਼ਮਾਨਤ ’ਤੇ ਬਾਹਰ ਆਇਆ ਸੀ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਅਗਲੇਰੀ ਜਾਂਚ ਜਾਰੀ ਹੈ। ਇਸ ਸਬੰਧੀ ਥਾਣਾ ਐਸ.ਐਸ.ਓ.ਸੀ. ਅੰਮ੍ਰਿਤਸਰ ਵਿਖੇ ਐਨ.ਡੀ.ਪੀ.ਐਸ. ਐਕਟ ਦੀ ਧਾਰਾ 21/61/85 ਅਤੇ ਅਸਲਾ ਐਕਟ ਦੀ ਧਾਰਾ 25/54/59 ਅਧੀਨ ਐਫ.ਆਈ.ਆਰ ਨੰ 38 ਮਿਤੀ 28.12.2022 ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ।

ਮਾਰਕਫੈੱਡ ਦੇ ਚੇਅਰਮੈਨ ਅਮਨਦੀਪ ਮੋਹੀ ਵੱਲੋਂ ਅਹਿਮਦਗੜ੍ਹ ’ਚ ਚੌਲ ਮਿੱਲ ’ਤੇ ਅਚਨਚੇਤ ਛਾਪੇਮਾਰੀ

0

ਸ਼ਿਕਾਇਤ ਮਿਲਣ ’ਤੇ ਤੁਰੰਤ ਫਲਾਇੰਗ ਟੀਮ ਨਾਲ ਨਰੀਖਣ ਕਰਨ ਪਹੁੰਚੇ ਚੇਅਰਮੈਨ ਮੋਹੀ ਨੇ ਜ਼ਬਤ ਕੀਤੀਆਂ ਟੋਟੇ ਦੀਆਂ 804 ਅਣ-ਐਲਾਨੀਆਂ ਬੋਰੀਆਂ
ਮਾਨ ਸਰਕਾਰ ਦੀ ਭ੍ਰਿਸ਼ਟਾਚਾਰ ਵਿਰੁੱਧ ’ਜ਼ੀਰੋ ਟੋਲਰੈਂਸ ਨੀਤੀ’ ਅਨੁਸਾਰ ਕੰਮ ਕਰ ਰਿਹਾ ਮਾਰਕਫੈੱਡ: ਅਮਨਦੀਪ ਮੋਹੀ
ਰਾਈਸ ਮਿੱਲਰਜ਼ ਭ੍ਰਿਸ਼ਟਾਚਾਰ ਅਤੇ ਮਿਲਾਵਟ ਤੋਂ ਕਰਨ ਪਰਹੇਜ਼: ਮੋਹੀ
ਪੰਜਾਬੀ ਖ਼ਬਰਸਾਰ ਬਿਉਰੋ
ਮਲੇਰਕੋਟਲਾ,28 ਦਸੰਬਰ: ਆਮ ਆਦਮੀ ਪਾਰਟੀ (ਆਪ) ਸਰਕਾਰ ਦੀ ਭ੍ਰਿਸ਼ਟਾਚਾਰ ਵਿਰੁੱਧ ’ਜ਼ੀਰੋ ਟੋਲਰੈਂਸ ਨੀਤੀ’ ’ਤੇ ਚਲਦਿਆਂ ਮਾਰਕਫੈੱਡ ਦੇ ਚੇਅਰਮੈਨ ਅਮਨਦੀਪ ਸਿੰਘ ਮੋਹੀ ਨੇ ਮਲੇਰਕੋਟਲਾ ਵਿਖੇ ਲਕਸ਼ਮੀ ਰਾਇਸ ਮਿੱਲ, ਅਹਿਮਦਗੜ੍ਹ ਖ਼ਿਲਾਫ਼ ਨਿਯਮਾਂ ਦੀ ਉਲੰਘਣਾ ਦੀ ਸ਼ਿਕਾਇਤ ਮਿਲਣ ’ਤੇ ਕਾਰਵਾਈ ਕਰਦਿਆਂ ਅੱਜ ਮਿੱਲ ’ਤੇ ਅਚਨਚੇਤ ਛਾਪੇਮਾਰੀ ਕੀਤੀ।ਬੁੱਧਵਾਰ ਨੂੰ ਲਕਸ਼ਮੀ ਚੌਲ ਮਿੱਲ ਦੀ ਭੌਤਿਕ ਪੜਤਾਲ ਦੌਰਾਨ ਚੇਅਰਮੈਨ ਅਮਨਦੀਪ ਸਿੰਘ ਮੋਹੀ ਦੀ ਅਗਵਾਈ ਵਾਲੀ ਮਾਰਕਫੈੱਡ ਦੀ ਫਲਾਇੰਗ ਸਕੁਆਇਡ ਨੂੰ ਟੋਟੇ ਦੀਆਂ 804 ਅਣ-ਐਲਾਨੀਆਂ ਬੋਰੀਆਂ ਮਿਲੀਆਂ ਨਾਲ ਹੀ 253 ਚੌਲਾਂ ਦੀਆਂ ਬੋਰੀਆਂ ਘੱਟ ਪਾਈਆਂ ਗਈਆਂ। ਇਸ ਤੋਂ ਇਲਾਵਾ ਮਿੱਲ ਵਿੱਚ 9 ਵੇਗਨ (ਗੱਡੀਆਂ, 580ਗ9 ਬੋਰੀਆਂ) ਚੌਲ ਵਾਧੂ ਪੀੜ ਕੇ ਰੱਖੇ ਗਏ ਸਨ।ਅਮਨਦੀਪ ਮੋਹੀ ਨੇ ਕਿਹਾ ਕਿ 9 ਗੱਡੀਆਂ ਵਾਧੂ ਪੀੜ ਕੇ ਰੱਖਣ ਲਈ ਸੰਬੰਧਤ ਸ਼ੈੱਲਰ ’ਤੇ ਕਾਰਵਾਈ ਬਣਦੀ ਹੈ। ਉਨ੍ਹਾਂ ਅੱਗੇ ਕਿਹਾ ਕਿ ਅਣ-ਐਲਾਨੀਆਂ ਟੋਟੇ ਦੀਆਂ ਬੋਰੀਆਂ, ਜੋ ਸ਼ੈੱਲਰ ਵੱਲੋਂ ਚਾਵਲਾਂ ’ਚ ਮਿਲਾ ਕੇ ਸਰਕਾਰ ਨੂੰ ਵੇਚਿਆ ਜਾ ਰਿਹਾ ਸੀ, ਲਈ ਉਨ੍ਹਾਂ ’ਤੇ ਪੈਡੀ ਪਾਲਿਸੀ ਦੇ ਕਲਾੱਸ ਨੰ. 9 ਦੇ ਸਬ-ਕਲਾੱਸ V ਅਨੁਸਾਰ ਕਾਰਵਾਈ ਕੀਤੀ ਜਾਵੇਗੀ।ਚੇਅਰਮੈਨ ਮੋਹੀ ਨੇ ਕਿਹਾ ਕਿ ਮਾਨ ਸਰਕਾਰ ਦੀ ਪਹਿਲੇ ਦਿਨ ਤੋਂ ਭ੍ਰਿਸ਼ਟਾਚਾਰ ਵਿਰੁੱਧ ਜ਼ੀਰੋ ਟੋਲਰੈਂਸ ਦੀ ਨੀਤੀ ਹੈ। ਮਾਰਕਫੈੱਡ ਵੀ ਉਨ੍ਹਾਂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਾਫ਼ ਸੁਥਰੇ ਅਤੇ ਪਾਰਦਰਸ਼ੀ ਪ੍ਰਣਾਲੀ ਲਈ ਵਚਨਬੱਧ ਹੈ। ਉਨ੍ਹਾਂ ਰਾਈਸ ਮਿੱਲਰਜ਼ ਨੂੰ ਤਾੜਨਾ ਕੀਤੀ ਕਿ ਉਹ ਕਿਸੇ ਵੀ ਤਰ੍ਹਾਂ ਦੇ ਭ੍ਰਿਸ਼ਟਾਚਾਰ ਅਤੇ ਮਿਲਾਵਟ ਤੋਂ ਪਰਹੇਜ਼ ਕਰਨ। ਉਨ੍ਹਾਂ ਕਿਹਾ ਕਿ ਲਕਸ਼ਮੀ ਰਾਇਸ ਮਿੱਲ ਵਿਰੁੱਧ ਬਣਦੀ ਕਾਰਵਾਈ ਕੀਤੀ ਜਾਵੇਗੀ ਅਤੇ ਛਾਪੇਮਾਰੀ ਦੌਰਾਨ ਪਾਈਆਂ ਗਈਆਂ ਕਮੀਆਂ ਅਤੇ ਨਿਯਮਾਂ ਦੀ ਉਲੰਘਣਾ ਦੀ ਮੁੱਢਲੀ ਰਿਪੋਰਟ ਤਿਆਰ ਕਰਕੇ ਅਗਲੀ ਕਾਰਵਾਈ ਲਈ ਦਾਖਲ ਕੀਤੀ ਜਾ ਚੁੱਕੀ ਹੈ।

ਕਿਸਾਨ ਇੱਕਜੁਟ ਹੋਵੇਗਾ ਤੇ ਦੇਸ ’ਚ ਮੁੜ ਵੱਡਾ ਅੰਦੋਲਨ ਸ਼ੁਰੂ ਹੋਵੇਗਾ: ਰਾਕੇਸ਼ ਟਿਕੈਤ

ਸੁਖਜਿੰਦਰ ਮਾਨ
ਬਠਿੰਡਾ, 28 ਦਸੰਬਰ: ਭਾਰਤੀ ਕਿਸਾਨ ਯੂਨੀਅਨ ਦੇ ਕੌਮੀ ਆਗੂ ਰਾਕੇਸ਼ ਟਿਕੈਤ ਨੇ ਦਾਅਵਾ ਕੀਤਾ ਹੈ ਕਿ ਜਲਦੀ ਹੀ ਕਿਸਾਨ ਇਕਜੁਟ ਹੋਣਗੇ ਅਤੇ ਅਪਣੀਆਂ ਜਮੀਨਾਂ ਬਚਾਉਣ ਲਈ ਸਰਕਾਰ ਵਿਰੁਧ ਵੱਡਾ ਅੰਦੋਲਨ ਸ਼ੁਰੂ ਕਰਨਗੇ। ਬਠਿੰਡਾ ਦੇ ਟੀਚਰਜ਼ ਹੋਮ ਵਿਚ ਚੱਲ ਰਹੇ ਪੀਪਲਜ਼ ਲਿਟਰੇਰੀ ਫੈਸਟੀਵਲ ’ਚ ਆਖ਼ਰੀ ਦਿਨ ਕਿਸਾਨ ਅੰਦੋਲਨ ਉਪਰ ਰੱਖੇ ਇੱਕ ਸੈਸਨ ਵਿਚ ਹਿੱਸਾ ਲੈਣ ਪੁੱਜੇ ਹੋਏ ਸ਼੍ਰੀ ਟਿਕੈਤ ਨੇ ਇਹ ਵੀ ਖੁਲਾਸਾ ਕੀਤਾ ਕਿ ‘‘ਸਰਕਾਰ ਨੇ ਦਿੱਲੀ ’ਚ ਚੱਲੇ ਇੱਕ ਸਾਲ ਤੋਂ ਲੰਮੇ ਸੰਘਰਸ਼ ਤੋਂ ਬਾਅਦ ਵਿਚ ਵੀ ਸਿਰਫ਼ ਤਿੰਨ ਖੇਤੀ ਕਾਨੂੰਨ ਵਾਪਸ ਕੀਤੇ ਹਨ ਅਤੇ ਹੋਰ ਕੋਈ ਮੰਗ ਨਹੀਂ ਮੰਨੀ।’’ ਉਨ੍ਹਾਂ ਦਾਅਵਾ ਕੀਤਾ ਕਿ 22 ਜਨਵਰੀ ਤੋਂ ਬਾਅਦ ਕਿਸਾਨਾਂ ਦੀ ਸਰਕਾਰ ਨਾਲ ਕੋਈ ਮੀਟਿੰਗ ਨਹੀਂ ਹੋਈ। ਕਿਸਾਨ ਆਗੂ ਨੇ ਕਿਹਾ ਕਿ ਜੇਕਰ ਕਿਸਾਨ ਇਕੱਠੇ ਨਹੀਂ ਹੋਣਗੇ ਤਾਂ ਉਨ੍ਹਾਂ ਦੀਆਂ ਜਮੀਨਾਂ ਖੋਹੀਆਂ ਜਾਣਗੀਆਂ ਕਿਉਂਕਿ ਜਮੀਨਾਂ ਦੀ ਵਪਾਰੀ ਖ਼ਰੀਦ ਕਰ ਰਿਹਾ ਅਤੇ ਸਰਕਾਰ ਦੀ ਨੀਤੀ ਵੀ ਇਹੀ ਹੈ ਕਿ ਦੇਸ ਲੇਬਰ ਕਲੌਨੀ ਬਣੇ ਤੇ ਇੱਥੇ ਉਦਯੋਗ ’ਚ ਕੰਮ ਕਰਨ ਵਾਲੇ ਮਜਦੂਰ ਮਿਲਣ। ਉਨ੍ਹਾਂ ਕਿਹਾ ਕਿ ਇਸਦੇ ਲਈ ਕਿਸਾਨਾਂ ਦਾ ਅੰਦੋਨਲ ਮਜਬੂਤ ਕਰਨਾ ਪਏਗਾ। ਕਿਸਾਨ ਆਗੂ ਨੇ ਇਹ ਵੀ ਦਸਿਆ ਕਿ ਕਿਸਾਨਾਂ ਨੂੰ ਇਕਜੁਟ ਕਰਨ ਲਈ ਐਸ.ਕੇ.ਐਮ ਵਲੋਂ ਦੇਸ ਭਰ ਵਿਚ ਪੰਚਾਇਤਾਂ ਕੀਤੀਆਂ ਜਾ ਰਹੀਆਂ ਹਨ ਤੇ ਵਿਚਾਂਰਕ ਕ੍ਰਾਂਤੀ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸੇ ਲੜੀ ਤਹਿਤ 26 ਮਾਰਚ ਨੂੰ ਟਰੈਕਟਰ ਹੋਵੇਗਾ। ਇਸਤੋਂ ਇਲਾਵਾ ਜਿਲ੍ਹਾ ਪੱਧਰ ਤੇ ਟਰੈਕਟਰ ਮਾਰਚ ਕੀਤਾ ਜਾਵੇਗਾ। ਸੜਕਾਂ ਜਾਮ ਹੋਣ ਕਾਰਨ ਲੋਕਾਂ ਵਿਚ ਫੈਲ ਰਹੇ ਰੋਸ਼ ’ਤੇ ਟਿੱਪਣੀ ਕਰਦਿਆਂ ਕਿਹਾ ਕਿ ਜਨਤਾ ਨੂੰ ਸਮੱਸਿਆ ਆਉਣ ਤੋਂ ਬਚਣ ਲਈ ਕੋਸ਼ਿਸ ਕੀਤੀ ਜਾ ਰਹੀ ਹੈ। ਸਿਆਸਤ ਦੇ ਮੁੱਦੇ ’ਤੇ ਕਿਹਾ ਕਿ ਜੋ ਜਥੇਬੰਦੀ ਇਸ ਪਾਸੇ ਵੱਲ ਜਾਵੇਗੀ, ਉਹ ਖ਼ਤਮ ਹੋ ਜਾਵੇਗੀ। ਜੀਰਾ ਇਲਾਕੇ ’ਚ ਸਰਾਬ ਫੈਕਟਰੀ ਨੂੰ ਬੰਦ ਕਰਵਾਉਣ ਵਿਰੁਧ ਚੱਲ ਰਹੇ ਸੰਘਰਸ਼ ’ਤੇ ਟਿੱਪਣੀ ਕਰਦਿਆਂ ਕਿਸਾਨ ਆਗੂ ਨੇ ਕਿਹਾ ਕਿ ਇੱਥੇ ਹਾਲਾਤ ਖ਼ਰਾਬ ਹਨ, ਧਰਤੀ ਹੇਠਲਾ ਪਾਣੀ ਮਾੜਾ ਹੈ। ਜੀਰਾ ਅੰਦੋਲਨ ਦਾ ਦੌਰਾ ਕਰਨ ਸਬੰਧੀ ਉਨ੍ਹਾਂ ਕਿਹਾ ਕਿ ਕਿਸਾਨ ਅੰਦੋਲਨ ਚੱਲ ਰਿਹਾ ਤੇ ਸਰਕਾਰ ਵੀ ਸਖ਼ਤੀ ਵਰਤ ਰਹੀ ਹੈ ਤੇ ਜਿੰਨੀ ਸਖ਼ਤੀ ਹੋਵੇਗੀ ਤੇ ਕਿਸਾਨ ਮਜਬੂਤ ਹੋਣਗੇ। ਇਸ ਦੌਰਾਨ ਉਹ ਮਹਰੂਮ ਕਿਸਾਨ ਆਗੂ ਰਾਮਕਰਨ ਸਿੰਘ ਰਾਮਾ ਦੀ ਹੋਈ ਬੇਵਕਤੀ ਮੌਤ ’ਤੇ ਦੁੱਖ ਪ੍ਰਗਟ ਕਰਨ ਲਈ ਉਨ੍ਹਾਂ ਦੇ ਜੱਦੀ ਪਿੰਡ ਰਾਮਾ ਵਿਖੇ ਵੀ ਗਏ, ਜਿੱਥੇ ਉਨ੍ਹਾਂ ਪ੍ਰਵਾਰ ਨਾਲ ਦੁੱਖ ਸਾਂਝਾ ਕਰਦਿਆਂ ਮਹਰੂਮ ਰਾਮਾ ਦੀ ਕਿਸਾਨਾਂ ਪ੍ਰਤੀ ਸੰਘਰਸ਼ ਨੂੰ ਯਾਦ ਕੀਤਾ। ਇਸ ਮੌਕੇ ਕਿਸਾਨ ਆਗੂ ਸਰੂਪ ਸਿੰਘ ਸਿੱਧੂ ਅਤੇ ਦਾਰਾ ਸਿੰਘ ਮਾਈਸਰਖ਼ਾਨਾ ਆਦਿ ਵੀ ਹਾਜ਼ਰ ਸਨ।

ਉਗਰਾਹਾ ਜਥੇਬੰਦੀ ਵਲੋਂ 5 ਜਨਵਰੀ ਨੂੰ ਟੋਲ ਪਲਾਜ਼ੇ ਬੰਦ ਕਰਨ ਦਾ ਐਲਾਨ

ਸੁਖਜਿੰਦਰ ਮਾਨ
ਬਠਿੰਡਾ, 28 ਦਸੰਬਰ: ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜਿਲਾ ਬਠਿੰਡਾ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ ਦੀ ਪ੍ਰਧਾਨਗੀ ਹੇਠ ਭੁੱਚੋ ਖੁਰਦ ਵਿਖੇ ਹੋਈ। ਮੀਟਿੰਗ ਵਿਚ ਵਿਸੇਸ ਤੌਰ ’ਤੇ ਪੁੱਜੇ ਜਥੇਬੰਦੀ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ, ਸੂਬਾ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ ਅਤੇ ਸ਼ਿੰਗਾਰਾ ਸਿੰਘ ਮਾਨ ਨੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਆਮ ਲੋਕਾਂ ਦੇ ਸਾਰੇ ਮਸਲੇ ਹੱਲ ਕਰਨ ਲਈ ਬਦਲਾਅ ਦੇ ਨਾਅਰੇ ਨਾਲ ਬਣੀ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਰਾਜਗੱਦੀ ’ਤੇ ਕਾਬਜ਼ ਹੋ ਕੇ ਲੋਕਾਂ ਦੇ ਵਿਰੁੱਧ ਬਦਲਾਅ ਸ਼ੁਰੂ ਕਰ ਦਿੱਤਾ। ਉਨ੍ਹਾਂ ਕਿਹਾ ਕਿ ਮਨਸੂਰਵਾਲ , ਜੀਰਾ ਨੇੜੇ ਚੱਲ ਰਹੀ ਮਾਲਬਰੋਜ ਸ਼ਰਾਬ ਫੈਕਟਰੀ ਵੱਲੋਂ ਕੈਮੀਕਲ ਵਾਲਾ ਜ਼ਹਿਰੀਲਾ ਪਾਣੀ ਰੋਜ਼ਾਨਾ ਲੱਖਾਂ ਲਿਟਰ ਧਰਤੀ ਵਿੱਚ ਪਾਇਆ ਜਾ ਰਿਹਾ ਹੈ ਜਿਸ ਕਾਰਨ ਧਰਤੀ ਹੇਠਲਾ ਪਾਣੀ ਪੀਣ ਯੋਗ ਨਾ ਹੋਣ ਕਰਕੇ ਅਤੇ ਹਵਾ ਅਤੇ ਜ਼ਮੀਨ ਪ੍ਰਦੂਸ਼ਤ ਹੋਣ ਕਰਕੇ ਇਲਾਕੇ ਵਿਚ ਕੈਂਸਰ ਵਰਗੀਆਂ ਲਗਾਤਾਰ ਭਿਆਨਕ ਬਿਮਾਰੀਆਂ ਮਨੁੱਖਾਂ ਅਤੇ ਪਸ਼ੂਆਂ ਨੂੰ ਵਿਚ ਫੈਲ ਰਹੀਆਂ ਹਨ। ਇਸਤੋਂ ਇਲਾਵਾ ਮੀਟਿੰਗ ਵਿੱਚ ਸੂਬਾ ਕਮੇਟੀ ਦੇ ਸੱਦੇ ਤਹਿਤ ਕਿਸਾਨ ਮਜਦੂਰ ਸੰਘਰਸ਼ ਕਮੇਟੀ ਦੇ ਚੱਲ ਰਹੇ ਲਗਾਤਾਰ ਸੰਘਰਸ਼ ਦੀ ਹਮਾਇਤ ਵਿਚ ਜਿਲੇ ਵੱਲੋਂ 5 ਜਨਵਰੀ ਨੂੰ 12 ਤੋਂ 3 ਵਜੇ ਤੱਕ ਧਰਨੇ ਲਾ ਕੇ ਟੋਲ ਪਲਾਜੇ ਬੰਦ ਕਰਨ ਦੀ ਵਿਉਂਤਬੰਦੀ ਕੀਤੀ ਗਈ। ਕਿਸਾਨ ਆਗੂਆਂ ਨੇ ਪੰਜਾਬ ਸਰਕਾਰ ਦੀਆਂ ਹਦਾਇਤਾਂ ਤੇ ਲਤੀਫਪੁਰਾ (ਜਲੰਧਰ) ਵਿਚ ਪੁਲਸ ਵੱਲੋਂ ਜਬਰ ਕਰਕੇ ਉੱਥੋਂ ਦੇ ਸਦੀਆਂ ਤੋਂ ਰਹਿ ਰਹੇ ਲੋਕਾਂ ਨੂੰ ਉਜਾੜਨ ਸਮੇਤ ਪੰਜਾਬ ਵਿਚ ਆਪਣੇ ਹੱਕਾਂ ਲਈ ਸੰਘਰਸ਼ ਕਰ ਰਹੇ ਲੋਕਾਂ ਤੇ ਕੀਤੇ ਜਾ ਰਹੇ ਜਬਰ ਦੀ ਸਖ਼ਤ ਨਿਖੇਧੀ। ਅੱਜ ਦੀ ਮੀਟਿੰਗ ਵਿੱਚ ਕਲਮਕਾਰਾਂ ਅਤੇ ਪ੍ਰੈਸ ਦੀ ਆਜ਼ਾਦੀ ਤੇ ਕੀਤੇ ਜਾ ਰਹੇ ਹਮਲੇ ਦੀ ਨਿਖੇਧੀ ਕੀਤੀ ਗਈ। ਕਿਸਾਨ ਆਗੂਆਂ ਨੇ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤਹਿਤ 26 ਜਨਵਰੀ ਨੂੰ ਵੱਡਾ ਇਕੱਠ ਕਰਨ ਦਾ ਸੱਦਾ ਦਿੱਤਾ ਗਿਆ।ਅੱਜ ਦੀ ਮੀਟਿੰਗ ਵਿੱਚ ਹਰਿੰਦਰ ਬਿੰਦੂ ,ਪਰਮਜੀਤ ਕੌਰ ਲਹਿਰਾ ਖਾਨਾ,ਬਸੰਤ ਸਿੰਘ ਕੋਠਾ ਗੁਰੂ ,ਜਸਵੀਰ ਸਿੰਘ ਬੁਰਜ ਸੇਮਾ ,ਨਛੱਤਰ ਸਿੰਘ ਢੱਡੇ ,ਜਗਦੇਵ ਸਿੰਘ ਜੋਗੇ ਵਾਲਾ, ਜਗਸੀਰ ਸਿੰਘ ਝੁੰਬਾ, ਅਮਰੀਕ ਸਿੰਘ ਸਿਵੀਆ ,ਕੁਲਵੰਤ ਸ਼ਰਮਾ, ਕਾਲਾ ਸਿੰਘ ਚੱਠੇਵਾਲਾ ,ਰਾਜਵਿੰਦਰ ਸਿੰਘ ਰਾਮਨਗਰ ,ਸੁਖਦੇਵ ਸਿੰਘ ਰਾਮਪੁਰਾ, ਹੁਸ਼ਿਆਰ ਸਿੰਘ ਚੱਕ ਫਤਿਹ ਸਿੰਘ ਵਾਲਾ ਤੋਂ ਇਲਾਵਾ ਬਲਾਕਾਂ ਤੇ ਪਿੰਡਾਂ ਦੇ ਪ੍ਰਧਾਨ ਸਕੱਤਰ ਅਤੇ ਸਰਗਰਮ ਆਗੂ ਸ਼ਾਮਲ ਸਨ।

ਖਿਆਲੀਵਾਲਾ ਦੇ ਮਜਦੂਰਾਂ ਨੇ ਨਰੇਗਾ ’ਚ ਪੱਖਪਾਤੀ ਨੀਤੀ ਵਿਰੁਧ ਜਤਾਇਆ ਰੋਸ਼

ਸੁਖਜਿੰਦਰ ਮਾਨ
ਬਠਿੰਡਾ, 28 ਦਸੰਬਰ: ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਵੱਲੋਂ ਪਿੰਡ ਖਿਆਲੀ ਵਾਲਾ ਵਿਖੇ ਮਜਦੂਰਾਂ ਦਾ ਇਕੱਠ ਪ੍ਰਧਾਨ ਸਿਮਰਜੀਤ ਕੌਰ ਤੇ ਕਰਮ ਸਿੰਘ ਦੀ ਪ੍ਰਧਾਨਗੀ ਹੇਠ ਹੋਇਆ। ਜਿਸਨੂੰ ਸੰਬੋਧਨ ਕਰਦਿਆਂ ਜੰਥੇਬੰਦੀ ਦੇ ਜਿਲ੍ਹਾ ਪ੍ਰਧਾਨ ਸੁਖਪਾਲ ਸਿੰਘ ਖਿਆਲੀ ਵਾਲਾ ਨੇ ਮਜਦੂਰਾਂ ਨੂੰ ਆਪਣੇ ਹੱਕਾਂ ਲਈ ਜੰਥੇਬੰਦ ਹੋਣ ਦਾ ਸੱਦਾ ਦਿੱਤਾ। ਇਸ ਮੌਕੇ ਮਜਦੂਰ ਆਗੂਆਂ ਨੇ ਦੋਸ਼ ਲਗਾਇਆ ਕਿ ਨਰੇਗਾ ਸਕੀਮ ਤਹਿਤ ਇਕ ਮਜਦੂਰ ਨੂੰ ਸਿਰਫ ਇਕ ਸਾਲ ਵਿੱਚ ਕੁਝ ਦਿਨ ਹੀ ਕੰਮ ਮਿਲਦਾ ਹੈ ਪਰ ਕੁਝ ਲੋਕਾਂ ਨੂੰ ਸੈਕਟਰੀ ਅਤੇ ਸਰਪੰਚ ਦੀ ਮਿਲੀਭੁਗਤ ਨਾਲ 100 ਦਿਨ ਕੰਮ ਮਿਲ ਜਾਦਾ ਅਤੇ ਕਈ ਲੋਕਾਂ ਦੀਆ ਘਰੇ ਬੈਠੇ ਹਾਜਰੀਆ ਪੈ ਜਾਦੀਆ ਹਨ। ਆਗੂਆਂ ਨੇ ਕਿਹਾ ਕਿ ਨਰੇਗਾ ਕਾਨੂੰਨ ਔਰਤਾਂ ਦਾ ਸਵੈਮਾਣ ਵਧਾਉਣ ਲਈ ਬਣਿਆ ਹੈ, ਜਿਸਦੇ ਚੱਲਦੇ ਫੈਸਲਾ ਲਿਆ ਗਿਆ ਹੈ ਕਿ ਪਿੰਡ ਵਿੱਚ ਨਰੇਗਾ ਮਜਦੂਰਾਂ ਦੀਆਂ 9 ਸਿਫਟਾਂ ਹਨ ਅਤੇ ਸਾਰੀਆਂ ਸਿਫਟਾਂ ਦੀ ਹਾਜਰੀ ਇਕ ਬੰਦਾ ਲਾਉਂਦਾ ਹੈ। ਪ੍ਰੰਤੂ ਹੁਣ ਹਰ ਸਿਫਟ ਵਿੱਚ ਔਰਤ ਹੀ ਹਾਜਰੀ ਲਵੇਗੀ। ਇਸ ਮੌਕੇ ਮੇਜਰ ਸਿਘ , ਟੇਕ ਸਿੰਘ , ਸਵਰਨਸਿੰਘ, ਹਰਬੰਸ ਕੌਰ , ਸੰਦੀਪ ਕੌਰ, ਪਾਲ ਕੌਰ, ਮੱਖਣ ਸਿੰਘ ਪੰਚ ਆਦਿ ਨੇ ਵੀ ਸੰਬੋਧਨ ਕੀਤਾ।

ਕਾਂਗਰਸ ਨੇ ਬਠਿੰਡਾ ਸ਼ਹਿਰ ਵਿੱਚ ਕੱਢੀ ਭਾਰਤ ਜੋੜੋ ਜਾਤਰਾ, ਸਾਬਕਾ ਮੰਤਰੀ ਸਿੰਗਲਾ ਨੇ ਕੀਤੀ ਅਗਵਾਈ

0

ਮਨਪ੍ਰੀਤ ਧੜਾ ਰਿਹਾ ਗਾਇਬ, ਸਿੰਗਲਾ ਨੇ ਕਿਹਾ ਕਿ ਸਭ ਨੂੰ ਨਾਲ ਜੋੜਾਂਗੇ
ਸੁਖਜਿੰਦਰ ਮਾਨ
ਬਠਿੰਡਾ, 28 ਦਸੰਬਰ: ਕਾਂਗਰਸ ਪਾਰਟੀ ਵਲੋਂ ਅੱਜ ਸ਼ਹਿਰ ਵਿਚ ਕੱਢੀ ਗਈ ਭਾਰਤ ਜੋੜੋ ਯਾਤਰਾ ਦੌਰਾਨ ਜਿੱਥੇ ਟਕਸਾਲੀ ਕਾਂਗਰਸੀਆਂ ਵਿਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ, ਉਥੇ ਮਨਪ੍ਰੀਤ ਬਾਦਲ ਧੜਾ ਪਹਿਲਾਂ ਦੀ ਤਰ੍ਹਾਂ ਗਾਇਬ ਰਿਹਾ। ਰਾਹੁਲ ਗਾਂਧੀ ਦੀ ਅਗਵਾਈ ਹੇਠ ਸ਼ੁਰੂ ਹੋਈ ਭਾਰਤ ਜੋੜੋ ਯਾਤਰਾ ਦੇ ਪੰਜਾਬ ਵਿਚ ਪੁੱਜਣ ’ਤੇ ਇਸਨੂੰ ਸਫ਼ਲ ਬਣਾਉਣ ਸਬੰਧੀ ਹੋਈ ਅੱਜ ਇੱਕ ਮੀਟਿੰਗ ਵਿਚ ਕਾਂਗਰਸ ਪਾਰਟੀ ਦੇ ਵਲੋਂ ਬਣਾਏ ਗਏ ਮੇਅਰ ਰਮਨ ਗੋਇਲ ਤੇ ਡਿਪਟੀ ਮੇਅਰ ਹਰਮਿੰਦਰ ਸਿੰਘ ਸਹਿਤ ਕਈ ਕੋਂਸਲਰ ਗੈਰ ਹਾਜ਼ਰ ਰਹੇ। ਹਾਲਾਂਕਿ ਇਸ ਮੌਕੇ ਕਾਂਗਰਸ ਭਵਨ ਵਿਚ ਪੱਤਰਕਾਰਾਂ ਦੇ ਸਵਾਲਾ ਦਾ ਜਵਾਬ ਦਿੰਦਿਆਂ ਸਾਬਕਾ ਮੰਤਰੀ ਤੇ ਬਠਿੰਡਾ ਜ਼ਿਲ੍ਹੇ ਦੇ ਇੰਚਾਰਜ਼ ਵਿਜੇਇੰਦਰ ਸਿੰਗਲਾ ਨੇ ਦਾਅਵਾ ਕੀਤਾ ਕਿ ਕਾਂਗਰਸ ਇਕਜੁਟ ਹੈ ਤੇ ਕਈ ਵਾਰ ਸਾਰੇ ਪ੍ਰੋਗਰਾਮ ਵਿਚ ਹਰ ਵਿਅਕਤੀ ਸ਼ਾਮਲ ਨਹੀਂ ਹੋ ਸਕਦਾ ਉਨ੍ਹਾਂ ਨੂੰ ਵੀ ਅਗਲੀ ਵਾਰ ਨਾਲ ਜੋੜਿਆ ਜਾਵੇਗਾ। ਇਸੇ ਤਰ੍ਹਾਂ ਮਨਪ੍ਰੀਤ ਬਾਦਲ ਵਲੋਂ ਜੇਲ੍ਹ ’ਚ ਬੰਦ ਨਵਜੋਤ ਸਿੰਘ ਸਿੱਧੂ ਨਾਲ ਮੁਲਾਕਾਤ ਕਰਨ ਸਬੰਧੀ ਵਿਜੇਇੰਦਰ ਸਿੰਗਲਾ ਨੇ ਕਿਹਾਕਿ ਸ: ਸਿੱਧੂ ਵੀ ਕਾਂਗਰਸ ਦੇ ਸੀਨੀਅਰ ਲੀਡਰ ਹਨ ਤੇ ਉਨ੍ਹਾਂ ਨੂੰ ਜਕਰ ਕੋਈ ਮਿਲਦਾ ਹੈ ਤਾਂ ਕੋਈ ਗਲਤ ਨਹੀਂ ਹੈ। ਇਸਤੋਂ ਪਹਿਲਾਂ ਉਨ੍ਹਾਂ ਕਾਂਗਰਸੀ ਆਗੂਆਂ ਨੂੰ ਇਕਜੁਟ ਹੋ ਕੇ ਭਾਰਤ ਯਾਤਰਾ ਨੂੰ ਸਫ਼ਲ ਬਣਾਉਣ ਦੀ ਅਪੀਲ ਕੀਤੀ। ਇਸਤੋਂ ਬਾਅਦ ਵਿਜੇਇੰਦਰ ਸਿੰਗਲਾ ਦੀ ਅਗਵਾਈ ਹੇਠ ਕਾਂਗਰਸ ਦੇ ਜ਼ਿਲ੍ਹਾਂ ਪ੍ਰਧਾਨ ਖ਼ੁਸਬਾਜ ਸਿੰਘ ਜਟਾਣਾ ਤੇ ਰਾਜਨ ਗਰਗ ਵਲੋਂ ਸ਼ਹਿਰ ਵਿਚ ਯਾਤਰਾ ਕੱਢੀ ਗਈ। ਜਿਸ ਵਿਚ ਸੀਨੀਅਰ ਡਿਪਟੀ ਮੇਅਰ ਅਸੋਕ ਪ੍ਰਧਾਨ, ਸਾਬਕਾ ਪ੍ਰਧਾਨ ਅਰੁਣ ਵਧਾਵਨ ਸਹਿਤ ਵੱਡੀ ਗਿਣਤੀ ਵਿਚ ਆਗੂ ਤੇ ਵਰਕਰਾਂ ਨੇ ਸਮੂਲੀਅਤ ਕੀਤੀ। ਇਸ ਦੌਰਾਨ ਕਾਂਗਰਸ ਭਵਨ ’ਚ ਕਾਂਗਰਸੀ ਵਰਕਰਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਸ਼੍ਰੀ ਸਿੰਗਲਾ ਨੇ ਕਿਹਾ ਕਿ ਭਾਰਤ ਜੋੜੋ ਯਾਤਰਾ ਦਾ ਮੁੱਖ ਮਕਸਦ ਦੇਸ਼ ਦੇ ਸੰਵਿਧਾਨ ਨੂੰ ਬਚਾਉਣ ਲਈ ਵੱਡਾ ਕਦਮ ਹੈ ਕਿਉਂਕਿ ਦੇਸ਼ ਦੀ ਮੋਦੀ ਸਰਕਾਰ ਗਲਤ ਫੈਸਲਿਆਂ ਨਾਲ ਦੇਸ਼ ਵਿਚ ਆਪਸੀ ਭਾਈਚਾਰਕ ਸਾਂਝ ਨੂੰ ਤੋੜਨ ਦੇ ਯਤਨ ਵਿੱਚ ਲੱਗੀ ਹੋਈ ਹੈ। ਉਨਾਂ ਕਿਹਾ ਕਿ ਪੰਜਾਬ ਵਿੱਚ ਕਾਂਗਰਸ ਪਾਰਟੀ ਇਕਜੁੱਟ ਹੋ ਕੇ ਕੰਮ ਕਰ ਰਹੀ ਹੈ। ਇਸ ਮੌਕੇ ਜ਼ਿਲਾ ਪ੍ਰਧਾਨ ਸ਼ਹਿਰੀ ਰਾਜਨ ਗਰਗ ਨੇ ਕਿਹਾ ਕਿ ਰਾਹੁਲ ਗਾਂਧੀ ਦੇਸ਼ ਦੇ ਸਵਿਧਾਨ ਨੂੰ ਬਚਾਉਣ ਲਈ ਕੰਮ ਕਰ ਰਹੇ ਹਨ ਅਤੇ ਉਹ ਕਾਂਗਰਸ ਪਾਰਟੀ ਨੂੰ ਮਜ਼ਬੂਤ ਕਰਨ ਲਈ ਉਨ੍ਹਾਂ ਦੇ ਨਕਸ਼ੇ ਕਦਮ ਤੇ ਕੰਮ ਕਰਦੇ ਹੋਏ ਨੰਗੇ ਪੈਰੀਂ ਪਾਰਟੀ ਨੂੰ ਮਜ਼ਬੂਤ ਕਰਨ ਲਈ ਕੰਮ ਕਰਨਗੇ।ਇਸ ਮੌਕੇ ਜਿਲ੍ਹਾ ਪ੍ਰਧਾਨ ਦਿਹਾਤੀ ਖੁਸ਼ਬਾਜ ਸਿੰਘ ਜਟਾਨਾ, ਸੀਨੀਅਰ ਮੀਤ ਪ੍ਰਧਾਨ ਬਲਜਿੰਦਰ ਸਿੰਘ ਠੇਕੇਦਾਰ, ਕਿਰਨਦੀਪ ਕੌਰ ਵਿਰਕ, ਡੈਲੀਗੇਟ ਪੀਪੀਸੀਸੀ ਅਰੁਣ ਵਧਾਵਣ, ਟਹਿਲ ਸਿੰਘ ਸੰਧੂ, ਪਵਨ ਮਾਨੀ, ਅਨਿਲ ਭੋਲਾ, ਕਿਰਨਜੀਤ ਸਿੰਘ ਗਹਿਰੀ, ਸੀਨੀਅਰ ਡਿਪਟੀ ਮੇਅਰ ਅਸ਼ੋਕ ਕੁਮਾਰ, ਸਾਬਕਾ ਮੰਤਰੀ ਚਿਰੰਜੀ ਲਾਲ, ਕੁਆਡੀਨੇਟਰ ਗੁਰਪ੍ਰੀਤ ਸਿੰਘ ਵਿੱਕੀ, ਯੂਥ ਕਾਂਗਰਸ ਦੇ ਪ੍ਰਧਾਨ ਲਖਵਿੰਦਰ ਸਿੰਘ ਲੱਕੀ, ਬਲਜੀਤ ਸਿੰਘ, ਰਣਜੀਤ ਸਿੰਘ ਸੰਧੂ, ਹਰਵਿੰਦਰ ਲੱਡੂ, ਰੁਪਿੰਦਰ ਬਿੰਦਰਾ, ਮਲਕੀਤ ਸਿੰਘ ਕੋਂਸਲਰ, ਬੇਅੰਤ ਸਿੰਘ, ਰਾਮ ਵਿਰਕ, ਸੁਖਦੇਵ ਸਿੰਘ ਸੁੱਖਾ, ਉਮੇਸ਼ ਕੁਮਾਰ, ਸੰਜੇ ਵਿਸ਼ਵਾਲ, ਜਸਵੀਰ ਸਿੰਘ ਜੱਸਾ, ਰਣਜੀਤ ਸਿੰਘ ਗਰੇਵਾਲ, ਦਰਸ਼ਨ ਜੀਦਾ, ਹਰਿ ਓਮ ਠਾਕੁਰ, ਜਗਮੀਤ ਸਿੰਘ, ਅਸਿਸ਼ ਕਪੂਰ, ਸੰਜੀਵ ਬੌਬੀ,ਯਸਪਲ ਸ਼ਰਮਾ, ਸੁਰਿੰਦਰਜੀਤ ਸਾਹਨੀ , ਭਗਵਾਨ ਦਾਸ ਭਾਰਤੀ, ਭੁਪਿੰਦਰ ਸ਼ਰਮਾ ,ਮਹਿੰਦਰ ਭੋਲਾ, ਦਰਸ਼ਨ ਸਿੰਘ ਸੰਧੂ, ਚਮਕੌਰ ਹੈਪੀ ਸਮੇਤ ਕਾਂਗਰਸੀ ਆਗੂ ਹਾਜ਼ਰ ਸਨ ।

ਸਿਰਫ਼ ਇੱਕ ਕਲਿੱਕ ਨਾਲ ਅਣਅਧਿਕਾਰਤ ਕਾਲੋਨੀਆਂ, ਪਲਾਟ ਤੇ ਇਮਾਰਤਾਂ ਹੋਣਗੀਆਂ ਰੈਗੂਲਰ

0

ਆਨਲਾਈਨ ਮਿਲਣ ਵਾਲੀਆਂ ਲਗਭਗ ਸਾਰੀਆਂ ਸੇਵਾਵਾਂ ਵਿੱਚ ਅਰਜ਼ੀਆਂ ਦੀ ਰੀਅਲ-ਟਾਈਮ ਟਰੈਕਿੰਗ ਦੀ ਮਿਲ ਰਹੀ ਸਹੂਲਤ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 28 ਦਸੰਬਰ : ਲੋਕਾਂ ਨੂੰ ਉਨ੍ਹਾਂ ਦੇ ਦਰ ’ਤੇ ਨਿਰਵਿਘਨ ਅਤੇ ਪਾਰਦਰਸ਼ੀ ਢੰਗ ਨਾਲ ਸਮਾਂਬੱਧ ਸੇਵਾਵਾਂ ਯਕੀਨੀ ਬਣਾਉਣ ਲਈ ਪੰਜਾਬ ਦੇ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਵਿਭਾਗ ਨੇ ਆਨਲਾਈਨ ਪ੍ਰਣਾਲੀ ਵਿਕਸਿਤ ਕੀਤੀ ਹੈ ਜਿਸ ਨਾਲ ਵਿਭਾਗ ਦੀ ਕਾਰਜਕੁਸ਼ਲਤਾ ਵਿੱਚ ਹੋਰ ਵਾਧਾ ਹੋ ਰਿਹਾ ਹੈ। ਮੁੱਖ ਮੰਤਰੀ ਸ. ਭਗਵੰਤ ਮਾਨ ਵੱਲੋਂ ਪਾਰਦਰਸ਼ਤਾ ਅਤੇ ਇਮਾਨਦਾਰੀ ਨਾਲ ਸੇਵਾਵਾਂ ਪ੍ਰਦਾਨ ਕਰਨ ਦੇ ਕੀਤੇ ਵਾਅਦੇ ਨੂੰ ਪੂਰਾ ਕਰਨ ਲਈ 2022 ਵਿੱਚ ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਮੰਤਰੀ ਸ੍ਰੀ ਅਮਨ ਅਰੋੜਾ ਵੱਲੋਂ ਕੀਤੀਆਂ ਗਈਆਂ ਵੱਖ-ਵੱਖ ਲੋਕ-ਪੱਖੀ ਪਹਿਲਕਦਮੀਆਂ ਦੀ ਲੜੀ ਤਹਿਤ ਇਹ ਆਨਲਾਈਨ ਪ੍ਰਣਾਲੀ ਵਿਕਸਿਤ ਕੀਤੀ ਗਈ ਹੈ।ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਵਿਭਾਗ ਵੱਲੋਂ ਡਿਜ਼ਾਈਨ ਕੀਤੇ ਗਏ ਸਿੰਗਲ ਪੋਰਟਲ ’ਤੇ ਬਹੁਤ ਸਾਰੀਆਂ ਸੇਵਾਵਾਂ ਉਪਲੱਬਧ ਹਨ ਜਿਨ੍ਹਾਂ ਵਿੱਚ ਨਿਰਧਾਰਤ ਸਮੇਂ ਅੰਦਰ ਪਲਾਟਾਂ ਅਤੇ ਇਮਾਰਤਾਂ ਨੂੰ ਰੈਗੂਲਰ ਕਰਨਾ, ਮਾਲਕੀ ਵਿੱਚ ਤਬਦੀਲੀ ਅਤੇ ਇੱਕ ਕਲਿੱਕ ’ਤੇ ਐਨ.ਓ.ਸੀ. ਪ੍ਰਾਪਤ ਕਰਨਾ ਆਦਿ ਸ਼ਾਮਲ ਹਨ। ਇਸ ਤੋਂ ਪਹਿਲਾਂ ਬਿਨੈਕਾਰ ਨੂੰ ਇਨ੍ਹਾਂ ਮੁੱਢਲੀਆਂ ਸੇਵਾਵਾਂ ਲਈ ਸਰਕਾਰੀ ਦਫ਼ਤਰਾਂ ਦੇ ਕਈ ਗੇੜੇ ਲਾਉਣੇ ਪੈਂਦੇ ਸਨ। ਅਣਅਧਿਕਾਰਤ ਕਲੋਨੀਆਂ ਵਿੱਚ ਜਾਇਦਾਦਾਂ ਖਰੀਦਣ ਵਾਲੇ ਲੋਕਾਂ ਨੂੰ ਇੱਕ ਵੱਡੀ ਰਾਹਤ ਦਿੰਦਿਆਂ ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਵਿਭਾਗ ਨੇ ਐਨ.ਓ.ਸੀ. ਪ੍ਰਾਪਤ ਕਰਨ ਲਈ ਰੈਗੂਲਰਾਈਜ਼ੇਸ਼ਨ ਪੋਰਟਲ www.punjabregulari੍ਰation.in ’ਤੇ ਅਰਜ਼ੀਆਂ ਨੂੰ ਆਨਲਾਈਨ ਜਮਾਂ ਕਰਾਉਣ ਅਤੇ ਨਿਪਟਾਰੇ ਦੀ ਸਹੂਲਤ ਸ਼ੁਰੂ ਕੀਤੀ ਹੈ। ਇਸ ਤੋਂ ਇਲਾਵਾ ਅਰਜ਼ੀਆਂ ਦੇ ਜਲਦੀ ਅਤੇ ਸਮੇਂ ਸਿਰ ਨਿਪਟਾਰੇ ਨੂੰ ਯਕੀਨੀ ਬਣਾਉਣ ਲਈ ਐਨ.ਓ.ਸੀਜ਼ ਜਾਰੀ ਕਰਨ ਦੀ ਸਮਾਂ-ਸੀਮਾ ਵੀ ਪਹਿਲਾਂ ਨਿਰਧਾਰਤ 21 ਦਿਨਾਂ ਦੀ ਮਿਆਦ ਤੋਂ ਘਟਾ ਕੇ 15 ਕੰਮਕਾਜੀ ਦਿਨ ਕਰ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ ਰੈਗੂਲਰਾਈਜ਼ੇਸ਼ਨ ਦੀ ਇਹ ਸਹੂਲਤ ਸਿਰਫ਼ ਉਨ੍ਹਾਂ ਅਲਾਟੀਆਂ/ਨਿਵਾਸੀਆਂ ਦੁਆਰਾ ਪ੍ਰਾਪਤ ਕੀਤੀ ਜਾ ਸਕਦੀ ਹੈ, ਜਿਨ੍ਹਾਂ ਦੀਆਂ ਜਾਇਦਾਦਾਂ 19 ਮਾਰਚ, 2018 ਤੋਂ ਪਹਿਲਾਂ ਹੋਂਦ ’ਚ ਆਈਆਂ ਅਣਅਧਿਕਾਰਤ ਕਲੋਨੀਆਂ ਵਿੱਚ ਆਉਂਦੀਆਂ ਹਨ। ਪਹਿਲਾਂ ਅਰਜ਼ੀਆਂ ਦਾ ਨਿਪਟਾਰਾ ਆਫਲਾਈਨ ਢੰਗ ਨਾਲ ਕੀਤਾ ਜਾਂਦਾ ਸੀ ਅਤੇ ਬਿਨੈਕਾਰਾਂ ਨੂੰ ਐਨ.ਓ.ਸੀ. ਜਾਰੀ ਕਰਵਾਉਣ ਲਈ ਲੰਬਾ ਸਮਾਂ ਉਡੀਕ ਕਰਨੀ ਪੈਂਦੀ ਸੀ। ਹੁਣ ਪੋਰਟਲ ’ਤੇ ਬਹੁਤ ਸਾਰੀਆਂ ਸੁਵਿਧਾਵਾਂ ਦਿੱਤੀਆਂ ਗਈਆਂ ਹਨ ਜਿਨ੍ਹਾਂ ਵਿੱਚ ਅਰਜ਼ੀਆਂ ਨੂੰ ਆਨਲਾਈਨ ਜਮ?ਹਾਂ ਕਰਾਉਣਾ, ਆਨਲਾਈਨ ਭੁਗਤਾਨ, ਅਰਜ਼ੀਆਂ ਦੀ ਸਥਿਤੀ ਦੀ ਜਾਂਚ ਅਤੇ ਇਸਦਾ ਆਨਲਾਈਨ ਨਿਪਟਾਰਾ ਆਦਿ ਸ਼ਾਮਲ ਹਨ। ਇਹ ਸਿੰਗਲ ਪੋਰਟਲ ਅਰਜ਼ੀਆਂ ਦੇ ਤੁਰੰਤ ਨਿਪਟਾਰੇ ਲਈ ਨਗਰ ਨਿਗਮ ਦੀ ਹੱਦ ਦੇ ਅੰਦਰ ਅਤੇ ਬਾਹਰ ਪੈਂਦੇ ਪਲਾਟਾਂ ਅਤੇ ਇਮਾਰਤਾਂ ਨੂੰ ਨਿਯਮਤ ਕਰਨ ਲਈ ਤਿਆਰ ਕੀਤਾ ਗਿਆ ਹੈ। ਕੰਮਕਾਜ ਵਿੱਚ ਜਵਾਬਦੇਹੀ ਤੈਅ ਕਰਨ ਅਤੇ ਸਾਰੀਆਂ ਸੇਵਾਵਾਂ ਨੂੰ ਸਮਾਂਬੱਧ ਢੰਗ ਨਾਲ ਯਕੀਨੀ ਬਣਾਉਣ ਲਈ ਸਭ ਤੋਂ ਪਹਿਲਾਂ ਵਿਭਾਗ ਨੇ ਜਾਇਦਾਦਾਂ ਦੇ ਮਾਲਕਾਂ ਦੀ ਡਿਜੀਟਲ ਤੌਰ ’ਤੇ ਹਸਤਾਖਰਿਤ ਪ੍ਰਵਾਨਗੀਆਂ ਤੱਕ ਪਹੁੰਚ ਨੂੰ ਯਕੀਨੀ ਬਣਾਇਆ ਜਿਸ ਨਾਲ ਵਿਭਾਗ ਦੇ ਕੰਮਕਾਜ ਵਿੱਚ 100 ਫੀਸਦੀ ਪਾਰਦਰਸ਼ਤਾ ਆਈ ਹੈ। ਹੁਣ ਲੋਕਾਂ ਨੂੰ ਇਹਨਾਂ ਪ੍ਰਵਾਨਗੀਆਂ ਤੱਕ ਪਹੁੰਚ ਲਈ ਆਰ.ਟੀ.ਆਈ. ਦਾਇਰ ਕਰਨ ਦੀ ਲੋੜ ਨਹੀਂ ਪਵੇਗੀ। ਸ੍ਰੀ ਅਮਨ ਅਰੋੜਾ ਨੇ ਕਿਹਾ, ‘‘ਮੈਂ ਨਿੱਜੀ ਤੌਰ ’ਤੇ ਆਨਲਾਈਨ ਸੇਵਾਵਾਂ ਦੀ ਕਾਰਜਪ੍ਰਣਾਲੀ ’ਤੇ ਨਜ਼ਰ ਰੱਖ ਰਿਹਾ ਹਾਂ ਅਤੇ ਅਰਜ਼ੀ ਦੇ ਨਿਪਟਾਰੇ ਵਿੱਚ ਕਿਸੇ ਵੀ ਤਰ੍ਹਾਂ ਦੀ ਦੇਰੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।’’ਵਿਭਾਗ ਵੱਲੋਂ ਆਨਲਾਈਨ ਦਿੱਤੀਆਂ ਜਾ ਰਹੀਆਂ 25 ਸੇਵਾਵਾਂ ਸਬੰਧੀ ਪ੍ਰਾਪਤ ਸਾਰੀਆਂ ਅਰਜ਼ੀਆਂ ਦਾ ਸਮਾਂਬੱਧ ਕਾਰਵਾਈ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਐਪਲੀਕੇਸ਼ਨਾਂ ਦੀ ਰੀਅਲ-ਟਾਈਮ ਟਰੈਕਿੰਗ, ਡਿਜ਼ੀਟਲੀ ਹਸਤਾਖਰਿਤ ਸਰਟੀਫਿਕੇਟ ਜਾਰੀ ਕਰਨਾ ਅਤੇ ਐਸ.ਐਮ.ਐਸ. ਅਲਰਟ ਦੁਆਰਾ ਜਾਣਕਾਰੀ ਦੇਣਾ ਆਦਿ ਸਹੂਲਤਾਂ ਵੀ ਉਪਲੱਬਧ ਹਨ। ਆਨਲਾਈਨ ਪ੍ਰਾਪਤ ਕੀਤੀਆਂ ਜਾ ਸਕਣ ਵਾਲੀਆਂ 25 ਸੇਵਾਵਾਂ ਵਿੱਚ ਮਲਕੀਅਤ ਦੀ ਤਬਦੀਲੀ, ਮਲਕੀਅਤ ਦੀ ਤਬਦੀਲੀ (ਮੌਤ ਦੇ ਕੇਸ ਵਿੱਚ ਗੈਰ-ਰਜਿਸਟਰਡ ਵਸੀਅਤ), ਮਲਕੀਅਤ ਦੀ ਤਬਦੀਲੀ (ਮੌਤ ਦੇ ਕੇਸ ਵਿੱਚ ਸਾਰੇ ਕਾਨੂੰਨੀ ਵਾਰਸ), ਮਲਕੀਅਤ ਦੀ ਤਬਦੀਲੀ (ਮੌਤ ਦੇ ਕੇਸ ਵਿੱਚ ਰਜਿਸਟਰਡ ਵਸੀਅਤ), ਸੀਡੀ ਜਾਰੀ ਕਰਨਾ, ਵਧਾਏ ਹੋਏ ਖੇਤਰ ਲਈ ਸੀਡੀ ਜਾਰੀ ਕਰਨਾ, ਬਕਾਇਆ ਨਾ ਹੋਣ ਸਬੰਧੀ ਸਰਟੀਫਿਕੇਟ ਜਾਰੀ ਕਰਨਾ (ਐਨ.ਓ.ਸੀ), ਰੀ-ਅਲਾਟਮੈਂਟ ਪੱਤਰ ਜਾਰੀ ਕਰਨਾ, ਵਿਕਰੀ/ਤੋਹਫ਼ੇ/ਤਬਦੀਲੀ ਦੀ ਇਜਾਜ਼ਤ, ਗਹਿਣੇ ਰੱਖਣ ਦੀ ਇਜਾਜ਼ਤ, ਪੇਸ਼ੇਵਰ ਸਲਾਹ ਸਬੰਧੀ ਸੇਵਾਵਾਂ ਦੀ ਇਜਾਜ਼ਤ, ਲੈਟਰ ਆਫ ਇਨਟੈਂਟ (ਐਲ.ਓ.ਆਈ.), ਤਬਦੀਲੀ ਦੀ ਇਜਾਜ਼ਤ (ਸੀ.ਡੀ. ਤੋਂ ਪਹਿਲਾਂ), ਪਲਾਟ ਦੀ ਹੱਦਬੰਦੀ, ਮੁਕੰਮਲਤਾ ਸਰਟੀਫਿਕੇਟ/ਕਬਜ਼ੇ ਦਾ ਸਰਟੀਫਿਕੇਟ ਜਾਰੀ ਕਰਨਾ, ਮੁਕੰਮਲਤਾ ਸਰਟੀਫਿਕੇਟ/ਕਬਜ਼ੇ ਦਾ ਸਰਟੀਫਿਕੇਟ ਜਾਰੀ ਕਰਨਾ- ਨਿੱਜੀ ਜਾਇਦਾਦ, ਡੀਪੀਸੀ ਜਾਰੀ ਕਰਨਾ – ਨਿੱਜੀ ਜਾਇਦਾਦਾਂ, ਡੀਪੀਸੀ ਸਰਟੀਫਿਕੇਟ ਜਾਰੀ ਕਰਨਾ, ਅਸਟੇਟ ਏਜੰਟ ਵਜੋਂ ਰਜਿਸਟਰੇਸ਼ਨ ਸਰਟੀਫਿਕੇਟ, ਪ੍ਰਮੋਟਰ ਵਜੋਂ ਰਜਿਸਟਰੇਸ਼ਨ ਸਰਟੀਫਿਕੇਟ, ਆਰਕੀਟੈਕਟ ਵਜੋਂ ਰਜਿਸਟਰੇਸ਼ਨ, ਅਸਥਾਈ ਸੀਵਰੇਜ ਕੁਨੈਕਸ਼ਨ (ਨਿਰਮਾਣ ਉਦੇਸ਼ ਲਈ) ਜਾਰੀ ਕਰਨਾ, ਪਾਣੀ ਦੇ ਕੁਨੈਕਸ਼ਨ ਨੂੰ ਨਿਯਮਤ ਕਰਨਾ, ਸੀਵਰੇਜ ਕੁਨੈਕਸ਼ਨ ਅਤੇ ਜਲ ਸਪਲਾਈ ਦੀ ਮਨਜ਼ੂਰੀ ਸ਼ਾਮਲ ਹਨ ।
ਬਾਕਸ
ਲੋਕਾਂ ਨੂੰ ਸੇਵਾਵਾਂ ਪ੍ਰਦਾਨ ਕਰਨ ਵਿੱਚ ਦੇਰੀ ਪ੍ਰਤੀ ਜ਼ੀਰੋ-ਸਹਿਣਸ਼ੀਲਤਾ
ਸੂਬੇ ਦੇ ਲੋਕਾਂ ਨੂੰ ਸੇਵਾਵਾਂ ਪ੍ਰਦਾਨ ਕਰਨ ਵਿੱਚ ਦੇਰੀ ਪ੍ਰਤੀ ਜ਼ੀਰੋ-ਸਹਿਣਸ਼ੀਲਤਾ ਅਪਣਾਉਂਦਿਆਂ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਵਿਭਾਗ ਵੱਲੋਂ ਹਾਲ ਹੀ ਵਿੱਚ 42 ਕਰਮਚਾਰੀਆਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਸਨ ਅਤੇ ਤਿੰਨ ਕਰਮਚਾਰੀਆਂ- ਦੋ ਸੀਨੀਅਰ ਸਹਾਇਕ ਅਤੇ ਇੱਕ ਸਹਾਇਕ ਅਸਟੇਟ ਅਫਸਰ ਨੂੰ ਡਿਊਟੀ ਵਿੱਚ ਅਣਗਹਿਲੀ ਲਈ ਚਾਰਜਸ਼ੀਟ ਕੀਤਾ ਗਿਆ ਸੀ।ਵਿਭਾਗ ਨੇ ਇੱਕ ਆਨਲਾਈਨ ਪ੍ਰਣਾਲੀ ਵਿਕਸਿਤ ਕੀਤੀ ਹੈ ਜਿਸ ਤਹਿਤ ਵਿਭਾਗ ਕੋਲ ਆਉਂਦੀਆਂ ਅਰਜ਼ੀਆਂ ਅਤੇ ਫਾਈਲਾਂ ਦੀ ਨਿਗਰਾਨੀ ਸੀਨੀਅਰ ਅਧਿਕਾਰੀ ਅਤੇ ਕੈਬਨਿਟ ਮੰਤਰੀ ਸ੍ਰੀ ਅਮਨ ਅਰੋੜਾ ਖੁਦ ਕਰ ਰਹੇ ਹਨ।ਸ੍ਰੀ ਅਮਨ ਅਰੋੜਾ ਵੱਲੋਂ ਇਹ ਸਖ਼ਤ ਕਾਰਵਾਈ ਵਿਭਾਗ ਦੇ ਇਨ੍ਹਾਂ 45 ਕਰਮਚਾਰੀਆਂ ਦੇ ਪੱਧਰ ’ਤੇ ਸਭ ਤੋਂ ਵੱਧ ਬਕਾਇਆ ਪਏ ਕੇਸਾਂ ਦਾ ਪਤਾ ਲੱਗਣ ਤੋਂ ਬਾਅਦ ਕੀਤੀ ਗਈ ਸੀ। ਇਨ੍ਹਾਂ ਕਰਮਚਾਰੀਆਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਗਏ ਹਨ, ਜਦੋਂ ਕਿ ਤਿੰਨ ਕਰਮਚਾਰੀਆਂ ਨੂੰ ਕਾਰਨ ਦੱਸੋ ਨੋਟਿਸ ਦਾ ਜਵਾਬ ਨਾ ਦੇਣ ਅਤੇ ਡਿਊਟੀ ਵਿੱਚ ਅਣਗਹਿਲੀ ਲਈ ਚਾਰਜਸ਼ੀਟ ਕੀਤਾ ਗਿਆ ਸੀ।

ਪੰਜਾਬ ਸਰਕਾਰ ਵੱਲੋਂ 28 ਦਸੰਬਰ ਨੂੰ ਗਜ਼ਟਿਡ ਛੁੱਟੀ ਦਾ ਐਲਾਨ

0

ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 27 ਦਸੰਬਰ:ਪੰਜਾਬ ਸਰਕਾਰ ਨੇ 28 ਦਸੰਬਰ ਨੂੰ ਸ੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਹੋਣ ਵਾਲੀ ਸ਼ਹੀਦੀ ਸਭਾ-2022 ਦੇ ਮੱਦੇਨਜ਼ਰ ਸੂਬੇ ਵਿੱਚ ਗਜ਼ਟਿਡ ਛੁੱਟੀ ਦਾ ਐਲਾਨ ਕੀਤਾ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਸ੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਸ਼ਹੀਦੀ ਸਭਾ ਮੌਕੇ ਪੰਜਾਬ ਰਾਜ ਦੇ ਸਮੂਹ ਸਰਕਾਰੀ ਦਫ਼ਤਰ, ਬੋਰਡ/ਕਾਰਪੋਰੇਸ਼ਨ ਅਤੇ ਸਰਕਾਰੀ ਵਿਦਿਅਕ ਅਦਾਰੇ 28 ਦਸੰਬਰ, 2022 (ਬੁੱਧਵਾਰ) ਨੂੰ ਬੰਦ ਰਹਿਣਗੇ। ਇਸ ਸਬੰਧੀ ਪੰਜਾਬ ਸਰਕਾਰ ਦੇ ਪ੍ਰਸੋਨਲ ਵਿਭਾਗ ਵੱਲੋਂ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ।ਇਹ ਛੁੱਟੀ ਨੈਗੋਸੀਏਬਲ ਇੰਸਟਰੂਮੈਂਟ ਐਕਟ-1881ਦੀ ਧਾਰਾ 25 ਦੀ ਵਿਆਖਿਆ ਅਧੀਨ ਛੁੱਟੀ ਘੋਸ਼ਿਤ ਕੀਤੀ ਜਾਂਦੀ ਹੈ।

ਹਰਿਆਣਾ ਦੇ ਮੁੱਖ ਮੰਤਰੀ ਨੇ ਵਿਧਾਨ ਸਭਾ ਦੇ ਸ਼ੈਸਨ ਵਿਚ ਚੱਲੀ ਕਾਰਵਾਈ ’ਤੇ ਜਤਾਈ ਤਸੱਲੀ

0

ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 27 ਦਸੰਬਰ : ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਹਰਿਆਣਾ ਵਿਧਾਨਸਭਾ ਦੇ ਸਰਦੀਰੁੱਤ ਸੈਸ਼ਨ ਦੇ ਦੋ ਦਿਨਾਂ ਦੀ ਸਦਨ ਵਿਚ ਚੱਲੀ ਕਾਰਵਾਈ ’ਤੇ ਸੰਤੋਸ਼ ਪ੍ਰਗਟਾਇਆ ਹੈ ਅਤੇ ਕਿਹਾ ਕਿ ਵਿਧਾਈ ਕੰਮ ਹੋਣ ਦੇ ਨਾਲ-ਨਾਲ ਵਿਧਾਇਕਾਂ ਦੀ ਭਾਗੀਦਾਰੀ ਵੀ ਵਧੀ ਹੈ। ਸਦਨ ਦੀ ਕਾਰਵਾਈ ਬਾਅਦ ਪੱਤਰਕਾਰਾਂ ਨਾਲ ਗਲਬਾਤ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਨਵੇਂ ਚੁਣ ਪੰਚਾਇਤੀ ਰਾਜ ਸੰਸਥਾਨਾਂ ਦੇ ਪ੍ਰਤੀਨਿਧੀਆਂ ਨੂੰ ਫੰਡ ਅਲਾਟ ਕਰਨ ਦੇ ਲਈ ਨਵੀਂ ਵਿਵਸਥਾ ਕੀਤੀ ਜਾਵੇਗੀ। ਸਰਪੰਚਾਂ ਦੇ ਅਧਿਕਾਰ ਪਹਿਲਾਂ ਦੀ ਤਰ੍ਹਾ ਹਰਿਆਣਾ ਪੰਚਾਇਤੀ ਰਾਜ ਐਕਟ ਦੇ ਤਹਿਤ ਹੀ ਬਣੇ ਰਹਿਣਗੇ। ਉਨ੍ਹਾਂ ਨੇ ਕਿਹਾ ਕਿ ਸ਼ਹਿਰੀ ਸਥਾਨਕ ਨਿਗਮਾਂ ਦੀ ਜਿਮੇਵਾਰੀਆਂ ਨੂੰ ਧਿਆਨ ਨਾਲ ਰੱਖਦੇ ਹੋਏ ਉਨ੍ਹਾਂ ਦੇ ਅਧਿਕਾਰ ਵੀ ਵੱਧਣੇ ਚਾਹੀਦੇ ਹਨ। ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਪ੍ਰੋਪਰਟੀ ਆਈਡੀ ਬਨਾਉਣ ਦਾ ਕਾਰਜ ਯਾਸ਼ੀ ਕੰਪਨੀ ਨੁੰ ਦਿੱਤਾ ਗਿਆ ਸੀ। ਇਸ ਕਾਰਜ ਵਿਚ ਆਈ ਗਲਤੀਆਂ ਨੂੰ ਦੂਰ ਕਰਨ ਲਈ ਸ਼ਹਿਰੀ ਸਥਾਨਕ ਸਰਕਾਰ ਮੰਤਰੀ ਕੰਮ ਕਰ ਰਹੇ ਹਨ ਜਲਦੀ ਹੀ ਇਸ ਕੰਮ ਦੇ ਪੂਰਾ ਹੋਣੇ ਦੀ ਉਮੀਦ ਹੈ।ਉਨ੍ਹਾਂ ਨੇ ਅੱਜ ਹੋਏ ਵਿਧਾਈ ਕੰਮਾਂ ਦੇ ਬਾਰੇ ਵਿਚ ਵੀ ਜਾਣਕਾਰੀ ਦਿੱਤੀ। ਅੱਜ ਸਾਲ 2022-23 ਦੀ 1261 ਕਰੋੜ ਰੁਪਏ ਦੀ ਬਜਟ ਸੋਧ ਅੰਦਾਜਾ ਵੀ ਪਾਸ ਕੀਤੇ ਗਏ। ਇਸ ਤੋਂ ਇਲਾਵਾ, 7 ਬਿੱਲ ਵੀ ਪਾਸ ਹੋਏ। 2022 ਦਾ ਵਿਧਾਨਸਭਾ ਦਾ ਆਖੀਰੀ ਸੈਸ਼ਨ ਦੱਸਦੇ ਹੋਏ ਉਨ੍ਹਾਂ ਨੇ ਮੀਡੀਆ ਪਰਸਨਸ ਨੂੰ ਨਵੇਂ ਸਾਲ 2023 ਦੀ ਸ਼ੁਭਕਾਮਨਾਵਾਂ ਦਿੱਤੀਆਂ। ਹਰਿਆਣਾ ਕੌਸ਼ਲ ਰੁਜਗਾਰ ਨਿਗਮ ’ਤੇ ਲਿਆਏ ਗਏ ਧਿਆਨਖਿੱਚ ਪ੍ਰਸਾਤਵ ’ਤੇ ਸਦਨ ਵਿਚ ਮੁੱਖ ਮੰਤਰੀ ਵੱਲੋਂ ਵਿਸਤਾਰ ਨਾਲ ਉੱਤਰ ਦੇਣ ਦੇ ਬਾਵਜੂਦ ਵੀ ਮੁੱਖ ਵਿਰੋਧੀ ਪਾਰਟੀ ਦਾ ਵਾਕ ਆਉਟ ’ਤੇ ਪੁੱਛੇ ਜਾਣ ’ਤੇ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਉਨ੍ਹਾਂ ਦੀ ਇਕ-ਇਕ ਗਲਤਫਹਿਮੀ ਨੂੰ ਦੂਰ ਕੀਤਾ ਗਿਆ। ਫਿਰ ਵੀ ਜੇਕਰ ਕੋਈ ਜੰਗਾ ਸੁਝਾਅ ਆਉਂਦਾ ਹੈ ਤਾਂ ਉਹ ਸ਼ਾਮਿਲ ਕਰਣਗੇ। ਸ਼ੁਰੂ ਵਿਚ ਪੋਰਟਲ ਬਣਾਇਆ ਗਿਆ ਹੈ ਅਤੇ ਜੇਕਰ ਕੁੱਝ ਗਲਤੀਆਂ ਹੋਈਆਂ ਹਨ ਤਾਂ ਉਨ੍ਹਾਂ ਨੁੰ ਦੂਰ ਕੀਤਾ ਜਾ ਰਿਹਾ ਹੈ। ਵਿਰੋਧੀ ਪੱਖ ਨੂੰ ਤਾਂ ਇਸ ਗਲ ਦੀ ਚਿੰਤਾ ਹੈ, ਜੋ ਚਿੱਟੇ ਕੁਰਤੇਵਾਲੇ ਉਨ੍ਹਾਂ ਦੇ ਲਈ ਕਮਾਈ ਕਰਦੇ ਸਨ, ਹੁਣ ਉਹ ਉਹ ਬੇਰੁਜਗਾਰ ਹੋ ਗਏ ਹਨ। ਜਦੋਂ ਕਿ ਅਸੀਂ ਨਿਗਮ ਰਾਹੀਂ ਪਾਰਦਰਸ਼ੀ ਤੇ ਸਹੂਲਤਜਨਕ ਢੰਗ ਨਾਲ ਘਰ ਦੇ ਨੇੜੇ ਹੀ ਰੁਜਗਾਰ ਦੇਣ ਦਾ ਕੰਮ ਕੀਤਾ ਹੈ, ਉਹੀ ਵਿਰੋਧੀ ਪੱਖ ਨੁੂੰ ਰਾਸ ਨਹੀਂ ਆ ਰਿਹਾ ਹੈ।ਇਸ ਮੌਕੇ ’ਤੇ ਮੁੱਖ ਮੰਤਰੀ ਦੇ ਵਧੀਕ ਪ੍ਰਧਾਨ ਸਕੱਤਰ ਅਤੇ ਸੂਚਨਾ, ਜਨ ਸੰਪਰਕ ਅਤੇ ਭਾਸ਼ਾ ਵਿਭਾਗ ਦੇ ਮਹਾਨਿਦੇਸ਼ਕ ਡਾ. ਅਮਿਤ ਅਗਰਵਾਲ, ਮੁੱਖ ਮੰਤਰੀ ਦੇ ਉੱਪ ਪ੍ਰਧਾਨ ਸਕੱਤਰ ਕੇ ਮਕਰੰਦ ਪਾਂਡੂਰੰਗ, ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਅਮਿਤ ਆਰਿਆ ਮੌਜੂਦ ਰਹੇ।

ਸਰਹਾਲੀ ਆਰ.ਪੀ.ਜੀ. ਹਮਲੇ ਸਬੰਧੀ ਮਾਮਲਾ: ਇੱਕ ਹੋਰ ਰਾਕੇਟ ਲਾਂਚਰ ਸਹਿਤ ਤਿੰਨ ਗ੍ਰਿਫਤਾਰ

0

ਪੰਜਾਬ ਪੁਲਿਸ ਨੇ ਫਿਲੀਪੀਨਜ਼ ਤੋਂ ਚਲਾਏ ਜਾ ਰਹੇ ਲਖਬੀਰ ਲੰਡਾ ਦੇ ਸਬ-ਮੌਡਿਊਲ ਦਾ ਕੀਤਾ ਪਰਦਾਫਾਸ਼
ਲੋਡਿਡ ਆਰ.ਪੀ.ਜੀ. ਦੀ ਬਰਾਮਦਗੀ ਨਾਲ, ਪੰਜਾਬ ਪੁਲਿਸ ਨੇ ਸਰਹੱਦੀ ਸੂਬੇ ਵਿੱਚ ਇੱਕ ਹੋਰ ਸੰਭਾਵੀ ਅੱਤਵਾਦੀ ਹਮਲੇ ਨੂੰ ਕੀਤਾ ਨਾਕਾਮ: ਡੀ.ਜੀ.ਪੀ. ਗੌਰਵ ਯਾਦਵ
ਪੰਜਾਬ ਪੁਲਿਸ ਮੁੱਖ ਮੰਤਰੀ ਭਗਵੰਤ ਮਾਨ ਦੀ ਸੋਚ ਅਨੁਸਾਰ ਪੰਜਾਬ ਵਿੱਚ ਸ਼ਾਂਤੀ ਅਤੇ ਸਦਭਾਵਨਾ ਬਰਕਰਾਰ ਰੱਖਣ ਲਈ ਵਚਨਬੱਧ
ਤਿੰਨੋ ਦੋਸ਼ੀ ਫਿਲੀਪੀਨਜ਼ ਅਧਾਰਿਤ ਯਾਦਵਿੰਦਰ ਸਿੰਘ ਦੇ ਨਿਰਦੇਸ਼ਾਂ ’ਤੇ ਕੰਮ ਕਰ ਰਹੇ ਸਨ: ਐਸ.ਐਸ.ਪੀ. ਗੁਰਮੀਤ ਚੌਹਾਨ
ਪੰਜਾਬੀ ਖ਼ਬਰਸਾਰ ਬਿਉਰੋ
ਤਰਨਤਾਰਨ, 27 ਦਸੰਬਰ:ਸੂਬੇ ਵਿੱਚ ਅਮਨ-ਸ਼ਾਂਤੀ ਅਤੇ ਸਦਭਾਵਨਾ ਬਰਕਰਾਰ ਰੱਖਣ ਸਬੰਧੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਵਚਨਬੱਧਤਾ ਨੂੰ ਦੁਹਰਾਉਂਦਿਆਂ, ਸਰਹਾਲੀ ਰਾਕੇਟ ਪ੍ਰੋਪੇਲਡ ਗ੍ਰੇਨੇਡ (ਆਰ.ਪੀ.ਜੀ.) ਹਮਲੇ ਦੇ ਮਾਮਲੇ ਦੀ ਅਗਲੇਰੀ ਜਾਂਚ ਵਿੱਚ ਪੰਜਾਬ ਪੁਲਿਸ ਨੇ ਅੱਜ ਕੈਨੇਡਾ ਅਧਾਰਿਤ ਅੱਤਵਾਦੀ ਲਖਬੀਰ ਲੰਡਾ ਦੇ ਸਬ ਮਾਡਿਊਲ ਦੇ ਤਿੰਨ ਸੰਚਾਲਕਾਂ ਨੂੰ ਗ੍ਰਿਫ਼ਤਾਰ ਕਰਕੇ ਇਸ ਸਬ ਮਾਡਿਊਲ ਪਰਦਾਫਾਸ਼ ਕੀਤਾ ਹੈ। ਪੁਲਿਸ ਵੱਲੋਂ ਮੁਲਜ਼ਮਾਂ ਦੇ ਕਬਜ਼ੇ ਵਿੱਚੋਂ ਲੋਡਡ ਆਰ.ਪੀ.ਜੀ. ਦੇ ਨਾਲ ਨਾਲ ਰਾਕੇਟ ਲਾਂਚਰ ਵੀ ਬਰਾਮਦ ਕੀਤਾ ਗਿਆ ਹੈ। ਇਹ ਸਬ ਮਾਡਿਊਲ ਫਿਲੀਪੀਨਜ਼ ਤੋਂ ਯਾਦਵਿੰਦਰ ਸਿੰਘ ਵੱਲੋਂ ਲੰਡਾ ਦੇ ਨਿਰਦੇਸ਼ਾਂ ’ਤੇ ਚਲਾਇਆ ਜਾ ਰਿਹਾ ਸੀ।
ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀ.ਜੀ.ਪੀ.) ਪੰਜਾਬ ਗੌਰਵ ਯਾਦਵ ਨੇ ਗ੍ਰਿਫ਼ਤਾਰ ਕਿਤੇ ਗਏ ਵਿਅਕਤੀਆਂ ਦੀ ਪਛਾਣ ਕੁਲਬੀਰ ਸਿੰਘ, ਹੀਰਾ ਸਿੰਘ ਅਤੇ ਦਵਿੰਦਰ ਸਿੰਘ ਵਾਸੀ ਪਿੰਡ ਚੰਬਾਲ, ਤਰਨਤਾਰਨ ਵਜੋਂ ਕੀਤੀ। ਉਹਨਾਂ ਅੱਗੇ ਦੱਸਿਆ ਕਿ ਪੁਲੀਸ ਨੇ ਮੁਲਜ਼ਮ ਯਾਦਵਿੰਦਰ ਸਿੰਘ ਦਾ ਨਾਂ ਵੀ ਮੁਕਦਮੇ ਵਿਚ ਦਰਜ ਕਰ ਲਿਆ ਹੈ।ਡੀਜੀਪੀ ਨੇ ਦੱਸਿਆ ਕਿ ਵਰਤੋਂ ਲਈ ਤਿਆਰ ਲੋਡਡ ਆਰ.ਪੀ.ਜੀ. ਦੀ ਬਰਾਮਦਗੀ ਨਾਲ, ਪੰਜਾਬ ਪੁਲਿਸ ਨੇ ਸੂਬੇ ਦੀ ਸ਼ਾਂਤੀ ਅਤੇ ਸਦਭਾਵਨਾ ਨੂੰ ਭੰਗ ਕਰਨ ਦੇ ਉਦੇਸ਼ ਨਾਲ ਕੀਤੇ ਜਾਣ ਵਾਲੇ ਇੱਕ ਹੋਰ ਸੰਭਾਵੀ ਅੱਤਵਾਦੀ ਹਮਲੇ ਨੂੰ ਸਫ਼ਲਤਾਪੂਰਵਕ ਨਾਕਾਮ ਕਰ ਦਿੱਤਾ ਹੈ।ਇਹ ਸਫ਼ਤਲਾ ਦੋ ਦੋਸ਼ੀ ਨਾਬਾਲਗਾਂ ਸਮੇਤ ਸੱਤ ਵਿਅਕਤੀਆਂ ਦੀ ਗ੍ਰਿਫ਼ਤਾਰੀ ਤੋਂ ਕੁਝ ਦਿਨ ਬਾਅਦ ਮਿਲੀ, ਜਿਨ੍ਹਾਂ ਨੇ 9 ਦਸੰਬਰ ਨੂੰ ਰਾਤ 11.18 ਵਜੇ ਤਰਨਤਾਰਨ ਦੇ ਪੁਲਿਸ ਸਟੇਸ਼ਨ ਸਿਰਹਾਲੀ ਦੀ ਇਮਾਰਤ ’ਤੇ ਅੱਤਵਾਦੀ ਹਮਲਾ ਕੀਤਾ ਸੀ।ਡੀ.ਜੀ.ਪੀ. ਗੌਰਵ ਯਾਦਵ ਨੇ ਦੱਸਿਆ ਕਿ ਖੁਫੀਆ ਜਾਣਕਾਰੀ ‘ਤੇ ਕਾਰਵਾਈ ਕਰਦਿਆਂ ਤਰਨਤਾਰਨ ਪੁਲਿਸ ਨੇ ਬਿਲੀਆਂਵਾਲਾ ਪੁਲ ‘ਤੇ ਨਾਕਾਬੰਦੀ ਕੀਤੀ ਅਤੇ ਸਰਹਾਲੀ ਆਰ.ਪੀ.ਜੀ. ਹਮਲੇ ਵਿੱਚ ਸ਼ਾਮਲ ਦੋ ਮੋਟਰਸਾਈਕਲ ਸਵਾਰ ਵਿਅਕਤੀਆਂ ਜਿਨ੍ਹਾਂ ਦੀ ਪਛਾਣ ਕੁਲਬੀਰ ਸਿੰਘ ਅਤੇ ਹੀਰਾ ਸਿੰਘ ਵਜੋਂ ਹੋਈ, ਨੂੰ ਗ੍ਰਿਫਤਾਰ ਕੀਤਾ।ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਐਸ.ਐਸ.ਪੀ. ਤਰਨਤਾਰਨ ਗੁਰਮੀਤ ਸਿੰਘ ਚੌਹਾਨ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਮੁਲਜ਼ਮਾਂ ਨੇ ਖੁਲਾਸਾ ਕੀਤਾ ਕਿ ਉਨ੍ਹਾਂ ਨੇ ਯਾਦਵਿੰਦਰ ਸਿੰਘ ਜੋ ਕਿ ਮੌਜੂਦਾ ਸਮੇਂ ਮਨੀਲਾ, ਫਿਲੀਪੀਨਜ਼ ਵਿੱਚ ਰਹਿੰਦਾ ਹੈ, ਦੇ ਨਿਰਦੇਸ਼ਾਂ ’ਤੇ ਥਾਣਾ ਸਰਹਾਲੀ ਵਿਖੇ ਹੋਏ ਆਰ.ਪੀ.ਜੀ. ਹਮਲੇ ਵਾਲੇ ਦਿਨ ਲੋਡਿਡ ਆਰ.ਪੀ.ਜੀ. ਮੁਹੱਈਆ ਕਰਵਾਇਆ ਸੀ। ਉਹਨਾਂ ਦੱਸਿਆ ਕਿ ਦੋਸ਼ੀ ਯਾਦਵਿੰਦਰ ਨੇ ਨਾਬਾਲਗਾਂ ਜਿਹਨਾਂ ਨੇ ਪੁਲਿਸ ਸਟੇਸ਼ਨ ’ਤੇ ਆਰ.ਪੀ.ਜੀ. ਹਮਲਾ ਕੀਤਾ ਸੀ, ਨੂੰ ਆਰ.ਪੀ.ਜੀ. ਹਮਲਾ ਕਰਨ ਬਾਰੇ ਇੱਕ ਟਿਊਟੋਰਿਅਲ ਵੀਡੀਓ ਵੀ ਭੇਜੀ ਸੀ।ਐਸ.ਐਸ.ਪੀ. ਨੇ ਦੱਸਿਆ ਕਿ ਹੋਰ ਪੁੱਛਗਿੱਛ ਦੌਰਾਨ ਦੋਸ਼ੀਆਂ ਨੇ ਖੁਲਾਸਾ ਕੀਤਾ ਕਿ ਉਨ੍ਹਾਂ ਨੇ ਇਕ ਹੋਰ ਦੋਸ਼ੀ ਦਵਿੰਦਰ ਸਿੰਘ ਨਾਲ ਮਿਲ ਕੇ ਯਾਦਵਿੰਦਰ ਸਿੰਘ ਦੇ ਨਿਰਦੇਸ਼ਾਂ ’ਤੇ ਇਕ ਹੋਰ ਆਰ.ਪੀ.ਜੀ. ਛੁਪਾਈ ਹੋਈ ਹੈ। ਉਹਨਾਂ ਅੱਗੇ ਦੱਸਿਆ ਕਿ ਮੁਲਜ਼ਮਾਂ ਵੱਲੋਂ ਦੱਸੇ ਟਿਕਾਣੇ ਤਰਨਤਾਰਨ ਦੇ ਪਿੰਡ ਕੀੜੀਆਂ ਵਿਖੇ ਦਰਿਆ ਬਿਆਸ ਦੇ ਕੰਢੇ ‘ਤੇ ਆਰ.ਪੀ.ਜੀ. ਅਤੇ ਇੱਕ ਰਾਕੇਟ ਲਾਂਚਰ ਬਰਾਮਦ ਕੀਤਾ ਗਿਆ।ਉਨ੍ਹਾਂ ਦੱਸਿਆ ਕਿ ਪੁਲਿਸ ਟੀਮਾਂ ਨੇ ਦੋਸ਼ੀ ਦਵਿੰਦਰ ਸਿੰਘ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ, ਜਿਸ ਨੇ ਖੁਲਾਸਾ ਕੀਤਾ ਹੈ ਕਿ ਉਹ ਯਾਦਵਿੰਦਰ ਸਿੰਘ ਅਤੇ ਲੰਡਾ ਦੀਆਂ ਹਦਾਇਤਾਂ ’ਤੇ ਸੂਬੇ ਵਿਚ ਇਕ ਹੋਰ ਅੱਤਵਾਦੀ ਹਮਲੇ ਨੂੰ ਅੰਜਾਮ ਦੇਣ ਦੀ ਸਾਜ਼ਿਸ਼ ਰਚ ਰਹੇ ਸਨ। ਉਨ੍ਹਾਂ ਕਿਹਾ ਕਿ ਪੁਲਿਸ ਇਸ ਮਾਮਲੇ ਵਿੱਚ ਅਗਲੇ-ਪਿਛਲੇ ਸਬੰਧਾਂ ਦੀ ਹੋਰ ਜਾਂਚ ਕਰ ਰਹੀ ਹੈ ਅਤੇ ਜਲਦ ਹੀ ਹੋਰ ਬਰਾਮਦਗੀਆਂ ਅਤੇ ਗ੍ਰਿਫਤਾਰੀਆਂ ਹੋਣ ਦੀ ਉਮੀਦ ਹੈ।ਜ਼ਿਕਰਯੋਗ ਹੈ ਕਿ ਤਰਨਤਾਰਨ ਪੁਲਿਸ ਵੱਲੋਂ ਆਰ.ਪੀ.ਜੀ. ਅਤੇ ਰਾਕੇਟ ਲਾਂਚਰ ਦੀ ਜਾਂਚ ਲਈ ਆਰਮੀ ਅਧਿਕਾਰੀਆਂ ਅਤੇ ਫੋਰੈਂਸਿਕ ਟੀਮਾਂ ਨੂੰ ਬੁਲਾਇਆ ਗਿਆ ਹੈ।

Our Visitor

1908463