ਅਧਿਆਪਕਾਂ, ਵਿਦਿਆਰਥੀਆਂ ਨੂੰ ਕੀਤਾ ਉਤਸ਼ਾਹਿਤ
ਪੰਜਾਬੀ ਖ਼ਬਰਸਾਰ ਬਿਉਰੋ
ਮਾਨਸਾ 17 ਦਸੰਬਰ:ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਮਾਨਸਾ ਭੁਪਿੰਦਰ ਕੌਰ ਨੇ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਖਿਆਲੀ ਚਹਿਲਾਂਵਾਲੀ ਅਤੇ ਰਿਹਾਇਸ਼ੀ ਸਕੂਲ ਝੁਨੀਰ ਦਾ ਨਿਰੀਖਣ ਕਰਦਿਆਂ ਅਧਿਆਪਕਾਂ ਨੂੰ ਹੱਲਾਸ਼ੇਰੀ ਦਿੱਤੀ ਕਿ ਉਹ ਵਿਦਿਆਰਥੀਆਂ ਦੇ ਸੁਨਹਿਰੀ ਭਵਿੱਖ ਲਈ ਮਿਆਰੀ ਪੜ੍ਹਾਈ ਅਤੇ ਉਨ੍ਹਾਂ ਦੇ ਸਰਵਪੱਖੀ ਵਿਕਾਸ ਲਈ ਵਿਸ਼ੇਸ਼ ਉਪਰਾਲੇ ਕਰਨ।ਉਨ੍ਹਾਂ ਕਿਹਾ ਪੰਜਾਬ ਸਰਕਾਰ ਵੱਲ੍ਹੋਂ ਹੋਰਨਾਂ ਵਿਕਾਸ ਕਾਰਜਾਂ ਤੋ ਇਲਾਵਾ ਪੰਜਾਬ ਰਾਜ ਨੂੰ ਸਿੱਖਿਆ ਖੇਤਰ ਚ ਨੰਬਰ ਵਨ ‘ਤੇ ਲਿਆਉਣ ਵਿਆਪਕ ਯੋਜਨਬੰਦੀ ਕਰ ਰਹੀ ਹੈ,ਜਿਸ ਦੇ ਭਵਿੱਖ ਚ ਸਾਰਥਿਕ ਸਿੱਟੇ ਸਾਹਮਣੇ ਆਉਣਗੇ।
ਡੀਈਓ ਭੁਪਿੰਦਰ ਕੌਰ ਨੇ ਖਿਆਲੀ ਚਹਿਲਾਂ ਵਾਲੀ ਵਿਖੇ ਬੱਚਿਆਂ ਨੂੰ ਦਿੱਤੀ ਜਾ ਰਹੀ ਪੜ੍ਹਾਈ ਦਾ ਮੁਲਾਂਕਣ ਕਰਦਿਆਂ ਅਧਿਆਪਕਾਂ ਨੂੰ ਲੋੜੀਂਦੇ ਸੁਝਾਅ ਵੀ ਦਿੱਤੇ। ਉਨ੍ਹਾਂ ਬੱਚਿਆਂ ਨਾਲ ਵੀ ਪੜ੍ਹਾਈ ਅਤੇ ਰੋਜ਼ਾਨਾ ਸਵੇਰ ਦੀ ਸਲਾਈਡ ਬਾਰੇ ਵੀ ਗੱਲਬਾਤ ਕੀਤੀ। ਉਨ੍ਹਾਂ ਅਧਿਆਪਕਾਂ ਨੂੰ ਮਿਸ਼ਨ 100 ਫੀਸਦੀ ਅਤੇ ਨਵੇਂ ਦਾਖਲਿਆਂ ਲਈ ਪ੍ਰੇਰਿਆ। ਉਨਾਂ ਬੱਚਿਆਂ ਨੂੰ ਦਿੱਤੇ ਜਾਣ ਵਾਲੇ ਦੁਪਹਿਰ ਦੇ ਭੋਜਣ ਦਾ ਵੀ ਨਿਰੀਖਣ ਕਰਦਿਆਂ ਮਿਡ ਡੇ ਮੀਲ ਕਾਮਿਆਂ ਅਤੇ ਅਧਿਆਪਕਾ ਨੂੰ ਹੋਰ ਸੁਧਾਰ ਲਿਆਉਣ ਲਈ ਸੁਝਾਅ ਦਿੱਤੇ। ਸਕੂਲ ਦੀ ਸ਼ਾਨਦਾਰ ਬਿਲਡਿੰਗ ਅਤੇ ਵਧੀਆਂ ਖੇਡ ਮੈਦਾਨਾਂ ਲਈ ਸਕੂਲ ਅਧਿਆਪਕਾਂ,ਸਕੂਲ ਮੈਨੇਜਮੈਂਟ ਕਮੇਟੀ ਨੂੰ ਵਧਾਈ ਦਿੱਤੀ।ਉਨ੍ਹਾਂ ਰਿਹਾਇਸ਼ੀ ਸਕੂਲ ਝੁਨੀਰ ਵਿਚਲੇ ਵਿਦਿਆਰਥੀਆਂ ਦੇ ਰਿਹਾਇਸ਼ੀ ਪ੍ਰਬੰਧਾਂ,ਖਾਣੇ ਅਤੇ ਸਫਾਈ ਪ੍ਰਬੰਧਾਂ ਨੂੰ ਹੋਰ ਦਰੁੱਸਤ ਕਰਨ ਦੀ ਹਦਾਇਤ ਦਿੱਤੀ।
ਜ਼ਿਲ੍ਹਾ ਸਿੱਖਿਆ ਅਫਸਰ ਭੁਪਿੰਦਰ ਕੌਰ ਵੱਲ੍ਹੋਂ ਸਕੂਲਾਂ ਕੀਤਾ ਨਿਰੀਖਣ
ਪੰਜਾਬ ਪੱਧਰੀ ਬਾਕਸਿੰਗ ਅਤੇ ਹਾਕੀ ਖੇਡਾਂ ਲਈ ਕੀਤੀ ਅਹਿਮ ਮੀਟਿੰਗ
18 ਦਸੰਬਰ ਤੋਂ 23 ਦਸੰਬਰ ਤੱਕ ਹੋਣਗੀਆਂ ਖੇਡਾਂ
ਸੁਖਜਿੰਦਰ ਮਾਨ
ਬਠਿੰਡਾ, 17 ਦਸੰਬਰ: ਸਿੱਖਿਆ ਵਿਭਾਗ ਪੰਜਾਬ ਦੀਆਂ ਹਦਾਇਤਾਂ ਅਤੇ ਡਿਪਟੀ ਡਾਇਰੈਕਟਰ ਖੇਡਾਂ ਸੁਨੀਲ ਕੁਮਾਰ ਦੀ ਸਰਪ੍ਰਸਤੀ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਸ਼ਿਵਪਾਲ ਗੋਇਲ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਇਕਬਾਲ ਸਿੰਘ ਬੁੱਟਰ ਦੀ ਦੇਖ-ਰੇਖ ਵਿੱਚ 66 ਵੀਆ ਅੰਤਰ ਜ਼ਿਲ੍ਹਾ ਸਕੂਲ ਬਾਕਸਿੰਗ ਖੇਡਾਂ ਭਾਈ ਰੂਪ ਚੰਦ ਸਟੇਡੀਅਮ ਭਾਈਰੂਪਾ ਅਤੇ ਹਾਕੀ ਰਾਜਿੰਦਰਾ ਹਾਕੀ ਟਰਫ ਸਟੇਡੀਅਮ ਬਠਿੰਡਾ ਵਿਖੇ ਕਰਵਾਏ ਜਾ ਰਹੇ ਹਨ। ਇਹਨਾ ਖੇਡਾਂ ਸੰਬੰਧੀ ਇੱਕ ਅਹਿਮ ਮੀਟਿੰਗ ਗੁਰਚਰਨ ਸਿੰਘ ਗਿੱਲ ਡੀ.ਐਮ (ਖੇਡਾਂ) ਨੇ ਖੇਡਾਂ ਦੋਰਾਨ ਡਿਊਟੀ ਦੇਣ ਆਫੀਸਲਾ ਨਾਲ ਕੀਤੀ। ਉਹਨਾਂ ਅੱਗੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਖੇਡਾਂ 18 ਦਸੰਬਰ ਤੋਂ 23 ਦਸੰਬਰ ਤੱਕ ਹੋਣਗੀਆਂ।ਬਾਕਸਿੰਗ ਅੰਡਰ 14 ਮੁੰਡੇ ਅਤੇ ਅੰਡਰ 17 ਮੁੰਡੇ, ਕੁੜੀਆਂ ਵਿੱਚ ਸਮੁੱਚੇ ਪੰਜਾਬ ਦੇ ਵੱਖ-ਵੱਖ ਭਾਰ ਦੇ ਤਕਰੀਬਨ 700 ਅਤੇ ਹਾਕੀ ਅੰਡਰ 14 ਮੁੰਡੇ ਕੁੜੀਆਂ ਵਿੱਚ 800 ਲਗਪਗ ਖਿਡਾਰੀ ਭਾਗ ਲੈ ਰਹੇ ਹਨ। ਖਿਡਾਰੀਆਂ ਦੀ ਰਿਹਾਇਸ਼ ਅਤੇ ਖਾਣੇ ਦੇ ਪ੍ਰਬੰਧ ਮੁਕੰਮਲ ਕਰ ਲਏ ਹਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਲੈਕਚਰਾਰ ਅਮਰਦੀਪ ਸਿੰਘ, ਲੈਕਚਰਾਰ ਵਰਿੰਦਰ ਸਿੰਘ, ਗੁਰਿੰਦਰ ਸਿੰਘ, ਗੁਰਮੀਤ ਸਿੰਘ ਭੂੰਦੜ, ਗੁਰਮੀਤ ਸਿੰਘ ਮਾਨ (ਸਾਰੇ ਬੀ.ਐਮ), ਮੁੱਖ ਅਧਿਆਪਕ ਰਮਨਦੀਪ ਕੌਰ,ਲੈਕਚਰਾਰ ਮਨਦੀਪ ਕੌਰ, ਲੈਕਚਰਾਰ ਨਾਜ਼ਰ ਸਿੰਘ,ਲੈਕਚਰਾਰ ਕੁਲਵੀਰ ਸਿੰਘ, ਲੈਕਚਰਾਰ ਹਰਮੰਦਰ ਸਿੰਘ,ਭੁਪਿੰਦਰ ਸਿੰਘ ਤੱਗੜ,ਰਹਿੰਦਰ ਸਿੰਘ ਹਾਕੀ ਕਨਵੀਨਰ, ਗੁਰਸ਼ਰਨ ਸਿੰਘ ਬਾਕਸਿੰਗ ਕਨਵੀਨਰ ,ਰਣਧੀਰ ਸਿੰਘ , ਹਰਬਿੰਦਰ ਸਿੰਘ, ਨਿਰਮਲ ਸਿੰਘ ਨੀਟਾ ਹਾਜ਼ਰ ਸਨ।
ਅਕਾਲੀ ਦਲ ਦੇ ਵਫਦ ਵਲੋਂ ਯੂ.ਪੀ ਦੇ ਮੁੱਖ ਮੰਤਰੀ ਯੋਗੀ ਆਦਿਤਯਨਾਥ ਨਾਲ ਸਿੱਖ ਕੌਮ ਦੇ ਮੁੱਦਿਆਂ ’ਤੇ ਮੀਟਿੰਗ
ਮੁੱਖ ਮੰਤਰੀ ਨੇ ਭਰੋਸਾ ਦੁਆਇਆ ਕਿ ਕਿਸੇ ਵੀ ਸਿੱਖ ਕਿਸਾਨ ਨੂੰ ਪੀੜਤ ਨਹੀਂ ਕੀਤਾ ਜਾਵੇਗਾ
2014 ਵਿਚ ਸਹਾਰਨਪੁਰ ਵਿਚ ਹੋਏ ਝਗੜੇ ਦੇ ਮਾਮਲੇ ਵਿਚ ਸਿੱਖਾਂ ਖਿਲਾਫ ਦਰਜ ਕੇਸ ਵਾਪਸ ਲੈਣ ਦਾ ਭਰੋਸਾ ਦੁਆਇਆ
ਪੰਜਾਬੀ ਖ਼ਬਰਸਾਰ ਬਿਉਰੋ
ਲਖਨਊ, 17 ਦਸੰਬਰ : ਸਵਾ ਸਾਲ ਪਹਿਲਾਂ ਤਿੰਨ ਖੇਤੀ ਬਿੱਲਾਂ ਦੇ ਮਾਮਲੇ ਨੂੰ ਲੈ ਕੇ ਭਾਜਪਾ ਨਾਲ ਅਪਣਾ 30 ਸਾਲਾਂ ਦਾ ਸਿਆਸੀ ਰਿਸ਼ਤਾ ਖ਼ਤਮ ਕਰਨ ਵਾਲੇ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਵਲੋਂ ਅੱਜ ਸ਼੍ਰੋਮਣੀ ਕਮੇਟੀ ਦੇ ਨੁਮਾਇੰਦਿਆਂ ਨੂੰ ਨਾਲ ਲੈ ਕੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਯਨਾਥ ਨਾਲ ਸਿੱਖ ਮੁੱਦਿਆਂ ’ਤੇ ਚਰਚਾ ਕੀਤੀ ਗਈ। ਇਸ ਮੁਲਾਕਾਤ ਦੌਰਾਨ ਮੁੱਖ ਮੰਤਰੀ ਨੇ ਵਫਦ ਨੂੰ ਉਹਨਾਂ ਦੇ ਧਿਆਨ ਵਿਚ ਲਿਆਂਦੇ ਗਏ ਸਿੱਖ ਕੌਮ ਦੇ ਸਾਰੇ ਲਟਕਦੇ ਮਸਲੇ ਹੱਲ ਕਰਨ ਦਾ ਭਰੋਸਾ ਦੁਆਇਆ ਹੈ। ਅਕਾਲੀ ਦਲ ਦੇ ਵਫਦ ਦੀ ਅਗਵਾਈ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਕੀਤੀ ਗੱਈ, ਜਿਸ ਵਿਚ ਸੀਨੀਅਰ ਆਗੂ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਤੇ ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਭਾਈ ਗੁਰਚਰਨ ਸਿੰਘ ਗਰੇਵਾਲ ਵੀ ਸ਼ਾਮਲ ਸਨ। ਮੀਟਿੰਗ ਮਗਰੋਂ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਸੁਖਬੀਰ ਸਿੰਘ ਬਾਦਲ ਨੇ ਦੱਸਿਆ ਕਿ ਮੀਟਿੰਗ ਬਹੁਤ ਸੁਖਾਵੇਂ ਤੇ ਉਸਾਰੂ ਮਾਹੌਲ ਵਿਚ ਹੋਈ ਜਿਸ ਵਿਚ ਮੁੱਖ ਮੰਤਰੀ ਨੇ ਵੱਖ ਵੱਖ ਵਿਭਾਗਾਂ ਦੇ ਅਫਸਰ ਵੀ ਸੱਦੇ ਹੋਏ ਸਨ ਤਾਂ ਜੋ ਸਿੱਖ ਕੌਮ ਦੀ ਭਲਾਈ ਨਾਲ ਸਬੰਧਤ ਸਾਰੇ ਮਾਮਲਿਆਂ ’ਤੇ ਮੌਕੇ ਹੀ ਜਾਣਕਾਰੀ ਹਾਸਲ ਕੀਤੀ ਜਾ ਸਕੇ। ਸ: ਬਾਦਲ ਨੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਵੱਲੋਂ ਸਾਰੇ ਲਟਕਦੇ ਮਾਮਲਿਆਂ ਨੂੰ ਹੱਲ ਕਰਨ ਵਿਚ ਵਿਸ਼ੇਸ਼ ਦਿਲਚਸਪੀ ਵਿਖਾਉਣ ’ਤੇ ਉਹਨਾਂ ਦਾ ਧੰਨਵਾਦ ਕੀਤਾ ਅਤੇ ਜ਼ੋਰ ਦੇ ਕੇ ਕਿਹਾ ਕਿ ਇਸ ਨਾਲ ਉੱਤਰ ਪ੍ਰਦੇਸ਼ ਵਿਚ ਸਿੱਖ ਕੌਮ ਦੇ ਮਨੋਬਲ ਨੂੰ ਵੱਡਾ ਉਤਸ਼ਾਹ ਮਿਲੇਗਾ।
ਵੇਰਵੇ ਸਾਂਝੇ ਕਰਦਿਆਂ ਅਕਾਲੀ ਦਲ ਪ੍ਰਧਾਨ ਨੇ ਕਿਹਾ ਕਿ ਭਾਵੇਂ ਯੋਗੀ ਆਦਿਤਯਨਾਥ ਦੇ ਦਖਲ ਸਦਕਾ 2020 ਵਿਚ ਸਿੱਖ ਵਫਦ ਦੀ ਮੁਲਾਕਾਤ ਮਗਰੋਂ 2020 ਵਿਚ ਸਿੱਖ ਕਿਸਾਨਾਂ ਦਾ ਉਹਨਾਂ ਵੱਲੋਂ ਕਾਸ਼ਤ ਕੀਤੀ ਜਾ ਰਹੀ ਜ਼ਮੀਨਾਂ ਵਿਚੋਂ ਉਜਾੜਾ ਰੁੱਕ ਗਿਆ ਸੀ ਪਰ ਕੁਝ ਮਾਮਲਿਆਂ ਵਿਚ ਸਿੱਖ ਕਿਸਾਨਾਂ ਨੂੰ ਥਾਂ ਖਾਲੀ ਕਰਵਾਉਣ ਦੇ ਨੋਟਿਸ ਜਾਰੀ ਕੀਤੇ ਗਏ ਹਨ। ਹਲੀਮੀ ਨਾਲ ਵਫਦ ਦੀ ਗੱਲ ਸੁਣਨ ਤੋਂ ਬਾਅਦ ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਉਹ ਯੂ ਪੀ ਵਿਚ ਕਿਸੇ ਵੀ ਸਿੱਖ ਕਿਸਾਨ ਜਾਂ ਪੰਜਾਬੀ ਦਾ ਉਜਾੜਾ ਨਹੀਂ ਹੋਣ ਦੇਣਗੇ। ਉਹਨਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੀ ਗੱਲ ਨਾਲ ਸਹਿਮਤੀ ਪ੍ਰਗਟ ਕੀਤੀ ਕਿ ਸਿੱਖ ਕਿਸਾਨਾਂ ਨੇ ਇਸ ਜ਼ਮੀਨ ਨੂੰ ਵਾਹੀਯੋਗ ਬਣਾਉਣ ਵਾਸਤੇ ਆਪਣਾ ਖੂਨ ਪਸੀਨਾ ਵਹਾਇਆ ਹੈ। ਮੁੱਖ ਮੰਤਰੀ ਨੇ ਆਪਣੇ ਰਾਜ ਮੰਤਰੀ ਬਲਦੇਵ ਸਿੰਘ ਔਲਖ ਨੂੰ ਆਖਿਆ ਕਿ ਉਹ ਸਾਰੇ ਕੇਸਾਂ ਦੀ ਘੋਖ ਕਰਨ ਤਾਂ ਜੋ ਇਹਨਾਂ ਨੂੰ ਹੱਲ ਕੀਤਾ ਜਾ ਸਕੇ। ਇਹਨਾਂ ਕੇਸਾਂ ਵਿਚ ਮੁਰਾਦਾਬਾਦ, ਬਰੇਲੀ ਤੇ ਲਖਨਊ ਸਰਕਲਾਂ ਵਿਚ ਸਿੱਖ ਕਿਸਾਨਾਂ ਨੂੰ ਜ਼ਮੀਨ ਖਾਲੀ ਕਰਵਾਉਣ ਦੇ ਜਾਰੀ ਕੀਤੇ ਨੋਟਿਸ ਵੀ ਸ਼ਾਮਲ ਹਨ। ਵਫਦ ਨੇ ਮੁੱਖ ਮੰਤਰੀ ਨੂੰ ਇਹ ਵੀ ਦੱਸਿਆ ਕਿ ਸਾਲ 2014 ਵਿਚ ਸਹਾਰਨਪੁਰ ਵਿਚ ਗੁਰਦੁਆਰਾ ਸਾਹਿਬ ਦੀ ਥਾਂ ਨੁੰ ਲੈ ਕੇ ਦੋ ਫਿਰਕਿਆਂ ਵਿਚ ਝਗੜਾ ਹੋ ਗਿਆ ਤੇ ਕੁਝ ਕੇਸ ਇਸ ਨਾਲ ਸਬੰਧਤ ਹਨ। ਵਫਦ ਨੇ ਦੱਸਿਆ ਕਿ ਝਗੜੇ ਮਗਰੋਂ ਦੋਹਾਂ ਭਾਈਚਾਰਿਆਂ ਦੇ ਪ੍ਰਮੁੱਖ ਆਗੂਆਂ ਦੀ ਵਿਚੋਲਗੀ ਨਾਲ ਇਹ ਫੈਸਲਾ ਹੋਇਆ ਸੀ ਕਿ ਦੋਵੇਂ ਭਾਈਚਾਰੇ ਇਕ ਦੂਜੇ ਦੇ ਖਿਲਾਫ ਦਰਜ ਕੇਸ ਵਾਪਸ ਲੈਣਗੇ। ਵਫਦ ਨੇ ਦੱਸਿਆ ਕਿ ਕੁਝ ਕੇਸਤਾਂ ਵਾਪਸ ਹੋ ਗਏ ਹਨ ਜਦੋਂ ਕਿ ਕੁਝ ਕੇਸ ਹਾਲੇ ਬਾਕੀ ਹਨ ਤੇ ਉਹਨਾਂ ਨੂੰ ਹੱਲ ਕਰਨ ਲਈ ਮੁੱਖ ਮੰਤਰੀ ਦੇ ਦਖਲ ਦੀ ਲੋੜ ਹੈ ਜਿਸ ਲਈ ਯੋਗੀ ਆਦਿਤਯਨਾਥ ਨੇ ਸਹਿਮਤੀ ਦਿੱਤੀ। ਵਫਦ ਨੇ ਮੁੱਖ ਮੰਤਰੀ ਨੂੰ 1991 ਦੇ ਪੀਲੀਭੀਤ ਦੇ ਝੂਠੇ ਪੁਲਿਸ ਮੁਕਾਬਲੇ ਦੀ ਜਾਣਕਾਰੀ ਵੀ ਦਿੱਤੀ।
ਹੁਣ ਸੁਖਬੀਰ ਸਿੰਘ ਬਾਦਲ ਪੰਜਾਬ ਦੇ ਲੋਕਾਂ ਵਿਚ ਵਿਸ਼ਵਾਸ ਮਜ਼ਬੂਤ ਕਰਨ ਲਈ ਕਰਨਗੇ ‘ਪੰਜਾਬ ਬਚਾਓ ਦੌਰਾ’
ਪੰਜਾਬ ’ਚ ਪ੍ਰਸ਼ਾਸਨ, ਕਾਨੂੰਨ ਤੇ ਵਿਵਸਥਾ ਮੁਕੰਮਲ ਤੌਰ ’ਤੇ ਢਹਿ ਢੇਰੀ ਹੋਈ : ਸੁਖਬੀਰ ਸਿੰਘ ਬਾਦਲ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 16 ਦਸੰਬਰ : ਸੂਬੇ ’ਚ ਬਣ ਰਹੇ ਖੌਫ਼ ਦੇ ਮਾਹੌਲ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਪੰਜਾਬ ਦੇ ਲੋਕਾਂ ਵਿਚ ਵਿਸਵਾਸ ਮਜਬੂਤ ਕਰਨ ਲਈ ‘ਪੰਜਾਬ ਬਚਾਓ ਦੌਰਾ’ ਕਰਨ ਦਾ ਐਲਾਨ ਕੀਤਾ ਹੈ। ਇਹ ਫੈਸਲਾ ਅੱਜ ਇੱਥੇ ਅਕਾਲੀ ਦਲ ਦੀ ਨਵੀਂ ਬਣੀ ਕੋਰ ਕਮੇਟੀ ਦੀ ਹੋਈ ਪਲੇਠੀ ਮੀਟਿੰਗ ਵਿਚ ਲਿਆ ਗਿਆ। ਸ: ਬਾਦਲ ਦੀ ਪ੍ਰਧਾਨਗੀ ਹੇਠ ਹੋਈ ਇਸ ਮੀਟਿੰਗ ਵਿਚ ਦਾਅਵਾ ਕੀਤਾ ਗਿਆ ਕਿ ਪੰਜਾਬ ਵਿਚ ਸਰਕਾਰ ਨਾਂ ਦੀ ਕੋਈ ਚੀਜ਼ ਨਹੀਂ ਹੈ ਤੇ ਪੰਜਾਬ ਦਾ ਹੁਣ ਕੋਈ ਵਾਲੀ ਵਾਰਸ ਨਹੀਂ ਲਿਆ। ਆਮ ਆਦਮੀ ਪਾਰਟੀ ਦੀ ਸਰਕਾਰ ਖਾਸ ਤੌਰ ’ਤੇ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਸੂਬੇ ਵਿਚ ਅਮਨ ਸ਼ਾਂਤੀ ਤੇ ਭਾਈਚਾਰ ਸਾਂਝ ਕਾਇਮ ਰੱਖਣ ਦੀ ਆਪਣੀ ਨੈਤਿਕ ਤੇ ਸੰਵਿਧਾਨਕ ਜ਼ਿੰਮੇਵਾਰੀ ਤੋਂ ਭੱਜ ਗਏ ਹਨ। ਪ੍ਰਧਾਨ ਬਾਦਲ ਨੇ ਕਿਹਾ ਕਿ ਸੂਬੇ ਦੀ ਵਾਗੋਡਰ ਗੈਂਗਸਟਰਾਂ ਤੇ ਗੈਂਗਾਂ ਦੇ ਹੱਥ ਦੇ ਦਿੱਤੀ ਗਈ ਹੈ ਤੇ ਮੰਤਰੀ ਸਿਰਫ ਜਨਤਕ ਸਮਾਗਮਾਂ ਦੀਆਂ ਰਸਮਾਂ ਨਿਭਾਉਣ ਜੋਗੇ ਹੀ ਨਜ਼ਰ ਆ ਰਹੇ ਹਨ। ਪੁਲਿਸ ਤੇ ਅਫਸਰਸ਼ਾਹੀ ਵੱਖਰੇ ਹੀ ਵਹਿਣ ਵਿਚ ਹਨ। ਉਹਨਾਂ ਕਿਹਾ ਕਿ ਸਾਰੇ ਪੰਜਾਬੀ ਆਪਣੀ ਜਾਨ ਮਾਲ ਦੀ ਰਾਖੀ ਲਈ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ ਤੇ ਸ਼ਹਿਰੀ ਲੋਕ ਤਾਂ ਅੱਧੀ ਰਾਤ ਨੂੰ ਫਿਰੌਤੀਆਂ ਤੇ ਵਸੂਲੀਆਂ ਲਈ ਬੂਹੇ ਖੜਕਾਉਣ ਜਾਣ ਦੇ ਡਰੋਂ ਦਹਿਸ਼ਤ ਵਿਚ ਹਨ। ਉਹਨਾਂ ਕਿਹਾਕਿ ਇਹ ਉਹ ਪੰਜਾਬ ਨਹੀਂ ਰਿਹਾ ਜਿਸ ਵਿਚ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀ ਅਕਾਲੀ ਦਲ ਦੀ ਸਰਕਾਰ ਵੇਲੇ ਅਮਨ ਸ਼ਾਂਤੀ ਤੇ ਭਾਈਚਾਰਕ ਸਾਂਝ ਸਰਕਾਰ ਦੀ ਸਭ ਤੋਂ ਵੱਡੀ ਤਰਜੀਹ ਹੁੰਦੀ ਸੀ।
ਬਾਅਦ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੀਨੀਅਰ ਅਕਾਲੀ ਆਗੂ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਮੀਟਿੰਗ ਵਿਚ ਚਾਰ ਸਾਹਿਬਜ਼ਾਦਿਆਂ ਅਤੇ ਇਤਿਹਾਸ ਦੇ ਹੋਰ ਬੇਖੌਫ ਜੰਗਜੂਆਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ। ਇਸਤੋਂ ਇਲਾਵਾ ਮੀਟਿੰਗ ਵਿਚ ਅਕਾਲੀ ਦਲ ਦੇ ਸਰਪ੍ਰਸਤ ਰਣਜੀਤ ਸਿੰਘ ਬ੍ਰਹਮਪੁਰਾ ਅਤੇ ਹਰਭਜਨ ਸਿੰਘ ਮਸਾਣਾ (ਹਰਿਆਣਾ) ਦੇ ਸਤਿਕਾਰਯੋਗ ਪਿਤਾ ਸਰਦਾਰ ਦਲੀਪ ਸਿੰਘ ਦੇ ਅਕਾਲ ਚਲਾਣੇ ’ਤੇ ਡੂੰਘਾ ਦੁੱਖ ਪ੍ਰਗਟ ਕੀਤਾ ਗਿਆ ਅਤੇ ਵਿਛੜੀਆਂ ਰੂਹਾਂ ਦੀ ਸ਼ਾਂਤੀ ਵਾਸਤੇ ਦੋ ਮਿੰਟ ਦਾ ਮੌਨ ਰੱਖਿਆ ਗਿਆ। ਉਹਨਾਂ ਦੱਸਿਆ ਕਿ ਜਲੰਧਰ ਵਿਚ ਮਾਸੂਸ ਪਰਿਵਾਰਾਂ ਦੇ ਘਰਾਂ ਦੇ ਉਜਾੜੇ ਪਿੱਛੇ ਸਰਕਾਰ ਤੇ ਜ਼ਮੀਨ ਹੜੱਪ ਕਰਨ ਵਾਲੀਆਂ ਵੱਡੀਆਂ ਮੱਛੀਆਂ ਵਿਚ ਗੰਢਤੁੱਪ ਜ਼ਿੰਮੇਵਾਰ ਹੈ। ਜਿਹੜੇ ਘਰ ਲੋਕਾਂ ਨੇ ਬਹੁਤ ਮਿਹਨਤ ਨਾਲ ਦਹਾਕਿਆਂ ਤੋਂ ਬਣਾਏ ਸੀ, ਉਹਨਾਂ ਤੋਂ ਉਹ ਹੀ ਖੋਹ ਲਏ ਗਏ ਹਨ। ਉਹਨਾਂ ਕਿਹਾ ਕਿ ਜੇਕਰ ਕੋਈ ਕਾਨੂੰਨੀ ਮਾਮਲਾ ਬਣਦਾ ਵੀ ਸੀ ਤਾਂ ਵੀ ਸਰਕਾਰ ਨੇ ਬਹੁਤ ਜ਼ਿਆਦਾ ਅਸੰਵੇਦਨਸ਼ੀਲਤਾ ਵਿਖਾਈ ਤੇ ਬੱਚਿਆਂ, ਔਰਤਾਂ ਤੇ ਬਜ਼ੁਰਗਾਂ ਨੁੰ ਘਰਾਂ ਵਿਚੋਂ ਕੱਢ ਦਿੱਤਾ ਜੋ ਠੰਢ ਵਿਚ ਰਾਤਾਂ ਸੜਕਾਂ ’ਤੇ ਕੱਟ ਰਹੇ ਹਨ। ਉਹਨਾਂ ਕਿਹਾ ਕਿ ਸਰਕਾਰ ਇਹ ਘਰ ਇਹਨਾਂ ਵਿਚ ਰਹਿਣ ਵਾਲਿਆਂ ਨੂੰ ਸਸਤੀਆਂ ਦਰਾਂ ’ਤੇ ਅਲਾਟ ਕਰ ਸਕਦੀ ਸੀ ਜਾਂ ਫਿਰ ਇਹਨਾਂ ਤੋਂ ਘਰ ਖਾਲੀ ਕਰਵਾਉਣ ਤੋਂ ਪਹਿਲਾਂ ਇਹਨਾਂ ਨੂੰ ਬਦਲਵੇਂ ਮਕਾਨ ਦਿੱਤੇ ਜਾ ਸਕਦੇ ਸਨ। ਜਲੰਧਰ ਵਿਚ ਗੁਰਦੁਆਰਾ ਸਾਹਿਬ ਵਿਚ ਸਿੱਖ ਰਹਿਤ ਮਰਿਆਦਾ ਵਿਚ ਵਿਘਨ ਪੈਣ ਦੇ ਮਾਮਲੇ ’ਤੇ ਡਾ. ਚੀਮਾ ਨੇ ਕਿਹਾ ਕਿ ਇਹ ਇਕ ਗੰਭੀਰ ਮਾਮਲਾ ਹੈ ਤੇ ਸ਼੍ਰੋਮਣੀ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਅੱਜ ਇਸ ਮਾਮਲੇ ’ਤੇ ਰੋਪੜ ਵਿਚ ਚਰਚਾ ਕਰ ਰਹੀ ਹੈ।
ਡਾ. ਚੀਮਾ ਨੇ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਵੱਲੋਂ ਘੱਟ ਗਿਣਤੀ ਭਾਈਚਾਰਿਆਂ ਦੇ ਬੱਚਿਆਂ ਨੂੰ ਸਕਾਲਰਸ਼ਿਪ ਦੀ ਰਾਸ਼ੀ ਨਾ ਮਿਲਣ ’ਤੇ ਚੁੱਪ ਵੱਟਣ ਦੀ ਵੀ ਨਿਖੇਧੀ ਕੀਤੀ। ਮੀਟਿੰਗ ਵਿਚ ਬਲਵਿੰਦਰ ਸਿੰਘ ਭੂੰਦੜ, ਪਰਮਜੀਤ ਸਿੰਘ ਸਰਨਾ, ਮਹੇਸ਼ਇੰਦਰ ਸਿੰਘ ਗਰੇਵਾਲ, ਡਾ. ਦਲਜੀਤ ਸਿੰਘ ਚੀਮਾ, ਬਿਕਰਮ ਸਿੰਘ ਮਜੀਠੀਆ, ਇਕਬਾਲ ਸਿੰਘ ਝੂੰਦਾ, ਸਿਕੰਦਰਸਿੰਘ ਮਲੂਕਾ, ਵਿਰਸਾ ਸਿੰਘ ਵਲਟੋਹਾ, ਸ਼ਰਨਜੀਤ ਸਿੰਘ ਢਿੱਲੋਂ, ਸੁਰਜੀਤ ਸਿੰਘ ਰੱਖੜਾ, ਹੀਰਾ ਸਿੰਘ ਗਾਬੜੀਆ, ਗੁਰਬਚਨ ਸਿੰਘ ਬੱਬੇਹਾਲੀ, ਲਖਬੀਰ ਸਿੰਘ ਲੋਧੀਨੰਗਲ, ਸ੍ਰੀ ਅਨਿਲ ਜੋਸ਼ੀ, ਸ੍ਰੀ ਐਨ ਕੇ ਸ਼ਰਮਾ, ਗੁਰਪ੍ਰਤਾਪ ਸਿੰਘ ਵਡਾਲਾ, ਡਾ. ਸੁਖਵਿੰਦਰ ਸੁੱਖੀ ਤੇ ਬੀਬੀ ਸੁਨੀਤਾ ਚੌਧਰੀ ਨੇ ਵੀ ਸ਼ਮੂਲੀਅਤ ਕੀਤੀ।
ਐਡਵੋਕੇਟ ਰੋਹਿਤ ਰੋਮਾਣਾ ਬਣੇ ਬਠਿੰਡਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ
ਮਨਪ੍ਰੀਤ ਸਿੱਧੂ ਉਪ ਪ੍ਰਧਾਨ, ਸੁਖਪਾਲ ਸਿੰਘ ਢਿੱਲੋਂ ਸੈਕਟਰੀ, ਬਲਜੀਤ ਕੌਰ ਖ਼ਜਾਨਚੀ ਤੇ ਯਸਪਿੰਦਰ ਸਿੰਘ ਬਣੇ ਜੁਆਇੰਟ ਸਕੱਤਰ
ਸੁਖਜਿੰਦਰ ਮਾਨ
ਬਠਿੰਡਾ, 16 ਦਸੰਬਰ: ਮਾਲਵਾ ਦੇ ਵਕੀਲਾਂ ਦੀ ਸਭ ਤੋਂ ਵੱਡੀ ਸੰਸਥਾ ਵਜੋਂ ਜਾਣੀ ਜਾਂਦੀ ਬਠਿੰਡਾ ਬਾਰ ਐਸੋਸੀਏਸ਼ਨ ਦੀਆਂ ਅੱਜ ਹੋਈਆਂ ਚੋਣਾਂ ਦੇ ਦੇਰ ਸ਼ਾਮ ਆਏ ਨਤੀਜਿਆਂ ਵਿਚ ਨੌਜਵਾਨ ਵਕੀਲ ਰੋਹਿਤ ਰੌਮਾਣਾ ਪ੍ਰਧਾਨ ਬਣਨ ਵਿਚ ਸਫ਼ਲ ਰਹੇ ਹਨ। ਪਿਛਲੀਆਂ ਚੋਣਾਂ ’ਚ ਪ੍ਰਧਾਨਗੀ ਦੇ ਅਹੁੱਦੇ ਤੋਂ ਥੋੜੀਆਂ ਵੋਟਾਂ ਦੇ ਅੰਤਰ ਨਾਲ ਹਾਰਨ ਵਾਲੇ ਰੌਮਾਣਾ ਨੇ ਇਸ ਵਾਰ ਬਾਰ ਦੇ ਸਾਬਕਾ ਪ੍ਰਧਾਨ ਲਕਵਿੰਦਰ ਸਿੰਘ ਭਾਈਕਾ ਤੇ ਸਾਬਕਾ ਸਕੱਤਰ ਗੁਰਵਿੰਦਰ ਸਿੰਘ ਮਾਨ ਨੂੰ ਮਾਤ ਦਿੱਤੀ। ਸਵੇਰੇ 9 ਵਜੇਂ ਸ਼ੁਰੂ ਹੋਈਆਂ ਵੋਟਾਂ ਸ਼ਾਮ ਚਾਰ ਵਜੇਂ ਤੱਕ ਪੋਲ ਹੋਈਆਂ ਤੇ ਕੁੱਲ 1597 ਵੋਟਰਾਂ ਵਿਚੋਂ 1432 ਵਕੀਲਾਂ ਨੇ ਅਪਣੀ ਵੋਟ ਦਾ ਇਸਤੇਮਾਲ ਕੀਤਾ। ਚੋਣ ਅਧਿਕਾਰੀ ਐਡਵੋਕੇਟ ਰਾਜਨ ਗਰਗ ਨੇ ਜਾਣਕਾਰੀ ਦਿੰਦਿਆਂ ਦਸਿਆ ਕਿ ਐਡਵੋਕੇਟ ਰੋਮਾਣਾ ਨੂੰ 666, ਗੁਰਵਿੰਦਰ ਸਿੰਘ ਮਾਨ ਨੂੰ 481 ਅਤੇ ਲਕਵਿੰਦਰ ਸਿੰਘ ਭਾਈਕਾ ਨੂੰ 284 ਵੋਟਾਂ ਮਿਲੀਆਂ ਜਦੋਂਕਿ ਇੱਕ ਵੋਟ ਕੈਂਸਲ ਹੋ ਗਈ। ਇਸੇ ਤਰ੍ਹਾਂ ਪ੍ਰਧਾਨ ਤੋਂ ਬਾਅਦ ਬਾਰ ਦੇ ਦੂਜੇ ਮਹੱਤਵਪੂਰਨ ਅਹੁੱਦੇ ਸਕੱਤਰ ਲਈ ਵੀ ਤਿੰਨ ਵਕੀਲ ਆਹਮੋ-ਸਾਹਮਣੇ ਸਨ। ਜਿੰਨ੍ਹਾਂ ਵਿਚੋਂ ਸੁਖਪਾਲ ਸਿੰਘ ਢਿੱਲੋਂ ਵੱਡੇ ਅੰਤਰ ਨਾਲ ਬਾਜ਼ੀ ਮਾਰਨ ਵਿਚ ਸਫ਼ਲ ਰਹੇ ਹਨ। ਸੁਖਪਾਲ ਢਿੱਲੋਂ ਨੂੰ 569, ਕੁਲਦੀਪ ਸਿੰਘ ਸਿੱਧੂ ਨੂੰ 479 ਅਤੇ ਥਾਮਸ ਨੂੰ 379 ਵੋਟਾਂ ਮਿਲੀਆਂ। ਉਪ ਪ੍ਰਧਾਨ ਦੇ ਅਹੁੱਦੇ ਲਈ ਦੋ ਉਮੀਦਵਾਰਾਂ ਵਿਚਕਾਰ ਟੱਕਰ ਸੀ। ਮਨਪ੍ਰੀਤ ਸਿੰਘ ਸਿੱਧੂ 741 ਵੋਟਾਂ ਲੈ ਕੇ ਅਪਣੇ ਵਿਰੋਧੀ ਉਮੀਦਵਾਰ ਗੁਰਵਿੰਦਰ ਸਿੰਘ ਬਰਾੜ ਨੂੰ 62 ਵੋਟਾਂ ਨਾਲ ਹਰਾਉਣ ਵਿਚ ਸਫ਼ਲ ਰਹੇ। ਐਡਵੋਕੇਟ ਬਰਾੜ ਨੂੰ 679 ਵੋਟਾਂ ਮਿਲੀਆਂ ਜਦੋਂਕਿ ਉਪ ਪ੍ਰਧਾਨ ਦੇ ਅਹੁੱਦੇ ਲਈ ਪਈਆਂ ਕੁੱਲ ਵੋਟਾਂ ਵਿਚੋਂ 12 ਵੋਟਾਂ ਕੈਂਸਲ ਹੋ ਗਈਆਂ। ਇਸੇ ਤਰ੍ਹਾਂ ਖ਼ਜਾਨਚੀ ਦੇ ਅਹੁੱਦੇ ਲਈ ਸਿਰਫ਼ ਚਾਰ ਮਹਿਲਾ ਵਕੀਲਾਂ ਵਿਚਕਾਰ ਟੱਕਰ ਸੀ। ਪ੍ਰੰਤੂ ਬਲਜੀਤ ਕੌਰ ਸਭ ਤੋਂ ਵੱਧ 628 ਵੋਟਾਂ ਲੈ ਕੇ ਜਿੱਤ ਗਈ। ਦੂਜੇ ਨੰਬਰ ’ਤੇ ਰਹੀ ਡਿੰਪਲ ਜਿੰਦਲ ਨੂੰ 415, ਨਵਪ੍ਰੀਤ ਕੌਰ ਨੂੰ 233 ਤੇ ਐਡਵੋਕੇਟ ਤਮੰਨਾ ਨੂੰ 148 ਵੋਟਾਂ ਮਿਲੀਆਂ। ਜੁਆਇੰਟ ਸਕੱਤਰ ਦੇ ਅਹੁੱਦੇ ਲਈ ਵੀ ਤਿੰਨ ਉਮੀਦਵਾਰ ਯਸਪਿੰਦਰਪਾਲ ਸਿੰਘ, ਕੁਲਦੀਪ ਮਿੱਤਲ ਅਤੇ ਵਿਕਾਸ ਫੁਟੈਲਾ ਮੈਦਾਨ ਵਿਚ ਸਨ। ਇੰਨ੍ਹਾਂ ਵਿਚੋਂ ਯਸਪਿੰਦਰ ਸਿੰਘ ਨੂੰ ਸਭ ਤੋਂ ਵੱਧ 701, ਕੁਲਦੀਪ ਮਿੱਤਲ ਨੂੰ 514 ਅਤੇ ਵਿਕਾਸ ਫੁਟੈਲਾ ਨੂੰ 205 ਵੋਟਾਂ ਹਾਸਲ ਹੋਈਆਂ। ਇਸ ਅਹੁੱਦੇ ਲਈ ਪਈਆਂ ਕੁੱਲ ਵੋਟਾਂ ਵਿਚੋਂ 12 ਵੋਟਾਂ ਕੈਂਸਲ ਹੋਈਆਂ। ਉਧਰ ਨਵੇਂ ਚੁਣੇ ਗਏ ਪ੍ਰਧਾਨ ਰੋਹਿਤ ਰੋਮਾਣਾ ਨੇ ਦਾਅਵਾ ਕੀਤਾ ਕਿ ਉਹ ਵਕੀਲਾਂ ਦੀ ਭਲਾਈ ਲਈ ਪੂਰੀ ਇਮਾਨਦਾਰੀ ਤੇ ਮਿਹਨਤ ਨਾਲ ਸਾਰੀ ਟੀਮ ਨੂੰ ਨਾਲ ਲੈ ਕੇ ਕੰਮ ਕਰਨਗੇ।
ਲਤੀਫਪੁਰਾ ਕਾਂਡ ਤੋਂ ਬਾਅਦ ਆਪ ਦਾ ਦੋਗਲਾ ਮਾਪਦੰਡ ਸਾਰਿਆਂ ਦੇ ਸਾਹਮਣੇ ਆਇਆ – ਬਲਬੀਰ ਸਿੱਧੂ
ਆਪ’ ਸੂਬੇ ’ਚ ਲਗਾਤਾਰ ਆਪਣੀ ਪਕੜ ਅਤੇ ਲੋਕਾਂ ਦਾ ਭਰੋਸਾ ਗੁਆ ਚੁੱਕੀ ਹੈ- ਸਾਬਕਾ ਸਿਹਤ ਮੰਤਰੀ ਬਲਬੀਰ ਸਿੱਧੂ*
ਪੰਜਾਬੀ ਖ਼ਬਰਸਾਰ ਬਿਉਰੋ
ਐਸ.ਏ.ਐਸ.ਨਗਰ 16 ਦਸੰਬਰ – ਭਾਜਪਾ ਦੇ ਸੀਨੀਅਰ ਆਗੂ ਅਤੇ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਲਤੀਫਪੁਰਾ ਵਿੱਚ ‘ਆਪ’ ਸਰਕਾਰ ਵੱਲੋਂ ਉਸਾਰੀਆਂ ਨੂੰ ਢਾਹੁਣ ਦੀ ਮੁਹਿੰਮ ਨੂੰ ਮੰਦਭਾਗਾ ਦਸਿਆ ਹੈ।ਇਹ ਮੁਹਿੰਮ ਗਰੀਬ ਅਤੇ ਹੇਠਲੇ ਮੱਧ ਵਰਗ ਦੇ ਮੁੜਵਸੇਬੇ ਦੇ ਵਿਰੁੱਧ ’ਆਪ’ ਦੀਆਂ ਨੀਤੀਆਂ ਦਾ ਪਰਦਾਫਾਸ਼ ਕਰਦੀ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਇਹ ਸਪੱਸ਼ਟ ਤੌਰ ’ਤੇ ਦੇਖਿਆ ਜਾ ਸਕਦਾ ਹੈ ਕਿ ਪਿਛਲੇ 8 ਮਹੀਨਿਆਂ ਤੋਂ ਆਪ ਸਰਕਾਰ ਨੇ ’ਵੱਡੀ ਮੱਛੀਆਂ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ ਜਿਨ੍ਹਾਂ ਨੇ ਪੰਚਾਇਤੀ ਸ਼ਾਮਲਾਠ ਜ਼ਮੀਨਾਂ ਦਾ ਵੱਡਾ ਹਿੱਸਾ ਬਿਨਾਂ ਲੋੜੀਂਦੀ ਮਨਜ਼ੂਰੀ ਲਏ ਜਾਂ ਆਪਣੇ ਸਿਆਸੀ ਦਬਦਬੇ ਨਾਲ ਬਹੁਤ ਘੱਟ ਕੀਮਤ ’ਤੇ ਖਰੀਦਿਆ ਹੈ।ਸਿੱਧੂ ਨੇ ਅੱਗੇ ਕਿਹਾ ਕਿ ਲਤੀਫਪੁਰਾ ਵਿੱਚ ਸਰਕਾਰ ਨੇ ਜੋ ਵੱਡੀ ਬੇਦਖਲੀ ਮੁਹਿੰਮ ਚਲਾਈ ਸੀ ਜਿਸ ਵਿਚ 50 ਤੋਂ ਵੱਧ ਪਰਿਵਾਰਾਂ ਨੂੰ ਬੇਘਰ ਹੋਣ ਤੋਂ ਪਹਿਲਾਂ ਮੁੜ ਵਸੇਬੇ ਦੀ ਨੀਤੀ ਬਣਾਉਣੀ ਚਾਹੀਦੀ ਹੈ। ਉਨ੍ਹਾਂ ਨੂੰ ਪੰਜਾਬ ਸਰਕਾਰ ਨੇ ਪ੍ਰਮਾਤਮਾ ਦੀ ਇੱਛਾ ’ਤੇ ਛੱਡ ਦਿੱਤਾ ਅਤੇ ਉਨ੍ਹਾਂ ਨੂੰ ਸਰਦੀਆਂ ਦੀਆਂ ਠੰਡੀਆਂ ਸ਼ਾਮਾਂ ਵਿਚ ਸੜਕ ਦੇ ਕਿਨਾਰੇ ਬਿਤਾਉਣ ਲਈ ਮਜ਼ਬੂਰ ਕਰ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਟੁੱਟੇ ਹੋਏ ਮਕਾਨ ਮਾਲਕਾਂ ਨੂੰ ‘ਪੱਕੇ ਘਰ’ ਦੇਣ ਦਾ ਜੋ ਵਾਅਦਾ ਕੀਤਾ ਗਿਆ ਹੈ ਉਹ ਮਹਿਜ਼ ਸਰਕਾਰ ਦੀ ਇੱਜ਼ਤ ਬਚਾਉਣ ਲਈ ਸਿਆਸੀ ਵਾਅਦਾ ਹੈ।
ਉਨ੍ਹਾਂ ਕਿਹਾ ਕਿ ਅਜਿਹੀ ਹੀ ਇੱਕ ਕਹਾਣੀ ਪਿੰਡ ਕੁਰੜਾ (ਖਰੜ) ਤੋਂ ਸਾਹਮਣੇ ਆਈ ਹੈ ਜਿੱਥੇ ਪੰਚਾਇਤ ਵਿਭਾਗ ਨੇ ਪਿਛਲੀ ਸਰਕਾਰ ਵੱਲੋਂ ਗਰੀਬਾਂ ਨੂੰ ਦਿੱਤੇ 71 ਪਲਾਟਾਂ ’ਤੇ ਉਸਾਰੀ ਕਰਨ ’ਤੇ ਪਾਬੰਦੀ ਲਗਾ ਦਿੱਤੀ ਸੀ। ਉਨ੍ਹਾਂ ਅੱਗੇ ਦੱਸਿਆ ਕਿ ਪਿਛਲੀ ਸਰਕਾਰ ਵੇਲੇ ਪਿੰਡ ਦੀ ਪੰਚਾਇਤ ਵੱਲੋਂ ਬੇਘਰੇ ਲੋਕਾਂ ਨੂੰ ਦਿੱਤੇ ਪਲਾਟ ਮਨਜ਼ੂਰ ਕੀਤੇ ਗਏ ਸਨ ਅਤੇ ਅਲਾਟੀਆਂ ਕੋਲ ਘਰ ਬਣਾਉਣ ਲਈ ਹੋਰ ਕੋਈ ਜ਼ਮੀਨ ਨਹੀਂ ਹੈ। ਸਿੱਧੂ ਨੇ ਕਿਹਾ ਕਿ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੂੰ ਅਜਿਹੇ ਮਾਮਲਿਆਂ ਦੀ ਸੰਵੇਦਨਸ਼ੀਲਤਾ ਨਾਲ ਨਿਗਰਾਨੀ ਕਰਨੀ ਚਾਹੀਦੀ ਹੈ। ਪੰਜਾਬ ਭਰ ਵਿੱਚ ‘ਆਮ ਆਦਮੀ’ ਦਾ ਦੋਗਲਾ ਮਾਪਦੰਡ ਬਾਰੇ ਸਾਰੀਆਂ ਨੂੰ ਪਤਾ ਲੱਗ ਚੁੱਕਾ ਹੈ। ’ਆਪ’ ਸਰਕਾਰ ਸੂਬੇ ’ਚ ਲਗਾਤਾਰ ਆਪਣੀ ਪਕੜ ਅਤੇ ਲੋਕਾਂ ਦਾ ਭਰੋਸਾ ਗੁਆ ਚੁੱਕੀ ਹੈ। ਉਨ੍ਹਾਂ ਅੱਗੇ ਕਿਹਾ ਕਿ ਪਿੰਡ ਕੁਰੜਾ ਵਿੱਚ ਅਲਾਟੀਆਂ ਨੂੰ ਪਲਾਟ ਅਲਾਟ ਕੀਤੇ ਗਏ ਜਿੱਥੇ ਲੋਕ ਜ਼ਮੀਨ ਦੇ ਮਾਲਕਨਾ ਹੱਕ ਰੱਖਦੇ ਹਨ, ਜਿਸ ਦੀ ਹਰੇਕ ਮਹਿਕਮੇ ਤੋਂ ਮਨਜ਼ੂਰੀ ਹੈ, ਪਰ ਸਰਕਾਰ ਨੇ ਉਸਾਰੀਆਂ ਉੱਤੇ ਰੋਕ ਲੱਗਾ ਕੇ ਆਮ ਆਦਮੀ ਦੀਆਂ ਖਾਹਿਸ਼ਾਂ ’ਤੇ ਪਾਣੀ ਫੇਰ ਦਿੱਤਾ ਹੈ। ਸਿੱਧੂ ਅਨੁਸਾਰ ਇਹ ਬਹੁਤ ਹੀ ਗਲਤ ਹੈ ਕਿ ਪੰਜਾਬ ਦੀ ’ਆਪ’ ਸਰਕਾਰ ਨੇ ਦਲਿਤਾਂ ਅਤੇ ਖੇਤ ਮਜ਼ਦੂਰਾਂ ਨੂੰ ਉਨ੍ਹਾਂ ਦੇ ਹੱਕ ਦਿਵਾਉਣ ਦੇ ਬਹਾਨੇ ਸੱਤਾ ਸੰਭਾਲੀ, ਪਰ ਜਦੋਂ ਉਨ੍ਹਾਂ ਅਧਿਕਾਰਾਂ ਨੂੰ ਲਾਗੂ ਕਰਨ ਦੀ ਗੱਲ ਆਉਂਦੀ ਹੈ ਤਾਂ ਉਹ ਪਿੱਛੇ ਹਟ ਗਏ। ਸਿੱਧੂ ਨੇ ਅਫਸੋਸ ਜ਼ਾਹਿਰ ਕਰਦੇ ਹੋਏ ਕਿਹਾ ਕਿ ਕੀ ਇਹ ਡਾ. ਬੀ.ਆਰ. ਅੰਬੇਦਕਰ ਦਾ ਅਪਮਾਨ ਨਹੀਂ ਹੈ, ਜਿਸ ਦੇ ਨਾਂਅ ’ਤੇ ’ਆਪ’ ਨੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਵੋਟਾਂ ਹਾਸਲ ਕਰਨ ਲਈ ਪੰਜਾਬੀਆਂ ਨੂੰ ਧੋਖਾ ਦਿੱਤਾ ਕਿਉਂਕਿ ਉਹ ਹੁਣ ਵਾਂਝੇ ਵਰਗ ਦੀਆਂ ਜਾਇਜ਼ ਇੱਛਾਵਾਂ ਨੂੰ ਪੂਰਾ ਕਰਨ ’ਚ ਅਸਫਲ ਰਹੀ ਹੈ।
ਵਿਭਾਗ ਦਾ ਅੜੀਅਲ ਵਤੀਰੇ ਕਾਰਨ ਪਨਬੱਸ ਦੀ ਹੜਤਾਲ ਜਾਰੀ-ਰੇਸ਼ਮ ਸਿੰਘ ਗਿੱਲ
ਚੀਫ਼ ਸੈਕਟਰੀ ਪੰਜਾਬ ਨਾਲ ਮੀਟਿੰਗ ਤੱਕ ਪੀਆਰਟੀਸੀ ਦੀ ਸਰਵਿਸ ਜਾਰੀ ਰਹੇਗੀ-ਸ਼ਮਸੇਰ ਸਿੰਘ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ , 16 ਦਸੰਬਰ: ਪੰਜਾਬ ਰੋਡਵੇਜ਼ ਪਨਬੱਸ ਪੀ ਆਰ ਟੀ ਸੀ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਦੇ ਸੱਦੇ ਹੇਠ ਸੂਬੇ ’ਚ ਪਨਬਸ ਤੇ ਪੰਜਾਬ ਰੋਡਵੇਜ਼ ਦੀ ਹੜਤਾਲ ਜਾਰੀ ਹੈ। ਅੱਜ ਇੱਥੇ ਜਾਰੀ ਬਿਆਨ ਵਿਚ ਯੂਨੀਅਨ ਦੇ ਸੂਬਾ ਪ੍ਰਧਾਨ ਰੇਸ਼ਮ ਸਿੰਘ ਗਿੱਲ, ਸੈਕਟਰੀ ਸ਼ਮਸ਼ੇਰ ਸਿੰਘ,ਮੀਤ ਪ੍ਰਧਾਨ ਹਰਕੇਸ਼ ਕੁਮਾਰ ਵਿੱਕੀ, ਜਗਤਾਰ ਸਿੰਘ ਬਲਜੀਤ ਸਿੰਘ,ਜਲੋਰ ਸਿੰਘ, ਦਲਜੀਤ ਸਿੰਘ,ਪ੍ਰਦੀਪ ਕੁਮਾਰ, ਕੈਸ਼ੀਅਰ ਬਲਜਿੰਦਰ ਸਿੰਘ, ਸਤਨਾਮ ਸਿੰਘ, ਜਗਦੀਪ ਸਿੰਘ ਨੇ ਦੱਸਿਆ ਕਿ ਅੱਜ ਸਾਡੀ ਮੀਟਿੰਗ ਮੋਹਾਲੀ 65 ਸੈਕਟਰ ਪੰਜਾਬ ਮੰਡੀ ਬੋਰਡ ਦੇ ਸਕੱਤਰ ਮੁੱਖ ਮੰਤਰੀ ਰਵੀ ਭਗਤ ਨਾਲ ਹੋਈ ਜਿਸ ਵਿੱਚ ਜੱਥੇਬੰਦੀ ਦੀ ਮੰਗਾ ਸਬੰਧੀ ਗੱਲਬਾਤ ਕੀਤੀ ਗਈ ਤੇ ਆਊਟ ਸੋਰਸ ਰਾਹੀਂ ਪੰਨਬੱਸ ਵਿੱਚ ਅਣਸਿੱਖਿਅਤ 28 ਡਰਾਈਵਰ ਦੀ ਭਰਤੀ ਬਾਰੇ ਦੱਸਿਆ ਤੇ ਹੋਰ ਮੰਗਾ ਜਿਵੇਂ ਕਿ ਘੱਟ ਤਨਖਾਹ ਸਬੰਧੀ ਗੱਲਬਾਤ ਕੀਤੀ ਗਈ। ਜਿਸ ਵਿੱਚ ਸਕੱਤਰ ਸਾਹਿਬ ਨੇ ਸਾਰੀ ਗੱਲਬਾਤ ਸੁਚੱਜੇ ਢੰਗ ਨਾਲ ਸੁਣੀ ਤੇ ਸਾਰੀ ਮੰਗਾ ਦਾ ਨਿਪਟਾਰਾ ਕਰਨ ਲਈ ਮੁੱਖ ਚੀਫ ਸੈਕਟਰੀ ਨਾਲ ਸੋਮਵਾਰ ਦੀ ਪੈਨਿਲ ਮੀਟਿੰਗ ਤਹਿ ਕਰਵਾਈ ਤੇ ਭਰਤੀ ਬਾਰੇ ਵਿਭਾਗ ਦੇ ਅਧਿਕਾਰੀਆ ਨੂੰ ਸੋਮਵਾਰ ਮੀਟਿੰਗ ਤੱਕ ਰੋਕਣ ਲਈ ਕਿਹਾ ਪਰ ਵਿਭਾਗ ਦੇ ਅਧਿਕਾਰੀਆਂ ਦਾ ਅੜੀਅਲ ਰਵਈਆ ਹੋਣ ਕਰਕੇ ਇਸ ਸਬੰਧੀ ਕੋਈ ਵੀ ਹੁਕਮ ਜਾਰੀ ਨਹੀ ਕੀਤੇ । ਜਿਸ ਕਰਕੇ ਜਥੇਬੰਦੀ ਨੇ ਫੈਸਲਾ ਲਿਆ ਹੈ ਕਿ ਸੋਮਵਾਰ ਦੀ ਮੀਟਿੰਗ ਤੱਕ ਪਨਬੱਸ ਦੀ ਹੜਤਾਲ ਜਾਰੀ ਰਹੇਗੀ ਤੇ ਲੋਕਾਂ ਦੀ ਸਰਵਿਸ ਹਿਤ ਨੂੰ ਦੇਖਦੇ ਹੋਏ ਸੋਮਵਾਰ ਤੱਕ ਪੀਆਰਟੀਸੀ ਨੂੰ ਚਲਦਾ ਰੱਖਿਆ ਜਾਵੇਗਾ ਤੇ ਜੇਕਰ ਸੋਮਵਾਰ ਦੀ ਮੀਟਿੰਗ ਵਿੱਚ ਕੋਈ ਹੱਲ ਨਹੀਂ ਨਿਕਲਦਾ ਤਾਂ ਅਗਲੇ ਹੀ ਦਿਨ ਤੁਰੰਤ ਪੀਆਰਟੀਸੀ ਦੇ ਸਾਰੇ ਦੇ ਸਾਰੇ 9 ਡੀਪੂ ਬੰਦ ਕੀਤੇ ਜਾਣਗੇ ਤੇ ਸੰਘਰਸ ਨੂੰ ਤਿੱਖਾ ਕਰਦੇ ਹੋਏ ਕੋਈ ਰੋਡ ਬਲਾਕ ਜਾਂ ਮੁੱਖ ਮੰਤਰੀ ਦੀ ਰਿਹਾਇਸ਼ ਦਾ ਧਰਨਾ ਵਰਗੇ ਤਿੱਖੇ ਐਕਸ਼ਨ ਕੀਤੇ ਜਾਣਗੇ।
ਮੁੱਖ ਮੰਤਰੀ ਵੱਲੋਂ ਪਛਵਾੜਾ ਖਾਣ ਤੋਂ ਪੁੱਜੇ ਪਹਿਲੇ ਕੋਲਾ ਰੈਕ ਦਾ ਸਵਾਗਤ
ਭਵਿੱਖ ਵਿੱਚ ਕਿਸੇ ਵੀ ਥਰਮਲ ਪਾਵਰ ਪਲਾਂਟ ਨੂੰ ਕੋਲੇ ਦੀ ਕਮੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ
ਪਿਛਲੀਆਂ ਸਰਕਾਰਾਂ ਦੌਰਾਨ ਹੋਏ ਸਾਰੇ ਬਿਜਲੀ ਖ਼ਰੀਦ ਸਮਝੌਤਿਆਂ ਦੀ ਸਮੀਖਿਆ ਕਰਨ ਦਾ ਐਲਾਨ
ਸਰਕਾਰੀ ਖ਼ਜ਼ਾਨੇ ਨੂੰ ਲੁੱਟਣ ਵਾਲਿਆਂ ਖਿਲਾਫ਼ ਕੇਸ ਦਰਜ ਕੀਤੇ ਜਾਣਗੇ
ਪੰਜਾਬੀ ਖ਼ਬਰਸਾਰ ਬਿਉਰੋ
ਰੂਪਨਗਰ, 16 ਦਸੰਬਰ : ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਪੰਜਾਬ ਵਾਧੂ ਬਿਜਲੀ ਵਾਲਾ ਸੂਬਾ ਬਣਨ ਵੱਲ ਵੱਡਾ ਕਦਮ ਵਧਾ ਰਿਹਾ ਹੈ ਕਿਉਂਕਿ ਰਾਜ ਦੇ ਕਿਸੇ ਵੀ ਤਾਪ ਬਿਜਲੀ ਘਰ ਨੂੰ ਕੋਲੇ ਦੀ ਕਿੱਲਤ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਸੂਬੇ ਲਈ ਨਿਰਧਾਰਤ ਪਛਵਾੜਾ ਕੋਲਾ ਖਾਣ ਤੋਂ ਕੋਲੇ ਦੇ ਪੁੱਜੇ ਪਹਿਲੇ ਰੈਕ ਦਾ ਸਵਾਗਤ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਉਹ ਦਿਨ ਦੂਰ ਨਹੀਂ, ਜਦੋਂ ਪੰਜਾਬ ਦੇਸ਼ ਦਾ ਇਕਲੌਤਾ ਵਾਧੂ ਬਿਜਲੀ ਵਾਲਾ ਸੂਬਾ ਬਣੇਗਾ। ਉਨ੍ਹਾਂ ਕਿਹਾ ਕਿ ਝੋਨੇ ਦੇ ਪਿਛਲੇ ਸੀਜ਼ਨ ਦੌਰਾਨ ਪੰਜਾਬ ਨੇ ਪਿਛਲੇ ਸਾਲ ਦੇ ਮੁਕਾਬਲੇ 83 ਫੀਸਦੀ ਵੱਧ ਬਿਜਲੀ ਦਾ ਉਤਪਾਦਨ ਕੀਤਾ। ਭਗਵੰਤ ਮਾਨ ਨੇ ਉਮੀਦ ਜਤਾਈ ਕਿ ਪਛਵਾੜਾ ਖਾਣ ਤੋਂ ਕੋਲੇ ਦੀ ਸਪਲਾਈ ਸ਼ੁਰੂ ਹੋਣ ਨਾਲ ਬਿਜਲੀ ਦਾ ਉਤਪਾਦਨ ਕਈ ਗੁਣਾ ਵਧੇਗਾ। ਮੁੱਖ ਮੰਤਰੀ ਨੇ ਕਿਹਾ ਕਿ ਬਿਜਲੀ ਇਸ ਸਮੇਂ ਵਿਕਾਸ ਤੇ ਤਰੱਕੀ ਦਾ ਮੁੱਖ ਆਧਾਰ ਹੈ। ਇਸ ਲਈ ਸਰਕਾਰ ਇਸ ਦਾ ਉਤਪਾਦਨ ਵਧਾਉਣ ਉਤੇ ਧਿਆਨ ਕੇਂਦਰਤ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਸੂਬੇ ਨੂੰ ਸਨਅਤੀ ਵਿਕਾਸ ਦੀ ਤੇਜ਼ੀ ਦੇ ਰਾਹ ਪਾਉਣ ਵਿੱਚ ਮਦਦ ਮਿਲੇਗੀ। ਭਗਵੰਤ ਮਾਨ ਨੇ ਕਿਹਾ ਕਿ ਇਸ ਦੇ ਨਤੀਜੇ ਵਜੋਂ ਨੌਜਵਾਨਾਂ ਲਈ ਰੋਜ਼ਗਾਰ ਦੇ ਨਵੇਂ ਮੌਕੇ ਖੋਲ੍ਹੇ ਜਾਣਗੇ। ਮੁੱਖ ਮੰਤਰੀ ਨੇ ਕਿਹਾ ਕਿ ਪਛਵਾੜਾ ਕੋਲਾ ਖਾਣ ਸੂਬੇ ਨੂੰ ਅਲਾਟ ਹੋਈ ਸੀ ਪਰ 2015 ਤੋਂ ਇਹ ਖਾਣ ਬੰਦ ਪਈ ਹੈ। ਉਨ੍ਹਾਂ ਕਿਹਾ ਕਿ ਇਹ ਮਾਮਲਾ ਸੁਪਰੀਮ ਕੋਰਟ ਵਿੱਚ ਕੇਸ ਲੰਬਿਤ ਪਿਆ ਸੀ ਪਰ ਪਿਛਲੀਆਂ ਸਰਕਾਰਾਂ ਨੇ ਕੋਲੇ ਦੀ ਸਪਲਾਈ ਬਹਾਲ ਕਰਨ ਵੱਲ ਕੋਈ ਧਿਆਨ ਨਹੀਂ ਦਿੱਤਾ। ਭਗਵੰਤ ਮਾਨ ਨੇ ਕਿਹਾ ਕਿ ਸਾਡੀ ਸਰਕਾਰ ਨੇ ਸੱਤਾ ਸੰਭਾਲਦਿਆਂ ਹੀ ਮਾਰਚ 2022 ਵਿੱਚ ਇਹ ਮਾਮਲਾ ਉਠਾਇਆ ਅਤੇ ਸਹੀ ਤਰੀਕੇ ਨਾਲ ਮਾਮਲੇ ਦੀ ਪੈਰਵਾਈ ਕਰਨ ਨਾਲ ਕੋਲੇ ਦੀ ਸਪਲਾਈ ਬਹਾਲ ਹੋ ਗਈ।
ਮੁੱਖ ਮੰਤਰੀ ਨੇ ਕਿਹਾ ਕਿ ਹੁਣ ਪੰਜਾਬ ਲਈ ਨਿਰਧਾਰਤ ਪਛਵਾੜਾ ਕੋਲਾ ਖਾਣ ਤੋਂ ਕੋਲੇ ਦੀ ਸਪਲਾਈ ਸ਼ੁਰੂ ਹੋ ਗਈ ਹੈ ਅਤੇ ਇਸ ਖਾਣ ਕੋਲ ਰਾਜ ਦੀਆਂ ਲੋੜਾਂ ਪੂਰੀਆਂ ਕਰਨ ਲਈ ਵਾਧੂ ਕੋਲਾ ਹੈ। ਭਗਵੰਤ ਮਾਨ ਨੇ ਕਿਹਾ ਕਿ ਇਸ ਖਾਣ ਦੀ ਕੁੱਲ ਸਮਰੱਥਾ 70 ਲੱਖ ਟਨ ਸਾਲਾਨਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਤਾਪ ਬਿਜਲੀ ਘਰਾਂ ਲਈ ਭਵਿੱਖ ਵਿੱਚ ਵਿਦੇਸ਼ਾਂ ਤੋਂ ਕੋਲਾ ਮੰਗਵਾਉਣ ਦੀ ਕੋਈ ਲੋੜ ਨਹੀਂ ਰਹੇਗੀ। ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਪਿਛਲੀਆਂ ਸਰਕਾਰਾਂ ਦੌਰਾਨ ਕੀਤੇ ਗਏ ਸਾਰੇ ਬਿਜਲੀ ਖ਼ਰੀਦ ਸਮਝੌਤਿਆਂ (ਪੀ.ਪੀ.ਏ.) ਦੀ ਸਮੀਖਿਆ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਅਤੇ ਪੰਜਾਬੀਆਂ ਨਾਲ ਧ੍ਰੋਹ ਕਮਾਉਣ ਵਾਲੇ ਕਿਸੇ ਵੀ ਸ਼ਖ਼ਸ ਨੂੰ ਉਸ ਦੇ ਕੀਤੇ ਪਾਪਾਂ ਲਈ ਬਖਸ਼ਿਆ ਨਹੀਂ ਜਾਵੇਗਾ। ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰੀ ਖ਼ਜ਼ਾਨੇ ਨੂੰ ਲੁੱਟਣ ਵਾਲੇ ਦੋਸ਼ੀਆਂ ਵਿਰੁੱਧ ਕੇਸ ਦਰਜ ਕੀਤੇ ਜਾਣਗੇ। ਮੁੱਖ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਕੋਲੇ ਦੀ ਸਪਲਾਈ ਮੁੜ ਸ਼ੁਰੂ ਹੋਣ ਨਾਲ ਪੀ.ਐਸ.ਪੀ.ਸੀ.ਐਲ. ਨੂੰ 600 ਕਰੋੜ ਰੁਪਏ ਸਾਲਾਨਾ ਦੀ ਸਿੱਧੀ ਬੱਚਤ ਹੋਵੇਗੀ, ਜਦੋਂ ਕਿ ਘਰੇਲੂ ਕੋਲੇ `ਤੇ ਪੂਰੀ ਤਰ੍ਹਾਂ ਨਿਰਭਰਤਾ ਨਾਲ ਹੋਰ 520 ਕਰੋੜ ਰੁਪਏ ਦੀ ਬੱਚਤ ਹੋਵੇਗੀ। ਇਸ ਤੋਂ ਇਲਾਵਾ ਪ੍ਰਾਈਵੇਟ ਕੰਪਨੀਆਂ ਨੂੰ ਵਾਧੂ ਬਚਦੇ ਕੋਲੇ ਦੀ ਸਪਲਾਈ ਤੋਂ ਹੋਰ 1500 ਕਰੋੜ ਰੁਪਏ ਜੁਟਾਏ ਜਾਣਗੇ। ਉਨ੍ਹਾਂ ਦੱਸਿਆ ਕਿ ਪਛਵਾੜਾ ਖਾਣ ਦੇ ਕੋਲੇ ਵਿੱਚ ਰਾਖ ਦੀ ਮਾਤਰਾ ਸਿਰਫ਼ 32 ਫ਼ੀਸਦੀ ਹੈ ਜਦਕਿ ਹੋਰ ਸਰੋਤਾਂ ਤੋਂ ਮਿਲਦੇ ਕੋਲੇ ਵਿੱਚ 41 ਫ਼ੀਸਦੀ ਰਾਖ ਹੈ। ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਭਾਰਤ ਸਰਕਾਰ ਕੋਲ ਰੇਲ-ਸ਼ਿਪ-ਰੇਲ (ਆਰ.ਐਸ.ਆਰ.) ਮਾਧਿਅਮ ਰਾਹੀਂ ਕੋਲੇ ਦੀ ਸਪਲਾਈ ਬੰਦ ਕਰਨ ਦਾ ਮੁੱਦਾ ਉਠਾਇਆ ਸੀ। ਭਗਵੰਤ ਮਾਨ ਨੇ ਕਿਹਾ ਕਿ ਉਨ੍ਹਾਂ ਕੇਂਦਰੀ ਊਰਜਾ ਮੰਤਰੀ ਨੂੰ ਭਾਰਤ ਸਰਕਾਰ ਦੇ ਇਸ ਫ਼ੈਸਲੇ ਦੀ ਸਮੀਖਿਆ ਕਰਨ ਅਤੇ ਮੌਜੂਦਾ ਆਰ.ਐਸ.ਆਰ. ਮੋਡ ਦੀ ਬਜਾਏ ਸਿੱਧਾ ਰੇਲ ਮੋਡ ਰਾਹੀਂ ਸੂਬੇ ਨੂੰ ਕੋਲੇ ਦੀ 100 ਫ਼ੀਸਦੀ ਸਪਲਾਈ ਦੀ ਮਨਜ਼ੂਰੀ ਦੇਣ ਦੀ ਅਪੀਲ ਕੀਤੀ ਸੀ। ਉਨ੍ਹਾਂ ਖ਼ਦਸ਼ਾ ਜ਼ਾਹਰ ਕੀਤਾ ਕਿ ਆਰ.ਐਸ.ਆਰ. ਮੋਡ ਰਾਹੀਂ ਕੋਲੇ ਦੀ ਪਹੁੰਚ ਲਾਗਤ ਵਿੱਚ ਲਗਭਗ 1600 ਰੁਪਏ ਪ੍ਰਤੀ ਮੀਟਰਕ ਟਨ ਦਾ ਭਾਰੀ ਵਾਧਾ ਹੋਵੇਗਾ ਜਿਸ ਨਾਲ ਹਰ ਸਾਲ ਲਗਭਗ 200 ਕਰੋੜ ਰੁਪਏ ਦਾ ਵਾਧੂ ਵਿੱਤੀ ਬੋਝ ਪਵੇਗਾ।ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਕਿਉਂ ਜੋ ਪੰਜਾਬ ਰਾਜ, ਖਾਣ ਤੋਂ ਸਭ ਤੋਂ ਦੂਰ ਸਥਿਤ ਹੈ, ਇਸ ਲਈ ਢੋਆ-ਢੁਆਈ ਦੀ ਲਾਗਤ ਕੁੱਲ ਪਹੁੰਚ ਲਾਗਤ ਦਾ 60 ਫ਼ੀਸਦੀ ਬਣਦੀ ਹੈ।
ਮੁੱਖ ਮੰਤਰੀ ਵੱਲੋਂ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਬੋਰਡ ਨਾਲ ਸਬੰਧਤ ਸੰਸਥਾਵਾਂ ਲਈ ਆਨਲਾਈਨ ਐਫੀਲੀਏਸ਼ਨ ਪੋਰਟਲ ਦੀ ਸ਼ੁਰੂਆਤ
ਤਕਨੀਕੀ ਸਿੱਖਿਆ ਸੰਸਥਾਵਾਂ ਨੂੰ ਪਾਰਦਰਸ਼ੀ, ਕੁਸ਼ਲ, ਭਰੋਸੇਮੰਦ ਅਤੇ ਸੁਵਿਧਾਜਨਕ ਢੰਗ ਨਾਲ ਬਿਹਤਰ ਸੇਵਾਵਾਂ ਪ੍ਰਦਾਨ ਕਰਨ ਦੇ ਉਦੇਸ਼ ਨਾਲ ਚੁੱਕਿਆ ਕਦਮ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 16 ਦਸੰਬਰ: ਤਕਨੀਕੀ ਸਿਖਲਾਈ ਸੰਸਥਾਵਾਂ ਨੂੰ ਪਾਰਦਰਸ਼ੀ, ਕੁਸ਼ਲ, ਭਰੋਸੇਮੰਦ ਅਤੇ ਸੁਵਿਧਾਜਨਕ ਤਰੀਕੇ ਨਾਲ ਬਿਹਤਰ ਸੇਵਾਵਾਂ ਪ੍ਰਦਾਨ ਕਰਨ ਲਈ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਪੰਜਾਬ ਰਾਜ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਬੋਰਡ ਨਾਲ ਸਬੰਧਤ ਸੰਸਥਾਵਾਂ ਲਈ ਆਨਲਾਈਨ ਐਫੀਲੀਏਸ਼ਨ ਪੋਰਟਲ ਦੀ ਸ਼ੁਰੂਆਤ ਕੀਤੀ। ਇੱਥੇ ਪੰਜਾਬ ਸਿਵਲ ਸਕੱਤਰੇਤ-1 ਸਥਿਤ ਆਪਣੇ ਦਫ਼ਤਰ ਵਿਖੇ ਪੋਰਟਲ ਦੀ ਸ਼ੁਰੂਆਤ ਕਰਦਿਆਂ ਮੁੱਖ ਮੰਤਰੀ ਨੇ ਇਸ ਪੋਰਟਲ ਨੂੰ ਇੱਕ ਕ੍ਰਾਂਤੀਕਾਰੀ ਕਦਮ ਦੱਸਿਆ ਜਿਸ ਨਾਲ ਬੋਰਡ ਦਾ ਕੰਮਕਾਜ ਸੁਚਾਰੂ ਢੰਗ ਨਾਲ ਕੀਤਾ ਜਾ ਸਕੇਗਾ। ਉਨ੍ਹਾਂ ਕਿਹਾ ਕਿ ਬੋਰਡ ਵੱਲੋਂ ਹਰ ਸਾਲ ਲਗਭਗ 250 ਸੰਸਥਾਵਾਂ ਦੀ ਐਫੀਲੀਏਸ਼ਨ ਸਬੰਧੀ ਫਾਈਲਾਂ ਨੂੰ ਵਿਚਾਰਿਆ ਜਾਂਦਾ ਹੈ। ਭਗਵੰਤ ਮਾਨ ਨੇ ਦੱਸਿਆ ਕਿ ਮੌਜੂਦਾ ਸਮੇਂ ਇਹ ਸੰਸਥਾਵਾਂ ਅਨੁਸੂਚੀ ਸਮੇਤ ਲਗਭਗ 125 ਪੰਨਿਆਂ ਦਾ ਭਰਿਆ ਹੋਇਆ ਐਫੀਲੀਏਸ਼ਨ ਪ੍ਰੋਫਾਰਮਾ ਫਿਜ਼ੀਕਲ ਫਾਈਲ ਦੇ ਰੂਪ ਵਿੱਚ ਜਮ?ਹਾਂ ਕਰਵਾਉਂਦੀਆਂ ਹਨ। ਭਗਵੰਤ ਮਾਨ ਨੇ ਕਿਹਾ ਕਿ ਮੌਜੂਦਾ ਸਮੇਂ ਸੰਸਥਾਵਾਂ ਵੱਲੋਂ ਲੋੜੀਂਦੀ ਐਫੀਲੀਏਸ਼ਨ ਫੀਸ ਵੀ ਡਿਮਾਂਡ ਡਰਾਫਟ ਦੇ ਰੂਪ ਵਿੱਚ ਹੀ ਜਮ?ਹਾਂ ਕਰਵਾਈ ਜਾਂਦੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਇਸ ਪੋਰਟਲ ਦੇ ਸ਼ੁਰੂ ਹੋਣ ਨਾਲ ਬਿਨੈਕਾਰ ਸੰਸਥਾਵਾਂ ਨੂੰ ਐਫੀਲੀਏਸ਼ਨ ਪ੍ਰੋਫਾਰਮਾ ਅਤੇ ਹੋਰ ਦਸਤਾਵੇਜ਼ ਜਮਾਂ ਕਰਵਾਉਣ ਲਈ ਬੋਰਡ ਦੇ ਦਫਤਰ ਜਾਣ ਦੀ ਲੋੜ ਨਹੀਂ ਰਹੇਗੀ। ਉਨ੍ਹਾਂ ਕਿਹਾ ਕਿ ਸੰਸਥਾਵਾਂ ਆਪਣੇ ਲੌਗਇਨ/ਪਾਸਵਰਡ ਨਾਲ ਕਿਸੇ ਵੀ ਥਾਂ ਤੋਂ ਐਫੀਲੀਏਸ਼ਨ ਪ੍ਰੋਫਾਰਮੇ ਨੂੰ ਹੋਰ ਦਸਤਾਵੇਜ਼ਾਂ ਦੇ ਨਾਲ ਡਾਊਨਲੋਡ/ਅਪਲੋਡ ਕਰ ਸਕਦੀਆਂ ਹਨ ਅਤੇ ਲੋੜੀਂਦੀ ਫੀਸ ਜਮਾਂ ਕਰਵਾ ਸਕਦੀਆਂ ਹਨ। ਭਗਵੰਤ ਮਾਨ ਨੇ ਅੱਗੇ ਕਿਹਾ ਕਿ ਇਹ ਪੋਰਟਲ ਇਹ ਯਕੀਨੀ ਬਣਾਉਣ ਵਿੱਚ ਵੀ ਮਦਦ ਕਰੇਗਾ ਕਿ ਪਿਛਲੇ ਤਿੰਨ ਸਾਲਾਂ ਵਿੱਚ ਐਫੀਲੀਏਸ਼ਨ ਲਈ ਇਕੱਤਰ ਕੀਤੇ ਗਏ ਡੇਟਾ ਦੇ ਵਿਸ਼ਲੇਸ਼ਣ ਦੀ ਪ੍ਰਕਿਰਿਆ ਹੋਰ ਤੇਜ਼ ਅਤੇ ਕੁਸ਼ਲ ਬਣੇ। ਵਿਦਿਆਰਥੀਆਂ ਨੂੰ ਮਿਆਰੀ ਤਕਨੀਕੀ ਸਿੱਖਿਆ ਪ੍ਰਦਾਨ ਕਰਨ ਲਈ ਸੂਬਾ ਸਰਕਾਰ ਦੀ ਦ੍ਰਿੜ੍ਹ ਵਚਨਬੱਧਤਾ ਨੂੰ ਦੁਹਰਾਉਂਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਵਿੱਚ ਵੱਡੇ ਪੱਧਰ ’ਤੇ ਨਿਵੇਸ਼ ਲਈ ਅੱਗੇ ਆ ਰਹੇ ਉਦਯੋਗ ਜਗਤ ਦੇ ਦਿੱਗਜਾਂ ਦੀਆਂ ਲੋੜਾਂ ਨੂੰ ਪੂਰਾ ਕਰਨਾ ਸਮੇਂ ਦੀ ਮੁੱਖ ਲੋੜ ਹੈ। ਭਗਵੰਤ ਮਾਨ ਨੇ ਕਿਹਾ ਕਿ ਤਕਨੀਕੀ ਸਿੱਖਿਆ ਰਾਹੀਂ ਸੂਬੇ ਕੋਲ ਹੁਨਰਮੰਦ ਮਨੁੱਖੀ ਸ਼ਕਤੀ ਦਾ ਵੱਡਾ ਪੂਲ ਹੋਵੇਗਾ, ਜੋ ਉਦਯੋਗ ਲਈ ਲਾਹੇਵੰਦ ਹੋਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਹੁਨਰਮੰਦ ਸਿੱਖਿਆ ਨੌਜਵਾਨਾਂ ਲਈ ਸਵੈ-ਰੁਜ਼ਗਾਰ ਦੇ ਨਵੇਂ ਰਸਤੇ ਵੀ ਖੋਲ੍ਹੇਗੀ, ਜਿਸ ਨਾਲ ਉਹ ਮਾਣ ਅਤੇ ਸਤਿਕਾਰ ਭਰਿਆ ਜੀਵਨ ਬਤੀਤ ਕਰ ਸਕਣਗੇ।
ਪੰਜਾਬ ਪੁਲਿਸ ਨੇ ਤਰਨਤਾਰਨ ਆਰਪੀਜੀ ਹਮਲੇ ਦਾ ਮਾਮਲਾ ਸੁਲਝਾਇਆ
ਲਖਬੀਰ ਲੰਡਾ ਅਤੇ ਸਤਬੀਰ ਸੱਤਾ ਨਿਕਲੇ ਮਾਸਟਰਮਾਈਂਡ, ਦੋ ਨਾਬਾਲਗ ਹਮਲਾਵਰਾਂ ਸਮੇਤ ਛੇ ਗ੍ਰਿਫਤਾਰ
ਪੁਲਿਸ ਟੀਮਾਂ ਨੇ ਇੱਕ ਹੈਂਡ ਗ੍ਰਨੇਡ, 3 ਪਿਸਤੌਲ ਅਤੇ ਅਪਰਾਧ ਵਿੱਚ ਵਰਤਿਆ ਗਿਆ ਮੋਟਰਸਾਈਕਲ ਵੀ ਕੀਤਾ ਬਰਾਮਦ
ਮੁੱਖ ਮੰਤਰੀ ਭਗਵੰਤ ਮਾਨ ਦੇ ਨਿਰਦੇਸ਼ਾਂ ’ਤੇ ਪੰਜਾਬ ਪੁਲਿਸ ਪੰਜਾਬ ਨੂੰ ਅਪਰਾਧ ਮੁਕਤ ਸੂਬਾ ਬਣਾਉਣ ਲਈ ਵਚਨਬੱਧ: ਡੀਜੀਪੀ ਗੌਰਵ ਯਾਦਵ
ਪੰਜਾਬੀ ਖ਼ਬਰਸਾਰ ਬਿਉਰੋ
ਤਰਨਤਾਰਨ, 16 ਦਸੰਬਰ: ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ-ਨਿਰਦੇਸ਼ਾਂ ’ਤੇ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਛੇੜੀ ਮੁਹਿੰਮ ਦੇ ਹਿੱਸੇ ਵਜੋਂ ਪੰਜਾਬ ਪੁਲਿਸ ਨੇ ਵਿਦੇਸ਼ ’ਚੋਂ ਚਲਾਏ ਜਾ ਰਹੇ ਅੱਤਵਾਦੀ ਮਾਡਿਊਲ ਦਾ ਪਰਦਾਫਾਸ਼ ਕਰਦਿਆਂ ਤਰਨਤਾਰਨ ਰਾਕੇਟ ਪ੍ਰੋਪੇਲਡ ਗ੍ਰੇਨੇਡ (ਆਰਪੀਜੀ) ਹਮਲੇ ਦੇ ਮਾਮਲੇ ਨੂੰ ਇੱਕ ਹਫ਼ਤੇ ਤੋਂ ਵੀ ਘੱਟ ਸਮੇਂ ਵਿੱਚ ਸੁਲਝਾ ਲਿਆ ਹੈ। ਇਸ ਮਾਮਲੇ ਵਿੱਚ ਦੋ ਨਾਬਾਲਗਾਂ, ਜਿਨ੍ਹਾਂ ਨੇ ਤਰਨਤਾਰਨ ਦੇ ਪੁਲਿਸ ਸਟੇਸ਼ਨ ਸਰਹਾਲੀ ਦੀ ਇਮਾਰਤ ’ਤੇ 9 ਦਸੰਬਰ ਨੂੰ ਰਾਤ 11.18 ਵਜੇ ਦੇ ਕਰੀਬ ਅੱਤਵਾਦੀ ਹਮਲਾ ਕੀਤਾ ਸੀ, ਸਮੇਤ ਛੇ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ), ਪੰਜਾਬ ਗੌਰਵ ਯਾਦਵ ਨੇ ਅੱਜ ਇੱਥੇ ਪੰਜਾਬ ਪੁਲਿਸ ਹੈੱਡਕੁਆਰਟਰ ਵਿਖੇ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਸ ਅੱਤਵਾਦੀ ਹਮਲੇ ਦੀ ਸਾਜਿਸ਼ ਵਿਦੇਸ਼ ਰਹਿੰਦੇ ਲੋੜੀਂਦੇ ਅੱਤਵਾਦੀ ਲਖਬੀਰ ਸਿੰਘ ਉਰਫ ਲੰਡਾ ਹਰੀਕੇ, ਸਤਬੀਰ ਸਿੰਘ ਉਰਫ ਸੱਤਾ ਅਤੇ ਗੁਰਦੇਵ ਉਰਫ ਜੈਸਲ ਵੱਲੋਂ ਗੋਇੰਦਵਾਲ ਸਾਹਿਬ ਜੇਲ੍ਹ ਵਿਚ ਬੰਦ ਅਜਮੀਤ ਸਿੰਘ ਦੀ ਮਦਦ ਨਾਲ ਰਚੀ ਗਈ ਸੀ।ਦੋ ਨਾਬਾਲਗਾਂ ਦੀ ਗ੍ਰਿਫ਼ਤਾਰੀ ਤੋਂ ਇਲਾਵਾ ਗ੍ਰਿਫ਼ਤਾਰ ਕੀਤੇ ਗਏ ਮਾਡਿਊਲ ਦੇ ਬਾਕੀ ਚਾਰ ਮੈਂਬਰਾਂ ਦੀ ਪਛਾਣ ਗੁਰਪ੍ਰੀਤ ਸਿੰਘ ਉਰਫ਼ ਗੋਪੀ ਨੰਬਰਦਾਰ (18) ਵਾਸੀ ਨੌਸ਼ਹਿਰਾ ਪੰਨੂਆ; ਗੁਰਲਾਲ ਸਿੰਘ ਉਰਫ ਗਹਿਲਾ (19) ਵਾਸੀ ਚੋਹਲਾ ਸਾਹਿਬ; ਸੁਰਲਾਲਪਾਲ ਸਿੰਘ ਉਰਫ਼ ਗੁਰਲਾਲ ਉਰਫ਼ ਲਾਲੀ (21) ਵਾਸੀ ਪਿੰਡ ਠੱਠੀਆ ਮਹੰਤਾ; ਅਤੇ ਜੋਬਨਪ੍ਰੀਤ ਸਿੰਘ ਉਰਫ਼ ਜੋਬਨ (18) ਵਾਸੀ ਨੌਸ਼ਹਿਰਾ ਪੰਨੂਆ ਵਜੋਂ ਹੋਈ ਹੈ । ਦਸਨਯੋਗ ਹੈ ਕਿ ਗੋਪੀ ਨੰਬਰਦਾਰ, ਜੋ ਕਿਸੇ ਹੋਰ ਕੇਸ ਵਿੱਚ ਗ੍ਰਿਫ਼ਤਾਰ ਸੀ, ਨੂੰ ਨਾਬਾਲਗ ਹੋਣ ਕਰਕੇ ਜ਼ਮਾਨਤ ਦੇ ਦਿੱਤੀ ਗਈ ਸੀ। 22 ਨਵੰਬਰ, 2022 ਨੂੰ ਆਪਣੀ ਰਿਹਾਈ ਤੋਂ ਇਕ ਦਿਨ ਬਾਅਦ ਉਹ 18 ਸਾਲ ਦਾ ਹੋ ਗਿਆ ਸੀ ਅਤੇ ਫਿਰ ਵਿਦੇਸ਼ੀ-ਅਧਾਰਤ ਹੈਂਡਲਰਾਂ ਦੇ ਸੰਪਰਕ ਵਿੱਚ ਆ ਗਿਆ। ਵਿਦੇਸ਼ੀ-ਅਧਾਰਤ ਹੈਂਡਲਰਾਂ ਨੇ ਖੇਪ ਦੀ ਪ੍ਰਾਪਤੀ ਅਤੇ ਸੰਪਰਕ ਸਥਾਪਤ ਕਰਨ ਲਈ ਕੱਟ-ਆਉਟ ਅਤੇ ਡੈੱਡ ਲੈਟਰ ਬਾਕਸ (ਡੀ.ਐਲ,ਬੀ.) ਤਕਨੀਕਾਂ ਦੀ ਵਰਤੋਂ ਕੀਤੀ ਤਾਂ ਜੋ ਮਡਿਊਲ ਦੇ ਮੈਂਬਰਾਂ ਨੂੰ ਹੈਂਡਲਰਾਂ ਦੁਆਰਾ ਸਿੱਧੇ ਤੌਰ ’ਤੇ ਕੰਮ ਸੌਂਪੇ ਜਾ ਸਕਣ। ਇੱਥੋਂ ਤੱਕ ਕਿ ਸਬ-ਮਡਿਊਲਾਂ ਦੀ ਪਛਾਣ ਵੀ ਦੂਜੇ ਸਬ-ਮਡਿਊਲਾਂ ਤੋਂ ਲੁਕੀ ਰਹੀ।ਪੁਲਿਸ ਟੀਮਾਂ ਨੇ ਗਿਫ਼ਤਾਰ ਕੀਤੇ ਵਿਅਕਤੀਆਂ ਦੇ ਕਬਜ਼ੇ ’ਚੋਂ ਗੋਲੀ ਸਿੱਕੇ ਸਮੇਤ ਦੋ .32 ਬੋਰ ਅਤੇ ਇੱਕ .30 ਬੋਰ ਪਿਸਤੌਲ , ਇੱਕ ਹੈਂਡ ਗ੍ਰਨੇਡ ਪੀ-86 ਅਤੇ ਅਪਰਾਧ ਵਿੱਚ ਵਰਤਿਆ ਗਿਆ ਮੋਟਰਸਾਈਕਲ ਵੀ ਬਰਾਮਦ ਕੀਤਾ ਹੈ। ਜ਼ਿਕਰਯੋਗ ਹੈ ਕਿ ਹਮਲੇ ਨੂੰ ਅੰਜਾਮ ਦੇਣ ਲਈ ਸੋਵੀਅਤ ਯੁੱਗ ਦੇ 70 ਐਮਐਮ ਬੋਰ ਦੇ ਆਰ.ਪੀ.ਜੀ.-26 ਹਥਿਆਰ ਦੀ ਵਰਤੋਂ ਕੀਤੀ ਗਈ, ਜਿਸਨੂੰ 10 ਦਸੰਬਰ ਨੂੰ ਪਹਿਲਾਂ ਹੀ ਬਰਾਮਦ ਕਰ ਲਿਆ ਗਿਆ ਸੀ। ਇਹ ਆਰ.ਪੀ.ਜੀ-26 ਹਥਿਆਰ, ਜਿਸਦੀ ਵਰਤੋਂ ਅਫਗਾਨਿਸਤਾਨ ਵਿੱਚ ਮੁਜਾਹਦੀਨ ਦੁਆਰਾ ਕੀਤੀ ਜਾਂਦੀ ਸੀ, ਨੂੰ ਸਰਹੱਦ ਪਾਰ ਤੋਂ ਮੰਗਵਾਇਆ ਗਿਆ ਸੀ।
ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਤਰਨਤਾਰਨ ਪੁਲਿਸ ਨੇ ਪੰਜਾਬ ਪੁਲਿਸ ਦੇ ਕਾਊਂਟਰ ਇੰਟੈਲੀਜੈਂਸ ਵਿੰਗ ਨਾਲ ਤਾਲਮੇਲ ਕਰਕੇ ਤਕਨੀਕੀ ਅਤੇ ਖੁਫੀਆ ਜਾਣਕਾਰੀ ਦੇ ਅਧਾਰ ’ਤੇ ਬਾਰੀਕੀ ਨਾਲ ਜਾਂਚ ਕੀਤੀ । ਗਰਾਊਂਡ ਇਨਵੈਸਟੀਗੇਸ਼ਨ ਦੀ ਅਗਵਾਈ ਐਸਐਸਪੀ ਤਰਨਤਾਰਨ ਗੁਰਮੀਤ ਚੌਹਾਨ ਅਤੇ ਉਨ੍ਹਾਂ ਦੀ ਟੀਮ ਨੇ ਕੀਤੀ ਜਿਸ ਤੋਂ ਪਤਾ ਲੱਗਿਆ ਕਿ ਹਮਲੇ ਵਿੱਚ ਗੋਪੀ ਨੰਬਰਦਾਰ ਅਤੇ ਗੁਰਲਾਲ ਗਹਿਲਾ ਦਾ ਹੱਥ ਸੀ, ਜੋ ਕਿ ਲੰਡਾ ਹਰੀਕੇ ਅਤੇ ਸੱਤਾ ਨੌਸ਼ਹਿਰਾ ਦੇ ਸਿੱਧੇ ਸੰਪਰਕ ਵਿੱਚ ਸਨ। ਗੋਪੀ ਨੰਬਰਦਾਰ ਅਤੇ ਗੁਰਲਾਲ ਗਹਿਲਾ ਦੋਵਾਂ ਨੂੰ ਵੀਰਵਾਰ ਨੂੰ ਪੱਟੀ ਮੋੜ ਸਰਹਾਲੀ ਤੋਂ ਕਾਬੂ ਕੀਤਾ ਗਿਆ ਅਤੇ ਉਨ੍ਹਾਂ ਦੇ ਕਬਜ਼ੇ ’ਚੋਂ ਇੱਕ .32 ਬੋਰ ਪਿਸਤੌਲ ਸਮੇਤ 15 ਜਿੰਦਾ ਕਾਰਤੂਸ ਬਰਾਮਦ ਕੀਤੇ ਗਏ। ਉਨ੍ਹਾਂ ਦੱਸਿਆ ਕਿ ਪੁਲਿਸ ਟੀਮਾਂ ਨੇ ਗੋਪੀ ਨੰਬਰਦਾਰ ਦੀ ਨਿਸ਼ਾਨਦੇਹੀ ’ਤੇ ਇੱਕ ਹੈਂਡ ਗ੍ਰੇਨੇਡ ਵੀ ਬਰਾਮਦ ਕੀਤਾ ਹੈ। ਡੀਜੀਪੀ ਨੇ ਦੱਸਿਆ ਕਿ ਜਾਂਚ ਮੁਤਾਬਕ ਗੋਪੀ ਨੂੰ ਸ਼ੁਰੂ ਵਿੱਚ ਲੰਡਾ ਅਤੇ ਸੱਤਾ ਤੋਂ 8.5 ਲੱਖ ਰੁਪਏ ਦੀ ਫੰਡਿੰਗ ਅਤੇ 200 ਜ਼ਿੰਦਾ ਕਾਰਤੂਸ ਸਮੇਤ .30 ਬੋਰ ਦਾ ਪਿਸਤੌਲ ਮਿਲਿਆ ਸੀ। ਡੀਜੀਪੀ ਨੇ ਅੱਗੇ ਦੱਸਿਆ ਕਿ 1 ਦਸੰਬਰ, 2022 ਨੂੰ ਗੋਪੀ ਨੇ ਗੁਰਲਾਲ ਗਹਿਲਾ ਅਤੇ ਜੋਬਨਪ੍ਰੀਤ ਜੋਬਨ ਦੇ ਨਾਲ ਤਰਨਤਾਰਨ ਦੇ ਪਿੰਡ ਝੰਡੇਰ ਤੋਂ ਆਰਪੀਜੀ ਵਾਲੀ ਇੱਕ ਹੋਰ ਖੇਪ ਪ੍ਰਾਪਤ ਕੀਤੀ ਅਤੇ ਇਸ ਨੂੰ ਤਰਨਤਾਰਨ ਦੇ ਪਿੰਡ ਮਰਹਾਣਾ ਨੇੜੇ ਇੱਕ ਥਾਂ ’ਤੇ ਲੁਕਾ ਦਿੱਤਾ। ਡੀਜੀਪੀ ਯਾਦਵ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਗੋਪੀ ਨੰਬਰਦਾਰ ਅਤੇ ਗੁਰਲਾਲ ਗਹਿਲਾ ਨੇ ਖੁਲਾਸਾ ਕੀਤਾ ਕਿ ਲੰਡਾ ਅਤੇ ਸੱਤਾ ਨੇ ਦੋ ਨਾਬਾਲਗ ਮੈਂਬਰਾਂ ਨੂੰ ਪੁਲਿਸ ਥਾਣਾ ਸਰਹਾਲੀ ’ਤੇ ਹਮਲੇ ਨੂੰ ਅੰਜਾਮ ਦੇਣ ਦਾ ਜ਼ਿੰਮਾ ਸੌਂਪਿਆ ਸੀ, ਜਿਸ ਦਾ ਉਦੇਸ਼ ਸਰਹੱਦੀ ਸੂਬੇ ਵਿੱਚ ਦਹਿਸ਼ਤ ਪੈਦਾ ਕਰਨਾ ਸੀ। ਦੋਵਾਂ ਮੁਲਜ਼ਮਾਂ ਨੇ ਅੱਗੇ ਖੁਲਾਸਾ ਕੀਤਾ ਕਿ ਇੱਕ ਹੋਰ ਮੁਲਜ਼ਮ ਗੁਰਲਾਲ ਲਾਲੀ ਨੇ ਪੁਲਿਸ ਸਟੇਸ਼ਨ ਦੀ ਇਮਾਰਤ ’ਤੇ ਹਮਲੇ ਤੋਂ ਕੁਝ ਘੰਟੇ ਪਹਿਲਾਂ ਪਿੰਡ ਮਰਹਾਣਾ ਵਿਖੇ ਰੁਕੇ ਹੋਏ ਦੋਵਾਂ ਨਾਬਾਲਗ ਮੈਂਬਰਾਂ ਨੂੰ ਲੌਜਿਸਟਿਕ ਸਹਾਇਤਾ ਅਤੇ ਇੱਕ ਲੱਖ ਰੁਪਏ ਮੁਹੱਈਆ ਕਰਵਾਏ। ਪੁਲਿਸ ਨੇ ਨੌਸ਼ਹਿਰਾ ਪੰਨੂਆ ਨੇੜਿਓਂ ਜੋਬਨਪ੍ਰੀਤ ਜੋਬਨ ਅਤੇ ਗੁਰਲਾਲ ਲਾਲੀ ਨੂੰ ਕਾਬੂ ਕਰਕੇ ਉਨ੍ਹਾਂ ਦੇ ਕਬਜ਼ੇ ’ਚੋਂ ਇੱਕ .30 ਬੋਰ ਦਾ ਪਿਸਤੌਲ, 35 ਜਿੰਦਾ ਕਾਰਤੂਸ ਅਤੇ ਅਪਰਾਧ ਵਿੱਚ ਵਰਤਿਆ ਗਿਆ ਮੋਟਰਸਾਈਕਲ ਬਰਾਮਦ ਕੀਤਾ ਹੈ।
ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਮੁਲਜ਼ਮ ਜੋਬਨ ਨੇ ਆਰਪੀਜੀ ਹਾਸਲ ਕਰਨ ਸਬੰਧੀ ਗੋਪੀ ਦੇ ਖੁਲਾਸੇ ਦੀ ਪੁਸ਼ਟੀ ਕੀਤੀ ਅਤੇ ਇਹ ਵੀ ਖੁਲਾਸਾ ਕੀਤਾ ਕਿ ਲੰਡਾ ਅਤੇ ਸੱਤਾ ਦੇ ਨਿਰਦੇਸ਼ਾਂ ’ਤੇ ਉਸ ਨੇ ਪਿੰਡ ਸ਼ਾਹਬਾਜਪੁਰ ਤੋਂ ਇੱਕ ਨਾਬਾਲਗ ਨੂੰ ਨਾਲ ਲੈ ਕੇ ਗੁਰਦੇਵ ਉਰਫ ਜੈਸਲ ਦੇ ਕਹਿਣ ਅਨੁਸਾਰ ਪਿੰਡ ਮਰਹਾਣਾ ਵਿਖੇ ਛੱਡ ਦਿੱਤਾ ਸੀ।ਉਨ੍ਹਾਂ ਕਿਹਾ ਕਿ ਕੜੀਆਂ ਨੂੰ ਜੋੜਦਿਆਂ ਪੁਲਿਸ ਟੀਮਾਂ ਨੇ ਦੋਵੇਂ ਨਾਬਾਲਗ ਹਮਲਾਵਰਾਂ ਨੂੰ ਪਿੰਡ ਚੰਬਾ ਦੇ ਟਿਊਬਵੈੱਲ ਤੋਂ ਸਫਲਤਾਪੂਰਵਕ ਕਾਬੂ ਕਰ ਲਿਆ ਅਤੇ ਉਨ੍ਹਾਂ ਦੇ ਕਬਜ਼ੇ ਵਿੱਚੋਂ ਇੱਕ .32 ਬੋਰ ਦਾ ਪਿਸਤੌਲ ਅਤੇ 15 ਜਿੰਦਾ ਕਾਰਤੂਸ ਬਰਾਮਦ ਕੀਤੇ। ਉਨ੍ਹਾਂ ਅੱਗੇ ਕਿਹਾ ਕਿ ਹਮਲੇ ਤੋਂ ਬਾਅਦ ਉਹ ਦੋਵੇਂ ਪਿੰਡ ਸੈਦੋ ਵੱਲ ਭੱਜ ਗਏ ਜਿਨ੍ਹਾਂ ਨੇ ਲੰਡਾ ਦੁਆਰਾ ਪਹਿਲਾਂ ਹੀ ਪ੍ਰਬੰਧ ਕੀਤੇ ਇੱਕ ਟਿਊਬਵੈੱਲ ਕਮਰੇ ਵਿੱਚ ਪਨਾਹ ਲੈ ਲਈ। ਉਨ੍ਹਾਂ ਕਿਹਾ ਕਿ ਦੋਵੇਂ ਸ਼ੂਟਰਾਂ ਨੇ ਯੂਟਿਊਬ ਵੀਡੀਓਜ਼ ਤੋਂ ਅਤੇ ਲੰਡਾ ਦੁਆਰਾ ਵੀਡੀਓ ਕਾਲ ਵਿੱਚ ਦੱਸੇ ਅਨੁਸਾਰ ਆਰਪੀਜੀ ਚਲਾਉਣਾ ਸਿੱਖਿਆ । ਇਸ ਸਬੰਧੀ ਭਾਰਤੀ ਦੰਡਾਵਲੀ (ਆਈਪੀਸੀ) ਦੀ ਧਾਰਾ 307, ਗੈਰਕਾਨੂੰਨੀ ਗਤੀਵਿਧੀਆਂ (ਰੋਕੂ) ਐਕਟ (ਯੂਏਪੀਏ) ਦੀ ਧਾਰਾ 16 ਅਤੇ ਵਿਸਫੋਟਕ ਪਦਾਰਥ ਐਕਟ ਦੀ ਧਾਰਾ 3 ਅਧੀਨ ਥਾਣਾ ਸਰਹਾਲੀ ਵਿਖੇ ਐਫਆਈਆਰ ਨੰਬਰ 187 ਮਿਤੀ 09.12.2022 ਦਰਜ ਹੈ। ਅਗਲੇ-ਪਿਛਲੇ ਸਬੰਧਾਂ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਅੱਤਵਾਦੀ ਮਾਡਿਊਲ ਦੇ ਬਾਕੀ ਮੈਂਬਰਾਂ ਦੀ ਗ੍ਰਿਫਤਾਰੀ ਅਤੇ ਸਬੂਤਾਂ ਜ਼ਰੀਏ ਜਾਂਚ ਨੂੰ ਤਰਕਪੂਰਨ ਸਿੱਟੇ ’ਤੇ ਲਿਜਾਇਆ ਜਾਵੇਗਾ।




