ਪੁਲਿਸ ਨੇ ਅਪਰਾਧ ਵਿੱਚ ਸ਼ਾਮਲ ਦੋ ਮੁੱਖ ਸਾਜ਼ਿਸ਼ਕਾਰਾਂ ਅਤੇ ਹੋਰ ਸ਼ੂਟਰਾਂ ਦੀ ਵੀ ਕੀਤੀ ਪਛਾਣ: ਡੀਜੀਪੀ ਪੰਜਾਬ ਗੌਰਵ ਯਾਦਵ
ਪੰਜਾਬ ਪੁਲਿਸ ਮੁੱਖ ਮੰਤਰੀ ਭਗਵੰਤ ਮਾਨ ਦੀ ਸੋਚ ਅਨੁਸਾਰ ਪੰਜਾਬ ਨੂੰ ਸੁਰੱਖਿਅਤ ਸੂਬਾ ਬਣਾਉਣ ਲਈ ਵਚਨਬੱਧ
ਪੰਜਾਬ ਪੁਲਿਸ ਨੇ ਨਵੇਂ ਉੱਭਰ ਰਹੇ ਗਿਰੋਹ ਨੂੰ ਸਫਲਤਾਪੂਰਵਕ ਨੱਥ ਪਾਈ: ਡੀਜੀਪੀ ਗੌਰਵ ਯਾਦਵ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ/ਜਲੰਧਰ, 14 ਦਸੰਬਰ:ਬਠਿੰਡਾ ਤੋਂ ਤਿੰਨ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਦੇ ਨਾਲ, ਪੰਜਾਬ ਪੁਲਿਸ ਨੇ 7 ਦਸੰਬਰ, 2022 ਨੂੰ ਨਕੋਦਰ ਦੇ ਕੱਪੜਾ ਵਪਾਰੀ ਅਤੇ ਉਸਦੇ ਨਿੱਜੀ ਸੁਰੱਖਿਆ ਅਧਿਕਾਰੀ (ਪੀ.ਐਸ.ਓ.) ਮਨਦੀਪ ਸਿੰਘ ਦੇ ਦੋਹਰੇ ਕਤਲ ਕਾਂਡ ਨੂੰ ਸਫਲਤਾਪੂਰਵਕ ਸੁਲਝਾ ਲਿਆ ਹੈ। ਇਸ ਕਤਲ ਕਾਂਡ ਦਾ ਮਾਸਟਰਮਾਈਂਡ ਅਮਰੀਕਾ ਸਥਿਤ ਅਮਨਦੀਪ ਪੁਰੇਵਾਲਾ ਉਰਫ਼ ਅਮਨ ਹੈ ਜੋ ਨਕੋਦਰ ਦਾ ਮੂਲ ਨਿਵਾਸੀ ਹੈ। ਇਹ ਜਾਣਕਾਰੀ ਅੱਜ ਇਥੇ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਦਿੱਤੀ।ਗ੍ਰਿਫ਼ਤਾਰ ਕੀਤੇ ਵਿਅਕਤੀਆਂ ਦੀ ਪਛਾਣ ਪਿੰਡ ਨੰਗਲਾ ਤਲਵੰਡੀ ਸਾਬੋ ਬਠਿੰਡਾ ਦੇ ਖੁਸ਼ਕਰਨ ਸਿੰਘ ਉਰਫ਼ ਫ਼ੌਜੀ; ਬਠਿੰਡਾ ਦੇ ਬਹਿਮਣ ਦੀਵਾਨਾ ਦੇ ਕਮਲਦੀਪ ਸਿੰਘ ਉਰਫ਼ ਦੀਪ ਅਤੇ ਪਿੰਡ ਜੱਸੀ ਪੌਅ ਵਾਲੀ ਬਠਿੰਡਾ ਦੇ ਮੰਗਾ ਸਿੰਘ ਉਰਫ਼ ਗੀਤਾ ਉਰਫ ਬਿੱਛੂ ਵਜੋਂ ਹੋਈ ਹੈ। ਪੁਲਿਸ ਟੀਮਾਂ ਨੇ ਗ੍ਰਿਫ਼ਤਾਰ ਕੀਤੇ ਵਿਅਕਤੀਆਂ ਪਾਸੋਂ ਵਾਰਦਾਤ ’ਚ ਵਰਤਿਆ ਗਿਆ .30 ਬੋਰ ਦਾ ਪਿਸਤੌਲ ਅਤੇ ਰੇਕੀ ਕਰਨ ਲਈ ਵਰਤੀ ਗਈ ਸਫਾਰੀ ਕਾਰ ਵੀ ਬਰਾਮਦ ਕੀਤੀ ਹੈ।ਦੱਸਣਯੋਗ ਹੈ ਕਿ 7 ਦਸੰਬਰ, 2022 ਨੂੰ ਰਾਤ 8.30 ਵਜੇ ਦੇ ਕਰੀਬ ਪੰਜ ਅਣਪਛਾਤੇ ਵਿਅਕਤੀਆਂ ਨੇ ਕੱਪੜਾ ਵਪਾਰੀ ਭੁਪਿੰਦਰ ਸਿੰਘ ਉਰਫ ਟਿੰਮੀ ਚਾਵਲਾ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ, ਜਦਕਿ ਉਸ ਦੇ ਪੀ.ਐਸ.ਓ. ਕਾਂਸਟੇਬਲ ਮਨਦੀਪ ਸਿੰਘ, ਜਿਸ ਨੂੰ ਵੀ ਗੋਲੀਆਂ ਲੱਗੀਆਂ ਸਨ, ਨੇ ਬਾਅਦ ਵਿੱਚ ਜਲੰਧਰ ਦੇ ਕੈਪੀਟਲ ਹਸਪਤਾਲ ਵਿੱਚ ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ ਦਮ ਤੋੜ ਦਿੱਤਾ। ਜ਼ਿਕਰਯੋਗ ਹੈ ਕਿ 3 ਨਵੰਬਰ, 2022 ਨੂੰ ਜਲੰਧਰ ਦਿਹਾਤੀ ਪੁਲਿਸ ਨੇ ਟਿੰਮੀ ਚਾਵਲਾ ਦੀ ਸ਼ਿਕਾਇਤ, ਜਿਸ ਵਿੱਚ ਉਸ ਨੇ ਕਿਹਾ ਸੀ ਕਿ ਉਸ ਨੂੰ 30 ਲੱਖ ਰੁਪਏ ਦੀ ਫਿਰੌਤੀ ਲਈ ਧਮਕੀ ਭਰੀਆਂ ਕਾਲਾਂ ਆਈਆਂ ਹਨ, ‘ਤੇ ਕਾਰਵਾਈ ਕਰਦਿਆਂ ਭਾਰਤੀ ਦੰਡਾਵਲੀ ਦੀ ਧਾਰਾ 387 ਅਤੇ 506 ਦੇ ਤਹਿਤ ਥਾਣਾ ਨਕੋਦਰ ਸਿਟੀ ਵਿਖੇ ਐਫ.ਆਈ.ਆਰ. ਦਰਜ ਕਰਕੇ ਉਸ ਦੀ ਸੁਰੱਖਿਆ ਲਈ ਦੋ ਕਰਮਚਾਰੀ ਤੁਰੰਤ ਤਾਇਨਾਤ ਕੀਤੇ ਗਏ ਸਨ।ਡੀਜੀਪੀ ਗੌਰਵ ਯਾਦਵ ਨੇ ਚੰਡੀਗੜ੍ਹ ਵਿੱਚ ਪੰਜਾਬ ਪੁਲਿਸ ਹੈੱਡਕੁਆਰਟਰ ਵਿਖੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਪੁਲਿਸ ਨੇ ਦੋ ਮੁੱਖ ਸਾਜ਼ਿਸ਼ਕਾਰਾਂ ਦੀ ਪਛਾਣ ਬਠਿੰਡਾ ਦੇ ਅਮਰੀਕ ਸਿੰਘ ਅਤੇ ਨਕੋਦਰ ਮਾਲੜੀ ਦੇ ਗੁਰਿੰਦਰ ਸਿੰਘ ਉਰਫ਼ ਗਿੰਦਾ ਵਜੋਂ ਕੀਤੀ ਹੈ, ਜਿਨ੍ਹਾਂ ਨੇ ਅਮਨਦੀਪ ਪੁਰੇਵਾਲ ਦੇ ਨਿਰਦੇਸ਼ਾਂ ‘ਤੇ ਰੇਕੀ ਕੀਤੀ ਅਤੇ ਸ਼ੂਟਰਾਂ ਅਤੇ ਹਥਿਆਰਾਂ ਦਾ ਪ੍ਰਬੰਧ ਕੀਤਾ। ਇਸ ਤੋਂ ਇਲਾਵਾ ਬਾਕੀ ਦੇ ਦੋ ਸ਼ੂਟਰਾਂ ਦੀ ਪਛਾਣ ਸਤਪਾਲ ਉਰਫ਼ ਸਾਜਨ ਅਤੇ ਠਾਕੁਰ ਵਜੋਂ ਕੀਤੀ ਗਈ ਹੈ। ਉਹਨਾਂ ਅੱਗੇ ਕਿਹਾ ਕਿ ਫਰਾਰ ਸ਼ੂਟਰਾਂ ਅਤੇ ਦੋਵਾਂ ਸਾਜ਼ਿਸ਼ਕਾਰਾਂ ਨੂੰ ਗ੍ਰਿਫਤਾਰ ਕਰਨ ਲਈ ਪੁਲਿਸ ਟੀਮਾਂ ਛਾਪੇਮਾਰੀ ਕਰ ਰਹੀਆਂ ਹਨ।ਅਮਨਦੀਪ ਪੁਰੇਵਾਲ ਦੇ ਕਿਸੇ ਹੋਰ ਗੈਂਗ ਜਾਂ ਗੈਂਗਸਟਰਾਂ ਨਾਲ ਸਬੰਧਾਂ ਨੂੰ ਨਕਾਰਦਿਆਂ ਡੀਜੀਪੀ ਨੇ ਕਿਹਾ ਕਿ ਮਾਸਟਰਮਾਈਂਡ ਅਮਨਦੀਪ ਪੁਰੇਵਾਲ ਨੇ ਸਰਹੱਦੀ ਸੂਬੇ ਵਿੱਚ ਦਹਿਸ਼ਤ ਪੈਦਾ ਕਰਨ ਲਈ ਆਪਣਾ ਨਵਾਂ ਗੈਂਗ ਸ਼ੁਰੂ ਕਰਨ ਦੀ ਕੋਸ਼ਿਸ਼ ਵਿੱਚ ਟਿੰਮੀ ਚਾਵਲਾ ਨੂੰ ਆਪਣਾ ਪਹਿਲਾ ਨਿਸ਼ਾਨਾ ਬਣਾਇਆ ਹੈ ਅਤੇ ਅਮਰੀਕਾ ‘ਚੋਂ ਉਸ ਨੂੰ ਫਿਰੌਤੀ ਲਈ ਕਾਲਾਂ ਕੀਤੀਆਂ। ਉਹਨਾਂ ਕਿਹਾ ਕਿ ਇਸ ਉਪਰੰਤ ਅਮਨਦੀਪ ਪੁਰੇਵਾਲ ਨੇ ਅਮਰੀਕ ਸਿੰਘ ਅਤੇ ਗੁਰਿੰਦਰ ਗਿੰਦਾ ਨਾਲ ਮਿਲ ਕੇ ਟਿੰਮੀ ਚਾਵਲਾ ਨੂੰ ਮਾਰਨ ਦੀ ਸਾਜ਼ਿਸ਼ ਰਚੀ ਅਤੇ ਪੰਜ ਸ਼ੂਟਰਾਂ ਦਾ ਪ੍ਰਬੰਧ ਕੀਤਾ ਜਿਨ੍ਹਾਂ ਨੇ 7 ਦਸੰਬਰ ਦੀ ਸ਼ਾਮ ਨੂੰ ਟਿੰਮੀ ਚਾਵਲਾ ਅਤੇ ਉਸਦੇ ਪੀ.ਐੱਸ.ਓ. ’ਤੇ ਗੋਲੀਆਂ ਚਲਾਈਆਂ। ਉਹਨਾਂ ਅੱਗੇ ਕਿਹਾ ਕਿ ਪੰਜਾਬ ਪੁਲਿਸ ਇਸ ਗਿਰੋਹ ਨੂੰ ਸ਼ੁਰੂ ਵਿੱਚ ਹੀ ਨੱਥ ਪਾਉਣ ਵਿੱਚ ਸਫ਼ਲ ਰਹੀ ਹੈ।ਡੀਜੀਪੀ ਗੌਰਵ ਯਾਦਵ ਨੇ ਦੁਹਰਾਇਆ ਕਿ ਪੰਜਾਬ ਪੁਲਿਸ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਸੋਚ ਅਨੁਸਾਰ ਪੰਜਾਬ ਨੂੰ ਸੁਰੱਖਿਅਤ ਸੂਬਾ ਬਣਾਉਣ ਲਈ ਵਚਨਬੱਧ ਹੈ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਸੀਨੀਅਰ ਪੁਲਿਸ ਕਪਤਾਨ (ਐਸ.ਐਸ.ਪੀ.) ਜਲੰਧਰ ਦਿਹਾਤੀ ਸਵਰਨਦੀਪ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਪੁਲਿਸ ਨੇ ਵੱਖ-ਵੱਖ ਪਹਿਲੂਆਂ ਤੋਂ ਮਾਮਲੇ ਦੀ ਜਾਂਚ ਲਈ ਵੱਖ-ਵੱਖ ਟੀਮਾਂ ਗਠਿਤ ਕਰਕੇ ਤੇਜ਼ੀ ਨਾਲ ਕਾਰਵਾਈ ਸ਼ੁਰੂ ਕਰਦਿਆਂ ਕੁਝ ਕੈਦੀਆਂ ਨੂੰ ਪੁੱਛਗਿੱਛ ਲਈ ਵੱਖ-ਵੱਖ ਜੇਲ੍ਹਾਂ ਤੋਂ ਪ੍ਰੋਡਕਸ਼ਨ ਵਾਰੰਟ ’ਤੇ ਲਿਆਂਦਾ ਅਤੇ ਸੀ.ਸੀ.ਟੀ.ਵੀ. ਫੁਟੇਜ ਅਤੇ ਮੋਬਾਈਲ ਸੇਵਾ ਪ੍ਰਦਾਤਾਵਾਂ ਦੇ ਡੇਟਾ ਦੇ ਵਿਸ਼ਲੇਸ਼ਣ ਨਾਲ ਤਕਨੀਕੀ ਜਾਂਚ ਕੀਤੀ ਜਿਸ ਵਿੱਚ ਕੁਝ ਮਹੱਤਵਪੂਰਨ ਸੁਰਾਗ ਸਾਹਮਣੇ ਆਏ ਜਿਸ ਸਦਕਾ ਦੋਸ਼ੀਆਂ ਦੀ ਗ੍ਰਿਫਤਾਰੀ ਵਿੱਚ ਮਦਦ ਮਿਲੀ। ਇਹਨਾਂ ਦੋਸ਼ੀਆਂ ਦਾ ਕੋਈ ਪਿਛਲਾ ਪੁਲਿਸ ਰਿਕਾਰਡ ਨਹੀਂ ਹੈ। ਉਨ੍ਹਾਂ ਕਿਹਾ ਕਿ ਬਾਕੀ ਰਹਿੰਦੇ ਮੁਲਜ਼ਮ ਸ਼ੂਟਰਾਂ ਅਤੇ ਸਾਜ਼ਿਸ਼ ਰਚਣ ਵਾਲਿਆਂ ਨੂੰ ਫੜਨ ਲਈ ਅਗਲੇਰੀ ਜਾਂਚ ਅਤੇ ਤਲਾਸ਼ੀ ਮੁਹਿੰਮ ਜਾਰੀ ਹੈ।ਜ਼ਿਕਰਯੋਗ ਹੈ ਕਿ ਇਸ ਸਬੰਧੀ ਥਾਣਾ ਸਿਟੀ ਨਕੋਦਰ ਵਿਖੇ ਭਾਰਤੀ ਦੰਡਾਵਲੀ ਦੀ ਧਾਰਾ 302, 307 ਅਤੇ 34 ਅਤੇ ਅਸਲਾ ਐਕਟ ਦੀ ਧਾਰਾ 25 ਤਹਿਤ ਐਫ.ਆਈ.ਆਰ. ਨੰ. 144 ਮਿਤੀ 08.12.2022 ਨੂੰ ਵੱਖਰਾ ਮਾਮਲਾ ਦਰਜ ਕੀਤਾ ਗਿਆ ਹੈ।
ਨਕੋਦਰ ਕੱਪੜਾ ਵਪਾਰੀ ਕਤਲ ਕਾਂਡ ਦੇ ਮੁਜ਼ਰਮ ਨਿਕਲੇ ਬਠਿੰਡਾ ਦੇ, ਅਮਨਦੀਪ ਪੁਰੇਵਾਲ ਮਾਸਟਰਮਾਈਂਡ, ਤਿੰਨ ਗ੍ਰਿਫ਼ਤਾਰ
ਰਾਜਪਾਲ ਨੇ ਮੁੱਖ ਮੰਤਰੀ ਨੂੰ ਜਵਾਬੀ ਪੱਤਰ ਲਿਖਕੇ ਕੀਤੇ ਵੱਡੇ ਖ਼ੁਲਾਸੇ
ਕੀਤਾ ਦਾਅਵਾ ਕਿ 30 ਨਵੰਬਰ ਨੂੰ ਪੰਜਾਬ ਦੇ ਮੁੱਖ ਸਕੱਤਰ ਨੂੰ ਆਈ.ਪੀ.ਐਸ ਅਧਿਕਾਰੀਆਂ ਦਾ ਪੈਨਲ ਭੇਜਣ ਲਈ ਕਿਹਾ ਸੀ
ਯੂ.ਟੀ ਪ੍ਰਸ਼ਾਸਨ ਨੇ ਪੰਜਾਬ ਸਰਕਾਰ ਤੋਂ ਮੰਗਿਆ ਆਈ.ਪੀ.ਐਸ ਅਧਿਕਾਰੀਆਂ ਦਾ ਪੈਨਲ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 14 ਦਸੰਬਰ: ਦੋ ਦਿਨ ਪਹਿਲਾਂ ਚੰਡੀਗੜ੍ਹ ਪ੍ਰਸ਼ਾਸਨ ਵਲੋਂ ਐਸਐਸਪੀ ਕੁਲਦੀਪ ਸਿੰਘ ਚਾਹਲ ਨੂੰ ਅਚਨਚੇਤ ਫ਼ਾਰਗ ਕਰਨ ਤੋਂ ਬਾਅਦ ਉੱਠੇ ਵਿਵਾਦ ਦੌਰਾਨ ਜਿੱਥੇ ਅੱਜ ਯੂ.ਟੀ ਨੇ ਪੰਜਾਬ ਸਰਕਾਰ ਤੋਂ ਆਈ.ਪੀ.ਐਸ ਅਧਿਕਾਰੀਆਂ ਦਾ ਪੈਨਲ ਮੰਗ ਲਿਆ ਹੈ, ਉਥੇ ਬੀਤੇ ਕੱਲ ਇਸ ਸਬੰਧ ਵਿਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਚੰਡੀਗੜ੍ਹ ਦੇ ਮੁੱਖ ਪ੍ਰਸ਼ਾਸਕ ਜੋਕਿ ਪੰਜਾਬ ਦੇ ਰਾਜਪਾਲ ਵੀ ਹਨ, ਨੂੰ ਲਿਖੇ ਪੱਤਰ ਦੇ ਜਵਾਬ ਵਿਚ ਰਾਜਪਾਲ ਨੇ ਵੱਡੇ ਖ਼ੁਲਾਸੇ ਕੀਤੇ ਹਨ। ਜਿਸ ਵਿਚ ਦਾਅਵਾ ਕੀਤਾ ਹੈ ਕਿ ਐਸ.ਐਸ.ਪੀ ਨੂੰ ਵਾਪਸ ਭੇਜਣ ਸਬੰਧੀ ਪੰਜਾਬ ਦੇ ਮੁੱਖ ਸਕੱਤਰ ਨੂੰ 30 ਨਵੰਬਰ ਨੂੰ ਜਾਣੂ ਕਰਵਾ ਦਿੱਤਾ ਸੀ। ਜਿਕਰਯੋਗ ਹੈ ਕਿ ਮੁੱਖ ਮੰਤਰੀ ਨੇ ਅਪਣੇ ਪੱਤਰ ਵਿਚ ਪੰਜਾਬ ਕਾਡਰ ਦੇ ਆਈ.ਪੀ.ਐਸ ਅਧਿਕਾਰੀ ਨੂੰ ਇਸ ਤਰ੍ਹਾਂ ਫ਼ਾਰਗ ਕਰਨ ਦੇ ਅਮਲ ’ਤੇ ਰੋਸ਼ ਜਤਾਇਆ ਸੀ। ਮੁੱਖ ਮੰਤਰੀ ਨੇ ਪੱਤਰ ਵਿਚ ਇਹ ਵੀ ਲਿਖਿਆ ਸੀ ਕਿ ਜੇਕਰ ਐਸ.ਐਸ.ਪੀ ਨੂੰ ਮਿਆਦ ਤੋਂ ਅਗਾਊਂ ਵੀ ਫ਼ਾਰਗ ਕਰਨਾ ਸੀ ਤਾਂ ਇਸਦੇ ਲਈ ਪੰਜਾਬ ਸਰਕਾਰ ਨੂੰ ਸੂਚਿਤ ਕਰਨ ਦੇ ਨਾਲ-ਨਾਲ ਪਹਿਲਾਂ ਪੰਜਾਬ ਦੇ ਆਈ.ਪੀ.ਐਸ ਅਧਿਕਾਰੀਆਂ ਦਾ ਪੈਨਲ ਲਿਆ ਜਾਣਾ ਚਾਹੀਦਾ ਸੀ। ਸ਼੍ਰੀ ਬਨਵਾਰੀ ਨਾਲ ਪੁਰੋਹਿਤ ਵਲੋਂ ਲਿਖੇ ਪੱਤਰ ਵਿਚ ਦਾਅਵਾ ਕੀਤਾ ਕਿ ਉਨ੍ਹਾਂ ਇਸ ਮੁੱਦੇ ’ਤੇ 28 ਨਵੰਬਰ 2022 ਨੂੰ ਮੁੱਖ ਸਕੱਤਰ ਪੰਜਾਬ ਨਾਲ ਟੈਲੀਫੋਨ ’ਤੇ ਗੱਲਬਾਤ ਕਰਕੇ ਕੁਲਦੀਪ ਸਿੰਘ ਚਾਹਲ ਦੇ ਇਸ ਪੋਸਟ ’ਤੇ ਕੰਮ ਕਰਨ ਦੇ ਢੰਗਾਂ ਨੂੰ ਦੇਖਦਿਆਂ ਐਸ.ਐਸ.ਪੀ. ਯੂ.ਟੀ. ਦੇ ਅਹੁਦੇ ਲਈ ਕੁਸ਼ਲ ਆਈ.ਪੀ.ਐਸ. ਅਫ਼ਸਰਾਂ ਦਾ ਪੈਨਲ ਭੇਜਣ ਦੀ ਸਲਾਹ ਦਿੱਤੀ ਸੀ। ਇਹੀਂ ਨਹੀਂ ਯੂ.ਟੀ ਦੇ ਡੀ.ਜੀ.ਪੀ.ਪ੍ਰਵੀਰ ਰੰਜਨ ਨੇ ਵੀ 30 ਨਵੰਬਰ ਨੂੰ ਮੁੱਖ ਸਕੱਤਰ ਨਾਲ ਮੀਟਿੰਗ ਕਰਕੇ ਉਨ੍ਹਾਂ ਨੂੰ ਸਾਰੇ ਤੱਥਾਂ ਤੋਂ ਜਾਣੂ ਕਰਵਾਇਆ ਸੀ। ਇਸਤੋਂ ਇਲਾਵਾ ਉਸੇ ਦਿਨ ਹੀ ਸਲਾਹਕਾਰ ਯੂ.ਟੀ. ਪ੍ਰਸ਼ਾਸਨ ਨੇ ਸੀ.ਐਸ.ਨਾਲ ਵੀ ਟੈਲੀਫੋਨ ’ਤੇ ਗੱਲ ਕੀਤੀ ਅਤੇ ਪੈਨਲ ਭੇਜਣ ਦੀ ਮੰਗ ਕੀਤੀ। ਜਿਸਤੋਂ ਬਾਅਦ ਪੰਜਾਬ ਦੇ ਮੁੱਖ ਸਕੱਤਰ ਨੇ ਉਨ੍ਹਾਂ ਨਾਲ ਉਸੇ ਦਿਨ ਸ਼ਾਮ 5.30 ਵਜੇ ਰਾਜਪਾਲ ਦਫ਼ਤਰ ਵਿੱਚ ਮੁਲਾਕਾਤ ਕੀਤੀ। ਇਸ ਮੀਟਿੰਗ ਦੌਰਾਨ ਵੀ ਹੋਰਨਾਂ ਮੁੱਦਿਆਂ ’ਤੇ ਚਰਚਾ ਕਰਨ ਤੋਂ ਇਲਾਵਾ, ਉਨ੍ਹਾਂ ਨੂੰ ਮੇਰੇ ਦੁਆਰਾ, ਜਿੰਨੀ ਜਲਦੀ ਹੋ ਸਕੇ, ਆਈਪੀਐਸ ਅਧਿਕਾਰੀਆਂ ਦਾ ਇੱਕ ਪੈਨਲ ਭੇਜਣ ਦੀ ਸਲਾਹ ਦਿੱਤੀ ਗਈ ਸੀ। ਰਾਜਪਾਲ ਨੇ ਅਪਣੇ ਪੱਤਰ ਵਿਚ ਇਹ ਵੀ ਖ਼ੁਲਾਸਾ ਕੀਤਾ ਹੈ ਕਿ ਐਸ.ਐਸ.ਪੀ ਕੁਲਦੀਪ ਚਾਹਲ ਨਾਲ ਵੀ ਉਨ੍ਹਾਂ ਦੀ ਟੈਲੀਫ਼ੋਨ ’ਤੇ ਗੱਲਬਾਤ ਹੋਈ ਸੀ, ਜਿਸ ਵਿਚ ਉਸਨੂੰ ਸਾਫ਼-ਸਾਫ਼ ਦੱਸਿਆ ਗਿਆ ਕਿ ਉਸਨੂੰ ਆਪਣੇ ਪੰਜਾਬ ਕਾਡਰ ਵਿੱਚ ਵਾਪਸ ਜਾਣਾ ਪਵੇਗਾ। ਰਾਜਪਾਲ ਨੇ ਮੁੱਖ ਮੰਤਰੀ ਨੂੰ ਇਹ ਵੀ ਲਿਖਿਆ ਕਿ ਕਿਉਂਕਿ ਇਸ ਸਮੇਂ ਦੌਰਾਨ ਤੁਸੀਂ ਗੁਜਰਾਤ ਵਿਧਾਨ ਸਭਾ ਚੋਣਾਂ ਦੇ ਪ੍ਰਚਾਰ ਵਿੱਚ ਰੁੱਝੇ ਹੋਏ ਸੀ, ਮੇਰੇ ਲਈ ਤੁਹਾਡੇ ਨਾਲ ਸੰਪਰਕ ਕਰਨਾ ਸੰਭਵ ਨਹੀਂ ਸੀ। ਸ਼੍ਰੀ ਪੁਰੋਹਿਤ ਨੇ ਅਸਿੱਧੇ ਢੰਗ ਨਾਲ ਮੁੱਖ ਮੰਤਰੀ ਨਾਲ ਨਰਾਜ਼ਗੀ ਜਤਾਉਂਦਿਆਂ ਕਿਹਾ ਕਿ ‘‘ ਤੁਸੀਂ ਇਸ ਸਬੰਧ ਵਿੱਚ ਪੰਜਾਬ ਬਨਾਮ ਹਰਿਆਣਾ ਦਾ ਬੇਲੋੜਾ ਮੁੱਦਾ ਵੀ ਉਠਾਇਆ ਹੈ ਜੋ ਕਿ ਐਡਹਾਕ ਨਿਯੁਕਤੀ ਦੇ ਇਸ ਕੇਸ ਵਿੱਚ ਲਾਗੂ ਨਹੀਂ ਹੁੰਦਾ ਹੈ।’’
ਅਕਾਲੀ ਦਲ ਨੇ ਮੁੱਖ ਮੰਤਰੀ ‘ਤੇ ਪੰਜਾਬੀਆਂ ਨੂੰ ਗੁੰਮਰਾਹ ਕਰਨ ਦੇ ਲਗਾਏ ਦੋਸ਼
ਮੁੱਖ ਮੰਤਰੀ ਦੱਸਣ ਕਿ ਮੁੱਖ ਸਕੱਤਰ ਨੇ ਮਾਮਲੇ ਬਾਰੇ ਉਹਨਾਂ ਨੂੰ ਜਾਣਕਾਰੀ ਦਿੱਤੀ ਸੀ ਜਾਂ ਨਹੀਂ : ਡਾ. ਚੀਮਾ
ਚੰਡੀਗੜ੍ਹ, 14 ਦਸੰਬਰ : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਨੂੰ ਆਖਿਆ ਕਿ ਉਹ ਪੰਜਾਬੀਆਂ ਨੂੰ ਦੱਸਣ ਕਿ ਉਹਨਾਂ ਨੇ ਝੂਠ ਕਿਉਂ ਬੋਲਿਆ ਕਿ ਯੂ ਟੀ ਪ੍ਰਸ਼ਾਸਨ ਨੇ ਪੰਜਾਬ ਕੇਡਰ ਦੇ ਅਫਸਰ ਕੁਲਦੀਪ ਚਾਹਲ ਨੂੰ ਐਸ ਐਸ ਪੀ ਚੰਡੀਗੜ੍ਹ ਦੇ ਅਹੁਦੇ ਤੋਂ ਹਟਾਉਣ ਦਾ ਫੈਸਲਾ ਕਰ ਕੇ ਪੰਜਾਬ ਤੋਂ ਅਫਸਰਾਂ ਦਾ ਪੈਨਲ ਨਹੀਂ ਮੰਗਿਆ।ਸੀਨੀਅਰ ਅਕਾਲੀ ਆਗੂ ਡਾ. ਦਲਜੀਤ ਸਿੰਘ ਚੀਮਾ ਨੇ ਇਥੇ ਜਾਰੀ ਕੀਤੇ ਬਿਆਨ ਵਿਚ ਕਿਹਾ ਕਿ ਝੂਠ ਬੋਲ ਕੇ ਪੰਜਾਬ ਅਤੇ ਪੰਜਾਬੀਆਂ ਨੂੰ ਨਮੋਸ਼ੀ ਦਾ ਪਾਤਰ ਬਣਾਉਣਾ ਮੁੱਖ ਮੰਤਰੀ ਦੀ ਆਦਤ ਬਣ ਗਈ ਹੈ। ਉਹਨਾਂ ਕਿਹਾ ਕਿ ਇਹ ਬਹੁਤ ਹੀ ਨਿੰਦਣ ਵਾਲੀ ਗੱਲ ਹੈ ਕਿ ਮੁੱਖ ਮੰਤਰੀ ਨੇ ਗੁੰਮਰਾਹਕੁੰਨ ਪੱਤਰ ਲਿਖ ਕੇ ਪ੍ਰਸ਼ਾਸਨ ਦਾ ਮਖੌਲ ਉਡਾਇਆ ਅਤੇ ਬਿਨਾਂ ਠੋਸ ਆਧਾਰ ’ਤੇ ਵੱਡੇ ਵੱਡੇ ਝੂਠੇ ਦਾਅਵੇ ਵੀ ਕੀਤੇ। ਉਹਨਾਂ ਕਿਹਾ ਕਿ ਹੁਣ ਇਹ ਮੁੱਖ ਮੰਤਰੀ ਹੀ ਦੱਸਣ ਕਿ ਉਹਨਾਂ ਨੇ ਝੂਠਾ ਦਾਅਵਾ ਕਿਉਂ ਕੀਤਾ ਕਿ ਯੂ ਟੀ ਪ੍ਰਸ਼ਾਸਨ ਨੇ ਐਸ ਐਸ ਪੀ ਕੁਲਦੀਪ ਚਾਹਲ ਨੂੰ ਹਟਾਉਣ ਦਾ ਫੈਸਲਾ ਕਰਨ ਮਗਰੋਂ ਪੰਜਾਬ ਸਰਕਾਰ ਤੋਂ ਅਫਸਰਾਂ ਦਾ ਪੈਨਲ ਨਹੀਂ ਮੰਗਿਆ।ਉਹਨਾਂ ਮੁੱਖ ਮੰਤਰੀ ਨੂੰ ਇਹ ਵੀ ਪੁੱਛਿਆ ਕਿ ਕੀ ਇਸ ਮਾਮਲੇ ਵਿਚ ਯੂ ਟੀ ਪ੍ਰਸ਼ਾਸਕ ਤੇ ਮੁੱਖ ਸਕੱਤਰ ਵਿਚਾਲੇ ਹੋਈ ਗੱਲਬਾਤ ਬਾਰੇ ਉਹਨਾਂ ਨੂੰ ਜਾਣਕਾਰੀ ਦਿੱਤੀ ਗਈ ਸੀ ਜਾਂ ਨਹੀਂ ਕਿਉਂਕਿ ਮੁੱਖ ਸਕੱਤਰ ਸਿੱਧਾ ਸ੍ਰੀ ਅਰਵਿੰਦ ਕੇਜਰੀਵਾਲ ਤੇ ਸ੍ਰੀ ਰਾਘਵ ਚੱਢਾ ਨੂੰ ਰਿਪੋਰਟ ਕਰਦੇ ਹਨ ਅਤੇ ਸ੍ਰੀ ਭਗਵੰਤ ਮਾਨ ਨੂੰ ਨਹੀਂ।ਡਾ. ਚੀਮਾ ਨੇ ਕਿਹਾ ਕਿ ਯੂ ਟੀ ਪ੍ਰਸ਼ਾਸਕ ਦੇ ਮੁੱਖ ਮੰਤਰੀ ਨੂੰ ਦਿੱਤੇ ਜਵਾਬ ਜੋ ਜਨਤਕ ਹੈ, ਤੋਂ ਸਪਸ਼ਟ ਹੈ ਕਿ ਪ੍ਰ਼ਸ਼ਾਸਕ ਨੇ 28 ਨਵੰਬਰ ਨੂੰ ਹੀ ਅਫਸਰਾਂ ਦਾ ਪੈਨਲ ਮੰਗਿਆ ਸੀ ਤੇ ਫਿਰ ਪ੍ਰਸ਼ਾਸਕ ਦੇ ਸਲਾਹਕਾਰ ਨੇ ਇਹੀ ਬੇਨਤੀ 30 ਨਵੰਬਰ ਨੂੰ ਦੁਹਰਾਈ। ਉਹਨਾਂ ਕਿਹਾ ਕਿ ਪ੍ਰਸ਼ਾਸਕ ਨੇ ਇਹ ਵੀ ਸਪਸ਼ਟ ਹੈ ਕਿ ਯੂ ਟੀ ਪ੍ਰਸ਼ਾਸਨ ਇਸ ਮਾਮਲੇ ਵਿਚ ਲਗਾਤਾਰ ਪੰਜਾਬ ਸਰਕਾਰ ਦੇ ਸੰਪਰਕ ਵਿਚ ਸੀ।ਅਕਾਲੀ ਆਗੂ ਨੇ ਕਿਹਾ ਕਿ ਮੁੱਖ ਮੰਤਰੀ ਦੱਸਣ ਕਿ ਉਹਨਾਂ ਨੇ ਯੂ ਟੀ ਪ੍ਰਸ਼ਾਸਨ ਦੀ ਬੇਨਤੀ ’ਤੇ ਕੋਈ ਫੈਸਲਾ ਕਿਉਂ ਨਹੀਂ ਲਿਆ ਅਤੇ ਉਲਟਾ ਸ੍ਰੀ ਕੁਲਦੀਪ ਚਾਹਲ ਨੁੰ ਹਟਾਏ ਜਾਣ ਮਗਰੋਂ ਗੁੰਮਰਾਹਕੁੰਨ ਜਵਾਬ ਕਿਉਂ ਦਿੱਤਾ। ਡਾ. ਚੀਮਾ ਨੇ ਮੁੱਖ ਮੰਤਰੀ ਨੂੰ ਇਹ ਵੀ ਆਖਿਆ ਕਿ ਉਹ ਦੱਸਣ ਕਿ ਕੀ ਹੁਣ ਤੱਕ ਵੀ ਪੈਨਲ ਭੇਜ ਦਿੱਤਾ ਗਿਆ ਹੈ ਜਾਂ ਨਹੀਂ।
ਭਾਸ਼ਾ ਵਿਭਾਗ ਨੇ ਕਰਵਾਏ ਹਿੰਦੀ ਸਾਹਿਤ ਸਿਰਜਣ ਤੇ ਕਵਿਤਾ ਗਾਇਨ ਮੁਕਾਬਲੇ
ਸੁਖਜਿੰਦਰ ਮਾਨ
ਬਠਿੰਡਾ, 14 ਦਸੰਬਰ : ਭਾਸ਼ਾ ਵਿਭਾਗ ਪੰਜਾਬ ਦੀ ਅਗਵਾਈ ਵਿੱਚ ਜ਼ਿਲ੍ਹਾ ਭਾਸ਼ਾ ਦਫ਼ਤਰ ਬਠਿੰਡਾ ਵੱਲੋਂ ਜ਼ਿਲ੍ਹਾ ਪੱਧਰੀ ਹਿੰਦੀ ਸਾਹਿਤ ਸਿਰਜਣ ਤੇ ਕਵਿਤਾ ਗਾਇਨ ਮੁਕਾਬਲੇ ਆਰ.ਬੀ.ਡੀ.ਏ.ਵੀ. ਸਕੂਲ, ਬਠਿੰਡਾ ਵਿਖੇ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ਚ ਜ਼ਿਲ੍ਹੇ ਦੇ ਵੱਖ-ਵੱਖ ਸਰਕਾਰੀ/ਏਡਿਡ/ਪ੍ਰਾਈਵੇਟ ਸਕੂਲਾਂ ਵਿੱਚੋਂ ਤਰਕਰੀਬਨ 70 ਵਿਦਿਆਰਥੀਆਂ ਨੇ ਭਾਗ ਲਿਆ। ਮੁੱਖ ਮਹਿਮਾਨ ਵਜੋਂ ਸ਼੍ਰੀ ਧਰਮ ਚੰਦਰ ਐਡੀਟਰ ਫਾਸਟਵੇਅ (ਬਠਿੰਡਾ ਖ਼ਬਰਨਾਮਾ) ਨੇ ਸ਼ਿਰਕਤ ਕੀਤੀ। ਡਾ. ਅਨੁਰਾਧਾ ਭਾਟੀਆ, ਪ੍ਰਿੰਸੀਪਲ ਆਰ.ਬੀ.ਡੀ.ਏ.ਵੀ. ਸਕੂਲ, ਬਠਿੰਡਾ ਅਤੇ ਸ਼੍ਰੀ ਮਨਦੀਪ ਰਾਜੌਰਾ, ਟਰਾਂਸਮਿਸ਼ਨ ਅਗਜ਼ੈਕਟਿਵ, ਐਫ.ਐਮ. ਰੇਡੀਓ ਬਠਿੰਡਾ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ। ਇਸ ਮੌਕੇ ਜ਼ਿਲ੍ਹਾ ਭਾਸ਼ਾ ਦਫ਼ਤਰ ਬਠਿੰਡਾ ਵੱਲੋਂ ਪੁਸਤਕ ਪ੍ਰਦਰਸ਼ਨੀ ਵੀ ਲਗਾਈ ਗਈ। ਆਏ ਹੋਏ ਮਹਿਮਾਨਾਂ ਦਾ ਸਵਾਗਤ ਕਰਦਿਆਂ ਜ਼ਿਲ੍ਹਾ ਭਾਸ਼ਾ ਅਫ਼ਸਰ ਕੀਰਤੀ ਕਿਰਪਾਲ ਨੇ ਕਿਹਾ ਕਿ ਭਾਸ਼ਾ ਵਿਭਾਗ ਪੰਜਾਬ ਦਾ ਮੂਲ ਮੰਤਵ ਪੰਜਾਬੀ ਭਾਸ਼ਾ ਦਾ ਪ੍ਰਚਾਰ-ਪ੍ਰਸਾਰ ਕਰਨ ਦੇ ਨਾਲ-ਨਾਲ ਹੋਰ ਭਾਸ਼ਾਵਾਂ ’ਚ ਵੀ ਵਿਦਿਆਰਥੀਆਂ ਨੂੰ ਆਪਣਾ ਸਾਹਿਤਕ ਹੁਨਰ ਵਿਖਾਉਣ ਦਾ ਮੌਕਾ ਪ੍ਰਦਾਨ ਕਰਨਾ ਹੈ ਅਤੇ ਉਨ੍ਹਾਂ ਨੂੰ ਸਾਹਿਤ ਪੜ੍ਹਨ-ਲਿਖਣ ਦੀ ਚੇਟਕ ਲਾਉਣਾ ਹੈ। ਇਸੇ ਉਦੇਸ਼ ਤਹਿਤ ਇਹ ਸਾਹਿਤਕ ਮੁਕਾਬਲੇ ਕਰਵਾਏ ਜਾ ਰਹੇ ਹਨ। ਹਿੰਦੀ ਸਾਹਿਤ ਸਿਰਜਣ ਮੁਕਾਬਲਿਆਂ ਦਾ ਮੁਲਾਂਕਣ ਹਿੰਦੀ ਪੱਤਰਿਕਾ ‘ਹਸਤਾਖ਼ਰ’ ਦੇ ਸੰਪਾਦਕ ਸ਼੍ਰੀ ਸੁਰੇਸ਼ ਹੰਸ, ਸ਼੍ਰੀ ਲਵਲੀਨ ਸਚਦੇਵਾ ਪੀ.ਆਰ.ਓ. ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ ਅਤੇ ਹਿੰਦੀ-ਪੰਜਾਬੀ ਪੱਤਰਕਾਰਤਾ ‘ਚ ਵਿਸ਼ੇਸ਼ ਸਥਾਨ ਰੱਖਣ ਵਾਲੇ ਸ਼੍ਰੀ ਜਸਪ੍ਰੀਤ ਸਿੰਘ ਦੁਆਰਾ ਕੀਤਾ ਗਿਆ। ਕਵਿਤਾ ਗਾਇਨ ਮੁਕਾਬਲਿਆਂ ਦੀ ਜੱਜਮੈਂਟ ਪ੍ਰੋਫੈਸਰ ਮਨੋਨੀਤ ਮੁਖੀ ਸੰਗੀਤ ਵਿਭਾਗ ਸਰਕਾਰੀ ਰਜਿੰਦਰਾ ਕਾਲਜ, ਬਠਿੰਡਾ ਅਤੇ ਸ਼੍ਰੀ ਲਖਵੀਰ ਸਿੰਘ ਅਸਿਸਟੈਂਟ ਪ੍ਰੋਫੈਸਰ ਸੰਗੀਤ ਵਿਭਾਗ ਡੀ. ਏ. ਵੀ. ਕਾਲਜ, ਬਠਿੰਡਾ ਨੇ ਕੀਤੀ। ਮੰਚ ਸੰਚਾਲਕ ਦੀ ਭੂਮਿਕਾ ਖੋਜ ਅਫ਼ਸਰ ਨਵਪ੍ਰੀਤ ਸਿੰਘ ਨੇ ਨਿਭਾਈ। ਇਸ ਦੌਰਾਨ ਜ਼ਿਲ੍ਹਾ ਭਾਸ਼ਾ ਦਫ਼ਤਰ ਬਠਿੰਡਾ ਦੇ ਸਟਾਫ ਵਿੱਚੋਂ ਮਨਜਿੰਦਰ ਸਿੰਘ ਸੀਨੀਅਰ ਸਹਾਇਕ, ਅਨਿਲ ਕੁਮਾਰ ਅਤੇ ਸੁਖਦੀਪ ਸਿੰਘ ਮੌਜੂਦ ਸਨ। ਅੰਤ ਵਿੱਚ ਮੁੱਖ ਮਹਿਮਾਨ ਤੇ ਵਿਸ਼ੇਸ਼ ਸਖਸ਼ੀਅਤਾਂ ਵਲੋਂ ਜੇਤੂ ਵਿਦਿਆਰਥੀਆਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ। ਕਰਵਾਏ ਗਏ ਇਨ੍ਹਾਂ ਮੁਕਾਬਲਿਆਂ ਦੌਰਾਨ ਲੇਖ ਰਚਨਾ ਚ ਪਹਿਲਾ ਸਥਾਨ ਜਸਪ੍ਰੀਤ ਕੌਰ ਸਰਕਾਰੀ ਹਾਈ ਸਕੂਲ, ਨਹੀਆਂ ਵਾਲਾ, ਦੂਜਾ ਸਥਾਨ ਇਲਮਾ ਬੀ ਐੱਸ.ਐੱਸ.ਡੀ. ਮੋਤੀ ਰਾਮ ਕੇ.ਐਮ.ਵੀ ਸਕੂਲ ਬਠਿੰਡਾ, ਅਤੇ ਤੀਜਾ ਸਥਾਨ ਹਿਮਾਂਸ਼ੀ ਆਰੀਆ ਗਰਲਜ਼ ਸੀਨੀਅਰ ਸੈਕੰਡਰੀ ਸਕੂਲ, ਬਠਿੰਡਾ ਨੇ ਹਾਸਿਲ ਕੀਤਾ। ਕਹਾਣੀ ਰਚਨਾ ਮੁਕਾਬਲੇ ਵਿੱਚ ਪਹਿਲਾ ਸਥਾਨ ਦਿਵਿਆਂਸ਼ੀ ਪੌਲ ਆਰ.ਬੀ.ਡੀ.ਏ.ਵੀ. ਸਕੂਲ, ਬਠਿੰਡਾ, ਦੂਜਾ ਸਥਾਨ ਅਰਸ਼ਪ੍ਰੀਤ ਕੌਰ ਆਰ.ਬੀ.ਡੀ.ਏ.ਵੀ. ਸਕੂਲ, ਬਠਿੰਡਾ ਤੇ ਤੀਜਾ ਸਥਾਨ ਅਰਸ਼ਪ੍ਰੀਤ ਕੌਰ ਸਰਕਾਰੀ ਹਾਈ ਸਕੂਲ ਨਹੀਆਂ ਵਾਲਾ ਨੇ ਪ੍ਰਾਪਤ ਕੀਤਾ। ਕਵਿਤਾ ਰਚਨਾ ਮੁਕਾਬਲੇ ਵਿੱਚ ਪਹਿਲਾ ਸਥਾਨ ਸੁਖਜੀਤ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੰਜੇ ਨਗਰ, ਦੂਜਾ ਸਥਾਨ ਸਮੀਕਸ਼ਾ ਐਸ.ਐਸ.ਡੀ.ਮੋਤੀ ਰਾਮ ਕੇ.ਐਮ.ਵੀ. ਸਕੂਲ ਤੇ ਤੀਜਾ ਸਥਾਨ ਯਸ਼ਿਕਾ ਆਰ.ਬੀ.ਡੀ.ਏ.ਵੀ. ਸਕੂਲ, ਬਠਿੰਡਾ ਨੇ ਹਾਸਿਲ ਕੀਤਾ। ਕਵਿਤਾ ਗਾਇਨ ਮੁਕਾਬਲੇ ਵਿੱਚ ਪਹਿਲਾ ਸਥਾਨ ਸਾਹਿਬਪ੍ਰੀਤ ਕੌਰ ਸਿਲਵਰ ਓਕਸ ਸਕੂਲ ਬਠਿੰਡਾ, ਦੂਜਾ ਸਥਾਨ ਕੀਰਤੀ ਅਵਸਥੀ ਐੱਸ.ਐੱਸ ਡੀ ਸੀਨੀਅਰ ਸੈਕੰਡਰੀ ਸਕੂਲ, ਬਠਿੰਡਾ ਅਤੇ ਤੀਸਰਾ ਸਥਾਨ ਪੁਲਕਿਤ ਮਲਿਕ ਸਿਲਵਰ ਓਕਸ ਸਕੂਲ ਬਠਿੰਡਾ ਨੇ ਪ੍ਰਾਪਤ ਕੀਤਾ।
ਅਧਿਕਾਰੀ ਪੋਰਟਲ ਤੇ ਪ੍ਰਾਪਤ ਸ਼ਿਕਾਇਤ ਦਾ ਤਰੁੰਤ ਨਿਪਟਾਰਾ ਕਰਨਾ ਬਣਾਉਣ ਯਕੀਨੀ : ਡਿਪਟੀ ਕਮਿਸ਼ਨਰ
ਅਗਲੇ 2 ਦਿਨਾਂ ਦੇ ਅੰਦਰ-ਅੰਦਰ ਪੈਡਿੰਗ ਸ਼ਿਕਾਇਤਾਂ ਦਾ ਕੀਤਾ ਜਾਵੇ ਨਿਪਟਾਰਾ
ਅਧਿਕਾਰੀ ਰੋਜ਼ਾਨਾ ਚੈੱਕ ਕਰਨ ਆਪੋ-ਆਪਣਾ ਸ਼ਿਕਾਇਤ ਪੋਰਟਲ
ਸੁਖਜਿੰਦਰ ਮਾਨ
ਬਠਿੰਡਾ, 14 ਦਸੰਬਰ : ਜਨਤਕ ਸ਼ਿਕਾਇਤ ਨਿਵਾਰਣ ਪ੍ਰਣਾਲੀ (ਪੀਜੀਆਰਐੱਸ) ਪੋਰਟਲ ’ਤੇ ਬਕਾਇਆ ਪਈਆਂ ਸ਼ਿਕਾਇਤਾਂ ਦਾ ਅਗਲੇ 2 ਦਿਨਾਂ ਦੇ ਅੰਦਰ-ਅੰਦਰ ਨਿਪਟਾਰਾ ਕਰਨਾ ਯਕੀਨੀ ਬਣਾਇਆ ਜਾਵੇ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾਂ ਡਿਪਟੀ ਕਮਿਸ਼ਨਰ ਸ੍ਰੀ ਸ਼ੌਕਤ ਅਹਿਮਦ ਪਰੇ ਨੇ ਸਥਾਨਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿਖੇ ਵੱਖ-ਵੱਖ ਵਿਭਾਗਾਂ ਨਾਲ ਸਬੰਧਤ ਅਧਿਕਾਰੀਆਂ ਨੂੰ ਆਮ ਲੋਕਾਂ ਵੱਲੋਂ ਪੀਜੀਆਰਐਸ ਪੋਰਟਲ ਰਾਹੀਂ ਭੇਜੀਆਂ ਜਾਂਦੀਆਂ ਵੱਖ-ਵੱਖ ਤਰ੍ਹਾਂ ਦੀਆਂ ਸ਼ਿਕਾਇਤਾਂ ਸਬੰਧੀ ਕੀਤੀ ਗਈ ਸਮੀਖਿਆ ਬੈਠਕ ਦੀ ਪ੍ਰਧਾਨਗੀ ਕਰਦਿਆਂ ਕੀਤਾ। ਬੈਠਕ ਦੀ ਪ੍ਰਧਾਨਗੀ ਕਰਦਿਆਂ ਡਿਪਟੀ ਕਮਿਸ਼ਨਰ ਨੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਕਿਸੇ ਵੀ ਵਿਭਾਗ ਵੱਲੋਂ ਈ ਸੇਵਾ ਜਾਂ ਪੀਜੀਆਰਐਸ ਪੋਰਟਲ ’ਤੇ ਅਰਜ਼ੀਆਂ/ਸ਼ਿਕਾਇਤਾਂ ਬਕਾਇਆ ਨਾ ਰੱਖੀਆਂ ਜਾਣ। ਉਨ੍ਹਾਂ ਕਿਹਾ ਕਿ ਬਕਾਇਆ ਸ਼ਿਕਾਇਤਾਂ ਦਾ ਜਲਦੀ ਤੋਂ ਜਲਦੀ ਨਿਪਟਾਰਾ ਕਰਨਾ ਯਕੀਨੀ ਬਣਾਇਆ ਜਾਵੇ ਤੇ ਭਵਿੱਖ ਚ ਪ੍ਰਾਪਤ ਹੋਣ ਵਾਲੀਆਂ ਸ਼ਿਕਾਇਤਾਂ ਨੂੰ ਤੈਅ ਸਮੇਂ ਅਨੁਸਾਰ ਹੱਲ ਕੀਤਾ ਜਾਵੇ। ਇਸ ਦੌਰਾਨ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜੇਕਰ ਕਿਸੇ ਵਿਭਾਗ ਕੋਲ ਸ਼ਿਕਾਇਤ ਕਰਤਾ ਵੱਲੋਂ ਗਲਤੀ ਨਾਲ ਆਨਲਾਈਨ ਸ਼ਿਕਾਇਤ ਭੇਜ ਦਿੱਤੀ ਜਾਂਦੀ ਹੈ ਤਾਂ ਉਸ ਸ਼ਿਕਾਇਤ ਨੂੰ ਸਬੰਧਤ ਵਿਭਾਗ ਨੂੰ ਭੇਜਿਆ ਜਾਵੇ ਤਾਂ ਜੋ ਸ਼ਿਕਾਇਤ ਕਰਤਾ ਦੀ ਸ਼ਿਕਾਇਤ ਦਾ ਸਮੇਂ-ਸਿਰ ਨਿਪਟਾਰਾ ਕੀਤਾ ਜਾ ਸਕੇ। ਉਨ੍ਹਾਂ ਇਹ ਵੀ ਕਿਹਾ ਕਿ ਅਧਿਕਾਰੀ ਆਪੋ-ਆਪਣਾ ਪੋਰਟਲ ਰੋਜ਼ਾਨਾ ਪਹਿਲ ਦੇ ਆਧਾਰ ਤੇ ਚੈੱਕ ਤੇ ਪੋਰਟਲ ਤੇ ਪ੍ਰਾਪਤ ਸ਼ਿਕਾਇਤ ਦਾ ਨਿਪਟਾਰਾ ਕਰਨਾ ਯਕੀਨੀ ਬਣਾਉਣ। ਉਨ੍ਹਾਂ ਅਧਿਕਾਰੀਆਂ ਨੂੰ ਇਹ ਵੀ ਕਿਹਾ ਕਿ ਅਧਿਕਾਰੀ ਪ੍ਰਾਪਤ ਸ਼ਿਕਾਇਤ ਨੂੰ ਅੱਗੇ ਭੇਜਣ ਤੋਂ ਪਹਿਲਾਂ ਸ਼ਿਕਾਇਤ ਕਰਤਾ ਦੀ ਸ਼ਿਕਾਇਤ ਨੂੰ ਸੁਨਣਾ ਲਾਜ਼ਮੀ ਬਣਾਉਣ। ਇਸ ਮੌਕੇ ਐਸਡੀਐਮ ਰਾਮਪੁਰਾ ਓਮ ਪ੍ਰਕਾਸ਼, ਸਹਾਇਕ ਕਮਿਸ਼ਨਰ ਸ਼ਿਕਾਇਤਾਂ (ਜਨਰਲ) ਸ. ਸਾਰੰਗ ਪ੍ਰੀਤ ਸਿੰਘ ਔਜਲਾ, ਡੀਐਸਪੀ ਗੁਰਦੀਪ ਸਿੰਘ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਤੇ ਉਹਨਾਂ ਦੇ ਨੁਮਾਇੰਦੇ ਹਾਜ਼ਰ ਸਨ।
ਬਚਪਨ ਦੇ ਦੋਸਤ ਹੀ ਨਿਕਲੇ ਦੋਸਤ ਦੀ ਮਾਂ ਦੇ ਕਾਤਲ

ਪਤੀ ਹੀ ਨਿਕਲਿਆ ਪਤਨੀ ਦਾ ਕਾਤਲ
ਪਹਿਲਾਂ ਬਣਿਆ ਸੀ ਮੁਦਈ ਪਰ ਪੁਲਿਸ ਜਾਂਚ ’ਚ ਆਇਆ ਅੜਿੱਕੇ
ਪੁਲਿਸ ਵਲੋਂ ਪਰਚਾ ਦਰਜ ਕਰਨ ਤੋਂ ਬਾਅਦ ਕੀਤਾ ਗਿਫ਼ਤਾਰ
ਸੁਖਜਿੰਦਰ ਮਾਨ
ਬਠਿੰਡਾ, 13 ਦਸੰਬਰ: ਦੋ ਦਿਨ ਪਹਿਲਾਂ ਗੋਨਿਆਣਾ ਮੰਡੀ ’ਚ ਇੱਕ ਪ੍ਰਵਾਸੀ ਔਰਤ ਦੇ ਹੋਏ ਕਤਲ ਦੇ ਮਾਮਲੇ ਵਿਚ ਉਸਦਾ ਪਤੀ ਹੀ ਕਾਤਲ ਨਿਕਲਿਆ ਹੈ। ਜਦੋਂਕਿ ਪਹਿਲਾਂ ਕਥਿਤ ਦੋਸ਼ੀ ਨੇ ਮੁਦਈ ਬਣਕੇ ਪੁਲਿਸ ਕੋਲ ਪਰਚਾ ਦਰਜ਼ ਕਰਵਾਇਆ ਸੀ। ਪੜਤਾਲ ਤੋਂ ਬਾਅਦ ਹੁਣ ਪੁਲਿਸ ਨੇ ਉਸਨੂੰ ਗ੍ਰਿਫਤਾਰ ਕਰ ਲਿਆ ਹੈ। ਮਾਮਲੇ ਦੀ ਜਾਣਕਾਰੀ ਦਿੰਦਿਆਂ ਡੀਐਸਪੀ ਭੁੱਚੋ ਰਛਪਾਲ ਸਿੰਘ ਨੇ ਦਸਿਆ ਕਿ ਗੋਨਿਆਨਾ ਮੰਡੀ ਵਿੱਚ ਕਿਰਾਏ ਦੇ ਮਕਾਨ ਵਿੱਚ ਪ੍ਰਵਾਸੀ ਔਰਤ ਆਰਤੀ (35) ਦਾ ਕਿਸੇ ਨੇ ਗਲਾ ਘੁੱਟ ਕੇ ਕਤਲ ਕਰ ਦਿੱਤਾ ਸੀ। ਇਸ ਮਾਮਲੇ ਵਿੱਚ ਮ੍ਰਿਤਕ ਔਰਤ ਦੇ ਪਤੀ ਸੰਦੀਪ ਕੁਮਾਰ ਨੇ ਪੁਲਿਸ ਕੋਲ ਅਣਪਛਾਤੇ ਵਿਅਕਤੀਆਂ ਵਿਰੁੱਧ ਕੇਸ ਦਰਜ ਕਰਵਾਇਆ ਸੀ ਜਿਸਨੇ ਵਿੱਚ ਉਸਨੇ ਦਾਅਵਾ ਕੀਤਾ ਸੀ ਜਦ ਉਹ ਪੈਟਰੋਲ ਪੰਪ(ਜਿੱਥੇ ਉਹ ਕਰਿੰਦੇ ਵਜੋਂ ਕੰਮ ਕਰਦਾ ਸੀ) ਗਿਆ ਹੋਇਆ ਸੀ, ਤਾਂ ਕਿਸੇ ਨੇ ਉਸਦੀ ਪਤਨੀ ਦਾ ਕਤਲ ਕਰ ਦਿੱਤਾ। ਇਸ ਦੌਰਾਨ ਜਦ ਐਸਐਸਪੀ ਦੁਆਰਾ ਮਾਮਲੇ ਦੀ ਉਚ ਪੱਧਰੀ ਜਾਂਚ ਲਈ ਬਣਾਈ ਟੀਮ ਵਲੋਂ ਜਾਂਚ ਕੀਤੀ ਗਈ ਤਾਂ ਸਥਿਤੀ ਸਾਫ਼ ਹੋ ਗਈ। ਡੀਐਸਪੀ ਰਛਪਾਲ ਸਿੰਘ ਮੁਤਾਬਕ ਕਥਿਤ ਕਾਤਲ ਨੂੰ ਸੱਕ ਸੀ ਕਿ ਉਸਦੀ ਪਤਨੀ ਦੇ ਉਸਦੇ ਭਰਾ ਨਾਲ ਨਜਾਇਜ ਸਬੰਧ ਹਨ ਜਦੋਂਕਿ ਉਸਦੇ ਅਪਣੇ ਵੀ ਕਿਸੇ ਹੋਰ ਔਰਤ ਨਾਲ ਸਬੰਧ ਸਨ। ਇਸ ਜੋੜੇ ਦੇ ਇੱਕ ਚਾਰ ਸਾਲਾਂ ਬੱਚਾ ਵੀ ਹੈ।
ਪੰਜਾਬ ਸਰਕਾਰ ਪੰਚਾਇਤੀ ਜ਼ਮੀਨਾਂ ਨੂੰ ਨਾਜਾਇਜ਼ ਕਬਜਿਆਂ ਤੋਂ ਮੁਕਤ ਕਰਵਾਉਣ ਲਈ ਦੁਬਾਰਾ ਮੁਹਿੰਮ ਸ਼ੁਰੂ ਕਰੇਗੀ: ਕੁਲਦੀਪ ਸਿੰਘ ਧਾਲੀਵਾਲ
ਪੇਂਡੂ ਵਿਕਾਸ ਮੰਤਰੀ ਵੱਲੋਂ ਅਧਿਕਾਰੀਆਂ ਨੂੰ ਲੋਕਾਂ ਦੀਆਂ ਸ਼ਿਕਾਇਤਾਂ ਦਾ ਛੇਤੀ ਨਿਪਟਾਰਾ ਕਰਨ ਦੇ ਆਦੇਸ਼
ਵਿਕਾਸ ਭਵਨ ਵਿਖੇ ‘ਜਨਤਾ ਦਰਬਾਰ’ ਦਾ ਆਯੋਜਨ; ਲੋਕਾਂ ਦੀਆਂ ਸ਼ਿਕਾਇਤਾਂ ਸੁਣੀਆਂ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 13 ਦਸੰਬਰ: ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਪੰਚਾਇਤੀ ਜ਼ਮੀਨਾਂ ‘ਤੇ ਕੀਤੇ ਗਏ ਨਾਜਾਇਜ਼ ਕਬਜੇ ਛੁਡਾਉਣ ਲਈ ਛੇਤੀ ਹੀ ਦੁਬਾਰਾ ਮੁਹਿੰਮ ਸ਼ੁਰੂ ਕਰੇਗੀ। ਪੰਜਾਬ ਦੇ ਪੇਂਡੂ ਵਿਕਾਸ ਦੇ ਪੰਚਾਇਤ, ਖੇਤੀਬਾੜੀ ਤੇ ਕਿਸਾਨ ਭਲਾਈ ਅਤੇ ਪ੍ਰਵਾਸੀ ਭਾਰਤੀ ਮਾਮਲਿਆਂ ਬਾਰੇ ਮੰਤਰੀ ਸ. ਕੁਲਦੀਪ ਸਿੰਘ ਧਾਲੀਵਾਲ ਨੇ ਇਹ ਜਾਣਕਾਰੀ ਦਿੰਦਿਆਂ ਕਿਹਾ ਕਿ ਸੂਬਾ ਸਰਕਾਰ ਵੱਲੋਂ ਪਹਿਲਾਂ ਚਲਾਈ ਮੁਹਿੰਮ ਦੌਰਾਨ 10 ਹਜ਼ਾਰ ਏਕੜ ਤੋਂ ਵੱਧ ਪੰਚਾਇਤੀ ਜ਼ਮੀਨ ਨੂੰ ਨਾਜਾਇਜ਼ ਕਬਜ਼ਿਆਂ ਤੋਂ ਮੁਕਤ ਕਰਵਾਇਆ ਜਾ ਚੁੱਕਾ ਹੈ ਅਤੇ ਹੁਣ ਦੂਜਾ ਫੇਜ ਛੇਤੀ ਹੀ ਸ਼ੁਰੂ ਕੀਤਾ ਜਾਵੇਗਾ। ਅੱਜ ਵਿਕਾਸ ਭਵਨ, ਐਸ.ਏ.ਐਸ. ਨਗਰ (ਮੁਹਾਲੀ) ਵਿਖੇ ਆਯੋਜਿਤ ਹਫਤਾਵਾਰੀ ‘ਜਨਤਾ ਦਰਬਾਰ’ ਦੌਰਾਨ ਲੋਕਾਂ ਦੀਆਂ ਸ਼ਿਕਾਇਤਾਂ ਸੁਣਨ ਮੌਕੇ ਸ. ਧਾਲੀਵਾਲ ਨੇ ਕਿਹਾ ਕਿ ਪੰਚਾਇਤੀ ਜ਼ਮੀਨਾਂ ਹਰ ਹਾਲਤ ਨਾਜਾਇਜ਼ ਕਬਜ਼ਿਆਂ ਤੋਂ ਮੁਕਤ ਕਰਵਾਈਆਂ ਜਾਣਗੀਆਂ ਅਤੇ ਇਸ ਸੰਬੰਧੀ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਉਨ੍ਹਾਂ ਨੇ ਅਧਿਕਾਰੀਆਂ ਨੂੰ ਲੋਕਾਂ ਦੀਆਂ ਸ਼ਿਕਾਇਤਾਂ ਦਾ ਨਿਪਟਾਰਾ ਬਿਨ੍ਹਾਂ ਦੇਰੀ ਕਰਨ ਦੇ ਆਦੇਸ਼ ਵੀ ਦਿੱਤੇ। ਕੈਬਨਿਟ ਮੰਤਰੀ ਨੇ ਪ੍ਰਾਪਤ ਹੋ ਰਹੀਆਂ ਸ਼ਿਕਾਇਤਾਂ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਉਨ੍ਹਾਂ ਕੋਲ ਜ਼ਿਆਦਾਤਰ ਸ਼ਿਕਾਇਤਾਂ ਪੰਚਾਇਤੀ ਜ਼ਮੀਨਾਂ ਨਾਲ ਸਬੰਧਤ ਆ ਰਹੀਆਂ ਹਨ, ਜਿਨ੍ਹਾਂ ਦਾ ਬਿਨ੍ਹਾ ਦੇਰੀ ਨਿਪਟਾਰਾ ਵੀ ਕੀਤਾ ਜਾ ਰਿਹਾ ਹੈ। ਕੈਬਨਿਟ ਮੰਤਰੀ ਨੇ ਆਪਣੇ ਵਿਭਾਗਾਂ ਨਾਲ ਸਬੰਧਤ ਮੁਲਾਜ਼ਮਾਂ ਨੂੰ ਤਨਦੇਹੀ ਤੇ ਇਮਾਨਦਾਰੀ ਨਾਲ ਕੰਮ ਕਰਨ ਦੀ ਸਲਾਹ ਦਿੰਦਿਆਂ ਕਿਹਾ ਕਿ ਸੂਬਾ ਸਰਕਾਰ ਭ੍ਰਿਸ਼ਟ ਮੁਲਾਜ਼ਮਾਂ ਨੂੰ ਨਹੀਂ ਬਖ਼ਸ਼ੇਗੀ। ਲੋਕਾਂ ਨੂੰ ਸ਼ਿਕਾਇਤਾਂ ਦਰਜ ਕਰਵਾਉਣ ਲਈ ਫੇਸਬੁੱਕ ਦੀ ਵਰਤੋਂ ਕਰਨ ਦੀ ਅਪੀਲ ਕਰਦਿਆਂ ਮੰਤਰੀ ਨੇ ਕਿਹਾ ਕਿ ਉਹ ਹਰ ਮੰਗਲਵਾਰ ਨੂੰ ਵਿਕਾਸ ਭਵਨ ਵਿਖੇ ਹਫਤਾਵਾਰੀ ਜਨਤਾ ਦਰਬਾਰ ਪ੍ਰੋਗਰਾਮ ਕਰਵਾ ਰਹੇ ਹਨ ਤਾਂ ਜੋ ਹਰ ਸ਼ਨੀਵਾਰ ਨੂੰ ਅਜਨਾਲਾ ਤੋਂ ਇਲਾਵਾ ਹੋਰਨਾਂ ਲੋਕਾਂ ਦੀਆਂ ਸ਼ਿਕਾਇਤਾਂ ਸੁਣੀਆਂ ਜਾ ਸਕਣ। ਉਨ੍ਹਾਂ ਕਿਹਾ ਕਿ ਜੇਕਰ ਕੋਈ ਵਿਅਕਤੀ ਇਨ੍ਹਾਂ ਥਾਵਾਂ ’ਤੇ ਨਹੀਂ ਜਾ ਸਕਦਾ ਹੈ, ਤਾਂ ਉਹ ਆਪਣੀ ਸ਼ਿਕਾਇਤ ਦਰਜ ਕਰਵਾਉਣ ਲਈ ਫੇਸਬੁੱਕ ਦੀ ਵਰਤੋਂ ਕਰ ਸਕਦਾ ਹੈ। ਉਨ੍ਹਾਂ ਇਹ ਵੀ ਦੁਹਰਾਇਆ ਕਿ ਪੰਜਾਬ ਸਰਕਾਰ ਪ੍ਰਵਾਸੀ ਭਾਰਤੀਆਂ ਨਾਲ ਸਬੰਧਤ ਮਸਲਿਆਂ ਨੂੰ ਤੁਰੰਤ ਅਤੇ ਤਸੱਲੀਬਖਸ਼ ਢੰਗ ਨਾਲ ਹੱਲ ਕਰਨ ਲਈ ਵਚਨਬੱਧ ਹੈ। ਪੰਜਾਬ ਸਰਕਾਰ 16, 19, 23, 26 ਅਤੇ 30 ਦਸੰਬਰ ਨੂੰ ਕ੍ਰਮਵਾਰ ਜਲੰਧਰ, ਐਸ.ਏ.ਐਸ ਨਗਰ, ਲੁਧਿਆਣਾ, ਮੋਗਾ ਅਤੇ ਅੰਮ੍ਰਿਤਸਰ ਸਮੇਤ ਪੰਜ ਥਾਵਾਂ ’ਤੇ ’ਪ੍ਰਵਾਸੀ ਪੰਜਾਬੀਆਂ ਨਾਲ ਮਿਲਣੀ’ ਪ੍ਰੋਗਰਾਮ ਕਰਵਾਉਣ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ, ਜਿੱਥੇ ਸਮਰੱਥ ਅਧਿਕਾਰੀਆਂ ਵੱਲੋਂ ਪ੍ਰਵਾਸੀ ਭਾਰਤੀਆਂ ਨਾਲ ਸਬੰਧਤ ਸ਼ਿਕਾਇਤਾਂ ਸੁਣੀਆਂ ਜਾਣਗੀਆਂ ਅਤੇ ਇਹਨਾਂ ਸ਼ਿਕਾਇਤਾਂ ਦਾ ਛੇਤੀ ਅਤੇ ਤਸੱਲੀਬਖ਼ਸ਼ ਢੰਗ ਨਾਲ ਹੱਲ ਕੀਤਾ ਜਾਵੇਗਾ।
ਮੁੱਖ ਮੰਤਰੀ ਭਗਵੰਤ ਮਾਨ ਨੇ ਨਾਭਾ ਜੇਲ੍ਹ ਦੀ ਕੀਤੀ ਅਚਨਚੇਤ ਚੈਕਿੰਗ
ਜੇਲ੍ਹਾਂ ਵਿੱਚ ਕਿਸੇ ਵੀ ਤਰ੍ਹਾਂ ਦੀ ਸੁਰੱਖਿਆ ਕੁਤਾਹੀ ਲਈ ਅਧਿਕਾਰੀ ਤੇ ਸਟਾਫ਼ ਨਿੱਜੀ ਤੌਰ ਉਤੇ ਜ਼ਿੰਮੇਵਾਰ ਹੋਵੇਗਾ: ਮੁੱਖ ਮੰਤਰੀ
ਪੰਜਾਬੀ ਖ਼ਬਰਸਾਰ ਬਿਉਰੋ
ਨਾਭਾ (ਪਟਿਆਲਾ), 13 ਦਸੰਬਰ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਸੂਬੇ ਭਰ ਦੀਆਂ ਜੇਲ੍ਹਾਂ ਵਿੱਚ ਕਿਸੇ ਵੀ ਤਰ੍ਹਾਂ ਦੀ ਸੁਰੱਖਿਆ ਕੁਤਾਹੀ ਲਈ ਅਧਿਕਾਰੀਆਂ ਤੇ ਸਟਾਫ਼ ਨੂੰ ਨਿੱਜੀ ਤੌਰ ਉਤੇ ਜ਼ਿੰਮੇਵਾਰ ਠਹਿਰਾਇਆ ਜਾਵੇਗਾ। ਇੱਥੇ ਨਵੀਂ ਜ਼ਿਲ੍ਹਾ ਜੇਲ੍ਹ ਦਾ ਮੁਆਇਨਾ ਕਰਨ ਪੁੱਜੇ ਮੁੱਖ ਮੰਤਰੀ ਨੇ ਸਪੱਸ਼ਟ ਕੀਤਾ ਕਿ ਸੂਬੇ ਭਰ ਦੀਆਂ ਜੇਲ੍ਹਾਂ ਵਿੱਚ ਵਿਗਿਆਨਕ ਲੀਹਾਂ ਦੇ ਆਧਾਰ ਉਤੇ ਪੁਖ਼ਤਾ ਸੁਰੱਖਿਆ ਢਾਂਚਾ ਮੁਹੱਈਆ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੇ ਜੇਲ੍ਹਾਂ ਵਿੱਚ ਸੁਰੱਖਿਆ ਤੰਤਰ ਨੂੰ ਸਮੇਂ ਦੇ ਹਾਣ ਦਾ ਬਣਾਉਣ ਲਈ ਵਿਭਾਗ ਨੂੰ ਵਾਹਨ ਮੁਹੱਈਆ ਕਰਨ ਦੇ ਨਾਲ-ਨਾਲ ਜੇਲ੍ਹਾਂ ਵਿੱਚ ਜੈਮਰਾਂ, ਡੋਰ ਮੈਟਲ ਡਿਟੈਕਟਰ ਤੇ ਹੋਰ ਉਪਕਰਨ ਪਹਿਲਾਂ ਹੀ ਲਗਾ ਦਿੱਤੇ ਗਏ ਹਨ। ਭਗਵੰਤ ਮਾਨ ਨੇ ਕਿਹਾ ਕਿ ਇਹ ਅਚੰਭੇ ਵਾਲੀ ਗੱਲ ਹੈ ਕਿ ਹਾਲੇ ਵੀ ਜੇਲ੍ਹਾਂ ਵਿੱਚੋਂ ਮੋਬਾਈਲ ਤੇ ਨਸ਼ੇ ਮਿਲਣ ਦੀਆਂ ਰਿਪੋਰਟਾਂ ਆ ਰਹੀਆਂ ਹਨ। ਮੁੱਖ ਮੰਤਰੀ ਨੇ ਆਖਿਆ ਕਿ ਜੇਲ੍ਹ ਸਟਾਫ਼ ਦੀ ਅਜਿਹੀ ਕੁਤਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜਿਹੜਾ ਅਧਿਕਾਰੀ ਇਸ ਤਰ੍ਹਾਂ ਦੀਆਂ ਕੁਤਾਹੀਆਂ ਲਈ ਜ਼ਿੰਮੇਵਾਰ ਪਾਇਆ ਗਿਆ, ਉਸ ਖ਼ਿਲਾਫ਼ ਸਖ਼ਤ ਕਦਮ ਚੁੱਕਿਆ ਜਾਵੇਗਾ। ਭਗਵੰਤ ਮਾਨ ਨੇ ਕਿਹਾ ਕਿ ਅਜਿਹੀਆਂ ਕੁਤਾਹੀਆਂ ਲਈ ਜੇਲ੍ਹਾਂ ਦੀ ਕਾਰਜਪ੍ਰਣਾਲੀ ਦੀ ਦੇਖ-ਰੇਖ ਕਰ ਰਹੇ ਅਧਿਕਾਰੀਆਂ ਨੂੰ ਜ਼ਿੰਮੇਵਾਰ ਠਹਿਰਾਇਆ ਜਾਵੇਗਾ ਅਤੇ ਉਨ੍ਹਾਂ ਵਿਰੁੱਧ ਮਿਸਾਲੀ ਕਾਰਵਾਈ ਕੀਤੀ ਜਾਵੇਗੀ। ਜੇਲ੍ਹਾਂ ਵਿੱਚ ਨਸ਼ਿਆਂ ਤੇ ਮੋਬਾਈਲਾਂ ਦੀ ਸਪਲਾਈ ਉਤੇ ਸਖ਼ਤੀ ਨਾਲ ਨੱਥ ਪਾਉਣ ਦੀ ਲੋੜ ਦੀ ਨਿਸ਼ਾਨਦੇਹੀ ਕਰਦਿਆਂ ਮੁੱਖ ਮੰਤਰੀ ਨੇ ਇਸ ਗ਼ੈਰ-ਕਾਨੂੰਨੀ ਕਵਾਇਦ ਨੂੰ ਰੋਕਣ ਲਈ ਅਧਿਕਾਰੀਆਂ ਨੂੰ ਆਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਜੇਲ੍ਹਾਂ ਦੀ ਸੁਰੱਖਿਆ ਨੂੰ ਸੂਬਾ ਸਰਕਾਰ ਸਭ ਤੋਂ ਵੱਧ ਤਰਜੀਹ ਦੇ ਰਹੀ ਹੈ ਅਤੇ ਇਸ ਨਾਲ ਕਿਸੇ ਵੀ ਤਰ੍ਹਾਂ ਦਾ ਸਮਝੌਤਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਜੇਲ੍ਹ ਬੰਦੀਆਂ ਵਿਚਾਲੇ ਅਨੁਸ਼ਾਸਨਹੀਣਤਾ ਦੀਆਂ ਵਧਦੀਆਂ ਘਟਨਾਵਾਂ ਉਤੇ ਡੂੰਘੀ ਚਿੰਤਾ ਪ੍ਰਗਟ ਕਰਦਿਆਂ ਭਗਵੰਤ ਮਾਨ ਨੇ ਅੱਗੇ ਕਿਹਾ ਕਿ ਅਧਿਕਾਰੀ ਢੁਕਵੇਂ ਕਦਮ ਚੁੱਕ ਕੇ ਇਸ ਰੁਝਾਨ ਨੂੰ ਨੱਥ ਪਾਉਣ।
ਪੰਜਾਬ ਕਾਡਰ ਦੇ ਐਸ.ਐਸ.ਪੀ ਨੂੰ ਫ਼ਾਰਗ ਕਰਨ ‘ਤੇ ਭਗਵੰਤ ਮਾਨ ਨੇ ਜਤਾਇਆ ਰੋਸ਼, ਕਿਹਾ ਨਵਾਂ ਪੈਨਲ ਤੁਰੰਤ ਭੇਜਾਂਗੇ
ਰਾਜਪਾਲ ਨੂੰ ਪੱਤਰ ਲਿਖ ਕੇ ਕਿਹਾ ਕਿ ਚੰਡੀਗੜ੍ਹ ਦੇ ਐਸ.ਐਸ.ਪੀ. ਦੇ ਅਹੁਦੇ ਤੋਂ ਪੰਜਾਬ ਕਾਡਰ ਦੇ ਆਈ.ਪੀ.ਐਸ. ਅਫਸਰ ਨੂੰ ਵਾਪਸ ਭੇਜਣ ਨਾਲ ਯੂ.ਟੀ. ਦੇ ਕੰਮਕਾਜੀ ਮਾਮਲਿਆਂ ਵਿਚ ਸੂਬਿਆਂ ਦਰਮਿਆਨ ਸੰਤੁਲਨ ਵਿਗੜੇਗਾ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 13 ਦਸੰਬਰ: ਬੀਤੇ ਕੱਲ ਚੰਡੀਗੜ੍ਹ ਦੇ ਪ੍ਰਸ਼ਾਸਕ ਵਲੋਂ ਅਚਾਨਕ ਪੰਜਾਬ ਕਾਡਰ ਨਾਲ ਸਬੰਧਤ ਚੰਡੀਗੜ੍ਹ ਦੇ ਐਸ.ਐਸ.ਪੀ ਕੁਲਦੀਪ ਸਿੰਘ ਚਾਹਲ ਨੂੰ ਅਹੁੱਦੇ ਤੋਂ ਫ਼ਾਰਗ ਕਰਨ ‘ਤੇ ਫੈਸਲੇ ’ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਰੋਸ਼ ਜਤਾਇਆ ਹੈ। ਉਨ੍ਹਾਂ ਅੱਜ ਸੂਬੇ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਨੂੰ ਜਾਣੂੰ ਕਰਵਾਇਆ ਕਿ ਕੇਂਦਰੀ ਸ਼ਾਸਿਤ ਪ੍ਰਦੇਸ਼, ਚੰਡੀਗੜ੍ਹ ਦੇ ਐਸ.ਐਸ.ਪੀ. ਦੇ ਅਹੁਦੇ ਉਤੇ ਰਵਾਇਤੀ ਤੌਰ ਉਤੇ ਪੰਜਾਬ ਕਾਡਰ ਦਾ ਆਈ.ਪੀ.ਐਸ. ਅਧਿਕਾਰੀ ਹੀ ਤਾਇਨਾਤ ਹੁੰਦਾ ਹੈ। ਇਸੇ ਤਰ੍ਹਾਂ ਯੂ.ਟੀ. ਦਾ ਡਿਪਟੀ ਕਮਿਸ਼ਨਰ ਹਰਿਆਣਾ ਕਾਡਰ ਦਾ ਆਈ.ਏ.ਐਸ. ਅਧਿਕਾਰੀ ਨਿਯੁਕਤ ਹੁੰਦਾ ਹੈ। ਭਗਵੰਤ ਮਾਨ ਨੇ ਕਿਹਾ ਕਿ ਉਨ੍ਹਾਂ ਨੂੰ ਇਹ ਜਾਣ ਕੇ ਹੈਰਾਨੀ ਹੋਈ ਹੈ ਕਿ ਪੰਜਾਬ ਕਾਡਰ ਦੇ ਸਾਲ 2009 ਦੇ ਆਈ.ਪੀ.ਐਸ. ਅਧਿਕਾਰੀ ਕੁਲਦੀਪ ਸਿੰਘ ਚਾਹਲ ਨੂੰ ਸਮੇਂ ਤੋਂ ਪਹਿਲਾਂ ਹੀ ਪੰਜਾਬ ਵਾਪਸ ਭੇਜ ਦਿੱਤਾ ਗਿਆ ਹੈ। ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਸੂਬੇ ਲਈ ਇਹ ਹੋਰ ਵੀ ਦੁੱਖ ਦੀ ਗੱਲ ਹੈ ਕਿ ਚੰਡੀਗੜ੍ਹ ਦੇ ਐਸ.ਐਸ.ਪੀ. ਦੇ ਅਹੁਦੇ ਉਤੇ ਹਰਿਆਣਾ ਕਾਡਰ ਦਾ ਆਈ.ਪੀ.ਐਸ. ਅਧਿਕਾਰੀ ਨਿਯੁਕਤ ਕਰ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਇਹ ਕਦਮ ਪੂਰੀ ਤਰ੍ਹਾਂ ਗੈਰ-ਵਾਜਬ ਹੈ ਕਿਉਂ ਜੋ ਇਸ ਨਾਲ ਯੂ.ਟੀ. ਦੇ ਮਾਮਲਿਆਂ ਨੂੰ ਚਲਾਉਣ ਵਿਚ ਸੂਬਿਆਂ ਦਰਮਿਆਨ ਸੰਤੁਲਨ ਵਿਗੜ ਰਿਹਾ ਹੈ। ਭਗਵੰਤ ਮਾਨ ਨੇ ਕਿਹਾ ਕਿ ਜੇਕਰ ਕਿਸੇ ਕਾਰਨ ਐਸ.ਐਸ.ਪੀ. ਕੁਲਦੀਪ ਸਿੰਘ ਚਾਹਲ ਨੂੰ ਵਾਪਸ ਭੇਜਣਾ ਹੀ ਸੀ ਤਾਂ ਪਹਿਲਾਂ ਪੰਜਾਬ ਤੋਂ ਆਈ.ਪੀ.ਐਸ. ਅਧਿਕਾਰੀਆਂ ਦਾ ਪੈਨਲ ਮੰਗ ਲੈਣਾ ਚਾਹੀਦਾ ਸੀ। ਇਸ ਮਾਮਲੇ ਵਿਚ ਰਾਜਪਾਲ ਦੇ ਦਖ਼ਲ ਦੀ ਮੰਗ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਛੇਤੀ ਹੀ ਐਸ.ਐਸ.ਪੀ. ਚੰਡੀਗੜ੍ਹ ਦੇ ਅਹੁਦੇ ਲਈ ਪੰਜਾਬ ਕਾਡਰ ਦੇ ਤਿੰਨ ਆਈ.ਪੀ.ਐਸ. ਅਧਿਕਾਰੀਆਂ ਦਾ ਪੈਨਲ ਭੇਜੇਗੀ। ਉਨ੍ਹਾਂ ਨੇ ਉਮੀਦ ਜ਼ਾਹਰ ਕੀਤੀ ਕਿ ਪੰਜਾਬ ਕਾਡਰ ਦਾ ਆਈ.ਪੀ.ਐਸ. ਅਧਿਕਾਰੀ ਛੇਤੀ ਹੀ ਐਸ.ਐਸ.ਪੀ. ਚੰਡੀਗੜ੍ਹ ਦੇ ਅਹੁਦੇ ਉਤੇ ਨਿਯੁਕਤ ਹੋਵੇਗਾ।
ਵਿਰੋਧੀਆਂ ਪਾਰਟੀਆਂ ਨੇ ਵੀ ਜਤਾਇਆ ਰੋਸ਼
ਚੰਡੀਗੜ੍ਹ: ਉਧਰ ਵਿਰੋਧੀਆਂ ਪਾਰਟੀਆਂ ਨੇ ਵੀ ਚੰਡੀਗੜ੍ਹ ਦੇ ਪ੍ਰਸ਼ਾਸਕ ਦੇ ਇਸ ਫੈਸਲੇ ’ਤੇ ਰੋਸ਼ ਜਤਾਇਆ ਹੈ। ਸਾਬਕਾ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖ਼ਹਿਰਾ, ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ, ਅਕਾਲੀ ਆਗੂ ਡਾ ਦਲਜੀਤ ਸਿੰਘ ਚੀਮਾ ਆਦਿ ਨੇ ਦਾਅਵਾ ਕੀਤਾ ਕਿ ਜਿੱਥੇ ਕੇਂਦਰ ਨੇ ਚੰਡੀਗੜ ਦੇ ਪ੍ਰਸ਼ਾਸਕ ਰਾਹੀਂ ਪੰਜਾਬ ਦਾ ਆਈ.ਪੀ.ਐਸ ਅਫ਼ਸਰ ਵਾਪਸ ਭੇਜ ਕੇ ਸੂਬੇ ਨਾਲ ਧੱਕਾ ਕੀਤਾ ਹੈ, ਉਥੇ ਪੰਜਾਬ ਸਰਕਾਰ ਵੀ ਇਸ ਮਾਮਲੇ ਵਿਚ ਕੇਂਦਰ ਅੱਗੇ ਆਤਮਸਮਰਪਣ ਕਰਦੀ ਨਜ਼ਰ ਆ ਰਹੀ ਹੈ।
ਸੂਬਾ ਸਰਕਾਰ ਦੀਆਂ ਲੋਕ ਭਲਾਈ ਸਕੀਮਾਂ ਬਾਰੇ ਵੱਧ ਤੋਂ ਵੱਧ ਲੋਕਾਂ ਨੂੰ ਕਰਵਾਇਆ ਜਾਵੇ ਜਾਣੂ : ਅਮ੍ਰਿੰਤ ਲਾਲ ਅਗਰਵਾਲ
ਕੋਈ ਵੀ ਯੋਗ ਲਾਭਪਾਤਰੀ ਸਕੀਮਾਂ ਦਾ ਲਾਹਾ ਲੈਣ ਤੋਂ ਨਾ ਰਹਿਣ ਦਿੱਤਾ ਜਾਵੇ ਵਾਝਾਂ
ਸੁਖਜਿੰਦਰ ਮਾਨ
ਬਠਿੰਡਾ, 13 ਦਸੰਬਰ : ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਮਾਨ ਦੀ ਯੋਗ ਅਗਵਾਈ ਵਾਲੀ ਸੂਬਾ ਸਰਕਾਰ ਵਲੋਂ ਚਲਾਈਆਂ ਜਾ ਰਹੀਆਂ ਵੱਖ-ਵੱਖ ਤਰ੍ਹਾਂ ਦੀਆਂ ਲੋਕ ਭਲਾਈ ਸਕੀਮਾਂ ਸਬੰਧੀ ਵੱਧ ਤੋਂ ਵੱਧ ਆਮ ਲੋਕਾਂ ਨੂੰ ਜਾਣੂ ਕਰਵਾਉਣਾ ਅਤੇ ਇਨ੍ਹਾਂ ਦਾ ਲਾਹਾ ਦੇਣਾ ਯਕੀਨੀ ਬਣਾਇਆ ਜਾਵੇ। ਇਨ੍ਹਾਂ ਗੱਲ੍ਹਾਂ ਦਾ ਪ੍ਰਗਟਾਵਾਂ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਅਮ੍ਰਿੰਤ ਲਾਲ ਅਗਰਵਾਲ ਨੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਕੀਤੀ ਗਈ ਸਮੀਖਿਆਂ ਮੀਟਿੰਗ ਦੌਰਾਨ ਕੀਤਾ। ਇਸ ਮੌਕੇ ਚੇਅਰਮੈਨ ਸ੍ਰੀ ਅਗਰਵਾਲ ਨੇ ਕਿਹਾ ਕਿ ਸੂਬਾ ਸਰਕਾਰ ਵਲੋਂ ਚਲਾਈਆਂ ਜਾ ਰਹੀਆਂ ਵੱਖ-ਵੱਖ ਤਰ੍ਹਾਂ ਦੀਆਂ ਲੋਕ ਭਲਾਈ ਸਕੀਮਾਂ ਦੀ ਸਮੀਖਿਆ ਕਰਦਿਆਂ ਕਿਹਾ ਕਿ ਕੋਈ ਵੀ ਯੋਗ ਲਾਭਪਾਤਰੀ ਭਲਾਈ ਸਕੀਮਾਂ ਤੋਂ ਵਾਝਾਂ ਨਾ ਰਹਿ ਸਕੇ ਅਤੇ ਜ਼ਿਲ੍ਹੇ ਅੰਦਰ ਚੱਲ ਰਹੇ ਵਿਕਾਸ ਕਾਰਜਾਂ ਨੂੰ ਤੈਅ ਸਮੇਂ ਅਨੁਸਾਰ ਮੁਕੰਮਲ ਕਰਨਾ ਯਕੀਨੀ ਬਣਾਇਆ ਜਾਵੇ। ਇਸ ਦੌਰਾਨ ਜ਼ਿਲ੍ਹਾਂ ਵਿਕਾਸ ਤੇ ਪੰਚਾਇਤ ਅਫਸਰ ਨੇ ਚੇਅਰਮੈਨ ਅਗਰਵਾਲ ਦੇ ਧਿਆਨ ਵਿਚ ਲਿਆਂਦਾ ਕਿ ਪਿੰਡਾਂ ਵਿਚ ਲੋਕਾਂ ਦੇ ਜਮੀਨਾਂ ਤੇ ਕੀਤੇ ਨਜਾਇਜ਼ ਕਬਜਿਆਂ ਵਿਚੋਂ ਹੁਣ ਤੱਕ ਲਗਭਗ 58 ਏਕੜ ਜਮੀਨ ਛਡਵਾਈ ਗਈ ਹੈ ਤੇ ਹੋਰ ਵੀ ਪੰਚਾਇਤੀ ਜ਼ਮੀਨ ਤੇ ਨਜਾਇਜ਼ ਕਬਜੇ ਛੁਡਵਾਉਣ ਲਈ ਲੋੜੀਂਦੇ ਕਦਮ ਚੁੱਕੇ ਜਾ ਰਹੇ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਮਨਰੇਗਾ ਸਕੀਮ ਅਧੀਨ 100 ਸਾਂਝਾ ਜਲ ਤਲਾਬ ਦੇ ਟੀਚੇ ਪ੍ਰਤੀ 106 ਸਾਂਝਾ ਜਲ ਤਲਾਬ ਚੁਣਦੇ ਹੋਏ ਜਿਨ੍ਹਾਂ ਚੋਂ 50 ਸਾਂਝਾ ਜਲ ਤਲਾਬਾਂ ਦੇ ਕੰਮ ਪ੍ਰਗਤੀ ਅਧੀਨ ਹਨ ਤੇ 22 ਸਾਂਝਾ ਜਲ ਤਲਾਬਾਂ ਦੇ ਮੁਕੰਮਲ ਕੀਤੇ ਜਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਬਣਾਏ ਜਾ ਰਹੇ ਸਾਂਝਾ ਜਲ ਤਲਾਬ ਸਾਫ਼ ਪਾਣੀ ਨੂੰ ਸਿੰਚਾਈ ਲਈ ਵਰਤਿਆ ਜਾ ਰਿਹਾ ਹੈ। ਸਮੀਖਿਆ ਦੌਰਾਨ ਚੇਅਰਮੈਨ ਸ਼?ਰੀ ਅਗਰਵਾਲ ਨੇ ਸੁਝਾਅ ਦਿੱਤਾ ਕਿ ਇਨ੍ਹਾਂ ਸਾਂਝਾ ਜਲ ਤਲਾਬ ਵਿਚੋ ਵਧੇਰੇ ਆਮਦਨ ਮੁਹੱਈਆ ਕਰਨ ਲਈ ਮੱਛੀ ਪਾਲਣ ਵਿਭਾਗ ਨਾਲ ਤਾਲਮੇਲ ਕਰਕੇ ਮੱਛੀ ਪਾਲਣ ਦੇ ਧੰਦੇ ਨੂੰ ਤਰਜ਼ੀਹ ਦਿੱਤੀ ਜਾਵੇ ਜਿਸ ਤੋਂ 1 ਲੱਖ ਤੋਂ ਲੈ ਕੇ 1.50 ਲੱਖ ਰੁਪਏ ਤੱਕ ਪ੍ਰਤੀ ਏਕੜ ਆਮਦਨ ਕੀਤੀ ਜਾ ਸਕਦੀ ਹੈ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ਼੍ਰੀ ਰੁਪਿੰਦਰ ਸਿੰਘ, ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫਸਰ ਮੈਡਮ ਨੀਰੂ ਗਰਗ, ਉਪ ਅਰਥ ਤੇ ਅੰਕੜਾ ਸਲਾਹਕਾਰ ਸ਼੍ਰੀਮਤੀ ਸੁਨੀਤਾਪਾਲ, ਸਹਾਇਕ ਖੋਜ ਅਫਸਰ ਸ਼੍ਰੀ ਰਣਜੀਤ ਸਿੰਘ ਤੇ ਸ਼?ਰੀ ਕਰਮਜੀਤ ਸਿੰਘ ਆਦਿ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।






