Tuesday, May 19, 2026
Home Blog Page 2285

5 ਲੱਖ ਰੁਪਏ ਰਿਸ਼ਵਤ ਲੈਂਦਿਆਂ ਈ.ਟੀ.ਓ. ਤੇ ਆਬਕਾਰੀ ਇੰਸਪੈਕਟਰ ਨੂੰ ਰੰਗੇ ਹੱਥੀਂ ਕੀਤਾ ਕਾਬੂ

0

ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 15 ਦਸੰਬਰ:ਪੰਜਾਬ ਵਿਜੀਲੈਂਸ ਬਿਊਰੋ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਿਰਦੇਸ਼ਾਂ ਅਨੁਸਾਰ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਚੱਲ ਰਹੀ ਮੁਹਿੰਮ ਦੌਰਾਨ ਅੱਜ ਕਰ ਤੇ ਆਬਕਾਰੀ ਅਫਸਰ (ਈ.ਟੀ.ਓ) ਸੰਦੀਪ ਸਿੰਘ ਅਤੇ ਆਬਕਾਰੀ ਤੇ ਕਰ ਇੰਸਪੈਕਟਰ ਵਿਸ਼ਾਲ ਸ਼ਰਮਾ ਨੂੰ 5,00,000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਆਬਕਾਰੀ ਤੇ ਕਰ ਵਿਭਾਗ ਲੁਧਿਆਣਾ ਦੇ ਜੀ.ਐਸ.ਟੀ. ਵਿੰਗ ਵਿੱਚ ਤਾਇਨਾਤ ਮੁਲਜ਼ਮਾਂ ਨੂੰ ਰਵਿੰਦਰ ਕੁਮਾਰ ਵਾਸੀ ਸਰਾਭਾ ਨਗਰ, ਲੁਧਿਆਣਾ ਦੀ ਸ਼ਿਕਾਇਤ ’ਤੇ ਗ੍ਰਿਫ਼ਤਾਰ ਕੀਤਾ ਗਿਆ ਹੈ।ਉਨ੍ਹਾਂ ਦੱਸਿਆ ਕਿ ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਕੋਲ ਪਹੁੰਚ ਕਰਕੇ ਦੋਸ਼ ਲਾਇਆ ਹੈ ਕਿ ਵਿਭਾਗ ਵੱਲੋਂ ਕੀਤੇ ਸਰਵੇਖਣ ਦੌਰਾਨ ਉਸ ਦੀ ਫਰਮ ਨੂੰ ਲਾਇਆ ਜ਼ੁਰਮਾਨਾ ਰੱਦ (ਰਾਈਟ ਆਫ਼) ਕਰਨ ਬਦਲੇ ਉਕਤ ਆਬਕਾਰੀ ਅਧਿਕਾਰੀ 15 ਲੱਖ ਰੁਪਏ ਰਿਸ਼ਵਤ ਮੰਗ ਕਰ ਰਹੇ ਸਨ ਪਰ ਸੌਦਾ 12 ਲੱਖ ਰੁਪਏ ਵਿੱਚ ਤੈਅ ਹੋਇਆ।ਬੁਲਾਰੇ ਨੇ ਅੱਗੇ ਦੱਸਿਆ ਕਿ ਇਸ ਸ਼ਿਕਾਇਤ ਦੀ ਪੜਤਾਲ ਉਪਰੰਤ ਵਿਜੀਲੈਂਸ ਬਿਊਰੋ ਦੀ ਟੀਮ ਨੇ ਜਾਲ ਵਿਛਾਇਆ ਅਤੇ ਦੋਵੇਂ ਆਬਕਾਰੀ ਅਧਿਕਾਰੀਆਂ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਪਹਿਲੀ ਕਿਸ਼ਤ ਵਜੋਂ 5,00,000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕਰ ਲਿਆ।ਉਨ੍ਹਾਂ ਦੱਸਿਆ ਕਿ ਦੋਵਾਂ ਮੁਲਜ਼ਮਾਂ ਖ਼ਿਲਾਫ਼ ਭ੍ਰਿਸ਼ਟਾਚਾਰ ਰੋਕੂ ਐਕਟ ਤਹਿਤ ਵਿਜੀਲੈਂਸ ਬਿਊਰੋ ਪੁਲਿਸ ਸਟੇਸ਼ਨ, ਆਰਥਿਕ ਅਪਰਾਧ ਸ਼ਾਖਾ, ਲੁਧਿਆਣਾ ਵਿਖੇ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ।

ਸੁਖਬੀਰ ਸਿੰਘ ਬਾਦਲ ਵੱਲੋਂ ਪਾਰਟੀ ਦੇ ਜਥੇਬੰਦਕ ਢਾਂਚੇ ਦਾ ਵਿਸਥਾਰ

0

ਸਲਾਹਕਾਰ ਬੋਰਡ ਦੇ ਹੋਰ 10 ਮੈਬਰਾਂ ਅਤੇ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨਾਂ ਦਾ ਐਲਾਨ।
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ 15 ਦਸੰਬਰ—ਸ਼ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਦੀ ਜਥੇਬੰਦੀ ਦਾ ਹੋਰ ਵਿਸਥਾਰ ਕਰਦਿਆਂ ਅੱਜ 10 ਸੀਨੀਅਰ ਆਗੂਆਂ ਨੂੰ ਪਾਰਟੀ ਪ੍ਰਧਾਨ ਦੇ ਸਲਾਹਕਾਰ ਬੋਰਡ ਦਾ ਮੈਂਬਰ ਅਤੇ 19 ਸੀਨੀਅਰ ਆਗੂਆਂ ਨੂੰ ਪਾਰਟੀ ਦਾ ਸੀਨੀਅਰ ਮੀਤ ਪ੍ਰਧਾਨ ਬਣਾਉਣ ਦਾ ਐਲਾਨ ਕੀਤਾ। ਅੱਜ ਜਾਰੀ ਕੀਤੀ ਗਈ ਸੂਚੀ ਹੇਠ ਲਿਖੇ ਅਨੁਸਾਰ ਹੈ। ਸ. ਗੋਬਿੰਦ ਸਿੰਘ ਲੋਂਗੋਵਾਲ, ਸ. ਸੁੱਚਾ ਸਿੰਘ ਛੋਟੇਪੁਰ, ਭਾਈ ਮਨਜੀਤ ਸਿੰਘ, ਸ. ਅਲਵਿੰਦਰਪਾਲ ਸਿੰਘ ਪੱਖੋਕੇ, ਕੈਪਟਨ ਬਲਬੀਰ ਸਿੰਘ ਬਾਠ, ਜਥੇਦਾਰ ਮਹਿੰਦਰ ਸਿੰਘ ਹੁਸੈਨਪੁਰ, ਜਥੇਦਾਰ ਉਜਾਗਰ ਸਿੰਘ ਬਡਾਲੀ, ਸ.ਬਲਬੀਰ ਸਿੰਘ ਮਿਆਣੀ, ਸ. ਹਰਚਰਨ ਸਿੰਘ ਗੋਹਲਵੜੀਆ ਅਤੇ ਭਾਈ ਰਾਮ ਸਿੰਘ ਦੇ ਨਾਮ ਸ਼ਾਮਲ ਹਨ। ਇਸੇ ਤਰ੍ਹਾਂ ਸੀਨੀਅਰ ਮੀਤ ਪ੍ਰਧਾਨ ਵਿਚ ਸ. ਆਦੇਸ਼ਪ੍ਰਤਾਪ ਸਿੰਘ ਕੈਰੋਂ, ਸ.ਜੀਤਮਹਿੰਦਰ ਸਿੰਘ ਸਿੱਧੂ, ਸ. ਮਨਪ੍ਰੀਤ ਸਿੰਘ ਇਯਾਲੀ, ਸ. ਸੋਹਣ ਸਿੰਘ ਠੰਡਲ, ਸ. ਹਰਮੀਤ ਸਿੰਘ ਸੰਧੂ, ਸ. ਮਨਤਾਰ ਸਿੰਘ ਬਰਾੜ, ਸ. ਜਗਬੀਰ ਸਿੰਘ ਬਰਾੜ, ਸ. ਗਗਨਜੀਤ ਸਿੰਘ ਬਰਨਾਲਾ, ਬੀਬੀ ਸਤਵਿੰਦਰ ਕੌਰ ਧਾਲੀਵਾਲ, ਸ. ਸੁਰਿੰਦਰ ਸਿੰਘ ਭੂਲੇਵਾਲ ਰਾਠਾਂ, ਸ. ਹਰਪ੍ਰੀਤ ਸਿੰਘ ਕੋਟਭਾਈ, ਸ਼੍ਰੀ ਹਰੀਸ਼ ਰਾਏ ਢਾਂਡਾ, ਡਾ. ਮਹਿੰਦਰ ਕੁਮਾਰ ਰਿਣਵਾ, ਸ਼੍ਰੀ ਹੰਸ ਰਾਜ ਜੋਸ਼ਨ, ਸ਼੍ਰੀ ਐਸ.ਆਰ.ਕਲੇਰ, ਬੀਬੀ ਹਰਪ੍ਰੀਤ ਕੌਰ ਮੁਖਮੈਲਪੁਰ, ਸ. ਦਰਸ਼ਨ ਸਿੰਘ ਸ਼ਿਵਾਲਿਕ, ਬੀਬੀ ਗੁਰਦੇਵ ਕੌਰ ਸੰਘਾ ਅਤੇ ਸ. ਹਰਭਜਨ ਸਿੰਘ ਡੰਗ ਦੇ ਨਾਮ ਸ਼ਾਮਲ ਹਨ।

31 ਸਾਲ ਪਹਿਲਾਂ ਪੀਲੀਭੀਤ ’ਚ ਨਕਲੀ ਮੁਕਾਬਲੇ ਵਿਚ 10 ਸਿੱਖਾਂ ਨੂੰ ਮਾਰਨ ਵਾਲੇ 43 ਪੁਲਿਸ ਵਾਲੇ ਦੋਸ਼ੀ ਕਰਾਰ

ਇਲਾਹਾਬਾਦ ਹਾਈਕੋਰਟ ਨੇ ਸੁਣਾਇਆ ਫੈਸਲਾ
ਹੇਠਲੀ ਅਦਾਲਤ ਨੇ 6 ਸਾਲ ਪਹਿਲਾਂ ਠਹਿਰਾਇਆ ਸੀ ਦੋਸ਼ੀ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 15 ਦਸੰਬਰ:  ਕਰੀਬ ਸਾਢੇ 31 ਸਾਲ ਪਹਿਲਾਂ 12 ਜੁਲਾਈ 1991 ਨੂੰ ਉੱਤਰ ਪ੍ਰਦੇਸ਼ ਦੇ ਪੀਲੀਭੀਤ ਇਲਾਕੇ ’ਚ ਇੱਕ ਨਕਲੀ ਪੁਲਿਸ ਮੁਕਾਬਲੇ ਵਿਚ ਦਸ ਸਿੱਖਾਂ ਨੂੰ ਮਾਰਨ ਵਾਲੇ 43 ਪੁਲਿਸ ਮੁਲਾਜਮਾਂ ਤੇ ਅਧਿਕਾਰੀਆਂ ਨੂੰ ਇਲਾਹਾਬਾਦ ਹਾਈਕੋਰਟ ਨੇ ਦੋਸ਼ੀ ਕਰਾਰ ਦਿੱਤਾ ਹੈ। ਹੁਣ ਇੰਨ੍ਹਾਂ ਦੋਸ਼ੀ ਪੁਲਿਸ ਵਾਲਿਆਂ ਨੂੰ ਅਦਾਲਤ ਵਲੋਂ ਸਜ਼ਾ ਸੁਣਾਉਣ ਦਾ ਰਾਹ ਪੱਧਰ ਹੋ ਗਿਆ ਹੈ। ਸ਼੍ਰੀ ਹਜ਼ੂਰ ਸਾਹਿਬ ਜਾ ਰਹੇ ਇੰਨ੍ਹਾਂ ਬੇਦੋਸ਼ੇ ਸਿੱਖਾਂ ਨੂੰ ਅੱਤਵਾਦੀ ਕਰਾਰ ਦੇ ਕੇ ਮਾਰਨ ਵਾਲੇ ਇੰਨ੍ਹਾਂ ਪੁਲਿਸ ਕਰਮਚਾਰੀਆਂ ਨੇ ਤਰੱਕੀਆਂ ਵੀ ਲਈਆਂ ਸਨ ਤੇ ਬਾਅਦ ਵਿਚ ਇਸ ਨਕਲੀ ਮੁਕਾਬਲੇ ਨੂੰ ਅਸਲੀ ਕਰਾਰ ਦੇਣ ਲਈ ਇੰਨ੍ਹਾਂ ਨਿਹੱਕੇ ਸਿੱਖਾਂ ਨੂੰ ਚੋਟੀ ਦੇ ਅੱਤਵਾਦੀ ਕਰਾਰ ਦਿੰਦਿਆਂ ਯੂ.ਪੀ ਦੇ ਤਿੰਨ ਵਖ ਵਖ ਥਾਣਿਆਂ ਵਿਚ ਝੂਠੇ ਮੁਕੱਦਮੇ ਦਰਜ਼ ਕੀਤੇ ਗਏ। ਪ੍ਰੰਤੂ ਬਾਅਦ ਵਿਚ ਮ੍ਰਿਤਕ ਸਿੱਖਾਂ ਦੇ ਪ੍ਰਵਾਰਾਂ ਵਲੋਂ ਕੀਤੀਆਂ ਸਿਕਾਇਤਾਂ ਤੇ ਲੰਮੀਆਂ ਅਤੇ ਥਕਾ ਦੇਣ ਵਾਲੀ ਕੀਤੀ ਪੈਰਵੀ ਦੇ ਚੱਲਦੇ ਇਸ ਮਾਮਲੇ ਦੀ ਪੜਤਾਲ ਖੁੱਲੀ ਤੇ ਪੜਤਾਲ ਦੌਰਾਨ ਇਸ ਝੂਠੇ ਪੁਲਿਸ ਮੁਕਾਬਲੇ ਦਾ ਪਰਦਾਫ਼ਾਸ ਹੋਇਆ। ਹਾਲਾਂਕਿ ਬਾਅਦ ਵਿਚ ਦੋਸ਼ੀ ਪੁਲਿਸ ਵਾਲਿਆਂ ਨੇ ਨਿਆ ਤੋਂ ਬਚਣ ਲਈ ਪ੍ਰਕ੍ਰਿਆ ਨੂੰ ਲੰਮਾ ਲਮਕਾਇਆ ਤੇ ਅਖ਼ੀਰ ਅਪ੍ਰੈਲ 2016 ਵਿਚ ਲਖਨਊ ਸਥਿਤ ਸੀਬੀਆਈ ਦੀ ਵਿਸੇਸ ਅਦਾਲਤ ਦੇ ਜੱਜ ਨੇ ਇੰਨ੍ਹਾਂ ਸਾਰੇ ਪੁਲਿਸ ਮੁਲਾਜਮਾਂ ਨੂੰ ਦੋਸ਼ੀ ਕਰਾਰ ਦੇ ਦਿੱਤਾ ਤਾਂ ਇਹ ਦੋਸ਼ੀਆਂ ਨੇ ਹਾਈਕੋਰਟ ਵਿਚ ਸਟੇਅ ਲੈ ਲਿਆ। ਇਸ ਮਾਮਲੇ ਵਿਚ ਹਾਈਕੋਰਟ ’ਚ ਵੀ ਹੋਈ ਕਰੀਬ ਪੰਜ ਸਾਲ ਤੋਂ ਵੱਧ ਸੁਣਵਾਈ ਦੌਰਾਨ ਇਨਸਾਫ਼ ਦਿੰਦਿਆਂ ਇਲਾਹਾਬਾਦ ਹਾਈਕੋਰਟ ਨੇ ਇੰਨ੍ਹਾਂ ਸਾਰੇ ਪੁਲਿਸ ਮੁਲਾਜਮਾਂ ਨੂੰ ਧਾਰਾ 304 ਆਈ.ਪੀ.ਸੀ ਤਹਿਤ ਦੋਸ਼ੀ ਠਹਿਰਾਇਆ ਹੈ। ਇਸ ਘਟਨਾ ਵਿਚ ਮਾਰੇ ਗਏ ਸਿੱਖਾਂ ਦੇ ਕੇਸਾਂ ਦੀ ਪੈਰਵੀਂ ਕਰ ਰਹੇ ਜਿਆਦਾਤਰ ਪ੍ਰਵਾਰਾਂ ਦੇ ਮੈਂਬਰ ਵੀ ਸਵਰਗ ਸੁਧਾਰ ਗਏ ਹਨ ਪ੍ਰੰਤੂ ਹੁਣ ਉੱਚ ਅਦਾਲਤ ਦੇ ਇਸ ਫੈਸਲੇ ਨਾਲ ਉਨ੍ਹਾਂ ਦੀਆਂ ਰੂਹਾਂ ਨੂੰ ਜਰੂਰ ਸ਼ਾਂਤੀ ਮਿਲੇਗੀ।

ਮੁੱਖ ਮੰਤਰੀ ਵੱਲੋਂ ਸੂਬੇ ਵਿਚ ਹਾਕੀ ਦੀ ਪੁਰਾਤਨ ਸ਼ਾਨ ਬਹਾਲ ਕਰਨ ਦਾ ਅਹਿਦ

0
ਚੰਡੀਗੜ੍ਹ ਵਿਖੇ ਵਿਸ਼ਵ ਹਾਕੀ ਕੱਪ ਦੀ ਟਰਾਫੀ ਦਾ ਸਵਾਗਤ
ਪੰਜਾਬੀ ਖਬਰਸਾਰ ਬਿਊਰੋ 
ਚੰਡੀਗੜ੍ਹ, 15 ਦਸੰਬਰ:ਪੰਜਾਬ ਵਿਚ ਖੇਡਾਂ ਨੂੰ ਪ੍ਰਫੁੱਲਤ ਕਰਕੇ ਸੂਬੇ ਨੂੰ ਨਸ਼ਾ ਮੁਕਤ ਬਣਾਉਣ ਲਈ ਆਪਣੀ ਸਰਕਾਰੀ ਦੀ ਵਚਨਬੱਧਤਾ ਨੂੰ ਦੁਹਰਾਉਂਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਪ੍ਰਣ ਕੀਤਾ ਕਿ ਹਾਕੀ ਦੀ ਪੁਰਾਤਨ ਸ਼ਾਨ ਬਹਾਲ ਕਰਨ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਮੁੱਖ ਮੰਤਰੀ ਨੇ ਅੱਜ ਇੱਥੇ ਆਪਣੀ ਰਿਹਾਇਸ਼ ਉਤੇ ਪੁਰਸ਼ਾਂ ਦੇ ਹਾਕੀ ਵਿਸ਼ਵ ਕੱਪ ਦੀ ਟਰਾਫੀ ਦਾ ਸਵਾਗਤ ਕੀਤਾ। ਇਸ ਮੌਕੇ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬੀਆਂ ਨੇ ਹਾਕੀ ਦੇ ਮੈਦਾਨ ਵਿਚ ਹਮੇਸ਼ਾ ਹੀ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਦੁਨੀਆ ਭਰ ਵਿਚ ਸੂਬੇ ਦਾ ਨਾਮ ਰੌਸ਼ਨ ਕੀਤਾ। ਉਨ੍ਹਾਂ ਕਿਹਾ ਕਿ ਇਹ ਸਾਡੇ ਲਈ ਮਾਣ ਵਾਲੀ ਗੱਲ ਹੈ ਕਿ ਭਾਰਤੀ ਹਾਕੀ ਟੀਮ ਨੇ ਪਿਛਲੇ ਸਾਲ ਟੋਕੀਓ ਵਿਖੇ ਹੋਈਆਂ ਓਲੰਪਿਕ ਖੇਡਾਂ ਵਿਚ 41 ਸਾਲਾਂ ਬਾਅਦ ਓਲੰਪਿਕ ਵਿਚ ਤਮਗਾ ਜਿੱਤਿਆ ਅਤੇ ਇਸ ਟੀਮ ਵਿਚ ਜੇਤੂ ਟੀਮ ਦੇ ਕਪਤਾਨ ਮਨਪ੍ਰੀਤ ਸਿੰਘ ਸਮੇਤ 11 ਖਿਡਾਰੀ ਸੂਬੇ ਨਾਲ ਸਬੰਧਤ ਸਨ। 1975 ਵਿੱਚ ਇਕਲੌਤਾ ਵਿਸ਼ਵ ਕੱਪ ਜਿੱਤਣ ਵਾਲੀ ਭਾਰਤੀ ਟੀਮ ਦੀ ਕਪਤਾਨੀ ਵੀ ਪੰਜਾਬ ਦੇ ਅਜੀਤਪਾਲ ਸਿੰਘ ਕੋਲ ਸੀ। ਅਗਲੇ ਮਹੀਨੇ ਭਾਰਤ ਦੀ ਮੇਜ਼ਬਾਨੀ ਵਿੱਚ ਹੋਣ ਵਾਲੇ ਵਿਸ਼ਵ ਕੱਪ ਦੀ ਟੀਮ ਦੇ ਕੈਂਪ ਵਿੱਚ ਵੀ ਅੱਧੇ ਤੋਂ ਵੱਧ ਖਿਡਾਰੀ ਪੰਜਾਬ ਦੇ ਹਨ।ਭਗਵੰਤ ਮਾਨ ਨੇ ਕਿਹਾ ਕਿ ਇਸ ਜੇਤੂ ਸਫ਼ਰ ਨੂੰ ਜਾਰੀ ਰੱਖਣ ਦੀ ਲੋੜ ਹੈ ਤਾਂ ਕਿ ਭਵਿੱਖ ਵਿਚ ਹੋਰ ਮੈਡਲ ਦੇਸ਼ ਦੀ ਝੋਲੀ ਪਾਏ ਜਾ ਸਕਣ।
ਮੁੱਖ ਮੰਤਰੀ ਨੇ ਦੁੱਖ ਜਾਹਰ ਕੀਤਾ ਕਿ ਪਿਛਲੀਆਂ ਸਰਕਾਰਾਂ ਦੇ ਅਵੇਸਲੇਪਣ ਨਾਲ ਹਾਕੀ ਸਾਡੀ ਕੌਮੀ ਖੇਡ ਹੋਣ ਦੇ ਬਾਵਜੂਦ ਖੇਡ ਮੈਦਾਨ ਵਿਚ ਪਛੜਦੀ ਰਹੀ। ਉਨ੍ਹਾਂ ਕਿਹਾ ਕਿ ਹੁਣ ਸੂਬਾ ਸਰਕਾਰ ਖੇਡਾਂ ਦੇ ਖੇਤਰ ਵਿਚ ਹਾਕੀ ਨੂੰ ਬਣਦਾ ਰੁਤਬਾ ਦਿਵਾਏਗੀ। ਭਗਵੰਤ ਮਾਨ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਵੱਲੋਂ ਇਸ ਸਬੰਧ ਵਿਚ ਵੱਡੇ ਕਦਮ ਚੁੱਕੇ ਜਾ ਰਹੇ ਹਨ ਤਾਂ ਕਿ ਖੇਡਾਂ ਖਾਸ ਕਰਕੇ ਹਾਕੀ ਨੂੰ ਪ੍ਰਫੁੱਲਤ ਕਰਕੇ ਨਸ਼ਿਆਂ ਵਰਗੀ ਅਲਾਮਤ ਦਾ ਖਾਤਮਾ ਕੀਤਾ ਜਾ ਸਕੇ।ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਵਿਚ ਹਾਕੀ ਦੀ ਸੁਰਜੀਤੀ ਲਈ ਹੋਰ ਵਸੀਲੇ ਜੁਟਾਏ ਜਾਣਗੇ। ਉਨ੍ਹਾਂ ਕਿਹਾ ਕਿ ਨੌਜਵਾਨਾਂ ਦੀ ਅਥਾਹ ਸਮਰੱਥਾ ਨੂੰ ਖੇਡਾਂ ਦੇ ਖੇਤਰ ਵਾਲੇ ਲਾਉਣ ਲਈ ਹਰੇਕ ਯਤਨ ਕੀਤਾ ਜਾਵੇਗਾ। ਭਗਵੰਤ ਮਾਨ ਨੇ ਕਿਹਾ ਕਿ ਉਹ ਦਿਨ ਦੂਰ ਨਹੀਂ ਜਦੋਂ ਹਰੇਕ ਪੰਜਾਬੀ ਦੇ ਸੁਹਿਰਦ ਯਤਨਾਂ ਨਾਲ ਹਾਕੀ ਸੁਰਜੀਤੀ ਦੇ ਰਾਹ ਪੈ ਜਾਵੇਗੀ।

ਪੇਂਡੂ ਮਜਦੂਰ ਯੂਨੀਅਨ ਦੀ ਅਗਵਾਈ ਹੇਠ ਮਜਦੂਰਾਂ ਨੇ ਆਪ ਵਿਧਾਇਕ ਦੇ ਘਰ ਅੱਗੇ ਲਗਾਇਆ ਧਰਨਾ

ਸੁਖਜਿੰਦਰ ਮਾਨ
ਬਠਿੰਡਾ, 14 ਦਸੰਬਰ: ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਵੱਲੋ ਦਿੱਤੇ ਸੱਦੇ ਤਹਿਤ ਅੱਜ ਹਲਕਾ ਭੁੱਚੋ ਦੇ ਐਮ ਐਲ ਏ ਮਾਸਟਰ ਜਗਸੀਰ ਸਿੰਘ ਦੇ ਘਰ ਅੱਗੇ ਮਜਦੂਰਾਂ ਵਲੋਂ ਧਰਨਾ ਲਗਾਇਆ ਗਿਆ। ਮਜਦੂਰ ਆਗੂ ਸੁਖਪਾਲ ਸਿੰਘ ਖਿਆਲੀ ਵਾਲਾ ਨੇ ਇਸ ਧਰਨੇ ਨੂੰ ਸੰਬੋਧਨ ਕਰਦਿਆਂ ਮੌਜੂਦਾ ਸਰਕਾਰ ’ਤੇ ਦੋਸ਼ ਲਗਾਇਆ ਕਿ ਅੱਜ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਮਜ਼ਦੂਰਾਂ ਦੀਆਂ ਹੱਕੀ ਮੰਗਾਂ ਨੂੰ ਮੰਨਣ ਦੀ ਆਪ ਸਰਕਾਰ ਵਲੋਂ ਹਾਮੀ ਭਰਨ ਦੇ ਬਾਵਜੂਦ ਅਮਲ ਵਿੱਚ ਲਾਗੂ ਨਹੀਂ ਕੀਤਾ ਗਿਆ। ਇਸਦੇ ਉਲਟ ਸੰਗਰੂਰ ਵਿਖੇ ਮੁੱਖ ਮੰਤਰੀ ਦੇ ਘਰ ਅੱਗੇ ਸ਼ਾਂਤਮਈ ਧਰਨੇ ਦੇਣ ਗਏ ਮਜਦੂਰਾਂ ’ਤੇ ਲਾਠੀਚਾਰਜ਼ ਕਰਵਾਇਆ ਗਿਆ। ਜਿਸਦੇ ਚੱਲਦੇ ਮਜ਼ਦੂਰਾਂ ਦੇ ਮਨਾਂ ਵਿੱਚ ਆਪ ਸਰਕਾਰ ਦੇ ਖਿਲਾਫ਼ ਭਾਰੀ ਰੋਸ ਪਾਇਆ ਜਾ ਰਿਹਾ ਹੈ। ਮਜਦੂਰ ਆਗੂਆਂ ਨੇ ਦੋਸ਼ ਲਗਾਇਆ ਕਿ ਗੁਲਾਬੀ ਸੁੰਡੀ ਨਾਲ ਖ਼ਰਾਬ ਹੋਈ ਨਰਮੇ ਦੀ ਫ਼ਸਲ ਦੇ ਮੁਆਵਜ਼ਾ ਵਜੋਂ ਜਿਆਦਾਤਰ ਰਾਸ਼ੀ ਉਹਨਾਂ ਲੋਕਾਂ ਨੂੰ ਦਿੱਤੀ ਗਈ, ਜਿੰਨ੍ਹਾਂ ਨੇ ਕਦੇ ਖੇਤ ਦਾ ਮੂੰਹ ਨੀ ਦੇਖਿਆ ਸੀ। ਪਰੰਤੂ ਜਿੰਨ੍ਹਾਂ ਨੇ ਨਰਮਾ ਚੁਗਿਆ ਉਹ ਲੋਕ ਮੁਆਵਜ਼ੇ ਤੋ ਵਾਂਝੇ ਰਹਿ ਗਏ। ਮਜਦੂਰ ਆਗੂਆਂ ਨੇ ਮੰਗ ਕੀਤੀ ਕਿ ਯੋਗ ਮਜਦੂਰਾਂ ਨੂੰ ਮੁਆਵਜ਼ਾ ਦਿੱਤਾ ਜਾਵੇ ਅਤੇ ਆਬਾਦ ਕੀਤੀਆਂ ਜਮੀਨਾਂ ਸਮੇਤ ਪੰਚਾਇਤੀ ਤੇ ਸ਼ਾਮਲਾਟੀ ਥਾਵਾਂ/ਜ਼ਮੀਨਾਂ ਉੱਤੇ ਕਾਬਜ਼ ਮਜ਼ਦੂਰਾਂ ਨੂੰ ਮਾਲਕੀ ਹੱਕ ਦਿੱਤੇ ਜਾਣ। ਲੋੜਵੰਦ ਮਜ਼ਦੂਰਾਂ ਨੂੰ 10-10 ਮਰਲੇ ਦੇ ਰਿਹਾਇਸ਼ੀ ਪਲਾਟ ਅਤੇ ਮਕਾਨ ਉਸਾਰੀ ਵਾਸਤੇ 5 ਲੱਖ ਰੁਪਏ ਦੀ ਗਰਾਂਟ ਦਿੱਤੀ ਜਾਵੇ। ਪਹਿਲਾਂ ਕੱਟੇ ਹੋਏ ਪਲਾਟਾਂ ਦੇ ਤੁਰੰਤ ਕਬਜ਼ੇ ਦੁਆਏ ਜਾਣ।ਜਿਨ੍ਹਾਂ ਪਿੰਡਾਂ ਦੀਆਂ ਪੰਚਾਇਤਾਂ ਨੇ ਪਲਾਟ ਦੇਣ ਲਈ ਮਤੇ ਪਾਏ ਹੋਏ ਹਨ ਉਨ੍ਹਾਂ ’ਤੇ ਫੌਰੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ। ਲਾਲ ਲਕੀਰ ਅੰਦਰਲੇ ਪਰਿਵਾਰਾਂ ਨੂੰ ਮਾਲਕੀ ਹੱਕ ਦੇਣ ਸਬੰਧੀ ਸ਼ੁਰੂ ਕੀਤੀ ਮੁਹਿੰਮ ਸਾਲ 2022 ਦੇ ਅੰਤ ਤੱਕ ਹਰ ਪੱਖ ਤੋਂ ਮੁਕੰਮਲ ਕਰਕੇ ਇਥੇ ਵਸਦੇ ਮਜ਼ਦੂਰਾਂ ਤੇ ਹੋਰ ਲੋਕਾਂ ਨੂੰ ਮਾਲਕੀ ਦੇ ਹੱਕ ਦਿੱਤੇ ਜਾਣ, ਇਸੇ ਤਰ੍ਹਾਂ ਮਜ਼ਦੂਰਾਂ ਸਮੇਤ ਬੇਜ਼ਮੀਨੇ ਲੋੜਵੰਦ ਪਰਿਵਾਰਾਂ ਦੇ ਨੀਲੇ ਕਾਰਡ ਬਣਾਏ ਜਾਣ ਤੇ ਕੱਟੇ ਕਾਰਡ ਮੁੜ ਚਾਲੂ ਕੀਤੇ ਜਾਣ। ਇਸ ਮੌਕੇ ਮਜਦੂਰ ਆਗੂਆਂ ਵਲੋਂ ਬੀ ਡੀ ਪੀ ਓ ਨੂੰ ਇੱਕ ਮੰਗ ਪੱਤਰ ਵੀ ਸੌਂਪਿਆ ਗਿਆ। ਇਸ ਧਰਨੇ ਨੂੰ ਬਲਜਿੰਦਰ ਕੌਰ ਭੁੱਚੋ ਖੁਰਦ, ਪੰਮੀ ਕੌਰ ਭੁੱਚੋ ਖੁਰਦ, ਸਿਮਰਜੀਤ ਕੌਰ ਖਿਆਲੀ ਵਾਲਾ, ਰਾਜਵੀਰ ਕੌਰ, ਸੰਦੀਪ ਕੌਰ, ਬਿੰਦਰ ਕੌਰ, ਕਰਮ ਸਿੰਘ ਖਿਆਲੀ ਵਾਲਾ ਨੇ ਵੀ ਸੰਬੋਧਨ ਕੀਤਾ।

ਵਿੱਤ ਮੰਤਰੀ ਚੀਮਾ ਨੇ 28 ਸੈਕਸ਼ਨ ਅਫਸਰਾਂ ਨੂੰ ਨਿਯੁਕਤੀ ਪੱਤਰ ਸੌਂਪੇ

0

ਕਿਹਾ, ਸੈਕਸ਼ਨ ਅਫਸਰਾਂ ਦੀਆਂ ਖਾਲੀ ਪਈਆਂ ਹੋਰਨਾਂ ਆਸਾਮੀਆਂ ਲਈ ਭਰਤੀ ਪ੍ਰਕ੍ਰਿਆ ਅਧੀਨ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 14 ਦਸੰਬਰ:ਪੰਜਾਬ ਦੇ ਵਿੱਤ, ਯੋਜਨਾ, ਆਬਕਾਰੀ ਤੇ ਕਰ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਅੱਜ ਇੱਥੇ ਵਿੱਤ ਤੇ ਯੋਜਨਾ ਭਵਨ ਵਿਖੇ ਇੱਕ ਸੰਖੇਪ ਪਰ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਵਿੱਤ ਵਿਭਾਗ ਦੇ 28 ਸੈਕਸ਼ਨ ਅਫਸਰਾਂ ਨੂੰ ਨਿਯੁਕਤੀ ਪੱਤਰ ਸੌਂਪੇ।ਇਸ ਮੌਕੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਮਜਬੂਤ ਵਿਤੀ ਪ੍ਰਬੰਧਨ ਅਤੇ ਮੁਲਾਜਮ ਪੱਖੀ ਫੈਸਲੇ ਲੈਂਦੇ ਹੋਏ ਵੈਲਫੇਅਰ ਦੀਆਂ ਨੀਤੀਆਂ ਨੂੰ ਆਮ ਲੋਕਾਂ ਤੱਕ ਪਹੁੰਚਾਉਣ ਲਈ ਬਚਨਵੱਧ ਹੈ। ਉਨ੍ਹਾਂ ਕਿਹਾ ਕਿ ਪ੍ਰਭਾਵੀ ਵਿਤੀ ਪ੍ਰਬੰਧਨ ਤੇ ਭਲਾਈ ਸਕੀਮਾਂ ਦੇ ਖਰਚਿਆਂ ਦੀ ਸਹੀ ਢੰਗ ਨਾਲ ਦੇਖਰੇਖ ਕਰਨ ਲਈ ਨਵ-ਨਿਯੁਕਤ ਸੈਕਸ਼ਨ ਅਫਸਰਾਂ ਦੀ ਵੱਖ-ਵੱਖ ਵਿਭਾਗਾਂ ਵਿੱਚ ਤੈਨਾਤੀ ਕੀਤੀ ਜਾਵੇਗੀ।ਵਿੱਤ ਮੰਤਰੀ ਨੇ ਕਿਹਾ ਕਿ ਇਸੇ ਲੜੀ ਵਿੱਚ ਐਸ.ਏ.ਐਸ. ਕਾਡਰ ਵਿੱਚ ਨਿਯੁਕਤੀਆਂ ਸਬੰਧੀ ਕੰਮ ਨੂੰ ਸਮਾਂਬੱਧ ਤਰੀਕੇ ਨਾਲ ਪੂਰਾ ਕਰਨ ਲਈ ਐਸ.ਏ.ਐਸ. ਪ੍ਰੀਖਿਆ ਦੀ ਅਧਿਸੂਚਨਾ ਅਤੇ ਪੀ.ਪੀ.ਐਸ.ਸੀ. ਰਾਹੀਂ ਸਿੱਧੀ ਭਰਤੀ ਦਾ ਇਸਤਿਹਾਰ ਜਾਰੀ ਕੀਤਾ ਜਾ ਚੁੱਕਾ ਹੈ। ਉਨ੍ਹਾਂ ਕਿਹਾ ਇਸ ਪ੍ਰਕਿਆ ਤਹਿਤ ਸੈਕਸ਼ਨ ਅਫਸਰਾਂ ਦੀਆਂ ਖਾਲੀ ਪਈਆਂ ਹੋਰਨਾਂ ਆਸਾਮੀਆਂ ਨੂੰ ਵੀ ਜਲਦੀ ਤੋਂ ਜਲਦੀ ਭਰਿਆ ਜਾਵੇਗਾ।ਸ. ਚੀਮਾ ਨੇ ਕਿਹਾ ਕਿ ਨੌਜਵਾਨਾਂ ਨੂੰ ਵੱਧ ਤੋਂ ਵੱਧ ਰੋਜ਼ਗਾਰ ਦੇ ਮੌਕੇ ਮੁਹੱਈਆ ਕਰਵਾਉਣ ਦੇ ਆਪਣੇ ਮਿਸ਼ਨ ਤਹਿਤ ਪੰਜਾਬ ਸਰਕਾਰ ਵੱਲੋਂ ਉਨ੍ਹਾਂ ਆਸਾਮੀਆਂ ਨੂੰ ਪਹਿਲ ਦੇ ਆਧਾਰ ਤੇ ਭਰਨ ਦੀ ਤਰਜੀਹ ਦਿੱਤੀ ਜਾ ਰਹੀ ਹੈ ਜਿੰਨ੍ਹਾਂ ਦਾ ਸਿੱਧਾ ਸਬੰਧ ਆਮ ਲੋਕਾਂ ਨੂੰ ਸੇਵਾਵਾਂ ਮੁਹੱਈਆ ਕਰਵਾਉਣ ਅਤੇ ਕੰਮਕਾਜ ਵਿੱਚ ਪਾਰਦਰਸ਼ਤਾ ਲਿਆਉਣਾ ਹੈ। ਇਸ ਮੌਕੇ ਵਿੱਤ ਮੰਤਰੀ ਵੱਲੋਂ ਸਮੂਹ ਨਵ-ਨਿਯੁਕਤ ਸੈਕਸ਼ਨ ਅਫਸਰਾਂ ਨੂੰ ਸਰਕਾਰੀ ਖਜਾਨੇ ਤੇ ਹਰਪੱਖੋਂ ਨਜਰਸ਼ਾਨੀ ਕਰਦੇ ਹੋਏ ਈਮਾਨਦਾਰੀ ਨਾਲ ਆਪਣੀਆਂ ਸੇਵਾਵਾਂ ਨਿਭਾਉਣ ਦੀ ਹਦਾਇਤ ਵੀ ਕੀਤੀ ਗਈ।ਇਸ ਮੌਕੇ ਉਨ੍ਹਾਂ ਨਾਲ ਵਿਸ਼ੇਸ਼ ਸਕੱਤਰ (ਖਰਚਾ) ਸ੍ਰੀ ਮੁਹੰਮਦ ਤਾਇਬ ਅਤੇ ਵਧੀਕ ਡਾਇਰੈਕਟਰ (ਖਜਾਨਾ ਤੇ ਲੇਖਾ) ਸਿਮਰਜੀਤ ਕੌਰ ਵੀ ਹਾਜਰ ਸਨ।

ਪੰਜਾਬ ਮੈਰਿਜ਼ ਪੈਲਸ ਤੇ ਰਿਜੌਰਟਸ ਐਸੋਸੀਏਸ਼ਨ ਦੇ ਵਫਦ ਨੇ ਮੰਤਰੀ ਈ.ਟੀਓ ਨਾਲ ਕੀਤੀ ਮੁਲਾਕਾਤ

0

ਰੋਡ ਅਕਸੈਸ ਫ਼ੀਸ ਦੇ ਮੁੱਦੇ ਦਾ ਹੱਲ ਕਰਨ ਦੀ ਕੀਤੀ ਅਪੀਲ
ਮੰਤਰੀ ਨੇ ਵਫ਼ਦ ਨੂੰ ਇਸ ਸਾਲ ਦੀ ਫੀਸ ਬਿਨਾਂ ਦੇਰੀ ਨਾਲ ਭਰਨ ਲਈ ਕਿਹਾ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 14 ਦਸੰਬਰ: ਸੂਬੇ ਵਿਚ ਰੋਡ ਅਕਸੈਸ (ਸੜਕ ਤੱਕ ਪਹੁੰਚ) ਦੀ ਸਰਕਾਰੀ ਫੀਸ ਸਬੰਧੀ ਪੰਜਾਬ ਮੈਰਿਜ਼ ਪੈਲਸ ਅਤੇ ਰਿਜੌਰਟਸ ਐਸੋਸੀਏਸ਼ਨ ਦਾ ਵਫਦ ਅੱਜ ਇੱਥੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੂੰ ਮਿਲਿਆ। ਮੀਟਿੰਗ ਦੌਰਾਨ ਮੰਤਰੀ ਨੇ ਕਿਹਾ ਕਿ ਮੌਜੂਦਾ ਫੀਸ ਮੈਰਿਜ਼ ਪੈਲਸ ਵਾਲੇ ਭਰਨ ਅਤੇ ਪੁਰਾਣੇ ਬਕਾਏ ਬਾਰੇ ਪ੍ਰਸਥਾਵ ਤਿਆਰ ਕਰਕੇ ਦੇਣ ਜਿਸ ਬਾਰੇ ਵਿਚਾਰ ਕੀਤਾ ਜਵੇਗਾ।ਇਸ ਤੋਂ ਪੰਜਾਬ ਮੈਰਿਜ਼ ਪੈਲਸ ਅਤੇ ਰਿਜੌਰਟਸ ਐਸੋਸੀਏਸ਼ਨ ਦੇ ਪ੍ਰਧਾਨ ਸੁਖਦੇਵ ਸਿੰਘ ਸਿੱਧੂ ਅਤੇ ਜਨਰਲ ਸਕੱਤਰ ਮਨਵਿੰਦਰ ਸਿੰਘ ਗੋਲਡੀ ਦੀ ਪ੍ਰਧਾਨਗੀ ਵਿਚ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੂੰ ਮਿਲੇ, ਜਿੰਨਾਂ ਨੇ ਮੈਰਿਜ਼ ਪੈਲਸ ਅਤੇ ਰਿਜੌਰਟਸ ਨੂੰ ਰੋਡ ਅਕਸੈਸ (ਸੜਕ ਤੱਕ ਪਹੁੰਚ) ਲਈ ਪਿਛਲੇ 8 ਸਾਲ ਤੋਂ ਫੀਸ ਨਾ ਭਰਨ ਸਬੰਧੀ ਨੋਟਿਸ ਮਿਲਣ ਦਾ ਮਾਮਲਾ ਧਿਆਨ ਵਿਚ ਲਿਆਂਦਾ।ਇਸ ਸਬੰਧੀ ਪੰਜਾਬ ਮੈਰਿਜ਼ ਪੈਲਸ ਅਤੇ ਰਿਜੌਰਟਸ ਐਸੋਸੀਏਸ਼ਨ ਦੇ ਵਫਦ ਦੀ ਸਹਿਮਤੀ ਨਾਲ ਫੈਸਲਾ ਕੀਤਾ ਗਿਆ ਕਿ ਇਸ ਸਾਲ ਦੀ ਫੀਸ ਬਿਨਾਂ ਦੇਰੀ ਭਰੀ ਜਾਵੇ ਅਤੇ ਬਾਕੀ ਸਾਲਾਂ ਦੇ ਬਕਾਏ ਬਾਰੇ ਲਿਖਤੀ ਪ੍ਰਸਤਾਵ ਦਿੱਤਾ ਜਾਵੇ ਜਿਸ ਬਾਰੇ ਵਿਚਾਰ ਕੀਤਾ ਜਾਵੇਗਾ।

ਸੱਤਵੀਂ ਵਾਰ ਮੀਟਿੰਗ ਦਾ ਸਮਾਂ ਦੇਕੇ ਮੀਟਿੰਗ ਕਰਨ ਤੋਂ ਮੁੱਕਰੀ ਸਰਕਾਰ:-ਮੋਰਚਾ ਆਗੂ

0

ਸੁਖਜਿੰਦਰ ਮਾਨ
ਬਠਿੰਡਾ, 13 ਦਸੰਬਰ : ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ (ਪੰਜਾਬ) ਦੇ ਸੂਬਾਈ ਆਗੂਆਂ ਜਗਰੂਪ ਸਿੰਘ ਲਹਿਰਾ,ਜਗਸੀਰ ਸਿੰਘ ਭੰਗੂ, ਬਾਦਲ ਸਿੰਘ ਭੁੱਲਰ,ਬਲਜਿੰਦਰ ਸਿੰਘ ਮਾਨ ਨੇ ਪ੍ਰੈੱਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋੰ ਮੋਰਚੇ ਦੇ ਸੂਬਾਈ ਆਗੂਆਂ ਨੂੰ ਵਾਰ-ਵਾਰ ਮੀਟਿੰਗਾਂ ਕਰਨ ਦੇ ਲਿਖਤੀ ਭਰੋਸ਼ੇ ਦੇਕੇ ਵਾਰ-ਵਾਰ ਮੀਟਿੰਗ ਨਾ ਕਰਨ ਦੇ ਇਸ ਧੋਖੇ ਭਰੇ ਵਿਹਾਰ ਵਿਰੁੱਧ 17 ਦਸੰਬਰ ਨੂੰ ਵੱਖ-ਵੱਖ ਸਰਕਾਰੀ ਵਿਭਾਗਾਂ ਦੇ ਠੇਕਾ ਮੁਲਾਜ਼ਮਾਂ ਵੱਲੋੰ ਕੈਬਨਿਟ ਮੰਤਰੀਆਂ ਦੀਆਂ ਰਿਹਾਇਸ਼ਾਂ/ਦਫਤਰਾਂ ਅੱਗੇ ਜਾਗੋ ਕੱਢਕੇ, ਰਾਤ ਭਰ ਜਗਰਾਤੇ ਕਰਨ ਉਪਰੰਤ ਪ੍ਰਭਾਤ ਫੇਰੀ ਲਾਕੇ ਸਰਕਾਰੀ ਦੀ ਅਸਲੀਅਤ ਨੂੰ ਲੋਕਾਂ ਵਿੱਚ ਨੰਗਾ ਕੀਤਾ ਜਾਵੇਗਾ। ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ (ਪੰਜਾਬ) ਨੂੰ ਮੰਗ ਪੱਤਰ ਵਿੱਚ ਦਰਜ਼ ਮੰਗਾਂ ਤੇ ਗੱਲਬਾਤ ਕਰਨ ਲਈ ਮਿਤੀ 14 ਦਸੰਬਰ ਨੂੰ ਸੱਤਵੀਂ ਵਾਰ ਮੀਟਿੰਗ ਦਾ ਲਿਖਤੀ ਸਮਾਂ ਦਿੱਤਾ ਗਿਆ ਸੀ,ਪਰ ਅਫਸੋਸ ਕਿ 13 ਦਸੰਬਰ ਨੂੰ ਸ਼ਾਮ ਸਮੇਂ ਡਿਪਟੀ ਕਮਿਸ਼ਨਰ ਸੰਗਰੂਰ ਵੱਲੋਂ ਇਸ ਮੀਟਿੰਗ ਨੂੰ ਕੈਂਸਲ ਕਰ ਦਿੱਤਾ। ਆਗੂਆਂ ਨੇ ਦੋਸ਼ ਲਗਾਇਆ ਕਿ ਇਹ ਸਰਕਾਰ ਵੀ ਪਹਿਲੀਆਂ ਦੀਆਂ ਸਰਕਾਰਾਂ ਦੇ ਬਦਲ ਦੇ ਧੋਖੇ ਹੇਠ ਸੱਤਾ ਦੀ ਕੁਰਸ਼ੀ ਉੱਤੇ ਬਿਰਾਜ਼ਾਮਾਨ ਹੋਈ ਹੈ ।

ਮੁੱਖ ਮੰਤਰੀ ਨੇ ਨੌਜਵਾਨਾਂ ਵਿਚਾਲੇ ਸਵੈ-ਵਿਸ਼ਵਾਸ ਦੀ ਭਾਵਨਾ ਪੈਦਾ ਕਰਨ ਲਈ ਵਾਈਸ ਚਾਂਸਲਰਾਂ ਨੂੰ ਸਰਗਰਮ ਭੂਮਿਕਾ ਨਿਭਾਉਣ ਲਈ ਆਖਿਆ

0

ਨੌਜਵਾਨਾਂ ਲਈ ਸਵੈ-ਰੋਜ਼ਗਾਰ ਦੇ ਨਵੇਂ ਮੌਕੇ ਪੈਦਾ ਕਰਨ ਲਈ ਹੁਨਰ ਆਧਾਰਤ ਮਿਆਰੀ ਸਿੱਖਿਆ ਉਤੇ ਦਿੱਤਾ ਜ਼ੋਰ
ਪੰਜਾਬ ਵਿੱਚ ਮੇਕਰਸਪੇਸ ਸੰਕਲਪ ਪੇਸ਼ ਕਰਨ ਉਤੇ ਸਰਕਾਰ ਕਰ ਰਹੀ ਹੈ ਵਿਚਾਰ
ਸਿੱਖਿਆ ਦੇ ਵਿਸ਼ੇ ਉਤੇ ਹੋ ਰਿਹਾ ਜੀ-20 ਸੰਮੇਲਨ ਆਲਮੀ ਮੁੱਦਿਆਂ ਬਾਰੇ ਵਿਦਿਆਰਥੀਆਂ ਦੀ ਸੂਝ-ਬੂਝ ਨੂੰ ਵਧਾਏਗਾ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 14 ਦਸੰਬਰ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਯੂਨੀਵਰਸਿਟੀਆਂ ਦੇ ਵਾਈਸ ਚਾਂਸਲਰਾਂ ਨੂੰ ਨੌਜਵਾਨਾਂ ਵਿੱਚ ਸਵੈ-ਵਿਸ਼ਵਾਸ ਦੀ ਭਾਵਨਾ ਭਰਨ ਉਤੇ ਧਿਆਨ ਕੇਂਦਰਤ ਕਰ ਕੇ ਸੂਬੇ ਦੀ ਸਮਾਜਿਕ-ਆਰਥਿਕ ਤਰੱਕੀ ਵਿੱਚ ਸਰਗਰਮ ਭੂਮਿਕਾ ਨਿਭਾਉਣ ਦਾ ਸੱਦਾ ਦਿੱਤਾ। ਇੱਥੇ ਬੁੱਧਵਾਰ ਨੂੰ ਆਪਣੇ ਦਫ਼ਤਰ ਵਿੱਚ ਸੂਬੇ ਦੀਆਂ ਯੂਨੀਵਰਸਿਟੀਆਂ ਦੇ ਵਾਈਸ ਚਾਂਸਲਰਾਂ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਨੌਜਵਾਨ ਸੂਬੇ ਦਾ ਸਭ ਤੋਂ ਵੱਡਾ ਸਰਮਾਇਆ ਹਨ ਅਤੇ ਸੂਬੇ ਦੀ ਤਰੱਕੀ ਅਤੇ ਲੋਕਾਂ ਦੀ ਖ਼ੁਸ਼ਹਾਲੀ ਯਕੀਨੀ ਬਣਾਉਣ ਲਈ ਇਸ ਸ਼ਕਤੀ ਨੂੰ ਸਹੀ ਤਰੀਕੇ ਨਾਲ ਸਿੱਖਿਅਤ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਨੌਜਵਾਨਾਂ ਦੀ ਤਾਕਤ ਦੀ ਸੁਚੱਜੀ ਵਰਤੋਂ ਲਈ ਉਨ੍ਹਾਂ ਦੀ ਸਮਰੱਥਾ ਵਧਾਉਣਾ ਸਮੇਂ ਦੀ ਲੋੜ ਹੈ ਤਾਂ ਜੋ ਸੂਬੇ ਦੇ ਵਿਕਾਸ ਲਈ ਉਹ ਆਪਣੀਆਂ ਸੇਵਾਵਾਂ ਦੀ ਬਿਹਤਰੀਨ ਤਰੀਕੇ ਨਾਲ ਵਰਤੋਂ ਕਰ ਸਕਣ। ਭਗਵੰਤ ਮਾਨ ਨੇ ਕਿਹਾ ਕਿ ਯੂਨੀਵਰਸਿਟੀਆਂ ਸਿੱਖਿਆ ਦੇ ਮੰਦਰ ਹਨ ਅਤੇ ਨੌਜਵਾਨਾਂ ਨੂੰ ਭਵਿੱਖ ਦੇ ਲੀਡਰ ਬਣਨ ਲਈ ਉਤਸ਼ਾਹਤ ਕਰਨ ਵਾਸਤੇ ਇਨ੍ਹਾਂ ਮੰਦਰਾਂ ਦੀ ਸਹੀ ਵਰਤੋਂ ਜ਼ਰੂਰੀ ਹੈ।ਵਿਦਿਆਰਥੀਆਂ ਨੂੰ ਹੁਨਰਮੰਦ ਕਰਨ ਲਈ ਮਿਆਰੀ ਸਿੱਖਿਆ ਦੇਣ ਦੀ ਲੋੜ ਉਤੇ ਜ਼ੋਰ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਵਿੱਚ ਵੱਡੇ ਪੱਧਰ ਉਤੇ ਨਿਵੇਸ਼ ਕਰਨ ਲਈ ਆ ਰਹੇ ਸਨਅਤਕਾਰਾਂ ਦੀਆਂ ਲੋੜਾਂ ਪੂਰੀਆਂ ਕਰਨ ਲਈ ਇਸ ਦੀ ਬੇਹੱਦ ਜ਼ਿਆਦਾ ਜ਼ਰੂਰਤ ਹੈ। ਭਗਵੰਤ ਮਾਨ ਨੇ ਕਿਹਾ ਕਿ ਹੁਨਰ ਸਿੱਖਿਆ ਰਾਹੀਂ ਸੂਬੇ ਕੋਲ ਹੁਨਰਮੰਦ ਮਨੁੱਖੀ ਸ਼ਕਤੀ ਦਾ ਅਜਿਹਾ ਭੰਡਾਰ ਹੋਵੇਗਾ, ਜਿਸ ਤੋਂ ਸਨਅਤਕਾਰਾਂ ਨੂੰ ਫਾਇਦਾ ਮਿਲੇਗਾ। ਉਨ੍ਹਾਂ ਕਿਹਾ ਕਿ ਹੁਨਰ ਸਿੱਖਿਆ ਨੌਜਵਾਨਾਂ ਲਈ ਸਵੈ-ਰੋਜ਼ਗਾਰ ਦੇ ਨਵੇਂ ਰਸਤੇ ਖੋਲ੍ਹੇਗੀ, ਜਿਸ ਨਾਲ ਉਹ ਆਪਣਾ ਜੀਵਨ ਮਾਣ ਤੇ ਸਤਿਕਾਰ ਨਾਲ ਬਸਰ ਕਰਨ ਦੇ ਯੋਗ ਹੋਣਗੇ। ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਨੇ ਪਹਿਲਾਂ ਹੀ ਮੋਹਾਲੀ ਵਿੱਚ ਇਨੋਵੇਸ਼ਨ ਸੈਂਟਰ ਸਥਾਪਤ ਕੀਤਾ ਹੈ, ਜੋ ਸੂਬੇ ਦੇ ਨੌਜਵਾਨਾਂ ਦੇ ਬਹੁ-ਪੱਖੀ ਵਿਕਾਸ ਲਈ ਸਹਾਈ ਸਾਬਤ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਕੇਂਦਰ ਨੌਜਵਾਨਾਂ ਨੂੰ ਭਵਿੱਖੀ ਚੁਣੌਤੀਆਂ ਤੇ ਜੀਵਨ ਵਿੱਚ ਸਫ਼ਲਤਾ ਦੇ ਯੋਗ ਬਣਾ ਰਿਹਾ ਹੈ। ਭਗਵੰਤ ਮਾਨ ਨੇ ਉਮੀਦ ਪ੍ਰਗਟਾਈ ਕਿ ਇਹ ਕੇਂਦਰ ਨੌਜਵਾਨਾਂ ਦੀ ਅਥਾਹ ਸ਼ਕਤੀ ਦੀ ਸਹੀ ਦਿਸ਼ਾ ਵਿੱਚ ਵਰਤੋਂ ਯਕੀਨੀ ਬਣਾਏਗਾ, ਜਿਸ ਨਾਲ ਉਹ ਸੂਬੇ ਦੀ ਸਮਾਜਿਕ-ਆਰਥਿਕ ਤਰੀਕੇ ਵਿੱਚ ਸਰਗਰਮ ਭਾਈਵਾਲ ਬਣਨਗੇ। ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਸੂਬਾ ਸਰਕਾਰ ਪੰਜਾਬ ਵਿੱਚ ਮੇਕਰਸਪੇਸ (ਵਿਚਾਰਾਂ ਤੇ ਤਕਨਾਲੋਜੀ ਦੇ ਆਦਾਨ-ਪ੍ਰਦਾਨ) ਦਾ ਸੰਕਲਪ ਪੇਸ਼ ਕਰਨ ਉਤੇ ਵੀ ਵਿਚਾਰ ਕਰ ਰਹੀ ਹੈ। ਭਗਵੰਤ ਮਾਨ ਨੇ ਕਿਹਾ ਕਿ ਉਨ੍ਹਾਂ ਜਰਮਨੀ ਦੇ ਆਪਣੇ ਹਾਲੀਆ ਦੌਰੇ ਦੌਰਾਨ ਇਸ ਪ੍ਰਾਜੈਕਟ ਦਾ ਅਧਿਐਨ ਕੀਤਾ ਸੀ। ਉਨ੍ਹਾਂ ਕਿਹਾ ਕਿ ਮੇਕਰਸਪੇਸ ਸਾਰਿਆਂ ਲਈ ਸਿਰਜਣਾ ਦੇ ਨਵੇਂ ਤਰੀਕੇ ਵਿਹਾਰਕ ਤੌਰ ਉਤੇ ਸਿੱਖਣ ਦਾ ਮੌਕਾ ਹੋਵੇਗਾ। ਉਨ੍ਹਾਂ ਕਿਹਾ ਕਿ ਸਿਰਜਣਾ ਦੇ ਖੇਤਰ ਵਿੱਚ ਨੌਜਵਾਨਾਂ ਦੇ ਛੁਪੇ ਹੁਨਰ ਨੂੰ ਸਾਹਮਣੇ ਲਿਆਉਣ ਲਈ ਇਹ ਮੇਕਰਸਪੇਸ 3ਡੀ ਡਿਜ਼ਾਈਨਿੰਗ ਤੇ ਪ੍ਰਿੰਟਿੰਗ, ਆਡੀਓ-ਵਿਜ਼ੂਅਲ ਉਪਕਰਨ ਅਤੇ ਹੋਰ ਵਿਹਾਰਕ ਤਕਨੀਕਾਂ ਦੀਆਂ ਸਹੂਲਤਾਂ ਨਾਲ ਲੈਸ ਹੋਵੇਗਾ। ਇਕ ਹੋਰ ਮੁੱਦੇ ਬਾਰੇ ਗੱਲ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਮਾਰਚ ਤੇ ਜੂਨ ਮਹੀਨੇ ਦੌਰਾਨ ਜੀ-20 ਸੰਮੇਲਨ ਦੇ ਦੋ ਸੈਸ਼ਨ ਹੋਣਾ ਸਮੇਂ ਲਈ ਚੰਗਾ ਸ਼ਗਨ ਹੈ। ਉਨ੍ਹਾਂ ਕਿਹਾ ਕਿ ਮਾਰਚ ਵਿੱਚ ਹੋਣ ਵਾਲਾ ਸੰਮੇਲਨ ਸਿੱਖਿਆ ਦੇ ਮੁੱਦੇ ਉਤੇ ਹੋ ਰਿਹਾ ਹੈ। ਇਸ ਲਈ ਯੂਨੀਵਰਸਿਟੀਆਂ ਵਿੱਚ ਪੜ੍ਹ ਰਹੇ ਵਿਦਿਆਰਥੀਆਂ ਨੂੰ ਵੱਡੀ ਗਿਣਤੀ ਵਿੱਚ ਇਸ ਸੰਮੇਲਨ ਵਿੱਚ ਭਾਗ ਲੈਣਾ ਚਾਹੀਦਾ ਹੈ। ਭਗਵੰਤ ਮਾਨ ਨੇ ਕਿਹਾ ਕਿ ਇਹ ਸੰਮੇਲਨ ਆਲਮੀ ਮੁੱਦਿਆਂ ਬਾਰੇ ਵਿਦਿਆਰਥੀਆਂ ਦੀ ਸੋਚ ਦਾ ਘੇਰਾ ਮੋਕਲਾ ਕਰ ਕੇ ਉਨ੍ਹਾਂ ਦੇ ਜੀਵਨ ਵਿੱਚ ਉਸਾਰੂ ਤਬਦੀਲੀ ਲਿਆਏਗਾ।

ਪਾਵਰਕਾਮ ਦੇ ਮੁਲਾਜ਼ਮਾਂ ਦੀਆਂ ਛੁੱਟੀਆਂ ਲਈ ਆਨਲਾਈਨ ਸਿਸਟਮ ਲਾਗੂ ਕੀਤਾ ਜਾਵੇਗਾ: ਹਰਭਜਨ ਸਿੰਘ ਈ.ਟੀ.ਓ

0

ਮਨਮਾਨੀਆਂ ਅਤੇ ਜਾਣਬੁੱਝ ਕੇ ਲੋਕਾਂ ਨੂੰ ਖੱਜਲਖੁਆਰ ਕਰਨ ਵਾਲੇ ਮੁਲਾਜ਼ਮਾਂ ਅਤੇ ਅਧਿਕਾਰੀਆਂ ਖਿਲਾਫ ਕਾਰਵਾਈ ਕੀਤੀ ਜਾਵੇਗੀ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 14 ਦਸੰਬਰ: ਪੰਜਾਬ ਸਰਕਾਰ ਦੇ ਵਿਭਾਗਾਂ ਦੀ ਤਰਜ਼ ‘ਤੇ ਪੰਜਾਬ ਸੇਟਟ ਪਾਵਰ ਕਾਰਪੋਰੇਸ਼ਨ ਅਤੇ ਪਾਵਰ ਸਟੇਟ ਟਰਾਂਸਮਿਸਨ ਕਾਰਪੋਰੇਸ਼ਨ ਵਿਚ ਅਧਿਕਾਰੀਆਂ ਅਤੇ ਕਰਮਚਾਰੀਆਂ ਦੀਆਂ ਛੁੱਟੀਆਂ ਦੀਆਂ ਪ੍ਰਵਾਨਗੀਆਂ ਲਈ ਆਨਲਾਈਨ ਸਿਸਟਮ ਲਾਗੂ ਕੀਤਾ ਜਾਵੇਗਾ।ਅੱਜ ਇੱਥੇ ਦੋਵਾਂ ਕਾਰਪੋਰੇਸ਼ਨਾਂ ਦੇ ਸੀਨੀਅਰ ਅਧਿਕਾਰੀਆਂ ਨਾਲ ਮੀਟਿੰਗ ਦੌਰਾਨ ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਪਾਵਰ ਕਾਰਪੋਰੇਸ਼ਨ ਦੇ ਦਫਤਰਾਂ ਵਿਚ ਮੁਲਾਜ਼ਮਾਂ ਦੀ ਹਾਜ਼ਰੀ ਯਕੀਨੀ ਬਣਾਉਣ ਲਈ ਅਹਿਮ ਫੈਸਲਾ ਲੈਂਦਿਆਂ ਹੁਕਮ ਦਿੱਤੇ ਕਿ ਦੋਵਾਂ ਕਾਰਪੋਰੇਸ਼ਨਾ ਵਿਚ ਮੁਲਾਜ਼ਮਾਂ ਦੀ ਛੁੱਟੀ ਅਪਲਾਈ ਕਰਨ ਅਤੇ ਪ੍ਰਵਾਨ ਕਰਨ ਲਈ ਆਨਲਾਈਨ ਸਿਸਟਮ ਲਾਗੂ ਕੀਤਾ ਜਾਵੇ। ਬਿਜਲੀ ਮੰਤਰੀ ਨੇ ਕਿਹਾ ਕਿ ਇਹ ਆਮ ਦੇਖਣ ਵਿਚ ਆਇਆ ਹੈ ਕਿ ਬਹੁਤੇ ਮੁਲਾਜ਼ਮ ਦਫਤਰਾਂ ਵਿਚ ਛੁੱਟੀ ਪਹਿਲਾਂ ਹੀ ਬਿਨਾਂ ਮਿਤੀ ਪਾਏ ਲਿਖ ਕੇ ਰੱਖ ਜਾਂਦੇ ਹਨ, ਜਿਸ ਨੂੰ ਹਾਜ਼ਰੀ ਰਜਿਸਟਰ ਵਿਚ ਦਰਜ਼ ਨਹੀਂ ਕੀਤਾ ਜਾਂਦਾ।ਉਨ੍ਹਾਂ ਕਿਹਾ ਕਿ ਇਸ ਪ੍ਰਥਾ ਨੂੰ ਠੱਲ ਪਾਉਣ ਲਈ ਆਨਲਾਈਨ ਹਾਜ਼ਰੀ ਸਿਸਟਮ ਲਿਆਉਣ ਬਾਰੇ ਫੈਸਲਾ ਲਿਆ ਗਿਆ ਹੈ।ਇਸ ਦੇ ਨਾਲ ਹੀ ਬਿਜਲੀ ਮੰਤਰੀ ਨੇ ਹਦਾਇਤਾਂ ਜਾਰੀ ਕੀਤੀਆਂ ਕਿ ਕੋਈ ਵੀ ਅਧਿਕਾਰੀ ਜਾ ਕਰਮਚਾਰੀ ਬਿਨਾਂ ਪ੍ਰਵਾਨਗੀ ਤੋਂ ਛੁੱਟੀ ‘ਤੇ ਨਾ ਜਾਵੇ। ਪਾਵਰ ਕਾਰਪੋਰੇਸ਼ਨ ਦੇ ਦਫਤਰਾਂ ਵਿਚ ਲੋਕਾਂ ਦੀ ਖੱਜਲਖੁਆਰੀ ਰੋਕਣ ਦੇ ਮੰਤਵ ਨਾਲ ਇੱਕ ਹੋਰ ਅਹਿਮ ਫੈਸਲਾ ਲੈਂਦਿਆਂ ਹਰਭਜਨ ਸਿੰਘ ਈ.ਟੀ.ਓ ਨੇ ਹਦਾਇਤਾਂ ਜਾਰੀ ਕੀਤੀਆਂ ਕਿ ਲੋਕਾਂ ਨਾਲ ਸਹਿਜਤਾ ਅਤੇ ਸਲੀਕੇ ਨਾਲ ਪੇਸ਼ ਅਇਆ ਜਾਵੇ। ਉਨ੍ਹਾਂ ਕਿਹਾ ਕਿ ਲੋਕਾਂ ਦੇ ਕੰਮ ਬਿਨਾਂ ਕਿਸੇ ਦੇਰੀ ਕੀਤੇ ਜਾਣ।ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਮਨਮਾਨੀਆਂ ਅਤੇ ਜਾਣਬੁੱਝ ਕੇ ਸਰਕਾਰ ਦੇ ਅਕਸ ਨੂੰ ਢਾਹ ਲਾਉਣ ਵਾਲੇ ਮੁਲਾਜ਼ਮਾਂ ਅਤੇ ਅਧਿਕਾਰੀਆਂ ਖਿਲਾਫ ਕਾਰਵਾਈ ਕੀਤੀ ਜਾਵੇ। ਬਿਜਲੀ ਮੰਤਰੀ ਨੇ ਹੁਕਮ ਜਾਰੀ ਕੀਤੇ ਕਿ ਸੀਨੀਅਰ ਅਫਸਰ ਖੁੱਦ ਫੀਲਡ ਵਿਚ ਜਾ ਕੇ ਸਮੇਂ ਸਮੇਂ ‘ਤੇ ਦਫਤਰਾਂ ਦੀ ਚੈਕਿੰਗ ਕਰਨ ਅਤੇ ਕੰਮਾਂ ਦੀ ਫਿਜੀਕਲ ਵੈਰੀਫਿਕੇਸ਼ਨ ਯਕੀਨੀ ਬਣਾਉਣ।ਉਨ੍ਹਾਂ ਕਿਹਾ ਕਿ ਬੇਵਜ਼ਾ ਲੋਕਾਂ ਨੂੰ ਤੰਗ ਪ੍ਰੇਸ਼ਾਨ ਕਰਨ ਵਾਲੇ ਮੁਲਾਜ਼ਮਾਂ ਅਤੇ ਡਿਉਟੀ ਵਿਚ ਕੁਤਾਹੀ ਕਰਨ ਵਾਲਿਆਂ ਦੀ ਜਵਾਬਦੇਹੀ ਤਹਿ ਕੀਤੀ ਜਾਵੇ। ਸੜਕਾਂ ਉੁਤੇ ਲਮਕਦੀਆਂ ਢਿੱਲੀਆਂ ਹੋਈਆਂ ਬਿਜਲੀ ਦੀਆਂ ਤਾਰਾਂ ਅਤੇ ਖੁੱਲੇ ਬਕਸਿਆਂ ਕਾਰਨ ਹੁੰਦੇ ਜਾਨੀ ਨੁਕਸਾਨ ਨੂੰ ਰੋਕਣ ਲਈ ਰਾਸ਼ਟਰੀ ਅਤੇ ਰਾਜ ਮਾਰਗਾਂ ‘ਤੇ ਬਿਜਲੀ ਦੀਆਂ ਤਾਰਾਂ ਨੂੰ ਉੱਚਾ ਚੁੱਕਣ ਅਤੇ ਬਕਸਿਆਂ ਨੂੰ ਠੀਕ ਤਰਾਂ ਬੰਦ ਕਰਨ ਸਬੰਧੀ ਵੀ ਬਿਜਲੀ ਮੰਤਰੀ ਵਲੋਂ ਹਦਾਇਤਾਂ ਜਾਰੀ ਕੀਤੀਆਂ ਗਈਆਂ। ਮੀਟਿੰਗ ਵਿਚ ਤੇਜਵੀਰ ਸਿੰਘ ਪ੍ਰਮੁੱਖ ਸਕੱਤਰ ਪਾਵਰ, ਬਲਦੇਵ ਸਿੰਘ ਸਰਾਂ ਚੇਅਰਮੈਨ ਪਾਵਰ ਕਾਰਪੋਰੇਸ਼ਨ ਤੋਂ ਇਲਾਵਾ ਪੀ.ਐਸ.ਪੀ.ਸੀ.ਐਲ ਅਤੇ ਪੀ.ਐਸ.ਟੀ.ਐਲ ਦੇ ਡਾਇਰੈਕਟਰ, ਚੀਫ ਅਤੇ ਹੋਰ ਸੀਨਅਰ ਅਧਿਕਾਰੀ ਵੀ ਹਾਜ਼ਰ ਸਨ।

Our Visitor

1907703