ਸਰਕਾਰ ਨੂੰ ਕੀਤਾ ਸਵਾਲ ਕਿ ਉਹ ਖੇਤੀਬਾੜੀ ’ਤੇ 4 ਲੱਖ ਕਰੋੜ ਰੁਪਏ ਦੀ ਵਾਧੂ ਲਾਗਤ ਵਿਚੋਂ ਕਿਸਾਨਾਂ ਦੇ ਹਿੱਸੇ ਕਿੰਨੇ ਪੈਸੇ ਪਾਵੇਗੀ
ਪੰਜਾਬੀ ਖ਼ਬਰਸਾਰ ਬਿਉਰੋ
ਨਵੀਂ ਦਿੱਲੀ, 13 ਦਸੰਬਰ : ਪਿਛਲੇ ਸਮੇਂ ਦੌਰਾਨ ਭਾਜਪਾ ਗਠਜੋੜ ਤੋਂ ਬਾਹਰ ਹੋਣ ਤੋਂ ਬਾਅਦ ਅੱਜ ਸੰਸਦ ਵਿਚ ਪਹਿਲੀ ਵਾਰ ਮੋਦੀ ਸਰਕਾਰ ’ਤੇ ਵੱਡਾ ਸਿਆਸੀ ਹਮਲਾ ਕਰਦਿਆਂ ਸਾਬਕਾ ਕੇਂਦਰੀ ਮੰਤਰੀ ਤੇ ਬਠਿੰਡਾ ਦੇ ਐਮ ਪੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਕੀਤੇ ਵਾਅਦੇ ਮੁਤਾਬਕ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦੀ ਗੱਲ ਤਾਂ ਦੂਰ ਰਹੀ, ਕੇਂਦਰ ਸਰਕਾਰ ਨੇ ਕਿਸਾਨਾਂ ਦੀ ਲਾਗਤ ਦੁੱਗਣੀ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਅਨਾਜ ’ਤੇ ਐਮ ਐਸ ਪੀ ਵਿਚ ਪਿਛਲੇ 8 ਸਾਲਾਂ ਵਿਚ ਦੋ ਤੋਂ ਪੰਜ ਫੀਸਦੀ ਹੀ ਵਾਧਾ ਹੋਇਆ ਹੈ ਜਦੋਂਕਿ ਲਾਗਤ ਵਿਚ ਵਾਧਾ ਕਰਕੇ ਕਿਸਾਨਾਂ ਉਪਰ ਭਾਰੀ ਬੋਝ ਪਾ ਦਿੱਤਾ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਕਿਸਾਨ ’ਆਤਮ ਨਿਰਭਰ’ ਹੋਣਾ ਚਾਹੁੰਦੇ ਹਨ ਤੇ ਉਹ ਸਰਕਾਰ ਦੀਆਂ ਸਕੀਮਾਂ ’ਤੇ ਨਿਰਭਰ ਨਹੀਂ ਰਹਿਣਾ ਚਾਹੁੰਦੇ ਪਰ ਕਿਸਾਨਾਂ ਨੂੰ ਸਵਾਮੀਨਾਥਨ ਕਮਿਸ਼ਨ ਦੀ ਸਿਫਾਰਸ਼ ਅਨੁਸਾਰ ਐਮ ਐਸ ਪੀ ਦੀ ਲੋੜ ਹੈ ਜਿਸ ਮੁਤਾਬਕ ਉਹਨਾਂ ਦੀ ਫਸਲ ’ਤੇ ਆਉਂਦੀ ਲਾਗਤ ’ਤੇ 50 ਫੀਸਦੀ ਮੁਨਾਫਾ ਮਿਲਣਾ ਚਾਹੀਦਾਹੈ। ਉਹਨਾਂ ਕਿਹਾ ਕਿ ਇਸ ਦਿਸ਼ਾ ਵਿਚ ਪਹਿਲਾ ਕਦਮ ਕੇਂਦਰ ਸਰਕਾਰ ਵੱਲੋਂ ਇਕ ਸਾਲ ਪਹਿਲਾਂ ਕਿਸਾਨਾਂ ਵੱਲੋਂ ਅੰਦੋਲਨ ਖਤਮ ਕਰਨ ਮੌਕੇ ਕੀਤਾ ਗਿਆ ਲਿਖਤੀ ਵਾਅਦਾ ਪੂਰਾ ਕਰਨਾ ਹੈ। ਉਹਨਾਂ ਕਿਹਾ ਕਿ ਸਰਕਾਰ ਨੂੰ ਐਮ ਐਸ ਪੀ ਨੂੰ ਕਿਸਾਨਾਂ ਨਾਲ ਕੀਤੇ ਵਾਅਦੇ ਅਨੁਸਾਰ ਲਿਖਤੀ ਕਾਨੂੰਨ ਬਣਾਉਣਾ ਚਾਹੀਦਾ ਹੈ ਤਾਂ ਜੋ ਕਿਸਾਨਾਂ ਦੀ ਆਮਦਨ ਦੁੱਗਣੀ ਕੀਤੀ ਜਾ ਸਕੀ। ਤੱਥ ਸਾਂਝੇ ਕਰਦਿਆਂ ਸ਼੍ਰੀਮਤੀ ਬਾਦਲ ਨੇ ਕਿਹਾ ਕਿ ਡੀਜ਼ਲ ਦੀ ਕੀਮਤ ਪਿਛਲੇ 8 ਸਾਲਾਂ ਵਿਚ ਦੁੱਗਣੀ ਹੋ ਗਈ ਹੈ ਤੇ ਯੂਰੀਆ ਵਰਗੀ ਖਾਦ ਦੀ ਕੀਮਤ 175 ਰੁਪਏ ਪ੍ਰਤੀ 50 ਕਿਲੋਗ੍ਰਾਮ ਤੋਂ ਵੱਧ ਕੇ 45 ਕਿਲੋਗ੍ਰਾਮ ਪ੍ਰਤੀ ਥੈਲਾ 270 ਰੁਪਏ ਹੋਗਈ ਹੈ। ਉਹਨਾਂ ਕਿਹਾ ਕਿ ਇਸੇ ਤਰੀਕੇ ਡੀ ਏ ਪੀ ਦੀ ਕੀਮਤ 1125 ਰੁਪਏ ਪ੍ਰਤੀ ਥੈਲਾ ਤੋਂ ਵੱਧ ਕੇ 1350 ਰੁਪਏ ਪ੍ਰਤੀ ਥੈਲਾ ਹੋਗਈ ਹੈ। ਉਹਨਾਂ ਦੱਸਿਆ ਕਿ ਕਿਵੇਂ ਨਦੀਨਾਸ਼ਕਾਂ ਤੇ ਕੀਟਨਾਸ਼ਕਾਂ ’ਤੇ 18 ਅਤੇ 12 ਫੀਸਦੀ ਜੀ ਐਸ ਟੀ ਲੱਗ ਰਿਹਾ ਹੈ ਤੇ ਟਰੈਕਟਰਾਂ ’ਤੇ 28 ਫੀਸਦੀ ਜੀ ਐਸ ਟੀ ਲੱਗ ਰਿਹਾ ਹੈ।
ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੀ ਇਸ ਮਹਿਲਾ ਆਗੂ ਨੇ ਇਹ ਵੀ ਦੱਸਿਆ ਕਿ ਕਿਵੇਂ ਪੰਜਾਬ ਨਾਲ ਵਿਤਕਰਾ ਹੋ ਰਿਹਾ ਹੈ। ਉਹਨਾਂ ਕਿਹਾ ਕਿ ਸੂਬੇ ਤੋਂ ਰਾਈਪੇਰੀਅਨ ਸਿਧਾਂਤ ਦਰਕਿਨਾਰ ਕਰ ਕੇ ਇਸਦੇ ਦਰਿਆਈ ਪਾਣੀ ਖੋਹਣ ਦਾ ਯਤਨ ਹੋ ਰਿਹਾ ਹੈ ਜਦੋਂ ਕਿ ਰਾਈਪੇਰੀਅਨ ਸਿਧਾਂਤਾਂ ਮੁਤਾਬਕ ਇਸਦੇ ਦਰਿਆਈ ਪਾਣੀਆਂ ’ਤੇ ਸਿਰਫ ਇਸਦਾ ਹੱਕ ਹੈ। ਉਹਨਾਂ ਕਿਹਾ ਕਿ ਇਸ ਤੋਂ ਇਲਾਵਾ ਇਸਦੀ ਸੂਬਾਈ ਰਾਜਧਾਨੀ ਚੰਡੀਗੜ੍ਹ ਨੁੰ ਇਸ ਤੋਂ ਖੋਹਣ ਲਈ ਅਤੇ ਇਸ ’ਤੇ ਇਸਦੇ ਹੱਕ ਨੂੰ ਕਮਜ਼ੋਰ ਕਰਨ ਵਾਸਤੇ ਲਗਾਤਾਰ ਸਾਜ਼ਿਸ਼ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਅਜਿਹਾ ਉਦੋਂ ਕੀਤਾ ਜਾ ਰਿਹਾਹੈ ਕਿ ਜਦੋਂ ਕਿ ਕੇਂਦਰ ਸਰਕਾਰ ਨੇ ਚੰਡੀਗੜ੍ਹ ’ਤੇ ਪੰਜਾਬ ਦੇ ਅਧਿਕਾਰ ਨੂੰ 1970 ਮੁਤਾਬਕ ਮੁੜ ਦੁਹਰਾਇਆ ਹੈ ਅਤੇ ਰਾਜੀਵ-ਲੌਂਗੋਵਾਲ ਸਮਝੌਤੇ ਨੂੰ ਸੰਸਦ ਨੇ ਮਨਜ਼ੂਰੀ ਦਿੱਤੀ ਹੈ। ਬੀਬੀ ਬਾਦਲ ਨੇ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਕੇਂਦਰ ਵਿਚ ਕਾਂਗਰਸ ਦੀਆਂ ਸਰਕਾਰਾਂ ਵੇਲੇ ਪੰਜਾਬ ਨਾਲ ਵਿਤਕਰਾ ਹੋਇਆ ਤੇ ਹੁਣ ਮੌਜੂਦਾ ਸਰਕਾਰ ਵੇਲੇ ਵੀ ਪੰਜਾਬ ਨਾਲ ਵਿਤਕਰਾ ਹੋ ਰਿਹਾ ਹੈ। ਉਹਨਾਂ ਨੇ ਆਪਣੀਆਂ ਉਮਰ ਕੈਦਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਤੁਰੰਤ ਰਿਹਾਈ ਵਾਸਤੇ ਵੀ ਪੁਰਜ਼ੋਰ ਅਪੀਲ ਕੀਤੀ। ਉਹਨਾਂ ਕਿਹਾ ਕਿ ਇਹ ਬਹੁਤਹੀ ਮੰਦਭਾਗੀ ਗੱਲ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਬੰਦੀ ਸਿੰਘਾਂ ਦੀ ਸਜ਼ਾ ਮੁਆਫੀ ਅਤੇ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਉਮਰ ਕੈਦ ਵਿਚ ਬਦਲਣ ਲਈ ਲਿਖਤੀ ਹੁਕਮ ਜਾਰੀ ਕੀਤੇ ਗਏ ਪਰ ਉਹ ਅੱਜ ਵੀ ਲਾਗੂ ਨਹੀਂ ਹੋਏ। ਉਹਨਾਂ ਕਿਹਾ ਕਿ ਦੂਜੇ ਪਾਸੇ ਬਿਲਕਿਸ ਬਾਨੋ ਦੇ ਜਬਰ ਜਨਾਹ ਦੇ ਦੋਸ਼ੀ ਰਿਹਾਅ ਕਰ ਦਿੱਤੇ ਗਏ ਜਿਸ ਨਾਲ ਸਿੱਖ ਕੌਮ ਵਿਚ ਗਲਤ ਸੰਦੇਸ਼ ਗਿਆ ਹੈ।
ਇਸ ਦੌਰਾਨ ਹਰਸਿਮਰਤ ਕੌਰ ਬਾਦਲ ਨੇ ਵਿੱਤ ਮੰਤਰੀ ਸ੍ਰੀਮਤੀ ਨਿਰਮਲਾ ਸੀਤਾਰਮਨ ਨੂੰ ਅਪੀਲ ਕੀਤੀ ਕਿ ਸਰਕਾਰੀ ਇਸ਼ਤਿਹਾਰਾਂ ’ਤੇ ਜੀ ਐਸ ਟੀ ਵਿਚ ਵਾਧਾ ਕੀਤਾ ਜਾਵੇ ਅਤੇ ਦੱਸਿਆ ਕਿ ਕਿਵੇਂ ਪੰਜਾਬ ਵਿਚ ਆਪ ਸਰਕਾਰ ਨੇ ਇਸ਼ਤਿਹਾਰਬਾਜ਼ੀ ’ਤੇ ਖਰਚ 20 ਕਰੋੜ ਰੁਪਏ ਪ੍ਰਤੀ ਸਾਲ ਤੋਂ ਵਧਾ ਕੇ 750 ਕਰੋੜ ਰੁਪਏ ਸਾਲਾਨਾ ਕਰ ਦਿੱਤਾ ਹੈ। ਉਹਨਾਂ ਕਿਹਾ ਕਿ ਇਸ ਵਿਚੋਂ ਬਹੁਤਾ ਹਿੱਸਾ ਹਿਮਾਚਲ ਅਤੇ ਗੁਜਰਾਤ ਵਿਧਾਨ ਸਭਾ ਚੋਣਾਂ ਲੜਨ ’ਤੇ ਖਰਚ ਕੀਤਾ ਗਿਆ ਹੈ ਤੇ ਉਹਨਾਂ ਮੰਗ ਕੀਤੀ ਕਿ ਜਨਤਕ ਪੈਸੇ ਦੀ ਅਜਿਹੀ ਦੁਰਵਰਤੋਂ ਬੰਦ ਹੋਵੇ।
ਹਰਸਿਮਰਤ ਬਾਦਲ ਦਾ ਮੋਦੀ ਸਰਕਾਰ ਵਿਰੁਧ ਵੱਡਾ ਬਿਆਨ: ਕਿਸਾਨਾਂ ਦੀ ਆਮਦਨੀ ਦੁੱਗਣੀ ਦੀ ਥਾਂ ਕੀਤੀ ਲਾਗਤ ਦੁੱਗਣੀ
ਹਿਸਾਰ ਵਿਚ ਏਲੀਵੇਟਿਡ-ਰੋਡ ਦਾ ਕਾਰਜ ਜਲਦੀ ਸ਼ੁਰੂ ਕਰਨ – ਦੁਸ਼ਯੰਤ ਚੌਟਾਲਾ
ਬਹਾਦੁਰਗੜ੍ਹ ਵਿਚ ਏਲੀਵੇਟਿਡ ਰੇਲਵੇ-ਟਰੈਕ ਤੇ ਜੀਂਦ ਵਿਚ ਰੇਲਵੇ ਆਇਨ ਸ਼ਿਫਟ ਕਰਨ ਦਾ ਪ੍ਰਸਤਾਵ ਕਰਨ ਤਿਆਰ
ਐਚਆਰਆਈਡੀਸੀ ਪੀਡਬਲਿਯੂਡੀ ਦੇ ਅਧਿਕਾਰੀਆਂ ਦੀ ਮੀਟਿੰਗ ਦੀ ਅਗਵਾਈ ਕੀਤੀ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 13 ਦਸੰਬਰ : ਹਰਿਆਣਾ ਦੇ ਡਿਪਟੀ ਮੁੱਖ ਮੰਤਰੀ ਸ੍ਰੀ ਦੁਸ਼ਯੰਤ ਚੌਟਾਲਾ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਊਹ ਹਿਸਾਰ ਵਿਚ ਏਲੀਵੇਟਿਡ-ਰੋਡ ਦਾ ਕਾਰਜ ਜਲਦੀ ਸ਼ੁਰੂ ਕਰਨ ਤਾਂ ਜੋ ਸ਼ਹਿਰ ਦੀ ਭੀੜ ਨੂੰ ਘੱਟ ਕੀਤਾ ਜਾ ਸਕੇ। ਉਨ੍ਹਾਂ ਨੇ ਬਹਾਦੁਰਗੜ੍ਹ ਵਿਚ ਏਲੀਵੇਟਿਡ ਰੇਲਵੇ-ਟਰੈਕ ਤੇ ਜੀਂਦ ਵਿਚ ਰੇਲਵੇ ਲਾਇਨ ਸ਼ਿਫਟ ਕਰਨ ਦਾ ਪ੍ਰਸਤਾਵ ਵੀ ਤਿਆਰ ਕਰਨ ਦੇ ਨਿਰਦੇਸ਼ ਦਿੱਤੇ। ਡਿਪਟੀ ਸੀਐਮ , ਜਿਨ੍ਹਾਂ ਦੇ ਕੋਲ ਲੋਕ ਨਿਰਮਾਣ ਵਿਭਾਗ ਦਾ ਕਾਰਜਭਾਰ ਵੀ ਹੈ, ਨੇ ਅੱਜ ਇੱਥੇ ਐਚਆਰਆਈਡੀਸੀ (ਹਰਿਆਣਾ ਰੇਲ ਇੰਫਰਾਸਟਕਚਰ ਡਿਵੇਲਪਮੈਂਟ ਕਾਰਪੋਰੇਸ਼ਨ) ਤੇ ਪੀਡਬਲਿਯੂਡੀ (ਰੇਲਵੇ ਨਿਰਮਾਣ ਵਿਭਾਗ) ਦੇ ਅਧਿਕਾਰੀਆਂ ਦੀ ਮੀਟਿੰਗ ਦੀ ਅਗਵਾਈ ਕੀਤੀ।ਇਸ ਮੌਕੇ ’ਤੇ ਮੁੱਖ ਮੰਤਰੀ ਦੇ ਪ੍ਰਮੁੱਖ ਪ੍ਰਧਾਨ ਸਕੱਤਰ ਡੀਐਸ ਢੇਸੀ, ਲੋਕ ਨਿਰਮਾਣ ਵਿਭਾਗ ਦੇ ਵਧੀਕ ਮੁੱਖ ਸਕੱਤਰ ਅੰਕੁਰ ਗੁਪਤਾ, ਐਚਆਰਆਈਡੀਸੀ ਦੇ ਐਮਡੀ ਰਾਜੇਸ਼ ਅਗਰਵਾਲ ਸਮੇਤ ਹੋਰ ਸੀਨੀਅਰ ਅਧਿਕਾਰੀ ਮੌਜੂਦ ਸਨ। ਸ੍ਰੀ ਦੁਸ਼ਯੰਤ ਚੌਟਾਲਾ ਨੇ ਮੀਟਿੰਗ ਦੇ ਬਾਅਦ ਦਸਿਆ ਕਿ ਹਿਸਾਰ ਵਿਚ ਪੁਰਾਣੇ ਦਿੱਲੀ-ਹਿਸਾਰ -ਸਿਰਸਾ ਰੋਡ ’ਤੇ ਲੋਕ ਨਿਰਮਾਣ ਵਿਭਾਗ ਵੱਲੋਂ ਕਰੀਬ 8.5 ਕਿਲੋਮੀਟਰ ਲੰਬਾ ਏਲੀਵੇਟਿਡ ਰੋਡ ਬਣਾਇਆ ਜਾਵੇਗਾ। ਇਹ ਰੋਡ ਸਿਰਸਾ ਚੁੰਗੀ ਤੋਂ ਲੈ ਕੇ ਜਿੰਦਲ ਫੈਕਟਰੀ ਦੇ ਕੋਲ ਫਲਾਈਓਵਰ ਤਕ ਬਣੇਗਾ। ਇਸ ਵਿਚ 7 ਐਂਟਰੀ ਪੁਅ?ਾਇਟ ਅਤੇ 7 ਏਕਸਿਟ ਪੁਆਇੰਟ ਹੋਣਗੇ। ਰਸਤੇ ਵਿਚ ਜਾਣ ਵਾਲੇ ਸੈਕਟਰ-14 ਬੱਸ ਸਟਂੈਡ, ਨਾਗੋਰੀ ਗੇਟ, ਪੁਲਿਸ ਲਾਇਨ ਏਰਿਆ, ਅਰਬਨ ਏਸਟੇਟ, ਡਾਬੜਾ ਚੌਕ, ਮਾਡਲ ਟਾਊਨ, ਸੈਕਟਰ 9-11 ਖੇਤਰ ਵਿਚ ਲੋਕਾਂ ਨੂੰ ਵਾਹਨਾਂ ਦੇ ਜਾਮ ਤੋਂ ਨਿਜਾਤ ਮਿਲੇਗੀ। ਉਨ੍ਹਾਂ ਨੇ ਦਸਿਆ ਕਿ ਇਸ ਏਲੀਵੇਟਿਡ ਰੋਡ ਦੀ ਡੀਪੀਆਰ ਤਿਆਰ ਹੋ ਗਈ ਹੈ ਅਤੇ ਇਸ ’ਤੇ ਕਰੀਬ 723 ਕਰੋੜ ਰੁਪਏ ਦਾ ਖਰਚ ਹੋਣ ਦਾ ਅੰਦਾਜਾ ਹੈ।
ਡਿਪਟੀ ਮੁੱਖ ਮੰਤਰੀ ਨੇ ਦਸਿਆ ਕਿ ਝੱਜਰ ਜਿਲ੍ਹਾ ਦੇ ਬਹਾਦੁਰਗੜ੍ਹ ਸ਼ਹਿਰ ਵਿਚ ਰੇਲਵੇ ਸਟੇਸ਼ਨ ਵਿਚ ਪਂੈਦਾ ਹੈ ਅਤੇ ਇੱਥੇ ਰੇਲਵੇ ਟਰੈਕ ਪਾਰ ਕਰਦੇ ਸਮੇਂ ਹਰ ਸਾਲ ਦਰਜਨਾਂ ਦੁਰਘਟਨਾਵਾਂ ਹੁੰਦੀਆਂ ਹਨ ਜਿਸ ਦੇ ਕਾਰਨ ਅਨੇਕ ਲੋਕਾਂ ਦੀ ਜਾਨ ਵੀ ਚਲੀ ਜਾਂਦੀ ਹੈ। ਉਨ੍ਹਾਂ ਨੇ ਐਚਆਰਆਈਡੀਸੀ ਦੇ ਐਮਡੀ ਰਾਜੇਸ਼ ਅਗਰਵਾਲ ਨੂੰ ਨਿਰਦੇਸ਼ ਦਿੱਤੇ ਕਿ ਉਹ ਬਹਾਦੁਰਗੜ੍ਹ ਵਿਚ ਉਪਰੋਕਤ ਸਥਾਨ ’ਤੇ ਏਲੀਵੇਟਿਡ ਰੇਲਵੇ ਟ?ਰੈਕ ਬਨਾਉਣ ਅਤੇ ਰੇਲਵੇ ਸਟੇਸ਼ਨ ਨੂੰ ਉੱਚਾ ਚੁਕਣ ਦੀ ਸੰਭਾਵਨਾਵਾਂ ਦੀ ਤਲਾਸ਼ ਕਰਨ। ਉਨ੍ਹਾਂ ਨੇ ਜਲਦੀ ਤੋਂ ਜਲਦੀ ਇਸ ਬਾਰੇ ਵਿਚ ਫਿਜੀਬਿਲੀਟੀ ਚੈਕ ਕਰਨ ਦੇ ਵੀ ਨਿਰਦੇਸ਼ ਦਿੱਤੇ। ਸ੍ਰੀ ਦੁਸ਼ਯੰਤ ਚੌਟਾਲਾ ਨੇ ਜੀਂਦ ਵਿਚ ਗੋਹਾਨਾ -ਜੀਂਦ ਰੇਲਵੇ ਲਾਇਨ ਤੇ ਰੇਲਵੇ ਸਟੇਸ਼ਨ ਨੂੰ ਸ਼ਹਿਰ ਤੋਂ ਬਾਹਰ ਸ਼ਿਫਟ ਕਰਨ ਅਤੇ ਮੌਜੂਦਾ ਰੇਲਵੇ ਲਾਇਨਾਂ ਦੇ ਸਥਾਨ ’ਤੇ ਪੀਡਬਲਿਯੂਡੀ ਵਿਭਾਗ ਵੱਲੋਂ ਚੌੜੀ ਸੜਕ ਬਨਾਉਣ ਦਾ ਪ੍ਰਸਤਾਵ ਤਿਆਰ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਨੇ ਕਿਹਾ ਕਿ ਰੇਲਵੇ ਲਾਇਨ ਤੇ ਰੇਲਵੇ ਸਟੇਸ਼ਨ ਦੇ ਬਾਹਰ ਸ਼ਿਫਟ ਹੋਣ ਨਾਲ ਜੀਂਦ ਸ਼ਹਿਰ ਦੀ ਭੀੜ ਘੱਟ ਹੋਵੇਗੀ ਅਤੇ ਜਾਮ ਵੀ ਨਹੀਂ ਲੱਗੇਗਾ। ਉਨ੍ਹਾਂ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਉਹ ਉਪਰੋਕਤ ਤਿੰਨਾਂ ਪ੍ਰੋਜੈਕਟਾਂ ’ਤੇ ਜਲਦੀ ਤੋਂ ਜਲਦੀ ਕਾਰਵਾਈ ਕਰਨ ਤਾਂ ਜੋ ਲੋਕਾਂ ਨੂੰ ਵਾਹਨਾਂ ਦੇ ਜਾਮ ਤੇ ਭੀੜ ਤੋਂ ਮੁਕਤੀ ਮਿਲ ਸਕੇ।
ਮਿਸ਼ਨ 100% ਸੰਬੰਧੀ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਨੇ ਕੀਤੀ ਮੀਟਿੰਗ
- ਸੁਖਜਿੰਦਰ ਮਾਨ
ਵੱਡੀ ਖਬਰ: ਬਾਦਲਾਂ ਦੀਆਂ ਬੱਸਾਂ ਦਾ ਚੰਡੀਗੜ੍ਹ ‘ਚ ਦਾਖ਼ਲਾ ਬੰਦ
ਪੜ੍ਹੋ ਪੰਜਾਬ ਤਹਿਤ ਕੰਮ ਕਰਦੇ ਬੀ.ਐਮ./ ਡੀ.ਐਮ. ਹੁਣ ਸਕੂਲਾਂ ਵਿੱਚ ਹੋਣਗੇ ਤੈਨਾਤ
ਮਾਂਝੇ ਨਾਲ ਸਬੰਧਤ ਉੱਘੇ ਅਕਾਲੀ ਆਗੂ ਰਣਜੀਤ ਸਿੰਘ ਬ੍ਰਹਮਪੁਰਾ ਦਾ ਹੋਇਆ ਦਿਹਾਂਤ
ਪੰਜਾਬੀ ਖ਼ਬਰਸਾਰ ਬਿਉਰੋ
ਅੰਮ੍ਰਿਤਸਰ, 13 ਦਸੰਬਰ: ਮਾਂਝੇ ਦੇ ਜਰਨੈਲ ਵਜੋਂ ਮਸ਼ਹੂਰ ਰਹੇ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਰਣਜੀਤ ਸਿੰਘ ਬ੍ਰਹਮਪੁਰਾ ਦਾ ਅੱਜ ਦਿਹਾਂਤ ਹੋ ਗਿਆ। ਉਹ 85 ਸਾਲਾਂ ਦੇ ਸਨ। ਉਹ ਬੀਮਾਰ ਸਨ, ਜਿਸਦੇ ਚੱਲਦੇ ਉਨ੍ਹਾਂ ਨੂੰ ਪੀਜੀਆਈ ਵਿਚ ਦਾਖ਼ਲ ਕਰਵਾਇਆ ਗਿਆ ਸੀ। ਦੋ ਵਾਰ ਕੈਬਨਿਟ ਮੰਤਰੀ ਰਹੇ ਸ: ਬ੍ਰਹਮਪੁਰਾ ਚਾਰ ਦਫ਼ਾ ਅਕਾਲੀ ਦਲ ਵਲੋਂ ਵਿਧਾਇਕ ਤੇ ਇੱਕ ਵਾਰ ਹਲਕਾ ਖਡੂਰ ਸਾਹਿਬ ਤੋਂ ਐਮ.ਪੀ ਵੀ ਰਹੇ। ਉਨ੍ਹਾਂ ਦਾ ਅੰਤਿਮ ਸੰਸਕਾਰ ਭਲਕੇ ਜੱਦੀ ਪਿੰਡ ਬ੍ਰਹਮਪੁਰਾ ਵਿਖੇ ਕੀਤਾ ਜਾਵੇਗਾ। ਉਹ ਅਪਣੇ ਪਿੱਛੇ ਰਵਿੰਦਰ ਸਿੰਘ ਬ੍ਰਹਮਪੁਰਾ ਸਹਿਤ ਚਾਰ ਬੱਚੇ ਛੱਡ ਗਏ ਹਨ। ਉਨ੍ਹਾਂ ਦੀ ਮੌਤ ’ਤੇ ਸ਼੍ਰੋਮਣੀ ਅਕਾਲੀ ਦਲ ਦੇ ਸਮੂਹ ਆਗੂਆਂ ਸਹਿਤ ਵਿਰੋਧੀ ਪਾਰਟੀਆਂ ਦੇ ਆਗੂਆਂ ਨੇ ਵੀ ਦੁੱਖ ਦਾ ਇਜ਼ਹਾਰ ਕੀਤਾ ਹੈ। ਦਸਣਾ ਬਣਦਾ ਹੈ ਕਿ ਸੁੁਰੂਆਤ ਤੋਂ ਲੈ ਕੇ ਅਖ਼ੀਰ ਤੱਕ ਅਕਾਲੀ ਸਿਆਸਤ ਨਾਲ ਜੁੜੇ ਰਹੇ ਸ: ਬ੍ਰਹਮਪੁਰਾ 2020 ਵਿਚ ਬਾਦਲ ਦਲ ਦੀ ਅਗਵਾਈ ਵਾਲੇ ਸ਼੍ਰੋਮਣੀ ਅਕਾਲੀ ਦਲ ਨਾਲੋਂ ਵੱਖ ਹੋ ਕੇ ਸੰਯੁਕਤ ਅਕਾਲੀ ਦਲ ਜੁੜ ਗਏ ਸਨ ਪ੍ਰੰਤੂ ਇੱਕ ਸਾਲ 23 ਦਸੰਬਰ 2021 ਨੂੰ ਉਹ ਮੁੜ ਇਸੇ ਅਕਾਲੀ ਦਲ ਨਾਲ ਜੁੜ ਗਏ ਸਨ ਤੇ ਪਿਛਲੇ ਦਿਨਾਂ ’ਚ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਪਾਰਟੀ ਦੇ ਢਾਂਚੇ ਦੇ ਕੀਤੇ ਪੁਨਰਗਠਨ ਸਮੇਂ ਉਨ੍ਹਾਂ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਸਰਪ੍ਰਸਤ ਬਣਾਇਆ ਗਿਆ ਸੀ।
ਬਲਜਿੰਦਰ ਕੌਰ ਨੂੰ ਕੈਬਨਿਟ ਰੈਂਕ ਦੇਣ ’ਤੇ ਸੁਖਪਾਲ ਖ਼ਹਿਰਾ ਨੇ ਚੁੱਕੇ ਸਵਾਲ
ਕਿਹਾ ਭਗਵੰਤ ਮਾਨ ਦੱਸਣ ਕਿ ਉਨ੍ਹਾਂ ਤੇ ਕੈਪਟਨ ਵਿਚਕਾਰ ਕੀ ਅੰਤਰ ਰਹਿ ਗਿਆ
ਕੈਪਟਨ ਨੇ ਬੀਬੀ ਭੱਠਲ ਨੂੰ ਦਿੱਤਾ ਸੀ ਕੈਬਨਿਟ ਰੈਂਕ ਦਾ ਦਰਜ਼ਾ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 13 ਦਸੰਬਰ: ਬੀਤੇ ਕੱਲ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਹੋਈ ਮੰਤਰੀ ਮੰਡਲ ਦੀ ਮੀਟਿੰਗ ਵਿਚ ਆਮ ਆਦਮੀ ਪਾਰਟੀ ਦੀ ਵਿਧਾਨ ਸਭਾ ਵਿਚ ਚੀਫ਼ ਵਿੱਪ ਪ੍ਰੋ ਬਲਜਿੰਦਰ ਕੌਰ ਨੂੰ ਕੈਬਨਿਟ ਮੰਤਰੀ ਦਾ ਦਰਜ਼ਾ ਦੇਣ ’ਤੇ ਭੁਲੱਥ ਹਲਕੇ ਤੋਂ ਕਾਂਗਰਸੀ ਵਿਧਾਇਕ ਤੇ ਸਾਬਕਾ ਨੇਤਾ ਵਿਰੋਧੀ ਧਿਰ ਸੁਖਪਾਲ ਸਿੰਘ ਖ਼ਹਿਰਾ ਨੇ ਸਵਾਲ ਚੁੱਕੇ ਹਨ। ਉਨ੍ਹਾਂ ਜਾਰੀ ਇੱਕ ਟਵੀਟ ’ਚ ਭਗਵੰਤ ਮਾਨ ਨੂੰ ਸੰਬੋਧਤ ਹੁੰਦਿਆਂ ਸਵਾਲ ਪੁੱਛਿਆਂ ਹੈ ਕਿ ਇਸ ਫੈਸਲੇ ਤੋਂ ਬਾਅਦ ਉਹ ਦੱਸਣ ਕਿ ਉਨ੍ਹਾਂ ਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਿਚਕਾਰ ਕੀ ਫ਼ਰਕ ਰਹਿ ਗਿਆ ਹੈ? ਸ: ਖ਼ਹਿਰਾ ਨੇ ਕਿਹਾ ਕਿ ਕੈਪਟਨ ਨੇ ਇਸੇ ਤਰ੍ਹਾਂ ਯੋਜਨਾ ਬੋਰਡ ਦੀ ਉਪ ਚੇਅਰਮੈਨ ਰਹੀ ਬੀਬੀ ਰਜਿੰਦਰ ਕੌਰ ਭੱਠਲ ਨੂੰ ਕੈਬਨਿਟ ਮੰਤਰੀ ਦੀਆਂ ਸਹੂਲਤਾਂ ਪ੍ਰਦਾਨ ਕੀਤੀਆਂ ਸਨ ਤੇ ਹੁਣ ਮਾਨ ਸਰਕਾਰ ਨੇ ਬਲਜਿੰਦਰ ਕੌਰ ਨੂੰ ਇਹ ਅਹੁੱਦਾ ਦਿੱਤਾ ਹੈ, ਜਿਸ ਵਿਚ ਹਜ਼ਾਰਾਂ ਰੁਪਏ ਮਹੀਨਾ ਭੱਤਾ, ਮੰਤਰੀਆਂ ਵਾਲੀ ਸਰਕਾਰੀ ਰਿਹਾਇਸ਼ ਤੇ ਕਾਰ ਆਦਿ ਸਹੂਲਤਾਂ ਦਿੱਤੀਆਂ ਗਈਆਂ ਹਨ। ਸੁਖਪਾਲ ਸਿੰਘ ਖ਼ਹਿਰਾ ਨੇ ਪੰਜਾਬ ਕੈਬਨਿਟ ਦੇ ਇਸ ਫੈਸਲੇ ਨੂੰ ਨਜ਼ਾਇਜ਼ ਕਰਾਰ ਦਿੰਦਿਆਂ ਦਾਅਵਾ ਕੀਤਾ ਕਿ ‘‘ ਅਜਿਹੇ ਫੈਸਲਿਆਂ ਤੋਂ ਬਾਅਦ ਵਿਧਾਇਕਾਂ ਦੀਆਂ ਇਕੱਲੀਆਂ ਪੈਨਸ਼ਨਾਂ ਬਚਾਉਣ ਦਾ ਢੰਡੋਰਾ ਪਿੱਟਣਾ ਕਿੱਥੋਂ ਤੱਕ ਜਾਇਜ਼ ਰਹਿ ਜਾਂਦਾ ਹੈ। ’’ ਜਿਕਰ ਕਰਨਾ ਬਣਦਾ ਹੈ ਕਿ ਬਠਿੰਡਾ ਜ਼ਿਲੇ ਦੇ ਹਲਕਾ ਤਲਵੰਡੀ ਸਾਬੋ ਤੋਂ ਆਪ ਦੀ ਦੂਜੀ ਵਾਰ ਵਿਧਾਇਕਾ ਬਲਜਿੰਦਰ ਕੌਰ ਨੂੰ ਸੀਨੀਅਰ ਹੋਣ ਦੇ ਬਾਵਜੂਦ ਹਾਲੇ ਤੱਕ ਮਾਨ ਸਰਕਾਰ ਵਿਚ ਸ਼ਾਮਲ ਨਹੀਂ ਕੀਤਾ ਗਿਆ ਹੈ ਅਤੇ ਉਨ੍ਹਾਂ ਨੂੰ ਪੰਜਾਬ ਵਿਧਾਨ ਸਭਾ ਵਿਚ ਪਿਛਲੇ ਸਮੇਂ ਦੌਰਾਨ ਚੀਫ਼ ਵਿੱਪ ਦਾ ਅਹੁੱਦਾ ਦਿੱਤਾ ਗਿਆ ਸੀ। ਜਿਸਦੇ ਚੱਲਦੇ ਹੁਣ ਸੰਭਾਵੀ ਹੋਣ ਵਾਲੇ ਮੰਤਰੀ ਮੰਡਲ ਦੇ ਵਾਧੇ ਵਿਚ ਉਨ੍ਹਾਂ ਦੇ ਮੰਤਰੀ ਬਣਨ ਦੀ ਚਰਚਾ ਚੱਲ ਰਹੀ ਸੀ ਪ੍ਰੰਤੂ ਭਗਵੰਤ ਮਾਨ ਦੀ ਅਗਵਾਈ ਹੇਠਲੀ ਕੈਬਨਿਟ ਨੇ ਚੀਫ਼ ਵਿੱਪ ਨੂੰ ਕੈਬਨਿਟ ਮੰਤਰੀ ਦੀਆਂ ਸਹੂਲਤਾਂ ਦੇ ਕੇ ਸਰਕਾਰ ਵਿਚ ਸ਼ਾਮਲ ਹੋਣ ਦਾ ਇੱਕ ਤਰ੍ਹਾਂ ਨਾਲ ਰਾਹ ਰੋਕ ਦਿੱਤਾ ਹੈ, ਜਿਸਦੀ ਸਿਆਸੀ ਹਲਕਿਆਂ ਵਿਚ ਵੱਡੀ ਚਰਚਾ ਹੈ।
ਮਾਮਲਾ ਕੁਲਦੀਪ ਚਾਹਲ ਨੂੰ ਵਾਪਸ ਭੇਜਣ ਦਾ: ਐਸ.ਐਸ.ਪੀ ਨੂੰ ਯੂ.ਟੀ ਅਧਿਕਾਰੀਆਂ ਨਾਲ ਵਿਵਾਦ ਪਿਆ ਮਹਿੰਗਾ!
ਪਹਿਲੀ ਵਾਰ ਪੰਜਾਬ ਕਾਡਰ ਦੀ ਥਾਂ ਹਰਿਆਣਾ ਕਾਡਰ ਦੀ ਆਈ.ਪੀ.ਐਸ ਅਧਿਕਾਰੀ ਨੂੰ ਸੋਂਪਿਆ ਚੰਡੀਗੜ੍ਹ ਦੇ ਐਸ.ਐਸ.ਪੀ ਦਾ ਕਾਰਜ਼
ਐਸ.ਐਸ.ਪੀ ਤੋਂ ਤਾਕਤਾਂ ਖੋਹ ਕੇ ਯੂ.ਟੀ ਦੇ ਅਧਿਕਾਰੀਆਂ ਨੂੰ ਦੇਣ ਕਾਰਨ ਵਧਿਆ ਵਿਵਾਦ
ਪੰਜਾਬ ਦੇ ਸਿਆਸੀ ਨੇਤਾ ਇਸ ਗੰਭੀਰ ਮਸਲੇ ’ਤੇ ਚੁੱਪ
ਸੁਖਜਿੰਦਰ ਮਾਨ
ਚੰਡੀਗੜ੍ਹ, 13 ਦਸੰਬਰ: ਬੀਤੇ ਕੱਲ ਪੰਜਾਬ ਕਾਡਰ ਨਾਲ ਸਬੰਧਤ ਚੰਡੀਗੜ੍ਹ ਦੇ ਐਸ.ਐਸ.ਪੀ ਕੁਲਦੀਪ ਸਿੰਘ ਚਾਹਲ ਨੂੰ ਤੁਰੰਤ ਫਾਰਗ ਕਰਨ ਦੇ ਮਾਮਲੇ ਪਿੱਛੇ ਬੇਸ਼ੱਕ ਪਿਛਲੇ ਸਮੇਂ ਦੌਰਾਨ ਤਾਕਤਾਂ ਨੂੰ ਲੈ ਕੇ ਹੋਇਆ ਵਿਵਾਦ ਦਸਿਆ ਜਾ ਰਿਹਾ ਹੈ। ਇਹ ਪਹਿਲੀ ਵਾਰ ਦੇਖਣ ਨੂੰ ਮਿਲਿਆ ਹੈ ਕਿ ਪੰਜਾਬ ਤੇ ਹਰਿਆਣਾ ਦੀ ਵੰਡ ਤੋਂ ਬਾਅਦ ਪੰਜਾਬ ਦੇ ਹਿੱਸੇ ਆਈ ਚੰਡੀਗੜ੍ਹ ਦੀ ਆਈ.ਪੀ.ਐਸ ਪੋਸਟ ’ਤੇ ਹਰਿਆਣਾ ਕਾਡਰ ਦੀ ਅਧਿਕਾਰੀ ਨੂੰ ਜਿੰਮੇਵਾਰੀ ਸੌਂਪ ਦਿੱਤੀ ਗਈ ਹੈ। ਹਾਲਾਂਕਿ ਇਸ ਨਿਯੁਕਤੀ ਨੂੰ ਆਰਜ਼ੀ ਦੱਸਿਆ ਜਾ ਰਿਹਾ ਹੈ ਕਿਉਂਕਿ ਚੰਡੀਗੜ੍ਹ ਦੇ ਨਵੇਂ ਐਸ.ਐਸ.ਪੀ ਦੀ ਪੋਸਟ ਲਈ ਹੁਣ ਯੂ.ਟੀ ਵਲੋਂ ਮੰਗੇ ਜਾਣ ਵਾਲੇ ਨਵੇਂ ਪੈਨਲ ਵਿਚੋਂ ਕਿਸੇ ਇੱਕ ਅਧਿਕਾਰੀ ਦੀ ਚੋਣ ਕੀਤੀ ਜਾਵੇਗੀ ਪ੍ਰੰਤੂ ਇੱਕ ਹੌਲਦਾਰ ਦੀ ਤਰ੍ਹਾਂ ਇੱਕ ਸੀਨੀਅਰ ਆਈ.ਪੀ.ਐਸ ਅਧਿਕਾਰੀ ਨੂੰ ਇਸ ਤਰ੍ਹਾਂ ਵਾਪਸ ਭੇਜਣ ਪਿੱਛੇ ਪੰਜਾਬ ਦੇ ਚੰਡੀਗੜ੍ਹ ’ਚ ਅਧਿਕਾਰ ਕਮਜ਼ੋਰ ਖੋਹਣ ਲੱਗੀਆਂ ਤਾਕਤਾਂ ਦੀ ਮਨਸ਼ਾ ਵੀ ਸਾਹਮਣੇ ਆਉਣ ਲੱਗੀ ਹੈ। ਉਚ ਸੂਤਰਾਂ ਮੁਤਾਬਕ ਯੂ.ਟੀ ਕਾਡਰ ਨਾਲ ਸਬੰਧਤ ਅਧਿਕਾਰੀ ਹੋਲੀ-ਹੋਲੀ ਪੰਜਾਬ ਕਾਡਰ ਨਾਲ ਸਬੰਧਤ ਚੰਡੀਗੜ੍ਹ ’ਚ ਤੈਨਾਤ ਕੀਤੇ ਜਾਣ ਵਾਲੇ ਐਸ.ਐਸ.ਪੀ ਦੀ ਤਾਕਤਾਂ ਖੋਹਣ ਲੱਗੇ ਹੋਏ ਹਨ। ਪਿਛਲੇ ਸਮੇਂ ਦੌਰਾਨ ਵੀ ਕਰਾਈਮ ਤੇ ਸਾਈਬਰ ਵਿੰਗ ਤੋਂ ਇਲਾਵਾ ਪੁਲਿਸ ਲਾਈਨ ਦੇ ਕੁੱਝ ਕੰਮ ਐਸ.ਐਸ.ਪੀ ਤੋਂ ਵਾਪਸ ਲੈ ਕੇ ਯੂ.ਟੀ ਕਾਡਰ ਦੇ ਅਧਿਕਾਰੀਆਂ ਨੂੰ ਸੋਂਪ ਦਿੱਤੇ ਸਨ। ਸੂਤਰਾਂ ਨੇ ਖ਼ੁਲਾਸਾ ਕੀਤਾ ਹੈ ਕਿ ਕੁਲਦੀਪ ਸਿੰਘ ਚਾਹਲ ਨੇ ਇਸਦਾ ਵਿਰੋਧ ਕਰਦੇ ਹੋਏ ਕੇਂਦਰ ਸਹਿਤ ਚੰਡੀਗੜ੍ਹ ਦੇ ਪ੍ਰਸ਼ਾਸਕ ਤੱਕ ਨੂੰ ਪੱਤਰ ਲਿਖ ਦਿੱਤੇ ਸਨ, ਜਿਸ ਕਾਰਨ ਉਨ੍ਹਾਂ ਨੂੰ ਇਹ ਖਮਿਆਜ਼ਾ ਭੁਗਤਣਾ ਪਿਆ। ਦਸਣਾ ਬਣਦਾ ਹੈ ਕਿ ਚੰਡੀਗੜ੍ਹ ਦੇ ਐਸ.ਐਸ.ਪੀ ਵਜੋਂ ਪੰਜਾਬ ਕਾਡਰ ਨਾਲ ਸਬੰਧਤ ਆਈ.ਪੀ.ਐਸ ਅਧਿਕਾਰੀ ਦੀ ਨਿਯੁਕਤੀ ਤਿੰਨ ਸਾਲ ਕੀਤੀ ਜਾਂਦੀ ਹੈ। ਕੁਲਦੀਪ ਸਿੰਘ ਚਾਹਲ(2009 ਬੈਚ) ਨੂੰ ਅਕਤੂਬਰ 2020 ਵਿਚ ਇਹ ਜਿੰਮੇਵਾਰੀ ਸੋਂਪੀ ਗਈ ਸੀ ਤੇ ਉਨ੍ਹਾਂ ਦਾ ਕਾਰਜ਼ਕਾਲ ਹਾਲੇ ਅਕਤੂਬਰ 2023 ਤੱਕ ਖ਼ਤਮ ਹੋਣਾ ਸੀ ਪ੍ਰੰਤੂ ਬੀਤੇ ਕੱਲ ਚੰਡੀਗੜ੍ਹ ਦੇ ਪ੍ਰਸ਼ਾਸਕ ਵਲੋਂ ਅਚਾਨਕ ਇੱਕ ਪੱਤਰ ਜਾਰੀ ਕਰਕੇ ਬਾਅਦ ਦੁਪਿਹਰ ਹੀ ਉਨ੍ਹਾਂ ਨੂੰ ਇਸ ਅਹੁੱਦੇ ਤੋਂ ਫ਼ਾਰਗ ਹੋਣ ਦੇ ਆਦੇਸ਼ ਜਾਰੀ ਕਰ ਦਿੱਤੇ ਸਨ। ਇਹੀਂ ਨਹੀਂ ਉਨ੍ਹਾਂ ਦੀ ਥਾਂ ਪਹਿਲੀ ਵਾਰ ਹਰਿਆਣਾ ਕਾਰਡ ਨਾਲ ਸਬੰਧਤ ਆਈ.ਪੀ.ਐਸ ਅਧਿਕਾਰੀ ਮਨੀਸ਼ਾ ਚੌਧਰੀ (2011 ਬੈਚ) ਨੂੰ ਇਹ ਜਿੰਮੇਵਾਰੀ ਸੋਂਪ ਦਿੱਤੀ ਸੀ। ਪੰਜਾਬ ਨਾਲ ਜੁੜੇ ਪੁਰਾਣੇ ਆਈ.ਪੀ.ਐਸ ਅਧਿਕਾਰੀਆਂ ਮੁਤਾਬਕ ਵੱਖਰਾ ਪੰਜਾਬ ਤੇ ਹਰਿਆਣਾ ਹੋਂਦ ਵਿਚ ਆਉਣ ਤੋਂ ਬਾਅਦ ਹੁਣ ਤੱਕ 56 ਸਾਲਾਂ ਦੇ ਇਤਿਹਾਸ ਵਿਚ ਅਜਿਹਾ ਕਦੇ ਵੀ ਨਹੀਂ ਹੋਇਆ ਕਿ ਚੰਡੀਗੜ੍ਹ ਦੇ ਐਸ.ਐਸ.ਪੀ ਵਜੋਂ ਹਰਿਆਣਾ ਕਾਡਰ ਦੇ ਆਈ.ਪੀ.ਐਸ ਅਧਿਕਾਰੀ ਨੂੰ ਜਿੰਮੇਵਾਰੀ ਦਿੱਤੀ ਗਈ ਹੋਵੇ ਅਤੇ ਹੁਣ ਇਹ ਜਿੰਮੇਵਾਰੀ ਕਾਫ਼ੀ ਲੰਮੇ ਸਮੇਂ ਤੱਕ ਰਹਿਣ ਦੀ ਸੰਭਾਵਨਾ ਹੈ ਕਿਉਂਕਿ ਹੁਣ ਯੂ.ਟੀ ਵਲੋਂ ਪੰਜਾਬ ਸਰਕਾਰ ਤੋਂ ਤਿੰਨ ਆਈ.ਪੀ.ਐਸ ਅਧਿਕਾਰੀਆਂ ਦਾ ਪੈਨਲ ਮੰਗਿਆ ਜਾਵੇਗਾ, ਜਿਸ ਵਿਚੋਂ ਕਿਸੇ ਇੱਕ ਅਧਿਕਾਰੀ ਦੀ ਚੋਣ ਕੀਤੀ ਜਾਵੇਗੀ ਤੇ ਇਸ ਸਾਰੀ ਪ੍ਰਕ੍ਰਿਆ ਵਿਚ ਕਾਫ਼ੀ ਸਮਾਂ ਲੱਗਣਾ ਤੈਅ ਹੈ। ਗੌਰਤਲਬ ਹੈ ਕਿ ਇਸਤੋਂ ਪਹਿਲਾਂ ਵੀ ਪੰਜਾਬ ਕਾਡਰ ਨਾਲ ਸਬੰਧਤ ਹੋਰਨਾਂ ਪੋਸਟਾਂ ’ਤੇ ਚੰਡੀਗੜ੍ਹ ਪ੍ਰਸ਼ਾਸਨ ਦੁਆਰਾ ਹਰਿਆਣਾ ਜਾਂ ਯੂ.ਟੀ. ਨਾਲ ਸਬੰਧਤ ਅਧਿਕਾਰੀਆਂ ਨੂੰ ਲਗਾਉਣ ਦਾ ਵਿਵਾਦ ਉਠਦਾ ਰਿਹਾ ਹੈ ਤੇ ਹੁਣ ਦੀ ਤਾਜ਼ਾ ਘਟਨਾ ਪੰਜਾਬ ਦੇ ਚੰਡੀਗੜ੍ਹ ਦੇ ਅਧਿਕਾਰਾਂ ’ਤੇ ਇੱਕ ਹੋਰ ਵੱਡਾ ਹਮਲਾ ਮੰਨਿਆ ਜਾ ਰਿਹਾ। ਪ੍ਰੰਤੂ ਦੂਜੇ ਪਾਸੇ ਪੰਜਾਬ ਸਰਕਾਰ ਤੇ ਵਿਰੋਧੀ ਪਾਰਟੀਆਂ ਦੇ ਆਗੂ ਚੁੱਪ ਦਿਖ਼ਾਈ ਦੇ ਰਹੇ ਹਨ।

ਬਾਰ ਐਸੋਸੀਏਸਨ ਦੀਆਂ ਚੋਣਾਂ:ਬਠਿੰਡਾ ਦੇ 21 ਵਕੀਲਾਂ ਦੀਆਂ ਵੋਟਾਂ ਰੱਦ
ਬਾਰ ਕੋਂਸਲ ਦੀਆਂ ਹਿਦਾਇਤਾਂ ’ਤੇ ਦੂਹਰੀ ਵੋਟ ਬਣਾਉਣ ਵਾਲਿਆਂ ਵਿਰੁਧ ਚੋਣ ਅਧਿਕਾਰੀਆਂ ਨੇ ਕੀਤੀ ਕਾਰਵਾਈ
ਵੋਟਾਂ 16 ਦਸੰਬਰ ਨੂੰ ਹੋਣਗੀਆਂ, ਪੰਜ ਅਹੁੱਦਿਆਂ ਲਈ 15 ਉਮੀਦਵਾਰ ਮੈਦਾਨ ’ਚ
ਸੁਖਜਿੰਦਰ ਮਾਨ
ਬਠਿੰਡਾ, 12 ਦਸੰਬਰ: ਮਾਲਵਾ ਦੇ ਵਕੀਲਾਂ ਦੀ ਸਭ ਤੋਂ ਵੱਡੀ ਸੰਸਥਾ ਵਜੋਂ ਜਾਣੀ ਜਾਂਦੀ ਬਠਿੰਡਾ ਬਾਰ ਐਸੋਸੀਏਸ਼ਨ ਦੀਆਂ ਆਗਾਮੀ 16 ਦਸੰਬਰ ਨੂੰ ਹੋ ਰਹੀਆਂ ਚੋਣਾਂ ‘ਚ ਵੋਟਰ ਸੂਚੀ ਵਿਚ ਸ਼ਾਮਲ 21 ਵਕੀਲ ਅਪਣੀ ਵੋਟ ਨਹੀਂ ਪਾ ਸਕਣਗੇ। ਦੂਹਰੀ ਵੋਟ ਬਣਾਉਣ ਦੇ ਮਾਮਲੇ ਵਿਚ ਬਾਰ ਕੋਂਸਲ ਦੀਆਂ ਹਿਦਾਇਤਾਂ ’ਤੇ ਕਾਰਵਾਈ ਕਰਦੇ ਹੋਏ ਬਾਰ ਚੋਣਾਂ ਲਈ ਨਿਯੁਕਤ ਕੀਤੇ ਚੋਣ ਅਧਿਕਾਰੀਆਂ ਨੇ ਇਹ ਕਾਰਵਾਈ ਕੀਤੀ ਹੈ। ਜਿਸਦੇ ਚੱਲਦੇ ਹੁਣ ਆਖ਼ਰੀ ਵੋਟ ਸੂਚੀ ਤਿਆਰ ਹੋਣ ਤੋਂ ਬਾਅਦ ਕੁੱਲ 1596 ਵਕੀਲ ਇੰਨ੍ਹਾਂ ਚੋਣਾਂ ’ਚ ਅਪਣੀ ਵੋਟ ਦਾ ਇਸਤੇਮਾਲ ਕਰ ਸਕਣਗੇ। ਅੱਜ ਇਸ ਮਾਮਲੇ ਦੀ ਜਾਣਕਾਰੀ ਦਿੰਦਿਆਂ ਚੋਣ ਅਧਿਕਾਰੀ ਐਡਵੋਕੇਟ ਰਾਜਨ ਗਰਗ ਤੋਂ ਇਲਾਵਾ ਸਹਾਇਕ ਚੋਣ ਅਧਿਕਾਰੀਆਂ ਹਰਰਾਜ ਸਿੰਘ ਚੰਨੂੰ ਅਤੇ ਚੰਦਰ ਮੋਹਨ ਨੇ ਦਸਿਆ ਕਿ ‘‘ ਬਾਰ ਕੋਂਸਲ ਨੇ ਕੁੱਲ 122 ਵੋਟਰਾਂ ਦੀ ਵੋਟ ਦੀ ਮੁੜ ਪੜਤਾਲ ਕਰਨ ਦੀਆਂ ਹਿਦਾਇਤਾਂ ਦਿੱਤੀਆਂ ਸਨ। ਜਿੰਨ੍ਹਾਂ ਵਿਚੋਂ ਇਹ 21 ਵੋਟਰਾਂ ਦੇ ਵੋਟ ਕੱਟੇ ਗਏ ਹਨ। ’’ ਉਨ੍ਹਾਂ ਦਸਿਆ ਕਿ ਦੁਬਾਰਾ ਕੀਤੀ ਗਈ ਪੜਤਾਲ ਦੌਰਾਨ 67 ਵੋਟਰਾਂ ਦੀ ਵੋਟ ਸਹੀ ਪਾਈ ਗਈ, ਜਦੋਂਕਿ 34 ਵਕੀਲ ਪਹਿਲਾਂ ਹੀ ਬਠਿੰਡਾ ਬਾਰ ਐਸੋਸੀਏਸ਼ਨ ਦੇ ਵੋਟਰ ਨਹੀਂ ਸਨ। ਜਿਸਤੋਂ ਬਾਅਦ 21 ਦੂਹਰੀ ਵੋਟ ਵਾਲੇ ਵਕੀਲਾਂ ਨੂੰ ਜਦ ਨੋਟਿਸ ਕੱਢੇ ਗਏ ਤਾਂ 15 ਨੇ ਜਵਾਬ ਵਿਚ ਕੋਈ ਇਤਰਾਜ਼ ਨਹੀਂ ਦਿੱਤਾ ਤੇ 6 ਵੋਟਰਾਂ ਨੈ ਬਠਿੰਡਾ ਦੀ ਬਜਾਏ ਹੋਰਨਾਂ ਥਾਵਾਂ ‘ਤੇ ਚੋਣ ਪਾਉਣ ਨੂੰ ਤਰਜੀਹ ਦਿੱਤੀ। ਜਿਸਤੋਂ ਬਾਅਦ ਹੁਣ ਦੁਬਾਰਾ ਵੋਟਰ ਲਿਸਟ ਤਿਆਰ ਕੀਤੀ ਜਾ ਰਹੀ ਹੈ।
ਪੰਜ ਅਹੁੱਦਿਆਂ ਲਈ ਕੁੱਲ 15 ਉਮੀਦਵਾਰ ਹਨ ਮੈਦਾਨ ’ਚ
ਬਠਿੰਡਾ: ਆਗਾਮੀ 16 ਦਸੰਬਰ ਨੂੰ ਹੋਣ ਜਾ ਰਹੀ ਚੋਣ ਵਿਚ ਬਾਰ ਐਸੋਸੀਏਸ਼ਨ ਦੇ ਪੰਜ ਅਹੁੱਦਿਆਂ (ਪ੍ਰਧਾਨ, ਮੀਤ ਪ੍ਰਧਾਨ, ਸੈਕਟਰੀ, ਜੁਆਇੰਟ ਸਕੱਤਰ ਤੇ ਖ਼ਜਾਨਚੀ ) ਲਈ ਕੁੱਲ 15 ਉਮੀਦਵਾਰ ਮੈਦਾਨ ਵਿਚ ਹਨ। ਇੰਨ੍ਹਾਂ ਵਿਚੋਂ ਪ੍ਰਧਾਨ ਲਈ ਰੋਹਿਤ ਰੋਮਾਣਾ, ਗੁਰਵਿੰਦਰ ਸਿੰਘ ਮਾਨ ਤੇ ਲਕਵਿੰਦਰ ਸਿੰਘ ਭਾਈਕਾ ਵਿਚਕਾਰ ਸਖ਼ਤ ਮੁਕਾਬਲਾ ਹੈ। ਇਸਤੋਂ ਇਲਾਵਾ ਉਪ ਪ੍ਰਧਾਨ ਲਈ ਗੁਰਵਿੰਦਰ ਸਿੰਘ ਬਰਾੜ ਤੇ ਮਨਪ੍ਰੀਤ ਸਿੰਘ ਵਿਚਕਾਰ ਆਹਮੋ-ਸਾਹਮਣੇ ਦੀ ਟੱਕਰ ਹੈ। ਇਸੇ ਤਰ੍ਹਾਂ ਪ੍ਰਧਾਨ ਤੋਂ ਬਾਅਦ ਵਕਾਰੀ ਅਹੁੱਦੇ ਸਕੱਤਰ ਲਈ ਤਿੰਨ ਉਮੀਦਵਾਰ ਕੁਲਦੀਪ ਸਿੰਘ ਜੀਦਾ, ਸੁਖਪਾਲ ਸਿੰਘ ਢਿੱਲੋਂ ਅਤੇ ਥਾਮਸ ਵੈਨਗਾਨ ਵਿਚਕਾਰ ਤਿਕੌਣੀ ਟੱਕਰ ਹੈ। ਜੁਆਇੰਟ ਸਕੱਤਰ ਲਈ ਵਿਕਾਸ ਫੁਟੇਲਾ, ਅਮਨਦੀਪ ਮਿੱਤਲ ਅਤੇ ਯਸਪਿੰਦਰਪਾਲ ਸਿੰਘ ਮੈਦਾਂਨ ਵਿਚ ਹਨ। ਜਦੋਂਕਿ ਖ਼ਜਾਨਚੀ ਦੇ ਅਹੁੱਦੇ ਲਈ ਪਹਿਲੀ ਵਾਰ ਚਾਰ ਮਹਿਲਾ ਵਕੀਲ ਇੱਕ ਦੂਜੇ ਨੂੰ ਸਖ਼ਤ ਮੁਕਾਬਲਾ ਦੇ ਰਹੀਆਂ ਹਨ। ਇੰਨ੍ਹਾਂ ਵਿਚ ਤਮੰਨਾ, ਬਲਜੀਤ ਕੌਰ, ਨਵਪ੍ਰੀਤ ਕੌਰ ਤੇ ਡਿੰਪਲ ਜਿੰਦਲ ਸ਼ਾਮਲ ਹਨ।
ਪਹਿਲੀ ਵਾਰ ਆਮ ਵੋਟਾਂ ਦੀ ਤਰ੍ਹਾਂ ਉਂਗਲ ਦੇ ਲੱਗਣਗੇ ਸਿਆਹੀ ਦੇ ਚਿੰਨ
ਬਠਿੰਡਾ: ਉਧਰ ਦੋ ਥਾਵਾਂ ’ਤੇ ਵੋਟਾਂ ਪਾਉਣ ਤੋਂ ਰੋਕਣ ਲਈ ਚੋਣ ਅਧਿਕਾਰੀਆਂ ਨੇ ਬਾਰ ਚੋਣਾਂ ਦੇ ਇਤਿਹਾਸ ’ਚ ਪਹਿਲੀ ਵਾਰ ਵੋਟ ਪਾਉਣ ਦੌਰਾਨ ਆਮ ਚੋਣਾਂ ਦੀ ਤਰ੍ਹਾਂ ਉਂਗਲ ’ਤੇ ਸਿਆਹੀ ਦੇ ਚਿੰਨ ਲਗਾਉਣ ਦਾ ਫੈਸਲਾ ਕੀਤਾ ਹੈ। ਚੋਣ ਅਧਿਕਾਰੀ ਰਾਜਨ ਗਰਗ ਨੇ ਇਸਦੀ ਪੁਸ਼ਟੀ ਕਰਦਿਆਂ ਦਸਿਆ ਕਿ ‘‘ ਚੋਣ ਅਮਲ ਨੂੰ ਪਾਰਦਰਸ਼ੀ ਬਣਾਉਣ ਤੇ ਬਾਰ ਕੋਂਸਲ ਦੀਆਂ ਹਿਦਾਇਤਾਂ ਤਹਿਤ ਇੱਕ ਵਕੀਲ, ਇੱਕ ਥਾਂ ਵੋਟ ਦੇ ਨਾਅਰੇ ’ਤੇ ਅਮਲ ਕਰਨ ਲਈ ਇਹ ਫੈਸਲਾ ਲਿਆ ਗਿਆ ਹੈ। ’’ ਦਸਣਾ ਬਣਦਾ ਹੈ ਕਿ ਬਾਰ ਕੋਂਸਲ ਆਫ਼ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਵਲੋਂ ਇਸ ਨਾਅਰੇ ਤਹਿਤ ਪਿਛਲੇ ਕੁੱਝ ਸਮੇਂ ਤੋਂ ਇੱਕ ਵਕੀਲ ਦੇ ਇੱਕ ਬਾਰ ਐੋਸੋਸੀਏਸ਼ਨ ਵਿਚ ਵੋਟ ਪਾਉਣ ਦੇ ਅਮਲ ਨੂੰ ਸਖ਼ਤੀ ਨਾਲ ਲਾਗੂ ਕਰਨ ਲਈ ਪੂਰੇ ਸੂਬੇ ਵਿਚ ਹਰ ਬਾਰ ਐਸੋਸੀਏਸ਼ਨ ਦੀਆਂ ਇੱਕ ਦਿਨ ਹੀ ਚੋਣਾਂ ਕਰਵਾਈਆਂ ਜਾਂਦੀਆਂ ਹਨ।
ਬਠਿੰਡਾ ’ਚ ਪਹਿਲੀ ਵਾਰ ਰਿਕਾਰਡ 500 ਦੇ ਕਰੀਬ ਵੋਟਰ ਇੱਕ ਸਾਲ ’ਚ ਵਧੇ
ਬਠਿੰਡਾ: ਇੰਨ੍ਹਾਂ ਚੋਣਾਂ ਦੇ ਅਮਲ ਦੌਰਾਨ ਵੱਡੀ ਗੱਲ ਇਹ ਵੀ ਦੇਖਣ ਨੂੰ ਮਿਲੀ ਹੈ ਕਿ ਬਾਰ ਐਸੋਸੀਏਸ਼ਨ ਦੇ ਇਤਿਹਾਸ ਵਿਚ ਇਸ ਵਾਰ ਵਕੀਲ ਵੋਟਰਾਂ ਦੀ ਗਿਣਤੀ ਵਿਚ ਵਾਧਾ ਹੋਇਆ ਹੈ। ਪਿਛਲੇ ਸਾਲ ਹੋਈਆਂ ਚੋਣਾਂ ਵਿਚ ਬਠਿੰਡਾ ਬਾਰ ਦੇ ਕੁੱਲ ਯੋਗ ਵੋਟਰਾਂ ਦੀ ਗਿਣਤੀ 1147 ਸੀ, ਜਿਹੜੀ ਇਸ ਵਾਰ ਵਧ ਕੇ 1617 ਤੱਕ ਪੁੱਜ ਗਈ। ਬਾਰ ਐੋਸੋਸੀਏਸਨ ਦੇ ਪੁਰਾਣੇ ਵਕੀਲਾਂ ਨੇ ਦਸਿਆ ਕਿ ਹੁਣ ਤੱਕ ਕਦੇ ਵੀ ਹਰ ਸਾਲ ਵਕੀਲ ਵੋਟਰਾਂ ਦੀ ਗਿਣਤੀ 100-150 ਤੋਂ ਵੱਧ ਕਦੇ ਵੀ ਨਹੀਂ ਵਧੀ ਹੈ ਪ੍ਰੰਤੂ ਇਸ ਵਾਰ ਇਹ ਹੈਰਾਨੀਜਨਕ ਵਾਧਾ ਹੈ। ਗੌਰਤਲਬ ਹੈ ਕਿ ਇਸ ਬਾਰ ਦੇ ਇਕੱਲੇ ਵੋਟਰਾਂ ਦੀ ਗਿਣਤੀ 1617 ਹੈ ਜਦੋਂਕਿ ਬਾਰ ਦੇ ਮੈਂਬਰਾਂ ਦੀ ਗਿਣਤੀ 2500 ਤੋਂ ਵੀ ਵੱਧ ਦੱਸੀ ਜਾ ਰਹੀ ਹੈ।

ਬਠਿੰਡਾ ਨਿਗਮ ਦੇ ਕਾਂਗਰਸੀ ਕੋਂਸਲਰਾਂ ਨੇ ਬਿਲਡਿੰਗ ਇੰਸਪੈਕਟਰ ਵਿਰੁਧ ਖੋਲਿਆ ਮੋਰਚਾ
ਨਿਗਮ ਗੇਟ ਅੱਗੇ ਧਰਨਾ ਦੇਣ ਤੋਂ ਬਾਅਦ ਕਮਿਸ਼ਨਰ ਨੂੰ ਦਿੱਤਾ ਮੰਗ ਪੱਤਰ
ਸੁਖਜਿੰਦਰ ਮਾਨ
ਬਠਿੰਡਾ, 12 ਦਸੰਬਰ: ਸਥਾਨਕ ਨਗਰ ਨਿਗਮ ਦੇ ਇੱਕ ਬਿਲਡਿੰਗ ਇੰਸਪੈਕਟਰ ਵਿਰੁਧ ਕਾਂਗਰਸੀ ਕੋਂਸਲਰਾਂ ਨੇ ਮੋਰਚਾ ਖੋਲ ਦਿੱਤਾ ਹੈ। ਉਕਤ ਅਧਿਕਾਰੀਆਂ ਦੇ ਜੋਨ ਵਿਚ ਨਜਾਇਜ਼ ਇਮਾਰਤਾਂ ਉਸਰਨ ਦੇ ਦੋਸ਼ਾਂ ਤੋਂ ਇਲਾਵਾ ਕੋਂਸਲਰਾਂ ਨੂੰ ਅਣਗੋਲਿਆ ਕਰਨ ਦੇ ਦੋਸ਼ ਲਗਾਉਂਦਿਆਂ ਇੰਨ੍ਹਾਂ ਕੋਂਸਲਰਾਂ ਨੇ ਨਿਗਮ ਦਫ਼ਤਰ ਅੱਗੇ ਧਰਨਾ ਲਗਾਉਂਦਿਆਂ ਨਾਅਰੇਬਾਜ਼ੀ ਵੀ ਕੀਤੀ, ਜਿਸ ਵਿਚ ਵਿਸੇਸ ਤੌਰ ’ਤੇ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਰਾਜਨ ਗਰਗ ਵੀ ਸ਼ਾਮਲ ਹੋਏ। ਇਸ ਮੌਕੇ ਨਿਗਮ ਦੇ ਕਮਿਸ਼ਨਰ ਰਾਹੁਲ ਨੂੰ ਮੰਗ ਪੱਤਰ ਦਿੰਦਿਆਂ ਤੁਰੰਤ ਉਕਤ ਇੰਸਪੈਕਟਰ ਵਿਰੁਧ ਕਾਰਵਾਈ ਦੀ ਮੰਗ ਵੀ ਕੀਤੀ ਗਈ। ਮਾਮਲੇ ਦੀ ਜਾਣਕਾਰੀ ਦਿੰਦਿਆਂ ਲਾਈਨੋਪਾਰ ਇਲਾਕੇ ਦੀ ਮਹਿਲਾ ਕੋਂਸਲਰ ਪੁਸ਼ਪਾ ਰਾਣੀ ਨੇ ਦਸਿਆ ਕਿ ਕਿਰਨਦੀਪ ਸਿੰਘ ਬਤੌਰ ਬਿਲਡਿੰਗ ਇੰਸਪੈਕਟਰ ਦੀ ਡਿਊਟੀ ਜੋਨ- 6 ਵਿੱਚ ਲੱਗੀ ਹੋਈ ਹੈ ਅਤੇ ਉਸਦਾ ਵਾਰਡ ਨੰਬਰ 39 ਵੀ ਜੋਨ-6 ਵਿੱਚ ਪੈਂਦਾ ਹੈ। ਜਿਸ ਨਾਲ ਸਾਨੂੰ ਰੋਜਾਨਾਂ ਵਾਂਗ ਹੀ ਛੋਟੇ-ਛੋਟੇ ਕੰਮਾਂ ਲਈ ਉਕਤ ਅਧਿਕਾਰੀ ਨਾ ਵਾਹ ਪੈਂਦਾ ਹੈ ਪ੍ਰੰਤੂ ਉਕਤ ਅਧਿਕਾਰੀ ਉਨ੍ਹਾਂ ਵਲੋਂ ਜਨਤਾ ਦੇ ਚੁੱਕੇ ਜਾਂਦੇ ਮਸਲਿਆਂ ਨੂੰ ਟਿੱਚ ਜਾਣਦਾ ਹੈ ਤੇ ਨਾਂ ਹੀ ਚੁਣੇ ਹੋਏ ਕੋਂਸਲਰਾਂ ਦਾ ਫ਼ੋਨ ਚੁੱਕਦਾ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਉਨ੍ਹਾਂ ਦੇ ਵਾਰਡ ਦੇ ਨਕਸ਼ੇ/ਐਨ.ਓ.ਸੀ./ ਜਾਣਕਾਰੀ ਸਰਟੀਫਿਕੇਟ/ਯੂ.ਆਈ.ਡੀ ਨੰਬਰ ਦੀ ਫਾਈਲ ਉਕਤ ਅਧਿਕਾਰੀ ਕੋਲ ਪਈ ਹੈ। ਪ੍ਰੰਤੂ ਦੋ ਮਹੀਨੇ ਤੋਂ ਉੱਪਰ ਸਮਾਂ ਹੋਣ ਦੇ ਬਾਵਜੂਦ ਕੋਈ ਜਵਾਬ ਨਹੀਂ ਦਿੱਤਾ ਜਾ ਰਿਹਾ ਹੈ। ਇਸਤੋਂ ਇਲਾਵਾ ਕੋਂਸਲਰਾਂ ਨੇ ਉਕਤ ਅਧਿਕਾਰੀ ਦੇ ਜੋਨ ’ਚ ਬਣੀਆਂ ਨਜ਼ਾਇਜ਼ ਇਮਾਰਤਾਂ ਦਾ ਮੁੱਦਾ ਚੁੱਕਦਿਆਂ ਇਸ ਮਾਮਲੇ ਦੀ ਜਾਂਚ ਲਈ ਇੱਕ ਕਮੇਟੀ ਬਣਾਉਣ ਦੀ ਵੀ ਮੰਗ ਕੀਤੀ। ਕਮਿਸ਼ਨਰ ਰਾਹੁਲ ਨੇ ਕੋਂਸਲਰਾਂ ਨੂੰ ਠੰਢਾ ਕਰਦਿਆਂ ਮਾਮਲੇ ਦੀ ਜਾਂਚ ਦਾ ਭਰੋਸਾ ਦਿੱਤਾ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਤੋਂ ਇਲਾਵਾ ਸੀਨੀਅਰ ਡਿਪਟੀ ਮੇਅਰ ਅਸੋਕ ਪ੍ਰਧਾਨ, ਬਲਾਕ ਪ੍ਰਧਾਨ ਤੇ ਕੋਂਸਲਰ ਬਲਰਾਜ ਸਿੰਘ ਪੱਕਾ, ਹਰਵਿੰਦਰ ਸਿੰਘ ਲੱਡੂ, ਬਲਜਿੰਦਰ ਸਿੰਘ ਠੇਕੇਦਾਰ ਤੋਂ ਇਲਾਵਾ ਯੂਥ ਪ੍ਰਧਾਨ ਬਲਜੀਤ ਸਿੰਘ ਸਹਿਤ ਦਰਜ਼ਨਾਂ ਕੋਂਸਲਰ ਤੇ ਸਾਬਕਾ ਕੋਂਸਲਰ ਵੀ ਮੌਜੂਦ ਸਨ।







