ਲੈਕਚਰਾਰਾਂ ਦੀਆਂ 13252 ਵਿੱਚੋਂ ਜੌਗਰਫ਼ੀ ਦੀਆਂ ਕੇਵਲ 357 ਆਸਾਮੀਆਂ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 4 ਦਸੰਬਰ: ਪੰਜਾਬ ਦੇ ਲਗਭਗ 2000 ਸੀਨੀਅਰ ਸੈਕ: ਸਕੰ: ਸਕੂਲਾਂ ਵਿੱਚ ਭੂਗੋਲ (ਜੌਗਰਫ਼ੀ) ਲੈਕਚਰਾਰਾਂ ਦੀਆਂ ਆਸਾਮੀਆਂ ਦੀ ਘਾਟ ਨੂੰ ਪੂਰਾ ਕਰਵਾਉਣ, ਪੰਜਾਬ ਸਰਕਾਰ ਦੇ ਗਜ਼ਟ ਨੋਟੀਫਿਕੇਸ਼ਨ ਅਨੁਸਾਰ ਜੌਗਰਫ਼ੀ ਲੈਕਚਰਾਰਾਂ ਦੀਆਂ ਮੰਨਜ਼ੂਰਸ਼ੁਦਾ 357 ਆਸਾਮੀਆਂ ਨੂੰ ਈ-ਪੰਜਾਬ ਪੋਰਟਲ ’ਤੇ ਦਰਸਾਉਣ, ਮਾਣਯੋਗ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਫੈਸਲੇ ਨੂੰ ਲਾਗੂ ਕਰਵਾਉਣ, ਪਦ-ਉੱਨਤੀਆਂ ਅਤੇ ਸਿੱਧੀ ਭਰਤੀ ਰਾਹੀਂ ਆਸਾਮੀਆਂ ਭਰਨ ਅਤੇ ਅਪਗਰੇਡ ਕੀਤੇ ਜਾ ਰਹੇ ਐਮੀਨੈਂਸ ਸਕੂਲਾਂ ਵਿੱਚ ਭੂਗੋਲ (ਜੌਗਰਫ਼ੀ) ਵਿਸ਼ਾ ਚਾਲੂ ਕਰਨ ਦੇ ਮੁੱਦੇ ਨੂੰ ਲੈ ਕੇ ਜੌਗਰਫ਼ੀ ਪੋਸਟ ਗਰੈਜੂਏਟ ਟੀਚਰਜ਼ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਲੈਕਚਰਾਰ ਸੁਖਜਿੰਦਰ ਸਿੰਘ ਸੁੱਖੀ, ਸਕੱਤਰ ਲੈਕਚਰਾਰ ਸ਼ਮਸ਼ੇਰ ਸਿੰਘ ਸ਼ੈਰੀ ਫਰੀਦਕੋਟ ਅਤੇ ਖਜ਼ਾਨਚੀ ਲੈਕਚਰਾਰ ਚਮਕੌਰ ਸਿੰਘ ਮੋਗਾ ਆਦਿ ਵੀ ਅਗਵਾਈ ਵਿੱਚ ਵਫ਼ਦ ਨੇ ਤੇਜਦੀਪ ਸਿੰਘ ਸੈਣੀ ਡਾਇਰੈਕਟਰ ਸਿੱਖਿਆ ਵਿਭਾਗ (ਸੈ. ਸਿੱ:) ਪੰਜਾਬ ਨਾਲ ਮੀਟਿੰਗ ਕੀਤੀ ਅਤੇ ਲਿਖਤੀ ਮੰਗ ਪੱਤਰ ਦਿੱਤਾ। ਜੱਥੇਬੰਦੀ ਨੇ ਡਾਇਰੈਕਟਰ ਜਨਰਲ ਸਕੂਲ ਸਿੱਖਿਆ ਪੰਜਾਬ ਸਰਕਾਰ ਵਰਿੰਦਰ ਕੁਮਾਰ ਸ਼ਰਮਾ ਦੇ ਦਫ਼ਤਰ ਵਿੱਚ ਨਿੱਜੀ ਸਕੱਤਰ ਨੂੰ ਵੀ ਜੱਥੇਬੰਦੀ ਦੀਆਂ ਮੰਗਾਂ ਸੰਬੰਧੀ ਯਾਦ ਪੱਤਰ ਦਿੱਤਾ। ਮੁਲਾਕਾਤ ਦੌਰਾਨ ਵਫ਼ਦ ਨੇ ਡੀ.ਪੀ.ਆਈ ਦੇ ਧਿਆਨ ਵਿੱਚ ਲਿਆਂਦਾ ਕਿ ਪੰਜਾਬ ਦੀ ਤੁਲਨਾ ਵਿੱਚ ਹਰਿਆਣਾ, ਦਿੱਲੀ, ਹਿਮਾਚਲ ਪ੍ਰਦੇਸ਼ ਅਤੇ ਰਾਜਸਥਾਨ ਰਾਜ ਦੇ ਲੱਗਭਗ ਹਰ ਇੱਕ ਸੀਨੀ: ਸੈਕੰ: ਸਕੂਲ ਵਿੱਚ ਜੌਗਰਫ਼ੀ ਵਿਸ਼ਾ ਪੜ੍ਹਾਇਆ ਜਾਂਦਾ ਹੈ। ਜਦੋਂਕਿ ਪੰਜਾਬ ਦੇ ਲਗਭਗ 1800 ਸੀਨੀ: ਸੈਕੰ: ਸਕੂਲਾਂ ਦੇ ਵਿਦਿਆਰਥੀ ਇਸ ਵਿਸ਼ੇ ਦੇ ਗਿਆਨ ਤੋਂ ਵਾਂਝੇ ਹਨ। ਪਿਛਲੇ ਸਮੇਂ ਦੌਰਾਨ ਹਰਿਆਣਾ ਨੇ 710 ਅਤੇ ਰਾਜਸਥਾਨ ਸਰਕਾਰ ਨੇ 793 ਜੌਗਰਫੀ ਵਿਸ਼ੇ ਦੇ ਲੈਕਚਰਾਰਾਂ ਦੀ ਨਿਯੁਕਤੀ ਕੀਤੀ ਹੈ। ਜੱਥੇਬੰਦੀ ਨੇ ਮੰਗ ਪੱਤਰ ਵਿੱਚ ਇਹ ਵੀ ਅੰਕੜੇ ਪੇਸ਼ ਕੀਤੇ ਕਿ ਜੌਗਰਫ਼ੀ ਵਿਸ਼ੇ ਦੀਆਂ 357 ਮੰਨਜ਼ੂਰਸ਼ੁਦਾ ਲੈਕਚਰਾਰਾਂ ਦੀਆਂ ਆਸਾਮੀਆਂ ਦੇ ਮੁਕਾਬਲੇ ਹਿਸਟਰੀ ਦੀਆਂ 1448, ਰਾਜਨੀਤੀ ਸ਼ਾਸ਼ਤਰ ਦੀਆਂ 1425 ਅਤੇ ਅਰਥ ਸ਼ਾਸ਼ਤਰ ਵਿਸ਼ੇ ਦੇ ਲੈਕਚਰਾਰਾਂ ਦੀਆਂ 1193 ਆਸਾਮੀਆਂ ਮੰਨਜ਼ੂਰ ਹਨ। ਜੱਥੇਬੰਦੀ ਨੇ ਮੰਗ ਕੀਤੀ ਕਿ ਖਾਲੀ ਪਈਆਂ 130 ਆਸਾਮੀਆਂ ਨੂੰ ਪਦ-ਉੱਨਤੀ ਤੇ ਸਿੱਧੀ ਭਰਤੀ ਰਾਹੀਂ ਭਰਿਆ ਜਾਵੇ ਅਤੇ ਅਪਗ੍ਰੇਡ ਕੀਤੇ ਜਾ ਰਹੇ 100/450 ਐਮੀਨੈਂਸ ਸਕੂਲਾਂ ਵਿੱਚ ਜੌਗਰਫ਼ੀ ਵਿਸ਼ਾ ਪਹਿਲ ਦੇ ਆਧਾਰ ’ਤੇ ਚਾਲੂ ਕੀਤਾ ਜਾਵੇ। ਇਸ ਮੌਕੇ ਸੁੱਖੀ ਤੋਂ ਇਲਾਵਾ ਚਮਕੌਰ ਸਿੰਘ ਮੋਗਾ, ਸ਼ਮਸ਼ੇਰ ਸਿੰਘ ਸ਼ੈਰੀ ਫਰੀਦਕੋਟ, ਬਲਜੀਤ ਸਿੰਘ ਫਤਿਹਗੜ੍ਹ ਸਾਹਿਬ, ਸੁਖਵਿੰਦਰ ਸਿੰਘ ਲੁਧਿਆਣਾ, ਯੋਗਿੰਦਰ ਕੁਮਾਰ ਫਾਜ਼ਿਲਕਾ, ਤੇਜਪ੍ਰਤਾਪ ਸਿੰਘ ਤਰਨਤਾਰਨ, ਸ਼?ਰੀਮਤੀ ਰਾਖੀ ਅਗਰਵਾਲ ਬਠਿੰਡਾ, ਕਮਲਜੀਤ ਕੌਰ ਫਿਰੋਜ਼ਪੁਰ, ਨਵਦੀਪ ਕੌਰ ਅੰਮ੍ਰਿਤਸਰ, ਗੁਰਸਿਮਰਨ ਕੌਰ ਮਾਨਸਾ, ਡੌਲੀ ਕੁਮਾਰੀ ਗੁਰਦਾਸਪੁਰ, ਮਿੰਨੀ ਸ਼ਰਮਾ ਜਲੰਧਰ, ਤਲਵਿੰਦਰ ਸਿੰਘ ਪਟਿਆਲਾ, ਅਜੀਤਪਾਲ ਸਿੰਘ ਰੂਪਨਗਰ, ਗੁਰਪ੍ਰੀਤ ਕੌਰ ਸੰਗਰੂਰ, ਨੀਰਜ ਕੌਸ਼ਲ ਮੁਹਾਲੀ ਅਤੇ ਬਲਜੀਤ ਸਿੰਘ ਮੁਕਤਸਰ ਹਾਜਰ ਸਨ।
ਜੌਗਰਫ਼ੀ ਟੀਚਰਜ਼ ਯੂਨੀਅਨ ਪੰਜਾਬ ਦੀ ਡੀ.ਪੀ.ਆਈ ਸੈਣੀ ਨਾਲ ਮੁਲਾਕਾਤ
ਮੁੱਖ ਮੰਤਰੀ ਮਨੋਹਰ ਲਾਲ ਨੇ ਜੋਤੀਸਰ ਪ੍ਰੋਜੈਕਟ ਨੂੰ ਜਲਦੀ ਪੂਰਾ ਕਰਨ ਦੇ ਦਿੱਤੇ ਨਿਰਦੇਸ਼
ਗੀਤਾ ਸਥਾਨ ਜੋਤੀਸਰ ਵਿਚ ਮੁੱਖ ਮੰਤਰੀ ਮਨੋਹਰ ਲਾਲ ਨੇ ਗੀਤਾ ਜੈਯੰਤੀ ’ਤੇ ਕੀਤਾ ਗੀਤਾ ਪੂਜਨ
ਮੁੱਖ ਮੰਤਰੀ ਮਨੋਹਰ ਲਾਲ , ਖੇਡ ਮੰਤਰੀ ਸੰਦੀਪ ਸਿੰਘ, ਸਾਂਸਦ ਨਾਇਬ ਸਿੰਘ ਸੈਨੀ, ਵਿਧਾਇਕ ਸੁਭਾਸ਼ ਸੁਧਾ ਨੇ ਗੀਤਾ ਸਥਾਨ ਜੋਤੀਸਰ ਦਾ ਕੀਤਾ ਅਵਲੋਕਨ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 4 ਦਸੰਬਰ – ਗੀਤਾ ਜੈਯੰਤੀ 5159 ਸਾਲ ਪੂਰੇ ਹੋਣ ’ਤੇ ਗੀਤਾ ਜਨਮ ਸਥਾਨ ਦੀ ਪਵਿੱਤਰ ਧਰਤੀ ’ਤੇ ਮੁੱਖ ਮੰਤਰੀ ਮਨੋਹਰ ਲਾਲ ਨੇ ਗੀਤਾ ਪੂਜਨ ਕੀਤਾ। ਇਸ ਦੇ ਨਾਲ ਹੀ ਹਵਨ ਯੱਗ ਮੰਤਰ ਉਚਾਰਣ ਦੇ ਵਿਚ ਪੂਰਨ ਆਹੂਤੀ ਪਾਈ। ਇਸ ਪੂਜਾ ਅਰਚਨਾ ਦੇ ਬਾਅਦ ਮੁੱਖ ਮੰਤਰੀ ਮਨੋਹਰ ਲਾਲ, , ਖੇਡ ਮੰਤਰੀ ਸੰਦੀਪ ਸਿੰਘ, ਸਾਂਸਦ ਨਾਇਬ ਸਿੰਘ ਸੈਨੀ, ਵਿਧਾਇਕ ਸੁਭਾਸ਼ ਸੁਧਾ ਨੇ ਜੋਤੀਸਰ ਤੀਰਥ ਦਾ ਅਵਲੋਕਨ ਕਰਨ ਦੇ ਨਾਲ-ਨਾਲ ਭਗਵਾਨ ਸ੍ਰੀਕ੍ਰਿਸ਼ਣ ਦੇ ਵਿਰਾਟ ਸਵਰੂਪ ਦੇ ਵੀ ਦਰਸ਼ਨ ਕੀਤੇ। ਕੌਮਾਂਤਰੀ ਗੀਤਾ ਮਹਾਉਤਸਵ-2022 ਵਿਚ ਗੀਤਾ ਜੈਯੰਤੀ ਦੇ ਪਵਿੱਤਰ ਮੌਕੇ ’ਤੇ ਮੁੱਖ ਮੰਤਰੀ ਮਨੋਹਰ ਲਾਲ ਮੁੱਖ ਮਹਿਮਾਨ ਵਜੋ ਪਹੁੰਚੇ। ਐਤਵਾਰ ਨੂੰ ਜਿਵੇਂ ਹੀ ਮੁੱਖ ਮੰਤਰੀ ਗੀਤਾ ਸਥਾਨ ਜੋਤੀਸਰ ਵਿਚ ਪਹੁੰਚੇ, ਇੱਥੇ ਚਾਰੋਂ ਪਾਸੇ ਮੰਤਰ ਉਚਾਰਣ ਦੇ ਵਿਚ ਗੀਤਾ ਦੇ ਉਪਦੇਸ਼ ਗੂੰਜ ਰਹੇ ਸਨ। ਕੇਡੀਬੀ ਅਤੇ ਪ੍ਰਸਾਸ਼ਨ ਵੱਲੋਂ 29 ਨਵੰਬਰ ਤੋਂ ਸ੍ਰੀਮਦਭਗਵਦ ਗੀਤਾ ਪਾਠ ਦਾ ਪ੍ਰਬੰਧ ਚੱਲ ਰਿਹਾ ਸੀ। ਇਸ ਸ੍ਰੀਮਦਭਗਵਦ ਗੀਤਾ ਪਾਠ ਦੀ ਪੂਰਣ ਆਹੂਤੀ ਪ੍ਰੋਗ੍ਰਾਮ ਵਿਚ ਮੁੱਖ ਮੰਤਰੀ ਮਨੋਹਰ ਲਾਲ , ਖੇਡ ਮੰਤਰੀ ਸੰਦੀਪ ਸਿੰਘ, ਸਾਂਸਦ ਨਾਇਬ ਸਿੰਘ ਸੈਨੀ, ਵਿਧਾਇਕ ਸੁਭਾਸ਼ ਸੁਧਾ ਨੇ ਹਵਨ ਯੱਗ ਵਿਚ ਪੂਰਨ ਆਹੂਤੀ ਪਾਈ ਅਤੇ ਪੁਰਾਣੇ ਵੱਟ ਦਰਖਤ ਦੇ ਹੇਠਾਂ ਪਵਿੱਤਰ ਗ੍ਰੰਥ ਗੀਤਾ ਨੂੰ ਨਤਮਸਤਕ ਹੋ ਕੇ ਪੂਜਾ ਅਰਚਾਨਾ ਕੀਤੀ ਹੈ। ਮੁੱਖ ਮੰਤਰੀ ਮਨੋਹਰ ਲਾਲ ਨੇ ਜੋਤੀਸਰ ਤੀਰਥ ਦਾ ਅਵਲੋਕਨ ਕਰਨ ਬਾਅਦ ਭਗਵਾਨ ਸ੍ਰੀਕ੍ਰਿਸ਼ਣ ਦੇ ਵਿਰਾਟ ਸਵਰੂਪ ਦੇ ਵੀ ਦਰਸ਼ਨ ਕੀਤੇ। ਇੱਥੇ ਮੁੱਖ ਮੰਤਰੀ ਮਨੋਹਰ ਲਾਲ ਨੇ ਸੈਰ-ਸਪਾਟਾ ਵਿਭਾਗ ਦੇ ਅਧਿਕਾਰੀਆਂ ਤੋਂ ਜੋਤੀਸਰ ਵਿਚ ਬਣ ਰਹੇ ਮਹਾਭਾਰਤ ਥੀਮ ਅਤੇ ਹੋਰ ਪ੍ਰੋਜੈਕਟ ਦੇ ਬਾਰੇ ਵਿਚ ਫੀਡਬੈਕ ਲਈ। ਮੁੱਖ ਮੰਤਰੀ ਨੇ ਫੀਡਬੈਕ ਦੇ ਬਾਅਦ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਇਸ ਪ੍ਰੋਜੈਕਟ ਨੂੰ ਜਲਦੀ ਪੂਰਾ ਕੀਤਾ ਜਾਵੇ। ਮੁੱਖ ਮੰਤਰੀ ਨੇ ਆਦੇਸ਼ ਦਿੱਤੇ ਕਿ ਜੋਤੀਸਰ ਪ੍ਰੋਜੈਕਟ ਨੂੰ ਜਲਦੀ ਤੋਂ ਜਲਦੀ ਪੂਰਾ ਕਰਨ ਦਾ ਯਤਨ ਕੀਤਾ ਜਾਵੇ। ਇਸ ਤੋਂ ਇਲਾਵਾ, ਵਿਰਾਟ ਸਵਰੂਪ ਦੇ ਨੇੜੇ ਸੈਨਾਨੀਆਂ ਦੇ ਬੈਠਨ ਦੀ ਵਿਵਸਥਾ ਅਤੇ ਪਰਿਕ੍ਰਮਾ ਆਦਿ ਦੇ ਬਾਰੇ ਵਿਚ ਕੇਡੀਬੀ ਦੇ ਅਧਿਕਾਰੀਆਂ ਨੂੰ ਦਿਸ਼ਾ-ਨਿਰਦੇਸ਼ ਵੀ ਦਿੱਤੇ ਹਨ। ਇਸ ਸਥਾਨ ਨੂੰ ਇਕ ਬਿਹਤਰੀਨ ਸੈਰ-ਸਪਾਟਾ ਸਥਾਨ ਵਜੋ ਸਰਕਾਰ ਵੱਲੋਂ ਵਿਕਸਿਤ ਕੀਤਾ ਜਾ ਰਿਹਾ ਹੈ। ਇਸ ਪ੍ਰੋਜੈਕਟ ’ਤੇ ਸੂਬਾ ਸਰਕਾਰ ਵੱਲੋਂ ਕਰੋੜਾਂ ਰੁਪਏ ਦਾ ਬਜਟ ਖਰਚ ਕੀਤਾ ਜਾ ਰਿਹਾ ਹੈ ਅਤੇ ਕੇਂਦਰ ਸਰਕਾਰ ਵੱਲੋਂ ਕ੍ਰਿਸ਼ਣਾ ਸਰਕਿਟ ਦੇ ਤਹਿਤ ਵੀ ਬਜਟ ਖਰਚ ਕੀਤਾ ਗਿਆ ਹੈ। ਇਸ ਮੋਕੇ ’ਤੇ ਜਿਲ੍ਹਾ ਪਰਿਸ਼ਦ ਦੇ ਮੈਂਬਰ ਡੀਪੀ ਚੌਧਰੀ , ਕੇਡੀਬੀ ਮੈਂਬਰ ਵਿਜੈ ਨਰੁਲਾ ਸਮੇਤ ਹੋਰ ਅਧਿਕਾਰੀ ਮੌਜੂਦ ਸਨ।
ਰੈਡ ਕਰਾਸ ਨੇ ਦਿਵਿਯਾਂਗ ਵਿਅਕਤੀਆਂ ਨੂੰ ਟਰਾਈ ਸਾਈਕਲ, ਵੀਲ ਚੇਅਰ ਤੇ ਬਣਾਵਟੀ ਅੰਗ ਵੰਡੇ
ਡਿਪਟੀ ਕਮਿਸ਼ਨਰ ਨੇ ਦਿਵਿਯਾਂਗਾਂ ਦਾ ਜਾਣਿਆ ਹਾਲ-ਚਾਲ
ਸੁਖਜਿੰਦਰ ਮਾਨ
ਬਠਿੰਡਾ, 4 ਦਸੰਬਰ : ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਅੰਤਰਰਾਸ਼ਟਰੀ ਅਪੰਗਤਾ ਦਿਵਸ ਮੌਕੇ ਦਿਵਯਾਂਗਾਂ ਨੂੰ ਬਣਾਵਟੀ ਅੰਗ ਮੁਹੱਈਆ ਕਰਵਾਉਣ ਲਈ ਸਥਾਨਕ ਤਹਿਸੀਲ ਦਫ਼ਤਰ ਵਿਖੇ ਇੱਕ ਵਿਸੇਸ਼ ਕੈਂਪ ਲਗਾਇਆ ਗਿਆ। ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀ ਸ਼ੌਕਤ ਅਹਿਮਦ ਪਰੇ ਵੱਲੋਂ ਦਿਵਿਯਾਂਗ ਵਿਅਕਤੀਆਂ ਨੂੰ ਟਰਾਈ ਸਾਈਕਲ, ਵੀਲ ਚੇਅਰ ਦੇਣ ਤੋਂ ਇਲਾਵਾ ਬਣਾਵਟੀ ਅੰਗ (ਲੱਤਾਂ ਅਤੇ ਕਲੀਪਰਾਂ) ਦੀ ਵੰਡ ਕੀਤੀ ਗਈ। ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਵੱਲੋਂ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਵੱਲੋਂ ਦਿਵਿਆਂਗ ਵਿਅਕਤੀਆਂ ਲਈ ਤਿਆਰ ਕਰਵਾਏ ਗਏ ਸਮਾਨ ਵਿੱਚੋਂ ਲੋੜਵੰਦ ਦਿਵਿਆਂਗ ਵਿਅਕਤੀਆਂ ਵਿੱਚੋਂ 10 ਨੂੰ ਬਣਾਵਟੀ ਅੰਗ (ਲੱਤਾਂ ਅਤੇ ਕਲੀਪਰਾਂ) ਤੋਂ ਇਲਾਵਾ 5 ਨੂੰ ਵੀਲ ਚੇਅਰ, 3 ਨੂੰ ਟਰਾਈ ਸਾਈਕਲ ਅਤੇ 4 ਔਰਤਾਂ ਨੂੰ ਐਮ.ਐਸ.ਆਈ.ਈ.ਡੀ ਕਿੱਟਾਂ ਮੁਹੱਈਆ ਕਰਵਾਈਆਂ ਗਈਆਂ। ਕੈਂਪ ਦੌਰਾਨ ਡਿਪਟੀ ਕਮਿਸ਼ਨਰ ਸ੍ਰੀ ਸ਼ੌਕਤ ਅਹਿਮਦ ਪਰੇ ਨੇ ਦੱਸਿਆ ਕਿ ਬਠਿੰਡਾ ਵਿਖੇ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਵੱਲੋਂ ਫੰਡਜ਼ ਮੁਹੱਈਆ ਕਰਵਾਕੇ ਜ਼ਿਲ੍ਹਾ ਦਿਵਿਯਾਂਗ ਪੁਨਰਵਾਸ ਕੇਂਦਰ ਚਲਾਇਆ ਜਾ ਰਿਹਾ ਹੈ, ਜਿੱਥੇ ਦਿਵਿਯਾਂਗਾਂ ਦੀ ਭਲਾਈ ਲਈ ਕੰਮ ਕੀਤੇ ਜਾ ਰਹੇ ਹਨ। ਇਸ ਮੌਕੇ ਡਿਪਟੀ ਕਮਿਸ਼ਨਰ ਵੱਲੋਂ ਦਿਵਿਆਂਗ ਵਿਅਕਤੀਆਂ ਨਾਲ ਗੱਲਬਾਤ ਕਰਕੇ ਉਨ੍ਹਾਂ ਦਾ ਹਾਲ-ਚਾਲ ਵੀ ਪੁੱਛਿਆ ਗਿਆ। ਇਸ ਮੌਕੇ ਸਕੱਤਰ ਰੈਡ ਕਰਾਸ ਸ੍ਰੀ ਦਰਸ਼ਨ ਕੁਮਾਰ, ਜ਼ਿਲ੍ਹਾ ਸਮਾਜਿਕ ਸੁਰੱਖਆ ਦਫ਼ਤਰ ਤੋਂ ਸ੍ਰੀਮਤੀ ਗੁਲਸ਼ਨ ਮਹਿਤਾ, ਜ਼ਿਲ੍ਹਾ ਦਿਵਿਆਂਗ ਪੁਨਰਵਾਸ ਕੇਂਦਰ ਦੇ ਇੰਚਾਰਜ ਡਾ. ਮਨੀਸ਼ ਸੋਨੀ, ਰਵੀ ਸ਼ਰਮਾ ਪੀ ਐਂਡ ਓ, ਕਰਮਜੀਤ ਸਿੰਘ ਆਦਿ ਹਾਜ਼ਰ ਸਨ।
ਮੁੱਖ ਮੰਤਰੀ ਵੱਲੋਂ ਮਿਲਟਰੀ ਲਿਟਰੇਚਰ ਫੈਸਟੀਵਲ ਦਾ ਦਾਇਰਾ ਜ਼ਿਲ੍ਹਾ ਤੇ ਯੂਨੀਵਰਸਿਟੀ ਪੱਧਰ ਤੱਕ ਵਧਾਉਣ ਦਾ ਐਲਾਨ
ਨੌਜਵਾਨਾਂ ਨੂੰ ਹਥਿਆਰਬੰਦ ਬਲਾਂ ਵਿੱਚ ਸ਼ਾਮਲ ਹੋਣ ਲਈ ਪ੍ਰੇਰਿਤ ਕਰਨ ਲਈ ਇਸ ਨੂੰ ਸਮੇਂ ਦੀ ਲੋੜ ਦੱਸਿਆ
ਭਾਰਤ ਨੂੰ ਵਿਸ਼ਵ ਵਿੱਚ ਸਭ ਤੋਂ ਵੱਡਾ ਤੇ ਸਭ ਤੋਂ ਸਫ਼ਲ ਲੋਕਤੰਤਰ ਬਣਾਉਣ ਵਿੱਚ ਹਥਿਆਰਬੰਦ ਬਲਾਂ ਦੀ ਭੂਮਿਕਾ ਦੀ ਕੀਤੀ ਸ਼ਲਾਘਾ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 4 ਦਸੰਬਰ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੂਬੇ ਭਰ ਵਿੱਚ ਜ਼ਿਲ੍ਹਾ ਅਤੇ ਯੂਨੀਵਰਸਿਟੀ ਪੱਧਰ ‘ਤੇ ਮਿਲਟਰੀ ਲਿਟਰੇਚਰ ਫੈਸਟੀਵਲ (ਐਮਐਲਐਫ) ਦੀ ਮੇਜ਼ਬਾਨੀ ਕਰਕੇ ਇਸ ਦੇ ਦਾਇਰੇ ਦਾ ਵਿਸਤਾਰ ਕਰਨ ਦਾ ਐਲਾਨ ਕੀਤਾ ਹੈ।ਇੱਥੇ ਮਿਲਟਰੀ ਲਿਟਰੇਚਰ ਫੈਸਟੀਵਲ ਦੇ ਸਨਮਾਨ ਸਮਾਰੋਹ ਦੀ ਪ੍ਰਧਾਨਗੀ ਕਰਦਿਆਂ ਮੁੱਖ ਮੰਤਰੀ ਨੇ ਹਰ ਸਾਲ ਇਸ ਵੱਡ-ਆਕਾਰੀ ਸਮਾਗਮ ਦੇ ਪ੍ਰਬੰਧ ਲਈ ਪ੍ਰਬੰਧਕ ਕਮੇਟੀ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਭਵਿੱਖ ਵਿੱਚ ਸੂਬਾ ਸਰਕਾਰ ਨੌਜਵਾਨਾਂ ਨੂੰ ਹਥਿਆਰਬੰਦ ਸੈਨਾਵਾਂ ਦੀ ਅਮੀਰ ਵਿਰਾਸਤ ਤੋਂ ਜਾਣੂੰ ਕਰਵਾਉਣ ਅਤੇ ਉਨ੍ਹਾਂ ਵਿੱਚ ਫੌਜ ਵਿੱਚ ਭਰਤੀ ਹੋਣ ਦੀ ਭਾਵਨਾ ਪੈਦਾ ਕਰਨ ਲਈ ਜ਼ਿਲ੍ਹਾ ਅਤੇ ਯੂਨੀਵਰਸਿਟੀ ਪੱਧਰ ’ਤੇ ਇਹ ਮੇਲਾ ਕਰਵਾਏਗੀ। ਭਗਵੰਤ ਮਾਨ ਨੇ ਕਿਹਾ ਕਿ ਨੌਜਵਾਨਾਂ ਵਿੱਚ ਰਾਸ਼ਟਰਵਾਦ ਅਤੇ ਦੇਸ਼ ਭਗਤੀ ਦੀ ਭਾਵਨਾ ਪੈਦਾ ਕਰਨਾ ਸਮੇਂ ਦੀ ਲੋੜ ਹੈ, ਜਿਸ ਨਾਲ ਉਨ੍ਹਾਂ ਨੂੰ ਹਥਿਆਰਬੰਦ ਸੈਨਾਵਾਂ ਵਿੱਚ ਭਰਤੀ ਹੋਣ ਲਈ ਪ੍ਰੇਰਿਤ ਕੀਤਾ ਜਾ ਸਕੇ।
ਭਾਰਤ ਨੂੰ ਵਿਸ਼ਵ ਦਾ ਸਭ ਤੋਂ ਵੱਡਾ ਅਤੇ ਸਫ਼ਲ ਲੋਕਤੰਤਰ ਬਣਾਉਣ ਵਿੱਚ ਹਥਿਆਰਬੰਦ ਸੈਨਾਵਾਂ ਦੀ ਅਹਿਮ ਭੂਮਿਕਾ ਦੀ ਸ਼ਲਾਘਾ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਭਾਰਤ ਵਿੱਚ ਲੋਕਤੰਤਰ ਸਫ਼ਲਤਾਪੂਰਵਕ ਪ੍ਰਫੁੱਲਤ ਹੋਇਆ ਹੈ ਕਿਉਂਕਿ ਹਥਿਆਰਬੰਦ ਬਲਾਂ ਨੇ ਇਸ ਦੀ ਰਾਖੀ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਉਨ੍ਹਾਂ ਕਿਹਾ ਕਿ ਹਥਿਆਰਬੰਦ ਸੈਨਾਵਾਂ ਨੇ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਕਰਨ ਦੇ ਨਾਲ-ਨਾਲ ਦੇਸ਼ ਦੀ ਏਕਤਾ, ਅਖੰਡਤਾ ਅਤੇ ਪ੍ਰਭੂਸੱਤਾ ਨੂੰ ਵੀ ਬਰਕਰਾਰ ਰੱਖਿਆ ਹੈ। ਭਗਵੰਤ ਮਾਨ ਨੇ ਕਿਹਾ ਕਿ ਇਸ ਕਾਰਨ ਹੀ ਭਾਰਤ ਅੱਜ ਦੁਨੀਆ ਭਰ ਵਿੱਚ ਸਭ ਤੋਂ ਸਫ਼ਲ ਲੋਕਤੰਤਰ ਵਜੋਂ ਉੱਭਰਿਆ ਹੈ।ਪਾਕਿਸਤਾਨ ਦੀ ਮਿਸਾਲ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਉਥੇ ਲੋਕਤੰਤਰ ਕਦੇ ਵੀ ਕਾਇਮ ਨਹੀਂ ਰਿਹਾ ਕਿਉਂਕਿ ਫੌਜ ਨੇ ਇਸ ਗੁਆਂਢੀ ਮੁਲਕ ਵਿੱਚ ਕਈ ਵਾਰ ਚੁਣੀਆਂ ਹੋਈਆਂ ਸਰਕਾਰਾਂ ਨੂੰ ਭੰਗ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਦੇ ਉਲਟ ਭਾਰਤ ਵਿੱਚ ਹਥਿਆਰਬੰਦ ਬਲਾਂ ਦੀ ਸਰਗਰਮ ਭੂਮਿਕਾ ਕਾਰਨ ਲੋਕਤੰਤਰ ਇੱਕ ਸਫ਼ਲ ਵਰਤਾਰਾ ਰਿਹਾ ਹੈ। ਭਗਵੰਤ ਮਾਨ ਨੇ ਕਿਹਾ ਕਿ ਇਸੇ ਕਾਰਨ ਹੀ ਅੱਜ ਉਨ੍ਹਾਂ ਵਰਗਾ ਆਮ ਆਦਮੀ ਸੂਬੇ ਦਾ ਮੁੱਖ ਮੰਤਰੀ ਬਣਿਆ ਹੈ।ਮੁੱਖ ਮੰਤਰੀ ਨੇ ਭਾਰਤੀ ਫੌਜ ਦੇ ਸਮਰਪਣ, ਵਚਨਬੱਧਤਾ ਅਤੇ ਦੇਸ਼ ਭਗਤੀ ਦੀ ਵੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਭਾਰਤੀ ਫੌਜ ਦੀ ਬਹਾਦਰੀ ਦੀ ਦੁਨੀਆ ਭਰ ਵਿੱਚ ਕੋਈ ਵੀ ਮਿਸਾਲ ਨਹੀਂ ਮਿਲਦੀ। ਭਗਵੰਤ ਮਾਨ ਨੇ ਕਿਹਾ ਕਿ ਭਾਰਤੀ ਹਥਿਆਰਬੰਦ ਸੈਨਾਵਾਂ ਨੇ ਆਪਣੇ ਹੌਸਲੇ ਤੇ ਬਹਾਦਰੀ ਨਾਲ ਕਈ ਪ੍ਰੇਰਨਾਦਾਇਕ ਇਬਾਰਤਾਂ ਲਿਖੀਆਂ ਹਨ।
ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਦੇਸ਼ ਦੀ ਸੇਵਾ ਵਿੱਚ ਪਾਏ ਬੇਮਿਸਾਲ ਯੋਗਦਾਨ ਲਈ ਹਰ ਦੇਸ਼ ਵਾਸੀ ਭਾਰਤੀ ਹਥਿਆਰਬੰਦ ਬਲਾਂ ਦਾ ਰਿਣੀ ਹੈ। ਉਨ੍ਹਾਂ ਕਿਹਾ ਕਿ ਜਦੋਂ ਸਾਡੇ ਵਿੱਚੋਂ ਹਰ ਕੋਈ ਆਪਣੇ ਪਰਿਵਾਰਾਂ ਨਾਲ ਆਰਾਮ ਦੀ ਨੀਂਦ ਸੌਂ ਰਿਹਾ ਹੁੰਦਾ ਹੈ, ਉਦੋਂ ਹਥਿਆਰਬੰਦ ਬਲ ਕੜਾਕੇ ਦੀ ਠੰਢ ਅਤੇ ਗਰਮੀ ਦੇ ਮੌਸਮ ਵਿੱਚ ਸਾਡੀਆਂ ਸਰਹੱਦਾਂ ਦੀ ਰਾਖੀ ਕਰ ਰਹੇ ਹੁੰਦੇ ਹਨ। ਭਗਵੰਤ ਮਾਨ ਨੇ ਕਿਹਾ ਕਿ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਅਤੇ ਅਮਨ-ਕਾਨੂੰਨ ਦੀ ਰਾਖੀ ਲਈ ਆਪਣੀਆਂ ਜਾਨਾਂ ਨਿਛਾਵਰ ਕਰਨ ਵਾਲੇ ਬਹਾਦਰ ਸੈਨਿਕਾਂ ਨੂੰ ਨਿਮਰ ਸ਼ਰਧਾਂਜਲੀ ਵਜੋਂ ਸੂਬਾ ਸਰਕਾਰ ਨੇ ਸ਼ਹੀਦ ਸੈਨਿਕਾਂ ਦੇ ਪਰਿਵਾਰਾਂ ਨੂੰ ਦਿੱਤੇ ਜਾਣ ਵਾਲੇ ਮਾਣਭੱਤੇ ਨੂੰ ਵਧਾ ਕੇ ਇਕ ਕਰੋੜ ਰੁਪਏ ਕੀਤਾ ਹੈ।ਮੁੱਖ ਮੰਤਰੀ ਨੇ ਕਿਹਾ ਕਿ ਡਿਊਟੀ ਦੌਰਾਨ ਸ਼ਹੀਦੀ ਪ੍ਰਾਪਤ ਕਰਨ ਵਾਲੇ ਬਹਾਦਰ ਸੈਨਿਕਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਸੂਬਾ ਸਰਕਾਰ ਵੱਲੋਂ ਇਹ ਨਿਮਾਣਾ ਜਿਹਾ ਉਪਰਾਲਾ ਹੈ। ਭਗਵੰਤ ਮਾਨ ਨੇ ਕਿਹਾ ਕਿ ਇਸ ਕਦਮ ਦਾ ਉਦੇਸ਼ ਸ਼ਹੀਦ ਸੈਨਿਕਾਂ ਦੇ ਪੀੜਤ ਪਰਿਵਾਰਾਂ ਨੂੰ ਵੱਡੀ ਰਾਹਤ ਦੇਣਾ ਹੈ। ਉਨ੍ਹਾਂ ਅੱਗੇ ਕਿਹਾ ਕਿ ਮਾਤ ਭੂਮੀ ਦੀ ਰਾਖੀ ਲਈ ਆਪਣੀ ਜਾਨ ਕੁਰਬਾਨ ਕਰਨ ਵਾਲੇ ਸੈਨਿਕਾਂ ਦੇ ਪਰਿਵਾਰਾਂ ਦੀ ਮਦਦ ਕਰਨਾ ਸੂਬਾ ਸਰਕਾਰ ਦਾ ਫ਼ਰਜ਼ ਹੈ।ਮੁੱਖ ਮੰਤਰੀ ਨੇ ਸਾਬਕਾ ਸੈਨਿਕਾਂ ਅਤੇ ਹਥਿਆਰਬੰਦ ਬਲਾਂ ਨਾਲ ਆਪਣੇ ਮਜ਼ਬੂਤ ਰਿਸ਼ਤਿਆਂ ਨੂੰ ਵੀ ਯਾਦ ਕੀਤਾ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਮਾਮਾ ਜੀ ਭਾਰਤੀ ਫੌਜ ਵਿੱਚ ਨੌਕਰੀ ਕਰ ਚੁੱਕੇ ਹਨ। ਭਗਵੰਤ ਮਾਨ ਨੇ ਇਹ ਵੀ ਕਿਹਾ ਕਿ ਉਹ ਖ਼ੁਸ਼ਕਿਸਮਤ ਹਨ ਕਿ ਐਸ.ਏ.ਐਸ.ਨਗਰ (ਮੁਹਾਲੀ) ਵਿੱਚ ਉਨ੍ਹਾਂ ਦੇ ਗੁਆਂਢੀ ਪੁਰਸਕਾਰ ਜੇਤੂ ਸਾਬਕਾ ਫ਼ੌਜੀ ਅਫ਼ਸਰ ਸਨ।ਇਸ ਮੌਕੇ ਮੁੱਖ ਮੰਤਰੀ ਨੇ ਕਈ ਪੁਸਤਕਾਂ ਵੀ ਰਿਲੀਜ਼ ਕੀਤੀਆਂ ਅਤੇ ਮੇਲੇ ਵਿੱਚ ਭਾਗ ਲੈਣ ਵਾਲੀਆਂ ਉੱਘੀਆਂ ਸ਼ਖ਼ਸੀਅਤਾਂ ਦੀ ਸਨਮਾਨ ਕੀਤਾ।
ਪੰਜਾਬੀਆਂ ਨੂੰ ਦੱਸੋ ਕਿ ਤੁਸੀਂ ਗੈਂਗਸਟਰ ਗੋਲਡੀ ਬਰਾੜ ਨੂੰ ਅਮਰੀਕਾ ਵਿਚ ਹਿਰਾਸਤ ਵਿਚ ਲੈਣ ਦਾ ਝੂਠ ਕਿਉਂ ਬੋਲਿਆ : ਮਜੀਠੀਆ ਨੇ ਭਗਵੰਤ ਮਾਨ ਨੂੰ ਆਖਿਆ
ਦੱਸਣ ਕਿ ਕੀ ਅਮਿਤ ਸ਼ਾਹ ਨੇ ਉਹਨਾਂ ਨੂੰ ਦੱਸਿਆ ਸੀ ਜਾਂ ਫਿਰ ਜੋਇ ਬਾਇਡਨ ਦਾ ਫੋਨ ਆਇਆ ਸੀ
ਪੰਜਾਬੀਆਂ ਨੂੰ ਵਾਰ ਵਾਰ ਝੂਠ ਬੋਲਣਾ ਤੇ ਗੁੰਮਰਾਹ ਕਰਨਾ ਬੰਦ ਕਰੋ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 4 ਦਸੰਬਰ : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਅੱਜ ਪੰਜਾਬ ਦੇ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਨੂੰ ਆਖਿਆ ਕਿ ਉਹ ਪੰਜਾਬੀਆਂ ਨੂੰ ਦੱਸਣ ਕਿ ਉਹਨਾਂ ਨੇ ਗੈਂਗਸਟਰ ਗੋਲਡੀ ਬਰਾੜ ਨੂੰ ਅਮਰੀਕਾ ਵਿਚ ਅਮਰੀਕੀ ਏਜੰਸੀਆਂ ਵੱਲੋਂ ਹਿਰਾਸਤ ਵਿਚ ਲੈਣ ਤੇ ਫਿਰ ਉਸਨੂੰ ਛੇਤੀ ਪੰਜਾਬ ਲਿਆਉਣ ਦੇ ਦਾਅਵੇ ਦੇ ਝੂਠ ਕਿਉਂ ਬੋਲੇ।ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਨੂੰ ਗੁਜਰਾਤ ਵਿਚ ਸਨਸਨਖੇਜ਼ ਦਾਅਵਾ ਕਿ ਗੋਲਡੀ ਬਰਾੜ ਨੂੰ ਅਮਰੀਕਾ ਵਿਚ ਹਿਰਾਸਤ ਵਿਚ ਲੈ ਲਿਆ ਗਿਆ ਹੈ, ਕੀਤਿਆਂ ਨੂੰ 48 ਘੰਟੇ ਤੋਂ ਵੱਧ ਬੀਤ ਗਏ ਹਨ। ਉਹਨਾਂ ਕਿਹਾ ਕਿ ਉਹਨਾਂ ਨੇ ਇਹ ਬਿਆਨ ਸੂਬੇ ਦੇ ਮੁਖੀ ਵਜੋਂ ਦਿੱਤਾ ਸੀ ਪਰ 48 ਘੰਟੇ ਬੀਤਣ ਮਗਰੋਂ ਵੀ ਗੋਲਡੀ ਬਰਾੜ ਨੂੰ ਹਿਰਾਸਤ ਵਿਚ ਲੈਣ ਦੀ ਕੋਈ ਤਸਵੀਰ ਜਾਂ ਵੀਡੀਓ ਸਾਹਮਣੇ ਨਹੀਂ ਆਈ। ਉਹਨਾਂ ਕਿਹਾ ਕਿ ਪੰਜਾਬ ਦੇ ਡੀ ਜੀ ਪੀ ਅਤੇ ਕੇਂਦਰੀ ਏਜੰਸੀਆਂ ਵੀ ਪੰਜਾਬ ਦੇ ਮੁੱਖ ਮੰਤਰੀ ਦੇ ਦਾਅਵੇ ਦੀ ਪੁਸ਼ਟੀ ਕਰਨ ਤੋਂ ਗੁਰੇਜ਼ ਕਰ ਰਹੇ ਹਨ।
ਸ: ਮਜੀਠੀਆ ਨੇ ਕਿਹਾ ਕਿ ਅਜਿਹਾ ਜਾਪਦਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਦਾ ਦਾਅਵਾ ਉਹਨਾਂ ਦੇ ਪਹਿਲਾਂ ਕੀਤੇ ਝੂਠੇ ਦਾਅਵਿਆਂ ਵਰਗਾ ਹੀ ਹੈ। ਉਹਨਾਂ ਕਿਹਾ ਕਿ ਤਾਜ਼ਾ ਦਾਅਵੇ ਦਾ ਮਕਸਦ ਗੁਜਰਾਤੀਆਂ ਨੂੰ ਇਸ ਗੱਲ ਲਈ ਰਾਜ਼ੀ ਕਰਨਾ ਸੀ ਕਿ ਪੰਜਾਬ ਵਿਚ ਕਾਨੂੰਨ ਵਿਵਸਥਾ ਬਿਲਕੁਲ ਠੀਕ ਹੈ ਜਦੋਂ ਕਿ ਜ਼ਮੀਨੀ ਹਕੀਕਤ ਇਸ ਤੋਂ ਬਿਲਕੁਲ ਉਲਟ ਹੈ। ਉਹਨਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਗੁਜਰਾਤ ਵਿਚ ਕੀਤੇ ਦਾਅਵਿਆਂ ਤੋਂ ਪੰਜਾਬੀ ਹੈਰਾਨ ਹਨ। ਉਹਨਾਂ ਕਿਹਾ ਕਿ ਮੁੱਖ ਮੰਤਰੀ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਗੈਂਗਸਟਰ ਗੋਲਡੀ ਬਰਾੜ ਦੀਆਂ ਕਾਰਵਾਈਆਂ ਤੋਂ ਜਿਹੜੇ ਪਰਿਵਾਰ ਪ੍ਰਭਾਵਤ ਹੋਏ ਹਨ, ਉਹ ਉਹਨਾਂ ਦੇ ਦਾਅਵੇ ’ਤੇ ਵਿਸ਼ਵਾਸ ਕਰ ਰਹੇ ਸਨ ਕਿਉਂਕਿ ਉਹਨਾਂ ਦੀਆਂ ਭਾਵਨਾਵਾਂ ਇਸਮੁੱਦੇ ਨਾਲ ਜੁੜੀਆਂ ਹਨ। ਹੁਣ ਜਦੋਂ ਉਹਨਾਂ ਦਾ ਦਾਅਵਾ ਝੂਠਾ ਤੇ ਗੁੰਮਰਾਹਕੁੰਨ ਨਿਕਲਿਆ ਹੈ ਤਾਂ ਇਹ ਪਰਿਵਾਰ ਇਕ ਵਾਰ ਫਿਰ ਤੋਂ ਪੀੜਾ ਦੇ ਇਕ ਹੋਰ ਦੌਰ ਵਿਚੋਂ ਲੰਘੇ ਹਨ ਕਿਉਂਕਿ ਇਹਨਾਂ ਨੇ ਆਪਣੇ ਪਰਿਵਾਰਕ ਜੀਅ ਗੁਆਏ ਹਨ।
ਉਹਨਾਂ ਨੇ ਪੰਜਾਬ ਦੇ ਮੁੱਖ ਮੰਤਰੀ ਨੂੰ ਸਪਸ਼ਟ ਕਰਨ ਕਿ ਉਹਨਾਂ ਨੂੰ ਇਹ ਸੂਚਨਾ ਕਿਵੇਂ ਮਿਲੀ ਕਿ ਗੋਲਡੀ ਬਰਾੜ ਅਮਰੀਕਾ ਵਿਚ ਹਿਰਾਸਤ ਵਿਚ ਲਿਆ ਗਿਆ ਹੈ ? ਕੀ ਉਹਨਾਂ ਨੂੰ ਕੇਂਦਰੀ ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ ਨੇ ਇਸਦੀ ਜਾਣਕਾਰੀਦਿੱਤੀ ਜਾਂ ਫਿਰ ਅਮਰੀਕੀ ਰਾਸ਼ਟਰਪਤੀ ਜੋਇ ਬਾਇਡਨ ਜਾਂ ਕਿਸੇ ਹੋਰ ਅਮਰੀਕੀ ਅਧਿਕਾਰੀ ਦਾ ਫੋਨ ਆਇਆ ਜਾਂ ਫਿਰ ਅਮਰੀਕੀ ਏਜੰਸੀ ਐਫ ਬੀ ਆਈ ਨੇ ਸਿੱਧਾ ਉਹਨਾਂ ਨੂੰ ਸੂਚਿਤ ਕੀਤਾ ਜਾਂ ਉਹਨਾਂ ਦੇ ਹੋਰ ਸਰੋਤ ਹਨ ਜਿਹਨਾਂ ਤੋਂ ਉਹਨਾਂ ਨੂੰ ਇਹ ਜਾਣਕਾਰੀ ਮਿਲੀ।
ਸ:ਮਜੀਠੀਆ ਨੇ ਕਿਹਾ ਕਿ ਪਹਿਲਾਂ ਸ੍ਰੀ ਭਗਵੰਤ ਮਾਨੇ ਇਹ ਐਲਾਨ ਕੀਤਾ ਸੀ ਕਿ ਜਰਮਨੀ ਦੀ ਕਾਰ ਨਿਰਮਾਤਾ ਕੰਪਨੀ ਬੀ ਐਮ ਡਬਲਿਊ ਪੰਜਾਬ ਵਿਚ ਨਿਵੇਸ਼ ਕਰੇਗੀ ਜਦੋਂ ਕਿ ਕੰਪਨੀ ਨੇ ਉਹਨਾਂ ਦੇ ਬਿਆਨ ਦਾ ਜ਼ੋਰਦਾਰ ਖੰਡਨ ਕਰਦਿਆਂ ਅਜਿਹੀ ਕੋਈ ਯੋਜਨਾ ਹੋਣ ਤੋਂ ਨਾਂਹ ਕਰ ਦਿੱਤੀ ਸੀ।ਉਹਨਾਂ ਕਿਹਾ ਕਿ ਉਹਨਾਂ ਸਮੇਤ ਸਾਰੇ ਪੰਜਾਬੀ ਇਹ ਚਾਹੁੰਦੇ ਹਨ ਕਿ ਗੋਲਡੀਬਰਾੜ ਨੂੰ ਛੇਤੀ ਤੋਂ ਛੇਤੀ ਗ੍ਰਿਫਤਾਰ ਕੀਤਾ ਜਾਵੇ ਅਤੇ ਪੰਜਾਬ ਲਿਆਂਦਾ ਜਾਵੇ ਤਾਂ ਜੋ ਪੰਜਾਬੀਆਂ ਨੂੰ ਲਿਆਂ ਮਿਲ ਸਕੇ। ਉਹਨਾਂ ਨੇ ਮੁੱਖ ਮੰਤਰੀ ਨੂੰ ਆਖਿਆ ਕਿ ਜੇਕਰ ਉਹਨਾਂ ਕੋਲ ਗੋਲਡੀ ਬਰਾੜ ਨੂੰ ਹਿਰਾਸਤ ਵਿਚ ਲੈਣ ਦੀ ਕੋਈ ਤਸਵੀਰ ਜਾਂ ਵੀਡੀਓ ਹੈ ਤਾਂ ਉਹ ਇਸਨੂੰ ਤੁਰੰਤ ਜਨਤਕ ਕਰਨ।ਉਹਨਾਂ ਨੇਪੰਜਾਬ ਦੇ ਮੁੱਖ ਮੰਤਰੀ ਨੂੰ ਸਲਾਹ ਦਿੱਤੀ ਕਿ ਸਸਤੀ ਸ਼ੋਹਰਤ ਹਾਸਲ ਕਰਨ ਵਾਸਤੇ ਝੂਠੇ ਦਾਅਵੇ ਕਰਨ ਤੋਂ ਗੁਰੇਜ਼ ਕੀਤਾ ਜਾਵੇ ਨਹੀਂ ਤਾਂ ਲੋਕਾਂ ਵਿਚ ਉਹਨਾਂ ਬਾਰੇ ਧਾਰਨਾ ਪੱਕੀ ਹੋ ਜਾਵੇਗੀ ਇਹ ਤਾਂ ਸਿਰਫ ਝੂਠ ਹੀ ਬੋਲਦੇ ਹਨ। ਉਹਨਾਂ ਕਿਹਾ ਕਿ ਭਾਵੇਂ ਉਹ ਸੂਬੇ ਦੇ ਮੁਖੀ ਹਨ ਪਰ ਮੁਖੀ ਨੂੰ ਸੂਬੇ ਦੇ ਲੋਕਾਂ ਨੂੰ ਝੂਠ ਬੋਲਣ ਅਤੇ ਗੁੰਮਰਾਹ ਕਰਨ ਦਾ ਕੋਈ ਅਧਿਕਾਰ ਨਹੀਂ ਹੈ।
ਭਾਜਪਾ ਵਲੋਂ ਐਲਾਨੇਂ ਢਾਂਚੇ ’ਚ ਮਾਲਵਾ ਦੇ ਆਗੂਆਂ ਦੀ ਹੋਈ ਚੜ੍ਹਾਈ
ਦੂਜੀਆਂ ਪਾਰਟੀਆਂ ਤੋਂ ਆਏ ਆਗੂਆਂ ਨੂੰ ਵੀ ਮਿਲਿਆ ਸਨਮਾਨ
ਬਠਿੰਡਾ ਜ਼ਿਲ੍ਹੇ ਦੇ ਵੀ ਅੱਧੀ ਦਰਜ਼ਨ ਆਗੂਆਂ ਨੂੰਦਿੱਤੇ ਵੱਡੇ ਅਹੁੱਦੇ
ਸੁਖਜਿੰਦਰ ਮਾਨ
ਬਠਿੰਡਾ, 3 ਦਸੰਬਰ : ਪੰਜਾਬ ਭਾਜਪਾ ਦੇ ਅੱਜ ਕੀਤੇ ਪੁਨਰਗਠਨ ’ਚ ਮਾਲਵਾ ਦੇ ਆਗੂਆਂ ਦੀ ਚੜ੍ਹਾਈ ਦੇਖਣ ਨੂੰ ਮਿਲੀ ਹੈ। 2024 ਦੀਆਂ ਲੋਕ ਸਭਾ ਚੋਣਾਂ ’ਚ ਕੁੱਝ ‘ਵੱਡਾ’ ਕਰਨ ਦੇ ਸੁਪਨੇ ਲੈਣ ਵਾਲੀ ਭਾਜਪਾ ਨੇ ਪੰਜਾਬ ਦੀ ਸਿਆਸਤ ਵਿੱਚ ਮਹੱਤਵਪੂਰਣ ਸਥਾਨ ਰੱਖਣ ਵਾਲੇ ਮਾਲਵਾ ਨੂੰ ਵਿਸੇਸ ਤਵੱਜੋ ਦਿੱਤੀ ਹੈ । ਇਸਦੇ ਨਾਲ ਹੀ ਦੂਜੀਆਂ ਪਾਰਟੀਆਂ ਤੋਂ ਆਏ ਆਗੂਆਂ ਨੂੰ ਵੀ ਵੱਡੇ ਅਹੁੱਦਿਆਂ ਨਾਲ ਸਨਮਾਨਿਆਂ ਹੈ। ਪਾਰਟੀ ਵਲੋਂ 11 ਉਪ ਪ੍ਰਧਾਨ ਬਣਾਏ ਗਏ ਹਨ, ਜਿੰਨ੍ਹਾਂ ਵਿਚੋਂ 5 ਮਾਲਵਾ ਪੱਟੀ ਨਾਲ ਸਬੰਧਤ ਹਨ। ਇਸੇ ਤਰ੍ਹਾਂ ਪੰਜ ਜਨਰਲ ਸਕੱਤਰਾਂ ਵਿਚੋਂ ਦੋ ਅਤੇ 14 ਸਕੱਤਰਾਂ ਵਿਚੋਂ 6 ਦਾ ਸਬੰਧ ਮਾਲਵਾ ਨਾਲ ਹੀ ਹੈ। ਉਂਜ ਪਾਰਟੀ ਦੇ ਮੀਤ ਪ੍ਰਧਾਨਾਂ, ਜਨਰਲ ਸਕੱਤਰਾਂ, ਸਕੱਤਰਾਂ ਤੇ ਬੁਲਾਰਿਆਂ ਆਦਿ ਦੀ ਜਾਰੀ ਲਿਸਟ ਵਿਚ ਬਠਿੰਡਾ ਜ਼ਿਲ੍ਹੇ ਨੂੰ ਵੀ ਵੱਡਾ ਹਿੱਸਾ ਮਿਲਿਆ ਹੈ। ਦਸਣਾ ਬਣਦਾ ਹੈ ਕਿ ਬੀਤੇ ਕੱਲ ਪਾਰਟੀ ਦੀ ਸਰਬਉੱਚ ਸੰਸਥਾ ਦੇ ਕੀਤੇ ਵਿਸਥਾਰ ਵਿਚ ਪੰਜਾਬ ਤੋਂ ਕਾਂਗਰਸ ਦੇ ਪਿਛੋਕੜ ਵਾਲੇ ਦੋ ਵੱਡੇ ਆਗੂਆਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਸਾਬਕਾ ਪ੍ਰਧਾਨ ਸੁਨੀਲ ਜਾਖ਼ੜ ਨੂੰ ਇਸ ਵਿਚ ਸ਼ਾਮਲ ਕੀਤਾ ਗਿਆ ਹੈ। ਇਸੇ ਤਰ੍ਹਾਂ ਕੈਪਟਨ ਦੇ ਖ਼ਾਸਮਖ਼ਾਸ ਮੰਨੇ ਜਾਂਦੇ ਰਾਣਾ ਸੋਢੀ ਸਹਿਤ ਭਾਜਪਾ ਦੇ ਟਕਸਾਲੀ ਆਗੂ ਮੰਨੋਰੰਜਨ ਕਾਲੀਆ ਨੂੰ ਵਿਸੇਸੀ ਇਨਵਾਈਟੀ ਬਣਾਇਆ ਸੀ। ਉਸਤੋਂ ਬਾਅਦ ਸ਼ਨੀਵਾਰ ਨੂੰ ਪਾਰਟੀ ਦੇ ਜਾਰੀ ਸੂੁਬਾਈ ਢਾਂਚੇ ਵਿਚ ਕੈਪਟਨ ਅਮਰਿੰਦਰ ਸਿੰਘ ਦੀ ਪੁੱਤਰੀ ਜੈਇੰਦਰ ਕੌਰ ਨੂੰ ਮੀਤ ਪ੍ਰਧਾਨ ਬਣਾਇਆ ਗਿਆ ਹੈ। ਇਸੇ ਤਰ੍ਹਾਂ ਉਨ੍ਹਾਂ ਦੇ ਨਜਦੀਕੀਆਂ ਕੇਵਲ ਸਿੰਘ ਢਿੱਲੋਂ ਤੇ ਅਰਵਿੰਦ ਖੰਨਾ ਨੂੰ ਵੀ ਮੀਤ ਪ੍ਰਧਾਨ ਦੀ ਜਿੰਮੇਵਾਰੀ ਮਿਲੀ ਹੈ। ਜਦੋਂਕਿ ਬਾਕੀ ਦੇ ਤਿੰਨ ਮਲਵਾਈ ਆਗੂਆਂ ਵਿਚੋਂ ਸੁਖਬੀਰ ਬਾਦਲ ਦੇ ਜਮਾਤੀ ਰਹੇ ਸਾਬਕਾ ਅਕਾਲੀ ਆਗੂ ਜਗਦੀਪ ਸਿੰਘ ਨਕਈ ਤੋਂ ਇਲਾਵਾ ਭਾਜਪਾ ਦੇ ਟਕਸਾਲੀ ਆਗੂ ਦਿਆਲ ਸੋਢੀ (ਦੋਨੋਂ ਬਠਿੰਡਾ ਨਾਲ ਸਬੰਧਤ)ਨੂੰ ਵੀ ਮੀਤ ਪ੍ਰਧਾਨ ਬਣਾਇਆ ਗਿਆ ਹੈ। ਸਿਆਸੀ ਗਲਿਆਰਿਆਂ ’ਚ ਚਰਚਾ ਮੁਤਾਬਕ 2024 ਦੀਆਂ ਲੋਕ ਸਭਾ ਚੋਣਾਂ ਲਈ ਭਾਜਪਾ ਵਲੋਂ ਬਠਿੰਡਾ ਤੋਂ ਬਾਦਲਾਂ ਨੂੰ ਟੱਕਰ ਸ: ਨਕਈ ਹੀ ਦੇਣਗੇ। ਇਸੇ ਤਰ੍ਹਾਂ ਸਾਬਕਾ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ੍ਹ ਨੂੰ ਪਾਰਟੀ ਦਾ ਅਹਿਮ ਅਹੁੱਦਾ ਜਨਰਲ ਸਕੱਤਰ ਦਿੱਤਾ ਗਿਆ ਹੈ। ਜਦੋਂਕਿ ਸਕੱਤਰਾਂ ਦੀ ਜਾਰੀ ਲਿਸਟ ਵਿਚ ਬਿਕਰਮ ਮਜੀਠਿਆ ਦੇ ਖ਼ਾਸਮਖ਼ਾਸ ਰਹੇ ਪਰਮਿੰਦਰ ਸਿੰਘ ਬਰਾੜ ਤੋਂ ਇਲਾਵਾ ਸਾਬਕਾ ਕਾਂਗਰਸੀ ਵਿਧਾਇਕ ਡਾ ਹਰਜੋਤ ਕਮਲ ਤੇ ਦਮਨ ਬਾਜਵਾ ਦੇ ਨਾਮ ਸ਼ਾਮਲ ਕੀਤੇ ਗਏ ਹਨ। ਉਧਰ ਪਾਰਟੀ ਦੇ ਅੱਧੀ ਦਰਜ਼ਨ ਬੁਲਾਰਿਆਂ ਵਿਚ ਸਾਬਕਾ ਚੇਅਰਮੈਨ ਤੇ ਜ਼ਿਲ੍ਹਾ ਪ੍ਰਧਾਨ ਵਜੋਂ ਕੰਮ ਕਰ ਚੁੱਕੇ ਸੀਨੀਅਰ ਆਗੂ ਐਡਵੋਕੇਟ ਅਸੋਕ ਭਾਰਤੀ ਨੂੰ ਮੁੜ ਪਾਰਟੀ ਦਾ ਬੁਲਾਰਾ ਅਤੇ ਸੁਨੀਲ ਸਿੰਗਲਾ ਨੂੰ ਸੂਬੇ ਦੀ ਮੀਡੀਆ ਟੀਮ ਵਿਚ ਸ਼ਾਮਲ ਕੀਤਾ ਗਿਆ ਹੈ।
ਆਂਗਣਵਾੜੀ ਯੂਨੀਅਨ ਦੀਆਂ ਆਗੂਆਂ ਨੇ ਮੁੱਖ ਮੰਤਰੀ ਪੰਜਾਬ ਦੇ ਨਾਂ ਆਪ ਵਿਧਾਇਕ ਨੂੰ ਦਿੱਤਾ ਮੰਗ ਪੱਤਰ
ਸੁਖਜਿੰਦਰ ਮਾਨ
ਬਠਿੰਡਾ, 3 ਦਸੰਬਰ:ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਬਲਾਕ ਬਠਿੰਡਾ ਵੱਲੋਂ ਯੂਨੀਅਨ ਦੇ ਸੂਬਾ ਕਮੇਟੀ ਦੇ ਫ਼ੈਸਲੇ ਅਨੁਸਾਰ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੇ ਨਾਮ ਆਮ ਆਦਮੀ ਪਾਰਟੀ ਦੇ ਵਿਧਾਇਕ ਮਾਸਟਰ ਜਗਸੀਰ ਸਿੰਘ ਨੂੰ ਮੰਗ ਪੱਤਰ ਦਿੱਤਾ ਗਿਆ । ਜਥੇਬੰਦੀ ਦੀ ਮੰਗ ਹੈ ਕਿ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦੀਆਂ ਸਾਰੀਆਂ ਮੰਗਾਂ ਮੰਨੀਆਂ ਜਾਣ ਅਤੇ ਮੁੱਖ ਮੰਤਰੀ ਜਥੇਬੰਦੀ ਦੀਆਂ ਆਗੂਆਂ ਨੂੰ ਮੀਟਿੰਗ ਦਾ ਸਮਾਂ ਦੇਣ । ਇਸ ਮੌਕੇ ਜਿਲ੍ਹਾ ਪ੍ਰਧਾਨ ਗੁਰਮੀਤ ਕੌਰ ਨੇ ਕਿਹਾ ਕਿ ਆਂਗਣਵਾੜੀ ਸੈਂਟਰਾਂ ਦੇ 3 ਸਾਲ ਤੋਂ 6 ਸਾਲ ਤੱਕ ਦੇ ਬੱਚੇ ਜੋ ਸਰਕਾਰ ਨੇ 2017 ਵਿੱਚ ਖੋਹ ਕੇ ਸਰਕਾਰੀ ਪ੍ਰਾਇਮਰੀ ਸਕੂਲਾਂ ਵਿੱਚ ਭੇਜ ਦਿੱਤੇ ਸਨ , ਨੂੰ ਵਾਪਸ ਸੈਂਟਰਾਂ ਵਿਚ ਭੇਜਿਆ ਜਾਵੇ ਅਤੇ ਆਂਗਣਵਾੜੀ ਵਰਕਰ ਨੂੰ ਪ੍ਰੀ ਨਰਸਰੀ ਟੀਚਰ ਦਾ ਦਰਜਾ ਦਿੱਤਾ ਜਾਵੇ । ਜਦੋਂ ਤੱਕ ਇਹ ਲਾਗੂ ਨਹੀਂ ਹੁੰਦਾ ਉਦੋਂ ਤੱਕ ਸਰਕਾਰ ਆਪਣੇ ਵਾਅਦੇ ਅਨੁਸਾਰ ਵਰਕਰਾਂ ਤੇ ਹੈਲਪਰਾਂ ਦਾ ਮਾਣ ਭੱਤਾ ਦੁੱਗਣਾ ਕੀਤਾ ਕਰੇ ।ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦੀਆਂ ਪਿਛਲੇਂ 4 ਸਾਲਾਂ ਤੋਂ ਖਾਲੀ ਪਈਆਂ ਹਜ਼ਾਰਾਂ ਅਸਾਮੀਆਂ ਦੀ ਭਰਤੀ ਤੁਰੰਤ ਕੀਤੀ ਜਾਵੇ । ਐਨ ਜੀ ਓ ਅਧੀਨ ਕੰਮ ਕਰਦੀਆਂ ਵਰਕਰਾਂ ਤੇ ਹੈਲਪਰਾਂ ਨੂੰ ਮੁੱਖ ਵਿਭਾਗ ਅਧੀਨ ਲਿਆਂਦਾ ਜਾਵੇ । ਵਰਕਰਾਂ ਨੂੰ ਸਮਾਰਟ ਫ਼ੋਨ ਦਿੱਤੇ ਜਾਣ , ਉਤਸ਼ਾਹ ਵਰਧਕ ਰਾਸ਼ੀ ਕ੍ਰਮਵਾਰ ਵਰਕਰ ਤੇ ਹੈਲਪਰ ਨੂੰ 500 ਰੁਪਏ ਤੇ 250 ਰੁਪਏ ਦਿੱਤੇ ਜਾਣ । ਪੀ ਐਮ ਵੀ ਵਾਈ ਦੇ 2017 ਤੋਂ ਪੈਡਿੰਗ ਪਏ ਪੈਸੇ ਰਲੀਜ਼ ਕੀਤੇ ਜਾਣ । ਮਿੰਨੀ ਆਂਗਣਵਾੜੀ ਵਰਕਰ ਨੂੰ ਪੂਰੀ ਆਂਗਣਵਾੜੀ ਵਰਕਰ ਦਾ ਦਰਜ਼ਾ ਦਿੱਤਾ ਜਾਵੇ । ਇਸ ਮੌਕੇ ਯੂਨੀਅਨ ਦੀਆਂ ਆਗੂ ਮਨਪ੍ਰੀਤ ਕੌਰ ਸਿਵੀਆ, ਪਰਮਜੀਤ ਕੌਰ ਸਿਵੀਆ, ਸੁਨੈਨਾ ਗੋਨੇਆਣਾ, ਸੁਮਨਦੀਪ ਗੋਨੇਆਣਾ ਖੁਰਦ, ਗੁਰਪ੍ਰੀਤ ਕੌਰ ਗੋਨੇਆਣਾ ਖੁਰਦ, ਵੀਰਪਾਲ ਕੌਰ ਨਹੀਆਂ ਵਾਲਾ,ਬਲਜੀਤ ਕੌਰ ਨਹੀਆਂ ਵਾਲਾ ਆਦਿ ਮੌਜੂਦ ਸਨ ।
ਸਹਯੋਗੀ ਸੰਸਥਾਵਾਂ ਨਾਲ ਮਿਲ ਕੇ ਨਗਰ ਨਿਗਮ ਨੇ ਵਿਸ਼ਾਲ ਖੂਨਦਾਨ ਕੈਂਪ ਦਾ ਕੀਤਾ ਆਯੋਜਨ
ਖੂਨਦਾਨ ਮਹਾਦਾਨ, ਹਰ ਇਕ ਮਨੁੱਖ ਨੂੰ ਖੂਨਦਾਨ ਕਰਨਾ ਜਰੂਰੀ-ਮੇਯਰ
ਸੁਖਜਿੰਦਰ ਮਾਨ
ਬਠਿੰਡਾ, 3 ਦਸੰਬਰ: ਨਗਰ ਨਿਗਮ ਕਮਿਸ਼ਨਰ ਅਤੇ ਮੇਅਰ ਦੀ ਰਹਿਨੁਮਾਈ ਹੇਠ ਸਮਾਜ ਸੇਵੀ ਸੰਸਥਾ ਅਤੇ ਐਚਡੀਐਫਸੀ ਬੈੰਕ ਦੇ ਸਹਿਯੋਗ ਨਾਲ ਇਕ ਵਿਸ਼ਾਲ ਖੂਨ ਦਾਨ ਕੈਂਪ ਦਾ ਆਯੋਜਨ ਸਥਾਨਕ ਨਗਰ ਨਿਗਮ ਵਿਖੇ ਕੀਤਾ ਗਿਆ । ਚੀਫ ਸੈਨਟਰੀ ਇੰਸਪੈਕਟਰ ਸੰਦੀਪ ਕਟਾਰੀਆ ਅਤੇ ਸਫਾਈ ਸੇਵਕ ਯੂਨੀਅਨ ਪ੍ਰਧਾਨ ਵਿਕਰਮ ਵਿੱਕੀ ਦੀ ਪ੍ਰਧਾਨਗੀ ਵਿੱਚ ਲਗਾਏ ਇਸ ਕੈਂਪ ਦੌਰਾਨ ਨਗਰ ਨਿਗਮ ਦੇ ਕਰਮਚਾਰੀਆਂ ਅਤੇ ਅਧਿਕਾਰੀਆਂ ਵਲੋਂ ਵੱਧ ਚੜ ਕੇ ਹਿੱਸਾ ਲਿਆ । ਇਸ ਮੌਕੇ 51 ਖੂਨਦਾਨੀਆਂ ਨੇ ਆਪਣਾ ਖੂਨ ਦਾਨ ਕੀਤਾ ਗਿਆ। ਨਗਰ ਨਿਗਮ ਚੀਫ ਇੰਜੀਨੀਅਰ ਸੰਦੀਪ ਗੁਪਤਾ ਅਤੇ ਰਿਟਾਇਡ ਜੇਲ ਸੁਪਰੀਡੈਂਟ ਕੈਲਾਸ਼ ਕੁਮਾਰ ਵਲੋਂ ਵਿਸ਼ੇਸ਼ ਤੋਰ ਤੇ ਸਿਰਕਤ ਕੀਤੀ ਅਤੇ ਖੂਨਦਾਨ ਕਰਕੇ ਇਸ ਕੈਂਪ ਦੀ ਸ਼ੁਰੂਆਤ ਕੀਤੀ। ਮੇਅਰ ਰਮਨ ਗੋਇਲ ਵਲੋਂ ਇਸ ਮੌਕੇ ਲੋਕਾਂ ਨੂੰ ਜਾਗਰੂਕ ਕਰਦੇ ਕਿਹਾ ਕਿ ਹਰ ਇਕ ਮਨੁੱਖ ਨੂੰ ਖੂਨਦਾਨ ਕਰਨਾ ਲਾਜਮੀ ਹੈ ਤਾਂਕਿ ਐਮਰਜੈਂਸੀ ਵੇਲੇ ਪੀੜਿਤ ਲੋਕਾਂ ਦੀ ਜਿੰਦਗੀਆਂ ਬਚਾਇਆ ਜਾ ਸਕਣ। ਸਫਾਈ ਸੇਵਕ ਪ੍ਰਧਾਨ ਵਿਕਰਮ ਵਿੱਕੀ ਨੇ ਖੂਨਦਾਨੀਆਂ ਨੂੰ ਧੰਨਵਾਦ ਕਰਦੇ ਕਿਹਾ ਕਿ ਹਰ ਇਕ ਮਨੁੱਖ ਨੂੰ ਖੂਨਦਾਨ ਕਰ ਕੇ ਆਪਣਾ ਮਾਨਵਤਾ ਦਾ ਫਰਜ ਨਿਭਾਉਣਾ ਚਾਹੀਂਦਾ ਹੈ । ਇਸ ਮੌਕੇ ਸਮਾਜ ਸੇਵੀ ਸੰਸਥਾ ਲਾਈਫ ਸੇਵਿੰਗ ਹੈਲਥ ਕੇਅਰ ਸੋਸਾਇਟੀ ਦੇ ਮੈਂਬਰ ਅਤੇ ਐਚਡੀਐਫਸੀ ਬੈੰਕ ਦੇ ਅਧਿਕਾਰੀ ਸ਼ਾਮਲ ਸਨ।
ਦਿਹਾਤੀ ਮਜ਼ਦੂਰ ਸਭਾ ਦੇ ਸੂਬਾਈ ਜੱਥਾ ਮਾਰਚ ਦਾ ਭਰਵੇਂ ਇੱਕਠਾਂ ਰਾਹੀਂ ਕੀਤਾ ਸ਼ਾਨਦਾਰ ਸਵਾਗਤ
30 ਦਸੰਬਰ ਨੂੰ ਬਠਿੰਡਾ ਵਿਖੇ ਕੀਤੀ ਜਾਵੇਗੀ ਮਾਲਵਾ ਜ਼ੋਨ ਦੀ ਲਾਮਿਸਾਲ ’ਮਜ਼ਦੂਰ ਅਧਿਕਾਰ ਰੈਲੀ’
ਸੁਖਜਿੰਦਰ ਮਾਨ
ਬਠਿੰਡਾ, 3 ਦਸੰਬਰ: ਦਿਹਾਤੀ ਮਜ਼ਦੂਰ ਸਭਾ ਦੇ ਸੂਬਾ ਪ੍ਰਧਾਨ ਸਾਥੀ ਦਰਸ਼ਨ ਨਾਹਰ ਅਤੇ ਜਨਰਲ ਸਕੱਤਰ ਸਾਥੀ ਗੁਰਨਾਮ ਸਿੰਘ ਦਾਊਦ ਦੀ ਅਗਵਾਈ ਵਿੱਚ ਸੂਬੇ ਦੇ ਸਾਰੇ ਜਿਲ੍ਹਿਆਂ ਦਾ ਦੌਰਾ ਕਰ ਰਹੇ ਸੂਬਾਈ ਜੱਥਾ ਮਾਰਚ ਦੇ ਅੱਜ ਬਠਿੰਡਾ ਦੇ ਪਿੰਡ ਬੁਲਾਢੇ ਵਾਲਾ ਪੁੱਜਣ ’ਤੇ ਦੋਪਹੀਆ ਵਹੀਕਲਾਂ ਦੇ ਵੱਡੇ ਕਾਫਲੇ ਵਿੱਚ ਸ਼ਾਮਲ ਸੈਂਕੜੇ ਵਰਕਰਾਂ ਵੱਲੋਂ ਆਕਾਸ਼ ਗੂੰਜਾਊ ਨਾਹਰਿਆਂ ਨਾਲ ਸ਼ਾਨਦਾਰ ਸਵਾਗਤ ਕੀਤਾ ਗਿਆ। ਜੱਥਾ ਮਾਰਚ ਦੌਰਾਨ ਸਿਵੀਆਂ, ਗੋਨਿਆਨਾ ਮੰਡੀ, ਨਥਾਣਾ, ਲਹਿਰਾ ਧੂੜਕੋਟ ਅਤੇ ਰਾਜਗੜ੍ਹ ਕੁੱਬੇ ਵਿਖੇ ਕੀਤੇ ਗਏ ਭਰਵੇਂ ਕਿਰਤੀ ਇਕੱਠਾਂ ਨੂੰ ਸਾਥੀ ਨਾਹਰ ਅਤੇ ਦਾਊਦ ਤੋਂ ਇਲਾਵਾ ਸੂਬਾਈ ਵਿੱਤ ਸਕੱਤਰ ਸਾਥੀ ਮਹੀਪਾਲ, ਜਿਲ੍ਹਾ ਪ੍ਰਧਾਨ ਮਿੱਠੂ ਸਿੰਘ ਘੁੱਦਾ, ਜਿਲ੍ਹਾ ਸਕੱਤਰ ਪ੍ਰਕਾਸ਼ ਸਿੰਘ ਨੰਦਗੜ੍ਹ, ਸੂਬਾ ਕਮੇਟੀ ਮੈਂਬਰ ਗੁਰਤੇਜ ਸਿੰਘ ਹਰੀ ਨੌ, ਔਰਤ ਮੁਕਤੀ ਮੋਰਚਾ ਦੀ ਸੂਬਾਈ ਆਗੂ ਬੀਬੀ ਦਰਸ਼ਨਾ ਜੋਸ਼ੀ ਅਤੇ ਜਮਹੂਰੀ ਕਿਸਾਨ ਸਭਾ ਦੇ ਆਗੂ ਮਲਕੀਤ ਸਿੰਘ ਮਹਿਮਾ ਸਰਜਾ ਨੇ ਸੰਬੋਧਨ ਕੀਤਾ।ਆਗੂਆਂ ਨੇ ਹਰ ਕਿਸਮ ਦੀ ਲੁੱਟ-ਚੋਂਘ ਅਤੇ ਜਬਰ-ਵਿਤਕਰੇ ਦੇ ਖਾਤਮੇ ਲਈ ਕੇਂਦਰੀ ਤੇ ਸੂਬਾ ਸਰਕਾਰਾਂ ਦੀਆਂ ਕਿਰਤੀ ਦੋਖੀ ਨੀਤੀਆਂ ਖਿਲਾਫ ਅਤੇ ਬੇਜ਼ਮੀਨੇ-ਸਾਧਨਹੀਨ ਪੇਂਡੂ ਕਿਰਤੀਆਂ ਦੀਆਂ ਅਤਿ ਲੋੜੀਂਦੀਆਂ ਮੰਗਾਂ ਪੂਰੀਆਂ ਕਰਵਾਉਣ ਲਈ ਜੱਥੇਬੰਦ ਹੋ ਕੇ ਆਰ-ਪਾਰ ਦੇ ਸੰਘਰਸ਼ ਵਿੱਢਣ ਦਾ ਸੱਦਾ ਦਿੱਤਾ। ਉਨ੍ਹਾਂ ਉਕਤ ਮੰਗਾਂ ਮਸਲਿਆਂ ਦੇ ਸਨਮਾਨਯੋਗ ਨਿਪਟਾਰੇ ਲਈ ਆਉਣ ਵਾਲੀ 30 ਦਸੰਬਰ ਨੂੰ ਬਠਿੰਡਾ ਵਿਖੇ ਕੀਤੀ ਜਾਣ ਵਾਲੀ ਮਾਲਵਾ ਜ਼ੋਨ ਦੀ ’ਮਜ਼ਦੂਰ ਅਧਿਕਾਰ ਰੈਲੀ’ ਵਿੱਚ ਪਰਿਵਾਰਾਂ ਸਮੇਤ ਵਹੀਰਾਂ ਘੱਤ ਕੇ ਪੁੱਜਣ ਦੀ ਅਪੀਲ ਕੀਤੀ। ਵੱਖੋ-ਵੱਖ ਇਕੱਠਾਂ ਵਿੱਚ ਮੱਖਣ ਸਿੰਘ ਤਲਵੰਡੀ ਸਾਬੋ, ਗੁਰਮੀਤ ਸਿੰਘ ਜੈ ਸਿੰਘ ਵਾਲਾ, ਕੂਕਾ ਸਿੰਘ ਨਥਾਣਾ, ਸ਼ਿੰਦਰ ਕੌਰ ਨੇਹੀਆਂ ਵਾਲਾ, ਮੱਖਣ ਸਿੰਘ ਪੂਹਲੀ, ਸੁਖਦੇਵ ਸਿੰਘ ਰਾਜਗੜ੍ਹ ਕੁੱਬੇ, ਜੋਗਿੰਦਰ ਸਿੰਘ ਕਲਿਆਣ, ਅਮਰੀਕ ਸਿੰਘ ਤੁੰਗਵਾਲੀ, ਬਲਦੇਵ ਸਿੰਘ ਪੂਹਲੀ, ਲਖਵੀਰ ਸਿੰਘ ਅਮਰਗੜ੍ਹ, ਬੂਟਾ ਸਿੰਘ ਨੇਹੀਆਂ ਵਾਲਾ, ਗੁਰਚਰਨ ਸਿੰਘ ਬੁਲਾਢੇ ਵਾਲਾ, ਰਾਜਾ ਸਿੰਘ ਸਿਵੀਆਂ ਨੇ ਵੀ ਵਿਚਾਰ ਰੱਖੇ।
ਸ਼ੁਸਾਂਤ ਸਿਟੀ ਵੰਨ ਵਿਖੇ ਨਵੇਂ ਰੈਸਟੋਰੈਂਟ ਦੀ ਕੀਤੀ ਸ਼ੁਰੂਆਤ
ਮਿੱਤਲ ਗਰੁੱਪ ਦੇ ਜੁਆਇੰਟ ਐੱਮ ਡੀ ਕੁਸ਼ਲ ਮਿੱਤਲ ਨੇ ਰੈਸਟੋਰੈਂਟ ਦਾ ਕੀਤਾ ਉਦਘਾਟਨ
ਸੁਖਜਿੰਦਰ ਮਾਨ
ਬਠਿੰਡਾ, 3 ਦਸੰਬਰ: ਬਠਿੰਡਾ-ਮਾਨਸਾ ਮਾਰਗ ’ਤੇ ਸਥਿਤ ਸ਼ੁਸਾਂਤ ਸਿਟੀ ਵੰਨ੍ਹ ਰਿਹਾਇਸ਼ੀ ਕਾਲੋਨੀ ’ਚ ਅੱਜ ਇੱਕ ਨਵੇਂ ਰੈਸਟੋਰੈਂਟ ਰੈੱਡ ਮਿਰਚੀ ਦੀ ਸ਼ੁਰੂਆਤ ਕੀਤੀ ਗਈ ਹੈ। ਜਿਸ ਦਾ ਰਸਮੀ ਉਦਘਾਟਨ ਅੱਜ ਮਿੱਤਲ ਗਰੁੱਪ ਦੇ ਜੁਆਇੰਟ ਐੱਮਡੀ ਕੁਸ਼ਲ ਮਿੱਤਲ ਵੱਲੋਂ ਕੀਤਾ ਗਿਆ। ਦੱਸਣਯੋਗ ਹੈ ਕਿ ਪਿਛਲੇ ਕੁਝ ਸਮੇਂ ਤੋਂ ਕਾਲੋਨੀ ਵਾਸੀਆਂ ਦੀ ਅਜਿਹੇ ਇਕ ਰੈਸਟੋਰੈਂਟ ਦੀ ਸਹੂਲਤ ਦੀ ਮੰਗ ਸੀ ਜਿਸ ਨੂੰ ਅੱਜ ਪੂਰਾ ਕਰ ਦਿੱਤਾ ਗਿਆ ਹੈ। ਰੈੱਡ ਮਿਰਚੀ ਨਾਮ ਦੇ ਇਸ ਰੈਸਟੋਰੈਂਟ ਨੂੰ ਸੁਖਪ੍ਰੀਤ ਸਿੰਘ ਅਤੇ ਪ੍ਰਦੀਪ ਸਿੰਘ ਵੱਲੋਂ ਖੋਲਿਹਆ ਗਿਆ ਹੈ।ਇਸ ਮੌਕੇ ਜੁਆਇੰਟ ਐੱਮ ਡੀ ਕੁਸ਼ਲ ਮਿੱਤਲ ਵੱਲੋਂ ਪ੍ਰਬੰਧਕਾਂ ਅਤੇ ਹੋਰ ਕਾਲੋਨੀ ਵਾਸੀਆਂ ਨੂੰ ਵਧਾਈ ਦਿੱਤੀ। ਸ਼ੁਸਾਂਤ ਸਿਟੀ ਰੈਜ਼ੀਡੈਂਟ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਰਾਜਦੀਪ ਸਿੰਘ ਅਤੇ ਸੈਕਟਰੀ ਹਾਕਮ ਸਿੰਘ ਵੱਲੋਂ ਮੈਨੇਜਮੈਂਟ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਬੋਲਦਿਆ ਜੁਆਇੰਟ ਐੱਮ ਡੀ ਕੁਸ਼ਲ ਮਿੱਤਲ ਨੇ ਦੱਸਿਆ ਕਿ ਕਾਲੋਨੀ ਵਾਸੀਆਂ ਨੂੰ ਹਰ ਸੰਭਵ ਸਹੂਲਤਾਂ ਪ੍ਰਦਾਨ ਕਰਨਾ ਹੀ ਸਾਡਾ ਪਹਿਲਾ ਫਰਜ਼ ਹੈ ਉਨ੍ਹਾਂ ਦੱਸਿਆ ਕਿ ਪਿਛਲੇ ਸਮੇਂ ’ਚ ਕਾਲੋਨੀ ਅੰਦਰ ਨਵੇਂ ਝੂਲੇ ਲਗਾਏ ਗਏ ਸਨ ਅਤੇ ਭਵਿੱਖ ’ਚ ਵੀ ਲੋਕਾਂ ਦੀਆਂ ਸਹੂਲਤਾਂ ਦਾ ਪੂਰਾ ਖ਼ਿਆਲ ਰੱਖਿਆ ਜਾਵੇਗਾ। ਇਸ ਮੌਕੇ ਮੈਨੇਜਮੈਂਟ ਦੇ ਏਜੀਐੱਮ ਸੰਦੀਪ ਠੁਕਰਾਲ ਵੱਲੋਂ ਬਾਹਰ ਤੋਂ ਆਏ ਸਾਰੇ ਮਹਿਮਾਨਾਂ ਅਤੇ ਹੋਰ ਕਾਲੋਨੀ ਵਾਸੀਆਂ ਦਾ ਧੰਨਵਾਦ ਕੀਤਾ।






