Monday, May 18, 2026
Home Blog Page 2310

ਪੂਰੇ ਗੁਜਰਾਤ ਵਿੱਚ ਬਦਲਾਅ ਦੀ ਲਹਿਰ, ਲੋਕ ਚਾਹੁੰਦੇ ਹਨ ਭਾਜਪਾ ਤੋਂ ਛੁਟਕਾਰਾ:ਮੁੱਖ ਮੰਤਰੀ ਭਗਵੰਤ ਮਾਨ

ਲੋਕ ਭਾਜਪਾ ਦੀ ਮਹਿੰਗਾਈ ਅਤੇ ਬੇਰੁਜ਼ਗਾਰੀ ਦੀ ਚੱਕੀ ਵਿੱਚ ਪਿਸ ਰਹੇ – ਮਾਨ
ਭਾਜਪਾ ਵਾਲੇ ਪੈਸਿਆਂ ਦਾ ਲਾਲਚ ਦੇਣਗੇ, ਪਰ ਤੁਸੀਂ ਆਪਣੇ ਬੱਚਿਆਂ ਦੇ ਭਵਿੱਖ ਲਈ ਵੋਟ ਪਾਓ: ਮਾਨ
ਆਮ ਆਦਮੀ ਪਾਰਟੀ ਨੇ ਦਿੱਲੀ ਅਤੇ ਪੰਜਾਬ ਵਿੱਚ ਬਿਜਲੀ ਮੁਫਤ ਕੀਤੀ, ਮੁਹੱਲਾ ਕਲੀਨਿਕ ਬਣਾਏ, ਇੱਕ ਮੌਕਾ ਦਿਓ, ਇਹ ਸਭ ਇੱਥੇ ਵੀ ਕਰਾਂਗੇ: ਮਾਨ
ਪੰਜਾਬੀ ਖ਼ਬਰਸਾਰ ਬਿਉਰੋ
ਵਡੋਦਰਾ (ਗੁਜਰਾਤ), 28 ਨਵੰਬਰ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਦਾਅਵਾ ਕਰਦਿਆਂ ਕਿ ਪੂਰੇ ਗੁਜਰਾਤ ਵਿੱਚ ਬਦਲਾਅ ਦੀ ਲਹਿਰ ਚੱਲ ਰਹੀ ਹੈ ਕਿਹਾ, ਨੌਜਵਾਨ-ਕਿਸਾਨ, ਔਰਤਾਂ ਅਤੇ ਮਜ਼ਦੂਰ, ਸਾਰੇ ਭਾਜਪਾ ਸਰਕਾਰ ਤੋਂ ਬਹੁਤ ਨਾਰਾਜ਼ ਹਨ ਅਤੇ ਇਸ ਵਾਰ ਇਹ ਸਾਰੇ ਲੋਕ ਬਦਲਾਅ ਦੀ ਮੰਗ ਕਰ ਰਹੇ ਹਨ। ਮਾਨ ਨੇ ਕਿਹਾ ਕਿ ਗੁਜਰਾਤ ਦੇ ਲੋਕ ਭਾਜਪਾ ਦੀ ਡਬਲ ਇੰਜਣ ਵਾਲੀ ਸਰਕਾਰ ਨਹੀਂ ਸਗੋਂ ਆਮ ਆਦਮੀ ਪਾਰਟੀ ਦੀ ਨਵੇਂ ਇੰਜਣ ਵਾਲੀ ਸਰਕਾਰ ਚਾਹੁੰਦੇ ਹਨ। ਭਾਜਪਾ ਦੇ ਦੋਵੇਂ ਇੰਜਣ ਹੁਣ ਪੁਰਾਣੇ ਹੋ ਚੁੱਕੇ ਹਨ। ਭ੍ਰਿਸ਼ਟਾਚਾਰ ਅਤੇ ਗੁੰਡਾਗਰਦੀ ਨੇ ਭਾਜਪਾ ਦੇ ਇੰਜਣਾਂ ਨੂੰ ਖ਼ਰਾਬ ਕਰ ਦਿੱਤਾ ਹੈ। ਸੋਮਵਾਰ ਨੂੰ ਭਗਵੰਤ ਮਾਨ ਚੋਣ ਪ੍ਰਚਾਰ ਲਈ ਵਡੋਦਰਾ ਪਹੁੰਚੇ ਸਨ। ਇੱਥੇ ਉਨ੍ਹਾਂ ਨੇ ਬਾਲਾਸਿਨੌਰ, ਲੂਨਾਵੜਾ ਅਤੇ ਦਾਕੋਰ ਦੇ ਵੱਖ-ਵੱਖ ਖੇਤਰਾਂ ਵਿੱਚ ‘ਆਪ’ ਉਮੀਦਵਾਰਾਂ ਦੇ ਹੱਕ ਵਿੱਚ ਰੋਡ ਸ਼ੋਅ ਕੀਤਾ ਅਤੇ ਲੋਕਾਂ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣ ਦੀ ਅਪੀਲ ਕੀਤੀ। ਰੋਡ ਸ਼ੋਅ ਦੌਰਾਨ ਲੋਕਾਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਭਗਵੰਤ ਮਾਨ ਨੇ ਕਿਹਾ ਕਿ ਚੋਣਾਂ ਲਈ ਸਿਰਫ਼ ਦੋ ਦਿਨ ਬਾਕੀ ਹਨ। ਹੁਣ ਭਾਜਪਾ ਵਾਲੇ ਪੈਸੇ ਦੇ ਲਾਲਚ ਨਾਲ ਤੁਹਾਨੂੰ ਲੁਭਾਉਣਗੇ, ਪਰ ਇਨ੍ਹਾਂ ਦੇ ਝਾਂਸੇ ਵਿਚ ਨਾ ਆਓ। ਤੁਸੀਂ ਸਿਰਫ਼ ਆਪਣੇ ਬੱਚਿਆਂ ਦੇ ਚੰਗੇ ਭਵਿੱਖ ਲਈ ਵੋਟ ਪਾਉਣੀ ਹੈ।
ਮਾਨ ਨੇ ਕਿਹਾ ਕਿ ਆਮ ਲੋਕ ਭਾਜਪਾ ਦੀ ਮਹਿੰਗਾਈ ਅਤੇ ਬੇਰੁਜ਼ਗਾਰੀ ਦੀ ਚੱਕੀ ਵਿੱਚ ਪਿਸ ਰਹੇ ਹਨ। ਲੋਕਾਂ ਕੋਲ ਪਹਿਲਾਂ ਚੰਗੇ ਵਿਕਲਪ ਨਹੀਂ ਸਨ, ਇਸ ਲਈ ਉਨ੍ਹਾਂ ਨੂੰ ਲਗਾਤਾਰ 27 ਸਾਲ ਭਾਜਪਾ ਦੇ ਕੁਸ਼ਾਸਨ ਦਾ ਸਾਹਮਣਾ ਕਰਨਾ ਪਿਆ। ਇਸ ਵਾਰ ਆਮ ਆਦਮੀ ਪਾਰਟੀ ਦੇ ਰੂਪ ਵਿੱਚ ਆਮ ਲੋਕਾਂ ਨੂੰ ਇੱਕ ਚੰਗਾ ਬਦਲ ਮਿਲਿਆ ਹੈ। ਇਸ ਵਾਰ ਹਰ ਵਰਗ ਦੇ ਲੋਕ ਭਾਜਪਾ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹਨ ਅਤੇ ਆਮ ਆਦਮੀ ਪਾਰਟੀ ਦੀ ਇਮਾਨਦਾਰ ਸਰਕਾਰ ਚਾਹੁੰਦੇ ਹਨ। ਮਾਨ ਨੇ ਨੌਜਵਾਨਾਂ ਦੇ ਉਤਸ਼ਾਹ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਪੀੜ੍ਹੀ ਦਾ ਨਾਂ ਗੁਜਰਾਤ ਦੇ ਇਤਿਹਾਸ ਵਿੱਚ ਲਿਖਿਆ ਜਾਵੇਗਾ। ਹਰ ਥਾਂ ਨੌਜਵਾਨਾਂ ਨੇ ਹਮੇਸ਼ਾ ਸੱਤਾ ਦਾ ਤਖ਼ਤਾ ਪਲਟਿਆ ਹੈ। ਇਸ ਵਾਰ ਗੁਜਰਾਤ ਦੇ ਨੌਜਵਾਨ ਭਾਜਪਾ ਨੂੰ ਸੱਤਾ ਤੋਂ ਲਾਂਭੇ ਕਰ ਕੇ ਲੋਕਾਂ ਨੂੰ ਭ੍ਰਿਸ਼ਟਾਚਾਰ, ਮਹਿੰਗਾਈ, ਬੇਰੁਜ਼ਗਾਰੀ ਅਤੇ ਕੁਸ਼ਾਸਨ ਤੋਂ ਮੁਕਤ ਕਰਵਾਉਣਗੇ। ਮਾਨ ਨੇ ਪੰਜਾਬ ਅਤੇ ਦਿੱਲੀ ’ਚ ’ਆਪ’ ਸਰਕਾਰ ਦੇ ਚੰਗੇ ਲੋਕ ਪੱਖੀ ਕੰਮਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਅਸੀਂ ਪੰਜਾਬ ਅਤੇ ਦਿੱਲੀ ’ਚ ਬਿਜਲੀ ਮੁਫਤ ਕੀਤੀ ਹੈ। ਬਿਹਤਰ ਇਲਾਜ ਲਈ ਵੱਖ-ਵੱਖ ਥਾਵਾਂ ’ਤੇ ਮੁਹੱਲਾ ਕਲੀਨਿਕ ਖੋਲ੍ਹੇ ਹਨ। ਪੰਜਾਬ ਵਿੱਚ ਸਰਕਾਰ ਬਣਨ ਦੇ ਸਿਰਫ਼ 6 ਮਹੀਨਿਆਂ ਵਿੱਚ ਹੀ ਅਸੀਂ 20,000 ਤੋਂ ਵੱਧ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦਿੱਤੀਆਂ ਅਤੇ 10,000 ਦੇ ਕਰੀਬ ਕੱਚੇ ਕਾਮਿਆਂ ਦੀਆਂ ਨੌਕਰੀਆਂ ਪੱਕੀਆਂ ਕੀਤੀਆਂ ਹਨ। ਉਨ੍ਹਾਂ ਕਿਹਾ ਕਿ ਗੁਜਰਾਤ ਵਿੱਚ ਵੀ ਆਮ ਆਦਮੀ ਪਾਰਟੀ ਨੂੰ ਲੋਕ ਮੌਕਾ ਦੇਣ ਅਤੇ ’ਆਪ’ ਸਰਕਾਰ ਇੱਥੇ ਵੀ ਇਹ ਸਭ ਕੰਮ ਕਰੇਗੀ।

ਜਥੇਦਾਰ ਦਾਦੂਵਾਲ ਨੂੰ ਸਦਮਾ, ਮਾਤਾ ਦਾ ਦਿਹਾਂਤ 

  1. ਪੰਜਾਬੀ ਖਬਰਸਾਰ ਬਿਉਰੋ 
ਗੁਰਦਾਸਪੁਰ , 28 ਨਵੰਬਰ: ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਹਰਿਆਣਾ ਦੇ ਪ੍ਰਧਾਨ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੂੰ ਅੱਜ ਉਸ ਸਮੇਂ ਗਹਿਰਾ ਸਦਮਾ ਲੱਗਿਆ ਜਦ ਅੱਜ ਅੰਮ੍ਰਿਤ ਵੇਲੇ ਸਵੇਰੇ 4 ਵਜ਼ੇ ਉਨ੍ਹਾਂ ਦੇ ਮਾਤਾ ਬਲਬੀਰ ਕੌਰ ਜੀ ਵਾਹਿਗੁਰੂ ਜੀ ਦੇ ਚਰਨਾਂ ਵਿੱਚ ਜਾ ਬਿਰਾਜੇ ਹਨ। ਉਨਾਂ ਦਾ ਅੰਤਿਮ ਸੰਸਕਾਰ ਅੱਜ ਬਾਅਦ ਦੁਪਹਿਰ 3 ਵਜ਼ੇ ਪਿੰਡ ਭੈਣੀ ਬਾਂਗਰ ਨੇੜੇ ਕਾਦੀਆਂ ਜ਼ਿਲਾ ਗੁਰਦਾਸਪੁਰ ਵਿਖੇ ਹੋਵੇਗਾ । ਉਧਰ ਜਥੇਦਾਰ ਦਾਦੂਵਾਲ ਦੀ ਮਾਤਾ ਦੇ ਦਿਹਾਂਤ ‘ਤੇ ਪੰਜਾਬ ਅਤੇ ਹਰਿਆਣਾ ਦੇ ਪੰਥਕ ਤੇ ਸਿਆਸੀ ਆਗੂਆਂ ਨੇ ਉਨ੍ਹਾਂ ਨਾਲ ਦੁੱਖ ਪ੍ਰਗਟਾਇਆ ਹੈ।

ਨਵਜੋਤ ਸਿੱਧੂ ਨੂੰ ਜੇਲ੍ਹ ਵਿੱਚ ਰਿਹਾਈ ਤੋਂ ਬਾਅਦ ਮਿਲੇਗੀ ਵੱਡੀ ਜਿੰਮੇਵਾਰੀ !

0
ਪਿ੍ਅੰਕਾ ਗਾਂਧੀ ਨੇ ਜੇਲ੍ਹ ‘ਚ ਬੰਦ ਸਿੱਧੂ ਨੂੰ ਭੇਜੀ ਚਿੱਠੀ 
26 ਜਨਵਰੀ ਨੂੰ ਪੰਜਾਬ ਸਰਕਾਰ ਵਲੋਂ ਸਿੱਧੂ ਦੀ ਰਿਹਾਈ ਦੀ ਚਰਚਾ
ਸੁਖਜਿੰਦਰ ਮਾਨ
ਚੰਡੀਗੜ੍ਹ, 28 ਨਵੰਬਰ:  ਰੋਡਰੇਜ਼ ਮਾਮਲੇ ਵਿੱਚ ਪਟਿਆਲਾ ਜੇਲ੍ਹ ‘ਚ ਇੱਕ ਸਾਲ ਦੀ ਸਜ਼ਾ ਕੱਟ ਰਹੇ ਪੰਜਾਬ ਕਾਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਜੇਲ੍ਹ ਵਿੱਚ ਰਿਹਾਈ ਮਿਲਣ ਤੋਂ ਬਾਅਦ ਵੱਡੀ ਜਿੰਮੇਵਾਰੀ ਮਿਲ ਸਕਦੀ ਹੈ। ਇਸ ਗੱਲ ਦਾ ਖੁਲਾਸਾ ਕਾਗਰਸ ਦੀ ਕੌਮੀ ਆਗੂ ਪਿ੍ਅੰਕਾ ਗਾਂਧੀ ਵਲੋਂ ਸਿੱਧੂ ਨੂੰ ਜੇਲ੍ਹ ਅੰਦਰ ਭੇਜੀ ਚਿੱਠੀ ਤੋਂ ਬਾਅਦ ਸੁਰੂ ਹੋਈ ਚਰਚਾ ਤੋਂ ਬਾਅਦ ਹੋਇਆ ਹੈ। ਸੂਤਰਾਂ ਅਨੁਸਾਰ ਸਾਬਕਾ ਵਿਧਾਇਕ ਨਵਤੇਜ ਸਿੰਘ ਚੀਮਾ ਦੇ ਹੱਥ ਭੇਜੀ ਚਿੱਠੀ ਵਿੱਚ ਕੀ ਲਿਖਿਆ ਹੈ, ਇਸਦੀ ਜਾਣਕਾਰੀ ਤਾਂ ਜਨਤਕ ਨਹੀਂ ਕੀਤੀ ਗਈ ਹੈ ਪਰੰਤੂ ਪਤਾ ਲੱਗਿਆ ਹੈ ਕਿ ਸ੍ਰੀਮਤੀ ਗਾਂਧੀ ਨੇ ਸਿੱਧੂ ਦਾ ਹੌਸਲਾ ਵਧਾਉਦਿਆ ਪਾਰਟੀ ਨੂੰ ਉਸਦੀ ਲੋੜ ਜਾਹਰ ਕੀਤੀ ਹੈ। ਉਧਰ ਇਹ ਵੀ ਚਰਚਾ ਚੱਲ ਰਹੀ ਹੈ ਕਿ ਇੱਕ ਸਾਲ ਦੀ ਕੈਦ ਪੂਰੀ ਕਰਨ ਲਈ ਸਿੱਧੂ ਪਿਛਲੇ ਛੇ ਮਹੀਨਿਆਂ ਤੋਂ ਜੇਲ੍ਹ ਅੰਦਰ ਬੰਦ ਹੈ ਤੇ ਪੰਜਾਬ ਸਰਕਾਰ ਚੰਗੇ ਚਾਲ ਚੱਲਣ ਦੇ ਆਧਾਰ ‘ਤੇ ਉਸਨੂੰ ਅਗਲੇ ਸਾਲ ਗਣਤੰਤਰਾ ਦਿਵਸ ਮੌਕੇ ਸਜ਼ਾ ਮੁਆਫ਼ ਕਰਕੇ ਰਿਹਾਅ ਵੀ ਕਰ ਸਕਦੀ ਹੈ। ਗ਼ੌਰਤਲਬ ਹੈ ਕਿ ਪੰਜਾਬ ਕਾਂਗਰਸ ਦੀ ਸੂਬੇ ਵਿੱਚ ਸਰਕਾਰ ਜਾਣ ਤੋਂ ਬਾਅਦ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਮਨਇਆ ਗਿਆ ਹੈ ਪਰੰਤੂ ਨਵਜੋਤ ਸਿੱਧੂ ਦੀ ਉਨ੍ਹਾਂ ਨਾਲ ਤਾਲਮੇਲ ਬੈਠ ਨਹੀਂ ਸਕਿਆ ਹੈ।

ਅੰਮ੍ਰਿਤਪਾਲ ਸਿੰਘ ਦੇ ਹੱਕ ‘ਚ ਬੋਲਣ ਵਾਲੇ ਸਾਬਕਾ ਜਿਲ੍ਹਾ ਪ੍ਰਧਾਨ ਨੂੰ ਕਾਗਰਸ ਵਿਚੋਂ ਕੱਢਿਆ 

0
ਪਿਛਲੇ ਕੁੱਝ ਦਿਨਾਂ ਤੋਂ ਪ੍ਰਧਾਨ ਰਾਜਾ ਵੜਿੰਗ ਵਿਰੁੱਧ ਵੀ ਕੀਤੀ ਜਾ ਰਹੀ ਸੀ ਬਿਆਨਬਾਜੀ
ਪੰਜਾਬੀ ਖਬਰਸਾਰ ਬਿਉਰੋ 
ਚੰਡੀਗੜ੍ਹ, 28 ਨਵੰਬਰ: ਪਿਛਲੇ ਕੁੱਝ ਦਿਨਾਂ ਤੋਂ ਸਿੱਖ ਪ੍ਰਚਾਰਕ ਅੰਮ੍ਰਿਤਪਾਲ ਸਿੰਘ ਦੇ ਹੱਕ ‘ਚ ਬੋਲਣ ਵਾਲੇ ਜਿਲ੍ਹਾ ਕਾਗਰਸ ਕਮੇਟੀ ਮੋਗਾ ਦੇ ਸਾਬਕਾ ਪ੍ਰਧਾਨ ਕਮਲਜੀਤ ਸਿੰਘ ਬਰਾੜ ਨੂੰ ਕਾਗਰਸ ਪਾਰਟੀ ਨੇ ਬਾਹਰ ਦਾ ਰਾਸਤਾ ਦਿਖਾ ਦਿੱਤਾ ਹੈ। ਨੌਜਵਾਨ ਆਗੂ ਬਰਾੜ ਸਾਬਕਾ ਵਿਧਾਇਕ ਦਰਸਨ ਸਿੰਘ ਬਰਾੜ ਦੇ ਪੁੱਤਰ ਹਨ, ਜਿੰਨ੍ਹਾਂ ਵਲੋਂ ਪੰਜਾਬ ਕਾਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵਿਰੁੱਧ ਵੀ ਅਸਿੱਧੇ ਢੰਗ ਨਾਲ ਬਿਆਨਬਾਜੀ ਕੀਤੀ ਜਾ ਰਹੀ ਸੀ। ਨਵਜੋਤ ਸਿੰਘ ਸਿੱਧੂ ਦੇ ਹਿਮਾਇਤੀ ਮੰਨੇ ਜਾਂਦੇ ਬਰਾੜ ਪ੍ਰਵਾਰ ਦੀ ਕਾਗਰਸ ਸਰਕਾਰ ਦੌਰਾਨ ਤਤਕਾਲੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਵੀ ਠਣੀ ਰਹੀ ਹੈ। ਸੂਤਰਾਂ ਮੁਤਾਬਕ ਮੌਜੂਦਾ ਸਮੇਂ ਰਾਜਾ ਵੜਿੰਗ ਨਾਲ ਵੀ ਸਬੰਧ ਵਧੀਆ ਨਹੀਂ ਦੱਸੇ ਜਾ ਰਹੇ ਹਨ, ਜਿਸਦੇ ਚੱਲਦੇ ਹੀ ਪਾਰਟੀ ਵਲੋਂ ਵੱਡੀ ਕਾਰਵਾਈ ਕੀਤੀ ਗਈ ਦੱਸੀ ਜਾ ਰਹੀ ਹੈ। ਪੰਜਾਬ ਕਾਗਰਸ ਦੇ ਮਾਮਲਿਆਂ ਦੇ ਇੰਚਾਰਜ ਹਰੀਸ਼ ਚੌਧਰੀ ਵਲੋਂ ਦੋ ਲਾਈਨਾਂ ਦੇ ਜਾਰੀ ਪੱਤਰ ਵਿੱਚ ਕਮਲਜੀਤ ਸਿੰਘ ਬਰਾੜ ਨੂੰ ਪਾਰਟੀ ਵਿਰੋਧੀ ਗਤੀਵਿਧੀਆਂ ਦੇ ਚੱਲਦੇ ਪਾਰਟੀ ਵਿਚੋਂ ਬਾਹਰ ਕੱਢਣ ਦਾ ਹੁਕਮ ਜਾਰੀ ਕੀਤਾ ਹੈ। ਉਧਰ ਪਾਰਟੀ ਦੇ ਹੁਕਮਾਂ ਦੀ ਪ੍ਰਵਾਹ ਨਾ ਕਰਦਿਆਂ ਕਮਲਜੀਤ ਸਿੰਘ ਬਰਾੜ ਨੇ ਦਾਅਵਾ ਕੀਤਾ ਹੈ ਕਿ ਉਹ ਪਹਿਲਾਂ ਵੀ ਸੱਚ ‘ਤੇ ਖੜ੍ਹੇ ਸਨ ਤੇ ਅੱਗੇ ਤੋਂ ਵੀ ਹਮੇਸ਼ਾ ਸੱਚ ਉਪਰ ਖੜ੍ਹੇ ਰਹਿਣਗੇ। ਉਨ੍ਹਾਂ ਕਿਹਾ ਕਿ ਅੰਮ੍ਰਿਤਪਾਲ ਸਿੰਘ ਨੌਜਵਾਨਾਂ ਨੂੰ ਸਿੱਖੀ ਨਾਲ ਜੋੜ ਰਿਹਾ ਹੈ ਤੇ ਨਸ਼ਿਆਂ ਵਿਰੁੱਧ ਲਾਮਬੰਦੀ ਕਰ ਰਿਹਾ ਜੋ ਕਿ ਮਾੜਾ ਨਹੀਂ ਹੈ।

ਸਵ: ਤੇਜਾ ਸਿੰਘ ਚਾਹਿਲ ਨੂੰ ਸੈੰਕੜੇ ਲੋਕਾਂ ਵੱਲੋੰ ਭਾਵਭਿੰਨੀ ਸ਼ਰਧਾਂਜ਼ਲੀ

0
ਸੁਖਜਿੰਦਰ ਮਾਨ
ਬਠਿੰਡਾ,27 ਨਵੰਬਰ: ਤਖਤ ਸ੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਬਲਵੰਤ ਸਿੰਘ ਨੰਦਗੜ ਦੇ ਵੱਡੇ ਭਰਾ ਸਵ: ਤੇਜਾ ਸਿੰਘ ਚਾਹਿਲ ( ਸਾਬਕਾ ਸਰਪੰਚ, ਸਾਬਕਾ ਡਾਇਰੈਕਟਰ ਲੈੰਡ ਮਾਰਗੇਜ਼ ਬੈੰਕ ਬਠਿੰਡਾ) ਨਮਿੱਤ ਅੰਤਿਮ ਅਰਦਾਸ ਤੇ ਸ਼ਰਧਾਂਜ਼ਲੀ ਸਮਾਰੋਹ ਪਿੰਡ ਨੰਦਗੜ ਦੇ ਗੁਰੂਦੁਆਰਾ ਮੋਢਾ ਸਰ  ਸਾਹਿਬ ਵਿਖੇ ਹੋਇਆ,ਇਸ ਮੌਕੇ ਬਾਬਾ ਅਵਤਾਰ ਸਿੰਘ ਸਾਧਾਵਾਲੇ ਦੇ ਜਥੇ ਨੇ ਕੀਰਤਨ ਕੀਤਾ ।ਉਪਰੰਤ ਓੁਹਨਾਂ ਨੂੰ ਸ਼ਰਧਾਂਜ਼ਲੀਆਂ ਭੇਟ ਕੀਤੀਆਂ ਗਈਆਂ,  ਇਸ ਮੌਕੇ ਰਾਜਿੰਦਰਪਾਲ ਸਿੰਘ ਥਰਾਜ਼ ਨੇ ਸਵ:  ਤੇਜਾ ਸਿੰਘ ਦੇ ਪਰਿਵਾਰਿਕ ਪਿਛੋਕੜ ਅਤੇ ਜੀਵਨ ਤੇ ਚਾਣਨ਼ਾ ਪਾਇਆ ਅਤੇ ਸਾਬਕਾ ਮੰਤਰੀ ਚਿਰੰਜ਼ੀ ਲਾਲ ਗਰਗ,  ਵਿਧਾਇਕ ਜਗਰੂਪ ਗਿੱਲ ਤੇ ਜਿਲਾ ਯੋਜਨਾ ਬੋਰਡ ਦੇ ਚੇਅਰਮੈਨ ਅਮ੍ਰਿਤ ਲਾਲ ਅਗਰਵਾਲ ਵੱਲੋੰ ਸ਼ਰਧਾਂਜ਼ਲੀ ਭੇੰਟ ਕੀਤੀ ਗਈ।  ਜਥੇ• ਸਰਬਜ਼ੀਤ ਸਿੰਘ ਡੂਮਵਾਲੀ ਸੰਯੁਕਤ ਅਕਾਲੀ ਦਲ ਦੇ ਪ੍ਰਧਾਨ ਸੁਖਦੇਵ ਸਿੰਘ ਢੀੰਡਸਾ ਵੱਲੋੰ, ਭਾਈ ਅਮ੍ਰਿਤਪਾਲ ਸਿੰਘ ਛੰਦੜਾਂ ਯੂਥ ਪ੍ਰਧਾਨ ਅਕਾਲੀਦਲ ਅਮ੍ਰਿਤਸਰ ਅਤੇ ਜਥਿੰਦਰ ਸਿੰਘ ਥਿੰਦ ਜਨਰਲ ਸਕੱਤਰ ਅਕਾਲੀਦਲ ਅਮ੍ਰਿਤਸਰ , ਗੁਰਪ੍ਰੀਤ ਸਿੰਘ ਬਾਜਵਾ ਯੂਥ ਅਗੂ, ਸਰਦਾਰ ਸਿਮਰਨਜੀਤ ਸਿੰਘ ਮਾਨ ਮੈੰਬਰ ਪਾਰਲੀਮੈੰਟ ਵੱਲੋੰ, ਜਥੇ ਬਲਕਾਰ ਸਿੰਘ ਬਰਾੜ ਬੀਬਾ ਹਰਸਿਮਰਤ ਕੌਰ ਬਾਦਲ ਮੈਬਰ ਪਾਰਲੀਮੈੰਟ ਵੱਲੋੰ, ਸੰਦੀਪ ਸਿੰਘ  ਢਿੱਲੋੰ ਕੋਟਫੱਤਾ ਵਿਧਾਇਕ ਅਮਿਤ ਰਤਨ ਕੋਟਫੱਤਾ ਬਠਿੰਡਾ ਦਿਹਾਤੀ ਵੱਲੋੰ ਅਤੇ ਡਾਕਟਰ ਗੁਰਚਰਨ ਸਿੰਘ ਵਿਰਕ ਸਿਵਲ ਏਅਰਪੋਰਟ ਬਠਿੰਡਾ ਮਨੇਜਮੈਂਟ ਵੱਲੋੰ ਸ਼ੋਕ ਸੰਦੇਸ਼ ਲੈਕੇ ਪੁੱਜੇ, ਇਹਨਾਂ ਓੁੱਕਤ ਸਿਆਸੀ ਵਿਆਕਤੀਆਂ ਵੱਲੋੰ ਭੇਜੇ ਸ਼ੋਕ ਸੁਨੇਹਿਆਂ ਦੌਰਾਨ ਹੋਰ ਅਨੇਕਾਂ  ਸੰਤਾਂ ਮਹਾਪੁਸ਼ਰਾਂ ਵੱਲੋੰ ਸੋਕ ਸੁਨੇਹੇ ਭੇਜੇ ਗਏ ਜੋ ਸਟੇਜ਼ ਸੰਚਾਲਕ ਫੈਡਰੇਸ਼ਨ ਆਗੂ ਭਾਈ ਪ੍ਰਗਟ ਸਿੰਘ ਭੋਡੀਪੁਰਾ ਵੱਲੋੰ ਪੜੇ ਗਏ। ਜਥੇਦਾਰ ਨੰਦਗੜ ਦੇ ਸਪੁੱਤਰ ਸ਼ਿਵਰਾਜ਼ ਸਿੰਘ( ਐਸ ਪੀ) ਨੇ ਪਰਿਵਾਰ ਵੱਲੋੰ ਧੰਨਵਾਦੀ ਸ਼ਬਦ ਕਹੇ। ਇਸ ਮੌਕੇ ਜਗਸ਼ੀਰ ਸਿੰਘ ਕਲਿਆਣ ਹਲਕਾ ਨਿਗਰਾਨ ਭੁੱਚੋ, ਰਵੀਪ੍ਰੀਤ ਸਿੰਘ ਸਿੱਧੂ ਹਲਕਾ ਤਲਵੰਡੀ ਸਾਬੋ, ਸ਼ਰੋਮਣੀ ਕਮੇਟੀ ਮੈੰਬਰ ਅਮਰੀਕ ਸਿੰਘ ਕੋਟਸ਼ਮੀਰ, ਕਿਰਨਜੀਤ ਸਿੰਘ ਜਨਰਲ ਸਕੱਤਰ ਕਾਂਗਰਸ, ਕਰਨਲ ਵਿਸ਼ਵਾ ਮਿੱਤਰ ਐਮ ਡੀ ਆਦੇਸ਼ ਹਸ਼ਪਤਾਲ, ਡਾ. ਬਲਜਿੰਦਰ ਸਿੰਘ ਨੰਦਗੜ, ਬਲਜ਼ੀਤ ਸਿੰਘ ਗੰਗਾ, ਟਿੱਕਾਜ਼ੀਤ ਸਿੰਘ ਪੱਕਾਕਲਾਂ, ਜਥੇ ਖੇਤਾ ਸਿੰਘ ਬੰਬੀਹਾ, ਇਕਬਾਲ ਸਿੰਘ ਬਰਾੜ ਜੇਲ ਸੁਪਰਡੈੰਟ, ਗੁਰਵਿੰਦਰ ਗੋਰਾ ਮੁਹਾਲਾਂ, ਬਲਜ਼ੀਤ ਸਿੰਘ ਸਰਪੰਚ, ਕੌੰਸਲਰ ਬਲਰਾਜ਼ ਸਿੰਘ ਪੱਕਾ, ਇਕਬਾਲ ਸਿੰਘ ਗੁੰਮਟੀ, ਨਛੱਤਰ ਸਿੰਘ ਅਬੁੱਲ ਖੁਰਾਣਾ, ਸੁਖਪਾਲ ਸਿੰਘ ਗੋਨਿਆਣਾ, ਮਨਜ਼ੀਤ ਸਿੰਘ ਡੇਲਵਾਂ, ਬਲਦੇਵ ਸਿੰਘ ਬੀਬੀਵਾਲਾ, ਨੀਟਾ ਸਿੰਘ ਸਰਪੰਚ ਬਾਜ਼ਕ, ਕੁਲਵਿੰਦਰ ਢੁੱਲੋੰ ਕੋਟਫੱਤਾ, ਸੂਬਾ ਸਿੰਘ ਭੋਖੜਾ, ਸੰਤੋਖ ਸਿੰਘ, ਮੁੱਖਤਿਆਰ ਸਿੰਘ ਖੇਤੀਬਾੜੀ ਅਧਿਕਾਰੀ, ਐੰਡਵੋਕੇਟ ਮਨੋਹਰ ਲਾਲ, ਜਥੇ. ਚਮਕੌਰ ਸਿੰਘਪੂਹਲੀ, ਪਰਮਜੀਤ ਸਿੰਘ ਪੂਹਲੀ, ਜਥੇ. ਜਗਸੀਰ ਸਿੰਘ ਬੱਲੂਆਣਾ, ਦਰਸ਼ਨ ਸਿੰਘ ਸਰਪੰਚ ਥਰਾਜ਼, ਰਣਜੀਤ ਸਿੰਘ ਪੱਥਰਾਲਾ, ਦਰਸ਼ਨ ਸਿੰਘ ਮੰਡੀਕਲਾਂ, ਹਰਕੇਵਲ ਸਿੰਘ ਬਾਜ਼ਕ, ਡਾ. ਜਗਦੀਸ਼ ਸਿੰਘ ਚੀਫ ਐਗਰੀਕਲਚਰ, ਡਾ. ਮੁਖਤਿਆਰ ਸਿੰਘ ਬਰਾੜ,  ਦਵਿੰਦਰ ਸਿੰਘ ਅਬੁਲਖੁਰਾਣਾ,ਗੁਰਪ੍ਰੀਤ ਸਿੰਘ, ਰਾਜਵੀਰ  ਸਿੰਘ ਮਾਨ, ਜਤਿੰਦਰ ਸਿੰਘ ਅਲਕੜਾ, ਅੰਗਰੇਜ਼ ਸਿੰਘ ਦਿਓੁਣ, ਜਵਾਹਰ ਸਿੰਘ ਨੰਦਗੜ, ਡਾ. ਸਰੂਪ ਸਿੰਘ ਭਗਤਾ, ਮਾਲਵਾ ਕਵਿਸ਼ਰੀ ਸਾਹਿਤ ਸਭਾ ਦੇ ਢਾਡੀ ਬਲਵਿੰਦਰ ਸਿੰਘਭਗਤਾ,ਬਾਬਾ ਪ੍ਰੀਤਮ ਸਿੰਘ ਮੱਲ੍ਹੜੀ ਵਾਲੇ,ਬਾਬਾ ਕਾਕਾ ਸਿੰਘ ਬੁੰਗਾ ਮਸਤੂਆਣਾ,ਸੁਖਜੀਤ ਸਿੰਘ ਨੰਬਰਦਾਰ, ਗੁਰਮੀਤ ਸਿੰਘ ਨੰਦਗੜ, ਹਰਚਰਨ ਸਿੰਘ ਨੰਦਗੜ, ਸੰਤਾ ਸਿੰਘ ਥਰਾਜ਼ (ਭਰਾਤਾ) ਸਮੇਤ  ਪਿੰਡ ਨੰਦਗੜ ਤੇ ਥਰਾਜ਼ ਦੇ ਪੱਤਵੰਤੇ ਅਤੇ ਵੱਡੀ ਗਿਣਤੀ ਵਿੱਚ ਸੰਤ ਮਹਾਂਪੁਰਸ਼ ਮੌਜੂਦ ਸਨ।

ਪੰਜਾਬ ਸਰਕਾਰ ਵਲੋਂ ਪਰਾਲੀ ਸਾੜਣ ਦੇ ਮਾਮਲਿਆਂ ਵਿੱਚ ਜਾਰੀ ਰੈਡ ਨੋਟਿਸ ਵਾਪਸ ਲੈਣ ਦੇ ਹੁਕਮ, ਨੋਟੀਫਿਕੇਸ਼ਨ ਜਾਰੀ

ਪਰਾਲੀ ਦੇ ਪ੍ਰਬੰਧਨ ਲਈ ਬਦਲਵੇਂ ਢੰਗ ਅਪਣਾਉਣ ਦੀ ਲੋੜ ‘ਤੇ ਦਿੱਤਾ ਜੋਰ
 ਆਮ ਲੋਕਾਂ ਤੇ ਕਿਸਾਨਾਂ ਦੀ ਹੈ ਪੰਜਾਬ ਸਰਕਾਰ; ਸਾਰੇ ਫੈਸਲੇ ਲੋਕ ਹਿੱਤ ‘ਚ ਕਰਾਂਗੇ: ਕੁਲਦੀਪ ਸਿੰਘ ਧਾਲੀਵਾਲ
ਪੰਜਾਬੀ ਖਵਰਸਾਰ ਬਿਉਰੋ 
ਚੰਡੀਗੜ੍ਹ, 27 ਨਵੰਬਰ:‘’ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਆਮ ਲੋਕਾਂ ਤੇ ਕਿਸਾਨਾਂ ਦੀ ਸਰਕਾਰ ਹੈ ਅਤੇ ਸਾਡੀ ਸਰਕਾਰ ਸਾਰੇ ਫੈਸਲੇ ਲੋਕ ਹਿੱਤ ‘ਚ ਹੀ ਕਰਦੀ ਆ ਰਹੀ ਹੈ ਤੇ ਭਵਿੱਖ ‘ਚ ਵੀ ਕਰਦੀ ਰਹੇਗੀ।’’ ਇਹ ਪ੍ਰਗਟਾਵਾ ਕਰਦਿਆਂ ਪੰਜਾਬ ਦੇ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਕਿਸੇ ਵੀ ਕਿਸਾਨ ਦਾ ਨੁਕਸਾਨ ਨਹੀਂ ਹੋਣ ਦੇਵੇਗੀ।ਸ. ਧਾਲੀਵਾਲ ਨੇ ਕੇਂਦਰ ਸਰਕਾਰ ਵੱਲੋਂ ਸੂਬੇ ਦੇ ਕਿਸਾਨਾਂ ਨੂੰ ਪਰਾਲੀ ਸਾੜਨ ਲਈ ਜਾਰੀ ਰੈੱਡ ਨੋਟਿਸ ਮਾਮਲੇ ਨੂੰ ਵਾਪਸ ਲੈਣ ਦੇ ਹੁਕਮ ਜਾਰੀ ਕਰ ਦਿੱਤੇ ਹਨ ਅਤੇ ਇਸ ਸਬੰਧੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ।ਉਨ੍ਹਾਂ ਦੱਸਿਆ ਕਿ ਕੇਂਦਰੀ ਅਦਾਰੇ ਨੈਸ਼ਨਲ ਗਰੀਨ ਟ੍ਰਿਬਿਊਨਲ (ਐਨ.ਜੀ.ਟੀ.) ਦੀਆਂ ਹਦਾਇਤਾਂ ‘ਤੇ 4 ਅਕਤੂਬਰ, 2022 ਨੂੰ ਜਾਰੀ ਕੀਤੇ ਪੱਤਰ ਵਿੱਚ ਪਰਾਲੀ (ਪੈਡੀ ਸਟੱਬਲ) ਸਾੜਨ ਦੇ ਮਾਮਲੇ ‘ਚ ਸਬੰਧਤ ਜ਼ਮੀਨ ਦੇ ਮਾਲ ਰਿਕਾਰਡ ਦੇ ਖਸਰਾ ਨੰਬਰ ਵਿਰੁੱਧ ਲਾਲ ਇੰਦਰਾਜ ਕਰਨ ਆਦਿ ਹੁਕਮਾਂ ਨੂੰ ਵਾਪਸ ਲੈ ਲਿਆ ਗਿਆ ਹੈ।ਇਸ ਸਬੰਧੀ ਸਬੰਧਤ ਸਮੂਹ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ।
ਸ. ਧਾਲੀਵਾਲ ਨੇ ਦੱਸਿਆ ਕਿ ਜ਼ਮੀਨਾਂ ਦੇ ਰਿਕਾਰਡ ‘ਚ ਲਾਲ ਇੰਦਰਾਜ਼ ਹੋਣਾ ਸੂਬੇ ਦੇ ਕਿਸਾਨਾਂ ਦੇ ਹਿੱਤ ‘ਚ ਨਹੀਂ। ਉਨ੍ਹਾਂ ਕਿਹਾ ਕਿ ਲਾਲ ਇੰਦਰਾਜ਼ ਹੋਣ ਨਾਲ ਕਿਸਾਨਾਂ ਨੇ ਲੋਨ, ਸਰਕਾਰੀ ਸਹੂਲਤਾਂ ਤੇ ਸਬਸਿਡੀਆਂ ਆਦਿ ਲੈਣ ਤੋਂ ਵਾਂਝੇ ਹੋ ਜਾਣਾ ਸੀ। ਖੇਤੀਬਾੜੀ ਮੰਤਰੀ ਨੇ ਕਿਸਾਨਾਂ ਨੂੰ ਪਰਾਲੀ ਦੇ ਪ੍ਰਬੰਧਨ ਲਈ ਬਦਲਵੇਂ ਢੰਗ ਅਪਣਾਉਣ ਦੀ ਲੋੜ ‘ਤੇ ਜ਼ੋਰ ਦਿੰਦਿਆਂ ਕਿਹਾ ਕਿ ਅਜੋਕੇ ਦੌਰ ਵਿੱਚ ਪਰਾਲੀ ਜਾਂ ਹੋਰ ਫਸਲਾਂ ਦੀ ਰਹਿੰਦ-ਖੂੰਹਦ ਨੂੰ ਸਾੜਨ ਮਗਰੋਂ ਹੋਣ ਵਾਲੇ ਨੁਕਸਾਨ ਤੋਂ ਬਚਣ ਦੇ ਉਪਾਵਾਂ ਦੇ ਸਨਮੁੱਖ ਬਿਹਤਰ ਢੰਗ ਅਪਣਾਉਣ ਦੀਆਂ ਕੋਸ਼ਿਸ਼ਾਂ ‘ਚ ਸਰਕਾਰ ਦਾ ਸਾਥ ਦੇਣਾ ਅਤੀ ਜ਼ਰੂਰੀ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਅੱਜ ਦੇ ਦੌਰ ‘ਚ ਵਾਤਾਵਰਣ ਦਾ ਪ੍ਰਦੂਸ਼ਤ ਹੋਣਾ ਵੱਡੀ ਆਲਮੀ ਸਮੱਸਿਆ ਹੈ ਅਤੇ ਇਸ ਸਬੰਧੀ ਲਾਜ਼ਮੀ ਤੌਰ ‘ਤੇ ਕਦਮ ਚੁੱਕਣ ਦੀ ਜ਼ਰੂਰਤ ਹੈ।ਕੈਬਨਿਟ ਮੰਤਰੀ ਨੇ ਪਰਾਲੀ ਦੇ ਪ੍ਰਬੰਧਨ ਦੇ ਬਦਲਵੇਂ ਢੰਗਾਂ ਬਾਰੇ ਗੱਲ ਕਰਦਿਆਂ ਅੱਗੇ ਕਿਹਾ ਕਿ ਭਾਰਤੀ ਖੇਤੀ ਖੋਜ ਸੰਸਥਾ ਨੇ ਪੂਸਾ ਨਾਮਕ ਬਾਇਓ-ਐਨਜ਼ਾਈਮ ਦੇ ਰੂਪ ਵਿੱਚ ਪਰਾਲੀ ਸਾੜਨ ਲਈ ਇੱਕ ਰੈਡੀਕਲ ਹੱਲ ਤਿਆਰ ਕੀਤਾ ਹੈ।ਉਨ੍ਹਾਂ ਕਿਹਾ ਕਿ ਜਦੋਂ ਛਿੜਕਾਅ ਕੀਤਾ ਜਾਂਦਾ ਹੈ, ਤਾਂ ਇਹ ਐਨਜ਼ਾਈਮ 20-25 ਦਿਨਾਂ ਵਿੱਚ ਪਰਾਲੀ ਨੂੰ ਨਸ਼ਟ ਕਰ ਦਿੰਦਾ ਹੈ ਅਤੇ ਇਸਨੂੰ ਖਾਦ ਵਿੱਚ ਬਦਲਦਾ ਹੈ, ਜਿਸ ਨਾਲ ਮਿੱਟੀ ਦੀ ਗੁਣਵੱਤਾ ਵਿੱਚ ਹੋਰ ਸੁਧਾਰ ਵੀ ਹੁੰਦਾ ਹੈ।ਉਨ੍ਹਾਂ ਕਿਹਾ ਕਿ ਪਿਛਲੇ ਕਈ ਸਾਲਾਂ ਤੋਂ ਪਰਾਲੀ ਸਾੜਨ ਦੀ ਚਲੀ ਆ ਰਹੀ ਪ੍ਰਥਾ, ਜਿਸ ਵਿੱਚ ਅਗਲੀ ਫਸਲ ਬੀਜਣ ਤੋਂ ਪਹਿਲਾਂ ਖੇਤਾਂ ਨੂੰ ਸਾਫ਼ ਕਰਨ ਲਈ ਪਰਾਲੀ ਨੂੰ ਅੱਗ ਲਗਾਈ ਜਾਂਦੀ ਹੈ, ਨੂੰ ਬਦਲਵੇਂ ਢੰਗ ਅਪਣਾਉਂਦਿਆਂ ਖਤਮ ਕਰਨਾ ਸਮੇਂ ਦੀ ਜ਼ਰੂਰਤ ਹੈ।
ਖੇਤੀਬਾੜੀ ਮੰਤਰੀ ਨੇ ਅੱਗੇ ਕਿਹਾ ਕਿ ਪੰਜਾਬ ਸਰਕਾਰ ਪਹਿਲਾਂ ਹੀ ਇਸ ਸੰਬੰਧੀ ਗੰਭੀਰ ਹੈ ਅਤੇ ਚਾਲੂ ਸਾਲ ‘ਚ ਹੁਣ ਤਕ ਕਿਸਾਨਾਂ ਨੂੰ ਪਰਾਲ਼ੀ ਦੇ ਪ੍ਰਬੰਧਨ ਲਈ 19393 ਮਸ਼ੀਨਾਂ ਸਬਸਿਡੀ ‘ਤੇ ਦਿੱਤੀਆਂ ਜਾ ਚੁੱਕੀਆਂ ਹਨ, ਜਦਕਿ ਪਿਛਲੇ ਚਾਰ ਸਾਲਾਂ ਦੌਰਾਨ ਕਿਸਾਨਾਂ ਨੂੰ 90433 ਮਸ਼ੀਨਾਂ ਦਿੱਤੀਆਂ ਗਈਆਂ ਸਨ। ਉਨ੍ਹਾਂ ਕਿਹਾ ਕਿ ਸੂਬੇ ਦੇ ਕਿਸਾਨਾਂ ਕੋਲ ਕੁਲ 109815 ਮਸ਼ੀਨਾਂ ਉਪਲੱਬਧ ਹਨ। ਉਨ੍ਹਾਂ ਦੱਸਿਆ ਕਿ 26 ਨਵੰਬਰ, 2022 ਦੀ ਸੈਟੇਲਾਈਟ ਜਾਣਕਾਰੀ ਅਨੁਸਾਰ ਸਾਲ 2020, 2021 ਅਤੇ 2022 ਦੌਰਾਨ 15 ਸਤੰਬਰ ਤੋਂ 26 ਨਵੰਬਰ ਤੱਕ ਕ੍ਰਮਵਾਰ 76619, 71122 ਅਤੇ 49876 ਆਦਿ ਅੱਗ ਲਗਾਉਣ ਦੇ ਮਾਮਲੇ ਦਰਜ਼ ਕੀਤੇ ਗਏ ਹਨ, ਜੋ ਕਿ ਪਿਛਲੇ ਸਾਲ ਨਾਲੋਂ 30 ਫੀਸਦੀ ਘੱਟ ਹੈ। ਉਨ੍ਹਾਂ ਕਿਹਾ ਕਿ ਜੇਕਰ ਕੇਂਦਰ ਸਰਕਾਰ ਕਿਸਾਨਾਂ ਨੂੰ ਪਰਾਲੀ ਪ੍ਰਬੰਧਨ ‘ਤੇ ਆਉਣ ਵਾਲੇ ਖਰਚੇ ਦੇ ਬਰਾਬਰ ਸਹਾਇਤਾ ਦੇਵੇ ਤਾਂ ਇਸ ਸਮੱਸਿਆ ਤੋਂ ਪੱਕੇ ਤੌਰ ‘ਤੇ ਨਿਜਾਤ ਪਾਉਣੀ ਸੰਭਵ ਹੋ ਸਕੇਗੀ।

ਵਿਜੀਲੈਂਸ ਬਿਊਰੋ ਵੱਲੋਂ ਮੋਟਰ ਵਹੀਕਲ ਇੰਸਪੈਕਟਰ ਜਲੰਧਰ ਨਾਲ ਮਿਲੀਭੁਗਤ ਕਰਨ ਵਾਲੇ 3 ਭਗੌੜੇ ਏਜੰਟ ਗ੍ਰਿਫ਼ਤਾਰ

0
ਵਪਾਰਕ ਵਾਹਨਾਂ ਲਈ ਰਿਸ਼ਵਤਾਂ ਲੈ ਕੇ ਵਾਹਨ ਫਿਟਨੈਸ ਸਰਟੀਫਿਕੇਟ ਜਾਰੀ ਕਰਨ ਦੇ ਮਾਮਲੇ ਵਿੱਚ ਦੋਸ਼ੀ
ਪੰਜਾਬੀ ਖਬਰਸਾਰ ਬਿਉਰੋ 
ਜਲੰਧਰ , 28 ਨਵੰਬਰ : ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਅੱਜ ਮੋਟਰ ਵਹੀਕਲ ਇੰਸਪੈਕਟਰ (ਐਮ.ਵੀ.ਆਈ.), ਜਲੰਧਰ ਨਰੇਸ਼ ਕਲੇਰ ਦੀ ਮਿਲੀਭੁਗਤ ਨਾਲ ਵਪਾਰਕ ਅਤੇ ਨਿੱਜੀ ਵਾਹਨਾਂ ਦੀ ਜਾਂਚ ਕੀਤੇ ਬਿਨਾਂ ਮੋਟੀਆਂ ਰਿਸ਼ਵਤਾਂ ਲੈ ਕੇ ਫਿਟਨੈਸ ਸਰਟੀਫਿਕੇਟ ਜਾਰੀ ਕਰਨ/ਪ੍ਰਾਪਤ ਕਰਨ ਵਾਲੇ 3 ਭਗੌੜੇ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਬਿਊਰੋ ਨੇ ਸਾਰੇ ਮੁਲਜ਼ਮਾਂ ਦੇ ਮੋਬਾਈਲ ਫੋਨ ਅਤੇ ਸਿਮ ਕਾਰਡ ਜ਼ਬਤ ਕਰ ਲਏ ਹਨ ਅਤੇ ਇਸ ਕੇਸ ਬਾਰੇ ਹੋਰ ਜਾਣਕਾਰੀ ਪ੍ਰਾਪਤ ਕਰਨ ਲਈ ਇਹਨਾਂ ਨੂੰ ਡਾਟਾ ਮਾਹਿਰਾਂ ਕੋਲ ਭੇਜਿਆ ਜਾਵੇਗਾ।ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਪੰਕਜ ਢੀਂਗਰਾ ਉਰਫ਼ ਭੋਲੂ ਵਾਸੀ ਨਿਊ ਕੈਲਾਸ਼ ਨਗਰ, ਸੋਡਲ ਰੋਡ ਜਲੰਧਰ, ਬ੍ਰਿਜਪਾਲ ਸਿੰਘ ਉਰਫ਼ ਰਿੱਕੀ ਵਾਸੀ ਕ੍ਰਿਸ਼ਨਾ ਨਗਰ, ਜਲੰਧਰ ਅਤੇ ਅਰਵਿੰਦ ਕੁਮਾਰ ਉਰਫ਼ ਬਿੰਦੂ ਵਾਸੀ ਉਪਕਾਰ ਨਗਰ, ਜਲੰਧਰ ਵਜੋਂ ਹੋਈ ਹੈ। ਉਨ੍ਹਾਂ ਅੱਗੇ ਦੱਸਿਆ ਕਿ ਇਨ੍ਹਾਂ ਮੁਲਜ਼ਮਾਂ ਨੂੰ ਭਲਕੇ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਅਤੇ ਵਿਜੀਲੈਂਸ ਬਿਊਰੋ ਵੱਲੋਂ ਇਸ ਮਾਮਲੇ ਬਾਰੇ ਹੋਰ ਪੁੱਛਗਿੱਛ ਲਈ ਪੁਲਿਸ ਰਿਮਾਂਡ ਦੀ ਮੰਗ ਕੀਤੀ ਜਾਵੇਗੀ।ਹੋਰ ਵੇਰਵੇ ਦਿੰਦਿਆਂ ਬੁਲਾਰੇ ਨੇ ਦੱਸਿਆ ਕਿ ਬਿਊਰੋ ਵੱਲੋਂ ਐਮ.ਵੀ.ਆਈ., ਜਲੰਧਰ ਦੇ ਦਫ਼ਤਰ ਦੀ ਅਚਨਚੇਤ ਚੈਕਿੰਗ ਕੀਤੀ ਗਈ ਸੀ ਅਤੇ ਪ੍ਰਾਈਵੇਟ ਏਜੰਟਾਂ ਦੀ ਮਿਲੀਭੁਗਤ ਨਾਲ ਵੱਡੇ ਪੱਧਰ ‘ਤੇ ਵਾਹਨਾਂ ਲਈ ਫਿਟਨੈਸ ਸਰਟੀਫਿਕੇਟ ਜਾਰੀ ਕਰਨ ਲਈ ਕੀਤੇ ਜਾ ਰਹੇ ਸੰਗਠਿਤ ਭ੍ਰਿਸ਼ਟਾਚਾਰ ਦਾ ਪਰਦਾਫਾਸ਼ ਕੀਤਾ ਸੀ। ਬੁਲਾਰੇ ਨੇ ਅੱਗੇ ਦੱਸਿਆ ਕਿ ਪੁਖਤਾ ਸਬੂਤਾਂ ਦੇ ਆਧਾਰ ‘ਤੇ ਵਿਜੀਲੈਂਸ ਬਿਊਰੋ ਦੇ ਥਾਣਾ ਜਲੰਧਰ ਵਿਖੇ ਮੁਕੱਦਮਾ ਨੰਬਰ 14 ਮਿਤੀ 23-08-2022  ਨੂੰ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 7, 7ਏ ਅਤੇ ਆਈਪੀਸੀ ਦੀ ਧਾਰਾ 420, 120-ਬੀ ਅਧੀਨ ਮਾਮਲਾ ਦਰਜ ਕੀਤਾ ਗਿਆ ਹੈ। ਇਸ ਮਾਮਲੇ ਵਿੱਚ ਕੁੱਲ 6 ਮੁਲਜ਼ਮ ਪਹਿਲਾਂ ਹੀ ਗ੍ਰਿਫ਼ਤਾਰ ਕੀਤੇ ਜਾ ਚੁੱਕੇ ਹਨ ਜੋ ਕਿ ਜੇਲ੍ਹ ਵਿੱਚ ਬੰਦ ਹਨ ਜਿਨ੍ਹਾਂ ਵਿੱਚ ਨਰੇਸ਼ ਕਲੇਰ, ਰਾਮਪਾਲ ਉਰਫ਼ ਰਾਧੇ, ਮੋਹਨ ਲਾਲ ਉਰਫ਼ ਕਾਲੂ, ਪਰਮਜੀਤ ਸਿੰਘ ਬੇਦੀ, ਸੁਰਜੀਤ ਸਿੰਘ ਅਤੇ ਹਰਵਿੰਦਰ ਸਿੰਘ (ਸਾਰੇ ਪ੍ਰਾਈਵੇਟ ਏਜੰਟ) ਸ਼ਾਮਲ ਹਨ। ਉਨ੍ਹਾਂ ਅੱਗੇ ਦੱਸਿਆ ਕਿ ਇਸ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ ਅਤੇ ਬਾਕੀ ਭਗੌੜੇ ਮੁਲਜ਼ਮਾਂ ਨੂੰ ਜਲਦੀ ਹੀ ਕਾਬੂ ਕਰ ਲਿਆ ਜਾਵੇਗਾ।

ਮੈਡੀਕਲ ਸਿੱਖਿਆ ਦੇ ਧੁਰੇ ਵਜੋਂ ਉਭਰੇਗਾ ਪੰਜਾਬ-ਮੁੱਖ ਮੰਤਰੀ

ਕਪੂਰਥਲਾ ਅਤੇ ਹੁਸ਼ਿਆਰਪੁਰ ਦਾ ਦੌਰਾ ਕਰਕੇ ਮੈਡੀਕਲ ਕਾਲਜਾਂ ਵਾਲੀਆਂ ਥਾਵਾਂ ਦਾ ਨਿਰੀਖਣ ਕੀਤਾ
ਕਪੂਰਥਲਾ ਦੇ ਮੈਡੀਕਲ ਕਾਲਜ ਦਾ ਨਾਮ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਮ ’ਤੇ ਰੱਖਿਆ ਜਾਵੇਗਾ
ਹੁਸ਼ਿਆਰਪੁਰ ਵਿਖੇ ਸ਼ਹੀਦ ਊਧਮ ਸਿੰਘ ਦੇ ਨਾਂ ’ਤੇ ਬਣੇਗਾ ਮੈਡੀਕਲ ਕਾਲਜ
ਸਿਹਤ, ਸਿੱਖਿਆ, ਬਿਜਲੀ ਅਤੇ ਸਾਫ਼ ਪਾਣੀ ਨੂੰ ਸਰਕਾਰ ਦੀ ਪ੍ਰਮੁੱਖ ਤਰਜੀਹ ਦੱਸਿਆ
ਪੰਜਾਬੀ ਖਬਰਸਾਰ ਬਿਉਰੋ 
ਕਪੂਰਥਲਾ/ਹੁਸ਼ਿਆਰਪੁਰ, 27 ਨਵੰਬਰ: ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਸੂਬੇ ਨੂੰ ਦੁਨੀਆ ਭਰ ‘ਚ ‘ਮੈਡੀਕਲ ਸਿੱਖਿਆ’ ਦੇ ਧੁਰੇ ਵਜੋਂ ਉਭਾਰਨ ਲਈ ਆਪਣੀ ਸਰਕਾਰ ਦੀ ਦ੍ਰਿੜ ਵਚਨਬੱਧਤਾ ਨੂੰ ਦੁਹਰਾਇਆ। ਕਪੂਰਥਲਾ ਵਿੱਚ ਬਣਨ ਵਾਲੇ ਮੈਡੀਕਲ ਕਾਲਜ ਦੀ ਥਾਂ ਦਾ ਨਿਰੀਖਣ ਕਰਨ ਆਏ ਮੁੱਖ ਮੰਤਰੀ ਨੇ ਕਿਹਾ ਕਿ ਇਸ ਮੈਡੀਕਲ ਕਾਲਜ ਦਾ ਨਾਂ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਮ ’ਤੇ ਰੱਖਿਆ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਕਾਲਜ ਦੀ ਜਗ੍ਹਾ ਅਤੇ ਰੂਪ ਰੇਖਾ ਨੂੰ ਅੰਤਿਮ ਰੂਪ ਦੇ ਦਿੱਤਾ ਗਿਆ ਹੈ ਅਤੇ ਇਸ ਵੱਕਾਰੀ ਪ੍ਰੋਜੈਕਟ ‘ਤੇ ਛੇਤੀ ਹੀ ਕੰਮ ਸ਼ੁਰੂ ਹੋ ਜਾਵੇਗਾ। ਭਗਵੰਤ ਮਾਨ ਨੇ ਦੱਸਿਆ ਕਿ ਮੈਡੀਕਲ ਕਾਲਜ 20 ਏਕੜ ਰਕਬੇ ਵਿੱਚ ਬਣੇਗਾ ਅਤੇ ਇਸ ਪ੍ਰਾਜੈਕਟ ਉੱਤੇ ਕੁੱਲ  428.69 ਕਰੋੜ ਰੁਪਏ ਦੀ ਲਾਗਤ ਆਵੇਗੀ। ਮੁੱਖ ਮੰਤਰੀ ਨੇ ਉਮੀਦ ਜ਼ਾਹਰ ਕੀਤੀ ਕਿ ਨਵਾਂ ਮੈਡੀਕਲ ਕਾਲਜ ਇਲਾਜ ਅਤੇ ਜਾਂਚ ਸਹੂਲਤਾਂ ਨੂੰ ਵੱਡਾ ਹੁਲਾਰਾ ਦੇਵੇਗਾ। ਉਨ੍ਹਾਂ ਕਿਹਾ ਕਿ ਇਸ ਕਾਲਜ ਵਿੱਚ ਹੋਰਨਾਂ ਸੂਬਿਆਂ ਤੋਂ ਵੀ ਵੱਡੀ ਗਿਣਤੀ ਵਿੱਚ ਵਿਦਿਆਰਥੀ ਆਉਣਗੇ, ਇਸ ਲਈ 300 ਬਿਸਤਰਿਆਂ ਵਾਲੇ ਅਤਿ ਆਧੁਨਿਕ ਸਿਵਲ ਹਸਪਤਾਲ ਤੋਂ ਇਲਾਵਾ ਕਾਲਜ ਦੇ ਨਾਲ 10-12 ਮੰਜ਼ਿਲਾਂ ਵਾਲੇ ਅਤਿ ਆਧੁਨਿਕ ਹੋਸਟਲ ਦੀ ਵੀ ਉਸਾਰੀ ਕੀਤੀ ਜਾਵੇਗੀ। ਭਗਵੰਤ ਮਾਨ ਨੇ ਕਿਹਾ ਕਿ ਇਹ ਕਾਲਜ ਸਥਾਨਕ ਨੌਜਵਾਨਾਂ ਲਈ ਰੁਜ਼ਗਾਰ ਦੇ ਨਵੇਂ ਰਾਹ ਖੋਲ੍ਹੇਗਾ।ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਪੰਜਾਬ ਵਿੱਚ ਮੈਡੀਕਲ ਸਿੱਖਿਆ  ਦੇ ਪਾਸਾਰ ਲਈ ਸੂਬਾ ਸਰਕਾਰ ਨੇ ਆਉਣ ਵਾਲੇ ਪੰਜ ਸਾਲਾਂ ਵਿੱਚ 16 ਨਵੇਂ ਮੈਡੀਕਲ ਕਾਲਜ ਬਣਾਉਣ ਦਾ ਫੈਸਲਾ ਕੀਤਾ ਹੈ ਜਿਸ ਨਾਲ ਸੂਬੇ ਵਿੱਚ ਮੈਡੀਕਲ ਕਾਲਜਾਂ ਦੀ ਕੁੱਲ ਗਿਣਤੀ 25 ਹੋ ਜਾਵੇਗੀ। ਇਸ ਨਾਲ ਇਹ ਯਕੀਨੀ ਬਣਾਇਆ ਜਾਵੇਗਾ ਕਿ ਸੂਬੇ ਦੇ ਹਰੇਕ ਜ਼ਿਲ੍ਹੇ ਵਿਚ ਇੱਕ ਮੈਡੀਕਲ ਕਾਲਜ ਸਥਾਪਤ ਹੋਵੇ। ਉਨ੍ਹਾਂ ਕਿਹਾ ਕਿ ਸੰਗਰੂਰ ਦੇ ਮਸਤੂਆਣਾ ਸਾਹਿਬ ਵਿਖੇ ਸੰਤ ਅਤਰ ਸਿੰਘ ਸਟੇਟ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ ਦਾ ਨੀਂਹ ਪੱਥਰ ਉਨ੍ਹਾਂ ਵੱਲੋਂ ਪਹਿਲਾਂ ਹੀ ਰੱਖਿਆ ਜਾ ਚੁੱਕਾ ਹੈ। ਭਗਵੰਤ ਮਾਨ ਨੇ ਅੱਗੇ ਕਿਹਾ ਕਿ ਕਪੂਰਥਲਾ ਅਤੇ ਹੁਸ਼ਿਆਰਪੁਰ ਵਿਖੇ ਦੋ ਹੋਰ ਮੈਡੀਕਲ ਕਾਲਜਾਂ ਦਾ ਕੰਮ ਵੀ ਛੇਤੀ ਹੀ ਸ਼ੁਰੂ ਹੋ ਜਾਵੇਗਾ।
ਮੁੱਖ ਮੰਤਰੀ ਨੇ ਉਮੀਦ ਜ਼ਾਹਰ ਕੀਤੀ ਕਿ ਮੈਡੀਕਲ ਸਿੱਖਿਆ ਹਾਸਲ ਕਰਨ ਦੇ ਚਾਹਵਾਨ ਵਿਦਿਆਰਥੀਆਂ ਨੂੰ ਹੁਣ ਯੂਕਰੇਨ ਵਰਗੇ ਦੇਸ਼ਾਂ ਵਿੱਚ ਨਹੀਂ ਜਾਣਾ ਪਵੇਗਾ ਕਿਉਂਕਿ ਇਨ੍ਹਾਂ ਮੈਡੀਕਲ ਕਾਲਜਾਂ ਵਿੱਚ ਉਨ੍ਹਾਂ ਨੂੰ ਮਿਆਰੀ ਡਾਕਟਰੀ ਸਿੱਖਿਆ ਮੁਹੱਈਆ ਕਰਵਾਈ ਜਾਵੇਗੀ। ਭਗਵੰਤ ਮਾਨ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਇਸ ਪਾਸੇ ਕੋਈ ਧਿਆਨ ਨਹੀਂ ਦਿੱਤਾ ਪਰ ਉਨ੍ਹਾਂ ਦੀ ਸਰਕਾਰ ਇਸ ਪਾਸੇ ਵਿਸ਼ੇਸ਼ ਤੌਰ ਉੱਤੇ ਧਿਆਨ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਸਿਹਤ, ਸਿੱਖਿਆ, ਬਿਜਲੀ ਅਤੇ ਸਾਫ਼ ਪਾਣੀ ਉਨ੍ਹਾਂ ਦੀ ਸਰਕਾਰ ਦੇ ਪ੍ਰਮੁੱਖ ਤਰਜੀਹੀ ਖੇਤਰ ਹਨ।ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਲੋਕਾਂ ਦੇ ਸਹਿਯੋਗ ਨਾਲ ਸੂਬਾ ਸਰਕਾਰ ਨੇ ਕਈ ਲੋਕ ਪੱਖੀ ਪਹਿਲਕਦਮੀਆਂ ਕੀਤੀਆਂ ਹਨ।  ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਲੋਕਾਂ ਨੂੰ ਹਰੇਕ ਬਿਲ ਉੱਤੇ 600 ਯੂਨਿਟ ਮੁਫਤ ਬਿਜਲੀ ਮੁਹੱਈਆ ਕਰਵਾਈ ਜਾ ਰਹੀ ਹੈ ਅਤੇ ਸੂਬੇ ਵਿੱਚ ਪਹਿਲੀ ਵਾਰ 86 ਫੀਸਦੀ ਘਰਾਂ ਨੂੰ  ਬਿਜਲੀ ਦਾ ਜ਼ੀਰੋ ਬਿੱਲ ਆਇਆ ਹੈ। ਭਗਵੰਤ ਮਾਨ ਨੇ ਜ਼ੋਰ ਦੇ ਕੇ ਕਿਹਾ ਕਿ ਆਉਣ ਵਾਲੇ ਮਹੀਨਿਆਂ ਵਿੱਚ 95 ਫੀਸਦੀ ਤੋਂ ਵੱਧ ਘਰਾਂ ਨੂੰ ਮੁਫਤ ਬਿਜਲੀ ਦਾ ਲਾਭ ਮਿਲੇਗਾ।ਮੁੱਖ ਮੰਤਰੀ ਨੇ ਦੁਹਰਾਇਆ ਕਿ ਸੂਬਾ ਸਰਕਾਰ ਪੰਜਾਬ ਵਿੱਚ ਸਖ਼ਤ ਘਾਲਣਾ ਘਾਲ ਕੇ ਹਾਸਲ ਕੀਤੀ ਅਮਨ ਸ਼ਾਂਤੀ ਬਰਕਰਾਰ ਰੱਖਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਸੂਬੇ ਵਿੱਚ ਗੰਨ ਕਲਚਰ ਦੇ ਪ੍ਰਭਾਵ ਨੂੰ ਖ਼ਤਮ ਕਰਨ ਲਈ ਪਹਿਲਾਂ ਹੀ ਸਖ਼ਤ ਯਤਨ ਕੀਤੇ ਜਾ ਰਹੇ ਹਨ। ਭਗਵੰਤ ਮਾਨ ਨੇ ਕਿਹਾ ਕਿ ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ ਹੈ ਕਿ ਸੂਬੇ ਦੀ ਅਮਨ-ਸ਼ਾਂਤੀ ਭੰਗ ਕਰਨ ਦੇ ਮਨੋਰਥ ਨਾਲ ਨਫ਼ਰਤ ਭਰੇ ਭਾਸ਼ਣ ਦੇਣ ਵਾਲੇ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਾ ਜਾਵੇ।
ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਖੋਲ੍ਹੇ ਗਏ ਆਮ ਆਦਮੀ ਕਲੀਨਿਕਾਂ ਨੂੰ ਲੋਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਕਲੀਨਿਕ ਲੋਕਾਂ ਨੂੰ ਮਿਆਰੀ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ ਸਹਾਈ ਸਿੱਧ ਹੋ ਰਹੇ ਹਨ ਅਤੇ ਆਉਣ ਵਾਲੇ ਦਿਨਾਂ ਵਿੱਚ ਅਜਿਹੇ ਹੋਰ ਕਲੀਨਿਕ ਖੋਲ੍ਹੇ ਜਾਣਗੇ। ਭਗਵੰਤ ਮਾਨ ਨੇ ਕਿਹਾ ਕਿ ਇਹ ਬੜੇ ਮਾਣ ਅਤੇ ਤਸੱਲੀ ਵਾਲੀ ਗੱਲ ਹੈ ਕਿ ਭਾਰਤ ਸਰਕਾਰ ਨੇ ਵੀ ਲੋਕਾਂ ਨੂੰ ਬਿਹਤਰ ਸਿਹਤ ਸੇਵਾਵਾਂ ਪ੍ਰਦਾਨ ਕਰਨ ਵਿੱਚ ਇਨ੍ਹਾਂ ਕਲੀਨਿਕਾਂ ਦੀ ਭੂਮਿਕਾ ਦੀ ਸ਼ਲਾਘਾ ਕੀਤੀ ਹੈ।ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਨੇ ਅਹੁਦਾ ਸੰਭਾਲਣ ਤੋਂ ਲੈ ਕੇ ਹੁਣ ਤੱਕ ਯੋਗ ਨੌਜਵਾਨਾਂ ਨੂੰ ਲਗਪਗ 21000 ਸਰਕਾਰੀ ਨੌਕਰੀਆਂ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਹੋਰ ਭਰਤੀ ਵੀ ਪ੍ਰਕਿਰਿਆ ਅਧੀਨ ਹੈ ਅਤੇ ਸਾਰੇ ਸਰਕਾਰੀ ਵਿਭਾਗਾਂ ਵਿੱਚ ਸਟਾਫ ਦੀ ਕਮੀ ਨੂੰ ਜਲਦੀ ਹੀ ਦੂਰ ਕਰ ਲਿਆ ਜਾਵੇਗਾ।  ਭਗਵੰਤ ਮਾਨ ਨੇ ਸਪੱਸ਼ਟ ਕਿਹਾ ਕਿ ਸੂਬੇ ਵਿੱਚ ਸਰਕਾਰੀ ਭਰਤੀ ਲਈ ਨਿਰੋਲ ਮੈਰਿਟ ਹੀ ਇਕਮਾਤਰ ਮਾਪਦੰਡ ਹੈ।ਬਾਅਦ ਵਿੱਚ ਮੁੱਖ ਮੰਤਰੀ ਨੇ ਹੁਸ਼ਿਆਰਪੁਰ ਵਿਖੇ ਮਹਾਨ ਸ਼ਹੀਦ ਸ਼ਹੀਦ ਊਧਮ ਸਿੰਘ ਦੇ ਨਾਂ ’ਤੇ ਬਣਾਏ ਜਾਣ ਵਾਲੇ ਮੈਡੀਕਲ ਕਾਲਜ ਦੀ ਜਗ੍ਹਾ ਦਾ ਵੀ ਨਿਰੀਖਣ ਕੀਤਾ।ਉਨ੍ਹਾਂ ਕਿਹਾ ਕਿ ਇਹ ਮੈਡੀਕਲ ਕਾਲਜ ਲਗਭਗ 23 ਏਕੜ ਰਕਬੇ ਵਿੱਚ ਬਣੇਗਾ ਅਤੇ ਇਸ ਪ੍ਰਾਜੈਕਟ ਦੀ ਕੁੱਲ ਲਾਗਤ  418.3 ਕਰੋੜ ਰੁਪਏ ਹੋਵੇਗੀ। ਭਗਵੰਤ ਮਾਨ ਨੇ ਕਿਹਾ ਕਿ ਇਸ ਕਾਲਜ ਦੀ ਜਗ੍ਹਾ ਤੇ ਰੂਪ ਰੇਖਾ ਨੂੰ ਅੰਤਿਮ ਰੂਪ ਦੇ ਦਿੱਤਾ ਗਿਆ ਹੈ ਅਤੇ ਇਸ ਪ੍ਰੋਜੈਕਟ ‘ਤੇ ਛੇਤੀ ਹੀ ਕੰਮ ਸ਼ੁਰੂ ਹੋ ਜਾਵੇਗਾ।ਇਸ ਮੌਕੇ ਮੁੱਖ ਮੰਤਰੀ ਦੇ ਵਧੀਕ ਮੁੱਖ ਸਕੱਤਰ ਏ ਵੇਨੂੰ ਪ੍ਰਸਾਦ ਅਤੇ ਹੋਰ ਅਧਿਕਾਰੀ ਵੀ ਮੌਜੂਦ ਸਨ।

ਪੰਜਾਬ ਸਰਕਾਰ ਵਲੋਂ ਬਾਦਲ ਸਰਕਾਰ ਦੌਰਾਨ ਪਿੰਡ ਰਾਣੀਆਂ ਵਿਖੇ ਬੀਜ ਫਾਰਮ ਦੇ ਨਾਂ ‘ਤੇ ਖਰੀਦੀ ਜ਼ਮੀਨ ਦੀ ਜਾਂਚ ਕਰਵਾਉਣ ਦਾ ਫ਼ੈਸਲਾ

0
  • ਬਾਦਲ ਸਰਕਾਰ ਦੇ ਕਾਰਜਕਾਲ ਵੇਲੇ 32 ਕਰੋੜ ਰੁਪਏ ਨਾਲ ਕੰਡਿਆਲੀ ਤਾਰ ਤੋਂ ਪਾਰ ਖਰੀਦੀ ਸੀ 700 ਏਕੜ ਜ਼ਮੀਨ
    ਪੰਜਾਬੀ ਖਬਰਸਾਰ ਬਿਉਰੋ 
    ਅੰਮ੍ਰਿਤਸਰ , 27 ਨਵੰਬਰ: ਭਿ੍ਸਟਾਚਾਰ ਦੇ ਦੋਸ਼ਾਂ ਹੇਠ ਕਾਗਰਸ ਸਰਕਾਰ ਦੇ ਕਈ ਮੰਤਰੀਆਂ ਨੂੰ ਜੇਲ੍ਹ ਭੇਜਣ ਤੋਂ ਬਾਅਦ ਹੁਣ ਸੂਬੇ ਦੀ ਭਗਵੰਤ ਮਾਨ ਸਰਕਾਰ ਨੇ  ਬਾਦਲ ਸਰਕਾਰ ਦੇ ਕਾਰਜਕਾਲ ਦੌਰਾਨ ਜ਼ਿਲ੍ਹਾ ਅੰਮ੍ਰਿਤਸਰ ਦੇ ਸਰਹੱਦੀ ਪਿੰਡ ਰਾਣੀਆਂ ਦੀ ਕੰਡਿਆਲੀ ਤਾਰ ਤੋਂ ਪਾਰ ਖੇਤੀਬਾੜੀ ਵਿਭਾਗ ਵੱਲੋਂ ਖਰੀਦੀ 700 ਏਕੜ ਜ਼ਮੀਨ ਦੇ ਸੌਦੇ ਦੀ ਜਾਂਚ ਦਾ ਫੈਸਲਾ ਲਿਆ ਹੈ। ਇਸ ਗੱਲ ਦਾ ਖੁਲਾਿੁਸਾ ਖੁਦ ਸੂਬੇ ਦੇ ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਅੱਜ ਉਕਤ ਜਮੀਨ ਦਾ
     ਦੌਰਾ ਕਰਨ ਮਗਰੋਂ ਕੀਤਾ । ਉਨ੍ਹਾਂ ਦਾਅਵਾ ਕੀਤਾ ਕਿ ਸਾਲ 2008 ਵਿੱਚ 32 ਕਰੋੜ ਰੁਪਏ ਦੀ ਲਾਗਤ ਨਾਲ ਬੀਜ ਫਾਰਮ ਲਈ ਸਰਕਾਰ ਵੱਲੋਂ ਖਰੀਦੀ ਗਈ ਇਸ ਜ਼ਮੀਨ ਦੀ ਜਾਂਚ ਕਰਵਾਈ ਜਾਵੇਗੀ। ਸ. ਧਾਲੀਵਾਲ ਨੇ ਕਿਹਾ ਕਿ ਬਾਦਲ ਸਰਕਾਰ ਸਮੇਂ ਜਦੋਂ ਸੁੱਚਾ ਸਿੰਘ ਲੰਗਾਹ ਖੇਤੀਬਾੜੀ ਮੰਤਰੀ ਅਤੇ ਕਾਹਨ ਸਿੰਘ ਪੰਨੂ ਅੰਮਿ੍ਤਸਰ ਦੇ ਡਿਪਟੀ ਕਮਿਸ਼ਨਰ ਸਨ, ਵੇਲੇ ਇਹ ਜ਼ਮੀਨ ਬਹੁਤ ਮਹਿੰਗੇ ਮੁੱਲ ਖਰੀਦੀ ਗਈ। ਉਨ੍ਹਾਂ ਕਿਹਾ ਕਿ ਇਹ ਜ਼ਮੀਨ ਰਾਵੀ ਦਰਿਆ ਅਤੇ ਸਰਹੱਦ ਉੱਤੇ ਲੱਗੀ ਕੰਡਿਆਲੀ ਤਾਰ ਤੋਂ ਵੀ ਪਾਰ ਹੈ ਅਤੇ ਸਰਕਾਰ ਨੇ ਸਾਲ 2008 ਵਿਚ ਸਾਢੇ ਚਾਰ ਲੱਖ ਰੁਪਏ ਪ੍ਰਤੀ ਏਕੜ ਦੇ ਹਿਸਾਬ ਇਹ ਜ਼ਮੀਨ ਖਰੀਦੀ। ਉਨ੍ਹਾਂ ਕਿਹਾ ਕਿ ਬੀ.ਐਸ.ਐਫ. ਦੀ ਆਗਿਆ ਤੋਂ ਬਿਨਾ ਇਸ ਜ਼ਮੀਨ ਵਿੱਚ ਦਾਖਲ ਤੱਕ ਨਹੀਂ ਹੋਇਆ ਜਾ ਸਕਦਾ ਅਤੇ ਉਸ ਵੇਲੇ ਕਿਸ ‘ਸਕੀਮ’ ਤਹਿਤ ਇਹ ਜ਼ਮੀਨ ਖਰੀਦੀ ਗਈ, ਦੀ ਜਾਂਚ ਕਰਵਾਈ ਜਾਵੇਗੀ। ਸ. ਧਾਲੀਵਾਲ ਨੇ ਕਿਹਾ ਕਿ ਇਸ ਲਈ ਸਰਕਾਰ ਨੂੰ ਰਜਿਸਟਰੀ ਕਰਵਾਉਣ ਵਾਲੇ ਕਿਸਾਨ ਅਤੇ ਉਸ ਤੋਂ ਪਹਿਲਾਂ ਦੇ ਮਾਲਕ ਪਰਿਵਾਰਾਂ ਨੂੰ ਲੱਭਿਆ ਜਾਵੇਗਾ, ਤਾਂ ਜੋ ਸਾਰੀ ਸਚਾਈ ਸਾਹਮਣੇ ਆ ਸਕੇ। ਇਸ ਜ਼ਮੀਨ, ਜਿਸ ਨੂੰ ਕੇਵਲ ਤਿੰਨ ਚਾਰ ਸੀਜ਼ਨ ਹੀ ਵਾਹਿਆ ਜਾ ਸਕਿਆ ਹੈ, ਵਿੱਚ ਪੈਦਾ ਹੋ ਚੁੱਕੇ ਆਦਮ ਕੱਦ ਕਾਨੇ ਅਤੇ ਸਰਕੰਡੇ, ਵੇਖ ਕੇ ਦੁੱਖ ਪ੍ਰਗਟ ਕਰਦਿਆਂ ਸ. ਧਾਲੀਵਾਲ ਨੇ ਕਿਹਾ ਕਿ ਸਮਝ ਨਹੀਂ ਆਉਂਦਾ ਕਿ ਸੌਦਾ ਕਰਨ ਵਾਲੇ ਕਿਸਾਨ ਪਰਿਵਾਰ ਵਿੱਚੋਂ ਹੋਣ ਅਤੇ ਅਜਿਹੀ ਜ਼ਮੀਨ ਮਹਿੰਗੇ ਭਾਅ ਖਰੀਦ ਲੈਣ।ਕੈਬਨਿਟ ਮੰਤਰੀ ਨੇ ਕਿਹਾ ਕਿ ਇਸ ਜ਼ਮੀਨ ਵਿੱਚ ਪਾਣੀ ਲਈ 30 ਸਬਮਰਸੀਬਲ ਟਿਊਬਵੈੱਲ, ਬਿਜਲੀ ਅਤੇ ਖੇਤੀ ਸੰਦ, ਜਿਸ ਵਿੱਚ ਟਰੈਕਟਰ, ਜਨਰੇਟਰ ਅਤੇ ਹੋਰ ਮਸ਼ੀਨਰੀ ਸ਼ਾਮਲ ਹੈ, ਦੀ ਖਰੀਦ ‘ਤੇ ਵੀ 8 ਕਰੋੜ ਰੁਪਏ ਦੇ ਕਰੀਬ ਖਰਚਾ ਹੋਇਆ। ਉਨ੍ਹਾਂ ਕਿਹਾ ਕਿ, ‘’ਅੱਜ ਮੈਂ ਇਸ ਫਾਰਮ ਨੂੰ ਵੇਖਿਆ ਹੈ ਅਤੇ ਮਨ ਦੁੱਖੀ ਹੋਇਆ ਹੈ ਕਿ ਕਿਸ ਤਰ੍ਹਾਂ ਸਰਕਾਰੀ ਪੈਸੇ ਦੀ ਦੁਰਵਰਤੋਂ ਕੀਤੀ ਗਈ ਹੈ।’’ ਉਨ੍ਹਾਂ ਦੱਸਿਆ ਕਿ ਅੱਜ ਵੀ ਫਾਰਮ ਉਤੇ ਖਰੀਦੀ ਗਈ ਮਸ਼ੀਨਰੀ ਖਰਾਬ ਹੋ ਰਹੀ ਹੈ ਅਤੇ ਜ਼ਮੀਨ ਬੰਜਰ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਹੁਣ ਦੁਬਾਰਾ ਇਸ ਜ਼ਮੀਨ ਦੀ ਵਰਤੋਂ ਕਰਨ ਬਾਰੇ ਵਿਚਾਰ ਕੀਤਾ ਜਾਵੇਗਾ ਅਤੇ ਮੁੱਖ ਮੰਤਰੀ ਸ. ਭਗਵੰਤ ਮਾਨ ਦੇ ਨੋਟਿਸ ਵਿੱਚ ਲਿਆ ਕੇ ਕੇਂਦਰ ਸਰਕਾਰ ਨਾਲ ਤਾਲਮੇਲ ਕਰਕੇ, ਕਿਉਂਕਿ ਇਸ ਦਾ ਰਸਤਾ ਹੀ ਬੀ.ਐਸ.ਐਫ. ਅਧੀਨ ਹੈ, ਇਸ ਦੀ ਢੁਕਵੀਂ ਵਰਤੋਂ ਕੀਤੀ ਜਾਵੇਗੀ।

ਬਠਿੰਡਾ ਦੇ ਸੀਆਈਏ ਸਟਾਫ ਵਲੋਂ ਸਾਢੇ ਤਿੰਨ ਕੁਇੰਟਲ ਭੁੱਕੀ ਸਹਿਤ ਦੋ ਕਾਬੂ

0
ਸੁਖਜਿੰਦਰ ਮਾਨ
ਬਠਿੰਡਾ, 27 ਨਵੰਬਰ: ਜਿਲ੍ਹਾ ਪੁਲਿਸ ਵਲੋਂ ਨਸ਼ਾ ਤਸਕਰਾਂ ਵਿਰੁੱਧ ਵਿੱਢੀ ਮੁਹਿੰਮ ਤਹਿਤ ਅੱਜ ਸੀਆਈਏ ਸਟਾਫ਼ -1 ਦੀ ਟੀਮ ਦੁਆਰਾ ਇੰਚਰਾਜ ਤਰਜਿੰਦਰ ਸਿੰਘ ਦੀ ਅਗਵਾਈ ਹੇਠ ਦੋ ਵਿਅਕਤੀਆਂ ਨੂੰ ਕਾਬੂ ਕਰਕੇ ਉਨਾਂ ਕੋਲੋ 3 ਕੁਇੰਟਲ 60 ਕਿਲੋ ਭੁੱਕੀ ਬਰਾਮਦ ਕੀਤੀ ਗਈ ਹੈ। ਅੱਜ ਇੱਥੇ ਮਾਮਲੇ ਦੀ ਜਾਣਕਾਰੀ ਦਿੰਦਿਆਂ ਡੀ ਐਸ ਪੀ ਦਿਹਾਤੀ ਨਰਿੰਦਰ ਸਿੰਘ ਨੇ ਦਸਿਆ ਕਿ ਐਸਐਸਪੀ  J. Elanchezhian ਦੇ ਦਿਸ਼ਾ ਨਿਰਦੇਸ਼ਾਂ ਅਤੇ ਦਵਿੰਦਰ ਸਿੰਘ ਉਪ ਕਪਤਾਨ ਪੁਲਿਸ (ਡੀ) ਅਤੇ ਐਸ.ਆਈ. ਤਰਜਿੰਦਰ ਸਿੰਘ ਇੰਚ: ਸੀ ਆਈ ਏ ਸਟਾਫ-1 ਬਠਿੰਡਾ ਦੀ ਜੇਰ ਨਿਗਰਾਨੀ ਨਸ਼ਾ ਸਮੱਗਲਰਾ ਵਿਰੁੱਧ ਚਲਾਈ ਮੁਹਿੰਮ ਤਹਿਤ ਐਸ ਆਈ ਹਰਜੀਵਨ ਸਿੰਘ ਸੀ.ਆਈ.ਏ ਸਟਾਫ-1 ਬਠਿੰਡਾ ਸਮੇਤ ਪੁਲਿਸ ਪਾਰਟੀ ਬਠਿੰਡਾ ਨੂੰ ਉਸ ਸਮੇਂ ਸਫਲਤਾ ਹਾਸਿਲ ਹੋਈ ਜਦੋਂ ਪਿੰਡ ਸੰਗਤ ਕਲਾਂ ਨੇੜੇ ਜੱਸੀ ਵਾਲਾ ਮੌੜ ਵਿਖੇ ਇੱਕ ਘਰ ਵਿਚੋਂ ਨਿਰਮਲ ਸਿੰਘ ਉਰਫ ਲਾਡੀ ਅਤੇ ਕੁਲਦੀਪ ਸਿੰਘ ਉਰਫ ਕਲੀਫਾ ਨੂੰ ਕਾਬੂ ਕਰਕੇ ਉਨ੍ਹਾਂ ਦੇ ਕਬਜ਼ੇ ਵਿਚਲੇ 18 ਗੱਟਾ ਪਲਾਸਟਿਕ ਦੀ ਚੈਕਿੰਗ ਕੀਤੀ ਤਾਂ 3 ਕੁਇੰਟਲ 60 ਕਿਲੋ ਡੋਡੇ ਚੂਰਾ ਪੋਸਤ ਬਰਾਮਦ ਹੋਇਆ। ਪੁਲਿਸ ਅਧਿਕਾਰੀ ਮੁਤਾਬਕ ਨਿਰਮਲ ਸਿੰਘ ਉਰਫ ਲਾਡੀ ਬਾਬਾ ਨੇ ਮੁੱਢਲੀ ਪੁੱਛ ਗਿੱਛ ਪਰ ਦੱਸਿਆ ਕਿ ਉਹਨਾਂ ਪਾਸ ਇਹ ਡੋਡੇ ਚੂਰਾ ਪੋਸਤ ਦਲਜੀਤ ਸਿੰਘ ਉਰਫ ਬੱਬੂ ਵਾਸੀ ਪਿੰਡ ਪੰਨੀ ਵਾਲਾ ਮੋਹਰੀ ਕਾ ਹਰਿਆਣਾ ਛੱਡ ਕੇ ਗਿਆ ਹੈ। ਜਿਸ ਉਪਰੰਤ ਮੁੱਕਦਮਾ ਨੰਬਰ- 178 ਮਿਤੀ- 26.11.2022 ਅ/ਧ- 15-ਸੀ,29/61/85 ਐਨ ਡੀ ਪੀ ਐਸ ਐਕਟ ਥਾਣਾ- ਸੰਗਤ ਬਰਖਿਲਾਫ ਨਿਮਨਲਿਖਤ ਨਿਰਮਲ ਸਿੰਘ ਉਰਫ ਲਾਡੀ,ਕੁਲਦੀਪ ਸਿੰਘ ਉਰਫ ਕਲੀਫਾ ਅਤੇ ਦਲਜੀਤ ਸਿੰਘ ਉਰਫ ਬੱਬੂ ਦੇ ਦਰਜ ਰਜਿਸਟਰ ਕੀਤਾ ਗਿਆ।ਇਹਨਾਂ ਕਥਿਤ ਦੋਸ਼ੀਆਂ ਨੂੰ ਅੱਜ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕਰਕੇ ਡੂੰਘਾਈ ਨਾਲ ਪੁਛਗਿਛ ਕੀਤੀ ਜਾ ਰਹੀ ਹੈ।

Our Visitor

1907285