ਪੁਲਿਸ ਨੇ ਗੈਂਗਸਟਰ ਨੂੰ ਅਦਾਲਤ ’ਚ ਪੇਸ਼ ਕਰਨ ਦੀ ਬਜਾਏ ਥਾਣਾ ਕੈਂਟ ’ਚ ਲਗਾਈ ਅਦਾਲਤ
ਸੁਖਜਿੰਦਰ ਮਾਨ
ਬਠਿੰਡਾ, 24 ਸਤੰਬਰ: ਸਿੱਧੂ ਮੂੁਸੇਵਾਲਾ ਕਤਲ ਕਾਂਡ ਦਾ ਮੁੱਖ ਦੋਸ਼ੀ ਅਤੇ ਦਰਜ਼ਨਾਂ ਹੋਰ ਮਾਮਲਿਆਂ ਵਿਚ ਲੋੜੀਦੇ ਖ਼ਤਰਨਾਕ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਅੱਜ ਵਰਦੇ ਮੀਂਹ ਵਿੱਚ ਭਾਰੀ ਸੁਰੱਖਿਆ ਪ੍ਰਬੰਧਾਂ ਹੇਠ ਬਠਿੰਡਾ ਪੁਲਿਸ ਨੇ ਅਦਾਲਤ ਵਿਚ ਪੇਸ਼ ਕਰਨ ਦੀ ਬਜਾਏ ਫ਼ੌਜੀ ਛਾਉਣੀ ਵਿਚ ਪੈਂਦੇ ਥਾਣਾ ਕੈਂਟ ’ਚ ਵਿਸੇਸ ਅਦਾਲਤ ਲਗਾ ਕੇ ਨਿਆਂਇਕ ਹਿਰਾਸਤ ਵਿਚ ਬਠਿੰਡਾ ਦੀ ਕੇਂਦਰੀ ਜੇਲ੍ਹ ਭੇਜ ਦਿੱਤਾ। ਥਾਣਾ ਥਰਮਲ ’ਚ ਦਰਜ਼ ਸ਼ਹਿਰ ਦੇ ਇੱਕ ਵਪਾਰੀ ਤੋਂ ਫ਼ਿਰੌਤੀ ਮੰਗਣ ਦੇ ਮਾਮਲੇ ਵਿਚ ਮੁਹਾਲੀ ਤੋਂ ਪ੍ਰੋਡਕਸ਼ਨ ’ਤੇ ਲਿਆਂਦੇ ਲਾਰੇਂਸ ਬਿਸਨੋਈ ਪਿਛਲੇ 12 ਦਿਨਾਂ ਤੋਂ ਬਠਿੰਡਾ ਪੁਲਿਸ ਤੋਂ ਰਿਮਾਂਡ ’ਤੇ ਚੱਲ ਰਿਹਾ ਸੀ। ਹਾਲਾਂਕਿ ਇਸ ਰਿਮਾਂਡ ਦੇ ਸਮੇਂ ਦੌਰਾਨ ਵੀ ਪੁਲਿਸ ਨੇ ਉਸਨੂੰ ਬਠਿੰਡਾ ਰੱਖਣ ਦੀ ਬਜਾਏ ਖ਼ਰੜ ਦੇ ਸੀਆਈਏ ਸਟਾਫ਼ ਦੇ ਦਫ਼ਤਰ ਵਿਚ ਰੱਖਿਆ ਹੋਇਆ ਸੀ। ਅੱਜ ਉਸਦਾ ਰਿਮਾਂਡ ਖਤਮ ਹੋਣ ਤੋਂ ਬਾਅਦ ਉਸਨੂੰ ਮੁੜ ਬਠਿੰਡਾ ਅਦਾਲਤ ਵਿੱਚ ਪੇਸ਼ ਕੀਤਾ ਜਾਣਾ ਸੀ। ਇਸਦੇ ਲਈ ਅੱਜ ਸਵੇਰੇ ਤੋਂ ਹੀ ਜ਼ਿਲ੍ਹਾ ਅਦਾਲਤ ਕੰਪਲੈਕਸ ਦੇ ਇਰਦ ਗਿਰਦ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਹੋਏ ਸਨ ਪ੍ਰੰਤੂ ਬੀਤੇ ਕੱਲ ਲਾਰੇਂਸ ਦੇ ਵਕੀਲ ਵਿਸਾਲ ਚੋਪੜਾ ਦੁਆਰਾ ਇੱਕ ਵੀਡੀਓ ਜਾਰੀ ਕਰਕੇ ਅਪਣੇ ਮੁਵੱਕਲ ਦੇ ਅੱਜ ਪੇਸ਼ੀ ਦੌਰਾਨ ਝੂਠਾ ਪੁਲਿਸ ਮੁਕਾਬਲਾ ਹੋਣ ਦੇ ਕੀਤੇ ਦਾਅਵੇ ਨੂੰ ਦੇਖਦਿਆਂ ਪੁਲਿਸ ਨੇ ਉਸਨੂੰ ਅਦਾਲਤ ਵਿਚ ਪੇਸ਼ ਕਰਨ ਦੀ ਬਜਾਏ ਫ਼ੌਜੀ ਛਾਉਣੀ ਨਾਲ ਲੱਗਦੇ ਥਾਣਾ ਕੈਂਟ ਵਿਖੇ ਲਿਜਾਇਆ ਗਿਆ। ਜਿੱਥੇ ਡਿਊਟੀ ਮੈਜਿਸਟਰੇਟ ਮੈਡਮ ਤਨਵੀ ਗੁਪਤਾ ਦੀ ਅਦਾਲਤ ਲਗਾਈ ਗਈ ਤੇ ਉਥੇ ਪੁਲਿਸ ਵਲੋਂ ਰਿਮਾਂਡ ਨਾ ਮੰਗਣ ’ਤੇ ਉਸਨੂੰ 14 ਦਿਨ ਲਈ ਨਿਆਂਇਕ ਹਿਰਾਸਤ ਵਿਚ ਬਠਿੰਡਾ ਦੀ ਕੇਂਦਰੀ ਜੇਲ੍ਹ ਵਿਚ ਭੇਜ ਦਿੱਤਾ ਗਿਆ। ਬਾਅਦ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਠਿੰਡਾ ਦੇ ਐੱਸਐੱਸਪੀ ਜੇ ਇਲਨਚੇਲੀਅਨ ਨੇ ਇਸਦੀ ਪੁਸ਼ਟੀ ਕਰਦੇ ਹੋਏ ਦੱਸਿਆ ਕਿ ਸੁਰੱਖਿਆ ਪ੍ਰਬੰਧਾਂ ਨੂੰ ਧਿਆਨ ਵਿੱਚ ਰੱਖਦੇ ਲਾਰੈਂਸ ਬਿਸ਼ਨੋਈ ਨੂੰ ਜ਼ਿਲ੍ਹਾ ਅਦਾਲਤ ਕੰਪਲੈਕਸ ਵਿਚ ਲਿਆਉਣ ਦੀ ਬਜਾਏ ਥਾਣਾ ਕੈਂਟ ਵਿਚ ਹੀ ਡਿਊਟੀ ਮੈਜਿਸਟ੍ਰੇਟ ਦੇ ਸਾਹਮਣੇ ਪੇਸ਼ ਕੀਤਾ ਗਿਆ ਸੀ। ਬਠਿੰਡਾ ਦੀ ਕੇਂਦਰੀ ਜੇਲ੍ਹ ਵਿੱਚ ਪਹਿਲਾਂ ਹੀ ਖਤਰਨਾਕ ਗੈਂਗਸਟਰਾਂ ਦੀ ਮੌਜੂਦਗੀ ਦੇ ਚੱਲਦੇ ਲਾਰੈਂਸ ਬਿਸ਼ਨੋਈ ਨੂੰ ਚ ਰੱਖਣ ਸਬੰਧੀ ਕੀਤੇ ਸਵਾਲ ਦੇ ਜਵਾਬ ਵਿੱਚ ਦਾਅਵਾ ਕੀਤਾ ਕਿ ਇਸਦੇ ਲਈ ਜੇਲ੍ਹ ਵਿਭਾਗ ਨਾਲ ਮਿਲ ਕੇ ਪੁਲੀਸ ਵੱਲੋਂ ਸੁਰੱਖਿਆ ਦੇ ਪੂਰੇ ਪ੍ਰਬੰਧ ਕੀਤੇ ਗਏ ਹਨ। ਇਥੇ ਦੱਸਣਾ ਬਣਦਾ ਹੈ ਕਿ ਬਠਿੰਡਾ ਦੀ ਕੇਂਦਰੀ ਜੇਲ੍ਹ ਵਿੱਚ ਮੌਜੂਦਾ ਸਮੇਂ ਕਰੀਬ ਚਾਰ ਦਰਜਨ ਖਤਰਨਾਕ ਗੈਂਗਸਟਰ ਬੰਦ ਹਨ ਜਿਹੜੇ ਵੱਖ ਵੱਖ ਗਰੁੱਪਾਂ ਨਾਲ ਸਬੰਧਤ ਹਨ। ਵੱਡੀ ਗੱਲ ਇਹ ਵੀ ਹੈ ਕਿ ਇਸ ਜੇਲ੍ਹ ਵਿੱਚ ਬੰਬੀਹਾ ਗਰੁੱਪ ਨਾਲ ਸਬੰਧਤ ਕਈ ਖਤਰਨਾਕ ਗੈਂਗਸਟਰ ਵੀ ਬੰਦ ਹਨ ਜਿਨ੍ਹਾਂ ਦੇ ਗਰੁੱਪ ਵੱਲੋਂ ਪਹਿਲਾਂ ਹੀ ਸਿੱਧੂ ਮੂਸੇ ਵਾਲਾ ਕਤਲ ਕਾਂਡ ਵਿਚ ਗੋਲਡੀ ਬਰਾੜ ਤੇ ਲਾਰੈਂਸ ਬਿਸ਼ਨੋਈ ਨੂੰ ਮਾਰਨ ਦੀਆਂ ਧਮਕੀਆਂ ਦਿੱਤੀਆਂ ਹੋਈਆਂ ਹਨ। ਜ਼ਿਕਰ ਕਰਨਾ ਬਣਦਾ ਹੈ ਕਿ ਬਠਿੰਡਾ ਦੀ ਕੇਂਦਰੀ ਜੇਲ੍ਹ ਦੇ ਸੁਰੱਖਿਆ ਪ੍ਰਬੰਧਾਂ ਦਾ ਜ਼ਿੰਮਾ ਕੇਂਦਰੀ ਸੁਰੱਖਿਆ ਬਲਾਂ ਦੇ ਹਵਾਲੇ ਹੈ।
ਗੈਂਗਸਟਰ ਲਾਰੈਂਸ ਬਿਸ਼ਨੋਈ ਪੁੱਜਿਆ ਬਠਿੰਡਾ ਜੇਲ੍ਹ ’ਚ
ਬਠਿੰਡਾ ਦੀ ਰਾਮਾ ਮੰਡੀ ਚ ਰਹਿੰਦੇ ਵਪਾਰੀ ਤੋਂ ਇੱਕ ਕਰੋੜ ਦੀ ਫਿਰੌਤੀ ਮੰਗਣ ਵਾਲੇ ਗੋਲਡੀ ਬਰਾੜ ਦੇ ਦੋ ਸਾਥੀ ਕਾਬੂ
ਇਕ ਗੈਂਗਸਟਰ ਨੂੰ ਫਿਰੋਜ਼ਪੁਰ ਦੀ ਜੇਲ੍ਹ ਚੋਂ ਬਠਿੰਡਾ ਪੁਲਸ ਨੇ ਲਿਆਂਦਾ ਪ੍ਰੋਡਕਸ਼ਨ ਵਰੰਟ ‘ਤੇ
ਵਪਾਰੀ ਦੇ ਘਰ ਅੱਗੇ ਫਾਇਰਿੰਗ ਕਰਨ ਵਾਲੇ ਦੋ ਗੈਂਗਸਟਰ ਹਾਲੇ ਫ਼ਰਾਰ
ਸੁਖਜਿੰਦਰ ਮਾਨ
ਬਠਿੰਡਾ, 24 ਸਤੰਬਰ : ਕਰੀਬ ਇੱਕ ਹਫ਼ਤਾ ਪਹਿਲਾਂ ਜ਼ਿਲ੍ਹੇ ਦੀ ਰਾਮਾ ਮੰਡੀ ਦੇ ਇੱਕ ਵਪਾਰੀ ਤੋਂ ਵਟਸਅੇਪ ਕਾਲ ਕਰਕੇ ਇੱਕ ਕਰੋੜ ਦੀ ਫ਼ਿਰੌਤੀ ਮੰਗਣ ਵਾਲੇ ਗੈਂਗਸਟਰ ਗੋਲਡੀ ਬਰਾੜ ਦੇ ਦੋ ਸਾਥੀਆਂ ਨੂੰ ਬਠਿੰਡਾ ਪੁਲਿਸ ਨੇ ਗਿ੍ਰਫਤਾਰ ਕਰ ਲਿਆ ਹੈ ਜਦੋਂਕਿ ਫ਼ਿਰੋਜ਼ਪੁਰ ਜੇਲ੍ਹ ’ਚ ਬੰਦ ਗੈਂਗਸਟਰ ਮਨਪ੍ਰੀਤ ਮੰਨਾ ਨੂੰ ਪ੍ਰੋਡੈਕਸ਼ਨ ਵਰੰਟ ’ਤੇ ਲਿਆਂਦਾ ਗਿਆ ਹੈ। ਅੱਜ ਇੱਥੇ ਮਾਮਲੇ ਦੀ ਜਾਣਕਾਰੀ ਦਿੰਦਿਆਂ ਬਠਿੰਡਾ ਦੇ ਐੱਸਐੱਸਪੀ ਜੇ ਇਲਨਚੇਲੀਅਨ ਨੇ ਦੱਸਿਆ ਕਿ ਪਿਛਲੇ ਹਫਤੇ ਰਾਮਾ ਮੰਡੀ ਦੇ ਇੱਕ ਵਪਾਰੀ ਨੂੰ ਕਾਲ ਕਰਕੇ ਕੈਨੇਡਾ ਰਹਿੰਦੇ ਗੈਂਗਸਟਰ ਗੋਲਡੀ ਬਰਾੜ ਅਤੇ ਉਸਦੇ ਨਾਲ ਹੀ ਸਿੱਧੂ ਮੂਸੇਵਾਲਾ ਕੇਸ ਵਿਚ ਸ਼ਾਮਲ ਰਿਹਾ ਇਕ ਹੋਰ ਗੈਂਗਸਟਰ ਮਨਪ੍ਰੀਤ ਮੰਨਾ ਅਜੋਕੇ ਸਮੇਂ ਫ਼ਿਰੋਜ਼ਪੁਰ ਜੇਲ੍ਹ ਵਿੱਚ ਬੰਦ ਹੈ, ਵੱਲੋਂ ਇੱਕ ਕਰੋੜ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ ਗਈ ਸੀ। ਇਨ੍ਹਾਂ ਗੈਂਗਸਟਰਾਂ ਵੱਲੋਂ ਵਪਾਰੀ ਨੂੰ ਡਰਾਉਣ ਲਈ ਦੋ ਸ਼ਾਰਪ ਸ਼ੂਟਰ ਉਸ ਦੇ ਘਰ ਅੱਗੇ ਹਵਾਈ ਫਾਇਰ ਕਰਨੇ ਭੇਜੇ ਗਏ ਸਨ, ਜਿੰਨ੍ਹਾਂ ਵਪਾਰੀ ਦੇ ਘਰ ਅੱਗੇ ਫ਼ਾਈਰ ਕੀਤੇ ਤੇ ਇਸੇ ਦੌਰਾਨ ਗੈਂਗਸਟਰ ਗੋਲਡੀ ਬਰਾੜ ਦੁਆਰਾ ਉਕਤ ਵਪਾਰੀ ਦੇ ਮੋਬਾਇਲ ਫ਼ੋਨ ’ਤੇ ਸੁਨੇਹਾ ਭੇਜਿਆ ਗਿਆ ਕਿ ਜੇਕਰ ਫ਼ਿਰੌਤੀ ਨਾ ਦਿੱਤੀ ਤਾਂ ਇਹ ਗੋਲੀਆਂ ਉਸਦੇ ਲੱਗਣਗੀਆਂ। ਇਸ ਦੌਰਾਨ ਪੁਲਿਸ ਨੇ ਵੀ ਕਾਰਵਾਈ ਕਰਦਿਆਂ ਡੀਐੱਸਪੀ ਤਲਵੰਡੀ ਸਾਬੋ ਨਿਤਿਨ ਬਾਂਸਲ ਦੀ ਅਗਵਾਈ ਹੇਠ ਇਕ ਟੀਮ ਦਾ ਗਠਨ ਕੀਤਾ ਗਿਆ, ਜਿਸ ਵਿਚ ਥਾਣਾ ਰਾਮਾ ਮੰਡੀ ਦੇ ਐਸ.ਐਚ.ਓ ਤੋਂ ਇਲਾਵਾ ਸੀਆਈਏ-2 ਅਤੇ ਸਪੈਸ਼ਲ ਵਿੰਗ ਦੇ ਇੰਚਾਰਜ਼ ਦਲਜੀਤ ਬਰਾੜ ਨੂੰ ਸ਼ਾਮਲ ਕੀਤਾ ਗਿਆ। ਇਸ ਟੀਮ ਵਲੋਂ ਗੈਂਗਸਟਰ ਮਨਪ੍ਰੀਤ ਮੰਨਾ ਨੂੰ ਪ੍ਰੋਡਕਸ਼ਨ ਵਰੰਟ ’ਤੇ ਲਿਆਉਣ ਤੋਂ ਬਾਅਦ ਕੀਤੀ ਪੁੱਛਗਿੱਛ ਦੌਰਾਨ ਸਾਹਮਣੇ ਆਇਆ ਇਹ ਯੋਜਨਾ ਉਸ ਨੇ ਕੈਨੇਡਾ ਰਹਿੰਦੇ ਗੈਂਗਸਟਰ ਗੋਲਡੀ ਬਰਾੜ ਅਤੇ ਆਪਣੇ ਨਾਲ ਹੀ ਫਿਰੋਜ਼ਪੁਰ ਜੇਲ੍ਹ ਵਿਚ ਬੰਦ ਗੈਂਗਸਟਰ ਤਰਨਜੀਤ ਸਿੰਘ ਤੰਨਾ ਨਾਲ ਮਿਲ ਕੇ ਬਣਾਈ ਸੀ। ਇਸ ਤੋਂ ਬਾਅਦ ਅੰਗਰੇਜ਼ ਸਿੰਘ ਉਰਫ ਲਾਡੀ ਆਪਣੇ ਇੱਕ ਸਾਥੀ ਹਰਮਨ ਵਾਸੀ ਜੱਜਲ ਨਾਲ ਜਾ ਕੇ ਹਥਿਆਰ ਲੈ ਕੇ ਆਇਆ ਅਤੇ ਇਨ੍ਹਾਂ ਹਥਿਆਰਾਂ ਦੇ ਨਾਲ ਗੈਂਗਸਟਰ ਜਸਵਿੰਦਰ ਉਸ ਘੋੜਾ ਅਤੇ ਗੁਰਦਾਸਪੁਰ ਨਾਲ ਸਬੰਧਤ ਦੋ ਹੋਰ ਸੂਤਰਾਂ ਰਵਿੰਦਰ ਉਰਫ ਅਭੀ ਅਤੇ ਨਵਦੀਪ ਨਵੀ ਨੇ ਵਪਾਰੀ ਦੇ ਘਰ ਅੱਗੇ ਫਾਇਰਿੰਗ ਕੀਤੀ ਸੀ। ਐਸ.ਐਯ.ਪੀ ਨੇ ਦਸਿਆ ਕਿ ਹਵਾਈ ਫਾਇਰ ਕਰਨ ਵਾਲੇ ਜਸਵਿੰਦਰ ਉਰਫ ਘੋੜਾ ਸਹਿਤ ਹਥਿਆਰਾਂ ਦੀ ਸਪਲਾਈ ਕਰਨ ਵਾਲੇ ਅੰਗਰੇਜ ਉਰਫ ਲਾਡੀ ਨੂੰ ਗਿ੍ਰਫਤਾਰ ਕੀਤਾ ਜਾ ਚੁੱਕਿਆ ਹੈ ਤੇ ਇੰਨ੍ਹਾਂ ਕੋਲੋ ਇੱਕ 315 ਬੋਰ ਦਾ ਪਿਸਤੌਲ ਵੀ ਬਰਾਮਦ ਕੀਤਾ ਗਿਆ ਹੈ। ਐੱਸਐੱਸਪੀ ਨੇ ਦੱਸਿਆ ਕਿ ਇਸ ਮਾਮਲੇ ਵਿਚ ਜਲਦੀ ਹੀ ਗੈਂਗਸਟਰ ਤਰਨਜੋਤ ਖੰਨਾ ਨੂੰ ਵੀ ਪ੍ਰੋਡਕਸ਼ਨ ਵਰੰਟ ’ਤੇ ਲਿਆਂਦਾ ਜਾਵੇਗਾ। ਗੌਰਤਲਬ ਹੈ ਕਿ ਸਿੱਧੂ ਮੂਸੇਵਾਲਾ ਕਤਲ ਕਾਂਡ ਵਿੱਚ ਲੋੜੀਂਦਾ ਕਥਿਤ ਮੁੱਖ ਦੋਸ਼ੀ ਗੈਂਗਸਟਰ ਗੋਲਡੀ ਬਰਾਡ ਦਾ ਨਾਮ ਸਾਹਮਣੇ ਆਉਣ ਤੋਂ ਬਾਅਦ ਪੰਜਾਬ ਅਤੇ ਹੋਰਨਾਂ ਥਾਵਾਂ ਤੇ ਵਪਾਰੀਆਂ ਅਤੇ ਆਮ ਲੋਕਾਂ ਤਕ ਗੋਲਡੀ ਬਰਾੜ ਦੇ ਨਾਂ ਤੇ ਫਿਰੌਤੀਆਂ ਮੰਗਣੀਆਂ ਲਗਾਤਾਰ ਕਾਲਾਂ ਆਉਣ ਲੱਗੀਆਂ ਸਨ ਪ੍ਰੰਤੂ ਇਨ੍ਹਾਂ ਵਿੱਚੋਂ ਕਾਫ਼ੀ ਸਾਰੀਆਂ ਫੇਕ ਸਨ ਜਦੋਂ ਕਿ ਰਾਮਾ ਮੰਡੀ ਦੇ ਵਪਾਰੀ ਆਈ ਕਾਲ ਗੋਲਡੀ ਬਰਾੜ ਵੱਲੋਂ ਹੀ ਕੀਤੀ ਗਈ ਸੀ।
ਮਾਲਵਾ ਕਾਲਜ ਬਠਿੰਡਾ ਦੇ ਬੀ.ਸੀ.ਏ. ਭਾਗ ਪਹਿਲਾ ਦਾ ਨਤੀਜ਼ਾ ਸ਼ਾਨਦਾਰ ਰਿਹਾ
ਸੁਖਜਿੰਦਰ ਮਾਨ
ਬਠਿੰਡਾ, 24 ਸਤੰਬਰ: ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋ ਐਲਾਨੇ ਗਏ ਬੀ.ਸੀ.ਏ. ਭਾਗ ਪਹਿਲਾ ਦੇ ਸਮੈਸਟਰ ਪਹਿਲਾ ਦੇ ਨਤੀਜੇ ਵਿਚ ਸਥਾਨਕ ਮਾਲਵਾ ਕਾਲਜ ਦੇ ਵਿਦਿਆਰਥੀਆਂ ਨੇ ਵੱਡੀਆਂ ਮੱਲਾਂ ਮਾਰੀਆਂ ਹਨ। ਕਾਲਜ਼ ਦਾ ਨਤੀਜਾ 100% ਰਿਹਾ ਹੈ। ਕਾਲਜ਼ ਦੇ ਬੁਲਾਰੇ ਮੁਤਾਬਕ ਵਿਦਿਆਰਥੀ ਜਗਦੀਪ ਸਿੰਘ ਨੇ 93.6% ਨੰਬਰ ਪ੍ਰਾਪਤ ਕਰਕੇ ਕਾਲਜ ਵਿਚੋ ਪਹਿਲਾ ਸਥਾਨ ਹਾਸਿਲ ਕੀਤਾ ਹੈ। ਇਸੇ ਤਰ੍ਹਾਂ ਰਮਨਦੀਪ ਕੋਰ ਨੇ 93.16% ਨੰਬਰ ਲੈ ਕੇ ਦੂਜਾ ਅਤੇ ਵੀਰਜੀਤ ਕੋਰ ਨੇ 92.5% ਨੰਬਰ ਲੈ ਕੇ ਤੀਜਾ ਸਥਾਨ ਹਾਸਲ ਕੀਤਾ ਹੈ। ਇਸ ਸ਼ਾਨਦਾਰ ਪ੍ਰਾਪਤੀ ’ਤੇ ਕਾਲਜ ਦੇ ਪਿ੍ਰੰਸੀਪਲ ਡਾ.ਰਾਜ ਕੁਮਾਰ ਗੋਇਲ ਨੇ ਇਨ੍ਹਾਂ ਵਿਦਿਆਰਥੀਆਂ ਦੇ ਚੰਗੇ ਰਿਜਲਟ ਦਾ ਸਿਹਰਾ ਕੰਪਿਊਟਰ ਵਿਭਾਗ ਦੇ ਡਿਪਟੀ ਡਾਇਰੈਕਟਰ ਡਾ. ਸਰਬਜੀਤ ਢਿੱਲੋ ,ਵਿਦਿਆਰਥੀਆਂ ਦੀ ਮਿਹਨਤ ਅਤੇ ਸਟਾਫ ਦੀ ਯੋਗ ਅਗਵਾਈ ਨੂੰ ਦਿਤਾ ਹੈ। ਇਸ ਮੋਕੇ ਡਾ. ਸਰਬਜੀਤ ਕੌਰ ਢਿੱਲੋ ਨੇ ਕਾਲਜ ਮੈਨੇਜ਼ਮੈਂਟ ਕਮੇਟੀ ਦਾ ਵਿਦਿਆਰਥੀਆਂ ਨੂੰ ਹਰ ਪ੍ਰਕਾਰ ਦੀ ਸਹੂਲਤ ਦੇਣ ਤੇ ਧੰਨਵਾਦ ਕੀਤਾ। ਕਾਲਜ ਮੈਨੇਜ਼ਮੈਂਟ ਕਮੇਟੀ ਨੇ ਪੜ੍ਹਾਈ ਵਿਚ ਮੱਲਾਂ ਮਾਰਨ ਵਾਲੇ ਹੋਣਹਾਰ ਵਿਦਿਆਰਥੀਆਂ ਨੂੰ ਕਾਲਜ ਦੇ ਸਲਾਨਾ ਇਨਾਮ ਵੰਡ ਸਮਾਰੋਹ ’ਤੇ ਸਨਮਾਨਿਤ ਕਰਨ ਦਾ ਐਲਾਨ ਕੀਤਾ।
ਬੀ.ਬੀ.ਏ. ਵਿੱਚ ਐਸ.ਐਸ.ਡੀ. ਵਿਟ ਦੀਆਂ ਵਿਦਿਆਰਥਣਾਂ ਦਾ ਵਧੀਆ ਪ੍ਰਦਰਸ਼ਨ
ਸੁਖਜਿੰਦਰ ਮਾਨ
ਬਠਿੰਡਾ, 24 ਸਤੰਬਰ : ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਘੋਸ਼ਿਤ ਕੀਤੇ ਗਏ ਬੀ.ਬੀ.ਏ ਭਾਗ ਤੀਜਾ ਸਮੈਸਟਰ ਛੇਵਾਂ ਦੇ ਨਤੀਜੇ ਵਿੱਚ ਐਸ.ਐਸ.ਡੀ. ਵਿਮੈੱਨਜ਼ ਇੰਸਟੀਚਿਊਟ ਆਫ ਟੈਕਨਾਲੋਜੀ ਦਾ ਨਤੀਜਾ 100 ਪ੍ਰਤੀਸ਼ਤ ਰਿਹਾ। ਵਿਦਿਆਰਥਣ ਯਸ਼ਿਕਾ ਅਤੇ ਸਿਮਰਨਜੀਤ ਕੌਰ ਨੇ 87.60 ਪ੍ਰਤੀਸ਼ਤ ਨੰਬਰ ਲੈ ਕੇ ਪਹਿਲਾ ਸਥਾਨ, ਸੁਕਰੀਤੀ ਸਿਨਹਾ ਨੇ 84 ਪ੍ਰਤੀਸ਼ਤ ਨੰਬਰ ਲੈ ਕੇ ਦੂਜਾ ਸਥਾਨ ਅਤੇ ਸੁਖਪ੍ਰੀਤ ਕੌਰ ਨੇ 83.60 ਪ੍ਰਤੀਸ਼ਤ ਨੰਬਰ ਲੈ ਕੇ ਤੀਜਾ ਸਥਾਨ ਪ੍ਰਾਪਤ ਕੀਤਾ। ਪਿ੍ਰੰਸੀਪਲ ਡਾ. ਨੀਰੂ ਗਰਗ ਅਤੇ ਕਾਲਜ ਪ੍ਰਧਾਨ ਐਡਵੋਕੇਟ ਸ਼੍ਰੀ ਸੰਜੇ ਗੋਇਲ ਨੇ ਵਿਦਿਆਰਥਣਾਂ ਅਤੇ ਮੈਨੇਂਜਮੈਂਟ ਵਿਭਾਗ ਨੂੰ ਸ਼ਾਨਦਾਰ ਨਤੀਜੇ ਲਈ ਵਧਾਈ ਦਿੱਤੀ।
ਐਸ.ਐਸ.ਡੀ. ਗਰਲਜ਼ ਕਾਲਜ ਵਿਚ ਐਨ.ਐਸ.ਐਸ.ਦਿਵਸ ਮਨਾਇਆ
ਸੁਖਜਿੰਦਰ ਮਾਨ
ਬਠਿੰਡਾ, 24 ਸਤੰਬਰ : ਸਥਾਨਕ ਐਸ.ਐਸ.ਡੀ. ਗਰਲਜ਼ ਕਾਲਜ ਦੇ ਐਨ.ਐਸ.ਐਸ. ਯੂਨਿਟਾਂ ਵੱਲੋਂ ਕਾਲਜ ਪ੍ਰਧਾਨ ਐਡਵੋਕੇਟ ਸ਼੍ਰੀ ਸੰਜੇ ਗੋਇਲ ਤੇ ਪਿ੍ਰੰਸੀਪਲ ਡਾ. ਨੀਰੂ ਗਰਗ ਦੀ ਰਹਿਨੁਮਾਈ ਹੇਠ ਅਤੇ ਪ੍ਰੋਗਰਾਮ ਅਫਸਰ ਐਨ.ਐਸ.ਐਸ. ਡਾ. ਊਸ਼ਾ ਸ਼ਰਮਾ ਅਤੇ ਡਾ.ਸਿਮਰਜੀਤ ਕੌਰ ਦੀ ਅਗਵਾਈ ਹੇਠ ਐਨ.ਐਸ.ਐਸ.ਫਾਊਡੇਸ਼ਨ ਡੇ ਮਨਾਇਆ ਗਿਆ। ਇਸ ਮੌਕੇ ਪਿ੍ਰੰਸੀਪਲ ਡਾ. ਨੀਰੂ ਗਰਗ ਨੇ ਵਲੰਟੀਅਰਾਂ ਨੂੰ ਐਨ.ਐਸ.ਐਸ. ਦਿਵਸ ਦੀ ਵਧਾਈ ਦਿੱਤੀ ਤੇ ਐਨ.ਐਸ.ਐਸ.ਨਾਲ ਜੁੜ ਕੇ ਸਮਾਜ ਦੀ ਨਿਸ਼ਕਾਮ ਸੇਵਾ ਕਰਨ ਲਈ ਪ੍ਰੇਰਿਤ ਕੀਤਾ ਅਤੇ ਆਪਣੀ ਸਿਹਤ ਦਾ ਧਿਆਨ ਰੱਖਣ ਲਈ ਕਿਹਾ। ਡਾ. ਊਸ਼ਾ ਸ਼ਰਮਾ ਪ੍ਰੋਗਰਾਮ ਅਫ਼ਸਰ ਐਨ.ਐਸ.ਐਸ. ਨੇ ਐਨ.ਐਸ.ਐਸ ਦੇ ਦਿਵਸ ਦੀ ਮਹੱਤਤਾ ਦੱਸਦਿਆਂ ਨਿਸ਼ਕਾਮ ਸੇਵਾ ਦੀ ਗੱਲ ਕਰਦਿਆਂ ਖੂਨਦਾਨ ਕਰਨ ਬਾਰੇ ਵਲੰਟੀਅਰਾਂ ਨੂੰ ਵਿਸਥਾਰ ਵਿਚ ਦੱਸਿਆ। ਇਸ ਸਮੇਂ ਉਹਨਾਂ ਵੱਲੋਂ ਐਨ.ਐਸ.ਐਸ. ਵਲੰਟੀਅਰਾਂ ਨੂੰ ਸਹੰ ਵੀ ਚੁਕਵਾਈ ਗਈ ਜਿਸ ਵਿਚ ਵਲੰਟੀਅਰਾਂ ਨੇ ਪ੍ਰਣ ਕੀਤਾ ਕਿ ਅਸੀ ਭਾਰਤੀ ਨਾਗਰਿਕ ਹੋਣ ਦੇ ਨਾਲ ਐਨ..ਐਸ. ਐਸ. ਵਲੰਟੀਅਰ ਹੋਣ ਕਰਕੇ ਦੇਸ਼ ਅਤੇ ਸਮਾਜ ਦੀ ਸੇਵਾ ਲਈ ਹਮੇਸ਼ਾ ਤਿਆਰ ਰਹਾਂਗੇ। ਡਾ. ਸਿਮਰਜੀਤ ਕੌਰ ਨੇ ਵਲੰਟੀਅਰਾਂ ਨੂੰ ਖੂਨਦਾਨ ਕਰਨ ਤੋਂ ਪਹਿਲਾਂ ਆਪਣੀ ਸਿਹਤ ਦਾ ਧਿਆਨ ਰਖਣ ਲਈ ਕਿਹਾ ਅਤੇ ਆਪਣੇ ਆਲੇ-ਦੁਆਲੇ ਦੇ ਲੋਕਾਂ ਨੂੰ ਇਸ ਬਾਰੇ ਜਾਗਰੂਕ ਕਰਣ ਲਈ ਪ੍ਰੇਰਿਤ ਕੀਤਾ। ਇਸ ਸਮੇਂ 100 ਐਨ.ਐਸ.ਐਸ. ਵਲੰਟੀਅਰ ਹਾਜ਼ਿਰ ਹੋਏ।
ਪੁਲਿਸ ਵਿਭਾਗ ਦੀ ਟ੍ਰੇਨਿੰਗ-ਕਮ-ਵਰਕਸ਼ਾਪ ਆਯੋਜਿਤ
ਜੁਵੇਨਾਇਲ ਅਤੇ ਪੋਕਸੋ ਐਕਟ ਦੀਆ ਬਾਰੀਕੀਆਂ ਬਾਰੇ ਕਰਵਾਇਆ ਜਾਣੂ
ਪੰਜਾਬੀ ਖ਼ਬਰਸਾਰ ਬਿਉਰੋ
ਬਠਿੰਡਾ, 24 ਸਤੰਬਰ : ਜ਼ਿਲ੍ਹਾ ਅਤੇ ਸ਼ੈਸ਼ਨ ਜੱਜ ਬਠਿੰਡਾ ਦੇ ਨਿਰਦੇਸ਼ਾ ਅਨੁਸਾਰ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਪੁਲਿਸ ਕਾਨਫਰੰਸ ਹਾਲ ਵਿਖੇ ਜੁਵੇਨਾਇਲ ਜ਼ਸਟਿਸ ਐਕਟ ,ਪੋਕਸੋ ਐਕਟ ਦੇ ਸਬੰਧੀ ਵਰਕਸਾਪ ਅਯੋਜਿਤ ਕੀਤੀ ਗਈ। ਇਸ ਵਰਕਸ਼ਾਪ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਸ੍ਰੀਮਤੀ ਰਵਨੀਤ ਕੌਰ ਸਿੱਧੂ ਨੇ ਦੱਸਿਆ ਕਿ ਜ਼ਿਲ੍ਹੇ ਦੇ ਸਾਰੇ ਪੁਲਿਸ ਸਟੇਸ਼ਨਾਂ ਨਾਲ ਸਬੰਧਿਤ ਸਪੈਸ਼ਲ ਜੁਵੇਨਾਇਲ ਪੁਲਿਸ ਯੂਨਿਟ ਦੇ ਅਫ਼ਸਰਾਂ ਨੂੰ ਜੁਵੇਨਾਇਲ ਐਕਟ ਅਤੇ ਪੋਕਸੋ ਐਕਟ ਦੀਆ ਬਾਰੀਕੀਆਂ ਬਾਰੇ ਜਾਣੂ ਕਰਵਾਇਆ ਗਿਆ। ਇਸ ਮੌਕੇ ਪੁਲਿਸ ਯੂਨਿਟ ਦੇ ਅਫ਼ਸਰਾਂ ਵੱਲੋਂ ਵੀ ਉਨ੍ਹਾਂ ਨੂੰ ਰੋਜ਼ਾਨਾ ਦੀ ਜ਼ਿੰਦਗੀ ਵਿੱਚ ਜੁਵੇਨਾਇਲ ਦੇ ਕੇਸਾਂ ਨਾਲ ਡੀਲ ਕਰਨ ਸਬੰਧੀ ਆਉਣ ਵਾਲੀਆਂ ਮੁਸ਼ਕਿਲਾਂ ਸਬੰਧੀ ਦੱਸਿਆ ਗਿਆ।ਇਸ ਮੌਕੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਬਠਿੰਡਾ ਦੇ ਸੀ.ਜੀ.ਐਮ-ਕਮ-ਸਕੱਤਰ ਸ੍ਰੀ ਸੁਰੇਸ਼ ਕੁਮਾਰ ਵੱਲੋਂ ਦੱਸਿਆ ਗਿਆ ਕਿ ਪੁਲਿਸ ਵੱਲੋਂ ਜਦੋਂ ਵੀ ਕਿਸੇ ਦੋਸ਼ੀ ਨੂੰ ਗਿ੍ਰਫ਼ਤਾਰ ਕੀਤਾ ਜਾਂਦਾ ਹੈ ਤਾਂ ਉਸ ਨੂੰ ਕੋਰਟ ਵਿੱਚ ਪੇਸ਼ ਕਰਨ ਸਮੇਂ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਨੂੰ ਸੂਚਿਤ ਕੀਤਾ ਜਾਵੇ ਤਾਂ ਜੋ ਉਨ੍ਹਾਂ ਵਿੱਚੋਂ ਲੋੜਵੰਦ ਜੁਵੇਨਾਇਲ ਨੂੰ ਮੁਫ਼ਤ ਕਾਨੂੰਨੀ ਸਹਾਇਤਾ ਲਈ ਇੱਕ ਵਕੀਲ ਮੁਹੱਈਆ ਕਰਵਾਇਆ ਜਾ ਸਕੇ। ਇਸ ਤੋਂ ਇਲਾਵਾ ਸ੍ਰੀ ਅਜੇ ਮਿੱਤਲ ਪਿ੍ਰੰਸੀਪਲ ਮੈਜਿਸਟ੍ਰੇਟ, ਜੁਵੇਨਾਇਲ ਜ਼ਸਟਿਸ ਬੋਰਡ, ਬਠਿੰਡਾ ਵੱਲੋਂ ਵੀ ਸਪੈਸ਼ਲ ਜੁਵੇਨਾਇਲ ਪੁਲਿਸ ਯੂਨਿਟ ਦੇ ਅਫ਼ਸਰਾਂ ਨੂੰ ਜੁਵੇਨਾਇਲ ਨੂੰ ਬੋਰਡ ਵਿੱਚ ਪੇਸ਼ ਕਰਨ ਸਮੇਂ ਆਉਂਦੀਆਂ ਦਿੱਕਤਾਂ ਸਬੰਧੀ ਸੁਝਾਅ ਦਿੱਤੇ ਗਏ। ਇਸੇ ਤਰ੍ਹਾਂ ਹੀ ਸ੍ਰੀਮਤੀ ਹੀਨਾ ਗੁਪਤਾ ਵੱਲੋਂ ਉਕਤ ਅਫ਼ਸਰਾਂ ਨੂੰ ਜੁਵੇਨਾਇਲ ਜ਼ਸਟਿਸ ਐਕਟ ਅਨੁਸਾਰ ਜੁਵੇਨਾਇਲ ਸਬੰਧੀ ਕਾਰਵਾਈ ਅਮਲ ਵਿੱਚ ਲਿਆਉਣ ਲਈ ਹਦਾਇਤ ਕੀਤੀ ਗਈ ਅਤੇ ਨਾਲ ਹੀ ਉਨ੍ਹਾਂ ਵੱਲੋਂ ਕਿਹਾ ਗਿਆ ਕਿ ਪਿ੍ਰੰਸੀਪਲ ਮੈਜਿਸਟ੍ਰੇਟ, ਜੁਵੇਨਾਇਲ ਜ਼ਸਟਿਸ ਬੋਰਡ ਬਠਿੰਡਾ ਵੱਲੋਂ ਜਾਰੀ ਕੀਤੇ ਗਏ ਰੋਸਟਰ ਦੇ ਅਨੁਸਾਰ ਜੁਵੇਨਾਇਲ ਨੂੰ ਪੇਸ਼ ਕੀਤਾ ਜਾਵੇ।
66ਵੀਂਆਂ ਗਰਮ ਰੁੱਤ ਜਿਲ੍ਹਾ ਸਕੂਲ ਖੇਡਾਂ ਚ ਦੂਜੇ ਦਿਨ ਹੋਏ ਫਸਵੇਂ ਮੁਕਾਬਲੇ
ਵਰਦੇ ਮੀਂਹ ਚ ਖਿਡਾਰੀਆਂ ਨੇ ਦਿਖਾਏ ਖੇਡ ਦੇ ਜਲਵੇ
ਸੁਖਜਿੰਦਰ ਮਾਨ
ਬਠਿੰਡਾ, 24 ਸਤੰਬਰ : ਸਿੱਖਿਆ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਜਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਸਿੱਖਿਆ ਸ੍ਰੀ ਮੇਵਾ ਸਿੰਘ ਸਿੱਧੂ ਦੀ ਸਰਪ੍ਰਸਤੀ, ਉੱਪ ਜ?ਿਲ੍ਹਾ ਸਿੱਖਿਆ ਅਫਸਰ ਇਕਬਾਲ ਸਿੰਘ ਬੁੱਟਰ ਦੀ ਅਗਵਾਈ ਅਤੇ ਡੀ.ਐਮ. ਖੇਡਾਂ ਸ੍ਰੀ ਗੁਰਚਰਨ ਸਿੰਘ ਗਿੱਲ ਦੀ ਦੇਖ-ਰੇਖ ਵਿੱਚ 66ਵੀਂਆਂ ਗਰਮ ਰੁੱਤ ਜਿਲ੍ਹਾ ਸਕੂਲ ਖੇਡਾਂ ਦੇ ਦੂਜੇ ਦਿਨ ਵੱਖ-ਵੱਖ ਟੀਮਾਂ ਦੇ ਵਿਚਕਾਰ ਫਸਵੇਂ ਤੇ ਦਿਲਚਸਪ ਮੁਕਾਬਲੇ ਹੋਏ। ਇਸ ਮੌਕੇ ਮੀਂਹ ਦੀ ਪ੍ਰਵਾਹ ਨਾ ਕਰਦਿਆਂ ਖਿਡਾਰੀਆਂ ਨੇ ਜੋਸ਼ੋ- ਖਰੋਸ਼ ਨਾਲ ਦਰਸ਼ਕਾਂ ਨੂੰ ਆਪਣੀ ਖੇਡ ਦੇ ਜਲਵੇ ਦਿਖਾਏ। ਅੱਜ ਦੇ ਇਨ੍ਹਾਂ ਵੱਖ-ਵੱਖ ਮੁਕਾਬਲਿਆਂ ਦੌਰਾਨ ਰੱਸਾਕਸੀ ਅੰਡਰ-14 (ਲੜਕੀਆਂ) ਤਲਵੰਡੀ ਸਾਬੋ ਨੇ ਪਹਿਲਾ, ਬਠਿੰਡਾ-1 ਨੇ ਦੂਜਾ, ਅੰਡਰ-17 ਵਿੱਚ ਤਲਵੰਡੀ ਸਾਬੋ ਨੇ ਪਹਿਲਾ, ਮੰਡੀ ਕਲਾਂ ਨੇ ਦੂਜਾ, ਅੰਡਰ-19 ਵਿੱਚ ਤਲਵੰਡੀ ਸਾਬੋ ਨੇ ਪਹਿਲਾ ਤੇ ਗੋਨਿਆਣਾ ਨੇ ਦੂਜਾ, ਕੈਰਮ ਬੋਰਡ ਅੰਡਰ-14 (ਲੜਕੀਆਂ) ਵਿੱਚ ਭੁੱਚੋ ਨੇ ਪਹਿਲਾ, ਮੌੜ ਨੇ ਦੂਜਾ, ਅੰਡਰ-17 ਵਿੱਚ ਭਗਤਾ ਨੇ ਪਹਿਲਾ ਮੌੜ ਨੇ ਦੂਜਾ, ਅੰਡਰ-14 ਬਾਕਸਿੰਗ (ਲੜਕੀਆਂ) 28 ਤੋਂ 30 ਕਿਲੋ ਭਾਰ ਦੇ ਵਿੱਚ ਕਲਪਨਾ ਤਲਵੰਡੀ ਸਾਬੋ ਨੇ ਪਹਿਲਾ ਜਸਪ੍ਰੀਤ ਕੌਰ ਮੌੜ ਨੇ ਦੂਜਾ, 30 ਤੋਂ 32 ਕਿੱਲੋ ਭਾਰ ਦੇ ਵਿੱਚ ਅਮਨਦੀਪ ਕੌਰ ਮੌੜ ਨੇ ਪਹਿਲਾ ਗਗਨਦੀਪ ਕੌਰ ਮੌੜ ਨੇ ਦੂਜਾ, 50 ਕਿੱਲੋ ਦੇ ਵਿੱਚ ਅਮਨਪ੍ਰੀਤ ਕੌਰ ਮੰਡੀ ਫੂਲ ਨੇ ਪਹਿਲਾ ਕਮਲਦੀਪ ਕੌਰ ਮੰਡੀ ਫੂਲ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਕੁਸਤੀਆਂ ਅੰਡਰ-17 ਵਿੱਚ 51 ਕਿਲੋ ਭਾਰ ਵਿੱਚ ਹਰਪਿੰਦਰ ਸਿੰਘ ਗੋਨਿਆਣਾ ਨੇ ਰਾਜਵੰਤ ਸਿੰਘ ਮੰਡੀ ਫੂਲ ਨੂੰ, 45 ਕਿਲੋ ਭਾਰ ਵਿੱਚ ਕੁਸਲਦੀਪ ਸਿੰਘ ਸੰਗਤ ਨੇ ਹਰਮੇਲ ਸਿੰਘ ਗੋਨਿਆਣਾ ਨੂੰ ਮਾਤ ਦਿੱਤੀ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਡਾ. ਸੁਖਦੇਵ ਸਿੰਘ, ਨਛੱਤਰ ਸਿੰਘ, ਤਰਸੇਮ ਸਿੰਗਲਾ, ਪਿ੍ਰੰਸੀਪਲ ਬਿਕਰਮਜੀਤ ਸਿੰਘ, ਲੈਕਚਰਾਰ ਨਾਜਰ ਸਿੰਘ ਜਿਲ੍ਹਾ ਸਕੱਤਰ ਖੇਡਾਂ, ਲੈਕਚਰਾਰ ਅਮਰਦੀਪ ਸਿੰਘ, ਗੁਰਮੀਤ ਸਿੰਘ ਮਾਨ, ਗੁਰਮੀਤ ਸਿੰਘ ਰਾਮਗੜ੍ਹ ਭੂੰਦੜ, ਵਰਿੰਦਰ ਸਿੰਘ, ਗੁਰਿੰਦਰ ਸਿੰਘ (ਸਾਰੇ ਬੀ.ਐਮ.ਖੇਡਾਂ ), ਲੈਕਚਰਾਰ ਮਨਦੀਪ ਕੌਰ, ਗੁਲਸਨ ਕੁਮਾਰ, ਕੁਲਵਿੰਦਰ ਸਿੰਘ ਗਿਆਨਾ, ਕੁਲਦੀਪ ਕੁਮਾਰ ਸਰਮਾ, ਹਰਦੀਪ ਸਿੰਘ ਬਾਕਸਿੰਗ ਕੋਚ, ਗੁਰਸਰਨ ਸਿੰਘ ਗੋਲਡੀ, ਜਗਤਾਰ ਸਿੰਘ, ਗੁਰਲਾਲ ਸਿੰਘ, ਲੈਕਚਰਾਰ ਰਮਨਦੀਪ ਸਿੰਘ, ਲੈਕਚਰਾਰ ਭਿੰਦਰਪਾਲ ਕੌਰ, ਸਰਜੀਵਨ ਕੁਮਾਰ, ਸਰੋਜ ਕੁਮਾਰੀ, ਸੁਖਜਿੰਦਰ ਸਿੰਘ, ਗੁਰਲਾਲ ਸਿੰਘ, ਸਤਵੀਰ ਸਿੰਘ, ਹਰਪ੍ਰੀਤ ਸਿੰਘ, ਸੁਰਜੀਤ ਸਿੰਘ, ਸੁਖਮੰਦਰ ਸਿੰਘ ਕੁਸਤੀ ਕੌਚ, ਅਬਦੁਲ ਸਿਤਾਰ ਕੁਸਤੀ ਕੌਚ, ਜਸਪ੍ਰੀਤ ਕੌਰ, ਵੀਰਪਾਲ ਕੌਰ, ਕਰਮਜੀਤ ਕੌਰ, ਪਰਮਿੰਦਰ ਸਿੰਘ, ਪਰਮਜੀਤ ਕੌਰ, ਹਰਜੀਤਪਾਲ ਸਿੰਘ, ਭੁਪਿੰਦਰ ਸਿੰਘ ਤੱਗੜ, ਬਲਵੀਰ ਸਿੰਘ ਕਮਾਂਡੋ, ਹਰਵਿੰਦਰ ਸਿੰਘ ਬਰਾੜ, ਸੁਖਪਾਲ ਸਿੰਘ ਸਿੱਧੂ ਮੀਡੀਆ ਕੋਆਰਡੀਨੇਟਰ ਹਾਜਰ ਸਨ।
ਕਿਸਾਨ ਸੰਘਰਸ਼ ਸਬੰਧੀ ਅੰਗਰੇਜੀ ਪੁਸਤਕ “ ਏ ਜਰਨੀ ਆਫ ਫਾਰਮਰਜ ਰਿਬੇਲੀਅਨ“ ਰਿਲੀਜ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 24 ਸਤੰਬਰ: ਜਮਹੂਰੀ ਅਧਿਕਾਰ ਸਭਾ ਪੰਜਾਬ ਇਕਾਈ ਚੰਡੀਗੜ/ ਮੋਹਾਲੀ ਵੱਲੋੰ ਅੱਜ ਦਿੱਲੀ ਦੀਆਂ ਸਰਹੱਦਾਂ ’ਤੇ ਚੱਲੇ ਇਤਿਹਾਸਕ ਕਿਸਾਨ ਸੰਘਰਸ਼ ਸਬੰਧੀ ਅੰਗਰੇਜੀ ਪੁਸਤਕ “ ਏ ਜਰਨੀ ਆਫ ਫਾਰਮਰਜ ਰਿਬੇਲੀਅਨ“ ਨੂੰ ਰਿਲੀਜ ਕੀਤਾ ਗਿਆ। ਪੀਪਲਜ ਯੁਨਿਟੀ, ਗਰਾਂਊਡ ਜੀਰੋ ਅਤੇ ਨੋਟਸ ਆਨ ਅਕੈਡਮੀ ਸੰਸਥਾਵਾਂ ਵੱਲੋੰ ਸੰਪਾਦਿਤ ਇਸ ਵੱਡ ਅਕਾਰੀ ਪੁਸਤਕ ਨੂੰ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਆਗੂਆਂ ਵੱਲੋਂ ਸ਼੍ਰੀ ਗੁਰੂ ਕੇੰਦਰੀ ਸਿੰਘ ਸਭਾ ਵਿਖੇ ਹੋਈ ਇਕੱਤਰਤਾ ਵਿੱਚ ਰਿਲੀਜ ਕੀਤਾ ਗਿਆ। ਸਭਾ ਚੰਡੀਗੜ/ਮੋਹਾਲੀ ਦੇ ਆਗੂਆਂ ਐਡਵੋਕੇਟ ਮਨਦੀਪ ਸਿੰਘ, ਸੰਦੀਪਾ ਤੇ ਮਨਪ੍ਰੀਤ ਜਸ ਨੇ ਕਿਹਾ ਕਿ ਦਿੱਲੀ ਦੀਆਂ ਹੱਦਾਂ ਤੇ ਚੱਲਿਆ ਕਿਸਾਨ ਸੰਘਰਸ਼ ਆਪਣੀ ਲਾਮਬੰਦੀ, ਮੁਲਕ ਅਤੇ ਮੁਲਕ ਤੋੰ ਬਾਹਰੋੰ ਮਿਲੀ ਹਮਾਇਤ, ਵੱਖ-ਵੱਖ ਮਿਹਨਤਕਸ਼ ਤਬਕਿਆਂ ਕਿਸਾਨਾਂ ਖੇਤ-ਮਜਦੂਰਾਂ, ਨੌਜਵਾਨਾਂ, ਸ਼ਹਿਰੀਆਂ ਤੇ ਬੁੱਧੀਜੀਵੀਆਂ ਦੀ ਏਕਤਾ, ਔਰਤਾਂ ਦੀ ਸ਼ਮੂਲੀਅਤ, ਆਪਣੇ ਧਰਮ-ਨਿਰਪੱਖ ਤੇ ਗੈਰ-ਪਾਰਲੀਮਾਨੀ ਖਾਸੇ ਕਰਕੇ ਭਾਰਤ ਦੇ ਇਤਿਹਾਸ ਵਿੱਚ ਇੱਕ ਅਦੁੱਤੀ ਘਟਨਾ ਸੀ। ਇਸ ਸੰਘਰਸ਼ ਨੇ ਸੰਘਰਸ਼ ਦੇ ਚੋਟ-ਨਿਸ਼ਾਨੇ ਵਜੋੰ ਭਾਜਪਾ ਦੀ ਫਾਸ਼ੀ ਹਕੂਮਤ ਦੇ ਨਾਲ-ਨਾਲ ਕਾਰਪੋਰੇਟ ਘਰਾਣਿਆਂ ਤੇ ਬਹੁਕੌਮੀ ਸਾਮਰਾਜੀ ਸੰਸਥਾਵਾਂ ਦੇ ਰੋਲ ਨੂੰ ਅੰਕਿਤ ਕੀਤਾ ਤੇ ਆਪਣੀ ਧਾਰ ਦਾ ਨਿਸ਼ਾਨਾ ਬਣਾਇਆ। ਭਾਰਤ ਭਰ ਅੰਦਰੋ ਵੱਖ-ਵੱਖ ਸੂਬਿਆਂ ਦੇ ਲੱਖਾਂ ਕਿਸਾਨਾਂ ਤੇ ਮਿਹਨਤਕਸ਼ ਤਬਕਿਆਂ ਨੇ ਇਸ ਸੰਘਰਸ਼ ਵਿੱਚ ਸ਼ਮੂਲੀਅਤ ਕੀਤੀ। ਇਸ ਅਦੁੱਤੀ ਸੰਘਰਸ਼ ਦਾ ਦਸਤਾਵੇਜੀਕਰਨ ਤੇ ਇਸਦੀ ਇਤਿਹਾਸਕ ਸਾਂਭ-ਸੰਭਾਈ ਦਾ ਕਾਰਜ ਕਰਦਿਆਂ ਪੀਪਲਜ ਯੁੂਨਿਟੀ, ਨੋਟਸ ਆਨ ਅਕੈਡਮੀ ਤੇ ਗਰਾਂਊਡ ਜੀਰੋ ਸੰਸਥਾਵਾਂ ਵੱਲੋੰ ਲੋਕ-ਪੱਖੀ ਬੁੱਧੀਜੀਵੀਆਂ ਦਾ ਰੋਲ ਨਿਭਾਉੰਦਿਆ ਸ਼ਾਨਦਾਰ ਕਾਰਜ ਕੀਤਾ ਗਿਆ ਹੈ। ਇਸ ਮੌਕੇ ਸੰਬੋਧਨ ਕਰਦਿਆਂ ਸਭਾ ਦੇ ਆਗੂ ਤੇ ਅਰਥ-ਸ਼ਾਸ਼ਤਰ ਦੇ ਪ੍ਰੋਫੈਸਰ ਮਨਜੀਤ ਸਿੰਘ ਨੇ ਕਿਤਾਬ ਦੇ ਵੱਖ-ਵੱਖ ਪੱਖਾਂ ਤੇ ਵਿਸ਼ਿਆ ਬਾਰੇ ਵਿਸਥਾਰੀ ਜਾਣਕਾਰੀ ਪੇਸ਼ ਕੀਤੀ। ਭਾਰਤੀ ਕਿਸਾਨ ਯੂਨੀਅਨ(ਉਗਰਾਹਾਂ) ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਇਤਿਹਾਸਕ ਕਿਸਾਨ ਸੰਘਰਸ਼ ਦੇ ਉਭਰਵੇਂ ਹਾਂ- ਪੱਖੀ ਪਹਿਲੂਆਂ ਤੇ ਚਾਨਣਾ ਪਾਇਆ ਤੇ ਨਾਲ ਹੀ ਮਿਹਨਤਕਸ਼ ਜਨਤਾ ਤੇ ਬੁੱਧੀਜੀਵੀ ਹਿੱਸਿਆਂ ਦੀ ਸਾਂਝ ਦੀ ਮਹਤੱਤਾ ਉਪਰ ਜੋਰ ਦਿੱਤਾ। ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਡਾ ਦਰਸ਼ਨ ਪਾਲ ਨੇ ਮੌਜੂਦਾ ਦੌਰ ਅੰਦਰ ਫਾਸ਼ੀਵਾਦ ਦੀ ਵਧ ਰਹੀ ਚੁਣੌਤੀ ਖਿਲਾਫ ਵਡੇਰੀ ਲੋਕ-ਏਕਤਾ ਉਸਾਰਨ ਦਾ ਸੰਦੇਸ਼ ਦਿੱਤਾ। ਬੀ.ਕੇ.ਯੂ.(ਡਕੌੰਦਾ) ਦੇ ਸੂਬਾ ਆਗੂ ਜਗਮੋਹਨ ਸਿੰਘ ਨੇ ਰਿਲੀਜ ਕੀਤੀ ਗਈ ਪੁਸਤਕ ਦੇ ਹਾਂ-ਪੱਖੀ ਪਹਿਲੂਆਂ ਨੂੰ ਅੰਗਿਤ ਕਰਦਿਆਂ ਨਾਲ ਹੀ ਇਸਨੂੰ ਹੋਰ ਵਧੇਰੇ ਸਰਵ-ਵਿਆਪਕ ਬਣਾਉਣ ਦੀ ਲੋੜ ਤੇ ਜੋਰ ਦਿੱਤਾ। ਉਪਰੋਕਤ ਬੁਲਾਰਿਆਂ ਤੋੰ ਇਲਾਵਾ ਇਸ ਇਕੱਤਰਤਾ ਨੂੰ ਭਾਰਤੀ ਕਿਸਾਨ ਯੂਨੀਅਨ (ਕ੍ਰਾਂਤੀਕਾਰੀ) ਦੀ ਸੂਬਾ ਆਗੂ ਸੁੱਖਵਿੰਦਰ ਕੌਰ, ਸੂਹੀ ਸਵੇਰ ਚੈਨਲ ਤੋੰ ਪੱਤਰਕਾਰ ਸ਼ਿਵਇੰਦਰ ਸਿੰਘ, ਗਰਾਊੰਡ ਜੀਰੋ ਤੋੰ ਨੰਦਿਨੀ ਧਰ, ਡਾਕੂਮੈੰਟਰੀ ਮੇਕਰ ਤੇ ਫੋਟੋਗ੍ਰਾਫਰ ਰਣਦੀਪ ਮੱਦੋਕੇ ਅਤੇ ਔਰਤ ਕਾਰਕੁੰਨ ਰੰਜਨਾ ਪਾਧੀ ਨੇ ਵੀ ਸੰਬੋਧਨ ਕੀਤਾ। ਪੀਪਲਜ ਯੂਨਿਟੀ ਤੋੰ ਸੰਦੀਪ ਕੁਮਾਰ ਹਾਜਰ ਹੋਏ ਤੇ ਸਟੇਜ ਸੰਚਾਲਨ ਜਮਹੂਰੀ ਅਧਿਕਾਰ ਸਭਾ ਦੇ ਆਗੂ ਮਨਪ੍ਰੀਤ ਜਸ ਵੱਲੋੰ ਕੀਤਾ ਗਿਆ। ਜਮਹੂਰੀ ਅਧਿਕਾਰ ਸਭਾ ਦੇ ਸੂਬਾ ਜਥੇਬੰਦਕ ਸਕੱਤਰ ਨਰਭਿੰਦਰ ਵੱਲੋੰ ਸਭਨਾ ਦਾ ਧੰਨਵਾਦ ਕਰਦਿਆਂ ਕਿਸਾਨ ਸੰਘਰਸ਼ ਵਿੱਚ ਜਮਹੂਰੀ ਅਧਿਕਾਰ ਸਭਾ ਵੱਲੋੰ ਨਿਭਾਏ ਰੋਲ ਤੇ ਚਾਨਣਾ ਪਾਇਆ ਗਿਆ।
ਚੰਡੀਗੜ ਯੂਨੀਵਰਸਿਟੀ ਮਾਮਲਾ: ਪੰਜਾਬ ਪੁਲਿਸ ਨੇ ਅਰੁਣਾਚਲ ਪ੍ਰਦੇਸ਼ ਤੋਂ ਇੱਕ ਫੌਜੀ ਨੂੰ ਕੀਤਾ ਗਿ੍ਰਫਤਾਰ
ਮੁੱਖ ਮੰਤਰੀ ਭਗਵੰਤ ਮਾਨ ਦੇ ਨਿਰਦੇਸ਼ਾਂ ‘ਤੇ ਮਾਮਲੇ ਦੀ ਤੇਜੀ ਨਾਲ ਜਾਂਚ ਲਈ ਤਿੰਨ ਮੈਂਬਰੀ ਆਲ ਵੁਮੈਨ ਐਸ.ਆਈ.ਟੀ. ਦੇ ਗਠਨ ਤੋਂ ਤੁਰੰਤ ਬਾਅਦ ਹੀ ਅਮਲ ਵਿੱਚ ਲਿਆਂਦੀ ਕਾਰਵਾਈ
ਚੰਡੀਗੜ ਯੂਨੀਵਰਸਿਟੀ ਕੇਸ ਵਿੱਚ ਇਹ ਚੌਥੀ ਗਿ੍ਰਫਤਾਰੀ : ਡੀਜੀਪੀ ਪੰਜਾਬ
ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਇਸ ਮਾਮਲੇ ਦੀ ਤਹਿ ਤੱਕ ਪਹੁੰਚ ਕੀਤੀ ਜਾਵੇਗੀ, ਦੋਸ਼ੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ
ਪੰਜਾਬੀ ਖ਼ਬਰਸਾਰ ਬਿਉਰੋ
ਐਸ.ਏ.ਐਸ.ਨਗਰ, 24 ਸਤੰਬਰ: ਪੰਜਾਬ ਪੁਲਿਸ ਦੇ ਡਾਇਰੈਕਟਰ ਜਨਰਲ (ਡੀਜੀਪੀ) ਗੌਰਵ ਯਾਦਵ ਨੇ ਇੱਥੇ ਦੱਸਿਆ ਕਿ ਚੰਡੀਗੜ ਯੂਨੀਵਰਸਿਟੀ ਮਾਮਲੇ ਵਿੱਚ ਚੌਥੀ ਗਿ੍ਰਫਤਾਰੀ ਕਰਦੇ ਹੋਏ ਪੰਜਾਬ ਪੁਲਿਸ ਨੇ ਸ਼ਨੀਵਾਰ ਨੂੰ ਅਰੁਣਾਚਲ ਪ੍ਰਦੇਸ਼ ਵਿੱਚ ਤਾਇਨਾਤ ਇੱਕ ਫੌਜੀ ਜਵਾਨ ਨੂੰ ਗਿ੍ਰਫਤਾਰ ਕੀਤਾ ਹੈ।ਗਿ੍ਰਫਤਾਰ ਕੀਤੇ ਗਏ ਮੁਲਜਮ ਦੀ ਪਛਾਣ ਸੰਜੀਵ ਸਿੰਘ ਵਜੋਂ ਹੋਈ ਹੈ, ਜਿਸ ’ਤੇ ਮੁਲਜਮ ਵਿਦਿਆਰਥਣ ਨੂੰ ਬਲੈਕਮੇਲ ਕਰਨ ਦਾ ਸ਼ੱਕ ਹੈ।ਇਹ ਕਾਰਵਾਈ , ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਲਈ , ਏਡੀਜੀਪੀ ਕਮਿਊਨਿਟੀ ਅਫੇਅਰਜ ਡਿਵੀਜਨ ਅਤੇ ਮਹਿਲਾ ਮਾਮਲਿਆਂ ਬਾਰੇ ਗੁਰਪ੍ਰੀਤ ਕੌਰ ਦਿਓ ਦੀ ਸਮੁੱਚੀ ਨਿਗਰਾਨੀ ਹੇਠ ਤਿੰਨ ਮੈਂਬਰੀ ਆਲ ਵੂਮੈਨ ਸਪੈਸ਼ਲ ਇਨਵੈਸਟੀਗੇਸ਼ਨ ਟੀਮ (ਐਸ.ਆਈ.ਟੀ.) ਦੇ ਗਠਨ, ਦੇ ਹੁਕਮ ਦਿੱਤੇ ਜਾਣ ਤੋਂ ਕੁਝ ਦਿਨ ਬਾਅਦ ਸਾਹਮਣੇ ਆਈ ਹੈ। ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਫੋਰੈਂਸਿਕ ਅਤੇ ਡਿਜੀਟਲ ਸਬੂਤਾਂ ਦੇ ਆਧਾਰ ‘ਤੇ ਐਸ.ਏ.ਐਸ.ਨਗਰ ਤੋਂ ਪੁਲਿਸ ਟੀਮ ਨੂੰ ਦੋਸ਼ੀ ਨੂੰ ਗਿ੍ਰਫਤਾਰ ਕਰਨ ਲਈ ਅਰੁਣਾਚਲ ਪ੍ਰਦੇਸ਼ ਰਵਾਨਾ ਕੀਤਾ ਗਿਆ ਸੀ।
ਉਨਾਂ ਦੱਸਿਆ ਕਿ ਦੋਸ਼ੀ ਫੌਜੀ ਜਵਾਨ ਨੂੰ ਅਰੁਣਾਚਲ ਪ੍ਰਦੇਸ਼ ਪੁਲਿਸ, ਅਸਾਮ ਪੁਲਿਸ ਅਤੇ ਅਰੁਣਾਚਲ ਪ੍ਰਦੇਸ਼ ਦੇ ਆਰਮੀ ਅਧਿਕਾਰੀਆਂ ਦੇ ਸਹਿਯੋਗ ਨਾਲ ਅਰੁਣਾਚਲ ਪ੍ਰਦੇਸ਼ ਦੇ ਸੇਲਾ ਪਾਸ ਤੋਂ ਗਿ੍ਰਫਤਾਰ ਕੀਤਾ ਗਿਆ । ਉਨਾਂ ਦੱਸਿਆ ਕਿ ਐਸ.ਏ.ਐਸ.ਨਗਰ ਪੁਲਿਸ ਨੇ ਮੁਲਜਮ ਨੂੰ ਐਸ.ਏ.ਐਸ ਨਗਰ ਦੇ ਮੈਜਿਸਟ੍ਰੇਟ ਸਾਹਮਣੇ ਪੇਸ਼ ਕਰਨ ਲਈ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ (ਸੀਜੇਐਮ) ਬੋਮਡੀਲਾ ਦੀ ਅਦਾਲਤ ਤੋਂ ਦੋ ਦਿਨ ਦਾ ਟਰਾਂਜਜਿਟ ਰਿਮਾਂਡ ਵੀ ਹਾਸਲ ਕਰ ਲਿਆ ਹੈ।ਐਸ.ਏ.ਐਸ.ਨਗਰ ਪੁਲਿਸ ਨੇ ਪਹਿਲਾਂ ਹੀ ਵਿਦਿਆਰਥਣ ਸਣੇ ਤਿੰਨ ਅਤੇ ਹਿਮਾਚਲ ਪ੍ਰਦੇਸ਼ ਤੋਂ ਦੋ ਹੋਰ ਵਿਅਕਤੀਆਂ ਨੂੰ ਗਿ੍ਰਫਤਾਰ ਕੀਤਾ ਹੈ ਅਤੇ ਉਨਾਂ ਦੇ ਕਬਜੇ ਵਿੱਚੋਂ ਕੁਝ ਇਲੈਕਟ੍ਰਾਨਿਕ ਯੰਤਰ ਬਰਾਮਦ ਕੀਤੇ ਗਏ ਹਨ।ਜਿਕਰਯੋਗ ਹੈ ਕਿ ਐਸ.ਪੀ ਕਾਊਂਟਰ ਇੰਟੈਲੀਜੈਂਸ ਲੁਧਿਆਣਾ ਰੁਪਿੰਦਰ ਕੌਰ ਭੱਟੀ ਦੀ ਅਗਵਾਈ ਵਾਲੀ ਐਸ.ਆਈ.ਟੀ. ਵੱਲੋਂ ਦੋ ਮੈਂਬਰਾਂ ਡੀ.ਐਸ.ਪੀ. ਖਰੜ-1 ਰੁਪਿੰਦਰ ਕੌਰ ਅਤੇ ਡੀਐਸਪੀ ਏਜੀਟੀਐਫ ਦੀਪਿਕਾ ਸਿੰਘ ਦੇ ਸਹਿਯੋਗ ਨਾਲ ਮਾਮਲੇ ਦੀ ਤੇਜੀ ਨਾਲ ਜਾਂਚ ਕੀਤੀ ਜਾ ਰਹੀ ਹੈ। ਡੀਜੀਪੀ ਪੰਜਾਬ ਨੇ ਕਿਹਾ ਕਿ ਇਸ ਮਾਮਲੇ ਵਿੱਚ ਦੋਸ਼ੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ ਅਤੇ ਇਨਸਾਫ ਹੋਵੇਗਾ।ਦੱਸਣਯੋਗ ਹੈ ਕਿ ਐਫਆਈਆਰ ਨੰਬਰ 194 ਮਿਤੀ 18.09.20 22 ਨੂੰ ਆਈਪੀਸੀ ਦੀ ਧਾਰਾ 354 ਸੀ ਅਤੇ ਆਈ.ਟੀ ਐਕਟ ਦੀ ਧਾਰਾ 66 ਈ ਦੇ ਤਹਿਤ ਥਾਣਾ ਸਦਰ ਖਰੜ, ਐਸ.ਏ.ਐਸ.ਨਗਰ ਵਿਖੇ ਦਰਜ ਕੀਤਾ ਗਿਆ ਸੀ।
ਮੁੱਖ ਮੰਤਰੀ ਨੇ ਵਿਰੋਧੀ ਪਾਰਟੀਆਂ ਨੂੰ ‘ਝੂਠ ਦੀ ਬਿਮਾਰੀ’ ਤੋਂ ਲੰਮੇ ਸਮੇਂ ਤੋਂ ਪੀੜਤ ਦੱਸਿਆ
ਕਿਹਾ; ਇਹ ਪਾਰਟੀਆਂ ਸਰਕਾਰ ਦੇ ਹਰ ਲੋਕ-ਪੱਖੀ ਕਦਮ ਦੀ ਆਲੋਚਨਾ ਕਰਨ ਦੀਆਂ ਆਦੀ
ਪੰਜਾਬ ਨੂੰ ਭਿ੍ਰਸਟਾਚਾਰ, ਨਸ਼ਿਆਂ, ਬੇਰੋਜ਼ਗਾਰੀ ਅਤੇ ਹੋਰ ਅਲਾਮਤਾਂ ਤੋਂ ਮੁਕਤ ਕਰਨ ਲਈ ਲੋਕਾਂ ਤੋਂ ਸਹਿਯੋਗ ਮੰਗਿਆ
ਪਿਛਲੀਆਂ ਸਰਕਾਰਾਂ ਨੇ ਪੰਜਾਬ ਦੀ ਦੌਲਤ ਨੂੰ ਬੇਰਹਿਮੀ ਨਾਲ ਲੁੱਟਣ ਵਿੱਚ ਅੰਗਰੇਜ਼ਾਂ ਨੂੰ ਵੀ ਪਛਾੜਿਆ: ਭਗਵੰਤ ਮਾਨ
ਟਿੱਲਾ ਬਾਬਾ ਸ਼ੇਖ ਫ਼ਰੀਦ ਵਿਖੇ ਮੱਥਾ ਟੇਕਿਆ
ਸੁਖਜਿੰਦਰ ਮਾਨ
ਫ਼ਰੀਦਕੋਟ, 24 ਸਤੰਬਰ: ਵਿਰੋਧੀਆਂ ਪਾਰਟੀਆਂ ਨੂੰ ਲੰਮੇ ਸਮੇਂ ਤੋਂ ਝੂਠ ਦੀ ਬਿਮਾਰੀ ਤੋਂ ਪੀੜਤ ਦੱਸਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ਨਿੱਚਰਵਾਰ ਨੂੰ ਆਖਿਆ ਕਿ ਲੋਕਾਂ ਦੀ ਭਲਾਈ ਲਈ ਕੰਮ ਕਰਨ ਦੀ ਬਜਾਏ ਇਨ੍ਹਾਂ ਪਾਰਟੀਆਂ ਦੇ ਆਗੂ ਸੂਬਾ ਸਰਕਾਰ ਦੇ ਹਰੇਕ ਲੋਕ ਪੱਖੀ ਕਦਮ ਵਿੱਚ ਗਲਤੀਆਂ ਕੱਢਣ ਦੇ ਆਦੀ ਹੋ ਚੁੱਕੇ ਹਨ। ਟਿੱਲਾ ਬਾਬਾ ਸ਼ੇਖ ਫ਼ਰੀਦ ਵਿਖੇ ਅਕੀਦਤ ਭੇਟ ਕਰਨ ਮਗਰੋਂ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਨ੍ਹਾਂ ਆਗੂਆਂ ਕੋਲ ਸੂਬਾ ਸਰਕਾਰ ਵੱਲੋਂ ਲੋਕਾਂ ਦੀ ਭਲਾਈ ਲਈ ਕੀਤੇ ਫੈਸਲਿਆਂ ਦੀ ਆਲੋਚਨਾ ਕਰਨ ਤੋਂ ਇਲਾਵਾ ਕੋਈ ਹੋਰ ਕੰਮ ਨਹੀਂ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਆਗੂਆਂ ਕੋਲ ਕੋਈ ਪੁਖ਼ਤਾ ਮਸਲਾ ਨਾ ਹੋਣ ਕਾਰਨ ਉਹ ਸਿਰਫ਼ ਆਲੋਚਨਾ ਲਈ ਹੀ ਸੂਬਾ ਸਰਕਾਰ ਦੀ ਆਲੋਚਨਾ ਕਰ ਰਹੇ ਹਨ। ਭਗਵੰਤ ਮਾਨ ਨੇ ਕਿਹਾ ਕਿ ਸੂਬਾ ਸਰਕਾਰ ਅਜਿਹੇ ਹੋਛੇ ਹਥਕੰਡਿਆਂ ਕਾਰਨ ਰਾਜ ਦੇ ਵਿਕਾਸ ਤੇ ਲੋਕਾਂ ਦੀ ਭਲਾਈ ਦੇ ਕੰਮ ਤੋਂ ਪਿੱਛੇ ਨਹੀਂ ਹਟੇਗੀ। ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਪੰਜਾਬ ਨੂੰ ਭਿ੍ਰਸ਼ਟਾਚਾਰ, ਨਸ਼ਿਆਂ, ਬੇਰੋਜ਼ਗਾਰੀ ਤੋਂ ਹੋਰ ਅਲਾਮਤਾਂ ਤੋਂ ਮੁਕਤ ਕਰਨ ਲਈ ਸੂਬਾ ਸਰਕਾਰ ਕੋਈ ਕਸਰ ਬਾਕੀ ਨਹੀਂ ਛੱਡੇਗੀ। ਉਨ੍ਹਾਂ ਇਸ ਲੋਕ ਭਲਾਈ ਦੇ ਕਾਰਜ ਲਈ ਲੋਕਾਂ ਨੂੰ ਪੂਰਾ ਸਹਿਯੋਗ ਤੇ ਤਾਲਮੇਲ ਦੀ ਅਪੀਲ ਕਰਦਿਆਂ ਆਖਿਆ ਕਿ ਉਨ੍ਹਾਂ ਦੇ ਸਹਿਯੋਗ ਤੋਂ ਬਿਨਾਂ ਇਸ ਵੱਡੇ ਕਾਰਜ ਨੂੰ ਪੂਰਾ ਨਹੀਂ ਕੀਤਾ ਜਾ ਸਕਦਾ। ਭਗਵੰਤ ਮਾਨ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਦੇ ਸ਼ਾਸਨ ਦੌਰਾਨ ਆਪਣੀਆਂ ਜੜ੍ਹਾਂ ਡੂੰਘੀਆਂ ਕਰ ਚੁੱਕੀਆਂ ਇਨ੍ਹਾਂ ਅਲਾਮਤਾਂ ਤੋਂ ਛੁਟਕਾਰਾ ਪਾਉਣ ਲਈ ਸੂਬਾ ਸਰਕਾਰ ਦਾ ਪੂਰਾ ਢਾਂਚਾ ਲੋਕਾਂ ਨਾਲ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਲੋਕਾਂ ਦੇ ਖ਼ਜ਼ਾਨੇ ਦੀ ਬੇਰਹਿਮੀ ਨਾਲ ਲੁੱਟ ਕੀਤੀ। ਉਨ੍ਹਾਂ ਕਿਹਾ ਕਿ ਕਰਦਾਤਾਵਾਂ ਦਾ ਪੈਸਾ ਲੁੱਟਣ ਵਿੱਚ ਪਿਛਲੀਆਂ ਸਰਕਾਰਾਂ ਨੇ ਅੰਗਰੇਜ਼ਾਂ ਨੂੰ ਵੀ ਪਿੱਛੇ ਛੱਡ ਦਿੱਤਾ। ਭਗਵੰਤ ਮਾਨ ਨੇ ਕਿਹਾ ਕਿ ਸਾਡੀ ਸਰਕਾਰ ਇਨ੍ਹਾਂ ਭਿ੍ਰਸ਼ਟ ਲੀਡਰਾਂ ਤੋਂ ਇਕ-ਇਕ ਪੈਸਾ ਵਾਪਸ ਕਰਵਾ ਕੇ ਇਸ ਨੂੰ ਲੋਕ ਭਲਾਈ ਲਈ ਵਰਤੇਗੀ।ਆਪਣੀ ਸਰਕਾਰ ਦੀਆਂ ਮਿਸਾਲੀ ਪਹਿਲਕਦਮੀਆਂ ਗਿਣਾਉਂਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਲੋਕਾਂ ਨੂੰ ਭਿ੍ਰਸ਼ਟਾਚਾਰ ਮੁਕਤ ਸ਼ਾਸਨ ਮੁਹੱਈਆ ਕਰਵਾ ਰਹੀ ਹੈ ਅਤੇ ਲੋਕਾਂ ਦੇ ਪੈਸੇ ਦੀ ਚੋਰੀ ਨੂੰ ਰੋਕ ਦਿੱਤਾ ਗਿਆ ਹੈ ਅਤੇ ਹੁਣ ਇਹ ਪੈਸਾ ਸੂਬੇ ਅਤੇ ਇਸ ਦੇ ਲੋਕਾਂ ਲਈ ਵਰਤਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਲੋਕਾਂ ਦੇ ਪੈਸੇ ਦੀ ਤਰਕਸੰਗਤ ਵਰਤੋਂ ਯਕੀਨੀ ਬਣਾਉਣ ਲਈ ਸਰਕਾਰ ਨੇ ‘ਇਕ ਵਿਧਾਇਕ, ਇਕ ਪੈਨਸ਼ਨ’ ਵਰਗਾ ਇਤਿਹਾਸਕ ਕਦਮ ਚੁੱਕਿਆ। ਭਗਵੰਤ ਮਾਨ ਨੇ ਕਿਹਾ ਕਿ ਇਸੇ ਤਰ੍ਹਾਂ ਮਿਆਰੀ ਸਿਹਤ ਸੇਵਾਵਾਂ ਮੁਹੱਈਆ ਕਰਨ ਲਈ ਸੂਬੇ ਭਰ ਵਿੱਚ 100 ਆਮ ਆਦਮੀ ਕਲੀਨਿਕ ਲੋਕਾਂ ਨੂੰ ਸਮਰਪਿਤ ਕੀਤੇ ਗਏ ਹਨ।ਮੁੱਖ ਮੰਤਰੀ ਨੇ ਕਿਹਾ ਹੁਣ ਤੱਕ ਦੋ ਲੱਖ ਤੋਂ ਵੱਧ ਮਰੀਜ਼ ਇਨ੍ਹਾਂ ਕਲੀਨਿਕਾਂ ਰਾਹੀਂ ਮੁਫ਼ਤ ਇਲਾਜ ਸਹੂਲਤਾਂ ਪ੍ਰਾਪਤ ਕਰ ਚੁੱਕੇ ਹਨ ਅਤੇ 30 ਹਜ਼ਾਰ ਤੋਂ ਵੱਧ ਖ਼ੂਨ ਦੇ ਟੈਸਟ ਕੀਤੇ ਜਾ ਚੁੱਕੇ ਹਨ ਅਤੇ ਉਹ ਵੀ ਮੁਫ਼ਤ। ਭਗਵੰਤ ਮਾਨ ਨੇ ਕਿਹਾ ਕਿ ਲੋਕਾਂ ਲਈ ਮਿਆਰੀ ਸਿਹਤ ਸੰਭਾਲ ਸਹੂਲਤਾਂ ਯਕੀਨੀ ਬਣਾਉਣ ਦੇ ਨਾਲ-ਨਾਲ ਇਨ੍ਹਾਂ ਕਲੀਨਿਕਾਂ ਨੇ ਵੱਡੇ ਹਸਪਤਾਲਾਂ ਤੋਂ ਵਾਧੂ ਬੋਝ ਨੂੰ ਵੀ ਘੱਟ ਕੀਤਾ ਹੈ। ਇਸੇ ਤਰ੍ਹਾਂ ਸੂਬੇ ਦੇ ਲੱਖਾਂ ਘਰਾਂ ਨੂੰ 600 ਯੂਨਿਟ ਮੁਫ਼ਤ ਬਿਜਲੀ ਦੀ ਸਹੂਲਤ ਮੁਹੱਈਆ ਕੀਤੀ ਜਾ ਰਹੀ ਹੈ।
ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਇਕ ਪਾਸੇ ਨਵੀਂ ਭਰਤੀ ਲਈ ਪ੍ਰਕਿਰਿਆ ਚੱਲ ਰਹੀ ਹੈ ਅਤੇ ਦੂਜੇ ਪਾਸੇ ਕੱਚੇ ਮੁਲਾਜ਼ਮਾਂ ਦੀਆਂ ਸੇਵਾਵਾਂ ਨੂੰ ਪੱਕਾ ਕਰਨ ਦਾ ਕੰਮ ਵੀ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਸੂਬਾ ਸਰਕਾਰ ਯੋਗ ਲਾਭਪਾਤਰੀਆਂ ਨੂੰ ਉਨ੍ਹਾਂ ਦੇ ਘਰਾਂ ਵਿੱਚ ਆਟਾ-ਦਾਲ ਮੁਹੱਈਆ ਕਰਨ ਲਈ ਇਕ ਸਕੀਮ ਸ਼ੁਰੂ ਕਰੇਗੀ। ਭਗਵੰਤ ਮਾਨ ਨੇ ਇਹ ਵੀ ਕਿਹਾ ਕਿ ਯੋਗ ਲਾਭਪਾਤਰੀਆਂ ਨੂੰ ਪੈਨਸ਼ਨਾਂ ਵੀ ਉਨ੍ਹਾਂ ਦੇ ਘਰਾਂ ਵਿੱਚ ਹੀ ਮੁਹੱਈਆ ਕੀਤੀਆਂ ਜਾਣਗੀਆਂ।ਮੁੱਖ ਮੰਤਰੀ ਨੇ ਆਖਿਆ ਕਿ ਸੂਬੇ ਵਿੱਚ ਖੇਡ ਸੱਭਿਆਚਾਰ ਨੂੰ ਵਿਕਸਤ ਕਰਨ ਲਈ ਸੂਬਾ ਸਰਕਾਰ ‘ਖੇਡਾਂ ਵਤਨ ਪੰਜਾਬ ਦੀਆਂ’ ਕਰਵਾ ਰਹੀ ਹੈ। ਮੇਲਿਆਂ ਨੂੰ ਪੰਜਾਬ ਦੀ ਰਵਾਇਤ ਦੱਸਦਿਆਂ ਭਗਵੰਤ ਮਾਨ ਨੇ ਕਿਹਾ ਕਿ ਸੂਬੇ ਦੀ ਪੁਰਾਤਨ ਸ਼ਾਨ ਬਹਾਲ ਕਰਨ ਲਈ ਮੇਲਿਆਂ ਦੀ ਰਵਾਇਤ ਨੂੰ ਜ਼ਰੂਰ ਜਿਊਂਦਾ ਰੱਖਿਆ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਮੇਲੇ ਹੋਰ ਰਾਜਾਂ ਦੇ ਸੱਭਿਆਚਾਰ, ਰਵਾਇਤਾਂ ਤੇ ਪ੍ਰਤਿਭਾਵਾਂ ਬਾਰੇ ਜਾਨਣ ਦਾ ਪਲੇਟਫਾਰਮ ਮੁਹੱਈਆ ਕਰਦੇ ਹਨ।ਬਾਬਾ ਸ਼ੇਖ ਫ਼ਰੀਦ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਮੁੱਖ ਮੰਤਰੀ ਨੇ ਉਨ੍ਹਾਂ ਨੂੰ ਮਹਾਨ ਰੂਹਾਨੀ ਸਫ਼ੀਰ, ਕਵੀ, ਪੈਗੰਬਰ ਤੇ ਭਾਰਤ ਵਿੱਚ ਸੂਫ਼ੀ ਵਿਚਾਰਧਾਰਾ ਦੇ ਬਾਨੀ ਦੱਸਿਆ। ਉਨ੍ਹਾਂ ਕਿਹਾ ਕਿ ਬਾਬਾ ਜੀ ਦਾ ਮਾਨਵਤਾਵਾਦੀ ਦਰਸ਼ਨ ਤੇ ਰੂਹਾਨੀਅਤ, ਪਿਆਰ, ਹਮਦਰਦੀ, ਬਰਾਬਰੀ, ਨਿਮਰਤਾ, ਭਾਈਚਾਰੇ ਤੇ ਆਜ਼ਾਦੀ ਦੇ ਸਿਧਾਂਤਾਂ ਦੀ ਸਰਬਉੱਚਤਾ ਅਤੇ ਵਿਆਪਕਤਾ ਉਤੇ ਆਧਾਰਤ ਹੈ। ਭਗਵੰਤ ਮਾਨ ਨੇ ਅੱਗੇ ਕਿਹਾ ਕਿ ਬਾਬਾ ਫ਼ਰੀਦ ਜੀ ਦਾ ਜੀਵਨ ਤੇ ਫਲਸਫ਼ਾ ਅਜੋਕੇ ਪਦਾਰਥਵਾਦੀ ਸਮਾਜ ਵਿੱਚ ਬਹੁਤ ਜ਼ਿਆਦਾ ਪ੍ਰਸੰਗਕ ਹੈ।
ਮੁੱਖ ਮੰਤਰੀ ਨੇ ਇਹ ਵੀ ਆਖਿਆ ਕਿ ਬਾਬਾ ਫ਼ਰੀਦ ਜੀ ਦੀਆਂ ਸਿੱਖਿਆਵਾਂ ਆਉਣ ਵਾਲੀਆਂ ਨਸਲਾਂ ਨੂੰ ਪੂਰੇ ਉਤਸ਼ਾਹ, ਸਮਰਪਣ ਤੇ ਨਿਮਰਤਾ ਨਾਲ ਲੋਕਾਈ ਦੀ ਸੇਵਾ ਕਰਨ ਲਈ ਪ੍ਰੇਰਨਾ ਦਾ ਸਰੋਤ ਬਣੀਆਂ ਰਹਿਣਗੀਆਂ। ਲੋਕਾਂ ਨੂੰ ਬਾਬਾ ਜੀ ਦੇ ਨਕਸ਼-ਏ-ਕਦਮ ਉਤੇ ਚੱਲਣ ਦੀ ਪ੍ਰੇਰਨਾ ਦਿੰਦਿਆਂ ਉਨ੍ਹਾਂ ਕਿਹਾ ਕਿ ਇਸ ਨਾਲ ਸਮਾਜ ਵਿੱਚ ਫਿਰਕੂ ਸਦਭਾਵਨਾ, ਅਮਨ ਤੇ ਭਾਈਚਾਰੇ ਦੀਆਂ ਕਦਰਾਂ-ਕੀਮਤਾਂ ਨੂੰ ਮਜ਼ਬੂਤ ਕਰਨ ਵਿੱਚ ਮਦਦ ਮਿਲੇਗੀ। ਭਗਵੰਤ ਮਾਨ ਨੇ ਐਲਾਨ ਕੀਤਾ ਕਿ ਫ਼ਰੀਦਕੋਟ ਜ਼ਿਲ੍ਹੇ ਦੇ ਵਿਕਾਸ ਨੂੰ ਵੱਡੀ ਗਤੀ ਦੇਣ ਲਈ ਹਰੇਕ ਕੋਸ਼ਿਸ਼ ਕੀਤੀ ਜਾਵੇਗੀ।ਇਸ ਤੋਂ ਪਹਿਲਾਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਜ਼ਿਲ੍ਹੇ ਵਿੱਚ ਪੁੱਜਣ ਉਤੇ ਮੁੱਖ ਮੰਤਰੀ ਦਾ ਸਵਾਗਤ ਕੀਤਾ। ਉਨ੍ਹਾਂ ਸੂਬੇ ਦਾ ਵੱਡੇ ਪੱਧਰ ਉਤੇ ਵਿਕਾਸ ਯਕੀਨੀ ਬਣਾਉਣ ਲਈ ਕਈ ਮਿਸਾਲੀ ਪਹਿਲਕਦਮੀਆਂ ਕਰਨ ਲਈ ਮੁੱਖ ਮੰਤਰੀ ਦੀ ਸ਼ਲਾਘਾ ਕੀਤੀ।ਆਪਣੇ ਸੰਬੋਧਨ ਵਿੱਚ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਇਸ ਸ਼ੁੱਭ ਮੌਕੇ ਉਤੇ ਲੋਕਾਂ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਦੀ ਅਗਵਾਈ ਹੇਠ ਸੂਬਾ ਸਰਕਾਰ ਲੋਕਾਂ ਦੀ ਭਲਾਈ ਲਈ ਅਣਥੱਕ ਮਿਹਨਤ ਕਰ ਰਹੀ ਹੈ।ਇਸ ਮੌਕੇ ਮੁੱਖ ਮੰਤਰੀ ਨੇ ਫ਼ਰੀਦਕੋਟ ਜ਼ਿਲ੍ਹੇ ਦੀਆਂ ਕਈ ਉੱਘੀਆਂ ਸ਼ਖ਼ਸੀਅਤਾਂ ਦਾ ਸਨਮਾਨ ਵੀ ਕੀਤਾ।ਸਮਾਗਮ ਦੌਰਾਨ ਲੋਕ ਸਭਾ ਮੈਂਬਰ ਮੁਹੰਮਦ ਸਦੀਕ, ਵਿਧਾਇਕ ਗੁਰਦਿੱਤ ਸਿੰਘ, ਅਮੋਲਕ ਸਿੰਘ, ਰਣਬੀਰ ਸਿੰਘ ਭੁੱਲਰ ਤੇ ਕਾਕਾ ਬਰਾੜ, ਸਾਬਕਾ ਸੰਸਦ ਮੈਂਬਰ ਪ੍ਰੋ. ਸਾਧੂ ਸਿੰਘ, ਮੁੱਖ ਮੰਤਰੀ ਦੇ ਵਧੀਕ ਮੁੱਖ ਸਕੱਤਰ ਏ ਵੇਨੂ ਪ੍ਰਸਾਦ ਤੇ ਹੋਰ ਹਾਜ਼ਰ ਸਨ।






