ਸੁਖਜਿੰਦਰ ਮਾਨ
ਬਠਿੰਡਾ, 23 ਸਤੰਬਰ: ਐੱਸ.ਐੱਸ.ਡੀ. ਕਾਲਜ ਆਫ ਪ੍ਰੋਫੈਸ਼ਨਲ ਸਟੱਡੀਜ਼ ਭੋਖੜਾ ਦੇ ਪਿ੍ਰੰਸੀਪਲ ਡਾ. ਰਾਜੇਸ਼ ਸਿੰਗਲਾ ਦੀ ਆਗਵਾਈ ਵਿੱਚ ਰੈੱਡ ਰੀਬਨ ਕਲੱਬ ਵੱਲੋਂ ਸਿਹਤ ਗਿਆਨ, ਬਲੱਡ ਡੁਨੇਸ਼ਨ, ਡਰੱਗ ਐਬਊਜ, ਏਡਜ, ਸਿਹਤ ਸੰਬੰਧੀ ਸੰਸਥਾਵਾਂ ਅਤੇ ਆਮ ਗਿਆਨ ਉਪਰ ਕੁਇਜ ਮੁਕਾਬਲਾ ਕਰਵਾਇਆ ਗਿਆ। ਕੁਇਜ ਮੁਕਾਬਲੇ ਵਿੱਚ ਕਾਲਜ ਦੇ ਆਰਟਸ, ਕਾਮਰਸ, ਕੰਪਿਊਟਰ ਸਾਇੰਸ ਦੇ ਵਿਦਿਆਰਥੀਆਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ। ਵਿਦਿਆਰਥੀਆਂ ਦੀਆਂ ਤਿੰਨ ਟੀਮਾਂ ਬਣਾਈਆ ਗਈਆ ਅਤੇ ਹਰ ਟੀਮ ਵਿੱਚ 4 ਵਿਦਿਆਰਥੀ ਸਨ। ਇਸ ਮੁਕਾਬਲੇ ਵਿੱਚ ਬੀ.ਕਾਮ ਕੋਰਸ ਦੀ ਟੀਮ ਜੇਤੂ ਰਹੀ। ਇਸ ਟੀਮ ਵਿੱਚੋਂ ਅੱਗੇ ਫਿਰ ਦੋ ਰਾਊਂਡ ਕਰਵਾਏ ਗਏ ਜਿਸ ਵਿੱਚੋਂ ਦੋ ਵਿਦਿਆਰਥੀ ਮਿਸ. ਅਰਾਧਨਾ ਨੇ ਪਹਿਲਾ ਸਥਾਨ ਅਤੇ ਮਿ. ਰੀਤੇਸ਼ ਨੇ ਦੂਜਾ ਸਥਾਨ ਹਾਸਿਲ ਕੀਤਾ। ਇਹ ਦੋ ਵਿਦਿਆਰਥੀ ਅੱਗੇ ਜਿਲ੍ਹਾ ਪੱਧਰ ਤੇ ਮਕਾਬਲੇ ਵਿੱਚ ਹਿੱਸਾ ਲੈਣਗੇ, ਜੋ ਕਿ ਯੁਵਕ ਸੇਵਾਵਾਂ ਵਿਭਾਗ ਬਠਿੰਡਾ ਹੇਠ ਕਰਵਾਇਆ ਜਾ ਰਿਹਾ ਹੈ। ਇਸ ਮੌਕੇ ਕਾਲਜ ਪ੍ਰਧਾਨ ਇੰਜ. ਭੂਸਣ ਜਿੰਦਲ , ਸਕੱਤਰ ਇੰਜ. ਪ੍ਰਦੀਪ ਮੰਗਲਾਂ ਅਤੇ ਪਿ੍ਰੰਸੀਪਲ ਡਾ. ਰਾਜੇਸ਼ ਸਿੰਗਲਾ, ਸਹਾਇਕ ਪ੍ਰੋ. ਰੀਤੂ, ਸਹਾਇਕ ਪ੍ਰੋ. ਮਨਪ੍ਰੀਤ ਕੌਰ ਨੇ ਵਿਦਿਆਰਥੀਆਂ ਨੂੰ ਵਧਾਈਆਂ ਦਿੱਤੀਆਂ ਅਤੇ ਨਾਲ ਹੀ ਵਿਦਿਆਰਥੀਆਂ ਨੂੰ ਸਰਟੀਫਿਕੇਟ ਵੰਡੇ।
ਐੱਸ.ਐੱਸ.ਡੀ. ਕਾਲਜ ਆਫ ਪ੍ਰੋਫੈਸ਼ਨਲ ਸਟੱਡੀਜ਼ ਭੋਖੜਾ ਵਲੋਂ ਕੁਇਜ ਮੁਕਾਬਲਾ ਆਯੋਜਿਤ
ਸੀਨੀਅਰ ਵਿਧਾਇਕਾ ਬਲਜਿੰਦਰ ਕੌਰ ਆਪ ਦੀ ਵਿਧਾਨ ਸਭਾ ’ਚ ਚੀਫ਼ ਵਿੱਪ ਨਿਯੁਕਤ
ਸੁਖਜਿੰਦਰ ਮਾਨ
ਚੰਡੀਗੜ੍ਹ, 21 ਸਤੰਬਰ : ਆਮ ਆਦਮੀ ਪਾਰਟੀ ਦੀ ਸੀਨੀਅਰ ਮਹਿਲਾ ਆਗੂ ਅਤੇ ਤਲਵੰਡੀ ਸਾਬੋ ਵਿਧਾਨ ਸਭਾ ਹਲਕੇ ਤੋਂ ਲਗਾਤਾਰ ਦੂਜੀ ਵਾਰ ਜਿੱਤ ਪ੍ਰਾਪਤ ਕਰਨ ਲਈ ਵਿਧਾਇਕਾ ਪ੍ਰੋ ਬਲਜਿੰਦਰ ਕੌਰ ਨੂੰ ਪਾਰਟੀ ਨੇ ਵਿਧਾਨ ਸਭਾ ਅੰਦਰ ਚੀਫ਼ ਵਿੱਪ ਨਿਯੁਕਤ ਕੀਤਾ ਹੈ। ਹਾਲਾਂਕਿ ਉਹ ਕੈਬਨਿਟ ਮੰਤਰੀ ਦੇ ਅਹੁੱਦੇ ਲਈ ਤਕੜੀ ਦਾਅਵੇਦਾਰ ਸੀ ਪ੍ਰੰਤੂ ਹੁਣ ਤੱਕ ਦੋ ਵਾਰ ਹੋਏ ਮੰਤਰੀ ਮੰਡਲ ਦੇ ਵਿਸਥਾਰ ਵਿਚ ਜਗਾਂ੍ਹ ਨਹੀਂ ਦਿੱਤੀ ਗਈ, ਜਿਸਦੇ ਚੱਲਦੇ ਕੋਈ ਹੋਰ ਵੱਡੀ ਜਿੰਮੇਵਾਰੀ ਦਿੱਤੇ ਜਾਣ ਦੀ ਚਰਚਾ ਸੀ। ਗੌਰਤਲਬ ਹੈ ਕਿ ਵਿਧਾਨ ਸਭਾ ਅੰਦਰ ਚੀਫ਼ ਵਿੱਪ ਦੀ ਮਹੱਤਵਪੂਰਨ ਸੰਵਿਧਾਨਕ ਜਿੰਮੇਵਾਰੀ ਹੁੰਦੀ ਹੈ। ਉਧਰ ਪਾਰਟੀ ਵਲੋਂ ਇਹ ਜਿੰਮੇਵਾਰੀ ਦੇਣ ’ਤੇ ਖ਼ੁਸੀ ਜਤਾਉਂਦਿਆਂ ਬੀਬੀ ਬਲਜਿੰਦਰ ਕੌਰ ਨੇ ਮੁੱਖ ਮੰਤਰੀ ਭਗਵੰਤ ਮਾਨ ਦਾ ਧੰਨਵਾਦ ਕਰਦਿਆਂ ਕਿਹਾ ਹੈ ਕਿ ਉਹ ਪੂਰੀ ਇਮਾਨਦਾਰੀ ਨਾਲ ਅਪਣੀ ਇਹ ਜਿੰਮੇਵਾਰੀ ਨਿਭਾਉਣਗੇ।
ਦਿੱਲੀ ਤੋਂ ਬਾਅਦ ਪੰਜਾਬ ’ਚ ਵੀ ਆਪ ਸਰਕਾਰ ਤੇ ਰਾਜਪਾਲ ਹੋਏ ਆਹਮੋ-ਸਾਹਮਣੇ
ਪੰਜਾਬ ਸਰਕਾਰ ਵਲੋਂ 22 ਸਤੰਬਰ ਨੂੰ ਸੱਦਿਆ ਵਿਸੇਸ ਸੈਸਨ ਰਾਜਪਾਲ ਵਲੋਂ ਰੱਦ
ਵਿਰੋਧੀਆਂ ਨੇ ਰਾਜਪਾਲ ਦੇ ਫੈਸਲੇ ਦਾ ਕੀਤਾ ਸਵਾਗਤ
ਸੁਖਜਿੰਦਰ ਮਾਨ
ਚੰਡੀਗੜ੍ਹ, 21 ਸਤੰਬਰ : ਦੇਸ ’ਚ ਭਾਜਪਾ ਦਾ ਬਦਲ ਬਣਨ ਦਾ ਖ਼ਵਾਬ ਦੇਖ ਰਹੀ ਆਮ ਆਦਮੀ ਪਾਰਟੀ ਦੀ ਦਿੱਲੀ ਤੋਂ ਬਾਅਦ ਪੰਜਾਬ ’ਚ ਸਥਿਤ ਸਰਕਾਰ ਤੇ ਰਾਜਪਾਲ ਵਿਚਕਾਰ ਟਕਰਾਅ ਦੀ ਸਥਿਤੀ ਬਣਨ ਲੱਗੀ ਹੈ। ਬੀਤੇ ਕੱਲ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਹੋਈ ਕੈਬਨਿਟ ਦੀ ਮੀਟਿੰਗ ’ਚ ਵਿਸਵਾਸ ਮਤ ਦਿਖਾਉਣ ਲਈ 22 ਸਤੰਬਰ ਨੂੰ ਵਿਧਾਨ ਸਭਾ ਦਾ ਇੱਕ ਰੋਜ਼ਾ ਸੈਸਨ ਸੱਦਣ ਦਾ ਫੈਸਲਾ ਪੰਜਾਬ ਦੇ ਰਾਜਪਾਲ ਸ਼੍ਰੀ ਬਨਵਾਰੀ ਲਾਲ ਪੁਰੋਹਿਤ ਨੇ ਰੱਦ ਕਰ ਦਿੱਤਾ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਰਾਜਪਾਲ ਦੇ ਇਸ ਫੈਸਲੇ ਨੂੰ ਲੋਕਤੰਤਰ ’ਤੇ ਹਮਲਾ ਕਰਾਰ ਦਿੱਤਾ ਹੈ। ਦੇਰ ਸ਼ਾਮ ਜਾਰੀ ਇੱਕ ਟਵੀਟ ਵਿਚ ਉਨ੍ਹਾਂ ਕਿਹਾ ਕਿ ‘‘ ਰਾਜਪਾਲ ਵਲੋਂ ਵਿਧਾਨ ਸਭਾ ਦਾ ਸੈਸਨ ਨਾ ਚੱਲਣ ਦੇਣਾ ਦੇਸ ਦੇ ਲੋਕਤੰਤਰ ’ਤੇ ਵੱਡੇ ਸਵਾਲ ਪੈਦਾ ਕਰਦਾ ਹੈ….ਹੁਣ ਲੋਕਤੰਤਰ ਨੂੰ ਕਰੋੜਾਂ ਲੋਕਾਂ ਦੇ ਚੁਣੇ ਹੋਏ ਪ੍ਰਤੀਨਿਧ ਚਲਾਉਣਗੇ ਜਾਂ ਦਿੱਲੀ ਕੇਂਦਰ ਸਰਕਾਰ ਦੁਆਰਾ ਨਿਯੁਕਤ ਕੀਤਾ ਹੋਇਆ ਇੱਕ ਵਿਅਕਤੀ ?? ਇੱਕ ਪਾਸੇ ਭੀਮ ਰਾਓ ਜੀ ਦਾ ਸੰਵਿਧਾਨ ਤੇ ਦੂੁਜੇ ਪਾਸੇ ਅਪਰੇਸ਼ਨ ਲੋਟਸ… ਜਨਤਾ ਸਭ ਦੇਖ ਰਹੀ ਹੈ। ’’ ਦੂਜੇ ਪਾਸੇ ਸੂਬੇ ਦੀਆਂ ਵਿਰੋਧੀ ਸਿਆਸੀ ਪਾਰਟੀਆਂ ਨੇ ਰਾਜਪਾਲ ਦੇ ਫੈਸਲੇ ’ਤੇ ਖ਼ੁਸੀ ਜਤਾਉਂਦਿਆਂ ਇਸਦਾ ਸਵਾਗਤ ਕੀਤਾ ਹੈ। ਸੁੂਚਨਾ ਮੁਤਾਬਕ ਰਾਜਪਾਲ ਵਲੋਂ ਪੰਜਾਬ ਸਰਕਾਰ ਨੂੰ ਸੂਚਿਤ ਕੀਤੇ ਫੈਸਲੇ ਮੁਤਾਬਕ ਦਾਅਵਾ ਕੀਤਾ ਗਿਆ ਹੈ ਕਿ ਪੰਜਾਬ ਵਿਧਾਨ ਸਭਾ ਦੇ ਰੂਲਾਂ ਵਿਚ ਅਜਿਹਾ ਕੋਈ ਪ੍ਰਵਾਧਾਨ ਨਹੀਂ ਹੈ ਕਿ ਕੋਈ ਸਰਕਾਰ ਅਪਣੇ ਪੱਖ ’ਚ ਬਹੁਮਤ ਸਾਬਤ ਕਰਨ ਲਈ ਵਿਧਾਨ ਸਭਾ ਦਾ ਸੈਸਨ ਸੱਦ ਸਕੇ। ਉਝ ਵਿਰੋਧੀ ਧਿਰਾਂ ਸਰਕਾਰ ਵਿਰੁਧ ਬੇਵਿਸਵਾਸ਼ੀ ਦਾ ਮਤਾ ਪੇਸ਼ ਕਰ ਸਕਦੀਆਂ ਹਨ। ਰਾਜਪਾਲ ਦੇ ਸਕੱਤਰ ਵਲੋਂ ਪੰਜਾਬ ਸਰਕਾਰ ਨੂੰ ਲਿਖੇ ਪੱਤਰ ਮੁਤਾਬਕ ਇਸ ਮਾਮਲੇ ਵਿਚ ਕਾਨੂੰਨੀ ਸਲਾਹ ਵੀ ਲਈ ਗਈ ਹੈ, ਜਿਸ ਵਿਚ ਵੀ ਇਸ ਤਰ੍ਹਾਂ ਦੇ ਸੈਸਨ ਸੱਦੇ ਜਾਣ ਦੀ ਗੱਲ ਨੂੰ ਰੱਦ ਕੀਤਾ ਗਿਆ ਹੈ। ਗੌਰਤਲਬ ਹੈ ਕਿ ਪਿਛਲੇ ਕੁੱਝ ਦਿਨਾਂ ਤੋਂ ਆਮ ਆਦਮੀ ਪਾਰਟੀ ਤੇ ਸੂਬਾ ਸਰਕਾਰ ਵਲੋਂ ਭਾਜਪਾ ਉਪਰ ਅਪਣੇ ਵਿਧਾਇਕਾਂ ਦੀ ਖ਼ਰੀਦੋ-ਫ਼ਰੌਖਤ ਦੇ ਦੋਸ਼ ਲਗਾਏ ਜਾ ਰਹੇ ਸਨ। ਹਾਲਾਂਕਿ ਭਾਜਪਾ ਨੇ ਇਸ ਤਰ੍ਹਾਂ ਦੇ ਦੋਸ਼ਾਂ ਨੂੰ ਰੱਦ ਕਰ ਦਿੱਤਾ ਸੀ ਪ੍ਰੰਤੂ ਆਪ ਸਰਕਾਰ ਨੇ ਵਿਰੋਧੀ ਧਿਰਾਂ ਨੂੰ ਠਿੱਬੀ ਲਗਾਉਣ ਲਈ ਇਹ ਇੱਕ ਰੋਜ਼ਾ ਵਿਸੇਸ ਸੈਸਨ ਸੱਦਣ ਦਾ ਫੈਸਲਾ ਲਿਆ ਸੀ। ਇੱਥੇ ਦਸਣਾ ਬਣਦਾ ਹੈ ਕਿ ਪੰਜਾਬ ਵਿਧਾਨ ਸਭਾ ਦੇ ਕੁੱਲ 117 ਵਿਧਾਇਕਾਂ ਵਿਚੋਂ 92 ਵਿਧਾਇਕ ਆਮ ਆਦਮੀ ਪਾਰਟੀ ਕੋਲ ਹਨ, ਜਿੰਨ੍ਹਾਂ ਵਿਚੋਂ ਹਾਲੇ ਤੱਕ ਕਿਸੇ ਨੇ ਵੀ ਬਾਗੀ ਸੁਰ ਨਹੀਂ ਕੱਢੀ ਹੈ। ਇਸਦੇ ਬਾਵਜੂਦ ਸਰਕਾਰ ਵਲੋਂ ਇਹ ਵਿਸੇਸ ਸੈਸਨ ਸੱਦਣ ’ਤੇ ਵਿਰੋਧੀ ਧਿਰਾਂ ਵਲੋਂ ਇਤਰਾਜ਼ ਉਠਾਇਆ ਜਾ ਰਿਹਾ ਸੀ ਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਸਹਿਤ ਸੁਖਪਾਲ ਸਿੰਘ ਖ਼ਹਿਰਾ ਤੋਂ ਇਲਾਵਾ ਭਾਜਪਾ ਦੇ ਸੂੁਬਾ ਪ੍ਰਧਾਨ ਅਸ਼ਵਨੀ ਸ਼ਰਮਾ ਵਲੋਂ ਰਾਜਪਾਲ ਨੂੰ ਇਹ ਸੈਸਨ ਰੱਦ ਕਰਨ ਲਈ ਅਪੀਲਾਂ ਕੀਤੀਆਂ ਸਨ। ਉਧਰ ਰਾਜਪਾਲ ਦੇ ਇਸ ਫੈਸਲੇ ’ਤੇ ਟਿੱਪਣੀ ਕਰਦਿਆਂ ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਭਾਵੇਂ ਰਾਜਪਾਲ ਦੇ ਫੈਸਲੇ ਨਾਲ ਜਨਤਾ ਦਾ ਪੈਸਾ ਬਰਬਾਦ ਹੋਣ ਤੋਂ ਬੱਚ ਗਿਆ ਹੈ ਪਰ ਇਸ ਸਾਰੇ ਮਾਮਲੇ ਦੀ ਵਿਸਥਾਰਿਤ ਜਾਂਚ ਦੀ ਲੋੜ ਹੈ ਤਾਂ ਜੋ ਆਪ ਵੱਲੋਂ ਕੀਤੇ ਜਾ ਰਹੇ ਦਾਅਵੇ ਅਨੁਸਾਰ ਸਾਜ਼ਿਸ਼ ਦੇ ਅਸਲ ਦੋਸ਼ੀ ਬੇਨਕਾਬ ਹੋ ਸਕਣ। ਉਹਨਾਂ ਕਿਹਾ ਕਿ ਆਪ ਨੇ ਦਾਅਵਾ ਕੀਤਾ ਹੈ ਕਿ ਇਸਦੇ ਵਿਧਾਇਕਾਂ ਤੱਕ ਭਾਜਪਾ ਨੇ ਪਹੁੰਚ ਕੀਤੀ ਤੇ ਇਹ ਸਭ ਕੁਝ ਚੰਡੀਗੜ੍ਹ ਵਿਚ ਹੋਇਆ। ਇਸ ਤਰੀਕੇ ਇਹ ਅਪਰਾਧ ਚੰਡੀਗੜ੍ਹ ਪੁਲਿਸ ਦੇ ਅਧਿਕਾਰ ਖੇਤਰ ਵਿਚ ਆਉਂਦਾ ਹੈ ਤੇ ਚੰਡੀਗੜ੍ਹ ਦਾ ਪ੍ਰਸ਼ਾਸਕ ਹੋਣ ਦੇ ਨਾਅਤੇ ਰਾਜਪਾਲ ਨੂੰ ਇਸ ਮਾਮਲੇ ਦੀ ਵਿਸਥਾਰਤ ਜਾਂਚ ਦੇ ਹੁਕਮ ਦੇਣੇ ਚਾਹੀਦੇ ਹਨ। ਉਹਨਾਂ ਕਿਹਾ ਕਿ ਜਿਸਨੇ ਆਪ ਵਿਧਾਇਕਾਂ ਤੱਕ ਪਹੁੰਚ ਕੀਤੀ, ਉਹ ਸਾਰੇ ਆਗੂ ਜਾਂ ਵਿਚੋਲੇ ਲੋਕਾਂ ਸਾਹਮਣੇ ਬੇਨਕਾਬ ਹੋਣੇ ਚਾਹੀਦੇ ਹੈ ਪਰ ਜੇਕਰ ਆਪ ਦੇ ਦਾਅਵੇ ਝੂਠੇ ਨਿਕਲਦੇ ਹਨ ਤਾਂ ਫਿਰ ਇਹ ਸਾਜ਼ਿਸ਼ ਦੀ ਕਹਾਣੀ ਘੜਨ ਲਈ ਆਪ ਦੀ ਲੀਡਰਸ਼ਿਪ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ।
ਸੂਬੇ ਨੂੰ ਖੇਡਾਂ ਚ ਦੇਸ਼ ਦਾ ਨੰਬਰ 1 ਬਣਾਉਣ ਦਾ ਸੁਪਨਾ ਹੈ : ਮੀਤ ਹੇਅਰ
ਸੇਲਬਰਾਹ ਵਿਖੇ ਖੇਡ ਟੂਰਨਾਮੈਂਟ ਵਿੱਚ ਮੁੱਖ ਮਹਿਮਾਨ ਵਜੋਂ ਕੀਤੀ ਸ਼ਿਰਕਤ
ਪੰਜਾਬੀ ਖ਼ਬਰਸਾਰ ਬਿਉਰੋ
ਸੇਲਬਰਾਹ (ਬਠਿੰਡਾ), 21 ਸਤੰਬਰ : ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਵਲੋਂ ਪੰਜਾਬ ਵਿੱਚ ਖੇਡਾਂ ਤੇ ਖਿਡਾਰੀਆਂ ਨੂੰ ਬੁਲੰਦੀਆ ਤੇ ਪਹੁੰਚਾਉਣ ਲਈ ਪੂਰੇ ਯਤਨ ਕੀਤੇ ਜਾ ਰਹੇ ਹਨ । ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਪੰਜਾਬ ਦੇ ਖੇਡ ਮੰਤਰੀ ਸ. ਗੁਰਮੀਤ ਸਿੰਘ ਮੀਤ ਹੇਅਰ ਵੱਲੋਂ ਜ਼ਿਲ੍ਹੇ ਦੇ ਪਿੰਡ ਸੇਲਬਰਾਹ ਵਿਖੇ ਕਰਵਾਏ ਗਏ 47ਵੇਂ ਕਬੱਡੀ ਕੱਪ ਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨ ਮੌਕੇ ਕੀਤਾ। ਇਸ ਮੌਕੇ ਵਿਧਾਇਕ ਰਾਮਪੁਰਾ ਫੂਲ ਸ੍ਰੀ ਬਲਕਾਰ ਸਿੱਧੂ ਤੇ ਵਿਧਾਇਕ ਅੰਮ੍ਰਿਤਪਾਲ ਸਿੰਘ ਸੁਖਾਨੰਦ ਵਿਸ਼ੇਸ਼ ਤੌਰ ਤੇ ਹਾਜ਼ਰ ਰਹੇ।ਕੈਬਨਿਟ ਮੰਤਰੀ ਸ੍ਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਇਸ ਮੌਕੇ ਕਿਹਾ ਕਿ ਕਿਸੇ ਸਮੇਂ ਸੂਬਾ ਖੇਡਾਂ ਵਿੱਚ ਨੰਬਰ 1 ਹੋਇਆ ਕਰਦਾ ਸੀ, ਪਰ ਪਿਛਲੇ ਸਮੇਂ ਦੌਰਾਨ ਸੂਬਾ ਖੇਡਾਂ ਵਿੱਚ ਕਾਫ਼ੀ ਪਿੱਛੇ ਚਲਾ ਗਿਆ ਸੀ, ਹੁਣ ਸਾਨੂੰ ਸਾਰਿਆਂ ਨੂੰ ਜ਼ਰੂਰਤ ਹੈ ਰਲਮਿਲ ਕੇ ਹੰਭਲਾ ਮਾਰਨ ਦੀ ਤਾਂ ਜੋ ਸੂਬੇ ਨੂੰ ਫ਼ਿਰ ਤੋਂ ਖੇਡਾਂ ਵਿੱਚ ਨੰਬਰ 1 ਤੇ ਲਿਆਂਦਾ ਜਾ ਸਕੇ।
ਸ੍ਰੀ ਮੀਤ ਹੇਅਰ ਨੇ ਇਸ ਮੌਕੇ ਮੌਜੂਦ ਇਕੱਠ ਨੂੰ ਸੰਬੋਧਤ ਹੁੰਦਿਆਂ ਕਿਹਾ ਕਿ ਸੂਬਾ ਸਰਕਾਰ ਖੇਡਾਂ, ਸਿੱਖਿਆ, ਸਿਹਤ ਸੇਵਾਵਾਂ ਅਤੇ ਹੋਰ ਲੋਕ ਭਲਾਈ ਦੇ ਕੰਮਾਂ ਨੂੰ ਪਹਿਲ ਦੇ ਆਧਾਰ ਤੇ ਕਰ ਰਹੀ ਹੈ ਤਾਂ ਜੋ ਆਮ ਲੋਕਾਂ ਨੂੰ ਕਿਸੇ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ। ਇਸ ਮੌਕੇ ਪਿੰਡ ਵਾਸੀਆਂ ਅਤੇ ਖਿਆਰੀਆਂ ਦੀ ਮੰਗ ਅਨੁਸਾਰ ਉਨ੍ਹਾਂ ਪਿੰਡ ਸੇਲਬਰਾਹ ਲਈ ਵਾਲੀਬਾਲ ਦਾ ਗਰਾਊਂਡ, ਜਿੰਮ ਅਤੇ ਖੇਡ ਗਰਾਊਂਡ ਵਿੱਚ ਸੈਡ ਬਣਾਉਣ ਦਾ ਵੀ ਐਲਾਨ ਕੀਤਾ।ਇਸ ਤੋਂ ਪਹਿਲਾਂ ਕੈਬਨਿਟ ਮੰਤਰੀ ਸ੍ਰੀ ਮੀਤ ਹੇਅਰ ਨੇ ਗਰਾਊਂਡ ਵਿਚ ਜਾਕੇ ਨੌਜਵਾਨ ਖਿਡਾਰੀਆਂ ਨਾਲ ਗੱਲਬਾਤ ਦੌਰਾਨ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਜਿਸ ਤਰ੍ਹਾਂ ਅੱਜ ਤੁਸੀਂ ਖੇਡ ਦੇ ਮੈਦਾਨ ਵਿੱਚ ਆਪਣੀ ਕਲਾ ਦੇ ਜੌਹਰ ਦਿਖਾਏ ਹਨ, ਉਸੇ ਤਰ੍ਹਾਂ ਤੁਸੀਂ ਆਉਣ ਵਾਲੇ ਸਮੇਂ ਵਿੱਚ ਇਸ ਤੋਂ ਵੀ ਵਧੀਆ ਖੇਡ ਦਾ ਪ੍ਰਦਰਸ਼ਨ ਕਰਕੇ ਬੁਲੰਦੀਆਂ ਤੇ ਪਹੁੰਚੋਗੇ। ਉਨ੍ਹਾਂ ਵੱਖ-ਵੱਖ ਟੀਮਾਂ ਦੇ ਖਿਡਾਰੀਆਂ ਦੀ ਹੌਂਸਲਾ ਅਫ਼ਜਾਈ ਕਰਦਿਆਂ ਕਿਹਾ ਖੇਡ ਦੌਰਾਨ ਜਿੱਤ ਹਾਰ ਤਾਂ ਹੁੰਦੀ ਰਹਿੰਦੀ ਹੈ, ਪਰ ਸਾਨੂੰ ਪੂਰੇ ਜਜ਼ਬੇ ਤੇ ਹਿੰਮਤ ਨਾਲ ਖੇਡ ਦੇ ਮੈਦਾਨ ਵਿੱਚ ਉਤਰਕੇ ਆਪਣੀ ਖੇਡ ਦੇ ਜੌਹਰ ਦਿਖਾਉਣੇ ਚਾਹੀਦੇ ਹਨ। ਇਸ ਮੌਕੇ ਖੇਡ ਪ੍ਰਬੰਧਕਾਂ ਵੱਲੋਂ ਕੈਬਨਿਟ ਮੰਤਰੀ ਸ੍ਰੀ ਗੁਰਮੀਤ ਸਿੰਘ ਮੀਤ ਹੇਅਰ ਨੂੰ ਯਾਦਗਾਰੀ ਚਿੰਨ ਦੇ ਕੇ ਸਨਮਾਨਿਤ ਵੀ ਕੀਤਾ ਗਿਆ।
ਆਰ.ਬੀ.ਆਈ ਵਲੋਂ ਪੰਜਾਬ ਚ ਝੋਨੇ ਦੀ ਖਰੀਦ ਲਈ 36,999 ਕਰੋੜ ਰੁਪਏ ਦੀ ਨਗਦ ਕਰਜ਼ਾ ਹੱਦ ਮਨਜ਼ੂਰ
ਪਹਿਲੇ ਦਿਨ ਤੋਂ ਹੀ ਕਿਸਾਨਾਂ ਦੇ ਖਾਤਿਆਂ ਵਿੱਚ ਫਸਲ ਦਾ ਭੁਗਤਾਨ ਹੋਵੇਗਾ-ਮੁੱਖ ਮੰਤਰੀ
ਕਿਸਾਨਾਂ ਦੀ ਮਿਹਨਤ ਮੁਸ਼ੱਕਤ ਨਾਲ ਪਾਲੀ ਫਸਲ ਦਾ ਦਾਣਾ-ਦਾਣਾ ਖਰੀਦਿਆ ਜਾਵੇਗਾ- ਮੁੱਖ ਮੰਤਰੀ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 21 ਸਤੰਬਰ: ਭਾਰਤੀ ਰਿਜ਼ਰਵ ਬੈਂਕ ਨੇ ਅੱਜ ਝੋਨੇ ਦੇ ਆਗਾਮੀ ਖਰੀਦ ਸੀਜ਼ਨ ਲਈ ਅਕਤੂਬਰ, 2022 ਲਈ ਨਗਦ ਕਰਜ਼ਾ ਹੱਦ (ਸੀ.ਸੀ.ਐਲ.) 36,999 ਕਰੋੜ ਰੁਪਏ ਦੀ ਪਹਿਲੀ ਕਿਸ਼ਤ ਜਾਰੀ ਕਰ ਦਿੱਤੀ ਹੈ ਅਤੇ ਇਹ ਰਾਸ਼ੀ ਵਰਤਣ ਤੋਂ ਬਾਅਦ ਨਵੰਬਰ, 2022 ਮਹੀਨੇ ਲਈ 7,500 ਕਰੋੜ ਰੁਪਏ ਜਾਰੀ ਕੀਤੇ ਜਾਣ ਦੀ ਉਮੀਦ ਹੈ।ਇਨ੍ਹਾਂ ਵੇਰਵਿਆਂ ਨੂੰ ਸਾਂਝਾ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਨਗਦ ਕਰਜ਼ਾ ਹੱਦ ਦੀ ਜਲਦੀ ਪ੍ਰਵਾਨਗੀ ਝੋਨੇ ਦੇ ਆਗਾਮੀ ਖਰੀਦ ਸੀਜ਼ਨ ਲਈ ਸਮੇਂ ਸਿਰ ਤਿਆਰੀਆਂ ਨੂੰ ਯਕੀਨੀ ਬਣਾਏਗੀ ਅਤੇ ਇਕ ਅਕਤੂਬਰ ਤੋਂ ਹੀ ਕਿਸਾਨਾਂ ਦੇ ਖਾਤਿਆਂ ਵਿੱਚ ਸਿੱਧੇ ਤੌਰ ‘ਤੇ ਭੁਗਤਾਨ ਕਰਨ ਦੀ ਸਹੂਲਤ ਦੇਵੇਗੀ।
ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਸਾਉਣੀ ਸੀਜ਼ਨ ‘ਆਪ’ ਸਰਕਾਰ ਦਾ ਪਹਿਲਾ ਝੋਨੇ ਦਾ ਖਰੀਦ ਸੀਜ਼ਨ ਹੈ ਅਤੇ ਇਸ ਲਈ ਉਨ੍ਹਾਂ ਨੇ ਮਈ ਮਹੀਨੇ ਵਿੱਚ ਹੀ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਵਿਭਾਗ ਨੂੰ ਇਸ ਸਬੰਧੀ ਅਗਾਊਂ ਯੋਜਨਾਬੰਦੀ ਕਰਨ ਦੇ ਨਿਰਦੇਸ਼ ਜਾਰੀ ਕੀਤੇ ਸਨ। ਉਨ੍ਹਾਂ ਕਿਹਾ ਕਿ ਇਸ ਦੇ ਨਤੀਜੇ ਵਜੋਂ ਸਰਕਾਰ ਨੇ ਨਵੀਨਤਮ ਆਈ.ਟੀ. ਤਕਨੀਕਾਂ ਦੀ ਵਰਤੋਂ ਕਰਕੇ ਇਸ ਪ੍ਰਕਿਰਿਆ ਨੂੰ ਪੂਰੀ ਤਰ੍ਹਾਂ ਪਾਰਦਰਸ਼ੀ ਅਤੇ ਕੁਸ਼ਲ ਬਣਾਉਣ ਲਈ ਮਿਲਿੰਗ, ਟਰਾਂਸਪੋਰਟ, ਲੇਬਰ ਅਤੇ ਸਟਾਕ ਵਸਤਾਂ ਦੀ ਖਰੀਦ ਨਾਲ ਸਬੰਧਤ ਸਰਕਾਰੀ ਨੀਤੀਆਂ ਨੂੰ ਪੂਰੀ ਤਰ੍ਹਾਂ ਬਦਲ ਦਿੱਤਾ ਹੈ।ਕਾਂਗਰਸ ਨੂੰ ਕਰੜੇ ਹੱਥੀਂ ਲੈਂਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਆਪਣੇ ਮਾੜੇ ਸ਼ਾਸਨ ਦੌਰਾਨ ਸੂਬਾ ਸਰਕਾਰ ਚਾਰ ਵਾਰ ਝੋਨੇ ਦੀ ਖਰੀਦ ਸੀਜ਼ਨ ਸ਼ੁਰੂ ਹੋਣ ਤੋਂ ਪਹਿਲਾਂ ਸਮੇਂ ਸਿਰ ਨਗਦ ਕਰਜ਼ਾ ਹੱਦ ਹਾਸਲ ਕਰਨ ਵਿੱਚ ਅਸਫਲ ਰਹੀ। ਸਿੱਟੇ ਵਜੋਂ ਇਨ੍ਹਾਂ ਚਾਰ ਸਾਲਾਂ ਵਿੱਚ ਕਿਸਾਨਾਂ ਨੂੰ ਆਪਣੀ ਮਿਹਨਤ ਨਾਲ ਪਾਲੀ ਫਸਲ ਦੀ ਅਦਾਇਗੀ ਲਈ ਪਹਿਲਾਂ ਹਫ਼ਤਿਆਂ ਤੱਕ ਉਡੀਕ ਕਰਨੀ ਪਈ।ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਸਰਕਾਰ ਪੰਜਾਬ ਦੇ ਕਿਸਾਨਾਂ ਵੱਲੋਂ ਪੈਦਾ ਕੀਤੇ ਝੋਨੇ ਦਾ ਇੱਕ-ਇੱਕ ਦਾਣਾ ਖਰੀਦਣ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਪੰਜਾਬ ਰਾਸ਼ਟਰੀ ਖੁਰਾਕ ਸੁਰੱਖਿਆ ਯਕੀਨੀ ਬਣਾਉਣ ਲਈ ਹਮੇਸ਼ਾ ਮੋਹਰੀ ਰਿਹਾ ਹੈ ਅਤੇ ਸੂਬਾ ਅੱਗੇ ਵੀ ਇਹ ਰਵਾਇਤ ਜਾਰੀ ਰੱਖੇਗਾ।
ਆਸਟਰੇਲੀਆਈ ਕੰਪਨੀ ਨੇ ਮੁੱਖ ਮੰਤਰੀ ਨਾਲ ਕੀਤੀ ਮੀਟਿੰਗ
ਮਿਉਂਸਪਲ ਠੋਸ ਰਹਿੰਦ-ਖੂੰਹਦ ਦੀ ਪ੍ਰਾਸੈਸਿੰਗ ਵਿਗਿਆਨਕ ਢੰਗ ਨਾਲ ਕਰਨ ਲਈ ਪਲਾਂਟ ਸਥਾਪਤ ਕਰਨ ਵਾਸਤੇ ਦਿਖਾਈ ਡੂੰਘੀ ਦਿਲਚਸਪੀ
ਮੁੱਖ ਮੰਤਰੀ ਵੱਲੋਂ ਸਥਾਨਕ ਸਰਕਾਰਾਂ ਵਿਭਾਗ ਨੂੰ ਮਿਉਂਸਪਲ ਠੋਸ ਰਹਿੰਦ-ਖੂੰਹਦ ਨੂੰ ਈਕੋ-ਫਿਊਲ ਵਿੱਚ ਬਦਲਣ ਦੀ ਸੰਭਾਵਨਾ ਦਾ ਪਤਾ ਲਗਾਉਣ ਦੇ ਨਿਰਦੇਸ਼
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 21 ਸਤੰਬਰ: ਸੂਬੇ ਵਿੱਚ ਠੋਸ ਰਹਿੰਦ-ਖੂੰਹਦ ਦੇ ਪ੍ਰਭਾਵਸ਼ਾਲੀ ਪ੍ਰਬੰਧਨ ਨੂੰ ਯਕੀਨੀ ਬਣਾਉਣ ਸਬੰਧੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੀਤੇ ਜਾ ਰਹੇ ਅਣਥੱਕ ਯਤਨਾਂ ਸਦਕਾ ਆਸਟਰੇਲੀਆਈ ਕੰਪਨੀ ਮੈਸ਼ਰਜ ਕੰਟੀਨਿਊਮ ਐਨਰਜੀ ਨੇ ਮਿਉਂਸਪਲ ਠੋਸ ਰਹਿੰਦ-ਖੂੰਹਦ ਦੀ ਵਿਗਿਆਨਕ ਪ੍ਰਕਿਰਿਆ ਲਈ ਪਲਾਂਟ ਸਥਾਪਤ ਕਰਨ ਵਿੱਚ ਡੂੰਘੀ ਦਿਲਚਸਪੀ ਦਿਖਾਈ ਹੈ।ਇਸ ਦੌਰਾਨ ਮੁੱਖ ਮੰਤਰੀ ਨੇ ਸਥਾਨਕ ਸਰਕਾਰਾਂ ਵਿਭਾਗ ਨੂੰ ਆਸਟਰੇਲੀਆਈ ਕੰਪਨੀ ਨਾਲ ਰਣਨੀਤਕ ਸਮਝੌਤੇ ਰਾਹੀਂ ਮਿਉਂਸਪਲ ਠੋਸ ਰਹਿੰਦ-ਖੂੰਹਦ ਨੂੰ ਉੱਚ ਕੈਲੋਰੀਫਿਕ ਈਕੋ-ਫਿਊਲ ਵਿੱਚ ਤਬਦੀਲ ਕਰਨ ਦੀ ਸੰਭਾਵਨਾ ਦਾ ਪਤਾ ਲਗਾਉਣ ਲਈ ਕਿਹਾ। ਇਹ ਫੈਸਲਾ ਮੁੱਖ ਮੰਤਰੀ ਨੇ ਅੱਜ ਇੱਥੇ ਪੰਜਾਬ ਸਿਵਲ ਸਕੱਤਰੇਤ ਸਥਿਤ ਆਪਣੇ ਦਫ਼ਤਰ ਵਿਖੇ ਆਸਟਰੇਲੀਆਈ ਕੰਪਨੀ ਨਾਲ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਲਿਆ।ਵਿਚਾਰ-ਵਟਾਂਦਰੇ ਵਿੱਚ ਹਿੱਸਾ ਲੈਂਦਿਆਂ ਮੁੱਖ ਮੰਤਰੀ ਨੇ ਮਿਉਂਸਪਲ ਠੋਸ ਰਹਿੰਦ-ਖੂੰਹਦ ਨਾਲ ਵਿਗਿਆਨਕ ਢੰਗ ਨਾਲ ਨਜਿੱਠਣ ਲਈ ਠੋਸ ਯਤਨ ਕਰਨ ਲਈ ਕਿਹਾ। ਉਨ੍ਹਾਂ ਨੇ ਸਥਾਨਕ ਸਰਕਾਰਾਂ ਵਿਭਾਗ ਨੂੰ ਇੱਕ ਆਸਟਰੇਲੀਆਈ ਕੰਪਨੀ ਨਾਲ ਮਿਉਂਸਪਲ ਠੋਸ ਰਹਿੰਦ-ਖੂੰਹਦ ਨੂੰ ਈਕੋ-ਫਿਊਲ ਵਿੱਚ ਤਬਦੀਲ ਕਰਨ ਸਬੰਧੀ ਪ੍ਰੋਜੈਕਟ ਦੇ ਵੇਰਵਿਆਂ ਦਾ ਅਧਿਐਨ ਕਰਨ ਦੇ ਨਿਰਦੇਸ਼ ਦਿੱਤੇ। ਭਗਵੰਤ ਮਾਨ ਨੇ ਆਸ ਪ੍ਰਗਟਾਈ ਕਿ ਇਹ ਪ੍ਰੋਜੈਕਟ ਸੂਬੇ ਦੇ ਸ਼ਹਿਰੀ ਖੇਤਰਾਂ ਵਿੱਚ ਠੋਸ ਰਹਿੰਦ-ਖੂੰਹਦ ਦੀ ਗੰਭੀਰ ਸਮੱਸਿਆ ਨੂੰ ਹੱਲ ਕਰਨ ਲਈ ਇੱਕ ਉਤਪ੍ਰੇਰਕ ਵਜੋਂ ਕੰਮ ਕਰ ਸਕਦਾ ਹੈ।
ਮੁੱਖ ਮੰਤਰੀ ਨੇ ਅਧਿਕਾਰੀਆਂ ਨੂੰ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀਆਂ ਨਾਲ ਮਿਲ ਕੇ ਈਕੋ ਫਿਊਲ ਨਾਲ ਪੈਦਾ ਹੋਣ ਵਾਲੇ ਪਦਾਰਥਾਂ ਦੀ ਜਾਂਚ ਕਰਨ ਲਈ ਵੀ ਆਖਿਆ ਤਾਂ ਜੋ ਇਸ ਤਕਨਾਲੋਜੀ ਦੇ ਭਾਰਤੀ ਸਥਿਤੀਆਂ ਅਨੁਸਾਰ ਟਿਕਾਊਪਣ ਅਤੇ ਰੈਗੂਲੇਟਰੀ ਨਿਯਮਾਂ ਦੀ ਪਾਲਣਾ ਦਾ ਪਤਾ ਲਗਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਸੂਬੇ ਦੇ ਸ਼ਹਿਰਾਂ ਨੂੰ ਸਾਫ਼-ਸੁਥਰਾ, ਹਰਿਆ-ਭਰਿਆ ਅਤੇ ਪ੍ਰਦੂਸ਼ਣ ਮੁਕਤ ਬਣਾਉਣ ਲਈ ਠੋਸ ਰਹਿੰਦ-ਖੂੰਹਦ ਪ੍ਰਬੰਧਨ ਸਮੇਂ ਦੀ ਲੋੜ ਹੈ। ਭਗਵੰਤ ਮਾਨ ਨੇ ਜ਼ੋਰ ਦੇ ਕੇ ਕਿਹਾ ਕਿ ਈਕੋ-ਫਿਊਲ ਦੀ ਵਰਤੋਂ ਪਾਵਰ ਸਟੇਸ਼ਨਾਂ ਅਤੇ ਭੱਠਿਆਂ ਵਿੱਚ ਕੋਲੇ, ਭਾਰੀ ਈਂਧਣ, ਡੀਜ਼ਲ, ਗੈਸ ਅਤੇ ਹੋਰ ਉੱਚ ਕਾਰਬਨ/ਮਹਿੰਗੇ ਈਂਧਨ ਸਰੋਤਾਂ ਦੀ ਪੂਰਤੀ ਲਈ ਕੀਤੀ ਜਾ ਸਕਦੀ ਹੈ ਅਤੇ ਇਸ ਨਾਲ ਲੋਕਾਂ ਨੂੰ ਕਾਫ਼ੀ ਲਾਭ ਹੋ ਸਕਦਾ ਹੈ।ਇਸ ਤੋਂ ਪਹਿਲਾਂ ਮੈਸਰਜ਼ ਕੰਟੀਨਿਊਮ ਐਨਰਜੀ, ਆਸਟ੍ਰੇਲੀਆ ਦੇ ਡਾਇਰੈਕਟਰ ਰਸਲ ਟੈਟਮ ਨੇ ਮਿਉਂਸਪਲ ਠੋਸ ਰਹਿੰਦ-ਖੂੰਹਦ ਨੂੰ ਉੱਚ ਕੈਲੋਰੀਫਿਕ ਈਕੋ-ਫਿਊਲ ਵਿੱਚ ਬਦਲਣ ਦੀ ਪ੍ਰਕਿਰਿਆ ਬਾਰੇ ਵਿਸਤ੍ਰਿਤ ਪੇਸ਼ਕਾਰੀ ਦਿੱਤੀ। ਕੰਪਨੀ ਨੇ ਸ਼ੁਰੂਆਤੀ ਤੌਰ ‘ਤੇ 1000 ਟਨ ਪ੍ਰਤੀ ਦਿਨ ਤਾਜ਼ੇ ਮਿਉਂਸਪਲ ਠੋਸ ਰਹਿੰਦ-ਖੂੰਹਦ ਨੂੰ ਈਕੋ-ਫਿਊਲ ਬਦਲਣ ਲਈ ਪੰਜਾਬ ਵਿੱਚ ਪਲਾਂਟ ਸਥਾਪਤ ਕਰਨ ਵਿੱਚ ਡੂੰਘੀ ਦਿਲਚਸਪੀ ਪ੍ਰਗਟ ਕੀਤੀ। ਇਸ ਅਭਿਲਾਸ਼ੀ ਪ੍ਰੋਜੈਕਟ ਲਈ ਵਰਤੀ ਗਈ ਤਕਨਾਲੋਜੀ ਸੰਯੁਕਤ ਰਾਸ਼ਟਰ ਦੇ ਸਥਾਈ ਵਿਕਾਸ ਟੀਚਿਆਂ ਦੇ ਅਨੁਸਾਰ ਹੈ।
ਪੰਜਾਬ ਪੁਲਿਸ ਦੇ ਜਵਾਨ ਵਲੋਂ ਬੇਰਿਹਮੀ ਨਾਲ ਸਰਕਾਰੀ ਬੱਸ ਦੇ ਕੰਢਕਟਰ ਦੀ ਕੁੱਟਮਾਰ
ਟ੍ਰਾਂਸਪੋਰਟ ਮੰਤਰੀ ਵਲੋਂ ਪੁਲਿਸ ਮੁਲਾਜ਼ਮ ਵਿਰੁੱਧ ਕਾਰਵਾਈ ਲਈ ਐਸ.ਐਸ.ਪੀ. ਨੂੰ ਨਿਰਦੇਸ਼
ਪੰਜਾਬੀ ਖ਼ਬਰਸਾਰ ਬਿਉਰੋ
ਤਰਨਤਾਰਨ, 21 ਸਤੰਬਰ: ਅੱਜ ਨੌਸਹਿਰਾ ਪਨੂੰਆਂ ਵਿਖੇ ਇੱਕ ਪੁਲਿਸ ਮੁਲਾਜਮ ਵੱਲੋਂ ਕੰਢਕਟਰ ਦੀ ਬੇਰਿਹਮੀ ਨਾਲ ਕੁੱਟਮਾਰ ਕਰਨ ਦੀ ਸੋਸਲ ਮੀਡੀਆ ’ਤੇ ਵਾਈਰਲ ਹੋਈ ਵੀਡੀਓ ਕਾਰਨ ਬੱਸ ਮੁਲਾਜਮਾਂ ’ਚ ਗੁੱਸੇ ਦੀ ਲਹਿਰ ਫੈਲ ਗਈ ਹੈ। ਪੰਜਾਬ ਰੋਡਵੇਜ ਪਨਬੱਸ/ਪੀ ਆਰ ਟੀ ਸੀ ਕੰਟਰੈਕਟ ਵਰਕਰਜ ਯੂਨੀਅਨ ਪੰਜਾਬ ਨੇ ਇਸ ਘਟਨਾ ਦੀ ਸਖਤ ਸਬਦਾਂ ਵਿੱਚ ਨਿੰਦਾ ਕਰਦਿਆਂ ਰੋਡ ਜਾਮ ਕਰਕੇ ਪੁਲਿਸ ਕੋਲੋਂ ਕਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ। ਯੂਨੀਅਨ ਦੇ ਆਗੂਆਂ ਗੁਰਪ੍ਰੀਤ ਸਿੰਘ ਪੰਨੂ ਸੂਬਾ ਪ੍ਰਧਾਨ, ਸਰਪ੍ਰਸਤ ਹਰਜੀਤ ਸਿੰਘ ਹੀਰਾ ਤੇ ਸਤਨਾਮ ਸਿੰਘ ਡਿਪੂ ਪ੍ਰਧਾਨ ਨੇ ਐਲਾਨ ਕੀਤਾ ਜੇਕਰ ਦੋਸੀ ਵਿਰੁਧ ਪਰਚਾ ਦਰਜ਼ ਕਰਕੇ ਉਸਨੂੰ ਗਿਰਫਤਾਰ ਨਾ ਕੀਤਾ ਗਿਆ ਤਾਂ ਪੰਜਾਬ ਰੋਡਵੇਜ ਪਨਬੱਸ/ਪੀ ਆਰ ਟੀ ਸੀ ਕੰਟਰੈਕਟ ਵਰਕਰਜ ਯੂਨੀਅਨ ਪੰਜਾਬ ਵੱਲੋਂ ਪੰਜਾਬ ਬੰਦ ਕਰਕੇ ਤਿੱਖਾ ਸੰਘਰਸ ਕੀਤਾ ਜਾਵੇਗਾ। ਉਧਰ ਇਸ ਘਟਨਾ ਦੀ ਨਿੰਦਾ ਕਰਦਿਆਂ ਸੂਬੇ ਦੇ ਟ੍ਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਤਰਨਤਾਰਨ ਦੇ ਐਸ.ਐਸ.ਪੀ ਨੂੰ ਕੰਡਕਟਰ ਦੀ ਕੁੱਟਮਾਰ ਕਰਨ ਵਾਲੇ ਪੁਲਿਸ ਮੁਲਾਜ਼ਮ ਵਿਰੁੱਧ ਸਖ਼ਤ ਕਾਰਵਾਈ ਦੇ ਹੁਕਮ ਦਿੱਤੇ ਹਨ। ਯੂਨੀਅਨ ਦੇ ਆਗੂਆਂ ਨਾਲ ਹੋਈ ਮੀਟਿੰਗ ਦੌਰਾਨ ਟਰਾਂਸਪੋਰਟ ਮੰਤਰੀ ਸ. ਲਾਲਜੀਤ ਸਿੰਘ ਭੁੱਲਰ ਨੇ ਨੌਸ਼ਹਿਰਾ ਪੰਨੂੰਆਂ ਵਿਖੇ ਅੱਜ ਸਵੇਰੇ ਪੀ.ਆਰ.ਟੀ.ਸੀ. ਦੇ ਕੰਡਕਟਰ ਹਰਵਿੰਦਰ ਸਿੰਘ ਦੀ ਕੁੱਟਮਾਰ ਕਰਨ ਦੇ ਮਾਮਲੇ ਦਾ ਗੰਭੀਰ ਨੋਟਿਸ ਲੈਂਦਿਆਂ ਭਰੋਸਾ ਦਿਵਾਇਆ ਕਿ ਜਿੰਮੇਵਾਰ ਮੁਲਾਜ਼ਮ ਨੂੰ ਬਖ਼ਸਿਆਂ ਨਹੀਂ ਜਾਵੇਗਾ। ਉਨ੍ਹਾਂ ਐਸ.ਐਸ.ਪੀ. ਨੂੰ ਸਬੂਤ ਦੇ ਤੌਰ ‘ਤੇ ਕੁੱਟਮਾਰ ਦੀ ਵੀਡੀਉ ਵੀ ਭੇਜੀ ਜਿਸ ਵਿੱਚ ਪੁਲਿਸ ਮੁਲਾਜ਼ਮ ਸ਼ਰੇਆਮ ਕੰਡਕਟਰ ਦੀ ਕੁੱਟਮਾਰ ਕਰਦਾ ਵਿਖਾਈ ਦੇ ਰਿਹਾ ਹੈ। ਉਨ੍ਹਾਂ ਕਿਹਾ ਕਿ ਟਰਾਂਸਪੋਰਟ ਵਿਭਾਗ ਦੇ ਕਿਸੇ ਵੀ ਮੁਲਾਜ਼ਮ ਵਿਰੁੱਧ ਜ਼ਿਆਦਤੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
ਸਕੂਲ ਤੋਂ ਵਾਂਝੇ ਰਹਿ ਰਹੇ ਬੱਚਿਆਂ ਨੂੰ ਮੁੜ ਸਿੱਖਿਆ ਨਾਲ ਜਾਵੇਗਾ ਜੋੜਿਆ : ਡਿਪਟੀ ਕਮਿਸ਼ਨਰ
ਸ਼ਾਮ ਦੇ ਸਮੇਂ ਬੱਚਿਆਂ ਦੀਆਂ ਲਗਾਈਆਂ ਜਾਣਗੀਆਂ ਸਪੈਸ਼ਲ ਕਲਾਸਾਂ
ਸ਼ਾਮ ਦਾ ਖਾਣਾ ਕਰਵਾਇਆ ਜਾਵੇਗਾ ਮੁਹੱਈਆ
ਪੰਜਾਬੀ ਖ਼ਬਰਸਾਰ ਬਿਉਰੋ
ਬਠਿੰਡਾ, 21 ਸਤੰਬਰ : ਜ਼ਿਲ੍ਹੇ ਚ ਸਕੂਲ ਨਾ ਜਾਣ ਵਾਲੇ ਅਤੇ ਸਕੂਲ ਛੱਡ ਚੁੱਕੇ ਬੱਚਿਆਂ ਦਾ ਸਪੈਸ਼ਲ ਸਰਵੇ ਕਰਵਾ ਕੇ ਉਨ੍ਹਾਂ ਨੂੰ ਮੁੜ ਸਿੱਖਿਆ ਨਾਲ ਜੋੜਿਆ ਜਾਵੇਗਾ ਤਾਂ ਜੋ ਉਨ੍ਹਾਂ ਦਾ ਜੀਵਨ ਪੱਧਰ ਉੱਚਾ ਚੁੱਕਿਆ ਜਾ ਸਕੇ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ਼੍ਰੀ ਸੌਕਤ ਅਹਿਮਦ ਪਰੇ ਨੇ ਜ਼ਿਲ੍ਹਾ ਐਜੂਕੇਸ਼ਨ ਸੁਸਾਇਟੀ ਦੀ ਕੀਤੀ ਗਈ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਸਾਂਝੀ ਕੀਤੀ।ਇਸ ਮੌਕੇ ਡਿਪਟੀ ਕਮਿਸ਼ਨਰ ਸ਼੍ਰੀ ਸ਼ੌਕਤ ਅਹਿਮਦ ਪਰੇ ਨੇ ਦੱਸਿਆ ਕਿ ਸਕੂਲੋਂ ਵਾਂਝੇ ਰਹਿ ਰਹੇ ਬੱਚਿਆਂ ਨੂੰ ਮੁੜ ਸਿੱਖਿਆ ਨਾਲ ਜੋੜਨ ਲਈ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਜ਼ਿਲ੍ਹਾ ਐਜੂਕੇਸ਼ਨ ਸੁਸਾਇਟੀ ਗਠਤ ਕੀਤੀ ਗਈ, ਇਸ ਕਮੇਟੀ ਵਲੋਂ ਇਸ ਕਾਰਜ ਲਈ ਇੰਟਰਨੀਜ਼ ਭਰਤੀ ਕੀਤੇ ਗਏ ਹਨ ਜਿਨ੍ਹਾਂ ਵਲੋਂ ਸਕੂਲ ਨਾ ਜਾਣ ਵਾਲੇ ਤੇ ਸਕੂਲ ਛੱਡ ਚੁੱਕੇ ਬੱਚਿਆਂ ਨੂੰ ਦੁਬਾਰਾ ਸਿੱਖਿਆ ਨਾਲ ਜੋੜਨ ਲਈ ਸ਼ਹਿਰ ਦੇ ਸਾਰੇ ਖੇਤਰਾਂ ਦਾ ਸਰਵੇ ਕੀਤਾ ਜਾਵੇਗਾ ਅਤੇ ਸਰਵੇ ਦੌਰਾਨ ਸ਼ਹਿਰ ਦੀਆਂ ਪ੍ਰਮੁੱਖ ਸਮਾਜ ਸੇਵੀ ਸੰਸਥਾਵਾਂ ਦਾ ਸਹਿਯੋਗ ਲਿਆ ਜਾਵੇਗਾ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਰਵੇ ਲਈ ਜ਼ਿਲ੍ਹਾ ਐਜੂਕੇਸ਼ਨ ਸੋਸਾਇਟੀ ਵਲੋਂ ਇੱਕ ਸਪੈਸ਼ਲ ਐਪ ਤਿਆਰ ਕੀਤੀ ਗਈ ਹੈ ਜਿਸ ਦੌਰਾਨ ਸਮੂਹ ਇੰਨਰਨੀਜ਼ ਵਲੋਂ ਸ਼ਹਿਰ ਦੇ ਸਲੱਮ ਏਰੀਏ ਤੇ ਝੁੱਗੀਆਂ-ਝੌਪੜੀਆਂ ਚ ਰਹਿ ਰਹੇ ਬੱਚਿਆਂ ਦੀ ਰਜਿਸਟ੍ਰੇਸ਼ਨ ਕਰਨ ਉਪਰੰਤ ਉਨ੍ਹਾਂ ਨੂੰ ਪੜ੍ਹਾਉਣ ਲਈ ਸ਼ਾਮ ਦੇ ਸਮੇਂ ਸਪੈਸ਼ਲ ਕਲਾਸਾਂ ਲਗਾਈਆਂ ਜਾਣਗੀਆਂ ਅਤੇ ਇਨ੍ਹਾਂ ਬੱਚਿਆਂ ਨੂੰ ਮਿਡ ਡੇ ਮੀਲ ਦੀ ਤਰਜ ਤੇ ਈਵਨਿੰਗ ਦਾ ਖਾਣਾ ਵੀ ਮੁਹੱਈਆ ਕਰਵਾਇਆ ਜਾਵੇ।
ਇਸ ਦੌਰਾਨ ਡਿਪਟੀ ਕਮਿਸ਼ਨਰ ਨੇ ਇੰਟਰਨੀਜ਼ ਨੂੰ ਇਹ ਵੀ ਖ਼ਾਸ ਹਦਾਇਤ ਕੀਤੀ ਕਿ ਸਰਵੇ ਦੌਰਾਨ ਸਲੱਮ ਏਰੀਏ ਚ ਰਹਿ ਰਹੇ ਅਤੇ ਸ਼ਹਿਰ ਦੇ ਵੱਖ-ਵੱਖ ਖੇਤਰਾਂ ਚ ਬਾਲ ਭਿਖਸ਼ਾ ਵਜੋਂ ਕੰਮ ਕਰ ਰਹੇ ਬੱਚਿਆਂ ਦੀ ਵੀ ਵੀ ਸ਼ਨਾਖ਼ਤ ਕਰਕੇ ਰਜਿਸਟ੍ਰੇਸ਼ਨ ਕੀਤੀ ਜਾਵੇ ਤਾਂ ਜੋ ਉਨ੍ਹਾਂ ਨੂੰ ਬਾਲ ਭਿਕਸ਼ਾ ਤੋਂ ਮੁਕਤੀ ਦਵਾ ਕੇ ਤੇ ਸਿੱਖਿਆ ਨਾਲ ਜੋੜ ਕੇ ਉਨ੍ਹਾਂ ਦਾ ਜੀਵਨ ਬੇਹਤਰ ਬਣਾਇਆ ਜਾ ਸਕੇ। ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ ਪ੍ਰਾਇਮਰੀ ਸ਼੍ਰੀ ਸ਼ਿਵਪਾਲ ਗੋਇਲ, ਸੈਕਟਰੀ ਰੈਡ ਕਰਾਸ ਸ਼੍ਰੀ ਦਰਸ਼ਨ ਕੁਮਾਰ, ਜ਼ਿਲ੍ਹਾ ਵਿਕਾਸ ਫ਼ੈਲੋ (ਡੀਡੀਐਫ਼) ਸ਼੍ਰੀ ਵਿਜੈ ਕੁਮਾਰ ਤੋਂ ਇਲਾਵਾ ਇੰਟਰਨੈਸ਼ਨਲ ਪਰਿਆਸ ਸਕੂਲ, ਅੱਪੂ ਸੁਸਾਇਟੀ, ਕਨਵੀਨਰ ਗੁੱਡਵਿੱਲ ਮੋਬਾਇਲ ਸਕੂਲ, ਪ੍ਰਧਾਨ ਰੋਟਰੀ ਕਲੱਬ ਬਠਿੰਡਾ ਕੈਂਟ ਅਤੇ ਜੀਵਨ ਸੁਰਕਸ਼ਾ ਬਾਲ ਸੰਸਕਾਰ ਸ਼ਾਲਾ ਆਦਿ ਐਨਜੀਓਜ਼ ਸੰਸਥਾਵਾਂ ਦੇ ਨੁਮਾਇੰਦੇ ਆਦਿ ਹਾਜ਼ਰ ਸਨ।
ਧਰਤੀ ਹੇਠਲੇ ਪਾਣੀ ਦੇ ਪੱਧਰ ਤੇ ਪਰਾਲੀ ਦੀ ਸੰਭਾਲ ਲਈ ਕਿਸਾਨ ਕੈਂਪ ਆਯੋਜਿਤ
ਪੰਜਾਬੀ ਖ਼ਬਰਸਾਰ ਬਿਉਰੋ
ਬਠਿੰਡਾ, 21 ਸਤੰਬਰ: ਡੂੰਘਾ ਹੋ ਰਹੇ ਧਰਤੀ ਹੇਠਲੇ ਪਾਣੀ ਦੇ ਪੱਧਰ ਨੂੰ ਠੱਲ ਪਾਉਣ ਅਤੇ ਝੋਨੇ ਦੀ ਸਿੱਧੀ ਬਿਜਾਈ ਅਤੇ ਪਰਾਲੀ ਦੀ ਸਾਂਭ ਸੰਭਾਲ ਲਈ ਕਿਸਾਨਾਂ ਨੂੰ ਉਤਸਾਹਿਤ ਕਰਨ ਲਈ ਮੁੱਖ ਖੇਤੀਬਾੜੀ ਅਫ਼ਸਰ ਬਠਿੰਡਾ ਡਾ: ਦਿਲਬਰਾਗ ਸਿੰਘ ਦੇ ਨਿਰਦੇਸਾਂ ਅਧੀਨ ਬਲਾਕ ਖੇਤੀਬਾੜੀ ਅਫ਼ਸਰ ਡਾ: ਜਗਦੀਸ ਸਿੰਘ ਦੀ ਅਗਵਾਈ ’ਚ ਆਤਮਾ ਸਕੀਮ ਅਧੀਨ ਫਾਰਮ ਫੀਲਡ ਸਕੂਲ ਅਤੇ ਕਿਸਾਨ ਸਿਖਲਾਈ ਕੈਂਪ ਪਿੰਡ ਮਹਿਮਾ ਸਵਾਈ ਵਿਖੇ ਲਗਾਇਆ ਗਿਆ। ਫਾਰਮ ਫੀਲਡ ਸਕੂਲ ਦੀ ਸੁਰੂਆਮ ਕਰਦਿਆਂ ਸ੍ਰੀ ਜਗਮੀਰ ਸਿੰਘ ਏ ਟੀ ਐੱਮ ਬਲਾਕ ਬਠਿੰਡਾ ਨੇ ਦੱਸਿਆ ਕਿ ੋਨੇ ਦੀ ਸਿੱਧੀ ਬਿਜਾਈ ਕਰਨ ਨਾਲ 10 ਤੋਂ 20 ਫੀਸਦੀ ਤੱਕ ਧਰਤੀ ਹੇਠਲਾ ਪਾਣੀ ਬਚਾਇਆ ਜਾ ਸਕਦਾ ਹੈ। ਉਹਨਾਂ ਕਿਹਾ ਕਿ ਪੰਜਾਬ ਵਿੱਚ ਧਰਤੀ ਹੇਠਲਾ ਪਾਣੀ ਲਗਾਤਾਰ ਡੂੰਘਾ ਹੋ ਰਿਹਾ ਹੈ, ਜੋ ਅੱਜ ਵੱਡੀ ਚਿੰਤਾ ਦਾ ਵਿਸ਼ਾ ਬਣ ਚੁੱਕਾ ਹੈ। ਉਹਨਾਂ ਕਿਹਾ ਕਿ ਇਸ ਮੁੱਦੇ ਤੇ ਕਿਸਾਨਾਂ ਨੂੰ ਸੋਚਣਾ ਪਵੇਗਾ ਅਤੇ ਸੰਕੋਚ ਨਾਲ ਪਾਣੀ ਦੀ ਵਰਤੋਂ ਕਰਕੇ ਧਰਤੀ ਹੇਠਲਾ ਪਾਣੀ ਬਚਾਇਆ ਜਾ ਸਕਦਾ ਹੈ।
ਡਾ: ਜਸਵੀਰ ਸਿੰਘ ਖੇਤੀਬਾੜੀ ਅਫ਼ਸਰ ਨੇ ਝੋਨੇ ਦੀ ਫ਼ਸਲ ਤੇ ਕੀਤੇ ਜਾ ਰਹੇ ਬੇਲੋੜੇ ਖਰਚੇ ਨੂੰ ਘੱਟ ਕਰਨ ਦੀ ਲੋੜ ਤੇ ਜੋਰ ਦਿੱਤਾ ਅਤੇ ਕਈ ਨੁਕਤੇ ਸੁਝਾਏ। ਉਹਨਾਂ ਫ਼ਸਲ ਨੂੰ ਬਿਮਾਰੀਆਂ ਤੋਂ ਬਚਾਉਣ ਲਈ ਵੀ ਸੁਝਾਅ ਪੇਸ਼ ਕੀਤੇ। ਡਾ: ਹਰਦੀਪ ਸਿੰਘ ਏ ਡੀ ਓ ਨੇ ਨਰਮੇ ਦੀ ਫ਼ਸਲ ਵਿੱਚ ਖੁਰਾਕੀ ਤੱਤਾਂ ਦੀ ਘਾਟ ਦੀ ਪੂਰਤੀ ਲਈ ਵਿਸਥਾਰ ਪੂਰਵਕ ਜਾਣਕਾਰੀ ਮੁਹੱਈਆ ਕਰਵਾਈ। ਉਹਨਾਂ ਨੇ ਕਿਸਾਨਾਂ ਨੂੰ ਝੋਨੇ ਦਾ ਮਿਆਰੀ ਬੀਜ ਆਪ ਆਪਣੇ ਖੇਤ ਵਿੱਚ ਤਿਆਰ ਲਈ ਵੀ ਪ੍ਰੇਰਿਤ ਕੀਤਾ। ਇਸ ਮੌਕੇ ਡਾ: ਜਸਵਿੰਦਰ ਕੁਮਾਰ ਏ ਡੀ ਓ ਨੇ ਨਰਮੇ ਅਤੇ ਝੋਨੇ ਦੀ ਫ਼ਸਲ ਉੱਪਰ ਦਸ ਪਾਬੰਦੀ ਸੁਦਾ ਜ਼ਹਿਰਾਂ ਬਾਰੇ ਜਾਣਕਾਰੀ ਦਿੱਤੀ। ਡਾ: ਸਰਬਜੀਤ ਸਿੰਘ ਏ ਡੀ ਓ ਨੇ ਬਾਸਪਤੀ ਝੋਨੇ ਦੀਆਂ ਬਿਮਾਰੀਆਂ ਦੀ ਰੋਕਥਾਮ ਲਈ ਸੁਝਾਅ ਦਿੱਤੇ। ਕੈਂਪ ਵਿੱਚ ਡਾ: ਜਗਦੀਸ ਸਿੰਘ ਬਲਾਕ ਖੇਤੀਬਾੜੀ ਅਫ਼ਸਰ ਨੇ ਝੋਨੇ ਦੀ ਪਰਾਲੀ ਦੀ ਸਾਂਭ ਸੰਭਾਲ ਲਈ ਵਿਸਥਾਰ ਪੂਰਵਕ ਜਾਣਕਾਰੀ ਦਿੰਦਿਆਂ ਕਿਸਾਨਾਂ ਨੂੰ ਇਸ ਸਬੰਧੀ ਵਿਸੇਸ਼ ਧਿਆਨ ਦੇਣ ਲਈ ਪੇ੍ਰਰਿਤ ਕੀਤਾ। ਉਹਨਾਂ ਨਾੜ ਨੂੰ ਖੇਤ ਵਿੱਚ ਦਬਾਅ ਕੇ ਕਣਕ ਦੀ ਬਿਜਾਈ ਕਰਨ ਦੀ ਸਲਾਹ ਦਿੱਤੀ। ਕੈਂਪ ਵਿੱਚ ਸ੍ਰੀ ਸਵਰਨਜੀਤ ਸਿੰਘ ਏ ਐੱਸ ਆਈ, ਸ੍ਰੀ ਤਾਰਾ ਸਿੰਘ ਏ ਐੱਸ ਆਈ ਅਤੇ ਪਿੰਡ ਦੇ ਸੂਝਵਾਨ ਤੇ ਅਗਾਂਹਵਧੂ ਕਿਸਾਨਾਂ ਨੇ ਵਧ ਚੜ ਕੇ ਭਾਗ ਲਿਆ।
ਸ਼੍ਰੋਮਣੀ ਅਕਾਲੀ ਦਲ ਸੁਪਰੀਮ ਕੋਰਟ ਦੇ ਫੈਸਲੇ ਖਿਲਾਫ ਸ੍ਰੀ ਅਕਾਲ ਤਖਤ ਸਾਹਿਬ ਦੀ ਅਗਵਾਈ ਹੇਠ ਸਮੁੱਚੇ ਖਾਲਸਾ ਪੰਥ ਨੂੰ ਇਕਜੁਟ ਕਰੇਗਾ
-ਪਾਰਟੀ ਦੇ ਸੀਨੀਅਰ ਆਗੂਆਂ ਨੇ ਕਿਹਾ ਪਾਰਟੀ ਆਪਣੇ ਹੱਕਾਂ ਲਈ ਲੜੇਗੀ ਤੇ ਪੰਥ ਵਿਰੋਧੀ ਸਾਜਿਸ਼ ਬੇਨਕਾਬ ਕਰੇਗੀ ਅਤੇ ਨਾਲ ਹੀ ਉਹ ਮਸੰਦ ਵੀ ਬੇਨਕਾਬ ਕੀਤੇ ਜਾਣਗੇ ਜੋ ਇਸ ਦਾ ਹਿੱਸਾ ਬਣੇ
-ਜ਼ੋਰ ਦੇ ਕੇ ਕਿਹਾ ਕਿ ਫੈਸਲੇ ਦਾ ਦੇਸ਼ ’ਤੇ ਗੰਭੀਰ ਅਸਰ ਪਵੇਗਾ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 21 ਸਤੰਬਰ : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਿਹਾ ਕਿ ਸੁਪਰੀਮ ਕੋਰਟ ਵਲੋਂ ਹਰਿਆਣਾ ਵਿਚ ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਜਾਇਜ਼ ਠਹਿਰਾਉਣ ਦਾ ਫੈਸਲਾ ਇਕ ਕੌਮ ਨੂੰ ਅਲੱਗ ਥਲੱਗ ਕਰਨ ਅਤੇ ਵਿਤਕਰੇ ਭਰਪੂਰ ਹੈ। ਪਾਰਟੀ ਨੇ ਕਿਹਾ ਕਿ ਉਹ ਸ੍ਰੀ ਅਕਾਲ ਤਖਤ ਸਾਹਿਬ ਦੀ ਅਗਵਾਈ ਹੇਠ ਇਸ ਫੈਸਲੇ ਖਿਲਾਫ ਖਾਲਸਾ ਪੰਥ ਨੂੰ ਇਕਜੁਟ ਕਰੇਗੀ। ਅਕਾਲੀ ਦਲ ਦੇ ਸੀਨੀਅਰ ਆਗੂਆਂ ਨੇ ਸੁਪਰੀਮ ਕੋਰਟ ਵਲੋਂ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧ ਐਕਟ 2014 ਨੂੰ ਜਾਇਜ਼ ਠਹਿਰਾਉਣ ਦੇ ਫੈਸਲੇ ਨੂੰ ਰੱਦ ਕਰਦਿਆਂ ਜ਼ੋਰ ਦੇ ਕੇ ਕਿਹਾ ਕਿ ਅਸੀਂ ਆਪਣੇ ਹੱਕਾਂ ਲਈ ਲੜਾਂਗੇ ਅਤੇ ਇਸ ਪੰਥ ਵਿਰੋਧੀ ਸਾਜਿਸ਼ ਦੇ ਨਾਲ ਨਾਲ ਸਾਜਿਸ਼ ਦਾ ਹਿੱਸਾ ਬਣੇ ਮਸੰਦਾਂ ਨੂੰ ਬੇਨਕਾਬ ਕਰਾਂਗੇ। ਅੱਜ ਇਥੇ ਪਾਰਟੀ ਦੇ ਮੁੱਖ ਦਫ਼ਤਰ ਵਿਚ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸੀਨੀਅਰ ਆਗੂਆਂ ਸ. ਬਲਵਿੰਦਰ ਸਿੰਘ ਭੂੰਦੜ, ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ, ਸ. ਮਹੇਸ਼ਇੰਦਰ ਸਿੰਘ ਗਰੇਵਾਲ ਅਤੇ ਸ. ਹੀਰਾ ਸਿੰਘ ਗਾਬੜੀਆ ਨੇ ਕਿਹਾ ਕਿ ਸੁਪਰੀਮ ਕੋਰਟ ਦੇ ਫੈਸਲੇ ਨਾਲ ਸਿੱਖ ਕੌਮ ਵਿਚ ਇਹ ਪ੍ਰਭਾਵ ਗਿਆ ਹੈ ਕਿ ਉਨ੍ਹਾਂ ਲਈ ਕਾਨੂੰਨ ਵੱਖਰਾ ਹੈ ਅਤੇ ਉਹ ਦੂਜੇ ਦਰਜੇ ਦੇ ਨਾਗਰਿਕ ਹਨ। ਸੀਨੀਅਰ ਆਗੂਆਂ ਨੇ ਕਿਹਾ ਕਿ ਸੁਪਰੀਮ ਕੋਰਟ ਨੂੰ ਇਹ ਦੱਸਣਾ ਪਵੇਗਾ ਕਿ ਉਸ ਨੂੰ ਕੌਣ ਚਲਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅਜਿਹਾ ਇਸ ਲਈ ਲਾਜਮੀ ਹੈ ਕਿਉਂਕਿ ਅਜਿਹੇ ਮਾਮਲਿਆਂ ਵਿਚ ਵੀ ਰਾਹਤ ਦਿੱਤੀ ਗਈ ਜੋ ਸੁਪਰੀਮ ਕੋਰਟ ਦੇ ਅਧਿਕਾਰ ਖੇਤਰ ਵਿਚ ਆਉਂਦੇ ਹੀ ਨਹੀਂ ਜਦੋਂ ਕਿ ਸਿੱਖ ਕੌਮ ਦਾ ਉਸ ਕੇਸ ਵਿਚ ਅਪਮਾਨ ਕੀਤਾ ਗਿਆ ਜੋ ਇਕ ਕੇਂਦਰੀ ਐਕਟ ਨਾਲ ਸਬੰਧਤ ਹੈ।
ਸੀਨੀਅਰ ਆਗੂਆਂ ਨੇ ਕਿਹਾ ਕਿ ਸਿਹਤਮੰਦ ਲੋਕਤੰਤਰ ਜਿਸ ਵਿਚ ਨਿਆਪਾਲਿਕਾ ਆਜ਼ਾਦ ਹੋਵੇ ਵਿਚ ਇਕ ਭਾਈਚਾਰੇ ਨੂੰ ਨਿਆ ਦੇਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਇਕ ਸਾਜਿਸ਼ ਅਧੀਨ ਸਿੱਖ ਕੌਮ ਨੂੰ ਵੰਡਣ ਦੀ ਕੋਸ਼ਿਸ਼ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਸਾਡੇ ਗੁਰਧਾਮਾਂ ਦੀ ਕਾਰ ਸੇਵਾ ਤੋਂ 1947 ਵਿਚ ਦੇਸ਼ ਦੀ ਵੰਡ ਤੋਂ ਬਾਅਦ ਦੂਜੀ ਵਾਰ ਸਾਨੂੰ ਵੱਖ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਕਾਫੀ ਗੁਰਦੁਆਰਾ ਸਾਹਿਬ ਪਾਕਿਸਤਾਨ ਵਿਚ ਰਹਿ ਗਏ ਸਨ। ਉਨ੍ਹਾਂ ਕਿਹਾ ਕਿ ਇਸ ਫੈਸਲੇ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਗੁਰੂ ਘਰਾਂ ਦਾ ਪ੍ਰਬੰਧ ਸੰਭਾਲਣ ਤੋਂ ਵੀ ਵੱਖ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਅਸੀਂ ਅਜਿਹਾ ਨਹੀਂ ਹੋਣ ਦਵਾਂਗੇ ਅਤੇ ਸਾਰੇ ਕਾਨੂੰਨੀ ਵਿਕਲਪਾਂ ਦੇ ਨਾਲ ਨਾਲ ਆਪਣੇ ਹੱਕਾਂ ਲਈ ਲੋਕਤੰਤਰੀ ਸੰਘਰਸ਼ ਲੜਾਂਗੇ। ਸੀਨੀਅਰ ਅਕਾਲੀ ਆਗੂਆਂ ਨੇ ਕੇਂਦਰ ਸਰਕਾਰ ਅਤੇ ਸਿੱਖ ਕੌਮ ਖਿਲਾਫ ਸਾਜਿਸ਼ਾਂ ਰਚਣ ਵਾਲੀਆਂ ਹੋਰ ਸਿਆਸੀ ਪਾਰਟੀਆਂ ਨੂੰ ਚਿਤਾਵਨੀ ਦਿੱਤੀ ਇਕ ਇਸ ਫੈਸਲੇ ਦਾ ਦੇਸ਼ ’ਤੇ ਮਾਰੂ ਅਸਰ ਪੈ ਸਕਦਾ ਹੈ। ਉਨ੍ਹਾਂ ਕਿਹਾ ਕਿ ਸਾਨੂੰ ਸਨਮਾਨ ਨਾਲ ਜਿਉਣ ਦਾ ਹੱਕ ਹੈ। ਉਨ੍ਹਾਂ ਕਿਹਾ ਕਿ ਸਿੱਖ ਕੌਮ ਨੇ ਜਿਥੇ ਦੇਸ਼ ਦੀ ਆਜ਼ਾਦੀ ਦੇ ਸੰਘਰਸ਼ ਵਿਚ ਸਭ ਤੋਂ ਵੱਧ ਯੋਗਦਾਨ ਪਾਇਆ, ਉਥੇ ਹੀ ਅੱਜ ਵੀ ਸਰਹੱਦਾਂ ਦੀ ਰਾਖੀ ਕਰ ਰਹੇ ਹਨ ਅਤੇ ਦੇਸ਼ ਦੇ ਅਨਾਜ ਭੰਡਾਰ ਵਿਚ ਸਭ ਤੋਂ ਵੱਧ ਯੋਗਦਾਨ ਵੀ ਸਾਡਾ ਹੈ।
ਇਨ੍ਹਾਂ ਆਗੂਆਂ ਨੇ ਕਿਹਾ ਕਿ ਸੁਪਰੀਮ ਕੋਰਟ ਨੇ ਇਕੋ ਜਿਹੇ ਮਾਮਲਿਆਂ ਵਿਚ ਵੱਖ-ਵੱਖ ਪੈਮਾਨਾ ਅਪਣਾਇਆ ਹੈ। ਉਨ੍ਹਾਂ ਕਿਹਾ ਕਿ ਸੁਪਰੀਮ ਕੋਰਟ ਨੇ ਐਸ. ਵਾਈ. ਐਲ. ਨਹਿਰ ਦੇ ਮਾਮਲੇ ਵਿਚ ਪੰਜਾਬ ਸਰਕਾਰ ਵਲੋਂ ਪਾਸ ਕੀਤੇ ਐਕਟ ਰੱਦ ਕੀਤੇ ਹਨ, ਜਿਨ੍ਹਾਂ ਰਾਹੀਂ ਕਿਸਾਨਾਂ ਨੂੰ ਨਹਿਰ ਵਾਲੀ ਜ਼ਮੀਨ ਵਾਪਸ ਕੀਤੀ ਗਈ ਸੀ ਤੇ ਸੁਪਰੀਮ ਕੋਰਟ ਨੇ ਕਿਹਾ ਸੀ ਕਿ ਕਿਸੇ ਵੀ ਰਾਜ ਨੂੰ ਅੰਤਰਰਾਜੀ ਮਾਮਲੇ ’ਤੇ ਫੈਸਲਾ ਲੈਣ ਦਾ ਕੋਈ ਹੱਕ ਨਹੀਂ ਹੈ। ਉਨ੍ਹਾਂ ਕਿਹਾ ਕਿ ਹੁਣ ਗੁਰਦੁਆਰਾ ਪ੍ਰਬੰਧ ਮਾਮਲੇ ਵਿਚ ਸੁਪਰੀਮ ਕੋਰਟ ਨੇ ਅੰਤਰਰਾਜੀ ਮਾਮਲੇ ਵਿਚ ਹਰਿਆਣਾ ਨੂੰ ਆਪਣੇ ਹੀ ਕਾਨੂੰਨ ਬਣਾਉਣ ਦਾ ਹੱਕ ਦੇ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਸੇ ਤਰੀਕੇ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੇ ਕੇਸ ਵਿਚ ਸੁਪਰੀਮ ਕੋਰਟ ਨੇ ਕਿਹਾ ਸੀ ਕਿ ਟਾਡਾ ਕੇਸ ਵਿਚ ਰਾਹਤ ਨਹੀਂ ਦਿੱਤੀ ਜਾ ਸਕਦੀ ਪਰ ਦੋ ਮਹੀਨਿਆਂ ਬਾਅਦ ਇਸੇ ਧਾਰਾ ਤਹਿਤ ਦਰਜ ਮਾਮਲੇ ਵਿਚ ਰਾਜੀਵ ਗਾਂਧੀ ਦੇ ਹਤਿਆਰਿਆਂ ਨੂੰ ਰਾਹਤ ਦੇ ਦਿੱਤੀ ਗਈ।






