Sunday, May 17, 2026
Home Blog Page 2372

ਸਿੱਖਿਆ ਪ੍ਰੋਵਾਈਡਰਜ ਨੂੰ ਪੱਕੇ ਕਰਨ ਦੀ ਪ੍ਰੀਕਿਰਿਆ ਨੂੰ ਤਿੰਨ ਮਹੀਨਿਆਂ ਵਿਚ ਮੁਕੰਮਲ ਕੀਤਾ ਜਾਵੇਗਾ: ਹਰਜੋਤ ਸਿੰਘ ਬੈਂਸ

0

ਸੇਵਾਵਾਂ ਰੈਗੂਲਰ ਕਰਨ ਸਬੰਧੀ ਨੋਟੀਫਿਕੇਸਨ ਜਲਦ ਹੋਵੇਗਾ ਜਾਰੀ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 23 ਸਤੰਬਰ: ਪੰਜਾਬ ਸਰਕਾਰ ਵੱਲੋਂ ਸਿੱਖਿਆ ਵਿਭਾਗ ਵਿੱਚ ਕੰਮ ਕਰਦੇ ਸਿੱਖਿਆ ਪ੍ਰੋਵਾਈਡਰਜ ਨੂੰ ਪੱਕੇ ਕਰਨ ਦੀ ਪ੍ਰੀਕਿਰਿਆ ਨੂੰ ਤਿੰਨ ਮਹੀਨਿਆਂ ਵਿਚ ਮੁਕੰਮਲ ਕਰ ਲਿਆ ਜਾਵੇਗਾ, ਉਕਤ ਪ੍ਰਗਟਾਵਾ ਅੱਜ ਇਥੇ ਸਕੂਲ ਸਿੱਖਿਆ ਮੰਤਰੀ ਪੰਜਾਬ ਸ.ਹਰਜੋਤ ਸਿੰਘ ਬੈਂਸ ਨੇ ਕੀਤਾ। ਉਨ੍ਹਾਂ ਕਿਹਾ ਕਿ ਸਿੱਖਿਆ ਪ੍ਰੋਵਾਈਡਰਜ ਦੀਆਂ ਸੇਵਾਵਾਂ ਰੈਗੂਲਰ ਕਰਨ ਸਬੰਧੀ ਪੰਜਾਬ ਸਰਕਾਰ ਵੱਲੋਂ ਨੋਟੀਫਿਕੇਸਨ ਜਲਦ ਜਾਰੀ ਕੀਤਾ ਜਾ ਰਿਹਾ ਹੈ। ਸ. ਬੈਂਸ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਇਸ ਫੈਸਲੇ ਉਪਰੰਤ ਸਿੱਖਿਆ ਵਿਭਾਗ ਵਿੱਚ ਕੰਮ ਕਰਦੇ ਮੁਲਾਜਮ ਜਿਵੇਂ ਜਿਵੇਂ ਰੈਗੂਲਰ ਕਰਨ ਸਬੰਧੀ ਲੋੜੀਂਦੀਆਂ ਸਰਤਾਂ ਪੂਰੀਆਂ ਕਰਦੇ ਜਾਣਗੇ ਉਵੇਂ ਹੀ ਮੁਲਾਜਮਾਂ ਨੂੰ ਪੱਕੇ ਕਰ ਦਿੱਤਾ ਜਾਵੇਗਾ।
ਸਕੂਲ ਸਿੱਖਿਆ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਦਿਲੀ ਇੱਛਾ ਹੈ ਕਿ ਸਕੂਲ ਸਿੱਖਿਆ ਵਿਭਾਗ ਵਿੱਚ ਕੰਮ ਕਰਦੇ ਸਾਰੇ ਕੱਚੇ ਮੁਲਾਜਮਾਂ ਨੂੰ ਪੱਕੇ ਕੀਤਾ ਜਾਵੇ ਅਤੇ ਉਨ੍ਹਾਂ ਨੂੰ ਬਣਦਾ ਮਾਣ ਦਿੱਤਾ ਜਾਵੇ।ਉਹਨਾਂ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਮੁਲਾਜ਼ਮਾਂ ਦੀਆਂ ਭਲਾਈ ਲਈ ਵਚਨਬੱਧ ਹੈ ਅਤੇ ਅਧਿਆਪਕ ਦਿਵਸ ਦੇ ਮੌਕੇ ‘ਤੇ 8736 ਅਧਿਆਪਕਾਂ ਦੀਆਂ ਸੇਵਾਵਾਂ ਨੂੰ ਪੱਕਾ ਕਰਕੇ ਇਸ ਗੱਲ ਦਾ ਪ੍ਰਮਾਣ ਵੀ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਹੁਣ ਕੰਪਿਊਟਰ ਅਧਿਆਪਕਾਂ ਦੇ ਮਸਲੇ ਨੂੰ ਜਲਦ ਹੱਲ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਨੇ ਸਕੂਲ ਸਿੱਖਿਆ ਨੂੰ ਸਭ ਤੋਂ ਵੱਧ ਤਰਜੀਹੀ ਮਾਮਲਾ ਵਜੋਂ ਰੱਖਿਆ ਹੈ। ਸ.ਬੈਂਸ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਕੱਚੇ ਮੁਲਾਜਮਾਂ ਨੂੰ ਪੱਕੇ ਕਰਨ ਲਈ ਬਣਾਈ ਗਈ ਸਬ ਕਮੇਟੀ ਦੀ ਇਸ ਪਹਿਲੀ ਸਿਫਾਰਸ ਹੂਬਹੂ ਲਾਗੂ ਕਰਕੇ ਸਿੱਖਿਆ ਵਿਭਾਗ ਦੇ ਕੱਚੇ ਮੁਲਾਜਮਾਂ ਦੀਆਂ ਲੰਬੇ ਸਮੇਂ ਤੋਂ ਲਟਕ ਰਹੀ ਮੰਗ ਨੂੰ ਪੂਰਾ ਕੀਤਾ ਗਿਆ ਹੈ।

ਜ਼ਿਲ੍ਹਾ ਐਸਏਐਸ ਨਗਰ ਪੁਲਿਸ ਵੱਲੋਂ ਅੰਤਰਰਾਜੀ ਆਟੋਮੋਬਾਈਲ ਚੋਰੀ ਰੈਕੇਟ ਦਾ ਪਰਦਾਫਾਸ਼,
ਦੋ ਕਾਬੂ, 11 ਮਾਮਲੇ ਟਰੇਸ, ਛੇ ਗੱਡੀਆਂ ਬਰਾਮਦ

0

ਪੰਜਾਬੀ ਖ਼ਬਰਸਾਰ ਬਿਉਰੋ
ਐਸਏਐਸ ਨਗਰ, 23 ਸਤੰਬਰ:ਸੀਨੀਅਰ ਪੁਲਿਸ ਕਪਤਾਨ ਸ੍ਰੀ ਵਿਵੇਕਸ਼ੀਲ ਸੋਨੀ ਨੇ ਮੀਡੀਆ ਨੂੰ ਦੱਸਿਆ ਕਿ ਪੁਲਿਸ ਨੇ ਹੁੰਡਈ ਦੀਆਂ ਕਾਰਾਂ ਦੀ ਚੋਰੀ ਨਾਲ ਜੁੜੇ ਇੱਕ ਵੱਡੇ ਅੰਤਰ-ਰਾਜੀ ਰੈਕੇਟ ਦਾ ਪਰਦਾਫਾਸ਼ ਕੀਤਾ ਹੈ। ਐਸਪੀ (ਆਰ)ਨਵਰੀਤ ਸਿੰਘ ਵਿਰਕ ਦੀ ਨਿਗਰਾਨੀ ਵਿੱਚ ਅਤੇ ਡੀਐਸਪੀ ਸਬ ਡੀਵੀਜ਼ਨ ਜ਼ੀਰਕਪੁਰ ਬਿਕਰਮਜੀਤ ਸਿੰਘ ਬਰਾੜ ਅਤੇ ਡੀ.ਐਸ.ਪੀ ਸਿਟੀ-1 ਹਰਿੰਦਰ ਸਿੰਘ ਮਾਨ ਦੀ ਅਗਵਾਈ ਹੇਠ ਐੱਸ.ਐੱਚ.ਓ. ਜ਼ੀਰਕਪੁਰ ਇੰਸਪੈਕਟਰ ਦੀਪਇੰਦਰਸਿੰਘ ਦੀ ਅਗਵਾਈ ਵਾਲੀ ਟੀਮ ਨੇ ਪੁਲਿਸ ਅਧਿਕਾਰੀਆਂ ਸਮੇਤ ਗਾਜੀਪੁਰ ਰੋਡ ਦੇ ਨੇੜੇ ਤੋਂ ਦੋ ਮੁੱਖ ਅੰਤਰ-ਰਾਜੀ ਵਾਹਨ ਚੋਰੀ ਦੇ ਮੁਲਜ਼ਮਾਂ ਨੂੰ ਐਫਆਈਆਰ ਨੰਬਰ 82 ਮਿਤੀ 12-02-2022 ਤਹਿਤ ਧਾਰਾ 379 ਥਾਣਾ ਜ਼ੀਰਕਪੁਰ ਗ੍ਰਿਫ਼ਤਾਰ ਕੀਤਾ ਸੀ।ਉਕਤ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਨਾਲ ਐਸਏਐਸ ਨਗਰ ਪੁਲਿਸ ਦੀ ਟੀਮ ਨੇ ਵਾਹਨ ਚੋਰੀ ਦੀਆਂ 11 ਵਾਰਦਾਤਾਂ ਟਰੇਸ ਕੀਤੀਆਂ ਹਨ ਅਤੇ 06 ਗੱਡੀਆਂ ਬਰਾਮਦ ਕੀਤੀਆਂ ਗਈਆਂ ਹਨ ਜੋ ਜ਼ਿਲ੍ਹਾ ਐਸਏਐਸ ਨਗਰ ਤੋਂ ਚੋਰੀ ਕੀਤੀਆਂ ਗਈਆਂ ਸਨ। SSP, ਐਸਏਐਸ ਨਗਰ ਨੇ ਅੱਗੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਦੀ ਸ਼ੁਰੂਆਤੀ ਜਾਂਚ ਦੌਰਾਨ, ਇਹ ਗੱਲ ਸਾਹਮਣੇ ਆਈ ਹੈ ਕਿ ਇਹ ਗਿਰੋਹ ਸਿਰਫ ਹੁੰਡਈ ਕਾਰਾਂ ਜਿਵੇਂ ਕਿ ਕ੍ਰੇਟਾ, ਵਰਨਾ ਅਤੇ ਆਈ20ਦੀ ਚੋਰੀ ਵਿੱਚ ਸ਼ਾਮਲ ਸੀ। ਇਸ ਗਿਰੋਹ ਨੇ ਸਾਲ 2022 ਵਿੱਚ 11 ਹੁੰਡਈ ਕਾਰਾਂ ਚੋਰੀ ਕੀਤੀਆਂ ਹਨ, ਜਿਨ੍ਹਾਂ ਵਿੱਚ ਪੰਜਾਬ ਦੀਆਂ 08, ਹਰਿਆਣਾ ਦੀਆਂ 02 ਅਤੇ ਦਿੱਲੀ ਤੋਂ01 ਕਾਰਾਂ ਸ਼ਾਮਲ ਹਨ। ਇਸ ਸਬੰਧੀ ਉਨ੍ਹਾਂ ਖ਼ਿਲਾਫ਼ ਵੱਖ-ਵੱਖ ਐੱਫ਼ਆਈਆਰਜ਼ ਦਰਜ ਕੀਤੀਆਂ ਗਈਆਂ।ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਵਿੱਚੋਂ ਇੱਕ ਅਕੀਲ ਅਹਿਮਦ ਪੁੱਤਰ ਅਜ਼ੀਜ਼ ਅਹਿਮਦ ਵਾਸੀ 523, ਬਾਵਨੀ ਖੇੜਾ, ਜ਼ਿਲ੍ਹਾ ਪਲਵਲ, ਹਰਿਆਣਾ (ਜੋ ਹੁਣ ਡੀ2-220, ਡੀਐਲਐਫ ਵੈਲੀ ਪੰਚਕੂਲਾ ਵਿਖੇ ਰਹਿ ਰਿਹਾ ਹੈ) ਇਸ ਗਿਰੋਹ ਦਾ ਕਿੰਗਪਿਨ ਹੈ। ਉਹ AFSET ਕਾਲਜ ਫਰੀਦਾਬਾਦ ਤੋਂ ਐਮ-ਟੈੱਕ (ਕੰਪਿਊਟਰ ਸਾਇੰਸ) ਹੈ। ਉਹ ਗੁਰੂਗ੍ਰਾਮ ਵਿੱਚ 2004-2012 ਤੱਕ ਮੋਬਾਈਲ ਟਾਵਰ ਰਿਲਾਇੰਸ ਦੀ ਕੰਪਨੀ ਵਿੱਚ ਤਕਨੀਕੀ ਇਕਾਈ ਦੇ ਮੁਖੀ ਵਜੋਂ ਕੰਮ ਕਰ ਰਿਹਾ ਸੀ। ਸਾਲ 2012 ਵਿਚ ਉਸ ਨੂੰ ਰਿਲਾਇੰਸ ਕੰਪਨੀ ਤੋਂ ਨੌਕਰੀ ਤੋਂ ਬਾਹਰ ਕਰ ਦਿੱਤਾ ਗਿਆ ਸੀ, ਜਿਸ ਦਾ ਕਾਰਨ ਇਹ ਸੀ ਕਿ ਉਹ ਜ਼ਿਆਦਾ ਕੀਮਤਾਂ ‘ਤੇ ਵੀਆਈਪੀ ਨੰਬਰ ਵੇਚਣ ਵਿਚ ਰੁੱਝਿਆ ਹੋਇਆ ਸੀ। ਉਹ 2016 ਤੱਕ ਆਪਣੇ ਗਿਰੋਹ ਦੇ ਮੈਂਬਰਾਂ ਨਾਲ ਭਰਤਪੁਰ, ਰਾਜਸਥਾਨ ਵਿਖੇ ਗੈਰ-ਕਾਨੂੰਨੀ ਮਾਈਨਿੰਗ ਵਿੱਚ ਸ਼ਾਮਲ ਰਿਹਾ। ਉਸਨੇ 2021 ਤੱਕ ਆਪਣਾ ਆਟੋਮੋਬਾਈਲ ਕਾਰ-ਵਿਕਰੀ ਖਰੀਦ ਕਾਰੋਬਾਰ ਚਲਾਇਆ। ਦਸੰਬਰ-2021 ਵਿੱਚ, ਅਸਾਨੀ ਨਾਲ ਪੈਸੇ ਕਮਾਉਣ ਲਈ, ਉਸਨੇ ਅਪਰਾਧਿਕ ਗਤੀਵਿਧੀਆਂ ਵਿੱਚ ਪ੍ਰਵੇਸ਼ ਕੀਤਾ ਅਤੇ ਐਨਸੀਆਰ ਅਤੇ ਪੰਜਾਬ ਵਿੱਚ ਆਪਣੇ ਵਾਹਨ ਚੋਰੀ ਕਰਨ ਵਾਲੇ ਗਿਰੋਹ ਦੀ ਸ਼ੁਰੂਆਤ ਕੀਤੀ ਕਿਉਂਕਿ ਉਸ ਦੇ ਗਿਰੋਹ ਦੇ ਕੁਝ ਮੈਂਬਰ ਪਹਿਲਾਂ ਪੰਜਾਬ ਵਿੱਚ ਘਿਨਾਉਣੇ ਅਪਰਾਧਾਂ ਵਿੱਚ ਸ਼ਾਮਲ ਸਨ। ਕੰਪਿਊਟਰ ਇੰਜੀਨੀਅਰ ਹੋਣ ਦੇ ਨਾਤੇ, ਉਸਨੇ ਹੁੰਡਈ ਕਾਰ ਦਾ ਤਾਲਾ ਖੋਲ੍ਹਣ ਵਿੱਚ ਸਿਰਫ 10-15 ਮਿੰਟ ਲਏ ਕਿਉਂਕਿ ਉਸ ਨੂੰ ਹੁੰਡਈ ਦੀਆਂ ਗੱਡੀਆਂ ਨੂੰ ਅਨਲੌਕ ਕਰਨ ਵਿੱਚ ਮੁਹਾਰਤ ਹੈ। ਦੂਜਾ ਗ੍ਰਿਫਤਾਰ ਕੀਤਾ ਗਿਆ ਮੁਲਜ਼ਮ ਸ਼ੇਖ ਰਫੀਕ ਪੁੱਤਰ ਸ਼ੇਖ ਦਿਲਵਾਰ ਮਨਸੂਰੀ ਵਾਸੀ ਮਸਜਿਦ ਲਾਈਨ, ਮੋਸਾਨ ਗੰਜ, ਅਮਰਾਵਤੀ, ਮਹਾਰਾਸ਼ਟਰ, ਪਿਛਲੇ 10 ਸਾਲਾਂ ਤੋਂ ਕਾਰ-ਵਿਕਰੀ ਖਰੀਦ ਦਾ ਕਾਰੋਬਾਰ ਕਰ ਰਿਹਾ ਹੈ। ਸ਼ੇਖ ਰਫੀਕ ਅਤੇ ਇਕ ਫਰਾਰ ਮੁਲਜ਼ਮ ਸੋਨੂੰ ਅਕੀਲ ਅਤੇ ਉਸ ਦੇ ਗਿਰੋਹ ਦੇ ਮੈਂਬਰਾਂ ਤੋਂ ਵਾਹਨ ਖਰੀਦਦੇ ਸਨ ਅਤੇ ਅੱਗੇ ਇਨ੍ਹਾਂ ਚੋਰੀ ਦੀਆਂ ਕਾਰਾਂ ਨੂੰ ਵੱਖ-ਵੱਖ ਖਰੀਦਦਾਰਾਂ ਨੂੰ ਵੇਚਦੇ ਸਨ। ਇਸ ਤੋਂ ਇਲਾਵਾ, ਜਾਂਚ ਪ੍ਰਕਿਰਿਆ ਵਿੱਚ ਹੈ। ਹੋਰ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਨ ਅਤੇ ਹੋਰ ਚੋਰੀ ਕੀਤੇ ਵਾਹਨਾਂ ਨੂੰ ਬਰਾਮਦ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਸਾਥੀਆ ਦੇ ਰੁਜਗਾਰ ਬਹਾਲੀ ਲਈ ਭਗਤਾ ਭਾਈਕਾ ਦੇ ਐੱਸ ਡੀ ਉ ਦੇ ਦਫਤਰ ਮੂਹਰੇ ਕੀਤਾ ਰੋਸ ਮੁਜਾਹਰਾ

0

ਭਗਤਾ ਭਾਈਕਾ ਸੈਟਰ ਸਟੋਰ ਦੇ ਸਾਥੀਆਂ ਨੂੰ ਜੱਲਦ ਬਹਾਲ ਕਰੋਂ :ਗੁਰਵਿੰਦਰ ਸਿੰਘ ਪਨੂੰ
ਪੰਜਾਬੀ ਖ਼ਬਰਸਾਰ ਬਿਉਰੋ
ਭਗਤਾ ਭਾਈ, 23 ਸਤੰਬਰ: ਕੰਟਰੈਕਚੂਅਲ ਵਰਕਰ ਯੁਨੀਅਨ ਪੰਜਾਬ ਦੇ ਬੈਨਰ ਹੇਠ ਅੱਜ ਭਗਤਾ ਭਾਈਕਾ ਵਿੱਖੇ ਸੈਟਰ ਸਟੋਰ ਦੇ ਕੰਮ ਤੋ ਹਟਾਏ ਗਏ ਕੱਚੇ ਮੁਲਾਜ਼ਮਾਂ ਦੇ ਰੁਜਗਾਰ ਨੂੰ ਬਹਾਲ ਕਰਾਓੁਣ ਲਈ ਐੱਸ ਡੀ ਉ ਦਫਤਰ ਅੱਗੇ ਰੋਸ ਪ੍ਰਦਰਸ਼ਨ ਕੀਤਾ ਗਿਆ ਤੇ ਸ਼ਹਿਰ ਵਿੱਚ ਰੋਸ ਮਾਰਚ ਕੱਢਿਆ ਗਿਆ। ਇਸ ਮੋਕੇ ਗੁਰਵਿੰਦਰ ਪੰਨੂ,ਜਸਵਿੰਦਰ ਸਿੰਘ ਤੇ ਖੁਸਦੀਪ ਸਿੰਘ ਨੇ ਕਿਹਾ ਕਿ ਪੱਕੇ ਰੁਜਗਾਰ ਦੀ ਥਾਂ ਸਾਡੇ ਵਰਕਰਾ ਦੀਆ ਛਾਟੀਆ ਕੀਤੀਆ ਜਾ ਰਹੀਆਂ ਜੋ ਸਰਾਸਰ ਧੱਕਾ ਹੈ ਤੇ ਜਦੋ ਤੱਕ ਵਰਕਰਾ ਨੂੰ ਬਹਾਲ ਨਹੀ ਕੀਤਾ ਜਾਦਾ ਓੁਦੋ ਤੱਕ ਸੰਘਰਸ ਜਾਰੀ ਰਹੇਗਾ। ਭਰਾਤਰੀ ਜੱਥੇਬੰਦੀਆਂ ਦੇ ਆਗੂ ਸੀ ਐਚ ਬੀ ਦੇ ਗੁਰਜੰਟ ਸਿੰਘ ਤੇ ਮਲਕੀਤ ਸਿੰਘ ਸ/ ਡ ਨਥਾਣਾ ਦੇ ਜਨਰਲ ਸਕੱਤਰ ਗੁਰਜੀਤ ਸਿੰਘ, ਰਸਪਾਲ ਸਿੰਘ ਤੇ ਜੋਗੀਦਰ ਕੁਮਾਰ ਟੀ ਐਸ ਯੂ ਭੰਗਲ ਆਗੂਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਐ ਡੀ ਉ ਭਗਤਾ ਵੱਲੋ ਵਰਕਰਾਂ ਦੀ ਛਾਟੀ ਕਰਨ ਦਾ ਸਖਤ ਸ਼ਬਦਾਂ ਵਿਚ ਵਿਰੋਧ ਕੀਤਾ ਤੇ ਪੰਜਾਬ ਸਰਕਾਰ ਵਲੋਂ ਲਾਗੂ ਕੀਤੀ ਦੀ ਨਿੱਜੀਕਰਨ ਦੀ ਨੀਤੀ ਦੇ ਮਾਰੂ ਪ੍ਰਭਾਵਾ ਬਾਰੇ ਸਾਰੇ ਸਾਥੀਆ ਨੂੰ ਜਾਣੂ ਕਰਵਾਇਆ ਤੇ ਸਾਝੇ ਸੰਘਰਸਾ ਦਾ ਸੱਦਾ ਵੀ ਦਿੱਤਾ।ਆਗੂਆਂ ਨੇ ਭਗਤਾ ਭਾਈ ਕਾ ਦੀ ਮੈਨੇਜਮੈਂਟ ਨੂੰ ਜਲਦ ਤੋਂ ਜਲਦ ਮਸਲੇ ਦਾ ਹੱਲ ਕਰਨ ਲਈ ਕਿਹਾ ਗਿਆ ਤੇ ਸਖਤ ਸ਼ਬਦਾਂ ਵਿੱਚ ਚਿਤਾਵਨੀ ਦਿੱਤੀ ਗਈ ਕਿ ਕੱਡੇ ਗਏ ਵਰਕਰ ਜਲਦ ਬਹਾਲ ਨਾ ਕੀਤੇ ਜਥੇਬੰਦੀਆਂ ਵਲੋਂ 29 ਤਰੀਕ ਨੂੰ ਵੰਡਾ ਇੱਕਠ ਕਰਕੇ ਸੰਘਰਸ਼ ਨੂੰ ਹੋਰ ਤੇਜ ਕਰਨ ਦੀ ਚਿਤਾਵਨੀ ਦਿੱਤੀ।

ਸੇਂਟ ਜੇਵੀਅਰ ਸਕੂਲ ਚ ਪੜ੍ਹਦੇ ਬੱਚਿਆਂ ਦੇ ਮਾਪਿਆਂ ਲਈ ਰਾਹਤ ਵਾਲੀ ਖਬਰ

0

ਵਧੀ ਹੋਈ ਲਈ ਗਈ ਫ਼ੀਸ ਅਗਲੇ ਤਿੰਨ ਮਹੀਨਿਆਂ ਚ ਕਰਨੀ ਹੋਵੇਗੀ ਅਡਜਸਟ
ਯੂ.ਕੇ.ਜੀ. ਕਲਾਸ ਦੀ ਵਧਾਈ ਗਈ ਫ਼ੀਸ ਘਟਾਉਣ ਦੇ ਦਿੱਤੇ ਨਿਰਦੇਸ਼
ਸੁਖਜਿੰਦਰ ਮਾਨ
ਬਠਿੰਡਾ, 23 ਸਤੰਬਰ: ਸਥਾਨਕ ਸੇਂਟ ਜੇਵੀਅਰ ਸਕੂਲ ਚ ਪੜ੍ਹ ਰਹੇ ਬੱਚਿਆਂ ਦੇ ਮਾਪਿਆਂ ਲਈ ਰਾਹਤ ਵਾਲੀ ਖਬਰ ਇਹ ਹੈ ਕਿ ਹੁਣ ਉਨ੍ਹਾਂ ਨੂੰ ਸਕੂਲ ਵੱਲੋਂ ਵਧਾਈ ਗਈ ਫ਼ੀਸ ਨਹੀਂ ਦੇਣੀ ਪਵੇਗੀ ਅਤੇ ਸਕੂਲ ਵੱਲੋਂ ਪਹਿਲਾਂ ਵਧੀ ਹੋਈ ਵਸੂਲ ਕੀਤੀ ਗਈ ਫ਼ੀਸ ਵੀ ਅਗਲੇ ਤਿੰਨ ਮਹੀਨਿਆਂ ਦੀ ਫ਼ੀਸ ਵਿੱਚ ਅਡਜਸਟ ਕਰਨੀ ਹੋਵੇਗੀ। ਇਹ ਫ਼ੈਸਲਾ ਜ਼ਿਲ੍ਹਾ ਪੱਧਰੀ ਫ਼ੀਸ ਰੈਗੂਲੇਟਰੀ ਕਮੇਟੀ ਦੁਆਰਾ ਬੱਚਿਆਂ ਦੇ ਮਾਪਿਆਂ ਉਤੇ ਪੈ ਰਹੇ ਵਾਧੂ ਵਿੱਤੀ ਬੋਝ ਨੁੰ ਘਟਾਉਣ ਦੇ ਮੱਦੇਨਜ਼ਰ ਲਿਆ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪੱਧਰੀ ਫ਼ੀਸ ਰੈਗੂਲੇਟਰੀ ਕਮੇਟੀ ਦੇ ਚੇਅਰਮੈਨ-ਕਮ-ਡਿਪਟੀ ਕਮਿਸ਼ਨਰ ਸ੍ਰੀ ਸ਼ੌਕਤ ਅਹਿਮਦ ਪਰੇ ਨੇ ਕਿਹਾ ਕਿ ਉਪਰੋਕਤ ਸਕੂਲ ਵਿੱਚ ਪੜ ਰਹੇ ਬੱਚਿਆਂ ਦੀ ਮਾਪਿਆਂ ਦੀ ਸ਼ਿਕਾਇਤ ਸੀ ਕਿ ਸ਼ੈਸ਼ਨ 2021-22 ਦੌਰਾਨ ਐਲ.ਕੇ.ਜੀ. ਦੇ ਬੱਚੇ ਜੋ ਸ਼ੈਸ਼ਨ 2022-23 ਦੌਰਾਨ ਯੂ.ਕੇ.ਜੀ. ਕਲਾਸ ਵਿੱਚ ਹੋ ਗਏ ਸਨ ਦੀ ਫ਼ੀਸ ਵਿੱਚ ਸਕੂਲ ਵੱਲੋਂ ਵਾਧਾ ਕੀਤਾ ਗਿਆ ਸੀ। ਮਾਪਿਆਂ ਦੀ ਸ਼ਿਕਾਇਤ ਸੀ ਕਿ ਵਧੀ ਹੋਈ ਫ਼ੀਸ ਉਨ੍ਹਾਂ ਲਈ ਭਾਰੀ ਵਿੱਤੀ ਬੋਝ ਹੈ ਅਤੇ ਇਹ ਫ਼ੀਸ ਭਰਨ ਲਈ ਉਨ੍ਹਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਦੇ ਮੱਦੇਨਜ਼ਰ ਜ਼ਿਲ੍ਹਾ ਪੱਧਰੀ ਫ਼ੀਸ ਰੈਗੂਲੇਟਰੀ ਕਮੇਟੀ ਨੇ ਫ਼ੈਸਲਾ ਲੈਂਦਿਆਂ ਬੱਚਿਆਂ ਦੇ ਮਾਪਿਆਂ ਤੇ ਵਧੀ ਹੋਈ ਫ਼ੀਸ ਕਾਰਨ ਪਏ ਵਾਧੂ ਵਿੱਤੀ ਬੋਝ ਨੂੰ ਘਟਾਉਣ ਲਈ ਸਕੂਲ ਨੂੰ ਯੂ.ਕੇ.ਜੀ. ਦੇ ਵਿਦਿਆਰਥੀਆਂ ਕੋਲੋਂ ਫੀਸ 4200 ਰੁਪਏ ਪ੍ਰਤੀ ਮਹੀਨਾ ਤੋਂ ਘਟਾ ਕੇ 3500 ਰੁਪਏ ਪ੍ਰਤੀ ਮਹੀਨਾ ਲੈਣ ਲਈ ਨਿਰਦੇਸ਼ ਦਿੱਤੇ ਗਏ ਹਨ। ਉਨ੍ਹਾਂ ਸਕੂਲ ਨੂੰ ਇਹ ਵੀ ਹਦਾਇਤ ਕੀਤੀ ਹੈ ਕਿ ਜਿੰਨ੍ਹਾਂ ਬੱਚਿਆਂ ਦੇ ਮਾਪੇ ਵਧੀ ਹੋਈ ਫ਼ੀਸ ਨੂੰ ਜਮ੍ਹਾਂ ਕਰਵਾ ਚੁੱਕੇ ਹਨ, ਉਸ ਫ਼ੀਸ ਨੂੰ ਅਗਲੇ ਤਿੰਨ ਮਹੀਨਿਆਂ ਵਿੱਚ ਐਡਜਸਟ ਕੀਤਾ ਜਾਵੇ।

ਪੰਜਾਬ ਬਦਲਵੀਆਂ ਫਸਲਾਂ ਲਈ ਤਿਆਰ ਪਰ ਕੇਂਦਰ ਸਰਕਾਰ ਫਸਲਾਂ ਦਾ ਲਾਹੇਵੰਦ ਭਾਅ ਦੇਵੇ-ਮੁੱਖ ਮੰਤਰੀ

0

ਮੁੱਖ ਮੰਤਰੀ ਵੱਲੋਂ ਲੁਧਿਆਣਾ ਵਿਖੇ ਦੋ-ਰੋਜ਼ਾ ਕਿਸਾਨ ਮੇਲੇ ਦਾ ਉਦਘਾਟਨ
ਪਰਾਲੀ ਦੀ ਸਮੱਸਿਆ ਦੇ ਹੱਲ ਲਈ ਛੇਤੀ ਲੈ ਰਹੇ ਹਾਂ ਫੈਸਲਾ
ਡੇਅਰੀ ਧੰਦੇ ਨੂੰ ਹੋਰ ਪ੍ਰਫੁੱਲਤ ਕਰਨ ਲਈ ਵੇਰਕਾ ਦਾ ਵਿਸਥਾਰ ਕਰਨ ਦਾ ਐਲਾਨ
ਖੇਤੀਬਾੜੀ ਮਾਹਿਰਾਂ ਨੂੰ ਖੇਤਾਂ ਵਿਚ ਜਾ ਕੇ ਕਿਸਾਨਾਂ ਨੂੰ ਉੱਨਤ ਖੇਤੀ ਬਾਰੇ ਜਾਗਰੂਕ ਕਰਨ ਲਈ ਕਿਹਾ
ਲੁਧਿਆਣਾ, 23 ਸਤੰਬਰ: ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਵਿਚ ਪਾਣੀ ਦੇ ਗੰਭੀਰ ਸੰਕਟ ਦੇ ਹੱਲ ਲਈ ਕਿਸਾਨਾਂ ਨੂੰ ਪਾਣੀ ਦੀ ਵੱਧ ਖਪਤ ਵਾਲੀਆਂ ਫਸਲਾਂ ਦੀ ਬਜਾਏ ਬਦਲਵੀਆਂ ਫਸਲਾਂ ਦੀ ਕਾਸ਼ਤ ਕਰਨ ਲਈ ਪ੍ਰੇਰਿਤ ਕਰਨ ਵਾਸਤੇ ਭਾਰਤ ਸਰਕਾਰ ਨੂੰ ਇਨ੍ਹਾਂ ਫਸਲਾਂ ’ਤੇ ਲਾਹੇਵੰਦ ਭਾਅ ਦੇਣ ਦੀ ਲੋੜ ’ਤੇ ਜ਼ੋਰ ਦਿੱਤਾ। ਇੱਥੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਖੇ ‘ਕਿਸਾਨੀ, ਜਵਾਨੀ ਤੇ ਪੌਣ-ਪਾਣੀ ਬਚਾਈਏ, ਆਓ ‘ਰੰਗਲਾ ਪੰਜਾਬ’ ਬਣਾਈਏ’ ਦੇ ਨਾਅਰੇ ਨਾਲ ਅੱਜ ਸ਼ੁਰੂ ਹੋਏ ਦੋ-ਰੋਜ਼ਾ ਕਿਸਾਨ ਮੇਲੇ ਦੇ ਉਦਘਾਟਨ ਮੌਕੇ ਮੁੱਖ ਮੰਤਰੀ ਨੇ ਕਿਹਾ ਕਿ ਕਿਸਾਨ ਝੋਨੇ ਦੇ ਬਦਲ ਵਜੋਂ ਸੂਰਜਮੁਖੀ, ਦਾਲਾਂ ਤੇ ਮੱਕੀ ਵਰਗੀਆਂ ਫਸਲਾਂ ਬੀਜਣ ਲਈ ਤਿਆਰ ਹਨ ਪਰ ਕੇਂਦਰ ਸਰਕਾਰ ਝੋਨੇ ਦੇ ਬਰਾਬਰ ਮੁਨਾਫੇ ਵਜੋਂ ਇਨ੍ਹਾਂ ਫਸਲਾਂ ਉਤੇ ਲਾਹੇਵੰਦ ਭਾਅ ਦੇਵੇ ਤਾਂ ਕਿ ਸੂਬੇ ਵਿਚ ਪਾਣੀ ਦੇ ਸੰਕਟ ਦੇ ਮੰਡਰਾ ਰਹੇ ਬੱਦਲ ਹੋਰ ਗਹਿਰੇ ਨਾ ਹੋਣ। ਭਗਵੰਤ ਮਾਨ ਨੇ ਕਿਹਾ, “ਸਾਡੇ ਕਿਸਾਨ ਵੀ ਦਿਨੋ-ਦਿਨ ਪਾਣੀ ਦੇ ਡਿੱਗ ਰਹੇ ਪੱਧਰ ਅਤੇ ਝੋਨੇ ਦੀ ਪਰਾਲੀ ਨਾਲ ਪਲੀਤ ਹੁੰਦੇ ਵਾਤਾਵਰਣ ਤੋਂ ਬਹੁਤ ਚਿੰਤਤ ਹਨ ਪਰ ਉਹ ਆਪਣੀ ਆਮਦਨ ਖੁੱਸਣ ਦੇ ਡਰ ਤੋਂ ਕਣਕ-ਝੋਨੇ ਦੇ ਫਸਲੀ ਚੱਕਰ ਵਿੱਚੋਂ ਬਾਹਰ ਨਹੀਂ ਨਿਕਲ ਰਹੇ। ਪੰਜਾਬ ਦੀ ਸੋਨੇ ਵਰਗੀ ਧਰਤੀ ਏਨੀ ਜਰਖੇਜ਼ ਹੈ ਕਿ ਇੱਥੇ ਕੁਝ ਵੀ ਬੀਜਿਆ ਹੋਇਆ ਪੁੰਗਰ ਜਾਂਦਾ ਹੈ। ਪਾਣੀ ਦੇ ਗੰਭੀਰ ਸੰਕਟ ਨੂੰ ਅਸੀਂ ਅੱਖੋਂ-ਪਰੋਖੇ ਨਹੀਂ ਕਰ ਸਕਦੇ ਕਿਉਂਕਿ ਖਾੜੀ ਮੁਲਕ ਆਪਣੀ ਧਰਤੀ ਵਿੱਚੋਂ ਜਿੰਨੀ ਡੂੰਘਾਈ ‘ਚੋਂ ਤੇਲ ਕੱਢ ਰਹੇ ਹਨ, ਅਸੀਂ ਇੱਥੇ ਉਨੀ ਡੂੰਘਾਈ ‘ਚੋਂ ਪਾਣੀ ਕੱਢ ਰਹੇ ਹਾਂ ਜੋ ਸਾਡੇ ਲਈ ਖਤਰੇ ਦੀ ਘੰਟੀ ਹੈ। ਚੌਲ ਪੰਜਾਬੀਆਂ ਦੀ ਮੁੱਖ ਖੁਰਾਕ ਨਹੀਂ ਹੈ ਪਰ ਇਕ ਕਿਲੋ ਚੌਲ ਪੈਦਾ ਕਰਨ ਲਈ 4000 ਲਿਟਰ ਤੱਕ ਪਾਣੀ ਦੀ ਖਪਤ ਕੀਤੀ ਜਾ ਰਹੀ ਹੈ ਜਿਸ ਕਰਕੇ ਸਾਨੂੰ ਹੋਰ ਫਸਲਾਂ ਅਪਣਾਉਣੀਆਂ ਹੀ ਪੈਣਗੀਆਂ।”
ਦੇਸ਼ ਨੂੰ ਅਨਾਜ ਪੱਖੋਂ ਸਵੈ-ਨਿਰਭਰ ਬਣਾਉਣ ਲਈ ਪੰਜਾਬ ਦੇ ਯੋਗਦਾਨ ਦਾ ਜ਼ਿਕਰ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਜਦੋਂ ਦੇਸ਼ ਵਾਸੀ ਅਨਾਜ ਦੀ ਕਮੀ ਕਾਰਨ ਦੋ ਡੰਗ ਦੀ ਰੋਟੀ ਤੋਂ ਵੀ ਮੁਥਾਜ ਸਨ ਤਾਂ ਉਸ ਵੇਲੇ ਪੰਜਾਬ ਦੇ ਕਿਸਾਨਾਂ ਨੇ ‘ਹਰੀ ਕ੍ਰਾਂਤੀ’ ਰਾਹੀਂ ਦੇਸ਼ ਦੇ ਅੰਨ-ਭੰਡਾਰ ਨੱਕੋ-ਨੱਕ ਭਰ ਦਿੱਤੇ ਅਤੇ ਇੱਥੋਂ ਤੱਕ ਕਿ ਇਸ ਲਈ ਪੰਜਾਬ ਨੂੰ ਆਪਣੇ ਬਹੁਮੁੱਲੇ ਕੁਦਰਤੀ ਸਰੋਤਾਂ ਪਾਣੀ, ਹਵਾ ਅਤੇ ਧਰਤੀ ਨੂੰ ਕੀਮਤ ਚੁਕਾਉਣੀ ਪਈ। ਹੁਣ ਜਦੋਂ ਉੜੀਸਾ, ਛੱਤੀਸਗੜ੍ਹ, ਤੇਲੰਗਾਨਾ ਵਰਗੇ ਸੂਬੇ ਝੋਨੇ ਦੀ ਖੇਤੀ ਕਰਨ ਲੱਗ ਪਏ ਤਾਂ ਪੰਜਾਬ ਦੇ ਝੋਨੇ ਨੂੰ ਐਮ.ਐਸ.ਪੀ. ਉਤੇ ਖਰੀਦਣ ਤੋਂ ਹੱਥ ਪਿੱਛੇ ਖਿੱਚਣ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਹਨ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਕੋਲੰਬੀਆ ਤੇ ਮੋਜੰਮਬੀਕ ਵਰਗੇ ਮੁਲਕਾਂ ਤੋਂ ਹਰੇਕ ਸਾਲ 120 ਬਿਲੀਅਨ ਡਾਲਰ ਦੀ ਕੀਮਤ ਦੀਆਂ ਦਾਲਾਂ ਦੀ ਦਰਾਮਦ ਕਰਦੀ ਹੈ ਜਦਕਿ ਦੂਜੇ ਪਾਸੇ ਪੰਜਾਬ ਦੇ ਕਿਸਾਨ ਦਾਲਾਂ ਦੀ ਕਾਸ਼ਤ ਕਰਨੀਆਂ ਚਾਹੁੰਦੇ ਹਨ ਪਰ ਉਨ੍ਹਾਂ ਨੂੰ ਕੇਂਦਰ ਸਰਕਾਰ ਢੁਕਵਾਂ ਸਮਰਥਨ ਮੁੱਲ ਦੇਣ ਲਈ ਤਿਆਰ ਨਹੀਂ। ਇਸ ਮੌਕੇ ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਇਕ-ਦੋ ਦਿਨ ਵਿੱਚ ਪਰਾਲੀ ਦੀ ਸਮੱਸਿਆ ਲਈ ਵੱਡਾ ਫੈਸਲਾ ਲਿਆ ਜਾ ਰਿਹਾ ਹੈ ਤਾਂ ਕਿ ਝੋਨਾ ਵੱਢਣ ਤੋਂ ਬਾਅਦ ਪਰਾਲੀ ਨੂੰ ਅੱਗ ਲਾਉਣ ਨਾਲ ਪੈਦਾ ਹੁੰਦੀ ਸਮੱਸਿਆ ਤੋਂ ਛੁਟਕਾਰਾ ਪਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਅਸਲ ਵਿਚ ਤਾਂ ਕੇਂਦਰ ਸਰਕਾਰ ਨੂੰ ਪਰਾਲੀ ਦਾ ਢੁਕਵਾਂ ਪ੍ਰਬੰਧ ਕਰਨਾ ਚਾਹੀਦਾ ਹੈ ਕਿਉਂਕਿ ਪੰਜਾਬ ਦੇ ਕਿਸਾਨ ਦੇਸ਼ ਲਈ ਚੌਲ ਪੈਦਾ ਕਰਦੇ ਹਨ। ਉਨ੍ਹਾਂ ਕਿਹਾ ਕਿ ਚੌਲ ਦਾ ਕੇਂਦਰ ਦੇ ਭੰਡਾਰ ਵਿਚ ਚਲਾ ਜਾਂਦਾ ਹੈ ਪਰ ਪਰਾਲੀ ਸਾੜਨ ਮੌਕੇ ਕਿਸਾਨਾਂ ਉਤੇ ਸਖਤੀ ਕਰਨ ਲਈ ਸੂਬੇ ਨੂੰ ਕਹਿ ਦਿੱਤਾ ਜਾਂਦਾ।
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਅਧਿਕਾਰੀਆਂ ਅਤੇ ਖੇਤੀ ਮਾਹਿਰਾਂ ਨੂੰ ਨਵੀਆਂ ਤਕਨੀਕਾਂ ਅਤੇ ਚੁਣੌਤੀਆਂ ਬਾਰੇ ਕਿਸਾਨਾਂ ਨੂੰ ਜਾਣੂੰ ਕਰਵਾਉਣ ਲਈ ਖੁਦ ਉਨ੍ਹਾਂ ਕੋਲ ਪਹੁੰਚ ਕਰਨ ਦੇ ਆਦੇਸ਼ ਦਿੰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਖੇਤੀ ਵਿਚ ਰੁੱਝੇ ਕਿਸਾਨ ਕੋਲ ਖੇਤੀ ਸੰਸਥਾਵਾਂ ਕੋਲ ਪਹੁੰਚ ਕਰਕੇ ਨਵੀਆਂ ਖੋਜਾਂ ਤੇ ਤਕਨੀਕਾਂ ਬਾਰੇ ਸਿੱਖਣ ਦਾ ਸਮਾਂ ਨਹੀਂ ਹੁੰਦਾ ਜਿਸ ਕਰਕੇ ਖੇਤੀ ਮਾਹਿਰਾਂ ਨੂੰ ਹੀ ਖੇਤਾਂ ਵੱਲ ਰੁਖ ਕਰਨਾ ਪਵੇਗਾ ਤਾਂ ਕਿ ਕਿਸਾਨ ਆਧੁਨਿਕ ਅਤੇ ਅਗਾਂਹਵਧੂ ਖੇਤੀ ਢੰਗ-ਤਰੀਕਿਆਂ ਨੂੰ ਅਪਣਾ ਕੇ ਹੋਰ ਤਰੱਕੀ ਕਰ ਸਕਣ। ਉਨ੍ਹਾਂ ਕਿਹਾ, “ਸਾਡੇ ਕਿਸਾਨਾਂ ਦੀ ਮਿਹਨਤ ਵਿਚ ਕੋਈ ਕਮੀ ਨਹੀਂ ਹੈ, ਕਮੀ ਤਾਂ ਇਸ ਗੱਲ ਵਿਚ ਹੈ ਕਿ ਉਨ੍ਹਾਂ ਨੂੰ ਮੁਸੀਬਤ ਮੌਕੇ ਸਮੇਂ ਸਿਰ ਸੇਧ ਨਹੀਂ ਮਿਲਦੀ। ਇਸ ਕਰਕੇ ਸਾਨੂੰ ਸਮੱਸਿਆਵਾਂ ਅਤੇ ਉਸ ਦੇ ਹੱਲ ਦਰਮਿਆਨ ਫਰਕ ਘਟਾਉਣਾ ਹੋਵੇਗਾ ਜੋ ਖੇਤੀ ਮਾਹਿਰਾਂ ਅਤੇ ਕਿਸਾਨਾਂ ਦੇ ਆਪਸੀ ਤਾਲਮੇਲ ਨਾਲ ਹੀ ਸੰਭਵ ਹੋ ਸਕਦਾ ਹੈ।” ਮੁੱਖ ਮੰਤਰੀ ਨੇ ਕਿਹਾ ਕਿ ਕਿਸਾਨ ਬੱਝਵੀਂ ਆਮਦਨ ਹੋਣ ਕਰਕੇ ਨਵੇਂ ਖੇਤੀ ਤਰਜਬੇ ਕਰਨ ਦਾ ਜੋਖਮ ਨਹੀਂ ਉਠਾ ਸਕਦਾ ਜਿਸ ਕਰਕੇ ਖੇਤੀਬਾੜੀ ਯੂਨੀਵਰਸਿਟੀ ਨੂੰ ਆਪਣੀ ਜ਼ਮੀਨ ਵਿਚ ਨਵੀਆਂ ਖੋਜਾਂ ਅਤੇ ਤਜਰਬੇ ਅਪਣਾ ਕੇ ਮਿਸਾਲ ਪੇਸ਼ ਕਰਨੀ ਚਾਹੀਦੀ ਹੈ। ਮੁੱਖ ਮੰਤਰੀ ਨੇ ਨੌਜਵਾਨਾਂ ਨੂੰ ਵੀ ਖੇਤੀ ਖੇਤਰ ਵਿਚ ਨਵੇਂ ਬਦਲਾਅ ਲਿਆਉਣ ਦਾ ਸੱਦਾ ਦਿੱਤਾ।ਡੇਅਰੀ ਧੰਦੇ ਨੂੰ ਹੋਰ ਪ੍ਰਫੁੱਲਤ ਕਰਨ ਲਈ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ‘ਵੇਰਕਾ’ ਦਾ ਹੋਰ ਵਿਸਥਾਰ ਕਰ ਰਹੀ ਹੈ ਕਿਉਂਕਿ ਵੇਰਕਾ ਦੇ ਉਤਪਾਦ ਪੂਰੇ ਦੁਨੀਆ ਵਿਚ ਮਸ਼ਹੂਰ ਹਨ ਜਿਸ ਕਰਕੇ ਕਿਸਾਨਾਂ ਦੀ ਆਮਦਨ ਵਿਚ ਹੋਰ ਵਾਧਾ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਪਠਾਨਕੋਟ ਦੀ ਲੀਚੀ ਅਤੇ ਅਬੋਹਰ ਦੇ ਕਿਨੂੰ ਦਾ ਸਹੀ ਮੰਡੀਕਰਨ ਵੀ ਕੀਤਾ ਜਾਵੇਗਾ ਤਾਂ ਕਿ ਉਤਪਾਦਕਾਂ ਨੂੰ ਹੋਰ ਵਿੱਤੀ ਲਾਭ ਮਿਲੇ।
ਵਿਆਹ ਸਮਾਗਮਾਂ ਉਤੇ ਖਰਚੇ ਘਟਾਉਣ ਦਾ ਸੱਦਾ ਦਿੰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਵਿਆਹਾਂ ਉਤੇ ਵਿੱਤੋਂ ਵੱਧ ਖਰਚੇ ਨਾਲ ਪਰਿਵਾਰ ਦੇ ਆਰਥਿਕ ਹਾਲਾਤ ਡਾਵਾਂਡੋਲ ਹੋ ਜਾਂਦੇ ਹਨ ਜਦਕਿ ਅਜਿਹੇ ਸਮਾਗਮ ਸਾਦਗੀ ਨਾਲ ਕੀਤੇ ਜਾਣੇ ਚਾਹੀਦੇ ਹਨ।ਨਸ਼ਿਆਂ ਨਾਲ ਪੰਜਾਬ ਦੀ ਬਰਬਾਦ ਹੋਈ ਨੌਜਵਾਨੀ ਬਾਰੇ ਚਿੰਤਾ ਜ਼ਾਹਰ ਕਰਦਿਆਂ ਭਗਵੰਤ ਮਾਨ ਨੇ ਸਖਤ ਲਹਿਜ਼ੇ ਵਿਚ ਕਿਹਾ ਕਿ ਸਾਨੂੰ ਥੋੜ੍ਹਾ ਜਿਹਾ ਵਕਤ ਦਿਓ, ਅਸੀਂ ਨਸ਼ੇ ਵੇਚਣ ਵਾਲਿਆਂ ਨੂੰ ਕਿਸੇ ਵੀ ਕੀਮਤ ਉਤੇ ਬਖਸ਼ਾਂਗੇ ਨਹੀਂ। ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਬਹੁਤ ਗੰਭੀਰਤਾ ਨਾਲ ਇਸ ਪਾਸੇ ਕੰਮ ਕਰ ਰਹੀ ਹੈ ਅਤੇ ਛੇਤੀ ਹੀ ਨਤੀਜੇ ਸਾਹਮਣੇ ਆਉਣਗੇ।ਇਸ ਮੌਕੇ ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਖੇਤੀ ਵਿਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ ਅਹਿਮ ਯੋਗਦਾਨ ਉਤੇ ਚਾਨਣਾ ਪਾਉਂਦੇ ਹੋਏ ਕਿਸਾਨਾਂ ਨੂੰ ਇਸ ਯੂਨੀਵਰਸਿਟੀ ਤੋਂ ਸਮੇਂ-ਸਮੇਂ ਸਿਰ ਸੇਧ ਲੈਂਦੇ ਰਹਿਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਸਰਕਾਰ ਦੇ ਅਦਾਰੇ ਪਨਸੀਡ ਵੱਲੋਂ ਕਣਕ ਦਾ ਮਿਆਰੀ ਬੀਜ ਕਿਸਾਨਾਂ ਨੂੰ ਮੁਹੱਈਆ ਕਰਵਾਇਆ ਜਾਵੇਗਾ ਤਾਂ ਕਿ ਫਸਲ ਦਾ ਵੱਧ ਤੋਂ ਵੱਧ ਝਾੜ ਲਿਆ ਜਾ ਸਕੇ। ਉਨ੍ਹਾਂ ਨੇ ਕਿਸਾਨਾਂ ਨੂੰ ਇਸ ਵਾਰ ਪਰਾਲੀ ਨਾ ਸਾੜਨ ਦੀ ਅਪੀਲ ਕਰਦਿਆਂ ਕਿਹਾ ਕਿ ਸਰਕਾਰ ਛੇਤੀ ਹੀ ਇਸ ਸਮੱਸਿਆ ਦਾ ਠੋਸ ਹੱਲ ਕੱਢ ਰਹੀ ਹੈ। ਇਸ ਮੌਕੇ ਮੁੱਖ ਮੰਤਰੀ ਨੇ ਅਗਾਂਹਵਧੂ ਕਿਸਾਨਾਂ ਨੂੰ ਉਨ੍ਹਾਂ ਦੇ ਖੇਤੀ ਖੇਤਰ ਵਿਚ ਵਿਲੱਖਣ ਯੋਗਦਾਨ ਲਈ ਸਨਮਾਨਿਤ ਕੀਤਾ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਸਤਿਬੀਰ ਸਿੰਘ ਗੋਸਲ ਅਤੇ ਗੁਰੂ ਅੰਗਦ ਦੇਵ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਇੰਦਰਜੀਤ ਸਿੰਘ ਨੇ ਮੁੱਖ ਮੰਤਰੀ ਦਾ ਸਨਮਾਨ ਕੀਤਾ।ਇਸ ਦੌਰਾਨ ਪਸ਼ੂ ਪਾਲਣ ਮੰਤਰੀ ਲਾਲਜੀਤ ਸਿੰਘ ਭੁੱਲਰ, ਮੁੱਖ ਮੰਤਰੀ ਦੇ ਵਧੀਕ ਮੁੱਖ ਸਕੱਤਰ ਏ.ਵੇਨੂੰ ਪ੍ਰਸਾਦ ਅਤੇ ਵਧੀਕ ਮੁੱਖ ਸਕੱਤਰ ਖੇਤੀਬਾੜੀ ਸਰਵਜੀਤ ਸਿੰਘ ਤੇ ਹੋਰ ਅਧਿਕਾਰੀ ਹਾਜ਼ਰ ਸਨ।

ਪੰਜਾਬ ਪੁਲਿਸ ਨੇ ਆਈ.ਐਸ.ਆਈ. ਦੀ ਹਮਾਇਤ ਪ੍ਰਾਪਤ ਅੱਤਵਾਦੀ ਮਾਡਿਊਲ ਦਾ ਕੀਤਾ ਪਰਦਾਫਾਸ

0

ਏਕੇ-56 ਰਾਈਫਲ ਅਤੇ ਗੋਲੀ-ਸਿੱਕੇ ਸਮੇਤ 2 ਕਾਰਕੁਨ ਕਾਬੂ
ਮੁੱਖ ਮੰਤਰੀ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਪੰਜਾਬ ਪੁਲਿਸ ਵੱਲੋਂ ਗੈਂਗਸਟਰਾਂ ਵਿਰੁੱਧ ਵਿੱਢੀ ਗਈ ਜੰਗ ਗੈਂਗਸਟਰ ਮੁਕਤ ਪੰਜਾਬ ਹੋਣ ਤੱਕ ਰਹੇਗੀ ਜਾਰੀ: ਡੀਜੀਪੀ ਪੰਜਾਬ
ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਕੈਨੇਡਾ-ਅਧਾਰਤ ਲੰਡਾ ਅਤੇ ਪਾਕਿ-ਅਧਾਰਤ ਰਿੰਦਾ ਦੀ ਸ਼ਹਿ ’ਤੇ ਹੋਣ ਵਾਲੀਆਂ ਅੱਤਵਾਦੀ ਸਾਜ਼ਿਸ਼ਾਂ ਦਾ ਉਦੇਸ਼ ਸੂਬੇ ਦੀ ਸ਼ਾਂਤੀ ਤੇ ਤਰੱਕੀ ਨੂੰ ਢਾਅ ਲਾਉਣਾ
ਪੰਜਾਬੀ ਖ਼ਬਰਸਾਰ ਬਿਉਰੋ
ਜਲੰਧਰ, 23 ਸਤੰਬਰ:ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੰਜਾਬ ਨੂੰ ਅਪਰਾਧ ਮੁਕਤ ਸੂਬਾ ਬਣਾਉਣ ਲਈ ਚਲਾਈ ਜਾ ਰਹੀ ਮੁਹਿੰਮ ਦੇ ਹਿੱਸੇ ਵਜੋਂ, ਪੰਜਾਬ ਪੁਲਿਸ ਨੇ ਕੈਨੇਡਾ ਸਥਿਤ ਗੈਂਗਸਟਰ ਲਖਬੀਰ ਸਿੰਘ ਉਰਫ ਲੰਡਾ ਅਤੇ ਪਾਕਿਸਤਾਨ ਸਥਿਤ ਗੈਂਗਸਟਰ ਹਰਵਿੰਦਰ ਸਿੰਘ ਰਿੰਦਾ ਵੱਲੋਂ ਸਾਂਝੇ ਤੌਰ ‘ਤੇ ਚਲਾਏ ਜਾ ਰਹੇ ਆਈਐਸਆਈ ਦੀ ਹਮਾਇਤ ਪ੍ਰਾਪਤ ਅੱਤਵਾਦੀ ਮਾਡਿਊਲ ਦੇ ਦੋ ਵਿਅਕਤੀਆਂ ਦੀ ਗਿ੍ਰਫਤਾਰ ਨਾਲ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਇਹ ਜਾਣਕਾਰੀ ਅੱਜ ਇੱਥੇ ਡਾਇਰੈਕਟਰ ਜਨਰਲ ਆਫ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਦਿੱਤੀ।ਜ਼ਿਕਰਯੋਗ ਹੈ ਕਿ ਕੈਨੇਡਾ ਸਥਿਤ ਲੰਡਾ ਪਾਕਿਸਤਾਨ ਸਥਿਤ ਲੋੜੀਂਦੇ ਅਤੇ ਬੱਬਰ ਖਾਲਸਾ ਇੰਟਰਨੈਸ਼ਨਲ (ਬੀਕੇਆਈ) ਵਿੱਚ ਸ਼ਾਮਲ ਹੋਏ, ਗੈਂਗਸਟਰ ਹਰਵਿੰਦਰ ਸਿੰਘ ਉਰਫ ਰਿੰਦਾ ਦਾ ਕਰੀਬੀ ਮੰਨਿਆ ਜਾਂਦਾ ਹੈ, ਅਤੇ ਇਨਾਂ ਦੇ ਆਈ.ਐਸ.ਆਈ. ਨਾਲ ਵੀ ਨੇੜਲੇ ਸਬੰਧ ਹਨ। ਲੰਡਾ ਨੇ ਮੋਹਾਲੀ ਵਿੱਚ ਪੰਜਾਬ ਪੁਲਿਸ ਇੰਟੈਲੀਜੈਂਸ ਹੈੱਡਕੁਆਰਟਰ ‘ਤੇ ਰਾਕੇਟ ਪ੍ਰੋਪੇਲਡ ਗ੍ਰੇਨੇਡ (ਆਰਪੀਜੀ) ਅੱਤਵਾਦੀ ਹਮਲੇ ਦੀ ਸਾਜਿਸ਼ ਰਚਣ ਵਿੱਚ ਮੁੱਖ ਭੂਮਿਕਾ ਨਿਭਾਈ ਸੀ ਅਤੇ ਅੰਮਿ੍ਰਤਸਰ ਵਿੱਚ ਸਬ-ਇੰਸਪੈਕਟਰ ਦਿਲਬਾਗ ਸਿੰਘ ਦੀ ਕਾਰ ਦੇ ਹੇਠਾਂ ਇੱਕ ਆਈਈਡੀ ਵੀ ਲਾਇਆ ਸੀ।ਗਿ੍ਰਫਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਬਲਜੀਤ ਸਿੰਘ ਮੱਲੀ (25) ਵਾਸੀ ਪਿੰਡ ਜੋਗੇਵਾਲ, ਫਿਰੋਜਪੁਰ ਅਤੇ ਗੁਰਬਖਸ਼ ਸਿੰਘ ਉਰਫ ਗੋਰਾ ਸੰਧੂ ਪਿੰਡ ਬੁਹ ਗੁਜਰਾਂ, ਫਿਰੋਜਪੁਰ ਵਜੋਂ ਹੋਈ ਹੈ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਏਆਈਜੀ ਕਾਊਂਟਰ ਇੰਟੈਲੀਜੈਂਸ ਜਲੰਧਰ ਨਵਜੋਤ ਸਿੰਘ ਮਾਹਲ ਦੀ ਅਗਵਾਈ ਵਿੱਚ ਇੱਕ ਖੁਫੀਆ ਕਾਰਵਾਈ ਦੌਰਾਨ ਪੁਲਿਸ ਟੀਮਾਂ ਨੇ ਦੋਵਾਂ ਮੁਲਜਮਾਂ ਨੂੰ ਗਿ੍ਰਫਤਾਰ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ ਹੈ। ਉਨਾਂ ਦੱਸਿਆ ਕਿ ਪੁਲਿਸ ਨੇ ਗੁਰਬਖਸ ਸਿੰਘ ਵਲੋਂ ਉਸ ਦੇ ਪਿੰਡ ਵਿੱਚ ਦੱਸੇ ਟਿਕਾਣੇ ਤੋਂ ਦੋ ਮੈਗਜੀਨਾਂ, 90 ਜਿੰਦਾ ਕਾਰਤੂਸ ਅਤੇ ਦੋ ਗੋਲੀਆਂ ਦੇ ਖੋਲ ਸਮੇਤ ਇੱਕ ਆਧੁਨਿਕ ਏ.ਕੇ.-56 ਅਸਾਲਟ ਰਾਈਫਲ ਵੀ ਬਰਾਮਦ ਕੀਤੀ ਹੈ। ਉਨਾਂ ਦੱਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਬਲਜੀਤ ਇਟਲੀ ਵਾਸੀ ਹਰਪ੍ਰੀਤ ਸਿੰਘ ਉਰਫ ਹੈਪੀ ਸੰਘੇੜਾ ਦੇ ਸੰਪਰਕ ਵਿੱਚ ਸੀ ਅਤੇ ਉਸ ਦੇ ਨਿਰਦੇਸ਼ਾਂ ‘ਤੇ ਬਲਜੀਤ ਨੇ ਜੁਲਾਈ 2022 ਵਿੱਚ ਪਿੰਡ ਸੂਦਣ ਵਿਖੇ ਮੱਖੂ-ਲੋਹੀਆਂ ਰੋਡ ‘ਤੇ ਸਥਿਤ ਨਿਸ਼ਾਨਦੇਹੀ ਤੋਂ ਹਥਿਆਰਾਂ ਦੀ ਖੇਪ ਹਾਸਲ ਕੀਤੀ ਸੀ। ਬਾਅਦ ਵਿੱਚ, ਉਨਾਂ ਨੇ ਟੈਸਟ ਫਾਇਰ ਕਰਨ ਤੋਂ ਬਾਅਦ ਗੁਰਬਖਸ਼ ਦੇ ਖੇਤਾਂ ਵਿੱਚ ਖੇਪ ਛੁਪਾ ਦਿੱਤੀ। ਉਨਾਂ ਕਿਹਾ ਕਿ ਇਹ ਵੀ ਪਤਾ ਲੱਗਾ ਹੈ ਕਿ ਬਲਜੀਤ ਕੈਨੇਡਾ ਸਥਿਤ ਲਖਬੀਰ ਲੰਡਾ ਅਤੇ ਅਰਸ਼ ਡੱਲਾ ਸਮੇਤ ਖਤਰਨਾਕ ਗੈਂਗਸਟਰਾਂ ਦੇ ਸਿੱਧੇ ਸੰਪਰਕ ਵਿੱਚ ਸੀ। ਉਨਾਂ ਕਿਹਾ ਕਿ ਹੋਰ ਜਾਂਚ ਜਾਰੀ ਹੈ ਅਤੇ ਜਲਦੀ ਹੀ ਹੋਰ ਹਥਿਆਰਾਂ ਦੀ ਬਰਾਮਦਗੀ ਦੀ ਆਸ ਹੈ।ਡੀਜੀਪੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਨਿਰਦੇਸ਼ਾਂ ‘ਤੇ ਪੰਜਾਬ ਪੁਲਿਸ ਵੱਲੋਂ ਗੈਂਗਸਟਰਾਂ ਵਿਰੁੱਧ ਵਿੱਢੀ ਗਈ ਜੰਗ ਉਦੋਂ ਤੱਕ ਜਾਰੀ ਰਹੇਗੀ ਜਦੋਂ ਤੱਕ ਪੰਜਾਬ ਗੈਂਗਸਟਰ ਮੁਕਤ ਸੂਬਾ ਨਹੀਂ ਬਣ ਜਾਂਦਾ।ਜ਼ਿਕਰਯੋਗ ਹੈ ਕਿ ਐਫ.ਆਈ.ਆਰ. ਨੰਬਰ 29, ਮਿਤੀ 22.09.2022 ਨੂੰ ਯੂ.ਏ(ਪੀ) ਐਕਟ ਦੀਆਂ ਧਾਰਾਵਾਂ 10, 13, 18 ਅਤੇ 20 ਅਤੇ ਆਰਮਜ ਐਕਟ ਦੀ ਧਾਰਾ 25 ਤਹਿਤ ਐਸ.ਐਸ.ਓ.ਸੀ ਅੰਮਿ੍ਰਤਸਰ ਵਿਖੇ ਦਰਜ ਕੀਤਾ ਗਿਆ ਹੈ।

ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਵਕੀਲਾਂ ਨੇ ਸਾਬਕਾ ਕੇਂਦਰੀ ਮੰਤਰੀ ਨੂੰ ਦਿੱਤਾ ਮੰਗ ਪੱਤਰ

0

ਏਮਜ ਹਸਪਤਾਲ ਵਿੱਚ ਵਕੀਲਾਂ ਲਈ ਵੱਖਰੀ ਖਿੜਕੀ ਅਤੇ ਅਦਾਲਤ ਕੰਪਲੈਕਸ ਦੇ ਬੀ ਬਲਾਕ ਵਿਚ ਆਰ ਓ ਦੀ ਕੀਤੀ ਮੰਗ
ਸੁਖਜਿੰਦਰ ਮਾਨ
ਬਠਿੰਡਾ, 23 ਸਤੰਬਰ: ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇਪ੍ਰਧਾਨ ਵਰਿੰਦਰ ਕੁਮਾਰ ਸ਼ਰਮਾ, ਸੈਕਟਰੀ ਸੁਨੀਲ ਤਿ੍ਰਪਾਠੀ, ਕੈਸ਼ੀਅਰ ਸਤਵੀਰ ਕੌਰ ਅਤੇ ਜੁਆਇੰਟ ਸੈਕਟਰੀ ਗੁਰਪ੍ਰੀਤ ਸਿੰਘ ਮੌੜ ਆਦਿ ਦੀ ਅਗਵਾਈ ਹੇਠ ਵਕੀਲਾਂ ਦਾ ਇੱਕ ਵਫ਼ਦ ਅੱਜ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੂੰ ਮਿਲਿਆ, ਜਿੰਨ੍ਹਾਂ ਏਮਜ਼ ਹਸਪਤਾਲ ਵਿਚ ਭਾਰੀ ਰਸ਼ ਦੇ ਚੱਲਦੇ ਵਕੀਲਾਂ ਲਈ ਵੱਖਰੀ ਪਰਚੀ ਵਿੰਡੋ ਅਤੇ ਅਦਾਲਤ ਕੰਪਲੈਕਸ ਦੇ ਬੀ ਬਲਾਕ ਵਿਚ ਆਰਓ ਦੀ ਮੰਗ ਕੀਤੀ ਹੈ। ਇਸਤੋਂ ਇਲਾਵਾ ਵਫ਼ਦ ਵਲੋਂ ਜ਼ਿਲ੍ਹਾ ਬਾਰ ਐਸੋਸੀਏਸਨ ਦੀ ਲਾਇਬਰੇਰੀ ਨੂੰ ਅੱਪਡੇਟ ਕਰਨ ਦੇ ਲਈ ਵੀ ਫੰਡਾਂ ਦੀ ਮੰਗ ਕੀਤੀ। ਇਸਦੇ ਇਲਾਵਾ ਵਕੀਲਾਂ ਦੇ ਵਫ਼ਦ ਨੇ ਸ਼੍ਰੀਮਤੀ ਬਾਦਲ ਦਾ ਵਕੀਲ ਸਾਹਿਬਾਨਾਂ ਦੇ ਚੈਂਬਰ ਬਣਨ ਸਮੇਂ ਢਾਈ ਕਰੋੜ ਦੀ ਰਾਸ਼ੀ ਦੇਣ ਬਦਲੇ ਵੀ ਧੰਨਵਾਦ ਕੀਤਾ ਗਿਆ। ਵਫ਼ਦ ਨਾਲ ਗਏ ਸੀਨੀਅਰ ਵਕੀਲਾਂ ਦਲਜੀਤ ਸਿੰਘ ਬਰਾੜ ਤੇ ਹਰਪਾਲ ਸਿੰਘ ਢਿੱਲੋਂ ਆਦਿ ਨੇ ਦਸਿਆ ਕਿ ਸਾਬਕਾ ਕੇਂਦਰੀ ਮੰਤਰੀ ਵੱਲੋਂ ਮੰਗ ਪੱਤਰ ਵਿਚ ਦੱਸੀਆਂ ਅਹਿਮ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ਤੇ ਹੱਲ ਕਰਵਾਉਣ ਦਾ ਭਰੋਸਾ ਦਿੱਤਾ ਹੈ।

ਲਾਰੈਂਸ ਬਿਸ਼ਨੋਈ ਦੀ ਜਾਨ ਨੂੰ ਖ਼ਤਰਾ, ਵਕੀਲ ਨੇ ਪੇਸ਼ੀ ਦੌਰਾਨ ਮੁਕਾਬਲੇ ਦਾ ਖਦਸਾ ਪ੍ਰਗਟਾਇਆ

0

ਸੁਖਜਿੰਦਰ ਮਾਨ
ਬਠਿੰਡਾ, 23 ਸਤੰਬਰ: ਸਿੱਧੂ ਮੂਸੇਵਾਲਾ ਕਤਲ ਕਾਂਡ ’ਚ ਪੰਜਾਬ ਪੁਲਿਸ ਵਲੋਂ ਦਿੱਲੀ ਦੀ ਤਿਹਾੜ ਜੇਲ੍ਹ ਵਿਚੋਂ ਲਿਆਂਦੇ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਵਕੀਲ ਵਿਸਾਲ ਚੋਪੜਾ ਨੇ ਮੁੜ ਅਪਣੇ ਮੁਵੱਕਲ ਦੇ ਝੂਠੇ ਮੁਕਾਬਲੇ ਵਿਚ ਮਾਰੇ ਜਾਣ ਦਾ ਖਦਸ਼ਾ ਪ੍ਰਗਟਾਇਆ ਹੈ। ਤਿੰਨ ਦਿਨ ਪਹਿਲਾਂ ਰਾਜਸਥਾਨ ’ਚ ਬਿਸਨੋਈ ਦੇ ਰਿਸ਼ਤੇਦਾਰ ਦੱਸੇ ਜਾ ਰਹੇ ਇੱਕ ਹੋਰ ਗੈਂਗਸਟਰ ਸੰਦੀਪ ਬਿਸਨੋਈ ਨੂੰ ਅਦਾਲਤ ਵਿਚ ਪੇਸ਼ ਕਰਨ ਸਮੇਂ ਹੋਏ ਕਤਲ ਤੋਂ ਬਾਅਦ ਉਸਦੇ ਵਕੀਲ ਨੇ ਇਹ ਖ਼ਦਸਾ ਪ੍ਰਗਟ ਕੀਤਾ ਹੈ। ਮੌਜੂਦਾ ਸਮੇਂ ਇਂੱਕ ਵਪਾਰੀ ਤੋਂ ਸੁਪਾਰੀ ਮੰਗਣ ਦੇ ਮਾਮਲੇ ’ਚ ਲਾਰੇਂਸ ਪਿਛਲੇ 11 ਦਿਨਾਂ ਤੋਂ ਬਠਿੰਡਾ ਪੁਲਿਸ ਦੀ ਕਸਟੱਡੀ ਵਿਚ ਹੈ, ਜਿੱਥੇ ਭਲਕੇ ਉਸਨੂੰ ਮੁੜ ਅਦਾਲਤ ਵਿਚ ਪੇਸ਼ ਕੀਤਾ ਜਾਣਾ ਹੈ। ਹਾਲਾਂਕਿ ਪੰਜਾਬ ਲਿਆਉਣ ਤੋਂ ਬਾਅਦ ਪੁਲਿਸ ਵਲੋਂ ਲਾਰੇਂਸ ਦੀ ਸੁਰੱਖਿਆ ਲਈ ਵੱਡੇ ਉਪਰਾਲੇ ਕੀਤੇ ਹੋਏ ਹਨ ਤੇ ਉਸਨੂੰ ਕਿਸੇ ਵੀ ਅਦਾਲਤ ਵਿਚ ਪੇਸ਼ ਕਰਨ ਜਾਂ ਇੱਧਰ-ਉਧਰ ਲਿਜਾਣ ਸਮੇਂ ਬੁਲੇਟ ਪਰੂਫ਼ ਗੱਡੀ ਦੀ ਵਰਤੋਂ ਕੀਤੀ ਜਾਂਦੀ ਹੈ ਪ੍ਰੰਤੂ ਲਾਰੇਂਸ ਵਲੋਂ ਅਪਣੇ ਵਕੀਲ ਰਾਹੀਂ ਹਮੇਸ਼ਾ ਜਾਨ ਨੂੰ ਖ਼ਤਰਾ ਦਸਿਆ ਜਾਂਦਾ ਹੈ। ਇਸਤੋਂ ਇਲਾਵਾ ਲਾਰੇਂਸ ਦੇ ਵਕੀਲ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਕੇਂਦਰੀ ਏਜੰਸੀਆਂ ਨੇ ਵੀ ਲਾਰੇਂਸ ਬਿਸਨੋਈ ’ਤੇ ਹਮਲਾ ਹੋਣ ਦੀ ਸੰਭਾਵਨਾ ਜਤਾਈ ਹੈ। ਜਿਕਰਯੋਗ ਹੈ ਕਿ ਸਿੱਧੂ ਮੂਸੇਵਾਲਾ ਕਤਲ ਕਾਂਡ ਤੋਂ ਬਾਅਦ ਲਾਰੈਂਸ ਬਿਸ਼ਨੋਈ ਦੇ ਵਿਰੋਧੀ ਗੁੱਟ ਬੰਬੀਹਾ ਗੈਂਗ ਵਲੋਂ ਉਸਨੂੰ ਕਈ ਵਾਰ ਜਾਨੋਂ ਮਾਰਨ ਦੀ ਧਮਕੀ ਮਿਲ ਚੁੱਕੀ ਹੈ। ਉਧਰ ਬਠਿੰਡਾ ਪੁਲਿਸ ਦੇ ਅਧਿਕਾਰੀਆਂ ਨੇ ਦਾਅਵਾ ਕੀਤਾ ਹੈ ਕਿ ਬਿਸਨੋਈ ਦੀ ਸੁਰੱਖਿਆ ਨੂੰ ਧਿਆਨ ਵਿਚ ਰੱਖਦਿਆਂ ਸਾਰੇ ਇੰਤਜ਼ਾਮ ਕੀਤੇ ਗਏ ਹਨ।

ਬੀ.ਐਫ.ਜੀ.ਆਈ. ਵਿਖੇ ‘ਬਾਬਾ ਫ਼ਰੀਦ ਆਗਮਨ ਪੁਰਬ‘ ਦੇ ਸੰਬੰਧ ਵਿੱਚ ਕੁਇਜ਼ ਮੁਕਾਬਲਾ ਆਯੋਜਿਤ

0

ਸੁਖਜਿੰਦਰ ਮਾਨ
ਬਠਿੰਡਾ, 22 ਸਤੰਬਰ : ਬਾਬਾ ਸ਼ੇਖ ਫ਼ਰੀਦ ਜੀ ਦੇ ਆਗਮਨ ਪੁਰਬ ਦੇ ਸੰਬੰਧ ਵਿੱਚ ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨਜ਼ (ਬੀ.ਐਫ.ਜੀ.ਆਈ.) ਵਿਖੇ ਵਿਦਿਆਰਥੀਆਂ ਨੂੰ ਬਾਬਾ ਸ਼ੇਖ ਫ਼ਰੀਦ ਜੀ ਦੇ ਜੀਵਨ, ਰਚਨਾ ਅਤੇ ਸਿੱਖਿਆਵਾਂ ਬਾਰੇ ਜਾਣੂ ਕਰਵਾਉਣ ਲਈ ਇੱਕ ਵਿਸ਼ੇਸ਼ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਜਿਸ ਤਹਿਤ ਵਿਦਿਆਰਥੀਆਂ ਦਾ ਇੱਕ ਵਿਸ਼ੇਸ਼ ਕੁਇਜ਼ ਮੁਕਾਬਲਾ ਕਰਵਾਇਆ ਗਿਆ। ਇਸ ਪ੍ਰੋਗਰਾਮ ਵਿੱਚ ਡਾ. ਅਵਨਿੰਦਰਪਾਲ ਸਿੰਘ, ਡਾਇਰੈਕਟਰ ਜਨਰਲ ਐਚ.ਆਰ.ਡੀ. ਐਂਡ ਪਲਾਨਿੰਗ, ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ (ਫ਼ਰੀਦਕੋਟ) ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ।ਸਭ ਤੋਂ ਪਹਿਲਾਂ ਸੰਸਥਾ ਦੇ ਡਿਪਟੀ ਡਾਇਰੈਕਟਰ (ਐਕਟੀਵਿਟੀਜ਼) ਸ੍ਰੀ ਬੀ. ਡੀ. ਸ਼ਰਮਾ ਨੇ ਆਏ ਹੋਏ ਵਿਸ਼ੇਸ਼ ਮਹਿਮਾਨ ਅਤੇ ਵਿਦਿਆਰਥੀਆਂ ਦਾ ਨਿੱਘਾ ਸਵਾਗਤ ਕਰਦਿਆਂ ਬਾਬਾ ਫ਼ਰੀਦ ਜੀ ਦੀ ਬਾਣੀ ਦੀ ਸਾਰਥਿਕਤਾ ਅਤੇ ਸੰਬੰਧ ਬਾਰੇ ਚਾਨਣਾ ਪਾਇਆ । ਬਾਬਾ ਫ਼ਰੀਦ ਜੀ ਦੀ ਜੀਵਨੀ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਉਨ੍ਹਾਂ ਨੇ ਬਾਬਾ ਫ਼ਰੀਦ ਜੀ ਦੇ ਜਨਮ ਅਸਥਾਨ, ਉਨ੍ਹਾਂ ਦੀ ਮੁੱਢਲੀ ਸਿੱਖਿਆ ਅਤੇ ਉਨ੍ਹਾਂ ਦੇ ਜੀਵਨ ਪ੍ਰਸੰਗ ਬਾਰੇ ਚਰਚਾ ਕੀਤੀ।
ਇਸ ਮੌਕੇ ਇੱਕ ਬਹੁਤ ਹੀ ਗਿਆਨ ਭਰਪੂਰ ਵਿਸ਼ੇਸ਼ ਕੁਇਜ਼ ਮੁਕਾਬਲਾ ਕਰਵਾਇਆ ਗਿਆ ਜਿਸ ਦੇ ਸੰਚਾਲਕ ਡਾ. ਅਵਨਿੰਦਰਪਾਲ ਸਿੰਘ, ਡਾਇਰੈਕਟਰ ਜਨਰਲ ਐਚ.ਆਰ.ਡੀ. ਐਂਡ ਪਲਾਨਿੰਗ, ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ (ਫ਼ਰੀਦਕੋਟ) ਸਨ। ਇਸ ਵਿਸ਼ੇਸ਼ ਕੁਇਜ਼ ਮੁਕਾਬਲੇ ਵਿੱਚ ਸੰਸਥਾ ਦੇ ਵੱਖ ਵੱਖ ਕਾਲਜਾਂ/ਸਕੂਲਾਂ ਦੇ 16 ਚੁਣੇ ਹੋਏ ਵਿਦਿਆਰਥੀਆਂ ਨੇ 8 ਟੀਮਾਂ ਦੇ ਰੂਪ ਵਿੱਚ ਭਾਗ ਲਿਆ। ਦੱਸਣਯੋਗ ਹੈ ਕਿ ਇਹ ਵਿਦਿਆਰਥੀ ਇਸ ਤੋਂ ਪਹਿਲਾਂ ਕਰਵਾਏ ਗਏ ਇੱਕ ਆਨਲਾਈਨ ਕੁਇਜ਼ ਮੁਕਾਬਲੇ ਰਾਹੀਂ ਇਸ ਵਿਸ਼ੇਸ਼ ਕੁਇਜ਼ ਮੁਕਾਬਲੇ ਲਈ ਚੁਣੇ ਗਏ ਸਨ। ਇਸ ਮੁਕਾਬਲੇ ਦੇ ਹੋਏ ਵੱਖ-ਵੱਖ ਗੇੜਾਂ ਦੌਰਾਨ ਡਾ. ਅਵਨਿੰਦਰਪਾਲ ਸਿੰਘ ਨੇ ਵਿਦਿਆਰਥੀਆਂ ਨੂੰ ਬਾਬਾ ਫ਼ਰੀਦ ਜੀ ਦੀ ਬਾਣੀ, ਜੀਵਨ ਅਤੇ ਸਿੱਖਿਆਵਾਂ ਨਾਲ ਸੰਬੰਧਿਤ ਸੁਆਲ ਪੁੱਛੇ ਅਤੇ ਨਾਲੋਂ ਨਾਲ ਅੱਜ ਦੇ ਸੰਦਰਭ ਵਿੱਚ ਬਾਬਾ ਫ਼ਰੀਦ ਜੀ ਦੀ ਬਾਣੀ ਦੇ ਅਰਥ ਭਾਵ ਵੀ ਬੜੇ ਖ਼ੂਬਸੂਰਤ ਢੰਗ ਨਾਲ ਸਮਝਾਏ। ਕੁਇਜ਼ ਮੁਕਾਬਲੇ ਵਿੱਚ ਬਾਬਾ ਫ਼ਰੀਦ ਸੀਨੀਅਰ ਸੈਕੰਡਰੀ ਸਕੂਲ ਤੋਂ ਸ਼ੁਭਪ੍ਰੀਤ ਕੌਰ ਤੇ ਕੋਮਲਜੋਤ ਕੌਰ ਦੀ ਟੀਮ ਨੇ ਪਹਿਲਾ ਸਥਾਨ, ਬਾਬਾ ਫ਼ਰੀਦ ਕਾਲਜ ਤੋਂ ਰਿੰਪਜੀਤ ਕੌਰ ਤੇ ਅੰਸ਼ੂ ਦੀ ਟੀਮ ਨੇ ਦੂਜਾ ਸਥਾਨ ਜਦੋਂ ਕਿ ਬਾਬਾ ਫ਼ਰੀਦ ਕਾਲਜ ਆਫ਼ ਐਜੂਕੇਸ਼ਨ ਤੋਂ ਨਵਜੋਤ ਸਿੰਘ ਤੇ ਲਵਪ੍ਰੀਤ ਸਿੰਘ ਅਤੇ ਬਾਬਾ ਫ਼ਰੀਦ ਕਾਲਜ ਆਫ਼ ਮੈਨੇਜਮੈਂਟ ਐਂਡ ਟੈਕਨਾਲੋਜੀ ਤੋਂ ਪਾਰੁਲ ਤੇ ਹਰੀਤਿਕਾ ਦੀ ਟੀਮ ਨੇ ਤੀਜਾ ਸਥਾਨ ਹਾਸਲ ਕੀਤਾ। ਜੇਤੂ ਰਹੇ ਵਿਦਿਆਰਥੀਆਂ ਨੂੰ ਆਏ ਹੋਏ ਮਹਿਮਾਨਾਂ ਨੇ ਇਨਾਮ ਦੇ ਕੇ ਸਨਮਾਨਿਤ ਕੀਤਾ।ਇਸ ਮੌਕੇ ਬੀ.ਐਫ.ਜੀ.ਆਈ. ਦੇ ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ ਨੇ ਵੀ ਉੁਚੇਚੇ ਤੌਰ ਤੇ ਸ਼ਿਰਕਤ ਕੀਤੀ। ਉਨ੍ਹਾਂ ਨੇ ਸਾਰਿਆਂ ਨੂੰ ਬਾਬਾ ਫ਼ਰੀਦ ਜੀ ਦੇ ਆਗਮਨ ਪੁਰਬ ਦੀ ਵਧਾਈ ਦਿੰਦਿਆਂ ਕਿਹਾ ਕਿ ਇਸ ਸੰਸਥਾ ਦਾ ਨਾਂ ਬਾਬਾ ਸ਼ੇਖ ਫ਼ਰੀਦ ਜੀ ਵਰਗੇ ਮਹਾਨ ਦਰਵੇਸ਼ ਦੇ ਨਾਂ ਤੇ ਰੱਖਣਾ ਸਾਡੇ ਲਈ ਮਾਣ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਬਾਬਾ ਫ਼ਰੀਦ ਜੀ ਦੀਆਂ ਸਿੱਖਿਆਵਾਂ ਦੇ ਫਲਸਫੇ ਨੂੰ ਆਪਣੇ ਜੀਵਨ ਵਿੱਚ ਲਾਗੂ ਕਰ ਕੇ ਹੀ ਜ਼ਿੰਦਗੀ ਜਿਊਣ ਦੇ ਅਸਲ ਢੰਗ ਬਾਰੇ ਜਾਣਿਆ ਜਾ ਸਕਦਾ ਹੈ । ਉਨ੍ਹਾਂ ਨੇ ਕੁਇਜ਼ ਮੁਕਾਬਲੇ ਵਿੱਚ ਹਿੱਸਾ ਲੈਣ ਵਾਲੇ ਵਿਦਿਆਰਥੀਆਂ ਦੀ ਭਰਪੂਰ ਸ਼ਲਾਘਾ ਕਰਦਿਆਂ ਡਾ. ਅਵਨਿੰਦਰਪਾਲ ਸਿੰਘ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਬੀ.ਐਫ.ਜੀ.ਆਈ. ਦੇ ਡਿਪਟੀ ਡਾਇਰੈਕਟਰ (ਸਹੂਲਤਾਂ) ਸ. ਹਰਪਾਲ ਸਿੰਘ, ਸੰਸਥਾ ਦੇ ਵੱਖ-ਵੱਖ ਕਾਲਜਾਂ ਦੇ ਪਿ੍ਰੰਸੀਪਲ ਸਾਹਿਬਾਨ, ਵਿਭਾਗ ਮੁਖੀ, ਸਟਾਫ਼ ਮੈਂਬਰ ਅਤੇ ਵਿਦਿਆਰਥੀ ਹਾਜ਼ਰ ਸਨ।

ਦੂਜੇ ਪੜਾਅ ਦੀਆਂ ਗਰਮ ਰੁੱਤ 66ਵੀਂਆਂ ਜਿਲ੍ਹਾ ਸਕੂਲ ਖੇਡਾਂ ਸੁਰੂ

0

ਖੇਡਾਂ ਹੁੰਦੀਆਂ ਨੇ ਵਿਅਕਤੀਤਵ ਵਿਕਾਸ ਦਾ ਸ਼ੀਸ਼ਾ: ਅਗਰਵਾਲ
ਸੁਖਜਿੰਦਰ ਮਾਨ
ਬਠਿੰਡਾ, 23 ਸਤੰਬਰ :ਸਿੱਖਿਆ ਵਿਭਾਗ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਸਮੁੱਚੇ ਪੰਜਾਬ ਵਿੱਚ ਗਰਮ ਰੁੱਤ ਦੀਆਂ ਸਕੂਲੀ ਜਿਲ੍ਹਾ ਪੱਧਰੀ ਖੇਡਾਂ ਕਰਵਾਈਆਂ ਜਾ ਰਹੀਆਂ ਹਨ। ਇਸ ਲੜੀ ਤਹਿਤ ਜ਼ਿਲ੍ਹੇ ਦੀਆਂ ਖੇਡਾਂ ਦਾ ਉਦਘਾਟਨ ਚੇਅਰਮੈਨ ਜਿਲ੍ਹਾ ਯੋਜਨਾ ਬੋਰਡ ਅਮਿ੍ਰਤ ਲਾਲ ਅਗਰਵਾਲ ਨੇ ਕੀਤਾ। ਇਸ ਮੌਕੇ ਸ਼੍ਰੀ ਅੰਮਿ੍ਰਤ ਲਾਲ ਅਗਰਵਾਲ ਨੇ ਕਿਹਾ ਕਿ ਵਿਦਿਆਰਥੀ ਜੀਵਨ ਵਿਚ ਅਕਾਦਮਿਕ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵਿਦਿਆਰਥੀ ਜੀਵਨ ਵਿਚ ਆਪਣਾ ਅਹਿਮ ਕਿਰਦਾਰ ਨਿਭਾਉਂਦੀਆਂ ਹਨ। ਖੇਡਾਂ ਵਿਦਿਆਰਥੀਆਂ ਅੰਦਰ ਨੈਤਿਕ ਗੁਣਾਂ ਜਿਵੇਂ ਸਹਿਣਸ਼ੀਲਤਾ,ਅਨੁਸ਼ਾਸਨ, ਸਦਾਚਾਰ, ਜਿੱਤਣ ਦੀ ਤਾਂਘ, ਆਪਸੀ ਪ੍ਰੇਮ ਪਿਆਰ, ਇਕਜੁੱਟਤਾ, ਸਬਰ ਆਦਿ ਕੁੱਟ-ਕੁੱਟ ਕੇ ਭਰਦੀਆਂ ਹਨ। ਖਿਡਾਰੀ ਕਿਸੇ ਵੀ ਦੇਸ਼ ਜਾਂ ਕੌਮ ਦੇ ਕੀਮਤੀ ਗਹਿਣੇ ਹੁੰਦੇ ਹਨ। ਅੱਜ ਹੋਏ ਮੁਕਾਬਲਿਆਂ ਵਿੱਚ ਖੋ-ਖੋ ਅੰਡਰ-19 ਵਿੱਚ ਬਠਿੰਡਾ-1 ਨੇ ਸੰਗਤ ਅਤੇ ਮੰਡੀ ਕਲਾਂ ਨੇ ਭੁੱਚੋ ਮੰਡੀ ਨੂੰ, ਅੰਡਰ 17 ਵਿੱਚ ਮੰਡੀ ਕਲਾਂ ਨੇ ਮੌੜ ਨੂੰ, ਰੱਸਾਕਸੀ ਅੰਡਰ 14 ਲੜਕੀਆਂ ਵਿੱਚ ਮੰਡੀ ਫੂਲ ਨੇ ਗੋਨਿਆਣਾ ਨੂੰ, ਤਲਵੰਡੀ ਸਾਬੋ ਨੇ ਮੌੜ ਨੂੰ ਹਰਾਇਆ। ਗੱਤਕਾ ਅੰਡਰ 14 ਲੜਕੀਆਂ ਵਿੱਚ ਭੁੱਚੋ ਨੇ ਪਹਿਲਾ ਮੌੜ ਨੇ ਦੂਜਾ, ਫੁੱਟਬਾਲ ਅੰਡਰ 17 ਮੁੰਡੇ ਵਿੱਚ ਤਲਵੰਡੀ ਸਾਬੋ ਨੇ ਮੌੜ ਨੂੰ, ਮੰਡੀ ਕਲਾਂ ਨੇ ਮੰਡੀ ਫੂਲ ਨੂੰ, ਅੰਡਰ 19 ਵਿੱਚ ਮੰਡੀ ਫੂਲ ਨੇ ਗੋਨਿਆਣਾ ਨੂੰ, ਭੁੱਚੋ ਮੰਡੀ ਨੇ ਮੰਡੀ ਕਲਾਂ ਨੂੰ ਹਰਾਇਆ।
ਇਸ ਮੌਕੇ ਜਿਲ੍ਹਾ ਸਿੱਖਿਆ ਅਫਸਰ (ਸੈ.ਸਿੱ) ਮੇਵਾ ਸਿੰਘ ਸਿੱਧੂ, ਉੱਪ ਜਿਲ੍ਹਾ ਸਿੱਖਿਆ ਅਫਸਰ ਇਕਬਾਲ ਸਿੰਘ ਬੁੱਟਰ, ਡੀ.ਐਮ (ਖੇਡਾਂ) ਗੁਰਚਰਨ ਸਿੰਘ ਗਿੱਲ, ਜਿਲ੍ਹਾ ਖੇਡ ਅਫਸਰ ਰੁਪਿੰਦਰ ਸਿੰਘ, ਪਿ੍ਰੰਸੀਪਲ ਰਾਜਿੰਦਰ ਸਿੰਘ, ਪਿ੍ਰੰਸੀਪਲ ਜੋਨ ਸਿੰਘ, ਪਿ੍ਰੰਸੀਪਲ ਹਰਨੇਕ ਸਿੰਘ, ਪਿ੍ਰੰਸੀਪਲ ਦੀਪਕ ਕੁਮਾਰ, ਪਿ੍ਰੰਸੀਪਲ ਰਾਕੇਸ ਕੁਮਾਰ, ਪਿ੍ਰੰਸੀਪਲ ਮੰਜੂ ਬਾਲਾ, ਪਿ੍ਰੰਸੀਪਲ ਜਸਦੀਪ ਕੌਰ ਮਾਨ,ਰਮਨਦੀਪ ਕੌਰ ਮੁੱਖ ਅਧਿਆਪਕ, ਗੁਰਪਾਲ ਸਿੰਘ ਮੁੱਖ ਅਧਿਆਪਕ, ਲੈਕਚਰਾਰ ਅਮਰਦੀਪ ਸਿੰਘ, ਗੁਰਮੀਤ ਸਿੰਘ ਭੂੰਦੜ, ਗੁਰਮੀਤ ਸਿੰਘ ਮਾਨ, ਵਰਿੰਦਰ ਸਿੰਘ, ਗੁਰਿੰਦਰ ਸਿੰਘ (ਸਾਰੇ ਬੀ.ਐਮ ਖੇਡਾਂ) ਲੈਕਚਰਾਰ ਸੁਖਪਾਲ ਸਿੰਘ, ਲੈਕਚਰਾਰ ਮਨਦੀਪ ਕੌਰ, ਵਰਿੰਦਰ ਸਿੰਘ, ਲੈਕਚਰਾਰ ਪਵਿੱਤਰ ਕੌਰ, ਜਗਦੀਸ ਕੁਮਾਰ, ਰਮਨਦੀਪ ਸਿੰਘ, ਕੁਲਬੀਰ ਸਿੰਘ, ਅਵਤਾਰ ਸਿੰਘ, ਨਿਰਮਲ ਸਿੰਘ, ਜਸਵਿੰਦਰ ਸਿੰਘ, ਸੁਖਜਿੰਦਰਪਾਲ ਸਿੰਘ, ਰਾਜਿੰਦਰ ਕੁਮਾਰ ਸਰਮਾ, ਜਸਵੀਰ ਸਿੰਘ, ਸੁਖਵਿੰਦਰ ਸਿੰਘ, ਰਮਨਪ੍ਰੀਤ ਸਿੰਘ, ਗੁਰਲਾਲ ਸਿੰਘ, ਹਰਜਿੰਦਰਪਾਲ ਸਰਮਾ, ਸੁਖਜੀਤਪਾਲ ਸਿੰਘ, ਗਗਨਦੀਪ ਸਿੰਘ, ਜਗਮੋਹਨ ਸਿੰਘ, ਗੁਲਸਨ ਕੁਮਾਰ, ਹਰਪ੍ਰੀਤ ਸਿੰਘ, ਰਘਵੀਰ ਸਿੰਘ, ਅਮਿ੍ਰਤਪਾਲ ਕੌਰ, ਗੁਰਸਰਨ ਸਿੰਘ, ਭਿੰਦਰਪਾਲ ਕੌਰ, ਜਸਵਿੰਦਰ ਸਿੰਘ (ਸਾਰੇ ਕਨਵੀਨਰ), ਬਲਵੀਰ ਸਿੰਘ ਕਮਾਡੋ, ਭੁਪਿੰਦਰ ਸਿੰਘ ਤੱਗੜ, ਹਰਵਿੰਦਰ ਸਿੰਘ ਬਰਾੜ ਨੀਟਾ ਹਾਜਰ ਸਨ।

Our Visitor

1906271