ਸੂਬਾ ਸਰਕਾਰ ਦੇ ਹੱਕ ਵਿੱਚ ਪੇਸ਼ ਕੀਤਾ ਜਾਵੇਗਾ ਭਰੋਸਗੀ ਮਤਾ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 20 ਸਤੰਬਰ: ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਕੈਬਨਿਟ ਨੇ ਸੂਬਾ ਸਰਕਾਰ ਦੇ ਹੱਕ ਵਿੱਚ ਭਰੋਸਗੀ ਮਤਾ ਲਿਆਉਣ ਲਈ 16ਵੀਂ ਪੰਜਾਬ ਵਿਧਾਨ ਸਭਾ ਦਾ ਤੀਜਾ ਵਿਸ਼ੇਸ਼ ਸੈਸ਼ਨ 22 ਸਤੰਬਰ 2022 (ਵੀਰਵਾਰ) ਨੂੰ ਸੱਦਣ ਦੀ ਪ੍ਰਵਾਨਗੀ ਦੇ ਦਿੱਤੀ ਹੈ।ਇਸ ਸਬੰਧੀ ਫੈਸਲਾ ਮੁੱਖ ਮੰਤਰੀ ਦੀ ਅਗਵਾਈ ਹੇਠ ਪੰਜਾਬ ਸਿਵਲ ਸਕੱਤਰੇਤ ਵਿੱਚ ਮੁੱਖ ਮੰਤਰੀ ਦਫ਼ਤਰ ਵਿਖੇ ਮੰਤਰੀ ਸਮੂਹ ਦੀ ਮੀਟਿੰਗ ਦੌਰਾਨ ਲਿਆ ਗਿਆ।ਮੁੱਖ ਮੰਤਰੀ ਦਫ਼ਤਰ ਦੇ ਬੁਲਾਰੇ ਨੇ ਦੱਸਿਆ ਕਿ ਕੈਬਨਿਟ ਨੇ ਭਾਰਤ ਦੇ ਸੰਵਿਧਾਨ ਦੀ ਧਾਰਾ 174 (1) ਅਧੀਨ ਸਦਨ ਦਾ ਵਿਸ਼ੇਸ਼ ਸੈਸ਼ਨ ਸੱਦਣ ਲਈ ਪੰਜਾਬ ਦੇ ਰਾਜਪਾਲ ਨੂੰ ਸਿਫ਼ਾਰਸ਼ ਕਰਨ ਦੀ ਪ੍ਰਵਾਨਗੀ ਦੇ ਦਿੱਤੀ। ਬੁਲਾਰੇ ਨੇ ਅੱਗੇ ਕਿਹਾ ਕਿ ਸੈਸ਼ਨ ਸਵੇਰੇ 11 ਵਜੇ ਵਿਛੜੀਆਂ ਸ਼ਖ਼ਸੀਅਤਾਂ ਨੂੰ ਸ਼ਰਧਾਂਜਲੀ ਭੇਟ ਕਰਨ ਨਾਲ ਸ਼ੁਰੂ ਹੋਵੇਗਾ, ਜਿਸ ਮਗਰੋਂ ਸੂਬਾ ਸਰਕਾਰ ਦੇ ਪੱਖ ਵਿੱਚ ਭਰੋਸਗੀ ਮਤਾ ਪੇਸ਼ ਕੀਤਾ ਜਾਵੇਗਾ।
ਪੰਜਾਬ ਕੈਬਨਿਟ ਵੱਲੋਂ 22 ਸਤੰਬਰ ਨੂੰ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਸੱਦਣ ਦੀ ਪ੍ਰਵਾਨਗੀ
ਸੁਪਰੀਮ ਕੋਰਟ ਵੱਲੋਂ ਹਰਿਆਣਾ ਲਈ ਵੱਖਰੀ ਗੁਰਦੁਆਰਾ ਕਮੇਟੀ ਨੂੰ ਜਾਇਜ਼ ਠਹਿਰਾਉਣਾ ਪੰਥ ’ਤੇ ਹਮਲਾ : ਸੁਖਬੀਰ ਸਿੰਘ ਬਾਦਲ
ਕਿਹਾ ਕਿ ਵੱਖਰੀ ਕਮੇਟੀ ਕਾਂਗਰਸ ਪਾਰਟੀ ਨੇ ਗਠਿਤ ਕੀਤੀ, ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਮਾਮਲੇ ਵਿਚ ਸੁਪਰੀਮ ਕੋਰਟ ਵਿਚ ਸ਼੍ਰੋਮਣੀ ਕਮੇਟੀ ਦੇ ਖਿਲਾਫ ਸਟੈਂਡ ਲਿਆ
ਪਾਰਟੀ ਨੇ ਐਮਰਜੰਸੀ ਮੀਟਿੰਗ ਸੱਦੀ, ਪੰਥਕ ਜਥੇਬੰਦੀਆਂ ਨੂੰ ਸਿੱਖ ਕੌਮ ਨੂੰ ਵੰਡ ਕੇ ਅਸਿੱਧੇ ਤੌਰ ’ਤੇ ਰਾਜਨੀਤੀ ਕਰਨ ਦੀ ਸਾਜ਼ਿਸ਼ ਨੁੰ ਫੇਲ੍ਹ ਕਰਨ ਵਾਸਤੇ ਇਕਜੁੱਟ ਹੋਣ ਦਾ ਸੱਦਾ
ਮੁੱਖ ਮੰਤਰੀ ਨੁੰ ਫਰੈਂਕਫਰਟ ਵਿਚ ਹਵਾਈ ਜਹਾਜ਼ ਵਿਚੋਂ ਹੇਠਾਂ ਲਾਉਣ ਦੇ ਮਾਮਲੇ ਦੀ ਜਾਂਚ ਮੰਗੀ, ਰਾਜਪਾਲ ਨੂੰ ਮੁੱਖ ਮੰਤਰੀ ਨੂੰ ਬਰਖ਼ਾਸਤ ਕਰਨ ਦੀ ਕੀਤੀ ਅਪੀਲ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 20 ਸਤੰਬਰ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਸੁਪਰੀਮ ਕੋਰਟ ਵੱਲੋਂ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਐਕਟ 2014 ਨੁੰ ਮਾਨਤਾ ਦੇਣ ਦੇ ਫੈਸਲੇ ਨੁੰ ਪੰਥ ’ਤੇ ਹਮਲਾ ਕਰਾਰ ਦਿੰਦਿਆਂ ਕਿਹਾ ਕਿ ਇਸ ਨਾਲ ਦੁਨੀਆਂ ਭਰ ਦੇ ਸਿੱਖਾਂ ਵਿਚ ਰੋਸ ਦੀ ਭਾਵਨਾ ਹੈ। ਇਥੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਸ਼੍ਰੋਮਣੀ ਕਮੇਟੀ, ਜੋ ਕਿ ਅੰਤਰ ਰਾਜੀ ਸੰਸਥਾ ਹੈ, ਨੂੰ ਇਕ ਸੂਬਾਈ ਕਾਨੁੰਨ ਦੇ ਆਧਾਰ ’ਤੇ ਵੰਡਿਆ ਜਾ ਰਿਹਾ ਹੈ ਹਾਲਾਂਕਿ ਇਸ ਮਾਮਲੇ ’ਤੇ ਕਾਨੁੰਨ ਬਣਾਉਣ ਦੀ ਤਾਕਤ ਸਿਰਫ ਕੇਂਦਰ ਦੇ ਹੱਥ ਹੈ। ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਕਾਂਗਰਸ ਪਾਰਟੀ ਦਹਾਕਿਆਂ ਤੋਂ ਅਕਾਲੀ ਦਲ ਦੇ ਨਾਲ ਨਾਲ ਸਿੱਖ ਸੰਸਥਾਵਾਂ ਨੁੰ ਕਮਜ਼ੋਰ ਕਰਨ ’ਤੇ ਲੱਗੀ ਹੈ ਤੇ 2014 ਦੇ ਐਕਟ ਰਾਹੀਂ ਹਰਿਆਣਾ ਵਿਚ ਗੁਰਦੁਆਰਾ ਸਾਹਿਬਾਨ ਦਾ ਪ੍ਰਬੰਧ ਸੰਭਾਲਣ ਲਈ ਵੱਖਰੀ ਹਰਿਆਣਾ ਗੁਰਦੁਆਰਾ ਕਮੇਟੀ ਦਾ ਗਠਨ ਕਰਨਾ ਇਸ ਰਣਨੀਤੀ ਦਾ ਹਿੱਸਾ ਹੈ। ਉਹਨਾਂ ਕਿਹਾ ਕਿ ਇਹ ਬਹੁਤ ਹੀ ਨਿੰਦਣਯੋਗ ਗੱਲ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਇਸ ਕੇਸ ਵਿਚ ਸੁਪਰੀਮ ਕੋਰਟ ਵਿਚ ਸ਼੍ਰੋਮਣੀ ਕਮੇਟੀ ਦੇ ਉਲਟ ਸਟੈਂਡ ਲਿਆ। ਉਹਨਾਂ ਕਿਹਾ ਕਿ ਤਾਬੂਤ ਵਿਚ ਆਖਰੀ ਕਿੱਲ ਗੱਡਣ ਦਾ ਕੰਮ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਨੇ ਕੀਤਾ ਜਿਹਨਾਂ ਦੇ ਐਡਵੋਕੇਟ ਜਨਰਲ ਨੇ ਅਦਾਲਤ ਵਿਚ ਕੇਸ ਵਿਚ ਸ਼੍ਰੋਮਣੀ ਕਮੇਟੀ ਦੇ ਖਿਲਾਫ ਲਿਖਤੀ ਹਲਫਨਾਮਾ ਦਾਇਰ ਕੀਤਾ। ਸ: ਬਾਦਲ ਨੇ ਜ਼ੋਰ ਦੇ ਕੇ ਕਿਹਾ ਕਿ ਅਕਾਲੀ ਦਲ ਕਦੇ ਵੀ ਸੌ ਸਾਲ ਪੁਰਾਣੇ ਐਕਟ ਨਾਲ ਛੇੜਛਾੜ ਬਰਦਾਸ਼ਤ ਨਹੀਂ ਕਰੇਗਾ। ਉਹਨਾਂ ਕਿਹਾ ਕਿ ਪਾਰਟੀਨੇ ਇਸਦੇ ਸੀਨੀਅਰ ਆਗੂਆਂ ਦੀ ਫੌਰੀ ਮੀਟਿੰਗ ਸੱਦੀ ਹੈ ਤਾਂ ਜੋ ਕਾਨੁੰਨੀ ਪਹਿਲੂ ਸਮੇਤ ਭਵਿੱਖੀ ਰਣਨੀਤੀ ਤੈਅ ਕੀਤੀ ਜਾ ਸਕੇ। ਉਹਨਾਂ ਨੇ ਸਾਰੀਆਂ ਪੰਥਕ ਜਥੇਬੰਦੀਆਂ ਨੁੰ ਅਪੀਲ ਕੀਤੀ ਕਿ ਉਹ ਸਿੱਖ ਵਿਰੋਧੀ ਤਾਕਤਾਂ ਵੱਲੋਂ ਸਿੱਖ ਕੌਮ ਨੁੰ ਵੰਡ ਕੇ ਅਸਿੱਧੇ ਤੌਰ ’ਤੇ ਰਾਜ ਕਰਨ ਦੀ ਇਸ ਸਾਜ਼ਿਸ਼ ਨੂੰ ਅਸਫਲ ਬਣਾਉਣ ਵਾਸਤੇ ਰੱਲ ਕੇ ਕੰਮ ਕਰਨ।
ਸ: ਬਾਦਲ ਨੇ ਕਿਹਾ ਕਿ ਦੇਸ਼ ਵਿਚ ਪਹਿਲਾਂ ਲੋਕਾਂ ਨੇ ਇਹ ਵੇਖਿਆ ਕਿ ਕਿਵੇਂ ਚੁਣੀ ਹੋਈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਰਾਤੋ ਰਾਤ ਸਰੂਪ ਬਦਲ ਕੇ ਇਸ ’ਤੇ ਕਬਜ਼ਾ ਕਰ ਲਿਆ ਗਿਆ। ਉਹਨਾਂ ਦੱਸਿਆ ਕਿ ਕਿਵੇਂ ਪੰਜਾਬ ਪਹਿਲਾਂ ਹੀ ਮਾਰ ਝੱਲ ਰਿਹਾ ਹੈ ਕਿਉਂਕਿ ਇਸਦੇ ਦਰਿਆਈ ਪਾਣੀ ਇਸ ਤੋਂ ਖੋਹ ਲਏ ਗਏ ਤੇ ਇਹ ਬਿਨਾਂ ਰਾਜਧਾਨੀ ਸ਼ਹਿਰ ਚੰਡੀਗੜ੍ਹ ਤੋਂ ਵਿਚਰ ਰਿਹਾ ਹੈ। ਉਹਨਾਂ ਕਿਹਾ ਕਿ ਹਰਿਆਣਾ ਵਿਚ ਵੱਖਰੀ ਗੁਰਦੁਆਰਾ ਕਮੇਟੀ ਨੂੰ ਮਾਨਤਾ ਦੇਣ ਨਾਲ ਕਿਵੇਂ ਸ਼੍ਰੋਮਣੀ ਕਮੇਟੀ ਨੂੰ ਛੋਟਾ ਕੀਤਾ ਜਾ ਰਿਹਾ ਹੈ। ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਨੂੰ ਫਰੈਂਕਫਰਟ ਵਿਚ ਹਵਾਈ ਜਹਾਜ਼ ਵਿਚੋਂ ਹੇਠਾਂ ਲਾਉਣ ਦੇ ਮਾਮਲੇ ’ਤੇ ਸਵਾਲ ਦੇ ਜਵਾਬ ਵਿਚ ਸ: ਬਾਦਲ ਨੇ ਕਿਹਾ ਕਿ ਮੁੱਖ ਮੰਤਰੀ ਦੀਆਂ ਕਾਰਵਾਈਆਂ ਨੇ ਪੰਜਾਬ ਤੇ ਪੰਜਾਬੀਆਂ ਦੇ ਮਾਣ ਸਨਮਾਨ ਨੁੰ ਠੇਸ ਪਹੁੰਚਾਈ ਹੈ। ਉਹਨਾਂ ਦੱਸਿਆ ਕਿ ਕਿਵੇਂ ਜਿਸ ਫਲਾਈਟ ਵਿਚ ਮੁੱਖ ਮੰਤਰੀ ਸਨ, ਉਸੇ ਫਲਾਈਟ ਦੇ ਦੋ ਮੁਸਾਫਰਾਂ ਨੇ ਉਹਨਾਂ ਨੂੰ ਸਾਰੀ ਘਟਨਾ ਦੀ ਜਾਣਕਾਰੀ ਦਿੱਤੀ। ਉਹਨਾ ਕਿਹਾ ਕਿ ਮੁਸਾਫਰਾਂ ਵਿਚੋਂ ਇਕ ਉਦਯੋਗਪਤੀ ਸੀ ਜਦੋਂ ਕਿ ਦੂਜਾ ਰਾਜਸਥਾਨ ਤੋਂ ਹੋਟਲਾਂ ਦਾ ਮਾਲਕ ਸੀ ਜੋ ਬਿਜ਼ਨਸ ਕਲਾਸ ਵਿਚ ਸਫਰ ਕਰ ਰਹੇ ਸਨ। ਉਹਨਾਂ ਦੱਸਿਆ ਕਿ ਦੋਵਾਂ ਮੁਸਾਫਰਾਂ ਨੇ ਦੱਸਿਆ ਕਿ ਸ੍ਰੀ ਭਗਵੰਤ ਮਾਨ ਹਵਾਈ ਜਹਾਜ਼ ਵਿਚ ਦਾਖਲ ਹੋਣ ਤੋਂ ਬਾਅਦ ਸਭ ਤੋਂ ਪਹਿਲੀ ਸੀਟ ’ਤੇ ਡਿੱਗ ਪਏ। ਉਹਨਾ ਕਿਹਾ ਕਿ ਇਸ ਤੋਂ ਬਾਅਦ ਏਅਰ ਹੋਸਟਸ ਨੇ ਮੁੱਖ ਮੰਤਰੀ ਨੂੰ ਉਹਨਾਂ ਦੀ ਸੀਟ ਬਾਰੇ ਦੱਸਿਆ ਜੋ ਕੁਝ ਪਿੱਛੇ ਸੀ ਤੇ ਸ੍ਰੀ ਮਾਨ ਇਕ ਤੋਂ ਬਾਅਦ ਇਕ ਸੀਟ ਵਿਚ ਵੱਜਦਿਆਂ ਆਪਣੀ ਸੀਟ ਤੱਕ ਪਹੁੰਚੇ। ਉਹਨਾਂ ਕਿਹਾ ਕਿ ਇਸ ਮਗਰੋਂ ਏਅਰ ਹੋਸਟਸ ਨੇ ਕੈਪਟਨ ਨੂੰ ਹਾਲਾਤ ਬਾਰੇ ਦੱਸਿਆ ਤਾਂ ਕੈਪਟਨ ਨੇ ਮੌਕੇ ’ਤੇ ਪਹੁੰਚ ਕੇ ਫੈਸਲਾ ਲਿਆ ਹੈ ਕਿ ਮੁੱਖ ਮੰਤਰੀ ਨੂੰ ਜਹਾਜ਼ ਵਿਚੋਂ ਹੇਠਾਂ ਉਤਾਰਿਆ ਜਾਵੇ। ਸ: ਬਾਦਲ ਨੇ ਜ਼ੋਰ ਦੇ ਕੇ ਕਿਹਾ ਕਿ ਲੁਫਥਾਨਸਾ ਦੇ ਦੱਸੇ ਮੁਤਾਬਕ ਜਹਾਜ਼ ਪਹਿਲਾਂ ਹੀ ਨਿਸ਼ਚਿਤ ਸਮੇਂ ਨਾਲੋਂ ਦੇਰੀ ਵਿਚ ਸੀੇ। ਉਹਨਾ ਕਿਹਾ ਕਿ ਲੁਫਥਾਨਸਾ ਨੇ ਕਦੇ ਨਹੀਂ ਕਿਹਾ ਕਿ ਸ੍ਰੀ ਭਗਵੰਤ ਮਾਨ ਸ਼ਰਾਬ ਦੇ ਨਸ਼ੇ ਵਿਚ ਧੁੱਤ ਨਹੀਂ ਸਨ ਤੇ ਉਹਨਾਂ ਨੂੰ ਜਹਾਜ਼ ਵਿਚੋਂ ਹੇਠਾਂ ਲਾਹੁਣ ਦੀ ਘਟਨਾ ਕਦੇ ਵਾਪਰੀ ਹੀ ਨਹੀਂ। ਉਹਨਾਂ ਕਿਹਾ ਕਿ ਸੱਚਾਈ ਇਹ ਹੈ ਕਿ ਏਅਰਲਾਈਨ ਨੇ ਪ੍ਰਾਈਵੇਸੀ ਕਾਨੂੰਨਾਂ ਦਾ ਹਵਾਲਾ ਦੇ ਕੇ ਘਟਨਾ ਦੀ ਜਾਣਕਾਰੀ ਦੇਣ ਤੋਂ ਨਾਂਹ ਕਰ ਦਿੱਤੀ। ਉਹਨਾਂ ਨੇ ਸਵਾਲ ਕੀਤਾ ਕਿ ਫਰੈਂਕਫਰਟ ਹਵਾਈ ਅੱਡੇ ’ਤੇ ਕਰੀਬ ਦੋ ਘੰਟੇ ਤੱਕ ਵੀ ਆਈ ਪੀ ਲੋਂਜ ਵਿਚ ਠਹਿਰਣ ਤੋਂ ਬਾਅਦ ਮੁੱਖ ਮੰਤਰੀ ਅਚਨਚੇਤ ਬਿਮਾਰ ਕਿਵੇਂ ਹੋ ਗਏ ?
ਸਰਦਾਰ ਬਾਦਲ ਨੇ ਮੰਗ ਕੀਤੀ ਕਿ ਸਾਰੀ ਘਟਨਾ ਦੀ ਜਾਂਚ ਹੋਵੇ। ਉਹਨਾਂ ਨੇ ਨੇ ਰਾਜਪਾਲ ਨੁੰ ਅਪੀਲ ਕੀਤੀ ਕਿ ਸ੍ਰੀ ਭਗਵੰਤ ਮਾਨ ਨੂੰ ਉਹਨਾਂ ਦੇ ਅਹੁਦੇ ਤੋਂ ਬਰਖਾਸਤ ਕੀਤਾ ਜਾਵੇ। ਉਹਨਾਂ ਕਿਹਾ ਕਿ ਅਜਿਹੇ ਵਿਅਕਤੀ ਨੂੰ ਇਸ ਅਹੁਦੇ ’ਤੇ ਬਣੇ ਰਹਿਣ ਦਾ ਕੋਈ ਹੱਕ ਨਹੀਂ ਹੈ।ਸਵਾਲ ਦੇ ਜਵਾਬ ਵਿਚ ਬਾਦਲ ਨੇ ਕਿਹਾ ਕਿ ਜਿਥੇ ਮੁੱਖ ਮੰਤਰੀ ਦੇ ਬੀ ਐਮ ਡਬਲਿਊ ਵੱਲੋਂ ਪੰਜਾਬ ਵਿਚ ਕਾਰ ਨਿਰਮਾਣ ਕਾਰਖਾਨਾ ਲਾਉਣ ਦੇ ਦਾਅਵੇ ਲੀਰੋ ਲੀਰ ਹੋਏ ਹਨ, ਉਥੇ ਹੀ ਲੋਕ ਇਹ ਜਾਣਦੇ ਹਨ ਕਿ ਜਿਸ ਸਾਈਕਲ ਕੰਪਨੀ ਦੀ ਗੱਲ ਮੁੱਖ ਮੰਤਰੀ ਕਰ ਰਹੇ ਹਨ, ਉਹ ਪਹਿਲਾਂ ਹੀ ਸੂਬੇ ਵਿਚ ਆਪਣਾ ਕੰਮ ਸ਼ੁੂ ਕਰ ਚੁੱਕੀ ਹੈ।
ਬਾਬਾ ਫ਼ਰੀਦ ਕਾਲਜ ਦੇ ਐਗਰੀਕਲਚਰ ਵਿਭਾਗ ਵਲੋਂ ਮਾਹਿਰ ਗੱਲਬਾਤ ਆਯੋਜਿਤ
ਸੁਖਜਿੰਦਰ ਮਾਨ
ਬਠਿੰਡਾ, 20 ਸਤੰਬਰ: ਬਾਬਾ ਫ਼ਰੀਦ ਕਾਲਜ ਦੇ ਐਗਰੀਕਲਚਰ ਵਿਭਾਗ ਵੱਲੋਂ ‘ਪੋਲਟਰੀ ਫਾਰਮਿੰਗ ਵਿੱਚ ਐਗਰੀ ਉੱਦਮੀ ਕਿਵੇਂ ਬਣੀਏ‘ ਬਾਰੇ ਮਾਹਿਰ ਗੱਲਬਾਤ ਕਰਵਾਈ । ਇਸ ਲਈ ਸਿਕੰਦਰ ਪੋਲਟਰੀ ਫਾਰਮ ਗੋਨਿਆਣਾ (ਬਠਿੰਡਾ) ਦੇ ਮਾਲਕ ਸ. ਅਮਰਿੰਦਰ ਸਿੰਘ ਬਰਾੜ ਨੇ ਮਾਹਿਰ ਬੁਲਾਰੇ ਵਜੋਂ ਸ਼ਿਰਕਤ ਕੀਤੀ। ਉਨ੍ਹਾਂ ਨੇ ਪੀ.ਏ.ਯੂ. ਤੋਂ ਐਮ.ਐਸ.ਸੀ ਐਗਰੀ ਬਾਇਉਟੈਕ ਕੀਤੀ ਹੋਈ ਹੈ। ਇਸ ਗਤੀਵਿਧੀ ਵਿੱਚ ਫੈਕਲਟੀ ਆਫ਼ ਐਗਰੀਕਲਚਰ ਦੇ 85 ਵਿਦਿਆਰਥੀਆਂ ਨੇ ਵੱਧ ਚੜ੍ਹ ਕੇ ਭਾਗ ਲਿਆ। ਇਸ ਗਤੀਵਿਧੀ ਦਾ ਉਦੇਸ਼ ਪੋਲਟਰੀ ਫਾਰਮ ਤਿਆਰ ਕਰਨ ਅਤੇ ਇਸ ਦੀ ਖੇਤੀ ਨਾਲ ਏਕੀਕਰਨ ਬਾਰੇ ਵਿਸਤਰਿਤ ਜਾਣਕਾਰੀ ਪ੍ਰਦਾਨ ਕਰਨਾ ਸੀ। ਮਹਿਮਾਨ ਬੁਲਾਰੇ ਸ. ਅਮਰਿੰਦਰ ਸਿੰਘ ਬਰਾੜ ਨੇ ਇਸ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਿਵੇਂ ਉਨ੍ਹਾਂ ਦੇ ਪਿਤਾ ਸ. ਸਿਕੰਦਰ ਸਿੰਘ ਨੇ 1997 ਵਿੱਚ ਪੋਲਟਰੀ ਫਾਰਮਿੰਗ ਸ਼ੁਰੂ ਕੀਤੀ ਅਤੇ ਹੁਣ ਉਹ ਪੋਲਟਰੀ, ਬਾਗ਼ਬਾਨੀ, ਪਸ਼ੂ ਪਾਲਨ, ਮੱਛੀ ਪਾਲਨ ਦੇ ਨਾਲ-ਨਾਲ ਕਣਕ, ਚਾਵਲ ਅਤੇ ਆਲੂ ਦੇ ਬੀਜਾਂ ਦਾ ਉਤਪਾਦਨ ਕਰਦੇ ਹਨ। ਇਸ ਸਮੇਂ ਉਨ੍ਹਾਂ ਕੋਲ 35000 ਚੂਚੇ ਹਨ ਜੋ ਚਿੱਟੇ ਅਤੇ ਲਾਲ ਅੰਡੇ ਦਿੰਦੇ ਹਨ। ਉਸ ਦੀ ਆਪਣੀ ਪੋਲਟਰੀ ਫੀਡ ਦੀ ਫ਼ੈਕਟਰੀ ਹੈ ਜਿਸ ਦਾ ਨਾਮ ਕਿਰਪਾਲ ਫੀਡ ਹੈ। ਇਹ ਉਨ੍ਹਾਂ ਦੀ ਆਰਥਿਕ ਸਥਿਤੀ ਨੂੰ ਉੱਚਾ ਚੁੱਕਣ ਲਈ ਸਹਾਇਕ ਕਿੱਤਿਆਂ ਦਾ ਅਭਿਆਸ ਕਰਨ ਦੇ ਨਾਲਨਾਲ ਉਦਮਤਾ ਦੇ ਹੁਨਰਾਂ ਲਈ ਐਕਸਪੋਜ਼ਰ ਹਾਸਲ ਕਰਨ ਵਿੱਚ ਮਦਦ ਕਰੇਗਾ। ਉਸ ਨੇ ਜੈਵਿਕ ਖੇਤੀ ਲਈ ਇਸ ਪੋਲਟਰੀ ਫੀਡ ਦੀ ਵਰਤੋਂ ਕਰਨ ਲਈ ਉਤਸ਼ਾਹਿਤ ਕੀਤਾ। ਇਸ ਮੌਕੇ ਕਾਲਜ ਦੇ ਐਗਰੀਕਲਚਰ ਵਿਭਾਗ ਦੇ ਅਸਿਸਟੈਂਟ ਡੀਨ ਡਾ. ਵਿਨੀਤ ਚਾਵਲਾ, ਫੈਕਲਟੀ ਮੈਂਬਰ ਡਾ.ਅੰਕਿਤ ਸ਼ਰਮਾ, ਸ.ਹਰਪਿੰਦਰ ਸਿੰਘ, ਡਾ.ਰਮਨਦੀਪ ਕੌਰ, ਡਾ. ਨਵਦੀਪ ਕੌਰ, ਡਾ. ਸ਼ਮਿੰਦਰ ਸਿੰਘ, ਮਿਸ ਪ੍ਰਭਜੋਤ ਕੌਰ ਅਤੇ ਸ੍ਰੀ ਗੌਰਵ ਅਰੋੜਾ ਵੀ ਮੌਜੂਦ ਸਨ । ਬੀ.ਐਫ.ਜੀ.ਆਈ. ਦੇ ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ ਨੇ ਬਾਬਾ ਫ਼ਰੀਦ ਕਾਲਜ ਦੇ ਐਗਰੀਕਲਚਰ ਵਿਭਾਗ ਦੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ ।
ਪੰਜਾਬ ਸਰਕਾਰ ਨੇ ਟਿਊਬਵੈੱਲਾਂ ‘ਤੇ ਲੋਡ ਵਧਾਉਣ ਲਈ ਵੀ.ਡੀ.ਐਸ. ਦੀ ਸਮਾਂ ਸੀਮਾ 23 ਅਕਤੂਬਰ ਤੱਕ ਵਧਾਈ
ਕਿਸਾਨਾਂ ਨੂੰ ਇਸ ਸਕੀਮ ਦਾ ਵੱਧ ਤੋਂ ਵੱਧ ਲਾਭ ਦੇਣ ਲਈ ਦੂਜੀ ਵਾਰ ਵਧਾਈ ਗਈ ਸਮਾਂ ਸੀਮਾ
10 ਜੂਨ ਨੂੰ ਸ਼ੁਰੂ ਹੋਈ ਇਸ ਸਕੀਮ ਦਾ ਲਾਭ ਲੈਂਦਿਆਂ ਲਗਭਗ 1.70 ਲੱਖ ਕਿਸਾਨਾਂ ਨੇ ਹੁਣ ਤੱਕ ਬਚਾਏ 160 ਕਰੋੜ ਰੁਪਏ
ਮੁੱਖ ਮੰਤਰੀ ਭਗਵੰਤ ਮਾਨ ਕਿਸਾਨਾਂ ਦੀਆਂ ਲਾਗਤਾਂ ਘਟਾ ਕੇ ਉਨਾਂ ਨੂੰ ਵੱਧ ਤੋਂ ਵੱਧ ਮੁਨਾਫਾ ਦੇਣ ਲਈ ਵਚਨਬੱਧ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ, 20 ਸਤੰਬਰ: ਆਪਣੇ ਟਿਊਬਵੈੱਲਾਂ ਦੇ ਬਿਜਲੀ ਲੋਡ ਨੂੰ ਵਧਾਉਣ ਦੇ ਚਾਹਵਾਨ ਸੂਬੇ ਦੇ ਕਿਸਾਨਾਂ ਨੂੰ ਵੱਡੀ ਰਾਹਤ ਦਿੰਦਿਆਂ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਲੋਡ ਵਧਾਉਣ ਲਈ ਵਲੰਟਰੀ ਡਿਸਕਲੋਜ਼ਰ ਸਕੀਮ (ਵੀ.ਡੀ.ਐਸ.) ਦੀ ਮਿਤੀ 23 ਅਕਤੂਬਰ ਤੱਕ ਵਧਾ ਦਿੱਤੀ ਹੈ। ਕਿਸਾਨਾਂ ਦੀ ਦਿਲਚਸਪੀ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਨੇ ਸਕੀਮ ਦੀ ਸਮਾਂ ਸੀਮਾ ਵਿੱਚ ਦੂਜੀ ਵਾਰ ਵਾਧਾ ਕੀਤਾ ਹੈ।ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀ.ਐਸ.ਪੀ.ਸੀ.ਐਲ.) ਦੇ ਬੁਲਾਰੇ ਨੇ ਦੱਸਿਆ ਕਿ ਟਿਊਬਵੈੱਲਾਂ ‘ਤੇ ਲੋਡ ਵਧਾਉਣ ਲਈ ਮੌਜੂਦਾ ਲੋਡ ਫੀਸ 4750 ਰੁਪਏ ਤੋਂ ਘਟਾ ਕੇ 2500 ਰੁਪਏ ਪ੍ਰਤੀ ਬੀ.ਐਚ.ਪੀ. ਕਰਦਿਆਂ 10 ਜੂਨ ਨੂੰ 45 ਦਿਨਾਂ (24 ਜੁਲਾਈ ਤੱਕ) ਲਈ ਵੀ.ਡੀ.ਐਸ. ਸ਼ੁਰੂ ਕੀਤੀ ਗਈ ਸੀ। ਉਨਾਂ ਕਿਹਾ ਕਿ 23 ਜੁਲਾਈ ਨੂੰ ਮੁੱਖ ਮੰਤਰੀ ਨੇ ਸੂਬੇ ਦੇ ਅਨਾਜ ਉਤਪਾਦਕਾਂ ਦੀ ਸਹੂਲਤ ਲਈ ਇਸ ਸਕੀਮ ਨੂੰ 15 ਸਤੰਬਰ ਤੱਕ ਵਧਾ ਦਿੱਤਾ ਸੀ।ਬੁਲਾਰੇ ਨੇ ਦੱਸਿਆ ਕਿ ਹੁਣ ਤੱਕ 1.70 ਲੱਖ ਕਿਸਾਨਾਂ ਨੇ ਇਸ ਸਕੀਮ ਦਾ ਲਾਭ ਲੈ ਕੇ ਆਪਣੇ 160 ਕਰੋੜ ਰੁਪਏ ਦੀ ਬਚਤ ਕੀਤੀ ਹੈ। ਉਨਾਂ ਕਿਸਾਨਾਂ ਨੂੰ ਇਸ ਸਕੀਮ ਦਾ ਵੱਧ ਤੋਂ ਵੱਧ ਲਾਹਾ ਲੈਣ ਲਈ ਪ੍ਰੇਰਿਤ ਕਰਦਿਆਂ ਕਿਹਾ ਕਿ ਜਿਹੜੇ ਕਿਸਾਨ ਆਪਣੇ ਟਿਊਬਵੈੱਲਾਂ ਦਾ ਲੋਡ ਵਧਾਉਣਾ ਚਾਹੁੰਦੇ ਹਨ, ਉਹ 23 ਅਕਤੂਬਰ ਤੱਕ ਅਪਲਾਈ ਕਰ ਸਕਦੇ ਹਨ।ਜ਼ਿਕਰਯੋਗ ਹੈ ਕਿ ਪੰਜਾਬ ਮੁੱਖ ਤੌਰ ‘ਤੇ ਇੱਕ ਖੇਤੀ ਪ੍ਰਧਾਨ ਅਰਥਚਾਰਾ ਹੈ ਅਤੇ ਇਸਦੀ ਆਬਾਦੀ ਦਾ ਇੱਕ ਵੱਡਾ ਹਿੱਸਾ ਖੇਤੀ ‘ਤੇ ਨਿਰਭਰ ਹੈ, ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਕਿਸਾਨਾਂ ਦੀਆਂ ਲਾਗਤਾਂ ਨੂੰ ਘਟਾ ਕੇ ਵੱਧ ਤੋਂ ਵੱਧ ਮੁਨਾਫਾ ਕਮਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡ ਰਹੀ ਹੈ।
ਅਣਅਧਿਕਾਰਤ ਕਲੋਨੀਆਂ ਦੇ ਐਨ.ਓ.ਸੀ. ਧਾਰਕ ਮਾਲਕਾਂ ਨੂੰ ਰਜਿਸਟਰੀਆਂ ਕਰਵਾਉਣ ਵੇਲੇ ਨਹੀਂ ਆਵੇਗੀ ਕੋਈ ਦਿੱਕਤ : ਜਿੰਪਾ
ਸਬੰਧਤ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਹਦਾਇਤਾਂ ਜਾਰੀ; ਪਾਰਦਰਸ਼ੀ ਤੇ ਭਿ੍ਰਸ਼ਟਾਚਾਰ ਮੁਕਤ ਸੇਵਾਵਾਂ ਕੀਤੀਆਂ ਜਾਣ ਪ੍ਰਦਾਨ
ਸੁਖਜਿੰਦਰ ਮਾਨ
ਚੰਡੀਗੜ੍ਹ, 20 ਸਤੰਬਰ: ਸੂਬੇ ਵਿਚਲੀਆਂ ਅਣਅਧਿਕਾਰਤ ਕਲੋਨੀਆਂ ਦੇ ਜਿਨ੍ਹਾਂ ਵਸਨੀਕਾਂ ਕੋਲ ਐਨ.ਓ.ਸੀ. ਹੋਵੇਗੀ, ਉਨ੍ਹਾਂ ਨੂੰ ਆਪਣੀ ਜਾਇਦਾਦ ਦੀ ਰਜਿਸਟਰੀ ਕਰਵਾਉਣ ਵੇਲੇ ਕੋਈ ਪ੍ਰੇਸ਼ਾਨੀ ਨਹੀਂ ਆਵੇਗੀ। ਮਾਲ ਮੰਤਰੀ ਬ੍ਰਮ ਸ਼ੰਕਰ ਜਿੰਪਾ ਨੇ ਇਸ ਸਬੰਧੀ ਸਬੰਧਤ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਹਦਾਇਤਾਂ ਜਾਰੀ ਕਰ ਦਿੱਤੀਆਂ ਹਨ। ਮਾਲ ਮੰਤਰੀ ਨੇ ਦੱਸਿਆ ਕਿ ਪੰਜਾਬ ਵਾਸੀਆਂ ਨੂੰ ਪਾਰਦਰਸ਼ੀ ਅਤੇ ਭਿ੍ਰਸ਼ਟਾਚਾਰ ਮੁਕਤ ਸੇਵਾਵਾਂ ਦੇਣਾ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਦਾ ਮੁੱਖ ਮੰਤਵ ਹੈ। ਉਹਨਾਂ ਕਿਹਾ ਕਿ ਮੁੱਖ ਮੰਤਰੀ ਵੱਲੋਂ ਜਾਰੀ ਹਦਾਇਤਾਂ ਨੂੰ ਮੁੱਖ ਰੱਖਦੇ ਹੋਏ ਮਾਲ ਵਿਭਾਗ ਵਿਚ ਵੀ ਸਾਰਾ ਕੰਮਕਾਰ ਨਿਯਮਾਂ ਅਨੁਸਾਰ ਅਤੇ ਸੁਚੱਜੇ ਢੰਗ ਨਾਲ ਕਰਨ ਦੇ ਨਿਰਦੇਸ ਜਾਰੀ ਕੀਤੇ ਹੋਏ ਹਨ। ਉਨ੍ਹਾਂ ਕਿਹਾ ਕਿ ਬੀਤੇ ਦਿਨੀਂ ਸੂਬੇ ਵਿੱਚ ਅਣਅਧਿਕਾਰਤ ਕਲੋਨੀਆਂ ਵਿੱਚ ਸਥਿਤ ਜਾਇਦਾਦਾਂ ਦੀ ਰਜਿਸਟ੍ਰੇਸ਼ਨ ਲਈ ਲੋੜੀਂਦੀ ਐਨ.ਓ.ਸੀ. ਵਾਸਤੇ ਅਰਜ਼ੀਆਂ ਦੇ ਤੁਰੰਤ ਅਤੇ ਸਮੇਂ ਸਿਰ ਨਿਪਟਾਰੇ ਨੂੰ ਯਕੀਨੀ ਬਣਾਉਣ ਲਈ ਇਕ ਪੋਰਟਲ ਸ਼ੁਰੂ ਕਰ ਦਿੱਤਾ ਗਿਆ ਹੈ। ਜਿੰਪਾ ਨੇ ਕਿਹਾ ਕਿ ਅਣਅਧਿਕਾਰਤ ਕਾਲੋਨੀਆਂ ਵਿੱਚ ਸਥਿਤ ਪਲਾਟਾਂ ਅਤੇ ਇਮਾਰਤਾਂ ਨੂੰ ਨਿਯਮਤ ਕਰਨ ਲਈ ਸਬੰਧਤ ਵਿਅਕਤੀ ਪੋਰਟਲ ’ਤੇ ਲੌਗਇਨ ਕਰ ਸਕਦਾ ਹੈ। ਦਰਖਾਸਤ ਦੇਣ ਤੋਂ ਲੈ ਕੇ ਐਨ.ਓ.ਸੀ. ਪ੍ਰਾਪਤ ਹੋਣ ਤੱਕ ਦੀ ਸਾਰੀ ਪ੍ਰਕਿਰਿਆ ਆਨਲਾਈਨ ਹੈ। ਜ਼ਿਕਰਯੋਗ ਹੈ ਕਿ ਇਹ ਸਹੂਲਤ ਸਿਰਫ ਉਨ੍ਹਾਂ ਅਲਾਟੀਆਂ/ਨਿਵਾਸੀਆਂ ਨੂੰ ਹੀ ਮਿਲ ਸਕਦੀ ਹੈ, ਜਿਨ੍ਹਾਂ ਦੀਆਂ ਜਾਇਦਾਦਾਂ 19 ਮਾਰਚ, 2018 ਤੋਂ ਪਹਿਲਾਂ ਵਿਕਸਤ ਹੋਈਆਂ ਅਣਅਧਿਕਾਰਤ ਕਾਲੋਨੀਆਂ ਵਿੱਚ ਪੈਂਦੀਆਂ ਹਨ। ਮਾਲ ਮੰਤਰੀ ਨੇ ਕਿਹਾ ਕਿ ਐਨ.ਓ.ਸੀ. ਪ੍ਰਾਪਤ ਕਰਨ ਦੀ ਪ੍ਰਕਿਰਿਆ ਤੋਂ ਬਾਅਦ ਸਬੰਧਤ ਜਾਇਦਾਦ ਮਾਲਕ ਬਣਦੀ ਸਰਕਾਰੀ ਫੀਸ ‘ਤੇ ਰਜਿਸਟਰੀ ਕਰਵਾ ਸਕਦਾ ਹੈ। ਕਾਬਿਲੇਗੌਰ ਹੈ ਕਿ ਐਨ.ਓ.ਸੀ. ਜਾਰੀ ਕਰਨ ਦੀ ਸਾਰੀ ਪ੍ਰਕਿਰਿਆ ਪੋਰਟਲ ’ਤੇ ਬਿਨੈ-ਪੱਤਰ ਜਮ੍ਹਾਂ ਕਰਨ ਤੋਂ 21 ਕੰਮ-ਕਾਜੀ ਦਿਨਾਂ ਦੇ ਅੰਦਰ ਪੂਰੀ ਕੀਤੀ ਜਾਵੇਗੀ। ਇਹ ਸਿੰਗਲ ਪੋਰਟਲ ਅਰਜ਼ੀਆਂ ਦੇ ਤੁਰੰਤ ਨਿਪਟਾਰੇ ਵਾਸਤੇ ਐਮ.ਸੀ. ਅਤੇ ਐਮ.ਸੀ. ਖੇਤਰ ਦੇ ਬਾਹਰ ਪੈਂਦੇ ਪਲਾਟਾਂ ਅਤੇ ਇਮਾਰਤਾਂ ਨੂੰ ਨਿਯਮਤ ਕਰਨ ਲਈ ਤਿਆਰ ਕੀਤਾ ਗਿਆ ਹੈ।
ਕੈਪਟਨ ਅਮਰਿੰਦਰ ਸਿੰਘ ਸਾਥੀਆਂ ਸਹਿਤ ਭਾਜਪਾ ’ਚ ਹੋਏ ਸ਼ਾਮਲ
ਪੰਜਾਬ ਲੋਕ ਕਾਂਗਰਸ ਨੂੰ ਵੀ ਮਿਲਾਇਆ ਭਾਜਪਾ ’ਚ
ਪੰਜਾਬੀ ਖ਼ਬਰਸਾਰ ਬਿਉਰੋ
ਨਵੀਂ ਦਿੱਲੀ, 19 ਸਤੰਬਰ: ਪੰਜਾਬ ਦੇ ਦੋ ਵਾਰ ਮੁੱਖ ਮੰਤਰੀ ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਰਹੇ ਕੈਪਟਨ ਅਮਰਿੰਦਰ ਸਿੰਘ ਸੋਮਵਾਰ ਨੂੰ ਆਪਣੇ ਸਾਥੀਆਂ ਸਮੇਤ ਭਾਜਪਾ ਵਿੱਚ ਸ਼ਾਮਲ ਹੋ ਗਏ। ਉਨ੍ਹਾਂ ਨਾਲ ਭਾਜਪਾ ਦਾ ਪੱਲਾ ਫ਼ੜਣ ਵਾਲੇ ਮੁੱਖ ਆਗੂਆਂ ਵਿਚ ਸਾਬਕਾ ਡਿਪਟੀ ਸਪੀਕਰ ਅਜਾਇਬ ਸਿੰਘ ਭੱਟੀ, ਸਾਬਕਾ ਐਮ.ਪੀ ਅਮਰੀਕ ਸਿੰਘ ਆਲੀਵਾਲ, ਸਾਬਕਾ ਵਿਧਾਇਕ ਹਰਜਿੰਦਰ ਸਿੰਘ, ਪ੍ਰੇਮ ਮਿੱਤਲ , ਹਰਚੰਦ ਕੌਰ ਤੇ ਕਮਲਦੀਪ ਸਿੰਘ ਸੈਣੀ ਤੋਂ ਇਲਾਵਾ ਉਨ੍ਹਾਂ ਦੇ ਪੁੱਤਰ ਰਣਇੰਦਰ ਸਿੰਘ, ਪੁੱਤਰੀ ਜੈਇੰਦਰ ਕੌਰ, ਦੋਹਤਾ ਨਿਰਮਾਣ ਆਦਿ ਮੁੱਖ ਤੌਰ ’ਤੇ ਸ਼ਾਮਲ ਹਨ। ਇਸ ਦੌਰਾਨ ਉਨ੍ਹਾਂ ਨੂੰ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਤੇ ਕੇਂਦਰੀ ਮੰਤਰੀ ਰਿਜੁਜੂ ਸਹਿਤ ਪੰਜਾਬ ਭਾਜਪਾ ਦੇ ਪ੍ਰਧਾਨ ਅਸਵਨੀ ਸ਼ਰਮਾ ਆਦਿ ਨੇ ਭਾਜਪਾ ਵਿਚ ਜੀ ਆਇਆ ਕਿਹਾ। ਇਸ ਦੌਰਾਨ ਕੈਪਟਨ ਨੇ ਪਿਛਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਤੋਂ ਅਲੱਗ ਹੋ ਕੇ ਬਣਾਈ ਪੰਜਾਬ ਲੋਕ ਕਾਂਗਰਸ ਪਾਰਟੀ ਨੂੰ ਵੀ ਭਾਜਪਾ ਵਿਚ ਮਰਜ਼ ਕਰ ਦਿੱਤਾ। ਗੌਰਤਲਬ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਦੂਜੀ ਵਾਰ ਕਾਂਗਰਸ ਪਾਰਟੀ ਨੂੰ ਛੱਡਿਆ ਹੈ। ਇਸਤੋਂ ਪਹਿਲਾਂ ਉਨ੍ਹਾਂ 1984 ’ਚ ਦਰਬਾਰ ਸਾਹਿਬ ’ਤੇ ਹੋਏ ਹਮਲੇ ਦੇ ਰੋਸ਼ ਵਜੋਂ ਨਾ ਸਿਰਫ਼ ਲੋਕ ਸਭਾ ਮੈਂਬਰੀ ਛੱਡ ਦਿੱਤੀ ਸੀ, ਬਲਕਿ ਕਾਂਗਰਸ ਨੂੰ ਵੀ ਅਲਵਿਦਾ ਕਹਿ ਦਿੱਤਾ ਸੀ। ਇਸ ਤੋਂ ਬਾਅਦ ਉਨ੍ਹਾਂ ਅਪਣਾ ਵੱਖਰਾ ਅਕਾਲੀ ਦਲ ਵੀ ਬਣਾਇਆ ਪ੍ਰੰਤੂ ਬਾਅਦ ਵਿਚ ਮੁੜ ਕਾਂਗਰਸ ਪਾਰਟੀ ਵਿਚ ਸ਼ਾਮਲ ਹੋ ਗਏ ਸਨ। ਜਿਸਤੋਂ ਬਾਅਦ ਉਹ ਦੋ ਵਾਰ ਕਾਂਗਰਸ ਪਾਰਟੀ ਦੀ ਤਰਫ਼ੋਂ ਪੰਜਾਬ ਦੇ ਮੁੱਖ ਮੰਤਰੀ ਰਹੇ। ਇਸ ਦੌਰਾਨ ਸੋਸਲ ਮੀਡੀਆ ’ਤੇ ਅਪਣੀ ਭਾਜਪਾ ਵਿਚ ਸਮੂਲੀਅਤ ਦੀਆਂ ਤਸਵੀਰਾਂ ਤੇ ਬਿਆਨ ਸਾਂਝਾ ਕਰਦਿਆਂ ਕੈਪਟਨ ਨੇ ਕਿਹਾ ਕਿ ਉਨ੍ਹਾਂ ਦੀ ਤਰਜ਼ੀਹ ਹਮੇਸ਼ਾ ਪੰਜਾਬ ਤੇ ਦੇਸ ਦੀ ਸੁਰੱਖਿਆ ਰਹੇਗੀ।
ਮਹਾਰਾਜਾ ਰਣਜੀਤ ਸਿੰਘ ਯੂਨੀਵਰਸਿਟੀ ਵਿਖੇ 55ਵੇਂ ਇੰਜੀਨੀਅਰ ਦਿਵਸ ਦਾ ਆਯੋਜਨ.
ਸੁਖਜਿੰਦਰ ਮਾਨ
ਬਠਿੰਡਾ, 19 ਸਤੰਬਰ: ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ, ਬਠਿੰਡਾ ਵੱਲੋਂ ਯੂਨੀਵਰਸਿਟੀ ਦੇ ਆਡੀਟੋਰੀਅਮ ਵਿਖੇ 55ਵਾਂ ਇੰਜੀਨੀਅਰ ਦਿਵਸ ਸ਼ਾਨੋ-ਸ਼ੋਕਤ ਨਾਲ ਮਨਾਇਆ ਗਿਆ।ਜ਼ਿਕਰਯੋਗ ਹੈ ਕਿ ਸਰ ਮੋਕਸ਼ਗੁੰਡਮ ਵਿਸ਼ਵੇਸ਼ਵਰਿਆ ਦੇ ਜਨਮ ਦਿਨ ਦੀ ਯਾਦ ਵਿਚ ਦੇਸ਼ ਭਰ ਵਿਚ 55ਵਾਂ ਇੰਜੀਨੀਅਰ ਦਿਵਸ ਮਨਾਇਆ ਜਾ ਰਿਹਾ ਹੈ। ਇਸ ਸਾਲ ਦੇ ਇੰਜੀਨੀਅਰ ਦਿਵਸ ਦਾ ਥੀਮ “ਇੱਕ ਬਿਹਤਰ ਸੰਸਾਰ ਲਈ ਸਮਾਰਟ ਇੰਜੀਨੀਅਰਿੰਗ” ਹੈ।
ਇਹ ਦਿਨ ਹਰ ਸਾਲ ਦੇਸ਼ ਦੇ ਸਾਰੇ ਇੰਜੀਨੀਅਰਾਂ ਨੂੰ ਮਾਨਤਾ ਦੇਣ ਅਤੇ ਸਨਮਾਨਿਤ ਕਰਨ ਲਈ ਮਨਾਇਆ ਜਾਂਦਾ ਹੈ, ਜਿਨ੍ਹਾਂ ਨੇ ਇੱਕ ਆਧੁਨਿਕ ਅਤੇ ਟਿਕਾਊ ਭਾਰਤ ਦੇ ਵਿਕਾਸ ਲਈ ਯੋਗਦਾਨ ਪਾਇਆ ਹੈ ਅਤੇ ਅਜੇ ਵੀ ਕੰਮ ਕਰ ਰਹੇ ਹਨ।ਯੂਨੀਵਰਸਿਟੀ ਦੇ ਰਜਿਸਟਰਾਰ, ਡਾ: ਗੁਰਿੰਦਰ ਪਾਲ ਸਿੰਘ ਬਰਾੜ ਨੇ ਇਸ ਸਾਲ ਦੇ ਇੰਜੀਨੀਅਰ ਦਿਵਸ ਦੀ ਥੀਮ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਇਸ ਦਿਨ ਦੀ ਮਹੱਤਤਾ ਬਾਰੇ ਚਾਨਣਾ ਪਾਇਆ। ਜਦੋਂ ਕਿ ਡਾ: ਨੀਰਜ ਗਿੱਲ ਨੇ ਸਰ ਮੋਕਸ਼ਗੁੰਡਮ ਵਿਸ਼ਵੇਸ਼ਵਰਿਆ ਦੇ ਜੀਵਨ ਚਿੱਤਰ ਦੀ ਪੇਸ਼ਕਾਰੀ ਕੀਤੀ।ਕੈਂਪਸ ਡਾਇਰੈਕਟਰ, ਡਾ: ਸੰਜੀਵ ਅਗਰਵਾਲ ਨੇ “ਸਮਾਰਟ ਸ਼ਹਿਰਾਂ ਲਈ ਸਮਾਰਟ ਟ੍ਰਾਂਸਪੋਰਟੇਸ਼ਨ ਟੈਕਨਾਲੋਜੀ” ‘ਤੇ ਪ੍ਰਭਾਵਸ਼ਾਲੀ ਪੇਸ਼ਕਾਰੀ ਦਿੱਤੀ।ਸੀ.ਐਸ.ਈ. ਅਤੇ ਈ.ਸੀ.ਈ. ਵਿਭਾਗਾਂ ਦੇ ਵਿਦਿਆਰਥੀਆਂ ਦੁਆਰਾ ਪੇਸ਼ ਕੀਤਾ ਗਿਆ “ਸਮਾਰਟ ਇੰਜਨੀਅਰਿੰਗ ਸੋਲਿਊਸ਼ਨ” ਇੱਕ ਹੋਰ ਆਕਰਸ਼ਣ ਸੀ। ਇਸ ਪ੍ਰੋਗਰਾਮ ਵਿੱਚ ਯੂਨੀਵਰਸਿਟੀ ਦੇ ਸਾਰੇ ਵਿਭਾਗਾਂ ਦੇ ਫੈਕਲਟੀ ਅਤੇ ਸਟਾਫ਼ ਮੈਂਬਰਾਂ ਨੇ ਭਾਗ ਲਿਆ।
ਕੇਂਦਰੀ ਮੰਤਰੀ ਅਨੁਰਾਗ ਠਾਕੁਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਖਿਡਾਰੀਆਂ ਨੂੰ ਵੰਡਣਗੇ ਇਨਾਮ
ਪੰਜਾਬੀ ਖ਼ਬਰਸਾਰ ਬਿਉਰੋ
ਸ਼੍ਰੀ ਅੰਮਿ੍ਰਤਸਰ ਸਾਹਿਬ, 19 ਸਤੰਬਰ : ਕੇਂਦਰੀ ਮੰਤਰੀ ਅਨੁਰਾਗ ਸਿੰਘ ਠਾਕੁਰ ਮੰਗਲਵਾਰ ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮਿ੍ਰਤਸਰ ਦੇ ਹੋਣ ਵਾਲੇ 52ਵੇਂ ਸਲਾਨਾ ਖੇਡ ਇਨਾਮ ਵੰਡ ਸਮਾਰੋਹ ਦੌਰਾਨ ਅੰਤਰਰਾਸਟਰੀ, ਖੇਲੋ ਇੰਡੀਆ ਅਤੇ ਆਲ ਇੰਡੀਆ ਇੰਟਰ ਯੂਨੀਵਰਸਿਟੀ ਪੱਧਰ ‘ਤੇ ਵੱਖ-ਵੱਖ ਖੇਡਾਂ ਵਿੱਚ ਯੂਨੀਵਰਸਿਟੀ ਦਾ ਨਾਮ ਰੋਸਨ ਕਰਨ ਵਾਲੇ ਖਿਡਾਰੀਆਂ ਨੂੰ ਨਕਦ ਇਨਾਮਾਂ ਅਤੇ ਸਮੁੱਚੇ ਤੌਰ ‘ਤੇ ਬਿਹਤਰੀਨ ਪ੍ਰਦਰਸਨ ਕਰਨ ਵਾਲੇ ਕਾਲਜਾਂ ਨੂੰ ਟਰਾਫੀਆਂ ਦੇ ਨਾਲ ਸਨਮਾਨਿਤ ਕਰਨਗੇ। ਮੁੱਖ ਮਹਿਮਾਨ ਦੇ ਤੌਰ ’ਤੇ ਸਮੂਲੀਅਤ ਕਰਨ ਵਾਲੇ ਸ੍ਰੀ ਠਾਕੁਰ ਤੋਂ ਇਲਾਵਾ ਪੰਜਾਬ ਦੇ ਖੇਡ ਅਤੇ ਯੁਵਾ ਸੇਵਾਵਾਂ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਪ੍ਰਧਾਨਗੀ ਭਾਸਣ ਦੇਣਗੇ। ਇਸ ਤੋਂ ਇਲਾਵਾ, ਇਸ ਮੌਕੇ ਵਾਈਸ-ਚਾਂਸਲਰ ਪ੍ਰੋ: ਜਸਪਾਲ ਸਿੰਘ ਸੰਧੂ ਖਿਡਾਰੀਆਂ ਅਤੇ ਮਹਿਮਾਨਾਂ ਨੂੰ ਸੰਬੋਧਨ ਕਰਨਗੇ।ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਖੇਡਾਂ ਦੇ ਖੇਤਰ ਵਿੱਚ ਸਾਨਦਾਰ ਤਰੱਕੀ ਕੀਤੀ ਹੈ ਅਤੇ 23 ਵਾਰ ਰਿਕਾਰਡ ਸਮੇਂ ਲਈ ਭਾਰਤ ਦੀ ਵੱਕਾਰੀ ਮੌਲਾਨਾ ਅਬੁਲ ਕਲਾਮ ਆਜਾਦ ਟਰਾਫੀ ਜਿੱਤੀ ਹੈ। ਯੂਨੀਵਰਸਿਟੀ ਨੇ 35 ਅਰਜੁਨ ਐਵਾਰਡੀ, 6 ਪਦਮ ਸ੍ਰੀ ਐਵਾਰਡੀ ਅਤੇ 2 ਦਰੋਣਾਚਾਰੀਆ ਐਵਾਰਡੀ ਪੈਦਾ ਕੀਤੇ ਹਨ। ਹਰ ਸਾਲ ਸਰੀਰਕ ਸਿੱਖਿਆ ਵਿਭਾਗ (ਅਲਾਈਡ ਟੀਚਿੰਗ) 90 ਤੋਂ ਵੱਧ ਗੁਰੂ ਨਾਨਕ ਦੇਵ ਯੂਨੀਵਰਸਿਟੀ ਇੰਟਰ-ਕਾਲਜ (ਪੁਰਸ ਅਤੇ ਮਹਿਲਾ) ਚੈਂਪੀਅਨਸ?ਿਪਾਂ ਦਾ ਆਯੋਜਨ ਕਰਦਾ ਹੈ ਅਤੇ ਆਲ ਇੰਡੀਆ ਇੰਟਰ-ਯੂਨੀਵਰਸਿਟੀ ਚੈਂਪੀਅਨਸਿਪਾਂ ਵਿੱਚ ਹਿੱਸਾ ਲੈਣ ਲਈ 70 ਤੋਂ ਵੱਧ ਯੂਨੀਵਰਸਿਟੀ ਟੀਮਾਂ (ਪੁਰਸ ਅਤੇ ਮਹਿਲਾ) ਭੇਜਦਾ ਹੈ। ਭਾਰਤੀ ਖੇਡ ਅਥਾਰਿਟੀ (ਸਾਈ) ਨੇ ਯੂਨੀਵਰਸਿਟੀ ਕੈਂਪਸ ਵਿੱਚ ਹਾਕੀ ਅਤੇ ਹੈਂਡਬਾਲ ਲਈ ਖੇਲੋ ਇੰਡੀਆ ਕੇਂਦਰ ਅਤੇ ਤਲਵਾਰਬਾਜੀ ਅਤੇ ਤੀਰਅੰਦਾਜੀ ਲਈ ਖੇਲੋ ਇੰਡੀਆ ਅਕੈਡਮੀਆਂ ਸਥਾਪਿਤ ਕੀਤੀਆਂ ਹਨ।ਹਰ ਸਾਲ, ਯੂਨੀਵਰਸਿਟੀ ਸਲਾਨਾ ਖੇਡ ਇਨਾਮ ਵੰਡ ਸਮਾਰੋਹ ਆਯੋਜਿਤ ਕਰਦੀ ਹੈ, ਜਿਸ ਵਿੱਚ ਲਗਭਗ 250 ਖਿਡਾਰੀਆਂ (ਅੰਤਰਰਾਸਟਰੀ/ਖੇਲੋ ਇੰਡੀਆ/ਇੰਟਰ-ਯੂਨੀਵਰਸਿਟੀ ਪੱਧਰ) ਨੂੰ ਲਗਭਗ 2.00 ਕਰੋੜ ਰੁਪਏ ਦੇ ਨਕਦ ਇਨਾਮਾਂ ਨਾਲ ਸਨਮਾਨਿਤ ਕੀਤਾ ਜਾਂਦਾ ਹੈ।
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਸੀ.ਬੀ.ਜੀ. ਪਲਾਂਟਾਂ ਤੋਂ ਪੈਦਾ ਹੁੰਦੀ ਜੈਵਿਕ ਖਾਦ ਦੀ ਖੇਤੀ ’ਚ ਵਰਤੋਂ ਬਾਰੇ ਕਰੇਗੀ ਅਧਿਐਨ
ਤਿੰਨ ਕੈਬਨਿਟ ਮੰਤਰੀਆਂ ਵੱਲੋਂ ਖੇਤੀਬਾੜੀ ਅਤੇ ਬਾਗ਼ਬਾਨੀ ਲਈ ਜੈਵਿਕ ਖਾਦ ਦੀ ਵਰਤੋਂ ਦੇ ਢੰਗ-ਤਰੀਕਿਆਂ ਬਾਰੇ ਵਿਸਥਾਰਪੂਰਵਕ ਚਰਚਾ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 19 ਸਤੰਬਰ:ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਫਰਮੈਂਟਿਡ ਆਰਗੈਨਿਕ ਮੈਨਿਓਰ (ਜੈਵਿਕ ਖਾਦ) ਦੀ ਖੇਤੀ ਅਤੇ ਬਾਗ਼ਬਾਨੀ ਵਿੱਚ ਵਰਤੋਂ ਦੀਆਂ ਸੰਭਾਵਨਾਵਾਂ ਬਾਰੇ ਅਧਿਐਨ ਕਰੇਗੀ। ਇਹ ਫੈਸਲਾ ਅੱਜ ਇੱਥੇ ਪੰਜਾਬ ਭਵਨ ਵਿਖੇ ਤਿੰਨ ਕੈਬਨਿਟ ਮੰਤਰੀਆਂ, ਨਵੀਂ ਤੇ ਨਵਿਆਉਣਯੋਗ ਊਰਜਾ ਸਰੋਤ ਮੰਤਰੀ ਸ੍ਰੀ ਅਮਨ ਅਰੋੜਾ, ਵਿਗਿਆਨ ਤਕਨਾਲੋਜੀ ਤੇ ਵਾਤਾਵਰਣ ਮੰਤਰੀ ਸ੍ਰੀ ਗੁਰਮੀਤ ਸਿੰਘ ਮੀਤ ਹੇਅਰ ਅਤੇ ਖੇਤੀਬਾੜੀ ਮੰਤਰੀ ਸ੍ਰੀ ਕੁਲਦੀਪ ਸਿੰਘ ਧਾਲੀਵਾਲ ਦੀ ਪ੍ਰਧਾਨਗੀ ਹੇਠ ਹੋਈ ਉੱਚ ਪੱਧਰੀ ਮੀਟਿੰਗ ਦੌਰਾਨ ਲਿਆ ਗਿਆ।ਜੈਵਿਕ ਖਾਦ ਦੀ ਵਰਤੋਂ ਸਬੰਧੀ ਢੰਗ-ਤਰੀਕਿਆਂ ਬਾਰੇ ਵਿਸਥਾਰਪੂਰਵਕ ਚਰਚਾ ਕਰਦਿਆਂ ਮੰਤਰੀਆਂ ਨੇ ਜੈਵਿਕ ਖਾਦ ਦੀ ਖਰੀਦ ਅਤੇ ਚੁਕਾਈ ਬਾਰੇ ਵਿਚਾਰ-ਵਟਾਂਦਰੇ ਲਈ ਗਠਿਤ 21 ਮੈਂਬਰੀ ਟਾਸਕ ਫੋਰਸ ਨੂੰ ਵੀ ਇਸ ਖਾਦ ਦੀ ਢੁਕਵੀਂ ਵਰਤੋਂ ਬਾਰੇ ਸੰਭਾਵਨਾਵਾਂ ਦੀ ਘੋਖ ਕਰਨ ਲਈ ਕਿਹਾ ਤਾਂ ਜੋ ਪਰਾਲੀ ਦੀ ਸਮੱਸਿਆ ਦਾ ਸਥਾਈ ਹੱਲ ਕੱਢਿਆ ਜਾ ਸਕੇ।
ਇਸ ਸਬੰਧੀ ਸਾਕਾਰਾਤਮਕ ਨਤੀਜਿਆਂ ਦਾ ਵਾਅਦਾ ਕਰਦਿਆਂ ਪੀ.ਏ.ਯੂ. ਦੇ ਉਪ ਕੁਲਪਤੀ ਡਾ. ਸਤਬੀਰ ਸਿੰਘ ਗੋਸਲ ਨੇ ਮੰਤਰੀਆਂ ਨੂੰ ਜਾਣੂ ਕਰਵਾਇਆ ਕਿ ਯੂਨੀਵਰਸਿਟੀ ਦੇ ਮਾਹਿਰਾਂ ਨੇ ਪਹਿਲਾਂ ਹੀ ਇਸ ਜੈਵਿਕ ਖਾਦ ਦੀ ਖੇਤੀਬਾੜੀ ਵਿੱਚ ਵਰਤੋਂ ਅਤੇ ਪੌਦਿਆਂ ਦੇ ਵਿਕਾਸ ਤੇ ਮਿੱਟੀ ਦੀ ਗੁਣਵੱਤਾ ’ਤੇ ਇਸ ਦੇ ਪ੍ਰਭਾਵ ਬਾਰੇ ਖੋਜ ਆਰੰਭ ਦਿੱਤੀ ਹੈ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਦੋ ਫਸਲਾਂ ਦਾ ਅਧਿਐਨ ਕਰਨ ਉਪਰੰਤ ਅਗਲੇ ਸਾਲ ਅਪ੍ਰੈਲ ਤੱਕ ਖੇਤੀਬਾੜੀ ਵਿੱਚ ਇਸ ਜੈਵਿਕ ਖਾਦ ਦੀ ਵਰਤੋਂ ਦੇ ਫਾਇਦਿਆਂ ਅਤੇ ਨੁਕਸਾਨਾਂ ਬਾਰੇ ਅੰਤਿ੍ਮ ਰਿਪੋਰਟ ਸਾਂਝੀ ਕਰੇਗੀ।
ਇਸ ਦੌਰਾਨ ਸ੍ਰੀ ਅਮਨ ਅਰੋੜਾ ਨੇ ਕਿਹਾ ਕਿ ਪਰਾਲੀ ਸਾੜਨ ਤੋਂ ਰੋਕਣ ਦਾ ਸਭ ਤੋਂ ਢੁੱਕਵਾਂ ਤੇ ਵਿਗਿਆਨਕ ਹੱਲ ਕੰਪਰੈੱਸਡ ਬਾਇਓਗੈਸ (ਸੀ.ਬੀ.ਜੀ.) ਪਲਾਂਟ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਸੀ.ਬੀ.ਜੀ. ਪਲਾਂਟਾਂ ਤੋਂ ਪੈਦਾ ਹੋਣ ਵਾਲੀ ਜੈਵਿਕ ਖਾਦ ਦੀ ਚੁਕਾਈ ਅਤੇ ਖਰੀਦ ਲਈ ਢੁਕਵੀਂ ਵਿਧੀ ਵਿਕਸਤ ਕਰਨ ’ਤੇ ਵੀ ਜ਼ੋਰ ਦਿੱਤਾ।ਦੱਸਣਯੋਗ ਹੈ ਕਿ ਹਰ ਸਾਲ 20 ਮਿਲੀਅਨ ਟਨ ਝੋਨੇ ਦੀ ਪਰਾਲੀ ਦਾ ਉਤਪਾਦਨ ਹੋ ਰਿਹਾ ਹੈ। ਇਸ ਚੁਣੌਤੀ ਨਾਲ ਨਜਿੱਠਣ ਲਈ, 33.23 ਟਨ ਪ੍ਰਤੀ ਦਿਨ ਦੀ ਕੁੱਲ ਸਮਰੱਥਾ ਵਾਲਾ ਸੀ.ਬੀ.ਜੀ. ਪਲਾਂਟ ਸੰਗਰੂਰ ਵਿੱਚ ਸ਼ੁਰੂ ਕੀਤਾ ਗਿਆ ਹੈ ਅਤੇ ਪੇਡਾ ਵੱਲੋਂ 492.58 ਟਨ ਪ੍ਰਤੀ ਦਿਨ ਦੀ ਕੁੱਲ ਸਮਰੱਥਾ ਵਾਲੇ 42 ਹੋਰ ਸੀ.ਬੀ.ਜੀ. ਪ੍ਰਾਜੈਕਟ ਵੀ ਅਲਾਟ ਕੀਤੇ ਗਏ ਹਨ। ਇਨ੍ਹਾਂ ਸਾਰੇ ਪਲਾਂਟਾਂ ਦੇ ਸ਼ੁਰੂ ਹੋਣ ਨਾਲ ਸਾਲਾਨਾ ਘੱਟੋ-ਘੱਟ 10 ਲੱਖ ਟਨ ਜੈਵਿਕ ਖਾਦ ਪੈਦਾ ਹੋਣ ਦੀ ਉਮੀਦ ਹੈ।ਇਸ ਮੌਕੇ ਵਧੀਕ ਮੁੱਖ ਸਕੱਤਰ ਨਵੀਂ ਅਤੇ ਨਵਿਆਉਣਯੋਗ ਊਰਜਾ ਸਰੋਤ ਸ੍ਰੀ ਏ ਵੇਣੂ ਪ੍ਰਸਾਦ, ਪੇਡਾ ਦੇ ਮੁੱਖ ਕਾਰਜਕਾਰੀ ਸ੍ਰੀ ਸੁਮੀਤ ਜਾਰੰਗਲ ਅਤੇ ਸੂਬਾ ਸਰਕਾਰ ਦੇ ਹੋਰ ਸੀਨੀਅਰ ਅਧਿਕਾਰੀ ਅਤੇ ਸੀ.ਬੀ.ਜੀ. ਪਲਾਂਟਾਂ ਦੇ ਨਿਵੇਸ਼ਕ ਹਾਜ਼ਰ ਸਨ।
ਪੰਜਾਬ ਸਰਕਾਰ ਵਲੋਂ ਲੋਕਾਂ ਨੂੰ ਪਰਾਲੀ ਨਾ ਸਾੜਨ ਪ੍ਰਤੀ ਜਾਗਰੂਕ ਕਰਨ ਲਈ ‘ਮੈਗਾ’ ਜਾਗਰੂਕਤਾ ਮੁਹਿੰਮ 27 ਸਤੰਬਰ ਤੋਂ
ਪਰਾਲੀ ਦੀ ਸਾਂਭ- ਸੰਭਾਲ ਅਤੇ ਪਰਾਲੀ ਨਾ ਸਾੜਨ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਲਈ ਸਾਂਝੀ ਰਣਨੀਤੀ ਉਲੀਕਣ ਲਈ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ, ਮੀਤ ਹੇਅਰ, ਅਮਨ ਅਰੋੜਾ ਅਤੇ ਹਰਜੋਤ ਬੈਂਸ ਨੇ ਮਾਹਿਰਾਂ ਨਾਲ ਕੀਤੀ ਮੀਟਿੰਗ
ਯੂਨੀਵਰਸਿਟੀਆਂ, ਕਾਲਜਾਂ ਅਤੇ ਸਕੂਲਾਂ ਦੇ ਐਨ.ਐਸ.ਐਸ ਅਤੇ ਐਨ.ਸੀ.ਸੀ ਵਲੰਟੀਅਰਾਂ ਦੇ ਸਹਿਯੋਗ ਨਾਲ ਪਿੰਡ ਪੱਧਰ ਤੱਕ ਕੀਤੀਆਂ ਜਾਣਗੀਆਂ ਜਾਗਰੂਕਤਾ ਰੈਲੀਆਂ
ਸਬਸਿਡੀ ‘ਤੇ ਹੈਪੀ ਸੀਡਰ ਲੈਣ ਲਈ ਕਿਸਾਨਾਂ ਨੂੰ ਅਪਾਲਈ ਕਰਨ ਲਈ 15 ਦਿਨ ਦਾ ਸਮਾਂ ਹੋਰ ਵਧਾਇਆ
ਪੰਜਾਬ ਸਰਕਾਰ ਪਰਾਲੀ ਨੂੰ ਬਾਲਣ ਵਜੋਂ ਵਰਤਣ ਵਾਲੇ ਉਦਯੋਗਾਂ ਨੂੰ ਉਤਸ਼ਾਹਿਤ ਕਰੇਗੀ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 19 ਸਤੰਬਰ: ਝੋਨੇ ਦੀ ਪਰਾਲੀ ਨੂੰ ਸਾੜਨ ਨਾਲ ਹੁੰਦੇ ਪ੍ਰਦੂਸ਼ਣ ਤੋਂ ਨਿਜਾਤ ਪਾਉਣ ਲਈ ਇਸ ਨਾਲ ਜੁੜੇ ਵੱਖ-ਵੱਖ ਵਿਭਾਗਾਂ ਅਤੇ ਸਬੰਧਤ ਅਦਾਰਿਆਂ ਨਾਲ ਮਿਲ ਕੇ ਸਾਂਝੀ ਰਣਨੀਤੀ ਉਲੀਕਣ ਦੇ ਮੱਦੇਨਜ਼ਰ ਅੱਜ ਪੰਜਾਬ ਭਵਨ ਚੰਡੀਗੜ੍ਹ ਵਿਖੇ ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ, ਉੱਚੇਰੀ ਸਿੱਖਿਆ ਅਤੇ ਵਾਤਾਵਰਣ ਮੰਤਰੀ ਮੀਤ ਹੇਅਰ, ਨਵੀਂ ਅਤੇ ਨਵਿਉਣਯੋਗ ਊਰਜਾ ਮੰਤਰੀ ਅਮਨ ਅਰੋੜਾ ਅਤੇ ਸਕੂਲ ਸਿੱਖਿਆ ਮੰਤਰੀ ਹਰਜੋਤ ਬੈਂਸ, ਮੁੱਖ ਮੰਤਰੀ ਦੇ ਵਧੀਕ ਮੁੱਖ ਸਕੱਤਰ ਏ.ਵੇਨੂੰ ਪ੍ਰਸਾਦ ਅਤੇ ਵਧੀਕ ਮੁੱਖ ਸਕੱਤਰ ਖੇਤੀਬਾੜੀ ਸਰਵਜੀਤ ਸਿੰਘ ਨੇ ਮਾਹਿਰਾਂ ਨਾਲ ਮੀਟਿੰਗ ਕੀਤੀ ।ਇਸ ਮੀਟਿੰਗ ਉਪਰੰਤ ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਅਤੇ ਉੱਚੇਰੀ ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਪੱਤਰਕਾਰ ਸੰਮੇਲਨ ਦੌਰਾਨ ਪੰਜਾਬ ਸਰਕਾਰ ਵਲੋਂ ਪਰਾਲੀ ਨੂੰ ਸਾੜਨ ਤੋਂ ਰੋਕਣ ਲਈ ਕੀਤੇ ਜਾ ਰਹੇ ਉਪਰਾਲਿਆਂ ਬਾਰੇ ਜਾਣਕਾਰੀ ਦਿੱਤੀ।ਕੁਲਦੀਪ ਸਿੰਘ ਧਾਲੀਵਾਲ ਨੇ ਦੱਸਿਆ ਕਿ ਪੰਜਾਬ ਸਰਕਾਰ 27 ਸਤੰਬਰ ਨੂੰ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਪ੍ਰਤੀ ਜਾਗਰੂਕ ਕਰਨ ਲਈ ‘ਮੈਗਾ’ ਜਾਗਰੂਕਤਾ ਮੁਹਿੰਮ ਸ਼ੁਰੂ ਕਰਨ ਜਾ ਰਹੀ ਹੈ।ਉਨ੍ਹਾਂ ਦੱਸਿਆ ਇਸ ਮੁਹਿੰਮ ਦੇ ਪਹਿਲੇ ਪੜਾਅ ਤਹਿਤ ਯੂਨੀਵਰਸਿਟੀ ਅਤੇ ਕਾਲਜਾਂ ਦੇ ਨੌਜਵਾਨਾਂ ਨੂੰ ਪਰਾਲੀ ਸਾੜਨ ਦੇ ਮਾਰੂ ਪ੍ਰਭਾਵਾਂ ਅਤੇ ਪਰਾਲੀ ਨੂੰ ਮਿੱਟੀ ਵਿਚ ਹੀ ਜਜ਼ਬ ਕਰਨ ਦੇ ਫਾਇਦਿਆਂ ਬਾਰੇ ਜਾਣਕਾਰੀ ਦਿੱਤੀ ਜਾਵੇਗੀ।ਇਸ ਤੋਂ ਬਾਅਦ 28 ਸਤੰਬਰ ਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਅਤੇ 29 ਸਤੰਬਰ ਨੂੰ ਗੁਰੁ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵਿਖੇ ਟਰੇਨਿੰਗ ਪ੍ਰੋਗਰਾਮ ਕਰਵਾਏ ਜਾਣਗੇ।ਜਿਸ ਤੋਂ ਬਾਅਦ ਇਹ ਨੌਜ਼ਵਾਨ ਪਿੰਡਾਂ ਵਿਚ ਜਾ ਕੇ ਲੋਕਾਂ ਨੂੰ ਜਾਗਰੂਕ ਕਰਨਗੇ।
ਖੇਤੀਬਾੜੀ ਮੰਤਰੀ ਨੇ ਦੱਸਿਆ ਕਿ ਸਬਸਿਡੀ ‘ਤੇ ਹੈਪੀ ਸੀਡਰ ਲੈਣ ਲਈ ਕਿਸਾਨਾਂ ਨੂੰ ਅਪਾਲਈ ਕਰਨ ਲਈ 15 ਦਿਨ ਦਾ ਸਮਾਂ ਵਧਾਇਆ ਗਿਆ ਹੈ ਤਾਂ ਜੋ ਵੱਧ ਤੋਂ ਵੱਧ ਕਿਸਾਨ ਇਸ ਸਕੀਮ ਅਧੀਨ ਹੈਪੀ ਸੀਡਰ ਲੈ ਕੇ ਪਰਾਲੀ ਨੂੰ ਬਿਨਾਂ ਸਾੜੇ ਕਣਕ ਦੀ ਬਿਜਾਈ ਕਰ ਸਕਣ।ਇਸ ਤੋਂ ਇਲਾਵਾ ਪਰਾਲੀ ਨੂੰ ਮਿੱਟੀ ਵਿਚ ਬਿਨਾਂ ਸਾੜੇ ਜਜ਼ਬ ਕਰਨ ਲਈ ਖੇਤੀਬਾੜੀ ਵਿਭਾਗ ਵਲੋਂ ਤਜ਼ਰਬੇ ਦੇ ਤੌਰ ‘ਤੇ ਪਾਇਲਟ ਪ੍ਰੋਜੈਕਟ ਵਜੋਂ 5000 ਏਕੜ ਵਿਚ ਡੀ-ਕੰਪੋਜ਼ਰ ਦੇ ਘੋਲ ਦਾ ਛਿੜਕਾਅ ਕੀਤਾ ਜਾਵੇਗਾ।ਉਨ੍ਹਾਂ ਨਾਲ ਹੀ ਦੱਸਿਆ ਕਿ ਬਲਾਕ ਪੱਧਰ ‘ਤੇ ਖੇਤੀਬਾੜੀ ਅਫਸਰਾਂ ਨੂੰ 5-10 ਹੈਪੀ ਸੀਡਰ ਮਸ਼ੀਨਾ ਦਿੱਤੀਆਂ ਗਈਆਂ ਹਨ।ਇਹ ਮਸ਼ੀਨਾਂ ਛੋਟੇ ਕਿਸਾਨ ਮੁਫਤ ਵਿਚ ਵਰਤ ਸਕਣਗੇ।ਉੱਚੇਰੀ ਸਿੱਖਿਆ ਅਤੇ ਵਾਤਵਰਣ ਮੰਤਰੀ ਮੀਤ ਹੇਅਰ ਨੇ ਪੱਤਰਕਾਰ ਸੰਮੇਲਨ ਦੌਰਾਨ ਪਰਾਲੀ ਨੂੰ ਬਾਲਣ ਬਣਾ ਕੇ ਬਿਜਲੀ ਪੈਦਾ ਕਰਨ ਵਾਲੇ ਪਲਾਂਟ ਲਗਾਉਣ ਦੀ ਲੋੜ ‘ਤੇ ਜੋਰ ਦਿੰਦਿਆਂ ਕਿਹਾ ਕਿ ਅਜਿਹੇ ਵਾਤਾਵਰਣ ਪੱਖੀ (ਈਕੋ ਫਰੈਂਡਲੀ) ਉਦਯੋਗਾਂ ਨੂੰ ਪੰਜਾਬ ਸਰਕਾਰ ਵਲੋਂ ੳਤੁਸ਼ਾਹਿਤ ਕੀਤਾ ਜਾਵੇਗਾ।ਉਨ੍ਹਾਂ ਕਿਹਾ ਕਿ ਇਸ ਕਾਰਜ ਵਿਧੀ ਰਾਹੀਂ ਕਿਸਾਨਾਂ ਨੂੰ ਪ੍ਰਤੀ ਏਕੜ 3000 ਰੁਪਏ ਸਹਾਇਤਾ ਵੀ ਮਿਲਦੀ ਹੈ। ਇਸ ਦੇ ਨਾਲ ਹੀ ੳਨ੍ਹਾਂ ਦੱਸਿਆ ਕਿ ਇੱਟਾਂ ਵਾਲੇ ਭੱਠਿਆਂ ਨੂੰ ਕੁਝ ਫੀਸਦੀ ਬਾਲਣ ਪਰਾਲੀ ਨੂੰ ਲੈਣਾ ਲਾਜ਼ਮੀ ਕਰਨ ਦੇ ਨਾਲ ਨਾਲ ਹੋਰ ਉਦਯੋਗਾਂ ਲਈ ਵੀ ਅਜਿਹਾ ਲਾਜ਼ਮੀ ਕਰਨ ਉੱਤੇ ਵਿਚਾਰ ਕੀਤਾ ਜਾ ਰਿਹਾ ਹੈ।
ਇਸ ਤੋਂ ਪਹਿਲਾਂ ਮੰਟਿੰਗ ਦੌਰਾਨ ਨਵੀਂ ਅਤੇ ਨਵਿਉਣਯੋਗ ਊਰਜਾ ਮੰਤਰੀ ਅਮਨ ਅਰੋੜਾ ਅਤੇ ਸਕੂਲ ਸਿੱਖਿਆ ਮੰਤਰੀ ਹਰਜੋਤ ਬੈਂਸ ਸਮੇਤ ਸਾਰੇ ਮੰਤਰੀਆਂ ਨੇ ਕਿਹਾ ਕਿ ਪੰਜਾਬ ਦੀ ਸਾਢੇ ਤਿੰਨ ਕਰੋੜ ਵਸੋਂ ਅਤੇ ਆਉਣ ਵਾਲੀਆਂ ਪੀੜੀਆਂ ਨੂੰ ਸਾਫ ਸੁਥਰਾ ਵਾਤਾਵਰਣ ਪ੍ਰਦਾਨ ਕਰਨ ਲਈ ਸਾਂਝੇ ਹੰਭਲੇ ਮਾਰਨ ਦੀ ਲੋੜ ਹੈ।ਮੰਤਰੀ ਸਮੂਹ ਨੇ ਲੋੜ ‘ਤੇ ਜੋਰ ਦਿੱਤਾ ਕਿ ਪਰਾਲੀ ਨੂੰ ਮਿੱਟੀ ਵਿਚ ਬਿਨਾਂ ਸਾੜੇ ਮਿਲਾਉਣ, ਬਾਲਣ ਦੇ ਤੌਰ ‘ਤੇ ਵਰਤਣ ਅਤੇ ਪਰਾਲੀ ਨੂੰ ਖਾਦ ਦੇ ਤੌਰ ‘ਤੇ ਤਿਆਰ ਕਰਨ ਨੂੰ ਉਸ਼ਾਹਿਤ ਕਰਨ ਤੋਂ ਇਲਾਵਾ ਹੋਰ ਢੰਗ ਤਰੀਕੇ ਪਰਾਲੀ ਦੀ ਸਾਂਭ- ਸੰਭਾਲ ਲਈ ਲੱਭਣ ‘ਤੇ ਜੋਰ ਦੇਣ ਦੀ ਲੋੜ ਹੈ।ਇਸ ਮੀਟਿੰਗ ਵਿਚ ਫਾਰਮਰ ਕਮਿਸ਼ਨ ਦੇ ਚੇਅਰਮੈਨ ਡਾ. ਸੁਖਪਾਲ ਸਿੰਘ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਦੇ ਚੇਅਰਮੈਨ ਪ੍ਰੋ ਆਦਰਸ਼ ਪਾਲ ਵਿਗ ਤੇ ਮੈਂਬਰ ਸਕੱਤਰ ਇੰਜੀਨੀਅਰ ਕਰੁਨੇਸ਼ ਗਰਗ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਵਾਈਸ ਚਾਂਸਲਰ ਡਾ. ਐਸ ਐਸ ਗੋਸਲ, ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਾਈਸ ਚਾਂਸਲਰ ਡਾ. ਅਰਵਿੰਦ ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਵਾਈਸ ਚਾਂਸਲਰ ਜਸਪਾਲ ਸਿੰਘ ਸੰਧੂ, ਏ. ਡੀ.ਜੀ.ਪੀ ਲਾਅ ਐਂਡ ਆਰਡਰ ਅਰਪਿਤ ਸ਼ੁਕਲਾ ਅਤੇ ਖੇਤੀਬਾੜੀ ਵਿਭਾਗ ਦੇ ਡਾਇਰੈਕਟਰ ਗੁਰਵਿੰਦਰ ਸਿੰਘ ਨੇ ਝੋਨੇ ਦੀ ਪਰਾਲੀ ਨੂੰ ਬਿਨਾਂ ਸਾੜੇ ਸੰਭਾਲਣ ਅਤੇ ਬਾਲਣ ਵਜੋਂ ਵਰਤੋ ਲਈ ਵਿਚਾਰ ਪੇਸ਼ ਕੀਤੇ।






