ਵਾਹਨਾਂ ਦੇ ਫਿਟਨੈੱਸ ਸਰਟੀਫ਼ਿਕੇਟ ਦੇ ਕੰਮ ‘ਚ ਤੇਜ਼ੀ ਲਿਆਉਣ ਲਈ ਲਿਆ ਫ਼ੈਸਲਾ
ਪਹਿਲਾਂ 23 ਜ਼ਿਲ੍ਹਿਆਂ ਦਾ ਕੰਮ ਵੇਖ ਰਹੇ ਸਨ ਸਿਰਫ਼ ਚਾਰ ਮੋਟਰ ਵਾਹਨ ਇੰਸਪੈਕਟਰ
ਸੁਖਜਿੰਦਰ ਮਾਨ
ਚੰਡੀਗੜ੍ਹ, 27 ਅਗਸਤ:ਪੰਜਾਬ ‘ਚ ਪੁਰਾਣੇ ਵਾਹਨਾਂ ਦੇ ਫਿਟਨੈਸ ਸਰਟੀਫ਼ਿਕੇਟ ਜਾਰੀ ਕਰਨ ਅਤੇ ਪਾਸਿੰਗ ਦੇ ਕੰਮ ਦੇ ਦਿਨੋ-ਦਿਨ ਵਧ ਰਹੇ ਬੋਝ ਨੂੰ ਘਟਾਉਂਦਿਆਂ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਸੂਬੇ ਦੀਆਂ ਸਾਰੀਆਂ 11 ਆਸਾਮੀਆਂ ‘ਤੇ ਮੋਟਰ ਵਾਹਨ ਇੰਸਪੈਕਟਰਾਂ (ਐਮ.ਵੀ.ਆਈ.) ਦੀ ਤੈਨਾਤੀ ਕਰ ਦਿੱਤੀ ਹੈ।ਕੈਬਨਿਟ ਮੰਤਰੀ ਨੇ ਦੱਸਿਆ ਕਿ ਸੂਬੇ ਦੇ 23 ਜ਼ਿਲ੍ਹਿਆਂ ਵਿੱਚ 11 ਆਰ.ਟੀ.ਏਜ਼. ਅਧੀਨ ਸਿਰਫ਼ 4 ਐਮ.ਵੀ.ਆਈ. ਪੁਰਾਣੇ ਵਾਹਨਾਂ ਨੂੰ ਫ਼ਿਟਨੈੱਸ ਸਰਟੀਫ਼ਿਕੇਟ ਜਾਰੀ ਕਰਨ ਅਤੇ ਪਾਸਿੰਗ ਦਾ ਕੰਮ ਸਾਂਭ ਰਹੇ ਸਨ ਜਿਸ ਕਾਰਨ ਆਰ.ਟੀ.ਏ. ਦਫ਼ਤਰਾਂ ਵਿੱਚ ਕੰਮ ਦੀ ਚਾਲ ਸੁਸਤ ਹੋਣ ਕਰਕੇ ਫ਼ਾਈਲਾਂ ਦੇ ਢੇਰ ਲੱਗੇ ਹੋਣ ਦੀਆਂ ਖ਼ਬਰਾਂ ਮਿਲ ਰਹੀਆਂ ਸਨ। ਇਸ ਲਈ ਕੰਮ ਦੇ ਬੋਝ ਨੂੰ ਘਟਾਉਣ ਅਤੇ ਹੋਰ ਪਾਰਦਰਸ਼ਤਾ ਲਿਆਉਣ ਲਈ ਵਿਭਾਗ ਵਿੱਚ ਅੰਦਰੂਨੀ ਪ੍ਰਬੰਧ ਕਰਦਿਆਂ ਪੰਜਾਬ ਰੋਡਵੇਜ਼ ਤੋਂ ਸਟਾਫ਼ ਲੈ ਕੇ ਐਮ.ਵੀ.ਆਈ. ਦੀਆਂ ਸਾਰੀਆਂ ਆਸਾਮੀਆਂ ‘ਤੇ ਅਧਿਕਾਰੀ ਤੈਨਾਤ ਕਰ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਹੁਣ 11 ਆਰ.ਟੀ.ਏਜ਼. ਦਫ਼ਤਰਾਂ ਅਧੀਨ 11 ਐਮ.ਵੀ.ਆਈ. ਕੰਮ ਕਰਨਗੇ ਅਤੇ ਇਨ੍ਹਾਂ ਆਸਾਮੀਆਂ ‘ਤੇ ਵਿਭਾਗ ਦੇ ਮਿਹਨਤਕਸ਼ ਅਧਿਕਾਰੀਆਂ ਨੂੰ ਤੈਨਾਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਹੁਣ ਲੋਕਾਂ ਨੂੰ ਵਿਭਾਗ ਦੀਆਂ ਸੇਵਾਵਾਂ ਦੀ ਤੁਰੰਤ ਡਿਲੀਵਰੀ ਮਿਲ ਸਕੇਗੀ।ਕੈਬਨਿਟ ਮੰਤਰੀ ਨੇ ਦੱਸਿਆ ਕਿ ਪਹਿਲਾਂ ਤੈਨਾਤ ਅਧਿਕਾਰੀਆਂ ਤੋਂ ਇਲਾਵਾ ਹੁਣ ਐਮ.ਵੀ.ਆਈ. ਪ੍ਰੀਤਇੰਦਰ ਅਰੋੜਾ ਜ਼ਿਲ੍ਹਾ ਫ਼ਰੀਦਕੋਟ, ਸ੍ਰੀ ਮੁਕਤਸਰ ਸਾਹਿਬ, ਮੋਗਾ, ਬਠਿੰਡਾ ਅਤੇ ਮਾਨਸਾ ਦਾ ਕੰਮ ਵੇਖਣਗੇ ਜਦਕਿ ਐਮ.ਵੀ.ਆਈ. ਸੁਖਵਿੰਦਰ ਸਿੰਘ ਜ਼ਿਲ੍ਹਾ ਫ਼ਾਜ਼ਿਲਕਾ ਅਤੇ ਫ਼ਿਰੋਜ਼ਪੁਰ, ਐਮ.ਵੀ.ਆਈ. ਮੈਰਿਕ ਗਰਗ ਜ਼ਿਲ੍ਹਾ ਲੁਧਿਆਣਾ, ਐਮ.ਵੀ.ਆਈ. ਗੁਰਿੰਦਰ ਸਿੰਘ ਜ਼ਿਲ੍ਹਾ ਜਲੰਧਰ ਤੇ ਕਪੂਰਥਲਾ, ਐਮ.ਵੀ.ਆਈ. ਲੀਲਾ ਸਿੰਘ ਜ਼ਿਲ੍ਹਾ ਗੁਰਦਾਸਪੁਰ, ਐਮ.ਵੀ.ਆਈ. ਮਧੂ ਪੁਸ਼ਪ ਜ਼ਿਲ੍ਹਾ ਪਠਾਨਕੋਟ, ਐਮ.ਵੀ.ਆਈ. ਨਵਦੀਪ ਸਿੰਘ ਜ਼ਿਲ੍ਹਾ ਅੰਮ੍ਰਿਤਸਰ ਤੇ ਤਰਨ ਤਾਰਨ ਅਤੇ ਐਮ.ਵੀ.ਆਈ. ਜਸਪ੍ਰੀਤ ਸਿੰਘ ਜ਼ਿਲ੍ਹਾ ਸੰਗਰੂਰ, ਮਲੇਰਕੋਟਲਾ ਅਤੇ ਬਰਨਾਲਾ ਦਾ ਕੰਮ ਵੇਖਣਗੇ।ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਭ੍ਰਿਸ਼ਟਾਚਾਰ ਵਿਰੁੱਧ ਸਿਫ਼ਰ ਸਹਿਣਸ਼ੀਲਤਾ ‘ਤੇ ਜ਼ੋਰ ਦਿੰਦਿਆਂ ਟਰਾਂਸਪੋਰਟ ਮੰਤਰੀ ਨੇ ਕਿਹਾ ਕਿ ਭ੍ਰਿਸ਼ਟਾਚਾਰ ਵਿੱਚ ਲਿਪਤ ਪਾਏ ਗਏ ਕਿਸੇ ਵੀ ਅਧਿਕਾਰੀ ਜਾਂ ਮੁਲਾਜ਼ਮ ਨੂੰ ਬਿਲਕੁਲ ਵੀ ਬਖ਼ਸ਼ਿਆ ਨਹੀਂ ਜਾਵੇਗਾ। ਉਨ੍ਹਾਂ ਵਿਭਾਗ ਦੇ ਅਧਿਕਾਰੀਆਂ ਨੂੰ ਮੁੜ ਸੁਚੇਤ ਕੀਤਾ ਕਿ ਉਹ ਈਮਾਨਦਾਰੀ ਨਾਲ ਆਪਣਾ ਫ਼ਰਜ਼ ਨਿਭਾਉਣ।
ਟਰਾਂਸਪੋਰਟ ਮੰਤਰੀ ਨੇ ਸੂਬੇ ਵਿੱਚ ਮੋਟਰ ਵਾਹਨ ਇੰਸਪੈਕਟਰਾਂ ਦੀਆਂ ਸਾਰੀਆਂ 11 ਆਸਾਮੀਆਂ ‘ਤੇ ਨਿਯੁਕਤ ਕੀਤੇ ਅਧਿਕਾਰੀ
ਅੰਬੇਦਕਰ ਸਟੂਡੈਂਟਸ ਐਸੋਸੀਏਸ਼ਨ ਚੰਡੀਗੜ੍ਹ ਦੇ ਸੰਘਰਸ਼ ਦੀ ਭਾਕਿਯੂ (ਏਕਤਾ-ਉਗਰਾਹਾਂ) ਵੱਲੋਂ ਹਮਾਇਤ ਦਾ ਐਲਾਨ
ਸੁਖਜਿੰਦਰ ਮਾਨ
ਚੰਡੀਗੜ੍ਹ, 27 ਅਗਸਤ : ਅੰਬੇਦਕਰ ਸਟੂਡੈਂਟਸ ਐਸੋਸੀਏਸ਼ਨ ਵੱਲੋਂ ਅਨੁਸੂਚਿਤ ਜਾਤੀ ਵਿਦਿਆਰਥੀਆਂ ਦੀਆਂ ਹੱਕੀ ਮੰਗਾਂ ਨੂੰ ਲੈ ਕੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਸਾਹਮਣੇ ਲਾਏ ਗਏ ਧਰਨੇ ਦੀ ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) ਵੱਲੋਂ ਹਮਾਇਤ ਦਾ ਐਲਾਨ ਕੀਤਾ ਗਿਆ ਹੈ। ਇਸ ਸੰਬੰਧੀ ਅੱਜ ਇੱਥੇ ਸਾਂਝਾ ਬਿਆਨ ਜਾਰੀ ਕਰਦਿਆਂ ਜਥੇਬੰਦੀ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਅਤੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਇਨ੍ਹਾਂ ਵਿਦਿਆਰਥੀਆਂ ਪ੍ਰਤੀ ਯੂਨੀਵਰਸਿਟੀ ਅਧਿਕਾਰੀਆਂ ਦੇ ਅੱਖੜ ਵਤੀਰੇ ਨੂੰ ਮੰਦਭਾਗਾ ਕਰਾਰ ਦਿੱਤਾ ਹੈ। ਮਿਸਾਲ ਵਜੋਂ ਡਿਗਰੀਆਂ ਜਾਂ ਡੀ ਐਮ ਸੀ ਪਾਸ ਕਰ ਚੁੱਕੇ ਅਨੁਸੂਚਿਤ ਜਾਤੀ ਵਿਦਿਆਰਥੀਆਂ ਵੱਲੋਂ ਰੂਲਾਂ ਅਨੁਸਾਰ ਇਮਤਿਹਾਨ ਫ਼ੀਸ ਜਮ੍ਹਾਂ ਕਰਵਾਉਣ ਦੀ ਪੇਸ਼ਕਸ਼ ਦੇ ਬਾਵਜੂਦ ਉਨ੍ਹਾਂ ਨੂੰ ਸਰਟੀਫਿਕੇਟ ਜਾਰੀ ਕਰਨ ਤੋਂ ਲਗਾਤਾਰ ਟਾਲਮਟੋਲ ਕਰਨੀ। ਹਰਿਆਣੇ ਦੇ ਅਨੁਸੂਚਿਤ ਜਾਤੀ ਵਿਦਿਆਰਥੀਆਂ ਨੂੰ ਪੰਜਾਬ ਦੇ ਵਿਦਿਆਰਥੀਆਂ ਵਾਂਗ ਦਾਖਲਾ ਫੀਸ ਤੋਂ ਬਿਨਾਂ ਦਾਖ਼ਲ ਕਰਨ ਤੋਂ ਇਨਕਾਰੀ ਹੋਣਾ ਅਤੇ ਪੀ ਐਚ ਡੀ ਦਾਖਲਿਆਂ ਤੇ ਹੋਸਟਲ ਅਲਾਟਮੈਂਟਾਂ ਮੌਕੇ ਰਾਖਵਾਂ ਕੋਟਾ ਪਹਿਲ ਦੇ ਆਧਾਰ ‘ਤੇ ਦੇਣ ਤੋਂ ਇਨਕਾਰੀ ਹੋਣਾ ਮੰਦਭਾਗੇ ਕਦਮ ਹੀ ਹਨ। ਸਦੀਆਂ ਤੋਂ ਮਨੁੱਖੀ ਹੱਕਾਂ ਤੋਂ ਵਿਰਵੇ ਰੱਖੇ ਸਮਾਜ ਦੇ ਇਸ ਦੱਬੇ ਕੁਚਲੇ ਤਬਕੇ ਦੇ ਹੋਣਹਾਰ ਵਿਦਿਆਰਥੀਆਂ ਨੂੰ ਸੰਘਰਸ਼ਾਂ ਰਾਹੀਂ ਹਾਸਲ ਕੀਤੇ ਸੰਵਿਧਾਨਕ ਹੱਕਾਂ ਤੋਂ ਹੁਣ ਵੀ ਵਾਂਝੇ ਰੱਖਣਾ ਘੋਰ ਬੇਇਨਸਾਫ਼ੀ ਹੈ। ਇਸ ਲਈ ਕਿਸਾਨ ਆਗੂਆਂ ਵੱਲੋਂ ਸੰਘਰਸ਼ਸ਼ੀਲ ਵਿਦਿਆਰਥੀਆਂ ਦੀਆਂ ਹੱਕੀ ਮੰਗਾਂ ਤੁਰੰਤ ਪੂਰੀਆਂ ਕਰਨ ਦੀ ਮੰਗ ਕੀਤੀ ਗਈ ਅਤੇ ਅਜਿਹਾ ਨਾ ਕਰਨ ਦੀ ਸੂਰਤ ਵਿੱਚ ਇਨ੍ਹਾਂ ਪੀੜਤ ਵਿਦਿਆਰਥੀਆਂ ਦੇ ਸੰਘਰਸ਼ ਦੀ ਹਮਾਇਤ ਢੁੱਕਵੇਂ ਢੰਗਾਂ ਰਾਹੀਂ ਜਾਰੀ ਰੱਖਣ ਦਾ ਐਲਾਨ ਕੀਤਾ ਗਿਆ।
ਨੈਕ ਦੀ ਪੀਅਰ ਟੀਮ ਨੇ ਪੰਜਾਬ ਕੇਂਦਰੀ ਯੂਨੀਵਰਸਿਟੀ ਦਾ ਦੌਰਾ ਕੀਤਾ
ਨੈਸ਼ਨਲ ਅਸੈਸਮੈਂਟ ਐਂਡ ਐਕਰੀਡੇਸ਼ਨ ਕੌਂਸਲ (ਐਨਏਏਸੀ – ਨੈਕ) ਦੀ ਪੰਜ ਮੈਂਬਰੀ ਪੀਅਰ ਟੀਮ ਨੇ 24 ਤੋਂ 26 ਅਗਸਤ ਤੱਕ ਪੰਜਾਬ ਕੇਂਦਰੀ ਯੂਨੀਵਰਸਿਟੀ ਦਾ ਦੌਰਾ ਕੀਤਾ
ਸੁਖਜਿੰਦਰ ਮਾਨ
ਬਠਿੰਡਾ, 27 ਅਗਸਤ: ਨੈਸ਼ਨਲ ਅਸੈਸਮੈਂਟ ਐਂਡ ਐਕਰੀਡੀਟੇਸ਼ਨ ਕੌਂਸਲ (ਐਨਏਏਸੀ-ਨੈਕ) ਦੀ ਪੰਜ ਮੈਂਬਰੀ ਪੀਅਰ ਟੀਮ ਨੇ ਨੈਕ ਦੀ ਮੁਲਾਂਕਣ ਪ੍ਰਕਿਰਿਆ ਅਧੀਨ ਯੂਨੀਵਰਸਿਟੀ ਦੇ ਦੂਜੇ ਦੌਰ ਦੇ ਮੁਲਾਂਕਣ ਲਈ 24 ਤੋਂ 26 ਅਗਸਤ ਤੱਕ ਪੰਜਾਬ ਕੇਂਦਰੀ ਯੂਨੀਵਰਸਿਟੀ ਦਾ ਦੌਰਾ ਕੀਤਾ। ਪੀਅਰ ਟੀਮ ਦੀ ਅਗਵਾਈ ਬੁੰਦੇਲਖੰਡ ਯੂਨੀਵਰਸਿਟੀ, ਝਾਂਸੀ ਦੇ ਸਾਬਕਾ ਵਾਈਸ ਚਾਂਸਲਰ ਅਤੇ ਦਿੱਲੀ ਯੂਨੀਵਰਸਿਟੀ ਦੇ ਰਸਾਇਣ ਵਿਗਿਆਨ ਵਿਭਾਗ ਦੇ ਸਾਬਕਾ ਮੁਖੀ ਪ੍ਰੋਫੈਸਰ ਰਮੇਸ਼ ਚੰਦਰ ਨੇ ਟੀਮ ਦੇ ਚੇਅਰਮੈਨ ਵਜੋਂ ਕੀਤੀ। ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਦੇ ਅੰਗਰੇਜ਼ੀ ਵਿਭਾਗ ਤੋਂ ਪ੍ਰੋਫੈਸਰ ਮੁਹੰਮਦ ਰਿਜ਼ਵਾਨ ਖਾਨ; ਪਾਂਡੀਚਰੀ ਯੂਨੀਵਰਸਿਟੀ ਦੇ ਅਪਲਾਈਡ ਸਾਈਕਾਲੋਜੀ ਵਿਭਾਗ ਦੇ ਸਾਬਕਾ ਮੁਖੀ ਪ੍ਰੋ. ਰੰਗਈਆ ਬੀ; ਚਾਣਕਿਆ ਨੈਸ਼ਨਲ ਲਾਅ ਯੂਨੀਵਰਸਿਟੀ, ਪਟਨਾ ਤੋਂ ਪ੍ਰੋ. (ਸੇਵਾਮੁਕਤ) ਸੁਭਾਸ਼ ਚੰਦਰ ਰਾਏ; ਅਤੇ ਬੈਂਗਲੁਰੂ ਯੂਨੀਵਰਸਿਟੀ ਦੇ ਅਰਥ ਸ਼ਾਸਤਰ ਵਿਭਾਗ ਤੋਂ ਪ੍ਰੋ. ਰੰਗਾਸਵਾਮੀ ਐਨ. ਇਸ ਟੀਮ ਦੇ ਮੈਂਬਰਾਂ ਵਜੋਂ ਸ਼ਾਮਲ ਹੋਏ।ਪਹਿਲੇ ਦਿਨ ਮਾਨਯੋਗ ਵਾਈਸ ਚਾਂਸਲਰ ਪ੍ਰੋ. ਰਾਘਵੇਂਦਰ ਪ੍ਰਸਾਦ ਤਿਵਾਰੀ ਨੇ ਪੀਅਰ ਟੀਮ ਦਾ ਸਵਾਗਤ ਕੀਤਾ ਅਤੇ ਯੂਨੀਵਰਸਿਟੀ ਦੇ ਕੰਮਕਾਜ ਬਾਰੇ ਦੱਸਿਆ ਅਤੇ ਮਹਿਮਾਨ ਟੀਮ ਨੂੰ ਅਕਾਦਮਿਕ, ਪ੍ਰਸ਼ਾਸਨਿਕ ਅਤੇ ਬੁਨਿਆਦੀ ਢਾਂਚੇ ਵਿੱਚ ਹੋਈ ਪ੍ਰਗਤੀ ਤੋਂ ਜਾਣੂ ਕਰਵਾਇਆ।
ਇਸ ਤੋਂ ਬਾਅਦ ਯੂਨੀਵਰਸਿਟੀ ਦੇ ਅਧਿਕਾਰੀਆਂ ਨਾਲ ਵੱਖ-ਵੱਖ ਗੱਲਬਾਤ ਸੈਸ਼ਨ ਕਰਵਾਏ ਗਏ। ਕੰਟਰੋਲਰ ਪ੍ਰੀਖਿਆਵਾਂ ਅਤੇ ਕਾਰਜਕਾਰੀ ਰਜਿਸਟਰਾਰ ਪ੍ਰੋ. ਬੀ.ਪੀ. ਗਰਗ ਨੇ ਯੂਨੀਵਰਸਿਟੀ ਦੇ ਵੱਖ-ਵੱਖ ਪ੍ਰਸ਼ਾਸਨਿਕ ਦਫ਼ਤਰਾਂ ਦੇ ਕੰਮਕਾਜ, ਪ੍ਰੀਖਿਆ ਪ੍ਰਕਿਰਿਆ ਅਤੇ ਮੁਲਾਂਕਣ ਪੈਟਰਨ ਬਾਰੇ ਜਾਣਕਾਰੀ ਦਿੱਤੀ। ਡੀਨ ਇੰਚਾਰਜ ਅਕਾਦਮਿਕ ਪ੍ਰੋ. ਆਰ.ਕੇ ਵੁਸੀਰਿਕਾ; ਆਈਕਿਊਏਸੀ ਡਾਇਰੈਕਟਰ ਪ੍ਰੋ. ਮੋਨੀਸ਼ਾ ਧੀਮਾਨ; ਖੋਜ ਅਤੇ ਵਿਕਾਸ ਸੈੱਲ ਦੇ ਡਾਇਰੈਕਟਰ ਪ੍ਰੋ. ਅੰਜਨਾ ਮੁਨਸ਼ੀ; ਵਿੱਤ ਅਧਿਕਾਰੀ ਪ੍ਰੋ. ਪੀ.ਕੇ. ਮਿਸ਼ਰਾ; ਅਤੇ ਖਰੀਦ ਅਧਿਕਾਰੀ ਪ੍ਰੋ. ਅਨਿਲ ਮੰਥਾ ਨੇ ਆਪੋ-ਆਪਣੇ ਦਫ਼ਤਰਾਂ ਦੇ ਕਾਰਜ ਸਾਂਝੇ ਕੀਤੇ। ਇਸ ਤੋਂ ਇਲਾਵਾ ਯੂਨੀਵਰਸਿਟੀ ਦੇ ਵੱਖ-ਵੱਖ ਸਕੂਲਾਂ ਦੇ ਡੀਨ, ਵਿਭਾਗਾਂ ਦੇ ਮੁਖੀ ਅਤੇ ਸਿੱਖਿਆ ਮੰਤਰਾਲੇ ਅਤੇ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਦੀਆਂ ਹਦਾਇਤਾਂ ‘ਤੇ ਯੂਨੀਵਰਸਿਟੀ ਵੱਲੋਂ ਸਥਾਪਿਤ ਕੀਤੇ ਗਏ ਵੱਖ-ਵੱਖ ਸੈੱਲਾਂ ਦੇ ਮੁਖੀਆਂ ਨੇ ਵੀ ਆਪਣੇ-ਆਪਣੇ ਵਿਭਾਗਾਂ ਵਿੱਚ ਪਿਛਲੇ ਕੁਝ ਸਾਲਾਂ ਤੋਂ ਚੱਲ ਰਹੀਆਂ ਗਤੀਵਿਧੀਆਂ ਦੇ ਵੇਰਵੇ ਨੈਕ ਪੀਅਰ ਟੀਮ ਨਾਲ ਸਾਂਝੇ ਕੀਤੇ।
ਇਸ ਦੇ ਨਾਲ ਹੀ ਨੈਕ ਦੌਰੇ ਦੇ ਦੂਜੇ ਦਿਨ ਪੰਜਾਬ ਕੇਂਦਰੀ ਯੂਨੀਵਰਸਿਟੀ ਦੇ ਮਾਨਯੋਗ ਚਾਂਸਲਰ ਪ੍ਰੋ. ਜਗਬੀਰ ਸਿੰਘ ਨੇ ਨੈਕ ਪੀਅਰ ਟੀਮ ਦੇ ਮੈਂਬਰਾਂ ਨਾਲ ਵੀ ਗੱਲਬਾਤ ਕੀਤੀ।ਆਪਣੇ ਤਿੰਨ ਦਿਨਾਂ ਦੌਰੇ ਦੌਰਾਨ, ਨੈਕ ਪੀਅਰ ਟੀਮ ਨੇ ਸਾਬਕਾ ਵਿਦਿਆਰਥੀਆਂ, ਮਾਪਿਆਂ, ਵਰਤਮਾਨ ਵਿਦਿਆਰਥੀਆਂ, ਅਧਿਆਪਕਾਂ ਅਤੇ ਕਰਮਚਾਰੀਆਂ ਨਾਲ ਗੱਲਬਾਤ ਕੀਤੀ ਅਤੇ ਯੂਨੀਵਰਸਿਟੀ ਦੇ ਸਾਰੇ 31 ਵਿਭਾਗਾਂ ਦਾ ਦੌਰਾ ਕੀਤਾ।ਟੀਮ ਨੇ ਪੰਜਾਬ ਕੇਂਦਰੀ ਯੂਨੀਵਰਸਿਟੀ ਵਿਖੇ ਸਥਿਤ ਖੋਜ ਪ੍ਰਯੋਗਸ਼ਾਲਾਵਾਂ, ਅਧਿਆਪਨ ਪ੍ਰਯੋਗਸ਼ਾਲਾਵਾਂ, ਲਾਇਬ੍ਰੇਰੀ, ਕੰਪਿਊਟਰ ਸੈਂਟਰ, ਆਡੀਓ ਵਿਜ਼ੂਅਲ ਸਟੂਡੀਓ, ਅਜਾਇਬ ਘਰ, ਪਸ਼ੂ ਘਰ, ਐਸ.ਟੀ.ਪੀ., ਬੋਟੈਨੀਕਲ ਗਾਰਡਨ, ਕਾਨੂੰਨੀ ਸਹਾਇਤਾ ਕਲੀਨਿਕ, ਜਿਮਨੇਜ਼ੀਅਮ, ਲੜਕੇ ਅਤੇ ਲੜਕੀਆਂ ਦੇ ਹੋਸਟਲ, ਅੰਨਪੂਰਨਾ ਹਾਲ ਅਤੇ ਸਿਹਤ ਕੇਂਦਰ ਆਦਿ ਵੱਖ-ਵੱਖ ਸਹੂਲਤਾਂ ਦਾ ਦੌਰਾ ਕੀਤਾ ਅਤੇ ਸਵੈ ਅਧਿਐਨ ਰਿਪੋਰਟ (ਐੱਸਐੱਸਆਰ) ਦੇ ਮਾਪਦੰਡ ਅਨੁਸਾਰ ਗੁਣਾਤਮਕ ਮੈਟ੍ਰਿਕਸ (ਕਿਊਐਲਐਮ) ਨੂੰ ਪ੍ਰਮਾਣਿਤ ਕਰਨ ਲਈ ਸਮੀਖਿਆ ਕੀਤੀ। ਆਪਣੇ ਦੌਰੇ ਦੌਰਾਨ ਟੀਮ ਯੂਨੀਵਰਸਿਟੀ ਦੇ ਕੰਮਕਾਜ ਤੋਂ ਕਾਫ਼ੀ ਪ੍ਰਭਾਵਿਤ ਹੋਈ।
ਇਸ ਦੌਰਾਨ ਨੈਕ ਪੀਅਰ ਟੀਮ ਨੇ ਪੰਜਾਬ ਕੇਂਦਰੀ ਯੂਨੀਵਰਸਿਟੀ ਵਿਖੇ ਭਾਰਤੀ ਸੱਭਿਆਚਾਰਕ ਏਕਤਾ ਨੂੰ ਦਰਸਾਉਣ ਵਾਲੇ ਵਿਸ਼ੇਸ਼ ਸੱਭਿਆਚਾਰਕ ਪ੍ਰੋਗਰਾਮ ਵਿੱਚ ਵੀ ਭਾਗ ਲਿਆ ਜਿਸ ਵਿੱਚ ਯੂਨੀਵਰਸਿਟੀ ਵਿੱਚ ਪੜ੍ਹਦੇ 26 ਵੱਖ-ਵੱਖ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਵਿਦਿਆਰਥੀਆਂ ਨੇ ਆਪਣੇ ਸੱਭਿਆਚਾਰ ਦੀ ਸ਼ਾਨਦਾਰ ਪੇਸ਼ਕਾਰੀ ਕਰਕੇ ਏਕ ਭਾਰਤ ਸ੍ਰੇਸ਼ਠ ਭਾਰਤ ਦੀ ਝਲਕ ਪੇਸ਼ ਕੀਤੀ।ਤਿੰਨ ਦਿਨਾਂ ਦੌਰੇ ਦੀ ਸਮਾਪਤੀ 26 ਅਗਸਤ ਨੂੰ ਇੱਕ ਐਗਜ਼ਿਟ ਮੀਟਿੰਗ ਨਾਲ ਹੋਈ, ਜਿਸ ਵਿੱਚ ਨੈਕ ਪੀਅਰ ਟੀਮ ਦੇ ਚੇਅਰਮੈਨ ਪ੍ਰੋਫੈਸਰ ਰਮੇਸ਼ ਚੰਦਰਾ ਨੇ ਆਪਣੇ ਵਿਚਾਰ ਪੇਸ਼ ਕੀਤੇ ਅਤੇ ਆਸ ਪ੍ਰਗਟਾਈ ਕਿ ਟੀਮ ਦੀਆਂ ਸਿਫ਼ਾਰਸ਼ਾਂ ਅਤੇ ਸੁਝਾਵਾਂ ਨੂੰ ਲਾਗੂ ਕਰਨ ਨਾਲ ਆਉਣ ਵਾਲੇ ਸਾਲਾਂ ਵਿੱਚ ਯੂਨੀਵਰਸਿਟੀ ਨੂੰ ਅੱਗੇ ਵਧਣ ਵਿੱਚ ਮਦਦ ਮਿਲੇਗੀ। ਉਹਨਾਂ ਨੇ ਸਾਰੇ ਹਿੱਸੇਦਾਰਾਂ, ਖਾਸ ਕਰਕੇ ਮਾਪਿਆਂ ਅਤੇ ਸਾਬਕਾ ਵਿਦਿਆਰਥੀਆਂ ਦੀ ਸਰਗਰਮ ਭਾਗੀਦਾਰੀ ‘ਤੇ ਖੁਸ਼ੀ ਜ਼ਾਹਰ ਕੀਤੀ।ਇਸ ਮੌਕੇ ਵਾਈਸ ਚਾਂਸਲਰ ਪ੍ਰੋ. ਤਿਵਾਰੀ ਨੇ ਨੈਕ ਟੀਮ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਪੀਅਰ ਟੀਮ ਦੇ ਮੈਂਬਰਾਂ ਨੇ ਆਪਣੇ ਦੌਰੇ ਦੌਰਾਨ ਸਾਰੇ ਹਿੱਸੇਦਾਰਾਂ ਨੂੰ ਆਪਣੇ ਕੰਮ ਨੂੰ ਦਿਖਾਉਣ ਦਾ ਬਰਾਬਰ ਮੌਕਾ ਪ੍ਰਦਾਨ ਕੀਤਾ ਅਤੇ ਹੋਰ ਸੁਧਾਰ ਲਈ ਸਾਰਥਕ ਸੁਝਾਅ ਦਿੱਤੇ, ਜੋ ਸਾਨੂੰ ਉੱਤਮਤਾ ਪ੍ਰਾਪਤੀ ਵੱਲ ਲੈ ਕੇ ਜਾਣ ਵਿੱਚ ਮਦਦ ਕਰਨਗੇ।
ਸੇਫ ਸਕੂਲ ਵਾਹਨ ਪਾਲਿਸੀ ਨੂੰ ਲਾਗੂ ਕਰਵਾਉਣ ਲਈ ਜਾਗਰੂਕਤਾ ਪ੍ਰੋਗਰਾਮ ਆਯੋਜਿਤ
ਸੁਖਜਿੰਦਰ ਮਾਨ
ਬਠਿੰਡਾ, 27 ਅਗਸਤ : ਮਾਣਯੋਗ ਪੰਜਾਬ ਤੇ ਹਰਿਆਣਾ ਹਾਈਕਰੋਟ ਚੰਡੀਗੜ੍ਹ ਤੇ ਪੰਜਾਬ ਰਾਜ ਬਾਲ ਅਧਿਕਾਰ ਰੱਖਿਆ ਕਮਿਸ਼ਨ ਪੰਜਾਬ ਚੰਡੀਗੜ੍ਹ ਦੀਆ ਹਦਾਇਤਾਂ ਤੇ ਡਿਪਟੀ ਕਮਿਸ਼ਨਰ ਸ਼੍ਰੀ ਸ਼ੌਕਤ ਅਹਿਮਦ ਪਰੇ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਕੂਲੀ ਵਾਹਨਾਂ ਲਈ ਬਣੀ ਸੇਫ ਸਕੂਲ ਵਾਹਿਨ ਪਾਲਿਸੀ ਨੂੰ ਬੇਹਤਰ ਤਰੀਕੇ ਨਾਲ ਲਾਗੂ ਕਰਵਾਉਣ ਸ਼ਹਿਰ ਦੇ ਪ੍ਰਾਈਵੇਟ ਸਕੂਲਾਂ ਦੇ ਪ੍ਰਿੰਸੀਪਲਾਂ ਨੂੰ ਸਕੀਮ ਬਾਰੇ ਜਾਣੂ ਕਰਵਾਉਣ ਲਈ ਜਾਗਰੂਕਤਾ ਪ੍ਰੋਗਰਾਮ ਰਾਹੀਂ ਸਿਖਲਾਈ ਦਿੱਤੀ। ਇਸ ਦੌਰਾਨ ਸੀ.ਜੀ.ਐਮ-ਕਮ-ਸੈਕਟਰੀ ਜ਼ਿਲ੍ਹਾ ਕਾਨੂੰਨੀ ਸੇਵਾਵਾ ਅਥਾਰਟੀ ਸ੍ਰੀ ਸੁਰੇਸ਼ ਕੁਮਾਰ ਵੱਲੋਂ ਸੇਫ਼ ਸਕੂਲ ਵਾਹਿਨ ਪਾਲਿਸੀ ਤੇ ਮੋਟਰ ਵਹੀਕਲ ਐਕਟ ਬਾਰੇ ਵੀ ਜਾਣੂ ਕਰਵਾਇਆ ਗਿਆ। ਉਨ੍ਹਾਂ ਸੇਫ਼ ਸਕੂਲ ਵਾਹਨ ਪਾਲਿਸੀ ਤੇ ਮੋਟਰ ਵਹੀਕਲ ਐਕਟ ਦੀਆਂ ਸਰਤਾਂ ਨਾ ਪੂਰੀਆ ਕਰਨ ਵਾਲੇ ਵਹੀਕਲਾਂ ਦੇ ਖਿਲਾਫ ਕਰਨ ਵਾਲੀ ਕਰਵਾਈ ਤੇ ਜੁਰਮਾਨੇ ਬਾਰੇ ਵੀ ਜਾਣੂ ਕਰਵਾਇਆ ਗਿਆ।
ਇਸ ਮੌਕੇ ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਸ੍ਰੀਮਤੀ ਰਵਨੀਤ ਕੌਰ ਸਿੱਧੂ ਵੱਲੋਂ ਸੇਫ਼ ਸਕੂਲ ਵਾਹਿਨ ਪਾਲਿਸੀ ਬਾਰੇ ਸਕੂਲਾਂ ਦੇ ਮੁਖੀਆ ਨੂੰ ਜਾਣੂ ਕਰਵਾਇਆ ਗਿਆ। ਉਨ੍ਹਾਂ ਸਕੂਲ ਮੁਖੀਆਂ ਨੂੰ ਵਿਸਥਾਰਪੂਰਵਕ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਕੂਲੀ ਬੱਸਾਂ ਦਾ ਰੰਗ ਪੀਲਾ ਹੋਣਾ ਚਾਹੀਦਾ ਹੈ, ਬੱਸ ਦੇ ਅੱਗੇ ਸਕੂਲ ਬੱਸ ਲਿਖਿਆ ਹੋਵੇ, ਬੱਸਾਂ 15 ਸਾਲ ਤੋਂ ਵੱਧ ਪੁਰਾਣੀ ਨਾ ਹੋਵੇ। ਡਰਾਇਵਰ ਦੇ ਵਰਦੀ ਪਾਈ ਹੋਣੀ ਲਾਜ਼ਮੀ ਹੋਵੇ, ਡਰਾਇਵਰ ਕੋਲ ਹੈਵੀ ਲਾਈਸੈਂਸ ਹੋਵੇ, ਬੱਸ ਵਿੱਚ ਫਾਸਟ ਏਡ, ਅੱਗ ਬਝਾਊ ਯੰਤਰ, ਸੀ.ਸੀ.ਟੀ.ਵੀ. ਕੈਮਰਾ ਲੱਗਿਆ ਹੋਣਾ ਚਾਹੀਦਾ ਹੈ ਜੇਕਰ ਬੱਸ ਵਿੱਚ ਲੜਕੀਆਂ ਸਫਰ ਕਰਦੀਆ ਹਨ ਤਾਂ ਬੱਸ ਵਿੱਚ ਲੇਡੀ ਅਟੈਡਡੈਂਟ ਲਾਜਮੀ ਹੋਵੇ।
ਕੈਬਨਿਟ ਨੇ ਖੇਤੀਬਾੜੀ ਵਿਭਾਗ ਦੀਆਂ 359 ਅਤੇ ਸਿਵਲ ਜੱਜਾਂ ਦੀਆਂ 80 ਆਸਾਮੀਆਂ ਭਰਨ ਨੂੰ ਦਿੱਤੀ ਮਨਜ਼ੂਰੀ
ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿਖੇ ਪੇਂਡੂ ਵਿਕਾਸ ਵਿਭਾਗ ਦੇ ਤਕਨੀਕੀ ਵਿੰਗ ਦਾ ਨਵਾਂ ਸਬ-ਡਿਵੀਜ਼ਨ ਦਫ਼ਤਰ ਹੋਵੇਗਾ ਸਥਾਪਤ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 26 ਅਗਸਤ : ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਕੈਬਨਿਟ ਨੇ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਦੇ ਤਕਨੀਕੀ ਵਿੰਗ ਵਿੱਚ ਵੱਖ-ਵੱਖ ਕਾਡਰ ਦੀਆਂ 359 ਆਸਾਮੀਆਂ ਸਿੱਧੀ ਭਰਤੀ ਰਾਹੀਂ ਭਰਨ ਨੂੰ ਪ੍ਰਵਾਨਗੀ ਦੇ ਦਿੱਤੀ।
ਇਸ ਸਬੰਧੀ ਫੈਸਲਾ ਅੱਜ ਇੱਥੇ ਪੰਜਾਬ ਸਿਵਲ ਸਕੱਤਰੇਤ-1 ਵਿਖੇ ਮੁੱਖ ਮੰਤਰੀ ਦੀ ਅਗਵਾਈ ਹੇਠ ਹੋਈ ਮੰਤਰੀ ਸਮੂਹ ਦੀ ਮੀਟਿੰਗ ਵਿੱਚ ਲਿਆ ਗਿਆ। ਵਧੇਰੇ ਜਾਣਕਾਰੀ ਦਿੰਦਿਆਂ ਮੁੱਖ ਮੰਤਰੀ ਦਫ਼ਤਰ ਦੇ ਬੁਲਾਰੇ ਨੇ ਦੱਸਿਆ ਕਿ ਵਿਭਾਗ ਵਿੱਚ ਅਧਿਕਾਰੀਆਂ/ਮੁਲਾਜ਼ਮਾਂ ਦੀ ਬੇਹੱਦ ਘਾਟ ਹੈ, ਜਿਸ ਕਾਰਨ ਕਾਰਜਪ੍ਰਣਾਲੀ ਉਤੇ ਮਾੜਾ ਅਸਰ ਪੈ ਰਿਹਾ ਸੀ। ਇਨ੍ਹਾਂ ਆਸਾਮੀਆਂ ਵਿੱਚ ਖੇਤੀਬਾੜੀ ਵਿਕਾਸ ਅਫ਼ਸਰ ਦੀਆਂ 200, ਖੇਤੀਬਾੜੀ ਸਬ ਇੰਸਪੈਕਟਰਾਂ ਦੀਆਂ 150 ਅਤੇ ਲੈਬਾਰਟਰੀ ਸਹਾਇਕਾਂ ਦੀਆਂ ਨੌਂ ਆਸਾਮੀਆਂ ਸ਼ਾਮਲ ਹਨ, ਜਿਹੜੀਆਂ ਆਸਾਮੀਆਂ ਦੇ ਕਿਸੇ ਵੀ ਤਰ੍ਹਾਂ ਦੇ ਪੁਨਰਗਠਨ ਤੋਂ ਬਿਨਾਂ ਭਰੀਆਂ ਜਾਣਗੀਆਂ। ਇਹ ਆਸਾਮੀਆਂ ਭਰਨ ਨਾਲ ਖੇਤੀਬਾੜੀ ਵਿਕਾਸ ਸਕੀਮਾਂ ਨੂੰ ਸੁਚਾਰੂ ਤਰੀਕੇ ਨਾਲ ਲਾਗੂ ਕਰਨ ਅਤੇ ਕਿਸਾਨਾਂ ਨੂੰ ਸਹੂਲਤਾਂ ਬਿਨਾਂ ਕਿਸੇ ਰੁਕਾਵਟ ਤੋਂ ਮੁਹੱਈਆ ਕਰਨ ਵਿੱਚ ਮਦਦ ਮਿਲੇਗੀ।
ਸਿਵਲ ਜੱਜਾਂ ਦੀਆਂ 80 ਆਸਾਮੀਆਂ ਭਰਨ ਦੀ ਮਨਜ਼ੂਰੀ
ਕੈਬਨਿਟ ਨੇ ਸਿਵਲ ਜੱਜ (ਜੂਨੀਅਰ ਡਿਵੀਜ਼ਨ) ਦੀਆਂ 80 ਆਸਾਮੀਆਂ ਨੂੰ ਪੰਜਾਬ ਸਿਵਲ ਸਰਵਿਸ ਕਮਿਸ਼ਨ, ਪਟਿਆਲਾ ਦੇ ਦਾਇਰੇ ਵਿੱਚੋਂ ਕੱਢ ਕੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਰਾਹੀਂ ਭਰਨ ਦਾ ਫੈਸਲਾ ਕੀਤਾ ਹੈ। ਇਸ ਫੈਸਲੇ ਨਾਲ ਹੇਠਲੀਆਂ ਅਦਾਲਤਾਂ ਦੇ ਕੰਮਕਾਜ ਵਿੱਚ ਮੁਸਤੈਦੀ ਯਕੀਨੀ ਬਣਾਉਣ ਲਈ ਨਵੇਂ ਜੂਡੀਸ਼ੀਅਲ ਅਫ਼ਸਰਾਂ ਦੀ ਭਰਤੀ ਪ੍ਰਕਿਰਿਆ ਵਿੱਚ ਤੇਜ਼ੀ ਲਿਆਉਣ ਵਿੱਚ ਮਦਦ ਮਿਲੇਗੀ।
497 ਵੈਟਰਨਰੀ ਫਾਰਮਾਸਿਸਟਾਂ ਅਤੇ 498 ਕਲਾਸ-4/ਸਫ਼ਾਈ ਸੇਵਕਾਂ ਦੀਆਂ ਸੇਵਾਵਾਂ ਵਿੱਚ ਵਾਧੇ ਦਾ ਫੈਸਲਾ
ਇਸ ਦੌਰਾਨ ਸੂਬੇ ਭਰ ਦੇ 582 ਵੈਟਰਨਰੀ ਹਸਪਤਾਲਾਂ ਦੀ ਕਾਰਜਕੁਸ਼ਲਤਾ ਵਧਾਉਣ ਲਈ ਪਹਿਲਾਂ ਹੀ ਠੇਕੇ ਦੇ ਆਧਾਰ ਉਤੇ ਕੰਮ ਕਰਦੇ 497 ਵੈਟਰਨਰੀ ਫਾਰਮਾਸਿਸਟਾਂ ਅਤੇ 498 ਕਲਾਸ-4/ਸਫ਼ਾਈ ਸੇਵਕਾਂ ਦੀਆਂ ਸੇਵਾਵਾਂ ਨੂੰ ਪਹਿਲੀ ਅਪਰੈਲ 2022 ਤੋਂ 31 ਮਾਰਚ 2023 ਤੱਕ ਇਕ ਸਾਲ ਲਈ ਹੋਰ ਵਧਾਉਣ ਵਾਸਤੇ ਕਾਰਜ ਬਾਅਦ ਪ੍ਰਵਾਨਗੀ ਦੇ ਦਿੱਤੀ ਹੈ। ਇਹ ਫੈਸਲਾ ਇਨ੍ਹਾਂ ਵੈਟਰਨਰੀ ਹਸਪਤਾਲਾਂ ਦੇ ਕੰਮਕਾਜ ਨੂੰ ਸੁਚਾਰੂ ਕਰਨਾ ਯਕੀਨੀ ਬਣਾਉਣ ਲਈ ਕੀਤਾ ਗਿਆ। ਇਸ ਤੋਂ ਇਲਾਵਾ ਪਸ਼ੂ ਪਾਲਕਾਂ ਨੂੰ ਪਸ਼ੂਆਂ ਦੀ ਸਿਹਤ ਸੰਭਾਲ ਲਈ ਬਿਹਤਰੀਨ ਸੇਵਾਵਾਂ ਮੁਹੱਈਆ ਹੋਣਗੀਆਂ।ਸੂਬਾ ਸਰਕਾਰ ਨੇ 582 ਸਿਵਲ ਵੈਟਰਨਰੀ ਹਸਪਤਾਲਾਂ ਨੂੰ ਪਹਿਲਾਂ ਹੀ ਪੇਂਡੂ ਵੈਟਰਨਰੀ ਅਫ਼ਸਰਾਂ ਦੀਆਂ ਪ੍ਰਵਾਨਤ 582 ਆਸਾਮੀਆਂ ਸਮੇਤ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਤੋਂ ਪਸ਼ੂ ਪਾਲਣ ਵਿਭਾਗ ਨੂੰ ਵਾਪਸ ਤਬਦੀਲ ਕਰ ਦਿੱਤਾ ਹੈ।
ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿੱਚ ਬਣੇਗਾ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦਾ ਸਬ ਡਿਵੀਜ਼ਨ ਦਫ਼ਤਰ
ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੀ ਕਾਰਜਪ੍ਰਣਾਲੀ ਨੂੰ ਸੁਚਾਰੂ ਕਰਨ ਲਈ ਪੰਜਾਬ ਕੈਬਨਿਟ ਨੇ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿੱਚ ਵਿਭਾਗ ਦੇ ਤਕਨੀਕੀ ਵਿੰਗ ਦਾ ਨਵਾਂ ਸਬ-ਡਿਵੀਜ਼ਨ ਦਫ਼ਤਰ ਸਥਾਪਤ ਕਰਨ ਦਾ ਫੈਸਲਾ ਕੀਤਾ ਹੈ। ਇਸ ਲਈ ਇਕ ਸਬ-ਡਿਵੀਜ਼ਨਲ ਅਫ਼ਸਰ, ਦੋ ਜੂਨੀਅਰ ਇੰਜਨੀਅਰ, ਇਕ ਜੂਨੀਅਰ ਡਰਾਫਟਸਮੈਨ ਅਤੇ ਇਕ ਸੇਵਾਦਾਰ ਸਣੇ ਕੁੱਲ ਛੇ ਆਸਾਮੀਆਂ ਸਿਰਜੀਆਂ ਗਈਆਂ ਹਨ।
ਪੀ.ਐਸ.ਪੀ.ਸੀ.ਐਲ. ਦੀ ਰਿਵੈਂਮਪਡ ਡਿਸਟ੍ਰੀਬਿਊਸ਼ਨ ਸੈਕਟਰ ਸਕੀਮ ਪ੍ਰਵਾਨ
ਕੈਬਨਿਟ ਨੇ ਬਿਜਲੀ ਵੰਡ ਪ੍ਰਣਾਲੀ ਨੂੰ ਮਜ਼ਬੂਤ ਕਰ ਕੇ ਖਪਤਕਾਰਾਂ ਨੂੰ ਸੁਚਾਰੂ ਬਿਜਲੀ ਸਪਲਾਈ ਯਕੀਨੀ ਬਣਾਉਣ ਲਈ ਪੀ.ਐਸ.ਪੀ.ਸੀ.ਐਲ. ਵੱਲੋਂ ਪ੍ਰਸਤਾਵਿਤ ਰਿਵੈਂਮਪਡ ਡਿਸਟ੍ਰੀਬਿਊਸ਼ਨ ਸੈਕਟਰ ਸਕੀਮ (ਆਰ.ਡੀ.ਐਸ.ਐਸ.) ਨੂੰ ਪ੍ਰਵਾਨ ਕਰ ਲਿਆ। ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਦੇ ਬਿਜਲੀ ਮੰਤਰਾਲੇ ਵੱਲੋਂ ਸ਼ੁਰੂ ਕੀਤੀ ਇਸ ਸਕੀਮ ਲਈ ਭਾਰਤ ਸਰਕਾਰ ਤੋਂ 97,631 ਕਰੋੜ ਰੁਪਏ ਦੀ ਅਨੁਮਾਨਿਤ ਕੁੱਲ ਬਜਟ ਸਹਾਇਤਾ ਪ੍ਰਾਪਤ ਹੋਵੇਗੀ ਅਤੇ ਇਸ ਉਤੇ ਕੁੱਲ 3,03,758 ਕਰੋੜ ਰੁਪਏ ਖਰਚ ਹੋਣਗੇ।
ਮੰਤਰੀ ਮੰਡਲ ਵੱਲੋਂ ਸਾਲ 2022 ਲਈ ਨਵੀਂ ‘ਪੰਜਾਬ ਅਨਾਜ ਲੇਬਰ ਨੀਤੀ’ ਅਤੇ ਸੋਧੀ ਹੋਈ ‘ਪੰਜਾਬ ਅਨਾਜ ਟਰਾਂਸਪੋਰਟ ਨੀਤੀ’ ਨੂੰ ਪ੍ਰਵਾਨਗੀ
ਨਿਰਪੱਖ ਤੇ ਪਾਰਦਰਸ਼ੀ ਵਿਵਸਥਾ ਕਾਇਮ ਕਰਨ ਦੇ ਉਦੇਸ਼ ਨਾਲ ਲਿਆ ਫੈਸਲਾ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 26 ਅਗਸਤ: ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਮੰਤਰੀ ਮੰਡਲ ਨੇ ਅੱਜ ਸਾਲ 2022 ਲਈ ਨਵੀਂ ‘ਪੰਜਾਬ ਅਨਾਜ ਲੇਬਰ ਨੀਤੀ’ ਅਤੇ ਸੋਧੀ ਹੋਈ ‘ਪੰਜਾਬ ਅਨਾਜ ਟਰਾਂਸਪੋਰਟ ਨੀਤੀ’ ਨੂੰ ਪ੍ਰਵਾਨਗੀ ਦੇ ਦਿੱਤੀ ਹੈ ਜਿਸ ਦਾ ਉਦੇਸ਼ ਪਾਰਦਰਸਤਾ ਨੂੰ ਹੋਰ ਯਕੀਨੀ ਬਣਾਉਣ ਲਈ ਵਿਆਪਕ ਭਾਈਵਾਲੀ ਵਧਾਉਣ ਨਾਲ-ਨਾਲ ਬੇਲੋੜੀ ਮੁਕੱਦਮੇਬਾਜੀ ਨੂੰ ਘਟਾਉਣਾ ਹੈ। ਇਹ ਫੈਸਲਾ ਅੱਜ ਇੱਥੇ ਪੰਜਾਬ ਸਿਵਲ ਸਕੱਤਰੇਤ ਵਿਖੇ ਮੁੱਖ ਮੰਤਰੀ ਦੀ ਪ੍ਰਧਾਨਗੀ ਹੇਠ ਹੋਈ ਮੰਤਰੀ ਮੰਡਲ ਦੀ ਮੀਟਿੰਗ ਦੌਰਾਨ ਲਿਆ ਗਿਆ। ਇਨ੍ਹਾਂ ਵੇਰਵਿਆਂ ਨੂੰ ਸਾਂਝਾ ਕਰਦੇ ਹੋਏ ਮੁੱਖ ਮੰਤਰੀ ਦਫਤਰ ਦੇ ਇਕ ਬੁਲਾਰੇ ਨੇ ਦੱਸਿਆ ਕਿ ਸੋਧੀ ਹੋਈ ਟਰਾਂਸਪੋਰਟ ਨੀਤੀ ਹੁਣ ਝੋਨੇ ਦੀ ਖਰੀਦ ਅਤੇ ਮਿਲਿੰਗ ਲਈ ਕਸਟਮ ਮਿਲਿੰਗ ਨੀਤੀ ਨਾਲ ਮੇਲ ਖਾਂਦੀ ਹੈ ਅਤੇ ਮਿਲਿੰਗ ਨੀਤੀ ਨੂੰ ਮੰਤਰੀ ਮੰਡਲ ਵੱਲੋਂ ਕੁਝ ਦਿਨ ਪਹਿਲਾਂ ਪ੍ਰਵਾਨਗੀ ਦਿੱਤੀ ਗਈ ਸੀ। ਉਨ੍ਹਾਂ ਕਿਹਾ ਕਿ ਪਹਿਲੀ ਵਾਰ ਸੋਧੀ ਹੋਈ ਟਰਾਂਸਪੋਰਟ ਨੀਤੀ ਵਿਚ ਸਰਕਾਰ ਦੁਆਰਾ ਖਰੀਦੇ ਗਏ ਅਨਾਜ ਦੀ ਢੋਆ-ਢੁਆਈ ਲਈ ਵਰਤੇ ਜਾਣ ਵਾਲੇ ਹਰੇਕ ਵਾਹਨ ਵਿੱਚ ਵਾਹਨ ਟਰੈਕਿੰਗ ਸਿਸਟਮ ਲਾਉਣ ਦੀ ਵਿਵਸਥਾ ਲਾਜ਼ਮੀ ਬਣਾਈ ਗਈ ਹੈ। ਉਨ੍ਹਾਂ ਕਿਹਾ ਕਿ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲਿਆਂ ਦੇ ਵਿਭਾਗ ਨੇ ਵਾਹਨ ਟਰੈਕਿੰਗ ਪ੍ਰਣਾਲੀ ਪ੍ਰਦਾਨ ਕਰਨ ਵਾਲੀਆਂ ਕੰਪਨੀਆਂ ਨੂੰ ਸੂਚੀਬੱਧ ਕਰਨ ਦੀ ਪ੍ਰਕਿਰਿਆ ਪਹਿਲਾਂ ਹੀ ਸੁਰੂ ਕਰ ਦਿੱਤੀ ਹੈ ਅਤੇ ਮੌਜੂਦਾ ਅਨਾਜ ਖਰੀਦ ਪੋਰਟਲ ਨੂੰ ਇਨ੍ਹਾਂ ਪ੍ਰਣਾਲੀਆਂ ਦੇ ਅਨੁਕੂਲ ਬਣਾਉਣਾ ਹੈ।
ਲੇਬਰ ਨੀਤੀ ਬਾਰੇ ਵਿਸਥਾਰ ਵਿਚ ਜਾਣਕਾਰੀ ਦਿੰਦੇ ਹੋਏ ਬੁਲਾਰੇ ਨੇ ਦੱਸਿਆ ਕਿ ਨੀਤੀ ਦਾ ਉਦੇਸ ਮੌਜੂਦਾ ਲੇਬਰ ਅਤੇ ਕਾਰਟੇਜ ਨੀਤੀ ਨੂੰ ਖਤਮ ਕਰਕੇ ਲੇਬਰ ਐਸੋਸੀਏਸਨਾਂ ਦੀ ਵਿਆਪਕ ਭਾਈਵਾਲੀ ਨੂੰ ਯਕੀਨੀ ਬਣਾਉਣਾ ਹੈ। ਪਿਛਲੇ ਕਈ ਦਹਾਕਿਆਂ ਤੋਂ ਅਮਲ ਅਧੀਨ ਮੌਜੂਦਾ ਲੇਬਰ ਅਤੇ ਕਾਰਟੇਜ ਨੀਤੀ ਨੂੰ ਬਹੁਤ ਸਾਰੇ ਲੋਕਾਂ ਦੁਆਰਾ ਠੇਕੇਦਾਰਾਂ ਦੇ ਪੱਖ ਵਿੱਚ ਸਮਝਿਆ ਜਾਂਦਾ ਸੀ, ਕਿਉਂਕਿ ਇਸ ਵਿੱਚ ਇੱਕੋ ਵਿਅਕਤੀ ਦੁਆਰਾ ਲੇਬਰ ਅਤੇ ਆਵਾਜਾਈ ਦੀਆਂ ਸੇਵਾਵਾਂ ਪ੍ਰਦਾਨ ਕੀਤੇ ਜਾਣਾ ਸਾਮਲ ਸੀ। ਉਨ੍ਹਾਂ ਦੱਸਿਆ ਕਿ ਅੱਜ ਕੈਬਨਿਟ ਵੱਲੋਂ ਪ੍ਰਵਾਨ ਕੀਤੀ ਗਈ ਨੀਤੀ ਨਾਲ ਲੇਬਰ ਅਤੇ ਆਵਾਜਾਈ ਦੀਆਂ ਸੇਵਾਵਾਂ ਨੂੰ ਪੂਰੀ ਤਰ੍ਹਾਂ ਨਾਲ ਵੱਖ ਕਰ ਦਿੱਤਾ ਗਿਆ ਹੈ, ਜਿਸ ਨਾਲ ਲੇਬਰ ਐਸੋਸੀਏਸਨਾਂ ਨੂੰ ਟੈਂਡਰ ਪ੍ਰਕਿਰਿਆ ਵਿੱਚ ਸਿੱਧੇ ਤੌਰ ‘ਤੇ ਹਿੱਸਾ ਲੈਣ ਦੇ ਵੱਧ ਮੌਕੇ ਪ੍ਰਦਾਨ ਕੀਤੇ ਗਏ ਹਨ, ਜਿਸ ਨਾਲ ਠੇਕੇਦਾਰ ਦੇ ਮੁਨਾਫੇ ਨੂੰ ਹਟਾ ਕੇ ਸਿੱਧੇ ਤੌਰ ‘ਤੇ ਉਨ੍ਹਾਂ ਦੀ ਆਮਦਨ ਵਿੱਚ ਵਾਧਾ ਹੋਵੇਗਾ।
ਲੇਬਰ ਅਤੇ ਟਰਾਂਸਪੋਰਟ ਨੀਤੀਆਂ ਦੇ ਪਹਿਲੂਆਂ ਨੂੰ ਉਜਾਗਰ ਕਰਦੇ ਹੋਏ ਬੁਲਾਰੇ ਨੇ ਦੱਸਿਆ ਕਿ ਕੁਝ ਮੌਜੂਦਾ ਵਿਵਸਥਾਵਾਂ ਨੂੰ ਹਟਾ ਕੇ ਸਿਸਟਮ ਨੂੰ ਪੂਰੀ ਤਰ੍ਹਾਂ ਪਾਰਦਰਸੀ ਬਣਾਉਣ ਲਈ ਹਰ ਕੋਸ?ਿਸ ਕੀਤੀ ਗਈ ਹੈ ਜਿਸ ਦੀ ਕਈ ਵਾਰ ਦੁਰਵਰਤੋਂ ਹੁੰਦੀ ਸੀ ਅਤੇ ਬੇਲੋੜੀ ਮੁਕੱਦਮੇਬਾਜੀ ਦਾ ਕਾਰਨ ਬਣਦੇ ਸਨ। ਉਨਾਂ ਕਿਹਾ ਕਿ ਇਸ ਸਬੰਧ ਵਿੱਚ ਟੈਂਡਰ ਪ੍ਰਕਿਰਿਆ ਦੌਰਾਨ ਦਸਤੀ ਦਸਤਾਵੇਜਾਂ ਨੂੰ ਜਮ੍ਹਾਂ ਕਰਵਾਏ ਜਾਣ ਨੂੰ ਪੂਰੀ ਤਰ੍ਹਾਂ ਖਤਮ ਕਰਨ ਦਾ ਮਹੱਤਵਪੂਰਨ ਕਦਮ ਚੁੱਕਿਆ ਗਿਆ ਹੈ ਕਿਉਂਕਿ ਬਹੁਤ ਸਾਰੇ ਟੈਂਡਰ ਅਕਸਰ ਉਨ੍ਹਾਂ ਦੇ ਜਮ੍ਹਾਂ ਕਰਵਾਏ ਦਸਤਾਵੇਜ਼ਾਂ ਵਿੱਚ ਮਾਮੂਲੀ ਤਰੁੱਟੀਆਂ ਦੇ ਕਾਰਨ ਰੱਦ ਕਰ ਦਿੱਤੇ ਜਾਂਦੇ ਸਨ।
ਨਵੇਂ ਉੱਦਮੀਆਂ ਨੂੰ ਉਤਸਾਹਿਤ ਕਰਨ ਲਈ ਸਰਕਾਰ ਦੀ ਸੋਚ ਦੇ ਅਨੁਸਾਰ ਇਸ ਨੀਤੀ ਨੇ ਪਹਿਲੀ ਵਾਰ ਪੁਰਾਣੇ ਤਜਰਬੇ ਦੀ ਲੋੜ ਤੋਂ ਬਗੈਰ ਟੈਂਡਰਾਂ ਵਿੱਚ ਹਿੱਸਾ ਲੈਣ ਦੀ ਇਜਾਜਤ ਦਿੱਤੀ ਹੈ। ਉਨ੍ਹਾਂ ਕਿਹਾ ਕਿ ਟਰੱਕਾਂ ਦੇ ਰਜਿਸਟ੍ਰੇਸਨ ਸਰਟੀਫਿਕੇਟ ਅਤੇ ਮਜਦੂਰਾਂ ਦੇ ਆਧਾਰ ਨੰਬਰਾਂ ਦੇ ਵੇਰਵਿਆਂ ਨੂੰ ਜਮ੍ਹਾਂ ਕਰਾਉਣ ਦੀ ਜਰੂਰਤ ਨੂੰ ਵੀ ਖਤਮ ਕਰ ਦਿੱਤਾ ਗਿਆ ਹੈ ਕਿਉਂ ਜੋ ਇਸ ਦੇ ਨਤੀਜੇ ਵਜੋਂ ਅਕਸਰ ਮਾਮੂਲੀ ਊਣਤਾਈਆਂ ਕਾਰਨ ਬੋਲੀ ਰੱਦ ਹੋ ਜਾਂਦੀ ਸੀ ਅਤੇ ਬਾਅਦ ਵਿੱਚ ਬੇਲੋੜੀ ਮੁਕੱਦਮੇਬਾਜੀ ਦਾ ਕਾਰਨ ਬਣ ਜਾਂਦਾ ਸੀ। ਬੁਲਾਰੇ ਨੇ ਅੱਗੇ ਦੱਸਿਆ ਕਿ ਇਸ ਨੀਤੀ ਨੇ ਟੈਂਡਰ ਕੀਤੇ ਕਲੱਸਟਰ ਦਾ ਆਕਾਰ 50 ਹਜ਼ਾਰ ਮੀਟਰਕ ਟਨ ਤੱਕ ਸੀਮਤ ਕਰ ਦਿੱਤਾ ਹੈ। ਇਸ ਦੇ ਕਾਰਨ ਇਕ ਕਲੱਸਟਰ ਵਿੱਚ ਵਾਹਨਾਂ ਅਤੇ ਮਜਦੂਰਾਂ ਦੀ ਲੋੜ ਘਟਣ ਦੀ ਆਸ ਹੈ ਜਿਸ ਨਾਲ ਮੁਕਾਬਲਾ ਵਧਦਾ ਹੈ। ਇਸ ਤੋਂ ਪਹਿਲਾਂ ਕਿਸੇ ਕਲੱਸਟਰ ਦੇ ਆਕਾਰ ਨੂੰ ਨਿਰਧਾਰਤ ਕਰਨ ਲਈ ਕੋਈ ਮਾਪਦੰਡ ਨਹੀਂ ਸੀ ਜੋ ਕਿ ਘੱਟੋ-ਘੱਟ 5000 ਮੀਟਰਕ ਟਨ ਤੋਂ ਲੈ ਕੇ ਵੱਧ ਤੋਂ ਵੱਧ 2 ਲੱਖ ਮੀਟਰਕ ਟਨ ਤੱਕ ਵੱਖੋ-ਵੱਖ ਆਕਾਰ ਦਾ ਹੁੰਦਾ ਹੈ। ਦੋਵਾਂ ਨੀਤੀਆਂ ਨੇ ਹੁਣ ਡਿਪਟੀ ਕਮਿਸਨਰ ਨੂੰ ਟੈਂਡਰ ਕਮੇਟੀ ਦਾ ਚੇਅਰਮੈਨ ਬਣਾ ਦਿੱਤਾ ਹੈ।
ਪੀ.ਐਸ ਪੀ.ਸੀ.ਐਲ. ਵੱਲੋਂ 3 ਜੇ.ਈ., 2 ਲਾਈਨਮੈਨ ਤੇ 1 ਐਸ.ਐਸ.ਏ ਮੁੱਅਤਲ
ਇਨਫੋਰਸਮੈਂਟ ਸਕੂਐਡ ਬਠਿੰਡਾ ਵੱਲੋਂ 6 ਨਜਾਇਜ ਮੋਟਰਾਂ ਦੇ ਖਪਤਕਾਰਾਂ ਨੂੰ 3.89.181/- ਰੁਪੈ ਬਿਜਲੀ ਚੋਰੀ ਲਈ ਜੁਰਮਾਨਾ
ਪੰਜਾਬੀ ਖ਼ਬਰਸਾਰ ਬਿਉਰੋ
ਬਠਿੰਡਾ, 26 ਅਗਸਤ : ਪੰਜਾਬ ਸਟੇਟ ਪਾਵਰ ਕਾਰਪੋਰੇਸਨ ਲਿਮਟਿਡ ਨੇ ਬਿਜਲੀ ਚੋਰੀ ਨੂੰ ਰੋਕਣ ਵਿੱਚ ਅਸਫਲ ਰਹਿਣ ਲਈ ਅਤੇ ਆਪਣੀ ਸਰਕਾਰੀ ਡਿਊਟੀ ਵਿੱਚ ਅਣਗਹਿਲੀਆਂ/ਕੁਤਾਹੀਆਂ/ਬੇਨਿਯਮੀਆਂ ਲਈ ਕਾਰਪੋਰੇਸਨ ਦੀ ਲੋੜੀਂਦੀ ਪੜਤਾਲ ਉਪਰੰਤ 3 ਜੇ.ਈ.,2 ਲਾਈਨਮੈਨਾਂ ਅਤੇ ਇਕ ਐਸ.ਐਸ.ਏ. ਨੂੰ ਤਤਕਾਲ ਪ੍ਰਭਾਵ ਦੇ ਮੁਅੱਤਲ ਕਰ ਦਿੱਤਾ ਹੈ।ਪੰਜਾਬ ਸਟੇਟ ਪਾਵਰ ਕਾਰਪੋਰੇਸਨ ਲਿਮਟਿਡ ਦੇ ਇਕ ਬੁਲਾਰੇ ਨੇ ਦੱਸਿਆ ਹੈ ਕਿ ਪੀ.ਐਸ.ਪੀ.ਸੀ.ਐਲ. ਨੇ ਇਕ ਵਟਸਐਪ ਸੰਦੇਸ ਰਾਹੀਂ ਪ੍ਰਾਪਤ ਸੂਚਨਾਂ ਦੇ ਅਧਾਰ ਤੇ ਗ੍ਰਾਮ ਪੰਚਾਇਤ ਪਿੰਡ ਘੁੱਦੂਵਾਲਾ, ਸਬਡਵੀਜਨ ਸਾਦਿਕ ਡਵੀਜਨ ਫਰੀਦਕੋਟ ਸਰਕਲ ਫਰੀਦਕੋਟ ਅਧੀਨ ਦੀ ਜਮੀਨ ਵਿੱਚ ਇੰਨਫੋਰਸਮੈਂਟ ਸਕੂਐਡ ਬਠਿੰਡਾ ਵੱਲੋਂ ਚੈਕਿੰਗ ਦੋਰਾਨ 4 ਨੰਬਰ ਨਜਾਇਜ ਮੋਟਰਾਂ ਫੜੀਆਂ। ਬੁਲਾਰੇ ਨੇ ਦੱਸਿਆ ਫੜੀਆਂ ਗਈਆਂ 6 ਨਜਾਇਜ ਮੋਟਰਾਂ ਬਹੁਤ ਲੰਮੇਂ ਸਮੇਂ ਤੋਂ ਜੋ ਕਿ ਮੌਜੂਦਾ ਸਰਪੰਚ ਹਰਨੀਤ ਸਿੰਘ ਵੱਲੋਂ ਸਮੇਂ ਚਲਾਈਆਂ ਜਾ ਰਹੀਆਂ ਸਨ। ਇਸ ਦੇ ਨੇੜੇ ਹੀ ਗੁਰਮੀਤ ਸਿੰਘ ਪੁੱਤਰ ਮੇਜਰ ਸਿੰਘ ਦੀ 2 ਨੰਬਰ ਨਜਾਇਜ ਮੋਟਰਾਂ ਚਲਦੀਆਂ ਫੜੀਆਂ ਗਈਆਂ।ਇਹਨਾਂ 6 ਨੰਬਰ ਨਜਾਇਜ ਮੋਟਰਾਂ ਦੇ ਖਪਤਕਾਰਾਂ ਨੂੰ ਕੁੱਲ 3,89,181/ ਰੂਪੈ ਰਕਮ ਬਿਜਲੀ ਚੋਰੀ ਲਈ ਜੁਰਮਾਨਾ ਕੀਤਾ ਗਿਆ ਹੈ ।
ਬੁਲਾਰੇ ਨੇ ਦੱਸਿਆ ਕਿ ਸਰਪੰਚ ਹਰਨੀਤ ਸਿੰਘ ਅਤੇ ਗੁਰਮੀਤ ਸਿੰਘ ਵਿਰੁੱਧ ਐਸ.ਐਚ.ੳ/ਐਂਟੀ ਪਾਵਰ ਥੈਫਟ ਪੁਲਿਸ ਸਟੇਸਨ ਵੱਲੋਂ ਬਿਜਲੀ ਚੋਰੀ ਐਕਟ ਦੀ ਧਾਰਾ-135 ਅਧੀਨ ਐਫ.ਆਈ.ਆਰ ਦਰਜ ਕਰਵਾ ਦਿੱਤੀ ਗਈ ਹੈ।ਐਸ.ਐਚ.ੳ/ਐਂਟੀ ਪਾਵਰ ਥੈਫਟ ਵੱਲੋਂ ਉਕਤ ਵਿਅਕਤੀਆਂ ਨੂੰ ਫੜਨ ਲਈ ਛਾਪੇ ਮਾਰੀ ਕੀਤੀ ਜਾ ਰਹੀ ਹੈ।ਬੁਲਾਰੇ ਨੇ ਦੱਸਿਆ ਕਿ ਇਸ ਬਿਜਲੀ ਚੋਰੀ ਨੂੰ ਰੋਕਣ ਵਿੱਚ ਅਸਫਲ ਜੇ.ਈ ਲਵਪ੍ਰੀਤ ਸਿੰਘ, ਜੇ.ਈ ਬਲਵਿੰਦਰ ਸਿੰਘ ਅਤੇ ਲਾਈਨਮੈਨ ਸਿੰਦਰ ਸਿੰਘ ਜਿੰਮੇਂਵਾਰ ਪਾਏ ਗਏ ਅਤੇ ਪੰਜਾਬ ਸਟੇਟ ਪਾਵਰ ਕਾਰਪੋਰੇਸਨ ਲਿਮਟਿਡ ਵੱਲੋਂ 3 ਕਰਮਚਾਰੀਆਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਬੁਲਾਰੇ ਨੇ ਦੱਸਿਆ ਕਿ ਬਲਵਿੰਦਰ ਸਿੰਘ ਜੇ.ਈ.ਜੋ ਵੰਡ ਉਪ ਮੰਡਲ ਸਾਦਿਕ ਅਧੀਨ ਵੰਡ ਮੰਡਲ ਫਰੀਦਕੋਟ ਵਿਖੇ ਤੈਨਾਤ ਸੀ, ਨੂੰ ਤਤਕਾਲ ਪ੍ਰਭਾਵ ਮੁਅੱਤਲ ਕਰ ਦਿੱਤਾ ਹੈ, ਮੁਅੱਤਲੀ ਦੋਰਾਨ ਕਰਮਚਾਰੀ ਦਾ ਹੈਡ ਕੁਆਰਟਰ ਵੰਡ ਹਲਕਾ ਸ੍ਰੀ ਮੁਕਤਸਰ ਸਾਹਿਬ ਦੇ ਦਫਤਰ ਵਿਖੇ ਫਿਕਸ ਕੀਤਾ ਗਿਆ ਹੈ। ਇਸ ਤੋ ਇਲਾਵਾ ਲਵਪ੍ਰੀਤ ਸਿੰਘ ਜੇ.ਈ ਜੋ ਕਿ ਵੰਡ ਉਪ ਮੰਡਲ ਸਾਦਿਕ ਅਧੀਨ ਵੰਡ ਮੰਡਲ ਫਰੀਦਕੋਟ ਨੂੰ ਤਤਕਾਲ ਪ੍ਰਭਾਵ ਤੋਂ ਮੁਅੱਤਲ ਕੀਤਾ ਗਿਆ ਹੈ, ਮੁਅੱਤਲੀ ਦੋਰਾਨ ਕਰਮਚਾਰੀ ਦਾ ਹੈਡ ਕੁਆਰਟਰ ਵੰਡ ਹਲਕਾ ਫਿਰੋਜਪੁਰ ਵਿਖੇ ਫਿਕਸ ਕੀਤਾ ਗਿਆ ਹੈ
ਬੁਲਾਰੇ ਨੇ ਦੱਸਿਆ ਹੈ ਕਿ ਸਿੰਦਰ ਸਿੰਘ ਲਾਈਨਮੈਨ ਜੋ ਕਿ ਵੰਡ ਉਪ ਮੰਡਲ ਸਾਦਿਕ ਅਧੀਨ ਵੰਡ ਮੰਡਲ ਫਰੀਦਕੋਟ ਨੂੰ ਤਤਕਾਲ ਪ੍ਰਭਾਵ ਮੁਅੱਤਲ ਕਰ ਦਿੱਤਾ ਹੈ, ਮੁਅੱਤਲੀ ਦੋਰਾਨ ਕਰਮਚਾਰੀ ਦਾ ਹੈਡ ਕੁਆਰਟਰ ਵੰਡ ਹਲਕਾ ਬਠਿੰਡਾ ਦੇ ਦਫਤਰ ਵਿਖੇ ਫਿਕਸ ਕੀਤਾ ਗਿਆ ਹੈ। ਇਸ ਤੋਂ ਇਲਾਵਾ ਪੰਜਾਬ ਸਟੇਟ ਪਾਵਰ ਕਾਰਪੋਰੇਸਨ ਲਿਮਟਿਡ ਨੇ ਦੇਰ ਸਾਮ ਨੂੰ ਟੈਲੀਫੋਨ ਤੇ ਪ੍ਰਾਪਤ ਇਕ ਸੂਚਨਾ ਦੇ ਆਧਾਰ ਤੇ ਲਖਵੀਰ ਸਿੰਘ ਲਾਈਨਮੈਂਨ ਵੰਡ ਉਪ ਮੰਡਲ ਬੁਢਲਾਡਾ ਅਤੇ ਤਰਲੋਚਨ ਸਿੰਘ ਐਸ.ਐਸ.ਏ 66 ਕੇ ਵੀ ਸਬ ਸਟੇਸਨ ਭਾਦੜਾ ਅਧੀਨ ਐਸ ਐਸ ਈ ਭੀਖੀ ਅਧੀਨ ਓ ਅਤੇ ਐਮ ਮੰਡਲ ਮਾਨਸਾ ਨੂੰ ਡਿਊਟੀ ਸਮੇਂ ਦੋਰਾਨ ਸਰਾਬੀ ਹਾਲਤ ਵਿੱਚ ਪਾਇਆ ਗਿਆ ਅਤੇ ਇਸ ਸਮੇਂ ਦੋਰਾਨ ਪਿੰਡਾਂ ਦੀ ਬਿਜਲੀ ਵੀ ਪ੍ਰਭਾਵਿਤ ਹੋਈ ਜਿਸ ਨਾਲ ਬਿਜਲੀ ਖਪਤਕਾਰਾਂ ਨੂੰ ਮੁਸਕਲਾਂ ਦਾ ਸਾਹਮਣਾ ਕਰਨਾ ਪਿਆ।ਸੋ ਕਰਮਚਾਰੀਆਂ ਨੂੰ ਆਪਣੀ ਡਿਊਟੀ ਵਿੱਚ ਅਣਗਹਿਲੀਆਂ/ਕੁਤਾਹੀਆਂ/ਬੇਨਿਯਮੀਆਂ ਲਈ ਤੁਰੰਤ ਮੁਅੱਤਲ ਕਰ ਦਿੱਤਾ ਗਿਆ। ਪੰਜਾਬ ਸਟੇਟ ਪਾਵਰ ਕਾਰਪੋਰੇਸਨ ਲਿਮਟਿਡ ਦੇ ਇਕ ਬੁਲਾਰੇ ਨੇ ਦੱਸਿਆ ਹੈ ਕਿ ਮੁਅੱਤਲ ਲਖਵੀਰ ਸਿੰਘ ਲਾਈਨਮੈਂਨ ਦੇ ਮੁਅੱਤਲੀ ਸਮੇਂ ਦੋਰਾਨ ਕਰਮਚਾਰੀ ਦਾ ਹੈਡਕੁਆਰਟਰ ਵੰਡ ਹਲਕਾ ਦਫਤਰ ਬਠਿੰਡਾ ਵਿਖੇ ਫਿਕਸ ਕੀਤਾ ਗਿਆ ਹੈ।
ਸੰਗਠਨ ਦੀ ਮਜਬੂਤੀ ਲਈ ਆਪ ਦੇ ਸੂਬਾ ਸਕੱਤਰ ਵੱਲੋਂ ਅਹੁਦੇਦਾਰਾਂ ਅਤੇ ਵਲੰਟੀਅਰਜ ਨਾਲ ਮੀਟਿੰਗ
ਪੰਜਾਬੀ ਖ਼ਬਰਸਾਰ ਬਿਉਰੋ
ਬਠਿੰਡਾ, 26 ਅਗਸਤ: ਆਮ ਆਦਮੀਂ ਪਾਰਟੀ ਵੱਲੋਂ ਸੂਬੇ ਅੰਦਰ ਆਪਣੇ ਸਗੰਠਨ ਦੀ ਮਜਬੂਤੀ ਲਈ ਅਤੇ ਸਰਕਾਰ ਦੀਆਂ ਨੀਤੀਆਂ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਲਗਾਤਾਰ ਮੀਟਿੰਗਾਂ ਦਾ ਸਿਲਸਿਲਾ ਜਾਰੀ ਹੈ ਜਿਸ ਦੇ ਤਹਿਤ ਅੱਜ ਹਲਕਾ ਬਠਿੰਡਾ ਸਹਿਰੀ ਦੇ ਅਹੁਦੇਦਾਰਾਂ ਅਤੇ ਵਲੰਟੀਅਰਜ ਨਾਲ ਪਾਰਟੀ ਦੇ ਸੂਬਾ ਸਕੱਤਰ ਸਮਿੰਦਰ ਸਿੰਘ ਖਿੰਡਾਂ ਵੱਲੋਂ ਇੱਕ ਅਹਿਮ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿੱਚ ਸੂਬਾ ਸਕੱਤਰ ਵੱਲੋਂ ਪਾਰਟੀ ਦੇ ਅਹੁਦੇਦਾਰਾਂ ਅਤੇ ਵਲੰਟੀਅਰਜ ਨੂੰ ਆ ਰਹੀਆਂ ਸਮੱਸਿਆਵਾਂ ਤੇ ਵਿਚਾਰ ਵਟਾਂਦਰਾ ਕੀਤਾ ਗਿਆ।ਇਸ ਮੌਕੇ ਤੇ ਆਪ ਦੇ ਸੂਬਾ ਸਕੱਤਰ ਖਿੰਡਾ ਵੱਲੋਂ ਵਲੰਟੀਅਰਜ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਪੰਜਾਬ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਬਣੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਪੰਜਾਬ ਦੀ ਜਨਤਾ ਨਾਲ ਕੀਤੇ ਵਾਅਦੇ ਇੱਕ ਇੱਕ ਕਰਕੇ ਪੂਰੇ ਕੀਤੇ ਜਾ ਰਹੇ ਹਨ। ਉਹਨਾਂ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਵੱਲੋਂ ਸਿਸਟਮ ਨੂੰ ਬਹੁਤ ਜਿਆਦਾ ਗੰਧਲਾ ਕੀਤਾ ਹੋਇਆ ਸੀ ਅਤੇ ਹੁਣ ਵਿੱਚ ਹੌਲੀ ਹੌਲੀ ਸੁਧਾਰ ਹੋ ਰਿਹਾ ਹੈ। ਇਸ ਹੋ ਰਹੇ ਸੁਧਾਰ ਕਾਰਨ ਪੰਜਾਬ ਦੇ ਲੋਕਾਂ ਨੂੰ ਰਾਹਤ ਮਹਿਸੂਸ ਹੋ ਰਹੀ ਹੈ। ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਜਿਹੜੇ ਕੰਮ ਕਰ ਰਹੀ ਹੈ ਆਉਣ ਵਾਲੇ ਸਮੇਂ ਵਿੱਚ ਲੋਕਾਂ ਨੂੰ ਉਸ ਦੇ ਫਾਇਦੇ ਨਜਰ ਆਉਣਗੇ ਅਤੇ ਲੋਕ ਸੌਖੇ ਹੋਣਗੇ। ਉਹਨਾਂ ਨੇ ਵਲੰਟੀਅਰਜ ਨੂੰ ਲੋਕਾਂ ਦੇ ਕੰਮ ਕਰਵਾਉਣ ਵਿੱਚ ਆ ਰਹੀਆਂ ਸਮੱਸਿਆਵਾ ਨੂੰ ਜਲਦੀ ਹੱਲ ਕਰਨ ਦਾ ਭਰੋਸਾ ਵੀ ਦਿੱਤਾ।ਇਸ ਮੌਕੇ ਉਹਨਾਂ ਦੇ ਨਾਲ ਨੀਲ ਗਰਗ ਸੂਬਾ ਜੁਆਇੰਟ ਸਕੱਤਰ, ਬਲਜਿੰਦਰ ਕੌਰ ਸੂਬਾ ਪ੍ਰਧਾਨ ਮਹਿਲਾ ਵਿੰਗ, ਨਵਦੀਪ ਸਿੰਘ ਜੀਦਾ ਸੂਬਾ ਜੁਆਇੰਟ ਸਕੱਤਰ ਲੀਗਲ ਸੈੱਲ, ਰਕੇਸ ਪੁਰੀ ਲੋਕ ਸਭਾ ਇੰਚਾਰਜ, ਅੰਮਿ੍ਰਤ ਅਗਰਵਾਲ ਜਿਲ੍ਹਾ ਪ੍ਰਧਾਨ ਬਠਿੰਡਾ ਸਹਿਰੀ, ਗੁਰਜੰਟ ਸਿੰਘ ਸਿਵੀਆਂ ਜਿਲ੍ਹਾ ਪ੍ਰਧਾਨ ਬਠਿੰਡਾ ਦਿਹਾਤੀ, ਬਲਵਿੰਦਰ ਸਿੰਘ ਬੱਲੋ ਜਿਲ੍ਹਾ ਜਨਰਲ ਸਕੱਤਰ, ਅਮਰਦੀਪ ਰਾਜਨ ਜਿਲ੍ਹਾ ਪ੍ਰਧਾਨ ਯੂਥ ਵਿੰਗ, ਵਿਕਰਮ ਲਵਲੀ ਇਵੇਂਟ ਇੰਚਾਰਜ, ਬਲਜਿੰਦਰ ਬਰਾੜ ਦਫਤਰ ਇੰਚਾਰਜ, ਸਤਵੀਰ ਕੌਰ ਜਿਲ੍ਹਾ ਪ੍ਰਧਾਨ ਮਹਿਲਾ ਵਿੰਗ, ਮਨਦੀਪ ਕੌਰ ਰਾਮਗੜ੍ਹੀਆ ਜਿਲ੍ਹਾ ਪ੍ਰਧਾਨ ਬੀ ਸੀ ਵਿੰਗ, ਗੁਰਪ੍ਰੀਤ ਸਿੰਘ ਸਿੱਧੂ ਜ?ਿਲ੍ਹਾ ਪ੍ਰਧਾਨ ਲੀਗਲ ਸੈੱਲ, ਸੁਖਵੀਰ ਸਿੰਘ ਬਰਾੜ ਸੋਸਲ ਮੀਡੀਆ ਇੰਚਾਰਜ, ਬਲਜੀਤ ਬੱਲੀ ਅਤੇ ਗੋਬਿੰਦਰ ਸਿੰਘ ਬਲਾਕ ਪ੍ਰਧਾਨ ਆਦਿ ਹਾਜ?ਿਰ ਸਨ।
ਵਿਭਾਗੀ ਪ੍ਰੀਖਿਆ ਦੀ ਸ਼ਰਤ ਹਟਾਉਣ ਅਤੇ ਬਦਲੀਆਂ ਦੀ ਪ੍ਰਕਿਰਿਆ ਸ਼ੁਰੂ ਕਰਨ ਦੀ ਮੰਗ
ਡੀ.ਟੀ.ਐਫ. ਵੱਲੋਂ ਟੀਚਿੰਗ ਤੇ ਨਾਨ ਟੀਚਿੰਗ ਕਾਡਰ ਦੇ ਸੇਵਾ ਨਿਯਮ-2018 ਨੂੰ ਸੋਧਣ ਦੀ ਮੰਗ
ਸੈਕੰਡਰੀ ਅਧਿਆਪਕਾਂ ਨੂੰ ਬਦਲੀ ਦਾ ਮੌਕਾ ਨਾ ਮਿਲਣ ਕਾਰਨ ‘ਆਪ‘ ਸਰਕਾਰ ਦੇ ਦਾਅਵਿਆਂ ਦੀ ਨਿਕਲੀ ਫੂਕ
ਪੰਜਾਬੀ ਖ਼ਬਰਸਾਰ ਬਿਉਰੋ
ਬਠਿੰਡਾ, 26 ਅਗਸਤ : ਪੰਜਾਬ ਦੀ ਮੌਜੂਦਾ ‘ਆਪ‘ ਸਰਕਾਰ ਵਲੋਂ ਪਿਛਲੀ ਸਰਕਾਰ ਦੇ ਬਣਾਏ ਮੁਲਾਜਮ ਵਿਰੋਧੀ ਸੇਵਾ ਨਿਯਮਾਂ ਨੂੰ ਹੀ ਬਰਕਰਾਰ ਰੱਖਦੇ ਹੋਏ ਸਾਲ 2018 ਤੋਂ ਬਾਅਦ ਸਿੱਧੀ ਭਰਤੀ ਤੇ ਪ੍ਰਮੋਸ਼ਨਾਂ ਲਈ ਵਿਭਾਗੀ ਪ੍ਰੀਖਿਆ ਦੀ ਲਗਾਈ ਸ਼ਰਤ ਨੂੰ ਵਾਪਿਸ ਲੈਣ ਅਤੇ ਸੈਕੰਡਰੀ ਸਿੱਖਿਆ ਵਿਭਾਗ ਵਿੱਚ ਕੰਮ ਕਰਦੇ ਸਕੂਲ ਅਧਿਆਪਕਾਂ ਦੀਆਂ ਬਦਲੀਆਂ ਦੀ ਪ੍ਰਕਿਰਿਆ ਨੂੰ ਬਿਨਾਂ ਦੇਰੀ ਮੁਕੰਮਲ ਕਰਨ ਦੀ ਮੰਗ ਸਬੰਧੀ, ਡੈਮੋਕ੍ਰੇਟਿਕ ਟੀਚਰਜ ਫਰੰਟ ਦੀ ਜ਼ਿਲ੍ਹਾ ਇਕਾਈ ਵੱਲੋਂ ਬਲਕਰਨ ਸਿੰਘ ਡੀ ਆਰ ਡੀ ਓ ਰਾਹੀਂ ਪ੍ਰਮੁੱਖ ਸਕੱਤਰ (ਸਕੂਲਜ਼) ਦੇ ਨਾਂ ਮੰਗ ਪੱਤਰ ਸੌਂਪਿਆ ਗਿਆ।ਇਸ ਮੌਕੇ ਜਗਪਾਲ ਬੰਗੀ ਜ਼ਿਲ੍ਹਾ ਪ੍ਰਧਾਨ ਰਾਜੇਸ਼ ਮੌਂਗਾ ਜਨਰਲ ਸਕੱਤਰ ਬੇਅੰਤ ਸਿੰਘ ਫੂਲੇਵਾਲਾ ਸੂਬਾ ਮੀਤ ਪ੍ਰਧਾਨ ਬੂਟਾ ਸਿੰਘ ਰੋਮਾਣਾ ਸੂਬਾ ਕਮੇਟੀ ਮੈਂਬਰ ਨੇ ਦੱਸਿਆ ਕਿ ਸਾਲ 2018 ਵਿੱਚ ਸਿੱਖਿਆ ਵਿਭਾਗ ਦੇ ਅਧਿਆਪਨ ਤੇ ਨਾਨ ਟੀਚਿੰਗ ਕਾਡਰ ਲਈ ਬਣਾਏ ਸੇਵਾ ਨਿਯਮਾਂ ਵਿਰੁੱਧ ਸਿੱਖਿਆ ਵਿਭਾਗ (ਸਕੂਲਜ਼) ਦੇ ਮੁਲਾਜ਼ਮਾਂ ਵਿਚ ਭਾਰੀ ਰੋਸ ਹੈ। ਜਥੇਬੰਦੀ ਨੇ ਮੰਗ ਕੀਤੀ ਕਿ ਸਿੱਧੀ ਭਰਤੀ ਅਤੇ ਪਦਉੱਨਤ ਹੋਣ ਵਾਲੇ ਗਰੁੱਪ ਏ, ਬੀ ਅਤੇ ਸੀ ਦੇ ਪ੍ਰਾਇਮਰੀ ਤੇ ਸੈਕੰਡਰੀ ਅਧਿਆਪਕਾਂ, ਅਧਿਕਾਰੀਆਂ ਅਤੇ ਨਾਨ ਟੀਚਿੰਗ ਕਰਮਚਾਰੀਆਂ ਉੱਪਰ ਵਿਭਾਗੀ ਪ੍ਰੀਖਿਆ ਅਤੇ ਕੰਪਿਊਟਰ ਹੁਨਰ ਮੁਹਾਰਤ ਟੈਸਟ ਪਾਸ ਹੋਣ ਤਕ ਸਲਾਨਾ ਇਨਕਰੀਮੈਂਟ ਰੋਕਣ ਦਾ ਫੈਸਲਾ ਮੁੱਢੋਂ ਰੱਦ ਕੀਤਾ ਜਾਵੇ ਅਤੇ ਸਾਰੇ ਕਾਡਰਾਂ ਦੀਆਂ ਪੈਡਿੰਗ ਤਰੱਕੀਆਂ ਬਿਨਾਂ ਦੇਰੀ ਮੁਕੰਮਲ ਕੀਤੀਆਂ ਜਾਣ। ਇਹਨਾਂ ਨਿਯਮਾਂ ਤਹਿਤ ਹੀ ਮੁਲਾਜ਼ਮਾਂ ਨੂੰ ਬਾਰਡਰ ਤੇ ਨਾਨ-ਬਾਰਡਰ ਕਾਡਰ ਵਿੱਚ ਵੰਡਣ ਦਾ ਫੈਸਲਾ ਰੱਦ ਕੀਤਾ ਜਾਵੇ। ਬੀ.ਪੀ.ਈ.ਓ., ਹੈੱਡ ਮਾਸਟਰ ਅਤੇ ਪਿ੍ਰੰਸੀਪਲ ਕਾਡਰ ਦਾ ਤਰੱਕੀ ਕੋਟਾ 75% ਕੀਤਾ ਜਾਵੇ। ਨਵੀਂਆਂ ਭਰਤੀਆਂ ਲਈ ਮੁੱਢਲੀ ਯੋਗਤਾ ਨੂੰ ਸਬੰਧਿਤ ਕੋਰਸਾਂ ਦੀ ਮੁੱਢਲੀ ਯੋਗਤਾ ਦੇ ਇੱਕਸਮਾਨ ਰੱਖਿਆ ਜਾਵੇ। ਸੈਂਟਰ ਹੈੱਡ ਟੀਚਰ ਤੋਂ ਬੀ.ਪੀ.ਈ.ਓ. ਦੀ ਪ੍ਰਮੋਸ਼ਨ ਲਈ ਜਿਲ੍ਹਾ ਪੱਧਰੀ ਸੀਨੀਆਰਤਾ ਰੱਖੀ ਜਾਵੇ।
ਡੈਮੋਕ੍ਰੇਟਿਕ ਟੀਚਰਜ਼ ਫਰੰਟ ਦੇ ਆਗੂਆਂ ਗੁਰਪਾਲ ਸਿੰਘ ,ਹਰਜਿੰਦਰ ਸੇਮਾ ,ਸੁਨੀਲ ਕੁਮਾਰ, ਜਤਿੰਦਰ ਸ਼ਰਮਾ ,ਗੁਰਸੇਵਕ ਸਿੰਘ ਫੂਲ,ਮਨਿਸਟੀਰੀਅਲ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਬਲਵੀਰ ਸਿੰਘ ਮਲੂਕਾ ਜਨਰਲ ਸਕੱਤਰ ਲਾਲ ਸਿੰਘ ਡੀ ਐਮ ਐਫ ਦੇ ਜ਼ਿਲ੍ਹਾ ਪ੍ਰਧਾਨ ਸਿਕੰਦਰ ਸਿੰਘ ਧਾਲੀਵਾਲ ਨੇ ਪੁਰਜੋਰ ਮੰਗ ਕੀਤੀ ਕਿ ਬਦਲੀ ਨੀਤੀ ਤਹਿਤ ਹੋ ਚੁੱਕੀਆਂ ਸਾਰੀਆਂ ਬਦਲੀਆਂ ਨੂੰ ਬਿਨਾਂ ਸ਼ਰਤ ਲਾਗੂ ਕੀਤਾ ਜਾਵੇ। ਸੈਕੰਡਰੀ ਅਧਿਆਪਕਾਂ ਦੀ ਰੋਕੀ ਹੋਈ ਬਦਲੀ ਪ੍ਰੀਕਿਰਿਆ ਫੌਰੀ ਸ਼ੁਰੂ ਕੀਤੀ ਜਾਵੇ। ਪ੍ਰਾਇਮਰੀ ਅਤੇ ਸੈਕੰਡਰੀ ਦੀਆਂ ਬਦਲੀਆਂ ਦੇ ਘੱਟੋ ਘੱਟ ਤਿੰਨ ਰਾਊਂਡ ਜ਼ਰੂਰ ਚਲਾਏ ਜਾਣ। ਜਥੇਬੰਦੀਆਂ ਵੱਲੋਂ ਦਿੱਤੇ ਹੋਰਨਾਂ ਸੁਝਾਵਾਂ ਨੂੰ ਲਾਗੂ ਕਰਨ ਤੋਂ ਇਲਾਵਾ ਆਪਸੀ ਬਦਲੀ ਅਤੇ ਪ੍ਰੋਮੋਸ਼ਨਾਂ ਰਾਹੀਂ ਹੋਈ ਸਟੇਸ਼ਨ ਤਬਦੀਲੀ ਦੇ ਮਾਮਲਿਆਂ ਨੂੰ ਸਟੇਅ ਤੋਂ ਛੋਟ ਦਿੱਤੀ ਜਾਵੇ।
ਥਾਣੇ ਅੱਗੇ ਲਾਏ ਜਾ ਰਹੇ ਧਰਨੇ ਦੀ ਸਫਲਤਾ ਲਈ ਜੀਦਾ ਪਿੰਡ ਵਿੱਚ ਮਜਦੂਰਾਂ ਨੇ ਕੀਤੀ ਮੀਟਿੰਗ
ਪੰਜਾਬੀ ਖ਼ਬਰਸਾਰ ਬਿਉਰੋ
ਬਠਿੰਡਾ, 26 ਅਗਸਤ : ਪਿੰਡ ਜੀਦਾ ਦੇ ਮਜਦੂਰ ਦੇ ਖੇਤ ਦਾ ਰਾਹ ਤੇ ਪਾਣੀ ਰੋਕਣ ਵਾਲੇ ਵਿਆਕਤੀਆਂ ਉਪਰ ਐਸੀ ਤੇ ਐਸ ਟੀ ਐਕਟ ਦਾ ਕੇਸ ਦਜ ਕਰਵਾਉਣ ਦੀ ਮੰਗ ਨੂੰ ਲੈਕੇ 27 ਤੇ 28 ਅਗਸਤ ਨੂੰ ਨੇਹੀਆ ਵਾਲਾ ਥਾਣੇ ਅੱਗੇ ਲਾਏ ਜਾ ਰਹੇ ਧਰਨੇ ਵਿੱਚ ਮਜਦੂਰਾਂ ਸੀ ਭਰਵੀ ਸਮੂਲੀਅਤ ਕਰਵਾਉਣ ਲਈ ਪਿੰਡ ਜੀਦਾ ਵਿੱਚ ਮੀਟਿੰਗ ਕੀਤੀ ਗਈ । ਮੀਟਿੰਗ ਦੀ ਪ੍ਰਧਨਗੀ ਇੱਕਵਾਰਾ ਸਿੰਘ ਜੀਦਾ ਨੇ ਕੀਤੀ । ਮੀਟਿੰਗ ਨੂੰ ਸਬੋਧਨ ਕਰਦੇ ਹੋਏ ਮਜਦੂਰ ਆਗੂ ਤੀਰਥ ਸਿੰਘ ਕੋਠਾ ਗੁਰੂ ਨੇ ਕਿਹਾ ਕਿ ਜਗਸੀਰ ਸਿੰਘ ਨੇ ਜੋ ਜਮੀਨ ਖਰੀਦੀ ਸੀ ਉਸ ਨੂੰ ਰਜਿਸਟਰੀ ਵਿੱਚ ਦਰਜ ਹੋਏ ਰਾਹ ਤੇ ਪੰਜਵੇਂ ਹਿੱਸੇ ਦੇ ਪਾਣੀ ਨੂੰ ਛਿੰਦਰ ਪਾਲ ਸਿੰਘ ਤੇ ਮੋਹਣਾ ਸਿੰਘ ਨੇ ਦੇਣ ਤੋਂ ਸਾਫ ਇਨਕਾਰ ਕਰ ਦਿੱਤਾ ਹੈ । ਇਸ ਬੇਇਨਸਾਫੀ ਵਿਰੁੱਧ ਐਸ ਐਚ ਓ,ਡੀ ਐਸ ਪੀ ਤੇ ਐਸ ਐਸ ਪੀ ਨੂੰ ਵੀ ਕਿਸਾਨ ਮਜਦੂਰ ਜੱਥੇਬੰਦੀਆਂ ਵੱਲੋਂ ਮਿਲਿਆ ਜਾ ਚੁੱਕਾ ਹੈ । ਪਰ ਕੋਈ ਵੀ ਕਾਰਵਾਈ ਨਾ ਹੋਣ ਕਰਕੇ ਦੋ ਰੋਜਾ ਧਰਨਾ ਲਾਇਆ ਜਾ ਰਿਹਾ ਹੈ । ਉਨਾਂ ਪਿੰਡ ਜੀਦਾ ਦੇ ਕੁੱਝ ਘੜੰਮ ਚੌਧਰੀਆਂ ਤੇ ਅਖੌਤੀ ਕਿਸਾਨ ਕਿਸਾਨ ਜੱਥੇਬੰਦੀ ‘ਤੇ ਦੋਸ ਲਾਉਦਿਆ ਕਿਹਾ ਕਿ ਉਹ ਜਾਤੀ ਅਧਾਰ ਤੇ ਛਿੰਦਰਪਾਲ ਸਿੰਘ ਤੇ ਮੋਹਣਾ ਸਿੰਘ ਨੂੰ ਭੜਕਾਕੇ ਮਸਲਾ ਹੱਲ ਹੋਣ ਵਿੱਚ ਦਿੱਕਤਾਂ ਖੜੀਆ ਕਰ ਰਹੇ ਹਨ । ਉਨਾਂ ਐਲਾਨ ਕੀਤਾ ਕਿ ਦੋਸੀਆਂ ਤੇ ਕੇਸ ਦਰਜ ਕਰਵਾਉਣ ਤੱਕ ਸੰਘਰਸ ਜਾਰੀ ਰੱਖਿਆ ਜਾਵੇਗਾ । ਇਸ ਸਮੇਂ ਮਜਦੂਰ ਆਗੂ ਕਾਕਾ ਸਿੰਘ ਨੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਜਥੇਬੰਦੀ ਦਾ ਸੰਘਰਸ਼ ਵਿੱਚ ਸਹਿਯੋਗ ਦੇਣ ਲਈ ਧੰਨਵਾਦ ਕੀਤਾ।ਇਸੇ ਸਮੇਂ ਮਾਲੀ ਸਿੰਘ ਕੋਠਾ ਗੁਰੂ ,ਕਾਲਾ ਸਿੰਘ ,ਗੋਲਾ ਸਿੰਘ ਕੇਵਲ ਸਿੰਘ ਜੀਤੌ ਕੌਰ ਮਲਕੀਤ ਕੌਰ ਆਦਿ ਸਰਗਮ ਮਜਦੂਰ ਯੂਨੀਅਨ ਆਗੂ ਮੌਜੂਦ ਸਨ।





