Saturday, May 16, 2026
Home Blog Page 2409

ਕਰੋਨਾ ਦਾ ਕਹਿਰ ਮੁੜ ਵਧਿਆ, ਬਠਿੰਡਾ ’ਚ 30 ਸਾਲਾਂ ਨੌਜਵਾਨ ਦੀ ਹੋਈ ਮੌਤ

0

ਪੰਜਾਬੀ ਖ਼ਬਰਸਾਰ ਬਿਉਰੋ
ਬਠਿੰਡਾ, 22 ਅਗਸਤ: ਪਿਛਲੇ ਦੋ ਸਾਲਾਂ ’ਚ ਭਿਆਨਕ ਵਾਈਰਸ ਕਾਰਨ ਲੱਖਾਂ ਲੋਕਾਂ ਦੀ ਜਾਨ ਲੈਣ ਵਾਲੀ ਕਰੋਨਾ ਮਹਾਂਮਾਰੀ ਨੇ ਮੁੜ ਕਹਿਰ ਵਰਤਾਉਣਾ ਸ਼ੁਰੂ ਕਰ ਦਿੱਤਾ ਹੈ। ਕਰੀਬ ਇੱਕ ਸਾਲ ਦੇ ਵੱਧ ਸਮੇਂ ਤੋਂ ਬਾਅਦ ਬਠਿੰਡਾ ਜ਼ਿਲ੍ਹੇ ਚ ਅੱਜ ਕਰੋਨਾ ਦੀ ਬੀਮਾਰੀ ਕਾਰਨ ਪਹਿਲੀ ਮੌਤ ਹੋਈ ਹੈ। ਮਰਨ ਵਾਲਾ 30 ਸਾਲਾਂ ਨੌਜਵਾਨ ਸਥਾਨਕ ਬਸੰਤ ਵਿਹਾਰ ਦਾ ਰਹਿਣ ਵਾਲਾ ਦਸਿਆ ਜਾ ਰਿਹਾ ਹੈ, ਜਿਸਦਾ ਅੰਤਿਮ ਸੰਸਕਾਰ ਅੱਜ ਸਹਾਰਾ ਜਨ ਸੇਵਾ ਦੇ ਵਰਕਰਾਂ ਵਲੋਂ ਸਥਾਨਕ ਰਾਮਬਾਗ ਵਿਖੇ ਕੀਤਾ ਗਿਆ। ਉਕਤ ਨੌਜਵਾਨ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ ‘ਚ ਦਾਖ਼ਲ ਸੀ। ਉਸਨੂੰ 20 ਅਗਸਤ ਨੂੰ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ‘ਚ ਦਾਖਲ ਕਰਵਾਇਆ ਗਿਆ ਸੀ। ਇਸਤੋਂ ਇਲਾਵਾ ਪਿਛਲੇ 24 ਘੰਟਿਆਂ ਦੌਰਾਨ ਕਰੋਨਾ ਪ੍ਰਭਾਵਿਤ ਵਿਅਕਤੀਆਂ ਦੇ 9 ਨਵੇਂ ਕੇਸ ਸਾਹਮਣੇ ਆਏ ਹਨ। ਇਸ ਸਮੇਂ ਜ਼ਿਲੇ ਵਿੱਚ ਕੁੱਲ 102 ਕੇਸ ਐਕਟਿਵ ਹਨ। ਇਸ ਤੋਂ ਇਲਾਵਾ ਪਿਛਲੇ 24 ਘੰਟਿਆਂ ਦੌਰਾਨ 10 ਕਰੋਨਾ ਪ੍ਰਭਾਵਿਤ ਵਿਅਕਤੀ ਠੀਕ ਹੋਣ ਉਪਰੰਤ ਘਰ ਵਾਪਸ ਪਰਤ ਗਏ ਹਨ। ਡਿਪਟੀ ਕਮਿਸ਼ਨਰ ਸ਼੍ਰੀ ਸ਼ੌਕਤ ਅਹਿਮਦ ਪਰੇ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਹੁਣ ਤੱਕ 727161 ਕਰੋਨਾ ਪ੍ਰਭਾਵਿਤ ਵਿਅਕਤੀਆਂ ਦੇ ਸੈਂਪਲ ਲਏ ਗਏ ਹਨ। ਜਿਨ੍ਹਾਂ ਵਿਚੋਂ 52146 ਵਿਅਕਤੀ ਪਾਜੀਟਿਵ ਪਾਏ ਗਏ ਤੇ 50618 ਵਿਅਕਤੀ ਕਰੋਨਾ ਨੂੰ ਮਾਤ ਦੇ ਕੇ ਆਪੋਂ-ਆਪਣੇ ਘਰ ਵਾਪਸ ਪਰਤ ਗਏ ਹਨ। ਹੁਣ ਤੱਕ ਜ਼ਿਲ੍ਹੇ ਚ 1426 ਕਰੋਨਾ ਨਾਲ ਮੌਤਾਂ ਹੋਈਆਂ ਹਨ।

ਬੀ.ਐਫ.ਜੀ.ਆਈ. ਬਠਿੰਡਾ ਅਤੇ ਆਇਰਨਵੁੱਡ ਇੰਸਟੀਚਿਊਟ ਆਸਟ੍ਰੇਲੀਆ ਵਿਚਕਾਰ ਐਮ.ਓ.ਯੂ. ਸਾਈਨ

0

ਸੁਖਜਿੰਦਰ ਮਾਨ
ਬਠਿੰਡਾ, 22 ਅਗਸਤ: ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਬਠਿੰਡਾ (ਬੀ.ਐਫ.ਜੀ.ਆਈ.) ਅਤੇ ਆਇਰਨਵੁੱਡ ਇੰਸਟੀਚਿਊਟ ਆਸਟ੍ਰੇਲੀਆ ਵਿਚਕਾਰ ਅੱਜ ਇੱਕ ਐਮ.ਓ.ਯੂ. ਸਾਈਨ ਕੀਤਾ ਗਿਆ। ਇਸ ਮੌਕੇ ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦੇ ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ ਅਤੇ ਆਇਰਨਵੁੱਡ ਇੰਸਟੀਚਿਊਟ ਆਸਟ੍ਰੇਲੀਆ ਦੇ ਸੀ.ਈ.ਓ. ਨਵਤੇਜ ਬੱਲ ਦੀ ਤਰਫ਼ੋਂ ਡਾ. ਮਨਪ੍ਰੀਤ ਗਿੱਲ ਨੇ ਇਸ ਸਮਝੌਤੇ ‘ਤੇ ਦਸਤਖ਼ਤ ਕੀਤੇ। ਦੱਸਣਯੋਗ ਹੈ ਕਿ ਆਇਰਨਵੁੱਡ ਇੰਸਟੀਚਿਊਟ ਇੱਕ ਆਸਟ੍ਰੇਲੀਅਨ ਆਧਾਰਤ ਰਜਿਸਟਰਡ ਸਿਖਲਾਈ ਸੰਸਥਾ ਹੈ ਅਤੇ ਇਹ ਇੱਕ ਬਹੁਤ ਹੀ ਨਾਮਵਰ ਅੰਤਰਰਾਸ਼ਟਰੀ ਕਾਲਜ ਹੈ ਜੋ ਕਿ ਐਡੀਲੇਡ, ਸਾਊਥ ਆਸਟ੍ਰੇਲੀਆ ਵਿਖੇ ਲੀਡਰਸ਼ਿਪ ਅਤੇ ਪ੍ਰਬੰਧਨ, ਮਾਰਕੀਟਿੰਗ ਅਤੇ ਸੰਚਾਰ ਅਤੇ ਬਾਗ਼ਬਾਨੀ ਅਤੇ ਖੇਤੀਬਾੜੀ ਵਪਾਰ ਵਿੱਚ ਆਸਟ੍ਰੇਲੀਆ ਤੋਂ ਮਾਨਤਾ ਪ੍ਰਾਪਤ ਯੋਗਤਾਵਾਂ ਦੁਆਰਾ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਅਤੇ ਸਿਖਲਾਈ ਪ੍ਰਦਾਨ ਕਰ ਰਿਹਾ ਹੈ। ਇਸ ਸਮਝੌਤੇ ਤਹਿਤ ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਅਤੇ ਆਇਰਨਵੁੱਡ ਇੰਸਟੀਚਿਊਟ ਖੋਜ, ਸਿਖਲਾਈ, ਸਿੱਖਿਆ ਵਿੱਚ ਸਹਿਯੋਗ ਕਰਨ ਅਤੇ ਹੱਥ ਮਿਲਾਉਣ ਦਾ ਇਰਾਦਾ ਰੱਖਦੇ ਹਨ ਅਤੇ ਨਵੇਂ ਪ੍ਰੋਜੈਕਟ ਪ੍ਰਸਤਾਵਾਂ ਨੂੰ ਵਿਕਸਤ ਕਰ ਕੇ ਸਾਂਝੇ ਤੌਰ ‘ਤੇ ਬਾਹਰੀ ਫੰਡਿੰਗ ਦੇ ਮੌਕਿਆਂ ਦੀ ਪੜਚੋਲ ਕਰਨ ਅਤੇ ਹਰੇਕ ਸੰਸਥਾ ਦੇ ਸੰਬੰਧਿਤ ਮਿਸ਼ਨ ਦਾ ਸਮਰਥਨ ਕਰਨ ਦੇ ਦਿ੍ਰਸ਼ਟੀਕੋਣ ਨਾਲ ਦੋਵੇਂ ਸੰਸਥਾਵਾਂ ਨੂੰ ਆਪਣੀਆਂ ਸਹਿਯੋਗੀ ਗਤੀਵਿਧੀਆਂ ਅਤੇ ਸਬੰਧਿਤ ਵਪਾਰਕ ਹਿੱਤਾਂ ਨੂੰ ਵਧਾਉਣ ਦੇ ਯੋਗ ਬਣਾਉਣ ਦਾ ਇਰਾਦਾ ਰੱਖਦੇ ਹਨ ।
ਇਸ ਅਹਿਮ ਐਮ.ਓ.ਯੂ ‘ਤੇ ਹਸਤਾਖ਼ਰ ਕਰਨ ਤੋਂ ਪਹਿਲਾਂ, ਬੀ.ਐਫ.ਜੀ.ਆਈ. ਦੇ ਕਾਨਫ਼ਰੰਸ ਰੂਮ ਵਿੱਚ ਇੱਕ ਮੀਟਿੰਗ ਕੀਤੀ ਗਈ ਜਿੱਥੇ ਬੀ.ਐਫ.ਜੀ.ਆਈ. ਦੇ ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ, ਆਇਰਨਵੁੱਡ ਇੰਸਟੀਚਿਊਟ ਤੋਂ ਡਾ: ਮਨਪ੍ਰੀਤ ਗਿੱਲ, ਬੀ.ਐਫ.ਜੀ.ਆਈ. ਦੇ ਡੀਨ (ਰਿਸਰਚ ਐਂਡ ਇਨੋਵੇਸ਼ਨ) ਡਾ. ਮਨੀਸ਼ ਬਾਂਸਲ, ਬਾਬਾ ਫ਼ਰੀਦ ਕਾਲਜ ਦੇ ਡੀਨ (ਫੈਕਲਟੀ ਆਫ਼ ਸਾਇੰਸਜ਼) ਡਾ: ਜਾਵੇਦ ਅਹਿਮਦ ਖ਼ਾਨ, ਡੀਨ (ਫੈਕਲਟੀ ਆਫ਼ ਐਗਰੀਕਲਚਰ) ਡਾ. ਵਿਨੀਤ ਚਾਵਲਾ ਮੌਜੂਦ ਸਨ । ਉਨ੍ਹਾਂ ਨੇ ਇਸ ਮਹੱਤਵਪੂਰਨ ਮੈਮੋਰੰਡਮ ਰਾਹੀਂ ਦੋਵਾਂ ਸੰਸਥਾਵਾਂ ਦੇ ਵਿਦਿਆਰਥੀਆਂ ਨੂੰ ਮਿਲਣ ਵਾਲੇ ਮੌਕਿਆਂ ਬਾਰੇ ਚਰਚਾ ਕੀਤੀ । ਇਸ ਦੇ ਨਾਲ ਹੀ ਦੋਵੇਂ ਸੰਸਥਾਵਾਂ ਸਿਖਲਾਈ ਅਤੇ ਸਿੱਖਿਆ ਸੇਵਾਵਾਂ, ਮਾਸਟਰ ਕਲਾਸ ਸਿਖਲਾਈ, ਸਟੱਡੀ ਟੂਰ, ਖੇਤੀ ‘ਤੇ ਖੋਜ ਅਤੇ ਵਿਕਾਸ ਸਮੇਤ ਵੱਖ-ਵੱਖ ਵਿਸ਼ਿਆਂ ਜਿਵੇਂ ਸਿੰਚਾਈ ਅਤੇ ਪਾਣੀ ਪ੍ਰਬੰਧਨ, ਬਾਗ਼ਬਾਨੀ, ਜੈਵਿਕ ਖੇਤੀ ਅਤੇ ਹੋਰ ਬਹੁਤ ਸਾਰੇ ਵਿਸ਼ਿਆਂ ਆਦਿ ਨਾਲ ਸਬੰਧਿਤ ਵਿਸ਼ੇਸ਼ ਪ੍ਰੋਜੈਕਟਾਂ ਨੂੰ ਪ੍ਰਦਾਨ ਕਰਨ ਲਈ ਸਹਿਯੋਗ ਕਰਨਗੀਆਂ । ਇਸ ਸਮਝੌਤੇ ਤਹਿਤ ਵਿਦਿਆਰਥੀਆਂ ਨੂੰ ਅੰਤਰਰਾਸ਼ਟਰੀ ਇੰਟਰਨਸ਼ਿਪ ਦੇ ਵੀ ਭਰਪੂਰ ਮੌਕੇ ਮਿਲਣਗੇ। ਇਸ ਮੈਮੋਰੰਡਮ ਨਾਲ ਬੀ.ਐਫ.ਜੀ.ਆਈ. ਦੇ ਵਿਦਿਆਰਥੀ ਨਾਮਵਰ ਵਿਦੇਸ਼ੀ ਸੰਸਥਾਵਾਂ ਵਿੱਚ ਪੜ੍ਹਾਈ ਕਰਨ ਦੇ ਆਪਣੇ ਸੁਪਨੇ ਨੂੰ ਪੂਰਾ ਕਰ ਸਕਦੇ ਹਨ। ਇਸ ਮੌਕੇ ਆਇਰਨਵੁੱਡ ਇੰਸਟੀਚਿਊਟ ਦੇ ਸੀ.ਈ.ਓ. ਸ਼੍ਰੀ ਨਵਤੇਜ ਬੱਲ ਨਾਲ ਵੀਡੀਓ ਕਾਨਫ਼ਰੰਸ ਰਾਹੀਂ ਆਨਲਾਈਨ ਗੱਲਬਾਤ ਵੀ ਕੀਤੀ ਗਈ । ਇਸ ਸਮਝੌਤੇ ‘ਤੇ ਦਸਤਖ਼ਤ ਕਰਨ ਦੀ ਰਸਮ ਦੇ ਅੰਤ ਵਿੱਚ ਡਾ. ਗੁਰਮੀਤ ਸਿੰਘ ਧਾਲੀਵਾਲ ਅਤੇ ਡਾ. ਮਨਪ੍ਰੀਤ ਗਿੱਲ ਨੇ ਦਸਤਖ਼ਤ ਕੀਤੇ ਮੈਮੋਰੰਡਮ ਦਸਤਾਵੇਜ਼ਾਂ ਦਾ ਅਦਾਨ-ਪ੍ਰਦਾਨ ਕੀਤਾ ਅਤੇ ਇੱਕ ਦੂਜੇ ਨੂੰ ਵਧਾਈ ਦਿੱਤੀ। ਬੀ.ਐਫ.ਜੀ.ਆਈ. ਦੇ ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ ਨੇ ਧੰਨਵਾਦ ਵਜੋਂ ਡਾ. ਮਨਪ੍ਰੀਤ ਗਿੱਲ ਨੂੰ ਯਾਦਗਾਰੀ ਚਿੰਨ੍ਹ ਵੀ ਭੇਟ ਕੀਤਾ।

ਮਾਲਵਾ ਦੇ ਕੌਂਸਲਰਾਂ ਦੀ ਡਾਇਰੈਕਟਰੀ ਨਗਰ ਨਿਗਮ ਦੇ ਕੌਂਸਲਰਾ ਨੂੰ ਕੀਤੀ ਭੇਂਟ

0

ਪੰਜਾਬੀ ਖ਼ਬਰਸਾਰ ਬਿਉਰੋ
ਬਠਿੰਡਾ, 22 ਅਗਸਤ: ਅੱਜ ਨਗਰ ਨਿਗਮ ਬਠਿੰਡਾ ਦੇ ਕੌਂਸਲਰ ਰੂਮ ਵਿਚ ਮਾਲਵਾ ਕੌਂਸਲਰ ਡਾਇਰੈਕਟਰੀ ਨਗਰ ਨਿਗਮ ਦੇ ਕੌਂਸਲਰਾ ਨੂੰ ਭੇਂਟ ਕੀਤੀ ਗਈ। ਇਸ ਡਾਇਰੈਕਟਰੀ ਵਿਚ ਮਾਲਵੇ ਦੇ ਅੱਠ ਜਿਲ੍ਹੇ ਬਠਿੰਡਾ, ਮਾਨਸਾ, ਮੋਗਾ, ਸ੍ਰੀ ਮੁਕਤਸਰ ਸਾਹਿਬ, ਫਰੀਦਕੋਟ, ਸੰਗਰੂਰ ਬਰਨਾਲਾ ਅਤੇ ਮਾਲੇਰਕੋਟਲਾ ਦੀਆ ਸਾਰੀਆ ਨਗਰ ਕੌਂਸਲਾਂ, ਨਗਰ ਪੰਚਾਇਤ ਅਤੇ ਨਗਰ-ਨਿਗਮ ਸਾਮਿਲ ਹਨ। ਇਸ ਵਿਚ ਹਰ ਕੌਂਸਲਰ ਦੇ ਵਾਰਡ ਨੰਬਰ ਦੀ ਤਰਤੀਬ ਅਨੁਸਾਰ ਨਾਮ, ਪਿਤਾ/ ਪਤੀ ਦਾ ਨਾਮ , ਮੋਬਾਇਲ ਨੰਬਰ, ਸਬੰਧਿਤ ਪੁਲਸ ਸਟੇਸ਼ਨ, ਵਿਸੇਸ਼ਤਾ ਰੰਗਦਾਰ ਤਸਵੀਰ ਸਮੇਤ ਵੇਰਵੇ ਦਰਜ ਹਨ। ਕਾਂਗਰਸ ਦੇ ਕੋਂਸਲਰ ਬਲਰਾਜ ਪੱਕਾ ਨੇ ਡਾਇਰੈਕਟਰੀ ਨੂੰ ਬਹੁਤ ਸਲਾਘਾਯੋਗ ਕਦਮ ਦੱਸਦਿਆਂ ਕਿਹਾ ਕਿ ਸਮਾਜਿਕ ਕੰਮ ਕਾਰ ਵਿਚ ਇਹ ਡਾਇਰੈਕਟਰੀ ਆਪਸੀ ਤਾਲਮੇਲ ਲਾਹੇਵੰਦ ਸਾਬਤ ਹੋਵੇਗੀ। ਇਸ ਮੌਕੇ ਕੋਂਸਲਰ ਹਰਵਿੰਦਰ ਸਿੰਘ ਲੱਡੂ , ਸੁਖਦੇਵ ਸਿੰਘ ਸੁੱਖਾ ਭੁੱਲਰ, ਬਲਜਿੰਦਰ ਸਿੰਘ ਠੇਕੇਦਾਰ,ਵਿਵੇਕ ਗਰਗ, ਸੰਜੇ ਵਿਸਵਾਲ ਤੋਂ ਇਲਾਵਾ ਸਾਬਕਾ ਕੌਂਸਲਰ ਜੁਗਰਾਜ ਸਿੰਘ, ਸੰਜੀਵ ਬਬਲੀ, ਰਾਧੇ ਸਾਮ, ਡਿੰਪੀ ਬਾਗਲਾ, ਹਾਜਿਰ ਸਨ।

ਥਾਣਾ ਥਰਮਲ ਅੱਗੇ ਮਜਦੂਰਾਂ ਨੇ ਧਰਨਾ ਲਾਕੇ ਕੀਤੀ ਇਨਸਾਫ ਦੀ ਮੰਗ

ਦੋਸੀਆਂ ਨੂੰ ਗਿ੍ਰਫਤਾਰ ਨਾ ਕਰਨ ਦਾ ਪੁਲਿਸ ’ਤੇ ਲਾਇਆ ਦੋਸ
ਪੰਜਾਬੀ ਖ਼ਬਰਸਾਰ ਬਿਉਰੋ
ਬਠਿੰਡਾ, 22 ਅਗਸਤ: ਅੱਜ ਪੰਜਾਬ ਖੇਤ ਮਜਦੂਰ ਯੂਨੀਅਨ ਨੇ ਮਨਦੀਪ ਸਿੰਘ ਸਿਬੀਆਂ ਦੀ ਅਗਵਾਈ ਵਿੱਚ ਥਾਣਾ ਥਰਮਲ ਅੱਗੇ ਧਰਨਾ ਲਗਾਉਂਦਿਆਂ ਸਬੰਧਤ ਪੁਲਿਸ ‘ਤੇ ਮਜਦੂਰ ਦਾ ਚੂਲਾ ਤੋੜਨ ਵਾਲੇ ਦੋਸੀਆਂ ਨੂੰ ਗਿ੍ਰਫਤਾਰ ਕਰਨ ਪ੍ਰਤੀ ਕੀਤੀ ਜਾ ਰਹੀ ਢਿੱਲੀ ਕਾਰਜਗੁਜਾਰੀ ਵਿਰੁੱਧ ਜੋਰਦਾਰ ਨਾਅਰੇਬਾਜੀ ਕੀਤੀ । ਸੂਬਾ ਪ੍ਰਧਾਨ ਜੋਰਾ ਸਿੰਘ ਨਸਰਾਲੀ ਨੇ ਦੱਸਿਆ ਕਿ 22 ਜੁਲਾਈ ਨੂੰ ਸਿਵੀਆਂ ਪਿੰਡ ਦੇ ਮਜਦੂਰ ਪਿ੍ਰਤਪਾਲ ਸਿੰਘ ਪੁੱਤਰ ਅੰਗਰੇਜ ਸਿੰਘ ਨੂੰ ਤੇਜ ਰਫਤਾਰ ਕਾਰ ਚਾਲਕ ਟੱਕਰ ਮਾਰਕੇ ਫਰਾਰ ਹੋ ਗਏ ਸਨ । ਜਿਸ ਕਾਰਨ ਮਜਦੂਰ ਦਾ ਚੂਲਾ ਟੁੱਟ ਗਿਆ ਅਤੇ ਹੋਰ ਅੰਗਾਂ ਦਾ ਕਾਫੀ ਨੁਕਸਾਨ ਹੋ ਗਿਆ ਸੀ । ਜਿਸਦਾ ਸਿਵਲ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ । ਭਾਵੇਂ ਪੁਲਿਸ ਨੇ ਕਾਰ ਦੇ ਨੰਬਰ ਦੀ ਜਾਣਕਾਰੀ ਅਨੁਸਾਰ ਕੇਸ ਤਾਂ ਦਰਜ ਕਰ ਲਿਆ ਪਰ ਦੋਸੀਆ ਨੂੰ ਅਜੇ ਤੱਕ ਗਿ੍ਰਫਤਾਰ ਨਹੀਂ ਕੀਤਾ ਗਿਆ । ਧਰਨੇ ਨੂੰ ਜਿਲਾ ਕਮੇਟੀ ਮੈਂਬਰ ਤੀਰਥ ਸਿੰਘ ਕੋਠਾ ਗੁਰੂ , ਮਨਦੀਪ ਸਿੰਘ ਸਿਬੀਆਂ , ਕਾਕਾ ਸਿੰਘ ਜੀਦਾ ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਹਰਪ੍ਰੀਤ ਸਿੰਘ ਦੀਨਾਂ ਨੇ ਸਬੋਧਨ ਕਰਦਿਆਂ ਕਿਹਾ ਫੱਟੜ ਹੋਣ ਵਾਲਾ ਮਜਦੂਰ ਤਿੰਨ ਧੀਆਂ ਦਾ ਬਾਪ ਹੈ ਜੋ ਮਿਹਨਤ ਮਜਦੂਰੀ ਕਰਕੇ ਪਰਿਵਾਰ ਪਾਲਦਾ ਹੈ । ਉਸ ਨੂੰ ਇਨਸਾਫ ਦੇਣ ਲਈ ਦੋਸੀਆਂ ਨੂੰ ਗਿ੍ਰਫਤਾਰ ਕਰਨ ਦੀ ਬਜਾਏ ਪੁਲਿਸ ਹੱਥਾਂ ਤੇ ਹੱਥ ਧਰਕੇ ਬੈਠੀ ਹੈ । ਉਨਾਂ ਕਿਹਾ ਕਿ ਪੁਲਿਸ ਦੀ ਢਿੱਲੀ ਕਾਰਜਗੁਜਾਰੀ ਨੂੰ ਹੁਣ ਬਰਦਾਸ਼ਤ ਨਹੀਂ ਕੀਤਾ ਜਾਵੇਗਾ । ਉਨਾਂ ਆਮ ਆਦਮੀ ਦੀ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੰਜਾਬ ਵਿੱਚ ਬਦਲਾਅ ਲਿਆਉਣ ਦੇ ਕੀਤੇ ਜਾ ਪ੍ਰਚਾਰ ਦੀ ਕੂੜ ਪ੍ਰਚਾਰ ਨਾਲ ਤੁਲਨਾ ਕਰਦਿਆਂ ਕਿਹਾ ਕਿ ਕੁੱਝ ਵੀ ਨਹੀਂ ਬਦਲਿਆ ਸਗੋਂ ਪਹਿਲਾਂ ਵਾਲਾ ਢਾਂਚਾ ਜਿਉ ਦੀ ਤਿਉ ਚੱਲ ਰਿਹਾ ਹੈ । ਇਸੇ ਕਾਰਨ ਲੋਕਾਂ ਨੂੰ ਹਰ ਥਾਂ ਖੱਜਲ- ਖੁਆਰ ਹੋਣਾ ਪੈ ਰਿਹਾ ਹੈ। ਉਨਾਂ ਐਲਾਨ ਕੀਤਾ ਕਿ ਜੇਕਰ ਦੋਸੀਆਂ ਨੂੰ ਜਲਦੀ ਗਿ੍ਰਫਤਾਰ ਨਾ ਕੀਤਾ ਗਿਆ ਤਾਂ ਮਜਦੂਰ ਯੂਨੀਅਨ ਤਿੱਖਾ ਸੰਘਰਸ ਕਰਨ ਲਈ ਮਜਬੂਰ ਹੋਵੇਗੀ ।

ਲੰਪੀ ਸਕਿਨ ਬਿਮਾਰੀ ਨੂੰ ਲੈ ਕੇ ਕਿਰਤੀ ਕਿਸਾਨ ਯੂਨੀਅਨ ਨੇ ਡੀ.ਸੀ. ਦਫਤਰ ਅੱਗੇ ਲਗਾਇਆ ਧਰਨਾ

0

ਸੁਖਜਿੰਦਰ ਮਾਨ
ਬਠਿੰਡਾ, 22 ਅਗਸਤ: ਲੰਪੀ ਸਕਿਨ ਬਿਮਾਰੀ ਦੇ ਮਸਲੇ ਨੂੰ ਲੈ ਕੇ ਅੱਜ ਕਿਰਤੀ ਕਿਸਾਨ ਯੂਨੀਅਨ ਵਲੋਂ ਡੀ.ਸੀ. ਦਫਤਰ ਅੱਗੇ ਧਰਨਾ ਦਿੱਤਾ ਗਿਆ ਅਤੇ ਇਸ ਧਰਨੇ ਦੇ ਵਿੱਚ ਵੱਖ-ਵੱਖ ਪਿੰਡਾਂ ਤੋਂ ਲੋਕ ਸ਼ਾਮਿਲ ਹੋਏ। ਧਰਨੇ ਨੂੰ ਸੰਬੋਧਨ ਕਰਦੇ ਹੋਏ ਅਮਰਜੀਤ ਹਨੀ ਨੇ ਪੰਜਾਬ ਸਰਕਾਰ ’ਤੇ ਦੋਸ਼ ਲਾਇਆ ਕਿ ਪ੍ਰਸ਼ਾਸਨ ਇਸ ਮਸਲੇ ਵੱਲ ਗੰਭੀਰ ਨਹੀਂ। ਜਦੋਂ ਕਿਸਾਨ ਆਗੂਆਂ ਨੇ ਸਟੇਜ ਤੋਂ 12 ਵਜੇ ਡੀ.ਸੀ. ਦਫਤਰ ਦੇ ਘਿਰਾਉ ਦਾ ਐਲਾਨ ਕੀਤਾ ਤਾਂ ਮੌਕੇ ਤੇ ਅਧਿਕਾਰੀਆਂ ਨੇ ਆ ਕੇ ਏਡੀਸੀ ਨਾਲ ਮੀਟਿੰਗ ਕਰਾਉਣ ਲਈ ਆਗੂਆਂ ਨੂੰ ਲਿਜਾਇਆ ਗਿਆ। ਗੱਲਬਾਤ ਵਿੱਚ ਏਡੀਸੀ ਨੇ ਕਿਹਾ ਕਿ ਪਿੰਡਾਂ ਵਿੱਚ ਡਾਕਟਰਾਂ ਦੀ ਟੀਮਾਂ ਭੇਜੀਆਂ ਜਾਣਗੀਆਂ ਅਤੇ ਡਿਸਪੈਂਸਰੀਆਂ ਵਿੱਚ ਦਵਾਈ ਭੇਜੀ ਜਾਵੇਗੀ ਅਤੇ ਖਾਸ ਕਰਕੇ ਭੁੱਚੋ ਖੁਰਦ ਦੀ ਪਸ਼ੂ ਡਿਸਪੈਂਸਰੀ ਵਿਚ ਹਫਤੇ ’ਚ ਇੱਕ ਦਿਨ ਡਾਕਟਰ ਭੇਜਿਆ ਜਾਵੇਗਾ। ਇਸਤੋਂ ਇਲਾਵਾ ਜਿੰਨ੍ਹਾਂ ਪਸ਼ੂਆਂ ਦਾ ਨੁਕਸਾਨ ਹੋਇਆ ਉਨ੍ਹਾਂ ਪਰਿਵਾਰਾਂ ਨੂੰ ਬਣਦਾ ਮੁਆਵਜਾ ਦੇਣ ਦੀ ਮੰਗ ਕੀਤੀ। ਇਸ ਮੌਕੇ ਅਮਰਜੀਤ ਸਿੰਘ ਹਨੀ ਤੋਂ ਇਲਾਵਾ ਸਵਰਨ ਸਿੰਘ ਪੂਹਲੀ, ਗੁਰਮੀਤ ਕੌਰ, ਸ਼ਿੰਦਰ ਕੌਰ, ਕਰਮਜੀਤ ਕੌਰ,ਸੁਖਜਿੰਦਰ ਕੌਰ ਗੋਬਿੰਦਪੁਰਾ,ਭਿੰਦਰ ਕੌਰ,ਪਰਮਜੀਤ ਕੌਰ,ਮਨਜੀਤ ਕੌਰ, ਸੁਖਮੰਦਰ ਸਿੰਘ, ਅੰਗਰੇਜ ਸਿੰਘ,ਜਗਤਾਰ ਸਿੰਘ, ਭੋਲਾ ਸਿੰਘ, ਬਖਸੀਸ ਸਿੰਘ, ਗੁਰਚਰਨ ਸਿੰਘ, ਸੁਖਦੀਪ ਸਿੰਘ ਆਦਿ ਮੌਜੂਦ ਸਨ।

ਆਪ ਨੇਤਾ ਖੁਦ ਸੀ.ਬੀ.ਆਈ ਜਾਂਚ ਦਾ ਸਾਹਮਣਾ ਕਰ ਰਹੇ ਹਨ, ਫਿਰ ਉਹ ਕਿਵੇਂ ਪੰਜਾਬ ਵਿਚ ਭ੍ਰਿਸ਼ਟਾਚਾਰ ਮੁਕਤ ਸਰਕਾਰ ਯਕੀਨੀ ਕਰ ਸਕਦੇ ਹਨ – ਪ੍ਰਤਾਪ ਬਾਜਵਾ

0

ਆਪ ਸਰਕਾਰ ਹਰੇਕ ਫਰੰਟ ‘ਤੇ ਨਾਕਾਮ ਸਾਬਤ -ਪ੍ਰਤਾਪ ਬਾਜਵਾ
ਆਮ ਆਦਮੀ ਪਾਰਟੀ ਨੇ ਪੰਜਾਬ ਦੇ ਭੋਲੇ-ਭਾਲੇ ਲੋਕਾਂ ਨੂੰ ਗੁੰਮਰਾਹ ਕੀਤਾ, ਕੁਝ ਕੁ ਮਹੀਨਿਆਂ ਵਿਚ ਇੰਨ੍ਹਾਂ ਨੇ ਭ੍ਰਿਸ਼ਟਾਚਾਰ ਦਾ ਅਸਲ ਰੰਗ ਵਿਖਾ ਦਿੱਤਾ।
ਸੁਖਜਿੰਦਰ ਮਾਨ
ਚੰਡੀਗੜ੍ਹ 21 ਅਗਸਤ – ਪੰਜਾਬ ਦੇ ਸੀਨੀਅਰ ਵਿਰੋਧ ਧਿਰ ਦੇ ਨੇਤਾ ਸਰਦਾਰ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਹਰੇਕ ਫਰੰਟ ਤੇ ਅਸਫਲ ਰਹੀ ਹੈ। ਭ੍ਰਿਸ਼ਟਾਚਾਰ ਮੁਕਤ ਪੰਜਾਬ ਦੀ ਵਚਨਬੱਧਤਾ ਜਿਸ ਤੇ ਇੰਨ੍ਹਾਂ ਨੇ ਭਾਰੀ ਬਹੁਮਤ ਹਾਸਲ ਕੀਤਾ ਸੀ, ਪੰਜਾਬ ਦੇ ਲੋਕਾਂ ਨਾਲ ਵੱਡਾ ਧੋਖਾ ਸਾਬਤ ਹੋ ਰਿਹਾ ਹੈ। ਦਿੱਲੀ ਵਿਚ ਬੈਠੇ ਪੰਜਾਬ ਸਰਕਾਰ ਦੇ ਅਸਲ ਆਕਾਵਾਂ ਨੂੰ ਸੀ.ਬੀ.ਆਈ. ਦੇ ਸਵਾਲਾਂ ਦੇ ਜਵਾਬ ਦੇਣ ਵਿਚ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜੋ ਕਿ ਪੰਜਾਬ ਵਿੱਚ ਚਿੰਤਾ ਵਾਲੀ ਸਥਿਤੀ ਦਾ ਸੰਕੇਤ ਵੀ ਦਿੰਦਾ ਹੈ ਕਿਉਂਕਿ ਦਿੱਲੀ ਵਿੱਚ ਨੀਤੀਆਂ ਬਣਾ ਕੇ ਇੱਥੇ ਲਾਗੂ ਕੀਤੀਆਂ ਜਾ ਰਹੀਆਂ ਹਨ। ਇਹ ਗੱਲ ਪ੍ਰਤਾਪ ਸਿੰਘ ਬਾਜਵਾ ਨੇ ਆਪਣੀ ਰਿਹਾਇਸ਼ ‘ਤੇ ਪੱਤਰਕਾਰਾਂ ਨਾਲ ਗਲਬਾਤ ਕਰਦੇ ਹੋਏ ਇਹ ਗੱਲ ਆਖੀ।
ਆਪ ਮੰਤਰੀ ਬਿਨਾਂ ਤਜ਼ਰਬੇ ਦੇ ਪ੍ਰਸ਼ਾਸਨ ਚਲਾ ਰਹੇ ਹਨ
ਪੰਜਾਬ ਦੇ ਇਤਿਹਾਸ ਵਿਚ ਇਹ ਪਹਿਲੀ ਵਾਰ ਹੋਇਆ ਹੈ ਜਦੋਂ ਚੁਣੀ ਹੋਈ ਸਰਕਾਰ ਦੀ ਵਜ਼ਾਰਤ ਕੋਲ ਪ੍ਰਸ਼ਾਸਨ ਚਲਾਉਣ ਦਾ ਕੋਈ ਤਜ਼ਰਬਾ ਨਹੀਂ ਹੈ। ਉਹ ਪੰਜਾਬ ਸਕੱਤਰੇਤ ਵਿਚ ਘੱਟ ਹੀ ਨਜ਼ਰ ਆਉਂਦੇ ਹਨ, ਪਰ ਉਹ ਵੱਖ-ਵੱਖ ਵਿਭਾਗਾਂ ਵਿੱਚ ਜਾ ਕੇ ਛਾਪੇ ਮਾਰਦੇ ਹਨ, ਹੰਗਾਮੇ ਕਰਦੇ ਹਨ ਅਤੇ ਸੋਸ਼ਲ ਮੀਡਿਆ ਤੇ ਸਰਗਰਮ ਨਜ਼ਰ ਆਉਂਦੇ ਹਨ। ਸ.ਪ੍ਰਤਾਪ ਸਿੰਘ ਬਾਜਾਵਾ ਨੇ ਕਿਹਾ ਕਿ ਉਨ੍ਹਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਪੰਜਾਬ ਦੇ ਲੋਕ ਬਹੁਤ ਚੁਸਤ ਹਨ ਅਤੇ ਅਜਿਹੇ ਘਟਿਆ ਪ੍ਰਚਾਰ ਨਾਲ ਉਨ੍ਹਾਂ ਨੂੰ ਮੁੜ ਲੁਭਾਇਆ ਨਹੀਂ ਜਾ ਸਕਦਾ ਹੈ।
ਮੁੱਖ ਮੰਤਰੀ ਕੋਲ ਕੋਈ ਵਿਕਾਸ ਯੋਜਨਾ ਨਹੀਂ ਹੈ
ਸ.ਬਾਜਵਾ ਨੇ ਕਿਹਾ ਕਿ ਆਮ ਆਦਮੀ ਸਰਕਾਰ ਦੇ 6 ਮਹੀਨੇ ਪੂਰੇ ਹੋਣ ਵਾਲੇ ਹਨ ਅਤੇ ਪੰਜਾਬ ਦੇ ਲੋਕ ਅਜੇ ਵੀ ਉਸ ਦੇ ਘੱਟੋਂ ਘੱਟ ਇਕ ਐਲਾਨ ਦਾ ਬੇਸਬਰੀ ਨਾਲ ਉਡੀਕ ਕਰ ਰਹੇ ਹਨ ਜਿਸ ਨਾਲ ਉਹ ਉਸ ਨੂੰ ਸਮੇਂ ਸਿਰ ਪੂਰਾ ਕਰ ਸਕੇ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੋਲ ਵਿਕਾਸ ਦੀ ਕੋਈ ਯੋਜਨਾ ਨਹੀਂ ਹੈ, ਪਰ ਉਨ੍ਹਾਂ ਕੋਲ ਆਪਣੀ ਪਾਰਟੀ ਲਈ ਵਿਸਥਾਰ ਯੋਜਨਾਵਾਂ ਹਨ। ਉਨ੍ਹਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਪੰਜਾਬ ਦੀ ਸਥਿਤੀ ਚਿੰਤਾਜਨਕ ਹੈ ਅਤੇ ਇਹ ਸਮੇਂ ਦੀ ਲੋਂੜ ਹੈ ਕਿ ਸਰਕਾਰ ਨੂੰ ਸਨਅਤੀਕਰਣ, ਸਨਅਤੀ ਖੇਤਰ ਨੂੰ ਮੁੜ ਸਥਾਪਿਤ ਕਰਨ, ਬਰਾਮਦਾਂ ਨੂੰ ਮਜ਼ੂਬਤ ਕਰਨ ਲਈ ਲਈ ਫੰਡ ਨੂੰ ਜੁੱਟਾਉਣ ਦੀ ਲੋਂੜ ਹੈ, ਪਰ ਉਹ ਵਿਰੋਧੀ ਧਿਰਾਂ ਨੂੰ ਵਿਜੀਲੈਂਸ ਜਾਂਚ ਅਤੇ ਬੇਬੁਨਿਆਦੀ fਸ਼ਕਾਇਤਾਂ ਵਿਚ ਫੱਸਾਉਂਣ ਵਿਚ ਲੱਗੀ ਹੋਈ ਹੈ। ਉਨ੍ਹਾਂ ਅੱਗੇ ਕਿਹਾ ਕਿ ਉਹ ਲੋਕਾਂ ਨੂੰ ਅਸਲ ਮੁੱਦਿਆਂ ‘ਤੇ ਧਿਆਨ ਭਟਕਾਉਣ ਦਾ ਯਤਨ ਕਰ ਰਹੀ ਹੈ।
ਸ਼ਹੀਦੇ-ਏ-ਆਜ਼ਾਮ ਭਗਤ ਸਿੰਘ ਨੂੰ ਆਦਰਸ਼ ਬਣਾਉਣ ਦਾ ਡਰਾਮਾ
ਸ.ਬਾਜਵਾ ਨੇ ਕਿਹਾ ਕਿ ਆਪ ਪਾਰਟੀ ਸ਼ਹੀਦੇ-ਏ-ਆਜ਼ਾਮ ਭਗਤ ਸਿੰਘ ਨੂੰ ਆਦਰਸ਼ ਬਣਾਉਣ ਦੇ ਡਰਾਮੇ ਨੂੰ ਤੁਰੰਤ ਬੰਦ ਕਰ ਦੇਣਾ ਚਾਹੀਦਾ ਹੈ, ਲੋਕ ਇੰਨ੍ਹਾਂ ਦੀ ਅਸਲੀਅਤ ਨੂੰ ਪਛਾਣ ਚੁੱਕੇ ਹਨ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਨੂੰ ਪੰਜਾਬ ਦੇ ਇਤਿਹਾਸ ਨੂੰ ਪੜ੍ਹਣ ਦੀ ਲੋਂੜ ਹੈ ਅਤੇ ਦੇਸ਼ ਦੇ ਆਜ਼ਾਦੀ ਘੁਲਾਟੀਆਂ ਦੇ ਆਦਰਸ਼ਾਂ ਤੋਂ ਸਿੱਖਿਆ ਤੇ ਪ੍ਰੇਰਣਾ ਲੈਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਇਹ ਦੁੱਖਾਂਤ ਦੀ ਗੱਲ ਹੈ ਕਿ ਭਗਤ ਸਿੰਘ ਦੇ ਆਦਰਸ਼ਾਂ ਨੂੰ ਦਰਸਾਉਂਣ ਵਾਲੇ ਲੋਕ ਧੋਖੇਬਾਜ਼ ਗਤੀਵਿਧੀਆਂ ਵਿਚ ਸ਼ਾਮਲ ਹਨ।

 

ਪੰਜਾਬ ਸਰਕਾਰ ਕਿਸਾਨਾਂ ਦੀ ਬਾਂਹ ਫ਼ੜੇ: ਰਾਮਕਰਨ ਰਾਮਾ

ਪੰਜਾਬੀ ਖ਼ਬਰਸਾਰ ਬਿਉਰੋ
ਬਠਿੰਡਾ, 21 ਅਗਸਤ: ਰਾਮ ਕਰਨ ਸਿੰਘ ਰਾਮਾ ਸੂਬਾ ਮੁੱਖ ਸਕੱਤਰ ਜਨਰਲ ਬੀ ਕੇ ਯੂ ਲੱਖੋਵਾਲ ਟਿਕੈਤ ਨੇ ਕਿਹਾ ਕਿ ਚਿੱਟੇ ਮੱਛਰਾਂ ,ਹਰੇ ਤੇਲੇ ਤੇ ਸੁੰਡੀ ਕਾਰਨ ਫਸਲ ਨਾਂ ਹੁੰਦੀ ਵੇਖ ਕੇ ਮਜਬੂਰੀ ਵੱਸ ਕਿਸਾਨ ਪੁੱਤਾਂ ਵਾਂਗ ਪਾਲੀ ਨਰਮੇ ਦੀ ਫਸਲ ਨੂੰ ਵਾਹੁਣ ਲਈ ਮਜਬੁੂਰ ਹੋ ਰਹੇ ਹਨ। ਇਸੇ ਤਰ੍ਹਾਂ ਕਿਸਾਨ ਜਗਤਾਰ ਸਿੰਘ ਪੁੱਤਰ ਅਜੈਬ ਸਿੰਘ ਪਿੰਡ ਬਰਕੰਦੀ ਜਿਲ੍ਹਾ ਬਠਿੰਡਾ ਨੇ ਪੰਜ ਏਕੜ ਨਰਮੇ ਦੀ ਫ਼ਸਲ ਨੂੰ ਵਾਹ ਦਿੱਤਾ ਹੈ। ਕਿਸਾਨ ਆਗੂ ਮੁਤਾਬਕ ਸੱਤ ਸਪਰੇਅ ਕਰਨ ’ਤੇ ਵੀ ਚਿੱਟਾ ਮੱਛਰ ਖ਼ਤਮ ਨਹੀਂ ਹੋਇਆ, ਜਿਸ ਕਾਰਨ ਕਿਸਾਨ ਨੂੰ ਇਹ ਕਦਮ ਚੁੱਕਣ ਲਈ ਮਜਬੂਰ ਹੋਣਾ ਪਿਆ। ਕਿਸਾਨ ਆਗੂ ਰਾਮਾ ਨੇ ਕਿਹਾ ਕਿ ਕਿਸਾਨ ਪਹਿਲਾਂ ਹੀ ਆਰਥਿਕ ਪੱਖੋਂ ਕਮਜੋਰ ਹਨ ਕਿਉਂਕਿ ਪਿਛਲੇ ਸਾਲ ਲਾਲ ਸੁੰਡੀ ਨੇ ਨਰਮੇ ਦੀ ਫਸਲ ਦਾ ਨੁਕਸਾਨ ਕੀਤਾ ਤੇ ਫੇਰ ਕਣਕ ਦਾ ਝਾੜ ਘੱਟ ਗਿਆਂ । ਹੁਣ ਤੀਜੀ ਫਸਲ ਨਰਮਾ ਮੂੰਗੀ ਆਦਿ ਮਰ ਗਈਆਂ। ਇਸੇ ਤਰ੍ਹਾਂ ਪਸੂਧੰਨ ਨੂੰ ਵੀ ਲੰਪੀ ਸਕਿੱਨ ਦੀ ਬਿਮਾਰੀ ਪੈ ਗਈ। ਜਿਸ ਕਾਰਨ ਧੜਾਧੜ ਕੀਮਤੀ ਪਸੂ ਮਰ ਰਹੇ ਹਨ ਪ੍ਰੰਤੂ ਪੰਜਾਬ ਸਰਕਾਰ ਕਿਸਾਨਾਂ ਦੀ ਇਸ ਮੁਸੀਬਤ ਵਿਚ ਵੀ ਕੋਈ ਬਾਂਹ ਨਹੀਂ ਫ਼ੜ ਰਹੀ। ਉਨ੍ਹਾਂ ਮੰਗ ਕੀਤੀ ਕਿ ਸਰਵੇ ਕਰਵਾਕੇ ਪੰਜਾਬ ਸਰਕਾਰ ਕਿਸਾਨਾਂ ਦੇ ਹੋਏ ਪਸੂਧੰਨ ਤੇ ਫਸਲ ਦੇ ਹੋਏ ਨੁਕਸਾਨ ਦਾ ਮੁਆਵਜਾ ਦੇਵੇ ਜੇ ਕਰ ਸਰਕਾਰ ਨੇ ਇਸ ਪਾਸੇ ਧਿਆਨ ਨਾ ਦਿੱਤਾ ਤਾਂ ਪੰਜਾਬ ਸਰਕਾਰ ਦੇ ਖਿਲਾਫ ਕਿਸਾਨ ਜਥੇਬੰਦੀ ਸੰਘਰਸ ਵਿੱਢੇਗੀ।

ਸੇਂਟ ਜ਼ੇਵੀਅਰਜ਼ ਸਕੂਲ ਵਿਖੇ ਅਧਿਆਪਕ ਸਿਖਲਾਈ ਕੋਰਸ ਇਨ ਮੈਡੀਟੇਸ਼ਨ ਦਾ ਆਯੋਜਨ

0

ਸੁਖਜਿੰਦਰ ਮਾਨ
ਬਠਿੰਡਾ, 21 ਅਗਸਤ: ਸੇਂਟ ਜ਼ੇਵੀਅਰਜ਼ ਸਕੂਲ, ਬਠਿੰਡਾ ਵਿਖੇ ਇੱਕ ਅਧਿਆਪਕ ਸਿਖਲਾਈ ਕੋਰਸ ਇਨ ਮੈਡੀਟੇਸ਼ਨ ਦਾ ਆਯੋਜਨ ਕੀਤਾ ਗਿਆ। ਇਸ ਕੋਰਸ ਲਈ ਸਰੋਤ ਵਿਅਕਤੀ ਡਾ.ਆਇਵਨ ਡੀ. ਅਲਮੇਡਾ ਸਨ, ਜਿਨ੍ਹਾਂ ਨੇ ਪ੍ਰਾਨਿਕ ਹੀਲਿੰਗ, ਰੇਕੀ, ਯੋਗਾ ਅਤੇ ਐਕਯੂਪ੍ਰੈਸ਼ਰ ਦੇ ਵੱਖ-ਵੱਖ ਪ੍ਰਮਾਣਿਤ ਸਿਖਲਾਈ ਕੋਰਸਾਂ ਨੂੰ ਸਫਲਤਾਪੂਰਵਕ ਪੂਰਾ ਕੀਤਾ ਹੈ। ਛੇ ਸਕੂਲਾਂ ਦੇ ਅਧਿਆਪਕਾਂ ਨੇ ਇਸ ਟੀਚਰਜ਼ ਟ੍ਰੇਨਿੰਗ ਕੋਰਸ ਵਿੱਚ ਮੈਡੀਟੇਸ਼ਨ ਦੀ ਬੁਨਿਆਦ ਸਿੱਖਣ ਲਈ, ਵਿਦਿਆਰਥੀਆਂ ਨੂੰ ਤਣਾਅ, ਹਮਲਾਵਰਤਾ ਨੂੰ ਘਟਾਉਣ ਅਤੇ ਧਿਆਨ ਦੁਆਰਾ ਉਨ੍ਹਾਂ ਦੇ ਇਕਾਗਰਤਾ ਪੱਧਰ ਨੂੰ ਸੁਧਾਰਨ ਲਈ ਮਾਰਗਦਰਸ਼ਨ ਕਰਨ ਲਈ ਧਿਆਨ ਵਿੱਚ ਭਾਗ ਲਿਆ। ਇਹ ਕੋਰਸ ਉਸਾਰੂ ਵਿਚਾਰਾਂ ਦੇ ਪ੍ਰਵਾਹ ਨੂੰ ਵਧਾਉਣ ਅਤੇ ਅਧਿਆਪਕਾਂ ਵਿੱਚ ਸਕਾਰਾਤਮਕ ਸੋਚ ਪੈਦਾ ਕਰਨ ਲਈ ਇੱਕ ਪਹਿਲ ਸੀ। ਅਧਿਆਪਕਾਂ ਨੇ ਇਸ ਕੋਰਸ ਰਾਹੀਂ ਮੈਡੀਟੇਸ਼ਨ ਦੀਆਂ ਕਈ ਤਕਨੀਕਾਂ ਸਿੱਖੀਆਂ ਅਤੇ ਮਾਨਸਿਕ ਜਾਗਰੂਕਤਾ ਵੀ ਵਿਕਸਿਤ ਕੀਤੀ। ਇਹ ਕੋਰਸ ਰੈਵਰੈਂਡ ਫ਼ਾਦਰ ਮੈਨੇਜਰ ਕ੍ਰਿਸਟੋਫਰ ਮਾਈਕਲ ਅਤੇ ਰੈਵਰੈਂਡ ਫ਼ਾਦਰ ਪ੍ਰਿੰਸੀਪਲ ਸਿਡਲੋਏ ਫੁਰਟਾਡੋ ਦੀ ਯੋਗ ਅਗਵਾਈ ਹੇਠ ਕਰਵਾਇਆ ਗਿਆ। ਇਸ ਕੋਰਸ ਦੀ ਕੋਆਰਡੀਨੇਟਰ ਮੈਡਮ ਨੂਪੁਰ ਸਨ। ਇਸ ਕੋਰਸ ਦਾ ਉਦੇਸ਼ ਅਧਿਆਪਕਾਂ ਨੂੰ ਆਤਮ ਨਿਰੀਖਣ ਅਤੇ ਤਣਾਅ ਨੂੰ ਦੂਰ ਰੱਖਣ ਦੇ ਤਰੀਕੇ ਸਿੱਖਣ ਦਾ ਮੌਕਾ ਪ੍ਰਦਾਨ ਕਰਨਾ ਸੀ। ਇਹ ਅਧਿਆਪਕਾਂ ਨੂੰ ਅੰਦਰੂਨੀ ਸ਼ਾਂਤੀ ਅਤੇ ਸ਼ਾਂਤੀ ਪ੍ਰਾਪਤ ਕਰਨ ਵਿੱਚ ਸਹਾਇਤਾ ਕਰਨ ਵਿੱਚ ਮਦਦਗਾਰ ਸੀ ਜੋ ਉਹਨਾਂ ਦੀ ਭਾਵਨਾਤਮਕ ਤੰਦਰੁਸਤੀ ਲਈ ਜ਼ਰੂਰੀ ਹੈ।

ਉਘੇ ਪੱਤਰਕਾਰ ਅੰਮਿ੍ਰਤਪਾਲ ਸਿੰਘ ਬਰਾੜ ਦੀ ਧਰਮਪਤਨੀ ਤੇ ਓਲੰਪੀਅਨ ਨਿਸਾਨੇਬਾਜ ਅਵਨੀਤ ਕੌਰ ਸਿੱਧੂ ਦੀ ਮਾਤਾ ਦਾਂ ਦੇਹਾਂਤ

0

ਸੈਕੜੇ ਨਮ ਅੱਖਾਂ ਨਾਲ ਅਧਿਆਪਕਾ ਇੰਦਰਜੀਤ ਕੌਰ ਨੂੰ ਦਿੱਤੀ ਅੰਤਿਮ ਵਿਦਾਇਗੀ, ਖੇਡ ਮੰਤਰੀ ਮੀਤ ਹੇਅਰ ਨੇ ਪ੍ਰਗਟਾਇਆ ਦੁੱਖ
ਸੁਖਜਿੰਦਰ ਮਾਨ
ਬਠਿੰਡਾ, 21 ਅਗਸਤ: ਓਲੰਪੀਅਨ ਨਿਸਾਨੇਬਾਜ ਤੇ ਮਲੇਰਕੋਟਲਾ ਅਵਨੀਤ ਕੌਰ ਸਿੱਧੂ ਦੀ ਮਾਤਾ, ਸਾਬਕਾ ਹਾਕੀ ਕਪਤਾਨ ਤੇ ਐਸਪੀ ਰਾਜਪਾਲ ਸਿੰਘ ਦੀ ਸੱਸ ਮਾਂ ਅਤੇ ਉਘੇ ਪੱਤਰਕਾਰ ਅੰਮਿ੍ਰਤਪਾਲ ਸਿੰਘ ਬਰਾੜ ਦੀ ਧਰਮਪਤਨੀ ਇੰਦਰਜੀਤ ਕੌਰ ਦਾ ਬੀਤੀ ਰਾਤ ਦੇਹਾਂਤ ਹੋ ਗਿਆ। ਸ੍ਰੀਮਤੀ ਇੰਦਰਜੀਤ ਕੌਰ ਜੋ 62 ਵਰ੍ਹਿਆਂ ਦੇ ਸਨ, ਪਿਛਲੇ ਕੁੱਝ ਸਮੇਂ ਤੋਂ ਕੈਂਸਰ ਦੀ ਨਾਮੁਰਾਦ ਬੀਮਾਰੀ ਨਾਲ ਪੀੜਤ ਸਨ। ਉਨ੍ਹਾਂ ਦਾ ਅੰਤਿਮ ਸੰਸਕਾਰ ਅੱਜ ਸਥਾਨਕ ਅਨਾਜ਼ ਮੰਡੀ ’ਚ ਸੈਕੜੇ ਨਮ ਅੱਖਾਂ ਦੀ ਵਿਦਾਈ ਨਾਲ ਕੀਤਾ ਗਿਆ। ਇਸ ਮੌਕੇ ਬਠਿੰਡਾ ਦੇ ਐਸ.ਐਸ.ਪੀ ਜੇ.ਇਲਨਚੇਲੀਅਨ ਸਹਿਤ ਪੰਜਾਬ ਦੇ ਉਚ ਪੁਲਿਸ ਤੇ ਸਿਵਲ ਅਧਿਕਾਰੀ, ਵੱਡੇ ਰਾਜਨੀਤੀਵਾਨ, ਸਮਾਜਿਕ ਤੇ ਧਾਰਮਿਕ ਆਗੂਆਂ ਤੋਂ ਇਲਾਵਾ ਸਮੂਹ ਪੱਤਰਕਾਰ ਭਾਈਚਾਰਾ ਵੀ ਹਾਜ਼ਰ ਰਿਹਾ। ਉਧਰ ਖੇਡ ਮੰਤਰੀ ਮੀਤ ਹੇਅਰ ਨੇ ਵੀ ਇਸ ਦੁੱਖ ਦੀ ਘੜੀ ’ਚ ਸਿੱਧੂ ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆ ਕਿਹਾ ਕਿ ਸ੍ਰੀਮਤੀ ਇੰਦਰਜੀਤ ਕੌਰ ਦਾ ਜਿੱਥੇ ਅਧਿਆਪਨ ਕਿੱਤੇ ਨੂੰ ਬਹੁਤ ਯੋਗਦਾਨ ਸੀ ਉੱਥੇ ਉਨ੍ਹਾਂ ਆਪਣੀ ਬੇਟੀ ਅਵਨੀਤ ਕੌਰ ਸਿੱਧੂ ਨੂੰ ਖੇਡਾਂ ਦੇ ਖੇਤਰ ਵਿੱਚ ਅੱਗੇ ਵਧਾਉਣ ਵਿੱਚ ਬਹੁਤ ਵੱਡਾ ਰੋਲ ਨਿਭਾਇਆ ਜਿਸ ਨੂੰ ਦੇਖ ਕੇ ਮਾਲਵੇ ਖਿੱਤੇ ਵਿੱਚ ਕੁੜੀਆਂ ਨੂੰ ਖੇਡਾਂ ਵਿੱਚ ਆਉਣ ਦੀ ਪ੍ਰੇਰਨਾ ਮਿਲੀ। ਮੀਤ ਹੇਅਰ ਨੇ ਵਿਛੜੀ ਹੋਈ ਰੂਹ ਦੀ ਆਤਮਿਕ ਸਾਂਤੀ ਅਤੇ ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸਣ ਦੀ ਅਰਦਾਸ ਕੀਤੀ। ਦਸਣਾ ਬਣਦਾ ਹੈ ਕਿ ਇੰਦਰਜੀਤ ਕੌਰ ਦਸਮੇਸ ਕਾਲਜ ਬਾਦਲ ਤੋਂ ਬਤੌਰ ਲਾਇਬ੍ਰੇਰੀਅਨ ਸੇਵਾ ਮੁਕਤ ਹੋਏ ਸਨ। ਉਨ੍ਹਾਂ ਦੇ ਪਤੀ ਅੰਮਿ੍ਰਤਪਾਲ ਸਿੰਘ ਸਿੱਧੂ ਜਿੱਥੇ ਅਗਾਂਹਵਧੂ ਇਨਸਾਨ ਸਨ ਹਨ ਉੱਥੇ ਪੱਤਰਕਾਰੀ ਨਾਲ ਵੀ ਜੁੜੇ ਹੋਏ ਹਨ। ਉਨ੍ਹਾਂ ਦੀ ਬੇਟੀ ਅਵਨੀਤ ਕੌਰ ਸਿੱਧੂ ਜੋ ਮਾਲੇਰਕੋਟਲਾ ਦੇ ਐਸ.ਐਸ.ਪੀ. ਹਨ, ਉੱਥੇ ਨਿਸਾਨੇਬਾਜੀ ਵਿੱਚ ਪੰਜਾਬ ਦੀ ਪਹਿਲੀ ਮਹਿਲਾ ਓਲੰਪੀਅਨ, ਕਾਮਨਵੈਲਥ ਤੇ ਏਸੀਅਨ ਖੇਡਾਂ ਦੀ ਜੇਤੂ ਖਿਡਾਰਨ ਹੈ ਅਤੇ ਅਰਜੁਨਾ ਐਵਾਰਡੀ ਹੈ। ਉਨ੍ਹਾਂ ਦੇ ਦਾਮਾਦ ਅਤੇ ਅਵਨੀਤ ਦੇ ਪਤੀ ਰਾਜਪਾਲ ਸਿੰਘ ਭਾਰਤੀ ਹਾਕੀ ਦੇ ਸਾਬਕਾ ਕਪਤਾਨ ਹਨ।ਉਨ੍ਹਾਂ ਦਾ ਬੇਟਾ ਮਨਮੀਤ ਸਿੰਘ ਪੇਸੇ ਤੋਂ ਵਕੀਲ ਹੈ।

ਸ੍ਰੀ ਗੁਰੂ ਨਾਨਕ ਦੇਵ ਜੀ ਦੀ ਉਦਾਸੀ ‘ਤੇ ਆਧਾਰਿਤ ਸਲਾਈਡ ਸੋਅ ਦੀ ਪੇਸਕਾਰੀ

0

ਫੋਟੋ ਪ੍ਰਦਰਸਨੀ ਦਾ ਤੀਜਾ ਦਿਨ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 21 ਅਗਸਤ: ਟ੍ਰਾਈਸਿਟੀ ਫੋਟੋ ਆਰਟ ਸੁਸਾਇਟੀ (ਤਪਸ) ਵੱਲੋਂ ਚੰਡੀਗੜ੍ਹ ਲਲਿਤ ਕਲਾ ਅਕੈਡਮੀ ਦੇ ਸਹਿਯੋਗ ਨਾਲ ਲਗਾਈ ਗਈ ਪੰਜ ਰੋਜਾ ਫੋਟੋਗ੍ਰਾਫੀ ਪ੍ਰਦਰਸਨੀ ਦਾ ਅੱਜ ਤੀਜਾ ਦਿਨ ਸੀ। ਪਹਿਲੇ ਸਿੱਖ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਉਦਾਸੀ ‘ਤੇ ਆਧਾਰਿਤ ਪੰਜਾਬ ਦੇ 70 ਪਿੰਡਾਂ ਵਿੱਚ ਸਥਿਤ 80 ਗੁਰਦੁਆਰਿਆਂ ਦੀਆਂ ਕਹਾਣੀਆਂ ਉਪਰ ਇੱਕ ਸਲਾਈਡ ਸੋਅ ਵਿਸਵ ਪ੍ਰਸਿੱਧ ਅਤੇ ਦੁਨੀਆ ਦੇ 10 ਸਰਵੋਤਮ ਯਾਤਰਾ ਫੋਟੋਗ੍ਰਾਫਰਾਂ ਵਿੱਚੋਂ ਇੱਕ ਵਿਨੋਦ ਚੌਹਾਨ ਵੱਲੋਂ ਪੇਸ ਕੀਤਾ ਗਿਆ।ਵਿਨੋਦ ਚੌਹਾਨ ਤਪਸ ਦੇ ਸਹਿ-ਸੰਸਥਾਪਕ ਹਨ ਅਤੇ ਇਸ ਸਮੇਂ ਸੰਸਥਾ ਦੇ ਸਰਪ੍ਰਸਤ ਹਨ। ਉਹ ਹੁਣ ਤੱਕ ਰਾਸਟਰੀ ਅਤੇ ਅੰਤਰਰਾਸਟਰੀ ਪੱਧਰ ਦੇ ਫੋਟੋ ਮੁਕਾਬਲਿਆਂ ਅਤੇ ਪ੍ਰਦਰਸਨੀਆਂ ਵਿੱਚ 1100 ਪੁਰਸਕਾਰ ਪ੍ਰਾਪਤ ਕਰ ਚੁੱਕਾ ਹੈ, ਜਦੋਂ ਕਿ ਗਿਆਰਾਂ ਹਜਾਰ ਤੋਂ ਵੱਧ ਤਸਵੀਰਾਂ ਇਨ੍ਹਾਂ ਪ੍ਰਦਰਸਨੀਆਂ ਦਾ ਸਿੰਗਾਰ ਬਣ ਚੁੱਕੀਆਂ ਹਨ। ਵਿਨੋਦ ਚੌਹਾਨ ਨੇ ਦੱਸਿਆ ਕਿ ਹੁਣ ਤੱਕ ਇਸ ਸਲਾਈਡ ਸੋਅ ਦੀਆਂ 4 ਪ੍ਰਦਰਸਨੀਆਂ ਸੁਲਤਾਨਪੁਰ ਲੋਧੀ, ਮਲੋਟ ਅਤੇ ਦੋ ਚੰਡੀਗੜ੍ਹ ਵਿੱਚ ਲਗਾਈਆਂ ਜਾ ਚੁੱਕੀਆਂ ਹਨ।ਇਸ ਮੌਕੇ ਚੰਡੀਗੜ੍ਹ ਲਲਿਤ ਕਲਾ ਅਕੈਡਮੀ ਦੇ ਚੇਅਰਮੈਨ ਭੀਮ ਮਲਹੋਤਰਾ ਤੋਂ ਇਲਾਵਾ ਸੰਸਥਾ ਦੇ ਪ੍ਰਵੀਨ ਜੱਗੀ, ਹੇਮੰਤ ਚੌਹਾਨ, ਜਸਵੀਰ ਸਿੰਘ ਅਤੇ ਬੀਕੇ ਜੋਸੀ ਵੀ ਹਾਜਰ ਸਨ। ਸੰਸਥਾ ਦੇ ਪ੍ਰੈੱਸ ਸਕੱਤਰ ਨੇ ਦੱਸਿਆ ਕਿ ਪ੍ਰਦਰਸਨੀ ਵਿੱਚ ਤਸਵੀਰਾਂ ਦੇ ਉੱਪਰ ਕੋਡ ਦਿੱਤਾ ਗਿਆ ਹੈ, ਜਿਵੇਂ ਹੀ ਉਸ ਨੂੰ ਸਕੈਨ ਕਰਨ ਤੋਂ ਬਾਅਦ ਕਲਾਕਾਰ ਬਾਰੇ ਪੂਰੀ ਜਾਣਕਾਰੀ ਮੋਬਾਈਲ ‘ਤੇ ਆ ਜਾਵੇਗੀ।

Our Visitor

1904734