Thursday, May 14, 2026
Home Blog Page 2449

ਮੁੱਖ ਮੰਤਰੀ ਵੱਲੋਂ ਨਵੇਂ ਭਰਤੀ ਹੋਏ ਪਟਵਾਰੀਆਂ ਲਈ ਸਿਖਲਾਈ ਸਮੇਂ ਵਿੱਚ ਕਟੌਤੀ ਦਾ ਐਲਾਨ

0

ਮਾਲ ਵਿਭਾਗ ਵਿੱਚ ਕਾਰਜਕੁਸ਼ਲਤਾ ਵਧਾਉਣ ਦੇ ਮੰਤਵ ਨਾਲ ਚੁੱਕਿਆ ਕਦਮ
ਨਵੇਂ ਭਰਤੀ ਹੋਏ 855 ਪਟਵਾਰੀਆਂ ਨੂੰ ਜ਼ਿਲ੍ਹਿਆਂ ਦੀ ਅਲਾਟਮੈਂਟ ਦੇ ਪੱਤਰ ਵੰਡੇ
ਸੁਖਜਿੰਦਰ ਮਾਨ
ਚੰਡੀਗੜ੍ਹ, 6 ਜੁਲਾਈ: ਮਾਲ ਵਿਭਾਗ ਦੀ ਕਾਰਜਕੁਸ਼ਲਤਾ ਵਧਾਉਣ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਨਵੇਂ ਭਰਤੀ ਹੋਏ ਪਟਵਾਰੀਆਂ ਦਾ ਸਿਖਲਾਈ ਸਮਾਂ ਘਟਾਉਣ ਦਾ ਐਲਾਨ ਕੀਤਾ।ਇੱਥੇ ਮਿਊਂਸਿਪਲ ਭਵਨ ਵਿਖੇ ਨਵੇਂ ਭਰਤੀ ਹੋਏ 855 ਪਟਵਾਰੀਆਂ ਨੂੰ ਜ਼ਿਲ੍ਹਿਆਂ ਦੀ ਅਲਾਟਮੈਂਟ ਦੇ ਪੱਤਰ ਵੰਡਣ ਲਈ ਕਰਵਾਏ ਸਮਾਰੋਹ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸਿਖਲਾਈ ਦਾ ਸਮਾਂ ਘਟਣ ਨਾਲ ਫੀਲਡ ਵਿੱਚ ਪਟਵਾਰੀਆਂ ਦੀ ਕਾਰਜਕੁਸ਼ਲਤਾ ਵਧੇਗੀ, ਜਿਸ ਨਾਲ ਆਮ ਆਦਮੀ ਨੂੰ ਸਹੂਲਤ ਮਿਲੇਗੀ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਹਰੇਕ ਵਿਭਾਗ ਦੀ ਕਾਰਜਪ੍ਰਣਾਲੀ ਨੂੰ ਸੁਚਾਰੂ ਕਰਨ ਲਈ ਵਚਨਬੱਧ ਹੈ ਤਾਂ ਕਿ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਭਗਵੰਤ ਮਾਨ ਨੇ ਕਿਹਾ ਕਿ ਸੂਬੇ ਦੀ ਤਰੱਕੀ ਤੇ ਲੋਕਾਂ ਦੀ ਖ਼ੁਸ਼ਹਾਲੀ ਲਈ ਇਹ ਸਮੇਂ ਦੀ ਲੋੜ ਹੈ।
ਨਵੇਂ ਭਰਤੀ ਹੋਏ ਪਟਵਾਰੀਆਂ ਨੂੰ ਕੰਮ ਇਮਾਨਦਾਰੀ ਤੇ ਤਨਦੇਹੀ ਨਾਲ ਕਰਨ ਲਈ ਪ੍ਰੇਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ (ਪਟਵਾਰੀਆਂ) ਨੂੰ ਆਪਣੀ ਕਲਮ ਦੀ ਵਰਤੋਂ ਨਿਰਪੱਖ ਤੇ ਪਾਰਦਰਸ਼ੀ ਤਰੀਕੇ ਨਾਲ ਲੋਕਾਂ ਦੀ ਸੇਵਾ ਲਈ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਪਟਵਾਰੀ ਆਪਣੀ ਸੇਵਾ ਇਮਾਨਦਾਰੀ ਨਾਲ ਨਿਭਾਉਣ ਤਾਂ ਕਿ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਨਾ ਕਰਨਾ ਪਵੇ। ਭਗਵੰਤ ਮਾਨ ਨੇ ਉਮੀਦ ਜਤਾਈ ਕਿ ਪਟਵਾਰੀ ਪੂਰੀ ਤਰ੍ਹਾਂ ਪੇਸ਼ੇਵਰ ਤਰੀਕੇ ਨਾਲ ਲੋਕਾਂ ਦੀ ਸੇਵਾ ਕਰਨ ਅਤੇ ਜ਼ਮੀਨ ਨਾਲ ਜੁੜੇ ਰਹਿਣ।
ਨਵੇਂ ਭਰਤੀ ਹੋਏ ਪਟਵਾਰੀਆਂ ਨੂੰ ਵਧਾਈ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸਖ਼ਤ ਮਿਹਨਤ, ਦਿ੍ਰੜ੍ਹ ਇਰਾਦੇ ਤੇ ਸਮਰਪਣ ਕਾਰਨ ਹੀ ਉਹ ਇਸ ਚੋਣ ਵਿੱਚ ਸਫ਼ਲ ਹੋਏ ਹਨ। ਉਨ੍ਹਾਂ ਕਿਹਾ ਕਿ ਸਖ਼ਤ ਮਿਹਨਤ ਕਰਨ ਵਾਲੇ ਨੌਜਵਾਨ ਇਸ ਅਹੁਦੇ ਦੇ ਹੱਕਦਾਰ ਸਨ ਕਿਉਂਕਿ ਉਹ ਬੇਹੱਦ ਮੁਕਾਬਲੇ ਤੋਂ ਬਾਅਦ ਮੈਰਿਟ ਵਿੱਚ ਆਏ ਹਨ। ਭਗਵੰਤ ਮਾਨ ਨੇ ਕਿਹਾ ਕਿ ਪਾਰਦਰਸ਼ੀ ਤਰੀਕੇ ਨਾਲ ਅਜਿਹੀਆਂ ਹੋਰ ਭਰਤੀਆਂ ਜਾਰੀ ਹਨ ਅਤੇ ਇਹ ਛੇਤੀ ਨੇਪਰੇ ਚੜ੍ਹਨਗੀਆਂ।
ਪਿਛਲੀਆਂ ਸਰਕਾਰਾਂ ਉਤੇ ਤਿੱਖੇ ਹਮਲੇ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਆਪਣੇ ਮੁੱਢਲੇ ਦਿਨਾਂ ਵਿੱਚ ਹੀ ਲੋਕਾਂ ਦੀ ਭਲਾਈ ਲਈ ਕਈ ਮਿਸਾਲੀ ਪਹਿਲਕਦਮੀਆਂ ਕੀਤੀਆਂ ਹਨ, ਜਦੋਂ ਕਿ ਪਿਛਲੀਆਂ ਸਰਕਾਰਾਂ ਆਪਣੇ ਕਾਰਜਕਾਲ ਦੇ ਅੰਤ ਵਿੱਚ ਅਜਿਹੇ ਕੰਮ ਕਰਦੀਆਂ ਸਨ। ਉਨ੍ਹਾਂ ਕਿਹਾ ਕਿ ਇਸ ਸਰਕਾਰ ਨੇ ਆਪਣੇ ਕੁੱਝ ਦਿਨਾਂ ਵਿੱਚ ਹੀ ਇੰਨੇ ਕੰਮ ਕੀਤੇ ਹਨ, ਜਿੰਨੇ ਪਿਛਲੇ 75 ਸਾਲਾਂ ਵਿੱਚ ਨਹੀਂ ਹੋਏ। ਭਗਵੰਤ ਮਾਨ ਨੇ ਕਿਹਾ ਕਿ ਉਹ ਆਉਣ ਵਾਲੇ ਸਮੇਂ ਵਿੱਚ ਵੀ ਇਸੇ ਤਨਦੇਹੀ ਤੇ ਮਿਸ਼ਨਰੀ ਉਤਸ਼ਾਹ ਨਾਲ ਆਪਣਾ ਕੰਮ ਜਾਰੀ ਰੱਖਣਗੇ।
ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਦੀਆਂ ਲੋਕ-ਪੱਖੀ ਤੇ ਤਰੱਕੀ ਯਾਫਤਾ ਨੀਤੀਆਂ ਨਾਲ ਲੋਕ ਉਤਸ਼ਾਹਤ ਹਨ। ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਉਨ੍ਹਾਂ ਨੂੰ ਵੱਡੀ ਜ਼ਿੰਮੇਵਾਰੀ ਦਿੱਤੀ ਹੈ ਅਤੇ ਉਹ ਇਸ ਜ਼ਿੰਮੇਵਾਰੀ ਨੂੰ ਉਤਸ਼ਾਹ ਨਾਲ ਨਿਭਾਉਣਗੇ। ਉਨ੍ਹਾਂ ਕਿਹਾ, “ਸਾਡੀ ਸਰਕਾਰ ਦੇ ਗਠਨ ਤੋਂ ਹੀ ਪੰਜਾਬ ਦੇ ਲੋਕ ਬੇਹੱਦ ਖ਼ੁਸ਼ ਹਨ ਕਿਉਂਕਿ ਹਰ ਰੋਜ਼ ਯੋਗ ਵਿਅਕਤੀਆਂ ਨੂੰ ਨੌਕਰੀਆਂ ਦੇ ਮੌਕੇ ਮਿਲ ਰਹੇ ਹਨ ਅਤੇ ਭਿ੍ਰਸ਼ਟਾਚਾਰੀਆਂ ਨੂੰ ਜੇਲ੍ਹਾਂ ਵਿੱਚ ਸੁੱਟਿਆ ਜਾ ਰਿਹਾ ਹੈ।”ਆਪਣੇ ਸੰਬੋਧਨ ਵਿੱਚ ਮਾਲ ਮੰਤਰੀ ਬ੍ਰਮ ਸ਼ੰਕਰ ਜਿੰਪਾ ਨੇ ਮੁੱਖ ਮੰਤਰੀ ਦਾ ਸਵਾਗਤ ਕੀਤਾ ਅਤੇ ਨਵ-ਨਿਯੁਕਤ ਪਟਵਾਰੀਆਂ ਨੂੰ ਉਨ੍ਹਾਂ ਦੀ ਵਿਭਾਗ ਵਿੱਚ ਨਿਯੁਕਤੀ ਲਈ ਮੁਬਾਰਕਬਾਦ ਦਿੱਤੀ। ਉਨ੍ਹਾਂ ਜਾਣਕਾਰੀ ਦਿੱਤੀ ਕਿ ਵਿਭਾਗ ਵਿੱਚ ਕਈ ਕ੍ਰਾਂਤੀਕਾਰੀ ਕਦਮ ਚੁੱਕੇ ਗਏ ਹਨ।ਇਸ ਮੌਕੇ ਵਿੱਤ ਕਮਿਸ਼ਨਰ ਮਾਲ ਅਨੁਰਾਗ ਅਗਰਵਾਲ, ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਰਵੀ ਭਗਤ ਅਤੇ ਵਿਸ਼ੇਸ਼ ਸਕੱਤਰ ਕੈਪਟਨ ਕਰਨੈਲ ਸਿੰਘ ਹਾਜ਼ਰ ਸਨ।

ਕੈਬਨਿਟ ਮੰਤਰੀ ਫੌਜਾ ਸਿੰਘ ਸਰਾਰੀ ਨੇ ਅਹੁਦਾ ਸੰਭਾਲਿਆ

0

ਸੁਖਜਿੰਦਰ ਮਾਨ
ਚੰਡੀਗੜ੍ਹ, 6 ਜੁਲਾਈ: ਪੰਜਾਬ ਦੇ ਨਵ-ਨਿਯੁਕਤ ਕੈਬਨਿਟ ਮੰਤਰੀ ਫੌਜਾ ਸਿੰਘ ਸਰਾਰੀ ਨੇ ਪੰਜਾਬ ਸਿਵਲ ਸਕੱਤਰੇਤ ਵਿਖੇ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਅਤੇ ਸ. ਹਰਜੋਤ ਸਿੰਘ ਬੈਂਸ ਦੀ ਹਾਜ਼ਰੀ ਵਿੱਚ ਸੁਤੰਤਰਤਾ ਸੈਨਾਨੀ ਦੀ ਭਲਾਈ, ਰੱਖਿਆ ਸੇਵਾਵਾਂ, ਫੂਡ ਪ੍ਰੋਸੈਸਿੰਗ ਅਤੇ ਬਾਗਬਾਨੀ ਵਿਭਾਗ ਦੇ ਵਜ਼ੀਰ ਵਜੋਂ ਅਹੁਦਾ ਸੰਭਾਲ ਲਿਆ। ਅਹੁਦਾ ਸੰਭਾਲਨ ਉਪਰੰਤ ਸ੍ਰੀ ਸਰਾਰੀ ਨੇ ਪ੍ਰਮਾਤਮਾ ਦਾ ਸੁਕਰਾਨਾ ਕਰਨ ਉਪਰੰਤ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਉਨ੍ਹਾਂ ਵਿੱਚ ਭਰੋਸਾ ਪ੍ਰਗਟਾਉਣ ਲਈ ਧੰਨਵਾਦ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਸੁਤੰਤਰਤਾ ਸੈਨਾਨੀਆਂ, ਸਾਬਕਾ ਫੌਜੀਆਂ ਦੀ ਭਲਾਈ ਲਈ ਵਚਨਬੱਧ ਹੈ। ਉਹਨਾਂ ਕਿਹਾ ਕਿ ਸਰਕਾਰ ਫੂਡ ਪ੍ਰੋਸੈਸਿੰਗ ਅਤੇ ਬਾਗਬਾਨੀ ਖੇਤਰ ਨੂੰ ਹੋਰ ਉਤਸ਼ਾਹਿਤ ਕਰਨ ਲਈ ਯਤਨਸ਼ੀਲ ਹੈ। ਉਨ੍ਹਾਂ ਕਿਹਾ ਕਿ ਵਿਭਾਗਾਂ ਨੂੰ ਬੁਲੰਦੀਆਂ ਤੇ ਪਹਚਾਉਣ ਦਾ ਯਤਨ ਕਰਨਗੇ।ਇਸ ਮੌਕੇ ਸ੍ਰੀ ਸਰਾਰੀ ਦੀ ਪਤਨੀ ਚਰਨਜੀਤ ਕੌਰ, ਪੁੱਤਰੀ ਸਿਮਰਨਜੀਤ ਕੌਰ, ਐਮ.ਐਲ.ਏ. ਰਣਬੀਰ ਸਿੰਘ ਭੁੱਲਰ, ਐਮ.ਐਲ.ਏ. ਰਜਨੀਸ਼ ਦਹੀਆ, ਨਰੇਸ਼ ਕਟਾਰੀਆ ਅਤੇ ਸ਼ੇਲਿੰਦਰ ਕੌਰ ਡਾਇਰੈਕਟਰ ਬਾਗਬਾਨੀ, ਜਥੇਦਾਰ ਦਰਸਨ ਸਿੰਘ ਜਗਾਰਾਮ ਤੀਰਥ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ।

ਅਧਿਕਾਰੀ ਆਪੋਂ-ਆਪਣੇ ਵਿਭਾਗ ਨਾਲ ਸਬੰਧਤ ਟੀਚੇ ਸਮੇਂ-ਸਿਰ ਕਰਨ ਪੂਰੇ-ਵਧੀਕ ਡਿਪਟੀ ਕਮਿਸ਼ਨਰ

0

ਕਿਹਾ, ਸਕੂਲੀ ਬੱਚਿਆਂ ਦੀ ਕਰੋਨਾ ਵੈਕਸੀਨੇਸ਼ਨ ਕੀਤੀ ਜਾਵੇ ਲਾਜ਼ਮੀ
ਮਹੀਨਾਵਾਰ ਮੀਟਿੰਗ ਦੌਰਾਨ ਵਿਕਾਸ ਕੰਮਾਂ ਦੀ ਕੀਤੀ ਸਮੀਖਿਆ
ਸੁਖਜਿੰਦਰ ਮਾਨ
ਬਠਿੰਡਾ, 6 ਜੁਲਾਈ : ਵਧੀਕ ਡਿਪਟੀ ਕਮਿਸ਼ਨਰ (ਜਨਰਲ) ਸ੍ਰੀ ਰਾਹੁਲ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿਖੇ ਡਿਪਟੀ ਕਮਿਸ਼ਨਰ ਸ਼੍ਰੀ ਸ਼ੌਕਤ ਅਹਿਮਦ ਪਰੇ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮਹੀਨਾਵਾਰ ਮੀਟਿੰਗ ਕੀਤੀ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸ਼੍ਰੀ ਰਾਹੁਲ ਨੇ ਵੱਖ-ਵੱਖ ਵਿਭਾਗਾਂ ਦੁਆਰਾ ਮਹੀਨੇ ਦੌਰਾਨ ਕੀਤੇ ਗਏ ਵਿਕਾਸ ਕਾਰਜਾਂ ਦੀ ਜਿੱਥੇ ਸਮੀਖਿਆ ਕੀਤੀ ਉੱਥੇ ਉਨਾਂ ਅਧਿਕਾਰੀਆਂ ਨੂੰ ਲੋੜੀਂਦੇ ਆਦੇਸ਼ ਵੀ ਦਿੱਤੇ। ਇਸ ਮੌਕੇ ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਉਹ ਆਪੋਂ-ਆਪਣੇ ਵਿਭਾਗ ਨਾਲ ਸਬੰਧਤ ਟੀਚੇ ਸਮੇਂ-ਸਿਰ ਪੂਰੇ ਕਰਨੇ ਯਕੀਨੀ ਬਣਾਉਣ।
ਬੈਠਕ ਦੀ ਪ੍ਰਧਾਨਗੀ ਕਰਦਿਆਂ ਵਧੀਕ ਡਿਪਟੀ ਕਮਿਸ਼ਨਰ ਸ਼੍ਰੀ ਰਾਹੁਲ ਨੇ ਸਿਹਤ ਅਤੇ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਕਰੋਨਾ ਦੇ ਵੱਧ ਰਹੇ ਕੇਸਾਂ ਦੇ ਮੱਦੇਨਜ਼ਰ ਸਰਕਾਰੀ ਤੇ ਗੈਰ ਸਰਕਾਰੀ ਸਕੂਲਾਂ ਦੇ ਬੱਚਿਆਂ ਦਾ ਕਰੋਨਾ ਟੀਕਾਕਰਨ ਕਰਨਾ ਲਾਜ਼ਮੀ ਬਣਾਇਆ ਜਾਵੇ। ਉਨ੍ਹਾਂ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਇਹ ਵੀ ਖਾਸ ਹਦਾਇਤ ਕੀਤੀ ਕਿ ਹਰ ਰੋਜ ਕਰੋਨਾ ਵੈਕਸੀਨੇਸ਼ਨ ਦੀ ਰਿਪੋਰਟ ਦਫ਼ਤਰ ਵਿਖੇ ਭੇਜਣੀ ਲਾਜ਼ਮੀ ਬਣਾਈ ਜਾਵੇ। ਇਸ ਦੌਰਾਨ ਉਨ੍ਹਾਂ ਜ਼ਿਲ੍ਹੇ ਅੰਦਰ ਚੱਲ ਰਹੇ ਨਸ਼ਾ ਛੁਡਾਓ ਤੇ ਸਰਕਾਰੀ ਪੁਨਰਵਾਸ ਕੇਂਦਰ ਦੀ ਸਮੀਖਿਆ ਕੀਤੀ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸ਼੍ਰੀ ਰਾਹੁਲ ਨੇ ਸਿੱਖਿਆ ਵਿਭਾਗ ਨਾਲ ਸਬੰਧਤ ਕੰਮਾਂ ਦੀ ਸਮੀਖਿਆ ਕਰਦਿਆਂ ਸਕੂਲਾਂ ਦੇ ਬੁਨਿਆਦੀ ਢਾਂਚੇ, ਡਰਾਪਆਊਟ, ਆਊਟ ਆਫ਼ ਸਕੂਲ ਚਿਲਡਰਨ, ਪੋਸਟ ਮੈਟਿ੍ਰਕ ਸਕਾਲਰਸ਼ਿਪ, ਪੜੋ ਪੰਜਾਬ, ਪੜ੍ਹਾਓ ਪੰਜਾਬ ਤੋਂ ਇਲਾਵਾ ਸਕੂਲਾਂ ਨੂੰ ਦਰਪੇਸ਼ ਆ ਰਹੀਆਂ ਸਮੱਸਿਆਵਾਂ ਸਬੰਧੀ ਵਿਚਾਰ-ਚਰਚਾ ਕੀਤੀ। ਇਸ ਦੌਰਾਨ ਉਨ੍ਹਾਂ ਜ਼ਿਲ੍ਹਾ ਭਲਾਈ ਵਿਭਾਗ ਨਾਲ ਸਬੰਧਤ ਅਸ਼ੀਰਵਾਦ ਸਕੀਮ, ਆਦਰਸ਼ ਗ੍ਰਾਮ ਯੋਜਨਾ, ਅੰਤਰਜਾਤੀ ਵਿਆਹ ਸਬੰਧੀ ਜਾਣਕਾਰੀ ਹਾਸਲ ਕੀਤੀ ਅਤੇ ਪੈਂਡਿੰਗ ਕੇਸਾਂ ਦੇ ਜਲਦ ਨਿਪਟਾਰੇ ਸਬੰਧੀ ਆਦੇਸ਼ ਦਿੱਤੇ।
ਮੀਟਿੰਗ ਦੌਰਾਨ ਜ਼ਿਲ੍ਹਾ ਪ੍ਰੋਗਰਾਮ ਨਾਲ ਸਬੰਧਤ ਬੇਟੀ ਬਚਾਓ, ਬੇਟੀ ਪੜ੍ਹਾਓ ਆਦਿ ਸਰਕਾਰੀ ਲੋਕ ਭਲਾਈ ਸਕੀਮਾਂ ਬਾਰੇ ਚਰਚਾ ਕਰਦਿਆਂ ਇਨ੍ਹਾਂ ਦਾ ਲਾਭ ਵੱਧ ਤੋਂ ਵੱਧ ਆਮ ਲੋਕਾਂ ਤੱਕ ਪਹੁੰਚਾਉਣ ਲਈ ਹਦਾਇਤ ਕੀਤੀ। ਇਸ ਮੌਕੇ ਉਨ੍ਹਾਂ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਹਦਾਇਤ ਕਰਦਿਆਂ ਇਹ ਵੀ ਕਿਹਾ ਕਿ ਮੁਕੰਮਲ ਹੋਏ ਵਿਕਾਸ ਕਾਰਜਾਂ ਦੇ ਵਰਤੋਂ ਸਰਟੀਫ਼ਿਕੇਟ ਤੁਰੰਤ ਜਮ੍ਹਾਂ ਕਰਵਾਏ ਜਾਣ। ਇਸ ਮੌਕੇ ਉਨ੍ਹਾਂ ਟ੍ਰੈਫ਼ਿਕ ਪੁਲਿਸ, ਰੀਜ਼ਨਲ ਟਰਾਂਸਪੋਰਟ ਅਥਾਰਟੀ, ਜ਼ਿਲ੍ਹਾ ਬਾਲ ਸੁਰੱਖਿਆ ਵਿਭਾਗ ਨੂੰ ਹਦਾਇਤ ਕਰਦਿਆਂ ਕਿਹਾ ਕਿ ਸਾਂਝੇ ਤੌਰ ਤੇ ਸੇਫ਼ ਵਾਹਨ ਪਾਲਿਸੀ ਤਹਿਤ ਟ੍ਰੈਫ਼ਿਕ ਨਿਯਮਾਂ ਸਬੰਧੀ ਵੱਧ ਤੋਂ ਵੱਧ ਲੋਕਾਂ ਨੂੰ ਜਾਗਰੂਕ ਕਰਨ ਅਤੇ ਵਾਹਨਾਂ ਦੀ ਚੈਕਿੰਗ ਕਰਨੀ ਯਕੀਨੀ ਬਣਾਉਣ। ਇਸ ਮੌਕੇ ਜ਼ਿਲ੍ਹ ਟੀਕਾਕਰਨ ਅਫ਼ਸਰ ਡਾ. ਮਿਨਾਕਸ਼ੀ ਸਿੰਗਲਾ, ਡਾ. ਅਰੁਣ ਬਾਂਸਲ, ਜ਼ਿਲ੍ਹਾ ਭਲਾਈ ਅਫ਼ਸਰ ਸ਼੍ਰੀ ਵਰਿੰਦਰ ਸਿੰਘ, ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸ਼ਿਵਪਾਲ, ਉਪ ਜ਼ਿਲ੍ਹਾ ਸਿੱਖਿਅ ਅਫ਼ਸਰ ਸ਼੍ਰੀਮਤੀ ਭੁਪਿੰਦਰ ਕੌਰ ਤੋਂ ਇਲਾਵ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਤੇ ਉਨ੍ਹਾਂ ਦੇ ਨੁਮਾਇੰਦੇ ਹਾਜ਼ਰ ਸਨ।

ਬੇਅਦਬੀ ਮਾਮਲੇ ’ਚ ਐੱਸ ਆਈ ਟੀ ਦੀ ਰਿਪੋਰਟ ਜਨਤਕ ਹੋਣ ਤੋਂ ਬਾਅਦ ਅਕਾਲੀਆਂ ਨੇ ਕੀਤੀ ਮੀਟਿੰਗ

0

ਸੁਖਜਿੰਦਰ ਮਾਨ
ਬਠਿੰਡਾ, 6 ਜੁਲਾਈ: ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮਾਮਲਿਆਂ ’ਤੇ ਪੰਜਾਬ ਸਰਕਾਰ ਵਲੋਂ ਬਣਾਈ ਗਈ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਦੀ ਰਿਪੋਰਟ ਆਉਣ ਤੋਂ ਬਾਅਦ ਪੂਰੇ ਸੂਬੇ ਵਿਚ ਅਕਾਲੀ ਆਗੂਆਂ ਵੱਲੋਂ ਵਿਰੋਧੀਆਂ ਨੂੰ ਘੇਰਿਆ ਜਾ ਰਿਹਾ ਹੈ। ਇਸ ਮਾਮਲੇ ਸਬੰਧੀ ਬਠਿੰਡਾ ਦੇ ਗੁਰਦੁਆਰਾ ਸ੍ਰੀ ਹਾਜੀ ਰਤਨ ਸਾਹਿਬ ਵਿਖੇ ਅੱਜ ਜ਼ਿਲ੍ਹਾ ਪ੍ਰਧਾਨ ਬਲਕਾਰ ਸਿੰਘ ਬਰਾੜ, ਸਾਬਕਾ ਵਿਧਾਇਕ ਦਰਸ਼ਨ ਸਿੰਘ ਕੋਟ ਫੱਤਾ ਤੇ ਪ੍ਰਕਾਸ਼ ਸਿੰਘ ਭੱਟੀ ਦੀ ਅਗਵਾਈ ਵਿੱਚ ਜ਼ਿਲ੍ਹੇ ਦੀ ਸੀਨੀਅਰ ਜਥੇਬੰਦੀ ਵੱਲੋਂ ਮੀਟਿੰਗ ਕੀਤੀ ਗਈ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਬਲਕਾਰ ਸਿੰਘ ਬਰਾੜ ਨੇ ਕਿਹਾ ਕਿ ਕਾਂਗਰਸ ਅਤੇ ਆਮ ਆਦਮੀ ਪਾਰਟੀ ਤੋਂ ਇਲਾਵਾ ਅਖੌਤੀ ਪੰਥਕ ਧਿਰਾਂ ਨੇ 2017 ਅਤੇ 2022 ਦੀਆਂ ਵਿਧਾਨ ਸਭਾ ਚੋਣਾਂ ਜਿੱਤਣ ਲਈ ਬੇਅਦਬੀ ਦੇ ਮਾਮਲੇ ’ਤੇ ਸਿਆਸਤ ਕੀਤੀ ਅਤੇ ਬਿਨਾਂ ਕਿਸੇ ਸਬੂਤ ਤੋਂ ਇਨ੍ਹਾਂ ਧਿਰਾਂ ਨੇ ਕੂੜ ਪ੍ਰਚਾਰ ਰਾਹੀ ਸ਼੍ਰੋਮਣੀ ਅਕਾਲੀ ਦਲ ਨੂੰ ਬਦਨਾਮ ਕੀਤਾ। ਪ੍ਰੰਤੂ ਅਕਾਲੀ ਦਲ ਨੇ ਹਮੇਸ਼ਾ ਵਾਹਿਗੁਰੂ ਵਿਚ ਭਰੋਸਾ ਰੱਖਿਆ ਅਤੇ ਜਾਂਚ ਰਿਪੋਰਟ ਤੋਂ ਬਾਅਦ ਕਾਂਗਰਸ ਆਪ ਤੇ ਅਖੌਤੀ ਪੰਥਕ ਧਿਰਾਂ ਦਾ ਅਸਲ ਚਿਹਰਾ ਨੰਗਾ ਹੋ ਗਿਆ ਹੈ। ਸਾਬਕਾ ਵਿਧਾਇਕ ਦਰਸ਼ਨ ਸਿੰਘ ਕੋਟਫੱਤਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਕੂੜ ਪ੍ਰਚਾਰ ਕਰਕੇ ਬਦਨਾਮ ਕਰਨ ਲਈ ਕੈਪਟਨ ਅਮਰਿੰਦਰ ਸਿੰਘ, ਚਰਨਜੀਤ ਸਿੰਘ ਚੰਨੀ, ਅਮਰਿੰਦਰ ਸਿੰਘ ਰਾਜਾ ਵੜਿੰਗ, ਸੁਖਜਿੰਦਰ ਸਿੰਘ ਰੰਧਾਵਾ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਅਰਵਿੰਦ ਕੇਜਰੀਵਾਲ ਨੇ ਬੇਅਦਬੀ ਦੇ ਮਾਮਲਿਆਂ ’ਤੇ ਸਿਆਸਤ ਕੀਤੀ। ਉਨ੍ਹਾਂ ਕਿਹਾ ਕਿ ਝੂਠੇ ਪ੍ਰਚਾਰ ਰਾਹੀਂ ਸ਼੍ਰੋਮਣੀ ਅਕਾਲੀ ਦਲ ਨੂੰ ਬਦਨਾਮ ਕਰਨ ਵਾਲੀਆਂ ਪੰਜਾਬ ਵਿਰੋਧੀ ਤਾਕਤਾਂ ਉਸ ਨੂੰ ਸਬਕ ਸਿਖਾਉਣ ਲਈ ਸ਼੍ਰੋਮਣੀ ਅਕਾਲੀ ਦਲ ਕਾਨੂੰਨੀ ਕਾਰਵਾਈ ਕਰਨ ਦੇ ਵਿਕਲਪ ਤੇ ਵੀ ਵਿਚਾਰ ਕਰ ਰਿਹਾ ਹੈ। ਸਾਬਕਾ ਵਿਧਾਇਕ ਪ੍ਰਕਾਸ਼ ਸਿੰਘ ਭੱਟੀ ਨੇ ਕਿਹਾ ਕਿ ਬੇਅਦਬੀ ਦੇ ਮਾਮਲਿਆਂ ਤੋਂ ਇਲਾਵਾ ਕਾਂਗਰਸ ਅਤੇ ਆਮ ਆਦਮੀ ਪਾਰਟੀ ਤੋਂ ਇਲਾਵਾ ਕਈ ਵੱਡੇ ਅਦਾਰਿਆਂ ਨੇ ਪਿ੍ਰੰਟ ਮੀਡੀਆ ਅਤੇ ਸੋਸਲ ਮੀਡੀਆ ਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵਿਰੁਧ ਕਈ ਪੈਨਸ਼ਨਾਂ ਲੈਣ ਅਤੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਕਾਰੋਬਾਰਾਂ ਬਾਰੇ ਝੂਠਾ ਪ੍ਰਚਾਰ ਕੀਤਾ ਗਿਆ। ਇਨ੍ਹਾਂ ਅਦਾਰਿਆਂ ਵੱਲੋਂ ਬਾਅਦ ਵਿਚ ਝੂਠੇ ਪ੍ਰਚਾਰ ਲਈ ਮੁਆਫੀ ਵੀ ਮੰਗੀ ਗਈ ਜਾਂਚ ਰਿਪੋਰਟ ਆਉਣ ਤੋਂ ਬਾਅਦ ਕਾਂਗਰਸ ਆਮ ਆਦਮੀ ਪਾਰਟੀ ਅਤੇ ਅਖੌਤੀ ਪੰਥਕ ਧਿਰਾਂ ਨੂੰ ਵੀ ਹੁਣ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਸਮੂਹ ਪੰਜਾਬੀ ਭਾਈਚਾਰੇ ਤੋਂ ਜਨਤਕ ਤੌਰ ਤੇ ਮੁਆਫੀ ਮੰਗਣੀ ਚਾਹੀਦੀ ਹੈ। ਇਸ ਮੌਕੇ ਸਾਬਕਾ ਮੇਅਰ ਬਲਜੀਤ ਸਿੰਘ ਬੀੜ ਬਹਿਮਣ, ਸਟੇਟ ਡੈਲੀਗੇਟ ਇਕਬਾਲ ਸਿੰਘ ਬਬਲੀ ਢਿੱਲੋਂ, ਜਗਸੀਰ ਸਿੰਘ ਜੱਗਾ ਕਲਿਆਣ, ਯੂਥ ਪ੍ਰਧਾਨ ਹਰਪਾਲ ਸਿੰਘ ਢਿੱਲੋਂ, ਸ਼ਹਿਰੀ ਪ੍ਰਧਾਨ ਐਡਵੋਕੇਟ ਰਾਜਵਿੰਦਰ ਸਿੰਘ, ਮੈਂਬਰ ਜਨਰਲ ਕੌਂਸਲ ਮੋਹਨਜੀਤ ਸਿੰਘ ਪੁਰੀ, ਸਰਕਲ ਜਥੇਦਾਰ ਅਮਰਜੀਤ ਸਿੰਘ ਜੰਡਾਂਵਾਲਾ, ਜਗਸੀਰ ਸਿੰਘ ਬੱਲੂਆਣਾ , ਜਸਵਿੰਦਰ ਸਿੰਘ ਜੈਲਦਾਰ, ਗੁਰਤੇਜ ਸਿੰਘ ਨਸੀਬਪੁਰਾ, ਖੇਤਾ ਸਿੰਘ, ਬਲਵਿੰਦਰ ਸਿੰਘ, ਨਿਰਮਲ ਸਿੰਘ ਗੋਲਡੀ , ਇਕਬਾਲ ਸਿਘ ਬਰਕੰਦੀ, ਗੁਰਤੇਜ ਸਿੰਘ ਨਥਾਣਾ, ਸੁਖਪਾਲ ਸਿੰਘ ਲਹਿਰਾ, ਤੇਜਾ ਸਿੰਘ ਅਤੇ ਬੰਤਾ ਸਿੰਘ ਮੈਂਬਰ ਐਸਜੀਪੀਸੀ, ਜੋਗਿੰਦਰ ਕੌਰ ਇਸਤਰੀ ਵਿੰਗ, ਪ੍ਰਧਾਨ ਬਲਵਿੰਦਰ ਕੌਰ, ਜਗਦੀਪ ਸਿੰਘ ਗਹਿਰੀ, ਮਨਮੋਹਨ ਕੁੱਕੂ ,ਮੈਂਬਰ ਪੀ ਏ ਸੀ ਦਲਜੀਤ ਸਿੰਘ ਬਰਾੜ, ਗੁਰਪ੍ਰੀਤ ਸੰਧੂ, ਸਵਰਨ ਸਿੰਘ ਆਕਲੀਆ, ਬਲਵਿੰਦਰ ਸਿੰਘ ਬੱਲੀ ,ਹਰਵਿੰਦਰ ਗੰਜੂ, ਨਰਿੰਦਰਪਾਲ ਸਿੰਘ, ਮਨਪ੍ਰੀਤ ਸਿੰਘ ਆਈ ਟੀ ਵਿੰਗ ਅਤੇ ਜ਼ਿਲ੍ਹਾ ਪ੍ਰੈੱਸ ਸਕੱਤਰ ਰਤਨ ਸ਼ਰਮਾ ਮਲੂਕਾ ਵੀ ਮੌਜੂਦ ਸਨ।

ਰਾਜਪਾਲ ਬੰਡਾਰੂ ਦੱਤਾਤ੍ਰੇਅ ਨੇ ਡਾ. ਸ਼ਾਅਮਾ ਪ੍ਰਸਾਦ ਮੁਖਰਜੀ ਦੀ ਜੈਯੰਤੀ ‘ਤੇ ਦਿੱਤੀ ਸ਼ਰਧਾਂਜਲੀ

0

ਸੁਖਜਿੰਦਰ ਮਾਨ
ਚੰਡੀਗੜ੍ਹ, 6 ਜੁਲਾਈ:-ਹਰਿਆਣਾ ਦੇ ਰਾਜਪਾਲ ਸ੍ਰੀ ਬੰਡਾਰੂ ਦੱਤਾਤ੍ਰੇਅ ਨੇ ਅੱਜ ਡਾ. ਸ਼ਯਾਮਾ ਪ੍ਰਸਾਦ ਮੁਖਰਜੀ ਦੀ ਜੈਯੰਤੀ ‘ਤੇ ਉਨ੍ਹਾਂ ਨੂੰ ਸ਼ਰਧਾਂਜਲੀ ਅਰਪਿਤ ਕਰਦੇ ਹੋਏ ਕਿਹਾ ਕਿ ਊਹ ਇਕ ਰਾਸ਼ਟਰਵਾਦੀ, ਬਹੁਮੁਖੀ ਪ੍ਰਤਿਭਾ ਅਤੇ ਹਿਕ ਬੌਦਿਕ ਉੱਤਮਤਾ ਦੇ ਪ੍ਰਤੀਕ ਸਨ, ਜਿਨ੍ਹਾਂ ਨੇ ਬਿ੍ਰਟਿਸ਼ ਸ਼ਾਸਨ ਦੇ ਚੰਗੁਲ ਤੋਂ ਭਾਰਤ ਮਾਤਾ ਦੀ ਮੁਕਤੀ ਲਈ ਆਪਣੇ ਜੀਵਨ ਦਾ ਬਲਿਦਾਨ ਦਿੱਤਾ। ਡਾ. ਸ਼ਯਾਮਾ ਪ੍ਰਸਾਦ ਮੁਖਰਜੀ ਕੌਮੀ ਏਕਤਾ, ਅਖੰਡਤਾ ਅਤੇ ਸਾਰਿਆਂ ਦੇ ਵਿਕਾਸ ਲਈ ਪੁਰੀ ਤਰ੍ਹਾ ਪ੍ਰਤੀਬੱਧ ਸਨ। ਸ੍ਰੀ ਦੱਤਾਤ੍ਰੇਅ ਨੇ ਕਿਹਾ ਕਿ ਡਾ. ਮੁਖਰਜੀ ਇਕ ਰਾਸ਼ਟਰ, ਇਕ ਝੰਡਾ ਅਤੇ ਇਕ ਸੰਵਿਧਾਨ ਦੇ ਪ੍ਰਤੀ ਦਿ੍ਰੜ ਵਿਸ਼ਵਾਸੀ ਸਨ। ਉਨ੍ਹਾਂ ਨੇ ਭਾਰਤ ਦੇ ਕਸ਼ਮੀਰ ਵਿਚ ਪੂਰਣ ਏਕੀਕਰਣ ਲਈ ਸਰਵੋਚ ਬਲਿਦਾਨ ਦਿੱਤਾ ਸੀ।
ਰਾਜਪਾਲ ਨੇ ਕਿਹਾ ਕਿ ਡਾ. ਮੁਖਰਜੀ ਨੇ ਭਾਰਤੀ ਜਨਸੰਘ ਦਾ ਗਠਨ ਭਾਰਤੀ ਪ੍ਰਸ਼ਾਸਨਿਕ ਮਾਡਲ ਨੂੰ ਪੇਸ਼ ਕਰਨ ਲਹੀ ਕੀਤਾ, ਜਿਸ ਵਿਚ ਨਾ ਸਿਰਫ ਸਾਡੇ ਸਭਿਆਚਾਰ ਮੁੱਲ ਅਤੇ ਲੋਕਾਚਾਰ ਨਿਹਿਤ ਹਨ, ਸਗੋ ਪਿੰਡ ਭਾਰਤ ਦੇ ਸਮੂਚੇ ਮਜਬੂਤੀਕਰਣ ‘ਤੇ ਵੀ ਵਿਕੇਂਦਰੀਕਿ੍ਰਤ ਹੈ।ਉਨ੍ਹਾਂ ਨੇ ਕਿਹਾ ਕਿ ਡਾ. ਮੁਖਰਜੀ ਦੇ ਵਿਚਾਰਾਂ ਨੂੰ ਅੱਗੇ ਵਧਾਉਂਦੇ ਹੋਏ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਹਰ ਤਬਕੇ ਦਾ ਸਮੂਚਾ ਵਿਕਾਸ ਯਕੀਨੀ ਕਰ ਰਹੇ ਹਨ। ਸ੍ਰੀ ਦੱਤਾਤ੍ਰੇਅ ਨੇ ਕਿਹਾ ਕਿ ਡਾ. ਮੁਖਰਜੀ ਨੂੰ ਸਾਡੀ ਸੱਚੀ ਸ਼ਰਧਾਂਜਲੀ ਤਾਂਹੀ ਹੋਵੇਗੀ ਜਦੋਂ ਅਸੀਂ ਉਨ੍ਹਾਂ ਦੇ ਦੱਸੇ ਮਾਰਗ ‘ਤੇ ਚਲਣ ਅਤੇ ਉਨ੍ਹਾਂ ਦੇ ਆਦਰਸ਼ਾਂ ਦਾ ਪਾਲਣ ਕਰਨ। ਸ੍ਰੀ ਦੱਤਾਤ੍ਰੇਅ ਨੇ ਕਿਹਾ ਕਿ ਡਾ. ਮੁਖਰਜੀ ਬੇਹੱਦ ਸਪੰਨ ਪਰਿਵਾਰ ਤੋਂ ਸਨ। ਉਨ੍ਹਾਂ ਦੇ ਪਿਤਾ ਆਸ਼ੂਤੋਸ਼ ਮੁਖਰਜੀ ਕਲਕੱਹਾਈ ਕੋਰਟ ਦੇ ਜੱਜ ਸਨ। ਡਾ. ਮੁਖਰਜੀ 33 ਸਾਲ ਦੀ ਉਮਰ ਵਿਚ ਕਲਕੱਤਾ ਯੂਨੀਵਰਸਿਟੀ ਦੇ ਸੱਭ ਤੋਂ ਘੱਅ ਉਮਰ ਦੇ ਵਾਇਸ ਚਾਂਸਲਰ ਬਣੇ। ਸੇਵਾ ਕਰਨ ਵਿਚ ਉਨ੍ਹਾਂ ਦੀ ਦਿ੍ਰੜ ਇੱਛਾ ਸ਼ਕਤੀ ਸੀ। ਉਨ੍ਹਾਂ ਨੇ ਜੀਵਨ ਦੀ ਵਿਲਾਸਿਤਾਾ ਨੂੰ ਤਿਆਗ ਦਿੱਤਾ ਅਤੇ ਮਾਂ ਭਾਰਤੀ ਦੇ ਲਈ ਆਪਣਾ ਜੀਵਨ ਸਮਰਪਿਤ ਕਰਨ ਦਾ ਫੈਸਲਾ ਕੀਤਾ।

ਡਰੈਗਨ ਫਰੂਟ ਦੀ ਖੇਤੀ ਨੂੰ ਪ੍ਰੋਤਸਾਹਨ ਦੇਣ ਲਈ ਵਿਸ਼ੇਸ਼ ਅਨੁਦਾਨ ਯੋਜਨਾ ਲਾਗੂ- ਏਸੀਐਸ ਡਾ. ਸੁਮਿਤਾ ਮਿਸ਼ਰਾ

0

ਕਿਸਾਨ ਇਸ ਫੱਲ ਦੀ ਖੇਤੀ ਕਰ ਕੇ ਕਮਾ ਸਕਦੇ ਹਨ ਚੰਗਾ ਮੁਨਾਫਾ
ਡਰੈਗਨ ਫਰੂਟ ਬਾਗ ਦੇ ਲਈ 1,20,000 ਰੁਪਏ ਪ੍ਰਤੀ ਏਕੜ ਅਨੁਦਾਨ
ਸੁਖਜਿੰਦਰ ਮਾਨ
ਚੰਡੀਗੜ੍ਹ, 6 ਜੁਲਾਈ:-ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੀ ਵਧੀਕ ਮੁੱਖ ਸਕੱਤਰ ਡਾ. ਸੁਮਿਤਾ ਮਿਸ਼ਰਾ ਨੇ ਦਸਿਆ ਕਿ ਸਰਕਾਰ ਵੱਲੋਂ ਡਰੈਗਨ ਫਰੂਟ ਦੀ ਖੇਤੀ ਨੂੰ ਵਧਾਉਣ ਲਈ ਵਿਸ਼ੇਸ਼ ਅਨੁਦਾਨ ਯੋਜਨਾ ਲਾਗੂ ਕੀਤੀ ਗਈ ਹੈ। ਡਰੈਗਨ ਫਰੂਟ ਦੀ ਬਾਜਾਰ ਵਿਚ ਕਾਫੀ ਮੰਗ ਹੈ। ਜਿਸ ਤੋਂ ਕਿਸਾਨ ਇਸ ਫੱਲ ਦੀ ਖੇਤੀ ਕਰ ਕੇ ਚੰਗਾ ਮੁਨਾਫਾ ਲੈ ਸਕਦੇ ਹਨ। ਡਾ. ਸੁਮਿਤਾ ਮਿਸ਼ਰਾ ਨੇ ਦਸਿਆ ਕਿ ਡਰੈਗਨ ਫਰੂਟ ਦੇ ਬਾਗ ਲਈ 1,20,000 ਰੁਪਏ ਪ੍ਰਤੀ ਏਕੜ ਦੇ ਅਨੁਦਾਨ ਦਾ ਪ੍ਰਾਵਧਾਨ ਹੈ। ਜਿਸ ਵਿਚ ਪੌਧਾ ਰੋਪਣ ਲਈ 50,000 ਰੁਪਏ ਅਤੇ ਟ੍ਰੈਲਿਸਿੰਗ ਸਿਸਟਮ (ਜਾਲ ਪ੍ਰਣਾਲੀ) ਲਈ 70,000 ਰੁਪਏ ਪ੍ਰਤੀ ਏਕੜ ਹੈ। ਪੌਧਾ ਰੋਪਣ ਲਈ 50,000 ਰੁਪਏ ਦਾ ਅਨੁਦਾਨ ਤਿੰਨ ਕਿਸਤਾਂ ਵਿਚ ਪਹਿਲੇ ਸਾਲ 30,000 ਰੁਪਏ, ਦੂਜਾ ਸਾਲ 10,000 ਰੁਪਏ ਤੇ ਤੀਜੇ ਸਾਲ 10,000 ਰੁਪਏ ਦਿੱਤੇ ਜਾਣਗੇ। ਉਨ੍ਹਾਂ ਨੇ ਦਸਿਆ ਕਿ ਕਿਸਾਨ ਵੱਧ ਤੋਂ ਵੱਧ ਵੱਖ-ਵੱਖ ਫੱਲਾਂ ਦੇ ਬਾਗ ਲਗਾ ਕੇ ਚੰਗਾ ਮੁਨਾਫਾ ਲੈ ਸਕਦੇ ਹਨ। ਬਾਗਾਂ ਦੀ ਸਥਾਪਨਾ ਵਿਚ ਜਿੱਥੇ ਪਾਣੀ ਦੀ ਬਚੱਤ ਹੈ, ਉੱਥੇ ਫੱਲਾਂ ਦੇ ਬਾਗ ਕਿਸਾਨਾਂ ਦੀ ਆਮਦਨ ਵਿਚ ਇਜਾਫਾ ਕਰਨ ਵਿਚ ਸਹਾਇਕ ਹਨ।
ਜਿਆਦਾਤਰ 10 ਏਕੜ ਮਿਲੇਗੀ ਅਨੁਦਾਨ ਸਹੂਲਤ
ਉਨ੍ਹਾਂ ਨੇ ਦਸਿਆ ਕਿ ਇਸ ਯੋਜਨਾ ਦੇ ਤਹਿਤ ਹਿਕ ਕਿਸਾਨ ਵੱਧ ਤੋਂ ਵੱਧ 10 ਏਕੜ ਤਕ ਅਨੁਦਾਨ ਦੀ ਸਹੂਲਤ ਦਾ ਲਾਭ ਲੈ ਸਕਦਾ ਹੈ। ਅਨੁਦਾਨ ਪ੍ਰਾਪਤ ਕਰਨ ਲਈ ਕਿਸਾਨ ਦਾ ਮੇਰੀ ਫਸਲ-ਮੇਰਾ ਬਿਊਰਾ ਪੋਰਟਲ ‘ਤੇ ਰਜਿਸਟ੍ਰੇਸ਼ਣ ਕਰਨਾ ਜਰੂਰੀ ਹੈ। ਉਨ੍ਹਾਂ ਨੇ ਦਸਿਆ ਕਿ ਅਨੁਦਾਨ ਪਹਿਲਾਂ ਆਓ-ਪਹਿਲਾਂ ਪਾਓ ਦੇ ਆਧਾਰ ‘ਤੇ ਦਿੱਤਾ ਜਾਵੇਗਾ। ਕਿਸਾਨ ਬਾਗਬਾਨੀ ਵਿਭਾਗ ਦੀ ਵੈਬਸਾਇਟ ‘ਤੇ ਜਾ ਕੇ ਬਿਨੈ ਕਰ ਯੋਜਨਾ ਦਾ ਲਾਭ ਲੈ ਸਕਦੇ ਹਨ।

ਬੀ.ਟੈੱਕ ਟੈਕਸਟਾਈਲ ਇੰਜੀਨੀਅਰਿੰਗ ਦੇ ਵਿਦਿਆਰਥੀਆਂ ਦੀ ਹੋਈ ਪਲੇਸਮੈਂਟ

0

ਸੁਖਜਿੰਦਰ ਮਾਨ
ਬਠਿੰਡਾ, 6 ਜੁਲਾਈ: ਐਮ.ਆਰ.ਐਸ.ਪੀ.ਟੀ.ਯੂ ਵਿਖੇ ਆਯੋਜਿਤ ਕੈਂਪਸ ਪਲੇਸਮੈਂਟ ਡਰਾਈਵ ਦੇ ਤਹਿਤ 6 ਵਿਦਿਆਰਥੀਆਂ ਦੀ ਨਾਮੀ ਕੰਪਨੀਆਂ ਵਿੱਚ ਪਲੇਸਮੈਂਟ ਹੋਈ, ਜਿਸ ਵਿੱਚ ਟੈਕਸਟਾਈਲ ਵਿਭਾਗ ਦੇ ਵਿਦਿਆਰਥੀ ਸ੍ਰੀ ਗੁਰਪ੍ਰੀਤ ਸਿੰਘ ਅਤੇ ਸ੍ਰੀ ਤੇਜਵੀਰ ਸਿੰਘ ਗਿੱਲ ਨੂੰ ਗ੍ਰੋਜ-ਬੇਕਰਟ ਏਸੀਆ ਪ੍ਰਾਈਵੇਟ ਲਿਮਟਿਡ ਵਿੱਚ ਗ੍ਰੈਜੂਏਟ ਇੰਜੀਨੀਅਰ ਟਰੇਨੀ ਵਜੋਂ ਅਤੇ ਸ੍ਰੀ ਅੰਕਿਤ ਸਰਮਾ, ਸ੍ਰੀ ਵਿਵੇਕ ਸਿੰਘ, ਸ੍ਰੀ ਵਿੱਕੀ ਕੁਮਾਰ ਅਤੇ ਯੁਵਰਾਜ ਸਿੰਘ ਰਾਵਲ ਨੂੰ ਓਸਵਲ ਵੂਲਨ ਮਿਲ ਲਿਮ. ਵਿੱਚ ਸੇਫਟੀ ਇੰਚਾਰਜ ਵਜੋਂ ਚੁਣਿਆ ਗਿਆ ਹੈ। ਕੰਪਨੀਆਂ ਨੇ ਵਿਦਿਆਰਥੀਆਂ ਨੂੰ ਕ੍ਰਮਵਾਰ 4.70 ਅਤੇ 3 ਲੱਖ ਰੁਪਏ ਸਾਲਾਨਾ ਪੈਕੇਜ ਦੀ ਪੇਸਕਸ ਕੀਤੀ ਹੈ। ਵਿਦਿਆਰਥੀਆਂ ਨੂੰ ਉਨ੍ਹਾਂ ਦੀ ਸਫਲਤਾ ਲਈ ਵਧਾਈ ਦਿੰਦੇ ਹੋਏ ਵਾਈਸ ਚਾਂਸਲਰ, ਪ੍ਰੋ. (ਡਾ.) ਬੂਟਾ ਸਿੰਘ ਸਿੱਧੂ ਨੇ ਭਵਿੱਖ ਵਿੱਚ ਵੀ ਬਿਹਤਰ ਰੁਜਗਾਰ ਲਈ ਯੂਨੀਵਰਸਿਟੀ ਦੀ ਵਚਨਬੱਧਤਾ ਨੂੰ ਦੁਹਰਾਇਆ।
ਟੈਕਸਟਾਈਲ ਇੰਜਨੀਅਰਿੰਗ ਵਿਭਾਗ ਦੇ ਐਚ.ਓ.ਡੀ. ਡਾ. ਰਾਜੀਵ ਕੁਮਾਰ ਵਰਸਨੇ ਨੇ ਕਿਹਾ ਕਿ ਟਰੇਨਿੰਗ ਅਤੇ ਪਲੇਸਮੈਂਟ ਵਿਭਾਗ ਟੈਕਸਟਾਈਲ ਵਿਦਿਆਰਥੀਆਂ ਦੀ ਪਲੇਸਮੈਂਟ ਲਈ ਕਈ ਪਹਿਲਕਦਮੀਆਂ ਕਰ ਰਿਹਾ ਹੈ। ਇਹ ਮਾਣ ਵਾਲੀ ਗੱਲ ਹੈ ਕਿ ਦੋਵੇਂ ਪ੍ਰਮੁੱਖ ਕੰਪਨੀਆਂ ਨੇ ਸਾਡੇ ਵਿਦਿਆਰਥੀ ਦੀ ਚੋਣ ਕੀਤੀ ਹੈ। “ਪਲੇਸਮੈਂਟ ਸੈਸਨ ਦੀ ਸੁਰੂਆਤ ਤੋਂ ਪਹਿਲਾਂ, ਵਿਦਿਆਰਥੀਆਂ ਦੇ ਨਿੱਜੀ ਵਿਕਾਸ ਅਤੇ ਰੁਜਗਾਰ ਯੋਗਤਾ ਵਧਾਉਣ ਲਈ ਵਿਭਾਗ ਦੁਆਰਾ ਤਕਨੀਕੀ ਯੋਗਤਾ ਟੈਸਟ ਅਤੇ ਮੌਕ ਇੰਟਰਵਿਊਆਂ ਦਾ ਆਯੋਜਨ ਕੀਤਾ ਜਾਂਦਾ ਹੈ। ਰਜਿਸਟਰਾਰ ਡਾ.ਜੀ.ਪੀ.ਐਸ. ਬਰਾੜ, ਕੈਂਪਸ ਡਾਇਰੈਕਟਰ ਡਾ. ਸੰਜੀਵ ਅਗਰਵਾਲ, ਡਾਇਰੈਕਟਰ ਹਰਜੋਤ ਸਿੰਘ ਸਿੱਧੂ,ਸੀ.ਆਰ.ਸੀ. ਪ੍ਰੋਫੈਸਰ ਇੰਚਾਰਜ ਡਾ. ਰਾਜੇਸ ਗੁਪਤਾ ਨੇ ਵੀ ਚੁਣੇ ਗਏ ਵਿਦਿਆਰਥੀਆਂ ਨੂੰ ਵਧਾਈ ਦਿੱਤੀ। ਉਨ੍ਹਾਂ ਨੇ ਇਸ ਕੈਂਪਸ ਦੇ ਵਿਦਿਆਰਥੀਆਂ ਦੀ ਇਸ ਪ੍ਰਮੁੱਖ ਕੰਪਨੀਆਂ ਦੁਆਰਾ ਮਾਨਤਾ ਪ੍ਰਾਪਤ ਹੋਣ ‘ਤੇ ਬੇਹੱਦ ਖੁਸੀ ਅਤੇ ਸੰਤੁਸਟੀ ਦਾ ਪ੍ਰਗਟਾਵਾ ਕੀਤਾ।

ਬੇਅਦਬੀ ਦੇ ਦੋਸ਼ੀਆਂ ਨੂੰ ਜੇਲ੍ਹ ਦੀਆਂ ਸਲਾਖਾਂ ਪਿੱਛੇ ਪਹੁੰਚਾਨ ਤੱਕ ਟਿਕ ਕੇ ਨਹੀਂ ਬੈਠਾਂਗਾ-ਭਗਵੰਤ ਮਾਨ

0

ਗੈਂਗਸਟਰਵਾਦ ਦੇ ਖਾਤਮੇ ਲਈ ਸਾਰੇ ਸੂਬਿਆਂ ਨੂੰ ਸਾਂਝੇ ਯਤਨ ਕਰਨ ਦੀ ਵਕਾਲਤ ਕੀਤੀ
ਮੇਰੇ ਮੰਤਰੀ ਭਾਵੇਂ ਨਵੇਂ ਹਨ ਪਰ ਸੂਬੇ ਅਤੇ ਲੋਕਾਂ ਦੇ ਭਲੇ ਉਨ੍ਹਾਂ ਦੀ ਦੂਰਅੰਦੇਸ਼ ਸੋਚ ਤੇ ਸਮਰਪਿਤ ਭਾਵਨਾ ਦਾ ਕੋਈ ਸਾਨੀ ਨਹੀਂ
ਪੰਜਾਬ ਕਰਜ਼ੇ ਨਾਲ ਜੂਝ ਰਿਹਾ ਪਰ ਵਿਰੋਧੀ ਨੇਤਾ ਆਪਣੀਆਂ ਤਨਖਾਹਾਂ ਵਧਾਉਣ ਨੂੰ ਲੈ ਕੇ ਫਿਕਰਮੰਦ
ਕੈਪਟਨ ਤੇ ਬਾਦਲ ਨੇ ਆਪਣਾ ਇਲਾਜ ਲੰਡਨ ਅਤੇ ਨਿਊਯਾਰਕ ਵਿਚ ਕਰਵਾਇਆ ਪਰ ਸੂਬੇ ਦੇ ਲੋਕ ਚੰਗੀਆਂ ਸਿਹਤ ਸਹੂਲਤਾਂ ਨੂੰ ਤਰਸਦੇ ਰਹੇ
ਸੁਖਜਿੰਦਰ ਮਾਨ
ਚੰਡੀਗੜ੍ਹ, 5 ਜੁਲਾਈ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਅਹਿਦ ਲੈਂਦਿਆਂ ਕਿਹਾ ਕਿ ਉਹ ਉਦੋਂ ਤੱਕ ਸ਼ਾਂਤ ਨਹੀਂ ਬੈਠਣਗੇ, ਜਦੋਂ ਤੱਕ ਬੇਅਦਬੀ ਦੇ ਦੋਸ਼ੀਆਂ ਨੂੰ ਜੇਲ੍ਹ ਦੀਆਂ ਸਲਾਖਾਂ ਪਿੱਛੇ ਨਹੀਂ ਪਹੁੰਚਾ ਦਿੱਤਾ ਜਾਂਦਾ।ਮੁੱਖ ਮੰਤਰੀ ਨੇ ਅੱਜ ਇੱਥੇ ਇੱਕ ਨਿਊਜ਼ ਚੈਨਲ ਵੱਲੋਂ ਮਿਸ਼ਨ ‘ਸੁਨਹਿਰਾ ਪੰਜਾਬ’ ਸੰਮੇਲਨ ਦੌਰਾਨ ਕਿਹਾ, “ਪੰਜਾਬ ਦੀ ਪਾਵਨ ਧਰਤੀ ‘ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਸਾਡੇ ਸਾਰਿਆਂ ਦੇ ਮੱਥੇ ਉਤੇ ਕਲੰਕ ਹੈ। ਇਸ ਘਿਨਾਉਣੀ ਘਟਨਾ ਦਾ ਵਾਪਰ ਜਾਣਾ ਸੋਚ ਤੋਂ ਵੀ ਪਰ੍ਹੇ ਅਤੇ ਨਾ-ਮੁਆਫ਼ੀਯੋਗ ਪਾਪ ਹੈ ਜਿਸ ਦੇ ਦੋਸ਼ੀਆਂ ਨੂੰ ਕਦੇ ਵੀ ਬਖਸ਼ਿਆ ਨਹੀਂ ਜਾ ਸਕਦਾ।”
ਮੁੱਖ ਮੰਤਰੀ ਨੇ ਕਿਹਾ ਕਿ ਇਹ ਬਹੁਤ ਦੁੱਖ ਦੀ ਗੱਲ ਹੈ ਕਿ ਇੰਨੇ ਸਾਲ ਬੀਤ ਜਾਣ ਤੋਂ ਬਾਅਦ ਵੀ ਇਸ ਘਿਨਾਉਣੇ ਜੁਰਮ ਦੇ ਦੋਸ਼ੀ ਸ਼ਰੇਆਮ ਦਨਦਨਾਉਂਦੇ ਫਿਰਦੇ ਹਨ। ਭਗਵੰਤ ਮਾਨ ਨੇ ਕਿਹਾ ਕਿ ਅਜਿਹਾ ਸਿਰਫ ਇਸ ਲਈ ਹੋਇਆ ਕਿਉਂ ਜੋ ਦੋਸ਼ੀਆਂ ਨੂੰ ਬਚਾਉਣ ਲਈ ਅਕਾਲੀਆਂ ਅਤੇ ਕਾਂਗਰਸੀਆਂ ਦੀ ਆਪਸੀ ਮਿਲੀਭੁਗਤ ਸੀ। ਹਾਲਾਂਕਿ, ਉਨ੍ਹਾਂ ਕਿਹਾ ਕਿ ਉਹ ਦਿਨ ਦੂਰ ਨਹੀਂ ਜਦੋਂ ਦੋਸ਼ੀ ਸਲਾਖਾਂ ਪਿੱਛੇ ਹੋਣਗੇ ਜਿਸ ਲਈ ਉਨ੍ਹਾਂ ਦੀ ਸਰਕਾਰ ਕੋਈ ਕਸਰ ਬਾਕੀ ਨਹੀਂ ਛੱਡੇਗੀ।
ਮੁੱਖ ਮੰਤਰੀ ਨੇ ਕਿਹਾ ਕਿ ਹੁਣ ਤੱਕ ਸਮੇਂ-ਸਮੇਂ ਦੀਆਂ ਸਰਕਾਰਾਂ ਦੀ ਸ਼ਹਿ ਨਾਲ ਦੋਸ਼ੀ ਸਜ਼ਾ ਤੋਂ ਬਚਦੇ ਆਏ ਹਨ ਪਰ ਉਨ੍ਹਾਂ ਦੀ ਸਰਕਾਰ ਬਣਨ ਤੋਂ ਬਾਅਦ ਇਹ ਵਰਤਾਰਾ ਬੰਦ ਹੋ ਗਿਆ ਕਿਉਂਕਿ ਉਹ ਦੋਸ਼ੀਆਂ ਨੂੰ ਸਜ਼ਾ ਦੇਣ ਲਈ ਦ੍ਰਿੜ ਵਚਨਬੱਧ ਹਨ। ਭਗਵੰਤ ਮਾਨ ਨੇ ਕਿਹਾ ਕਿ ਕਾਬਲ ਤੋਂ ਕਾਬਲ ਅਧਿਕਾਰੀ ਜਾਂਚ ਦੀ ਅਗਲੇਰੀ ਪੈਰਵੀ ਕਰਨਗੇ ਅਤੇ ਚੰਗੇ ਤੋਂ ਚੰਗੇ ਵਕੀਲ ਅਦਾਲਤ ਵਿੱਚ ਕੇਸ ਲੜਨਗੇ ਤਾਂ ਜੋ ਦੋਸ਼ੀ ਸਜ਼ਾ ਤੋਂ ਬਚ ਨਾ ਸਕਣ।
ਗੈਂਗਸਟਰਵਾਦ ਨੂੰ ਕੌਮੀ ਸਮੱਸਿਆ ਦੱਸਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਸ ਖਤਰੇ ਨੂੰ ਰੋਕਣ ਲਈ ਸਾਰੇ ਸੂਬਿਆਂ ਨੂੰ ਆਪਸ ਵਿਚ ਹੱਥ ਮਿਲਾਉਣਾ ਹੋਵੇਗਾ। ਉਨ੍ਹਾਂ ਕਿਹਾ ਕਿ ਸਾਂਝੇ ਯਤਨਾਂ ਸਦਕਾ ਹੀ ਇਸ ਸਮੱਸਿਆ ਨੂੰ ਕਾਰਗਰ ਢੰਗ ਨਾਲ ਖ਼ਤਮ ਕਰਨ ਵਿੱਚ ਮਦਦ ਮਿਲ ਸਕਦੀ ਹੈ। ਭਗਵੰਤ ਮਾਨ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਇਸ ਖ਼ਤਰੇ ਨਾਲ ਨਿਪਟਣ ਲਈ ਪਹਿਲਾਂ ਹੀ ਠੋਸ ਰਣਨੀਤੀ ਤਿਆਰ ਕੀਤੀ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਸੰਗਠਿਤ ਗਰੋਹ ਦੇ ਖਾਤਮੇ ਲਈ ਸਿਹਰਾ ਆਪਣੇ ਸਿਰ ਲੈਣ ਵਾਲੀ ਕੋਈ ਗੱਲ ਨਹੀਂ ਹੋਣੀ ਚਾਹੀਦੀ ਕਿਉਂਕਿ ਹਰੇਕ ਸੂਬਾ ਹੀ ਇਸ ਪ੍ਰਤੀ ਸੰਵੇਦਨਸ਼ੀਲ ਹੈ। ਉਨ੍ਹਾਂ ਨੇ ਸੂਬੇ ਵਿੱਚ ਗੈਂਗਸਟਰ ਕਲਚਰ ਨੂੰ ਉਤਸ਼ਾਹਤ ਕਰਨ ਲਈ ਕਾਂਗਰਸ ਅਤੇ ਅਕਾਲੀਆਂ ਦੀ ਵੀ ਕਰੜੀ ਆਲੋਚਨਾ ਕੀਤੀ। ਭਗਵੰਤ ਮਾਨ ਨੇ ਕਿਹਾ ਕਿ ਇਨ੍ਹਾਂ ਦੋਵਾਂ ਪਾਰਟੀਆਂ ਨੇ ਆਪੋ ਆਪਣੇ ਸਵਾਰਥਾਂ ਦੀ ਖਾਤਰ ਗੈਂਗਸਟਰਵਾਦ ਦੀ ਪੁਸ਼ਤਪਨਾਹੀ ਕੀਤੀ।
ਆਪਣੇ ਸਿਆਸੀ ਜੀਵਨ ਦੀ ਗੱਲ ਕਰਦਿਆਂ ਮੁੱਖ ਮੰਤਰੀ ਨੇ ਕਿਹਾ, “ਮੈਨੂੰ ਮੇਰੀ ਤਕਦੀਰ ਸਿਆਸਤ ਵਿਚ ਲੈ ਕੇ ਆਈ ਪਰ ਮੈਂ ਗ਼ਰੀਬ ਤੋਂ ਗ਼ਰੀਬ ਲੋਕਾਂ ਦੀ ਸੇਵਾ ਨੂੰ ਪੂਰਨ ਤੌਰ ਉਤੇ ਸਮਰਪਿਤ ਹਾਂ।” ਭਗਵੰਤ ਮਾਨ ਨੇ ਕਿਹਾ ਕਿ ਉਹ ਪੂਰੇ ਸੂਬੇ ਦੇ ਮੁੱਖ ਮੰਤਰੀ ਹਨ ਅਤੇ ਉਨ੍ਹਾਂ ਦਾ ਇੱਕੋ-ਇੱਕ ਨਿਸ਼ਾਨਾ ਪੰਜਾਬ ਨੂੰ ਮੁਲਕ ਵਿਚ ਮੋਹਰੀ ਸੂਬਾ ਬਣਾਉਣਾ ਹੈ। ਉਨ੍ਹਾਂ ਕਿਹਾ ਕਿ ਸੂਬੇ ਦੀ ਤਰੱਕੀ ਅਤੇ ਪੰਜਾਬੀਆਂ ਦੀ ਖੁਸ਼ਹਾਲੀ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ।
ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੇ ਮੰਤਰੀ ਭਾਵੇਂ ਨਵੇਂ ਹੋਣ ਪਰ ਸੂਬੇ ਅਤੇ ਇਸ ਦੇ ਲੋਕਾਂ ਲਈ ਉਨ੍ਹਾਂ ਦੀ ਦੂਰਅੰਦੇਸ਼ੀ ਅਤੇ ਸਮਰਪਣ ਭਾਵਨਾ ਬੇਮਿਸਾਲ ਹੈ। ਉਨ੍ਹਾਂ ਕਿਹਾ ਕਿ ਇਹ ਵਚਨਬੱਧਤਾ ਉਨ੍ਹਾਂ ਨੂੰ ਦੂਜੇ ਸਿਆਸਤਦਾਨਾਂ ਨਾਲੋਂ ਵੱਖਰਾ ਬਣਾਉਂਦੀ ਹੈ ਜਿਨ੍ਹਾਂ ਨੇ ਸੱਤਾ ਦੀ ਵਰਤੋਂ ਸਿਰਫ਼ ਸੂਬੇ ਦੇ ਖਜ਼ਾਨੇ ਦੀ ਲੁੱਟ ਲਈ ਕੀਤੀ ਹੈ। ਭਗਵੰਤ ਮਾਨ ਨੇ ਕਿਹਾ ਕਿ ਜਿਹੜੇ ਲੋਕ ਹੁਣ ਤਜਰਬੇਕਾਰ ਸਿਆਸਤਦਾਨ ਹੋਣ ਦਾ ਦਾਅਵਾ ਕਰਦੇ ਹਨ, ਉਹ ਇਸ ਖੇਤਰ ਵਿੱਚ ਆਉਣ ਸਮੇਂ ਨਵੇਂ ਹੀ ਸਨ।
ਮੁੱਖ ਮੰਤਰੀ ਨੇ ਕਿਹਾ ਕਿ ਇਹ ਬਦਕਿਸਮਤੀ ਦੀ ਗੱਲ ਹੈ ਕਿ ਪੰਜਾਬੀ ਵੱਡੇ ਕਰਜ਼ੇ ਹੇਠ ਦੱਬੇ ਹੋਏ ਹਨ ਪਰ ਸਿਆਸੀ ਆਗੂ ਉਨ੍ਹਾਂ ਦੀ ਚਿੰਤਾ ਕਰਨ ਦੀ ਬਜਾਏ ਆਪਣੀਆਂ ਤਨਖਾਹਾਂ ਲਈ ਚਿੰਤਤ ਹਨ। ਉਨ੍ਹਾਂ ਕਿਹਾ ਕਿ ਇਹ ਸਿਆਸਤਦਾਨ ਆਪਣੀਆਂ ਤਨਖ਼ਾਹਾਂ ਦੀ ਚਿੰਤਾ ਨਹੀਂ ਕਰਦੇ, ਸਗੋਂ ਉਨ੍ਹਾਂ ਨੂੰ ਭ੍ਰਿਸ਼ਟਾਚਾਰ ਦੀ ਜ਼ਿਆਦਾ ਚਿੰਤਾ ਹੈ ਜੋ ਹੁਣ ਬੰਦ ਹੋ ਗਿਆ ਹੈ। ਭਗਵੰਤ ਮਾਨ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਭ੍ਰਿਸ਼ਟਾਚਾਰ ਨੂੰ ਨੱਥ ਪਾਈ ਹੈ, ਇਸ ਲਈ ਹੁਣ ਜ਼ਿਆਦਾਤਰ ਸਿਆਸਤਦਾਨਾਂ ਅਤੇ ਨੌਕਰਸ਼ਾਹਾਂ ਨੂੰ ਉਨ੍ਹਾਂ ਦੀਆਂ ਅਸਲ ਤਨਖਾਹਾਂ ਬਾਰੇ ਪਤਾ ਲੱਗ ਗਿਆ ਹੈ ਜੋ ਉਨ੍ਹਾਂ ਨੂੰ ਬਹੁਤ ਘੱਟ ਲੱਗਦੀਆਂ ਹਨ।
ਮੁੱਖ ਮੰਤਰੀ ਨੇ ਕਿਹਾ ਕਿ ਜਿਸ ਵੀ ਵਿਅਕਤੀ ਨੇ ਇੱਕ ਪੈਸਾ ਵੀ ਲੁੱਟਿਆ ਹੈ, ਉਸ ਨੂੰ ਲੋਕਾਂ ਪ੍ਰਤੀ ਜਵਾਬਦੇਹ ਬਣਾਇਆ ਜਾਵੇਗਾ। ਭਗਵੰਤ ਮਾਨ ਨੇ ਕਿਹਾ ਕਿ ਅਜਿਹੇ ਸਾਰੇ ਲੁਟੇਰਿਆਂ ਦਾ ਪਰਦਾਫਾਸ਼ ਕੀਤਾ ਜਾਵੇਗਾ ਅਤੇ ਉਨ੍ਹਾਂ ਵਿਰੁੱਧ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਹ ਉਨ੍ਹਾਂ ਦੀ ਦ੍ਰਿੜ ਵਚਨਬੱਧਤਾ ਹੈ ਕਿ ਦੋਸ਼ੀ ਭਾਵੇਂ ਕਿੰਨਾ ਵੀ ਅਮੀਰ ਕਿਉਂ ਨਾ ਹੋਵੇ, ਉਸ ਨੂੰ ਕਾਨੂੰਨ ਦੇ ਕਟਹਿਰੇ ‘ਚ ਲਿਆਂਦਾ ਜਾਵੇਗਾ।
ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਵਿੱਚ ਕੋਈ ਵਿਰੋਧੀ ਧਿਰ ਨਹੀਂ ਹੈ ਕਿਉਂਕਿ ਲੋਕਾਂ ਨੇ ਉਨ੍ਹਾਂ ਨੂੰ ਲਾਂਭੇ ਕਰ ਦਿੱਤਾ ਹੈ। ਇੱਕ ਮਿਸਾਲ ਦਿੰਦਿਆਂ ਉਨ੍ਹਾਂ ਕਿਹਾ ਕਿ ਲੋਕਾਂ ਨੇ ਉਨ੍ਹਾਂ ਦੀ ਸਰਕਾਰ ਨੂੰ 92 ਸੀਟਾਂ ਨਾਲ ਭਾਰੀ ਫਤਵਾ ਦਿੱਤਾ ਹੈ, ਜਿਨ੍ਹਾਂ ਵਿੱਚੋਂ 66 ਸੀਟਾਂ ਸਿਰਫ਼ ਮਾਲਵਾ ਖੇਤਰ ਦੀਆਂ ਸਨ। ਭਗਵੰਤ ਮਾਨ ਨੇ ਕਿਹਾ ਕਿ ਲੋਕਾਂ ਨੇ ਅਕਾਲੀਆਂ ਅਤੇ ਕਾਂਗਰਸ ਨੂੰ ਸੱਤਾ ਤੋਂ ਲਾਂਭੇ ਕਰਕੇ ਸੂਬੇ ਵਿੱਚ ਸਕਾਰਾਤਮਕ ਬਦਲਾਅ ਲਿਆਉਣ ਲਈ ਵੋਟਾਂ ਪਾਈਆਂ ਹਨ।
ਮੁੱਖ ਮੰਤਰੀ ਨੇ ਕਿਹਾ ਕਿ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਕੈਪਟਨ ਅਮਰਿੰਦਰ ਸਿੰਘ ਤੇ ਚਰਨਜੀਤ ਸਿੰਘ ਚੰਨੀ, ਇਕ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਤੋਂ ਇਲਾਵਾ ਨਵਜੋਤ ਸਿੰਘ ਸਿੱਧੂ ਤੇ ਬਿਕਰਮ ਸਿੰਘ ਮਜੀਠੀਆ ਵਰਗੇ ਹੋਰ ਨੇਤਾਵਾਂ ਨੂੰ ਲੋਕਾਂ ਨੇ ਬੁਰੀ ਤਰ੍ਹਾਂ ਨਾਲ ਨਾਕਾਰ ਦਿੱਤਾ। ਉਨ੍ਹਾਂ ਕਿਹਾ ਕਿ ਇਨ੍ਹਾਂ ਨੇਤਾਵਾਂ ਨੇ ਆਪਣੇ ਨਿੱਜੀ ਹਿੱਤਾਂ ਖਾਤਰ ਸੱਤਾ ਦੀ ਰੱਜ ਕੇ ਦੁਰਵਰਤੋਂ ਕੀਤੀ ਜਿਸ ਦੇ ਨਤੀਜੇ ਵਜੋਂ ਲੋਕਾਂ ਨੇ ਇਨ੍ਹਾਂ ਨੂੰ ਬਾਹਰ ਦਾ ਰਾਹ ਵਿਖਾਇਆ। ਭਗਵੰਤ ਮਾਨ ਨੇ ਕਿਹਾ ਕਿ ਲੋਕਾਂ ਨੇ ਸਾਡੇ ਵਿਚ ਭਰੋਸਾ ਜ਼ਾਹਰ ਕੀਤਾ ਹੈ ਅਤੇ ਅਸੀਂ ਹਰ ਕੀਮਤ ਉਤੇ ਇਸ ਦੀ ਰਾਖੀ ਕਰਾਂਗੇ।
ਗ਼ੈਰ-ਜ਼ਿੰਮੇਵਾਰਾਨਾ ਕਾਰਗੁਜ਼ਾਰੀ ਲਈ ਸਾਬਕਾ ਮੁੱਖ ਮੰਤਰੀਆਂ ਪ੍ਰਕਾਸ਼ ਸਿੰਘ ਬਾਦਲ ਅਤੇ ਕੈਪਟਨ ਅਮਰਿੰਦਰ ਸਿੰਘ ’ਤੇ ਵਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਨਾਂ ਦੋਵਾਂ ਆਗੂਆਂ ਨੇ ਸੂਬੇ ‘ਤੇ ਕਾਫੀ ਸਮਾਂ ਰਾਜ ਕੀਤਾ ਪਰ ਇਨ੍ਹਾਂ ਨੇ ਸੂਬੇ ਵਿੱਚ ਕੋਈ ਵੀ ਚੰਗਾ ਹਸਪਤਾਲ ਨਹੀਂ ਬਣਾਇਆ, ਇਸੇ ਕਰਕੇ ਉਨਾਂ ਨੂੰ ਇਲਾਜ ਕਰਵਾਉਣ ਲਈ ਵਿਦੇਸ਼ ਜਾਣਾ ਪਿਆ। ਉਨ੍ਹਾਂ ਕਿਹਾ ਕਿ ਜਿੱਥੇ ਕੈਪਟਨ ਅਤੇ ਬਾਦਲ ਦੋਵਾਂ ਨੇ ਕ੍ਰਮਵਾਰ ਲੰਡਨ ਅਤੇ ਨਿਊਯਾਰਕ ਵਿਖੇ ਮਿਆਰੀ ਇਲਾਜ ਕਰਵਾਇਆ ਹੈ, ਉਥੇ ਹੀ ਸੂਬੇ ਦੇ ਲੋਕਾਂ ਨੂੰ ਚੰਗੇ ਇਲਾਜ ਲਈ ਭਾਰੀ ਜੱਦੋ-ਜਹਿਦ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਭਗਵੰਤ ਮਾਨ ਨੇ ਕਿਹਾ ਕਿ ਇਹ ਦੋਵੇਂ ਆਗੂਆਂ ਲਈ ਬੜੀ ਸ਼ਰਮ ਦੀ ਗੱਲ ਹੈ, ਜੋ ਸੂਬੇ ਲਈ ਸਿਦਕਦਿਲੀ ਅਤੇ ਸੁਹਿਰਦਤਾ ਨਾਲ ਪ੍ਰਦਰਸ਼ਨ ਕਰਨ ਵਿਚ ਅਸਫਲ ਰਹੇ ਹਨ।
ਮੁੱਖ ਮੰਤਰੀ ਨੇ ਕਿਹਾ ਕਿ ਉਨਾਂ ਨੇ ਲੋਕ ਮੁੱਦਿਆਂ ਨੂੰ ਉਠਾਉਣ ਅਤੇ ਸਿਸਟਮ ਵਿੱਚ ਤਬਦੀਲੀ ਲਿਆਉਣ ਲਈ ਸੰਸਦ ਵਿੱਚ ਵਿਅੰਗਮਈ ਅੰਦਾਜ਼ ਵਿੱਚ ਆਵਾਜ਼ ਉਠਾਉਂਦੇ ਰਹੇ ਹਨ। ਉਨ੍ਹਾਂ ਕਿਹਾ ਕਿ ਸੱਤਾ ਵਿੱਚ ਰਹਿਣ ਵਾਲਿਆਂ ਨੇ ਆਮ ਲੋਕਾਂ ਦੇ ਚਿਹਰਿਆਂ ਤੋਂ ਰੌਣਕ ਖੋਹ ਲਈ ਜਿਸ ਕਾਰਨ ਉਹ ਪਹਿਲੀ ਵਾਰ ਚੋਣ ਹਾਰਨ ਦੇ ਬਾਵਜੂਦ ਸਿਆਸਤ ਵਿੱਚ ਡਟੇ ਰਹੇ। ਭਗਵੰਤ ਮਾਨ ਨੇ ਕਿਹਾ ਕਿ ਉਹ ਆਪਣੇ ਆਖਰੀ ਸਾਹ ਤੱਕ ਪੰਜਾਬੀਆਂ ਦੀ ਸੇਵਾ ਕਰਦੇ ਰਹਿਣਗੇ।
2012 ਦੀਆਂ ਚੋਣਾਂ ਵਿੱਚ ਪੀਪਲਜ਼ ਪਾਰਟੀ ਆਫ ਪੰਜਾਬ (ਪੀ.ਪੀ.ਪੀ.) ਦੀ ਮਾੜੀ ਕਾਰਗੁਜ਼ਾਰੀ ਬਾਰੇ ਇੱਕ ਕਿੱਸਾ ਸਾਂਝਾ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਮਨਪ੍ਰੀਤ ਬਾਦਲ ਨੇ ਆਪਣੇ ਚਾਚਾ ਪ੍ਰਕਾਸ਼ ਸਿੰਘ ਬਾਦਲ ਜੋ ਉਸ ਵੇਲੇ ਮੁੱਖ ਮੰਤਰੀ ਸਨ, ਨਾਲ ਆਪਸੀ ਮਨ-ਮੁਟਾਵ ਤੋਂ ਬਾਅਦ ਪਾਰਟੀ ਬਣਾਈ ਸੀ। ਭਗਵੰਤ ਮਾਨ ਨੇ ਕਿਹਾ ਕਿ ਉਨ੍ਹਾਂ ਨੇ ਕਦੇ ਵੀ ਆਪਣੇ ਚਾਚੇ ਜਾਂ ਉਨ੍ਹਾਂ ਦੀ ਸਰਕਾਰ ਦੇ ਮਾੜੇ ਕੰਮਾਂ ਖਿਲਾਫ ਇੱਕ ਸ਼ਬਦ ਵੀ ਨਹੀਂ ਬੋਲਿਆ ਜਿਸ ਕਾਰਨ ਉਨ੍ਹਾਂ ਦੀ ਪਾਰਟੀ ਦਾ ਵਿਧਾਨ ਸਭਾ ਚੋਣਾਂ ਵਿੱਚ ਮਾੜਾ ਹਸ਼ਰ ਹੋਇਆ ਅਤੇ ਇਸ ਤੋਂ ਬਾਅਦ ਉਹ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋ ਗਏ।

ਭਗਵੰਤ ਮਾਨ ਸਰਕਾਰ ਵਲੋਂ ਵੱਡਾ ਫ਼ੇਰਬਦਲ, ਡੀਜੀਪੀ ਤੋਂ ਬਾਅਦ ਮੁੱਖ ਸਕੱਤਰ ਨੂੰ ਵੀ ਬਦਲਿਆ

0

ਅਨੁਰਿਧ ਤਿਵਾੜੀ ਦੀ ਥਾਂ ਵੀ.ਕੇ.ਜੰਜੂਆਂ ਹੋਣਗੇ ਪੰਜਾਬ ਦੇ ਨਵੇਂ ਮੁੱਖ ਸਕੱਤਰ
ਬੀ.ਕੇ.ਭਾਵੜਾ ਦੇ ਛੁੱਟੀ ਜਾਣ ਤੋਂ ਬਾਅਦ ਗੌਰਵ ਯਾਦਵ ਨੇ ਸੰਭਾਲਿਆ ਪੰਜਾਬ ਦੇ ਕਾਰਜ਼ਕਾਰੀ ਡੀਜੀਪੀ ਦਾ ਚਾਰਜ਼
ਸੁਖਜਿੰਦਰ ਮਾਨ
ਚੰਡੀਗੜ੍ਹ,5 ਜੁਲਾਈ: ਸੰਗਰੂਰ ਜਿਮਨੀ ਚੋਣ ਹਾਰਨ ਤੋਂ ਬਾਅਦ ਜਿੱਥੇ ਸੂਬੇ ਦੀ ਭਗਵੰਤ ਮਾਨ ਦੀ ਅਗਵਾਈ ਹੇਠਲੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੰਜ ਵਿਧਾਇਕਾਂ ਨੂੰ ਮੰਤਰੀ ਮੰਡਲ ਵਿਚ ਸ਼ਾਮਲ ਕੀਤਾ ਹੈ, ਉਥੇ ਸੂਬੇ ਦੀ ਵਿਗੜੀ ਅਮਨ ਤੇ ਕਾਨੂੰਨ ਦੀ ਸਥਿਤੀ ਨੂੰ ਸੰਭਾਲਣ ਦੇ ਮੱਦੇਨਜ਼ਰ ਗੌਰਵ ਯਾਦਵ ਨੂੰ ਪੰਜਾਬ ਦਾ ਨਵਾਂ ਕਾਰਜ਼ਕਾਰੀ ਡੀਜੀਪੀ ਲਗਾਉਣ ਤੋਂ ਬਾਅਦ ਅੱਜ ਇੱਕ ਹੋਰ ਵੱਡਾ ਫੈਸਲਾ ਲੈਂਦਿਆਂ ਮੁੱਖ ਸਕੱਤਰ ਅਨੁਰਿਧ ਤਿਵਾੜੀ ਨੂੰ ਵੀ ਬਦਲ ਦਿੱਤਾ ਹੈ। ਹੁਣ ਸੀਨੀਅਰ ਆਈ.ਏ.ਐਸ ਅਧਿਕਾਰੀ ਵੀ.ਕੇ.ਜੰਜੂਆਂ ਪੰਜਾਬ ਦੇ ਨਵੇਂ ਮੁੱਖ ਸਕੱਤਰ ਹੋਣਗੇ। ਡੀਜੀਪੀ ਸ਼੍ਰੀ ਭਾਵੜਾ ਤੇ ਮੁੱਖ ਸਕੱਤਰ ਸ਼੍ਰੀ ਤਿਵਾੜੀ ਪਿਛਲੀ ਮੁੱਖ ਮੰਤਰੀ ਚੰਨੀ ਦੀ ਅਗਵਾਈ ਹੇਠਲੀ ਕਾਂਗਰਸ ਸਰਕਾਰ ਵਲੋਂ ਨਿਯੁਕਤ ਕੀਤੇ ਗਏ ਸਨ, ਜਿੰਨ੍ਹਾਂ ਨੂੰ ਆਪ ਸਰਕਾਰ ਨੇ ਵੀ ਭਰੋਸਾ ਜਤਾਉਂਦਿਆਂ ਤੈਨਾਤ ਕੀਤਾ ਹੋਇਆ ਸੀ। ਸੂਤਰਾਂ ਅਨੁਸਾਰ ਹੇਠਲੇ ਪੱਧਰ ਤੋਂ ਅਫ਼ਸਰਸ਼ਾਹੀ ਤੇ ਪੁਲਿਸ ਵਿਭਾਗ ਪ੍ਰਤੀ ਆ ਰਹੀ ਫ਼ੀਡਬੈਕ ਤੇ ਆਮ ਲੋਕਾਂ ਵਿਚ ਸਰਕਾਰ ਪ੍ਰਤੀ ਵਧ ਰਹੀ ਨਰਾਜ਼ਗੀ ਦੇ ਚੱਲਦੇ ਹੁਣ ਇਹ ਫੈਸਲਾ ਲਿਆ ਗਿਆ ਹੈ। ਉਧਰ 1992 ਬੈਚ ਦੇ ਆਈ.ਪੀ.ਐਸ ਅਧਿਕਾਰੀ ਸ਼੍ਰੀ ਯਾਦਵ ਨੂੰ ਪੰਜਾਬ ਦਾ ਕਾਰਜ਼ਕਾਰੀ ਡੀਜੀਪੀ ਲਗਾਉਣ ਤੋਂ ਬਾਅਦ ਸੱਤ ਹੋਰ ਸੀਨੀਅਰ ਆਈ.ਪੀ.ਐਸ ਅਧਿਕਾਰੀਆਂ ਦੀਆਂ ਨਵੀਂਆਂ ਤੈਨਾਤੀਆਂ ਕੀਤੀਆਂ ਗਈਆਂ ਹਨ। ਇੰਨ੍ਹਾਂ ਵਿਚ 1988 ਬੈਚ ਦੇ ਸੀਨੀਅਰ ਆਈ.ਪੀ.ਐਸ ਅਧਿਕਾਰੀ ਪ੍ਰਬੋਧ ਕੁਮਾਰ ਨੂੰ ਵਿਸੇਸ ਡੀਜੀਪੀ ਪੰਜਾਬ ਮਨੁੱਖੀ ਅਧਿਕਾਰ ਕਮਿਸ਼ਨ, 1989 ਬੈਚ ਦੇ ਸੰਜੀਵ ਕਾਲੜਾ ਨੂੰ ਵਿਸੇਸ ਡੀਜੀਪੀ ਹੋਮ ਗਾਰਡ, 1992 ਬੈਚ ਦੇ ਡਾ ਐਸ ਐਸ ਚੌਹਾਨ ਨੂੰ ਪੰਜਾਬ ਪੁਲਿਸ ਹਾਊਸਿੰਗ ਕਾਰਪੋਰੇਸ਼ਨ ਦੇ ਐਮ.ਡੀ , 1992 ਬੈਚ ਦੇ ਹੀ ਹਰਪ੍ਰੀਤ ਸਿੰਘ ਸਿੱਧੂ ਨੂੰ ਵਿਸੇਸ ਡੀਜੀਪੀ ਐਸ.ਟੀ.ਐਫ਼ ਅਤੇ ਜੇਲ੍ਹਾਂ, 1992 ਬੈਚ ਦੇ ਹੀ ਕੁਲਦੀਪ ਸਿੰਘ ਨੂੰ ਵਿਸੇਸ ਡੀਜੀਪੀ ਅੰਦਰੂਨੀ ਵਿਜੀਲੈਂਸ ਸੈਲ ਲਗਾਇਆ ਗਿਆ ਹੈ। ਇਸਤੋਂ ਇਲਾਵਾ 1994 ਬੈਚ ਦੇ ਏਡੀਜੀਪੀ ਐਸ.ਸ੍ਰੀਵਾਸਤਵਾ ਨੂੰ ਸੁਰੱਖਿਆ ਅਤੇ 1997 ਬੈਚ ਦੇ ਜਤਿੰਦਰ ਸਿੰਘ ਔਲਖ ਨੂੰ ਤਰੱਕੀ ਦੇ ਏ.ਡੀ.ਜੀ.ਪੀ ਇੰਟੈਲੀਜੈਂਸੀ ਵਿੰਗ ਦੀ ਜਿੰਮੇਵਾਰੀ ਦਿੱਤੀ ਗਈ ਹੈ।

ਸਟੇਨ ਸਵਾਮੀ ਦਾ ਸ਼ਹੀਦੀ ਦਿਵਸ ਮਨਾਇਆ

0

ਸੁਖਜਿੰਦਰ ਮਾਨ
ਬਠਿੰਡਾ,5 ਜੁਲਾਈ: ਅੱਜ ਮਨੁੱਖੀ ਅਤੇ ਜਮਹੂਰੀ ਹੱਕਾਂ ਦੇ ਮਹਾਨ ਘੁਲਾਟੀਏ ਸਟੇਨ ਸਵਾਮੀ ਦਾ ਜਮਹੂਰੀ ਅਧਿਕਾਰ ਸਭਾ ਇਕਾਈ ਬਠਿੰਡਾ ਟੀਚਰ ਹੋਮ ਵਿੱਚ ਸ਼ਹੀਦੀ ਦਿਵਸ ਮਨਾਇਆ ਗਿਆ । ਉਹ 5 ਜੁਲਾਈ 2021 ਨੂੰ ਜੇਲ੍ਹਬੰਦੀ ਦੌਰਾਨ ਸ਼ਹੀਦ ਹੋ ਗਏ ਸਨ। ਉਪਰੰਤ ਫ਼ੌਜੀ ਚੌਕ ਵਿਚ ਮਾਟੋ ਬੈਨਰ ਫਲੈਕਸਾਂ ਫੜ ਕੇ ਪ੍ਰਦਰਸ਼ਨ ਕੀਤਾ। ਸਭਾ ਦੇ ਮੈਂਬਰਾਂ ਤੋਂ ਬਿਨਾਂ ਤਰਕਸ਼ੀਲ ਸੋਸਾਇਟੀ ਸਾਹਿਤਕ ਹਸਤੀਆਂ ਅਤੇ ਹੋਰ ਜਮਹੂਰੀ ਸ਼ਖ਼ਸੀਅਤਾਂ ਨੇ ਹਿੱਸਾ ਲਿਆ । ਇਸ ਮੌਕੇ ਸੁਦੀਪ ਸਿੰਘ, ਐਨ ਕੇ ਜੀਤ ਨੇ ਸਟੇਨ ਸਵਾਮੀ ਅਤੇ ਹੁਣ ਦੇ ਹਾਲਾਤਾਂ ਸਬੰਧੀ ਵਿਚਾਰ ਰੱਖੇ ।ਉਨ੍ਹਾਂ ਸਟੇਨ ਸਵਾਮੀ ਨੂੰ ਭੀਮਾ-ਕੋਰੇਗਾਓਂ ਸਾਜ਼ਿਸ਼ ਕੇਸ ਵਿਚ ਗਿ੍ਰਫ਼ਤਾਰ ਕਰਕੇ ਜੇਲ੍ਹ ਵਿਚ ਬੇਹੱਦ ਅਣਮਨੁੱਖੀ ਹਾਲਾਤ ਵਿਚ ਰੱਖਿਆ ਗਿਆ। ਇਸ ਮੌਕੇ-ਜੇਲ੍ਹਾਂ ਵਿਚ ਭੀਮਾਕੋਰੇਗਾਓ., ਦਿੱਲੀ ਸਾਜ਼ਿਸ਼ ਕੇਸ ਆਦਿ ਕੇਸਾਂ ਵਿਚ ਜੇਲ੍ਹਾਂ ਵਿਚ ਡੱਕੇ ਲੋਕ ਪੱਖੀ ਬੁੱਧੀਜੀਵੀਆਂ ਅਤੇ ਕਾਰਕੁੰਨਾਂ ਅਤੇ ਹੋਰ ਸਾਰੇ ਸਿਆਸੀ ਕੈਦੀਆਂ ਨੂੰ ਤੁਰੰਤ ਬਿਨਾਂ ਸ਼ਰਤ ਰਿਹਾਅ ਕਰਨ ਅਤੇ ਉਨ੍ਹਾਂ ਵਿਰੁੱਧ ਦਰਜ ਸਾਰੇ ਝੂਠੇ ਕੇਸ ਵਾਪਸ ਲਏ ਜਾਣ, ਕਸ਼ਮੀਰ ਅਤੇ ਭਾਰਤ ਵਿਚ ਜੇਲ੍ਹਾਂ ਵਿਚ ਡੱਕੇ ਜੁਝਾਰੂ ਪੱਤਰਕਾਰਾਂ ਨੂੰ ਤੁਰੰਤ ਰਿਹਾਅ ਕਰਨ, ਪ੍ਰਗਟਾਵੇ ਅਤੇ ਵਿਚਾਰਾਂ ਦੀ ਆਜ਼ਾਦੀ ਉੱਪਰ ਹਮਲੇ ਬੰਦ ਕੀਤੇ ਜਾਣ। ਲੋਕਾਂ ਦੇ ਜਮਹੂਰੀ ਹੱਕਾਂ ਨੂੰ ਕੁਚਲਣ ਲਈ ਈਜ਼ਾਦ ਕੀਤੇ ਯੂਏਪੀਏ ਅਤੇ ਹੋਰ ਕਾਲੇ ਕਾਨੂੰਨ ਤੁਰੰਤ ਵਾਪਸ ਲਏ ਜਾਣ ਦੀ ਮੰਗ ਕੀਤੀ।ਇਸ ਮੌਕੇ ਪੈਰਾਮੈਡੀਕਲ ਆਗੂ ਗੁਰਮੀਤ ਸਿੰਘ ਨੇ ਇਸ ਮੌਕੇ ਹਰ ਮੋੜ ਤੇ ਸਲੀਬਾਂ ਗੀਤ ਸਾਂਝਾ ਕੀਤਾ ਅਤੇ ਤਰਕਸ਼ੀਲ ਆਗੂ ਰਾਜਪਾਲ ਨੇ ਸਟੇਨ ਸਵਾਮੀ ਦੁਆਰਾ ਲਿਖੀ ਕਵਿਤਾ ਸਾਂਝੀ ਕੀਤੀ ।

Our Visitor

1902849