Thursday, May 14, 2026
Home Blog Page 2464

ਮੁੱਖ ਮੰਤਰੀ ਵੱਲੋਂ ‘ਅਗਨੀਪਥ’ ਸਕੀਮ ਫੌਰੀ ਵਾਪਸ ਲੈਣ ਦੀ ਮੰਗ

0

ਸਕੀਮ ਨੂੰ ਭਾਰਤ ਸਰਕਾਰ ਦਾ ਕਿਸਾਨੀ ਮਗਰੋਂ ਜਵਾਨੀ ਉਤੇ ਵੱਡਾ ਹਮਲਾ ਗਰਦਾਨਿਆ
ਸੁਖਜਿੰਦਰ ਮਾਨ
ਚੰਡੀਗੜ੍ਹ, 17 ਜੂਨ: ਕੌਮੀ ਜਮਹੂਰੀ ਗਠਜੋੜ (ਐਨ.ਡੀ.ਏ.) ਦੀ ਸਰਕਾਰ ਵੱਲੋਂ ਭਾਰਤੀ ਫੌਜ ਵਿੱਚ ‘ਅਗਨੀਪਥ’ ਸਕੀਮ ਲਾਗੂ ਕਰਨ ਦੇ ਹਾਲੀਆ ਫੈਸਲੇ ਨੂੰ ਪਿਛਾਂਹ ਖਿੱਚੂ ਕਦਮ ਦੱਸ ਕੇ ਆਲੋਚਨਾ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ੁੱਕਰਵਾਰ ਨੂੰ ਕੇਂਦਰ ਸਰਕਾਰ ਨੂੰ ਰਾਸ਼ਟਰ ਤੇ ਨੌਜਵਾਨਾਂ ਦੇ ਵਡੇਰੇ ਹਿੱਤ ਵਿੱਚ ਇਸ ਫੈਸਲੇ ਨੂੰ ਤੁਰੰਤ ਵਾਪਸ ਲੈਣ ਲਈ ਕਿਹਾ ਹੈ।ਭਾਜਪਾ ਦੀ ਅਗਵਾਈ ਵਾਲੇ ਐਨ.ਡੀ.ਏ. ਗਠਜੋੜ ਸਰਕਾਰ ਦੇ ਇਸ ਕਦਮ ਦੀ ਨੁਕਤਾਚੀਨੀ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਕਿਸਾਨੀ ਤੋਂ ਬਾਅਦ ਜਵਾਨੀ ਉਤੇ ਇਹ ਗੰਭੀਰ ਹਮਲਾ ਹੈ, ਜਿਹੜਾ ਗ਼ੈਰ-ਵਾਜਬ ਅਤੇ ਨਾਜਾਇਜ਼ ਹੈ। ਉਨ੍ਹਾਂ ਕਿਹਾ ਕਿ ਇਹ ਪੰਜਾਬੀ ਨੌਜਵਾਨਾਂ, ਜਿਹੜੇ ਫੌਜ ਵਿੱਚ ਸ਼ਾਮਲ ਹੋ ਕੇ ਹਮੇਸ਼ਾ ਆਪਣੀ ਮਾਤ-ਭੂਮੀ ਦੀ ਸੇਵਾ ਲਈ ਤਿਆਰ ਰਹਿੰਦੇ ਹਨ, ਦਾ ਵੱਡਾ ਨੁਕਸਾਨ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਇਸ ਫੈਸਲੇ ਨਾਲ ਮੁਲਕ ਵਿੱਚ ਚੱਲ ਰਹੀ ਮੰਦਭਾਗੀ ਸਥਿਤੀ ਦਾ ਝਲਕਾਰਾ ਮਿਲਦਾ ਹੈ ਕਿਉਂਕਿ ਸੱਤਾ ਵਿਚਲੀ ਪਾਰਟੀ ਬਿਨਾਂ ਨੌਜਵਾਨਾਂ ਦੀ ਪਰਵਾਹ ਕੀਤੇ ਬੇਪ੍ਰਵਾਹੀ ਨਾਲ ਮੁਲਕ ਨੂੰ ਚਲਾ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਨਾਸਮਝੀ ਭਰੇ ਫੈਸਲੇ ਨੇ ਮੁਲਕ ਨੂੰ ਬਲਦੀ ਦੇ ਬੂਥੇ ਦੇ ਦਿੱਤਾ ਹੈ ਕਿਉਂਕਿ ਦੇਸ਼ ਦਾ ਨੌਜਵਾਨ ਸੜਕਾਂ ਉਤੇ ਆ ਕੇ ਕੇਂਦਰ ਸਰਕਾਰ ਦੇ ਇਸ ਗ਼ੈਰ-ਜ਼ਿੰਮੇਵਾਰਾਨਾ ਫੈਸਲੇ ਖ਼ਿਲਾਫ਼ ਪ੍ਰਦਰਸ਼ਨ ਕਰ ਰਿਹਾ ਹੈ। ਭਗਵੰਤ ਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ (ਆਪ) ਇਸ ਫੈਸਲੇ ਦੀ ਜ਼ੋਰਦਾਰ ਖ਼ਿਲਾਫ਼ਤ ਕਰਦੀ ਹੈ, ਜਿਹੜਾ ਨੌਜਵਾਨਾਂ ਨੂੰ ਉਮਰ ਭਰ ਦੇਸ਼ ਦੀ ਸੇਵਾ ਦੇ ਮੌਕੇ ਤੋਂ ਵਾਂਝਾ ਕਰ ਕੇ ਸਿਰਫ਼ ਚਾਰ ਸਾਲ ਮਗਰੋਂ ਉਨ੍ਹਾਂ ਨੂੰ ਬੇਕਾਰ ਕਰਦਾ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਇਹ ਬਹੁਤ ਮੰਦਭਾਗਾ ਹੈ ਕਿ ਕੇਂਦਰ ਸਰਕਾਰ ਨੇ ਪਿਛਲੇ ਦੋ ਸਾਲਾਂ ਦੌਰਾਨ ਇਕ ਵੀ ਨੌਜਵਾਨ ਨੂੰ ਫੌਜ ਵਿੱਚ ਨੌਕਰੀ ਨਹੀਂ ਦਿੱਤੀ। ਉਨ੍ਹਾਂ ਕਿਹਾ ਕਿ ਹੁਣ ‘ਅਗਨੀਪਥ’ ਸਕੀਮ ਰਾਹੀਂ ਕੇਂਦਰ ਸਰਕਾਰ ਨੇ ਨੌਜਵਾਨਾਂ ਨੂੰ ਸਿਰਫ਼ ਚਾਰ ਸਾਲਾਂ ਲਈ ਫੌਜ ਵਿੱਚ ਸੇਵਾ ਕਰਨ ਦੀ ਇਜਾਜ਼ਤ ਦਿੱਤੀ ਹੈ, ਉਹ ਵੀ ਪੈਨਸ਼ਨ ਤੋਂ ਬਗ਼ੈਰ। ਭਗਵੰਤ ਮਾਨ ਨੇ ਕਿਹਾ ਕਿ ਇਹ ਉਸ ਭਾਰਤੀ ਫੌਜ ਦੀ ਘੋਰ ਨਿਰਾਦਰੀ ਹੈ, ਜਿਸ ਦੀ ਬਹਾਦਰੀ, ਬਲੀਦਾਨ ਤੇ ਨਿਰਸਵਾਰਥ ਸੇਵਾ ਰਾਹੀਂ ਦੇਸ਼ ਦੀ ਸੇਵਾ ਵਿਰਾਸਤ ਰਹੀ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਇਸ ਕਦਮ ਨਾਲ ਦੇਸ਼ ਦੇ ਨੌਜਵਾਨਾਂ ਦੀ ਪਿੱਠ ਵਿੱਚ ਛੁਰਾ ਮਾਰਿਆ ਹੈ। ਉਨ੍ਹਾਂ ਕਿਹਾ ਕਿ ਨੌਜਵਾਨਾਂ ਦਾ ਗੁੱਸਾ ਕੇਂਦਰ ਸਰਕਾਰ ਦੇ ਇਸ ਨਾਸਮਝੀ ਵਾਲੇ ਕਦਮ ਦਾ ਹੀ ਨਤੀਜਾ ਹੈ। ਭਗਵੰਤ ਮਾਨ ਨੇ ਕੇਂਦਰ ਸਰਕਾਰ ਨੂੰ ਕਿਹਾ ਕਿ ਮੁਲਕ ਦੀ ਏਕਤਾ, ਅਖੰਡਤਾ ਤੇ ਪ੍ਰਭੂਸੱਤਾ ਦੇ ਵਡੇਰੇ ਹਿੱਤ ਵਿੱਚ ਇਸ ਫੈਸਲੇ ਨੂੰ ਫੌਰੀ ਵਾਪਸ ਲਿਆ ਜਾਵੇ।

ਅਗਨੀਪਥ ਯੋਜਨਾ ਤਹਿਤ ਦੇਸ਼ ਦੀਆਂ ਫੌਜਾਂ ਠੇਕੇ ‘ਤੇ ਦਿੱਤੇ ਜਾਣ ਦੇ ਫੈਸਲਾ ਦੀ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਸਖਤ ਨਿਖੇਧੀ

0

ਸੁਖਜਿੰਦਰ ਮਾਨ
ਚੰਡੀਗੜ੍ਹ, 17 ਜੂਨ: ਕੇਂਦਰ ਸਰਕਾਰ ਦੁਆਰਾ ਅਗਨੀਪਥ ਯੋਜਨਾ ਤਹਿਤ ਦੇਸ਼ ਦੀਆਂ ਫੌਜਾਂ ਠੇਕੇ ‘ਤੇ ਦਿੱਤੇ ਜਾਣ ਦੀ ਮਨਜ਼ੂਰੀ ਦੇਣ ਦੀ ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) ਵੱਲੋਂ ਸਖਤ ਨਿਖੇਧੀ ਕਰਦਿਆਂ ਇਹ ਫੈਸਲਾ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ ਗਈ ਹੈ। ਜਥੇਬੰਦੀ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਅਤੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਇਸ ਸੰਬੰਧੀ ਇੱਥੇ ਸਾਂਝਾ ਪ੍ਰੈਸ ਬਿਆਨ ਜਾਰੀ ਕਰਦਿਆਂ ਕਿਹਾ ਹੈ ਕਿ ਇਸ ਯੋਜਨਾ ਤਹਿਤ ਸੈਨਾਵਾਂ ‘ਚ ਠੇਕੇ ਉਤੇ ਭਰਤੀ ਸਿਰਫ਼ 4 ਸਾਲਾਂ ਲਈ ਕੀਤੀ ਜਾਵੇਗੀ ਅਤੇ ਉਸ ਤੋਂ ਬਾਅਦ ਸਿਰਫ 25% ਜਵਾਨਾਂ ਨੂੰ ਫੌਜ ਵਿਚ ਹੋਰ ਵਧੇਰੇ ਸਮਾਂ ਨੌਕਰੀ ਦਾ ਮੌਕਾ ਦਿੱਤਾ ਜਾਵੇਗਾ, ਯਾਨੀ 75% ਜਵਾਨਾਂ ਨੂੰ ਸੇਵਾ-ਮੁਕਤ ਕਰ ਦਿੱਤਾ ਜਾਵੇਗਾ। ਉਨ੍ਹਾਂ ਦੋਸ਼ ਲਾਇਆ ਹੈ ਕਿ ਸਰਕਾਰ ਦਾ ਇਹ ਫ਼ੈਸਲਾ ਦੇਸ਼ ਨੂੰ ਦੇਸੀ ਵਿਦੇਸ਼ੀ ਕਾਰਪੋਰੇਟਾਂ ਕੋਲ਼ ਗਹਿਣੇ ਧਰਨ ਵਾਲ਼ੀ ਨਿੱਜੀਕਰਣ ਦੀ ਨੀਤੀ ਦਾ ਜਾਰੀ ਰੂਪ ਹੈ। ਪਹਿਲਾਂ ਫੌਜੀ ਹਥਿਆਰ ਬਣਾਉਣ ਦੇ ਠੇਕੇ ਵੀ ਵਿਦੇਸ਼ੀ ਕਾਰਪੋਰੇਟਾਂ ਨੂੰ ਦਿੱਤੇ ਗਏ ਹਨ। ਸਰਕਾਰ ਦੇ ਇਸ ਫੈਸਲੇ ਖਿਲਾਫ ਦੇਸ਼ ਦੇ ਵੱਖ ਵੱਖ ਕੋਨਿਆਂ ਵਿੱਚ ਨੌਜਵਾਨਾਂ ਦਾ ਫੁੱਟ ਰਿਹਾ ਰੋਹ ਬਿਲਕੁਲ ਵਾਜਬ ਹੈ। ਬੇਰੁਜ਼ਗਾਰੀ ਦੀ ਚੱਕੀ ਵਿੱਚ ਪਿਸ ਰਹੇ ਗਰੀਬ ਕਿਰਤੀਆਂ ਦੇ ਨੌਜਵਾਨ ਬੱਚਿਆਂ ਨੂੰ ਇਸ ਦੇਸ਼ਧ੍ਰੋਹੀ ਫੈਸਲੇ ਨੇ ਇਸ ਕਦਰ ਝੰਜੋੜਿਆ ਹੈ ਕਿ ਕੁੱਝ ਨੌਜਵਾਨਾਂ ਵੱਲੋਂ ਘੋਰ ਨਿਰਾਸ਼ਾ ਦੀ ਹਾਲਤ ਵਿੱਚ ਖੁਦਕੁਸ਼ੀਆਂ ਕਰਨ ਦੀਆਂ ਖ਼ਬਰਾਂ ਹਰ ਦੇਸ਼ਭਗਤ ਦੇ ਮਨਾਂ ਅੰਦਰ ਰੋਹ ਦੀ ਜਵਾਲਾ ਭੜਕਾ ਰਹੀਆਂ ਹਨ। ਕਿਸਾਨ ਆਗੂਆਂ ਨੇ ਜਥੇਬੰਦੀ ਦੀ ਮੰਗ ਉੱਤੇ ਜ਼ੋਰ ਦਿੱਤਾ ਹੈ ਕਿ ਸਰਕਾਰ ਵੱਲੋਂ ਸੈਨਾਵਾਂ ਦਾ ਨਿੱਜੀਕਰਣ ਕਰਨ ਵਾਲੀ ਅਗਨੀਪਥ ਨਾਂ ਦੀ ਯੋਜਨਾ ਫੌਰੀ ਵਾਪਸ ਲਈ ਜਾਵੇ। ਮੁਲਕ ਦੇ ਸਮੂਹ ਨੌਜਵਾਨਾਂ ਨੂੰ ਪੱਕਾ ਰੁਜ਼ਗਾਰ ਦੇਣ ਵਾਲੀ ਦੇਸ਼ ਪੱਖੀ ਨੀਤੀ ਬਣਾਈ ਜਾਵੇ ਅਤੇ ਕਾਰਪੋਰੇਟ ਜਗਤ ਦੇ ਸੇਵਕ ਸੰਸਾਰ ਬੈਂਕ ਤੇ ਸੰਸਾਰ ਵਪਾਰ ਸੰਸਥਾ ਦੀ ਜਨਤਕ ਅਦਾਰਿਆਂ ਦਾ ਨਿੱਜੀਕਰਣ ਕਰਨ ਵਾਲੀ ਨੀਤੀ ਰੱਦ ਕੀਤੀ ਜਾਵੇ।

ਸੰਗਰੂਰ ਜ਼ਿਮਨੀ ਚੋਣ:ਆਮ ਆਦਮੀ ਪਾਰਟੀ ਬਣਾਏਗੀ ਹੈਟ੍ਰਿਕ: ਹਰਪਾਲ ਸਿੰਘ ਚੀਮਾ

0

ਤਿੰਨ ਮਹੀਨਿਆਂ ਦੀ ਸੱਤਾ ਦੌਰਾਨ ਸਰਕਾਰ ਨੇ ਕਈ ਇਤਿਹਾਸਕ ਫ਼ੈਸਲੇ ਕੀਤੇ: ਹਰਪਾਲ ਸਿੰਘ ਚੀਮਾ
ਸੁਖਜਿੰਦਰ ਮਾਨ
ਸੰਗਰੂਰ, 17 ਜੂਨ :‘ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਹਮੇਸ਼ਾਂ ਹੀ ਗੈਂਗਸਟਰਾਂ ਨੂੰ ਬਚਾਉਂਦੇ ਰਹੇ ਹਨ, ਪਰ ਹੁਣ ਜਾਂਚ ਹੋ ਰਹੀ ਹੈ। ਜਾਂਚ ਦੌਰਾਨ ਜੇ ਕਿਸੇ ਵੀ ਸਿਆਸੀ ਆਗੂ ਜਾਂ ਅਫ਼ਸਰ ਦੇ ਸੰਬੰਧ ਗੈਂਗਸਟਰਾਂ ਨਾਲ ਪਾਏ ਗਏ ਤਾਂ ਉਹ ਵੀ ਸਲਾਖ਼ਾਂ ਪਿੱਛੇ ਹੋਵੇਗਾ।’ ਇਹ ਪ੍ਰਗਟਾਵਾ ਪੰਜਾਬ ਦੇ ਵਿੱਤ ਤੇ ਯੋਜਨਾ ਅਤੇ ਸਹਿਕਾਰਤਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਸੰਗਰੂਰ ਹਲਕੇ ’ਚ ਆਮ ਆਦਮੀ ਪਾਰਟੀ (ਆਪ) ਦੇ ਉਮੀਦਵਾਰ ਗੁਰਮੇਲ ਸਿੰਘ ਘਰਾਚੋਂ ਦੇ ਹੱਕ ’ਚ ਚੋਣ ਪ੍ਰਚਾਰ ਕਰਦਿਆਂ ਪੱਤਰਕਾਰਾਂ ਨਾਲ ਕੀਤਾ।
ਹਰਪਾਲ ਸਿੰਘ ਚੀਮਾ ਨੇ ਕਿਹਾ, ‘‘ਸੰਗਰੂਰ ਜ਼ਿਮਨੀ ਚੋਣ ’ਚ ਆਮ ਆਦਮੀ ਪਾਰਟੀ ਹੈਟ੍ਰਿਕ ਬਣਾਏਗੀ ਅਤੇ ਇਸ ਸੀਟ ਤੋਂ ‘ਆਪ’ ਦੇ ਉਮੀਦਵਾਰ ਗੁਰਮੇਲ ਸਿੰਘ ਘਰਾਚੋਂ ਭਾਰੀ ਬਹੁਮਤ ਨਾਲ ਜਿੱਤ ਪ੍ਰਾਪਤ ਕਰਨਗੇ, ਕਿਉਂਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ ਤਿੰਨ ਮਹੀਨਿਆਂ ਦੌਰਾਨ ਕਈ ਇਤਿਹਾਸਕ ਫ਼ੈਸਲੇ ਕੀਤੇ ਹਨ।’’ ਚੀਮਾ ਨੇ ਦੱਸਿਆ ਕਿ ਮਾਨ ਸਰਕਾਰ ਦੇ ਪਹਿਲੇ ਦੋ ਮਹੀਨਿਆਂ ’ਚ ਹੀ ਬੇਰੁਜ਼ਗਾਰ ਨੌਜਵਾਨਾਂ ਲਈ 26454 ਨੌਕਰੀਆਂ ਦੇ ਇਸ਼ਤਿਹਾਰ ਜਾਰੀ ਹੋਏ, ਝੋਨੇ ਦੀ ਸਿੱਧੀ ਬਿਜਾਈ ਲਈ ਕਿਸਾਨਾਂ ਨੂੰ ਪ੍ਰਤੀ ਏਕੜ 1500 ਰੁਪਏ, ਘਰ ਘਰ ਮੁਫ਼ਤ ਰਾਸ਼ਣ, 300 ਯੂਨਿਟ ਮੁਫ਼ਤ ਹਰ ਪਰਿਵਾਰ ਨੂੰ ਦੇਣ ਜਿਹੇ ਫ਼ੈਸਲਾ ਕੀਤੇ ਹਨ। ਉਨ੍ਹਾਂ ਕਿਹਾ ਕਿ ਸੰਗਰੂਰ ’ਚ ‘ਆਪ’ ਦਾ ਪੱਖ ਸਭ ਤੋਂ ਮਜ਼ਬੂਤ ਹੈ। ਸਾਰੇ ਵਿਰੋਧੀ ਇਕ ਪਾਸੇ ਹਨ ਅਤੇ ‘ਆਪ’ ਇੱਕ ਪਾਸੇ ਹੈ। ਹੋਰਨਾਂ ਉਮੀਦਵਾਰਾਂ ਦੀਆਂ ਜ਼ਮਾਨਤਾਂ ਜ਼ਬਤ ਹੋਣਗੀਆਂ, ਇਸ ਲਈ ਕਾਂਗਰਸ, ਅਕਾਲੀ ਦਲ ਅਤੇ ਭਾਜਪਾ ਦੇ ਪ੍ਰਧਾਨ ਫ਼ੈਸਲਾ ਕਰ ਲੈਣ ਕਿ ਪਹਿਲਾ ਅਸਤੀਫ਼ਾ ਕੌਣ ਦੇਵੇਗਾ।
ਵਿੱਤ ਮੰਤਰੀ ਨੇ ਕਿਹਾ ਕਿ ਪੰਜਾਬ ਦੇ ਨੌਜਵਾਨਾਂ ਦੀਆਂ ਮੰਗਾਂ ਅਤੇ ਸਮੱਸਿਆਵਾਂ ਕਾਂਗਰਸ ਅਤੇ ਅਕਾਲੀ ਦਲ ਨੇ ਖੜ੍ਹੀਆਂ ਕੀਤੀਆਂ ਹਨ। ਜੇ ਪੰਜਾਬ ਦਾ ਨੌਜਵਾਨ ਬੇਰੁਜ਼ਗਾਰ ਹੈ ਤਾਂ ਇਨਾਂ ਪਾਰਟੀਆਂ ਦੀਆਂ ਸਰਕਾਰਾਂ ਕਾਰਨ ਹੈ। ਤਿੰਨ ਮਹੀਨਿਆਂ ਦੀ ਸੱਤਾ ਦੌਰਾਨ ਮਾਨ ਸਰਕਾਰ ਨੇ ਕਈ ਇਤਿਹਾਸਕ ਫ਼ੈਸਲੇ ਕੀਤੇ ਹਨ ਅਤੇ ਆਉਂਦੇ ਸਮੇਂ ’ਚ ਨੌਜਵਾਨਾਂ ਸਮੇਤ ਸਾਰੇ ਵਰਗਾਂ ਦੇ ਹਿੱਤਾਂ ਵਿੱਚ ਵੱਡੇ ਫ਼ੈਸਲੇ ਕਰਾਂਗੇ। ਸਾਰੀਆਂ ਮੁਸ਼ਕਲਾਂ ਹੱਲ ਕਰਾਂਗੇ।
ਭ੍ਰਿਸ਼ਟਾਚਾਰ ਬਾਰੇ ਗੱਲ ਕਰਦਿਆਂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਇਹ ਵੀ ਇਤਿਹਾਸ ਹੈ ਕਿ ਮੁੱਖ ਮੰਤਰੀ ਮਾਨ ਨੇ ਆਪਣੇ ਮੰਤਰੀ ਨੂੰ ਵੀ ਨਹੀਂ ਬਖਸ਼ਿਆ ਅਤੇ ਉਸ ਨੂੰ ਭ੍ਰਿਸ਼ਟਾਚਾਰ ਦੇ ਦੋਸ਼ਾਂ ’ਚ ਜੇਲ੍ਹ ਭੇਜਿਆ ਹੈ। ਹੋਰ ਵੀ ਜਿਹੜੇ ਭ੍ਰਿਸ਼ਟਾਚਾਰੀ ਹਨ, ਜਿਹਨਾਂ ਨੇ ਪੰਜਾਬ ਨੂੰ ਲੁੱਟਿਆ, ਸਾਰੇ ਜੇਲ੍ਹਾਂ ’ਚ ਹੋਣਗੇ। ਇਹ ਜਿਹੜੀ ਬਚੀ ਖੁਚੀ ਕਾਂਗਰਸ ਆਪਣੇ ਭ੍ਰਿਸ਼ਟ ਆਗੂ ਨੂੰ ਬਚਾਉਣ ਲਈ ਧਰਨੇ ਲਾ ਰਹੀ ਹੈ, ਸੰਗਰੂਰ ਸੀਟ ਦਾ ਨਤੀਜਾ ਆਉਣ ਤੋਂ ਬਾਅਦ ਇਹ ਵੀ ਨਹੀਂ ਬਚੇਗੀ।
ਇੱਕ ਸਵਾਲ ਦਾ ਜਵਾਬ ਦਿੰਦਿਆਂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਪੰਜਾਬ ਪੁਲੀਸ ਸੂਬੇ ਦੀ ਸੁਰੱਖਿਆ ਲਈ ਬਹੁਤ ਵਧੀਆ ਕੰਮ ਕਰ ਰਹੀ ਹੈ। ਅੱਤਵਾਦ ਦੇ ਦੌਰ ’ਚ ਵੀ ਪੰਜਾਬ ਪੁਲੀਸ ਨੇ ਸ਼ਾਂਤੀ ਕਾਇਮ ਰੱਖਣ ਲਈ ਕੰਮ ਕੀਤਾ ਸੀ ਅਤੇ ਹੁਣ ਗੈਂਗਸਟਰਾਂ ਖ਼ਿਲਾਫ਼ ਵੀ ਪੁਲੀਸ ਦੀ ਭੂਮਿਕਾ ਸਾਰਥਕ ਹੈ। ਪੰਜਾਬ ਪੁਲੀਸ ਹੀ ਗੈਂਗਸਟਰਾਂ ਨੂੰ ਫੜ੍ਹ ਕੇ ਲਿਆਈ ਹੈ ਅਤੇ ਪੂਰੇ ਜੋਸ਼ ਅਤੇ ਕਾਨੂੰਨੀ ਪ੍ਰਕਿਰਿਆ ’ਚ ਵਧੀਆ ਕੰਮ ਕਰ ਰਹੀ ਹੈ।
ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਅਕਾਲੀ ਦਲ ਬਾਦਲ ਤਾਂ ਪਹਿਲਾਂ ਹੀ ਸੰਗਰੂਰ ਦੇ ਮੈਦਾਨ ਵਿਚੋਂ ਭੱਜ ਰਿਹਾ ਹੈ। ਅਕਾਲੀ ਦਲ ਦੀ ਉਮੀਦਵਾਰ ਬੀਬਾ ਜੀ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀਆਂ ਫੋਟੋਆਂ ਲਾਉਣ ਤੋਂ ਹੀ ਭੱਜ ਰਹੇ ਹਨ, ਕਿਉਂਕਿ ਉਹ ਜਾਣਦੇ ਹਨ ਕਿ ਜਿਹੜੀਆਂ ਦੋ ਚਾਰ ਵੋਟਾਂ ਪੈਣੀਆਂ ਹਨ, ਸੁਖਬੀਰ ਸਿੰਘ ਬਾਦਲ ਦੀ ਫੋਟੋ ਲਾਉਣ ਤੋਂ ਬਾਅਦ ਉਹ ਵੋਟਾਂ ਵੀ ਨਹੀਂ ਪੈਣੀਆਂ।
ਸਿਮਰਨਜੀਤ ਸਿੰਘ ਮਾਨ ਬਾਰੇ ਟਿਪਣੀ ਕਰਦਿਆਂ ‘ਆਪ’ ਆਗੂ ਨੇ ਕਿਹਾ ਕਿ ਕਾਫੀ ਸਾਰੇ ਲੋਕਾਂ ਨੇ ਚੋਣ ਲੜ੍ਹਨ ਦਾ ਰਿਕਾਰਡ ਬਣਾਉਣਾ ਹੁੰਦਾ ਹੈ। ਕੁੱਝ ਕਾਂਗਰਸ ਤੋਂ ਭਾਜਪਾ ’ਚ ਆਏ ਹਨ। ਭਾਜਪਾ ਨੂੰ ਪੰਜਾਬ ਦੇ ਕਿਸਾਨ ਚੰਗੀ ਤਰ੍ਹਾਂ ਜਾਣਦੇ ਹਨ, ਜਿਹੜੀ ਕਿਸਾਨਾਂ ਖ਼ਿਲਾਫ਼ ਤਿੰਨ ਕਾਲ਼ੇ ਕਾਨੂੰਨ ਲੈ ਕੇ ਆਈ ਸੀ ਅਤੇ ਪੰਜਾਬ ਦੇ ਬੱਚੇ ਬੱਚੇ ਨੇ ਦਿੱਲੀ ਸਰਹੱਦ ’ਤੇ ਜਾ ਕੇ ਮੋਰਚਾ ਲਾਉਣਾ ਪਿਆ ਸੀ। ਇਸ ਸੰਘਰਸ਼ ਦੌਰਾਨ ਸੱਤ ਸੌ ਤੋਂ ਜ਼ਿਆਦਾ ਕਿਸਾਨਾਂ ਨੂੰ ਸ਼ਹੀਦੀ ਦੇਣੀ ਪਈ।
ਕਾਂਗਰਸ, ਭਾਜਪਾ ਅਤੇ ਅਕਾਲੀ ਦਲ ਦੇ ਭੰਡੀ ਪ੍ਰਚਾਰ ਦਾ ਜਵਾਬ ਦਿੰਦਿਆਂ ਹਰਪਾਲ ਸਿੰਘ ਚੀਮਾ ਨੇ ਕਿਹਾ, ‘‘ਵਿਰੋਧੀ ਪਾਰਟੀਆਂ ਵਾਲੇ ਜਿੰਨੀਆਂ ਮਰਜੀ ਝੂਠੀਆਂ ਗੱਲਾਂ ਕਰਨ, ਪਰ ਜਦੋਂ ਚੋਣ ਦਾ ਨਤੀਜਾ ਆਏਗਾ ਸਭ ਦੇੇ ਮੂੰਹ ਬੰਦ ਹੋ ਜਾਣਗੇ। ਆਮ ਆਦਮੀ ਪਾਰਟੀ ਵੱਡੀ ਲੀਡ ਲੈ ਕੇ ਜਿੱਤ ਪ੍ਰਾਪਤ ਕਰੇਗੀ। ‘ਆਪ’ ਸੱਤ ਅੱਠ ਸਾਲਾਂ ਦੀ ਪਾਰਟੀ ਹੈ, ਜਿਸ ਨੇ ਵਿਧਾਨ ਸਭਾ ਚੋਣਾ ਦੌਰਾਨ 117 ਵਿਚੋਂ 92 ਸੀਟਾਂ ਜਿੱਤ ਕੇ ਇਤਿਹਾਸ ਰਚਿਆ ਹੈ। ਵਿਰੋਧੀ ਪਾਰਟੀਆਂ ਘਬਰਾਹਟ ਵਿੱਚ ਹਨ, ਕਿਉਂਕਿ ਉਨ੍ਹਾਂ ਦੀਆਂ ਜ਼ਮਾਨਤਾਂ ਜ਼ਬਤ ਹੋਣੀਆਂ ਹਨ। ’’ ਉਨ੍ਹਾਂ ਦੱਸਿਆ ਕਿ ਜਦੋਂ 2022 ’ਚ ਪੰਜਾਬ ਵਿਧਾਨ ਸਭਾ ਚੋਣਾ ਸਨ ਤਾਂ ਇਹ ਵਿਰੋਧੀ ਕਹਿੰਦੇ ਸਨ ਹਰਪਾਲ ਸਿੰਘ ਚੀਮਾ ਬੂਰੀ ਤਰ੍ਹਾਂ ਹਾਰੇਗਾ, ਪਰ ਵੱਡੀ ਲੀਡ ਨਾਲ ਜਿੱਤ ਪ੍ਰਾਪਤ ਹੋਈ ਸੀ।

ਅਕਾਲੀ ਅਤੇ ਕਾਂਗਰਸੀਆਂ ਨੇ ਗੈਂਗਸਟਰਾਂ ਨੂੰ ਦਿੱਤੀ ਸਰਪ੍ਰਸਤੀ, ਅਸੀਂ ਪੰਜਾਬ ਨੂੰ ਅਪਰਾਧ ਮੁਕਤ ਬਣਾਉਣ ਦੀ ਸਹੁੰ ਖਾਧੀ: ਭਗਵੰਤ ਮਾਨ

0

-ਹਰ ਰੋਜ਼ ਆਪਣੀ ਕਲਮ ਨੂੰ ਮੱਥਾ ਟੇਕਦਾ ਹਾਂ, ਪਿਛਲੇ ਤਿੰਨ ਮਹੀਨਿਆਂ ’ਚ ਸਿਰਫ਼ ਲੋਕ ਹਿਤੈਸ਼ੀ ਫ਼ੈਸਲੇ ਕੀਤੇ : ਭਗਵੰਤ ਮਾਨ
-ਵਿਰੋਧੀ ਦਲ ‘ਆਪ’ ਸਰਕਾਰ ਦੇ ਲੋਕ ਹਿਤੈਸ਼ੀ ਕੰਮਾਂ ਨੂੰ ਹਜ਼ਮ ਨਹੀਂ ਕਰ ਪਾ ਰਹੇ, ਜਿਹੜੇ ਕੰਮ 75 ਸਾਲਾਂ ’ਚ ਨਹੀਂ ਹੋਏ, ਸਾਡੀ ਸਰਕਾਰ ਨੇ ਤਿੰਨ ਮਹੀਨਿਆਂ ’ਚ ਕਰਕੇ ਦਿਖਾਏ: ਭਗਵੰਤ ਮਾਨ
ਸੁਖਜਿੰਦਰ ਮਾਨ
ਸੰਗਰੂਰ, 17 ਜੂਨ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵਿਰੋਧੀ ਪਾਰਟੀਆਂ ਦੀ ਅਲੋਚਨਾ ਕਰਦਿਆਂ ਕਿਹਾ, ‘ਕਾਂਗਰਸ ਅਤੇ ਅਕਾਲੀ ਦਲ ਸਮੇਤ ਭਾਰਤੀ ਜਨਤਾ ਪਾਰਟੀ ਦੀਆਂ ਸਰਕਾਰਾਂ ਨੇ ਹਮੇਸ਼ਾਂ ਗੈਂਗਸਟਰਾਂ ਅਤੇ ਮਾਫੀਆਂ ਨੂੰ ਸਰਪ੍ਰਸਤੀ ਦਿੱਤੀ ਹੈ। ਆਪਣੇ ਰਾਜਨੀਤਿਕ ਫਾਇਦੇ ਲਈ ਉਨ੍ਹਾਂ ਨੇ ਗੈਂਗਸਟਰਵਾਦ ਨੂੰ ਪ੍ਰਫੁੱਲਤ ਕੀਤਾ ਅਤੇ ਸੂਬੇ ਦਾ ਮਹੌਲ ਖ਼ਰਾਬ ਕਰਨ ਦੀ ਕੋਸ਼ਿਸ਼ ਕੀਤੀ। ਪਰ ਅਸੀਂ ਪੰਜਾਬ ਨੂੰ ਅਪਰਾਧ ਅਤੇ ਮਾਫੀਆ ਮੁਕਤ ਬਣਾਉਣ ਦੀ ਸਹੁੰ ਖਾਧੀ ਹੈ। ਇਸ ਲਈ ਜਿਨ੍ਹਾਂ ਲੋਕਾਂ ਨੇ ਗੈਂਗਸਟਰਾਂ ਨੂੰ ਜਨਮ ਦਿੱਤਾ, ਉਹ ਅੱਜ ਰੌਲ਼ਾ ਪਾ ਰਹੇ ਹਨ।’’
ਮੁੱਖ ਮੰਤਰੀ ਮਾਨ ਸ਼ੁੱਕਰਵਾਰ ਨੂੰ ਸੰਗਰੂਰ ਲੋਕ ਸਭਾ ਜ਼ਿਮਨੀ ਚੋਣ ਲਈ ਆਮ ਆਦਮੀ ਪਾਰਟੀ (ਆਪ) ਦੇ ਉਮੀਦਵਾਰ ਗੁਰਮੇਲ ਸਿੰਘ ਘਰਾਚੋਂ ਦੇ ਹੱਕ ਵਿੱਚ ਪ੍ਰਚਾਰ ਕਰਨ ਲਈ ਵਿਧਾਨ ਸਭਾ ਹਲਕਾ ਦਿੜ੍ਹਬਾ ਅਤੇ ਸੁਨਾਮ ’ਚ ਆਏ ਸਨ ਅਤੇ ਉਨ੍ਹਾਂ ਨੇ ਦਿੜ੍ਹਬਾ, ਖਨੌਰੀ, ਲਹਿਰਾ, ਝਾਂਜਲੀ, ਜਖੇਪਾਲ, ਚੀਮਾ, ਲੌਗੋਂਵਾਲ ਅਤੇ ਸੁਨਾਮ ਵਿੱਚ ‘ਰੋਡ ਸ਼ੋਅ’ ਕਰਕੇ ਵੋਟਰਾਂ ਨੂੰ ਗੁਰਮੇਲ ਸਿੰਘ ਘਰਾਚੋਂ ਨੂੰ ਭਾਰੀ ਬਹੁਮਤ ਨਾਲ ਜਿਤਾਉਣ ਦੀ ਅਪੀਲ ਕੀਤੀ।
ਮੁੱਖ ਮੰਤਰੀ ਮਾਨ ਨੇ ਕਿਹਾ, ‘‘ਬਤੌਰ ਸੰਸਦ ਮੈਂਬਰ ਮੈਂ ਹਮੇਸ਼ਾਂ ਪੰਜਾਬ ਦੇ ਲੋਕਾਂ ਦੀ ਆਵਾਜ਼ ਸੰਸਦ ’ਚ ਚੁੱਕੀ ਹੈ। ਮੈਂ ਵੀ ਆਮ ਪਰਿਵਾਰ ਤੋਂ ਹਾਂ। ਇਸ ਲਈ ਆਮ ਲੋਕਾਂ ਦਾ ਦੁੱਖ ਦਰਦ ਚੰਗੀ ਤਰ੍ਹਾਂ ਸਮਝਦਾ ਹਾਂ। ਮੇਰੀ ਤਰ੍ਹਾਂ ਗੁਰਮੇਲ ਸਿੰਘ ਵੀ ਆਮ ਘਰ ਦਾ ਪੜ੍ਹਿਆ ਲਿਖਿਆ ਨੌਜਵਾਨ ਹੈ। ਮੈਨੂੰ ਵਿਸ਼ਵਾਸ਼ ਹੈ ਕਿ ਜਿਸ ਤਰ੍ਹਾਂ ਸੰਗਰੂਰ ਦੇ ਲੋਕਾਂ ਨੇ ਮੈਨੂੰ ਪਿਆਰ ਦਿੱਤਾ ਹੈ, ਉਸੇ ਤਰ੍ਹਾਂ ਗੁਰਮੇਲ ਸਿੰਘ ਨੂੰ ਵੀ ਪਿਆਰ ਬਖ਼ਸ਼ਣਗੇ ਅਤੇ ਭਾਰੀ ਬਹੁਮਤ ਨਾਲ ਜਿੱਤਾ ਕੇ ਸੰਸਦ ’ਚ ਭੇਜਣਗੇ।’’ ਉਨ੍ਹਾਂ ਕਿਹਾ ਕਿ ਕਲਮ ਦੀ ਤਾਕਤ ਤਲਵਾਰ ਤੋਂ ਜ਼ਿਆਦਾ ਸ਼ਕਤੀਸ਼ਾਲੀ ਹੁੰਦੀ ਹੈ। ਕਿਸੇ ਵੀ ਸ਼ੁੱਭ ਕੰਮ ਨੂੰ ਕਰਨ ਤੋਂ ਪਹਿਲਾਂ ਜਿਸ ਤਰ੍ਹਾਂ ਭਗਵਾਨ ਦੀ ਪੂਜਾ ਹੰਦੀ ਹੈ, ਉਸੇ ਤਰ੍ਹਾਂ ਹਰ ਸਵੇਰ ਉਹ ਆਪਣੀ ਕਲਮ ਨੂੰ ਮੱਥਾ ਟੇਕਦੇ ਹਨ, ਤਾਂਕਿ ਉਨ੍ਹਾਂ ਦਾ ਹਰ ਫ਼ੈਸਲਾ ਲੋਕਾਂ ਦੀ ਭਲਾਈ ਅਤੇ ਹਿੱਤ ’ਚ ਹੋਵੇ।
ਮੁੱਖ ਮੰਤਰੀ ਮਾਨ ਨੇ ਕਿਹਾ ਕਿ ਸਭ ਜਾਣਦੇ ਹਨ, ‘‘ਪੰਜਾਬ ’ਚ ਜਿਨ੍ਹਾਂ ਲੋਕਾਂ ਦੀਆਂ ਹੁਣ ਤੱਕ ਸਰਕਾਰਾਂ ਰਹੀਆਂ ਹਨ, ਉਨ੍ਹਾਂ ਨੇ ਹੀ ਗੈਂਗਸਟਰਾਂ ਨੂੰ ਸਰਪ੍ਰਸਤੀ ਦਿੱਤੀ ਅਤੇ ਆਪਣੇ ਰਾਜਨੀਤਿਕ ਹਿੱਤਾਂ ਦੀ ਪੂਰਤੀ ਲਈ ਵਰਤਿਆ ਹੈ। ਮੈਂ ਆਪਣੇ ਨਾਲ ਗੈਂਗਸਟਰ ਨਹੀਂ ਲਿਆਇਆ, ਪਰ ਮੈਂ ਤੁਹਾਨੂੰ ਵਿਸ਼ਵਾਸ਼ ਦਿਵਾਉਂਦਾ ਹਾਂ ਕਿ ਮੈਂ ਪੂਰੀ ਤਰ੍ਹਾਂ ਨਾਲ ਗੈਂਗਸਟਰਵਾਦ ਖ਼ਤਮ ਕਰਾਂਗਾ।’’ ਉਨ੍ਹਾਂ ਕਿਹਾ ਕਿ ਵਿਰੋਧੀ ਪਾਰਟੀਆਂ ‘ਆਪ’ ਸਰਕਾਰ ਦੇ ਲੋਕ ਹਿਤੈਸ਼ੀ ਕੰਮਾਂ ਨੂੰ ਹਜ਼ਮ ਨਹੀਂ ਕਰ ਪਾ ਰਹੀਆਂ। ਜਿਹੜੇ ਕੰਮ 75 ਸਾਲਾਂ ’ਚ ਨਹੀਂ ਹੋਏ, ਸਾਡੀ ਸਰਕਾਰ ਨੇ ਤਿੰਨ ਮਹੀਨਿਆਂ ’ਚ ਪੂਰੇ ਕਰਕੇ ਦਿਖਾਏ ਹਨ। ਸੰਗਰੂਰ ਦੇ ਲੋਕਾਂ ਨੇ ਉਨ੍ਹਾਂ ’ਤੇ ਭਰੋਸਾ ਕਰਕੇ ਪੰਜਾਬ ਦਾ ਮੁੱਖ ਮੰਤਰੀ ਬਣਾਇਆ ਹੈ। ਇਸ ਲਈ ਉਹ ਲੋਕਾਂ ਦੀ ਆਵਾਜ਼ ਹਨ ਅਤੇ ਉਨ੍ਹਾਂ ਦਾ ਹਰ ਫ਼ੈਸਲਾ ਹਮੇਸ਼ਾ ਲੋਕਾਂ ਦੇ ਹਿੱਤ ’ਚ ਹੋਵੇਗਾ।
ਭਗਵੰਤ ਮਾਨ ਨੇ ਭਾਜਪਾ ਉਮੀਦਵਾਰ ਕੇਵਲ ਸਿੰਘ ਢਿੱਲੋਂ ਬਾਰੇ ਕਿਹਾ ਕਿ ਉਨ੍ਹਾਂ ਦਾ ਕੋਈ ਸਟੈਂਡ ਨਹੀਂ ਹੈ। ਢਿੱਲੋਂ ਦਾ ਮਕਸਦ ਕੇਵਲ ਰਾਜਨੀਤਿਕ ਲਾਭ ਲੈਣਾ ਹੈ। ਇਸ ਲਈ ਉਹ ਚੋਣਾਂ ਤੋਂ ਠੀਕ ਪਹਿਲਾਂ ਭਾਜਪਾ ’ਚ ਸ਼ਾਮਲ ਹੋ ਗਏ। ਅਕਾਲੀ ਦਲ ਬਾਦਲ ਦੀ ਅਲੋਚਨਾ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਅੱਜ ਅਕਾਲੀ ਦਲ ‘ਪੰਥਕ ਪੱਤਾ’ ਖੇਡ ਕੇ ਵੋਟਾਂ ਮੰਗ ਰਿਹਾ ਹੈ, ਪਰ ਬਤੌਰ ਸੰਸਦ ਮੈਂਬਰ ਸੁਖਬੀਰ ਬਾਦਲ ਅਤੇ ਉਨ੍ਹਾਂ ਦੀ ਪਤਨੀ ਹਰਸਿਮਰਤ ਕੌਰ ਬਾਦਲ ਨੇ ਕਦੇ ਵੀ ਬੰਦੀ ਸਿੰਘਾਂ ਦੀ ਰਿਹਾਈ ਲਈ ਸੰਸਦ ਜਾਂ ਸੜਕ ’ਤੇ ਆਵਾਜ਼ ਨਹੀ ਚੁੱਕੀ। ਉਨ੍ਹਾਂ ਨੇ ਤਲਵਾਰ ਅਤੇ ਹਿੰਸਾ ਦੀ ਵਕਾਲਤ ਕਰਨ ਲਈ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਉਮੀਦਵਾਰ ਸਿਮਰਨਜੀਤ ਸਿੰਘ ਮਾਨ ’ਤੇ ਹਮਲਾ ਬੋਲਦਿਆਂ ਕਿਹਾ ਕਿ ਸਾਡੀ ਸਰਕਾਰ ਨੌਜਵਾਨਾਂ ਨੂੰ ਚੰਗੀ ਸਿੱਖਿਆ ਅਤੇ ਰੋਜ਼ਗਾਰ ਦੇਣ ਦੀ ਗੱਲ ਕਰਦੀ ਹੈ, ਪਰ ਉਹ ਨੌਜਵਾਨਾਂ ਨਾਲ ਤਲਵਾਰ ਅਤੇ ਹਿੰਸਾ ਦੀਆਂ ਗੱਲਾਂ ਕਰਦੇ ਹਨ।

ਕੇਂਦਰ ‘ਤੇ ਗਾਂਧੀ  ਪਰਿਵਾਰ ਨਾਲ ਧੱਕੇਸ਼ਾਹੀ ਦਾ ਆਰੋਪ ਲਗਾਉਂਦਿਆਂ ਬਠਿੰਡਾ ਦੇ ਕਾਂਗਰਸੀ ਉਤਰੇ ਸੜਕਾਂ ‘ਤੇ, ਫੂਕਿਆ ਮੋਦੀ ਸਰਕਾਰ ਦਾ ਪੁਤਲਾ  

0
ਸੁਖਜਿੰਦਰ ਮਾਨ
ਬਠਿੰਡਾ 17 ਜੂਨ :– ਕੇਂਦਰ ਸਰਕਾਰ ਦੇ ਇਸ਼ਾਰੇ ਉਪਰ ਇਨਫੋਰਸਮੈਂਟ ਡਾਇਰੈਕਟਰ ਵੱਲੋਂ ਲਗਾਤਾਰ ਰਾਹੁਲ ਗਾਂਧੀ ਤੋਂ ਪੁੱਛ ਪੜਤਾਲ ਅਤੇ ਪ੍ਰੇਸ਼ਾਨ ਕਰਨ ਦੇ ਦੋਸ ਲਗਾਉਂਦਿਆਂ ਅੱਜ ਬਠਿੰਡਾ ਦੇ ਕਾਗਰਸੀ ਸੜਕਾਂ ‘ਤੇ ਉਤਰ ਆਏ। ਜਿਲ੍ਹਾ ਕਾਗਰਸ ਕਮੇਟੀ ਦੇ ਪ੍ਰਧਾਨ ਅਰੁਣ ਵਧਾਵਨ ਤੇ ਹੋਰਨਾਂ ਸੀਨੀਅਰ ਕਾਗਰਸੀ ਆਗੂਆਂ ਦੀ ਅਗਵਾਈ ਹੇਠ ਸਥਾਨਕ ਡਾ ਅੰਬੇਦਕਰ ਦੇ ਬੁੱਤ ਕੋਲ ਇਕੱਠੇ ਹੋਏ ਵੱਡੀ ਗਿਣਤੀ ਵਿੱਚ ਕਾਗਰਸੀ ਆਗੂਆਂ ਤੇ ਵਰਕਰਾਂ ਨੇ ਮੋਦੀ ਸਰਕਾਰ ਵਿਰੁੱਧ ਰੋਹ ਭਰਪੂਰ ਨਾਅਰੇਬਾਜੀ ਕਰਦਿਆਂ ਸਰਕਾਰ ਦਾ ਪੁਤਲਾ ਵੀ ਫੂਕਿਆ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਅਰੁਣ ਵਧਾਵਨ ਅਤੇ ਨਗਰ ਸੁਧਾਰ ਟਰੱਸਟ ਦੇ ਸਾਬਕਾ ਚੇਅਰਮੈਨ ਕੇ ਕੇ ਅਗਰਵਾਲ ਨੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਇਨਫੋਰਸਮੈਂਟ ਡਾਇਰੈਕਟਰੋਏਟ ਦੀ ਗ਼ਲਤ ਤਰੀਕੇ ਨਾਲ ਦੁਰਵਰਤੋਂ ਕਰਕੇ ਗਾਂਧੀ ਪਰਿਵਾਰ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਜੋ ਬਰਦਾਸ਼ਤ ਯੋਗ ਨਹੀਂ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਇਹ ਭੁਲੇਖਾ ਦੂਰ ਕਰ ਲਵੇ ਕਿ ਉਹ ਕੁਰਬਾਨੀਆਂ ਦੇ ਕੇ ਦੇਸ਼ ਨੂੰ ਆਜ਼ਾਦ ਕਰਵਾਉਣ ਅਤੇ ਵਿਕਾਸ ਦੀ ਰਾਹ ਤੇ ਤੋਰਨ ਵਾਲੀ ਕਾਂਗਰਸ ਨੂੰ ਦਬਾ ਸਕਣਗੇ, ਕਿਉਂਕਿ ਕਾਂਗਰਸ ਦਾ ਇਤਿਹਾਸ ਕੁਰਬਾਨੀਆਂ ਭਰਿਆ ਅਤੇ ਵੱਡਾ ਪਰਿਵਾਰ ਹੈ ਜਿਸ ਨੂੰ ਦਬਾਉਣਾ ਕੇਂਦਰ ਸਰਕਾਰ ਲਈ ਸੌਖਾ ਨਹੀਂ । ਉਨ੍ਹਾਂ ਕਿਹਾ ਕਿ ਕਾਂਗਰਸ ਨੇ ਦੇਸ਼ ਲਈ ਵੱਡੀਆਂ ਕੁਰਬਾਨੀਆਂ ਦਿੱਤੀਆਂ ਜਦੋਂ ਕਿ ਭਾਜਪਾ ਕੋਲ ਇਤਿਹਾਸ ਵਿਚ ਅਜਿਹਾ ਦੱਸਣ ਲਈ ਕੁਝ ਵੀ ਨਹੀਂ ਕਿ ਉਸ ਨੇ ਦੇਸ਼ ਲਈ ਕਿਹੜੀ ਕੁਰਬਾਨੀ ਦਿੱਤੀ ।ਉਨ੍ਹਾਂ ਕਿਹਾ ਕਿ ਈਡੀ ਦੀਆਂ ਧੱਕੇਸ਼ਾਹੀਆਂ ਦਾ ਕਾਂਗਰਸ ਲੀਡਰਸ਼ਿਪ ਅਤੇ ਵਰਕਰ ਡਟ ਕੇ ਮੁਕਾਬਲਾ ਕਰਨਗੇ ਤੇ ਕਿਸੇ ਵੀ ਤਰ੍ਹਾਂ ਦੀ ਧੱਕੇਸ਼ਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਇਸ ਮੌਕੇ ਨਗਰ ਨਿਗਮ ਬਠਿੰਡਾ ਦੇ ਸੀਨੀਅਰ ਡਿਪਟੀ ਮੇਅਰ ਅਸ਼ੋਕ ਕੁਮਾਰ ਅਤੇ ਜ਼ਿਲ੍ਹਾ ਪਲਾਨਿੰਗ ਬੋਰਡ ਬਠਿੰਡਾ ਦੇ ਸਾਬਕਾ ਚੇਅਰਮੈਨ ਰਾਜਨ ਗਰਗ ਨੇ ਈਡੀ ਵੱਲੋਂ ਗਾਂਧੀ ਪਰਿਵਾਰ ਤੋਂ ਲਗਾਤਾਰ ਕੀਤੀ ਜਾ ਰਹੀ ਪੁੱਛ ਪੜਤਾਲ ਅਤੇ ਤੰਗ ਪ੍ਰੇਸ਼ਾਨ ਕਰਨ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕਰਦਿਆਂ ਕਿਹਾ ਕਿ ਇਹ ਧੱਕੇਸ਼ਾਹੀਆਂ ਬਰਦਾਸ਼ਤ ਯੋਗ ਨਹੀਂ। ਉਨ੍ਹਾਂ ਕਿਹਾ ਕਿ ਈਡੀ ਨੂੰ ਵਰਤ ਕੇ ਕੇਂਦਰ ਸਰਕਾਰ ਵੱਲੋਂ ਕਾਂਗਰਸ ਲੀਡਰਸ਼ਿਪ ਨੂੰ ਪ੍ਰੇਸ਼ਾਨ ਕਰਨਾ ਇਹ ਦਰਸਾਉਂਦਾ ਹੈ ਕਿ ਭਾਜਪਾ ਦੀ ਕੇਂਦਰ ਸਰਕਾਰ ਆਪਣੇ ਕੀਤੇ ਵਾਅਦਿਆਂ ਨੂੰ ਪੂਰਾ ਨਾ ਕਰਨ ਕਰਕੇ ਲੋਕਾਂ ਦਾ ਧਿਆਨ ਭਟਕਾਉਣ ਲਈ ਵਿਰੋਧੀਆਂ ਨੂੰ ਤੰਗ ਪ੍ਰੇਸ਼ਾਨ ਕਰ ਰਹੀ ਹੈ ਤਾਂ ਜੋ ਉਨ੍ਹਾਂ ਦੀ ਆਵਾਜ਼ ਦਬਾਈ ਜਾ ਸਕੇ , ਪਰ ਕਾਂਗਰਸ ਲੀਡਰਸ਼ਿਪ ਅਤੇ ਵਰਕਰ ਕੇਂਦਰ ਸਰਕਾਰ ਦੀ ਹਰ ਧੱਕੇਸ਼ਾਹੀ ਦਾ ਡਟ ਕੇ ਮੁਕਾਬਲਾ ਕਰਨਗੇ। ਇਸ ਮੌਕੇ ਸੀਨੀਅਰ ਕਾਂਗਰਸੀ ਆਗੂ ਅਨਿਲ ਭੋਲਾ, ਟਿੰਕੂ ਗਰੋਵਰ, ਸੁਰਿੰਦਰਜੀਤ ਸਾਹਨੀ, ਹਰਪਾਲ ਸਿੰਘ ਬਾਜਵਾ, ਸੁਰਜੀਤ ਸਿੰਘ ਮੌਖਾ, ਭਗਵਾਨ ਦਾਸ ਭਾਰਤੀ, ਕੋਸਲਰ ਮਲਕੀਤ ਸਿੰਘ ਗਿੱਲ,  ਕੰਵਲਜੀਤ ਸਿੰਘ ਭੰਗੂ , ਪਰਵਿੰਦਰ ਸਿੰਘ ਸਿੱਧੂ, ਚਰਨਜੀਤ ਸਿੰਘ, ਹਰਵਿੰਦਰ  ਸਿੰਘ ਲੱਡੂ, ਬੇਅੰਤ ਸਿੰਘ ਰੰਧਾਵਾ,ਚਰਨਜੀਤ ਸਿੰਘ ਭੋਲਾ, ਸੰਜੇ ਵਿਸਵਾਲ,  ਵਿਕਰਮ ਕ੍ਰਾਂਤੀ (ਸਾਰੇ ਐਮ ਸੀ), ਟਿੰਕੂ ਰਣਜੀਤ ਗਰੇਵਾਲ, ਹਰੀਓਮ ਠਾਕੁਰ, ਸਾਜਨ ਸ਼ਰਮਾ, ਜਗਰਾਜ ਸਿੰਘ ਸਾਬਕਾ ਐਮ ਸੀ , ਕੁਲਜੀਤ ਗੋਗੀ , ਵੀਰ ਸਿੰਘ ਬੁੱਟਰ ,ਪ੍ਰਕਾਸ਼ ਚੰਦ,ਯੂਥ ਆਗੂ ਰੁਪਿੰਦਰ ਬਿੰਦਰਾ, ਬਲਜੀਤ ਸਿੰਘ ਆਦਿ ਹਾਜ਼ਰ ਸਨ।

ਮਹਾਰਾਜਾ ਰਣਜੀਤ ਸਿੰਘ ਯੂਨੀਵਰਸਿਟੀ ਦੀ ਖੋਜ ਵਿਦਵਾਨ ਨੇ ਅੰਤਰਰਾਸ਼ਟਰੀ ਪੱਧਰ ਤੇ ਨਾਮ ਕੀਤਾ ਰੋਸ਼ਨ

0

ਇਟਲੀ ਦੀ ਯੂਨੀਵਰਸਿਟੀ ਵੱਲੋਂ ਮਲੇਰੀਆ ਦੇ ਇਲਾਜ ਦੀ ਸਰਵੋਤਮ ਖੋਜ ਲਈ ਸਾਈਕਲੋਨੇਟ ਯੰਗ ਇਨਵੈਸਟੀਗੇਟਰ ਸਿਖਲਾਈ ਪ੍ਰੋਗਰਾਮ ਅਵਾਰਡ ਨਾਲ ਨੇਹਾ ਬਾਜਵਾ ਸਨਮਾਨਿਤ
ਸੁਖਜਿੰਦਰ ਮਾਨ
ਬਠਿੰਡਾ, 16 ਜੂਨ: ਅੰਤਰਰਾਸ਼ਟਰੀ ਪੱਧਰ ਤੇ ਨਾਮ ਰੋਸ਼ਨ ਕਰਦਿਆਂ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ (ਐੱਮ.ਆਰ.ਐੱਸ.ਪੀ.ਟੀ.ਯੂ.), ਬਠਿੰਡਾ ਦੇ ਫਾਰਮਾਸਿਊਟੀਕਲ ਸਾਇੰਸਜ਼ ਅਤੇ ਤਕਨਾਲੋਜੀ ਵਿਭਾਗ ਦੀ ਪੀ.ਐੱਚ.ਡੀ. ਰਿਸਰਚ ਸਕਾਲਰ, ਸ਼੍ਰੀਮਤੀ ਨੇਹਾ ਬਾਜਵਾ ਵੱਲੋਂ ਮਲੇਰੀਆ ਦੇ ਇਲਾਜ ਲਈ ਆਰਟੀਥਰ ਨੈਨੋ ਫਾਰਮੂਲੇਸ਼ਨਾਂ ਰਾਹੀਂ ਸਰਵੋਤਮ ਇਲਾਜ ਵਿਧੀ ਵਿਕਸਿਤ ਕਰਨ ਦੇ ਯੋਗਦਾਨ ਬਦਲੇ ਇਟਲੀ ਦੀ ਯੂਨੀਵਰਸਿਟੀ ਵੱਲੋਂ ਸਾਈਕਲੋਨੇਟ ਯੰਗ ਇਨਵੈਸਟੀਗੇਟਰ ਟਰੇਨਿੰਗ ਪ੍ਰੋਗਰਾਮ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ।
ਨੇਹਾ ਬਾਜਵਾ ਇੰਡੀਅਨ ਕੌਂਸਲ ਆਫ ਮੈਡੀਕਲ ਰਿਸਰਚ ਦੇ ਸੀਨੀਅਰ ਰਿਸਰਚ ਫੈਲੋ (ਆਈ.ਸੀ.ਐਮ.ਆਰ-ਐਸ.ਆਰ.ਐਫ.) ਹਨ। ਇਸ ਪ੍ਰੋਗਰਾਮ ਦੇ ਤਹਿਤ ਨੇਹਾ ਬਾਜਵਾ ਯੂਨੀਵਰਸਿਟੀ ਆਫ ਟਿਊਰਿਨ (ਇਟਲੀ) ਵਿਖੇ ਪ੍ਰੋ. ਫਰਾਂਸਿਸਕੋ ਟਰੋਟਾ ਦੀ ਨਿਗਰਾਨੀ ਹੇਠ ਕੁਝ ਮਹੀਨਿਆਂ ਲਈ ਕੰਮ ਕਰੇਗੀ। ਉਸ ਨੂੰ ਆਪਣੇ ਰਹਿਣ ਅਤੇ ਹੋਰ ਖਰਚਿਆਂ ਨੂੰ ਪੂਰਾ ਕਰਨ ਲਈ 3000 ਯੂਰੋ ਦੀ ਸਕਾਲਰਸ਼ਿਪ ਮਿਲੇਗੀ। ਯੂਨੀਵਰਸਿਟੀ ਲਈ ਇਹ ਮਾਣ ਵਾਲੀ ਗੱਲ ਹੈ ਕਿ ਨੇਹਾ ਬਾਜਵਾ ਭਾਰਤ ਵਰਸ਼ ਤੋਂ ਇਸ ਪੁਰਸਕਾਰ ਲਈ ਚੁਣੀ ਗਈ ਇਕਲੌਤੀ ਵਿਦਵਾਨ ਹੈ।
ਪ੍ਰੋ: ਨੇਹਾ ਬਾਜਵਾ ਡੀਨ ਰਿਸਰਚ ਐਂਡ ਡਿਵੈਲਪਮੈਂਟ (ਆਰ ਐਂਡ ਡੀ) ਦੀ ਨਿਗਰਾਨੀ ਹੇਠ ਕੰਮ ਕਰ ਰਹੀ ਹੈ। ਜ਼ਿਕਰਯੋਗ ਹੈ ਕਿ ਡਾ. ਆਸ਼ੀਸ਼ ਬਾਲਦੀ ਨੂੰ ਅਮਰੀਕਾ ਦੀ ਸਟੈਨਫੋਰਡ ਯੂਨੀਵਰਸਿਟੀ (ਯੂ.ਐਸ.ਏ.) ਵਲੋਂ ਕੀਤੀ ਸਟੱਡੀ ‘ਚ ਦੁਨੀਆ ਦੇ ਸਰਵੋਤਮ ਦੋ ਪ੍ਰਤੀਸ਼ਤ ਪ੍ਰਸਿੱਧ ਵਿਗਿਆਨੀਆਂ ਦੀ ਲਿਸਟ ਵਿਚ ਸ਼ਾਮਿਲ ਕੀਤਾ ਗਿਆ ਹੈ।
ਸ੍ਰੀਮਤੀ ਨੇਹਾ ਬਾਜਵਾ ਫਾਰਮਾਸਿਊਟੀਕਲ ਸਾਇੰਸਜ਼ ਅਤੇ ਟੈਕਨਾਲੋਜੀ ਵਿਭਾਗ ਦੀ ਇੱਕ ਮਾਣਮੱਤੀ ਮੈਂਬਰ ਹੈ, ਜਿਸ ਨੇ ਸਟੈਨਫੋਰਡ ਯੂਨੀਵਰਸਿਟੀ ਦੇ ਵਿਗਿਆਨੀਆਂ ਦੇ ਸਹਿਯੋਗ ਨਾਲ ਕੁਦਰਤ ਸਮੱਗਰੀ ਬਾਰੇ ਇੱਕ ਪ੍ਰਕਾਸ਼ਨ ਸਹਿ-ਲੇਖਕ ਵਜੋਂ ਕੰਮ ਕੀਤਾ ਹੈ ਜਿਸ ਦਾ ਸਭ ਤੋਂ ਵੱਧ ਪ੍ਰਭਾਵ ਫੈਕਟਰ (43.8) ਹੈ। ਇਸ ਤੋਂ ਇਲਾਵਾ ਉਸਨੇ ਕੈਨੇਡਾ ਦੀ ਮਾਂਟਰੀਅਲ ਯੂਨੀਵਰਸਿਟੀ ਵਿੱਚ ਆਯੋਜਿਤ ਫੈਡਰੇਸ਼ਨ ਆਫ ਇੰਟਰਨੈਸ਼ਨਲ ਫਾਰਮਾਸਿਊਟੀਕਲ (FIP)- ਫਾਰਮਾਸਿਊਟੀਕਲ ਸਾਇੰਸਜ਼ ਵਰਲਡ ਕਾਂਗਰਸ- 2020 ਵਿੱਚ ਸ਼ਾਮਲ ਹੋਣ ਲਈ ਯਾਤਰਾ ਗ੍ਰਾਂਟ ਵੀ ਪ੍ਰਾਪਤ ਕੀਤੀ ਹੈ।ਜ਼ਿਕਰਯੋਗ ਹੈ ਕਿ ਫਾਰਮਾਸਿਊਟੀਕਲ ਸਾਇੰਸਜ਼ ਅਤੇ ਟੈਕਨਾਲੋਜੀ ਵਿਭਾਗ ਨੇ ਬਹੁਤ ਹੀ ਥੋੜ੍ਹੇ ਸਮੇਂ ਵਿੱਚ ਫਾਰਮਾਸਿਊਟੀਕਲ ਵਿਗਿਆਨ ਦੇ ਖੇਤਰ ਵਿੱਚ ਉੱਨਤ ਖੋਜ ਪ੍ਰਦਾਨ ਕਰਕੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ‘ਤੇ ਆਪਣੀ ਮੌਜੂਦਗੀ ਨੂੰ ਦਰਸਾਉਣ ਵਿੱਚ ਕਾਮਯਾਬੀ ਹਾਸਿਲ ਕੀਤੀ ਹੈ।
ਰਿਸਰਚ ਸਕਾਲਰ ਦੀ ਪ੍ਰਾਪਤੀ ‘ਤੇ ਪ੍ਰੋ: ਆਸ਼ੀਸ਼ ਬਾਲਦੀ ਅਤੇ ਵਿਭਾਗ ਦੇ ਮੁਖੀ ਡਾ: ਰਾਹੁਲ ਦੇਸ਼ਮੁੱਖ ਨੇ ਨੇਹਾ ਬਾਜਵਾ ਨੂੰ ਵਧਾਈ ਦਿੱਤੀ | ਉਹਨਾਂ ਨੇ ਅੱਗੇ ਕਿਹਾ ਕਿ ਫਾਰਮੇਸੀ ਵਿਭਾਗ ਖੋਜ ਦੇ ਖੇਤਰ ਵਿੱਚ ਅਗਵਾਈ ਕਰਨ ਅਤੇ ਫਾਰਮਾਸਿਊਟੀਕਲ ਖੋਜ ਨੂੰ ਦਰਪੇਸ਼ ਚੁਣੌਤੀਆਂ ਨੂੰ ਸਵੀਕਾਰ ਕਰਨ ਲਈ ਪੂਰੀ ਤਰ੍ਹਾਂ ਸਮਰੱਥ ਅਤੇ ਵਚਨਬੱਧ ਹੈ।ਯੂਨੀਵਰਸਿਟੀ ਵਾਈਸ ਚਾਂਸਲਰ, ਪ੍ਰੋ. ਬੂਟਾ ਸਿੰਘ ਸਿੱਧੂ ਅਤੇ ਰਜਿਸਟਰਾਰ, ਡਾ. ਗੁਰਿੰਦਰ ਪਾਲ ਸਿੰਘ ਬਰਾੜ ਨੇ ਵੀ ਨੇਹਾ ਬਾਜਵਾ ਦੀਆਂ ਸ਼ਾਨਦਾਰ ਪ੍ਰਾਪਤੀਆਂ ਲਈ ਉਸਦੀ ਸ਼ਲਾਘਾ ਕੀਤੀ।ਕਾਨਫਰੰਸਾਂ ਅਤੇ ਅਜਿਹੇ ਪ੍ਰੋਗਰਾਮਾਂ ਵਿੱਚ ਭਾਗ ਲੈਣ ਲਈ ਪ੍ਰੇਰਿਤ ਕਰਦੇ ਹੋਏ, ਪ੍ਰੋ. ਸਿੱਧੂ ਨੇ ਵਿਦਿਆਰਥੀਆਂ ਨੂੰ ਫਾਰਮਾਸਿਊਟੀਕਲ ਸਿੱਖਿਆ ਵਿੱਚ ਹੋਰ ਪਲੇਟਫਾਰਮਾਂ ਅਤੇ ਤਾਜ਼ਾ ਰੁਝਾਨਾਂ ਦੀ ਪੜਚੋਲ ਕਰਨ ਲਈ ਉਤਸ਼ਾਹਿਤ ਕੀਤਾ।

ਐੱਸ.ਐੱਸ.ਡੀ. ਗਰਲਜ਼ ਕਾਲਜ ਵੱਲੋਂ ਵਿਦਾਇਗੀ ਸਮਾਰੋਹ ਦਾ ਆਯੋਜਨ

0

ਸੁਖਜਿੰਦਰ ਮਾਨ
ਬਠਿੰਡਾ, 16 ਜੂਨ :ਐੱਸ.ਐੱਸ.ਡੀ. ਗਰਲਜ਼ ਕਾਲਜ ਬਠਿੰਡਾ ਵਿਖੇ ਪ੍ਰਿੰਸੀਪਲ ਡਾ. ਨੀਰੂ ਗਰਗ ਦੀ ਰਹਿਨੁਮਾਈ ਅਤੇ ਡਾ. ਊਸ਼ਾ ਸ਼ਰਮਾ ਤੇ ਡਾ. ਤਰੂ ਮਿੱਤਲ ਦੀ ਅਗਵਾਈ ਹੇਠ ਬੀ.ਏ. ਤੇ ਬੀ.ਐੱਸ ਸੀ. (ਮੈਡੀਕਲ ,ਨਾਨ-ਮੈਡੀਕਲ ਤੇ ਸੀ ਐੱਸ ਐੱਮ )(ਭਾਗ ਤੀਜਾ) ਅਤੇ ਐੱਮ.ਏ.(ਪੰਜਾਬੀ ਤੇ ਅੰਗਰੇਜ਼ੀ) ਤੇ ਐੱਮ.ਐੱਸ ਸੀ.(ਮੈਥ)ਭਾਗ ਦੂਜਾ ਦੀਆਂ ਵਿਦਿਆਰਥਣਾਂ ਲਈ ਵਿਦਾਇਗੀ ਸਮਾਰੋਹ ਦਾ ਆਯੋਜਨ ਕੀਤਾ ਗਿਆ । ਇਸ ਸਮਾਰੋਹ ਦੀ ਸ਼ੁਰੂਆਤ ਸ਼ਮ੍ਹਾ ਰੌਸ਼ਨ ਨਾਲ ਕੀਤੀ ਗਈ। ਇਸ ਉਪਰੰਤ ਵਿਦਿਆਰਥਣਾਂ ਦੁਆਰਾ ਨਾਚ, ਗੀਤ-ਸੰਗੀਤ, ਅਦਾਕਾਰੀ, ਮਾਡਲਿੰਗ ਆਦਿ ਵਿਭਿੰਨ ਸਭਿਆਚਾਰਕ ਗਤੀਵਿਧੀਆਂ ਦੀ ਪੇਸ਼ਕਾਰੀ ਕੀਤੀ ਗਈ। ਇਸ ਮੌਕੇ ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਸ੍ਰੀ ਸੰਜੇ ਗੋਇਲ ਅਤੇ ਜਨਰਲ ਸਕੱਤਰ ਸ੍ਰੀ ਚੰਦਰ ਸ਼ੇਖਰ ਮਿੱਤਲ ਨੇ ਵਿਦਿਆਰਥਣਾਂ ਨੂੰ ਉਹਨਾਂ ਦੇ ਉੱਜਲ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ। ਪ੍ਰਿੰਸੀਪਲ ਡਾ. ਨੀਰੂ ਗਰਗ ਨੇ ਵਿਦਿਆਰਥਣਾਂ ਨੂੰ ਸੰਬੋਧਿਤ ਹੁੰਦਿਆਂ ਕਿਹਾ ਕਿ ਸਾਡਾ ਉਦੇਸ਼ ਤੁਹਾਨੂੰ ਸੁਚੱਜੀ ਵਿੱਦਿਆ ਦੇਣ ਦੇ ਨਾਲ ਨਾਲ ਸੁਚੱਜਾ ਵਿਵਹਾਰ ਦੇਣਾ ਵੀ ਸੀ, ਜਿਸ ਵਿੱਚ ਸਾਨੂੰ ਉਮੀਦ ਹੈ ਕਿ ਅਸੀਂ ਸਾਰਥਕ ਹੋਏ ਹਾਂ, ਇਹ ਸੁਚੱਜਤਾ ਤੁਹਾਡੀ ਆਉਣ ਵਾਲੀ ਜ਼ਿੰਦਗੀ ਵਿੱਚ ਹਮੇਸ਼ਾਂ ਤੁਹਾਡੇ ਅੰਗ ਸੰਗ ਰਹੇਗੀ ਇਹ ਸਾਡਾ ਯਕੀਨ ਹੈ ।
ਇਸ ਮੌਕੇ ਵਿਦਿਆਰਥਣਾਂ ਦੇ ਹੋਏ ਵੱਖ ਵੱਖ ਮੁਕਾਬਲਿਆਂ ਵਿੱਚੋਂ ਐੱਮ.ਐੱਸ ਸੀ.(ਮੈਥ) ਵਿਚੋਂ ਨਵਦੀਪ ਕੌਰ ਨੂੰ ,ਐੱਮ.ਏ.(ਅੰਗਰੇਜ਼ੀ) ਵਿਚੋਂ ਨਿਮਰਤ ਕੌਰ ਨੂੰ, ਐੱਮ.ਏ.(ਪੰਜਾਬੀ) ਵਿਚੋਂ ਸ਼ਾਲੂ ਨੂੰ, ਬੀ.ਐੱਸ ਸੀ.(ਮੈਡੀਕਲ ਤੇ ਨਾਨ-ਮੈਡੀਕਲ) ਵਿਚੋਂ ਅਮਨਜੌਤ ਕੌਰ ਨੂੰ,ਬੀ. ਐੱਸ ਸੀ (ਸੀ ਐੱਸ ਐੱਮ) ਵਿਚੋਂ ਤਮਨਪ੍ਰੀਤ ਕੌਰ ਨੂੰ ਅਤੇ ਬੀ.ਏ. ਵਿਚੋਂ ਬੰਸ਼ਿਕਾ ਨੂੰ ਮਿਸ ਫੇਅਰਵੈੱਲ ਚੁਣਿਆ ਗਿਆ। ਇਸ ਤੋਂ ਇਲਾਵਾ ਬੀ.ਏ. ਵਿਚੋਂ ਤਾਨੀਆ ਨੂੰ ਪਹਿਲੀ ਰਨਰਅੱਪ ਅਤੇ ਬੀ.ਐੱਸ ਸੀ. (ਸੀ ਐੱਸ ਐੱਮ) ਦੀ ਮਨਦੀਪ ਕੌਰ ਨੂੰ ਅਨੁਸ਼ਾਸਿਤ ਵਿਦਿਆਰਥਣ ਵਜੋਂ ਸਨਮਾਨਿਤ ਕੀਤਾ ਗਿਆ। ਇਸ ਸਮਾਰੋਹ ਵਿੱਚ ਐੱਸ.ਐੱਸ.ਡੀ. ਕਾਲਜ ਆਫ਼ ਐਜੂਕੇਸ਼ਨ ਦੇ ਕਾਰਜਕਾਰੀ ਪ੍ਰਿੰਸੀਪਲ ਡਾ. ਚੰਚਲ, ਸ੍ਰੀਮਤੀ ਵਨੀਤਾ ਮਿੱਤਲ ਅਤੇ ਸਮੂਹ ਸਟਾਫ਼ ਹਾਜ਼ਰ ਰਿਹਾ।

ਐਸ ਐਸ ਵਿਮੈਨਜ ਇੰਸਟੀਚਿਊਟ ਵੱਲੋਂ “CIAO BASH” ਵਿਦਾਇਗੀ ਪਾਰਟੀ ਦਾ ਆਯੋਜਨ

0

ਸੁਖਜਿੰਦਰ ਮਾਨ
ਬਠਿੰਡਾ, 16 ਜੂਨ : ਐਸ ਐਸ ਵਿਮੈਨਜ ਇੰਸਟੀਚਿਊਟ ਆਫ ਟੈਕਨਾਲੋਜੀ ਬਠਿੰਡਾ ਵੱਲੋਂ “CIAO BASH” ਵਿਦਾਇਗੀ ਪਾਰਟੀ ਦਾ ਆਯੋਜਨ ਕੀਤਾ ਗਿਆ। ਇਹ ਪਾਰਟੀ ਬੀ.ਸੀ.ਏ., ਬੀ.ਬੀ.ਏ., ਐਮ.ਸੀ.ਏ., ਐਮ.ਬੀ.ਏ ਅਤੇ ਐਮ.ਐਸ.ਸੀ.ਆਈ.ਟੀ ਦੇ ਵਿਦਿਆਰਥੀਆਂ ਵੱਲੋਂ ਫਾਈਨਲ ਈਅਰ ਵਾਲੇ ਵਿਦਿਆਰਥੀਆਂ ਦੇ ਸਨਮਾਨ ਵਿੱਚ ਦਿੱਤੀ ਗਈ। ਪਾਰਟੀ ਦੀ ਸ਼ੁਰੂਆਤ ਦੀਪ ਜਗਾਉਣ ਦੀ ਰਸਮ ਨਾਲ ਹੋਈ ਜਿਸ ਤੋਂ ਬਾਅਦ ਰਵਾਇਤੀ ਆਸ਼ੀਰਵਾਦ ਸਮਾਰੋਹ ਅਤੇ ਕੇਕ ਕੱਟਣ ਦੀ ਰਸਮ ਹੋਈ। ਪਿ੍ੰਸੀਪਲ ਡਾ: ਨੀਰੂ ਗਰਗ ਨੇ ਆਏ ਹੋਏ ਮਹਿਮਾਨਾਂ ਦਾ , ਸ਼੍ਰੀ ਸੰਜੇ ਗੋਇਲ (ਪ੍ਰਧਾਨ), .ਸ਼੍ਰੀ ਚੰਦਰ ਸ਼ੇਖਰ ਮਿੱਤਲ (ਜਨਰਲ ਸਕੱਤਰ , ਐਸ.ਐਸ.ਡੀ.ਜੀ.ਸੀ.)ਸ਼੍ਰੀ. ਵਿਕਾਸ ਗਰਗ (ਸਕੱਤਰ) ਅਤੇ ਡਾ.ਚੰਚਲ ਬਾਲਾ (ਕਾਰਜਕਾਰੀ ਪ੍ਰਿੰਸੀਪਲ, SSDGCE) ਦਾ ਸਵਾਗਤ ਕੀਤਾ
ਡਾਂਸ, ਫਨ ਗੇਮਜ਼ ਅਤੇ ਵਿਦਿਆਰਥੀਆਂ ਦੇ ਸੱਭਿਆਚਾਰਕ ਪ੍ਰਦਰਸ਼ਨ ਨੇ ਮਾਹੌਲ ਨੂੰ ਬਹੁਤ ਹੀ ਜੋਸ਼ੀਲੇ ਬਣਾ ਦਿੱਤਾ। ਵਿਦਿਆਰਥੀਆਂ ਨੇ ਬਹੁਤ ਹੀ ਰਚਨਾਤਮਕ ਢੰਗ ਨਾਲ ਸਮਾਗਮ ਵਾਲੀ ਥਾਂ ਨੂੰ ਸਜਾਇਆ। ਆਊਟਗੋਇੰਗ ਵਿਦਿਆਰਥੀਆਂ ਨੇ ਬਹੁਤ ਹੀ ਉਤਸ਼ਾਹ ਨਾਲ ਮਾਡਲਿੰਗ ਕੀਤੀ ਅਤੇ ਵੱਖ-ਵੱਖ ਰਾਊਂਡਾਂ ਦੇ ਆਧਾਰ ‘ਤੇ ਉਨ੍ਹਾਂ ਨੂੰ ਵੱਖ-ਵੱਖ ਖਿਤਾਬ ਦਿੱਤੇ ਗਏ। ਮੁਸਕਾਨ ਰਾਜਪੂਤ (BBA-III) ਨੇ ਮਿਸ. Ciao bash ਦਾ ਖਿਤਾਬ ਜਿੱਤਿਆ, ਰਿਚਾ ਮਿਸ਼ਰਾ (BCA-III) ਪਹਿਲੀ ਰਨਰ ਅੱਪ, ਵਿਮਾਸ਼ ਗੁਪਤਾ (BBA-III) ਦੂਜੀ ਰਨਰ ਅੱਪ ਰਹੀ। ਮਾਡਲਿੰਗ ਦੀ ਜੱਜਮੈਂਟ ਸ਼੍ਰੀਮਤੀ ਕਿਰਨ ਗੋਇਲ, ਸ਼੍ਰੀਮਤੀ ਸੁਸ਼ਮਾ ਗਰਗ ਅਤੇ ਸ਼੍ਰੀਮਤੀ ਵਨੀਤਾ ਮਿੱਤਲ ਦੁਆਰਾ ਦਿੱਤੀ ਗਈ।
ਪ੍ਰਿੰਸੀਪਲ ਡਾ. ਨੀਰੂ ਗਰਗ ਅਤੇ ਜਿਊਰੀ ਮੈਂਬਰਾਂ ਨੇ ਜੇਤੂਆਂ ਨੂੰ ਤਾਜ ਪਹਿਨਾਏ ਅਤੇ ਉਨ੍ਹਾਂ ਨੂੰ ਆਪਣੇ ਭਵਿੱਖ ਦੇ ਯਤਨਾਂ ਲਈ ਆਪਣੇ ਆਪ ਨੂੰ ਸਮਰੱਥ ਬਣਾਉਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਨੇਕੀ ਅਤੇ ਮਿਹਨਤ ਨਾਲ ਜੀਵਨ ਜਿਉਣ ਅਤੇ ਜੀਵਨ ਦੇ ਹਰ ਕੰਮ ਵਿੱਚ ਇਮਾਨਦਾਰੀ ਦਾ ਅਭਿਆਸ ਕਰਨ ਲਈ ਵੀ ਪ੍ਰੇਰਿਤ ਕੀਤਾ।ਇਸ ਪੂਰੇ ਸਮਾਗਮ ਦਾ ਸੰਚਾਲਨ ਸ਼੍ਰੀਮਤੀ ਨੀਤੂ ਗੋਇਲ (ਐਚ.ਓ.ਡੀ., ਮੈਨੇਜਮੈਟ ਵਿਭਾਗ), ਸ਼੍ਰੀਮਤੀ ਮਨੀਸ਼ਾ ਭਟਨਾਗਰ (ਐਚ.ਓ.ਡੀ., ਕੰਪਿਊਟਰ ਸਾਇੰਸ), ਸਾਰੇ ਫੈਕਲਟੀ ਮੈਂਬਰਾਂ ਅਤੇ ਵਿਦਿਆਰਥੀਆਂ ਦੁਆਰਾ ਕੀਤਾ ਗਿਆ। ਡਾ: ਨੀਰੂ ਗਰਗ ਨੇ ਸਾਰੇ ਪਤਵੰਤੇ ਸੱਜਣਾਂ ਦਾ ਆਪਣਾ ਕੀਮਤੀ ਸਮਾਂ ਕੱਢਣ ਲਈ ਧੰਨਵਾਦ ਕੀਤਾ ਅਤੇ ਸਾਰੇ ਵਿਦਿਆਰਥੀਆਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ।

ਸਿੱਧੂ ਮੂਸੇਵਾਲਾ ਕਤਲ ਕਾਂਡ ਦਾ ਪਰਦਾਫਾਸ਼ ਕਰਨ ਲਈ ਪੰਜਾਬ ਪੁਲਿਸ ਦੀਆਂ ਟੀਮਾਂ ਫਤਿਹਾਬਾਦ ਪਹੁੰਚੀਆਂ

0

ਪੰਜਾਬ ਪੁਲਿਸ ਸ਼ੱਕੀ ਕਾਤਲਾਂ ਨੂੰ ਗ੍ਰਿਫਤਾਰ ਕਰਨ ਲਈ ਕੇਂਦਰੀ ਏਜੰਸੀਆਂ ਅਤੇ ਸੂਬੇ ਦੇ ਹੋਰ ਪੁਲਿਸ ਬਲਾਂ ਨਾਲ ਨਜ਼ਦੀਕੀ ਤਾਲਮੇਲ ਰਾਹੀਂ ਕਰ ਰਹੀ ਹੈ ਕੰਮ
ਸੁਖਜਿੰਦਰ ਮਾਨ
ਚੰਡੀਗੜ੍ਹ, 16 ਜੂਨ:ਜੁਰਮ ਵਿੱਚ ਵਰਤੀ ਗਈ ਗੱਡੀ ਵਿੱਚੋਂ ਮਿਲੇ ਇੱਕ ਛੋਟੇ ਜਿਹੇ ਸੁਰਾਗ ਅਤੇ ਪ੍ਰਾਪਤ ਤਕਨੀਕੀ ਜਾਣਕਾਰੀ ਦੇ ਆਧਾਰ ‘ਤੇ ਪੰਜਾਬ ਪੁਲਿਸ ਨੂੰ ਪ੍ਰਸਿੱਧ ਪੰਜਾਬੀ ਗਾਇਕ ਸ਼ੁਭਦੀਪ ਸਿੰਘ – ਸਿੱਧੂ ਮੂਸੇਵਾਲਾ ਦੇ ਕਤਲ ਤੋਂ ਪਹਿਲਾਂ ਵਾਪਰੀਆਂ ਘਟਨਾਵਾਂ ਦਾ ਪਰਦਾਫਾਸ਼ ਕਰਨ ਵਿੱਚ ਮਦਦ ਮਿਲੀ, ਜਿਸ ਸਦਕਾ ਮੁੱਖ ਸਾਜ਼ਿਸ਼ਕਰਤਾ ਗੈਂਗਸਟਰ ਲਾਰੇਂਸ ਬਿਸ਼ਨੋਈ ਸਮੇਤ 10 ਦੋਸ਼ੀ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ। ਪੁਲੀਸ ਨੇ ਇਸ ਵਾਰਦਾਤ ਵਿੱਚ ਸ਼ਾਮਲ ਚਾਰ ਸ਼ੂਟਰਾਂ ਦੀ ਵੀ ਪਛਾਣ ਕਰ ਲਈ ਹੈ।
ਸਿੱਧੂ ਮੂਸੇਵਾਲਾ, ਜੋ 29 ਮਈ ਨੂੰ ਸ਼ਾਮ 5 ਵਜੇ ਦੇ ਕਰੀਬ ਆਪਣੇ ਦੋ ਵਿਅਕਤੀਆਂ ਗੁਰਵਿੰਦਰ ਸਿੰਘ (ਗੁਆਂਢੀ) ਅਤੇ ਗੁਰਪ੍ਰੀਤ ਸਿੰਘ (ਚਚੇਰੇ ਭਰਾ) ਨਾਲ ਘਰੋਂ ਨਿਕਲੇ ਸਨ, ਨੂੰ ਕੁਝ ਅਣਪਛਾਤੇ ਵਿਅਕਤੀਆਂ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ। ਉਹ ਆਪਣੀ ਮਹਿੰਦਰਾ ਥਾਰ ਗੱਡੀ ਚਲਾ ਰਿਹਾ ਸੀ। ਇਸ ‘ਤੇ ਤੁਰੰਤ ਕਾਰਵਾਈ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਮੂਸੇਵਾਲਾ ਦੇ ਕਾਤਲਾਂ ਨੂੰ ਸਲਾਖਾਂ ਪਿੱਛੇ ਡੱਕਣ ਲਈ ਏਡੀਜੀਪੀ ਐਂਟੀ ਗੈਂਗਸਟਰ ਟਾਸਕ ਫੋਰਸ (ਏਜੀਟੀਐਫ) ਦੀ ਨਿਗਰਾਨੀ ਹੇਠ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਦਾ ਗਠਨ ਕੀਤਾ ਹੈ।

ਘਟਨਾਵਾਂ ਤੋਂ ਕਿਵੇਂ ਪਰਦਾ ਉਠਿਆ
ਏ.ਡੀ.ਜੀ.ਪੀ. ਏ.ਜੀ.ਟੀ.ਐੱਫ. ਨੇ ਕਿਹਾ ਕਿ ਇਹ ਮਹਤਵਪੂਰਨ ਸਫਲਤਾ ਉਸ ਸਮੇਂ ਮਿਲੀ ਜਦੋਂ ਬਲੇਰੋ ਕਾਰ ‘ਚੋਂ ਫਤਿਹਾਬਾਦ ਸਥਿਤ ਪੈਟਰੋਲ ਪੰਪ ਤੋਂ ਭਰਾਏ ਡੀਜ਼ਲ ਦੀ ਰਸੀਦ (25 ਮਈ, 2022) ਬਰਾਮਦ ਕੀਤੀ ਗਈ। ਇਹ ਗੱਡੀ ਅਪਰਾਧ ਵਿੱਚ ਵਰਤੀ ਗਈ ਸੀ ਅਤੇ ਬਾਅਦ ਵਿੱਚ ਅਪਰਾਧ ਵਾਲੇ ਸਥਾਨ ਤੋਂ ਲਗਭਗ 13 ਕਿਲੋਮੀਟਰ ਦੂਰ ਖਿਆਲਾ ਪਿੰਡ ਦੇ ਨੇੜੇ ਖੜ੍ਹੀ ਮਿਲੀ ਸੀ। ਉਹਨਾਂ ਅੱਗੇ ਕਿਹਾ ਕਿ ਪੁਲਿਸ ਦੀ ਇੱਕ ਟੀਮ ਉਸੇ ਦਿਨ ਸੀਸੀਟੀਵੀ ਫੁਟੇਜ ਇਕੱਠੀ ਕਰਨ ਲਈ ਫਤਿਹਾਬਾਦ ਦੇ ਪੈਟਰੋਲ ਸਟੇਸ਼ਨ ਲਈ ਤੁਰੰਤ ਰਵਾਨਾ ਕੀਤੀ ਗਈ।
ਉਹਨਾਂ ਕਿਹਾ “ਪੁਲਿਸ ਟੀਮਾਂ ਨੇ ਸੀਸੀਟੀਵੀ ਫੁਟੇਜ ਪ੍ਰਾਪਤ ਕੀਤੀ ਅਤੇ ਇੱਕ ਵਿਅਕਤੀ, ਜਿਸ ਦੇ ਸ਼ੂਟਰ ਹੋਣ ਦੀ ਸੰਭਾਵਨਾ ਹੈ, ਦੀ ਪਛਾਣ ਕਰਨ ਵਿੱਚ ਕਾਮਯਾਬ ਹੋ ਗਈਆਂ ਹਨ, ਜਿਸ ਦੀ ਪਛਾਣ ਬਾਅਦ ਵਿੱਚ ਸੋਨੀਪਤ ਦੇ ਪ੍ਰਿਆਵਰਤ ਵਜੋਂ ਹੋਈ ਹੈ। ਪੈਟਰੋਲ ਪੰਪ ਸਟੇਸ਼ਨ ਤੋਂ ਡੀਜ਼ਲ ਭਰਨ ਤੋਂ ਪਹਿਲਾਂ ਅਤੇ ਬਾਅਦ ਵਿਚ ਬਲੈਰੋ ਗੱਡੀ ਦੁਆਰਾ ਲਏ ਗਏ ਰੂਟ ਦੀ ਸੀਸੀਟੀਵੀ ਫੁਟੇਜ ਵੀ ਪ੍ਰਾਪਤ ਕੀਤੀ ਗਈ।” ਇਸੇ ਤਰ੍ਹਾਂ ਇੰਜਣ ਨੰਬਰ ਅਤੇ ਚੈਸੀ ਨੰਬਰ ਦੀ ਮਦਦ ਨਾਲ ਬਲੈਰੋ ਦੀ ਮਾਲਕੀ ਦਾ ਪਤਾ ਲਗਾਇਆ ਗਿਆ।
ਜ਼ਿਕਰਯੋਗ ਹੈ ਕਿ ਪੁਲਿਸ ਨੇ ਵਾਰਦਾਤ ਵਿੱਚ ਵਰਤੀ ਗਈ ਮਹਿੰਦਰਾ ਬਲੈਰੋ, ਟੋਇਟਾ ਕੋਰੋਲਾ ਅਤੇ ਚਿੱਟੇ ਰੰਗ ਦੀ ਆਲਟੋ ਕਾਰ ਸਮੇਤ ਸਾਰੇ ਵਾਹਨ ਬਰਾਮਦ ਕਰ ਲਏ ਹਨ। ਟੋਇਟਾ ਕੋਰੋਲਾ ਵਿੱਚ ਸਵਾਰ ਹਮਲਾਵਰਾਂ ਨੇ ਬੰਦੂਕ ਦੀ ਨੋਕ ’ਤੇ ਇੱਕ ਚਿੱਟੇ ਰੰਗ ਦੀ ਆਲਟੋ ਕਾਰ ਨੂੰ ਰੋਕਿਆ ਅਤੇ ਖੋਹ ਕੇ ਲੈ ਗਏ। ਉਹ ਕੋਰੋਲਾ ਕਾਰ, ਜੋ ਕਿ ਘਟਨਾ ਦੌਰਾਨ ਨੁਕਸਾਨੀ ਗਈ ਸੀ, ਨੂੰ ਉੱਥੇ ਹੀ ਛੱਡ ਗਏ ਅਤੇ ਚਿੱਟੇ ਰੰਗ ਦੀ ਬੋਲੈਰੋ ਜੀਪ ਦੇ ਪਿੱਛੇ-ਪਿੱਛੇ ਪਿੰਡ ਖਾਰਾ ਬਰਨਾਲਾ ਵੱਲ ਫਰਾਰ ਹੋ ਗਏ। ਚਿੱਟੇ ਰੰਗ ਦੀ ਆਲਟੋ ਵੀ 30 ਮਈ, 2022 ਨੂੰ ਮੋਗਾ ਜ਼ਿਲ੍ਹੇ ਦੇ ਧਰਮਕੋਟ ਨੇੜੇ ਤੜਕੇ 3.30 ਵਜੇ ਖੜ੍ਹੀ ਮਿਲੀ ਸੀ ਅਤੇ ਸੀਸੀਟੀਵੀ ਫੁਟੇਜ ਤੋਂ ਮੁਲਜ਼ਮਾਂ ਵੱਲੋਂ ਲਏ ਗਏ ਰੂਟ ਦੀ ਪਛਾਣ ਕੀਤੀ ਗਈ ਸੀ।

ਗ੍ਰਿਫਤਾਰ ਕੀਤੇ ਵਿਅਕਤੀਆਂ ਦੀ ਭੂਮਿਕਾ
ਤਿਹਾੜ ਜੇਲ ਦਿੱਲੀ ਤੋਂ ਪ੍ਰੋਡਕਸ਼ਨ ਵਾਰੰਟ ‘ਤੇ ਲਿਆਂਦੇ ਗਏ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਗ੍ਰਿਫਤਾਰ ਕਰਨ ਤੋਂ ਇਲਾਵਾ ਗ੍ਰਿਫਤਾਰ ਕੀਤੇ ਗਏ ਹੋਰ 9 ਦੋਸ਼ੀਆਂ ਦੀ ਪਛਾਣ ਚਰਨਜੀਤ ਸਿੰਘ ਉਰਫ ਚੇਤਨ ਵਾਸੀ ਬਲਰਾਮ ਨਗਰ ਬਠਿੰਡਾ; ਹਰਿਆਣਾ ਦੇ ਸਿਰਸਾ ਦੇ ਸੰਦੀਪ ਸਿੰਘ ਉਰਫ਼ ਕੇਕੜਾ; ਮਨਪ੍ਰੀਤ ਸਿੰਘ ਉਰਫ ਮੰਨਾ ਵਾਸੀ ਤਲਵੰਡੀ ਸਾਬੋ, ਬਠਿੰਡਾ; ਮਨਪ੍ਰੀਤ ਭਾਊ ਵਾਸੀ ਢੈਪਈ, ਫਰੀਦਕੋਟ; ਸਾਰਜ ਮਿੰਟੂ ਵਾਸੀ ਪਿੰਡ ਦੋਦੇ ਕਲਸੀਆ, ਅੰਮ੍ਰਿਤਸਰ; ਤਖ਼ਤ-ਮਲ ਹਰਿਆਣਾ ਦੇ ਪ੍ਰਭਦੀਪ ਸਿੱਧੂ ਉਰਫ਼ ਪੱਬੀ; ਹਰਿਆਣਾ ਦੇ ਸੋਨੀਪਤ ਦੇ ਪਿੰਡ ਰੇਵਲੀ ਦੇ ਮੋਨੂੰ ਡਾਗਰ; ਪਵਨ ਬਿਸ਼ਨੋਈ ਅਤੇ ਨਸੀਬ ਦੋਵੇਂ ਵਾਸੀ ਫਤਿਹਾਬਾਦ, ਹਰਿਆਣਾ ਵਜੋਂ ਹੋਈ ਹੈ। ਸਾਰਿਆਂ ਨੂੰ ਸਾਜ਼ਿਸ਼ ਰਚਣ, ਲੌਜਿਸਟਿਕ ਸਹਾਇਤਾ ਪ੍ਰਦਾਨ ਕਰਨ, ਰੇਕੀ ਕਰਨ ਅਤੇ ਸ਼ੂਟਰਾਂ ਨੂੰ ਪਨਾਹ ਦੇਣ ਦੇ ਦੋਸ਼ ਵਿਚ ਗ੍ਰਿਫਤਾਰ ਕੀਤਾ ਗਿਆ ਹੈ।
ਏ.ਡੀ.ਜੀ.ਪੀ. ਨੇ ਕਿਹਾ ਕਿ ਕੋਰੋਲਾ ਕਾਰ ਦਾ ਰਜਿਸਟ੍ਰੇਸ਼ਨ ਨੰਬਰ ਸਹੀ ਪਾਇਆ ਗਿਆ ਅਤੇ ਮਾਲਕ ਦੀ ਪਛਾਣ ਕਰ ਲਈ ਗਈ, ਹਾਲਾਂਕਿ, ਜਿਸ ਵਿਅਕਤੀ ਦੇ ਨਾਮ ‘ਤੇ ਖਰੀਦ ਦਾ ਐਫੀਡੇਵਿਡ ਬਰਾਮਦ ਕੀਤਾ ਗਿਆ ਸੀ, ਉਹ ਅਸਲ ਮਾਲਕ ਨਹੀਂ ਸੀ, ਪਰ ਉਸ ਨੇ ਮਨਪ੍ਰੀਤ ਮੰਨਾ (ਗੋਲਡੀ ਬਰਾੜ ਨਾਲ ਸਬੰਧਤ ਗੈਂਗਸਟਰ) ਨੂੰ ਆਪਣਾ ਆਧਾਰ ਕਾਰਡ ਦਿੱਤਾ ਸੀ, ਜੋ ਫਿਰੋਜ਼ਪੁਰ ਜੇਲ੍ਹ ਵਿੱਚ ਬੰਦ ਹੈ।ਮਨਪ੍ਰੀਤ ਭਾਊ, ਜਿਸ ਨੂੰ ਕੋਰੋਲਾ ਕਾਰ ਦੀ ਵਰਤੋਂ ਕਰਨ ਸਬੰਧੀ ਸ਼ੱਕ ਦੇ ਆਧਾਰ ‘ਤੇ 30 ਮਈ, 2022 ਨੂੰ ਉੱਤਰਾਖੰਡ ਦੇ ਚਮੋਲੀ ਤੋਂ ਗ੍ਰਿਫਤਾਰ ਕੀਤਾ ਗਿਆ ਸੀ, ਨੇ ਪੁੱਛਗਿੱਛ ਦੌਰਾਨ ਖੁਲਾਸਾ ਕੀਤਾ ਕਿ ਉਸ ਨੇ ਇਹ ਕਾਰ ਮਨਪ੍ਰੀਤ ਮੰਨਾ ਦੇ ਕਹਿਣ ‘ਤੇ ਦੋ ਸ਼ੱਕੀ ਸ਼ੂਟਰਾਂ ਮੋਗਾ ਦੇ ਮਨੂ ਕੁੱਸਾ ਅਤੇ ਅੰਮ੍ਰਿਤਸਰ ਦੇ ਜਗਰੂਪ ਸਿੰਘ ਉਰਫ਼ ਰੂਪਾ ਨੂੰ ਸੌਂਪੀ ਸੀ। ਉਹਨਾਂ ਇਹ ਵੀ ਖੁਲਾਸਾ ਕੀਤਾ ਕਿ ਸ਼ੂਟਰ ਸਾਰਜ ਮਿੰਟੂ, ਜੋ ਗੋਲਡੀ ਬਰਾੜ ਅਤੇ ਸਚਿਨ ਥਾਪਨ ਦਾ ਕਰੀਬੀ ਹੈ ਦੁਆਰਾ ਮੁਹੱਈਆ ਕਰਵਾਏ ਗਏ ਅਤੇ ਮੰਨਿਆ ਜਾਂਦਾ ਹੈ ਕਿ ਉਹ ਸ਼ੂਟਰਾਂ ਦੇ ਸਮੂਹ ਦਾ ਹਿੱਸਾ ਹੈ।
ਪ੍ਰਭਦੀਪ ਸਿੱਧੂ ਉਰਫ਼ ਪੱਬੀ, ਜਿਸ ਨੂੰ 3 ਜੂਨ 2022 ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ, ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਉਸ ਨੇ ਗੋਲਡੀ ਬਰਾੜ ਦੇ ਦੋ ਸਾਥੀਆਂ ਨੂੰ ਪਨਾਹ ਦਿੱਤੀ ਸੀ, ਜੋ ਉਸ ਕੋਲ ਆ ਕੇ ਰੁਕੇ ਸਨ ਅਤੇ ਉਸ ਨੇ ਮੂਸੇਵਾਲਾ ਦੇ ਘਰ ਦੀ ਰੇਕੀ ਕਰਵਾਉਣ ਵਿੱਚ ਉਨ੍ਹਾਂ ਦੀ ਮਦਦ ਕੀਤੀ ਸੀ। ਇਹ ਖੁਲਾਸਾ ਵੀ ਹੋਇਆ ਕਿ ਉਨ੍ਹਾਂ ਨੇ ਸਿੱਧੂ ਮੂਸੇਵਾਲਾ ਦੇ ਘਰ ਜਾ ਕੇ ਸੁਰੱਖਿਆ ਕਰਮੀਆਂ ਨਾਲ ਵੀ ਗੱਲਬਾਤ ਕੀਤੀ ਅਤੇ ਕੈਮਰੇ ਆਦਿ ਦੀ ਜਾਂਚ ਕੀਤੀ।
ਭਰੋਸੇਯੋਗ ਜਾਣਕਾਰੀ ਉਪਰੰਤ, ਗੋਲਡੀ ਬਰਾੜ ਅਤੇ ਲਾਰੈਂਸ ਬਿਸ਼ਨੋਈ ਦੇ ਨਜ਼ਦੀਕੀ ਸਹਿਯੋਗੀ ਮੋਨੂੰ ਡਾਗਰ ਨੂੰ ਪ੍ਰੋਡਕਸ਼ਨ ਵਾਰੰਟ ‘ਤੇ ਲਿਆਂਦਾ ਗਿਆ। ਪੁੱਛਗਿੱਛ ਦੌਰਾਨ, ਉਸਨੇ ਗੋਲਡੀ ਬਰਾੜ ਦੇ ਨਿਰਦੇਸ਼ਾਂ ‘ਤੇ ਸੋਨੀਪਤ ਦੇ ਰਹਿਣ ਵਾਲੇ ਪ੍ਰਿਆਵਰਤ ਅਤੇ ਅੰਕਿਤ ਵਜੋਂ ਪਛਾਣੇ ਗਏ ਦੋ ਸ਼ੂਟਰਾਂ ਦਾ ਪ੍ਰਬੰਧ ਕਰਨ ਦੀ ਗੱਲ ਕਬੂਲ ਕੀਤੀ। ਉਸ ਨੇ ਇਹ ਵੀ ਖੁਲਾਸਾ ਕੀਤਾ ਕਿ ਪਵਨ ਬਿਸ਼ਨੋਈ ਅਤੇ ਨਸੀਬ ਦੋਵੇਂ ਵਾਸੀ ਫਤਿਹਾਬਾਦ ਨੇ ਸਾਦੁਲ ਸ਼ਹਿਰ ਤੋਂ ਵਾਰਦਾਤ ਵਿਚ ਵਰਤੀ ਗਈ ਚਿੱਟੀ ਬੋਲੈਰੋ ਜੀਪ ਖਰੀਦ ਕੇ ਬਠਿੰਡਾ ਦੇ ਕੇਸ਼ਵ ਵਜੋਂ ਪਛਾਣੇ ਗਏ ਵਿਅਕਤੀ ਰਾਹੀਂ ਸ਼ੂਟਰਾਂ ਨੂੰ ਸੌਂਪੀ ਸੀ ਅਤੇ ਉਨ੍ਹਾਂ ਨੂੰ ਛੁਪਣਗਾਹ ਵੀ ਮੁਹੱਈਆ ਕਰਵਾਈ ਸੀ।
ਸੰਦੀਪ ਕੇਕੜਾ, ਜਿਸ ਨੂੰ 6 ਜੂਨ, 2022 ਨੂੰ ਗ੍ਰਿਫਤਾਰ ਕੀਤਾ ਗਿਆ ਸੀ, ਨੇ ਪੁੱਛਗਿੱਛ ਦੌਰਾਨ ਖੁਲਾਸਾ ਕੀਤਾ ਕਿ ਉਸ ਦੇ ਭਰਾ ਬਿੱਟੂ ਕਾਲਿਆਂਵਾਲੀ ਨੇ ਹਰਿਆਣਾ, ਸਿਰਸਾ ਦੇ ਤਖਤ ਮੱਲ ਦੇ ਨਿੱਕੂ ਨਾਲ ਮਿਲ ਕੇ ਮੂਸੇਵਾਲਾ ਦੀਆਂ ਗਤੀਵਿਧੀਆਂ ‘ਤੇ ਨਜ਼ਰ ਰੱਖੀ ਹੋਈ ਸੀ। ਉਸਨੇ ਦੱਸਿਆ ਕਿ 29 ਮਈ, 2022 ਨੂੰ ਉਸਦੇ ਭਰਾ ਬਿੱਟੂ ਨੇ ਉਸ ਨੂੰ ਮੋਟਰ ਸਾਈਕਲ ‘ਤੇ ਨਿੱਕੂ ਨਾਲ ਮੂਸੇਵਾਲਾ ਦੇ ਪ੍ਰਸ਼ੰਸਕਾਂ ਵਜੋਂ ਉਸ ਦੇ ਘਰ ਜਾਣ ਲਈ ਕਿਹਾ। ਉਸਨੇ ਕਬੂਲ ਕੀਤਾ ਕਿ ਉਹਨਾਂ ਨੇ ਨਿੱਕੂ ਦੇ ਮੋਬਾਈਲ ਫੋਨ ‘ਤੇ ਗਾਇਕ ਨਾਲ ਸੈਲਫੀ ਖਿੱਚੀ ਅਤੇ ਬਾਅਦ ਵਿੱਚ ਨਿੱਕੂ ਨੇ ਸਚਿਨ ਥਾਪਨ ਨੂੰ ਮੂਸੇਵਾਲਾ ਬਾਰੇ ਅਸਲ-ਸਮੇਂ ਦੀ ਜਾਣਕਾਰੀ ਦੇਣ ਲਈ ਵੀਡੀਓ ਕਾਲ ਕੀਤੀ ਅਤੇ ਦੱਸਿਆ ਕਿ ਉਹ ਬਿਨਾਂ ਸੁਰੱਖਿਆ ਦੇ ਆਪਣੋ ਘਰ ਤੋਂ ਚੱਲ ਪਿਆ ਹੈ ਅਤੇ ਕਾਲੀ ਥਾਰ ਜੀਪ ਵਿੱਚ ਡਰਾਈਵਰ ਸੀਟ ‘ਤੇ ਬੈਠਾ ਹੈ।
ਹੁਣ ਤੱਕ ਦੀ ਜਾਂਚ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਫੜੇ ਗਏ ਮੁਲਜ਼ਮ ਲਾਰੇਂਸ ਬਿਸ਼ਨੋਈ ਅਤੇ ਕੈਨੇਡਾ ਸਥਿਤ ਗੈਂਗਸਟਰ ਗੋਲਡੀ ਬਰਾੜ, ਸਚਿਨ ਥਾਪਨ, ਅਨਮੋਲ ਬਿਸ਼ਨੋਈ ਅਤੇ ਵਿਕਰਮ ਬਰਾੜ (ਹੁਣ ਦੁਬਈ ਵਿੱਚ) ਦੇ ਨਿਰਦੇਸ਼ਾਂ ‘ਤੇ ਕਾਰਵਾਈ ਕਰ ਰਹੇ ਸਨ। ਇਸ ਤੋਂ ਇਲਾਵਾ, ਇਨ੍ਹਾਂ ਗੈਂਗਸਟਰਾਂ ਨੇ ਫੇਸਬੁੱਕ ਪ੍ਰੋਫਾਈਲਾਂ ਰਾਹੀਂ ਮੂਸੇਵਾਲਾ ਦੇ ਕਤਲ ਦੀ ਜ਼ਿੰਮੇਵਾਰੀ ਲਈ ਸੀ। ਇਸ ਮਾਮਲੇ ਵਿੱਚ ਲਾਰੈਂਸ ਬਿਸ਼ਨੋਈ, ਗੋਲਡੀ ਬਰਾੜ ਅਤੇ ਹੋਰਨਾਂ ਨੂੰ ਉਨ੍ਹਾਂ ਦੇ ਗਰੋਹ ਦੇ ਮੈਂਬਰਾਂ ਸਮੇਤ ਮੁਲਜ਼ਮ ਅਤੇ ਸਾਜ਼ਿਸ਼ਕਰਤਾ ਵਜੋਂ ਨਾਮਜ਼ਦ ਕੀਤਾ ਗਿਆ ਹੈ।ਜ਼ਿਕਰਯੋਗ ਹੈ ਕਿ ਏਜੀਟੀਐਫ ਅਤੇ ਐਸਆਈਟੀ ਕੇਂਦਰੀ ਏਜੰਸੀਆਂ ਅਤੇ ਹੋਰ ਸੂਬਿਆਂ ਦੇ ਪੁਲਿਸ ਬਲਾਂ ਨਾਲ ਮਿਲ ਕੇ ਕੰਮ ਕਰ ਰਹੀ ਹੈ ਤਾਂ ਜੋ ਸ਼ੱਕੀ ਸ਼ੂਟਰਾਂ ਅਤੇ ਇਸ ਵਿੱਚ ਸ਼ਾਮਲ ਹੋਰਨਾਂ ਮੁਲਜ਼ਮਾਂ ਦੀ ਜਲਦ ਤੋਂ ਜਲਦ ਪਛਾਣ ਕਰਕੇ ਗ੍ਰਿਫਤਾਰ ਕੀਤਾ ਜਾ ਸਕੇ।

ਅਸੀਂ ਭ੍ਰਿਸ਼ਟਾਚਾਰ ਦੀ ਜੜ੍ਹ ’ਤੇ ਹਮਲਾ ਕਰ ਰਹੇ ਹਾਂ, ਇਸ ਲਈ ਸਾਰੀਆਂ ਪਾਰਟੀਆਂ ਸਾਡਾ ਵਿਰੋਧ ਕਰ ਰਹੀਆਂ: ਭਗਵੰਤ ਮਾਨ

0

-ਇੱਕ ਆਮ ਘਰ ਦਾ ਮੁੰਡਾ ਮੁੱਖ ਮੰਤਰੀ ਕਿਵੇਂ ਬਣ ਗਿਆ, ਵਿਰੋਧੀਆਂ ਨੂੰ ਹਜ਼ਮ ਨਹੀਂ ਹੋ ਰਿਹਾ: ਭਗਵੰਤ ਮਾਨ
-ਮੁੱਖ ਮੰਤਰੀ ਨੇ ਸਿਮਰਨਜੀਤ ਮਾਨ ’ਤੇ ਕੀਤੀ ਟਿੱਪਣੀ, ‘ਅਸੀਂ ਪਿਆਰ ਦੀ ਗੱਲ ਕਰਦੇ ਹਾਂ, ਉਹ ਤਲਵਾਰ ਦੀ: ਭਗਵੰਤ ਮਾਨ
-ਜੇ ਸੰਸਦ ਮੈਂਬਰ ਬਣਨ ਨਾਲ ਬੰਦੀ ਸਿੱਖ ਰਿਹਾਅ ਹੁੰਦੇ ਨੇ ਤਾਂ ਹਰਸਿਮਰਤ ਅਤੇ ਸੁਖਬੀਰ ਬਾਦਲ ਅੱਜ ਤੱਕ ਕੀ ਰਹੇ ਸਨ?
ਸੁਖਜਿੰਦਰ ਮਾਨ
ਬਰਨਾਲਾ, 16 ਜੂਨ : ‘ਜੇ ਸੰਸਦ ਮੈਂਬਰ ਬਣਨ ਨਾਲ ਬੰਦੀ ਸਿੱਖ ਰਿਹਾਅ ਹੁੰਦੇ ਨੇ ਤਾਂ ਬੀਬਾ ਹਰਸਿਮਰਤ ਬਾਦਲ ਅਤੇ ਸੁਖਬੀਰ ਬਾਦਲ ਅੱਜ ਤੱਕ ਕੀ ਰਹੇ ਸਨ, ਜਦੋਂ ਕਿ ਇਹ ਦੋਵੇਂ ਪਤੀ- ਪਤਨੀ ਸੰਸਦ ਮੈਂਬਰ ਹਨ? ਇਨ੍ਹਾਂ ਨੇ ਐਨੇ ਸਾਲਾਂ ਤੋਂ ਬੰਦੀ ਸਿੰਘਾਂ ਨੂੰ ਕਿਉਂ ਨਹੀਂ ਛੁਡਾਇਆ? ਸੁਖਬੀਰ ਬਾਦਲ ਦੱਸੇ ਕਿ ਬੰਦੀ ਸਿੰਘਾਂ ਨੂੰ ਛੁਡਾਉਣ ਦਾ ਮਾਮਲਾ ਸੰਸਦ ਦੇ ਕਿਸ ਨਿਯਮ ’ਚ ਲਿਖਿਆ ਹੋਇਆ ਹੈ।’ ਇਹ ਸਾਵਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਮ ਆਦਮੀ ਪਾਰਟੀ (ਆਪ) ਦੇ ਉਮੀਦਵਾਰ ਗੁਰਮੇਲ ਸਿੰਘ ਘਰਾਚੋਂ ਦੇ ਹੱਕ ’ਚ ਚੋਣ ਪ੍ਰਚਾਰ ਕਰਦਿਆਂ ਸ਼੍ਰ੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਪੁੱਛੇ ਹਨ। ਮਾਨ ਨੇ ਕਿਹਾ ਕਿ ਅਸਲ ’ਚ ਅਕਾਲੀ ਦਲ ਬਾਦਲ ਅਤੇ ਕਾਂਗਰਸ ਦੇ ਆਗੂਆਂ ਨੂੰ ਇਹ ਗੱਲ ਹਜ਼ਮ ਨਹੀਂ ਹੋ ਰਹੀ ਕਿ ਇੱਕ ਆਮ ਘਰ ਦਾ ਮੁੰਡਾ ਪੰਜਾਬ ਦਾ ਮੁੱਖ ਮੰਤਰੀ ਕਿਵੇਂ ਬਣ ਗਿਆ।
ਵੀਰਵਾਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਲੋਕ ਸਭਾ ਹਲਕਾ ਸੰਗਰੂਰ ਦੀ ਜ਼ਿਮਨੀ ਚੋਣ ਦੌਰਾਨ ਪਾਰਟੀ ਉਮੀਦਵਾਰ ਗੁਰਮੇਲ ਸਿੰਘ ਦੇ ਹੱਕ ’ਚ ਚੋਣ ਪ੍ਰਚਾਰ ਕਰਨ ਲਈ ਆਏ ਸਨ। ਪ੍ਰਚਾਰ ਦੌਰਾਨ ਮਾਨ ਨੇ ਵਿਧਾਨ ਸਭਾ ਹਲਕਾ ਭਦੌੜ ਦੇ ਪਿੰਡਾਂ ਸ਼ਹਿਣਾ, ਪੱਖੋਂ ਕੈਂਚੀਆਂ, ਭਦੌੜ, ਉਗੋਕੇ, ਢਿੱਲਵਾਂ, ਤਪਾ, ਤਾਜੋਕੇ, ਪੱਖੋਂ ਕਲਾਂ, ਰੁੜੇਕੇ ਕਲਾਂ, ਧੌਲਾ ਅਤੇ ਬਰਨਾਲਾ ਹਲਕੇ ਦੇ ਪਿੰਡਾਂ ਹੰਡਿਆਇਆ, ਬਰਨਾਲਾ ਸ਼ਹਿਰ, ਕਚਿਹਰੀ ਚੌਂਕ, ਸੰਧੂ ਪੱਤੀ, ਸੰਘੇੜਾ, ਕਰਮਗੜ੍ਹ, ਨੰਗਲ, ਝਲੂਰ, ਸੇਖਾ, ਫਰਵਾਹੀ, ਰਾਜਗੜ੍ਹ, ਉਪਲੀ ਅਤੇ ਕੱਟੂ ਵਿੱਚ ‘ਰੋਡ ਸ਼ੋਅ’ ਕੀਤਾ ਅਤੇ ਲੋਕਾਂ ਨੂੰ ‘ਝਾੜੂ’ ਦੇ ਨਿਸ਼ਾਨ ’ਤੇ ਮੋਹਰਾਂ ਲਾ ਕੇ ਗੁਰਮੇਲ ਸਿੰਘ ਨੂੰ ਕਾਮਯਾਬ ਕਰਨ ਦੀ ਅਪੀਲ ਕੀਤੀ। ਪਾਰਟੀ ਉਮੀਦਵਾਰ ਗੁਰਮੇਲ ਸਿੰਘ ਦੀ ਤਰੀਫ਼ ਕਰਦਿਆਂ ਮੁੱਖੀ ਮੰਤਰੀ ਮਾਨ ਨੇ ਕਿਹਾ ਕਿ ਗੁਰਮੇਲ ਸਿੰਘ ਉਨ੍ਹਾਂ (ਮਾਨ) ਵਾਂਗ ਹੀ ਆਮ ਘਰ ਦਾ ਨੌਜਵਾਨ ਹੈ ਅਤੇ ਆਮ ਆਦਮੀ ਦਾ ਦੁੱਖ- ਦਰਦ ਸਮਝਦਾ ਹੈ। ਇਹ ਸਰਪੰਚ ਸੰਸਦ ਮੈਂਬਰ ਬਣ ਕੇ ਸੰਗਰੂਰ ਦੇ ਆਮ ਲੋਕਾਂ ਦੀ ਆਵਾਜ਼ ਲੋਕ ਸਭਾ ’ਚ ਚੁੱਕੇਗਾ।
ਮੁੱਖ ਮੰਤਰੀ ਮਾਨ ਨੇ ਵਿਰੋਧੀ ਪਾਰਟੀਆਂ ਵੱਲੋਂ ‘ਆਪ’ ਸਰਕਾਰ ਦੀ ਕੀਤੀ ਜਾਂਦੀ ਅਲੋਚਨਾ ਦਾ ਜਵਾਬ ਦਿੰਦਿਆਂ ਕਿਹਾ, ‘‘ਅਸੀਂ ਭ੍ਰਿਸ਼ਟਾਚਾਰ ਦੀ ਜੜ੍ਹ ’ਤੇ ਹਮਲਾ ਕਰ ਰਹੇ ਹਾਂ, ਇਸੇ ਲਈ ਸਾਰੀਆਂ ਵਿਰੋਧੀ ਪਾਰਟੀਆਂ ਸਾਡਾ ਵਿਰੋਧ ਕਰ ਰਹੀਆਂ ਹਨ। ਭ੍ਰਿਸ਼ਟਾਚਾਰ ਅਤੇ ਮਾਫੀਆ ਖਿਲਾਫ਼ ਸਰਕਾਰ ਦੀ ਕਾਰਵਾਈ ਤੋਂ ਵਿਰੋਧੀ ਆਗੂ ਘਬਰਾ ਗਏ ਹਨ ਅਤੇ ਉਨ੍ਹਾਂ ਨੂੰ ਜੇਲ ਜਾਣ ਦਾ ਡਰ ਲੱਗ ਰਿਹਾ ਹੈ।’’
ਮੁੱਖ ਮੰਤਰੀ ਨੇ ਅਕਾਲੀ ਆਗੂ ਸਿਮਰਨਜੀਤ ਸਿੰਘ ਮਾਨ ਦੀ ਅਲੋਚਨਾ ਕਰਦਿਆਂ ਕਿਹਾ, ‘‘ਅਸੀਂ ਪਿਆਰ ਦੀ ਗੱਲ ਕਰਦੇ ਹਾਂ। ਪੰਜਾਬ ਦੀ ਅਮਨ- ਸ਼ਾਂਤੀ ਅਤੇ ਭਾਈਚਾਰੇ ਦੀ ਗੱਲ ਕਰਦੇ ਹਾਂ। ਪੰਜਾਬ ਦਾ ਪਾਣੀ ਅਤੇ ਕਿਸਾਨੀ ਬਚਾਉਣ ਦੀ ਗੱਲ ਕਰਦੇ ਹਾਂ। ਨੌਜਵਾਨਾਂ ਲਈ ਰੋਜ਼ਗਾਰ ਦੀ ਗੱਲ ਕਰਦੇ ਹਾਂ, ਜਦੋਂ ਉਹ (ਸਿਮਰਨਜਤੀ ਮਾਨ) ਗੋਲੀ, ਬੰਦੂਕ ਅਤੇ ਤਲਵਾਰ ਦੀਆਂ ਗੱਲਾਂ ਕਰਦੇ ਹਨ। ਬੰਦੂਕ ਅਤੇ ਤਲਵਾਰ ਨਾਲ ਕਿਸੇ ਵੀ ਸਮਾਜ ਦਾ ਭਲਾ ਨਹੀਂ ਹੁੰਦਾ। ਸਮਾਜ ਦਾ ਭਲਾ ਹੁੰਦਾ ਹੈ ਸਹੀ ਸੋਚ ਅਤੇ ਸਹੀ ਯਤਨਾਂ ਨਾਲ। ’’
ਭਗਵੰਤ ਮਾਨ ਨੇ ਕਿਹਾ ਕਿ ਸਾਡੀ ਸਰਕਾਰ ਬਣੇ ਨੂੰ ਕੇਵਲ ਤਿੰਨ ਮਹੀਨੇ ਹੋਏ ਹਨ। ਪਰ ਐਨੇ ਘੱਟ ਸਮੇਂ ’ਚ ਸਰਕਾਰ ਨੇ ਬਹੁਤ ਸਾਰੇ ਇਤਿਹਾਸਕ ਫ਼ੈਸਲੇ ਕੀਤੇ ਹਨ, ਜਿਹੜੇ ਰਿਵਾਇਤੀ ਪਾਰਟੀਆਂ ਦੀਆਂ ਸਰਕਾਰਾਂ ਨੇ ਪਿਛਲੇ 75 ਸਾਲਾਂ ’ਚ ਨਹੀਂ ਕੀਤੇ ਸਨ। ਮਾਨ ਨੇ ਕਿਹਾ ਕਿ ਉਨ੍ਹਾਂ ਦਾ ਉਦੇਸ਼ ਪੰਜਾਬ ਦੇ ਲੋਕਾਂ ਨੂੰ ਚੰਗੀਆਂ ਸਹੂਲਤਾਂ ਅਤੇ ਭ੍ਰਿਸ਼ਟਾਚਾਰ ਮੁੱਕਤ ਪ੍ਰਸ਼ਾਸਨ ਦੇਣਾ ਹੈ। ਇਸ ਦਿਸ਼ਾ ’ਚ ਉਹ ਤੇਜ਼ੀ ਨਾਲ ਕੰਮ ਕਰ ਰਹੇ ਹਨ। ਕਈ ਭ੍ਰਿਸ਼ਟਾਚਾਰੀ ਆਗੂਆਂ ਅਤੇ ਮੰਤਰੀਆਂ ’ਤੇ ਕਾਰਵਾਈ ਕੀਤੀ ਗਈ ਹੈ ਅਤੇ ਕਈ ਵੱਡੇ- ਵੱਡੇ ਆਗੂਆਂ ਦੇ ਕਾਰਨਾਮਿਆਂ ਦੀਆਂ ਸੂਚੀਆਂ ਤਿਆਰ ਕੀਤੀਆਂ ਜਾ ਰਹੀਆਂ ਹਨ, ਜਲਦੀ ਹੀ ਉਨ੍ਹਾਂ ’ਤੇ ਵੀ ਕਾਰਵਾਈ ਹੋਵੇਗੀ।
ਮੁੱਖ ਮੰਤਰੀ ਮਾਨ ਨੇ ਪੰਜਾਬ ਵਾਸੀਆਂ ਨੂੰ ਵਿਸ਼ਵਾਸ਼ ਦਿਵਾਇਆ ਕਿ ਲੋਕਾਂ ਦਾ ਇੱਕ- ਇੱਕ ਪੈਸਾ ਹੁਣ ਲੋਕਾਂ ’ਤੇ ਖਰਚ ਹੋ ਰਿਹਾ ਹੈ। ਮਾਫੀਆਂ ਅਤੇ ਭ੍ਰਿਸ਼ਟਾਚਾਰ ਖ਼ਤਮ ਹੋ ਰਿਹਾ ਹੈ। ਪਿਛਲੀਆਂ ਸਰਕਾਰਾਂ ’ਚ ਜਿਹੜਾ ਸਿਆਸੀ ਆਗੂਆਂ ਦਾ ਮਾਫੀਆ ਨਾਲ ਗਠਜੋੜ ਸੀ, ਉਹ ਗਠਜੋੜ ਹੁਣ ਟੁੱਟ ਚੁੱਕਾ ਹੈ। ਇਸ ਲਈ ਭ੍ਰਿਸ਼ਟਾਚਾਰੀ ਆਗੂ ਅਤੇ ਮਾਫੀਆ ‘ਆਪ’ ਸਰਕਾਰ ਖ਼ਿਲਾਫ਼ ਹੋ ਗਿਆ ਹੈ ਅਤੇ ਸਰਕਾਰ ਨੂੰ ਬਦਨਾਮ ਕਰਨ ਦੀਆਂ ਸਾਜਿਸ਼ਾਂ ਹੋ ਰਹੀਆਂ ਹਨ। ਪਰ ਇਨ੍ਹਾਂ ਨੂੰ ਹਰਾ ਕੇ ਆਪਾਂ ਸਭ ਨੇ ਪੰਜਾਬ ਨੂੰ ਫਿਰ ਤੋਂ ਖੁਸ਼ਹਾਲ, ਸੰਪਨ ਅਤੇ ਵਿਕਸਤ ਬਣਾਉਣਾ ਹੈ।

Our Visitor

1902501